Simritian : Dawinder Bansal

ਸਿਮ੍ਰਿਤੀਆਂ : ਦਵਿੰਦਰ ਬਾਂਸਲ

(ਮਾਰਚ, 20, 1993)

ਸਾਊਥ ਏਸ਼ੀਅਨ ਲੋਕਾਂ ਵਿੱਚ ਵੀ ਅਣਵਿਆਹੀਆਂ ਅਤੇ ਤਲਾਕ-ਸ਼ੁਦਾ ਮਾਂਵਾਂ ਹੁਣ ਇੱਕ ਸਮਾਜਕ ਵਰਤਾਰਾ ਬਣਦਾ ਜਾ ਰਿਹਾ ਹੈ। ਆਦਮੀ ਆਮ ਤੌਰ 'ਤੇ ਕਲਪਨਾ ਕਰ ਲੈਂਦੇ ਹਨ ਕਿ ਅਜਿਹੀਆਂ ਹਾਲਤਾਂ ਵਿੱਚ ਸਮਾਜਕ ਦਬਾਓ ਅਤੇ ਆਰਥਿਕ ਜ਼ਿੰਮੇਵਾਰੀਆਂ ਦੇ ਬੋਝ ਸਦਕਾ ਔਰਤਾਂ ਟੁੱਟ ਜਾਣਗੀਆਂ ਅਤੇ ਘਬਰਾਹਟ ਵਿੱਚ ਆ ਕੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਏਗੀ; ਉਹ ਮੁੜ ਉਨ੍ਹਾਂ ਆਪਣੇ ਧੱਕੜਸ਼ਾਹ ਅਤੇ ਵਹਿਸ਼ੀ ਮਰਦਾਂ ਕੋਲ ਵਾਪਸ ਆਉਣ ਲਈ ਕਾਹਲੀਆਂ ਪੈ ਜਾਣਗੀਆਂ। ਮੈਨੂੰ ਉਹ ਸਭ ਕੁੱਝ ਦੱਸਣ ਦੀ ਇਜਾਜ਼ਤ ਦਿਓ ਕਿ ਜੋ ਕੁੱਝ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੈ। ਆਦਮੀ ਕਦੀ ਕਦੀ ਜ਼ਰੂਰ ਠੀਕ ਹੁੰਦੇ ਹਨ, ਪਰ ਵਧੇਰੇ ਕਰਦੇ, ਇਹ ਗ਼ਲਤ ਹੀ ਹੁੰਦੇ ਹਨ। ਆਓ ਜ਼ਰਾ ਯਥਾਰਥ ਦੀ ਪੱਧਰ ਉੱਤੇ ਸੋਚੀਏ ਕਿ ਕਿਸ ਵਿਅਕਤੀ ਦੀਆਂ ਭਾਵਨਾਵਾਂ ਵਿੱਚ ਅਜਿਹੇ ਉਤਰਾ ਚੜ੍ਹਾਅ ਨਹੀਂ ਆਉਣਗੇ, ਜਦੋਂ ਕਿ ਉਹ ਅਜਿਹੇ ਬੇਰੁਖ਼ੀ ਦੇ ਮੌਸਮ ਵਿੱਚੋਂ ਲੰਘ ਰਿਹਾ ਹੋਵੇ। ਔਰਤਾਂ ਅੱਜ ਕੱਲ੍ਹ ਆਪਣੀਆਂ ਅੰਦਰਲੀਆਂ ਸੰਭਾਵਨਾਵਾਂ ਅਤੇ ਕਮਜ਼ੋਰੀਆਂ ਨੂੰ ਸਮਝਣ ਦੇ ਯਤਨ ਕਰ ਰਹੀਆਂ ਹਨ ਅਤੇ ਆਪਣੇ ਉਜਲੇ ਭਵਿੱਖ ਨੂੰ ਗਲਵੱਕੜੀ ਵਿੱਚ ਲੈਣ ਲਈ ਬੇਸਬਰੀ ਦੇ ਪਲ ਜੀਅ ਰਹੀਆਂ ਹਨ-ਤਸ਼ੱਦਦ ਮੁਕਤ ਜ਼ਿੰਦਗੀ। ਸਮਾਂ ਬਦਲ ਰਿਹਾ ਹੈ। ਔਰਤਾਂ ਹੁਣ ਆਪਣੇ ਆਪ ਨੂੰ ਬਦਕਿਸਮਤ ਇਨਸਾਨ ਨਹੀਂ ਸਮਝਦੀਆਂ। ਹੁਣ ਤਾਂ ਦਰਅਸਲ, ਕਈਆਂ ਨੂੰ ਇਸ ਗੱਲ ਉੱਤੇ ਫ਼ਖਰ ਹੈ ਕਿ ਉਹ ਬੇਅਰਥੀ ਅਤੇ ਸੁਆਦਹੀਣ ਜ਼ਿੰਦਗੀ 'ਚੋਂ ਬਚ ਕੇ ਨਿਕਲ ਆਈਆਂ ਹਨ।

(ਦਸੰਬਰ 21, 1993)

ਮੈਂ ਆਪਣੇ ਮਨ ਨਾਲ ਇਹ ਫ਼ੈਸਲਾ ਕਰ ਲਿਆ ਹੈ ਕਿ ਜਿਉਂ ਹੀ ਮੈਂ ਕਿਸੇ ਘਟਨਾ ਨੂੰ ਵਾਪਰਦਿਆਂ ਹੋਇਆਂ ਵੇਖਾਂ ਤਾਂ ਮੈਂ ਆਪਣਾ ਪ੍ਰਤੀਕਰਮ ਜ਼ਾਹਿਰ ਕਰ ਦਿਆਂ। ਦੂਜੇ ਸ਼ਬਦਾਂ ਵਿੱਚ ਫ਼ੌਰਨ...ਮੈਂ ਜਦੋਂ ਵੀ ਅਜਿਹਾ ਕੀਤਾ ਤਾਂ ਮੈਂ ਚੰਗਾ ਚੰਗਾ ਮਹਿਸੂਸ ਕੀਤਾ। ਇਸ ਤਰ੍ਹਾਂ ਕਰਨ ਨਾਲ, ਮੇਰੇ ਕੋਲ, ਮਨ ਨੂੰ ਦੁੱਖ ਦੇਣ ਵਾਲੀਆਂ ਯਾਦਾਂ ਦੀ ਕੋਈ ਪਟਾਰੀ ਨਹੀਂ ਬਚਦੀ, ਕਿ ਕਿਸੇ ਨੇ ਮੈਨੂੰ ਥੱਲੇ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਕੋਈ ਪ੍ਰਤੀਕਰਮ ਨਾ ਦਿਖਾਇਆ ਜਾਂ ਚੁੱਪ ਹੀ ਰਹੀ। ਮੈਂ ਜ਼ਿੰਦਗੀ ਤੋਂ ਸਿੱਖਿਆ ਹੈ ਕਿ ਚੰਗੇਪਨ ਦਾ ਦਿਖਾਵਾ ਕਰੀ ਜਾਣਾ ਕੋਈ ਵਧੀਆ ਗੱਲ ਨਹੀਂ...ਮੈਂ ਇਸ ਗੱਲ ਨੂੰ ਤਰਜੀਹ ਦੇਵਾਂਗੀ ਕਿ ਇਸ ਤਰ੍ਹਾਂ ਕਰਦਿਆਂ ਭਾਵੇਂ ਮੈਂ ਦੂਜਿਆਂ ਨੂੰ ਭੈੜੀ ਹੀ ਲੱਗਾ ਪਰ ਮੈਨੂੰ ਖ਼ੁਦ ਨੂੰ ਖ਼ੁਸ਼ੀ ਮਿਲੇਗੀ। 

(ਦਸੰਬਰ 28, 1993)

ਘੋਰ ਨਿਰਾਸ਼ਾ ਵਿੱਚ ਜਦੋਂ ਮੇਰਾ ਮਨ ਬਹੁਤ ਹੀ ਅਸ਼ਾਂਤ ਹੋ ਗਿਆ ਤਾਂ ਅਚਾਨਕ ਹੀ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਇੱਕ ਵੱਡੀ ਮੁਸੀਬਤ ਵਿੱਚ ਫਸ ਚੁੱਕੀ ਹਾਂ। ਮਹਿਜ਼, ਇਸ ਕਰਕੇ ਕਿ ਮੈਂ ਦਿਆਲੂ ਸੁਭਾਅ ਦੀ ਹਾਂ ਅਤੇ ਹਰ ਕਿਸੇ ਦੀ ਮਦਦਗਾਰ ਬਣ ਜਾਂਦੀ ਹਾਂ। ਕਿਸੀ ਕੰਮ ਵਿੱਚ ਮੇਰਾ ਮਨ ਲਗਾਉਣਾ ਹੁਣ ਮੇਰੇ ਲਈ ਬਹੁਤ ਮੁਸ਼ਕਿਲ ਹੋ ਗਿਆ ਸੀ। ਹੁਣ ਤੱਕ ਦੀਆਂ ਮੇਰੀਆਂ ਪ੍ਰਾਪਤੀਆਂ ਗਹਿਰੀ ਧੁੰਦ ਵਿੱਚ ਡੁੱਬ ਚੁੱਕੀਆਂ ਸਨ। ਇਸ ਵਕਤ ਮੈਨੂੰ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਸੀ ਜੋ ਕਿ ਮੇਰੇ ਦੁੱਖਾਂ ਦੀ ਕਹਾਣੀ ਸੁਣ ਸਕਦਾ। ਪਰ ਪਤਾ ਨਹੀਂ ਕਿਹੜੀ ਗੱਲ ਸੀ ਜੋ ਕਿ ਮੈਨੂੰ ਇਹ ਦੁੱਖ ਹੋਰਨਾਂ ਸਾਹਵੇਂ ਪ੍ਰਗਟ ਕਰਨ ਤੋਂ ਰੋਕ ਰਹੀ ਸੀ। ਮੈਂ ਇਸ ਗੱਲ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਜਿਹੜੇ ਲੋਕ ਦੂਜਿਆਂ ਦਾ ਧਿਆਨ ਰੱਖਦੇ ਹਨ ਉਹੀ ਦੁੱਖ ਹੰਢਾਉਂਦੇ ਹਨ। ਮੇਰੀ ਇਸ ਤਣਾਓ ਭਰੀ ਹਾਲਤ ਨੇ ਮੈਨੂੰ ਏਨਾ ਡਰਾ ਦਿੱਤਾ ਸੀ ਕਿ ਮੈਨੂੰ ਲੱਗਦਾ ਕਿ ਮੇਰਾ ਕਿਸੇ ਵੇਲੇ ਵੀ ਨਰਵੱਸ ਬਰੇਕ ਡਾਊਨ ਹੋ ਜਾਵੇਗਾ। ਮੈਂ ਇਸ ਹਾਲਤ ਵਿੱਚੋਂ ਆਪਣੇ ਆਪ ਨੂੰ ਸਿਰਫ਼ ਇਹ ਸੋਚ ਕੇ ਹੀ ਠੀਕ ਠਾਕ ਹਾਲਤ ਵਿੱਚ ਬਾਹਰ ਕੱਢ ਸਕੀ ਸਾਂ ਕਿ ਜੇਕਰ ਹਾਲਾਤ ਇਸ ਤਰ੍ਹਾਂ ਹੀ ਵਿਗੜਦੇ ਰਹੇ ਤਾਂ ਮੇਰੇ ਕੋਲ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਜਾਵੇਗਾ ਕਿ ਮੈਂ ਸਭ ਕੁੱਝ ਛੱਡ ਛੁਡਾ ਕੇ ਪਾਸੇ ਹੋ ਜਾਵਾਂ ਅਤੇ ਕਿਸੇ ਹੋਰ ਕੰਮ ਵਿੱਚ ਆਪਣਾ ਧਿਆਨ ਲਗਾਉਣਾ ਸ਼ੁਰੂ ਕਰ ਦਿਆਂ।

(ਜਨਵਰੀ 2, 1994) 

ਕੋਈ ਵੀ ਸੰਬੰਧ ਕਿਸੇ ਤਰ੍ਹਾਂ ਦੀ ਵੀ ਲੁਕ-ਲਪੇਟ ਬਰਦਾਸ਼ਤ ਨਹੀਂ ਕਰਦਾ ਅਤੇ ਦੁਤਰਫ਼ੀ ਇਮਾਨਦਾਰੀ ਤੋਂ ਬਗ਼ੈਰ ਦੋਸਤਾਨਾ ਸੰਬੰਧਾਂ ਵਿੱਚ ਵੱਟ ਹੀ ਨਹੀਂ ਸਕਦਾ। ਅਤੇ ਨਾ ਹੀ ਅਜਿਹੇ ਸੰਬੰਧ ਵਧ ਫ਼ੁਲ ਸਕਦੇ ਹਨ। ਮੇਰੇ ਲਈ ਵਿਸ਼ਵਾਸ ਅਤੇ ਇਮਾਨਦਾਰੀ ਸੁਰਗ ਦਾ ਝੂਟਾ ਹੈ...ਉਸ ਔਰਤ ਨੇ ਆਖ਼ਿਰ ਆਪਣਾ ਨਿਰਨਾ ਲੈ ਹੀ ਲਿਆ। ਭਾਵੇਂ ਕਿ ਉਹ ਇਸ ਫ਼ੈਸਲੇ ਤੋਂ ਪੈਦਾ ਹੋਣ ਵਾਲੇ ਨਤੀਜਿਆਂ ਤੋਂ ਬੇਖ਼ਬਰ ਸੀ। ਉਸਨੂੰ ਉਸ ਪਲ ਇਹ ਸੋਚ ਕੇ ਬਹੁਤ ਹੀ ਦੁੱਖ ਹੋਇਆ ਕਿ ਉਸਨੂੰ ਕਿਸੇ ਵੀ ਚੀਜ਼ ਬਾਰੇ ਬਹੁਤ ਘੱਟ ਜਾਣਕਾਰੀ ਸੀ। ਉਸਨੇ ਕਿਹਾ ਕਿ ਉਸਨੇ ਤਾਂ ਮਹਿਜ਼ ਕਲਪਨਾ ਹੀ ਕੀਤੀ ਸੀ ਕਿ ਜੇਕਰ ਇੱਕ ਵਾਰ ਹਿੰਮਤ ਕਰਕੇ ਉਸਨੇ ਸੜਕ ਪਾਰ ਕਰ ਲਈ ਤਾਂ ਉਸ ਪਾਰ ਆਜ਼ਾਦੀ ਕਿਹੋ ਜਿਹੀ ਹੋਵੇਗੀ? ਅੱਜ ਉਹ ਉਦਾਸ ਸੀ। ਉਹ ਮਹਿਸੂਸ ਕਰਦੀ ਸੀ ਕਿ ਉਹ ਸ਼ਾਇਦ ਇਕੱਲੀ ਗੁੱਜਰਾ ਨਹੀਂ ਕਰ ਸਕੇਗੀ। ਪਰ ਖ਼ੁਸ਼ੀ ਚੋਣ ਕਰਨ ਦੀ ਆਜ਼ਾਦੀ ਵਿੱਚੋਂ ਹੀ ਜਨਮ ਲੈਂਦੀ ਹੈ ਅਤੇ ਚੋਣ ਜਾਣਕਾਰੀ ਨਾਲ ਹੀ ਪ੍ਰਾਪਤ ਹੁੰਦੀ ਹੈ। ਮੈਨੂੰ ਆਸ ਹੈ ਕਿ ਉਹ ਆਹਿਸਤਾ-ਆਹਿਸਤਾ ਸਭ ਕੁਛ ਸਿੱਖ ਜਾਏਗੀ। ਉਸਨੇ ਆਪਣੇ ਇਸ ਫ਼ੈਸਲੇ ਨੂੰ ਅੰਤਿਮ ਫ਼ੈਸਲਾ ਕਿਹਾ। ਮੈਂ ਕਿਹਾ ਕਿ ਜ਼ਿੰਦਗੀ ਦਾ ਇਹ ਇੱਕ ਸੁਖਾਵਾਂ ਮੋੜ ਹੈ। ਉਸਨੇ ਅੱਜ ਇੰਜ ਮਹਿਸੂਸ ਕੀਤਾ ਜਿਵੇਂ ਕਿਤੇ ਉਹ ਆਪਣੇ ਸਾਰੇ ਲੀੜੇ ਲਾਹ ਕੇ ਅਲਫ਼ ਨੰਗੀ ਹੋ ਗਈ ਹੋਵੇ। ਸ਼ਾਇਦ, ਇਹ ਤਾਂ ਉਸਦਾ ਇੱਕ ਨਵਾਂ ਜਨਮ ਹੈ-ਜ਼ਿੰਦਗੀ ਦੀ ਬਿਲਕੁਲ ਇੱਕ ਨਵੀਂ ਸ਼ੁਰੂਆਤ।

(ਜਨਵਰੀ 20, 1994)

ਤਕਰੀਬਨ ਹਰ ਪੰਜਾਬੀ ਔਰਤ ਦੇ ਦਿਮਾਗ਼ ਵਿੱਚ ਬਚਪਨ ਤੋਂ ਹੀ ਇਹ ਵਿਚਾਰ ਤੁੰਨ-ਤੁੰਨ ਕੇ ਭਰਿਆ ਜਾਂਦਾ ਹੈ ਕਿ ਅਸੀਂ ਕਮਜ਼ੋਰ ਜਾਤ ਦੀਆਂ ਹਾਂ। ਕਿ ਅਸੀਂ ਕਦੀ ਵੀ ਆਦਮ ਜਾਤ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਸਾਡੀ ਆਜ਼ਾਦੀ ਉੱਤੇ ਜਨਮ ਤੋਂ ਹੀ ਰੋਕ ਲੱਗ ਜਾਂਦੀ ਹੈ। ਸਾਨੂੰ ਇੱਕ ਤਰ੍ਹਾਂ ਨਾਲ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਨਿਮਾਣੀਆਂ ਬਣ ਕੇ, ਮਰਦ ਸਾਹਮਣੇ, ਹੱਥ ਜੋੜ ਸਿਰ ਝੁਕਾ ਕੇ ਖੜ੍ਹੀਆਂ ਹੋ ਜਾਈਏ ਅਤੇ ਕਹੀਏ, ''ਦਾਤਾ! ਤੇਰੇ ਅੱਗੇ ਸਾਡਾ ਕੀ ਜ਼ੋਰ''। ਔਰਤ ਦੀ ਜ਼ਿੰਦਗੀ ਦੀਆਂ ਇਹ ਮੱਤ ਮਾਰ ਦੇਣ ਵਾਲੀਆਂ ਬੁਝਾਰਤਾਂ ਹਨ। ਮੈਂ ਖ਼ੁਸ਼ ਹਾਂ ਕਿ ਨਵੀਂ ਉਮਰ ਦੀਆਂ ਔਰਤਾਂ ਦਿਨੋਂ-ਦਿਨ ਹਰ ਪੱਖੋਂ ਵਧੀਆ ਢੰਗ ਨਾਲ ਜ਼ਿੰਦਗੀ ਜਿਊਣ ਦੀ ਚੋਣ ਕਰ ਰਹੀਆਂ ਹਨ। ਥੋੜੇ ਚਿਰ ਲਈ ਤਾਂ ਭਾਵੇਂ ਉਨ੍ਹਾਂ ਨੂੰ ਇਹ ਸੁਣਨਾ ਪੈਂਦਾ ਹੈ ਕਿ ਉਹ ਰੁੱਖੀਆਂ, ਨੁਕਤਾਚੀਨ ਤੇ ਬੇਚੈਨ ਹਨ। ਪਰ ਲੰਬੇ ਸਮੇਂ ਲਈ ਉਹ ਆਪਣੇ ਆਪ ਨੂੰ ਅਰਥਹੀਣ ਜ਼ਿੰਦਗੀ ਦੇ ਬੋਝ ਤੋਂ ਸੁਰਖ਼ਰੂ ਕਰ ਲੈਂਦੀ ਹਨ।

(ਫਰਵਰੀ 14, 1994)

ਅਸੀਂ ਔਰਤਾਂ ਚਾਹੁੰਦੀਆਂ ਹਾਂ ਕਿ ਆਦਮੀ ਥੋੜ੍ਹਾ ਜਿਹਾ ਹੋਰ ਸਾਡੀਆਂ ਭਾਵਨਾਵਾਂ ਨਾਲ ਇੱਕ-ਮਿੱਕ ਹੋ ਸਕਣ। ਔਰਤ ਦਾ ਥੋੜ੍ਹਾ ਜਿਹਾ ਹਠਧਰਮੀ ਹੋਣਾ ਕੋਈ ਮਾੜੀ ਗੱਲ ਨਹੀਂ; ਤਾਂ ਕਿ ਆਦਮੀ ਜਾਣ ਸਕਣ ਕਿ ਸਾਨੂੰ ਕੀ ਪਸੰਦ ਹੈ ਅਤੇ ਕੀ ਨਾਪਸੰਦ...ਅਫ਼ਸੋਸ ਹੈ ਕਿ ਉਹ ਮੇਰੀ ਨਸੀਹਤ ਦੇ ਲਾਭਕਾਰੀ ਪੱਖ ਨੂੰ ਸਮਝ ਨਾ ਸਕੀ। ਉਸਦੇ ਵਿਚਾਰ ਸਪਸ਼ਟ ਤੌਰ 'ਤੇ ਇਨ੍ਹਾਂ ਸਭਿਆਚਾਰਕ ਵਿਸ਼ਵਾਸ਼ਾਂ ਦੀ ਪੁਸ਼ਟੀ ਕਰਦੇ ਸਨ ਕਿ ਔਰਤਾਂ ਆਦਮੀਆਂ ਤੋਂ ਘਟੀਆ ਹੁੰਦੀਆਂ ਹਨ। ਜਦੋਂ ਤੱਕ ਕਿ ਅਸੀਂ ਦ੍ਰਿੜ੍ਹਤਾ ਨਾਲ ਖੜ੍ਹਕੇ ਕਿਸੇ ਗੱਲ ਬਾਰੇ ਆਪਣੀ ਨਾਪਸੰਦਗੀ ਦਾ ਇਜ਼ਹਾਰ ਕਰਨ ਦੀ ਜੁੱਰਤ ਨਹੀਂ ਕਰਦੀਆਂ, ਓਨਾਂ ਚਿਰ ਤੱਕ ਸਭਿਆਚਾਰਕ ਪੱਖਪਾਤ ਅਤੇ ਔਰਤ ਪ੍ਰਤੀ ਅਗਿਆਨਤਾ ਕਦੀ ਵੀ ਬਦਲ ਨਹੀਂ ਸਕਦੇ। ਸੰਤਾਪ ਭਰੀ ਜ਼ਿੰਦਗੀ 'ਤੇ ਕਦੀ ਵੀ ਰੋਕ ਨਹੀਂ ਲੱਗੇਗੀ। ਕਿਸੇ ਸੰਬੰਧ ਵਿੱਚ ਜਾਂ ਰੁਜ਼ਗਾਰ ਵਿੱਚ, ਸਾਨੂੰ ਕਦੇ ਵੀ ਸੰਤੁਲਿਤ ਵਰਤਾਓ ਦੀ ਪ੍ਰਾਪਤੀ ਨਹੀਂ ਹੋਵੇਗੀ। ਮੇਰੇ ਨਾਲ ਜਦ ਕਦੀ ਵੀ ਅਜਿਹਾ ਵਾਪਰਿਆ ਤਾਂ ਮੈਂ ਉੱਚੀ ਆਵਾਜ਼ ਵਿੱਚ ਚੀਕੀ। ਇਹ ਯਕੀਨੀ ਬਣਾਉਣ ਲਈ ਕਿ ਮੇਰੀ ਚੰਘਿਆੜ ਸੁਣੀ ਜਾਵੇ। ਮੈਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿਆਂਗੀ। ਕਿਸੇ ਇੱਕ ਨੂੰ ਵੀ, ਕਿ ਉਹ ਮੇਰੇ ਹੱਕਾਂ ਉੱਤੇ ਛਾਪਾ ਮਾਰੇ ਕਿਉਂਕਿ ਮੈਂ ਇੱਕ ਔਰਤ ਹਾਂ।

(ਫਰਵਰੀ 23, 1994)

ਵਿਚੋਲੇ ਕਿਸੇ ਵੀ ਚਲਾਕ ਤੇ ਮਚਲੇ ਵਪਾਰੀ ਤੋਂ ਘੱਟ ਨਹੀਂ ਹੁੰਦੇ। ਅੱਜ ਕੱਲ੍ਹ ਉਨ੍ਹਾਂ ਵੱਲੋਂ ਕਿਸੇ ਦੇ ਚਰਿੱਤਰ ਬਾਰੇ ਦਿੱਤੇ ਵਿਸ਼ਵਾਸ ਸਿਰਫ਼ ਵਿਆਹ ਦੇ ਦਿਨ ਤੱਕ ਹੀ ਯਕੀਨ ਕਰਨ ਦੇ ਕਾਬਿਲ ਹੁੰਦੇ ਹਨ। ਕੁੱਝ ਹਾਲਤਾਂ ਵਿੱਚ ਜੋ ਕਿ ਮੈਂ ਦੇਖੀਆਂ ਹਨ, ਵਿਚੋਲਿਆਂ ਦੀ ਜ਼ਿੰਮੇਵਾਰੀ, ਮਹਿਜ਼, ਵਿਆਹ ਦੇ ਦਿਨ ਦੀ ਦਾਹਵਤ ਖਾ ਕੇ ਡਕਾਰ ਮਾਰਨ ਤੱਕ ਹੀ ਸੀਮਤ ਰਹਿ ਜਾਂਦੀ ਹੈ। ਜੋ ਕਿ ਕੁਲ ਮਿਲਾ ਕੇ ੪-੬ ਘੰਟਿਆਂ ਤੱਕ ਹੀ ਹੁੰਦਾ ਹੈ-ਇੱਕ ਪੂਰੇ ਦਿਨ ਤੋਂ ਵੀ ਘੱਟ। ਜਦੋਂ ਭਾਵਨਾਵਾਂ ਦਾ ਘਾਣ-ਬੱਚਾ ਪੀੜਿਆ ਜਾਣ 'ਤੇ ਪਰਵਾਰਕ ਬੇੜੀ ਤੂਫ਼ਾਨੀ ਪਾਣੀਆਂ 'ਚ ਘੁੰਮਣ ਘੇਰੀਆਂ ਖਾਣ ਲੱਗਦੀ ਹੈ ਤਾਂ ਵਿਚੋਲੇ ਆਪਣੀਆਂ ਨਜ਼ਰਾਂ ਘੁਮਾ ਕੇ ਇੰਜ ਵਿਖਾਵਾ ਕਰਨ ਲੱਗਦੇ ਹਨ ਜਿਵੇਂ ਕਿ ਉਨ੍ਹਾਂ ਦਾ ਇਸ ਹੱਤਿਆ ਵਿੱਚ ਕੋਈ ਹੱਥ ਨਹੀਂ ਹੁੰਦਾ। ਇਹ ਲੋਕ, ਦਰਅਸਲ, ਸਮਾਜਿਕ ਆਦਰ ਮਾਣ ਦੇ ਕਾਬਿਲ ਹੀ ਨਹੀਂ ਹੁੰਦੇ। ਆਪਣਾ ਘਰ ਘਾਟ ਲੁਟਾ ਕੇ ਕੀ ਸਾਨੂੰ ਇਨ੍ਹਾਂ ਲਾਲਚੀ ਵਿਚੋਲਿਆਂ ਦੀ ਜ਼ਰੂਰਤ ਹੈ ਵੀ? ਚਲੋ ਅਜਿਹੇ ਗਏ ਗੁਜ਼ਰੇ ਮਿੱਟੀ ਦੇ ਮਾਧੋਆਂ ਨੂੰ ਛੱਡ ਕੇ ਦੇਖੀਏ ਅਤੇ ਆਪ ਖ਼ੁਦ ਹੀ ਕਿਉਂ ਨਾ ਆਪਣੇ ਜੀਵਨ ਸਾਥੀ ਦੀ ਤਲਾਸ਼ ਕਰੀਏ।

(ਫਰਵਰੀ 25, 1994 )

ਜਿਹੜੇ ਲੋਕ ਤਹਿ-ਸ਼ੁਦਾ ਵਿਆਹਾਂ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਕਹਿੰਦੇ ਹਨ ਕਿ ਵਿਆਹੁਤਾ ਜੀਵਨ ਨੂੰ ਕਾਮਯਾਬ ਹੋਣ ਲਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੈਂ ਸਮਝਦੀ ਹਾਂ ਕਿ ਇੱਕ ਦੂਜੇ ਨੂੰ ਸਮਝਣ ਵਾਸਤੇ ਹਰ ਰਿਸ਼ਤੇ ਨੂੰ ਹੀ ਵਕਤ ਦੀ ਜ਼ਰੂਰਤ ਹੁੰਦੀ ਹੈ। ਪਰ ਮੇਰਾ ਸੁਆਲ ਇਹ ਹੈ ਕਿ ਕਿੰਨਾ ਕੁ ਚਿਰ? ਉਮਰ ਭਰ ਕਿਸੇ ਵਿਅਕਤੀ ਤੋਂ ਇਸ ਗੱਲ ਦੀ ਉਮੀਦ ਕਰਦੀ ਜਾਓ ਕਿ ਉਹ ਬਦਲ ਜਾਏਗਾ, ਪਰ ਮੈਂ ਇਹ ਮਨਜ਼ੂਰ ਨਹੀਂ। ਯਕੀਨਨ, ਅਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਰੱਤੀ ਭਰ ਵੀ ਗਿਆਨ ਨਹੀਂ ਹੁੰਦਾ ਕਿ ਇੱਕ ਮਾੜਾ ਵਿਆਹ, ਜੋੜੇ ਨਾਲ ਸੰਬੰਧਿਤ, ਹਰ ਕਿਸੇ ਲਈ ਮਾਨਸਿਕ ਬੋਝ ਬਣ ਜਾਂਦਾ ਹੈ। ਕਰੂਪ ਹੋਈਆਂ ਭਾਵਨਾਵਾਂ ਨਾਲ ਇਹ ਜੋੜੇ ਆਪਣੇ ਬੱਚਿਆਂ ਨੂੰ ਕਿਵੇਂ ਉਜਲਾ ਭਵਿੱਖ ਦੇ ਸਕਦੇ ਹਨ?  

(ਫਰਵਰੀ 28, 1994)

ਹਾਂ, ਮੈਂ ਹਮੇਸ਼ਾ ਹੀ ਹੱਲਾ ਕਰਨ ਲਈ ਤਿਆਰ ਰਹਿੰਦੀ ਹਾਂ, ਮੂੰਹ ਵੱਟ, ਨਹੁੰਦਰਾਂ ਤਿੱਖੀਆਂ ਕਰ, ਚਿੜਚਿੜੀ ਹੋ, ਬਹਿਸ ਕਰਦੀ ਹਾਂ ਅਤੇ ਪੁੱਛਦੀ ਹਾਂ ''ਕੀ ਤੂੰ ਵੀ ਏਦਾਂ ਹੀ ਨਹੀਂ? ਕੀ ਮੈਂ ਇਨਸਾਨ ਨਹੀਂ ਹਾਂ?'' ਮੇਰੀਆਂ ਵੀ ਭਾਵਨਾਵਾਂ ਹਨ ਅਤੇ ਇਨ੍ਹਾਂ ਨੂੰ ਜ਼ਾਹਿਰ ਕਰਨ ਤੋਂ ਮੈਨੂੰ ਕੋਈ ਸ਼ਰਮ ਨਹੀਂ। ਕਦੀ ਵੀ-ਮੈਨੂੰ ਭਾਵੇਂ ਰੱਤੀ ਭਰ ਹੀ ਮੌਕਾ ਕਿਉਂ ਨਾ ਮਿਲੇ। ਕਿਸੇ ਵੀ ਸਮੇਂ ਮੈਨੂੰ ਕਦੀ ਆਪਣੀ ਸਵੈਰਾਖੀ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਪੂਰੀ ਸ਼ਿੱਦਤ ਨਾਲ ਜ਼ਰੂਰ ਕੀਤੀ ਹੈ। ਜ਼ਿੰਦਗੀ ਦੇ ਇੱਕ ਮੋੜ 'ਤੇ ਆ ਕੇ ਮੈਂ ਆਪਣੀ ਸ਼ਖ਼ਸੀਅਤ ਦੇ ਪੱਖਾਂ ਨੂੰ ਘੋਖਿਆ ਅਤੇ ਮੈਨੂੰ ਪ੍ਰਸੰਨਤਾ ਭਰੀ ਹੈਰਾਨੀ ਹੋਈ। ਇਸਨੇ ਮੇਰੀ ਜ਼ਿੰਦਗੀ ਨੂੰ ਇੱਕ ਭਰਵੀਂ ਚੰਗਿਆੜੀ ਦਿੱਤੀ। ਮੈਨੂੰ ਅਨੇਕਾਂ ਤਰ੍ਹਾਂ ਦੀ ਜ਼ਿੰਦਗੀ ਜਿਊਣ ਦੀ ਜਾਚ ਆ ਗਈ ਅਤੇ ਮੈਂ ਉਸ ਨੂੰ ਪੂਰੀ ਤਰ੍ਹਾਂ ਮਾਣਨ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਕਈਆਂ ਨੇ ਮੈਨੂੰ ਪਾਗਲ ਔਰਤ ਤੱਕ ਕਿਹਾ। ਅਜਿਹੇ ਵਿਅਕਤੀਆਂ ਬਾਰੇ ਮੇਰੇ ਵਿਚਾਰ ਵੀ ਇਸੇ ਤਰ੍ਹਾਂ ਹੀ ਹਨ। ਪਰਵਾਰਿਕ ਜ਼ਿੰਮੇਵਾਰੀਆਂ, ਰੁਜ਼ਗਾਰ ਅਤੇ ਆਪਣੀਆਂ ਨਿੱਜੀ ਜ਼ਰੂਰਤਾਂ ਵਿੱਚ ਸੰਤੁਲਨ ਕਾਇਮ ਰੱਖਣਾ ਮੇਰੇ ਲਈ ਇੱਕ ਵੱਡੀ ਚੁਨੌਤੀ ਹੈ। ਕੀ ਉਨ੍ਹਾਂ ਨੇ ਮੈਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਨਹੀਂ, ਤਾਂ ਇਹ ਸੋਚਹੀਣ ਲੋਕ ਮੈਨੂੰ ਕਿਵੇਂ ਜਾਣਨਗੇ?

(ਮਾਰਚ 21, 1994)

ਕੁੱਝ ਲੋਕ ਸੈਕਸ ਨੂੰ ਇੱਕ ਮਾਰੂ ਹਥਿਆਰ ਵਜੋਂ ਵਰਤਦੇ ਹਨ। ਉਹ ਸੋਚਦੇ ਹਨ ਕਿ ਜੱਫੀਆਂ ਪਾਣ ਨਾਲ ਅਤੇ ਕੁੱਝ ਚੁੰਮੀਆਂ ਲੈਣ ਨਾਲ ਉਹ ਕਿਸੇ ਵੀ ਔਰਤ ਨੂੰ ਆਪਣੇ ਮੰਤਵ ਦੀ ਪੂਰਤੀ ਲਈ ਵਰਤ ਸਕਦੇ ਹਨ। ਅਜਿਹੇ ਆਦਮੀ ਜਦ ਆਖਦੇ ਹਨ ਕਿ ਉਨ੍ਹਾਂ ਦੀਆਂ ਪੈਂਟਾਂ ਕਿਸੇ ਸ਼ੈ ਨਾਲ ਭਰੀਆਂ ਹੋਈਆਂ ਹਨ ਤਾਂ ਦਰਅਸਲ ਉਹ ਮਾਨਸਿਕ ਤੌਰ ਉੱਤੇ ਖੋਖਲੇ ਹੁੰਦੇ ਹਨ ਅਤੇ ਭਾਵਨਾਤਮਕ ਤੌਰ 'ਤੇ ਕੂੜਾ-ਕਰਕਟ ਨਾਲ ਹੀ ਭਰੇ ਹੁੰਦੇ ਹਨ। ਆਪਣੀ ਜ਼ਿੰਦਗੀ ਨਾਲ ਸੰਬੰਧਿਤ ਮੈਂ ਅਜਿਹੇ ਅਨੇਕਾਂ ਵਿਅਕਤੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਦਾ ਜ਼ਿਕਰ ਕਰਨ ਨਾਲ ਹੀ ਉਨ੍ਹਾਂ ਦੀ ਫ਼ੂਕ ਨਿਕਲ ਸਕਦੀ ਹੈ। ਇਨ੍ਹਾਂ ਮਰਦਾਂ ਸਦਕਾ ਕਈ ਔਰਤਾਂ ਨੂੰ ਜ਼ਿੰਦਗੀ ਵਿੱਚ ਉਦਾਸੀ ਮਿਲੀ ਹੈ। ਅਜਿਹੇ ਇੱਕ ਗਲੇ ਸੜੇ ਖ਼ਿਆਲਾਂ ਵਾਲੇ ਮਨੁੱਖ ਹੱਥੋਂ ਸਤਾਈ ਹੋਈ ਇੱਕ ਔਰਤ ਨੂੰ ਮੈਂ ਬੜੇ ਧਿਆਨ ਨਾਲ ਵੇਖਿਆ। ਉਸਦੀਆਂ ਅੱਖਾਂ 'ਚ ਪਾਣੀ ਛੱਲਾਂ ਮਾਰਦਾ ਸੀ, ਜੋ ਕਿ ਕਦੇ ਵੀ ਰੁੜ੍ਹਿਆ ਨਹੀਂ ਸੀ। ਮੈਂ ਉਸਨੂੰ ਦਿਲਾਸਾ ਦੇਣ ਲਈ ਆਪਣੀ ਬਾਂਹਾਂ ਵਿੱਚ ਘੁੱਟ ਲਿਆ। ਉਸ ਦੀਆਂ ਅੱਖਾਂ 'ਚੋਂ ਜਿਵੇਂ ਹੰਝੂਆਂ ਦਾ ਦਰਿਆ ਹੀ ਵਗ ਪਿਆ, ਜਿਵੇਂ ਕਿਤੇ ਉਹ ਪਹਿਲੀ ਵਾਰ ਜੀਅ ਭਰਕੇ ਰੋ ਸਕੀ ਹੋਵੇ। ਉਸਦਾ ਦਿਲ ਪਾਟ ਗਿਆ ਅਤੇ ਉਸਦੇ ਬੋਲ ਵੀ ਉਸਦੇ ਹੰਝੂਆਂ ਦੇ ਦਰਿਆ ਵਿੱਚ ਹੀ ਗੜੁੱਚ ਹੋ ਗਏ।  

(ਫਰਵਰੀ 21, 1994)

ਮੈਂ ਅਜਿਹੀਆਂ ਬਹੁਤ ਸਾਰੀਆਂ ਵਿਸ਼ੇਸ਼ ਗੁਣਾਂ ਵਾਲੀਆਂ ਅਤੇ ਜ਼ਹੀਨ ਦਿਮਾਗ਼ਾਂ ਵਾਲੀਆਂ ਔਰਤਾਂ ਨੂੰ ਮਿਲੀ ਹਾਂ ਜੋ ਕਿ ਸਭਿਆਚਾਰਕ ਬੰਦਿਸ਼ਾਂ ਕਰਕੇ ਆਪਣੀ ਸ਼ਖ਼ਸੀਅਤ ਦੇ ਵਿਸ਼ੇਸ਼ ਪੱਖਾਂ ਦੀ ਵਰਤੋਂ ਨਹੀਂ ਕਰ ਸਕਦੀਆਂ। ਬਹਿਸ ਵਿੱਚ ਉਲਝ ਜਾਣ ਤੋਂ ਬਚਣ ਲਈ, ਅਨੇਕਾਂ ਵਾਰ, ਅਸੀਂ ਸੌਖਿਆਂ ਹੀ ਦੂਜੀ ਧਿਰ ਨਾਲ ਸਹਿਮਤੀ ਪਰਗਟ ਕਰ ਦਿੰਦੀਆਂ ਹਾਂ। ਕਈ ਹਾਲਤਾਂ ਵਿੱਚ ਤਾਂ ਅਸੀਂ ਮਰਦਾਂ ਅਤੇ ਸਮਾਜ (ਆਮ ਤੌਰ 'ਤੇ) ਨੂੰ ਬਹੁਤ ਹੀ ਜ਼ਿਆਦਾ ਸ਼ਕਤੀ ਦੇ ਦਿੰਦੀਆਂ ਹਾਂ-ਬਿਲਕੁਲ ਹੀ ਰੱਬ ਵਰਗੀ ਸ਼ਕਤੀ। ਉਨ੍ਹਾਂ ਨੂੰ ਇਸ ਪ੍ਰਾਪਤੀ ਵਿੱਚੋਂ ਸੰਤੁਸ਼ਟੀ ਮਿਲਦੀ ਹੈ। ਵਿਸ਼ੇਸ਼ ਕਰਕੇ, ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਅਤੇ ਈਰਖਾਲੂ ਕਿਸਮ ਦੇ ਮਰਦ ਤਾਂ ਔਰਤਾਂ ਨੂੰ ਜ਼ਬਰਦਸਤੀ ਆਪਣੇ ਅਧੀਨ ਰੱਖ ਕੇ ਇਸ ਤਰ੍ਹਾਂ ਦੀ ਸੰਤੁਸ਼ਟੀ ਅਤੇ ਅਨੰਦ ਦਾ ਅਨੁਭਵ ਕਰਦੇ ਹਨ; ਜਿਵੇਂ ਕੋਈ ਮਗਰਮੱਛ ਕਿਸੇ ਜੀਵ ਨੂੰ ਆਪਣੇ ਖ਼ੂੰਖ਼ਾਰ ਜਬਾੜ੍ਹਿਆਂ ਵਿੱਚ ਦਬੋਚ ਕੇ ਸੰਤੁਸ਼ਟੀ ਦਾ ਅਨੁਭਵ ਮਹਿਸੂਸ ਕਰਦਾ ਹੋਵੇ। ਬਿਮਾਰ ਮਾਨਸਿਕਤਾ ਅਤੇ ਬੌਣੀ ਸੋਚ ਰੱਖਣ ਵਾਲੇ ਅਜਿਹੇ ਮਰਦ ਆਪਣੀ ਹਿਟਲਰਸ਼ਾਹੀ ਤਾਕਤ ਦਾ ਅੰਨ੍ਹਾ ਵਿਖਾਵਾ ਕਰਕੇ ਆਪਣੇ ਨੰਬਰ ਬਣਾਉਣ ਲਈ ਆਪਣੀਆਂ ਅਜਿਹੀਆਂ ਮੱਕਾਰ ਕੋਸ਼ਿਸ਼ਾਂ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਕਿ ਅਸੀਂ ਉਨ੍ਹਾਂ ਨੂੰ ਸਪਸ਼ਟ ਤੌਰ 'ਤੇ ਅਜਿਹਾ ਕਰਨ ਤੋਂ ਰੋਕ ਨਹੀਂ ਦਿੰਦੀਆਂ। ਜੇਕਰ ਅਸੀਂ ਇਸ ਜ਼ਾਲਮ ਅਤੇ ਘਿਣਾਉਣੇ ਸਿਲਸਿਲੇ ਨੂੰ, ਬਿਨਾਂ ਕਿਸੀ ਰੋਕ ਟੋਕ ਦੇ, ਇਸੀ ਤਰ੍ਹਾਂ ਜਾਰੀ ਰਹਿਣ ਦਿੱਤਾ ਤਾਂ ਅਸੀਂ ਕਦੀ ਵੀ ਅਗਿਆਨਤਾ ਦੇ ਮਹੱਲਾਂ ਦੇ ਵੱਡੇ ਅਤੇ ਸ਼ਕਤੀਵਰ ਦਰਵਾਜ਼ੇ ਭੰਨ ਨਹੀਂ ਸਕਾਂਗੀਆਂ। ਹਰ ਵਾਰੀ ਜਦੋਂ ਅਸੀਂ ਅਜਿਹੇ ਲੋਕਾਂ ਨੂੰ ਆਪਣੀ ਮਨ-ਮਰਜ਼ੀ ਕਰ ਲੈਣ ਦਿੰਦੀਆਂ ਹਾਂ ਤਾਂ ਅਸੀਂ ਸ਼ਕਤੀਸ਼ਾਲੀ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਹੋਰ ਵੱਧ ਸ਼ਕਤੀਵਰ ਬਣ ਜਾਣ ਦਿੰਦੀਆਂ ਹਾਂ ਅਤੇ ਉਨ੍ਹਾਂ ਨੂੰ ਹਰੀ ਝੰਡੀ ਦੇ ਕੇ ਪੂਰੀ ਤਰ੍ਹਾਂ ਖੁੱਲ੍ਹ ਦੇ ਦਿੰਦੀਆਂ ਹਾਂ ਕਿ ਉਹ ਸਾਡੇ ਹੱਕਾਂ ਦੀ ਬਿਨਾਂ ਕਿਸੀ ਝਿਜਕ ਦੇ ਉਲੰਘਣਾ ਕਰ ਸਕਦੇ ਹਨ।

  • ਮੁੱਖ ਪੰਨਾ : ਦਵਿੰਦਰ ਬਾਂਸਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ