Bharat Sapoot Sohan Lal Muflis Yar

ਭਾਰਤ ਸਪੂਤ ਸੋਹਨ ਲਾਲ 'ਮੁਫਲਿਸ ਯਾਰ'

ਪਿਆਰੇ ਵਤਨ ਵੱਲੇ ਲਿਵ ਲਾਈ ਨੇ

ਪਿਆਰੇ ਵਤਨ ਵੱਲੇ ਲਿਵ ਲਾਈ ਨੇ ।
ਸਖ਼ਤ ਭੁੱਖ ਹੜਤਾਲ ਮਚਾਈ ਨੇ ।

ਪਹਿਲਾਂ ਰੱਬ ਦਾ ਨਾਮ ਧਿਆ ਕੇ ।
ਦੱਸਾਂ ਹਾਲ ਸਾਰਾ ਮੈਂ ਸੁਣਾ ਕੇ ।
ਮੈਨੂੰ ਦੇਣ ਜੇ ਕ੍ਰਿਸ਼ਨ ਦਾਨਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਸਿਰ ਦੇਵਣੇ ਲਈ ਤਿਆਰ ਨੇ ।
ਪਿਆਰੇ ਵਤਨ ਵਾਲੇ ਗ਼ਮ-ਖੁਆਰ ਨੇ ।
ਕਰਦੇ ਮੁਲਕ ਦੇ ਨਾਲ ਵਫ਼ਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਨਾਹੀਂ ਪੀਂਵਦੇ ਤੇ ਨਾਹੀਂ ਖਾਂਵਦੇ ।
ਪਏ ਕਸ਼ਟ ਤੇ ਕਸ਼ਟ ਉਠਾਂਵਦੇ ।
ਨਾਲ ਜੇਲ੍ਹ ਦੇ ਪ੍ਰੀਤ ਲਗਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਨੰਗੀ ਸੂਈ ਰਹੇ ਸੀ ਇਹ ਲਿਬਾਸ ਜੀ ।
ਤਿਵੇਂ ਸੇਵ ਕਮਾਂਵਦੇ ਦਾਸ ਜੀ ।
ਕਰਦੇ ਪ੍ਰੇਮ ਵਾਲੀ ਪਈ ਕਮਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਫ਼ਿਕਰ ਆਪਣੀ ਨਹੀਂ ਉਹ ਚਾਂਹਵਦੇ ।
ਜਾਨ ਵਤਨ ਤੋਂ ਘੋਲ ਘੁਮਾਂਵਦੇ ।
ਪੰਡ ਭਾਰ ਵਾਲੀ ਸਿਰ 'ਤੇ ਚਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਮੁਸ਼ਕਲ ਲਹਿਰ ਆਜ਼ਾਦੀ ਉਚਾਰਦੇ ।
ਉੱਚੀ ਲੋਕ ਨੇ ਸਭ ਪੁਕਾਰਦੇ ।
ਬੇੜੀ ਪ੍ਰੇਮ ਵਾਲੀ ਇਹ ਚਲਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਦਿਤੇ ਤਿੰਨ ਮਹੀਨੇ ਗੁਜ਼ਾਰ ਜੀ ।
ਰਹੇ ਤਸ਼ੀਆਂ ਤੇ ਨਿਰਾਹਾਰ ਜੀ ।
ਜਿੰਦ ਜ਼ਰਾ ਵੀ ਨਹੀਂ ਡੁਲਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

'ਜ਼ਿੰਦਾਬਾਦ ਇਨਕਲਾਬ' ਨੂੰ ਬੋਲਦੇ ।
'ਕੰਨ-ਖਿੜਕੀਆਂ' ਨੂੰ ਪਏ ਖੋਲ੍ਹਦੇ ।
ਜਦੋਂ ਜ਼ੋਰ ਦੀ ਕੂਕ ਸੁਣਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਭਗਤ ਸਿੰਘ ਤੇ ਦੱਤ ਮਹਾਰਾਜ ਜੀ ।
ਲਿਆ ਪਹਿਨ ਸ਼ਹੀਦੀ ਦਾ ਤਾਜ ਜੀ ।
ਕਰਦੇ ਵਤਨ ਵਾਲੀ ਰਾਹ-ਨੁਮਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਇਨਕਲਾਬ ਵਾਲੀ ਉੱਠੀ ਲਹਿਰ ਜੀ ।
ਵੀਰ ਹੋਰ ਵੀ ਪਾਂਵਦੇ ਪੈਰ ਜੀ ।
ਅੰਨ ਪਾਣੀ ਵੱਲੋਂ ਕਸਮ ਖਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਕਮਲ ਨਾਥ ਤੇ ਅਜੈ ਕੁਮਾਰ ਜੀ ।
ਸ਼ਿਵ ਵਰਮਾ ਤੇ ਦਾਸ ਦਿਲਦਾਰ ਜੀ ।
ਜੈ ਦੇਵ ਵੀ ਨਾਲ ਹਮਰਾਹੀ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਹੋਏ ਸ਼ਹੀਦੀਆਂ ਦੇ ਮਹਿਰਮ ਰਾਜ਼ ਜੀ ।
ਦੇਂਦੇ ਸਿਰ ਵਾਲੀ ਪਏ ਨਿਆਜ਼ ਜੀ ।
ਦੇਹ ਕਾਨਿਆਂ ਵਾਂਗ ਸੁਕਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਭਾਰਤ ਮਾਤਾ ਦੇ ਜਿੰਦਾ-ਦਿਲ ਲਾਲ ਜੀ ।
ਫਿਰ ਗਏ ਆਣ ਜਦ ਨੌਨਿਹਾਲ ਜੀ ।
ਲਹਿਰ ਧਰਮ ਦੀ ਚਾ ਚਮਕਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਹੋਇਆ ਜੇਲ੍ਹ ਅੰਦਰ ਜਦ ਪ੍ਰਵੇਸ਼ ਜੀ ।
ਹੋਇਆ ਮੁਲਕ ਤਾਈਂ ਉਪਦੇਸ਼ ਜੀ ।
ਨਾਲ ਹੋਰ ਵੀ ਜਮਾਤ ਮੰਗਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਯਾਰਾਂ ਲਈ ਏ ਆਣ ਪਨਾਹ ਜੀ ।
ਛੱਡ ਮੋਹ ਨੂੰ ਹੋਏ ਹਮਰਾਹ ਜੀ ।
ਦੇਵੀ ਆਜ਼ਾਦੀ ਆ ਧਿਆਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਇਨਕਲਾਬ ਨਿਸ਼ਾਨ ਝੁਲਾਇਆ ।
ਕੂਕ ਉੱਚੀ ਇਹ ਬੋਲ ਸੁਣਾਇਆ ।
ਇਸ ਦੇ ਵਿਚ ਹੀ ਹੈ ਭਲਿਆਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਮੂੰਹੋਂ ਆਖਦੇ ਜਾਵੇ ਭਾਵੇਂ ਜਾਨ ਜੀ ।
ਐਪਰ ਰਹਿ ਜਾਏ ਸਾਡੀ ਆਨ ਜੀ ।
ਨਿੱਤ ਇਹੋ ਪਰਪੱਕ ਪਕਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਪ੍ਰੀਤਮ ਸਿਦਕ ਵੱਲੋਂ ਨਹੀਂ ਹਾਰਦੇ ।
ਦੁੱਖ ਕੱਟਦੇ ਨਾਲ ਪਿਆਰਦੇ ।
ਪਿਆਰੇ ਹਿੰਮਤ ਡਾਢੀ ਇਹ ਵਿਖਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਕਰਨ ਸੁੱਖਾਂ ਥੀਂ ਪਰਹੇਜ਼ ਜੀ ।
ਜਾਨ ਆਪਣੀ ਦਾ ਨਹੀਂ ਗੁਰੇਜ਼ ਜੀ ।
ਦਿਲ ਜਾਨ ਥੀਂ ਹੋਏ ਫਿਦਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਲਖਤਿ-ਜਿਗਰ ਉਹ ਸ਼ਹੀਦਾਂ ਦੇ ਨਾਲ ਦੇ ।
ਜਿਹੜੇ ਧਰਮ ਸ਼ਹੀਦੀ ਦਾ ਪਾਲਦੇ ।
ਪਦਵੀ ਅਟੱਲ ਸ਼ਹੀਦੀ ਦੀ ਪਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਸੱਚੇ ਮੁਲਕ ਵਾਲੇ ਗ਼ਮ-ਖੁਆਰ ਜੀ ।
ਦਿਤੀ ਚੋਟ ਨਗਾਰੇ 'ਤੇ ਮਾਰ ਜੀ ।
ਸੁੱਤੀ ਹੋਈ ਖ਼ਲਕ ਜਗਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਤਪੀ ਤਪ ਕਰਦੇ ਬੇਸ਼ੁਮਾਰ ਜੀ ।
ਬੇੜਾ ਹਿੰਦ ਵਾਲਾ ਹੋਸੀ ਪਾਰ ਜੀ ।
ਫੜੀ ਆਪ ਕਰਤਾਰ ਕਲਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਹੀਰੋ ਵਤਨ ਦੇ ਮੂੰਹੋਂ ਫੁਰਮਾਂਵਦੇ ।
ਵਕਤ ਕੀਮਤੀ ਕਿਉਂ ਹੋ ਗੁਮਾਂਵਦੇ ।
ਉੱਚੀ ਬੋਲ ਕਹਿੰਦੇ ਮੁਲਕ ਤਾਈਂ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਮਿਲਕੇ ਹਿੰਦ ਦੀ ਸਭ ਇਕਵਾਮ ਜੀ ।
ਭਰ ਪੀਓ ਆਜ਼ਾਦੀ ਦਾ ਜਾਮ ਜੀ ।
ਨਹਿਰ ਪ੍ਰੇਮ ਦੀ ਚਾ ਵਗਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਦੇਵੀ ਲੈਣ ਆਜ਼ਾਦੀ ਦੀ ਪਾ ਜੀ ।
ਘੋਰ ਤਪ ਦੀ ਤਾਬ ਵਿਖਾ ਜੀ ।
ਬਾਜ਼ੀ ਸਿਰ ਵਾਲੀ ਚੁੱਕ ਲਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਅਸੀਂ ਫ਼ਾਕਿਆਂ ਨਾਲ ਕਮਜ਼ੋਰ ਜੀ ।
ਤੁਸਾਂ ਐਸ਼ ਉੱਤੇ ਪਾਇਆ ਜ਼ੋਰ ਜੀ ।
ਬੂਟ ਸੂਟ ਤੇ ਲਾ ਨਕਟਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਵੀਰੋ ! ਤੁੱਧ ਨੂੰ ਨਹੀਂ ਖਿਆਲ ਹੈ ।
ਕੈਸਾ ਇਹਨਾਂ ਸ਼ਹੀਦਾਂ ਦਾ ਹਾਲ ਹੈ ।
ਜਿਹੜੇ ਜੇਲ੍ਹ ਅੰਦਰ ਦੁਖਦਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਕਾਸਰ ਹੋਈ ਇਹ ਕਲਮ ਲਿਖੰਦਿਆਂ ।
'ਮੁਫਲਿਸ ਯਾਰ' ਬੇਹਾਲ ਹੈ ਕਹਿੰਦਿਆਂ ।
ਸੋਹਣ ਲਾਲ ਦੀ ਅਕਲ ਚਕਰਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਸਖ਼ਤ ਭੁੱਖ ਹੜਤਾਲ ਮਚਾਈ ਨੇ ।
ਪਿਆਰੇ ਵਤਨ ਵੱਲੇ ਲਿਵ ਲਾਈ ਨੇ ।

ਵਾਕ ਕਵੀ

ਭਗਤ ਸਿੰਘ ਤੇ ਦੱਤ ਮਹਾਰਾਜ ਦਾ ਜੀ
ਕਿੱਸਾ ਜੋੜਿਆ ਨਾਲ ਪਿਆਰ ਭਾਈਓ ।
ਹੱਥੀਂ ਮੌਤ ਵਾਲਾ ਬੱਧਾ ਗਾਨੜਾ ਨੇ
ਸਿਰ ਦੇਵਣੇ ਲਈ ਤਿਆਰ ਭਾਈਓ ।
ਕਹਿਣੇ ਭਾਗ ਸਿੰਘ ਦੇ ਕਿੱਸਾ ਜੋੜਿਆ ਮੈਂ
ਜੋ ਹੈ ਰਾਮਕਿਆਂ ਦਾ ਜ਼ਿੰਮੀਦਾਰ ਭਾਈਓ ।
ਜੇ ਕੋਈ ਗਲਤੀ ਗਰੀਬ ਥੀਂ ਹੋਈ ਹੋਵੇ
ਮੈਨੂੰ ਬਖਸ਼ ਦੇਣਾ ਬਖਸ਼ਣਹਾਰ ਭਾਈਓ ।
ਨਹੀਂ ਸ਼ਾਇਰਾਂ ਦੇ ਵਾਂਗ ਹੈ ਅਕਲ ਮੇਰੀ
ਐਪਰ ਅਕਲ ਥੀਂ ਹਾਂ ਗਵਾਰ ਭਾਈਓ ।
ਸੋਹਨ ਲਾਲ ਵਡਾਲੇ ਦੇ ਰਹਿਣ ਵਾਲਾ
ਕੌਮ ਖੱਤਰੀ ਏ 'ਮੁਫਲਿਸ ਯਾਰ' ਭਾਈਓ ।

(ਅਗਸਤ ੧੯੨੯)