Sohni-Mahinwal : Mian Qadiryaar

ਸੋਹਣੀ-ਮਹੀਂਵਾਲ : ਕਾਦਰਯਾਰ

ਕਿੱਸਾ ਸੋਹਣੀ-ਮਹੀਂਵਾਲ
ੴ ਸਤਿਗੁਰ ਪ੍ਰਸਾਦਿ ॥

ਅਵਲ ਆਖ਼ਰ ਰਬ ਨੂੰ ਲਾਇਕ ਸਿਫ਼ਤ ਕਰੀਮ ॥
ਨੂਰੋਂ ਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ ॥
ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ ॥
ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ ॥
ਇਸ਼ਕ ਅਜਿਹਾ ਪਾਲਨਾ ਲਾਇਕ ਓੁਸਨੂੰ ਜੋ ॥
ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋ ॥
ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ ॥
ਇਸ਼ਕ ਬੈਹ੍ਰ ਦੇ ਰਾਹ ਥੀਂ ਝਬਦੇ ਰੱਬ ਮਿਲੇ ॥
ਜਿਸਨੂੰ ਲਾਗ ਨ ਇਸ਼ਕ ਦੀ ਸੋ ਖ਼ਰ ਭਾਰ ਭਲੇ ॥
ਪਰ ਸਾਹਿਬ ਮਿਲਦਾ ਕਾਦਰਾ ਅੰਦਰ ਇਸ਼ਕ ਦਿਲੇ ॥
ਜਿਸ ਦਿਨ ਯੂਸਫ਼ ਜੰਮਿਆ ਹੋਯਾ ਇਸ਼ਕ ਤਦੋਂ ॥
ਪਰ ਜ਼ਾਹਿਰ ਵਿੱਚ ਜਹਾਨ ਦੇ ਹੋਯਾ ਇਸ਼ਕ ਕਦੋਂ ॥
ਫੇਰ ਜਹਾਨੋਂ ਟੁਰ ਗਿਆ ਮਿਰਜ਼ਾ ਹੋਯਾ ਜਦੋਂ ॥
ਉਸਨੂੰ ਪੁੱਛੋ ਕਾਦਰਾ ਹੋਯਾ ਫੇਰ ਕਦੋਂ ॥
ਨੇਕ ਜ਼ਮਾਨੇ ਸੱਚਦੇ ਅੱਗੇ ਹੋਈ ਗੱਲ ॥
ਇਸ਼ਕ ਕਮਾਯਾ ਆਸ਼ਕਾਂ ਪਈ ਜਹਾਨੀਂ ਹੱਲ ॥
ਲਾਖਾਂ ਮਾਲ ਜਹਾਨ ਥੀਂ ਕੀ ਤਿਨਾਂ ਦਾ ਮੁੱਲ ॥
ਜਦ ਹੁੰਦੇ ਆਸ਼ਕ ਕਾਦਰਾ ਮਤਲਬ ਜਾਂਦੇ ਖੁੱਲ ॥
ਪਰ ਇਸ਼ਕ ਪਿਯਾਲਾ ਜੈਹਰ ਦਾ ਪੀਵਣ ਮੁਸ਼ਕਿਲ ਹੈ ॥
ਜਿਸ ਕਿਸ ਪੀਤਾ ਪਹੁੰਚਕੇ ਵਿਚੇ ਹਾਲ ਗਹੈ ॥
ਇਸ਼ਕ ਹਯਾਤੀ ਦੁਸ਼ਮਨੀ ਓੜਕ ਇੱਕ ਰਹੇ ॥
ਜਾਨ ਉੱਤੋਂ ਹੱਥ ਆਂਵਦਾ ਦੇ ਕੋਈ ਮੁੱਲ ਲਏ ॥
ਗਾਹਕ ਚੰਗੇ ਇਸ਼ਕ ਦੇ ਹੋਏ ਲੱਖ ਕ੍ਰੋੜ ॥
ਸ਼ਾਇਰ ਦਾਨਿਸ਼ਵੰਦ ਭੀ ਹੁੰਦੇ ਹੋਏ ਤੋੜ ॥
ਅੰਤ ਕਿਸੇ ਨਹੀਂ ਪਾਇਆ ਰਹੇ ਤਰੱਯਾ ਜੋੜ ॥
ਹੁਣ ਵਿੱਚ ਜ਼ਮਾਨੇ ਤੇਰ੍ਹਵੇਂ ਅਸਾਂ ਭੀ ਕੀਤੀ ਲੋੜ ॥
ਇਕ ਬੁੱਧ ਦਲੀਲੋਂ ਇਸ਼ਕ ਦੀ ਕੀਤੀ ਅਸਾਂ ਵਿਚਾਰ ॥
ਇਸ਼ਕ ਚਮਨ ਵਿਚ ਜਾ ਵੜੇ ਖੁੱਲੀ ਰਖ਼ਤ ਹਜ਼ਾਰ ॥
ਸੋਹਣੀ ਮੇਹੀਂਵਾਲ ਦੀ ਹੋਈ ਗੱਲ ਪਿਆਰ ॥
ਸਿਫ਼ਤ ਉਨਾਂ ਦੇ ਇਸ਼ਕ ਦੀ ਕੀਤੀ ਕਾਦਰਯਾਰ ॥
ਜੋ ਜੋ ਕਰਨਾ ਵਰਤਿਆ ਮੁੱਢ ਕਦੀਮ ਅਯਾਮ ॥
ਸੋਹਣੀ ਤੇ ਮੇਹੀਂਵਾਲ ਦੀ ਜਿਥੋ ਤੁਰੀ ਕਲਾਮ ॥
ਹੋਸ਼ ਮਗ਼ਜ਼ ਥੀਂ ਪੁਟਕੇ ਹੋਸ਼ ਪਿਆਲਾ ਜਾਮ ॥
ਹੁਣ ਨਵੀਂ ਕਹਾਣੀ ਕਾਦਰਾ ਜ਼ਾਹਿਰ ਕੀਤੀ ਆਮ ॥
ਇਸ਼ਕ ਸ਼ੈਹਰ ਕਦੀਮ ਅਯਾਮ ਥੀਂ ਨਾਮ ਉਸਦਾ ਗੁਜਰਾਤ ॥
ਕਰ ਸਿਕਲ ਉਤਾਰੇ ਬਾਦੀਏ ਕੀ ਕੁਝ ਕਈਏ ਬਾਤ ॥
ਓਹ ਵਡਾ ਸਯਾਣਾ ਕਸਬ ਦਾ ਅਕਲ ਇਲਾਹੀ ਦਾਤ ॥
ਓਥੋਂ ਦਾ ਘੁਮਿਆਰ ਸੀ ਉੱਤਮ ਸੰਧੀ ਜ਼ਾਤ ॥
ਨੇਕ ਗਵਾਹੀ ਓਸਦੀ ਹਰ ਮੈਦਾਨ ਟੁਰੇ ॥
ਆਕਲ ਤੁੱਲਾ ਕਸਬ ਦਾ ਰਹਿੰਦਾ ਸ਼ੈਹਰ ਦਰੇ ॥
ਮਿੱਟੀ ਦੀ ਸਰਸਾਹੀਯੋਂ ਬਾਦੀਆ ਇੱਕ ਘੜੇ ॥
ਗਿਰਦਾ ਜਿਉਂ ਪਰਕਾਰ ਦਾ ਤਿਵੇਂ ਦਰੁਸਤ ਕਰੇ ॥
ਜਿਸ ਵਿਚ ਪੈਂਦਾ ਕਾਦਰਾ ਪਾਣੀ ਵਜ਼ਨ ਤਹਿਕੀਕ ॥
ਸਾਫ਼ ਉਤਾਰੇ ਬੇਜ਼ਯੋਂ ਕਾਗਜ਼ ਵਾਂਗ ਬਾਰੀਕ ॥
ਚੀਨੀ ਕਾਚ ਬਲੌਰ ਤੇ ਕੱਢੇ ਮੁਲ ਵਧੀਕ ॥
ਓਹ ਟੋਰੇ ਵਿੱਚ ਵਲਾਇਤੀਂ ਬਾਦਸ਼ਾਹਾਂ ਦੇ ਤੀਕ ॥
ਇਕ ਬੇਟੀ ਸੀ ਘਰ ਓਸਦੇ ਸੂਰਤ ਦੀ ਤਸਵੀਰ ॥
ਵਾਂਗ ਜਲਾਲੀ ਸਾਹਿਬਾਂ ਲੈਲੀ ਸੱਸੀ ਹੀਰ ॥
ਸ਼ੀਰੀ ਚੰਦ੍ਰਬਦਨ ਦੀ ਰੱਖੇ ਓਹ ਤਸਵੀਰ ॥
ਨਾਮ ਸੋਹਣੀ ਸੀ ਕਾਦਰਾ ਦੇਹੀ ਮੁਸ਼ਕ ਅੰਬੀਰ ॥
ਨਾਜ਼ਕ ਜੁੱਸਾ ਮਖ਼ਮਲੋਂ ਵਾਂਗ ਗੁਲਾਬੀ ਰੰਗ ॥
ਕੱਦੋਂ ਲੰਮੀ ਸਰੂ ਥੋਂ ਗਰਦਨ ਮਿਸਲ ਕੁਲੰਗ ॥
ਕੇਲੇ ਵਾਂਗੁੰ ਪਿੰਨੀਆਂ ਅਤਲਸ ਪਹਿਨੇ ਅੰਗ ॥
ਆਸ਼ਕ ਮਰ ਮਰ ਜਾਵਂਦੇ ਜੈਸੇ ਸ਼ਮਾਂ ਪਤੰਗ ॥
ਲਾਇਕ ਸੋਹਣੀ ਸਿਫਤ ਦੇ ਅੰਦਰ ਹੁਸਨ ਕਮਾਲ ॥
ਚੰਦ ਮੱਥੇ ਵਿੱਚ ਡਲ੍ਹਕਦਾ ਜੋਸ਼ ਹੁਸਨ ਦੇ ਨਾਲ ॥
ਸਿਰ ਪਰ ਨਾਜ਼ੁਕ ਮੀਢੀਆਂ ਅਤਰ ਝੜਿੰਦੇ ਬਾਲ ॥
ਉਹ ਨੈਨ ਦੁਸ਼ਾਖੇ ਕਾਦਰਾ ਇਸ਼ਕ ਮਰੇਂਦਾ ਜਾਲ ॥
ਦੰਦ ਪਰੋਤੇ ਮੋਤੀਆਂ ਕੋਇਲ ਵਾਂਗ ਜ਼ੁਬਾਨ ॥
ਠੋਡੀ ਕਦਰ ਬਦਾਮ ਦੀ ਵਾਂਗੂੰ ਮੀਮ ਦਹਾਨ ॥
ਬਾਜ਼ੂ ਘੜੇ ਖਰਾਦੀਆਂ ਖ਼ਾਸ ਖਰਾਦ ਉਤਾਰ ॥
ਉਂਗਲੀਆਂ ਵਿੱਚ ਨਾਜ਼ਕੀ ਫਲੀਆਂ ਦੇ ਮਿਕਦਾਰ ॥
ਸੀਨਾ ਸਖ਼ਤ ਬਿਲੌਰ ਦਾ ਲਾਯਾ ਉਸਤਾਕਰ ॥
ਪਿਸਤਾਂ ਸੇਉ ਬਹਿਸਤ ਦੇ ਜਯੋਂ ਰਸਦਾਰ ਅਨਾਰ ॥
ਸ਼ਿਕਮ ਸੁਰਾਹੀ ਇਸ਼ਕਦੀ ਸੀਨਾ ਸਖ਼ਤ ਕਹਾਇ ॥
ਨੈਣੀਂ ਦੇਖਣ ਵਾਲਿਆਂ ਹੋਸ਼ ਨ ਰਹੇ ਬਜਾਇ ॥
ਪੀਵਨ ਵਾਲੇ ਮਰ ਗਏ ਜਾਨ ਜਹਾਨ ਗਵਾਇ ॥
ਨਾਜ਼ਕ ਬਦਨ ਸਿੰਗਾਰ ਦਾ ਸਿਫ਼ਤ ਨ ਕੀਤੀ ਜਾਇ ॥
ਸੋਹਣੀ ਉੱਤੇ ਰੱਬ ਨੇ ਦਿੱਤਾ ਐਡਾ ਹੁਸਨ ॥
ਬੁਰਕੇ ਵਿੱਚੋਂ ਦਿੱਸਦੀ ਜਯੋਂ ਬੱਦਲ ਵਿਚ ਚੰਨ ॥
ਸਿਫ਼ਤ ਭਰੀ ਹੈ ਕਾਦਰਾ ਸੂਰਤ ਵਿਚ ਬਦਨ ॥
ਕੰਨੀ ਬੁਕ ਬੁਕ ਵਾਲੀਆਂ ਤੇਜ਼ ਸੁਨਹਿਰੀ ਰੰਗ ॥
ਨੱਕ ਬੁਲਾਕ ਸੁਹਾਂਵਦੀ ਫਿਰੇ ਲਬਾਂ ਪਰ ਹਿੱਲ ॥
ਹਥੀਂ ਕੰਗਨ ਸੇਬ ਦੇ ਪੈਣ ਜਿਨਾਂ ਵਿਚ ਵੱਲ ॥
ਹੋਨ ਦੀਵਾਨੇ ਕਾਦਰਾ ਦਾਨੇ ਦੇਖ ਸ਼ਕਲ ॥
ਜ਼ੁਬਾਨ ਸਿਫਤ ਨਾ ਕਰ ਸਕੇ ਕੀ ਕੁਝ ਆਖਾਂ ਗੱਲ ॥
ਅਕਲ ਵਜੂਦੋਂ ਬਾਹਿਰੀ ਸੋਹਣੀ ਸ਼ਰਮ ਹਿਯਾਉ ॥
ਪਰ ਨਾ ਸੀ ਕੀਤਾ ਕਾਦਰਾ ਮਾਂ ਪਿਉ ਓਸ ਵਿਆਹੁ ॥
ਲੱਜ਼ਤ ਵਾਇ ਜਹਾਨ ਦੀ ਨਾ ਸੀ ਕੁੱਝ ਅਜੇ ॥
ਭੋਲੀ ਭਾਲੀ ਜਾਤ ਦੀ ਮਸਤ ਮਿਜ਼ਾਜ ਸਜੇ ॥
ਖ਼ੂਬੀ ਉਤੇ ਆ ਗਿਆ ਲੈ ਕੇ ਇਸ਼ਕ ਛੁਰੀ ॥
ਪੜਦੇ ਕੱਟ ਦਿਮਾਗ਼ ਦੇ ਦਿੱਤੀ ਇਸ਼ਕੀ ਪੁੜੀ ॥
ਸਖ਼ਤ ਸੋਹਣੀ ਦੇ ਤਾਲਿਆ ਗੈਬੋਂ ਕਲਮ ਵੁੜੀ ॥
ਪਰ ਖੋਲ੍ਹ ਹਕੀਕਤ ਕਾਦਰਾ ਕਿੱਥੋਂ ਗੱਲ ਟੁਰੀ ॥
ਇਕ ਮਿਰਜ਼ਾ ਇਜ਼ਤਬੇਗ ਸੀ ਅੰਦਰ ਬਲਖ਼ ਬੁਖ਼ਾਰ ॥
ਮਜਨੂੰ ਪੁਨੂੰ ਰਾਂਝਿਯੋਂ ਜਿਉਂ ਫ਼ਰਿਹਾਦ ਨੱਜਾਰ ॥
ਓਹ ਰੋਡਾ ਮਿਰਜ਼ਾ ਯਾਰ ਸੀ ਕਾਮ ਕਵਰ ਦਾ ਯਾਰ ॥
ਓਹ ਜ਼ਾਤ ਮੁਗ਼ਲ ਸੀ ਕਾਦਰਾ ਕਰਦਾ ਰੋਜ਼ ਵਾਪਾਰ ॥
ਕਰਨਾ ਹੋਯਾ ਰੱਬ ਦਾ ਇਸ਼ਕ ਹੋਯਾ ਫਰੀਦ ॥
ਮਾਲ ਤਜਾਰਤ ਸੋਂ ਲਿਆ ਪਹਲਾਂ ਓਸ ਖਰੀਦ ॥
ਤੁਰਿਆ ਦਿੱਲੀ ਸ਼ਹਿਰ ਨੂੰ ਮੋਹਲਤ ਨਾਲ ਰਸੀਦ ॥
ਗੁਲਸ਼ਨ ਪਿਆਰੇ ਕਾਦਰਾ ਖ਼ਤਮ ਹੋਯਾ ਖ਼ੁਸ਼ਦੀਦ ॥
ਦਿਲੀ ਅੰਦਰ ਫਿਰ ਗਿਆ ਹੋਕਾ ਸ਼ਹਿਰ ਬਾਜ਼ਾਰ ॥
ਇਕ ਬੜਾ ਸੁਦਾਗਰ ਬਲਖ ਦਾ ਪਹੁਚਾ ਕਰਨ ਬਪਾਰ ॥
ਲਾਚੀ ਲੌਂਗਾਂ ਜਾਫ਼ਲਾਂ ਲੱਦੇ ਊਠ ਹਜ਼ਾਰ ॥
ਕੇਸਰ ਜ਼ੀਰਾ ਕਾਦਰਾ ਕੀ ਕੁਝ ਕਰਾਂ ਸ਼ੁਮਾਰ ॥
ਮੇਵੇ ਖ਼ੂਬ ਵਿਲਾਇਤੀ ਲਦੇ ਓਸ ਤਮਾਮ ॥
ਗਰੀ ਮੁਨੱਕਾ ਸਾਉਗੀ ਪਿਸਤਾ ਹੋਰ ਬਦਾਮ ॥
ਭਾਰ ਹਰੀੜਾਂ ਸੁੰਢ ਦੇ ਓੜਕ ਮਿਰਚਾਂ ਆਮ ॥
ਮੈਂ ਕੀ ਕੀ ਦੱਸਾਂ ਕਾਦਰਾ ਭਰੀਆਂ ਸਭ ਤਮਾਮ ॥
ਅਵੱਲ ਅੱਗੇ ਪਾਤਸ਼ਾਹ ਰਖੀ ਓਸ ਨਿਯਾਜ਼ ॥
ਦੇਖ ਸੁਦਾਗਰ ਸੋਹਿਣਾ ਸੂਰਤ ਬੇਅੰਦਾਜ਼ ॥
ਚੁਗੱਤਾ ਸ਼ਾਹਿ ਜਹਾਨ ਦਾ ਬਹੁਤ ਹੋਯਾ ਖ਼ੁਸ਼ ਨਾਜ਼ ॥
ਉਸ ਖਿੱਲਤ ਬਖ਼ਸ਼ੀ ਕਾਦਰਾ ਕੀਤਾ ਸ਼ਾਹ ਆਬਾਦ ॥
ਲੈ ਸੁਦਾਗਰ ਸਿਰੋਪਾਇ ਬੈਠਾ ਡੇਰੇ ਆਇ ॥
ਸੱਦ ਦਲਾਲ ਬਾਜ਼ਾਰ ਦੇ ਦਿੱਤਾ ਰਖਤ ਖੁਲ੍ਹਾਇ ॥
ਅੰਦਰ ਦਿੱਲੀ ਸ਼ਹਿਰ ਦੇ ਲੱਗਾ ਹੋਣ ਵਿਕਾਇ ॥
ਕੁਲ ਮਾਲ ਫ਼ਰੋਖਤ ਓਸਦਾ ਲਿਆ ਸ਼ਾਹਾਂ ਚੁਕਾਇ ॥
ਮਾਲ ਸੁਦਾਗਰ ਬੇਚ ਕੇ ਕੀਤਾ ਬੈਠ ਹਿਸਾਬ ॥
ਦੂਣੀ ਦੌਲਤ ਹੋ ਗਈ ਹੋਯਾ ਦੂਰ ਅਜ਼ਾਬ ॥
ਰਾਹ ਡਿੱਠਾ ਤਖ਼ਤ ਪੰਜਾਬ ਦਾ ਸ਼ਹਿਰ ਬਹਿਸ਼ਤ ਲਾਹੌਰ ॥
ਦਿੱਲੀ ਬਲਖ਼ ਬੁਖ਼ਾਰ ਥੀਂ ਦਿੱਲੀ ਸ਼ਹਿਰ ਭੰਬੋਰ ॥
ਕਾਬਲ ਇਸਤੰਬੋਲ ਥੀਂ ਮਿਸਲ ਨਾ ਤਿਸਦੀ ਹੋਰ ॥
ਚੀਨ ਮਚੀਨ ਨਾ ਕਾਦਰਾ ਸੋਹਿਣਾ ਸ਼ਹਿਰ ਨਾ ਹੋਰ ॥
ਅਜਬ ਬਹਾਰ ਲਾਹੌਰ ਦੀ ਮਿਰਜ਼ੇ ਡਿੱਠੀ ਆਣ ॥
ਖ਼ਰੀਦ ਫ਼ਰੋਖ਼ਤ ਹੋਰ ਭੀ ਕੀਤਾ ਮਾਲ ਉਥਾਨ ॥
ਓੜਕ ਡੇਰਾ ਵਤਨ ਨੂੰ ਕੀਤਾ ਕੂਚ ਪਛਾਹਾਂ ॥
ਰਾਵੀ ਲੰਘੀ ਕਾਦਰਾ ਪਹੁੰਚੇ ਜਾਇ ਝਨਾਂ ॥
ਪਾਣੀ ਇਸ਼ਕ ਝਨਾਓਂ ਦਾ ਜਾਦੂਗੀਰ ਵਹੇ ॥
ਇਸ਼ਕ ਝਨਾਓਂ ਲੱਭਦਾ ਜੇ ਕੋਈ ਮੁਲ ਲਵੇ ॥
ਸਭ ਆਸ਼ਕ ਉਸਦੇ ਬਾਲਕੇ ਕੰਢੇ ਉਪਰ ਰਹੇ ॥
ਹੁਣ ਤਸੱਲੀ ਕਾਦਰਾ ਮਿਰਜ਼ਾ ਪਹੁੰਚਾ ਹੈ ॥
ਮਿਰਜ਼ੇ ਇਜ਼ੱਤ ਬੇਗ ਨੇ ਪਾਯਾ ਆਣ ਵਹੀਰ ॥
ਗਿਆ ਲੰਘ ਝਨਾਵੋਂ ਕਾਦਰਾ ਸੇਵੇ ਖ਼ਵਾਜਾ ਪੀਰ ॥
ਵਿੱਚ ਸ਼ਹਿਰ ਗੁਜਰਾਤ ਦੇ ਜਾਇ ਲਥੇ ਕਰ ਡੀਰ ॥
ਖ਼ਬਰ ਹੋਈ ਵਿੱਚ ਸ਼ਹਿਰ ਦੇ ਪਹੁੰਚਾ ਕੋਈ ਅੰਬੀਰ ॥
ਜਾਂ ਦੋ ਦਿਨ ਬੀਤੇ ਉਤਰਿਆਂ ਮਿਰਜ਼ੇ ਸੁਨੀ ਤਰੀਫ਼ ॥
ਇਕ ਸ਼ਹਿਰ ਅੰਦਰ ਘੁਮਿਆਰ ਹੈ ਤੁੱਲਾ ਇਸਮ ਸ਼ਰੀਫ਼ ॥
ਓਹ ਘੜੇ ਪਿਆਲੇ ਕੀਮਤੀ ਸੱਭੇ ਕਰਨ ਤਰੀਫ਼ ॥
ਨਫ਼ਰ ਬੁਲਾਯਾ ਕਾਦਰਾ ਮਿਰਜ਼ੇ ਸੁਨੀ ਤਰੀਫ਼ ॥
ਨਫ਼ਰ ਹਵੇਲੀ ਪੁਛੱਕੇ ਤੁੱਲੇ ਵੱਲ ਗਿਆ ॥
ਆਹੀ ਸੋਹਣੀ ਹੁਸਨ ਦੀ ਮੱਥਾ ਨਜ਼ਰ ਪਿਆ ॥
ਓਹ ਦੇਖ ਮੋਯਾ ਬਿਨ ਮਾਰਿਓਂ ਹੋ ਹੈਰਾਨ ਗਿਆ ॥
ਪੈਸਾ ਪਲਿਯੋਂ ਖੋਲ੍ਹਕੇ ਪਯਾਲਾ ਮੁੱਲ ਲਿਆ ॥
ਨਫ਼ਰ ਪਿਆਲਾ ਹਥ ਲੈ ਪਹੁੰਚਾ ਮਿਰਜ਼ੇ ਕੋਲ ॥
ਬੋਲੇ ਫੂਕੀ ਆਨਕੇ ਅੱਗੇ ਦੁਖਾਂ ਦੀ ਫੋਲ ॥
ਪਿਆਲਾ ਮਿਰਜ਼ੇ ਹੱਥ ਦੇ ਕਹਿੰਦਾ ਗਲ ਫਰੋਲ ॥
ਘਰ ਘੁਮਯਾਰਾਂ ਪਦਮਨੀ ਗੱਲ ਸੁਨਾਵਾਂ ਰੋਲ ॥
ਮਿਰਜੇ ਓੁਸਦੀ ਗਲ ਨੂੰ ਸੁਣਿਆਂ ਲਾ ਧਿਆਨ ॥
ਪਕੜ ਦਿਲਾਂ ਨੂੰ ਹੋ ਗਈ ਇਸ਼ਕ ਲਗਾਯਾ ਬਾਨ ॥
ਕਹੇ ਸ਼ਿਤਾਬੀ ਨਫਰ ਨੂੰ ਲੈ ਚਲ ਓਸ ਦੁਕਾਨ ॥
ਖੂਬੀ ਉੁਪਰ ਹੋਗਿਆ ਇਸ਼ਕ ਕਰੇ ਘੁਮਸਾਨ ॥
ਓਹਨੂੰ ਹਕੀਕੀ ਇਸ਼ਕ ਦੀ ਆਣ ਹੋਈ ਜਗ ਗਾਹ ॥
ਮਿਰਜ਼ਾ ਦੇਖਣ ਚੱਲਿਆ ਭਾਂਡੇ ਦੇਖਨ ਚਾਹ ॥
ਜਾਂ ਤੁੱਲੇ ਦੇ ਘਰ ਗਿਆ ਆਸ਼ਿਕ ਬੇਪਰਵਾਹ ॥
ਸੋਹਣੀ ਆਹੀ ਕੱਤਦੀ ਬੈਠੀ ਉਸੇ ਜਾ ॥
ਮਿਰਜ਼ੇ ਡਿੱਠੀ ਉਸਦੀ ਸੂਰਤ ਸੀ ਦਿਲ ਖਾਹ ॥
ਨਿੱਸਲ ਬਾਂਹ ਹੁਲਾਰਦੀ ਕੱਢੇ ਤੰਦ ਹਵਾ ॥
ਵਾਂਗ ਪਤੰਗ ਜਲ ਗਿਆ ਜਾਨ ਜਹਾਨ ਗਵਾ ॥
ਪਰ ਜਿਸਨੂੰ ਜ਼ਹਿਮਤ ਇਸ਼ਕ ਦੀ ਹੋਵੇ ਮੌਤ ਦਵਾ ॥
ਨਫ਼ਰ ਕਹਿਆ ਇਕ ਬਾਦਿਆ ਸਾਨੂੰ ਦੇਵੀਂ ਹੋਰ ॥
ਬਾਪ ਸੋਹਣੀ ਦੇ ਆਖਿਆ ਉਠ ਬੱਚਾ ਦੇ ਹੋਰ ॥
ਸੋਹਣੀ ਕਾਸਾ ਕਢਿਆ ਮਿਰਜ਼ੇ ਦਿੱਤਾ ਮੋੜ ॥
ਪਰ ਦੋ ਤਿੰਨ ਵੇਰੀ ਕਾਦਰਾ ਕੀਤੀ ਗੱਲ ਅਜੋੜ ॥
ਕੋਈ ਪਸੰਦ ਨਾ ਆਵਦਾ ਫੇਰ ਵਿਖਾਵੇ ਹੋਰ ॥
ਸ਼ੌਕ ਓਹਦੇ ਦਿਲ ਹੋਰ ਸੀ ਪਿਆਲੇ ਦੇ ਸਿਰ ਜ਼ੋਰ ॥
ਓੜਕ ਓਨਾ ਲੈ ਲਿਆ ਇੱਕ ਪਿਆਲਾ ਹੋਰ ॥
ਬਹੁਤੀ ਗਲ ਨਾ ਚਾਹੀਏ ਕੀਤੀ ਦਿਲੋਂ ਨਖੋਰ ॥
ਡੇਰੇ ਪਹੁੰਚੇ ਪਰਤ ਕੇ ਮਿਰਜ਼ੇ ਪਿਯਾ ਅੰਧੇਰ ॥
ਪਰ ਦਿਲ ਵਿਚ ਲੱਗੀ ਕਾਦਰਾ ਇਸ਼ਕੇ ਦੀ ਸ਼ਮਸ਼ੇਰ ॥
ਪਰ ਇਸ਼ਕ ਜਿਨ੍ਹਾ ਨੂੰ ਭੁੰਨਿਆ ਜੀਵਣ ਨਹੀਂ ਓੁਮੈਦ ॥
ਲੱਖ ਹਕੀਮ ਅਜ਼ਾਰ ਦੇ ਦੇਨ ਦੁਵਾਈਂ ਵੈਦ ॥
ਸੜਿਆ ਖ਼ੂਨ ਫਿਰਾਕ ਦਾ ਕਦੇ ਨਾ ਪਹੁੰਦਾ ਪੈਦ ॥
ਬਾਝ ਪਿਆਰੇ ਕਾਦਰਾ ਕਦੀ ਨ ਹੁੰਦਾ ਪੈਦ ॥
ਜ਼ਖਮ ਹਕੀਕੀ ਇਸ਼ਕ ਦੇ ਗਏ ਮੁਗ਼ਲ ਨੂੰ ਮਾਰ ॥
ਵਾਰ ਸੁੱਟੀ ਗੁਜਰਾਤ ਤੋਂ ਦਿਲੀ ਬਲਖ ਬੁਖਾਰ ॥
ਲੈ ਹੱਟ ਕਰਾਏ ਕਾਦਰਾ ਬੈਠਾ ਵਿੱਚ ਬਜ਼ਾਰ ॥
ਦੀਦਾਰ ਸੋਹਨੀ ਦਾ ਕਰਨ ਨੂੰ ਕਰਦਾ ਨਿਤ ਬਪਾਰ ॥
ਪੰਡ ਸਿਰੇ ਤੋਂ ਹਿਰਸ ਦੀ ਮਾਰੀ ਚਾ ਜ਼ਮੀਨ ॥
ਇਸ਼ਕ ਕਹਾਣੀ ਫੜ ਲਿਆ ਕਰਕੇ ਦਿਲੋਂ ਯਕੀਨ ॥
ਬਲਖ ਬਖਾਰਾ ਛਡਿਆ ਗ਼ਜ਼ਨੀ ਚੀਨ ਮਚੀਨ ॥
ਪਰ ਇਸ਼ਕ ਨਾ ਪੁੱਛੇ ਕਾਦਰਾ ਸਾਊ ਜ਼ਾਤ ਕਮੀਨ ॥
ਉਸ ਆਨ ਤਰੀਕਾ ਪਕੜਯਾ ਚੁੱਕ ਲਈ ਏਹ ਕਾਰ ॥
ਘਰ ਘੁਮਿਆਰਾਂ ਜਾਵਣਾ ਰਾਤ ਦਿਨੇ ਇਕ ਵਾਰ ॥
ਭਾਂਡੇ ਮੁੱਲ ਖਰੀਦ ਕੇ ਪੈਸੇ ਦਿੰਦਾ ਤਾਰ ॥
ਦੇਖਣ ਕਾਰਨ ਕਾਦਰਾ ਦਿੱਤੇ ਦੰਮ ਉਜਾੜ ॥
ਮਹਿੰਗੇ ਮੁੱਲ ਖ਼ਰੀਦ ਕੇ ਸਸਤੇ ਦਿੰਦਾ ਆ ॥
ਕਿਤਨੀ ਮੁੱਦਤ ਕਾਦਰਾ ਏਵੇਂ ਗਈ ਵਿਹਾ ॥
ਓੜਕ ਦੌਲਤ ਪੱਲਿਓਂ ਹੋਈ ਹੂ ਹਵਾ ॥
ਪਰ ਕਿਚਰਕ ਲੰਘੇ ਬੈਠਿਆਂ ਖੂਹ ਲਈਦੇ ਖਾ ॥
ਖਾਲੀ ਹੋਯਾ ਪੱਲਿਓਂ ਆਜਿਜ਼ ਹੋਯਾ ਆਨ ॥
ਪਿੱਛਾ ਦੌਲਤ ਦੇ ਗਈ ਤੁੱਟਾ ਮਾਨ ਤਰਾਨ ॥
ਸੱਜਨ ਦੁਸ਼ਮਨ ਹੋ ਗਏ ਨਾਲ ਜਿਨਾਂ ਸੀ ਸ਼ਾਨ ॥
ਘਰ ਘੁਮਿਆਰਾਂ ਕਾਦਰਾ ਮੁਸ਼ਿਕਲ ਹੂਆ ਜਾਨ ॥
ਅੱਗੇ ਵਿੱਚ ਵਪਾਰ ਦੇ ਸੋਹਣੀ ਦਿਸਦੀ ਆ ॥
ਇਕ ਦਿਨ ਦਿਲ ਵਿਚ ਬੈਠ ਕੇ ਕੀਤੀ ਮੁਗ਼ਲ ਸਲਾਹ ॥
ਕਰਕੇ ਉਸ ਖ਼ੁਦਾਇ ਨੂੰ ਬੱਧੀ ਦਿਲੋਂ ਦਲੀਲ ॥
ਹੁਨ ਕਾਮਾਂ ਰਹੀਏ ਜਾਇਕੇ ਤਾਂ ਕੁਝ ਹੋਇ ਫ਼ਜ਼ੀਲ ॥
ਘਰ ਘੁਮਿਆਰਾਂ ਜਾਇਕੇ ਸੱਭੇ ਗੱਲਾਂ ਝੱਲ ॥
ਹੁਣ ਨੌਕਰ ਰਹੀਏ ਕਾਦਰਾ ਰਹਿੰਦਾ ਮੁਗ਼ਲ ਦੇ ਸੱਲ ॥
ਤੁੱਲੇ ਉਸ ਦੀ ਬੇਨਤੀ ਸੁਨੀ ਦਿਲੇ ਦੇ ਨਾਲ ॥
ਕਾਮਾਂ ਕਰਕੇ ਰਖਿਆ ਦਿੱਤਾ ਮਾਲ ਸੰਭਾਲ ॥
ਉਸਦਾ ਨਾਮ ਪਕਾਇਆ ਤੁੱਲੇ ਦਾ ਮੇਹੀਂਵਾਲ ॥
ਹੁਣ ਇੱਜ਼ਤ ਬੇਗ ਕਾਦਰਾ ਬਣਿਆ ਮੇਹੀਂਵਾਲ ॥
ਪਰ ਜੋ ਕੁੱਝ ਚਾਹੇ ਸੋ ਕਰੇ ਰੱਬ ਰਹੀਮ ਗ਼ਫ਼ੂਰ ॥
ਇਸ਼ਕ ਹਕੀਕੀ ਕਾਦਰਾ ਜਾਮ ਪਿਆਲਾ ਪੂਰ ॥
ਜਿਸ ਦਿਨ ਇਸ਼ਕ ਜਹਾਨ ਤੇ ਹੋਯਾ ਆਨ ਸਹੀ ॥
ਤੁੱਲੇ ਨੂੰ ਵਿਚ ਖ਼੍ਵਾਬ ਦੇ ਯੂਸਫ਼ ਮਿਲਿਆ ਸੀ ॥
ਜਾਂ ਫਿਰ ਯੂਸਫ਼ ਜੰਮਿਆ ਉਸ ਦੀ ਖਬਰ ਲਏ ॥
ਪਰ ਇਸ਼ਕੋ ਸਮਝੇ ਕਾਦਰਾ ਜਾ ਤਕਦੀਰ ਰਹੇ ॥
ਯੂਸਫ਼ ਬੰਦੀ ਘੱਤਿਆ ਇਸ਼ਕੋਂ ਵਡੀ ਕਜ਼ਾ ॥
ਕਿਸ ਕਿਸ ਉੱਤੇ ਇਸ਼ਕ ਦੀ ਟੁਰਦੀ ਨਹੀ ਰਜ਼ਾ ॥
ਜ਼ੀਨਤ ਹੁਰਮਤ ਹੁਸਨ ਨੂੰ ਮਿਲਿਆ ਜ਼ਹਿਰ ਅਜ਼ਾ ॥
ਪਰ ਔਰਤ ਉੱਤੇ ਕਾਦਰਾ ਪਈ ਨਜ਼ੀਰ ਨਿਗਾਹ ॥
ਹਰਜਤ ਸ਼ੇਖ ਸਨਆਨ ਤੋਂ ਇਸ਼ਕ ਚਰਾਏ ਖ਼ੂਕ ॥
ਮਜਨੂੰ ਵਿਚ ਉਜਾੜ ਦੇ ਸੁਕਾ ਖ਼੍ਵਾਹਿਸ਼ ਮਸ਼ੂਕ ॥
ਤੇਸ਼ਾ ਸਿਰ ਫ਼ਰਿਹਾਦ ਦੇ ਮਾਰੀ ਇਸ਼ਕ ਬੰਦੂਕ ॥
ਮੈ ਯਾਰ ਦਿਵਾਨਾ ਕਾਦਰਾ ਕੀਤਾ ਇਸ਼ਕ ਨਹੂਕ ॥
ਰੋਡੇ ਮਾਰਾਂ ਖਾਧੀਆਂ ਇਸ਼ਕ ਰੁਲਾਯਾ ਹੀ ॥
ਪੁਨੂੰ ਧੋਤੇ ਕਪੜੇ ਚੁਕ ਕੇ ਘਾਟ ਨਦੀ ॥
ਮਿਰਜ਼ੇ ਨਾਲ ਭੀ ਕਾਦਰਾ ਇਸ਼ਕ ਕਮਾਯਾ ਕੀ ॥
ਜੋ ਕੋਈ ਆਸ਼ਕ ਹੋ ਰਹੇ ਓੜਕ ਏਹਾ ਖੱਟ ॥
ਦੁਨੀਆਂ ਉੱਤੇ ਕਾਦਰਾ ਕਰਦਾ ਚੌੜ ਚੁਪੱਟ ॥
ਫਿਕਰ ਮੇਹੀਂਵਾਲ ਨੂੰ ਇਸ਼ਕ ਚਲਾਈ ਫੂਕ ॥
ਉਸ ਜ਼ਾਤ ਨਾ ਪੁੱਛੀ ਕਾਦਰਾ ਘਰ ਘੁਮਿਆਰਾਂ ਚੂਕ ॥
ਉਸਦਾ ਨਾਮ ਪਕਾਇਆ ਖ਼ਲਕਤ ਮੇਹੀਂਵਾਲ ॥
ਸੋਹਨੀ ਪਿੱਛੇ ਓਸਨੇ ਝੱਲੇ ਬਹੁਤ ਜ਼ਵਾਲ ॥
ਦੇਖ ਹਮੇਸ਼ ਜੀਂਵਦਾ ਖਾਧੇ ਬਾਝ ਤੁਆਮ ॥
ਗੱਲ ਉਨ੍ਹਾਂ ਦੀ ਕਾਦਰਾ ਜਾਣੇ ਬਾਝ ਨ ਆਮ ॥
ਦੱਸੇ ਬਾਝ ਜ਼ਬਾਨ ਦੇ ਹਰ ਕੰਮ ਅੰਦਰ ਸ਼ੇਰ ॥
ਘਰਦੀ ਕੁੱਲ ਤਵਾਜ਼ਿਆ ਚੁੱਕੀ ਓਸ ਦਲੇਰ ॥
ਅਸਲੀ ਨੌਕਰ ਮਾਲ ਦਾ ਓਹ ਹਰ ਕੰਮ ਅੰਦਰ ਸ਼ੇਰ ॥
ਜਾਂ ਘਰ ਆਵੇ ਕਾਦਰਾ ਉਸਨੂੰ ਹੋਇ ਸਵੇਰ ॥
ਨਾਜ਼ਕ ਜੁੱਸਾ ਰਾਖਵਾਂ ਕਦੀ ਨਾ ਕੀਤਾ ਕੰਮ ॥
ਪੈਇਆ ਵਸ ਅਨਾੜੀਆਂ ਮਾਥੇ ਵਗੀ ਕਲੰਮ ॥
ਤੁੱਲਾ ਬਾਹਰ ਦੁਕਾਨ ਥੀਂ ਪਟਦਾ ਨਾਹਿ ਕਦਮ ॥
ਉਸਦੇ ਪਿੱਛੇ ਕਾਦਰਾ ਧੰਧੇ ਕੀਤੇ ਤੰਮ ॥
ਗੋਲੇ ਰਖਕੇ ਕਾਦਰਾ ਆਪ ਕਰੇ ਕੰਮ ਕੌਣ ॥
ਮੇਹੀਂਵਾਲ ਯਤੀਮ ਨੂੰ ਨਾ ਪਲ ਮਿਲਦਾ ਸੌਣ ॥
ਘਰਦੀ ਕੁਲ ਤਵਾਜ਼ਿਆ ਦੂਜਾ ਬਾਲਣ ਢੋਣ ॥
ਇਕ ਜੰਗਲ ਸੀ ਕਾਦਰਾ ਦੂਜਾ ਮਹੀਂ ਪਿੱਛੇ ਭੌਣ ॥
ਟੈਹਲ ਉਨਾਂ ਦੀ ਕਰਦਿਆਂ ਗੁਜ਼ਰ ਗਏ ਕਈ ਸਾਲ ॥
ਸੋਹਣੀ ਬੇਪਰਵਾਹ ਨੂੰ ਨਾ ਕੁਝ ਖ਼ਾਬ ਖ਼ਿਆਲ ॥
ਪੰਡ ਚੁਕਾਵਣ ਸੋਹਣੀ ਇਕ ਦਿਨ ਆਈ ਨਾਲ ॥
ਤਿਸ ਦਿਨ ਓਥੇ ਕਾਦਰਾ ਰੋਯਾ ਮੇਹੀਂਵਾਲ ॥
ਦੋਵੇਂ ਹੋਏ ਵੱਖਰੇ ਹੋਰੀ ਖ਼ਬਰ ਨ ਕੋਲ ॥
ਰੋ ਰੋ ਮੇਹੀਂਵਾਲ ਨੇ ਦੱਸੇ ਦੁਖ ਫਰੋਲ ॥
ਤੇਰੇ ਕਾਰਨ ਸੋਹਣੀਏਂ ਹਾਲ ਵੰਞਾਯਾ ਮੈਂ ॥
ਖ਼ਬਰ ਨਾ ਪਿੱਛੋਂ ਕਾਦਰਾ ਕੀ ਕੁਛ ਕਰਨਾ ਤੈਂ ॥
ਮੈਂ ਬਲਖ ਬੁਖ਼ਾਰਾ ਛੱਡਕੇ ਆਾ ਗੁਜਰਾਤ ਮਲੀ ॥
ਸਾਰਾ ਮਾਲ ਉਜਾੜ ਕੇ ਕੀਤਾ ਛੇਕ ਤਲੀ ॥
ਤੇਰੇ ਪਿੱਛੇ ਹੂੰਜਿਆ ਕੂੜਾ ਗਲੀ ਗਲੀ ॥
ਪਰ ਪਾਸ ਖਲੋਤੀ ਕਾਦਰਾ ਸੋਹਣੀ ਸੁਣੇ ਖਲੀ ॥
ਸੋਹਣੀ ਮਾਰੀ ਸ਼ਰਮ ਦੀ ਮੂਲ ਨਾ ਕੀਤੀ ਗੱਲ ॥
ਨਾ ਉਸ ਚਸ਼ਮਾਂ ਪਰਤਕੇ ਡਿੱਠਾ ਉਸਦੀ ਵਲ ॥
ਪਰ ਵਿਚੋਂ ਆਹੀ ਓਸਦੀ ਬਾਤ ਨਾ ਗਈਆ ਚੱਲ ॥
ਤਿਸ ਦਿਨ ਉਸਦੀ ਕਾਦਰਾ ਖੋਹਲੀ ਇਸ਼ਕ ਅਕਲ ॥
ਬਾਝ ਮੁਰੱਤਬ ਇਸ਼ਕ ਦੇ ਬਧੇ ਆਨ ਵਿਕਾਰ ॥
ਦਿਲ ਵਿੱਚ ਮੇਹੀਂਵਾਲ ਦੇ ਲੱਗਾ ਆਨ ਫ਼ਿਗਾਰ ॥
ਦਿਨ ਦਿਨ ਹੋਰ ਮੁਹੱਬਤਾਂ ਕਰਨ ਲਗੇ ਇਤਫ਼ਾਕ ॥
ਜਾਨ ਦੋਹਾਂ ਵਿੱਚ ਕਾਦਰਾ ਇਸ਼ਕ ਬਣਾਯਾ ਸਾਕ ॥
ਨਾ ਕੋਈ ਵਾਹਦ ਵਾਫ਼ਰੀ ਬਹੁਤੀ ਗੱਲ ਕਰੇ ॥
ਪਾਕ ਮੁਹੱਬਤ ਦੁਹਾਂ ਦੀ ਦਿਲ ਵਿੱਚ ਖ਼ੂਬ ਰਹੇ ॥
ਇਕ ਜ਼ਾਲਮ ਖ਼ੌਫ਼ ਜਹਾਨ ਦਾ ਜ਼ਾਹਰ ਬਾਤਨ ਕਹੇ ॥
ਪਰ ਖ਼ਲਕਤ ਡਾਢੀ ਕਾਦਰਾ ਕਿੱਥੋਂ ਛਪੀ ਰਹੇ ॥
ਖ਼ੂਬੀ ਏਹੋ ਇਸ਼ਕ ਦੀ ਪਹਿਲਾਂ ਦਿੰਦਾ ਆਇ ॥
ਸੀਖ਼ਾਂ ਚਾੜ੍ਹ ਕਬਾਬ ਦੀ ਕਰੇ ਕਬਾਬ ਬਨਾਇ ॥
ਪਿੱਛੋਂ ਫੇਰ ਜਹਾਨ ਤੇ ਦੇਂਦਾ ਗੱਲ ਹਿਲਾਇ ॥
ਪਰ ਆਲਮ ਬਾਕੀ ਕਾਦਰਾ ਛੱਡੇ ਛੱਜ ਕਲਾਇ ॥
ਸੋਹਣੀ ਤੇ ਮਹੀਂਵਾਲ ਨੂੰ ਲੱਗਾ ਦਿਨ ਚੜ੍ਹਨ ॥
ਇਸ਼ਕ ਸ਼ਗੂਫ਼ੇ ਕਾਦਰਾ ਤੋੜੇ ਲੱਖ ਕਰਨ ॥
ਆਨ ਪਲੀਤਾ ਮੱਚਿਆ ਚੋਰੀ ਮੇਹੀਂ ਫਿਰਨ ॥
ਪਰ ਇਸ਼ਕ ਅਜੇਹੋਂ ਕਾਦਰਾ ਅੰਗ ਪਤਾਨ ਡਰੱਨ ॥
ਸੋਹਨੀ ਮੇਹੀਂਵਾਲ ਨੂੰ ਖ਼ਬਰ ਨਾ ਕਾਈ ਮੂਲ ॥
ਧੁੰਮੀਂ ਵਿਚ ਕਬੀਲੜੇ ਉਠਿਆ ਫੇਰ ਫ਼ਤੂਰ ॥
ਚੋਰ ਪਿਆ ਦਿਲ ਮਾਪਿਆਂ ਸੋਹਣੀ ਲੱਗਾ ਸੂਲ ॥
ਏਹ ਦੁਖ ਮੰਦਾ ਕਾਦਰਾ ਦੁਨੀਆਂ ਵਿੱਚ ਨਜ਼ੂਲ ॥
ਓਹ ਤੁੱਲਾ ਮੁਲਕੀਂ ਮੱਨਿਆਂ ਹੈਸੀ ਸ਼ਰਮ ਹਜੂਰ ॥
ਸੋਖ਼ਤ ਆਈ ਓਸਨੂੰ ਹੋਇਆ ਬਹੁਤ ਰੰਜੂਲ ॥
ਮਾਉਂ ਸੋਹਣੀ ਨੂੰ ਆਖਿਆ ਗੱਲ ਨਹੀ ਏਹ ਕੂੜ ॥
ਏਹ ਨੇਕ ਨਾ ਕਾਮਾਂ ਜਾਪਦਾ ਕਰੋ ਘਰਾਂ ਤੇ ਦੂਰ ॥
ਪਰ ਇਕ ਸਹੇਲੀ ਖ਼ਾਸ ਸੀ ਸੋਹਣੀ ਦੇ ਹਮਸਾਇ ॥
ਵਾਕਿਫ਼ ਥੀ ਹਰ ਭੇਦ ਦੀ ਅਕਲ ਸੁਘੜ ਦਾਨਾਇ ॥
ਕੁਲ ਹਕੀਕਤ ਓਸਦੀ ਸਮਝ ਲਈ ਦਿਲ ਪਾਇ ॥
ਇਕ ਦਿਹਾੜੇ ਦੱਸਿਆ ਸੋਹਣੀ ਅੱਗੇ ਜਾਇ ॥
ਅੱਜ ਤੁਹਾਡੇ ਸਿਰਾਂ ਤੇ ਭਾਂਬੜ ਮੱਚ ਗਏ ॥
ਢੋਲ ਮਿਜ਼ਾਜੀ ਇਸ਼ਕ ਦੇ ਮੁਲਖੀਂ ਵੱਜ ਗਏ ॥
ਅੱਗੇ ਟੁਰਯੋ ਸਮਝ ਕੇ ਦਰਦ ਰਫ਼ੀਕ ਰਹੇ ॥
ਪਰ ਮੱਚੀ ਹੋਈ ਕਾਦਰਾ ਕਿਥੋਂ ਛਪ ਰਹੇ ॥
ਓੜਕ ਓਨਾਂ ਸੱਦਿਆ ਮੇਹੀਂਵਾਲ ਸ਼ਿਤਾਬ ॥
ਬਹਿ ਘੁਮਿਆਰਾਂ ਓਸਨੂੰ ਦਿੱਤਾ ਸਾਫ਼ ਜੁਵਾਬ ॥
ਅਸਾਂ ਪ੍ਰਵਾਹ ਨ ਤੇਰੀ ਕਾਰ ਦੀ ਜਾਨੀ ਨਾ ਹਿਜਾਬ ॥
ਚੰਗਾ ਕਰਕੇ ਰੱਖਿਆ ਦਿੱਤਾ ਏਹ ਖ਼ਤਾਬ ॥
ਪਰ ਨਾ ਕੁਝ ਉਜ਼ਰ ਮੁਸਾਫ਼ਰਾਂ ਨਾਲ ਕਿਸੇ ਕੀ ਜ਼ੋਰ ॥
ਸੱਕਾ ਬਾਝ ਖ਼ੁਦਾਇ ਦੇ ਕੌਣ ਓਹਦਾ ਸੀ ਹੋਰ ॥
ਇਕ ਵਤਨ ਨਾ ਆਹਾ ਆਪਣਾ ਦੂਜਾ ਬਣਿਆ ਚੋਰ ॥
ਹੋਯਾ ਅਰਥੀ ਕਾਦਰਾ ਟੁਰਿਆ ਹਿਰਸ ਤਰੋੜ ॥
ਪਰ ਵਿੱਚੋਂ ਹੋਈ ਓਸਦੀ ਗੱਲ ਨਾ ਕੀਤੀ ਜਾਇ ॥
ਤਿਸ ਦਿਨ ਓਥੇ ਕਾਦਰਾ ਖੁੱਲੇ ਇਸ਼ਕ ਜਲਾਇ ॥
ਪਿੱਛੋਂ ਵਿੱਚ ਜਹਾਨ ਦੇ ਦਿੱਤੀ ਗਲ ਹਿਲਾਇ ॥
ਪਰ ਵਿੱਚ ਆਦਰ ਕਾਦਰਾ ਦਿੱਤੋ ਢੋਲ ਧਰਾਇ ॥
ਸੋਹਣੀ ਆਹੀਂ ਮਾਰਦੀ ਦਿਲ ਵਿਚ ਚੜ੍ਹਿਆ ਰੋਹ ॥
ਰੋਂਦੀ ਆਹੀਂ ਮਾਰਕੇ ਨਾਲ ਫ਼ਿਰਾਕ ਅੰਦੋਹ ॥
ਕੁਝ ਵੱਸ ਨਾ ਚੱਲੇ ਓਸਦਾ ਸਬਰ ਬੈਠੀ ਕਰ ਓਹ ॥
ਪਰ ਪਹਿਲਾਂ ਨੌਬਤ ਓਸਦੀ ਕੀਤਾ ਆਨ ਧ੍ਰੋਹ ॥
ਮੇਹੀਂਵਾਲ ਨੂੰ ਕੱਢਕੇ ਤੁੱਲੇ ਤਕ ਸਲਾਹ ॥
ਕਾਜ ਸ਼ਿਤਾਬ ਅਰੰਭਿਆ ਆਨ ਸੁਧਾਇਆ ਸਾਹ ॥
ਦੌਲਤ ਮੇਹੀਂਵਾਲ ਦੀ ਦਿੱਤੀ ਘੱਤ ਵਿਯਾਹ ॥
ਪਰ ਰਬ ਨਾ ਚਾਹੇ ਕਾਦਰਾ ਬੰਦੀ ਰੋਜ਼ ਰਹਾ ॥
ਸੋਹਣੀ ਸਾਬਤ ਸਾਵਰੀ ਰੱਖ ਲਈ ਰੱਬ ਆਪ ॥
ਚੁੰਗੀ ਖਾਣੀ ਨਾ ਮਿਲੀ ਪਿੰਡੇ ਚੜ੍ਹਿਆ ਤਾਪ ॥
ਉਸ ਰਾਤ ਗੁਜ਼ਾਰੀ ਰੋਂਦਿਆਂ ਮੂੰਹ ਥੀਂ ਕੱਢ ਅਲਾਪ ॥
ਵੁਹ ਤਾਨੇ ਘੱਲਨ ਕਾਦਰਾ ਫੇਰ ਓਹਨੂੰ ਘਰ ਆਪ ॥
ਸੋਹਣੀ ਮੇਹੀਂਵਾਲ ਦੀ ਛੇੜੇ ਕੌਨ ਅਮਾਨ ॥
ਮਖ਼ਫ਼ੀ ਭੇਦ ਖ਼ੁਦਾਇ ਦਾ ਜਾਨੇ ਨਹੀਂ ਜਹਾਨ ॥
ਓਹ ਜੋੜੀ ਸੀ ਅਲਾਹਿ ਦੀ ਦੋ ਜੁੱਸੇ ਇਕ ਜਾਨ ॥
ਰਲ ਵਸਨਗੇ ਕਾਦਰਾ ਵਿਚ ਕਬਰ ਅਸਥਾਨ ॥
ਦੁਨੀਆਂ ਉਪਰ ਦੁਖਦੀ ਚੱਲੇ ਉਮਰ ਗੁਜ਼ਾਰ ॥
ਘੱਤ ਵਛੋੜਾ ਗ਼ੈਬ ਦਾ ਕੀਤਾ ਇਸ਼ਕ ਖ਼ੁਵਾਰ ॥
ਉਹ ਘਰ ਰੋਂਦੀ ਮਾਪਿਆਂ ਮੇਹੀਂ ਵਾਲ ਬਜ਼ਾਰ ॥
ਮੁਸ਼ਕਲ ਮਿਲਨਾ ਕਾਦਰਾ ਹੋਯਾ ਬਹੁਤ ਲਾਚਾਰ ॥
ਵਿੱਚ ਮਸੀਤੇ ਦਾਇਰੇ ਰੋਂਦਾ ਮੇਹੀਂਵਾਲ ॥
ਕਸਮ ਅਨਾਜੋਂ ਪਾਣੀਯੋਂ ਰੱਬ ਮਲੂਮ ਹਵਾਲ ॥
ਖ਼ੂਨ ਬਦਨ ਵਿਚ ਸੜ ਗਿਆ ਦਰਦ ਸੋਹਣੀ ਦੇ ਨਾਲ ॥
ਮੇਹੀਂਵਾਲ ਨੂੰ ਕਾਦਰਾ ਗੁਜ਼ਰੇ ਰਾਤ ਮਹਾਲ ॥
ਸੋਹਣੀ ਬਾਝੋਂ ਓਸਨੂੰ ਪਿਆ ਗ਼ੁਬਾਰ ਅੰਧੇਰ ॥
ਕੁੱਸ ਗਿਆ ਬਿਨ ਕੁੱਸਿਯੋਂ ਇਸ਼ਕ ਲਿਯਾ ਸੀ ਘੇਰ ॥
ਹੁਣ ਕੇਹੜੇ ਨਾਲ ਸਬੱਬ ਦੇ ਜਾ ਮਿਲੀਏ ਇਕ ਵੇਰ ॥
ਘਰ ਘੁਮਯਾਰਾਂ ਕਾਦਰਾ ਰੋਂਦਾ ਨਾਹੀਂ ਫੇਰ ॥
ਉਮਰ ਗੁਜ਼ਾਰੀ ਰੋਂਦਿਆਂ ਕਿਤਨੀ ਲੰਘ ਗਈ ॥
ਇਕ ਦਿਨ ਇਸ਼ਕ ਸਿਖਾਲਿਆ ਦਿਲ ਵਿਚ ਬਾਤ ਪਈ ॥
ਪਕੜ ਤਰੀਕਾ ਫ਼ਕਰ ਦਾ ਹੱਥ ਵਿਚ ਟਿੰਡ ਲਈ ॥
ਹੁਣ ਵੇਖਣ ਕਾਰਣ ਕਾਦਰਾ ਮੰਗਣ ਚੜ੍ਹਿਆ ਈ ॥
ਓਹ ਹੈਸੀ ਲਾਖੀ ਆਦਮੀ ਬਲਖ਼ ਬਖ਼ੁਰੇ ਦਾ ॥
ਜ਼ਾਲਮ ਇਸ਼ਕ ਉਜਾੜਿਆ ਜੋ ਅਸਬਾਬ ਉਦਾ ॥
ਓਹਸੀ ਵਿਚ ਗੁਜਰਾਤ ਦੇ ਚੜ੍ਹਿਆ ਕਰਨ ਗਦਾ ॥
ਘਰ ਘੁਮਿਆਰਾਂ ਕਾਦਰਾ ਆਖੇ ਫੇਰ ਸਦਾ ॥
ਕੁਝ ਹਾਜ਼ਰ ਹੈ ਤਾਂ ਭੇਜਿਓ ਜਾਇ ਕਰੀ ਸੁ ਪੁਕਾਰ ॥
ਸੱਸ ਬੁਲਾਯਾ ਸੋਹਨੀਏਂ ਖੜਾ ਮੁਸਾਫ਼ਰ ਬਾਹਰ ॥
ਉਠ ਬੱਚਾ ਘੱਤ ਖ਼ੈਰ ਤੂੰ ਸਦਕੇ ਨਾਮ ਗ਼ੁਫ਼ਾਰ ॥
ਹੁਣ ਵੇਖ ਤਮਾਸ਼ਾ ਕਾਦਰਾ ਮਿਲਨ ਲਗੇ ਨੀ ਯਾਰ ॥
ਸੋਹਣੀ ਖ਼ੈਰ ਫ਼ਕੀਰ ਨੂੰ ਪਾਵਨ ਪਹੁੰਚੀ ਵੱਤ ॥
ਹੋਇ ਖਲੀ ਵਿਚ ਸਰਦਲਾਂ ਰੋਟੀ ਲੈਕੇ ਹਥ ॥
ਸੂਰਤ ਮੇਹੀਂਵਾਲ ਦੀ ਡਿੱਠੀ ਨਜ਼ਰ ਪਰੱਤ ॥
ਤੜਫ਼ ਓਥੇ ਹੀ ਕਾਦਰਾ ਜਾਇ ਡਿਗਾ ਮੁਠਵੱਟ ॥
ਵਾਂਗ ਕਬੂਤ੍ਰ ਤੜਫਿਆ ਵਿੱਚ ਬਿਹੋਸ਼ ਮਕਾਨ ॥
ਸੋਹਣੀ ਹੈਬਤ ਖਾਇਕੇ ਪਾਸ ਖਲੋਤੀ ਆਨ ॥
ਯਾਰ ਪੁਰਾਣਾ ਆਪਣਾ ਵੇਖ ਹੋਈ ਹੈਰਾਨ ॥
ਬੈਠ ਸਰ੍ਹਾਨੇ ਕਾਦਰਾ ਲਗੀ ਫੇਰ ਬੁਲਾਨ ॥
ਜਾਂ ਉਸ ਅੱਖੀਂ ਪਰਤੀਆਂ ਸੋਹਣੀ ਕਰੇ ਜਵਾਬ ॥
ਪੱਟ ਉਤੇ ਸਿਰ ਰਖਕੇ ਤਲੀਆਂ ਝਸ ਸ਼ਤਾਬ ॥
ਕਯੋਂ ਜਾਨ ਗਵਾਏਂ ਆਪਣੀ ਸਾਨੂੰ ਦੇ ਅਜ਼ਾਬ ॥
ਹੁਣ ਜੇ ਕੋਈ ਦੇਖੇ ਕਾਦਰਾ ਕਰਸੀ ਯਾਰ ਖ਼ਰਾਬ ॥
ਤੂੰ ਨਾ ਕਰ ਸੱਜਨ ਕਾਹਲੀਆਂ ਨਾ ਬਾਝ ਲਗਾਮੋਂ ਵੱਗ ॥
ਦਾਰੂ ਵਾਲੀ ਕੋਠੜੀ ਕਯੋਂ ਲੈ ਵੜਨਾ ਏਂ ਅੱਗ ॥
ਦੁਸ਼ਮਨ ਤੇਰੀ ਜਾਨ ਦਾ ਬੈਠਾ ਸਾਰਾ ਜੱਗ ॥
ਚਲ ਬੈਠ ਨਦੀ ਤੇ ਕਾਦਰਾ ਆਖੇ ਸਾਡੇ ਲੱਗ ॥
ਤੂੰ ਕਰ ਫ਼ਰਿਆਦ ਖ਼ੁਦਾਇ ਥੀਂ ਮੇਰੇ ਵਸ ਨਾ ਕੁਝ ॥
ਮੇਰਾ ਆਪ ਕਲੇਜਾ ਭੁਜ ਗਿਆ ਬਾਲਣ ਹੋਈ ਬੁੱਝ ॥
ਦਰਦ ਤੇਰੇ ਨੂੰ ਰੋਂਦਿਆਂ ਅੱਖੀਂ ਗਈਆਂ ਸੁੱਜ ॥
ਪਰ ਤੈਨੂੰ ਖ਼ਬਰ ਕੀ ਕਮਲਿਆ ਜੋ ਦਮ ਗੁਜ਼ਰੇ ਮੁੱਝ ॥
ਜੋ ਕੁਝ ਸੋਹਣੀ ਆਖਿਆ ਲਇਆ ਸਿਰੇ ਤੇ ਮੰਨ ॥
ਉਠ ਗਿਆ ਵੱਲ ਝਨਾਉਂ ਦੀ ਕਮਰ ਸਬਰ ਦੀ ਬੰਨ੍ਹ ॥
ਪੱਤਨ ਘਾਟ ਮਲਾਂਹ ਦੀ ਜਿੱਥੇ ਆਹੀ ਛੰਨ ॥
ਜਾ ਉਥਾਹੀਂ ਕਾਦਰਾ ਲੱਗਾ ਮੁਗ਼ਲ ਵਸੰਨ ॥
ਹੁਣ ਦੇਖੋ ਇਸ਼ਕ ਮਜਾਜ਼ ਦਾ ਲੱਗਾ ਹੋਣ ਬਪਾਰ ॥
ਸੋਹਣੀ ਹੱਥੀਂ ਟੋਰਿਆ ਆਪ ਨਦੀ ਵਲ ਯਾਰ ॥
ਖਾਣਾ ਪੀਣਾ ਭੁਲ ਗਿਆ ਲੱਗੀ ਸਾਂਗ ਦੁਸਾਰ ॥
ਭੋਰਾ ਝੋਰਾ ਕਾਦਰਾ ਮੁਢੋਂ ਲੱਗਾ ਖ਼ਾਰ ॥
ਹੁਣ ਸੋਹਣੀ ਬਾਝੋਂ ਪਿਆਰਿਆਂ ਹੋਈ ਜਾਨ ਤਰੁੱਟ ॥
ਨਿਤ ਨ੍ਹਾਵਣ ਨਾਲ ਸਹੇਲੀਆਂ ਪਤਣ ਜਾਂਦੀ ਉਠ ॥
ਓਹ ਦਰੀਯਾ ਝਨਾਂਦੇ ਬੈਠ ਜਿਸ ਮਕਾਨ ॥
ਨੌਕਰ ਦੇਖ ਮਲਾਹ ਭੀ ਵਾਕਫ਼ ਹੋਏ ਆਨ ॥
ਰਾਤੀ ਉਸਨੂੰ ਬੇੜੀਆਂ ਸਉਂਪ ਸਭੇ ਟੁਰ ਜਾਨ ॥
ਰੋਟੀ ਘੱਲਣ ਕਾਦਰਾ ਜੋ ਕੁਝ ਘਰੀਂ ਪਕਾਨ ॥
ਪਰ ਲੋਕ ਸ਼ਿਕਾਰੀ ਸ਼ਹਿਰ ਦੇ ਦੂਜੀ ਜ਼ਾਤ ਮਲਾਹ ॥
ਮੱਛੀ ਫੜ ਦਰਯਾਇ ਥੀਂ ਕੱਢਨ ਲੋਕ ਮੁਬਾਹ ॥
ਇਕ ਹਿੱਸਾ ਵੰਡ ਫ਼ਕੀਰ ਨੂੰ ਦਿੰਦੇ ਨਾਮ ਅਲਾਹ ॥
ਕਹਿੰਦੇ ਏਹੋ ਕਾਦਰਾ ਆਪ ਹੱਥੀ ਭੁੰਨ ਖਾਹ ॥
ਇਕ ਮਛੀ ਰੋਜ਼ ਮਲਾਹ ਥੀਂ ਲੈਂਦਾ ਮੇਹੀਂਵਾਲ ॥
ਖੂਬ ਕਬਾਬ ਬਨਾਂਵਦਾ ਆਪ ਅੰਗੀਠੀ ਬਾਲ ॥
ਸੋਹਣੀ ਬਾਝੋਂ ਓਸਨੂੰ ਖਾਣਾ ਹੋਇਆ ਮਹਾਲ ॥
ਨੀਯੱਤ ਉਸਦੀ ਕਾਦਰਾ ਬੰਨ੍ਹੇ ਵਿਚ ਰੁਮਾਲ ॥
ਲੋਕ ਅਰਾਮ ਗੁਜ਼ਾਰਦੇ ਸੁਤਾ ਹੋਇ ਜਹਾਨ ॥
ਕੋਲ ਸੋਹਣੀ ਦੇ ਆਂਵਦਾ ਤਰ ਦਰਯਾ ਝਨਾਂਵ ॥
ਓਹ ਬੈਠੀ ਹੋਵੇ ਜਾਗਦੀ ਮੇਹੀਂਵਾਲ ਬਿਨਾਂ ॥
ਖਾਣ ਦੋਵੇਂ ਰਲ ਕਾਦਰਾ ਲੱਜ਼ਤ ਹੋਵੇ ਤਾਂ ॥
ਖਾਤਰ ਕਰਕੇ ਓਸਦੀ ਮੇਹੀਂਵਾਲ ਭਵੇਂ ॥
ਫੇਰ ਝਨਾਓ ਲੰਘਕੇ ਜਾਇ ਮਕਾਨ ਸਵੇਂ ॥
ਭਲਕੇ ਭੁੰਨ ਲਿਆਂਵਦਾ ਖ਼ਾਸ ਕਬਾਬ ਨਵੇਂ ॥
ਪਰ ਕਿਤਨੀ ਮੁੱਦਤ ਕਾਦਰਾ ਗੁਜ਼ਰੀ ਓਸ ਇਵੇਂ ॥
ਇਕ ਦਿਨ ਕਰਨਾ ਰਬ ਦਾ ਪਈ ਝਨਾਵੇਂ ਛੱਲ ॥
ਬੱਦਲ ਵੁਠਾ ਅਮਰਦਾ ਮੀਂਹ ਪਹਾੜਾ ਵੱਲ ॥
ਕਾਂਗ ਕੈਹਰ ਦੀ ਚੜ ਗਈ ਹੋਈ ਜਲ ਤੇ ਥਲ ॥
ਚੜ੍ਹੀਆਂ ਕਾਂਗਾਂ ਕਾਦਰਾ ਮੱਛੀ ਗਈਏ ਹੱਲ ॥
ਤਿਸ ਦਿਨ ਨਹੀ ਸ਼ਕਾਰ ਦੀ ਮੱਛੀ ਕਿਸੇ ਫੜੀ ॥
ਬੈਠੇ ਮੇਹੀਂਵਾਲ ਨੂੰ ਪਹੁੰਚੀ ਓਹ ਘੜੀ ॥
ਨਦੀ ਕੈਹਰ ਵਿਚ ਹੋਇ ਗਈ ਉਸਨੂੰ ਰਾਤ ਪਈ ॥
ਤਾਜ਼ਾ ਪਾਣੀ ਆਗਿਆ ਮੱਛੀ ਨਾਹਿ ਰਹੀ ॥
ਤਿਸ ਦਿਨ ਮੱਛੀ ਉਸਨੂੰ ਆਈ ਹੱਥ ਨ ਕਾਇ ॥
ਖਾਲੀ ਹੱਥੀਂ ਜਾਵਣਾ ਮੁਸ਼ਕਲ ਬਣਿਆ ਆਇ ॥
ਅਗੇ ਨਜ਼ਰ ਕਬਾਬ ਦੀ ਮਿਲਦਾ ਸੀ ਲੈ ਜਾ ॥
ਓਸ ਦਿਹਾੜੇ ਕਾਦਰਾ ਹੋ ਦਿਲਗੀਰ ਖੜਾ ॥
ਕੋਈ ਸਬਬ ਨ ਸੁੱਝਦਾ ਦਿਲ ਮੇਂ ਕਰੇ ਸ਼ੁਮਾਰ ॥
ਸੋਹਣੀ ਹੋਗ ਉਡੀਕਦੀ ਮੈਨੂੰ ਪਲਕ ਪੁਕਾਰ ॥
ਜੇ ਮੈਂ ਪਹੁੰਚਾ ਅੱਜ ਨਾ ਕਾਹਦਾ ਉਸਦਾ ਯਾਰ ॥
ਪਰ ਪੱਟੋਂ ਬੇਰਾ ਕਾਦਰਾ ਚੀਰੇ ਖੱਲ ਉਤਾਰ ॥
ਬੇਰੇ ਲਾਹੇ ਆਪਣੇ ਮੇਹੀਂਵਾਲ ਫ਼ਕੀਰ ॥
ਸੀਖਾਂ ਦੇ ਮੂੰਹ ਚਾੜ੍ਹਕੇ ਦਿੰਦਾ ਗੋਸ਼ਤ ਚੀਰ ॥
ਸੋਹਣੀ ਪਿਛੇ ਕਟਿਆ ਜ਼ਾਲਮ ਇਸ਼ਕ ਸਰੀਰ ॥
ਹੁਣ ਲੈ ਨਜ਼ਰਾਂ ਕਾਦਰਾ ਟੁਰਿਆ ਹਥ ਬਗੀਰ ॥
ਪਰ ਜੇ ਕੋਈ ਇਸ ਇਸ਼ਕ ਥੀਂ ਰੱਖੇ ਬਹੁਤ ਅਜ਼ਾਬ ॥
ਮੇਹੀਂਵਾਲ ਫ਼ਕੀਰ ਨੇ ਕੀਤਾ ਬਦਨ ਕਬਾਬ ॥
ਜਾਂ ਓੁਸ ਡਿਠੇ ਕਾਦਰਾ ਸੁਟੇ ਥੁਕ ਖਰਾਬ ॥
ਮੋੜ ਫੜਾਯਾ ਓੁਸਨੂ ਮੁਖ ਥੀਂ ਕਹਿਆ ਹੈ ॥
ਕੀ ਕੁਝ ਆਫ਼ਤ ਭੁੰਨਕੇ ਅੱਜ ਤੂੰ ਆਂਦੀ ਹੈ ॥
ਜਾਂ ਮੈ ਮੂੰਹ ਵਿਚ ਘਤਿਆ ਅਗੋਂ ਆਈ ਕੈ ॥
ਇਹ ਨਹੀਂ ਮਛੀ ਕਾਦਰਾ ਖ਼ਬਰ ਨਹੀ ਕੀ ਹੈ ॥
ਅੱਗੋਂ ਮੇਹੀਂਵਾਲ ਨੇ ਸੁਖਨ ਕੀਤਾ ਇਕ ਰਾਸ ॥
ਅੱਜ ਘਟ ਮਸਾਲਾ ਕਾਦਰਾ ਹੋਰ ਨਹੀ ਵਿਸਵਾਸ ॥
ਸੋਹਣੀ ਨਾਲ ਮਜ਼ਾਖ ਦੇ ਅਗੋ ਕਹਿੰਦੀ ਹੱਸ ॥
ਨਾ ਕਰ ਕਸਮਾਂ ਕੂੜੀਆਂ ਸੱਚ ਅਸਾਂ ਨੂੰ ਦੱਸ ॥
ਨਾ ਖਰਗੋਸ਼ ਨਾ ਬੱਕਰਾ ਮਛੀ ਨਾਹਿ ਦਸ ॥
ਨਾ ਕਰੀਂ ਮਜ਼ਾਖਾਂ ਆਨਕੇ ਅਸੀ ਕਬਾਬੋਂ ਬਸ ॥
ਤਾਂ ਫਿਰ ਮੇਹੀਂਵਾਲ ਨੂੰ ਚਾਬਕ ਲੱਗਾ ਬੋਲ ॥
ਰੱਖੀਂ ਦਿਲ ਵਿਚ ਕਾਦਰਾ ਕਿਸਨੂੰ ਦਸਾਂ ਫੋਲ ॥
ਲਾਹ ਪੱਟਾਂ ਥੀਂ ਪੱਟੀਆਂ ਜ਼ਖ਼ਮ ਦਿਖਾਯਾ ਖੋਲ੍ਹ ॥
ਆਹ ਚਲਾਈ ਸਬਰ ਦੀ ਰੁੱਨਾ ਸੋਹਣੀ ਕੋਲ ॥
ਮੈਂ ਜ਼ਖ਼ਮੀ ਕੀਤਾ ਆਪ ਨੂੰ ਮਰਨੋਂ ਡਰਿਆ ਨਾ ॥
ਅਜੇ ਸੁਆਦ ਨਾ ਤੁਧ ਜੇ ਮਾਰ ਅਸਾਂ ਨੂੰ ਥਾਂ ॥
ਸੱਚ ਸਿਆਨੇ ਆਖਦੇ ਜ਼ਾਲਮ ਜ਼ਾਤ ਜ਼ਨਾਂ ॥
ਪਰ ਓੜਕ ਵੇਖਨ ਕਾਦਰਾ ਸਿਦਕ ਲਯਾਵਨ ਤਾਂ ॥
ਤਾਂ ਫਿਰ ਸੋਹਣੀ ਸਮਝਿਆ ਸਾਬਤ ਨਾਲ ਈਮਾਨ ॥
ਦੇਖ ਜ਼ਖ਼ਮ ਪਟ ਬੰਨ੍ਹਦੀ ਆਜਿਜ਼ ਹੋਈ ਆਨ ॥
ਮੈਂ ਗੁਲਾਮ ਕਦੀਮ ਦੀ ਏਥੇ ਓਥੇ ਜਾਨ ॥
ਤੈਥੋਂ ਪੂਰੀ ਹੋ ਗਈ ਜਾਹ ਤੂੰ ਬੈਠ ਮਕਾਨ ॥
ਮੈਂ ਹੁਣ ਓਥੇ ਆਵਸਾਂ ਜਾਣੀ ਇਸ਼ਕ ਤਦਾਂ ॥
ਜੇ ਮੈਂ ਮਰਨੋਂ ਡਰ ਗਈ ਤਾਂ ਕਮਜ਼ਾਤ ਅਖਾਂ ॥
ਨਾ ਹੁਣ ਆਵੀਂ ਚੱਲਕੇ ਮੇਰੇ ਪਾਸ ਕਦਾਂ ॥
ਇਸ਼ਕ ਤੇਰੇ ਥੀਂ ਕਾਦਰਾ ਚੀਰਾਂ ਨਦੀ ਝਨਾਂ ॥
ਤਿਸ ਦਿਨ ਥੀਂ ਓਹ ਪਰਤਕੇ ਓਸ ਮਕਾਨ ਗਿਆ ॥
ਫੇਰ ਤਰੀਕਾ ਓਸਦਾ ਸੋਹਣੀ ਪਕੜ ਲਿਆ ॥
ਹਰ ਰੋਜ਼ ਹਮੇਸ਼ਾ ਰਾਤ ਨੂੰ ਜਾਨਾ ਸ਼ੁਰੂ ਕੀਆ ॥
ਪਰ ਬਲਦੀ ਉਤੇ ਕਾਦਰਾ ਅਰਸੋਂ ਤੇਲ ਪਿਆ ॥
ਬਲੀ ਮਤਾਬੀ ਇਸ਼ਕ ਦੀ ਰਾਤ ਅੰਦਰ ਅੰਧੇਰ ॥
ਮਰਗ ਉਤ ਪਰਵਾਨਿਆ ਆਵਨ ਬਹੁਤ ਚੁਫ਼ੇਰ ॥
ਖੂਬੀ ਏਹੋ ਇਸ਼ਕ ਦੀ ਆਸ਼ਕ ਮਾਰੇ ਘੇਰ ॥
ਵਲ ਵਲ ਕੁਠੇ ਕਾਦਰਾ ਜ਼ਾਲਮ ਇਸ਼ਕ ਦਲੇਰ ॥
ਸੋਹਣੀ ਉਪਰ ਇਸ਼ਕ ਦੀ ਉਠੀ ਤੇਜ਼ ਫ਼ਨਾਹ ॥
ਆਹੀਂ ਥੀਂ ਥਲ ਚੀਰਦੀ ਸ਼ੇਰ ਬੁਕਨ ਵਿਚ ਰਾਹ ॥
ਤਰ ਦਰਯਾਉ ਝਨਾਉਂ ਥੀ ਜਾਂਦੀ ਪਾਰ ਤਦਾਂ ॥
ਘੜੇ ਦੇ ਉਤੇ ਕਾਦਰਾ ਲੰਘੇ ਇਸ਼ਕ ਫਨਾ ॥
ਖਾਤਰ ਮੇਹੀਂਵਾਲ ਦੀ ਏਵੇਂ ਰੋਜ਼ ਕਰੇ ॥
ਸਿਦਕੋਂ ਬੇੜਾ ਘੜੇ ਦਾ ਪਾਰ ਉਤਾਰ ਕਰੇ ॥
ਫਿਰ ਵਿਚ ਰਖਕੇ ਬੂਟਿਆਂ ਜਾ ਘਰ ਬਾਰ ਵੜੇ ॥
ਪਹਿਰੇ ਪੁਠੇ ਕਾਦਰਾ ਜ਼ਾਲਮ ਇਸ਼ਕ ਤਰੇ ॥

ਸੋਹਣੀ ਦੀ ਨਿਣਾਨ ਨੇ ਸੋਹਣੀ ਦਾ ਹਾਲ ਮਲੂਮ
ਕਰਕੇ ਪੱਕਾ ਘੜਾ ਬਦਲ ਕੇ ਕੱਚਾ ਰਖ ਦੇਨਾ

ਇਕ ਦਿਨ ਰਾਤ ਨਿਣਾਨ ਨੂੰ ਹੋਈ ਆਇ ਖਬਰ ॥
ਸੋਹਨੀ ਜ਼ੇਵਰ ਪੈਹਨਦੀ ਉਸਦੀ ਪਈ ਨਜ਼ਰ ॥
ਚੱਲੀ ਹਾਰ ਸੰਗਾਰ ਕਰ ਬਾਹਰੋਂ ਸ਼ੈਹਰ ਸਫ਼ਰ ॥
ਓੜਕ ਦੇਖਨ ਕਾਦਰਾ ਓਹ ਭੀ ਗਈ ਮਗਰ ॥
ਜਾਇ ਖਲੀ ਦਰਯਾ ਤੇ ਆਈ ਨਨਦ ਪੈਕਾਰ ॥
ਸੋਹਣੀ ਤਰਦੀ ਘੜੇ ਤੇ ਗਈ ਝਨਾਓਂ ਪਾਰ ॥
ਮਿਲਕੇ ਯਾਰ ਫ਼ਕੀਰ ਨੂੰ ਆਈ ਫੇਰ ਉਰਾਰ ॥
ਰੱਖ ਘੜਾ ਵਿਚ ਬੂਟਿਆਂ ਆਇ ਵੜੀ ਘਰਬਾਰ ॥
ਅੱਗੇ ਉਸਦੇ ਦੌੜਕੇ ਜਾ ਵੜੀ ਘਰ ਸੌਣ ॥
ਕਾਰਣ ਹਿਕਮਤ ਕਾਦਰਾ ਤਕ ਆਈ ਗਲ ਕੌਣ ॥
ਅਗਲੇ ਦਿਨ ਦੁਕਾਨ ਥੀਂ ਕੱਚਾ ਘੜਾ ਓੁਠਾਇ ॥
ਕੱਚਾ ਧਰ ਵਿੱਚ ਬੂਟਿਆਂ ਪੱਕਾ ਲਿਆ ਓੁਠਾਇ ॥
ਹਿਕਮਤ ਨਾਲ ਹਰ ਰੋਜ਼ ਦੇ ਆਓੁਂਦੀ ਲਿਆ ਓੁਠਾਇ ॥
ਪਰ ਲਿਖੀ ਹੋਈ ਕਾਦਰਾ ਸਕੇ ਕੌਣ ਮਿਟਾਇ ॥
ਸੋਹਣੀ ਸਖ਼ਤ ਨਸੀਬ ਦੀ ਨਿੱਘਰ ਕਰਮ ਗਏ ॥
ਨਾਵਾਂ ਲੱਥਾ ਦਫਤਰੋਂ ਦਮ ਸਾਹ ਪੁਜ ਗਏ ॥
ਅੱਠ ਪਹਿਰ ਹਯਾਤੀ ਰਹਿ ਗਈ ਮਲਕੁਲ ਮੌਤ ਲਏ ॥
ਜਾਇ ਪਾਰ ਹਰ ਰੋਜ਼ ਥੀਂ ਕੀਕਰ ਅੱਜ ਰੱਹੇ ॥
ਤਿਸ ਦਿਨ ਕਰਨਾ ਰੱਬਦਾ ਹੋਯਾ ਆਨ ਗ਼ੁਬਾਰ ॥
ਸਖਤ ਸਮਾਂ ਸੀ ਰਾਤ ਦਾ ਦੂਜਾ ਪੋਹ ਬਹਾਰ ॥
ਬੱਦਲ ਕਿਸੇ ਨਜ਼ੂਲ ਦੇ ਉਠੇ ਬੇਸ਼ੁਮਾਰ ॥
ਜਲ ਥਲ ਪਾਣੀ ਕਾਦਰਾ ਕੱਪਰ ਲਹਿਰੀਂ ਮਾਰ ॥
ਝੱਖੜ ਝਾਂਜਾ ਝੁਲਿਆ ਨੂਹ ਕਿਆਮਤ ਵਾਂਗ ॥
ਇਸ਼ਕ ਸੋਹਣੀ ਨੂੰ ਫਟਿਆ ਮਾਰ ਅਜਲ ਦੀ ਸਾਂਗ ॥
ਅਯਦਹਾ ਪਹਾੜ ਦੇ ਰੁੜ੍ਹਦੇ ਜਾਂਦੇ ਨਾਗ ॥
ਬਹੁਤ ਜਨਾਵਰ ਕਾਦਰਾ ਦੱਸਾਂ ਕਿਥੋਂ ਤਾਕ ॥
ਵੇਲਾ ਹੋਯਾ ਜਾਨਦਾ ਸੋਹਣੀ ਨਿਕਲ ਚਲੀ ॥
ਨਿਕਲੀ ਜਦੋਂ ਮਹੱਲ ਥੀਂ ਧਰਕੇ ਜਾਨ ਤਲੀ ॥
ਤਿਸ ਦਿਨ ਜਾ ਦਰਯਾ ਤੇ ਸੋਹਣੀ ਕੰਬ ਗਈ ॥
ਮੂੰਹ ਅੰਧੇਰਾ ਵੇਖਕੇ ਹੈਰਤ ਵਿਚ ਪਈ ॥
ਕਹਿਰ ਤੁਫ਼ਾਨ ਕਬੂਲਿਆ ਖਾਤਰ ਯਾਰ ਚਲੀ ॥
ਸਦ ਰਹਿਮਤ ਉਸਦੇ ਇਸ਼ਕ ਨੂੰ ਨੇਕਾਂ ਨਾਲ ਰਲੀ ॥
ਰੁਖ ਉਡਾਏ ਕਾਦਰਾ ਇਤਨੀ ਫੰਡ ਪਈ ॥
ਓਹ ਮਰਨੋ ਡਰੀ ਨ ਕਾਦਰਾ ਵਿਚ ਯਕੀਨ ਰਹੀ ॥
ਤੀਰਾਂ ਵਾਂਗੂੰ ਬਰਸਦੀ ਲੱਥੀ ਲੱਗ ਸੁਲੱਗ ॥
ਇਕ ਸਰਦੀ ਸੀ ਕਹਿਰ ਦੀ ਦੂਜੀ ਠੰਡੀ ਝੱਗ ॥
ਰਾਤ ਅੰਧੇਰੀ ਸ਼ੂਕਦੀ ਬਦਲੀ ਮਾਰੇ ਅੱਖ ॥
ਓਹ ਭਾਵੇ ਸੋਈ ਕਾਦਰਾ ਸਿਦਕ ਪਿਆ ਦਿਲ ਰੱਖ ॥
ਨਾਜ਼ਕ ਸੋਹਣੀ ਬਦਨ ਦੀ ਬੇਦਿਲ ਕੀਤੀ ਠੰਡ ॥
ਲਹਿਰਾਂ ਦੇ ਵਿਚ ਜਾ ਪਈ ਮੌਜਾਂ ਕੱਢਣ ਡੰਡ ॥
ਤਖ਼ਤਾ ਪੱਟ ਜ਼ਿਮੀਨ ਦਾ ਰੇਤੇ ਸਿੱਟੀ ਛੰਡ ॥
ਰੁਖ ਉਡਾਏ ਕਾਦਰਾ ਮੀਂਹ ਅੰਧੇਰੀ ਫੰਡ ॥
ਜੋ ਵਸਨੀਕ ਪਹਾੜ ਦੇ ਰੁੜ੍ਹਦੇ ਜਾਨ ਤਮਾਮ ॥
ਰਿਛ ਲੰਗੂਰਾ ਬਾਂਦਰਾ ਉਤੇ ਮੌਤ ਹਰਾਮ ॥
ਲੂੰਬੜ ਗਿਦੜ ਕ੍ਰਿਲੀਆਂ ਮੂਸ਼ ਹੋਏ ਸਭ ਖ਼ਾਮ ॥
ਰੂਮ ਵਿਚੋਂ ਰੁੜ੍ਹ ਕਾਦਰਾ ਜਾਇ ਪਏ ਵਿਚ ਸ਼ਾਮ ॥
ਸ਼ੇਰ ਜ਼ੋਰਾਵਰ ਚਿਤਰੇ ਹਰਨ ਪਹਾੜ ਹਜ਼ਾਰ ॥
ਗੁਰਗ ਬਘੇਲੇ ਰੁੜ੍ਹ ਗਏ ਹੋਰ ਪ੍ਰਿੰਦੇ ਮਾਰ ॥
ਹੋਰ ਪਹਾੜੋਂ ਗੇਲੀਆਂ ਚੰਦਨ ਚੀਲ ਹਜ਼ਾਰ ॥
ਉਸ ਦਿਨ ਚੰਦਨ ਕਾਦਰਾ ਵਗੇ ਬੇਅੰਤ ਸ਼ੁਮਾਰ ॥
ਪਾਯਾ ਮੀਂਹ ਝਨਾਉਂਦੇ ਲਹਿਰਾਂ ਉਤੇ ਜ਼ੋਰ ॥
ਪਰੀਤ ਜਿਵੇਂ ਖਰਾਸ ਦੀ ਤੋੜ ਪਈ ਘਨਘੋਰ ॥
ਰਾਤ ਅੰਧੇਰੀ ਸ਼ੂਕਦੀ ਬਦਲਾਂ ਕੀਤਾ ਜ਼ੋਰ ॥
ਪਰ ਓਹ ਪਲ ਬਾਝ ਖੁਦਾਇ ਦੇ ਕਿਸੇ ਮਲੂਮ ਨ ਹੋਰ ॥
ਸੋਹਣੀ ਮੇਹੀਂਵਾਲ ਨੂੰ ਰਾਤ ਘੱਲੀ ਓਹ ਰੱਬ ॥
ਇਕ ਅੰਧੇਰੀ ਗਜ਼ਬ ਦੀ ਦੂਜਾ ਮੀਂਹ ਗਜ਼ਬ ॥
ਲੱਖ ਜੀਆਂ ਦੇ ਮਰ ਗਏ ਅੰਦਰ ਓਸ ਅਜ਼ਾਬ ॥
ਪਰ ਬਾਝੋਂ ਮੋਇਆਂ ਕਾਦਰਾ ਦੇਂਦਾ ਨਹੀਂ ਖਿਤਾਬ ॥
ਸੋਹਣੀ ਸਾਬਤ ਇਸ਼ਕ ਦੀ ਮਰਨ ਉਤੇ ਹੋਈ ਆਇ ॥
ਕਿਚਰਕ ਰੱਬਾ ਜੀਵਣਾ ਮੂੰਹ ਥੀਂ ਕਹੇ ਅਲਾਇ ॥
ਓੜਕ ਜੁਸਾ ਰਾਖਵਾਂ ਮਿੱਟੀ ਨਾਲ ਰਲਾਇ ॥
ਪਰ ਯਾਰ ਵੱਲੋਂ ਅੱਜ ਕਾਦਰਾ ਰੱਖੇ ਪੱਤ ਖ਼ੁਦਾਇ ॥
ਕਰ ਬਿਸਮਿੱਲਾ ਪਕੜਿਆ ਸੋਹਣੀ ਘੜਾ ਉਠਾਇ ॥
ਪਰ ਕੱਚਾ ਮਾਲਮ ਕਰ ਗਈ ਅਕਲੋਂ ਸੁਘੜ ਦਾਨਾਇ ॥

ਸੋਹਣੀ ਦਾ ਵਿਰਲਾਪ ਕਰਨਾ

ਰੋਂਦੀ ਨਾਲ ਫਿਰਾਕ ਦੇ ਕਰਕੇ ਖਲੀਆਂ ਬਾਹਾਂ ॥
ਪ੍ਰੀਤ ਨ ਹੋਵੇ ਕਾਦਰਾ ਜੇ ਮੈਂ ਮੁੜਾਂ ਪਿਛਾਹਾਂ ॥
ਵਿਚ ਜਨਾਬ ਖੁਦਾਇਦੇ ਸੋਹਣੀ ਕੂਕ ਰਹੀ ॥
ਮੇਰਾ ਕੱਚਾ ਲਿਖਿਆ ਸਾਇਤ ਸਮਝ ਲਈ ॥
ਮੈਂ ਦੋਸ਼ ਦੇਵਾਂ ਸਿਰ ਕਿਸਦੇ ਜਾਂ ਲਿਖਿਆ ਆਨ ਵਹੀ ॥
ਫਿਰ ਪਕੜ ਦਲੇਰੀ ਕਾਦਰਾ ਨੈਂ ਵਿਚ ਠਿਲ ਪਈ ॥
ਅਗੇ ਭਰੇ ਜੁਆਨੀ ਜੋਰ ਸੀ ਚੰਦਨ ਕਾਂਗ ਦਰਿਯਾ ॥
ਵਗਣ ਵੈਹਣ ਦਰਯਾਉ ਦੇ ਘੁੰਮਣ ਘੇਰ ਪਿਆ ॥
ਹੋਯਾ ਤਾਰ ਬਤੇਰੀਯਾ ਲੀਤਾ ਨੀਰ ਝਨਾਂ ॥
ਪਰ ਜਲ ਥਲ ਪਾਣੀ ਕਾਦਰਾ ਚੜ੍ਹਿਆ ਬੇਅੰਤਹਾ ॥
ਸੋਹਣੀ ਘੋੜਾ ਸ਼ੌਕ ਦਾ ਫੇਰ ਬਨਾਯਾ ਸੱਚ ॥
ਇਲਮ ਹਯਾਤੀ ਸ਼ਹਿਰ ਦਾ ਦਿਲ ਥੀਂ ਦਿਤਾ ਤਜ ॥
ਕੀਤੀ ਇਸ਼ਕ ਉਤਾਵਲੀ ਅਕਲ ਨਾ ਰਹੀ ਪਾਸ ॥
ਮੌਤ ਉਠਾਯਾ ਕਾਦਰਾ ਯਾਰ ਮਿਲਨ ਦੀ ਆਸ ॥
ਖਿੱਚ ਦੁਪੱਟਾ ਰੇਸ਼ਮੀ ਲੱਕ ਬੱਧਾ ਸੀ ਚਾਇ ॥
ਨੈਂ ਵਿਚ ਸੋਹਣੀ ਜਾ ਵੜੀ ਪੀਰ ਫ਼ਕੀਰ ਮਨਾਇ ॥
ਅੱਗੇ ਨਮੂਨਾ ਘੜੇ ਦਾ ਠਿੱਲ ਪਈ ਦਰਯਾਇ ॥
ਕੱਚਾ ਬੇੜਾ ਕਾਦਰਾ ਮੁਰਦਾ ਹੋਯਾ ਆਇ ॥
ਦੇਖ ਸੋਹਣੀ ਦੇ ਤਾਲਿਆ ਪਿੱਛਾ ਰਹਿਆ ਦੂਰ ॥
ਪੱਟ ਜਹਾਜ਼ ਜ਼ਮੀਨ ਦਾ ਨੈਂ ਵਿਚ ਹੋਇਆ ਚੂਰ ॥
ਹੋਯਾ ਘੁੰਮਣ ਘੇਰ ਨੂੰ ਠਾਠਾਂ ਮਾਰ ਜ਼ਰੂਰ ॥
ਪਰ ਯਾਰ ਪਿਛੇ ਅਜ ਕਾਦਰਾ ਹੋਯਾ ਮਰਨ ਜ਼ਰੂਰ ॥
ਓਥੇ ਕਪੜ ਕੜਕਨ ਕਹਿਰਦੇ ਮਾਰੂ ਮੀਂਹ ਵਗਨ ॥
ਸੋਹਣੀ ਦਾ ਕੀ ਕਾਦਰਾ ਜਾਏ ਪੇਸ਼ ਤਰਨ ॥
ਢਹਿ ਢਹਿ ਢਹਿਸਨ ਜ਼ਮੀਨ ਦਾ ਚੰਦਨ ਵਿਚ ਡਿਗੰਨ ॥
ਵਾਂਗ ਹਿਰਸਾਂ ਫਿਰਦੀਆਂ ਡਿਲਾ ਡਿਹ ਕਰਨ ॥
ਮਾਰੀ ਦਰਦ ਫਿਰਾਕ ਦੀ ਰੋਂਦੀ ਕਰਕੇ ਸ਼ੋਰ ॥
ਕੀਤੀਆਂ ਕੁੱਲ ਦਲੇਰੀਆਂ ਦੇਇ ਖਲੋਤੀ ਜ਼ੋਰ ॥
ਨਾਜ਼ਕ ਸੋਹਣੀ ਦੇਹ ਦੀ ਐਸੀ ਸਰਦੀ ਕੋਰ ॥
ਕਰੇ ਪੁਕਾਰਾਂ ਡਾਢੀਆਂ ਆਸ ਦਿਲੇ ਦੀ ਤੋੜ ॥
ਰੁੜ੍ਹਦੀ ਆਂਹ ਮਾਰੀਆਂ ਨੈਂ ਵਿਚ ਸੋਹਣੀ ਹੀ ॥
ਯਾ ਰਬ ਬਖ਼ਸ਼ਨ ਹਾਰਿਆ ਲਾਇਕ ਸ਼ਰਮ ਤੁਹੀ ॥
ਮੈਨੂੰ ਯਾਰ ਦਿਖਾਲ ਕੇ ਪਿੱਛੇ ਜਾਨ ਲਈਂ ॥
ਪਰ ਦੇਹ ਮੁਹੱਬਤ ਕਾਦਰਾ ਸਿਫ਼ਤ ਨਾ ਜਾਇ ਕਹੀ ॥
ਪਰ ਜਾਂ ਤਕਦੀਰ ਫ਼ਨਾਹ ਦੀ ਸਿਰਤੇ ਆਨ ਵਰ੍ਹੇ ॥
ਫੇਰ ਦੁਆਇ ਨ ਸੁਣੀਦੀ ਨਾ ਓਹ ਵਕਤ ਮੁੜੇ ॥
ਸੋ ਤਕਦੀਰ ਨਾ ਟਲਦੀ ਸਾਹਾਂ ਛੱਡ ਟੁਰੇ ॥
ਸ਼ਾਖ਼ ਤਰੁੱਟੀ ਕਾਦਰਾ ਕੀਕਰ ਫੇਰ ਜੁੜੇ ॥
ਸੋਹਣੀ ਤਖ਼ਤ ਜਹਾਨ ਥੀਂ ਸੁਟੀ ਚਾ ਪਟਕਾ ॥
ਪੱਤਨ ਠਿਲ ਜਹਾਨ ਦੇ ਚਲੀ ਹਿਰਸ ਮੁਕਾ ॥
ਆਖ ਕਿਨੇ ਸੁਖ ਪਾਇਆ ਏਸ ਬਜ਼ਾਰ ਵਕਾ ॥
ਦੁਨੀਆਂ ਦੇ ਵਿਚ ਕਾਦਰਾ ਇਸ਼ਕ ਅਜੇਹੀ ਥਾਂ ॥
ਦੇਖ ਇਸ਼ਕ ਦਾ ਫ਼ਾਇਦਾ ਸੋਹਣੀ ਪਾਯਾ ਕੀ ॥
ਨੈਂ ਵਿਚ ਗੋਤੇ ਖਾਂਵਦੀ ਇਸ਼ਕ ਪਿਆਲੇ ਪੀ ॥
ਆਦਮ ਜ਼ਾਤ ਪੰਖੇਰੂਆਂ ਮਜ਼ਬੋਂ ਸੋਹਣੀ ਸੀ ॥
ਉਸਨੂੰ ਨੈਂ ਵਿਚ ਕਾਦਰਾ ਧੁਰਦੀ ਇਸ਼ਕ ਟਿਕੀ ॥
ਜਿਯੋਂ ਜਿਯੋਂ ਗੋਤੇ ਖਾਂਵਦੀ ਸੋਹਣੀ ਵਿਚ ਨਜ਼ੂਲ ॥
ਬਦ ਦੁਆਈਂ ਮੂੰਹ ਥੀਂ ਦੇਂਦੀ ਹੋ ਮਸ਼ਗੂਲ ॥
ਘੜਾ ਉਠਾਵਨ ਵਾਲੀਏ ਭਲਾ ਨਾ ਹੋਈ ਮੂਲ ॥
ਅਜ ਵਿਚ ਯਾਰੀ ਕਾਦਰਾ ਪਾਯਾ ਤੈਂ ਫਤੂਲ ॥
ਮਥੇ ਉਤੇ ਮਾਰਿਆ ਸੋਹਣੀ ਹਥ ਉਠਾ ॥
ਨਾ ਕੁਝ ਵਸ ਨਿਣਾਨ ਦੇ ਕੀਤਾ ਇਸ਼ਕ ਕੜਾ ॥
ਮੈਂ ਕੱਚੀ ਕੱਚ ਵਿਹਾਜਿਆ ਖਾਧਾ ਆਪ ਖਤਾ ॥
ਲਿਖੇ ਉਤੇ ਨਾ ਕਾਦਰਾ ਕੱਢੋ ਦਾਨਸ਼ ਜਾ ॥
ਲਹਿਰਾ ਵਾਂਗ ਵਰੋਲਿਆ ਠਾਠਾਂ ਮਾਰ ਚੜ੍ਹੇ ॥
ਨੈਂ ਵਿਚ ਸੋਹਣੀ ਕਾਦਰਾ ਜਾਨੀ ਯਾਦ ਕਰੇ ॥
ਪਰ ਪਾਣੀ ਅਗੇ ਕਿਸੇ ਦਾ ਪੇਸ਼ ਨ ਜਾਂਦਾ ਜ਼ੋਰ ॥
ਦੂਜਾ ਜ਼ੋਰ ਝਨਾਉਂਦਾ ਦੇਂਦਾ ਜ਼ੋਰ ਤਰੋੜ ॥
ਸ਼ੇਰ ਨਾ ਸਿਧਾ ਲੰਘਦਾ ਸੀਨੇ ਲਾਇਕੇ ਜ਼ੋਰ ॥
ਜ਼ੋਰ ਤਰੀਕਾ ਇਸ਼ਕ ਦਾ ਕੋਈ ਨ ਸਕਦਾ ਤੋੜ ॥
ਜ਼ਾਲਮ ਸ਼ਹੁ ਝਨਾਂ ਦਾ ਜਿਸਦਾ ਨੀਰ ਵਹੇ ॥
ਲੂੰ ਲੂੰ ਕੰਬੇ ਸੁਣਦਿਆ ਲਰਜਨ ਜਾਨ ਲਗੇ ॥
ਓਹ ਪਿਆ ਸੋਹਣੀ ਨੂੰ ਝਾਕਣਾ ਵਾਂਗੂੰ ਲੈਹਰ ਵਗੇ ॥
ਪਰ ਖਾਕੀ ਜੁਸਾ ਕਾਦਰਾ ਕੀਕਰ ਵਿਚ ਰਹੇ ॥
ਤਬ ਲਗ ਤਰਲੇ ਯਾਰ ਦੇ ਕਰਦੀ ਪਈ ਰਹੀ ॥
ਫੁਲੀਆਂ ਬਾਹਾਂ ਉਸਦੀਆਂ ਤਾਕਤ ਮਨੋ ਗਈ ॥
ਹੋਸ਼ ਵਜੂਦੋਂ ਉਠ ਗਈ ਹੈਰਤ ਵਿਚ ਪਈ ॥
ਕਿਸਨੂੰ ਸਦੇ ਕਾਦਰਾ ਅਪਨਾ ਕੋਈ ਨਹੀਂ ॥
ਮਛ ਜਲਹੋੜੇ ਬੁੱਲਣਾਂ ਕਛੂਏ ਬੇਸ਼ੁਮਾਰ ॥
ਤੰਦੂਏ ਕਰਨੇ ਨਾਸ਼ਤਾ ਪਹੁੰਚੇ ਲਖ ਹਜ਼ਾਰ ॥
ਸੋਹਣੀ ਦਾ ਤਨ ਖਾਣ ਨੂੰ ਹੋਏ ਸਭ ਤਿਆਰ ॥
ਅੱਗੇ ਸੋਹਣੀ ਕਾਦਰਾ ਰੋ ਕੇ ਕਰੇ ਪੁਕਾਰ ॥
ਮੱਛ ਕੱਛ ਜਲ ਬੁੱਲਣਾ ਕਰੋਂ ਸਵਾਲ ਤੁਝੇ ॥
ਪਰ ਯਾਰ ਮਿਲਨ ਦੀ ਕਾਦਰਾ ਦਿਲ ਵਿਚ ਤਾਂਘ ਅਜੇ ॥
ਤਰਲੇ ਕਰਦੀ ਮਰ ਗਈ ਖਾਧੀ ਫੇਰ ਪਰੀਤ ॥
ਮਥੇ ਜ਼ਰਦੀ ਹੋਇ ਗਈ ਗੱਲ ਗਈ ਪਰ ਬੀਤ ॥
ਟੁੱਟੀ ਡੋਰ ਪਤੰਗ ਦੀ ਗੱਲ ਗਈ ਸਭ ਬੀਤ ॥
ਪਰ ਜਾਂਦੀ ਵੇਰੀ ਕਾਦਰਾ ਸੋਹਣੀ ਗਾਵੇ ਗੀਤ ॥
ਕੀਤਾ ਸੀ ਸੋ ਪਾਇਆ ਹੋਇ ਗਿਆ ਦਿਲ ਸੋਗ ॥
ਹੁਣ ਲੈ ਤੂੰ ਯਾਰ ਪਿਆਰਿਆ ਆਖ਼ਰ ਮਿਲਨਾ ਹੋਗ ॥
ਲਿਖੀ ਲੋਹਿ ਕਲੰਮ ਦੀ ਲਈ ਨਿਮਾਣੀ ਭੋਗ ॥
ਦੁਨੀਆਂ ਉਤੇ ਕਾਦਰਾ ਹੁੰਦਾ ਨਹੀਂ ਸੰਜੋਗ ॥
ਆਹੀਂ ਦੇ ਸੱਦ ਕੂਕਦੀ ਬੇਦਿਲ ਹੋਈ ਆਨ ॥
ਮੂੰਹ ਵਿਚ ਪਾਣੀ ਪੈ ਗਿਆ ਫਾਨੀ ਹੋਈ ਜਾਨ ॥
ਛੱਡ ਜਨਾਵਰ ਪਿੰਜਰਾ ਉਡ ਗਿਆ ਅਸਮਾਨ ॥
ਪਰ ਇਸ਼ਕ ਵਲੋਂ ਰਬ ਕਾਦਰਾ ਸ਼ਰਮ ਰਖੇ ਰਹਿਮਾਨ ॥
ਇਸ਼ਕ ਸਜਾਈਂ ਦਿਤੀਆਂ ਕੀਤੀ ਜਾਨ ਜੁਦਾ ॥
ਏਹ ਖਿਲਵਾੜੀ ਮੌਤ ਦਾ ਖੜਿਆ ਮੌਤ ਉਠਾ ॥
ਲੋਥ ਸੋਹਣੀ ਦੀ ਰੁੜ੍ਹ ਗਈ ਮਗ਼ਰਬ ਸੰਦੀ ਦਾਇ ॥
ਪਰ ਡਾਢੀ ਜਾਣੋ ਕਾਦਰਾ ਜੋ ਦਿਲ ਖ਼ਾਹਸ਼ ਖ਼ੁਦਾਇ ॥
ਤਾਂ ਫਿਰ ਓਸ ਤਬੂਤ ਦੀ ਹੋਈ ਅਵਾਜ਼ ਤਦਾਂ ॥
ਮੱਛ ਕੱਛ ਜਲ ਬੁੱਲਣਾਂ ਮੇਰਾ ਲਇਯੋ ਸਨਾਂਹ ॥
ਮੇਹੀਂਵਾਲ ਫ਼ਕੀਰ ਨੂੰ ਜਾਕਰ ਕਹੋ ਸੁਨਾਇ ॥
ਹੁਣ ਸੋਹਣੀ ਨੈਂ ਵਿਚ ਕਾਦਰਾ ਡੁੱਬ ਹੋਈ ਫ਼ਨਾਹਿ ॥
ਪਿੱਛੋ ਯਾਰ ਪਿਆਰਿਆ ਮਤ ਅਫ਼ਸੋਸ ਕਰੀਂ ॥
ਮਤ ਵਿਚ ਘਰ ਦੇ ਕਾਦਰਾ ਸੋਹਣੀ ਸੋਇ ਰਹੀ ॥
ਆਹੀਂ ਦੇ ਸਦ ਕੂਕਦੀ ਰੋੜ੍ਹ ਖੜੀ ਹੈ ਨਂੈ ॥
ਰਿਜਕ ਮੁਹਾਰਾਂ ਚੁੱਕੀਆਂ ਵੱਸ ਨਹੀਂ ਕੁਛ ਤੈਂ ॥
ਤਾਂ ਫਿਰ ਮੇਹੀਂਵਾਲ ਦੇ ਕੰਨ ਬੁਲੇਲ ਪਈ ॥
ਗ਼ੈਬੋਂ ਕੂਕ ਮਸ਼ੂਕ ਦੀ ਆਸ਼ਕ ਸਮਝ ਲਈ ॥
ਸੋਹਣੀ ਵਿਚ ਝਨਾਉਂ ਦੇ ਰਾਤੀ ਡੁੱਬ ਮੋਈ ॥
ਪਰ ਮੇਹੀਂਵਾਲ ਨੇ ਕਾਦਰਾ ਸੁਣਿਆਂ ਸੱਦ ਸਹੀ ॥
ਮਾਤਮ ਸੁਣਕੇ ਯਾਰਦਾ ਰੋਯਾ ਸੀ ਕੁਰਲਾਇ ॥
ਫੂਕ ਮੁਵਾਤਾ ਛੰਨ ਨੂੰ ਹੱਥੀਂ ਦਿੱਤਾ ਲਾਇ ॥
ਤੀਰ ਤੁਫ਼ਾਨੀ ਇਸ਼ਕ ਦੇ ਮਾਰੇ ਹਿਜਰ ਚਲਾਇ ॥
ਪਰ ਓੜਕ ਖ਼ੂਬੀ ਕਾਦਰਾ ਦਿੱਤੀ ਇਸ਼ਕ ਦਿਖਾਇ ॥
ਆਂਹੀਂ ਦਰਦ ਪੁਕਾਇਆ ਮੇਹੀਂਵਾਲ ਖਲੋਇ ॥
ਵਿੱਚ ਜਨਾਬ ਖ਼ੁਦਾਇ ਦੇ ਆਹੀਂ ਮਾਰੇ ਰੋਇ ॥
ਨਿਜ ਮੈਂ ਹੋਵਾਂ ਮਾਪਿਆਂ ਸੁਖ ਨਹੀਂ ਪਾਯਾ ਕੋਇ ॥
ਪਰ ਏਹ ਜਹਾਨੋਂ ਕਾਦਰਾ ਖ਼ਾਲੀ ਮਰਕੇ ਹੋਇ ॥
ਪਰ ਏਸ ਜਹਾਨੋਂ ਕਾਦਰਾ ਖ਼ਾਲੀ ਮਰਕੇ ਹੋਇ ॥
ਹੁਣ ਪਿਛੇ ਯਾਰ ਪਿਆਰਿਆ ਜੀਵਨ ਹੈ ਅਫ਼ਸ਼ਾਂ ॥
ਨੈ ਵਿਚ ਮਾਰ ਛਲਾਂਗ ਬੀ ਮਰਕੇ ਹੀ ਮਿਲਸਾਂ ॥
ਜਾਇ ਮਿਲੇ ਬੁਤ ਬੁਤ ਨੂੰ ਘੱਤ ਜੱਫੀ ਗਲ ਬਾਂਹ ॥
ਫਿਰ ਮਰਕੇ ਮਗਰੋਂ ਲੈਹ ਗਏ ਕੀਤੇ ਇਸ਼ਕ ਫਨਾਹ ॥
ਰੁੜ੍ਹਕੇ ਬੰਨੇ ਜਾ ਲਗੇ ਤਖ਼ਤ ਹਜ਼ਾਰੇ ਜਾਇ ॥
ਅੱਗਾ ਪਿੱਛਾ ਸੋਧਕੇ ਮਾਲਮ ਕੀਤੇ ਜਾਇ ॥
ਏਹ ਜੋੜੀ ਇਸ਼ਕ ਦੀ ਕਾਦਰਾ ਬਖ਼ਸ਼ੀ ਸਿਫ਼ਤ ਖ਼ੁਦਾਇ ॥
ਖਿਜ਼ਰ ਜਨਾਜ਼ਾ ਆਨਕੇ ਪੜ੍ਹਿਆ ਆਪ ਖਲੋ ॥
ਰੂਹ ਦੁਹਾਂ ਦੇ ਅਰਸ਼ ਨੂੰ ਗਏ ਪਰਿੰਦੇ ਹੋ ॥
ਬੇਹਤਰ ਦੁਹਾਂ ਦੀ ਦੋਸਤੀ ਐਸਾ ਕੋਈ ਹੋ ॥
ਪਾਕ ਯਰਾਨਾ ਕਾਦਰਾ ਸੋਹਣੀ ਕੀਤਾ ਸੋ ॥
ਮਾਰੇ ਇਸ਼ਕ ਬਦੀਦ ਨੇ ਘੱਤੇ ਨਦੀ ਵਿਚ ਵਹਿਣ ॥
ਪਰ ਲੋਕ ਮੁਲਾਮਤ ਕਾਦਰਾ ਘਰ ਘੁਮਿਆਰਾਂ ਦੇਣ ॥
ਆਹੇ ਸਿਕ ਚਕੋਰ ਨੇ ਵਾਕਿਫ਼ ਦਰ ਪੈ ਹੈਨ ॥
ਦਰਜਾ ਅਵੱਲ ਕਾਦਰਾ ਅਕਸਰ ਏਨਾਂ ਲੈਨ ॥
ਏਹ ਕਹਾਨੀ ਇਸ਼ਕ ਦੀ ਆਸ਼ਕ ਮਾਰੇ ਨੂਹ ॥
ਫੁੱਲ ਖਿੜੇ ਤਦ ਓੜਕੇ ਆਸ਼ਕ ਮਾਰੇ ਧੂਹ ॥
ਜਿਤਨੇ ਆਸ਼ਕ ਹੋ ਗਏ ਪਿੱਛੇ ਦਿੱਤੀ ਹੂਹ ॥
ਤਾਣ ਚੜ੍ਹਾਈ ਇਸ਼ਕ ਨੇ ਜੋਯਾ ਸੰਢਾ ਖੂਹ ॥
ਦੇਖ ਮੈਦਾਨੋ ਇਸ਼ਕ ਦੇ ਲੈ ਕੀ ਗਏ ਧਰੂਹ ॥
ਏਸ ਇਸ਼ਕ ਵਿਚ ਸਾਬਤੀ ਕੀਤੀ ਜਿਨਾਂ ਬਨਾਇ ॥
ਚਾੜ੍ਹ ਖਰਾਦੇ ਇਸ਼ਕ ਦੇ ਸਾਬਿਤ ਧਰੇ ਬਨਾਇ ॥
ਹੀਰ ਰਾਂਝੇ ਨੇ ਸਾਬਤੀ ਕੀਤੀ ਇਸ਼ਕ ਪਿਛੇ ॥
ਸੱਸੀ ਪੁੰਨੂ ਦੋਸਤੀ ਹੋਏ ਏਹ ਅਛੇ ॥
ਲਾਲ ਖਿਆਲੀ ਇਸ਼ਕ ਦੀ ਕੀਤੀ ਇਸ਼ਕ ਬਨਾ ॥
ਸੋਰਠ ਬੀਜੇ ਦੀ ਕਥਾ ਆਖੇ ਕੌਣ ਸੁਣਾ ॥
ਸ਼ੀਰੀ ਤੇ ਫ਼ਰਿਹਾਦ ਨੇ ਇਸ਼ਕ ਕਮਾਯਾ ਹੈ ॥
ਇਸ਼ਕ ਚਮਨ ਵਿਚ ਜਾ ਵੜੇ ਮਜ਼ਾ ਉਠਾਯਾ ਹੈ ॥
ਜ਼ੁਲੈਖਾਂ ਯੂਸਫ਼ ਇਸ਼ਕ ਦੇ ਬਾਗ਼ ਬਹਾਰਾਂ ਦੇਖ ॥
ਦੇਖ ਮੈਦਾਨੋਂ ਇਸ਼ਕ ਦੇ ਲੈਨ ਤਰੀਫਾਂ ਵੇਖ ॥
ਚੰਦ੍ਰ ਬਦਨ ਮਾਯਾਰ ਨੇ ਇਸ਼ਕ ਕਮਾਯਾ ਹੈ ॥
ਇਸ ਦੁਨੀਆਂ ਦੇ ਅੰਦਰ ਇਸ਼ਕ ਤਮਾਮ ॥
ਵਿੱਚ ਲੜਾਈ ਇਸ਼ਕ ਹੋਏ ਕਤਲ ਤਮਾਮ ॥
ਸ਼ਮਸ਼ੇਰ ਬਦਨ ਦੀ ਪਕੜ ਕੇ ਦੁਨੀਆਂ ਵਿੱਚ ਟੁਰੇ ॥
ਵਿੱਚ ਮੈਦਾਨੋਂ ਇਸ਼ਕ ਦੇ ਪਿੱਛੇ ਨਹੀਂ ਮੁੜੇ ॥
ਏਹ ਇਸ਼ਕ ਦਮਾਮਾ ਅਜਬ ਹੈ ਜਯੋਂ ਜਯੋਂ ਅੱਗੇ ਹੋਇ ॥
ਰੋਸ਼ਨ ਤਿਉਂ ਤਿਉਂ ਹੋਂਵਦੇ ਏਸ ਇਸ਼ਕ ਦੇ ਜੋਇ ॥
ਸ਼ਮਸ਼ੇਰ ਲੜਾਈ ਇਸ਼ਕ ਦੀ ਸਬਰ ਕਰੇ ਜੋ ਆਪ ॥
ਦੂਜੀ ਖ਼ੁਸ਼ੀ ਜਹਾਨ ਦੀ ਛੱਡੇ ਜ਼ੋਰ ਅਲਾਪ ॥
ਸੁਖ ਦੁਨੀਆਂ ਦੇ ਛੱਡਕੇ ਹੋਏ ਆਸ਼ਕ ਆਪ ॥
ਫੜੀ ਸਬਰੀ ਇਸ਼ਕ ਦੀ ਦੁਨੀਆਂ ਛੱਡੀ ਥਾਪ ॥
ਵਿੱਚ ਲੜਾਈ ਇਸ਼ਕ ਦੀ ਸਬਰ ਸ਼ਮਸ਼ੇਰ ਕਲਾਮ ॥
ਦੂਜੀ ਖ਼ੁਸ਼ੀ ਜਹਾਨ ਤੋ ਇਸ ਦਿਨ ਕਰੇ ਤਮਾਮ ॥
ਇਸ਼ਕ ਸਬਰ ਨੂੰ ਕਟਕੇ ਕਰਦੇ ਮਜ਼ਮ ਤਮਾਮ ॥
ਇੱਕ ਦਿਨ ਖੂਬੀ ਕਾਦਰਾ ਮਾਰੇ ਇਸ਼ਕ ਹਰਾਮ ॥
ਬਾਝ ਮੋਯਾਂ ਨਹੀਂ ਆਂਵਦਾ ਇਸ਼ਕੇ ਦਾ ਅਹਿਵਾਲ ॥
ਮਜਨੂੰ ਤੇ ਫਰਿਹਾਦ ਨੂੰ ਪੁੱਛੋ ਹਾਲ ਹਵਾਲ ॥
ਇਸ ਦੁਨੀਆ ਵਿਚ ਮਾਮਲੇ ਖਾਣੇ ਪੀਣੇ ਨਾਲ ॥
ਮਿਰਜ਼ੇ ਨੂੰ ਫਿਰ ਕਾਦਰਾ ਕੀਤਾ ਇਸ਼ਕ ਨਿਹਾਲ ॥
ਸੋਹਣੀ ਮਹੀਂਵਾਲ ਦਾ ਕਿਸਾ ਸਮਾਪਤ

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਾਦਰਯਾਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ