Sultan Kharvi
ਸੁਲਤਾਨ ਖ਼ਾਰਵੀ

ਨਾਂ-ਸੁਲਤਾਨ ਅਲੀ, ਕਲਮੀ ਨਾਂ-ਸੁਲਤਾਨ ਖਾਰ੍ਹਵੀ,
ਪਿਤਾ ਦਾ ਨਾਂ-ਨਵਾਬ ਦੀਨ,
ਜਨਮ ਸਥਾਨ-ਖਾਰਾ ਬਰਾਸਤਾ ਨੌਸ਼ਹਿਰਾ ਵਿਰਕਾਂ,
ਵਿਦਿਆ-ਐਫ਼. ਏ., ਕਿੱਤਾ-ਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ-ਮਿੱਟੀ ਨਾਲ ਪ੍ਰੀਤ (ਪੰਜਾਬੀ ਸ਼ਾਇਰੀ), ਬਾਲ ਬਲੂੰਮੇ (ਬਾਲ ਕਵਿਤਾਵਾਂ), ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਲੋਂ ਸਨਮਾਨਿਤ ਤੇ ਪ੍ਰਕਾਸ਼ਤ ਬਾਲ ਬਲੂੰਗੇ (ਬਾਲ ਕਵਿਤਾਵਾਂ),
ਪਤਾ-ਖਾਰਾ ਬਰਾਸਤਾ ਨੌਸ਼ਹਿਰਾ ਵਿਰਕਾਂ, ਜ਼ਿਲਾ ਗੁਜਰਾਂਵਾਲਾ ।

ਪੰਜਾਬੀ ਗ਼ਜ਼ਲਾਂ (ਮਿੱਟੀ ਨਾਲ ਪ੍ਰੀਤ 2001 ਵਿੱਚੋਂ) : ਸੁਲਤਾਨ ਖ਼ਾਰਵੀ

Punjabi Ghazlan (Mitti Naal Preet 2001) : Sultan Kharviਹੰਝੂ ਪੱਲੇ ਪਾ ਕੇ ਲੋਕਾਂ ਹਾਸੇ ਗਹਿਣੇ ਰੱਖੇ

ਹੰਝੂ ਪੱਲੇ ਪਾ ਕੇ ਲੋਕਾਂ ਹਾਸੇ ਗਹਿਣੇ ਰੱਖੇ । ਲੱਭਾ ਕੀ ਉਸ ਪਾਣੀ ਕੋਲ ਪਤਾਸੇ ਗਹਿਣੇ ਰੱਖੇ । ਪੂਰਾ ਨਹੀਂ ਪਰ ਹੋ ਸਕਦਾ ਇਹ ਸ਼ੁਰੂ ਰਾਤ ਦਾ ਖ਼ਾਬ, ਹਿਰਸ ਤਮਾ ਨੇ ਬੰਦੇ ਚਾਰੇ ਪਾਸੇ ਗਹਿਣੇ ਰੱਖੇ । ਮੌਸਮ ਬਦਲਣ ਤੇ ਵੀ ਲੱਭੀ ਖਾਰਾਂ ਦੀ ਜਾਗੀਰ, ਫੁੱਲ ਉਮੀਦਾਂ ਵਾਲੇ ਸੀ ਬੇਆਸੇ ਗਹਿਣੇ ਰੱਖੇ । ਜੀਹਨੂੰ ਮੇਰੇ ਪਿਆਰ ਮੁਹੱਬਤ ਦਾ ਨਹੀਂ ਕੋਈ ਯਕੀਨ, ਮੇਰੇ ਸਾਹ ਵੀ ਓਸੇ ਬੇਵਿਸਵਾਸੇ ਗਹਿਣੇ ਰੱਖੇ । ਫੁੱਲ ਵਿਚਾਰਾ ਰਹਿ ਜਾਣਾ ਤੇ ਤੂੰ ਨਹੀਂ ਰਹਿਣਾ ਪਰੀਏ, ਤੈਨੂੰ ਕੀ ਕੋਈ ਉੱਧਲ ਜਾਣੀਏ 'ਵਾਸੇ' ਗਹਿਣੇ ਰੱਖੇ । ਧੀ ਨਿਮਾਣੀ ਨੂੰ ਨਾ ਲੱਭਾ ਤਾਂ ਵੀ ਸੁਰਖ਼ ਦੁਪੱਟਾ, ਮਾਪਿਆਂ ਨੇ ਸਭ ਘਰ ਦੇ ਤੋਲੇ ਮਾਸੇ ਗਹਿਣੇ ਰੱਖੇ । ਚੁੱਲ੍ਹੇ ਨੂੰ ਤਾਅ ਦੇਣ ਲਈ 'ਸੁਲਤਾਨ' ਏ ਗੱਲ ਕੁਚੱਜੀ, ਬੰਦਾ ਆਪਣੀ ਰਾਵੀ, ਸਿੰਧ, ਬਿਆਸੇ ਗਹਿਣੇ ਰੱਖੇ ।

ਮੇਰੀ ਮੈਂ ਤੇ ਦੂਰ ਦੀ ਗੱਲ ਏ

ਮੇਰੀ ਮੈਂ ਤੇ ਦੂਰ ਦੀ ਗੱਲ ਏ ਮੈਂ ਨਾ ਨਜ਼ਰੀ ਆਵਾਂ । ਤੇਰੇ ਨੈਣਾਂ ਥੀਂ ਜੇ ਆਪਣੇ ਅੰਦਰ ਝਾਤੀ ਪਾਵਾਂ । ਦਰਦਾਂ ਦੀ ਬੇਸੁਰਤੀ ਨੇ ਨਈਂ ਸੁਰਤ ਸੰਭਾਲਣ ਦਿੱਤੀ, ਜੀਅ ਤੇ ਮੇਰਾ ਵੀ ਕਰਦਾ ਏ ਮਾਹੀਏ ਢੋਲੇ ਗਾਵਾਂ । ਉੱਥੋਂ ਆਇਆ ਐਥੇ ਦੇ ਲਈ ਐਥੇ ਵੀ ਨਹੀਂ ਰਹਿਣਾ, ਕਿਹੜਾ ਦੇਸ ਏ ਬੰਦੇ ਦਾ ਦਏ ਕਿੱਥੋਂ ਦਾ ਸਿਰਨਾਵਾਂ । ਜਿਸ ਦਮ ਸੂਰਜ ਸਿਰ ਤੇ ਆਇਆ ਆਣ ਬਣੇਗੀ ਸਿਰ ਤੇ, ਛਾਹ ਵੇਲੇ ਪਿਆ ਲੱਭਦਾ ਫਿਰਦਾ ਤੇਰਾ ਮੁਸਾਫ਼ਿਰ ਛਾਵਾਂ । ਥੱਕੇ ਟੁੱਟੇ ਜੁੱਸੇ ਲਈ ਏ ਛੇਕੜਲਾ ਇਹ ਟੋਇਆ, ਆਪੇ ਕਬਰੇ ਪੈ ਜਾਵਾਂ ਯਾ ਸੱਧਰਾਂ ਨੂੰ ਦਫ਼ਨਾਵਾਂ । ਬਾਜ਼ ਨਾ ਆਵੇ ਰੋਜ਼ ਈ ਜਾਵੇ ਲੱਭੇ ਵਿਚ ਬਾਜ਼ਾਰਾਂ, ਤੂੰ ਤੇ 'ਹੱਟ' ਹਟਾ ਲਈ ਉੱਥੋਂ ਦਿਲ ਨੂੰ ਕਿਵੇਂ ਹਟਾਵਾਂ । ਵੇਲੇ ਦੇ 'ਸੁਲਤਾਨ' ਕਿਸੇ ਨੇ ਗੱਡੀ ਹੋਈ ਏ ਸੂਲੀ, ਜਿੰਦੇ ਆ ਮਨਸੂਰ ਦੇ ਵਾਂਗੂੰ ਮੈਂ ਕੋਈ ਚੰਨ ਚੜ੍ਹਾਵਾਂ ।

ਜੀਹਦੇ ਸੀਨੇ ਫੱਟ ਕੋਈ ਨਹੀਂ

ਜੀਹਦੇ ਸੀਨੇ ਫੱਟ ਕੋਈ ਨਹੀਂ ਉਹ ਫ਼ਨਕਾਰ ਕਹਾਵੇ ਨਾ । ਜੀਹਨੂੰ ਜਾਨ ਪਿਆਰੀ ਹੋਵੇ ਏਸ ਗਲੀ ਵੱਲ ਆਵੇ ਨਾ । ਅੱਧ ਵਿਚਾਲੇ ਛੱਡ ਗਿਆ ਏ ਕਾਤਿਲ ਸੀ ਯਾ ਦਰਦੀ ਸੀ, ਧੁੱਪੇ ਜਿਹੜਾ ਜਰ ਨਾ ਸੱਕੇ, ਛਾਵੇਂ ਜੋ ਦਫ਼ਨਾਵੇ ਨਾ । ਇਹ ਤੇ ਮੰਨਣ ਦੇ ਵਿਚ ਆਵੇ ਡਾਰ ਕਦੀ ਵਿੱਛੜਦੀ ਨਹੀਂ, ਹੋ ਨਹੀਂ ਸਕਦਾ ਡਾਰ ਵਿਛੁੰਨੀ ਕੂੰਜ ਕਦੇ ਕੁਰਲਾਵੇ ਨਾ । ਪੱਥਰ ਮਾਰਣ ਵਾਲਿਉ ਆਉ, ਆਉ ਤੇ ਸੰਗਸਾਰ ਕਰੋ, ਮੁਜਰਮ ਦੇ ਲਈ ਸ਼ਿਬਲੀ ਵਾਂਗੂੰ ਕੋਈ ਵੀ ਫੁੱਲ ਲਿਆਵੇ ਨਾ । ਹਿੰਮਤ ਹਾਰੇ ਲੋਕਾਂ ਦੇ ਵਿਚ ਮੈਨੂੰ ਵੀ ਫ਼ਿਰ ਗਿਣਿਆ ਜੇ, ਮੋਇਆਂ ਮਗਰੋਂ ਕਬਰ ਮੇਰੀ ਤੇ ਦੀਵਾ ਜੇ ਰੁਸ਼ਣਾਵੇ ਨਾ । ਫ਼ਿਰਦੋਸ਼ੀ, ਫ਼ਰਹਾਦ ਦੋਹਾਂ ਨੇ ਕਾਰ ਮੁਕੰਮਲ ਕੀਤੀ ਸੀ, ਆਸ਼ਿਕ ਕੌਲ ਨਿਭਾਉਂਦੇ ਭਾਵੇਂ ਕੋਈ 'ਸੁਲਤਾਨ' ਨਿਭਾਵੇ ਨਾ ।

ਰੰਗ ਬਰੰਗੇ ਸੱਲ ਆ ਲਾਏ ਮੈਨੂੰ

ਰੰਗ ਬਰੰਗੇ ਸੱਲ ਆ ਲਾਏ ਮੈਨੂੰ ਦਿਲ ਦੀਆਂ ਗੱਲਾਂ । ਤਾਹੀਉਂ ਰਹੀ ਨਈਂ ਮੇਰੇ ਤੀਕਰ ਘਰ ਘਰ ਹੋਈਆਂ ਗੱਲਾਂ । ਹੰਝੂ ਆਪ ਮੁਹਾਰੇ ਤੇਰੇ ਵਾਂਗੂੰ ਵਗਦੇ ਜਾਂਦੇ, ਪਲਕਾਂ ਰਾਤੀ ਪਲਕ ਨਹੀਂ ਲਾਈ ਉਹ ਕੀ ਲਾਵਣ ਠੱਲਾਂ । ਸਾਡੇ ਜਿੰਨਾਂ ਥਾਂ ਈ ਆਖ਼ਰ ਉਨ੍ਹਾਂ ਨੂੰ ਵੀ ਮਿਲਣਾ, ਮੱਲੋ ਮੱਲੀ ਲੋਕੀ ਭਾਵੇਂ ਮਾਰੀ ਜਾਵਣ ਮੱਲਾਂ । ਜਿਨ੍ਹਾਂ 'ਲਾ' ਦਾ ਕਲਮਾ ਪੜ੍ਹਿਆ ਮੂੰੰਹੋਂ ਹਾਂ ਨਹੀਂ ਕਹਿੰਦੇ, ਪੱਥਰ ਮਾਰੋ ਸੂਲੀ ਚਾੜ੍ਹੋ ਭਾਵੇਂ ਲਾਹ ਦਿਉ ਖੱਲਾਂ । ਪਹਿਲਾ ਵਰਕਾ ਪੜ੍ਹਦੇ ਹੀ ਨਹੀਂ ਰਹਿ ਗਈ ਸੁਰਤ ਟਿਕਾਣੇ, ਦੱਸੋ ਕਿੰਜ ਅਖ਼ਬਾਰ ਨਵੇਂ ਦਾ ਅਗਲਾ ਵਰਕਾ ਥੱਲਾਂ । ਕਹਿਣ ਦਿਓ 'ਸੁਲਤਾਨ' ਦੇ ਅੱਗੇ ਜੋ ਜੋ ਵੀ ਮੈਂ ਕਹਿਣਾ, ਹੜ੍ਹ ਦੇ ਵਿਚ ਦਰਿਆ ਤੋਂ ਵੰਨੇ ਆਉਣਾ ਹੁੰਦੈ ਛੱਲਾਂ ।

ਇਹ ਹੋਣਾ ਅਣਹੋਣੀ ਵਰਗਾ ਹੋਇਆ

ਇਹ ਹੋਣਾ ਅਣਹੋਣੀ ਵਰਗਾ ਹੋਇਆ ਯਾ ਨਾ ਹੋਇਆ ਮੈਂ । ਆਪਣਾ ਜੀਵਨ ਜੀਵਨ ਨਾਲੋਂ ਸਦੀਆਂ ਪਹਿਲਾਂ ਮੋਇਆ ਮੈਂ । ਸੂਰਜ ਦੇ ਮੂੰਹ ਉੱਤੇ ਰਾਤਾਂ ਆਣ ਦਵਾਤ ਉਲੱਦੀ ਏ, ਪਲਕਾਂ ਤੇ ਆ ਤਾਰੇ ਚਮਕੇ ਦਰਦ ਹਨੇਰੇ ਰੋਇਆ ਮੈਂ । ਅੱਜ ਨਹੀਂ ਤੇ ਫੇਰ ਕਿਸੇ ਦਿਨ ਓੜਕ ਲੋਕਾਂ ਕਹਿਣਾ ਏ, ਜ਼ਿਹਨਾਂ ਦੀ ਜੂਹ ਅੰਦਰ ਆ ਕੇ ਲਫ਼ਜ਼ ਬਗ਼ਾਵਤ ਬੋਇਆ ਮੈਂ । ਕੀਵੇਂ ਨਾਲ ਉਚਾਈਆਂ ਦੇ ਫਿਰ ਰਿਸ਼ਤਾ ਰਹੇ ਨਿਵਾਨਾਂ ਦਾ, ਤੂੰ ਖ਼ੁਸ਼ੀਆਂ ਦਾ ਹਰਾ ਜਜ਼ੀਰਾ ਗ਼ਮ ਦਾ ਭਰਿਆ ਟੋਇਆ ਮੈਂ । ਮਾਰੇਗਾ 'ਸੁਲਤਾਨ' ਕੋਈ ਤੇ, ਕੌਣ ਮਰੇਗਾ ਸੋਚ ਲਵੋ, ਲਫ਼ਜ਼ਾਂ ਦੇ ਇਸ ਜੰਗਲ ਅੰਦਰ ਆਪਣਾ ਆਪ ਲਕੋਇਆ ਮੈਂ ।

ਸੱਚ ਕਹਵਾਂਗਾ ਉਦੋਂ ਤਾਈਂ ਹੈ

ਸੱਚ ਕਹਵਾਂਗਾ ਉਦੋਂ ਤਾਈਂ ਹੈ ਜੇ ਭਾਰ ਜ਼ਮੀਰਾਂ ਤੇ । ਜਿੱਥੋਂ ਤੀਕਰ ਪਹਿਰੇ ਨੇ ਤਹਿਰੀਰਾਂ ਤੇ ਤਕਦੀਰਾਂ ਤੇ । ਰੂਹ ਕਲਬੂਤੋਂ ਲੱਦ ਟੁਰੀ ਮੈਂ ਸਾਰੇ ਸੰਗਲ ਤੋੜ ਗਿਆ, ਜ਼ਾਲਮ ਨੂੰ ਤੇ ਮਾਨ ਬੜਾ ਸੀ ਲੋਹੇ ਦੀਆਂ ਜ਼ੰਜੀਰਾਂ ਤੇ । ਤੂੰ ਐਵੇਂ ਦੀ ਦੁਨੀਆ ਤੇ ਨਾ ਘੱਲਦਾ ਘੱਲਣ ਵਾਲੜਿਆ, ਮੇਰਾ ਕੀ ਏ ਮੈਂ ਤੇ ਐਵੇਂ ਰੀਝ ਗਿਆ ਤਸਵੀਰਾਂ ਤੇ । ਕੈਦੋਂ ਵਰਗੇ ਹਾਕਮ ਨੇ ਇਹ ਹੁਕਮ ਸੁਣਾਇਆ ਆਖ਼ਰ ਨੂੰ, ਰਾਂਝਿਆਂ ਨਾਲ ਪਿਆਰ ਹਰਾਮ ਏ ਜ਼ਹਿਰ ਹਲਾਲ ਏ ਹੀਰਾਂ ਤੇ । ਮੰਨੋ ਨਾ 'ਸੁਲਤਾਨ' ਕਦੇ ਵੀ ਉਸ ਬੇਅਮਲੇ ਆਕਾ ਨੂੰ, ਸੂਲੀ ਦੇ ਦਰ ਖੋਲ੍ਹੇ ਜਿਹੜਾ ਮਾੜਿਆਂ ਬੇਤਕਸੀਰਾਂ ਤੇ ।

ਪੂਰੇ ਕੱਦੋਂ ਨੀਵੇਂ ਵੀ ਦਸਤਾਰ ਨੇ ਉੱਚੇ ਕੀਤੇ ਨੇ

ਪੂਰੇ ਕੱਦੋਂ ਨੀਵੇਂ ਵੀ ਦਸਤਾਰ ਨੇ ਉੱਚੇ ਕੀਤੇ ਨੇ । ਬੇਕਿਰਦਾਰੇ ਲੋਕਾਂ ਦੀ ਗੁਫ਼ਤਾਰ ਨੇ ਉੱਚੇ ਕੀਤੇ ਨੇ । ਜੇਸ ਨਿਉਂ ਕੇ ਉਮਰ ਗੁਜ਼ਾਰੀ ਕਦੀ ਮੁਰਾਦ ਉਸ ਪਾਈ ਨਾ, ਉੱਚੇ ਲੱਗਣ ਜੋ ਤੇਰੇ ਦੀਦਾਰ ਨੇ ਉੱਚੇ ਕੀਤੇ ਨੇ । ਇਹਦਾ ਵੀ ਕੋਈ ਹਿੱਸਾ ਏ ਜੇ ਲੱਗੇ ਰੰਗ ਬਹਾਰਾਂ ਨੂੰ, ਫੁੱਲ ਬਚਾ ਕੇ ਖ਼ਾਰਾਂ ਦੀ ਦੀਵਾਰ ਨੇ ਉੱਚੇ ਕੀਤੇ ਨੇ । ਕਿੰਨੇ ਲੋਕੀ ਜਿਉਂਦੀ ਜਾਨੇ ਮੁਰਦਿਆਂ ਵਾਂਗ ਜਿਉਂਦੇ ਰਹੇ, ਥੋੜੇ ਜੇਹੇ ਜੱਲਾਦਾਂ ਦੀ ਤਲਵਾਰ ਨੇ ਉੱਚੇ ਕੀਤੇ ਨੇ । ਇੱਕੋ ਬੰਦਾ ਸਸਤਾ ਏ 'ਸੁਲਤਾਨ' ਮੇਰੇ ਤੋਂ ਪੁੱਛ ਲਵੋ, ਕਿਹੜੀ ਕਿਹੜੀ ਸ਼ੈ ਦੇ ਭਾਅ ਬਾਜ਼ਾਰ ਨੇ ਉੱਚੇ ਕੀਤੇ ਨੇ ।

ਮੇਰੇ ਦਿਲ ਨੂੰ ਦਿਲ ਨਾ ਸਮਝੀ

ਮੇਰੇ ਦਿਲ ਨੂੰ ਦਿਲ ਨਾ ਸਮਝੀ ਦੇਖੀ ਕਹਿਰ ਕਮਾਵੀਂ ਨਾ । ਤੇਰੇ ਪੈਰੀਂ ਪੱਗ ਧਰੀ ਏ, ਪੱਗ ਮੇਰੀ ਠੁਕਰਾਵੀਂ ਨਾ । ਪਿੱਛੋਂ ਜਿਉਂ ਪਛਤਾਉਣਾ ਪੈਣੈਂ ਮਾਹੀ ਸ਼ਰਮਾ ਵਾਲੜਿਆ, ਇਹ ਨਹਾਉਣਾ ਨਹੀਂ ਗੰਗਾ ਨਹਾਉਣਾ ਮੇਰੀ ਰੱਤ ਨਹਾਵੀਂ ਨਾ । ਗੁੱਲੀ, ਜੁੱਲੀ, ਕੁੱਲੀ ਓੜਕ ਹਰ ਸ਼ੈ ਰਹਿਣੀ ਏਥੋਂ ਦੀ, ਮੰਗਣ ਵਾਲੀ ਜ਼ਿੱਲਤ ਕੋਈ ਨਹੀਂ ਹੱਥੋਂ ਪੱਤ ਗਵਾਵੀਂ ਨਾ । ਠਹਿਰ ਜ਼ਰਾ ਓਏ ਸੂਰਜ ਬਾਬਾ ਬਾਲ ਗ਼ਰੀਬ ਨੂੰ ਸੋਵਣ ਦੇ, ਵੇਖ ਲਵੇ ਕੋਈ ਸੁੱਖ ਦਾ ਸੁਫ਼ਨਾ ਕੱਚੀ ਨੀਂਦ ਜਗਾਵੀਂ ਨਾ । ਜਿਉਣਾ ਵਾਂ ਜੇ ਆਉਣਾ ਈ ਤਾਂ ਆਜਾ, ਓ 'ਸੁਲਤਾਨ' ਹੁਣੇ, ਮੋਏ ਪਿੱਛੋਂ ਕਬਰ ਮੇਰੀ ਤੇ ਆਵੀਂ ਭਾਵੇਂ ਆਵੀਂ ਨਾ ।

ਜਿੰਦ ਆਪਣੀ ਨੂੰ ਗਹਿਣੇ ਧਰ ਕੇ

ਜਿੰਦ ਆਪਣੀ ਨੂੰ ਗਹਿਣੇ ਧਰ ਕੇ ਲਵਾਂ ਨਜ਼ਾਰੇ ਜੀਵਨ ਦੇ । ਕਿਸਤਾਂ ਮੁੱਕਣ ਤੀਕ ਨਾ ਆਈਆਂ ਸਾਹ ਵੀ ਹਾਰੇ ਜੀਵਨ ਦੇ । ਪੁੱਠੀ ਖੱਲ ਲਹਾਉਂਦਾ ਕਿਧਰੇ ਕਿਧਰੇ ਤਖ਼ਤ ਬਿਠਾਉਂਦਾ ਏ, ਸਦਕੇ ਵਾਰੀ ਜੀਵਨ ਤੋਂ ਮੈਂ ਵਾਰੇ ਵਾਰੇ ਜੀਵਨ ਦੇ । ਮਿੱਠਾ ਪਾਣੀ ਮਿਲਦਾ ਨਹੀਂ ਤੇ ਕੌੜੇ ਘੁੱਟ ਭਰੀ ਦੇ ਨੇ, ਦੁੱਖਾਂ ਮਾਰੇ ਲੋਕਾਂ ਦੇ ਲਈ ਖੂਹ ਨੇ ਖਾਰੇ ਜੀਵਨ ਦੇ । ਸੁਣਿਐ ਇਕ ਦਿਨ ਉਹ ਆਉਣਾ ਏ ਮੁਰਦੇ ਜ਼ਿੰਦਾ ਹੋਣੇ ਨੇ, ਮੈਂ ਸਮਝਾਂ ਨਹੀਂ ਉੱਠਣਗੇ ਜੋ ਬੰਦੇ ਮਾਰੇ ਜੀਵਨ ਦੇ । ਜਿਹੜੇ ਲੋਕੀ ਜਿਉਂਦੇ ਨੇ 'ਸੁਲਤਾਨ' ਸਹਾਰੇ ਜ਼ਿੰਦਾ ਨੇ, ਸਾਨੂੰ ਤੇ ਦਫ਼ਨਾ ਗਏ ਨੇ ਇਹ ਝੂਠੇ ਕਾਰੇ ਜੀਵਨ ਦੇ ।

ਬਹਾਨੇ ਰਿਜ਼ਕ ਦੇ ਪਰਦੇਸ ਦੂਰੀ

ਬਹਾਨੇ ਰਿਜ਼ਕ ਦੇ ਪਰਦੇਸ ਦੂਰੀ ਠੀਕ ਨਹੀਂ ਹੁੰਦੀ । ਮਿਲੇ ਜੇ ਕੈਦ ਦੇ ਅੰਦਰ ਤੇ ਚੂਰੀ ਠੀਕ ਨਹੀਂ ਹੁੰਦੀ । ਸਦਾ ਧੜਕਾ ਰਹਵੇ ਦਿਲ ਨੂੰ ਵਫ਼ਾ ਨਹੀਂ ਜ਼ਿੰਦਗੀ ਕਰਨੀ, ਜ਼ਮਾਨਤ ਪੱਕੀਉਂ ਪਹਿਲਾਂ ਅਬੂਰੀ ਠੀਕ ਨਹੀਂ ਹੁੰਦੀ । ਮੁਕੱਦਰ ਦਾ ਵਲੀ ਜ਼ਾਹਿਦ ਰਸਾ ਜੰਨਤ ਦਾ ਪੀਂਦਾ ਰਹੇ, ਤੇ ਸਾਨੂੰ ਆਖਦਾ ਏ ਮੈਂ ਅੰਗੂਰੀ ਠੀਕ ਨਹੀਂ ਹੁੰਦੀ । ਕਰੋ ਜੇ ਦੁਸ਼ਮਣਾਂ ਥੀਂ ਮਸ਼ਵਰਾ ਤੇ ਕਰ ਲਿਆ ਜੇ ਪਰ, ਪਰਾਇਆ ਗੱਲ ਜੇ ਦੱਸੇ ਤੇ ਪੂਰੀ ਠੀਕ ਨਹੀਂ ਹੁੰਦੀ । ਦੁਆ ਕਰਨਾ ਮੁਕੱਦਰ ਦਾ ਏ ਜੋ 'ਸੁਲਤਾਨ' ਨਾ ਹਾਰੇ, ਹਕੂਮਤ ਕਰਨ ਦੇ ਪਿੱਛੋਂ ਮਜ਼ੂਰੀ ਠੀਖ ਨਹੀਂ ਹੁੰਦੀ ।

ਤੇਰੇ ਬੁੱਲ੍ਹਾਂ ਤੇ ਕੀਵੇਂ ਮੁਸਕਰਾਹਟ

ਤੇਰੇ ਬੁੱਲ੍ਹਾਂ ਤੇ ਕੀਵੇਂ ਮੁਸਕਰਾਹਟ ਆ ਈ ਜਾਂਦੀ ਸੀ । ਜਦੋਂ ਮੈਂ ਮਰ ਰਿਹਾ ਸਾਂ ਜ਼ਿੰਦਗੀ ਵਰਤਾਈ ਜਾਂਦੀ ਸੀ । ਜਨਾਜ਼ੇ ਉੱਠਦੇ ਦੇਖੇ ਨੇ ਹੁਣ ਤੇ ਦੋਸਤੀ ਤੇ ਮੈਂ, ਤੇ ਮੱਯਤ ਵੈਰ ਦੀ ਸੁਣਿਐ ਕਦੇ ਦਫ਼ਨਾਈ ਜਾਂਦੀ ਸੀ । ਜ਼ਮਾਨਾ ਹੋ ਗਿਆ ਵੈਰੀ ਕਦੇ ਇਹ ਹਾਲ ਹੁੰਦਾ ਸੀ, ਸਿਰਾਂ ਦੀ ਫ਼ਸਲ ਪੱਕੇ ਤੇ ਸਿਰਾਂ ਤੇ ਚਾਈ ਜਾਂਦੀ ਸੀ । ਉਮੀਦਾਂ ਮਾਰ ਪਰਤ ਆਇਆ ਮਹਿਲ ਦੇ ਪੌਡਿਆਂ ਕੋਲੋਂ, ਕਿ ਪਾਣੀ ਮੈਂ ਨਿਵਾਨਾਂ ਦਾ ਉਤਾਂਹ ਉਚਿਆਈ ਜਾਂਦੀ ਸੀ । ਗਦਾ 'ਸੁਲਤਾਨ' ਨੂੰ ਆਖੋ ਤੇ ਗੱਲ ਨਹੀਂ ਹੈਰਤਾਂ ਵਾਲੀ, ਜੇ ਕੀਮਤ ਯੂਸਫ਼ਾਂ ਦੀ ਵੀ ਤੇ ਅੱਟੀ ਪਾਈ ਜਾਂਦੀ ਸੀ ।

ਲੱਗੀ ਏ ਪਾਬੰਦੀ ਸਾਡੇ ਹੌਕੇ ਹਾਵਾਂ ਭਰਨੇ ਤੇ

ਲੱਗੀ ਏ ਪਾਬੰਦੀ ਸਾਡੇ ਹੌਕੇ ਹਾਵਾਂ ਭਰਨੇ ਤੇ । ਉਸ ਕਾਤਿਲ ਨੂੰ ਕੋਈ ਨਾ ਪੁੱਛੇ ਕਾਰ ਕਤਲ ਦੀ ਕਰਨੇ ਤੇ । ਆ ਗਏ ਨੇ ਮਨਮਰਜ਼ੀ ਦੇ ਦਿਨ ਲਾਲ ਲਿਬਾਸਾਂ ਵਾਲੇ ਦੇ, ਉਹਨੂੰ ਕੀ ਕੋਈ ਦਾਗ਼ ਜੇ ਲੱਗੇ ਸਾਡੇ ਚਿੱਟੇ ਪਰਨੇ ਤੇ । ਉਹਨੂੰ 'ਸੀ' ਵੀ ਕਹਿਣਾ ਪਏ ਤੇ ਪੰਜ ਪਹਾੜ ਮੁਸੀਬਤ ਏ, ਸਾਨੂੰ ਕਾਦਰ ਸਮਝੇ ਜਿਹੜਾ ਦੁੱਖ ਮੁਸੀਬਤ ਜਰਨੇ ਤੇ । ਕਿੰਨੇ ਦਫ਼ਤਰ ਕਾਲੇ ਕੀਤੇ ਮੈਂ ਉਹਦੀ ਖ਼ੁਸ਼ਨੂਦੀ ਲਈ, ਦੋ ਪੋਟੇ ਨਾ ਕਾਗ਼ਜ਼ ਸਰਿਆ ਜਿਸ ਤੋਂ ਮੇਰੇ ਮਰਨੇ ਤੇ । ਫ਼ਾਤਿਹ ਕੀ 'ਸੁਲਤਾਨ' ਸਦਾਣਾ ਮਾਲ ਗ਼ਨੀਮਤ ਕਰਨਾ ਕੀ, ਜਿੱਤਣ ਦਾ ਮੈਂ ਨਾਂ ਨਾ ਲਾਂ ਉਹ ਹਾਰ ਜੇ ਪਾਵੇ ਹਰਨੇ ਤੇ ।

ਨਾ ਈਸਾ ਨਫ਼ਸ ਨੂੰ ਮਿਲਦਾ

ਨਾ ਈਸਾ ਨਫ਼ਸ ਨੂੰ ਮਿਲਦਾ ਤੇ ਨਾ ਬੀਮਾਰ ਹੁੰਦਾ ਮੈਂ । ਤੇਰੇ ਨੈਣਾਂ ਚੋਂ ਨਾ ਪੀਂਦਾ ਤੇ ਕਿਉਂ ਮੈਖ਼ੁਆਰ ਹੁੰਦਾ ਮੈਂ । ਮੁਕੱਦਰ ਰੋਲ ਗਏ ਮੈਨੂੰ ਮੈਂ ਕਾਹਨੂੰ ਇੰਜ ਰੁਲਣਾ ਸੀ, ਕਦੀ ਮੈਂ ਕੱਖ ਨਾ ਹੁੰਦਾ ਤੇਰੀ ਦੀਵਾਰ ਹੁੰਦਾ ਮੈਂ । ਸਵੱਲੇ ਭਾਗ ਜੇ ਹੁੰਦੇ ਤੇ ਮੈਂ ਇਨਸਾਨ ਨਾ ਹੁੰਦਾ, ਤੇਰੇ ਨਜ਼ਦੀਕ ਤੇ ਰਹਿੰਦਾ ਓ ਫੁੱਲਾ ਖ਼ਾਰ ਹੁੰਦਾ ਮੈਂ । ਕਰਾਂ ਦਰਬਾਨ ਦੇ ਤਰਲੇ ਪਵਾਂ ਸਾਕੀ ਦੇ ਪੈਰੀਂ ਮੈਂ, ਕਿਸੇ ਦਾ ਭਾਰ ਨਾ ਹੁੰਦਾ ਜੇ ਉਹਦਾ ਯਾਰ ਹੁੰਦਾ ਮੈਂ । ਵਿਛੁੰਨਾ ਦਾਰ ਤੋਂ ਕੁਰਲਾ ਰਿਹਾ ਹਾਂ ਕੂੰਜ ਵਾਂਗੂੰ ਮੈਂ, ਕਦੀ ਜੇ ਕੂੰਜ ਨਾ ਹੁੰਦਾ ਤੇ ਕੱਲਾ ਡਾਰ ਹੁੰਦਾ ਮੈਂ । ਰਿਹਾ ਸੁਲਤਾਨ ਮੈਂ ਸੁਲਤਾਨ ਤਾਂ ਇਹ ਦੁੱਖ ਸਹਿਣੇ ਪਏ, ਗ਼ੁਲਾਮੀ ਮੰਗਦਾ ਤੇ ਨਾ ਜ਼ਲੀਲੋ ਖ਼ਵਾਰ ਹੁੰਦਾ ਮੈਂ ।

ਕੁਝ ਹੋਰ ਰਚਨਾਵਾਂ : ਸੁਲਤਾਨ ਖਾਰ੍ਹਵੀ

ਕਿੰਨੇ ਮੌਸਮ ਪਹਿਨ ਹੰਢਾਏ, ਵੇਖ ਬਹਾਰਾਂ ਲਈਆਂ ਨੇ

ਕਿੰਨੇ ਮੌਸਮ ਪਹਿਨ ਹੰਢਾਏ, ਵੇਖ ਬਹਾਰਾਂ ਲਈਆਂ ਨੇ ।
ਇੱਕ ਤਮੰਨਾਂ ਹੁਣ ਵੀ ਬਾਕੀ, ਤੂੰ ਨਾ ਸਾਰਾਂ ਲਈਆਂ ਨੇ ।

ਕੱਲ੍ਹ ਇੱਕੋ ਇੱਕ ਸੁਰਖ਼ੀ ਪੜ੍ਹਕੇ, ਸਾਰੀ ਰਾਤ ਮੈਂ ਸੁੱਤਾ ਨਾ,
ਹੋਕਾ ਸੁਣ ਕੇ 'ਹਾਕਰ' ਦਾ' ਅੱਜ ਫਿਰ ਅਖ਼ਬਾਰਾਂ ਲਈਆਂ ਨੇ ।

ਨੀਅਤ ਸਾਡੀ ਦੋਹਾਂ ਦੀ, ਬਾਜ਼ਾਰੇ ਜ਼ਾਹਰ ਹੋ ਗਈ ਏ,
ਮੈਂ ਤੇ ਫੁੱਲ ਖ਼ਰੀਦੇ ਨੇ, ਪਰ ਤੂੰ ਤਲਵਾਰਾਂ ਲਈਆਂ ਨੇ ।

ਮੰਜ਼ਲ ਮੇਰੀ "ਝਾ" ਕਰਕੇ, ਹੋ ਗਈ ਏ ਉਹਲੇ ਮੇਰੇ ਤੋਂ,
ਮੇਰੀਆਂ ਸਾਰਾਂ ਲਈਆਂ ਨੇ ਤੇ ਰਾਹ ਦੀਆਂ ਖ਼ਾਰਾਂ ਲਈਆਂ ਨੇ ।

ਨੈਣ ਤਿਰੇ ਥੀਂ ਜੋੜਨ ਵਾਲੀ ਏਸ ਖ਼ਤਾ ਤੋਂ ਲੱਭਾ ਕੀ ?
ਜ਼ੁਲਫ਼ਾਂ ਨੂੰ ਕੀ ਛੁਹਿਆ ਛੂਹ ਬਿਜ਼ਲੀ ਦੀਆਂ ਤਾਰਾਂ ਲਈਆਂ ਨੇ ।

ਰਾਤ ਗੁਜ਼ਰ ਗਈ ਬਾਤ ਗੁਜ਼ਰ ਗਈ, ਆਇਆ ਹੁਣ 'ਸੁਲਤਾਨ' ਅਲੀ,
ਹੱਟ ਵਧਾ ਗਿਆ ਸਾਕੀ ਰਿੰਦਾਂ ਮਾਰ ਅੱਜ ਮਾਰਾਂ ਲਈਆਂ ਨੇ ।

ਤੇਰੇ ਦੀਦਾਰ ਦੇ ਬਾਝੋਂ, ਨਾ ਜਲਵਾ 'ਤੂਰ' ਦਾ ਰਹਿੰਦਾ

ਤੇਰੇ ਦੀਦਾਰ ਦੇ ਬਾਝੋਂ, ਨਾ ਜਲਵਾ 'ਤੂਰ' ਦਾ ਰਹਿੰਦਾ ।
ਖ਼ੁਦਾ ਜੇ ਹੋਵੰਦਾ ਜ਼ਾਹਿਰ, ਤਾਂ ਕੱਲਾ ਝੂਰਦਾ ਰਹਿੰਦਾ ।

ਉਹ ਰਾਤੀਂ ਕੁਮਕੁਮੇ ਬਾਲਣ, ਦਿਨੇ ਸੂਰਜ ਰਹੇ ਮਹਿਲੀਂ,
ਹਨ੍ਹੇਰੇ ਦੀ ਪਨਾਹ ਖ਼ਾਤਰ, ਹੈ ਘਰ ਮਜ਼ਦੂਰ ਦਾ ਰਹਿੰਦਾ ।

ਡਰਾਕਲ ਜਹੀ ਹਿਆਤੀ ਨੇ, ਬੜੇ ਹੌਕੇ ਹੰਢਾਏ ਨੇ,
ਕਦੀ ਦੁਨੀਆਂ ਦਾ ਡਰ ਰਹਿੰਦਾ ! ਕਦੀ ਦਸਤੂਰ ਦਾ ਰਹਿੰਦਾ ।

ਓ ਇਸ਼ਕਾ ! ਸਾਦਗੀ ਤੇਰੀ, ਤੂੰ ਲਾਵੀਂ ਨਾਲ ਸੀਨੇ ਦੇ,
ਭਲਾਂ ਕੀ 'ਰੂਪ' ਦਾ ਜੀਵਨ ? ਨਿਕਾਰਾ ਘੂਰਦਾ ਰਹਿੰਦਾ ।

ਅਸਾਡੇ ਵਾਂਗਰਾਂ ਮੁੱਲਾਂ, ਤਲੀ 'ਤੇ ਦਿਲ ਲਈ ਫਿਰਦਾ,
ਕਦੀ ਜੇ ਜ਼ਹਿਨ ਵਿੱਚ ਉਹਦੇ, ਨਾ ਲਾਲਚ ਹੂਰ ਦਾ ਰਹਿੰਦਾ ।

ਜਦੋਂ ਤਾਰੀਖ਼ ਦੇ ਵਰਕੇ ਪੜ੍ਹੋਂ, ਤਾਂ ਸੋਚ ਕੇ ਪੜ੍ਹੀਓ,
ਖ਼ਤਾ 'ਸੁਲਤਾਨ' ਕਰਦੇ ਨੇ, ਤੇ ਨਾਂ 'ਜ਼ਮਹੂਰ' ਦਾ ਰਹਿੰਦਾ ।

ਅੰਬਰ ਵਾਲਾ ਧਰਤੀ ਦਾ ਜਦ ਮੈਲਾ-ਸ਼ੀਸ਼ਾ ਧੋਵੇ

ਅੰਬਰ ਵਾਲਾ ਧਰਤੀ ਦਾ ਜਦ ਮੈਲਾ-ਸ਼ੀਸ਼ਾ ਧੋਵੇ ।
ਕਿੱਦਾਂ ਮਿੱਠੀ ਨੀਂਦਰ ਮਾਣੇ, ਜੀਹਦਾ ਕੋਠਾ ਚੋਵੇ ?

ਗ਼ਜ਼ਲਾਂ ਦੀ ਥਾਂ ਅੱਜ-ਕੱਲ੍ਹ ਮੈਂ ਵੀ ਮਰਸੀਏ ਲਿਖਦਾ ਰਹਿਨਾਂ,
ਉਹ ਮਜ਼ਦੂਰ ਆਂ ਕਬਰ ਅਪਣੀ ਦੇ, ਜੋ ਖ਼ੁਦ ਪੱਥਰ ਢੋਵੇ ।

ਬੰਦਾ ਹੋ ਕੇ ਜੀਵਣ ਨਾਲੋਂ ਪੱਥਰ ਹੋਣਾ ਚੰਗਾ,
ਮੇਰੀ ਇਹ ਫ਼ਰਮਾਇਸ਼ ਹੈ, ਜੇ ਮੁੜ ਕੋਈ ਮਿੱਟੀ ਗੋਵੇ ।

ਖ਼ੌਰੇ ਓੜਕ ਦੇਖ ਲਿਆ ਸੂ ਛਾਲਿਆਂ ਤੋਂ ਵੀ ਪਹਿਲਾਂ,
ਵਾਟ ਮੇਰੀ ਕੁਰਲਾਹਟ ਕਰੇ ਤੇ ਕੂੰਜਾਂ ਵਾਂਗੂੰ ਰੋਵੇ ।

ਮੇਰਾ ਜੱਗ ਹਨ੍ਹੇਰ ਬਣਾਇਆ ਕਾਲੀਆਂ ਜ਼ੁਲਫ਼ਾਂ ਵਾਲੇ,
ਸੋਹਣਾ ਯਾਰ ਮੁਨੱਵਰ ਹੋਇਆ, ਮੇਰੇ ਦਿਲ ਦੀ ਲੋਵੇ ।

ਉਹਦੇ ਘਰ ਦਾ ਆਟਾ ਮੁੱਕਿਆ, ਯਾ 'ਸੁਲਤਾਨ' ਆ ਖੋਹਿਆ,
ਮਜ਼ਦੂਰੀ ਦੇ ਕਾਰਣ ਜੀਹਨੂੰ ਸੇਠ ਖਰਾਸੇ ਜੋਵੇ ।

ਇਹ ਜੀਵਨ ਦਾ ਪਿਆਲਾ ਤੇ, ਕਦੋਂ ਦਾ ਭਰ ਗਿਆ ਹੁੰਦਾ

ਇਹ ਜੀਵਨ ਦਾ ਪਿਆਲਾ ਤੇ, ਕਦੋਂ ਦਾ ਭਰ ਗਿਆ ਹੁੰਦਾ ।
ਹਿਆਤੀ ਦੇ ਅਜ਼ਾਬੋਂ ਜੇ, ਕਦੇ ਮੈਂ ਡਰ ਗਿਆ ਹੁੰਦਾ ।

ਕਲੇਜੇ ਲਾ ਲਿਆ ਗ਼ਮ ਨੂੰ, ਤੇ ਚਿੰਤਾ ਹੋਰ ਖਾਂਦੀ ਏ,
ਜੇ ਮੈਂ ਦੁਰਕਾਰ ਦਿੰਦਾ ਤਾਂ, ਇਹ ਕੀਹਦੇ ਘਰ ਗਿਆ ਹੁੰਦਾ ?

ਮੈਂ ਸੂਰਜ ਡੁੱਬਦਾ ਡਿੱਠਾ, ਤੇ ਮੈਨੂੰ ਰੋਣ ਚਾ ਆਇਆ,
ਜੇ ਫ਼ਜ਼ਰੇ ਪੰਧ ਚਾ ਪੈਂਦਾ, ਤੇ ਮੈਂ ਵੀ ਘਰ ਗਿਆ ਹੁੰਦਾ ।

ਕਦੇ ਝੋਲੀ 'ਚ ਪੈ ਜਾਂਦੇ, ਕਿਤੋਂ ਜੇ ਮੁੱਠ-ਕੁ ਹਾਸੇ,
ਮਿਰੇ ਦੋ-ਚਾਰ ਦੁੱਖਾਂ ਦਾ, ਤੇ ਬੁੱਤਾ ਸਰ ਗਿਆ ਹੁੰਦਾ ।

ਅਖ਼ੀਰੀ ਹਰਫ਼ ਬਾਕੀ ਏ, ਲਿਖਾਂਗਾ ਆਖ਼ਰੀ ਵੇਲੇ,
ਜੇ ਓਹੋ ਹਰਫ਼ ਲਿਖਦਾ ਮੈਂ, ਕਦੋਂ ਦਾ ਮਰ ਗਿਆ ਹੁੰਦਾ ।

ਬੁਰਾ ਹੋਇਆ ਚੁਰਾਇਆ ਏ, ਕਿਸੇ 'ਸੁਲਤਾਨ' ਨੇ ਦਿਲ ਨੂੰ,
ਕਦੀ ਅਫ਼ਸੋਸ ਨਾ ਕਰਦਾ, ਜੇ ਮੇਰਾ ਜ਼ਰ ਗਿਆ ਹੁੰਦਾ ।

ਸੂਰਜ ਬੂਹੇ ਬੂਹੇ ਅਪਣੇ ਲਹੂ ਦੇ ਦੀਵੇ ਬਾਲ ਗਿਆ

ਸੂਰਜ ਬੂਹੇ ਬੂਹੇ ਅਪਣੇ ਲਹੂ ਦੇ ਦੀਵੇ ਬਾਲ ਗਿਆ ।
ਡੁੱਬਣ ਲੱਗਿਆ ਕੱਲਾ ਡੁੱਬਿਆ, ਕੋਈ ਨਾ ਉਹਦੇ ਨਾਲ ਗਿਆ ।

ਬੱਤੀ ਧਾਰਾਂ ਬਖ਼ਸ਼ੇ ਤੇ, ਅਹਿਸਾਨ ਮਿਰੀ ਮਾਂ-ਧਰਤੀ ਦਾ,
ਸੇਵਾ ਇਹਦੀ ਕੁਝ ਨਾ ਕੀਤੀ, ਪਰ ਨਹੀਂ ਦਿਲੋਂ ਖ਼ਿਆਲ ਗਿਆ ।

ਯਾਦ ਕਰੇ ਭਾਵੇਂ ਭੁੱਲ ਜਾਵੇ, ਇਹ ਦੁਨੀਆਂ ਦੀ ਮਰਜ਼ੀ ਏ,
ਮਾਲੀ ਨੇ ਰਖਵਾਲੀ ਕੀਤੀ, ਬੂਟਾ-ਬੂਟਾ ਪਾਲ ਗਿਆ ।

ਹਾਲ ਮਿਰਾ ਨਾ ਪੁੱਛੋ ਮੈਂ ਨਹੀਂ ਹਾਲ ਸੁਨਾਉਣਾ ਦੁਨੀਆਂ ਨੂੰ,
ਮਾਜ਼ੀ ਨੇ ਤੇ ਜਾਣਾ ਹੀ ਸੀ, ਹਾਲ ਵੀ ਉਹਦੇ ਨਾਲ ਗਿਆ ।

ਹੋਇਆ ਕੀ ਜੇ ਜੁੱਸੇ ਵਿੱਚੋਂ ਫਿਰ ਕੋਈ ਜੁੱਸੀ ਆਇਆ ਨਹੀਂ,
ਰੱਤ ਪਿਲਾ ਕੇ ਰੀਤਾਂ ਨੂੰ ਤੇ ਦੇ ਕੇ ਬਾਂਗ 'ਬਿਲਾਲ' ਗਿਆ ।

ਉਹ ਕਲਮੂੰਹਾਂ ਬੁਰਾ ਮੁਕੱਦਰ, ਮੱਥੇ ਤੋਂ ਮਰ ਚੁੱਕਾ ਏ,
ਓਦੋਂ ਦਾ 'ਸੁਲਤਾਨ' ਸਦਾਉਨਾਂ, ਜਿੱਦਣ ਦਾ ਕੰਗਾਲ ਗਿਆ ।

ਪੰਜਾਬੀ ਨਜ਼ਮਾਂ ਸੁਲਤਾਨ ਖ਼ਾਰਵੀ

ਪਾਣੀ ਦਾ ਸਿਰਨਾਵਾਂ

ਸਾਡੇ ਸੁਫ਼ਨੇ ਪੁੱਛਣ ਸਾਥੋਂ
ਪਾਣੀ ਦਾ ਸਿਰਨਾਵਾਂ
ਜਿਹੜਾ ਮੌਸਮ ਅੰਗ ਹੰਡਾਇਆ
ਉਹੋ ਈ ਕੌੜਾ ਲੱਗਾ
ਆਪਣੇ ਲਹੂ ਦੇ ਮਾਣ ਵਿੱਚ ਮੋਏ
ਉਹ ਵੀ ਹੈਸੀ ਬੱਗਾ
ਜਿੰਦ ਖਡਾਇਆ ਸਾਨੂੰ
ਸਾਡੇ ਪਿੰਡੇ ਪੀੜਾਂ ਜਣੀਆਂ
ਸਾਹ ਦੀ ਤਾਣੀ ਤਣਦਿਆਂ ਰਹਿਣਾ
ਬੁੱਝਣ ਤੀਕਰ ਤਣੀਆਂ
ਦੋਵੇਂ ਪੈਰ ਗਵਾਚ ਗਏ ਤੇ
ਮੰਜ਼ਿਲ ਡਾਹ ਨਾ ਦਿੱਤੀ
ਰੋਜ਼ ਸਿਖ਼ਰ ਨੂੰ ਛੂੰਹਦੀ ਲੱਗੇ
ਇਕ ਉਮਰ ਦੀ ਖਿੱਤੀ
ਇਹ ਅਸਾਡਾ ਬੁੱਤ ਪਿਆ ਏ
ਉਹ ਸਾਡਾ ਪਰਛਾਵਾਂ
ਵੇਲ਼ੇ ਨੇ ਕੀ ਪਾਇਆ ਹੋਇਆ
ਸਾਡੇ ਗਲ਼ੀਂ ਗਲ਼ਾਵਾਂ
ਭਿੱਜਦਾ ਜੀਵਨ ਨੂੜ ਲਿਆ ਏ
ਵਿੱਚ ਉਡੀਕ ਦੇ ਮਾਂਵਾਂ
ਸਾਡੇ ਸੁਫ਼ਨੇ ਪੁੱਛਣ ਸਾਥੋਂ
ਪਾਣੀ ਦਾ ਸਿਰਨਾਵਾਂ

ਕਬਰਾਂ ਦੀ ਮਿੱਟੀ

ਸਾਡੀ ਪਿਆਰ ਤ੍ਰੇਹ ਦਾ ਕੀ ਏ?
ਜਿਉਂ ਕਬਰਾਂ ਦੀ ਮਿੱਟੀ
ਜੰਮਦਿਆਂ ਨਾਲ ਬੁਢੇਪੇ ਖੇਡੇ
ਬਣ ਕੇ ਹਾਣੀ ਹਾਣੀ
ਜੋਬਨ ਰੁੱਤ ਕਿਤੇ ਨਾ ਆਈ
ਲੰਘੇ ਕਾਲ਼ੇ ਪਾਣੀ
ਸਾਡੇ ਸਿਰ ਤੇ ਨਹੀਂ ਨਾ ਕਾਲ਼ੇ
ਪਹਿਲੇ ਦਿਨ ਤੋਂ ਬੱਗੇ
ਹੋਰ ਕਿਸੇ ਦੀ ਪੀੜ ਵੀ ਸਾਨੂੰ
ਆਪਣੀ ਵਰਗੀ ਲੱਗੇ
ਸਾਹ ਦੇ ਮਿਰਗ ਨੂੰ ਮਰਗ ਚੁਵਾਤੀ
ਗੁੜ੍ਹਤੀ ਦੇ ਵਿੱਚ ਲੱਭੀ
ਸਾਡਾ ਸਾਰਾ ਜੀਵਨ ਕੀ ਏ
ਈਵੇਂ ਰੱਬ ਸਬੱਬੀ
ਬੇਦੋਸ਼ੇ ਬੇਕਰਮੇ ਯਾਰੋ
ਲੋਥ ਕਿਸੇ ਜਿਓਂ ਸਿੱਟੀ
ਸਾਡੀ ਪਿਆਰ ਤ੍ਰੇਹ ਦਾ ਕੀ ਏ
ਜਿਉਂ ਕਬਰਾਂ ਦੀ ਮਿੱਟੀ