Suram Salai : Manjinder Singh Dhanoa

ਸੁਰਮ ਸਲਾਈ : ਮਨਜਿੰਦਰ ਸਿੰਘ ਧਨੋਆ



ਮੈਂ ਤੇਰੀ ਮਹਿਕ ਨੂੰ ਇੱਕ ਨਾਮ

ਮੈਂ ਤੇਰੀ ਮਹਿਕ ਨੂੰ ਇੱਕ ਨਾਮ ਤਕ ਲੈ ਆਇਆ ਹਾਂ। ਕਿ ਅਪਣੇ ਇਸ਼ਕ ਨੂੰ ਅੰਜਾਮ ਤਕ ਲੈ ਆਇਆ ਹਾਂ। ਉਹ ਜਿੱਥੇ ਹਾਰ ਕੇ ਵੀ ਆਦਮੀ ਖੁਸ਼ ਰਹਿੰਦਾ ਹੈ, ਮੈਂ ਸਫ਼ਰ ਦਿਲ ਦਾ ਉਸ ਮੁਕਾਮ ਤਕ ਲੈ ਆਇਆ ਹਾਂ। ਤੁਸੀਂ ਇਸ ਚਾਨਣੀ ਨੂੰ ਚੰਨ ਵਾਂਗੂੰ ਸਾਂਭ ਰੱਖਣਾ, ਮੈਂ ਸੂਰਜ ਦੋਸਤੀ ਦਾ ਸ਼ਾਮ ਤਕ ਲੈ ਆਇਆ ਹਾਂ। ਅਜੇ ਤਕ ਸੁਪਨ ਜਿਹੜੇ ਖ਼ਾਸ ਲੋਕੀਂ ਪਾਲਦੇ ਸੀ, ਉਹੀ ਅਹਿਸਾਸ ਮੈਂ ਹੁਣ ਆਮ ਤਕ ਲੈ ਆਇਆ ਹਾਂ। ਮੈਂ ਗੂੰਗੀ ਧਰਤ ਦੀ ਆਵਾਜ਼ ਬਣ ਕੇ ਆ ਗਿਆ ਵਾਂ, ਤੇ ਚੁੱਪ ਦੀ ਪੀੜ ਨੂੰ ਕੁਹਰਾਮ ਤਕ ਲੈ ਆਇਆ ਹਾਂ। ਤੁਹਾਡੇ ਹੱਥ ਵਿਚ ਹੁਣ ਹੈ ਵਤਨ ਦੀ ਆਬਰੂ, ਮੈਂ ਤਾਂ, ਸੁਨੇਹਾ ਵਕਤ ਦਾ ਅਵਾਮ ਤਕ ਲੈ ਆਇਆ ਹਾਂ।

ਨੈਣਾਂ 'ਚ ਕੁਝ ਵਫ਼ਾ ਦੇ

ਨੈਣਾਂ 'ਚ ਕੁਝ ਵਫ਼ਾ ਦੇ ਹੰਝੂ ਸੰਭਾਲ ਰੱਖਣਾ। ਏਨਾ ਕੁ ਦੋਸਤਾਨਾ ਦੁਨੀਆਂ ਦੇ ਨਾਲ ਰੱਖਣਾ। ਏਹੀ ਤਾਂ ਜ਼ਿੰਦਗੀ ਨੂੰ ਬਸ ਜਿਉਣ ਦਾ ਹੁਨਰ ਹੈ, ਅਪਣੇ ਸੁਆਸ ਅੰਦਰ ਦੂਜੇ ਨੂੰ ਪਾਲ ਰੱਖਣਾ। ਅਗਨੀ ਦੀ ਰੁੱਤ ਅੰਦਰ, ਲਾਟਾਂ ਦੇ ਘੇਰਿਆਂ ਵਿਚ, ਮੱਥੇ 'ਚ ਚੰਨ ਵਰਗਾ ਸੀਤਲ ਖ਼ਿਆਲ ਰੱਖਣਾ। ਚਾਨਣ ਦੇ ਆਸ਼ਕਾਂ ਦੀ ਏਹੀ ਦੀਵਾਨਗੀ ਹੈ, ਜਿੱਥੇ ਵੀ 'ਨੇਰ ਤੱਕਿਆ ਓਥੇ ਮਸ਼ਾਲ ਰੱਖਣਾ। ਦੁਸ਼ਮਣ ਵੀ ਦੋਸਤੀ ਦਾ ਪਾ ਕੇ ਲਿਬਾਸ ਬੈਠੇ, ਸ਼ੀਸ਼ਾਗਰਾਂ ਦੀ ਨਗਰੀ ਲੋਹੇ ਦੀ ਢਾਲ ਰੱਖਣਾ। ਸਿੱਖਿਆ ਏ ਮੈਂ ਤਾਂ ਏਹੀ ਸ਼ਬਦਾਂ ਦੀ ਰਹਿਬਰੀ ਤੋਂ, ਜ਼ਰਖੇਜ਼ ਧਰਤ ਰੱਖਣੀ ਅੰਬਰ ਵਿਸ਼ਾਲ ਰੱਖਣਾ। ਵੇਖੀਂ ਨਾ ਸ਼ੋਰ ਅੰਦਰ ਸਰਗਮ ਗੁਆਚ ਜਾਏ, ਹੋਠਾਂ ਤੇ ਗੀਤ ਰੱਖਣਾ ਪੈਰਾਂ 'ਚ ਤਾਲ ਰੱਖਣਾ। ਐਵੇਂ ਨਾ ਪਰਚ ਜਾਵੀਂ ਸੋਨੇ ਦੇ ਵਰਕਿਆਂ ਵਿਚ, ਦਿਲ ਦੀ ਕਿਤਾਬ ਪੜ੍ਹ ਕੇ ਦਿਲ ਦਾ ਸਵਾਲ ਰੱਖਣਾ। ਚੋਗਾ ਚਗਾਉਣ ਵਾਲੇ ਸ਼ਾਤਿਰ ਸ਼ਿਕਾਰੀਆਂ ਨੇ, ਤੈਨੂੰ ਫਸਾਉਣ ਖ਼ਾਤਿਰ ਥਾਂ-ਥਾਂ ਤੇ ਜਾਲ ਰੱਖਣਾ।

ਰਾਗ ਅੰਨ੍ਹੇ ਸ਼ਬਦ ਕਾਣੇ ਹੋ ਗਏ

ਰਾਗ ਅੰਨ੍ਹੇ ਸ਼ਬਦ ਕਾਣੇ ਹੋ ਗਏ। ਕਿਸ ਤਰ੍ਹਾਂ ਦੇ ਗੀਤ ਗਾਣੇ ਹੋ ਗਏ। ਸ਼ਹਿਰ ਦਾ ਮੂੰਹ ਧੋ ਦਿਓ ਚਮਕਾ ਦਿਓ, ਰੰਗ ਕੰਧਾਂ ਦੇ ਪੁਰਾਣੇ ਹੋ ਗਏ। ਕਿੱਲ ਕਾਂਟੇ ਚੁਗਣ ਬੱਚੇ ਪੇਟ ਲਈ, ਬਿਨ ਸਕੂਲਾਂ ਤੋਂ ਸਿਆਣੇ ਹੋ ਗਏ। ਸੋਚ ਉਹਨਾਂ ਦੀ ਸਿਮਟ ਕੇ ਰਹਿ ਗਈ, ਜਦ ਘਰਾਂ ਤੋਂ ਓਹ ਘਰਾਣੇ ਹੋ ਗਏ। ਸ਼ੁਕਰੀਆ ਬਰਸਾਤ ਤੇਰਾ ਸ਼ੁਕਰੀਆ, ਖਾਣ ਜੋਗੇ ਚਾਰ ਦਾਣੇ ਹੋ ਗਏ। ਦੋ ਪੁੜਾਂ ਵਿਚਕਾਰ ਫਿਰ ਨਾ ਬੋਲਦੇ, ਲੋਕ ਕਿਉਂ ਏਨੇ ਨਿਤਾਣੇ ਹੋ ਗਏ। ਬਣ ਗਏ ਪੱਥਰ ਦਿਲ ਨੇ ਆਦਮੀ, ਸ਼ੀਸ਼ਿਆਂ ਵਰਗੇ ਨੇ ਬਾਣੇ ਹੋ ਗਏ।

ਕਿੱਦਾਂ ਦਾ ਮਿਹਰਵਾਨ ਹੈਂ

ਕਿੱਦਾਂ ਦਾ ਮਿਹਰਵਾਨ ਹੈਂ ਸਭ ਕੁੱਝ ਵਿਸਾਰ ਕੇ। ਖ਼ੁਦ ਹੀ ਤੂੰ ਢਾਹੀ ਜਾ ਰਿਹੈ ਸੁਪਨੇ ਉਸਾਰ ਕੇ। ਪੱਥਰ ਦੀ ਅੱਖ ਨੂੰ ਭਲਾ ਇਸ ਗੱਲ ਦੀ ਕੀ ਖ਼ਬਰ, ਕਿੰਨੇ ਹੀ ਖ਼ਾਬ ਜੀ ਰਹੇ ਨੇ ਦਿਲ ਨੂੰ ਮਾਰ ਕੇ। ਦੁਨੀਆਂ ਦੇ ਸਾਰੇ ਰੰਗ ਹੀ ਨਜ਼ਰਾਂ 'ਚ ਆ ਗਏ, ਤੱਕਿਆ ਸੀ ਇਸ ਨੂੰ ਮੈਂ ਜਦੋਂ ਗੌਗਲ ਉਤਾਰ ਕੇ। ਪੱਕਦੇ ਨੇ ਕੁੱਝ ਘਰਾਂ 'ਚ ਵੀ ਪਕਵਾਨ ਇਸ ਤਰ੍ਹਾਂ, ਵੱਸਦੇ ਘਰਾਂ ਦੇ ਬਲ ਰਹੇ ਚੁੱਲ੍ਹਿਆਂ ਨੂੰ ਠਾਰ ਕੇ। ਵਣਜਾਰਿਆਂ ਦੇ ਵਾਂਗ ਨੇ ਦੁੱਖਾਂ ਦੇ ਕਾਫ਼ਲੇ, ਤੁਰ ਜਾਣਗੇ ਇਹ ਆਪ ਹੀ ਦੋ ਦਿਨ ਗੁਜ਼ਾਰ ਕੇ। ਇਹ ਕੌਣ ਨੇ ਜੋ ਰਾਤ ਦੇ ਪਰਦੇ 'ਚ ਨਿਕਲਦੇ, ਜਿਸਮਾਂ ਦੀ ਕੱਕੀ ਰੇਤ 'ਤੇ ਚਾਨਣ ਖਿਲਾਰ ਕੇ। ਚੰਨ ਤਾਰਿਆਂ ਤੋਂ ਵੱਖਰੇ ਸੂਰਜ ਉਹ ਹੋਰ ਨੇ, ਦਿੰਦੇ ਨੇ ਜਿਹੜੇ ਰੌਸ਼ਨੀ ਆਪੇ ਨੂੰ ਵਾਰ ਕੇ।

ਮਸਨੂਈ ਸਾਹਾਂ 'ਤੇ ਬੇਗਾਨੀ ਹਵਾ ਉੱਤੇ

ਮਸਨੂਈ ਸਾਹਾਂ 'ਤੇ ਬੇਗਾਨੀ ਹਵਾ ਉੱਤੇ। ਕਦ ਤੱਕ ਇਹ ਦਿਲ ਤੇਰਾ ਧੜਕੇਗਾ ਦਵਾ ਉੱਤੇ। ਚਿਹਰੇ ਪਹਿਚਾਣ ਜ਼ਰਾ, ਸੱਚ ਨੂੰ ਵੀ ਜਾਣ ਜ਼ਰਾ, ਐਵੇਂ ਨਾ ਡੁੱਲ੍ਹਦਾ ਜਾ ਰੰਗਾਂ ਦੀ ਅਦਾ ਉੱਤੇ। ਇਹ ਕੈਸੀ ਅਦਾਲਤ ਹੈ, ਇਹ ਕੈਸੀ ਵਕਾਲਤ ਹੈ, ਇਨਸਾਫ਼ ਦਾ ਸੱਚ ਟਿਕਿਆ ਇਕ ਝੂਠੇ ਗਵਾਹ ਉੱਤੇ। ਨਾ ਅਗਨ ਗਵਾਹੀ ਤੇ, ਨਾ ਸ਼ਬਦ ਸਿਆਹੀ ਤੇ, ਰਿਸ਼ਤੇ ਦੀ ਨੀਂਹ ਬੱਝਦੀ ਰੂਹਾਂ ਦੀ ਵਫ਼ਾ ਉੱਤੇ। ਲਹਿਰਾਂ ਦੇ ਖਿਡੌਣੇ ਲੈ, ਦਰਿਆ ਤੂੰ ਸਾਗਰ ਵੱਲ, ਦਮ ਰੱਖ ਕੇ ਤੁਰਿਆ ਚੱਲ ਰੇਤੇ ਦੀ ਸਤ੍ਹਾ ਉੱਤੇ।

ਪੈਰ ਵਿਹੜੇ 'ਚ ਪੱਤਝੜ ਨੇ

ਪੈਰ ਵਿਹੜੇ 'ਚ ਪੱਤਝੜ ਨੇ ਕੀ ਧਰੇ ਅਪਣੇ। ਟੁੱਟ ਗਏ ਮੇਰੇ ਨਾਲੋਂ ਫਿਰ ਮੇਰੇ ਅਪਣੇ। ਤਪਦੀ ਰੇਤ ਨੇ ਪੀ ਜਾਣਾ ਏ ਹੁਸਨ ਤੇਰਾ, ਐ ਹੰਝੂ ਪਰਤ ਜਾ ਮੁੜ ਜਾ ਤੂੰ ਘਰੇ ਅਪਣੇ। ਖਿੜੇ ਰਹਿਣਾ ਨਿਸ਼ਾਨੀ ਹੈ ਜ਼ਿੰਦਾ ਦਿਲੀ ਦੀ, ਰੱਖੇ ਨੇ ਇਸ ਲਈ ਮੈਂ ਪੱਤ ਹਰੇ ਅਪਣੇ। ਦਿਲ ਦੀ ਪੀੜ ਨੂੰ ਬੇਦਰਦ ਭਲਾ ਕੀ ਸਮਝੇ, ਤੂੰ ਜੇਬ ਅਪਣੀ 'ਚ ਰੱਖ ਇਹ ਮਸ਼ਵਰੇ ਅਪਣੇ। ਇਸ ਕਤਲਾਮ 'ਚ 'ਧਨੋਆ' ਕਹੀਏ ਕਿਸ ਨੂੰ, ਹੱਥ ਅਪਨੇ, ਗਲੇ ਅਪਨੇ, ਉਸਤਰੇ ਅਪਣੇ।

ਅਜਬ ਇਹ ਆਦਮੀ ਰੱਖਦਾ ਇਲਮ

ਅਜਬ ਇਹ ਆਦਮੀ ਰੱਖਦਾ ਇਲਮ ਹਰ ਇੱਕ ਖ਼ਬਰ ਦਾ ਹੈ। ਨਾ ਮੰਜ਼ਿਲ ਦਾ ਪਤਾ ਉਸ ਕੋਲ ਨਾ ਰਸਤਾ ਹੀ ਘਰ ਦਾ ਹੈ। ਜ਼ਰਾ ਇਸ ਸ਼ੂਕਦੀ ਰਫ਼ਤਾਰ ਘੁੰਮਣਘੇਰ ਨੂੰ ਪੁੱਛੋ? ਸਿਰਾ ਲੱਭਿਆ ਕਿਸੇ ਨੂੰ ਵੀ ਅਜੇ ਤੱਕ ਇਸ ਸਫ਼ਰ ਦਾ ਹੈ। ਬੜਾ ਬੇ-ਰਹਿਮ ਹੈ ਇਸ ਝਿਲਮਿਲਾਉਂਦੇ ਸ਼ਹਿਰ ਦਾ ਆਲਮ, ਖ਼ੁਦੀ ਅੰਦਰ ਗੁਆਚਾ ਹੈ ਖ਼ੁਦਾ ਦੀ ਗੱਲ ਕਰਦਾ ਹੈ। ਨਵੀਂ ਤਹਿਜ਼ੀਬ ਦਾ ਇਹ ਵੀ ਭਲਾ ਅੰਦਾਜ਼ ਕੀ ਹੋਇਆ? ਪਿਤਾ ਬੱਚੇ ਦੇ ਕਮਰੇ ਵਿਚ ਪੁੱਛ ਕੇ ਪੈਰ ਧਰਦਾ ਹੈ। ਬਹੁਤ ਵਿਕਰਾਲ ਹੈ ਇਸ ਮੁਲਕ ਅੰਦਰ ਸਹਿਮ ਦਾ ਸਾਇਆ, ਸੁਣੇ ਅਫ਼ਵਾਹ ਕਿਤੇ ਬੰਦਾ ਘਰੋਂ ਨਿਕਲਣ ਤੋਂ ਡਰਦਾ ਹੈ। ਮੇਰੇ ਇਸ ਸ਼ਹਿਰ ਵਿਚ ਮਿਲਦੇ ਨੇ ਹਰ ਥਾਂ ਲਿਸ਼ਕਵੇਂ ਸ਼ੀਸ਼ੇ, ਕਿਤੇ ਤਿੜਕੇ ਦਿਸਣ ਚਿਹਰੇ ਕਿਤੇ ਚਿਹਰੇ 'ਤੇ ਪਰਦਾ ਹੈ। ਤੇਰੇ ਇਨਸਾਫ਼ ਦੀ ਤੱਕੜੀ ਨੂੰ ਤੱਕ ਪਥਰਾਅ ਗਏ ਹੰਝੂ, ਕਿਸੇ ਦਾ ਸੱਚ ਡੁੱਬ ਜਾਂਦਾ, ਕਿਸੇ ਦਾ ਝੂਠ ਤਰਦਾ ਹੈ। ਸਮੇਂ ਦੇ ਤੀਰ ਜੇ ਕਰਦੇ ਦਿਲਾਂ ਦੀ ਲਹਿਰ ਨੂੰ ਘਾਇਲ, ਸਮੇਂ ਦਾ ਮਰ੍ਹਮ ਹੀ ਡੂੰਘੇ ਤੋਂ ਡੂੰਘੇ ਜ਼ਖ਼ਮ ਭਰਦਾ ਹੈ।

ਬੈਠੇ ਨੇ ਪੈਰ-ਪੈਰ ਤੇ

ਬੈਠੇ ਨੇ ਪੈਰ-ਪੈਰ ਤੇ ਉਹ ਜ਼ਹਿਰ ਘੋਲ ਕੇ। ਇਸ ਸ਼ਹਿਰ ਵਿਚ ਤੂੰ ਚੱਲ ਜ਼ਰਾ ਅੱਖਾਂ ਨੂੰ ਖੋਲ੍ਹ ਕੇ। ਕੋਈ ਵੀ ਤੇਰੇ ਗ਼ਮ ਵਿਚ ਹੁੰਦਾ ਨਹੀਂ ਸ਼ਰੀਕ, ਫਿਰ ਕਿਉਂ ਮਜ਼ਾਕ ਬਣ ਰਿਹੈ ਆਪਾ ਫਰੋਲ ਕੇ। ਲਹਿਰਾਂ 'ਚ ਖਲਬਲੀ ਤੇ ਜੀਵਨ 'ਚ ਹਾਦਸੇ, ਆਉਂਦੇ ਨੇ ਇਹ ਤੂਫ਼ਾਨ ਕਦੇ ਮੂੰਹੋਂ ਬੋਲ ਕੇ। ਜੇ ਵਕਤ ਦੀ ਨਾ ਦੋਸਤਾ ਕੀਤੀ ਪਛਾਣ ਤੂੰ, ਲੰਘ ਜਾਣਗੇ ਏਹ ਕਾਫ਼ਲੇ ਤੈਨੂੰ ਮਧੋਲ ਕੇ। ਇਸ ਰੇਤਲੀ ਸਤ੍ਹਾ ਦਾ ਬੰਜਰ ਜ਼ਮੀਨ ਨੂੰ, ਸਿੰਜੇਗਾ ਕਿੰਨੀ ਦੇਰ ਤੱਕ ਅੱਥਰਾਂ ਨੂੰ ਡੋਲ ਕੇ।

ਆਪਣੀ ਹੀ ਕਹਿ ਰਹੇ ਨੇ

ਆਪਣੀ ਹੀ ਕਹਿ ਰਹੇ ਨੇ ਸੁਣ ਰਿਹਾ ਕੋਈ ਨਹੀਂ। ਜਾਪਦਾ ਏ ਕਾਫ਼ਲੇ ਦਾ ਰਾਹਨੁਮਾ ਕੋਈ ਨਹੀਂ। ਕਿਸ ਤਰ੍ਹਾਂ ਦੀ ਲਾਲਸਾ ਹੈ ਸ਼ਹਿਰ ਸਾਰਾ ਹਫ਼ ਰਿਹਾ, ਇੱਕ ਦੂਜੇ ਦੇ ਬਰਾਬਰ ਤੁਰ ਰਿਹਾ ਕੋਈ ਨਹੀਂ। ਮੌਸਮਾਂ ਦਾ ਕਹਿਰ ਹੈ ਜਾਂ ਬਦ-ਦੁਆ ਹੈ ਧਰਤ ਦੀ, ਟਾਹਣੀਆਂ 'ਤੇ ਝੂਮਦਾ ਪੱਤਾ ਹਰਾ ਕੋਈ ਨਹੀਂ। ਉਮਰ ਸਾਰੀ ਸਫ਼ਰ ਦੇ ਵਿਚ ਲੰਘ ਗਈ ਹੈ ਸੋਚਦੇ, ਇੱਕ ਕਦਮ ਇਹ ਠੋਸ ਬਸ ਅਗਲਾ ਪੜਾਅ ਕੋਈ ਨਹੀਂ। ਦੂਰ ਪਰਦੇਸਾਂ 'ਚ ਵੱਸਦੇ ਮਾਪਿਆਂ ਨੂੰ ਪੁੱਤ ਦਾ, ਆਸਰਾ ਵੀ ਇੰਜ ਹੈ ਜਿਉਂ ਆਸਰਾ ਕੋਈ ਨਹੀਂ। ਇਸ ਨਸਲ ਦੇ ਖ਼ੂਨ ਵਿਚ ਜਜ਼ਬਾ ਤਾਂ ਹਾਜ਼ਿਰ ਹੈ ਜਨਾਬ, ਮੋਹ-ਮੁਹੱਬਤ ਹੈ ਮਸ਼ੀਨੀ, ਦਿਲ, ਵਫ਼ਾ ਕੋਈ ਨਹੀਂ। ਕਿਉਂ 'ਧਨੋਆ' ਲਿਖ ਰਿਹੈ ਗ਼ਜ਼ਲਾਂ 'ਚ ਦਿਲ ਦੀ ਵੇਦਨਾ, ਐਸੀਆਂ ਬਹਿਰਾਂ ਨੂੰ ਏਥੇ ਮਾਣਦਾ ਕੋਈ ਨਹੀਂ।

ਘਰ ਪੁਰਾਣਾ ਸਹੀ ਦਿਲ ਨੂੰ

ਘਰ ਪੁਰਾਣਾ ਸਹੀ ਦਿਲ ਨੂੰ ਇਹ ਤਸੱਲੀ ਤਾਂ ਹੈ। ਬਿਰਧ ਮਾਂ ਬਾਪ ਦੇ ਚਿਹਰੇ ਤੇ ਇੱਕ ਖ਼ੁਸ਼ੀ ਤਾਂ ਹੈ। ਇਸ ਬਦੌਲਤ ਹੈ ਮੇਰੀ ਇੱਜ਼ਤ ਸਵੈਮਾਨ ਮੇਰਾ, ਭਾਵੇਂ ਕੱਚੀ ਸਹੀ ਪਰ ਸਿਰ 'ਤੇ ਛੱਤ ਅਪਣੀ ਤਾਂ ਹੈ। ਮੈਂ ਅਪਣੀ ਅੱਗ ਵਿਚ ਹੁਣ ਤੀਕ ਭਸਮ ਹੋਣਾ ਸੀ, ਰੱਬ ਦਾ ਸ਼ੁਕਰ ਹੈ ਘਰ ਮੇਰੇ ਮੌਲਸਰੀ ਤਾਂ ਹੈ। ਐ ਗੁਰਬਤ ਮੈਂ ਤੇਰੀ ਸਾਫ਼ਗੋਈ ਦਾ ਕਾਇਲ ਹਾਂ, ਕਿ ਤੇਰਾ ਚਿਹਰਾ, ਤੇਰਾ ਅੱਥਰੂ ਅਸਲੀ ਤਾਂ ਹੈ। ਮੈਂ ਅਪਣੇ ਆਪ ਨੂੰ ਅਕਸਰ ਹੀ ਟੋਲਦਾ ਰਹਿੰਨਾ, ਖ਼ੁਦ ਨੂੰ ਪਛਾਨਣ ਲਈ ਸ਼ੀਸ਼ਾ ਜ਼ਰੂਰੀ ਤਾਂ ਹੈ। ਚਲੋ ਮੰਨਿਆਂ ਮੇਰੇ ਬੋਲਾਂ 'ਚ ਹੈ ਕੰਪਣ ਅਜੇ, ਸਰਾਪੇ ਪੱਥਰਾਂ 'ਚੋਂ ਕੋਈ ਲਗਰ ਫੁੱਟੀ ਤਾਂ ਹੈ।

ਉਦਾਸੇ ਏਸ ਘਰ ਵਿਚ ਵੀ

ਉਦਾਸੇ ਏਸ ਘਰ ਵਿਚ ਵੀ ਗੁਲਾਬੀ ਫੁੱਲ ਖਿਲ ਜਾਂਦੇ। ਜੇ ਹੱਥਾਂ ਵਾਂਗ ਹੀ ਕਿਧਰੇ ਅਸਾਡੇ ਦਿਲ ਵੀ ਮਿਲ ਜਾਂਦੇ। ਨਦੀ ਬਣ ਤੁਰ ਹੀ ਪੈਣੇ ਸੀ ਰੁਕੇ ਇਹ ਨੀਰ ਝੀਲਾਂ ਦੇ, ਜੋ ਪੱਥਰ ਪਾਣੀਆਂ ਦੀ ਤਹਿ 'ਚ ਬੈਠੇ ਕੁਝ ਕੁ ਹਿਲ ਜਾਂਦੇ। ਪਿਆਸੇ ਭਟਕਦੇ ਨੇ ਉਮਰ ਭਰ ਹੀ ਰੇਤਲੇ ਟਿੱਬੇ, ਉਨ੍ਹਾਂ ਇਤਿਹਾਸ ਕੀ ਲਿਖਣਾ ਜੋ 'ਵਾਵਾਂ ਨਾਲ ਠਿਲ੍ਹ ਜਾਂਦੇ। ਤੁਸਾਂ ਹੀ ਪੱਥਰਾਂ ਨੂੰ ਰਗੜ ਕੇ ਸ਼ੀਸ਼ੇ ਬਣਾ ਦਿੱਤਾ, ਤੁਹਾਡੀ ਬੇਬਸੀ ਤੇ ਲਬ ਇਨ੍ਹਾਂ ਦੇ ਕਿੰਝ ਸਿਲ ਜਾਂਦੇ। 'ਧਨੋਆ' ਧਰਤ ਅਪਣੀ 'ਤੇ ਹਰੀ ਛੱਤਰੀ ਸਜਾ ਰੱਖੀਂ, ਹਵਾਵਾਂ ਨਾਲ ਨੰਗੇ ਪਰਬਤਾਂ ਦੇ ਜਿਸਮ ਛਿਲ ਜਾਂਦੇ।

ਕੀ ਹੋਇਆ ਤਲਵਾਰ ਜੇ

ਕੀ ਹੋਇਆ ਤਲਵਾਰ ਜੇ ਹੱਥੀਂ ਫੜੀ ਨਹੀਂ। ਇਹ ਨਾ ਸਮਝੀਂ ਜੰਗ ਕਦੇ ਮੈਂ ਲੜੀ ਨਹੀਂ। ਪੁੱਤਰ ਧੀਆਂ ਸਿਵਿਆਂ ਦੇ ਰਾਹ ਪੈ ਚੱਲੇ, ਕਿਹੜਾ ਦਿਨ ਜਦ ਮਾਂ ਦੀ ਮਿੱਟੀ ਸੜੀ ਨਹੀਂ। ਉਸ ਨੂੰ ਆਖੋ ਕੂੜ-ਤਮਾਸ਼ਾ ਬੰਦ ਕਰੇ, ਜਾਦੂਗਰ ਦੇ ਪੱਲੇ ਜੇਕਰ ਛੜੀ ਨਹੀਂ। ਕੱਖਾਂ ਦੀ ਅਗਨੀ ਵੀ ਲਾਂਬੂ ਬਣ ਸਕਦੀ, ਹਾਕਮ ਨੇ ਤਾਰੀਖ ਹੀ ਲਗਦੈ ਪੜ੍ਹੀ ਨਹੀਂ। ਧਰਤੀ ਮਾਂ ਦੀ ਪੀੜ ਪਰੋ 'ਲਾ ਕਾਫ਼ੀ ਹੈ, ਗ਼ਜ਼ਲਾਂ ਦੇ ਸਿਰ ਹੋਰ ਮੈਂ ਕਲਗੀ ਜੜੀ ਨਹੀਂ। ਕੋਠੇ ਖੜ੍ਹੀਆਂ ਸੋਚਾਂ ਦੀ ਗੱਲ ਕੌਣ ਸੁਣੇ, ਲੋਕਾਂ ਹਾਲੇ ਦੂਜੀ ਪੌੜੀ ਚੜ੍ਹੀ ਨਹੀਂ। ਸਮਿਆਂ ਦੇ ਇਤਿਹਾਸ ਨੂੰ ਓਹੀਓ ਸਿਰਜੇਗਾ, ਜਿਸ ਬੰਦੇ ਦੇ ਗੁੱਟ 'ਤੇ ਬੱਧੀ ਘੜੀ ਨਹੀਂ।

ਹਰ ਰੰਗ ਦੇ ਵਿਚ ਘੁਲਦਾ ਜਾਏ

ਹਰ ਰੰਗ ਦੇ ਵਿਚ ਘੁਲਦਾ ਜਾਏ ਇੱਕ ਫਿਰਕੂ ਪਰਛਾਵਾਂ। ਇਸ ਮੌਸਮ ਵਿਚ ਸੋਚ ਰਿਹਾ ਹਾਂ ਕਿਹੜੇ ਵਸਤਰ ਪਾਵਾਂ। ਇੱਕੋ ਬੂੰਦ ਸੀ ਪਿਆਸ ਜਿਨ੍ਹਾਂ ਦੀ ਅੱਜ ਉਹ ਦਰਿਆ ਪੀਵਣ, ਸਾਗਰ ਤਰਫ਼ੋ ਆਉਣ ਵਾਲੀਆਂ ਨੱਚਣ ਖ਼ੂਬ ਹਵਾਵਾਂ। ਸ਼ੀਸ਼ ਮਹਿਲ ਧੁਰ ਅੰਦਰ ਜਾ ਕੇ ਤਿੜਕੇ ਚਿਹਰੇ ਵੇਖੇ, ਓਹੀਓ ਸੁੰਨ-ਮ-ਸੁੰਨੀਆਂ ਸੋਚਾਂ ਓਹੀਓ 'ਨ੍ਹੇਰ ਗੁਫ਼ਾਵਾਂ। ਫੁੱਲਾਂ ਦੀ ਵਾੜੀ ਨੂੰ ਲਾਉਂਦੇ ਅੱਜ ਵੀ ਲੋਕੀਂ ਪਾਣੀ, ਐਵੇਂ ਨਈਂਓ ਮਹਿਕਾਂ ਦੇ ਵਿਚ ਭਿੱਜੀਆਂ ਹੋਈਆਂ ਰਾਹਵਾਂ। ਧਰਤੀ ਪੁੱਤਰਾਂ ਉੱਤੇ ਇਹਨਾਂ ਸ਼ਿਕਵਾ ਕਦੇ ਨਾ ਕੀਤਾ, ਬਿਰਖ ਬਾਬਿਆਂ ਵਿਸ਼ ਪੀ ਕੇ ਵੀ ਵੰਡੀਆਂ ਠੰਢੀਆਂ ਛਾਂਵਾਂ। ਮਿੱਟੀ ਦੀ ਕੁਲਬੂਤ ਬਣਾ ਕੇ ਸੋਹਣੇ ਵਸਤਰ ਪਾ ਕੇ, ਵਣਜਾਰੇ ਕਿਉਂ ਵੇਚੀ ਜਾਂਦੇ ਧੀਆਂ ਭੈਣਾਂ ਮਾਵਾਂ। ਪਹਿਲਾਂ ਗ਼ਰਜ਼ਾਂ ਖ਼ਾਤਿਰ ਉਸ ਨੇ ਛਾਂਗੇ ਰੁੱਖ ਹਰਿਆਲੇ, ਗਲ ਲਗ ਕੇ ਹੁਣ ਰੋਵਣ ਨੂੰ ਉਹ ਲਭਦਾ ਫਿਰਦਾ ਬਾਹਵਾਂ। ਗੀਤ ਗ਼ਜ਼ਲ ਕਵਿਤਾਵਾਂ ਦੀ ਅੱਖ ਮੈਲੀ ਕਦੇ ਨਾ ਹੋਵੇ, ਤਾਹੀਓਂ ਸ਼ਬਦਾਂ ਦੇ ਨੈਣੀਂ ਮੈਂ 'ਸੁਰਮ ਸਲਾਈ' ਪਾਵਾਂ।

ਜਵਾਲਾ ਬਣ ਮੇਰੇ ਅੰਦਰ ਸਦਾ

ਜਵਾਲਾ ਬਣ ਮੇਰੇ ਅੰਦਰ ਸਦਾ ਮਘਦਾ ਰਹੇ ਸੂਰਜ। ਕਦੇ ਸੀਨੇ 'ਚ ਲਹਿ ਜਾਵੇ ਕਦੇ ਮੱਥੇ ਬਲੇ ਸੂਰਜ। ਲਹੂ ਦਾ ਸੇਕ ਠਰ ਜਾਵੇ ਨ ਦਿਲ ਦੀ ਹੂਕ ਡਰ ਜਾਵੇ, ਧਰੇ ਮੈਂ ਅਪਣਿਆਂ ਹੱਥਾਂ ਦੇ ਉੱਤੇ ਹਰਫ਼ਾਂ ਦੇ ਸੂਰਜ। ਸਿਤਾਰੇ ਚਮਕਦੇ ਲੱਖਾਂ ਮਸ਼ਾਲਾਂ ਸੈਂਕੜੇ ਹਾਜ਼ਿਰ, ਹਨੇਰਾ ਖੁਸ਼ ਨਾ ਹੋਵੇ ਕਿ ਅਸੀਂ ਹਾਂ ਖਾ ਗਏ ਸੂਰਜ। ਕਰੋੜਾਂ ਫੁੱਲ ਖਿੜ ਜਾਂਦੇ, ਨਿਰੰਤਰ ਰਾਗ ਛਿੜ ਪੈਂਦੇ, ਅਨੇਕਾਂ ਸੰਖ ਵੱਜ ਉੱਠਦੇ ਜਦੋਂ ਹੁੰਦਾ ਉਦੈ ਸੂਰਜ। ਕਦੇ ਮਾਯੂਸ ਨਾ ਹੋਵੀਂ ਹਨ੍ਹੇਰੇ ਵਿਚ ਨਾ ਖੋਵੀਂ, ਕਿਤਾਬਾਂ ਫੋਲ ਕੇ ਵੇਖੀਂ ਕਿ ਹਰ ਪੰਨੇ ਮਘੇ ਸੂਰਜ। ਸਦਾ ਪਾਵਾਂ ਖਲਲ ਮੈਂ ਤਾਂ ਹਨੇਰੀ ਰਾਤ ਦੇ ਅੰਦਰ, ਬਣਾਂ ਜੁਗਨੂੰ, ਕਦੇ ਦੀਵਾ, ਕਦੇ ਚੰਦਾ, ਕਦੇ ਸੂਰਜ। ਫ਼ਕੀਰਾਂ ਦੀ ਰਜ਼ਾ ਵਾਂਗੂੰ, ਸੁਖਨਵਰ ਦੀ ਦੁਆ ਵਾਂਗੂੰ, 'ਧਨੋਆ' ਇੱਕ ਰੰਗ ਰਹਿਣਾ ਚੜਵੇ ਜਾਂ ਫਿਰ ਢਲੇ ਸੂਰਜ।

ਦਿਲ ਨੂੰ ਹਿੱਸੇਦਾਰਾਂ ਦੇ ਵਿਚ ਵੰਡ ਦਿੱਤਾ

ਦਿਲ ਨੂੰ ਹਿੱਸੇਦਾਰਾਂ ਦੇ ਵਿਚ ਵੰਡ ਦਿੱਤਾ। ਘਰ ਅਪਣਾ ਦੀਵਾਰਾਂ ਦੇ ਵਿਚ ਵੰਡ ਦਿੱਤਾ। ਸਿਮਰਤੀਆਂ ਦੀ ਇਕੋ ਪੂੰਜੀ ਸਾਂਭ ਲਈ, ਬਾਕੀ ਬਰਖ਼ੁਰਦਾਰਾਂ ਦੇ ਵਿਚ ਵੰਡ ਦਿੱਤਾ। ਤ੍ਰਿਸ਼ੂਲਾਂ, ਤਲਵਾਰਾਂ ਦੇ ਵਿਚ ਵੰਡ ਦਿੱਤਾ। ਬੰਦਾ ਇਹ ਤਕਰਾਰਾਂ ਦੇ ਵਿਚ ਵੰਡ ਦਿੱਤਾ। ਗ਼ਰਜ਼ਾਂ ਖ਼ਾਤਿਰ ਕਿੰਝ ਸਿਆਸਤਦਾਨਾਂ ਨੇ, ਸਾਨੂੰ ਅੱਜ ਕਤਾਰਾਂ ਦੇ ਵਿਚ ਵੰਡ ਦਿੱਤਾ। ਨਫ਼ਰਤ ਨੂੰ ਪਰਿਵਾਰਾਂ ਦੇ ਵਿਚ ਵੰਡ ਦਿੱਤਾ। ਚਿਹਰਾ ਇੱਕ ਹਜ਼ਾਰਾਂ ਦੇ ਵਿਚ ਵੰਡ ਦਿੱਤਾ। ਜ਼ਹਿਰ ਕਦੇ ਜੋ ਪੁੜੀਆਂ ਦੇ ਵਿਚ ਵਿਕਦਾ ਸੀ, ਚਿੱਟੇ ਦਿਨ ਅਖ਼ਬਾਰਾਂ ਦੇ ਵਿਚ ਵੰਡ ਦਿੱਤਾ। ਲੋਕਰਾਜ ਦੀ ਇਹ ਪਰਿਭਾਸ਼ਾ ਕੀ ਹੋਈ? ਖੋਹ ਕੇ ਫੇਰ ਲਚਾਰਾਂ ਦੇ ਵਿਚ ਵੰਡ ਦਿੱਤਾ। ਉਸ ਨੂੰ ਹੀ ਨਾਬਰ ਦਾ ਦਾ ਫਤਵਾ ਦੇ ਦਿੰਦੇ, ਜਿਸ ਨੇ ਹੱਕ, ਹੱਕਦਾਰਾਂ ਦੇ ਵਿਚ ਵੰਡ ਦਿੱਤਾ।

ਜਿਸ ਦਿਨ ਤੋਂ ਤੇਰੇ ਸ਼ਹਿਰ ਦਾ

ਜਿਸ ਦਿਨ ਤੋਂ ਤੇਰੇ ਸ਼ਹਿਰ ਦਾ ਸੁਪਨਾ ਸਜਾ ਲਿਆ। ਕਿਣਕਾ ਬਾਰੀਕ ਰੇਤ ਦਾ ਅੱਖਾਂ 'ਚ ਪਾ ਲਿਆ। ਚਾਹ ਕੇ ਵੀ ਹੁਣ ਇਸ ਭੀੜ 'ਚੋਂ ਨਿਕਲ ਨਹੀਂ ਸਕਦਾ, ਰੰਗਾਂ ਦੇ ਸ਼ਹਿਰ ਵਿਚ ਰੰਗ ਅਪਨਾ ਗਵਾ ਲਿਆ। ਫ਼ਰਜ਼ਾਂ ਤੋਂ ਹੋਇਆ ਨਾ ਕਦੇ ਅੱਜ ਤੀਕ ਸੁਰਖਰੂ, ਹਰ ਵਾਰ ਹੱਜ ਵੀ ਕਰ ਲਿਆ ਗੰਗਾ ਨਹਾ ਲਿਆ। ਬੰਦੇ ਨੇ ਹਰ ਅਸੂਲ ਨੂੰ ਜੰਮ ਕੇ ਸਰਾਲ ਵਾਂਗ, ਅਪਨੀ ਹੀ ਭੁੱਖ ਵਿਚ ਫਿਰ ਆਪੇ ਹੀ ਖਾ ਲਿਆ। ਇਹ ਕਿਸ ਤਰ੍ਹਾਂ ਦਾ ਜੀਣ ਹੈ ਚਾਹਤ ਦੇ ਨਾਮ 'ਤੇ, ਬੁੱਲ੍ਹਾਂ ਨੂੰ ਸੀਅ ਕੇ ਬਹਿ ਗਏ ਦੁੱਖੜਾ ਛੁਪਾ ਲਿਆ। ਅਪਨੀ ਤਰ੍ਹਾਂ ਦਾ ਜੀ ਸਕੇਂ ਏਨਾ ਸਮਾਂ ਨਹੀਂ, ਕੀ ਹੈ 'ਧਨੋਆ' ਜੇ ਟਕਾ ਤੂੰ ਲੱਖ ਕਮਾ ਲਿਆ।

ਰਹਿੰਦੇ ਨੇ ਦੂਰ ਅਕਸਰ

ਰਹਿੰਦੇ ਨੇ ਦੂਰ ਅਕਸਰ ਆਖਣ ਨੂੰ ਹਮਸਫ਼ਰ ਨੇ। ਆਏ ਜੁ ਇਸ ਨਗਰ ਵਿਚ ਇਹ ਕੌਣ ਪੇਸ਼ਾਵਰ ਨੇ। ਕਿਧਰੇ ਸੁਬਕਦੇ ਚਿਹਰੇ ਕਿਧਰੇ ਧੁਆਂਖੇ ਦਰ ਨੇ। ਰੰਗਲੀ ਇਹ ਧਰਤ ਮੇਰੀ ਖਾ ਲਈ ਹੈ ਕਿਸ ਨਜ਼ਰ ਨੇ। ਕਾਗ਼ਜ਼ ਦੀ ਕਿਸ਼ਤੀ ਲੈ ਕੇ ਉੱਤਰੇ ਸਮੁੰਦਰਾਂ ਵਿਚ, ਇਹ ਕੈਸੇ ਨਾਖ਼ੁਦਾ ਜੋ ਲਹਿਰਾਂ ਤੋਂ ਬੇਖ਼ਬਰ ਨੇ। ਫੁੱਲਾਂ ਜਿਹੇ ਨਾਜ਼ੁਕ ਮੈਂ ਬੱਚਿਆਂ ਦਾ ਬਾਬਲਾ ਹਾਂ, ਦਿਲੇ ਸੌ ਤਰ੍ਹਾਂ ਦੇ ਸੰਸੇ ਤੇ ਸੈਂਕੜੇ ਹੀ ਡਰ ਨੇ। ਰੀਝਾਂ ਦੀ ਧਰਤ ਉੱਤੇ ਸ਼ਾਹਾਂ ਦੀ ਹੈ ਹਕੂਮਤ, ਖ਼ਾਬਾਂ ਦੇ ਅੰਬਰਾਂ ਤੇ ਚੰਨ ਤਾਰਿਆਂ ਦੇ ਘਰ ਨੇ। ਵੇਖੀਂ ਕਰੀਂ ਨਾ ਝੋਰਾ ਜੋ ਸਰਫ਼ਰੋਸ਼ ਥੋੜ੍ਹੇ, ਤਾਰੀਖ਼ ਦੇ ਲਿਖਾਰੀ ਹੁੰਦੇ ਹੀ ਮੁੱਠੀ ਭਰ ਨੇ।

ਫੁੱਲਾਂ ਦੀ ਛੱਤ ਹੋਵੇ

ਫੁੱਲਾਂ ਦੀ ਛੱਤ ਹੋਵੇ ਚੰਦਨ ਦਾ ਦਰ ਹੋਵੇ। ਮਹਿਕਾਂ ਦੇ ਸਰਵਰ ਤੇ ਨਿੱਕਾ ਜਿਹਾ ਘਰ ਹੋਵੇ। ਕਿਰਨਾਂ ਦੇ ਰੂਪ ਜਿਹਾ ਕੋਈ ਦਿਲਬਰ ਹੋਵੇ, ਮੇਰੀ ਵੀ ਕਿਸਮਤ ਵਿਚ ਰੰਗਾਂ ਦਾ ਸਫ਼ਰ ਹੋਵੇ। ਅਪਣੀ ਧਰਤੀ ਹੋਵੇ, ਅਪਣਾ ਅੰਬਰ ਹੋਵੇ, ਖ਼ਾਬਾਂ ਦੇ ਤਿੜਕਣ ਦਾ ਭੋਰਾ ਨਾ ਡਰ ਹੋਵੇ। ਚੰਨ ਤਾਰੇ ਤੋੜਦਿਆਂ ਕਿਧਰੇ ਨਾ ਗੁੰਮ ਜਾਵੀਂ, ਫਿਰ ਅਪਣੀ ਜ਼ਮੀਨ ਉੱਤੇ ਮੁੜ ਪੈਰ ਨਾ ਧਰ ਹੋਵੇ। ਵਿੱਛੀਆਂ ਇਹ ਛਾਵਾਂ ਤੋਂ, ਮਹਿਕੰਦੀਆਂ ਰਾਹਵਾਂ ਤੋਂ, ਮਹਿੰਦੀ ਲਾ ਪੈਰਾਂ ਨੂੰ, ਕੋਈ ਰਾਹਗੁਜ਼ਰ ਹੋਵੇ।

ਹਾਕਮ ਬਦਲ ਗਏ ਨੇ

ਹਾਕਮ ਬਦਲ ਗਏ ਨੇ ਐਪਰ ਕਾਜ ਨਹੀਂ ਬਦਲੇ। ਚਿਹਰੇ ਨਵੇਂ ਨਵੇਂ ਨੇ ਪਰ ਅੰਦਾਜ਼ ਨਹੀਂ ਬਦਲੇ। ਹੱਕ ਮੰਗਣ 'ਤੇ ਲਾਠੀ ਗੋਲੀ ਸੂਲੀ ਹਾਜ਼ਿਰ ਹੈ, ਜਾਬਰ ਜ਼ੁਲਮ ਦੀ ਤਰਜ਼ ਦੇ ਉਹ ਰਿਵਾਜ ਨਹੀਂ ਬਦਲੇ। ਤਕਲੀਫ਼ਾਂ ਤੋਂ ਮਜ਼ਲੂਮ ਨੂੰ ਰਾਹਤ ਨਹੀਂ ਮਿਲੀ, ਉਹੀਓ ਪੁੜੀਆਂ ਵੈਦ ਉਹੀ ਇਲਾਜ ਨਹੀਂ ਬਦਲੇ। ਹਰ ਗੱਲ 'ਤੇ ਮਾਰੇ ਸ਼ੇਖੀਆਂ ਹਉਮੈ ਹੈ ਸਿਰ ਚੜ੍ਹੀ, ਲੱਗਿਆ ਹੈ ਨੁੱਕਰੇ ਆਦਮੀ ਮਿਜ਼ਾਜ ਨਹੀਂ ਬਦਲੇ। ਅੱਜ ਵੀ ਸਮੁੰਦਰ ਖੌਲਦੈ ਘਿਰੀਆਂ ਨੇ ਕਿਸ਼ਤੀਆਂ, ਤੁਰਨਾ ਸੋਚ ਜਿਨ੍ਹਾਂ ਦੀ ਉਹ ਜਾਂਬਾਜ਼ ਨਹੀਂ ਬਦਲੇ।

ਭਾਵੇਂ ਕਰ ਲੈ ਕੰਧ ਮੁਹੱਬਤਾਂ ਬੋਲਦੀਆਂ

ਭਾਵੇਂ ਕਰ ਲੈ ਕੰਧ ਮੁਹੱਬਤਾਂ ਬੋਲਦੀਆਂ। ਇਹ ਤਾਂ ਨਿਰੀ ਸੁਗੰਧ ਮੁਹੱਬਤਾਂ ਬੋਲਦੀਆਂ. ਕੋਈ ਕਰੇ ਡੰਡੋਤ ਤੇ ਕੋਈ ਪੜ੍ਹੇ ਨਮਾਜ਼, ਅਪਣੇ ਅਪਣੇ ਰੰਗ ਮੁਹੱਬਤਾਂ ਬੋਲਦੀਆਂ। ਅੱਗ ਵਿਚ ਕੇਵਲ ਤਨ ਸੜਦੇ ਨੇ ਸ਼ਬਦ ਨਹੀਂ, ਮੁੱਕਦਾ ਜੀਵਨ ਪੰਧ ਮੁਹੱਬਤਾਂ ਬੋਲਦੀਆਂ। ਮਹਿੰਦੀ, ਟਿੱਕਾ, ਝਾਂਜਰ, ਸੁਰਮਾ, ਹਾਰ ਸ਼ਿੰਗਾਰ, ਇਹ ਨੇ ਸੱਜਣਾਂ ਸੰਗ ਮੁਹੱਬਤਾਂ ਬੋਲਦੀਆਂ। ਮਿਸ਼ਰੀ ਨਾਲੋਂ ਮਿੱਠਾ ਨਿਰਮਲ ਨੀਰ ਵਹੇ, ਜੰਗਲ, ਬੇਲੇ, ਝੰਗ ਮੁਹੱਬਤਾਂ ਬੋਲਦੀਆਂ। ਇੱਕੋ ਦਰਦ ਕਹਾਣੀ ਰੂਹ ਦੇ ਜ਼ਖ਼ਮਾਂ ਦੀ, ਫਿਰ ਇਹ ਕਾਹਦੀ ਜੰਗ ਮੁਹੱਬਤਾਂ ਬੋਲਦੀਆਂ? ਕੱਚੇ ਕੋਠੇ ਢਹਿਣ ਕਦੇ ਨਾ ਪੱਕਿਆਂ ਲਈ, ਨਾ ਕੋਈ ਟੁੱਟੇ ਵੰਗ ਮੁਹੱਬਤਾਂ ਬੋਲਦੀਆਂ।

ਆਏ ਨਾ ਨੀਂਦ ਅੱਜ ਕੱਲ

ਆਏ ਨਾ ਨੀਂਦ ਅੱਜ ਕੱਲ ਏਸੇ ਖ਼ਿਆਲ ਵਿਚ। ਹੋਵੇਗਾ ਖੌਰੇ 'ਕੱਲਾ ਉਹ ਕਿਹੜੇ ਹਾਲ ਵਿਚ। ਉਸ ਦਾ ਜਵਾਬ ਵੱਖ ਸੀ ਹਰ ਵਾਰ ਦੀ ਤਰ੍ਹਾਂ, ਹਰ ਵਾਰ ਇੱਕੋ ਪੀੜ ਸੀ ਮੇਰੇ ਸਵਾਲ ਵਿਚ। ਚਾਹਤ ਦਾ ਰੰਗ ਫੈਲ ਕੇ ਗ਼ਜ਼ਲਾਂ 'ਚ ਘੁਲ ਗਿਆ, ਕਿੰਨੀ ਬਾਰੀਕ ਤੰਦ ਹੈ ਨਿਕੜੇ ਰੁਮਾਲ ਵਿਚ। ਆਈ ਮਾਸੂਮੀਅਤ ਦੀ ਜੋ ਮਹਿਕ ਹੰਝੂਆਂ 'ਚੋਂ, ਪਹਿਲੀ ਉਮਰ ਦਾ ਪਿਆਰ ਸੀ ਦਿਲ ਦੇ ਉਬਾਲ ਵਿਚ। ਯਾਦਾਂ ਦੇ ਅੰਬਰਾਂ 'ਤੇ ਉਹ ਚੰਨ ਵਾਂਗ ਸਜ ਗਿਆ, ਕਿੰਨੀ ਕਮਾਲ ਦਿੱਖ ਸੀ ਉਸ ਦੇ ਜਮਾਲ ਵਿਚ।

ਕੁੰਦਨ ਵਰਗੀ ਜੇ ਮੇਰੀ

ਕੁੰਦਨ ਵਰਗੀ ਜੇ ਮੇਰੀ ਤਕਦੀਰ ਬਣੀ ਹੈ। ਅਗਨ ਕੁਠਾਲੀ ਢਲ ਕੇ ਇਹ ਤਾਬੀਰ ਬਣੀ ਹੈ। ਅੱਜ ਵੀ ਕੱਚੇ ਘਰ ਦੀ ਕੰਧ ਪੁਰਾਣੀ ਉੱਤੇ, ਧੂੰਏਂ ਦੇ ਸੰਗ ਮਾਂ ਦੀ ਇੱਕ ਤਸਵੀਰ ਬਣੀ ਹੈ। ਰਹਿਮਤ ਦਾ ਮੀਂਹ ਲੈ ਕੇ ਆਇਆ ਇੱਕ ਪ੍ਰਾਹੁਣਾ, ਵਰ੍ਹਿਆਂ ਪਿੱਛੋਂ ਘਰ ਦੇ ਵਿਚ ਫਿਰ ਖੀਰ ਬਣੀ ਹੈ। ਚਸ਼ਮੇ ਅੱਗੇ ਹਰਿ ਹਰਿ ਗੰਗਾ ਝੁਕ ਜਾਂਦੀ ਏ, ਜਦ ਵੀ ਸੀਸ ਕਟਾ ਕੇ ਕਲਮ ਕਬੀਰ ਬਣੀ ਹੈ। ਭਟਕਣ ਤੋਂ ਮੈਂ ਬਚਿਆ ਹਾਂ ਬਸ ਏਸੇ ਕਰਕੇ, ਘਰ ਦੀ ਝਾਂਜਰ, 'ਨ੍ਹੇਰੇ ਰਿਸ਼ਮ ਲਕੀਰ ਬਣੀ ਹੈ। ਇਕੋ ਵੇਲੇ ਵੇਖ ਗ਼ਜ਼ਲ ਵਿਚ ਮੇਰੀ ਵੇਦਨ, ਫੁੱਲ ਬਣੀ ਹੈ, ਸਾਜ਼ ਬਣੀ ਹੈ, ਤੀਰ ਬਣੀ ਹੈ। ਰੋਜ਼ੀ ਤੀਕਰ ਜ਼ਿੰਦਗੀ ਨੂੰ ਤੂੰ ਸੀਮਤ ਨਾ ਕਰ, ਏਹੀ ਤੇਰੇ ਪੈਰਾਂ ਦੀ ਜੰਜ਼ੀਰ ਬਣੀ ਹੈ। 'ਯਾਰ ਧਨੋਆ' ਪਹੁੰਚ ਗਿਆ ਏ ਤੇਰੇ ਤੀਕਰ, ਬਿਨ ਖੰਭਾਂ ਤੋਂ ਉੱਡ ਕੇ ਗ਼ਜ਼ਲ ਸਫ਼ੀਰ ਬਣੀ ਹੈ।

ਹੱਕ ਸੱਚ ਇਨਸਾਫ਼ ਦੇ ਨੇ

ਹੱਕ ਸੱਚ ਇਨਸਾਫ਼ ਦੇ ਨੇ ਦਾਮ ਕਿੰਨੇ ਚੜ੍ਹ ਗਏ। ਇਕ ਪੋਟਾ ਜ਼ਿੰਦਗੀ ਲਈ ਸੈਂਕੜੇ ਹੀ ਧੜ ਗਏ। ਹਰ ਦਫ਼ਾ ਹੀ ਇੱਕ ਨਗਰ ਦਾ 'ਨ੍ਹੇਰ ਮੇਟਣ ਵਾਸਤੇ, ਰੋਸ਼ਨੀ ਦੇ ਨਾਮ 'ਤੇ ਮਾਸੂਮ ਪੰਛੀ ਸੜ ਗਏ। ਇਹ ਵਿਖਾਵਾ ਕਿਸ ਤਰ੍ਹਾਂ ਦਾ ਸਾਜ਼ਿਸ਼ੀ ਮੌਸਮ ਖਿਲਾਫ਼, ਆਪਣੀ ਹੀ ਸ਼ਾਖ਼ ਤੋਂ ਪੱਤੇ ਹਰੇ ਸਭ ਝੜ ਗਏ। ਹੁਣ ਉਨ੍ਹਾਂ ਨੂੰ ਉਸ ਦੇ ਸੂਤੀ ਕੁੜਤੇ 'ਚੋਂ ਆਉਂਦੀ ਹਮਕ, ਬੱਚੇ ਅਣਪੜ੍ਹ ਬਾਪ ਦੇ ਇਹ ਕੀ ਕਿਤਾਬਾਂ ਪੜ੍ਹ ਗਏ। ਇਕ ਭੁਲੇਕੇ ਵਿਚ ਹੀ ਇਹ ਉਮਰ ਸਾਰੀ ਖਰ ਗਈ, ਲੜਣ ਦੀ ਥਾਂ ਚੁੱਪ ਰਹੇ ਤੇ ਚੁੱਪ ਦੀ ਥਾਂ ਲੜ ਗਏ।

ਦਿਲ ਨੂੰ ਰੂਹ ਦਾ ਹਮਸਫ਼ਰ

ਦਿਲ ਨੂੰ ਰੂਹ ਦਾ ਹਮਸਫ਼ਰ ਮਿਲ ਗਿਆ ਆਖ਼ਿਰ। ਡਿੱਗਦੇ ਡਿੱਗਦੇ ਮੈਂ ਫਿਰ ਸੰਭਲ ਗਿਆ ਆਖ਼ਿਰ। ਹਰ ਤਰਫ਼ ਵੇਖ ਕੇ ਭੀੜ ਖ਼ਰੀਦਦਾਰਾਂ ਦੀ, ਮੇਰਾ ਹੰਝੂ ਮੁੜ ਲਹੂ 'ਚ ਢਲ ਗਿਆ ਆਖ਼ਿਰ। ਓਹ ਜੋ ਮੇਰੀ ਔਕਾਤ ਨੂੰ ਪਰਖਦਾ ਸੀ, ਇੱਕ ਹੀ ਧੁੱਪ ਵਿਚ ਰੰਗ ਬਦਲ ਗਿਆ ਆਖ਼ਿਰ। ਜਦ ਵੀ ਨੈਣਾਂ ਤੋਂ ਸੂਰਜ ਓਝਲ ਹੋਇਆ, ਹਰ ਘਰ 'ਚ ਇੱਕ ਚਿਰਾਗ਼ ਬਲ ਗਿਆ ਆਖ਼ਿਰ। ਮੈਂ ਜ਼ਿੰਦਗੀ 'ਚ ਹਨੇਰ ਨਾਲ ਏਨਾ ਘੁਲਿਆਂ, ਮੇਰੇ ਖ਼ਾਬਾਂ 'ਚੋਂ ਹੀ ਡਰ ਨਿਕਲ ਗਿਆ ਆਖ਼ਿਰ।

ਗੁਜ਼ਰੇ ਮੌਸਮ ਦੀ ਥਿੰਦਿਆਈ

ਗੁਜ਼ਰੇ ਮੌਸਮ ਦੀ ਥਿੰਦਿਆਈ ਚੁੱਕੀ ਫਿਰਦੇ ਨੇ। ਦਰਿਆ, ਛੱਪੜਾਂ ਵਾਂਗੂੰ ਕਾਈ ਚੁੱਕੀ ਫਿਰਦੇ ਨੇ। 'ਕੱਲੇ ਤੇਰੇ ਸ਼ਹਿਰ ਨਹੀਂ ਤਲਵਾਰਾਂ ਲਿਸ਼ਕਦੀਆਂ, ਸਾਡੇ ਪਿੰਡ ਵੀ ਬੜੇ ਸ਼ੌਦਾਈ ਚੁੱਕੀ ਫਿਰਦੇ ਨੇ। ਧਰਤੀ ਅੱਲੇ ਜ਼ਖ਼ਮਾਂ ਨੂੰ ਤਾਂ ਸੀ ਵੀ ਲੈਂਦੀ ਪਰ, ਅੰਬਰ ਹਾਲੇ ਤੀਕ ਦੁਹਾਈ ਚੁੱਕੀ ਫਿਰਦੇ ਨੇ। ਲੰਮ ਸਲੰਮੇ ਸਾਏ ਸ਼ਾਮਾਂ ਵੇਲੇ ਵਿਛ ਜਾਂਦੇ, ਸਾਰਾ ਦਿਨ ਜੋ ਲੋਕ ਖ਼ੁਦਾਈ ਚੁੱਕੀ ਫਿਰਦੇ ਨੇ। ਹੋਠੀਂ ਜਿੰਦਰੇ, ਪੈਰੀਂ ਛਾਲੇ, ਕਰਕ ਕਲੇਜੇ ਦੀ, ਰਾਵੀ ਕੰਢੇ ਨਿਖੜੇ ਭਾਈ ਚੁੱਕੀ ਫਿਰਦੇ ਨੇ। ਨਫ਼ਰਤ, ਦੰਗਾ, ਧੋਖਾ, ਖ਼ੂਨ-ਖਰਾਬਾ, ਕੀ ਕੀ ਲੋਕ, ਗ਼ਰਜ਼ਾਂ ਬੱਝੇ ਕੂੜ ਕਮਾਈ ਚੁੱਕੀ ਫਿਰਦੇ ਨੇ। ਹਾਲੇ ਸਾਰਾ ਸੁੱਕਿਆ ਨਈਂਓ ਬੂਟਾ ਆਸਾਂ ਦਾ, ਹਬਦ ਦਿਲਾਂ ਵਿਚ ਪੀੜ ਪਕਾਈ ਚੁੱਕੀ ਫਿਰਦੇ ਨੇ।

ਬੜੇ ਹੀ ਅਜੀਬ ਲੋਕ

ਬੜੇ ਹੀ ਅਜੀਬ ਲੋਕ ਸ਼ਹਿਰ ਵਿਚ ਵੱਸਦੇ ਨੇ। ਘਰਾਂ ਵਿਚ ਗੁੰਮ ਸੁੰਮ ਪਾਰਕਾਂ 'ਚ ਹੱਸਦੇ ਨੇ। ਪੱਥਰਾਂ ਦੇ ਰਾਹ ਉੱਤੇ ਸ਼ੀਸ਼ਿਆਂ ਦੇ ਤਨ ਲੈ ਕੇ, ਫ਼ਿਕਰਾਂ 'ਚ ਬੱਧੇ ਪੈਰ ਦਿਨ ਰਾਤ ਨੱਸਦੇ ਨੇ। ਕੁੰਜ ਲਾਹੁਣੇ ਨਾਗਾਂ ਉੱਤੇ ਕਰੇ ਇਤਬਾਰ ਕਿਹੜਾ, ਕੌਡੀਆਂ ਦੀ ਕੱਲ ਵਾਲੇ ਦੁੱਧ ਪੀ ਕੇ ਡੱਸਦੇ ਨੇ। ਅਪਣੇ ਮੁਨਾਫ਼ੇ ਲਈ ਜੰਗ ਦੇ ਵਿਉਪਾਰੀ ਇਹ, ਤੈਨੂੰ ਕੁਝ ਹੋਰ ਮੈਨੂੰ ਹੋਰ ਕੁੱਝ ਦੱਸਦੇ ਨੇ। ਜਿੰਨਾ ਮੈਂ ਅਤੀਤ ਵਾਲੀ ਕੈਦ 'ਚੋਂ ਰਿਹਾ ਹੋਵਾਂ, 'ਨੇਰ੍ਹਿਆਂ 'ਚ ਓਨੇ ਮੇਰੇ ਪੈਰ ਹੋਰ ਧੱਸਦੇ ਨੇ। ਨੱਚਦੇ ਨੇ ਓਹੀਓ ਪਲ ਜ਼ਿੰਦਗੀ ਦੇ ਸਾਜ਼ ਉੱਤੇ, ਮਨ ਦੀ ਇਹ ਤਾਰ ਜਿਹੜੇ ਨਾਲੋ ਨਾਲ ਕੱਸਦੇ ਨੇ।

ਖਮਜ਼ਦਾ ਇਹ ਲੋਕ ਸਾਰੇ ਵੇਖਦਾਂ

ਖਮਜ਼ਦਾ ਇਹ ਲੋਕ ਸਾਰੇ ਵੇਖਦਾਂ। ਸ਼ੀਸ਼ੀਆਂ ਵਿਚ ਬੰਦ ਪਾਰੇ ਵੇਖਦਾਂ। ਭਟਕਦੇ ਅੰਬਰ 'ਚ ਬਿਨ ਸਿਰਨਾਵਿਓ, ਰੋਜ਼ ਹੀ ਉੱਡਦੇ ਗੁਬਾਰੇ ਵੇਖਦਾਂ। ਅਰਸ਼ ਦਾ ਹੰਕਾਰ ਕੀ ਤੇ ਮਾਣ ਕੀ, ਅੰਬਰੋਂ ਡਿੱਗਦੇ ਮੈਂ ਤਾਰੇ ਵੇਖਦਾਂ। ਚਸ਼ਮਿਆਂ ਦਾ ਸਾਫ਼ ਨਿਰਮਲ ਨੀਰ ਹੈ, ਸਾਗ਼ਰਾਂ ਦੇ ਪਾਣੀ ਖਾਰੇ ਵੇਖਦਾਂ। ਬੋਲਦੇ ਨੂੰ ਮੌਤ ਮਿਲਦੀ ਹੈ ਇਨਾਮ, ਚੀਰਦੇ ਚੁੱਪ ਨੂੰ ਵੀ ਆਰੇ ਵੇਖਦਾਂ। ਡੁੱਬ ਗਿਆ ਸੂਰਜ ਤੇ ਖਾਲ੍ਹੀ ਪਰਤਣਾ, ਸੀਨਿਆਂ 'ਤੇ ਬੋਝ ਭਾਰੇ ਵੇਖਦਾਂ।

ਰੰਗ ਨਾ ਹੀ ਰੂਪ ਨਾ ਉਹ ਦਿਲ ਰਿਹਾ

ਰੰਗ ਨਾ ਹੀ ਰੂਪ ਨਾ ਉਹ ਦਿਲ ਰਿਹਾ। ਚਲ ਰਹੀ ਹੈ ਕਿਸ ਤਰ੍ਹਾਂ ਦੀ ਇਹ ਹਵਾ। ਨਿਕਲਿਆ ਮਿੱਟੀ ਜਿਹਾ ਜਦ ਫ਼ੋਲਿਆ। ਜਾਪਦਾ ਸੀ ਸ਼ਖ਼ਸ ਜੋ ਸੋਨੇ ਜਿਹਾ। ਇਸ ਸਮੁੰਦਰ ਵਿਚ ਹਰ ਇੱਕ ਆਦਮੀ, ਜਾਲ ਇੱਕ ਦੂਜੇ ਲਈ ਬੁਣਦਾ ਪਿਆ। ਪਹਿਲਾਂ ਮੇਰੇ ਨਾਲ ਸਨ ਬੱਚੇ ਮੇਰੇ, ਹੁਣ ਤਾਂ ਬੱਚਿਆਂ ਨਾਲ ਮੈਂ ਹਾਂ ਰਹਿ ਰਿਹਾ। ਘਰ 'ਚ ਬਾਪੂ ਜੀ ਨਿਰੰਤਰ ਜਾਗਦੇ, 'ਨੇਰੀਆਂ ਵਿਚ ਦੀਪ ਇਕ ਜਗਦਾ ਪਿਆ। ਮਾਪਿਆਂ ਤੋਂ ਫ਼ਾਸਿਲਾ ਚੰਗਾ ਨਹੀਂ, ਕੌਣ ਇਹ ਚੁੰਮੇਗਾ ਫਿਰ ਮੱਥਾ ਤੇਰਾ। ਦਿਲ 'ਚ ਸੀ ਜੋ ਦਰਿਆ ਵਾਂਗੂੰ ਖੌਲ਼ਦਾ, ਆ ਕੇ ਉਹ ਪਲਕਾਂ 'ਤੇ ਕਤਰਾ ਹੋ ਗਿਆ। ਲਰਜ਼ਦੇ ਹੰਝੂ ਨੂੰ ਥਾਏਂ ਰੋਕ ਲੈ, ਧਰਤ 'ਤੇ ਲੱਭਣਾ ਨਈਂ ਇਸ ਦਾ ਥਹੁ-ਪਤਾ।

ਖੁੱਲੀ ਅੱਖ ਤੋਂ ਜਦ ਇਕ ਸੁਪਨਾ

ਖੁੱਲੀ ਅੱਖ ਤੋਂ ਜਦ ਇਕ ਸੁਪਨਾ ਦਿਸਦਾ ਹੈ। ਕਿੰਨਾ ਕੁੱਝ ਹੀ ਅਸਲੋਂ ਵੱਖਰਾ ਦਿਸਦਾ ਹੈ। ਉਹ ਕੀ ਦਰਦ ਪਛਾਣੂ ਸੁੱਕੇ ਪੱਤਿਆਂ ਦਾ, ਪੱਤਝੜ ਵਿਚ ਵੀ ਜਿਸ ਨੂੰ ਹਰਿਆ ਦਿਸਦਾ ਹੈ। ਜਿਸ ਦਿਨ ਤੋਂ ਮੈਂ ਆਣ ਬਰਾਬਰ ਖੜ੍ਹਿਆਂ ਹਾਂ, ਬਾਪੂ ਨੂੰ ਕੁੱਲ ਆਲਮ ਨਿੱਕਾ ਦਿਸਦਾ ਹੈ। ਵਰ੍ਹਿਆਂ ਪਹਿਲਾਂ ਮਾਂ ਮੋਈ ਸੀ ਅੱਜ ਵੀ ਪਰ, ਕਣ ਕਣ ਵਿਚੋਂ ਉਸ ਦਾ ਚਿਹਰਾ ਦਿਸਦਾ ਹੈ। ਅਕਸ ਦੀ ਬਹੁਤੀ ਚਿੰਤਾ ਨਾ ਤੂੰ ਕਰਿਆ ਕਰ, ਸ਼ੀਸ਼ੇ ਅੰਦਰ ਸਭ ਕੁਝ ਉਲਟਾ ਦਿਸਦਾ ਹੈ। ਕਿੰਨੇ ਸੂਰਜ ਇਸ ਦਾ 'ਨ੍ਹੇਰ ਮਿਟਾਉਂਦੇ ਨੇ, ਧਰਤੀ ਨੂੰ ਫਿਰ ਅੰਬਰ ਨੀਲਾ ਦਿਸਦਾ ਹੈ।

ਕੱਚ-ਕੁਆਰਿਆਂ ਨਾਲ ਤਾਂ ਇੰਝ

ਕੱਚ-ਕੁਆਰਿਆਂ ਨਾਲ ਤਾਂ ਇੰਝ ਹੀ ਹੋਣਾ ਸੀ। ਸੁਪਨ-ਮੱਹਲਾਂ ਨੇ ਤਾਂ ਇੱਕ ਦਿਨ ਢਹਿਣਾ ਸੀ। ਨਾ ਖਿੜਕੀ ਨਾ ਝੀਥ ਸੀ ਜਿਹੜੇ ਰਿਸ਼ਤੇ ਵਿਚ, ਉਸ ਘਰ ਅੰਦਰ ਰੂਹ ਦਾ ਦਮ ਤਾਂ ਘੁੱਟਣਾ ਸੀ। ਜਿਸ ਅੰਦਰ ਦਰਿਆ ਸੀ ਵਗਦਾ ਹਿਰਸਾਂ ਦਾ, ਤੇਰੇ ਅੱਥਰੂ ਕੋਲ ਕੀ ਉਸਨੇ ਰੁੱਕਣਾ ਸੀ। ਨੰਗੇ ਪਿੰਡੇ ਰੁੱਖ ਨੇ ਕੀ ਕੁੱਝ ਸੀ ਝੱਲਿਆ, ਰੁੱਤ ਆਈ ਤੇ ਫੁੱਲਾਂ ਨੇ ਤਾਂ ਖਿੜਣਾ ਸੀ। ਜਿਸ ਨੂੰ ਜਨਮ ਤੋਂ ਮਿਲੀ ਹੈ ਗੁੜ੍ਹਤੀ ਸ਼ਬਦਾਂ ਦੀ, ਇਕ ਨਾ ਇਕ ਦਿਨ ਉਸ ਨੇ ਅੰਬਰ ਛੂਹਣਾ ਸੀ। ਮੈਂ ਸ਼ਬਦਾਂ ਦੀ ਅੱਗਨੀ ਸਾਂਭੀ ਏਸ ਲਈ, ਏਸ ਸਹਾਰੇ ਖ਼ੁਦ ਨੂੰ ਜ਼ਿੰਦਾ ਰੱਖਣਾ ਸੀ।

ਵੇਖ ਕੇ ਕਤਲਾਮ ਜੇ

ਵੇਖ ਕੇ ਕਤਲਾਮ ਜੇ ਚੁੱਪ ਯਾਰ ਹੋਵਾਂਗੇ ਅਸੀਂ। ਇਸ ਤਰ੍ਹਾਂ ਤਾਂ ਧਰਤ ਉੱਤੇ ਭਾਰ ਹੋਵਾਂਗੇ ਅਸੀਂ। ਹੰਝ ਵਾਂਗੂੰ ਵਹਿ ਗਏ ਜੇ ਰਾਖ਼ ਬਣ ਕੇ ਉੱਡ ਗਏ, ਫਿਰ ਕਿਵੇਂ ਇੱਕ ਚੀਖ ਤੋਂ ਲਲਕਾਰ ਹੋਵਾਂਗੇ ਅਸੀਂ। ਸਿਰਫ਼ ਘਰ ਨੂੰ ਇੱਕ ਇਮਾਰਤ ਸਮਝ ਕੇ ਨਾ ਕੋਸੀਏ, ਇਸ ਲਈ ਕਿੱਧਰੇ ਤਾਂ ਜ਼ਿੰਮੇਵਾਰ ਹੋਵਾਂਗੇ ਅਸੀਂ। ਪੈਰ-ਚਿੰਨ੍ਹ ਇਕਸਾਰ ਜੇ ਤੁਰਦੇ ਰਹੇ ਤਾਂ ਵੇਖਣਾ, ਦੋਸਤੋ ਹਰ ਵਕਤ ਦੇ ਸਰਦਾਰ ਹੋਵਾਂਗੇ ਅਸੀਂ। ਵੇਖਿਓ ਤੱਤੀ ਹਵਾ ਤੋਂ ਕਾਫ਼ਲਾ ਜੇ ਡਰ ਗਿਆ, ਕਿੰਝ ਇਹਨਾਂ ਸੂਲੀਆਂ ਤੋਂ ਪਾਰ ਹੋਵਾਂਗੇ ਅਸੀਂ। ਜਨਮ ਤੋਂ ਸਿਵਿਆਂ ਦੇ ਤੀਕਰ ਸ਼ਬਦ ਸਿਰ ਤੇ ਛਾਂ ਬਣੇ, ਮੇਟ ਕੇ ਪਹਿਚਾਣ ਅਪਣੀ ਖੁਆਰ ਹੋਵਾਂਗੇ ਅਸੀਂ। ਸਾਬਰਾਂ ਨੂੰ ਜਾਬਰਾ ਇੱਕ ਵਾਰ ਤੂੰ ਕੀ ਮਾਰਨਾ, ਤੈਥੋਂ ਪਹਿਲਾਂ ਮਕਤਲੀਂ ਹਰ ਵਾਰ ਹੋਵਾਂਗੇ ਅਸੀਂ।

ਮਾਰੂਥਲ ਵਿਚ ਤੁਰਦਿਆਂ

ਮਾਰੂਥਲ ਵਿਚ ਤੁਰਦਿਆਂ ਤੇ ਸਾਗਰਾਂ ਵਿਚ ਤਰਦਿਆਂ। ਕਟ ਰਹੀ ਹੈ ਜ਼ਿੰਦਗੀ ਕੁਝ ਜੀਂਦਿਆਂ ਕੁੱਝ ਮਰਦਿਆਂ। ਫ਼ਾਸਲੇ ਘੱਟ ਜਾਣਗੇ ਇਹ ਸੋਚਦੇ ਹੀ ਸੋਚਦੇ, ਦੂਰ ਕਿੰਨੀ ਆ ਗਏ ਹਾਂ ਮੰਜ਼ਿਲਾਂ ਸਰ ਕਰਦਿਆਂ। ਯਾਦ ਆਈ ਛਾਂ ਗੁਆਚੀ ਬਾਬਲੇ ਜਹੇ ਬਿਰਖ ਦੀ, ਤਪਦਿਆਂ ਰਾਹਤਾਂ ਦੇ ਉੱਤੇ ਪੈਰ ਪਹਿਲਾ ਧਰਦਿਆਂ। ਭੁੱਲ ਗਏ ਨੇ ਗੀਤ ਮਿੱਠੇ ਮਰ ਗਈ ਸੰਵੇਦਨਾ, ਬੇਸੁਰੀ ਇਸ ਜ਼ਿੰਦਗੀ ਦੇ ਸਾਜ਼ ਨੂੰ ਸੁਰ ਕਰਦਿਆਂ। ਰੇਤ ਦਾ ਇਹ ਤਨ ਮੇਰਾ ਇਕ ਬੂੰਦ ਨੂੰ ਤਰਸੇ ਪਿਆ, ਉਂਝ ਯੁਗਾਂ ਤੋਂ ਵੇਖਦਾਂ ਮੈਂ ਅੰਬਰਾਂ ਨੂੰ ਵਰਦਿਆਂ। ਜਿੱਤ ਸਕੇ ਨਾ ਹਰ ਸਕੇ, ਨਾ ਜੀ ਰਹੇ ਨਾ ਮਰ ਰਹੇ, ਤੇਰੇ ਮਿੱਠੇ ਲਾਰਿਆਂ ਦੇ ਤੀਰ ਤਿੱਖੇ ਜਰਦਿਆਂ। ਹੋ ਗਏ ਨੇ ਫੇਰ ਮਿੱਟੀ ਕੱਚੀਆਂ ਕੰਧਾਂ ਦੇ ਘਰ, 'ਨ੍ਹੇਰੀਆਂ ਸੰਗ ਜੂਝਦੇ ਤੇ ਤੇਜ਼ ਮੀਂਹ ਵਿਚ ਖਰਦਿਆਂ। ਮੇਰੀਆਂ ਗ਼ਜ਼ਲਾਂ ਹਨ੍ਹੇਰੀ ਰਾਤ ਵਿਚ ਬਲਦੇ ਚਿਰਾਗ਼, ਸੁਰ ਮਿਲਾਵੇਂ ਤਾਂ ਮੈਂ ਸਾਰੀ ਧਰਤ ਰੌਸ਼ਨ ਕਰ ਦਿਆਂ।

ਮ੍ਰਿਗਤ੍ਰਿਸ਼ਨਾ ਦੇ ਕੀਲੇ ਪੰਛੀ

ਮ੍ਰਿਗਤ੍ਰਿਸ਼ਨਾ ਦੇ ਕੀਲੇ ਪੰਛੀ ਵੇਖੋ ਕਿੰਝ ਦਹਾੜ ਰਹੇ। ਦੂਰ ਲਿਸ਼ਕਦੀ ਰੇਤ ਦੇ ਬਦਲੇ ਘਰ ਦੇ ਬਾਗ਼ ਉਜਾੜ ਰਹੇ। ਪੱਤਝੜਾਂ ਦੇ ਪੀਲੇ ਪੱਤਰ 'ਸ਼ੋਅ-ਕੇਸਾਂ' ਵਿਚ ਸਾਂਭਣ ਲੋਕ, ਸਾਂਝੇ ਰੁੱਖ ਦੀ ਠੰਡੀ ਛਾਂ ਦੇ ਸਾਵੇ ਪੱਤੇ ਝਾੜ ਰਹੇ। ਮਾਂ ਮਿੱਟੀ ਦੇ ਰਾਖਿਆਂ ਨੂੰ ਇਹ ਝੱਲ ਅਜੀਬ ਕੀ ਚੜ੍ਹਿਆ ਏ, ਸੂਲਾਂ ਦੀ ਨੇ ਰਾਖੀ ਕਰਦੇ ਸੱਜਰੇ ਫੁੱਲ ਲਤਾੜ ਰਹੇ। ਇੱਕ ਪਾਸੇ ਮਿੱਟੀ ਦੇ ਚੁੱਲ੍ਹੇ ਤਰਸਣ ਸੱਜਰੀ ਮਿੱਟੀ ਨੂੰ, ਦੂਜੇ ਪਾਸੇ ਭਵਨਾਂ ਉੱਤੇ ਮਣ-ਮਣ ਸੋਨਾ ਚਾੜ੍ਹ ਰਹੇ। ਹਰ ਬੁੱਤਘਾੜਾ ਅਪਣੇ ਬੁੱਤ ਦਾ ਇਕੋ ਚਿਹਰਾ ਘੜੇ ਪਿਆ, ਕਿਉਂ ਬਾਜ਼ਾਰੂ ਸੋਚ ਦੇ ਅੰਦਰ ਰੂਹ ਦੇ ਨਕਸ਼ ਵਿਗਾੜ ਰਹੇ। ਜਿਨ੍ਹਾਂ ਚਿਰਾਗ਼ਾਂ ਦੀ ਲੋਅ ਖ਼ਾਤਿਰ ਮੈਂ ਅਪਣੀ ਰੱਤ ਫੂਕੀ ਸੀ, ਓਹੀ 'ਨ੍ਹੇਰੇ ਦੇ ਸੰਗ ਰਲ਼ ਕੇ ਖ਼ਾਬ ਨੇ ਮੇਰੇ ਸਾੜ ਰਹੇ।

ਸ਼ਬਦਾਂ ਅੰਦਰ ਸੱਚ ਹੈ

ਸ਼ਬਦਾਂ ਅੰਦਰ ਸੱਚ ਹੈ, ਸ਼ਬਦਾਂ ਦੇ ਵਿਚ ਲੋਅ। ਇਹਨਾਂ ਵੱਲ ਤੂੰ ਇੰਝ ਨਾ, ਕਰਕੇ ਪਿੱਠ ਖਲੋ। ਸਾਗਰ ਬਣ ਕੇ ਸਿੱਪੀਆਂ, ਅੰਦਰ ਮੋਤੀ ਰੱਖ, ਨੀਰ ਬਿਨਾ ਉਡ ਜਾਏਂਗਾ, ਕਿਣਕਾ ਕਿਣਕਾ ਹੈ। ਛਾਵੇਂ ਉੱਗੇ ਰੁੱਖ ਨੂੰ ਪੈਂਦਾ ਨਾ ਫਲ ਬੂਰ, ਤਾਹੀਓਂ ਕਹਿਨਾਂ ਪੁੱਤ ਨੂੰ, ਮੈਥੋਂ ਦੂਰ ਖਲੋ। ਆ ਜਾ ਰਲ਼ ਮਿਲ ਮਾਣੀਏ, ਇਕ ਦੂਜੇ ਦੀ ਛਾਂ, ਗ਼ਰਜ਼ਾਂ ਖ਼ਾਤਿਰ 'ਕੱਲੇ ਭਾਰ ਨਾ ਜਾਈਏ ਢੋਅ। ਸੱਪ, ਸਿਆਸਤ ਮਾਰਦੇ, ਕਦੇ ਨਾ ਸਿੱਧੀ ਲੀਕ, ਢਿੱਡ ਵਿਚ ਰੱਖਣ ਵਲ ਕਈ ਮੂੰਹ ਵਿਚ ਜੀਭਾਂ ਦੋ।

ਸਿਖ ਗਿਆ ਜੇ ਸੁਪਨ ਨੂੰ ਸੰਭਾਲਣੇ

ਸਿਖ ਗਿਆ ਜੇ ਸੁਪਨ ਨੂੰ ਸੰਭਾਲਣੇ। ਸਹਿਜ ਹੋ ਜਾਵਣਗੇ ਬੱਚੇ ਪਾਲਣੇ। ਮਾਰੂਥਲ ਵਿਚੋਂ ਦੀ ਲੰਘਣ ਵਾਸਤੇ, ਪੈਰ ਤਾਂ ਅਪਣੇ ਹੀ ਪੈਣੇ ਜਾਲਣੇ। ਬਿਰਖ ਹੀਣੀ ਧਰਤ ਪੰਛੀ ਬੇਘਰੇ, ਖੰਭਿਆਂ ਤੇ ਪਾ ਰਹੇ ਨੇ ਆਲ੍ਹਣੇ। ਬੁਝ ਰਹੇ ਅੰਗਿਆਰ ਨੂੰ ਤੂੰ ਸਾਂਭ ਲੈ, ਕੱਲ੍ਹ ਫਿਰ ਮਾਵਾਂ ਨੇ ਚੁੱਲ੍ਹੇ ਬਾਲਣੇ। ਅੱਗ ਤੇ ਫੁੱਲਾਂ ਦੀ ਹੈ ਤਾਸੀਰ ਵੱਖ, ਬੀਜੀਂ ਨਾ ਇਕੋ ਕਿਆਰੀ ਮਾਲਣੇ। ਲਗਨ ਅੰਦਰ ਮਗਨ ਹੋ ਤੁਰਦਾ ਰਹੀਂ, ਜੇ ਕਿਤਾਬਾਂ 'ਚੋਂ ਨੇ ਮੇਤੀ ਭਾਲਣੇ। ਤੂੰ ਮੇਰੀ ਹਮਰਾਜ਼ ਬਣ ਜਾ ਹੇ ਗ਼ਜ਼ਲ, ਤੂੰ ਹੀ ਅੱਖਰ ਰੌਸ਼ਨੀ ਵਿਚ ਢਾਲਣੇ।

ਦਿਲ ਦੇ ਵਿਚ ਲਕੋਈ ਬੈਠੇ ਖੰਜ਼ਰ

ਦਿਲ ਦੇ ਵਿਚ ਲਕੋਈ ਬੈਠੇ ਖੰਜ਼ਰ ਤੇ ਕਿਰਪਾਨ। ਚਿਹਰੇ ਉੱਤੋਂ ਲੱਭਦੀ ਹੀ ਨਾ ਬੰਦੇ ਦੀ ਪਹਿਚਾਣ। ਸੜਦੇ ਪਏ ਦਰਵੇਸ਼ ਬਿਰਖ ਨੇ, ਧੁੱਖਦੇ ਪਏ ਮਕਾਨ। ਹਰ ਬੰਦੇ ਦੇ ਸਿਰ ਦੇ ਉੱਤੇ ਕਾਲਾ ਹੈ ਅਸਮਾਨ। ਕਰਮ ਧਰਮ ਦੇ ਚੋਲੇ ਅੰਦਰ ਇੰਝ ਘਿਰਿਆ ਇਨਸਾਨ। ਹਰ ਇੱਕ ਰੂਹ ਹੀ ਫਿਰੇ ਪਿਆਸੀ ਹਰ ਦਿਲ ਲਹੂ-ਲੁਹਾਨ। ਤੂੰ ਇਹਨਾਂ ਵਿਚ ਕੰਕਰ ਸੁੱਟੀਂ ਸੁੱਤੇ ਨੀਰ ਜਗਾਵੀਂ, ਪੱਥਰਾਂ ਦੇ ਵਿਚ ਰਹਿ ਇਹ ਕਿਧਰੇ ਪੱਥਰ ਨਾ ਹੋ ਜਾਣ। ਮਾਪਿਆਂ ਜਿਹੜੇ ਘਰ ਦੀ ਖ਼ਾਤਿਰ ਖ਼ੂਨ ਪਸੀਨਾ ਚੋਇਆ, ਓਸੇ ਘਰ ਦੀ ਨੁੱਕਰੇ ਬੈਠੇ ਲੈ ਕੇ 'ਕੱਲੀ ਜਾਨ। ਗੁੰਮਸੁੰਮ ਤਿੱਤਲੀ, ਰੁੱਖ ਉਦਾਸੇ ਤੇ ਮੁਰਝਾਏ ਫੁੱਲ, ਪੱਥਰ ਦੇ ਇਸ ਸ਼ਹਿਰ 'ਚੋਂ ਲੱਭਣ ਗੁੰਮ ਪਈ ਮੁਸਕਾਨ। ਤੰਗ ਸੋਚਾਂ ਤੋਂ ਭਿੱਟ ਰੋਕਾਂ ਤੋਂ ਜਦ ਇਨਕਾਰੀ ਹੋਵਾਂ, ਕਾਫ਼ਰ ਕਾਫ਼ਰ ਆਖ ਬੁਲਾਵੇ ਮੈਨੂੰ ਜੱਗ ਜਹਾਨ। ਗੂੰਗੀ ਧਰਤੀ, ਬਿਖਰੇ ਪੈਂਡੇ, ਰੇਤ ਹੈ ਮੀਲਾਂ ਤੀਕ, ਹਰ ਮੰਦਰ ਇਨਸਾਫ਼ ਦਾ ਹੁਣ ਤਾਂ ਜਾਪੇ ਰੇਗਿਸਤਾਨ। ਇੱਕ ਦਿਨ ਅੰਦਰ ਲੱਖਾਂ ਵਾਰੀ ਵੇਖਿਆ ਹੈ ਮਰ ਮਰ ਕੇ, ਸੀਨੇ ਵਿਚੋਂ ਫਿਰ ਨਾ ਬੁਝਦੀ ਫ਼ਿਕਰਾਂ ਦੀ ਸ਼ਮਸ਼ਾਨ।

ਕੱਚੇ ਘੜੇ 'ਤੇ ਨਾ ਪਿਆਰ ਠਿਲਦਾ

ਕੱਚੇ ਘੜੇ 'ਤੇ ਨਾ ਪਿਆਰ ਠਿਲਦਾ ਮੁਹੱਬਤਾਂ ਨੂੰ ਕੌਣ ਪੁੱਛਦਾ। ਦਿਲ ਹੁੰਦਾ ਨਾ ਇਲਾਜ ਦਿਲ ਦਾ ਮੁਹੱਬਤਾਂ ਨੂੰ ਕੌਣ ਪੁੱਛਦਾ। ਅੱਥਰੂ ਦੀ ਰੱਤ ਨੂੰ ਤਾਂ ਅੱਥਰੂ ਹੀ ਜਾਣਦਾ, ਹਾਲ ਪਹਿਚਾਣਦਾ, ਕਿਤੇ ਹੱਟੀਆਂ ਤੋਂ ਰੱਜ ਮਿਲਦਾ ਮੁਹੱਬਤਾਂ ਨੂੰ ਕੌਣ ਪੁੱਛਦਾ। ਖ਼ੁਸ਼ਬੂ ਤੋਂ ਸੱਖਣੇ ਕਾਗਜ਼ਾਂ ਦੇ ਫੁੱਲ ਨੇ, ਕੰਡਿਆਂ ਦੇ ਤੁਲ ਨੇ, ਜੇ ਪੱਥਰਾਂ ਨਾਲ ਘਰ ਖਿਲਦਾ ਮੁਹੱਬਤਾਂ ਨੂੰ ਕੌਣ ਪੁੱਛਦਾ। ਇਸ਼ਕੇ ਦੀ ਲੋਅ ਸੰਗ ਦਿਨ ਹੈ ਤੇ ਰਾਤ ਹੈ, ਸਾਰੀ ਕਾਇਨਾਤ ਹੈ, ਦਿੱਲੀ ਕੰਬਦੀ ਨਾ ਲਾਹੌਰ ਹਿਲਦਾ ਮੁਹੱਬਤਾਂ ਨੂੰ ਕੌਣ ਪੁੱਛਦਾ।

ਧੜਕਦਾ ਸੀਨੇ 'ਚ ਇਸ ਦੇ

ਧੜਕਦਾ ਸੀਨੇ 'ਚ ਇਸ ਦੇ ਦਿਲ ਨਹੀਂ। ਧਰਤ ਹੁਣ ਇਹ ਰਹਿਣ ਦੇ ਕਾਬਿਲ ਨਹੀਂ। ਇਸ਼ਕ ਦੇ ਸਾਗਰ ਦਾ ਇਹ ਮੰਜ਼ਰ ਕੇਹਾ, ਦੂਰ ਤਕ ਦਿਸਦਾ ਕਿਤੇ ਸਾਹਿਲ ਨਹੀਂ। ਲਾਲ ਪੀਲੇ ਪੱਥਰਾਂ ਦੀ ਭੀੜ ਵਿਚ, ਕੌਣ ਐਸਾ ਸ਼ਖ਼ਸ ਜੋ ਘਾਇਲ ਨਹੀਂ। ਫੁੱਲ ਤੋੜੇਂ ਮਹਿਕ ਨੂੰ ਮਨਫ਼ੀ ਕਰੇਂ, ਤੈਥੋਂ ਵੱਡਾ ਕੋਈ ਵੀ ਕਾਤਿਲ ਨਹੀਂ। ਮੁਲਕ ਦੀ ਤਸਵੀਰ ਕੌਮੀ ਗੀਤ ਵਿਚ, ਪੀੜ ਸਾਡੀ ਦਾ ਜ਼ਿਕਰ ਸ਼ਾਮਿਲ ਨਹੀਂ। ਹਾਸਿਆਂ ਦੀ ਤਾਲ ਤੇ ਨੱਚੇ ਸਦਾ, ਜ਼ਿੰਦਗੀ ਇਹ ਦੋਸਤਾ ਮਹਿਫ਼ਿਲ ਨਹੀਂ।

ਸਦੀਆਂ ਤੋਂ ਹੀ ਮਾਰੂਥਲ ਦੀ

ਸਦੀਆਂ ਤੋਂ ਹੀ ਮਾਰੂਥਲ ਦੀ ਵੇਖੀ ਇੰਝ ਤਕਦੀਰ। ਹਿੱਕੜੀ ਵਿਚ ਸਮੋਈ ਬੈਠਾ ਲਹਿਰਾਂ ਦੀ ਤਸਵੀਰ। ਸ਼ਹਿਰ ਤੇਰੇ ਦੇ ਉਲਝੇ ਰਸਤੇ ਵੇਖ ਕੇ ਚਿਤ ਘਬਰਾਏ, ਦਿਲ ਕਰਦਾ ਬਾਗ਼ੀ ਹੋ ਜਾਵਾਂ ਤੋੜ ਦਿਆਂ ਜੰਜ਼ੀਰ। ਧਰਮ, ਸਬਰ, ਇਖ਼ਲਾਕ, ਮੁਹੱਬਤ, ਸੁੱਚਮ ਸੁੱਚੀਆਂ ਰੀਤਾਂ, ਖੇਰੂੰ ਖੇਰੂੰ ਹੋ ਚੱਲੀ ਇਹ ਵੱਡਿਆਂ ਦੀ ਜਾਗੀਰ। ਸਾਡੇ ਹਿੱਸੇ ਬਦਲੋਟੀ ਦੀ ਛਾਂ ਵੀ ਕਿੱਥੇ ਆਉਂਦੀ? ਕਾਲੇ ਬੱਦਲ ਕਿਉਂ ਵਰ੍ਹ ਜਾਂਦੇ ਸਾਥੋਂ ਦੂਰ ਅਖ਼ੀਰ। ਗੂੜ੍ਹੀਆਂ ਠੰਡੀਆਂ ਛਾਂਵਾਂ ਵਾਲੇ ਲੋਕ ਉਹ ਕਿੱਥੇ ਦਾਨੇ? ਬੋਹੜਾਂ ਤੇ ਪਿੱਪਲਾਂ ਦੇ ਜਿਹੜੇ ਹੁੰਦੇ ਸੀ ਹਮਸ਼ੀਰ। ਸਾਡੇ ਖੇਤਾਂ ਅੰਦਰ ਕਿਸ ਨੇ ਜ਼ਹਿਰ ਪਨੀਰੀ ਬੀਜੀ, ਫ਼ਸਲਾਂ ਦੀ ਥਾਂ ਉੱਗਦੇ ਏਥੇ ਖੰਜ਼ਰ ਤਿੱਖੇ ਤੀਰ। ਕਾਗ਼ਦ, ਕਲਮ, ਰਬਾਬ ਬਿਨਾਂ ਫਿਰ ਗੀਤ ਵੀ ਕਿੱਥੇ ਰਹਿਣੇ, ਰੁੱਖ ਤੇ ਕੁੱਖ ਦੀ ਹੋਂਦ ਬਚਾਓ ਇਹ ਨੇ ਉੱਚ ਦੇ ਪੀਰ। 'ਯਾਰ ਧਨੋਆ' ਲੱਭ ਲਏ ਨੇ ਤੂੰ ਮੰਜ਼ਿਲ ਦੇ ਰਸਤੇ, ਵੇਖੀਂ ਤੇਰੇ ਮੂਹਰੇ ਨੱਚਦੀ ਹੁਣ ਕਿੱਦਾਂ ਤਕਦੀਰ।

ਸੋਚਦਾ ਹਾਂ ਇਕ ਗ਼ਜ਼ਲ ਐਸੀ ਲਿਖਾਂ

ਸੋਚਦਾ ਹਾਂ ਇਕ ਗ਼ਜ਼ਲ ਐਸੀ ਲਿਖਾਂ। ਬਾਤ ਕੀ ਆਪਣੇ ਦਿਲ ਦੀ ਲਿਖਾਂ। ਲਿਖ ਨਹੀਂ ਸਕਦਾ ਜੇ ਅਪਨੇ ਹੀ ਖਿਲਾਫ਼, ਕਿਉਂ ਮੈਂ ਫਿਰ ਆਤਮ ਕਥਾ ਝੂਠੀ ਲਿਖਾਂ। ਟਾਹਣੀਓ ਟੁੱਟੇ ਪੱਤਰ ਵਾਂਗਰਾਂ, ਬਿਖਰਿਆ ਬੰਦਾ ਗੁਆਚਾ ਥਾਂ ਕੁ ਥਾਂ, ਸ਼ਹਿਰ ਹੈ ਜਾਂ ਭਟਕਿਆਂ ਦਾ ਕਾਰਵਾਂ, ਜੰਗਲਾਂ ਨੂੰ ਕਿੰਝ ਮੈਂ ਨਗਰੀ ਲਿਖਾਂ। ਸੋਨ-ਰੰਗੀ ਤਖਤੀਆਂ ਦਾ ਸ਼ੋਰ ਹੈ, ਹਰਿਕ ਬੰਦਾ ਸੁਪਨਿਆਂ ਦੀ ਗੋਰ ਹੈ, ਤਲਖ਼ ਹੈ ਗੁਸਤਾਖ਼ ਹੈ ਦਿਲ ਖੋਰ ਹੈ, ਇਸ ਹਕੂਮਤ ਨੂੰ ਕਿਵੇਂ ਅਪਣੀ ਲਿਖਾਂ। ਰਿਸ਼ਤਿਆਂ ਦਾ ਭਰਮ ਪਰਦਾ ਹੀ ਰਿਹਾ, ਇਕ ਉਧੇੜੇ ਦੂਸਰ ਹੈ ਸੀ ਰਿਹਾ, ਹਰਿਕ ਰਿਸ਼ਤਾ ਟਾਕੀਆਂ ਵਿਚ ਜੀ ਰਿਹਾ, ਚਿਹਰਿਆਂ ਦੀ ਰੰਗ ਕਹਾਣੀ ਕੀ ਲਿਖਾਂ। ਦੂਰ ਤਕ ਜੋ ਨਜ਼ਰ ਹੈ ਕੁਝ ਵੀ ਨਹੀਂ, ਮਾਰੂਥਲ ਦਾ ਸਫ਼ਰ ਹੈ ਕੁਝ ਵੀ ਨਹੀਂ, ਹੁੰਦਾ ਹਾਸਿਲ ਅਗਰ ਹੈ ਕੁਝ ਵੀ ਨਹੀਂ, ਜ਼ਿੰਦਗੀ ਨੂੰ ਕਿਸ ਤਰ੍ਹਾਂ ਤੁਰਦੀ ਲਿਖਾਂ।

ਸੁਨਹਿਰੀ ਖ਼ਾਬ ਸਹਿਮੀ ਇਸ ਫ਼ਿਜਾ ਵਿਚ

ਸੁਨਹਿਰੀ ਖ਼ਾਬ ਸਹਿਮੀ ਇਸ ਫ਼ਿਜਾ ਵਿਚ ਰੰਗ ਘੋਲੇਗਾ। ਤੂੰ ਵੇਖੀਂ ਇੱਕ ਦਿਨ ਜ਼ਿੰਦਾ ਲਹੂ ਸਿਰ ਚੜ੍ਹ ਕੇ ਬੋਲੇਗਾ। ਉਹ ਜੋ ਹੰਕਾਰ ਦੇ ਕਿਲ੍ਹਿਆਂ ਦਾ ਬਣ ਦਰਬਾਨ ਬੈਠਾ ਹੈ, ਇਹ ਰੁਤਬੇ ਕਲਗੀਆਂ ਸਭ ਨੂੰ ਚੁਰਸਤੇ ਵਿਚ ਰੋਲੇਗਾ। ਬੁਝਾਈ ਲਾਟ 'ਨੇਰ੍ਹੀ ਨੇ, ਚਿਰਾਗ਼ਾਂ ਚੁੱਪ ਨਹੀਂ ਰਹਿਣਾ, ਦਿਲਾਂ 'ਚੋਂ ਉੱਠਦਾ ਧੂੰਆਂ ਕੁਫ਼ਰ ਦੇ ਭੇਤ ਖੋਲ੍ਹੇਗਾ। ਮੇਰੇ ਅੰਦਰ ਹੀ ਲਹਿਰਾਂ ਨੇ ਤੂੰ ਦਰਿਆ ਹੈਂ ਤੂੰ ਸਾਗਰ ਹੈਂ, ਤੇਰੀ ਅੱਖ ਦਾ ਤੜਪਦਾ ਨੀਰ ਤੇਰੀ ਨੀਂਦ ਖੋਲ੍ਹੇਗਾ। ਅਦਾਲਤ ਦੀ ਗਵਾਹੀ ਨਾਲ ਬਣਦੇ ਬਿਨਸਦੇ ਰਿਸ਼ਤੇ, ਪਤਾ ਨਾ ਸੀ ਕਿ ਬੰਦਾ ਧਰਮ ਤੋਂ ਏਨਾ ਵੀ ਡੋਲੇਗਾ। ਕਦੇ ਮਨ ਦੀ ਬਗੀਚੀ ਵਿਚ ਚੰਬਾ ਬੀਜ ਕੇ ਵੇਖੀਂ, ਉਦਾਸੀ ਹੂੰਝ ਦੇਵੇਗਾ ਤੇ ਰੂਹ ਵਿਚ ਮਹਿਕ ਘੋਲੇਗਾ।

ਗੋਰੇ ਤੋਂ ਨਾ ਕਾਲੇ ਤੋਂ ਡਰ ਲਗਦਾ ਹੈ

ਗੋਰੇ ਤੋਂ ਨਾ ਕਾਲੇ ਤੋਂ ਡਰ ਲਗਦਾ ਹੈ। ਮਨ ਵਿਚ ਫ਼ੈਲੇ ਜਾਲੇ ਤੋਂ ਡਰ ਲਗਦਾ ਹੈ। ਪੱਥਰ ਦੇ ਭਗਵਾਨ ਤਾਂ ਕੁੱਝ ਵੀ ਕਹਿੰਦੇ ਨਾ, ਉਸ ਨੂੰ ਪੂਜਣ ਵਾਲੇ ਤੋਂ ਡਰ ਲਗਦਾ ਹੈ। ਕੌਣ ਕਿਸੇ ਦੀ ਤੱਤੀ ਸੁਣ ਕੇ ਬਹਿੰਦਾ ਏ, ਸਭ ਨੂੰ ਅਪਣੇ ਪਾਲੇ ਤੋਂ ਡਰ ਲਗਦਾ ਹੈ। ਮਜ਼ਬੂਰੀ ਦੇ ਹੱਥੋਂ ਨਾ ਕੁੱਝ ਕਰ ਬੈਠੇ, ਪੰਛੀ ਭੋਲੇ ਭਾਲੇ ਤੋਂ ਡਰ ਲਗਦਾ ਹੈ। ਉਮਰ ਬਿਤਾਈ ਕੈਦੀ ਵਾਂਗੂੰ ਤਾਹੀਓਂ, ਹੁਣ, ਮੈਨੂੰ ਖੁੱਲ੍ਹੇ ਤਾਲੇ ਤੋਂ ਡਰ ਲਗਦਾ ਹੈ। ਖਿੜੀਆਂ ਕਲੀਆਂ ਦੇਖਾਂ ਕੰਬਣੀ ਛਿੜ ਜੰਦੀ, ਦਿਲ ਨੂੰ ਆਲੇ-ਦੁਆਲੇ ਤੋਂ ਡਰ ਲਗਦਾ ਹੈ। ਆਪੇ ਬੁਣਦੀ ਆਪੇ ਉਸ ਵਿਚ ਫਸ ਜਾਵੇ, ਤਦ ਮੱਕੜੀ ਨੂੰ ਜਾਲੇ ਤੋਂ ਡਰ ਲਗਦਾ ਹੈ।

ਅੱਗ ਦੇ ਜਾਂ ਖ਼ੂਨ ਦੇ

ਅੱਗ ਦੇ ਜਾਂ ਖ਼ੂਨ ਦੇ ਜਾਂ ਪੱਥਰਾਂ ਦੇ ਖ਼ਾਬ। ਰਾਤ ਦਿਨ ਇਹ ਵੇਖਦਾਂ ਮੈਂ ਕਿਸ ਤਰ੍ਹਾਂ ਦੇ ਖ਼ਾਬ। ਅੱਜ ਫੁੱਲਾਂ ਨੂੰ ਪਸੰਦ ਨੇ ਗ਼ਮਲਿਆਂ ਦੇ ਰੰਗ, ਭੁੱਲ ਗਏ ਕਿਉਂ ਤੱਕਣਾ ਉਹ ਧਰਤੀਆਂ ਦੇ ਖ਼ਾਬ। ਬੱਚਿਆਂ ਦੇ ਪੈਰ ਹੇਠਾਂ ਤੂੰ ਜ਼ਮੀਂ ਤਾਂ ਰੱਖ, ਸਿਰਜ ਲੈਣੇ ਆਪ ਓਨ੍ਹਾਂ ਅੰਬਰਾਂ ਦੇ ਖ਼ਾਬ। ਤਿੱਤਲੀਆਂ ਦੀ ਮੌਤ ਦਾ ਤੂੰ ਖ਼ੁਦ ਹੈ ਜ਼ਿੰਮੇਵਾਰ, ਕਿਉਂ ਦਿਖਾਏ ਫੁੱਲ ਦੀ ਥਾਂ ਕਹਿਕਸ਼ਾਂ ਦੇ ਖ਼ਾਬ। ਕੰਢਿਆਂ ਨੂੰ ਤੋੜ ਕੇ ਹੀ ਵਹਿਣ ਦੀ ਜ਼ਿੱਦ ਵਿਚ, ਵੇਖਿਓ ਰੁੜ੍ਹ ਜਾਣ ਨਾ ਕੱਚੇ ਘਰਾਂ ਦੇ ਖ਼ਾਬ। ਆ ਹੀ ਜਾਂਦੇ ਅੱਖੀਆਂ ਵਿਚ ਰਾਤ ਹੁੰਦੇ ਸਾਰ, ਝੀਲ ਦੇ ਚੰਨ ਵਾਂਗਰਾਂ ਇਹ ਸੱਜਣਾਂ ਦੇ ਖ਼ਾਬ।

ਚੋਰ ਲੁਟੇਰੇ, ਕਾਤਿਲ

ਚੋਰ ਲੁਟੇਰੇ, ਕਾਤਿਲ, ਚਾਤਰ ਬਦਲ ਬਦਲ ਕੇ ਬਾਣੇ। ਅਪਣੀ ਅਦਲ ਕਚਹਿਰੀ ਨਾਲੇ ਖੋਲੀ ਫਿਰਦੇ ਥਾਣੇ। ਲੈ ਕੇ ਰੰਗ ਨਸਲ ਦੀ ਡਫ਼ਲੀ ਗਾਵਣ ਰਾਗ ਪੁਰਾਣੇ। ਰੱਬਾ ਤੇਰੇ ਨਾਂ 'ਤੇ ਹੱਲੇ ਬੋਲਣ ਨਿੱਤ ਮੁਲਾਣੇ। ਦਿਨ ਚੜ੍ਹਦੇ ਨੂੰ ਲੋਕ ਖਰੀਦਣ ਤੁਰ ਪੈਂਦੇ ਨੇ ਖੱਫਣ, ਸ਼ਗਨਾਂ ਵਾਲਾ ਚੂੜਾ ਪਾ ਕੇ ਧੀਆਂ ਕਿੱਦਾਂ ਹੱਸਣ, ਸਾਡੇ ਵਰਗੇ ਕਾਫ਼ਰ ਮੋਲ਼ਾ ਕਿੱਥੇ ਜਾ ਕੇ ਵੱਸਣ, ਥਾਂ-ਥਾਂ 'ਤੇ ਹੁਣ ਕਲਗੀ ਲਾ ਕੇ ਬੈਠੇ ਨੇ ਜਰਵਾਣੇ। ਸੋਚ ਦੀ ਧਰਤੀ ਬੰਜਰ ਹੋਈ ਖੂਹ ਗਿੜਦੇ ਨੇ ਪੁੱਠੇ, ਖ਼ੁਦ ਨੂੰ ਫਿਰਦੇ ਖ਼ੁਦਾ ਕਹਾਉਂਦੇ ਹੱਥੀਂ ਫੜ੍ਹ ਕੇ ਠੂਠੇ, ਸੱਚੇ ਸ਼ਬਦਾਂ ਦੀ ਰਾਖੀ 'ਤੇ ਬਹਿ ਗਏ ਲੋਕ ਨੇ ਝੂਠੇ, ਹੱਸਦੇ ਵੱਸਦੇ ਖੇਤ ਉਜਾੜਨ ਖੋਹ ਲੈਂਦੇ ਨੇ ਦਾਣੇ। ਜੋ ਕਿੱਕਰਾਂ ਸੀ ਹੱਥੀਂ ਲਾਈਆਂ ਸੂਲਾਂ ਬਣ ਕੇ ਖੜ੍ਹੀਆਂ, ਮਦਰੱਸੇ ਵਿਚ ਫੌਜੀ ਤੰਬੂ ਫੈਲ ਗਈਆਂ ਨੇ ਮੜ੍ਹੀਆਂ, ਕੌਣ ਸੁਣਾਵੇ ਮੁੜ-ਮੁੜ ਸਾਨੂੰ ਫ਼ਰਮਾਨਾਂ ਦੀਆਂ ਝੜੀਆਂ, ਅੱਜ ਵੀ ਮਰ ਕੇ ਸੋਹਣੀ ਨੂੰ ਤਾਂ ਪੈਂਦੇ ਬੋਲ ਪੁਗਾਣੇ। ਰਾਤੀਂ ਮੇਰੀ ਨੀਂਦਰ ਅੰਦਰ ਸੁਪਨੇ ਰੱਜ ਕੇ ਰੋਏ, ਨੈਣਾਂ ਵਾਲੇ ਚਸ਼ਮੇ ਮੈਂ ਖ਼ੁਦ ਵੇਖੇ ਗੰਧਲੇ ਹੋਏ, ਮਹਿਕਣ ਦੀ ਥਾਂ ਪੌਣਾਂ ਨੇ ਵੀ ਸੁਖ਼ਨ ਅਵੱਲੜੇ ਢੋਏ, ਖ਼ਾਬ-ਵਿਹੂਣੇ ਪੁੱਤਰ ਮੈਥੋਂ ਜਾਂਦੇ ਨਹੀਂ ਪਛਾਣੇ।

ਚਿਹਰੇ ਉੱਤੇ ਰੰਗ ਲਗਾ ਕੇ

ਚਿਹਰੇ ਉੱਤੇ ਰੰਗ ਲਗਾ ਕੇ। ਜੀ ਲੈਨਾ ਖ਼ੁਦ ਨੂੰ ਭਰਮਾ ਕੇ। ਸੰਗਮਰਮਰ ਦਾ ਤਾਜ ਬਣਾ ਕੇ। ਬੈਠ ਗਿਆ ਮੈਂ ਹੱਥ ਵਢਾ ਕੇ। ਹੋਰ ਕਈ ਦਰਵਾਜ਼ੇ ਤੱਕੇ, ਵੱਡੇ ਦਰ ਦੇ ਅੰਦਰ ਜਾ ਕੇ। ਖ਼ੁਦ ਵੀ ਟੁੱਕੜੇ ਹੋ ਚੱਲਿਆਂ ਹਾਂ, ਘਰ ਦੇ ਵਿਚ ਮੈਂ ਲੀਕਾਂ ਵਾਹ ਕੇ। ਨਾਗ ਨਾਗਣੀ ਨੱਚਦੇ ਕਿੱਦਾਂ, ਵੇਖ ਜ਼ਰਾ ਤੂੰ ਬੀਨ ਵਜਾ ਕੇ। ਨਿੱਕੇ ਬੱਚੇ ਰਲ਼ ਮਿਲ ਖੇਡਣ, ਵੱਡੇ ਨੱਚਣ ਵੰਡੀਆਂ ਪਾ ਕੇ। ਯਾਰ 'ਧਨੋਆ' ਚੁੱਪ ਤੋੜ ਦੇ, ਨਾ ਰੱਖ ਰੂਹ ਨੂੰ ਜਿੰਦੇ ਲਾ ਕੇ।

ਦਿਲ ਮੇਰਾ ਮੋਏ ਅਰਮਾਨ ਲੱਭਦਾ

ਦਿਲ ਮੇਰਾ ਮੋਏ ਅਰਮਾਨ ਲੱਭਦਾ। ਦਿਨੇ ਰਾਤੀਂ ਗੁੰਮਿਆਂ ਜਹਾਨ ਲੱਭਦਾ। ਰਾਹੀ ਸਾਂ ਮੈਂ ਹੌਲੀ ਹੌਲੀ ਹੋ ਗਿਆ ਹਾਂ ਰਾਹ, ਤੇਰੀਆਂ ਹੀ ਪੈੜਾਂ ਦੇ ਨਿਸ਼ਾਨ ਲੱਭਦਾ। ਸ਼ਹਿਰ ਵਿਚ ਬੰਦੇ ਦਾ ਕੀ ਹਾਲ ਦੱਸੀਏ, ਗੁੰਮਿਆਂ ਉਹ ਅਪਣੀ ਪਛਾਣ ਲੱਭਦਾ। ਪੱਥਰਾਂ ਦੇ ਘਰੋਂ ਸ਼ੀਸ਼ਾ ਰੁੱਸ ਦੌੜਿਆ, ਚਿਹਰਿਆਂ ਦੇ ਉੱਤੋਂ ਮੁਸਕਾਨ ਲੱਭਦਾ। ਬੋਲਦੀ ਨਾ ਸੱਚ ਕਿਉਂ ਬੰਦੇ ਦੀ ਜ਼ੁਬਾਨ, ਸੱਚ ਲਈ ਦੂਜੇ ਦੀ ਜ਼ੁਬਾਨ ਲੱਭਦਾ। ਧਰਤੀ ਨੂੰ ਪੁੱਤਰਾਂ ਦੀ ਭੁੱਖ ਖਾ ਗਈ, ਨਾ ਪਹਿਲਾਂ ਜਿਹਾ ਹੁਣ ਅਸਮਾਨ ਲੱਭਦਾ।

ਦੁਆ ਏਹੀ ਸਦਾ ਮੰਗਾਂ

ਦੁਆ ਏਹੀ ਸਦਾ ਮੰਗਾਂ ਕਿ ਉੱਜਲੇ ਨੈਣ ਦੇ ਮੈਨੂੰ। ਮੈਂ ਵਾਸੀ ਧਰਤ ਦਾ ਹਾਂ ਧਰਤ 'ਤੇ ਹੀ ਰਹਿਣ ਦੇ ਮੈਨੂੰ। ਜੇ ਤੂੰ ਚਾਹੇਂ ਕਿ ਇਹਨਾਂ ਖਾਕਿਆਂ ਵਿਚ ਰੰਗ ਭਰ ਜਾਵੇ, ਨੁਕੀਲੇ ਕੰਡਿਆਂ, ਪਾਗਲ ਹਵਾ ਸੰਗ ਖਹਿਣ ਦੇ ਮੈਨੂੰ। ਕਿਤੇ ਇੱਕ ਆਸਥਾ ਬਣ ਕੇ ਲਹੂ ਨਾ ਪੀਣ ਲਗ ਜਾਵਾਂ, ਮੈਂ ਲੰਘਿਆਂ ਵਕਤ ਹਾਂ ਤੂੰ ਵਕਤ ਦੇ ਸੰਗ ਢਹਿਣ ਦੇ ਮੈਨੂੰ। ਇਨ੍ਹਾਂ ਸ਼ਬਦਾਂ 'ਚ ਏਨਾਂ ਸੇਕ ਹੈ ਜੰਜ਼ੀਰ ਢਲ ਜਾਵੇ, ਤੂੰ ਐਵੇਂ ਵਰਜ ਨਾ ਬੇਖ਼ੌਫ਼ ਹੋ ਕੇ ਕਹਿਣ ਦੇ ਮੈਨੂੰ। ਜੋ ਨੱਚਦੀ ਪਲਕ ਦੇ ਵਿਚ ਕੈਦ ਗਹਿਰਾ ਨੀਲ ਸਾਗਰ ਹੈ, ਇਹ ਖਾਰੇ ਪਾਣੀਆਂ ਦੀ ਮੌਜ ਅੰਦਰ ਲਹਿਣ ਦੇ ਮੈਨੂੰ। ਮੈਂ ਜੇਕਰ ਸੱਚ ਬੋਲਣ ਦੀ ਹਮਾਕਤ ਖ਼ੁਦ ਹੀ ਕੀਤੀ ਹੈ, ਤਾਂ ਇਸ ਦੀ ਆਪਣੀ ਪੀੜਾ ਵੀ ਆਪੇ ਸਹਿਣ ਦੇ ਮੈਨੂੰ। ਜੋ ਦਿਲ ਦਰਿਆ ਮਿਟਾ ਦੇਵੇ ਸਮੁੰਦਰ ਦੀ ਕੀ ਹਸਤੀ ਹੈ, ਮੈਂ ਪਰਤਾਂਗਾ ਘਟਾ ਬਣ ਕੇ ਜ਼ਰਾ ਉੱਡ ਲੈਣ ਦੇ ਮੈਨੂੰ।

ਕਿਹੜੀ ਇਹ ਦਿਲ ਦੇ ਨਾਲ

ਕਿਹੜੀ ਇਹ ਦਿਲ ਦੇ ਨਾਲ ਪਹਿਲੀ ਵਾਰ ਹੋਈ ਹੈ। ਅੰਬਰ ਦੇ ਤਾਰੇ ਗਿਣਦਿਆਂ ਹਰ ਰਾਤ ਮੋਈ ਹੈ। ਸਦੀਆਂ ਤੋਂ ਮੰਜ਼ਿਲਾਂ ਦੀ ਚਾਹਵਾਨ ਹੈ ਦੁਨੀਆਂ, ਪੈਰਾਂ ਦੇ ਛਾਲਿਆਂ ਨੂੰ ਵਿਹੰਦਾ ਨਾ ਕੋਈ ਹੈ। ਜਜ਼ਬਾਤ ਦੀ ਖ਼ੁਸ਼ਬੂ ਹੈ ਅਜੇ ਤੀਕ ਮਹਿਕਦੀ, ਦੁਹਾਂ ਦੀ ਇੱਕੋ ਵਕਤ ਜੇਕਰ ਅੱਖ ਰੋਈ ਹੈ। ਨੈਣਾਂ ਦੀ ਖਾਰੀ ਝੀਲ 'ਚੋਂ ਇੱਕ ਬੂੰਦ ਪੀਣ ਦੇ, ਏਸੇ ਦੀਵਾਨਗੀ 'ਚ ਮੈਂ ਕਿਸ਼ਤੀ ਡਬੋਈ ਹੈ। ਰਾਤਾਂ ਦੀ ਹਿੱਕੜੀ 'ਤੇ ਦੀਵੇ ਓਹੀਓ ਬਲਣਗੇ, ਜਿਨ੍ਹਾਂ ਨੇ ਪੀੜ ਯਾਰ ਦੀ ਦਿਲ ਵਿਚ ਲਕੋਈ ਹੈ।

ਮੌਸਮ ਬਲਦਾ ਲਾਵਾ ਹੈ

ਮੌਸਮ ਬਲਦਾ ਲਾਵਾ ਹੈ। ਸ਼ਹਿਰ ਝੁਲਸਿਆ ਫਿਰਦਾ ਹੈ। ਮੇਰੇ ਤੋਂ ਪਰਛਾਵਾਂ ਹੀ, ਅੱਗੇ ਜਾਣ ਨੂੰ ਕਾਹਲਾ ਹੈ। ਸਭ ਦੀ ਅਪਣੀ ਦੁਨੀਆਂ ਹੈ, ਆਪੋ-ਆਪਣਾ ਦਾਇਰਾ ਹੈ। ਘੇਰੇ ਅੰਦਰ ਵਿਚਰਦਿਆਂ, ਪੈਂਡਾ ਕਿੱਥੇ ਮੁਕਦਾ ਹੈ। ਸਿਰ 'ਤੇ ਸਿਖ਼ਰ ਦੁਪਹਿਰਾ ਹੈ। ਬੰਦਾ ਫਿਰ ਵੀ ਸੁੱਤਾ ਹੈ। ਜਿਹੜੇ ਘਰ ਨੂੰ ਤੱਕਿਆ ਨਈਂ, ਬਸ ਓਹੀ ਦਰ ਚੰਗਾ ਹੈ। ਨਾ ਜੁਗਨੂੰ ਨਾ ਤਾਰਾ ਹੈ। ਕਿੰਨਾ ਗੂੜ੍ਹ ਹਨੇਰਾ ਹੈ। ਸਿਖ਼ਰ ਪਹਾੜੀਂ ਜਾਣ ਲਈ, ਟੇਢਾ ਮੇਢਾ ਰਸਤਾ ਹੈ। ਯਾਰ 'ਧਨੋਆ' ਬੱਚ ਕੇ ਰਹੁ, ਤੈਨੂੰ ਤੈਥੋਂ ਖ਼ਤਰਾ ਹੈ।

ਸਾਹਾਂ ਦੇ ਵਿਚ ਬੇਵਿਸ਼ਵਾਸੀ

ਸਾਹਾਂ ਦੇ ਵਿਚ ਬੇਵਿਸ਼ਵਾਸੀ ਕੱਚੇ ਕੌਲ ਕਰਾਰ। 'ਨ੍ਹੇਰੀ ਅੰਦਰ ਥਰ ਥਰ ਕੰਬੇ ਘਰ ਦੀ ਹਰ ਦੀਵਾਰ। ਉਹ ਕੀ ਜਾਨਣ ਖੰਡ ਖਿਡੌਣੇ ਤੇ ਮੇਲੇ ਦੀ ਸਾਰ। ਬੈਠ ਕੇ ਟੀ.ਵੀ. ਮੂਹਰੇ ਜਿਨ੍ਹਾਂ ਵੇਖੇ ਨੇ ਤਿਉਹਾਰ। ਸੰਨ ਸੰਤਾਲੀ ਤੋਂ ਸੁਣਦਾਂ ਹੁਣ ਅਪਣੀ ਹੈ ਸਰਕਾਰ. ਕੋਟ ਪੁਰਾਣਾ ਰਫ਼ੂ ਕਰਾ ਕੇ ਪਾ ਲੈਨਾਂ ਹਰ ਵਾਰ। ਪੰਜੀਂ ਸਾਲੀਂ ਮਾਲਕ ਬਦਲਣ ਜਸ਼ਨ ਮਨਾਵਣ ਲੋਕ, ਚੁੱਕ ਲੈਂਦੇ ਨੇ ਫੇਰ ਵਿਚਾਰੇ ਪਹਿਲਾਂ ਤੋਂ ਵੱਧ ਭਾਰ। ਰੋਟੀ ਬੋਟੀ ਖ਼ਾਤਿਰ ਲੜਦੇ ਬੰਦੇ ਬਣੇ ਮਸ਼ੀਨ, ਇਸ ਨੂੰ ਅੱਜ ਕੱਲ ਕਹਿਣ ਸਿਆਣੇ ਸ਼ਹਿਰੀ ਸਭਿਆਚਾਰ। ਰੱਜਿਆਂ ਪੁੱਜਿਆਂ ਦੇ ਕੂੜੇ 'ਚੋਂ ਕੀ ਲੱਭਦਾਂ ਏ ਬੱਚਿਆ, ਭੋਲੀ ਸੋਚ ਦੇ ਪੰਛੀ ਨੂੰ ਅਣਿਆਈ ਮੌਤ ਨਾ ਮਾਰ। ਮੇਰੇ ਘਰ ਨੂੰ ਅੱਗ ਲੱਗੀ ਤੂੰ ਆਖ ਬਸੰਤਰ ਭਾਵੇਂ, ਪਰ ਨਾ ਭੁੱਲੀਂ ਇਸ ਤੋਂ ਅੱਗੇ ਹੈ ਤੇਰਾ ਦਰ-ਦੀਵਾਰ।

ਗੁਣਗਣਾਉਂਦਾ ਮਸਤ ਚਾਲ

ਗੁਣਗਣਾਉਂਦਾ ਮਸਤ ਚਾਲ ਤੁਰ ਰਿਹਾ ਹਾਂ ਮੈਂ। ਜ਼ਿੰਦਗੀ ਦੇ ਨਾਲ ਨਾਲ ਤੁਰ ਰਿਹਾ ਹਾਂ ਮੈਂ। ਇਹ ਜ਼ਰੂਰੀ ਤਾਂ ਨਹੀਂ ਮਿਲ ਜਾਏ ਸਾਰਾ ਜਹਾਨ, ਤੁਰਨਾ ਵੀ ਹੈ ਇੱਕ ਕਮਾਲ ਤੁਰ ਰਿਹਾ ਹਾਂ ਮੈਂ। ਗੂੰਜਦੇ ਇਹ ਰਹਿਣ ਹਾਸੇ, ਰੌਸ਼ਨੀ ਕਾਇਮ ਰਹੇ, ਕਿ ਸੋਚ ਕੇ ਘਰ ਦਾ ਖ਼ਿਆਲ ਤੁਰ ਰਿਹਾ ਹਾਂ ਮੈਂ। ਉਡੀਕਦੇ ਨੇ ਬਾਗ-ਬੂਟੇ ਫੁੱਲ ਜਹੇ ਬੱਚੇ ਮੇਰੇ, ਪਿਆਰ ਦੇ ਇਸ ਦਮ ਦੇ ਨਾਲ ਤੁਰ ਰਿਹਾ ਹਾਂ ਮੈਂ। ਕੱਲ੍ਹ ਨਵੀਂ ਪੀੜ੍ਹੀ ਨੂੰ ਅਪਣਾ ਕੀ ਮੈਂ ਦੱਸਾਂਗਾ ਸਫ਼ਰ, ਕੁਦ ਨੂੰ ਇਹ ਕਰ ਕੇ ਸਵਾਲ ਤੁਰ ਰਿਹਾ ਹਾਂ ਮੈਂ।

ਤੇਜ਼ ਅਗਨ ਵਿਚ ਲੋਹਾ ਪੱਥਰ

ਤੇਜ਼ ਅਗਨ ਵਿਚ ਲੋਹਾ ਪੱਥਰ ਤਪ ਕੇ ਲੂਹ ਕੇ ਢਲ ਜਾਂਦੇ ਨੇ। ਸਿਖ਼ਰ ਦੁਪਹਿਰੇ ਪਰਛਾਵੇਂ ਵੀ ਆਪਣਾ ਰੂਪ ਬਦਲ ਜਾਂਦੇ ਨੇ। ਏਸ ਦੌਰ ਦੇ ਰਿਸ਼ਤਿਆਂ ਅੰਦਰ ਮਿਰਗਜਲੀ ਇਹ ਤਿਲਕਣ ਕੇਹੀ, ਚਲਦੇ ਚਲਦੇ ਅਕਸਰ ਹੀ ਕਿਉਂ ਏਥੇ ਲੋਕ ਫਿਸਲ ਜਾਂਦੇ ਨੇ। ਆਪੋ ਆਪਣੀ ਹਿੰਮਤ ਹੈ ਇਹ, ਕਿਉਂ ਕਿਸਮਤ ਨੂੰ ਕੋਸ ਰਹੇ ਹੋ, ਕੁਝ ਦਰਿਆ ਵਿਚ ਡੁੱਬ ਜਾਂਦੇ ਤੇ ਕੁਝ ਪੌਣਾਂ ਵਿਚ ਰਲ਼ ਜਾਂਦੇ ਨੇ। ਕਿਸ਼ਤੀ ਟੋਪੀ, ਭਗਵੇਂ ਕਪੜੇ ਪਹਿਣ ਕੇ ਇਸ ਬਾਜ਼ਾਰ ਦੇ ਅੰਦਰ, ਵਿੰਗੇ ਟੇਢੇ ਜੰਗ ਦੇ ਖਾਧੇ ਖੋਟੇ ਸਿੱਕੇ ਚੱਲ ਜਾਂਦੇ ਨੇ। ਮਨ ਦੇ ਵਿਹੜੇ ਉੱਗੇ ਰੁੱਖ ਤੇ ਅਮਰ ਵੇਲ ਨਾ ਮੌਲਣ ਦੇਵੀਂ, ਸੋਨ-ਸੁਨਹਿਰੀ ਭਰਮ-ਭੁਲੇਖੇ, ਸਿਰ ਤੋਂ ਪੈਰ ਨਿਗਲ ਜਾਂਦੇ ਨੇ। ਤਪ ਕੇ ਭਾਫ਼ ਬਣੇ ਫਿਰ ਓਹੀ ਪਰਬਤ ਗਾਹੇ ਅੰਬਰ ਛੋਹੇ, ਜਲ ਕਣ ਬੱਦਲ ਬਣ ਕੇ, ਵਰ੍ਹ ਕੇ, ਫਿਰ ਸਾਗਰ ਦੇ ਵਿਚ ਰਲ਼ ਜਾਂਦੇ ਨੇ। ਕੁਝ ਰੁੱਖਾਂ ਦੀ ਕਾਨੀ ਬਣਦੀ ਕੁਝ ਤੁਰਦੇ ਨੇ ਕਿਸ਼ਤੀ ਹੋ ਕੇ, ਜੋ ਨਾ ਦੇਣ ਹਵਾਵਾਂ, ਛਾਂਵਾਂ, ਸਿਵਿਆਂ ਦੇ ਵਿਚ ਬਲ ਜਾਂਦੇ ਨੇ।

ਜਾਂਦੇ ਜਾਂਦੇ ਕਹਿ ਗਿਆ ਉਹ

ਜਾਂਦੇ ਜਾਂਦੇ ਕਹਿ ਗਿਆ ਉਹ ਲਫ਼ਜ਼ ਇਕ ਧਰਵਾਸ ਦਾ। 'ਨੇਰਿਆਂ ਵਿਚ ਜਗਮਗਾਇਆ ਦੀਪ ਬੁੱਝੀ ਆਸ ਦਾ। ਪਰਖਦਾ ਹਰ ਵਾਰ ਜ਼ਾਲਮ ਧਰਤੀ ਪੁੱਤਰਾਂ ਦਾ ਸਿਦਕ, ਸਮਝਦਾ ਉਹ ਦਰਦ ਕਿਉਂ ਨਾ ਧੜਕਦੇ ਅਹਿਸਾਸ ਦਾ। ਬਾਪ ਦੀ ਅਰਥੀ ਨੂੰ ਮੋਢਾ ਦੇਣ ਤੋਂ ਵੀ ਰਹਿ ਗਿਆ, ਸਮਝ ਆਇਆ ਪੁੱਤ ਨੂੰ ਇਹ ਅਰਥ ਫਿਰ ਪਰਵਾਸ ਦਾ। ਝਾਂਜਰਾਂ ਦੇ ਸ਼ੋਰ ਅੰਦਰ ਬੇਹਿਆਈ ਨੱਚਦੀ, ਵੇਖਿਆ ਜਦ ਵੀ ਤਮਾਸ਼ਾ ਮੈਂ ਦੀਵਾਨੇ-ਖ਼ਾਸ ਦਾ। ਅੰਨਦਾਤਾ ਦੇਸ਼ ਦਾ ਕਿੱਥੇ ਪੁਚਾਇਆ ਮਹਿਰਮੋ, ਜੀਣ ਖ਼ਾਤਿਰ ਲੈ ਰਿਹਾ ਉਹ ਆਸਰ ਸਲਫ਼ਾਸ ਦਾ। ਤੇਜ਼ ਤਿੱਖੀ ਧੁੱਪ ਤੋਂ ਜੇ ਘਰ ਬਚਾਉਣਾ ਲੋਚਦੈਂ, ਬਿਰਖ ਸੁੱਕਣ ਨਾ ਦਵੀਂ ਘਰ 'ਚੋਂ ਕਦੇ ਵਿਸ਼ਵਾਸ ਦਾ। ਰਾਮ ਜੀ ਪਰਤੇ ਤਾਂ ਦੀਵੇ ਜਗ ਪਏ ਨਗਰੀ 'ਚ ਸਭ, ਜਾਨਕੀ ਲਈ ਮੁੱਕਣਾ ਇਹ ਦਰਦ ਕਦ ਬਨਵਾਸ ਦਾ।

ਸ਼ਬਦਾਂ ਦੀ ਪਰਵਾਜ਼ ਜਿਹਾ

(ਮੁਹੱਬਤੀ ਮਿੱਤਰ 'ਤ੍ਰੈਲੋਚਣ ਲੋਚੀ' ਦੇ ਨਾਮ) ਸ਼ਬਦਾਂ ਦੀ ਪਰਵਾਜ਼ ਜਿਹਾ ਹੈ ਯਾਰ ਮੇਰਾ। ਪੀਰਾਂ ਦੇ ਅਲਫ਼ਾਜ਼ ਜਿਹਾ ਹੈ ਯਾਰ ਮੇਰਾ। ਪਹਿਲੀ ਛੋਹ ਦੇ ਕੰਪਣ ਦਾ ਅਹਿਸਾਸ ਜਿਉਂ, ਇਸ਼ਕੇ ਦੇ ਆਗਾਜ਼ ਜਿਹਾ ਹੈ ਯਾਰ ਮੇਰਾ। ਸ਼ੀਸ਼ੇ ਵਾਂਗੂੰ ਸਾਫ਼ ਸਫ਼ਾਫ ਈਮਾਨ ਉਦ੍ਹਾ, ਰੂਹ ਦੀ ਇੱਕ ਆਵਾਜ਼ ਜਿਹਾ ਹੈ ਯਾਰ ਮੇਰਾ। ਜਿਸ ਦੀ ਆਮਦ ਨਾਲ ਮਹਿਫ਼ਲਾਂ ਜੀ ਉੱਠਣ, ਵੰਝਲੀ ਵਰਗੇ ਸਾਜ਼ ਜਿਹਾ ਹੈ ਯਾਰ ਮੇਰਾ। ਹੀਰੇ ਮੋਤੀ ਰੁਲਦੇ ਉਸ ਦੇ ਕਦਮਾਂ ਵਿਚ, ਸ਼ਹਿਨਸ਼ਾਹਾਂ ਦੇ ਤਾਜ ਜਿਹਾ ਹੈ ਯਾਰ ਮੇਰਾ।

ਸੀਨੇ ਅੰਦਰ ਧੁੱਖਦਾ ਰਹੇ

ਸੀਨੇ ਅੰਦਰ ਧੁੱਖਦਾ ਰਹੇ ਜਾਂ ਹੰਝੂ ਬਣ ਖੁਰ ਜਾਵੇ। ਡਿੱਗਣੋਂ ਪਹਿਲਾਂ ਇਸ ਮੋਤੀ ਨੂੰ ਲੈ ਲਈਂ ਯਾਰ ਕਲਾਵੇ। ਮਹਿਕਾਂ ਦੇ ਕੁੱਝ ਛਿਣ ਹੁੰਦੇ ਨੇ ਤੇ ਸਮਿਆਂ ਦੀ ਸੀਮਾ, ਵਕਤ ਗੁਆਚਣ ਪਿੱਛੋਂ ਪੱਲੇ ਰਹਿ ਜਾਂਦੇ ਪਛਤਾਵੇ। ਚੂਰੀ ਦੀ ਥਾਂ ਆਟੇ ਦੇ ਕਿਉਂ ਬ ਣ ਜਾਂਦੇ ਨੇ ਦੀਵੇ, ਅੰਨ੍ਹੀ ਸ਼ਰਧਾ 'ਨੇਰ੍ਹ ਮਚਾਇਆ ਧਰਤੀ ਮਾਂ ਕੁਰਲਾਵੇ। ਰੁੱਖ ਉਦਾਸ ਨਿਪੱਤਰੇ ਜਿਹੜੇ ਖੜ੍ਹੇ ਸਿਆਲੀ ਰੁੱਤੇ, ਚੜ੍ਹਦੇ ਚੇਤਰ ਪਹਿਨਣਗੇ ਇਹ ਵਸਤਰ ਸਾਵੇ ਸਾਵੇ। ਚਾਰ ਕਦਮ ਨਾ ਤੁਰਿਆ ਜਿਹੜਾ ਤਪਦੀ ਸਿਖ਼ਰ ਦੁਪਹਿਰੇ, ਥਲ ਦੀ ਪੀੜ ਪਛਾਣਨ ਦੇ ਉਹ ਕਰਦਾ ਫਿਰਦਾ ਦਾਅਵੇ। ਅੰਬਰ ਦੀ ਅੱਖ ਵਿਚੋਂ ਕਿਰਦੀ ਹਰ ਇੱਕ ਬੂੰਦ ਸੰਭਾਲੀਂ, ਖ਼ਬਰੇ ਇਸ਼ਕ ਸਮੁੰਦਰ ਵਿੱਚ ਇਹ ਕਦ ਮੋਤੀ ਬਣ ਜਾਵੇ।

ਜ਼ਿੰਦਗੀ ਨਿੱਕੀ ਸਹੀ ਲੰਮੀ ਡਗਰ ਹੈ

ਜ਼ਿੰਦਗੀ ਨਿੱਕੀ ਸਹੀ ਲੰਮੀ ਡਗਰ ਹੈ। ਇੱਕ ਸਫ਼ਰ ਤੋਂ ਬਾਅਦ ਫਿਰ ਦੂਜਾ ਸਫ਼ਰ ਹੈ। ਭਟਕਦੇ ਇਸ ਦੌਰ ਅੰਦਰ ਭੁੱਲ ਗਿਆ ਹਾਂ, ਇਸ ਨਗਰ ਦੇ ਵਿਚ ਇੱਕ ਮੇਰਾ ਵੀ ਘਰ ਹੈ। ਘਰ ਜੋਂ ਮਿੱਠੇ ਗੁਣਗਣਾਉਂਦੇ ਸਾਜ਼ ਵਰਗਾ, ਘਰ ਜੋ ਦਿਲ ਦੀ ਟੁਣਕਵੀਂ ਆਵਾਜ਼ ਵਰਗਾ, ਘਰ ਕਿ ਜਿਸ 'ਤੇ ਪੁਰਖਿਆਂ ਨੂੰ ਨਾਜ਼ ਸੀ, ਹੁਣ ਠੋਕਰਾਂ ਇਹ ਖਾ ਰਿਹਾ ਕਿਉਂ ਦਰ-ਬ-ਦਰ ਹੈ? ਜਿਸ ਤਰ੍ਹਾਂ ਬੱਦਲ ਇਹ ਕਾਲੇ ਵਰ੍ਹ ਰਹੇ ਨੇ, ਪਾਣੀਆਂ ਵਿਚ ਬੁਲਬੁਲੇ ਜਿਹੇ ਤਰ ਰਹੇ ਨੇ, ਬਿਰਖ ਬਾਬੇ 'ਨੇਰੀਆਂ ਤੋਂ ਡਰ ਰਹੇ ਨੇ, ਅੱਜ ਆਪਣੇ ਕੱਲ ਤੋਂ ਕਿਉਂ ਬੇਖ਼ਬਰ ਹੈ? ਜਜ਼ਬਿਆਂ ਦੀ ਰਾਤ-ਰਾਣੀ ਮੁੱਕ ਰਹੀ ਹੈ, ਰਿਸ਼ਤਿਆਂ ਦੀ ਪਾਕਿ-ਗੰਗਾ ਸੁੱਕ ਰਹੀ ਹੈ, ਅਣਖ ਦੀ ਚੋਟੀ-ਹਿਮਾਲਾ ਝੁਕ ਰਹੀ ਹੈ. ਅਪਣਿਆਂ ਦੀ ਹੋ ਗਈ ਕਹਿਰੀ ਨਜ਼ਰ ਹੈ। ਭਰਮ ਦੀ ਤਸਵੀਰ ਵਿਚੋਂ ਨਿਕਲ ਜਿੰਦੇ, ਰੇਸ਼ਮੀ ਜੰਜ਼ੀਰ ਵਿਚੋਂ ਨਿਕਲ ਜਿੰਦੇ, ਖ਼ੋਖਲੀ ਤਾਬੀਰ ਵਿਚੋਂ ਨਿਕਲ ਜਿੰਦੇ, ਮੁੱਕਣੀ ਇੰਜ ਹੀ ਤੇਰੀ ਰਹਿੰਦੀ ਡਗਰ ਹੈ।

ਫੁੱਲਾਂ ਦੇ ਵਾਂਗ ਮਹਿਕਿਆ

ਫੁੱਲਾਂ ਦੇ ਵਾਂਗ ਮਹਿਕਿਆ ਮੇਰਾ ਨਸੀਬ ਹੈ। ਇਹ ਕੌਣ ਹੈ ਸਾਹਾਂ ਦੇ ਜੋ ਏਨਾ ਕਰੀਬ ਹੈ। ਸਾਹਵੇਂ ਨਹੀਂ ਫਿਰ ਵੀ ਦਿਸੇ ਤਸਵੀਰ ਯਾਰ ਦੀ, ਨੈਣਾਂ ਦਾ ਇਹ ਸ਼ੀਸ਼ਾ ਵੀ ਤਾਂ ਕਿੰਨਾ ਅਜੀਬ ਹੈ। ਜੋ ਆਖਦਾ ਹੈ, ਝੂਠ ਹੈ ਇਸ਼ਕੇ ਨੂੰ ਪਾ ਲਿਆ, ਉਸ ਕੋਲ ਸੁੱਚੇ ਪਿਆਰ ਦੀ ਕਿਹੜੀ ਜਰੀਬ ਹੈ। ਮਿੱਠੇ ਫਲਾਂ ਦੇ ਬਿਰਖ ਨੂੰ ਪੱਥਰ ਹੈ ਮਾਰਦਾ, ਦਸਤੂਰ ਇਸ ਨਗਰ ਦਾ ਵੀ ਕਿੰਨਾ ਅਜੀਬ ਹੈ। ਛਾਂਵਾਂ ਨੂੰ ਛਾਂਗ ਕੇ ਉਹ ਫਿਰ ਧੁੱਪਾਂ 'ਚ ਸੋਚਦਾ, ਮੇਰੇ ਤੋਂ ਵੱਧ ਕੇ ਹੁਣ ਭਲਾ ਕਿਹੜਾ ਗਰੀਬ ਹੈ। ਮੱਥੇ 'ਚ ਜਿਸ ਦੇ ਉਗਮਿਆ ਸੂਰਜ ਸਵੇਰ ਦਾ, ਲੇਖਾਂ 'ਚ ਉਸ ਦੇ ਹੀ ਲਿਖੀ ਕਿਉਂ ਇਹ ਸਲੀਬ ਹੈ।

ਸਾਂਝ ਦੇ ਉਹ ਦਿਨ ਸੁਹਾਵੇ

ਸਾਂਝ ਦੇ ਉਹ ਦਿਨ ਸੁਹਾਵੇ ਟੋਲਦਾ ਹੈ ਰਾਤ ਦਿਨ। ਕੌਣ ਸੁੰਨੇ ਵਿਹੜਿਆਂ ਵਿਚ ਬੋਲਦਾ ਹੈ ਰਾਤ ਦਿਨ? ਲੋਕ ਜਿਸ ਨੂੰ ਮਾਰ ਕੇ ਵੀ ਚੇਤਿਆਂ 'ਚੋਂ ਭੁੱਲ ਗਏ, ਇਸ਼ਕ ਦਾ ਬਲਦਾ ਸਿਵਾ ਫੋਲਦਾ ਹੈ ਰਾਤ ਦਿਨ। ਧੜਕਣਾਂ ਨੂੰ ਸਰਦ ਕਰਕੇ ਕਿਸ ਤਰ੍ਹਾਂ ਮੈਂ ਜੀ ਲਵਾਂ, ਦਰਦ ਵਾਲਾ ਹੰਝ ਖਾਰਾ ਡੋਲਦਾ ਹੈ ਰਾਤ ਦਿਨ। ਮੈਂ ਸਮੁੰਦਰ ਹਾਂ ਮੇਰੇ ਵਿਚ ਹੈ ਨਿਰੰਤਰ ਖਲਬਲੀ. ਸੋਚ ਦਾ ਤੂਫ਼ਾਨ ਕੰਢੇ ਟੋਲਦਾ ਹੈ ਰਾਤ ਦਿਨ। ਬਹੁਤ ਸੁਪਨੇ ਦਫ਼ਨ ਹੋਏ ਹਉਕਿਆਂ ਦੀ ਗੋਰ ਵਿਚ, ਫਿਰ ਵੀ ਪੰਛੀ ਆਸ ਦਾ ਪਰ ਤੋਲਦਾ ਹੈ ਰਾਤ ਦਿਨ।

ਪਤਾ ਨੀਂ ਕਿਹੜਿਆਂ ਖ਼ਾਬਾਂ ਦੇ

ਪਤਾ ਨੀਂ ਕਿਹੜਿਆਂ ਖ਼ਾਬਾਂ ਦੇ ਪੱਤਣ ਖੋ ਗਏ ਲੋਕੀਂ। ਕਿ ਨੇਤਰ ਰੱਖਦੇ ਵੀ ਬੇਚਿਰਾਗ਼ੇ ਹੋ ਗਏ ਲੋਕੀਂ। ਕਹੋ ਉਸ ਨੂੰ ਕਿ ਸਾਡੇ ਸ਼ਹਿਰ ਦੀ ਉਹ ਖ਼ਾਕ ਨਾ ਛਾਣੇ, ਵਫ਼ਾ ਦੇ ਮਹਿਕਦੇ ਬੂਹੇ ਚਿਰਾਂ ਦੇ ਢੋ ਗਏ ਲੋਕੀਂ। ਕਿਤੇ ਬੀਵੀ, ਕਿਤੇ ਬੱਚੇ, ਕਿਤੇ ਰੁਲ਼ਦੀ ਬਜ਼ੁਰਗੀ ਹੈ, ਘਰਾਂ ਦੇ ਹੁੰਦਿਆਂ ਕਿਉਂ ਬੇਘਰੇ ਨੇ ਹੋ ਗਏ ਲੋਕੀਂ। ਭੁਲੇਖਾ ਓਸ ਨੂੰ ਸੀ ਲੋਕ ਸ਼ਾਇਦ ਜਾਗ ਉੱਠਣਗੇ, ਉਹ ਸੂਲੀ ਚੜ੍ਹ ਗਿਆ ਰਸਮੀਂ ਰਵਾਜਨ ਰੋ ਗਏ ਲੋਕੀਂ। ਮੁਹੱਬਤ ਦੀ ਮਲ੍ਹਮ ਦੇ ਨਾਲ ਉਹ ਫ਼ਾਸਲੇ ਮਿਟਣਗੇ, ਦਿਲਾਂ ਦੀ ਧਰਤ ਤੇ ਬੇਗਾਨਗੀ ਜੋ ਬੋ ਗਏ ਲੋਕੀਂ।

ਸਿਆਸਤ ਰੋਲ ਦਿੱਤੇ ਜੋ

'ਸਮਰਪਤ ਸਤਿਲੁਜ, ਰਾਵੀ, ਬਿਆਸ ਨੂੰ' ਸਿਆਸਤ ਰੋਲ ਦਿੱਤੇ ਜੋ ਨਿਆਮਤ ਰੱਖਦੇ ਦਰਿਆ। ਨਾ ਉਹ ਪਹਿਲਾਂ ਜਹੀਂ ਲਹਿਰਣ ਦੀ ਆਦਤ ਰੱਖਦੇ ਦਰਿਆ। ਨਗਰ ਵਿਚ ਰਹਿਣ ਦੀ ਕੀਮਤ ਹੈ ਇਹ ਜੋ ਨੀਰ ਨੇ ਗੰਧਲੇ, ਨਹੀਂ ਹੁਣ ਧੜਕਦੇ, ਸੀਨੇ ਬਗ਼ਾਵਤ ਰੱਖਦੇ ਦਰਿਆ। ਜਿਧਰ ਨੂੰ ਮੋੜਦੇ ਕਾਨੂੰਨ ਉਸ ਰਸਤੇ ਹੀ ਤੁਰ ਪੈਂਦੇ, ਗ਼ੁਲਾਮੀ ਦਾ ਬਦਲਵਾਂ ਨਾ ਸ਼ਰਾਫ਼ਤ ਰੱਖਦੇ ਦਰਿਆ। ਕਦੇ ਉਹ ਵਕਤ ਸੀ ਦਰਿਆ ਸਮੁੰਦਰ ਵਲ ਵਹਿੰਦੇ ਸੀ, ਮਗਰ ਅੱਜ ਆਪਣੀ ਵੱਖਰੀ ਨਜ਼ਾਕਤ ਰੱਖਦੇ ਦਰਿਆ। ਯੁਗਾਂ ਦੀ ਪਿਆਸ ਲੈ ਹਰ ਆਦਮੀ ਕੰਢੇ 'ਤੇ ਬੈਠਾ ਹੈ, ਬੁਝਾਉਂਦੇ ਪਿਆਸ ਖ਼ੁਦ ਨੂੰ ਵੀ ਸਲਾਮਤ ਰੱਖਦੇ ਦਰਿਆ। ਜਿਨ੍ਹਾਂ ਨੂੰ ਗ਼ਰਜ਼ ਕੋਈ ਛੂਹ ਨਹੀਂ ਸਕਦੀ ਮੈਂ ਤਕਿਆ ਏ, ਸਮੁੰਦਰ ਵਿਚ ਵਹਿ ਕੇ ਵੀ ਸ਼ਨਾਖ਼ਤ ਰੱਖਦੇ ਦਰਿਆ।

ਛੱਡ ਦਿਲਾ ਸੂਹੇ ਪੈਮਾਨੇ ਛੱਡ ਦੇ

ਛੱਡ ਦਿਲਾ ਸੂਹੇ ਪੈਮਾਨੇ ਛੱਡ ਦੇ। ਭਰਿਆ ਇਹ ਮੇਲਾ ਦੀਵਾਨੇ ਛੱਡ ਦੇ। ਪਾ ਲੈ ਝੋਲੀ ਯਾਦ ਸੋਹਣੇ ਯਾਰ ਦੀ, ਬਾਕੀ ਸਾਰੇ ਪਲ ਬੇਗਾਨੇ ਛੱਡ ਦੇ। ਕਾਹਤੋਂ ਮਾਰੇਂ ਝੱਲ ਇਸ ਅੰਗਿਆਰ ਨੂੰ, ਹੁਣ ਤਾਂ ਪਿੱਛਾ ਐ ਜ਼ਮਾਨੇ ਛੱਡ ਦੇ। ਕਿਉਂ ਤੂੰ ਕੀਤਾ ਤੀਰ ਮੇਰੇ ਵੱਲ ਨੂੰ, ਦਿਲ ਰਿਹਾ ਨਾ ਦਿਲ ਨਿਸ਼ਾਨੇ ਛੱਡ ਦੇ। ਜਿੱਥੇ ਤੇਰੀ ਅਣਖ ਨੂੰ ਵੰਗਾਰ ਹੈ, ਤੂੰ 'ਧਨੋਆ' ਉਹ ਯਾਰਾਨੇ ਛੱਡ ਦੇ।

ਚੰਗੇ ਬੁਰੇ ਨੂੰ ਪਰਖਦੇ ਸਭ

ਚੰਗੇ ਬੁਰੇ ਨੂੰ ਪਰਖਦੇ ਸਭ ਕੁਝ ਹੀ ਜਾਣਦੇ। ਚਿੱਟੇ ਦਿਨੀ ਕਿਉਂ ਫਿਰ ਰਹੇ ਹਾਂ 'ਨ੍ਹੇਰ ਛਾਣਦੇ। ਘਰ ਨੂੰ ਸਜਾਉਂਦੇ ਹੋ ਸਦਾ ਫੁੱਲਾਂ ਨੂੰ ਤੋੜ ਕੇ, ਟਾਹਣੀ ਤੇ ਟਹਿਕੀ ਜ਼ਿੰਦਗੀ ਨੂੰ ਕਿਉਂ ਨਹੀਂ ਮਾਣਦੇ। ਮੀਲਾਂ ਦੇ ਮੀਲ ਫ਼ਾਸਲੇ ਲਗਦੈ ਨੇ ਦੋ ਕਦਮ, ਤੁਰਦੇ ਨੇ ਮਹਿਕ ਵਾਂਗ ਜਦ ਰਾਹੀਂ ਦੋ ਹਾਣਦੇ। ਪਾਏ ਨੇ ਸਾਡੀ ਹੋਂਦ ਨੇ ਪੱਥਰਾਂ 'ਤੇ ਪੂਰਨੇ, ਦਰਿਆ ਦੀ ਮੌਜ ਹਾਂ ਅਸੀਂ ਕਣ ਹਾਂ ਤੂਫ਼ਾਨ ਦੇ। ਰਾਹਾਂ ਦੀ ਧੂੜ ਵਿਚ ਸਭ ਹੋਏ ਨੇ ਬੇ-ਪਛਾਣ, ਚਿਹਰੇ ਇਉਂ ਨੇ ਜਾਪਦੇ ਜਿਉਂ ਵਾਸੀ ਮਸਾਣ ਦੇ। ਤੇਰੀ ਜ਼ੁਲਫ਼ 'ਚ ਉਲਝ ਕੇ ਕਿੱਦਾਂ ਸੰਵਾਰਦਾ, ਵਿਗੜੇ ਸੀ ਨਕਸ਼ ਬੇਪਨਾਹ ਮੇਰੇ ਜਹਾਨ ਦੇ। ਰੱਬਾ ਵੇ ਓਸ ਧਰਤ ਦੇ ਸੁੱਕਣ ਦਾ ਆਬਸ਼ਾਰ, ਫੁੱਲ ਮਹਿਕਦੇ ਨੇ ਜਿਸ ਜਗ੍ਹਾ ਮੇਰੀ ਜ਼ੁਬਾਨ ਦੇ।

ਦੀਪ ਜਦੋਂ ਬਾਲੇਂਗਾ ਕੋਈ

ਦੀਪ ਜਦੋਂ ਬਾਲੇਂਗਾ ਕੋਈ, ਏਨਾ ਕਰੀਂ ਖ਼ਿਆਲ। ਧੂੰਆਂ ਵੀ ਆਏਗਾ ਘਰ ਵਿਚ, ਇਸ ਚਾਨਣ ਦੇ ਨਾਲ. ਉਮਰ ਬੀਤੀ ਛਾਂਵਾਂ ਲੱਭਦੇ, ਰਾਹ ਦੀ ਕਰਦੇ ਭਾਲ, ਜੀਵਨ ਦੇ ਮਾਰੂਥਲ ਅੰਦਰ, ਨਿਸ ਦਿਨ ਨਵੇਂ ਸਵਾਲ। ਬਾਬੇ ਦੀ ਬਾਣੀ ਨੂੰ ਪੜ੍ਹ ਲੈ, ਮਾਂ ਦੇ ਚਿਹਰੇ ਉੱਤੋਂ, ਤੀਰਥ ਕਰ ਲੈ ਘਰ ਵਿਚ ਪੁੱਛ ਕੇ, ਬਾਪੂ ਜੀ ਦਾ ਹਾਲ। ਹਲਕੀ ਫੁਲਕੀ ਰੂੰ ਦੀ ਗੱਠੜੀ, ਤਿਉਂ ਤਿਉਂ ਭਾਰੀ ਹੋਵੇ, ਜੀਵਣ ਦੀ ਬਾਰਿਸ਼ ਦੇ ਅੰਦਰ, ਜਿਉਂ ਜਿਉਂ ਬੀਤਣ ਸਾਲ। ਇੱਕ ਪਾਸੇ ਤਾਂ ਸ਼ਬਦਾਂ ਅੱਗੇ, ਸੀਸ ਨਿਵਾਈ ਜਾਵੇ, ਦੂਜੇ ਪਾਸੇ ਅਰਥਾਂ ਨੂੰ ਉਹ, ਖ਼ੁਦ ਹੀ ਕਰੇ ਹਲਾਲ। ਦਰਿਆਵਾਂ ਦੇ ਕੰਢਿਆਂ ਉੱਤੇ, ਛਮ ਛਮ ਨੱਚੇ ਤਾਲ। ਝੀਲ ਦੇ ਪਾਣੀ ਕਮਲੇ ਹੋ ਗਏ, ਖਹਿ ਖਹਿ ਹੱਦਾਂ ਨਾਲ। ਰਲ਼ ਜਾਵਣਗੇ ਨਾਲ ਤੇਰੇ ਚੰਨ, ਸੂਰਜ, ਤਾਰੇ ਜੁਗਨੂੰ, ਉੱਠ 'ਮਨਜਿੰਦਰ' ਉੱਠ ਕੇ ਤੂੰ, ਸ਼ਬਦਾਂ ਦੇ ਦੀਵੇ ਬਾਲ।

ਇਸ ਦਿਲ ਦੀ ਸ਼ਰਾਰਤ ਤੋਂ

ਇਸ ਦਿਲ ਦੀ ਸ਼ਰਾਰਤ ਤੋਂ ਵਾਕਿਫ਼ ਹੀ ਨਹੀਂ ਸਾਂ ਮੈਂ। ਨੈਣਾਂ ਦੇ ਬੁਝਾਰਤ ਤੋਂ ਵਾਕਿਫ਼ ਹੀ ਨਹੀਂ ਸਾਂ ਮੈਂ। ਜਦ ਮੌਸਮ ਬਦਲੇ ਤਾਂ ਰੰਗ ਇਹ ਵੀ ਬਦਲ ਲੈਂਦੇ, ਲੋਕਾਂ ਦੀ ਮੁਹਾਰਤ ਤੋਂ ਵਾਕਿਫ਼ ਹੀ ਨਹੀਂ ਸਾਂ ਮੈਂ। ਫੁੱਲਾਂ ਦੀ ਛਾਂ ਹੇਠਾਂ ਸੂਲਾਂ ਨੇ ਵਿਛਾ ਰੱਖੀਆਂ, ਯਾਰਾਂ ਦੀ ਸ਼ਨਾਖ਼ਤ ਤੋਂ ਵਾਕਿਫ਼ ਹੀ ਨਹੀਂ ਸਾਂ ਮੈਂ। ਜੋ ਹੱਸ ਕੇ ਬੋਲ ਪਿਆ ਆਪਣਾ ਹੀ ਸਮਝ ਲਿਆ, ਅਪਣੀ ਹੀ ਸ਼ਰਾਫ਼ਤ ਤੋਂ ਵਾਕਿਫ਼ ਹੀ ਨਹੀਂ ਸਾਂ ਮੈਂ। ਮਿਲਣਾ ਹੈ ਕਿਵੇਂ ਕਿਸ ਨੂੰ, ਹੁੰਦਾ ਹੈ ਨਫ਼ਾ ਕਿੱਥੋਂ, ਇਸ ਸ਼ਹਿਰ ਦੀ ਆਦਤ ਤੋਂ ਵਾਕਿਫ਼ ਹੀ ਨਹੀਂ ਸਾਂ ਮੈਂ।

ਇੱਕ ਤੇਰੀ ਖ਼ੁਸ਼ਬੂ ਤੋਂ ਸੱਖਣਾ

ਇੱਕ ਤੇਰੀ ਖ਼ੁਸ਼ਬੂ ਤੋਂ ਸੱਖਣਾ। ਘਰ ਮੇਰਾ ਜਿਉਂ ਰੂਹ ਤੋਂ ਸੱਖਣਾ। ਕਿਹੜੇ ਕੰਮ ਇਹ ਬਾਗ਼ ਬਗੀਚਾ, ਕੋਇਲ ਦੀ ਕੂ-ਹ-ਕੂ ਤੋਂ ਸੱਖਣਾ। ਰੇਤ ਜਿਹਾ ਹੈ ਸਾਰਾ ਆਲਮ, ਪਿਆਰ, ਵਫ਼ਾ ਦੇ ਖੂਹ ਤੋਂ ਸੱਖਣਾ। ਸ਼ਹਿਰ ਨੇ ਏਨੀ ਭੁੱਖ ਵਧਾਈ, ਹਰ ਪਿੰਡ ਦਿਸਦਾ ਜੂਹ ਤੋਂ ਸੱਖਣਾ। ਇੰਝ ਕਦ ਮਿਲਦੀ ਦਾਤ ਫ਼ਕੀਰੀ, ਨੱਚੀ ਜਾਵੇਂ ਰੂਹ ਤੋਂ ਸੱਖਣਾ। ਅੰਬਰ ਅੱਜ ਉਦਾਸ ਬੜਾ ਹੈ, ਤਾਰੇ ਭਗਤ ਧਰੂ ਤੋਂ ਸੱਖਣਾ। ਯਾਰ 'ਧਨੋਆ' ਕਿੱਥੇ ਹੈਂ ਤੂੰ, ਤੁਰ ਚੱਲਿਆਂ ਮੈਂ ਛੂਹ ਤੋਂ ਸੱਖਣਾ।

ਪੋਲੇ ਪੈਰੀਂ ਆ ਕੇ ਸੱਜਣਾਂ ਪਿਆਰੇ

ਪੋਲੇ ਪੈਰੀਂ ਆ ਕੇ ਸੱਜਣਾਂ ਪਿਆਰੇ, ਤੂੰ ਪਲਕਾਂ ਤੇ ਹੱਥ ਰੱਖ ਦੇ। ਮਿੱਠੇ ਹੋ ਜਾਣ ਹੰਝ ਮੇਰੇ ਖਾਰੇ, ਤੂੰ ਪਲਕਾਂ ਤੇ ਹੱਥ ਰੱਖ ਦੇ। ਯਾਦਾਂ ਦੀਆਂ ਤਲੀਆਂ ਤੇ ਇਸ਼ਕੇ ਦੀ ਮਹਿੰਦੀ, ਯੁਗਾਂ ਤੀਕ ਰਹਿੰਦੀ, ਲਾਲ ਚੁੰਨਰੀ ਦੇ ਚੁੱਪ ਨੇ ਸਿਤਾਰੇ, ਤੂੰ ਪਲਕਾਂ ਤੇ ਹੱਥ ਰੱਖ ਦੇ। ਝਰਦੀ ਜਾ ਪੱਤਿਆਂ 'ਚੋਂ ਚਾਂਦੀ ਰੰਗ ਦੀ, ਜਿੰਦ ਸਾਥ ਮੰਗਦੀ, ਘੜੀ ਸੌਂ ਲੈਣ ਨੈਣ ਇਹ ਵਿਚਾਰੇ, ਤੂੰ ਪਲਕਾਂ 'ਤੇ ਹੱਥ ਰੱਖ ਦੇ। ਦਿਲ ਵਿਚ ਖੁੱਭਿਆ ਏ ਟੋਟਾ ਟੁੱਟੀ ਵੰਗ ਦਾ, ਪਿਆਰ ਵਾਲੇ ਰੰਗ ਦਾ, ਤੈਨੂੰ ਰਿਸਦਾ ਇਹ ਜ਼ਖ਼ਮ ਪੁਕਾਰੇ, ਤੂੰ ਪਲਕਾਂ 'ਤੇ ਹੱਥ ਰੱਖ ਦੇ। ਜ਼ਿੰਦਗੀ ਨੂੰ ਗਹਿਣੇ ਧਰ ਉਮਰਾਂ ਗੁਜ਼ਾਰੀਆਂ, ਨਾ ਮੁੜੀਆਂ ਉਧਾਰੀਆਂ, ਤੁਰੇ ਫਿਰਦੇ ਨੇ ਕਈ ਵਣਜਾਰੇ, ਤੂੰ ਪਲਕਾਂ ਤੇ ਹੱਥ ਰੱਖ ਦੇ।

ਨੈਣਾਂ ਤੇਰਿਆਂ 'ਚ ਰਹੀ ਨਾ

ਨੈਣਾਂ ਤੇਰਿਆਂ 'ਚ ਰਹੀ ਨਾ ਉਹ ਪਹਿਲਾਂ ਵਾਲੀ ਗੱਲ। ਕਿਹੜੇ ਟੂਣੇਹਾਰੀ ਮੌਸਮਾਂ ਨੇ ਤੈਨੂੰ ਲਿਆ ਛਲ। ਅੱਖਾਂ ਸਾਡੀਆਂ 'ਚੋਂ ਅੱਜ ਵੀ ਏ ਨੀਰ ਸਿੰਮਦਾ, ਇਹਦਾ ਸਾਨੂੰ ਕੀ ਸਹਾਰਾ ਤੇਰੀ ਲੋਕਾਂ ਵਿਚ ਭੱਲ। ਸੁੱਚੀ ਦਿਲ ਦੀ ਹਵੇਲੀ ਹੈ ਵੀਰਾਨ ਤੇਰੇ ਬਿਨ, ਇਨ੍ਹਾਂ ਸੁੰਨੀਆਂ ਅਟਾਰੀਆਂ ਨੂੰ ਜਾਣਾ ਕਿਸੇ ਮੱਲ। ਦਿਲ ਦੇ ਮੁਸਾਫ਼ਰਾਂ ਨੂੰ ਮੇਹਣਾ ਫਿਰ ਮਾਰ ਨਾ, ਤਕ ਛਾਂਵਾਂ ਦੇ ਚੰਦੋਏ ਮਾਣ ਅੱਜ ਵਾਲਾ ਪਲ। ਆਏਗਾ ਉਛਾਲ ਕਦੋਂ ਸੱਧਰਾਂ ਦੇ ਪਾਣੀਆਂ 'ਚ, ਚੰਨਾਂ ਪਿਆਰ ਦੀ ਰਿਸ਼ਮ ਇੱਕ ਸਾਡੇ ਵਿਹੜੇ ਘੱਲ।

ਕਿਸ ਨੂੰ ਸੀ ਇਹ ਖ਼ਿਆਲ

ਕਿਸ ਨੂੰ ਸੀ ਇਹ ਖ਼ਿਆਲ ਇੱਕ ਦਿਨ ਇਸ ਤਰ੍ਹਾਂ। ਬਹਿਕੇਗੀ ਆਪਣੀ ਚਾਲ ਇੱਕ ਦਿਨ ਇਸ ਤਰ੍ਹਾਂ। ਮਹਿਕੇਗਾ ਫੁੱਲ ਹੋ ਕੇ ਬੋਲੇਗਾ ਸਾਜ਼ ਬਣਕੇ, ਰੇਸ਼ਮ ਦਾ ਇਹ ਰੁਮਾਲ ਇੱਕ ਦਿਨ ਇਸ ਤਰ੍ਹਾਂ। ਸਧਰਾਂ ਕੁਆਰੀਆਂ ਤੇ ਸੁਰਮੇ ਦੀ ਧਾਰੀਆਂ 'ਤੇ, ਆਏਗਾ ਇੰਝ ਜਮਾਲ ਇੱਕ ਦਿਨ ਇਸ ਤਰ੍ਹਾਂ। ਪਲਕਾਂ 'ਤੇ ਤੈਰਦਾ ਸੀ ਹਰ ਪਲ ਜਵਾਬ ਜਿਸ ਦਾ, ਬਣਜੇਗਾ ਉਹ ਸਵਾਲ ਇੱਕ ਦਿਨ ਇਸ ਤਰ੍ਹਾਂ। ਉਹ ਨਾਜ਼-ਨੱਖਰੇ ਵਾਲੇ ਮੋਢੇ 'ਤੇ ਸਿਰ ਟਿਕਾ ਕੇ, ਚੱਲਣਗੇ ਮੇਰੇ ਨਾਲ ਇੱਕ ਦਿਨ ਇਸ ਤਰ੍ਹਾਂ।

ਅੰਦਰੇ-ਅੰਦਰੇ ਝੁਰਦੇ ਰਹਿਣਾ

ਅੰਦਰੇ-ਅੰਦਰੇ ਝੁਰਦੇ ਰਹਿਣਾ। ਜੀਂਦੇ ਜੀ ਕਿਉਂ ਮੁਰਦੇ ਰਹਿਣਾ। ਸੁੰਨੇ ਘਰ ਦੀਵਾਰਾਂ ਵਾਂਗੂੰ, ਕਿਣਕਾ ਕਿਣਕਾ ਭੁਰਦੇ ਰਹਿਣਾ। ਖ਼ਾਬ-ਖ਼ਿਆਲੀ ਲਹਿਰਾਂ ਦੇ ਵਿਚ, ਡੁੱਬਦੇ ਕਦੇ ਉਭਰਦੇ ਰਹਿਣਾ। ਮਨ-ਦਰਿਆ ਦੇ ਕੰਢੇ ਬਹਿ ਕੇ, ਹਰ ਛੱਲ ਉੱਤੇ ਖੁਰਦੇ ਰਹਿਣਾ। ਅੰਤ ਸਮੁੰਦਰ ਪੀ ਜਾਵੇਗਾ, ਏਨਾ ਵੀ ਕੀ ਤੁਰਦੇ ਰਹਿਣਾ।

ਹਉਕੇ ਦੀ ਜੂਨ ਪੈ ਗਿਰਆ ਸਾਹਵਾਂ

ਹਉਕੇ ਦੀ ਜੂਨ ਪੈ ਗਿਰਆ ਸਾਹਵਾਂ 'ਚ ਸੜ ਗਿਆ। ਫੁੱਲਾਂ ਜਿਹਾ ਜੋ ਖ਼ਾਬ ਸੀ ਰਾਹਵਾਂ 'ਚ ਸੜ ਗਿਆ। ਸਮਿਆਂ ਦੇ ਪਾਣੀਆਂ 'ਚ ਕੋਈ ਅੱਗ ਹੈ ਜ਼ਰੂਰ, ਮਿੱਟੀ ਦਾ ਰੰਗ ਰੂਪ ਜੋ ਆਹਵਾਂ 'ਚ ਸੜ ਗਿਆ। ਅਕਲਾਂ ਦੀ ਸਰਸਵਤੀ ਨੂੰ ਰੇਤੇ ਨਿਗਲ ਗੇ, ਟੀਸੀ 'ਤੇ ਉੱਗਿਆ ਬਿਰਖ ਕਿਉਂ 'ਵਾਵਾਂ 'ਚ ਸੜ ਗਿਆ। ਇਹ ਖ਼ਾਬ ਹੈ, ਗੁਲਾਬ ਹੈ ਜਾਂ ਕੋਈ ਇਨਕਲਾਬ, ਧੁੱਪਾਂ 'ਚ ਜਿਹੜਾ ਮੌਲਿਆ ਛਾਂਵਾਂ 'ਚ ਸੜ ਗਿਆ। ਖ਼ੁਦ ਤੇ ਜਿਨ੍ਹਾਂ ਨੂੰ ਨਾਜ਼ ਸੀ ਰੁੱਖ ਬਣ ਕੇ ਉਗ ਪਏ, ਬੈਠਾ ਸੀ ਜੋ ਨਸੀਬ ਤੇ ਰਾਹਵਾਂ 'ਚ ਸੜ ਗਿਆ। ਜੁਗਨੂੰ ਤਾਂ ਆਪਣੀ ਲੋਅ 'ਚ ਹੀ ਉੱਡਦੇ ਰਹੇ ਮਗਨ, ਦਰਵੇਸ਼ ਇੱਕ ਸ਼ਮਾ ਦੀਆਂ ਬਾਹਵਾਂ 'ਚ ਸੜ ਗਿਆ। ਧੁੱਖਦਾ ਰਿਹਾ ਜੋ ਰਾਤ ਦਿਨ ਫੁੱਲਾਂ ਦੀ ਮਹਿਕ ਤੇ, ਆਖ਼ਿਰ ਉਹ ਆਪਣੇ ਹਉਕਿਆਂ ਆਹਵਾਂ 'ਚ ਸੜ ਗਿਆ।

ਇਹ ਕੈਸੀ ਦਿਲ ਦੀ ਹਾਲਤ

ਇਹ ਕੈਸੀ ਦਿਲ ਦੀ ਹਾਲਤ ਹੋ ਗਈ ਹੈ। ਕਿ ਖ਼ੁਦ ਨੂੰ ਮਿਲਿਆਂ ਮੁੱਦਤ ਹੋ ਗਈ ਹੈ। ਜਿਵੇਂ ਫੁੱਲਾਂ 'ਚ ਮਿਲਦੇ ਰੰਗ ਖ਼ੁਸ਼ਬੂ, ਮੈਨੂੰ ਏਦਾਂ ਮੁਹੱਬਤ ਹੋ ਗਈ ਹੈ। ਮੇਰਾ ਨਾਂਅ ਲੈ ਕੇ ਕਿਸ ਆਵਾਜ਼ ਮਾਰੀ, ਮੇਰੇ ਨੈਣੀਂ ਤਰਾਵਤ ਹੋ ਗਈ ਹੈ। ਦਰਦ ਸੀਨੇ 'ਚ ਦੱਬਿਆ ਜਾਗ ਉੱਠਿਆ, ਇਵੇਂ ਲਗਦੈ ਕਿਆਮਤ ਹੋ ਗਈ ਹੈ। ਮੇਰੀ ਆਵਾਜ਼ ਮੈਨੂੰ ਹੀ ਡਰਾਵੇ, ਕੇਹੀ ਘਰ ਦੀ ਇਮਾਰਤ ਹੋ ਗਈ ਹੈ। ਤੂੰ ਮੇਰੇ ਹਉਕਿਆਂ ਨੂੰ ਸਮਝ ਲੈ ਹੁਣ, ਕਹੇਂਗਾ ਫਿਰ ਬਗ਼ਾਵਤ ਹੋ ਗਈ ਹੈ। 'ਧਨੋਆ' ਇਲਮ ਹੁਣ ਟਕਿਆਂ 'ਚ ਵਿਕਦੈ, ਓਹੋ ਜੇਹੀ ਲਿਆਕਤ ਹੋ ਗਈ ਹੈ।

ਸਿਖ਼ਰ ਦੁਪਹਿਰੇ ਕਰਨਗੇ

ਸਿਖ਼ਰ ਦੁਪਹਿਰੇ ਕਰਨਗੇ ਤੇਰੇ ਸਿਰ 'ਤੇ ਛਾਂ। ਘਰ ਵਿਚ ਥੋੜ੍ਹੀ ਰੱਖ ਲੈ ਬਿਰਖਾਂ ਜੋਗੀ ਥਾਂ। ਘਰ ਦੇ ਬੂਹੇ ਲਿਖਿਆ, ਚੁੱਪ ਦਾ ਸਬਕ ਪੜ੍ਹਾਂ, ਸੀਨੇ ਅੰਦਰ ਸੁਲਗਦੀ ਅੱਗ ਨੂੰ ਕਿਵੇਂ ਜਰਾਂ। ਮਿੱਟੀ 'ਚੋਂ ਨਾ ਉੱਠਦੀ ਪਹਿਲੇ ਮੀਂਹ ਦੀ ਮਹਿਕ, ਸੰਗਮਰਮਰ ਦੇ ਦੌਰ ਵਿਚ ਬਦਲੇ ਸ਼ਹਿਰ ਗਰਾਂ। ਅੰਦਰ ਕਿੰਨਾਂ ਵੱਟ ਸੀ, ਸੱਜਰੀ ਹਵਾ ਬਗੈਰ, ਤੇਰੇ ਨੇੜੇ ਪਹੁੰਚ ਕੇ ਇੰਝ ਮਹਿਸੂਸ ਕਰਾਂ। ਜਿਸ ਦੇ ਚਾਨਣ ਵਿਚ ਸੀ ਮੌਲੇ ਦਿਲ ਦੇ ਬਾਗ, ਡੁੱਬਦੇ ਸੂਰਜ ਨੂੰ ਕਿਵੇਂ 'ਕੱਲਾ ਛੱਡ ਦਿਆਂ।

ਗ਼ਮ ਦੀਆਂ ਬਦਲੋਟੀਆਂ ਤੇ

ਗ਼ਮ ਦੀਆਂ ਬਦਲੋਟੀਆਂ ਤੇ ਪੀਂਘ ਪਾ ਕੇ ਝੂਮੀਏ। ਜ਼ਿੰਦਗੀ ਜੇ ਗੀਤ ਕਿਉਂ ਨਾ ਗੁਣਗੁਣਾ ਕੇ ਝੂਮੀਏ। ਦਿਲ ਬਨੇਰੇ ਗੁਟਕਦੇ ਕਿੰਨੇ ਕਬੂਤਰ ਬੇਵਜ੍ਹਾ, ਮਾਰ ਕੇ ਤਾੜੀ ਹਵਾ ਵਿਚ ਸਭ ਉਡਾ ਕੇ ਝੂਮੀਏ। ਖੋਰ ਕੇ ਹਉਮੈ ਦਾ ਪਰਬਤ, ਹੋਂਦ ਆਪਣੀ ਭੁੱਲ ਕੇ, ਆ ਕੇ ਦੋਵੇਂ ਇਸ ਮਕਾਂ ਨੂੰ ਘਰ ਬਣਾ ਕੇ ਝੂਮੀਏ। ਬਹੁਤ ਨੱਚੇ ਹਾਂ ਸਮੇਂ ਦੀ ਚਾਲ ਉੱਤੇ ਰਾਤ ਦਿਨ, ਐ ਦਿਲਾ ਹੁਣ ਚਾਰ ਦਿਨ ਤੇਰੀ ਪੁਗਾ ਕੇ ਝੂਮੀਏ। ਮੌਤ ਆਵੇਗੀ ਜਦੋਂ ਵੇਖਾਂਗੇ ਉਸ ਦਾ ਵੀ ਕਮਾਲ, ਵਕਤ ਦੇ ਜੀਂਦੇ ਪਲਾਂ ਨੂੰ ਪਰ ਬਣਾ ਕੇ ਝੂਮੀਏ।

ਮੇਰੀ ਪੱਥਰ ਹਯਾਤੀ ਨੂੰ

ਮੇਰੀ ਪੱਥਰ ਹਯਾਤੀ ਨੂੰ ਕਲਾਵੇ ਲੈ ਕੇ ਪਰਤੇ। ਕੋਈ ਨਾਜ਼ੁਕ ਜਿਹੀ ਇੱਕ ਛਲ ਇਉਂ ਵੀ ਖਹਿ ਕੇ ਪਰਤੇ। ਹਜ਼ਾਰਾਂ ਨਕਸ਼ ਜਿਹੜੀ ਲਹਿਰ ਸੰਗ ਉੱਭਰ ਕੇ ਆਏ, ਹਜ਼ਾਰਾਂ ਨਕਸ਼ ਓਸੇ ਲਹਿਰ ਦੇ ਵਿਚ ਢਹਿ ਕੇ ਪਰਤੇ। ਤੇਰੇ ਹੁਣ ਪਾਣੀਆਂ 'ਚੋਂ ਲਾਲਸਾ ਦੀ ਬੂ ਹੈ ਆਉਂਦੀ, ਪਰਿੰਦੇ ਬੁਸਕਦੇ ਸਤਲੁਜ ਨੂੰ ਏਨਾਂ ਕਹਿ ਕੇ ਪਰਤੇ। ਮੇਰਾ ਹਾਕਮ ਮੇਰੇ ਜਜ਼ਬਾਤ ਦੀ ਇਉਂ ਪਰਖ ਕਰਦੈ, ਵਿਦੇਸ਼ੀ ਪੁੱਤ ਜਿਉਂ ਇੱਕੋ ਘੜੀ ਹੀ ਰਹਿ ਕੇ ਪਰਤੇ। ਬੜੇ ਤਾਰੇ ਦਿਖਾਏ ਜ਼ਿੰਦਗੀ ਨੇ ਰੋਜ਼ ਸਾਨੂੰ, ਅਸੀਂ ਵੀ ਜ਼ਿੰਦਗੀ ਦੇ ਮੋਢਿਆਂ 'ਤੇ ਬਹਿ ਕੇ ਪਰਤੇ।

ਦਿਨ ਵਿਚ ਮੇਰੇ ਵਜੂਦ ਨੂੰ

ਦਿਨ ਵਿਚ ਮੇਰੇ ਵਜੂਦ ਨੂੰ ਕਿੱਧਰੇ ਨਾ ਢੂੰਡਣਾ। ਮੈਂ ਚਾਨਣੀ ਦਾ ਖ਼ੁਆਬ ਹਾਂ ਰਾਤਾਂ ਨੂੰ ਵੇਖਣਾ। ਥੱਕੀ ਹੋਈ ਹੈ ਸ਼ਾਮ ਤੇ ਤਿੜਕੀ ਸਵੇਰ ਹੈ, ਪਾਣੀ 'ਚ ਕੇਹੀ ਘੁੱਲ ਗਈ ਹੈ ਉਮਰਾਂ ਦੀ ਭਟਕਣਾ। ਅੱਜ ਕੱਲ ਅਜੀਬ ਕਸ਼ਮਕਸ਼ ਹੈ ਦਿਲ 'ਚ ਚੱਲ ਰਹੀ, ਐ ਜ਼ਿੰਦਗੀ ਸਾਹ ਬਣ ਕੇ ਤੂੰ ਸੀਨੇ 'ਚ ਧੜਕਣਾ। ਤੇਰੇ ਹਰਿਕ ਸਵਾਲ ਦਾ ਏਹੀ ਜਵਾਬ ਹੈ, ਤੇਰਾ ਹੀ ਰੂਪ ਹੋ ਗਿਆਂ ਕੀ ਹੋਰ ਪਰਖਣਾ। ਪੁਤਲੀ ਦਾ ਹਰ ਇੱਕ ਅੰਗ ਹੀ ਡਰਾਂ 'ਚ ਬੱਝਿਆ, ਵੱਜੇ ਨਾ ਵੱਜੇ ਡੁਗਡੁਗੀ ਪੈਂਦਾ ਏ ਥਿਰਕਣਾ। ਸ਼ੀਸ਼ੇ ਦੀਆਂ ਕੰਧਾਂ 'ਚ ਜੋ ਤੂੰ ਕੈਦ ਹੋ ਗਿਐਂ, ਇਹਨਾਂ 'ਚ ਠੰਡੀ ਪੌਣ ਨੇ ਹੁਣ ਕੀ ਹੈ ਰੁਮਕਣਾ। ਲੀਕਾਂ ਦੇ ਆਰ ਪਾਰ ਨੇ ਸਾਏ ਸੰਗੀਨ ਦੇ, ਅਗਨੀ ਦੇ ਨਾਲੋਂ ਖੇਡਣੋਂ ਖ਼ਾਬਾਂ ਨੂੰ ਵਰਜਣਾ। ਕੀਤਾ ਕਸ਼ੀਦ ਵਕਤ ਨੂੰ ਸ਼ਬਦਾਂ 'ਚ ਢਾਲਿਆ, ਦੁਨੀਆਂ ਨੂੰ ਐਵੇਂ ਜਾਪਦੈ ਮੇਰੀ ਇਹ ਸਿਰਜਣਾ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ