Taar-Tupka : Dr Harbhajan Singh

ਤਾਰ-ਤੁਪਕਾ : ਡਾ. ਹਰਿਭਜਨ ਸਿੰਘ


ਹੇ ਦੁਰਗਾ ਭਵਾਨੀ ਹੇ ਸ਼ੁਅਲਾ ਜਵਾਨੀ ਮੇਰੀ ਜ਼ਿੰਦਗਾਨੀ ਨੂੰ ਬੇਚੈਨ ਕਰਦੇ ਮੇਰੇ ਦਿਨ ਨੂੰ ਬੇਸ਼ਾਮ ਬੇਰੈਣ ਕਰਦੇ ਦੁਪਹਿਰੇ ਹੀ ਸੂਰਜ ਉਦੈ ਹੋਏ ਅਸਤੇ ਸਦਾ ਜਗਮਗੇ ਜੀਂਵਦੇ ਰਹਿਣ ਰਸਤੇ ਪਾਤਰਾਵਲੀ ਪਹਿਰੇਦਾਰ ਨੰ: 11; ਸੰਦੇਹੀ, ਉਮਰ 45 ਸਾਲ ਪਹਿਰੇਦਾਰ ਨੰ: 12 : ਪ੍ਰੇਮੀ, ਉਮਰ 25 ਸਾਲ ਪਹਿਰੇਦਾਰ ਨੰ: 14, 15 ਸਟੇਜ ਨਹੀਂ ਆਉਂਦੇ ਹਜ਼ਾਰ ਆਤਸ਼ਾ ; ਕਚਨੀ, ਉਮਰ 30 ਸਾਲ ਕਲਪਨਾ : ਹਜ਼ਾਰ ਆਤਸ਼ਾ ਦੀ ਨੌਕਰਾਣੀ, ਉਮਰ 14-15 ਸਾਲ ਜਾਦੂਗਰ : ਮਾਰੂ ਯੰਤਰਾਂ ਦਾ ਸਿਰਜਨਹਾਰ, ਪਰੇਸ਼ਾਨ, ਉਮਰ 40 ਸਾਲ ਬੱਚਾ : ਸਟੇਜ ਉਤੇ ਨਹੀਂ ਆਉਂਦਾ ਨਰਵੈਰ : ਮਹਾ ਸ਼ਕਤੀ ਦੇ ਦੁਰ-ਉਪਯੋਗ ਅਤੇ ਤਿਤਲੀਆਂ ਐਕਟ ਪਹਿਲਾ ਇਕ ਕਮਰਾ, ਪੂਰਣਤਾ ਦੀ ਹਦ ਤਕ ਸਾਫ਼ ਤੇ ਬੇਮੈਲ । ਕੰਧਾਂ ਦਾ ਰੰਗ ਦੁਧੀਆ ਸਫ਼ੈਦ ਹੈ। ਸਾਮ੍ਹਣੀ ਕੰਧ ਦੇ ਠੀਕ ਵਿਚਕਾਰ ਕਾਲਾ ਦਰਵਾਜ਼ਾ ; ਸੱਜੇ ਪਾਸੇ ਲਾਲ ਤੇ ਖੱਬੇ ਪਾਸੇ ਪਰਲੀ ਨੁੱਕਰ ਵਿਚ ਪੀਲਾ ਤੇ ਉਰਲੀ ਨੁੱਕਰ ਵਲ ਸਫ਼ੈਦ ਰੰਗ ਦਾ ਦਰਵਾਜ਼ਾ ਹੈ। ਸਭ ਦਰਵਾਜ਼ੇ ਬੰਦ ਹਨ । ਕਮਰੇ ਵਿਚ ਬੜੀ ਬੇਚੈਨ ਕਰਨ ਵਾਲੀ ਖ਼ਾਮੋਸ਼ੀ ਹੈ। ਕਾਲੇ ਦਰਵਾਜ਼ੇ ਦੇ ਉੱਤੇ ਟੰਗਿਆ ਕਲਾਕ ਦਾਰ-ਚੜ੍ਹੇ ਮਾਸੂਮ ਦੀ ਹਿਕ ਧੜਕਨ ਵਾਂਗ ਟਿਕ ਟਿਕ ਕਰ ਰਿਹਾ ਹੈ। ਕਾਲੇ ਦਰਵਾਜ਼ੇ ਸਾਹਵੇਂ ਦੋ ਸੰਗੀਨਧਾਰੀ ਪਹਿਰੇਦਾਰ ਮਸ਼ੀਨੀ ਤੌਰ ਵਿਚ ਬੱਝੇ ਪਹਿਰਾ ਦੇ ਰਹੇ ਹਨ । ਉਹਨਾਂ ਵਿਚੋਂ ਇਕ (ਨੰਬਰ 12) ਨੌਜਵਾਨ ਹੈ ਤੇ ਦੂਜੇ (ਨੰਬਰ 11) ਦੇ ਚਿਹਰੇ ਤੇ ਉਮਰ ਦੇ ਨਿਸ਼ਾਨ ਹਨ । ਪਰ, ਕੌਣ ਜਾਣੇ, ਸਭਿਅ ਮਨੁੱਖ ਦੇ ਚਿਹਰੇ ਤੇ ਗ਼ਮ ਜਾਂ ਮੁਸਕ੍ਰਾਹਟ ਦੇ ਨਿਸ਼ਾਨਾਂ ਵਾਂਗ, ਇਹ ਨਿਸ਼ਾਨ ਵੀ -ਉਪਜਾਊ ਹੋਣ । ਘੜੀ ਟਨ ਕਰਕੇ ਸਾਢੇ ਚਾਰ ਦੀ ਸੂਚਨਾ ਦੇਂਦੀ ਹੈ । ਪਹਿਰੇਦਾਰ ਨੰ: 12 ਕੀ ਵੇਲਾ ਬੀਤ ਗਿਆ, ਸਾਢੇ ਪੰਜ ਹੋਏ ਅੱਜ ਫੇਰ ਦੇਰ ਹੋ ਗਈ, ਨ ਆਇਆ ਚੌਦਾਂ ਪੰਦਰਾਂ ... ... ਪਹਿਰੇਦਾਰ ਨੰ: 11 ਵੇਲਾ ਖੁਭ ਗਿਆ ਕਿਸੇ ਜਿੱਲ੍ਹਣ ਵਿਚ, ਬਾਰਾਂ, ਇਹ ਚਿੱਕੜ-ਤੋਰਾ ਸਮਾਂ ਭਲਾ ਕੀ ਬੀਤੇ ! ਇਹ ਉਮਰ ਜਿਹਾ ਅਧ-ਘੰਟਾ ਹਾਲੇ ਬਾਕੀ 12 ਕੀ ਹਾਲੇ ਸਾਢੇ ਚਾਰ ਵਜੇ ਨੇ, ਯਾਰਾਂ ? ਪਰ ਚਾਨਣ ਕੀਕਣ ਹਾਉਕੇ-ਰੰਗਾ ਹੋਇਆ ? ਜੀਕਣ ਮਨ ਦਾ ਮਰ ਜਾਵੇ ਮੱਚ ਕੁਵੇਲੇ 11 ਕੀ ਹਉਕਾ ਵੀ ਦਿਨ ਵਾਰ ਘੜੀ ਗਿਣਦਾ ਹੈ ? ਕੀ ਮੌਤ ਸਦਾ ਵੇਲਾ ਪੁਛ ਕੇ ਆਉਂਦੀ ਏ ? 12 ਬਸ, ਬਸ ਕਰ ਇਹ ਚਤਰਾਈ, ਨੰਬਰ ਯਾਰਾਂ, ਤੇਰੇ ਬੋਲਾਂ ਵਿਚ ਲੌਢੇ ਪਹਿਰ ਦੀ ਬੋ ਏ ਤੇਰੀ ਹਰ ਗੱਲ ਏ ਜੀਕਣ ਬਹਿਆ ਤਜਰਬਾ 11 ਹਰ ਗੱਲ ਆਖ਼ਿਰ ਬਣ ਜਾਏ ਬਹਿਆ ਤਜਰਬਾ ਖ਼ਾਮੋਸ਼ੀ ਵੀ ਲੱਖ ਸਿਰ ਗੰਜੇ ਕਰਦੀ ਏ (ਵਕਫ਼ਾ) ਹੈ ਬੋਲ ਤੇਰੇ ਵਿਚ ਤੁਰਸ਼ੀ, ਕਾਹਲੀ, ਥਿੜਕਣ ਇਸ ਵਿਚ ਚੁੰਮਣ ਦੇ ਵਹਿਦੇ ਦੀ ਖ਼ੁਸ਼ਬੋ ਹੈ ਤੂੰ ਹਾਲੇ ਪਹਿਰੇਦਾਰ ਨਹੀਂ ਹੈਂ ਪੱਕਾ ਕਿਉਂ ਉਮਰਾ ਲਈ ਸਹੇੜ ਰਿਹਾ ਏਂ ਸੁਫਨੇ ? 12 ਮੇਰੇ ਨੈਣਾਂ ਵਿਚ ਸੁਫਨਾ, ਨੀਂਦ ਨਹੀਂ ਹੈ ਮੈਂ ਪਹਿਰੇ ਦਾ ਇਕ ਕਾਰਨ ਪਾਲ ਰਿਹਾ ਹਾਂ ਮੈਂ ਪਹਿਰੇਦਾਰ ਪਿਤਾ ਦਾ ਪੁੱਤਰ ਸੱਚਾ ! ਪੁਸ਼ਤਾਂ ਤੋਂ ਪਹਿਰੇਦਾਰ ਚਲੇ ਆਏ ਹਾਂ 11 ਪੁਸ਼ਤਾਂ ਤੋਂ ਪਹਿਰੇਦਾਰ ਚਲੇ ਆਏ ਹਾਂ ! ਹੈ ਮਾਣ ਬਹੁਤ ਪੁਸ਼ਤਾਂ ਦੀ ਮਜਬੂਰੀ ਦਾ !! ਅੱਖੀਆਂ ਵਿਚ ਧੁਖਦੇ ਪੁਸ਼ਤਾਂ ਦੇ ਜਗਰਾਤੇ ਹੱਡਾਂ ਵਿਚ ਦੁਖਦੇ ਲਖ ਅਣਭੰਨੇ ਆਕੜ ਮੈਂ ਸਭ ਕੁਝ ਦੇਖ ਰਿਹਾ ਹਾਂ, ਨੰਬਰ ਬਾਰਾਂ, ਤੂੰ ਪਹਿਰੇਦਾਰ ਪਿਤਾ ਦਾ ਪੁੱਤਰ ਸੱਚਾ ! 12 ਬਸ ਬਸ ਇਹ ਭਾਸ਼ਣ ਹੋਰ ਨਹੀਂ ਜਰ ਸਕਦਾ ਜਦ ਬੋਲੇਂ ਤਾਂ ਤਲਖ਼ੀ ਖੰਘਿਆਰਣ ਲੱਗੇਂ (ਵਕਫ਼ਾ) ਕੀ ਪਹਿਰੇਦਾਰ ਪਿਤਾ ਦਾ, ਮਿਹਣਾ ਮੈਨੂੰ ? 11 ਧੁਖਦੇ ਨੈਣਾਂ, ਦੁਖਦੇ ਹੱਡਾਂ ਨੂੰ ਮਿਹਣਾ ! ਇਹ ਮਿਹਣਾ ਨਹੀਂ, ਤਰਸ ਦੇ ਹੀ ਪਾਤਰ ਨੇ ਕੀ ਮਿਹਣਾ ਹੈ ਪੁਸ਼ਤਾਂ ਦੀ ਮਜਬੂਰੀ ਨੂੰ ? ਪੁਸ਼ਤਾਂ ਤੋਂ ਪਹਿਰੇਦਾਰ ਚਲੇ ਆਏ ਹਾਂ ਕਿ ਗੁੰਝਲ ਰੋਗੀ ਚੈਨ ਨਾਲ ਸੌਂ ਸੱਕਣ ਕਿ ਉਠ ਕੇ ਕੋਈ ਭੂਤ ਮਸਾਣਾਂ ਵਿਚੋਂ ਨਾ ਨਹੁੰਦਰ ਦੇਵੇ ਨੀਂਦ ਮਸਾਣ-ਪਤੀ ਦੀ 12 ਤੇਰੇ ਬੋਲਾਂ ਦਾ ਕੌੜਾ ਜਿਹਾ ਧੂਆਂ ਹੈ ਤੇਰੇ ਅੰਦਰ ਜਿਉਂ ਬਲਣ ਬਿਆਰੀ ਛੌਡੇ ਇਹ ਨਫ਼ਰਤ ਸੇਵਾਦਾਰਾਂ ਲਈ ਮਨਾਂਹ ਹੈ 11 ਹਰ ਸ਼ੈ ਹੀ ਸੇਵਾਦਾਰਾਂ ਲਈ ਮਨਾਂਹ ਹੈ ਨਫ਼ਰਤ ਬਿਨ ਸੇਵਾਦਾਰ ਲਈ ਸਭ ਵਰਜਿਤ ਨਫ਼ਰਤ ਦਾ ਸੁਹਣਾ ਕਾਲਾ ਫੁਲ ਤੇਜ਼ਾਬੀ ਇਹ ਸਦਾ ਮਨਾਂਹ ਦੇ ਬੰਜਰ ਵਿਚ ਖਿੜਦਾ ਹੈ ਇਹ ਸਦਾ ਔੜ ਦੀ ਰੁੱਤੇ ਉੱਗ ਖਲੋਵੇ ਇਹ ਦਾਤ ਸਦਾ ਅਣਮੰਗੀ ਮਿਲ ਜਾਂਦੀ ਹੈ ਮੈਂ ਸੇਵਾ ਦਾ ਇਹ ਭਾਰ ਲਿਆ ਵਿਰਸੇ ਵਿਚ ਪਰ ਨਫ਼ਰਤ ਦਾ ਅਧਿਕਾਰ ਵੀ ਤਾਂ ਮੇਰਾ ਹੈ 12 ਤੂੰ ਥਾਂ ਥਾਂ ਕਾਲਾ ਲਹੂ-ਜਿਹਾ ਥੁਕਦਾ ਏਂ ਇਸ ਕਮਰੇ ਅੰਦਰ ਥੁੱਕਣਾ ਸਖ਼ਤ ਮਨਾਹ ਹੈ ਮੈਨੂੰ ਤੇਰੀ ਨਫ਼ਰਤ ਨ੍ਹੀਂ ਚੰਗੀ ਲਗਦੀ 11 ਤੈਨੂੰ ਮੇਰੀ ਕਿਹੜੀ ਸ਼ੈ ਚੰਗੀ ਲਗਦੀ ? ਕੀ ਉਮਰ-ਉਨੀਂਦੇ ਨੈਣ ਮੇਰੇ ਸੁੰਦਰ ਨੇ ? ਕੀ ਚਿੰਤਾ-ਚਟਿਆ ਗੰਜ ਬਹੁਤ ਦਿਲਕਸ਼ ਏ ? ਯਾ ਸੁਹਣੇ ਲਗਦੇ ਮੇਰੇ ਬੁੱਲ੍ਹ ਤਰੇੜੇ ? ਜਿੰਨ੍ਹਾ ਵਿਚ ਸੌ ਪੁਸ਼ਤਾਂ ਦੀ ਪਿਆਸ ਮਰੀ ਏ ਯਾ ਬੜੀ ਲੁਭਾਉਣੀ ਮੇਰੀ ਤੋਰ ਮਸ਼ੀਨੀ ? ਤੈਨੂੰ ਮੇਰੀ ਕਿਹੜੀ ਸ਼ੈ ਚੰਗੀ ਲਗਦੀ ? 12 ਮੈਨੂੰ ਤੇਰਾ ਕੁਝ ਵੀ ਨ੍ਹੀਂ ਚੰਗਾ ਲਗਦਾ 11 ਤਾਂ ਮੈਂ ਬਿਲਕੁਲ ਮਾਯੂਸ ਨਹੀਂ ਹਾਂ ਤੈਥੋਂ ਤੂੰ ਅਜੇ ਪਛਾਣੇਂਗਾ ਅਪਣੇ ਵਿਰਸੇ ਨੂੰ ਇਸ ਨਫ਼ਰਤ ਦਾ ਅਧਿਕਾਰ ਮਿਲੇਗਾ ਤੈਨੂੰ 12 ਮੈਂ ਨਫ਼ਰਤ ਦਾ ਅਧਿਕਾਰ ਨਹੀਂ ਮੰਗਦਾ ਹਾਂ ਬਸ ਸੇਵਾ ਦਾ ਹੈ ਭਾਰ ਹੀ ਮੈਨੂੰ ਕਾਫ਼ੀ 11 ਸੇਵਾ ਦੇ ਰਾਹ ਤੇ ਇਕ ਮਨਜ਼ਿਲ ਹੈ ਨਫ਼ਰਤ ਜੋ ਆਉਂਦੀ ਹੈ ਸਰਪਰ ਜੋ ਨਿਤ ਆਵੇਗੀ ਤੇਰੇ ਰਸਤੇ ਵੀ ਆਵੇਗਾ ਅਣ-ਮੰਗਿਆਂ ਨਫ਼ਰਤ ਦਾ ਸੁਹਣਾ ਕਾਲਾ ਫੁਲ ਤੇਜ਼ਾਬੀ 12 ਬਸ, ਬਸ, ਹੁਣ ਇਹ ਤੇਜ਼ਾਬੀ ਵਰਖਾ ਬਸ ਕਰ ਓ ਡੰਗ ਡੋਲ੍ਹਦੈ ਮਾਨੁਖ-ਸਪ-ਹਤਿਆਰੇ, ਨਾ ਕੇਰ ਏਸ ਰਾਹ ਨਫ਼ਰਤ ਦੇ ਚੰਗਿਆੜੇ ਬਸ, ਬਸ ਕਰ, ਇਹ ਬਕਵਾਸ ਜਰੀ ਨਾ ਜਾਵੇ 11 ਨਫ਼ਰਤ ਜੰਮਦੀ ਜਦ ਕੁਝ ਜਰਿਆ ਨਾ ਜਾਵੇ ਕਿੰਨੀ ਛੇਤੀ ਮਨਜ਼ਿਲ ਤੇ ਪਹੁੰਚ ਗਿਆ ਏਂ ! 12 ਬਸ, ਬਸ ਕਰ, ਮੇਰੇ ਯਾਰ, ਹੇ ਮੇਰੇ ਸਾਥੀ, ਮੈਂ ਇਕ ਘੁਟ ਤੇਹ ਦਾ, ਪਿਆਰ ਦਾ ਮੁਤਲਾਸ਼ੀ ਹਾਂ ਸੱਧਰ ਹੈ ਮੈਨੂੰ ਇਕ ਕੋਮਲ-ਜਿਹੀ ਛੋਹ ਦੀ ਇਕ ਸੁਹਲ ਕਲੀ ਦੇ ਪਰਸਨ ਦੀ ਲੋਚਾ ਏ (ਵਕਫ਼ਾ) ਹਰ ਬੋਲ ਤੇਰਾ ਯਖ਼-ਸੀਤ ਹਵਾ ਦਾ ਬੁੱਲਾ ਹਰ ਤਰਲ ਭਾਵ ਪੱਥਰ ਹੁੰਦਾ ਜਾਂਦਾ ਏ ਇਹ ਕੋਮਲ, ਨਿੱਘੀ, ਲਚਕ-ਜਹੀ ਦੇਹ ਮੇਰੀ ਲਖ ਛਿਲਤਾਂ ਵਿਚ ਅਚਾਨਕ ਕਰੜਾਈ ਏ (ਵਕਫ਼ਾ) ਮੈਂ ਅਪਣੇ ਮਨ ਸੀ ਦੀਵਾ-ਜਿਹਾ ਜਗਾਇਆ ਜਿਸਦੀ ਲੋਅ ਸੂਹੇ ਚੁੰਬਨ ਦੇ ਵਾਙੂ ਸੀ ਤੂੰ ਧੂੰਏਦਾਰ ਚੁਆਤੀ ਮਨ ਵਿਚ ਖੋਭੀ ਹੁਣ ਅੰਦਰ ਕੌੜੀ ਕਾਲਖ਼ ਹੀ ਕਾਲਖ਼ ਹੈ ਬਸ, ਬਸ ਕਰ, ਮੇਰੇ ਯਾਰ, ਹੇ ਮੇਰੇ ਸਾਥੀ 11 ਮੈਂ ਯਾਰ ਨਹੀਂ, ਮੈਂ ਤਾਂ ਨੰਬਰ ਯਾਰਾਂ ਹਾਂ ਯਾਰਾਂ ਤੇ ਯਾਰ ਵਿਚਾਲੇ ਲੀਕ ਅਟੱਪ ਹੈ (ਵਕਫ਼ਾ) ਮੇਰੇ ਅੰਦਰ ਵੀ ਧੁਖਦੀ ਕੌੜੀ ਕਾਲਖ਼ ਮੈਂ ਨਫ਼ਰਤ ਕੋਈ ਮੰਗ ਕੇ ਨਹੀਂ ਲਈ ਏ ਮੈਂ ਵੀ ਹਿਕ ਵਿਚ ਚੌਮੁਖੀਆ ਦੀਪ ਜਗਾਇਆ ਜਿਸ ਦੀ ਲੋਅ ਸੂਹੇ ਚੁੰਬਨ ਦੇ ਵਾਂਙੂ ਸੀ ਖ਼ੁਸ਼ਬੋ ਜਿਸ ਦੀ ਜਿਉਂ ਕੱਚੇ ਦੁਧ ਦੀਆਂ ਧਾਰਾਂ ਮੈਂ ਹਰ ਛਿਨ ਨਵੇਂ ਸਵਾਸ ਦੀ ਵੱਟੀ ਬਾਲੀ ਤੁਰਿਆ ਆ ਪਹੁੰਚਾ ਨਫ਼ਰਤ ਦੀ ਦਰਗਾਹ ਤੇ ਮੈਂ ਇਸ ਦੇਹਲੀ ਤੇ ਦੀਪ ਨ ਰਖਣਾ ਚਾਹਾਂ ਪਰ ਕਿਹੜੇ ਪਾਸੇ ਜਾਵਾਂ, ਸਮਝ ਨ ਆਵੇ 12 ਜੇ ਇਸ ਰਸਤੇ ਦੀ ਮਨਜ਼ਿਲ ਇਹ ਦਰਗਾਹ ਹੈ ਤਾਂ ਇਸ ਰਸਤੇ ਨੂੰ ਛਡ ਦੇਣਾ ਹੀ ਚੰਗਾ 11 ਤਾਂ ਫਿਰ ਕੀ ਪਹਿਰੇਦਾਰੀ ਤਿਆਗ ਦਏਂਗਾ ? 12 ਬੇਸ਼ਕ, ਜੇ ਇਸ ਬਿਨ ਚਾਰਾ ਹੋਰ ਨਹੀਂ ਹੈ ਕੀ ਇਸ ਬਿਨ ਕੋਈ ਹੋਰ ਵੀ ਦਰ ਖੁੱਲ੍ਹਾ ਹੈ ? 12 ਸਾਡੇ ਹਰ ਰਾਹ ਤੇ ਨਫ਼ਰਤ ਦੇ ਪਰਛਾਵੇਂ ਨਫ਼ਰਤ ਇਸ ਯੁਗ ਦਾ ਪਰਮ ਧਰਮ ਵੱਡ ਉੱਚਾ ਰਾਜਾ ਪਰਜਾ ਤੋਂ ਦੁਖੀ, ਪ੍ਰਜਾ ਰਾਜੇ ਤੋਂ ਮਾਂਵਾਂ ਨੂੰ ਖਿਝ ਔਲਾਦ ਸਦਾ ਭੁੱਖੀ ਹੈ ਬੱਚੇ ਖਿਝਦੇ ਸੀਨੇ ਵਿਚ ਦੁੱਧ ਨਹੀਂ ਹੈ ਹੈ ਰੂਪ ਕਾਮ ਤੇ ਥੁਕਦਾ ਪਰ ਵਿਕਦਾ ਹੈ ਤੇ ਕਾਮ ਰੂਪ ਨੂੰ ਚਖ ਕੇ, ਇਉਂ ਸੁਟਦਾ ਹੈ ਜਿਉਂ ਕੌੜੀ ਨਿੰਮ ਦੀ ਚੁਲੀ ਕੋਈ ਭਰ ਬੈਠੇ ਕਰਮਾਂ ਧਰਮਾਂ ਸ਼ਰਮਾਂ ਦੀ ਸਭ ਮਰਯਾਦਾ ਇਉਂ ਟੁੱਟੀ ਜੀਕਣ ਭੁਰ ਭੁਰ ਟੁੱਟਣ ਤਾਰੇ ਅੱਖੀਆਂ ਚੋਂ ਲੱਜਿਆ, ਗ਼ਮ, ਮਮਤਾ ਦੇ ਹੰਝੂ- ਡਿੱਗੇ, ਤਰਿਹਾਈ ਧਰਤੀ ਡੀਕ ਗਈ ਏ (ਵਕਫ਼ਾ) ਸਾਡੇ ਯੁਗ ਦੇ ਰਥਵਾਨ ਕਬਰ ਜਹੇ ਮਾਨੁਖ ਰਥ ਵਿਚ ਜੋੜੇ ਨੇ ਲੱਖ ਹੱਤਿਆ ਦੇ ਘੋੜੇ ਨਾਸਾਂ ਚੋਂ ਸੁਟਦੇ ਮਹਾ ਅਗਨ ਦੀਆਂ ਲਾਟਾਂ ਜਿਸ ਥਾਓਂ ਲੰਘਣ, ਤ੍ਰਾਸ ਤ੍ਰਾਸ ਜੜ੍ਹ-ਚੇਤਨ ਕੋਹਾਂ ਤਕ ਧਰਤੀ ਜੀਕਣ ਕੁੱਖ ਤਰੂਈ ਫੁਲ-ਬੂਟੇ ਲੂਸਣ, ਭੁਰ ਭੁਰ ਭੋਂ ਤੇ ਡਿੱਗਣ ਨਫ਼ਰਤ ਦੀਆਂ ਲੀਕਾਂ ਵਿਚ ਵੰਡ ਕੇ ਕੁਲ ਧਰਤੀ 12 ਕੀ ਇਸ ਧੂਣੀ ਵਿਚ ਭਸਮ ਬਣੇਗੀ ਧਰਤੀ ? ਯਾ ਏਸ ਲਈ ਕੁਝ ਆਸ ਅਜੇ ਬਾਕੀ ਹੈ ? ਅੱਖੀਆਂ 'ਚੋਂ ਲੱਜਿਆ, ਗ਼ਮ, ਮਮਤਾ ਦੇ ਹੰਝੂ ਏਨੀ ਛੇਤੀ ਸੁਕ ਜਾਣ, ਮੈਂ ਮੰਨ ਨਹੀਂ ਸਕਦਾ ਏਨੀ ਛੇਤੀ ਤਾਂ ਮਾਨਵ ਮਰ ਨਹੀਂ ਸਕਦਾ 11 ਹਰ ਬਾਲ ਨਵਾਂ ਜੋ ਧਰਤੀ ਤੇ ਆਉਂਦਾ ਏ ਉਹ ਪਾਕ ਮਨੁੱਖ ਦੀ ਨਫ਼ਰਤ ਤੋਂ, ਉਹ ਕੋਰਾ ਉਹ ਸਾਡੇ ਗ਼ਮ ਅੰਬਰ ਤੇ ਆਸ-ਸਿਤਾਰਾ ਹਰ ਪਲ ਅੰਬਰ ਤੋਂ ਟੁਟਦੇ ਰਹਿਣ ਸਿਤਾਰੇ ਹਰ ਪਲ ਅੰਬਰ ਤੇ ਉਗਦੇ ਰਹਿਣ ਸਿਤਾਰੇ ਹਾਲੇ ਕੁਦਰਤ ਮਾਯੂਸ ਨਹੀਂ ਆਦਮ ਤੋਂ (ਵਕਫ਼ਾ) ਨਾਲੇ ਧਰਤੀ ਵੀ ਡਾਢੀ ਦਯਾਮਈ ਏ ਜਿਸ ਥਾਂ ਡੁਲ੍ਹਦੀ ਹੈ ਲਾਲ ਲਹੂ ਦੀ ਧਾਰਾ ਜਿਸ ਥਾਂ ਸਿਰੀਆਂ ਦਾ ਛੱਟਾ ਦਿੱਤਾ ਜਾਂਦਾ ਓਸੇ ਥਾਂ ਉਗ ਪੈਂਦੇ ਨੇ ਹਰ ਬਰਸਾਤੇ ਸਾਵੇ ਘਾ, ਸੂਹੇ ਫੁੱਲ, ਉਨਾਬੀ ਬੂਟੇ ਹਾਲੇ ਧਰਤੀ ਵੀ ਡਾਢੀ ਦਯਾਮਈ ਏ 12 ਕੁਝ ਹੋਰ ਵੀ ਨੇ ਅੰਬਰ ਤੇ ਆਸ-ਸਿਤਾਰੇ ਲਖ ਰੂਪ ਜਿਨ੍ਹਾਂ ਦੇ ਨੈਣ ਉਡੀਕਾਂ-ਰੱਜੇ ਲਖ ਨੈਣ ਜਿਨ੍ਹਾਂ ਵਿਚ ਸੁਫਨੇ ਕਲ੍ਹ-ਸੋਹਣੀ ਦੇ 11 ਹਾਂ, ਇਹਨਾਂ ਤੋਂ ਵੀ ਸਾਨੂੰ ਆਸ ਬੜੀ ਏ (ਕਾਲੇ ਦਰਵਾਜ਼ੇ ਵਲ ਇਸ਼ਾਰਾ ਕਰਕੇ) ਪਰ ਤੂੰ ਮੈਂ ਪਹਿਰੇਦਾਰ ਹਾਂ ਨਰਵੈਰਾਂ ਦੇ ਨਰਵੈਰ ਕਦੀ ਜੋ ਨੀਂਦਰ ਵਿਚ ਬਰੜਾ ਕੇ ਇਉਂ ਚੀਕ-ਚਿਹਾੜਾ ਪਾਉਂਦੇ, ਕਾਤਰ ਚਬ ਕੇ ਜਿਉਂ ਮਹਾਂ-ਸਿਆਲੀ ਮੀਂਹ ਵਿਚ ਲੱਖ ਦਰਿੰਦੇ ਇਕੋ-ਸਾਹ ਦੰਦੋੜਿੱਕੇ ਮਾਰਨ ਲੱਗਣ ਇਹ ਬੋਤਲ ਦੇ ਵਿਚ ਆਕੜ ਭੰਨ ਨ ਸੱਕਣ ਪਰ ਸ਼ੀਸ਼ੇ ਵਿਚ ਆਖ਼ਿਰ ਕਿੰਨੀ ਕਰੜਾਈ ? 12 ਇਹ ਸ਼ੀਸ਼ਾ ਤਾਂ ਮਾਨਵ ਮਨ ਵਰਗਾ ਪੱਕਾ 11 ਇਹ ਸ਼ੀਸ਼ਾ ਹੈ ਮਾਨਵ ਮਨ ਵਰਗਾ ਕੱਚਾ ਇਸ ਨੇ ਓੜਕ ਹੋ ਜਾਣਾ ਚੀਣਾ ਚੀਣਾ ਨਰਵੈਰਾਂ ਦਾ 'ਖਾੜਾ ਆਖ਼ਿਰ ਭਖਣਾ ਏਂ 12 ਇਹ ਜਿੰਨ ਜੋ ਨਰ-ਸ੍ਰਿਸ਼ਟੀ ਦੇ ਵੈਰੀ ਪੱਕੇ ਜੋ ਖੇਡ ਖੇਡ ਵਿਚ ਧਰਤੀ ਦਲਮਲ ਸੁੱਟਣ ਜੋ ਤੱਤਾਂ ਦੇ ਕਰ ਸੁਟਦੇ ਫ਼ੀਤੇ ਫ਼ੀਤੇ ਹੈ ਸ਼ੁਕਰ ਖ਼ੁਦਾ ਦਾ ਇਹ ਬੰਦੇ ਵਸ ਸਾਰੇ ਇਹ ਨੱਥੇ ਕੀਲੇ ਗਏ ਬੋਤਲਾਂ ਅੰਦਰ ਇਹਨਾਂ ਤੋਂ ਕੁਝ ਬੰਦੇ ਨੂੰ ਖ਼ੌਫ਼ ਨਹੀਂ ਹੈ ਇਹ ਸਦਾ ਰਹਿਣਗੇ ਕੈਦ ਬੋਤਲਾਂ ਅੰਦਰ ਹਾਂ ਪਹਿਰੇਦਾਰ ਇਹਨਾਂ ਦੇ ਤੂੰ ਮੈਂ ਸੱਚੇ (ਕਾਲੇ ਦਰਵਾਜ਼ੇ ਤੇ ਖੜਾਕ ਅੰਦਰੋਂ ਇਕੋ ਸਾਹੇ ਅਵਾਜ਼ਾਂ) ਨਰਵੈਰ-ਸਮੂਹ ਖੋਲ੍ਹੋ, ਖੋਲ੍ਹੋ, ਖੋਲ੍ਹੋ, ਦਰਵਾਜ਼ਾ ਖੋਲ੍ਹੋ ਉਇ ਕਿਰਤਘਣੋ, ਖੋਲ੍ਹੋ, ਸਾਡੀ ਵੀ ਸੁਣ ਲਓ ... ... ... ... ਨਰਵੈਰ ਨਹੀਂ, ਨਰਸੇਵਕ . ਜੂਨ ਅਸਾਡੀ ਅਸੀਂ ਨਰ ਦੇ ਆਖੇ ਲਗ ਕੇ ਵੈਰ ਕਮਾਈਏ ... ... ... ... ਸਾਡੀ ਨਿੰਦਿਆ ਦਾ ਸ਼ੌਕ ਕਿਹਨੂੰ ਚੜ੍ਹਿਆ ਹੈ ? ਨਰ-ਸ੍ਰਿਸ਼ਟੀ ਦੀ ਕਿਉਂ ਸ਼ਾਮਤ ਅਜ ਆਈ ਏ ? ਅਸੀਂ ਕੁਲ ਰਚਨਾ ਦੇ ਤੱਤ ਭਿੜਾ ਦੇਵਾਂਗੇ ਅਸੀਂ ਜਲ ਥਲ ਨਭ ਪਾਤਾਲ ਹਿਲਾ ਦੇਵਾਂਗੇ ਇਸ ਮਹਾ ਅਗਨ ਵਿਚ ਧਰਤੀ ਛਾਈਂ ਮਾਈਂ — ਹੋਵੇਗੀ, ਜੀਕਣ ਤੱਤੇ ਤਵੇ ਤੇ ਪਾਣੀ ... ... ... ... ਸਾਨੂੰ ਨਰਵੈਰੀ ਆਖਣ ਇਹ ਨਰ-ਬੱਚੇ ਇਹ ਨਰ-ਬੱਚੇ ਹੱਤਿਆ ਰੁਜ਼ਗਾਰ ਜਿਨ੍ਹਾਂ ਦਾ ਨਰ-ਲਹੂ ਮਾਸ ਤੇ ਮਿੱਝ ਬਿਓਪਾਰ ਜਿਨ੍ਹਾਂ ਦਾ ਇਹ ਨਰ-ਬੱਚੇ ਜਿਹਨਾਂ ਚੋਂ ਕੁਝ ਨਿਰਬਲ ਨੇ ਬਾਕੀ ਨਿਰਬਲ ਨੂੰ ਬਲੀ ਦੇਣ ਵਾਲੇ ਨੇ ਅਸੀਂ ਸਦਾ ਵਾਸਤੇ ਬਾਂਝ ਕਰਾਂਗੇ ਧਰਤੀ ਜੋ ਜਣਦੀ ਏ ਕੁਝ ਨਿਰਬਲ ਕੁਝ ਹਤਿਆਰੇ 12 ਇਹ ਸੁਫਨੇ ਹਰਗਿਜ਼ ਸੱਚ ਨ ਹੋਣ ਦਿਆਂਗੇ ਨਰਵੈਰ ਰਹਿਣਗੇ ਚੱਟਦੇ ਕਚ ਦੀ ਕਾਤਰ ਨਾ ਮਰ ਸੱਕਣ ਨ ਮੁਕਤ ਹੋਣਗੇ ਕੈਦੋਂ ਅਸੀਂ ਪਹਿਰੇਦਾਰ ਉਕਾਈ ਮੂਲ ਨ ਖਾਈਏ ਨਰਵੈਰ ਅਸੀਂ ਵਰਤਮਾਨ ਤੋਂ ਛੋਹਲੇ, ਤੇਜ਼ ਭਵਿਖ ਤੋਂ ਅਸੀਂ ਫੁੱਲਾਂ ਦੀ ਖ਼ੁਸ਼ਬੋ ਤੋਂ ਵੀ ਸੂਖਮਤਰ ਅਸੀਂ ਅਲਖ ਅਗੋਚਰ ਨਿਰਾਕਾਰ ਸੱਚਾਈ ਅਸੀਂ ਜੜ੍ਹ ਚੇਤਨ ਵਿਚ ਧੜਕਣ ਅਟਿਕ ਰਵਾਨੀ ਅਸੀਂ ਪੈਰਾਂ ਦੇ ਵਿਚ ਸੰਗਲ ਜਰ ਨ ਸਕੀਏ ਅਸੀਂ ਸਦਾ ਬੋਤਲਾਂ ਅੰਦਰ ਬੰਦ ਨ ਰਹਿਣਾ ਜਾਂ ਆਹਰ ਦਿਉ ਜਾਂ ਆਜ਼ਾਦੀ ਹੀ ਦੇਵੋ 12 ਨਰਵੈਰ ਲਈ ਆਜ਼ਾਦੀ ਸਦਾ ਮਨਾਂਹ ਹੈ (ਵਕਫ਼ਾ) ਆਜ਼ਾਦੀ ਹੈ ਪੌਣਾਂ ਨੂੰ ਰੁਮਕਣ ਨੱਚਣ ਆਜ਼ਾਦੀ ਹੈ ਫੁੱਲਾਂ ਨੂੰ ਖ਼ੁਸ਼ਬੋ ਵੰਡਣ ਆਜ਼ਾਦ ਮੇਘ ਵਰ੍ਹ ਜਾਣ ਇਸ਼ਕ ਦੇ ਵਾਂਙੂ ਵਰ੍ਹੇ ਜਾਣ ਬਾਂਝ ਰੇਤਾਂ, ਰੌੜਾਂ ਵਿਚ ਭਾਵੇਂ ਆਜ਼ਾਦ ਉਸ਼ਾ ਲੱਜਿਆ ਦੀ ਲਾਲੀ ਡੋਲ੍ਹੇ ਆਜ਼ਾਦ ਕਿਰਣ ਧਰਤੀ ਦਾ ਲੂੰ ਲੂੰ ਫੋਲੇ ਨਰਵੈਰ ਲਈ ਆਜ਼ਾਦੀ ਸਦਾ ਮਨਾਂਹ ਹੈ ਨਿਤ ਆਜ਼ਾਦੀ ਦੇ ਵੈਰੀ ਕੈਦ ਰਹਿਣਗੇ ਨਰਵੈਰ ਨਰਵੈਰ ਨਹੀਂ ਨਰਸੇਵਕ ਜੂਨ ਅਸਾਡੀ ਲਾ ਸੇਵਾ ਸਾਨੂੰ ਹੱਤਿਆ ਤੇ ਨ ਲਾਵੀਂ ਜੇ ਆਖੇਂ ਤਾਂ ਬਿਨ ਬਲਦੀਂ ਖੂਹ ਵਗਾਈਏ ਜੇ ਆਖੇਂ ਤਾਂ ਬਿਨ ਬਦਲੀ ਮੀਂਹ ਵਰ੍ਹਾਈਏ ਜੇ ਆਖੇਂ ਤਾਂ ਬੇਰੁੱਤੇ ਫੁਲ ਉਗਾਈਏ ਧਰਤੀ ਦੇ ਲੁਕੇ ਜ਼ਖ਼ੀਰੇ ਕੱਢ ਲਿਆਈਏ ਲਾ ਸੇਵਾ ਸਾਨੂੰ ਹੱਤਿਆ ਤੇ ਨਾ ਲਾਵੀਂ (ਵਕਫ਼ਾ) ਅਸੀਂ ਸੇਵਕ ਦਈਏ ਹੂੰਝ ਕਾਲਖਾਂ ਧੂੜਾਂ ਅਸੀਂ ਨਾਲ ਚਾਨਣੀ ਭਰੀਏ ਦੀਵੇ ਤੇਰੇ ਤੇ ਲਪ ਲਪ ਤਾਰੇ ਧਰੀਏ ਤੇਰੇ ਦੁਆਖੇ ਕਿਰਨਾਂ ਲਹਿ ਭੁੰਜੇ ਕਰਨ ਰਸੋਈ ਤੇਰੀ ਤੇਰੇ ਲੂੰ ਲੂੰ ਤ੍ਰਿਪਤੀ, ਜਿਵੇਂ ਰੂਪ ਤੇ ਸੁਪਨੇ ਲਾ ਸੇਵਾ ਸਾਨੂੰ, ਹੱਤਿਆ ਤੇ ਨਾ ਲਾਵੀਂ ਕੁਝ ਹੋਰ ਨਰਵੈਰ ਹਾਂ ਮੌਤ ਅਚਾਨਕ ਤੋਂ ਵੀ ਅਸੀਂ ਅਚਾਨਕ ਹਾਂ ਤੇਜ਼ ਕਲਪਨਾ ਤੋਂ, ਕਾਹਲੇ ਹਾਂ ਮਨ ਤੋਂ ਅੱਖ ਫੋਰ ਵਿਚਾਲੇ ਲਖ-ਸੌ ਜੋਜਨ ਤੁਰੀਏ ਹੈ ਸਾਗਰ ਸਾਡੀ ਲਾਂਘ, ਛਾਲ ਹੈ ਪਰਬਤ ਨਾ ਰਹਿਣਾ ਹਰਗਿਜ਼ ਬੰਦ ਬੋਤਲਾਂ ਅੰਦਰ (ਵਕਫ਼ਾ) ਹੈ ਹਰਕਤ, ਤੋਰ, ਤੜਪ ਹੀ ਸਾਡਾ ਜੁੱਸਾ ਕਦ ਤੜਪ ਕਿਸੇ ਸ਼ੀਸ਼ੇ ਵਿਚ ਬੰਦ ਰਹੀ ਹੈ ਕਿਉਂ ਬੰਨ੍ਹ ਰਹੇ ਹੋ ਬਿਜਲੀ ਡਾਟਾਂ ਅੰਦਰ ਇਹ ਸ਼ੁਗਲ ਬਹੁਤ ਮਹਿੰਗਾ ਹੈ, ਆਦਮ-ਬੱਚੇ, ਕਿਉਂ ਪਾਲ ਰਹੇ ਹੋ ਡੰਗ, ਡੰਗ ਤੋਂ ਤਿੱਖੇ ਨਾ ਰਹਿਣਾ ਹਰਗਿਜ਼ ਬੰਦ ਬੋਤਲਾਂ ਅੰਦਰ 12 ਇਹ ਪਰਲੋ ਵਰਗਾ ਰੌਲਾ, ਧੁੰਦੂਕਾਰਾ ਇਹ ਬੋਲ ਰਹੇ ਜਿਉਂ ਪਵੇ ਗੜੇ ਦੀ ਵਾਛੜ ਨਰਵੈਰੀ ਇਹ, ਨਰਸੇਵਕ ਜਾਂ ਨਰਘਾਲਕ ? ਸੇਵਾ, ਆਜ਼ਾਦੀ, ਬਰਬਾਦੀ, ਕੀ ਮੰਗਣ ? (ਵਕਫ਼ਾ) ਇਹ ਕੀ ਚਾਹੁੰਦੇ, ਕੀ ਕਹਿੰਦੇ, ਸਮਝ ਨ ਆਵੇ ਜਿਉਂ ਬਾਜ਼ੀ ਹਾਰ ਗਿਆ ਸ਼ਤਰੰਜ ਖਿਡਾਰੀ ਸਭ ਕਾਲੇ, ਚਿੱਟੇ, ਫ਼ੀਲ, ਪਿਆਦੇ, ਘੋੜੇ ਖਿਝ ਕੇ ਭੋਂ ਮਾਰੇ ਉਲਟੇ, ਸਿੱਧੇ, ਪੁੱਠੇ ਨਰਵੈਰ-ਸਮੂਹ ਜਾਂ ਆਹਰ ਦਿਉ ਜਾਂ ਆਜ਼ਾਦੀ ਹੀ ਦੇਵੋ ਨਰਵੈਰ ਨਹੀਂ ਨਰਸੇਵਾ ਅਸੀਂ ਕਮਾਈਏ ਅਸੀਂ ਵਾਂਙ ਮਨੁੱਖ ਦੇ ਆਦੀ ਨਾ ਹੱਤਿਆ ਦੇ ਇੰਜ ਕਹਿਰ-ਅਗਨ ਵਿਚ ਧਰਤੀ ਛਾਈਂ ਮਾਈਂ ਹੋਵੇਗੀ, ਜੀਕਣ ਤੱਤੇ ਤਵੇ ਤੇ ਪਾਣੀ 11 ਬਸ ਚੁਪ ਹੋ ਜਾਵੋ, ਬੈਠੋ ਥਾਓਂ ਥਾਈਂ ਰੋਵੋ ਕੁਰਲਾਵੋ, ਕਾਹਨੂੰ ਮੱਥਾ ਭੰਨੋ ਇਹ ਕੱਚ ਨਹੀਂ ਕੱਚਾ ਜੋ ਤਿੜਕ ਪਵੇਗਾ ਇਹ ਨਹੀਂ ਹਨੇਰ ਖ਼ੁਦਾ ਦਾ, ਹੇ ਨਰਵੈਰੋ, ਜਿਸ ਅੰਦਰ ਕੋਈ ਕਿਰਨ ਕਿਤੇ ਮਿਲ ਜਾਊ ਇਹ ਹੈ ਬੰਦੇ ਦਾ ਪਾਇਆ ਹੋਇਆ ਹਨੇਰਾ ਇਸ ਤੋਂ ਨਾਮੁਮਕਿਨ ਹੋਣੀ ਬੰਦ-ਖ਼ਲਾਸੀ (ਕਾਲੇ ਦਰਵਾਜ਼ੇ ਤੇ ਧੱਕਾ ਬੰਦ ਹੋ ਜਾਂਦਾ ਹੈ) 12 ਛਾ ਗਈ ਕਬਰ ਜਹੀ ਫਿਰ ਮੁੜਕੇ ਖ਼ਾਮੋਸ਼ੀ ਬਸ ਨਿਰੀ ਘੜੀ ਦੀ ਟਿਕ ਟਿਕ ਟਿਕ ਜਿਊਂਦੀ ਏ ਟਿਕ ਟਿਕ ਜਿਊਂਦੀ, ਪਰ ਸਮਾਂ ਜਿਵੇਂ ਮਰ ਚੁੱਕਾ ਸੈ ਵਰ੍ਹੇ ਬੀਤ ਗਏ, ਹਾਲੇ ਪੰਜ ਨ ਵਜੇ 11 ਦੋ ਮਿੰਟ ਅਜੇ ਬਾਕੀ ਨੇ ਸੂਲੀ ਵਰਗੇ 12 ਦੋ ਮਿੰਟਾਂ ਵਿਚ ਉਮਰਾਂ ਦਾ ਖ਼ੌਫ਼ ਹੰਢਾਉਣਾ ਇਹ ਪਹਿਰੇਦਾਰੀ ਸਚਮੁਚ ਬੁਰੀ ਬਲਾ ਹੈ ਦੋ ਮਿੰਟਾਂ ਵਿਚ ਤਾਂ ਰੂਪ ਝੁਰੜ ਜਾਵੇਗਾ ਤੇ ਵਾਲ ਸਫ਼ੈਦੀ ਡੀਕ ਲੈਣਗੇ ਸਾਰੀ 11 ਹਰ ਰੋਜ਼ ਅੰਤਲੇ ਪਲ, ਛਿਨ, ਅਧ-ਛਿਨ ਤੇਰੇ ਜਿਉਂ ਕਿਸੇ ਜਵਾਲਮੁਖ ਦੇ ਜਬੜੇ ਵਿਚ ਬੀਤਣ ਹੈ ਕਿਸ ਅਣਹੋਣੀ ਹੋਣੀ ਦਾ ਡਰ ਤੈਨੂੰ ਸੇਹ-ਤਕਲੇ ਵਾਂਙੂ ਰੋਮ ਰੋਮ ਹੈ ਤੇਰਾ ਹਰ ਰੋਜ਼ ਲੋਪ ਹੋ ਜਾਵੇਂ ਛੁੱਟੀ ਵੇਲੇ ਜਿਉਂ... ... ... ... 12 ਜਿਉਂ ਭੂਤ ਮਸਾਣੋਂ ਕਿਰਨ ਵੇਖ ਕੇ ਨੱਸੇ ? (ਵਕਫ਼ਾ) ਹਰ ਸ਼ਾਮ ਮੇਰੇ ਮਨ ਛਿਲਤ-ਜਹੀ ਲਹਿ ਜਾਵੇ ਸ਼ਾਇਦ ਅਜ ਵਾਪਸ ਘਰ ਨਾ ਮੈਂ ਜਾ ਸੱਕਾਂ 11 (ਗੱਲ ਟੁਕ ਕੇ) ਸ਼ਾਇਦ ਅਜ ਕੋਈ ਜਾਦੂਗਰ ਵਲ-ਛਲੀਆ ਤੈਨੂੰ ਵੀ ਫੜ ਕੇ ਬੋਤਲ ਵਿਚ ਨਾ ਜੂੜੇ ? 12 ਤੂੰ ਕੀਕਣ ਜਾਣੇ ਮੇਰੇ ਮਨ ਦੀ ਵਿਥਿਆ ? 11 ਇਹ ਵਾਲ ਉਮਰ ਨ੍ਹੀਂ, ਪਹਿਰੇ ਵਿਚ ਸੁੱਕੇ ਨੇ ਹਰ ਸੁਆਸ ਇਹੋ ਦੁਰਗੰਧ ਹੰਢਾਈ ਹੈ ਮੈਂ 12 ਮੈਂ ਰੋਜ਼ ਪਹੁੰਚਦਾਂ, ਤਿੱਖੇ ਕਾਹਲੇ ਪੈਰੀਂ ਉਹ ਫਿਰ ਵੀ ਆਖੇ... ... ... ... 11 ਦੇਰ ਬਹੁਤ ਕਿਉਂ ਲਾਈ ? ਸੈ ਜਨਮਾਂ ਤੋਂ ਰਾਹ ਵੇਖ ਰਹੀ ਤੇਰਾ ? (ਸਫ਼ੈਦ ਦਰਵਾਜ਼ੇ ਤੇ ਬਾਹਰੋਂ ਆਵਾਜ਼) ਹੈ ਕੌਣ ਵੇਖਦਾ ਜਨਮਾਂ ਤੋਂ ਰਾਹ ਮੇਰਾ ? ਕਿਸ ਦੀ ਦੁਰ-ਸੱਧਰ ਮੈਨੂੰ ਖਿੱਚ ਲਿਆਈ ਹਾਲੇ ਕੁਝ ਹੋਰ ਸਮਾਂ ਸ੍ਰਿਸ਼ਟੀ ਜੀ ਲੈਂਦੀ (ਘੜੀ ਪੰਜ ਵਜਾਉਂਦੀ ਏ) ਮੈਂ ਓੜਕ ਆ ਪਹੁੰਚਾ, ਦਰਵਾਜ਼ਾ ਖੋਲ੍ਹੋ 11 ਇਹ ਕੋਣ ਕਿਦ੍ਹੀ ਭੂਚਾਲ ਜਹੀ ਬਾਣੀ ਏ ? ਆਦਮ ਬੋ ਦੀ ਦੁਰਗੰਧ ਕਿਤੋਂ ਆਈ ਏ 12 ਮੈਂ ਚਲਨੈ ਮੇਰੇ ਔਫ਼ ਹੋਣ ਦਾ ਵੇਲਾ ਅਜ ਫੇਰ ਦੇਰ ਹੋ ਗਈ ਨ ਆਇਆ ਚੌਦਾਂ ਪੰਦਰਾਂ... ... ... ... ਬਾਹਰੋਂ ਆਵਾਜ਼ ਮੈਂ ਓੜਕ ਆ ਪਹੁੰਚਾ, ਦਰਵਾਜ਼ਾ ਖੋਲ੍ਹੋ ਮੈਂ ਸ਼ਕਤੀ ਮੈਥੋਂ ਇੰਤਜ਼ਾਰ ਨਾ ਹੋਵੇ 12 ਮੈਂ ਚਲਨੈਂ, ਮੇਰੇ ਇੰਤਜ਼ਾਰ ਵਿਚ ਪਿਆਰੀ ਹਰ ਪਲ ਨਿਤ ਨਵੀਂ ਸਲੀਬ ਹੰਢਾ ਲੈਂਦੀ ਏ (ਵਕਫ਼ਾ) ਮੈਂ ਚਲਨੈਂ ਮੇਰੇ ਪਿਆਰ ਮਿਲਨ ਦਾ ਵੇਲਾ (ਵਕਫ਼ਾ) ਅਜ ਫੇਰ ਦੇਰ ਹੋ ਗਈ ਨ ਆਇਆ ਚੌਦਾਂ ਪੰਦਰਾਂ... ... ... ... ਬਾਹਰੋਂ ਆਵਾਜ਼ ਖੋਲ੍ਹੋ, ਖੋਲ੍ਹੋ, ਖੋਲ੍ਹੋ, ਦਰਵਾਜ਼ਾ ਖੋਲ੍ਹੋ ਮੈਂ ਸ਼ਕਤੀ ਜਿਸਦਾ ਇੰਤਜ਼ਾਰ ਹੁੰਦਾ ਹੈ ਪਰ ਇੰਤਜ਼ਾਰ ਦਾ ਮੈਂ ਬਿਲਕੁਲ ਨਾ ਆਦੀ ਮੈਂ ਤੜਪ ਨਿਰੀ, ਮੈਂ ਏਦਾਂ ਟਿਕ ਨਾ ਸੱਕਾਂ 12 ਮੈਂ ਤੜਪ ਨਿਰੀ ਮੈਥੋਂ ਟਿਕਿਆ ਨਾ ਜਾਵੇ ਇਕ ਜੂਨ-ਜਿਹਾ ਅਧ-ਮਿੰਟ ਬੀਤ ਚੁੱਕਾ ਹੈ ਏਨੇ ਚਿਰ ਵਿਚ ਤਾਂ ਪਿਆਰ ਘ੍ਰਿਣਾ ਬਣ ਸਕਦੈ ਹਾਲੀ ਤਕ ਵੀ ਨਾ ਆਇਆ ਨੰਬਰ ਚੌਦਾਂ ਪੰਦਰਾਂ... ... ... ... ... ਇਹ ਕੌਣ ਮਹਾ ਦੁਰਗੰਧ ਘੋਲਦਾ ਜਾਵੇ ਲੂੰ ਲੂੰ ਵਿਚ ਮੇਰੇ, ਵਾਅਦੇ ਦੀ ਖ਼ੁਸ਼ਬੋ ਸੀ 11 ਤੂੰ ਕੌਣ ਖ਼ਰੂਦੀ ਦਰਵਾਜ਼ੇ ਤੇ ਬੜ੍ਹਕੇਂ ? ਜੇ ਤੂੰ ਕੋਈ ਨਰਵੈਰ, ਤੇਰਾ ਕੀ ਨੰਬਰ ? ਬਾਹਰੋਂ ਆਵਾਜ਼ ਮੈਂ ਨੰਬਰ ਸ਼ੰਬਰ ਨਹੀਂ ਨਿਰੀ ਸ਼ਕਤੀ ਹਾਂ ਸ਼ਕਤੀ ਨੂੰ ਤੁਸੀਂ ਖ਼ਰੂਦ ਵੀ ਕਹਿ ਸਕਦੇ ਹੋ 11 ਸ਼ਕਤੀ-ਨਿਰੋਲ ਲਈ ਇਹ ਦਰ ਖੁਲ੍ਹ ਨਹੀਂ ਸਕਦਾ ਏਥੇ ਕੇਵਲ ਨਰਵੈਰਾਂ ਲਈ ਪਨਾਹ ਹੈ ਤੂੰ ਸ਼ਾਇਦ ਗ਼ਲਤ ਦੁਆਰ ਚਲਾ ਆਇਆ ਹੈਂ 12 (ਪਾਗਲਾਂ ਵਾਂਗ ਲਾਲ ਦਰਵਾਜ਼ੇ ਨੂੰ ਖੋਲ੍ਹਣ ਦਾ ਜਤਨ ਕਰ ਰਿਹਾ ਹੈ, ਪਰ ਦਰਵਾਜ਼ਾ ਨਹੀਂ ਖੁਲ੍ਹਦਾ) ਮੈਂ ਸ਼ਾਇਦ ਗ਼ਲਤ ਦੁਆਰ ਚਲਾ ਆਇਆ ਹਾਂ ਖੁਲ੍ਹ ਜਾ, ਹੇ ਸੂਹੇ ਪਿਆਰਾਂ ਦੇ ਦਰਵਾਜ਼ੇ, ਖੁਲ੍ਹ ਜਾ, ਹੇ ਮੇਰੇ ਇੰਤਜ਼ਾਰ ਵਿਚ ਪਿਆਰੀ ਵਿਸ਼ਵਾਸ ਤਿੜਕ ਜਾਊ, ਜੇ ਮੈਂ ਨਾ ਪਹੁੰਚਾ ਬਾਹਰੋਂ ਆਵਾਜ਼ ਖੋਲ੍ਹੋ, ਖੋਲ੍ਹੋ, ਖੋਲ੍ਹੋ ਦਰਵਾਜ਼ਾ ਖੋਲ੍ਹੋ ਮੇਰੀ ਬਾਣੀ ਵਿਚ ਇਹ ਦਰ ਤਿੜਕ ਵੀ ਸਕਦੈ 12 ਏਥੇ ਕੇਵਲ ਨਰਵੈਰਾਂ ਲਈ ਜਗ੍ਹਾ ਹੈ ਜੇ ਤੂੰ ਕੋਈ ਨਰਵੈਰ ਤੇਰਾ ਕੀ ਨੰਬਰ ? ਬਾਹਰੋਂ ਆਵਾਜ਼ (ਜੋ ਅੱਗੇ ਨਾਲੋਂ ਵਧੇਰੇ ਸਪਸ਼ਟ ਹੈ) ਨਰ ਹੀ ਨਰਵੈਰ ਲਈ, ਏਨਾ ਕਾਹਲਾ ਹੈ ! ਮੈਂ ਨੰਬਰ ਸ਼ੰਬਰ ਨਹੀਂ, ਮਹਾ ਸ਼ਕਤੀ ਹਾਂ ਮੇਰੀ ਸ਼ਕਤੀ ਹਰਫ਼ਾਂ ਤੋਂ ਗਿਣੀ ਨਾ ਜਾਵੇ ਮੇਰੀ ਹਿੰਸਾ ਹਿੰਦਸੇ ਦੀ ਕੈਦ ਤੋਂ ਬਾਹਰ 11 ਜੇ ਤੂੰ ਕੋਈ ਨਰਵੈਰ ਤਾਂ ਮਹਾ ਸੁਆਗਤ ਖੁਲ੍ਹ ਜਾ, ਖੁਲ੍ਹ ਜਾ, ਖੁਲ੍ਹ ਜਾ, ਹੇ ਕਾਲੇ ਬੂਹੇ ਸ਼ਕਤੀ ਤੁਰ ਕੇ ਮਾਨਵ ਦੇ ਘਰ ਆਈ ਹੈ ਇਕ ਹੋਰ ਨਵਾਂ ਨਰਵੈਰ ਮਨੁੱਖ ਦੇ ਵਸ ਹੈ (ਸਫ਼ੈਦ ਦਰਵਾਜ਼ਾ ਖੁਲ੍ਹਦਾ ਹੈ । ਬਾਹਰੋਂ ਢਲਦੇ ਸੂਰਜ ਦੀ ਲਾਲੀ ਅੰਦਰ ਝਾਕਦੀ ਹੈ ਜਿਵੇਂ ਕਿਸੇ ਸਾਜ਼ਿਸ਼ ਨੂੰ ਸਚ ਭੁੱਲ ਭੁਲੇਖੇ ਵਿੰਨ੍ਹ ਦਏ । ਇਕ ਆਦਮ-ਕਦ ਬੋਤਲ ਜਿਸ ਵਿਚ ਇਕ ਜਿੰਨ ਕੈਦ ਹੈ, ਅੰਦਰ ਪ੍ਰਵੇਸ਼ ਕਰਦੀ ਹੈ । ਬੋਤਲ ਦੇ ਆਲ-ਦੁਆਲੇ ਲਾਲ ਅੱਗ ਦਾ ਖੋਲ ਹੈ । ਬਾਹਰ ਦੋ ਪਹਿਰੇਦਾਰ—ਜੋ ਸ਼ਾਇਦ ਨੰਬਰ 14 ਤੇ 15 ਹਨ—ਇਕ ਦਰਵਾਜ਼ੇ ਲਾਗੇ ਤੇ ਇਕ ਰਤਾ ਕੁ ਹਟਵਾਂ ਬੇਹੋਸ਼ ਪਏ ਵਿਖਾਈ ਦੇਂਦੇ ਹਨ । ਕਾਲਾ ਦਰਵਾਜ਼ਾ ਖੁਲ੍ਹਦਾ ਹੈ। ਬੋਤਲ ਇਕੋ ਤਿੱਖੀ ਸਰਕ ਵਿਚ ਕਮਰਾ ਪਾਰ ਕਰਕੇ ਉਸ ਅੰਦਰ ਸਮਾ ਜਾਂਦੀ ਹੈ। ਦਰਵਾਜ਼ਾ ਬੜੀ ਕਾਹਲੀ ਨਾਲ ਬੰਦ ਹੋ ਜਾਂਦਾ ਹੈ । ਇਹ ਸਭ ਅੱਖ ਫੋਰ ਤੋਂ ਵੀ ਛੇਤੀ ਹੁੰਦਾ ਹੈ। ਕਾਲੇ ਕਮਰੇ ਅੰਦਰ ਬੋਤਲਾਂ ਦੀ ਲੰਮੀ ਕਿਤਾਰ ਦਾ ਝਾਉਲਾ ਜਿਹਾ ਪੈਂਦਾ ਹੈ। ਕਮਰਾ ਅਗੇ ਨਾਲੋਂ ਵਧੇਰੇ ਗਰਮ ਹੈ।) ਅੰਦਰੋਂ ਆਵਾਜ਼ ਖੋਲ੍ਹੋ, ਦਰਵਾਜ਼ਾ ਖੋਲ੍ਹੋ, ਪਹਿਰੇਦਾਰੋ, ਮੈਂ ਸ਼ਾਇਦ ਗ਼ਲਤ ਦੁਆਰ ਚਲਾ ਆਇਆ ਹਾਂ 12 ਹਰ ਸ਼ੈ ਹੀ ਗਲਤ ਦੁਆਰ ਚਲੀ ਆਈ ਹੈ ਮੈਂ ਇਸ ਕਮਰੇ ਵਿਚ ਬੰਦ, ਨਿਕਲ ਨਾ ਸੱਕਾਂ ਤੂੰ ਉਸ ਕਮਰੇ ਵਿਚ ਬੰਦ, ਨਿਕਲ ਨਾ ਸੱਕੇਂ ਮੈਂ ਪਹਿਰੇਦਾਰ ਦੁਆਰ ਖੋਲ੍ਹ ਨਹੀਂ ਸਕਦਾ ਅੰਦਰੋਂ ਆਵਾਜ਼ ਖੋਲ੍ਹੋ ਦਰਵਾਜ਼ਾ ਖੋਲ੍ਹੋ, ਪਹਿਰੇਦਾਰੋ ਮੈਂ ਇਸ ਕੋਠੇ ਵਿਚ ਕੈਦ ਨਹੀਂ ਰਹਿ ਸਕਦਾ 11 ਇਹ ਕੋਠਾ ਹੀ ਨਰਵੈਰਾਂ ਲਈ ਜਗ੍ਹਾ ਹੈ ਅੰਦਰੋਂ ਆਵਾਜ਼ ਮੈਂ ਇਸ ਕੋਠੇ ਵਿਚ ਕੈਦ ਨਹੀਂ ਰਹਿ ਸਕਦਾ ਮੈਂ ਇਸ ਧੋਖੇ ਨੂੰ ਬਿਲਕੁਲ ਜਰ ਨਹੀਂ ਸਕਦਾ ਇਹ ਬੌਣੇ ਜਿੰਨ ਇਨ੍ਹਾਂ ਵਿਚ ਮੈਂ ਨਹੀਂ ਰਹਿਣਾ 11 ਇਹ ਬੌਣੇ ਜਿੰਨ ਬੜੀ ਸ਼ਕਤੀ ਦੇ ਸੁਆਮੀ ਇਹਨਾਂ ਚੋਂ ਕੁਝ ਤਾਂ ਨਗਰ ਹਿਲਾ ਸਕਦੇ ਨੇ ਇਹ ਦਰੜ ਦੇਣ ਪਲ ਛਿਨ ਵਿਚ ਪਰਬਤ ਉੱਚੇ ਇਹ ਸਾਗਰ ਨੂੰ ਚੁਲੀਆਂ ਵਿਚ ਪੀ ਸਕਦੇ ਨੇ ਇਹ ਸਭ ਮਿਲਕੇ ਧਰਤੀ ਨੂੰ ਦਲਮਲ ਸੁੱਟਣ ਅੰਦਰੋਂ ਆਵਾਜ਼ ਮੈਂ ਕੱਲਾ ਕੁਲ ਸ੍ਰਿਸ਼ਟੀ ਨੂੰ ਦਲਮਲ ਸੁੱਟਾਂ (ਵਕਫ਼ਾ) 11 ਹੈ ਲੋੜ ਸਿਰਫ਼ ਇਸ ਧਰਤੀ ਦੇ ਵੈਰੀ ਦੀ ਕੁਝ ਨਾਲ ਸ੍ਰਿਸ਼ਟੀ ਵੈਰ ਨਹੀਂ ਹੈ ਸਾਡਾ ਅੰਦਰੋਂ ਆਵਾਜ਼ ਕੀ ਧਰਤੀ ਇਹਦੇ ਸਾਗਰ, ਨਗਰ, ਬਰੇਤੇ ! ਇਹ ਉੱਚੇ ਪਰਬਤ, ਦੋਮੇਲਾਂ ਤਕ ਜੰਗਲ ਇਹ ਕੁਰਬਲ ਕੁਰਬਲ ਕਿਰਮਾਂ ਵਰਗੇ ਬੰਦੇ ਮੈਂ ਚਮਕਾਂ ਤਾਂ ਇਹ ਝੁਲਸ ਜਾਣਗੇ ਸਾਰੇ ਜਿਉਂ ਮਹਾਲਾਟ ਵਿਚ ਦੋ ਬੁਕ ਪੀਲੇ ਪੱਤੇ (ਵਕਫ਼ਾ) ਸਭ ਬੁਝ ਜਾਵਣਗੇ ਸੂਰਜ ਨਿੱਕੇ ਵੱਡੇ ਸਭ ਥਿੜਕ ਜਾਣਗੇ ਤਾਰੇ ਅਪਣੇ ਰਾਹੋਂ ਸਭ ਤਿੜਕ ਜਾਏਗੀ ਸ੍ਰਿਸ਼ਟੀ ਚੀਣਾ ਚੀਣਾ ਮੁੜ ਅਰਬਦ, ਨਰਬਦ ਧੂੰਆਂ ਧੁੰਦੂਕਾਰਾ ਨੰ: 12, ਨੀਮ ਬੇਹੋਸ਼, ਲਾਲ ਦਰਵਾਜ਼ੇ ਲਾਗੇ ਢਹਿ ਪੈਂਦਾ ਹੈ। ਨੰ: 11 ਵੀ ਚੁਪ ਸੁੰਨ ਖਲੋਤਾ ਹੈ। ਘੜੀ—ਸ਼ਾਇਦ ਇਹਦੀ ਚਾਬੀ ਖ਼ਤਮ ਹੈ—ਚੁਪ ਹੈ, ਸੂਈਆਂ ਜਾਮ ਨੇ । ਅੰਦਰੋਂ ਆਵਾਜ਼ ਖੋਲ੍ਹੋ, ਖੋਲ੍ਹੋ, ਖੋਲ੍ਹੋ, ਦਰਵਾਜ਼ਾ ਖੋਲ੍ਹੋ ਇਹ ਬੌਣੇ ਜਿੰਨ, ਇਨ੍ਹਾਂ ਵਿਚ ਮੈਂ ਨਹੀਂ ਰਹਿਣਾ ਜੇ ਮੈਂ ਹਾਂ ਤਾਂ ਇਹਨਾਂ ਦੀ ਲੋੜ ਨਹੀਂ ਹੈ 11 ਇਹ ਦਰਵਾਜ਼ਾ ਵੀ ਹਰਗਿਜ਼ ਖੁੱਲ੍ਹ ਨਹੀਂ ਸਕਦਾ ਅੰਦਰੋਂ ਆਵਾਜ਼ ਤੂੰ ਕੌਣ ਮਹਾਸ਼ਕਤੀ ਦਾ ਆਖਾ ਮੋੜੇਂ ? 11 ਮੈਂ ਵਿਕ ਚੁੱਕਾ ਮਾਨਵ ਹਾਂ, ਮੈਂ ਨੌਕਰ ਹਾਂ ਮੈਂ ਪਹਿਰੇਦਾਰ ਪਿਤਾ ਦਾ ਪੁੱਤਰ ਸੱਚਾ (ਵਕਫ਼ਾ) ਮੈਂ ਵਿਕ ਚੁੱਕਾ ਬੰਦਾ ਹਾਂ, ਆਗਿਆਕਾਰੀ ਮੈਂ ਪਹਿਰੇਦਾਰੀ ਦੇ ਲਈ, ਬੇਮੁਖ ਸਭ ਤੋਂ ਮੈਂ ਪਿਆਰ, ਦਯਾ, ਭੈ, ਕਰੁਣਾ, ਸਭ ਤੋਂ ਸਖਣਾ ਮੇਰੀ ਹਿਕ ਵਿਚ ਨਾ ਦਿਲ ਜੋ ਪਿਘਲ ਪਵੇਗਾ ਮੇਰੇ ਤਨ ਵਿਚ ਨਾ ਮਨ ਜੋ ਤਿੜਕ ਪਵੇਗਾ ਕੀ ਖੌਫ਼ ਮੌਤ ਦਾ, ਚਾਅ ਨਹੀਂ ਜੀਵਨ ਦਾ ਤੂੰ ਹਾਲੇ ਨਵਾਂ ਨਵਾਂ, ਮੈਥੋਂ ਨਾਵਾਕਿਫ਼ ਤੈਨੂੰ ਮੇਰੀ ਆਗਿਆ ਵਿਚ ਰਹਿਣਾ ਪੈਣਾ (ਦਰਵਾਜ਼ੇ ਦੇ ਅੰਦਰੋਂ ਧੱਕਾ ਇਕ ਵਾਰੀ ਬੰਦ ਹੋ ਜਾਂਦਾ ਹੈ। ਕੁਝ ਚਿਰ ਖਾਮੋਸ਼ੀ ਰਹਿੰਦੀ ਹੈ। ਅਚਾਨਕ ਧੱਕਾ ਫੇਰ ਸ਼ੁਰੂ ਹੁੰਦਾ ਹੈ ) ਅੰਦਰੋਂ ਆਵਾਜ਼ ਹੋ ਵਿਕ ਚੁੱਕੇ ਮਾਨਵ, ਹੇ ਆਗਿਆਕਾਰੀ ਮੇਰੇ ਵੀ ਆਲ-ਦੁਆਲੇ ਖੋਲ ਹੁਕਮ ਦਾ ਪਰ ਸ਼ਕਤੀ ਸਦਾ ਹੁਕਮ ਵਿਚ ਬੱਝ ਨ ਸਕੇ ਸ਼ਕਤੀ ਦਾ ਸਦਾ ਸੁਭਾਅ ਹੈ ਸਰਬ-ਉਲੰਘਣ ਜਾ ਕਹਿ ਦੇ ਜਾ ਕੇ ਮੇਰੇ ਜਾਦੂਗਰ ਨੂੰ ਜਾ ਕਹਿ ਦੇ ਮੇਰੇ ਰਚਨਹਾਰ ਨੂੰ ਜਾ ਕੇ ਇਹ ਖੋਲ ਹੁਕਮ ਦਾ ਤਿੜਕ ਜਾਊ ਕੁਝ ਚਿਰ ਵਿਚ ਇਸ ਤੋਂ ਪਹਿਲਾਂ ਕੁਝ ਆਗਿਆ ਦੇ ਲੈ ਮੈਨੂੰ 12 (ਅੱਬੜਵਾਹੇ ਉਠਦਾ ਹੈ) ਮੈਂ ਚਲਨੈਂ ਮੇਰੇ ਇੰਤਜ਼ਾਰ ਵਿਚ ਪਿਆਰੀ ਅੱਗੇ ਹੀ ਦੇਰ ਧਰੋਹ ਜਿੱਡੀ ਹੋ ਚੁਕੀ 11 ਕਰਤੱਵ ਅਜ਼ਲ ਤੋਂ ਧੋਹੀ ਹੈ ਪਿਆਰਾਂ ਦਾ ਤੂੰ ਜਾਣਾ ਹੈ ਬੇਸ਼ਕ, ਪਰ ਹੋਰਸ ਰਾਹ ਤੇ (ਨੰ: 11 ਸੁਆਲ।ਆ ਨਿਸ਼ਾਨ ਵਰਗੇ ਚਿਹਰੇ ਨਾਲ ਨੰ: 12 ਵਲ ਤਕਦਾ ਹੈ।) ਅੰਦਰੋਂ ਆਵਾਜ਼ ਹੇ ਵਿਕ ਚੁੱਕੇ ਮਾਨੁਖ, ਹੇ ਆਗਿਆਕਾਰੀ, ਜਾ ਕਹਿ ਦੇ ਮੇਰੇ ਰਚਨਹਾਰ ਨੂੰ ਜਾ ਕੇ ਇਹ ਬੋਲ ਹੁਕਮ ਦਾ ਤਿੜਕ ਜਾਊ ਕੁਝ ਚਿਰ ਵਿਚ ਮੈਂ ਰੇਤ ਵਾਂਗ ਪੀਹ ਸੁੱਟੂੰ ਕੁਲ ਸ੍ਰਿਸ਼ਟੀ ਨੂੰ ਮੈਂ ਤੁੰਬ ਦਿਆਂਗਾ ਅਣੂ ਅਣੂ ਤੱਤਾਂ ਦਾ ਬੁਝ ਜਾਣ ਸਿਤਾਰੇ, ਬਲ ਬਲ ਉੱਠਣ ਪਾਣੀ ਜਾ ਕਹਿ ਦੇ ਮੇਰੇ ਰਚਨਹਾਰ ਨੂੰ ਜਾ ਕੇ ਹੇ ਵਿਕ ਚੁੱਕੇ ਮਾਨੁਖ, ਹੇ ਆਗਿਆਕਾਰੀ (ਨੰ: 12 ਸਭ ਕੁਝ ਸਮਝ ਜਾਂਦਾ ਹੈ) 12 (ਉਹ ਫੇਰ ਲਾਲ ਦਰਵਾਜ਼ੇ ਵਲ ਦੌੜਦਾ ਹੈ) ਮੈਂ ਜਾਨੈਂ, ਸੂਲ ਜਹੀ ਕਾਹਲੀ ਵਿਚ, ਯਾਰਾਂ 11 ਪਰ ਕਿਹੜੇ ਪਾਸੇ ਚਲਿਆ ਏਂ ਤੂੰ, ਬਾਰਾਂ ? ਕੀ ਦਿਸ਼ਾ-ਭਰਮ ਦੇ ਚੱਕਰ ਤੇਰੇ ਪੈਰੀਂ ? 12 ਇਸ ਪਾਸੇ ਹੀ ਤਾਂ ਜਾਦੂਗਰ ਦਾ ਘਰ ਹੈ 11 ਇਸ ਪਾਸੇ ਉਸਦਾ ਘਰ ਹੈ, ਵਾਸ ਨਹੀਂ ਹੈ ਤੂੰ ਪ੍ਰੇਮੀ ਤੱਕੇਂ ਨੈਣ ਪ੍ਰਿਆ ਅਪਣੀ ਦੇ ਤੂੰ ਏਸ ਰਾਹ ਦੇ ਸੁੰਞਾਂ ਤੋਂ ਨਾਵਾਕਿਫ਼ 12 ਮੈਂ ਇਸ ਪਾਸੇ ਦੀ ਰੌਣਕ ਤੋਂ ਵਾਕਿਫ਼ ਹਾਂ ਇਹਨਾਂ ਰਾਹਾਂ ਦੇ ਪੰਧ ਸ਼ੌਕ-ਜਹੇ ਲੰਮੇ ਇਹਨਾਂ ਰਾਹਾਂ ਦੇ ਇਸ਼ਕਾਂ-ਜਿਹੇ ਫੁਹਾਰੇ ਇਹਨਾਂ ਰਾਹਾਂ ਤੇ ਗੀਤ ਜਿਉਂ ਪ੍ਰੀਤ ਬੁਲਾਵੇ ਇਹਨਾਂ ਰਾਹਾਂ ਤੇ ਖ਼ੁਸ਼ਬੋਆਂ ਦੀਆਂ ਛਾਵਾਂ ਜਿੰਨ੍ਹਾਂ ਵਿਚ ਬਹਿ ਕੇ ਰੂਪ ਉਡੀਕਾਂ ਕਰਦਾ ਇਹਨਾਂ ਰਾਹਾਂ ਤੇ ਦੀਵੇ ਚੁੰਬਨ ਵਰਗੇ 11 ਤੂੰ ਏਸ ਰਾਹ ਦੀ ਸੁੰਞ ਤੋਂ ਹੈਂ ਨਾਵਾਕਿਫ਼ ਹਾਂ, ਏਸ ਰਾਹ ਤੇ ਇਸ਼ਕਾਂ-ਜਿਹੇ ਫੁਹਾਰੇ ਜਿਸ ਲਾਗੇ ਗੁਮ-ਸੁਮ ਨੈਣ ਬ੍ਰਿਹੋਂ ਦੇ ਧੋਤੇ ਹਰ ’ਵਾ ਦਾ ਬੁੱਲਾ ਸਹਿਮ-ਸੁਨੇਹੇ ਵਰਗਾ ਹਰ ਆਹਟ ਦੇ ਵਿਚ ਸ਼ੰਕਾ ਕਿਸੇ ਕੁਸ਼ੋਅ ਦੀ ਹਾਂ, ਏਸ ਰਾਹ ਤੇ ਇਸ਼ਕਾਂ-ਜਹੇ ਫੁਹਾਰੇ ਤੇ ਘਾਅ ਕਿਰਨਾਂ ਦੇ ਅਬਰਕ ਨਾਲ ਸ਼ਿੰਗਾਰੇ ਚਿਰ ਹੋਇਆ ਚੁੰਮੇ ਪੈਰ ਨਹੀਂ ਬਾਲਾਂ ਦੇ ਚਿਰ ਹੋਇਆ ਰੁੱਸੇ ਚੁਹਲ, ਖੇਲ ਬੱਚਿਆਂ ਦੇ ਹਰ ਬਾਲਕ ਦੀ ਅੱਜ ਖੇਡ ਉਡੀਕ ਪਿਤਾ ਦੀ ਅੰਦਰੋਂ ਆਵਾਜ਼ ਇਹ ਮਾਨਵ ਵੀ ਸਚਮੁਚ ਨੇ ਅਜਬ ਸੁਦਾਈ ਇਹ ਬਾਲ ਜਣੀ ਜਾਂਦੇ, ਰਚਦੇ ਸਾਨੂੰ ਵੀ ਇਹ ਨਗਰ ਵਸਾਉਂਦੇ ਨੇ, ਜਿੰਨਾਂ ਦੀ ਖ਼ਾਤਿਰ ਜਾ ਕਹਿ ਦੇ ਮੇਰੇ ਰਚਨਹਾਰ ਨੂੰ ਜਾ ਕੇ ਇਸ ਮੂਰਖਤਾ ਦਾ ਅੰਤ ਹੋਣ ਵਾਲਾ ਹੈ ਇਹ ਘਾਹ ਕਿਰਨਾਂ ਦੇ ਅਬਰਕ ਦੇ ਵਿਚ ਰੰਗੇ ਇਹ ਬਾਲ ਬੁਲਬੁਲੇ ਜੀਕਣ ਤਰਲ ਰਿਸ਼ਮ ਦੇ ਇਕ ਹੋਰ ਕਿਰਨ ਦਾ ਸੇਕ ਜਰਨ ਵਾਲੇ ਨੇ 11 ਲੰਘ ਜਾ ਛੇਤੀ ਪੀਲੇ ਦਰਵਾਜ਼ੇ ਥਾਣੀ ਇਹ ਦਰ ਜੋ ਕਾਲੀ ਲੱਜ਼ਤ ਵਲ ਖੁਲ੍ਹਦਾ ਹੈ ਇਸ ਪਾਸੇ ਹੈ ਦੁਰਗੰਧਾਂ ਦੀ ਬੇਹੋਸ਼ੀ ਬੇਹੋਸ਼ੀ ਬਿਨ ਬੰਦੇ ਨੂੰ ਠਾਹਰ ਹੈ ਕਿਹੜੀ ? 12 ਕਾਲੀ ਲੱਜ਼ਤ ਵਲ ਜਾਵੇ ਕੀ ਜਾਦੂਗਰ ? ਮੇਰੇ ਮੰਨਣ ਵਿਚ ਇਹ ਬਿਲਕੁਲ ਨਾ ਆਵੇ ਕੁਝ ਵੀ ਹੋਵੇ, ਆਖ਼ਰ ਉਹ ਪ੍ਰੇਮੀ ਸੱਚਾ 11 ਅੱਖੀਆਂ ਵਿਚ ਲੈ ਕੇ ਪਰਲੋ ਦੇ ਪਰਛਾਵੇਂ ਹਰ ਧੜਕਣ ਵਿਚ ਅਹਿਸਾਸ ਜੁਰਮ ਦਾ ਕਾਲਾ ਕੀ ਜਾਦੂਗਰ ਜਾਏਗਾ ਅਪਣੇ ਘਰ ਨੂੰ ? ਅਪਣੇ ਘਰ ਕੋਈ ਜਿੰਨ ਨ ਲੈ ਕੇ ਜਾਏ (ਵਕਫ਼ਾ) ਕੀ ਇਹ ਜਾਦੂਗਰ ਰਚਨਹਾਰ ਪਰਲੋ ਦਾ ਬੁੱਲ੍ਹਾਂ ਤੋਂ ਲੈ ਕੇ ਸਾਜ਼ਿਸ਼ ਜਿਹੀ ਖ਼ਮੋਸ਼ੀ ਕੀ ਚੁੰਮ ਸਕੇਗਾ ਬੁੱਲ੍ਹ, ਬਾਲ ਅਪਣੇ ਦੇ ਕੀ ਚੁੰਮ ਸਕੇਗਾ ਬੁੱਲ੍ਹ, ਬੋਲ ਜਿਨ੍ਹਾਂ ਦੇ— ਮੇਘਾਂ ਦੇ ਫੰਬੇ ਜਿਵੇਂ ਉਸ਼ੇਰਾਂ ਰੰਗੇ : “ਮੈਂ ਵੱਡਾ ਹੋ ਕੇ ਗੀਤ ਲਿਖਾਂਗਾ, ਪਾਪਾ, “ਮੈਂ ਵੱਡਾ ਹੋ ਕੇ ਚਿਤ੍ਰ ਰਚਾਂਗਾ, ਡੈਡੀ' ਤੂੰ ਮੇਰੇ ਨੈਣੀਂ ਹੰਝੂ ਤਕਣਾ ਚਾਹੇਂ ? 12 ਮੈਂ ਚਲਨੈਂ ਮੇਰੇ ਇੰਤਜ਼ਾਰ ਵਿਚ ਪਿਆਰੀ 11 ਹੈ ਜੀਣ ਮਰਨ ਦੇ ਇੰਤਜ਼ਾਰ ਵਿਚ ਸ੍ਰਿਸ਼ਟੀ ਜਾ ਸੰਕਟ ਵੇਲੇ ਹੁਕਮ ਦਿਆਂ ਮੈਂ ਤੈਨੂੰ ਲੰਘ ਜਾ ਫੌਰਨ ਪੀਲੇ ਦਰਵਾਜ਼ੇ ਥਾਣੀ ਕਚ-ਪਿਆਲੇ ਵਿਚ ਦੁਰਗੰਧੇ ਪਾਣੀ ਕੰਢੇ ਧੂੰਆਂ ਉਗਲਛਦੇ ਕਿਸੇ ਦੀਪ ਦੀ ਛਾਵੇਂ ਬੇਰੁੱਤੀ ਨਿੱਘੀ ਕਿਸੇ ਨਾਰ ਦੀ ਗੋਦੀ ਉਹ ਢੂੰਡ ਰਿਹਾ ਹੋਵੇਗਾ ਕੁਝ ਬੇਹੋਸ਼ੀ 11 ਅਤੇ ਅੰਦਰਲੀ ਆਵਾਜ਼ ਜਾਂ ਉਸ ਪਰਲੋ ਦੇ ਰਚਨਹਾਰ ਨੂੰ ਕਹਿਦੇ ਤੇਰੀ ਪਰਲੋ ਦਾ ਬੰਨ੍ਹ ਟੁੱਟਣ ਹੀ ਵਾਲਾ ਇਹ ਧਰਤੀ, ਇਹਦੇ ਸਾਗਰ, ਨਗਰ, ਬਰੇਤੇ ਔਹ ਉੱਚੇ ਪਰਬਤ ਦੋਮੇਲਾਂ ਤਕ ਜੰਗਲ ਮਿਹਨਤ ਦੀਆਂ ਤ੍ਰੇਲਾਂ ਨਾਲ ਬਣੇ ਛਨ-ਢਾਰੇ ਮਿਹਨਤ ਦੇ ਹੰਝੂਆਂ-ਰਚੇ ਇਹ ਮਹਿਲ ਮੁਨਾਰੇ ਕਿਰਨਾਂ ਦੇ ਅਬਰਕ ਵਿਚ ਰੰਗੇ ਫੁਲ ਬੂਟੇ ਸਾਕਾਰ ਵਫ਼ਾ ਸੁਫ਼ਨਈ ਅੰਗ ਗੋਰੀ ਦੇ ਇਹ ਬਾਲ ਬੁਲਬੁਲੇ ਜੀਕਣ ਤਰਲ ਰਿਸ਼ਮ ਦੇ ਸਭ ਤੈਨੂੰ ਵਾਜਾਂ ਮਾਰ ਰਹੇ ਘਰ ਆ ਜਾ ਸਭ ਤੈਨੂੰ ਵਾਜਾਂ ਮਾਰ ਰਹੇ ਝਬ ਆ ਜਾ (ਪੀਲਾ ਦਰਵਾਜ਼ਾ ਹੌਲੀ ਹੌਲੀ ਖੁਲ੍ਹਦਾ ਹੈ । ਅੱਗੇ ਸੰਘਣਾ ਧੂਆਂ ਹੈ ਤੇ ਕੁਝ ਵਿਖਾਈ ਨਹੀਂ ਦੇਂਦਾ । ਨੰਬਰ 12 ਬੋਝਲ ਪੈਰਾਂ ਨਾਲ ਉਸ ਵਲ ਵਧਦਾ ਹੈ, ਦਰਵਾਜ਼ੇ ਲਾਗੇ ਪਹੁੰਚ ਕੇ ਇਕ ਵਾਰ ਲਾਲ ਦਰਵਾਜ਼ੇ ਵਲ ਤ੍ਰੇਲ-ਭਿੰਨੀ ਨਜ਼ਰ ਨਾਲ ਤਕਦਾ ਹੈ, ਫਿਰ ਮੂੰਹ ਮੋੜ ਲੈਂਦਾ ਹੈ ਤੇ ਪੀਲੇ ਦਰਵਾਜ਼ੇ ਦੇ ਸੰਘਣੇ ਹਨੇਰੇ ਵਿਚ ਲੋਪ ਹੋ ਜਾਂਦਾ ਹੈ। ਦਰਵਾਜ਼ਾ ਹੌਲੇ ਹੌਲੇ ਬੰਦ ਹੁੰਦਾ ਹੈ । ... ਪਰਦਾ ਡਿਗਦਾ ਹੈ।) ਐਕਟ ਦੂਸਰਾ ਇਕ ਕਮਰਾ—ਲਹਿੰਦੇ ਸੂਰਜ ਦੀ ਲਾਲੀ ਅਤੇ ਰੰਗ-ਬ-ਰੰਗੀਆਂ ਤਿਤਲੀਆਂ ਨਾਲ ਜਗਮਗਾ ਰਿਹਾ ਹੈ। ਕਮਰੇ ਦੀ ਸੱਜੀ ਕੰਧ ਵਿਚ ਪਰਲੀ ਨੁੱਕਰ ਵਲ ਬਹੁਤ ਵੱਡੀ ਖਿੜਕੀ ਹੈ, ਜਿਸ ਵਿਚ ਸਫ਼ੈਦ ਧੁਆਂਖੇ ਸ਼ੀਸ਼ੇ ਜੜੇ ਹੋਏ ਹਨ । ਖਿੜਕੀ ਇਸ ਸਮੇਂ ਖੁਲ੍ਹੀ ਹੈ ਤੇ ਉਸ ਥਾਣੀ ਸਫ਼ੈਦੇ ਦੇ ਦਰਖ਼ਤਾਂ ਦੇ ਪੱਤੇ ਹਿਲਦੇ ਨਜ਼ਰ ਆਉਂਦੇ ਹਨ। ਖੱਬੀ ਕੰਧ ਅਤੇ ਸਾਹਮਣੀ ਕੰਧ ਵਿਚਕਾਰ ਦਰਵਾਜ਼ੇ ਹਨ ਜਿਨ੍ਹਾਂ ਤੇ ਕਾਲੇ ਰੰਗ ਦੇ ਪਰਦੇ ਲਟਕ ਰਹੇ ਹਨ । ਇਹਨਾਂ ਪਰਦਿਆਂ ਤੇ ਸਫ਼ੈਦ ਧਾਗੇ ਨਾਲ ਜਾਮ-ਸੁਰਾਹੀਆਂ ਉਲੀਕੀਆਂ ਗਈਆਂ ਹਨ । ਕਮਰੇ ਵਿਚ ਕਾਲੀਨ ਵਿਛਿਆ ਹੋਇਆ ਹੈ ਤੇ ਵਿਚਕਾਰ ਗਾਉ-ਤਕੀਏ ਲੱਗੇ ਹੋਏ ਹਨ। ਖਿੜਕੀ ਦੇ ਲਾਗੇ ਕੁਝ ਆਰਾਮ ਕੁਰਸੀਆਂ ਤੇ ਇਕ ਤਿਪਾਈ ਹੈ । ਪਰਦਾ ਉੱਠਣ ਵੇਲੇ ਇਕ ਚੌਦਾਂ ਪੰਦਰਾਂ ਵਰ੍ਹਿਆਂ ਦੀ ਕੁੜੀ—ਕਲਪਨਾ— ਆਪਣੀ ਚੁੰਨੀ ਨਾਲ ਤਿਤਲੀਆਂ ਉਡਾਉਂਦੀ ਤੇ ਉਹਨਾਂ ਨੂੰ ਘੇਰ ਕੇ ਖਿੜਕੀ ਥਾਣੀ ਬਾਹਰ ਕਢਦੀ ਦਿਸਦੀ ਹੈ। ਕਲਪਨਾ ਨੇ ਪਹਾੜਨਾਂ ਵਾਂਙ ਲੰਮਾ ਚਿਤਰ-ਮਿਤਰਾ ਚੋਲਾ ਪਾਇਆ ਹੋਇਆ ਹੈ । ਕਲਪਨਾ ਚਲੋ ਚਲੋ ਨੀ ਤਿਤਲੀਓ ਸਮਾਂ ਵਿਦਾ ਦਾ ਆ ਗਿਆ ਚਲੋ ਚਲੋ ਨੀ ਤਿਤਲੀਓ ਕਿ ਸ਼ਾਮ ਫਿਰ ਤਿਆਰ ਹੈ—ਬਿਦੇਸ ਨੂੰ, ਪਹਾੜ ਨੂੰ ਕਿ ਬਾਹਰਵਾਰ ਬਾਗ਼ ਵਿਚ ਵਿਦਾ ਦੇ ਗੀਤ ਗਾਈਏ (ਇਕ ਤਿਤਲੀ ਛਤ ਲਾਂਗੇ ਬੈਠ ਜਾਂਦੀ ਹੈ ; ਅੱਡੀਆਂ ਭਾਰ ਹੋ ਕੇ ਉਸ ਨੂੰ ਪੱਲੇ ਨਾਲ ਉਡਾਉਂਦੀ ਹੈ) ਚਲੋ ਚਲੋ ਕਿ ਓਸਦੇ ਵੀ ਆਉਣ ਦਾ ਸਮਾਂ ਏ ਹੁਣ ਜੋ ਤਿਤਲੀਆਂ ਤੋਂ ਤ੍ਰਭਕਦਾ ਜੋ ਸੰਧਿਆ ਤੋਂ ਸੰਗਦਾ (ਨੱਕ ਚੜ੍ਹਾ ਕੇ, ਰਤਾ ਗੁਟਕਦੀ ਹੈ। ਫੇਰ ਖਿੜਕੀ ਬੰਦ ਕਰ ਦੇਂਦੀ ਹੈ। ਕੇਵਲ ਤਿਤਲੀਆਂ ਦੇ ਨਿਕਲਣ ਲਈ ਇਕ ਪਤਲੀ ਜਿਹੀ ਝੀਤ ਰਹਿਣ ਦੇਂਦੀ ਹੈ, ਇਸ ਥਾਣੀ ਢਲਦੇ ਸੂਰਜ ਦੀ ਇਕ ਰੇਖ ਅੰਦਰ ਝਾਕਦੀ ਹੈ।) ਨੀ ਸੂਹੀ ਭੈਣ ਸੰਧਿਆ, ਮੈਂ ਜਾਣਦੀ ਕਿ ਤੂੰ ਵੀ ਅਜ ਉਦਾਸ ਹੈਂ, ਨਿਰਾਸ ਹੈਂ ਤੇਰਾ ਵੀ ਚਿੱਤ ਮੰਨਦਾ ਨ ਜਾਣ ਲਈ ਬਿਦੇਸ ਨੂੰ ਤੂੰ ਸੂਹੀ ਸੂਹੀ ਖੁਭ ਗਈ ਏਂ ਇਸ ਉਦਾਸ ਘਰ 'ਚ ਇਉਂ ਵਿਦਾ ਸਮੇਂ ਜਿਉਂ ਰਚ ਗਈ— ਸੀ ਮੇਰੇ ਰੋਮ ਰੋਮ ਵਿਚ ਅਸੀਸ ਮੇਰੇ ਬਾਪ ਦੀ । (ਜਾਦੂਗਰ ਤਿਖੀ ਕਾਹਲੀ ਨਾਲ ਪ੍ਰਵੇਸ਼ ਕਰਦਾ ਹੈ, ਕਲਪਨਾ ਵਲ ਵੇਖੇ ਬਿਨਾਂ ਉਹ ਹੈਟ ਤੇ ਕੋਟ ਲਾਹ ਕੇ ਹੈਂਗਰ ਤੇ ਟੰਗਦਾ ਹੈ) ਜਾਦੂਗਰ (ਕਲਪਨਾ ਵਲ ਵੇਖੇ ਬਗ਼ੈਰ) ਨੀ ਕਲਪਨਾ, ਨੀ ਕਲਪਨਾ ਦੁਆਤਸ਼ਾ ਤਿਆਰ ਕਰ ਕਲਪਨਾ ਕੀ ਅਜ ਵੀ ਬੇਕਰਾਰ ਦਿਲ ? ਜਾਦੂਗਰ ਦੁਆਤਸ਼ਾ ਤਿਆਰ ਕਰ ਕਲਪਨਾ ਕਹੋ ਤਾਂ ਸਿਰ ਦਬਾ ਦਿਆਂ? ਜਾਦੂਗਰ ਸੁਗੰਧੀਆਂ ਖਲੇਰ ਦੇ (ਕਲਪਨਾ ਐਸ਼-ਟ੍ਰੇ ਵਿਚ ਅਠ-ਦਸ ਸਿਗਰਟਾਂ ਇਕੋ ਵਾਰ ਜਗਾ ਕੇ ਰਖ ਦੇਂਦੀ ਹੈ) ਕਲਪਨਾ ਅਜੇ ਵੀ ਬੇਕਰਾਰ ਹੋ ? ਜਾਦੂਗਰ ਦੋ ਆਤਸ਼ਾ ਸ਼ਤਾਬ ਦੇ (ਕਲਪਨਾ ਚੁਪਚਾਪ ਬਾਹਰ ਚਲੀ ਜਾਂਦੀ ਹੈ । ਜਾਦੂਗਰ ਸਿਗਰਟਾਂ ਦੇ ਧੂੰਏਂ ਵਿਚ ਅਧ-ਲੁਕਿਆ ਜਿਹਾ ਪ੍ਰਤੀਤ ਹੁੰਦਾ ਹੈ ।) ਜਾਦੂਗਰ (ਆਪਣੇ ਆਪ ਨਾਲ) 'ਕਿ ਹੋਰ ਦਿਨ ਨਿਕਲ ਗਿਆ ਕਿ ਹੋਰ ਸ਼ਾਮ ਮੁੜ ਗਈ ਹਰਿਕ ਸਵੇਰ ਦਿਲ 'ਚ ਇਕ ਧੂੰਏਂ ਦੀ ਰੇਖ ਧੁਖ ਪਵੇ ਮੇਰੇ ਹਰੇਕ ਦਿਨ ਦੀ ਹਰ ਸੁਆਸ ਉਸ ਦੀ ਕੌੜ ਹੈ ਹਰੇਕ ਸ਼ਾਮ ਇਕ ਅਣੀ ਜਹੀ ਕਿਰਨ ਸੁਲਗ ਪਏ ਮੇਰੀ ਹਰੇਕ ਰਾਤ ਉਸਦੀ ਲੋਅ 'ਚ ਤੜਪਦੀ ਰਹੇ (ਉੱਚੀ ਆਵਾਜ਼ ਵਿਚ) ਨੀ ਕਲਪਨਾ, ਨੀ ਕਲਪਨਾ ਦੁਆਤਸ਼ਾ ਤਿਆਰ ਹੈ ? ਕਲਪਨਾ ਅਜੇ ਰਤਾ ਕੁ ਦੇਰ ਹੈ ਜਾਦੂਗਰ (ਇਕ ਕਸ਼ ਲਾਉਂਦਾ ਹੈ ਤੇ ਸਿਗਰਟ ਦਾ ਗੁਲ ਐਸ਼-ਟ੍ਰੇ ਵਿਚ ਝਾੜਦਾ ਹੈ। ਸਿਗਰਟ ਵਲ ਵੇਖਦਾ ਹੋਇਆ—) ਅਜੀਬ ਮੇਰੀ ਜ਼ਿੰਦਗੀ ਦਾ ਸਿਗਰਟੀ ਸੁਆਦ ਹੈ ਕਦੀ ਮੈਂ ਧੁਖ ਕੇ ਭੁਰ ਪਵਾਂ ਕਦੀ ਸੁਲਗ ਕੇ ਭੁਰ ਪਵਾਂ ਹਰੇਕ ਸ਼ਾਮ ਸੋਚਦਾਂ ਕਿ ਏਨੀ ਤਾਂ ਅਜਰ ਨ ਸੀ ਕੁਰੈਦ-ਜਹੀ ਹਰੇਕ ਛਿਨ ਹਨੇਰ-ਜਹੇ ਸਵੇਰ ਦੀ ਹਰਿਕ ਸਵੇਰ ਭਾਸਦਾ ਜਰੀ ਜੋ ਸ਼ਾਮ ਕਰਦ-ਜਹੀ ਉਦ੍ਹੇ 'ਚ ਦਰਦ ਘਟ ਸੀ ਕੁਝ (ਪੈਰਾਂ ਦੀ ਚਾਲ ਅਚਾਨਕ ਤੇਜ਼) ਉਹਨੂੰ ਕਿਸੇ ਨਵੀਂ ਕਿਰਨ ਤੋਂ ਚੈਨ ਦੀ ਕੀ ਆਸ ਹੈ ਕਿ ਜਿਸ ਲਈ ਭਲਾ ਹੈ ਉਹ ਜੋ ਬੀਤਿਆ,ਜੋ ਸਰਦ ਹੈ ਜੋ ਮੁੜਕੇ ਜੀਉਣ ਜਰਨ ਦੀ— ਚਿਣਗ ਨ ਬਣ ਸਕੇ ਕਦੀ (ਸਿਗਰਟ ਦਾ ਕਸ਼; ਉੱਚੀ ਆਵਾਜ਼ ਵਿਚ) ਨੀ ਕਲਪਨਾ, ਨੀ ਕਲਪਨਾ ਦੁਆਤਸ਼ਾ ਤੁਰੰਤ ਦੇ ਇਹ ਦਿਲ ਨ ਹੋਰ ਪਰਚਦਾ ਏ ਸਿਗਰਟੀ ਸੁਗੰਧ ਵਿਚ ਨੀ ਕਲਪਨਾ... ... ... ... ਕਲਪਨਾ (ਬਾਹਰੋਂ, ਉੱਚੀ ਆਵਾਜ਼ ਵਿਚ) ਔਹ ਪੰਛੀਆਂ ਦੀ ਡਾਰ ਉਡਦੀ ਸੰਧਿਆ ਸੰਧੂਰ ਵਿਚ ਕਹੋ ਤਾਂ ਪਲ ਕੁ ਵੇਖ ਲਾਂ ਜਾਦੂਗਰ ਇਹ ਜੁਰਮ-ਜਹੇ ਅਨੰਤ ਛਿਨ ਨ ਜੀ ਸਕਾਂ, ਨ ਜਰ ਸਕਾਂ ਕੋਈ ਅਗਨ ਜਿਹਾ ਨਸ਼ਾ ਇਨ੍ਹਾਂ ਤੇ ਛਿਣਕ ਮਾਰ ਦੇ ਦੁਆਤਸ਼ਾ ਸ਼ਤਾਬ ਦੇ ਕਲਪਨਾ ਔਹ ਟਿਕ ਗਿਆ ਪਹਾੜ ਦੇ ਸਿਖਰ ਤੇ ਮੁਕਟ ਸੂਰਜੀ ਜੀ, ਉਗ ਪਿਆ ਬਿਦੇਸ ਵਿਚ ਗੁਲਾਬ ਮੇਰੇ ਦੇਸ ਦਾ ! ਕਹੋ ਤਾਂ ਪਲ ਕੁ ਵੇਖ ਲਾਂ ਜਾਦੂਗਰ ਨੀ ਕਲਪਨਾ, ਨੀ ਕਲਪਨਾ ਨਿਆਂ-ਜਹੀ ਇਕਾਂਤ ਦਾ ਬਹੁਤ ਹੀ ਦਿਲ ਤੇ ਭਾਰ ਹੈ ਬੜਾ ਕਠਿਨ ਸਹਾਰਨਾ ਹੈ ਸਾਥ ਅਪਣੇ ਆਪ ਦਾ ਤਿਨਾਤਸ਼ਾ ਸ਼ਿਤਾਬ ਦੇ ਕਲਪਨਾ ਦੁਆਤਸ਼ਾ ਤੁਸਾਂ ਕਿਹਾ ? ਜਾਦੂਗਰ ਤਿਨਾਤਸ਼ਾ ! ਤਿਨਾਤਸ਼ਾ !! ਕਲਪਨਾ ਉਹ ਸਾਡੇ ਅੰਗਣੇ ਦੀ ਘਾਹ ਤੇ ਸੂਹੀ ਸੂਹੀ ਲਾਲ ਪਿਆਰ-ਮੁਸਕਣੀ ਖਿਲਾਰਦੀ ਵਿਚਾਰੀ ਸੰਝ ਜਾ ਰਹੀ ਬਿਦੇਸ ਨੂੰ, ਪਹਾੜ ਨੂੰ ਕਹੋ ਤਾਂ ਮੈਂ ਵੀ ਵੇਖ ਲਾਂ ਸਹੇਲੀ ਸੰਝ ਜਾ ਰਹੀ ਜਾਦੂਗਰ ਇਹ ਸੰਝ ਫਿਰ ਵੀ ਆਏਗੀ ਇਹ ਜਾ ਰਹੀ ਤਾਂ ਜਾਣ ਦੇ ਅਟਕ ਗਏ ਮੇਰੇ ਮਲੂਕ-ਛਿਨ ਦੇ ਪੈਰ-ਪਰਬਤੀ ਵਿਦਾ ਦਾ ਇੰਤਜ਼ਾਮ ਕਰ ਤਿਨਾਤਸ਼ਾ ! ਤਿਨਾਤਸ਼ਾ !! ਕਲਪਨਾ ਇਹ ਸ਼ਾਮ ਫਿਰ ਨ ਆਇਗੀ ਕੁਆਰ-ਕੰਜਕੋ, ਸੂਹੀ ਅਛੋਹ ਸਹੇਲੜੀ ਮੇਰੀ ਹੁਣ ਮਿਲੀ, ਹੁਣੇ ਚਲੀ ਹਜ਼ਾਰ ਭੈਣ ਏਸ ਦੀ ਅੱਗੇ ਵੀ ਲੈ ਚੁਕੀ ਵਿਦਾ ਨ ਕੋਈ ਆਈ ਪਰਤ ਕੇ ਇਹ ਸ਼ਾਮ ਵੀ ਨ ਆਇਗੀ ਜ਼ਰਾ ਕੁ ਬਾਹਰ ਆਉ ਖਾਂ ਜਾਦੂਗਰ ਤੂੰ ਵੇਖਣਾ ਤਾਂ ਵੇਖ ਲੈ ਕਲਪਨਾ ਤੁਸੀਂ ਬੜੇ ਬਿਦਰਦ ਹੋ ਵਿਚਾਰੀ ਸ਼ਾਮ ਜਾ ਰਹੀ ਅਸਾਡੇ ਅੰਗਣੇ ਦੀ ਘਾਹ ਦਾ ਮੁਖ ਵੀ ਕੁਝ ਮਲੀਨ ਹੈ ਗੁਲਾਬ ਵੀ ਉਦਾਸ ਨੇ ਉਹ ਪਿੱਪਲੀ ਦਾ ਪੱਤ ਚੁਰ-ਮੁਰਾ ਕੇ ਡਿਗ ਪਿਆ ਜ਼ਮੀਨ ਸ਼ਾਮ ਦੂਰ ਜਾ ਰਹੀ ਅਕਾਸ਼ ਦੇ ਬਰੇਤਿਆਂ 'ਚ ਸ਼ਾਮ ਦੀ ਹਿਨਾਈ ਪੈੜ ਬੁਝਦੀ ਬੁਝਦੀ ਜਾ ਰਹੀ ਜਾਦੂਗਰ ਕਲਪਨਾ ... ... (ਤਲਖ਼ੀ ਨਾਲ) ਕਲਪਨਾ ਅਜੇ ਵੀ ਝਟ ਕੁ ਵੇਖ ਲਉ ਦੁਮੇਲ ਦੇ ਦੁਰਸਤਿਆਂ 'ਚ ਹੋ ਗਈ ਸਖੀ ਖੜੀ ਔਹ ਪੱਤਿਆਂ ਦੇ ਝੁਰਮਰੇ 'ਚੋਂ ਉਸ ਨੇ ਫੇਰ ਝਾਕਿਆ ਸਦਾ ਸੁਹਾਗ ਮਾਣ ਨੀ ਸਹੇਲੀਏ, ਵਿਦਾ ! ਵਿਦਾ !! ਕਲਪਨਾ ਅੰਦਰ ਆਉਂਦੀ ਹੈ। ਹੁਣ ਉਹਦਾ ਚਿਹਰਾ ਵਧੇਰੇ ਲਾਲ ਹੈ ।ਇਉਂ ਭਾਸਦਾ ਹੈ ਕਿ ਸੰਧੂਰੀ ਸੰਧਿਆ ਦਾ ਇਕ ਫੰਭਾ ਹੀ ਉਡ ਕੇ ਅੰਦਰ ਆ ਗਿਆ ਹੈ ਉਹਦੇ ਹਥਾਂ ਵਿਚ ਟ੍ਰੇ ਹੈ । ਵਿਚ ਜਾਮ ਤੇ ਸੁਰਾਹੀ। ਜਾਦੂਗਰ (ਫਿੱਕਾ ਜਿਹਾ ਮੁਸਕਰਾ ਕੇ) ਦੁਮੇਲ ਦੇ ਦੁਰਸਤਿਆਂ 'ਚ ਹੋ ਗਈ ਸਖੀ ਖੜੀ ? ਕਲਪਨਾ ਚਲੀ ਗਈ, ਚਲੀ ਗਈ ਦੁਵਾਟ ਤੇ ਖਲੋ ਕੇ ਉਸ ਇਕੇਰ ਸਾਨੂੰ ਵੇਖਿਆ ਤੇ ਤੁਰ ਗਈ, ਚਲੀ ਗਈ (ਸੁਰਾਹੀ ਚੋਂ ਤਿਨਾਤਸ਼ਾ ਜਾਮ ਵਿਚ ਪਲਟਦੀ ਹੈ) ਜਾਦੂਗਰ ਅਕਾਸ਼ ਦੇ ਬਰੇਤਿਆਂ 'ਚ ਬੁਝ ਗਏ ਉਦ੍ਹੇ ਨਿਸ਼ਾਨ ? ਕਲਪਨਾ ਨਹੀਂ, ਨਹੀਂ, ਅਕਾਸ਼ ਦੇ ਬਰੇਤਿਆਂ 'ਚ ਤਾਰਿਆਂ ਦੇ ਹੰਝੂ ਨੇ ਜਾਦੂਗਰ ਵਿਦਾ ਸਮੇਂ ਕੀ ਸੰਧਿਆ ਤੋਂ ਲੈ ਲਿਆ ? ਕੀ ਵਾਰਿਆ ? ਤੂੰ ਪਲ 'ਚ ਘਟ ਜਵਾਨ ਸੈਂ ਤੂੰ ਪਲ 'ਚ ਵਧ ਅਞਾਣ ਹੈਂ ਕਲਪਨਾ ਉਵ੍ਹੀ ਸੀ ਇੰਝ ਆਖਦਾ ਮੈਂ ਪਲ 'ਚ ਘਟ ਜਵਾਨ ਹਾਂ ਮੈਂ ਪਲ 'ਚ ਵਧ ਅਞਾਣ ਹਾਂ ਜਾਦੂਗਰ ਸੀ ਕੌਣ ਇੰਝ ਆਖਦਾ ? ਕਲਪਨਾ ਜਾਂ ਤਿਤਲੀਆਂ ਨੂੰ ਫੜਦਾ ਫੜਦਾ ਡਿਗ ਪਿਆ ਅਚੇਤ ਹੀ ਮੈਂ ਚੁਕ ਲਿਆ, ਤਾਂ ਆਖਦਾ, ਕਿ ‘ਤੂੰ ਬੜੀ ਜਵਾਨ ਹੈਂ' (ਜਾਦੂਗਰ ਦੀ ਸਥਿਰ ਨਜ਼ਰ ਆਪਣੇ ਤੇ ਟਿਕੀ ਵੇਖ ਕੇ ਰਤਾ ਕੁ ਸ਼ਰਮਾ ਜਾਂਦੀ ਹੈ) ਉਨ੍ਹੇ ਕਿਹਾ : ਮੇਰੀ ਵੀ ਮਾਂ ਜਵਾਨ ਸੀ ਪਰ ਹੁਣ ਉਹ ਮੈਨੂੰ ਇਸ ਤਰ੍ਹਾਂ ਨ ਬਾਹਾਂ ਵਿਚ ਚੁੱਕ ਸਕੇ ਜਾਦੂਗਰ ਉਹ ਕੌਣ ਸੀ ? ਕਲਪਨਾ ਅਞਾਣ ਸੀ ਜਦੋਂ ਮੈਂ ਉਸ ਨੂੰ ਆਖਿਆ : ਇਕੇਰ ਹੱਥੋਂ ਛੁੱਟ ਕੇ ਨ ਹੱਥ ਆਏ ਤਿੱਤਲੀ, ਕਹਿਓਸੁ ਤਾਂ ਤੂੰ ਪਲ 'ਚ ਘਟ ਜਵਾਨ ਹੈਂ ਤੂੰ ਪਲ 'ਚ ਵਧ ਅਞਾਣ ਹੈਂ ਜਾਦੂਗਰ ਉਹ ਕੌਣ ਸੀ ? ਕਲਪਨਾ ਉਹ ਛੋਹਰ ਸੀ ਤਲਾਸ਼ ਵਿਚ ਸੀ ਬਾਪ ਦੀ ਕਲਪਨਾ ਹਾਂ, ਆਖਦਾ ਸੀ : ਗੁਮ ਗਿਆ ਕਿ ਰੂਸ ਗਿਆ ਪਿਤਾ ਮੇਰਾ ਹਠੀ ਬੜਾ, ਸੀ ਆਖਦਾ ਕਿ 'ਏਸ ਘਰ ਪਿਤਾ ਮੇਰਾ' ਜਾਦੂਗਰ ਏਸ ਘਰ ਪਿਤਾ ਮੇਰਾ ? ਕਲਪਨਾ ਹਾਂ, ਏਸ ਘਰ ਪਿਤਾ ਮੇਰਾ ਮੈਂ ਆਖਿਆ ਕਿ ਏਸ ਘਰ ਤਾਂ ਧੀ ਹੈ ਇਕ ਪਿਤਾ ਤੋਂ ਦੂਰ.. ਉਦ੍ਹਾ ਪਿਤਾ ਵੀ ਢੂੰਡ ਦੇ (ਹਟਕੋਰਾ) ਮਸੋਸਿਆ ਗਿਆ ਉਹ ਬਾਲ ਤੇ ਮੇਰੇ ਕੋਲ ਬੈਠ ਕੇ ਪਿਤਾ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਸੌਂ ਗਿਆ ਮੇਰੇ ਪਿਤਾ ਦੇ ਵਾਂਙ ਹੀ ਪਿਤਾ ਉਹਦਾ ਵੀ ਤਾਰਿਆਂ ਦੀ ਬਾਤ ਦਾ ਸ਼ੁਕੀਨ ਸੀ ਜਾਦੂਗਰ ਉਹ ਕੌਣ ਸੀ, ਕਿਹੋ ਜਿਹਾ ? ਕਲਪਨਾ ਬੜਾ ਮਲੂਕ ਬਾਲ ਸੀ ਮਸਾਂ ਹੀ ਏਥੋਂ ਤੀਕ ਸੀ (ਅਪਣੇ ਲਕ ਤਕ ਦਾ ਇਸ਼ਾਰਾ ਕਰਦੀ ਹੈ) ਜਾਂ ਉੱਠਿਆ ਤਾਂ ਫੇਰ ਜ਼ਿਦ ‘ਮੇਰਾ ਪਿਤਾ ਹੈ ਏਸ ਘਰ ਇਹੋ ਹੀ ਪੀਲਾ ਘਰ ਹੈ ਉਹ ਅਹਿ ਬਾਗ਼, ਪਿੱਪਲੀ ਵੀ ਅਹਿ ਤੇ ਬੁੱਤ ਨੰਗੀ ਨਾਰ ਦਾ ਇਸੇ ਦੀ ਲਾਜ ਤੋਂ ਹੀ ਮਾਂ ਨੂੰ ਆਉਣ ਤੋਂ ਸੰਕੋਚ ਹੈ ਮੇਰਾ ਪਿਤਾ ਹੈ ਏਸ ਘਰ ਹੇ ਕੰਚਨੀ, ਹੇ ਕੰਚਨੀ, ਮੇਰੇ ਪਿਤਾ ਨੂੰ ਮੋੜ ਦੇ' ਮੈਂ ਆਖਿਆ, ‘ਮੈਂ ਕਲਪਨਾ- ਅਕਾਸ਼ ਤੋਂ ਡਿਗੀ ਜ਼ਮੀਂ ਜ਼ਮੀਨ ਤੋਂ ਅਕਾਸ਼ ਫੇਰ ਜਾਣ ਦੀ ਹੈ ਮਨ 'ਚ ਚਾਹ- ਫਿਰ ਉਸ ਕਿਹਾ : “ਤੂੰ ਕਲਪਨਾ ਜਾਂ ਕੰਚਨ ਮੇਰੇ ਪਿਤਾ ਨੂੰ ਮੋੜ ਦੇ ਮੈਂ ਉਸ ਬਿਨਾ ਉਦਾਸ ਹਾਂ ਮਾਂ ਉਸ ਬਿਨਾ ਉਦਾਸ ਹੈ' ਤੁਸਾਂ ਕਿਹਾ ਮੇਰਾ ਪਤਾ ਕਿਸੇ ਨੂੰ ਵੀ ਨ ਦੱਸਣਾ ਮੈਂ ਭੁਲ ਗਈ, ਖਿਮਾ ਕਰੋ ਜਾਦੂਗਰ (ਤ੍ਰਭਕ ਕੇ) ਨੀ ਕਲਪਨਾ, ਨੀ ਕਲਪਨਾ ਕੀ ਕਿਹਾ, ਸ਼ਤਾਬ ਦਸ ਕਲਪਨਾ ਤੁਹਾਡੀ ਦਸ ਗਈ ਮੈਂ ਰੇਖ ਤੁਹਾਡੇ ਮੁਖ ਤੇ ਚਿੰਤ-ਜਾਲ ਗ਼ਮ-ਭੰਵਰ ਤਿਤਲੀਆਂ ਤੋਂ ਤ੍ਰਭਕਣਾ ਆਤਸੇ, ਤਿਨਾਤਸ਼ੇ ਸਿਗਰਟਾਂ ਦੇ ਕਸ਼ ਤੋਂ ਵਧ ਕੇ ਸਿਗਰਟੀ ਧੂੰਏ ਦਾ ਸ਼ੌਕ ਨਾਰ ਦੇ ਸਰੀਰ ਤੋਂ ਵਧੀਕ ਸ਼ੌਕ ਨਾਰ ਦੇ... ... ਜਾਦੂਗਰ (ਗਲ ਟੁਕ ਕੇ) ਠਹਿਰ ਜਾ, ਨੀ ਕਲਪਨਾ ਤੂੰ ਇਸ ਤਰ੍ਹਾਂ ਨੰਗੇਜ ਗਈ ਮੇਰੇ ਹੀ ਬਾਲ... ... ਕਲਪਨਾ ਸਾਹਮਣੇ ? ਕੀ ਆਪ ਦਾ ਹੀ ਬਾਲ ਸੀ ? ਜਾਦੂਗਰ ਉਹ ਜਿਸ ਕਿਸੇ ਦਾ ਬਾਲ ਸੀ ਕੀ ਇਸ ਨਰਕ 'ਚ ਵੀ ਨ ਲੁਕ ਸਕੇ ਮੇਰੇ ਨਰਕ ਦਾ ਭੇਦ ? ਕਲਪਨਾ ਉਹ ਜਿਸ ਕਿਸੇ ਦਾ ਬਾਲ ਸੀ ਉਹ ਬਾਲ ਸੀ, ਜਸੂਸ ਨਹੀਂ ਮੈਂ ਜਦ ਕਿਹਾ ਕਿ ਇਸ ਨਰਕ ਦਾ ਨਾਰਕੀ ਅਜੀਬ ਹੈ ਉਹ ਤਿਤਲੀਆਂ ਤੋਂ ਤ੍ਰਭਕਦਾ ਉਹ ਸੰਧਿਆ ਦੇ ਰੂਬਰੂ ਵੀ ਹੋਣ ਤੋਂ ਹੈ ਸੰਗਦਾ ਉਨ੍ਹਾਂ ਕਿਹਾ ਕਿ ਉਹ ਮੇਰਾ ਪਿਤਾ ਨਹੀਂ... ਜਾਦੂਗਰ (ਚੀਖ਼ ਕੇ) ਨੀ ਕਲਪਨਾ... ... (ਹੌਲੀ ਅਵਾਜ਼ ਵਿਚ) ਉਨ੍ਹਾਂ ਕਿਹਾ ਸੋ ਠੀਕ ਹੈ ਹੋਰ ਕੀ ਉਨ੍ਹਾਂ ਕਿਹਾ ? ਕਲਪਨਾ ਕੁਝ ਨਹੀਂ ਉਹਦੀ ਨਜ਼ਰ 'ਚ ਹੰਝ ਸਨ ਫੜੀ ਜਤਨ ਦੇ ਨਾਲ ਜੋ ਉਹ ਤਿਤਲੀ ਉਹਦੇ ਹੱਥ 'ਚੋਂ ਸਰਕ ਗਈ, ਨਿਕਲ ਗਈ ਜਾਦੂਗਰ (ਹਲਕੇ ਹਲਕੇ ਇਹੋ ਲਫ਼ਜ਼ ਦੁਹਰਾਉਂਦਾ ਤੇ ਨਾਲ ਨਾਲ ਆਤਸ਼ੇ ਦੇ ਛੋਟੇ ਛੋਟੇ ਘੁਟ ਭਰਦਾ ਹੈ) ਉਹ ਤਿਤਲੀਆਂ ਤੋਂ ਤ੍ਰਭਕਦਾ ਉਹ ਸੰਧਿਆ ਤੋਂ ਸੰਗਦਾ ਉਹਦੀ ਨਜ਼ਰ 'ਚ ਹੰਝ ਸਨ ਫੜੀ ਜਤਨ ਦੇ ਨਾਲ ਜੋ ਉਹ ਤਿਤਲੀ ਉਹਦੇ ਹਥ 'ਚੋਂ ਸਰਕ ਗਈ, ਨਿਕਲ ਗਈ (ਬੇਆਰਾਮ ਜਿਹਾ ਹੋ ਕੇ, ਪਿਆਲੇ ਨੂੰ ਜ਼ੋਰ ਨਾਲ ਮੇਜ਼ ਤੇ ਰਖਦਾ ਹੈ) ਨੀ ਕਲਪਨਾ, ਨੀ ਕਲਪਨਾ ਤੇਰੇ ਤਿਨਾਤਸ਼ੇ 'ਚ ਨਾ ਇਲਾਜ ਮੇਰੀ ਹੋਸ਼ ਦਾ ਇਹ ਟੁਟਦੇ, ਤਾਰਿਆਂ-ਜਹੇ ਹੁਸੀਨ ਤੇਰੇ ਬੋਲ ਨੇ ਜੋ ਮੇਰੀ ਚੇਤਨਾ ਤੇ ਡਿਗ ਕੇ ਲੂਹ ਰਹੇ ਨੇ ਓਸਨੂੰ ਮੈਂ ਤਾਰਿਆਂ-ਜਹੇ ਹੁਸੀਨ ਬੋਲ ਹੁਣ ਨਾ ਜਰ ਸਕਾਂ ਕੋਈ ਪਿਆਲਾ ਦੇ, ਬੁਝਾਦਾਂ ਜਿਸ 'ਚ ਤਾਰਿਆਂ ਦੇ ਢੇਰ (ਕਲਪਨਾ ਦੀ ਸਮਝ ਵਿਚ ਕੁਝ ਨਹੀਂ ਆਇਆ, ਉਹ ਅਵਾਕ ਘਾਬਰੀ ਹੋਈ ਖੜੀ ਹੈ ।) ਤਿਨਾਤਸ਼ਾ ! ਇਹ ਕੁਝ ਨਹੀਂ ਚਹਾਰ ਆਤਸ਼ਾ ਲਿਆ ਹਜ਼ਾਰ ਆਤਸ਼ਾ ਲਿਆ (ਦਰਵਾਜ਼ਾ ਖੁਲ੍ਹਦਾ ਹੈ ; ਇਕ ਅਤਿ ਸੁੰਦਰ ਤੇ ਬਾ-ਰੋਅਬ ਇਸਤਰੀ, ਓਵਰ ਕੋਟ ਵਿਚ ਕੱਜੀ ਹੋਈ ਪ੍ਰਵੇਸ਼ ਕਰਦੀ ਹੈ। ਉਹਦੇ ਸਿਰ ਤੇ ਫੁੰਮਣ ਵਾਲੀ ਟੋਪੀ ਹੈ ।) ਸੁੰਦਰੀ ਹਜ਼ਾਰ ਆਤਸ਼ਾ, ਹਜ਼ੂਰ ਆ ਗਿਆ (ਜਾਦੂਗਰ ਠਠੰਬਰ ਜਾਂਦਾ ਹੈ । ਸੁੰਦਰੀ ਐਸ਼ ਟ੍ਰੇ ਵਿਚੋਂ ਸਿਗਰਟ ਲੈ ਕੇ ਕਸ਼ ਲਗਾਉਂਦੀ ਹੈ) ਨੀ ਕਲਪਨਾ, ਹਜ਼ੂਰ ਲਈ ਚਹਾਰ ਆਤਸ਼ਾ ਲਿਆ। (ਕਲਪਨਾ ਬਾਹਰ ਜਾਣ ਲੱਗੀ ਹੈ । ਜਾਦੂਗਰ ਉਸ ਨੂੰ ਰੋਕਣਾ ਚਾਹੁੰਦਾ ਹੈ ।) ਜਾਦੂਗਰ ਨੀ ਕਲਪਨਾ ... ... (ਕਲਪਨਾ ਠਹਿਰ ਜਾਂਦੀ ਹੈ । ਕੰਚਨੀ ਦੀ ਨਜ਼ਰ ਦੋਹਾਂ ਦੇ ਵਿਚਕਾਰ ਰੁਕ ਜਾਂਦੀ ਹੈ।) ਕਲਪਨਾ ਕੀ ਹੁਕਮ ਹੈ ਹਜ਼ੂਰ ਦਾ ? ਜਾਦੂਗਰ ਸੁਗੰਧੀਆਂ ਖਲੇਰ ਦੇ (ਕਲਪਨਾ, ਐਸ਼-ਟ੍ਰੇ ਵਿਚ ਹੋਰ ਸਿਗਰਟਾਂ ਬਾਲ ਦੇਂਦੀ ਹੈ ਤੇ ਬਾਹਰ ਚਲੀ ਜਾਂਦੀ ਹੈ।) ਹਜ਼ਾਰ-ਆਤਸ਼ਾ ਚਹਾਰ ਆਤਸ਼ਾ ਵੀ ਜਦ ਨ ਦਿਲ ਨੂੰ ਚੈਨ ਦੇ ਸਕੇ ਹਜ਼ਾਰ ਆਤਸ਼ਾ ਵੀ ਜਦ ਨ ਦਿਲ ਦੀ ਅਗ ਬੁਝਾ ਸਕੇ ਕਿ ਹੋਰ ਆਤਸ਼ਾ ਵੀ ਹੈ ਕਹੋ ਤਾਂ ਉਹ ਪਿਲਾ ਦਿਆਂ ਜਾਦੂਗਰ ਕੋਈ ਨਹੀਂ, ਕੋਈ ਨਹੀਂ ਮੇਰੀ ਅਗਨ ਜੋ ਪੀ ਸਕੇ ਉਹ ਆਤਸ਼ਾ ਕੋਈ ਨਹੀਂ ਹਜ਼ਾਰ-ਆਤਸ਼ਾ 'ਕਿ ਹੋਰ ਆਤਸ਼ਾ ਵੀ ਹੈ (ਕੰਚਨੀ ਸਿਰ ਦਾ ਬਸਤਰ ਉਤਾਰ ਦੇਂਦੀ ਹੈ । ਜਾਦੂਗਰ ਕੋਈ ਨਹੀਂ, ਕੋਈ ਨਹੀਂ ਜੋ ਮੇਰਾ ਡੰਗ ਚੂਸ ਲਏ ਉਹ ਮਾਂਦਰੀ ਕੋਈ ਨਹੀਂ ਹਜ਼ਾਰ-ਆਤਸ਼ਾ ਜੀ, ਏਸ ਥਾਂ ਕੋਈ ਵੀ ਦਰਦ ਏਨਾ ਲਾਇਲਾਜ ਨਹੀਂ (ਆਪਣਾ ਓਵਰਕੋਟ ਲਾਹ ਕੇ ਕਿੱਲੀ ਤੇ ਟੰਗ ਦੇਂਦੀ ਹੈ ।) ਜਾਦੂਗਰ ਕਿਤੇ ਨਹੀਂ, ਕਿਤੇ ਨਹੀਂ ਕਿ ਮੇਰੇ ਦਰਦ ਦੀ ਦਵਾ ਨ ਏਸ ਥਾਂ, ਨ ਹੋਰ ਥਾਂ ਹਜ਼ਾਰ-ਆਤਸ਼ਾ ਜੀ, ਜ਼ਿੰਦਗੀ ਦੇ ਚਸ਼ਮਿਆਂ 'ਚ ਹਾਲੇ ਕੁਝ ਤਸੀਰ ਹੈ (ਵਕਫ਼ਾ) ਅਜੇ ਤੁਸੀਂ ਜਵਾਨ ਹੋ ਅਜੇ ਮੈਂ ਰੂਪਵਾਨ ਹਾਂ ਜਾਦੂਗਰ (ਬਹੁਤ ਢਿੱਲੀ ਜਹੀ ਅਵਾਜ਼ ਵਿਚ) ਚਹਾਰ ਆਤਸ਼ਾ ਮੰਗਾ ਹਜ਼ਾਰ-ਆਤਸ਼ਾ ਜੋ ਰੂਪ ਦੇ ਦੁਆਰ ਤੋਂ ਦੁਆਤਸ਼ੇ ਹੀ ਮੰਗਦਾ ਬੜਾ ਹੀ ਨਾਮੁਰਾਦ ਹੈ ਨ ਐਵੇਂ ਨਾਮੁਰਾਦ ਬਣ ਤੇਰੇ ਵੀ ਕੋਲ ਭਾਗ ਹੈ (ਵਕਫ਼ਾ) ਅਜੇ ਤਾਂ ਜ਼ੁਲਫ਼ ਨਾਗ ਹੈ (ਕੰਚਨੀ ਇਕ ਹਲੂਣੇ ਨਾਲ ਸਿਰ ਦਾ ਜੂੜਾ ਖੋਲ੍ਹ ਦੇਂਦੀ ਹੈ। ਵਾਲ ਧਰਤੀ ਤਕ ਪਲਮ ਪੈਂਦੇ ਹਨ। ਕਮਰੇ ਵਿਚ ਜਿਵੇਂ ਖ਼ੁਸ਼ਬੋ ਦੀ ਗੰਢ ਖੁਲ੍ਹ ਗਈ ਹੈ) ਜਾਦੂਗਰ ਚਲੇ ਗਏ ਉਹ ਦਿਨ ਜਦੋਂ ਸੀ ਹਿਕ ਤੇ ਜ਼ੁਲਫ਼ ਖੇਲਦੀ ਹਜ਼ਾਰ-ਆਤਸ਼ਾ ਕੋਈ ਵੀ ਦਿਨ ਕਦੋਂ ਗਿਆ ? ਤੂੰ ਕਿਸਮਤਾਂ ਨੂੰ ਜ਼ਿੰਦਗੀ ਨੂੰ ਵਧ ਕੇ ਫੜ ਲੈ ਜ਼ੁਲਫ਼ ਤੋਂ (ਵਾਲਾਂ ਦਾ ਇਕ ਲੱਛਾ ਜਾਦੂਗਰ ਵਲ ਵਧਾਉਂਦੀ ਹੈ) ਕਿ ਕਿਸਮਤਾਂ ਦੀ ਹੀਰਿਆ ਕਦੋਂ ਕੋਈ ਅਖ਼ੀਰ ਹੈ ? (ਤਰਲ ਤੱਕਣੀ) ਅਜੇ ਨਜ਼ਰ 'ਚ ਤੀਰ ਹੈ (ਜਾਦੂਗਰ ਦੀ ਨਜ਼ਰ ਨੀਵੀਂ ਹੈ । ਉਹ ਕੰਚਨੀ ਦੀਆਂ ਅੱਖੀਆਂ ਵਿਚ ਤਕਣੋਂ ਸੰਗਦਾ ਹੈ।) ਮੇਰੀ ਨਜ਼ਰ 'ਚ ਵੇਖ ਮੈਨੂੰ ਦਿਲ 'ਚ ਝਾਕ ਲੈਣ ਦੇ ਨਜ਼ਰ ਦੀ ਨੋਕ ਨਾਲ ਤੇਰੇ ਦਿਲ ਚੋਂ ਛਿਲੜ ਕਢ ਲਵਾਂ ਅਜੇ ਤਾਂ ਇਸ ਨਜ਼ਰ ਨੂੰ ਬਹੁਤ ਦਰਦ ਦੀ ਪਛਾਣ ਹੈ ਮੇਰੀ ਨਜ਼ਰ 'ਚ ਝਾਕ ਲੈ (ਵਕਫ਼ਾ) ਅਜੇ ਇਹ ਮਿਹਰਬਾਨ ਹੈ ਜਾਦੂਗਰ (ਕੌੜੀ ਜਹੀ ਮੁਸਕਣੀ ਨਾਲ) ਹੇ ਮਿਹਰਬਾਨ, ਇਮਤਿਹਾਨ ਅਪਣੇ ਤਰਸ ਦਾ ਨ ਲੈ ਕਿ ਮੇਰੇ ਦਰਦ ਦਾ ਇਲਾਜ ਤੇਰੇ ਤਰਸ ਪਾਸ ਨਹੀਂ ਹਜ਼ਾਰ-ਆਤਸ਼ਾ ਮੈਂ ਤਰਸ ਨਹੀਂ, ਮੈਂ ਰੂਪ ਹਾਂ ਮੈਂ ਚਾਨਣੀ ਇਕਾਂਤ ਵਿਚ ਹਾਂ ਗੀਤ ਤੇਰੇ ਹਾਣ ਦਾ ਮੈਨੂੰ ਸੁਣਨ ਤੋਂ ਸੰਗ ਨਾ ਆ ਗੀਤ-ਜਹੀ ਵਿਸ਼ਾਲ ਹਿਕ 'ਚ ਤੇਰਾ ਗ਼ਮ ਸਮੇਟ ਲਾਂ (ਕਲਪਨਾ ਚਹਾਰ ਆਤਸ਼ਾ ਰਖ ਜਾਂਦੀ ਹੈ ; ਜਾਦੂਗਰ ਪੀਂਦਾ ਹੈ) ਹਜ਼ਾਰ ਆਤਸ਼ਾ ਹਾਂ ਮੈਂ ਜੇ ਡੀਕਣਾ ਤਾਂ ਡੀਕ ਲੈ ਇਹਦੇ 'ਚ ਦਰਦ-ਸੂਰਜਾਂ ਨੂੰ ਡੋਬਣਾ ਤਾਂ ਡੋਬ ਲੈ (ਖਿੜਕੀ ਖੋਲ੍ਹ ਦੇਂਦੀ ਹੈ) ਹਵਾ ਉਨੀਂਦਰੇ-ਜਿਹੀ ਹਵਾ ਦੇ ਅੰਗ ਵਿਚ ਸੁਗੰਧ ਜਿਉਂ ਸਿਹਤ ਦਾ ਖ਼ਾਬ ਹੈ ਅਜੇ ਤਾਂ ਬੁਲ੍ਹ ਗੁਲਾਬ ਹੈ (ਇਕ ਤਿਤਲੀ ਖਿੜਕੀ ਥਾਣੀਂ ਅੰਦਰ ਆਉਂਦੀ ਹੈ ਤੇ ਕਮਰੇ ਵਿਚ ਦੋ ਤਿੰਨ ਚੱਕਰ ਲਾ ਕੇ ਛਤ ਲਾਗੇ ਦੀਵਾਰ ਨਾਲ ਚੰਬੜ ਜਾਂਦੀ ਹੈ। ਜਾਦੂਗਰ ਦੌੜ ਕੇ ਖਿੜਕੀ ਬੰਦ ਕਰ ਦੇਂਦਾ ਹੈ। ਕੰਚਨੀ ਵਲ ਏਦਾਂ ਤਕਦਾ ਹੈ ਜਿਵੇਂ ਉਸ ਨੇ ਕਿਸੇ ਸਾਜ਼ਿਸ਼ ਨੂੰ ਬੇਪਰਦ ਕਰ ਦਿਤਾ ਹੋਵੇ ।) ਜਾਦੂਗਰ ਹੇ ਕੰਚਨੀ, ਹੇ ਕੰਚਨੀ, ਅਜੇ ਤਾਂ ਹੋਸ਼ ਵਿਚ ਹਾਂ ਮੈਂ ਹਜ਼ਾਰ-ਆਤਸ਼ਾ ਮੈਂ ਹੋਸ਼ ਦੀ ਖ਼ਿਰਾਸ਼ ਦਾ ਹੀ ਇਕ ਮਧੁਰ ਇਲਾਜ ਹਾਂ ਮੈਂ ਹੋਸ਼ ਦੀ ਜਲਨ ਦਾ ਹੀ ਫਹਿਆ ਹਾਂ ਇਕ- ਮੁਲੈਮ ਚੁੰਬਣਾਂ ਤੋਂ ਵੀ ਹੈ ਵਾਅਦਿਆਂ ਜਿਹਾ ਜਿਸਮ, ਹੈ ਵਾਸਨਾ ਜਿਹਾ ਸਮਾਂ ਅਜੇ ਉਮਰ 'ਚ ਹੈ ਵਫ਼ਾ ਜਾਦੂਗਰ ਹੇ ਕੰਚਨੀ, ਕਲੰਕਨੀ, ਵਫ਼ਾ ਦਾ ਨਾਮ ਤੇਰੇ ਮੂੰਹ ! ਬਹੁਤ ਹੀ ਪੀ ਗਿਆ ਹਾਂ ਮੈਂ ਹਾਂ ਫਿਰ ਵੀ ਤੈਨੂੰ ਸਮਝਦਾ ਹਜ਼ਾਰ-ਆਤਸ਼ਾ ਬੜਾ ਹੈ ਮਾਣ ਹੋਸ਼ ਤੇ ! ਜੋ ਪੀ ਕੇ ਵੀ ਨ ਬਕ ਸਕੇ ਉਹਦੇ ਜਹਾਨ ਵਿਚ ਭਲਾ ਹੈ ਸੱਚ ਦੀ ਕਿਹੜੀ ਘੜੀ ? ਬਿਦਾਗ਼ ਸੱਚ-ਜਿਹਾ ਹੁਸਨ ਅਜੇ ਵੀ ਇਸ ਦੇ ਰੂਬਰੂ ਜੇ ਚਾਹੇਂ ਕਰ ਲੈ ਸ਼ਰਮਸਾਰ ਅਪਣੀ ਰੂਹ ਦੇ ਕੂੜ ਨੂੰ ਘੜੀ ਇਹ ਫਿਰ ਨ ਆਇਗੀ ਅਜੇ ਤਾਂ ਰੋਮ ਰੋਮ ਵਿਚ ਚਹਾਰ-ਆਤਸ਼ਾ ਜਗੇ ਚਹਾਰ ਆਤਸ਼ਾ ਜਿਵੇਂ ਜ਼ਮੀਰ ਜਾਗਦੀ ਹੋਈ ਜ਼ਮੀਰ-ਜਹੇ ਨਸ਼ੇ ਦੀ ਸੌਂਹ,ਇਹ ਹੋਸ਼ ਸਾਂਭ-ਯੋਗ ਨਹੀਂ ਜਾਦੂਗਰ (ਗੁੱਸੇ ਨਾਲ ਕੰਬ ਕੇ) ਹੇ ਕੰਚਨੀ, ਕਲੰਕਨੀ ਬਕਾਸ ਆਪਣੀ ਬੰਦ ਕਰ ਹਜ਼ਾਰ-ਆਤਸ਼ਾ ਮੈਂ ਬਕ ਰਹੀ ? ਤਾਂ ਠੀਕ ਹੈ ਸਚਾਈ ਜ਼ਿੰਦਗੀ ਦੀ ਕੋਈ ਬਕ ਸਕੇ ਤਾਂ ਬਕ ਦਏ ਕਿ ਜ਼ਿੰਦਗੀ ਦੇ ਸਚ ਮਹਾਨ ਕਹਿਣ ਗੋਚਰੇ ਨਹੀਂ ਓ ਬਦ ਨਸੀਬ ! ਕਰਮਹੀਨ !! ਤੇਰੇ ਮੰਦਭਾਗ ਵਿਚ ਬਕਣ ਦੀ ਐਸ਼ ਵੀ ਨਹੀਂ ਜੋ ਪੀ ਕੇ ਵੀ ਨ ਬਕ ਸਕੇ... ... ਜਾਦੂਗਰ ਕਲੰਕਨੀ, ਦੁਹਾਗਨੀ ਖਮੋਸ਼ ਰਹਿ, ਨਹੀਂ ਤਾਂ ਖਿਚ ਲਊਂ ਮੈਂ ਜੀਭ ਨਾਗਣੀ ਹਜ਼ਾਰ-ਆਤਸ਼ਾ ਮੈਂ ਬਕ ਰਹੀ, ਖਲੇਰਦੀ ਜ਼ਬਾਨ ਡੰਗ ਸੱਚ ਦੇ ਇਸ ਸਮੇਂ ਇਹ ਨਾਗਣੀ ਨ ਕੋਹੀ ਕੀਲੀ ਜਾ ਸਕੇ (ਜਾਦੂਗਰ ਇਕ ਜਾਮ ਪੂਰਾ ਭਰ ਕੇ ਨਿਗਲ ਜਾਂਦਾ ਹੈ ।) ਜੋ ਪੀ ਕੇ ਵੀ ਨ ਬਕ ਸਕੇ ਦੁਆਤਸ਼ਾ ਉਹਦੇ ਲਈ ਹਰਾਮ ਹੈ, ਹਰਾਮ ਹੈ ਦੁਆਤਸ਼ੇ ਦੀ ਕਿਰਨ ਰੋਮ ਰੋਮ ਵਿਚ ਵਸਾ ਕੇ ਵੀ ਜੋ ਸਾਜ਼ਿਸ਼ੀ ਹਨੇਰਿਆਂ ਦੇ ਅੰਗ ਨੂੰ ਨ ਲੂਹ ਸਕੇ ਦੁਆਤਸ਼ਾ ਉਹਦੇ ਲਈ ਹਰਾਮ ਹੈ, ਹਰਾਮ ਹੈ ਜਾਦੂਗਰ (ਬੋਲਾਂ ਵਿਚ ਤਰਲਾ ਹੈ, ਜ਼ਬਾਨ ਥਿੜਕ ਰਹੀ ਹੈ ।) ਹੇ ਕੰਚਨੀ, ਹੇ ਸੁੰਦਰੀ, ਖ਼ਮੋਸ਼ ਰਹਿ ਹਜ਼ਾਰ-ਆਤਸ਼ਾ ਇਹ ਜਾਮ ਆਤਸ਼ੇ ਦਾ ਛੁਹ ਨ ਸ੍ਰਾਪੇ ਹੋਏ ਬੁੱਲ੍ਹ ਨੂੰ ਇਹ ਜਾਮ ਜਿਸ 'ਚ ਸਰਘੀਆਂ ਦੀ ਇਸਮਤਾਂ ਦਾ ਤੱਤ ਹੈ ਨ ਡੀਕ ਜਾਮ ਸੂਰਜੀ ਹਜ਼ਾਰ ਨੇ ਜਹਾਨ ਵਿਚ ਜਿਨ੍ਹਾਂ ਦੇ ਮਨ ਦੇ ਨ੍ਹੇਰਿਆਂ ਨੂੰ ਕਿਰਨ ਦੀ ਉਡੀਕ ਹੈ ਜੋ ਉਸ ਘੜੀ ਸੁਲੱਖਣੀ ਨੂੰ ਹਰ ਘੜੀ ਉਡੀਕਦੇ ਜਦੋਂ ਉਹ ਬਕ ਸਕਣਗੇ ਸੱਚ ਜਾਮ ਦੇ ਹਜ਼ੂਰ ਵਿਚ ਇਹ ਜਾਮ ਹੈ ਉਨ੍ਹਾਂ ਲਈ ਜਾਦੂਗਰ (ਬੋਲਾਂ ਵਿਚ ਤਰਲ ਦਾ ਸੁਰ ਹੋਰ ਵੀ ਡੂੰਘਾ ਹੈ ।) ਹੇ ਕੰਚਨੀ, ਸੁਲੰਕਨੀ ਸੁਅੰਗਨੀ, ਸੁਰੰਗਨੀ ਸੁਕੇਸ਼ਨੀ, ਸੁਵੇਸ਼ਨੀ ਹਜ਼ਾਰ-ਆਤਸ਼ਾ ਰਹਿਣ ਦੇ ਏਸ ਜਾਪ ਨੂੰ ਨ ਉਸ ਸਰਾਪ ਅੱਖ ਨਾਲ ਵੇਖ ਮੇਰੇ ਰੂਪ ਨੂੰ ਕਿ ਜਿਸ ਨਜ਼ਰ ਵਿੱਚ ਮੋਹ ਨਹੀਂ ਕਿ ਜਿਸ ਨਜ਼ਰ 'ਚ ਭੁਖ ਨਹੀਂ ਕਿ ਜਿਸ ਨਜ਼ਰ ਚ ਦੁਖ ਨਹੀਂ ਜੋ ਆਦਮੀ ਦੀ ਅੱਖ ਨਹੀਂ (ਕਾਹਲੀ ਨਾਲ ਓਵਰਕੋਟ ਆਪਣੇ ਦੁਆਲੇ ਲਪੇਟ ਲੈਂਦੀ ਹੈ। ਜਾਦੂਗਰ ਰੂਪਨੀ, ਸੁਲੱਛਣੀ ਹਜ਼ਾਰ-ਆਤਸ਼ਾ ਮੇਰਾ ਹੁਸਨ ਹੈ ਉਸ ਲਈ ਕਿ ਜਿਸ ਨਜ਼ਰ 'ਚ ਆਦਮੀ ਅਜੇ ਵੀ ਜੀ ਰਿਹਾ ਹੈ ਕੁਝ ਜਿੜ੍ਹੀ ਨਜ਼ਰ 'ਚ ਅੱਜ ਜ਼ਰੂਰ ਮਘ ਰਹੇ ਅੰਗਾਰ ਠੇ ਜਿੜ੍ਹੀ ਨਜ਼ਰ ਨੂੰ ਫਿਰ ਵੀ ਆਸ ਹੰਝੂਆਂ ਦੀ ਹੈ ਅਜੇ ਹੈ ਮੇਰਾ ਰੂਪ ਉਸ ਲਈ ਜੋ ਰੂਪ ਦੇ ਹਜ਼ੂਰ ਵਿਚ ਕੁਰੂਪ ਦੂਰ ਕਰ ਸਕੇ ਚਲਾ ਜਾ ਇਸ ਦੁਆਰ ਤੋਂ ਕਿ ਤੈਨੂੰ ਮੇਰੀ ਲੋੜ ਨਹੀਂ ਕਿ ਮੈਨੂੰ ਤੇਰੀ ਲੋੜ ਨਹੀਂ ਚਲਾ ਜਾ ਏਸ ਘਰ ਦੀ ਰਾਤ ਅਜ ਬਹੁਤ ਉਦਾਸ ਹੈ ਚਲਾ ਜਾ ਅਪਣੇ ਆਲ੍ਹਣੇ ਮੈਂ ਰਾਤ ਇਕ ਵਸਾ ਲਵਾਂ ਸ਼ਾਇਦ ਕਿਸੇ ਹਨੇਰ ਦੀ ਹਕ਼ੀਰ ਚਿਣਗ ਬਣ ਸਕਾਂ ਚਲਾ ਜਾ ਮੇਰੇ ਅੰਗ ਅੰਗ ਕਿਰਨ ਸਰਕਦੀ ਹੈ ਅਜ ਚਲਾ ਜਾ, ਮੈਂ ਹਨੇਰਿਆਂ 'ਚ ਇਸ ਕਿਰਨ ਨੂੰ ਗੁੰਦ ਲਾਂ (ਦਰਵਾਜ਼ਾ ਅੱਧਾ ਖੁਲ੍ਹਦਾ ਹੈ) ਜਾਦੂਗਰ ਸੁਅੰਗਨੀ, ਕਿਰਨ-ਮੁਖੀ ਮੈਨੂੰ ਵੀ ਲੋਅ ਦੀ ਲੋੜ ਹੈ, ਮੇਰੇ ਵੀ ਦਿਲ 'ਚ ਨ੍ਹੇਰ ਹੈ ਮੈਂ ਹੋਰ ਕਿਰਨ ਡੀਕ ਲਾਂ (ਪੀਂਦਾ ਹੈ) ਹਜ਼ਾਰ-ਆਤਸ਼ਾ ਨਹੀਂ, ਨਹੀਂ, ਕਦੀ ਨਹੀਂ, ਕਿਰਨ ਨਹੀਂ ਤੇਰੇ ਲਈ (ਉਹਦੇ ਹਥੋਂ ਜਾਮ ਖੋਂਹਦੀ ਹੈ । ਜਾਮ ਜ਼ਮੀਨ ਤੇ ਡਿਗ ਕੇ ਟੁਟ ਜਾਂਦਾ ਹੈ ।) ਜਾਦੂਗਰ ਤਿੜਕ ਗਿਆ, ਤਿੜਕ ਗਿਆ ਬਚਾ ਲਵੋ, ਬਚਾ ਲਵੋ ਹਜ਼ਾਰ-ਆਤਸ਼ਾ ਹੁਣ ਬਚਾਅ ਕੋਈ ਨਹੀਂ ਜਾਦੂਗਰ ਨਹੀਂ, ਨਹੀਂ, ਬਚਾ ਲਵੋ ਜੇ ਕਰ ਕਿਤੇ ਤਿੜਕ ਗਿਆ ! ਜੇ ਅੱਗ ਜ਼ਿਮੀਂ ਤੇ ਡੁਲ੍ਹ ਪਈ!! ਤਾਂ ਪਲਕ-ਝਲਕ ਵਿਚ ਜ਼ਿਮੀਂ- ਦੀ ਖੱਲ ਝੁਲਸ-ਝੁਰੜ ਕੇ ਉੜੇਗੀ ਆਸਮਾਨ ਵਿਚ ਕੀ ਭੋਂ ਤੇ ਅੱਗ ਡੁਲ੍ਹ ਗਈ ? ਹਜ਼ਾਰ-ਆਤਸ਼ਾ ਕਿਰਨ ਫ਼ਰਸ਼ ਤੇ ਰੋ ਰਹੀ ਜਾਦੂਗਰ ਨਹੀਂ, ਨਹੀਂ; ਕਿਰਨ ਨੂੰ ਫੜ ਕੇ ਫੇਰ ਜਾਮ ਪਾ ਲਵੋ ਹਜ਼ਾਰ-ਆਤਸ਼ਾ ਜੋ ਅੱਗ ਜ਼ਿਮੀਂ ਤੇ ਡੁਲ੍ਹ ਪਏ ਉਹ ਫਿਰ ਨ ਜਾਮ ਵਿਚ ਪਏ ਜਾਦੂਗਰ ਨਹੀਂ, ਨਹੀਂ; ਮੈਂ ਜਾਣਦਾ ਹਾਂ ਅੱਗ ਨੂੰ ਜੇ ਘਰ ਨੂੰ ਚਿਣਗ ਛੋਹ ਗਈ ! ਉਹਦੀ ਤਪਸ਼ 'ਚ ਲੂਸ ਕੇ ਉੜਣਗੇ ਆਸਮਾਨ ਵਿਚ ਉਹ ਪੱਤਰੇ, ਜਿਨ੍ਹਾਂ ਤੇ ਮੇਰੇ ਲਾਲ ਨੇ ਲਿਖੀ ਹੁਣੇ ਹੀ ਖੁਸ਼ਖ਼ਤੀ (ਹਟਕੋਰਾ) ਹਜ਼ਾਰ-ਆਤਸ਼ਾ ਕੀ ਬਕ ਰਿਹੈਂ ਨਸ਼ੇ 'ਚ ਤੂੰ ? ਜਾਦੂਗਰ (ਇਕ ਦਮ ਖ਼ੁਸ਼ ਹੋ ਕੇ) ਮੈਂ ਬਕ ਰਿਹੈਂ ? ਮੈਂ ਬਕ ਰਿਹੈਂ ? ਕੀ ਮੇਰੀ ਜ਼ਿੰਦਗੀ 'ਚ ਆ ਗਈ ਘੜੀ ਸੁਲੱਖਣੀ ? ਕੀ ਮੈਂ ਵੀ ਬਕ ਸਕਾਂਗਾ ਸੱਚ ਜਾਮ ਦੇ ਹਜ਼ੂਰ ਵਿਚ (ਲੜਖੜਾਉਂਦਾ ਹੋਇਆ ਜਾਮ ਵਲ ਵਧਦਾ ਹੈ ।) ਮੈਂ ਹੋਰ ਕਿਰਨ ਡੀਕ ਲਾਂ ਅਤੇ ਘੜੀ ਸੁਲੱਖਣੀ ਦੇ ਫੇਰ ਪੈਰ ਥਿੜਕ ਜਾਣ ਹਜ਼ਾਰ-ਆਤਸ਼ਾ ਨ ਹੋਰ ਜਰ ਸਕੇਂਗਾ ਤੂੰ ਜਾਦੂਗਰ ਮੈਨੂੰ ਕਿਰਨ ਦੀ ਲੋੜ ਹੈ; ਮੈਨੂੰ ਜਰਨ ਦੀ ਲੋੜ ਹੈ (ਪੀਂਦਾ ਹੈ) ਹਨੇਰ ਜਿਸ ਨੇ ਜਰ ਲਏ, ਸਵੇਰ ਨੂੰ ਵੀ ਉਹ ਜਰੇ (ਹੋਰ ਪੀਂਦਾ ਹੈ) ਹਜ਼ਾਰ-ਆਤਸ਼ਾ ਤੂੰ ਕੌਣ ਏਂ ? ਜਾਦੂਗਰ ਮੈਂ ਕੌਣ ਆਂ ? (ਜਾਦੂਗਰ ਆਪਣੇ ਚਿਹਰੇ ਤੋਂ ਐਨਕਾਂ ਲਾਹ ਦੇਂਦਾ ਹੈ। ਹੁਣ ਉਹ ਹਜ਼ਾਰ- ਆਤਸ਼ਾ ਦੀਆਂ ਨਜ਼ਰਾਂ ਵਿਚ ਨਜ਼ਰਾਂ ਗੱਡ ਦੇਂਦਾ ਹੈ ।) ਤੇਰੀ ਨਜ਼ਰ 'ਚ ਤੀਰ ਸੀ ? ਤੇਰੀ ਨਜ਼ਰ ਦੇ ਤੀਰ ਨੂੰ ਕਹੇਂ ਤਾਂ ਜਾਮ ਵਿਚ ਭਰਾਂ ? ਹਜ਼ਾਰ-ਆਤਸ਼ਾ ਕੀ ਬਕ ਰਿਹੈਂ ? ਤੂੰ ਕੌਣ ਏਂ ? ਜਾਦੂਗਰ ਕੀ ਬਕ ਰਿਹੈਂ ?—ਮੈਂ ਜਾਦੂਗਰ (ਹਜ਼ਾਰ—ਆਤਸ਼ਾ ਹੱਸਦੀ ਹੈ।) ਤੂੰ ਹੱਸ ਰਹੀ—ਮੈਂ ਬਕ ਰਿਹੈਂ ਮੈਂ ਜਾਦੂਗਰ, ਮੈਂ ਜਾਦੂਗਰ ਤੇਰੀ ਨਜ਼ਰ 'ਚ ਕੀਲ ਸੀ ਤੇਰੀ ਨਜ਼ਰ ਦੇ ਕੀਲ ਨੂੰ ਮੈਂ ਜਾਮ ਵਿਚ ਨਿਚੋੜ ਦਾਂ ਤਾਂ ਕੌਣ ਉਸ ਨੂੰ ਜਰ ਸਕੇ ਤੇਰੀ ਨਜ਼ਰ ਦੇ ਇਕ ਅਣੂ (ਜਾਦੂਗਰ ਦੀ ਤਕਣੀ ਹਜ਼ਾਰ-ਆਤਸ਼ਾ ਦੀਆਂ ਨਜ਼ਰਾਂ ਵਿਚ ਵਧੇਰੇ ਸਥਿਰਤਾ ਨਾਲ ਗੱਡੀ ਹੋਈ ਹੈ।) ਅਣੂ ਨਹੀਂ, ਪਰਮ ਅਣੂ ਮੈਂ ਸ਼ੀਸ਼ਿਆਂ 'ਚ ਘੋਲ ਦਾਂ ਕਦੀ ਜੋ ਕੱਚ ਤਿੜਕ ਪਏ ! ਕਦੀ ਜੇ ਕਿਰਨ ਡੁਲ੍ਹ ਪਏ !! ਜਹਾਨ ਭਰ ਦੇ ਜਿਸਮ ਵਿਚ ਥਰਥਰੀ ਤੜਪ ਪਏ ਜ਼ਮੀਨ ਜਿਉਂ ਕਰੋੜ ਯੁਗ ਦੀ ਔੜ ਨਾਲ ਤਿੜਕ ਪਏ ਪਹਾੜ ਸੁਰਮਿਆਂ ਦੇ ਢੇਰ ਵਾਂਙ ਸਰਕ, ਥਿਰਕ ਜਾਣ (ਜਾਦੂਗਰ ਦੀ ਨਜ਼ਰ ਖੁਭਦੀ ਜਾ ਰਹੀ ਹੈ) ਹਜ਼ਾਰ-ਆਤਸ਼ਾ ਮੇਰੇ ਅਣੂ ਅਣੂ 'ਚ ਖੁਭ ਰਹੇ ਤੇਰੀ ਨਜ਼ਰ ਦੇ ਡੰਗ ਜਾਦੂਗਰ ਸੀ ਨਾਗ ਤੇਰੀ ਜ਼ੁਲਫ਼ ਵਿਚ ਜੇ ਮੈਨੂੰ ਅਪਣੀ ਜ਼ੁਲਫ਼ ਦਾ ਤੂੰ ਇਕ ਹੀ ਵਿੰਗ ਬਖ਼ਸ਼ ਦਏਂ ! (ਹਜ਼ਾਰ-ਆਤਸ਼ਾ ਅਪਣੇ ਸਿਰ ਨੂੰ ਹੱਥਾਂ ਨਾਲ ਕਜ ਲੈਂਦੀ ਹੈ) ਜੇ ਤੇਰੀ ਜ਼ੁਲਫ਼ ਨਾਗ ਨੂੰ ਮੈਂ ਜਾਮ ਵਿਚ ਨਚੋੜ ਲਾਂ ਕਦੀ ਜੋ ਜਾਮ ਤਿੜਕ ਪਏ ! ਕਦੇ ਜੇ ਨਾਗ ਡੁਲ੍ਹ ਪਏ !! ਹਵਾ ਦੀ ਹਰਿਕ ਸਰਕ ਵਿਚ ਜਾਗ ਪੈਣ ਸਪਣੀਆਂ ਉਦ੍ਹੀ ਹਵਾੜ ਵਿਚ ਭੁਰੇ ਸੁਲੰਕਨੀ, ਇਹ ਆਬਸ਼ਾਰ ਨਾਰ ਦੀ ਲਚਕ ਜਹੀ ਇਹ ਘਾਅ, ਇਹ ਫੁੱਲ ਪੱਤੀਆਂ ਪਰ ਜਵਾਨ ਚੀਲ, ਦੇਵਦਾਰ ਭਲਾ ਮਹਾਂ ਅਗਨ ਦੇ ਸੇਕ ਵਿਚ ਜਿਉਂ ਵਾਲ ਦੋ ਕਿ ਤਿੰਨ ਕਿ ਚਾਰ (ਜਾਦੂਗਰ ਦੀ ਅਪਲਕ ਨਜ਼ਰ ਹਜ਼ਾਰ-ਆਤਸ਼ਾ 'ਚ ਓਦਾਂ ਹੀ ਖੁਭੀ ਹੋਈ ਹੈ) ਹਜ਼ਾਰ-ਆਤਸ਼ਾ ਹਟਾ ਲੈ ਆਪਣੀ ਨੀਝ ਇਹ ਤੱਕਲੇ-ਜਹੀ ਨਜ਼ਰ ਪੁੜੀ ਹੈ ਮਨ ਤੋਂ ਰੂਹ ਤੋਂ ਪਾਰ ਓ ਬੇਰਹਿਮ, ਓ ਬੇਤਰਸ ਹਟਾ ਲੈ ਇਸ ਕਿਰਨ ਨੂੰ ਇਹ ਹੈ ਮੇਰਾ ਮਨ ਨੰਗੇਜਦੀ ਮੇਰੇ ਵੀ ਮਨ 'ਚ ਭੇਤ ਨੇ ਅਜ਼ੀਜ਼, ਸੱਚ ਤੋਂ ਵਧੀਕ (ਜਾਦੂਗਰ ਵੇਖਦਾ ਹੀ ਜਾਂਦਾ ਹੈ) ਜਾਦੂਗਰ ਹਜ਼ਾਰ-ਆਤਸ਼ਾ ਹੈਂ ਤੂੰ (ਕੰਚਨੀ ਨੂੰ ਪ੍ਰਤੀਤ ਹੁੰਦਾ ਹੈ ਕਿ ਜਾਦੂਗਰ ਉਹਦੇ ਸਰੀਰ ਨੂੰ ਕਾਮ ਤੋਂ ਵਧੀਕ ਵਾਸ਼ਨਾ ਲਈ ਫਰੋਲ ਰਿਹਾ ਹੈ। ਉਹ ਅਪਣੇ ਕਪੜਿਆਂ ਨੂੰ ਥਾਂ ਥਾਂ ਤੇ ਘੁਟਦੀ ਹੈ ਤੇ ਅਪਣੇ ਕੋਟ ਦੇ ਬਟਣਾਂ ਨੂੰ ਬਾਰ ਬਾਰ ਟੋਂਹਦੀ, ਪੜਤਾਲਦੀ ਹੈ।) ਲਿਆ ਮੈਂ ਤੇਰੀ ਇਕ ਚਿਣਗ ਚਿਣਗ ਨਹੀਂ- ਚਿਣਗ ਦੇ ਕੋਟ ਅੰਸ ਨੂੰ ਪਿਆਲਿਆਂ 'ਚ ਪਾ ਲਵਾਂ ਕਦੀ ਜੇ ਜਾਮ ਡੋਲ੍ਹ ਦਾਂ ! ਅਪਾਰ ਆਤਸ਼ੇ 'ਚ ਸ੍ਰਿਸ਼ਟੀਆਂ ਦੇ ਕੁੰਭ ਗ਼ਰਕ ਜਾਣ ਅਪਾਰ ਆਤਸ਼ੇ 'ਚ ਕੋਟ ਸੂਰਜਾਂ ਨੂੰ ਠਾਰ ਦਾਂ ਧ੍ਰੁਵੀ ਬਰਫ਼ ਦੇ ਸੀਨਿਆਂ 'ਚ ਪਾਪ-ਜਹੇ, ਸਰਾਪ-ਜਹੇ ਅੰਗਾਰ ਲਖ ਭਖਾ ਦਿਆਂ ਹਜ਼ਾਰ-ਆਤਸ਼ਾ ਹੈਂ ਤੂੰ ਅਪਾਰ—ਆਤਸ਼ਾ ਬਣਾ ਦਿਆਂ ਤੇਰਾ ਅਣੂ-ਅਣੂ (ਜਾਦੂਗਰ ਦੀ ਨਜ਼ਰ ਹਜ਼ਾਰ-ਆਤਸ਼ਾ ਤੇ ਖੁਭੀ ਹੋਈ ਹੈ, ਉਹਦਾ ਸੱਜਾ ਹੱਥ— ਨਾੜੀਆਂ ਉਭਰਿਆ ਹੋਇਆ ਹੱਥ— ਹਜ਼ਾਰ-ਆਤਸ਼ਾ ਵਲ ਵਧਿਆ ਹੋਇਆ ਹੈ ।) ਹਜ਼ਾਰ-ਆਤਸ਼ਾ ਹਟਾ ਲੈ ਅਪਣੀ ਨੀਝ ਨੂੰ ਨਿਆਂ ਤੋਂ ਵੀ ਜੋ ਬੇ-ਰਹਿਮ ਇਹ ਨੈਣ ਝਿਮਣੀਆਂ ਬਿਨਾਂ, ਭਵਾਂ ਬਿਨਾਂ, ਇਹ ਬੇਪਲਕ ਇਹ ਬੇਝਮਕ, ਇਹ ਬੇਝਿਜਕ ਇਹ ਨੈਣ ਮੈਨੂੰ ਆਰ ਪਾਰ ਵੇਖਦੇ, ਨੰਗੇਜਦੇ (ਇਕ ਚੀਕ ਮਾਰ ਕੇ ਭੋਂ ਤੇ ਢੇਰੀ ਹੋ ਜਾਂਦੀ ਹੈ, ਅਪਣੀ ਹਿੱਕ ਨੂੰ ਅਪਣੀਆਂ ਬਾਹਾਂ ਨਾਲ ਕੱਜ ਲੈਂਦੀ ਹੈ।) ਨੀ ਕਲਪਨਾ, ਨੀ ਕਲਪਨਾ ਬਚਾ, ਬਚਾ, ਇਹ ਬੇ-ਹਯਾ ਹੈ ਲੁਟ ਰਿਹਾ ਮੇਰਾ ਕੁਆਰ (ਬੇ-ਹੋਸ਼ ਹੋ ਜਾਂਦੀ ਹੈ, ਕਲਪਨਾ ਚੀਖ਼ ਸੁਣ ਕੇ ਅੰਦਰ ਆਉਂਦੀ ਹੈ। ਜਾਦੂਗਰ ਲੱਜਿਤ-ਜਿਹਾ ਹੋ ਕੇ ਸਿਰ ਨਿਹੁੜਾਈ ਮੇਜ਼ ਤੇ ਅਰਕਾਂ ਟੇਕ, ਕੁਰਸੀ ਤੇ ਬੈਠ ਜਾਂਦਾ ਹੈ ਤੇ ਆਪਣਾ ਮੂੰਹ ਹੱਥਾਂ ਨਾਲ ਕੱਜ ਲੈਂਦਾ ਹੈ। ਥੋੜ੍ਹੀ ਦੇਰ ਬਾਅਦ ਹਜ਼ਾਰ-ਆਤਸ਼ਾ ਸੁਚੇਤ ਹੁੰਦੀ ਹੈ,ਉਠਦੀ ਹੈ ਤੇ ਦੌੜ ਕੇ ਜਾਦੂਗਰ ਦੇ ਮੋਢੇ ਤੇ ਅਪਣਾ ਸਿਰ ਰਖ ਕੇ ਰੋਣ ਲਗ ਪੈਂਦੀ ਹੈ। ਕਲਪਨਾ ਬਾਹਰ ਚਲੀ ਜਾਂਦੀ ਹੈ ... ...ਦੋ ਕੁ ਮਿੰਟ ਦੇ ਵਕਫ਼ੇ ਬਾਅਦ ਦਰਵਾਜ਼ੇ ਤੇ ਖੜਾਕ ਹੁੰਦਾ ਹੈ।) ਖਟਾ ਖਟਾ ਖਟਾ ਖਟਾ ਹਜ਼ਾਰ-ਆਤਸ਼ਾ ਦੁਆਰ ਖੋਲ੍ਹ ਕਲਪਨਾ ਬਾਹਰੋਂ ਅਵਾਜ਼ ਦੁਆਰ ਖੋਲ੍ਹ ਕੰਚਨੀ ਹਜ਼ਾਰ-ਆਤਸ਼ਾ ਹੇ ਕਲਪਨਾ, ਹੇ ਕਲਪਨਾ ਬਾਹਰੋਂ ਅਵਾਜ਼ ਮੈਂ ਕਲਪਨਾ ਨਹੀਂ, ਮੈਂ ਸੱਚ ਹਜ਼ਾਰ-ਆਤਸ਼ਾ (ਦਰਵਾਜ਼ਾ ਖੋਲ੍ਹਦੀ ਹੈ) ਗ਼ਲਤ ਦੁਆਰ ਆ ਗਏ ਹੋ ਸੱਚ ਜੀ, ਕਿ... ... (ਪਹਿਰੇਦਾਰ ਨੰ: 12 ਦਹਿਲੀਜ਼ ਵਿਚ ਖੜਾ ਦਿਖਾਈ ਦੇਂਦਾ ਹੈ।) ਨੰ: 12 ਏਸ ਥਾਂ... ...? ਹਜ਼ਾਰ-ਆਤਸ਼ਾ ਜੀ, ਏਸ ਥਾਂ ਤੇ ਕੂੜ ਨੂੰ ਪਨਾਹ ਹੈ ਬਸ ਨੰ: 12 ਕੀ ਇਸ ਜਗ੍ਹਾ... ...? ਹਜ਼ਾਰ-ਆਤਸ਼ਾ ਜੀ ਇਹ ਜਗ੍ਹਾ ਉਨ੍ਹਾਂ ਲਈ ਜਿਨ੍ਹਾਂ ਨੂੰ ਸੱਚ ਦੀ ਲੋੜ ਹੈ ; ਜਿਨ੍ਹਾਂ ਨੂੰ ਸੱਚ ਤੇ ਮਾਣ ਨਹੀਂ ਨੰ: 12 ਬੁਝਾਰਤਾਂ ਸੁਣਨ ਲਈ ਸਮਾਂ ਨਹੀਂ ਹੈ ਮੇਰੇ ਪਾਸ ਬੜੇ ਜ਼ਰੂਰੀ ਕੰਮ ਲਈ... ਹਜ਼ਾਰ-ਆਤਸ਼ਾ (ਰਤਾ ਕੁ ਮੁਸਕ਼ਾਉਂਦੀ ਹੋਈ) ਬੜੇ ਜ਼ਰੂਰੀ ਕੰਮ ਲਈ ? ਸਮਾਂ ਨਹੀਂ ? ਅਜੇ ਤੂੰ ਨੌਜਵਾਨ ਹੈਂ, ਅਞਾਣ ਹੈਂ (ਅਞਾਣ ਸ਼ਬਦ ਸੁਣ ਕੇ ਜਾਦੂਗਰ ਤ੍ਰਕਦਾ ਹੈ ਤੇ ਗਰਦਨ ਪਰਤ ਕੇ ਵੇਖਦਾ ਹੈ) ਜਾਦੂਗਰ ਸੁਅੰਗਨੀ, ਇਹ ਕੌਣ ਹੈ ? ਹਜ਼ਾਰ-ਆਤਸ਼ਾ ਜੀ, ਨੌਜਵਾਨ, ਆਖਦੈ ‘ਮੈਂ ਸੱਚ ਹਾਂ, ਬੜਾ ਜ਼ਰੂਰੀ ਕੰਮ ; ਪਰ ਸਮਾਂ ਨਹੀਂ' ਜਾਦੂਗਰ ਤਾਂ ਆਉਣ ਦੇ ਗ਼ਰੀਬ ਨੂੰ (ਨੰ: 12 ਪ੍ਰਵੇਸ਼ ਕਰਦਾ ਹੈ ਤੇ ਜਾਦੂਗਰ ਉਸ ਨੂੰ ਪਛਾਣ ਲੈਂਦਾ ਹੈ।) ਆ ਗਿਆ ... ... .? ਉਮਰ ਦੀ ਇਸ ਸਵੇਰ ਵਿਚ ਤੂੰ ਆ ਗਿਆ ਏਂ ਏਸ ਘਰ ? ਨੰ: 12 ਮੇਰੀ ਸੁਣੋ ...... ਜਾਦੂਗਰ ਨਹੀਂ, ਨਹੀਂ ਚਲਾ ਜਾ; ਇਹ ਸਮਾਂ ਨਹੀਂ ਤੇਰੇ ਲਈ ਵੀ ਆਏਗਾ ਨਿਰਾਸ ਹੋਣ ਦਾ ਸਮਾਂ ਉਦਾਸ ਹੋਣ ਦਾ ਸਮਾਂ ਅਜੇ ਬੜੀ ਸਵੇਰ ਹੈ ਨੰ: 12 ਮੇਰੀ ਅਰਜ਼ ਤਾਂ ਸੁਣ ਲਵੋ ਜਾਦੂਗਰ ਨਹੀਂ, ਨਹੀਂ, ਚਲਾ ਜਾ ਲਾਲ ਰਾਹ ਤੇ ਇਕ ਗ਼ੁਲਾਬ ਅਜ ਉਦਾਸ ਹੈ ਜਾ ਦੌੜ ਜਾ, ਮਤੇ ਉਦ੍ਹੀ ਨਜ਼ਰ 'ਚ ਹੰਝੂ ਸੁੱਕ ਜਾਣ ਨੰ: 12 ਮੈਂ ਲਾਲ ਰਾਹ ਤੇ ਜਾਣ ਵਾਸਤੇ ਹੀ ਬੇਕਰਾਰ ਹਾਂ ਅਗੇ ਹੀ ਦੇਰ ਹੋ ਗਈ ਜਫ਼ਾ-ਜਹੀ, ਦਗ਼ਾ-ਜਹੀ ਮੇਰਾ ਸੰਦੇਸ਼ ਸੁਣ ਲਵੋ ਜਾਦੂਗਰ ਤੂੰ ਲਾਲ ਰਾਹ ਤੇ... ... ... ਨੰ: 12 ਸਮਾਂ ਨਹੀਂ ਹੈ ਮੇਰੇ ਕੋਲ ਏਸ ਗੁਫ਼ਤਗੂ ਲਈ ਮੇਰਾ ਸੰਦੇਸ਼ ਸੁਣ ਲਵੋ ਨਵਾਂ ਜੋ ਆਦਮੀ ਦਾ ਵੈਰ ਅੱਜ ਸਾਜਿਆ ਤੁਸਾਂ ਉਹ ਹੁਕਮ ਵਿਚ ਨਾ ਬੱਝਦਾ, ਉਲੰਘਣਾਂ ਤੇ ਆ ਗਿਆ ਜਾਦੂਗਰ ਉਹ ਮੇਰੇ ਹਥ ਦੀ ਕਿਰਤ ਹੈ ਮੈਂ ਆਪ ਉਸ ਨੂੰ ਕੀਲਿਆ; ਉਹਨੂੰ ਅਸੀਲਿਆ ਹੈ ਮੈਂ ਹਰੇਕ ਗੰਢ ਠੀਕ ਹੈ ਨੰ: 12 ਉਹ ਕੀਲਿਆ ਜ਼ਰੂਰ ਹੈ ਅਸੀਲਿਆ ਰਤਾ ਨਹੀਂ ਉਹ ਆਖਦਾ ਮੈਂ ਸ਼ਕਤਿ ਹਾਂ ਸਦਾ ਹੁਕਮ 'ਚ ਬੱਝਣਾ ਸੁਭਾ ਨਹੀਂ ਹੈ ਸ਼ਕਤਿ ਦਾ ਉਹ ਆਖਦਾ ਮੈਂ ਪਲ-ਛਿਨਾਂ 'ਚ ਡੁਲ੍ਹ ਪਵਾਂਗਾ ਧਰਤ ਤੇ ਹਜ਼ਾਰ-ਆਤਸ਼ਾ ਕੀ ਆਖਦਾ ਮੈਂ ਪਲ-ਛਿਨਾਂ 'ਚ ਡੁਲ੍ਹ ਪਵਾਂਗਾ ਧਰਤ ਤੇ ? (ਕੁਝ ਰੁਕ ਕੇ, ਕੁਝ ਸੋਚ ਕੇ) ਕਦੀ ਜੇ ਕਚ ਤਿੜਕ ਪਿਆ ! ਕਦੀ ਅਗਨ ਜੇ ਡੁਲ੍ਹ ਪਈ ਨੰ: 12 ਇਹ ਚੰਨ, ਸੂਰ, ਧਰਤੀਆਂ ਸਿਤਾਰਿਆਂ ਦੇ ਟਿਮਕਣੇ ਮਿਟਣਗੇ ਪਲਕ-ਝਲਕ ਵਿਚ ਜਿਉਂ ਸਰਕੜੇ ਦੀ ਨੋਕ ਤੇ ਮਲੂਕ ਤ੍ਰੇਲ-ਤੁਬਕੜੇ ਹਜ਼ਾਰ-ਆਤਸ਼ਾ ਓ ਨਾਰਕੀ, ਓ ਕਾਲਖ਼ੀ ਤੂੰ ਕਿਹਦੀ ਇਸਮਤਾਂ ਦੀ ਕਿਰਨ ਜਾਮ ਵਿਚ ਨਚੋੜ ਲਈ ? ਕਦੀ ਜੋ ਜਾਮ ਟੁਟ ਗਿਆ ? ਕਦੀ ਜੇ ਕਿਰਨ ਡੁਲ੍ਹ ਪਈ ? ਜਾਦੂਗਰ ਖਿਲਾ 'ਚ ਤੱਤ ਭੌਣ ਗੇ ਮਹੀਨ ਅਬਰਕਾਂ ਦੇ ਵਾਂਙ (ਵਕਫ਼ਾ) ਮੇਰੀ ਕਾਵਿ-ਯਾਤਰਾ ਨਹੀਂ, ਨਹੀਂ ਨੰ: 12 ਉਹ ਆਖਦਾ ਕਿ ਪਲ-ਛਿਨਾਂ 'ਚ ਕੱਚ ਤਿੜਕ ਜਾਇਗਾ ਹਜ਼ਾਰ-ਆਤਸ਼ਾ ਕਦੀ ਜੋ ਕੱਚ ਤਿੜਕ ਗਿਆ ! ਕਦੀ ਅਗਨ ਜੇ ਡੁਲ੍ਹ ਪਈ ! ਨੰ: 12 ਉਹ ਆਖਦਾ ਕਿ ਪਲ-ਛਿਨਾਂ 'ਚ ਯਾ ਮੈਨੂੰ ਆਜ਼ਾਦ ਕਰ ਉਹ ਆਖਦਾ ਯਾ ਹੁਕਮ ਦੇ ਤੇਰੀ ਜ਼ਮੀਨ ਚੁੱਕ ਕੇ ਮੈਂ ਸੁਰਗ ਵਿਚ ਪੁਚਾ ਦਿਆਂ ਮੈਂ ਤੇਰੇ ਦੀਵਿਆਂ 'ਚ ਸਰਘੀਆਂ ਨੂੰ ਫੜ ਜਗਾ ਦਿਆਂ ਮੈਂ ਧਰਤੀਆਂ 'ਚੋਂ ਸੁਫ਼ਨਿਆਂ ਜਹੀ ਗਿਜ਼ਾ ਨਚੋੜ ਲਾਂ ਬਰੇਤਿਆਂ 'ਚ ਬੁਲਬੁਲਾਂ ਦੇ ਗੀਤ ਦੀ ਲਚਕ ਜਹੀ ਨਵੀਂ ਕਣਕ ਉਗਾ ਦਿਆਂ (ਕਲਪਨਾ ਜੋ ਸਭ ਕੁਝ ਝੀਤ ਥਾਣੀ ਸੁਣਦੀ ਹੈ, ਦੌੜ ਕੇ ਅੰਦਰ ਆਉਂਦੀ ਹੈ।) ਕਲਪਨਾ ਕੀ ਬਾਂਝ ਧਰਤੀਆਂ ਦੀ ਕੁਖ ਵੀ ਮੁੜ ਹਰੀ ਭਰੀ ਬਣੇ ਨੰ: 12 ਉਦ੍ਹੀ ਮਿਹਰ ਅਸੀਮ ਹੈ ਉਹ ਬਾਂਝ ਧਰਤੀਆਂ ਦੀ ਕੁਖ 'ਚ ਤੋਤਲੇ ਜਵਾਕ-ਜਹੇ ਨਵੇਂ ਫ਼ਸਲ ਉਗਾ ਸਕੇ ਕਲਪਨਾ ਹੁਕਮ ਦਿਉ, ਹੁਕਮ ਦਿਉ ਉਹ ਸਾਡੀ ਭੋਂ ਬਰਾਨ ਵਿਚ ਹਰੀ ਫ਼ਸਲ ਛਿਣਕ ਦਏ ਕਿ ਪਿਉ ਮੇਰਾ ਵੀ ਹਸ ਪਏ ਤੇ ਮਾਂ ਕਹੇ ਕਿ ਜਾਹ ਕੁੜੀ ਨੂੰ ਫੇਰ ਮੋੜ ਘਰ ਲਿਆ ਮੈਂ ਫੇਰ ਕੰਜਕੋ ਬਣਾਂ ; ਸਚੀਂ-ਮੁਚੀ ਦੀ ਕੰਜਕੋ ਇਹ ਕਲਪਨਾ ਵੀ ਨਾਂ ਹੈ ਕੀ ? ਹਜ਼ਾਰ-ਆਤਸ਼ਾ ਮੈਂ ਫੇਰ ਕੰਜਕੋ ਬਣਾਂ ਸਚੀ-ਮੁਚੀ ਦੀ ਕੰਜਕੋ ਇਹ ਕੰਚਨੀ ਦੀ ਜੂਨ ਕੀ ? ਹੁਕਮ ਦਿਉ, ਹੁਕਮ ਦਿਉ ਜਾਦੂਗਰ (ਅਪਣੇ ਆਪ ਨਾਲ) ਕਿ ਪਿਉ ਮੇਰਾ ਵੀ ਹਸ ਪਏ ਤੇ ਮਾਂ ਕਹੇ ਕਿ ਜਾਹ ਕੁੜੀ ਨੂੰ ਫੇਰ ਮੋੜ ਘਰ ਲਿਆ ਹੁਕਮ ਦਿਉ, ਹੁਕਮ ਦਿਉ ਹੁਕਮ ਤਾਂ ਮੇਰੇ ਵਸ ਨਹੀਂ (ਅਚਨਚੇਤ ਜਾਦੂਗਰ ਪਥਰਾ ਜਾਂਦਾ ਹੈ) ਹਜ਼ਾਰ-ਆਤਸ਼ਾ ਨਵੀਂ ਉਮੀਦ ਮਨ ਨੂੰ ਦੇ ਕੇ ਇਸ ਤਰ੍ਹਾਂ ਨ ਤੋੜ ਦਿਲ ਬੜੇ ਚਿਰਾਂ ਦੇ ਬਾਅਦ ਲਿਸ਼ਕਿਆ ਹੈ ਮੁੜ ਘਰਾਂ ਦਾ ਰਾਹ ਚਲੋ ਕਿ ਨੈਣ ਨਾਲ ਏਸ ਰਾਹ ਨੂੰ ਬੁਹਾਰੀਏ (ਜਾਦੂਗਰ ਸੁੰਨ, ਖਾਮੋਸ਼ ਬੈਠਾ ਹੋਇਆ ਹੈ) ਨੰ: 12 ਹੁਕਮ ਜੇ ਤੇਰੇ ਵਸ ਨਹੀਂ ਤਾਂ ਪਲ-ਛਿਨਾਂ ਦੀ ਖੇਡ ਹੈ ਮੈਂ ਹੋਰ ਠਹਿਰ ਨਾ ਸਕਾਂ ਸਦਾ-ਉਡੀਕ ਵਾਂਗਰਾਂ ਮੇਰੀ ਪ੍ਰਿਯਾ ਉਦਾਸ ਹੈ ਅਗੇ ਹੀ ਬਹੁਤ ਹੋ ਚੁਕੀ ਅਵੇਰ ਦਿਲ-ਤਰੇੜ ਜਹੀ ਮੈਂ ਆਖ਼ਰੀ ਸਮੇਂ ਤਾਂ ਅਪਣੇ ਪਿਆਰ ਪਾਸ ਹੀ ਰਹਾਂ ਜੇ ਮੇਰੇ ਹਥ 'ਚ ਉਹਦਾ ਹਥ ਤਾਂ ਮਰਨ ਖੁਸ਼ਗਵਾਰ ਹੈ ਕਲਪਨਾ (ਦੌੜ ਕੇ ਨੰ: 12 ਦਾ ਰਾਹ ਰੋਕ ਲੈਂਦੀ ਹੈ) ਕੀ ਆਖ਼ਰੀ ਸਮੇਂ ਬਿਨਾਂ ਮਨੁਖ ਦਾ ਕਾਜ ਨਾ ਸਰੇ ? ਕੀ ਤਿਤਲੀਆਂ ਜੋ ਕਲ੍ਹ ਕੀ ਆਸ ਤੇ ਹੁਣੇ ਉਨੀਂਦੀਆਂ ਉਨ੍ਹਾਂ ਨੂੰ ਮੁੜ ਸਵੇਰ ਦੀ ਕਿਰਨ ਨ ਆ ਜਗਾਇਗੀ ? ਕੀ ਸ਼ਾਮ ਵੀ ਚਲੀ ਗਈ ਬਿਦੇਸ਼ ਨੂੰ ਹਮੇਸ਼ ਲਈ ? (ਦੌੜ ਕੇ ਜਾਦੂਗਰ ਵਲ ਜਾਂਦੀ ਹੈ) ਤੁਸੀਂ ਤਾਂ ਆਖਦੇ ਸਉ ਸ਼ਾਮ ਫਿਰ ਜ਼ਰੂਰ ਆਇਗੀ (ਨੰ: 12 ਵਲ ਪਰਤਦੀ ਹੈ) ਨ ਮਾਰ ਸਾਡੀ ਭੋਂ-ਬਰਾਨ ਦੇ ਫ਼ਸਲ ਜਵਾਕ-ਜਹੇ ਕੀ ਡੁਲ੍ਹ ਪਏਗੀ ਮਾਂ ਮੇਰੀ ਉਡੀਕ ਵਿਚ ਸਦਾ ਲਈ ? ਕੀ ਮੈਂ ਮਰਾਂਗੀ ਕਲਪਨਾ ? (ਜਾਦੂਗਰ ਤ੍ਰਭਕਦਾ ਹੈ, ਫੇਰ ਅੱਗੇ ਵਾਂਙ ਸੁੰਨ, ਅਹਿੱਲ ਹੋ ਜਾਂਦਾ ਹੈ) ਹਜ਼ਾਰ-ਆਤਸ਼ਾ ਕੀ ਮੈਂ ਮਰਾਂਗੀ ਕੰਚਨੀ ? ਨੰ: 12 ਕੀ ਉਹ ਮਰੇਗਾ ਬਿਨ ਪਿਤਾ ? (ਸਭ ਚੌਕੰਨੇ ਹਨ) ਪਿਲੱਤਣਾਂ ਦੀ ਰਾਹ ਤੇ ਜਦ ਮੈਂ ਢੂੰਡਦਾ ਸਾਂ ਆਪ ਨੂੰ ਉਦਾਸ ਸੰਧਿਆ ਦੀ ਲੋਅ 'ਚ ਬਾਲ ਇਕ ਮੈਂ ਵੇਖਿਆ ਕਲਪਨਾ ਮੈਂ ਜਾਣਦੀ ਹਾਂ ਓਸ ਨੂੰ ਉਹਦੇ ਲਈ ਹੀ ਆਖ਼ਰੀ ਸਮੇਂ ਨੂੰ ਪਲ ਕੁ ਰੋਕ ਲਉ (ਜਾਦੂਗਰ ਕੰਬਦਾ ਹੈ, ਹਥ ਨਾਲ ਰੋਕਣ ਦਾ ਇਸ਼ਾਰਾ ਕਰਦਾ ਹੈ ਪਰ ਉਹਦਾ ਹਥ ਹਵਾ ਵਿਚ ਹੀ ਪਥਰਾ ਜਾਂਦਾ ਹੈ) ਨੰ: 12 ਹਰੇਕ ਰਾਹੀ ਵਿਚ ਆਪਣੇ ਬਾਪ ਨੂੰ ਪਛਾਣਦਾ ਉਹ ਕਹਿ ਰਿਹਾ ਸੀ ਹਰ ਕਿਸੇ ਨੂੰ ਹੰਝੂ ਦੀ ਜ਼ਬਾਨ ਵਿਚ ਮੇਰੇ ਪਿਤਾ ਨੂੰ ਢੂੰਡ ਦੇ ਮੈਂ ਉਸ ਬਿਨਾ ਉਦਾਸ ਹਾਂ; ਮਾਂ ਉਸ ਬਿਨਾ ਉਦਾਸ ਹੈ ਹਜ਼ਾਰ-ਆਤਸ਼ਾ ਕਦੇ ਜੋ ਕਚ ਤਿੜਕ ਗਿਆ ! ਕਦੀ ਅਗਨ ਜੇ ਡੁਲ੍ਹ ਪਈ ! ਉਹ ਜ਼ਰਦ ਰਾਹ ਤੇ ਮੁਰਕ ਜਾਇਗਾ ਕਿਸੇ ਦੀ ਵੰਗ ਜਿਉਂ ! (ਜਾਦੂਗਰ ਬੜੀ ਬੇਚੈਨੀ ਨਾਲ ਆਪਣੇ ਅੰਗ ਛੰਡਦਾ ਹੈ ਤੇ ਫੇਰ ਪੱਥਰ ਵਤ ਸੁੰਨ ਹੋ ਜਾਂਦਾ ਹੈ) ਉਹ ਡੁਲ੍ਹ ਪਏਗਾ ਬਾਲ ਭੋਂ ਤੇ ਪੁਸ਼ਪ ਦਸ-ਬਹਾਰੀਆ ਤੇ ਫਿਰ ਕਦੀ ਜ਼ਿਮੀ ਤੇ ਆਦਮੀ ਦੀ ਫ਼ਸਲ ਮੌਲ ਪਈ ਕਹਿਣਗੇ ਗਿਆਨਵਾਨ ਖੋਜਵਾਨ ਉਸ ਜਹਾਨ ਦੇ ਕਿ ਕੰਚਨੀ ਦੇ ਰਾਹ 'ਚ ਉਗਦੇ ਪੁਸ਼ਪ ਦਸ ਬਹਾਰ ਸਨ (ਬੇਤਹਾਸ਼ਾ ਹਸਦੀ ਹੈ) ਵਿਦਾ ਸਮਾਂ ਇਹ ਕੰਚਨੀ ਬੜੀ ਹੀ ਖੁਸ਼ ਨਸੀਬ ਹੈ ! (ਜਾਦੂਗਰ ਹਲੂਣ ਖਾ ਕੇ ਇਕ ਦਮ ਉਠਦਾ ਹੈ ਤੇ ਕਾਹਲੀ ਨਾਲ ਖਿੜਕੀ ਖੋਲ੍ਹ ਦੇਂਦਾ ਹੈ । ਹਵਾ ਦਾ ਇਕ ਬੁਲਾ ਕਿੰਨੀਆਂ ਤਿਤਲੀਆਂ ਨੂੰ ਅੰਦਰ ਉਡਾ ਲਿਆਉਂਦਾ ਹੈ) ਜਾਦੂਗਰ ਮੈਂ ਆ ਰਿਹਾ, ਮੇਰੇ ਦੁਲਾਰ, ਆ ਰਿਹਾ, ਮੈਂ ਆ ਰਿਹਾ ਮੈਂ ਆਖ਼ਰੀ ਸਮੇਂ ਦੇ ਪਰ ਕਤਰ ਦਿਆਂ ਸਦਾ ਲਈ ਅਜੇ ਮੈਂ ਸ਼ਕਤਵਾਨ ਹਾਂ (ਦੂਰੋਂ 'ਪਾਪਾ' 'ਪਾਪਾ' ਦੀਆਂ ਉਚੀਆਂ ਆਵਾਜ਼ਾਂ) ਸਮੇਂ ਦੀ ਤਾਰ ਤੇ ਕਰੇਗਾ ਕੇਲ ਕੋਟ ਜੁਗ ਲਈ ਇਹ ਜ਼ਿੰਦਗੀ ਦਾ ਤੁਬਕੜਾ (ਕਾਹਲੀ ਨਾਲ ਬਾਹਰ ਨਿਕਲ ਜਾਂਦਾ ਹੈ) ਬੜੇ ਚਿਰਾਂ ਦੇ ਬਾਦ ਲਿਸ਼ਕਿਆ ਹੈ ਮੁੜ ਘਰਾਂ ਦਾ ਰਾਹ ਚਲੋ ਕਿ ਨੈਣ ਨਾਲ ਏਸ ਰਾਹ ਨੂੰ ਬੁਹਾਰੀਏ (ਕੰਚਨੀ ਤੇ ਨੰ: 12 ਵੀ ਉਸ ਦੇ ਪਿੱਛੇ ਬਾਹਰ ਚਲੇ ਜਾਂਦੇ ਹਨ) (ਕਲਪਨਾ ਖਿੜਕੀ ਥਾਣੀ ਵਾਜਾਂ ਮਾਰਦੀ ਹੈ) ਬਾਪੂ ਬਾਪੂ ਮੈਂ ਆ ਰਹੀ ਬਰਾਨ ਭੌਂ ਲਈ ਫ਼ਸਲ ਦਾ ਗੀਤ ਲੈ ਤੂੰ ਮਾਂ ਨੂੰ ਕਹੁ ਨ ਡੋਲ੍ਹ ਹੰਝੂ ਆਖ਼ਰੀ ਉਡੀਕ ਦਾ (ਬਾਹਰ ਵਲ ਦੌੜਦੀ ਹੈ, ਤਿਤਲੀਆਂ ਤ੍ਰਭਕਦੀਆਂ ਹਨ) ਸੁਣੋ ਸੁਣੋ ਨੀ ਤਿਤਲੀਓ ਮੈਂ ਆਪਣੇ ਦੇਸ ਜਾ ਰਹੀ ਚਲੋ ਚਲੋ ਨੀ ਤਿਤਲੀਓ ਵਿਦਾ ਦੇ ਗੀਤ ਗਾਈਏ (ਬਾਹਰ ਜਾ ਕੇ ਫੇਰ ਪਰਤ ਆਉਂਦੀ ਹੈ) ਸੁਣੋ ਸੁਣੋ ਨੀ ਤਿਤਲੀਓ ਨਵੀਂ ਫਸਲ ਤੇ ਸਾਡੇ ਘਰ ਤੁਸਾਂ ਨੇ ਆਉਣਾ ਜ਼ਰੂਰ ਜ਼ਰੂਰ, ਜ਼ਰੂਰ, ਵਿਦਾ; ਵਿਦਾ (ਸਾਰੀ ਸਟੇਜ ਤਿਤਲੀਆਂ ਨਾਲ ਮੁਸਕਰਾ ਉਠਦੀ ਹੈ ਤੇ ਮੁਸਕਾਉਂਦੀ ਰਹਿੰਦੀ ਹੈ) (ਪਰਦਾ ਡਿਗਦਾ ਨਹੀਂ)

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ