Tarab Ahmed Siddiqui
ਤਰਬ ਅਹਿਮਦ ਸਿੱਦੀਕੀ

ਨਾਂ-ਤਰਬ ਅਹਿਮਦ ਸਿੱਦੀਕੀ, ਕਲਮੀ ਨਾਂ-ਤਰਬ ਅਹਿਮਦ ਸਿੱਦੀਕੀ,
ਜਨਮ ਵਰ੍ਹਾ-1938, ਜਨਮ ਸਥਾਨ, ਕਾਲਾ ਗੋਜਰਾਂ ਜ਼ਿਲਾ ਜਿਹਲਮ,
ਵਿਦਿਆ-ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਮਿੱਟੀ ਦਾ ਮਾਣ (ਗ਼ਜ਼ਲਾਂ, ਨਜ਼ਮਾਂ)
ਪਤਾ-ਕਾਲਾ ਗੋਜਰਾਂ ਜ਼ਿਲਾ ਜਿਹਲਮ ।

ਪੰਜਾਬੀ ਗ਼ਜ਼ਲਾਂ (ਮਿੱਟੀ ਦਾ ਮਾਣ 1989 ਵਿੱਚੋਂ) : ਤਰਬ ਅਹਿਮਦ ਸਿੱਦੀਕੀ

Punjabi Ghazlan (Mitti Da Maan 1989) : Tarab Ahmed Siddiquiਰੰਗ-ਬਰੰਗੀ ਦੁਨੀਆਂ ਦੇ ਵਿਚ ਵਸਦੇ

ਰੰਗ-ਬਰੰਗੀ ਦੁਨੀਆਂ ਦੇ ਵਿਚ ਵਸਦੇ ਰੰਗ-ਬਰੰਗੇ ਲੋਕ । ਕਿਧਰੇ ਜ਼ਰੀ ਪੁਸ਼ਾਕਾਂ ਸਜੀਆਂ ਕਿਧਰੇ ਫਿਰਦੇ ਨੰਗੇ ਲੋਕ । ਇਕ-ਦੂਜੇ ਨੂੰ ਨਿੰਦਦੇ ਰਹਿੰਦੇ ਪਰ ਨਾ ਫੋਲਣ ਆਪਣਾ-ਆਪ, ਝੂਠੋਂ ਸੱਚ ਨਖੇੜੇ ਕਿਹੜਾ, ਇੱਕੋ ਰੰਗ ਵਿਚ ਰੰਗੇ ਲੋਕ । ਚਿਹਰੇ ਫੁੱਲ ਗੁਲਾਬਾਂ ਵਰਗੇ ਗੱਲਾਂ ਸ਼ਹਿਦੋਂ ਸ਼ੀਰੀ ਸਨ, ਕੋਰੇ ਜੁੱਸੇ ਨੈਣ ਮਿਸ਼ਾਲਾਂ ਕਿੱਥੇ ਨੇ ਉਹ ਚੰਗੇ ਲੋਕ । ਕੱਲਾ ਸਫ਼ਰ ਜੰਜਾਲ ਏ ਮੈਨੂੰ ਮੈਂ ਉਹ ਰਾਹਵਾਂ ਲੱਭਦਾ ਵਾਂ, ਜਿਹੜੀਆਂ ਰਾਹਵਾਂ ਦੇ ਵਿਚ ਟੁਰਦੇ ਹਸ-ਹਸ ਸੰਗੇ-ਸੰਗੇ ਲੋਕ । ਤੱਕ-ਤੱਕ ਹਾਲ ਬੇਹਾਲ ਇਨ੍ਹਾਂ ਦਾ ਦਿਲ ਕੁੜ੍ਹਦਾ ਤੇ ਸੋਚਾਂ ਮੈਂ, ਜ਼ਹਿਰ-ਹਵਾਉਂ ਕਦ ਨਿਕਲਣਗੇ ਇਹ ਲੋਭਾਂ ਦੇ ਡੰਗੇ ਲੋਕ । ਅੱਗੇ ਪਿੱਛੇ ਬਿਟ-ਬਿਟ ਤੱਕਦੇ ਮੂੰਹੋਂ ਕੁੱਝ ਨਾ ਕਹਿਣ 'ਤਰਬ', ਲੰਮੇ ਹੌਕੇ ਭਰਦੇ ਡਿੱਠੇ ਜਦ ਵੀ ਕੋਲੋਂ ਲੰਘੇ ਲੋਕ ।

ਦੁੱਖ ਅੰਦਰ ਦਾ ਆਖ ਸੁਣਾਈਏ ਮਸਾਂ-ਮਸਾਂ

ਦੁੱਖ ਅੰਦਰ ਦਾ ਆਖ ਸੁਣਾਈਏ ਮਸਾਂ-ਮਸਾਂ । 'ਮੈਂ' ਅੱਖਰਾਂ ਦਾ ਰੂਪ ਵਟਾਈਏ ਮਸਾਂ-ਮਸਾਂ । ਬਹੁਤੀ ਚੁੱਪ ਵੀ ਆਪਣਾ ਜੁੱਸਾ ਲੂਹੰਦੀ ਏ, ਦੁੱਖ-ਸੁੱਖ ਫੋਲਨ ਦਾ ਬਲ ਪਾਈਏ ਮਸਾਂ-ਮਸਾਂ । ਜੱਨਤ ਛੱਡ ਕੇ ਧਰਤੀ ਦੇ ਦੁੱਖ ਝੱਲੇ ਨੇ, ਬੰਦੇ ਰੱਬ ਦਾ ਭਾਰ ਵੰਡਾਈਏ ਮਸਾਂ-ਮਸਾਂ । ਦਿਲ ਦਾ ਚਾਨਣ ਚੱਟਦੇ ਅੱਤ ਹਨੇਰੇ ਵਿਚ, ਰੱਤੋਂ-ਰੱਤਾ ਫੁੱਲ ਖਿੜਾਈਏ ਮਸਾਂ-ਮਸਾਂ । ਸੱਧਰਾਂ, ਸੁਫ਼ਨਿਆਂ, ਆਸਾਂ, ਪਿਆਸਾਂ ਨਾਲ 'ਤਰਬ', ਅਸੀਂ ਵੀ ਦਿਲ ਦਾ ਸ਼ਹਿਰ ਵਸਾਈਏ ਮਸਾਂ-ਮਸਾਂ ।

ਰੁਠੜੇ ਯਾਰ ਮਨਾਣਾ ਸੌਖਾ ਨਹੀਂ ਹੁੰਦਾ

ਰੁਠੜੇ ਯਾਰ ਮਨਾਣਾ ਸੌਖਾ ਨਹੀਂ ਹੁੰਦਾ । ਸੱਜਣਾਂ ਨੂੰ ਸਮਝਾਣਾ ਸੌਖਾ ਨਹੀਂ ਹੁੰਦਾ । ਸਾਵਣ ਰੁੱਤ ਜਦ ਕੋਇਲ ਕੂਕ ਸੁਣਾਂਦੀ ਏ, ਦੁਖੀਆਂ ਮਨ ਪਰਚਾਉਣਾ ਸੌਖਾ ਨਹੀਂ ਹੁੰਦਾ । ਦਰਦ ਬਿਨਾਂ ਨਾ ਜਗਦੀ ਜੋਤ ਮੁਹੱਬਤ ਦੀ, ਪਿਆਰ ਦਾ ਕੌਲ ਨਿਭਾਉਣਾ ਸੌਖਾ ਨਹੀਂ ਹੁੰਦਾ । ਔਖੀ ਰੀਤ ਨਿਭਾਉਣੀ ਹੈ ਅਨਲਹੱਕ ਦੀ, ਸੂਲੀ ਨੂੰ ਗਲ ਲਾਉਣਾ ਸੌਖਾ ਨਹੀਂ ਹੁੰਦਾ । ਕੁਰਬਲ-ਕੁਰਬਲ ਸੱਧਰਾਂ ਦਰਦ ਵਿਛੋੜੇ ਦਾ, ਕੂੰਜ ਜਿਹਾ ਕੁਰਲਾਉਣਾ ਸੌਖਾ ਨਹੀਂ ਹੁੰਦਾ ।

ਸੱਚ ਸਵੇਰਾ ਲੱਭਦਾ ਫਿਰਦਾ ਰਾਤਾਂ ਵਿਚ

ਸੱਚ ਸਵੇਰਾ ਲੱਭਦਾ ਫਿਰਦਾ ਰਾਤਾਂ ਵਿਚ । ਝੂਠ ਹਨੇਰੇ ਥਾਂ-ਥਾਂ ਬੈਠੇ ਘਾਤਾਂ ਵਿਚ । ਸ਼ਾਖ਼ੀਂ ਖਿੜਦੇ ਸਾਰੇ ਫੁੱਲ ਕਿਉਂ ਝੌਂ ਗਏ ਨੇ, ਕਿਸ ਨੇ ਭਰਿਆ ਜ਼ਹਿਰ ਇਨ੍ਹਾਂ ਬਰਸਾਤਾਂ ਵਿਚ । ਉਹਨੇ ਖ਼ੁਸ਼ੀਆਂ ਆਪਣੀ ਝੋਲੀ ਪਾਈਆਂ ਨੇ, ਸਾਨੂੰ ਦਿੱਤੇ ਅੱਥਰੂ ਪਿਆਰ ਸੌਗ਼ਾਤਾਂ ਵਿਚ । ਰਹੇ ਈਮਾਨ ਸਲਾਮਤ ਤਾਂ ਗੱਲ ਬਣਦੀ ਏ, ਦਿਲ ਦਾ ਕਾਅਬਾ ਘਿਰਿਆ ਲਾਤ-ਮਨਾਤਾਂ ਵਿਚ । ਢਹਿ-ਢਹਿ ਕੇ ਅਸਵਾਰ 'ਤਰਬ' ਜੀ ਹੁੰਦੇ ਨੇ, ਸੁੱਘੜ ਜੀਵਨ ਬਾਜ਼ੀ ਜਿੱਤਦੇ ਮਾਤਾਂ ਵਿਚ ।

ਉਹਨੂੰ ਦਿਲੋਂ ਭੁਲਾਵਾਂ ਇਹ ਹੋ ਸਕਦਾ ਨਹੀਂ

ਉਹਨੂੰ ਦਿਲੋਂ ਭੁਲਾਵਾਂ ਇਹ ਹੋ ਸਕਦਾ ਨਹੀਂ । ਜਿਉਂਦਿਆਂ ਹੀ ਮਰ ਜਾਵਾਂ ਇਹ ਹੋ ਸਕਦਾ ਨਹੀਂ । ਸੁਫ਼ਨਿਆਂ ਵਿਚ ਉਹ ਵਸਦਾ ਤਨ ਮਨ ਉਸ ਦਾ ਏ, ਗ਼ੈਰ ਨੂੰ ਸ਼ੀਸ਼ ਨਿਵਾਵਾਂ ਇਹ ਹੋ ਸਕਦਾ ਨਹੀਂ । ਜਿਸ ਨੇ ਮੇਰੇ ਘਰ ਨੂੰ ਛਾਵਾਂ ਵੰਡੀਆਂ ਨੇ, ਉਹੋ ਰੁੱਖ ਕਟਾਵਾਂ ਇਹ ਹੋ ਸਕਦਾ ਨਹੀਂ । ਸੱਜਣ ਬਣ ਕੇ ਜਿਸ ਸੱਜਣਾਈ ਕੀਤੀ ਨਹੀਂ, ਉਹਦੇ ਮਾਹੀਏ ਗਾਵਾਂ ਇਹ ਹੋ ਸਕਦਾ ਨਹੀਂ । ਆਪਣੀ ਗੱਲ ਤੇ 'ਤਰਬ' ਜੋ ਪਹਿਰਾ ਨਹੀਂ ਦਿੰਦਾ, ਉਹਦਾ ਊਚਾ ਨਾਵਾਂ ਇਹ ਹੋ ਸਕਦਾ ਨਹੀਂ ।

ਵਿੱਚ ਖ਼ਲਾਵਾਂ ਘਰ ਪਏ ਵਸਦੇ ਦਿਸਦੇ ਨੇ

ਵਿੱਚ ਖ਼ਲਾਵਾਂ ਘਰ ਪਏ ਵਸਦੇ ਦਿਸਦੇ ਨੇ । ਲੋਕੀ ਧਰਤੀ ਛੱਡ ਕੇ ਨੱਸਦੇ ਦਿਸਦੇ ਨੇ । ਅੱਖੀਉਂ ਉਹਲੇ ਹਰ ਕੋਈ ਚੁੱਪ-ਚੁੱਪ ਰੋਂਦਾ ਏ, ਵੇਖੋ ਬਾਹਰੋਂ ਸਾਰੇ ਹਸਦੇ ਦਿਸਦੇ ਨੇ । ਸੁੰਦਰ ਸੁਫ਼ਨੇ ਬੇਤਾਅਬੀਰੇ ਰਹਿ ਗਏ ਕਿਉਂ, ਆਸਾਂ ਦੇ ਲੜ ਹੱਥੋਂ ਖਸਦੇ ਦਿਸਦੇ ਨੇ । ਬਣ ਗਏ ਨੇ ਜਗਰਾਤੇ ਰੜਕਣ ਅੱਖੀਆਂ ਦੀ, ਨੀਂਦਰ ਲਈ ਹੁਣ ਨੈਂਣ ਤਰਸਦੇ ਦਿਸਦੇ ਨੇ । ਸਾਨੂੰ 'ਤਰਬ' ਜੋ ਫਾਹਿਉਂ ਕੱਢਣ ਆਏ ਸਨ, ਆਪੋ ਵੀ ਵਿਚ ਫਾਹੀਆਂ ਫਸਦੇ ਦਿਸਦੇ ਨੇ ।

ਫੁੱਲਾਂ ਵਿਚ ਨਹੀਂ ਖ਼ੁਸ਼ਬੂ

ਫੁੱਲਾਂ ਵਿਚ ਨਹੀਂ ਖ਼ੁਸ਼ਬੂ, ਰੁੱਤ ਬਹਾਰਾਂ ਦੀ, ਉਜੜੀ-ਉਜੜੀ ਜਾਪੇ ਮਹਫ਼ਿਲ ਯਾਰਾਂ ਦੀ । ਸ਼ਹਿਰਾਂ ਦੇ ਵਸਨੀਕ ਵੀ ਅੱਜ ਪਏ ਕਹਿੰਦੇ ਨੇ, ਇਹਦੇ ਨਾਲੋਂ ਚੰਗੀ ਜਿਉਣ ਏ ਗ਼ਾਰਾਂ ਦੀ । 'ਅਨਲਹੱਕ' ਦੀ 'ਵਾਜ਼ ਹਮੇਸ਼ਾ ਜ਼ਿੰਦਾ ਏ, ਅੱਜ ਵੀ ਲੋਕੀ ਰੀਤ ਨਿਭਾਵਣ ਦਾਰਾਂ ਦੀ । ਸੀਨੇ ਸੱਖਣੇ ਹੋ ਗਏ ਸਾਝਾਂ ਸੱਧਰਾਂ ਤੋਂ, ਚਿਹਰਿਆਂ ਉੱਤੇ ਰੌਣਕ ਨਹੀਂ ਹੁਣ ਪਿਆਰਾਂ ਦੀ । 'ਤਰਬ' ਸਰੀਰ ਸਲਾਮਤ ਤੇ ਰੂਹ ਲੀਰਾਂ ਏ, ਬੁੱਲਾਂ ਉੱਤੇ ਗੱਲ ਏ ਸਬਰ ਕਰਾਰਾਂ ਦੀ ।

ਤੇਰੇ ਸੁਫ਼ਨੇ ਪੂਰੇ ਹੋਏ

ਤੇਰੇ ਸੁਫ਼ਨੇ ਪੂਰੇ ਹੋਏ ਮੇਰੇ ਬੇਤਾਅਬੀਰ । ਤੇਰੇ ਮੇਰੇ ਲੇਖਾਂ ਦੇ ਵਿਚ ਖਿੱਚੀ ਕਿਸ ਲਕੀਰ । ਖ਼ਵਰੇ ਕਿਹੜੀਆਂ ਫ਼ਿਕਰਾਂ ਦੇ ਵਿਚ ਲੋਕੀ ਡੁੱਬੇ ਰਹਿਣ, ਹਰ ਚਿਹਰੇ ਤੇ ਲਿੱਖੀ ਤੱਕਣਾ ਮੈਂ ਗ਼ਮ ਦੀ ਤਹਿਰੀਰ । ਠਿੱਲ ਪੈਂਦੇ ਜਦ ਹਿੰਮਤ ਵਾਲੇ ਸ਼ੋਹ ਵੀ ਰੋਕ ਨਾ ਪਾਣ, ਓੜਕ ਪਾਰ ਕਿਨਾਰੇ ਲੱਗਦੇ ਤੂਫ਼ਾਨਾਂ ਨੂੰ ਚੀਰ । ਇਕ ਨੂੰ ਸੋਨੇ ਨਾਲ ਇਹ ਤੋਲਣ ਇਕ ਨੂੰ ਧੱਕੇ ਦੇਣ, ਇਹ ਬੰਦਿਆਂ ਦੀ ਆਪਣੀ ਵੰਡ ਏ ਯਾ ਲਿੱਖੀ ਤਕਦੀਰ । 'ਤਰਬ' ਉਹ ਕੈਦੀ ਕੈਦਾਂ ਕੱਟਕੇ ਵੀ ਕੁੱਝ ਕਦਰ ਨਾ ਪਾਵਣ, ਜਿਹੜੇ ਬਾਹਰ ਦੇ ਸੰਗੀਆਂ ਸੰਗ ਨਾ ਰੱਖਣ ਜੋੜ ਜ਼ਮੀਰ ।

ਭਾਵੇਂ ਲੱਖ ਭੁਲੇਖੇ ਪਾ ਤੂੰ

ਭਾਵੇਂ ਲੱਖ ਭੁਲੇਖੇ ਪਾ ਤੂੰ, ਮੈਂ ਨਾ ਕਦੀ ਮਿਟਾਵਾਂ । ਜਿਹੜਾ ਦਿਲ ਦੀ ਧਰਤੀ ਉੱਤੇ ਖੁਣਿਆ ਹੋਇਐ ਨਾਵਾਂ । ਇਹ ਬੱਦਲਾਂ ਦੇ ਕੰਬਲ ਕਦ ਤੱਕ ਤੰਬੂ ਤਾਨ ਖਲੋਸਣ, ਸੱਜਣਾ ਓੜਕ ਦਿਨ ਦੀਆਂ ਕਿਰਨਾਂ ਵਰਣੈਂ ਸ਼ਹਿਰ ਗਰਾਵਾਂ । ਮੇਰੇ ਦਿਲ ਤੋਂ ਖ਼ੁਸ਼ੀਆਂ ਖੋਹ ਕੇ, ਬੁੱਲਾਂ ਉੱਤੋਂ ਹਾਸੇ, ਹੁਣ ਤੋਂ ਰੱਖੀਂ ਆਸ ਮੇਰੀ ਤੂੰ ਤੇਰੇ ਮਾਹੀਏ ਗਾਵਾਂ । ਜਿਹੜਾ ਛੱਤਰ ਪਰ੍ਹਿਆ ਦਾ ਸੀ ਜਿਹੜਾ ਰੌਣਕ ਪਿੰਡ ਦੀ, ਮੈਨੂੰ ਤੇ ਉਸ ਰੁੱਖ ਦੀਆਂ ਹੁਣ ਤੱਕ ਭੁੱਲੀਆਂ ਨਾਹੀਂ ਛਾਵਾਂ । ਗ਼ੈਰਾਂ ਦੇ ਹੱਥ ਬਾਂਹ ਫੜਾ ਕੇ ਮਾਣ 'ਤਰਬ' ਕੀ ਕਰਨਾ, ਕਹਿਣ ਸਿਆਣੇ ਬਾਝ ਭਰਾਵਾਂ ਕਦੀ ਨਾ ਹੋਵਣ ਬਾਹਵਾਂ ।