Tarian De Naal Gallan Kardian (Ghazals) : Gurbhajan Gill
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਗ਼ਜ਼ਲ ਸੰਗ੍ਰਹਿ) : ਗੁਰਭਜਨ ਗਿੱਲ
1. ਕਾਫ਼ਲਿਆਂ ਦਾ ਸਾਥ ਭਲਾ ਕੀ
ਕਾਫ਼ਲਿਆਂ ਦਾ ਸਾਥ ਭਲਾ ਕੀ ਰਾਹ ਵਿਚ ਉੱਗੀਆਂ ਛਾਵਾਂ ਨਾਲ। ਕਦਮ ਮਿਲਾ ਕੇ ਜਿੰਨ੍ਹਾਂ ਤੁਰਨਾ ਭਰ ਵਗਦੇ ਦਰਿਆਵਾਂ ਨਾਲ। ਅੱਜ ਤੇਰੇ ਮੂੰਹ ਜੀਭ ਨਹੀਂ ਹੈ ਚਿਹਰਾ ਵੀ ਉਪਰਾਮ ਹੈ ਕਿਉਂ? ਤੇਰੀ ਤਾਂ ਸੀ ਬਹਿਣੀ ਉੱਠਣੀ ਅੱਗ ਵਰ੍ਹੌਂਦੀਆਂ 'ਵਾਵਾਂ ਨਾਲ। ਧਰਤ, ਸਮੁੰਦਰ, ਦਰਿਆ, ਸਹਿਰਾ, ਹੰਝੂਆਂ ਦਾ ਵੀ ਮੀਂਹ ਵਰ੍ਹਦੈ, ਪੋਟਾ ਪੋਟਾ ਵਿੰਨ੍ਹਿਆ ਦਿਲ ਹੈ ਹਉਕੇ ਬਲਦੀਆਂ ਆਹਵਾਂ ਨਾਲ। ਸ਼ੀਸ਼ੇ ਸਨਮੁਖ ਰੋਜ਼ ਖਲੋ ਕੇ ਮੇਰਾ ਬੁੱਤ ਘਬਰਾਉਂਦਾ ਹੈ, ਆਪਣਾ ਆਪ ਪਕੜਨਾ ਚਾਹਵੇ ਥੱਕੀਆਂ ਥੱਕੀਆਂ ਬਾਹਵਾਂ ਨਾਲ। ਦਿੱਲੀ ਦੱਖਣ ਗਾਹੁਣ ਦੇ ਮਗਰੋਂ ਘਰ ਵਿਚ ਆਣ ਖਲੋ ਜਾਈਏ, ਛਾਵਾਂ ਖ਼ਾਤਰ ਜੁੜ ਜਾਂਦੇ ਹਾਂ ਨਿੱਕੀਆਂ ਨਿੱਕੀਆਂ ਥਾਵਾਂ ਨਾਲ। ਮੰਜ਼ਿਲ ਤਾਂ ਸੀ ਟੇਢੀ ਮੇਢੀ ਉਂਜ ਵੀ ਸੀ ਵੀਰਾਨ ਜਹੀ, ਐਵੇਂ ਯਾਰੋ ਪਰਚ ਗਏ ਆਂ ਸਿੱਧ-ਮ-ਸਿੱਧੀਆਂ ਰਾਹਵਾਂ ਨਾਲ। ਰਾਤ, ਹਨ੍ਹੇਰੀ, ਗੜੇਮਾਰ ਤੇ ਬੱਦਲ, ਕਣੀਆਂ, ਤੇਜ਼ ਹਵਾ, ਪੱਕੀਆਂ ਫ਼ਸਲਾਂ ਕੌਣ ਉਡੀਕੇ ਏਨੇ ਦੁਸ਼ਮਣ ਚਾਵਾਂ ਨਾਲ। ਧਰੜੀ ਮਾਂ ਹੈ ਸੋਨ ਚਿੜੀ ਹੈ ਹੋਰ ਪਤਾ ਨਹੀਂ ਇਹ ਕੀ ਹੈ? ਬੇਘਰ ਵਿਧਵਾ ਜਾਣੀ ਜਾਵੇ ਰੰਗ ਬਰੰਗੇ ਨਾਵਾਂ ਨਾਲ।
2. ਇਕ ਬਦਲੋਟੀ ਤੁਰਦੀ ਜਾਂਦੀ
ਇਕ ਬਦਲੋਟੀ ਤੁਰਦੀ ਜਾਂਦੀ ਥਲ ਨੂੰ ਇਕ ਪਲ ਠਾਰ ਗਈ। ਸਦੀਆਂ ਦੀ ਤੜਪਾਹਟ ਕੰਡਾ ਅਣਖਾਂ ਵਾਲਾ ਮਾਰ ਗਈ। ਬੰਜਰ ਧਰਤੀ ਰੇਤਲ ਟਿੱਬੇ ਪੁੰਗਰਿਆ ਸੀ ਆਸ ਦਾ ਬੀਜ, ਪਾਣੀ ਦੀ ਥਾਂ ਬਦਲੀ ਰਾਣੀ ਗੱਲੀਂ ਬਾਤੀਂ ਸਾਰ ਗਈ। ਹਿੱਕ 'ਚ ਰਹਿ ਗਏ ਹਉਕੇ ਹਾਵੇ ਸੁੱਤੀਆਂ ਆਸਾਂ ਰਾਂਗਲੀਆਂ, ਜਾਂਦੀ ਹੋਈ ਰਾਤ ਕੁਲਹਿਣੀ ਐਸਾ 'ਨ੍ਹੇਰ ਪਸਾਰ ਗਈ। ਸਾਡੇ ਪਿੰਡ ਦੇ ਚਿਹਰੇ 'ਤੇ ਉਦਰੇਵਾਂ ਆ ਕੇ ਬੈਠ ਗਿਆ, ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ। ਸ਼ਹਿਰਾਂ ਵਾਲੀ ਅੱਗ ਨਾ ਕਿਧਰੇ ਸਾਡੀਆਂ ਜੂਹਾਂ ਘੇਰ ਲਵੇ, ਡਰਦੀ ਮਾਰੀ ਉੱਡ ਕੇ ਏਥੋਂ ਏਸੇ ਲਈ ਹੈ ਡਾਰ ਗਈ। ਰਣ-ਖੇਤਰ ਵਿਚ ਖ਼ੂਬ ਲੜੇ ਹਾਂ, ਹੋਰ ਲੜਾਂਗੇ ਵੀ ਆਪਾਂ, ਹੋਇਆ ਕੀ ਜੇ ਬੇਹਥਿਆਰੀ ਧਿਰ ਸਾਡੀ ਫਿਰ ਹਾਰ ਗਈ।
3. ਵਗਦਾ ਦਰਿਆ ਓਸ ਕੰਢੇ
ਵਗਦਾ ਦਰਿਆ ਓਸ ਕੰਢੇ ਸਾਰੇ ਖੰਡਰ ਯਾਦ ਨੇ। ਬਚਪਨੇ ਵਿਚ ਜੋ ਉਸਾਰੇ ਕਾਗ਼ਜ਼ੀ ਘਰ ਯਾਦ ਨੇ। ਇਕ ਦਰਿਆ ਪਾਰ ਕਰਕੇ ਦੂਸਰੇ ਕੰਢੇ ਖਲੋ, ਪਰਤਦੇ ਯਾਰਾਂ ਦੀਆਂ ਅੱਖਾਂ ਤੇ ਅੱਥਰ ਯਾਦ ਨੇ। ਚਰਖ਼ੜੀ 'ਤੇ ਰਾਤ ਦਿਨ ਬੇਸ਼ੱਕ ਅਸਾਡਾ ਬੀਤਿਆ, ਨਿੱਕੇ-ਨਿੱਕੇ ਚਾਅ ਕੁਆਰੇ ਹਾਲੇ ਤੀਕਰ ਯਾਦ ਨੇ। ਪਹਿਲੇ ਖ਼ਤ ਤੋਂ ਬਾਅਦ ਭਾਵੇਂ ਤੂੰ ਕਦੇ ਲਿਖਿਆ ਨਹੀਂ, ਉਹ ਪੁਰਾਣੇ ਜਗਦੇ ਬੁਝਦੇ ਸਾਰੇ ਅੱਖਰ ਯਾਦ ਨੇ। ਦੋਸਤਾਂ ਦੇ ਕੀਮਤੀ ਤੋਹਫ਼ੇ ਮੈਂ ਕਿੱਦਾਂ ਭੁੱਲ ਜਾਂ, ਤਾਅਨੇ, ਮਿਹਣੇ, ਤੁਹਮਤਾਂ ਸਾਰੇ ਹੀ ਨਸ਼ਤਰ ਯਾਦ ਨੇ। ਸ਼ਹਿਰ ਦੇ ਜ਼ੰਗਾਲ ਨੇ ਰੂਹਾਂ ਨੂੰ ਭਾਵੇਂ ਖਾ ਲਿਆ, ਛੋਲਿਆਂ ਦੇ ਖੇਤ ਨੂੰ ਚੁਗਦੇ ਕਬੂਤਰ ਯਾਦ ਨੇ। ਡੇਰਾ ਬਾਬਾ ਨਾਨਕੋਂ ਕੋਠੇ 'ਤੇ ਚੜ੍ਹ ਕੇ ਦਿਸਣ ਜੋ, ਜਿਸਮ ਨਾਲੋਂ ਕਤਰ ਕੇ ਸੁੱਟੇ ਗਏ ਪਰ ਯਾਦ ਨੇ।
4. ਅੱਧੀ ਰਾਤੀਂ ਗੋਲੀ ਚੱਲੀ
ਅੱਧੀ ਰਾਤੀਂ ਗੋਲੀ ਚੱਲੀ ਵਰਤ ਗਈ ਚੁੱਪ ਚਾਨ। ਖ਼ਾਲੀ ਸੜਕਾਂ ਦੇਣ ਗਵਾਹੀ ਹਉਕੇ ਭਰਨ ਮਕਾਨ। ਸਾਰੇ ਘਰ ਨੇਰ੍ਹੇ ਵਿਚ ਡੁੱਬੇ ਜਗਦਾ ਨਾ ਕੋਈ ਦੀਵਾ, ਕੀਕਣ 'ਕੱਲ੍ਹਾ ਬਾਹਰ ਜਾਵਾਂ ਲੈ ਕੇ ਆਪਣੀ ਜਾਨ। ਧਰਤੀ 'ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ, ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ। ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ, ਅੰਦਰ ਬਾਹਰ ਲੈਣ ਤਲਾਸ਼ੀ ਅਣਸੱਦੇ ਮਹਿਮਾਨ। ਉੱਚੀ ਕੰਧ ਨਾਲ ਟਕਰਾ ਕੇ ਸਾਡੀਆਂ ਕੂਕਾਂ ਮੁੜੀਆਂ, ਕਿਲ੍ਹੇ ਦੇ ਅੰਦਰ ਗੂੰਜ ਰਿਹਾ ਸੀ ਆਪਣਾ ਕੌਮੀ ਗਾਨ। ਡੁੱਲ੍ਹੇ ਖ਼ੂਨ ਦਾ ਲੇਖਾ ਜੋਖਾ ਕੌਣ ਕਰੇਗਾ ਯਾਰੋ, ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।
5. ਲਟ ਲਟ ਬਲਦੇ ਮੁਲਕ 'ਚ ਨੱਚਦਾ
ਲਟ ਲਟ ਬਲਦੇ ਮੁਲਕ 'ਚ ਨੱਚਦਾ ਇਹ ਕਿਸਰਾਂ ਦਾ ਮੋਰ। ਹੱਡੀਆਂ ਦੀ ਮੁੱਠ ਜਿਸਮ ਹੋ ਗਿਆ ਫਿਰ ਵੀ ਬਾਂਕੀ ਤੋਰ। ਸੌਣ ਛਰਾਟੇ ਵਰ੍ਹਨ ਦੇ ਪਿੱਛੋਂ ਵਗ ਪਈ ਤੇਜ਼ ਹਨੇਰੀ, ਫ਼ਸਲਾਂ ਦਾ ਲੱਕ ਟੁੱਟਿਆ ਫਿਰ ਵੀ ਸਿਰ 'ਤੇ ਘਟ ਘਨਘੋਰ। ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ, ਦਾਣਾ ਫੱਕਾ ਹੂੰਝ ਕੇ ਲੈ ਗੇ ਰਲ ਮੰਡੀਆਂ ਦੇ ਚੋਰ। ਇਕ ਇਕੱਲੇ ਕਿਰੜੀ ਪੁੱਤ ਨੂੰ ਚੂੰਡਣ ਵਾਲੇ ਕਿੰਨੇ, ਥਾਂ ਥਾਂ ਦਫ਼ਤਰ ਚੁੰਗੀਆਂ, ਠਾਣੇ, ਹਾਕਮ, ਵੱਢੀ-ਖ਼ੋਰ। ਦੋ ਡੰਗ ਵੀ ਨਹੀਂ ਮਿਲਦੀ ਜਿਸ ਨੂੰ ਢਿੱਡ ਭਰ ਰੱਜਵੀਂ ਰੋਟੀ, ਉਹਦੀ ਅੱਖ ਵਿਚ ਕਿਥੋਂ ਆਵੇ ਜੀਵਨ ਦਾਤਾ ਲੋਰ? ਅੰਬਰ ਦੇ ਵਿਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ, ਆਪਣੀ ਗੁੱਡੀ ਦੀ ਨਾ ਜਦ ਤਕ ਆਪ ਸੰਭਾਲੋ ਡੋਰ।
6. ਅੱਖਾਂ ਵਿਚ ਉਨੀਂਦਾ ਰੜਕੇ
ਅੱਖਾਂ ਵਿਚ ਉਨੀਂਦਾ ਰੜਕੇ ਉਮਰਾਂ ਦੇ ਬਨਵਾਸਾਂ ਦਾ। ਫੋੜਾ ਰਿਸਦਾ ਅੰਦਰ ਵੱਲ ਨੂੰ ਬੀਤ ਗਏ ਇਤਿਹਾਸਾਂ ਦਾ। ਝੱਖੜ ਝਾਂਜਾ ਤੇਜ਼ ਹਨੇਰੀ ਅੱਗ ਬਲੇ ਪਈ ਜੰਗਲ ਵਿਚ, ਫਿਰ ਵੀ ਬੂਟਾ ਪਾਲ ਰਿਹਾ ਹਾਂ ਰੰਗ ਬਰੰਗੀਆਂ ਆਸਾਂ ਦਾ। ਅੱਜ ਮੇਰੇ ਨਕਸ਼ਾਂ ਤੇ ਲੀਕਾਂ ਪਾਉਣ ਵਾਲਿਉ ਸੋਚ ਲਵੋ, ਸਮਾਂ ਆਉਣ 'ਤੇ ਕੌਣ ਚੁਕਾਊ ਲੇਖਾ ਪਈਆਂ ਲਾਸ਼ਾਂ ਦਾ। ਜਿਹੜੇ ਫੁੱਲਾਂ ਤੇ ਰੰਗਾਂ ਦੇ ਸਿਰ 'ਤੇ ਧਰਤੀ ਮਾਣ ਕਰੇ, ਉਨ੍ਹਾਂ ਨੂੰ ਅਗਨੀ ਵਿਚ ਸਾੜੇ ਮਾਲਕ ਕੁਝ ਸੁਆਸਾਂ ਦਾ। ਆਪਣੇ ਪਿੰਡੇ ਸੂਈ ਦੀ ਵੀ ਚੋਭ ਨਹੀਂ ਜਰ ਸਕਦੇ ਹੋ, ਚੇਤਾ ਅੱਜ ਕਰਾਵਣ ਓਹੀ ਜ਼ਖ਼ਮਾਂ ਦੇ ਅਹਿਸਾਸਾਂ ਦਾ। ਜਿਸ ਨੇ ਮੇਰੇ ਵੱਸਦੇ ਪਿੰਡ ਨੂੰ ਮਿੱਟੀ ਵਿਚ ਮਿਲਾਇਆ ਹੈ, ਉਹ ਹੀ ਅੱਜ ਬਿਠਾ ਕੇ ਮੈਨੂੰ ਸਬਕ ਦਏ ਧਰਵਾਸਾਂ ਦਾ।
7. ਬੇ-ਮੌਸਮ ਬਰਸਾਤ ਮਧੋਲੀ
ਬੇ-ਮੌਸਮ ਬਰਸਾਤ ਮਧੋਲੀ ਫ਼ਸਲਾਂ ਦੀ ਖ਼ੁਸ਼ਬੋ। ਸੜਕਾਂ ਉੱਤੇ ਚਹਿਲ ਪਹਿਲ ਹੈ ਦਰਦ ਨਾ ਜਾਣੇ ਕੋ। ਦਰਿਆ ਦੇ ਪਾਣੀ ਵਿਚ ਚੜ੍ਹਿਆ ਪਾਰ ਕਿਸ ਤਰ੍ਹਾਂ ਜਾਵਾਂ, ਕਾਫ਼ੀ ਚਿਰ ਦਾ ਸੋਚ ਰਿਹਾ ਹਾਂ ਉਰਲੇ ਆਰ ਖਲੋ। ਅੱਖਾਂ ਵਿਚ ਪਥਰਾਏ ਹੰਝੂ ਮੌਸਮ ਦੀ ਕਿਰਪਾ ਹੈ, ਨਾ ਜੀਂਦੇ ਨਾ ਮੋਇਆਂ ਅੰਦਰ ਨਾ ਸਕਦੇ ਹਾਂ ਰੋ। ਮਿੱਟੀ ਵਿਚ ਗੁਆਚੇ ਸੁਪਨੇ ਖੰਭ ਖੁਹਾ ਲਏ ਰੀਝਾਂ, ਕਿਹੜਾ ਵੈਦ ਪਛਾਣੇ ਮਰਜ਼ਾਂ ਮਿਲਦੀ ਨਾ ਕਨਸੋ। ਕਾਲ ਕਲੂਦੀ ਰਾਤ ਹੈ ਸਿਰ 'ਤੇ ਟੋਏ ਟਿੱਬੇ ਰਾਹ, ਸਫ਼ਰ ਕਰਦਿਆਂ ਨਾਲ ਜਗਾਉ ਆਪਣੀ ਆਪਣੀ ਲੋਅ। ਤੜਕਸਾਰ ਅਣਦਿਸਦਾ ਚਿਹਰਾ ਕੰਨਾਂ ਵਿਚ ਕਹਿ ਜਾਵੇ, ਖੋਲ੍ਹ ਦਿਉ ਹੁਣ ਉਮਰਾਂ ਤੋਂ ਨੇ ਬੰਦ ਪਏ ਦਰ ਜੋ।
8.
ਗੁਆਚੇ ਯਾਰ ਸਾਰੇ ਸ਼ਹਿਰ ਵਿਚ ਕਿਸ ਨੂੰ ਬਲਾਵਾਂਗਾ। ਮੈਂ ਕਿਸਦੇ ਕੋਲ ਜਾ ਕੇ ਆਪਣੀ ਵਿਥਿਆ ਸੁਣਾਵਾਂਗਾ। ਜੇ ਰਾਤਾਂ ਕਾਲੀਆਂ ਤੇ ਲੰਮੀਆਂ ਏਦਾਂ ਹੀ ਰਹੀਆਂ ਤਾਂ, ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ। ਮੈਂ ਬਚਪਨ ਵਿਚ ਕਦੀ ਜਦ ਬੰਟਿਆਂ 'ਤੇ ਚੋਟ ਲਾਉਂਦਾ ਸਾਂ, ਨਹੀਂ ਸਾਂ ਜਾਣਦਾ ਏਦਾਂ ਹੀ ਮੈਂ ਵੀ ਤਿੜਕ ਜਾਵਾਂਗਾ। ਮੈਂ ਸਾਰੀ ਰਾਤ ਅੱਥਰੇ ਸੁਪਨਿਆਂ ਨੂੰ ਟਾਲਦਾ ਰਹਿੰਨਾਂ, ਪਤਾ ਹੈ ਸਾਂਭ ਕੇ ਇਨ੍ਹਾਂ ਨੂੰ ਮੈਂ ਤਾਂ ਬਿਖਰ ਜਾਵਾਂਗਾ। ਤੁਸਾਂ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗੁਆ ਦੇਣੀ, ਜਦੋਂ ਮੈਂ ਆਪਣੇ ਮੱਥੇ 'ਚ ਖੁਭੇ ਕਿੱਲ ਗਿਣਾਵਾਂਗਾ। ਗੁਆਚੇ ਚਿਹਰਿਓ, ਆਓ ਤੁਹਾਨੂੰ ਘਰ ਨੂੰ ਲੈ ਚੱਲਾਂ, ਨਹੀਂ ਤਾਂ ਆਪ ਵੀ ਮੈਂ ਰੌਲਿਆਂ ਵਿਚ ਗਰਕ ਜਾਵਾਂਗਾ।
9. ਹਰ ਸੀਸ ਤੇਗ ਹੇਠਾਂ
ਹਰ ਸੀਸ ਤੇਗ ਹੇਠਾਂ ਹਰ ਜਿਸਮ ਆਰਿਆਂ 'ਤੇ। ਇਹ ਕਿਸ ਤਰ੍ਹਾਂ ਦਾ ਮੌਸਮ ਆਇਆ ਹੈ ਸਾਰਿਆਂ 'ਤੇ। ਪੈਰਾਂ 'ਚ ਝਾਂਜਰਾਂ ਨੇ ਬੇਚੈਨ ਆਂਦਰਾਂ ਨੇ, ਨੱਚਦੇ ਹਾਂ ਨਾਚ ਕਿਹੜਾ ਕਿਸਦੇ ਇਸ਼ਾਰਿਆਂ 'ਤੇ। ਵਰ੍ਹਿਆਂ ਤੋਂ ਸਾਂਭਿਆ ਹੈ ਜਿਸ ਚਾਨਣੀ ਦਾ ਸੁਪਨਾ, ਕਿੰਨੀ ਕੁ ਦੇਰ ਹਾਲੇ ਪਰਚਾਂਗੇ ਲਾਰਿਆਂ 'ਤੇ। ਹਰ ਬੋਲ ਉੱਤੇ ਪਹਿਰਾ ਵੀਰਾਨ ਜਿੰਦੂ ਸਹਿਰਾ, ਹੈ ਸਾਜ਼ਿਸ਼ੀ ਕਰੋਪੀ ਛੰਨਾ ਤੇ ਢਾਰਿਆਂ 'ਤੇ। ਮਿਲ ਕੇ ਹੀ ਜਰ ਸਕਾਂਗੇ ਉਸ ਹਾਦਸੇ ਨੂੰ ਆਪਾਂ, ਡਿੱਗੀ ਜੇ ਬਿੱਜ ਕੋਈ ਬਰਫ਼ਾਂ ਦੇ ਠਾਰਿਆਂ 'ਤੇ। ਕਿੱਧਰ ਨੂੰ ਕੋਈ ਜਾਵੇ ਕਿੱਧਰ ਤੋਂ ਕੋਈ ਆਵੇ, ਹਰ ਸੜਕ ਚੌਂਕ ਗਲੀਆਂ ਪਹਿਰੇ ਨੇ ਸਾਰਿਆਂ 'ਤੇ। ਇਹ ਰਾਤ ਦੀ ਸਿਆਹੀ ਹੱਡਾਂ 'ਚ ਬਹਿ ਨਾ ਜਾਵੇ, ਗਰਮਾਓ ਸਰਦ ਜੁੱਸੇ ਰੱਖ ਕੇ ਅੰਗਾਰਿਆਂ 'ਤੇ। ਇਹ ਜ਼ਿੰਦਗੀ ਹੈ ਯਾਰੋ ਕੋਈ ਵਾਰਤਾ ਨਹੀਂ ਹੈ, ਚੱਲਦੀ ਰਹੂ ਜੋ ਆਪੇ ਢਿੱਲੇ ਹੁੰਗਾਰਿਆਂ 'ਤੇ।
10. ਦਿਨ ਭਰ ਜਿਹੜੀ ਰਾਤ ਉਡੀਕਾਂ
ਦਿਨ ਭਰ ਜਿਹੜੀ ਰਾਤ ਉਡੀਕਾਂ ਰਾਤ ਪਏ ਘਬਰਾਵਾਂ। ਸਮਝ ਨਹੀਂ ਆਉਂਦੀ ਅੰਨ੍ਹੇ ਖੂਹ 'ਚੋਂ ਕਿਧਰ ਨੂੰ ਮੈਂ ਜਾਵਾਂ। ਓਸ ਕੁੜੀ ਨੂੰ ਹੁਣ ਹੱਥਾਂ ਦੀ ਮਹਿੰਦੀ ਤੋਂ ਡਰ ਲੱਗੇ, ਜੀਹਦਾ ਕੰਤ ਜਹਾਜ਼ੇ ਚੜ੍ਹਿਆ ਲੈ ਕੇ ਚਾਰ ਕੁ ਲਾਵਾਂ। ਬੰਦਿਆਂ ਦਾ ਇਤਬਾਰ ਭਲਾ ਮੈਂ ਕੀ ਕਰਦਾ ਇਸ ਰੁੱਤੇ, ਰੁੱਖਾਂ ਨਾਲ ਖਲੋਤਾ ਮੈਂ ਹਾਂ ਜਾਂ ਪੱਤ ਵਿਰਲਾ ਟਾਵਾਂ। ਕੱਲ੍ਹ ਤਿਰਕਾਲੀਂ ਡੁੱਬਦਾ ਸੂਰਜ ਜਾਪ ਰਿਹਾ ਸੀ ਏਦਾਂ, ਜੀਕਣ ਸਾਮੀ ਘੇਰੀ ਹੋਵੇ ਸਾਡੇ ਪਿੰਡ ਦੇ ਸ਼ਾਹਵਾਂ। ਕੱਲ੍ਹ ਦਰਿਆ ਸੀ ਚਾਰ ਚੁਫ਼ੇਰੇ ਵਿਚ ਖਲੋਤਾ ਸਾਂ ਮੈਂ, ਅੱਜ ਮੈਂ ਉਹਦੀ ਰੇਤ 'ਚ ਪੋਟਾ ਪੋਟਾ ਧਸਦਾ ਜਾਵਾਂ। ਆਪਣੇ ਸ਼ਹਿਰ ਪਰਾਇਆਂ ਵਾਂਗੂੰ ਰੁੱਖ ਘੂਰਦੇ ਮੈਨੂੰ, ਸ਼ਹਿਰ ਬੇਗ਼ਾਨੇ ਦੇ ਲੋਕੀਂ ਤਾਂ ਹੱਥੀਂ ਕਰਦੇ ਛਾਵਾਂ। ਤੇਰੀ ਧੁੱਪ ਮੁਬਾਰਕ ਤੈਨੂੰ, ਛਾਂ ਤੇਰੀ ਵੀ ਤੈਨੂੰ, ਮੈਨੂੰ ਬਹੁਤ ਗੁਜ਼ਾਰੇ ਜੋਗਾ ਆਪਣਾ ਹੀ ਪਰਛਾਵਾਂ।
11.ਜੇ ਮੂੰਹੋਂ ਬੋਲਦੀ ਸ਼ੀਰੀਂ ਗ਼ਜ਼ਲ ਦੀ
ਜੇ ਮੂੰਹੋਂ ਬੋਲਦੀ ਸ਼ੀਰੀਂ ਗ਼ਜ਼ਲ ਦੀ ਬਹਿਰ ਦੇ ਵਾਂਗੂੰ। ਤਾਂ ਹੋ ਜਾਣਾ ਸੀ ਖ਼ੁਦ ਫ਼ਰਹਾਦ ਨੇ ਵੀ ਨਹਿਰ ਦੇ ਵਾਂਗੂੰ। ਉਨ੍ਹੇ ਮੈਨੂੰ ਝੁਲਸ ਕੇ ਸ਼ਾਮ ਦੇ ਬੂਹੇ ਤੇ ਧਰ ਦਿੱਤੈ, ਮਿਲੀ ਜੋ ਜ਼ਿੰਦਗੀ ਦੇ ਮੋੜ ਤੇ ਦੋਪਹਿਰ ਦੇ ਵਾਂਗੂੰ। ਮੈਂ ਉਸ ਨੂੰ ਲੱਭਦਾ ਲੱਭਦਾ ਆਪ ਕਿਧਰੇ ਗੁੰਮ ਹੋ ਚੱਲਿਆਂ, ਕਿਤੇ ਤਾਂ ਮਿਲ ਪਵੇ ਮੱਥੇ ਦੀ ਘੂਰੀ ਕਹਿਰ ਦੇ ਵਾਂਗੂੰ। ਉਦ੍ਹੀ ਇਕ ਯਾਦ ਦਾ ਅੰਮ੍ਰਿਤ ਹੀ ਬਣਿਆ ਆਸਰਾ ਮੇਰਾ, ਨਹੀਂ ਤਾਂ ਜ਼ਿੰਦਗੀ ਹੋ ਜਾਣੀ ਸੀ ਇਹ ਜ਼ਹਿਰ ਦੇ ਵਾਂਗੂੰ। ਜਦੋਂ ਸੀ ਕੋਲ ਮੇਰੇ ਜਾਪਦੀ ਬਲਦੀ ਹੋਈ ਸ਼ਮ੍ਹਾਂ, ਜਦੋਂ ਨਿੱਖੜੀ ਤਾਂ ਜਾਪੀ ਉਹ ਸਰਾਪੇ ਸ਼ਹਿਰ ਦੇ ਵਾਂਗੂੰ। ਕਿਵੇਂ ਉਹਨੂੰ ਕਲਾਵੇ ਵਿਚ ਭਰਨ ਦਾ ਹੌਸਲਾ ਕਰਦਾ, ਹਵਾ ਦਾ ਜਿਸਮ ਸੀ ਪਾਣੀ ਦੀ ਉਤਲੀ ਲਹਿਰ ਦੇ ਵਾਂਗੂੰ। ਹੁਲਾਰਾ ਪੀਂਘ ਦਾ ਮੈਂ ਉਸ ਦਾ ਨਾਮ ਰੱਖਿਆ ਹੈ, ਮਿਲੀ ਜੋ ਜ਼ਿੰਦਗੀ ਵਿਚ ਇਕ ਘੜੀ ਸੀ ਕਹਿਰ ਦੇ ਵਾਂਗੂੰ।
12. ਸਾਡੇ ਘਰ ਨੂੰ ਤੀਲ੍ਹੀ ਲਾ 'ਗੇ
ਸਾਡੇ ਘਰ ਨੂੰ ਤੀਲ੍ਹੀ ਲਾ 'ਗੇ ਬਹੁ-ਰੰਗੇ ਅਖ਼ਬਾਰ। ਅੰਨ੍ਹੇ ਕਾਣੇ ਫਿਰਨ ਘੁਮਾਉਂਦੇ ਦੋ ਧਾਰੀ ਤਲਵਾਰ। ਨਾ ਅੰਬਰ 'ਚੋਂ ਬਿਜਲੀ ਡਿੱਗੀ ਨਾ ਕੋਈ ਹੋਰ ਚੁੜੇਲ, ਬਿਟ ਬਿਟ ਝਾਕੇ ਕੰਧ 'ਤੇ ਬੈਠੀ ਖੰਭ ਸੜਿਆਂ ਦੀ ਡਾਰ। ਮਾਂ ਪਿਉ ਜਾਏ ਬਣੇ ਪਰਾਏ ਵੰਡਿਆ ਧਰਤੀ ਅੰਬਰ, ਵਿਸ਼-ਵਣਜਾਰਿਆਂ ਲੀਕਾਂ ਪਾ ਕੇ ਦਿੱਤਾ ਕਹਿਰ ਗੁਜ਼ਾਰ। ਅੰਦਰੋਂ ਕੁੰਡੀ ਲਾ ਕੇ ਸੁੱਤੇ ਵੈਦ-ਧੁਨੰਤਰ ਸਾਰੇ, ਆਪਣੇ ਆਪ ਤਾਂ ਲਹਿ ਨਾ ਸਕਦਾ ਡਾਢਾ ਤੇਜ਼ ਬੁਖ਼ਾਰ। ਮੌਸਮ ਸਿਰ ਇਲਜ਼ਾਮ ਲਗਾ ਕੇ ਕੰਢੇ 'ਤੇ ਜਾ ਬੈਠੇ, ਚਿੱਟੇ ਲੀੜਿਆਂ ਵਾਲੇ ਮੇਰੇ ਵੰਨ-ਸੁਵੰਨੇ ਯਾਰ। ਗਲੀਆਂ ਚੌਂਕ ਚੁਰਸਤੇ ਸੜਕਾਂ ਸੁੰਨ-ਮ-ਸੁੰਨੀਆਂ ਹੋਈਆਂ, ਦਫ਼ਾ ਚੁਤਾਲੀ ਧੌਣ ਪੰਜਾਲੀ ਜੇ ਰਲ ਬੈਠਣ ਚਾਰ। ਏਦਾਂ ਗਰਕ ਗਰਕ ਕੇ ਯਾਰੋ ਬਾਕੀ ਰਹਿ ਕੀ ਜਾਊ, ਵਧਦੀ ਗਈ ਜੇ ਏਦਾਂ ਆਪਣੇ ਗੁਰਕਣ ਦੀ ਰਫ਼ਤਾਰ।
13. ਜੇਕਰ ਬਿਜਲੀ ਘਰ ਦੇ ਨੇੜੇ
ਜੇਕਰ ਬਿਜਲੀ ਘਰ ਦੇ ਨੇੜੇ ਰੌਸ਼ਨ ਚਾਰ ਚੁਫ਼ੇਰਾ ਹੈ। ਇਹਦਾ ਮਤਲਬ ਇਹ ਤਾਂ ਨਹੀਂ ਕਿ ਹੋਇਆ ਸੋਨ-ਸਵੇਰਾ ਹੈ। ਚੰਡੀਗੜ ਦੇ ਜੰਡ ਕਰੀਰਾਂ ਸੜਕਾਂ ਕੋਲ ਤਾਂ ਹੈ ਚਾਨਣ, ਸਾਡੇ ਪਿੰਡ ਦੇ ਅੰਦਰ ਬਾਹਰ ਕਾਲਾ ਘੁੱਪ ਹਨੇਰਾ ਹੈ। ਔੜ ਪਏ ਜਾਂ ਮਾਰ ਦਏ ਫਿਰ ਬੇਮੌਸਮ ਬਰਸਾਤ ਜਹੀ, ਰੋਜ਼ ਦਿਹਾੜੀ ਮਰ ਮਰ ਜੀਣਾ ਸਾਡੇ ਪਿੰਡ ਦਾ ਜੇਰਾ ਹੈ। ਜਿੱਤਿਆ ਸੀ ਜੋ ਕਦੇ ਪੁਰਖ਼ਿਆਂ ਆਪਣੇ ਬਾਹੂਬਲ ਦੇ ਨਾਲ, ਓਸ ਕਿਲ੍ਹੇ ਵਿਚ ਅੱਜ ਕੱਲ੍ਹ ਲੱਗਿਆ ਵਿਸ਼-ਕੰਨਿਆਂ ਦਾ ਡੇਰਾ ਹੈ। ਹੋਰ ਕਿਸੇ ਸੁਕਰਾਤ ਦੀ ਖ਼ਾਤਰ ਜ਼ਹਿਰ ਪਿਆਲਾ ਸਾਂਭ ਲਵੋ, ਮੈਨੂੰ ਤਾਂ ਬੱਸ ਏਸੇ ਜੀਵਨ ਦਾ ਹੀ ਜ਼ਹਿਰ ਬਥੇਰਾ ਹੈ। ਮੇਰੀ ਹੋਂਦ ਕਬੂਲ ਕਰੋਗੇ ਇਕ ਦਿਨ ਐਸਾ ਆਵੇਗਾ, ਮੈਂ ਭਾਵੇਂ ਇਕ ਬਿੰਦੂ ਹਾਂ ਪਰ ਹਰ ਬਿੰਦੂ ਦਾ ਘੇਰਾ ਹੈ। ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ, ਹਰ ਬਸਤੀ, ਘਰ, ਸ਼ਹਿਰ, ਦੇਸ਼ ਤੇ ਹਰ ਧੁਖਦਾ ਪਿੰਡ ਮੇਰਾ ਹੈ।
14. ਚੇਤੇ ਵਿਚੋਂ ਜਾਂਦੀ ਹੀ ਨਹੀਂ
ਚੇਤੇ ਵਿਚੋਂ ਜਾਂਦੀ ਹੀ ਨਹੀਂ ਪਿਛਲੇ ਪਿੰਡ ਦੀ ਨਹਿਰ। ਹੱਡਾਂ ਦੇ ਵਿੱਚ ਰਚਦਾ ਹੀ ਨਹੀਂ ਓਪਰਿਆਂ ਦਾ ਸ਼ਹਿਰ। ਸਿਰ 'ਤੇ ਛਤਰੀ ਤਾਣ ਲਵਾਂ ਜੇ ਧੱਪ ਤੋਂ ਡਰਦਾ ਮਾਰਾ, ਚੁਭਦੀ ਜਾਨ ਵਲੂੰਧਰਦੀ ਹੈ ਫਿਰ ਵੀ ਸਿਖ਼ਰ ਦੁਪਹਿਰ। ਰੁੱਖਾਂ ਦੇ ਪਰਛਾਵੇਂ ਮੇਰੇ ਘਰ ਤੀਕਣ ਨ੍ਹੀਂ ਆਉਂਦੇ, ਸੂਰਜ ਸਾਜ਼ਿਸ਼ ਕਰ ਲੈਂਦਾ ਹੈ ਕਿੱਡਾ ਵੱਡਾ ਕਹਿਰ। ਹੁਣ ਲੋਹੜੇ ਦਾ ਮੀਂਹ ਆਵੇਗਾ ਰੁੱਖ ਡੋਲਦੇ ਵੇਖੋ, ਅੰਬਰ ਦੇ ਨੈਣਾਂ 'ਚੋਂ ਦਿਸਦੀ ਸਰਮੈ ਵਰਗੀ ਗਹਿਰ। ਅਣਦੇਖੇ ਦੁਸ਼ਮਣ ਦਾ ਚਿਹਰਾ ਮੁੜ ਘਿੜ ਨਜ਼ਰੀਂ ਆਵੇ, ਪਤਾ ਨਹੀਂ ਕੀ ਸੁਪਨਾ ਆਵੇ ਰਾਤ ਦੇ ਪਿਛਲੇ ਪਹਿਰ। ਅਧਮੋਏ ਦਫ਼ਤਰ ਵਿਚ ਹੋਏ ਸੱਤ-ਉਨੀਂਦੇ ਲੋਕੀਂ, ਸਹਿਕਦਿਆਂ ਨੂੰ ਖ਼ੋਰੀ ਜਾਵੇ ਚਾਕਰੀਆਂ ਦਾ ਜ਼ਹਿਰ। ਕੱਲ੍ਹ-ਕਲੋਤਰ ਮੈਂ ਵੀ ਸ਼ਾਇਦ ਪਾਣੀ ਵਿਚ ਵਹਿ ਜਾਵਾਂ, ਕੱਲੀ ਕੀਕਣ ਤੁਰ ਸਕਦੀ ਏ ਪਾਣੀ ਉੱਤੇ ਲਹਿਰ।
15. ਜੰਗਲ ਦੇ ਵਿਚ ਸ਼ਾਮ ਪਈ
ਜੰਗਲ ਦੇ ਵਿਚ ਸ਼ਾਮ ਪਈ ਤੇ ਖੁਰਿਆ ਹੈ ਪਰਛਾਵਾਂ। ਵੰਨ ਸੁਵੰਨੀਆਂ ਚੀਕਾਂ ਕੂਕਾਂ ਰੌਲਾ ਬੱਦ ਬਲਾਵਾਂ। ਜਿੰਨ੍ਹਾਂ ਦੇ ਗਲ ਸੰਗਲ ਰੱਸੇ ਹਾਰ ਹਮੇਲਾਂ ਛਣਕਣ, ਖ਼ਸਮ ਪਛਾਣ ਕੇ ਪਿੱਛੇ ਤੁਰੀਆਂ, ਭੇਡਾਂ, ਮੱਝਾਂ, ਗਾਵਾਂ। ਸਿਰ 'ਤੇ ਜਦੋਂ ਦੁਪਹਿਰ ਖੜ੍ਹੀ ਸੀ ਪੈਰ ਨਾ ਪੁੱਟਿਆ ਕੋਈ, ਸਾਨੂੰ ਐਵੇਂ ਬੰਨ੍ਹ ਬਿਠਾਇਆ ਬੁੱਢੇ ਰੁੱਖਾਂ ਛਾਵਾਂ। ਆਲ ਦੁਆਲਾ ਸਾਰੇ ਰਸਤੇ ਸ਼ੇਰ ਬਘੇਲਿਆਂ ਮੱਲੇ, ਤੇਰੇ ਤੱਕ ਵੀ ਆਵਾਂ ਤਾਂ ਦੱਸ ਕਿਹੜੇ ਰਸਤੇ ਆਵਾਂ। ਸਿਰ 'ਤੇ ਐਨ ਵਰ੍ਹਾਊ ਬੱਦਲ, ਕਹਿਰ, ਗੁਬਾਰ, ਹਨੇਰਾ, ਵਿਰਲਾ ਥਾਈਂ ਝਾਕੇ ਫਿਰ ਵੀ ਤਾਰਾ ਵਿਰਲਾ ਟਾਵਾਂ। ਏਨੇ ਸਾਲ ਬੇਗਾਨੀ ਧਰੜੀ ਖੋਰ ਖੋਰ ਕੇ ਪੀਤਾ, ਹੁਣ ਬਨਵਾਸੀ ਪੁੱਤਰਾਂ ਤਾਈਂ ਕਿੰਵ ਪਛਾਨਣ ਮਾਵਾਂ।
16. ਚੰਡੀਗੜ੍ਹ ਦੇ ਬਾਗ਼ 'ਚ ਜੀਕੂੰ
ਚੰਡੀਗੜ੍ਹ ਦੇ ਬਾਗ਼ 'ਚ ਜੀਕੂੰ ਖ਼ੁਸ਼ਬੋਹੀਣ ਗੁਲਾਬ ਹੈ। ਮੈਨੂੰ ਅੱਜ ਕੱਲ੍ਹ ਏਦਾਂ ਜਾਪੇ ਅਪਣਾ ਦੇਸ ਪੰਜਾਬ ਹੈ। ਇਸ ਬੂਟੇ ਨੂੰ ਕੰਡਿਆਂ ਤੋਂ ਬਿਨ ਹੋਰ ਤਾਂ ਕੁਝ ਵੀ ਲੱਗਣਾ ਨਾ, ਫੁੱਲਾਂ ਖ਼ਾਤਰ ਲਾਈ ਜਾਵੇ ਇਹ ਜੋ ਭਤੂਆ ਦਾਬ ਹੈ। ਮੋਢਿਆਂ ਨਾਲੋਂ ਛਾਂਗੀਆਂ ਬਾਹਾਂ, ਬੇ-ਸਿਰ, ਪੈਰ-ਵਿਹੂਣੇ ਲੋਕ, ਰੋਜ਼ ਰਾਤ ਨੂੰ ਅੱਜ ਕੱਲ੍ਹ ਮੈਨੂੰ ਦਿਸਦਾ ਏਹੀ ਖ਼੍ਵਾਬ ਹੈ। ਪਾਟੀਆਂ ਲੀਰਾਂ ਵਾਂਗ ਰੁਲੇ ਨਾ ਇਹਦਾ ਵਰਕਾ ਵਰਕਾ ਵੀ, ਸਾਂਝ-ਭਰੱਪਣ ਵਾਲੀ ਇਹ ਜੋ ਹੱਥਾਂ ਵਿਚ ਕਿਤਾਬ ਹੈ। ਜਨਮ ਜ਼ਾਤ ਤੇ ਨਸਲਾਂ ਦੇ ਅਨੁਸਾਰ ਖ਼ੂਨ ਦਾ ਰੰਗ ਹੋਵੇ, ਏਸ ਸੋਚ ਨੂੰ ਬਦਲੋ ਲੋਕੋ, ਇਹ ਤਾਂ ਗਲਤ ਹਿਸਾਬ ਹੈ। ਕਿਹੜਾ ਮਾਲੀ ਐਸੀ ਡਾਲੀ ਫਿਰ ਲਾਵੇਗਾ ਘਰ ਸਾਡੇ, ਜਿਸ ਦੀ ਖ਼ੁਸ਼ਬੋ ਆਪ ਕਹੇਗੀ ਇਹ ਸਾਡਾ ਪੰਜਾਬ ਹੈ।
17. ਚਾਰ ਚੁਫ਼ੇਰੇ ਨ੍ਹੇਰ ਦਾ ਪਹਿਰਾ
ਚਾਰ ਚੁਫ਼ੇਰੇ ਨ੍ਹੇਰ ਦਾ ਪਹਿਰਾ ਗਠੜੀ ਲੈ ਗਏ ਚੋਰ। ਅੱਧ-ਸੁੱਤੀਏ ਹੁਣ ਜਾਗ ਨੀ ਤੇਰਾ ਲੁੱਟਿਆ ਸ਼ਹਿਰ ਭੰਬੋਰ। ਸੱਤਰੰਗੀ ਅਸਮਾਨ ਦੀ ਲੀਲ੍ਹਾ ਕੋਲ ਸੀ ਜਿਹੜੀ ਉੱਡਦੀ, ਅੱਜ ਬੇਗਾਨਿਆਂ ਤੋੜ ਮਰੋੜੀ ਸਣੇ ਪਤੰਗ ਦੇ ਡੋਰ। ਨਾ ਕੋਈ ਬਾਗ਼ ਬਗੀਚਾ ਖਿੜਿਆ ਨਾ ਅੰਬਾਂ ਨੂੰ ਬੂਰ, ਨਾ ਕੋਇਲਾਂ ਨਾ ਗਾਉਣ ਬੰਬੀਹੇ ਨਾ ਹੀ ਨੱਚਦੇ ਮੋਰ। ਸਾਡੇ ਚਿਹਰੇ ਇੰਜ ਧੁਆਂਖੇ ਰਹੀ ਪਛਾਣ ਨਾ ਕੋਈ, ਆਪਣੇ ਜ਼ਖ਼ਮ ਵਿਖਾ ਕੇ ਕੁੰਜੀ ਲੈ ਗਿਆ ਕੋਈ ਹੋਰ। ਲਹਿੰਦੇ ਬੰਨੇ ਸੂਰਜ ਨੂੰ ਅੱਗ ਲੱਗ ਕੇ ਬੁਝ ਗਈ ਹੈ, ਚੜ੍ਹਦੇ ਪਾਸੇ ਹੋਰ ਚੜ੍ਹੀ ਹੈ ਕਾਲੀ ਘਟ ਘਨਘੋਰ। ਰੁਕ ਰੁਕ ਕੇ ਸਾਹ ਚਲਦਾ ਜਾਪੇ ਨਬਜ਼ ਖਲੋਤੀ ਹੋਈ, ਢੀਠ ਮੁਲਕ ਦੀ ਪਹਿਲਾਂ ਨਾਲੋਂ ਵੀ ਮਸਤਾਨੀ ਤੋਰ। ਸੱਜੇ ਖੱਬੇ ਅੱਗੜ ਪਿੱਛੜ ਗੱਲ ਕਾਹਦੀ ਹਰ ਪਾਸੇ, ਚੋਰ ਉਚੱਕਿਆਂ ਰਲ ਕੇ ਮੱਲਿਆ ਸਾਝਾ ਤਖ਼ਤ ਲਾਹੌਰ।
18. ਪਿੰਡ ਗਏ ਨੂੰ ਘੂਰਦੀਆਂ ਨੇ
ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ। ਵਾਂਗ ਬਿਗਾਨੇ ਝਾਕਦੀਆਂ ਨੇ ਕੰਧਾਂ, ਧੁੱਪਾਂ, ਛਾਵਾਂ। ਵਾਂਗ ਦਰਖ਼ਤਾਂ ਘੇਰ ਲਿਆ ਏ ਅਮਰ ਵੇਲ ਨੇ ਮੈਨੂੰ, ਸਾਹ ਤੇ ਸੋਚ ਜਕੜ ਲਈ ਜਾਪੇ ਕੱਸੀਆਂ ਲੱਤਾਂ ਬਾਹਵਾਂ। ਇਸ ਰੁੱਤੇ ਜੋ ਪੌਣ ਉਦਾਸੀ ਨਾ ਕਰ ਸ਼ਿਕਵਾ ਕੋਈ, ਹਉਕੇ ਭਰ ਵਿਰਲਾਪ ਕਰਦੀਆਂ ਸਭ ਰੁੱਖਾਂ ਦੀਆਂ ਛਾਵਾਂ। ਸੁਪਨ-ਸਿਰਜਣਾ ਕਰਾਂ ਮੈਂ ਕਿਥੇ ਆਲ-ਦੁਆਲੇ ਤਾਰਾਂ, ਬੇਆਬਾਦ ਘਰਾਂ 'ਚੋਂ ਕਿਸ ਦੀ ਕੰਡੀ ਜਾ ਖੜਕਾਵਾਂ। ਨਾਗ ਜ਼ਰ੍ਹੀਲੇ ਕੱਢ ਵਰਮੀਆਂ ਬੈਠੇ ਚੌਕ ਚੁਰਾਹੇ, ਜ਼ਹਿਰਾਂ ਭਿੱਜੀਆਂ ਵਗ ਰਹੀਆਂ ਨੇ ਤਾਂ ਹੀ ਸਰਦ ਹਵਾਵਾਂ।
19. ਆਪਣੇ ਆਲ-ਦੁਆਲ ਤਣਿਆ
ਆਪਣੇ ਆਲ-ਦੁਆਲ ਤਣਿਆ ਹੋਇਆ ਜੋ ਕੋਹਰਾ ਤਾਂ ਦੇਖ। ਇਸ ਧੂੰਏਂ ਦੇ ਪੈਰਾਂ ਹੇਠਾਂ ਇਕ ਬੁਝਿਆ ਚਿਹਰਾ ਤਾਂ ਦੇਖ। ਬੇਬਸ ਬੱਚਾ ਉਲਝ ਗਿਆ ਹੈ ਜੇਕਰ ਪਿਲਚੀ ਡੋਰ ਦੇ ਨਾਲ, ਕਾਗ਼ਜ਼ ਦੀ ਗੁੱਡੀ ਸੰਗ ਜੁੜਿਆ ਉੱਡਣ ਦਾ ਸੁਪਨਾ ਤਾਂ ਦੇਖ। ਇਹ ਮੌਸਮ ਦੀ ਕਰਾਮਾਤ ਹੈ ਸਿਖ਼ਰ ਦੁਪਹਿਰ ਹਨ੍ਹੇਰਾ ਹੈ, ਪਰ ਇਸ ਵੇਲੇ ਸਿਰ 'ਤੇ ਦਗ਼ਦਾ ਸੂਰਜ ਦਾ ਗੋਲਾ ਤਾਂ ਦੇਖ। ਆਪਣੇ ਘਰ ਦੀ ਚਾਰ-ਦੀਵਾਰੀ ਤੋਂ ਵੀ ਬਾਹਰ ਝਾਕ ਜ਼ਰਾ, ਪਰਛਾਵੇਂ ਤੋਂ ਡਰਨ ਵਾਲਿਆ ਉੱਚਾ ਕੱਦ ਅਪਣਾ ਤਾਂ ਦੇਖ। ਇਸ ਪਰਬਤ ਨੂੰ ਤੋੜ ਸਕਣ ਦਾ ਸਾਡਾ ਦਾਅਵਾ ਕੋਈ ਨਹੀਂ, ਬੱਸ ਫਰਹਾਦ ਨੇ ਹੱਥਾਂ ਵਿਚ ਜੋ ਫੜਿਆ ਹੈ ਤੇਸਾ ਤਾਂ ਦੇਖ।
20. ਬੰਦ ਕਮਰੇ ਵਿਚ ਬੈਠ ਪੜ੍ਹਾਂ ਮੈਂ
ਬੰਦ ਕਮਰੇ ਵਿਚ ਬੈਠ ਪੜ੍ਹਾਂ ਮੈਂ ਰੋਜ਼ਾਨਾ ਅਖ਼ਬਾਰਾਂ ਨੂੰ। ਫਿਰ ਕਾਹਦੇ ਲਈ ਖ਼ਤਰਾ ਜਾਪੇ ਮੇਰੇ ਤੋਂ ਸਰਕਾਰਾਂ ਨੂੰ। ਡਰਦਾ ਮਾਰਾ 'ਵਾਜ਼ ਨਾ ਕੱਢਾਂ ਬੂਹਾ ਖੜਕੇ ਘੜੀ ਮੁੜੀ, ਕੰਨ ਵਲ੍ਹੇਟੀ ਸੁਣਦਾ ਹਾਂ ਮੈਂ ਯਾਰ ਦੀਆਂ ਫਿਟਕਾਰਾਂ ਨੂੰ। ਵਿਰਲਾ ਥਾਣੀਂ ਬਲਦਾ ਸੂਰਜ ਜਦ ਚਾਨਣ ਜਾਂ ਸੇਕ ਦਏ, ਨਿੱਘ ਦੀ ਖ਼ਾਤਰ ਜੀਅ ਕਰਦਾ ਏ ਡੇਗ ਦਿਆਂ ਦੀਵਾਰਾਂ ਨੂੰ। ਅਪਣਾ ਆਪ ਲੁਕਾ ਕੇ ਭਾਵੇਂ ਪਿੰਜਰੇ ਦੇ ਵਿਚ ਵਾਸ ਕਰਾਂ, ਉੱਡਣ ਦੀ ਸਿਖਲਾਈ ਦੇਵਾਂ ਪਰ-ਕਟਿਆਂ ਦੀਆਂ ਡਾਰਾਂ ਨੂੰ। ਸ਼ਹਿਰ ਵੜਦਿਆਂ ਲੈਣ ਤਲਾਸ਼ੀ ਹਾਕਮ ਦੇ ਕਾਰਿੰਦੇ ਹੁਣ, ਕਾਗ਼ਜ਼ ਕਲਮ ਦਵਾਤ ਲੁਕਾ ਲਾਂ ਖ਼ਤਰਨਾਕ ਹਥਿਆਰਾਂ ਨੂੰ। ਮੀਲਾਂ ਤੀਕ ਉਦਾਸੀ ਦਾ ਥਲ ਮਾਰੂ ਅੱਗ ਵਰ੍ਹਾਏਗਾ, ਆਪੋ ਆਪਣੇ ਘਰਾਂ 'ਚੋਂ ਰੋਕੋ ਅਗਨੀ ਦੇ ਵਿਸਥਾਰਾਂ ਨੂੰ।
21. ਗੋਲੀਆਂ ਵਿੰਨ੍ਹੇ ਜਿਸਮ ਕੂਕਦੇ
ਗੋਲੀਆਂ ਵਿੰਨ੍ਹੇ ਜਿਸਮ ਕੂਕਦੇ ਸੜਕਾਂ ਦਾ ਇਤਿਹਾਸ ਲਿਖੋ। ਵਰਕਾ ਵਰਕਾ ਜੋੜ ਜੋੜ ਕੇ ਜ਼ਖ਼ਮਾਂ ਦਾ ਇਤਿਹਾਸ ਲਿਖੋ। ਬਾਗ਼-ਬਗ਼ੀਚੇ ਅੱਗ ਦੀ ਭੇਟਾ, ਬਿਰਖ ਚਿਤਾਵਾਂ ਵਿਚ ਸੜੇ, ਗ਼ਰਮ ਰਾਖ ਦਾ ਹਿੱਸਾ ਬਣੀਆਂ ਲਗਰਾਂ ਦਾ ਇਤਿਹਾਸ ਲਿਖੋ। ਇਹ ਕੈਸੀ ਬਰਸਾਤ ਛਾਨਣੀ ਧਰਤੀ ਮਾਂ ਦਾ ਸੀਨਾ ਹੈ, ਕੋਰੇ ਸਫ਼ੇ ਉਡੀਕ ਰਹੇ ਨੇ ਜ਼ੁਲਮਾਂ ਦਾ ਇਤਿਹਾਸ ਲਿਖੋ। ਤਣੇ ਹੋਏ ਮੁੱਕੇ ਨੂੰ ਆਖੋ ਹੋਸ਼ ਨਾਲ ਸਮਤੋਲ ਕਰੋ, ਸੰਗਰਾਮੀ ਦੀ ਚਾਲ ਤੁਰਦਿਆਂ ਕਦਮਾਂ ਦਾ ਇਤਿਹਾਸ ਲਿਖੋ। ਅੱਜ ਦੀ ਰਾਤ ਭਿਆਨਕ ਕਾਲੀ ਅੱਗੇ ਨਾਲੋਂ ਵੱਧ ਕੇ ਹੈ, ਚੁੱਪ ਚੁਪੀਤੇ ਘਰ ਨਾ ਬੈਠੋ ਫ਼ਰਜ਼ਾਂ ਦਾ ਇਤਿਹਾਸ ਲਿਖੋ। ਕਲਮਾਂ ਬੁਰਸ਼ਾਂ ਸਾਜ਼ ਵਾਲਿਓ ਇਸ ਮੌਸਮ ਦਾ ਫ਼ਿਕਰ ਕਰੋ, 'ਸੱਚ ਕੀ ਬੇਲਾ' ਹੱਕ ਨਿਤਾਰੋ ਕੰਧਾਂ ਦਾ ਇਤਿਹਾਸ ਲਿਖੋ।
22. ਸੁਪਨ-ਪਰਿੰਦੇ ਕਿਉਂ ਫੜ ਫੜ ਕੇ ਕਰਦਾ
ਸੁਪਨ-ਪਰਿੰਦੇ ਕਿਉਂ ਫੜ ਫੜ ਕੇ ਕਰਦਾ ਹੈਂ ਕਤਲਾਮ ਜਿਹਾ। ਰੋਜ਼ ਰਾਤ ਨੂੰ ਸੁਣਦਾ ਨਹੀਂ ਤੂੰ ਘੁੱਗੀਆਂ ਦਾ ਕੋਹਰਾਮ ਜਿਹਾ। ਰੰਗ ਬਰੰਗੀਆਂ ਫੜ ਕੇ ਤਿਤਲੀਆਂ ਵਿਚ ਕਿਤਾਬਾਂ ਕੈਦ ਕਰੇਂ, ਸ਼ੌਕ ਅਵੱਲਾ ਤੇਰਾ ਇਹ ਹੁਣ ਹੋ ਚੱਲਿਆ ਏ ਆਮ ਜਿਹਾ। ਦਹਿਸ਼ਤ ਵਹਿਸ਼ਤ ਅਕਲੋਂ ਸ਼ਕਲੋਂ ਸਕੀਆਂ ਭੈਣਾਂ ਜਾਪਦੀਆਂ, ਇਨ੍ਹਾਂ ਨੇ ਪੰਜਾਬ ਬਣਾਇਆ ਹੁਣ ਤਾਂ ਦੂਜੀ ਲਾਮ ਜਿਹਾ। ਨ੍ਹੇਰ ਸਾਈਂ ਦਾ ਜੋਤਸ਼ੀਆਂ ਦੇ ਨਾਲ ਜੋਟੀਆਂ ਪਾ ਬੈਠਾ, ਆਸ ਦਾ ਸੂਰਜ ਲੱਗਦਾ ਸੀ ਜੋ ਸਾਨੂੰ ਸੁਰਖ਼ ਸਲਾਮ ਜਿਹਾ। ਅਦਲ ਸਮੇਂ ਦਾ ਯਾਰੋ ਦੇਖੋ ਕਿਥੋਂ ਕਿਥੇ ਜਾ ਪਹੁੰਚਾ, ਪਾਗਲ ਕਹਿ ਕੇ ਗੋਲੀ ਮਾਰਨ ਕਰ ਦੇਵਣ ਬਦਨਾਮ ਜਿਹਾ। ਨਿੰਮੋਝੂਣ ਉਦਾਸਿਆ ਸੂਰਜ ਸੋਚਾਂ ਦੇ ਖੂਹ ਡੁੱਬ ਚੱਲਿਆ, ਸੁਬ੍ਹਾ ਸਵੇਰੇ ਸਿਖ਼ਰ ਦੁਪਹਿਰੇ ਲੱਗਦਾ ਹੈ ਜੋ ਸ਼ਾਮ ਜਿਹਾ। ਖ਼ਬਰੇ ਕਿਸ ਦਿਨ ਸੁੱਤੇ ਲੋਕੀਂ ਗੂੜ੍ਹੀ ਨੀਂਦ 'ਚੋਂ ਜਾਗਣਗੇ, ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਨਗੇ ਸੰਗਰਾਮ ਜਿਹਾ।
23. ਅੱਜ ਚਾਰੇ ਪਾਸੇ ਹੋਣ ਹਥਿਆਰ ਦੀਆਂ ਗੱਲਾਂ
ਅੱਜ ਚਾਰੇ ਪਾਸੇ ਹੋਣ ਹਥਿਆਰ ਦੀਆਂ ਗੱਲਾਂ। ਕੋਈ ਟਾਵਾਂ-ਟਾਵਾਂ ਕਰਦਾ ਏ ਪਿਆਰ ਦੀਆਂ ਗੱਲਾਂ। ਮੈਨੂੰ ਘੂਰ ਘੂਰ ਵੇਖਦੇ ਨੇ ਜੰਗਲੀ ਜਨੌਰ, ਸ਼ੁਰੂ ਕਰਦਾ ਹਾਂ ਜਦੋਂ ਵੀ ਬਹਾਰ ਦੀਆਂ ਗੱਲਾਂ। ਰਣਭੂਮੀਆਂ ਦਾ ਚੌਂਕੇ ਤਾਈਂ ਹੋਇਆ ਵਿਸਥਾਰ, ਹੋਣ ਲੱਗ ਪਈਆਂ ਏਥੇ ਜਿੱਤ ਹਾਰ ਦੀਆਂ ਗੱਲਾਂ। ਲੋਹਾ ਕੁੱਟਿਆਂ ਬਗ਼ੈਰ ਹਥਿਆਰ ਨਹੀਂ ਬਣੇ, ਇਹ ਲੋਹਾਰ ਦੀਆਂ ਗੱਲਾਂ ਨੇ ਬੇਕਾਰ ਦੀਆਂ ਗੱਲਾਂ। ਕੋਈ ਵੇਚਦਾ ਈਮਾਨ ਕੋਈ ਤਾਰੇ ਉਹਦਾ ਮੁੱਲ, ਸਣੇ ਸਿਰ ਪੱਗ ਹੋ ਗਈਆਂ ਵਪਾਰ ਦੀਆਂ ਗੱਲਾਂ। ਜਦੋਂ ਆਪਣਾ ਹੀ ਸਾਇਆ ਸੰਗ-ਸਾਥ ਛੱਡ ਜਾਏ, ਉਦੋਂ ਮੰਨਦਾ ਹੈ ਕਿਹੜਾ ਇਤਬਾਰ ਦੀਆਂ ਗੱਲਾਂ। ਇਕੋ ਥਾਲੀ ਵਿਚ ਖਾਂਦਿਆਂ ਕੀ ਸੱਪ ਲੜ ਗਿਆ, ਦੋਵੇਂ ਕਰਦੇ ਨੇ ਵੱਖੋ-ਵੱਖ ਯਾਰ ਦੀਆਂ ਗੱਲਾਂ। ਫੁੱਲ ਬੀਜੀਏ ਤੇ ਪਾਲੀਏ ਸੁਗੰਧ ਵੰਡ ਦੇਈਏ, ਚੰਗੇ ਲੋਕ ਸਦਾ ਕਰਦੇ ਵਿਚਾਰ ਦੀਆਂ ਗੱਲਾਂ।
24. ਜਦ ਤੋਂ ਹੋਰ ਜ਼ਮਾਨੇ ਆਏ
ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ। ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ। ਅਸੀਂ ਤਾਂ ਘਰ ਦੀਆਂ ਨੀਂਹਾਂ ਦੇ ਵਿਚ ਸਿਰ ਦਿੱਤੇ ਸੀ ਏਸ ਲਈ, ਪੁੱਤ ਪੋਤਰੇ ਵਾਸ ਕਰਨਰੀ ਜਦ ਆਊ ਬਰਸਾਤ ਮੀਆਂ। ਰੋਜ਼ ਦਿਹਾੜੀ ਸੱਥਰ ਵਿਛਦੇ ਕੀਰਨਿਆਂ ਦੀ 'ਵਾਜ ਸੁਣੇ, ਇਕ ਇਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ। ਰਾਜ ਭਵਨ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜ਼ਰਾ, ਕਈ ਵਰ੍ਹਿਆਂ ਤੋਂ ਇਸ ਬਸਤੀ ਵਿਚ ਨਹੀਂ ਆਈ ਪ੍ਰਭਾਤ ਮੀਆਂ। ਮੇਰੀ ਚੀਖ਼ ਸੁਣਦਿਆ ਲੋਕਾਂ ਜਾਗ ਅਤੇ ਸੰਘਰਸ਼ ਵੀ ਕਰ, ਆਪਣੇ ਆਪ ਨਹੀਂ ਇਹ ਮੁੱਕਣੀ ਗ਼ਮ ਦੀ ਕਾਲੀ ਰਾਤ ਮੀਆਂ। ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮਸਫ਼ਰੋ, ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ 'ਤੇ ਸੁਕਰਾਤ ਮੀਆਂ। ਜਿਹੜੇ ਵੇਲੇ ਚੋਗਾ ਚੁਗ ਕੇ ਪੰਛੀ ਘਰ ਨੂੰ ਮੁੜਦੇ ਨੇ, ਇਕ ਦੂਜੇ ਤੋਂ ਲੁਕਦੇ ਫਿਰੀਏ ਮੈਂ ਤੇ ਮੇਰੀ ਜ਼ਾਤ ਮੀਆਂ। ਮੈਂ ਤਾਂ ਏਸ ਚੌਰਾਹੇ ਦੇ ਵਿਚ ਜਗਦਾ ਦੀਵਾ ਧਰ ਚੱਲਿਆਂ, ਲਾਟ ਬਚਾਇਓ ਨੇਰ੍ਹੀ ਕੋਲੋਂ ਸਿਰ 'ਤੇ ਕਾਲੀ ਰਾਤ ਮੀਆਂ।
25. ਜੀਅ ਕਰਦੈ ਆਪਣੇ ਪਿੰਡ ਜਾ ਕੇ
ਜੀਅ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ-ਛੱਲੀਆਂ ਹੂ। ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ-ਵਲੱਲੀਆਂ ਹੂ। ਏਸ ਨਗਰ ਬਨਵਾਸੀ ਹੋਏ ਰੋਜ਼ੀ ਖ਼ਾਤਰ ਆਏ ਸਾਂ, ਪਿੱਛੇ ਰੋਜ਼ ਉਡੀਕਦੀਆਂ ਨੇ ਮਾਵਾਂ ਕੱਲ-ਮ-ਕੱਲੀਆਂ ਹੂ। ਅੰਬਰ ਵਿਚੋਂ ਤਾਰਾ ਟੁੱਟ ਕੇ ਖ਼ੌਰੇ ਕਿਥੇ ਗ਼ਰਕ ਗਿਆ, ਚੁੰਨੀਆਂ ਰੋਣ ਦੁਹੱਥੜ ਪਿੱਟਣ ਹੋ ਗਈਆਂ ਨੇ ਝੱਲੀਆਂ ਹੂ। ਕੂੰਜਾਂ ਗਈਆਂ ਦੂਰ ਦੇਸ਼ ਨੂੰ ਬੱਚੇ ਦੇ ਕੇ ਆਈਆਂ ਨਾ, ਖ਼ਾਲਮ ਖ਼ਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲ-ਮ-ਟੱਲੀਆਂ ਹੂ। ਤਪਦਾ ਤਨ ਮਨ ਵੰਝਲੀ ਦੇ ਵਿਚ ਕਿੱਥੋਂ ਮਿੱਟੀ ਤਾਨ ਭਰੇ, ਬੇਲੇ ਅੰਦਰ ਲਾਸ਼ਾਂ ਵਿਛੀਆਂ ਚੀਕਾਂ ਜੂਹਾਂ ਮੱਲੀਆਂ ਹੂ। ਤੇਰੇ ਭਾਣੇ ਇਕ ਸਿਵਾ ਬਲ ਬੁਝ ਕੇ ਜਲ ਪ੍ਰਵਾਹ ਹੋਵੇ, ਇਹ ਵੀ ਦੇਖ ਤੂੰ ਕਿਥੋਂ ਤੀਕਰ ਮੱਚਦੀਆਂ ਤਰਥੱਲੀਆਂ ਹੂ। ਫੂਹੜੀ ਉੱਤੇ ਬਹਿ ਕੇ ਉਹ ਅਫ਼ਸੋਸ ਕਰੇ ਤੇ ਮੁੜ ਜਾਵੇ, ਕਾਤਲ ਦਾ ਮਸ਼ਗੂਲਾ ਵੇਖੋ ਦੇਵੇ ਆਪ ਤਸੱਲੀਆਂ ਹੂ। ਜਿੱਧਰ ਵੇਖਾਂ ਹਰ ਥਾਂ ਅੱਗਾਂ ਧਰਤੀ ਦੀ ਹਰਿਔਲ ਸੜੇ, ਠੰਡੀਆਂ ਪੌਣਾਂ ਰੱਬ ਡਾਢੇ ਨੇ ਕਿਹੜੇ ਪਾਸੇ ਘੱਲੀਆਂ ਹੂ।
26. ਮੋਈਆਂ ਘੁੱਗੀਆਂ ਚੇਤੇ ਆਈਆਂ
ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉੱਤੇ ਬਹਿੰਦੇ ਨੂੰ। ਰਾਤ ਬਿਤਾਈ ਕੰਡਿਆਂ ਉੱਤੇ ਉਸਲਵੱਟੇ ਸਹਿੰਦੇ ਨੂੰ। ਅੱਗ ਵੀ ਸਾੜੇ ਠੰਡ ਵੀ ਸਾੜੇ ਜੰਤ ਜਨੌਰਾਂ ਦਾ ਵੀ ਡਰ, ਕੱਲ੍ਹੀ ਜਾਨ ਨੂੰ ਲੱਖਾਂ ਕਹੀਏ ਜੰਗਲ ਦੇ ਵਿਚ ਰਹਿੰਦੇ ਨੂੰ। ਸੁਰਖ਼ਪੋਸ਼ ਇਹ ਰਮਤਾ ਜੋਗੀ ਜਦ ਦਰਿਆ ਨੂੰ ਪਾਰ ਕਰੇ, ਏਦਾਂ ਜਾਪੇ ਜਿੱਦਾਂ ਸੂਰਜ ਤੁਰ ਲਹਿ ਚੱਲਿਆ ਹੈ ਲਹਿੰਦੇ ਨੂੰ। ਮੁੱਕ ਜਾਵਾਂਗੇ ਬਾਂਸਾਂ ਵਰਜਿਓ ਆਪਣੀਓਂ ਹੀ ਅੱਗ ਦੇ ਨਾਲ, ਡੱਕਿਆ ਨਾ ਜੇ ਬਾਹਾਂ ਨੂੰ ਹੁਣ ਆਪਸ ਦੇ ਵਿਚ ਖਹਿੰਦੇ ਨੂੰ। ਸਿੰਗਾਂ ਵਾਲੇ ਇਕ ਚਿਹਰੇ ਤੋਂ ਹਰਦਮ ਡਰਦਾ ਰਹਿੰਦਾ ਹਾਂ, ਹਰ ਵੇਲੇ ਉਹ ਖ਼ੌਰੂ ਪਾਏ ਘੂਰੇ ਉੱਠਦੇ ਬਹਿੰਦੇ ਨੂੰ। ਖ਼ਬਰਦਾਰ ਜੀ ਬਚ ਕੇ ਰਹਿਣਾ ਕੰਧਾਂ ਵਿਚ ਤਰੇੜਾਂ ਨੇ, ਦੂਰ ਖਲੋਤੇ ਦੱਬ ਲੈਂਦੀ ਹੈ ਉੱਚੀ ਮਮਟੀ ਢਹਿੰਦੇ ਨੂੰ। ਮੇਰੀ ਜੀਭ ਸੁਆਦਾਂ ਪਿੱਟੀ ਝੂਠ ਦਾ ਮਿੱਠਾ ਖਾਂਦੀ ਹੈ, ਸੱਚ ਏਸ ਨੂੰ ਕੌੜਾ ਲਗਦੈ ਮਨ੍ਹਾਂ ਕਰੇ ਸੱਚ ਕਹਿੰਦੇ ਨੂੰ। ਪਤਾ ਨਹੀਂ ਇਸ ਇਮਤਿਹਾਨ ਵਿਚ ਕਿੰਨਾ ਕੁ ਚਿਰ ਰਹਿਣਾ ਹੈ, ਚਾਰ ਜੁੱਗ ਤਾਂ ਬੀਤ ਗਏ ਨੇ ਜ਼ੋਰ ਜਬਰ ਇਹ ਸਹਿੰਦੇ ਨੂੰ।
27. ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ
ਦੂਰ ਖੜ੍ਹਾ ਨਾ ਤੂੰ ਨਦੀ ਦੇ ਕਿਨਾਰਿਆਂ ਨੂੰ ਵੇਖ। 'ਵਾਜਾਂ ਮਾਰਦੀਆਂ ਲਹਿਰਾਂ ਦੇ ਇਸ਼ਾਰਿਆਂ ਨੂੰ ਵੇਖ। ਮੋਰ ਲੂਸ ਗਏ ਪਰਿੰਦਿਆਂ ਦੇ ਖੰਭ ਖਿੱਲਰੇ, ਮੇਘ ਮੰਗਦੇ ਸਾਂ ਮਿਲ ਗਏ ਅੰਗਾਰਿਆਂ ਨੂੰ ਵੇਖ। ਵੇਖ ਸੱਥਰਾਂ ਦੇ ਨਾਲ ਕਿਵੇਂ ਭਰੇ ਸ਼ਮਸ਼ਾਨ, ਕਿਵੇਂ ਰਾਤ ਦਿਨ ਚੀਰਦੇ ਨੇ ਆਰਿਆਂ ਨੂੰ ਵੇਖ। ਐਵੇਂ ਰਾਤ ਦੀ ਉਡੀਕ 'ਚ ਨਾ ਚੁੱਪ ਕੀਤਾ ਬੈਠ, ਇਨ੍ਹਾਂ ਦਿਨ ਦੀਵੀਂ ਚੜ੍ਹੇ ਚੰਨ-ਤਾਰਿਆਂ ਨੂੰ ਵੇਖ। ਐਵੇਂ ਮੂਧੜੇ ਮੂੰਹ ਡਿੱਗੀ ਜਾਨੈਂ ਵੇਖ ਕੇ ਮੁਨਾਰੇ, ਕੋਲ ਵੱਸਦੇ ਨੇ ਜਿਹੜੇ ਛੰਨਾਂ ਢਾਰਿਆਂ ਨੂੰ ਵੇਖ। ਬੁੱਲ੍ਹ ਊਠ ਦਾ ਜੋ ਲਮਕੇ ਇਹ ਡਿੱਗਣਾ ਨਹੀਂ, ਉੱਠ ਤੁਰ ਪਉ ਭਰਾਵਾ, ਨਾ ਤੂੰ ਲਾਰਿਆਂ ਨੂੰ ਵੇਖ। ਤੈਨੂੰ ਸੁਣਦੇ ਸਾਂ ਬਾਤ ਨੂੰ ਮੁਕਾ ਕੇ ਬਹਿ ਗਿਆ, ਜਿਹੜੇ ਜਾਗਦੇ ਨੇ ਉਨ੍ਹਾਂ ਦੇ ਹੁੰਗਾਰਿਆਂ ਨੂੰ ਵੇਖ। ਸਮਤੋਲ ਵਿਚ ਪੈਰ ਤਾਹੀਉਂ ਅੱਗੇ ਅੱਗੇ ਜਾਣੇ, ਕਦੇ ਜਿੱਤਿਆਂ ਨੂੰ ਵੇਖ ਕਦੇ ਹਾਰਿਆਂ ਨੂੰ ਵੇਖ। ਜਿਹੜੇ 'ਨ੍ਹੇਰੀਆਂ 'ਚ ਬਾਲਦੇ ਨੇ ਦੀਵਿਆਂ ਦੀ ਪਾਲ, ਤੇਰੇ ਆਪਣੇ ਨੇ ਮਿੱਤਰਾ ਪਿਆਰਿਆਂ ਨੂੰ ਵੇਖ।
28. ਵੱਢਿਆ ਟੁੱਕਿਆ ਜਿਸਮ ਪਿਆ ਹੈ
ਵੱਢਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ। ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ ਪੰਜ ਦਰਿਆਵਾਂ ਨਾਲ। ਬੰਸਰੀਆਂ ਦੇ ਪੋਰੀਂ ਸਿੱਕਾ ਭਰ ਦਿੱਤਾ ਏ ਵਹਿਸ਼ਤ ਨੇ, ਨੱਚਦੇ ਨੱਚਦੇ ਮੋਰ ਸਹਿਮ ਗਏ ਕਿਹੜਾ ਸਾਜ਼ ਵਜਾਵਾਂ ਨਾਲ। ਖੜ੍ਹੀਆਂ ਫ਼ਸਲਾਂ ਕੱਚੇ ਕੋਠੇ ਇਹ ਚੰਦਰੇ ਕਿਉਂ ਢਾਹੁੰਦੇ ਨੇ, ਆਓ ਯਾਰੋ ਗੱਲ ਤਾਂ ਕਰੀਏ ਸ਼ੂਕ ਰਹੇ ਦਰਿਆਵਾਂ ਨਾਲ। 'ਨ੍ਹੇਰੇ ਦੇ ਵਿਚ ਜੰਮ ਜਾਏ, ਕਿੱਸਰਾਂ ਚ ਪਛਾਨਣਗੇ, ਬਿਨ ਸੂਰਜ ਵੱਲ ਮੂੰਹ ਕੀਤਿਆਂ ਤੁਰਦਾ ਨਾ ਪਰਛਾਵਾਂ ਨਾਲ। ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿੱਲਰ ਗਈਆਂ ਹਨ ਏਸ ਤਰ੍ਹਾਂ, ਚਾਰ ਕਦਮ ਨਾ ਤੁਰ ਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ। ਸੁਰ ਦੀ ਮਹਿਫ਼ਲ ਦੇ ਵਿਚ ਆ ਕੇ ਤਾਨਸੈਨ ਕੀ ਸੋਚੇਗਾ, ਸਾਰੀ ਟੀਮ ਵਜੰਤਰੀਆਂ ਦੀ ਜਾ ਬੈਠੀ ਏ ਕਾਵਾਂ ਨਾਲ। ਜਿਹੜਾ ਫੁੱਲ ਖ਼ੁਸ਼ਬੋਈ ਵਾਲਾ ਉਹ ਤਾਂ ਮਹਿਕਾਂ ਵੰਡੇਗਾ, ਉਸ ਨੇ ਬਾਜ਼ ਨਹੀਂ ਆਉਣਾ ਹੈ ਡਾਢੀਆਂ ਸਖ਼ਤ ਸਜ਼ਾਵਾਂ ਨਾਲ। ਅੰਨ੍ਹਾ ਬੰਦਾ ਵੀ ਬੁੱਝ ਲੈਂਦੇ, ਪੈੜ-ਚਾਲ ਤੋਂ ਲਹਿਜੇ ਤੋਂ, ਕਿਹੜਾ ਬੰਦਾ ਸਾਂਝ ਪੁਗਾਉਂਦਾ ਹੈ ਕਿਸ ਤਰ੍ਹਾਂ ਦੇ ਰਾਹਵਾਂ ਨਾਲ। ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫ਼ਨੀਅਰ ਨਾਗਾਂ ਨੇ, ਯਤਨ ਕਰਾਂ ਕਿ ਕੀਲ ਲਵਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।
29. ਪੰਜ ਦਰਿਆ ਪੰਜਾਬ ਬਣ ਗਿਆ
ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ। ਪੱਤੀ ਪੱਤੀ ਹੋ ਚੱਲਿਆ ਹੈ ਸਾਡਾ ਸੁਰਖ਼ ਗੁਲਾਬ। ਕਿਸ ਚੰਦਰੇ ਨੇ ਲਿਖਿਆ ਹੈ ਇਹ ਜੰਗਲ ਦਾ ਕਾਨੂੰਨ, ਅੱਖਰ ਅੱਖਰ ਖਾਣ ਨੂੰ ਆਏ ਆਦਮ ਖੋਰ ਕਿਤਾਬ। ਸੰਕਟ ਕਾਲ ’ਚ ਜੰਮੇ ਜਾਏ ਪੁੱਛਣਗੇ ਜਦ ਸਾਨੂੰ, ਸਿਵਿਆਂ ਦੇ ਵਿਸਥਾਰ ਦੇ ਬਾਰੇ ਕਿਹੜਾ ਦਊ ਜਵਾਬ। ਸਾਹਾਂ ਦੀ ਇਹ ਡੋਰ ਭੂਤਰੇ ਸਾਨ੍ਹ ਦੇ ਪੈਰੀਂ ਉਲਝੀ, ਮੈਂ ਜਾਣਾ ਜਾਂ ਮੌਲਾ ਜਾਣੇ ਹੋਈ ਜੋ ਮੇਰੀ ਬਾਬ। ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ, ਚੁਸਤ ਮਜੌਰਾਂ ਵੱਖਰੇ ਕੀਤੇ ਬਾਣੀ ਅਤੇ ਰਬਾਬ। ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਚੀਕਾਂ, ਕੂਕਾਂ, ਹੰਝੂਆਂ ਨਾਲ ਬਿਆਸਾ ਭਰਿਆ ਨੱਕੋ ਨੱਕ ਚਨਾਬ। ਨੇਰ੍ਹੇ ਦੇ ਵਿਚ ਟੋਹ ਟੋਹ ਤੁਰੀਏ ਰੋਜ਼ਾਨਾ ਹੀ ਭੁਰੀਏ, ਸਮਝ ਨਾ ਆਵੇ ਕਦ ਮੁੱਕੇਗਾ ਯਾਰੋ ਚੰਦਰਾ ਖ਼੍ਵਾਬ।
30. ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ
ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ। ਮੋੜ ਦਿੱਤਾ ਦਿਨ ਚੜ੍ਹੇ ਪ੍ਰਭਾਤ ਨੇ। ਵੇਲਣੇ ਵਿਚ ਜਿਸਮ ਦੀ ਪੀੜੇ ਨਹੀਂ, ਟੁਕੜੇ ਟੁਕੜੇ ਹੋ ਗਏ ਜਜ਼ਬਾਤ ਨੇ। ਨੀਵੇਂ ਥਾਂ ਪਾਣੀ ਖੜ੍ਹੇ ਬੂਟੇ ਮਰੇ, ਕਹਿਰ ਢਾਇਆ ਇਸ ਤਰ੍ਹਾਂ ਬਰਸਾਤ ਨੇ। ਮੈਂ ਮੁਖੌਟਾ ਪਹਿਨ ਕੇ ਭਾਵੇਂ ਫਿਰਾਂ, ਸੱਚ ਦੱਸ ਦੇਣਾ ਮੇਰੀ ਔਕਾਤ ਨੇ। ਇਹ ਮੇਰੇ ਨੈਣਾਂ 'ਚ ਜਿਹੜੇ ਅੱਥਰੂ, ਵਕਤ ਨੇ ਦਿੱਤੇ ਅਸਾਨੂੰ ਦਾਤ ਨੇ। ਪਾਣੀਆਂ ਵਿਚ ਲੀਕ ਅੰਬਰ ਫਾੜੀਆਂ, ਕਿਸ ਤਰ੍ਹਾਂ ਹੈ ਚੀਰਿਆ ਹਾਲਾਤ ਨੇ। ਜਨਮ ਦਿਨ 'ਤੇ ਬਾਲ ਵੀ ਹੁਣ ਭੇਜਦੇ, ਬੰਬ ਤੇ ਪਿਸਤੌਲ ਦੀ ਸੌਗਾਤ ਨੇ।
31. ਰੋਜ਼ ਸਵੇਰੇ ਘਰ ਵਿਚ ਆਉਂਦੀਆਂ
ਰੋਜ਼ ਸਵੇਰੇ ਘਰ ਵਿਚ ਆਉਂਦੀਆਂ ਰੱਤ ਭਿੱਜੀਆਂ ਅਖ਼ਬਾਰਾਂ। ਅੰਨ੍ਹੇ ਖੂਹ ਵਿਚ ਗ਼ਰਕ ਗਿਆਂ ਨੂੰ ਕਿੱਸਰਾਂ 'ਵਾਜਾਂ ਮਾਰਾਂ। ਚੰਗੇ ਭਲੇ ਪਰਿੰਦੇ ਬਹਿ ਗਏ ਆਲ੍ਹਣਿਆਂ ਵਿਚ ਜਾ ਕੇ, ਧਰਤੀ ਅੰਬਰ ਸਾਰਾ ਮੱਲਿਆ ਹੁਣ ਖੰਭਾਂ ਦੀਆਂ ਡਾਰਾਂ। ਅਣਚਾਹੇ ਮਹਿਮਾਨ ਦੇ ਵਾਂਗੂੰ ਚੰਦਰੇ ਸੁਪਨੇ ਆਉਂਦੇ, ਸਹਿਮ ਜਿਹਾ ਛੱਡ ਜਾਵਣ ਪਿੱਛੇ ਮਰ ਚੁੱਕਿਆਂ ਦੀਆਂ ਤਾਰਾਂ। ਪੌਣਾਂ ਦੇ ਵਿਚ ਜ਼ਹਿਰ ਘੋਲ ਕੇ ਕੌਣ ਬਚੇਗਾ ਏਥੇ, ਸਿਵਿਆਂ ਦੇ ਵਿਚ ਅਰਥਹੀਣ ਨੇ ਸਾਰੀਆਂ ਜਿੱਤਾਂ ਹਾਰਾਂ। ਪੈਦਲ ਬੰਦੇ ਦੇ ਹਿੱਸੇ ਬੱਸ ਮਿੱਟੀ ਘੱਟਾ ਆਵੇ, ਪੱਕੀਆਂ ਸੜਕਾਂ ਉੱਤੇ ਭਾਵੇਂ ਚਲਦੀਆਂ ਮੋਟਰ ਕਾਰਾਂ। ਹੱਥਾਂ ਵਾਲੀ ਡੋਰ ਨਾ ਕਿਧਰੇ ਹੱਥਾਂ ਵਿਚ ਹੀ ਰਹਿ ਜਾਵੇ, ਚਾਤਰ ਪੇਚੇ ਮਾਰਨ ਐਧਰ ਸੁੱਤੀਆਂ ਨੇ ਸਰਕਾਰਾਂ। ਹੜ੍ਹ ਦਾ ਪਾਣੀ ਵਗਦਾ ਭਾਵੇਂ ਸਿਰ ਉੱਤੋਂ ਦੀ ਯਾਰੋ, ਇਕ ਦੂਜੇ ਨੂੰ ਪਾਓ ਕਰਿੰਘੜੀ ਬਣ ਜਾਓ ਦੀਵਾਰਾਂ।
32. ਰਿਸ਼ਤੇ ਨਾਤੇ ਗਏ ਗੁਆਚੇ
ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ। ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ। ਮਾਰੂਥਲ ਵਿਚ ਪੈੜ ਤੇਰੀ ਤਾਂ ਮਿਟ ਚੱਲੀ ਸੀ ਰੇਤੇ ਹੇਠ, ਮਹਿਕ ਤੇਰੀ ਨੇ ਉਂਗਲੀ ਫੜ ਕੇ ਸਾਥ ਨਿਭਾਇਆ ਸਾਹਵਾਂ ਨਾਲ। ਖੜ੍ਹੇ ਖਲੋਤੇ ਸੁੱਕੇ ਰੁੱਖ ਨੂੰ ਲੱਕੜਹਾਰੇ ਚੀਰ ਧਰਨ, ਰਾਹਗੀਰਾਂ ਨੂੰ ਮਤਲਬ ਹੁੰਦੈ ਬੱਸ ਇਕੱਲੀਆਂ ਛਾਵਾਂ ਨਾਲ। ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ, ਮੱਥੇ ਨੂੰ ਵੀ ਤੁਰਨਾ ਪੈਂਦੈ ਇਕਜੁੱਟ ਹੋ ਕੇ ਬਾਹਵਾਂ ਨਾਲ। ਜਗਦੇ ਬੁਝਦੇ ਅੱਖਰ ਬਾਤਾਂ ਪਾਉਂਦੇ ਨੇ ਜਦ ਸ਼ਾਮ ਢਲੇ, ਬੁੱਝਣ ਵਾਲੇ ਬੁੱਝ ਲੈਂਦੇ ਨੇ ਕੁਝ ਨਾਵਾਂ ਕੁਝ ਥਾਵਾਂ ਨਾਲ। ਦਿਸ਼ਾ-ਸੂਚਕੋ ਸੇਧ ਸੁਚੱਜੀ, ਤੁਸੀਂ ਕੀ ਦੇਣੀ ਰਾਹੀਆਂ ਨੂੰ, ਤੁਸੀਂ ਤਾਂ ਘੁੰਮਣਘੇਰ 'ਚ ਪੈਗੇ ਵਗਦੀਆਂ ਤੇਜ਼ ਹਵਾਵਾਂ ਨਾਲ। ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਏ, ਪੱਥਰਾਂ ਨੂੰ ਪਿਘਲਾ ਸਕਦਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।
33. ਤੁਸੀਂ ਉਲਝਾ ਲਿਆ ਸਾਨੂੰ
ਤੁਸੀਂ ਉਲਝਾ ਲਿਆ ਸਾਨੂੰ ਹਿਸਾਬਾਂ ਤੇ ਕਿਤਾਬਾਂ ਵਿਚ। ਕੋਈ ਵੀ ਫ਼ਰਕ ਨਾ ਜਾਪੇ ਸੁਆਲਾਂ ਤੇ ਜੁਆਬਾਂ ਵਿਚ। ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ, ਉਦੋਂ ਦੀ ਮਹਿਕ ਮੋਈ ਹੈ ਬਗ਼ੀਚੇ ਦੇ ਗੁਲਾਬਾਂ ਵਿਚ। ਮੈਂ ਮੋਈਆਂ ਤਿਤਲੀਆਂ ਦੇ ਖੰਭਾਂ ਕੋਲੋਂ ਬਹੁਤ ਡਰਦਾ ਹਾਂ, ਜਿੰਨ੍ਹਾਂ ਦਾ ਕਤਲ ਹੋਇਆ ਮੇਰਿਆਂ ਰੰਗੀਨ ਖ਼੍ਵਾਬਾਂ ਵਿਚ। ਜੋ ਸਾਰੀ ਉਮਰ ਨੰਗੇ ਪੈਰ ਲੰਮਾ ਸਫ਼ਰ ਕਰਦੇ ਨੇ, ਉਨ੍ਹਾਂ ਦੇ ਪੈਰ ਨਹੀਂ ਫਸਦੇ ਕਦੇ ਬੂਟਾਂ ਜੁਰਾਬਾਂ ਵਿਚ। ਜਿੰਨ੍ਹਾਂ ਨੂੰ ਵੋਟ ਪਾ ਕੇ ਭੇਜਦੇ ਹਾਂ ਰਾਜ ਭਵਨ ਅੰਦਰ, ਉਹ ਆਪਣੇ ਆਪ ਤਾਈਂ ਗਿਣਨ ਲੱਗਦੇ ਨੇ ਨਵਾਬਾਂ ਵਿਚ। ਜ਼ਮਾਨਾ ਬਦਲਿਆ ਤੇ ਬਦਲੀਆਂ ਦਿਲਚਸਪੀਆਂ ਵੇਖੋ, ਕਿ ਮੱਕੜੀ ਜਾਲ ਪਈ ਬੁਣਦੀ ਹੈ ਸਾਜ਼ਾਂ ਤੇ ਰਬਾਬਾਂ ਵਿਚ। ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਆ, ਅਸਾਨੂੰ ਚੀਰਿਆ ਸ਼ੈਤਾਨ ਨੇ ਹੈ ਦੋ ਪੰਜਾਬਾਂ ਵਿਚ।
34. ਯਾਰੀ ਪਾਉਂਦੇ ਜੇ ਨਾ ਰੰਗਲੇ ਗੁਬਾਰਿਆਂ ਦੇ ਨਾਲ
ਯਾਰੀ ਪਾਉਂਦੇ ਜੇ ਨਾ ਰੰਗਲੇ ਗੁਬਾਰਿਆਂ ਦੇ ਨਾਲ। ਸਾਡੀ ਨਿਭ ਜਾਂਦੀ ਦੋਸਤੀ ਅੰਗਾਰਿਆਂ ਦੇ ਨਾਲ। ਅਸੀਂ ਤੇਰੇ ਵਾਂਗ ਅੰਬਰਾਂ ਨੂੰ ਸੀਗਾ ਚੁੰਮ ਲੈਣਾ, ਰਲ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ। ਅਸੀਂ ਵੱਖ ਤੁਸੀਂ ਵੱਖ ਸਾਡੀ ਰਲਦੀ ਨਾ ਅੱਖ, ਕਦੋਂ ਯਾਰੀਆਂ ਪੁਗਾਈਆਂ ਮਹਿਲਾਂ, ਢਾਰਿਆਂ ਦੇ ਨਾਲ। ਤੁਸੀਂ ਗੂੰਗਿਆਂ ਦੇ ਵਾਂਗ ਚੁੱਪ-ਚਾਪ ਬੈਠ ਗਏ, ਬਾੜ ਤੁਰਨੀ ਹੈ ਅੱਗੇ ਤਾਂ ਹੁੰਗਾਰਿਆਂ ਦੇ ਨਾਲ। ਸਾਨੂੰ ਧਰਤੀ ਦੇ ਮਾਲ ਤੇ ਖ਼ਜ਼ਾਨਿਆਂ ਤੋਂ ਵੱਧ, ਜਿਹੜੀ ਘੜੀ ਲੰਘੇ ਸੱਜਣਾਂ-ਪਿਆਰਿਆਂ ਦੇ ਨਾਲ। ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ, ਕਦੇ ਜ਼ਿੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ। ਗੂੰਗੇ ਬੋਲ਼ੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ, ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ।
35. ਸਿਰਾਂ 'ਤੇ ਰਾਤ ਹੈ ਕਾਲੀ ਭਰਾਓ ਜਾਗਦੇ ਰਹੀਏ
ਸਿਰਾਂ 'ਤੇ ਰਾਤ ਹੈ ਕਾਲੀ ਭਰਾਓ ਜਾਗਦੇ ਰਹੀਏ। ਕਿਤੇ ਪੱਥਰ ਨਾ ਹੋ ਜਾਈਏ ਦਿਲਾਂ ਦੀ ਵੇਦਨਾ ਕਹੀਏ। ਇਹ ਏਨੇ ਸਾਲ ਵਿਚ ਪਹੁੰਚੀ ਕਿਤੇ ਨਾ ਦੋਸਤੋ ਗੱਡੀ, ਬਥੇਰੇ ਹਿੱਕ ਸਾਡੀ ਨੇ ਲੰਘਾਏ ਰੇਲ ਦੇ ਪਹੀਏ। ਅਸੀਂ ਮੁਜਰਿਮ ਦੇ ਵਾਂਗੂੰ ਲੰਘਦੇ ਹਾਂ ਰਾਜਪਥ ਕੋਲੋਂ, ਤਲਾਸ਼ੀ ਵਾਲਿਆਂ ਕੋਲੋਂ ਕਿਤੇ ਪੱਗ ਨਾ ਲਾ ਬਹੀਏ। ਮਲਾਹਾਂ ਅੱਧ ਵਿਚ ਦਰਿਆ ਦੇ ਆ ਬੇੜੀ ਖਲ੍ਹਾਰੀ ਹੈ, ਤੁਸੀਂ ਦੱਸੋ ਕਿ ਇਸ ਨੂੰ ਦੋਸਤੀ ਜਾਂ ਦੁਸ਼ਮਣੀ ਕਹੀਏ। ਸਿਰਫ਼ ਇਕ ਸਿਦਕ ਤੇ ਵਿਸ਼ਵਾਸ ਮੇਰੇ ਨਾਲ ਤੁਰਦਾ ਹੈ, ਉਸ ਦੇ ਆਸਰੇ ਹਰ ਹਾਲ ਵਿਚ ਸਿੱਧੇ ਖੜ੍ਹੇ ਰਹੀਏ। ਜਦੋਂ ਮੌਸਮ ਨੇ ਅੱਜ ਤਕ ਨਾਲ ਸਾਡੇ ਨਾ ਵਫ਼ਾ ਕੀਤੀ, ਅਸੀਂ ਵੀ ਕਿਹੜੇ ਸਾਕੋਂ ਏਸ ਦੀ ਯਾਰੋ ਤੜੀ ਸਹੀਏ।
36. ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ
ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ। ਤਾਹੀਓਂ ਦਿੱਲੀ ਦੂਰ ਬੜੀ ਹੈ। ਮਾਂ ਪਿਉ ਜਾਏ ਮਾਰ ਮੁਕਾਏ, ਇਹ ਕਿੱਧਰਲੀ ਜੰਗ ਲੜੀ ਹੈ। ਡਰਦੀ 'ਵਾਜ ਨਾ ਸੰਘੋਂ ਨਿਕਲੇ, ਹਰ ਬੂਹੇ 'ਤੇ ਮੌਤ ਖੜ੍ਹੀ ਹੈ। ਲੱਗੇ ਬੋਹਲ ਉਡਾ ਨਾ ਦੇਵੇ, ਲਹਿੰਦੀ ਗੁੱਠੇ ਧੂੜ ਚੜ੍ਹੀ ਹੈ। ਟੁੱਟ ਗਈ ਤਾਂ ਫਿਰ ਨਾ ਜੁੜਨੀ, ਨਾ ਤੋੜੋ ਇਹ ਅਹਿਮ ਕੜੀ ਹੈ। ਕਿਥੇ ਪੈਰ ਧਰੋਗੇ ਏਥੇ, ਚਹੁੰ ਗਿੱਠਾਂ ਤੇ ਫੇਰ ਮੜ੍ਹੁ ਹੈ। ਸੂਈਆਂ ਪਿੱਛੇ ਘੁੰਮੀ ਜਾਵਣ, ਮੇਰੇ ਗੁੱਟ 'ਤੇ ਅਜਬ ਘੜੀ ਹੈ। ਵੇਖੀਂ ਇਸ ’ਤੇ ਛੱਤ ਨਾ ਪਾਈਂ, ਗੱਤੇ ਦੀ ਦੀਵਾਰ ਖੜ੍ਹੀ ਹੈ।
37. ਗੁਆਚਾ ਫਿਰ ਰਿਹਾਂ
ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ? ਮੈਂ ਜਿਸ ਤੋਂ ਨਿਖੜਿਆਂ ਉਹ ਪੰਛੀਆਂ ਦੀ ਡਾਰ ਕਿੱਥੇ ਹੈ? ਮੈਂ ਗੂੜ੍ਹੀ ਨੀਂਦ ਵਿਚੋਂ ਜਾਗਿਆਂ ਮੈਨੂੰ ਵਿਖਾਓ ਤਾਂ, ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ? ਮੈਂ ਨਾਨਕ ਦਾ ਰਬਾਬੀ ਹਾਂ ਭਰਾਓ ਮੈਂ ਪੰਜਾਬੀ ਹਾਂ, ਲਿਆਓ ਜੋੜ ਕੇ ਦੇਵਾਂ ਉਹ ਟੁੱਟੀ ਤਾਰ ਕਿੱਥੇ ਹੈ? ਤੁਸੀਂ ਜਿਸ ’ਤੇ ਚੜ੍ਹਾਉਣਾ ਸੀ ਤੇ ਉਸ ਨੇ ਮੁਸਕਰਾਉਣਾ ਸੀ, ਮਸੀਹਾ ਲੱਭਦਾ ਫਿਰਦੈ ਭਲਾ ਉਹ ਦਾਰ ਕਿੱਥੇ ਹੈ? ਮੈਂ ਜਿਸ ਦੇ ਨਾਲ ਪੰਜ ਸਦੀਆਂ ਹੰਢਾਈਆਂ ਧੁੱਪ ਛਾਂ ਬਣ ਕੇ, ਮੇਰਾ ਨਾਨਕ ਨਾ ਖੋਹਵੋ ਦੱਸੋ ਮੇਰਾ ਯਾਰ ਕਿੱਥੇ ਹੈ? ਇਹ ਮੇਰਾ ਸਾਜ਼ ਹੈ, ਆਵਾਜ਼ ਹੈ, ਪਰਵਾਜ਼ ਵੀ ਵੇਖੋ, ਤੇ ਫਿਰ ਦੱਸੋ ਕਿ ਇਸ ਤੋਂ ਵੱਧ ਖਰਾ ਹਥਿਆਰ ਕਿੱਥੇ ਹੈ? ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖ਼ੂੰਖਾਰ ਨਾ ਬਣ ਜਾਂ, ਲਿਆਉ ਪਾੜ ਦੇਵਾਂ ਅੱਜ ਦਾ ਅਖ਼ਬਾਰ ਕਿੱਥੇ ਹੈ? ਮੈਂ ਕਿੱਧਰ ਜਾ ਰਿਹਾਂ ਵੇਖੋ ਮੇਰਾ ਅਗਲਾ ਪੜਾਅ ਕਿਥੇ, ਭਟਕਦੀ ਰੂਹ ਦਾ ਇਸ ਯੁੱਗ ’ਚ ਇਤਬਾਰ ਕਿੱਥੇ ਹੈ?
38. ਹਾਲ ਮੁਰੀਦਾਂ ਕਿਸ ਨੂੰ ਕਹੀਏ
ਹਾਲ ਮੁਰੀਦਾਂ ਕਿਸ ਨੂੰ ਕਹੀਏ। ਮਿੱਤਰਾਂ ਤੋਂ ਨਿੱਤ ਧੋਖੇ ਸਹੀਏ। ਇਕੋ ਥਾਂ 'ਤੇ ਘੁੰਮੀ ਜਾਂਦੇ, ਇਸ ਜੀਵਨ ਦੇ ਚਾਰੇ ਪਹੀਏ। ਆਪ ਖਿਲਾਰੇ ਕੰਡੇ ਚੁਗੀਏ, ਆਉ ਸਾਰੇ ਰਲ ਕੇ ਡਹੀਏ। ਇਹ ਜੀਵਨ ਹੈ ਚਾਰ ਦਿਹਾੜੇ, ਸਭ ਦੀ ਸੁਣੀਏ ਸਭ ਨੂੰ ਕਹੀਏ। ਇਨਸਾਨਾਂ ਦੀ ਜੂਨ ਪਏ ਹਾਂ, ਪਸ਼ੂਆਂ ਵਾਂਗੂੰ ਕਾਹਨੂੰ ਖਹੀਏ। ਨਜ਼ਰਾਂ ਤੋਂ ਨਾ ਗਿਰੀਏ ਯਾਰੋ, ਇਕ ਦੂਜੇ ਦੇ ਦਿਲ ਵਿਚ ਲਹੀਏ। ਤੇਜ਼ ਹਨੇਰੀ ਉੱਡ ਜਾਵਾਂਗੇ, ਕੱਠੇ ਹੋ ਕੇ ਇਕ ਥਾਂ ਬਹੀਏ।
39. ਰੂਹ ਦੀ ਪਿਆਸ ਮਿਟਾਵਣ ਖ਼ਾਤਰ
ਰੂਹ ਦੀ ਪਿਆਸ ਮਿਟਾਵਣ ਖ਼ਾਤਰ ਪੁੱਠੇ ਖੂਹ ਨਹੀਂ ਗੇੜੀਦੇ। ਵਗਦੀ ਨੈਂ 'ਚੋਂ ਪਾਣੀ ਪੀਂਦੇ ਮਿਰਗ ਕਦੇ ਨਹੀਂ ਛੇੜੀਦੇ। ਯਾਦਾਂ ਦਾ ਇਕ ਝੁਰਮਟ ਤੈਨੂੰ ਘੇਰੂ ਸੁੱਤਿਆਂ ਜਾਗਦਿਆਂ, ਮਹਿਮਾਨਾਂ ਤੋਂ ਡਰ ਕੇ ਐਵੇਂ ਘਰ ਦੇ ਦਰ ਨਹੀਂ ਭੇੜੀਦੇ। ਗਮਲੇ ਵਿਚੋਂ ਨਿਕਲੀ ਜੜ੍ਹ ਨੇ ਇਹ ਮਾਲੀ ਨੂੰ ਆਪ ਕਿਹਾ, ਬੇਕਦਰਾਂ ਦੇ ਪੱਕੇ ਵਿਹੜੇ ਅੰਦਰ ਵੱਲ ਨਹੀਂ ਖੇੜੀਦੇ। ਉਹ ਤਾਂ ਦਿਲ ਵਿਚ ਸੋਚ ਤੁਰੀ ਸੀ ਪਾਰ ਲੰਘਾਊਂ ਰਾਹੀਆਂ ਨੂੰ, ਸਣੇ ਮਲਾਹਾਂ ਡੁੱਬ ਗਏ ਸੁਫ਼ਨੇ ਅੱਧ ਵਿਚਾਲੇ ਬੇੜੀ ਦੇ। ਤੂੰ ਤਾਂ ਏਸ ਚੌਰਾਹੇ ਦੇ ਵਿਚ ਬੰਨ੍ਹ ਪੰਚਾਇਤਾਂ ਬੈਠ ਗਿਐਂ, ਮਨ ਦੇ ਰੌਲੇ ਭੀੜ ’ਚ ਬਹਿ ਕੇ ਏਦਾਂ ਨਹੀਂ ਨਿਬੜੀਦੇ। ਦੁੱਖ ਤੇ ਸੁਖ ਦੇ ਦੋਵੇਂ ਪਹੀਏ ਕਠੇ ਹੋ ਕੇ ਰਿੜ੍ਹਦੇ ਨੇ, ਸੁਖ ਸੁਖ ਤੇਰਾ ਦੁੱਖ ਦੁੱਖ ਮੇਰਾ ਏਦਾਂ ਨਹੀਂ ਨਿਖੇੜੀਦੇ। ਧਰਤੀ ਉੱਪਰ ਲੀਕਾਂ ਵਾਹ ਕੇ ਦੱਸ ਨਫ਼ਾ ਕੀ ਖੱਟਿਆ ਹੈ, ਇਕੋ ਮਾਂ ਦੇ ਜੰਮੇ ਜਾਏ ਐਦਾਂ ਨਹੀਂ ਤਰੇੜੀਦੇ।
40. ਪੱਤਝੜ ਮਗਰੋਂ ਕੋਮਲ ਪੱਤਿਆਂ
ਪੱਤਝੜ ਮਗਰੋਂ ਕੋਮਲ ਪੱਤਿਆਂ ਆਉਂਦੇ ਰਹਿਣਾ ਹੈ। ਭਰੇਂ ਹੁੰਗਾਰਾ ਜਾਂ ਨਾਂਹ ਮੈਂ ਤਾਂ ਗਾਉਂਦੇ ਰਹਿਣਾ ਹੈ। ਪੰਛੀਆਂ ਦੀ ਇਕ ਡਾਰ ਦੋਮੇਲ ਨੂੰ ਛੋਹ ਕੇ ਗੁਜ਼ਰ ਗਈ, ਮੈਂ ਵੀ ਮਗਰੇ ਅੰਬਰੀਂ ਤਾਰੀਆਂ ਲਾਉਂਦੇ ਰਹਿਣਾ ਹੈ। ਪਥਰੀਲੀ ਦੀਵਾਰ ਹੁੰਗਾਰਾ ਭਰਨਾ ਨਹੀਂ ਭਾਵੇਂ, ਮੈਂ ਤਾਂ ਇਸ ਨੂੰ ਆਪਣੀ ਬਾਤ ਸੁਣਾਉਂਦੇ ਰਹਿਣਾ ਹੈ। ਚੁੱਪ ਦਾ ਜੰਦਰਾ ਤੋੜੇਂ ਜਾਂ ਨਾ ਤੋੜੇਂ ਮੌਜ ਤੇਰੀ, ਹਰ ਮੌਸਮ ਵਿਚ ਤੇਰਾ ਦਰ ਖੜਕਾਉਂਦੇ ਰਹਿਣਾ ਹੈ। ਕੱਲ ਮੁਕੱਲ੍ਹੇ ਰੁੱਖ ਦੀ ਹੋਂਦ ਕਬੂਲ ਨਹੀਂ ਮੈਨੂੰ, ਜੰਗਲ ਨੂੰ ਮੈਂ ਆਪਣਾ ਗੀਤ ਸੁਣਾਉਂਦੇ ਰਹਿਣਾ ਹੈ। ਤੇਰੇ ਦਿੱਤੇ ਦੁੱਖ ਦਾ ਮੈਂ ਸਨਮਾਨ ਕਰਾਂਗਾ ਇੰਞ, ਸੂਲੀ ਉੱਤੇ ਚੜ੍ਹ ਕੇ ਵੀ ਮੁਸਕਰਾਉਂਦੇ ਰਹਿਣਾ ਹੈ। ਮੈਂ ਕਿਸ ਖ਼ਾਤਰ ਚੋਗ ਚੁਗਾਵਾਂ ਉੱਡਣਹਾਰੇ ਨੂੰ, ਜਿਸ ਨੇ ਮੇਰੀ ਜਿੰਦ ਨੂੰ ਰੋਜ਼ ਸਤਾਉਂਦੇ ਰਹਿਣ
41. ਬੜ੍ਹਕਾਂ ਕੋਲੋਂ ਜੇ ਡਰ ਜਾਓਗੇ
ਬੜ੍ਹਕਾਂ ਕੋਲੋਂ ਜੇ ਡਰ ਜਾਓਗੇ। ਚੁੱਪ ਚੁਪੀਤੇ ਮਰ ਜਾਓਗੇ। ਆਲ੍ਹਣਿਆਂ ਵਿਚ ਬੋਟ ਉਡੀਕਣ, ਕਿਹੜੇ ਵੇਲੇ ਘਰ ਜਾਓਗੇ? ਸਿਦਕ-ਸਬੂਰੀ ਜੇ ਹੈ ਪੱਲੇ, ਦਿਲ ਦਰਿਆ ਨੂੰ ਤਰ ਜਾਓਗੇ। ਕੱਠੀਆਂ ਕਰੋ ਭਰਾਵੋ ਬਾਹਵਾਂ, 'ਕੱਲੇ 'ਕੱਲੇ ਹਰ ਜਾਓਗੇ। ਇਸ ਬਰਸਾਤ 'ਚ ਨੰਗੇ ਧੜ ਤਾਂ, ਲੂਣ ਵਰਗਿਓ ਖਰ ਜਾਓਗੇ। ਨਹੀਂ ਚੰਨ ਤਾਂ ਤੁਸੀਂ ਜੁਗਨੂੰਓਂ, ਕੁਝ ਤਾਂ ਚਾਨਣ ਕਰ ਜਾਓਗੇ। ਮਿਲੂ ਆਸਥਾ ਜ਼ਖ਼ਮੀ ਹੋਈ, ਜੇਕਰ ਅੰਬਰਸਰ ਜਾਓਗੇ।
42. ਜ਼ਿੰਦਗੀ ਕਿਸ ਦੋਸ਼ ਬਦਲੇ
ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ। ਪਹਿਲਾਂ ’ਵਾ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ। ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਐ ਹਵਾ, ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਏਸ ਤੋਂ ਵਧ ਕੇ ਭਲਾ ਹੋਵੇਗੀ ਕਿਹੜੀ ਕਰਬਲਾ। ਜਿਸ ਨੂੰ ਤੂੰ ਆਖੇਂ ਆਜ਼ਾਦੀ ਲੱਭ ਲੈ ਕਿਧਰ ਗਈ, ਉਹ ਤਾਂ ਸੀ ਇਕ ਖ਼੍ਵਾਬ ਰਾਤੀਂ ਆਇਆ ਆ ਕੇ ਤੁਰ ਗਿਆ। ਰੰਗ ਬਦਲੇ, ਪਰ ਕਿਸੇ ਨਾ ਢੰਗ ਬਦਲੇ ਨਾ ਵਿਧਾਨ, ਕੁਰਸੀਆਂ 'ਤੇ ਕਾਲਾ ਧਨ ਚਿਹਰਾ ਬਦਲ ਕੇ ਬਹਿ ਗਿਆ। ਬੰਦਿਆਂ 'ਤੇ ਰੋਕ ਸਰਹੱਦ ਪਾਰ ਕੰਡਿਆਲੀ ਖੜ੍ਹੀ, ਕੌਣ ਡੱਕ ਸਕਦੈ ਭਲਾ ਦੱਸ ਹਾਉਕਿਆਂ ਦਾ ਕਾਫ਼ਲਾ।
43. ਕਦੇ ਸੁਪਨੇ ਵਿਚ ਕਦੇ ਜਾਗਦਿਆਂ
ਕਦੇ ਸੁਪਨੇ ਵਿਚ ਕਦੇ ਜਾਗਦਿਆਂ ਸਾਨੂੰ ਸਰਪ ਦੋਮੂੰਹੋਂ ਡੰਗਦੇ ਰਹੇ। ਅਸੀਂ ਫਿਰ ਵੀ ਐਸੇ ਸੱਜਣਾਂ ਲਈ ਸਦਾ ਨੇਕ ਦੁਆ ਹੀ ਮੰਗਦੇ ਰਹੇ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਧੰਨਵਾਦੀ ਹਾਂ ਏਸ ਲਈ, ਜੋ ਹਰ ਯੁਗ ਅੰਦਰ ਲੱਭ ਲੱਭ ਕੇ ਮੈਨੂੰ ਹੀ ਸੂਲੀ ਟੰਗਦੇ ਰਹੇ। ਕਈ ਸਦੀਆਂ ਮਗਰੋਂ ਅੱਜ ਵੀ ਤਾਂ ਹੀਰਾਂ ਤੇ ਸੱਸੀਆਂ ਤੜਪਦੀਆਂ, ਓਵੇਂ ਹੀ ਕੈਦੋਂ ਚਾਲਬਾਜ਼ ਤੇ ਟੇਢੇ ਰਸਤੇ ਝੰਗ ਦੇ ਰਹੇ। ਕਹਿਰਾਂ ਦੀ ਤਪਸ਼ ਪਿਆਸ ਬੜੀ ਤੇ ਤੜਫ਼ ਰਹੇ ਸਭ ਜੀਵ ਜੰਤ, ਉਹ ਗਾਉਂਦੇ ਰਹੇ ਮਲਹਾਰ ਰਾਗ ਅਸੀਂ ਪਾਣੀ ਪਾਣੀ ਮੰਗਦੇ ਰਹੇ। ਹੱਕ ਸੱਚ ਦੇ ਰਸਤੇ ਤੁਰਨਾ ਹੈ ਕੀ ਡਰ ਹੈ ਸੂਲ ਸਲੀਬਾਂ ਦਾ, ਸਾਡੇ ਵੱਡ-ਵਡੇਰੇ ਅਜ਼ਲਾਂ ਤੋਂ ਹਨ ਏਸੇ ਰਾਹ ਤੋਂ ਲੰਘਦੇ ਰਹੇ। ਇਹ ਚੋਰੀ ਡਾਕੇ ਹੱਕਾਂ ਤੇ ਕੋਈ ਐਵੇਂ ਤਾਂ ਨਹੀਂ ਮਾਰ ਰਿਹਾ, ਬਦਨੀਤੀ ਚੌਕੀਦਾਰਾਂ ਦੀ ਜੋ ਝੂਠੀ ਮੂਠੀ ਖੰਘਦੇ ਰਹੋ। ਜਦ ’ਵਾਜ਼ ਹੈ ਮਾਰੀ ਧਰਤੀ ਨੇ ਅਸੀਂ ਪਹੁੰਚ ਗਏ ਹਾਂ ਓਸ ਘੜੀ, ਇਹ ਤਨ ਦਾ ਚੋਲਾ ਹਰ ਵਾਰੀ ਅਸੀਂ ਆਪਣੇ ਲਹੂ ਵਿਚ ਰੰਗਦੇ ਰਹੇ। ਇਹ ਚਾਰ ਦੀਵਾਰੀ ਨਸਲਾਂ ਦੀ ਤੇ ਧਰਮ ਦੀ ਵਲਗਣ, ਤੋਬਾ ਹੈ, ਲੋਕਾਂ ਨੂੰ ਕਹੀਏ ਤੋੜ ਦਿਉ ਪਰ ਆਪਣੀ ਵਾਰੀ ਸੰਗਦੇ ਰਹੇ।
44. ਸਿੱਧੇ ਰਾਹੀਂ ਤੁਰੇ ਜਾਂਦਿਆਂ
ਸਿੱਧੇ ਰਾਹੀਂ ਤੁਰੇ ਜਾਂਦਿਆਂ, ਇਹ ਕੀ ਭਾਣਾ ਵਾਪਰਿਆ। ਮਨ ਦਾ ਪੰਛੀ ਉੱਡਦਾ ਉੱਡਦਾ, ਬਲਦੇ ਰੁੱਖ 'ਤੇ ਬੈਠ ਗਿਆ। ਖਿੜੇ ਗੁਲਾਬ ਤ੍ਰੇਲ ਦੇ ਮੋਤੀ ਪੱਤੀਆਂ ਵੀ ਸਭ ਨਕਲੀ ਨੇ, ਖ਼ੁਸ਼ਬੂ ਨਾ ਲੱਭ ਮਰਤਬਾਨ ਦੀਆਂ ਮੱਛੀਆਂ ਮੈਨੂੰ ਆਪ ਕਿਹਾ। ਤਪਦੇ ਮਾਰੂਥਲ ਵਿਚ ਜੰਤ ਪਰਿੰਦੇ ਤੜਫਣ ਪਾਣੀ ਨੂੰ, ਯਾਤਰੂਆ ਤੂੰ ਮੋਢੇ ਟੰਗੀ, ਬੋਤਲ ਨੂੰ ਵੀ ਖੋਲ੍ਹ ਜ਼ਰਾ। ਚੜ੍ਹਦਾ ਦਿਨ ਤੇ ਡੁੱਬਦਾ ਸੂਰਜ ਸ਼ਾਮ ਸਵੇਰਾਂ ਵਕਤ ਗਵਾਹ, ਨੇਰ੍ਹੇ ਦੀ ਬੁੱਕਲ 'ਚੋਂ ਨਿਕਲੇ ਨੇਰ੍ਹੇ ਦੇ ਘਰ ਫੇਰ ਗਿਆ। ਆਪਣੇ ਮਨ ਦਾ ਵਿਹੜਾ ਜੇ ਤੂੰ ਰੌਸ਼ਨ ਕਰਨਾ ਚਾਹੁੰਦਾ ਏਂ, ਤਨ ਦੇ ਦੀਵੇ ਅੰਦਰ ਬੱਤੀ ਚੇਤਨਤਾ ਦੀ ਤੁਰਤ ਜਗਾ। ਇਨ੍ਹਾਂ ਤੋਂ ਮੈਂ ਲਵਾਂ ਰਵਾਨੀ ਜੀਵਨ ਤੋਰ ਨਿਰੰਤਰ ਸੇਧ, ਮੇਰੇ ਲਈ ਤਾਂ ਦੋਵੇਂ ਰੱਬ ਨੇ ਜਗਦਾ ਦੀਵਾ ਤੇ ਦਰਿਆ।
45. ਦਿਲ ਹੋਇਆ ਛਾਲੇ ਛਾਲੇ
ਦਿਲ ਹੋਇਆ ਛਾਲੇ ਛਾਲੇ ਸੁੱਜੇ ਅੱਖੀਆਂ ਦੇ ਕੋਏ। ਜਿਹੜੀ ਮੇਰੇ ਨਾਲ ਹੋਈ ਵੈਰੀ ਨਾਲ ਵੀ ਨਾ ਹੋਏ। ਜਿੰਨ੍ਹਾਂ ਸੱਜਣਾਂ ਤੇ ਮੈਨੂੰ ਹੈ ਸੀ ਹੱਦੋਂ ਵੱਧ ਮਾਣ, ਉਨ੍ਹਾਂ ਸਾਰਿਆਂ ਤੋਂ ਵੱਧ ਮੇਰੀ ਕੀਤੀ ਤੋਏ ਤੋਏ। ਭੁੱਲੇ ਕੌਲ ਤੇ ਕਰਾਰ ਜਿਹੜੇ ਕੀਤੇ ਬਾਰ ਬਾਰ, ਨੀਲੇ ਅੰਬਰਾਂ ਦੀ ਛਾਵੇਂ ਸੁੱਚੀ ਚਾਨਣੀ ਦੀ ਲੋਏ। ਹਰ ਪੱਤੇ ਬੂਟੇ ਕਾਹੀ ਤੁਰੀ ਫਿਰੇ ਬੇਵਿਸਾਹੀ, ਕਿਤੇ ਬੰਦਿਆਂ ਦੇ ਭੇਸ ਵਿਚ ਅੱਗ ਹੀ ਨਾ ਹੋਏ। ਜਿੰਨ੍ਹਾਂ ਫੁੱਲਾਂ ਨੂੰ ਮੈਂ ਪਾਲਿਆਂ ਸੀ ਬੜੇ ਚਾਵਾਂ ਨਾਲ, ਵਣਜਾਰਿਆਂ ਨੇ ਤੋੜ ਸਾਰੇ ਸੂਈ 'ਚ ਪਰੋਏ। ਵੇਖ ਮੌਤ ਦਾ ਸਾਮਾਨ ਸਹਿਮੀ 'ਕੱਲੀਕਾਰੀ ਜਾਨ, ਕਿਤੇ ਧਰਤੀ 'ਤੇ ਮੇਰੀ ਰਾਤ ਆਖ਼ਰੀ ਨਾ ਹੋਏ। ਤੇਰੇ ਦਿਲ ਦੀਆਂ ਗੱਲਾਂ ਬਿਨਾਂ ਕਹੇ ਬੁੱਝ ਲਈਆਂ, ਅੱਜ ਪਹਿਲੀ ਵਾਰ ਆਪਾਂ ਗਲੇ ਲੱਗ ਕੇ ਨਾ ਰੋਏ। ਤੇਰੇ ਹੱਥ ਵਿਚ ਤੀਰ ਤੇ ਕਮਾਨ ਮੇਰੀ ਜਾਨ, ਚੱਲ ਮਾਰ ਤੂੰ ਨਿਸ਼ਾਨਾ ਗੱਲ ਇਕ ਪਾਸੇ ਹੋਏ।
46. ਖ਼ਬਰੇ ਕਿਹੜੇ ਗ਼ਮ ਨੇ ਖਾਧੇ
ਖ਼ਬਰੇ ਕਿਹੜੇ ਗ਼ਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ। ਨਕਸ਼ ਨੁਹਾਰ ਇਨ੍ਹਾਂ ਦੀ ਮਿਲਦੀ ਨਾਲ ਬੀਮਾਰ ਮਨੁੱਖਾਂ ਦੇ। ਤੂੰ ਕਿਤਿਉਂ ਵੀ ਚੂਲੀ ਭਰ ਲੈ ਹਰ ਥਾਂ ਖਾਰਾ ਪਾਣੀ ਹੈ, ਖ਼ੂਨ ਪਸੀਨਾ ਅੱਥਰੂ ਬਣ ਗਏ ਦਰਦ ਸਮੁੰਦਰ ਦੁੱਖਾਂ ਦੇ। ਹਰੇ ਕਚੂਰ ਦਰਖ਼ਤਾਂ ਵਲ ਤੂੰ ਵੇਖੀਂ ਤੇ ਇਹ ਸਮਝ ਲਈਂ, ਪੱਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ। ਰੱਜੇ ਪੁੱਜੇ ਲੋਕੀਂ ਰੋ ਰੋ ਹੋਰ ਦੌਲਤਾਂ ਮੰਗਦੇ ਨੇ, ਰੁੱਖੀ ਮਿੱਸੀ ਖਾ ਸੌਂ ਜਾਂਦੇ ਲਾਡ ਲਡਾਏ ਭੁੱਖਾਂ ਦੇ। ਦੋਧੇ ਵਸਤਰ ਉੱਜਲੇ ਚਿਹਰੇ ਬਗਲੇ ਵਾਂਗ ਅਡੋਲ ਖੜ੍ਹੇ, ਵੇਖ ਪਛਾਣ ਲਵੀਂ ਤੂੰ ਆਪੇ ਮੂੰਹ ਨਕਲੀ ਗੁਰਮੁੱਖਾਂ ਦੇ। ਜਾਇਦਾਦ ਅਣਦਿਸਦਾ ਕੀੜਾ ਰਿਸ਼ਤੇ ਤਾਰੋ ਤਾਰ ਕਰੇ, ਖਾਂਦਾ ਖਾਂਦਾ ਖਾ ਜਾਂਦਾ ਹੈ ਸੁੱਚੇ ਰਿਸ਼ਤੇ ਕੁੱਖਾਂ ਦੇ। ਚੌਵੀ ਘੰਟੇ ਜਿੰਨ੍ਹਾਂ ਨੂੰ ਬਸ ਆਪਣਾ ਹਿੱਤ ਹੀ ਯਾਦ ਰਹੇ, ਬਹੁਤਾ ਮੱਥੇ ਲੱਗਿਆ ਨਾ ਕਰ ਏਹੋ ਜਿਹੇ ਮਨਮੁੱਖਾਂ ਦੇ।
47. ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ
ਵਿਛੜੀ ਸਾਥਣ ਪ੍ਰੋ. ਨਿਰਪਜੀਤ ਕੌਰ ਗਿੱਲ ਦੇ ਨਾਂ ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ। ਅੱਖੋਂ ਅੱਥਰੂ ਨਾ ਵਗੇ ਤੇ ਮੈਂ ਬੁੱਕ ਬੁੱਕ ਰੋਇਆ। ਜਿਵੇਂ ਸੂਲਾਂ 'ਚ ਪਰੁੱਚ ਜਾਣ ਤਿਤਲੀ ਦੇ ਪਰ, ਕੁਝ ਇਸੇ ਤਰ੍ਹਾਂ ਮੇਰੀਆਂ ਉਮੀਦਾਂ ਨਾਲ ਹੋਇਆ। ਜਦੋਂ ਸਿਰ ਉੱਤੇ ਆਈ ਤੇਜ਼ ਬਲਦੀ ਦੁਪਹਿਰ, ਮੇਰਾ ਆਪਣਾ ਹੀ ਸਾਇਆ ਸਾਥ ਛੱਡ ਕੇ ਖਲੋਇਆ। ਸੁੱਕੇ ਰੁੱਖ ਤੇ ਕਰੂੰਬਲਾਂ ਅਜੀਬ ਜਿਹਾ ਮੇਲ, ਹੋਊ ਇਨ੍ਹਾਂ ਨੂੰ ਪਿਆਰ ਨਾਲ ਸੱਜਣਾਂ ਨੇ ਛੋਹਿਆ। ਕੱਲ੍ਹੇ ਰੁੱਖ ਕੋਲੋਂ ਲੰਘਦੀ ਮਖ਼ੌਲ ਕਰ ਪੌਣ, ਕਿਨੂੰ ਦੁਖੜਾ ਸੁਣਾਵੇ ਜਿਹੜਾ ਦਿਲ ’ਚ ਸਮੋਇਆ। ਭਾਵੇਂ ਰੇਤ ਵਿਚ ਭੁੰਨ ਭਾਵੇਂ ਕੋਲਿਆਂ 'ਤੇ ਰੱਖ, ਤੇਰਾ ਇਹੀ ਧੰਨਵਾਦ ਜਿਹੜਾ ਸੀਖ਼ ’ਚ ਪਰੋਇਆ। ਚਲੋ ਬਾਕੀ ਤਾਂ ਸੀ ਸਾਰਾ ਹੀ ਬੇਗ਼ਾਨਿਆਂ ਦਾ ਸ਼ਹਿਰ, ਤੂੰ ਵੀ ਮੇਰੇ ਵੱਲ ਵੇਖ ਕੇ ਪਟੱਕ ਬੂਹਾ ਢੋਇਆ। ਜਿਵੇਂ ਸਿਖ਼ਰ ਦੁਪਹਿਰੇ ਪੈ ਜੇ ਚਾਣਚੱਕ ਰਾਤ, ਤੇਰੇ ਜਾਣ ਪਿੱਛੋਂ ਸੱਚ ਜਾਣੀਂ ਏਸੇ ਤਰ੍ਹਾਂ ਹੋਇਆ।
48. ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ
ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ। ਮਾਣ ਕਰੋ ਨਾ ਐਵੇਂ ਤੇਗਾਂ ਤੀਰਾਂ ਦੇ। ਸੁਰਖ਼ ਗੁਲਾਬ ਵੀ ਉੱਗ ਸਕਦਾ ਹੈ ਬੰਜਰ ਵਿਚ, ਤਕਦੀਰਾਂ ਵੀ ਵੱਸ ਵਿਚ ਨੇ ਤਦਬੀਰਾਂ ਦੇ। ਸਾਬੜ ਕੱਪੜਾ ਵਸਤਰ ਬਣਦਾ ਕਿਸੇ ਲਈ, ਕਿਸੇ ਲਈ ਨੇ ਕੱਜਣ ਟੋਟੇ ਲੀਰਾਂ ਦੇ। ਪਾਰਦਰਸ਼ਨੀ ਰਿਸ਼ਤੇ ਨਿਭਦੇ ਉਮਰਾਂ ਤੀਕ, ਓਹਲਾ ਚੋਰੀ ਵਾਧੂ ਭਾਰ ਜ਼ਮੀਰਾਂ ਦੇ। ਗੁੜ ਦੇ ਚੌਲ ਨਿਆਜ਼ ਖਾਣ ਨੂੰ ਤਰਸੇ ਹਾਂ, ਸਾਡੇ ਪਿੰਡ ’ਚੋਂ ਢਹਿ ਗਏ ਤਕੀਏ ਪੀਰਾਂ ਦੇ। ਮੱਝੀਆਂ ਦੀ ਥਾਂ ਮਾਪਿਆਂ ਨੂੰ ਅੱਜ ਚਾਰ ਰਹੇ, ਫਿਰਦੇ ਵੱਗ ਅਵਾਰਾ ਰਾਂਝੇ ਹੀਰਾਂ ਦੇ। ਔੜਾਂ ਵਿਚ ਵੀ ਸੂਹੇ ਫੁੱਲ ਮੁਸਕਾਉਂਦੇ ਨੇ, ਮੈਂ ਬਲਿਹਾਰੇ ਜਾਵਾਂ ਜੰਡ ਕਰੀਰਾਂ ਦੇ।
49. ਬੇਚੈਨੀ ਵਿਚ ਤੜਫ਼ਦੇ
ਬੇਚੈਨੀ ਵਿਚ ਤੜਫ਼ਦੇ ਰਾਤਾਂ ਬਹੁਤ ਗੁਜ਼ਾਰੀਆਂ। ਤਾਂ ਹੀ ਮੱਥੇ ਚੀਸ ਹੈ, ਅੱਖਾਂ ਵੀ ਨੇ ਭਾਰੀਆਂ। ਪੁੱਠੀ ਸੋਚ ਜਹਾਨ ਦੀ ਦੁਸ਼ਮਣ ਬਣ ਗਈ ਜਾਨ ਦੀ, ਬਿਰਖ਼ ਵਿਚਾਰਾ ਕੀ ਕਰੇ ਜਣੇ ਖਣੇ ਹੱਥ ਆਰੀਆਂ। ਪਾਣੀ ਚੜ੍ਹਿਆ ਵੇਖ ਕੇ ਪਿੱਛੇ ਮੁੜ ਗਏ ਕਾਫ਼ਲੇ, ਛੱਡ ਗਏ ਕੱਲ-ਮੁਕੱਲਿਆਂ ਖੁਰੀਆਂ ਦਾਅਵੇਦਾਰੀਆਂ। ਅੱਧੀ ਸਦੀ ਗੁਜ਼ਾਰ ਕੇ ਏਥੇ ਪਹੁੰਚੇ ਹਾਰ ਕੇ, ਚੰਗੇ ਰਹਿੰਦੇ ਅਸੀਂ ਵੀ ਸਿੱਖਦੇ ਦੁਨੀਆਦਾਰੀਆਂ। ਲੁਕਦਾ ਫਿਰਦਾਂ ਵੇਖ ਲਉ ਹੁਣ ਮੈਂ ਆਪਣੇ ਆਪ ਤੋਂ, ਤਨ ਤੇ ਮਨ ਵਿਚ ਫ਼ਾਸਲੇ ਕੇਹੀਆਂ ਬੇਇਤਬਾਰੀਆਂ। ਸੋਗ 'ਚ ਡੁੱਬੀ ਪੌਣ ਹੈ ਜਾਂ ਫਿਰ ਖ਼ਬਰੇ ਕੌਣ ਹੈ, ਅੱਧੀ ਰਾਤੀਂ ਖੜਕਦੇ ਮਨ ਦੇ ਬੂਹੇ ਬਾਰੀਆਂ। ਖ਼ਬਰੇ ਕਿੱਸਰਾਂ ਡੰਗਿਆ ਪਾਣੀ ਵੀ ਨਾ ਮੰਗਿਆ, ਖਾਧਾ ਸਾਲਮ ਆਦਮੀ ਨਜ਼ਰਾਂ ਟੂਣੇਹਾਰੀਆਂ।
50. ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ
ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ। ਵਰਦੀ ਪਾ ਕੇ ਜੀਕੂੰ ਪਹਿਰੇਦਾਰ ਖੜ੍ਹੇ। ਰਿਸ਼ੀਆਂ ਵਾਂਗ ਅਡੋਲ ਅਬੋਲ ਪਤਾ ਨ੍ਹੀਂ ਕਿਉਂ, ਵਰ੍ਹਿਆਂ ਤੋਂ ਰੁੱਖ ਇਕੋ ਲੱਤ ਦੇ ਭਾਰ ਖੜ੍ਹੇ। ਸਰਦ ਹਵਾ ਦਾ ਚੋਲਾ ਛਤਰੀ ਸੂਰਜ ਦੀ, ਬਰਫ਼ਾਂ ਖਾਣੇ ਅੱਗ ਦੀ ਬੁੱਕਲ ਮਾਰ ਖੜ੍ਹੇ। ਮੈਂ ਇਨ੍ਹਾਂ ਵਿਚ ਓਪਰਿਆਂ ਦੇ ਵਾਂਗੂੰ ਹਾਂ, ਰੁੱਖ ਤਾਂ ਸਾਰੇ ਆਪਸ ਦੇ ਵਿਚ ਯਾਰ ਖੜ੍ਹੇ। ਜ਼ਾਤ ਜਨਮ ਤੇ ਅਸਲ ਨਸਲ ਦਾ ਭੇਦ ਨਹੀਂ, ਪੌਣ ਆਹਾਰੀ ਜੋਗੀ ਕੁੱਲ ਸੰਸਾਰ ਖੜ੍ਹੇ। ਗੁੱਲੀ ਡੰਡਾ ਪਲੰਘ ਪੰਘੂੜਾ ਬਣ ਜਾਂਦੇ, ਆਰੀ ਵਾਲਾ ਜੇ ਕਿਧਰੇ ਦਾਅ ਮਾਰ ਖੜ੍ਹੇ।
51. ਜਦੋਂ ਸੂਰਜ ਅਜੇ ਧਰਤੀ ਦੇ ਘਰ
ਜਦੋਂ ਸੂਰਜ ਅਜੇ ਧਰਤੀ ਦੇ ਘਰ ਆਇਆ ਨਹੀਂ ਹੁੰਦਾ। ਕਿਸੇ ਵੀ ਰੁੱਖ ਪੱਲੇ ਆਪਣਾ ਸਾਇਆ ਨਹੀਂ ਹੁੰਦਾ। ਵਗੇ ਤੂਫ਼ਾਨ, ਨੇਰ੍ਹੀ ਤੇਜ਼ ਬਾਰਿਸ਼ ਕਿਣਮਿਣੀ ਭਾਵੇਂ, ਕਦੇ ਮਜ਼ਲੂਮ ਦੀ ਰੱਤ ਅੱਥਰੂ ਜ਼ਾਇਆ ਨਹੀਂ ਹੁੰਦਾ। ਇਨ੍ਹਾਂ ਨੂੰ ਕੌਣ ਸਾਂਭੇ ਇਹ ਤਾਂ ਸਭ ਟੁੱਟੇ ਖਿਡੌਣੇ ਨੇ, ਜਿੰਨ੍ਹਾਂ ਨੇ ਧਰਤ ਉੱਪਰ ਪੂਰਨਾ ਪਾਇਆ ਨਹੀਂ ਹੁੰਦਾ। ਅਜਿਹੇ ਲੋਕ ਆਪਣੀ ਅੱਗ ਦੇ ਅੰਦਰ ਸੜਦੇ ਰਹਿੰਦੇ ਨੇ, ਜਿੰਨ੍ਹਾਂ ਨੇ ਉਮਰ ਭਰ ਇਕ ਰੁੱਖ ਵੀ ਲਾਇਆ ਨਹੀਂ ਹੁੰਦਾ। ਮੈਂ ਉਸ ਦੇ ਨਾਮ ਦੀ ਮਾਲਾ ਪੜਾ ਨ੍ਹੀਂ ਫੇਰਦਾ ਕਿਉਂ ਹਾਂ, ਕਿ ਜਿਹੜਾ ਖ਼੍ਵਾਬ ਦੇ ਵਿਚ ਵੀ ਕਦੇ ਆਇਆ ਨਹੀਂ ਹੁੰਦਾ। ਇਹ ਕੈਸਾ ਸ਼ਹਿਰ ਜਿਸ ਵਿਚ ਸਭ ਦੀਆਂ ਅੱਖਾਂ ਬਲੌਰੀ ਨੇ, ਇਨ੍ਹਾਂ ਵਿਚ ਅੱਥਰੂ ਲੱਗਦੈ ਕਦੇ ਆਇਆ ਨਹੀਂ ਹੁੰਦਾ।
52. ਮੈਂ ਹਕੂਮਤ ਨੂੰ ਕਹਾਂਗਾ
ਮੈਂ ਹਕੂਮਤ ਨੂੰ ਕਹਾਂਗਾ ਬੇਘਰਾਂ ਨੂੰ ਘਰ ਦਿਓ। ਨੀਵੀਆਂ ਥਾਵਾਂ ਨੂੰ ਉੱਚੀਆਂ ਦੇ ਬਰਾਬਰ ਕਰ ਦਿਓ। ਏਸ ਉੱਚੀ ਕੰਧ ਦੇ ਉਸ ਪਾਰ ਹੈ ਸੂਰਜ ਦਾ ਵਾਸ, ਢਾਹ ਦਿਉ ਧੁੱਪ ਵਾਸਤੇ ਦੀਵਾਰ ਪਾਲੇ ਠਰਦਿਓ। ਏਸ ਨੇ ਸਿੱਟੇ ਜੇ ਖਾਧੇ ਦਾਣੇ ਕਿਥੋਂ ਆਉਣਗੇ, ਡਾਂਗ ਮਾਰੋ ਬਾਹਰ ਕੱਢੋ, ਸਾਨ੍ਹ ਕੋਲੋਂ ਡਰਦਿਓ। ਸਬਰ ਇਸ ਤੋਂ ਬਾਅਦ ਕਿਧਰੇ ਨਾ ਬਣੇ ਆਦਤ ਜਹੀ, ਜਾਬਰਾਂ ਨੂੰ ਭਾਂਜ ਦੇਵੋ, ਜਬਰ ਪਿੰਡੇ ਜਰਦਿਓ। ਜੋ ਵੀ ਕਰਨਾ ਹੈ, ਕਰੋ ਅੱਜ ਹੀ, ਹੁਣੇ ਹੀ ਦੋਸਤੋ, ਵਕਤ ਨਾ ਕਰਦਾ ਉਡੀਕਾਂ ਕਦਮ ਅੱਗੇ ਧਰ ਦਿਓ। ਨਾ ਸਹੀ, ਜੇ ਕਦਰਦਾਨੀ, ਰੌਸ਼ਨੀ ਦੀ ਸ਼ਹਿਰ ਵਿਚ, ਨ੍ਹੇਰੀਆਂ ਗਲੀਆਂ ’ਚ ਜਗ ਕੇ ਪਿੰਡ ਰੌਸ਼ਨ ਧਰ ਦਿਓ। ਵੇਖਿਆ ਕਿੰਵ ਦਨਦਨਾਉਂਦੈ ਧਰਤ ਤੇ ਕਾਲਾ ਨਿਜ਼ਾਮ, ਹੇ ਰਵੀ, ਹੈ ਚੰਦਰਮਾ, ਹੇ ਤਾਰਿਓ ਅੰਬਰ ਦਿਓ।
53. ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ
ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ। ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ, ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ। 'ਅੱਤ’ ਨੂੰ 'ਅੰਤ’ ਬਣਾਵੇ ਆਖ਼ਰ ਕਹਿਰ ਖ਼ੁਦਾਈ, ਜਬਰ ਜਰਦਿਆਂ ਸਬਰ ਪਿਆਲਾ ਭਰ ਜਾਂਦਾ ਹੈ। ਮਾਂ ਬੋਲੀ, ਮਾਂ ਜਣਨੀ, ਧਰਤੀ ਮਾਤਾ ਕੋਲੋਂ, ਟੁੱਟ ਕੇ ਬੰਦਾ, ਮਰਦਾ ਮਰਦਾ ਮਰ ਜਾਂਦਾ ਹੈ। ਬਹੁਤੀ ਵਾਰੀ ਜਾਗਦਿਆਂ ਨਹੀਂ ਹਿੰਮਤ ਪੈਂਦੀ, ਸਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ। ਸੋਚ ਵਿਚਾਰਾਂ ਕਰਦਾ ਡੁੱਬਿਆਂ ਵੇਖ ਲਵੋ ਮੈਂ, ਸੱਖਣਾ ਭਾਂਡਾ ਪਾਣੀ ਉੱਤੇ ਤਰ ਜਾਂਦਾ ਹੈ। ਉੱਚੀ ਉੱਚੀ ਬੋਲ ਰਿਹਾ ਏਂ, ਇਹ ਨਾ ਭੁੱਲੀਂ, ਦਿਲ ਮਾਸੂਮ ਪਰਿੰਦਾ ਏਦਾਂ ਡਰ ਜਾਂਦਾ ਹੈ। ਮਿਲ ਕੇ ਵੀ ਨਾ ਮਿਲਣਾ ਤੇਰਾ ਦੇਂਦਾ ਹੈ ਕੁਝ, ਜਿਉਂ ਤਿਤਲੀ ਅੰਗਿਆਰ ’ਤੇ ਕੋਈ ਧਰ ਜਾਂਦਾ ਹੈ। ਰੱਬਾ! ਰੱਬਾ! ਕੂਕਦਿਆਂ ਪਿੰਡ ਮਰ ਚੱਲੇ ਨੇ, ਕਾਲਾ ਬੱਦਲ ਸ਼ਹਿਰਾਂ ਉੱਤੇ ਵਰ੍ਹ ਜਾਂਦਾ ਹੈ। ਆਮ ਕਹਾਵਤ ਪਹਿਲਾਂ ਵਾਲੀ ਬਦਲ ਗਈ ਏ, ਅਕਲ ਮਿਲੇ, ਲੱਕੜੀ ਬਿਨ ਲੋਹਾ ਤਰ ਜਾਂਦਾ ਹੈ। ਦਿਲ ਨੂੰ ਏਨੀ ਦੌਲਤ ਵੀ ਨਾ ਬਖ਼ਸ਼ ਦਿਆ ਕਰ, ਛੋਟਾ ਬਰਤਨ, ਕੰਡਿਆਂ ਤੀਕਰ ਭਰ ਜਾਂਦਾ ਹੈ। ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ। ਡੋਲ ਰਿਹਾ ਮਨ ਟਿਕ ਜਾਂਦਾ ਮੈਂ ਕੀਕਣ ਦੱਸਾਂ, ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ ਹੈ।
54. ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ
ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ। ਸਦੀਵੀ ਜਿੱਤ ਖ਼ਾਤਰ ਹਾਰ ਜਾਵੀਂ। ਜਰਾਬਾਂ ਵਾਂਗ ਲਾਹ ਲਈਂ ਰੁਤਬਿਆਂ ਨੂੰ, ਜਦੋਂ ਵੀ ਰੂਹ ਦੇ ਦਰਬਾਰ ਜਾਵੀਂ। ਜੇ ਤਰਨਾ ਜਾਣਦਾ ਨਹੀਂ ਫੇਰ ਸੁਣ ਲੈ, ਨਦੀ ਦੇ ਨਾ ਕਦੇ ਵਿਚਕਾਰ ਜਾਵੀਂ। ਵਰ੍ਹੀਂ ਘਨਘੋਰ ਬੱਦਲ ਬਣ ਕੇ ਏਨਾ, ਤੂੰ ਬਲਦੇ ਹਿਰਦਿਆਂ ਨੂੰ ਠਾਰ ਜਾਵੀਂ। ਕਦੇ ਵੀ ਜਿਸਮ ਨੂੰ ਮਿਲ ਕੇ ਨਾ ਪਰਤੀਂ, ਜਦੋਂ ਜਾਵੇਂ ਤਾਂ ਰੂਹ ਦੇ ਪਾਰ ਜਾਵੀਂ। ਸਮਾਂ ਜੇ ਜਾਗਦੇ ਮਿਲਦਾ ਨਹੀਂ ਤਾਂ, ਕਦੇ ਸੁਪਨੇ 'ਚ ਗੇੜਾ ਮਾਰ ਜਾਵੀਂ। ਤੂੰ ਰੁੱਸ ਕੇ ਜਾਣ ਦੀ ਸੋਚੀਂ ਕਦੇ ਨਾ, ਖ਼ੁਸ਼ੀ ਦੇ ਨਾਲ ਲੱਖਾਂ ਵਾਰ ਜਾਵੀਂ। ਜੇ ਅਨਹਦ ਨਾਦ ਚਾਹੇਂ ਰੂਹ ’ਚ ਗੂੰਜੇ, ਸਦੀਵੀ ਚੁੱਪ ਨੂੰ ਟੁਣਕਾਰ ਜਾਵੀਂ।
55. ਹੰਝੂਆਂ ਨਾਲ ਮੈਂ ਸੱਤੇ ਸਾਗਰ
ਹੰਝੂਆਂ ਨਾਲ ਮੈਂ ਸੱਤੇ ਸਾਗਰ ਭਰ ਆਇਆ ਹਾਂ। ਦਰਦ ਸੁਣਾ ਕੇ ਪਾਣੀ ਖਾਰੇ ਕਰ ਆਇਆ ਹਾਂ। ਦੀਦ ਤੇਰੀ ਦੀ ਖ਼ਾਤਰ ਧਰਤ ਆਕਾਸ਼ ਵੀ ਗਾਹਿਆ, ਹਸਰਤ ਦੇ ਦਰਿਆ ਨੂੰ ਵੀ ਮੈਂ ਤਰ ਆਇਆ ਹਾਂ। ਜਿੱਤਣ ਵਾਲੀ ਰੀਝ ਬਣਾਵੇ ਬੰਦਿਓਂ ਘੋੜਾ, ਏਸੇ ਕਰਕੇ ਜਿੱਤੀ ਬਾਜ਼ੀ ਹਰ ਆਇਆ ਹਾਂ। ਪੀਰ ਫ਼ਕੀਰ ਧਿਆਏ, ਜੋ ਵੀ ਰਾਹ ਵਿਚ ਆਏ, ਹੁਣ ਤਕ ਜੋ ਨਾ ਕੀਤਾ, ਉਹ ਵੀ ਕਰ ਆਇਆ ਹਾਂ। ਚੂਰੀ ਵਾਲੇ ਪਿੰਜਰੇ ਦੁਸ਼ਮਣ ਵੰਨ-ਸੁਵੰਨੇ, ਸ਼ੁਕਰ ਮਨਾ ਮੈਂ, ਸਾਬਤ ਮੁੜ ਕੇ ਘਰ ਆਇਆ ਹਾਂ। ਠੀਕਰ ਹੋ ਕੇ ਟੁੱਟਿਆਂ, ਜੁੜਿਆਂ, ਸਾਬਤ ਮੁੜਿਆਂ, ਤੇਰੇ ਦਮ ਤੇ ਕਿੰਨੇ ਸਦਮੇ ਜਰ ਆਇਆ ਹਾਂ। ਜਿਥੇ ਆਪਾਂ ਦੋਵੇਂ ਪਹਿਲੀ ਵਾਰ ਮਿਲੇ ਸੀ, ਓਸ ਜਗ੍ਹਾ ਚੌਮੁਖੀਆ ਦੀਵਾ ਧਰ ਆਇਆ ਹਾਂ।
56. ਤੂੰ ਉਮੀਦਾਂ ਨੂੰ ਹਮੇਸ਼ਾ ਨਾਲ ਰੱਖੀਂ
ਤੂੰ ਉਮੀਦਾਂ ਨੂੰ ਹਮੇਸ਼ਾ ਨਾਲ ਰੱਖੀਂ। ਨ੍ਹੇਰੀਆਂ ਗਲੀਆਂ 'ਚ ਦੀਵਾ ਬਾਲ ਰੱਖੀਂ। ਜੇ ਉਡਾਰੀ ਭਰਨ ਲੱਗੈਂ, ਅਰਸ਼ ਵੱਲ ਤਾਂ, ਪਿੰਡ ਦਾ ਚੇਤਾ ਵੀ ਨਾਲੋ ਨਾਲ ਰੱਖੀਂ। ਤੂੰ ਕਦੇ ਵੀ ਤੇਜ਼ ਦੌੜਨ ਦਾ ਨਾ ਸੋਚੀਂ, ਜਿੱਤ ਜਾਵੇਂਗਾ, ਤੂੰ ਇਕੋ ਚਾਲ ਰੱਖੀਂ। ਨੇਰ੍ਹਿਆਂ ਤੋਂ ਤੂੰ ਡਰੀਂ ਨਾ ਰਾਤ ਵੇਲੇ, ਚੇਤਿਆਂ ਵਿਚ ਤਾਰਿਆਂ ਦਾ ਬਾਲ ਰੱਖੀਂ। ਠਰਨਗੇ ਜਜ਼ਬੇ ਜਦੋਂ ਵੀ ਦੂਰ ਜਾ ਕੇ, ਦਿਲ ਦੇ ਅੰਦਰ ਯਾਦ ਮੇਰੀ ਬਾਲ ਰੱਖੀਂ। ਸੁਣਨਗੇ ਤੈਨੂੰ ਨਿਰੰਤਰ ਲੋਕ ਸਾਰੇ, ਬੋਲ ਸੁੱਚੇ ਤੇ ਸਹੀ ਸੁਰ ਤਾਲ ਰੱਖੀ। ਪਹੁੰਚ ਜਾਵੇਂਗਾ ਤੂੰ ਆਪੇ ਸਿਖ਼ਰ ਉੱਤੇ, ਸਿਰਫ਼ ਨੀਂਦਰ ਅੱਖੀਆਂ 'ਚੋਂ ਟਾਲ ਰੱਖੀਂ। ਕੱਚ ਦੇ ਟੋਟੇ ਕਦੇ ਰੱਖੀਂ ਨਾ ਘਰ ਵਿਚ, ਸੱਚ ਦੇ ਹੀਰੇ ਨੂੰ ਛਾਤੀ ਨਾਲ ਰੱਖੀਂ।
57. ਅਕਲਾਂ ਦਾ ਇਹ ਭਰਮ ਜਖ਼ੀਰਾ
ਅਕਲਾਂ ਦਾ ਇਹ ਭਰਮ ਜਖ਼ੀਰਾ ਅਪਣੇ ਪੱਲੇ ਰਹਿਣ ਦਿਉ। ਫੱਕਰ ਨੂੰ ਵੀ ਬੋਲਣ ਦੇਵੋ, ਸੱਚੇ ਨੂੰ ਸੱਚ ਕਹਿਣ ਦਿਉ। ਇਹ ਦੱਸੇਗਾ ਹੋਈ ਬੀੜੀ, ਜੋ ਜੋ ਇਸ ਦੇ ਨਾਲ ਪਿਛਾਂਹ, ਫੇਰ ਤੁਰੇਗਾ ਨਾਲ ਤੁਹਾਡੇ ਕੁਝ ਪਲ ਲਾਗੇ ਬਹਿਣ ਦਿਉ। ਇਸ ਜੰਗਲ ਦਾ 'ਨੇਰ੍ਹਾ ਮੇਟਣ ਤੋਂ ਨਾ ਮੈਨੂੰ ਰੋਕੋ ਹੁਣ, ਬਾਂਸ ਲੁਕਾਈ ਬੈਠੇ ਅਗਨੀ, ਇਨ੍ਹਾਂ ਦੇ ਸੰਗ ਖਹਿਣ ਦਿਉ। ਤਲਖ਼ ਗ਼ਮਾਂ ਦੀ ਤੇਜ਼ ਹਨੇਰੀ, ਵਗਦੀ ਵਗਦੀ ਰੁਕ ਜਾਣੀ, ਹੰਝੂਆਂ ਦੀ ਬਰਸਾਤ ਵਰ੍ਹੀ ਹੈ, ਧੂੜਾਂ ਥੱਲੇ ਬਹਿਣ ਦਿਉ। ਵਸਲਾਂ ਦੀ ਪਰਿਕਰਮਾ ਕਰਦੇ ਕਿੰਨੀ ਉਮਰ ਗੁਜ਼ਾਰ ਲਈ, ਹਿਜਰਾਂ ਵੇਲੇ ਕੱਲ੍ਹਿਆਂ ਛੱਡੋ, ਇਹ ਤਲਖ਼ੀ ਖ਼ੁਦ ਸਹਿਣ ਦਿਉ। ਦਰਿਆ ਵਾਂਗੂੰ ਸਫ਼ਰ ਨਿਰੰਤਰ, ਜੀਵਨ ਵਿਚ ਰਫ਼ਤਾਰ ਭਰੋ, ਅੱਥਰੇ ਦਿਲ ਨੂੰ ਰੋਕੋ ਨਾ ਹੁਣ, ਜਿਧਰ ਵਹਿੰਦੈ ਵਹਿਣ ਦਿਉ। ਦਿਲ-ਛਤਰੀ ਤੇ ਆਸ ਕਬੂਤਰ ਚਾਹੁੰਦੇ ਨੇ ਸੁਸਤਾਉਣਾ ਜੇ, ਮਾਰ ਗੁਲੇਲ ਉਡਾਵੋ ਨਾ ਹੁਣ, ਬਹਿੰਦੇ ਨੇ ਤਾਂ ਬਹਿਣ ਦਿਉ।
58. ਐਵੇਂ ਕਰੀ ਜਾਵੇਂ ਕਾਹਨੂੰ
ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ। ਕਦੋਂ ਧਰਤੀ ਨੇ ਚੁੰਮੀ, ਟੁੱਟੇ ਤਾਰਿਆਂ ਦੀ ਲੀਕ। ਕਿਵੇਂ ਤੁਰਾਂ ਤੇਰੇ ਨਾਲ ਹੋਇਆ ਪਹੁੰਚਣਾ ਮੁਹਾਲ, ਤੇਰੇ ਮੇਰੇ ਵਿਚਕਾਰ ਲਾਂਘਾ ਵਾਲ ਤੋਂ ਬਰੀਕ। ਕਦੇ ਭੁੱਲ ਕੇ ਵੀ ਮੈਨੂੰ ਨਾ ਤੂੰ ਰਿਸ਼ਤੇ 'ਚ ਬੰਨ੍ਹੀ, ਮੇਰੇ ਆਉਣ ਦਾ ਨਾ ਪਤਾ, ਨਾ ਹੀ ਜਾਣ ਦੀ ਤਰੀਕ। ਮੇਰੀ ਬੇਬਸੀ ਨੂੰ ਜਾਣ, ਮੇਰੇ ਹਾਉਕੇ ਨੂੰ ਪਛਾਣ, ਤੈਨੂੰ ਕਿਵੇਂ ਮੈਂ ਸੁਣਾਵਾਂ, ਫਸੀ ਗਲੇ ਵਿਚ ਚੀਕ। ਕਾਲੀ ਰਾਤ ਦਾ ਹਨ੍ਹੇਰਾ ਪਿੱਛਾ ਕਰੀ ਜਾਵੇ ਮੇਰਾ, ਅੱਖ ਬਦਲੀ ਚਿਰਾਗਾਂ ਕੌਣ ਆਵੇ ਨਜ਼ਦੀਕ। ਚੱਲ ਛੱਡ ਤੂੰ ਮੁਹੱਬਤਾਂ ਦੇ ਕਿੱਸਿਆਂ ਨੂੰ ਛੱਡ, ਸਮਾਂ ਕਰੇਗਾ ਨਿਤਾਰਾ, ਕਿਹੜਾ ਗ਼ਲਤ ਹੈ ਜਾਂ ਠੀਕ। ਜਿਹੜਾ ਸੁਪਨਾ ਲਿਆ ਸੀ, 'ਕੱਠੇ ਬਹਿ ਕੇ ਆਪਾਂ ਦੋਹਾਂ, ਦੱਸ ਮੇਰੇ ਤੋਂ ਬਗ਼ੈਰ, ਕਿਹੜਾ ਕਰੂ ਤਸਦੀਕ। ਚਲੋ! ਜਿੰਨਾ ਚਿਰ ਤੁਰੇ, ਟੁੱਟੇ ਜੁੜੇ, ਭਾਵੇਂ ਭੁਰੇ, ਹੁਣ ਦਿਲ ਵਿਚੋਂ ਕੱਢ, ਮੈਨੂੰ ਹੋਰ ਨਾ ਧਰੀਕ।
59. ਬਹੁਤ ਬਣਦੇ ਯਾਰ ਅੱਜ ਕੱਲ੍ਹ ਮਹਿਫ਼ਲਾਂ ਵਿਚ
ਬਹੁਤ ਬਣਦੇ ਯਾਰ ਅੱਜ ਕੱਲ੍ਹ ਮਹਿਫ਼ਲਾਂ ਵਿਚ। ਲੱਭਣੇ ਸੌਖੇ ਨਹੀਂ ਉਹ ਮੁਸ਼ਕਿਲਾਂ ਵਿਚ। ਰੇੜਲੇ ਪੈਂਡੇ ਸੁਕਾਉਂਦੇ ਸਾਹ ਨੇ ਮੇਰੇ, ਤੂੰ ਸਵਾਂਤੀ ਬੂੰਦ ਬਣ ਕੇ ਮਿਲ ਥਲਾਂ ਵਿਚ। ਛਾਂਗ ਲੈ, ਪਰ ਜੜ੍ਹ ਸਲਾਮਤ ਰਹਿਣ ਦੇਵੀਂ, ਹੋਊ ਮੈਂ ਹਰਿਆਵਲਾ ਵੇਖੀਂ ਪਲਾਂ ਵਿਚ। ਤੂੰ ਨਦੀ ਵਿਚ ਵਹਿ ਰਹੇ ਪਾਣੀ ਨੂੰ ਵੇਖੀ, ਖੇਡਦਾ ਕਿੱਦਾ ਏ ਆਪੇ ਕਲਵਲਾਂ ਵਿਚ। ਐ ਮੁਹੱਬਤ! ਇਹ ਤੇਰਾ ਅੰਦਾਜ਼ ਕੀ ਏ, ਗਰਕਦਾ ਜਾਂਦਾ ਹਾਂ ਮੈਂ ਹੀ ਦਲਦਲਾਂ ਵਿਚ। ਕਾਫ਼ਲੇ ਨੂੰ ਬਹਿਣ ਨਾ ਦੇਹ, ਤੋਰ ਅੱਗੇ, ਨੀਂਦ ਸ਼ਾਮਲ ਨਾ ਹੋ ਜਾਵੇ ਹਲਚਲਾਂ ਵਿਚ। ਭੇਡ ਵਾਂਗੂੰ ਇਹ ਮਿਆਂਕਣ ਸਿੱਖ ਜਾਊ, ਸ਼ੇਰ ਬਹਿਣੀ ਬਹਿ ਗਿਆ ਜੇ ਬੁਜ਼ਦਿਲਾਂ ਵਿਚ। ਮਨਫ਼ੀਆਂ ਵੰਗਾਰ ਜੇਕਰ ਬਣਦੀਆਂ ਨਾ, ਤੂੰ ਕਦੋਂ ਹੋਣਾ ਸੀ ਮੇਰੇ ਹਾਸਲਾਂ ਵਿਚ।
60. ਧਰਤ ਬੇਗ਼ਾਨੀ, ਨਾ ਕੋਈ ਮੈਨੂੰ
ਧਰਤ ਬੇਗ਼ਾਨੀ, ਨਾ ਕੋਈ ਮੈਨੂੰ, ਲੈ ਕੇ ਨਾਮ ਬੁਲਾਵੇ। ਏਸੇ ਕਰਕੇ ਮਨ ਦਾ ਚੰਬਾ, ਖਿੜੇ ਨਹੀਂ, ਮੁਰਝਾਵੇ। ਖੁੱਲ੍ਹੀਆਂ ਭੁੱਲ੍ਹੀਆਂ ਸੜਕਾਂ ਏਥੇ, ਲੰਮ ਸਲੰਮੇ ਪੈਂਡੇ, ਏਥੋਂ ਇਕ ਵੀ ਸੜਕ ਸਲੇਟੀ, ਸਾਡੇ ਪਿੰਡ ਨਾ ਜਾਵੇ। ਰੇਸ ਕੋਰਸੀਂ ਸਰਪਟ ਦੌੜਨ, ਅੱਥਰੇ ਘੋੜੇ ਵੇਖੋ, ਥੈਲੀ ਸ਼ਾਹ ਕਿਉਂ ਜੇਤੂ ਬਣਦੇ, ਜਦੋਂ ਨਤੀਜਾ ਆਵੇ? ਪਿੰਡ ਜਾ ਕੇ ਚੰਨ ਚੜ੍ਹਿਆ, ਕੋਠੇ ਬਹਿ ਕੇ ਤੱਕਣਾ ਚਾਹਾਂ, ਪਤਾ ਨਹੀਂ ਕਦ ਘੜੀ ਸੁਲੱਖਣੀ ਮੇਰੇ ਭਾਗੀਂ ਆਵੇ। ਵੰਨ ਸੁਵੰਨੇ ਬਿਰਖ ਬਰੂਟੇ, ਫੁੱਲ ਪੱਤੀਆਂ ਖ਼ੁਸ਼ਬੋਈਆਂ, ਸਭ ਕੁਝ ਹੁੰਦਿਆਂ ਸੁੰਦਿਆਂ, ਚੇਤੇ ਆਉਂਦੇ ਨੇ ਅੰਬ ਸਾਵੈ। ਕੱਲ-ਮੁ-ਕੱਲੇ ਚੂੜੇ ਡੁਸਕਣ, ਸੱਖਣੇ ਪਲੰਘ ਪੰਘੂੜੇ, ਕਿਸ਼ਤਾਂ ਵਿਚ ਤਕਸੀਮ ਦਿਹਾੜੀ ਨੀਂਦ ਕਿਸ ਤਰ੍ਹਾਂ ਆਵੈ। ਤੁਸੀਂ ਕਹੋਗੇ 'ਮਨ ਦਾ ਰੋਗੀ' ਪਤਾ ਨਹੀਂ ਕੀ ਬੋਲੇ, ਐਪਰ ਕਰਕ ਕਲੇਜੇ ਵਾਲੀ ਕਿਹੜਾ ਵੈਦ ਸੁਣਾਵੇ।
61. ਅੰਬਰ ਦੇ ਵਿਚ ਤਾਰੀ ਲਾਉਂਦਿਆਂ
ਅੰਬਰ ਦੇ ਵਿਚ ਤਾਰੀ ਲਾਉਂਦਿਆਂ ਧਰਤ ਆਵਾਜ਼ਾਂ ਮਾਰਦੀ। ਨਜ਼ਰ ਸਦਾ ਬੋਟਾਂ ਵੱਲ ਰਹਿੰਦੀ, ਪਰ ਕੂੰਜਾਂ ਦੀ ਡਾਰ ਦੀ। ਧਰਤ ਪਰਾਈ ਤੇ ਵੱਸਦੇ ਮਨ, ਦੋ ਦੋ ਫਾੜੀ ਹੋਏ ਨੇ, ਮਹੀਂਵਾਲਾਂ ਨੂੰ ਭੁੱਲਦੀ ਹੀ ਨਾ ਸੋਹਣੀ ਨਦੀਓਂ ਪਾਰ ਦੀ। ਸੁਪਨੇ ਰੀਝਾਂ ਅਤੇ ਤਰੰਗਾਂ, ਟੁਕੜੇ ਟੁਕੜੇ ਆਸਾਂ ਨੇ, ਸ਼ਾਮ ਸਵੇਰੇ ਚੀਰੀ ਜਾਵੇ, ਤੇਜ਼ ਧਾਰ ਤਲਵਾਰ ਦੀ। ਵਤਨਾਂ ਦੀ ਮਿੱਟੀ ਸੰਗ ਹੁਣ ਤਾਂ ਰਿਸ਼ਤਾ ਕੇਵਲ ਏਨਾ ਹੈ, ਸੌਦੇ ਨਾਲ ਜਿਵੇਂ ਘਰ ਆਵੇ, ਇਕ ਕਾਤਰ ਅਖ਼ਬਾਰ ਦੀ। ਹੱਡ ਮਾਸ ਦੇ ਬੰਦੇ ਦਾ ਤਾਂ ਵਜ਼ਨ ਮਸ਼ੀਨਾਂ ਤੋਲਦੀਆਂ, ਅਜੇ ਮਸ਼ੀਨ ਬਣੀ ਨਾ ਕੋਈ, ਰੂਹ ਦੇ ਉਤਲੇ ਭਾਰ ਦੀ। ਪਾਣੀ ਮੰਨ ਕੇ ਭਰਮ ਜਲੀ ਨੂੰ, ਮਿਰਗ ਪਿਆਸੇ ਬਹੁਤ ਮਰੇ, ਲਿਸ਼ਕਣਹਾਰ ਬਰੇਤੀ ਬੀਬਾ, ਬੇੜੀਆਂ ਨਹੀਓਂ ਤਾਰਦੀ। ਤਖ਼ਤ ਲਾਹੌਰ ਅਜੇ ਵੀ ਸੂਲੀ ਟੰਗੇ ਪੁੱਤਰ ਦੁੱਲਿਆਂ ਨੂੰ, ਸਦੀਆਂ ਮਗਰੋਂ ਅੱਜ ਵੀ ਤਪਦੀ ਧਰਤੀ ਸਾਂਦਲ ਬਾਰ ਦੀ।
62. ਬਿਰਧ ਸਰੀਰ, ਬੇਗ਼ਾਨੀ ਧਰਤੀ
ਬਿਰਧ ਸਰੀਰ, ਬੇਗ਼ਾਨੀ ਧਰਤੀ, ਰਹਿ ਗਏ ਕੱਲ-ਮ-ਕੱਲੇ। ਖੱਟੀ ਖੱਟਣ ਆਏ ਸੀ ਪਰ, ਖ਼ਾਲੀ ਹੋ ਗਏ ਪੱਲੇ। ਹਰ ਵੇਲੇ ਇਹ ਸੂਲ ਕਲੇਜੇ ਅੰਦਰ ਧਸਦੀ ਜਾਵੇ, ਪੁੱਤ ਪੋਤਰੇ ਦੱਸਦੇ ਹੀ ਨਹੀਂ, ਆਏ ਕਿਥੋਂ ਚੱਲੇ। ਘਰ ਬਨਵਾਸੀ, ਅਜਬ ਉਦਾਸੀ, ਮਨ ਮੰਦਰ ਦੇ ਵਿਹੜੇ, ਇਕਲਾਪੇ ਦੀ ਲੜੇ ਦੋਮੂੰਹੀਂ, ਚੜ੍ਹ ਚੜ੍ਹ ਕਰਦੀ ਹੱਲੇ। ਸਭ ਕੁਝ ਹੁੰਦਿਆਂ ਸੁੰਦਿਆਂ ਏਥੇ, ਹਰ ਪਲ ਝੋਰਾ ਖਾਵੇ, ਚਾਅ ਤੇ ਖ਼ੁਸ਼ੀਆਂ ਚੱਟ ਗਏ ਨੇ ਰੂਹ ਦੇ ਰੋਗ ਅਵੱਲੇ। ਪਿੰਡ ਗਿਆਂ ਤੇ ਕੌਣ ਪਛਾਣੇ, ਨਾ ਚਾਚਾ ਨਾ ਤਾਇਆ, ਚੌਂਕ ਚੁਰਸਤੇ, ਗਲੀਆਂ ਕੂਚੇ, ਸ਼ੀਹਾਂ ਪੱਤਣ ਮੱਲੇ। ਰੂਹ ਨੂੰ ਨਹੀਂ ਤਸੱਲੀ ਦੇਂਦੇ ਸੋਨਾ, ਹੀਰੇ, ਮੋਤੀ, ਜੋ ਦੇਂਦੇ ਸੀ ਆਪ ਬਣਾਏ ਘਾਹ ਦੀ ਤਿੜ ਦੇ ਛੱਲੇ। ਗੋਰੀ ਧਰੜੀ, ਕੋਰੇ ਰਿਸ਼ਤੇ, ਰੀਝ ਦਿਲੇ ਵਿਚ ਇਕੋ, ਪੁੱਤਰ ਸਾਡਾ ਅਸਥ ਅਖ਼ੀਰੀ, ਕੀਰਤਪੁਰ ਨੂੰ ਘੱਲੇ।
63. ਐਟਮ ਦਾ ਵਣਜ ਕਰਦੇ, ਘੁੱਗੀਆਂ ਉਡਾ ਰਹੇ ਨੇ
ਐਟਮ ਦਾ ਵਣਜ ਕਰਦੇ, ਘੁੱਗੀਆਂ ਉਡਾ ਰਹੇ ਨੇ। ਮਕਤਲ 'ਚੋਂ ਗੀਤ ਗਾਉਂਦੇ, ਇਹ ਕੌਣ ਜਾ ਰਹੇ ਨੇ। ਸਾਡਾ ਵਿਕਾਸ ਕਹਿ ਕੇ, ਕਰਦੇ ਵਿਨਾਸ਼ ਨਿਸ ਦਿਨ, ਇਹ ਮੰਡੀਆਂ ਦੇ ਤਾਜਰ, ਕੀ ਗੁਲ ਖਿਲਾ ਰਹੇ ਨੇ। ਸਾਡੇ ਘਰਾਂ ਦੇ ਮੱਥੇ, ਦਹਿਸ਼ਤ-ਨਿਵਾਸ ਲਿਖ ਕੇ, ਸੁੱਤੇ ਅੰਗਾਰਿਆਂ ਨੂੰ ਇਹ ਕਿਉਂ ਜਗਾ ਰਹੇ ਨੇ। ਦਾਨਵ ਦੇ ਨਾਲ ਮਾਨਵ ਸਦੀਆਂ ਤੋਂ ਖਹਿ ਰਿਹਾ ਸੀ, ਹੁਣ ਇਕੋ ਵੇਸ ਪਾ ਕੇ ਇਹ ਕੌਣ ਆ ਰਹੇ ਨੇ। ਸਾਡੇ ਮਨਾਂ ਦੇ ਅੰਦਰ, ਹੁਣ ਅਜਬ ਖਲਬਲੀ ਹੈ, ਸੀਤਲ ਸਰੋਵਰਾਂ ਨੂੰ, ਇਹ ਕੌਣ ਤਾਅ ਰਹੇ ਨੇ। ਸੁਣਦੇ ਨਾ ਰੁਦਨ ਮਨ ਦਾ, ਡਾਲਰ ਦੀ ਛਣਕ ਸੁਣਦੇ, ਕਿੰਜ ਕਹੀਏ ਗ਼ਾਫ਼ਿਲਾਂ ਨੂੰ, ਉਹ ਕੀ, ਗੁਆ ਰਹੇ ਨੇ। ਧਰੜੀ ਵੀਰਾਨ ਕਰਕੇ, ਸ਼ਾਤਰ ਦਿਮਾਗ਼ ਵਾਲੇ, ਵਿਗਿਆਨ ਦੇ ਬਹਾਨੇ, ਮੰਗਲ ਨੂੰ ਜਾ ਰਹੇ ਨੇ।
64. ਨਦੀ ਤੂਫ਼ਾਨੀ ਉੱਛਲੀ ਸੀ
ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ। ਤੁਰਦੀ ਤੁਰਦੀ ਬਾਤ ਵਿਚਾਰੀ ਅੱਧ ਵਿਚ ਰਹਿ ਗਈ ਏ। ਮੀਟ ਲਵਾਂ ਜੋ ਅੱਖੀਆਂ ਅੱਗੇ ਤਾਰੇ ਤੁਰਦੇ ਨੇ, ਖੋਲ੍ਹਾਂ ਤਾਂ ਫਿਰ ਜਾਪੇ ਡਾਰ ਹਵਾ ਵਿਚ ਛਹਿ ਗਈ ਏ। ਸਿਰ ਤੇ ਪੈਰ ਗੁਆਚ ਗਏ ਧੜ ਲੱਭਦਾ ਫਿਰਦਾ ਹੈ, ਮੋਮੀ ਜਿਸਮ ਦੇ ਨਾਲ ਅਗਨ ਜਿਉਂ ਨੇੜਿਓਂ ਖਹਿ ਗਈ ਏ। ਆਪਣੀ ਧੜਕਣ ਰੋਕੀਂ, ਮੈਨੂੰ ਫਿਰ ਮਹਿਸੂਸ ਕਰੀਂ, ਖ਼ੁਸ਼ਬੂ ਜਾਂਦੀ ਜਾਂਦੀ, ਮੇਰੇ ਕੰਨ ਵਿਚ ਕਹਿ ਗਈ ਏ। ਤੇਜ਼ ਹਵਾ ਦੇ ਬੁੱਲ੍ਹੇ ਅੱਗੇ ਘੁੰਮਣਘੇਰ ਜਿਵੇਂ, ਜਿੰਦ ਮਿੱਟੀ ਦੀ ਢੇਰੀ ਏਦਾਂ ਪਲ ਵਿਚ ਢਹਿ ਗਈ ਏ। ਤੇਜ਼ ਤੁਫ਼ਾਨ ਦੇ ਸਾਹਵੇਂ ਰੁੱਖ ਸਭ ਡਿੱਗ ਪਏ ਨੇ, ਪਰ, ਤੇਰੇ ਦਮ ਤੇ ਜਿੰਦ ਮੇਰੀ ਸਭ ਸਦਮੇ ਸਹਿ ਗਈ ਏ। ਸ਼ੁਕਰ ਮਨਾਵਾਂ ਤੇਰਾ ਜਿੰਦੇ ਕਿੰਜ ਧੰਨਵਾਦ ਕਰਾਂ, ਦੋਚਿੱਤੀ ਕਲਮੂੰਹੀਂ ਜਿਹੜੀ ਮਗਰੋਂ ਲਹਿ ਗਈ ਏ।
65. ਰੀਝ ਕਦੇ ਵੀ ਦਿਲ ਤੇ ਉੱਤੇ
ਰੀਝ ਕਦੇ ਵੀ ਦਿਲ ਤੇ ਉੱਤੇ ਭਾਰ ਨਹੀਂ ਹੁੰਦੀ। ਇਸ ਦੀ ਕੀਮਤ ਕਮਦਿਲਿਆ ਤੋਂ ਤਾਰ ਨਹੀਂ ਹੁੰਦੀ। ਐਸੀ ਕਾਵਿ-ਕਿਤਾਬ ਬੇਅਰਥਾ ਸ਼ਬਦੀ ਜੰਗਲ ਹੈ, ਜਿਸ ਨੂੰ ਪੜ੍ਹ ਕੇ ਦਿਲ ਵਿਚ ਹਾਹਾਕਾਰ ਨਹੀਂ ਹੁੰਦੀ। ਬਾਜ਼ ਉਡਾਰੀ ਭਰਦਾ, ਤਰਦਾ ਉੱਚੇ ਅੰਬਰੀਂ ਵੇਖ, ਸੂਰਮਿਆਂ ਦੀ ਧਰਤੀ ਉੱਤੇ ਵਾਹਰ ਨਹੀਂ ਹੁੰਦੀ। ਸ਼ੇਰ ਦਹਾੜੇ ਜੰਗਲ ਅੰਦਰ ਕੱਲ-ਮ-ਕੱਲਾ ਵੇਖ, ਨਿਰਭਉ ਮਨ ਦੇ ਅੰਦਰ ਬੈਠੀ ਗਾਰ ਨਹੀਂ ਹੁੰਦੀ। ਰੱਤ ਦੇ ਛਿੱਟੇ ਪੂੰਝ ਰਿਹਾ ਏਂ ਰੱਤ ਦੇ ਨਾਲ ਕਿਓਂ, ਅਗਨ ਅਗਨ ਦੇ ਨਾਲ ਕਦੇ ਵੀ ਹਾਰ ਨਹੀਂ ਹੁੰਦੀ। ਤੇਰਾ ਨੂਰ ਇਲਾਹੀ ਮੇਰੇ ਅੰਦਰ ਜਗਦਾ ਹੈ, ਰੂਹ ਤੋਂ ਰੂਹ ਵਿਚਕਾਰ ਕਦੇ ਵੀ ਤਾਰ ਨਹੀਂ ਹੁੰਦੀ। ਇਕੋ ਵਾਰ ਪਰਖ਼ ਲੈ ਮੇਰੇ ਸਿਦਕ ਸਬੂਤੇ ਨੂੰ, ਵਾਰੀ ਵਾਰੀ ਇਹ ਜ਼ਿੰਦਗਾਨੀ ਵਾਰ ਨਹੀਂ ਹੁੰਦੀ। ਆਪਣਿਆਂ ਦੇ ਹੱਥਾਂ ਵਿਚ ਗੁਲਦਸਤੇ ਹੁੰਦੇ ਨੇ, ਸੱਜਣਾਂ ਦੇ ਹੱਥ ਦੋਧਾਰੀ ਤਲਵਾਰ ਨਹੀਂ ਹੁੰਦੀ।
66. ਗ਼ਜ਼ਲ ਕਾਹਦੀ ਕਿ ਜਿਸ ਨੂੰ ਸੁਣ ਕੇ
ਗ਼ਜ਼ਲ ਕਾਹਦੀ ਕਿ ਜਿਸ ਨੂੰ ਸੁਣ ਕੇ ਦਿਲ ਸਰਸ਼ਾਰ ਨਾ ਹੋਵੇ। ਕਰੇ ਪਰਵਾਜ਼ ਬਿਨ ਖੰਭਾਂ ਤੋਂ, ਅੰਬਰ ਪਾਰ ਨਾ ਹੋਵੇ। ਹਿਸਾਬੀ ਤੇ ਕਿਤਾਬੀ ਜ਼ਿੰਦਗੀ ਵਾਲੇ ਨਾ ਇਹ ਜਾਨਣ, ਹਮੇਸ਼ਾਂ ਦੋ 'ਚ ਦੋ ਜੋੜਨ ਦਾ ਉੱਤਰ ਚਾਰ ਨਾ ਹੋਵੇ। ਜਿੰਨ੍ਹਾਂ ਹਰ ਸਾਲ ਲੀਲ੍ਹਾ ਕਰਦਿਆਂ ਉਮਰਾ ਗੁਆ ਦਿੱਤੀ, ਉਨ੍ਹਾਂ ਤੋਂ ਰੂਹ 'ਚ ਬੈਠਾ ਇਕ ਰਾਵਣ ਮਾਰ ਨਾ ਹੋਵੇ। ਅਸੀਂ ਸ਼ਬਦਾਂ ਹਵਾਲੇ ਵੇਦਨਾ ਕਰੀਏ ਤੇ ਕਿਓਂ ਮਰੀਏ, ਜੇ ਤਿਤਲੀ ਮਰਨ ਦਾ ਰੂਹਾਂ ਦੇ ਉੱਤੇ ਭਾਰ ਨਾ ਹੋਵੇ। ਤੁਸੀਂ ਜੇਤੂ ਸਿਕੰਦਰ ਹੋ, ਪਰ ਇਹ ਵੀ ਬਾਤ ਨਾ ਭੁੱਲਿਓ, ਕਦੇ ਵੀ ਜਿੱਤ ਨਾ ਦੇਵੇ ਮਜ਼ਾ ਜੇ ਹਾਰ ਨਾ ਹੋਵੇ। ਬੜਾ ਹੰਕਾਰਿਆ, ਕਾਮੀ, ਕ੍ਰੋਧੀ ਨਾਗ ਲਾਲਚ ਦਾ, ਹਜ਼ਾਰਾਂ ਵਾਰ ਚਾਹ ਕੇ ਵੀ ਇਹ ਮੈਥੋਂ ਮਾਰ ਨਾ ਹੋਵੇ। ਤੁਸੀਂ ਗੱਤੇ ਨੂੰ ਭਾਵੇਂ ਲਿਸ਼ਕਣੇ ਵਰਕੀਂ ਸਜਾ ਲੈਣਾ, ਕੋਈ ਕਿਰਪਾਨ ਨਹੀਂ ਕਹਿੰਦਾ ਜੇ ਤਿੱਖੀ ਧਾਰ ਨਾ ਹੋਵੇ। ਮੈਂ ਆਪਣੇ ਆਪ ਨੂੰ ਵੇਖਾਂ ਤਾਂ ਦੱਸੋ ਕਿਸ ਤਰ੍ਹਾਂ ਵੇਖਾਂ, ਜੇ ਮੇਰੇ ਮਨ ਦਾ ਸ਼ੀਸ਼ਾ ਰੂਹ ਦੇ ਅੰਦਰਵਾਰ ਨਾ ਹੋਵੇ।
67. ਉਦੋਂ ਤੀਕਰ ਨਹੀਂ ਸੌਣਾ
ਉਦੋਂ ਤੀਕਰ ਨਹੀਂ ਸੌਣਾ ਜਦੋਂ ਤਕ ਰਾਤ ਬਾਕੀ ਹੈ। ਸ਼ਹੀਦਾਂ ਦੇ ਲਹੂ ਦੀ ਸੁਣ ਲਵੋ ਇਹ ਬਾਤ ਬਾਕੀ ਹੈ। ਨਹੀਂ ਹੋਣਾ ਕਦੇ ਨੀਵਾਂ ਇਹ ਪਰਚਮ ਹੱਕ ਤੇ ਸੱਚ ਦਾ, ਜਦੋਂ ਤਕ ਧਰਤ ਉੱਤੇ ਇਕ ਵੀ ਸੁਕਰਾਤ ਬਾਕੀ ਹੈ। ਹਨ੍ਹੇਰਾ ਇਹ ਡਰਾਉਣਾ ਤਾਂ ਹੈ ਕੁਝ ਪਲ ਦਾ ਪ੍ਰਾਹੁਣਾ ਹੀ, ਇਹਦੀ ਬੁੱਕਲ 'ਚੋਂ ਆਪਾਂ ਲੱਭਣੀ ਪ੍ਰਭਾਤ ਬਾਕੀ ਹੈ। ਲੰਮੇਰੇ ਯੁੱਧ ਅੰਦਰ ਯਾਦ ਰੱਖਣਾ ਹੈ ਜ਼ਰੂਰੀ ਇਹ, ਸਦੀਵੀ ਜਿੱਤ ਖ਼ਾਤਰ ਦੁਸ਼ਮਣਾਂ ਨੂੰ ਮਾਤ ਬਾਕੀ ਹੈ। ਉਦੋਂ ਤਕ ਸੂਲੀਆਂ ਤੇ ਸੱਚ ਖ਼ਾਤਰ ਲਟਕਣਾ ਪੈਣੈਂ, ਜਦੋਂ ਤਕ ਧਰਤ ਉੱਤੇ ਕਾਤਲਾਂ ਦੀ ਜ਼ਾਤ ਬਾਕੀ ਹੈ। ਹਨੇਰੇ ਘਰ 'ਚ ਜਨਮੇ ਨੂਰ ਲਈ ਸਦੀਆਂ ਤੋਂ ਤਰਸੇ ਜੋ, ਉਨ੍ਹਾਂ ਨੂੰ ਜ਼ਿੰਦਗੀ ਦੀ ਜੀਣ ਜੋਗੀ ਝਾਤ ਬਾਕੀ ਹੈ। ਅਸਾਡੇ ਪੁਰਖਿਆਂ ਨੂੰ ਫਾਂਸੀਆਂ ਤੇ ਸੂਲੀਆਂ ਮਿਲੀਆਂ, ਤੇਰੀ ਝੋਲੀ 'ਚ ਦੱਸੀਂ ਹੋਰ ਕੀਹ ਖ਼ੈਰਾਤ ਬਾਕੀ ਹੈ।
68. ਰਾਤ ਹਨੇਰੀ, ਠੱਕਾ ਵਗਦਾ
ਰਾਤ ਹਨੇਰੀ, ਠੱਕਾ ਵਗਦਾ, ਦੀਵੇ ਲਾਟਾਂ ਡੋਲਦੀਆਂ। ਅੱਖਾਂ ਵਿਚੋਂ ਖ਼੍ਵਾਬ ਗੁਆ ਕੇ, ਹੁਣ ਇਹ ਕਿਸ ਨੂੰ ਟੋਲਦੀਆਂ। ਜਿਹੜੀ ਥਾਂ ਤੋਂ ਮੇਰੀ ਮੂਰਤ ਲਾਹ ਕੇ ਤੂੰ ਖ਼ੁਸ਼ ਹੋਈ ਸੈਂ, ਓਸੇ ਥਾਂ ਤੋਂ ਖ਼ਾਲੀ ਕੰਧਾਂ, ਸੁਣ ਤੂੰ ਕੀ ਕੁਝ ਬੋਲਦੀਆਂ? ਜਿਸਮ ਗੁਆਚਾ, ਰੂਹ ਵੀ ਦਾਗ਼ੀ, ਨਜ਼ਰਾਂ ਅੰਦਰ ਖੋਟ ਭਰੀ, ਕਿੱਦਾਂ ਚੁੱਕੀ ਫਿਰਦੀ ਏਂ, ਤਸਵੀਰਾਂ ਆਪਣੇ ਢੋਲ ਦੀਆਂ। ਫੁੱਲ ਮੋਤੀਆ, ਚਿੱਟੇ ਵਸਤਰ ਰੂਹ ਤੇਰੀ ਬੇਚੈਨ ਕਿਉਂ, ਜਿਉਂ ਆਵਾਜ਼ਾਂ ਢੋਲ ਦੇ ਅੰਦਰੋਂ, ਆਵਣ ਉਸ ਦੇ ਪੋਲ ਦੀਆਂ। ਜ਼ਰਦ ਵਸਾਰ ਜਿਹਾ ਰੰਗ ਤੇਰਾ, ਦੱਸਦੈ ਅੰਦਰੋਂ ਸੱਖਣੀ ਏਂ, ਰੂਹ ਦਾ ਭਾਰ ਕਦੇ ਵੀ ਬੀਬਾ, ਤੱਕੜੀਆਂ ਨਹੀਂ ਤੋਲਦੀਆਂ। ਆਪਣੀ ਬੁੱਕਲ ਅੰਦਰ ਝਾਕੀਂ, ਵੇਖੀ ਮਨ ਦੇ ਸ਼ੀਸ਼ੇ ਨੂੰ, ਚਿੰਤਾ ਚਿਖ਼ਾ ਬਰਾਬਰ ਬਹਿ ਕੇ, ਕੱਠੀਆਂ ਦੁਖ-ਸੁਖ ਫੋਲਦੀਆਂ। ਤੇਜ਼ ਤੁਰਨ ਦੀ ਆਦਤ ਤੇਰੀ, ਰੂਹ ਨੂੰ ਅਕਸਰ ਡੰਗ ਜਾਵੇ, ਤੂੰ ਕਾਹਲੀ ਵਿਚ ਕਦੇ ਨਾ ਵੇਖੇਂ, ਵਸਤਾਂ ਆਪਣੇ ਕੋਲ ਦੀਆਂ। ਤੇਜ਼ ਧੜਕਣਾਂ ਤੇਰੇ ਦਿਲ ਦੀ ਇੱਚੀ ਬਿੱਚੀ ਜਾਣਦੀਆਂ, ਸਮਝੀ ਨਾ ਅਣਜਾਣ ਇਨ੍ਹਾਂ ਨੂੰ, ਜੇ ਨਹੀਂ ਮੂੰਹੋਂ ਬੋਲਦੀਆਂ। ਭਰ ਵਗਦੇ ਦਰਿਆ ਦੇ ਕੰਢੇ ਬੈਠ ਕਦੇ ਤੂੰ ਸਹਿਜ ਮਤੇ, ਵੇਖੀਂ ਕਲਵਲ ਜਲ ਦੀਆਂ ਲਹਿਰਾਂ, ਸਾਹੀਂ ਸੰਦਲ ਘੋਲਦੀਆਂ।
69. ਵੀਹਵੀਂ ਸਦੀ ਗੁਜ਼ਾਰਨ ਮਗਰੋਂ
ਵੀਹਵੀਂ ਸਦੀ ਗੁਜ਼ਾਰਨ ਮਗਰੋਂ ਬੰਦੇ ਦੇ ਤੂੰ ਕਾਰੇ ਵੇਖ। ਸ਼ਹਿਰ ਵਸਾਉਣ ਦੀ ਖ਼ਾਤਰ ਲਾਏ, ਜੰਗਲ ਦੇ ਵਿਚ ਆਰੇ ਵੇਖ। ਦਰਦ ਮਿਰੇ ਦੀ ਹਾਥ ਪਾਉਣ ਲਈ, ਲੰਘੀਂ ਰੂਹ ਦੇ ਦਵਾਰ ਜ਼ਰੂਰ, ਟੁੱਟਦੇ ਤਾਰੇ ਦੀ ਅੱਖ ਵਿਚੋਂ, ਅੱਥਰੂ ਮਣ ਮਣ ਭਾਰੇ ਵੇਖ। ਨਿਰਮਲ ਨੀਰ ਚਸ਼ਮਿਓਂ ਤੁਰਦਾ, ਰਾਹ ਵਿਚ ਮੈਲਾ ਕਰਦਾ ਕੌਣ, ਹੁਕਮ ਹਕੂਮਤ ਨੌਕਰਸ਼ਾਹੀ, ਕੀਤੇ ਸਾਗਰ ਖ਼ਾਰੇ ਵੇਖ। ਕਾਲੀ ਰਾਤ ਹਨ੍ਹੇਰੀ ਫਿਰ ਵੀ, ਲੀਕ ਸੁਨਹਿਰੀ ਵਾਹ ਜਾਂਦੇ, ਜੁਗਨੂੰ, ਅੰਬਰੀਂ ਪੈਲਾਂ ਪਾਉਂਦੇ, ਭਰਦੇ ਕਿਵੇਂ ਹੁੰਗਾਰੇ ਵੇਖ। ਧੁੱਪਾਂ ਛਾਵਾਂ ਸੌ 'ਚੋਂ ਅੱਸੀ ਲੋਕਾਂ ਤੀਕ ਨਾ ਪਹੁੰਚਦੀਆਂ, ਮਹਿਲਾਂ ਵਾਲਿਆ! ਅੱਗ ਬਗੂਲੇ, ਤੂੰ ਵੀ ਕੁੱਲੀਆਂ ਢਾਰੇ ਵੇਖ। ਮੱਥੇ ਵਿਚ ਲਿਆਕਤ, ਡੌਲਿਆਂ ਅੰਦਰ ਮੱਛੀਆਂ ਸਹਿਕਦੀਆਂ, ਏਸ ਨਸਲ ਦੀ ਅੱਖ 'ਚ ਬਲਦੇ, ਸੂਹੇ ਸੁਰਖ਼ ਅੰਗਾਰੇ ਵੇਖ। ਤੇਰਾ ਸੂਚਕ ਅੰਕ ਵਿਖਾਏ ਘੜੀ ਮੁੜੀ ਜਿਸ ਭਾਰਤ ਨੂੰ, ਉਸ ਦੀ ਚਮਕ ਬੁਝਾ ਦਿੱਤੇ ਨੇ ਅੰਬਰ ਵਿਚਲੇ ਤਾਰੇ ਵੇਖ।
70. ਯਾਦਾਂ ਵਾਲੇ ਉੱਡਣੇ ਪੰਛੀ
ਯਾਦਾਂ ਵਾਲੇ ਉੱਡਣੇ ਪੰਛੀ, ਜਦ ਵਿਹੜੇ ਵਿਚ ਆ ਜਾਂਦੇ ਨੇ। ਉੱਡਦੇ ਬਹਿੰਦੇ, ਚੁੱਪ ਚੁਪੀਤੇ, ਦਿਲ ਦੀ ਤਾਰ ਹਿਲਾ ਜਾਂਦੇ ਨੇ। ਬਸਤਾ ਇਕ ਬੈਠਣ ਲਈ ਬੋਰੀ, ਸਭ ਕੁਝ ਮੋਢੇ ਤੇ ਟਿਕ ਜਾਵੇ, ਜਦੋਂ ਜਮਾਤੀਂ ਪੰਜਵੀਂ ਵਾਲੇ, ਹੁਣ ਵੀ ਚੇਤੇ ਆ ਜਾਂਦੇ ਨੇ। ਪੂੰਝੇ ਸਣੇ ਸਲੇਟ ਤਖ਼ਤੀਆਂ, ਕਲਮ ਦਵਾਤ ਸਿਆਹੀ ਸਭ ਕੁਝ, ਵਿੰਗੇ ਟੇਢੇ ਊੜੇ ਐੜੇ, ਰੂਹ ਮੇਰੀ ਨਸ਼ਿਆ ਜਾਂਦੇ ਨੇ। ਦੋ ਦੋ ਗੁੱਤਾਂ ਫੁੱਲਾਂ ਵਾਲੀਆਂ ਕੂੰਜਾਂ ਕਿੱਥੇ ਉੱਡ ਗਈਆਂ ਨੇ, ਭਾਵੇਂ ਉਨ੍ਹਾਂ ਪਿੰਡਾਂ ਵੱਲ ਨੂੰ, ਅਜੇ ਪੁਰਾਣੇ ਰਾਹ ਜਾਂਦੇ ਨੇ। ਚਾਕੂ ਨਾਲ ਕਲਮ ਨੂੰ ਘੜ ਕੇ ਜਿਵੇਂ ਗਿਆਨੀ ਜੀ ਸੀ ਲਿਖਦੇ, ਪੈਂਤੀ ਅੱਖਰ ਜਗਦੇ ਬੁਝਦੇ, ਹੁਣ ਵੀ ਰਾਹ ਰੁਸ਼ਨਾ ਜਾਂਦੇ ਨੇ। ਅੰਗਰੇਜ਼ੀ ਦੇ ਪੂਰਨਿਆਂ ਤੇ ਲਿਖਣਾ ਭਾਵੇਂ ਸਿੱਖ ਨਹੀਂ ਸਕਿਆ, ਇਨ੍ਹਾਂ ਬਦਲੇ ਖਾਧੀ ਕੁੱਟ ਦੇ, ਚੇਤੇ ਕੰਬਣੀ ਲਾ ਜਾਂਦੇ ਨੇ। ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿਚੋਂ ਖ਼ਾਰਜ ਰੱਖਿਐ, ਏਸੇ ਕਰਕੇ ਸ਼ਾਇਦ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ। ਛੱਪੜ ਕੰਢੇ ਪੋਚ ਕੇ ਫੱਟੀਆਂ, ਸੂਰਜ ਕੋਲੋਂ ਧੁੱਪਾਂ ਮੰਗਦੇ, ਮੁੰਡੇ ਕੁੜੀਆਂ ਚੇਤੇ ਆ ਕੇ, ਉਮਰ ਥਕੇਵਾਂ ਲਾਹ ਜਾਂਦੇ ਨੇ। ਅਪਣੇ ਘਰ ਤੋਂ ਪਰਦੇਸਾਂ ਤਕ, ਰੁਲ ਗਏ ਊੜੇ ਜੂੜੇ ਸਾਰੇ, ਵੇਖਣ ਨੂੰ ਜੋ ਜੁਗਨੂੰ ਲੱਗਦੇ, ਚਿੱਤ ਨੂੰ ਕਰ ਗੁੰਮਰਾਹ ਜਾਂਦੇ ਨੇ। ਉਨ੍ਹਾਂ ਜੇਡ ਨਿਕਰਮਾ ਕਿਹੜਾ ਹੋਵੇਗਾ ਇਸ ਧਰਤੀ ਉੱਤੇ, ਮਾਲ ਖ਼ਜ਼ਾਨੇ ਬਚਪਨ ਵਾਲੇ, ਜਿਹੜੇ ਲੋਕ ਭੁਲਾ ਜਾਂਦੇ ਨੇ।
71. ਵਧ ਰਹੇ ਮਜ਼ਲੂਮ ਧੱਕੇ ਸਹਿਣ ਵਾਲੇ
ਵਧ ਰਹੇ ਮਜ਼ਲੂਮ ਧੱਕੇ ਸਹਿਣ ਵਾਲੇ। ਘਟ ਰਹੇ ਨੇ ਪਰਬਤਾਂ ਸੰਗ ਖਹਿਣ ਵਾਲੇ। ਠਾਕ ਦੇਵੋ ਜੀਭ ਭਾਵੇਂ ਜ਼ਹਿਰ ਦੇਵੋ, ਚੁੱਪ ਨਹੀਂ ਰਹਿੰਦੇ ਕਦੇ ਸੱਚ ਕਹਿਣ ਵਾਲੇ। ਅਰਸ਼ ਦਾ ਹੀ ਅੰਗ ਨੇ ਤਾਰੇ ਇਹ ਸਾਰੇ, ਤੇਰੇ ਹੱਥਾਂ ਤੋਂ ਨਹੀਂ ਇਹ ਲਹਿਣ ਵਾਲੇ। ਚੰਨ, ਧਰੜੀ, ਸੁਪਨਿਆਂ ਦੀ ਰੀਸ ਨਾ ਕਰ, ਇਹ ਨਹੀਂ ਟਿਕ ਕੇ ਕਦੇ ਵੀ ਬਹਿਣ ਵਾਲੇ। ਸੀਸ ਤਲੀਆਂ ਤੇ ਟਿਕਾ ਜੋ ਤੁਰ ਰਹੇ ਨੇ, ਇਹ ਨਹੀਂ ਸੌਖੇ ਕਿਸੇ ਤੋਂ ਢਹਿਣ ਵਾਲੇ। ਛੱਪੜਾਂ ਦੇ ਪਾਣੀਆਂ! ਤੂੰ ਕੁਝ ਨਹੀਂ ਹੈਂ, ਨੀਰ ਹੁੰਦੇ ਨੇ ਨਿਰੰਤਰ ਵਹਿਣ ਵਾਲੇ। ਸ਼ਹਿਰ ਵਿਚ ਕਮਰਾ, ਕਿਰਾਇਆ, ਕੁਰਸੀਆਂ ਨੇ, ਘਾਬਰੇ ਫਿਰਦੇ ਨੇ ਏਥੇ ਰਹਿਣ ਵਾਲੇ।
72. ਕਿਤਾਬਾਂ ਜੋ ਨਹੀਂ ਕਰ ਸਕਦੀਆਂ
ਕਿਤਾਬਾਂ ਜੋ ਨਹੀਂ ਕਰ ਸਕਦੀਆਂ, ਆਵਾਜ਼ ਕਰਦੀ ਹੈ। ਇਹੀ ਆਵਾਜ਼ ਤਾਂ ਸਭ ਕੋਰਿਆਂ ਸ਼ਬਦਾਂ ਦੀ ਵਰਦੀ ਹੈ। ਬੜੀ ਬਲਵਾਨ ਭਾਵੇਂ ਬਾਦਸ਼ਾਹੀ ਹੈ ਹਨ੍ਹੇਰੇ ਦੀ, ਤੁਸੀਂ ਇਹ ਵੇਖ ਲੈਣਾ, ਦੀਵਿਆਂ ਤੋਂ ਬਹੁਤ ਡਰਦੀ ਹੈ। ਇਹ ਰਾਵਣ ਢੇਰ ਹੋ ਜਾਵੇ, ਦੁਸਹਿਰਾ ਫੇਰ ਨਾ ਆਵੇ, ਕਈ ਸਦੀਆਂ ਪੁਰਾਣੀ ਰੀਝ ਹੁਣ ਜੀਂਦੀ ਨਾ ਮਰਦੀ ਹੈ। ਮੈਂ ਸੁਪਨੇ ਬੀਜਦਾਂ, ਖੇਤੀਂ ਕਿਆਰੇ ਆਪ ਸਿੰਜਦਾ ਹਾਂ, ਪਛਾਣੋ ਕੌਣ ਜੋ, ਉੱਗਦੀ ਅੰਗੂਰੀ ਫ਼ਸਲ ਚਰਦੀ ਹੈ। ਮੈਂ ਤੇਰੀ ਗਰਮਜੋਸ਼ੀ ਦਾ ਹੁੰਗਾਰਾ ਕਿਸ ਤਰ੍ਹਾਂ ਦੇਵਾਂ, ਕਿ ਮਨ ਦੇ ਪਾਲ਼ਿਆਂ ਵਿਚ ਖ਼ੁਦ ਮਿਰੀ ਔਕਾਤ ਠਰਦੀ ਹੈ। ਕਦੇ ਪੌਣਾਂ 'ਚ ਘੁਲ ਜਾਵੇ, ਕਦੇ ਸ਼ਬਦਾਂ 'ਚ ਮਿਲ ਜਾਵੇ, ਇਹ ਸੁੱਚੀ ਅਗਨ ਹੀ ਫੁੱਲਾਂ 'ਚ ਸੂਹੇ ਰੰਗ ਭਰਦੀ ਹੈ। ਬੜੇ ਤੂਫ਼ਾਨ, ਝੱਖੜ, ਨ੍ਹੇਰੀਆਂ ਦਾ ਕਹਿਰ ਹੈ ਫਿਰ ਵੀ, ਗ਼ਜ਼ਲ ਮੇਰੀ ਇਹ ਵੇਖੋ ਜਗਣ ਲਈ ਹਿੰਮਤ ਤਾਂ ਕਰਦੀ ਹੈ।
73. ਬਚਪਨ ਦੇ ਪਰਛਾਵੇਂ ਮੈਨੂੰ
ਬਚਪਨ ਦੇ ਪਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ। ਚੋਰੀ ਸਾਂਭ ਸੰਭਾਲੇ ਪੱਤਰ ਪੜ੍ਹਨੇ ਚੰਗੇ ਲੱਗਦੇ ਨੇ। ਮੇਰੇ ਵਾਂਗ ਉਮਰ ਦੇ ਪੰਜਵੇਂ ਝੰਡੇ ਤੇ ਨੇ ਬੈਠੀਆਂ ਜੋ, ਮੋਰਨੀਆਂ ਦੇ ਖੰਭੀਂ ਤਾਰੇ ਜੜਨੇ ਚੰਗੇ ਲੱਗਦੇ ਨੇ। ਮੈਂ ਵਕਤਾਂ ਦਾ ਘਾੜਨਹਾਰਾ ਮੇਰੀ ਜ਼ਿੰਮੇਵਾਰੀ ਏ, ਗ਼ਜ਼ਲਾਂ ਦੇ ਸ਼ਿਅਰਾਂ ਵਿਚ ਹੀਰੇ ਮੜ੍ਹਨੇ ਚੰਗੇ ਲੱਗਦੇ ਨੇ। ਕਲਗੀ, ਪੈਸਾ, ਪੌੜੀ, ਰੁਤਬੇ, ਮਨ 'ਤੇ ਰੱਖਿਆ ਭਾਰ ਨਹੀਂ, ਏਸੇ ਕਰਕੇ ਪਰਬਤ ਪੈਰੀਂ ਚੜ੍ਹਨੇ ਚੰਗੇ ਲੱਗਦੇ ਨੇ। ਨਿੱਕੀਆਂ ਨਿੱਕੀਆਂ ਜੰਗਾਂ ਛੇੜਾਂ, ਮੇਰਾ ਬਿਲਕੁਲ ਸ਼ੌਕ ਨਹੀਂ, ਲੰਮੇ ਯੁੱਧ ਨਿਰੰਤਰ ਮੈਨੂੰ, ਲੜਨੂੰ ਚੰਗੇ ਲੱਗਦੇ ਨੇ। ਰੰਗ ਬਰੰਗੇ ਪੈਂਨ-ਪੈਨਸਿਲਾਂ, ਸ਼ਾਨਾਂ ਭਾਵੇਂ ਮੇਜ਼ ਦੀਆਂ, ਆਪਣੇ ਹੱਥੀਂ ਕਲਮਾਂ, ਕਾਨੇ ਘੜਨੇ ਚੰਗੇ ਲੱਗਦੇ ਨੇ। ਮੇਰੇ ਅੰਦਰ ਬੈਠਾ ਬੱਚਾ, ਚਾਂਭਲਦੈ, ਜਦ ਵੇਖ ਲਵੇ, ਰਾਤ ਦੇ ਕੇਸੀਂ ਜੁਗਨੂੰ ਇਸ ਨੂੰ ਅੜਨੇ ਚੰਗੇ ਲੱਗਦੇ ਨੇ।
74. ਫਿਰਦੇ ਨੇ ਦਨਦਨਾਉਂਦੇ
ਫਿਰਦੇ ਨੇ ਦਨਦਨਾਉਂਦੇ ਅੰਨ੍ਹੀ ਮਚਾਉਣ ਵਾਲੇ। ਕਿਧਰ ਗਏ ਇਨ੍ਹਾਂ ਤੋਂ ਮੁਕਤੀ ਦਿਵਾਉਣ ਵਾਲੇ? ਦਹਿਲੀਜ਼ ਓਪਰੀ ਤੇ ਕਰਦੇ ਨੇ ਦੀਪ ਮਾਲਾ, ਕੱਚੇ ਬਨੇਰਿਆਂ ਤੋਂ ਦੀਵੇ ਬੁਝਾਉਣ ਵਾਲੇ। ਸਾਥੋਂ ਆਵਾਜ਼, ਸੁਰ ਤੇ, ਸਾਥੋਂ ਹੀ ਸ਼ਬਦ ਲੈ ਕੇ, ਸਾਨੂੰ ਪਛਾਣਦੇ ਨਾ, ਇਹ ਗੀਤ ਗਾਉਣ ਵਾਲੇ। ਚੁੰਧਿਆਈ ਨਿਗਾਹ ਵਾਲੇ, ਵੀਰਾਂ ਨੂੰ ਥਹੁ ਨਾ ਲੱਗੇ, ਅੰਨ੍ਹੀ ਗਲੀ 'ਚ ਫਿਰਦੇ ਰਸਤਾ ਦਿਖਾਉਣ ਵਾਲੇ। ਕਿਧਰ ਤੋਂ ਆ ਰਹੇ ਨੇ, ਕਿਧਰ ਨੂੰ ਜਾ ਰਹੇ ਨੇ, ਦੱਸਦੇ ਨਾ ਕਾਫ਼ਲੇ ਨੂੰ, ਜੈਕਾਰੇ ਲਾਉਣ ਵਾਲੇ। ਬਗਲੇ ਦੇ ਵੇਸ ਵਾਲੇ, ਅਮਨਾਂ ਦਾ ਦੇਣ ਹੋਕਾ, ਵੱਸਦੇ ਘਰਾਂ ਨੂੰ ਏਥੇ ਮਕਤਲ ਬਣਾਉਣ ਵਾਲੇ। ਕਰਦੇ ਬੁਹਾਰੀਆਂ ਨੇ ਬੇਗ਼ਮ ਦੇ ਮਹਿਲ ਅੰਦਰ, ਲੋਕਾਂ ਨੂੰ ਭਰਮ ਪਾਉਂਦੇ ਬਾਗ਼ੀ ਕਹਾਉਣ ਵਾਲੇ।
75. ਲਗਾਇਆ ਜ਼ੋਰ ਨ੍ਹੇਰੀ ਨੇ ਬਥੇਰਾ
ਲਗਾਇਆ ਜ਼ੋਰ ਨ੍ਹੇਰੀ ਨੇ ਬਥੇਰਾ। ਅਜੇ ਵੀ ਆਲ੍ਹਣਾ ਕਾਇਮ ਹੈ ਮੇਰਾ। ਇਹ ਸ਼ੀਸ਼ਾ ਸਿਰਫ਼ ਚਿਹਰਾ ਜਾਣਦਾ ਹੈ, ਨਹੀਂ ਪੜ੍ਹ ਸਕਣ ਲੱਗਾ ਮਨ ਇਹ ਮੇਰਾ। ਤੂੰ ਮੈਥੋਂ ਦੂਰ ਭਾਵੇਂ ਹੋਰ ਹੋ ਜਾ, ਗੁਆਈਂ ਨਾ ਕਦੇ ਵਿਸ਼ਵਾਸ ਮੇਰਾ। ਉਡਾਰੀ ਮਾਰ ਗਏ ਨੇ ਖਾ ਕੇ ਚੂਰੀ, ਬਿਨਾਂ ਕਾਵਾਂ ਦੇ ਸੁੰਨਾ ਹੈ ਬਨੇਰਾ। ਹਵਾ ਵਿਚ ਬੇਵਿਸਾਹੀ ਘੁਲ ਗਈ ਹੈ, ਹੈ ਇਸ ਵਿਚ ਦੋਸ਼ ਸਾਡਾ ਵੀ ਬਥੇਰਾ। ਇਹ ਦਿੱਲੀ ਨਗਰ ਵਰਮੀ ਵਾਂਗਰਾਂ ਹੈ, ਪੁਰਾਣਾ ਏਸ ਥਾਂ ਨਾਗਾਂ ਦਾ ਡੇਰਾ। ਹਨ੍ਹੇਰੀ ਰਾਤ ਦੀ ਬੁੱਕਲ 'ਚ ਮੈਂ ਹਾਂ, ਮੇਰਾ ਹੀ ਨਾਮ ਹੈ ਚੜ੍ਹਦਾ ਸਵੇਰਾ।
76. ਲੰਮ ਸਲੰਮੀਆਂ ਸੜਕਾਂ ਉੱਤੇ
ਲੰਮ ਸਲੰਮੀਆਂ ਸੜਕਾਂ ਉੱਤੇ, ਪੈੜਾਂ ਪਿਛਲੇ ਪਹਿਰ ਦੀਆਂ। ਜਿਉਂ ਉਸਤਾਦ ਧਰਤ 'ਤੇ ਲਿਖੀਆਂ, ਗ਼ਜ਼ਲਾਂ ਲੰਮੀ ਬਹਿਰ ਦੀਆਂ। ਚੰਨ ਚਾਨਣੀ ਰਾਤ ਸਮੁੰਦਰ ਬੜੇ ਉਛਾਲੇ ਖਾਂਦਾ ਹੈ, ਕੋਈ ਨਾ ਸੁਣਦਾ ਦਰਦ ਕਹਾਣੀਆਂ, ਪਾਣੀ ਉਤਲੀ ਲਹਿਰ ਦੀਆਂ। ਦਿਲ ਦੇ ਬੂਹੇ ਤੋਂ ਮੁੜ ਗਈਆਂ, ਜਦੋਂ ਹੁੰਗਾਰਾ ਮਿਲਿਆ ਨਾ, ਬੇਕਦਰਾਂ ਦੇ ਵਿਹੜੇ ਅੰਦਰ ਰੀਝਾਂ ਵੀ ਨਹੀਂ ਠਹਿਰਦੀਆਂ। ਖ਼ੌਫ਼ ਮਨਾਂ ਦਾ ਵੇਖੋ ਯਾਰੋ, ਕਿਥੋਂ ਤਕ ਆ ਪਹੁੰਚਾ ਹੈ, ਅੰਦਰੋਂ ਕੁੰਡੀ ਲਾ ਕੇ ਸੌਂਦੀਆਂ ਗਲੀਆਂ ਮੇਰੇ ਸ਼ਹਿਰ ਦੀਆਂ। ਮੇਰੇ ਵਿਚਲਾ ਰਾਵਣ ਮੈਥੋਂ ਏਸੇ ਕਰਕੇ ਮਰਦਾ ਨਹੀਂ, ਉਹ ਵੀ ਜਾਣ ਗਿਆ ਏ ਬਾਤਾਂ, ਮੇਰੇ ਤੇ ਕਹਿਰ ਦੀਆਂ। ਜਨਮ ਘੜੀ ਤੋਂ ਅੱਜ ਤੀਕਣ ਮੈਂ, ਅੰਮ੍ਰਿਤ ਚਖ ਕੇ ਵੇਖਿਆ ਨਹੀਂ, ਮੈਨੂੰ ਮਾਰ ਮੁਕਾਉਣਗੀਆਂ ਕਿੰਜ, ਇਕ ਦੋ ਘੁੱਟਾਂ ਜ਼ਹਿਰ ਦੀਆਂ। ਬੋਹੜਾਂ ਪਿੱਪਲਾਂ ਵਰਗੇ ਬਾਬੇ, ਬੁੱਝ ਲੈਂਦੇ ਸਨ ਵੇਖਦਿਆਂ, ਸੁਰਮੇ ਰੰਗੀ ਬਦਲੋਟੀ 'ਚੋਂ, ਚਾਲਾਂ ਅੰਬਰੀ ਗਹਿਰ ਦੀਆਂ।
77. ਰਾਤ ਹਨ੍ਹੇਰੀ ਰੁੱਖਾਂ ਵਿਚ ਦੀ
ਰਾਤ ਹਨ੍ਹੇਰੀ ਰੁੱਖਾਂ ਵਿਚ ਦੀ ਜਿਉਂ ਚੰਨ ਪਾਵੇ ਝਾਤ ਜਹੀ। ਸ਼ੁਕਰ ਓਸਦਾ ਦਿੱਤੀ ਜਿਸ ਨੇ ਜ਼ਿੰਦਗੀ ਵੀ ਸੌਗਾਤ ਜਹੀ। ਅੱਖੀਆਂ ਵਿਚੋਂ ਖ਼ੁਸ਼ੀਆਂ ਵਾਲੇ ਅੱਥਰੂ ਮੈਥੋਂ ਰੁਕਦੇ ਨਹੀਂ, ਤਪਦੀ ਧਰਤੀ ਉੱਤੇ ਕਿਣਮਿਣ, ਜਿਉਂ ਵਰ੍ਹਦੀ ਬਰਸਾਤ ਜਹੀ। ਤੂੰ ਮੇਰੇ ਸਾਹਾਂ ਵਿਚ ਰਮ ਜਾ, ਫੁੱਲ ਪੱਤੀਆਂ ਵਿਚ ਮਹਿਕ ਜਿਵੇਂ, ਨਾਲੋ ਨਾਲ ਰਹੀਂ ਤੂੰ ਮੇਰੇ, ਬਣ ਸੁੱਚੇ ਜਜ਼ਬਾਤ ਜਹੀ। ਨੇਰ੍ਹੇ ਤੇ ਚਾਨਣ ਵਿਚ ਦੱਸੋ, ਕਰਾਂ ਨਿਖੇੜਾ ਕਿੱਸਰਾਂ ਮੈਂ, ਮੇਰੇ ਹਿੱਸੇ ਆਈ ਜ਼ਿੰਦਗੀ, ਪੂਰੇ ਚੰਨ ਦੀ ਰਾਤ ਜਹੀ। ਦੂਰ ਕਿਸੇ ਘਰ ਜੰਮੀ ਜਾਈ, ਜਦ ਤੋਂ ਸਾਡੇ ਘਰ ਆਈ, ਸਾਡੇ ਘਰ ਦੇ ਅੰਦਰ ਹਰ ਪਲ ਰਹਿੰਦੀ ਹੈ ਪ੍ਰਭਾਤ ਜਹੀ। ਤੇਰੇ ਨਾਲ ਸ਼ਿਕਾਇਤ, ਸ਼ਿਕਵਾ, ਕਰਾਂ ਕਿਉਂ ਮੈਂ ਜਿੰਦੜੀਏ, ਹਰ ਇਕ ਨੂੰ ਖ਼ੈਰਾਤ ਹੈ ਮਿਲਦੀ ਓਸੇ ਦੀ ਔਕਾਤ ਜਹੀ। ਕਿੰਨੀ ਵਾਰੀ ਆਖਿਐ ਇਸ ਨੂੰ, ਹੁਣ ਤਾਂ ਮੇਰੇ ਮਗਰੋਂ ਲਹਿ, ਮੇਰਾ ਪਿੱਛਾ ਛੱਡਦੀ ਹੀ ਨਾ, ਖ਼ੁਦਗਰਜ਼ੀ ਕਮਜ਼ਾਤ ਸਹੀ।
78. ਆਸ ਬੇਗ਼ਾਨੀ ਤੇ ਜੇ ਰਹਿੰਦੇ
ਆਸ ਬੇਗ਼ਾਨੀ ਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ। ਮਿੱਟੀ ਦਾ ਇਹ ਕੱਚਾ ਭਾਂਡਾ, ਕਣੀਆਂ ਦੇ ਵਿਚ ਖਰ ਜਾਣਾ ਸੀ। ਭਾਵੇਂ ਕਹਿਣ ਸਮੁੰਦਰੋਂ ਡੂੰਘਾ, ਪਾਰ ਕਿਨਾਰਾ ਕਿਹੜੀ ਗੱਲ ਸੀ, ਜੇਕਰ ਸਾਥ ਨਿਭਾਉਂਦੀ ਤਾਂ ਮੈਂ ਦਿਲ ਦਰਿਆ ਨੂੰ ਤਰ ਜਾਣਾ ਸੀ। ਤੇਰੇ ਨਾਲ ਤੁਰਦਿਆਂ, ਤੈਨੂੰ ਕੀਹ ਦੱਸਾਂ ਮੈਂ ਖੁਸ਼ਬੂ ਜਹੀਏ, ਦਿਲ ਦਾ ਖ਼ਾਲੀ ਕਾਸਾ ਮੇਰਾ, ਨਾਲ ਮੁਹੱਬਤ ਭਰ ਜਾਣਾ ਸੀ। ਇਹ ਤਾਂ ਤੇਰੇ ਨਿੱਘ ਦਾ ਹੀ ਪ੍ਰਤਾਪ, ਧੜਕਣਾਂ ਧੜਕਦੀਆਂ ਨੇ, ਨਹੀਂ ਤਾਂ ਹੁਣ ਨੂੰ ਇਹ ਦਿਲ ਮੇਰਾ, ਠਰਦਾ ਠਰਦਾ ਠਰ ਜਾਣਾ ਸੀ। ਜੰਗਲੀ ਜੰਤ ਜਨੌਰਾਂ ਦੀ ਹੁਣ ਗਿਣਤੀ ਵਧੀ ਮੈਦਾਨਾਂ ਅੰਦਰ, ਜੇ ਪਹਿਰਾ ਨਾ ਹੁੰਦਾ, ਇਨ੍ਹਾਂ ਫ਼ਸਲਾਂ ਤਾਈਂ ਚਰ ਜਾਣਾ ਸੀ। ਬਿਰਖ਼ਾ ਨਾਲ ਗੁਫ਼ਤਗੂ ਕਰਦੇ, ਬੀੜ ਰਹੇ ਨੇ ਦਿਨ ਤੇ ਰਾਤਾਂ, ਬਾਤ ਮੁਕਾਏ ਬਿਨ ਦੱਸੋ ਮੈਂ, ਕਿਹੜੇ ਵੇਲੇ ਘਰ ਜਾਣਾ ਸੀ। ਚਾਨਣ ਦੀ ਤਸਵੀਰ ਬਣੀ ਤੂੰ, ਨੇਰ੍ਹੇ ਵਿਚ ਲਕੀਰ ਬਣੀ ਤੂੰ, ਜੇ ਤੂੰ ਮੇਰੇ ਨਾਲ ਨਾ ਹੁੰਦੀ, ਮੈਂ ਤਾਂ ਕੱਲ੍ਹਿਆਂ ਡਰ ਜਾਣਾ ਸੀ।
79. ਝੀਲ ਬਲੌਰੀ ਨੈਣਾਂ ਅੰਦਰ
ਝੀਲ ਬਲੌਰੀ ਨੈਣਾਂ ਅੰਦਰ ਸੁਪਨੇ ਤਰਦੇ ਵੇਖ ਰਿਹਾ ਹਾਂ। ਮੰਜ਼ਿਲ ਦੇ ਸਿਰਨਾਵੇਂ ਵੱਲ ਨੂੰ, ਹਿੰਮਤ ਕਰਦੇ ਵੇਖ ਰਿਹਾ ਹਾਂ। ਕੱਚੇ ਘਰੀਂ ਗੁਆਚੇ ਹੋਏ, ਫ਼ਿਕਰੀਂ ਵਿੱਧੇ ਬਹੁਤ ਲੋਕੀਂ, ਥੱਕੇ ਟੁੱਟੇ, ਹਾਰੇ ਹੁੰਦੇ, ਰਾਹ ਵਿਚ ਮਰਦੇ ਵੇਖ ਰਿਹਾ ਹਾਂ। ਪੰਜੀਂ ਸਾਲੀਂ ਆਉਂਦੇ ਇਹ ਜੋ, ਚਿੱਟੇ, ਨੀਲੇ, ਪੀਲੇ ਘੋੜੇ, ਖੇਤਾਂ ਵਿਚੋਂ ਹਰੇ ਅੰਗੂਰੀ ਸੁਪਨੇ ਚਰਦੇ ਵੇਖ ਰਿਹਾ ਹਾਂ। ਇਕ ਓਂਕਾਰ ਦੀ ਨਿਰਮਾਲ ਧਾਰਾ, ਕਾਲੀ ਬੇਈਂ ਦੇ ਵਿਚ ਗੁੰਮੀ, ਲੱਭਦੇ ਨੇ ਬਲਬੀਰਾਂ* ਤੇ ਬਹੁਤੇ ਗੱਲਾਂ ਕਰਦੇ ਵੇਖ ਰਿਹਾ ਹਾਂ। ਸਫ਼ਰ ਨਾਲ ਜੋ ਕਰਨ ਗੁਫ਼ਤਗੂ, ਮੰਜ਼ਿਲ ਨੂੰ ਵੀ ਓਹੀ ਵਰਦੇ, ਜਿਹੜੇ ਰਾਹ ਵਿਚ ਬੈਠੇ ਓਹੀ, ਹਾਉਕੇ ਭਰਦੇ ਵੇਖ ਰਿਹਾ ਹਾਂ। ਪਾਰ ਝਨਾਉਂ ਰਹਿੰਦੀ ਸੋਹਣੀ, ਮਹੀਂਵਾਲ ਦੇ ਦਿਲ ਨੂੰ ਮੋਹਣੀ, ਦਿਲ ਦੀ ਲਗਨ ਮਿਲਣ ਦੀ ਜਿਸ ਨੂੰ ਨਦੀਆਂ ਤਰਦੇ ਵੇਖ ਰਿਹਾ ਹਾਂ। ਡਰ ਨਹੀਂ ਕਿਸੇ ਪਰਾਏ ਕੋਲੋਂ, ਡਰ ਹੈ ਆਪਣੇ ਸਾਏ ਕੋਲੋਂ, ਘਰ ਦੇ ਭੇਤੀ ਕੋਲੋਂ ਬੰਦੇ, ਆਪੇ ਡਰਦੇ ਵੇਖ ਰਿਹਾ ਹਾਂ।
80. ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ ਕਰਦੀਆਂ ਨੇ
ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ ਕਰਦੀਆਂ ਨੇ। ਮਹਿਕਦੀ ਧੜਕਣ ਨੂੰ ਖੋਹ ਕੇ ਆਪ ਉਹ ਥਾਂ ਭਰਦੀਆਂ ਨੇ। ਹੁਣ ਝਨਾਂ ਦੇ ਪਾਣੀਆਂ ਵਿਚ ਨਾ ਹੀ ਸੋਹਣੀ ਨਾ ਘੜਾ ਹੈ, ਹਉਕਿਆਂ ਦੀ ਜੂਨ ਪਈਆਂ, ਬੇੜੀਆਂ ਹੀ ਤਰਦੀਆਂ ਨੇ। ਖੇੜ 'ਚੋਂ ਫ਼ਸਲਾਂ ਸੁਕਾਵਣ ਤੇ ਘਰਾਂ 'ਚੋਂ ਰੌਣਕਾਂ ਵੀ, ਫੋਕੀਆਂ ਰਸਮਾਂ ਹੀ ਸਾਡੇ ਸੁਪਨਿਆਂ ਨੂੰ ਚਰਦੀਆਂ ਨੇ। ਗਗਨ ਚੁੰਮਦੇ ਭਵਨ ਦੇ ਵਣਜਾਰਿਆਂ ਨੂੰ ਕੌਣ ਪੁੱਛੇ? ਜੰਮਣੋਂ ਪਹਿਲਾਂ ਹੀ ਸਾਡੇ, ਕਿਉਂ ਉਮੀਦਾਂ ਮਰਦੀਆਂ ਨੇ। ਫ਼ੈਲਦੇ ਬਾਜ਼ਾਰ ਸਾਨੂੰ ਸੁੰਨ ਕਰ ਦੇਣਾ ਹੈ ਆਖ਼ਿਰ, ਮਾਪਿਆਂ ਦੇ ਵਾਂਗ ਦੇਣਾ, ਨਿੱਘ ਕੰਧਾਂ ਘਰ ਦੀਆਂ ਨੇ। ਧਰਤ ਦਾ ਹੈ ਧਰਮ ਜੀਕੂੰ, ਝਟਕਿਆਂ ਨੂੰ ਸਹਿਣ ਕਰਨਾ, ਮਾਵਾਂ ਧੀਆਂ, ਭੈਣਾਂ ਏਦਾਂ, ਰੋਜ਼ ਸਦਮੇ ਜਰਦੀਆਂ ਨੇ। ਜ਼ਿੰਦਗੀ ਲੋਹਾਰ ਦੀ ਭੱਠੀ 'ਚ ਜੀਕੂੰ ਸੁਰਖ਼ ਲੋਹਾ, ਅਗਨ ਦੇ ਫੁੱਲਾਂ ਤੇ ਬਹਿਣੋਂ ਤਿਤਲੀਆਂ ਵੀ ਡਰਦੀਆਂ ਨੇ।
81. ਬੰਦ ਨੇ ਬੂਹੇ ਅਤੇ ਬਾਰੀਆਂ
ਬੰਦ ਨੇ ਬੂਹੇ ਅਤੇ ਬਾਰੀਆਂ ਸਾਡੇ ਪਿੰਡ ਨੂੰ ਕੀ ਹੋਇਆ ਹੈ। ਸ਼ਹਿਰਾਂ ਵਾਂਗੂੰ ਤੜਪ ਨਹੀਂ ਹੈ, ਹਰ ਘਰ ਜੀਕੂੰ ਅਧਮੋਇਆ ਹੈ। ਬੰਦ ਕਮਰਿਆਂ ਅੰਦਰ ਜਾਲੇ, ਹੋਠਾਂ ਉੱਪਰ ਲੱਗੇ ਤਾਲੇ, ਤੇਲ ਦੀ ਥਾਂ ਤੇ ਖ਼ੂਨ ਬਰੂਹੀਂ, ਕਿਸ ਨੇ ਏਥੇ ਕਿਉਂ ਚੋਇਆ ਹੈ? ਪਿੱਪਲ ਥੱਲੇ ਤੀਆਂ ਤੇ ਨਾ ਗਿੱਧੇ ਦੇ ਪਿੜ ਅੰਦਰ ਧੀਆਂ, ਬਾਪੂ ਵਰਗਾ ਬਿਰਖ ਬਰੋਟਾ, ਆਰੀ ਹੱਥੋਂ ਕਿਉਂ ਮੋਇਆ ਹੈ? ਤੇਰੇ ਪੱਲੇ ਚਾਨਣ ਚਾਨਣ, ਮੇਰੇ ਪੱਲੇ ਨ੍ਹੇਰਾ ਹੀ ਨ੍ਹੇਰਾ, ਪਿੰਡ ਕਿਉਂ ਨਾ ਕਰੇ ਸ਼ਿਕਾਇਤ, ਭੇਦਭਾਵ ਇਹ ਕਿਉਂ ਹੋਇਆ ਹੈ? ਕਈ ਵਾਰੀ ਮੈਂ ਦਸਤਕ ਦਿੱਤੀ, ਕਿਸੇ ਹੁੰਗਾਰਾ ਹੀ ਨਹੀਂ ਭਰਿਆ, ਸਮਝ ਨਾ ਆਵੇ ਆਪਣਿਆਂ ਨੇ, ਘਰ ਦਾ ਬੂਹਾ ਕਿਉਂ ਢੋਇਆ ਹੈ? ਹਰ ਇਕ ਚਮਕਣਹਾਰ ਨਾ ਹੀਰਾ, ਸਦਾ ਭੁਲੇਖੇ ਖਾਹ ਨਾ ਵੀਰਾ, ਗੋਦੜੀਆਂ ਦੇ ਲਾਲਾਂ ਦਾ ਮੂੰਹ, ਦੱਸ ਭਲਾ ਕਿਸ ਨੇ ਧੋਇਆ ਹੈ? ਸੂਰਜ ਆਖੇ ਜਾਗੋ ਜਾਗੋ, ਅੱਖਾਂ ਖੋਲ੍ਹੋ ਸੌਣ ਵਾਲਿਓ, ਭੁੱਲ ਨਾ ਜਾਇਓ ਨਾਲ ਤੁਹਾਡੇ, ਨ੍ਹੇਰੇ ਅੰਦਰ ਕੀਹ ਹੋਇਆ ਹੈ?
82. ਛੱਡ ਪਗਡੰਡੀ ਸੜਕੀਂ ਚੜ੍ਹ ਪਏ
ਛੱਡ ਪਗਡੰਡੀ ਸੜਕੀਂ ਚੜ੍ਹ ਪਏ ਪਿੰਡ ਚੱਲੇ ਹੁਣ ਸ਼ਹਿਰਾਂ ਨੂੰ। ਸਾਫ਼ ਹਵਾ ਦੇ ਬੁੱਲੇ ਛੱਡ ਕੇ, ਡੀਕਣਗੇ ਹੁਣ ਜ਼ਹਿਰਾਂ ਨੂੰ। ਗ਼ਮ ਦਾ ਦਰਿਆ ਰੋੜ੍ਹੀ ਜਾਵੇ ਕੱਚਾ ਪੱਕਾ ਇਕੋ ਭਾਅ, ਸੋਹਣੀ ਡਰਦੀ, ਹੁਣ ਨਹੀਂ ਤਰਦੀ, ਇਸ਼ਕ ਝਨਾਂ ਦੀਆਂ ਲਹਿਰਾਂ ਨੂੰ। ਮੈਂ ਦਰਿਆ ਹਾਂ, ਮੇਰੀ ਮਰਜ਼ੀ ਜਿਧਰ ਚਾਹਾਂ ਜਾ ਸਕਦਾਂ, ਹੁਕਮ ਸੁਣਾਈ ਜਾਹ ਤੂੰ ਆਪਣਾ ਸਭ ਸਰਕਾਰੀ ਨਹਿਰਾਂ ਨੂੰ। ਤੇਰੇ ਸਿਰ 'ਤੇ ਅਸੀਂ ਖੜ੍ਹੇ ਹਾਂ ਫਿਰ ਪੁੱਤਰਾ ਘਬਰਾਵੇਂ ਕਿਉਂ, ਬੋਹੜਾਂ ਤੇ ਪਿੱਪਲਾਂ ਦੇ ਮੂੰਹੋਂ ਸੁਣਦਾ ਸਿਖ਼ਰ ਦੁਪਹਿਰਾਂ ਨੂੰ। ਨਿੱਤਰੇ ਪਾਣੀ ਵਿਚੋਂ ਆਪਣਾ ਚਿਹਰਾ ਵੇਖੇਂ ਡਰ ਜਾਵੇਂ, ਮਨ ਵਿਚ ਚੁੱਕੀ ਫਿਰਦਾ ਹੈਂ ਕਿਉਂ ਵੰਨ ਸੁਵੰਨੀਆਂ ਗਹਿਰਾਂ ਨੂੰ। ਖਿੱਲਰੇ ਮਨ ਨੂੰ ਕੌਣ ਸੰਭਾਲੇ ਕਵਿਤਾ ਪੁੱਛਦੀ ਗੀਤਾਂ ਨੂੰ, ਮੇਰੀ ਪੀੜਾ ਸਮਝ ਨਾ ਆਵੇ ਹੁਣ ਗ਼ਜ਼ਲਾਂ ਦੀਆਂ ਬਹਿਰਾਂ ਨੂੰ।
83. ਮੌਤ ਹੱਥੋਂ ਹੋ ਰਿਹਾ ਏ ਜ਼ਿੰਦਗੀ ਦਾ ਇਮਤਿਹਾਨ
ਪਾਕਿਸਤਾਨ ਦੀ ਸਵਾਤ ਘਾਟੀ ਦੀ ਗਾਇਕਾ ਗ਼ਜ਼ਾਲਾ ਜਾਵੇਦ ਦੇ ਨਾਂ ਜਿਸ ਨੂੰ ਗਾਉਣ ਬਦਲੇ ਮੂਲਵਾਦੀਆਂ ਨੇ ਬੇਰਹਿਮੀ ਨਾਲ ਪਿਤਾ ਸਮੇਤ ਸਿਖ਼ਰ ਦੁਪਹਿਰੇ ਗੋਲੀ ਨਾਲ ਫੁੰਡਿਆ ਮੌਤ ਹੱਥੋਂ ਹੋ ਰਿਹਾ ਏ ਜ਼ਿੰਦਗੀ ਦਾ ਇਮਤਿਹਾਨ। ਹੋਰ ਕਿਸ ਨੂੰ ਆਖਦੇ ਨੇ ਨਰਕ, ਦੱਸੋ ਮਿਹਰਬਾਨ! ਬੋਲਦਾ ਕੋਈ ਨਹੀਂ, ਨਾ ਚੀਖ਼ ਸੁਣਦੀ ਹੈ ਕਿਤੇ, ਜੀਭ ਨੂੰ ਤੰਦੂਆ ਕਿਉਂ ਹੈ, ਕੁੱਲ ਆਲਮ ਬੇਜ਼ਬਾਨ। ਧਰਮ ਤੇ ਇਖ਼ਲਾਕ ਦੋਵੇਂ ਅਰਥਹੀਣੇ ਹੋ ਗਏ, ਅਰਥ ਮਨਮਰਜ਼ੀ ਦੇ ਕਰਕੇ, ਦੱਸਦੈ ਸਾਨੂੰ ਸ਼ੈਤਾਨ। ਤਿਤਲੀਆਂ ਨੂੰ ਖੰਭ ਫੜਕਣ ਦੀ ਮਨਾਹੀ ਕਰ ਦਿਉ, ਇਹ ਭਲਾ ਕਿਹੜੀ ਸ਼ਰੀਅਤ, ਇਹ ਭਲਾ ਕਿਹੜਾ ਵਿਧਾਨ? ਨੂੜ ਕੇ ਬਾਹਾਂ ਤੇ ਲੱਤਾਂ, ਕੋੜਿਆਂ ਦੀ ਮਾਰ ਹੇਠ, ਮੂਧੜੇ ਮੂੰਹ ਧਰਤ ਉੱਤੇ, ਸਹਿਕਦੀ ਮਾਸੂਮ ਜਾਨ। ਕਿਹੜਿਆਂ ਮਦਰੱਸਿਆਂ ਤੋਂ ਨਾਗ ਪੜ੍ਹ ਕੇ ਆਏ ਨੇ, ਡੰਗਦੇ ਧੀਆਂ ਤੇ ਭੈਣਾਂ, ਇਹ ਅਨੋਖੇ ਤਾਲਿਬਾਨ। ਕੁੱਲ ਆਲਮ ਘੂਕ ਸੁੱਤਾ, ਜ਼ੁਲਮ ਹੁੰਦਾ ਵੇਖ ਕੇ, ਜ਼ੁਲਮ ਕਰਨਾ, ਸਹਿਣ ਕਰਨਾ, ਕੁਫ਼ਰ ਹੈ ਦੱਸੇ ਕੁਰਾਨ। ਜੋ ਮਨੁੱਖੀ ਜਾਨ ਲਏ, ਹੈਵਾਨ ਸਮਝੋ ਓਸ ਨੂੰ, ਦੇਸ਼ ਭਗਤੋ, ਖ਼ੁਦਪ੍ਰਸਤੋ, ਕਰ ਦਿਓ ਫੌਰੀ ਐਲਾਨ। ਤਰਕ ਬੁੱਧੀ ਨੂੰ ਸੰਭਾਲੋ, ਫਿਰ ਨਿਸ਼ਾਨਾ ਸੇਧਿਓ, ਤੀਰ ਤੰਦੀ ਚਾੜ੍ਹ ਰੱਖੋ, ਅਕਲ ਦੀ ਕੱਸ ਕੇ ਕਮਾਨ। ਕਤਲਗਾਹ ਵਿਚ ਕਾਤਲਾਂ ਨੂੰ ਇਹ ਸੁਨੇਹਾ ਦੇ ਦਿਓ, ਮਰਨ ਮਾਰਨ ਤੋਂ ਅਗਾਂਹ ਹੈ, ਜ਼ਿੰਦਗੀ ਕਬਰਾਂ ਸਮਾਨ। ਇਹ ਭੁਲੇਖਾ ਦੂਰ ਕਰਨਾ ਵੀ ਤਾਂ ਸਾਡਾ ਧਰਮ ਹੈ, ਜ਼ਿੰਦਗੀ ਨੂੰ ਮਸਲ ਸਕਦਾ ਨਾ ਕਦੇ ਕੋਈ ਸ਼ੈਤਾਨ। ਤੂੰ ਖ਼ੁਦਾਈ ਰਹਿਮਤਾਂ ਨੂੰ, ਜ਼ਹਿਮਤਾਂ 'ਚੋਂ ਢੂੰਡ ਨਾਂਹ, ਸਾਬਰਾਂ ਤੇ ਜਬਰ ਕਰਨਾ, ਹੈ ਭਲਾ ਕਿਹੜਾ ਈਮਾਨ। ਏਸ ਧਰਤੀ ਨੂੰ ਸਿਖਾਓ, ਮਹਿਕਦੇ ਜੀਵਨ ਦਾ ਗੀਤ, ਜ਼ਰਦ ਹੋਨਾਂ 'ਤੇ ਟਿਕਾਉ ਫੇਰ ਤੋਂ ਵੰਝਲੀ ਦੀ ਤਾਨ। ਜੇ ਨਹੀਂ ਬੋਲੇ ਅਜੇ ਤਾਂ ਹੋਰ ਬੋਲੋਗੇ ਕਦੋਂ, ਮਿਟ ਰਿਹਾ ਏ ਧਰਤ ਉੱਤੋਂ ਅਦਲ ਦਾ ਨਾਮੋ-ਨਿਸ਼ਾਨ। ਅਗਨ ਬਾਣਾਂ ਧਰਤੀ ਵਿੰਨ੍ਹੀ, ਚੁੱਪ ਹੈ ਅਸਮਾਨ ਵੇਖ, ਛਾਨਣੀ ਹੋਏ ਨੇ ਪੱਤੇ ਭੁੱਲ ਗਏ ਪੰਛੀ ਉਡਾਨ। ਹੱਥ ਵਿਚ ਹਥਿਆਰ ਲੈ ਕੇ ਫਿਰ ਰਿਹੈਂ, ਤੂੰ ਸੁਣ ਜ਼ਰਾ, ਅੱਤ ਮਗਰੋਂ ਅੰਤ ਹੁੰਦੈ, ਖ਼ਾਕ ਵਿਚ ਮਿਲਦੈ ਗ਼ੁਮਾਨ। ਨੋਚਦੇ ਮਾਸੂਮ ਜ਼ਿੰਦਾਂ, ਹਰ ਚੁਰਸਤੇ ਚੌਂਕ ਵਿਚ, ਬੋਲਦੇ ਨੇ ਇਹ ਹਮੇਸ਼ਾ, ਜੁਲਮ ਦੀ ਇਕੋ ਜ਼ਬਾਨ। ਫੇਰਦਾ ਹੈਂ ਤੂੰ ਸੁਹਾਗਾ, ਅਕਲ ਦੇ ਹਰ ਲਫ਼ਜ਼ 'ਤੇ, ਤੋੜ ਕੇ ਦੀਵੇ ਤੂੰ ਸਮਝੇ, ਕਿਉਂ ਭਲਾ ਏਸੇ ਨੂੰ ਸ਼ਾਨ? ਤੂੰ ਭਲਾ ਕਿਹੜੇ ਭੁਲੇਖੇ, ਕੰਧਾਂ ਕੋਠੇ ਢਾਹ ਰਿਹੈਂ, ਧਮਕ ਨਾ ਮਹਿਲਾਂ 'ਚ ਪੁੱਜੇ, ਘੂਕ ਸੁੱਤਾ ਹੁਕਮਰਾਨ। ਫ਼ਸਲ ਵੇਚੇਂ ਤੇ ਖ਼ਰੀਦੇਂ, ਤੋਪ ਗੋਲੇ ਤੇ ਬੰਦੂਕ, ਤੇਰੇ ਸਿਰ 'ਤੇ ਚੱਲਦੀ ਹੈ, ਕੁਫ਼ਰ ਦੀ ਸ਼ਾਹੀ ਦੁਕਾਨ। ਮੌੜ ਨੇ ਤਾਂਡਵ ਬਥੇਰਾ ਏਸ ਥਾਂ ਹੁਣ ਕਰ ਲਿਐ, ਰੋਕ ਹੁਣ ਇਸ ਨੂੰ ਭਰਾਵਾ, ਜੇ ਹੈਂ ਸੱਚਾ ਮੁਸਲਮਾਨ। ਏਸ ਥਾਂ 'ਤੇ ਬੀਜਦੇ ਸੀ ਜੋ ਕਦੇ ਸੁੱਚੇ ਗੁਲਾਬ, ਲੋੜ ਹੈ ਲੱਭਣ ਦੀ ਸਾਰੇ, ਉਸ ਨਸਲ ਦੇ ਬਾਗ਼ਬਾਨ।
84. ਵੀਰਵਾਰ ਨੂੰ ਜਗਦੇ ਦੀਵੇ
ਵੀਰਵਾਰ ਨੂੰ ਜਗਦੇ ਦੀਵੇ, ਸਾਡੇ ਪਿੰਡ ਦਰਗਾਹਾਂ ਅੰਦਰ। ਪਰ ਬਾਕੀ ਦਿਨ ਘੁੱਪ ਹਨੇਰਾ, ਰਹਿੰਦਾ ਸਾਰੇ ਰਾਹਾਂ ਅੰਦਰ। ਹਾੜ੍ਹ, ਸਿਆਲ, ਪੱਤਝੜਾਂ ਮਗਰੋਂ, ਰੁੱਤ ਬਸੰਤੀ ਕੀਹਦੀ ਖ਼ਾਤਰ, ਸਾਡੇ ਲਈ ਹਰ ਵਰਕਾ ਹੈ ਜ਼ਖ਼ਮੀ, ਸਾਰੇ ਬਾਰਾਂ-ਮਾਹਾਂ ਅੰਦਰ। ਟੱਲੀਆਂ ਦੀ ਟੁਣਕਾਰ ਗੁਆਚੀ, ਵਿਚ ਸਿਆੜਾਂ ਸੁਪਨੇ ਮੋਏ, ਚਿੰਤਾ ਚਿਖ਼ਾ ਬਰਾਬਰ ਧੁਖਦੀ, ਆਉਂਦੇ ਜਾਂਦੇ ਸਾਹਾਂ ਅੰਦਰ। ਮੱਛੀਆਂ ਖ਼ਾਤਰ ਜਾਲ ਵਿਛਾਉਂਦੇ, ਵਿਰਲੇ ਟਾਂਵੇਂ ਪਾਰ ਲੰਘਾਉਂਦੇ, ਬਣੇ ਸਿਆਸਤਦਾਨਾਂ ਵਰਗੇ, ਬਹੁਤੇ ਲੋਕ ਮਲਾਹਾਂ ਅੰਦਰ। ਬਿਰਖ ਬਰੂਟੇ ਮੁੱਕਦੇ ਜਾਂਦੇ, ਬਾਪੂ ਵੱਡੀ ਬੁੱਕਲ ਵਾਲੇ, ਜੋ ਭਰਦੇ ਸੀ ਜਗਤ-ਕਲਾਵਾ, ਇਨ੍ਹਾਂ ਦੋਹਾਂ ਬਾਹਾਂ ਅੰਦਰ। ਇਸ ਮੌਸਮ ਵਿਚ ਰੂਹ ਦੇ ਰਿਸ਼ਤੇ, ਕਿਉਂ ਲੱਭਦੈਂ ਤੂੰ ਭੋਲੇ ਪੰਛੀ, ਪਿਆਰ ਮੁਹੱਬਤ ਗਰਜ਼ੀਂ ਬੱਧੇ, ਭਰ ਗਈ ਖੋਟ ਨਿਗਾਹਾਂ ਅੰਦਰ। ਅਪਣੇ ਘਰ ਤੇ ਚੌਗਿਰਦੇ ਨੂੰ ਜੇਕਰ ਰੌਸ਼ਨ ਕਰਨਾ ਚਾਹੇਂ, ਮਮਟੀ ਬਾਲ ਚਿਰਾਗ਼, ਗੁਆ ਨਾ, ਬਹੁਤਾ ਵਕਤ ਸਲਾਹਾਂ ਅੰਦਰ।
85. ਧਰਤ 'ਤੇ ਆਇਆ ਜਦੋਂ ਵੀ
ਧਰਤ 'ਤੇ ਆਇਆ ਜਦੋਂ ਵੀ, ਹੈ ਕਿਤੇ ਵੀ ਜ਼ਲਜ਼ਲਾ। ਮੇਰਾ ਘਰ, ਬੂਹਾ, ਬਨੇਰਾ, ਸਹਿਮਿਆ, ਫਿਰ ਕੰਬਿਆ। ਟਾਹਣੀਆਂ ਦੇ ਦਿਲ 'ਚ ਹਾਲੇ, ਕੰਬਣੀ ਓਸੇ ਤਰ੍ਹਾਂ, ਮੁੱਦਤਾਂ ਪਹਿਲਾਂ ਸੀ ਏਥੋਂ, ਵਾ-ਵਰੋਲਾ ਗੁਜ਼ਰਿਆ। ਉਹ ਜੋ ਬੈਠੀ ਹੈ ਸਵੈਟਰ ਬੁਣਨ ਤੜਕੇ ਜਾਗ ਕੇ, ਉੱਨ ਦਾ ਗੋਲਾ ਵਿਚਾਰੀ ਦਾ ਅਜੇ ਤਕ ਉਲਝਿਆ। ਨੀਰ ਨਦੀਆਂ ਦਾ ਵਹੇ ਨਿਰਮਲ ਨਿਰੰਤਰ ਰਾਤ ਦਿਨ, ਤੇਰੇ ਘਰ ਖਾਰਾ ਬਣੇ ਕਿਉਂ, ਮੈਂ ਸਮੁੰਦਰ ਨੂੰ ਕਿਹਾ। ਬਾਲਕਾ ਜੰਗਲ 'ਚ ਜੀਕੂੰ ਚਾਰੇ ਪਾਸੇ ਰਾਤ ਸੀ, ਸਹਿਮ ਜਾਵਾਂ ਸੋਚ ਕੇ, ਮੈਂ ਡਰ ਕੇ ਕਿਉਂ ਨਾ ਚੀਕਿਆ? ਜਾਲ ਹੈ ਵਿਛਿਆ ਚੁਫ਼ੇਰੇ, ਚੋਗ ਦਾ ਲਾਲਚ ਨਾ ਕਰ, ਤੈਨੂੰ ਘੇਰਨ ਵਾਸਤੇ ਬੈਠੇ ਸ਼ਿਕਾਰੀ ਭੋਲਿਆ। ਪੰਜ ਸਾਲਾਂ ਬਾਅਦ, ਭੇਡਾਂ ਸਮਝ ਕੇ ਪੁਚਕਾਰਦੈ, ਮੁੰਨ ਕੇ ਫਿਰ ਪਰਤ ਜਾਵੇ, ਕੈਂਚੀਆਂ ਦਾ ਕਾਫ਼ਲਾ।
86. ਮਾਲੀ ਨੂੰ ਵਿਸ਼ਵਾਸ ਨਹੀਂ ਹੁਣ
ਮਾਲੀ ਨੂੰ ਵਿਸ਼ਵਾਸ ਨਹੀਂ ਹੁਣ, ਬਾਗ਼ ਬਹਾਰਾਂ ਉੱਤੇ। ਪਹਿਰੇਦਾਰ ਬਿਠਾ ਦਿੱਤੇ ਉਸ ਫੁੱਲਾਂ ਖਾਰਾਂ ਉੱਤੇ। ਬਾਗ ਬਗੀਚਾ, ਜੰਗਲ ਬੂਟਾ, ਆਰੀ ਚੀਰੀ ਜਾਵੇ, ਘੁੱਗੀਆਂ ਮੋਰ ਸੰਭਾਲੀਂ ਵਾਹ ਕੇ ਦਰ ਦੀਵਾਰਾਂ ਉੱਤੇ। ਆਲ੍ਹਣਿਆਂ ਨੂੰ ਛੱਡ ਕੇ ਕੂੰਜਾਂ ਗਈਆਂ ਦੇਸ ਦਸੌਰੀਂ, ਨਜ਼ਰ ਸਵੱਲੀ ਲੱਗਦੀ ਨਹੀਓਂ ਹੁਣ ਗੁਲਜ਼ਾਰਾਂ ਉੱਤੇ। ਬੜੀ ਭੰਵਰ ਹਵਾਲੇ ਕਰਕੇ ਆਪ ਸਲਾਮਤ ਪਰਤੇ, ਮਾਣ ਕਰੇਂ ਤੂੰ ਕਾਹਦਾ ਜਿੰਦੇ, ਆਪਣੇ ਯਾਰਾਂ ਉੱਤੇ। ਅੱਧੀ ਰਾਤ ਗੁਜ਼ਾਰ ਲਈ ਏ, ਬਾਕੀ ਵੀ ਲੰਘ ਜਾਊ, ਤੁਰਦੀ ਤੁਰਦੀ ਨਿੱਕੀ ਸੂਈ, ਪਹੁੰਚੀ ਬਾਰਾਂ ਉੱਤੇ। ਇਕ ਇਕੱਲੇ ਕੋਲੋਂ ਖ਼ਤਰਾ, ਕਦ ਗਿਣਦੀ ਏ ਕੁਰਸੀ, ਕਹਿਰ ਵਰ੍ਹਾਵੇ ਸਦਾ ਹਕੂਮਤ ਲੰਮੀਆਂ ਡਾਰਾਂ ਉੱਤੇ। ਜਿੱਤਾਂ ਵਾਲੇ ਹਾਰ ਪੁਆ ਕੇ ਘਰੋਂ-ਘਰੀਂ ਜਾ ਸੁੱਤੇ, ਮੈਂ ਰਖਵਾਲੀ ਬੈਠ ਗਿਆ ਹਾਂ ਹੋਈਆਂ ਹਾਰਾਂ ਉੱਤੇ।
87. ਆਪਣੇ ਹੀ ਘਰ ਗੁਆਚਿਆਂ
ਆਪਣੇ ਹੀ ਘਰ ਗੁਆਚਿਆਂ ਇਹ ਵੀ ਕਮਾਲ ਹੈ। ਮੁੱਦਤ ਤੋਂ ਮੈਨੂੰ ਆਪਣੇ ਆਪੇ ਦੀ ਭਾਲ ਹੈ। ਪੈਰਾਂ ਚ ਘੁੰਮਣਘੇਰ ਹੈ, ਮੱਥੇ 'ਚ ਖਲਬਲੀ, ਅਜ਼ਲਾਂ ਤੋਂ ਭਟਕਣ ਤੁਰ ਰਹੀ, ਸਾਹਾਂ ਦੇ ਨਾਲ ਹੈ। ਪਾਣੀ ’ਚ ਤਰਦੀ ਮਛਲੀਏ, ਹੁਣ ਸਾਵਧਾਨ ਹੋ, ਮਾਛੀ ਵਿਛਾਇਆ ਤੇਰੇ ਲਈ, ਹਰ ਥਾਂ 'ਤੇ ਜਾਲ ਹੈ। ਤੂੰ ਦਾਣਿਆਂ ਨੂੰ ਚੋਗ ਨਾ ਸਮਝੀਂ ਪਰਿੰਦਿਆ, ਤੇਰੇ ਸ਼ਿਕਾਰ ਵਾਸਤੇ, ਦੁਸ਼ਮਣ ਦੀ ਚਾਲ ਹੈ। ਤੁਰਦਾਂ ਤਾਂ ਅੱਗੇ ਆ ਖੜ੍ਹੇ ਦੀਵਾਰ ਦਰ ਦੀਵਾਰ, ਬਾਕੀ ਤੂੰ ਆਪ ਸੋਚ ਲੈ, ਕਿੱਦਾਂ ਦਾ ਹਾਲ ਹੈ। ਬਿੰਦੂ ਦੁਆਲੇ ਤੁਰ ਰਿਹਾਂ, ਮੁੱਕਣ ਨਾ ਫ਼ਾਸਲੇ, ਕਿੱਦਾਂ ਦਾ ਗੀਤ ਗਾ ਰਿਹਾਂ ਨਾ ਸੁਰ ਨਾ ਤਾਲ ਹੈ। ਤੇਰੀ ਆਵਾਜ਼ ਸੁਣਦਿਆਂ ਮੈਨੂੰ ਹੈ ਜਾਪਦਾ, ਕੱਲ੍ਹਾ ਨਹੀਂ ਹਾਂ, ਮਹਿਕ ਮੇਰੇ ਨਾਲ ਨਾਲ ਹੈ।
88. ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ
ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ ਨੂੰ ਠਾਰਦਾ। ਅੱਧੀ ਰਾਤੀਂ ਸੁਪਨੇ ਦੇ ਵਿਚ ਕਿਹੜਾ 'ਵਾਜਾਂ ਮਾਰਦਾ। ਸੁੱਤ ਉਨੀਂਦੀ ਭੀੜ ਦੇ ਅੰਦਰ ਇੱਕੋ ਚਿਹਰਾ ਜਾਗ ਰਿਹਾ, ਸਿਰ 'ਤੇ ਚਿੱਟੀ ਚੁੰਨੀ ਭਾਵੇਂ, ਫਿਰ ਵੀ ਨਹੀਓ ਹਾਰਦਾ। ਤੈਨੂੰ ਵੇਖਣ ਸਾਰ ਮੇਰੇ ਚਿਹਰੇ 'ਤੇ ਰੌਣਕ ਆ ਜਾਵੇ, ਟਾਹਣੀ ਹਰੀ ਕਚੂਰ ਦੇ ਉੱਤੇ, ਚਿਹਰਾ ਜਿਉਂ ਗੁਲਨਾਰ ਦਾ। ਵਿਛੜਨ ਵੇਲੇ ਤੂੰ ਤਾਂ ਮੈਥੋਂ ਵਾਪਸ ਸਭ ਕੁਝ ਲੈ ਗਈ ਸੀ, ਕਿੱਦਾਂ ਚੇਤੇ ਰੱਖਦਾ ਜੇ ਨਾ, ਰੂਹ ਵਿਚ ਨਕਸ਼ ਉਤਾਰਦਾ। ਚਿੜੀਆਂ ਵਾਲੀ ਮੌਤ ਗੰਵਾਰਾਂ ਖ਼ਾਤਰ ਜੀਕੂੰ ਹਾਸਾ ਹੈ, ਜ਼ਿੰਦਗੀ ਨਾਲ ਮਜ਼ਾਕਾਂ ਕਰਦਾ, ਹਰ ਵਰਕਾ ਅਖ਼ਬਾਰ ਦਾ। ਮਾਰੂਥਲ ਵਿਚ ਰਾਤੀਂ ਭਾਵੇਂ, ਚਾਰ ਚੁਫ਼ੇਰ ਹਨੇਰਾ ਸੀ, ਲਿਸ਼ਕਣਹਾਰ ਬਰੇਤੀ ਉੱਤੇ ਕਿੱਦਾਂ ਕਿਸ਼ਤੀ ਤਾਰਦਾ। ਮੈਂ ਵੀ ਏਸ ਗਲੀ ਦੇ ਵਿਚੋਂ, ਚੁੱਪ ਕੀਤੇ ਲੰਘ ਜਾਣਾ ਸੀ, ਵਕਤ ਗੁਆਚਾ ਜੇ ਨਾ ਮੈਨੂੰ ਪਿੱਛੋਂ 'ਵਾਜ਼ਾਂ ਮਾਰਦਾ।
89. ਗ਼ਰਜ਼ ਬਿਨਾਂ ਨਾ ਭਰਦਾ ਕੋਈ ਹੁੰਗਾਰਾ ਹੈ
ਗ਼ਰਜ਼ ਬਿਨਾਂ ਨਾ ਭਰਦਾ ਕੋਈ ਹੁੰਗਾਰਾ ਹੈ। ਸਾਡੇ ਪਿੰਡ ਤੋਂ ਤੇਰਾ ਸ਼ਹਿਰ ਨਿਆਰਾ ਹੈ। ਪਲਕਾਂ ਪਿੱਛੇ ਡੱਕਿਆ ਜਿਵੇਂ ਸਮੁੰਦਰ ਸੀ, ਤਾਂਹੀਓਂ ਹੰਝੂ ਮਣ ਮਣ ਨਾਲੋਂ ਭਾਰਾ ਹੈ। ਅੰਬਰ ਕਾਲ-ਕਲੂਟਾ ਓਸੇ ਧੂੰਏਂ ਨਾਲ, ਫ਼ੌਜਾਂ ਲੈ ਕੇ ਚੜ੍ਹਿਆ ਨੀਲਾ ਤਾਰਾ ਹੈ। ਨਰਮ ਕਰੂੰਬਲ ਬਿਰਖ ਬਰੋਟਾ ਕਿੰਜ ਬਣਦੀ, ਗਲੀ ਗਲੀ ਵਿਚ ਚੱਲਦਾ ਏਥੇ ਆਰਾ ਹੈ। ਸ਼ਹਿਰ ਬੰਬਈਓਂ ਲੈ ਕੇ ਧੁਰ ਅਮਰੀਕਾ ਤੀਕ, ਹਰ ਥਾਂ ਸਾਗਰ ਇੱਕੋ ਜਿੰਨਾ ਖ਼ਾਰਾ ਹੈ। ਸਾਹਾਂ ਵਾਲੀ ਡੋਰ ਸਲਾਮਤ ਏਸੇ ਲਈ, ਇਹ ਜੋ ਤੇਰਾ, ਫੇਰ ਮਿਲਣ ਦਾ ਲਾਰਾ ਹੈ।
90. ਕਿੰਨੇ ਚੋਰ ਲੁਕਾਏ ਨੇ ਮੈਂ
ਕਿੰਨੇ ਚੋਰ ਲੁਕਾਏ ਨੇ ਮੈਂ, ਮਨ ਮੰਦਰ ਦੀ ਬਾਰੀ ਅੰਦਰ। ਚੋਰ-ਸਿਪਾਹੀ ਲੁਕਣ ਮਚਾਈ, ਖੇਡਣ ਚਾਰ ਦੀਵਾਰੀ ਅੰਦਰ। ਦੋਧੇ ਵਸਤਰ ਉਜਲੇ ਚਿਹਰੇ, ਖੇਡ ਰਹੇ ਜੂਏ ਦੀ ਬਾਜ਼ੀ, ਲੋਕ ਰਾਜ ਦੇ ਪਰਦੇ ਉਹਲੇ, ਭਾਰੀ ਪਹਿਰੇਦਾਰੀ ਅੰਦਰ। ਆਰ ਪਾਰ ਸਤਰੰਗੀਆਂ ਰੀਝਾਂ, ਸੂਹਾ ਸਾਲੂ, ਰੇਸ਼ਮ ਡੋਰਾਂ, ਵੇਖੋ ਕਿੰਨੇ ਸੁਪਨੇ ਬੁਣਦੀ, ਨਾਨੀ ਮਾਂ ਫੁਲਕਾਰੀ ਅੰਦਰ। ਮਨ ਦੀ ਅੱਥਰੀ ਰੀਝ ਮਿਰਗਣੀ, ਤੇਰੇ ਦਮ ਤੇ ਚੁੰਗੀਆਂ ਭਰਦੀ, ਪੌਣਾਂ ਤੇ ਅਸਵਾਰ, ਸਮੁੰਦਰ ਤਰਦੀ ਇਕੇ ਤਾਰੀ ਅੰਦਰ। ਮੇਰੀ ਹਿੱਕੜੀ ਫਸਿਆ ਹਾਉਕਾ, ਨਾ ਬਾਹਰ ਨਾ ਅੰਦਰ ਜਾਵੇ, ਕਰਕ ਕਲੇਜੇ ਕੌਣ ਪਛਾਣੇ, ਤੁਧ ਬਿਨ ਦੁਨੀਆ ਸਾਰੀ ਅੰਦਰ। ਇਹ ਤਾਂ ਟਾਹਣੀ ਕੇਰੇ ਅੱਥਰੂ, ਤਰੇਲ ਦੇ ਤੁਪਕੇ ਨਾ ਤੂੰ ਸਮਝੀ, ਮੋਤੀ ਬਣ ਕੇ ਡਲ੍ਹਕ ਰਹੇ ਜੋ, ਫੁੱਲਾਂ ਵਾਲੀ ਖਾਰੀ ਅੰਦਰ। ਇਕ ਰੁਕਮਣੀ, ਦੂਜੀ ਰਾਧਾ, ਗੋਪੀਆਂ ਜੀਕੂੰ ਹਾਰ ਹਮੇਲਾਂ, ਛਣਕਣ, ਲੱਭਣ ਅਪਣਾ ਚਿਹਰਾ, ਇਕੋ ਕ੍ਰਿਸ਼ਨ ਮੁਰਾਰੀ ਅੰਦਰ।
91. ਜ਼ਹਿਰ ਪਰੁੱਚੀ ਪੌਣ ਦਾ ਪਹਿਰਾ
ਜ਼ਹਿਰ ਪਰੁੱਚੀ ਪੌਣ ਦਾ ਪਹਿਰਾ, ਹੋਇਆ ਦੁਨੀਆ ਸਾਰੀ ਦੇ ਵਿਚ। ਦਾਨਿਸ਼ਵਰ ਜੋ ਉੱਤੋਂ ਦਿਸਦੇ, ਰੁੱਝੇ ਮਾਰੋ ਮਾਰੀ ਦੇ ਵਿਚ। ਜੋ ਤੂੰ ਮੈਥੋਂ ਸੁਣਨਾ ਚਾਹੇਂ, ਓਹੀ ਬਾਤ ਸੁਣਾਵਾਂਗਾ ਮੈਂ, ਦਿਲ ਦੀ ਕੌਣ ਸੁਣਾਵੇ ਏਥੇ, ਅੱਜ ਕੱਲ੍ਹ ਦੁਨੀਆਦਾਰੀ ਦੇ ਵਿਚ। ਲੋਕਾਂ ਵਿਹੜੇ ਸੁਰਖ਼ ਗੁਲਾਬੀ, ਮਹਿਕਦੀਆਂ ਖ਼ੁਸ਼ਬੋਈਆਂ, ਪੱਤੀਆਂ, ਫੁੱਲਾਂ ਦੇ ਰੰਗ ਕਾਲੇ ਕਿਉਂ ਨੇ, ਮਨ ਦੀ ਭਰੀ ਕਿਆਰੀ ਦੇ ਵਿਚ। ਸਾਵਧਾਨ ਹੋ ਰਹਿਣਾ ਪੈਂਦੇ, ਹਾਂ, ਹਾਂ ਜੀ, ਜੀ, ਕਹਿਣਾ ਪੈਂਦੇ, ਦਖ਼ਲ ਬਾਜ਼ਾਰੀ ਵਧਦਾ ਜਾਵੇ, ਕਿਉਂ ਮਿੱਤਰਾਂ ਦੀ ਯਾਰੀ ਦੇ ਵਿਚ। ਆਤਮ ਨਾਲ ਗਿਲਾਨੀ ਕਰਦੇ, ਰਹਿੰਦੇ ਠੰਢੇ ਹਾਉਕੇ ਭਰਦੇ, ਬਹੁਤੇ ਲੋਕੀਂ ਫਸੇ ਪਏ ਨੇ, ਅੱਜ ਕੱਲ੍ਹ ਏਸ ਬੀਮਾਰੀ ਦੇ ਵਿਚ। ਵਾਂਗ ਸਿਆਸਤਦਾਨਾਂ ਦੇ ਹੁਣ, ਧਰਮੀਆਂ ਦੇ ਵੀ ਸੌ ਸੌ ਚਿਹਰੇ, ਹਰ ਇਕ ਹਰਕਤ ਸ਼ੱਕੀ ਹੋਈ, ਮੰਡੀ, ਚੋਰ-ਬਾਜ਼ਾਰੀ ਦੇ ਵਿਚ। ਅਣਖੋਂ ਹੀਣੇ ਬਣੇ ਸਵੱਲੇ, ਛੱਡਿਆ ਕੱਖ ਨਾ ਆਪਣੇ ਪੱਲੇ, ਹਿੰਮਤ ਹਾਰ, ਗੰਡੋਏ ਬਣ ਗਏ, ਰੀਂਘ ਰਹੇ ਲਾਚਾਰੀ ਅੰਦਰ। ਉੱਡਣੇ ਪੰਛੀ ਪਿੰਜਰੇ ਪਾਉਂਦੇ, ਮਨ ਮਰਜ਼ੀ ਦਾ ਗੀਤ ਸੁਣਾਉਂਦੇ, ਛਣਕਣਿਆਂ ਜਹੇ ਬੰਦੇ ਸ਼ਾਮਲ, ਰਾਗ ਨਵੇਂ ਦਰਬਾਰੀ ਅੰਦਰ।
92. ਤਪਦੇ ਥਲ ਦੇ ਉਪਰੋਂ ਰੁੱਤਾਂ ਜਾਂਦੀਆਂ
ਤਪਦੇ ਥਲ ਦੇ ਉਪਰੋਂ ਰੁੱਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ। ਪੌਣਾਂ ਤੇ ਅਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ। ਜਿਵੇਂ ਸ਼ਰੀਂਹ ਦੀਆਂ ਫ਼ਲੀਆਂ ਪੱਤਝੜ ਮਗਰੋਂ ਸੁੱਕੀਆਂ ਛਣਕਦੀਆਂ, ਜੀਅ ਪਰਚਾਵੇ ਖ਼ਾਤਰ ਰੁੱਖ ਨੂੰ ਗੀਤ ਸੁਣਾਉਂਦੀਆਂ ਰਹਿੰਦੀਆਂ ਨੇ। ਸ਼ਾਹੀ ਕਿਲ੍ਹਿਆਂ ਅੰਦਰ ਜਿਸ ਥਾਂ ਹਾਕਮ ਜ਼ੁਲਮ ਕਮਾਉਂਦੇ ਸੀ, ਸਦੀਆਂ ਮਗਰੋਂ ਵੀ ਉਸ ਥਾਂ ਤੋਂ, ਕੂਕਾਂ ਆਉਂਦੀਆਂ ਰਹਿੰਦੀਆਂ ਨੇ। ਧਰਤੀ ਜਿੱਡੀ ਕੈਨਵਸ ਉੱਤੇ ਨਕਸ਼ ਬਹਾਰਾਂ ਵਾਲੇ ਵੇਖ, ਫੁੱਲ ਪੱਤੀਆਂ ਖ਼ੁਸ਼ਬੋਈਆਂ ਜਿਥੇ ਪੈਲਾਂ ਪਾਉਂਦੀਆਂ ਰਹਿੰਦੀਆਂ ਨੇ। ਚੁੱਪ ਦੀ ਜੂਨ ਪਵੀਂ ਨਾ ਵੇਖੀਂ, ਤੁਰੀਂ ਨਿਰੰਤਰ ਸਫ਼ਰਾਂ 'ਤੇ, ਬਿਰਖਾਂ ਵਿਚ ਦੀ ਤੇਜ਼ ਹਵਾਵਾਂ ਅਕਸਰ ਗਾਉਂਦੀਆਂ ਰਹਿੰਦੀਆਂ ਨੇ। ਪਿੰਜਣ ਰੂੰ ਤੇ ਕੱਤਣ ਛੱਲੀਆਂ, ਬੁਣਦੀਆਂ ਖੱਡੀ ਰਾਤ ਦਿਨੇ, ਪੁੱਤਰ ਦੂਰ ਗਏ ਪਰ ਮਾਵਾਂ, ਖੇਸ ਉਣਾਉਂਦੀਆਂ ਰਹਿੰਦੀਆਂ ਨੇ। ਕੰਡਿਆਂ ਦੇ ਵਿਚ ਅੜ ਕੇ ਜਿਥੇ ਪਾਟੀ ਚੁੰਨੀ ਸ਼ਗਨਾਂ ਦੀ, ਓਸੇ ਥਾਂ ਤੋਂ ਪੀੜਾਂ ਤਰ ਕੇ, ਹੁਣ ਵੀ ਆਉਂਦੀਆਂ ਰਹਿੰਦੀਆਂ ਨੇ।
93. ਸਿਆਸਤਦਾਨ ਜਿੱਤਣਗੇ ਤੂੰ ਵੇਖੀਂ
ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ। ਵਿਚਾਰੇ ਗਾਫ਼ਿਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ। ਅਸਾਡਾ ਕੌਣ ਦੁਸ਼ਮਣ ਹੈ ਤੇ ਸਾਡਾ ਕੌਣ ਸੱਜਣ ਹੈ, ਇਹ ਮਸਲਾ ਡੂੰਘੀ ਨੀਂਦਰ ਸੌਣ ਵਾਲੇ ਕਦ ਵਿਚਾਰਨਗੇ। ਸਮੁੰਦਰ ਅਗਨ ਦਾ ਭਰਿਆ, ਕਿਸੇ ਅੱਜ ਤੀਕ ਨਾ ਤਰਿਆ, ਇਹ ਕਿਸ਼ਤੀ ਕਾਗ਼ਜ਼ਾਂ ਦੀ ਭਾਂਬੜਾਂ ਵਿਚ ਕਿੰਜ ਤਾਰਨਗੇ। ਸਲੀਕਾ ਵੇਖ ਜੰਗਲ ਦਾ, ਵਜਾਉਂਦੇ ਡਊਰੂ ਦੰਗਲ ਦਾ, ਮਦਾਰੀ ਪਾ ਭੁਲੇਖਾ ਨਜ਼ਰ ਦਾ ਸਾਨੂੰ ਹੀ ਚਾਰਨਗੇ। ਨਿਰੰਤਰ ਮੁਫ਼ਤਖੋਰੀ ਅਣਖ਼ ਨੂੰ ਖੋਰਨ ਦੀ ਸਾਜਿਸ਼ ਹੈ, ਹਕੂਮਤ ਕਰਨ ਵਾਲੇ ਮਿੱਠੀ ਗੋਲੀ ਦੇ ਕੇ ਮਾਰਨਗੇ। ਕਹੋ ਨਾ ਏਸ ਨੂੰ ਚੋਣਾਂ, ਇਹ ਕਿਸ਼ਤਾਂ ਵਿਚ ਹੈ ਰੋਣਾ, ਲੁਟੇਰੇ ਨੂੰ ਲੁਟੇਰੇ ਲੁੱਟ ਖ਼ਾਤਰ ਫਿਰ ਵੰਗਾਰਨਗੇ। ਇਹ ਨੌਸਰਬਾਜ਼ ਨੇ, ਦਿਸਦੇ ਬਣੇ ਬੀਬੇ ਕਬੂਤਰ ਜੋ, ਤੁਹਾਡੇ ਬੋਹਲ ਤੇ ਏਹੀ ਹਮੇਸ਼ਾ ਚੁੰਝ ਮਾਰਨਗੇ। ਗੁਆਚੇ ਫਿਰ ਰਹੇ ਸਾਰੇ, ਸਿਰਾਂ 'ਤੇ ਫ਼ਰਜ਼ ਨੇ ਭਾਰੇ, ਹੈ ਵੱਡੀ ਪੰਡ ਕਰਜ਼ਾਂ ਦੀ, ਕਿਵੇਂ ਕਿਸ਼ਤਾਂ ਉਤਾਰਨਗੇ।
94. ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ
ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ। ਉਸ ਦੇ ਚਰਨੀਂ ਦੀਪ ਜਗਾ ਕੇ ਧਰੀ ਗਏ। ਨੇਰ੍ਹੇ ਅੰਦਰ ਬੈਠ ਗਏ ਆਂ ਚੁੱਪ ਕਰ ਕੇ, ਚੁੱਪ ਦੇ ਸ਼ੋਰ ਭਿਆਨਕ ਹੱਥੋਂ ਮਰੀ ਗਏ। ਮੜ੍ਹੀਆਂ ਤੀਕ ਪੁਚਾਇਆ ਸਾਨੂੰ ਰਹਿਬਰ ਨੇ, ਜੋ ਜੋ ਸਾਨੂੰ ਆਖਿਆ ਆਪਾਂ ਕਰੀ ਗਏ। ਸਾਡੇ ਉਲਟ ਗਵਾਹੀ ਸਾਥੋਂ ਲੈ ਗਏ ਉਹ, ਘੂਕੀ ਅੰਦਰ ਅਸੀਂ ਹੁੰਗਾਰਾ ਭਰੀ ਗਏ। ਸੱਚ ਬੋਲਣ ਦੀ ਕੀਮਤ ਸੁਣ ਕੇ ਡਰ ਗਏ ਸਾਂ, ਮਨ ਦੇ ਕਾਂਬੇ ਕਾਰਨ ਆਪਾਂ ਠਰੀ ਗਏ। ਜਿਨ੍ਹਾਂ ਤੋਂ ਰਖਵਾਲੀ ਖ਼ਾਤਰ ਬੈਠੇ ਸਾਂ, ਸਾਡੇ ਹੁੰਦਿਆਂ ਹਰੀ ਅੰਗੂਰੀ ਚਰੀ ਗਏ। ਏਸ ਨਮੋਸ਼ੀ ਦਾ ਡਰ ਸਾਨੂੰ ਡੋਬ ਗਿਆ, ਸੁਪਨੇ ਦੇ ਵਿਚ ਬਿਨ ਪਾਣੀ ਤੋਂ ਤੁਰੀ ਗਏ।
95. ਮੈਂ ਸੁਲਝਾਉਂਦਾ ਉਲਝ ਗਿਆ ਹਾਂ
ਮੈਂ ਸੁਲਝਾਉਂਦਾ ਉਲਝ ਗਿਆ ਹਾਂ, ਤੰਦਾਂ ਉਲਝੀ ਤਾਣੀ ਅੰਦਰ। ਇਕ ਵੀ ਤੰਦ ਸਬੂਤੀ ਹੈ ਨਹੀਂ, ਉਲਝੀ ਰਾਮ ਕਹਾਣੀ ਅੰਦਰ। ਸਦੀਆਂ ਮਗਰੋਂ ਬਦਲੀ ਨਹੀਂ ਤਕਦੀਰ ਸਮੇਂ ਦੀ ਏਸੇ ਕਰਕੇ, ਓਹੀ ਰਾਣੀ ਓਹੀ ਰਾਜਾ, ਫਿਰਦੇ ਰਾਮ ਕਹਾਣੀ ਅੰਦਰ। ਕਿੰਨੇ ਦਰਦ ਪੁਰਾਣੇ ਘੁਲ ਕੇ ਅੱਥਰੂਆਂ ਦੀ ਜੂਨ ਪਏ ਨੇ, ਹਾਉਕੇ ਭਰਦੇ ਖ਼ਾਲੀ ਥਾਵਾਂ, ਲੰਘ ਕੇ ਸਾਹਾਂ ਥਾਣੀਂ ਅੰਦਰ। ਕਾਮ ਕ੍ਰੋਧ ਲੋਭ ਤੇ ਮਾਇਆ, ਡੰਗਦਾ ਹੈ ਹੰਕਾਰ ਦਾ ਕੀੜਾ, ਭਾਵੇਂ ਦੱਸਿਆ ਮਾਰਨ ਦਾ ਢੰਗ, ਗੁਰੂਆਂ ਨੇ ਗੁਰਬਾਣੀ ਅੰਦਰ। ਵੱਸਦੀ ਧਰਤੀ ਜੰਤ ਪਰਿੰਦੇ, ਬੜੇ ਭੁਲੇਖੇ ਅੰਦਰ ਉੱਡਦੇ, ਇਸ ਤੋਂ ਕਿਤੇ ਵਚਿੱਤਰ ਦੁਨੀਆਂ, ਵੱਸਦੀ ਹੇਠਾਂ ਪਾਣੀ ਅੰਦਰ। ਜ਼ਿੰਦਗੀ ਕੋਹਲੂ ਨਾਲੋਂ ਜਾਬਰ, ਸਾਰਾ ਖ਼ੂਨ ਨਿਚੋੜ ਲਿਆ ਏ, ਚੂਰਾ ਚੂਰਾ ਰੀਝਾਂ ਸੁਪਨੇ, ਪਿੱਛੇ ਰਹਿ ਗਏ ਘਾਣੀ ਅੰਦਰ। ਮੇਰੇ ਨਾਲ ਬਰਾਬਰ ਮੇਰੀਆਂ ਅੱਖਾਂ ਬੁੱਢੀਆਂ ਹੋ ਰਹੀਆਂ ਨੇ, ਏਸੇ ਕਰਕੇ ਦਿਸਦਾ ਨਾ ਉਹ, ਜੋ ਹਾਣੀ ਨੂੰ ਹਾਣੀ ਅੰਦਰ। ਪੱਤੇ ਵੇਖ ਵਜਾਵਣ ਤਾਲੀ, ਨੱਚੀ ਜਾਵੇ ਨਾਚ ਨੱਚਈਆ, ਪੌਣਾਂ ਛੇੜਨ ਰਾਗ ਇਲਾਹੀ, ਸੁੱਤਾ ਹੈ ਜੋ ਟਾਣ੍ਹੀ ਅੰਦਰ। ਰੂਹ ਦੀ ਚੁੱਪ ਨੂੰ ਸੁਣਨਾ ਹੈ ਤਾਂ ਅੰਤਰ ਧਿਆਨ ਲਗਾ ਕੇ ਬੈਠੀਂ, ਅਨਹਦ ਨਾਦ ਕਦੇ ਨਹੀਂ ਸੁਣਦਾ, ਬਹਿਕੇ ਮਿੱਤਰਾ ਢਾਣੀ ਅੰਦਰ।
96. ਨੇਰ੍ਹਿਆਂ ਵਿਚ ਸ਼ਹਿਰ ਡੁੱਬਾ
ਨੇਰ੍ਹਿਆਂ ਵਿਚ ਸ਼ਹਿਰ ਡੁੱਬਾ, ਬੋਲਦਾ ਕੋਈ ਨਹੀਂ ਹੈ। ਗੁੱਲ ਹੋਏ ਦੀਵਿਆਂ ਨੂੰ ਢੂੰਡਦਾ ਕੋਈ ਨਹੀਂ ਹੈ। ਸ਼ਹਿਰ ਵਾਲੇ ਲੋਕ ਅੰਦਰ ਬਹਿ ਵਿਚਾਰਾਂ ਕਰ ਰਹੇ ਨੇ, ਚੋਰ ਨੂੰ ਵੀ ਚੋਰ ਏਥੇ ਆਖਦਾ ਕੋਈ ਨਹੀਂ ਹੈ। ਭਰਮ ਦੀ ਦੀਵਾਰ ਦੇ ਅੰਦਰਲੇ ਕੈਦੀ ਕਿਉਂ ਬਣੇ ਨੇ, ਡਰ ਰਹੇ ਇਕ ਦੂਸਰੇ ਤੋਂ, ਬੋਲਦਾ ਕੋਈ ਨਹੀਂ ਹੈ। ਅਪਣੇ ਮਨ ਦਾ ਡਰ ਹੀ ਸਭ ਦਾ, ਰੋਜ਼ ਪਿੱਛਾ ਕਰ ਰਿਹਾ ਹੈ, ਬਾਹਰਲੇ ਦੁਸ਼ਮਣ ਨੂੰ ਏਥੇ ਗੌਲ਼ਦਾ ਕੋਈ ਨਹੀਂ ਹੈ। ਸ਼ੋਰ ਅੰਦਰ ਸ਼ਬਦ ਗੁੰਮੇ, ਅਰਥ ਲੱਭਦੇ ਫਿਰ ਰਹੇ ਨੇ, ਏਸ ਗੁੰਮਸ਼ੁਦਗੀ ਦੇ ਬਾਰੇ, ਗ਼ਮਜ਼ਦਾ ਕੋਈ ਨਹੀਂ ਹੈ। ਜੇਤੂਆਂ ਦੀ ਭੀੜ ਅੱਗੇ ਬੈਂਡ ਵਾਜੇ ਵੱਜ ਰਹੇ ਨੇ, ਹਾਰਿਆਂ ਦੇ ਕੋਲ ਏਥੇ, ਠਹਿਰਦਾ ਕੋਈ ਨਹੀਂ ਹੈ।
97. ਜਮਾਤਾਂ ਨੂੰ ਜਦੋਂ ਵੀ ਜ਼ਾਤ ਲਈ
ਜਮਾਤਾਂ ਨੂੰ ਜਦੋਂ ਵੀ ਜ਼ਾਤ ਲਈ ਕੁਰਬਾਨ ਕਰਦੀ ਹੈ। ਸਿਆਸਤ ਇਸ ਤਰ੍ਹਾਂ ਹੀ ਮੁਲਕ ਨੂੰ ਵੀਰਾਨ ਕਰਦੀ ਹੈ। ਇਹ ਹੰਝੂ ਹਾਰ ਬਣ ਜਾਂਦੇ ਨੇ ਮਾਤਾ ਧਰਤ ਦੇ ਗਲਮੇ, ਜਦੋਂ ਚੜ੍ਹਦੀ ਜਵਾਨੀ ਸੀਸ ਨੂੰ ਕੁਰਬਾਨ ਕਰਦੀ ਹੈ। ਇਹ ਕੁਰਸੀ ਆਦਮੀ ਨੂੰ ਤਰਸ-ਪਾਤਰ ਜਦ ਬਣਾ ਦੇਵੇ, ਤਾਂ ਸਮਝੋ ਆਦਮੀਅਤ ਦਾ ਧੁਰੋਂ ਅਪਮਾਨ ਕਰਦੀ ਹੈ। ਕਦੋਂ ਸਰਕਾਰ ਰਹਿਮਤ ਬਖ਼ਸ਼ਦੀ, ਬਿਨ ਮੁੱਲ ਤਾਰੇ ਤੋਂ, ਲਵੇ ਕਿਰਦਾਰ ਦੀ ਭੇਟਾ, ਜਦੋਂ ਸਨਮਾਨ ਕਰਦੀ ਹੈ। ਜਿੰਨ੍ਹਾਂ ਦੀ ਅੱਖ ਵਿਚ ਹੰਝੂ ਵੀ ਅਸਲੀ ਠਹਿਰ ਨਹੀਂ ਸਕਦੇ, ਹਕੂਮਤ ਕਿੰਜ ਸੁੱਚੇ ਮੋਤੀਆਂ ਦਾ ਦਾਨ ਕਰਦੀ ਹੈ। ਜਦੋਂ ਵੀ ਜਬਰ ਹੱਦਾਂ ਪਾਰ ਕਰਕੇ ਸਿਖ਼ਰ 'ਤੇ ਪਹੁੰਚੇ, ਜਵਾਨੀ ਹਰ ਚੁਣੌਤੀ ਨੂੰ ਉਦੋਂ ਪਰਵਾਨ ਕਰਦੀ ਹੈ। ਸਦਾ ਸੁਖ ਤੇ ਸਹੂਲਤ ਆਦਮੀ ਨੂੰ ਮਾਰ ਦੇਂਦੇ ਨੇ, ਮੁਸੀਬਤ ਆਦਮੀ ਨੂੰ ਹੋਰ ਵੀ ਬਲਵਾਨ ਕਰਦੀ ਹੈ।
98. ਕਿਸ ’ਤੇ ਰੋਸ ਕਰੇਂਗੀ ਜਿੰਦੇ
ਕਿਸ ’ਤੇ ਰੋਸ ਕਰੇਂਗੀ ਜਿੰਦੇ, ਤੀਰਾਂ ਜਾਂ ਤਲਵਾਰਾਂ ’ਤੇ। ਟੁੱਟ ਗਿਆ ਹੈ ਮਾਣ ਵੀ ਆਖ਼ਰ, ਜਿਹੜਾ ਸੀ ਦਿਲਦਾਰਾਂ ’ਤੇ। ਆਮ ਸਾਧਾਰਨ ਬੰਦੇ ਨਾਲੋਂ ਟੁੱਟ ਕੇ 'ਕੱਲਾ ਰਹਿ ਜਾਏਂਗਾ, ਬਹੁਤਾ ਹੀ ਤੂੰ ਨਿਰਭਰ ਰਹਿਨੈਂ ਟੀ.ਵੀ. ਜਾਂ ਅਖ਼ਬਾਰਾਂ ’ਤੇ। ਭੁੱਖਣ ਭਾਣੇ ਕਾਫ਼ਲਿਆਂ ਤੋਂ ਕਿੱਦਾਂ ਜਾਨ ਬਚਾਵੇਂਗਾ, ਤੇਰੇ ਮਹਿਲੀਂ ਪਹੁੰਚ ਗਏ ਜੇ, ਤੁਰਦੇ-ਤੁਰਦੇ ਤਾਰਾਂ ’ਤੇ। ਅੱਖ ਬਚਾ ਕੇ ਲੰਘ ਜਾਂਦਾ ਏ, ਚੋਰੀ ਏਸ ਚੁਰਸਤੇ ’ਚੋਂ, ਪੜ੍ਹਦਾ ਕਿਉਂ ਨਹੀਂ ਕੋਲ ਖਲੋ ਕੇ, ਲਿਖਿਐ ਜੋ ਦੀਵਾਰਾਂ ’ਤੇ। ਅੱਥਰੂ-ਅੱਥਰੂ ਖੇਤੀ ਹੁਣ ਤਾਂ, ਬੰਦ ਮਸ਼ੀਨਾਂ ਸਹਿਕਦੀਆਂ, ਦੇਸ਼ ਮੇਰੇ ਦੀ ਧੜਕਣ ਅੱਜ ਕੱਲ੍ਹ ਨਿਰਭਰ ਹੈ ਬਾਜ਼ਾਰਾਂ 'ਤੇ। ਸੁਰਖ਼ ਉਨਾਭੀ ਨੇੜਰ ਤੇਰੇ, ਬਣ ਗਏ ਨੀਮ ਗੁਲਾਬੀ ਨੇ, ਉਂਗਲੀ ਉੱਠਦੀ ਨਾ ਹੁਣ ਤੇਰੀ, ਹੁੰਦੇ ਅਤਿਆਚਾਰਾਂ ’ਤੇ। ਤੂੰ ਵੀ ਤਾਂ ਮਸ਼ਗੂਲੇ ਕੀੜੇ, ਹੱਥ ਬੰਨ੍ਹ ਅਰਜ਼ ਗੁਜ਼ਾਰਦਿਆਂ, ਰਾਤੋ ਰਾਤ ਨਹੀਂ ਇਹ ਪਹੁੰਚੇ, ਤਰਲਿਆਂ ਤੋਂ ਹਥਿਆਰਾਂ ’ਤੇ
99. ਦਿਸਦੀ ਨਹੀਂ ਅਣਦਿਸਦੀ ਸ਼ਕਤੀ
ਦਿਸਦੀ ਨਹੀਂ ਅਣਦਿਸਦੀ ਸ਼ਕਤੀ, ਜਿਉਂ ਬਿਜਲੀ ਦੀ ਤਾਰ ਦੇ ਅੰਦਰ। ਕਿੱਦਾਂ ਤੈਨੂੰ ਦੱਸਾਂ ਹੁਣ ਮੈਂ, ਕੀ ਕੁਝ ਹੈ ਸਰਕਾਰ ਦੇ ਅੰਦਰ। ਲੀਲ੍ਹਾ ਅਪਰਮ ਪਾਰ ਅਪਾਰੀ, ਪਿਆਰ ਮੁਹੱਬਤ ਖ਼ੁਸ਼ਬੂ ਸਾਰੀ, ਹਰ ਗੋਪੀ ਹਾਣੀ ਨੂੰ ਲੱਭਦੀ, ਅਪਣੇ ਕ੍ਰਿਸ਼ਨ ਮੁਰਾਰ ਦੇ ਅੰਦਰ। ਪ੍ਰੇਮ ਦੇ ਢਾਈ ਅੱਖਰ ਹੀ ਨਾ ਕੁੱਲ ਹਯਾਤੀ ਸਮਝ ਪਏ ਨੇ, ਇਸ ਤੋਂ ਅੱਗੇ ਦੱਸ ਤੂੰ ਆਪੇ, ਕੀਹ ਜਾਂਦਾ ਵਿਸਥਾਰ ਦੇ ਅੰਦਰ। ਬੰਦਾ ਤਾਂ ਹਥਿਆਰ ਦੇ ਵਾਂਗੂੰ ਆਪ ਬੇਗਾਨੇ ਹੱਥ ਵਿਚ ਹੁੰਦੈ, ਹੋਰ ਬੜਾ ਕੁਝ ਸ਼ਾਮਲ ਹੁੰਦੈ, ਦਸਤੇ ਬਿਨ ਤਲਵਾਰ ਦੇ ਅੰਦਰ। ਚੋਰ ਭੁਲਾਈਆਂ, ਲੁਕਣ ਮਚਾਈਆਂ, ਆਪਣੇ ਨਾਲ ਖੇਡਦੇ ਰਹੀਏ, ਪੇਸ਼ ਕਦੇ ਨਾ ਹੋਈਏ ਆਪਾਂ ਰੂਹ ਵਾਲੇ ਦਰਬਾਰ ਦੇ ਅੰਦਰ। ਸੁੱਖ ਦੀ ਛਾਂ ਨੇ ਵੇਖ ਕਮੀਨਾ ਕਿੰਨਾ ਸਾਨੂੰ ਕਰ ਛੱਡਿਆ ਏ, ਫਿਰਨ ਗੁਆਚੇ ਪੱਗ ਤੇ ਚੁੰਨੀ, ਹੁਣ ਸਾਡੇ ਕਿਰਦਾਰ ਦੇ ਅੰਦਰ। ਪਿੰਡ ਇਕੱਲਾ ਹੀ ਨਾ ਬਸਤੀ, ਬਹੁਤ ਉਚੇਰੀ ਇਸ ਦੀ ਹਸਤੀ, ਲੱਭੋ ਇਸ ਦੇ ਅਰਥ ਗੁਆਚੇ, ਆਪਣੇ ਸਭਿਆਚਾਰ ਦੇ ਅੰਦਰ। ਸ਼ਗਨਾਂ ਦੀ ਫੁਲਕਾਰੀ ਗਾਨੇ, ਚੁੰਨੀਆਂ ਲਾਲ ਪਰਾਂਦੇ ਰੰਗਲੇ, ਸਿਹਰੇ, ਸਿੱਖਿਆ, ਸਾਹੇ-ਚਿੱਠੀ, ਵਿਕਦੈ ਸਭ ਬਾਜ਼ਾਰ ਦੇ ਅੰਦਰ। ਰੱਤ ਡੁੱਲ੍ਹੀ ਤੇ ਅੱਥਰੂ ਸਾਰੇ ਸਫ਼ਿਆਂ ਤੇ ਮਹਿਸੂਸ ਕਰੋਗੇ, ਨਾਲ ਤੁਰੋਗੇ ਜੇਕਰ ਉਸ ਦੇ, ਜੋ ਛਪਿਐ ਅਖ਼ਬਾਰ ਦੇ ਅੰਦਰ। ਖੜ੍ਹਾ ਖਲੋਤਾ, ਬੈਠਾ ਬੰਦਾ, ਕੋਸ ਮੀਨਾਰ ਤੋਂ ਵਧ ਕੇ ਕੁਝ ਨਾਂਹ, ਮੰਜ਼ਿਲ ਦਾ ਸਿਰਨਾਵਾਂ ਹੁੰਦੈ, ਕਦਮਾਂ ਦੀ ਰਫ਼ਤਾਰ ਦੇ ਅੰਦਰ। ਰਿਸ਼ਤਾ ਬੋਝ ਬੁਝਾਰਤ ਬਣਦੈ, ਸ਼ੱਕ ਹਮੇਸ਼ਾਂ ਤਾਂਡਵ ਕਰਦੈ, ਸਾਂਝੀ ਤੰਦ ਮੁਹੱਬਤ ਵਾਲੀ, ਜੇ ਤਿੜਕੇ ਪਰਿਵਾਰ ਦੇ ਅੰਦਰ। ਅਪਣੀ ਹਾਰ ਪਛਾਨਣ ਦੀ ਥਾਂ, ਦੋਸ਼ ਬੇਗਾਨੇ ਦੇ ਸਿਰ ਧਰੀਏ, ਬਹੁਤੀ ਵਾਰੀ ਖੁਭ ਜਾਂਦੇ ਹਾਂ, ਖ਼ਦ ਆਪਾਂ ਹੁੰਕਾਰ ਦੇ ਅੰਦਰ।
100. ਅਸਾਂ ਤਾਂ ਬਲਦੇ ਰਹਿਣਾ ਹੈ
ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਚਿਰਾਗ਼ਾਂ ਦਾ ਇਹ ਕਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਅਸਾਂ ਹਰ ਅੱਖ ਦੇ ਸੁਪਨੇ ਦੇ ਵਿਚ ਕੁਝ ਰੰਗ ਨੇ ਭਰਨੇ, ਤੇ ਰੰਗਾਂ ਜਗਦੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਅਸੀਂ ਤਾਂ ਸਾਬਰਾਂ ਦੀ ਅੰਸ ਬੰਸੋਂ ਹਾਂ ਉਦੈ ਹੋਏ, ਜਬਰ ਕਰਨਾ ਨਾ ਸਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਅਸੀਂ ਚੇਤਨ ਜਵਾਲਾ ਸੰਗ ਰਾਖੇ ਬਣ ਖਲੋਣਾ ਹੈ, ਤੇ ਭਰਮਾਂ ਨਾਲ ਖਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਇਹ ਪਾਸਾ ਵੱਟ ਲੈਣਾ ਵੀ ਵਕਾਲਤ ਹੈ ਹਨ੍ਹੇਰੇ ਦੀ, ਫ਼ਰਜ਼ ਦੇ ਨਾਲ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਇਹ ਗ਼ਦਰੀ ਸੂਰਮੇ ਬਾਬੇ, ਸੁਣੋ ਅੱਜ ਵੀ ਨੇ ਕੀ ਕਹਿੰਦੇ, ਤੁਸੀਂ ਚੇਤੰਨ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਕਦੇ ਵੀ ਸੀਸ ਵਾਲੀ ਫ਼ੀਸ ਦੇਣੋਂ ਕਿਰਸ ਨਾ ਕਰਿਉ, ਸ਼ਹੀਦਾਂ ਦਾ ਇਹ ਕਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਬੜੇ ਹਮਦਰਦ ਏਥੇ ਦੁਸ਼ਮਣੀ ਦੀ ਖੇਡ ਖੇਡਣਗੇ, ਇਨ੍ਹਾਂ ਤੋਂ ਬਚ ਕੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ। ਕਦੇ ਵੀ ਹੱਕ ਤੇ ਇਨਸਾਫ਼ ਨੂੰ ਕੋਈ ਮੇਟ ਨਾ ਸਕਿਆ, ਸੰਭਾਲੋ! ਸੱਚ ਗਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।
101. ਬੱਦਲਾਂ ਵਾਂਗੂ ਉੱਡਿਆ ਫਿਰਦੈਂ
ਬੱਦਲਾਂ ਵਾਂਗੂ ਉੱਡਿਆ ਫਿਰਦੈਂ, ਅੱਖਾਂ ਵਿਚ ਸਮੁੰਦਰ ਲੈ ਕੇ। ਧਰਤ ਉਡੀਕੇ ਤੈਨੂੰ ਚਿਰ ਤੋਂ, ਸਿਰ ’ਤੇ ਪਾਟੀ ਚਾਦਰ ਲੈ ਕੇ। ਰੂਹ ਜ਼ਖ਼ਮੀ ਦਿਲ ਛਾਲੇ ਛਾਲੇ, ਭੋਲੇ ਲੋਕ ਉਡੀਕਣ ਹਾਲੇ, ਦਿਲ ਦੀ ਪੀੜ ਪਛਾਨਣ ਵਾਲਾ, ਆਵੇਗਾ ਹੁਣ ਨਸ਼ਤਰ ਲੈ ਕੇ। ਅੰਬਰ ਵਿਚ ਸ਼ਿਕਾਰੀ ਦੀ ਅੱਖ, ਤੋਂ ਵੀ ਬਚ ਕੇ ਰਹਿਣਾ ਪੈਂਦੈ, ਫਿਰ ਵੀ ਵੇਖ ਪਰਿੰਦੇ ਉੱਡਦੇ, ਖੰਭਾਂ ਅੰਦਰ ਸੌ ਡਰ ਲੈ ਕੇ। ਜਦ ਹੱਥਾਂ ਨੂੰ ਹਾਣ ਬਰਾਬਰ, ਨਾ ਰੁਜ਼ਗਾਰ ਮਿਲੇ ਨਾ ਆਦਰ, ਰਾਜ ਭਵਨ ਵੱਲ ਤੁਰੇ ਜਵਾਨੀ, ਹੱਥਾਂ ਦੇ ਵਿਚ ਪੱਥਰ ਲੈ ਕੇ। ਤਨ ਤੇ ਮਨ ਤੋਂ ਚੋਰੀ ਚੋਰੀ, ਸੌ ਜਨਮਾਂ ਦੀ ਪੀੜ ਇਕੱਠੀ, ਪਰਬਤ ਵੇਖੋ ਚੁੱਕੀ ਫਿਰਦਾਂ, ਅੱਖਾਂ ਦੇ ਵਿਚ ਅੱਥਰ ਲੈ ਕੇ। ਤੀਰ ਅਤੇ ਤਲਵਾਰ, ਕਬੀਲੇ ਜੰਗਲ ਦੇ ਵੀ ਛੱਡ ਚੁੱਕੇ ਨੇ, ਤੂੰ ਹਾਲੇ ਵੀ ਰੂਹ ਨੂੰ ਵਿੰਨ੍ਹੇਂ, ਏਨੇ ਮਹਿੰਗੇ ਅੱਖਰ ਲੈ ਕੇ। ਪਿਆਰ ਮੁਹੱਬਤ ਦੇ ਖੰਭ ਨੋਚਣ, ਗਿਣਤੀ ਮਿਣਤੀ ਦੋਵੇਂ ਰਲਕੇ, ਉੱਡਦਾ ਹੈ ਵਿਸ਼ਵਾਸ ਉਚੇਰਾ, ਦਿਲ ਤੋਂ ਸੇਧ ਨਿਰੰਤਰ ਲੈ ਕੇ।
102. ਤੁਰ ਪਈਏ, ਰੁਕ ਜਾਈਏ
ਤੁਰ ਪਈਏ, ਰੁਕ ਜਾਈਏ, ਏਦਾਂ ਕਰਦੇ ਰਹੇ। ਦੋਚਿੱਤੀ ਵਿਚ ਘਿਰ ਕੇ, ਬਹੁਤੇ ਮਰਦੇ ਰਹੇ। ਨੈਣਾਂ ਦੇ ਸਰਵਰ ਵਿਚ ਡੁੱਬਦੇ ਵੇਖੇ ਨੇ, ਜਿਹੜੇ ਲੋਕੀਂ ਸੱਤ ਸਮੁੰਦਰ ਤਰਦੇ ਰਹੇ। ਬੀਜ ਪੋਰ ਕੇ ਜਿਹੜੇ ਲੋਕੀਂ ਸੌਂ ਜਾਂਦੇ, ਫ਼ਸਲ ਉਨ੍ਹਾਂ ਦੀ ਜੰਤ ਜਾਂਗਲੀ ਚਰਦੇ ਰਹੇ। ਫ਼ਰਕ ਆਜ਼ਾਦ ਗੁਲਾਮ 'ਚ ਕਿੱਦਾਂ ਸਮਝਣਗੇ, ਜਿਹੜੇ ਲੋਕੀਂ ਜਬਰ ਹਮੇਸ਼ਾ ਜਰਦੇ ਰਹੇ। ਦੂਸਰਿਆਂ ਲਈ ਨਫ਼ਰਤ ਦੀ ਅੱਗ ਬਾਲਣ ਉਹ, ਮਨ ਦੇ ਪਾਲੇ ਅੰਦਰ ਜਿਹੜੇ ਠਰਦੇ ਰਹੇ। ਨੰਗੀ ਰੂਹ ਤੋਂ ਡਰਦੇ ਮਾਰੇ ਬਹੁਤੇ ਲੋਕ, ਖਿੜਕੀ ਅਗੇ ਕਰਦੇ ਗੂੜ੍ਹੇ ਪਰਦੇ ਰਹੇ। ਸੱਚ ਬੋਲਣ ਦੀ ਕੀਮਤ ਕਿਥੋਂ ਤਾਰਾਂਗੇ, ਮੇਰੇ ਵਰਗੇ ਏਸੇ ਗੱਲ ਤੋਂ ਡਰਦੇ ਰਹੇ।