Tarian Di Guzargah (Poetry About Sikh Heritage & Struggle) : Gurbhajan Gill
ਤਾਰਿਆਂ ਦੀ ਗੁਜ਼ਰਗਾਹ (ਸਿੱਖ ਵਿਰਾਸਤ ਅਤੇ ਸੰਘਰਸ਼ ਬਾਰੇ ਕਵਿਤਾਵਾਂ) : ਗੁਰਭਜਨ ਗਿੱਲ
ਆਦਿਕਾ - ਅਗਨ ਕਥਾ
ਜੰਗ ਨਹੀਂ, ਇਹ ਤਾਂ ਨਿੱਕੀ ਜਿਹੀ ਲੜਾਈ ਹੈ । ਨਿੱਕੇ ਜਿਹੇ ਦੁਸ਼ਮਣ ਦੇ ਖਿਲਾਫ਼ । ਨਿੱਕੀ ਜਿਹੀ ਗੱਲੋਂ ਸ਼ੁਰੂ ਹੋਈ, ਨਿਆਣਿਆਂ ਦੀ ਲੜਾਈ ਵਾਂਗ । ਇਹ ਕੋਈ ਜੰਗ ਨਹੀਂ । ਜੰਗ ਤਾਂ ਅਜੇ ਲੜਨੀ ਹੈ, ਉਨ੍ਹਾਂ ਕਾਲੀਆਂ ਕਰੂਰ ਤਾਕਤਾਂ ਦੇ ਖਿਲਾਫ਼, ਜਿੰਨ੍ਹਾਂ ਨੇ ਦਸੂਤੀ ਚਾਦਰ ਕੱਢਦੀਆਂ, ਮੇਰੀਆਂ ਭੈਣਾਂ ਭਤੀਜੀਆਂ ਕੋਲੋਂ, ਰੰਗੀਨ ਧਾਗੇ ਵਾਲੀਆਂ ਅੱਟੀਆਂ ਖੋਹੀਆਂ । ਸੂਈ ਦੇ ਬਰੀਕ ਤਰੋਪੇ ਨਾਲ, ਚਾਦਰ ਤੇ ਕੱਢੇ ਵੇਲ ਬੂਟੇ, ਝਪਟ ਕੇ ਲੈ ਗਿਆ ਜਿਹੜਾ । ਅਸੀਂ ਤਾਂ ਹਾਲੇ ਉਸ ਦੇ ਖਿਲਾਫ਼ ਲੜਨਾ ਹੈ । ਜਿੰਨ੍ਹਾਂ ਨੇ ਸੁਪਨਿਆਂ ਦਾ ਵਣਜ ਕਰਨ ਦੇ ਬਹਾਨੇ, ਤੂਤ ਦੀ ਲਗਰ ਵਰਗੇ ਮੁੰਡਿਆਂ ਦੇ ਹੱਥੀਂ ਹਥਿਆਰ ਫੜਾਏ । ਜਿੰਨ੍ਹਾਂ ਨੇ ਸਾਡੇ ਪੁੱਤਰਾਂ ਨੂੰ ਪੁੱਤਰ ਨਹੀਂ, ਬਾਲਣ ਸਮਝਿਆ ਭੱਠੀ ਵਿੱਚ ਝੋਕਿਆ । ਤੇ ਖ਼ੁਦ ਨਾਅਰਿਆਂ ਦੀ ਪੱਖੀ ਝੱਲਦੇ ਰਹੇ । ਲੰਮੀ ਲੜਾਈ ਵਿੱਚ, ਜਿੱਤ ਹਾਰ ਕੋਈ ਮਾਅਨਾ ਨਹੀਂ ਰੱਖਦੀ । ਮਹੱਤਵਪੂਰਨ ਹੁੰਦਾ ਹੈ ? ਤੁਸੀਂ ਕਿਸ ਖਾਤਰ ਲੜ ਰਹੇ ਹੋ ? ਅੱਧ ਖਿੜੇ ਫੁੱਲਾਂ ਦੇ ਹਾਣੀਆਂ ਮੂੰਹੋਂ, ਚੁੰਘਣੀ ਖੋਹਣ ਵਾਲਿਆਂ ਦੇ ਖਿਲਾਫ਼ । ਸੂਹੇ ਗੁਲਾਬ ਦੀਆਂ ਡੋਡੀਆਂ ਤੋੜਨ ਵਾਲਿਆਂ ਦੇ ਖਿਲਾਫ਼ । ਅਜੇ ਤਾਂ ਲੜਨਾ ਹੈ ਉਸ ਨਾਸੂਰ ਦੇ ਖਿਲਾਫ਼, ਜੋ ਨਿਰੰਤਰ ਵਹਿ ਰਿਹਾ ਹੈ ਜ਼ਿੰਦਗੀ ਦੇ ਸਮਾਨੰਤਰ । ਉਸ ਦਰਦ ਦੇ ਖਿਲਾਫ਼, ਨਾ ਸਿੱਧਾ ਖਲੋਣ ਦਿੰਦਾ ਹੈ ਨਾ ਤੁਰਨ । ਅੱਡੀ ਦੇ ਹੇਠਾਂ ਜ਼ਖਮ ਬਣ ਕੇ ਲਗਾਤਾਰ ਜਾਗਦਾ ਹੈ । ਉਹਨਾਂ ਕੁਹਾੜੀਆਂ ਕਿਰਪਾਨਾਂ ਤ੍ਰਿਸ਼ੂਲਾਂ ਅਤੇ, ਉਨ੍ਹਾਂ ਤਮਾਮ ਹਥਿਆਰਾਂ ਦੇ ਖਿਲਾਫ਼ । ਜਿੰਨ੍ਹਾਂ ਦੇ ਚੱਲਿਆਂ ਰੁੱਖਾਂ ਤੇ ਨਾ ਪੱਤੇ ਰਹਿੰਦੇ ਨੇ । ਨਾ ਟਾਹਣੀਆਂ ਤੇ ਫ਼ਲ ਨਾ ਫੁੱਲ, ਜਿੰਨ੍ਹਾਂ ਦਾ ਪਰਛਾਵਾਂ ਵੀ ਮਾੜਾ ਹੈ । ਰੁੰਡ ਮਰੁੰਡ ਧਰੇਕ ਇੰਝ ਲੱਗਦੀ ਹੈ, ਜਿਵੇਂ ਕੋਈ ਵਿਧਵਾ ਧੀ ਖੜ੍ਹੀ ਹੋਵੇ ਬਾਬਲ ਦੇ ਦੁਆਰ । ਤੇ ਬੋਹੜ ਇਸ ਤਰ੍ਹਾਂ ਜਿਵੇਂ ਬਾਪੂ ਜੀ ਖੜ੍ਹੇ ਹੋਣ, ਸਾਰਾ ਕੁਝ ਗੁਆ ਕੇ ਵੀ, ਗੁੰਮ ਸੁੰਮ ਚੁੱਪ ਚਾਪ । ਅਸੀਂ ਤਾਂ ਹਾਲੇ ਉਨ੍ਹਾਂ ਦੀ, ਗੁਆਚੀ ਬੜ੍ਹਕ ਨੂੰ ਵੀ ਲੱਭਣਾ ਹੈ । ਲੜਨਾ ਹੈ ਉਨ੍ਹਾਂ ਕਾਲੇ ਹੁਕਮਾਂ ਦੇ ਖਿਲਾਫ਼ । ਜਿੰਨ੍ਹਾਂ ਦੇ ਚੱਲਿਆਂ ਜ਼ਿੰਦਗੀ ਦੁਹੱਥੜੀਂ ਪਿੱਟਦੀ ਹੈ । ਤੇ ਮੌਤ ਹੱਸਦੀ ਹੈ ਕਿਲਕਾਰੀਆਂ ਮਾਰ ਕੇ । ਅਸੀਂ ਵਣਜ ਨਹੀਂ ਕਰਨਾ, ਜੰਗ ਲੜਨੀ ਹੈ । ਆਪਣੀ ਸਦੀਵੀ ਜਿੱਤ ਲਈ, ਉਨ੍ਹਾਂ ਸਮੂਹ ਲਕੀਰਾਂ ਸਰਹੱਦਾਂ ਤੇ ਖ਼ਾਨਿਆਂ ਦੇ ਖਿਲਾਫ਼ । ਜਿੰਨ੍ਹਾਂ ਦੀ ਰਾਖੀ ਲਈ ਆਦਮੀ ਕਤਲ ਹੁੰਦਾ ਹੈ । ਲੜਨਾ ਹੈ ਉਨ੍ਹਾਂ ਦਰਿੰਦਿਆਂ ਦੇ ਖਿਲਾਫ਼, ਜੋ ਮੇਰੇ ਨਿੱਕੇ ਵੀਰਾਂ ਦੇ ਪੱਟਾਂ ਤੇ ਪਏ ਮੋਰਾਂ ਤੇ ਮੋਰਨੀਆਂ ਨੂੰ, ਖੇਡ ਦੇ ਮੈਦਾਨ ਵਿੱਚ ਪੈਲਾਂ ਪਾਉਣੋਂ ਵਰਜਦੇ ਰਹੇ । ਪਿੰਡ ਦੇ ਸਾਰੇ ਮੁੰਡਿਆਂ ਦੇ ਡੌਲਿਆਂ ਵਿਚਲੀਆਂ ਮੱਛਲੀਆਂ, ਤੜਫ਼ਦੀਆਂ ਰਹੀਆਂ । ਰੁਜ਼ਗਾਰ ਦੇ ਤਲਾਬ ਵਿਚ ਤਰਨਾ, ਜਿੰਨ੍ਹਾਂ ਦੇ ਨਸੀਬ ਦਾ ਹਿੱਸਾ ਹੀ ਨਾ ਬਣਿਆ । ਉਨਾਂ ਜ਼ਹਿਰਾਂ ਦੇ ਖਿਲਾਫ਼, ਜਿੰਨ੍ਹਾਂ ਦੀ ਗੁੜ੍ਹਤੀ ਲੈ ਕੇ, ਆਦਮੀ ਇਨਸਾਨ ਨਹੀਂ ਰਹਿੰਦਾ । ਹੈਵਾਨ ਬਣ ਜਾਂਦਾ ਹੈ । ਸ਼ੈਤਾਨ ਬਣ ਜਾਂਦਾ ਹੈ । ਸਿਰਫ਼ ਬੋਲਦਾ ਹੈ, ਹੁਕਮ ਸੁਣਾਉਂਦਾ ਹੈ । ਸੁਣਦਾ ਕੁਝ ਵੀ ਨਹੀਂ । ਉਸ ਸਾਰੇ ਨਿਜ਼ਾਮ ਦੇ ਖਿਲਾਫ਼ । ਜਿਸ ਦੇ ਹੁੰਦਿਆਂ ਜੀਭ ਨੂੰ ਸੱਚ ਬੋਲਣ ਦੀ, ਤੇ ਕੰਨਾਂ ਨੂੰ ਸਹੀ ਸੁਣਨ ਦੀ ਜਾਚ ਭੁੱਲ ਜਾਂਦੀ ਹੈ । ਅਜੇ ਤਾਂ ਅਸੀਂ ਲੜਨਾ ਹੈ, ਉਨ੍ਹਾਂ ਸਮੂਹ ਕੀਟਾਣੂੰਆਂ ਰੋਗਾਣੂੰਆਂ ਦੇ ਖਿਲਾਫ਼ । ਮਨੁੱਖ ਮਾਰੂ ਬੂਟੀਆਂ ਵੇਲਾਂ ਤੇ ਪੱਤਿਆਂ ਸਮੇਤ, ਇਹੋ ਜਿਹੀ ਸਾਰੀ ਬਨਸਪਤ ਦੇ ਖਿਲਾਫ਼ । ਜਿੰਨ੍ਹਾਂ ਦੀ ਹਾਜ਼ਰੀ ਵਿੱਚ, ਪੂਰਾ ਦੇਸ਼ ਅਕਸਰ ਬੀਮਾਰ ਰਹਿੰਦਾ ਹੈ । ਜ਼ਰਦੇ ਦੀਆਂ ਪੁੜੀਆਂ, ਅਫ਼ੀਮਾਂ, ਗੋਲੀਆਂ, ਨਸ਼ੇ ਦੀਆਂ ਬੋਤਲਾਂ ਹਕੂਮਤਾਂ ਮੱਠਾਂ, ਅਤੇ ਇਸ ਕੂੜ ਪਸਾਰੇ ਲਈ ਜ਼ਿੰਮੇਵਾਰ, ਹਰ ਜ਼ਹਿਰ ਦਾ ਵਣਜ ਕਰਦੇ ਵਣਜਾਰਿਆਂ ਦੇ ਖਿਲਾਫ਼ । ਜਿਨ੍ਹਾਂ ਨੇ ਧਰਮ ਨੂੰ ਜੀਵਨ-ਜਾਚ ਦੀ ਥਾਂ, ਗੋਡੇ ਗਿੱਟੇ ਦੀ ਪੀੜ-ਹਰਨੀ ਮਲ੍ਹਮ ਬਣਾ ਦਿੱਤਾ ਹੈ । ਉਨ੍ਹਾਂ ਹਵਾਵਾਂ ਦੇ ਖਿਲਾਫ਼, ਜਿੰਨ੍ਹਾਂ ਦੇ ਵਗਿਆਂ ਨਾ ਅੰਬਾਂ ਨੂੰ ਬੂਰ ਪੈਂਦਾ ਹੈ । ਨਾ ਰਸ ਭਰਦਾ ਹੈ ਅਨਾਰਾਂ ਵਿੱਚ । ਉਨ੍ਹਾਂ ਧਾੜਵੀਆਂ ਦੇ ਖਿਲਾਫ਼, ਜੈਕਾਰਾ ਗੁੰਜਾਉਣਾ ਹੈ, ਜਿੰਨ੍ਹਾਂ ਦੇ ਹੱਥੀਂ ਸਾਡਾ ਸੋਨਾ ਮਿੱਟੀ ਦੇ ਭਾਅ ਵਿਕਦਾ ਹੈ । ਉਨ੍ਹਾਂ ਮੰਡੀਆਂ ਬਾਜ਼ਾਰਾਂ ਸ਼ਾਹੂਕਾਰਾਂ ਤੇ ਅਹਿਲਕਾਰਾਂ ਦੇ ਖਿਲਾਫ਼ । ਜਿੰਨ੍ਹਾਂ ਦਿਆਂ ਗੁਦਾਮਾਂ ਵਿਚ ਪਹੁੰਚਦੇ ਹੀ, ਉਹੀ ਮਿੱਟੀ ਸੋਨਾ ਬਣ ਜਾਂਦੀ ਹੈ । ਤੇ ਚੰਗਾ ਭਲਾ ਆਦਮੀ ਮਿੱਟੀ ਹੋ ਜਾਂਦਾ ਹੈ । ਉਨ੍ਹਾਂ ਸਮੂਹ ਸਾਜ਼ਿਸ਼ਾਂ ਦੇ ਖਿਲਾਫ਼, ਜਿਨ੍ਹਾਂ ਕਰਕੇ ਸਾਡੀ ਕਿਰਤ ਲੁੱਟੀ ਜਾਂਦੀ ਹੈ । ਸ਼ਰੇਆਮ ਬਜ਼ਾਰ ਵਿੱਚ, ਗ਼ਰੀਬ ਦੀ ਧੀ ਵਾਂਗ ਖੇਤ ਦੀ ਫ਼ਸਲ ਸੁੰਗੜਦੀ ਹੈ । ਉਸ ਹਕੂਮਤੀ ਟੋਕੇ ਦੇ ਖਿਲਾਫ਼, ਜੋ ਚਰ੍ਹੀ ਵਾਂਗ ਕੁਤਰੀ ਜਾਂਦਾ ਹੈ, ਸੁਪਨੇ, ਸੰਸਕਾਰ, ਸਦਾਚਾਰ ਤੇ ਸੱਭਿਆਚਾਰ । ਖੁਰਲੀ ਵਿਚ ਪਰੋਸ ਦੇਂਦਾ ਹੈ ਮਨਚਾਹੇ ਵਿਚਾਰ, ਚੰਗੇ ਭਲੇ ਇਨਸਾਨ ਨੂੰ ਪਸ਼ੂ ਬਣਾ ਦੇਂਦਾ ਹੈ । ਅਜੇ ਤਾਂ ਲੜਨਾ ਹੈ, ਉਨ੍ਹਾਂ ਸਮੂਹ ਮੁਸ਼ਟੰਡਿਆਂ ਦੇ ਖਿਲਾਫ਼ । ਜੋ ਸਰਕਾਰੀ ਗ਼ੈਰਸਰਕਾਰੀ ਸੰਚਾਰ ਮਾਧਿਅਮਾਂ ਰਾਹੀਂ, ਸਾਡੇ ਘਰਾਂ ਵਿੱਚ ਰਾਤ ਬਰਾਤੇ ਆਣ ਧਮਕਦੇ ਹਨ । ਜਵਾਨ ਧੀਆਂ ਪੁੱਤਰਾਂ ਸਾਹਵੇਂ ਪਰੋਸਦੇ ਹਨ ਨਿਰਵਸਤਰ ਸੱਭਿਆਚਾਰ । ਬਚਪਨਾ ਆਉਂਦਾ ਹੀ ਨਹੀਂ, ਨਿੱਕੀ ਜਿਹੀ ਧਰੇਕ ਨੂੰ ਹੀ ਧਰਕੋਨੇ ਪੈ ਜਾਂਦੇ ਨੇ । ਉਸ ਸੁਹਾਗੇ ਦੇ ਖਿਲਾਫ਼, ਜੋ ਸਾਡੇ ਹੱਕਾਂ ਤੇ ਜਾਬਰ ਦੇ ਆਖਿਆਂ ਫਿਰਦਾ ਹੈ । ਮਧੋਲਦਾ ਹੈ ਹੱਕ ਮੰਗਦੇ ਹੱਥਾਂ ਨੂੰ । ਉਸ ਅੱਥਰੂ ਗੈਸ ਦੇ ਖਿਲਾਫ਼ ਲੜਨਾ ਹੈ ? ਜੋ ਕੱਚੀ ਢਾਰੀ ਵਿੱਚ ਬਣੀ ਰਸੋਈ ਅੰਦਰ ਧੁਖਦੀ, ਗਿੱਲੇ ਬਾਲਣ ਦੀ ਅੱਗ ਵਾਂਗ, ਨਾ ਬਲਦੀ ਹੈ ਨਾ ਬੁਝਦੀ । ਨੱਕ ਵਿੱਚ ਦਮ ਲਿਆ ਦਿੰਦੀ ਹੈ । ਮਾਹੌਲ ਧੂੰਆਂ ਕਰ ਦਿੰਦੀ ਹੈ । ਖਲੋਤੀ ਹਵਾ ਦੇ ਖਿਲਾਫ਼ ਲੜਨਾ ਹੈ । ਜਿਸ ਦੇ ਹੁੰਦਿਆਂ ਸੁੰਦਿਆਂ ਸਾਡਾ ਦਮ ਘੁਟਦਾ ਹੈ । ਉਨਾਂ ਟੂਣੇ ਟਾਮਣਾਂ, ਤਵੀਤਾਂ, ਜਾਦੂਆਂ ਤੇ ਧਾਗਿਆਂ ਦੇ ਖਿਲਾਫ਼, ਜਿਨ੍ਹਾਂ ਵਿਚ ਉਲਝ ਕੇ ਆਦਮੀ ਥਾਂ ਥਾਂ ਠੇਡੇ ਖਾਂਦਾ ਫਿਰਦਾ ਹੈ । ਨਾ ਘਰ ਦਾ ਰਹਿੰਦਾ ਹੈ ਨਾ ਘਾਟ ਦਾ । ਧੋਬੀ ਦਾ ਕੁੱਤਾ ਬਣ ਜਾਂਦਾ ਹੈ । ਸ਼ੱਕ ਦੀਆਂ ਦੀਵਾਰਾਂ ਉਸਾਰ ਕੇ ਨਿੱਕੇ ਜਿਹੇ ਸੰਸਾਰ ਵਿੱਚ, ਦੁਬਿਧਾ ਦੀ ਖੇਤੀ ਕਰਦਾ ਹੈ । ਆਪਣੇ ਸੰਕਟਾਂ ਦੁਸ਼ਵਾਰੀਆਂ ਤੇ ਮੁਸੀਬਤਾਂ ਨੂੰ ਨਜਿੱਠਣ ਲਈ, ਸਾਧ ਦੀ ਬੁਝੀ ਹੋਈ ਧੂਣੀ 'ਚੋਂ ਲਈ ਗਈ, ਸਵਾਹ ਦੀ ਚੁਟਕੀ ਨੂੰ ਹੀ, ਸੰਕਟ-ਮੋਚਨ ਤੇ ਮੁਸੀਬਤ ਹਰਨੀ ਦਵਾ ਸਮਝਦਾ ਹੈ । ਅਸੀਂ ਤਾਂ ਅਜੇ ਉਸ ਹਨ੍ਹੇਰੇ ਦੇ ਖਿਲਾਫ਼ ਲੜਨਾ ਹੈ । ਜਿਸ ਦੇ ਕਾਰਨ ਇਹ ਵਿਸ਼-ਗੰਦਲਾ ਸੰਸਾਰ, ਜੜ੍ਹਾਂ ਵਾਲੇ ਫੋੜੇ ਵਾਂਗ ਨਿਰੰਤਰ ਵਧ ਰਿਹਾ ਹੈ । ਰਾਤ ਦਿਨ ਚੱਲਦੇ ਉਸ ਆਰੇ ਦੇ ਖਿਲਾਫ਼, ਜਿਸ ਦੇ ਚੱਲਿਆਂ ਹਮੇਸ਼ਾਂ ਸਾਡੀਆਂ ਹੀ ਰੀਝਾਂ ਦੇ ਮੋਛੇ ਪੈਂਦੇ ਨੇ । ਉੱਡਦੇ ਨੇ ਪਰਖਚੇ ਸਾਡੇ ਅਰਮਾਨਾਂ ਦੇ । ਪੰਘੂੜੇ ਵਿਚ ਹੀ ਦਮ ਤੋੜ ਜਾਂਦੀ ਹੈ, ਕੱਚ ਦੇ ਖਿਡੌਣੇ ਵਾਂਗ, ਕੜੱਕ ਕਰਕੇ ਕੁਆਰੀ ਰੀਝ । ਤੇ ਮਗਰੋਂ ਸਾਰੀ ਉਮਰ ਲੰਘ ਜਾਂਦੀ ਹੈ ਕੰਕਰਾਂ ਚੁਗਦਿਆਂ । ਮੰਗਾਂ, ਮਸਲਿਆਂ, ਦਰਦਾਂ, ਕਸ਼ਟਾਂ ਤੇ ਅਰਜ਼ਾਂ ਦੀ ਗੱਲ ਕਰਦਿਆਂ, ਸਾਨੂੰ ਫ਼ਰਜ਼ ਸੁਣਾ ਦਿੱਤੇ ਜਾਂਦੇ ਨੇ । ਪੂਰੇ ਦੇ ਪੂਰੇ ਦੇਸ਼ ਨੂੰ ਰੋਟੀ, ਕੱਪੜਾ, ਮਕਾਨ ਤੇ ਸਵੈਮਾਣ ਦੀ ਥਾਂ, ਨਾਹਰਿਆਂ ਦਾ ਝੁਰਲੂ ਫੜਾ ਦਿੱਤਾ ਜਾਂਦਾ ਹੈ । ਗੁਆਚ ਜਾਂਦਾ ਹੈ ਚੰਗਾ ਭਲਾ ਦੇਸ਼, ਅੱਖਾਂ ਤੋਂ ਓਝਲ ਹੋ ਕੇ ਭੁਲ ਭੁਲੱਈਆਂ ਵਿੱਚ । ਹਕੀਕਤਾਂ ਦੇ ਸਨਮੁਖ ਸਿਰਫ਼ ਭਾਸ਼ਨਾਂ ਦੀ ਲੋਹ ਤਪਦੀ ਹੈ । ਜਿਸ ਤੇ ਲਾਰਿਆਂ ਦੇ ਪਰੌਂਠੇ ਪੱਕਦੇ ਨੇ । ਹਾਲੇ ਤਾਂ ਅਸੀਂ ਲੜਨਾ ਹੈ ਉਸ ਗਫ਼ਲਤ ਦੇ ਖਿਲਾਫ਼, ਜੋ ਸਾਨੂੰ ਆਪਣੀਆਂ ਲੱਤਾਂ ਤੇ ਭਾਰ ਹੀ ਨਹੀਂ ਪਾਉਣ ਦਿੰਦੀ । ਉਨ੍ਹਾਂ ਬੁਰਕੀਆਂ ਦੇ ਖਿਲਾਫ਼ ਲੜਨਾ ਹੈ, ਜਿੰਨ੍ਹਾਂ ਨੂੰ ਖਾਂਦਿਆਂ ਖਾਂਦਿਆਂ, ਪੂਰੇ ਦੇਸ਼ ਦਾ ਵਾਲ਼ ਵਾਲ਼, ਬੇਸ਼ਰਮਾਂ ਵਾਂਗ ਪਰੁੱਚ ਗਿਆ ਹੈ । ਕਰਜ਼ੇ ਦੀਆਂ ਜੂੰਆਂ ਨਾਲ । ਥੈਲੀ ਸ਼ਾਹਾਂ ਦੀ ਉਸ ਉਦਾਰ ਨੀਤੀ ਦੇ ਖਿਲਾਫ਼ ਲੜਨਾ ਹੈ । ਜਿਸ ਦੇ ਕਾਰਨ, ਸਾਡੇ ਗਲੀ ਬਾਜ਼ਾਰਾਂ ਘਰਾਂ ਤੇ ਮੁਹੱਲਿਆਂ ਵਿੱਚ, ਦਨਦਨਾਉਂਦੀਆਂ ਫਿਰਦੀਆਂ ਹਨ, ਵਰਦੀਧਾਰੀ ਬਹੁਕੌਮੀ ਕੰਪਨੀਆਂ । ਅਸੀਂ ਉਨ੍ਹਾਂ ਤਾਰਿਆਂ ਖਿੱਤੀਆਂ ਅਤੇ ਗ੍ਰਹਿਆਂ ਦੇ, ਤੇਲ ਖਿਲਾਫ਼ ਲੜਨਾ ਹੈ । ਜਿੰਨ੍ਹਾਂ ਦੀ ਗਤੀ ਹਮੇਸ਼ਾ ਸਾਡੇ ਹੀ ਵਿਰੁੱਧ ਭੁਗਤਦੀ ਹੈ, ਲੜਨਾ ਹੈ ਹਨ੍ਹੇਰੇ ਦੇ ਸਭ ਸਾਥੀਆਂ ਦੇ ਖਿਲਾਫ਼ । ਹਾਲੇ ਤਾਂ ਲੜਨਾ ਬਾਕੀ ਹੈ, ਆਪਣੀਆਂ ਹੀ ਕਮੀਨਗੀਆਂ ਦੇ ਖਿਲਾਫ਼ । ਜਿੰਨ੍ਹਾਂ ਦੀ ਰਾਖੀ ਲਈ ਆਦਮੀ ਹਰ ਰੋਜ਼, ਥੱਲੇ ਹੀ ਥੱਲੇ ਗਰਕਦਾ ਜਾ ਰਿਹਾ ਹੈ ਰਸਾਤਲ ਵੱਲ । ਆਪਣੇ ਦੁਆਲੇ ਹੰਕਾਰ ਦੀ ਕੰਧ ਖੜੀ ਕਰੀ ਬੈਠਾ ਹੈ, ਰੇਤ ਦੇ ਕਿਲ੍ਹੇ ਵਾਂਗ । ਨਿੱਕੀਆਂ ਲੜਾਈਆਂ ਦੇ ਚੱਕਰਵਿਊਹ ਵਿਚ, ਘਿਰਿਆ ਆਦਮੀ ਨਿਕੱਦਾ ਹੋ ਜਾਂਦਾ ਹੈ । ਉਨਾਂ ਰੰਗ ਬਰੰਗੇ ਗੁਬਾਰਿਆਂ ਤੇ ਨਾਅਰਿਆਂ ਦੇ ਖਿਲਾਫ਼ । ਜਿੰਨ੍ਹਾਂ ਵਿੱਚ ਸਾਡੇ ਅਣਭੋਲ ਸੁਪਨੇ, ਅਕਸਰ ਰਾਹ ਭੁੱਲ ਜਾਂਦੇ ਹਨ । ਮੇਲੇ ਵਿਚ ਗੁਆਚੇ ਬਾਲ ਵਾਂਗ । ਉਨ੍ਹਾਂ ਗੁਮਾਸ਼ਤਿਆਂ ਦੇ ਖਿਲਾਫ਼ ਲੜਨਾ ਹੈ, ਜੋ ਇਜਾਰੇਦਾਰਾਂ ਦੇ ਸਿਹਰੇ ਗਾਉਂਦੇ ਬੁੱਢੇ ਹੋ ਚੱਲੇ ਨੇ । ਯੋਜਨਾ ਭਵਨਾਂ ਦੀਆਂ ਵੱਡੀਆਂ ਕੁਰਸੀਆਂ ਤੇ ਬੈਠੇ, ਉਨ੍ਹਾਂ ਹਿੱਲਦੇ ਸਿਰਾਂ ਅਤੇ ਝੂਲਦੇ ਗੋਡਿਆਂ ਵਾਲੇ, ਜੁਗਾੜ-ਪੰਥੀਆਂ ਦੇ ਖਿਲਾਫ਼ ਲੜਨਾ ਹੈ । ਜਿਨ੍ਹਾਂ ਲਈ ਵਾਤਾਅਨੁਕੂਲ ਕਮਰਾ, ਮੁਫ਼ਤ ਦਾ ਟੈਲੀਫ਼ੋਨ, ਅਤੇ ਹਵਾਈ ਝੂਟੇ ਧਰਤੀ ਦੀ ਸਭ ਤੋਂ ਵੱਡੀ ਨਿਹਮਤ ਹੈ । ਜਿੰਨ੍ਹਾਂ ਲਈ ਦੇਸ਼ ਦੀ ਗੁਰਬਤ ਤੇਰ੍ਹਵੇਂ ਥਾਂ ਤੇ ਪਈ, ਕੋਈ ਅਜਿਹੀ ਅਣਪਛਾਤੀ ਵਸਤੂ ਹੈ । ਜਿਸ ਨੂੰ ਟਾਈਮ ਬੰਬ ਆਖ ਕੇ, ਪੁੱਠੇ ਟੇਢੇ ਢੰਗ ਨਾਲ, ਅਕਸਰ ਨਕਾਰਾ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ । ਜਿੰਨ੍ਹਾਂ ਨੂੰ ਨੌਕਰਸ਼ਾਹੀ ਨੇ ਨਿੱਤ-ਕਿਰਿਆ ਬਣਾ ਕੇ, ਸਾਡੇ ਮੱਥੇ ਤੇ ਚਿਪਕਾ ਦਿਤਾ ਹੈ ਕਿਸਮਤ ਵਾਂਗ । ਇਹੋ ਜਿਹੀਆਂ ਸਮੂਹ ਬੇਹੂਦਗੀਆਂ ਦੇ ਖਿਲਾਫ਼ ਲੜਨਾ ਹੈ । ਹਾਲੇ ਤਾਂ ਉਨ੍ਹਾਂ ਕਿਸਮਤ ਪੰਥੀਆਂ ਦੇ ਖਿਲਾਫ਼ ਲੜਨਾ ਹੈ, ਜਿਨ੍ਹਾਂ ਨੇ ਸਾਡੇ ਸਮੁੱਚੇ ਆਦਰਸ਼ਾਂ, ਸੁਪਨਿਆਂ ਤੇ ਸੰਘਰਸ਼ਾਂ ਨੂੰ, ਅਜਿਹਾ ਸਲਾਭਿਆ ਹੈ । ਕਿ ਹੁਣ ਇਹ ਨਾ ਅੱਗ ਫੜਦੇ ਹਨ, ਨਾ ਤੜ ਤੜ ਮੱਚਦੇ ਹਨ । ਉਸ ਨਾਲਾਇਕੀ ਦੇ ਖਿਲਾਫ਼ ਲੜਨਾ ਹੈ, ਜਿਸ ਦੇ ਹੁੰਦਿਆਂ ਬੀਤੀ ਅੱਧੀ ਸਦੀ, ਰਾਤੀਂ ਆਏ ਬੁਰੇ ਸੁਪਨੇ ਵਾਂਗ ਲੰਘ ਗਈ ਹੈ । ਉਸ ਬਿਗਲ ਦੇ ਖਿਲਾਫ਼ ਲੜਨਾ ਹੈ, ਜੋ ਅਕਸਰ ਚੋਣਾਂ ਸਮੇਂ ਹੀ ਵੱਜਦਾ ਹੈ । ਭੁੱਲ ਜਾਂਦਾ ਹੈ ਆਮ ਆਦਮੀ, ਮੁੱਢਲੇ ਮਸਲੇ ਆਪਣੇ ਅਧਿਕਾਰ । ਹਾਕਮਾਂ ਦਾ ਬਦਰੂਪ ਵਿਹਾਰ । ਸ਼ਰੇਆਮ ਨੰਗੇ ਨੱਚਦੇ ਹਨ ਉਮੀਦਵਾਰ । ਸ਼ਰਾਬਾਂ ਨਸ਼ੀਲੇ ਮਾਦਕ ਪਦਾਰਥਾਂ ਦੀ ਸ਼ਾਹੀ ਫੁਹਾਰ । ਪੈਸੇ ਦੀ ਅੰਨ੍ਹੀ ਹਨ੍ਹੇਰੀ ਲਿਆ ਦੇਂਦੇ ਹਨ । ਅੱਖਾਂ ਦੇ ਸਾਹਮਣੇ ਚਾਲੀ ਦਿਨਾਂ ਅੰਦਰ, ਸਾਡੇ ਸਿਰ ਮੁੰਨ ਕੇ ਜਾ ਬਹਿੰਦੇ ਹਨ, ਗੋਲ ਸਰਦ-ਖਾਨੇ ਵਿੱਚ । ਅਮੀਰੜਿਆਂ ਦੇ ਵਿਹੜੇ ਚੋਗਾ ਚੁਗਦੇ, ਗਾਨੀ ਵਾਲੇ ਕਬੂਤਰ ਬਣ ਜਾਂਦੇ ਹਨ । ਟੀ.ਵੀ. ਕੈਮਰਿਆਂ ਵੱਲ ਦੇਖ ਕੇ ਖੂਬ ਪਟਾਕਦੇ ਹਨ । ਹਿੰਦੀ ਫ਼ਿਲਮ ਦੇ ਹੀਰੋ ਵਾਂਗ । ਉਸ ਵਿਧੀ-ਵਿਧਾਨ ਨੂੰ ਵੀ ਪੁੱਛਣਾ ਹੈ, ਕਿ ਤੇਰੇ ਅਧੀਨ ਏਨਾ ਹਨ੍ਹੇਰ ਖਾਤਾ ਕਿਉਂ ਚੱਲਦਾ ਹੈ ? ਦਸ-ਨੰਬਰੀਏ ਜੇਬ-ਤਰਾਸ਼ ਵਿਹਲੜ ਸੂਦ-ਖ਼ੋਰ, ਦੇਸ਼ ਦੀ ਗੱਡੀ ਦੇ ਚਾਲਕ ਬਣ ਬੈਠੇ ਹਨ । ਤੇਰੇ ਹੁੰਦਿਆਂ ਸੁੰਦਿਆਂ ਪੂਰੀ ਬੇਸ਼ਰਮੀ ਨਾਲ । ਲੜਨਾ ਹੈ ਉਸ ਧੌਲਦਾੜੀਏ ਟੋਲੇ ਦੇ ਖਿਲਾਫ਼, ਜਿਸ ਨੇ ਮਜ਼ਾਕ ਬਣਾ ਦਿੱਤਾ ਹੈ ਏਨਾ ਮਹਾਨ ਦੇਸ਼ । ਜਿਸ ਦੀਆਂ ਨੀਂਹਾਂ ਵਿੱਚ ਸੀਸ ਹੀ ਸੀਸ ਹਨ, ਮੁੱਛ ਫੁਟੇਂਦੇ ਗੱਭਰੂਆਂ ਤੋਂ ਲੈ ਕੇ, ਬਿਰਧ ਗਦਰੀ ਬਾਬਿਆਂ ਤੀਕ । ਲੜਨਾ ਹੈ ਉਨ੍ਹਾਂ ਲੋਕਾਂ ਦੇ ਖਿਲਾਫ਼, ਜਿੰਨ੍ਹਾਂ ਦੀ ਪ੍ਰਾਪਤੀ ਹੀ ਸਾਡਾ ਆਦਰਸ਼ ਬਣ ਜਾਂਦਾ ਹੈ । ਖਾਂਦੀਆਂ ਖਾਂਦੀਆਂ ਖਾ ਜਾਂਦੀਆਂ ਹਨ, ਕੜੀ ਵਰਗੇ ਜਵਾਨ । ਪੀੜ੍ਹੀਆਂ ਦਰ ਪੀੜ੍ਹੀਆਂ ਖਪ ਜਾਂਦੀਆਂ ਹਨ, ਖਪਤ ਦੇ ਅੰਨ੍ਹੇ ਖੂਹ ਵਿੱਚ । ਲੜਨਾ ਹੈ ਅਜੇ ਉਸ ਢਿੱਲੀ ਰਫ਼ਤਾਰ ਦੇ ਖਿਲਾਫ਼ ਜੋ ਸਾਡੇ ਸਾਹਾਂ 'ਚ ਰਚ ਗਈ ਹੈ । ਸਾਡੇ ਤੋਂ ਕਿਤੇ ਮਗਰੋਂ ਤੁਰੇ ਲੋਕ, ਬਹੁਤ ਅੱਗੇ ਲੰਘ ਗਏ ਹਨ । ਚੋਰ ਪਛਾਨਣ ਲਈ ਹੁਣ, ਅਸੀਂ ਰੰਗਾਂ, ਨਸਲਾਂ ਤੇ ਖਿੱਤਿਆਂ ਦੇ ਫ਼ਰਕ 'ਚ ਨਹੀਂ ਪੈਣਾ । ਅੱਖਾਂ ਖੋਲ੍ਹ ਕੇ, ਹਰ ਕਿਸਮ ਦੇ ਦੁਸ਼ਮਣ ਦੀ ਪੈੜ ਨੱਪਣੀ ਹੈ । ਲੜਨਾ ਹੈ ਉਨ੍ਹਾਂ ਸਬਜ਼ ਬਾਗਾਂ ਤੇ ਮਿਰਗਜਲੀਆਂ ਦੇ ਖਿਲਾਫ਼ । ਜਿੰਨ੍ਹਾਂ ਨੂੰ ਵੇਖ ਕੇ ਹਰ ਵਾਰੀ, ਸਾਡੇ ਹੱਕਾਂ ਦੀ ਸੀਤਾ ਦਾ ਹਰਨ ਹੋ ਜਾਂਦਾ ਹੈ । ਉਸਦੀ ਉਸ ਲਛਮਣ ਰੇਖਾ ਦੇ ਖਿਲਾਫ਼, ਜਿਸ ਦੇ ਅੰਦਰ ਰਹਿ ਕੇ ਦਮ ਘੁਟਦਾ ਹੈ । ਬਾਹਰ ਰਾਵਣ ਵਰਗੀਆਂ ਲੱਖ ਕਰੋੜ ਸੂਰਤਾਂ, ਮੂੰਹ ਅੱਡੀ ਖੜੀਆਂ ਹਨ । ਪੰਜ ਸਾਲਾਂ ਦੀ ਬਾਲੜੀ ਤੋਂ ਲੈ ਕੇ, ਅੱਸੀ ਸਾਲਾਂ ਦੀ ਦਾਦੀ ਮਾਂ ਤੀਕ, ਕੁਝ ਵੀ ਸੁਰੱਖਿਅਤ ਨਹੀਂ । ਸਿੰਗਾਂ ਵਾਲੇ ਭੇੜੀਏ ਦਹਾੜਦੇ ਹਨ ਦਿਨ ਦੀਵੀਂ । ਕਾਨੂੰਨ ਅੱਖਾਂ ਮੀਟ ਜਾਂਦਾ ਹੈ, ਪਹਿਰੇਦਾਰਾਂ ਨਾਲ ਖਾਣ-ਪੀਣ ਸਾਂਝਾ ਹੈ, ਸੰਨ੍ਹ ਲਾਉਣ ਵਾਲਿਆਂ ਦਾ । ਅਜਿਹੀ ਕਰਿੰਘੜੀ ਦੇ ਖਿਲਾਫ਼ ਲੜਨਾ ਹੈ । ਉਸ ਬੇ-ਰਹਿਮ ਸ਼ੋਰ ਦੇ ਖ਼ਿਲਾਫ਼ ਲੜਨਾ ਹੈ, ਅਤੇ ਜਿਸ ਦੀ ਆੜ ਵਿੱਚ, ਅਸੀਂ ਸਿਰਫ਼ ਮਰਨ ਵਾਲੇ ਅੰਕੜੇ ਬਣ ਜਾਂਦੇ ਹਾਂ । ਕਰ ਦਿੱਤਾ ਜਾਂਦਾ ਹੈ ਸਾਨੂੰ ਤਿਆਰ, ਵਾਰ ਵਾਰ ਵਕਤ ਦੇ ਜਬਾੜਿਆਂ ਵਿੱਚ ਚਿੱਥੇ ਜਾਣ ਲਈ । ਉਨ੍ਹਾਂ ਸਮੂਹ ਚੰਗੇਜ਼ਾਂ ਅਬਦਾਲੀਆਂ ਹਿਟਲਰਾਂ ਤੇ ਮਸੋਲੀਨੀਆਂ ਦੇ ਖਿਲਾਫ਼ । ਜਿੰਨ੍ਹਾਂ ਦੀ ਨਸਲ ਪੀੜ੍ਹੀ ਦਰ ਪੀੜ੍ਹੀ, ਚਿਹਰੇ ਬਦਲ ਬਦਲ ਕੇ ਦੇਸ਼ ਵਿਦੇਸ਼ ਵਿੱਚ, ਰੰਗ, ਨਸਲ ਅਤੇ ਜ਼ਾਤ ਦੇ ਭੇਤ ਤੋਂ ਬਗੈਰ, ਸਾਡੇ ਸੰਘਾਰ ਲਈ ਤਿਆਰ ਬਰ ਤਿਆਰ ਖੜ੍ਹੀ ਰਹਿੰਦੀ ਹੈ । ਹਲਾਕੂ ਵਾਂਗ ਅੱਥਰੇ ਘੋੜੇ ਦੀ ਵਾਗ ਸਾਹਮਣਿਉਂ ਫੜਨੀ ਹੈ । ਉਨਾਂ ਝੱਖੜਾਂ ਦੇ ਖਿਲਾਫ਼, ਜਿੰਨ੍ਹਾਂ ਦੀ ਕਰੋਪੀ ਨਾਲ ਕੇਵਲ ਕੱਚੇ ਕੋਠੇ ਹੀ ਢਹਿੰਦੇ ਨੇ । ਤੰਗੀਆਂ ਤੁਰਸ਼ੀਆਂ ਦੇ ਭੰਨੇ ਹੋਏ, ਅਸੀਂ ਕੰਬਦੇ ਹੱਥਾਂ ਨਾਲ ਹੀ ਸਹੀ, ਉਸ ਚੱਟਾਨ ਦੇ ਖਿਲਾਫ਼ ਹਥੌੜਾ ਲੈ ਕੇ ਲੜਨਾ ਹੈ, ਜਿਸ ਦੇ ਪਾਰ ਸਾਡਾ ਸੂਰਜ ਮਘਦਾ ਹੈ । ਅਸੀਂ ਹਾਲੇ ਤੁਰਨਾ ਹੈ ਉਸ ਆਦਮ-ਖਾਣੀ ਨਸਲ ਦੇ ਖਿਲਾਫ਼, ਜਿਸ ਨੇ ਸਾਡੀਆਂ ਪੁਸ਼ਤਾਂ ਦੀਆਂ ਪੁਸ਼ਤਾਂ, ਖਾ ਕੇ ਡਕਾਰ ਵੀ ਨਹੀਂ ਮਾਰਿਆ । ਸੱਜਰੇ ਜ਼ਖਮਾਂ ਨੂੰ ਨਾਲ ਲੈ ਕੇ, ਬਹੁਤ ਦੂਰ ਤੀਕ ਤੁਰਨਾ ਹੈ । ਜ਼ਿੰਦਗੀ ਦੇ ਸੁਹਜ ਲਈ । ਉਸ ਸਮੁੱਚੇ ਕੁਹਜ ਦੇ ਖਿਲਾਫ਼ ਲੜਨਾ ਹੈ, ਜਿਸ ਨੇ ਸਾਡੇ ਸਮੁੱਚੇ ਸੰਕਲਪਾਂ ਨੂੰ, ਕਦੇ ਵੀ ਸੱਚ ਦੇ ਰੂਬਰੂ ਨਹੀਂ ਹੋਣ ਦਿੱਤਾ । ਸੁਲਗਦੇ ਪਲੀਤੇ ਲੈ ਕੇ ਉਸ ਬਾਰੂਦ-ਖਾਨੇ ਦੇ ਖਿਲਾਫ਼, ਜਿਸ ਨੂੰ ਆਪਣੀ ਸਮਰਥਾ ਦਾ ਅਹਿਸਾਸ ਹੀ ਨਹੀਂ । ਲੜਾਈ ਨਹੀਂ ਅਸੀਂ ਤਾਂ ਯੁੱਧ ਕਰਨਾ ਹੈ, ਹਾਕਮਾਂ ਦੀਆਂ ਉਨ੍ਹਾਂ ਸਮੂਹ ਗ਼ਰਜ਼ਾਂ ਦੇ ਖਿਲਾਫ਼ । ਜਿੰਨ੍ਹਾਂ ਦੇ ਕਾਰਨ ਸਾਹ ਵਰੋਲਦਾ ਦੇਸ਼, ਬਾਰ ਬਾਰ ਬਲਦੀ ਦੇ ਬੁੱਥੇ ਦੇ ਦਿੱਤਾ ਜਾਂਦਾ ਹੈ । ਘਰ ਘਰ ਵੰਡਦਾ ਫਿਰਦਾ ਹੈ ਮੌਤ ਦੀਆਂ ਚਿੱਠੀਆਂ, ਚਿੱਟੀਆਂ ਚੁੰਨੀਆਂ । ਚਿੜੀਆਂ ਮਰਦੀਆਂ ਨੇ ਤੇ ਗੰਵਾਰ ਹੱਸੀ ਜਾਂਦੇ ਨੇ, ਪ੍ਰਾਪਤੀਆਂ ਦੇ ਕਿੱਸੇ ਛੇੜ ਕੇ । ਘਰ ਬੈਠਿਆਂ ਕ੍ਰਿਕਟ ਮੈਚ ਵਾਂਗ, ਸਰਹੱਦ ਤੇ ਮਰਨ ਵਾਲਿਆਂ ਦਾ, ਰੋਜ਼ਾਨਾ ਸਕੋਰ ਪੁੱਛਿਆ ਜਾਂਦਾ ਹੈ । ਅਸੀਂ ਜੂਝਣਾ ਹੈ ਉਨ੍ਹਾਂ ਸਮੂਹ ਪਥਰੀਲੇ ਅਹਿਸਾਸਾਂ ਦੇ ਖਿਲਾਫ਼ । ਉਨਾਂ ਝੰਡਾ-ਬਰਦਾਰਾਂ ਅਤੇ ਨਾਅਰੇਬਾਜ਼ਾਂ ਦੇ ਖਿਲਾਫ਼ । ਜਿੰਨ੍ਹਾਂ ਲਈ ਜੰਗ ਕੇਵਲ, ਬਿਸਕੁਟ ਦੇ ਪੈਕਟਾਂ ਡਬਲਰੋਟੀਆਂ ਭੁੱਜੇ ਛੋਲਿਆਂ, ਵੱਧ ਤੋਂ ਵੱਧ ਮੁਹਾਜ਼ ਤੇ ਜਾਂਦੇ ਫ਼ੌਜੀਆਂ ਦੇ ਮੱਥੇ ਤਿਲਕ, ਕੁਝ ਰੁਪਈਏ ਦਾਨ ਦੇਣ, ਤੇ ਸ਼ਰਧਾਂਜਲੀ ਸਮਾਰੋਹਾਂ ਤੇ ਹਾਜ਼ਰੀ ਲੁਆਉਣ ਤੋਂ, ਵੱਧ ਕੁਝ ਵੀ ਨਹੀਂ । ਨਿੱਕੀਆਂ ਨਿੱਕੀਆਂ ਲੜਾਈਆਂ ਲੜਦਿਆਂ, ਅਸੀਂ ਭੁੱਲ ਹੀ ਗਏ ਹਾਂ ਵੱਡੀ ਜੰਗ ਦੇ ਅਰਥ । ਬੜਾ ਅਨਰਥ ਕੀਤਾ ਹੈ ਅਸੀਂ ਆਪਣੇ ਪੁਰਖਿਆਂ ਨਾਲ । ਭਾਈ ਦਿਆਲਾ, ਮਤੀਦਾਸ ਤੇ ਸਤੀਦਾਸ ਪੁੱਛਦੇ ਨੇ ? ਆਰਾ ਤਾਂ ਦਿਨੇ ਰਾਤ ਅੱਜ ਵੀ ਚੱਲ ਰਿਹਾ ਹੈ, ਤੁਸੀਂ ਕਿੱਧਰ ਗਏ? ਕਿੰਨਾ ਕੁ ਚਿਰ ਬੈਠੇ ਰਹੋਗੇ ਚੁੱਪ ਚਾਪ । ਬੌਣਿਆਂ ਦੇ ਦੇਸ਼ ਵਿਚ ਵੱਸਦਿਆਂ, ਅਸੀਂ ਭੁੱਲ ਹੀ ਗਏ ਹਾਂ, ਸ਼ਮਲੇ ਵਾਲੀ ਪੱਗ ਕਿਵੇਂ ਫਸਦੀ ਹੈ, ਰਾਜ-ਘਰਾਣੇ ਦੀਆਂ ਫਾਹੀਆਂ ਵਿੱਚ, ਮੌਸਮ ਨੇ ਸਾਨੂੰ ਕਿਥੋਂ ਕਿੱਥੇ ਪਹੁੰਚਾ ਦਿੱਤਾ ਹੈ । ਲੰਮ ਸਲੰਮੀ ਰਾਤ ਵਿੱਚ ਸੁੱਤਿਆਂ ਸੁੱਤਿਆਂ, ਭੁੱਲ ਹੀ ਗਈ ਹੈ ਸਾਨੂੰ ਜਾਗਣ ਦੀ ਜਾਚ । ਨਾ ਚੌਕੀਦਾਰ ਦਾ ਖੜਕਦਾ ਡੰਡਾ ਸੁਣਦਾ ਹੈ, ਨਾ ਕੁੱਕੜ ਦੀ ਬਾਂਗ । ਅਸੀਂ ਸੰਚਾਰ ਮਾਧਿਅਮਾਂ ਦੇ ਕੈਮਰਿਆਂ ਸਾਹਮਣੇ ਮਾਡਲਿੰਗ ਨਹੀਂ ਕਰਨੀ, ਸਚਮੁੱਚ ਗੱਲਵਕੜੀ ਪਾਉਣੀ ਹੈ । ਐਨ ਉਵੇਂ ਜਿਵੇਂ ਵੀਰ ਵੀਰ ਨੂੰ ਮਿਲਦਾ ਹੈ ਚਿਰੀਂ ਵਿਛੁੰਨਾ । ਐਨ ਉਵੇਂ ਜਿਵੇਂ ਸਰੋਵਰ ਦੇ ਪਾਣੀਆਂ ਵਿੱਚ । ਪਾਣੀ ਨਾਲ ਭਰਪੂਰ ਘੜਾ ਗੜੂੰਦ ਹੋ ਜਾਂਦਾ ਹੈ, ਸਾਹ ਸਤ ਹੀਣ । ਆਉਂਦੇ ਜਾਂਦੇ ਸਾਹਾਂ ਦੀ ਆਵਾਜ਼ ਸੁਣਦੀ ਹੈ, ਜ਼ਿੰਦਗੀ ਨੂੰ ਅਸੀਂ ਏਨੀ ਸ਼ਿੱਦਤ ਨਾਲ ਧਾਹ ਕੇ ਮਿਲਣਾ ਹੈ । ਉਸ ਅੰਨ੍ਹੇ ਕੁੱਤੇ ਦੇ ਖਿਲਾਫ਼ ਲੜਨਾ ਹੈ, ਜੋ ਹਵਾ ਨੂੰ ਹੀ ਭੌਂਕੀ ਜਾਂਦਾ ਹੈ ਰਾਤ ਦਿਨ । ਸੁਰੱਖਿਅਤ ਸਵੇਰਾਂ ਸ਼ਾਮਾਂ ਦੁਪਹਿਰਾਂ ਤੇ ਰਾਤਾਂ ਲਈ ਲੜਨਾ ਹੈ । ਦੇਸ਼ ਦੇ ਸਮੂਹ ਵਰਤਾਰਿਆਂ ਵਿੱਚ, ਪੱਸਰੀ ਉਸ ਅਮਰ ਵੇਲ ਦੇ ਖਿਲਾਫ਼ । ਕਿ ਜਿਸ ਹੇਠ ਆਇਆ ਜਿਉਂਦਾ ਜਾਗਦਾ ਵੇਲ ਬੂਟਾ, ਸੁੱਕ ਜਾਂਦਾ ਹੈ । ਕੁਝ ਵੀ ਸੁਰੱਖਿਅਤ ਨਹੀਂ । ਅਸੀਂ ਫੁੱਲਾਂ ਪੱਤਿਆਂ ਟਾਹਣੀਆਂ, ਅਤੇ ਮਹਿਕਦੀਆਂ ਹਵਾਵਾਂ ਦੀ ਬੇਕਰਾਰੀ ਖਾਤਰ ਲੜਨਾ ਹੈ । ਅਸੀਂ ਲੜਨਾ ਹੈ ਉਨ੍ਹਾਂ ਜ਼ਹਿਰੀ ਨਾਗਾਂ ਦੇ ਖਿਲਾਫ਼, ਜੋ ਕੇਵਲ ਵਰਮੀਆਂ ਵਿਚ ਬੈਠੇ ਫੁੰਕਾਰਨਾ ਹੀ ਜਾਣਦੇ ਹਨ । ਅਜਿਹੇ ਸਮੂਹ ਸਾਜ਼ਿਸ਼ਕਾਰੀ ਖੜੱਪਿਆਂ ਦੇ ਖਿਲਾਫ਼ ਲੜਨਾ ਹੈ, ਜਿੰਨ੍ਹਾਂ ਲਈ ਜ਼ਿੰਦਗੀ ਖੋਹਣੀ ਇੱਕ ਮਿੰਟ ਦੀ ਖੇਡ ਹੈ, ਪਰ ਜ਼ਿੰਦਗੀ ਦੇਣੀ ਵਿਧਾਨ ਵਿਚ ਸ਼ਾਮਲ ਹੀ ਨਹੀਂ । ਉਨਾਂ ਚਲਾਕੀਆਂ, ਕਮੀਨਗੀਆਂ, ਵਿਸ਼ਵਾਸ਼ਘਾਤਾਂ, ਅਤੇ ਨਿੱਕੀਆਂ ਸੋਚਾਂ ਦੇ ਖ਼ਿਲਾਫ਼ ਲੜਨਾ ਹੈ । ਜਿੰਨ੍ਹਾਂ ਦਾ ਸ਼ਿਕਾਰ ਹੋ ਕੇ, ਅਸੀਂ ਵਹਿ ਜਾਂਦੇ ਹਾਂ ਲਾਸ਼ ਬਣ ਕੇ । ਵਗਦੇ ਪਾਣੀਆਂ ਦੇ ਵਹਿਣ ਵਿਚ, ਉਲਟ ਦਿਸ਼ਾ ਵਿਚ ਤੈਰ ਕੇ ਅਸੀਂ । ਜਿਉਂਦੇ ਹੋਣ ਦਾ ਪਰਮਾਣ ਦੇਣਾ ਹੈ । ਸੰਘਰਸ਼ ਲਈ ਜੰਗ ਲਈ ਸੰਗਰਾਮ ਲਈ, ਆਪਣਾ ਬਾਹੂ ਬਲ ਪਰਖਣਾ ਹੈ । ਅਜੇ ਤਾਂ ਬਾਕੀ ਹੈ ਲੜਨਾ ਉਸ ਗਿਰੋਹ ਦੇ ਖਿਲਾਫ਼, ਜੋ ਵੰਡਦਾ ਫਿਰ ਰਿਹਾ ਹੈ ਸਾਹਿਤ ਵਿੱਚ ਨਵੇਂ ਵਾਦ । ਸਾਈ ਫੜ ਕੇ ਲਿਖੀ ਨਵ-ਕਵਿਤਾ ਨਹੀਂ, ਅਸੀਂ ਤਾਂ ਅਜੇ ਕਵਿਤਾ ਲਿਖਣੀ ਹੈ । ਲੜਨਾ ਹੈ ਉਸ ਥੜ੍ਹੇ ਦੇ ਖਿਲਾਫ਼, ਜਿਸ ਤੇ ਰਾਜਧਾਨੀ ਵਿੱਚ ਰੱਖ ਕੇ ਜ਼ਹਿਰ ਵਿਕਦਾ ਹੈ । ਤੇ ਉਹੀ ਜ਼ਹਿਰ ਪੁਸਤਕਾਂ ਡਿਸਕਾਂ ਅਤੇ ਇੰਟਰਨੈੱਟ ਰਾਹੀਂ, ਪਹੁੰਚ ਰਿਹਾ ਹੈ ਸਕੂਲਾਂ ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਦੇ, ਵਿਦਿਆਰਥੀਆਂ ਵਿਚ ਨਵੀਂ ਰੌਸ਼ਨੀ ਦੇ ਨਾਮ ਹੇਠ । ਅਸੀਂ ਇਸ ਵਾਇਰਸ ਨੂੰ ਵੀ ਪਛਾਨਣਾ ਤੇ ਮਾਰਨਾ ਹੈ । ਬਹੁਤ ਬੇਲਿਹਾਜ਼ ਹੈ ਸਮੇਂ ਦੀ ਹਕੀਕਤ, ਇਸ ਹਕੀਕਤ ਦੇ ਰੂਬਰੂ ਅਸੀਂ ਨਹੀਂ ਸਿਉਣੀਆਂ ਕਵਿਤਾਵਾਂ, ਦਰਜ਼ੀਆਂ ਨੂੰ ਥੋਕ ਵਿੱਚ ਮਿਲੇ ਫ਼ੌਜੀ ਆਡਰ ਵਾਂਗ । ਨਹੀਂ ਬੈਠਣਾ ਨਿਰਵਸਤਰ ਹੋ ਕੇ ਬਜ਼ਾਰ ਵਿੱਚ, ਅਸੀਂ ਤਾਂ ਹਾਲੇ ਤੁਰਨਾ ਸਿੱਖਣਾ ਹੈ ਉਨ੍ਹਾਂ ਰਾਹਾਂ ਵੱਲ । ਜਿੰਨ੍ਹਾਂ ਤੇ ਤੁਰਦਿਆਂ ਅਸੀਂ ਪਛਾਣ ਸਕੀਏ, ਕਿ ਸਾਡੇ ਮਨਾਂ ਵਿੱਚ ਇਹ ਪੁੱਠਕੰਡੇ ਕੌਣ ਬੀਜਦਾ ਹੈ । ਅਤੇ ਆਪ ਬੈਠ ਜਾਂਦਾ ਹੈ ਸ਼ਬਦ-ਸੁਰਤਿ ਦੀ ਸਮਾਧੀ ਵਿੱਚ, ਰੀਮੋਟ ਕੰਟਰੋਲ ਨਾਲ ਹੀ ਚਲਾਈ ਜਾਂਦਾ ਹੈ, ਸ਼ਬਦਾਂ ਦਾ ਵਣਜ ਵਪਾਰ । ਖੜਕਦੇ ਨੋਟਾਂ ਲਈ ਝਾਂਜਰਾਂ ਪਾ ਕੇ ਨੱਚਣ ਲੱਗ ਪੈਂਦੀਆਂ ਹਨ, ਗਰਜ਼ਾਂ ਦੀਆਂ ਨਾਚੀਆਂ ਜਿਸ ਦੇ ਦਵਾਰ । ਅਸੀਂ ਉਨ੍ਹਾਂ ਤਮਾਮ ਚਕਲਿਆਂ ਦੇ, ਖਿਲਾਫ਼ ਲੜਨਾ ਹੈ । ਜਿੰਨ੍ਹਾਂ ਦਾ ਪਸਾਰ ਸਾਡੇ ਘਰਾਂ ਤੀਕ ਕਰਨ ਲਈ, ਨਕਸ਼ੇ ਤਿਆਰ ਹੋ ਚੁੱਕੇ ਨੇ । ਜ਼ਿੰਦਗੀ ਦੇ ਸਮੂਹ ਸਰੋਕਾਰਾਂ ਲਈ, ਮਹਿਕਦੀਆਂ ਬਹਾਰਾਂ ਤੇ ਗੁਲਜ਼ਾਰਾਂ ਲਈ, ਨਿੱਕੀ ਜਿਹੀ ਲੜਾਈ ਨਹੀਂ, ਬਹੁਤ ਸਾਰੇ ਦੁਸ਼ਮਣਾਂ ਦੇ ਖਿਲਾਫ਼, ਕਰੋੜਾਂ ਬਾਹਾਂ ਨਾਲ ਲੜਨਾ ਹੈ । ਗੁਰਭਜਨ ਗਿੱਲ
ਤੇਈ ਮਾਰਚ
(ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਾਂ) ਕੇਹੀ ਉਹ ਸੋਗੀ ਸ਼ਾਮ ਸੀ, ਜਦ ਤੁਰ ਲਾਹੌਰੋਂ ਜੇਲ੍ਹ 'ਚੋਂ, ਅੱਗ ਵਾਂਗ ਮੱਚਦੀ ਲਾਟ ਜਹੀ, ਸਤਲੁਜ 'ਚ ਆ ਕੇ ਬੁੱਝ ਗਈ । ਸੋਗੀ ਨਾ ਕਹਿਣ ਫੱਬਦਾ, ਕੇਹੀ ਉਹ ਸੂਹੀ ਸ਼ਾਮ ਸੀ, ਜਦ ਦੂਰ, ਦਿਸਹੱਦੇ ਤੋਂ ਲਾਲੀ ਪੱਸਰੀ । ਬੁੰਬਲ ਇਹ ਸਾਵੇ ਕਾਨਿਆਂ ਦੇ, ਲਾਲ ਸੂਹੇ ਕਰ ਗਈ । ਤੇ ਉਸ ਲਾਟ ਦੇ ਪਿੱਛੇ । ਅਨੇਕਾਂ ਲੋਕ ਸੀ, ਜੋ ਕੂਕਦੇ ਸੀ ਬਾਰ ਬਾਰ, ਬੁੰਬਲ ਇਹ ਸਾਵੇ ਕਾਨਿਆਂ ਦੇ, ਚੁੱਪ ਨਹੀਂ ਰਹਿਣੇ । ਇਹ ਸਾਵੇ ਕਾਨਿਆਂ 'ਚੋਂ ਅੱਗ ਮੱਚੇਗੀ । ਤੇ ਸਾਵੇ ਕਾਨਿਆਂ ਦੀ ਅੱਗ । ਬਦਲੇਗੀ ਨੁਹਾਰ ਕੌਮਾਂ ਦੀ । ਤੇ ਸੋਗੀ ਸ਼ਾਮ ਦੇ ਫਿਰ ਅਰਥ, ਮੁੱਢੋਂ ਬਦਲ ਜਾਵਣਗੇ ।
ਸਰਵਣ ਪੁੱਤਰ
ਚਲੋ ਸਰਵਣ ਪੁੱਤਰ ਈ ਸਹੀ, ਬਣ ਜਾਂਦੇ ਹਾਂ । ਪਰ ਦਸ਼ਰਥ ਨੂੰ ਕਹੋ, ਘੱਟੋ ਘੱਟ ਮੇਰਾ ਸ਼ਿਕਾਰ ਤਾਂ ਨਾ ਖੇਡੇ । ਮੈਂ ਜੋ ਰਿਸ਼ਤੇ ਵਿਚ ਉਹਦਾ ਕੁਝ ਲੱਗਦਾ ਹਾਂ । ਭਲਾ ਜੇ ਨਾ ਵੀ ਲੱਗਦਾ ਹੋਵਾਂ, ਤਦ ਵੀ ਉਹ ਬੰਦਾ ਬਣੇ । ਮੇਰੇ ਜ਼ਖ਼ਮਾਂ ਦੀ ਪੀੜ, ਜਿਸ ਮੇਰੀ ਮੌਤ ਤਕ ਦਾ ਸਫ਼ਰ ਕੀਤਾ ਹੈ ਤੇ ਪਿੱਛੇ ਬਾਪ ਅੰਨ੍ਹਾ, ਮਾਂ ਵਿਚਾਰੀ ਰਹਿ ਗਈ ਹੈ । ਉਨ੍ਹਾਂ ਨੂੰ ਰਿਸ਼ਤਿਆਂ ਦਾ ਨਿੱਘ ਕੀਹ ਦੇਵੇਗਾ ਕੋਈ ਦਸ਼ਰਥ ਮੇਰੇ ਪਰਤ ਆਉਣ ਬਾਰੇ, ਲੱਖ ਦੁਆਵਾਂ ਮੰਗੇ ਪਿਆ, ਮੈਂ ਤਾਂ ਨਹੀਂ ਪਰਤਾਂਗਾ । ਤੇ ਜੇ ਪਰਤਿਆ ਤਾਂ ਸੋਚੋ ਭਲਾ, ਮੈਂ ਖ਼ਾਲੀ ਹੱਥ ਹੋਵਾਂਗਾ ? ਉਸ ਨੂੰ ਕਹੋ ! ਮੇਰੇ ਆਉਣ ਤੋਂ ਪਹਿਲਾਂ ਚਲਾ ਜਾਵੇ । ਮੇਰੇ ਮਸਤਕ ਦੀ ਅਗਨੀ ਨੇ, ਚਿਰਾਂ ਦੇ ਜ਼ਬਤ ਤੇ ਪਿੱਛੋਂ, ਵੀਣੀ 'ਚ ਹੁਣ ਪ੍ਰਵੇਸ਼ ਕੀਤਾ ਹੈ ।
ਟਾਈਮ ਕੈਪਸੂਲ
1972 ਦੇ ਵਿਦਿਆਰਥੀ ਘੋਲ ਨੂੰ ਚਿਤਵਦਿਆਂ ਜ਼ੁਲਮ ਦਾ ਨਾਂ ਵੀਅਤਨਾਮ ਹੀ ਨਹੀਂ, ਅਨੇਕਾਂ ਹੋਰ ਨਾਂ ਹਨ: ਮੋਗਾ, ਮੁਕਤਸਰ, ਤਾਰਾਗੜ੍ਹ ਜਹੇ, ਲੈ ਸਕਦੇ ਹੋ । ਪਿਛਲੇ ਇਤਿਹਾਸ ਦੇ ਪੰਨੇ, ਹੁਣ ਫਿੱਕੇ ਪੈ ਗਏ ਨੇ । ਜਦ ਵਰਤਮਾਨ ਬੀਤੇ ਤੋਂ ਵੀ ਕਰੜਾ ਹੈ । ਜਦੋਂ ਕੱਲ੍ਹ ਦੇ ਅਖੌਤੀ ਹੀਰਿਆਂ ਨੂੰ, ਗੋਲੀ ਨਾਲ ਉਡਾਇਆ ਜਾਂਦਾ ਹੈ । ਜਦ ਕੱਲ੍ਹ ਦੇ ਅਖੌਤੀ ਵਾਰਸਾਂ ਨੂੰ, ਭੌਣਾਂ ਤੇ ਲਿਟਾਇਆ ਜਾਂਦਾ ਹੈ । ਤਾਂ ਇਤਿਹਾਸ ਵਾਲੀ ਗੱਲ, ਕੋਈ ਅਰਥ ਨਹੀਂ ਰੱਖਦੀ । ਉਦੋਂ ਦੇ 'ਮੁਕਤਿਆਂ' ਦਾ ਸ਼ਹਿਰ, ਅੱਜ 'ਸਰਹੰਦ' ਲੱਗਦਾ ਹੈ । ਇਤਿਹਾਸ ਦੇ ਕੁਝ ਕਾਂਡ ਹੋਰ ਵਧੇ ਹਨ । ਪਰ ਅਜੇ ਇਹ ਜੂਝਦੀਆਂ ਜਿੰਦਾਂ ਦੇ ਪਲ, ਇਤਿਹਾਸ ਨਹੀਂ ਬਣਨੇ । ਜੇ ਬਣ ਵੀ ਗਏ, ਤੇ ਇਸ ਨੂੰ ਮਿਥਿਹਾਸ ਬਣਾ ਕੇ, ਉਲੀਕਿਆ ਜਾਵੇਗਾ । ਤੇ ਕੱਲ੍ਹ ਦੇ ਵਾਰਸਾਂ ਨਾਲ ਵਿਸਾਹਘਾਤ ਕੀਤਾ ਜਾਵੇਗਾ । ਇਤਿਹਾਸ ਵਿਚ ਤੁਸੀਂ 'ਤੁਸੀਂ ਨਹੀਂ ਹੋਵੇਗੇ । ਆਉਣ ਵਾਲੇ 'ਕੱਲ੍ਹ' ਨੂੰ ਤਰਲੇ ਕਰ ਕਰ ਰੋਕਿਆ ਜਾਵੇਗਾ ਪਰ ਉਹ ਰੁਕੇਗਾ ਨਹੀਂ ਉਹ ਇਨਸਾਨ ਪਛਾਣੇਗਾ, ਉਹ ਤੋੜ ਸੁੱਟੇਗਾ ਤਿੜਕੇ ਰਿਵਾਜ਼, ਗੰਦੇ ਗਲੀਜ਼ ਰਿਸ਼ਤੇ । ਉਹ ਮੁਨਕਰ ਹੋਵੇਗਾ ਇਸ ਇਤਿਹਾਸ ਨੂੰ, ਅਪਨਾਉਣ ਤੋਂ । ਤੇ ਫ਼ਿਰ ਉਹ ਰੋਹ ਦੇ ਵਿਚ ਆ ਕੇ, ਪੁਰਾਣਾ ਪਾੜ ਦੇਵੇਗਾ, ਨਵੇਂ ਦੀ ਗੱਲ ਚੱਲੇਗੀ ।
ਚਾਰ ਲਘੂ ਕਵਿਤਾਵਾਂ
1. ਕਿਵੇਂ ਹੋ ਸਕਦਾ ਹੈ? ਕਿਵੇਂ ਹੋ ਸਕਦਾ ਹੈ, ਕੂਕੇ ਭੁੱਲ ਜਾਣ ਤੋਪ ਦਾ ਮੂੰਹ । ਹਰਫ਼ ਕਿੰਜ ਭੁੱਲ ਸਕਦੇ ਨੇ, ਹਿੱਕ ਤੋਂ ਦੀ ਦੌੜਦੇ ਘੋੜਿਆਂ ਦੀ ਟਾਪ । ਮਾਂ ਦਾ 'ਤਾਰੂ' ਪੁੱਤ, ਕਿੰਜ ਭੁੱਲ 'ਰੰਬੀ' ਦੀ ਧਾਰ । ਸਿਰਫ਼ ਅਸੀਂ ਭੁੱਲ ਸਕਦੇ ਹਾਂ, ਜੋ ਕੇਵਲ ਗੱਲਾਂ ਦਾ ਖੱਟਿਆ ਖਾਂਦੇ ਹਾਂ । 2. ਕੇਹੀ ਰੁੱਤ ਹੈ ਕੇਹੀ ਅਨੋਖੀ ਰੁੱਤ ਹੈ! ਜਦ ਜੰਮਦੇ ਨੇ ਸਿਰਫ਼ ਅੰਗਿਆਰ । ਤੇ ਦੱਬ ਦੇਣ ਦੇ ਬਾਵਜੂਦ ਵੀ ਚੀਖ਼ਦੇ ਨੇ, “ਸੰਗ੍ਰਾਮ ਦੀ ਜਿੱਤ ਹੁੰਦੀ ਹੈ ।” 3. ਅਯੁੱਧਿਆ ਇੱਕ ਹਥੌੜਾ ਵੱਜਿਆ ਤੇ ਰੱਬ ਤਿੜਕ ਗਿਆ 4. ਸੰਕੇਤ ਸੰਭਲ ਜਾਓ ! ਰੁੱਤ ਗਰਭਵਤੀ ਹੈ । ਕੌਣ ਨਹੀਂ ਜਾਣਦਾ ? ਜਣੇਪਾ-ਘੜੀਆਂ ਤੰਗ ਹੁੰਦੀਆਂ ਨੇ, ਕੀ ਪਤਾ ਆਉਣ ਵਾਲਾ ਕੌਣ ਹੋਵੇ ? ਬੰਦਾ ਬਹਾਦਰ ਜਾਂ ਬਾਬਾ ਦੀਪ ਸਿੰਘ ਸੰਭਲ ਜਾਉ ! ਰੁੱਤ ਗਰਭਵਤੀ ਹੈ ।
ਗ਼ਜ਼ਲ
ਗੋਲ਼ੀਆਂ ਵਿੰਨ੍ਹੇ ਜਿਸਮ ਕੂਕਦੇ ਸੜਕਾਂ ਦਾ ਇਤਿਹਾਸ ਲਿਖੋ । ਵਰਕਾ ਵਰਕਾ ਜੋੜ ਜੋੜ ਕੇ ਜ਼ਖ਼ਮਾਂ ਦਾ ਇਤਿਹਾਸ ਲਿਖੋ । ਬਾਗ਼-ਬਗੀਚੇ ਅੱਗ ਦੀ ਭੇਟਾ, ਬਿਰਖ ਚਿਤਾਵਾਂ ਵਿਚ ਸੜੇ, ਗ਼ਰਮ ਰਾਖ਼ ਦਾ ਹਿੱਸਾ ਬਣੀਆਂ ਲਗਰਾਂ ਦਾ ਇਤਿਹਾਸ ਲਿਖੋ । ਇਹ ਕੈਸੀ ਬਰਸਾਤ ਛਾਨਣੀ ਧਰਤੀ ਮਾਂ ਦਾ ਸੀਨਾ ਹੈ, ਕੋਰੇ ਸਫ਼ੇ ਉਡੀਕ ਰਹੇ ਨੇ ਜ਼ੁਲਮਾਂ ਦਾ ਇਤਿਹਾਸ ਲਿਖੋ । ਤਣੇ ਹੋਏ ਮੁੱਕੇ ਨੂੰ ਆਖੋ ਹੋਸ਼ ਨਾਲ ਸਮਤੋਲ ਕਰੇ, ਸੰਗਰਾਮੀ ਦੀ ਚਾਲ ਤੁਰਦਿਆਂ ਕਦਮਾਂ ਦਾ ਇਤਿਹਾਸ ਲਿਖੋ । ਅੱਜ ਦੀ ਰਾਤ ਭਿਆਨਕ ਕਾਲ਼ੀ ਅੱਗੇ ਨਾਲੋਂ ਵਧ ਕੇ ਹੈ, ਚੁੱਪ-ਚੁਪੀਤੇ ਘਰ ਨਾ ਬੈਠੋ ਫ਼ਰਜ਼ਾਂ ਦਾ ਇਤਿਹਾਸ ਲਿਖੋ । ਕਲਮਾਂ, ਬੁਰਸ਼ ਤੇ ਸਾਜ਼ ਵਾਲਿਓ ਇਸ ਮੌਸਮ ਦਾ ਫ਼ਿਕਰ ਕਰੋ, 'ਸੱਚ ਕੀ ਬੇਲਾ' ਹੱਕ ਨਿਤਾਰੋ ਕੰਧਾਂ ਦਾ ਇਤਿਹਾਸ ਲਿਖੋ ।
ਵਗਦੀ ਨਦੀ ਦੇ ਠੰਢੇ ਨੀਰ
ਵਗਦੀ ਨਦੀ ਦੇ ਠੰਢੇ ਨੀਰ, ਰਾਜਿਓ ਕਿੱਧਰ ਗਏ? ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ? ਧਰਤੀ ਦਾ ਲਾਲ ਸੂਹਾ ਵੇਸ, ਲਹੂ ਵਾਲੀ ਲੱਗੀ ਏ ਝੜੀ । ਮਾਵਾਂ ਦੇ ਗਲੀਂ ਖੁੱਲ੍ਹੇ ਕੇਸ, ਹੰਝੂਆਂ ਦੀ ਲੰਮੀ ਲੜੀ । ਕੋਈ ਨਾ ਬੰਨ੍ਹਾਵੇ ਆ ਕੇ ਧੀਰ, ਰਾਜਿਓ ਕਿਧਰ ਗਏ? ਜਿਥੇ ਸੀ ਠੰਢੀ ਮਿੱਠੀ ਪੌਣ, ਲੂਆਂ ਦਾ ਸੇਕ ਪਵੇ । ਸੱਖਣੀ ਚੰਗੇਰ ਤੇ ਪਰਾਤ, ਮੂਧੇ ਮੂੰਹ ਪਏ ਨੇ ਤਵੇ । ਤੁਰੀ ਫਿਰੇ ਅੱਗ ਦੀ ਲਕੀਰ, ਰਾਜਿਓ ਕਿੱਧਰ ਗਏ? ਗਲ਼ਿਆਂ 'ਚ ਰੁਕ ਚੱਲੇ ਗੌਣ, ਹੇਕਾਂ ਦਾ ਦਮ ਘੁੱਟਿਆ । ਲੱਖਾਂ ਮਣਾਂ ਦੇ ਹੇਠਾਂ ਧੌਣ, ਸੁਪਨੇ ਦਾ ਲੱਕ ਟੁੱਟਿਆ । ਹੋ ਚੱਲੀ ਡਾਢਿਓ ਅਖ਼ੀਰ, ਰਾਜਿਓ ਕਿੱਧਰ ਗਏ? ਮਾਵਾਂ ਤੇ ਧੀਆਂ ਭੈਣਾਂ, ਰੋ ਰੋ ਕੇ ਹਾਰੀਆਂ । ਰੁੱਖਾਂ ਦੇ ਮੁੱਢ ਨੂੰ ਜ਼ਾਲਮ, ਫੇਰਨ ਪਏ ਆਰੀਆਂ । ਬਾਲਣ ਦੇ ਵਾਂਗੂੰ ਦਿੰਦੇ ਚੀਰ, ਰਾਜਿਓ ਕਿੱਧਰ ਗਏ? ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ?
ਅੱਗ ਦੀ ਲਾਟ ਬਣ ਜਾਈਂ ਨੀ
ਅੱਗ ਦੀ ਲਾਟ ਬਣ ਜਾਈਂ ਨੀ ਮੇਰੇ ਪਿੰਡ ਦੀ ਕੁੜੀਏ । ਨ੍ਹੇਰੇ ਦੂਰ ਭਜਾਈਂ ਨੀ ਮੇਰੇ ਪਿੰਡ ਦੀਏ ਕੁੜੀਏ । ਤੇਰੇ ਰਾਹਾਂ ਵਿਚ ਬੈਠੇ ਫ਼ਨੀਅਰ ਨਾਗ ਜ਼ਹਿਰੀਲੇ, ਨੀਲੇ ਪੀਲ਼ੇ । ਸਬਰ ਸਮੇਂ ਦੇ ਮਾਂਦਰੀਆਂ ਤੋਂ ਹੁਣ ਤੱਕ ਗਏ ਨਾ ਕੀਲੇ, ਹਾਰੇ ਹੀਲੇ । ਮੋਹ ਮੁਹੱਬਤਾਂ ਦੀ ਬੋਲੀ ਬੋਲਣ ਐਸੀ ਬੀਨ ਵਜਾਈਂ ਨੀ । ਮੇਰੇ ਪਿੰਡ ਦੀਏ ਕੁੜੀਏ... ਭੱਠੀ ਦੇ ਵਿਚ ਜੋਬਨ ਭੁੰਨਣ ਤੇਰੇ ਜਹੀਆਂ ਲੱਖ ਨਾਰਾਂ, ਸੋਹਲ ਮੁਟਿਆਰਾਂ । ਕੋਲ ਡੁਸਕਦੇ ਬਾਲ ਨਿਆਣੇ ਸੁੱਤੀਆਂ ਨੇ ਸਰਕਾਰਾਂ, ਲੈਣ ਨਾ ਸਾਰਾਂ । ਕੱਚੀਆਂ ਕੁੱਲੀਆਂ ਦੇ ਵਿਚ ਜਗ ਕੇ ਵਿਹੜੇ ਤੂੰ ਰੁਸ਼ਨਾਈਂ ਨੀ । ਮੇਰੇ ਪਿੰਡ ਦੀਏ ਕੁੜੀਏ... ਗਲ਼ਿਆਂ ਦੇ ਵਿਚ ਹੇਕਾਂ ਸੁੱਤੀਆਂ ਥਿੜਕਦੀਆਂ ਨੇ ਤਰਜ਼ਾਂ, ਮਾਰਿਆ ਗਰਜ਼ਾਂ । ਗਾਰੇ ਵਿਚ ਜਿਉਂ ਖੁਭਿਆ ਪਹੀਆ ਘੇਰ ਲਿਆ ਏ ਕਰਜ਼ਾਂ ਨਾਲੇ ਫ਼ਰਜ਼ਾਂ । ਔਖੀ ਤਰਜ਼ ਦੇ ਗੀਤ ਨੂੰ ਭੈਣੇ ਰਲ ਮੇਰੇ ਨਾਲ ਗਾਈਂ ਨੀ । ਮੇਰੇ ਪਿੰਡ ਦੀਏ ਕੁੜੀਏ... ਗਹਿਣਾ-ਗੱਟਾ ਲੀੜ-ਲੱਤਾ ਚੰਦਰੀ ਚਾਰ ਦੀਵਾਰੀ, ਨਾ ਕਰ ਪਿਆਰੀ । ਪਿੰਜਰੇ ਦੀ ਚੂਰੀ ਦੇ ਬਦਲੇ ਬੜੀ ਗੁਲਾਮੀ ਭਾਰੀ, ਨਿਰੀ ਖੁਆਰੀ । ਤੇਰੇ ਕਦਮਾਂ ਦੇ ਵਿਚ ਬਿਜਲੀ ਤੈਥੋਂ ਦੂਰ ਬਲਾਈਂ ਨੀ । ਮੇਰੇ ਪਿੰਡ ਦੀਏ ਕੁੜੀਏ...
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪੌਣ-ਸਵਾਰਾਂ ਦਾ । ਜੇ ਨੀਂਹਾਂ ਦੇ ਵਿਚ ਸਿਰ ਹੋਵਣ, ਮੁੱਲ ਪੈ ਜਾਂਦੈ ਦੀਵਾਰਾਂ ਦਾ । ਜੋ ਸੂਲੀ ਚੜ੍ਹ ਮੁਸਕਾਉਂਦੇ ਨੇ, ਉਹੀ ਉੱਚੇ ਰੁਤਬੇ ਪਾਉਂਦੇ ਨੇ । ਇਤਿਹਾਸ ਗਵਾਹ ਬਹਿ ਤਵੀਆਂ ਤੇ, ਉਹ ਜਾਬਰ ਨੂੰ ਅਜ਼ਮਾਉਂਦੇ ਨੇ । ਅਣਖ਼ਾਂ ਤੇ ਇੱਜ਼ਤਾਂ ਵਾਲਿਆਂ ਨੂੰ, ਨਹੀਂ ਡਰ ਸ਼ਾਹੀ ਦਰਬਾਰਾਂ ਦਾ । ਇਹ ਦੁਨੀਆਂ ਨਹੀਂ ਕਮਦਿਲਿਆਂ ਦੀ... । ਜੋ ਦੀਨ ਦੁਨੀਆਂ ਕੇ ਹੇਤ ਲੜੇ, ਉਸ ਦੀ ਹੀ ਬੇੜੀ ਤੋੜ ਚੜ੍ਹੇ । ਜੋ ਰੋਕ ਪਿਆਂ ਤੋਂ ਰੁਕ ਜਾਵਣ, ਬੁੱਸ ਜਾਂਦੇ ਪਾਣੀ ਖੜ੍ਹੇ ਖੜ੍ਹੇ । ਤਪਦੇ ਥਲ ਵਿਚ ਦੀ ਪੈਂਡਾ ਕਰ, ਜੇ ਚਾਹੁਨੈਂ ਸਾਥ ਬਹਾਰਾਂ ਦਾ । ਇਹ ਦੁਨੀਆਂ ਨਹੀਂ ਕਮਦਿਲਿਆਂ ਦੀ... । ਇਹ ਤਾਂ ਸਿਰਲੱਥਾਂ ਦੀ ਬਸਤੀ ਹੈ, ਏਥੇ ਜ਼ਿੰਦਗੀ ਮੌਤੋਂ ਸਸਤੀ ਹੈ । ਮਿੱਟੀ ਵਿਚ ਆਪਣਾ ਖ਼ੂਨ ਚੁਆ, ਤਦ ਮਿਲਣੀ ਉੱਚੀ ਹਸਤੀ ਹੈ । ਇਹ ਜੋ ਰੰਗਾਂ ਦਾ ਦਰਿਆ ਜਾਪੇ, ਸਭ ਖ਼ੂਨ ਵਹੇ ਮੇਰੇ ਯਾਰਾਂ ਦਾ । ਇਹ ਦੁਨੀਆਂ ਨਹੀਂ ਕਮਦਿਲਿਆਂ ਦੀ... । ਪਈ ਰਾਤ ਹਨੇਰ ਚੁਫ਼ੇਰਾ ਹੈ, ਧੂੰਏਂ ਦਾ ਘਿਰਿਆ ਘੇਰਾ ਹੈ । ਅਸੀਂ ਬਾਤਾਂ ਸੁਣ ਸੁਣ ਅੱਕ ਗਏ ਆਂ, ਹਾਲੇ ਕਿੰਨੀ ਕੁ ਦੂਰ ਸਵੇਰਾ ਹੈ । ਸੂਰਜ ਦੀ ਸੁਰਖ਼ ਸਵੇਰ ਬਿਨਾਂ, ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ । ਇਹ ਦੁਨੀਆਂ ਨਹੀਂ ਕਮਦਿਲਿਆਂ ਦੀ....
ਸਾਨੂੰ ਮੋੜ ਦਿਓ ਰੰਗਲਾ ਪੰਜਾਬ
ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ । ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ । ਮੋੜ ਦਿਓ ਸਾਡੀਆਂ ਵਿਸਾਖੀਆਂ ਤੇ ਲੋਹੜੀਆਂ । ਭੈਣਾਂ ਦੇ ਸੁਹਾਗ ਸੋਹਣੇ ਵੀਰਾਂ ਦੀਆਂ ਘੋੜੀਆਂ । ਮਿੱਠੇ ਗੀਤਾਂ ਵਾਲੀ ਸੁੱਚੜੀ ਕਿਤਾਬ । ਅਸੀਂ ਨਹੀਂ ਕੁਝ ਹੋਰ ਮੰਗਦੇ । ਸੁਰਾਂ ਤੋਂ ਬਗੈਰ ਗੀਤ ਚੰਗੇ ਨਹੀਓਂ ਲੱਗਦੇ । ਬਾਲੇ ਮਰਦਾਨੇ ਬਿਨਾਂ ਰਾਗ ਨਹੀਓਂ ਫੱਬਦੇ । ਕਿਹੜੇ ਕੰਮ ਆਊ ਸੱਖਣੀ ਰਬਾਬ । ਅਸੀਂ ਨਹੀਂ ਕੁਝ ਹੋਰ ਮੰਗਦੇ । ਲੀਰੋ ਲੀਰ ਸਾਲੂ ਤਾਰੋ-ਤਾਰ ਫੁਲਕਾਰੀਆਂ । ਫੇਰੋ ਨਾ ਪੰਜਾਬ ਦੇ ਸਰੀਰ ਉੱਤੇ ਆਰੀਆਂ । ਸ਼ਾਲਾ! ਮੁੱਕ ਜਾਵੇ ਚੰਦਰਾ ਖ਼ਵਾਬ । ਅਸੀਂ ਨਹੀਂ ਕੁਝ ਹੋਰ ਮੰਗਦੇ । ਫਾਂਸੀ ਚੜ੍ਹੇ ਭਗਤ ਸਰਾਭਿਆਂ ਦੀ ਸਹੁੰ ਹੈ । ਗਦਰੀ ਸ਼ਹੀਦਾਂ ਯੋਧੇ ਬਾਬਿਆਂ ਦੀ ਸਹੁੰ ਹੈ । ਮਾਝਾ, ਮਾਲਵਾ ਤੇ ਜਾਗ ਪਏ ਦੋਆਬ । ਅਸੀਂ ਨਹੀਂ ਕੁਝ ਹੋਰ ਮੰਗਦੇ ।
ਫਿਰ ਇਕ ਸੂਰਜ ਬਾਲ ਧਰੋ
ਹੇ ਮੇਰੇ ਗੁਰੂਦੇਵ, ਅਸਾਡੇ ਸਿਰ ਤੇ ਮੁੜ ਉਪਕਾਰ ਕਰੋ । ਬੁਝਦੇ ਜਾਂਦੇ ਮਨ-ਮੰਦਰ ਵਿਚ, ਫਿਰ ਇਕ ਸੂਰਜ ਬਾਲ ਧਰੋ । ਤਿੰਨ ਸਦੀਆਂ ਦੇ ਬਾਅਦ ਅਜੇ ਵੀ, ਨ੍ਹੇਰੇ ਅੰਦਰ ਭਟਕ ਰਹੇ ਹਾਂ । ਚੌਵੀ ਘੰਟੇ ਸਾਨੂੰ ਖਿੱਚੀ ਫਿਰਦੇ ਅੱਜ ਵੀ, ਕਾਮ ਕਰੋਧ ਤੇ ਲੋਭ ਦੇ ਘੋੜੇ । ਮੋਹ ਦੇ ਕੈਦੀ ਬਣ ਬੈਠੇ ਹਾਂ, ਅੱਜ ਹੰਕਾਰ ਦੀ ਵਾਗ ਨੂੰ ਦੱਸੋ ਕਿਹੜਾ ਮੋੜੇ । ਪੰਜ ਵਿਕਾਰਾਂ ਸਾਡੇ ਮਨ-ਮਸਤਕ ਨੂੰ ਐਸਾ ਘੇਰਾ ਪਾਇਆ । ਪੰਜ ਦੁਸ਼ਮਣਾਂ ਘਰ ਵਿਚ ਸਾਡੇ ਡੇਰਾ ਲਾਇਆ । ਅੰਨ੍ਹੇ ਬੋਲੇ ਹੋ ਕੇ ਤੇਗ ਘੁਮਾਈ ਜਾਈਏ । ਆਪਣਿਆਂ ਨੂੰ ਆਪੇ ਹੀ ਝਟਕਾਈ ਜਾਈਏ । ਨਾ ਤੇਰੇ ਉਪਦੇਸ਼ ਦੀ ਸੋਝੀ, ਨਾ ਬਾਣਾ ਨਾ ਜੀਵਨ ਸਾਬਤ । ਅਧੋ ਰਾਣੇ ਹੋ ਚੱਲੇ ਹਾਂ । ਤੇਰੇ ਇਕ ਉਪਦੇਸ਼ ਦੇ ਬਾਝੋਂ, ਤਿੰਨ ਸਦੀਆਂ ਦੇ ਪੈਂਡੇ ਮਗਰੋਂ, ਵੇਖ ਗੁਰੂ ਅੱਜ ਫਿਰ ਕੱਲ੍ਹੇ ਹਾਂ । ਨਾ ਸੂਰਤ ਨਾ ਸੀਰਤ ਪਲੇ ? ਟੋਟੇ ਟੋਟੇ ਸੋਚ ਤੇ ਚਿੰਤਨ । ਗਰਜ਼ਾਂ ਦੇ ਜੰਗਲ ਵਿਚ ਗੁੰਮ ਨੇ, ਉੱਖੜੇ ਤਨ-ਮਨ । ਆਨੰਦਪੁਰ ਦੀ ਧਰਤੀ ਤੇ ਹੁਣ ਜੀਅ ਨਹੀਂ ਲੱਗਦਾ । ਰੋਮ ਰੋਮ ਵਿਚ ਵੱਸਦੀ ਭਟਕਣ । ਨਾ ਅੱਜਕੱਲ੍ਹ ਚਮਕੌਰ ਦੀ ਧਰਤੀ, ਤੇ ਉਸ ਧਰਤੀ ਉੱਪਰ ਡੁੱਲ੍ਹਿਆ, ਖ਼ੂਨ ਹੀ ਸਾਨੂੰ ਦੇਵੇ ਜੁੰਬਸ । ਨਾ ਸਰਹੰਦ ਦੀ ਨੀਂਹ ਵਿਚ ਬੈਠੇ, ਦੋ ਕੋਮਲ ਫੁੱਲਾਂ ਦੇ ਚਿਹਰੇ । ਠੰਢੇ ਬੁਰਜ ਤੋਂ ਡਿੱਗ ਕੇ ਮੋਈ, ਮਾਂ ਗੁਜਰੀ ਦਾ ਚੇਤਾ ਆਵੇ । ਚੌਂਕ ਚਾਂਦਨੀ ਬਾਬੇ ਵਾਲਾ, ਅੱਜ ਸਾਨੂੰ ਨਿੱਤ ਪੁੱਛਦਾ ਰਹਿੰਦਾ । ਜ਼ਾਲਮ ਤੇ ਮਜ਼ਲੂਮ ਦਾ ਰਿਸ਼ਤਾ ਕਿਉਂ ਭੁੱਲਦੇ ਹੋ ? ਕਰਮ-ਕਾਂਡ ਦੀ ਨੇਰ੍ਹੀ ਅੰਦਰ, ਸਾਡੀ ਮੱਤ ਗੁਆਚ ਗਈ ਹੈ । ਧਰਮ ਸ਼ਰਮ ਦੋਵੇਂ ਹੀ ਗੁੰਮੇ, ਨੇਰ੍ਹੇ ਅੰਦਰ ਤੁਰਦੇ ਤੁਰਦੇ, ਅੰਨ੍ਹੀ ਸੁਰੰਗ 'ਚ ਪਹੁੰਚ ਗਏ ਹਾਂ । ਹੇ ਦਸਵੇਂ ਗੁਰੂ ਦੇਵ, ਅਸਾਡੇ ਸਿਰ ਤੇ ਮੁੜ ਉਪਕਾਰ ਕਰੋ । ਬਲ ਬੁੱਧ ਹੀਣ ਬਾਲਕੇ ਵਾਂਗੂੰ, ਨੇਰ੍ਹ ਗੁਫ਼ਾ ਵਿਚ ਭਟਕ ਰਹੇ ਜੋ, ਮੇਰੇ ਵਰਗੇ ਲੱਖ-ਕਰੋੜਾਂ, ਨੇਰ੍ਹੇ-ਮਨ ਉਜਿਆਰ ਕਰੋ । ਅੱਧ ਵਿਚਕਾਰ ਖਲੋਤੀ ਬੇੜੀ, ਖਿੱਚ ਕੇ ਦੂਜੇ ਪਾਰ ਕਰੋ ।
ਜੂਨ ਚੁਰਾਸੀ
ਕਿਹੋ ਜਿਹਾ ਦਿਨ ਚੜ੍ਹਿਆ ਮਾਂ, ਧੁੱਪਾਂ ਦਾ ਰੰਗ ਪੀਲਾ ਪੀਲਾ, ਨਾਗ ਜ਼ਹਿਰੀਲਾ ਲੜਿਆ ਮਾਂ । ਅਧਮੋਏ ਸਭ ਨਗਰ ਨਿਵਾਸੀ । ਭੋਗ ਰਹੇ ਨੇ ਜੂਨ ਚੁਰਾਸੀ । ਸੜਦੀ ਪਈ ਰੋਟੀ ਇਕਵਾਸੀ । ਖ਼ੌਰੇ ਕਿੱਧਰ ਗਏ ਮਾਂਦਰੀ, ਕਿਸੇ ਨਾ ਮੰਤਰ ਪੜ੍ਹਿਆ ਮਾਂ । ਪੌਣਾਂ ਦੇ ਵਿਚ ਜ਼ਹਿਰ ਪਸਰਿਆ । ਸਾਰੇ ਪਾਸੇ ਕਹਿਰ ਪਸਰਿਆ । ਅੰਬਰੀ ਕਾਲ਼ਾ ਗਹਿਰ ਪਸਰਿਆ । ਸਾਰੇ ਰਾਹ ਸਿਵਿਆਂ ਨੂੰ ਜਾਂਦੇ, ਪੰਧ ਕਸੂਤਾ ਫੜਿਆ ਮਾਂ । ਛਾਵਾਂ ਵੇਖ ਵੈਰਾਗਣ ਹੋਈਆਂ । ਸਾਰੀਆਂ ਰਾਹਵਾਂ ਦਾਗਣ ਹੋਈਆਂ । ਰਾਹਗੀਰਾਂ ਲਈ ਨਾਗਣ ਹੋਈਆਂ । ਕਾਲੇ ਅੰਬਰੀਂ ਕਾਲ ਕਲੂਟਾ, ਕਾਲਾ ਸੂਰਜ ਚੜ੍ਹਿਆ ਮਾਂ । ਜੇਠ ਹਾੜ੍ਹ ਦੀਆਂ ਧੁੱਪਾਂ ਸਾੜਨ । ਤੇਜ਼ ਹਵਾਵਾਂ ਪੱਤੇ ਝਾੜਨ । ਬਾਗ਼ ਨੂੰ ਮਾਲੀ ਆਪ ਉਜਾੜਣ । ਬਾਗਬਾਨ ਨੂੰ ਵੇਖੋ ਕੈਸਾ, ਸ਼ੌਕ ਅਵੱਲਾ ਚੜ੍ਹਿਆ ਮਾਂ । ਅਗਨ-ਪਰਿੰਦੇ ਬਹਿਣ ਬਨੇਰੇ । ਹਥਿਆਰਾਂ ਨੇ ਸਭ ਰਾਹ ਘੇਰੇ । ਵਧਦੇ ਜਾਂਦੇ ਘੋਰ ਹਨੇਰੇ । ਚਾਨਣ ਦੇ ਰਖਵਾਲਿਆਂ ਵੇਖੀਂ, ਕੰਮ ਕਸੂਤਾ ਫੜਿਆ ਮਾਂ । ਤਪਦੀ ਧਰਤੀ ਗਰਮ ਹਵਾਵਾਂ । ਦੱਸੋ ਕਿੱਥੇ ਪੈਰ ਟਿਕਾਵਾਂ । ਬਲ਼ਦੇ ਸਿਵੇ ਜਿਹਾ ਪਰਛਾਵਾਂ । ਬਾਗਾਂ ਵਿਚ ਕੋਇਲ ਕਿੰਝ ਗਾਵੇ, ਬੂਰ ਅੰਬਾਂ ਦਾ ਝੜਿਆ ਮਾਂ । ਚੌਂਕ ਚੁਰਸਤੇ ਵਿਚ ਰੱਤ ਡੁੱਲ੍ਹੇ । ਯਾਰ ਸਨੇਹੀ ਸਭ ਰਾਹ ਭੁੱਲੇ । ਉੱਗ ਪਿਆ ਘਾਹ ਚੌਂਕੇ ਚੁੱਲ੍ਹੇ । ਗਲ਼ ਗਲ਼ ਤਾਣੀ ਹੜ੍ਹ ਦਾ ਪਾਣੀ, ਜਾਪੇ ਜੀਕੂੰ ਚੜ੍ਹਿਆ ਮਾਂ । ਟੋਏ ਟਿੱਬੇ ਚੁਫ਼ਰੇ ਹਨ੍ਹੇਰਾ । ਆਓ ਤੁਰੀਏ ਕਰਕੇ ਜੇਰਾ । ਲੱਭੀਏ ਗੁੰਮਿਆ ਸੁਰਖ ਸਵੇਰਾ, ਸਾਡਾ ਸੂਰਜ ਨੇਰ੍ਹ ਕੋਠੜੀ, ਅੰਦਰ ਕਿੱਥੇ ਦੜਿਆ ਮਾਂ ।
ਲੋਕ-ਚੇਤਨਾ ਦਾ ਵਣਜਾਰਾ*
ਕੱਚਿਆਂ ਰਾਹਾਂ ਦਾ ਇਕ ਪਾਂਧੀ, ਪੱਕੀਆਂ ਪੈੜਾਂ ਕਰ ਗਿਆ । ਓਥੇ ਓਥੇ ਚਾਨਣ ਉੱਗਿਆ, ਜਿੱਥੇ ਪੈਰ ਉਹ ਧਰ ਗਿਆ । ਨਿੱਕੇ ਪਿੰਡ ਵਿਚ ਜੰਮਿਆ ਜਾਇਆ ਵੱਡਾ ਸੁਪਨਾ, ਨੀਲੇ ਅੰਬਰੋਂ ਪਾਰ ਉਡਾਰੀ । ਬਾਜ਼ ਵਰਗੀਆਂ ਸੁਰਖ਼ ਤੇਜ਼ ਤੇ ਬਲਦੀਆਂ ਅੱਖਾਂ, ਵਕਤ ਦਾ ਘੋੜਾ ਬਣੀ ਸਵਾਰੀ । ਮਿਹਨਤ ਨਾਲ ਕਮਾਇਆ ਉਸਨੇ, ਲੰਮਾ ਕੱਦਾਵਰ ਇਕਬਾਲ । ਮਿੱਟੀਓਂ ਸੋਨਾ ਬਣਿਆ ਉਹ ਵੀ, ਜਿਹੜਾ ਦੋ ਪਲ ਤੁਰਿਆ ਨਾਲ । ਭਾਗਾਂ ਵਾਲੀ ਮੁਕ 'ਸਰ ਧਰਤੀ, ਨਰਮੇ ਚਿੱਟੀ ਚਾਂਦੀ ਵਰਗੀ । ਅਨਪੜ੍ਹਤਾ ਨੂੰ ਮਾਰ ਮਾਰ ਕੇ, ਅਕਲ ਬਣਾ ਲਈ ਬਾਂਦੀ ਵਰਗੀ । ਅੱਜ ਤੀਕਣ ਵੀ ਉਹ ਧਰਤੀ ਹੈ, ਝੁਕ ਕੇ ਰੋਜ਼ ਸਲਾਮਾਂ ਕਰਦੀ । ਨੂਰੀ ਮੱਥੇ ਇਸ ਮੁਰਸ਼ਦ ਦਾ, ਅੱਜ ਤੀਕਣ ਹੈ ਪਾਣੀ ਭਰਦੀ । ਗੁਰੂ ਨਾਨਕ ਨੇ ਠੀਕ ਕਿਹਾ ਸੀ, ਚੰਗਿਓ ਏਥੋਂ ਉੱਜੜ ਜਾਉ । ਇਹ ਧਰਤੀ ਹੁਣ ਹਰੀ ਭਰੀ ਹੈ, ਨਵੀਆਂ ਜੂਹਾਂ ਹੋਰ ਵਸਾਉ । ਮੁਕਤਸਰੋਂ ਲਿਸ਼ਕੰਦੜਾ ਮੱਥਾ, ਆਪਣੀ ਜੰਮਣ ਭੋਂ ਵੱਲ ਧਾਇਆ । ਜਿੱਥੇ ਰੇਤਾ ਕਾਹੀਆਂ ਬੂਝੇ, ਅਨਪੜ੍ਹਤਾ ਸੀ ਡੇਰਾ ਲਾਇਆ । ਹਰਗੋਬਿੰਦ ਗੁਰੂ ਦੀਆਂ ਪੈੜਾਂ, ਜਿਸ ਧਰਤੀ ਨੂੰ ਚੇਤੇ । ਗੁਰੂ ਦੇ ਸਿੱਖ ਇਕਬਾਲ ਸਿਹੁੰ ਨੇ, ਆਣ ਜਗਾਏ ਰੇਤੇ । ਵੇਖ ਨਿਹੰਗ ਸ਼ਮਸ਼ੇਰ ਸਿੰਘ ਦਾ, ਸੁਪਨਾ ਪਿਆ ਅਧੂਰਾ । ਇਸ ਜ਼ਿੰਦਗੀ ਨੂੰ ਲੇਖੇ ਲਾ ਕੇ, ਕੀਤਾ ਕਾਰਜ ਪੂਰਾ । ਲੱਕ ਬੰਨ੍ਹ ਕੇ ਤੁਰਿਆ ਸੂਰਮਾ, ਪਿੰਡ ਪਿੰਡ 'ਚੋਂ ਉਗਰਾਹੀ । ਅੱਖਰਾਂ ਦਾ ਵਣਜਾਰਾ, ਦੇਂਦਾ ਹੋਕਾ ਵਾਹੋਦਾਹੀ । ਬਾਲ ਨਿਆਣੇ ਜਦੋਂ ਪੜ੍ਹਾਵੇ, ਤੀਜਾ ਨੇਤਰ ਖੋਲ੍ਹੇ । ਨਾ ਧਿਰਿਆਂ ਦੀ ਧਿਰ ਬਣ ਬੈਠਾ, ਜਾਦੂ ਮੂੰਹੋਂ ਬੋਲੇ । ਦਿਨ ਵੇਲੇ ਉਹ ਬਾਲ ਪੜ੍ਹਾਵੇ, ਸ਼ਾਮਾਂ ਵੇਲੇ ਦਰ ਦਰ । ਆਖੇ ਆਪਣੇ ਬਾਲ ਪੜ੍ਹਾਓ, ਦੀਪ ਜਗਾਉ ਘਰ ਘਰ । ਲੋਕ-ਚੇਤਨਾ ਦਾ ਵਣਜਾਰਾ, ਬਣ ਗਿਆ ਕੇਂਦਰ-ਬਿੰਦੂ । ਸ਼ੁੱਧ ਸਰੂਪ ਸਿੱਖੀ ਪਰ ਆਖਣ, ਆਪਣਾ ਮੁਸਲਿਮ, ਹਿੰਦੂ । ਇਕ ਸਕੂਲ ਚਲਾ ਕੇ, ਸੁਪਨਾ ਕਾਲਜ ਵਾਲਾ ਲੀਤਾ । ਹਰਗੋਬਿੰਦ ਗੁਰੂ ਦੇ ਨਾਂ ਤੇ, ਕਾਰਜ ਆਰੰਭ ਕੀਤਾ । ਆਪਣੇ ਤਨ ਤੇ ਮਨ ਦੀ ਜੋਤੀ, ਕਾਲਜ ਦੇ ਵਿਚ ਪਾਈ । ਤਾਂ ਹੀ ਅੱਜ ਤੱਕ ਬਲੇ ਜਵਾਲਾ, ਦੇਵੇ ਪਈ ਰੁਸ਼ਨਾਈ । ਨਾ ਸ਼ੁਕਰੇ ਕਮਦਿਲ ਜਿਹੇ ਕੋਝੇ, ਹੱਥਾਂ ਕਹਿਰ ਕਮਾਇਆ । ਲੋਕ-ਮਨਾਂ ਦੇ ਰਾਣੇ ਤਾਈਂ, ਬਾਹਰ ਕੱਢ ਬਿਠਾਇਆ । ਜੜ੍ਹ ਤੋਂ ਵੱਖ ਹੋਣ ਦਾ ਦੁੱਖੜਾ, ਪਿਛਲੀ ਉਮਰੇ ਝੱਲਿਆ । ਵੱਸਦਾ ਰਸਦਾ ਘਰ ਤੇ ਵਿਹੜਾ, 'ਸਰਮਾਏ' ਨੇ ਮੱਲਿਆ । ਨਵੇਂ ਬਣੇ ਅਮੀਰ ਆਖਦੇ, ਪੱਥਰ ਨਵੇਂ ਲਿਆਉ । ਜਿੱਥੇ ਕਿਧਰੇ ਇਸ ਦਾ ਨਾਂ ਹੈ, ਉਸ ਨੂੰ ਤੁਰਤ ਮਿਟਾਉ । ਦਿਨ ਚੜ੍ਹਦੇ ਤੋਂ ਪਹਿਲਾਂ ਇਥੇ, ਸਾਡਾ ਨਾਂ ਖੁਣਵਾਉ । ਅੰਨ੍ਹੇ ਕਾਣੇ ਇਹ ਨਾ ਜਾਨਣ, ਪੱਥਰ ਤਾਂ ਭੁਰ ਸਕਦੇ । ਜਿਹੜੇ ਲੋਕ ਮਨਾਂ ਤੇ ਉੱਕਰੇ, ਅੱਖਰ ਨਾ ਖ਼ੁਰ ਸਕਦੇ । ਲੋਕ ਮਨਾਂ 'ਚੋਂ ਅੱਜ ਵੀ ਬੋਲੇ, ਅੱਖਰਾਂ ਦਾ ਵਣਜਾਰਾ । ਤਾਂ ਹੀ ਮੇਰੀਆਂ ਅੱਖਾਂ ਵਿਚੋਂ, ਡਿੱਗਿਆ ਹੰਝੂ ਖਾਰਾ । *ਉੱਘੇ ਸਮਾਜ ਸੁਧਾਰਕ ਤੇ ਪੰਜਾਬ ਵਿਚ ਪਹਿਲੇ ਪੇਂਡੂ ਕਾਲਜ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਦੇ ਸੰਸਥਾਪਕ ਤੇ ਬਾਨੀ ਪ੍ਰਿੰਸੀਪਲ ਇਕਬਾਲ ਸਿੰਘ
ਮਾਂ ਦਾ ਸਫ਼ਰ
ਵਿਧਵਾ ਮਾਂ ਨੇ ਗੁਰੂ ਦੇ ਘਰ 'ਚੋਂ, ਇੱਕੋ ਲੱਤ ਦੇ ਭਾਰ ਖਲੋ ਕੇ, ਰੱਬ ਸੱਚੇ ਤੋਂ ਇਹ ਮੰਗਿਆ ਸੀ । ਪੁੱਤਰ ਖਾਤਰ ਸ਼ਾਨ ਉਮਰ ਤੇ ਉੱਚੀ ਕੁਰਸੀ । ਜਿਸ ਨੂੰ ਲੋਕੀ ਕਰਨ ਸਲਾਮਾਂ । ਪੋਤਰਿਆਂ ਲਈ ਰੁਤਬੇ ਵੱਡੇ । ਜਿਸ ਦਿਨ ਪੁੱਤ ਨੇ, ਪਹਿਲੇ ਦਿਨ ਸਕੂਲ ਜਾਣ ਲਈ ਬਸਤਾ ਚੁੱਕਿਆ ਤੜਕੇ ਉੱਠ ਕੇ ਮਾਂ ਨੇ ਪਹਿਲਾਂ ਖਿਚੜੀ ਰਿੰਨ੍ਹੀ । ਫੇਰ ਗੁਰੂ ਦੇ ਚਰਨੀਂ ਜਾ ਕੇ ਸੀਸ ਨਿਵਾਇਆ । ਦਹੀਂ ਦੀ ਫੁੱਟੀ, ਆ ਕੇ ਪੁੱਤ ਦੇ ਮੂੰਹ ਵਿੱਚ ਪਾਈ । ਮੂਕ ਜਹੀ ਅਰਦਾਸ ਕਿ ਜਿਸ ਵਿਚ ਲਫ਼ਜ਼ ਨਹੀਂ ਸਨ । ਆਪੇ ਕੀਤੀ ਚੁੱਪ ਚੁਪੀਤੀ । ਇਹੋ ਮੰਗਿਆ ਮੇਰਾ ਪੁੱਤ ਦਰਿਆ ਬਣ ਜਾਵੇ । ਦੁੱਖ ਮੁਸੀਬਤ ਰਾਹ ਛੱਡ ਜਾਵਣ ਜਿੱਧਰ ਜਾਵੇ । ਰੋਜ਼ ਸਵੇਰੇ ਤੜਕੇ ਪਹਿਲਾਂ ਆਪ ਜਾਗਦੀ, ਲਾਲਟੈਣ ਜਾਂ ਦੀਵਾ ਜੋ ਵੀ ਘਰ ਵਿਚ ਹੁੰਦਾ, ਪੂੰਝ ਪਾਂਝ ਕੇ ਖ਼ੁਦ ਰੁਸ਼ਨਾਉਂਦੀ । ਮਗਰੋਂ ਪੁੱਤ ਨੂੰ ਆਣ ਜਗਾਉਂਦੀ । ਹਾਰੇ ਵਿਚੋਂ ਕੱਢ ਕਾੜ੍ਹਨੀ, ਚੌਂਕੇ ਬੈਠ ਰਿੜਕਣਾ ਪਾਉਂਦੀ । ਘਮ ਘਮ ਘਮ ਘਮ ਫਿਰੇ ਮਧਾਣੀ । ਕੁਝ ਚਿਰ ਪਿਛੋਂ ਮਧੁਰ ਰਾਗਣੀ ਮੁੱਕ ਜਾਂਦੀ ਸੀ । ਜ਼ਿੰਦਗੀ ਦੀ ਰਫ਼ਤਾਰ ਜਿਵੇਂ ਬਸ ਰੁਕ ਜਾਂਦੀ ਸੀ । ਅਧਰਿੜਕੇ ਦਾ ਬਾਟਾ ਭਰ ਕੇ ਪੁੱਤ ਨੂੰ ਦਿੰਦੀ । ਨਾਲੇ ਆਪਣੇ ਮੂੰਹੋਂ ਕਹਿੰਦੀ, ਪੀ ਲੈ ਪੁੱਤ ਤੇ ਤਕੜਾ ਹੋ ਜਾ । ਛੇਤੀ ਛੇਤੀ ਵੱਡਾ ਹੋ ਜਾ । ਨਾਲੇ ਏਨੀ ਖੁਸ਼ਕ ਪੜ੍ਹਾਈ, ਤੇਰਾ ਮੱਥਾ ਚੱਟ ਨਾ ਜਾਵੇ । ਥਿੰਦਾ ਪੀ ਕੇ ਔਖੀ ਘਾਟੀ ਚੜ੍ਹ ਜਾਵੇਗਾ । ਗਿਣਤੀ ਮਿਣਤੀ ਪੌਣੇ ਢਾਏ ਅਤੇ ਸਵਾਏ, ਕੁੱਲ ਪਹਾੜੇ ਪੜ੍ਹ ਜਾਵੇਗਾ । ਨੀਲੀ ਛਤਰੀ ਵਾਲੇ ਰੱਬ ਨੇ, ਭੋਲੀ ਭਾਲੀ ਅਨਪੜ੍ਹ ਮਾਂ ਦੀ, ਬੋਲੀ ਅਣਬੋਲੀ ਅਭਿਲਾਖਾ, ਤੇ ਚਿੱਤ ਵਿਚਲੀ ਇੱਛਿਆ ਪੂਰੀ । ਪੁੱਤ ਨੂੰ ਵੱਡੇ ਰੁਤਬੇ ਨਾਲੇ ਮਾਣ-ਮਰਤਬੇ, ਸਾਰੇ ਰੰਗ ਹੀ ਕੱਠੇ ਮਿਲ ਗਏ । ਸ਼ਬਦ-ਸੂਝ ਅੱਖਰਾਂ ਤੋਂ ਕੋਰੀ । ਬਿਰਧ ਸਰੀਰ ਤਪੱਸਵੀ ਪੂਰੀ । ਹਰ ਦਮ ਰਹੇ ਅਰਦਾਸਾਂ ਕਰਦੀ । ਆਪਣਾ ਇੱਕੋ ਇਸ਼ਟ ਧਿਆਏ । ਫਿਰੇ ਸਿਮਰਨਾ ਮਣਕਾ ਮਣਕਾ, ਮੂੰਹ ਵਿਚ ਵਾਹਿਗੁਰੂ ਜਾਪ ਨਿਰੰਤਰ । ਬੋਲਦੇ ਹੋਠ ਰਤਾ ਨਾ ਹਿੱਲਦੇ, ਹਰ ਪਲ ਘਰ ਵਿਚ ਲੰਗਰ ਚੱਲਦੇ । ਅੱਕਦੀ ਨਾ ਥੱਕਦੀ ਮਾਤਾ, ਭਰੀ ਪਰਾਤ 'ਚ ਆਟਾ ਗੁੰਨ੍ਹਦੀ । ਪੇੜੇ ਕਰਕੇ ਵੇਲਣ ਬਹਿੰਦੀ, ਲੋਹ ਤੇ ਮੰਨ ਪਕਾਈ ਜਾਵੇ । ਪਾਥੀਆਂ ਲੱਕੜਾਂ ਮਿਲੀ ਜੁਲੀ ਅੱਗ, ਵਿੱਚੇ ਰੱਬ ਧਿਆਈ ਜਾਵੇ । ਪੁੱਤਰ ਦੀ ਕਲਗੀ ਨੂੰ ਕਿਧਰੇ ਆਂਚ ਨਾ ਆਵੇ । ਘਰ ਵਿਚ ਆਇਆ ਜੀਅ ਕੋਈ ਭੁੱਖਾ ਨਾ ਜਾਵੇ । ਹਰ ਪਲ ਪੁੱਤਰ ਅਤੇ ਪੋਤਰੇ, ਤੀਜਾ ਬੋਲ ਜ਼ਬਾਨ ਨਾ ਬੋਲੇ । ਘਰ ਵਿਚ ਨੂੰਹ ਤੇ ਪੁੱਤ ਪੋਤਰੇ, ਆਗਿਆਕਾਰ ਬੇਗਾਨੀ ਧੀ ਹੈ । ਤੇ ਇਤਫ਼ਾਕ 'ਚ ਹਰ ਕੋਈ ਜੀਅ ਹੈ । ਮਾਂ ਦੀ ਇੱਛਿਆ ਮੂਜਬ ਚੱਲਦੇ, ਘਰ ਦੇ ਕਾਰੋਬਾਰੀ ਪਹੀਏ । ਜੇ ਚਾਹੁੰਦੀ ਤਾਂ ਅੱਗੇ ਰਿੜ੍ਹਦੇ, ਨਾ ਚਾਹੁੰਦੀ ਤਾਂ ਰੁਕ ਜਾਂਦੇ ਸਨ, ਇੱਕ ਵੀ ਕਦਮ ਅਗਾਂਹ ਨਾ ਗਿੜਦੇ । ਏਨੇ ਸੁਖ ਵਿਚ ਰਹਿੰਦੀ ਮਾਂ ਨੂੰ, ਚੇਤੇ ਅਕਸਰ ਆਉਂਦਾ ਆਪਣੇ ਸਿਰ ਦਾ ਸਾਈਂ । ਪਰ ਉਹ ਆਪਣੇ ਮੂੰਹੋਂ ਕਹਿੰਦੀ ਕਦੇ ਕਦਾਈਂ । ਪੁੱਤਰ ਮੇਰਾ ਸਗਵਾਂ ਆਪਣੇ ਬਾਪੂ ਵਰਗਾ । ਓਹੀ ਨੱਕ ਤੇ ਓਹੀ ਮੱਥਾ । ਉਹੋ ਜਿਹੀ ਦਸਤਾਰ ਤੇ ਹੇਠ ਦਰਸ਼ਨੀ ਦਾੜ੍ਹਾ । ਸ਼ੁਕਰ ਪਾਤਸ਼ਾਹ ਬੜਾ ਸੁਲੱਗ ਹੈ, ਇਸ ਦੇ ਪੈਰੋਂ ਮੈਂ ਅੱਜ ਤੀਕ ਪਈ ਨਾ ਝੂਠੀ, ਇਸ ਕੀਤਾ ਕੰਮ ਕਦੇ ਨਾ ਮਾੜਾ । ਨੱਬੇ ਸਾਲ ਹੰਢਾ ਕੇ ਬੇਬੇ ਜਦ ਮੋਈ ਸੀ । ਪੂਰੇ ਪਿੰਡ ਵਿਚ ਗੱਲ ਹੋਈ ਸੀ । ਸਿਰ ਤੋਂ ਨੰਗੀ ਹੋ ਗਈ ਭਾਵੇਂ ਨਿੱਕੀ ਉਮਰੇ, ਪਰ ਨਾ ਉਸਦੀ ਚੁੰਨੀ ਉਤੇ, ਮਰਦੇ ਦਮ ਤੱਕ ਦਾਗ਼ ਕੋਈ ਸੀ । ਸੱਚੀ ਸੁੱਚੀ ਸਹੁੰ ਵਰਗੀ ਸੀ । ਕੱਲ੍ਹੀ ਵੀ ਉਹ ਚਹੁੰ ਵਰਗੀ ਸੀ । ਪਾਕ-ਪਵਿੱਤਰ ਥਾਂ ਵਰਗੀ ਸੀ । ਸੱਚਮੁੱਚ ਰੱਬ ਦੇ ਨਾਂ ਵਰਗੀ ਸੀ । ਪੁੱਤਰ ਨੂੰ ਵੀ ਇੰਝ ਲੱਗਾ ਸੀ, ਮਾਂ ਨਹੀਂ, ਮੇਰਾ ਬਾਬਲ ਮੋਇਆ । ਬੇਬੇ ਤੁਰ ਗਈ, ਇੰਝ ਲੱਗਾ ਜਿਉਂ ਘਰ ਦੇ ਕੰਮਕਾਰ ਨੇ ਮੁੱਕੇ । ਘਰ ਦੀਆਂ ਚੀਜ਼ਾਂ ਬੇ-ਤਰਤੀਬੀਆਂ ਹੋ ਗਈਆਂ ਨੇ । ਜ਼ਿੰਦਗੀ ਦੀ ਇਕ ਤਾਰ ਵਿਚਾਲਿਓਂ ਟੋਟੇ ਹੋਈ । ਬੇ-ਸੁਰ ਸਾਜ਼ ਵਜਾਵੇ ਕਿਹੜਾ । ਮਾਂ ਕਾਹਦੀ ਸੀ ਸੱਚ ਮੁੱਚ ਸੰਘਣੀ ਛਾਂ ਵਰਗੀ ਸੀ । ਸੁੱਚਮ ਸੁੱਚੜੇ ਥਾਂ ਵਰਗੀ ਸੀ । ਸਿਵਿਆਂ ਵਿਚੋਂ ਗੱਲਾਂ ਤੁਰ ਕੇ, ਘਰ ਘਰ ਗਈਆਂ । ਦਸ ਦਿਨ ਮਗਰੋਂ ਭੋਗ ਪੈ ਗਿਆ । ਕਿਣਕਾ ਕਿਣਕਾ ਹੋ ਗਈ, ਮਾਂ ਦੀ ਕਥਾ-ਕਹਾਣੀ । ਜਲ-ਪਰਵਾਹੇ ਫੁੱਲਾਂ ਦੇ ਸੰਗ, ਕੀਰਤੀਆਂ ਦੇ ਮਾਲ ਖਜ਼ਾਨੇ, ਰੋੜ੍ਹ ਲੈ ਗਿਆ ਵਗਦਾ ਪਾਣੀ ।
ਅੱਖਰ ਸ਼ਿਲਪੀ
ਉੱਨੀਵੀਂ ਸਦੀ ਦੇ ਅੰਤ ਸਮੇਂ ਦੀ ਬਾਤ ਸੁਣਾਵਾਂ । ਮਿਹਨਤ ਅਤੇ ਮੁਸ਼ੱਕਤ ਕਰਕੇ ਰੋਟੀ ਖਾਂਦੇ, ਮਿਸਤਰੀਆਂ ਦੇ ਇੱਕ ਮੁੰਡੇ ਦਾ, ਨਾਂ ਤਾਂ ਭਾਵੇਂ ਨੂਰਦੀਨ* ਸੀ । ਪਰ ਅੱਜ ਉਸ ਦਾ ਪਤਾ ਟਿਕਾਣਾ, ਨੇਰ੍ਹੇ ਵਿਚ ਗੁਆਚ ਗਿਆ ਹੈ । ਅੰਮ੍ਰਿਤਸਰ ਦਾ ਜੰਮਿਆ ਜਾਇਆ, ਜਾਂ ਫਿਰ ਲਾਗੇ ਕੋਈ ਪਿੰਡ ਸੀ, ਇਸ ਦਾ ਮੈਨੂੰ ਇਲਮ ਨਹੀਂ ਹੈ । ਲੋਕੀਂ ਆਖਣ ਸ਼ਹਿਰ ਕਮਾਈਆਂ, ਕਰਨ ਦੀ ਖ਼ਾਤਰ ਆਇਆ ਹੋਣੈਂ । ਰਹੇ ਠੋਕਦਾ ਮੰਜੀਆਂ ਪੀੜ੍ਹੇ, ਜਾਂ ਫਿਰ ਘੜਦਾ ਗੱਡ ਗਡੀਰੇ । ਰੰਗ ਬਰੰਗੀਆਂ ਚਰਖ਼ੜੀਆਂ ਤੇ ਪੀਲ-ਪੰਘੂੜੇ । ਲੱਕੜੀ ਦੇ ਵਿਚ ਜਿੰਦ ਧੜਕਾਉਂਦਾ । ਚਿੱਤਰਕਾਰ ਤੋਂ ਕਿਤੇ ਚੰਗੇਰਾ । ਰੱਬ ਦੇ ਜਿੱਡਾ ਉੱਚ ਉਚੇਰਾ । ਰੰਗਾਂ ਤੋਂ ਬਿਨ ਲੱਕੜੀ ਉੱਤੇ, ਵੇਲਾਂ, ਪੱਤੇ, ਬੂਟੀਆ ਪਾਉਂਦਾ । ਉਸ ਦੀ ਹਸਤ-ਕਲਾ ਨੂੰ ਸਿਜਦਾ ਹਰ ਕੋਈ ਕਰਦਾ, ਜੋ ਵੀ ਉਸ ਦੇ ਨੇੜੇ ਆਉਂਦਾ । ਨੂਰਦੀਨ ਨੂੰ ਉਸ ਵੇਲੇ ਦੇ ਦਾਨਿਸ਼ਮੰਦਾਂ ਹਿੱਕ ਨਾਲ ਲਾਇਆ । ਇਹ ਸਮਝਾਇਆ । ਗੱਡ ਗਡੀਰੇ ਚਰਖ਼ੜੀਆਂ ਤੇ ਪੀਲ ਪੰਘੂੜੇ, ਘੜਨੇ ਛੱਡ ਦੇ । ਇਹ ਕੰਮ ਤੇਰੀ ਥਾਂ ਤੇ ਕੋਈ ਵੀ ਕਰ ਸਕਦਾ ਹੈ । ਤੇਰੇ ਕਰਨ ਦੀ ਖ਼ਾਤਰ ਕਾਰਜ ਵੱਡੇ ਵੱਡੇ । ਕਹਿਣ ਸਿਆਣੇ ਓਦੋਂ ਤੀਕ ਮੋਤੀਆਂ ਵਰਗੇ, ਲਿਸ਼ ਲਿਸ਼ਕੰਦੜੇ ਬੋਲ ਗੁਰਮੁਖੀ, ਕੇਵਲ ਪੱਥਰ ਛਾਪੇ ਵਿਚ ਸਨ । ਵਜ਼ੀਰ ਸਿੰਘ ਦੇ ਛਾਪੇਖ਼ਾਨੇ, ਨੂਰਦੀਨ ਨੇ ਡੇਰਾ ਲਾਇਆ । ਲੱਕੜੀ ਦੇ ਵਿਚ ਆਪਣੀ ਸੁਹਜ ਸਿਰਜਣਾ ਭਰ ਕੇ, ਊੜੇ ਐੜੇ ਕੋਲੋਂ ਤੁਰ ਕੇ, ਸੱਸੇ ਪੈਰੀਂ ਬਿੰਦੀ ਤੀਕਰ ਜਿੰਦ ਧੜਕਾਈ । ਸਾਰੀ ਖ਼ਲਕਤ ਵੇਖਣ ਆਈ । ਨੂਰਦੀਨ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਸੀ । ਮੈਂ ਤਾਂ ਇਸ ਪੰਜਾਬ ਵਿਚ ਵੱਸਦੇ ਲੋਕਾਂ ਖ਼ਾਤਰ, ਵਰਕਾ ਇੱਕ ਇਤਿਹਾਸ ਦਾ ਲਿਖਿਆ । ਨੂਰਦੀਨ ਦਾ ਨੂਰ ਜਦੋਂ ਸ਼ਬਦਾਂ ਵਿਚ ਢਲਿਆ, ਹਰ ਪੰਜਾਬੀ ਦੇ ਮੱਥੇ ਵਿਚ ਸੂਰਜ ਬਲਿਆ । ਸਾਰੇ ਅੱਖਰ ਲੱਕੜੀ ਤੋਂ ਸਿੱਕੇ ਵਿਚ ਢਲ ਗਏ । ਪਾਠ ਪੁਸਤਕਾਂ ਧਰਮ ਗ੍ਰੰਥਾਂ ਤੇ ਹਰ ਥਾਵੇਂ, ਇੱਕ ਨਹੀਂ ਕਈ ਲੱਖ ਕਰੋੜਾਂ ਇਕਦਮ ਸੂਹੇ ਸੂਰਜ ਬਲ ਗਏ । ਨੂਰਦੀਨ ਦਾ ਅਤਾ ਪਤਾ ਜਾਂ ਥਾਂ ਸਿਰਨਾਵਾਂ । ਜਾਂ ਉਸ ਦੇ ਪਿੰਡ ਦਾ ਕੋਈ ਮੱਧਮ ਪਰਛਾਵਾਂ, ਸਾਨੂੰ ਅੱਜ ਕੁਝ ਯਾਦ ਨਹੀਂ ਹੈ । ਉਸਦੀ ਘਾਲ ਕਮਾਈ ਚਿੱਤ ਨਾ ਚੇਤੇ ਕੋਈ । ਪਰ ਇਹ ਪਹਿਲੀ ਵਾਰ ਨਾ ਹੋਈ । ਨੀਂਹ ਵਿਚ ਪਈਆਂ ਇੱਟਾਂ ਦੱਸੋ ਕੌਣ ਫ਼ੋਲਦੈ । ਨੂਰਦੀਨ ਤਾਂ ਵੱਡੇ ਘਰ ਦੇ ਵੱਡੇ ਛਾਪੇਖਾਨੇ ਅੰਦਰ, ਇਕ ਅਦਨਾ ਜਿਹਾ ਨਿੱਕਾ ਨੌਕਰ । ਜਿਵੇਂ ਕਿਸੇ ਘਰ ਅੰਦਰ ਸਾਰਾ ਕੂੜਾ ਹੂੰਝੇ, ਮਗਰੋਂ ਨੁੱਕਰੇ ਟਿਕ ਜਾਂਦੀ ਤੀਲਾਂ ਦੀ ਬੌਕਰ । ਜਿੰਨ੍ਹਾਂ ਦਿਨਾਂ 'ਚ ਨੂਰਦੀਨ ਨੇ, ਅੱਖਰਾਂ ਦੇ ਵਿਚ ਜਿੰਦ ਧੜਕਾਈ । ਓਦੋਂ ਹਾਲੇ ਬੰਦਾ ਕੇਵਲ ਬੰਦਾ ਹੀ ਸੀ, ਨਹੀਂ ਸੀ ਬਣਿਆ ਜ਼ਹਿਰੀ ਕੀੜਾ, ਹਿੰਦੂ ਮੁਸਲਿਮ ਸਿੱਖ ਈਸਾਈ । ਧਰਮ ਨਸਲ ਦੀ ਦੁਰਵਰਤੋਂ ਦਾ, ਹਾਲੇ ਤੇਜ਼ ਬੁਖ਼ਾਰ ਨਹੀਂ ਸੀ । ਕਈ ਵਾਰੀ ਤਾਂ ਇਉਂ ਲੱਗਦਾ ਹੈ, ਮੀਆਂ ਮੀਰ ਫ਼ਕੀਰ ਦੇ ਵਾਂਗੂੰ, ਨੂਰਦੀਨ ਨੇ ਆਪਣਾ ਸਾਰਾ ਖ਼ੂਨ ਬਾਲ ਕੇ, ਸਾਡਾ ਘਰ ਵਿਹੜਾ ਰੁਸ਼ਨਾਇਆ । ਕੁੱਲ ਧਰਤੀ ਦੀ ਦਾਨਿਸ਼ ਨੂੰ ਜਾਮਾ ਪਹਿਨਾਇਆ । ਨੂਰਦੀਨ ਨੂੰ ਅੱਜ ਤੋਂ ਪਹਿਲਾਂ, ਨਾ ਮੈਂ ਜਾਣਾਂ ਨਾ ਪਹਿਚਾਣਾਂ । ਪਰ ਅੱਜ ਮੇਰੀ ਹਾਲਤ ਵੇਖੋ, ਜਿਹੜਾ ਅੱਖਰ ਵੀ ਪੜ੍ਹਦਾ ਹਾਂ । ਹਰ ਅੱਖਰ ਦੇ ਹਰ ਹਿੱਸੇ ਚੋਂ, ਨੂਰੀ ਮੱਥੇ ਵਾਲਾ ਸੂਰਜ, ਨੂਰਦੀਨ ਹੀ ਨੂਰਦੀਨ ਬੱਸ ਚਮਕ ਰਿਹਾ ਹੈ । ਭਾਵੇਂ ਬੁਝਿਆ ਨਿੱਕੀ ਉਮਰੇ, ਅੱਜ ਤੀਕਣ ਵੀ ਸਰਬ ਕਿਤਾਬਾਂ ਦੇ ਵਿਚ ਢਲ ਕੇ, ਚੰਦਰਮਾ ਜਿਓਂ ਦਮਕ ਰਿਹਾ ਹੈ । *ਨੂਰਦੀਨ ਗੁਰਮੁਖੀ ਵਰਣਮਾਲਾ ਨੂੰ ਪੱਥਰ ਛਾਪੇ ਤੋਂ ਬਾਅਦ ਲੱਕੜ ਵਿਚੋਂ ਘੜ ਕੇ ਟਾਈਪ ਫੌਂਟ ਲਈ ਪੈਟਰਨ ਤਿਆਰ ਕਰਨ ਵਾਲਾ ਪਹਿਲਾ ਕਾਰੀਗਰ । ਇਸ ਤੋਂ ਮਗਰੋਂ ਲਾਲਾ ਧਨੀ ਰਾਮ ਚਾਤ੍ਰਿਕ ਅਤੇ ਲਾਲਾ ਗੰਡਾ ਮੱਲ ਨੇ ਗੁਰਮੁਖੀ ਛਾਪੇਖਾਨੇ ਲਈ ਸਿੱਕੇ ਦੇ ਅੱਖਰ ਪ੍ਰਚਲਿਤ ਕੀਤੇ ।
ਗ਼ਜ਼ਲ
ਕਦੇ ਸੁਪਨੇ ਵਿਚ ਕਦੇ ਜਾਗਦਿਆਂ ਸਾਨੂੰ ਸਰਪ ਦੋਮੂੰਹੇਂ ਡੰਗਦੇ ਰਹੇ । ਅਸੀਂ ਫਿਰ ਵੀ ਐਸੇ ਸੱਜਣਾਂ ਲਈ ਸਦਾ ਨੇਕ ਦੁਆ ਹੀ ਮੰਗਦੇ ਰਹੇ । ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਮੈਂ ਉਹਨਾਂ ਦਾ ਧੰਨਵਾਦੀ ਹਾਂ, ਜੋ ਹਰ ਯੁਗ ਅੰਦਰ ਲੱਭ ਲੱਭ ਕੇ ਸਾਨੂੰ ਹੀ ਸੂਲੀ ਟੰਗਦੇ ਰਹੇ । ਕਈ ਸਦੀਆਂ ਮਗਰੋਂ ਅੱਜ ਵੀ ਤਾਂ ਹੀਰਾਂ ਤੇ ਸੱਸੀਆਂ ਤੜਪਦੀਆਂ, ਓਵੇਂ ਹੀ ਕੈਦੋ ਚਾਲਬਾਜ਼ ਤੇ ਟੇਢੇ ਰਸਤੇ ਝੰਗ ਦੇ ਰਹੇ । ਕਹਿਰਾਂ ਦੀ ਤਪਸ਼ ਪਿਆਸ ਬੜੀ ਤੇ ਤੜਫ਼ ਰਹੇ ਸਭ ਜੀਵ ਜੰਤ, ਉਹ ਗਾਉਂਦੇ ਰਹੇ ਮਲਹਾਰ ਰਾਗ ਅਸੀਂ ਪਾਣੀ ਪਾਣੀ ਮੰਗਦੇ ਰਹੇ । ਹੱਕ ਸੱਚ ਦੇ ਰਸਤੇ ਤੁਰਨਾ ਹੈ ਕੀ ਡਰ ਹੈ ਸੂਲ ਸਲੀਬਾਂ ਦਾ, ਸਾਡੇ ਵੱਡ-ਵਡੇਰੇ ਅਜ਼ਲਾਂ ਤੋਂ ਹਨ ਏਸੇ ਰਾਹ ਤੋਂ ਲੰਘਦੇ ਰਹੇ । ਇਹ ਚੋਰੀ ਡਾਕੇ ਹੱਕਾਂ ਤੇ ਕੋਈ ਐਵੇਂ ਤਾਂ ਨਹੀਂ ਮਾਰ ਰਿਹਾ, ਬਦਨੀਤੀ ਚੌਂਕੀਦਾਰਾਂ ਦੀ ਜੋ ਝੂਠੀ ਮੂਠੀ ਖੰਘਦੇ ਰਹੇ । ਜਦ 'ਵਾਜ਼ ਹੈ ਮਾਰੀ ਧਰਤੀ ਨੇ ਅਸੀਂ ਪਹੁੰਚ ਗਏ ਹਾਂ ਓਸੇ ਘੜੀ, ਇਹ ਤਨ ਦਾ ਚੋਲਾ ਹਰ ਵਾਰੀ ਅਸੀਂ ਅਪਣੇ ਲਹੂ ਵਿਚ ਰੰਗਦੇ ਰਹੇ । ਇਹ ਚਾਰ-ਦੀਵਾਰੀ ਨਸਲਾਂ ਦੀ ਤੇ ਧਰਮ ਦੀ ਵਲਗਣ, ਤੋਬਾ ਹੈ, ਲੋਕਾਂ ਨੂੰ ਕਹੀਏ ਤੋੜ ਦਿਉ, ਪਰ ਅਪਣੀ ਵਾਰੀ ਸੰਗਦੇ ਰਹੇ ।
ਮੀਆਂ ਮੀਰ ਉਦਾਸ ਖੜ੍ਹਾ ਹੈ
ਹਰਿਮੰਦਰ ਦੀ ਨੀਂਹ ਦੇ ਲਾਗੇ, ਮੀਆਂ ਮੀਰ ਉਦਾਸ ਖੜ੍ਹਾ ਹੈ । ਚਹੁੰ ਸਦੀਆਂ ਦੇ ਪੈਂਡੇ ਮਗਰੋਂ, ਅੱਜ ਉਹ ਸਾਨੂੰ ਇਉਂ ਪੁੱਛਦਾ ਹੈ? ਚਹੁੰ ਬੂਹਿਆਂ ਦੇ ਵਾਲਾ ਮੰਦਰ ਇਹ ਹਰਿਮੰਦਰ । ਝਾਤੀ ਮਾਰੋ ਆਪੇ ਵੇਖੋ ਆਪਣੇ ਅੰਦਰ । ਕੋਈ ਕੋਈ ਬੂਹਾ ਕਿਸੇ ਲਈ ਕਿਉਂ ਬੰਦ ਕਰਦੇ ਹੋ? ਸਰਬਕਾਲ ਦੀ ਜੋਤ ਨਿਰੰਤਰ ਇਸ ਅੱਗੇ ਕਿਉਂ ਕੰਧ ਕਰਦੇ ਹੋ? ਸੁਣ ਲਉ ਪੁੱਤਰੋ ! ਤੁਹਾਡੇ ਵਿਰਸੇ ਦਾ ਮੈਂ ਸੋਹਣਿਓਂ, ਚਸ਼ਮਦੀਦ ਖ਼ੁਦ ਆਪ ਗਵਾਹ ਹਾਂ । ਅਰਜਨ ਗੁਰ ਸੀ ਮੇਰੀ ਧੜਕਣ, ਤੇ ਮੈਂ ਉਸਦੇ ਜਿਸਮ 'ਚ ਤੁਰਦੀ ਤੋਰ ਨਿਰੰਤਰ, ਵਾਹਿਗੁਰੂ, ਅੱਲ੍ਹਾ, ਰਾਮ ਦਾ ਦਮ ਦਮ ਤੁਰਦਾ ਸਾਹ ਹਾਂ । ਸੱਚੇ ਗੁਰ ਦਾ ਨਾਮ ਜਪਦਿਆਂ, ਜਿੰਨ੍ਹਾਂ ਸਾਰੀ ਉਮਰ ਬਿਤਾਈ । ਬੂਹੇ ਤੋਂ ਕਿਉਂ ਮੋੜੋ ਭਾਈ । ਇੱਕ ਗੱਲ ਪੱਕੀ ਪੱਲੇ ਬੰਨ੍ਹੋ! ਹਿੰਦੂ ਮੁਸਲਿਮ ਸਿੱਖ ਕਦੇ ਨਾ ਹੋਣ ਰਬਾਬੀ । ਰੱਬ ਦੇ ਘਰ ਦੀ ਸੱਜਣੋਂ ਏਹੀ ਲੋਕ ਨੇ ਚਾਬੀ । ਮੰਨਿਆ! ਹਾਕਮਾਂ ਗ਼ਰਜ਼ਾਂ ਲਈ ਪੰਜਾਬ ਤਰੇੜੇ । ਕਹਿਰ ਖ਼ੁਦਾ ਦਾ ਬਾਣੀ ਅਤੇ ਰਬਾਬ ਨਿਖੇੜੇ । ਮਰਦਾਨੇ ਨੂੰ ਨਾਨਕ ਨਾਲੋਂ ਵੱਖਰਾ ਕਰਕੇ, ਕਿਹੜੇ ਰੱਬ ਨੂੰ ਖੁਸ਼ ਕਰਦੇ ਹੋ? ਆਪੋ ਆਪਣੇ ਪਾਪਾਂ ਦੀ ਥਾਂ, ਰਾਗ, ਕਲਾ ਤੇ ਖੁਸ਼ਬੂ ਕੋਲੋਂ ਕਿਉਂ ਡਰਦੇ ਹੋ । ਸੂਰਤ ਨੂੰ ਸੱਚ ਮੰਨੋ, ਰੱਖੋ ਸੀਰਤ ਪੱਲੇ । ਥਿੜਕ ਗਏ ਤਾਂ ਰਹਿ ਜਾਵੋਗੇ ਕੱਲ ਮੁਕੱਲੇ । ਰਾਵੀ ਪਾਰੋਂ ਸਾਜ਼ਾਂ ਅਤੇ ਆਵਾਜ਼ਾਂ ਵਾਲੇ, ਇਹ ਨਹੀਂ ਵਣਜ ਕਮਾਵਣ ਆਏ । ਇਹ ਤਾਂ ਭਾਈ ਲਾਲ ਅਮੁੱਲੇ, ਰਾਤ ਹਨ੍ਹੇਰੀ ਵੇਲੇ ਚਾਨਣ ਵੰਡਣ ਆਏ । ਸਾਂਝੇ ਰੱਬ ਦੀ ਸੱਚੀ ਬਾਣੀ, ਓਸੇ ਦੇ ਹੀ ਦਰ ਵਿਚ ਬਹਿ ਕੇ, ਬੋਲ ਅਗੰਮੀ ਗਾਵਣ ਆਏ । 'ਚੰਨ' ਦੀ ਚਾਨਣੀ ਵੱਲੋਂ ਕਿਉਂ ਜੇ ਮੂੰਹ ਪਰਤਾਏ । ਘਰ ਨੂੰ ਕੁੰਡੇ ਜੰਦਰੇ ਲਾਏ । ਸ਼ਬਦ-ਸੁਰਤਿ ਤੋਂ ਸੱਖਣਾ ਸ਼ਖਸ ਅਮੀਰ ਨਹੀਂ ਹੈ? ਰੱਬ ਦਾ ਘਰ ਇਹ ਕਿਸੇ ਲਈ ਜਾਗੀਰ ਹੈ? ਯਤਨ ਕਰੋ ਕਿ ਨੇਰ੍ਹੇ ਦਾ ਪ੍ਰਕਾਸ਼ ਨਾ ਹੋਵੇ । ਸਾਂਝੀ ਧੜਕਣ ਜੀਵੇ, ਕਦੇ ਵਿਨਾਸ਼ ਨਾ ਹੋਵੇ । ਜਿਸ ਧਰਤੀ ਤੋਂ ਉਹ ਆਏ ਸੀ, ਓਥੇ ਵੀ ਫੁੱਲਾਂ ਦੀ ਇਹ ਹੈ ਫ਼ਸਲ ਅਖ਼ੀਰੀ । ਦੋਹੀਂ ਪਾਸੀਂ ਭਾਰੂ ਅੱਜ 'ਪੀਰੀ' ਪੁਰ ਮੀਰੀ । ਚਹੁੰ ਵਰਣਾਂ 'ਚੋਂ ਜਿਹੜਾ ਵੀ ਰੱਬ ਦਾ ਨਾਂ ਗਾਵੇ । ਉਸਨੂੰ ਆਪਣੇ ਕੰਠ ਲਗਾਉ । ਦਸ ਗੁਰੂਆਂ ਤੇ ਗ੍ਰੰਥ-ਪੰਥ ਦੀ ਵੇਲ ਵਧਾਉ । ਸੁਣੋ ! ਸੁਣਾਵਾਂ ਗੁਰੂ ਅਰਜਨ ਦੇ ਬਰਖ਼ੁਰਦਾਰੋ ! ਲਾਲ ਰਬਾਬੀ, ਚਾਂਦ ਜਿਹਾਂ ਨੂੰ, 'ਵਾਜਾਂ ਮਾਰੋ । ਹਰਿਮੰਦਰ ਦੀ ਨੀਂਹ ਦੇ ਲਾਗੇ, ਮੀਆਂ ਮੀਰ ਉਦਾਸ ਖੜ੍ਹਾ ਹੈ । ਡੌਰ-ਭੌਰਿਆ ਪਰਿਕਰਮਾ ਵੱਲ ਵੇਖ ਰਿਹਾ ਹੈ ।
ਤਾਰਿਆਂ ਦੀ ਗੁਜ਼ਰਗਾਹ
ਭਾਈ ਘਨੱਈਆ ਜੀ ਨੂੰ ਯਾਦ ਕਰਦਿਆਂ ਉਸ ਦੇ ਹੱਥ ਵਿਚ ਸੌਂਪ ਕੇ ਮੱਲ੍ਹਮ ਦੀ ਡੱਬੀ । ਜ਼ਖ਼ਮੀਆਂ ਲਈ ਪੱਟੀਆਂ ਤੇ ਹੋਰ ਨਿਕ ਸੁਕ । ਉਸ ਨੂੰ ਬੱਸ ਉਸ ਦੇ ਗੁਰੂ ਨੇ ਇਹ ਕਿਹਾ ਸੀ, "ਜ਼ਿੰਦਗੀ ਖ਼ੁਦ ਵੀ ਨਿਰੰਤਰ ਜੰਗ ਲੰਮੀ," ਬਿਨ ਕਿਸੇ ਹਥਿਆਰ ਦੇ, ਦੁਸ਼ਮਣਾਂ ਤੇ ਵਾਰ ਦੇ, ਲੜਨ ਦਾ ਇਹ ਵੀ ਅਲੌਕਿਕ ਢੰਗ ਹੀ ਹੈ । ਮਰਨ ਮਾਰਨ ਨਾਲ ਨਾ ਮੁੱਕਦੀ ਕਦੇ ਕੋਈ ਲੜਾਈ । ਤੂੰ ਜਦੋਂ ਵੀ ਜਦ ਕਿਤੇ ਵੀ, ਰੰਗ, ਨਸਲਾਂ, ਜ਼ਾਤ, ਗੋਤਾਂ ਤੋਂ ਪਰੇਡੇ । ਨੇੜ ਜਾਂ ਹੋਵੇ ਦੁਰੇਡੇ । ਜ਼ਖ਼ਮ ਵੇਖੇਂ ਤੁਰਤ ਜਾਵੀਂ । ਓਸ ਥਾਂ ਜ਼ਖਮੀ ਨੂੰ ਜਾ ਕੇ ਮਲ੍ਹਮ ਲਾਵੀਂ । ਜੇ ਕੋਈ ਹੋਵੇ ਪਿਆਸਾ । ਜਾਂ ਦਿਸੇ ਕੋਈ ਨਿਰਾਸਾ । ਓਸ ਦੇ ਮੂੰਹ ਬੂੰਦ ਪਾਵੀਂ । ਜ਼ਿੰਦਗੀ ਦਾ ਗੀਤ ਗਾਵੀਂ । ਉਸ ਨੂੰ ਬੱਸ ਉਸਦੇ ਗੁਰੂ ਨੇ ਇਹ ਕਿਹਾ ਸੀ । ਤੂੰ ਜਦੋਂ ਵੇਖੇਂ ਧਰਤ ਤੇ ਖ਼ੂਨ ਡੁੱਲ੍ਹਿਆ । ਜਾਂ ਕੋਈ ਰਾਹਗੀਰ ਭੁੱਲਿਆ । ਪੌਣ ਵਿਚ ਜ਼ਹਿਰਾਂ ਦੇ ਕਾਰਨ ਸਵਾਸ ਫੁੱਲਿਆ । ਪਾਣੀਆਂ ਵਿਚ ਜਦ ਵੀ ਸਮਝੇਂ ਜ਼ਹਿਰ ਘੁਲ਼ਿਆ । ਓਸ ਥਾਂ ਤੇ ਪਹੁੰਚ ਜਾਵੀਂ ਤੇ ਸੁਣਾਵੀਂ । ਪਵਣ ਗੁਰ, ਪਾਣੀ ਪਿਤਾ ਤੇ ਧਰਤ ਮਾਤਾ । ਜੇ ਇਨ੍ਹਾਂ ਤਿੰਨਾਂ ਨੇ ਸਾਡੇ ਨਾਲ ਨਾ ਕੋਈ ਫ਼ਰਕ ਜਾਤਾ । ਕਿਉਂ ਅਸੀਂ ਖ਼ੂੰਖ਼ਾਰ ਹੋਏ । ਪਾਣੀ ਰੱਤੋ ਰੱਤ ਹੋਏ । ਤੇ ਹਵਾ 'ਚੋਂ ਜ਼ਹਿਰ ਚੋਏ । ਉਸ ਨੂੰ ਬੱਸ ਉਸ ਦੇ ਗੁਰੂ ਨੇ ਇਹ ਕਿਹਾ ਸੀ । ਓਸ ਨੇ ਉਪਦੇਸ਼ ਨੂੰ ਪੱਲੇ 'ਚ ਬੰਨ੍ਹਿਆ । ਹੁਕਮ ਗੁਰ ਦਾ ਸੱਚ ਮੰਨਿਆ । ਸਮਝ ਤੁਰਿਆ, ਕਰ ਲਈ ਉਮਰਾਂ ਦੀ ਖੱਟੀ । ਜ਼ਿੰਦਗੀ ਨੂੰ ਤੋਰ ਮਿਲ ਗਈ ਬਖ਼ਸ਼ ਦਿੱਤੀ ਇਹ ਗੁਰਾਂ ਜੋ ਮੱਲ੍ਹਮ ਪੱਟੀ । ਚੱਲ ਰਿਹਾ ਸੀ ਗੁਰ ਨਿਰੰਤਰ ਅੰਗ ਸੰਗੇ । ਦੇ ਰਿਹਾ ਸੀ ਬਲ ਬਿਨਾਂ ਉਹ ਮੂੰਹੋਂ ਮੰਗੇ । ਹੁਣ ਉਹ ਪੂਰਾ ਕਾਫ਼ਲਾ ਸੀ, ਓਸ ਦੇ ਹੱਥਾਂ 'ਚ ਹੁਣ ਕ੍ਰਿਪਾਨ ਨਹੀਂ ਸੀ । ਤੁਰ ਰਿਹਾ ਸੀ ਮੁਕਤ ਡਰ ਤੋਂ, ਇਕ ਇਕੱਲੀ ਜਾਨ ਨਹੀਂ ਸੀ । ਕੁਝ ਕੁ ਪਲ ਪਹਿਲਾਂ ਸੀ ਜਿਹੜਾ ਕੱਖ ਵਰਗਾ । ਓਹੀ ਬੰਦਾ ਬਣ ਗਿਆ ਸੀ ਲੱਖ ਵਰਗਾ । ਸਭ ਨੂੰ ਇੱਕ ਸਮਝਣ ਦੀ ਸ਼ਕਤੀ । ਉਸ ਦੇ ਹਿਰਦੇ ਬਲ ਰਹੀ ਸੀ ਜੋਤ ਐਸੀ । ਜਿੱਤ ਦਾ ਨਿਸ਼ਚਾ ਗੁਰੂ ਦੀ ਅੱਖ ਵਰਗਾ । ਉਸ ਜਦੋਂ ਸੀ ਵੇਖਿਆ, ਹੱਥ ਤੇ ਹਥਿਆਰ ਦੋਵੇਂ ਲੜ ਰਹੇ ਨੇ, ਮਰ ਰਹੇ ਨੇ । ਸੋਚਦਾ ਸਭ ਲੋਕ ਇਹ ਕੀ ਕਰ ਰਹੇ ਨੇ ? ਹੱਥ ਤਾਂ ਹੁੰਦੈ ਹਮੇਸ਼ਾ ਕਰਮ ਖ਼ਾਤਰ । ਵਰਤਣਾ ਹੁੰਦੈ ਹਮੇਸ਼ਾ ਧਰਮ ਖ਼ਾਤਰ । ਧਰਮ ਤਾਂ ਹੁੰਦੈ ਭਲਾ ਸਰਬੱਤ ਵਾਲਾ । ਹੱਥ ਕਿਉਂ ਬਣਦੈ ਬੇਗਾਨੀ ਮੱਤ ਵਾਲਾ ? ਸੋਚਦਾ ਫਿਰ ਕਿਉਂ ਬਣੇ ਹਥਿਆਰ ਸਾਰੇ । ਇਕ ਦੂਜੇ ਨੂੰ ਰਹੇ ਨੇ ਮਾਰ ਸਾਰੇ । ਜੰਗ ਦੇ ਮੈਦਾਨ ਅੰਦਰ, ਇਕ ਦਿਨ ਸੀ ਅਜਬ ਕੌਤਕ ਵਰਤਿਆ । ਇੱਕ ਪਾਸੇ ਓਸ ਦਾ ਆਪਣਾ ਗੁਰੂ ਸੀ । ਦੂਜੇ ਪਾਸੇ ਮੁਗਲ ਫੌਜਾਂ । ਹੱਥ ਤੇ ਹਥਿਆਰ ਦੋਵੇਂ ਭਿੜ ਰਹੇ ਸਨ । ਉਸ ਦੇ ਮਨ ਅੰਦਰ ਅਨੋਖੀ ਜੰਗ ਸ਼ੁਰੂ ਸੀ । ਮੈਂ ਭਲਾ ਕਿੱਥੇ ਖਲੋਵਾਂ ? ਇੱਕ ਪਾਸੇ ਗੁਰ-ਪਿਆਰਾ । ਦੂਜੇ ਪਾਸੇ ਮੁਗਲ ਫੌਜਾਂ ਹੜ੍ਹ ਦੇ ਵਾਂਗੂੰ, ਦਿਸਦਾ ਨਾ ਦੂਜਾ ਕਿਨਾਰਾ । ਉਹ ਕਦੇ ਕਿਰਪਾਨ ਵੇਖੇ, ਹੱਥ ਪਾਵੇ । ਫੇਰ ਇਕ ਦਮ ਠਹਿਰ ਜਾਵੇ । ਮਨ ਦੀ ਧਰਤੀ ਵਿਚ ਅਨੋਖੀ ਖ਼ਲਬਲ਼ੀ ਸੀ । ਸ਼ਸਤਰਾਂ ਨੂੰ ਨਾਲ ਲੈ ਕੇ ਮੈਂ ਗੁਰੂ ਦੇ ਮਗਰ ਜਾਵਾਂ । ਕਹਿ ਸੁਣਾਵਾਂ । ਲੈ ਗੁਰੂ ! ਮੈਂ ਆ ਗਿਆ ਹਾਂ । ਪਰ ਨਹੀਂ! ਹਰਗਿਜ਼ ਨਹੀਂ! ਗੁਰੂ ਨੇ ਮੈਨੂੰ ਸੀ ਜਿਹੜਾ ਰਾਹ ਵਿਖਾਇਆ । ਭਟਕਦੇ ਮੱਥੇ 'ਚ ਜਿਹੜਾ ਦੀਪ ਧਰਿਆ, ਤੇ ਗੁਰੂ ਨੇ ਜੋ ਪੜ੍ਹਾਇਆ । ਉਹ ਤਾਂ ਇਸ ਤੋਂ ਬਹੁਤ ਵੱਖ ਹੈ । ਜੋ ਗੁਰੂ ਨੇ ਮੈਨੂੰ ਹੱਥੀਂ ਆਪ ਬਖ਼ਸ਼ੀ, ਉਹ ਤਾਂ ਦੋ ਅੱਖਾਂ ਤੋਂ ਉੱਪਰ ਤੀਜੀ ਅੱਖ ਹੈ । ਹਰ ਕਿਸੇ ਮਾਣਸ ਨੂੰ ਇੱਕ ਪਹਿਚਾਣਦੀ ਹੈ । ਧਰਮ ਕੀ ਹੈ, ਕਰਮ ਕੀ ਹੈ ? ਅੰਦਰੋਂ ਧੁਰ ਜਾਣਦੀ ਹੈ । ਇੱਕ ਹੀ ਓਂਕਾਰ ਦਾ ਜੇ ਸਭ 'ਚ ਵਾਸਾ । ਕਿਉਂ ਮਰੇ ਇਸ ਧਰਤ ਤੇ ਕੋਈ ਪਿਆਸਾ । ਇੱਕ ਹੈ ਓਂਕਾਰ ਮੈਂ ਬਾਣੀ ਪੜ੍ਹਾਂਗਾ । ਮੈਂ ਗੁਰੂ ਦੀ ਫ਼ੌਜ ਵਿਚ ਵੱਖਰਾ ਲੜਾਂਗਾ । ਹੱਥ ਵਿਚ ਲੈ ਮੱਲ੍ਹਮ-ਪੱਟੀ, ਮੋਢਿਆਂ ਤੇ ਮਸ਼ਕ ਪਾਣੀ । ਜ਼ਖ਼ਮੀਆਂ ਦੀ ਓਸ ਨਾ ਜ਼ਾਤੀ ਪਛਾਣੀ । ਪੜ੍ਹ ਰਿਹਾ ਸੀ ਮਨ 'ਚ ਬਾਣੀ । ਦੇ ਰਿਹਾ ਸੀ ਸਭ ਨੂੰ ਪਾਣੀ । ਤੜਫਦੇ ਮੂੰਹਾਂ ਦੇ ਅੰਦਰ ਨੀਰ ਪਾਵੇ । ਜ਼ਖ਼ਮੀਆਂ ਨੂੰ ਮੱਲ੍ਹਮ ਲਾਵੇ । ਜ਼ਾਤ ਗੋਤਾਂ ਧਰਮ ਪਿੱਛੇ ਰਹਿ ਗਏ ਸਨ । ਉਸ ਨੂੰ ਹਰ ਪਲ ਇੰਝ ਸੁਣਦਾ, ਜਿਉਂ ਗੁਰੂ ਜੀ ਕਹਿ ਰਹੇ ਸਨ । ਤੇਰਾ ਕਰੜਾ ਸਭ ਤੋਂ ਵੱਖਰਾ ਇਮਤਿਹਾਨ । ਸ਼ੁਕਰ ਹੈ ਤੂੰ ਸਬਕ ਵੱਲੋਂ ਡੋਲਿਆ ਨਹੀਂ । ਜੰਗ ਦੇ ਮੈਦਾਨ ਵਿਚ ਬੇਗਰਜ਼ ਹੋ ਕੇ, ਤੂੰ ਜਿਵੇਂ ਸੇਵਾ ਨਿਭਾਈ, ਧੰਨ ਹੈਂ ਤੂੰ, ਜਿਸ ਮੇਰਾ ਉਪਦੇਸ਼ ਮਿੱਟੀ ਰੋਲਿਆ ਨਹੀਂ । ਤੂੰ ਜਿਵੇਂ ਦਿਨ ਰਾਤ ਸਾਂਭੀ ਜ਼ੁੰਮੇਵਾਰੀ । ਮੈਂ ਤੇਰੇ ਬਲਿਹਾਰ, ਜਾਵਾਂ ਤੈਥੋਂ ਵਾਰੀ । ਜੇ ਕਿਤੇ ਤੂੰ ਮੇਰੇ ਦੱਸੇ ਰਾਹ ਤੋਂ ਕਿਧਰੇ ਥਿੜਕ ਜਾਂਦਾ । ਸੱਚ ਜਾਣੀ! ਮੇਰਾ ਵੀ ਵਿਸ਼ਵਾਸ ਉਸ ਪਲ ਤਿੜਕ ਜਾਂਦਾ । ਤੂੰ ਮੇਰੇ ਵਿਸ਼ਵਾਸ ਦਾ ਸਾਲਮ ਸਬੂਤਾ, ਖ਼ੁਦ ਗਵਾਹ ਹੈਂ । ਅੱਜ ਤੋਂ ਤੂੰ ਆਦਮੀ ਨਹੀਂ ਕਾਲ-ਬੱਧਾ, ਹੋ ਗਿਐਂ ਅਨੰਤ ਤੇ ਅਕਾਲ, ਹੁਣ ਤੂੰ ਆਪ ਰਾਹ ਹੈਂ! ਮਰਨ, ਮਾਰਨ ਵਾਲਿਆਂ ਤੋਂ ਬਹੁਤ ਉੱਚਾ, ਜ਼ਿੰਦਗੀ ਦਾ ਸੁਪਨ ਸੁੱਚਾ, ਤਾਰਿਆਂ ਦੀ ਗੁਜ਼ਰਗਾਹ ਹੈਂ ।
ਸਰਹੰਦ ਵਿਚੋਂ ਲੰਘਦਿਆਂ
ਸਰਹੰਦ ਦਾ ਵਿਸਥਾਰ ਹੋ ਗਿਆ । ਹਰ ਬੂਹਾ ਦੀਵਾਰ ਹੋ ਗਿਆ । ਸੁਪਨੇ ਨੀਹਾਂ ਦੇ ਵਿਚ ਚਿਣਦੈ, ਹਰ ਬੰਦਾ ਸਰਕਾਰ ਹੋ ਗਿਆ । ਦੱਸੋ ਗੁਜਰੀ ਮਾਂ ਕਿੱਥੇ ਹੈ? ਪੋਤਰਿਆਂ ਦੀ ਛਾਂ ਕਿੱਥੇ ਹੈ? ਠੰਢਾ ਬੁਰਜ ਮਰਮਰੀ ਕੀਤਾ, ਦੱਸੋ ਅਸਲੀ ਥਾਂ ਕਿੱਥੇ ਹੈ? ਔਰੰਗਜ਼ੇਬ ਉਦਾਸ ਖੜ੍ਹਾ ਹੈ । ਬਿਲਕੁਲ ਸਾਡੇ ਪਾਸ ਖੜ੍ਹਾ ਹੈ । ਇਸ ਨੇ ਜਿਸਦੀ ਅਲਖ ਮੁਕਾਈ, ਉਹ ਤਾਂ ਬਣ ਇਤਿਹਾਸ ਖੜ੍ਹਾ ਹੈ । ਨੀਹਾਂ ਵਿਚ ਵਿਸ਼ਵਾਸ ਖੜ੍ਹਾ ਹੈ । ਫ਼ਰਜ਼ਾਂ ਦਾ ਅਹਿਸਾਸ ਖੜ੍ਹਾ ਹੈ । ਸਰਬ ਸਮੇਂ ਦਾ ਹਾਣੀ ਹੋ ਕੇ, ਵਿਰਸਾ ਬਣ ਧਰਵਾਸ ਖੜ੍ਹਾ ਹੈ । ਆਲਮਗੀਰ ਕਹਾਉਂਦਾ ਦੌਲਤਮੰਦ ਕਿੱਥੇ ਹੈ? ਇੱਟਾਂ ਚੂਨੇ ਨਾਲ ਉਸਾਰੀ ਕੰਧ ਕਿੱਥੇ ਹੈ? ਦੋ ਲਾਲਾਂ ਦਾ ਜੋੜਾ ਅੱਜ ਲਲਕਾਰ ਕੇ ਪੁੱਛੇ, ਹੁਕਮ ਹਕੂਮਤ ਤੇ ਸੂਬਾ ਸਰਹੰਦ ਕਿੱਥੇ ਹੈ? ਮਹਿਰਾ ਮੋਤੀ ਰਾਮ ਜਿਉਂਦਾ ਆਪ ਪਛਾਣੋ । ਹਰ ਲੰਗਰ ਵਿਚ ਸੇਵਾ ਕਰਦੈ ਆਪਣਾ ਜਾਣੋ । ਪੰਥ ਗੁਰਾਂ ਦੇ ਮਾਰਗ ਤੇ ਸੇਵਾ ਵਿਚ ਰੁੱਝਾ, ਸਬਰ ਅਤੇ ਸੰਤੋਖ ਦੀ ਮੂਰਤ ਆਪ ਪਛਾਣੋ । ਅੰਤਰ ਧਿਆਨ ਨੂੰ ਜੋੜੋ ਬਿਰਤੀ ਕਰੋ ਇਕਾਗਰ । ਆਪਣੇ ਮਨ 'ਚੋਂ ਕੱਢੋ ਇਸ ਪਲ ਵਣਜ ਸੌਦਾਗਰ । ਉਸ ਬੰਦੇ ਦੀ ਬੁੱਕਲ਼ ਵਿਚ ਕੀਹ ਨਿੱਘ ਹੋਵੇਗਾ? ਦਸਮ ਪਿਤਾ ਨੇ ਬਖਸ਼ਿਆ ਜਿਸ ਨੂੰ ਗੰਗਾ ਸਾਗਰ । ਅਸ਼ਰਫੀਆਂ ਦੇ ਟੋਡਰ ਮੱਲ ਸਿਰਦਾਰ ਬਣ ਗਿਆ । ਜ਼ਾਲਮ ਓਸੇ ਪਲ ਧਰਤੀ ਤੇ ਭਾਰ ਬਣ ਗਿਆ । ਵਕਤ ਦੇ ਅੱਥਰੇ ਘੋੜੇ ਨੂੰ ਜਿਸ ਨੱਥ ਪਾਈ ਸੀ, ਰਹਿੰਦੀ ਦੁਨੀਆਂ ਤੀਕਰ "ਸ਼ਾਹ ਕਿਰਦਾਰ" ਬਣ ਗਿਆ । ਤੇਜ਼ ਧਾਰ ਤਲਵਾਰਾਂ ਤੋਂ ਜੋ ਡਰਦਾ ਨਹੀਂ ਹੈ । ਪਰ ਇਹ ਕਾਰਜ ਹਰ ਕੋਈ ਬੰਦਾ ਕਰਦਾ ਨਹੀਂ ਹੈ । 'ਸ਼ੇਰ ਮੁਹੰਮਦ' ਅੱਜ ਵੀ ਇਕ ਸਤਿਕਾਰਤ ਨਾਂ ਹੈ, "ਹਾਅ ਦਾ ਨਾਅਰਾ" ਮਾਰਨ ਵਾਲਾ ਮਰਦਾ ਨਹੀਂ ਹੈ । ਕੌਣ ਸੰਭਾਲ਼ੇ ਵਰਤਣ ਪਿਛੋਂ ਲਿੱਬੜੇ ਸੰਦ ਨੂੰ । ਘਰ ਵਿਚ ਕਿਹੜਾ ਰੱਖਦੈ ਦੱਸੋ ਐਸੇ ਗੰਦ ਨੂੰ । ਨਾਂ ਨੂੰ ਵੱਟਾ ਲਾਇਆ, ਜਾਬਰ ਨੂੰ ਉਕਸਾਇਆ, ਵਕਤ ਪਿਆ ਦੁਰਕਾਰੇ ਅੱਜ ਵੀ ਸੁੱਚਾ ਨੰਦ ਨੂੰ । ਨਿੱਕੀਆਂ ਜਿੰਦਾਂ ਵੱਡੇ ਸਾਕੇ । ਵਾਰਸ ਬਣ ਗਏ ਆਕੇ ਬਾਕੇ । ਧਾੜਵੀਆਂ ਦਾ ਏਕਾ ਵੇਖੋ, ਸਿਖ਼ਰ ਦੁਪਹਿਰੇ ਮਾਰਨ ਡਾਕੇ । ਗੰਗੂ ਤਾਂ ਲਾਲਚ ਦਾ ਨਾਂ ਹੈ । ਇਹ ਪੈਸੇ ਦੀ ਕਾਲੀ ਛਾਂ ਹੈ । "ਖੇੜੀ ਅਤੇ ਸਹੇੜੀ" ਪਿੰਡ ਨਹੀਂ, ਅੱਜ ਵੀ ਇਹ ਜੰਮਦਾ ਹਰ ਥਾਂ ਹੈ । ਪਾਗਲ ਘੋੜਿਆਂ ਮਿੱਧੀ ਧਰਤੀ ਕਰਨ ਨਿਰਾਦਰ । ਲੀਰਾਂ ਲੀਰਾਂ ਹੋ ਚੱਲੀ ਸੀ ਹਿੰਦ ਦੀ ਚਾਦਰ । ਅੱਥਰੇ ਘੋੜੇ ਦੀ ਜਿਸ ਅੱਗਿਓਂ ਵਾਗ ਫੜੀ ਸੀ, 'ਵੈਰਾਗੀ' ਤੋਂ ਬਣ ਗਿਆ 'ਬੰਦਾ' ਸਿੰਘ ਬਹਾਦਰ । ਚਾਰ ਚੁਫ਼ੇਰੇ ਧੁੰਦ ਹੀ ਧੁੰਦ ਹੈ, ਗਰਦ ਗੁਬਾਰ ਵੀ ਹੈ । ਵਿਰਸੇ ਦੇ ਵੱਲ ਪਿੱਠ ਕੀਤੀ ਦਾ ਰੂਹ ਤੇ ਭਾਰ ਵੀ ਹੈ । ਸਾਰੇ ਪੰਛੀ ਚੋਗਾ ਤੇ ਨਹੀਂ ਚੁਗਦੇ ਵੇਖ ਲਵੋ, ਦਸਵੇਂ ਗੁਰੂ ਦੇ ਸੁਪਨੇ ਲੈ ਕੇ, ਉੱਡਦੀ ਡਾਰ ਵੀ ਹੈ । ਆਤਮ ਚਿੰਤਨ ਵੇਲਾ, ਖ਼ੁਦ ਦੇ ਸੰਗ ਬਹਿਣਾ ਸੀ । ਇਹ ਤਾਂ ਸੇਕ ਨਿਰੰਤਰ ਆਪਾਂ ਖ਼ੁਦ ਸਹਿਣਾ ਸੀ । ਢੋਲ ਢਮੱਕੇ ਰੌਲੇ ਰੱਪੇ, ਇਹ ਅੰਦਾਜ਼ ਨਹੀਂ, ਫੁੱਲਾਂ ਨੂੰ ਫੁੱਲ ਅਰਪ ਅਸਾਂ ਅੱਜ ਚੁੱਪ ਬਹਿਣਾ ਸੀ ।
ਕੰਧੇ ਸਰਹੰਦ ਦੀਏ
ਕੰਧੇ ਸਰਹੰਦ ਦੀਏ ਅੱਥਰੂ ਨਾ ਕੇਰ ਨੀ । ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ । ਪੰਨੇ ਇਤਿਹਾਸ ਦੇ ਤੂੰ ਫ਼ੋਲ ਪੜ੍ਹ ਵੇਖ ਨੀ । ਸਦਾ ਕੁਰਬਾਨੀ ਲਿਖੀ ਕੌਮਾਂ ਵਾਲੇ ਲੇਖ ਨੀ । ਚੜ੍ਹਿਆ ਆਕਾਸ਼ੀ ਰਹਿੰਦਾ ਸਦਾ ਨਾ ਹਨ੍ਹੇਰ ਨੀ । ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ । ਕਿਹਾ ਫ਼ਰਜ਼ੰਦਾਂ ਦਸਮੇਸ਼ ਦੇ ਦੁਲਾਰਿਆਂ । ਝੁਕਣਾ ਨਹੀਂ ਅਸਾਂ ਕਦੇ ਨੀਹਾਂ 'ਚ ਖਲ੍ਹਾਰਿਆਂ । ਕਿਲ੍ਹਾ ਹੰਕਾਰ ਵਾਲਾ ਕਰਨਾ ਏਂ ਢੇਰ ਨੀ । ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ । ਪੁੱਛਿਆ ਜੱਲਾਦ ਕੋਲੋਂ ਹੰਝੂ ਕਾਹਨੂੰ ਕੇਰਦਾ? ਜਾਬਰਾ ਤੂੰ ਮਾਲਾ ਕਾਹਨੂੰ ਪੁੱਠੇ ਪਾਸੇ ਫੇਰਦਾ । ਸ਼ੇਰਾਂ ਘਰ ਜੰਮਦੇ ਹਮੇਸ਼ਾਂ ਬਾਂਕੇ ਸ਼ੇਰ ਨੀ । ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ । ਤੇਗ ਦੀ ਬਹਾਦਰੀ ਤੇ ਦਾਦੀ ਦੀਆਂ ਲੋਰੀਆਂ । ਮਾਪਿਆਂ ਨੇ ਜੋੜੀਆਂ ਬਣਾ ਕੇ ਘਰੋਂ ਤੋਰੀਆਂ । ਜ਼ਾਲਮਾਂ ਦੇ ਅੱਗੇ ਸਦਾ ਅੜਦੇ ਦਲੇਰ ਨੀ । ਦੱਸ ਕਿਹੜੀ ਰਾਤ ਜੀਹਦੀ ਹੋਵੇ ਨਾ ਸਵੇਰ ਨੀ ।
ਜਬਰ ਜ਼ੁਲਮ ਦੀ ਜਦ ਵੀ 'ਨੇਰ੍ਹੀ ਚੜ੍ਹਦੀ ਏ
ਜਬਰ ਜ਼ੁਲਮ ਦੀ ਜਦ ਵੀ 'ਨੇਰ੍ਹੀ ਚੜ੍ਹਦੀ ਏ । ਸਦਾ ਹਕੂਮਤ 'ਤਾਰੂ ਸਿੰਘ* ਨੂੰ ਫੜਦੀ ਏ । ਅੰਬਰਸਰ ਦੇ ਪੂਹਲੇ ਪਿੰਡ ਜਾਂ ਹੋਰ ਕਿਤੇ, ਫ਼ੌਜ ਮੁਗਲੀਆ ਕੰਧਾਂ ਕੋਠੇ ਚੜ੍ਹਦੀ ਏ । ਜਾਮ ਸ਼ਹਾਦਤ ਵਾਲਾ ਮੂੰਹ ਨੂੰ ਲੱਗਦਾ ਤਾਂ, ਮਾਂ ਦੀ ਸਿੱਖਿਆ ਸੂਰਮਿਆਂ ਨੂੰ ਘੜਦੀ ਏ । 'ਹਰਿ' ਦੇ 'ਭਗਤਾਂ ਵਿਚ ਵੀ ਬਹੁਤ 'ਨਿਰੰਜਨੀਏਂ', ਪਾਪ ਦੀ ਗੁੱਡੀ ਤਾਂ ਹੀ ਉੱਚੀ ਚੜ੍ਹਦੀ ਏ । 'ਖ਼ਾਨ ਜ਼ਕਰੀਆ' ਸਾਡੇ ਅੰਦਰੋਂ ਮਰਦਾ ਨਹੀਂ, ਓਸੇ ਸੰਗ 'ਗੁਰਬਾਣੀ' ਅੱਜ ਤੱਕ ਲੜਦੀ ਏ । ਰੰਬੀ ਨਾਲ ਉਤਾਰਨ ਅੱਜ ਵੀ ਖੋਪੜੀਆਂ, ਜ਼ਾਲਮ ਦੇ ਘਰ ਰੋਜ਼ ਕੜਾਹੀ ਚੜ੍ਹਦੀ ਏ । ਭੁੱਲਿਆ ਵਰਕਾ, ਜਿੱਥੇ ਨਾਮ ਸ਼ਹੀਦਾਂ ਦਾ, ਸੰਗਤ ਐਵੇਂ ਦੋਸ਼ ਕਿਸੇ ਸਿਰ ਮੜ੍ਹਦੀ ਏ । ਬਰਸੀ ਆਉਂਦੀ ਆ ਕੇ ਸਿੱਧੀ ਲੰਘ ਜਾਂਦੀ, ਸਿੱਧੀ ਬੱਸ ਜਿਉਂ ਹੋਵੇ, ਚੰਡੀਗੜ੍ਹ ਦੀ ਏ । *ਵਿਸ਼ਵ ਦੇ ਸ਼ਹੀਦੀਆਂ ਸੰਬੰਧੀ ਇਤਿਹਾਸ ਵਿਚ ਸਿੱਖ ਸ਼ਹਾਦਤਾਂ ਦਾ ਰੁਤਬਾ ਬੜਾ ਵੱਖਰਾ ਹੈ । ਗੁਰੂ ਅਰਜਨ ਦੇਵ ਜੀ ਤੋਂ ਲੈ ਕੇ । ਇਸੇ ਲੜੀ ਵਿਚ ਭਾਈ ਤਾਰੂ ਸਿੰਘ ਚੇਤੇ ਆਉਂਦਾ ਹੈ । ਅੰਮ੍ਰਿਤਸਰ ਦੇ ਪਿੰਡ ਪੂਹਲੇ ਦਾ ਜੰਮਿਆ ਜਾਇਆ । ਵਿਰਸਾ, ਸੰਕਲਪ, ਸ਼ਹਾਦਤ ਦਾ ਸਬਕ ਆਪਣੀ ਮਾਂ ਤੋਂ ਲੈ ਕੇ ਮੁਗ਼ਲ ਹਕੂਮਤ ਦੀ ਅੱਖ 'ਚ ਰੜਕ ਬਣਿਆ । ਜੰਡਿਆਲਾ ਗੁਰੂ ਦੇ ਇਕ ਮੁਖ਼ਬਰ ਹਰਿਭਗਤ ਨਿਰੰਜਨੀਏਂ ਨੇ ਉਸ ਨੂੰ ਜ਼ਕਰੀਆ ਖ਼ਾਨ ਕੋਲ ਫੜਵਾ ਦਿੱਤਾ । ਰੰਬੀ ਨਾਲ ਖੋਪੜੀ ਉਤਾਰਨ ਵਾਲੀ ਜਸ਼ਾ ਵੀ ਏਸੇ ਨੇ ਸਿਫ਼ਾਰਸ਼ ਕੀਤੀ ਸੀ । ਅੱਜ ਹਰਿਭਗਤ ਨਿਰੰਜਨੀਆ ਅਤੇ ਜ਼ਕਰੀਆ ਖ਼ਾਨ ਦਾ ਸਿਰਨਾਵਾਂ ਲੱਭਣਾ ਮੁਹਾਲ ਹੈ ਪਰ ਭਾਈ ਤਾਰੂ ਸਿੰਘ ਵੀ ਸਾਡੇ ਚੇਤਿਆਂ ਵਿਚ ਜਿਉਂਦਾ ਹੈ । ਜੇ ਹੁਣ ਸਾਡੀ ਅਹਿਸਾਨ ਫਰਾਮੋਸ਼ੀ ਤੋਂ ਬਚ ਗਿਆ ਤਾਂ...)
ਸ਼ਹੀਦ ਭਗਤ ਸਿੰਘ ਬੋਲਦਾ ਹੈ
ਜਿਹੜੀ ਉਮਰੇ ਬਾਲ ਖੇਡਣ ਗੁੱਲੀ ਡੰਡਾ । ਬੰਟਿਆਂ 'ਤੇ ਚੋਟ ਲਾਉਂਦੇ, ਮਿੱਟੀ ਗੋ ਗੋ ਘਰ ਬਣਾਉਂਦੇ । ਇਕ ਦੂਜੇ ਨਾਲ ਲੜਦੇ, ਦੂਸਰੇ ਦਾ ਘਰ ਨੇ ਢਾਹੁੰਦੇ, ਉਹ ਬੰਦੂਕਾਂ ਬੀਜਦਾ ਸੀ । ਉਹ ਇਕੱਲਾ ਸੋਚਦਾ ਸੀ, ਸਾਡੇ ਘਰ ਜਿਹੜੀ ਵੀ ਚਿੱਠੀ ਡਾਕ ਆਉਂਦੀ, ਓਸ ਨੂੰ ਕੋਈ ਤੀਸਰਾ ਕਿਉਂ ਖੋਲ੍ਹਦਾ ਹੈ? ਪੜ੍ਹਨ ਮਗਰੋਂ, ਮੇਰੀ ਮਾਂ ਤੇ ਚਾਚੀਆਂ ਨੂੰ ਪੁੱਠਾ ਸਿੱਧਾ ਬੋਲਦਾ ਹੈ । ਵਿਦਿਆਵਤੀ ਮਾਂ ਨੂੰ ਪੁੱਛੇ, ਮੇਰੇ ਚਾਚੇ ਕਿਉਂ ਕਦੇ ਨਹੀਂ ਘਰ ਨੂੰ ਆਉਂਦੇ । ਉਹ ਭਲਾ ਕਿਹੜੀ ਕਮਾਈ ਲੋਕਾਂ ਤੋਂ ਵੱਖਰੀ ਕਮਾਉਂਦੇ । ਦੱਸਦੀ ਚੇਤੰਨ ਚਾਚੀ 'ਨਾਮ੍ਹ ਕੌਰ । ਤੇਰੇ ਦੋਹਾਂ ਚਾਚਿਆਂ ਦੀ ਜੱਗ ਤੋਂ ਵੱਖਰੀ ਹੈ ਤੋਰ । ਉਹ ਫਰੰਗੀ ਰਾਜ ਤੋਂ ਬਾਗੀ ਬਣੇ ਨੇ । ਧੌਣ ਉੱਚੀ ਕਰ ਖੜ੍ਹੇ, ਮੁੱਕੇ ਤਣੇ ਨੇ । ਗੋਰਿਆਂ ਨੇ ਫੜ ਉਨ੍ਹਾਂ ਨੂੰ ਜੇਲ੍ਹ ਪਾਇਆ । ਤੇ ਇਲਾਕੇ ਵਿਚ ਇਹ ਫੁਰਮਾਨ ਲਾਇਆ । ਇਹ ਫਰੰਗੀ ਰਾਜ ਦੇ ਦੁਸ਼ਮਣ ਨੇ ਵੱਡੇ । ਸਾਡੇ ਘਰ ਦੇ ਚਾਰ ਪਾਸੇ ਤਾਂ ਹੀ ਉਨ੍ਹਾਂ ਸੂਹੀਏ ਛੱਡੇ । ਸਾਡੇ ਆਪਣੇ ਸਕਿਆਂ ਨੇ ਕਰ ਗੱਦਾਰੀ । ਲੈ ਲਈ ਸਾਡੇ ਹੀ ਚਾਚੇ ਜ਼ੈਲਦਾਰੀ । ਏਸੇ ਕਰਕੇ ਸਾਡਾ ਰਾਹ ਸੌਖਾ ਨਹੀਂ ਹੈ । ਪਰ ਜੇ ਲੋਕੀਂ ਜਾਗ ਉੱਠਣ, ਸਾਥ ਦੇਵਣ, ਫਿਰ ਕੋਈ ਔਖਾ ਨਹੀਂ ਹੈ । ਓਸ ਨੂੰ ਇਹ ਸੁਆਲ ਹਰ ਪਲ ਡੰਗਦਾ ਸੀ । ਤੇ ਉਹ ਕਾਲ਼ੇ ਵਕਤ ਪਾਸੋਂ ਇਹਦਾ ਉੱਤਰ ਮੰਗਦਾ ਸੀ । "ਬੋਲਦੇ ਸਾਰੇ ਨੇ ਏਥੇ ਜਾਗਦਾ ਕੋਈ ਨਹੀਂ । ਸਫ਼ਰ ਵਿੱਚ ਹਾਂ ਆਖ਼ਦੇ ਨੇ ਤੁਰ ਰਿਹਾ ਕੋਈ ਨਹੀਂ ।" ਇਸ ਜਗ੍ਹਾ ਕਿਉਂ ਦਨ-ਦਨਾਉਂਦਾ ਚੁੱਪ ਖ਼ਿਲਾਅ ਹੈ । ਮਰ ਰਿਹਾ ਜੀਵਨ ਦਾ ਚਾਅ ਹੈ । ਏਨੀ ਡੂੰਘੀ ਚੁੱਪ ਨੂੰ ਮੈਂ ਕਿੰਜ ਤੋੜਾਂ । ਤੇ ਸਮੇਂ ਦੀ ਵਾਗ ਮੋੜਾਂ । ਫਿਰ ਅਚਾਨਕ ਸੋਚ ਆਵੇ । ਜੇ ਨਹੀਂ ਸੁਣਦੇ ਤਾਂ ਲੋਕੀਂ ਨਾ ਸਹੀ । ਅਸਰ ਰੱਖਦੀ ਹੈ ਹਮੇਸ਼ਾਂ ਗੱਲ ਕਹੀ । ਦੂਰ ਥਾਂ, ਏਥੇ ਜਾਂ ਕਿਧਰੇ ਹੋਰ ਥਾਵੇਂ । ਤੁਰ ਰਿਹਾ ਹਰ ਸ਼ਖਸ ਮੇਰਾ ਆਪਣਾ ਹੈ । ਬੋਲਦਾ ਹਰ ਆਦਮੀ ਮੇਰਾ ਭਰਾ ਹੈ । ਤਪ ਰਿਹਾ ਮੈਂ ਹੀ ਹਾਂ ਹਰ ਥਾਂ ਕੁ ਥਾਂ । ਧਰਤ ਬਦਲਣ ਨਾਲ ਬਦਲੇ ਮੇਰਾ ਨਾਂ । ਆਖਦਾ ਉਹ, ਜੇ ਭਲਾ ਪੁੱਛੋਗੇ ਮੈਨੂੰ, ਤੂੰ ਗੁਲਾਮੀ ਨੂੰ ਕਿਹੋ ਜਹੀ ਸਮਝਦਾ ਹੈਂ? ਮੈਂ ਕਹੂੰ ਔਰਤ ਦੇ ਪੈਰੀਂ ਛਣਕਦੀ ਪੰਜੇਬ ਵਰਗੀ । ਜੇ ਕਹੋਗੇ ਜ਼ੁਲਮ ਦੀ ਸੂਰਤ ਪਛਾਣ । ਮੈਂ ਕਹੂੰ ਗੋਰਾ ਫਰੰਗੀ, ਫਿਰ ਕਹਾਂਗਾ ਬੀਤਿਆਂ ਵਕਤਾਂ 'ਚ ਔਰੰਗਜ਼ੇਬ ਵਰਗੀ । ਫੇਰ ਉੱਚੀ 'ਵਾਜ਼ ਮਾਰੇ ਤੇ ਉਚਾਰੇ । ਏਸ ਧਰਤੀ ਨੂੰ ਸੁਹਾਗਣ ਕਰਨ ਵਾਲੇ, ਮਾਂਗ ਅੰਦਰ ਖ਼ੂਨ ਦਾ ਸੰਧੂਰ ਹੱਥੀਂ ਭਰਨ ਵਾਲੇ, ਦੂਰ ਕਾਫ਼ੀ ਦੂਰ ਤੁਰ ਗਏ ਜਾਪਦੇ ਨੇ । ਓਸ ਨੂੰ ਇਹ ਵੀ ਪਤਾ ਸੀ, ਓਸ ਦੇ ਵੱਡਿਆਂ ਨੇ "ਪੱਗ ਸਾਂਭਣ" ਦੀ ਪਹਿਲੀ ਬਾਤ ਪਾਈ । ਸੌਂ ਰਹੀ ਜਨਤਾ ਜਗਾਈ, ਰੀਤ ਪਾਈ । ਜ਼ੁਲਮ ਦੇ ਅੱਗੇ ਖਲੋਈਏ ਹਿੱਕ ਤਣ ਕੇ । ਜੀਵੀਏ ਤਾਂ ਜੀਵੀਏ ਸਿਰਦਾਰ ਬਣ ਕੇ । ਜੱਲ੍ਹਿਆਂ ਵਾਲੇ 'ਚ ਜਦ ਕਤਲਾਮ ਹੋਇਆ ਉਹ ਅਜੇ ਬੱਚਾ ਸੀ ਭਾਵੇਂ, ਕਹਿਣ ਲੱਗਾ "ਕਹਿਰ ਹੋਇਆ ।" ਤੁਰ ਲਾਹੌਰੋਂ ਆ ਗਿਆ ਉਹ ਰਾਤੋ ਰਾਤੇ ਅੰਬਰਸਰ । ਉਸ ਦੇ ਮਨ ਅੰਦਰ ਨਹੀਂ ਸੀ ਕੋਈ ਵੀ ਡਰ । ਰੱਤ ਭਿੱਜੀ ਮਿੱਟੀ ਉਸ ਸ਼ੀਸ਼ੀ 'ਚ ਪਾਈ ਕਸਮ ਖਾਈ, ਜ਼ੁਲਮ ਤੇ ਜ਼ਾਲਮ ਨੂੰ ਏਥੋਂ ਕੱਢਣਾ ਹੈ । ਕਰਨੀਆਂ ਆਜ਼ਾਦ ਪੌਣਾਂ, ਧੁੱਪਾਂ ਛਾਵਾਂ, ਜੂੜ ਗੋਰੇਸ਼ਾਹੀ ਦਾ ਹੁਣ ਵੱਢਣਾ ਹੈ । ਨਾਲ ਉਹਦੇ ਰਲ਼ ਗਏ ਕੁਝ ਹਮ-ਖਿਆਲ । ਮੁਕਤੀਆਂ ਦੇ ਪਾਂਧੀਆਂ ਤੋਂ ਫੜ ਮਿਸ਼ਾਲ । ਕਾਫ਼ਲਾ ਬਣ ਤੁਰ ਪਿਆ ਉਹ ਬੇਮਿਸਾਲ । ਵਿਸ਼ਵ-ਦਰਸ਼ਨ ਨਾਲ ਉਸ ਮੱਥਾ ਜਗਾਇਆ । ਹਾਣੀਆਂ ਨੂੰ ਕਹਿ ਸੁਣਾਇਆ । ਹਰ ਜਗ੍ਹਾ ਸ਼ਸਤਰ ਨਹੀਂ ਹਥਿਆਰ ਹੁੰਦਾ । ਬਹੁਤ ਵਾਰੀ ਸ਼ਾਸਤਰ ਵੀ ਯਾਰ ਹੁੰਦਾ । ਉਹ ਕਿਤਾਬਾਂ ਬਹੁਤ ਪੜ੍ਹਦਾ, ਗਿਆਨ ਪੀਂਦਾ । ਸ਼ਬਦ ਸੋਝੀ ਨਾਲ ਜੀਂਦਾ । ਆਪ ਲਿਖਦਾ ਜਦ ਕਦੇ ਵੀ, ਨੇਰ੍ਹਿਆਂ ਦੇ ਜਾਲ਼ ਤਾਰੋ ਤਾਰ ਕਰਦਾ । ਦੇਸ਼ ਦੇ ਫ਼ਿਕਰਾਂ 'ਚ ਜੀਂਦਾ ਨਾਲ ਮਰਦਾ । ਵਿਸ਼ਵ ਦੇ ਯੋਧੇ ਉਹਦੇ ਸੰਗੀ ਬਣੇ ਸੀ । ਵੱਖ ਵੱਖ ਥਾਵਾਂ ਤੇ ਜੋ ਸੋਚਾਂ ਜਣੇ ਸੀ । ਬੰਬ ਤੇ ਪਿਸਤੌਲ ਵੀ ਸਾਥੀ ਬਣਾਏ । ਪਰ ਇਰਾਦਾ ਸਾਫ਼ ਸੀ ਕਿ, ਉਸ ਦੇ ਹੱਥੋਂ ਨਾ ਬੇਦੋਸ਼ੀ ਜਾਨ ਜਾਵੇ । ਚਮਕਿਆ ਸੂਰਜ ਦੇ ਵਾਂਗੂੰ ਦੇਸ਼ ਅੰਦਰ । ਪਰ ਕਦੇ ਪ੍ਰਵਾਨਿਆ ਨਾ ਪੋਰਬੰਦਰ । ਓਸ ਨੇ ਗਾਇਆ ਸੀ ਇੱਕੋ ਹੀ ਤਰਾਨਾ । ਬਣਨ ਨਹੀਂ ਦੇਣਾ ਵਤਨ ਨੂੰ ਜੇਲ੍ਹਖ਼ਾਨਾ । ਆਪਣੀ ਹੋਣੀ ਨੂੰ ਆਪੇ ਹੀ ਲਿਖਾਂਗੇ । ਦੂਸਰੇ ਦਾ ਹੁਕਮ ਕਿਉਂ ਰਾਹ ਵਿਚ ਖਲੋਏ । ਜਾਗ ਉੱਠਦੇ ਸੁਪਨ ਸੁੱਤੇ, ਬਿਰਧ, ਬੱਚੇ, ਓਸ ਦੇ ਹਰ ਬੋਲ ਵਿਚੋਂ ਰੱਤ ਚੋਏ । ਓਸ ਦੇ ਸਿਰ ਬੋਲਦਾ ਇੱਕੋ ਜਨੂੰਨ । ਬਣਦੇ ਕਿਉਂ ਨੇ ਰਾਤ ਦਿਨ ਕਾਲੇ ਕਾਨੂੰਨ । ਦੇਸ਼ ਦੀ ਦੌਲਤ ਬੇਗਾਨੇ ਲੁੱਟਦੇ ਨੇ । ਜਿਸਨੂੰ ਜਿੱਥੇ ਜੀਅ 'ਚ ਆਵੇ, ਅਮਨ ਤੇ ਕਾਨੂੰਨ ਦਾ ਕਰਕੇ ਬਹਾਨਾ, ਆਪ ਹੀ ਬਣ ਬਹਿੰਦੇ ਮੁਨਸਿਫ਼, ਚੌਂਕ ਵਿਚ ਢਾਹ ਕੁੱਟਦੇ ਨੇ । ਜਿਸ ਨੂੰ ਜਿੱਥੇ ਜੀਅ 'ਚ ਆਵੇ, ਛਾਂਗ ਦੇਂਦੇ, ਪਾੜ ਦੇਂਦੇ । ਉਮਰ ਕੈਦਾਂ, ਨਰਕ ਕੁੰਭੀ, ਫਾਂਸੀਆਂ ਤੇ ਚਾੜ੍ਹ ਦੇਂਦੇ । ਰਹਿਣ ਦੇਣਾ ਹੁਣ ਕੋਈ ਸੰਗਲ ਨਹੀਂ ਹੈ । ਦੇਸ਼ ਹੈ ਇਹ, ਇਹ ਕੋਈ ਜੰਗਲ ਨਹੀਂ ਹੈ । ਹੋਰ ਨਹੀਂ ਝੱਲਣੀ ਭਰਾਓ ਹੁਣ ਜ਼ਲਾਲਤ । ਆਪਣੇ ਵਿਸ਼ਵਾਸ ਦੀ ਕੀਤੀ ਸੀ ਉਹਨੇ ਖ਼ੁਦ ਵਕਾਲਤ । ਬੋਲਦੀ ਕੀਹ ਓਸ ਦੇ ਅੱਗੇ ਅਦਾਲਤ? ਮੁਨਸਿਫ਼ਾਂ ਨੂੰ ਓਸ ਹਰ ਵਾਰੀ ਸੁਣਾਇਆ । ਫ਼ੈਸਲਾ ਦੇਂਦੇ ਹੋ ਮਾਲਕ ਜੋ ਲਿਖਾਇਆ । ਹੱਕ ਤੇ ਇਨਸਾਫ਼ ਵੀ ਕਰਿਆ ਕਰੋ । ਆਪਣੀ ਨਜ਼ਰੋਂ ਨਾ ਡਿੱਗੋ, ਕੌਡਾਂ ਬਦਲੇ, ਰੋਜ਼ ਨਾ ਮਰਿਆ ਕਰੋ । ਮੈਂ ਹਕੂਮਤ ਤੋਂ ਕਦੇ ਡਰਨਾ ਨਹੀਂ ਹੈ । ਫਾਂਸੀ ਚੜ੍ਹ ਕੇ ਵੀ ਕਦੇ ਮਰਨਾ ਨਹੀਂ ਹੈ । ਮੈਂ ਤਾਂ ਸੂਰਜ ਹਾਂ- ਉਦੈ ਹੋਵਾਂਗਾ ਫ਼ੇਰ । ਜ਼ੁੰਮੇਵਾਰੀ ਹੈ, ਮਿਟਾਉਣਾ ਕੂੜ੍ਹ ਨੇਰ੍ਹ । ਨਰਮ-ਪੰਥੀ ਅਰਜ਼ਮੰਦਾਂ ਨੂੰ ਵੀ ਸਿੱਧਾ ਆਖਿਆ ਸੀ । ਐਵੇਂ ਇਹ ਹਥਿਆਰ ਤੱਕ ਕੇ, ਦੋਸ਼ ਨਾ ਝੂਠੇ ਘੜੋ । ਵਿਸ਼ਵ-ਦਰਸ਼ਨ ਨਾਲ ਵੀ ਕੁਝ ਸਾਂਝ ਪਾਉ ਤੇ ਪੜ੍ਹੋ । ਆਖਦੀ ਏ ਮੁਕਤੀਆਂ ਦੀ ਹਰ ਕਿਤਾਬ । ਲੋਕ ਮੁਕਤੀ ਦਾ ਵਸੀਲਾ, ਸਿਰਫ਼ ਇੱਕੋ-ਇਨਕਲਾਬ । ਕੌਮ ਨੂੰ ਕਿੰਨਾ ਕੁ ਚਿਰ ਰੱਖੋਗੇ ਹਾਲੇ ਨਾਅਰਿਆਂ ਵਿਚ । ਹੋਰ ਨਾ ਪਰਚੇਗੀ ਹੁਣ ਇਹ ਲਾਰਿਆਂ ਵਿਚ । ਦੇਸ਼ ਨੂੰ ਗੁਰਬਤ ਹਨ੍ਹੇਰਾ ਖਾ ਰਿਹਾ ਹੈ । ਦੇਸ਼ ਦਾ ਸਰਮਾਇਆ ਕਿੱਥੇ ਜਾ ਰਿਹਾ ਹੈ? ਦੇਸ਼ ਦੀ ਪੀੜਾ ਨੂੰ ਜਾਣੋ ਤੇ ਪਛਾਣੋ । ਅੱਜ ਵੀ ਓਹੀ ਸਵਾਲ । ਕਰ ਰਹੇ ਨੇ ਲੋਕਾਂ ਤਾਈਂ ਫਿਰ ਹਲਾਲ । ਮੈਂ ਸ਼ਹਾਦਤ ਦੇਣ ਲਈ ਹਾਜ਼ਰ ਖੜ੍ਹਾ ਹਾਂ । ਮੈਂ ਤਾਂ ਲੰਮੇ ਸਫ਼ਰ ਦਾ ਕੇਵਲ ਪੜਾਅ ਹਾਂ ।
ਪੰਜ ਸਦੀਆਂ ਪਰਤ ਕੇ
ਡੇਰਾ ਬਾਬਾ ਨਾਨਕ ਸਰਹੱਦ ਤੇ ਖਲੋ ਕੇ ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ । ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ । ਖੇਤਾਂ ਨੂੰ ਵਾਹੁੰਦਾ, ਬੀਜਦਾ ਤੇ ਆਪ ਪਾਲਣਹਾਰ ਹੈ । ਜਪਦਾ ਨਾ ਕੱਲ੍ਹੇ ਨਾਮ ਨੂੰ, ਹੱਥੀਂ ਵੀ ਕਰਦਾ ਕਾਰ ਹੈ । ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ । ਕੱਢਦਾ ਸਿਆੜ੍ਹ ਫੇਰ ਖ਼ੁਦ, ਰੂਹਾਂ 'ਚ ਬਾਣੀ ਕੇਰਦਾ । ਮਾਲਾ ਨਾ ਕੱਲ੍ਹੀ ਘੁੰਮਦੀ, ਮਨ ਦੇ ਵੀ ਮਣਕੇ ਫੇਰਦਾ । ਰਾਵੀ ਦੇ ਕੰਢੇ ਵਰਤਦਾ ਅਦਭੁਤ ਨਜ਼ਾਰਾ ਵੇਖਿਆ । ਨਿਸ਼ਕਾਮ ਨਿਰਛਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ । ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ । ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ । ਪੰਜ ਸਦੀਆਂ ਬਾਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ । ਛੇੜਦਾ ਨਾ ਸੁਰ ਅੱਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ । ਸੁਰਤਿ ਦਾ ਤਾਹੀਓਂ ਹੀ ਤਾਂ ਪੈਂਦਾ ਖਿਲਾਰਾ ਵੇਖਿਆ । ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁਣ ਰਬਾਬ ਨੂੰ । ਤਾਹੀਓਂ ਸਿਉਂਕ ਲੱਗ ਗਈ ਬਾਬਾ ਤੇਰੇ ਪੰਜਾਬ ਨੂੰ । ਰੂਹਾਂ ਨੂੰ ਚੀਰੀ ਜਾ ਰਿਹਾ, ਭਟਕਣ ਦਾ ਆਰਾ ਦੇਖਿਆ । ਦੇ ਕੇ ਪੰਜਾਲੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ । ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ । ਇਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ । ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ । ਬੇਈਂ 'ਚੋਂ ਉਚਰੇ ਸ਼ਬਦ ਦਾ ਭੀੜਾਂ 'ਚ ਚਿਹਰਾ ਖੋ ਗਿਆ । ਅੰਨ੍ਹੀ ਰੱਯਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ । ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ । ਚੜ੍ਹਦੀ ਬਾਰਾਤ ਕੂੜ ਦੀ, ਬੱਦਲ ਸਿਆਸੀ ਗੱਜਦੇ । ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ । ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ । ਤੇਜ਼ ਰਫ਼ਤਾਰੀ 'ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ । ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ । ਸਿੱਧਾਂ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ । ਅੱਚਲ ਵਟਾਲਾ ਛੱਡ ਕੇ, ਥਾਂ-ਥਾਂ ਚਲਾਉਂਦੇ ਹੱਟ ਕਈ । ਭਰਮਾਂ ਦਾ ਭਾਂਡਾ ਭਰ ਗਿਆ, 'ਗੋਸ਼ਟਿ' ਵਿਚਾਰਾ ਵੇਖਿਆ । ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ । ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ । 'ਤਰਕ' ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ । ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ । ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ । ਉੱਡਦਾ ਅੰਬਰ 'ਚ ਮੈਂ, ਫੂਕੀ ਗੁਬਾਰਾ ਵੇਖਿਆ । 'ਜਪੁਜੀ' ਦੀ ਸਿਰਜਣ-ਭੂਮ ਦੇ ਚੇਤੇ ਨਿਰੰਤਰ ਡੰਗਦੇ । ਤਾਹੀਓਂ ਹੀ ਤੇਰੇ ਪੁੱਤ ਸੀ ਰਾਵੀ ਤੋਂ ਲਾਂਘਾ ਮੰਗਦੇ । ਪੂਰੀ ਕਰੀ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ । ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ ।
ਗੂੜ੍ਹੀ ਨੀਂਦਰ ਸੁੱਤੇ ਪੁੱਤਰ ਪੰਜ ਦਰਿਆਵਾਂ ਦੇ
ਗੂੜ੍ਹੀ ਨੀਂਦਰ ਸੁੱਤੇ ਪੁੱਤਰ ਪੰਜ ਦਰਿਆਵਾਂ ਦੇ । ਟੁਕੜੇ ਟੁਕੜੇ ਹੋ ਗਏ ਤਹੀਂਉਂ ਅੱਥਰੇ ਚਾਵਾਂ ਦੇ । ਸ਼ੇਰਾਂ ਦੇ ਪੁੱਤ ਸ਼ੇਰ ਕਹਾਵਤ ਝੂਠੀ ਜੱਗ ਦੀ ਏ । ਮਾਂ ਦੇ ਦੁੱਧ ਨੂੰ ਲਾਜ ਰੋਜ਼ਾਨਾ ਏਥੇ ਲੱਗਦੀ ਏ । ਕੱਚੀ ਤੰਦ ਤੋਂ ਕੱਚੇ ਹੋ ਗਏ ਰਿਸ਼ਤੇ ਲਾਵਾਂ ਦੇ । ਟੁਕੜੇ ਟੁਕੜੇ ਹੋ ਗਏ ਤਹੀਂਉਂ ਅੱਥਰੇ ਚਾਵਾਂ ਦੇ । ਸਾਡੀ ਸੀ ਮਰਿਆਦਾ ਸਾਰੇ ਰਲ਼ ਕੇ ਖਾਂਦੇ ਸੀ । ਏਕਸ ਕੇ ਹਮ ਬਾਰਿਕ, 'ਕੱਠੇ ਬੋਲ ਸੁਣਾਂਦੇ ਸੀ । ਜਾਨ ਦੇ ਵੈਰੀ ਹੋ ਗਏ ਜਿਹੜੇ ਸਾਂਝੀ ਸਾਹਵਾਂ ਦੇ । ਟੁਕੜੇ ਟੁਕੜੇ ਹੋ ਗਏ ਤਹੀਂਉਂ ਅੱਥਰੇ ਚਾਵਾਂ ਦੇ । ਚੜ੍ਹੀ ਖ਼ੁਮਾਰੀ ਨਸ਼ਿਆਂ ਦੀ ਸਭ ਪੁੱਤਰ ਧੀਆਂ ਨੂੰ । ਕਿਹੜਾ ਬਹਿ ਸਮਝਾਏ, ਗਰਕੇ ਘਰ ਦੇ ਜੀਆਂ ਨੂੰ । ਬਿਰਖ਼ ਸੁਣਾਉਂਦੇ ਬਾਤਾਂ ਜੀ, ਹਰ ਪਿੰਡ ਦੀਆਂ ਰਾਹਵਾਂ ਦੇ । ਟੁਕੜੇ ਟੁਕੜੇ ਹੋ ਗਏ ਤਹੀਂਉਂ ਅੱਥਰੇ ਚਾਵਾਂ ਦੇ । ਮਿੱਟੀ ਖ਼ਾਤਰ ਮਰ ਚੱਲੇ, ਇੱਕ ਮਾਂ ਦੇ ਜਾਏ ਨੇ । ਇਸ ਧਰਤੀ ਤੇ ਕੈਸੇ ਉਲਟ ਜ਼ਮਾਨੇ ਆਏ ਨੇ । ਗ਼ਰਜ਼ਾਂ ਵਿੰਨ੍ਹੇ ਰਿਸ਼ਤੇ, ਟੁੱਟ ਗਏ ਮਾਣ ਭਰਾਵਾਂ ਦੇ । ਟੁਕੜੇ ਟੁਕੜੇ ਹੋ ਗਏ ਤਹੀਂਉਂ ਅੱਥਰੇ ਚਾਵਾਂ ਦੇ ।
ਸ਼ੀਸ਼ਾ ਸਵਾਲ ਕਰਦਾ ਹੈ
ਲਾਹੌਰ ਸ਼ਹਿਰ 'ਚ, ਸ਼ਾਹੀ ਕਿਲ੍ਹੇ ਸਾਹਮਣੇ, ਗੁਰੂਦੁਆਰਾ ਡੇਰਾ ਸਾਹਿਬ ਵਿੱਚ, ਵੱਡਾ ਸਾਰਾ, ਅੰਬਰ ਜੇਡਾ ਸ਼ੀਸ਼ਾ ਲੱਗਾ ਹੈ । ਜਿਸ 'ਚ ਜਹਾਂਗੀਰ ਹਰ ਰੋਜ਼, ਆਪਣਾ ਚਿਹਰਾ ਨਿਹਾਰਦਾ । ਖ਼ੁਦ ਨੂੰ ਫਿਟਕਾਰਦਾ, ਕੁਝ ਏਦਾਂ ਮੂੰਹੋਂ ਉਚਾਰਦਾ ਹੈ । ਜਿਸ ਸ਼ਬਦ ਨੂੰ, ਮੈਂ ਤੱਤੀ ਤਵੀ ਤੇ ਬਿਠਾਇਆ । ਹਰ ਜ਼ੁਲਮ ਕਮਾਇਆ । ਉਹ ਅੱਜ ਵੀ ਸਹਿਜਮਤੇ ਠੰਢ ਵਰਤਾਵੇ । ਦੁਹਾਈ ਓ ਮੇਰੇ ਅੱਲ੍ਹਾ ਦੀ ਦੁਹਾਈ, ਮੈਨੂੰ ਇਹ ਗੱਲ ਸਮਝ ਨਾ ਆਵੇ । ਸ਼ਹਿਰ ਲਾਹੌਰੋਂ, ਬਰਫ਼ ਦੇ ਘਰ ਕਸ਼ਮੀਰ 'ਚ ਜਾ ਕੇ ਵੀ, ਅੱਗ ਮੇਰੇ ਨਾਲ ਨਾਲ ਤੁਰੀ ਆਈ । ਹਿੱਕ 'ਚ ਬਲਦੀ ਹੈ, ਉਦੋਂ ਦੀ ਚਵਾਤੀ ਲਾਈ । ਏਨੀਆਂ ਸਦੀਆਂ ਬਾਅਦ, ਪੁਸ਼ਤ ਦਰ ਪੁਸ਼ਤ, ਇਹੀ ਅੱਗ ਮੇਰਾ ਅੱਜ ਵੀ ਪਿੱਛਾ ਕਰਦੀ । ਜਬਰ ਜ਼ੁਲਮ ਤੋਂ ਭੋਰਾ ਵੀ ਨਾ ਡਰਦੀ । ਭਾਣਾ ਮਿੱਠਾ ਕਰ ਮੰਨਦੀ, ਸਵਾਸ ਸਵਾਸ ਹਰ ਹਰ ਕਰਦੀ, ਇਹੀ ਆਖਦੀ ਹੈ, ਜਹਾਂਗੀਰ! ਸੱਤਾ ਨਾਲ ਬਗਲਗੀਰ! ਭੁੱਲੀਂ ਨਾ । ਬਾਦਸ਼ਾਹਾਂ ਦੀ ਬਦੀ ਚੂਸਦੀ ਹੈ ਰੱਤ, ਪਰ, ਪਾਤਿਸ਼ਾਹ ਸਾਂਭਦੇ ਨੇ ਅਣਖ਼ੀਲੀ ਪੱਤ । ਵਕਤ! ਮੈਨੂੰ ਮੁਆਫ਼ ਕਰੀਂ, ਮੈਂ ਤੱਤੀ ਤਵੀ, ਬਲ਼ਦੀ ਰੇਤ, ਤੇ ਵਗਦੀ ਰਾਵੀ 'ਚ, ਹਰ ਰੋਜ਼ ਤਪਦਾ, ਸੜਦਾ ਤੇ ਡੁੱਬਦਾ ਹਾਂ । ਕਿਲ੍ਹੇ 'ਚੋਂ ਹਰ ਰੋਜ਼ ਨਿਕਲਦਿਆਂ, ਸ਼ੀਸ਼ਾ ਮੈਨੂੰ ਅਨੇਕਾਂ ਸੁਆਲ ਕਰਦਾ ਹੈ । ਹਾਲੋਂ ਬੇਹਾਲ ਕਰਦਾ ਹੈ, ਸਾਰਾ ਦਿਨ ਪਿੱਛਾ ਨਹੀਂ ਛੱਡਦਾ । ਬੇਹੱਦ ਨਿਢਾਲ ਕਰਦਾ ਹੈ । ਸਵਾਲ ਦਰ ਸਵਾਲ ਕਰਦਾ ਸ਼ੀਸ਼ਾ, ਬੇਜਿਸਮ ਹੈ, ਮੈਥੋਂ ਟੁੱਟਦਾ ਨਹੀਂ । ਨਿਰਾਕਾਰ ਹੈ, ਭੋਰਾ ਵੀ ਫੁੱਟਦਾ ਨਹੀਂ । ਇਹ ਸ਼ੀਸ਼ਾ ਮੈਨੂੰ ਸੌਣ ਨਹੀਂ ਦਿੰਦਾ ।
ਮੈਥੋਂ ਦੂਰ ਨਹੀਂ ਨਨਕਾਣਾ
ਦਮ ਦਮ ਦੇ ਗੇੜੇ ਦਰਸ ਕਰਾਂ, ਸਾਹਾਂ ਵਿੱਚ ਆਉਣਾ ਜਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ । ਮੱਝੀਆਂ ਦਾ ਛੇੜੂ ਵੇਖ ਰਿਹਾਂ, ਨਾਨਕ ਨੂੰ ਮੱਝੀਆਂ ਚਾਰਦਿਆਂ । ਦੂਜੇ ਦੇ ਮਨ ਨੂੰ ਜਿੱਤਣ ਲਈ, ਖ਼ੁਦ ਆਪਣੇ ਹੱਥੋਂ ਹਾਰਦਿਆਂ । ਮੈਂ ਵੇਖ ਰਿਹਾਂ ਹਾਂ ਰਾਏ ਬੁਲਾਰ, ਵਕਤੋਂ ਵੀ ਵੱਧ ਸਿਆਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ । ਮਰਦਾਨਾ ਛੇੜੇ ਤਾਨ ਜਦੋਂ, ਜੰਗਲ ਤੇ ਬੇਲੇ ਸੁਣਦੇ ਨੇ । ਤੇ ਸ਼ਬਦ ਇਲਾਹੀ ਨਾਨਕ ਦੇ, ਪੌਣਾਂ 'ਚੋਂ ਜ਼ਹਿਰਾਂ ਪੁਣਦੇ ਨੇ । ਹਿੰਦੂ ਦੀ ਪੱਤਰੀ ਕੂੜ ਕਹੇ, ਤੁਰਕੂ ਨੂੰ ਆਖੇ ਕਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ । ਉਸ ਮਿੱਟੀ ਤੋਂ ਬਲਿਹਾਰੀ ਹਾਂ, ਜਿੱਥੇ ਵੀ ਸੂਰਜ ਉੱਗਦਾ ਹੈ । ਹੱਕ ਸੱਚ ਅਤੇ ਇਨਸਾਫ਼ ਜਿਹਾ, ਜਿਸ ਪਿੰਡ ਨੂੰ ਸੌਦਾ ਪੁੱਗਦਾ ਹੈ । ਨਜ਼ਰਾਂ ਵਿੱਚ ਜਿਥੇ ਫ਼ਰਕ ਨਹੀਂ, ਇੱਕੋ ਜਹੇ ਰੰਕ ਤੇ ਰਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀ ਨਨਕਾਣਾ । ਉਸ ਜੰਡ ਨੂੰ ਮੇਰਾ ਸੀਸ ਝੁਕੇ, ਜਿਸ ਨਾਲ ਸੀ ਲਛਮਣ ਸਿੰਘ ਸੜਿਆ । ਕੁਰਬਾਨੀ ਬਿਨ ਕੁਝ ਲੱਭੇ ਨਾ, ਜਿਸ ਪਾਠ ਪੜ੍ਹਾਇਆ, ਖ਼ੁਦ ਪੜ੍ਹਿਆ । ਹਰ ਯੁਗ ਵਿੱਚ ਮਹੰਤ ਨਰੈਣੂ ਨੇ, ਏਦਾਂ ਹੀ ਕਹਿਰ ਕਮਾਣਾ । ਕਣ ਕਣ 'ਚੋਂ ਬੋਲੇ ਸਬਕ ਸਦਾ, ਮੇਰੇ ਮਨ ਵਿਚਲਾ ਨਨਕਾਣਾ । ਹੱਦਾਂ ਸਰਹੱਦਾਂ ਸਾਂਭ ਲਵੋ, ਮੈਂ ਵੀਜ਼ੇ ਪਰਮਿਟ ਕੀ ਕਰਨੇ । ਦਿਲ ਅੰਦਰ ਝਾਤੀ ਮਾਰ ਲਵਾਂ, ਜਦ ਚਾਹਾਂ ਦਰਸ਼ਨ ਖ਼ੁਦ ਕਰਨੇ । ਮੈਂ ਆਪਣੇ ਮਨ ਦਾ ਹਾਕਮ ਹਾਂ, ਜਿੱਥੇ ਕੋਈ ਨਾ ਚੌਂਕੀ, ਠਾਣਾ । ਮੇਰੇ ਮਨ ਮਸਤਕ ਵਿੱਚ ਵੱਸਦਾ ਏ, ਮੈਥੋਂ ਦੂਰ ਨਹੀਂ ਨਨਕਾਣਾ ।
ਛੇੜ ਮਰਦਾਨਿਆ ਤੂੰ ਸੁਰਾਂ ਰੱਬ ਰੰਗੀਆਂ
ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ । ਬੋਲ ਪਏ ਰਬਾਬ ਹੁਣ ਚੁੱਪਾਂ ਨਹੀਉਂ ਚੰਗੀਆਂ । ਸੁਰਾਂ ਵਿੱਚ ਦਾਤਾ ਗੰਜਬਖ਼ਸ਼, ਫ਼ਰੀਦ ਹੈ । ਸੂਫ਼ੀ ਸ਼ਾਹ ਹੁਸੈਨ ਇਹਦਾ ਬੁੱਲ੍ਹਾ ਵੀ ਮੁਰੀਦ ਹੈ । ਕੋਝੀਆਂ ਸਿਆਸਤਾਂ ਨੇ ਜਾਨਾਂ ਸੂਲੀ ਟੰਗੀਆਂ । ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ । ਆਪਣੇ ਹੀ ਰੰਗ ਦੇ ਬਣਾਏ ਇਨ੍ਹਾਂ ਰੱਬ ਨੇ । ਚੁੰਨੀਆਂ ਤੇ ਪੱਗਾਂ ਛੱਡ, ਸੋਚਾਂ ਵਿੱਚ ਡੱਬ ਨੇ । ਕਿਹੜਿਆਂ ਕੁਚੱਜਿਆਂ ਲਲਾਰੀਆਂ ਨੇ ਰੰਗੀਆਂ । ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ । ਬੋਲ ਪਏ ਰਬਾਬ ਸੁਰ ਤਾਲ ਰਹਿਣ ਲੱਗਦੇ । ਮਨਾਂ 'ਚ ਹਮੇਸ਼ ਹੀ ਚਿਰਾਗ ਰਹਿਣ ਜਗਦੇ । ਵੱਖ ਵੱਖ ਵਹਿਣ ਦੋਵੇਂ, ਗੱਲਾਂ ਨਹੀਉਂ ਚੰਗੀਆਂ । ਛੇੜ ਮਰਦਾਨਿਆਂ ਤੂੰ ਸੁਰਾਂ ਰੱਬ-ਰੰਗੀਆਂ । ਬਿਨਾ ਵਿਸਮਾਦ ਮਨ ਬੜਾ ਹੀ ਉਦਾਸ ਹੈ । ਟੁੱਟੀ ਤਾਰ ਜੋੜ ਬਾਬਾ, ਤੇਰੇ ਤੋਂ ਇਹ ਆਸ ਹੈ । ਪਹਿਲਾਂ ਨਾਲੋਂ ਵੱਧ ਭਾਵੇਂ ਸਾਡੇ ਘਰੀਂ ਤੰਗੀਆਂ । ਛੇੜ ਮਰਦਾਨਿਆ ਤੂੰ ਸੁਰਾਂ ਰੱਬ-ਰੰਗੀਆਂ । ਬੋਲ ਪਏ ਰਬਾਬ ਹੁਣ ਚੁੱਪਾਂ ਨਹੀਂਉਂ ਚੰਗੀਆਂ ।
ਪੁੱਤਰੋ ਪੰਜਾਬ ਦਿਉ
ਪੁੱਤਰੋ ਪੰਜਾਬ ਦਿਉ, ਬੋਲੀ ਨਾ ਵਿਸਾਰਿਉ । ਆਪਣੇ ਹੀ ਪੈਰਾਂ ਤੇ ਕੁਹਾੜੀਆਂ ਨਾ ਮਾਰਿਉ । ਪੁੱਤ ਹੋ ਲਿਆਕਤਾਂ ਦੇ ਮੇਰੇ ਪੰਜ ਪਾਣੀਉ । ਵੇਦਾਂ ਦੇ ਰਚੇਤਾ ਤੁਸੀਂ ਸਮਿਆਂ ਦੇ ਹਾਣੀਉ । ਵੈਰੀਆਂ ਦੇ ਹੱਲਿਆ ਤੋਂ ਵੇਖਿਉ ਨਾ ਹਾਰਿਉ । ਆਪਣੀ ਜ਼ਬਾਨ ਵਿੱਚ ਬੰਦਾ ਸੌਖਾ ਸਿੱਖਦਾ । ਓਪਰੀ ਜ਼ਬਾਨ ਜਿਵੇਂ ਆਟਾ ਹੋਵੇ ਭਿੱਖ ਦਾ । ਸ਼ਬਦਾਂ ਸਹਾਰੇ ਪੜ੍ਹ ਜ਼ਿੰਦਗੀ ਸੰਵਾਰਿਉ । ਮਿਸ਼ਰੀ ਤੋਂ ਮਿੱਠੀ ਬੋਲੀ ਵਰਗੀ ਜੇ ਮਾਂ ਨਹੀਂ । ਓਸ ਘਰ ਆਉਂਦੀ ਕਦੇ ਚਾਵਾਂ ਵਾਲੀ ਛਾਂ ਨਹੀਂ । ਵੇਖਿਓ ਕਮਾਈਆਂ ਕਦੇ ਜੂਏ 'ਚ ਨਾ ਹਾਰਿਓ । ਕਾਹਦੀਆਂ ਕਮਾਈਆਂ ਧੀਆਂ ਪੁੱਤ ਜੇ ਗੁਆ ਲਏ । ਘਰ ਘਾਟ ਛੱਡ ਅਸੀਂ ਕਿੱਥੇ ਮੰਜੇ ਡਾਹ ਲਏ । ਦੂਜੇ ਦੀ ਪੁਆਂਦੀਂ ਕਦੇ ਬਹਿਣਾ ਨਾ ਪਿਆਰਿਉ । ਪੁੱਤਰੋ ਪੰਜਾਬ ਦਿਉ, ਬੋਲੀ ਨਾ ਵਿਸਾਰਿਉ । ਆਪਣੇ ਹੀ ਪੈਰਾਂ ਤੇ ਕੁਹਾੜੀਆਂ ਨਾ ਮਾਰਿਉ ।
ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ
ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ । ਲੱਭੀਏ ਫੇਰ ਪੁਰਾਣੇ ਡੇਰੇ । ਜੋ ਨਾ ਤੇਰੇ ਨਾ ਹੁਣ ਮੇਰੇ । ਜਿੱਥੇ ਅੱਜ ਕੱਲ੍ਹ ਘੋਰ ਹਨ੍ਹੇਰੇ । ਮੁੜ ਕੇ ਓਹੀ ਥਾਵਾਂ ਮੱਲੀਏ । ਧਰਮ-ਕਰਮ ਦੇ ਨਾਂ ਦੇ ਥੱਲੇ । ਕੂੜ ਕੁਸੱਤ ਦੀ 'ਨ੍ਹੇਰੀ ਚੱਲੇ । ਸਭ ਧਰਮਾਂ ਦੀ ਸੋਚ ਧੁਆਂਖੀ, ਮੌਲਵੀਆਂ ਦੀ ਬੱਲੇ ਬੱਲੇ । ਆ ਇਨ੍ਹਾਂ ਨੂੰ ਫੇਰ ਦਬੱਲੀਏ । ਅਕਲ ਇਲਮ ਸਭ ਵਿਕਦਾ ਹੱਟੀਆਂ । ਸੱਚ ਦੇ ਪਾਂਧੀ ਭਰਦੇ ਚੱਟੀਆਂ । ਵਣਜ ਜ਼ਹਿਰ ਦਾ ਕਰਦੇ ਖੱਟੀਆਂ । ਸਾਡੇ ਵਰਗਿਆਂ ਦੀ ਜਿੰਦ ਕੱਲ੍ਹੀ ਏ । ਮਾਂ ਪਿਉ ਜਾਇਆਂ ਸਕੇ ਭਰਾਵਾਂ । ਵੰਡ ਕੇ ਧਰਤੀ ਪਾੜੀਆਂ ਛਾਵਾਂ । ਨਫ਼ਰਤ ਦੇ ਖੇਤੀ ਤੇ ਫ਼ਸਲਾਂ, ਪਿਆਰ ਦਾ ਬੂਟਾ ਟਾਵਾਂ ਟਾਵਾਂ । ਮੋਹ ਦਾ ਕੋਈ ਸੁਨੇਹਾ ਘੱਲੀਏ । ਡੁੱਬੀ ਬੇੜੀ ਸਣੇ ਖਵੱਈਆ । ਬਣ ਗਿਆ ਸਭ ਦਾ ਬਾਪ ਰੁਪੱਈਆ । ਨੋਟ ਨਚਾਵੇ ਥੱਈਆ ਥੱਈਆ । ਵਗਦੀ ਨੇਰ੍ਹੀ ਨੂੰ ਆ ਠੱਲ੍ਹੀਏ । ਹਾਕਮਾਂ ਸਾਥੋਂ ਬਦਲੇ ਲੀਤੇ । ਸ਼ਰਮ ਦੇ ਘੋਲ ਪਿਆਲੇ ਪੀਤੇ । ਕਿਰਤਾਂ ਵਾਲੇ ਹੱਥ ਤੰਗ ਕੀਤੇ । ਕਾਲੀ ਨੇਰ੍ਹੀ ਫਿਰ ਚੱਲੀ ਏ । ਧਰਮਸਾਲ ਦੇ ਬੂਹੇ ਅੰਦਰ । ਬਾਂਦਰ ਵੱਸਦਾ ਤਨ ਦੇ ਮੰਦਰ । ਕੀਲੇਗਾ ਦੱਸ ਕੌਣ ਕਲੰਦਰ? ਬਿਖੜੇ ਰਾਹਾਂ ਨੂੰ ਹੁਣ ਮੱਲੀਏ । ਚੁੱਪ ਰਹਿਣਾ ਵੀ ਜ਼ੁਲਮ ਹਮਾਇਤ । ਜੀਂਦੇ ਬੰਦੇ ਕਰਨ ਸ਼ਿਕਾਇਤ । ਹੱਕ ਸੱਚ ਇਨਸਾਫ਼ ਰਵਾਇਤ । ਖੰਭ ਲਗਾ ਕੇ ਉੱਡ ਚੱਲੀ ਏ । ਨਾ ਹੀ ਜੀਂਦੇ, ਨਾ ਹੀ ਮੋਏ । ਜਿਥੇ ਸਾਰੇ ਗੁੰਮ ਸੁੰਮ ਹੋਏ । ਹਰ ਕੋਈ ਆਪਣੇ ਆਪ ਨੂੰ ਰੋਏ । ਓਸ ਦੇਸ਼ ਦੀਆਂ ਜੂਹਾਂ ਮੱਲੀਏ ।
ਗ਼ਜ਼ਲ
ਤੜਪ ਰਿਹੈ ਸੌ ਸਾਲ ਤੋਂ ਮਗਰੋਂ, ਜੱਲ੍ਹਿਆਂ ਵਾਲਾ ਬਾਗ ਅਜੇ ਵੀ । ਡਾਇਰ ਤੇ ਓਡਵਾਇਰ ਰਲ਼ ਕੇ, ਗਾਉਂਦੇ ਓਹੀ ਰਾਗ ਅਜੇ ਵੀ । ਆਜ਼ਾਦੀ ਦਾ ਮੁਕਤੀ ਮਾਰਗ, ਹਾਲੇ ਕਿੰਨੀ ਦੂਰ ਸਵੇਰਾ, ਥਾਲੀ ਵਿੱਚ ਅਣਚੋਪੜੀਆਂ ਤੇ, ਨਾਲ ਅਲੂਣਾ ਸਾਗ ਅਜੇ ਵੀ । ਸਰਹੱਦਾਂ ਤੇ ਪਹਿਰੇਦਾਰੀ, ਕਰ ਕਰ ਹਾਰੇ ਕੁੱਲੀਆਂ ਢਾਰੇ, ਸੋਗ ਸੁਨੇਹੇ ਫਿਰਨ ਬਨੇਰੇ, ਕੁਰਲਾਉਂਦਾ ਹੈ ਕਾਗ ਅਜੇ ਵੀ । ਸੁੱਤਿਆ ਲੋਕਾ ਤੇਰੀ ਗਠੜੀ, ਲੈ ਚੱਲੇ ਨੇ ਚੋਰ, ਮੁਸਾਫ਼ਿਰ, ਘਰ ਨੂੰ ਸਾਂਭਣ ਖ਼ਾਤਿਰ ਤੈਨੂੰ, ਕਿਉਂ ਨਾ ਆਵੇ ਜਾਗ ਅਜੇ ਵੀ । ਧਰਮ-ਖੇਤ ਦੇ ਅੰਦਰ ਦੱਬੀ, ਸਾਰੀ ਫ਼ਸਲ ਨਦੀਨਾਂ ਮਾਰੀ, ਮਨ-ਮੰਦਰ ਵਿੱਚ ਕੁਫ਼ਰ ਪਸਾਰਾ, ਕਹੀਏ ਸੁੱਤੇ ਭਾਗ ਅਜੇ ਵੀ । ਛੇ ਸਦੀਆਂ ਤੋਂ ਮਗਰੋਂ ਅੱਜ ਵੀ, ਮੇਰੀ ਕੁੱਲੀ ਓਸੇ ਥਾਂ ਤੇ, ਜਿੱਥੇ ਛੱਡ ਕੇ ਗਿਆ ਕਬੀਰਾ, ਗਲ ਕਟੀਅਨ ਕੇ ਲਾਗ ਅਜੇ ਵੀ । ਧਨਵੰਤੇ ਪਤਵੰਤੇ ਬਣ ਗਏ, ਰੋਲ਼ਣ ਪੱਤ ਜ਼ਮੀਰਾਂ ਬਦਲੇ, ਗੁਣਵੰਤੇ ਛੱਡ, ਬੇਕਦਰਾਂ ਹੱਥ, ਸਮਿਆਂ ਵਾਲੀ ਵਾਗ ਅਜੇ ਵੀ ।
ਗ਼ਜ਼ਲ
ਜ਼ਾਲਮ ਦੇ ਹੱਥ ਡੋਰ ਸਮੇਂ ਦੀ ਸਰਹੰਦ ਦਾ ਵਿਸਥਾਰ ਹੋ ਗਿਆ । ਕਿਸ ਦੇ ਦਰ ਤੇ ਦਸਤਕ ਦੇਵਾਂ, ਹਰ ਬੂਹਾ ਦੀਵਾਰ ਹੋ ਗਿਆ । ਔਰੰਗਜ਼ੇਬ ਅਜੇ ਵੀ ਜੀਵੇ, ਤੇਰੇ ਮੇਰੇ ਸਭ ਦੇ ਅੰਦਰ, ਸੁਪਨੇ ਨੀਹਾਂ ਦੇ ਵਿਚ ਚਿਣਦੈ, ਹਰ ਬੰਦਾ ਸਰਕਾਰ ਹੋ ਗਿਆ । ਰਾਤ ਗਈ, ਤਾਰੇ ਵੀ ਤੁਰ ਗਏ, ਸੂਰਜ ਚੜ੍ਹਿਆ,ਉਹ ਨਾ ਆਇਆ, ਜਿਸਨੂੰ ਲੱਭਦੇ ਉਮਰ ਗਵਾਚੀ, ਸੱਤ ਸਮੁੰਦਰ ਪਾਰ ਹੋ ਗਿਆ । ਨਰਮ ਕਰੂੰਬਲ ਸੱਜਰੀ ਕੋਮਲ, ਦਰਦ ਦਿਲੇ ਦਾ ਬੋਟ ਜਿਹਾ ਸੀ, ਹੁਣ ਤਾਂ ਮੁਸ਼ਕਿਲ ਕਾਬੂ ਕਰਨਾ, ਇਹ ਤਾਂ ਬਹੁਤ ਉਡਾਰ ਹੋ ਗਿਆ । ਮਾਂ ਬੋਲੀ ਮਾਂ ਧਰਤੀ ਤੀਜੀ ਮਾਤਾ ਮੇਰੀ ਪੁੱਛਦੀ ਮੈਨੂੰ, ਪਹਿਰੇਦਾਰਾ! ਤੇਰੇ ਹੁੰਦਿਆਂ, ਤਾਣਾ ਤਾਰੋ -ਤਾਰ ਹੋ ਗਿਆ । ਵੇਚੇ ਨਾਅਰੇ, ਲਾਰੇ ਕਿੰਨੇ, ਉੱਡਣੇ ਪੰਛੀ ਪਿੰਜਰੇ ਤਾੜੇ, ਮੇਰੇ ਅੰਦਰ ਬੈਠਾ ਹਾਕਮ, ਕਿੰਨਾ ਤੇਜ਼ ਤਰਾਰ ਹੋ ਗਿਆ । ਚਾਂਦੀ ਵਾਲਾ ਗੋਲ ਰੁਪਈਆ, ਬਣਿਆ ਸਭ ਦਾ ਬਾਬਲ ਮੱਈਆ, ਅਣਖ਼ ਗੁਆ ਕੇ ਕਣਕਾਂ ਬਦਲੇ, ਬੰਦਾ ਸਿਰ ਦੇ ਭਾਰ ਹੋ ਗਿਆ ।
ਗ਼ਜ਼ਲ
ਪਾਕਿ-ਪਟਨ ਮੈਂ ਆ ਨਹੀਂ ਸਕਿਆ ਆਪਣੇ ਪਿੰਡ ਤੋਂ ਯਾਰ ਫ਼ਰੀਦਾ । ਚੰਗਾ ਕੀਤਾ, ਦਰਸ਼ਨ ਦਿੱਤੇ ਲਹਿ ਗਿਆ ਰੂਹ ਤੋਂ ਭਾਰ ਫ਼ਰੀਦਾ । ਅੱਠ ਸਦੀਆਂ ਤੋਂ ਬਾਦ ਅਜੇ ਵੀ ਮਾਂ ਬੋਲੀ ਗੋਲੀ ਦੀ ਗੋਲੀ, ਸਾਡੇ ਹਾਕਮ ਨੂੰ ਸਮਝਾਈਂ ਜੋੜੀਂ ਟੁੱਟੀ ਤਾਰ ਫ਼ਰੀਦਾ । ਵੇਦ ਕਤੇਬ ਸੁਣਾ ਕੇ ਸਾਨੂੰ, ਲੈਣ ਪਦਾਰਥ ਸ਼ਰਧਾ ਬਦਲੇ, ਪੰਡਿਤ ਮੁੱਲਾਂ ਭਾਈਆਂ ਨੂੰ ਕਹਿ, ਧਰਮ ਨਹੀਂ ਰੁਜ਼ਗਾਰ ਫ਼ਰੀਦਾ । ਰਾਜ ਕਰਦਿਆਂ ਲੋਕਾਂ ਨੇ ਹੁਣ, ਸਗਲ ਪੁਜਾਰੀ ਕੀਲ ਬਿਠਾਏ, ਮਰਯਾਦਾ ਤੇ ਸ਼ਰਮ ਵਿਸਾਰੀ, ਕਰਦੇ ਮਾਰੋ ਮਾਰ ਫ਼ਰੀਦਾ । ਧਰਮਸਾਲ ਚੋਂ ਧਰਮ ਗੁਆਚਾ, ਸ਼ਬਦ ਹਨ੍ਹੇਰੇ ਅੰਦਰ ਡੁੱਬਿਆ, ਸਿਰ ਬੱਧੀ ਦਸਤਾਰ ਪਾਟ ਹਈ, ਚੁੰਨੀ ਤਾਰੋ ਤਾਰ ਫ਼ਰੀਦਾ । ਸ਼ੱਕਰ ਗੰਜ ਨੂੰ ਮੁਸਲਿਮ ਆਖਣ, ਮੈਨੂੰ ਸਿੱਖ, ਈਸਾਈ, ਹਿੰਦੂ, ਕਿੱਥੋਂ ਕਿੱਧਰ ਤੁਰ ਪਏ ਸਾਰੇ, ਇਹ ਮੇਰੇ ਮਨ ਭਾਰ ਫ਼ਰੀਦਾ । ਤੇਰੇ ਤੋਂ ਦੱਸ ਕਾਹਦਾ ਓਹਲਾ, ਕੂੜਾ ਵਣਜ ਵਿਹਾਜ ਰਹੇ ਹਾਂ, ਭਟਕਣ ਵਿੱਚ ਹੈ ਏਸੇ ਕਰਕੇ, ਸਾਡਾ ਦਿਲ-ਦਰਬਾਰ ਫ਼ਰੀਦਾ । ਤੇਰੀ ਬਖ਼ਸ਼ੀ ਮਿੱਠੀ ਬਾਣੀ, ਮਾਖਿਉਂ ਹੈ ਵਿਸਮਾਦ ਸਦੀਵੀ, ਤਾਂਹੀਂਉਂ ਹਰ ਪਲ ਤਾਰ ਟੁਣਕਦੀ, ਰੂਹ ਦੇ ਅੰਦਰਵਾਰ ਫ਼ਰੀਦਾ । ਬਾਬਾ ! ਤੂੰ ਤੇ ਸ਼ਬਦ ਹਿਮਾਲਾ, ਪਹਿਲ ਪਲੇਠੀ ਨੂਰੀ ਟੀਸੀ, ਜਿੰਨੀ ਵਾਰ ਪੜ੍ਹਾਂ ਜਾਂ ਸੁਣਦਾਂ, ਮੈਂ ਜਾਵਾਂ ਬਲਿਹਾਰ ਫ਼ਰੀਦਾ ।
ਪਾਉਂਟਾ ਸਾਹਿਬ ਧੰਨ ਹੈ
ਪਾਉਂਟਾ ਸਾਹਿਬ ਧੰਨ ਹੈ ਤੇ ਧੰਨ ਇਹਦੇ ਲੋਕ ਜਿੱਥੇ , ਮੇਰੇ ਗੁਰੂ ਦਸਵੇਂ ਦਾ ਤੀਰਥ ਸਥਾਨ ਹੈ । ਜੀਹਦੇ ਚੱਪੇ ਚੱਪੇ ਉੱਤੇ ਗੁਰੂ ਦਸਮੇਸ਼ ਜੀ ਦੀ, ਕਿਰਪਾ ਦੀ ਛੋਹ ਅਤੇ ਪੈਰਾਂ ਦਾ ਨਿਸ਼ਾਨ ਹੈ । ਇਕ ਸੀ ਉਦਾਸੀ ਜਿਥੇ ਸਾਧੂ ਕ੍ਰਿਪਾਲ ਦਾਸ, ਘੋਟਣੇ ਨਾ' ਲੜਿਆ ਭੰਗਾਣੀ ਵਾਲਾ ਯੁੱਧ ਸੀ । ਗੁਰੂ ਦਿਆਂ ਚਰਨਾਂ ਦੇ ਨਾਲ ਸੀ ਪ੍ਰੀਤ ਉਹਦੀ, ਤਾਂ ਹੀ ਉਹਨੇ ਜਾ ਕੇ ਕੀਤਾ ਵੈਰੀਆਂ ਨੂੰ ਸੁੱਧ ਸੀ । ਏਥੇ ਮੇਰੇ ਗੁਰੂ ਨੇ ਸੀ ਹੱਕ ਦੀ ਲੜਾਈ ਲੜੀ, ਏਸੇ ਲਈ ਮੈਂ ਕਹਿਨਾਂ ਇਹ ਸਥਾਨ ਤਾਂ ਮਹਾਨ ਹੈ । ਗੁਰੂ ਦੀਆਂ ਸੋਚਾਂ ਦੀ ਮੈਂ ਕਿਵੇਂ ਵਡਿਆਈ ਕਰਾਂ, ਇਕ ਇਕ ਗੱਲ ਪਿੱਛੇ ਲੱਖਾਂ ਹੀ ਕਹਾਣੀਆਂ । ਕਵਿਤਾ ਦੀ ਵਾੜੀ ਨੂੰ ਬਵੰਜਾ ਕਵੀ ਸਿੰਜਦੇ ਸੀ, ਦੱਸਿਆ ਏ ਕਈ ਵਾਰੀ ਯਮੁਨਾ ਦੇ ਪਾਣੀਆਂ । ਇਕ ਹੱਥ ਖੰਡਾ ਦੂਜੇ ਹੱਥ 'ਚ ਕਲਮ ਵੇਖੋ, ਤੇਗ ਦੇ ਬਹਾਦਰਾਂ ਦੀ ਕੈਸੀ ਸੰਤਾਨ ਹੈ । ਜਾਬਰਾਂ ਦੇ ਨਾਲ ਜਿਹੜੇ ਸਾਂਝ ਤੇ ਭਿਆਲ਼ੀ ਪਾਉਣ, ਏਹੋ ਜਹੇ ਕਾਫ਼ਰਾਂ ਨੂੰ ਸਮਾਂ ਨਹੀਂ ਪਿਆਰਦਾ । ਚਿੜੀਆਂ ਤੋਂ ਬਾਜ਼ ਤੁੜਵਾ ਕੇ ਗੁਰੂ ਦੱਸਿਆ ਸੀ, ਲਿੱਸਿਆਂ ਦੇ ਬੇੜੇ ਵਿਸ਼ਵਾਸ ਆਪੇ ਤਾਰਦਾ । ਗਊ ਤੇ ਗਰੀਬ ਵਾਲੀ ਰਾਖੀ ਹੈ ਧਰਮ ਸਾਡਾ, ਇਹੀ ਸਹੀ ਖਾਲਸੇ ਦੀ ਵੱਖਰੀ ਪਛਾਣ ਹੈ । ਰਾਖੀ ਮਜ਼ਲੂਮ ਦੀ ਨਾ ਕਰੇ ਜੋ ਮਨੁੱਖ ਹੋ ਕੇ, ਬੰਦਾ ਨਾ ਉਹ ਕਹੀਏ, ਨਿਰਾ ਧਰਤੀ ਤੇ ਭਾਰ ਹੈ । ਹਾਰ ਜਾਣ ਧਰਤੀ ਤੇ ਹੀਲੇ ਤੇ ਵਸੀਲੇ ਜਦੋਂ, ਆਖਿਆ ਗੋਬਿੰਦ ਉਦੋਂ ਜਾਇਜ਼ ਹਥਿਆਰ ਹੈ । ਸਿਮਰ ਭਗੌਤੀ ਤੁਰੇ ਜੰਗ ਦੇ ਮੈਦਾਨ ਵੱਲੇ, ਇਕ ਹੱਥ ਖੰਡਾ ਦੂਜੇ ਹੱਥ ਕ੍ਰਿਪਾਨ ਹੈ ।
ਲੋਕੀ ਕਰਨ ਗੱਲਾਂ ਤੇਰੇ ਰਾਜ ਦੀਆਂ
ਗੁਜਰਾਂਵਾਲੇ ਦੀਏ ਧਰਤੀਏ ਭੇਜ ਮੁੜ ਕੇ, ਮਹਾਂਬਲੀ ਰਣਜੀਤ ਸਿੰਘ ਵਾਂਗ ਸੂਰਾ । ਜਿਹੜਾ ਕਥਨੀ ਤੇ ਕਰਨੀ ਦਾ ਹੋਏ ਗਾਜ਼ੀ, ਜਿਹੜਾ ਦੀਨ ਈਮਾਨ ਦਾ ਹੋਏ ਪੂਰਾ । ਟੁੱਟੇ ਮੋਤੀ ਪਰੋਏ ਜੋ ਇਕ ਮਾਲਾ, ਸ਼ਾਨਾਂ ਕਰੇ ਸਵਾਈਆਂ ਜੋ ਤਾਜ ਦੀਆਂ । ਕੋਹੇਨੂਰ ਦੇ ਮਾਲਕਾ, ਸੂਰਬੀਰਾ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ । ਜਦੋਂ ਵਿਦਾ ਹੋਇਓਂ ਸਿਰਫ਼ ਦਸ ਮਹੀਨੇ, ਦੋਧੀ ਦੰਦੀ, ਦਲੀਪ ਦੀ ਉਮਰ ਕੀ ਸੀ? ਰਾਣੀ ਜਿੰਦਾਂ ਵੀ ਘੇਰੀ ਮੁਸੀਬਤਾਂ ਨੇ, ਲਾਲਚ ਵਿਚ ਡੁੱਬਾ ਘਰ ਦਾ ਹਰ ਜੀਅ ਸੀ । ਕੈਂਠੇ ਮੰਗਦੇ ਸੀ, ਯੁੱਧ ਕਰਨ ਵਾਲੇ, ਚਾਲਾਂ ਸਮਝੀਆਂ ਨਾ ਦਗਾਬਾਜ਼ ਦੀਆਂ । ਜਦੋਂ ਹੱਥ ਪੱਲੇ ਕੁਝ ਵੀ ਰਿਹਾ ਨਹੀਓਂ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ । ਤੇਰੇ ਹੁੰਦਿਆਂ ਸੁੰਦਿਆਂ ਸ਼ਹਿਨਸ਼ਾਹਾ, ਜਿਹੜੇ ਡੋਗਰੇ ਜੁੱਤੀਆਂ ਝਾੜਦੇ ਸੀ । ਤੇਰੀ ਨਜ਼ਰ ਸਵੱਲੀ ਨੂੰ ਤਰਸਦੇ ਸੀ, ਜਿਹੜੇ ਰੌਂ ਤੇਰਾ ਹਰ ਪਲ ਤਾੜਦੇ ਸੀ । ਅੱਖਾਂ ਮੀਟਦੇ ਸਾਰ ਹੀ ਤੌਰ ਬਦਲੇ, ਤਾਰਾਂ ਟੁੱਟੀਆਂ ਟੁਣਕਦੇ ਸਾਜ਼ ਦੀਆਂ । ਹੌਕਾ ਨਿਕਲਦੈ, ਜਦੋਂ ਵੀ ਗੱਲ ਛਿੜਦੀ, ਲੋਕੀ ਕਰਨ ਗੱਲਾਂ ਤੇਰੇ ਰਾਜ ਦੀਆਂ । ਡਾਢਾ ਜੁਲਮ ਕਮਾਇਆ ਫਰੰਗੀਆਂ ਨੇ, ਜਿਹੜਾ ਪਾਦਰੀ ਜੁੰਮੇ ਦਲੀਪ ਕੀਤਾ । ਖ਼ਾਨਦਾਨੀ ਸਰੂਪ ਤਬਾਹ ਕਰਕੇ, ਧਰਮ ਬਦਲ ਈਸਾਈ ਦਲੀਪ ਕੀਤਾ । ਜ਼ਰਾ ਹੋਇਆ ਵੱਡਾ, ਤੇਰਾ ਖ਼ੂਨ ਅਣਖ਼ੀ, ਉਹਨੇ ਭਰੀਆਂ ਉਡਾਰੀਆਂ ਬਾਜ਼ ਦੀਆਂ । ਤਾਜਾਂ ਵਾਲਿਆ ਤੇਰੇ ਪੰਜਾਬ ਵਾਲੇ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ । ਤੇਰਾ ਖ਼ੂਨ ਸੀ, ਕਿਸ ਤਰ੍ਹਾਂ ਸਰਦ ਰਹਿੰਦਾ, ਉਹ ਤਾਂ ਉੱਠਿਆ ਫੇਰ ਵੰਗਾਰ ਬਣਕੇ । ਅੰਮ੍ਰਿਤ ਬੂੰਦ ਚੱਖੀ, ਜਦੋਂ ਮਰਦ ਬੱਚੇ, ਕੰਵਰ ਉੱਠਿਆ ਸਿੰਘ ਸਰਦਾਰ ਬਣ ਕੇ । ਉਹਨੇ ਕਿਹਾ ਭਰਾਉ, ਪੰਜਾਬੀਓ ਓਇ, ਮੇਰੇ ਨਾਲ ਤੁਰ ਪਉ ਮੇਰੇ ਯਾਰ ਬਣ ਕੇ । ਸਾਡੀ ਗ਼ੈਰਤ ਨੂੰ ਖ਼ੌਰੇ ਕੀ ਸੱਪ ਲੜਿਆ, ਅਸੀਂ ਬੈਠੇ ਰਹੇ ਧਰਤੀ ਤੇ ਭਾਰ ਬਣ ਕੇ । ਅੱਜ ਓਸੇ ਸਰਾਪ ਨੂੰ ਭੁਗਤ ਰਹੇ ਆਂ, ਓਦੋਂ ਸਾਂਭੀਆਂ ਨਾ ਸ਼ਾਨਾਂ ਤਾਜ ਦੀਆਂ । ਤਾਜ-ਪੋਸ਼ੀ ਦਿਹਾੜੇ ਨੂੰ ਯਾਦ ਕਰਕੇ, ਲੋਕੀਂ ਕਰਨ ਗੱਲਾਂ ਤੇਰੇ ਰਾਜ ਦੀਆਂ । ਡੇਢ ਸਦੀ ਗੁਜ਼ਾਰ ਕੇ ਨੀਂਦ ਅੰਦਰ, ਚਲੋ ਏਧਰ ਨੂੰ ਪਾਸਾ ਮਰੋੜ ਲਈਏ । ਸਾਂਝ ਕਰੀਏ ਪਕੇਰੀ ਪੰਜਾਬੀਆਂ ਦੀ, ਦਿਲ ਤੋੜੀਏ ਨਾ, ਸਿਰ ਜੋੜ ਲਈਏ । ਅਣਖ਼ੀ ਸ਼ੇਰ ਦਲੇਰ ਰਣਜੀਤ ਵਾਲੀ, ਕਲਗੀ ਵਾਲੀ ਦਸਤਾਰ ਨੂੰ ਮੋੜ ਲਈਏ । ਕੋਹਿਨੂਰ ਦੇ ਵਾਰਸੋ ਬਣੋ ਦੂਲੇ, ਸ਼ਾਨਾਂ ਫੇਰ ਚਮਕਣ ਤਖ਼ਤੋ-ਤਾਜ ਦੀਆਂ । ਏਸ ਧਰਤੀ ਦੀ ਪੂਰਨ ਸਲਾਮਤੀ ਲਈ, ਗੱਲਾਂ ਚਲੋ ਕਰੀਏ ਉਹਦੇ ਰਾਜ ਦੀਆਂ ।
ਬੱਤੀ ਦੀ ਥਾਂ ਆਂਦਰ ਬਲ਼ਦੀ
ਬੱਤੀ ਦੀ ਥਾਂ ਆਂਦਰ ਬਲ਼ਦੀ, ਤੇਲ ਦੀ ਥਾਂ ਮੇਰੀ ਚਰਬੀ ਢਲ਼ਦੀ । ਇਸ ਦੀਵੇ ਦੇ ਨਾਲ ਭਲਾ ਦੱਸ, ਕਿਹੜਾ ਜੱਗ ਰੁਸ਼ਨਾਓਗੇ? ਜਬਰ ਜ਼ੁਲਮ ਦੀ ਮੂਰਤ ਬਣਕੇ, ਤੁਸੀਂ ਹੀ ਚੇਤੇ ਆਉਗੇ । ਬਲ਼ਦੀਆਂ ਸੜਕਾਂ ਸਿਖ਼ਰ ਦੁਪਹਿਰੇ । ਮੀਟ ਗਏ ਅੱਖਾਂ ਅਦਲ ਕਟਹਿਰੇ । ਹਾਕਮ ਬਣ ਗਏ ਗੁੰਗੇ ਬਹਿਰੇ । ਜਦੋਂ ਕਿਤੇ ਵੀ ਟਾਇਰ ਬਲੇਗਾ, ਆਪੇ ਤੋਂ ਘਬਰਾਓਗੇ । ਮਨ ਦੀ ਏਸ ਕਚਹਿਰੀ ਕੋਲੋਂ, ਨੱਸ ਕੇ ਕਿੱਧਰ ਜਾਓਗੇ? ਚੜ੍ਹਦੈ ਹੁਣ ਵੀ ਜਦੋਂ ਨਵੰਬਰ । ਜਾਪੇ ਧਰਤੀ ਕਾਲਾ ਅੰਬਰ । ਸੋਚ ਸੋਚ ਕੇ ਜਾਵਾਂ ਠਠੰਬਰ । ਜਿੰਨ੍ਹਾਂ ਘਰਾਂ ਦੇ ਦੀਵੇ ਬੁਝ ਗਏ, ਮੁੜ ਕੇ ਕਿਵੇਂ ਜਗਾਓਗੇ? ਸੱਜਣਾ! ਤੂੰ ਚੰਗੀ ਨਾ ਕੀਤੀ । ਭਗਤ ਕਹਾਵੇਂ ਮਨ ਬਦਨੀਤੀ । ਨਾਂ ਜਗਦੀਸ਼ਰ ਉਲਟੀ ਰੀਤੀ । ਚਿੱਟੇ ਵਸਤਰ ਹੇਠ ਭਲਾ ਦੱਸ, ਕਾਲਖ ਕਿਵੇਂ ਛੁਪਾਓਗੇ? ਵਿਧਵਾਵਾਂ ਦੇ ਹੌਕੇ ਕੋਲੋਂ, ਬਚ ਕੇ ਕਿੱਧਰ ਜਾਓਗੇ । ਦਿੱਲੀ ਸ਼ਹਿਰ ਦੀਆਂ ਜੋ ਗਲ਼ੀਆਂ । ਕਦੇ ਨਹੀਂ ਸੀ ਏਦਾਂ ਬਲੀਆਂ । ਲਾਟਾਂ ਭਰਨ ਕਲਾਵੇ ਕਲੀਆਂ । ਸਣੇ ਪੰਘੂੜੇ ਬਾਲਣ ਬਣ ਗਏ, ਕਿੱਦਾਂ ਬਾਲ ਜਗਾਉਗੇ? ਮੰਨਿਆ ਮੈਂ ਇਹ ਕਥਨ ਕਹਾਣਾ । ਡਿੱਗੇ ਜਦ ਵੀ ਰੁੱਖ ਪੁਰਾਣਾ । ਧਰਤ ਡੋਲਦੀ ਵਰਤੇ ਭਾਣਾ । ਪਰ ਅੱਗ ਪਰਖ਼ੇ ਚਿਹਰੇ, ਬੰਦੇ, ਇਹ ਸੱਚ ਕਿੰਜ ਮੰਨਵਾਉਗੇ? ਚੀਕਾਂ ਤੇ ਕੁਰਲਾਹਟਾਂ ਵਿਚੋਂ ਤੁਸੀਂ ਹੀ ਨਜ਼ਰੀਂ ਆਉਗੇ । ਜਿੰਨ੍ਹਾਂ ਨੂੰ ਹਥਿਆਰ ਬਣਾਇਆ । ਬੰਦੇ ਮਾਰਨ ਧੰਦੇ ਲਾਇਆ । ਵੋਟਾਂ ਦਾ ਤੰਦੂਰ ਤਪਾਇਆ । ਉਨ੍ਹਾਂ ਪਸ਼ੂਆਂ ਤਾਈਂ ਮੁੜ ਕੇ, ਮਾਣਸ ਕਿਵੇਂ ਬਣਾਉਗੇ? ਬਲ਼ਦੀ ਤੀਲੀ ਵੇਖਦਿਆਂ ਹੀ, ਤੁਸੀਂ ਹੀ ਚੇਤੇ ਆਉਗੇ । ਰਾਜ ਭਾਗ ਦੇ ਰੰਗਲੇ ਪਾਵੇ । ਚਮਕਣ ਜਿੱਦਾਂ ਰਾਜਾ ਚਾਹਵੇ । ਸਾਡੀ ਰੱਤ ਦਾ ਲੇਪ ਚੜ੍ਹਾਵੇ । ਦਰਦਮੰਦਾਂ ਦੀਆਂ ਚੀਕਾਂ ਸੁਣ ਕੇ, ਨੀਂਦਰ ਕਿੱਦਾਂ ਪਾਉਗੇ?
ਫ਼ਰਕ
ਹੱਕ ਸੱਚ ਇਨਸਾਫ਼ ਲਈ ਲੜਨ ਵਾਲਾ ਚਿਹਰਾ ਹਰ ਵਾਰ ਇਕੋ ਜਿਹਾ ਕਿਉਂ ਹੁੰਦਾ ਹੈ? ਰੱਜ ਕੇ ਸੋਹਣਾ ਦਗ ਦਗ ਕਰਦਾ ਨੂਰਾਨੀ ਚਿਹਰਾ ਤੇਜ਼ ਸਰਪੱਟ ਦੌੜਦੇ ਘੋੜੇ 'ਤੇ ਸਵਾਰ ਉਹ ਇਕੋ ਜਿਹਾ ਜਾਂਬਾਜ਼ ਹੀ ਕਿਉਂ ਜਾਪਦਾ ਹੈ? ਤੇ ਜਾਬਰ ਹਰ ਵਾਰ ਇਕੋ ਜਿਹਾ । ਬਦ ਸ਼ਕਲ ਤੇ ਕਰੂਪ ਹੀ ਕਿਉਂ ਹੁੰਦਾ ਹੈ? ਹਰਾਮਜ਼ਦਗੀ 'ਤੇ ਉਤਾਰੂ । ਬਦਚਲਣ ਬੰਦੇ ਜਿਹਾ । ਉਹਦੇ ਸਾਹਵਾਂ 'ਚੋਂ ਹਰ ਸਮੇਂ, ਹਰ ਥਾਂ, ਹਰ ਦੇਸ਼ ਦਰਿੰਦਗੀ ਹੀ ਕਿਉਂ ਫੁੰਕਾਰੇ ਮਾਰਦੀ ਹੈ? ਹਰ ਵਾਰ ਇਨ੍ਹਾਂ ਦੋਹਾਂ ਵਿਚਕਾਰ ਏਨਾ ਪੱਕਾ ਪਕੇਰਾ ਪਾੜਾ ਕਿਉਂ ਹੁੰਦਾ ਹੈ?
ਇੱਕੀਵੀਂ ਸਦੀ ਦਾ ਔਰੰਗਜ਼ੇਬ
ਔਰੰਗਜ਼ੇਬ ਦੇ ਹੱਥ ਵਿਚ ਭਾਵੇਂ, ਹੁਣ ਕੋਈ ਤਲਵਾਰ ਨਹੀਂ ਹੈ । ਪਰ ਇਹ ਸਾਡਾ ਯਾਰ ਨਹੀਂ ਹੈ । ਇਸ ਦੀ ਅੱਖ, ਸ਼ਰਾਰਤ ਓਹੀ । ਧਰਮ ਕਰਮ ਦੇ ਨਾਂ ਦੇ ਥੱਲੇ । ਚਾਹੁੰ ਦਾ ਆਪਣੀ ਬੱਲੇ ਬੱਲੇ । ਚੋਲਾ ਬਦਲ ਬਦਲ ਕੇ ਆਵੇ । ਆਮ ਸਧਾਰਨ ਜਨ ਭਰਮਾਵੇ । ਕਦੇ ਆਖਦੈ ਪੰਥ ਨੂੰ ਖ਼ਤਰਾ, ਕਦੇ ਜਨੇਊ ਆਪ ਉਤਾਰੇ । ਆਖੀ ਜਾਵੇ, ਆਖੀ ਜਾਵੇ । ਇਕੋ ਰੰਗ ਦੇ ਕੱਪੜੇ ਪਾਉ, ਇਸ ਧਰਤੀ ਦੇ ਲੋਕੀਂ ਸਾਰੇ । ਬਾਹੂਬਲੀ ਵਿਖਾਵੇ ਖ਼ਾਤਰ, ਘੜਦੈ ਨਿਸ ਦਿਨ ਨਵੇਂ ਬਹਾਨੇ । ਕਰਨਾ ਚਾਹੁੰਦੈ ਮੁੱਠੀ ਦੇ ਵਿਚ, ਕੁੱਲ ਧਰਤੀ ਦੇ ਮਾਲ ਖ਼ਜ਼ਾਨੇ । ਰਾਮ ਰਹੀਮ ਵੀ ਬੁੱਝ ਨਹੀਂ ਸਕਦੇ, ਕੀਹ ਹੈ ਇਸ ਦੇ ਦਿਲ ਦੇ ਅੰਦਰ । ਖ਼ੁਦ ਰਖਵਾਲਾ ਬਣ ਬਹਿੰਦਾ ਏ, ਕੰਬੀ ਜਾਂਦੇ ਮਸਜਿਦ ਮੰਦਰ । ਸੇਹ ਦਾ ਤੱਕਲਾ ਗੱਡ ਦੇਂਦਾ ਏ, ਇਹ ਜਿਸ ਧਰਤੀ 'ਤੇ ਵੀ ਜਾਵੇ । ਇੱਟਾਂ ਵਾਂਗੂੰ ਬੰਦੇ ਪੱਥੇ, ਮਗਰੋਂ ਚਿਣ ਦਿੰਦਾ ਵਿਚ ਆਵੇ । ਕਦੇ ਵਿਕਾਸ ਕਰਨ ਦੇ ਨਾਂ 'ਤੇ ਪਰਲੂ ਫੇਰੇ ਜਿੱਧਰ ਜਾਵੇ । ਅਰਮਾਨਾਂ ਨੂੰ ਇਹ ਨਾ ਜਾਣੇ, ਵੰਡੀ ਜਾਵੇ ਹਾਉਕੇ ਹਾਵੇ । ਮਤਲਬ ਖ਼ਾਤਰ ਰੂਪ ਬਦਲਦਾ, ਮੱਥੇ ਤਿਲਕ, ਦਿਲੇ ਦਾ ਕਾਲਾ । ਧਰਮ ਕਰਮ ਦਾ ਕਾਰਜ ਕਹਿ ਕੇ, ਬੇਸ਼ਰਮੀ ਦੀ ਫੇਰੇ ਮਾਲਾ । ਕਦੇ ਅਯੁੱਧਿਆ ਦੇ ਵਿਚ ਜਾ ਕੇ, ਬਣੀ ਪੁਰਾਤਨ ਮਸਜਿਦ ਤੋੜੇ । ਲੋੜ ਪਈ 'ਤੇ ਗੁਰਧਾਮਾਂ ਵਿਚ, ਵਾੜੇ ਆਪਣੇ ਖੋਤੇ ਘੋੜੇ । ਇਸ ਦੀ ਖੋਟੀ ਨੀਅਤ ਅੱਗੇ, ਕੀ ਮਸਜਿਦ ਤੇ ਕੀਹ ਹੈ ਮੰਦਰ? ਰਿੱਛਾਂ ਵਾਂਗੂੰ ਲੋਕ ਨਚਾਵੇ, ਇਸ ਯੁੱਗ ਦਾ ਇਹ ਅਜਬ ਕਲੰਦਰ । ਔਰੰਗਜ਼ੇਬ ਤਜ਼ਾਰਤ ਸਿੱਖਿਆ, ਹੁਣ ਇਹ ਲੱਭਦਾ ਫਿਰਦੈ ਮੰਡੀਆਂ । ਜਿਸ ਧਰਤੀ 'ਤੇ ਜਾ ਬਹਿੰਦਾ ਏ, ਓਥੇ ਹੀ ਪਾ ਦੇਂਦੈ ਵੰਡੀਆਂ । ਘੜੇ ਵਿਧਾਨ ਜਿਵੇਂ ਖ਼ੁਦ ਚਾਹਵੇ, ਬਣ ਜਾਵੇ ਹਮਦਰਦ ਪੁਰਾਣਾ । ਇਸ ਦੇ ਜੈ ਜੈ ਕਾਰ ਬੁਲਾਵੇ, ਜਿਸ ਕੁਰਸੀ ਨੂੰ ਕਰਦੈ ਕਾਣਾ । ਨਵੀਂ ਨਸਲ ਦਾ ਇਹ ਅਬਦਾਲੀ, ਆਉਂਦਾ ਨਹੀਂ ਹੁਣ ਘੋੜੇ ਚੜ੍ਹ ਕੇ । ਸਬਕ ਪੜ੍ਹਾਵੇ, ਜੋ ਮਨ ਚਾਹਵੇ, ਪਾਠ ਪੁਸਤਕਾਂ ਅੰਦਰ ਵੜ ਕੇ । ਪੈਸੇ ਨਾਲ ਖ਼ਰੀਦ ਲਵੇ ਇਹ, ਪੜ੍ਹੇ ਲਿਖੇ ਸਭ ਘੁੱਗੂ ਘੋੜੇ । ਨਾਲ ਸਿਕੰਦਰ ਪੋਰਸ ਰਲਿਆ, ਵਾਗ ਏਸ ਦੀ ਜਿਹੜਾ ਮੋੜੇ । ਸਭ ਤੇਗਾਂ, ਕਿਰਪਾਨਾਂ ਹੁਣ ਤਾਂ, ਜਾਮ ਪਈਆਂ ਨੇ ਵਿਚ ਮਿਆਨਾਂ । ਧਰਤੀ ਦੀ ਮਰਿਯਾਦ ਭੁੱਲੀ, ਵਿੰਨ੍ਹਿਆਂ ਆਪਣੇ ਤੀਰ ਕਮਾਨਾਂ । ਸੀਸ ਤਲੀ ਤੇ ਧਰਕੇ ਕਿਹੜਾ ਸਾਡੇ ਲਈ ਸਰਬੰਸ ਲੁਟਾਵੇ ? ਦੀਨ ਦੁਖੀ ਦੀ ਢਾਲ ਬਣੇ ਤੇ, ਜਬਰ ਜ਼ੁਲਮ ਨੂੰ ਮਾਰ ਮੁਕਾਵੇ । ਸਾਡੇ ਰੌਸ਼ਨ ਕੱਲ੍ਹ ਦੀ ਖ਼ਾਤਰ, ਟੁਕੜੇ ਟੁਕੜੇ 'ਅੱਜ' ਕਰਵਾਵੇ । ਸ਼ੇਰ ਦੇ ਲੀੜੇ ਭੇਡੂ ਪਾ ਲਏ, ਉਸ ਨੂੰ ਕੋਈ ਸ਼ੇਰ ਨਹੀਂ ਕਹਿੰਦਾ । ਲੀਲ੍ਹਾ ਕਰਕੇ ਰਾਮ ਬਣੇ ਨਾ, ਰਾਮੂ ਤਾਂ ਰਾਮੂ ਹੀ ਰਹਿੰਦਾ । ਜਦ ਗਿੱਦੜ ਦੀ ਮੌਤ ਬੁਲਾਵੇ, ਹੰਕਾਰੀ ਹੈ ਹਰ ਥਾਂ ਖਹਿੰਦਾ । ਅੱਜ ਇਰਾਕ ਸੁਹਾਗਾ ਫੇਰੇ, ਪਹਿਲਾਂ ਵੀਅਤਨਾਮ ਤੇ ਚੜ੍ਹਿਆ । ਧਰਤੀ ਦੇ ਅਣਖੀਲੇ ਪੁੱਤਰਾਂ, ਇਸ ਦਾ ਅੱਥਰਾ ਘੋੜਾ ਫੜਿਆ । ਸਾਡੇ ਵਿਚੋਂ ਮਰ ਚੱਲਿਆ ਕਿਓਂ, ਸੱਚ ਦਾ ਪੁੱਤਰ, ਗੁਰ ਦਾ ਚੇਲਾ । ਨੱਕੋ ਨੱਕ ਜ਼ੁਲਮਾਂ ਦਾ ਸਰਵਰ, ਹੋਇਆ ਹੁਣ ਤਾਂ ਤਰਣ ਦੁਹੇਲਾ । ਜਾਗੋ, ਜਾਗੋ, ਸੌਣ ਵਾਲਿਉ, ਹੋ ਚੁੱਕਿਆ ਜਾਗਣ ਦਾ ਵੇਲਾ । ਚਾਰ ਦਿਨਾਂ ਦੀ ਕੁਲ ਜ਼ਿੰਦਗਾਨੀ, ਹੋ ਨਾ ਜਾਵੇ ਹੋਰ ਕੁਵੇਲਾ ।
ਰੱਬ ਨਹੀਂ ਦਿਸਦਾ ਕਿਤੇ
ਕਿਤੇ ਰੱਬ ਨਹੀਂ ਦਿਸਦਾ ਕਿਤੇ, ਨਾ ਸਹੀ । ਪਰ ਉਹ ਕੌਣ ਹੈ? ਜੋ ਹਰ ਦੁੱਖ ਸੁਖ ਦੀ ਘੜੀ, ਮੇਰੀ ਪਿੱਠ ਤੇ ਆਣ ਖਲੋਂਦਾ ਹੈ । ਆਖਦਾ ਹੈ! ਘਬਰਾਵੀਂ ਨਾ, ਮੈਂ ਤੇਰੇ ਨਾਲ ਖੜ੍ਹਾ ਹਾਂ । ਕਦੇ ਮੇਰਾ ਬਾਪ ਬਣ ਜਾਂਦਾ ਹੈ । ਵਾਹੋਦਾਹੀ ਬਿਆਈਆਂ ਵਾਲੇ ਪੈਰਾਂ ਨੂੰ, ਧੌੜੀ ਦੀ ਜੁੱਤੀ 'ਚ ਫਸਾ ਕੇ, ਮੇਰੇ ਲਈ ਸਾਇੰਸ ਦੀ ਕਿਤਾਬ ਲੈਣ ਸ਼ਹਿਰ ਤੁਰ ਜਾਂਦਾ ਹੈ । ਜੇਬ 'ਚ ਕਿਰਾਇਆ ਨਾ ਹੋਣ ਦੇ ਦੁੱਖੋਂ ਪੈਦਲ-ਸਵਾਰ । ਖ਼ੁਦ ਅਨਪੜ੍ਹ ਹੋ ਕੇ ਵੀ, ਅੱਧੀ ਅੱਧੀ ਰਾਤ ਤੀਕ ਮੇਰੇ ਨਾਲ ਨਾਲ ਜਾਗਦਾ ਹੈ । ਇਹ ਹੋਰ ਕੌਣ ਹੈ? ਜੋ ਕਦੇ ਮੇਰੀ ਮਾਂ ਬਣ ਜਾਂਦੀ ਹੈ । ਤੜਕਸਾਰ ਦੁੱਧ ਰਿੜਕਦੀ, ਘਿਉ ਦੀ ਕੌਡੀ ਕੌਡੀ ਜੋੜਦੀ, ਮੇਰੇ ਸਕੂਲ ਦੀ ਫ਼ੀਸ ਬਣ ਜਾਂਦੀ ਹੈ । ਕਦੇ ਵੱਡਾ ਵੀਰ ਬਣ ਜਾਂਦਾ ਹੈ । ਆਪਣੇ ਤੋਂ ਪਹਿਲਾਂ ਮੇਰੇ ਗੁੱਟ ਤੇ, ਵਕਤ ਵੇਖਣ ਵਾਲੀ ਘੜੀ ਬੰਨ੍ਹਦਾ । ਨਵੇਂ ਨਕੋਰ ਸਾਈਕਲ ਦੀ ਕਾਠੀ ਤੇ, ਆਪਣੇ ਤੋਂ ਪਹਿਲਾਂ ਬਿਠਾਉਂਦਾ ਹੈ । ਇਹ ਕੌਣ ਹੈ ਜੋ ਮੇਰੀ ਵੱਡੀ ਭੈਣ ਬਣ ਕੇ, ਮੈਨੂੰ ਨਿੱਕੀ ਤੇ ਵੱਡੀ ਏ .ਬੀ.ਸੀ. ਦਾ ਫ਼ਰਕ ਸਮਝਾਉਂਦੀ ਹੈ । ਸ਼ਬਦਾਂ ਦੀਆਂ ਸ਼ਕਲਾਂ ਵਿਚ, ਸੁਹਜ ਭਰਨ ਦਾ ਸਲੀਕਾ ਦੱਸਦੀ ਹੈ । ਕੌਣ ਹੈ ਜੋ ਚਾਰ ਲਾਵਾਂ ਮਗਰੋਂ, ਮੇਰੇ ਸਿਰ ਤੇ ਅੰਬਰ ਬਣਦੀ ਹੈ । ਸਹਿਜ ਦਾ ਚੰਦੋਆ ਤਣਦਾ ਹੈ । ਧੁੱਪੇ ਵੀ, ਛਾਵੇਂ ਵੀ, ਕਦੇ ਛਤਰੀ ਬਣਦੀ ਹੈ, ਕਦੇ ਨਿੱਘ । ਧਰਤੀ ਬਣ ਜਾਂਦੀ ਹੈ ਕਦੇ ਮੇਰੀ ਬੀਵੀ । ਮੌਸਮੀ ਤਪਸ਼ ਦੇ ਥਪੇੜਿਆਂ ਤੋਂ ਬਚਾਉਂਦੀ ਹੈ । ਭੂਚਾਲ ਦੇ ਝਟਕੇ ਸਹਿੰਦੀ ਹੈ । ਇਹ ਕੌਣ ਹੈ ਜੋ ਕਦੇ, ਪੁੱਤਰ ਬਣ ਜਾਂਦਾ ਹੈ ਕਦੇ ਧੀ । ਮਹਿਕ ਮਹਿਕ, ਖ਼ੁਸ਼ਬੂ ਖੁਸ਼ਬੂ, ਵਿਹੜਾ ਭਰ ਜਾਂਦਾ ਹੈ । ਘਰ ਵਿਚ ਆਉਣ ਵਾਲੀ ਨੂੰਹ ਦੇ ਚਾਵਾਂ ਨਾਲ । ਜਿਸਦੇ ਹਾਸਿਆਂ ਦੀ ਛਣਕਾਰ ਸੁਣ ਕੇ, ਪੂਰਾ ਗਗਨ ਥਾਲ ਬਣ ਜਾਂਦਾ ਹੈ । ਵਿਚਕਾਰ ਸੂਰਜ ਤੇ ਚੰਦਰਮਾ, ਦੀਵਿਆਂ ਵਾਂਗ ਟਿਕ ਜਾਂਦੇ ਹਨ । ਤਾਰਿਆਂ ਦਾ ਜਾਲ - ਮੋਤੀਆਂ ਦਾ ਥਾਲ । ਸਮੁੱਚੀ ਕੁਦਰਤ 'ਚ ਇਤਰ ਘੁਲ਼ਦਾ ਹੈ । ਜੇ ਇਹ ਰੱਬ ਨਹੀਂ, ਤਾਂ ਹੋਰ ਕੌਣ ਹੈ?
ਉਸਨੂੰ ਅੱਜ ਤੱਕ ਰੱਬ ਨਹੀਂ ਲੱਭਿਆ
ਨਿੱਕੇ ਜਹੇ ਪ੍ਰਤਾਪ ਨੇ ਇਕ ਦਿਨ, ਚਿੱਟੀ ਦਾੜ੍ਹੀ ਵਾਲੇ ਬਾਬੇ* ਕੋਲੋਂ ਏਦਾਂ ਪੁੱਛਿਆ । "ਬਾਬਾ ਜੀ! ਤੁਸੀਂ ਰੱਬ ਦਾ, ਨਾਮ ਜਪਣ ਦੀ ਗੱਲ ਕਰਦੇ ਹੋ । ਆਪ ਨਿਰੰਤਰ ਚੌਵੀ ਘੰਟੇ ਬਹਿੰਦੇ ਹੀ ਨਹੀਂ, ਹਰ ਵੇਲੇ ਹੀ ਕੋਈ ਨਾ ਕੋਈ ਕੰਮ ਕਰਦੇ ਹੋ । ਹਰ ਮਸਲੇ ਦਾ ਹੱਲ ਕਰਦੇ ਹੋ । ਮੈਨੂੰ ਦੱਸੋ ! ਦੱਸੋ ਜੀ, ਰੱਬ ਕਿੱਥੇ ਰਹਿੰਦਾ? ਲੋਕ ਕਰਨ ਅਰਦਾਸਾਂ ਨਿੱਤ ਹੀ, ਲੋਕਾਂ ਕੋਲ, ਧਰਤ ਤੇ ਉੱਤੇ ਕਿਉਂ ਨਹੀਂ ਲਹਿੰਦਾ? ਬਾਬੇ ਨੇ ਪ੍ਰਤਾਪ ਨੂੰ ਆਪਣੀ ਗੋਦ ਬਿਠਾਇਆ, ਕੰਡ ਪਲੋਸੀ ਤੇ ਸਮਝਾਇਆ । ਰੱਬ ਕਿਤੇ ਵੱਖਰਾ ਨਹੀਂ ਰਹਿੰਦਾ, ਅੰਬਰ ਤੇ ਲੁਕ ਕੇ ਨਹੀਂ ਬਹਿੰਦਾ । ਬੰਦਾ ਜੇਕਰ, "ਖ਼ਚਰਬਾਨੀਆਂ" ਕਰਨੋਂ ਹਟ ਜੇ, ਚੁਸਤ ਚਲਾਕੀਆਂ, ਤੁਰਤ ਫੁਰਤੀਆਂ, ਰਾਤੋ ਰਾਤ ਅਮੀਰ ਹੋਣ ਦੀ ਭੁੱਖ ਤਿਆਗੇ । ਹਿੰਮਤ ਕਰਕੇ ਆਪਣੇ ਅੰਦਰੋਂ ਹੀ ਉਹ ਸਾਈਂ ਲੱਭ ਹੁੰਦਾ ਹੈ । ਅਸਲੀ ਵਿਚੋਂ ਗੱਲ ਹੈ ਪੁੱਤਰਾ ਕੇਵਲ ਏਨੀ, ਏਸ ਤਰਜ਼ ਦਾ ਹਰ ਬੰਦਾ ਹੀ ਰੱਬ ਹੁੰਦਾ ਹੈ । ਬੰਦਾ ਜੇਕਰ ਛੱਡ ਦਏ ਠੱਗੀ, ਹੇਰਾ ਫੇਰੀ । ਥੁੱਕ ਦੇਵੇ ਜੇ ਆਪਣੇ ਅੰਦਰੋਂ ਮੈਂ ਮੈਂ ਮੇਰੀ । ਹੈਂਕੜ ਤੇ ਹੰਕਾਰ ਨੂੰ ਸਮਝੇ ਰੇਤ ਦੀ ਢੇਰੀ । ਸੁੱਚਮ ਸੁੱਚਾ ਮਨ ਦਾ ਸ਼ੀਸ਼ਾ, ਪਾਰਦਰਸ਼ਨੀ ਰੱਖ ਸਕਣਾ ਆਸਾਨ ਨਾ ਭਾਵੇਂ, ਹਿੰਮਤ ਕਰਕੇ ਲੱਭ ਲਈਂ ਅੰਦਰੋਂ, ਉਹ ਜੇ ਤੈਨੂੰ ਲੱਭ ਹੁੰਦਾ ਹੈ । ਪਰ ਪੁੱਤਰ ਜੀ, ਉਹ ਬੰਦਾ ਵੀ ਕੀਹ ਬੰਦਾ ਹੈ? ਜਿਸ ਨਾ ਕਦੇ ਪ੍ਰੀਖਿਆ ਦਿੱਤੀ । ਹਰ ਕਲਬੂਤ ਦੇ ਅੰਦਰ ਬੈਠਾ, ਹਰ ਵੇਲੇ ਹੀ ਚੁੱਪ ਚੁਪੀਤਾ ਰੱਬ ਹੁੰਦਾ ਹੈ । ਹੁਣ ਪ੍ਰਤਾਪ ਦੀ ਉਮਰ ਸਿਆਣੀ । ਬਾਬੇ ਦੀ ਗੱਲ ਚੇਤੇ ਕਰਕੇ, ਅੱਜ ਵੀ ਉਹ ਤਾਂ, ਭਰ ਲੈਂਦੇ ਅੱਖੀਆਂ ਵਿਚ ਪਾਣੀ । ਬਾਬੇ ਜੋ ਸਿਰਨਾਵਾਂ ਦੱਸਿਆ ਉਸ ਨੂੰ ਅੱਜ ਤੱਕ ਰੱਬ ਨਹੀਂ ਲੱਭਿਆ । *ਸੰਤ ਹਜ਼ਾਰਾ ਸਿੰਘ ਜੀ, ਨਿੱਕੇ ਘੁੰਮਣਾਂ ਵਾਲੇ (ਗੁਰਦਾਸਪੁਰ)
ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ
ਬਾਬਾ ਬੰਦਾ ਬਹਾਦਰ ਜੀ ਦੇ ਨਾਂ... ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ, ਵਗ ਰਿਹਾ ਸੀ ਨੀਰ ਨਿਰਮਲ । ਤੁਰ ਰਿਹਾ ਇਤਿਹਾਸ, ਮੇਰੇ ਨਾਲ ਗੱਲਾਂ ਕਰ ਰਿਹਾ ਸੀ । ਕੰਢੇ ਤੇ ਬੈਠਾ ਬੈਰਾਗੀ ਆਪ ਅੱਖੀਂ ਵੇਖਿਆ ਜਿਸ, ਮਿੱਟੀ ਦੇ ਮਾਧੋ ਤੋਂ ਬੰਦਾ ਬਣ ਗਿਆ ਸੀ । ਜਿਊਣ ਤੋਂ ਉਪਰਾਮ ਹੋਇਆ ਨਿੰਮੋਝੂਣਾ, ਕਿਸ ਤਰ੍ਹਾਂ ਲਲਕਾਰ ਬਣਿਆ? ਅਰਜ਼ਮੰਦਾ ਇਹੀ ਬੰਦਾ, ਕਿਸ ਤਰ੍ਹਾਂ ਮੁੱਕੇ ਦੇ ਵਾਂਗੂ ਤਣ ਗਿਆ ਸੀ । ਵਗ ਰਿਹਾ ਪਾਣੀ ਕਹਾਣੀ ਕਹਿ ਰਿਹਾ ਸੀ । ਸੁਣਨ ਵਾਲੇ ਸੁਣਨ ਦੀ ਥਾਂ, ਲਾਮਡੋਰੀ ਬੰਨ੍ਹ ਆਈ ਜਾ ਰਹੇ ਸਨ । ਨਾ ਕੋਈ ਹੂੰਗਰ ਹੁੰਗਾਰਾ, ਬਾਬਿਆਂ ਦੇ ਦਰ ਤੇ ਸੁੱਖਣਾ ਲਾਹ ਰਹੇ ਸਨ । ਧਰਤ ਵੀ ਕੁਝ ਹੌਲੀ-ਹੌਲੀ ਕਹਿ ਰਹੀ ਸੀ । ਮੈਂ ਗੁਰੂ ਦਸ਼ਮੇਸ਼ ਅੱਖੀਂ ਵੇਖਿਆ ਹੈ । ਚਰਨ ਛੋਹ ਨੂੰ ਮਾਣਿਆ ਹੈ, ਆਖ਼ਰੀ ਵੇਲੇ ਜੋ ਉਸ ਦੇ ਦਿਲ ਦੇ ਅੰਦਰ ਖਲਬਲੀ ਸੀ, ਓਸ ਨੂੰ ਪਹਿਚਾਣਿਆ ਹੈ । ਜਲ ਰਹੀ ਹਾਲੇ ਵੀ ਦਿਸਦੀ ਹੈ ਜਵਾਲਾ । ਦੁੱਖ ਹੈ ਕਿ ਵਾਰਿਸਾਂ ਨੂੰ ਯਾਦ ਹੀ ਨਹੀਂ, ਕਹਿ ਗਿਆ ਕੀਹ ਜਾਣ ਵਾਲਾ? ਏਸ ਨਿਰਮਲ ਨੀਰ ਕੰਢੇ, ਓਸ ਨੇ ਬੰਦੇ ਨੂੰ ਬੱਸ ਏਨਾ ਕਿਹਾ ਸੀ । ਨਿੰਮੋਝੂਣਾ ਤੇ ਉਦਾਸਾ ਏਥੇ ਕਾਹਨੂੰ ਬਹਿ ਰਿਹਾ ਏਂ । ਮਰਦ ਬਣ, ਤੂੰ ਲਾਹ ਉਦਾਸੀ । ਤੇਰੇ ਦਿਲ ਵਿਚ ਜੋ ਵੀ ਆਉਂਦੈ, ਦੱਸ ਮੈਨੂੰ, ਕਿਹੜੀ ਗੱਲੋਂ, ਜ਼ਿੰਦਗੀ ਦੀ ਲੀਹ ਤੋਂ ਥੱਲੇ ਲਹਿ ਰਿਹਾ ਏਂ । ਬੰਦਾ ਗੋਡੇ ਭਾਰ ਹੋ ਅਰਦਲ ਖੜ੍ਹਾ ਸੀ । ਹੰਝੂ ਹੰਝੂ ਵਾਰਤਾ ਇਉਂ ਦੱਸ ਰਿਹਾ ਸੀ । ਮੈਂ ਕਦੇ ਗੁਰੂਦੇਵ ਹੁੰਦਾ ਸਾਂ ਸ਼ਿਕਾਰੀ । ਬਾਹੂਬਲ ਤੇ ਤੀਰਾਂ ਦੇ ਹੰਕਾਰ ਮੇਰੀ ਮੱਤ ਮਾਰੀ । ਜੰਗਲਾਂ ਵਿਚ ਖੇਡਦਾ ਸਾਂ ਮੈਂ ਸ਼ਿਕਾਰ । ਰਾਤ ਦਿਨ ਸੀ ਮਾਰੋ ਮਾਰ । ਤੀਰ ਨੂੰ ਚਿੱਲੇ ਚੜ੍ਹਾ ਕੇ, ਮਾਰਿਆ ਕੱਸ ਕੇ ਨਿਸ਼ਾਨਾ । ਇਕ ਹਿਰਨੀ ਮੈਂ ਸੀ ਮਾਰੀ । ਅੱਜ ਤੱਕ ਉਸ ਪੀੜ ਵਿਚ ਬਿਹਬਲ ਖੜ੍ਹਾ ਹਾਂ, ਮਿਰਗਣੀ ਸੀ ਗਰਭਧਾਰੀ । ਆਖਿਆ ਗੋਬਿੰਦ ਛਾਤੀ ਨਾਲ ਲਾ ਕੇ, ਜੀਕੂੰ ਵਗਦਾ ਨੀਰ ਨਿਰਮਲ, ਤੇਰੇ ਅੰਦਰ ਕਣ ਜੋ ਪਸ਼ਚਾਤਾਪ ਦਾ ਹੈ । ਤੇਰਾ ਮਨ ਬਰਤਨ ਮੈਂ ਅੰਦਰੋਂ ਪਰਖ਼ਿਆ ਹੈ, ਏਸ ਵਿਚ ਹੁਣ ਵਾਸ ਨੂਰੀ ਜਾਪਦਾ ਹੈ । ਕਮਰਕੱਸਾ ਕਰ ਕੇ ਬਣ ਜਾ ਖੜਗ ਧਾਰੀ । ਨਿਰਭਉ ਨਿਰਵੈਰ ਨੂੰ ਸਾਹੀਂ ਪਰੋ ਲੈ । ਹੱਕ ਸੱਚ ਇਨਸਾਫ਼ ਦੀ ਰਖਵਾਲੀ ਤੇਰੀ ਜ਼ਿੰਮੇਵਾਰੀ । ਨਿਕਲ ਜਾਹ! ਪਛਤਾਵਿਆਂ ਤੋਂ ਬਹੁਤ ਅੱਗੇ, ਜ਼ਿੰਦਗੀ ਉਪਰਾਮਤਾ ਦਾ ਨਾਂ ਨਹੀਂ ਹੈ । ਭਰਮ ਦੇ ਬਿਰਖਾਂ ਨੂੰ ਸੱਚੇ ਸਮਝ ਨਾ ਤੂੰ, ਇਨ੍ਹਾਂ ਦੀ ਧਰਤੀ ਤੇ ਕਿਧਰੇ ਛਾਂ ਨਹੀਂ ਹੈ ।
ਇਨਕਲਾਬ ਦਾ ਪਾਂਧੀ
ਸ. ਗੁਰਸ਼ਰਨ ਸਿੰਘ ਨਾਟਕਕਾਰ ਦੇ ਨਾਂ ਕਾਲ਼ੀ ਬੋਲ਼ੀ ਰਾਤ ਹਨੇਰ੍ਹੀ, ਚਿਹਰਾ ਨੂਰੋ-ਨੂਰ । ਹਰ ਪਲ ਮਘਦਾ, ਸੂਹਾ ਸੁਪਨਾ, ਤਪਦਾ ਜਿਵੇਂ ਤੰਦੂਰ । ਵੱਡੇ ਘਰ ਦਾ ਜੰਮਿਆ ਜਾਇਆ, ਨੀਵਿਆਂ ਦੇ ਸੰਗ ਯਾਰੀ । ਵਾਹੋ ਦਾਹੀ ਤੁਰਿਆ ਜਾਵੇ, ਕਰੇ ਨਾ ਨੀਂਦ ਪਿਆਰੀ । ਅੱਧੀ ਸਦੀ ਗੁਜ਼ਾਰੀ ਜਿਸ ਨੇ, ਦਿੱਤਾ ਇਹੀ ਹੋਕਾ । ਗਫ਼ਲਤ ਦੀ ਜੁੱਲੀ ਦੇ ਹੇਠੋਂ, ਜਾਗ-ਜਾਗ ਓ ਲੋਕਾ । ਸੁਪਨੇ ਤੋਂ ਆਦਰਸ਼ ਦਾ ਪੈਂਡਾ, ਸਾਹਾਂ ਵਿਚ ਪਰੋ ਕੇ । ਇਨਕਲਾਬ ਦਾ ਪਾਂਧੀ ਬਣਿਆ, ਜਿਸਮ ਲਹੂ ਵਿਚ ਗੋ ਕੇ । ਕੋਧਰਿਆਂ ਦੀ ਰੋਟੀ ਵਿਚੋਂ, ਆਪਣਾ ਖ਼ੂਨ ਪਛਾਣੇ । ਭਾਗੋ ਦੀ ਬਸਤੀ ਵਿਚ ਰਹਿੰਦਾ, ਫਿਰ ਵੀ ਛਾਤੀ ਤਾਣੇ । ਕਲਮਾਂ, ਕਿਰਤ-ਕਮਾਈਆਂ ਵਾਲੇ, ਕਰਕੇ ਕੱਠੇ ਸਾਰੇ । ਬਿਰਧ ਸਰੀਰ ਹਮੇਸ਼ਾ ਬੜ੍ਹਕੇ, ਲਾਵੇ ਚੋਟ ਨਗਾਰੇ । ਆਦਰਸ਼ਾਂ ਨੂੰ ਸ਼ਬਦ ਬਣਾਇਆ, ਲੋਹਾ ਸ਼ਬਦ ਬਣਾਏ । ਲੁੱਟ ਦਾ ਨੇਰ੍ਹ ਮੁਕਾਵਣ ਖ਼ਾਤਰ, ਸਾਡੇ ਰਾਹ ਰੁਸ਼ਨਾਏ । ਆਦਮ ਜਾਮੇ ਦੇ ਵਿਚ ਵੇਖੋ, ਕਰਮਯੋਗ ਦੀ ਮੂਰਤ । ਉਸ ਦੀ ਕਲਾ-ਦ੍ਰਿਸ਼ਟੀ ਚਾਹਵੇ, ਘੜਨੀ ਐਸੀ ਸੂਰਤ । ਜਿਸ ਵਿਚ ਬੰਦਾ ਬੰਦੇ ਨੂੰ ਨਾ, ਲੁੱਟੇ ਨਾ ਦੁਰਕਾਰੇ । ਟੋਏ ਟਿੱਬੇ ਇਕ ਬਰਾਬਰ, ਕਰਨਾ ਚਾਹਵੇ ਸਾਰੇ । ਇੱਕੋ ਰੀਝ ਨਿਰੰਤਰ, ਬਣ ਜਾਂ ਇਸ ਦਾ ਮੈਂ ਪਰਛਾਵਾਂ । ਉਸਦੇ ਸਿਰੜ ਸਮਰਪਣ ਅੱਗੇ, ਆਪਣਾ ਸੀਸ ਝੁਕਾਵਾਂ ।
ਗੁਰੂ ਦਾ ਪੂਰਨ ਸਿੰਘ
ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਵਾਲਿਆਂ ਦੇ ਨਾਂ ਗੁਰੂ ਨਾਨਕ ਦੀ ਬਾਣੀ ਜਿਸ ਦੇ ਸਾਹੀਂ ਤੁਰਦੀ । ਗੁਰੂ ਅੰਗਦ ਦੀ ਸੇਵਾ-ਸ਼ਕਤੀ । ਭਰ ਭਰ ਗਾਗਰ, ਕਈ ਕਈ ਸਾਗਰ । ਦੀਨ ਦੁਖੀ ਦੀ ਪਿਆਸ ਬੁਝਾਈ । ਅਮਰਦਾਸ ਗੁਰ ਕੋਲੋਂ ਉਸਨੇ ਲੰਗਰ ਲੈ ਕੇ, ਰਾਮ ਦਾਸ ਦੀ ਧਰਤੀ ਤੇ ਸੇਵਾ ਵਰਤਾਈ । ਅਰਜੁਨ ਗੁਰ ਤੋਂ ਸਿਦਕ ਸਬੂਰੀ । 'ਤੇਰਾ ਭਾਣਾ ਮੀਠਾ ਲਾਗੇ' । ਚਰਨਾਮ੍ਰਿਤ ਵਿਚ ਭਗਤੀ ਲੈ ਕੇ, ਅੰਮ੍ਰਿਤਸਰ ਵਿਚ ਡੇਰਾ ਲਾਇਆ । ਦਸ ਗੁਰੂਆਂ ਦੀ ਬਖਸ਼ਿਸ਼ ਸਦਕਾ, ਰਾਜੇਵਾਲ ਦਾ ਅਨਘੜ ਮੁੰਡਾ, ਗੁਰੂ ਦਾ ਪੂਰਨ ਸਿੰਘ ਅਖਵਾਇਆ । ਰੱਬ ਸੱਚੇ ਦੇ ਹੱਥੋਂ ਰਹੇ ਜੋ 'ਅੱਧ ਅਧੂਰੇ' । ਉਨ੍ਹਾਂ ਦੀ ਸੇਵਾ ਵਿਚ ਆਪਣਾ ਜਨਮ ਲਗਾਇਆ । ਤੇ ਇਕ ਐਸਾ ਦੀਪ ਜਗਾਇਆ । ਜਿਸ ਨੇ ਨੇਰ੍ਹੀ ਰਾਤੇ ਸਾਡਾ ਰਾਹ ਰੁਸ਼ਨਾਇਆ । ਪਿੰਗਲਵਾੜਾ ਸੇਵਾ ਅਤੇ ਸੰਭਾਲ ਦੇ ਕਾਰਨ, ਅੱਜ ਬਣਿਆ ਇਕ ਐਸਾ ਘਰ ਹੈ । ਜਿਵੇਂ ਪਵਿੱਤਰ ਰੱਬ ਦਾ ਦਰ ਹੈ । ਲੂਲ੍ਹੇ ਲੰਗੜੇ, ਪਿੰਗਲੇ ਤੇ ਮੰਦ ਬੁੱਧੀ ਵਾਲੇ । ਪੂਰਨ ਸਿੰਘ ਨੇ ਆਪ ਸੰਭਾਲ਼ੇ । ਇਕੋ ਜਨਮ 'ਚ ਬਣਿਆ ਉਹ ਪਰਚੰਡ ਜਵਾਲਾ । ਨਾ ਧਿਰਿਆਂ ਨੂੰ ਨਿੱਘ ਵੰਡਦਾ ਜਦ ਲੱਗਦਾ ਪਾਲਾ । ਤੁਰਦਾ ਫਿਰਦਾ ਜਾਪੇ ਗਾਉਂਦਾ ਗੀਤ ਇਲਾਹੀ । ਇਕੋ ਧੁਨ ਵਿਚ ਮਸਤ ਦੁਨੀ ਤੋਂ ਬੇਪ੍ਰਵਾਹੀ । ਚੌਵੀ ਘੰਟੇ ਹੱਥ ਵਿਚ ਰੱਖਦਾ ਬਾਟਾ ਫੜਕੇ । ਵੰਡਦਾ ਅੱਗੋਂ ਅੱਗੇ ਕਿਣਕਾ ਕਿਣਕਾ ਕਰਕੇ । ਉਹ ਜਿੱਥੇ ਵੀ ਜਾਂਦਾ ਮੰਗਦਾ ਇੱਕੋ ਉੱਤਰ । ਧਰਤੀ ਬਾਂਝ ਬਣਾ ਕੇ ਕਿਉਂ ਅਖਵਾਉਂਦੇ ਪੁੱਤਰ? ਆਖੇ ਧਰਤੀ ਅੰਦਰ ਨਾ ਹੁਣ ਜ਼ਹਿਰ ਮਿਲਾਓ । ਵਿਗਿਆਨਾਂ ਦੇ ਅੱਥਰੇ ਘੋੜੇ ਨੂੰ ਨੱਥ ਪਾਉ । ਹੋ ਜਾਊ ਜ਼ਹਿਰੀਲਾ ਲੋਕੋ ਅੰਨ ਤੇ ਪਾਣੀ । ਕਿਸੇ ਤੁਹਾਡੇ ਚੌਂਕੇ ਫਿਰ ਨਾ ਰੋਟੀ ਖਾਣੀ । ਤੁਰਿਆ ਤੁਰਿਆ ਜਾਂਦਾ ਹੂੰਝੇ ਰਾਹ 'ਚੋਂ ਰੋੜੇ । ਕੱਲ ਮੁ ਕੱਲ੍ਹਾ ਵਾਗ ਸਮੇਂ ਦੀ ਏਦਾਂ ਮੋੜੇ । ਸਾਰੇ ਹਾੜ ਸਿਆਲ ਬਸੰਤਾਂ ਪੱਤਝੜ ਰੁੱਤੇ । ਛਪੇ ਹੋਏ ਅਖ਼ਬਾਰ ਦੇ ਫਿੱਕੇ ਪੰਨਿਆਂ ਉੱਤੇ । ਗਿਆਨ ਅਤੇ ਵਿਗਿਆਨ ਦੇ ਕਿਣਕੇ ਫਿਰ ਛਪਵਾਉਂਦਾ । ਮੱਥੇ ਦੀ ਮਮਟੀ ਤੇ ਜਗਦੇ ਦੀਵੇ ਧਰਦਾ, ਨੇਰ੍ਹ ਮਿਟਾਉਂਦਾ । ਚੌਂਕ ਚੁਰਸਤੇ ਪਿੰਡੀਂ ਸ਼ਹਿਰੀਂ ਹੋਕਾ ਲਾਵੇ । ਇਸ ਧਰਤੀ ਦਾ ਪੁੱਤਰ ਅਸਲੀ ਗੱਲ ਸਮਝਾਵੇ । ਅੰਨ੍ਹੇ ਹੋ ਕੇ ਵਰਤੀ ਜਾਓ, ਮੂਰਖ਼ ਲੋਕੋ ਜਿੱਸਰਾਂ ਪਾਣੀ । ਉਹ ਦਿਨ ਵੀ ਹੁਣ ਦੂਰ ਨਹੀਂ ਹੈ ਜਦ ਇਹ ਪੂੰਜੀ ਹੈ ਮੁੱਕ ਜਾਣੀ । ਉਸ ਦੇ ਫ਼ਿਕਰ ਨਹੀਂ ਸਨ ਚਾਰ ਦੀਵਾਰੀ ਵਾਲੇ । ਸਰੋਕਾਰ ਸਨ ਸੁੱਚੇ, ਪਰਉਪਕਾਰੀ ਵਾਲੇ । ਉਸ ਨੇ ਇਹ ਵਿਸ਼ਵਾਸ ਗੁਰਾਂ ਤੋਂ ਆਪ ਲਿਆ ਸੀ । ਦਰਦ ਕਿਸੇ ਦੇ ਬਾਪੂ ਦੀ ਜਾਗੀਰ ਨਹੀਂ ਹੈ । ਸੇਵਾ ਖ਼ਾਤਰ ਕੋਈ ਵੀ ਕਦਮ ਅਖ਼ੀਰ ਨਹੀਂ ਹੈ । ਉਸ ਨੂੰ ਸੀ ਵਿਸ਼ਵਾਸ ਕਿ ਜਿਸ ਦੇ ਹੱਥ ਵਿਚ ਬਾਟਾ । ਉਸ ਨੂੰ ਜ਼ਿੰਦਗੀ ਦੇ ਵਿਚ ਪੈਂਦਾ ਕਦੇ ਨਾ ਘਾਟਾ । ਹਰਿਮੰਦਰ ਦੇ ਬੂਹੇ ਬਹਿੰਦਾ ਆਪ ਨਿਰੰਤਰ । ਪਰ ਸੋਚਾਂ ਨੂੰ ਰੱਖਿਆ ਉਸਨੇ ਸਦਾ ਸੁਤੰਤਰ । ਸਰਬ ਧਰਮ ਵਿਸ਼ਵਾਸੀ ਉਹਦੇ ਸਾਥੀ ਹੋਏ । ਪਰ ਉਸ ਵਰਗਾ ਕਿਹੜਾ ਹੋਏ? ਚਾਰ ਚੁਫ਼ੇਰਿਉਂ ਲੱਭਦਾ ਰਹਿੰਦਾ ਪੈਦਲ ਤੁਰਦਾ । ਦੀਨ ਦੁਖੀ ਨੂੰ ਆਪਣੀ ਬੁੱਕਲ ਦੇ ਵਿਚ ਲੈਂਦਾ । ਤੇ ਇਹ ਕਹਿੰਦਾ । ਗੁਰ ਦਾ ਸਿੱਖ ਜੇ ਕਰੇ ਵਿਤਕਰਾ ਸਿੱਖ ਨਹੀਂ ਰਹਿੰਦਾ । ਸ਼ਬਦ-ਚੇਤਨਾ, ਵਿਦਿਆ ਦਾ ਵੀ ਜਾਪ ਜਪਾਉਂਦਾ । ਚਾਨਣ ਦਾ ਦਰਿਆ, ਨੇਰ੍ਹੇ ਦੀ ਅਲਖ਼ ਮੁਕਾਉਂਦਾ । ਹੁਕਮ ਹਕੂਮਤ ਦੋਹਾਂ ਤੋਂ ਹੀ ਵੱਖਰਾ ਰਹਿੰਦਾ । ਜਬਰ ਜ਼ੁਲਮ ਨੂੰ ਤੱਕ ਕੇ ਉਹ ਮੂੰਹ ਆਈ ਕਹਿੰਦਾ । ਕੁਰਸੀ ਦੀ ਉਹ ਧੌਂਸ ਕਦੇ ਇਕ ਪਲ ਨਾ ਸਹਿੰਦਾ । ਖੱਦਰਧਾਰੀ, ਰੇਸ਼ਮ ਦਿਲ ਮਨ ਤੋਂ ਨਹੀਂ ਲਹਿੰਦਾ । ਇੱਕੋ ਨਾਅਰਾ ਲਾਉਂਦਾ, ਸੁਣਿਓਂ ਭੈਣ-ਭਰਾਉ । ਮੈਂ ਜਿਸ ਮਾਰਗ ਤੁਰਿਆਂ ਮੇਰੇ ਮਗਰੇ ਆਉ । ਮੇਰਾ ਮੁਰਸ਼ਦ ਨਾਨਕ ਉਸ ਦਾ ਵੰਸ਼ ਵਧਾਉ । ਨੇਕੀ ਦੇ ਹਰ ਚੌਂਕ ਚੁਰਸਤੇ ਬਿਰਖ਼ ਲਗਾਉ । ਸੇਵਾ ਸਿਮਰਨ ਸ਼ਕਤੀ ਦੇ ਸੰਗ ਰਿਸ਼ਤਾ ਜੋੜੋ । ਕਾਮ ਕਰੋਧੀਓ, ਮੋਹ ਦੇ ਬੰਧਨ ਲਾਲਚ ਤੋੜੋ । ਲੋਭੀ ਮਨ ਨੂੰ ਵਰਜੋ ਸਿੱਧੇ ਰਾਹ ਤੇ ਮੋੜੋ । ਜੋ ਗੁਰ ਦੱਸਿਆ ਭਲਾ ਸਰਬ ਦਾ ਹਰ ਪਲ ਲੋੜੋ ।
ਸ਼ਬਦ ਮੇਰਾ ਹੈ ਧਰਮ ਦੋਸਤੋ
ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ । ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ, ਕੌਣ ਕਹੇ ਇਨਸਾਨ ਦੋਸਤੋ । ਤੇਰਾ ਪੰਥ ਗ੍ਰੰਥ ਗੁਰੂ ਹੈ, ਮੇਰੇ ਇਸ਼ਟ ਸਿਖਾਇਆ ਮੈਨੂੰ । ਇਕ ਓਂਕਾਰ ਬਿਨਾ ਸਭ ਮਿਥਿਆ, ਇਕੋ ਸਬਕ ਪੜ੍ਹਾਇਆ ਮੈਨੂੰ । ਨਿਰਭਉ ਤੇ ਨਿਰਵੈਰ ਗੁਰੂ ਦੀ, ਉਂਗਲੀ ਦੇ ਲੜ ਲਾਇਆ ਮੈਨੂੰ । ਹੱਕ ਸੱਚ ਇਨਸਾਫ਼ ਦੀ ਖ਼ਾਤਰ, ਹੋ ਜਾਵਾਂ ਕੁਰਬਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ... । ਬਿਨਸੇ ਨਾਹੀਂ ਸਦਾ ਅਜੂਨੀ, ਕਾਲਮੁਕਤ ਹੈ ਮੁਰਸ਼ਦ ਮੇਰਾ । ਅਨਹਦ ਨਾਦ ਵਜਾਵਣਹਾਰੇ, ਲਾਇਆ ਕਣ ਕਣ ਦੇ ਵਿਚ ਡੇਰਾ । ਮਹਿਕ ਮਹਿਕ ਲਟਬੌਰੀ ਛਾਂ ਹੈ, ਜੀਕੂੰ ਚੰਦਨ ਰੁੱਖ ਦਾ ਘੇਰਾ । ਡਰਦਾ ਕਦੇ ਡਰਾਉਂਦਾ ਨਾਹੀਂ, ਦੇਵੇ ਅਕਲਾਂ ਦਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ... । ਦਸਮ ਗੁਰੂ ਦੀ ਸਿੱਖਿਆ ਮੈਨੂੰ, ਤੇਰੇ ਲਈ ਪਰਮੇਸ਼ਰ ਪੋਥੀ । ਇਸ ਦੇ ਬ੍ਰਹਮ ਵਿਚਾਰ ਸਾਹਮਣੇ, ਸਮਝੀਂ ਤੂੰ ਹਰ ਗੱਲ ਨੂੰ ਥੋਥੀ । ਪੜ੍ਹ ਕੇ ਆਪ ਪੜ੍ਹਾਵੀਂ ਦੂਜੇ, ਹਰ ਮੁਸ਼ਕਿਲ ਦਾ ਹੱਲ ਹੈ ਪੋਥੀ । ਆਪਣਾ ਮੂਲ ਪਛਾਨਣ ਵਾਲਾ ਦੇਵੇ ਅਸਲ ਗਿਆਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ... । ਬਾਬਰ ਨੂੰ ਜਾਬਰ ਇਹ ਕਹਿੰਦਾ, ਰਾਜੇ ਸ਼ੀਂਹ ਮੁਕੱਦਮ ਕੁੱਤੇ । ਸ਼ਰਮ ਸ਼ਰ੍ਹਾ ਨਾ ਪਰਦਾ ਕੋਈ, ਜਾਏ ਜਗਾਇਨ ਬੈਠੇ ਸੁੱਤੇ । ਛਲ ਤੇ ਕਪਟ ਵਿਕਾਰ ਮੁਕਤ ਹੈ, ਦੱਸੋ ਕਿਹੜਾ ਇਸ ਤੋਂ ਉੱਤੇ । ਉਨ੍ਹਾਂ ਨਾਲ ਤੁਰਾਂ ਨਾ ਜਿਹੜੇ ਜ਼ੋਰੀ ਮੰਗਣ ਦਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ... । ਪੰਜ ਸਦੀਆਂ ਪਹਿਲਾਂ ਇਸ ਦੱਸਿਆ, ਪਵਨ ਗੁਰੂ ਧਰਤੀ ਹੈ ਮਾਤਾ । ਪਾਣੀ ਬਾਬਲ ਵਾਂਗ ਪਵਿੱਤਰ, ਸਰਬ ਧਰਮ ਨੂੰ ਇਕ ਕਰ ਜਾਤਾ । ਮਾਈ ਬਾਪ ਬਣਾਇਆ ਰੱਬ ਨੂੰ, ਮਿੱਤਰ ਬੇਲੀ ਕਦੇ ਭਰਾਤਾ । ਇਹ ਸਭ ਸਬਕ ਭੁਲਾ ਕੇ ਆਪਾਂ ਬਣੀਏ ਨਾ ਹੈਵਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ । ਪੰਜ ਵਿਕਾਰ ਨਿਸ਼ਾਨੀ ਲਾ ਕੇ, ਗੁਰਬਾਣੀ ਨੇ ਇਹ ਸਮਝਾਇਆ । ਮੋਹ-ਮਮਤਾ ਹੰਕਾਰ ਤੋਂ ਪਿੱਛੋਂ, ਕਾਮ ਕ੍ਰੋਧ ਲੋਭ ਦੀ ਮਾਇਆ । ਇਨ੍ਹਾਂ ਪੰਜਾਂ ਦੇ ਵੱਸ ਪੈ ਕੇ, ਬੰਦਿਆਂ ਮਾਨਸ ਜਨਮ ਗੰਵਾਇਆ । ਪੰਜ ਚੋਰਾਂ ਤੋਂ ਮੁਕਤੀ ਖ਼ਾਤਰ, ਬਣ ਜਾਈਏ ਦਰਬਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ... । ਇਸ ਧਰਤੀ ਦੇ ਮਾਲ ਖ਼ਜ਼ਾਨੇ, ਰਤਨ ਅਮੋਲ ਪਦਾਰਥ ਛੱਤੀ । ਗੁਰ ਬਿਨ ਗਿਆਨ ਕਦੇ ਨਾ ਮਿਲਦਾ, ਜਗਦੀ ਨਹੀਂ ਤੇਲ ਬਿਨ ਬੱਤੀ । ਸ਼ੁਭ ਅਮਲਾਂ ਬਾਝੋਂ ਸਭ ਮਿੱਟੀ, ਇਸ ਵਿਚ ਝੂਠ ਨਹੀਂ ਹੈ ਰੱਤੀ । ਘੜ ਘੜ ਕੱਢੇ ਖੋਟ ਮਨਾਂ 'ਚੋਂ, ਜੇ ਪੜ੍ਹ ਲਏ ਇਨਸਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ... । ਇਹ ਸ਼ੀਸ਼ਾ ਹੈ ਅਦਭੁਤ ਸ਼ੀਸ਼ਾ, ਘਟ ਘਟ ਦੇ ਅੰਦਰ ਦੀ ਜਾਣੇ । ਕਰਕ ਕਲੇਜੇ ਵਾਲੀ ਬੁੱਝੇ, ਭਲੇ ਬੁਰੇ ਦੀ ਪੀੜ ਪਛਾਣੇ । ਭਲਾ ਸਦਾ ਸਰਬੱਤ ਦਾ ਮੰਗੇ, ਸਭ ਨੂੰ ਆਪਣਾ ਹੀ ਕਰ ਜਾਣੇ । ਮੈਨੂੰ ਪੂਜਣ ਤੋਂ ਇਹ ਵਰਜੇ ਮਿੱਟੀ ਦੇ ਭਗਵਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ... । ਅੰਬਰ ਥਾਲੀ ਦੀਵੇ ਧਰਕੇ, ਸਦ-ਜੀਵੀ ਅਰਦਾਸ ਸੁਣਾਵੇ । ਦੀਵਿਆਂ ਦੀ ਥਾਂ ਚੰਦ ਤੇ ਸੂਰਜ, ਤਾਰਾ-ਮੰਡਲ ਨਾਲ ਸੁਹਾਵੇ । ਵਗਦੀ ਪੌਣ ਝੁਲਾਵੇ ਚੌਰੀ, ਸਗਲ ਬਨਸਪਤੀ ਸਾਜ਼ ਵਜਾਵੇ । ਨਾਦ ਸ਼ਬਦ ਸੁਰ ਮਿਲ ਕੇ ਲਾਉਂਦੇ, ਸੁਣ ਲਉ ਅਨਹਦ ਤਾਨ ਦੋਸਤੋ । ਸ਼ਬਦ ਮੇਰਾ ਹੈ ਧਰਮ ਦੋਸਤੋ, ਸ਼ਬਦ ਮੇਰਾ ਈਮਾਨ ਦੋਸਤੋ । ਸ਼ਬਦੋਂ ਸੱਖਣੇ ਨਿਰਸ਼ਬਦੇ ਨੂੰ ਕੌਣ ਕਹੇ ਇਨਸਾਨ ਦੋਸਤੋ ।
ਥਾਂ ਥਾਂ ਫਿਰੇਂ ਭਟਕਦੀ ਕਾਹਨੂੰ
ਥਾਂ ਥਾਂ ਫਿਰੇਂ ਭਟਕਦੀ ਕਾਹਨੂੰ ਕਿੱਧਰ ਗਿਆ ਧਿਆਨ ਨੀ ਜਿੰਦੇ । ਕੀਹ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ । ਸ਼ਬਦ ਵਣਜਦੇ ਫਿਰਦੇ ਏਥੇ ਵੇਖੋ ਲੱਖਾਂ ਨੇ ਵਿਉਪਾਰੀ । ਗਿਆਨ ਵਿਹੂਣੀ ਅੰਧੀ ਰੱਯਤ ਦੀ ਇਨ੍ਹਾਂ ਰਲ ਕੇ ਮੱਤ ਮਾਰੀ । ਕਹਿਣ ਤਿਆਗੀ ਪਾਉਣ ਰੇਸ਼ਮੀ, ਵੰਨ ਸੁਵੰਨੇ ਥਾਨ ਨੀ ਜਿੰਦੇ । ਬਾਣੀ ਗੁਰੂ ਸੰਦੇਸ਼ ਭੁਲਾ ਕੇ, ਬਾਣੇ ਨੇ ਦੁਨੀਆਂ ਭਰਮਾਈ । ਨਾਮ ਖ਼ੁਮਾਰੀ ਲੱਭਦੇ ਫਿਰਦੇ, ਬਿਨ ਸ਼ਬਦਾਂ ਤੋਂ ਮਾਈ ਭਾਈ । ਅਰਬਦ ਨਰਬਦ ਧੁੰਦੂਕਾਰ 'ਚ ਗਿਆਨ ਦੀ ਡਾਢੀ ਸ਼ਾਮਤ ਆਈ । ਗੂੜ੍ਹ ਗਿਆਨੀ ਰੁਲਦੇ ਫਿਰਦੇ, ਜਿਉਂ ਹੱਟੀਆਂ ਤੇ ਭਾਨ ਨੀ ਜਿੰਦੇ । ਆਪਣਾ ਮੂਲ ਪਛਾਨਣ ਵਾਲੀ, ਤੂੰ ਕਿਉਂ ਅਸਲੀ ਬਾਤ ਭੁਲਾਵੇਂ । ਕਿਰਤ ਕਮਾਈਆਂ ਦੀ ਥਾਂ ਬਹਿ ਕੇ ਕਿਉਂ ਤੂੰ ਵਿਹਲਾ ਵਕਤ ਲੰਘਾਵੇਂ । ਅਣਦਿਸਦੇ ਲਈ ਫਿਰੇਂ ਭਟਕਦੀ, ਹੱਥ ਨਹੀਂ ਆਉਣੇ ਪਰਛਾਵੇਂ । ਕਾਇਮ ਨਹੀਂ ਬਹੁਤਾ ਚਿਰ ਰਹਿਣੀ, ਫੋਕੀ ਨਕਲੀ ਸ਼ਾਨ ਨੀ ਜਿੰਦੇ । ਬੋਲੀ ਅਵਰ ਸਿਖਾਉਂਦੇ ਸਿੱਖਦੇ, ਬਾਬਾ ਜੀ ਦੇ ਨਾਮ ਦੇ ਲੇਵਾ । ਧਰਤੀ ਮਾਂ ਦੁਰਕਾਰਨ, ਆਖਣ ਬਾਰ ਪਰਾਏ ਕਰਨੀ ਸੇਵਾ । ਕਿਉਂਕਿ ਧਰਤ ਬੇਗਾਨੀ ਦੇਵੇ, ਮੋਟਾ ਖੁੱਲ੍ਹਾ ਮਿੱਠੜਾ ਮੇਵਾ । ਊੜੇ ਜੂੜੇ ਰੁਲ ਖੁੱਲ਼੍ਹ ਚੱਲੇ, ਬਣ ਗਏ ਆਂ ਦਰਬਾਨ ਨੀ ਜਿੰਦੇ । ਕੀਹ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ ।
ਦੱਸੋ ਗੁਰੂ ਵਾਲਿਓ
ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ? ਬਾਣੀ ਨਾਲ ਵੱਜਦੀ ਰਬਾਬ ਕਿੱਥੇ ਹੈ? ਹੱਟੀ ਦੀ ਥਾਂ ਮਾਲ ਤੇ ਪਲਾਜ਼ੇ ਆ ਗਏ । ਪੱਕੇ ਤੇ ਪਕਾਏ ਬਾਹਰੋਂ ਖਾਜੇ ਆ ਗਏ । ਤੂੰਬੀ ਅਲਗੋਜ਼ੇ ਦੀ ਥਾਂ ਵਾਜੇ ਆ ਗਏ । ਮਹਿਕਦਾ ਉਹ ਸੁੱਚੜਾ ਗੁਲਾਬ ਕਿੱਥੇ ਹੈ? ਬਾਣੀ ਨਾਲ ਵੱਜਦੀ... । ਖੱਟਿਆ ਗੁਆਇਆ ਜੋ ਵੀ ਲੇਖਾ ਕੱਢ ਲਉ । ਮਨਾਂ ਵਿਚੋਂ ਆਪਣੇ ਭੁਲੇਖਾ ਕੱਢ ਲਉ । ਨਫ਼ੇ ਨੁਕਸਾਨ 'ਚ ਲਕੀਰ ਕੱਢ ਲਉ । ਦੱਸੋ ਹੋਈ ਬੀਤੀ ਦਾ ਹਿਸਾਬ ਕਿੱਥੇ ਹੈ? ਚੌਵੀ ਘੰਟੇ ਖਾਣਾ ਪੀਣਾ ਐਸ਼ ਕਰਨਾ । ਪਰ ਇਹਦਾ ਪੈਣਾ ਹਰਜਾਨਾ ਭਰਨਾ । ਮਿੱਟੀ ਦਾ ਵਜੂਦ ਖਰਨਾ ਹੀ ਖਰਨਾ । ਬਾਪੂ ਜਿਹੜੀ ਦੇ ਗਿਆ ਕਿਤਾਬ ਕਿੱਥੇ ਹੈ? ਡੁੰਨ ਵੱਟਾ ਬਣ ਬਹਿ ਕੇ ਨਹੀਉਂ ਸਰਨਾ । ਖ਼ੁਦ ਪੈਣਾ ਹੀਲਾ ਤੇ ਵਸੀਲਾ ਕਰਨਾ । ਜਾਗੇ ਨਾ, ਪੰਜਾਬ, ਮਰਨਾ ਹੀ ਮਰਨਾ । ਚਿਹਰੇ ਤੇ ਜੋ ਹੁੰਦੀ ਸੀ, ਉਹ ਆਬ ਕਿੱਥੇ ਹੈ? ਦੱਸੋ ਗੁਰੂ ਵਾਲਿਉ ਪੰਜਾਬ ਕਿੱਥੇ ਹੈ?
ਪੁੱਤ ਪੰਜ ਦਰਿਆਵਾਂ ਦੇ
ਪੁੱਤ ਪੰਜ ਦਰਿਆਵਾਂ ਦੇ, ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ? ਇਹ ਨੀਂਦ ਤਿਆਗਣ ਨਾ, ਇਨ੍ਹਾਂ ਨੂੰ ਕਿਵੇਂ ਆਵਾਜ਼ਾਂ ਮਾਰਾਂ? ਇਹ ਤਾਂ ਅੰਬਰੋਂ ਲਾਹੁੰਦੇ ਸੀ, ਉਡੰਤਰ ਪੰਖਣੂਆਂ ਦੀਆਂ ਡਾਰਾਂ । ਪੌਣਾਂ ਦੇ ਪੁੱਤਰਾਂ ਜਹੇ, ਭਲਾ ਕਿਉਂ ਢੇਰੀ ਢਾਹ ਕੇ ਬਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ... । ਬੋਹੜਾਂ ਤੇ ਪਿੱਪਲਾਂ ਦੀਆਂ, ਲੈ ਗਿਆ ਕੌਣ ਛਾਂਗ ਕੇ ਛਾਵਾਂ? ਪੁੱਛਦੀ ਏ ਭੈਣ ਖੜ੍ਹੀ ਵੀਰਨਾ ਕਿਸ ਥਾਂ ਪੀਂਘਾਂ ਪਾਵਾਂ? ਚਾਅ ਅੰਬਰੀਂ ਪਹੁੰਚਣ ਦੇ ਕੁਆਰੇ ਦਿਲ ਅੰਦਰ ਹੀ ਰਹਿ ਗਏ । ਮਾਏ ਵਰਜ ਨੀ ਪੁੱਤਰਾਂ ਨੂੰ... । ਧਰਤੀ ਦਾ ਧਰਮ ਗਿਆ, ਜਵਾਨੀ ਤੁਰ ਪਈ ਉਲਟੇ ਪਾਸੇ । ਦਾਤੇ ਦੇ ਹੱਥ ਵਿਚ ਨੇ, ਭਲਾ ਕਿਉਂ ਖਾਲਮ ਖਾਲੀ ਕਾਸੇ । ਸਿੱਧੇ ਰਾਹ ਤੁਰਦੇ ਕਿਉਂ ਕਿਰਤ ਦੀ ਅਸਲੀ ਲੀਹੋਂ ਲਹਿ ਗਏ । ਮਾਏ ਵਰਜ ਨੀ ਪੁੱਤਰਾਂ ਨੂੰ... । ਸਿਦਕੋਂ ਕਿਉਂ ਡੋਲ ਗਈ, ਪੰਜਾਬੀ ਅੱਥਰੀ ਅਮੋੜ ਜਵਾਨੀ? ਜਦ ਡੋਰੀ ਟੁੱਟ ਜਾਵੇ, ਗੁਆਚਣ ਮਣਕੇ, ਰਹੇ ਨਾ ਗਾਨੀ । ਛੱਡ ਸ਼ਬਦ ਪੰਘੂੜੇ ਨੂੰ, ਇਹ ਚੰਦਰੇ ਕਿਹੜੇ ਵਹਿਣੀਂ ਵਹਿ ਗਏ? ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ ।
ਉਹ ਥਾਨ ਸੁਹਾਵੇ ਹੋ ਜਾਂਦੇ
ਉਹ ਥਾਨ ਸੁਹਾਵੇ ਹੋ ਜਾਂਦੇ, ਜਿੰਨੀਂ ਥਾਈਂ ਤਪੀਏ ਬਹਿ ਜਾਂਦੇ । ਜਿਹੜੇ ਬੋਲ ਫ਼ਕੀਰ ਉਚਰਦੇ ਨੇ, ਸਦੀਆਂ ਤਕ ਰੂਹ ਵਿਚ ਲਹਿ ਜਾਂਦੇ । ਸਮਿਆਂ ਤੇ ਕਰਨ ਸਵਾਰੀ ਉਹ, ਜੋ ਜਾਮ ਸ਼ਹਾਦਤ ਪੀਂਦੇ ਨੇ । ਕਰਨੀ ਦੇ ਪੂਰੇ ਸੂਰੇ ਹੀ, ਬਿਨ ਜਿਸਮ ਅਜ਼ਲ ਤੱਕ ਜੀਂਦੇ ਨੇ । ਉਸ ਥਾਂ ਤੇ ਮੇਲੇ ਲੱਗਦੇ ਨੇ, ਜਿਥੇ ਯੋਧੇ ਜ਼ੁਲਮ ਸੰਗ ਖਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... । ਮਨ ਬਚਨ ਕਰਮ ਵਿਚ ਢਾਲ ਲਿਆ, ਸਾਡੇ ਪੁਰਖੇ ਬਾਬਿਆਂ ਬਾਣੀ ਨੂੰ । ਸ਼ਬਦਾਂ ਦੇ ਮੱਥੇ ਤਿਲਕ ਧਰੇ, ਜਗ ਜਾਣੇ ਏਸ ਕਹਾਣੀ ਨੂੰ । ਜੋ ਪਰਮ ਪੁਰਖ ਦੇ ਦਾਸੇ ਨੇ, ਪੌਣਾਂ ਨੂੰ ਸੁਨੇਹਾ ਕਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... । ਇਹ ਧਰਤ ਲਿਆਕਤ ਵਾਲਿਆਂ ਦੀ, ਜਿਥੇ ਸਭ ਦਾ ਸਾਂਝਾ ਸ਼ਬਦ ਗੁਰੂ । ਜਲ ਪੌਣ ਧਰਤ ਹਰਿਆਲੀ ਦੀ, ਰਖਵਾਲੀ ਕਰਦਾ ਸ਼ਬਦ ਗੁਰੂ । ਆਰੀ ਸੰਗ ਯਾਰੀ ਰੱਖਦੇ ਜੋ, ਖ਼ੁਦਗਰਜ਼ ਪਿਛਾਂਹ ਹੀ ਰਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... । ਸੰਜਮ ਦਾ ਸਬਕ ਸੁਣਾ ਦੇਵੋ, ਹੁਣ ਆਪਣੇ ਅੱਥਰੇ ਚਾਵਾਂ ਨੂੰ । ਕੱਲ੍ਹ ਤੱਕ ਜੋ ਕੰਢੇ ਤੋੜਦੇ ਸੀ, ਤੁਸੀਂ ਵੇਖ ਲਵੋ ਦਰਿਆਵਾਂ ਨੂੰ । ਸਾੜੇ ਨਾ ਅਗਨੀ, ਡੁੱਬਦੇ ਨਹੀਂ, ਜੋ ਬਾਣੀ ਸਰਵਰ ਵਹਿ ਜਾਂਦੇ । ਉਹ ਥਾਨ ਸੁਹਾਵੇ ਹੋ ਜਾਂਦੇ... ।
ਇਸ ਦੂਰ ਦੇਸ ਦੀ ਧਰਤੀ 'ਤੇ
ਇਸ ਦੂਰ ਦੇਸ ਦੀ ਧਰਤੀ 'ਤੇ ਮੇਰੇ ਵੀਰੋ ਦੇਸ ਪੰਜਾਬ ਦਿਉ । ਕੀ ਖੱਟਿਆ ਤੇ ਕੀ ਵੱਟਿਆ ਹੈ, ਇਸ ਗੱਲ ਦਾ ਤੁਰਤ ਹਿਸਾਬ ਦਿਓ । ਤੁਸੀਂ ਆਏ ਤਾਂ ਸੀ ਵੀਰ ਮਿਰੇ, ਬੱਚਿਆਂ ਦੀ ਸਾਂਭ ਸੰਭਾਲੀ ਨੂੰ । ਮੰਦਹਾਲੀ ਦੀ ਥਾਂ ਘਰ ਅੰਦਰ, ਵਰ ਲਿਆਉਣ ਲਈ ਖੁਸ਼ਹਾਲੀ ਨੂੰ । ਹੁਣ ਅਜਬ ਜਾਲ ਵਿੱਚ ਫਾਬੇ ਹੋ, ਕਿਉਂ ਬਣੇ ਗੁਲਾਮ ਸ਼ਰਾਬ ਦਿਉ । ਛੱਡ ਦੇਂਦਾ ਬਾਲ ਨਿਆਣਾ ਜਿਉਂ, ਦੇ ਚਾਬੀ ਮੋਟਰ ਕਾਰਾਂ ਨੂੰ । ਤੇ ਨਾਲ 'ਰੀਮੋਟ' ਦੇ ਮੋੜ ਲਵੇ, ਜਿੱਧਰ ਦਿਲ ਕਰੇ ਮੁਹਾਰਾਂ ਨੂੰ । ਕਿਉਂ ਜ਼ਿੰਦਗੀ ਭਟਕਣ ਬਣ ਚੱਲੀ, ਇਸ ਗੱਲ ਦਾ ਤੁਰਤ ਜਵਾਬ ਦਿਉ? ਨਾ ਖ਼ਬਰਸਾਰ ਹੈ ਮਾਪਿਆਂ ਨੂੰ, ਪੁੱਤ ਨੂੰਹਾਂ ਕਿੱਧਰ ਚੱਲੇ ਨੇ । ਇਸ ਚੁੱਪ ਚੁਪੀਤੀ ਧਰਤੀ ਤੇ, ਬੱਚੇ ਵੀ ਕੱਲ-ਮੁ-ਕੱਲ੍ਹੇ ਨੇ । ਕਿਉਂ ਪੱਤੀ ਪੱਤੀ ਕਿਰ ਚੱਲੇ, ਉਇ ਪੁੱਤਰੋ ਸੁਰਖ਼ ਗੁਲਾਬ ਦਿਓ । ਡਾਲਰ ਜਾਂ ਪੌਂਡ ਰੁੱਪਈਆ ਇਹ, ਮਾਂ ਬਾਪ ਜਦੋਂ ਬਣ ਬਹਿੰਦਾ ਹੈਂ । ਦੂਜੇ ਦੇ ਦਿਲ ਦੀ ਨਹੀਂ ਸੁਣਦਾ, ਬੱਸ ਆਪਣੀ ਹੀ ਗੱਲ ਕਹਿੰਦਾ ਹੈ । ਜੇ ਚਾਹੋ ਜ਼ਿੰਦਗੀ ਵੇਲ ਵਧੇ, ਬੱਚਿਆਂ ਦੇ ਹੱਥ ਕਿਤਾਬ ਦਿਉ । ਮਾਂ ਬੋਲੀ, ਜਣਨੀ, ਮਾਤ ਭੂਮ ਬਿਨ ਉਲਟਾ ਚੱਕਰ ਗਿੜਦਾ ਹੈ । ਇਨ੍ਹਾਂ ਦੇ ਸਾਥ ਬਗੈਰ ਕਦੇ ਨਾ, ਰੂਹ ਦਾ ਚੰਬਾ ਖਿੜਦਾ ਹੈ । ਊੜਾ ਤੇ ਜੂੜਾ ਸਾਂਭ ਲਵੋ, ਓਏ ਪੁੱਤਰੋ! ਗੋਬਿੰਦ ਖ੍ਵਾਬ ਦਿਉ ।
ਗ਼ਜ਼ਲ
ਤੈਨੂੰ ਜੇ ਦਸਤਾਰ ਵੀ ਸਿਰ ਤੇ ਭਾਰੀ ਹੈ । ਸਮਝ, ਪ੍ਰਾਹਣੀ ਫਿਰ ਤੇਰੀ ਸਿਰਦਾਰੀ ਹੈ । ਜੇ ਤੇਰਾ ਮੂੰਹ ਦੁਖੇ ਪੰਜਾਬੀ ਬੋਲਦਿਆਂ, ਸਮਝੀਂ ਤੇਰੀ ਜੜ੍ਹ ਤੇ ਫਿਰਦੀ ਆਰੀ ਹੈ । ਧਰਤੀ ਦੀ ਮਰਿਆਦਾ ਕੌਣ ਸੰਭਾਲੇਗਾ, ਧੀਆਂ ਪੁੱਤਰਾਂ ਦੀ ਇਹ ਜ਼ਿੰਮੇਵਾਰੀ ਹੈ । ਬੋਲ ਸਲਾਮਤ ਰੱਖੀਂ, ਜੇ ਤੂੰ ਜੀਣਾ ਏਂ, ਨਿਰਸ਼ਬਦੇ ਦਾ ਜੀਵਨ ਵੀ ਕਿਸ ਕਾਰੀ ਹੈ । ਨਾਨਕ, ਬੁੱਲ੍ਹਾ, ਵਾਰਿਸ, ਬਾਹੂ ਜਾਂ ਫਿਰ ਕੌਣ? ਮੈਨੂੰ ਪਿੱਛੋਂ, 'ਵਾਜ਼ ਕਿਸੇ ਨੇ ਮਾਰੀ ਹੈ । ਗਰਦਨ ਸਿੱਧੀ ਰੱਖਣਾ ਕੋਈ ਸਹਿਲ ਨਹੀਂ, ਤੂੰ ਕੀਹ ਜਾਣੇ, ਕਿੰਨੀ ਕੀਮਤ ਤਾਰੀ ਹੈ । ਸੀਸ ਤਲੀ ਤੇ, ਧਰਦੇ ਲੋਕੀਂ ਮੁੱਕੇ ਨਹੀਂ, ਸਫ਼ਰ ਨਿਰੰਤਰ ਹਾਲੇ ਤੱਕ ਵੀ ਜਾਰੀ ਹੈ । 'ਊੜਾ ਐੜਾ' ਦੁਨੀਆਂ ਅੰਦਰ ਰੁਲ ਚੱਲਿਆ, ਏ ਬੀ ਸੀ ਦੀ ਹੁਕਮਰਾਨ ਸੰਗ ਯਾਰੀ ਹੈ । ਸੰਗਲੀ ਬੱਧਾ ਸ਼ੇਰ, ਕਤੂਰਾ ਬਣ ਬੈਠਾ, ਸੱਚ ਪੁੱਛੋ ਤਾਂ ਲਾਅਣਤ ਦਾ ਅਧਿਕਾਰੀ ਹੈ ।
ਗ਼ਜ਼ਲ
ਪਿੱਛੋਂ ਤੋੜਨੇ ਨਾ ਪੈਣ, ਪਹਿਲਾਂ ਬੁੱਤ ਨਾ ਬਣਾਉ । ਕਦੇ ਮਿੱਟੀ ਦੇ ਦਿਓਤਿਆਂ ਨੂੰ ਫੁੱਲ ਨਾ ਚੜ੍ਹਾਉ । ਕਰੋ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਆਂ ਦੀ ਪਛਾਣ, ਚਿੱਤੋਂ ਹਾਰਿਆਂ ਦੇ ਨਾਲ ਕਦੇ ਅੱਖ ਨਾ ਮਿਲਾਉ । ਤੁਰੇ ਜਿੰਨਾ ਚਿਰ ਨਾਲ, ਮੰਨੋ ਓਸ ਨੂੰ ਕਮਾਲ, ਓਸ ਮਹਿਕ ਨੂੰ ਸੰਭਾਲ, ਅੱਗੇ ਕਦਮ ਵਧਾਉ । ਅੱਖਾਂ ਮੀਟ ਪਹਿਲਾਂ ਕਰੋ ਨਾ ਜੀ ਅੰਧ-ਵਿਸ਼ਵਾਸ, ਪਿੱਛੋਂ ਤੁਸੀਂ ਇਨਸਾਨ ਨੂੰ ਸ਼ੈਤਾਨ ਨਾ ਬਣਾਉ । ਕੋਈ ਰਿਸ਼ਤਾ ਜਦੋਂ ਵੀ ਬਣੇ ਰੂਹਾਂ ਉੱਤੇ ਬੋਝ, ਦੇ ਕੇ ਸੋਹਣਾ ਜਿਹਾ ਮੋੜ, ਬਾਤ ਅੱਗੇ ਨਾ ਵਧਾਉ । ਬਹੁਤਾ ਬੋਲਣਾ ਹੀ ਬਹੁਤੀ ਵਾਰੀ ਕਰਦੈ ਖ਼ੁਆਰ, ਮੈਨੂੰ ਚੁੱਪ ਰਹਿਣ ਦੇਵੋ, ਮੈਨੂੰ ਹੋਰ ਨਾ ਬੁਲਾਉ । ਮੇਰਾ ਚਿੱਕੜਾਂ 'ਚ ਭਾਵੇਂ ਕੌਲ-ਫੁੱਲ ਵਾਂਗੂੰ ਵਾਸ, ਪੱਕੇ ਘਰਾਂ ਨਾਲ ਤਾਹੀਓਂ ਮੇਰਾ ਲਾਗ ਨਾ ਲਗਾਉ । ਹੋਣ ਦੋਸਤੀ ਦੇ ਬੂਟੇ, ਜੀਕੂੰ ਗਮਲੇ ਦੀ ਵੇਲ, ਫੁੱਲ ਆਉਣਗੇ ਜ਼ਰੂਰ, ਜੇ ਰੋਜ਼ਾਨਾ ਪਾਣੀ ਪਾਉ । ਸਦਾ ਨੀਤੀਆਂ ਤੇ ਨੀਤਾਂ ਬਦਨੀਤ ਹੋਣ ਜਿੱਥੇ, ਫਿਰ ਹੋਣੈਂ ਕੀਹ ਨਤੀਜਾ, ਮੇਰਾ ਮੂੰਹ ਨਾ ਖੁੱਲ੍ਹਾਉ ।
ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ
ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ, ਦਸਵਾਂ ਦਿਨ ਹੁੰਦਾ ਹੈ । ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ । ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼, ਜਿਸ 'ਚ ਸਦੀਆਂ ਤੋਂ, ਰਾਵਣ ਡੇਰਾ ਲਾਈ ਬੈਠਾ ਹੈ । ਤ੍ਰਿਸ਼ਨਾ ਦਾ ਸੋਨ-ਮਿਰਗ ਛੱਡ ਦੇਂਦਾ ਹੈ, ਰੋਜ਼ ਸਵੇਰੇ ਸਾਨੂੰ ਛਲਾਵੇ 'ਚ ਲੈਂਦਾ ਹੈ । ਸਾਦਗੀ ਦੀ ਸੀਤਾ ਮੱਈਆ ਰੋਜ਼ ਛਲਦਾ ਹੈ, ਫਿਰ ਵੀ ਧਰਮੀ ਅਖਵਾਉਂਦਾ ਹੈ । ਸੋਨੇ ਦੀ ਲੰਕਾ ਵਿੱਚ ਵੱਸਦਿਆਂ, ਉਹ ਜਾਣ ਗਿਆ ਹੈ ਕੂਟਨੀਤੀ । ਹਰ ਬੰਦੇ ਦਾ ਮੁੱਲ ਪਾਉਂਦਾ ਹੈ । ਆਪਣੇ ਦਰਬਾਰ 'ਚ ਨਚਾਉਂਦਾ ਹੈ । ਪੈਰਾਂ ਦੀ ਜੁਰਾਬ ਬਣਾਉਂਦਾ ਹੈ । ਚੰਮ ਦੀ ਜੀਭ ਤੇ ਆਪਣੇ ਪੂਰਨੇ ਪਾਉਂਦਾ ਹੈ । ਆਪਣੇ ਤਾਲ ਤੇ ਨਚਾਉਂਦਾ ਹੈ । ਔਕਾਤ ਮੁਤਾਬਕ ਕਦੇ ਕਿਸੇ ਨੂੰ, ਕਦੇ ਕਿਸੇ ਨੂੰ ਬਾਂਦਰ ਬਣਾਉਂਦਾ ਹੈ । ਪਹਿਲਾਂ ਬਰਾਬਰ ਦੀ ਕੁਰਸੀ ਤੇ ਬਿਠਾਉਂਦਾ ਹੈ । ਭਰਮ ਪਾਉਂਦਾ ਹੈ, ਮਗਰੋਂ ਭੇਡੂ ਬਣਾਉਂਦਾ ਹੈ । ਕਾਨਿਆਂ ਦੇ ਤੀਰਾਂ ਨਾਲ ਕਿੱਥੇ ਮਰਦਾ ਹੈ ਇਹ ਰਾਵਣ? ਜ਼ੈੱਡ ਪਲੱਸ ਸੁਰੱਖਿਆ ਛਤਰੀਧਾਰੀ । ਅਵਾ ਤਵਾ ਬੋਲਦਾ ਹੈ । ਘਰ ਨਹੀਂ ਵੇਖਦਾ, ਬਾਹਰ ਨਹੀਂ ਵੇਖਦਾ, ਅਗਨ ਅੰਗਿਆਰੇ ਮੂੰਹੋਂ ਕੱਢਦਾ, ਸਾਡੇ ਪੁੱਤਰਾਂ ਧੀਆਂ ਨੂੰ, ਯੁੱਧ ਲਈ ਬਾਲਣ ਦੀ ਥਾਂ ਵਰਤਦਾ । ਰਾਵਣ ਨੂੰ ਤਿੰਨ ਸੌ ਪੈਂਠ ਦਿਨਾਂ ਵਿੱਚੋਂ, ਸਿਰਫ਼ ਦਸ ਦਿਨ ਹੀ ਦੁਸ਼ਮਣ ਨਾ ਸਮਝਣਾ । ਪਲ ਪਲ ਜਾਨਣਾ ਤੇ ਪਛਾਨਣਾ । ਕਿਵੇਂ ਚੂਸ ਜਾਂਦਾ ਹੈ ਸਾਡੀ ਰੱਤ । ਸੁੱਤਿਆਂ ਸੁੱਤਿਆਂ ਖ਼ੋਰ ਕੇ ਪੀ ਜਾਂਦਾ ਹੈ, ਸਾਡਾ ਸ੍ਵੈਮਾਣ ਅਣਖ਼ ਤੇ ਹੋਰ ਬਹੁਤ ਕੁਝ । ਆਰੀਆ ਦਰਾਵੜਾਂ ਨੂੰ ਧੜਿਆਂ 'ਚ ਵੰਡ ਕੇ, ਆਪਣੀ ਪੁਗਾਉਂਦਾ ਹੈ । ਯੁੱਧ ਵਾਲੇ ਨੁਕਤੇ ਵੀ ਐਸੇ ਸਮਝਾਉਂਦਾ ਹੈ । ਬਾਤਨ ਕਾ ਬਾਦਸ਼ਾਹ ਪੱਲੇ ਕੱਖ ਨਾ ਪਾਉਂਦਾ ਹੈ । ਰਾਖਾ ਬਣ ਕੇ ਜੇਬਾਂ ਫ਼ਰੋਲਦਾ ਹੈ । ਵਤਨਪ੍ਰਸਤੀ ਦੇ ਭਰਮ ਜਾਲ ਵਿੱਚ, ਭੋਲੀਆਂ ਮੱਛੀਆਂ ਫਸਾਉਂਦਾ ਹੈ । ਤਰਜ਼ ਤਾਂ ਕੋਈ ਹੋਰ ਬਣਾਉਂਦਾ ਹੈ । ਪਰ ਧੁਨ ਦਾ ਬਹੁਤ ਪੱਕੈ, ਹਰ ਵੇਲੇ ਇੱਕੋ ਗੀਤ ਅਲਾਪਦਾ । ਕੁਰਸੀ ਰਾਗ ਗਾਉਂਦਾ ਹੈ । ਪੂਰਾ ਸੰਧੀਰਾਮ ਹੈ । ਭਗਵਾਨ ਨੂੰ ਵੀ ਗੱਲੀਂ ਬਾਤੀਂ ਭਰਮਾਉਂਦਾ ਹੈ । ਐਸਾ ਉਲਝਾਉਂਦਾ ਹੈ, ਪੱਥਰ ਬਣਾ ਕੇ ਉਹਨੂੰ ਮੂਰਤੀ ਵਾਂਗ ਸਜਾਉਂਦਾ ਹੈ । ਬਗਲਾ ਭਗਤ ਪੂਰਾ ਮਨਚਾਹਿਆ ਫ਼ਲ ਪਾਉਂਦਾ ਹੈ । ਦੁਸਹਿਰਾ ਯੁੱਧ ਦਾ ਆਖ਼ਰੀ ਨਹੀਂ ਦਸਵਾਂ ਦਿਨ ਹੁੰਦਾ ਹੈ ।
ਸੂਰਜ ਦੀ ਜ਼ਾਤ ਨਹੀਂ ਹੁੰਦੀ
ਸੂਰਜ ਦੀ ਜ਼ਾਤ ਨਹੀਂ ਹੁੰਦੀ । ਉਸ ਦੇ ਹੱਥ ਵਿੱਚ, ਮੋਰਪੰਖ ਸੀ ਪੱਤਰਿਆਂ ਤੇ ਨੱਚਦਾ । ਸ਼ਬਦਾਂ ਸੰਗ ਪੈਲਾਂ ਪਾਉਂਦਾ । ਇਤਿਹਾਸ ਰਚਦਾ, ਪਹਿਲੇ ਮਹਾਂਕਾਵਿ ਦਾ ਸਿਰਜਣਹਾਰ । ਕਿਸੇ ਲਈ ਰਿਸ਼ੀ, ਕਿਸੇ ਵਾਸਤੇ ਮਹਾਂਰਿਸ਼ੀ* । ਲਿੱਸਿਆਂ ਨਿਤਾਣਿਆਂ ਲਈ, ਸਗਵਾਂ ਭਗਵਾਨ ਸੀ ਮੁਕਤੀਦਾਤਾ । ਸ੍ਵੈਮਾਣ ਦਾ ਉੱਚ ਦੋਮਾਲੜਾ ਬੁਰਜ । ਨਾ ਨੀਵਾਂ ਨਾ ਉੱਚਾ, ਮਨੂ ਸੰਮ੍ਰਿਤੀ ਤੋਂ, ਬਹੁਤ ਉਚੇਰਾ ਤੇ ਵੱਖਰਾ । ਰੌਸ਼ਨ ਪਾਠ ਸੀ ਵਕਤ ਦੇ ਸਫ਼ੇ ਤੇ । ਤ੍ਰੈਕਾਲਦਰਸ਼ੀ ਮੱਥਾ ਸੀ, ਫ਼ੈਲ ਗਿਆ ਚੌਵੀ ਹਜ਼ਾਰ ਸ਼ਲੋਕਾਂ 'ਚ । ਘੋਲ ਕੇ ਸੰਪੂਰਨ ਆਪਾ, ਇਤਿਹਾਸ ਹੋ ਗਿਆ । ਈਸਵੀ ਦੇ ਮੁੱਢਲੇ ਪੰਨਿਆਂ ਤੇ ਉਸ ਲਕੀਰਾਂ ਨਹੀਂ, ਪੈੜਾਂ ਪਾਈਆਂ । ਕਾਲੇ ਅੱਖਰਾਂ ਨੇ ਪੂਰਬ ਨੂੰ ਪਹਿਲੀ ਵਾਰ ਭਗਵਾਨ ਵਿਖਾਇਆ । ਗਿਆਨ ਸਾਗਰ ਦਾ ਗੋਤਾ ਖ਼ੋਰ, ਮਾਣਕ ਮੋਤੀ ਲੱਭ ਲੱਭ ਪਰੋਈ ਗਿਆ । ਅਜਬ ਰਾਹ ਦਿਸੇਰਾ । ਉਸ ਦੇ ਪਾਏ ਪੂਰਨਿਆਂ ਤੇ ਇਬਾਰਤ ਲਿਖਣੀ, ਖ਼ਾਲਾ ਜੀ ਦਾ ਵਾੜਾ ਨਹੀਂ । ਸਰਬ ਧਰਤੀ ਕਾਗਦਿ ਛੋਟਾ ਪੈ ਗਿਆ ਵਰਕਾ । ਆਦਿ ਕਵੀ ਸਨਮੁੱਖ ਸਮੁੰਦਰ ਸਿਆਹੀ ਦੀ ਦਵਾਤ । ਮੋਰਪੰਖ ਲਿਖਦਾ ਰਿਹਾ ਵਕਤ ਦੇ ਸਫ਼ਿਆਂ ਤੇ । ਅਰਥਾਂ ਦੇ ਅਰਥ ਕਰੀ ਜਾਉ, ਦੋਸਤੋ! ਸੂਰਜ ਨੂੰ ਤੁਸੀਂ, ਦੀਵਾ ਨਹੀਂ ਬਣਾ ਸਕਣਾ । ਵਿਸ਼ਵ ਕੀਰਤੀ ਕਾਰਨ ਹੀ, ਸਰਬਦੇਸ਼ੀ ਸਬਕ ਬਣ ਗਿਐ । ਸਰਬਕਾਲ ਸੂਰਜੀ ਮੱਥਾ । ਧਰਤੀ ਦੀ ਹਰ ਜ਼ਬਾਨ 'ਚ, ਲਿਸ਼ ਲਿਸ਼ਕੰਦੜਾ ਗਰੰਥ । ਸੂਰਜ ਨੂੰ ਕਿਸੇ ਵੀ ਜ਼ਾਵੀਏ ਤੋਂ ਨਿਹਾਰੋ, ਸੂਰਜ ਹੀ ਰਹਿੰਦਾ ਹੈ । ਨਾ ਡੁੱਬਦਾ ਨਾ ਚੜ੍ਹਦਾ, ਤੁਸੀਂ ਹੀ ਹੇਠ ਉੱਤੇ ਹੁੰਦੇ ਹੋ । ਤਪਦੇ ਖਪਦੇ ਮਰ ਚੱਲੇ ਹੋ, ਜਾਣਦਿਆਂ ਇਸਦੀ ਜ਼ਾਤ । ਨਿੱਕੇ ਨਾ ਬਣੋ ਸੂਰਜ ਸੂਰਜ ਹੀ ਹੁੰਦਾ ਹੈ । ਇਸ ਦੀ ਜ਼ਾਤ ਨਹੀਂ, ਝਾਤ ਹੁੰਦੀ ਹੈ । ਜਿੱਧਰ ਮੂੰਹ ਕਰਦਾ ਹੈ, ਦਿਨ ਚੜ੍ਹਦਾ, ਫੁੱਲ ਖਿੜਦੇ । ਰੰਗ ਭਰਦੇ, ਰਾਗ ਛਿੜਦੇ । ਪਿੱਠ ਕਰੇ ਤਾਂ ਲੰਮ ਸਲੰਮੀ ਰਾਤ । ਇਸ ਨੂੰ ਆਪਣੇ ਜਿੱਡਾ ਨਾ ਕਰੋ, ਲਗਾਤਾਰ ਛਾਂਗ ਛਾਂਗ । ਇਹ ਤੁਹਾਡੀਆਂ ਲੇਥ ਮਸ਼ੀਨਾਂ ਤੋਂ, ਬਹੁਤ ਵੱਡਾ ਹੈ । ਇਸ 'ਚ ਮਨ ਮਰਜ਼ੀ ਦੇ ਰੰਗ ਭਰਦਿਆਂ, ਇਸ ਦਾ ਰੰਗ ਨਹੀਂ, ਚਾਨਣਵੰਨਾ ਢੰਗ ਹੁੰਦਾ ਹੈ । ਜਗਣ ਮਘਣ ਵਾਲਾ, ਨੂਰ ਦੇ ਘੁੱਟ ਭਰੋ, ਧਿਆਨ ਧਰੋ । ਆਪਣੇ ਵਰਗਾ ਨਿੱਕਾ ਨਾ ਕਰੋ । ਰੰਗ, ਜ਼ਾਤ, ਗੋਤ, ਧਰਮ, ਨਸਲ ਤੋਂ ਬਹੁਤ ਉਚੇਰਾ ਹੈ ਰਵੀ ਆਦਿ ਕਵੀ ਵਾਲਮੀਕਿ ਸੂਰਜ ਦੀ ਜ਼ਾਤ ਪਾਤ ਨਹੀਂ ਸਰਬ ਕਲਿਆਣੀ ਔਕਾਤ ਹੁੰਦੀ ਹੈ ਤਾਂ ਹੀ ਉਹਦੇ ਆਉਂਦਿਆਂ ਪਰਭਾਤ ਹੁੰਦੀ ਹੈ । *ਵਾਲਮੀਕਿ ਜੀ ਮਹਾਂਰਿਸ਼ੀ (ਸੂਰਜ=ਮਹਾਂਰਿਸ਼ੀ ਵਾਲਮੀਕ)
ਉਹ ਕਲਮ ਕਿੱਥੇ ਹੈ ਜਨਾਬ
ਉਹ ਕਲਮ ਕਿੱਥੇ ਹੈ ਜਨਾਬ, ਜਿਸ ਨਾਲ ਸੂਰਮੇ ਨੇ ਪਹਿਲੀ ਵਾਰ, ਇਨਕਲਾਬ ਜ਼ਿੰਦਾਬਾਦ ਲਿਖਿਆ ਸੀ । ਸ਼ਬਦ ਅੰਗਿਆਰ ਬਣੇ, ਜ਼ਾਲਮ ਦੀਆਂ ਨਜ਼ਰਾਂ 'ਚ ਮਾਰੂ ਹਥਿਆਰ ਬਣੇ । ਬੇਕਸਾਂ ਦੇ ਯਾਰ ਬਣੇ । ਨੌਜਵਾਨ ਮੱਥਿਆਂ 'ਚ, ਸਦੀਵ ਲਲਕਾਰ ਬਣੇ । ਉਹ ਜਾਣਦਾ ਸੀ, ਕਿ ਪਸ਼ੂ ਜਿਵੇਂ ਰੱਤੇ ਕੱਪੜੇ ਤੋਂ ਡਰਦਾ ਹੈ । ਹਨ੍ਹੇਰਾ ਟਟਹਿਣਿਓਂ, ਹਾਕਮ ਵੀ ਸ਼ਾਸਤਰ ਤੋਂ ਘਬਰਾਉਂਦਾ ਹੈ । ਸ਼ਸਤਰ ਨੂੰ ਉਹ ਕੀ ਸਮਝਦਾ ਹੈ? ਸ਼ਸਤਰ ਦੇ ਓਹਲੇ 'ਚ ਤਾਂ, ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ । ਆਪੇ ਬਣੋ ਮਹਾਨ । ਕਲਮ ਨੂੰ ਕਲਮ ਕਰਨਾ ਮੁਹਾਲ, ਪੁੰਗਰਦੀ ਹੈ ਬਾਰ ਬਾਰ । ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ, ਅਖੰਡ ਪ੍ਰਵਾਹ ਸ਼ਬਦ-ਸਿਰਜਣਾ ਦਾ । ਕਿੱਥੇ ਹੈ ਉਹ ਵਰਕਾ, ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ* ਪੁੱਤਰ ਨੇ, ਲਿਖ ਘੱਲਿਆ ਸੀ । ਮੇਰੀ ਜਾਨ ਲਈ, ਲਾਟ ਸਾਹਿਬ ਨੂੰ ਕੋਈ, ਅਰਜ਼ੀ ਪੱਤਾ ਨਾ ਪਾਵੀਂ ਬਾਪੂ । ਮੈਂ ਆਪਣੀ ਗੱਲ ਆਪ ਕਰਾਂਗਾ । ਜਿਸ ਮਾਰਗ ਤੇ ਤੁਰਿਆਂ, ਆਪਣੀ ਹੋਣੀ ਆਪ ਵਰਾਂਗਾ । ਵਕਾਲਤ ਜ਼ਲਾਲਤ ਹੈ, ਝੁਕ ਗੋਰੇ ਦਰਬਾਰ । ਝੁਕੀਂ ਨਾ ਬਾਬਲਾ, ਟੁੱਟ ਜਾਵੀਂ, ਪਰ ਲਿਫ਼ੀਂ ਨਾ ਕਦੇ । ਕਿੱਥੇ ਹੈ ਉਹ ਕਿਤਾਬ । ਜਿਸ ਦਾ ਪੰਨਾ ਮੋੜ ਕੇ, ਇਨਕਲਾਬੀ ਨਾਲ ਰਿਸ਼ਤਾ ਜੋੜ ਕੇ, ਸੂਰਮੇ ਨੇ ਕਿਹਾ ਸੀ । ਬਾਕੀ ਇਬਾਰਤ, ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ । ਜਦ ਤੀਕ ਨਹੀਂ ਮੁੱਕਦੀ, ਗੁਰਬਤ ਤੇ ਜ਼ਹਾਲਤ । ਮੈਂ ਬਾਰ ਬਾਰ ਜੰਮ ਕੇ ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ । ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼, ਲੜਦਾ ਰਹਾਂਗਾ । ਯੁੱਧ ਕਰਦਾ ਰਹਾਂਗਾ । ਕਿੱਥੇ ਹੈ ਉਹ ਦਸਤਾਰ? ਜਿਸ ਨੂੰ ਸਾਂਭਣ ਲਈ ਚਾਚੇ ਅਜੀਤ ਸਿੰਘ ਨੇ ਬਾਰਾਂ ਬੇਲਿਆਂ ਨੂੰ ਜਗਾਇਆ ਸੀ । ਜਾਬਰ ਹਕੂਮਤਾਂ ਨੂੰ ਲਿਖ ਕੇ ਸੁਣਾਇਆ ਸੀ । ਧਰਤੀ ਹਲਵਾਹਕ ਦੀ ਮਾਂ ਹੈ । ਹੁਣ ਸਾਨੂੰ ਸੂਰਮੇ ਦਾ, ਪਿਸਤੌਲ ਸੌਂਪ ਕੇ ਕਹਿੰਦੇ ਹੋ, ਤਾੜੀਆਂ ਵਜਾਓ ਖ਼ੁਸ਼ ਹੋਵੇ । ਮੋੜ ਦਿੱਤਾ ਹੈ ਅਸਾਂ ਸ਼ਸਤਰ । ਪਰ ਅਸੀਂ ਇੰਜ ਨਹੀਂ ਪਰਚਦੇ । ਸੂਰਮੇ ਦੀ ਉਹ ਕਲਮ ਤਾਂ ਪਰਤਾਓ । ਉਹ ਵਰਕਾ ਤਾਂ ਵਿਖਾਓ ! ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ ਮੁਕਤੀ ਮਾਰਗ ਦਾ ਨਕਸ਼ਾ । ਜਗਦੇ ਜਾਗਦੇ ਮੱਥੇ ਕੋਲ, ਪਿਸਤੌਲ ਬਹੁਤ ਮਗਰੋਂ ਆਉਂਦਾ ਹੈ । ਦੀਨਾ ਕਾਂਗੜ ਤੋਂ ਜਫ਼ਰਨਾਮਾ ਬੋਲਦਾ ਹੈ! 'ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ । ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ।' ਹਾਰਦੇ ਜਦ ਸਭ ਉਪਾਅ । ਠੀਕ ਹਥਿਆਰਾਂ ਦਾ ਰਾਹ । ਪਰ ਸੂਰਮੇ ਨੇ ਹਰ ਇਬਾਰਤ, ਕਲਮ ਨਾਲ ਲਿਖੀ । ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ, ਜੋ ਤੁਹਾਨੂੰ ਪੁੱਗਦਾ ਹੈ । ਮੁਕਤੀਆਂ ਦਾ ਸੂਰਜ ਤਾਂ, ਗਿਆਨ ਭੂਮੀ ਸਿੰਜ ਕੇ, ਆਪਣਾ ਆਪਾ ਪਿੰਜ ਕੇ, ਮੱਥਿਆਂ 'ਚੋਂ ਚੜ੍ਹਦਾ ਹੈ । ਹੱਕ ਇਨਸਾਫ਼ ਲਈ, ਰਾਤ ਦਿਨ ਲੜਦਾ ਹੈ । *ਸ਼ਹੀਦ ਭਗਤ ਸਿੰਘ
ਮੇਰੀ ਮਾਂ ਤਾਂ ਰੱਬ ਦੀ ਕਵਿਤਾ
ਮੇਰੀ ਮਾਂ ਤਾਂ ਰੱਬ ਦੀ ਕਵਿਤਾ, ਸਤਰ ਸਤਰ ਸਰਸਬਜ਼ ਬਗ਼ੀਚਾ । ਨੂਰੀ ਚਸ਼ਮਾ ਮੋਹ ਮਮਤਾ ਦਾ । ਬਾਜ਼ ਨਜ਼ਰ ਸੂਰਜ ਤੋਂ ਅੱਗੇ । ਮੇਰੇ ਦਿਲ ਦੀ ਧੜਕਣ ਵਿੱਚੋਂ, ਮੇਰੇ ਹੌਕੇ ਪੁਣ ਲੈਂਦੀ ਹੈ । ਮੱਥੇ ਅੰਦਰ ਖੁਭ ਗਏ ਕੰਡੇ, ਬਿਨ ਦੱਸਿਆ ਹੀ ਚੁਣ ਲੈਂਦੀ ਹੈ । ਮਾਂ ਦੇ ਪਿਆਰ-ਤਰੌਂਕੇ ਸਦਕਾ ਹਰ ਪਰਬਤ ਤੇ ਚੜ੍ਹ ਲੈਂਦਾ ਹਾਂ । ਸੂਰਜ ਤੀਕ ਪਹੁੰਚਦੀ ਪੌੜੀ, ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ । ਵਕਤ-ਦੀਵਾਰ ਤੇ ਜੋ ਵੀ ਲਿਖਦੈ, ਅੱਖਰ ਅੱਖਰ ਪੜ੍ਹ ਲੈਂਦਾ ਹਾਂ । ਹਿੱਕੜੀ ਅੰਦਰ ਜੜ ਲੈਂਦਾ ਹਾਂ । ਮੇਰੀ ਮਾਂ ਦੇ ਨੈਣਾਂ ਵਿਚ ਸੀ ਅਜਬ ਕੈਮਰਾ । ਆਰ ਪਾਰ ਦੀ ਜਾਨਣਹਾਰਾ । ਘਰ ਵੜਦੇ ਹੀ ਬੁੱਝ ਲੈਂਦੀ ਸੀ, ਅੱਜ ਤੇਰਾ ਮਨ ਠੀਕ ਨਹੀਂ ਲੱਗਦਾ । ਬੁਝਿਐ ਬੁਝਿਐਂ ਕੀ ਹੋਇਆ ਹੈ? ਲੜ ਕੇ ਆਇਐਂ, ਜਾਂ ਫਿਰ ਤੈਨੂੰ ਕਿਸੇ ਝਿੜਕਿਆ? ਮੈਨੂੰ ਦੱਸ ਤੂੰ, ਮੈਂ ਵੇਹਦੀਂ ਆਂ । ਕਿਹੜਾ ਮੇਰੇ ਲਾਲ ਬਰਾਬਰ । ਇਹ ਹੀ ਭਰਮ ਅਜੇ ਤੱਕ ਜੀਂਦਾ । ਨਾਲ ਬਰਾਬਰ ਤੁਰਦਾ ਮੇਰੇ । ਮੇਰੀ ਪਿੱਠ ਤੇ ਮੇਰੀ ਮਾਂ ਦਾ ਅਜਬ ਥਾਪੜਾ । ਹੌਂਸਲਿਆਂ ਦੀ ਭਰੀ ਪੋਟਲੀ । ਇਉਂ ਲੱਗਦਾ ਹੈ ਮੇਰੀ ਬੀਬੀ, ਮੇਰੀ ਮਾਤਾ ਅੰਗ ਸੰਗ ਮੇਰੇ । ਕਿਧਰੇ ਗੀਤ ਗ਼ਜ਼ਲ ਵਿੱਚ ਢਲ਼ਦੀ । ਬਣ ਜਾਂਦੀ ਹੈ ਕਵਿਤਾ ਆਪੇ । ਸ਼ਬਦਾਂ ਅੰਦਰ ਰਸਦੀ ਵੱਸਦੀ, ਮੇਰੀ ਸੁਣਦੀ, ਆਪਣੀ ਦੱਸਦੀ । ਜੀਆਂ ਦੀ ਸੁਖਸਾਂਦ ਜਾਣਦੀ । ਧਰਤੀ ਜਿੱਡੇ ਦਰਦ-ਹਾਣ ਦੀ । ਦੁੱਖ ਤਕਲੀਫ਼ ਦੀ ਸਿਖ਼ਰ ਦੁਪਹਿਰੇ, ਮੇਰੇ ਸਿਰ ਤੇ ਹੱਥ ਰੱਖਦੀ ਤੇ ਛਤਰ ਤਾਣਦੀ । ਮੱਥਾ ਚੁੰਮਦੀ, ਲਾਡ ਲਡਾਉਂਦੀ । ਖ਼ੁਦ ਨਾ ਉਹ ਸੁਪਨੇ ਵਿਚ ਆਉਂਦੀ । ਹਰ ਸਾਹ ਹਰ ਪਲ ਨਾਲ ਤੁਰਦਿਆਂ, ਨਿੱਕੀਆਂ ਨਿੱਕੀਆਂ ਝਿੜਕਾਂ ਦੇਂਦੀ । ਕਿੱਦਾਂ ਕਿੱਥੇ ਕੀ ਕਰਨਾ ਹੈ, ਅੱਜ ਤੀਕਰ ਸਭ ਕੁਝ ਸਮਝਾਉਂਦੀ । ਬਿੜਕਾਂ ਰੱਖਦੀ, ਕਿੱਥੋਂ ਆਇਆਂ, ਕਿੱਥੇ ਚੱਲਿਆ, ਦੱਸ ਵੇ ਬੱਲਿਆ? ਬਹੁਤ ਵਾਰ ਮੈਂ ਤੱਕਿਆ ਅੱਖੀਂ, ਫੁੱਲ ਪੱਤੀਆਂ ਖ਼ੁਸ਼ਬੋਈਆਂ ਅੰਦਰ । ਰੂਪ ਅਨੂਪ ਸਰੂਪ ਵਿਹੂਣੀ, ਕਾਲ-ਮੁਕਤ ਹਸਤੀ ਦੇ ਵਾਂਗੂੰ, ਗੁਰਘਰ, ਮਸਜਿਦ ਬਣਦੀ ਮੰਦਰ । ਅੱਜ ਤਾਂ ਉਸਦੀ, ਮਨ-ਪਰਿਕਰਮਾ ਕਰਦੇ ਕਰਦੇ, ਰੂਹ ਵਿੱਚ ਜੀਕਣ ਚੰਬਾ ਖਿੜਿਆ । ਰੋਮ ਰੋਮ ਝਰਨਾਟ ਛਿੜੀ ਹੈ । ਤਰਬ-ਤਰੰਗਾਂ ਕਣ ਕਣ ਅੰਦਰ, ਸੂਰਜ ਪਹਿਲਾਂ ਨਾਲੋਂ ਰੌਸ਼ਨ । ਪੌਣ ਵਜਦ ਵਿੱਚ ਗੀਤ ਸੁਣਾਵੇ । ਜਿਉਂ ਸ਼ਬਦਾਂ ਤੋਂ ਬਿਨ੍ਹਾਂ ਬਿਨ੍ਹਾਂ ਹੀ, ਮੇਰੀ ਬਹੁਤ ਮਾਸੂਮ ਪੋਤਰੀ, ਸਰਗਮ ਜਹੀ ਅਸੀਸ ਪਿਆਰੀ, ਤਰਜ਼ਾਂ ਘੜਦੀ, ਆਪੇ ਗਾਉਂਦੀ । ਸੁਣਦੇ ਸੁਣਦੇ ਅਨਹਦ ਤੇ ਨਿਰਸ਼ਬਦ ਗੀਤ ਨੂੰ, ਤਨ ਮਨ ਵਿੱਚ ਵਿਸਮਾਦ ਭਰ ਗਿਆ । ਮੇਰੀ ਮਾਂ ਦੀ ਸੱਜਰੀ ਟਾਹਣੀ, ਉਸ ਦੀ ਇਸ ਪੜਪੋਤੀ ਦਾ ਨੂਰੀ ਝਲਕਾਰਾ, ਮਾਰੂਥਲ ਆਬਾਦ ਕਰ ਗਿਆ ।
ਮੇਰਾ ਬਾਬਲ ਤੇਗ ਬਹਾਦਰ
ਹੱਕ ਸੱਚ ਦੀ ਰਖਵਾਲੀ ਵਾਲਾ, ਪਰਚਮ ਹੱਥੀਂ ਆਪ ਪਕੜ ਕੇ, ਆਨੰਦਪੁਰ ਤੋਂ ਡਾਂਡੇ ਮੀਂਡੇ, ਵਾਹੋਦਾਹੀ ਤੁਰਿਆ ਸੂਰਾ । ਕਹਿਣੀ ਤੇ ਕਥਨੀ ਦਾ ਪੂਰਾ । ਸਿਰਫ਼ ਜਨੇਊ ਜਾਂ ਕਸ਼ਮੀਰੀ, ਤੁਰਿਆ ਨਾ ਉਹ ਪੰਡਿਤਾਂ ਖ਼ਾਤਰ । ਮੇਰਾ ਬਾਬਲ ਤੇਗ ਬਹਾਦਰ । ਉਹ ਤਾਂ ਭੈ ਵਣਜਾਰਿਆਂ ਨੂੰ, ਇਹ ਕਹਿਣ ਗਿਆ ਸੀ । ਨਾ ਭੈ ਦੇਣਾ, ਨਾ ਭੈ ਮੰਨਣਾ । ਕੂੜ ਦਾ ਭਾਂਡਾ ਹੱਥੀਂ ਭੰਨਣਾ । ਆਪ ਤੁਰ ਪਿਆ ਦਿੱਲੀ ਦੇ ਵੱਲ । ਆਪ ਕਹਾਂਗਾ ਮੈਂ ਆਪਣੀ ਗੱਲ । ਤਖ਼ਤ-ਨਸ਼ੀਨਾਂ ਦੇ ਘਰ ਜਾ ਕੇ, ਲਾਲ ਕਿਲ੍ਹੇ ਦੇ ਦਰ-ਦੀਵਾਰਾਂ, ਸ਼ਬਦ-ਬਾਣ ਦੇ ਨਾਲ ਠਕੋਰੂੰ । ਪੱਥਰ ਚਿੱਤ ਨੂੰ ਵੇਖਿਓ ਭੋਰੂੰ । ਦੀਨ ਬਹਾਨੇ ਈਨ ਮਨਾਉਣੀ ਨਾ ਹੈ ਮੰਨਣੀ । ਕੂੜੀ ਕੰਧ ਹੈ ਏਦਾਂ ਭੰਨਣੀ । ਤਿਲਕ ਜਨੇਊ ਤਸਬੀ ਮਣਕੇ । ਖ਼ੁਦ ਆਪਣੀ ਰਖਵਾਲੀ ਦੇ ਲਈ ਜੇ ਅੱਜ ਖੜ੍ਹੇ ਨਾ ਹੋਏ ਤਣ ਕੇ । ਰੀਂਘਣਹਾਰੇ ਬਣ ਜਾਣੇ ਇਹ ਨਾਗ ਖੜੱਪੇ । ਜ਼ੋਰ ਜਬਰ ਦਾ ਆਲਮ ਪਸਰੂ ਚੱਪੇ ਚੱਪੇ । ਮੇਰੇ ਧਰਮੀ ਬਾਬਲ ਨੇ ਇਹ ਠੀਕ ਕਿਹਾ ਸੀ । ਔਰੰਗਜ਼ੇਬ ਤੂੰ ਬਾਤ ਸਮਝ ਲੈ ! ਜੇਕਰ ਜਬਰ ਜਨੇਊ ਕਰਦਾ, ਸੁੰਨਤਧਾਰੀ ਹੁੰਦਾ ਜ਼ੋਰ ਜ਼ੁਲਮ ਤੋਂ ਡਰਦਾ । ਮੈਂ ਤਾਂ ਏਸੇ ਮਾਰਗ ਤੁਰ ਕੇ, ਆ ਜਾਣਾ ਸੀ । ਤਿਲਕਧਾਰੀਆਂ ਨੂੰ ਵੀ ਇਹ ਸਮਝਾ ਜਾਣਾ ਸੀ । ਧਰਮ ਕਰਮ ਤਲਵਾਰ ਸਹਾਰੇ ਪਲਦਾ ਨਹੀਂ ਹੈ । ਜਿਸ ਬੂਟੇ ਦੀ ਜੜ੍ਹ ਦੇ ਥੱਲੇ, ਕੂੜ ਕੁਫ਼ਰ ਦੀ ਢੇਰੀ ਹੋਵੇ, ਸਦੀਆਂ ਤੀਕਰ ਫ਼ਲਦਾ ਨਹੀਂ ਹੈ । ਮੇਰੇ ਬਾਬਲ ਸੀਸ ਕਟਾਇਆ, ਤਖ਼ਤਾ ਚੁਣਿਆ ਤਖ਼ਤ ਨਿਵਾਇਆ । ਨਾਲੇ ਇਹ ਵੀ ਸਬਕ ਪੜ੍ਹਾਇਆ, ਸਦਾ ਨਹੀਂ ਥਿਰ ਰਹਿੰਦੀ, ਤਾਕਤ ਭਰਮ ਜਾਲ ਹੈ, ਨਿਰੀ ਪੁਰੀ ਬੱਦਲਾਂ ਦੀ ਛਾਇਆ । ਮਨ ਪੁੱਛਦਾ ਹੈ! ਕਿਹੜਾ ਫੇਰ, ਆਨੰਦਪੁਰੀ ਤੋਂ ਮੁੜ ਕੇ ਧਾਵੇ । ਤਖ਼ਤ ਤਾਜ ਨੂੰ ਇਹ ਸਮਝਾਵੇ । ਜਬਰ ਜ਼ੁਲਮ ਜੇ ਹੱਦ ਟੱਪ ਜਾਵੇ ਖਿਸਕ ਜਾਣ ਏਦਾਂ ਹੀ ਪਾਵੇ । ਕੁੱਲ ਧਰਤੀ ਦੇ ਵੰਨ ਸੁਵੰਨੇ ਜੇ ਨਾ ਰਹੇ ਖਿੜੇ ਫੁੱਲ ਪੱਤੀਆਂ । ਕਿੰਜ ਆਵੇਗੀ ਰੁੱਤ ਬਸੰਤੀ ਵਗਣਗੀਆਂ ਪੌਣਾਂ ਫਿਰ ਤੱਤੀਆਂ । ਕੂੜ ਅਮਾਵਸ ਕਾਲ਼ਾ ਅੰਬਰ । ਕਿਓਂ ਤਣਦੇ ਹੋ ਏਡ ਆਡੰਬਰ । ਮੇਰਾ ਬਾਬਲ ਦਿੱਲੀ ਅੰਦਰ, ਅੱਜ ਵੀ ਸਾਨੂੰ ਵੇਖ ਰਿਹਾ ਹੈ । ਜ਼ੋਰ ਨਾਲ ਹਾਂ ਜਬਰ ਨਾਲ ਹਾਂ । ਸ਼ਬਦ ਨਾਲ ਹਾਂ ਕਬਰ ਨਾਲ ਹਾਂ । ਸਿਰ ਤੇ ਸੂਰਜ ਸੱਚ ਦਾ ਚੜ੍ਹਿਆ । ਸ਼ਬਦ ਸੰਵਾਰਨਹਾਰ ਨਾ ਪੜ੍ਹਿਆ । ਸਾਡੀ ਹੀ ਅਲਗਰਜ਼ੀ, ਜੇਕਰ ਅਕਲੀਂ ਕੁੰਡੇ ਜੰਦਰੇ ਮਾਰੇ । ਹਰ ਵਾਰੀ ਕਿਓਂ ਆ ਕੇ, ਬਾਬਲ ਕਾਜ ਸੰਵਾਰੇ । ਦੀਨ ਧਰਮ ਦੇ ਰਾਖਿਓ, ਅੰਦਰ ਝਾਤੀ ਮਾਰੋ । ਜੋ ਗੁਰ ਦੱਸੀ ਵਾਟ ਓਸ ਦੇ, ਰਾਹਾਂ ਵਿੱਚ ਬੁਹਾਰੀ ਮਾਰੋ । ਆਪੇ ਪੜ੍ਹ ਕੇ ਆਪ ਵਿਚਾਰੋ । ਬਰਖ਼ੁਰਦਾਰੋ ! ਪਹਿਰੇਦਾਰੋ !
ਸਰਹਿੰਦ ਦਾ ਸੁਨੇਹਾ
ਪੋਹ ਦੀ ਰਾਤ ਠਰੀ ਕਕਰੀਲੀ । ਠੰਡਾ ਠਾਰ ਬੁਰਜ ਸਰਹਿੰਦੀ । ਦੋ ਫੁੱਲਾਂ ਦੀ ਰਾਤ ਅਖ਼ੀਰੀ । ਨੀਹਾਂ ਵਿੱਚ ਖਲੋ ਕੇ ਹੱਸੀਆਂ ਸੁਰਖ਼ ਗੁਲਾਬ ਦੀਆਂ ਦੋ ਪੱਤੀਆਂ । ਜਬਰ ਜ਼ੁਲਮ ਦਾ ਕਹਿਰ ਕਮੀਨਾ । ਡਾਹਿਆ ਦੋਹਾਂ ਬੱਚਿਆਂ ਸੀਨਾ । ਤੀਰਾਂ ਤੇ ਤਲਵਾਰਾਂ ਅੱਗੇ, ਨਾ ਮੁਰਝਾਈਆਂ ਰੀਝਾਂ ਰੱਤੀਆਂ । ਦੀਵਾਰਾਂ ਅੱਜ ਸ਼ਰਮਸਾਰ ਨੇ । ਹੁਕਮ ਹਕੂਮਤ ਧਰਤਿ ਭਾਰ ਨੇ । ਸਮਝ ਲਇਓ ਫਿਰ ਆਪੇ ਇਹ ਗੱਲ, ਕਿਉਂ ਨਾ ਬੁਝੀਆਂ ਚਾਨਣ ਬੱਤੀਆਂ । ਸੁਣੋ ਸੁਣੋ ਓਇ ਬਰਖ਼ੁਰਦਾਰੋ । ਆਪਣੇ ਅੰਦਰ ਝਾਤੀ ਮਾਰੋ । ਜਿਸਮ ਨਹੀਂ, ਰੂਹ ਸੀਸ ਝੁਕਾਓ, ਆਉਣ ਬਹਾਰਾਂ ਅਣਖ਼ਾਂ ਮੱਤੀਆਂ । ਤੇਰਾਂ ਪੋਹ ਦਾ ਧਿਆਨ ਧਾਰਿਓ । ਆਪਣੇ ਵੱਲ ਵੀ ਝਾਤ ਮਾਰਿਓ, ਜੋ ਫ਼ਰਜ਼ੰਦਾਂ ਚਰਖ਼ਾ ਗੇੜਿਆ, ਸਾਂਭੋ ਉਹ ਸਭ ਪੂਣੀਆਂ ਕੱਤੀਆਂ ।
ਉਨ੍ਹਾਂ ਨੂੰ ਕਹੋ
ਉਨ੍ਹਾਂ ਨੂੰ ਕਹੋ, ਸਾਨੂੰ ਨਾ ਵੇਚਣ ਸਾਰਾਗੜੀ ਦਾ ਮੈਦਾਨ । ਯੁੱਧ ਕਹਿ ਕੇ ਗੁਲਾਮੀ ਦਾ ਸਾਮਾਨ । ਕੇਸਰੀ ਪੁੜੀ ਵਿੱਚ ਬੰਨ੍ਹਿਆ ਚੋਣ-ਨਿਸ਼ਾਨ । ਸਾਨੂੰ ਸਭ ਪਤਾ ਹੈ, ਕਿਲ੍ਹੇ ਕਦੇ ਵੀ ਲੋਕਾਂ ਦੇ ਨਹੀਂ ਹੁੰਦੇ । ਕਿਲ੍ਹਿਆਂ ਵਿੱਚ ਕੌਣ ਬਹਿੰਦਾ ਹੈ, ਤਖ਼ਤ ਨਸ਼ੀਨ ਹੋ ਕੇ । ਇਹ ਸੱਚ ਹੈ ਸੂਰਜ ਜਿੱਡਾ, ਕਿ ਕਿਲ੍ਹੇ ਦੇ ਰਖ਼ਵਾਲੇ, ਯੋਧੇ ਪੁੱਤਰ ਸਾਡੇ ਸਨ । ਝੋਰੜਾਂ ਦਾ ਈਸ਼ਰ ਸਿੰਘ ਗਿੱਲ ਹੋਵੇ, ਜਾਂ ਕਿਸੇ ਹੋਰ ਪਿੰਡੋਂ ਲਿੱਸੇ ਘਰ ਦਾ ਜਾਇਆ । ਫੌਜ ਵਿੱਚ ਰੋਟੀ ਕਮਾਉਣ ਆਇਆ । ਫਰੰਗੀ ਰਾਜ ਦਾ ਤਾਬਿਆਦਾਰ ਬੰਦੂਕਧਾਰੀ ਤਿਆਰ ਬਰ ਤਿਆਰ । ਸਾਰਾਗੜ੍ਹੀ ਕਿਲ੍ਹਾ ਸਾਡਾ ਨਹੀਂ ਸੀ । ਉਹ ਤਾਂ ਨਾਗਾਂ ਦੀ ਵਰਮੀ ਸੀ । ਜੋ ਸਾਨੂੰ ਹੀ ਡੰਗ ਗਿਆ । ਸਾਡੇ ਤਾਂ ਸਿਰਫ਼ ਉਹ ਪਠਾਣ ਭਾਈਬੰਦ ਸਨ, ਜਿੰਨ੍ਹਾਂ ਨੂੰ ਖੜੱਪੇ ਫਰੰਗੀ ਨਾਗ, ਰਾਤ ਦਿਨ ਡੰਗਦੇ । ਅਣਖ਼ਾਂ ਦੇ ਜਾਇਆਂ ਨੂੰ ਰੋਜ਼ ਸੂਲੀ ਟੰਗਦੇ । ਬਾਗੀਆਂ ਦੇ ਬੱਚੇ ਮੂੰਹੋਂ ਪਾਣੀ ਪਾਣੀ ਮੰਗਦੇ । ਅਣਖ਼ੀ ਦਲੇਰਾਂ ਨੂੰ, ਹੱਕ ਤੇ ਇਨਸਾਫ਼ ਮੰਗਦੇ, ਧਰਤ ਪੁੱਤਰ ਸ਼ੇਰਾਂ ਨੂੰ ਤਾਜ ਦੇ ਰਖਵਾਲੇ ਬਣ, ਘੇਰ ਘੇਰ ਮਾਰਨਾ । ਸਿੱਖ ਦਾ ਵਿਹਾਰ ਨਾ । ਕੁਹਾੜੀ ਰਾਜਭਾਗ ਦੀ, ਅਸੀਂ ਵਿੱਚ ਦਸਤਾ ਸੀ । ਆਪਣੇ ਭਰਾਵਾਂ ਨੂੰ, ਧਰਤੀ ਦੇ ਚਾਵਾਂ ਨੂੰ, ਮਾਰਨਾ ਹੈ ਦੱਸੋ, ਕਿੱਥੇ ਲਿਖਿਆ ਬਹਾਦਰੀ ।
ਸਾਈਂ ਲੋਕ ਗਾਉਂਦੇ
ਸਾਈਂ ਲੋਕ ਗਾਉਂਦੇ, ਮੈਨੂੰ ਬੜੇ ਹੀ ਚੰਗੇ ਲੱਗਦੇ ਨੇ । ਜਿਵੇਂ ਦਰਿਆ ਵਜਦ 'ਚ, ਲਹਿਰ ਲਹਿਰ ਸੁਰ ਲਾਉਂਦਾ । ਸ਼ਰੀਂਹ ਦੀਆਂ ਸੁੱਕੀਆਂ ਫ਼ਲੀਆਂ, ਛਣਕਦੀਆਂ ਪੱਤਝੜ ਰੁੱਤੇ । ਖ਼ਾਨਗਾਹ ਤੇ ਬਲ਼ਦਾ, ਸਰ੍ਹੋਂ ਦੇ ਤੇਲ ਵਾਲਾ ਚਿਰਾਗ । ਸਾਈਂ ਲੋਕ ਗਾਉਂਦੇ, ਕੀਲ ਬਿਠਾਉਂਦੇ ਨੇ ਬੇਚੈਨ ਬਿਰਤੀਆਂ । ਪਾਣੀ 'ਚ ਡੁੱਬੇ ਘੜੇ ਵਾਂਗ, ਰੂਹ ਰੱਜ ਜਾਂਦੀ ਹੈ ਦੋਤਾਰਾ ਸੁਣਦਿਆਂ । ਸਵੇਰ ਸਾਰ ਪ੍ਰਭਾਤੀ ਗਾਉਂਦਾ, ਜੋਗੀਆ ਲੀੜਿਆਂ ਵਾਲਾ, ਬਾਬਾ ਗਿਰ ਆਉਂਦਾ ਦਿਨ ਚੜ੍ਹੇ । ਉਹਦੀ ਚਿੱਪੀ 'ਚ ਗੁੜ ਵਾਲੀ ਚਾਹ, ਮੈਂ ਹੀ ਉਲੱਦਦਾ । ਲੱਗਦਾ ਕਿ ਸੁਰੀਲਾ ਰੱਬ ਸਾਡੇ ਬਰੂੰਹੀਂ ਬੈਠਾ ਆਣ ਕੇ । ਆਟਾ ਮੰਗਦਾ ਆਪਣੇ ਟੱਬਰ ਲਈ । ਸਾਡੇ ਟੱਬਰਾਂ ਲਈ ਅਸੀਸਾਂ ਵੰਡਦਾ, ਨਿੱਕਾ ਜਿਹਾ ਸੁਰੀਲਾ ਵਕਤ । ਅਜੇ ਵੀ ਮੇਰੇ ਨਾਲ ਨਾਲ, ਤੁਰਦੀਆਂ ਨੇ ਉਹਦੀਆਂ ਪ੍ਰਭਾਤੀਆਂ । ਸਾਢੇ ਤਿੰਨ ਹੱਥ ਧਰਤੀ ਬਹੁਤੀਆਂ ਜਾਗੀਰਾਂ ਵਾਲਿਆ । ਕੰਮ ਕਰ ਲੈ ਨਿਮਾਣੀਏ ਜਿੰਦੇ, ਸੁੱਤਿਆਂ ਨਾ ਦਿਨ ਚੜ੍ਹਨਾ । ਵੇਖ ਤੁਰ ਪਏ ਹਲਾਂ ਨੂੰ ਹਾਲੀ, ਜਿੰਦੇ ਤੂੰ ਘੁਰਾੜੇ ਮਾਰਦੀ । ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ । ਪਰਤਦਾ ਤਾਂ ਲੱਗਦਾ, ਪਿੰਡੋਂ ਰੂਹ ਚਲੀ ਗਈ ਹੈ । ਸੁਰਮੰਡਲ ਸਮੇਟ ਕੇ । ਨਾਲ ਹੀ ਲੈ ਗਿਆ ਹੈ ਬਾਵਾ ਗਿਰ, ਸੁਰ ਲਹਿਰੀਆ । ਕਿਤਾਬਾਂ 'ਚ ਬੜਾ ਲੱਭਿਐ ਪੂਰੀ ਉਮਰ, ਉਹ ਕੌਣ ਸੀ? ਤੁਰਦੇ ਫਿਰਦੇ ਵਿਸਮਾਦ ਨਾਦ ਜਿਹਾ । ਹੱਡ ਮਾਸ ਦਾ ਪੁਤਲਾ ਜਿਹਾ । ਆਟੇ ਦੀ ਲੱਪ ਬਦਲੇ, ਗਲੀ ਗਲੀ ਫਿਰਦਾ ਸਮੂਲਚਾ ਸੁਰਵੰਤਾ ਰੱਬ । ਬਹੁਤ ਬਾਦ 'ਚ ਪਤਾ ਲੱਗਿਆ! ਰੱਬ ਬੜੀ ਸ਼ੈਅ ਹੈ, ਕਦੇ ਛਿਪ ਜਾਂਦਾ ਹੈ, ਮਰਦਾਨੇ ਦੀ ਰਬਾਬ 'ਚ । ਬਾਣੀ ਦੇ ਅੰਗ ਸੰਗ ਤੁਰਨ ਲਈ । ਕਦੇ ਪੈਰੀਂ ਘੁੰਗਰੂ ਬੰਨ੍ਹ ਕੇ, ਬਣ ਜਾਂਦਾ ਹੈ ਬੁੱਲ੍ਹਾ । ਇਸ਼ਕ 'ਚ ਨੱਚਦਾ, ਕਰਦਾ ਥੱਈਆ ਥੱਈਆ । ਤੂੰਬੇ ਦੀ ਤੂੰਬੀ ਬਣਾ ਬਣ ਜਾਂਦਾ ਹੈ ਯਮਲਾ ਜੱਟ, ਕਦੇ ਆਲਮ ਲੋਹਾਰ ਕਦੇ ਸ਼ੌਕਤ ਅਲੀ । ਵਜਦ 'ਚ ਗਾਉਂਦਾ ਹੋ ਜਾਂਦਾ ਹੈ, ਤੁਫ਼ੈਲ ਨਿਆਜ਼ੀ, ਪਠਾਣੇ ਖਾਂ, ਮਨਸੂਰ ਅਲੀ ਮਲੰਗੀ, ਸਾਈਂ ਦੀਵਾਨਾ, ਸਾਈਂ ਮੁਸ਼ਤਾਕ, ਸਾਈਂ ਜ਼ਹੂਰ, ਮੇਰਾ ਹਜ਼ੂਰ । ਤੂੰਬਾ ਬੁੜ੍ਹਕਦਾ ਹੈ, ਘੁਲ ਜਾਂਦਾ ਹੈ ਸਾਹਾਂ 'ਚ । ਇਸ਼ਕ ਅੱਲ੍ਹਾ ਚੰਬੇ ਦੀ ਬੂਟੀ ਬਣ, ਕਣ ਕਣ ਸਰੂਰਦਾ । ਘੜਾ ਵੱਜਦਾ, ਕਿੰਗ ਵੱਜਦੀ, ਤੂੰ ਤੂੰਬਾ ਵੱਜਦਾ ਸੁਣ ਜਿੰਦੜੀ । ਇਹ ਦੁਨੀਆ ਬਾਗ ਬਹਿਸ਼ਤੀ ਏ, ਹਰ ਰੰਗ ਦੇ ਫੁੱਲ ਤੂੰ ਚੁਣ ਜਿੰਦੜੀ । ਹੁਣ ਪਤਾ ਲੱਗੈ ਕਿ ਸਾਈਂ ਲੋਕ, ਮੈਨੂੰ ਕਿਉਂ ਚੰਗੇ ਲੱਗਦੇ? ਇਹ ਕਿਤਾਬਾਂ ਦੇ ਗੁਲਾਮ ਨਹੀਂ, ਧਰਤੀ ਕਾਗਦੁ ਬਣਾਉਂਦੇ । ਸੁਰਾਂ ਨਾਲ ਅੰਬਰ ਤੇ, ਇਬਾਰਤ ਲਿਖਦੇ ਰਮਤੇ ਜੋਗੀ । ਸਾਗਰ ਜਿੱਡੇ ਜੇਰੇ । ਤੋੜਨ ਬੰਧਨ ਘੇਰੇ । ਸਾਈਂ ਲੋਕ ਗਾਉਂਦੇ ਤਾਂ ਹੀ ਜਾਪਦੇ ਨੇ, ਗਲੀਆਂ 'ਚ ਤੁਰਦੇ ਫਿਰਦੇ ਰੱਬ ।
ਅਸੀਸ
ਕਿੰਨਾ ਕੁਝ ਬਦਲ ਦਿੰਦੀ ਹੈ ਅਸੀਸ*, ਫਿੱਕਾ ਲੱਗਦਾ ਸੂਰਜ ਗੂੜ੍ਹਾ ਹੋ ਜਾਂਦੈ । ਚੰਦਰਮਾ ਅੰਬਰੋਂ ਉੱਤਰ ਕੇ, ਇਕੱਲਾ ਮਾਮਾ ਨਹੀਂ, ਤਾਰਿਆਂ ਸਣੇ, ਨਾਨਕਾ ਮੇਲ ਬਣ ਜਾਂਦੈ । ਮੀਂਹ ਦੀਆਂ ਕਣੀਆਂ ਅਰਥ ਬਦਲਦੀਆਂ । ਰਹਿਮਤ ਬਣ ਜਾਂਦੇ ਨੇ ਜਲ ਕਣ । ਆਸਾਂ ਦਾ ਬੂਰ, ਦੋਧੇ ਦਾਣਿਆਂ 'ਚ ਬਦਲ ਜਾਂਦਾ ਹੈ । ਧੀ ਮਾਂ ਬਣ ਜਾਂਦੀ ਹੈ, ਤੇ ਪੁੱਤਰ ਬਾਬਲ । ਕਿੰਨਾ ਕੁਝ ਬਦਲ ਜਾਂਦਾ ਹੈ, ਇੱਕ ਅਸੀਸ ਨਾਲ । ਰੁੱਤਾਂ ਸੁਰਾਂਗਲੀਆਂ, ਬਹਾਰਾਂ ਮਹਿਕੰਦੜੀਆਂ । ਪੌਣਾਂ ਵਗਦੀਆਂ ਇਤਰ 'ਚ ਭਿੱਜੀਆਂ । ਵਕਤ ਦੀ ਰਫ਼ਤਾਰ ਬਦਲ ਜਾਂਦੀ ਹੈ । ਚੰਨ ਤੇ ਤੁਰਨ ਵਾਂਗ ਹੌਲੇ ਫੁੱਲ ਕਦਮ । ਸ਼ਹਿਦ ਕਟੋਰੀ ਨੱਕੋ ਨੱਕ ਭਰ ਜਾਂਦੀ ਹੈ । ਨਿੱਕੀ ਇਲਾਇਚੀ ਘੁਲਦੀ ਹੈ ਸਵਾਸਾਂ ਵਿੱਚ ਇੱਕ ਅਸੀਸ ਨਾਲ । ਘਰ ਦੀ ਸਾਰੀ ਵਿਆਕਰਣ ਬਦਲ ਜਾਂਦੀ ਹੈ । ਟੋਏ ਭਰਦੇ, ਟਿੱਬੇ ਖੁਰਦੇ, ਸਮਤਲ ਧਰਤੀ 'ਤੇ ਤੁਰਨਾ, ਚੰਗਾ ਚੰਗਾ ਲੱਗਦਾ ਹੈ । ਇੱਕ ਅਸੀਸ ਨਾਲ । ਘਰ ਦੀਆਂ ਦੀਵਾਰਾਂ 'ਚੋਂ, ਮੁਬਾਰਕ ਆਵਾਜ਼ਾਂ ਆਉਂਦੀਆਂ । ਸ਼ਰੀਂਹ ਦੇ ਪੱਤਿਆਂ ਦੇ, ਬੰਦਨ ਬਾਰ ਸਜਦੇ । ਬੂਹੇ ਅੱਗੇ ਲਾਏ ਬਿਰਖ਼ 'ਤੇ, ਚਿੜੀਆਂ ਚੂਕਦੀਆਂ ਸਵੇਰ ਸਾਰ । ਸਾਡੀ ਧੀ ਨਾਲ ਖੇਡਣ ਆਈਆਂ, ਸਖੀਆਂ ਸਹੇਲੀਆਂ ਲੱਗਦੀਆਂ । ਕਿੰਨਾ ਕੁਝ, ਬਦਲ ਦਿੰਦੀ ਹੈ ਅਸੀਸ । ਸਰਬੱਤ ਦਾ ਭਲਾ ਮੰਗਦੀ ਹੈ ਜ਼ਬਾਨ । ਕਣ ਕਣ ਸ਼ੁਕਰਾਨਾ ਕਰਦੀ ਇੱਕ ਅਸੀਸ ਕੀਹ ਦਾ ਕੀਹ ਕਰ ਦੇਂਦੀ ਹੈ । *25 ਸਤੰਬਰ 2018 ਨੂੰ ਮੇਰੀ ਪੋਤਰੀ ਅਸੀਸ ਦੇ ਜਨਮ ਦੀ ਖ਼ਬਰ ਮਿਲਣ ਵੇਲੇ
ਦਿੱਲੀ ਆਪ ਨਹੀਂ ਉੱਜੜਦੀ
ਦਿੱਲੀ ਆਪ ਨਹੀਂ ਉੱਜੜਦੀ, ਸਿਰਫ਼ ਉਜਾੜਦੀ ਹੈ । ਨਿੱਕੇ ਵੱਡੇ ਪਿੰਡ ਘਰ ਦਰ ਬੂਹੇ ਚੰਨੇ । ਕਿੱਲਿਉਂ ਖੋਲ੍ਹ ਦਿੰਦੀ ਹੈ ਡੰਗਰ ਵੱਛੇ, ਆਵਾਰਾ ਸਿਆਸਤਦਾਨਾਂ ਦੇ ਚਰਨ ਲਈ, ਚਰਾਂਦ ਬਣਦੀ ਹੈ । ਦਿੱਲੀ ਕਿੱਥੇ ਉੱਜੜਦੀ ਹੈ? ਦਿੱਲੀ ਸਿਰਫ਼ ਖ਼ਸਮ ਬਦਲਦੀ ਹੈ । ਸਵਾਦ ਬਦਲਦੀ ਹੈ ਜਿਸਮਾਂ ਦੇ, ਭਟਕਦੀ ਫਿਰਦੀ ਦਰ ਦਰ ਆਵਾਰਾ । ਤਖ਼ਤ ਤੇ ਬਹਿਣ ਦਾ ਚੋਗਾ ਪਾਕੇ ਉੱਡਣੇ ਪੁੱਡਣੇ ਸ਼ਿਕਾਰੀ ਪਿੰਜਰੇ ਪਾ ਲੈਂਦੀ ਹੈ । ਸੁਪਨਿਆਂ ਦਾ ਹੋਕਾ ਦੇਂਦੀ ਹੈ । ਵੇਚਦੀ ਵੱਟਦੀ ਕੱਖ ਵੀ ਨਹੀਂ ਬੜੀ ਚੰਟ ਹੈ ਖੇਖਣਹਾਰੀ । ਇਸ ਦੀਆਂ ਨੀਤੀਆਂ ਨਾ ਵੇਖੋ ਨੀਅਤ ਪਰਖੋ । ਨਜ਼ਰ ਕਿਤੇ ਹੈ ਤੇ ਨਿਸ਼ਾਨਾ ਕਿਤੇ ਹੋਰ । ਮਹਾਂਭਾਰਤ ਤੋਂ ਤੁਰਦੀ ਤੁਰਦੀ ਭਾਰਤ ਤੇ ਅੱਪੜੀ । ਹੁਣ ਫੇਰ ਕੂਚੀਆਂ ਚੁੱਕੀ ਫਿਰਦੀ ਹੈ ਹਰ ਕੂਚੇ ਦੇ ਮੱਥੇ, ਹਿੰਦੋਸਤਾਨ ਲਿਖਣ ਲਈ । ਪੁਰਾਣੇ ਕਿਲ੍ਹੇ ਕੋਲ ਗਵਾਚਿਆ ਫਿਰਦੈ, ਸਾਡਾ ਪੁਰਾਣ ਜੱਦੀ ਪਿੰਡ ਇੰਦਰਪ੍ਰਸਥ । ਮਾਲਕ ਪਾਂਡਵ ਪਾਂਡੀ ਬਣ ਗਏ ਨੇ ਰੇਲਵੇ ਸਟੇਸ਼ਨ ਤੇ । ਮਰ ਚੱਲੇ ਨੇ ਪੰਡਾਂ ਢੋਂਦੇ ਢੋਂਦੇ । ਹਮਾਯੂੰ ਕਿਲ੍ਹੇਦਾਰ ਨਹੀਂ । ਹੁਣ ਮਕਬਰੇ 'ਚ ਕੈਦ ਹੈ, ਬਣਿਆ ਫਿਰਦਾ ਸੀ ਵੱਡਾ ਸ਼ਹਿਨਸ਼ਾਹ । ਬਜ਼ੁਰਗਾਂ ਨੇ ਦੱਸਿਆ, ਦਿੱਲੀ ਜੇ ਆਪ ਸੱਤ ਵਾਰ ਉੱਜੜੀ । ਇਸ ਨੇ ਸਾਨੂੰ ਵੀ ਸੈਂਕੜੇ ਵਾਰ ਉਜਾੜਿਐ । ਇਹ ਤਾਂ ਫੇਰ ਵੱਸ ਜਾਂਦੀ ਹੈ ਸੁਪਨ-ਖਾਣੀ ਛਨਾਰ । ਲੰਗੜਾ ਤੈਮੂਰ ਹੋਵੇ ਜਾਂ ਨਾਦਰ ਫ਼ਰੰਗੀਆਂ ਤੀਕ ਲੰਮੀ ਕਤਾਰ ਅੱਥਰੇ ਘੋੜਿਆਂ ਦੀ । ਮਿੱਧਦੇ ਫਿਰੇ ਜੋ ਰੀਝਾਂ ਪਰੁੱਚਾ ਫੁਲਕਾਰੀ ਜਿਹਾ ਦੇਸ । ਹੁਣ ਵੀ ਭਟਕਦੀਆਂ ਰੂਹਾਂ ਨਹੀਂ ਟਿਕਦੀਆਂ । ਔਰੰਗਜ਼ੇਬ ਕਬਰ 'ਚੋਂ ਉੱਠ ਕੇ, ਅੱਧੀ ਰਾਤੀਂ ਵੀ ਹੂਟਰ ਵਜਾ ਕੇ ਮੇਰੇ ਕੋਲੋਂ ਲੰਘਦੈ । ਸਾਡੀ ਨੀਂਦ ਦਾ ਵੈਰੀ । ਪਤਾ ਨਹੀਂ ਕਾਹਦੇ ਲਈ ਗਲੀਆਂ ਕੱਛਦਾ ਫਿਰਦਾ ਹੈ? ਉੱਜੜੇ ਬਾਗਾਂ ਦਾ ਗਾਲ੍ਹੜ ਪਟਵਾਰੀ । ਲਾਲ ਕਿਲ੍ਹੇ ਦੀ ਫ਼ਸੀਲ ਵੀ, ਕੁਫ਼ਰ ਸੁਣ ਸੁਣ ਅੱਕ ਥੱਕ ਗਈ ਹੈ । ਪੁਰਾਣੀਆਂ ਕਿਤਾਬਾਂ ਓਹੀ ਸਬਕ । ਸਿਰਫ਼ ਜੀਭ ਬਦਲਦੀ ਹੈ । ਝੁੱਗੀਆਂ ਵਿਕਦੀਆਂ ਹਨ, ਦੋ ਮੁੱਠ ਆਟੇ ਬਦਲੇ । ਜ਼ਮੀਰਾਂ ਦੀ ਮੰਡੀ 'ਚ ਨੀਲਾਮ ਕੁਰਸੀਆਂ, ਆਪਣਾ ਜਿਸਮ ਨਹੀਂ ਵੇਚਦੀਆਂ ਹੁਣ । ਨਵੇਂ ਖੁੱਲ੍ਹੇ ਸੱਤਾ ਦੇ ਜੀ. ਬੀ. ਰੋਡ ਤੇ, ਇਖ਼ਲਾਕ ਵੇਚਦੀਆਂ ਹਨ । ਕੁਰਬਾਨੀਆਂ ਵਾਲੇ ਪੁੱਛਦੇ ਹਨ, ਕੌਣ ਹਨ ਇਹ ਟੋਡੀ ਬੱਚੇ? ਰਾਏ ਬਹਾਦੁਰ, ਸਰਦਾਰ ਬਹਾਦੁਰ, ਪਰ ਕਿਰਪਾਨ ਬਹਾਦਰ ਕਿੱਧਰ ਗਏ? ਜਵਾਬ ਮਿਲਦੈ ਸਾਡੇ ਦਰਬਾਨ ਹਨ ਸ਼ਾਹੀ ਬੂਹਿਆਂ ਤੇ । ਦਿਲ ਤੇ ਦਿੱਲੀ ਫੇਰ ਉੱਜੜਦੀ ਹੈ ਜਦ ਸੁਣਦੀ ਹੈ ਸੜਿਆ ਜਵਾਬ । ਜਿੰਨ੍ਹਾਂ ਦੇ ਗਲਮੇ 'ਚ ਬਲਦੇ ਹਾਰ ਨੇ ਟਾਇਰਾਂ ਦੇ । ਰਾਜ ਬਦਲੇ ਨਹੀਂ ਹਾਲੇ ਡਾਇਰਾਂ ਦੇ । ਦਿੱਲੀ ਕਦੋਂ ਉੱਜੜਦੀ ਹੈ? ਇਹ ਤਾਂ ਉਜਾੜਦੀ ਹੈ ਬਾਗਾਂ ਦੇ ਬਾਗ । ਉੱਲੂ ਹਵਾਂਕਦੇ ਨੇ ਚਿਹਰੇ ਬਦਲ ਬਦਲ । ਬਿਰਖ਼ ਡੋਲਦਾ ਹੈ, ਧਰਤ ਕੰਬਦੀ ਹੈ । ਪਰ ਉੱਜੜਦੇ ਅਸੀਂ ਹੀ ਕਿਉਂ ਹਾਂ? ਦਿੱਲੀ ਤਾਂ ਫੇਰ ਨਵਾਂ ਖ਼ਸਮ ਕਰ ਲੈਂਦੀ ਹੈ । ਬਹੁਤ ਉਦਾਸ ਨੇ ਪੁਰਖ਼ੇ ਇਹ ਵੇਖਦਿਆਂ, ਕਿ ਵਿਧਵਾ ਬਸਤੀ ਇਨਸਾਫ਼ ਲਈ, ਤਰੀਕਾਂ ਭੁਗਤਦੀ ਘਸ ਚੱਲੀ ਹੈ । ਅੱਥਰੂਆਂ ਤੇ ਹੌਕਿਆਂ ਦੇ ਵਣਜਾਰੇ, ਚੋਣਾਂ ਵੇਲੇ ਵੇਚ ਲੈਂਦੇ ਹਨ ਸਿਵੇ, ਫੇਰ ਤਖ਼ਤ ਤੇ ਬਹਿੰਦਿਆਂ ਭੁੱਲ ਜਾਂਦੇ ਨੇ । ਬੁੱਢੀ ਮਾਂ ਦੀ ਅੱਖ ਲਈ ਦਾਰੂ । ਬੀਮਾਰ ਵਿਧਵਾ ਧੀ ਲਈ ਦਵਾਈ ਬੂਟੀ । ਉੱਜੜੇ ਮਨਾਂ ਲਈ ਦਿੱਲੀ, ਤਖ਼ਤ ਨਹੀਂ, ਤਖ਼ਤਾ ਹੈ । ਜਿੱਥੇ ਫਾਹੇ ਲੱਗਦੇ ਨੇ ਹੁਣ ਵੀ ਸੁਨਹਿਰੇ ਖ਼੍ਵਾਬ । ਦਿੱਲੀ ਆਪ ਨਹੀਂ ਉੱਜੜਦੀ ਸਿਰਫ਼ ਉਜਾੜਦੀ ਹੈ ।
ਮਲੇਰ ਕੋਟਲਾ ਦੇ ਕੂਕੇ ਸ਼ਹੀਦਾਂ ਨੂੰ ਚਿਤਵਦਿਆਂ
ਅਗਨ ਤੇ ਲਗਨ ਦੀਆਂ ਛਿਆਹਠ ਮੋਮਬੱਤੀਆਂ ਬਲਦੀਆਂ ਮਲੇਰਕੋਟਲੇ ਦੇ ਰੱਕੜ 'ਚ ਨਿਰੰਤਰ ਜਗਦੀਆਂ ਮਘਦੀਆਂ । ਫਰੰਗੀ ਹਕੂਮਤ ਨੂੰ ਵੰਗਾਰਦੀਆਂ, ਜੈਕਾਰੇ ਗੁੰਜਾਰਦੀਆਂ । ਜੋ ਬੋਲੇ ਸੋ ਨਿਹਾਲ ਬੁਲਾਉਂਦੀਆਂ । ਕੂਕ ਕੂਕ ਸਮਝਾਉਂਦੀਆਂ । ਤਾਜ ਦੀ ਦਾੜ੍ਹੀ ਨੂੰ ਹੱਥ ਪਾਉਂਦੀਆਂ । ਤੇ ਉੱਚੀ ਉੱਚੀ ਸੁਣਾਉਂਦੀਆਂ । ਝੱਖੜ 'ਚ ਬਲ਼ਦੀਆਂ ਮੋਮਬੱਤੀਆਂ । ਬਿੱਲਿਆ! ਇਹ ਵਤਨ ਸਾਡਾ ਹੈ । ਅਸੀਂ ਹਾਂ ਇਹਦੇ ਸਾਈਂ । ਇਸ ਤੋਂ ਤੇਰੇ ਜਹੀਆਂ ਦੂਰ ਬਲਾਈਂ । ਵੇਖਦਿਆਂ ਹੀ ਵੇਖਦਿਆਂ ਤੋਪਾਂ ਚੱਲੀਆਂ ਧਰਤ ਹੱਲੀ ਸੰਭਲੀ ਤੇ ਬੋਲੀ, ਬੱਸ! ਏਨਾ ਹੀ ਕੰਮ ਸੀ ਤੇਰਾ । ਹੋਰ ਚਲਾ ਲੈ ਅਸਲਾ ਬਾਰੂਦ । ਮੈਂ ਇਨ੍ਹਾਂ ਦੀ ਰੱਤ ਸੰਭਾਲਾਂਗੀ । ਇਤਿਹਾਸ ਪੁੱਛੇਗਾ ਤਾਂ ਦੱਸਾਂਗੀ । ਕੂਕੇ ਕੂਕ ਕੂਕ ਬੋਲੇ । ਅਡੋਲ ਰਹੇ, ਕਦਮ ਨਾ ਡੋਲੇ । ਪੌਣਾਂ 'ਚ ਘੁਲ਼ ਗਏ ਜੈਕਾਰੇ । ਦਸਮੇਸ਼ ਦੇ ਲਾਡਲੇ, ਬਾਬਾ ਰਾਮ ਸਿੰਘ ਦੇ ਮਾਰਗਪੰਥੀ । ਗਊ ਗਰੀਬ ਰਖਵਾਲੇ ਮਸਤ ਮਸਤ ਮਤਵਾਲੇ । ਕਣ ਕਣ ਕਰੇ ਉਜਾਲੇ । ਗੁਰੂ ਰੰਗ ਰੱਤੀਆਂ । ਇੱਕੋ ਥਾਂ ਨਿਰੰਤਰ ਜਗਦੀਆਂ ਮਘਦੀਆਂ ਛਿਆਹਠ ਮੋਮਬੱਤੀਆਂ ।
ਭੈਣ ਨਾਨਕੀ ਪੁੱਛਦੀ ਫਿਰਦੀ
ਭੈਣ ਨਾਨਕੀ ਪੁੱਛਦੀ ਫਿਰਦੀ, ਏਸ ਸ਼ਹਿਰ ਵਿੱਚ ਕਿੰਨੇ ਚਿਰ ਦੀ, ਦਿਨ ਚੜ੍ਹਿਆ ਤ੍ਰਿਕਾਲਾਂ ਢਲੀਆਂ, ਵਿੱਚ ਸੁਲਤਾਨਪੁਰੇ ਦੀਆਂ ਗਲੀਆਂ, ਸੂਰਜ ਵੀ ਆਪਣੇ ਘਰ ਚੱਲਿਆ, ਬਿਰਖਾਂ ਸਾਂਭੀ ਛਾਇਆ....... । ਵੀਰਨ ਨਹੀਂ ਆਇਆ...... । ਪੰਜ ਸਦੀਆਂ ਤੋਂ ਅੱਧੀ ਉੱਤੇ । ਬੜੇ ਜਗਾਏ ਵੀਰ ਨੇ ਸੁੱਤੇ । ਸ਼ੀਹਾਂ ਅਤੇ ਮੁਕੱਦਮਾਂ ਮੁੜ ਕੇ, ਸਭ ਥਾਂ ਪਹਿਰਾ ਲਾਇਆ । ਵੀਰਨ ਨਹੀਂ ਆਇਆ, ਉਸ ਨੇ ਸਾਨੂੰ ਜਿੱਥੋਂ ਮੋੜਿਆ । ਭਰਮ ਦਾ ਭਾਂਡਾ ਜੋ ਜੋ ਤੋੜਿਆ । ਓਸੇ ਰਾਹ ਤੇ ਉਲਝੇ ਜਿੱਥੋਂ, ਵਰਜਿਆ ਤੇ ਸਮਝਾਇਆ । ਨਾਨਕ ਨਹੀਂ ਆਇਆ । ਬੇਈਂ ਨੂੰ ਮੈਂ ਪੁੱਛਿਆ ਜਾ ਕੇ । ਕਿੱਥੇ ਗਿਆ ਤੇਰੇ ਜਲ ਵਿੱਚ ਨ੍ਹਾ ਕੇ । ਇੱਕ ਓਂਕਾਰ ਸਬਕ ਦਾ ਪਾਹਰੂ, ਕਿਹੜੇ ਵਤਨ ਸਿਧਾਇਆ । ਨਾਨਕ ਨਹੀਂ ਆਇਆ........ । ਧਰਤੀ ਕਾਗਦਿ ਪਿਆ ਉਡੀਕੇ । ਆਵੇ ਮੁੜ ਕੇ ਸ਼ਬਦ ਉਲੀਕੇ । ਨਵੇਂ ਪੂਰਨੇ ਪਾ ਜਾਵੇ ਫਿਰ, ਮਾਂ ਤ੍ਰਿਪਤਾ ਦਾ ਜਾਇਆ । ਨਾਨਕ ਨਹੀਂ ਆਇਆ......... । ਕੰਨ ਪਾੜਵੇਂ ਢੋਲ ਢਮੱਕੇ । ਪਾਪੀ ਮਨ ਵੀ ਧੁਨ ਦੇ ਪੱਕੇ । ਕਿਣਕਾ ਵੀ ਨਾ ਹਿੱਲਦੇ ਭੋਰਾ, ਬਿਰਥਾ ਜਨਮ ਗਵਾਇਆ । ਨਾਨਕ ਨਹੀਂ ਆਇਆ....... । ਥਾਂ ਥਾਂ ਤੰਬੂ ਅਤੇ ਕਨਾਤਾਂ । ਪਹਿਲਾਂ ਨਾਲ਼ੋਂ ਕਾਲੀਆਂ ਰਾਤਾਂ । ਦਿਨ ਵੀ ਜਿਉਂ ਘਸਮੈਲਾ ਵਰਕਾ, ਮਨ ਪਰਦੇਸ ਸਿਧਾਇਆ । ਨਾਨਕ ਨਹੀਂ ਆਇਆ....... । ਰਲ ਮਿਲ ਸਾਰੇ ਚੋਰਾਂ ਯਾਰਾਂ । ਮਨ ਖੋਟੇ ਦਿਆਂ ਠੇਕੇਦਾਰਾਂ । ਗਿਆਨ ਗੋਸ਼ਟਾਂ, ਵੇਚੀ ਕਵਿਤਾ, ਜਿਸ ਹੱਥ ਜੋ ਵੀ ਆਇਆ । ਨਾਨਕ ਨਹੀਂ ਆਇਆ । ਨਾ ਇਹ ਬਾਬਰ ਕਾਬਲੋਂ ਧਾਇਆ । ਨਾ ਹੀ ਫ਼ੌਜਾਂ ਨਾਲ ਲਿਆਇਆ । ਫਿਰ ਵੀ ਲੈ ਗਿਆ ਬੋਲ ਤੇ ਬਾਣੀ, ਸੋਨਾ ਰੇਤ ਰੁਲਾਇਆ । ਨਾਨਕ ਨਹੀਂ ਆਇਆ । ਵੀਰਨ ਨਹੀਂ ਆਇਆ ।
ਪਰਜਾ ਪਤਿ
ਉਸ ਨੇ ਮੈਨੂੰ ਫ਼ੋਨ ਤੇ ਕਿਹਾ ਭਾ ਜੀ ਤੁਸੀਂ ਮੈਨੂੰ ਸ਼ਰਮਾ ਜੀ ਨਾ ਕਿਹਾ ਕਰੋ । ਤੁਹਾਡੇ ਏਦਾਂ ਕਹਿਣ ਨਾਲ ਕੁਲੀਨ-ਵਰਗੀਏ ਬੁਰਾ ਮਨਾਉਂਦੇ ਨੇ । ਮੈਂ ਸ਼ਰਮਾ ਨਹੀਂ, ਪਰਜਾ ਪਤਿ ਹਾਂ । ਜਿਸ ਨੂੰ ਇਹ ਘੁਮਿਆਰ ਕਹਿੰਦੇ ਨੇ । ਮੈਂ ਅੱਕ ਗਿਆ ਹਾਂ ਇਨ੍ਹਾਂ ਦੀਆਂ ਸੁਣਦਾ ਸਕੂਲ ਵੇਲੇ ਤੋਂ । ਕਦੇ ਕੁਝ ਕਦੇ ਕੁਝ ਵੰਨ-ਸੁਵੰਨੀਆਂ । ਇਹ ਬੰਦੇ ਨੂੰ ਬੰਦਾ ਨਹੀਂ ਗਿਣਦੇ ਹਰ ਵੇਲੇ ਹੰਕਾਰ ਦੇ ਡੰਗੇ ਟੰਮਣੇ ਤੇ ਚੜ੍ਹੇ ਰਹਿੰਦੇ ਨੇ । ਜਦ ਤੋਂ ਦਿੱਲੀ 'ਚ ਬੋਦੀ ਵਾਲਾ ਤਾਰਾ ਚੜ੍ਹਿਐ ਇਹ ਪਿੰਡ ਬੈਠੇ ਹੀ ਖ਼ੁਦ ਨੂੰ ਹਾਕਮ ਸਮਝਦੇ ਨੇ । ਹੁਣ ਹੋਰ ਵੀ ਨੀਮ ਚੜ੍ਹੇ ਕਰੇਲੇ ਵਾਂਗ ਬੋਲ ਕੇ ਮੂੰਹ ਕੁਸੈਲਾ ਕਰ ਜਾਂਦੇ ਨੇ । ਪਤਾ ਨਹੀਂ ਕਿਸ ਭੁਲੇਖੇ 'ਚ ਹਨ? ਬੰਦੇ ਨੂੰ ਬੰਦਾ ਹੀ ਨਹੀਂ ਗਿਣਦੇ । ਭਾ ਜੀ ਕੋਈ ਪੁੱਛਣ ਵਾਲਾ ਹੀ ਨਹੀਂ, ਭਲਾ ਗਿਆਨ ਗਰੰਥ ਹਨ੍ਹੇਰੇ ਚ ਲਿਖੇ ਸਨ? ਇਨ੍ਹਾਂ ਦੇ ਵੱਡੇ ਵਡੇਰਿਆਂ, ਦੀਵੇ ਬਗੈਰ ਕਿਸ ਨੇ ਚਾਨਣ ਬੀਜਿਆ? ਕਿਸ ਦੀ ਗਵਾਹੀ ਹੈ ਹਰਫ਼ ਹਰਫ਼? ਉਹ ਚਿਰਾਗ ਕਿਸ ਨੇ ਬਣਾਏ ਸਨ? ਸਾਡੇ ਹੀ ਬਜ਼ੁਰਗਾਂ ਪਹਿਲਾਂ, ਚੀਕਨੀ ਮਿੱਟੀ ਲੱਭੀ, ਕੁੱਟੀ, ਗੁੰਨ੍ਹੀ । ਚੱਕ ਨੂੰ ਘੁੰਮਾਇਆ, ਆਕਾਰ ਬਣਾਇਆ, ਆਵੇ 'ਚ ਪਕਾਇਆ । ਚਿਰਾਗ 'ਚ ਤੇਲ ਵੀ ਤਾਂ ਅਸਾਂ ਤੁਸਾਂ ਪਾਇਆ! ਜਿੰਨ੍ਹਾਂ ਨੂੰ ਇਹ ਸ਼ੂਦਰ ਦੱਸਦੇ ਨੇ । ਭਾ ਜੀ, ਤੁਹਾਨੂੰ ਪਤੈ, ਜਿਸ ਰੱਬ ਨੂੰ ਇਹ ਪੂਜਦੇ ਨੇ, ਉਸ ਦੀ ਅੰਗਲੀ ਸੰਗਲੀ ਵੀ ਸਾਡੇ ਨਾਲ ਬਹੁਤ ਰਲ਼ਦੀ ਹੈ । ਰੱਬ ਦੇ ਜ਼ਿੰਮੇ ਕਾਇਨਾਤ ਚਲਾਉਣਾ ਹੈ, ਤੇ ਸਾਡੇ ਜ਼ਿੰਮੇ ਚੱਕ ਨੂੰ ਘੁਮਾਉਣਾ । ਰੱਬ ਮਿੱਟੀ ਤੋਂ ਬੰਦੇ ਘੜਦਾ ਤੇ ਅਸੀਂ ਮਿੱਟੀ ਤੋਂ ਭਾਂਡੇ । ਬਾਬਾ ਵਿਸ਼ਵਕਰਮਾ ਨੇ ਸਾਡੇ ਲਈ ਹੀ ਤਾਂ ਗੋਲ ਚੱਕ ਬਣਾਇਆ ਸੀ । ਇਨ੍ਹਾਂ ਲਈ ਕੀ ਬਣਾਇਆ? ਦੱਸਣ ਤਾਂ ਸਹੀਂ ਪੱਤਰੀਆਂ ਫ਼ੋਲ ਕੇ । ਅਸੀਂ ਤਾਂ ਮੱਘੀਆਂ, ਸੁਰਾਹੀਆਂ ਥਾਲ਼ੀਆਂ, ਕੁਨਾਲ਼ੀਆਂ ਬਣਾਈਆਂ । ਖੂਹ ਚੋਂ ਪਾਣੀ ਕੱਢਦੀਆਂ ਟਿੰਡਾਂ ਵੀ, ਅਸੀਂ ਹੀ ਮੁੱਦਤਾਂ ਪਹਿਲਾਂ ਬਣਾਈਆਂ । ਲੋਹਾ ਤਾਂ ਬਹੁਤ ਮਗਰੋਂ ਜੰਮਿਆ ਹੈ । ਪਤਾ ਨਹੀਂ ਸਦੀਆਂ ਬਾਅਦ ਵੀ, ਇਹ ਗੁਰਬਤ ਵਾਂਗ, ਸਾਡਾ ਖਹਿੜਾ ਨਹੀਂ ਛੱਡਦੇ । ਹਾਂ, ਸੱਚ ਇੱਕ ਗੱਲ ਹੋਰ ਸੁਣੋ! ਗੀਤਾਂ ਚ ਜਿਸ ਨੂੰ ਇਹ ਰੰਨ ਕਹਿ ਕੇ ਬੁਲਾਉਂਦੇ ਨੇ ਜੋ ਅੱਡੀਆਂ ਕੂਚਦੀ ਮਰ ਗਈ ਸੀ, ਜਿਸ ਨੂੰ ਬਾਂਕਾਂ ਨਹੀਂ ਸਨ ਜੁੜੀਆਂ, ਉਹ ਵੀ ਸਾਡੇ ਪੁਰਖ਼ਿਆਂ ਦੀ ਦਾਦੀ ਸੀ । ਕਹਿੰਦੇ ਨੇ ਉਹ ਅਕਸਰ ਆਖਦੀ ਸੀ, ਵੇ ਪੁੱਤਰੋ! ਸਾਰੇ ਭਾਂਡੇ, ਬੁਘਨੀਆਂ, ਘੁੱਗੂ ਘੋੜੇ ਤੇ ਝਾਵੇਂ ਬਣਾ ਲੈਂਦੇ ਹੋ, ਇਨ੍ਹਾਂ ਜ਼ਾਤ ਅਭਿਮਾਨੀਆਂ ਦੇ ਮਨ ਦੀ ਮੈਲ ਲਾਹੁਣ ਲਈ ਵੀ ਕੋਈ ਨਵਾਂ ਯੰਤਰ ਬਣਾਉ । ਕਹਿੰਦੇ ਨੇ ਕਿ ਉਸੇ ਨੇ ਪਹਿਲੀ ਵਾਰ ਪੁੱਤਰ ਧੀਆਂ ਨੂੰ ਸਕੂਲ ਦਾ ਰਾਹ ਵਿਖਾਇਆ ਸੀ । ਪਰ ਉਸ ਨੂੰ ਕੀ ਪਤਾ ਸੀ ਕਿ ਦੁਲੱਤੇ, ਟੀਟਣੇ ਮਾਰਨ ਵਾਲੇ ਹਰ ਥਾਂ ਪਹਿਲਾਂ ਹੀ ਹਾਜ਼ਰ ਨਾਜ਼ਰ । ਬੰਦਾ ਕਿੱਧਰ ਜਾਵੇ? ਕੀ ਦੱਸਾਂ ਭਾ ਜੀ, ਕਾਲਿਜ ਚ ਪ੍ਰੋਫ਼ੈਸਰੀ ਕਰਦਿਆਂ ਵੀ ਇਨ੍ਹਾਂ ਲਈ ਅਜੇ ਮੈਂ ਤਰਸੇਮ ਨਹੀਂ, ਘੁਮਿਆਰਾਂ ਦਾ ਤੇਮਾ ਹੀ ਹਾਂ । ਗਧੇ-ਚਾਰਾਂ ਦੀ ਛੇੜ ਨਾਲ ਵਿੰਨ੍ਹਦੇ । ਇਨ੍ਹਾਂ ਨੂੰ ਕੋਈ ਪੁੱਛੇ, ਜਿਸ ਕੂੰਡੇ ਵਿੱਚ ਚਟਨੀ ਕੁੱਟਦੇ ਹੋ । ਦੇਗਚੀ ਵਿੱਚ ਦਾਲ ਰਿੰਨ੍ਹਦੇ ਹੋ, ਘੜੇ ਨੂੰ ਕੁੰਭ ਕਹਿ ਕੇ, ਪੂਜਾ ਵੇਲੇ ਲੱਭਦੇ ਫਿਰਦੇ ਹੋ, ਉਹ ਕਿਸੇ ਮਸ਼ੀਨ ਨੇ ਨਹੀਂ ਘੜਿਆ ਸਾਡੇ ਵਡਿੱਕਿਆਂ ਨੇ ਹੀ ਬਣਾਇਆ ਹੈ । ਸਿਰਫ਼ ਅੱਖਾਂ ਬੰਦ ਕਰੋ ਅੰਤਰ ਧਿਆਨ ਹੋਵੋ ਤੇ ਸੋਚੋ, ਹਰ ਥਾਂ ਪੈੜਾਂ ਹਨ ਸਾਡੇ ਬਾਪੂਆਂ ਦੀਆਂ । ਚੱਪਣੀ ਨਾ ਹੁੰਦੀ ਤਾਂ ਬੇਸ਼ਰਮ ਕਿੱਥੇ ਡੁੱਬ ਮਰਦੇ? ਹੋਰ ਸੁਣੋ! ਉਹ ਚੱਪਣੀ ਵੀ ਅਸੀਂ ਹੀ ਬਣਾਈ ਹੈ । ਬੰਦਾ ਗਿਆਨ ਦੇ ਲੜ ਤਾਂ ਇਸ ਲਈ ਲੱਗਦਾ ਹੈ ਨਾ ਕਿ ਉਹ ਇਨਸਾਨੀਅਤ ਦਾ ਸਬਕ ਸਿੱਖੇ । ਪਰ ਇਹ ਓਥੇ ਦੇ ਓਥੇ ਖੜ੍ਹੇ ਨੇ, ਜਿੱਥੇ ਮਨੂ ਸੰਮ੍ਰਿਤੀ ਵਾਲਾ ਭਾਈ ਛੱਡ ਗਿਆ । ਨਾ ਇੱਕ ਕਦਮ ਅੱਗੇ ਨਾ ਪਿੱਛੇ! ਭਾ ਜੀ! ਇਹ ਪਿਆਰ ਦੀ ਭਾਸ਼ਾ ਕਿਉਂ ਨਹੀਂ ਸਮਝਦੇ ਨਾ ਪਿਆਰ ਲੈਂਦੇ, ਨਾ ਦੇਂਦੇ । ਹਰ ਵੇਲੇ ਆਪਣੇ ਉੱਚ - ਕੁਲੀਨ ਰੁਤਬੇ ਦੀ ਰਾਖੀ ਬੈਠ ਕੇ ਇਹੀ ਸਿੱਖਿਆ ਦਿੰਦੇ ਨੇ । ਆਹ ਕਰੋ, ਆਹ ਨਾ ਕਰੋ । ਬਿੱਲੀ ਰਾਹ ਕੱਟ ਜਾਵੇ ਤਾਂ ਸਾਨੂੰ ਪਰਤ ਜਾਉ ਕਹਿੰਦੇ । ਨਿੱਛ ਮਾਰ ਬਹੀਏ ਤਾਂ ਕਹਿਣਗੇ, ਅਸੀਂ ਭਿੱਟੇ ਗਏ! ਤੁਸੀਂ ਨਹਾ ਕੇ ਆਉ! ਪੁੱਛਣ ਵਾਲਾ ਹੀ ਕੋਈ ਨਹੀਂ, ਭਿੱਟੇ ਗਏ ਤੁਸੀਂ ਤੇ ਨਹਾਈਏ ਅਸੀਂ! ਗੋਹਾ ਕੂੜਾ ਕਰਦੀ ਕੋਈ ਧੀ ਭੈਣ ਟੋਕਰਾ ਚੁੱਕੀ ਮੱਥੇ ਲੱਗੇ ਤਾਂ ਇਹ ਬਦਸ਼ਗਨੀ ਆਖਦੇ ਨੇ । ਚਾਰ ਦਿਨ ਗਊ ਮਾਤਾ ਦਾ ਗੋਹਾ ਇਨ੍ਹਾਂ ਘਰ ਪਿਆ ਰਹੇ ਤਾਂ ਪਤਾ ਲੱਗੇ ਬਈ ਕੀ ਭਾਅ ਵਿਕਦੀ ਹੈ? ਇਨ੍ਹਾਂ ਦਾ ਕੂੜਾ ਸਮੇਟਦੇ, ਰੂੜੀਆਂ ਤੇ ਸੁੱਟਣ ਜਾਂਦੇ ਲੋਕ ਇਨ੍ਹਾਂ ਦੇ ਮਨ ਵਿੱਚ ਨਿਗੂਣੇ ਜੀਵ ਨੇ । ਕਾਨੂੰਨ ਨੂੰ ਵੀ ਟਿੱਚ ਜਾਣਦੇ ਨੇ ਇਹ ਧੱਕਾ ਕਰਕੇ ਆਪੇ ਆਖਦੇ ਸਬੂਤ ਪੇਸ਼ ਕਰੋ! ਦਿਲ ਦੇ ਜ਼ਖ਼ਮ ਐਕਸਰੇ ਚ ਨਹੀਂ ਆਉਂਦੇ । ਹੌਕਿਆਂ ਦੀ ਸਕੈਨਿੰਗ ਨਹੀਂ ਹੁੰਦੀ । ਰੂਹ ਤੇ ਪਈਆਂ ਲਾਸਾਂ ਦਾ ਜੁਰਮ ਨਹੀਂ ਬਣਦਾ । ਅਰਜ਼ੀ ਵਿੱਚ ਇਹ ਸਾਰਾ ਕੁਝ ਕਿਵੇਂ ਲਿਖੀਏ । ਸਬੂਤ ਤਾਂ ਨੰਗੀ ਅੱਖ ਹੀ ਵੇਖ ਸਕਦੀ ਇਹ ਜਬਰ ਜਾਨਣ ਲਈ ਤੀਸਰਾ ਨੇਤਰ ਚਾਹੀਦਾ ਹੈ । ਉਹੀ ਗ਼ੈਰ ਹਾਜ਼ਰ ਹੈ । ਭਾ ਜੀ! ਕਿਸੇ ਨਾਲ ਕੋਈ ਗੱਲ ਨਾ ਕਰਿਉ ਪਰ ਸੱਚ ਪੁੱਛਿਉ, ਇਹ ਵੇਖ ਕੇ ਵੱਟ ਬਹੁਤ ਚੜ੍ਹਦੈ ।
ਆ ਗਈ ਪ੍ਰਭਾਤ ਫੇਰੀ
ਆ ਗਈ ਪ੍ਰਭਾਤ ਫੇਰੀ ਜਾਗ ਖੁੱਲ੍ਹੀ ਹੈ ਪਟਾਕੇ ਚੱਲ ਰਹੇ ਨੇ । ਸ਼ਬਦ ਸੁੱਚਾ ਗੈਰ ਹਾਜ਼ਰ । ਸੁਣ ਲਵੋ ਕੀ ਕਹਿ ਰਿਹਾ ਹੈ । ਨਾ ਕਿਤੇ ਉਹ ਸਹਿਜ ਨਾ ਧੁਨਕਾਰ ਹੀ ਹੈ । ਅੰਬਰਾਂ ਵਿੱਚ ਕੌੜ - ਧੂੰਆਂ ਜਲ ਵੀ ਨੇ ਗੰਧਲੇ ਜਹੇ ਧਰਤ ਤੇ ਅਕ੍ਰਿਤਘਣਤਾ ਭਾਰ ਹੀ ਹੈ । ਮਨ ਮੇਰਾ ਨਨਕਾਣੇ ਵਾਂਗੂੰ ਬਹੁਤ ਕੱਲ੍ਹਾ, ਸੋਚ ਕੇ ਕਾਫ਼ੀ ਉਦਾਸ ! ਮੇਰਾ ਬਾਬਾ ਰੋਜ਼ ਮੈਨੂੰ ਪੁੱਛਦਾ ਹੈ । ਮੈਂ ਤੇਰੇ ਕਰਤਾਰਪੁਰ ਵਿੱਚ, ਸੁਰਤਿ ਖ਼ਾਤਰ ਸ਼ਬਦ ਸੁੱਚਾ ਬੀਜਿਆ ਸੀ, ਆਹ ਭਲਾ ਕਿਹੜੀ ਫ਼ਸਲ ਹੈ? ਮਨ ਦੇ ਨੱਚਦੇ ਮੋਰ ਦੀ ਥਾਂ ਅਸਤਬਾਜ਼ੀ ਸ਼ੋਰ ਵਾਲੀ । ਭਟਕਦੀ ਫਿਰਦੀ ਅਜੇ ਵੀ ਆਤਮਾ ਮਨ ਦੇ ਅੰਦਰ ਕਾਲੀ ਘਟ ਘਨਘੋਰ ਵਾਲੀ । ਸਾਜ਼ ਤੇ ਆਵਾਜ਼ ਏਹੀ ਬੋਲਦੇ ਨੇ, ਪਰਤ ਆ ਬਾਬਾ ਗੁਰੂ ਤੂੰ ਪਰਤ ਆ । ਮੈਂ ਤਾਂ ਆਪਣਾ ਆਪ ਸਾਰਾ ਸ਼ਬਦ ਅੰਦਰ ਢਾਲ਼ਿਆ ਸੀ । ਕਾਲ਼ੀ ਬੋਲੀ ਰਾਤ ਸੀ, ਜਦ ਸਿਖ਼ਰ ਡੰਡੇ । ਸੂਰਜਾ ਸੱਚ ਸ਼ਬਦ, ਉਜਿਆਰ ਦੀਵਾ ਬਾਲਿਆ ਸੀ । ਸਫ਼ਰ ਤੇ ਚੜ੍ਹਿਆ ਨਿਰੰਤਰ । ਸਿੱਧ ਜੋਗੀ ਨਾਥ ਸਾਰੇ ਕੰਨ ਪਾਟੇ, ਜੋ ਚੜ੍ਹੇ ਉੱਚੇ ਪਹਾੜੀ, ਗਿਆਨ ਦੇ ਵੱਡੇ ਧਨੰਤਰ ! ਧਰਤ ਲਾਹੇ ਜ਼ਿੰਦਗੀ ਵਿੱਚ, ਅਮਲ ਦੇ ਮਾਰਗ ਤੇ ਪਾਏ । ਮੈਂ ਭਲਾ ਕਿੱਥੇ ਗਿਆ ਹਾਂ? ਸ਼ਬਦ ਵਿੱਚ ਮੈਂ ਹੀ ਹਾਂ ਹਾਜ਼ਰ, ਮਨ ਦੇ ਕਾਲ਼ੇ ਖੋਟਿਆਂ ਨੂੰ, ਬਹੁਤ ਗੂੜ੍ਹਾ ਲਿਖ ਕਿਹਾ ਸੀ ! ਤੀਰਥੀਂ ਇਸ਼ਨਾਨ ਕਰਦੇ, ਮਨ ਦੀਆਂ ਮੈਲਾਂ ਉਤਾਰੋ । ਜੱਗ ਨੂੰ ਜਿੱਤਣ ਦੀ ਖਾਤਰ, ਮਨ ਦੇ ਅੰਦਰ ਝਾਤ ਮਾਰੋ । ਗੋਸ਼ਟਾਂ ਦੌਰਾਨ ਮੈਂ ਤਾਂ, ਬਿਰਤੀਆਂ ਦੇ ਜਾਂਗਲੀ ਜੋ ਘਰ ਨੂੰ ਮੋੜੇ । ਫੇਰ ਹੁਣ ਜਾਪਣ ਭਗੌੜੇ । ਸੁਖ ਸਹੂਲਤ ਵਾਲੇ ਜੰਗਲ ਵੱਲ ਨੇ ਸਰਪਟ ਦੌੜੇ । ਮੈਂ ਤਾਂ ਨਿੱਤ ਪ੍ਰਭਾਤ ਵੇਲੇ, ਰਾਗ ਆਸਾ ਗਾਂਵਦਾ ਹਾਂ ! ਫੇਰ ਮੈਨੂੰ ਹੀ ਆਵਾਜ਼ਾਂ ਮਾਰਦੇ ਹੋ ! ਇਹ ਭਲਾ ਕਿਸ ਨੂੰ ਇਹ ਏਦਾਂ ਚਾਰਦੇ ਹੋ ।
ਧਰਮ ਤਬਦੀਲੀ
ਮਾਂ ਨੇ ਛੇ ਸਾਲਾਂ ਦੇ ਪੁੱਤਰ ਨੂੰ ਝਿੜਕਦਿਆਂ ਕਿਹਾ, ਨਾਲਾਇਕਾ! ਤੂੰ ਭੰਗੀਆਂ ਦੇ ਘਰ ਦੀ, ਰੋਟੀ ਖਾ ਗਿਆਂ, ਹੁਣ ਤੂੰ ਭੰਗੀ ਹੋ ਗਿਆ । ਤੂੰ ਅਪਣਾ ਧਰਮ ਭ੍ਰਿਸ਼ਟ ਕਰ ਲਿਆ ਤੇਰਾ ਕੀ ਕੀਤਾ ਜਾਵੇ ? ਅਣਭੋਲ ਬੱਚਾ ਬੜੀ ਮਾਸੂਮੀਅਤ ਨਾਲ ਬੋਲਿਆ । ਮਾਂ ਮੈਂ ਤਾਂ ਸਿਰਫ਼ ਇੱਕ ਵਾਰ, ਉਨ੍ਹਾਂ ਦੇ ਘਰ ਦੀ ਰੋਟੀ ਖਾ ਲਈ, ਤਾਂ ਮੈਂ ਭੰਗੀ ਹੋ ਗਿਆ ! ਪਰ ਉਹ ਤਾਂ, ਸਾਡੇ ਘਰ ਦੀਆਂ, ਬੇਹੀਆਂ ਰੋਟੀਆਂ ਰੋਜ਼ ਖਾਂਦੇ ਨੇ, ਉਹ ਤਾਂ ਸਵਰਨ ਜਾਤੀ ਹੋਏ ਨਹੀਂ । ਇਹ ਕਹਿ ਕੇ ਬੱਚਾ ਡੁਸਕ ਪਿਆ । ਚੁੱਪ ਕਰਾਉਂਦੀ ਮਾਂ ਨੇ ਸਿਰਫ਼ ਏਨਾ ਹੀ ਕਿਹਾ ! ਤੇਰੇ ਤੀਕ ਪਹੁੰਚਣ ਲਈ, ਅਜੇ ਮੈਨੂੰ ਬਹੁਤ ਵਕਤ ਲੱਗੇਗਾ । ਮੈਨੂੰ ਤੇਰੇ ਘਰ ਜੰਮਣਾ ਪਵੇਗਾ । ਜੀਅ ਵੇ ਪੁੱਤਰਾ ਜੀਅ । ਨਿੱਕਿਆ! ਤੇਰੀ ਵੱਡੀ ਸੋਚ ਨੂੰ ਸਲਾਮ ।
ਨਿਰਮਲ ਨੀਰ
ਉਹ ਸੀ ਇੱਕ ਦਰਿਆ ਨਿਰਮਲ ਨੀਰ ਸਦੀ ਭਰ ਵਗਿਆ, ਕੰਢਿਆਂ ਤੱਕ ਭਰਿਆ । ਦੋਧੇ ਚਿੱਟੇ ਵਸਤਰਧਾਰਾ । ਸੁਰ ਤੇ ਸ਼ਬਦ ਸੰਵਾਰਨਹਾਰਾ । ਤਪੀ ਤਪੀਸ਼ਰ ਅਪਰਮਪਾਰਾ, ਰੂਹ ਦੇ ਕਸ਼ਟ ਨਿਵਾਰਨਹਾਰਾ । ਜਿਸ ਦੀ ਕਰਮ ਦ੍ਰਿਸ਼ਟੀ ਸਦਕਾ, ਕਣ ਕਣ ਸੁਰ ਭਰਿਆ । ਉਹ ਸੀ ਇੱਕ ਦਰਿਆ । ਮੋਰ ਮਟਕਦੇ ਆਉਂਦੇ ਕੋਲ । ਤਲੀਉਂ ਚੋਗਾ ਚੁਗਣ ਅਬੋਲ । ਰੂਹ ਅੰਦਰ ਵਿਸਮਾਦ ਅਤੋਲ । ਪੈਲਾਂ ਪਾਉਣ ਵਜਦ ਵਿੱਚ ਆ ਕੇ, ਨੈਣੀਂ ਜਲ ਭਰਿਆ । ਖੇਡ ਮੈਦਾਨੇ ਦੇ ਦਿਲਬਰੀਆਂ । ਮਿਹਰਵੰਤ ਨੇ ਮਿਹਰਾਂ ਕਰੀਆਂ । ਨਾਲ ਮੈਡਲਾਂ ਝੋਲੀਆਂ ਭਰੀਆਂ । ਖ਼ੁਸ਼ਕ ਉਮੀਦਾਂ ਹੋਈਆਂ ਹਰੀਆਂ । ਸ਼ੁਭਕਰਮਨ ਦਾ ਪੰਥ ਦਿਸੇਰਾ, ਕਦੇ ਵੀ ਨਾ ਟਰਿਆ । ਗਊਸ਼ਾਲਾ ਵਿੱਚ ਆਪ ਗੋਪਾਲਾ । ਨਾਮ ਪੁਕਾਰ ਧੀਆਂ ਪੁੱਤ ਵਾਲਾ । ਕੰਡ ਤੇ ਥਾਪੜਾ ਬਾਬਲ ਵਾਲਾ । ਵੰਡਿਆ ਸਭ ਨੂੰ ਪਿਆਰਾ ਪਿਆਲਾ । ਕਥਨੀ ਤੋਂ ਵੀ ਬਹੁਤ ਅਗੇਰੇ, ਵਾਹ ਓ ਸਰਵਰਿਆ । ਸ਼ਬਦ-ਸਾਧਕਾਂ ਦਾ ਦੁੱਖ ਹੰਤਾ । ਸੁਰ ਦਾ ਭੇਤੀ, ਖ਼ੁਦ ਸੁਰਵੰਤਾ । ਸਿਮਰਨ ਸੇਵਾ ਜਾਪ ਜਪੰਤਾ । ਰਸਨਾ ਤੋਂ ਰੱਜ ਕੇ ਰਸਵੰਤਾ । ਰਾਮ, ਹਰੀ, ਪਰਤਾਪੀ ਸੂਰਜ, ਉਦੈ ਹੋਣ ਤੋਂ ਅਸਤਣ ਤੀਕਰ, ਚਾਨਣ ਹੀ ਝਰਿਆ । ਹਿੰਮਤ ਨਾਲ ਹਨ੍ਹੇਰੇ ਪੂੰਝੇ । ਰਾਗ ਨਾਦ ਸੰਗ ਦੁਰਮਤਿ ਹੂੰਝੇ । ਸਾਜ਼ ਆਵਾਜ਼ ਜਦੋਂ ਵੀ ਗੂੰਜੇ । ਅਨਹਦ-ਨਾਦ ਸੁਣੇ ਹਰ ਖੂੰਜੇ । ਖੜ੍ਹਾ ਦ੍ਰਿਸ਼ਟੀਵੇਤਾ ਰਾਹਬਰ, ਜਿਸ ਥਾਂ ਹੱਥ ਧਰਿਆ । ਭੁੱਲਦੀ ਨਾ ਮੈਨੂੰ ਛੋਹ ਵਿਸਮਾਦੀ । ਪਿਆਰ-ਪਿਆਲਾ ਆਦਿ-ਜੁਗਾਦੀ । ਪੀਤਾ ਰੱਜ ਰੱਜ ਨੂਰ ਸਵਾਦੀ । ਦਰਸ ਪਿਆਸੇ ਹੋ ਗਏ ਆਦੀ । ਸ਼ਬਦਾਂ ਦੀ ਅੰਜੁਲੀ ਹੈ ਭੇਟਾ, ਮੈਥੋਂ ਜੋ ਸਰਿਆ । (ਨਿਰਮਲ ਨੀਰ=ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਜਨਮ ਸ਼ਤਾਬਦੀ ਮੌਕੇ)
ਤੂੰ ਦਸਤਾਰ ਪੰਜਾਬ ਦੀ ਵੀਰਾ
ਤੂੰ ਦਸਤਾਰ ਪੰਜਾਬ ਦੀ ਵੀਰਾ, ਪੈਰ ਨਹੀਂ ਗੁਰਗਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ । ਨਾਥ ਜੋਗੀਆਂ ਲਿਖੀ ਪੰਜਾਬੀ, ਸ਼ੇਖ ਫ਼ਰੀਦ ਸੰਵਾਰੀ । ਗੁਰੂਆਂ ਦਿੱਤੀ ਜਿਹੜੀ ਸ਼ਕਤੀ, ਫਿਰਦੇ ਅਸੀਂ ਵਿਸਾਰੀ । ਫ਼ਿਕਰ ਕਰੋ ਵਾਰਿਸ ਦੇ ਦਿੱਤੇ, ਅਕਲ ਭੰਡਾਰ ਦੀ ਚਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ । ਬੱਚਿਆਂ ਦੇ ਲਈ ਗੁੰਨ ਕੇ ਮਿੱਟੀ, ਅਕਲਾਂ ਘੜ ਘੁਮਿਆਰਾ । ਸੋਨਾ ਢਾਲ ਜ਼ਬਾਨ ਦਾ ਗਹਿਣਾ ਸਮੇਂ ਦਾ ਤੂੰ ਸੁਨਿਆਰਾ । ਮਿੱਧ ਨਾ ਪੈਰੀਂ ਸੂਹਾ ਸੁਪਨਾ, ਸੋਹਣੇ ਫੁੱਲ ਗੁਲਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰ ਨਾ ਘਾਣ ਪੰਜਾਬੀ ਦਾ । ਹਰ ਧਰਤੀ ਦੀ ਸ਼ਾਨ ਸਲਾਮਤ, ਮਾਂ ਬੋਲੀ ਦੇ ਸਦਕੇ । ਕੌਣ ਮੁਹੱਬਤ ਵੰਡ ਸਕਦਾ ਹੈ, ਮਾਂ ਬੋਲੀ ਤੋਂ ਵਧ ਕੇ । ਮੁੱਲ ਤਾਰਨਾ ਪੈ ਸਕਦਾ ਹੈ, ਫੋਕੀ ਸ਼ਾਨ ਨਵਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ । ਮਾਂ ਬੋਲੀ, ਮਾਂ ਧਰਤੀ ਸਾਂਭੋ, ਰਲ਼ ਕੇ ਪੁੱਤਰ ਧੀਆਂ । ਫੁਲਕਾਰੀ ਦੇ ਰੰਗ ਬਚਾਉਣੇ, ਇਸ ਧਰਤੀ ਦੇ ਜੀਆਂ । ਆਪੋ ਆਪਣੇ ਘਰ ਚੋਂ ਲੱਭੋ, ਅਸਲ ਨਿਸ਼ਾਨ ਖ਼ਰਾਬੀ ਦਾ । ਅੰਗਰੇਜ਼ੀ ਦੇ ਪਿੱਛੇ ਲੱਗ ਕੇ ਕਰ ਨਾ ਘਾਣ ਪੰਜਾਬੀ ਦਾ ।
ਦਸ ਗੁਰੂ ਦਰਸ਼ਨ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਿੰਘ ਨੇ ਮੁੱਖ ਤੋਂ ਪੁਕਾਰਦੇ । ਚੇਤੇ ਮੁੜ ਮੁੜ ਆਉਂਦੇ ਸਾਨੂੰ, ਸੋਹਣੇ ਗੁਰ-ਦਰਬਾਰ ਦੇ । ਗੁਰੂ ਨਾਨਕ ਨੇ ਸਭ ਤੋਂ ਵੱਖਰਾ ਧਰਮੀ ਬੂਟਾ ਲਾਇਆ । ਇੱਕੋ ਹੀ ਓਂਕਾਰ ਹੈ ਸਾਡਾ ਮੁੱਖ ਤੋਂ ਸੀ ਫੁਰਮਾਇਆ । ਸ਼ਬਦ ਗੁਰੂ ਦੇ, ਅੱਜ ਵੀ ਸਾਨੂੰ ਡੁੱਬਦਿਆਂ ਨੂੰ ਤਾਰਦੇ । ਕਾਮ, ਕਰੋਧੀ, ਮੋਹ ਦੇ ਲੋਭੀ ਬਣਿਉ ਨਾ ਹੰਕਾਰ ਦੇ । ਅੰਗਦ ਗੁਰ ਨੇ ਸ਼ਬਦ ਗੁਰਮੁਖੀ ਦੇ ਲੜ ਸਾਨੂੰ ਲਾਇਆ । ਅਮਰਦਾਸ ਗੁਰ ਸੰਗਤ ਪੰਗਤ,ਲਾ ਲੰਗਰ ਵਰਤਾਇਆ । ਰਾਮ ਦਾਸ ਗੁਰ ਅੰਬਰਸਰ ਨੂੰ ਘੜਿਆ ਸੋਚ ਵਿਚਾਰਦੇ । ਤਾਂਹੀਂਉਂ ਅੰਬਰਸਰੀਏ ਮੁੜ ਮੁੜ ਗੁਰ ਦਾ ਨਾਮ ਪੁਕਾਰਦੇ । ਪੰਚਮ ਗੁਰ ਨੇ ਹਰਿਮੰਦਰ ਦੀ ਐਸੀ ਬਣਤ ਬਣਾਈ । ਗੁਰੂ ਗਰੰਥ ਸਾਹਿਬ ਦੀ ਏਥੇ ਪਹਿਲੀ ਜੋਤ ਜਗਾਈ । ਚਹੁੰ ਵਰਣਾਂ ਲਈ ਚਾਰ ਨੇ ਬੂਹੇ, ਇਹ ਸੱਚੀ ਸਰਕਾਰ ਦੇ । ਸ਼ੁਭ-ਨੀਤਾਂ ਦੇ ਸੱਚੇ ਸਤਿਗੁਰ ਆਪੇ ਬੇੜੇ ਤਾਰਦੇ । ਹਰਿਗੋਬਿੰਦ ਗੁਰੂ ਨੇ ਪਹਿਲਾਂ ਤਖ਼ਤ ਅਕਾਲ ਬਣਾਇਆ । ਮੀਰੀ ਪੀਰੀ ਦੋ ਕਿਰਪਾਨਾਂ ਪਹਿਨ ਕੇ ਸਬਕ ਪੜ੍ਹਾਇਆ । ਸ਼ਾਸਤਰਾਂ ਦੇ ਰਾਖੇ ਸ਼ਸਤਰ, ਰਲ ਮਿਲ ਕਾਜ ਸੰਵਾਰਦੇ । ਸੂਰਮਿਆਂ ਦੀਆਂ ਵਾਰਾਂ ਗਾਉਂਦੇ, ਵਿੱਚ ਢਾਡੀ ਦਰਬਾਰ ਦੇ । ਹਰਿ ਰਾਏ, ਹਰਕ੍ਰਿਸ਼ਨ ਗੁਰੂ ਨੇ ਕੀਰਤ ਪ੍ਰਭ ਦੀ ਗਾਈ । ਕੀਰਤਪੁਰ ਦੀ ਏਸੇ ਕਰਕੇ ਅੱਜ ਵੀ ਜੱਗ ਰੁਸ਼ਨਾਈ । ਤਪਦੇ ਹਿਰਦੇ ਠਰ ਜਾਂਦੇ ਜਦ ਗੁਰ ਸੀ ਸ਼ਬਦ ਉਚਾਰਦੇ । ਜੜੀ ਬੂਟੀਆਂ ਦੀ ਫੁਲਵਾੜੀ ਹੱਥੀਂ ਆਪ ਸੰਵਾਰਦੇ । ਤੇਗ ਬਹਾਦਰ, ਹਿੰਦ ਦੀ ਚਾਦਰ, ਦੀਨ ਦੁਖੀ ਦਾ ਵਾਲੀ । ਸੀਸ ਨਿਛਾਵਰ ਕਰਕੇ ਕੀਤੀ, ਧਰਮ ਕਰਮ ਰਖਵਾਲੀ । ਧਰਤ ਕਿੰਜ ਅਹਿਸਾਨ ਭੁਲਾਵੇ, ਕੀਤੇ ਪਰਉਪਕਾਰ ਦੇ । ਤੋੜੇ ਬੁਰਜ ਜ਼ੁਲਮ ਦੇ, ਕਿੰਗਰੇ ਭੋਰੇ ਅੱਤਿਆਚਾਰ ਦੇ । ਪੰਥ ਖਾਲਸਾ ਸਿਰਜਣ ਮਗਰੋਂ ਲਾਲ ਧਰਮ ਤੋਂ ਵਾਰੇ । ਸ਼ਬਦ ਗੁਰੂ ਦਾ ਮਾਰਗ ਦੱਸਿਆ, ਗੁਰ ਦਸਮੇਸ਼ ਪਿਆਰੇ । ਚਿੜੀਆਂ ਕੋਲੋਂ ਬਾਜ਼ ਤੁੜਾਏ, ਜੋ ਚਿੜੀਆਂ ਸੀ ਮਾਰਦੇ । ਕੀਹ ਅਹਿਸਾਨ ਗਿਣਾਵਾਂ ਜੀ ਮੈਂ ਨੀਲੇ ਸ਼ਾਹ-ਅਸਵਾਰ ਦੇ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੰਘ ਨੇ ਮੁੱਖ ਤੋਂ ਪੁਕਾਰਦੇ । ਚੇਤੇ ਮੁੜ ਮੁੜ ਆਉਂਦੇ ਸਾਨੂੰ ਸੋਹਣੇ ਗੁਰ-ਦਰਬਾਰ ਦੇ ।
ਕਰੀਂ ਨਾ ਸਵਾਲ ਕਦੇ ਸੋਹਣੀ ਦਸਤਾਰ ਨੂੰ
ਕੂੜ ਦੀ ਕਚਹਿਰੀਏ ਤੂੰ ਛੱਡ ਹੰਕਾਰ ਨੂੰ । ਕਰੀਂ ਨਾ ਸਵਾਲ ਕਦੇ ਸੋਹਣੀ ਦਸਤਾਰ ਨੂੰ । ਕਰਨੀ ਕੀ ਇਹਦੀ ਸ਼ਾਹੀ ਤਾਜ ਨੇ ਬਰਾਬਰੀ । ਏਸ ਦਾ ਅਸੂਲ ਰਾਜ ਭਾਗ ਤੋਂ ਹੈ ਨਾਬਰੀ । ਢਾਹੁੰਦੀ ਇਹ ਹਮੇਸ਼ ਸ਼ਹਿਨਸ਼ਾਹੀ ਹੰਕਾਰ ਨੂੰ । ਕਰੀਂ ਨਾ ਸਵਾਲ...... ਦਸਾਂ ਗੁਰਾਂ ਸੌਂਪਿਆ ਖ਼ਜ਼ਾਨਾ ਬਾਣੀ ਬਾਣੇ ਦਾ । ਇੱਕੋ ਫੁਰਮਾਨ ਤਾਣ ਬਣਨਾ ਨਿਤਾਣੇ ਦਾ । ਸਾਡੀ ਹੈ ਜੁਆਬਦੇਹੀ ਸੱਚੀ ਸਰਕਾਰ ਨੂੰ । ਕਰੀਂ ਨਾ ਸਵਾਲ...... ਸਾਡੀ ਦਸਤਾਰ ਹੁੰਦੀ ਜਿਸਮੋਂ ਅਲੱਗ ਨਾ । ਅਣਖ਼ਾਂ ਦੀ ਪੂਣੀ ਬਿਨਾ ਬੱਝੇ ਕਦੇ ਪੱਗ ਨਾ । ਪੜ੍ਹ ਸਾਡੇ ਨੇਤਰਾਂ 'ਚੋਂ ਸਿੱਖੀ ਖੰਡੇਧਾਰ ਨੂੰ । ਕਰੀਂ ਨਾ ਸਵਾਲ...... ਗੁਰੂਆਂ ਦੀ ਬਾਣੀ ਸਾਡੇ ਸਦਾ ਅੰਗ ਸੰਗ ਹੈ । ਕੇਸਾਂ ਤੇ ਸਵਾਸਾਂ ਨਾਲ ਨਿਭ ਜੇ ਉਮੰਗ ਹੈ । ਰੱਬ ਦੀਆਂ ਰੱਖਾਂ ਸਦਾ ਐਸੇ ਸੰਸਾਰ ਨੂੰ । ਕਰੀਂ ਨਾ ਸਵਾਲ.....
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ, ਉਸ ਦੇ ਪੈਰਾਂ ਹੇਠ ਧਰਤ ਹੁੰਦੀ ਹੈ, ਕਦੇ ਨਾ ਡੋਲਣ ਵਾਲੀ । ਸਿਰ ਤੇ ਅੰਬਰ ਦਾ ਚੰਦੋਆ ਹੁੰਦਾ । ਚੰਨ ਤਾਰਿਆਂ ਜੜਤ ਸੂਰਜ ਮੰਡਲ । ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ । ਉਸ ਨਾਲ ਤੁਰਦਾ ਇਤਿਹਾਸ । ਤਪੱਸਿਆ ਦੀ ਕੁਠਾਲੀ 'ਚ, ਇਹੀ ਬਣਦਾ ਆਤਮ ਵਿਸ਼ਵਾਸ । ਇਕੱਲਾ ਤਾਂ ਉਦੋਂ ਹੁੰਦਾ ਹੈ, ਜਦ ਅੰਦਰੋਂ ਡਰ ਜਾਂਦਾ ਹੈ । ਜਿਸਮ ਤੁਰਦਾ ਹੈ, ਪਰ ਅੰਦਰੋਂ ਮਰ ਜਾਂਦਾ ਹੈ । ਇਕੱਲ੍ਹੇ ਜਣੇ ਦਾ ਸੀਸ, ਤਲੀ ਤੇ ਕਦੇ ਨਹੀਂ ਟਿਕਦਾ । ਇਕੱਲ੍ਹਾ ਬੰਦਾ ਤਾਂ ਨਿੱਕੀਆਂ ਲੋੜਾਂ ਲਈ ਵਿਕਦਾ । ਵਿਕਾਊ ਮਾਲ ਯੁੱਧ ਵਿੱਚ ਨਹੀਂ, ਮੰਡੀ ਵਿੱਚ ਜਾਂਦੇ, ਵਿਕਦੇ ਤੁਲਦੇ । ਫ਼ਰਜ਼ ਵਿਸਾਰ ਕੌਡੀਆਂ ਤੇ ਡੁੱਲ੍ਹਦੇ । ਜਿਹੜੇ ਸੱਚ ਦਾ ਮਾਰਗ ਭੁੱਲਦੇ । ਆਪਣੀ ਨਜ਼ਰ 'ਚ ਆਪੇ ਰੁਲ਼ਦੇ । ਸੂਰਮਾ ਹਮੇਸ਼ ਹਿੱਕ ਤਾਣ ਖੜ੍ਹਦਾ । ਸਦਾ ਵਿਸ਼ਵਾਸ ਦੇ ਲਈ ਹਰ ਜਗ੍ਹਾ ਅੜਦਾ । ਪੈਂਤੜੇ ਬਗੈਰ ਐਵੇਂ ਅੰਨ੍ਹਾ ਹੋ ਨਹੀਂ ਲੜਦਾ । ਓਸ ਨਾਲ ਗੁਰੂ, ਅੱਗੇ ਜੋ ਵੀ ਆਵੇ ਝੜਦਾ । ਸਿਮਰੇ ਭਗੌਤੀ ਉਹ ਮੁਹਿੰਮੀਂ ਜਦੋਂ ਚੜ੍ਹਦਾ । ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ । ਸੂਰਮੇ ਦਾ ਨਿਸ਼ਚਾ ਜਿੱਤ ਵੱਲ ਕਦਮ ਪੁੱਟਦਾ । ਹਾਰਦਾ ਨਾ ਹੁੱਟਦਾ, ਕਰੜਾ ਯਕੀਨ ਉਹਦਾ ਕਦੇ ਵੀ ਨਾ ਟੁੱਟਦਾ । ਕੌਣ ਕਹਿੰਦਾ ਹੈ? ਸੂਰਮਾ ਕਦੇ ਵੀ ਕਿਤੇ ਵੀ ਇਕੱਲਾ । ਸੂਰਮੇ ਦੀ ਤੇਗ ਦੀ ਧਾਰ, ਜਦ ਕਦੇ ਰਣ 'ਚ ਲਿਸ਼ਕਦੀ ਹੈ । ਬਿਜਲੀ ਤ੍ਰਭਕਦੀ ਹੈ । ਸੂਰਜ ਦੇਵੇ ਥਾਪੜਾ ਤੇ ਇੰਜ ਕਹੇ! ਤੇਰੇ ਅੰਗ ਸੰਗ ਹਾਂ ਯੋਧਿਆ ! ਦੇ ਹਨ੍ਹੇਰ ਨੂੰ ਟੱਕਰ, ਮੈਂ ਹੁਣੇ ਆਇਆ । ਸਰਹੰਦ ਤੇ ਚਮਕੌਰ ਜਗਾ ਦੇ ਕਰ ਕੇ ਹੱਲਾ ਭਾਰਾ ਓ ਸਿਰਦਾਰਾ । ਹੱਕ ਸੱਚ ਤੇ ਇਨਸਾਫ਼ ਲਈ ਤੂੰ ਬਣ ਦਸਮੇਸ਼ ਦੁਲਾਰਾ । ਕੌਣ ਕਹਿੰਦਾ? ਸੂਰਮਾ ਇਕੱਲ੍ਹਾ ਰਹਿ ਜਾਂਦਾ ਹੈ । ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ । ਅਣਖ਼ ਦੀ ਰੋਟੀ ਕਣਕ ਤੋਂ ਕਿਤੇ ਸਵਾਦਲੀ ਪਰ ਵਿਰਲਿਆਂ ਨੂੰ ਇਸ ਦੀ ਸ਼ਨਾਸ ਹੁੰਦੀ ਹੈ । ਇਕੱਲ੍ਹੀ ਸਿਰਫ਼ ਲਾਸ਼ ਹੁੰਦੀ ਹੈ ।
ਗੁਰੂ ਗਾਥਾ
ਇੱਕ ਓਂਕਾਰ ਤੋਂ ਤੁਰਿਆ ਕਾਫ਼ਲਾ, ਪੈਂਤੀ ਅੱਖਰਾਂ ਵਿੱਚ ਦੀ ਹੋ ਕੇ, ਸੰਗਤ ਦੇ ਵਿੱਚ ਪੰਗਤ ਲਾ ਕੇ, ਜਦ ਬਹਿੰਦਾ ਸੀ । ਮੇਰਾ ਗੁਰ ਉਪਦੇਸ਼ ਦੇਂਦਿਆਂ, ਕੋਠੇ ਚੜ੍ਹ ਕੇ ਇਹ ਕਹਿੰਦਾ ਸੀ । ਸ਼ਬਦ ਨਿਰੰਤਰ ਜਗਦੇ ਰੱਖਣਾ । ਸੋਚ ਅੰਗੀਠੀ ਮਘਦੇ ਰੱਖਣਾ । ਅੰਗਦ ਗੁਰੂ ਪਰੋਈ ਮਾਲਾ, ਪੈਂਤੀ ਅੱਖਰ ਕਰਨ ਉਜਾਲਾ । ਅਮਰ ਦਾਸ ਗੁਰ ਸੇਵ ਕਮਾਈ । ਲੰਗਰ ਪੰਗਤ ਦੀ ਕੀ ਐਸੀ ਰੀਤ ਚਲਾਈ । ਊਚ ਨੀਚ ਦੀ ਲੀਕ ਮਿਟਾਈ । ਰਾਮ ਦਾਸ ਗੁਰ ਚੌਥੀ ਪੀੜ੍ਹੀ । ਸ਼ਬਦ ਗੁਰੂ ਲਈ ਥਾਨ ਸੁਹਾਵਾ । ਪੰਜਵੇਂ ਗੁਰ ਪਰਮੇਸ਼ਰ ਪੋਥੀ ਏਸ ਬਿਨਾ ਹਰ ਗੱਲ ਹੈ ਥੋਥੀ । ਧਰਮ ਸਥਾਨ ਚ ਦੀਪ ਬਾਲ਼ਿਆ । ਹਨ੍ਹੇਰ ਦੀ ਚਾਦਰ ਲੀਰਾਂ ਲੀਰਾਂ । ਸੰਗਤ ਆਈ ਘੱਤ ਵਹੀਰਾਂ । ਸ਼ਬਦ ਗੁਰੂ ਪ੍ਰਕਾਸ਼ ਜਵਾਲਾ । ਤਵੀਆਂ ਤੇ ਧਰ ਦਿੱਤੀ ਮਾਲਾ । ਕੁਫ਼ਰ ਕਹਿਰ ਜਰਵਾਣੇ ਤੜਫ਼ੇ । ਸ਼ਬਦ ਗੁਰੂ ਸਿਰ ਤਪਦੀ ਰੇਤਾ । ਰਾਵੀ ਦਰਿਆ ਆਪ ਗਵਾਹ ਹੈ । ਸ਼ਬਦ ਵਿਧਾਨ ਤੇ ਧਰਮ ਸਥਾਨ । ਤੀਜਾ ਰਲਿਆ ਨਾਲ ਨਿਸ਼ਾਨ । ਤਿੰਨੇ ਰਲ ਕੇ ਤਖ਼ਤ ਹਿਲਾਉਂਦੇ । ਹਾਕਮ ਨੂੰ ਤਿੰਨੇ ਨਾ ਭਾਉਂਦੇ । ਸ਼ਬਦ ਜਦੋਂ ਸੀ ਗਰੰਥ ਬਣ ਗਿਆ । ਇਹ ਹੀ ਗੁਰ ਦਾ ਪੰਥ ਬਣ ਗਿਆ । ਪੰਜਵੇਂ ਗੁਰ ਦਾ ਪਰਉਪਕਾਰ । ਚੇਤੇ ਕਰਦਾ ਕੁੱਲ ਸੰਸਾਰ । ਸ਼ੱਕਰਗੰਜ ਫ਼ਰੀਦ ਕਬੀਰਾ । ਕਹੁ ਰਵੀਦਾਸ ਇਹ ਖ਼ਾਕ ਸਰੀਰਾ । ਭੱਟ ਭਗਤ ਗੁਰੂਦੇਵ ਸਮਾਏ । ਇੱਕੋ ਮਾਲਾ ਵਿੱਚ ਹਮਸਾਏ । ਛੇਵੇਂ ਗੁਰ ਨੇ ਮੀਰੀ ਪੀਰੀ । ਕਹਿ ਦਿੱਤੀ ਇਹ ਬਾਤ ਅਖ਼ੀਰੀ । ਮੀਰੀ ਦੀ ਰਖਵਾਲੀ ਪੀਰੀ । ਕੋਮਲ ਪੱਤੀਆਂ ਜੀਵਨ ਧਾਰਾ । ਹਰਿ ਰਾਏ ਜੀ ਬਚਨ ਉਚਾਰਾ । ਗਿਆਨ ਦਾ ਸੋਮਾ ਹਰ ਥਾਂ ਹਾਜ਼ਰ । ਅਠਵੇਂ ਗੁਰ ਨੇ ਕੀਤਾ ਨਾਜ਼ਰ । ਨੌਵੇਂ ਗੁਰ ਦੀ ਬਾਤ ਨਿਆਰੀ । ਸਤਿਗੁਰ ਜਿਸ ਦੀ ਪੈਜ ਸੰਵਾਰੀ । ਨਾ ਭੈ ਦੇਣਾ ਨਾ ਭੈ ਮੰਨਣਾ । ਇਸ ਆਖੇ ਨੂੰ ਸਭ ਨੇ ਮੰਨਣਾ । ਦੀਨ ਦੁਖੀ ਦੀ ਰਾਖੀ ਖ਼ਾਤਰ । ਲੋੜ ਪਵੇ ਤਾਂ ਸਿਰ ਦਾ ਠੀਕਰ, ਦਿੱਲੀ ਤਖ਼ਤ ਦੇ ਸਾਹਵੇਂ ਭੰਨਣਾ । ਤੇਗ ਬਹਾਦਰ ਹਿੰਦ ਦੀ ਚਾਦਰ । ਸਰਬ ਧਰਮ ਦਾ ਕਰਦੇ ਆਦਰ । ਇਹ ਲਿਖ ਕੇ ਉਪਦੇਸ ਪੜ੍ਹਾਇਆ । ਧਰਤੀ ਅੰਬਰ ਦੋਵੇਂ ਕੰਬ ਗਏ । ਜਦ ਮੇਰੇ ਗੁਰ ਸੀਸ ਕਟਾਇਆ । ਫੁੱਲ ਡੋਡੀ ਦੀ ਉਮਰੇ ਵੇਖੋ, ਮੇਰੇ ਗੁਰ ਦਸਮੇਸ਼ ਪਿਤਾ ਨੇ, ਧਰਮ ਕਰਮ ਦੀ ਰਾਖੀ ਖਾਤਰ ਸੰਤ ਸਿਪਾਹੀ ਬਾਤ ਇਲਾਹੀ ਸ਼ਬਦ ਕਹੇ ਤੇ ਕਲਮਾਂ ਉੱਗੀਆਂ । ਜੋ ਜੋ ਮੂੰਹੋਂ ਆਖ ਸੁਣਾਇਆ, ਓਹੀ ਰਣ ਵਿੱਚ ਕਰਤ ਵਿਖਾਇਆ । ਆਨੰਦਪੁਰ ਤੋਂ ਤੁਰਿਆ ਸੂਰਜ ਜਿੱਥੇ ਜਿੱਥੇ ਤੁਰਿਆ ਪੁੱਜਾ । ਸਭ ਕੁਝ ਪਰਗਟ ਕੁਝ ਨਹੀਂ ਗੁੱਝਾ । ਕੱਚੀ ਗੜ੍ਹੀ ਧਰਤ ਚਮਕੌਰ । ਵਾਰੇ ਵੱਡੇ ਪੁੱਤਰ ਭੌਰ । ਅਜੀਤ ਜੁਝਾਰ ਤੇ ਮਗਰੇ ਨਿੱਕੇ । ਜ਼ੋਰਾਵਰ ਫ਼ਤਹਿ ਸਿੰਘ ਬਣ ਗਏ ਸ਼ਬਦ ਗੁਰੂ ਟਕਸਾਲ ਦੇ ਸਿੱਕੇ । ਸਰਹੰਦ ਵਿੱਚ ਵਿਸ਼ਵਾਸ ਦੇ ਰਾਖੇ ਮੰਨਿਆ ਨਾ ਜੋ ਸੂਬਾ ਆਖੇ । ਗੁਰ ਮੇਰੇ ਨੇ ਪੰਧ ਮੁਕਾਇਆ । ਸ਼ਬਦ ਗੁਰੂ ਸਾਨੂੰ ਲੜ ਲਾਇਆ ਕੁੱਲ ਦੁਨੀਆਂ ਤੋਂ ਵੱਖਰਾ ਸਾਨੂੰ ਸਬਕ ਪੜਾਇਆ । ਜਿਸ ਨੇ ਸਾਡਾ ਰਾਹ ਰੁਸ਼ਨਾਇਆ । ਜੇਕਰ ਅੱਜ ਹਨ੍ਹੇਰਾ ਗੂੜ੍ਹਾ । ਹੱਲੇ ਕਰ ਕਰ ਆਵੇ ਕੂੜਾ । ਇਸ ਵਿੱਚ ਸਾਡਾ ਏਹੀ ਬਣਦਾ ਬਾਣੀ ਦੇ ਚਾਨਣ ਵਿੱਚ ਤੁਰਨਾ । ਅੱਗੇ ਵਧਣਾ ਕਦੇ ਨਾ ਝੁਰਨਾ । ਇਹ ਹੀ ਦੱਸਿਆ ਗਾਡੀਰਾਹ । ਦੀਨ ਦੁਖੀ ਦੇ ਬੇਪਰਵਾਹ ।
ਚੌਮੁਖੀਆ ਚਿਰਾਗ
ਭਾਈ ਘਨੱਈਆ ਜੀ ਨੂੰ ਚਿਤਵਦਿਆਂ ਚੇਤੇ ਆਉਂਦਾ ਹੈ ਹਨ੍ਹੇਰੀ ਰਾਤ ਵਿੱਚ ਜਗਦਾ, ਮਘਦਾ ਸੁਰਖ ਸੂਰਜ ਅੰਬਰ ਚ ਦਗਦਾ ਸਮੂਲਚਾ ਵਜੂਦ, ਬਾਬੇ ਨਾਨਕ ਦਾ ਵਾਰਿਸ ਲੱਗਦਾ । ਝਨਾਂ ਕੰਢੇ ਸੋਹਦਰੇ ਪਿੰਡ ’ਚ, ਮਾਂ ਸੁੰਦਰੀ ਦਾ ਜਾਇਆ । ਬਾਬਲ ਨੱਥੂ ਰਾਮ ਦੇ ਬਿਰਖ ਦੀ ਸਦੀਵ ਕਾਲੀ ਛਾਇਆ । ਦਸ ਪਾਤਿਸਾਹੀਆਂ ਦੀ ਛਾਵੇਂ ਤੁਰਦਾ ਤੁਰਦਾ ਆਨੰਦਪੁਰ ਸਾਹਿਬ ਆਇਆ । ਯੁੱਧ ਵਿੱਚ ਨਾ ਕੋਈ ਵੈਰੀ ਨਾ ਬੇਗਾਨਾ ਗੁਰੂ ਦਾ ਸੰਦੇਸ ਜਿਸ ਸੱਚ ਕਰ ਮਾਨਾ । ਮੁਗਲ ਜਾਂ ਪਹਾੜੀਆ ਤੇਰਾ ਹੀ ਬੰਦਾ, ਦਿਸੇ ਬਲਿਹਾਰੀਆ । ਨਿਰਛਲ ਨਿਰਭਉ ਤੇ ਨਿਰਵੈਰ । ਸਰਬੱਤ ਦਾ ਭਲਾ ਲੋੜਦੇ ਕਰ-ਪੈਰ ਪਿਆਸਿਆਂ ਲਈ, ਨਿਰਮਲ ਜਲ-ਧਾਰਾ । ਦਸਮੇਸ ਗੁਰੂ ਨੂੰ ਜਾਨੋਂ ਪਿਆਰਾ । ਦੂਤੀਆਂ ਕਿਹਾ ਇਹ ਮੁਗਲ ਬਚਾਵੇ । ਮਰਦਿਆਂ ਦੇ ਮੂੰਹ ਪਾਣੀ ਪਾਵੇ । ਇਸਨੂੰ ਕਹੋ ਇਹ ਇੰਜ ਕਰੇ ਨਾ, ਸਾਨੂੰ ਇਹ ਕੰਮ ਮੂਲ ਨਾ ਭਾਵੇ । ਦਸਮ ਪਿਤਾ ਹੱਸੇ, ਮੁਸਕਰਾਏ । ਬੋਲੇ ਮੇਰਿਓ ਭੋਲਿਓ ਪੁੱਤਰੋ, ਇਹ ਤਾਂ ਆਪਣਾ ਧਰਮ ਨਿਭਾਏ । ਤੁਹਾਨੂੰ ਕਿਉਂ ਇਹ ਸਮਝ ਨਾ ਆਏ । ਹਿੱਕ ਨਾਲ ਲਾ ਕੇ ਇਹ ਫੁਰਮਾਇਆ । ਤੂੰ ਮੇਰੇ ਸਬਦਾਂ ਦੀ ਲੋਏ ਤੁਰਦਾ ਤੁਰਦਾ ਉਸ ਥਾਂ ਆਇਆ । ਜਿੱਥੇ ਪੁੱਜ ਕੇ ਨਾ ਕੋਈ ਵੈਰੀ, ਨਾ ਹੀ ਰਹੇ ਕੋਈ ਬੇਗਾਨਾ । ਇਹ ਹੀ ਧਰਮ ਦਾ ਅਸਲ ਨਿਸ਼ਾਨਾ । ਆਹ ਫੜ ਪੱਟੀਆਂ ਮੱਲਮ ਦੀ ਡੱਬੀ । ਤੂੰ ਸੇਵਾ ਚੋਂ ਮਾਣਕ ਮੋਤੀ, ਉੱਚੀ ਸੁੱਚੀ ਹਸਤੀ ਲੱਭੀ । ਹਰ ਜਖ਼ਮੀ ਨੂੰ ਸਮ ਕਰ ਜਾਣੀਂ । ਮੂੰਹ ਵਿੱਚ ਪਾਵੇਂਗਾ ਜਦ ਪਾਣੀ । ਚੁੱਪ ਕਰਕੇ ਤੂੰ ਉਸ ਪਲ ਸੁਣ ਲਈਂ, ਅਰਥ ਸਣੇ ਗੁਰੂਆਂ ਦੀ ਬਾਣੀ । ਸਰਬ-ਕਾਲ ਦਾ ਬਣ ਕੇ ਹਾਣੀ ।
ਕੱਢ ਕੇ ਮਿਆਨ ਵਿਚੋਂ
ਕੱਢ ਕੇ ਮਿਆਨ ਵਿਚੋਂ ਗੁਰੂ ਕਿਰਪਾਨ ਕਿਹਾ, ਸਿੱਖੀ ਵਾਲਾ ਮਹਿਲ ਹੈ ਬਣਾਉਣਾ । ਬੰਦਿਆਂ ਚੋਂ ਖੋਟ ਕੱਢ ਕੇ, ਐਸਾ ਪੰਥ ਮੈਂ ਖਾਲਸਾ ਸਜਾਉਣਾ । ਜ਼ਾਲਮਾਂ ਤੋਂ ਡਰੇ ਨਾ ਤੇ ਭਲੇ ਨੂੰ ਡਰਾਵੇ ਨਾ । ਹੱਕ ਦੀ ਕਮਾਈ ਕਰੇ, ਬਦੀਆਂ ਕਮਾਏ ਨਾ । ਗਊ ਤੇ ਗਰੀਬ ਮਸਕੀਨਾਂ ਦੀ ਜੋ ਰਾਖੀ ਕਰੇ, ਸਵਾ ਲੱਖ ਇੱਕ ਨੂੰ ਬਣਾਉਣਾ । ਖੰਡੇ ਵਾਲੀ ਧਾਰ ਉੱਤੇ ਆ ਜੋ ਜੀਹਨੇ ਨੱਚਣਾ । ਰਾਤਾਂ ਦੇ ਹਨ੍ਹੇਰ 'ਚ ਮਸ਼ਾਲ ਵਾਂਗੂੰ ਮੱਚਣਾ । ਖੰਡੇ ਨਾਲ ਖਿੱਚ ਕੇ ਲਕੀਰ ਕਿਹਾ ਬਾਜ਼ਾਂ ਵਾਲੇ ਅੰਮ੍ਰਿਤ ਐਸਾ ਹੈ ਛਕਾਉਣਾ । ਸਾਜ ਕੇ ਪਿਆਰੇ ਪੰਜ, ਗੱਜ ਕੇ ਪੁਕਾਰਿਆ । ਮੈਨੂੰ ਵੀ ਬਣਾਉ ਸਿੱਖ, ਮੁੱਖ ਤੋਂ ਉਚਾਰਿਆ । ਤੇਗ ਦੇ ਦੁਲਾਰੇ, ਲੈ ਕੇ ਅੰਮ੍ਰਿਤ ਦਾਤ, ਕਿਹਾ ਲਾਜ ਨਾ ਧਰਮ ਨੂੰ ਲਾਉਣਾ । ਏਸੇ ਲਈ ਆਨੰਦਪੁਰੀ ਜਿੱਥੇ ਕੇਸਗੜ੍ਹ ਹੈ । ਖ਼ਾਲਸੇ ਦੀ ਲੱਗੀ ਏਥੇ, ਬੜੀ ਡੂੰਘੀ ਜੜ੍ਹ ਹੈ । ਅੱਜ ਤੀਕ ਮਿਟੀ ਨਾ ਤੇ ਪੁੱਟੀ ਗਈ ਇਹ ਕਿਸੇ ਕੋਲ਼ੋਂ, ਮਿਟ ਗਏ ਜੋ ਚਾਹੁੰਦੇ ਸੀ ਮਿਟਾਉਣਾ । ਧੰਨ ਗੁਰੂ ਬਾਜਾਂ ਵਾਲਿਆ, ਤੇਰੇ ਜਿਹਾ ਨਹੀਂ ਜਹਾਨੇ ਫੇਰ ਆਉਣਾ ।
ਦੁੱਲਾ ਨਹੀਂ ਆਇਆ
ਅਜੇ ਵੀ ਦੁੱਲਾ ਵੀਰ ਉਡੀਕਦੀ ਹੈ, ਲਿੱਸੇ ਘਰ ਦੀ ਧੀ ਸੁੰਦਰੀ । ਸੋਚਦੀ ਹੈ ਦੁੱਲਾ ਵੀਰ ਆਏਗਾ, ਮੁਗਲਾਂ ਤੋਂ ਛੁਡਾਏਗਾ । ਤੰਦਾਤੀਰੀ ਝੋਲੀ ਵਿੱਚ, ਸੇਰ ਸ਼ੱਕਰ ਪਾਵੇਗਾ । ਪਾਟਿਆ ਹੋਇਆ ਸੂਹਾ ਸਾਲੂ, ਸਿਰ ਤੇ ਟਿਕਾਏਗਾ । ਡੋਲੀ ਚ ਬਿਠਾਏਗਾ । ਪਰ ਹੁਣ ਘਰੋਂ ਬਾਹਰ, ਘੋੜਿਆਂ ਦੇ ਸੁੰਮਾਂ ਦੀਆਂ, ਟਾਪਾਂ ਦੀ ਆਵਾਜ਼ ਨਹੀਂ । ਨਵੇਂ ਚੱਲੇ ਹੂਟਰ ਵੱਜਦੇ ਨੇ, ਦੁੱਲਾ ਨਹੀਂ, ਵੋਟਾਂ ਮੰਗਣ ਵਾਲੇ ਆਏ ਨੇ । ਆਪਣੇ ਨਹੀਂ ਜਾਪਦੇ ਤੁਰਕਾਂ ਮੰਗੋਲਾਂ, ਅਬਦਾਲੀਆਂ ਦੇ ਵਾਂਗ ਹੀ । ਲੱਗਦਾ ਏ ਸਾਰੇ ਕਿਸੇ ਹੋਰ ਦੇਸੋਂ ਆਏ ਨੇ । ਪਰ ਫ਼ਰੀਦ ਸ਼ਹੀਦ ਦਾ ਪੁੱਤਰ, ਦਾਦੇ ਸਾਂਦਲ ਦਾ ਪੋਤਰਾ, ਬਾਰ ਦਾ ਜਾਇਆ, ਜਿਸ ਤਖ਼ਤ ਲਾਹੌਰ ਨਿਵਾਇਆ । ਅਕਬਰ ਨੂੰ ਨਾ ਸੀਸ ਝੁਕਾਇਆ । ਅੱਗੋਂ ਸ਼ੀਸ਼ਾ ਕੱਢ ਵਿਖਾਇਆ । ਜਿੰਨ੍ਹੇ ਧਰਤੀ ਦਾ ਧਰਮ ਨਿਭਾਇਆ ਦੁੱਲਾ ਵੀਰਾ ਨਹੀਂ ਆਇਆ ।
ਮਾਂ ਦੁੱਲੇ ਦੀ ਬੋਲਦੀ
ਮਾਂ ਦੁੱਲੇ ਦੀ ਬੋਲਦੀ ਕਹਿੰਦੀ ਸੁਣ ਪੁੱਤਰਾ ਇਕ ਵਾਰ ਵੇ । ਤੇਰਾ ਬਾਪ ਤੇ ਦਾਦਾ ਸੋਹਣਿਆਂ, ਮੁਗਲਾਂ ਨੇ ਦਿੱਤਾ ਮਾਰ ਵੇ । ਰਾਜਾ ਮੰਗਦਾ ਸੀ ਸਾਥੋਂ ਮਾਲੀਆ, ਜੇ ਨਾ ਦੇਂਦੇ ਤੇ ਪਾਏ ਫਿਟਕਾਰ ਵੇ । ਅਸੀਂ ਬਾਗੀ ਹੋ ਗਏ ਉਸ ਤੋਂ, ਤਾਹੀਉਂ ਦਿੱਤਾ ਉਹਨੇ ਕਹਿਰ ਗੁਜ਼ਾਰ ਵੇ । ਨਾਲੇ ਦਾਦੇ ਤੇਰੇ ਨੂੰ ਲੈ ਗਏ, ਜਿਹੜਾ ਭੱਟੀਆਂ ਦੇ ਸਿਰ ਦਸਤਾਰ ਵੇ । ਇਹ ਨਾ ਮੰਨਦੇ ਸੀ ਤਖ਼ਤ ਲਾਹੌਰ ਨੂੰ, ਨਾਲੇ ਦਿੱਲੀ ਨੂੰ ਵੀ ਦੇਂਦੇ ਸੀ ਵੰਗਾਰ ਵੇ । ਉਹਨੇ ਦੇ ਕੇ ਹੁਕਮ ਜੱਲਾਦ ਨੂੰ, ਜਾਨੋਂ ਮਾਰ ਮੁਕਾਏ ਝੱਟ ਪਾਰ ਵੇ । ਕਹਿੰਦੇ ਖ਼ੂਨ ਤੇ ਪਸੀਨੇ ਦੀ ਕਮਾਈ ਤੇ, ਦੱਸ ਮੁਗਲਾ ਕੀ ਤੇਰਾ ਅਧਿਕਾਰ ਵੇ । ਇਨ੍ਹਾਂ ਦੋਹਾਂ ਦੀ ਬਹਾਦਰੀ ਨੂੰ ਹੀਰਿਆ, ਅੱਜ ਤੀਕ ਗਾਉਂਦੀ ਸਾਰੀ ਸਾਂਦਲ ਬਾਰ ਵੇ । ਦੁੱਲਾ ਆਖਦਾ ਨਾ ਰੋ ਮਾਏ ਮੇਰੀਏ, ਵੇਖੂੰ ਅਕਬਰ ਦਾ ਮੈਂ ਜ਼ੋਰ ਨੀ । ਨੀ ਮੈਂ ਭੰਨ ਦਊਂ ਹੰਕਾਰ ਵਾਲੇ ਕਿਲ੍ਹੇ, ਪਾਊਂ ਵਖ਼ਤ ਮੈਂ ਤਖ਼ਤ ਲਾਹੌਰ ਨੀ । ਨੀ ਮੈਂ ਰੰਡੀਆਂ ਕਰੂੰ ਮੁਗਲਾਣੀਆਂ, ਅੱਜ ਪਰਖ਼ਣੇ ਚੁਗੱਤਿਆਂ ਦੇ ਜ਼ੋਰ ਨੀ । ਚੇਤੇ ਰੱਖੇਗਾ ਜ਼ਮਾਨਾ ਏਸ ਯੁੱਧ ਨੂੰ, ਟਿੰਡਾਂ ਰੁਲਣਗੀਆਂ ਪਿੰਡੀ ਤੇ ਲਾਹੌਰ ਨੀ । ਜੀਹਨੇ ਬਾਰ ਦੀ ਅਣਖ਼ ਨੂੰ ਵੰਗਾਰਿਆ, ਸਾਡੇ ਵਾਸਤੇ ਤਾਂ ਉਹੀ ਵੱਡਾ ਚੋਰ ਨੀ । ਮਾਂ ਦੁੱਲੇ ਦੀ ਵਰਜਦੀ, ਕਹਿੰਦੀ ਸੁਣ ਲਿਆ ਸਰਦਾਰ ਵੇ । ਵੇ ਤੂੰ ਕੱਲ੍ਹੇ ਨੇ ਲੜਾਈ ਨਹੀਂਉਂ ਜਿੱਤਣੀ, ਦੂਜੇ ਬੰਨੇ ਤਾਂ ਖੜ੍ਹੀ ਸਰਕਾਰ ਵੇ । ਪਹਿਲਾਂ ਕਰ ਲੈ ਤਿਆਰ ਵੇ ਤੂੰ ਕਾਫ਼ਲਾ, ਕੱਲ੍ਹੇ ਜੋਸ਼ ਪੱਲੇ ਪੈਂਦੀ ਸਦਾ ਹਾਰ ਵੇ । ਤੈਨੂੰ ਬਾਰ ਵਾਲੀ ਮਿੱਟੀ ਪਾਉਂਦੀ ਵਾਸਤਾ, ਕੱਲ੍ਹਾ ਪੰਛੀ ਨਾ ਕਦੇ ਬਣੇ ਡਾਰ ਵੇ । ਤੇਰਾ ਭਾਈਚਾਰਾ ਨਾਲ ਜੇ ਖਲੋ ਗਿਆ, ਲਈਂ ਫੇਰ ਭਾਵੇਂ ਦਿੱਲੀ ਨੂੰ ਵੰਗਾਰ ਵੇ । ਅੱਗਿਉਂ ਦੁੱਲਾ ਬੋਲਦਾ, ਕਹਿੰਦਾ ਮਾਏ ਮੈਨੂੰ ਹੱਥੀਂ ਆਪ ਤੋਰ ਨੀ । ਜਿਹੜੀ ਗੁੱਡੀ ਚੜ੍ਹੀ ਮੁਗਲਾਂ ਦੀ ਅਰਸ਼ 'ਤੇ, ਇਹਦੀ ਕੱਟਣੀ ਏਂ ਮੈਂ ਹੀ ਅੱਜ ਡੋਰ ਨੀ । ਜਿਹੜੇ ਅਣਖ਼ਾਂ ਦੀ ਫ਼ਸਲ ਲਿਤਾੜਦੇ, ਕਿੱਥੋਂ ਆਣ ਵੜੇ ਪੈਲ਼ੀਆਂ 'ਚ ਢੋਰ ਨੀ । ਜੀਹਨੇ ਸਾਡੀ ਦਸਤਾਰ ਹੱਥ ਪਾ ਲਿਆ, ਜਾ ਕੇ ਵੇਖਣੇ ਚੁਗੱਤਿਆਂ ਦੇ ਜ਼ੋਰ ਨੀ । ਮੈਨੂੰ ਕੱਲ੍ਹਾ ਨਾ ਸਮਝ ਮਾਏ ਮੇਰੀਏ, ਸਾਰੇ ਬਾਗੀ ਹੋਏ ਜੋ ਸੀ ਕਮਜ਼ੋਰ ਨੀ ।
ਤਖ਼ਤ ਲਾਹੌਰ ਨੂੰ ਜਿਹੜਾ ਵੰਗਾਰਦਾ
ਤਖ਼ਤ ਲਾਹੌਰ ਨੂੰ ਜਿਹੜਾ ਵੰਗਾਰਦਾ । ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ । ਜੀਹਦੇ ਬਾਪ ਦਾਦੇ ਨੂੰ ਸੀ ਫਾਹੇ ਟੰਗਿਆ । ਮਿਲਿਆ ਨਾ ਜਿੰਨ੍ਹਾਂ ਤੋਂ ਲਗਾਨ ਮੰਗਿਆ । ਮੁਗਲਾਂ ਦੇ ਕੋਲੋਂ ਜੋ ਕਦੇ ਨਾ ਹਾਰਦਾ । ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ । ਕਿਰਤ ਕਮਾਈ ਅਸੀਂ ਆਪ ਕਰੀਏ । ਦੱਸ ਕਾਹਦਾ ਤੇਰਾ ਇਹ ਲਗਾਨ ਭਰੀਏ । ਕਿਹੜੀ ਗੱਲੋਂ ਅਕਬਰਾ ਤੈਥੋਂ ਡਰੀਏ? ਭਾਂਬੜਾਂ ਜਹੇ ਬੋਲ ਮੁੱਖ ਚੋਂ ਉਚਾਰਦਾ । ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ । ਆਖਿਆ ਵੰਗਾਰ ਕੇ ਸੀ ਜੀਹਨੇ ਬਾਰ ਨੂੰ । ਤੋੜਨਾ ਏਂ ਰਾਜਿਆਂ ਦੇ ਹੰਕਾਰ ਨੂੰ । ਖਿੱਚ ਲਓ ਮਿਆਨ ਵਿਚੋਂ ਤਲਵਾਰ ਨੂੰ । ਬਾਦਸ਼ਾਹ ਲਾਹੌਰ ਦਾ ਸਾਨੂੰ ਵੰਗਾਰਦਾ । ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ । ਮਾਰ ਕੇ ਨਗਾਰੇ ਸੱਟ ਅੱਗੇ ਲੱਗਿਆ । ਤੇਰੇ ਬਲਿਹਾਰੇ ਜਾਵਾਂ ਸ਼ੇਰ ਬੱਗਿਆ । ਤੇਰੀ ਕ੍ਰਿਪਾਨ ਅੱਗੇ ਕੋਈ ਨਾ ਤੱਗਿਆ । ਅਣਖ਼ ਆਜ਼ਾਦੀ ਦੇ ਲਈ ਜਾਨ ਵਾਰਦਾ । ਸੂਰਮਾ ਜਵਾਨ ਸੀ ਉਹ ਦੁੱਲਾ ਬਾਰ ਦਾ ।
ਤੇਗ ਖਿੱਚ ਦੁੱਲੇ ਨੇ ਲਕੀਰਾਂ ਮਾਰੀਆਂ
ਤੇਗ ਖਿੱਚ ਦੁੱਲੇ ਨੇ ਲਕੀਰਾਂ ਮਾਰੀਆਂ । ਆਓ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ । ਜਿਹੜੇ ਰਾਜਿਆਂ ਦੀ ਮੰਜੀ ਥੱਲੇ ਬਹਿਣਗੇ । ਭਲਕੇ ਬਿਰਾਦਰੀ 'ਚ ਕਿੱਦਾਂ ਰਹਿਣਗੇ । ਲਾਹਣਤੀ ਨਮੋਸ਼ੀਆਂ ਨੂੰ ਕਿਵੇਂ ਸਹਿਣਗੇ । ਖੁੱਲ੍ਹੇ ਡੁੱਲ੍ਹੇ ਪਾਣੀਆਂ 'ਚ ਲਾਈਏ ਤਾਰੀਆਂ । ਆਓ ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ । ਸਾਡੇ ਮਾਪਿਆਂ ਦੇ ਘਰੀਂ ਜੋ ਨੇ ਜਣੀਆਂ । ਧੀਆਂ ਭੈਣਾਂ ਅੱਜ ਨੇ ਗੁਲਾਮ ਬਣੀਆਂ । ਮੱਥੇ ਦੀਆਂ ਨਾੜਾਂ ਜੇ ਅਜੇ ਨਾ ਤਣੀਆਂ । ਕਿਹੜੇ ਕੰਮ ਆਉਣਗੀਆਂ ਡੀਂਗਾਂ ਮਾਰੀਆਂ । ਆਓ ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ । ਸੱਪ ਦਾ ਵਿਰੋਧ ਜੀਕੂੰ ਮੋਰ ਨਾਲ ਹੈ । ਪਿੰਡੀ ਦਾ ਮੁਕਾਬਲਾ ਲਾਹੌਰ ਨਾਲ ਹੈ । ਕਰਨਾ ਮੁਕਾਬਲਾ ਇਹ ਜ਼ੋਰ ਨਾਲ ਹੈ । ਲੋਕਾਂ ਸਾਹਮਣੇ ਕੀ ਨੇ ਮਹਿਲ ਤੇ ਅਟਾਰੀਆਂ । ਆਓ! ਜਿੰਨ੍ਹਾਂ ਨੂੰ ਨੇ ਇੱਜ਼ਤਾਂ ਪਿਆਰੀਆਂ । ਲੋੜ ਸਾਡੀ ਜਾਬਰਾਂ ਦਾ ਸਿਰ ਵੱਢਣਾ । ਹਾਕਮਾਂ ਦੀ ਧੌਣ ਵਿਚੋਂ ਕਿੱਲਾ ਕੱਢਣਾ । ਵੱਢ ਕੇ ਚੌਰਾਹੇ ਵਿਚ ਧੁੱਪੇ ਗੱਡਣਾ । ਜਾਇਜ਼ ਤਲਵਾਰ ਜੇ ਦਲੀਲਾਂ ਹਾਰੀਆਂ । ਆਓ! ਜਿੰਨਾਂ ਨੂੰ ਨੇ ਇੱਜ਼ਤਾਂ ਪਿਆਰੀਆਂ ।
ਜਿੰਨਾ ਜ਼ੋਰ ਤੈਥੋਂ ਲੱਗਦੈ ਲਗਾ ਲੈ
ਜਿੰਨਾ ਜ਼ੋਰ ਤੈਥੋਂ ਲੱਗਦੈ ਲਗਾ ਲੈ- ਅਸਾਂ ਨਹੀਂ ਤੇਰੀ ਈਨ ਮੰਨਣੀ । ਸਾਡੇ ਜ਼ੋਰ ਨੂੰ ਤੂੰ ਹੋਰ ਅਜ਼ਮਾ ਲੈਅਸਾਂ ਨਹੀਂ ਤੇਰੀ ਈਨ ਮੰਨਣੀ । ਬਾਰ ਦਿਆਂ ਜੰਮਿਆਂ ਨੂੰ ਪੁੱਠ ਤਲਵਾਰ ਦੀ । ਅਣਖਾਂ ਦੇ ਪਿੱਛੇ ਸਦਾ ਜ਼ਿੰਦਗਾਨੀ ਵਾਰਦੀ । ਸਾਥੋਂ ਬਾਰ ਬਾਰ ਭਾਵੇਂ ਅਖਵਾ ਲੈਅਸਾਂ ਨਹੀਂ ਤੇਰੀ ਈਨ ਮੰਨਣੀ । ਹੱਡ ਭੰਨ ਕਿਰਤ ਕਮਾਈਆਂ ਅਸੀਂ ਕਰਦੇ । ਤੇਰੀਆਂ ਵਧੀਕੀਆਂ ਨੂੰ ਹਾਕਮਾ ਨਾ ਜਰਦੇ । ਭਾਵੇਂ ਪਰੇ 'ਚ ਖਲੋ ਕੇ ਅਖਵਾ ਲੈਅਸਾਂ ਨਹੀਂ ਤੇਰੀ ਈਨ ਮੰਨਣੀ । ਤੈਨੂੰ ਜੇ ਬੰਦੂਕਾਂ ਅਤੇ ਫ਼ੌਜਾਂ ਉੱਤੇ ਮਾਣ ਹੈ । ਮੇਰੇ 'ਚ ਭਰਾਵਾਂ ਅਤੇ ਡੌਲਿਆਂ ਦਾ ਤਾਣ ਹੈ । ਚੱਲ! ਦੁੱਲੇ ਨਾਲ ਅੱਜ ਟਕਰਾ ਲੈਅਸਾਂ ਨਹੀਂ ਤੇਰੀ ਈਨ ਮੰਨਣੀ । ਦਿੱਲੀਆਂ ਲਾਹੌਰ ਸਾਡੇ ਪੈਰੀਂ ਆ ਕੇ ਪੈਣਗੇ । ਰੇਤ ਦੇ ਮਹੱਲ ਵੇਖੀਂ 'ਨ੍ਹੇਰੀ ਆਇਆਂ ਢਹਿਣਗੇ । ਸਾਡੀ ਸੁਣ ਲੈ ਤੇ ਆਪਣੀ ਸੁਣਾ ਲੈਅਸਾਂ ਨਹੀਂ ਤੇਰੀ ਈਨ ਮੰਨਣੀ ।
ਲਿਖਦੀ ਨੂਰਮਦਾਂ ਦੁੱਲੇ ਨੂੰ
ਲਿਖਦੀ ਨੂਰਮਦਾਂ ਦੁੱਲੇ ਨੂੰ ਛੇਤੀ ਬਹੁੜੀਂ ਤੂੰ, ਸੂਬਾ ਸਾਡੇ ਉੱਤੇ ਡਾਢਾ ਕਹਿਰ ਕਮਾਵੇ । ਆਖੇ ਬਣ ਜਾ ਮੇਰੀ ਬੇਗਮ, ਛੱਡ ਕੇ ਦੁੱਲੇ ਨੂੰ, ਜਿਹੜਾ ਜੋਬਨ ਤੇਰਾ ਮਿੱਟੀ ਵਿਚ ਮਿਲਾਵੇ । ਲੈ ਲੈ ਰਾਜ ਭਾਗ ਤੂੰ ਮੰਗ ਲੈ ਜੋ ਕੁਝ ਮੰਗਣਾ ਏਂ, ਮੇਰਾ ਮੂੰਹ ਤੇਰੇ ਬਿਨ ਅੱਜ ਰੋਟੀ ਨਾ ਖਾਵੇ । ਲੱਖ ਰੁਪੱਈਆ ਸੋਨਾ ਰੁੱਪਾ, ਬਾਗ ਹਵਾਲੇ ਨੀ, ਤੇਰੇ ਦੁੱਲੇ ਨਾਲੋਂ ਸੋਹਣਾ ਮਹਿਲ ਸੁਹਾਵੇ । ਆਖੇ, ਉਹ ਤਾਂ ਬਾਗੀ ਹੋਇਆ ਤਖ਼ਤ ਲਾਹੌਰ ਦਾ, ਉਹਦੀ ਜ਼ਿੰਦਗੀ ਦੇ ਦਿਨ ਗਿਣਵੇਂ ਰਹਿ ਗਏ ਚਾਰ ਨੀ । ਸਾਰੇ ਭੁੱਖੇ ਨੰਗੇ ਉਹਦੇ ਬੇਲੀ ਯਾਰ ਬਣੇ, ਉਹਨੂੰ ਸਰਦਾਰੀ ਦਾ ਚੜ੍ਹਿਆ ਤੇਜ਼ ਬੁਖ਼ਾਰ ਨੀ । ਜੀਕੂੰ ਅੱਡੀ ਹੇਠਾਂ ਕੀੜੀ ਮਿੱਧੀ ਦਿਸਦੀ ਨਹੀਂ, ਤੇਰਾ ਦੁੱਲਾ ਵੀ ਇਉਂ ਖ਼ਤਮ ਕਰੂ ਸਰਕਾਰ ਨੀ । ਨੀ ਤੂੰ ਰੰਡੀ ਹੋਣੋਂ ਪਹਿਲਾਂ ਬਹਿ ਕੇ ਸੋਚ ਜ਼ਰਾ, ਕਹਿਣਾ ਮੈਂ ਵੀ ਹੁਣ ਨਾ ਤੈਨੂੰ ਬਾਰ-ਮ-ਬਾਰ ਨੀ । ਮੇਰੀ ਜਾਨ ਕੁੜਿੱਕੀ ਦੇ ਵਿਚ ਦੁੱਲਿਆ ਬਹੁੜੀਂ ਤੂੰ, ਕੋਰੀ ਚਾਦਰ ਤੇ ਨਾ ਦਾਗ ਕਲੰਕੀ ਲਾਵੇ । ਅਸੀਂ ਬਾਰ ਦੇਸ ਦੀਆਂ ਜੰਮੀਆਂ ਜਾਈਆਂ ਮੋਰਨੀਆਂ, ਸਾਨੂੰ ਰਾਜਿਆਂ ਦਾ ਨਾ ਮਹਿਲ ਮੁਨਾਰਾ ਭਾਵੇ । ਖੁੱਲ੍ਹੀਆਂ ਜੂਹਾਂ, ਸੁੱਚੀਆਂ ਰੂਹਾਂ ਵਾਲੇ ਜਾਂਗਲੀਆ, ਛੇਤੀ ਪਹੁੰਚੀਂ ਸੂਬਾ ਡਾਢੀ ਜਾਨ ਸਤਾਵੇ । ਵੇ ਤੂੰ ਰਾਖਾ ਇੱਜ਼ਤ-ਅਣਖ਼ ਸਮੁੱਚੀ ਪਿੰਡੀ ਦਾ, ਤੇਰੀ ਨੂਰਮਦਾਂ ਅੱਜ ਕੂੰਜ ਵਾਂਗ ਕੁਰਲਾਵੇ । ਲੈ ਕੇ ਲਸ਼ਕਰ ਭਾਰਾ ਚੜ੍ਹ ਆ ਤਖ਼ਤ ਲਾਹੌਰ 'ਤੇ, ਜ਼ਾਲਮ ਸੂਬੇ ਨੂੰ ਤੂੰ ਐਸਾ ਸਬਕ ਸਿਖਾ ਵੇ । ਮੁੜ ਕੇ ਧੀ ਭੈਣ ਨਾ ਘੇਰੇ ਗਊ-ਗਰੀਬਾਂ ਦੀ, ਨੂਰਮਦਾਂ ਫਿਰ ਰਾਣੀ ਦੁੱਲੇ ਦੀ ਅਖਵਾਵੇ ।
ਤੇਰੀ ਪਾਈ ਬਾਤ ਦਾ ਹੁੰਗਾਰਾ ਬਣਾਂਗੇ
ਤੇਰੀ ਪਾਈ ਬਾਤ ਦਾ ਹੁੰਗਾਰਾ ਬਣਾਂਗੇ ਓਇ ਸੋਹਣੇ ਬੀਰ ਦੁੱਲਿਆ । ਪਿੰਡੀ ਦਾ ਲਾਹੌਰ ਤੇ ਨਗਾਰਾ ਬਣਾਂਗੇ ਓਇ ਸੋਹਣੇ ਬੀਰ ਦੁੱਲਿਆ । ਜੰਮੇ ਅਣਜੰਮੇ ਬਾਰ ਵਾਲੇ ਭੱਟੀ ਭੈਣ-ਭਾਈ ਤੇਰੇ ਨਾਲ ਨੇ । ਦਿੱਲੀ ਤੇ ਲਾਹੌਰ ਵੱਲ ਕਰ ਕੂਚ ਤੂੰ ਓਇ ਸਭ ਤੇਰੇ ਨਾਲ ਨੇ । ਲੜਾਂਗੇ ਜਾਂ ਮਰਾਂਗੇ ਸਹਾਰਾ ਬਣਾਂਗੇ ਓਇ ਸੋਹਣੇ ਬੀਰ ਦੁੱਲਿਆ । ਭੈਣਾਂ ਦੇ ਸੁਹਾਗ ਨੂੰ ਬਚਾਉਣ ਵਾਲਿਆ ਓਇ ਅਸੀਂ ਤੇਰੇ ਨਾਲ ਹਾਂ । ਬਾਰ ਦੀਆਂ ਅਣਖ਼ਾਂ ਬਚਾਉਣ ਵਾਲਿਆ ਓਇ ਤੇਰੇ ਭਾਈਵਾਲ ਹਾਂ । ਲਾਸ਼ਾਂ ਵਿਚ ਜਿੰਦ ਧੜਕਾਉਣ ਵਾਲਿਆ ਓਇ ਤੇਰੇ ਅੰਗ-ਪਾਲ ਹਾਂ । ਬਣ ਕੇ ਕਮਾਨ ਤੇਰੇ ਨਾਲ ਤੁਰਾਂਗੇ ਓਇ ਖਿੱਚ ਤੀਰ ਦੁੱਲਿਆ! ਮੌਤ ਸਾਡੇ ਹੀ ਭਰਾਵਾਂ ਦਾ ਸਫ਼ੈਦ ਖ਼ੂਨ ਕੀਤਾ, ਕਿਵੇਂ ਸਰਕਾਰ ਨੇ । ਤਲਬਾਂ ਕਮਾਉਣ ਦੇ ਲਈ, ਬਣ ਗਏ ਸਿਪਾਹੀ, ਜਿਹੜੇ ਯਾਰ-ਮਾਰ ਨੇ । ਜੀਣ ਕਾਹਦਾ ਗੈਰਤੋਂ ਬਗੈਰ ਬੰਦੇ ਹੁੰਦੇ ਧਰਤੀ ਤੇ ਭਾਰ ਨੇ । ਥੁੜੇ ਟੁੱਟੇ ਲੋਕਾਂ ਨੇ ਹੀ, ਤੇਰੇ ਨਾਲ ਤੁਰਨੈਂ ਅਖ਼ੀਰ ਦੁੱਲਿਆ । ਅੱਗ ਦੇ ਅੰਗਾਰਿਆਂ 'ਤੇ ਪੈਰ ਤਾਂ ਤੂੰ ਰੱਖ ਤੇਰੇ ਨਾਲ ਚੱਲਾਂਗੇ । ਜਾਬਰਾਂ ਦੇ ਵਾਰ-ਤਲਵਾਰ-ਹਥਿਆਰ ਹਿੱਕ ਉੱਤੇ ਝੱਲਾਂਗੇ । ਬਾਰ ਦੀ ਅਣਖ਼ ਨੂੰ ਨਾ ਵੱਟਾ ਲਾਵਾਂਗੇ ਓਇ ਰਣਭੂਮੀ ਮੱਲਾਂਗੇ । ਤਖ਼ਤ ਲਾਹੌਰ ਦਿਆਂ ਕਾਬਜ਼ਾਂ ਦੀ ਹਿੱਕ ਨੂੰ ਤੂੰ ਚੀਰ ਦੁੱਲਿਆ । ਤੇਰੀ ਪਾਈ ਬਾਤ ਦਾ ਹੁੰਗਾਰਾ ਬਣਾਂਗੇ ਓਦਿ ਸੋਹਣ ਬੀਰ ਦੁੱਲਿਆ ।
ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ
ਹੋਣੀ ਸਾਡੀ ਰੱਤ ਪੀਂਦੀ ਨਿੱਤ ਛਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਮੁਗਲਾਂ ਨੇ ਹੁਣ ਭੇਸ ਨੂੰ ਵਟਾ ਲਿਆ । ਪਿੰਡੀ ਵਾਂਗੂੰ ਸਾਰੇ ਪਿੰਡੀਂ ਘੇਰਾ ਪਾ ਲਿਆ । ਲੁੱਟਦੇ ਸਿਆਸਤਾਂ ਦੇ ਤੰਬੂ ਤਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਦਿੱਲੀ ਤੇ ਲਾਹੌਰ ਵਾਲੇ ਇੱਕੋ ਬਾਤ ਹੈ । ਪਾਪੀਆਂ ਦੀ ਹਰ ਥਾਂ ਤੇ ਇੱਕੋ ਜ਼ਾਤ ਹੈ । ਇਨ੍ਹਾਂ ਦੇ ਹੁੰਦੇ ਨੇ ਇੱਕੋ ਘਰੇ ਨਾਨਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਲੱਭੇ ਤੈਨੂੰ ਦੁੱਲਿਆ ਵੇ ਭੈਣ ਸੁੰਦਰੀ । ਖ਼ਤਰੇ 'ਚ ਜੀਹਦੀ ਸ਼ਗਨਾਂ ਦੀ ਮੁੰਦਰੀ । ਦਾਜ ਦੇ ਲਈ ਸਹੁਰੇ ਮਿਹਣੇ ਦੇਣ ਜਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ । ਅਕਬਰ ਪਹਿਲਾਂ ਤੋਂ ਸ਼ੈਤਾਨ ਹੋ ਗਿਆ । ਤੇਰਾ ਵੀ ਕਬੀਲਾ ਬੇਈਮਾਨ ਹੋ ਗਿਆ । ਹੋਏ ਨੇ ਨਿਕੰਮੇ ਬਹੁਤਾ ਸੁਖ ਮਾਣ ਕੇ । ਦੁੱਲਿਆ ਤੂੰ ਅਣਖ਼ਾਂ ਜਗਾ ਦੇ ਆਣ ਕੇ ।
ਗ਼ਜ਼ਲ
ਜੀਵਨ ਮੂਲ ਦਾ ਮਹਿੰਗਾ ਪੱਤਰਾ, ਸ਼ਬਦ ਗੁਰੂ ਹੈ ਸਰਬ ਨਿਰੰਤਰ । ਜੱਗ ਰੁਸ਼ਨਾਇਆ ਚਹੁਦਿਸ ਜਿਸਨੇ, ਜਾਗਤ ਜੋਤ ਨਾ ਰੱਖਦੀ ਅੰਤਰ । ਦੇ ਦਿੱਤਾ ਉਪਦੇਸ਼ ਜਗਾਇਆ, ਚਹੁੰ ਵਰਣਾਂ ਨੂੰ ਗੂੜ੍ਹੀ ਨੀਂਦੋਂ, ਸਰਬ ਧਰਮ ਸਨਮਾਨ ਤੇ ਆਦਰ, ਸਰਬਕਾਲ ਲਈ ਇੱਕੋ ਮੰਤਰ । ਨਾ ਡਰਨਾ ਨਾ ਕਿਸੇ ਡਰਾਉਣਾ, ਹਉਮੈਂ ਵਾਲੇ ਰਾਹ ਨਹੀਂ ਜਾਣਾ, ਕਦਮ ਅਡੋਲ ਕਰਮ ਸ਼ੁਭ ਕਰਿਓ, ਜੇ ਰੱਖਣੀ ਏਂ ਹੋਂਦ ਸੁਤੰਤਰ । ਮਨ ਦੀ ਚਾਰ ਦੀਵਾਰੀ ਅੰਦਰ, ਨਿਰਭਓ ਤੇ ਨਿਰਵੈਰ ਬਸੇਰਾ, ਸ਼ਬਦ ਗੁਰੂ ਪਰਕਾਸ਼ ਕਰਦਿਆਂ, ਕਾਲ਼ੇ ਬੱਦਲ ਹੋਣ ਉਡੰਤਰ । ਮੋਹ ਮਮਤਾ ਦੀ ਅਮਰ ਵੇਲ ਤੇ ਕਾਮ ਕਰੋਧੀ ਹੈਂਕੜਬਾਜ਼ੀ, ਪੰਜੇ ਵੈਰੀ ਨੇੜ ਨਾ ਆਵਣ, ਰੂਹ ਵਿੱਚ ਵੱਸਦਾ ਜੇ ਗੁਰਮੰਤਰ । ਧਰਮ ਅਧੀਨ ਜੇ ਤਾਜ ਰਹੇ, ਤਾਂ ਲੋਕ ਸੁਖੀ ਪਰਲੋਕ ਸੁਹੇਲੇ, ਜੇ ਤਾਕਤ ਸਿਰ ਚੜ੍ਹ ਜਾਵੇ ਫਿਰ, ਕਿਹੜੇ ਲੋਕ ਤੇ ਕਿਹੜਾ ਤੰਤਰ? ਇੱਕ ਓਂਕਾਰ ਤੋਂ ਤੁਰਦਾ ਚਾਨਣ, ਸ਼ਬਦ ਅਨੰਤ ਚਿਰਾਗ ਸਫ਼ਰ ਤੇ, ਦੁਖ ਸੁਖ ਦੇ ਜੰਦਰੇ ਦੀ ਚਾਬੀ, ਸਰਬ ਕਲਾ ਦਾ ਏਹੀ ਯੰਤਰ ।
ਗ਼ਜ਼ਲ
ਕਿੱਧਰ ਤੁਰਿਉਂ, ਕਿੱਥੇ ਪਹੁੰਚੋਂ, ਧਰਤੀ ਧਰਮ ਨਿਭੌਣ ਵਾਲਿਆ । ਭਟਕਣ ਚਾਰ ਚੁਫ਼ੇਰਿਉਂ ਘੇਰੇ, ਸਾਬਤ ਸਿਦਕ ਪੜੌਣ ਵਾਲਿਆ । ਦਿਨ ਤੇ ਰਾਤ ਹਨ੍ਹੇਰਾ ਗੂੜ੍ਹਾ, ਗ਼ਰਜ਼ਾਂ ਅੱਗੇ ਫ਼ਰਜ਼ ਗਵਾਚੇ, ਪੁੱਤਰ ਧੀਆਂ ਸਬਕ ਭੁਲਾਇਆ, ਸਾਡੇ ਰਾਹ ਰੁਸ਼ਨੌਣ ਵਾਲਿਆ । ਨਰਮ ਗਦੇਲੇ ਉੱਪਰ ਨੀਂਦਰ, ਗੋਲੀ ਖਾ ਕੇ ਵੀ ਨਾ ਆਵੇ, ਮਨ ਦੇ ਅੰਦਰ ਮਾਛੀਵਾੜਾ, ਕੰਡਿਆਂ ਉੱਤੇ ਸੌਣ ਵਾਲਿਆ । ਕੁੱਲ ਦੁਨੀਆਂ ਦੀ ਸਾਂਝੀ ਬੁੱਕਲ, ਹੋ ਚੱਲੀ ਏ ਤੰਦਾ ਤੀਰੀ*, ਖਿੱਲਰ ਚੱਲੀ ਰੂਹ ਦੀ ਦੌਲਤ, ਟੁੱਟੀ ਨੂੰ ਗੰਢ ਲੌਣ ਵਾਲਿਆ । ਮਾਂ ਭਾਗੋ ਦੇ ਧੀਆਂ ਪੁੱਤਰ, ਤੁਰਦੇ ਨਾ ਰਣਭੂਮੀ ਵੱਲ ਨੂੰ, ਧਰਮ ਧੁਰੇ ਤੋਂ ਨਿੱਖੜ ਚੱਲੇ, ਮੁਕਤੀ ਮਾਰਗ ਪੌਣ ਵਾਲਿਆ । ਤੇਜ਼ ਧਾਰ ਤਲਵਾਰੋਂ ਤਿੱਖੇ, ਸ਼ਬਦ ਬਾਣ ਫਿਰ ਕੱਸ ਕੇ ਮਾਰੋ, ਔਰੰਗਜ਼ੇਬ ਅਜੇ ਨਹੀਂ ਮਰਿਆ, ਮੁੜ ਮੁੜ ਕੇ ਸਮਝੌਣ ਵਾਲਿਆ । ਚਿੜੀਆਂ ਫੇਰ ਨਿਸ਼ਾਨੇ ਉੱਤੇ, ਬਾਜ਼ ਬਣੇ ਜਰਵਾਣੇ ਮੁੜ ਕੇ, ਜ਼ਾਲਮ ਸਾਨੂੰ ਫੇਰ ਵੰਗਾਰੇ, ਗਿੱਚੀ ਨੂੰ ਹੱਥ ਪੌਣ ਵਾਲਿਆ ।
ਗ਼ਜ਼ਲ
ਸਾਡੀ ਵੀ ਇਹ ਮਾਂ ਧਰਤੀ ਹੈ, ਤੈਥੋਂ ਡਰ ਕੇ ਜੈ ਕਿਉਂ ਕਹੀਏ? ਚਾਰੇ ਚੱਕ ਜਾਗੀਰ ਅਸਾਡੀ, ਜਿੱਥੇ ਜਿੱਦਾਂ ਮਰਜ਼ੀ ਰਹੀਏ । ਸੀਸ ਤਲੀ ਤੇ ਆਪਾਂ ਧਰੀਏ, ਦੇਸ਼ ਆਜ਼ਾਦ ਕਰਾਵਣ ਵੇਲੇ, ਹੁਣ ਤੂੰ ਭਾਗ ਵਿਧਾਤਾ ਬਣਦੈਂ, ਦੱਸਦੈਂ ਕਿੱਥੇ ਉੱਠੀਏ ਬਹੀਏ । ਸਾਡੀ ਧਰਤੀ ਵੇਦ ਵਿਆਸੀ, ਵਾਲਮੀਕਿ, ਨਾਨਕ ਦੀ ਵਾਸੀ, ਸ਼ਬਦ ਗੁਰੂ ਨੇ ਸਾਵੇਂ ਰੱਖੇ, ਇਸ ਜ਼ਿੰਦਗੀ ਦੇ ਚਾਰੇ ਪਹੀਏ । ਤੇਰੀ ਲਿਖੀ ਇਬਾਰਤ ਅੰਦਰ, ਇੱਕੋ ਰੰਗ ਦੀ ਮੂਰਤ ਦਿਸਦੀ, ਏਸੇ ਬੇਵਿਸ਼ਵਾਸੀ ਕਰਕੇ, ਇੱਕ ਦੂਜੇ ਦੀ ਨਜ਼ਰੋਂ ਲਹੀਏ । ਵਤਨ ਮੇਰਾ ਫੁਲਕਾਰੀ ਵਰਗਾ, ਖੱਦਰ ਸ਼ਕਤੀ ਰੇਸ਼ਮ ਡੋਰਾਂ, ਸਭ ਰੰਗਾਂ ਦਾ ਮੇਲਾ ਧਰਤੀ, ਸਭ ਦੀ ਸੁਣੀਏ, ਸਭ ਨੂੰ ਕਹੀਏ । ਰਾਜ ਭਾਗ ਤਾਂ ਆਉਣੇ ਜਾਣੇ, ਬੱਦਲਾਂ ਦੇ ਪਰਛਾਵੇਂ ਵਾਂਗੂੰ, ਫੁੱਲਾਂ ਵਿੱਚ ਖੁਸ਼ਬੋਈ ਜੀਕੂੰ, ਰੰਗਾਂ ਅੰਦਰ ਵੱਸਦੇ ਰਹੀਏ । ਮਨ ਤੋਂ ਮਨ ਵਿਚਕਾਰ ਪਸਰਿਆ, ਸਹਿਮ ਜਿਹਾ ਤੇ ਚੁੱਪ ਦਾ ਪਹਿਰਾ, ਰੁੱਖ ਘਣਛਾਵੇਂ ਦੀ ਜੜ੍ਹ ਇੱਕੋ, ਟਾਹਣਾਂ ਵਾਂਗੂੰ ਕਾਹਨੂੰ ਖਹੀਏ ।
ਗ਼ਜ਼ਲ
ਰਣ ਦੇ ਯੋਧੇ ਪਿਆਰ ਦੇ ਰਣ 'ਚੋਂ ਭੱਜਦੇ ਚੰਗੇ ਲੱਗਦੇ ਨਹੀਂ । ਹਰ ਵਾਰੀ ਹੀ ਪੁੰਨੂੰ, ਸੱਸੀਆਂ ਮਾਰੂਥਲ ਵਿਚ ਠੱਗਦੇ ਨਹੀਂ । ਉੱਡਦੇ ਜੁਗਨੂੰ ਫੜਿਆ ਨਾ ਕਰ, ਰਾਤ ਬਰਾਤੇ ਅੰਬਰ 'ਚੋਂ, ਵੇਖਣ ਨੂੰ ਹੀ ਜਗਦੇ ਮਘਦੇ, ਪਰ ਇਹ ਭਾਂਬੜ ਅੱਗ ਦੇ ਨਹੀਂ । ਦਰਿਆਵਾਂ ਵਿਚ ਪਾਣੀ ਤੁਰਦੈ, ਨਾਲ ਨਾਲ ਤੂੰ ਤੁਰਿਆ ਕਰ, ਜੀਂਦੇ ਬੰਦੇ ਤੁਰਨ ਨਿਰੰਤਰ, ਤੋਦੇ ਫੋਕੀ ਝੱਗ ਦੇ ਨਹੀਂ । ਜਿਹੜੇ ਲੋਕੀਂ ਬੜ੍ਹਕਾਂ ਮਾਰਨ, ਆਖਣ ਕਿੰਗਰੇ ਢਾਹਵਾਂਗੇ, ਅੱਖੀਂ ਵੇਖੇ ਵਖ਼ਤ ਪੈਣ 'ਤੇ, ਹੜ੍ਹ ਦੇ ਅੱਗੇ ਤੱਗਦੇ ਨਹੀਂ । ਮਾਂ ਦੀ ਚੁੰਨੀ, ਧੀ ਦੀ ਅਜ਼ਮਤ, ਜਿਹੜੇ ਭੁੱਲੀ ਬੈਠੇ ਨੇ, ਕੱਪੜਾ ਬੰਨ੍ਹੀ ਫਿਰਦੇ ਸਿਰ 'ਤੇ, ਇਹ ਲੜ ਸਾਡੀ ਪੱਗ ਦੇ ਨਹੀਂ । ਰਾਜੇ ਦੀ ਅਰਦਲ ਵਿਚ ਬੈਠੇ, ਸੰਗਲੀ ਬੱਧੇ ਕੀਹ ਆਖਾਂ, ਸੱਚ ਪੁੱਛੋ ਤਾਂ ਏਸ ਨਸਲ ਦੇ ਸ਼ੇਰ ਵੀ ਚੰਗੇ ਲੱਗਦੇ ਨਹੀਂ । ਸੀਸ ਤਲੀ ਤੇ ਧਰਦੇ, ਮਰਦੇ ਕਰਦੇ ਨਾ ਸਮਝੌਤੇ ਉਹ, ਬੇਗਮ ਪੁਰ ਦੇ ਵਾਸੀ ਹੁੰਦੇ, ਗ਼ਰਜ਼ਾਂ ਵਾਲੇ ਜੱਗ ਦੇ ਨਹੀਂ । ਬੀਤ ਗਏ ਦਾ ਰੁਦਨ ਕਰਦਿਆਂ ਭਲਕ ਵਿਉਂਤੀ ਜਾਂਦੇ ਜੋ, ਅੱਜ ਨੂੰ ਰੋਲਣ ਵਾਲੇ ਲੋਕੀਂ, ਸਾਡੇ ਕੁਝ ਵੀ ਲੱਗਦੇ ਨਹੀਂ । ਹਰ ਵੇਲੇ ਹੀ ਜ਼ੋਰ ਜਬਰ ਦਾ ਛਾਂਟਾ ਚੁੱਕੀ ਫਿਰਦੇ ਹੋ, ਭੁੱਲ ਗਏ ਹੋ ਇਨਸਾਨੀ ਕਦਰਾਂ, ਅਸੀਂ ਜਾਨਵਰ ਵੱਗ ਦੇ ਨਹੀਂ ।
ਗ਼ਜ਼ਲ
ਨਾ ਧਰਤੀ ਨਾ ਅੰਬਰ ਝੱਲੇ, ਅੱਜ ਵੀ ਅਸੀਂ ਪਨਾਹੀਆਂ ਵਰਗੇ । ਘਸਦੇ ਘਸਦੇ ਘਸ ਚੱਲੇ ਆਂ, ਘਾਹੀਆਂ ਦੇ ਪੁੱਤ ਘਾਹੀਆਂ ਵਰਗੇ । ਬੜੇ ਸਲੀਕੇ ਵਾਲੇ ਘਰ ਵਿਚ, ਚੌਵੀ ਘੰਟੇ ਰਹੀਏ ਡਰ ਵਿਚ, ਖ਼ਬਰੇ ਕਦ ਵਾਧੂ ਹੋ ਜਾਈਏ, ਵਸਤਾਂ ਕੁਝ ਅਣਚਾਹੀਆਂ ਵਰਗੇ । ਮਰ ਚੱਲੇ ਆਂ ਹਾਉਕੇ ਭਰਦੇ, ਅੰਬਰ ਕਾਲਾ ਸਾਡੇ ਕਰਕੇ, ਹਿੱਕ ਵਿਚ ਦੱਬੀਆਂ ਚੀਕਾਂ ਜੀਕੂੰ, ਦਰਦਮੰਦਾਂ ਦੀਆਂ ਆਹੀਆਂ ਵਰਗੇ । ਰੱਜਿਆਂ ਖਾਤਰ ਸਾਲਣ ਬਣੀਏਂ, ਪੰਜੀਂ ਸਾਲੀਂ ਬਾਲਣ ਬਣੀਏ, ਭੱਠੀ ਤਪਦੀ ਰੱਖਣ ਖਾਤਰ, ਦਰਿਆ ਕੰਢੇ ਕਾਹੀਆਂ ਵਰਗੇ । ਕੰਠ ਵਿਛੁੰਨੀਆਂ ਜੀਕੂੰ ਬੀਨਾਂ, ਅਣਖ਼ ਬਿਨਾ ਬੇਜਾਨ ਜ਼ਮੀਰਾਂ, ਸੁਪਨੇ, ਖੇਤ, ਜ਼ਮੀਨਾਂ ਬੰਜਰ, ਵਾਹੀਆਂ ਤੇ ਅਣਵਾਹੀਆਂ ਵਰਗੇ । ਕਿਹੜੇ ਗਿਣੀਏ ਘਾਟੇ, ਵਾਧੇ, ਸੇਰੂ, ਪਾਵੇ ਘੁਣ ਨੇ ਖਾਧੇ, ਵਾਣ ਪੁਰਾਣਾ ਹੋਇਆ ਜਿਸਦਾ, ਉਸ ਮੰਜੇ ਦੀਆਂ ਬਾਹੀਆਂ ਵਰਗੇ । ਰੱਖਣ ਸੋਚਾਂ ਫ਼ਰਜ਼ ਜਗਾਈ, ਗਿਆਨ ਦੀ ਡਾਢੀ ਸ਼ਾਮਤ ਆਈ, ਆਉਂਦੇ ਜਾਂਦੇ ਸਾਹ ਵੀ ਜਾਪਣ, ਗਲ ਵਿਚ ਪਈਆਂ ਫਾਹੀਆਂ ਵਰਗੇ । ਗ਼ਰਜ਼ਾਂ ਦੀ ਪਰਿਕਰਮਾ ਕਰੀਏ, ਨਾ ਹੀ ਜੀਵੀਏ, ਨਾ ਹੀ ਮਰੀਏ, ਘਰ ਸਿਰਨਾਵੇਂ ਭੁੱਲ ਗਏ ਜੋ, ਰਾਹ ਵਿਚ ਗੁੰਮੇ ਰਾਹੀਆਂ ਵਰਗੇ । ਸ਼ਾਸਤਰਾਂ ਦੇ ਸਿਰਜਣਹਾਰੇ, ਬਣ ਗਏ ਜਦ ਤੋਂ ਸ਼ਸਤਰਧਾਰੀ, ਅਕਲ ਕੋਟ ਦੇ ਕਿਲ੍ਹੇਦਾਰ ਵੀ, ਰਹਿ ਗਏ ਸਿਰਫ਼ ਸਿਪਾਹੀਆਂ ਵਰਗੇ । ਮੁੱਕ ਚੱਲੇ ਆਂ, ਮਰਦੇ ਮਰਦੇ, ਸਰਹੱਦਾਂ ਦੀ ਰਾਖੀ ਕਰਦੇ, ਰਾਜ ਘਰਾਂ ਲਈ ਸਾਡੇ ਪੁੱਤਰ, ਬਣ ਗਏ ਸਿਰਫ਼ ਗਰਾਹੀਆਂ ਵਰਗੇ ।
ਗ਼ਜ਼ਲ
ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ । ਬੰਦਾ ਸਿੰਘ ਬਹਾਦਰ ਨੂੰ ਤਦ, ਸਰਹੰਦ ਫੇਰ ਬੁਲਾਉਂਦਾ ਹੈ । ਤਿੰਨ ਸਦੀਆਂ ਵਿਚ ਰੋਜ਼ ਗਰਕਦੇ, ਏਥੋਂ ਤੱਕ ਹਾਂ ਪਹੁੰਚ ਗਏ, ਹੋਰ 'ਧਰਤ' ਤੋਂ ਗੋਬਿੰਦ ਆਵੇ, ਏਹੋ ਹੀ ਦਿਲ ਚਾਹੁੰਦਾ ਹੈ । ਪੋਥੀ ਪੰਥ ਭੁਲਾ ਕੇ ਆਪਾਂ, ਤੁਰ ਪਏ ਆਂ ਜੀ, ਕਿਹੜੇ ਰਾਹ, ਮਨ ਦਾ ਪੰਛੀ ਭਟਕ ਰਿਹਾ ਹੈ, ਭਾਵੇਂ ਅੰਬਰ ਗਾਹੁੰਦਾ ਹੈ । ਧਰਮ ਕਰਮ ਦਾ ਗੂੜ੍ਹਾ ਰਿਸ਼ਤਾ, ਟੁੱਟ ਜਾਵੇ ਤਾਂ ਜੁੜਨ ਮੁਹਾਲ, ਜੇ ਜੁੜ ਜਾਵੇ, ਕਰਜ਼ ਧਰਤ ਦਾ, ਓਹੀ ਸਿਰ ਤੋਂ ਲਾਹੁੰਦਾ ਹੈ । ਪਵਨ ਗੁਰੂ, ਪਾਣੀ ਹੈ ਬਾਬਲ, ਧਰਤੀ ਨੂੰ ਜੋ ਮਾਂ ਸਮਝਣ, ਉਨ੍ਹਾਂ ਦਾ ਟੱਬਰ ਹੀ ਰਲ ਕੇ, ਛਾਵੇਂ ਮੰਜੇ ਡਾਹੁੰਦਾ ਹੈ । ਸਭ ਨੂੰ ਖ਼ੁਦ ਨੂੰ ਕਿੰਨੀ ਵਾਰੀ, ਪੁੱਛਿਆ ਹੈ ਮੈਂ ਘੜੀ ਮੁੜੀ, ਸਾਡੇ ਅੰਦਰ ਬੈਠਾ ਕਿਹੜਾ, ਸੁਪਨ-ਮਹਿਲ ਜੋ ਢਾਹੁੰਦਾ ਹੈ । ਸਾਡੇ ਘਰ ਤੋਂ ਅਮਰੀਕਾ ਤੱਕ, ਜਾਲ ਵਿਛਾਇਆ ਅਣਦਿਸਦਾ, ਕਿਹੜਾ ਚਤੁਰ ਸ਼ਿਕਾਰੀ ਹੈ ਜੋ, ਉੱਡਣੇ ਪੰਛੀ ਫਾਹੁੰਦਾ ਹੈ ।
ਗ਼ਜ਼ਲ
ਸਰਫਰੋਸ਼ਾਂ ਨੂੰ ਕਿਤਾਬਾਂ ਦੱਸ ਰਹੀਆਂ ਸਿਰ ਫਿਰੇ । ਵਕਤ ਜੇ ਸਭ ਜਾਣਦਾ ਹੈ, ਚੁੱਪ ਕਿਉਂ, ਕਿਸ ਤੋਂ ਡਰੇ । ਸਿੱਖ ਸੀ, ਮੁਸਲਿਮ ਜਾਂ ਹਿੰਦੂ, ਸੂਰਮਾ ਇਹ ਕੌਣ ਸੀ, ਬੌਣਿਆਂ ਦੀ ਗੁਫ਼ਤਗੂ ਵਿਚ ਹੋਣ ਏਹੀ ਤਬਸਰੇ । ਕੱਚੇ ਘਰ ਤੇ ਕੋਠਿਆਂ ਵਿਚ ਤਾਣ ਨਾਲੇ ਮਾਣ ਸੀ, ਇੱਟ ਪੱਥਰ ਦੇ ਮਕਾਨੀਂ, ਕਿਉਂ ਨੇ ਰਿਸ਼ਤੇ ਜਰਜਰੇ । ਤੜਫ਼ਦੀ ਬੇਜ਼ਾਰ ਹੈ, ਜਿੰਨ੍ਹਾਂ ਦੇ ਹੱਥੋਂ ਜ਼ਿੰਦਗੀ, ਵੇਖ ਕੀਕੂੰ ਹੱਸ ਰਹੇ ਨੇ, ਰਾਜ ਭਵਨੀਂ ਮਸਖ਼ਰੇ । ਇੱਕ ਵੀ ਪੁਸਤਕ ਦੇ ਪੰਨੇ ਨਾ ਕਿਸੇ ਤਰਤੀਬ ਵਿਚ, ਕਰ ਰਹੇ ਗੁਮਰਾਹ ਅਸਾਨੂੰ, ਤਾਹੀਉਂ ਸਾਰੇ ਤਤਕਰੇ । ਆਖ਼ਰੀ ਮੰਜ਼ਿਲ ਦੇ ਤੀਕਰ ਫ਼ੈਲ ਗਈ ਹੈ ਅਮਰ ਵੇਲ, ਏਸ ਦੇ ਚੱਟੇ ਕਦੇ ਨਾ ਬਿਰਖ ਵੀ ਹੁੰਦੇ ਹਰੇ । ਫ਼ੈਲਿਆ ਕੁੱਲ ਧਰਤ ਉੱਤੇ ਕਤਲਗਾਹਾਂ ਦਾ ਨਿਜ਼ਾਮ, ਜ਼ਿੰਦਗੀ ਚਾਹੇ ਤਾਂ ਕਿੱਦਾਂ, ਕਦਮ ਕਿਹੜੀ ਥਾਂ ਧਰੇ ।
ਗ਼ਜ਼ਲ
ਧਰਮ ਗਰੰਥਾਂ ਦੇ ਵਿਚ ਮੰਨਦੇ ਪੀਰ ਦਰਖ਼ਤਾਂ ਨੂੰ । ਕਾਹਨੂੰ ਚੀਰੀ ਜਾਵੇਂ ਅੱਜ ਤੂੰ ਵੀਰ ਦਰਖ਼ਤਾਂ ਨੂੰ । ਜੰਗਲ ਬੇਲੇ ਦੇ ਵਿਚ ਰਾਂਝੇ ਮੱਝੀਆਂ ਚਾਰਦਿਆਂ, ਵੰਝਲੀ ਕੀਲੀ ਕਿੱਦਾਂ, ਪੁੱਛ ਤੂੰ ਹੀਰ ਦਰਖ਼ਤਾਂ ਨੂੰ । ਬੋਹੜ ਤੇ ਪਿੱਪਲ ਬਾਬਲ, ਨਿੰਮ ਧਰੇਕਾਂ ਵੱਡੀ ਥਾਂ, ਧੀਆਂ ਭੈਣਾਂ ਮੰਨਦੀਆਂ ਨੇ ਵੀਰ ਦਰਖ਼ਤਾਂ ਨੂੰ । ਸਿਵਿਆਂ ਅੰਦਰ ਨਾਲ ਅਸਾਡੇ ਇਹੀ ਸੜਦੇ ਨੇ, ਤਾਂਹੀਉਂ ਦੁਨੀਆਂ ਲੱਭਦੀ ਫਿਰੇ ਅਖ਼ੀਰ ਦਰਖ਼ਤਾਂ ਨੂੰ । ਸੂਰਮਿਆਂ ਲਈ ਅੱਜ ਵੀ ਬੁੱਕਲ ਕਿੱਦਾਂ ਬਿਰਖ ਬਣੇ, ਪੁੱਛ ਕਦੇ ਤੂੰ ਜਾ ਕੇ ਬਸਤਰ ਵੀਰ ਦਰਖ਼ਤਾਂ ਨੂੰ । ਕਲਗੀਧਰ ਦੀ ਬਿਹਬਲਤਾ ਨੂੰ ਖ਼ੁਦ ਸਮਝਾਵਣਗੇ, ਮਾਛੀਵਾੜੇ ਜਾ ਕੇ ਮਿਲ ਦਿਲਗੀਰ ਦਰਖ਼ਤਾਂ ਨੂੰ । ਅੰਬਰ ਕਿਣ ਮਿਣ ਕਣੀਆਂ ਜਦੋਂ ਵਰ੍ਹਾਵੇ ਧਰਤੀ ਤੇ, ਸਭ ਤੋਂ ਪਹਿਲਾਂ ਬਖਸ਼ਦੀਆਂ ਨੇ ਨੀਰ ਦਰਖ਼ਤਾਂ ਨੂੰ । ਪੁੱਛਿਆ ਕਰ ਤੂੰ ਦੁਖ ਸੁਖ ਬਹਿ ਕੇ ਵੀਰਾ ਰਿਸ਼ੀਆਂ ਤੋਂ , ਨਾ ਚੀਰੀਂ ਨਾ ਚੀਰੀਂ ਮਸਤ ਫ਼ਕੀਰ ਦਰਖ਼ਤਾਂ ਨੂੰ । ਕਹਿਣ ਵਿਕਾਸ, ਵਿਨਾਸ਼ੀ ਹੋ ਗਏ ਜ਼ਰ-ਜਰਵਾਣੇ ਵੀ, ਆਰੇ ਲੈ ਕੇ ਫਿਰਦੇ ਦੇਂਦੇ ਚੀਰ ਦਰਖ਼ਤਾਂ ਨੂੰ । ਸਾਵੀ ਛਤਰੀ ਵੇਦ ਰਿਸ਼ੀ ਦੇ ਸਿਰ ਤੇ ਬਿਰਖਾਂ ਦੀ, ਬਣੇਂ ਸਿਆਣਾ, ਸਮਝੇਂ ਅੱਜ ਤੂੰ ਕੀਰ ਦਰਖ਼ਤਾਂ ਨੂੰ । ਤੈਥੋਂ ਪਹਿਲਾਂ ਧਰਤੀ ਮਾਂ ਹੀ ਇਸ ਦੀ ਜਣਨੀ ਹੈ, ਮੰਨਿਆ ਕਰ ਤੂੰ ਅਪਣੇ ਹੀ ਹਮਸ਼ੀਰ ਦਰਖ਼ਤਾਂ ਨੂੰ । ਸਾਡੀ ਖਾਤਰ ਜ਼ਹਿਰ ਚੂਸਦੇ, ਗੰਦੀਆਂ ਪੌਣਾਂ 'ਚੋਂ, ਸ਼ਿਵ ਭਗਵਾਨ ਨੇ ਮੰਨਦੇ ਵੱਡਾ ਵੀਰ ਦਰਖ਼ਤਾਂ ਨੂੰ । ਕ੍ਰਿਸ਼ਨ ਘਨੱਈਆ ਵਜਦ, ਗੋਪੀਆਂ, ਰਾਸਾਂ ਬੰਸਰੀਆਂ, ਪੁੱਛ ਤੂੰ ਕਥਾ ਪੁਰਾਣੀ ਯਮੁਨਾ ਤੀਰ ਦਰਖ਼ਤਾਂ ਨੂੰ । ਗਿਆਨ-ਬਿਰਖ ਦੇ ਹੇਠਾਂ ਗੌਤਮ ਕਿੱਦਾਂ ਬੁੱਧ ਬਣੇ, ਪੁੱਛਦਾ ਫਿਰੇ ਅਸ਼ੋਕਾ ਆਲਮਗੀਰ ਦਰਖ਼ਤਾਂ ਨੂੰ । ਧੀਆਂ ਪੁੱਤਰਾਂ ਬਾਝੋਂ, ਇਸ ਦੀ ਵੇਦਨ ਕੌਣ ਸੁਣੇ, ਆਉ ਦੇਈਏ ਜਾ ਕੇ ਕੁਝ ਤਾਂ ਧੀਰ ਦਰਖ਼ਤਾਂ ਨੂੰ ।
ਗ਼ਜ਼ਲ
ਮਾਣ ਤੂੰ ਮਾਤ-ਜ਼ਬਾਨ 'ਚੋਂ ਖੁਸ਼ਬੂ । ਅਸਲੀ ਗੂੜ੍ਹ ਗਿਆਨ 'ਚੋਂ ਖੁਸ਼ਬੂ । ਘਰ ਤੋਂ ਲੁਕਦਾ ਫਿਰਦੈਂ, ਵੀਰਾ, ਲੱਭੇਂ ਪਿਆ ਮਕਾਨ 'ਚੋਂ ਖੁਸ਼ਬੂ । ਧੰਨੇ ਜੱਟ ਨੇ ਢੂੰਡ ਲਈ ਸੀ, ਪੱਥਰ ਦੇ ਭਗਵਾਨ 'ਚੋਂ ਖੁਸ਼ਬੂ । ਇਤਰ-ਫੁਲੇਲਾਂ ਭਾਵੇਂ ਮਲਦੈ, ਮਰ ਚੱਲੀ ਇਨਸਾਨ 'ਚੋਂ ਖੁਸ਼ਬੂ । ਪਹਿਲੀ ਬਾਰਸ਼, ਧਰਤੀ ਵੰਡੇ, ਅੰਬਰ ਦੇ ਵਰਦਾਨ 'ਚੋਂ ਖੁਸ਼ਬੂ । ਮਾਲੀ ਵੀ ਕਿਉਂ ਢੂੰਡ ਰਹੇ ਨੇ, ਨਕਲੀ ਜਹੇ ਗੁਲਦਾਨ 'ਚੋਂ ਖੁਸ਼ਬੂ । ਸੰਗ ਮਰਮਰ ਨੇ ਚੂਸ ਲਈ ਹੈ, ਅਸਲੀ ਗੁਰ ਅਸਥਾਨ 'ਚੋਂ ਖੁਸ਼ਬੂ ।
ਗ਼ਜ਼ਲ
ਇਕੋ ਵਾਰੀ ਮੰਦਿਰ ਜਾ ਕੇ, ਪੱਥਰ ਤਾਂ ਭਗਵਾਨ ਬਣ ਗਿਆ । ਰੋਜ਼ ਦਿਹਾੜੀ ਮੰਦਿਰ ਜਾ ਕੇ, ਪੱਥਰ ਕਿਉਂ ਇਨਸਾਨ ਬਣ ਗਿਆ? ਧਰਤ ਤਿਆਗੀ, ਮਾਂ ਵੀ ਛੱਡੀ, ਮੋਹ ਮਮਤਾ ਨੂੰ ਮਾਰੇ ਜੰਦਰੇ, ਬੰਦਾ ਵਾਅ ਦੇ ਘੋੜੇ ਚੜ੍ਹਿਆ, ਜਿਸ ਦਿਨ ਦਾ ਧਨਵਾਨ ਬਣ ਗਿਆ । ਉੱਡਦੀਆਂ ਦੇ ਪਿੱਛੇ ਭਟਕੇ, ਕੱਲ-ਮੁ-ਕੱਲ੍ਹਾ ਹੋਇਆ ਝੱਲਾ, ਘਰ ਦੀ ਚਾਰਦੀਵਾਰੀ ਖ਼ਾਤਰ, ਹੁਣ ਆਪੇ ਮਹਿਮਾਨ ਬਣ ਗਿਆ । ਲੋਕ ਜਿਵੇਂ ਇੱਛਰਾਂ ਤੇ ਪੂਰਨ, ਰਿਸ਼ਤਿਆਂ ਦਾ ਨਿੱਘ ਢੂੰਡ ਰਹੇ ਨੇ, ਧਨਵੰਤਾ ਕਿਉਂ ਲੂਣਾ ਖ਼ਾਤਰ, ਹਰ ਰਾਜਾ ਸਲਵਾਨ ਬਣ ਗਿਆ । ਨਕਦ-ਮੁ-ਨਕਦੀ ਦੇਣ ਮੁਹੱਬਤ, ਲੋਕ ਉਧਾਰ ਕਦੇ ਨਹੀਂ ਰੱਖਦੇ, ਦੀਨ ਦੁਖੀ ਦਾ ਜੋ ਵੀ ਹਾਮੀ, ਦਿਲ ਦਾ ਉਹ ਸੁਲਤਾਨ ਬਣ ਗਿਆ । ਮੈਂ ਸ਼ਬਦਾਂ ਨੂੰ ਆਪ ਕਦੇ ਵੀ, ਇਹ ਨਹੀਂ ਕਹਿੰਦਾ, ਇਹ ਕੁਝ ਆਖੋ, ਜਬਰ ਜ਼ੁਲਮ ਦੇ ਉਲਟ ਖਲੋਣਾ, ਇਨ੍ਹਾਂ ਦਾ ਈਮਾਨ ਬਣ ਗਿਆ । ਹਾਉਕੇ, ਹਾਵੇ, ਅੱਥਰੂ ਮੇਰੇ, ਕੋਰੇ ਸਫ਼ਿਆਂ ਸਾਂਭ ਲਏ ਸੀ, ਦਰਦ ਸਮੁੰਦਰ ਉੱਛਲਿਆ ਤਾਂ ਗ਼ਜ਼ਲਾਂ ਦਾ ਦੀਵਾਨ ਬਣ ਗਿਆ ।
ਗ਼ਜ਼ਲ
ਅਣਖ਼ ਦੀ ਖਾਤਰ ਸੀਸ ਦੀ ਕੀਮਤ ਬੜੀ ਨਹੀਂ । ਲੱਗਦੈ ਤੂੰ ਤਾਰੀਖ਼ ਹੀ ਸਾਡੀ ਪੜ੍ਹੀ ਨਹੀਂ । ਕੁਝ ਗਰਜ਼ਾਂ ਦੀ ਖਾਤਰ, ਵਿਕ ਜਾਂ ਸਸਤੇ ਭਾਅ, ਏਨੀ ਘਟੀਆ ਜੰਗ ਕਦੇ ਮੈਂ ਲੜੀ ਨਹੀਂ । ਬਚ ਕੇ ਰਹਿੰਦਾ ਹਾਂ, ਬੇਗਾਨੀ ਵਾਅ ਕੋਲੋਂ, ਤਾਹੀਂਉਂ ਗੁੱਡੀ ਅੰਬਰ ਦੇ ਵਿਚ ਚੜ੍ਹੀ ਨਹੀਂ । ਕਾਲਾ ਪਹਿਰ ਨਵੰਬਰ, ਦਿੱਲੀਏ ਤੱਕਿਐ ਤੂੰ, ਕਿਹੜੀ ਥਾਂ ਸੀ ਜਿਥੇ ਮੱਚੀ ਮੜ੍ਹੀ ਨਹੀਂ । ਸੂਈਆਂ ਨੂੰ ਕੋਈ ਅੱਗੇ ਪਿੱਛੇ ਕਰਦਾ ਏ, ਸਾਡੇ ਗੁੱਟ ਤੇ ਤਾਹੀਂਉਂ ਬੱਧੀ ਘੜੀ ਨਹੀਂ । ਚਹੁੰ ਕਦਮਾਂ ਤੇ ਫੇਰ ਉਦਾਸੀ ਘੇਰੇਗੀ, ਆਸ ਦੀ ਕੰਨੀ ਘੁੱਟ ਕੇ ਜੇ ਤੂੰ ਫੜੀ ਨਹੀਂ । ਮੇਰਾ ਬਾਪੂ ਇਸ ਤੋਂ ਉੱਚਾ ਲੰਮਾ ਸੀ, ਤਾਹੀਂਉਂ ਮੈਂ ਤਸਵੀਰ ਫਰੇਮ 'ਚ ਜੜੀ ਨਹੀਂ ।
ਗ਼ਜ਼ਲ
ਦੇਹਿ ਸ਼ਿਵਾ ਵਰ ਮੋਹਿ ਤਕ ਤਾਂ, ਵਧੀਆ ਸੌਖਾ ਸਰ ਜਾਂਦਾ ਹੈ । ਸੁਭ ਕਰਮਨ ਤਕ ਪਹੁੰਚਦਿਆਂ ਕਿਉਂ, ਇਹ ਪਾਪੀ ਮਨ ਡਰ ਜਾਂਦਾ ਹੈ । ਕਰੋਧ-ਕਟੋਰੀ ਨੱਕੋ ਨੱਕ ਤੇ, ਮੈਲ ਕੁਚੈਲਾ ਮਨ ਦਾ ਸੀਸ਼ਾ, ਪਤਾ ਨਹੀਂ ਕਿੰਜ ਮੇਰੇ ਵਰਗਾ, ਸੱਚੇ ਗੁਰ ਦੇ ਦਰ ਜਾਂਦਾ ਹੈ । ਬਾਬਰ ਵੇਲੇ ਤੋਂ ਅੱਜ ਤੀਕਰ, ਜ਼ੋਰ ਜਬਰ ਦੀ ਨੇਰ੍ਹੀ ਚੱਲੇ, ਮੈਂ ਸੁਣਿਆ ਸੀ, ਪਾਪ ਦਾ ਭਾਂਡਾ, ਹੌਲੀ ਹੌਲੀ ਭਰ ਜਾਂਦਾ ਹੈ । ਉਡਣ ਖਟੋਲੇ, ਲੰਮੀਆਂ ਕਾਰਾਂ, ਸੁਣਨ ਦੇਣ ਨਾ ਇਹ ਫਿਟਕਾਰਾਂ, ਪੈਦਲ ਬੰਦਾ ਖੜ੍ਹਾ ਖਲੋਤਾ ਇਹ ਕੁਝ ਸੁਣ ਕੇ, ਮਰ ਜਾਂਦਾ ਹੈ । ਮਨ ਤਾਂ ਭਟਕੇ ਦੇਸ ਦਸੌਰੀ, ਦਿਨ ਤੇ ਰਾਤ ਟਿਕੇ ਨਾ ਇਕ ਪਲ, ਇਹ ਤਨ ਏਨੀ ਭਟਕਣ ਲੈ ਕਿਉਂ, ਸ਼ਾਮਾਂ ਵੇਲੇ ਘਰ ਜਾਂਦਾ ਹੈ । ਹਰ ਪਾਂਡਵ ਦੇ ਅੰਦਰ ਬੈਠਾ, ਮਰਦ ਹਮੇਸ਼ਾਂ ਨਾਟਕ ਕਰਦੈ; ਰਾਜ ਭਾਗ ਦੀ ਖ਼ਾਤਰ ਹੀ ਕਿਉਂ, ਸਦਾ ਦਰੋਪਦਿ ਹਰ ਜਾਂਦਾ ਹੈ । ਇਹ ਕਲਮਾਂ ਦੇ ਸਾਈਂ ਸਾਰੇ, ਹੋ ਜਾਂਦੇ ਕਿਉਂ ਬੇਇਤਬਾਰੇ, ਹੁਕਮਰਾਨ ਜਦ ਸੂਹੀ ਥੈਲੀ, ਚੌਂਕ ਚੁਰਸਤੇ ਧਰ ਜਾਂਦਾ ਹੈ ।
ਗ਼ਜ਼ਲ
ਭੀਲ ਬੱਚਾ ਫੇਰ ਹਾਜ਼ਰ ਹੇ ਦਰੋਣਾਚਾਰੀਆ । ਮੈਂ ਦਰਾਵੜ ਏਕਲਵਿਆ, ਤੂੰ ਬ੍ਰਾਹਮਣ ਆਰੀਆ । ਫਿਰ ਅੰਗੂਠਾ ਮੰਗਦਾ ਹੈ, ਦਖਸ਼ਣਾ ਵਿਚ ਵੇਖ ਲੈ, ਚੁੱਪ ਕਿਉਂ, ਤੂੰ ਬੋਲਦਾ ਨਹੀਂ, ਮੌਸਮੀ ਬਨਵਾਰੀਆ । ਏਨੀਆਂ ਸਦੀਆਂ ਤੋਂ ਮਗਰੋਂ, ਫੇਰ ਓਥੇ ਹੀ ਖੜਾਂ, ਘੂਰਦਾ ਮੈਨੂੰ ਅਜੇ ਵੀ ਧਰਮ-ਵੇਦਾਚਾਰੀਆ । ਤੀਸਰਾ ਨੇਤਰ ਲਿਆਕਤ, ਤੇਰੇ ਮੱਥੇ ਦਾ ਸ਼ਿੰਗਾਰ, ਖੜਗ-ਭੁਜ ਬਣਿਆ ਰਹੀਂ ਨਾ ਯੋਧਿਆ ਬਲਕਾਰੀਆ । ਮੈਂ ਅਕਲ ਮੰਗਾਂ ਤਾਂ ਕਿਸ ਤੋਂ, ਨੇਰ੍ਹ ਘੁੰਮਣਘੇਰ ਵਿਚ, ਚੋਰ, ਕੁੱਤੀ ਨਾਲ ਰਲ਼ਿਆ ਤੀਸਰਾ ਅਖ਼ਬਾਰੀਆ । ਤੂੰ ਕਦੇ ਸੀ ਢਾਲ ਬਣਿਆ, ਧਰਮ-ਧਰਤੀ ਪਾਲਕਾ, ਬਾਜ਼ ਤੋਂ ਚਿੜੀਆਂ ਨੂੰ ਖ਼ਤਰਾ, ਫੇਰ ਕਲਗੀਧਾਰੀਆ । ਲਿਖ ਰਿਹਾ ਸਿਹਰੇ ਕਸੀਦੇ, ਲੈ ਵਜ਼ੀਫ਼ੇ ਭੁਰ ਗਿਆ, ਕਲਮਧਾਰੀ ਵੇਖ ਲਉ ਹੁਣ ਬਣ ਗਿਆ ਦਰਬਾਰੀਆ ।
ਗ਼ਜ਼ਲ
ਇਨਕਲਾਬ ਦਾ ਨਾਅਰਾ ਲਾਇਆ, ਸੀਸ ਤਲੀ ਤੇ ਧਰਿਆ ਨਹੀਂ । ਏਸੇ ਕਰਕੇ ਹੁਕਮਰਾਨ ਵੀ, ਕਿਣਕਾ ਮਾਤਰ ਡਰਿਆ ਨਹੀਂ । ਕੰਢੇ ਕੰਢੇ ਤੁਰਦੇ ਤੁਰਦੇ, ਮਾਰਗ ਦੱਸਦੈ ਹੋਰਾਂ ਨੂੰ, ਆਪ ਕਦੇ ਸ਼ਹੁ ਸਾਗਰ ਵਿਚ ਜੋ ਇੱਕ ਵੀ ਤਾਰੀ ਤਰਿਆ ਨਹੀਂ । ਸਾਡੇ ਸਭ ਦੇ ਅੰਦਰ ਕਿਧਰੇ ਹਾਕਮ ਛੁਪ ਕੇ ਬੈਠ ਗਿਆ, ਬੰਦ ਕਮਰੇ ਤੋਂ ਬਾਹਰ ਕਦੇ ਇਸ ਪੈਰ ਅਗਾਂਹ ਨੂੰ ਧਰਿਆ ਨਹੀਂ । ਬਹਿਸ ਕਰਦਿਆਂ ਉਮਰ ਗੁਜ਼ਾਰੀ, ਅਕਲਾਂ ਨੇ ਮੱਤ ਮਾਰ ਲਈ, ਜਿਸ ਨੂੰ ਆਪਾਂ ਦੁਸ਼ਮਣ ਕਹੀਏ, ਤਾਹੀਉਂ ਸਾਥੋਂ ਮਰਿਆ ਨਹੀਂ । ਸੁਣਿਆ ਸੀ ਕਿ ਪਾਪ ਦਾ ਭਾਂਡਾ ਭਰ ਜਾਵੇ ਤਾਂ ਡੁੱਬ ਜਾਂਦਾ, ਅਜਬ ਸਰੋਵਰ ਡੋਬੇ ਨਾ ਜੋ, ਆਖੇ ਪੂਰਾ ਭਰਿਆ ਨਹੀਂ । ਓਸ ਜੁਰਮ ਦੀ ਸਜ਼ਾ ਭੁਗਤਣਾ ਸਭ ਤੋਂ ਔਖਾ ਜਾਪ ਰਿਹੈ, ਜਿਹੜਾ ਏਸ ਜਨਮ ਵਿਚ ਅੱਜ ਤੱਕ, ਸਹੁੰ ਮੇਰੀ ਮੈਂ ਕਰਿਆ ਨਹੀਂ । ਤੋਰ ਮਟਕਣੀ ਤੁਰਦਾ ਹੋਵੇ, ਕਲਕਲ ਕਲਕਲ ਲਹਿਰ ਲਹਿਰ, ਮੇਰੇ ਦੇਸ ਪੰਜਾਬ ‘ਚ ਹੁਣ ਤਾਂ ਇੱਕ ਵੀ ਐਸਾ ਦਰਿਆ ਨਹੀਂ ।
ਗ਼ਜ਼ਲ
ਇਹ ਸਾਰੀ ਸ਼ਾਨ ਤਾਂ ਦਸਤਾਰ ਦੀ ਹੈ । ਜੋ ਬਖਸ਼ਿਸ਼ ਬੇਕਸਾਂ ਦੇ ਯਾਰ ਦੀ ਹੈ । ਤੁਸੀਂ ਅਰਦਾਸ ਕਰਿਓ, ਸੰਭਲ ਜਾਵਾਂ, ਖ਼ੁਦੀ ਦੀ ਨਾਗਣੀ ਫੁੰਕਾਰਦੀ ਹੈ । ਤੁਹਾਡੇ ਆਸਰੇ ਜ਼ਿੰਦਾ ਹਾਂ, ਓਦਾਂ, ਰੋਜ਼ਾਨਾ ਮੌਤ ‘ਵਾਜ਼ਾਂ’ ਮਾਰਦੀ ਹੈ । ਜੇ ਮੇਰੀ ਗੱਲ ਨਹੀਂ ਸੁਣਦੀ ਤਾਂ ਸਮਝੋ, ਰੁਕਾਵਟ ਰੂਹ ਦੇ ਉਤਲੇ ਭਾਰ ਦੀ ਹੈ । ਇਹ ਚੋਗਾ ਚੁਗਦਿਆਂ ਵਿੱਛੜੀ ਹੈ ਡਾਰੋਂ, ਵਿਚਾਰੀ ਕੂੰਜ ਪਰਬਤ ਪਾਰ ਦੀ ਹੈ । ਨਵੇਂ ਸੂਰਜ ਮੁਹਿੰਮਾਂ ਰੋਜ਼ ਨਵੀਆਂ, ਜਵਾਨੀ ਕੌਣ ਆਖੇ, ਹਾਰਦੀ ਹੈ । ਤੁਸੀਂ ਵਿਸ਼ਵਾਸ ਕਰਿਉ ਮਿਹਰਬਾਨੋ, ਮੁਹੱਬਤ ਡੁੱਬਦਿਆਂ ਨੂੰ ਤਾਰਦੀ ਹੈ ।
ਗ਼ਜ਼ਲ
ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ, ਇਹ ਤਾਂ ਨੇਰ੍ਹਾ ਗਰਦੀ । ਗ਼ਾਜ਼ੀ ਬਣ ਕੇ ਲੋਕ ਕਰਨ ਜਾਂ ਕਰਦੀ ਸ਼ਾਹੀ ਵਰਦੀ । ਬਾਬਰ ਵੇਲੇ ਤੋਂ ਅੱਜ ਤੀਕਰ, ਸਰਬ ਸਮੇਂ ਨੇ ਤੱਕਿਆ, ਕੁਰਸੀ ਦੀ ਰਖਵਾਲੀ ਖ਼ਾਤਰ, ਕਲਗੀ ਕੀਹ ਕੁਝ ਕਰਦੀ । ਹਾਲ਼ੀ ਬਲਦਾਂ ਦੇ ਮੂੰਹ ਛਿੱਕਲੀ, ਅਦਲ ਸਮੇਂ ਦਾ ਵੇਖੋ, ਰਾਜੇ ਦੀ ਘੋੜੀ ਮੈਂ ਤੱਕਿਆ, ਸਦਾ ਅੰਗੂਰੀ ਚਰਦੀ । ਖੁੱਸ ਗਏ ਧਰਤੀ ਅੰਬਰ ਦੋਵੇਂ, ਤੜਫ਼ ਰਹੀ ਲੋਕਾਈ, ਚੌਂਕ ਚੁਰਸਤੇ ਵਿੱਚ ਆ ਬੈਠੀ, ਮਰਦੀ ਕੀਹ ਨਾ ਕਰਦੀ । ਗੂੰਗਾ ਹੈ ਅਸਮਾਨ ਤੇ ਬੋਲ਼ੀ ਧਰਤੀ ਕਿੱਧਰ ਜਾਈਏ, ਹਾੜ੍ਹ ਸਿਆਲ ਚਿਖ਼ਾ ਵਿਚ ਚਿਣਦੇ, ਕੀਹ ਗਰਮੀ ਕੀਹ ਸਰਦੀ । ਕੁੱਟਿਆਂ ਤੇ ਇਹ ਭੁਰਦੀ ਨਹੀਂਓਂ, ਨਾ ਵਾਛੜ ਵਿਚ ਖ਼ੋਰਾ, ਜਿਸ ਮਿੱਟੀ ਵਿਚ ਗੈਰਤ ਹੋਵੇ, ਕਿਣਕਾ ਵੀ ਨਹੀਂ ਮਰਦੀ । ਹੋਵੀਂ ਨਾ ਉਪਰਾਮ ਕਦੇ ਵੀ, ਨੀ ਉਮਰਾਂ ਦੀ ਸੂਈਏ, ਰੁਕ ਨਾ ਜਾਵੀਂ ਵੇਖ ਚੜ੍ਹਾਈਆਂ, ਰਹੀਂ ਤੂੰ ਟਿਕ ਟਿਕ ਕਰਦੀ ।
ਗ਼ਜ਼ਲ
ਅੱਜ ਪਾਪ ਵਾਲੀ ਜੰਝ ਘਰੋਂ ਆਪਣੇ ਹੀ ਚੜ੍ਹੀ । ਵੇਖ ਅੰਬਰਾਂ ‘ਚ ਲਾਲਗੀ ਹਨ੍ਹੇਰ ਪਿੱਛੇ ਖੜ੍ਹੀ । ਵੇਖ ਪੁਤਲੀ ਦਾ ਨਾਚ ਐਵੇਂ ਤਾੜੀਆਂ ਨਾ ਮਾਰ, ਇਹ ਵੀ ਵੇਖ ਤੇ ਪਛਾਣ, ਪਿੱਛੇ ਡੋਰ ਕਿਸ ਫੜੀ । ਹੁਣ ਫੇਰ ਤੁਰੀ ਲਹਿੰਦੀ ਗੁੱਠੋਂ ਬੱਦਲਾਂ ਦੀ ਧਾੜ, ਅਜੇ ਮੁੱਕੀ ਨਾ ਸੀ ਪਹਿਲਾਂ ਵਾਲੀ ਹੰਝੂਆਂ ਦੀ ਝੜੀ । ਭਾਵੇਂ ਤਖ਼ਤ ਲਾਹੌਰ, ਭਾਵੇਂ ਦਿੱਲੀ ਦਰਬਾਰ, ਤਾਜ਼ਦਾਰਾਂ ਨੂੰ ਹਮੇਸ਼ ਹੁੰਦੀ ਲੱਥੀ ਨਾ ਹੀ ਚੜ੍ਹੀ । ਰਾਤੀਂ ਸੁਪਨੇ ‘ਚ ਕੰਬਿਆ ਵਜੂਦ ਮੇਰਾ ਸਾਰਾ, ਜਿਸ ਖਾਧੀ ਸੀ ਜਵਾਨੀ, ਇਹ ਤੇ ਓਸ ਦੀ ਹੈ ਕੜੀ । ਨਾ ਸਿਕੰਦਰਾ ਤੂੰ ਭੁੱਲੀਂ, ਹੋ ਕੇ ਘੋੜੇ ਤੇ ਸਵਾਰ, ਸਦਾ ਧਰਤੀ ਦੇ ਪੁੱਤਰਾਂ ਨੇ ਵਾਗ ਤੇਰੀ ਫੜੀ । ਸਾਨੂੰ ਕਹੇ ਇਤਿਹਾਸ ਤੇ ਆਨੰਦਪੁਰੀ ਖ਼ੂਨ, ਅਸੀਂ ਜਾਬਰਾਂ ਦੀ ਮੰਨਣੀ ਨਾ ਕਦੇ ਵੀ ਜੀ ਤੜੀ । ਸਾਡੇ ਵਿਚੋਂ ਹੀ ਔਰੰਗੇ ਤੇ ਫਰੰਗੀਆਂ ਦੇ ਪੁੱਤ, ਜਿਹੜੇ ਮਨ ਦੇ ਸਰੋਵਰਾਂ ‘ਚ ਘੋਲਦੇ ਨੇ ਕੜ੍ਹੀ । ਦੱਸਾਂ ਭੇਤ ਵਾਲੀ ਗੱਲ, ਮੰਨੀਂ ਅੱਜ ਭਾਵੇਂ ਕੱਲ੍ਹ, ਕਦੇ ਸੱਜਣਾ, ਭਰਾਵਾਂ ਨਾਲ ਕਰੀਏ ਨਾ ਅੜੀ ।
ਗ਼ਜ਼ਲ
ਅਜਬ ਹੈ ਇਹ ਗਜ਼ਬ ਵੀ ਹੈ, ਧਰਮ ਦੀ ਸੌਦਾਗਰੀ । ਕਰ ਰਹੇ ਧਰਮਾਤਮਾ ਵੀ ਕੁਰਸੀਆਂ ਦੀ ਚਾਕਰੀ । ਹੁਕਮ ਦੀ ਕਰਨਾ ਅਦੂਲੀ, ਫ਼ਰਜ਼ ਵੀ ਤੇ ਸ਼ੌਕ ਵੀ, ਪੱਥਰਾਂ ਦੇ ਸ਼ਹਿਰ ਅੰਦਰ ਕਰ ਰਿਹਾਂ ਸ਼ੀਸ਼ਾਗਰੀ । ਭੁੱਲ ਗਏ ਨੇ ਫ਼ਰਕ ਲੋਕੀਂ ਜੀਣ ਦਾ ਤੇ ਮਰਨ ਦਾ, ਮੰਨ ਗਏ ਉਸਤਾਦ ਤੇਰੀ ਅਜਬ ਹੈ ਜਲਵਾਗਰੀ । ਇੱਕ ਹੀ ਉਂਕਾਰ ਸਾਡਾ, ਜਾਪਦਾ ਖ਼ਤਰੇ ਅਧੀਨ, ਪਿੰਡ ਗੇੜਾ ਮਾਰਦੇ ਹੁਣ ਮੌਲਵੀ ਤੇ ਪਾਦਰੀ । ਬਿਰਖ਼ ਬੂਟੇ ਗੈਰਹਾਜ਼ਰ, ਇੱਟ ਪੱਥਰ ਬੇਸ਼ੁਮਾਰ, ਸ਼ਹਿਰ ਵਿਚ ਹੁੰਦੀ ਸੀ ਪਹਿਲਾਂ ਏਸ ਥਾਂ ਬਾਰਾਂਦਰੀ । ਬਿਨ ਬੁਲਾਵੇ ਰੋਜ਼ ਆਵੇਂ, ਸੁਪਨਿਆਂ ਤੂੰ ਬਾਰ ਬਾਰ, ਕਿਉਂ ਤੂੰ ਸਾਡੇ ਦਿਲ ਦੀ ਏਦਾਂ ਕਰ ਰਿਹਾ ਏਂ ਮੁਖ਼ਬਰੀ । ਫ਼ਸਲ ਸੋਇਆਂ ਦੀ ਖੜ੍ਹੀ, ਭਰਪੂਰ ਮੁੜ ਕੇ ਦੇਖ ਲੈ, ਮੀਰ ਮੰਨੂ ਮਰ ਗਿਆ ਹੈ, ਕਾਇਮ ਉਸ ਦੀ ਦਾਤਰੀ ।
ਗ਼ਜ਼ਲ
ਜਬਰ ਸਬਰ ਦਾ ਜ਼ਿਕਰ ਹਮੇਸ਼ਾਂ ਤੁਰਦਾ ਨਾਲੋਂ ਨਾਲ ਸਦਾ । ਫ਼ਾਸਲਿਆਂ ਦੇ ਬਾਵਜੂਦ ਜਿਉਂ ਪਾਣੀਪੱਤ ਕਰਨਾਲ ਸਦਾ । ਅੰਬਰ ਦੇ ਵਿਚ ਤਾਰੇ ਰਾਤੀਂ ਜਗਦੇ ਏਦਾਂ ਲੱਗਦੇ ਨੇ, ਨੇਰ੍ਹ ਮਿਟਾਵਣ ਖਾਤਰ ਤਣਿਆ, ਚਾਨਣੀਆਂ ਦਾ ਜਾਲ ਸਦਾ । ਬੇਸੁਰਿਆਂ ਦੇ ਹੱਥ ਸਿਤਾਰਾਂ, ਚੀਕਦੀਆਂ ਨੇ ਤਾਰਾਂ ਸੁਣ, ਜ਼ਿੰਦਗੀ ਵਾਲੀ ਝਾਂਜਰ ਤਾਹੀਉਂ, ਤਾਲੋਂ ਹੈ ਬੇਤਾਲ ਸਦਾ । ਦਸਤਾਰਾਂ ਵੀ ਘੱਟੇ ਰੁਲੀਆਂ, ਚੁੰਨੀਆਂ ਬਣੀਆਂ ਫਾਹੀਆਂ ਨੇ, ਇਕ ਵੀ ਉੱਤਰ ਮਿਲਦਾ ਨਹੀਓਂ, ਰੁਲਦੇ ਫਿਰਨ ਸਵਾਲ ਸਦਾ । ਵੇਖ ਮਜ਼ਾਰੀਂ ਰੌਣਕ ਮੇਲੇ, ਕਬਰੀਂ ਦੀਵੇ ਜਗਦੇ ਨੇ, ਪੌਣ ਮਰਸੀਏ ਗਾਉਂਦੀ ਰੋਂਦੀ, ਹਾਲੋਂ ਹੈ ਬੇਹਾਲ ਸਦਾ । ਲੁੱਟਣ, ਕੁੱਟਣ, ਜੜ੍ਹ ਤੋਂ ਪੁੱਟਣ, ਧਰਤੀ ਦੀ ਮਰਯਾਦਾ ਨੂੰ, ਧਰਮੀ ਪੁੱਤ ਯੁਧਿਸ਼ਟਰ ਚੱਲਣ, ਵੇਖੋ ਕੈਸੀ ਚਾਲ ਸਦਾ । ਆਣ ਜਗਾਉਂਦੇ ਬੈਠੇ ਸੁੱਤੇ, ਬਾਬਾ ਓਹੀ ਸਾਰੇ ਫੇਰ, ਰਲਦੇ ਵੇਖ, ਮੁਕੱਦਮ ਸਾਰੇ, ਰਾਜੇ ਸ਼ੀਂਹਾਂ ਨਾਲ ਸਦਾ ।
ਗ਼ਜ਼ਲ
ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ । ਪੁੱਤਰ ਧੀਆਂ ਅੰਦਰ ਉਹ ਤਾਂ, ਆਪਣਾ ਸਭ ਕੁਝ ਧਰ ਜਾਂਦੀ ਹੈ । ਮਹਿਕ ਸਦੀਵੀ, ਮੋਹ ਦੀਆਂ ਤੰਦਾਂ, ਮਮਤਾ ਮੂਰਤ ਰੂਪ ਬਦਲਦੀ, ਕਿੰਨੇ ਮਹਿੰਗੇ ਅਸਲ ਖ਼ਜ਼ਾਨੇ, ਦੇ ਕੇ ਝੋਲੀ ਭਰ ਜਾਂਦੀ ਹੈ । ਸਬਰ, ਸਿਦਕ, ਸੰਤੋਖ, ਸਮਰਪਣ, ਸੇਵਾ, ਸਿਮਰਨ, ਸੁਰਤੀ ਸੁੱਚੀ, ਸਬਕ ਸਦੀਵੀ ਹੋਰ ਬੜਾ ਕੁਝ, ਆਪ ਹਵਾਲੇ ਕਰ ਜਾਂਦੀ ਹੈ । ਘਰ ਦੀ ਥੁੜ ਨੂੰ ਕੱਜਦੀ ਕੱਜਦੀ, ਆਪ ਟਾਕੀਆਂ ਲਾਉਂਦੀ ਰਹਿੰਦੀ, ਰਿਸ਼ਤੇ ਨਾਤੇ ਜੋੜ ਜੋੜ ਕੇ, ਨੀਂਹ ਨੂੰ ਪੱਕਿਆਂ ਕਰ ਜਾਂਦੀ ਹੈ । ਮਿੱਟੀ ਦੇ ਸੰਗ ਮਿੱਟੀ ਹੋ ਕੇ, ਮਿੱਟੀ ‘ਚੋਂ ਆਕਾਰ ਸਿਰਜਦੀ, ਟੁੱਟ ਜਾਵੇ ਨਾ ਖੇਡ ਖਿਡਾਉਣਾ, ਸੋਚ ਸੋਚ ਮਾਂ ਡਰ ਜਾਂਦੀ ਹੈ । ਧਰਤੀ ਮਾਂ ਤੇ ਅੰਬਰ ਬਾਬਲ, ਰੂਹ ਦਾ ਸੂਰਜ ਕੌਣੀ ਟਿੱਕਾ, ਲੈ ਕੇ ਸੂਹੀ ਸਿਰ ਫੁਲਕਾਰੀ, ਚੰਨ ਨੂੰ ਚਾਨਣੀ ਵਰ ਜਾਂਦੀ ਹੈ । ਧਰਤੀ ਮਾਂ ਦੀ ਧੀ ਸੁਚਿਆਰੀ, ਮੇਰੀ ਮਾਂ ਦੇ ਵਰਗੀ ਹਰ ਮਾਂ, ਬਿਨ ਕੋਸ਼ਿਸ਼ ਤੋਂ ਮਾਂ ਬੋਲੀ ਦਾ ਸ਼ਬਦ-ਭੰਡਾਰਾ ਭਰ ਜਾਂਦੀ ਹੈ ।
ਗ਼ਜ਼ਲ
ਦੀਨਾ ਕਾਂਗੜ ਵਿਚ ਬਹਿ ਲਿਖਿਆ, ਕੀਹ ਐਸਾ ਪਰਵਾਨੇ ਤੇ । ਔਰੰਗਜ਼ੇਬ ਤੜਫਿਆ ਪੜ੍ਹ ਕੇ, ਲੱਗਿਆ ਤੀਰ ਨਿਸ਼ਾਨੇ ਤੇ । ਖਿਦਰਾਣੇ ਦੀ ਢਾਬ ਨੂੰ ਜਾਂਦਾ, ਮਾਰਗ ਅੱਜ ਕਿਉਂ ਖਾਲੀ ਹੈ, ਪੁੱਤਰ ਧੀਆਂ ਪੜ੍ਹਦੇ ਕਿਉਂ ਨਹੀਂ, ਕੀਹ ਲਿਖਿਆ ਅਫ਼ਸਾਨੇ ਤੇ । ਵੇਲ ਧਰਮ ਦੀ ਸੂਹੇ ਪੱਤੇ, ਸੁੱਕਦੇ ਜਾਂਦੇ ਬਿਰਖ਼ ਕਿਉਂ, ਅਮਰ-ਵੇਲ ਕਿਉਂ ਚੜ੍ਹਦੀ ਜਾਂਦੀ, ਰੰਗ ਰੱਤੜੇ ਮਸਤਾਨੇ ਤੇ । ਚਾਲੀ ਸਿੰਘ ਤੇ ਮੁਕਤੀ ਪਾ ਗਏ, ਬੇਦਾਵੇ ਤੇ ਲੀਕ ਫਿਰੀ, ਰਣਭੂਮੀ ਵਿਚ ਜੋ ਨਾ ਪਹੁੰਚਾ, ਗੁਜ਼ਰੀ ਕੀਹ ਦੀਵਾਨੇ ਤੇ । ਸ਼ਮ੍ਹਾਂਦਾਨ ਵਿਚ ਤੇਲ ਨਾ ਬੱਤੀ, ਚਾਰ ਚੁਫ਼ੇਰ ਹਨ੍ਹੇਰ ਜਿਹਾ, ਲਾਟ ਗਵਾਚੀ ਵੇਖੀ ਜਦ ਉਸ ਬੀਤੀ ਕੀਹ ਪ੍ਰਵਾਨੇ ਤੇ । ਆਪ ਅਜੇ ਜੋ ਕਦਮ ਨਾ ਤੁਰਿਆ, ਸਫ਼ਰ ਮੁਕਾਉਣਾ ਉਸ ਨੇ ਕੀਹ, ਸ਼ੀਸ਼ ਵਿਚ ਨਾ ਚਿਹਰਾ ਵੇਖ, ਸ਼ਿਕਵਾ ਕਰ ਜ਼ਮਾਨੇ ਤੇ । ਜ਼ੋਰਾਵਰ ਦਾ ਸੱਤੀਂ ਵੀਹੀਂ, ਸਿਰਫ਼ ਸੈਂਕੜਾ ਅੱਜ ਵੀ ਹੈ, ਧਰਮ ਨਿਤਾਣਾ ਅੱਜ ਕਿਉਂ ਰੁਲਦਾ, ਵਿਕਦਾ ਆਨੇ ਆਨੇ ਤੇ ।
ਰੱਖੜੀ ਦੀ ਤੰਦ ਖ਼ਤਰੇ ਵਿੱਚ ਹੈ
ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿੱਛੜੇ ਜੀਅ ਨੂੰ, ਜਾਂਦੀ ਵਾਰੀ ਮਾਏ ਨੀ, ਇਕ ਲੋਰੀ ਦੇ ਦੇ । ਬਾਬਲ ਤੋਂ ਭਾਵੇਂ ਚੋਰੀ ਨੀ ਇਕ ਲੋਰੀ ਦੇ ਦੇ । ਮੰਨਿਆ ਤੇਰੇ ਘਰ ਵਿਚ ਵਧ ਗਏ, ਧੀਆਂ ਵਾਲੇ ਗੁੱਡੀ ਪਟੋਲੇ । ਤੇਰੇ ਦਿਲ ਦਾ ਹਾਉਕਾ ਨੀ ਮੈਂ, ਸੁਣਦੀ ਰਹੀ ਆਂ ਤੇਰੇ ਓਹਲੇ । ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ, ਤੂੰਹੀਉਂ ਪਹਿਲਾਂ ਤੋਰੀ...? ਨੀ ਇਕ ਲੋਰੀ ਦੇ ਦੇ । ਮਾਏ ਨੀ ਤੇਰੀ ਗੋਦੀ ਅੰਦਰ, ਬੈਠਣ ਨੂੰ ਮੇਰਾ ਜੀਅ ਕਰਦਾ ਸੀ । ਬਾਬਲ ਦੀ ਤਿਊੜੀ ਨੂੰ ਤੱਕ ਕੇ, ਹਰ ਵਾਰੀ ਮੇਰਾ ਜੀਅ ਡਰਦਾ ਸੀ । ਧੀਆਂ ਬਣਕੇ ਜੰਮਣਾ ਏਥੇ, ਕਿਉਂ ਬਣ ਗਈ ਕਮਜ਼ੋਰੀ... ਨੀ ਇਕ ਲੋਰੀ ਦੇ ਦੇ । ਮਾਏ ਨੀ ਮੇਰੀ ਨਾਨੀ ਦੇ ਘਰ, ਤੂੰ ਵੀ ਸੀ ਕਦੇ ਧੀ ਬਣ ਜੰਮੀ । ਕੁੱਖ ਵਿਚ ਕਤਲ ਕਰਾਵਣ ਵਾਲੀ, ਕਿਉਂ ਕੀਤੀ ਤੂੰ ਗੱਲ ਨਿਕੰਮੀ । ਵੀਰਾ ਲੱਭਦੀ ਲੱਭਦੀ ਹੋ ਗਈ, ਕਿਉਂ ਮਮਤਾ ਤੋਂ ਕੋਰੀ...? ਨੀ ਇਕ ਲੋਰੀ ਦੇ ਦੇ । ਹਸਪਤਾਲ ਦੇ ਕਮਰੇ ਅੰਦਰ, ਪਈਆਂ ਨੇ ਜੋ ਅਜਬ ਮਸ਼ੀਨਾਂ । ਪੁੱਤਰਾਂ ਨੂੰ ਇਹ ਕੁਝ ਨਾ ਆਖਣ, ਸਾਡੇ ਲਈ ਕਿਉਂ ਬਣਨ ਸੰਗੀਨਾਂ । ਡਾਕਟਰਾਂ ਚਹੁੰ ਸਿੱਕਿਆਂ ਖ਼ਾਤਰ, ਕੱਟੀ ਜੀਵਨ ਡੋਰੀ... । ਨੀ ਇਕ ਲੋਰੀ ਦੇ ਦੇ । ਧੀ ਤਿਤਲੀ ਨੂੰ ਮਸਲਣ ਵੇਲੇ, ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ, ਗੁੰਗੇ ਬੋਲੇ ਹੋ ਗਏ ਸਾਰੇ, ਨੱਕ ਨਮੂਜ਼ਾਂ ਸ਼ਰਮਾਂ ਵਾਲੇ । ਬਿਨ ਡੋਲੀ ਤੋਂ ਧਰਮੀ ਮਾਪਿਆਂ, ਕਿੱਧਰ ਨੂੰ ਧੀ ਤੋਰੀ...? ਨੀ ਇਕ ਲੋਰੀ ਦੇ ਦੇ । ਸੁੱਤਿਆਂ ਲਈ ਸੌ ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ? ਰੱਖੜੀ ਦੀ ਤੰਦ ਖ਼ਤਰੇ ਵਿਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ । ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ, ਦੇ ਨਾ ਜ਼ਹਿਰ ਕਟੋਰੀ... । ਨੀ ਇਕ ਲੋਰੀ ਦੇ ਦੇ ।
ਕਪਿਲ ਵਸਤੂ ਉਦਾਸ ਹੈ
ਅਜੇ ਤੀਕ ਵੀ ਹਰ ਰੋਜ਼, ਕਪਿਲਵਸਤੂ ਉਡੀਕਦੀ ਹੈ, ਆਪਣੇ ਸਿਧਾਰਥ ਪੁੱਤਰ ਨੂੰ । ਉਨ੍ਹਾਂ ਭਾਣੇ ਬੋਧ ਗਯਾ ਦੇ ਬਿਰਖ਼ ਨੇ, ਉਨ੍ਹਾਂ ਦਾ ਪੁੱਤਰ ਖਾ ਲਿਆ ਹੈ । ਤੇ ਜੋ ਬਾਕੀ ਬਚਿਆ, ਉਹ ਤਾਂ ਬੁੱਧ ਸੀ । ਕਪਿਲ ਵਸਤੂ ਦੀਆਂ ਗਲੀਆਂ, ਕੂਚੇ ਤੇ ਭੀੜੇ ਬਾਜ਼ਾਰ, ਅੱਜ ਵੀ ਤੜਕਸਾਰ ਜਾਗ ਉੱਠਦੇ ਨੇ । ਉਡੀਕਦੇ ਹਨ ਹਰ ਰੋਜ਼ । ਸੋਚਦੇ ਹਨ ਸ਼ਾਹੀ ਰੱਥ 'ਚੋਂ ਉੱਤਰ ਕੇ, ਉਹ ਜ਼ਰੂਰ ਆਵੇਗਾ । ਦੇਰ ਸਵੇਰ ਜ਼ਰੂਰ ਪਰਤੇਗਾ । ਤੰਗ ਹਨੇਰੀਆਂ ਗਲੀਆਂ ਵਿਚ ਘੁੰਮੇਗਾ । ਕਪਿਲ ਵਸਤੂ ਨੂੰ ਵਿਸ਼ਵਾਸ ਹੈ, ਉਨ੍ਹਾਂ ਦੇ ਘਰਾਂ ਵਿਚਲੀਆਂ ਹਨ੍ਹੇਰੀਆਂ ਰਾਤਾਂ, ਸਿਧਾਰਥ ਦੇ ਪਰਤਣ ਨਾਲ ਹੀ ਮੁੱਕਣਗੀਆਂ । ਕਪਿਲ ਵਸਤੂ ਨੂੰ ਬੁੱਧ ਦੀ ਨਹੀਂ, ਗੌਤਮ ਦੀ ਉਡੀਕ ਹੈ । ਨਿੱਕੇ ਜਹੇ ਅਲੂੰਈਂ ਉਮਰ ਦੇ ਸਿਧਾਰਥ ਦੀ । ਯਸ਼ੋਧਰਾ ਅਜੇ ਵੀ ਸਿਰ ਤੇ ਚਿੱਟੀ ਚੁੰਨੀ ਨਹੀਂ ਓੜ੍ਹਦੀ । ਰਾਹੁਲ ਜਾਗ ਪਿਆ ਹੈ ਗੂੜ੍ਹੀ ਨੀਂਦਰੋਂ । ਆਪਣੇ ਬਾਪ ਦੀਆਂ ਪੈੜਾਂ ਨੱਪਦਾ ਨੱਪਦਾ, ਉਹ ਕਿਧਰੇ ਗੁਆਚ ਨਾ ਜਾਵੇ । ਉਸਨੂੰ ਮਹਿਲ ਦੀ ਚਾਰਦੀਵਾਰੀ ਵਿਚ ਹੀ, ਖੇਡਣ ਦੀ ਪ੍ਰਵਾਨਗੀ ਹੈ । ਬਿਰਧ ਬਾਪ ਤੇ ਮਾਂ ਡੰਗੋਰੀ ਲੱਭਦੇ ਹਨ । ਉਨ੍ਹਾਂ ਨੂੰ ਸੂਰਜ ਨਹੀਂ, ਮੋਢਾ ਚਾਹੀਦਾ ਹੈ ।
ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ
ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ । ਲੱਭੀਏ ਫੇਰ ਪੁਰਾਣੇ ਡੇਰੇ । ਜੋ ਨਾ ਤੇਰੇ ਨਾ ਹੁਣ ਮੇਰੇ । ਜਿੱਥੇ ਅੱਜ ਕੱਲ ਘੋਰ ਹਨੇਰੇ । ਮੁੜ ਕੇ ਓਹੀ ਥਾਵਾਂ ਮੱਲ੍ਹੀਏ । ਧਰਮ ਕਰਮ ਦੇ ਨਾਂ ਦੇ ਥੱਲੇ । ਕੂੜ ਕੁਸੱਤ ਦੀ ਨ੍ਹੇਰੀ ਚੱਲੇ । ਸਭ ਧਰਮਾਂ ਦੀ ਸੋਚ ਧੁਆਂਖੀ, ਮੌਲਵੀਆਂ ਦੀ ਬੱਲੇ ਬੱਲੇ । ਆ ਇਨ੍ਹਾਂ ਨੂੰ ਫੇਰ ਦਬੱਲੀਏ । ਅਕਲ ਇਲਮ ਸਭ ਵਿਕਦਾ ਹੱਟੀਆਂ । ਸੱਚ ਦੇ ਪਾਂਧੀ ਭਰਦੇ ਚੱਟੀਆਂ । ਵਣਜ ਜ਼ਹਿਰ ਦਾ ਕਰਦੇ ਖੱਟੀਆਂ । ਸਾਡੇ ਵਰਗਿਆਂ ਦੀ ਜਿੰਦ ਕੱਲ੍ਹੀ ਏ । ਮਾਂ ਪਿਉ ਜਾਇਆਂ ਸਕੇ ਭਰਾਵਾਂ । ਵੰਡ ਕੇ ਧਰਤੀ ਪਾੜੀਆਂ ਛਾਵਾਂ । ਨਫ਼ਰਤ ਦੇ ਖੇਤੀ ਤੇ ਫ਼ਸਲਾਂ, ਪਿਆਰ ਦਾ ਬੂਟਾ ਟਾਵਾਂ ਟਾਵਾਂ । ਮੋਹ ਦਾ ਕੋਈ ਸੁਨੇਹਾ ਘੱਲੀਏ । ਡੁੱਬੀ ਬੇੜੀ ਸਣੇ ਖਵੱਈਆ । ਬਣ ਗਿਆ ਸਭ ਦਾ ਬਾਪ ਰੁਪੱਈਆ । ਨੋਟ ਨਚਾਵੇ ਥੱਈਆ ਥੱਈਆ । ਵਗਦੀ ਨੇਰ੍ਹੀ ਨੂੰ ਆ ਠੱਲ੍ਹੀਏ । ਹਾਕਮਾਂ ਸਾਥੋਂ ਬਦਲੇ ਲੀਤੇ । ਸ਼ਰਮ ਦੇ ਘੋਲ ਪਿਆਲੇ ਪੀਤੇ । ਕਿਰਤਾਂ ਵਾਲੇ ਹੱਥ ਤੰਗ ਕੀਤੇ । ਕਾਲੀ ਨੇਰ੍ਹੀ ਫਿਰ ਚੱਲੀ ਏ । ਧਰਮਸਾਲ ਦੇ ਬੂਹੇ ਅੰਦਰ । ਬਾਂਦਰ ਵੱਸਦਾ ਤਨ ਦੇ ਮੰਦਰ । ਕੀਲੇਗਾ ਦੱਸ ਕੌਣ ਕਲੰਦਰ? ਬਿਖੜੇ ਰਾਹਾਂ ਨੂੰ ਹੁਣ ਮੱਲੀਏ । ਚੁੱਪ ਰਹਿਣਾ ਵੀ ਜ਼ੁਲਮ ਹਮਾਇਤ । ਜੀਂਦੇ ਬੰਦੇ ਕਰਨ ਸਕਿਾਇਤ । ਹੱਕ ਸੱਚ ਇਨਸਾਫ਼ ਰਵਾਇਤ । ਖੰਭ ਲਗਾ ਕੇ ਉੱਡ ਚੱਲੀ ਏ । ਨਾ ਹੀ ਜੀਂਦੇ, ਨਾ ਹੀ ਮੋਏ । ਜਿਥੇ ਸਾਰੇ ਗੁੰਮ ਸੁੰਮ ਹੋਏ । ਹਰ ਕੋਈ ਆਪਣੇ ਆਪ ਨੂੰ ਰੋਏ । ਓਸ ਦੇਸ਼ ਦੀਆਂ ਜੂਹਾਂ ਮੱਲੀਏ । ਚੱਲ ਬੁੱਲ੍ਹਿਆ ਧਰਤੀ 'ਤੇ ਚੱਲੀਏ ।
ਅੱਜ ਕੱਲ੍ਹ ਦਿੱਲੀਏ
ਅੱਜ ਕੱਲ੍ਹ ਦਿੱਲੀਏ ਉਦਾਸ ਬੜੀ ਰਹਿੰਦੀ ਏਂ । ਚੁੱਪ ਚੁੱਪ ਰਹਿੰਦੀ, ਮੂੰਹੋਂ ਕੁਝ ਵੀ ਨਾ ਕਹਿੰਦੀ ਏਂ । ਕਦੇ ਤੈਨੂੰ ਨਾਦਰਾਂ, ਚੁਗੱਤਿਆਂ ਨੇ ਲੁੱਟਿਆ । ਲੁੱਟ ਦੇ ਬਹਾਨੇ, ਤੈਨੂੰ ਬੜੀ ਵਾਰ ਕੁੱਟਿਆ । ਜੜ੍ਹ ਦੇ ਸਮੇਤ ਬੂਟਾ ਧਰਤੀ 'ਚੋਂ ਪੁੱਟਿਆ । ਜਾਬਰਾਂ ਦੇ ਵਾਰ ਹਰ ਵਾਰ ਤੂੰ ਹੀ ਸਹਿੰਦੀ ਏਂ । ਅੱਜ ਕੱਲ੍ਹ ਦਿੱਲੀਏ ... । ਚਿੱਟੇ ਕਦੇ ਲਾਲ ਪੀਲੇ ਵੇਸ ਪਾ ਕੇ ਆਉਂਦੇ ਨੇ । ਮਨਾਂ ਦੀ ਹਵਾੜ ਗੰਦੀ ਮੁੱਖੋਂ ਫੁਰਮਾਉਂਦੇ ਨੇ । ਖੋਟਾ ਸਿੱਕਾ ਖ਼ਰਿਆਂ ਦੇ ਮੁੱਲ 'ਤੇ ਚਲਾਉਂਦੇ ਨੇ । ਲੱਠ ਮਾਰ ਹਾਕਮਾਂ ਦੇ ਕੋਲੋਂ ਤੂੰ ਤਰਹਿੰਦੀ ਏਂ । ਚੁੱਪ ਚੁੱਪ ਰਹਿੰਦੀ ਮੂੰਹੋਂ ਕੁਝ ਵੀ ਨਾ ਕਹਿੰਦੀ ਏਂ । ਜਿੰਨ੍ਹਾਂ ਹੱਥ ਦੇਸ਼ ਦਾ ਨਿਜ਼ਾਮ ਤੇ ਵਿਧਾਨ ਹੈ । ਉਨ੍ਹਾਂ ਨੇ ਹੀ ਕੀਤੀ ਤੇਰੀ ਮੁੱਠੀ ਵਿਚ ਜਾਨ ਹੈ । ਸੇਧਿਆ ਏ ਤੇਰੇ ਵੱਲ ਤੀਰ ਤੇ ਕਮਾਨ ਹੈ । ਉਨ੍ਹਾਂ ਨੂੰ ਹੀ ਲਾਡਲੇ ਸਪੂਤ ਸਦਾ ਕਹਿੰਦੀ ਏਂ । ਅੱਜ ਕੱਲ੍ਹ ਦਿੱਲੀਏ ... । ਧੰਨ ਤੇਰੇ ਪੁੱਤ ਆਉਂਦੇ ਲੋਕਾਂ ਤਾਈਂ ਚਾਰ ਕੇ । ਤੇਰੀ ਗੋਦੀ ਬੈਠਦੇ ਨੇ ਕਾਲਾ ਧਨ ਤਾਰ ਕੇ । ਲੁੱਟਦੇ ਨੇ ਪੰਜ ਵਰ੍ਹੇ ਦੇਸ਼ ਨੂੰ ਵੰਗਾਰ ਕੇ । ਹੁਣ ਨਹੀਂ ਵਿਸਾਹ ਖਾਣਾ, ਹਰ ਵਾਰੀ ਕਹਿੰਦੀ ਏਂ । ਅੱਜ ਕੱਲ੍ਹ ਦਿੱਲੀਏ ... । ਕੀਹਨੂੰ ਕੀਹਨੂੰ ਰੋਵੇਂਗੀ ਤੂੰ ਸੱਭੇ ਭੇਡਾਂ ਕਾਲੀਆਂ । ਵੇਚਦੇ ਰਹੇ ਤੈਨੂੰ ਤੇਰੇ ਪੁੱਤ ਖਾ ਦਲਾਲੀਆਂ । ਵੇਖਦੀ ਜ਼ਮੀਰ ਦੀਆਂ ਰੋਜ਼ ਹੀ ਕੰਗਾਲੀਆਂ । ਫੇਰ ਕਿਉਂ ਤੂੰ ਇਨ੍ਹਾਂ ਨਾਲ ਢਕ ਢੁਕ ਬਹਿੰਦੀ ਏਂ । ਅੱਜ ਕੱਲ੍ਹ ਦਿੱਲੀਏ... ।
ਧੀਆਂ ਦੀਆਂ ਲੋਹੜੀਆਂ
ਗਾਈ ਜਾਉ ਭਾਵੇਂ ਤੁਸੀਂ ਵੀਰਾਂ ਦੀਆਂ ਘੋੜੀਆਂ । ਵੰਡਿਆ ਕਰੋ ਜੀ, ਪਰ, ਧੀਆਂ ਦੀਆਂ ਲੋਹੜੀਆਂ । ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ । ਧੀਆਂ ਤੇ ਧਰੇਕਾਂ ਦੀਆਂ ਛਾਵਾਂ ਨੂੰ ਸੰਭਾਲਣਾ । ਇਨ੍ਹਾਂ ਨੇ ਹੀ ਸੁੱਖਾਂ ਸਦਾ ਵੀਰਾਂ ਦੀਆਂ ਲੋੜੀਆਂ । ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ । ਜਿਹੜੇ ਘਰ ਧੀਆਂ ਵਾਲੀ ਠੰਢੀ ਮਿੱਠੀ ਛਾਂ ਨਹੀਂ । ਓਸ ਘਰ ਰਹਿਮਤਾਂ ਲਈ ਹੁੰਦੀ ਕੋਈ ਥਾਂ ਨਹੀਂ । ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ । ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋਹੜੀਆਂ । ਪੱਗ ਨਾਲ ਚੁੰਨੀ ਵਿਹੜਾ ਰਲ ਮਿਲ ਮਹਿਕਦਾ । ਧੀਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ । ਸਾਂਝ ਦੀਆਂ ਤੰਦਾਂ ਸਦਾ ਰੱਖੜੀ ਨੇ ਜੋੜੀਆਂ । ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ । ਪਿਆਰ ਪਾਣੀ ਪਾਉ ਇਸ ਜ਼ਿੰਦਗੀ ਦੀ ਵੇਲ ਨੂੰ । ਫੁੱਲ ਤਾਹੀਓਂ ਲੱਗਣੇ ਨੇ ਚਾਂਦਨੀ ਰਵੇਲ ਨੂੰ । ਸਦਾ ਪਛਤਾਏ ਜਿੰਨ੍ਹਾਂ ਟਾਹਣੀਆਂ ਨੇ ਤੋੜੀਆਂ । ਵੰਡਿਆ ਕਰੋ ਜੀ, ਤੁਸੀਂ, ਧੀਆਂ ਦੀਆਂ ਲੋਹੜੀਆਂ
ਥਾਂ ਥਾਂ ਫਿਰੇਂ ਭਟਕਦੀ ਕਾਹਨੂੰ
ਥਾਂ ਥਾਂ ਫਿਰੇਂ ਭਟਕਦੀ ਕਾਹਨੂੰ ਕਿੱਧਰ ਗਿਆ ਧਿਆਨ ਨੀ ਜਿੰਦੇ । ਕੀਹ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ । ਸ਼ਬਦ ਵਣਜਦੇ ਫਿਰਦੇ ਏਥੇ ਵੇਖੋ ਲੱਖਾਂ ਨੇ ਵਿਉਪਾਰੀ । ਗਿਆਨ ਵਿਹੂਣੀ ਅੰਧੀ ਰੱਯਤ ਦੀ ਇਨ੍ਹਾਂ ਰਲ ਕੇ ਮੱਤ ਮਾਰੀ । ਕਹਿਣ ਤਿਆਗੀ ਪਾਉਣ ਰੇਸ਼ਮੀ, ਵੰਨ ਸੁਵੰਨੇ ਥਾਨ ਨੀ ਜਿੰਦੇ । ਬਾਣੀ ਗੁਰੂ ਸੰਦੇਸ਼ ਭੁਲਾ ਕੇ, ਬਾਣੇ ਨੇ ਦੁਨੀਆਂ ਭਰਮਾਈ । ਨਾਮ ਖੁਮਾਰੀ ਲੱਭਦੇ ਫਿਰਦੇ, ਬਿਨ ਸ਼ਬਦਾਂ ਤੋਂ ਮਾਈ ਭਾਈ । ਅਰਬਦ ਨਰਬਦ ਧੁੰਦੂਕਾਰ 'ਚ ਗਿਆਨ ਦੀ ਡਾਢੀ ਸ਼ਾਮਤ ਆਈ । ਗੂੜ੍ਹ ਗਿਆਨੀ ਰੁਲਦੇ ਫਿਰਦੇ, ਜਿਉਂ ਹੱਟੀਆਂ ਤੇ ਭਾਨ ਨੀ ਜਿੰਦੇ । ਆਪਣਾ ਮੂਲ ਪਛਾਨਣ ਵਾਲੀ, ਤੂੰ ਕਿਉਂ ਅਸਲੀ ਬਾਤ ਭੁਲਾਵੇਂ । ਕਿਰਤ ਕਮਾਈਆਂ ਦੀ ਥਾਂ ਬਹਿ ਕੇ ਕਿਉਂ ਤੂੰ ਵਿਹਲਾ ਵਕਤ ਲੰਘਾਵੇਂ । ਅਣਦਿਸਦੇ ਲਈ ਫਿਰੇਂ ਭਟਕਦੀ, ਹੱਥ ਨਹੀਂ ਆਉਣੇ ਪਰਛਾਵੇਂ । ਕਾਇਮ ਨਹੀਂ ਬਹੁਤਾ ਚਿਰ ਰਹਿਣੀ, ਫੋਕੀ ਨਕਲੀ ਸ਼ਾਨ ਨੀ ਜਿੰਦੇ । ਬੋਲੀ ਅਵਰ ਸਿਖਾਉਂਦੇ ਸਿੱਖਦੇ, ਬਾਬਾ ਜੀ ਦੇ ਨਾਮ ਦੇ ਲੇਵਾ । ਧਰਤੀ ਮਾਂ ਦੁਰਕਾਰਨ, ਆਖਣ ਬਾਰ ਪਰਾਏ ਕਰਨੀ ਸੇਵਾ । ਕਿਉਂਕਿ ਧਰਤ ਬੇਗਾਨੀ ਦੇਵੇ, ਮੋਟਾ ਖੁੱਲ੍ਹਾ ਮਿੱਠੜਾ ਮੇਵਾ । ਊੜੇ ਜੂੜੇ ਰੁਲ ਖੁੱਲ੍ਹ ਚੱਲੇ, ਬਣ ਗਏ ਆਂ ਦਰਬਾਨ ਨੀ ਜਿੰਦੇ । ਕੀਹ ਤੈਨੂੰ ਸਮਝਾਇਆ ਗੁਰੂਆਂ, ਭੁੱਲ ਗਈ ਅਸਲ ਗਿਆਨ ਨੀ ਜਿੰਦੇ ।
ਧੀ ਦੇ ਘਰ ਵਿਚ ਬੈਠੀਏ ਮਾਏ
ਧੀ ਦੇ ਘਰ ਵਿੱਚ ਬੈਠੀਏ ਮਾਏ ਮੈਨੂੰ ਇਹ ਗੱਲ ਸਮਝ ਨਾ ਆਏ, ਨੂੰਹ ਕੋਲੋਂ, ਪੁੱਤ ਮੰਗਦੀ, ਤੂੰ ਰਤਾ ਨਾ ਸੰਗਦੀ । ਕਿਉਂ ਟੱਬਰ ਸੂਲੀ ਟੰਗਦੀ ਤੂੰ ਪੁੱਤਰ ਮੰਗਦੀ? ਜੇ ਨੂੰਹ ਦੀ ਕੁਖ਼ ਅੰਦਰ ਧੀ ਏ । ਇਸ ਵਿਚ ਉਸਦਾ ਦੋਸ਼ ਵੀ ਕੀਹ ਏ । ਇਹ ਵੀ ਉਸੇ ਰੱਬ ਦਾ ਜੀਅ ਏ । ਚਿੱਟੀ ਚਾਦਰ ਖ਼ਾਨਦਾਨ ਦੀ, ਤੂੰ ਕਿਉਂ ਸੂਹੀ ਰੰਗਦੀ? ਤੂੰ ਰਤਾ ਨਾ ਸੰਗਦੀ । ਪੁੱਤ ਨਾ ਤੈਨੂੰ ਕਦੇ ਬੁਲਾਉਂਦਾ । ਜਦੋਂ ਬੁਲਾਵੇਂ ਸਿਰ ਨੂੰ ਆਉਂਦਾ । ਲੋਕਾਂ ਵਿੱਚ ਸਰਦਾਰ ਕਹਾਉਂਦਾ । ਨੂੰਹ ਆਪਣੀ ਨੂੰ ਤੂੰ ਕਿਉਂ ਮਾਏ, ਬਣ ਕੇ ਨਾਗਣੀ ਡੰਗਦੀ । ਤੂੰ ਪੁੱਤਰ ਮੰਗਦੀ... । ਜੇ ਤੈਨੂੰ ਨਾਨੀ ਨਾ ਜਣਦੀ । ਤੂੰ ਮੇਰੀ ਮਾਂ ਕਿੱਦਾਂ ਬਣਦੀ । ਹੁਣ ਕਿਉਂ ਉਲਟੇ ਤਾਣੇ ਤਣਦੀ । ਘੁੰਮਣ ਘੇਰਾਂ ਦੇ ਵਿਚ ਘਿਰ ਕੇ, ਜ਼ਿੰਦਗੀ ਨਹੀਓਂ ਲੰਘਦੀ । ਤੂੰ ਰਤਾ ਨਾ ਸੰਗਦੀ । ਧਰਤੀ, ਧਰਮ, ਧਰੇਕਾਂ, ਧੀਆਂ । ਸਦਾ ਸੰਭਾਲਣ, ਸਭਨਾਂ ਜੀਆਂ । ਬਿਨ ਮਮਤਾ ਤੋਂ ਆਪਾਂ ਕੀਹ ਆਂ । ਲੋਕ ਲਾਜ ਦੀ ਸਿਰ ਤੋਂ ਲਾਹ ਦੇ, ਇਹ ਚੁੰਨੀ ਬਦਰੰਗ ਦੀ । ਕਿਉਂ ਸੂਲੀ ਟੰਗਦੀ । ਜਿਹੜੇ ਘਰ ਵਿੱਚ ਧੀ ਤੇ ਮਾਂ ਨਹੀਂ । ਉਸ ਘਰ ਵਿਹੜੇ ਸੰਘਣੀ ਛਾਂ ਨਹੀਂ । ਉਸ ਤੋਂ ਵੱਧ ਬਦਕਿਸਮਤ ਥਾਂ ਨਹੀਂ । ਮਹਿਕਾਂ ਦੀ ਰਖਵਾਲੀ ਕਰ ਤੂੰ, ਬਣ ਕੇ ਚੰਡੀ ਜੰਗ ਦੀ । ਕਿਉਂ ਸੂਲੀ ਟੰਗਦੀ?
ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ
ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ । ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ । ਏਨੀ ਤੂੰ ਬੇਰਹਿਮੀ ਨਾਲ ਕੁੱਖ ਵਿਚੋਂ ਤੋਰ ਨਾ । ਡੋਡੀ ਤੂੰ ਗੁਲਾਬ ਵਾਲੀ, ਅੱਗ ਉੱਤੇ ਭੋਰ ਨਾ । ਤੇਰੇ ਤੋਂ ਬਗੈਰ ਮੇਰਾ ਦਰਦੀ ਕੋਈ ਹੋਰ ਨਾ । ਬੰਦ ਕਾਹਨੂੰ ਕੀਤੀ ਤੁੰ ਜ਼ੁਬਾਨ ਮਾਏ ਮੇਰੀਏ । ਦਾਜ ਤੇ ਦਹੇਜ ਵਾਲੇ ਲੋਭੀਆਂ ਤੋਂ ਡਰ ਨਾ । ਹੰਝੂਆਂ ਨੂੰ ਪੂੰਝ, ਐਵੇਂ ਰੋਜ਼ ਰੋਜ਼ ਮਰ ਨਾ । ਹਿੰਮਤਾਂ ਦੇ ਨਾਲ ਇਹ ਇਲਾਜ ਪੈਣਾ ਕਰਨਾ । ਕਰ ਦੇ ਤੂੰ ਜੰਗ ਦਾ ਐਲਾਨ ਮਾਏ ਮੇਰੀਏ । ਫਿਰਦੀ ਮੁੰਡੀਹਰ ਵਿਚ ਗਲੀਆਂ ਮੁਹੱਲਿਆਂ । ਨੱਥ ਨਹੀਉਂ ਪੈਣੀ, ਇਨ੍ਹਾਂ ਤਾਈਂ ਮਾਏ ਕੱਲ੍ਹਿਆਂ । ਮੁੱਕਣਾ ਨਹੀਂ ਪੈਂਡਾ, ਇਹ ਬਗੈਰ ਕਦੇ ਚੱਲਿਆਂ । ਕੰਮ ਏਹੀ ਆਵੇਗਾ ਗਿਆਨ ਮਾਏ ਮੇਰੀਏ । ਪੁੱਤ ਵੀ ਤਾਂ ਰੋਲਦੇ ਨੇ ਬਾਬਲੇ ਦੀ ਪੱਗ ਨੂੰ । ਮੇਰੇ ਵੱਲੋਂ ਆਖਦੇ ਤੂੰ ਮਾਏ ਸਾਰੇ ਜੱਗ ਨੂੰ । ਆਪ ਹੀ ਬੁਝਾਉ ਇਸ ਅਲੋਕਾਰ ਅੱਗ ਨੂੰ । ਧੀਆਂ ਨਾਲ ਵੱਸਦਾ ਜਹਾਨ ਮਾਏ ਮੇਰੀਏ । ਡੋਲ ਗਿਆ ਤੇਰਾ ਕਿਉਂ ਈਮਾਨ ਮਾਏ ਮੇਰੀਏ ।
ਗ਼ਜ਼ਲ
ਰਾਮ ਦਾਸ ਗੁਰ ਮੋਹੜੀ ਗੱਡੀ, ਜਿਹੜੀ ਥਾਂ ਸਿਫ਼ਤੀ ਦਾ ਘਰ ਹੈ । ਸਰਬ ਕਲਾ ਸੰਪੂਰਨ ਨਗਰੀ, ਗੁਰ ਕੇ ਕਾਰਨ ਅੰਮ੍ਰਿਤਸਰ ਹੈ । ਧਰਮ ਕਰਮ ਲਈ ਹਰਿਮੰਦਰ ਹੈ, ਗੁਰ ਅਰਜਨ ਦੀ ਦੂਰ ਦ੍ਰਿਸ਼ਟੀ, ਮੀਆਂਮੀਰ ਬਰਾਬਰ ਬੈਠਾ, ਸਰਬ ਕਾਲ ਦਾ ਦੀਦਾਵਰ ਹੈ । ਹਰਗੋਬਿੰਦ ਗੁਰੂ ਦੀ ਪੀਰੀ, ਨਾਲ ਖੜ੍ਹੀ ਕਿਰਪਾਲੂ ਪੀਰੀ, ਤਖ਼ਤ ਅਕਾਲ ਉਸਾਰਨਹਾਰਾ, ਨਿਰਭਓ ਤੇ ਨਿਰਵੈਰੀ ਦਰ ਹੈ । ਇੱਕ ਮਾਰਗ ਦੇ ਪਾਂਧੀ ਖ਼ਾਤਰ, ਚਾਰੇ ਬੂਹੇ ਹਰ ਪਲ ਖੁੱਲ੍ਹੇ, ਸੁਰਤਿ ਇਕਾਗਰ ਜੇਕਰ ਹੋਵੇ, ਸੱਖਣੀ ਝੋਲੀ ਦੇਂਦਾ ਭਰ ਹੈ । ਬਿਪਰਨਵਾਦੀਆਂ ਭੇਸ ਬਦਲਿਆ, ਰਾਖੇ ਬਣ ਗਏ ਸਾਡੇ ਘਰ ਦੇ, ਅਮਰਵੇਲ ਮੁੜ ਬੇਰੀ ਚੜ੍ਹ ਗਈ, ਚੱਟ ਨਾ ਜਾਵੇ ਏਹੀ ਡਰ ਹੈ । ਸ਼ਬਦ ਗੁਰੂ ਸੰਦੇਸ਼ ਸੁਹਾਵਾ, ਸਾਡੀ ਰੂਹ ਤੇ ਪਰਚਮ ਝੂਲੇ, ਘਰ ਘਰ ਉੱਸਰੇ ਧਰਮਸਾਲ ਦਾ, ਗੁਰ ਮੇਰੇ ਨੇ ਦਿੱਤਾ ਵਰ ਹੈ । ਧਰਤਿ ਗਗਨ ਤੇ ਕੁੱਲ ਸ੍ਰਿਸ਼ਟੀ, ਪੱਤੇ ਪੱਤੇ ਗੋਬਿੰਦ ਬੈਠਾ, ਆਦਿ ਜੁਗਾਦੀ ਜੋਤ ਨਿਰੰਤਰ, ਨੂਰ ਨੂਰਾਨੀ ਦਾ ਸਰਵਰ ਹੈ ।
ਗ਼ਜ਼ਲ
ਤੜਪ ਰਿਹੈ ਸੌ ਸਾਲ ਤੋਂ ਮਗਰੋਂ, ਜੱਲ੍ਹਿਆਂ ਵਾਲਾ ਬਾਗ ਅਜੇ ਵੀ । ਡਾਇਰ ਤੇ ਓਡਵਾਇਰ ਰਲ ਕੇ, ਗਾਉਂਦੇ ਓਹੀ ਰਾਗ ਅਜੇ ਵੀ । ਆਜ਼ਾਦੀ ਦਾ ਮੁਕਤੀ ਮਾਰਗ, ਹਾਲੇ ਕਿੰਨੀ ਦੂਰ ਸਵੇਰਾ, ਥਾਲੀ ਵਿੱਚ ਅਣਚੋਪੜੀਆਂ ਤੇ, ਨਾਲ ਅਲੂਣਾ ਸਾਗ ਅਜੇ ਵੀ । ਸਰਹੱਦਾਂ ਤੇ ਪਹਿਰੇਦਾਰੀ, ਕਰ ਕਰ ਹਾਰੇ ਕੁੱਲੀਆਂ ਢਾਰੇ, ਸੋਗ ਸੁਨੇਹੇ ਫਿਰਨ ਬਨੇਰੇ, ਕੁਰਲਾਉਂਦਾ ਹੈ ਕਾਗ ਅਜੇ ਵੀ । ਸੁੱਤਿਆ ਲੋਕਾ ਤੇਰੀ ਗਠੜੀ, ਲੈ ਚੱਲੇ ਨੇ ਚੋਰ, ਮੁਸਾਫ਼ਿਰ, ਘਰ ਨੂੰ ਸਾਂਭਣ ਖ਼ਾਤਿਰ ਤੈਨੂੰ, ਕਿਉਂ ਨਾ ਆਵੇ ਜਾਗ ਅਜੇ ਵੀ । ਧਰਮ ਖੇਤ ਦੇ ਅੰਦਰ ਦੱਬੀ, ਸਾਰੀ ਫ਼ਸਲ ਨਦੀਨਾਂ ਮਾਰੀ, ਮਨ ਮੰਦਿਰ ਵਿੱਚ ਕੁਫ਼ਰ ਪਸਾਰਾ, ਕਹੀਏ ਸੁੱਤੇ ਭਾਗ ਅਜੇ ਵੀ । ਛੇ ਸਦੀਆਂ ਤੋਂ ਮਗਰੋਂ ਅੱਜ ਵੀ, ਮੇਰੀ ਕੁੱਲੀ ਓਸੇ ਥਾਂ ਤੇ, ਜਿੱਥੇ ਛੱਡ ਕੇ ਗਿਆ ਕਬੀਰਾ, ਗਲ ਕਟੀਅਨ ਕੇ ਲਾਗ ਅਜੇ ਵੀ । ਧਨਵੰਤੇ ਪਤਵੰਤੇ ਬਣ ਗਏ, ਰੋਲਣ ਪੱਤ ਜ਼ਮੀਰਾਂ ਬਦਲੇ, ਗੁਣਵੰਤੇ ਛੱਡ, ਬੇਕਦਰਾਂ ਹੱਥ, ਸਮਿਆਂ ਵਾਲੀ ਵਾਗ ਅਜੇ ਵੀ ।
ਰੁਬਾਈਆਂ
ਰਾਜਗੁਰੂ, ਸੁਖਦੇਵ, ਭਗਤ ਸਿੰਘ ਤਿੰਨ ਫੁੱਲ ਸੁਰਖ਼ ਗੁਲਾਬ ਜਹੇ ਨੇ । ਇੱਕ ਮੌਸਮ ਵਿੱਚ ਉਗਮੇ, ਪੱਲ੍ਹਰੇ ਸਭ ਅਣਖ਼ੀਲੇ ਖ਼ਵਾਬ ਜਹੇ ਨੇ । ਗੁਲਦਸਤੇ ਚੋਂ ਮਨਮਤੀਏ ਕਿਓਂ ਆਪਣੇ ਰੰਗ ਨਿਖੇੜ ਰਹੇ ਜੀ, ਇਹ ਤਾਂ ਪੰਜ-ਦਰਿਆਈ ਸੁਪਨੇ, ਸਾਬਤ ਦੇਸ ਪੰਜਾਬ ਜਹੇ ਨੇ । * ਭਗਤ ਸਿੰਘ ਜੂਝਦੀ ਹੋਈ ਜ਼ਿੰਦਗੀ ਦਾ ਨਾਮ ਹੈ ਯਾਰੋ । ਇਹ ਤਖ਼ਤੇ ਫਾਂਸੀਆਂ ਰੱਸੇ, ਜ਼ੁਲਮ ਦੀ ਸ਼ਾਮ ਹੈ ਯਾਰੋ । ਉਹਦੀ ਬਾਰਾਤ ਵਿੱਚ ਸਰਬਾਲਿਆਂ ਦਾ ਇੱਕ ਜੋੜਾ ਸੀ, ਛਬੀਲੇ ਰਾਜਗੁਰ ਸੁਖਦੇਵ ਸੁਣ ਲਓ ਨਾਮ ਸੀ ਯਾਰੋ । * ਅਸੀਂ ਤੇ ਯਾਰੋ ਓਸ ਗੁਰੂ ਦੇ ਜਨਮ ਜ਼ਾਤ ਹਾਂ ਚੇਲੇ । ਜਿਸ ਨੇ ਦੱਸਿਆ ਧਨ ਤੇ ਦੌਲਤ ਸਿਰਫ਼ ਮਿੱਟੀ ਦੇ ਢੇਲੇ । ਅਸਲੀ ਦੌਲਤ ਪਿਆਰ ਮੁਹੱਬਤ ਦਰਦ ਕਿਸੇ ਦਾ ਜਾਣੋ, ਪੈਰੀਂ ਹੱਥ ਕਦੇ ਨਾ ਲਾਈਏ, ਦਿਲ ਮਿਲਿਆਂ ਦੇ ਮੇਲੇ * ਸੂਰਮਿਆਂ ਦੀ ਨਾ ਵੱਖ ਬਸਤੀ, ਨਾ ਹੀ ਵੱਖਰਾ ਰਹਿਣਾ । ਨਬਜ਼ ਸਮੇਂ ਦੀ ਫੜ ਕੇ ਦੱਸਦੇ, ਹੁਣ ਹੈ ਵਕਤ ਕੁਲਹਿਣਾ । ਸੀਸ ਤਲੀ ਤੇ ਧਰਨ ਸੂਰਮੇ ਸਾਨੂੰ ਵੀ ਸਮਝਾਉਂਦੇ, ਫ਼ਰਜ਼ ਨਿਭਾਓ, ਗਰਜ਼ਾਂ ਲਈ ਨਾ ਬਾਰ-ਪਰਾਏ ਬਹਿਣਾ । * ਵਧੀਆ ਗੱਲ ਹੈ ਪੱਗ ਤਾਂ ਹੋਵੇ, ਪਰ ਉਸ ਥੱਲੇ ਸਿਰ ਵੀ ਹੋਵੇ । ਦੀਨ ਦੁਨੀ ਦਾ ਰਾਖੀ ਕਰਦਾ, ਨਾਧਿਰਿਆਂ ਦੀ ਧਿਰ ਵੀ ਹੋਵੇ । ਕਿੰਨਾ ਹੋਰ ਉਡੀਕੋਗੇ ਜੀ, ਪਟਨੇ ਤੋਂ ਦਸਮੇਸ਼ ਪਿਤਾ ਨੂੰ, ਸਾਡੇ ਲਈ ਪਰਿਵਾਰ ਨੂੰ ਵਾਰੇ, ਉਹ ਸਾਰਾ ਕੁਝ ਫਿਰ ਵੀ ਹੋਵੇ । * ਸਾਂਭ ਲਉ ਭਰਾਉ, ਸੁੱਚੇ ਮਹਿਕਦੇ ਗ਼ੁਲਾਬ ਨੂੰ । ਲੱਗੇ ਨਾ ਨਜ਼ਰ, ਇਹਦੇ ਵਿਚ ਘੁਲ਼ੇ ਖ਼੍ਵਾਬ ਨੂੰ । ਲੰਘ ਚੱਲੀ ਰਾਤ ਹੁਣ ਜਾਗਣਾ, ਈਮਾਨ ਹੈ, ਕੰਗਲਾ ਬਣਾਉਣੋ ਰੋਕੋ, ਰੰਗਲੇ ਪੰਜਾਬ ਨੂੰ । * ਅਣਖ਼ ਜਗਾਵੇ ਨਾ ਜੋ, ਉਹ ਵੰਗਾਰ ਨਹੀਂ ਹੁੰਦੀ । ਚੋਰਾਂ ਨਾਲ ਜੋ ਰਲ਼ ਜੇ, ਉਹ ਸਰਕਾਰ ਨਹੀਂ ਹੁੰਦੀ । ਹੱਕ, ਸੱਚ, ਇਨਸਾਫ਼ ਤੇ ਡਾਕੇ ਸਿਖ਼ਰ ਦੁਪਹਿਰੇ ਜੇ, ਵੇਖ ਕੇ ਅੱਖਾਂ ਮੀਟ ਲਵੇ, ਅਖ਼ਬਾਰ ਨਹੀਂ ਹੁੰਦੀ । * ਰਾਜਗੁਰੂ, ਸੁਖਦੇਵ, ਭਗਤ ਸਿੰਘ ਫੁੱਲ ਦੀ ਜੂਨ ਪਏ । ਕਿੰਨੇ ਹਾਣੀ ਉਨ੍ਹਾਂ ਦੇ, ਅੱਜ ਕਬਰਾਂ ਹੇਠ ਪਏ । ਦੇਂਦੇ ਜੋ ਵਿਸ਼ਵਾਸ 'ਤੇ ਪਹਿਰਾ, ਓਹੀ ਅਕਸਰ ਜੀਂਦੇ, ਦੇਵੇ ਵਕਤ ਸਲਾਮੀ ਜਿਹੜੇ ਜਾਨਾਂ ਵਾਰ ਗਏ । * ਬਹੁਤ ਲੋਕੀਂ ਪੁੱਛਦੇ ਨੇ, ਵੇਖਿਆ ਕਿਸ ਵਾਹਿਗੁਰੂ । ਮੇਰਾ ਉੱਤਰ ਜ਼ਿੰਦਗੀ ਹੈ, ਜਿਸ ਜਗਹ ਹੁੰਦੀ ਸ਼ੁਰੂ । ਅੰਤ ਤੀਕਰ ਆਸ ਦੀ ਤੰਦ ਜੋੜਦੀ ਤੇ ਤੋੜਦੀ, ਓਸ ਵੇਲੇ ਆਸਰਾ ਹੈ, ਦੋਸਤੋ! ਇਹ ਵਾਹਿਗੁਰੂ । * ਤੇਰੀ ਪਰਵਾਨ ਬੀਬਾ! ਸਤਿ ਸ੍ਰੀ ਅਕਾਲ ਹੈ । ਉਂਝ ਏਥੇ ਸੱਚ ਦਾ ਤਾਂ ਬਹੁਤ ਬੁਰਾ ਹਾਲ ਹੈ । ਕੂੜ ਵਾਲੇ ਹੱਟ ਉੱਤੇ ਗਾਹਕਾਂ ਦੀ ਭੀੜ ਹੈ, ਹੱਕ, ਇਨਸਾਫ਼, ਸੱਚ ਹੋ ਰਿਹਾ ਬੇਹਾਲ ਹੈ । * ਪੋਹੂਵਿੰਡ ਵਿਚ ਮਾਘ ਮਹੀਨੇ ਧਰਤੀ ਸੂਰਜ ਜਾਇਆ । ਜ਼ੋਰ-ਜ਼ੁਲਮ ਦੇ ਅੱਗੇ ਕਿਸ ਨੇ, ਸਿਦਕੀ ਮੱਥਾ ਲਾਇਆ । ਅੱਜ ਦਾ ਦਿਵਸ ਮੁਬਾਰਕ ਬਾਬਾ ਦੀਪ ਸਿੰਘ ਜੀ ਸਦਕੇ, ਸੀਸ ਤਲੀ 'ਤੇ ਧਰਕੇ ਜਿਸ ਨੇ ਵਾਹ ਖੰਡਾ ਖੜਕਾਇਆ । * ਭਗਤੀ ਹੈ ਸੇਵਾ ਦੱਸੀ ਗੁਰੂ ਦੇ ਦੁਲਾਰਿਆ । ਅੱਧਿਆਂ ਅਧੂਰਿਆਂ ਦੇ ਪੂਰਨਾ ਪਿਆਰਿਆ । ਪਿੰਗਲੇ ਪਹਾੜ 'ਤੇ ਚੜ੍ਹਾਵੇਂ ਅੱਖੀਂ ਵੇਖਿਆ, ਆਸ ਧਰਵਾਸ ਤੂੰ ਹੈਂ ਸਰਘੀ ਦੇ ਤਾਰਿਆ! * ਸ਼ਾਸਤਰਾਂ ਦੀ ਰਾਖੀ ਕਰਦੇ ਸ਼ਸਤਰਧਾਰੀ । ਅੱਜ ਸ਼ਸਤਰ ਦੀ ਮਹਿਮਾ ਹੋ ਗਈ ਅਪਰਮਪਾਰੀ । ਮਾਰਗ-ਦਰਸ਼ਕ ਸ਼ਬਦ-ਗੁਰੂ ਹੈ, ਵਿਚ ਹਨ੍ਹੇਰੇ, ਆਣ ਤੁਸੀਂ ਸਮਝਾਓ ਮੁੜ ਕੇ ਕਲਗੀਧਾਰੀ । * ਸੰਤ ਸੂਰਮਾ, ਧਾਰ ਉਦਾਸੀ ਰਣਖੇਤਰ ਵਿਚ ਆਇਆ । ਕਾਲਖ਼ ਦੇ ਵਣਜਾਰਿਆਂ ਦੇ ਸੰਗ ਜਿਸ ਨੇ ਮੱਥਾ ਲਾਇਆ । ਕੰਮੀਆਂ ਦੇ ਵਿਹੜੇ ਦਾ ਸੂਰਜ, ਲਾਲ ਕਿਲ੍ਹੇ ਸੰਗ ਭਿੜਿਆ, ਫ਼ੌਲਾਦੀ ਵਿਸ਼ਵਾਸ ਦਾ ਰਾਖਾ, ਕੱਚੇ ਘਰ ਦਾ ਜਾਇਆ । * ਅੱਜ ਦਾ ਦਿਵਸ ਮੁਬਾਰਕ! ਧਰਤੀ ਮਾਂ ਨੇ ਪੁੱਤਰ ਜਾਇਆ । ਪਵਨ ਗੁਰੂ ਪਾਣੀ ਦਾ ਰਾਖਾ, ਧਰਤ ਸੰਵਾਰਨ ਆਇਆ । ਕਰਮਭੂਮ ਦਾ ਅਣਥੱਕ ਯੋਧਾ, ਕਿਸ ਮਿੱਟੀ ਦਾ ਬਣਿਆ, ਸੰਤ ਬੜੇ ਬਲਬੀਰ ਨੇ ਥੋੜ੍ਹੇ, ਵੇਖ ਜਗਤ ਦੀ ਮਾਇਆ । * ਹਰਿਮੰਦਰ ਸਾਹਿਬ ਦੇ ਬੂਹੇ ਧੀ ਕਰਦੀ ਅਰਦਾਸ । ਇਸ ਧਰਤੀ ਤੋਂ ਕੂੜ-ਨਿਖੁੱਟੇ, ਪੂਰੀ ਕਰ ਦੇਹ ਆਸ । ਜੁਗ ਜੁਗ ਜੀਣ ਧਰਤ ਦੇ ਜਾਏ, ਇੱਜ਼ਤ ਪੱਤ ਦੇ ਰਾਖੇ, ਨਸ਼ਿਆਂ ਤੋਂ ਬਚ ਜਾਵੇ ਧਰਤੀ, ਮਹਿਕਾਂ ਭਰਨ ਸਵਾਸ । * ਆਪਣੇ ਨਾਇਕ ਉਡੀਕ ਰਹੇ ਨੇ ਧਰਤੀ ਤੇ ਕਮਜ਼ੋਰ । ਆਪਣੇ ਵਿਚੋਂ ਆਪ ਪਛਾਣੋ, ਨਾਇਕ ਨਹੀਂ ਕੋਈ ਹੋਰ । ਦੁੱਲਾ, ਬੁੱਲ੍ਹਾ, ਭਗਤ, ਸਰਾਭਾ, ਮਾਵਾਂ ਰੋਜ਼ ਨਾ ਜੰਮਣ, ਵਕਤ ਉਸਾਰੇ, ਪਰਖੇ ਆਪੇ, ਦੇਵੇ ਬਾਂਕੀ ਤੋਰ । * ਚੜ੍ਹਿਆ ਬਾਬਾ ਦੀਪ ਸਿੰਘ ਹੱਥ ਖੰਡਾ ਫੜ ਕੇ । ਆਹੂ ਲਾਹੇ ਵੈਰੀਆਂ ਦੇ ਪਿੱਛੇ ਚੜ੍ਹ ਕੇ । ਸੀਸ ਤਲੀ 'ਤੇ ਧਰ ਲਿਆ ਯੋਧੇ ਬਲਕਾਰੀ, ਲਿਸ਼ਕ ਰਹੀ ਸ਼ਮਸ਼ੀਰ ਸੀ ਜਿਉਂ ਬਿਜਲੀ ਕੜਕੇ । * ਕਰੇ ਕੀ ਕਬੀਰ ਜੱਗ ਹੋ ਗਿਆ ਸਵਾਰਥੀ । ਧਰਮੀ ਟਿਕਾਣੇ ਬਣੇ ਵੇਖ ਲਉ ਪਦਾਰਥੀ । ਬੈਠ ਗਈ ਬਾਜ਼ਾਰ ਵਿਚ ਸਰਸਵਤੀ ਵੇਖ ਲਉ, ਮੰਡੀ ਵਿਚੋਂ ਲੱਭਦੀ ਹੈ ਆਪ ਵਿਦਿਆਰਥੀ । * ਅਸੀਂ ਆਈ ਤੇ ਜੇ ਆ ਗਏ, ਤਾਂ ਬੁਰਿਆਂ ਦੇ ਘਰ ਤੱਕ ਜਾਵਾਂਗੇ । ਇਹ ਜਾਨ ਬਚਾ ਕੇ ਕੀਹ ਰੱਖਣੀ, ਫਿਰ ਪੈਰ ਪਿਛਾਂਹ ਨਾ ਪਾਵਾਂਗੇ । ਤੂੰ ਧਰਮ ਦੇ ਨਾਂ ਤੇ ਲੋਕਾਂ ਨੂੰ, ਭੜਕਾਉਂਦਾ ਏ, ਤੜਫਾਉਂਦਾ ਏਂ, ਧਰਤੀ ਨਹੀਂ ਤੈਨੂੰ ਥਾਂ ਦੇਣੀ, ਜਦ ਲੋਕਾਂ ਨੂੰ ਸਮਝਾਵਾਂਗੇ । * ਸ਼ਬਦ-ਗੁਰੂ ਦੀ ਸ਼ਕਤੀ ਤਿੰਨੇ, ਸੇਵਾ ਸਿਮਰਨ ਅਤੇ ਸ਼ਹਾਦਤ । ਦਮ ਦਮ, ਪਲ ਪਲ, ਅੰਗ ਸੰਗ ਰੱਖਣਾ, ਸ਼ਬਦ ਸਾਧਨਾ ਪਾਉ ਆਦਤ । ਕਰਮਭੂਮ ਵਿੱਚ ਜੇ ਨਾ ਅੱਪੜੇ, ਜਨਮ ਅਕਾਰਥ ਰਹਿ ਜਾਵੇਗਾ, ਬਗਲ ਸਮਾਧੀ ਲਾਉਣ ਸਕਿਾਰੀ, ਜਗਤ ਦਿਖਾਵਾ, ਕਹਿਣ ਇਬਾਦਤ । * ਦਸਮ-ਪਿਤਾ ਹੁਣ ਸੀਸ ਤਲੀ ਤੇ ਧਰਿਆ ਨਹੀਂ ਜਾਂਦਾ । ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ ਮਰਿਆ ਨਹੀਂ ਜਾਂਦਾ । ਕੁਰਸੀ-ਯੁੱਧ ਨੂੰ ਲੜਦੇ ਮਰਦੇ, ਧਰਮ ਗੁਆਚ ਗਿਆ, ਸ਼ੁਭ ਕਰਮਨ ਵੀ ਅੱਜ ਕੱਲ੍ਹ ਸਾਥੋਂ ਕਰਿਆ ਨਹੀਂ ਜਾਂਦਾ । * ਗੁਰੂਆਂ ਪੀਰਾਂ ਇਹ ਸਮਝਾਇਆ, ਜ਼ਿੰਦਗੀ ਹੈ ਰੰਗਾਂ ਦਾ ਮੇਲਾ । ਇੱਕ ਦੂਜੇ ਦੀ ਪੀੜ ਪਛਾਣੋ, ਬੋਲੋ ਜਦ ਬੋਲਣ ਦਾ ਵੇਲਾ । ਸਦਾ ਭਲਾ ਸਰਬੱਤ ਦਾ ਮੰਗੋ, ਦੀਨ ਦੁਖੀ ਦਾ ਦਰਦ ਨਿਵਾਰੋ, ਮੈਂ, ਮੇਰੀ ਨੂੰ ਮਾਰ ਮੁਕਾਉ, ਜੇ ਚਾਹੁੰਦੇ ਹੋ ਜਨਮ ਸੁਹੇਲਾ । * ਜਾਗ ਪੈਣ ਧਰਤੀ ਦੇ ਵਾਰਿਸ, ਹੱਥ ਲੈ ਪਰਚਮ ਸੂਹੇ ਰੰਗ ਦੇ । ਹਾਕਮ, ਹੁਕਮ, ਹਕੂਮਤ ਸਾਥੋਂ, ਫੇਰ ਦੋਬਾਰਾ ਰੱਤ ਨੇ ਮੰਗਦੇ । ਜਦ ਤੀਕਰ ਮਨ ਵੰਡਿਆ ਵੰਡਿਆ, ਏਕੇ ਦਾ ਪੱਲਾ ਨਹੀਂ ਫੜਦੇ, ਇਹ ਨਾ ਭੁੱਲਿਓ, ਸੂਰਮਿਆਂ ਨੂੰ, ਤਖ਼ਤ ਰਹਿਣਗੇ ਸੂਲੀ ਟੰਗਦੇ । * ਭਗਤ ਸਿੰਘ ਸਰਦਾਰ ਬਣ ਗਿਆ ਆਜ਼ਾਦੀ ਵਿਸ਼ਵਾਸ ਦਾ ਨਾਂ ਹੈ । ਲੋਕ-ਮੁਕਤੀਆਂ ਦੇ ਲਈ ਚਿੰਤਤ, ਲਿੱਸਿਆਂ ਲਈ ਧਰਵਾਸ ਦਾ ਨਾਂ ਹੈ । ਜ਼ਾਲਮ ਜ਼ੁਲਮ ਮਿਟਾਵਣਹਾਰੇ ਕਾਫ਼ਲਿਆਂ ਦਾ ਸਿਰਲੱਥ ਮੋਹਰੀ, ਇਨਕਲਾਬ ਦੇ ਪਰਚਮ ਵਾਲੇ ਧਰਤੀ ਦੇ ਇਤਿਹਾਸ ਦਾ ਨਾਂ ਹੈ । * ਧਰਤੀ, ਧਰਮ, ਧਰਾਤਲ ਗਿਰਵੀ, ਜਿਸਮ ਨੀਲਾਮ, ਵਿਕਾਊ ਰੱਬ ਹੈ । ਅਸਲੀ ਗੱਲ ਤਾਂ ਏਸੇ ਕਰਕੇ ਸਾਡੀਆਂ ਸੋਚਾਂ ਦੇ ਵਿੱਚ ਡੱਬ ਹੈ । ਬਗਲ-ਸਮਾਧੀ ਲਾ ਕੇ ਬਹਿੰਦੇ, ਮੱਛੀਆਂ ਲਈ ਨੇਤਾ, ਅਭਿਨੇਤਾ, ਮਾਛੀ ਵੀ ਤਾਂ ਨਾਲ ਰਲ਼ੇ ਨੇ, ਸੱਚ ਪੁੱਛੋ ਤਾਂ ਏਹੀ ਯੱਭ ਹੈ । * ਓਥੇ ਸੀਸ ਝੁਕਾਈਏ ਆਪਾਂ, ਜਿੱਥੇ ਸ਼ਬਦ-ਗੁਰੂ ਦੇ ਵਾਸੇ । ਕੰਕਰੀਟ ਦੇ ਭਵਨ ਬੜੇ ਨੇ, ਭਰਦੇ ਹੀ ਨਾ ਰੂਹ ਦੇ ਕਾਸੇ । ਦੋਚਿੱਤੀ ਨੇ ਹਰ ਮਨ ਘੇਰਿਆ, ਭਟਕਣ ਸਾਡੇ ਸਾਹੀਂ ਰਚ ਗਈ, ਇਹ ਤਾਂ ਨਿਰਭਰ ਸਾਡੇ ਉੱਤੇ ਤੁਰਨਾ ਜਾਣਾ ਕਿਹੜੇ ਪਾਸੇ । * ਦੁਇ ਕਰ ਜੋੜ ਕਰਾਂ ਅਰਦਾਸਾ ਨੇਕ ਕਰਮ ਤੇ ਸੇਵ ਕਮਾਵੇਂ । ਮੇਰੇ ਬੱਚਿਆ! ਰੱਬ ਕਰੇ ਤੂੰ, ਸਾਡੇ ਨਾਲੋਂ, ਕਦਮ ਅਨੇਕਾਂ ਅੱਗੇ ਜਾਵੇਂ । ਸਰਬ ਦੁਨੀ ਨੂੰ ਆਪਣਾ ਜਾਣੇਂ, ਥੁੜਿਆਂ ਨੂੰ ਤੂੰ ਚਾਨਣ ਵੰਡੇਂ, ਦੇਸ਼ ਕੌਮ ਪਰਿਵਾਰ ਦਾ ਸੋਹਣਿਆ! ਸੂਰਜ ਬਣ ਕੇ, ਨਾਂ ਚਮਕਾਵੇਂ । * ਕੁਰਬਾਨੀ ਦੇ ਨਾਲ ਸਿਰੀਂ, ਦਸਤਾਰ ਹਮੇਸ਼ਾ ਰੱਖ ਹੁੰਦੀ ਹੈ । ਬੇਅਣਖ਼ੇ ਬੰਦੇ ਦੀ ਜ਼ਿੰਦਗੀ, ਲੱਖ ਹੁੰਦਿਆਂ ਵੀ ਕੱਖ ਹੁੰਦੀ ਹੈ । ਦਸ ਗੁਰੁਆਂ ਦੀ ਬਾਣੀ ਨਿਸ ਦਿਨ, ਸਾਨੂੰ ਇਕੋ ਸਬਕ ਪੜ੍ਹਾਵੇ, ਅਸਲੀ ਨਕਲੀ ਪਰਖਣ ਵਾਲੀ, ਤੀਜੀ ਵੱਖਰੀ ਅੱਖ ਹੁੰਦੀ ਹੈ । * ਬਲਿਹਾਰੀ ਦੀ ਬੁੱਕਲ ਅੰਦਰ ਪਰਬਤ ਬਾਗ ਬਗੀਚੇ ਜਲ ਹੈ । ਜਿੱਥੇ ਇਹ ਕੁਝ ਦਿਸਦਾ ਨਹੀਂਉਂ, ਉਸ ਦਾ ਨਾਂ ਹੀ ਮਾਰੂਥਲ ਹੈ । ਥਲ ਅੰਦਰ ਦਾ ਜੀਣ ਅਨੋਖਾ, ਬਿਨ ਪਾਣੀ ਤੋਂ ਮਾਰੂ ਫ਼ਸਲਾਂ, ਜੰਤ, ਪਰਿੰਦੇ, ਵਣ ਤ੍ਰਿਣ, ਬੰਦੇ ਦਿਲ ਵਿੱਚ ਅਜਬ ਜਿਹੀ ਕਲਵਲ ਹੈ । * ਸ਼ੁਭ ਕਰਮਨ ਦਾ ਅਜ਼ਮ ਹਮੇਸ਼ਾਂ ਆਪਣੇ ਹੱਥ ਉਚੇਰੇ ਰੱਖਣਾ । ਜਦ ਵੀ ਕਿਧਰੇ ਸੰਗਤ ਕਰਨੀ, ਖ਼ੁਸ਼ਬੂ ਦੀ ਕਰਨੀ ਪਰਦੱਖਣਾ । ਅੱਖੀਆਂ ਅੰਦਰ ਨੂਰ ਇਲਾਹੀ, ਮੱਥਾ ਸੂਰਜ ਵਾਂਗੂੰ ਚਮਕੂ, ਖ਼ੁਦ ਤੇ ਪਹਿਰੇਦਾਰੀ ਕਰਕੇ, ਅੰਮ੍ਰਿਤ ਬੂੰਦ ਸਦੀਵੀ ਚੱਖਣਾ । * ਸਾਥੋਂ ਦੇਹ ਦਾ ਓਹਲਾ ਕਰਦੇ, ਗੁਰ ਦਸਵੇਂ ਸਮਝਾਇਆ ਸਾਨੂੰ । ਬੰਦਿਆਂ ਮਗਰ ਨਾ ਬੰਦਿਆ ਲੱਗੀਂ, ਸ਼ਬਦ-ਗੁਰੂ ਲੜ ਲਾਇਆ ਸਾਨੂੰ । ਹਰ ਮੁਸ਼ਕਿਲ ਵਿੱਚ ਲਵੀਂ ਰੌਸ਼ਨੀ, ਮਨ ਦੇ ਹੁਜਰੇ ਜੋਤ ਜਗਾਵੀਂ, ਨਿਸ਼ਚਾ ਧਾਰੀਂ ਮੰਜ਼ਿਲ ਮਾਰੀਂ, ਸਿੱਧੇ ਮਾਰਗ ਪਾਇਆ ਸਾਨੂੰ । * ਮੈਂ ਕਾਦਰ ਨੂੰ ਖ਼ੁਦ ਤੱਕਿਆ ਹੈ, ਮਿੱਟੀ ਦਾ ਅਨੁਵਾਦ ਕਰਦਿਆਂ । ਟਾਹਣੀਆਂ ਉੱਪਰ ਫੁੱਲ ਤੇ ਪੱਤੇ, ਵਿੱਚ ਮਹਿਕਾਂ ਵਿਸਮਾਦ ਧਰਦਿਆਂ । ਜੇਕਰ ਤੈਨੂੰ ਰੰਗ ਨਾ ਦਿਸਦੇ, ਤੀਜਾ ਨੇਤਰ ਖੋਲ੍ਹ ਕੇ ਵੇਖੀਂ, ਧਰਤੀ ਸੂਰਜ ਵੇਖੇ ਮੈਂ ਤਾਂ, ਸੱਖਮ ਸੱਖਣੀ ਝੋਲ ਭਰਦਿਆਂ । * ਮੇਰਾ ਇੱਕ ਓਂਕਾਰ ਪਿਆਰਾ, ਦੇਵੇ ਲੱਖ ਨਜ਼ਰਾਨੇ । ਬੇ ਅੰਤੇ ਦੇ ਅੰਤਹੀਣ ਨੇ, ਆਦਿ ਜੁਗਾਦਿ ਖ਼ਜ਼ਾਨੇ । ਸਾਡੀ ਤਲਬ ਹਮੇਸ਼ਾਂ ਮਿੱਟੀ, ਮੰਗਦਾ ਨਾ ਸ਼ਰਮਾਈਏ, ਸ਼ਬਦ ਸੁਰਤਿ ਜੇ ਟਿਕਵੀਂ ਮੰਗਦੇ, ਲਾਉਂਦੇ ਤੀਰ ਨਿਸ਼ਾਨੇ । * ਗੁਰੂ ਦਾ ਸੁਨੇਹਾ ਪੁੱਤ ਬਾਣੀ ਨੂੰ ਸੰਭਾਲਿਉ । ਮਿੱਟੀ ਹਵਾ ਨਾਲ ਸ਼ੁੱਧ ਪਾਣੀ ਨੂੰ ਸੰਭਾਲਿਉ । ਲਿੱਸੇ ਨੂੰ ਨਾ ਕੁੱਟੇ ਕੋਈ, ਕਿਰਤ ਨਾ ਲੁੱਟੇ ਕੋਈ, ਭਲਾ ਸਰਬੱਤ ਵਾਲੀ, ਤਾਣੀ ਨੂੰ ਸੰਭਾਲਿਉ । * ਇੱਕ ਓਂਕਾਰ ਸਿਖਾਵੇ ਏਕਾ, ਸਬਕ ਮੂਲ ਨਾ ਭੁੱਲਿਉ । ਤੰਦ ਕਦੇ ਕਮਜ਼ੋਰ ਪਵੇ ਨਾ, ਓਇ ਮੋਤੀ ਅਣਮੁੱਲਿਉ । ਨਿਸ਼ਚੇ ਬਾਝੋਂ ਥਿੜਕੇ ਮੱਥਾ, ਪੱਲੇ ਭਟਕਣ ਪਾਵੇ, ਊਣੇ ਭਾਂਡੇ ਵਾਂਗਰ ਐਵੇਂ, ਕੰਢਿਆਂ ਤੋਂ ਨਾ ਡੁੱਲ੍ਹਿਉ । * ਭੁੱਲੀਂ ਨਾ ਗੁੱਟ ਫੜਨ ਵਾਲਿਆ, ਮਾਲ਼ਾ ਹੀ ਕਿਰਪਾਨ ਬਣੀ ਸੀ । ਆਨੰਦਪੁਰੀ ਵਿਸਾਖੀ ਵੇਲੇ ਪੰਜ ਕਕਾਰੀ ਸ਼ਾਨ ਬਣੀ ਸੀ । ਹੱਕ ਸੱਚ ਦੀ ਰਖਵਾਲੀ ਤੋਂ ਬਿਨ ਗਊ ਗਰੀਬ ਦੀ ਸ਼ਕਤੀ ਹੈ ਇਹ, ਵਤਨ ਪਿਆਰੇ ਖ਼ਾਤਰ ਇਹ ਹੀ ਭਗਤੀ ਸ਼ਕਤੀ ਤਾਨ ਬਣੀ ਸੀ । * ਹਾਕਮ ਬਣ ਕੇ ਰੋੜ੍ਹ ਰਿਹਾ ਸੀ, ਬੈਠ ਪਹਾੜੋਂ ਭਾਰੇ ਪੱਥਰ । ਭਾਣਾ ਮੰਨ, ਸਧਾਰਨ ਬੰਦਾ, ਡੋਲ੍ਹ ਰਿਹਾ ਸੀ ਹੁਣ ਤੱਕ ਅੱਥਰ । ਗੁਰੂ ਨਾਨਕ ਨੇ ਰਾਜੇ ਸ਼ੀਂਹ ਨੂੰ ਕਿਹਾ ਮੁਕੱਦਮ ਕੁੱਤੇ ਬੰਨ੍ਹ ਲੈ, ਦੱਸਦੇ ਨੇ ਹੁਣ ਵਲੀ ਕੰਧਾਰੀ ਦੇ ਘਰ ਵਿਛਿਆ ਕੋਰਾ ਸੱਥਰ । * ਧਰਤਿ ਵੰਗਾਰੇ ਤਖ਼ਤ ਨੂੰ, ਹੋ ਕੇ ਲਾਲੋ ਨਾਲ । ਨਿਸ਼ਚਾ ਮਨ ਵਿੱਚ ਧਾਰਿਆ, ਸਤਿਗੁਰ ਮੇਰੇ ਨਾਲ । ਮੈਂ ਮਰਨਾ ਨਹੀਂ ਮਾਰਿਆ, ਕੱਢ ਦੇ ਮਨ 'ਚੋਂ ਵਹਿਮ, ਮੇਰੀ ਰੱਤ 'ਚੋਂ ਅਜੇ ਤੂੰ ਪਹਿਲੀ ਕਿਸ਼ਤ ਸੰਭਾਲ । * ਬੁੱਧ ਮਰ ਗਿਆ ਕਹਿੰਦਾ ਕਹਿੰਦਾ, ਬੰਦਿਆ ਓਇ ਤੂੰ ਬਦਲ ਦ੍ਰਿਸ਼ਟੀ । ਨਜ਼ਰ ਨਜ਼ਰੀਆ ਨਿਸ਼ਚਤ ਕਰਦੈ, ਚਾਰ ਚੁਫ਼ੇਰੇ ਸਗਲ ਸ੍ਰਿਸ਼ਟੀ । ਬਦੀਆਂ ਸਿਰ ਬਦਕਾਰ ਹਮੇਸ਼ਾਂ, ਕੁਰਸੀ ਦਾ ਸੱਚ ਵੱਡਾ ਮੰਨੇ, ਆਸ ਕਿਵੇਂ ਚੰਗੇ ਦੀ ਉਸ ਤੋਂ, ਜਿਸ ਦੀ ਹੋਵੇ ਸੋਚ ਭ੍ਰਿਸ਼ਟੀ । * ਬੜੇ ਬਣਾ ਲਏ ਧਰਤੀ ਉੱਤੇ ਗੁਰ ਘਰ ਗਿਰਜੇ ਮਸਜਿਦ ਮੰਦਰ । ਮਰੇ ਨਾ ਸਾਥੋਂ ਸਾਰਿਆਂ ਕੋਲੋਂ ਦਿਲ ਵਿਚਲਾ ਸ਼ੈਤਾਨੀ ਬੰਦਰ । ਗਾਜਰ ਮੂਲੀ ਵਾਂਗ ਕੁਤਰੀਏ ਸੂਹੇ ਸੁਪਨਿਆਂ ਵਾਲੇ ਬੰਦੇ, ਵੇਖੋ! ਆਹ ਕੀ ਰੁੜ੍ਹਿਆ ਜਾਂਦਾ ਦਰਦਾਂ ਦੇ ਦਰਿਆ ਦੇ ਅੰਦਰ । * ਧੱਕੇ ਖਾਂਦਾ ਤੁਰਿਆ ਫਿਰਦੈਂ, ਮੂੜ੍ਹ ਮਨਾ ਕਿਉਂ ਮਸਜਿਦ ਮੰਦਰ । ਸ਼ਬਦ-ਗੁਰੂ ਸਮਝਾਇਐ ਤੈਨੂੰ, ਸਭ ਕੁਝ ਬੰਦਿਆ ਤੇਰੇ ਅੰਦਰ । ਰੋਜ਼ ਉਡੀਕੇਂ ਹੋਰ ਕੋਈ ਕਿਉਂ, ਆਵੇ ਤੇਰਾ ਰਾਹ ਰੁਸ਼ਨਾਵੇ, ਕਿਉਂ ਨਾ ਪੈਰੋਂ ਜੂੜ ਉਤਾਰੇਂ, ਲਾਹਵੇਂ ਨਾ ਅਗਿਆਨ ਦੇ ਜੰਦਰ । * ਬਿਨ ਸੰਘਰਸ਼ ਕਦੇ ਵੀ ਬੰਦਾ, ਗੱਲਾਂ ਨਾਲ ਮਹਾਨ ਨਹੀਂ ਬਣਦਾ । ਬਿਨਾ ਤਰਾਸ਼ੇ ਪੱਥਰ ਟੁਕੜਾ, ਮਿੱਟੀ ਹੈ, ਭਗਵਾਨ ਨਹੀਂ ਬਣਦਾ । ਕਰਮੋਂ ਖੋਟੇ ਬੰਦਿਆਂ ਦੀ ਬੱਸ ਜੀਭ ਬੋਲਦੀ ਰਹੇ ਨਿਰੰਤਰ, ਬਾਣ ਲੱਗੇ ਬਿਨ ਰੋਸ ਨਾ ਜਾਗੇ, ਐਵੇਂ ਤਾਂ ਮੁੱਕਾ ਨਹੀਂ ਤਣਦਾ । * ਹਰ ਯੁਗ ਅੰਦਰ ਸੂਲੀ ਚੜ੍ਹਦਾ ਹੱਕ ਸੱਚ ਲਈ ਧਰਤੀ ਦਾ ਜਾਇਆ । ਏਸੇ ਕਰਕੇ ਗ਼ਰਜ਼ਾਂ ਮਾਰਿਆਂ, ਆਪਣਾ ਆਪਣਾ ਫ਼ਰਜ਼ ਭੁਲਾਇਆ । ਹਰ ਵਰਕਾ ਇਤਿਹਾਸ ਦਾ ਪੜ੍ਹ ਲਉ, ਹਰਫ਼ ਹਰਫ਼ ਇਹ ਕੂਕ ਪੁਕਾਰੇ, ਵਾਰਸ ਉਸ ਦੀ ਛਾਂ ਨੂੰ ਮਾਨਣ, ਪੁਰਖਿਆਂ ਜੋ ਵੀ ਬੂਟਾ ਲਾਇਆ । * ਹੇ ਧਰਤੀ ਦੇ ਜਾਇਉ ! ਜਾਗੋ, ਸਾਜ਼ਾਂ ਨਾਲ ਆਵਾਜ਼ ਮਿਲਾਉ । ਰਾਗ, ਨਾਦ ਸ਼ਬਦਾਂ ਦੀ ਸੰਗਤ, ਭਾਗਾਂ ਵਾਲਿਉ, ਰੂਹ ਤ੍ਰਿਪਤਾਉ । ਰਾਵੀ ਪਾਰ ਬਾਰ ਦੇ ਢੋਲੇ, ਮਾਝੇ ਦੀ ਸੱਦ, ਹੇਕ ਮਾਲਵਾ, ਦੇਸ ਦੋਆਬਾ, ਸਣੇ ਪੁਆਧਾ, ਮਨ-ਮੰਦਰ ਵਿੱਚ ਜੋਤ ਜਗਾਉ । * ਮਨ-ਮੈਦਾਨ ਬਣਾਈਏ ਕਿੱਦਾਂ, ਇਹ ਤਾਂ ਦੱਸ ਦੇ ਯਾਰ ਫ਼ਰੀਦਾ । ਹੋਰ ਬਥੇਰੀਆਂ ਜੰਗਾਂ ਜਿੱਤੀਏ, ਮਨ ਤੋਂ ਜਾਈਏ ਹਾਰ ਫ਼ਰੀਦਾ । ਯਤਨ ਬਥੇਰੇ ਕਰਦਾ ਹਾਂ ਪਰ ਨੇੜੇ ਜਾ ਕੇ ਛੁੱਟ ਜਾਏ ਕੰਨੀ, ਇੱਕ ਰਾਹ ਦੱਸ ਦੇ, ਮਨ ਤੋਂ ਲੱਥੇ ਚੌਰਾਹਿਆਂ ਦਾ ਭਾਰ ਫ਼ਰੀਦਾ । * ਪੱਤੀ ਪੱਤੀ ਅੰਦਰ ਕਾਦਰ, ਕਿਸ ਵੇਲ਼ੇ ਰੰਗ ਧਰ ਜਾਂਦਾ ਹੈ । ਸਾਡੇ ਸੁੱਤਿਆਂ ਸੁੱਤਿਆਂ ਰਸੀਆ, ਫ਼ਲ ਅੰਦਰ ਰਸ ਭਰ ਜਾਂਦਾ ਹੈ । ਧਰਤੀ ਸੂਰਜ ਪੌਣ ਤੇ ਪਾਣੀ, ਖੇਡ ਖਿਡਾਵੇ ਹਰ ਦਿਨ ਹਰ ਪਲ, ਕਿਉਂ ਵਣਜਾਰਾ ਦਿਨ ਚੜ੍ਹਦੇ ਹੀ ਟਾਹਣੀ ਸੁੰਨੀ ਕਰ ਜਾਂਦਾ ਹੈ । * ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ ਹਰ ਯੁਗ ਈਸਾ ਸੂਲ਼ੀ ਚੜ੍ਹਦਾ । ਫਿਰ ਵੀ ਉਸ ਦੀ ਦਿੱਤੀ ਸਿੱਖਿਆ, ਖੁਟਰ ਜ਼ਮਾਨਾ ਕਿਉਂ ਨਹੀਂ ਪੜ੍ਹਦਾ । ਇੱਕ ਸੈਂਕੜੇ ਵਿੱਚੋਂ ਪੰਜ ਛੇ ਕੁਰਸੀਧਾਰੀ ਕਰਨ ਖ਼ੁਆਰੀ, ਸਦੀਆਂ ਬੀਤਣ ਬਾਦ ਅਜੇ ਵੀ ਤਿਲਕਦਿਆਂ ਦਾ ਪੈਰ ਨਾ ਅੜਦਾ । * ਸ਼ੁਭਚਿੰਤਨ, ਸੁਭਕਰਮਨ ਕਰਨਾ, ਹਰ ਜੰਦਰੇ ਦਾ ਇੱਕੋ ਚਾਬੀ । ਕਾਹਲਾ ਨਾ ਪੈ, ਮਿਲੂ ਨਤੀਜਾ, ਕਿਉਂ ਚਾਹੁੰਦਾ ਏਂ ਫ਼ਸਲ ਸ਼ਤਾਬੀ । ਸਦੀਆਂ ਸਿਦਕ ਸਮਰਪਣ ਸੇਵਾ ਸਹਿਜ ਤੁਰਦਿਆਂ ਸਬਕ ਲਿਆ ਹੈ, ਰਾਤੋ ਰਾਤ ਸਿਖ਼ਰ ਨਹੀਂ ਪਹੁੰਚੀ ਸੂਰਮਿਆਂ ਦੀ ਜ਼ਾਤ ਪੰਜਾਬੀ । * ਮੇਰੇ ਵੀਰੋ ਆਪਣੇ ਹੱਥੀਂ ਸ਼ੁਭ ਕਰਮਨ ਦਾ ਬੀਜ ਖਿਲਾਰੋ । ਹਰ ਮਿੱਟੀ ਵਿੱਚ ਉੱਗਣ-ਸ਼ਕਤੀ ਪਿਆਰ ਤਰੌਂਕਾ ਹਰ ਥਾਂ ਮਾਰੋ । ਏਥੇ ਕੁਝ ਨਹੀਂ ਹੋ ਸਕਦਾ ਹੁਣ ਬਦਲ ਦਿਉ ਬੀਮਾਰ ਨਜ਼ਰੀਆ, ਕੱਲ੍ਹ ਦਾ ਸੂਰਜ ਵੱਖਰਾ ਹੋਊ ਆਪ ਵੇਖਿਉ ਬਰਖ਼ੁਰਦਾਰੋ । * ਰੱਬ ਦੀ ਹੋਂਦ ਪਤਾ ਨਹੀਂ ਮੈਨੂੰ ਹੈ ਜਾਂ ਨਾ ਇਨਕਾਰ ਨਹੀਂ ਕਰਦਾ । ਜਿਸ ਨੂੰ ਲੋਕੀਂ ਪੂਜ ਰਹੇ ਨੇ ਉਸ ਨੂੰ ਮੈਂ ਸਵੀਕਾਰ ਨਹੀਂ ਕਰਦਾ । ਘਾੜਨਹਾਰੇ ਦੀ ਹੈ ਰਹਿਮਤ ਜੇ ਪੱਥਰ ਭਗਵਾਨ ਬਣ ਗਿਆ, ਹੱਥ ਪੈਰ ਹੀ ਪਾਰ ਲੰਘਾਉਂਦੇ ਸਭ ਕੁਝ ਤਾਰਨਹਾਰ ਨਹੀਂ ਕਰਦਾ । * ਛੇੜ ਬੰਸਰੀ ਤਾਨ ਸੁਣਾਦੇ ਬੇਸੁਰ ਹਾਂ ਮੈਂ ਕ੍ਰਿਸ਼ਨ ਘਨੱਈਆ । ਨਫ਼ਰਤ-ਰਾਗ ਸੁਣਦਿਆਂ ਅੱਕੀ, ਬੇਬਸ ਮੇਰੀ ਧਰਤੀ ਮੱਈਆ । ਕੁਰਸੀ ਦੇ ਹੰਕਾਰ 'ਚ ਅੰਨ੍ਹੇ ਤੋੜ ਰਹੇ ਸੁਰਵੰਤੀ ਵੰਝਲੀ, ਬਦਲ ਰਹੀ ਵਲਦੀਅਤ ਤਾਂਹੀਓਂ, ਬਣਿਆ ਸਭਦਾ ਬਾਪ ਰੁਪਈਆ । * ਰੱਬ ਤੋਂ ਜੇਕਰ ਮੰਗਣਾ ਹੈ ਤਾਂ ਨੇਕ-ਪੁਰਖ਼ ਦੀ ਸੰਗਤ ਮੰਗੀਏ । ਖ਼ਿਮਾ ਕਰਨ, ਮੰਗਣ ਦੀ ਸ਼ਕਤੀ, ਦੇਵਣਹਾਰ ਤੋਂ ਰਤਾ ਨਾ ਸੰਗੀਏ । ਮੰਦੜੇ ਖ਼ਿਆਲ ਤੇ ਸੁਪਨ ਅਵੱਲੇ ਭੁੱਲਣ ਵਿੱਚ ਹੀ ਬਰਕਤ ਰਹਿੰਦੀ, ਦੂਸਰਿਆਂ ਦੇ ਜਾਲ਼ 'ਚ ਫਸ ਕੇ, ਕਿਉਂ ਆਪਣੀ ਜਿੰਦ ਸੂਲ਼ੀ ਟੰਗੀਏ । * ਹਰਿਮੰਦਰ ਨੂੰ ਵੇਖਦੀ ਪੂਰੇ ਚੰਨ ਦੀ ਰਾਤ । ਕੁਦਰਤ ਕਰਦੀ ਗੁਫ਼ਤਗੂ ਸੁਣਦੀ ਰੱਬ ਦੀ ਜ਼ਾਤ । ਸਾਡੇ ਗੁਰ-ਦਰਬਾਰ ਵਿੱਚ ਹਾਜ਼ਰ ਹੋਇਆ ਨੂਰ, ਆਸਾ ਰਾਗ ਅਲਾਪਦੀ ਸੁਣ ਲਈ ਮੈੰ ਪਰਭਾਤ । * ਗੁਰੂ ਨਾਨਕ ਦੀ ਬਾਣੀ ਪੜ੍ਹਦਾਂ, ਸਿਰ ਸੂਹੀ ਦਸਤਾਰ ਵੀ ਹੈ । ਦਸਮ ਪਿਤਾ ਤਾਂ ਮੁਸ਼ਕਿਲ ਵੇਲੇ ਬੇਕਸੀਆਂ ਵਿੱਚ ਯਾਰ ਵੀ ਹੈ । ਧਰਤੀ ਦੀ ਮਰਯਾਦਾ ਸਮਝਾਂ, ਦੁੱਲਾ, ਬੁੱਲਾ ਬੁੱਕਲ ਵਾਂਗ, ਫਿਰ ਵੀ ਸੰਗਲ ਟੁੱਟਦੇ ਹੀ ਨਾ ਇਹਦਾ ਮਨ ਤੇ ਭਾਰ ਵੀ ਹੈ । * ਗੁੰਮ ਗੁਆਚ ਗਏ ਨੇ ਜਿੱਸਰਾਂ, ਪਿੰਡਾਂ ਵਿੱਚੋਂ ਖੂਹ ਦੇ ਪਾਣੀ । ਭੀੜ ਫਿਰੇ ਪਈ ਚਾਰ-ਚੁਫ਼ੇਰੇ, ਲੱਭਦੇ ਹੀ ਨਾ ਰੂਹ ਦੇ ਹਾਣੀ । ਜੀਵੇ ਜਾਗੇ ਦੇਸ਼ ਮਾਲਵਾ, ਪੌਣੀ ਉਮਰ ਗੁਜ਼ਾਰੀ ਜਿੱਥੇ, ਪਰ ਰੂਹ ਖਿੜਦੀ, ਜਦ ਮਿਲ ਜਾਂਦੇ, ਮਾਝੇ ਵਿਚਲੀ ਜੂਹ ਦੇ ਹਾਣੀ । * ਨਜ਼ਰ, ਨਜ਼ਰੀਏ ਅੰਦਰ ਜੇਕਰ ਸ਼ੁਭ ਕਰਮਨ ਦੀ ਰੀਝ ਦਾ ਵਾਸਾ । ਦੁਨੀਆਂ ਆਪੇ ਭਰ ਦੇਂਦੀ ਹੈ ਪਿਆਰ ਮੁਹੱਬਤ ਵਾਲਾ ਕਾਸਾ । ਸ਼ੁਭ-ਮਨ, ਬਚਨ, ਕਰਮ ਦਾ ਨਾਂ ਹੀ ਰੱਖਿਆ ਜਾਪੇ ਸਰਸਵਤੀ ਹੈ, ਇਹ ਦੇਵੀ ਨਾ ਨਿੱਖੜੇ ਮੈਥੋਂ ਮੇਰਾ ਇਹ ਹਰ ਪਲ ਅਰਦਾਸਾ । * ਸੂਰਜ ਇੱਕ ਅਨੇਕਾਂ ਰੁੱਤਾਂ ਗੁਰੂ ਨਾਨਕ ਫੁਰਮਾਇਆ । ਫੁੱਲ-ਪੱਤੀਆਂ ਖ਼ੁਸ਼ਬੋਈਆਂ ਇਸ 'ਚੋਂ ਸਰਬ ਖ਼ਜ਼ਾਨਾ ਪਾਇਆ । ਪਰ ਏਨੀ ਗੱਲ ਕਦੇ ਨਾ ਭੁੱਲਿਓ, ਬਿਰਖ਼-ਬਰੂਟਿਓ, ਬੰਦਿਓ, ਜੜ੍ਹਾਂ ਸਲਾਮਤ ਰਹਿਣ ਜਦੋਂ ਤੱਕ ਓਦੋਂ ਤੀਕਰ ਕਾਇਆ । * ਹੋਰ ਕਿਸੇ ਨੂੰ ਕਿਉਂ ਪੁੱਛਦੇ ਹੋ, ਆਪਣੀ ਸ਼ਕਤੀ ਆਪ ਨਿਹਾਰੋ । ਸਾਰਾ ਕੁਝ ਵਿਸ਼ਵਾਸ ਦੇ ਅੰਦਰ, ਸਮਝ ਲਵੋ ਇਹ ਬਰਖ਼ੁਰਦਾਰੋ । ਮਨ ਹੈ ਜੋਤਿ ਸਰੂਪ ਪੜ੍ਹੋ ਜੇ, ਜੋ ਗੁਰ ਗੂੜ੍ਹਾ ਲਿਖਿਆ ਮੱਥੇ, ਜੇਕਰ ਪੱਲੇ ਪਾਕਿ-ਦ੍ਰਿਸ਼ਟੀ ਸਗਲ ਸ੍ਰਿਸ਼ਟੀ ਆਪ ਸੰਵਾਰੋ । * ਸਿਰਜਣਹਾਰਾ ਹਾਜ਼ਰ ਹਰ ਥਾਂ ਫੁੱਲ ਪੱਤੀਆਂ ਖੁਸ਼ਬੋਈਆਂ ਅੰਦਰ । ਮੈਂ ਹੀ ਕਿਤੇ ਗੁਆਚ ਗਿਆ ਸਾਂ ਸੁੱਤੀਆਂ ਰੀਝਾਂ ਮੋਈਆਂ ਅੰਦਰ । ਰੁੱਤਾਂ ਨੇ ਜਦ ਰੂਪ ਬਦਲਿਆ ਟਾਹਣੀ ਟਾਹਣੀ ਖਿੜੇ ਸ਼ਗੂਫ਼ੇ, ਏਦਾਂ ਲੱਗਿਆ ਮੁੜ ਆਇਆ ਮੈਂ ਲਗਰਾਂ ਨਰਮ ਨਰੋਈਆਂ ਅੰਦਰ । * ਵੇਚ ਰਹੇ ਨੇ ਧਰਮ ਧਰਾਤਲ, ਮੰਡੀਆਂ ਵਿੱਚ ਵਪਾਰਾਂ ਵਾਲੇ । ਮਨ ਤੇ ਮੁੱਖ ਵਿੱਚ ਬੜਾ ਫ਼ਾਸਲਾ, ਰੱਖਦੇ ਗੁੱਝੀਆਂ ਮਾਰਾਂ ਵਾਲੇ । ਸੜਿਆ ਜੰਗਲ, ਪੱਤ ਹਰਿਆਲੇ ਬਾਕੀ ਬਚ ਗਏ ਆਖ ਰਹੇ ਨੇ, ਕੁੱਲ ਆਲਮ ਦੀਆਂ ਖ਼ੈਰਾਂ ਮੰਗੋ, ਸਿਰ ਬੱਧੀਆਂ ਦਸਤਾਰਾਂ ਵਾਲੇ । * ਕਦੇ ਅਜਾਈਂ ਜਾਂਦੀ ਨਹੀਉਂ, ਮੋਹਵੰਤੀ ਅਰਦਾਸ ਕਦੇ ਵੀ । ਬੰਦੇ ਵਿੱਚ ਬੰਦੇ ਦਾ ਏਦਾਂ, ਟੁੱਟੇ ਨਾ ਵਿਸ਼ਵਾਸ ਕਦੇ ਵੀ । ਨਫ਼ਰਤ ਦੀ ਧੂਣੀ ਦਾ ਧੁਖਣਾ, ਤਨ ਮਨ ਦੋਵੇਂ ਰਾਖ਼ ਬਣਾਵੇ, ਕੋਸ਼ਿਸ਼ ਕਰਿਉ, ਬੋਲ ਤੁਹਾਡੇ, ਬਣਨ ਨਾ ਰੂਹ ਤੇ ਲਾਸ ਕਦੇ ਵੀ । * ਕਰਜ਼ਿਆਂ ਦੀ ਪੰਡ ਭਾਰੀ ਧੌਣ ਤੇ, ਕੋਈ ਨਾ ਅੰਤ ਹਿਸਾਬ । ਪਤਾ ਨਹੀਂ ਕਿਉਂ ਆਖੀ ਜਾਈਏ, ਰੰਗਲਾ ਦੇਸ਼ ਪੰਜਾਬ । ਕੁੱਲ ਦੁਨੀਆਂ ਦਾ ਰਾਜਕ ਦਾਤਾ, ਪਾਂਡੀ ਬਣਿਆ ਵੇਖੋ, ਮਿੱਧ ਸੁੱਟਿਆ ਜਰਵਾਣਿਆਂ, ਖਿੜਿਆ ਸਾਡਾ ਸੁਰਖ਼ ਗੁਲਾਬ । * ਜੇ ਜੀਣੈਂ ਤੂੰ ਸੱਜਰੇ ਸਾਹੀਂ, ਖੁੱਲ੍ਹੇ ਰੱਖ ਲੈ ਦਿਲ ਦਰਵਾਜ਼ੇ । ਪੌਣ-ਪਰਿੰਦੇ ਆ ਜਾ ਸਕਦੇ ਇਸ ਰਾਹ ਥਾਣੀਂ ਬੇਆਵਾਜ਼ੇ । ਬੂਹੇ ਬੰਦ ਖਿੜਕੀਆਂ ਪਰਦੇ, ਮਰਨ ਤਿਆਰੀ ਲੱਗਦੀ ਤੇਰੀ, ਕੰਧਾਂ ਵਿੱਚ ਤਰੇੜਾਂ ਪਾਟਣ ਜਿਸ ਘਰ ਸੁਪਨੇ ਆਉਣ ਨਾ ਤਾਜ਼ੇ । * ਵਗਦੇ ਦਰਿਆ ਦੇ ਵਿੱਚ ਸੂਰਜ, ਸਣ ਕੇਸੀਂ ਇਸ਼ਨਾਨ ਕਰੇਗਾ । ਮਗਰੋਂ ਸਾਰਾ ਦਿਨ ਇਹ ਸਾਨੂੰ ਸੁੱਚੀਆਂ ਕਿਰਨਾਂ ਦਾਨ ਕਰੇਗਾ । ਮਾਂਗ ਸੰਧੂਰੀ ਕਰਕੇ ਝੋਲ਼ੀ, ਫ਼ਲ, ਫੁੱਲ, ਦਾਣਿਆਂ ਨਾਲ ਭਰੇਗੀ, ਧਰਤਿ ਸੁਹਾਗਣ ਵਾਂਗ ਸਜੇਗੀ ਜਦ ਵੀ ਏਧਰ ਧਿਆਨ ਕਰੇਗਾ । *
ਅੰਤਿਕਾ - ਗੁਰਭਜਨ ਗਿੱਲ ਜੀਵਨ ਤੇ ਪ੍ਰਾਪਤੀ ਵੇਰਵਾ
ਗੁਰਭਜਨ ਸਿੰਘ ਗਿੱਲ (ਪ੍ਰੋ.) ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ) ਵਿਖੇ ਪਿਤਾ ਸ. ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਜੀ ਦੇ ਘਰ ਹੋਇਆ । ਉਸ ਦੇ ਵੱਡੇ ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ (ਲੁਧਿਆਣਾ) ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ (ਸਿਡਨੀ-ਆਸਟਰੇਲੀਆ) ਤੇ ਪ੍ਰੋ: ਸੁਖਵੰਤ ਸਿੰਘ ਗਿੱਲ (ਬਟਾਲਾ) ਨੇ ਆਪਣੇ ਨਿੱਕੇ ਵੀਰ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਹਮੇਸ਼ਾਂ ਹਰ ਸੁਪਨਾ ਪੂਰਾ ਕਰਨ ਵਿੱਚ ਮਦਦ ਕੀਤੀ ਹੈ ।
ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿੱਤ ਸੰਪਾਦਕ, ਸੰਸਥਾਵਾਂ ਦਾ ਕੁਸ਼ਲ ਪ੍ਰਬੰਧਕ ਅਤੇ ਪੇਂਡੂ ਖੇਡਾਂ ਤੇ ਸਭਿਆਚਾਰਕ ਮੇਲਿਆਂ ਦੇ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸਖਸ਼ੀਅਤ ਹੈ ।
ਆਪਣੇ ਪਿੰਡ ਬਸੰਤਕੋਟ ਦੇ ਸਰਕਾਰੀ ਸਕੂਲ ਤੋਂ ਪ੍ਰਾਇਮਰੀ, ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਤੋਂ ਦਸਵੀਂ ਤੇ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ (ਗੁਰਦਾਸਪੁਰ) ਤੋਂ ਬੀ.ਏ. ਭਾਗ ਪਹਿਲਾ ਪਾਸ ਕਰਕੇ ਉਹ 1971 ਵਿੱਚ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਪੜ੍ਹਨ ਆ ਗਿਆ ਜਿੱਥੋਂ 1974 ਵਿੱਚ ਉਸਨੇ ਗਰੈਜੂਏਸ਼ਨ ਕਰਕੇ 1976 ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ.ਏ. (ਪੰਜਾਬੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਦੂਸਰੀ ਪੁਜ਼ੀਸ਼ਨ ਹਾਸਿਲ ਕਰਕੇ ਪਹਿਲੇ ਦਰਜ਼ੇ 'ਚ ਪਾਸ ਕੀਤੀ ।
ਉਸ ਨੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਵੀ ਮਹੱਤਵਪੂਰਨ ਸੇਵਾਵਾਂ ਦਿੱਤੀਆਂ ਹਨ ।
1954 'ਚ ਸਥਾਪਤ ਹੋਈ ਮਹਾਨ ਸਾਹਿੱਤਕ ਤੇ ਅਕਾਡਮਿਕ ਖੋਜ ਸੰਸਥਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਉਹ 1980 ਵਿੱਚ ਜੀਵਨ ਮੈਂਬਰ ਬਣਿਆ ।
1984 ਤੋਂ 1988 ਤੀਕ ਇਸ ਮਹਾਨ ਸੰਸਥਾ ਦਾ ਡਾ. ਮ.ਸ. ਰੰਧਾਵਾ ਤੇ ਪ੍ਰੋ. ਪ੍ਰੀਤਮ ਸਿੰਘ ਜੀ ਵੇਲੇ ਸਭ ਤੋਂ ਛੋਟੀ ਉਮਰ ਦਾ ਕਾਰਜਕਾਰਨੀ ਮੈਬਰ, 1996 ਤੋਂ 2002 ਤੀਕ ਇਸ ਦਾ ਸ. ਅਮਰੀਕ ਸਿੰਘ ਪੂਨੀ ਜੀ ਦੀ ਪ੍ਰਧਾਨਗੀ ਵੇਲੇ ਮੀਤ ਪ੍ਰਧਾਨ, 2002 ਤੋਂ 2008 ਤੀਕ ਡਾ. ਸੁਰਜੀਤ ਪਾਤਰ ਜੀ ਦੀ ਪ੍ਰਧਾਨਗੀ ਵੇਲੇ ਸੀਨੀਅਰ ਮੀਤ ਪ੍ਰਧਾਨ ਤੇ 2010 ਤੋਂ 2014 ਤੀਕ ਪ੍ਰਧਾਨ ਰਿਹਾ ।
ਸੱਭਿਆਚਾਰਕ ਖੇਤਰ ਵਿੱਚ ਵੀ ਉਹ ਬਹੁਤ ਕਾਰਜਸ਼ੀਲ ਰਿਹਾ ।
ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਕਰਵਾਉਂਦੀ ਸੰਸਥਾ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿ) ਲੁਧਿਆਣਾ ਦੇ ਬਾਨੀਆਂ ਵਿੱਚੋਂ ਉਹ ਇੱਕ ਹੈ । ਇਸ ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਵਜੋਂ ਕਾਰਜਸ਼ੀਲ ਰਿਹਾ ਹੈ । ਇਸ ਵਕਤ ਉਹ ਇਸ ਦਾ ਸਰਪ੍ਰਸਤ ਹੈ ।
ਖੇਡ ਸੱਭਿਆਚਾਰ ਵਿੱਚ ਵੀ ਉਸ ਦਾ ਉੱਘੜਵਾਂ ਯੋਗਦਾਨ ਹੈ । ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਦਾ ਸਲਾਹਕਾਰ ਤੇ ਬਟਾਲਾ ਨੇੜੇ ਪਿੰਡ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੀ ਪ੍ਰਬੰਧਕ ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਚੇਅਰਮੈਨ ਵਜੋਂ ਅੱਜ ਵੀ ਸੇਵਾ ਕਰ ਰਿਹਾ ਹੈ ।
ਉਹ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਰਾਏਕੋਟ-ਬੱਸੀਆਂ (ਲੁਧਿਆਣਾ) ਦੇ ਬਾਨੀ ਚੇਅਰਮੈਨ ਵਜੋਂ 2012 ਤੋਂ ਹੁਣ ਤੀਕ ਕਾਰਜਸ਼ੀਲ ਹੈ । ਇਸ ਟਰਸਟ ਦੀ ਦੇਖ ਰੇਖ ਹੇਠ ਹੀ ਪੰਜਾਬ ਸਰਕਾਰ ਨੇ 5 ਕਰੋੜ 80 ਲੱਖ ਦੀ ਲਾਗਤ ਨਾਲ ਬੱਸੀਆਂ (ਨੇੜੇ ਰਾਏਕੋਟ) ਵਿਖੇ ਪੰਜਾਬ ਦੇ ਆਖ਼ਰੀ ਪ੍ਰਭਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਯਾਦਗਾਰ ਬਣਾਈ ਹੈ । ਮਹਾਰਾਜਾ ਦਲੀਪ ਸਿੰਘ ਜੀ ਨੇ ਜਲਾਵਤਨੀ ਤੋਂ ਪਹਿਲਾਂ ਪੰਜਾਬ ਵਿੱਚ ਆਖ਼ਰੀ ਰਾਤ ਇੱਥੇ ਕੱਟੀ ਸੀ । ਉਨ੍ਹਾਂ ਦੀ ਯਾਦਗਾਰ ਇਸ ਵੇਲੇ ਮਾਲਵੇ ਦੇ ਪ੍ਰਸਿੱਧ ਯਾਤਰਾ ਸਥਾਨ ਵਜੋਂ ਪ੍ਰਸਿੱਧ ਹੋ ਚੁੱਕੀ ਹੈ ।
ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ 1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ । ਇਥੋਂ ਸੇਵਾਮੁਕਤ ਹੋ ਕੇ ਉਹ ਕੁਝ ਸਮਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਡਾਇਰੈਕਟਰ ਯੋਜਨਾ ਤੇ ਵਿਕਾਸ ਰਹੇ । ਇਸ ਤੋਂ ਪਹਿਲਾਂ ਉਹ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿੱਚ ਪਹਿਲੀ ਵਾਰ ਪੜ੍ਹਾਉਣ ਲੱਗੇ । ਅਗਸਤ 1977 ਤੋਂ ਅਪ੍ਰੈਲ 1983 ਤੀਕ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ (ਲੁਧਿਆਣਾ) ਵਿੱਚ ਵੀ ਪੜ੍ਹਾਇਆ ।
ਉਨਾਂ ਦੀਆਂ ਸਾਹਿੱਤ ਰਚਨਾਵਾਂ ਇਹ ਹਨ : ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ), ਦੋ ਹਰ/ ਰਸੀਦੀ (ਗ਼ਜ਼ਲ ਸੰਗ੍ਰਹਿ), ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਤੇ ਪੰਜਾਬੀਅਤ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲ ਸੰਗ੍ਰਹਿ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ), ਗੁਲਨਾਰ (ਗ਼ਜ਼ਲ ਸੰਗ੍ਰਹਿ), ਮਿਰਗਾਵਲੀ (ਗ਼ਜ਼ਲ ਸੰਗ੍ਰਹਿ), ਰਾਵੀ (ਗ਼ਜ਼ਲ ਸੰਗ੍ਰਹਿ), ਸੁਰਤਾਲ (ਗ਼ਜ਼ਲ ਸੰਗ੍ਰਹਿ), ਚਰਖ਼ੜੀ (ਕਵਿਤਾਵਾਂ), ਪਿੱਪਲ ਪੱਤੀਆਂ (ਗੀਤ ਸੰਗ੍ਰਹਿ), ਜਲ ਕਣ (ਰੁਬਾਈਆਂ), ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ, ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ (ਕੌਫੀ ਟੇਬਲ ਕਿਤਾਬ) ਜ਼ੇਵਰ (ਗ਼ਜ਼ਲਾਂ) ਛਪ ਚੁਕੀਆਂ ਹਨ ।
1973 ਤੋਂ 2023 ਵਿਚਕਾਰ ਉਨ੍ਹਾਂ ਵੱਲੋਂ ਲਿਖੇ ਅੱਠ ਗ਼ਜ਼ਲ ਸੰਗ੍ਰਹਿਾਂ ਹਰ ਧੁਖਦਾ ਪਿੰਡ ਮੇਰਾ ਹੈ, ਮੋਰ ਪੰਖ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸੀ, ਸੁਰਤਾਲ ਤੇ ਜ਼ੇਵਰ ਨੂੰ ਇੱਕ ਜਿਲਦ ਵਿੱਚ “ਅੱਖਰ ਅੱਖਰ” ਨਾਮ ਹੇਠ ਪ੍ਰਕਾਸਤਿ ਕੀਤਾ ਗਿਆ ਹੈ । 2025 ਤੀਕ ਲਿਖੀਆਂ ਕੁੱਲ ਕਵਿਤਾਵਾਂ, ਗੀਤਾਂ ਤੇ ਰੁਬਾਈਆਂ ਨੂੰ ਵੀ “ਸ਼ਬਦ ਸ਼ਬਦ” ਨਾਮ ਹੇਠ ਸੰਗ੍ਹਹਿਤ ਕੀਤਾ ਗਿਆ ਹੈ । ਤਾਰਿਆਂ ਦੀ ਗੁਜ਼ਰਗਾਹ ਪੁਸਤਕ ਵਿੱਚ ਉਸ ਦੀਆਂ ਧਾਰਮਿਕ, ਵਿਰਾਸਤੀ ਤੇ ਇਤਿਹਾਸ ਨਾਲ ਸਬੰਧਤ ਰਚਨਾਵਾਂ ਹਨ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਜੈਤਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੇ 350ਵੇਂ ਸਾਲ ਨੂੰ ਸਮਰਪਿਤ ਕੀਤੀ ਗਈ ਹੈ ।
ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ “ਕੈਮਰੇ ਦੀ ਅੱਖ ਬੋਲਦੀ” 1999 'ਚ ਛਪੀ ਸੀ ਜੋ ਪਹਿਲਾਂ ਰੋਜ਼ਾਨਾ ਅਖ਼ਬਾਰ ਅਜੀਤ ਚ ਲਗਾਤਾਰ ਤਿੰਨ ਸਾਲ ਛਪੇ ਲੇਖਾਂ ਤੇ ਆਧਾਰਿਤ ਹੈ । ਇਹ ਸ: ਤੇਜਪ੍ਰਤਾਪ ਸਿੰਘ ਸੰਧੂ ਜੀ ਦੇ ਫੋਟੋ ਚਿਤਰਾਂ ਨਾਲ ਸੁਸੱਜਿਤ ਹੈ ।
ਉਨ੍ਹਾਂ ਦੀਆਂ ਸੰਪਾਦਤ ਮਹੱਤਵ ਪੂਰਨ ਪੁਸਤਕਾਂ : ਧਰਤ ਵੰਗਾਰੇ ਤਖ਼ਤ ਨੂੰ (ਕਿਸਾਨ ਸੰਘਰਸ਼ ਬਾਰੇ ਕਵਿਤਾਵਾਂ), ਸੂਰਜ ਦੀ ਲਿਸ਼ਕੋਰ (ਲੋਕ ਕਵੀ ਪ੍ਰੀਤਮ ਦਾਸ ਠਾਕੁਰ ਦੀ ਚੋਣਵੀਂ ਸ਼ਾਇਰੀ), ਮਹਿਕ ਪੰਜਾਬ ਦੀ (ਲੋਕ ਕਵੀ ਕਰਤਾਰ ਸਿੰਘ ਕਵੀ ਦੀ ਰਚਨਾ), ਸ. ਸੋਭਾ ਸਿੰਘ ਸਿਮਰਤੀ ਗ੍ਰੰਥ (ਪੁਰਦਮਨ ਸਿੰਘ ਬੇਦੀ ਨਾਲ ਸਹਿ ਸੰਪਾਦਨ), ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਲਈ 50 ਤੋਂ ਵੱਧ ਵਿਗਿਆਨਕ ਪੁਸਤਕਾਂ ਹਨ । ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਾਲਾਨਾ ਪੀ ਏ ਯੂ ਡਾਇਰੀ, ਫ਼ਸਲ ਕਲੰਡਰ ਤੇ ਆਡਿਉ ਕੈਸਿਟਸ ਵੀ ਹਨ । 1985 ਵਿੱਚ ਪੀ ਏ ਯੂ ਵੱਲੋਂ ਤਿਆਰ ਕੀਤੀ ਆਡਿਉ ਕੈਸਿਟ ਬੱਲੀਏ ਕਣਕ ਦੀਏ ਲਈ ਗੀਤ ਲਿਖੇ । ਦੇਸ਼ ਭਰ ਵਿੱਚ ਵਿਗਿਆਨ ਪਸਾਰ ਲਈ ਬਣੀ ਇਸ ਪਹਿਲੀ ਕੈਸਿਟ ਨੂੰ ਪਹਿਲਾ ਪੁਰਸਕਾਰ ਮਿਲਿਆ ।
ਪੰਜਾਬੀ ਲੋਕ ਸੰਗੀਤ ਵਿੱਚ ਵੀ ਆਪ ਦਾ ਪ੍ਰਮੁੱਖ ਹਿੱਸਾ ਹੈ ।
ਸ਼੍ਰੀਮਤੀ ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਸ਼ਿੰਦਾ, ਬਰਕਤ ਸਿੱਧੂ, ਦਿਲਜੀਤ ਕੈਸ, ਅਮਰੀਕ ਸਿੰਘ ਗਾਜ਼ੀਨੰਗਲ, ਹੰਸ ਰਾਜ ਹੰਸ, ਕਸ਼ਮੀਰਾ, ਰਾਮ ਸਿੰਘ ਅਲਬੇਲਾ,ਹਰਭਜਨ ਮਾਨ, ਜਸਬੀਰ ਜੱਸੀ ਗੁਰਦਾਸਪੁਰੀ, ਬਲਬੀਰ ਬੀਰਾ, ਮੰਨਾ ਢਿੱਲੋਂ, ਗੁਰਦੀਪ ਸਿੰਘ ਹੋਸਅਿਾਰਪੁਰ, ਸਾਬਰ ਕੋਟੀ, ਪੰਮੀ ਬਾਈ, ਕਰਨੈਲ ਗਿੱਲ, ਪਾਲੀ ਦੇਤਵਾਲੀਆ, ਸੁਰਜੀਤ ਭੁੱਲਰ,ਬਲਧੀਰ ਮਾਹਲਾ, ਲਾਭ ਜੰਜੂਆ, ਸੁਰਜੀਤ ਮਾਧੋਪੁਰੀ, ਢਾਡੀ ਤਰਲੋਚਨ ਸਿੰਘ ਭਮੱਦੀ ਤੇ ਸਾਥੀ ਪਾਠਕ ਭਰਾ ਕਵੀਸ਼ਰ ਧਨੌਲਾ,ਨਵਜੋਤ ਸਿੰਘ ਮੰਡੇਰ (ਜਰਗ) ਤੇ ਸਪੁੱਤਰ ਜਸਕੰਵਰ ਸਿੰਧ ਤੇ ਨਵਕੰਵਰ ਸਿੰਘ, ਜਸਬੀਰ ਸਿੰਘ ਕੂਨਰ ਯੂ ਕੇ, ਹਰਭਜਨ ਮਲਿਕਪੁਰੀ, ਹੈਪੀ ਜੌੜਾ, ਜੀਤੂ ਜਤਿੰਦਰ, ਪ੍ਰੋ. ਚਮਨ ਲਾਲ ਭੱਲਾ ਰਣਜੀਤ ਬਾਵਾ, ਕੁਦਰਤ ਸਿੰਘ, ਵਿਜੈ ਯਮਲਾ ਜੱਟ, ਸੁਰੇਸ਼ ਯਮਲਾ ਜੱਟ, ਪਵਨਦੀਪ ਚੌਹਾਨ ਤੇ ਯਾਕੂਬ ਸਮੇਤ ਕਈ ਹੋਰ ਪ੍ਰਸਿੱਧ ਗਾਇਕਾਂ ਨੇ ਉਸ ਦੇ ਲਿਖੇ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਗਾਈਆਂ ਹਨ ।
ਉਸ ਦੀਆਂ ਵਰਤਮਾਨ ਅਹੁਦੇਦਾਰੀਆਂ ਦਾ ਵੇਰਵਾ ਇਸ ਤਰ੍ਹਾਂ ਹੈ । ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਯਾਦ ਵਿੱਚ ਬਣੀ ਸੁਰਜੀਤ ਸਪੋਰਟਸ ਅਸੋਸੀਏਸ਼ਨ ਕੋਟਲਾ ਸ਼ਾਹੀਆ (ਬਟਾਲਾ), ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦਾ ਚੇਅਰਮੈਨ ਹੈ । ਉਸ ਨੂੰ ਹੁਣ ਤੀਕ ਮਿਲੇ ਪੁਰਸਕਾਰਾਂ ਦੀ ਸੂਚੀ ਇਹ ਹੈ :
* ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ 2014
* ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1975
* ਭਾਈ ਵੀਰ ਸਿੰਘ ਯਾਦਗਾਰੀ ਕਵਿਤਾ ਪੁਰਸਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ 1979
* ਸ਼ਿਵ ਕੁਮਾਰ ਪੁਰਸਕਾਰ ਵਿਯਨ ਆਫ਼ ਪੰਜਾਬ ਟੋਰੰਟੋ 1992
* ਸ.ਸ. ਮੀਸ਼ਾ ਪੁਰਸਕਾਰ ਸਿਰਜਣਾ ਕੇਂਦਰ ਕਪੂਰਥਲਾ 2002
* ਬਾਵਾ ਬਲਵੰਤ ਪੁਰਸਕਾਰ ਸਾਹਿੱਤ ਟਰਸਟ ਢੁੱਡੀਕੇ (ਮੋਗਾ)1998
* ਪ੍ਰੋ. ਪੂਰਨ ਸਿੰਘ ਪੁਰਸਕਾਰ ਨਵੀਂ ਦਿੱਲੀ 2002
* ਗਿਆਨੀ ਸੁੰਦਰ ਸਿੰਘ ਪੁਰਸਕਾਰ ਨਾਭਾ 2002
* ਜਨਵਾਦੀ ਪੰਜਾਬੀ ਲੇਖਕ ਮੰਚ ਵੱਲੋਂ ਸਫ਼ਦਰ ਹਾਸ਼ਮੀ ਪੁਰਸਕਾਰ 2003
* ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਸੁਰਜੀਤ ਰਾਮਪੁਰੀ ਪੁਰਸਕਾਰ 2005
* ਕਲਮ ਵੱਲੋਂ ਬਲਵਿੰਦਰ ਰਿਸ਼ੀ ਯਾਦਗਾਰੀ ਗ਼ਜ਼ਲ ਪੁਰਸਕਾਰ 2005
* ਸ. ਮੁਖਤਿਆਰ ਸਿੰਘ ਮੰਡ ਪੁਰਸਕਾਰ ਕੈਲਗਰੀ 2010
* ਪੰਜਾਬ ਕਲਚਰਲ ਕਲੱਬ ਲੁਧਿਆਣਾ ਵੱਲੋਂ ਸ਼ਾਹ ਹੁਸੈਨ ਯਾਦਗਾਰੀ ਪੁਰਸਕਾਰ 2011
* ਗਰੇਵਾਲ ਸਪੋਰਟਸ ਅਸੋਸੀਏਸ਼ਨ ਵੱਲੋਂ ਕਿਲ੍ਹਾ ਰਾਏਪੁਰ ਖੇਡਾਂ ਪੁਰਸਕਾਰ 2012
* ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿ) ਲੁਧਿਆਣਾ ਵੱਲੋਂ ਪ੍ਰੋ ਮੋਹਨ ਸਿੰਘ ਕਵਿਤਾ
ਪੁਰਸਕਾਰ 2008
* ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਧਨੀ ਰਾਮ ਚਾਤ੍ਰਿਕ ਪੁਰਸਕਾਰ 2014
* ਲਿਖਾਰੀ ਸਭਾ ਬਰਨਾਲਾ ਵੱਲੋਂ ਕਰਤਾਰ ਸਿੰਘ ਕੈਂਥ ਯਾਦਗਾਰੀ ਪੁਰਸਕਾਰ 2014
* ਰਤਨ ਸਿੰਘ ਹਲਵਾਰਾ ਮੈਮੋਰੀਅਲ ਟਰਸਟ ਹਲਵਾਰਾ ਵੱਲੋਂ ਹਰਿਭਜਨ ਹਲਵਾਰਵੀ
ਯਾਦਗਾਰੀ ਪੁਰਸਕਾਰ 2018
* ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਜਨਮ 550ਵਾਂ ਸਮਾਰੋਹ ਮੌਕੇ ਗੁਰੂ ਨਾਨਕ ਸਨਮਾਨ 2019
* ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ
ਯਾਦਗਾਰੀ ਪੁਰਸਕਾਰ 2022
* ਲੋਕ ਮੰਚ ਪੰਜਾਬ ਵੱਲੋਂ ਪਹਿਲਾ ਨੰਦ ਲਾਲ ਨੂਰਪੁਰੀ ਯਾਦਗਾਰੀ ਪੁਰਸਕਾਰ 2023
* ਗੁਰਭਜਨ ਗਿੱਲ ਨੂੰ ਦੋ ਸੰਸਥਾਵਾਂ ਨੇ ਫ਼ੈਲੋਸਪਿ ਵੀ ਪ੍ਹਦਾਨ ਕੀਤੀ ਹੋਈ ਹੈ ।
* ਪੰਜਾਬੀ ਯੂਨੀਵਰਸਿਟੀ ਪਟਿਆਲਾ 2015
* ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ 2015
ਗੁਰਭਜਨ ਗਿੱਲ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ, ਸਪੁੱਤਰ ਪੁਨੀਤਪਾਲ ਸਿੰਘ ਗਿੱਲ, ਨੂੰਹ ਰਵਨੀਤ ਕੌਰ ਤੇ ਪੋਤਰੀ ਅਸੀਸ ਕੌਰ ਸਮੇਤ 113 ਐੱਫ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ ਲੁਧਿਆਣਾ ਵਿਖੇ ਰਹਿੰਦਾ ਹੈ ।
ਧਰਮ ਸਿੰਘ ਗੋਰਾਇਆ
ਮੈਰੀਲੈਂਡ (ਅਮਰੀਕਾ)