Punjabi Poetry Tariq Gujjar

ਪੰਜਾਬੀ ਗ਼ਜ਼ਲਾਂ ਤਾਰਿਕ ਗੁੱਜਰ

1. ਇੰਜ ਲਗਦਾ ਏ ਦੁਸ਼ਮਣ ਹੋ ਗਏ, ਅਜ ਦੁਨੀਆਂ ਦੇ ਸਾਰੇ ਲੋਕ

ਇੰਜ ਲਗਦਾ ਏ ਦੁਸ਼ਮਣ ਹੋ ਗਏ, ਅਜ ਦੁਨੀਆਂ ਦੇ ਸਾਰੇ ਲੋਕ ।
ਸਾਡੇ ਵੈਰੀਆਂ ਨਾਲ ਖੜ੍ਹੇ ਨੇ, ਸਾਡੀ ਜਾਨ ਤੋਂ ਪਿਆਰੇ ਲੋਕ ।

ਜਿਹੜਾ ਘੁੱਟ ਘੁੱਟ ਜੱਫੀਆਂ ਪਾਵੇ, ਉਸ ਤੋਂ ਬਚ ਕੇ ਰਹਿਣਾ ਏ,
ਅੱਜ ਕਲ ਨਫ਼ਰਤ ਜ਼ਾਹਰ ਨਹੀਂ ਕਰਦੇ, ਇਕ ਦੂਜੇ ਦੇ ਬਾਰੇ ਲੋਕ ।

ਭੁੱਖ-ਤ੍ਰੇਹ ਤੇ ਚੁਭਦੀਆਂ ਗੱਲਾਂ, ਵਿਛੜਿਆਂ ਦਾ ਸਾਰਾ ਗ਼ਮ,
ਖ਼ੌਰੇ ਕਿੱਦਾਂ ਚੁਕ ਲੈਂਦੇ ਨ, ਇੰਜ ਦੇ ਪੱਥਰ ਭਾਰੇ ਲੋਕ ।

ਇਸ਼ਕ ਦੀ ਬਸਤੀ ਦੇ ਵਿੱਚ ਸਾਰੇ, ਮੌਸਮ ਉਲਟੇ ਚਲਦੇ ਨੇ,
ਪੋਹ ਦੇ ਪਾਲਿਆਂ ਸਾੜ ਸੁੱਟੇ 'ਤੇ, ਹਾੜ੍ਹ ਦੀ ਧੁੱਪ ਨੇ ਠਾਰੇ ਲੋਕ ।

ਸਾਰੀ ਗੱਲ ਮੁਕੱਦਰ ਉੱਤੇ, ਆ ਕੇ ਮੁੱਕ ਗਈ ਸੀ ਯਾਰੋ,
ਹਾਰੀ ਬਾਜ਼ੀ ਜਿੱਤ ਕੇ ਲੈ ਗਏ, ਜਿੱਤੀ ਬਾਜ਼ੀ ਹਾਰੇ ਲੋਕ ।

ਕਿੱਦਾਂ ਪਲਦਾ ਧੁੱਪਾਂ ਦੇ ਵਿੱਚ, ਸਾਡੇ ਪਿਆਰਾਂ ਦਾ ਬੂਟਾ,
ਸ਼ਾਖ਼ ਫੁੱਟਣ ਤੋਂ ਪਹਿਲਾਂ ਹੀ ਜਦ, ਲੈ ਕੇ ਆ ਗਏ ਆਰੇ ਲੋਕ ।

ਸੱਚ ਹੀ ਯਾਰਾਂ ਆਖਿਆ 'ਤਾਰਕ', ਤੇਰੀ ਗੱਲ ਵਿੱਚ ਵਜ਼ਨ ਨਹੀਂ,
ਕੱਖੋਂ ਹੌਲੇ ਹੋ ਜਾਂਦੇ ਨੇ, ਇਸ਼ਕ ਦੀ ਬਾਜ਼ੀ ਹਾਰੇ ਲੋਕ ।

2. ਸੱਜਣਾਂ ਨਾਲ ਵਖੇੜੇ ਚੰਗੀ ਗੱਲ ਤਾਂ ਨਹੀਂ

ਸੱਜਣਾਂ ਨਾਲ ਵਖੇੜੇ ਚੰਗੀ ਗੱਲ ਤਾਂ ਨਹੀਂ ।
ਗੱਲ-ਗੱਲ ਦੇ ਵਿਚ ਝੇੜੇ ਚੰਗੀ ਗੱਲ ਤਾਂ ਨਹੀਂ ।

ਸਾਡੇ ਨੇੜਿਉਂ ਉੱਠਕੇ ਵੇਖ ਲੈ ਸੱਜਣਾਂ ਤੂੰ,
ਬਹਵੇਂ ਰਕੀਬਾਂ ਨੇੜੇ ਚੰਗੀ ਗੱਲ ਤਾਂ ਨਹੀਂ ।

ਰਾਂਝੇ ਦੇਵਣ ਗਾਲ ਜਵਾਨੀ ਝੰਗ ਦੇ ਵਿੱਚ,
ਹੀਰ ਨੂੰ ਲੈ ਜਾਣ ਖੇੜੇ ਚੰਗੀ ਗੱਲ ਤਾਂ ਨਹੀਂ ।

ਮੰਨਿਆਂ ਓਸ ਗਲੀ ਵਿੱਚ ਸੱਜਣ ਬਹਿੰਦੇ ਨੇ,
ਪਰ ਗੇੜੇ ਪਰ ਗੇੜੇ ਚੰਗੀ ਗੱਲ ਤਾਂ ਨਹੀਂ ।

'ਤਾਰਿਕ' ਸਾਹਵੇਂ ਬਹਿਕੇ ਘੱਲੇਂ ਗ਼ੈਰਾਂ ਨੂੰ,
'ਕਾਸਿਦ' ਹੱਥ ਸੁਨੇਹੜੇ ਚੰਗੀ ਗੱਲ ਤਾਂ ਨਹੀਂ ।

3. ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ

ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ ।
ਮੋਇਆਂ ਦੇ ਦੁੱਖ ਭੁੱਲ ਜਾਂਦੇ ਨੇ, ਧਰਤੀ ਦੇ ਦੁਖ ਵੱਡੇ ।

ਧਰਮ-ਛੜੀ ਨੇ ਮੇਰੇ ਦੇਸ਼ ਦੀ, ਹਿੱਕ ਤੇ ਲੀਕਰ ਪਾ ਕੇ,
ਸਾਰੇ ਵਸਨੀਕਾਂ ਦੇ ਜੁੱਸੇ, ਲਹੂ ਲਹੂ ਕਰ ਛੱਡੇ ।

ਇਸ ਦੁਨੀਆਂ ਵਿੱਚ ਦਿਨੇ ਦੁਪਹਿਰੇ, ਅਜਬ ਤਮਾਸ਼ਾ ਹੋਇਆ,
ਘਰ ਦੇ ਮਾਲਕ ਘਰ ਵਿੱਚ ਆ ਕੇ, ਲੋਕਾਂ ਘਰਾਂ 'ਚੋਂ ਕੱਢੇ ।

ਖ਼ੌਰੇ ਨਜ਼ਰ ਕਿਨ੍ਹਾਂ ਦੀ ਖਾ ਗਈ, ਹਸਦੇ ਵਸਦੇ ਘਰ ਨੂੰ,
ਵਿਹੜੇ ਵਿੱਚ ਖਲੋ ਕੇ ਭਾਈਆਂ, ਭਾਈਆਂ ਦੇ ਗਲ ਵੱਢੇ ।

ਸੜਦੇ ਬਲਦੇ ਮਾਰੂਥਲ ਵਿੱਚ, ਖ਼ੌਰੇ ਕੀ ਸੀ ਜਾਦੂ,
ਲੋਕਾਂ ਰੇਤ ' ਚ ਘਰ ਪਾਵਣ ਲਈ, ਮਹਿਲ ਮੁਨਾਰੇ ਛੱਡੇ ।

'ਤਾਰਕ' ਸਮੇਂ ਤੋਂ ਬਾਗ਼ੀ ਹੋਇਆ, ਇਹ ਗਲ ਜਾਣਦਾ ਬੁੱਝਦਾ,
ਜਿਹੜੇ ਵੇਲੇ ਦੇ ਨਾਲ ਚੱਲੇ, ਉਹੋ ਸਭ ਤੋਂ ਵੱਡੇ ।

4. ਠੀਕ ਏ ਬਹੁਤਾ ਸੁੱਖ ਵੀ ਹੋਵੇ

ਠੀਕ ਏ ਬਹੁਤਾ ਸੁੱਖ ਵੀ ਹੋਵੇ ।
ਥੋੜ੍ਹਾ ਥੋੜ੍ਹਾ ਦੁੱਖ ਵੀ ਹੋਵੇ ।

ਮਜ਼ਾ ਨਸ਼ੇ ਦਾ ਫਿਰ ਆਉਂਦਾ ਏ,
ਕੋਲ ਉਨ੍ਹਾਂ ਦਾ ਮੁੱਖ ਵੀ ਹੋਵੇ ।

ਜਿੰਦ ਦਾ ਬਾਲਣ ਝੋਕ ਦਿਆਂਗੇ,
ਇਸ਼ਕ ਦੀ ਅੱਗ ਤੋਂ ਧੁੱਖ ਵੀ ਹੋਵੇ ।

ਇਕਲਾਪੇ ਨੇ ਰੋ ਕੇ ਕਹਿਆ,
ਕੱਲਾ ਨਾ ਕੋਈ ਰੁੱਖ ਵੀ ਹੋਵੇ ।

ਉਹਨੂੰ ਵੇਖ ਕੇ ਭੁੱਲ ਜਾਂਦੇ ਆਂ,
ਭਾਵੇਂ ਕਿੰਨਾਂ ਦੁੱਖ ਵੀ ਹੋਵੇ ।

5. ਕੱਲਮ-ਕੱਲਾ 'ਸਾਕੀ' ਏ

ਕੱਲਮ-ਕੱਲਾ 'ਸਾਕੀ' ਏ ।
ਰਾਤ ਵੀ ਸਾਰੀ ਬਾਕੀ ਏ ।

ਪੀਂਦੇ-ਪੀਂਦੇ ਉਮਰ ਗੁਜ਼ਾਰੀ,
ਪਿਆਸ ਅਜੇ ਵੀ ਬਾਕੀ ਏ ।

ਮੈਅ ਖ਼ਾਨੇ ਦੇ ਬਾਹਰ ਫ਼ਰਿਸ਼ਤੇ,
ਅੰਦਰ ਬੰਦਾ ਖ਼ਾਕੀ ਏ ।

ਖ਼ੌਰੇ ਕਿਸ ਦਿਨ ਪਰਤ ਪਵੇ ਉਹ,
ਖੋਲ੍ਹ ਰੱਖੀ ਮੈਂ ਤਾਕੀ ਏ ।

ਨਾਲ ਦਿਆਂ ਰਾਹੀਆਂ ਨੂੰ ਪੁੱਛਾਂ,
ਪੰਧ ਕਿੰਨਾਂ ਕੁ ਬਾਕੀ ਏ ।

ਕੱਲ੍ਹ ਤੱਕ ਪੀਣੋਂ ਰੋਕਣ ਵਾਲਾ,
ਅੱਜ ਕੱਲ੍ਹ ਸਾਡਾ 'ਸਾਕੀ' ਏ ।

ਧੋਂਦੇ ਧੋਂਦੇ ਉਮਰ ਬਿਤਾਈ,
ਜੀਵਨ ਮੇਰੀ ਟਾਕੀ ਏ ।

ਦਿਲ ਤੇ ਮੈਲ ਨਾ ਹੋਵੇ 'ਤਾਰਿਕ',
ਫਿਰ ਪਾਕੀ ਹੀ ਪਾਕੀ ਏ ।

6. ਹੰਝੂਆਂ ਦੇ 'ਪਰਨਾਲੇ' ਦੇਖ

ਹੰਝੂਆਂ ਦੇ 'ਪਰਨਾਲੇ' ਦੇਖ ।
ਨਹਿਰੋਂ ਨਿਕਲੇ 'ਖਾਲੇ' ਦੇਖ ।

ਤੇਰੇ ਬਾਅਦ ਨਾ ਵੜਿਆ ਕੋਈ,
ਬੂਹੇ ਉੱਤੇ ਜਾਲੇ ਦੇਖ ।

ਗੋਰੇ ਗੋਰੇ ਜੁੱਸਿਆਂ ਦੇ ਵਿੱਚ,
ਦਿਲ ਨੇ ਕਿੰਨੇ ਕਾਲੇ ਦੇਖ ।

ਤੇਰੇ ਆਉਣ ਦਾ ਲਾਰਾ ਦੇ ਕੇ,
ਗ਼ਮ ਕਿਸਰਾਂ ਮੈਂ ਟਾਲੇ ਦੇਖ ।

ਜੂਝ ਰਹੇ ਨੇ ਰੋਟੀ ਖ਼ਾਤਰ,
ਬੰਦੇ ਅਣਖਾਂ ਵਾਲੇ ਦੇਖ ।

ਮਰਨੋਂ ਪਹਿਲਾਂ ਕਫ਼ਨ ਲਿਆਏ,
ਲੋਕ ਨੇ ਕਿੰਨੇ ਕਾਹਲੇ ਦੇਖ ।

7. ਜੁਸਿਓਂ ਗੁਲਾਬ ਰੰਗਿਓ

ਜੁਸਿਓਂ ਗੁਲਾਬ ਰੰਗਿਓ
ਅੱਖੀਓਂ ਸ਼ਰਾਬ ਰੰਗਿਓ

ਕੱਚਿਆਂ ਤੇ ਤਰਦੇ ਓ
ਸੋਹਣਿਓਂ ਚਨਾਬ ਰੰਗਿਓ

ਨਿੱਤ ਯਾਦ ਆਉਂਦੇ ਓ
ਵਿਸਰੇ ਹਿਸਾਬ ਰੰਗਿਓ

ਦੋ ਪਾਸੇ ਵਸਦੇ ਓ
ਸੱਜਣੋ ਪੰਜਾਬ ਰੰਗਿਓ

ਜ਼ਿੰਦਗੀ ਅਨੀਂਦਰਾ ਏ
ਆ ਜਾਓ ਖ਼ਾਬ ਰੰਗਿਓ

ਚੰਦ ਨਾਲ਼ ਜ਼ਿਆਦਤੀ ਏ
ਸਹਣਿਓਂ ਨਕਾਬ ਰੰਗਿਓ

ਗੁੱਜਰਾਂ ਨੇ ਪੀ ਜਾਵਣਾਂ
ਬਚ ਕੇ ਸ਼ਰਾਬ ਰੰਗਿਓ

ਕਵਿਤਾਵਾਂ/ਨਜ਼ਮਾਂ ਤਾਰਿਕ ਗੁੱਜਰ

1. ਪੱਖੀ ਵਾਸ

ਅਸੀਂ ਆਂ ਆਪਣੀ ਜ਼ਾਤ ਦੇ ਖੋਜੀ,
ਅਸਾਂ ਤੇ ਪੱਖੀ ਵਾਸ ।
ਨਾ ਤੇ ਕਿਧਰੇ ਸ਼ਾਮ ਦੇ ਜਾਣੂੰ,
ਨਾ ਕਿਸੇ ਸਵੇਰ ਦੀ ਆਸ ।

ਆਪਣੇ ਦੇਸ਼ ਦੇ ਅੰਦਰ ਵੀ ਤੇ,
ਲਗਦੇ ਹਾਂ ਪ੍ਰਦੇਸੀ ।
ਖ਼ਵਰੇ ਕਿਸ ਦਿਨ ਟੁਰਨਾ ਪੈ ਜਾਏ,
ਰੱਖ ਮੋਢੇ ਤੇ ਖੇਸੀ ।

ਉਮਰਾਂ ਕੋਲੋਂ ਵੱਡੇ ਦੁੱਖ ਨੇ,
ਸਾਡੀ ਜਿੰਦ ਨੇ ਝੱਲੇ ।
ਦਿਲ ਦੇ ਜ਼ਖ਼ਮ ਤਾਂ ਭਰ ਜਾਂਦੇ ਨੇ,
ਰੂਹ ਦੇ ਜ਼ਖ਼ਮ ਅਵੱਲੇ ।
ਕੋਈ ਸਾਡੀ ਰਾਹ ਨਾ ਮੱਲੇ ।

ਅਸਾਂ ਤੇ ਪੱਖੀ ਵਾਸ ।
ਸਾਨੂੰ ਸੂਰਜ ਘਰ ਦੀ ਆਸ ।

2. ਸ਼ਾਲਾ ਮੁਸਾਫ਼ਰ ਕੋਈ ਨਾ ਥੀਵੇ

ਆਪਣਿਆਂ ਨਾਲ ਰੁਸ ਕੇ
ਇਕ ਨਿਮਾਣਾ ਪੱਖੀ
ਛੱਡ, ਦੇਸਾਂ ਨੂੰ ਟੁਰਿਆ ।
ਨਵੇਂ ਦੇਸ ਦੇ ਚਾਵਾਂ ਦੇ ਵਿੱਚ
ਖੁੱਲ੍ਹੀਆਂ ਮਸਤ ਹਵਾਵਾਂ ਦੇ ਵਿੱਚ
ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਕੁਝ ਚਿਰਾਂ ਦੇ ਮਗਰੋਂ
ਉਸ ਆਲਾ ਦੁਆਲਾ ਤੱਕਿਆ
ਬਾਲਪਣੇ ਦੇ ਸੰਗੀਆਂ ਵਿੱਚੋਂ
ਨਾ ਇਕ ਵੀ ਉਸ ਨੂੰ ਲੱਭਿਆ ।
ਉਹ ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਫੇਰ ਕੁਝ ਵੇਲਾ ਲੰਘਿਆ
ਰੁੱਤ ਵਿਛੜਣ ਦੀ ਆਈ
ਪੂਰੇ ਵਰ੍ਹੇ ਤੇ ਮੁੜ ਕੇ ਉਹਨੇ
ਪਿਛ੍ਹਾਂ ਨੂੰ ਝਾਤੀ ਪਾਈ ।
ਗ਼ੈਰਾਂ ਦੀ ਉਹਨੂੰ ਇਕ ਇਕ ਬੋਲੀ
ਇਕ ਇਕ ਗੱਲ ਚੇਤੇ ਆਈ
ਉਹ ਉੱਚਾ ਹੋ ਹੋ ਉੱਡਿਆ
ਉਹ ਫੇਰ ਕਦੀ ਨਾ ਮੁੜਿਆ ।

ਆਖ਼ਰ ਮੁੱਦਤ ਪਿੱਛੋਂ
ਇਕ ਦਿਨ ਬੱਦਲ ਵੱਸਿਆ
ਵਾਅ ਇਸ ਰੁਖ਼ ਦੀ ਚੱਲੀ ।
ਉਹਨੂੰ ਆਪਣੇ ਦੇਸ ਦੇ ਵੱਲੋਂ
ਮਿੱਟੀ ਨੇ ਖ਼ੁਸ਼ਬੋ ਘੱਲੀ
ਮਾਂ ਨੇ ਖ਼ੁਸ਼ਬੋ ਘੱਲੀ ।
ਉਹ ਨੀਵਾਂ ਉਡਦਾ ਆਇਆ
ਇਕ ਉਜੜੇ ਰੁੱਖ ਬਹਿ ਕੇ
ਉਹ ਕੂੰਜ ਵਾਂਗੂੰ ਕੁਰਲਾਇਆ ।
ਤੇ ਵਿੱਚ ਪ੍ਰਦੇਸ ਦੇ ਕੱਟਿਆ
ਉਹਨੂੰ ਇਕ ਇਕ ਦੁੱਖ ਯਾਦ ਆਇਆ
ਉਸ ਜੱਗ ਨੂੰ ਆਖ ਸੁਣਾਇਆ-
'ਗ਼ੈਰਾਂ ਚੰਗਿਆਂ ਕੋਲੋਂ ਵੀ
ਆਪਣੇ ਮੰਦੇ ਚੰਗੇ
ਪ੍ਰਦੇਸ ਦੇ ਫੁੱਲਾਂ ਕੋਲੋਂ ਵੀ
ਦੇਸ ਦੇ ਕੰਡੇ ਚੰਗੇ' ।

ਹੁਣ ਉਹ ਨਿਮਾਣਾ ਪੱਖੀ
ਜਦ ਸ਼ਾਮ ਪਵੇ ਘਰ ਆਵੇ
ਕੱਖੋਂ ਹੌਲਾ ਪ੍ਰਦੇਸੀ
ਆਪਣੇ ਆਲ੍ਹਣੇ ਸੇ ਵਿੱਚ ਲੁਕ ਕੇ
ਬੁਕ ਬੁਕ ਨੀਰ ਵਹਾਵੇ-
'ਕੋਈ ਇੰਜ ਪ੍ਰਦੇਸ ਨਾ ਜਾਵੇ
'ਕੋਈ ਇੰਜ ਪ੍ਰਦੇਸ ਨਾ ਜਾਵੇ' ।

3. ਪਿੜ ਵਿੱਚ

ਭੰਗੜਾ ਕਿੰਜ ਪੈ ਜਾਂਦਾ ਏ ਤੁਹਾਡੇ ਤੋਂ
ਜੁੜੇ ਪੈਰ ਕਿੰਜ ਉੱਠ ਪੈਂਦੇ ਨੇ ਪਿੜ ਵਿੱਚ ਤੁਹਾਡੇ
ਭੱਜੀਆਂ ਬਾਹਾਂ ਕਿੰਜ ਉਲਾਰ ਲੈਂਦੇ ਓ ਤੁਸੀਂ
ਸਾਹ ਲਈ ਤਰਸਦੇ ਸੰਘ 'ਚੋਂ ਬੱਕਰੇ ਕਿੰਜ ਬੁਲਾ ਲੈਂਦੇ ਓ
ਮੈਨੂੰ ਵੀ ਦੱਸੋ !

ਘੁਣ ਲੱਗੀਆਂ ਡਾਂਗਾਂ ਨਾਲ ਵੈਰੀਆਂ ਨੂੰ ਕਿੰਜ ਵੰਗਾਰੀ ਦਾ ਏ
ਕਿੰਜ ਝੁਕੀਆਂ ਧੌਣਾਂ 'ਤੇ ਪੱਗਾਂ ਟਿਕ ਪੈਂਦੀਆਂ ਨੇ ਤੁਹਾਡੀਆਂ
ਕਿੰਜ ਕੰਡਿਆਲੀਆਂ ਤਾਰਾਂ ਵਾਲੀ ਧਰਤੀ 'ਤੇ ਪੱਬ ਟਿਕਾ ਲੈਂਦੇ ਓ ਤੁਸੀਂ
ਮੈਨੂੰ ਵੀ ਦੱਸੋ !

ਕਿੰਜ ਪੈਰਾਂ ਨੂੰ ਗੁਲਾਬ ਕਰਨ ਲਈ
ਸੂਲਾਂ 'ਤੇ ਟੱਪ ਲੈਂਦੇ ਓ
ਕਿੰਜ ਕਾਲੀਨ ਸਮਝ ਲੈਂਦੇ ਓ
ਤਲਵਾਰਾਂ ਕ੍ਰਿਪਾਨਾਂ ਨਾਲ ਸਜੀ ਧਰਤੀ ਨੂੰ
ਮੈਨੂੰ ਵੀ ਦੱਸੋ !
ਮੈਂ ਵੀ ਪਿੜ ਵਿੱਚ ਉਤਰਨਾ ਚਾਹੁੰਦਾ ਹਾਂ

4. ਪੂਰੇ ਪੰਜਾਬ ਲਈ ਅੱਧੀ ਨਜ਼ਮ

ਮੈਨੂੰ ਜੰਮਣ ਲੱਗਿਆਂ
ਧਰਤੀ ਮਾਂ ਦੇ ਦੋ ਟੋਟੇ ਹੋ ਗਏ
ਮੇਰੇ ਬੋਲਾਂ ਦੀ ਕੁੜੱਤਣ ਚੱਖ ਕੇ ਵੇਖ ਲਓ
ਤੁਹਾਨੂੰ ਯਕੀਨ ਆ ਜਾਵੇਗਾ
ਕਿ ਮੈਨੂੰ !
ਰੱਤ ਰਲੇ ਪਾਣੀਆਂ ਦੀ ਗੁੜ੍ਹਤੀ ਮਿਲੀ ਸੀ
ਟੁੱਟੇ ਸਾਜ਼ਾਂ ਉੱਤੇ ਸਬੂਤੇ ਨਗ਼ਮੇ ਨਹੀਂ ਗਾਏ ਜਾ ਸਕਦੇ
ਦਰਿਆ ਪਾਰ ਕਰਨ ਲੱਗਿਆਂ
ਮੇਰੀ ਅੱਧੀ ਵੰਝਲੀ ਔਧਰ ਰਹਿ ਗਈ ਸੀ ।

5. ਸਾਡੇ ਆਪਣੇ ਘਰ ਵਿੱਚ ਚੋਰ

ਸਾਡੇ ਬਦਲੇ ਮੂੰਹ ਮੁਹਾਂਦਰੇ
ਅਸੀਂ ਲਗਦੇ ਆਂ ਕੋਈ ਹੋਰ
ਸਾਨੂੰ ਗੁੱਝੀਆਂ ਸੱਟਾਂ ਵੱਜੀਆਂ
ਅਸੀਂ ਕਰੀਏ ਕਿਵੇਂ ਟਕੋਰ
ਸਾਨੂੰ ਇੰਜ ਭਾਈਆਂ ਨੇ ਵੇਚਿਆ
ਜਿਵੇਂ ਵਿਕਦੇ ਡੰਗਰ ਢੋਰ
ਅਸੀਂ ਰੁਲ ਗਏ ਵਿੱਚ ਥਲਾਂ ਦੇ
ਸਾਡੇ ਲੁੱਟ ਗਏ ਕਈ ਭੰਬੋਰ
ਅਸੀਂ ਰੁੜ੍ਹ ਗਏ ਅੱਧ ਝਨਾਂ ਵਿੱਚ
ਸਾਡੇ ਪੱਕਿਆਂ ਦੇ ਥਾਂ ਹੋਰ
ਅਸੀ ਖੁਰੇ ਕਿਉਂ ਨੱਪੀਏ ਕਿਸੇ ਦੇ
ਸਾਡੇ ਆਪਣੇ ਘਰ ਵਿੱਚ ਚੋਰ ।

6. ਪੂਰੇ ਹੋਵਣ ਦੀ ਸਿੱਕ ਵਿੱਚ

ਮੈਂ ਜਦ ਵੀ ਪੰਜ ਪਾਣੀਆਂ ਨੂੰ ਸ਼ੀਸ਼ਾ ਬਣਾਇਆ
ਮੇਰਾ ਚਿਹਰਾ ਦੋ ਹਿੱਸਿਆ ਵਿੱਚ ਵੰਡਿਆ ਗਿਆ
ਕੰਢੇ ਮੇਰੇ ਦੁੱਖ ਦੇ ਹਾਣੀ ਨੇ
ਜਿਹਨਾਂ ਹਮੇਸ਼ ਮੈਨੂੰ
ਪੂਰੇ ਹੋਵਣ ਦੀ ਸਿੱਕ ਵਿੱਚ ਤੜਫ਼ਦਿਆ ਡਿੱਠਾ ਏ
ਗਿੱਲੀ ਰੇਤ ਗਵਾਹ ਏ
ਮੈਂ ਕਦੇ ਵੀ ਅੱਧਾ ਘਰ ਨਹੀਂ ਬਣਾਇਆ
ਪਰ ਫੇਰ ਵੀ
ਵੰਡੇ ਵੇਹੜਿਆਂ ਨੂੰ ਕੰਡ 'ਤੇ ਚਾਈ ਫਿਰਦਾ ਹਾਂ ।

7. ਕੁਝ ਹਾੜੇ ਕੁਝ ਵੈਣ
ਕਿਤੇ ਯਸੂ ਜੇ ਟੱਕਰੇ ਤਾਂ

(ਬਿਸ਼ਪ ਜਾਨ ਜ਼ੋਜ਼ਫ਼ ਦੀ ਖ਼ੁਦਕਸ਼ੀ ਤੇ ਲਿਖੀ ਇਕ ਨਜ਼ਮ )

ਘੱਟ ਗਿਣਤੀ ਵਾਲਿਆਂ ਜਾਂ ਅਕਲੀਅਤਾਂ ਦੇ ਵਜ਼ੀਰ
ਸ਼ਹਿਬਾਜ਼ ਭੱਟੀ (ਜਿਹਨੂੰ ਕਤਲ ਕਰ ਦਿੱਤਾ ਗਿਆ) ਦੇ ਨਾਂ

ਜੇ ਯਸੂ ਟੱਕਰੇ ਤਾਂ ਉਹਨੂੰ ਇਕੋ ਈ ਗੱਲ ਪੁੱਛਣੀ
ਕੀ ਤੇਰੇ ਆਉਣ ਦਾ ਵੇਲ਼ਾ ਅਜੇ ਹੋਇਆ ਨਹੀਂ ਦੁਨੀਆ ਤੇ
ਕੀ ਹਾਲੇ ਕਸਰ ਬਾਕੀ ਹੈ
ਕੀ ਸੂਲ਼ੀ ਸਿਰਫ਼ ਉਹੋ ਏ ਜਿਹੜੀ ਤੇ ਤੂੰ ਪਿਆ ਝੂਲੇਂ
ਕੀ ਸੂਲ਼ੀ ਉਸ ਦਾ ਨਾਂ ਨਹੀਂ ਜਿਹੜੀ ਤੇ ਸਾਡੇ ਸਾਹ ਟੰਗੇ
ਕੀ ਤੈਨੂੰ ਅੰਬਰੋਂ ਲਾਹੁਣ ਲਏ ਫ਼ਲਸਤੀਨ ਵਿਚ ਜੰਮਾ ਪਵੇਗਾ
ਕੀ ਸਾਰੀ ਦੁਨੀਆ ਦੇ ਦੁਖੀ ਸਿਰਫ਼ ਓਥੇ ਹੀ ਵਸਦੇ ਸਨ
ਕਿਉਂ ਜੇ ਜੋ ਵੀ ਆਉਂਦਾ ਹੈ ਸੀ ਉਹ ਓਥੇ ਜਾ ਉਤਰਦਾ ਸੀ
ਕੀ ਅਸਮਾਨਾਂ ਤੋਂ ਸਾਡੇ ਵਿਹੜੇ ਦਾ ਮੰਜ਼ਰ ਨਹੀਂ ਦਿਸਦਾ
ਜਿਥੇ ਚੁੱਪ-ਚਾਂ ਮੌਤਾਂ ਜਿਹੀ ਸਦਾ ਖਿੱਲਰੀ ਹੀ ਰਹੀ ਅੱਜ ਤੱਕ
ਅਸੀਂ ਮਰੀਅਮ ਕਿਥੋਂ ਲੱਭੀਏ
ਅਸੀਂ ਅਜ਼ਲਾਂ ਤੋਂ ਪਾਕਾਂ ਵਿਚ ਪਲੀਤਾਂ ਨੂੰ ਜਨਮ ਦਿੱਤਾ
ਅਸੀਂ ਬੂਹੇ ਸ਼ਰੀਂਹ ਦੇ ਕੀ ਭਲਾ ਹੈ ਪੱਤਰ ਟੰਗਣੇ
ਅਸੀਂ ਜੰਮੇ ਵੀ ਨਿੱਜ ਜੰਮੇ ਅਸੀਂ ਜਿਵੇਂ ਵਾਂਝੇ ਜੰਮੇ
ਅਸੀਂ ਧਰਤੀ ਦੀ ਕੱਖ ਵਿਚੋਂ ਜੇ ਫੁੱਟੇ ਹਾਂ ਤਾਂ ਕੀ ਖੱਟਿਆ
ਅੱਜ ਬੂਹੇ ਸਾਡੇ ਤੇ ਉਸ ਵਣ ਦਾ ਕੀ ਕਰੀਏ
ਜਿਹਦੇ ਸਾਏ ਜੰਮਣ ਤੋਂ ਨਿੱਕਾ ਕਰ ਕਰ ਮਾਰ ਛੱਡਿਆ ਏ
ਅਸੀਂ ਧਰਤੀ ਨੂੰ ਮਾਂ ਕਿਹਾ ਇਹਨੇ ਕੁੱਛੜ ਨਹੀਂ ਚੱਕਿਆ
ਅਸੀਂ ਅੰਬਰ ਨੂੰ ਪਿਓ ਕਿਹਾ ਇਹਨੇ ਸਿਰ ਹੱਥ ਨਹੀਂ ਰੱਖਿਆ
ਅਸੀਂ ਘਰ ਵਿਚ ਵੀ ਬੇ ਘਰ ਜਿਹੇ ਅਸੀਂ ਵਤਨਾਂ ਵਿਚ ਬੇ ਵਤਨੇ
ਸਾਨੂੰ ਧਰਤੀ ਨਾ ਵਿੱਥ ਦੇਵੇ ਸਾਨੂੰ ਅਸਮਾਨ ਨਾ ਝੱਲੇ

8. ਸੇਹ ਦਾ ਕੰਡਾ

ਨਿੱਕੀ ਉਮਰੇ
ਪੈਰ ਚ ਲੱਗਿਆ ..ਕਿਸੇ ਨਾ ਕੱਢਿਆ
ਹੌਲੀ ਹੌਲੀ ਗਲ ਤਕ ਆਇਆ
ਗਲ ਤੋਂ ਅੱਗੇ
ਮੂੰਹ ਚੋਂ ਝਾਕੇ
ਅੱਖ ਚ ਲਿਸ਼ਕੇ
ਜੀਭਾਂ ਵਿਚੋਂ ਬਾਹਰ ਨੂੰ ਲਮਕੇ
ਵਿਹੜੇ ਦੇ ਵਿਚਕਾਰਲੀ ਕੰਧ ਤੇ
ਰਫ਼ਲਾਂ ਬਣ ਬਣ ਝਾਤੀਆਂ ਪਾਵੇ
ਬੋੜ੍ਹ ਦੇ ਰੁੱਖ ਤੋਂ ਦਾੜ੍ਹੀ ਬਣ ਬਣ
ਲਮਕੇ
ਮਸਜਿਦ ਦੇ ਮੀਨਾਰ ਤੇ ਚਮਕੇ
ਗੁਰੂਦੁਆਰੇ ਮੰਦਰ ਦੇ ਕਲਸਾਂ ਤੇ ਲਿਸ਼ਕੇ
ਪੱਗਾਂ ਟੋਪੀਆਂ ਵਿਚੋਂ ਝਾਕੇ
ਆਲਮ ਫ਼ਾਜ਼ਲ ਵਿਦਵਾਨਾਂ ਦੇ
ਮੂੰਹ ਚੋਂ ਲਮਕੇ
ਸੇਹ ਦਾ ਕੰਡਾ
ਨਿੱਕੇ ਹੁੰਦਿਆਂ ਪੈਰ 'ਚ ਲੱਗਿਆ
ਕਿਸੇ ਨਾ ਕੱਢਿਆ
ਟੁਰਦਾ ਜਾਵੇ
ਟੁਰਦਾ ਜਾਵੇ

9. ਲਾਵਾਰਸੀ ਜ਼ਮੀਨ

ਇਕ ਪਾਸੇ ਲਗਰਾਂ ਇਕ ਪਾਸੇ ਮੇਰੇ ਪੈਰ ਜੁੜੇ ਨੇਂ
ਇਕ ਪਾਸੇ ਮੇਰੀ ਬਾਂਹ
ਇਕ ਪਾਸੇ ਮੇਰਾ ਨਾਨਕਾ ਵਸੇ
ਇਕ ਪਾਸੇ ਮੇਰੀ ਮਾਂ
ਏਸ ਵੱਟ ਉੱਤੇ ਚੰਬਾ ਖਿੜਿਆ
ਉਸ ਵੱਟ ਤੇ ਖ਼ੁਸ਼ਬੂ
ਏਸ ਟਹਿਣੀ ਉਤੇ ਕੋਇਲ ਬੋਲੇ
ਉਸ ਟਹਿਣੀ ਕੂ ਕੂ
ਏਸ ਰੁੱਖ ਤੇ ਇਕ ਘੁੱਗੀ ਰੋਵੇ
ਉਸ ਰੁੱਖ ਤੇ ਘੂੰ ਘੂੰ
ਏਸ ਖੂਹ ਤੇ ਸਾਡੇ ਬੁੱਤ ਵਸਦੇ ਨੇਂ
ਉਸ ਖੂਹ ਤੇ ਸਾਡੀ ਰੂਹ
ਏਸ ਵਸਤੀ ਸਾਡੇ ਨਾੜੂ ਦੱਬੇ
ਉਸ ਵਸਤੀ ਕਬਰਾਂ
ਏਸ ਗਲ ਵਿਚ ਮੈਂ ਵੰਝਲੀ ਬੀਜੀ
ਉਸ ਸੀਨੇ ਵਿਚ ਛੇਕ
ਏਸ ਦਿਲ ਵਿਚ ਮੈਂ ਦਰਦ ਬੁਲਾਏ
ਉਸ ਦਿਲ ਅੰਦਰ ਹੇਕ
ਏਸ ਵਾਅ ਵਿਚ ਮੈਂ ਸਾਹ ਲੈਂਦਾ ਹਾਂ
ਇਸ ਵਾਅ ਵਿਚ ਓਹਦਾ ਸੇਕ
ਏਸ ਤਕੀਏ ਇਕ ਬੋੜ੍ਹ ਦਾ ਰੁੱਖ ਹੈ
ਉਸ ਤਕੀਏ ਉਹਦੀ ਛਾਂ
ਏਸ ਬੇਲੇ ਵਿਚ ਮੱਝਾਂ ਛੱਡੀਆਂ
ਉਸ ਬੇਲੇ ਵਿਚ ਚਾਕ
ਏਸ ਕੰਧੀ ਸਾਡਾ ਮਨ ਕੁਰਲਾਵੇ
ਉਸ ਕੰਧੀ ਸਾਡੇ ਸਾਕ
ਏਸ ਮਸਜਿਦ ਵਿਚ ਕਾਜ਼ੀ ਬੈਠਾ
ਉਸ ਮਸਜਿਦ ਸਾਡੀ ਨਾਂਹ
ਇਕ ਪਾਸੇ ਮੇਰੇ ਦਰੇ ਟੁਰ ਪਏ
ਇਕ ਪਾਸੇ ਮੇਰੇ ਹਿੰਦ
ਇਕ ਪਾਸੇ ਮੇਰੇ ਅਰਬ ਸਮੁੰਦਰ
ਇਕ ਪਾਸੇ ਮੇਰੇ ਸਿੰਧ
ਇਕ ਪਾਸੇ ਘੋੜਿਆਂ ਦੇ ਸੁੰਮ ਨੇਂ
ਇਕ ਪਾਸੇ ਮੇਰੀ ਜਿੰਦ
ਇਕ ਹੱਥ ਵਿਚ ਤਲਵਾਰ ਹੈ ਦਿਸਦੀ
ਇਕ ਹੱਥ ਵਿਚ ਕਲਮਾ

10. ਇਕ ਵੱਡੇ ਦੇਸ ਦੀ ਨਿੱਕੀ ਜਿਹੀ ਵਾਰ

ਅਸੀਂ ਚੁੰਨੀਆਂ ਗਹਿਣੇ ਰੱਖ ਕੇ ਇਕ ਪੱਗ ਲਿਆਏ
ਇਕ ਝੂਠ ਨੂੰ ਵਿਹੜੇ ਬੀਜ ਕੇ ਕਈ ਸੱਚ ਉਗਾਏ
ਅਸੀਂ ਲੱਖਾਂ ਵੀਰੇ ਵੱਢ ਕੇ ਇਕ ਬਾਂਹ ਲਿਆਏ
ਅਸੀਂ ਪਹਿਲੋਂ ਕਬਰਾਂ ਪੱਟੀਆਂ ਫਿਰ ਫੁੱਲ ਚੜ੍ਹਾਏ
ਅਸੀਂ ਬੋੜ੍ਹ ਵੱਢਾਏ ਪਲ ਵਿਚ ਬਹਿ ਵਣ ਦੇ ਥੱਲੇ
ਅਸੀਂ ਹੱਥੀਂ ਸੰਗਤਾਂ ਮਾਰੀਆਂ ਫਿਰ ਰੋਏ ਇਕੱਲੇ
ਅਸੀਂ ਕਣਕ ਦੀ ਥਾਵੇਂ ਪੁੜਾਂ ਵਿਚ ਹੰਝੂ ਨੇ ਤੋਲੇ
ਅਸੀਂ ਭੁੱਖ ਪਕਾਈ ਰੱਜ ਕੇ ਬਹਿ ਮੁੱਢ ਭੜੋਲੇ
ਅਸੀਂ ਆਪਣੀ ਜੀਭ ਵਢਾ ਕੇ ਇਕ ਬੋਲੀ ਬੋਲੀ
ਅਸੀਂ ਬਾਹਰੋਂ ਜੰਨਤਾਂ ਲੱਭੀਆਂ ਮਾਂ ਘਰ ਵਿਚ ਰੋਲੀ

11. ਸ਼ਮ੍ਹਾ ਤੇ ਸ਼ਹਿਜ਼ਾਦ ਲਈ ਇਕ ਵੈਣ

ਲਏ ਲਓ ਆਪਣੀ ਤਹਿਜ਼ੀਬ
ਆਪਣੇ ਦੀਨ ਧਰਮ ਤੇ ਆਪਣੇ ਘੋੜੇ
ਆਪਣੇ ਤਖ਼ਤ ਤੇ ਆਪਣੇ ਸ਼ਹਿਰ
ਸਾਨੂੰ ਹੜੱਪਾ ਸਾਡਾ ਮੋੜ ਦਿਓ
ਆਪਣੇ ਹਥਿਆਰ ਲੈ ਲਓ
ਸਾਡੇ ਔਜ਼ਾਰ ਦੇ ਦਿਓ
ਪਰ ਸਾਡੇ ਬੱਚੇ ਨਾ ਸਾੜੋ
ਸਾਨੂੰ ਤਾੜ ਦਿਹੋ ਫਿਰ ਵੱਖ ਬਸਤਾਂ ਵਿਚ
ਸਾਨੂੰ ਦੇਖ ਕੇ ਲੰਘ ਜਾਓ
ਨੱਕ ਤੇ ਰੁਮਾਲ ਰੱਖ ਕੇ
ਸਾਡੇ ਲੱਕ ਨਾਲ਼ ਝਾੜੂ ਬੰਨ੍ਹ ਦਿਓ
ਕੰਨਾਂ 'ਚ ਸੀਸਾ ਪਾ ਦਿਓ
ਪਰ ਸਾਡੇ ਬੱਚੇ..
ਸਾਥੋਂ ਲੈ ਲਓ ਸਾਡੇ ਖ਼ੁਸ਼ ਪਰ
ਸਾਡੀ ਈਸਾ ਨਗਰੀ
ਸਾਡੀ ਮਰੀਅਮ ਆਬਾਦ
ਸਾਰੀ ਭੋਈਂ ਆਪਣੇ ਨਾਮ ਕਰਾ ਲਓ
ਸਾਡੇ ਨਾਂ ਤੇ ਅਪਣਾ ਨਾਮ ਧਰਾ ਲਓ
ਪਰ ਸਾਡੇ ਬੱਚੇ ਨਾ
ਸਾਡੇ ਵਿਹੜੇ 'ਚੋਂ ਬੋੜ੍ਹ ਵੱਢ ਦਿਓ
ਅਸੀਂ ਚਾਹੇ ਧਰਤੀ ਦਾ ਹਾਣ ਆਂ
ਸਾਨੂੰ ਸਾਡੇ ਘਰ ਦੇ ਵਿਚੋਂ ਕੱਢ ਦਿਓ
ਛਾਂ ਵੀ ਖੋਹ ਲਉ
ਧਰਤੀ ਮਾਂ ਵੀ ਖੋਹ ਲਓ
ਪਰ ਗੱਲ ਸੁਣੋ:
ਸਾਡੇ ਬੱਚੇ ਨਾ ਸਾੜੋ

12. ਆਦਮ ਕਿਤੇ ਗਵਾਚਿਆ

ਸੁਣਿਓ ਓਏ ਵਤਨਾਂ ਵਾਲਿਓ
ਸੁਣਿਓ ਓਏ ਨਸਲਾਂ ਵਾਲਿਓ
ਇਕ ਆਦਮ ਕਿਤੇ ਗਵਾਚਿਆ
ਹਾੜਾ ਓਏ ਕਿਧਰੇ ਭਾਲਿਓ

13. ਦਿਖਾਵਾ

ਲੱਖ ਮਸੀਤੀਂ ਸਜਦੇ ਕੀਤੇ
ਮੰਦਰੀਂ ਦੀਵੇ ਬਾਲੇ਼
ਗਿਰਜੇ ਵੜ ਸਲੀਬਾਂ ਪਾਈਆਂ
ਖ਼ੂਬ ਗ੍ਰੰਥ ਖੰਘਾਲ਼ੇ
ਤਾਰਿਕ ਮੀਆਂ ਪਰ ਕਿਆ ਕਰੀਏ
ਮਨ ਕਾਲ਼ੇ ਦੇ ਕਾਲ਼ੇ

14. ਦੇਸਾਂ ਵਿਚ ਪਰਦੇਸ

ਸਾਡਾ ਖਵਰੇ ਕਿਆ ਬਣੇਗਾ
ਅਸੀਂ ਵੇਲੇ ਦੀ ਨਿਗਾਹ ਵਿਚ
ਜ਼ੁਰਮ ਹਾਂ
ਸਮੇਂ ਦਾ ਚੱਕੀਰਾਹਾ
ਖਵਰੇ ਕਦ ਤਾਈਂ

ਚੁੰਝਾਂ ਮਾਰ ਮਾਰ
ਸਾਡੇ ਵਜੂਦ ਤੇ
ਸਾਡੇ ਨਾ ਕੀਤੇ ਗੁਨਾਹਾਂ ਦਾ
ਹਿਸਾਬ ਲਿਖੀ ਜਾਏਗਾ
ਅਸੀਂ ਖਿੜਨ ਤੋਂ ਪਹਿਲਾਂ
ਸੂਲਾਂ ਪਰੁੱਤੇ ਫੁੱਲ
ਖਵਰੇ ਕਦ ਤਾਂਈਂ
ਬਹਾਰ ਤੇ ਖਿਜ਼ਾਂ
ਏਕਾ ਕੀਤੀ ਜਾਣਗੇ
ਸਾਡੀਆਂ ਸੱਧਰਾਂ ਦਾ
ਲਹੂ ਪੀਤੀ ਜਾਣਗੇ
ਅਸੀਂ ਦੇਸਾਂ ਵਿਚ ਪਰਦੇਸ
ਅਸੀਂ ਘਰਾਂ ਵਿਚ ਪ੍ਰਾਹੁਣੇ
ਖੌਰੇ ਕਦ ਤਾਈਂ
ਸਾਡੀ ਮਿੱਟੀ
ਸਾਨੂੰ ਪਛਾਣਨ ਤੋਂ
ਇਨਕਾਰੀ ਰਹੇਗੀ

15. ਸੌਦਾ

ਆਓ ਅੱਜ ਇੱਕ ਸੌਦਾ ਕਰੀਏ
ਤੁਸੀਂ
ਅਪਣੇ ਗ਼ਜ਼ਨਵੀ ਲੈ ਲਓ
ਨਾਦਰ ਲੈ ਲਓ
ਕਾਸਮ ਲੈ ਲਓ
ਬਾਬਰ ਲੈ ਲਓ

ਸਾਨੂੰ
ਸਾਡੇ ਮਿਰਜ਼ੇ ਦੇ ਦਿਓ
ਦੁੱਲੇ ਦੇ ਦਿਓ
ਵਾਰਿਸ ਸ਼ਾਹ
ਤੇ
ਬੁੱਲ੍ਹੇ ਦੇ ਦਿਓ

16. 14 ਅਗਸਤ-ਆਜ਼ਾਦੀ

ਵਿਹੜਿਆਂ ਦੇ ਵਿਚ ਸਾਰੇ ਬਾਲਕ
ਫਿਰਦੇ ਨੰਗ ਧੜੰਗੇ...
ਕੋਠੀਆਂ ਉਤੇ ਪਏ ਝੂਲਦੇ
ਦਸ ਦਸ ਗ਼ਜ਼ ਦੇ ਝੰਡੇ...

17. 1947

ਸਦੀਆਂ ਲੰਮੇ ਪੈਂਡੇ ਸਨ
ਸੂਲ਼ਾਂ ਭਰੀਆਂ ਰਾਹਵਾਂ ਸਨ
ਥੱਕੇ ਹਾਰੇ ਪ੍ਰਦੇਸੀ
ਹੱਥ ਵਿਚ ਆਸ ਦੇ ਦੀਵੇ ਲੈ ਕੇ
ਉਮਰਾਂ ਤੀਕਰ ਚੱਲਦੇ ਰਹੇ
ਅੰਨੀਆਂ ਕਾਲ਼ੀਆਂ ਰਾਤਾਂ ਦੇ ਵਿਚ
ਇਕ ਦੂਜੇ ਨੂੰ ਲੱਭਦੇ ਰਹੇ
ਜਿੰਦੜੀ ਅੱਖ ਦਾ ਅੱਥਰੂ ਬਣ ਗਈ
ਝੱਲੇ ਫਿਰ ਵੀ ਹੱਸਦੇ ਰਹੇ........;

18. ਸੱਚ ਦੀ ਸਾਂਝ

ਅਸੀਂ ਮੰਦਰ ਵਿਚ ਨਮਾਜ਼ ਪੜ੍ਹੀ
ਤੇ ਮਸਜਿਦ ਵਿਚ ਸਲੋਕ
ਅਸੀਂ ਰੱਬ ਸੱਚਾ ਨਾ ਵੰਡਿਆ
ਸਾਨੂੰ ਕਾਫ਼ਰ ਆਖਣ ਲੋਕ

***