Tarkash Pradeep
ਤਰਕਸ਼ ਪ੍ਰਦੀਪ

ਕੁਝ ਸਾਲ ਪਹਿਲਾਂ ਤਰਕਸ਼ ਪ੍ਰਦੀਪ ਮੈਨੂੰ ਪੰਜਾਬੀ ਅਕੈਡਮੀ ਦਿੱਲੀ ਦੇ ਸਾਲਾਨਾ ਕਵੀ ਦਰਬਾਰ ਤੇ ਮਿਲਿਆ। ਸਾਦ ਮੁਰਾਦਾ ਗੱਭਰੂ, ਅੱਖਾਂ ਚ ਲਿਸ਼ਕ ਭਵਿੱਖ ਨਾਲ ਲਿਖੇ ਇਕਰਾਰਨਾਮੇ ਵਰਗੀ। ਉਸ ਨੂੰ ਸੁਣਨਾ ਬਰੁਤ ਹੀ ਚੰਗਾ ਲੱਗਿਆ। ਮੇਰੇ ਪੁੱਛਣ ਤੇ ਉਸ ਦੱਸਿਆ ਕਿ ਉਹ ਪਿੰਡ ਨਰੈਣਪੁਰਾ ਤਹਿਸੀਲ ਅਬੋਹਰ, ਜ਼ਿਲਾ : ਫਾਜ਼ਿਲਕਾ, ਪੰਜਾਬ ਦਾ ਜੰਮਪਲ ਹੈ। ਕਾਮਰੇਡ ਪਿਰਥੀ ਰਾਜ ਬਿਸ਼ਨੋਈ ਤੇ ਮਾਤਾ ਸ਼੍ਰੀਮਤੀ ਰਾਮ ਸਨੇਹੀ ਦੇ ਘਰ 24 ਸਤੰਬਰ 1984 ਨੂੰ ਪੈਦਾ ਹੋਏ ਤਰਕਸ਼ ਪ੍ਰਦੀਪ ਦੀ ਸ਼ਰੀਕ-ਏ-ਹਯਾਤ ਸ਼੍ਰੀਮਤੀ ਅਸ਼ੀਸ਼ ਬਿਸ਼ਨੋਈ ਹੈ, ਦੋ ਬੇਟਿਆਂ ਪ੍ਰਗੀਤ ਬਿਸ਼ਨੋਈ ਤੇ ਪ੍ਰਗਿਆਨ ਬਿਸ਼ਨੋਈ ਦੀ ਜਣਨਹਾਰੀ ਤੇ ਪਾਲਣਹਾਰੀ।

ਤਰਕਸ਼ ਪ੍ਰਦੀਪ ਹੁਣ ਨਵੀਂ ਦਿੱਲੀ ਵਿੱਚ ਐਮ.ਏ. ਪੰਜਾਬੀ, ਐਮ.ਐੱਡ ਯੂਜੀਸੀ ਨੈਟ ਪ੍ਰੀਖਿਆ ਪਾਸ ਕਰਕੇ ਅਧਿਐਨ-ਅਧਿਆਪਨ ਦਾ ਪੰਜਾਬੀ, ਉਰਦੂ ਅਤੇ ਹਿੰਦੀ ਵਿੱਚ ਕਾਰਜ ਕਰ ਰਿਹਾ ਹੈ। ਉਹ ਉਰਦੂ ਜ਼ਬਾਨ ਦਾ ਵੀ ਸਿਰਕੱਢ ਨੌਜਵਾਨ ਸ਼ਾਇਰ ਮੰਨਿਆ ਜਾਂਦਾ ਹੈ। 2011 ਤੋਂ ਦਿੱਲੀ ਵਿਚ ਪੰਜਾਬੀ ਵਿਸ਼ੇ ਦਾ ਅਧਿਆਪਨ ਕਰ ਰਿਹਾ ਤਰਕਸ਼ ਪ੍ਰਦੀਪ 2016 ਤੋਂ ਡਾਇਰੈਕਟੋਰੇਟ ਔਫ਼ ਐਜੂਕੇਸ਼ਨ, ਦਿੱਲੀ ਸਰਕਾਰ ਵਿਚ ਬਤੌਰ 'ਮੈਂਟਰ ਟੀਚਰ' ਕਾਰਜਸ਼ੀਲ ਹੈ। ਐਸ.ਸੀ.ਈ.ਆਰ ਟੀ., ਦਿੱਲੀ ਵਲੋਂ ਪ੍ਰਕਾਸ਼ਿਤ ਸਰਕਾਰੀ ਸਕੂਲਾਂ ਵਿਚ ਲਾਗੂ ਛੇਵੀਂ, ਸਤਵੀਂ ਅਤੇ ਅੱਠਵੀਂ ਜਮਾਤ ਦੀਆਂ ਪੰਜਾਬੀ ਦੀਆਂ ਪਾਠ-ਪੁਸਤਕਾਂ ਦੇ ਨਵੀਨੀਕਰਨ ਵਿਚ ਮਹੱਤਵ ਪੂਰਨ ਭੂਮਿਕਾ ਅਦਾ ਕੀਤੀ ਹੈ ਉਸਨੇ। ਦਿੱਲੀ ਸਰਕਾਰ ਦੇ ਬਹੁਚਰਚਿਤ ਉਪਰਾਲੇ, 'ਹੈਪੀਨੇਸ ਕਰੀਕੁਲਮ' ਦੀ ਕੋਰ ਟੀਮ ਦਾ ਵੀ ਅਭਿੰਨ ਹਿੱਸਾ ਹੈ। ਹੈਪੀਨੇਸ ਨਾਲ ਸੰਬੰਧਿਤ ਟੀਚਰ'ਜ਼ ਹੈਂਡਬੁਕਸ ਫ਼ੋਰ ਹੈਪੀਨੇਸ ਕਲਾਸੇਸ ਦਾ ਲੇਖਣ ਕਰਨ ਤੋਂ ਇਲਾਵਾ ਅਧਿਆਪਕਾਂ ਨੂੰ ਸਿਖਲਾਈ ਵੀ ਦਿੰਦਾ ਹੈ।-ਗੁਰਭਜਨ ਗਿੱਲ