Toon Vi Chann Uchhal Koi : Manzoor Wazirabadi

ਤੂੰ ਵੀ ਚੰਨ ਉਛਾਲ ਕੋਈ : ਮਨਜ਼ੂਰ ਵਜ਼ੀਰਾਬਾਦੀ


ਮੇਰੇ ਦਿਲ ਵਿਚ ਖ਼ੌਫ਼ ਨਹੀਂ ਕੋਈ

ਮੇਰੇ ਦਿਲ ਵਿਚ ਖ਼ੌਫ਼ ਨਹੀਂ ਕੋਈ ਤੇਰੇ ਤੀਰ ਕਮਾਨਾਂ ਦਾ । ਮੇਰਾ ਪੱਥਰਾਂ ਵਰਗਾ ਜੁੱਸਾ ਮੇਰਾ ਰੂਪ ਚੱਟਾਨਾਂ ਦਾ । ਮੈਂ ਤੇ ਇਕ ਦਿਨ ਆਪਣੇ ਘਰ ਦੀ ਇਕ-ਇਕ ਚੀਜ਼ ਨੂੰ ਤਰਸਾਂਗਾ, ਇੰਜੇ ਰਿਹਾ ਜੇ ਆਉਣਾ ਜਾਣਾ ਤੇਰੇ ਜਿਹੇ ਮਹਿਮਾਨਾਂ ਦਾ । ਜੋਸ਼-ਖ਼ਰੋਸ਼ ਨਹੀਂ ਪਹਿਲੇ ਵਰਗਾ ਅਜ ਕੱਲ ਉਹਦੇ ਆਵਣ ਤੇ, ਜਜ਼ਬਾ ਠੰਡਾ ਪੈ ਗਿਆ ਏ ਯਾ ਸੁੱਕ ਗਿਆ ਖ਼ੂਨ ਸ਼ਰਯਾਨਾਂ ਦਾ । ਓਸ ਦਿਨ ਅੱਖੀਆਂ ਰੱਖ ਲੈਣੀਆਂ ਨੇ ਸੜਕਾਂ ਨੇ ਵੀ ਮੱਥਿਆਂ ਤੇ, ਜਿਸ ਦਿਨ ਹੋ ਗਿਆ ਇੱਟ-ਖੜੱਕਾ ਵਾਸੀਆਂ ਨਾਲ ਮਕਾਨਾਂ ਦਾ । ਮੇਰੇ ਕੋਲ ਏ ਸੱਚ ਦੀ ਕੁੱਵਤ ਮੇਰਾ ਕੁੱਝ ਵਿਗੜਣਾ ਨਹੀਂ, ਆਉਂਦਾ ਏ ਤੇ ਬੇਸ਼ਕ ਆਵੇ ਸੱਜਰਾ ਪੂਰ ਤੂਫ਼ਾਨਾਂ ਦਾ । ਇਕ ਵੀ ਜੀਂਦੀ ਜਾਗਦੀ ਤਸਵੀਰ ਨਜ਼ਰ ਨਹੀਂ ਆਉਂਦੀ 'ਮਨਜ਼ੂਰ', ਸਾਰੇ ਸ਼ਹਿਰ ਤੇ ਪਰਛਾਵਾਂ ਏ ਖ਼ਵਰੇ ਕਬਰਿਸਤਾਨਾਂ ਦਾ ।

ਮੈਨੂੰ ਯਕੀਨ ਪੂਰਾ ਏ

ਮੈਨੂੰ ਯਕੀਨ ਪੂਰਾ ਏ ਉਹ ਦਿਨ ਵੀ ਆਣਗੇ । ਜਦ ਮਾੜੇ ਲੋਕ ਤੇਰੀਆਂ ਝਿੜਕਾਂ ਨਾ ਖਾਣਗੇ । ਮੁਹਤਾਜ ਨੇ ਜੋ ਆਪ ਸਿਤਾਰੇ ਦੀ ਚਾਲ ਦੇ, ਮੈਂ ਸੁਣ ਰਿਹਾਂ ਉਹ ਮੇਰਾ ਮੁਕੱਦਰ ਜਗਾਣਗੇ । ਜਾਦੂ ਕਿਸੇ ਦੇ ਕੀਲਿਆ ਸਾਡੇ ਵਜੂਦ ਨੂੰ, ਹੁਣ ਆਪਣੇ ਆਪਣੇ ਮੁਅਜ਼ਜ਼ੇ ਸਾਰੇ ਵਿਖਾਣਗੇ । ਉਹ ਪਲ ਜਿਨ੍ਹਾਂ ਦੇ ਆਉਣ ਦੀ ਮੈਨੂੰ ਉਡੀਕ ਸੀ, ਕੀ ਸੀ ਪਤਾ ਮਿਲੇ ਤੇ ਮੇਰਾ ਮੂੰਹ ਚਿੜਾਣਗੇ । ਉਹਨਾਂ ਨੂੰ ਮੰਜ਼ਿਲਾਂ ਨੇ ਵੀ ਪਲ-ਪਲ ਉਡੀਕਣਾ, ਆਪਣੇ ਕਦਮ ਜੋ ਵੇਲੇ ਨੂੰ ਪੁੱਛ ਕੇ ਉਠਾਣਗੇ । ਜੋ ਪਿਆਰ ਬੇ-ਹਿਸਾਬ ਜਤਾਂਦੇ ਘੜੀ-ਮੁੜੀ, ਇਕ ਦਿਨ ਜ਼ਰੂਰ ਸਾਨੂੰ ਤੇ ਉਹ ਦਾਅ ਤੇ ਲਾਣਗੇ । 'ਮਨਜ਼ੂਰ' ਦਿਨ ਉਹ ਨੇੜੇ ਨੇ ਧਰਤੀ ਦੇ ਲੋਕ ਜਦ, ਪੀਵਣਗੇ ਆਪਣਾ ਖ਼ੂਨ ਤੇ ਜੁੱਸਿਆਂ ਨੂੰ ਖ਼ਾਣਗੇ ।

ਉਹ ਲਮਹੇ ਤੇ ਸਦੀਆਂ ਉੱਤੇ ਭਾਰੇ ਹੋਣ

ਉਹ ਲਮਹੇ ਤੇ ਸਦੀਆਂ ਉੱਤੇ ਭਾਰੇ ਹੋਣ । ਜਿਹੜੇ ਲਮਹੇ ਆਪਣੇ ਨਾਲ ਗ਼ੁਜ਼ਾਰੇ ਹੋਣ । ਆਪਣੇ ਮੂੰਹ ਦੇ ਜ਼ਾਇਕੇ ਤੇ ਗਲ ਮੁਕਦੀ ਏ, ਪਾਣੀ ਭਾਵੇਂ ਮਿੱਠੇ ਭਾਵੇਂ ਖ਼ਾਰੇ ਹੋਣ । ਚਾਨਣ ਤੇ ਖ਼ੁਸ਼ਬੂ ਨਹੀਂ ਜਾਂਦੇ ਉਹਨਾਂ ਕੋਲ, ਜਿਨ੍ਹਾਂ ਆਪਣੇ ਘਰ ਦੇ ਬੂਹੇ ਮਾਰੇ ਹੋਣ । ਟੁਰਦਿਆਂ-ਫਿਰਦਿਆਂ ਉਹ ਤੇ ਡੋਲਦਾ ਰਹਿੰਦਾ ਏ, ਜਿਸ ਦੇ ਜਜ਼ਬੇ ਜੁੱਸੇ ਕੋਲੋਂ ਭਾਰੇ ਹੋਣ । ਤੂਫ਼ਾਨਾਂ ਦਾ ਉਨ੍ਹਾਂ ਨੂੰ ਡਰ ਹੁੰਦਾ ਏ, ਜਿਨ੍ਹਾਂ ਬਹੁਤੇ ਉੱਚੇ ਮਹਿਲ ਉਸਾਰੇ ਹੋਣ । ਉੱਠ ਬਹਿੰਦੇ ਉਹ ਲੋਕੀ ਡਿੱਗ ਕੇ ਵੀ 'ਮਨਜ਼ੂਰ', ਜਿਹੜੇ ਲੋਕੀ ਆਪਣੇ ਆਪ ਸਹਾਰੇ ਹੋਣ ।

ਸਭ ਨੂੰ ਬੇਸ਼ਕ ਦੋ ਜਗ ਦੀ ਸੁਲਤਾਨੀ ਦੇਣ

ਸਭ ਨੂੰ ਬੇਸ਼ਕ ਦੋ ਜਗ ਦੀ ਸੁਲਤਾਨੀ ਦੇਣ । ਸਾਨੂੰ ਜੇ ਕੁੱਝ ਦੇਣੈਂ ਹੱਕ ਇਨਸਾਨੀ ਦੇਣ । ਬੰਜਰ ਹੋਣ ਦਾ ਡਰ ਏ ਪਿਆਰ ਦੀ ਧਰਤੀ ਦਾ, ਜੇ ਨਾ ਅੱਖੀਆਂ ਚਸ਼ਮੇ ਵਾਂਗੂੰ ਪਾਣੀ ਦੇਣ । ਉਨ੍ਹਾਂ ਜਜ਼ਬਿਆ ਕੋਲੋਂ ਬਚਣਾ ਚੰਗਾ ਏ, ਜਿਹੜੇ ਏਸ ਹਿਆਤੀ ਨੂੰ ਵੀਰਾਨੀ ਦੇਣ । ਸਾਡਾ ਵੀ ਛੁਟਕਾਰਾ ਹੋਵੇ ਲੁਕਨਤ ਤੋਂ, ਜੇ ਉਹ ਸਾਨੂੰ ਦਰਿਆ ਵਾਂਗ ਰਵਾਨੀ ਦੇਣ । ਖ਼ਵਰੇ ਲਿਖਕੇ ਦੇਣ ਤੋਂ ਕਾਹਨੂੰ ਸੰਗਦੇ ਨੇ, ਸਾਨੂੰ ਜਦ ਵੀ ਦੇਣ ਪਿਆਮ ਜ਼ੁਬਾਨੀ ਦੇਣ । ਜੇ ਧਰਤੀ ਤੇ ਮਰਨ ਦੀ ਰੀਤ ਪੁਰਾਣੀ ਏ, ਫਿਰ ਕੁਝ ਲੋਕੀ ਮਰ ਕੇ ਕਿਉਂ ਹੈਰਾਨੀ ਦੇਣ । ਉਹੋ ਲੋਕ ਹਵਾਲਾ ਬਣਦੇ ਨੇ 'ਮਨਜ਼ੂਰ', ਹੱਕ ਤੇ ਸੱਚ ਦੀ ਖ਼ਾਤਰ ਜੋ ਕੁਰਬਾਨੀ ਦੇਣ ।

ਮੈਂ ਹੱਕਦਾਰ ਸਾਂ ਜੱਨਤ ਵਰਗੀਆਂ ਥਾਵਾਂ ਦਾ

ਮੈਂ ਹੱਕਦਾਰ ਸਾਂ ਜੱਨਤ ਵਰਗੀਆਂ ਥਾਵਾਂ ਦਾ । ਮਿਲਿਆ ਏ ਪਰ ਮੈਨੂੰ ਸ਼ਹਿਰ ਬਲਾਵਾਂ ਦਾ । ਯਾ ਤੇ ਰੁੱਖ ਕੁਰਬਾਨ ਕਰੋ ਨਾ ਲੋੜਾਂ ਤੇ, ਯਾ ਫਿਰ ਸ਼ਿਕਵਾ ਕਰਨਾ ਛੱਡੋ ਛਾਵਾਂ ਦਾ । ਪਹਿਲਾਂ ਤੋਂ ਕੁਝ ਜੁਰਮ ਅਨੋਖੇ ਹੋ ਗਏ ਨੇ, ਬਦਲ ਗਿਆ ਏ ਕੁਝ-ਕੁਝ ਰੂਪ ਸਜ਼ਾਵਾਂ ਦਾ । ਵਕਤੋਂ ਪਹਿਲਾਂ ਉਹਨੂੰ ਹਰ ਪੈਗ਼ਾਮ ਮਿਲੇ, ਹੋਵੇ ਜਿਸ ਦੇ ਨਾਲ ਸਲੂਕ ਹਵਾਵਾਂ ਦਾ । ਨਿੱਕੇ ਬਾਲ ਉਨ੍ਹਾਂ ਦੀ ਹਿੱਕ ਤੇ ਨੱਚਦੇ ਨੇ, ਟੁੱਟ ਜਾਂਦਾ ਏ ਭਰਮ ਜਦੋਂ ਦਰਿਆਵਾਂ ਦਾ । ਜਿਸ ਦੇ ਲਈ ਦੁਆਵਾਂ ਘਰ ਦੇ ਕਰਦੇ ਰਹਿਣ, ਉਹਦੇ ਤੇ ਨਹੀਂ ਚਲਦਾ ਵਾਰ ਕਜ਼ਾਵਾਂ ਦਾ । ਯਾ ਉਹ ਘਰ ਨਹੀਂ ਯਾ ਮਿਲਣੋਂ ਇਨਕਾਰੀ ਏ, ਮਿਲਿਆ ਨਹੀਂ 'ਮਨਜ਼ੂਰ' ਜਵਾਬ ਸਦਾਵਾਂ ਦਾ ।

ਜਿਹੜੇ ਆਪਣੀਆਂ ਸੋਚਾਂ ਤੋਂ ਡਰ ਜਾਂਦੇ ਨੇ

ਜਿਹੜੇ ਆਪਣੀਆਂ ਸੋਚਾਂ ਤੋਂ ਡਰ ਜਾਂਦੇ ਨੇ । ਮਰਨ ਤੋਂ ਪਹਿਲਾਂ ਉਹ ਲੋਕੀ ਮਰ ਜਾਂਦੇ ਨੇ । ਧੰਨ ਉਨ੍ਹਾਂ ਦਾ ਜਿਗਰਾ ਜਿਹੜੇ ਆਪੇ ਤੋਂ, ਵੱਖ ਹੋਵਣ ਦਾ ਸਦਮਾਂ ਵੀ ਜ਼ਰ ਜਾਂਦੇ ਨੇ । ਝੂਠ-ਝਖ਼ਾਨ ਨੂੰ ਵੇਖੋ ਅੱਜ ਦੇ ਖਚਰੇ ਕਾਂ, ਕੋਰੇ ਕਾਗ਼ਜ਼ ਬੰਨਿਆਂ ਤੇ ਧਰ ਜਾਂਦੇ ਨੇ । ਕੋਝੀ ਦੁਨੀਆ ਚੰਗੀ ਲਗਦੀ ਜਿਨਹਾਂ ਨਾਲ, ਉਹ ਲੋਕੀ ਤੇ ਐਵੇਂ ਈ ਮਰ ਜਾਂਦੇ ਨੇ । ਰਹਿੰਦੀਆਂ ਨੇ ਕੁੱਝ ਸ਼ਕਲਾਂ ਡਾਢੀਆਂ ਚੇਤੇ ਵਿਚ, ਜ਼ਖ਼ਮ ਤੇ ਹੋਲੀ-ਹੋਲੀ ਸਭ ਭਰ ਜਾਂਦੇ ਨੇ । ਉਨ੍ਹਾਂ ਨੂੰ ਕੋਈ ਚੰਗਾ ਕਹਿੰਦਾ ਨਹੀਂ 'ਮਨਜ਼ੂਰ', ਸ਼ਾਮਾਂ ਪਿੱਛੋਂ ਜਿਹੜੇ ਵੀ ਘਰ ਜਾਂਦੇ ਨੇ ।

ਆਪਣੀ ਸੱਧਰ ਕੋਲੋਂ ਕਿਉਂ ਡਰ ਲਗਦਾ ਏ

ਆਪਣੀ ਸੱਧਰ ਕੋਲੋਂ ਕਿਉਂ ਡਰ ਲਗਦਾ ਏ । ਅੱਜ ਕਲ ਇਹਦਾ ਕੱਦ ਬਰਾਬਰ ਲਗਦਾ ਏ । ਕੋਈ ਨਹੀਂ ਰੁੱਖ ਸਲਾਮਤ ਮਿੱਟੀ ਉਡੇ ਪਈ, ਇਹ ਤੇ ਉਹਦੇ ਆਉਣ ਦਾ ਮਨਜ਼ਰ ਲਗਦਾ ਏ । ਜਿਹੜੇ ਪੱਥਰ ਕੋਲੋਂ ਨਿੱਤ ਕਤਰਾਨੇ ਆਂ, ਉਹੋ ਪੱਥਰ ਸਾਨੂੰ ਅਕਸਰ ਲਗਦਾ ਏ । ਕਹਿਣ ਨੂੰ ਇਹਦੇ ਸਭ ਵਸਨੀਕ ਈ ਓਪਰੇ ਨੇ, ਪਰ ਸਾਨੂੰ ਇਹ ਆਪਣਾ ਹੀ ਘਰ ਲਗਦਾ ਏ । ਆਪਣੇ ਖ਼ੁਦ ਦਾ ਅਕਸ ਜੀਹਦੇ ਵਿਚ ਵਿਹਨੇ ਆਂ, ਉਹੋ ਸਾਨੂੰ ਆਪਣਾ ਦਿਲਬਰ ਲਗਦਾ ਏ । ਲੰਘਦੀ ਵਾਰੀ ਵੰਡ ਗਿਆ ਖ਼ੁਸ਼ਬੂਆਂ ਕੌਣ, ਜੁੱਸਾ-ਲੁੱਸਾ ਅੱਜ ਮੁਅੱਤਰ ਲਗਦਾ ਏ । ਯਾ 'ਮਨਜ਼ੂਰ' ਉਹ ਖ਼ੁਦ ਕਤਰਾਵਣ ਸਾਡੇ ਤੋਂ, ਯਾ ਫਿਰ ਸਾਡੇ ਨਾਲ ਮੁਕੱਦਰ ਲਗਦਾ ਏ ।

ਕਿਉਂ ਅਫ਼ਸੋਸ ਨਾ ਹੋਵੇ ਐਸੀ ਜਿੰਦੜੀ ਤੇ

ਕਿਉਂ ਅਫ਼ਸੋਸ ਨਾ ਹੋਵੇ ਐਸੀ ਜਿੰਦੜੀ ਤੇ । ਜਿਸ ਜਿੰਦੜੀ ਦਾ ਪਲ-ਪਲ ਗੁਜ਼ਰੇ ਸੂਲੀ ਤੇ । ਉਹ ਨਾ ਹੋਵੇ ਤੈਨੂੰ ਕੱਲ ਕਬੂਲੇ ਨਾ, ਐਨਾ ਭਾਰ ਨਾ ਪਾ ਕੇ ਚੱਲ ਤੂੰ ਧਰਤੀ ਤੇ । ਮੇਰਾ ਜ਼ਿਹਨ ਤੇ ਮੇਰੀਆਂ ਸੋਚਾਂ ਵੱਖਰੀਆਂ ਨੇ, ਮੈਂ ਤੇ ਚੱਲ ਨਹੀਂ ਸਕਦਾ ਉਹਦੀ ਮਰਜ਼ੀ ਤੇ । ਜਾਣ-ਪਛਾਣ ਨਹੀਂ ਤੇਰੀ ਮੇਰੀ ਪਹਿਲਾਂ ਦੀ, ਕਿਉਂ ਨਾ ਸੋਚਾਂ ਮੈਂ ਤੇਰੀ ਹਮਦਰਦੀ ਤੇ । ਤੂੰ 'ਮਨਜ਼ੂਰ' ਦੇ ਬਾਰੇ ਕੁੱਝ ਵੀ ਜਾਣਦਾ ਨਹੀਂ, ਕੀ ਆਖਾਂ ਮੈਂ ਤੈਨੂੰ ਇਸ ਬੇਖ਼ਬਰੀ ਤੇ ।

ਮਕਰ ਦੀ ਭੱਠੀ ਦੇ ਵਿਚ ਜਿਹੜਾ ਢਲਦਾ ਏ

ਮਕਰ ਦੀ ਭੱਠੀ ਦੇ ਵਿਚ ਜਿਹੜਾ ਢਲਦਾ ਏ । ਮੇਰੇ ਸ਼ਹਿਰ 'ਚ ਉਹੋ ਸਿੱਕਾ ਚਲਦਾ ਏ । ਇਕ ਵੀ ਝੀਥ ਨਹੀਂ ਹੋਣੀ ਉਹਦੀਆਂ ਕੰਧਾਂ ਵਿਚ, ਝੱਖੜ ਵਿਚ ਜਿਸ ਘਰ ਦਾ ਦੀਵਾ ਬਲਦਾ ਏ । ਆਪਣਾ-ਆਪ ਮਕਾਨਾਂ ਵਿਚ ਨਾ ਬੰਦ ਕਰੋ, ਲੋਹਾ ਵੀ ਮਿੱਟੀ ਵਿਚ ਦੱਬਿਆ ਗਲਦਾ ਏ । ਮੈਂ ਵੀ ਓਸੇ ਰੱਬ ਦਾ ਮੰਨਣ ਵਾਲਾ ਵਾਂ, ਹੁਕਮ ਤੇਰੇ ਲੂ-ਲੂ ਤੇ ਜਿਸਦਾ ਚੱਲਦਾ ਏ । ਮੈਂ ਤੇ ਉਹਨੂੰ ਲੱਭਦਾ ਫਿਰਦਾ ਵਾਂ 'ਮਨਜ਼ੂਰ', ਜਿਸ ਦਾ ਮੇਰੇ ਨਾਲ ਸਿਤਾਰਾ ਰਲਦਾ ਏ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮਨਜ਼ੂਰ ਵਜ਼ੀਰਾਬਾਦੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ