Trailochan Lochi
ਤ੍ਰੈਲੋਚਨ ਲੋਚੀ

ਤ੍ਰੈਲੋਚਨ ਲੋਚੀ ਪੰਜਾਬੀ ਸੁਹਜਵੰਤੀ ਕਵਿਤਾ ਤੇ ਗ਼ਜ਼ਲ ਗੀਤ ਦਾ ਸਹਿਜ ਭਾਵੀ ਸਿਰਜਕ ਹੈ। ਉਸ ਦੇ ਕਾਵਿ ਸ਼ਬਦ ਲੋਕ ਰੰਗ ਦੇ ਵਿੱਚ ਗੁੰਨ੍ਹੇ ਹੋਏ ਸੁਰੀਲੇ ਅੰਦਾਜ਼ ਕਾਰਨ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਨੂੰ ਕੀਲਦੇ ਹਨ। ਮੁਕਤਸਰ ਸ਼ਹਿਰ ਚ ਉਸ ਦਾ ਜਨਮ ਮਾਘੀ ਵਾਲੇ ਦਿਨ 14 ਜਨਵਰੀ 1967 ਨੂੰ ਹੋਇਆ। ਬਾਬਲ ਸ: ਗੁਰਬਚਨ ਸਿੰਘ ਤੇ ਮਾਤਾ ਜੀ ਸੁਰਜੀਤ ਕੌਰ ਦੀ ਉਹ ਤੀਸਰੀ ਸੰਤਾਨ ਹੈ। ਵੱਡਾ ਵੀਰ ਸ: ਗੁਰਤੇਜ ਸਿੰਘ ਮੈਂਬਰ, ਪੰਜਾਬ ਰਾਜ ਟ੍ਰਿਉਬਨਲ (ਜੀ ਐੱਸ ਟੀ) ਵੀ ਅਦਬ ਨਿਵਾਜ਼ ਸ਼ਖਸੀਅਤ ਹੈ। ਲੋਚੀ ਤੋਂ ਵੱਡੀ ਭੈਣ ਸੁਰਿੰਦਰ ਕੌਰ ਸੀ ਜੋ ਜਲਦੀ ਸੰਸਾਰ ਤੋਂ ਵਿਦਾ ਹੋ ਗਈ। ਉਸ ਦੇ ਵਿਛੋੜੇ ਦਾ ਦਰਦ ਲੋਚੀ ਦੀਆਂ ਲਿਖਤਾਂ ਚੋਂ ਸਿੰਮਦਾ ਹੈ। ਨਿੱਕਾ ਵੀਰ ਕੰਵਲਜੀਤ ਕੈਨੇਡਾ ਚ ਵੱਸਦਾ ਹੈ। ਗੌਰਮਿੰਟ ਕਾਲਿਜ ਮੁਕਤਸਰ ਚ ਪੜ੍ਹਦਿਆਂ ਉਹ ਚੰਗਾ ਕ੍ਰਿਕਟ ਖਿਡਾਰੀ, ਨਾਟਕਾਂ ਦਾ ਪਿੱਠ ਵਰਤੀ ਗਾਇਕ ਤੇ ਅਦਾਕਾਰ ਵਜੋਂ ਪ੍ਰਸਿੱਧ ਸੀ।

ਸਾਹਿੱਤ ਸਿਰਜਣਾ ਦੇ ਰਾਹ ਉਸਨੂੰ ਪ੍ਰੋ: ਰਾਜਬੀਰ ਕੌਰ, ਪ੍ਰੋ: ਲੋਕ ਨਾਥ ਤੇ ਪ੍ਰੋ: ਜਾਗੀਰ ਸਿੰਘ ਕਾਹਲੋਂ ਨੇ ਤੋਰਿਆ। ਪਹਿਲਾਂ ਗੀਤ ਫਿਰ ਗ਼ਜ਼ਲ ਤੇ ਕਵਿਤਾਵਾਂ ਉਸ ਦੀ ਪ ਛਾਣ ਬਣੀਆਂ। ਆਪਣੇ ਮਿੱਤਰ ਹਰਦਰਸ਼ਨ ਨੈਬੀ ਨਾਲ ਰਲ਼ ਕੇ ਉਸ ਨੇ ਬੜੀ ਮਿੱਠੇ ਗੀਤਾਂ ਦੀ ਕੈਸਿਟ ਦਿਲ ਵੀ ਰੀਕਾਰਡ ਕੀਤੀ ਜਿਸ ਨੂੰ ਅਤੁਲ ਸ਼ਰਮਾ ਦੇ ਸੰਗੀਤ ਚ ਕੈਟਰੈਕ ਕੰਪਨੀ ਵੱਲੋਂ ਗੌਰਵ ਤਰੇਹਨ ਨੇ ਰਿਲੀਜ਼ ਕੀਤਾ। ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੀ ਪ੍ਰੋਫ਼ੈਸਰ ਸ਼ਰਨਜੀਤ ਕੌਰ ਲੋਚੀ ਨਾਲ ਵਿਆਹ ਹੋਣ ਮਗਰੋਂ ਉਹ ਲੁਧਿਆਣੇ ਆ ਗਿਆ। ਬੇਟੀ ਸੁਖਮਨ ਤੇ ਪੁੱਤਰ ਸਰਗੁਣ ਦਾ ਬਾਪ ਤ੍ਰੈਲੋਚਨ ਲੋਚੀ ਇੱਕ ਗ਼ਜ਼ਲ ਸੰਗ੍ਰਹਿ ਦਿਲ ਦਰਵਾਜ਼ੇ ਦਾ ਸਿਰਜਕ ਹੈ। ਮਨਜਿੰਦਰ ਧਨੋਆ ਨਾਲ ਮਿਲਕੇ ਉਸ ਨੇ ਗੁਲਕੰਦ ਨਾਮ ਹੇਠ ਪਿਛਲੇ 100 ਸਾਲ ਦੀ ਚੋਣਵੀਂ ਗ਼ਜ਼ਲ ਦਾ ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ। ਪੰਜਾਬ ਸਰਕਾਰ ਦੇ ਸਿੰਜਾਈ ਵਿਭਾਗ ਵਿੱਚ ਉਹ ਜ਼ਿਲ੍ਹੇਦਾਰ ਵਜੋਂ ਕਾਰਜਸ਼ੀਲ ਹੈ।

ਤ੍ਰੈਲੋਚਨ ਲੋਚੀ ਬਾਰੇ ਲਿਖਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਤ੍ਰੈਲੋਚਨ ਲੋਚੀ ਸੰਧੂਰੀ ਅੰਬ ਵਾਂਗ ਮਹਿਕਦੇ ਕਲਾਮ ਦਾ ਸਿਰਜਕ ਹੈ। ਸ੍ਵਰ ਸਾਧਨਾ ਤੇ ਸਾਹਿਤ ਸਿਰਜਣਾ ਦਾ ਖੂਬਸੂਰਤ ਸੁਮੇਲ। ਲੋਚੀ ਦੇ ਗ਼ਜ਼ਲ ਕਹਿਣ ਵਿੱਚ ਸਹਿਜ ਵੀ ਹੈ ਤੇ ਸੁਹਜ ਵੀ। ਇਹ ਦੋਵੇਂ ਗੁਣ ਉਸ ਦੇ ਧਰਤੀ ਤੇ ਦੁਖ ਸੁਖ ਦੀਪੇਸ਼ਕਾਰੀ ਵੇਲੇ ਸਹਿਯੋਗੀ ਧਿਰ ਬਣ ਕੇ ਨਾਲ ਖਲੋਂਦੇ ਹਨ। ਅਜੋਕੀ ਖ਼ੁਸ਼ਕ ਜ਼ਿੰਦਗੀ ਵਿੱਚ ਮਹਿਕਦੇ ਕਲਾਮ ਦੀ ਅੱਜ ਹੋਰ ਵੀ ਵਧੇਰੇ ਲੋੜ ਹੈ। ਰਾਜਗੁਰੂ ਨਗਰ ਲੁਧਿਆਣਾ ਚ ਵੱਸਦਾ ਤ੍ਰੈਲੋਚਨ ਲੋਚੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਵੀ ਮੀਤ ਪ੍ਰਧਾਨ ਰਿਹਾ ਹੈ।