Tukkian Jibhan Wale : Dr Harbhajan Singh
ਟੁੱਕੀਆਂ ਜੀਭਾਂ ਵਾਲੇ : ਡਾ. ਹਰਿਭਜਨ ਸਿੰਘ
ਹਨੇਰੀ ਰਾਤ 'ਚ ਬੁਝਣਾ ਚਿਰਾਗ਼ ਨੂੰ ਮਿਹਣਾ ਖ਼ਮੋਸ਼ ਰਹਿਣਾ ਵੀ ਮਿਹਣਾ ਏਂ ਬਾਵਫ਼ਾ ਦੇ ਲਈ
ਔਂਤਰੇ
ਔਂਤਰਿਆਂ ਨੂੰ ਵਾਜਾਂ ਮਾਰਾਂ ਕਿਧਰ ਗਏ ਓ ਬਾਝ ਤੁਹਾਡੇ ਬਹੁਤ ਉਜਾੜਾਂ ਕਿਧਰ ਗਏ ਓ ਔਂਤਰੀਏ ਤੇਰੀ ਕੁਖ ਵਿਚ ਮੈਂ ਬਾਲਕ ਬਣ ਬਹਿਣਾ ਹੋਰ ਤਾਂ ਮੈਨੂੰ ਕਿਤੇ ਨ ਠਾਹਰਾਂ ਕਿਧਰ ਗਏ ਓ ਮੇਰੀ ਖ਼ਾਤਰ ਸੁੰਞਾ ਘਰ ਖੁੱਲ੍ਹੇ ਤਾਂ ਖੁੱਲ੍ਹੇ ਹੋਰ ਤਾਂ ਬੱਜਰ ਬੰਦ ਕਿਵਾੜਾਂ ਕਿਧਰ ਗਏ ਓ ਜੋ ਨਗ਼ਮਾ ਵੀ ਗਾਇਆ ਮੌਤ ਪਿਆਂ ਲਈ ਗਾਇਆ ਮੌਤ ਪੈਣਿਆਂ ਮੋੜ ਮੁਹਾਰਾਂ ਕਿਧਰ ਗਏ ਓ
ਅੰਨ੍ਹੇ ਖੂਹ ਤਕ
ਮਸਿਆ ਦੀ ਰਾਤੇ ਜੀ ਕਰਦਾ ਏ ਅੰਨ੍ਹੇ ਖੂਹ ਤਕ ਜਾਵਾਂ ਉਸ ਦੇ ਕੰਢੇ ਬਾਲ ਅਞਾਣਾ ਦੀਵਾ ਇਕ ਜਗਾਵਾਂ ਜੇ ਨਿੱਕੀ ਅੱਗ ਚਾਂਗਰ ਮਾਰੇ ਮੂਲ ਨ ਚੁਪ ਕਰਾਵਾਂ ਚਾਂਗਰ ਸੁਣ ਕੇ ਖੂਹ ਦਾ ਪਾਣੀ ਜੇ ਆ ਜਾਏ ਉਤਾਹਾਂ ਤਾਂ ਲੱਖ ਲੱਖ ਸ਼ੁਕਰ ਮਨਾਵਾਂ ਜੇ ਨਾ ਆਏ ਤਾਂ ਸੁੱਤਾ ਪਾਣੀ ਕੰਕਰ ਮਾਰ ਬੁਲਾਵਾਂ ਪੁੱਛਾਂ ਉਸ ਅਣਵਰਤੇ ਤਾਂਈਂ ਕੀ ਤੇਰੇ ਮਨ ਦੀਆਂ ਚਾਹਵਾਂ ਜੇ ਨਾ ਬੋਲੇ, ਕੱਚੇ ਧਾਗੇ ਧੁਰ ਹੇਠਾਂ ਲਹਿ ਜਾਵਾਂ ਜਗਦੀ ਮਘਦੀ ਇਕ ਛਿਟ ਅੱਗ ਦੀ ਅੰਨ੍ਹੀ ਅੱਖ ਵਿਚ ਪਾਵਾਂ ਮਸਿਆ ਦੀ ਰਾਤੇ ਜੀ ਕਰਦਾ ਏ ਅੰਨ੍ਹੇ ਖੂਹ ਤਕ ਜਾਵਾਂ ਉਸ ਦੇ ਕੰਢੇ ਬਾਲ ਅਞਾਣਾ ਦੀਵਾ ਇਕ ਜਗਾਵਾਂ
ਕੰਜਕਾ
ਰਾਜੇ ਦਾ ਹੁਕਮ ਹੋਇਆ ਕੋਈ ਕੰਜਕਾ ਨੂੰ ਹੱਥ ਨਾ ਲਾਏ ਨਾ ਅੱਖ ਲੁੱਚੀ ਤੇ ਨਾ ਅੱਖ ਸੁੱਚੀ ਕੰਜਕਾ ਦੇ ਘਰ ਤਕ ਜਾਏ ਕੰਜਕਾ ਤਾਂ ਕਾਮੀ ਪਿਉ ਦੀ ਜਾਈ ਕੋਈ ਬਾਪ ਨਾ ਗੋਦ ਖਿਡਾਏ ਮਾਂ ਦਾ ਥਣ ਕਿਸੇ ਮਰਦ ਨੇ ਚੁੰਘਿਆ ਉਹ ਵੀ ਪੁਣ ਕੇ ਦੁੱਧ ਪਿਆਏ ਨੰਗੀਆਂ ਜੀਭਾਂ, ਭੱਜੀਆਂ ਜੀਭਾਂ ਸਾਏ ਤੇ ਹਮਸਾਏ ਕੰਜਕਾ ਲਾਗੇ ਕੋਈ ਨ ਕੂਏ ਨਾ ਕੁਝ ਸੁਣੇ ਸੁਣਾਏ ਅੱਧੀ ਅੱਧੀ ਰਾਤੀਂ ਕੰਜਕਾ ਜਾਗੀ ਮਾਂ ਨੂੰ ਪਈ ਜਗਾਏ ਮਾਏ ਨੀ ਮੇਰੇ ਢਿੱਡ ਵਿਚ ਚਾਨਣ ਮੈਨੂੰ ਪਿਆ ਬੁਲਾਏ ਨਿੱਕਾ ਜਿਹਾ ਦੀਵਾ ਅੰਦਰ ਬਲਦਾ ਬਾਹਰ ਆਉਣਾ ਚਾਹੇ ਚੁੱਪ ਦੇ ਵਿਹੜੇ ਚਾਨਣ ਚੜ੍ਹਿਆ, ਕੀਕਣ ਕੋਈ ਬੁਝਾਏ ਚੁੱਪ ਰਹਾਂ ਤਾਂ ਅੰਦਰ ਚਾਨਣ ਚੀਕੇ ਤੇ ਚਿਚਲਾਏ ਜੇ ਬੋਲਾਂ ਰਾਜਾ ਜਰਵਾਣਾ ਡਾਢੇ ਹੁਕਮ ਚੜ੍ਹਾਏ ਲੂੰਆਂ ਥਾਣੀ ਸਿੰਮਦੇ ਸਿੰਮਦੇ ਚਾਨਣ ਦੇ ਹੜ੍ਹ ਆਏ ਜਾਗ ਨੀ ਮਾਏ ਅਤੇ ਦਲੀਜੋਂ ਬਾਹਰ ਪੈਰ ਟਿਕਾਏ ਰਾਜੇ ਦਾ ਹੁਕਮ ਹੋਇਆ, ਕੋਈ ਕੰਜਕਾ ਨੂੰ ਹੱਥ ਨਾ ਲਾਏ ਨਾ ਅੱਖ ਲੁੱਚੀ ਤੇ ਨਾ ਅੱਖ ਸੁੱਚੀ, ਕੰਜਕਾਂ ਦੇ ਘਰ ਤਕ ਜਾਏ
ਜਾਲੇ
ਜਾਲੇ ਜਾਲੇ ਜਾਲੇ ਪੌਣਾਂ ਤੇ ਪਾਣੀ ਵਿਚ ਆਏ ਉਡਦੇ ਰੁੜ੍ਹਦੇ ਜਾਲੇ ਅੱਖਾਂ ਮੀਟੀ ਅੰਨ੍ਹਿਆਂ ਵਾਂਗੂ ਰੁਜ਼ਗਾਰਾਂ ਨੂੰ ਜਾਈਏ ਕੁਲ ਡਿੱਠੇ ਅਣਡਿੱਠੇ ਕੀਤੇ ਨ੍ਹੇਰੇ ਅਤੇ ਉਜਾਲੇ ਦਰਬਾਰੋਂ ਜੋ ਮਿਲੇ ਪਿਆਲਾ ਸਣ ਜਾਲੇ ਪੀ ਜਾਈਏ ਪੁਣ ਕੇ ਪੀਣਾ ਤੇ ਚੁਣ ਕੇ ਜੀਣਾ ਇਹ ਨਹੀਂ ਪੁਗਦਾ ਹਾਲੇ ਕਾਲਾ ਸੂਰਜ ਚੜ੍ਹੇ ਸਵੇਰੇ ਕਾਲਾ ਹੀ ਡੁੱਬ ਜਾਵੇ ਕਾਲਖ਼ ਬਿਨ ਜਦ ਹੋਰ ਨ ਦੂਜਾ ਕਿਉਂ ਕੋਈ ਬੱਤੀ ਬਾਲੇ ਤੂੰ ਮੇਰੇ ਤੇ ਮੈਂ ਤੇਰੇ ਤੇ ਬੈਠ ਗਏ ਜਦ ਪਹਿਰੇ ਕੌਣ ਕਿਸੇ ਤੋਂ ਰਸਤਾ ਪੁੱਛੇ ਕਿਹੜਾ ਰਾਹ ਵਿਖਾਲੇ ਜੀ ਕੀਤਾ ਅਪਣੇ ਤਕ ਪਹੁੰਚਾਂ ਕੁਝ ਤਾਂ ਹੂੰਝ ਬੁਹਾਰਾਂ ਪਹੁੰਚ ਗਿਆ ਪਰ ਖੋਲ੍ਹ ਨ ਸਕਿਆ ਮੱਥੇ ਲੱਗੇ ਤਾਲੇ ਓਦਰ ਕੇ ਮੈਂ ਆਪਣਿਆਂ ਦਾ ਜਾ ਬੂਹਾ ਖੜਕਾਇਆ ਕੰਧਾਂ ਦੇ ਗਲ ਲਗ ਕੇ ਬਹਿ ਗਏ ਟੁੱਕੀਆਂ ਜੀਭਾਂ ਵਾਲੇ
ਕੰਡੇਦਾਰ
ਉਹ ਜਿਹੜਾ ਰੁੱਖ ਤੁਸਾਂ ਦਰੋਂ ਘਰੋਂ ਤੋੜ ਕੇ ਭੋਰੇ ਵਿਚ ਸੁੱਟਿਆ ਸੀ ਸਮਝੇ ਸਾਂ ਮਰਿਆ ਐਤਕਾਂ ਦੀ ਰੁੱਤੇ ਨਵੇਂ ਕੰਡਿਆਂ ਨਾਲ ਭਰਿਆ ਹੈ ਵਰਜਿਤ ਸੀ ਹਵਾ ਨੂੰ ਪੱਤਿਆਂ ਚੋਂ ਲੰਘਣਾ ਪੰਛੀ ਨੂੰ ਮਨ੍ਹਾ ਸੀ ਟਹਿਣੀ ਤੇ ਬੈਠ ਕੇ ਗਾਉਣਾ ਜਾਂ ਖੰਘਣਾ ਉੱਗਣ ਨਹੀਂ ਦਿੱਤਾ ਫੇਰ ਜੋ ਪੱਤਾ ਵੀ ਝੜਿਆ ਹੈ ਫੁੱਲ ਨਹੀਂ ਪੱਤਾ ਨਹੀਂ, ਮਹਿਕ ਪਰ ਕੋਲ ਹੈ ਕੰਡੇ ਖਾਮੋਸ਼ ਨੇ ਇਹ ਵੀ ਕੋਈ ਬੋਲ ਹੈ ਡਿੱਗਾ ਡਿੱਗਾ ਧਰਤੀ ਤੇ ਆਪੇ ਉਠ ਖੜਿਆ ਹੈ ਕੱਲ੍ਹ ਜਦੋਂ ਕੰਡੇਦਾਰ ਰੁਖ ਬਾਹਰ ਜਾਏਗਾ ਖ਼ਲਕਤ ਚੋਂ ਲੰਘੇਗਾ ਪਿੰਡੇ ਝਰੀਟਦਾ, ਚੀਰਦਾ, ਲੰਗਾਰਦਾ ਅਪਣੀ ਚੁੱਪ ਬੋਲੀ ਵਿਚ ਪਿਆਰਦਾ, ਵੰਗਾਰਦਾ ਜਿੱਥੇ ਵੀ ਚੁਭੇਗਾ, ਚੀਖ਼ ਬਣ ਜਾਏਗਾ ਵਿੱਝੇਗਾ ਦੁਖੇਗਾ ਜੋ ਕੰਡੇ ਸੰਗ ਅੜਿਆ ਹੈ ਉਹ ਜਿਹੜਾ ਰੁੱਖ ਤੁਸਾਂ ਦਰੋਂ ਘਰੋਂ ਤੋੜ ਕੇ ਭੋਰੇ ਵਿਚ ਸੁੱਟਿਆ ਸੀ ਸਮਝੇ ਸਾਂ ਮਰਿਆ ਹੈ ਐਤਕੀਂ ਦੀ ਰੁੱਤੇ ਨਵੇਂ ਕੰਡਿਆਂ ਨਾਲ ਭਰਿਆ ਹੈ।
ਕੋਰਾ ਕਾਗ਼ਜ਼
ਕਾਗ਼ਜ਼ ਕੰਬਖ਼ਤ ਤਾਂ ਐਵੇਂ ਬਹਾਨਾ ਸੀ ਨੀਲੇ ਅਸਮਾਨ ਤੇ ਝਿਲਮਿਲ ਝਿਲ ਤਾਰੇ ਪਾਣੀ ਮਹੀਨ ਹੇਠ ਕੁਲਲ ਕੁਲਲ ਗੀਟੇ ਬੰਜਰ ਬਰਾਨ ਵਿਚ ਵਿੰਗਤੜਿੰਗੀਆਂ ਛਾਵਾਂ ਇਹ ਸਭ ਸਤਰਾਂ ਇਵੇਂ ਮੈਂ ਹੀ ਤਾਂ ਲਿਖੀਆਂ ਸਨ ਮੈਂ ਹੀ ਤਾਂ ਸਰਾਂ ਤੇ ਚਾਨਣ ਹੋ ਤੁਰਿਆ ਪਹੁੰਚਾਂ ਸਾਂ ਤੇਰੇ ਪਾਸ ਮੇਰੀ ਹੀ ਤਪਤ ਤੇਜ਼ ਸੁਲਗ ਸੂਹੀ ਪਿਆਸ ਸੀ ਡੀਕ ਗਈ ਜੋ ਤੇਰੇ ਸਾਰੇ ਦਰਿਆਵਾਂ ਨੂੰ ਕਾਗ਼ਜ਼ ਕੰਬਖ਼ਤ ਤਾਂ ਐਵੇਂ ਬਹਾਨਾ ਸੀ ਸੁਲਗਦੇ ਕੋਲਿਆਂ ਦੀਆਂ ਪੁੜੀਆਂ ਬੰਨ੍ਹ ਬੰਨ੍ਹ ਕੇ, ਮੈਂ ਹੀ ਧਰ ਆਇਆ ਸਾਂ ਤੇਰੇ ਦਰਵਾਜ਼ੇ ਤੇ ਰਾਜੇ ਦਾ ਹੁਕਮ ਮੇਰੇ ਤੀਕਣ ਆ ਪਹੁੰਚਾ ਹੈ ਨੀਲੇ ਅਸਮਾਨ ਨਾਲੇ ਬੰਜਰ ਬਰਾਨ ਪਾਣੀ ਮਹੀਨ ਵਿਗੀ ਛਾਂ, ਸੂਹੀ ਪਿਆਸ ਸਭਨਾਂ ਤੇ ਪਹਿਰਾ ਹੈ ਸੁੰਗੜ ਗਏ ਕਾਗ਼ਜ਼ ਉਹ ਜਿੰਨ੍ਹਾਂ ਤੇ ਅੱਗ ਕਦੀ ਸ਼ਿਅਰ ਬਣ ਜਾਂਦੀ ਸੀ ਰੋਮ ਰੋਮ ਅੱਖ ਹੈ ਤੇ ਅੱਖ ਅੱਖ ਰੜਕ ਹੈ ਜੀਭ ਤੇ ਛਾਲਾ ਜੋ ਕੌਣ ਨਹੀਂ ਦੇਂਦਾ ਹੈ ਅੱਧੀ, ਊਣੀ ਪੌਣੀ ਰਾਤ ਸੰਘ ਵਿਚ ਅਟਕੀ ਹੈ ਨੀਂਦ ਨਹੀਂ ਆਉਂਦੀ ਹੈ ਬਾਹਰ ਹਨੇਰਾ ਹੈ ਸਿਰਫ਼ ਚੋਰਾਂ ਵਾਸਤੇ ਚੋਰਾਂ ਵਾਂਗ ਉੱਠਦਾ ਹਾਂ ਨ੍ਹੇਰੇ ਵਿਚ ਤੁਰਦਾ ਹਾਂ ਤੇਰੇ ਦਰਵਾਜ਼ੇ ਤੇ ਕੋਰਾ ਇਕ ਕਾਗ਼ਜ਼ ਲੇਵੀ ਨਾਲ ਲਿੰਬ ਜਾਂਦਾ ਹਾਂ ਜਦੋਂ ਫੇਰ ਧਰਤੀ, ਪਾਣੀ, ਅਸਮਾਨ ਲਿਖਣ ਜੋਗ ਹੋਣਗੇ ਉਹਨਾਂ ਤੇ ਲਿਖਾਂਗਾ ਕਾਗ਼ਜ਼ ਵਿਚਾਰਾ ਤਾਂ ਐਵੇਂ ਬਹਾਨਾ ਹੈ
ਨਹੋਏ
ਅਸੀਂ ਕਾਸੇ ਜੋਗ ਨ ਹੋਏ ਨਾ ਅਸੀਂ ਧੁੱਪੇ ਬੈਠ ਕੇ ਹੱਸੇ ਨਾ ਛਾਵੇਂ ਬਹਿ ਰੋਏ ਤੁਸਾਂ ਕਿਹਾ ਕਿ ਸਾਡੇ ਭਾਵੇਂ ਸਾਰੇ ਦਰਿਆ ਲੈ ਜਾ ਸਾਨੂੰ ਸੋਚ ਪਈ ਕਿ ਦਰਿਆ ਕਿੱਥੇ ਜਾਣ ਲੁਕੋਏ ਦੋਵੇਂ ਤੁਰੇ ਤਾਂ ਤੀਜਾ ਸੂਰਜ ਨਾਲ ਨਾਲ ਹੋ ਤੁਰਿਆ ਸਾਨੂੰ ਨੰਗਾ ਨੰਗਾ ਜਾਪੇ ਤੁਰਨਾ ਲੋਏ ਲੋਏ ਅਸੀਂ ਬਾਗ਼ ਵਿਚ ਚੋਰੀ ਵੀ ਆਏ ਤੇ ਇਕ ਫੁਲ ਤੋੜ ਨ ਸੱਕੇ ਚੋਰੀ ਵੀ ਅਸੀਂ ਅਣਖ਼ੁਸ਼ਬੋਏ ਸਾਧੀ ਵੀ ਅਣਖ਼ੁਸ਼ਬੋਏ ਕਦੀ ਕਿਹਾ ਜੇ ਜੀ ਨਹੀਂ ਸਕਦੇ ਚਲ ਕੱਠੇ ਮਰ ਜਾਈਏ ਫੇਰ ਕਿਹਾ ਬਦਨਾਮ ਹੋਆਂਗੇ ਦੋਵੇਂ ਮੋਏ ਮੋਏ
ਬਿਰਛ
ਕਿਹੜੇ ਬਿਰਛ ਨੂੰ ਅਪਣਾ ਆਖ ਬੁਲਾਵਾਂ ਕਿਹੜੀ ਕਿਹੜੀ ਛਾਂ ਮੇਰੀ ਮਾਂ ਵਰਗੀ ਕਿਹੜਾ ਕਿਹੜਾ ਡਾਹਣਾ ਵਾਂਗ ਭਰਾਵਾਂ ਸੋਹਣੇ ਸੋਹਣੇ ਰੁੱਖ ਤਾਂ ਇਸ਼ਕ ਲਈ ਨੇ ਸਣ-ਖ਼ੁਸ਼ਬੋਈ ਸਣ-ਪਤ੍ਰਾਂ ਸਣ-ਛਾਵਾਂ ਚਾਕੂ ਵਾਲੇ ਆਸ਼ਕ ਲਿਖ ਦਿੱਤਾ ਏ ਡਾਲ ਡਾਲ ਤੇ ਅਪਣਾ ਨਾਂ ਸਿਰਨਾਵਾਂ ਕੁਝ ਰੁੱਖਾਂ ਤੇ ਰੱਸੇ ਲਟਕ ਰਹੇ ਨੇ ਰੱਸਿਆਂ ਵਿਚ ਲਟਕਣ ਅਣਵਰੀਆਂ ਮਾਵਾਂ ਇਹਨਾਂ ਤੀਕਣ ਬੋਲ ਨ ਮੇਰਾ ਪਹੁੰਚੇ ਨੀਵੀਂ ਨਜ਼ਰੇ ਵੇਖਾਂ ਤੇ ਲੰਘ ਜਾਵਾਂ ਕੁਝ ਰੁੱਖਾਂ ਦੇ ਹੇਠਾਂ ਬਿਸੀਅਰ ਕਾਲੇ ਇਹਨਾਂ ਨੂੰ ਮੈਂ ਸੰਕਟ ਸਮੇਂ ਧਿਆਵਾਂ ਮੈਥੋਂ ਕਦੇ ਨ ਸਰਿਆ ਇਹਨਾਂ ਤਾਈਂ ਸੁੱਚਾ ਕੱਚਾ ਗੋਕਾ ਦੁੱਧ ਪਿਆਵਾਂ ਬਾਬੇ ਬੋਹੜਾਂ ਹੇਠ ਪੰਚੈਤਾਂ ਜੁੜੀਆ ਜਿਸਦਾ ਜਦ ਜੀ ਚਾਹੇ ਕੱਟਣ ਨਾਵਾਂ ਇਹਨਾਂ ਲਾਗੇ ਜੋ ਪਹੁੰਚੇ ਸੋ ਦਾਗੀ ਦੂਰੋਂ ਦੂਰੋਂ ਸਤ ਸਲਾਮ ਬੁਲਾਵਾਂ ਕੁਝ ਰੁੱਖਾਂ ਦੇ ਹੇਠਾਂ ਖੁਰਕਾਂ ਖਾਧੇ ਕੁੱਤੇ ਮਾਨਣ ਕਾਣੀਆਂ ਕਾਣੀਆਂ ਛਾਵਾਂ ਸਿਰ ਉਪਰ ਵਿਰਲੀ ਗੋਹਲਾਂ ਦੀ ਛਤਰੀ ਉਹ ਵੀ ਛਾਂਗ ਸੁੱਟੀ ਏ ਕਾਲਿਆਂ ਕਾਵਾਂ ਖੁਰਕਾਂ ਖਾਧੇ ਕੁੱਤੇ ਕਿਉਂ ਸ਼ਸ਼ਕਾਰਾਂ ਕਾਹਨੂੰ ਭੁੱਖੇ ਭਾਣੇ ਕਾਗ ਉਡਾਵਾਂ ਮੇਰੀ ਖ਼ਾਤਰ ਥੋੜ੍ਹੀ ਧੁੱਪ ਪਈ ਏ ਐਸ ਜਨਮ ਨਹੀਂ ਮੁਕਣੀ ਰੱਜ ਹੰਢਾਵਾਂ ਕੌਣ ਬਿਰਛ ਨੂੰ ਅਪਣਾ ਆਖ ਬੁਲਾਵਾਂ ਕਿਹੜੀ ਕਿਹੜੀ ਛਾਂ ਮੇਰੀ ਮਾਂ ਵਰਗੀ ਕਿਹੜਾ ਕਿਹੜਾ ਡਾਹਣਾ ਵਾਂਗ ਭਰਾਵਾਂ
ਬੋਲਦੀ ਅੱਗ
ਦੀਵੇ ਮੇਰੇ ਦੀ ਅੱਗ ਬੋਲਣ ਲਗ ਪਈ ਮਾਏ ਇਹਨੂੰ ਕੁਝ ਸਮਝਾ ਉਡ ਕੇ ਦੁਆਖੇ ਵਿਚੋਂ ਗਲੀ ਵਲ ਨੱਸਦੀ ਏ ਮਾਏ ਇਹਨੂੰ ਫੜ ਕੇ ਬਿਠਾ ਨਿਤ ਨਿਤ ਕੈਂਚੀਆਂ ਲੈ ਜੀਭ ਇਹਦੀ ਟੁਕ ਹਾਰੀ ਨਿਤ ਨਵੀਂ ਲੈਂਦੀ ਊ ਉਗਾ ਆਖਦੀ ਏ ਨੰਗੀ ਨੰਗੀ ਪਰ੍ਹੇ ਵਿਚ ਨੱਚਣਾ ਏਂ ਇਕੋ ਇਕ ਏਹੋ ਮੇਰਾ ਚਾਅ ਇਕੋ ਕੂਕ ਨਾਲ ਸਾਰੇ ਪਿੰਡ ਨੂੰ ਉਠਾਲਣਾ ਏਂ ਲੰਘ ਜਾਣਾ ਬਣ ਕੇ ਸ਼ੁਦਾ ਇਕ ਇਕ ਢੇਲਾ ਅੱਗ ਵਿਹੜੇ ਵਿਹੜੇ ਸੁਟਣੀ ਏਂ ਸੁੱਤੇ ਸੁੱਤੇ ਜਿੱਥੇ ਦਰਿਆ ਖੂਹਾਂ ਵਿਚ ਬੱਝੇ ਬੱਝੇ ਪਾਣੀਆਂ ਨੂੰ ਖੋਲ੍ਹਣਾ ਏਂ ਅੱਗ ਵਿਚ ਸੁਟਣੇ ਨੁਹਾ ਦੀਵੇ ਮੇਰੇ ਦੀ ਅੱਗ ਬੋਲਣ ਲਗ ਪਈ ਮਾਏ ਇਹਨੂੰ ਕੁਝ ਸਮਝਾ ਉਡ ਕੇ ਦੁਆਖੇ ਵਿਚੋਂ ਗਲੀ ਵਲ ਨੱਸਦੀ ਏ ਮਾਏ ਇਹਨੂੰ ਫੜ ਕੇ ਬਿਠਾ
ਮੇਰੇ ਪਿੱਛੇ ਕੌਣ
ਮੇਰੇ ਪਿੱਛੇ ਪਿੱਛੇ ਕੌਣ ਤੁਰੇ ਨਾ ਇਹ ਹੋਇਆ ਨਾ ਅਣਹੋਇਆ ਫੁਰਨਾ ਜਿਵੇਂ ਫੁਰੇ ਸਜਰੇ ਪਾਪ ਜਿਹਾ ਇਹ ਕੋਈ ਕੀਤਾ ਦੁਰੇ ਦੁਰੇ ਇਹ ਸੋਹਣਾ ਮੇਰਾ ਸਕਾ ਸਨੇਹੀ ਉਰਿਓਂ ਹੋਰ ਉਰੇ ਧੁਰ ਜੰਗਲ ਵਿਚ ਅੱਖ ਗੁਆਂਢਣ ਨਪਦੀ ਫਿਰੇ ਖਰੇ ਜਾਂ ਮੇਰਾ ਮਨ ਮੇਰੇ ਪਿੱਛੇ ਲੱਗਾ ਮਨ ਦੇ ਵਹਿਮ ਬੁਰੇ ਇਹ ਕੋਈ ਅੱਖ ਜੋ ਮੈਂ ਖਾ ਬੈਠਾ ਨਜ਼ਰਾਂ ਜਿਵੇਂ ਛੁਰੇ ਅਪਣੀ ਨਜ਼ਰ ਦੀ ਆਪ ਨਮੋਸ਼ੀ ਤਨ ਮਨ ਭੁਰੇ ਭੁਰੇ ਮੇਰੇ ਪਿੱਛੇ ਪਿੱਛੇ ਕੌਣ ਤੁਰੇ ਨਾ ਇਹ ਹੋਇਆ ਨਾ ਅਣਹੋਇਆ ਫੁਰਨਾ ਜਿਵੇਂ ਫੁਰੇ
ਗੁਆਂਢੀ ਨਹੀਂ ਸੀ
ਕੋਈ ਨਹੀਂ ਕੋਈ ਨਹੀਂ ਉਹ ਮੇਰਾ ਕੋਈ ਵੀ ਨਹੀਂ ਮੇਰੇ ਗੁਆਂਢ ਵਿਚ ਰਹਿੰਦਾ ਉਹ ਮੇਰਾ ਗੁਆਂਢੀ ਨਹੀਂ ਸੀ ਉਹਨੂੰ ਲੈ ਗਏ ਉਹ ਜੋ ਜਦੋਂ ਆਉਂਦੇ ਨੇ ਰਾਤ ਪੈ ਜਾਂਦੀ ਹੈ ਗਲੀ ਦੀ ਓਸ ਚੁਪ ਨੂੰ ਮੈਂ ਸਿਰਫ਼ ਏਨਾ ਕੁ ਜਾਣਦਾ ਹਾਂ ਇਕ ਵਾਰ ਕਾਹਲੀ ਕਾਹਲੀ ਗਲੀ ਵਿਚੋਂ ਲੰਘਦੇ ਮੈਂ ਉਹਦੀ ਨੇਮ-ਪਲੇਟ ਚੋਰ-ਅੱਖੀਂ ਪੜ੍ਹੀ ਸੀ ਜਾਂ ਕਦੀ ਕਦੀ ਗਲੀ ਦੀ ਨੁੱਕਰ ਤੇ ਬੇ-ਬੂਹਾ ਕੰਧ ਤੇ ਲੱਗੇ ਨਵੇਂ ਤੇ ਪੁਰਾਣੇ ਇਸ਼ਤਿਹਾਰ ਬੜੇ ਗਹੁ ਨਾਲ ਪੜ੍ਹਦੇ ਮੈਂ ਉਹਨੂੰ ਵੇਖਿਆ ਸੀ ਉਹ ਆਏ ਜੀਪ ਵਿਚ ਹੱਥਕੜੀਆਂ ਸਮੇਤ ਚੀਖ਼ਦੇ ਬੂਟਾਂ ਸਮੇਤ ਬੇਵਜ੍ਹਾ ਉਹ ਜਦੋਂ ਆਪਣੇ ਜਲੂਸ ਵਿਚ ਗਲੀ 'ਚੋਂ ਲੰਘਿਆ ਮੈਂ ਅਪਣੇ ਘਰ ਦੇ ਸਾਮ੍ਹਣੇ ਕੰਧ ਤੇ ਲੱਗੇ ਇਸ਼ਤਿਹਾਰ ਵਾਂਗ ਹਾਜ਼ਰ ਸਾਂ ਉਸ ਨੇ ਗਲੀ ਦੇ ਸਾਰੇ ਇਸ਼ਤਿਹਾਰਾਂ ਨੂੰ ਇਕ ਇਕ ਕਰ ਕੇ ਵੇਖਿਆ ਤੇ ਫੇਰ ਚੁਪਚਾਪ ਜੀਪ ਵਿਚ ਜਾ ਬੈਠਾ ਕੋਈ ਨਹੀਂ ਕੋਈ ਨਹੀਂ ਉਹ ਮੇਰਾ ਕੋਈ ਨਹੀਂ ਸੀ ਜੀਪ ਚਲੀ ਗਈ ਤਾਂ ਲੱਗਾ ਇਹ ਗਲੀ ਇਕ ਦਰਿਆ ਸੀ ਜੋ ਹੁਣੇ ਹੁਣੇ ਸੁੱਕਾ ਹੈ ਏਥੇ ਇਕ ਰੁੱਖ ਸੀ ਜਿਸ ਦੇ ਪੰਛੀ-ਪੱਤਰ ਅਚਨਚੇਤ ਕਿਤੇ ਉਡ-ਪੁਡ ਗਏ ਨੇ ਸਾਰੇ ਦੇ ਸਾਰੇ ਘਰ ਦੀ ਪੜਛੱਤੀ ਤੇ ਇਕ ਕਬਾੜ-ਬਕਸਾ ਏ ਉਸ ਵਿਚ ਖੁੰਢਾ, ਜੰਗਾਲਿਆ ਇਕ ਚਾਕੂ ਹੈ, ਬੇਵਜ੍ਹਾ ਕੋਈ ਨਹੀਂ ਕੋਈ ਨਹੀਂ ਉਹ ਮੇਰਾ ਕੋਈ ਨਹੀਂ ਸੀ ਮੇਰੇ ਗੁਆਂਢ ਵਿਚ ਰਹਿੰਦਾ ਉਹ ਮੇਰਾ ਗੁਆਂਢੀ ਨਹੀਂ ਸੀ
ਚੁੱਪ 1
ਮੈਨੂੰ ਚੁੱਪ ਤੋਂ ਡਰ ਲਗਦਾ ਹੈ ਚੁੱਪ ਤਾਂ ਨੰਗੀ ਕੁੜੀ ਵਿਚਾਰੀ ਨੰਗੀਆਂ ਵਿਚ ਖਲੋਤੀ ਹੋਈ ਪਹਿਲਾਂ ਹੌਲੀ ਹੌਲੀ ਅਪਣੇ ਹੰਝੂ ਪੂੰਝੇ ਨੰਗੀਆਂ ਬਾਹਵਾਂ ਨਾਲ ਆਪਣਾ ਆਪ ਲੁਕਾਵੇ ਫਿਰ ਸਭਨਾਂ ਵਲ ਪਿੱਠ ਕਰਕੇ ਕੱਲੀ ਖੜ੍ਹ ਜਾਵੇ
ਚੁੱਪ 2
ਇਕ ਦੂਜੇ ਵਲ ਪਿੱਠਾਂ ਕਰਕੇ ਖੜੇ ਨਮਾਜ਼ੀ ਸਾਂਝੀ ਨੀਤ ਗੁਆਚ ਗਈ ਹੈ ਹਰ ਇਕ ਨੂੰ ਰੱਬ ਚਾਹੀਦਾ ਹੈ ਕੱਲਮੁਕੱਲਾ ਅਪਣੇ ਜੋਗਾ ਜੋ ਬਸ ਉਸ ਦੀ ਸੁਣੇ ਤੇ ਫਿਰ ਗੂੰਗਾ ਹੋ ਜਾਵੇ
ਕੁੱਤਾ
ਅੱਗੇ ਪਿੱਛੇ ਰਾਤ ਪਈ ਏ ਨਾ ਕੋਈ ਵੇਲਾ ਨਾ ਕੋਈ ਥਾਂ ਏਂ ਸੂਰਜ ਚਾਨਣ ਚੰਨ ਸਿਤਾਰੇ ਤੁਰ ਗਏ ਪਤਾ ਨਾ ਕਿਧਰੇ ਸਾਰੇ ਸਿਰ ਅਸਮਾਨ ਪਛਾਣ ਨ ਹੋਵੇ ਇਹ ਵੀ ਪੱਕਾ ਪਤਾ ਨਹੀਂ ਹੈ ਪੈਰਾਂ ਹੇਠਾਂ ਧਰਤੀ ਏ ਜਾਂ ਬੇਧਰਤੀ ਏ ਨਾ ਕੋਈ ਕੰਕਰ ਨਾ ਕੋਈ ਕੰਡਾ ਚੁਭੇ ਤਾਂ ਜਾਪੇ ਭੋਂ ਜਿਉਂਦੀ ਏ ਕਾਲਖ ਦੇ ਵਿਚ ਰਾਤ ਗੁਆਚੀ ਉਹਦੇ ਵਿਚ ਗੁਆਚਾ ਹੋਇਆ ਰਾਤ ਜਿਹਾ ਇਕ ਮੈਂ ਤੁਰਦਾ ਹਾਂ ਰਾਤ ਸ਼ੁਰੂ ਮੇਰਾ ਰਾਤ ਖ਼ਾਤਮਾ ਕਲ੍ਹ ਤਕ ਸਾਡਾ ਸੂਰਜ ਵੀ ਸੀ ਘਰ ਸੀ ਘਰ ਵਿਚ ਇਕ ਪਿਪਲੀ ਸੀ ਸੁਬ੍ਹਾ ਸਵੇਰੇ ਪਿਪਲੀ ਜਾਗੇ ਚੁਹਰ ਚੁਹਰ ਚੁਹ ਸਰਰ ਸਰਰ ਸਰ ਉਸਦੀ ਯਾਦ ਵੀ ਏਸ ਰਾਤ ਵਿਚ ਡੁਬਦੀ ਜਾਏ ਕਾਲੀ ਚੁੱਪ ਵਿਚ ਕਦੀ ਕਦਾਈਂ ਕਿਤੇ ਬੇਸੁਰਾ ਕੁੱਤਾ ਭੌਂਕੇ ਸੁਣਾਂ ਤਾਂ ਜਾਪੇ ਕੋਈ ਪਿੰਡ ਕਿਤੇ ਜਿਉਂਦਾ ਏ ਪਿੰਡ ਨਹੀਂ ਤਾਂ ਇਕ ਜਾਂ ਅੱਧਾ ਘਰ ਬਚਿਆ ਏ ਘਰ ਦੇ ਵਿਹੜੇ ਵਿਚ ਪਿਪਲੀ ਏ ਪੱਤਿਆਂ ਦੇ ਵਿਚ ਚੁੰਝ ਵਲੇਟੀ ਪੰਛੀ ਸੁੱਤੇ ਕੱਲ੍ਹ ਨਹੀਂ ਤਾਂ ਪਰਸੋਂ ਤਰਸੋਂ ਸੁਬ੍ਹਾ ਸਵੇਰੇ ਚੁਹਰ ਚੁਹਰ ਚੁਹ ਮੁੜ ਜਾਗੇਗੀ ਕੁੱਤਾ ਭੌਂਕੇ ਏਸ ਆਸ ਤੇ
ਜੇਲ੍ਹ
ਸਾਡੇ ਪਾਸ ਸਿਰਫ਼ ਬਾਹਰ ਸੀ ਬਾਹਰ ਬੜੀ ਧੁੱਪ ਸੀ ਝੱਖੜ ਸੀ, ਮੀਂਹ ਸੀ ਬਾਹਰ ਸਖ਼ਤ ਸਰਦੀ ਸੀ ਪਿੰਡਾ ਸਿਰਫ਼ ਨੰਗਾ ਸੀ ਜਰਨਹਾਰ ਚੰਗਾ ਸੀ ਉਨ੍ਹਾਂ ਕਿਹਾ ਆਪਣੀ ਗਰੀਬੀ ਹਟਾਓ ਆਪਣੇ ਲਈ ਆਪੇ ਘਰ ਬਣਾਓ ਪਿੰਡੇ ਨੂੰ ਮਿੱਟੀ ਜਾਣ ਕਹੀਆਂ ਨਾਲ ਪੁਟਿਆ ਪਿੰਡੇ ਦੀ ਘਾਣੀ ਨੂੰ ਵਢਿਆ ਤੇ ਪੱਥਿਆ ਆਵਿਆਂ 'ਚ ਪੈ ਕੇ ਪਿੰਡਾ ਮੱਠਾ ਮੱਠਾ ਪਕਿਆ ਆਪਣੇ ਤੇ ਆਪਣੇ ਨੂੰ ਜੋੜ ਜੋੜ ਰੱਖਿਆ ਵਿਚ ਆਪਣਾ ਹੀ ਗਾਰਾ ਨਹੀਂ ਟੁੱਟਣਾ ਦੁਬਾਰਾ ਉਨ੍ਹਾਂ ਸਾਨੂੰ ਅੰਦਰ ਬਿਠਾ ਦਿੱਤਾ ਤੇ ਬਾਹਰੋਂ ਤਾਲੇ ਜੜ ਦਿੱਤੇ ਹੁਣ ਅਸੀਂ ਅੰਦਰ ਹਾਂ ਅੰਦਰ ਬੜਾ ਹੁੰਮ ਹੈ, ਗਰਮੀ, ਪਸੀਨਾ ਹੈ ਅੰਦਰ ਨਹੀਂ ਜਰਨਾ ਹੈ ਕੁਝ ਨਹੀਂ ਕਰਨਾ ਹੈ ਜੀਭ ਨੂੰ ਆਰਾਮ, ਕੰਨਾਂ ਨੂੰ ਛੁੱਟੀ ਹੈ ਨੰਗੇ ਫ਼ਰਸ਼ ਸੁੱਤੇ ਹਾਂ ਬੜੀ ਮੌਜ ਲੁੱਟੀ ਹੈ ਟਿਕ ਟਿਕ ਟਿਕ ਟਿਕ ਦਿਲ ਜਦੋਂ ਕਰਦਾ ਹੈ ਪਤਾ ਨਹੀਂ ਲਗਦਾ ਭੈੜਾ ਜੀਉਂਦਾ ਜਾਂ ਮਰਦਾ ਹੈ ਕਦੀ ਕਦੀ ਚੁਪਚਾਪ ਚੁੱਪ ਨੂੰ ਹੀ ਪੁਛਦੇ ਹਾਂ ਬਾਹਰ ਜੋ ਚੰਨ ਸੀ, ਸੂਰਜ, ਅਸਮਾਨ ਸੀ ਮੌਸਮ ਮਹੀਨਾ ਸੀ, ਪਰਬਤ ਮੈਦਾਨ ਸੀ ਓਸ ਦਾ ਕੀ ਬਣਿਆ ? ਓਥੇ ਹੀ ਰਹਿੰਦਾ ਹੈ ? ਬਾਹਰ ਖੜਾ ਜਰਦਾ ਹੈ ਜਾਂ ਅੰਦਰ ਪਿਆ ਸਹਿੰਦਾ ਹੈ ?
ਮੌਹਰਾ ਦਾਨ ਕਰੋ
ਅੱਧੀ ਅੱਧੀ ਰਾਤੀਂ ਅਗਨ ਭਮੂਕਾ ਬਣ ਕੇ ਪਿੰਡ 'ਚੋਂ ਮੈਂ ਲੰਘਣਾ ਹਰ ਹਰ ਬੂਹੇ ਅਲਖ ਜਗਾਉਣੀ ਹਰ ਹਰ ਥਾਂ ਮੌਹਰਾ ਮੰਗਣਾ ਬਿਨ ਮਰਿਆਂ ਜੋ ਦਫ਼ਨਾਏ ਨੇ ਵੈਣ ਉਨ੍ਹਾਂ ਦੇ ਮੈਂ ਪਾਵਾਂ ਸ੍ਰਾਪ ਉਨ੍ਹਾਂ ਦਾ ਸੜਦਾ ਬਲਦਾ ਹਰ ਇਕ ਬੂਹੇ ਤੇ ਟੰਗਣਾ ਮੌਹਰੇ ਵਾਲਿਓ ਅਪਣਾ ਅਪਣਾ ਸਾਰਾ ਮੌਹਰਾ ਦਾਨ ਕਰੋ ਅਜੇ ਤਾਂ ਆਸ਼ਕ ਬਹੁਤ ਬਚੇ ਨੇ ਖ਼ਤਮ ਅਜੇ ਹੋਈ ਜੰਗ ਨਾ
ਸ਼ੇਰ ਵਾਲੀ
ਸ਼ੇਰ ਤੋਂ ਉਤਰ ਆ ਮਾਂ ਸ਼ੇਰ ਦੇ ਢਿੱਡ ਵਿਚ ਮੈਂ ਹਾਂ ਕੁਲ ਦੁਪਹਿਰੇ ਤੂੰ ਅਸ਼ਟਭੁਜੀ ਬਾਹਾਂ ਪਸਾਰ ਕੇ ਫੈਲ ਗਈ ਸੈਂ ਜਦੋਂ ਬਲਦੀ ਧੁੱਪ ਬਣ ਕੇ ਦੌੜ ਗਏ ਸੀ ਡਰ ਦੇ ਮਾਰੇ ਰੁੱਖ ਬੂਟੇ ਉਹ ਸਾਰੇ ਜੋ ਅਸੀਂ ਜੰਗਲ 'ਚੋਂ ਫੜ ਕੇ ਲਿਆਏ ਸਾਂ ਤੇ ਬੰਨ੍ਹ ਦਿੱਤੇ ਸੀ ਘਰਾਂ, ਸੜਕਾਂ, ਖੇਤਾਂ, ਬੀਆਬਾਨਾਂ ਵਿਚ ਪਾਲਤੂ ਪਸ਼ੂਆਂ ਵਾਂਗ ਕੰਧ ਵਲ ਜਦੋਂ ਵਧਿਆ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਖਾ ਗਈ ਕੰਧ ਆਪਣੀ ਛਾਂ ਧੁੱਪ ਵਿਚ ਬਹੁਤ ਸੜਿਆ ਸ਼ੇਰ ਦੇ ਹੀ ਮੂੰਹ ਅੰਦਰ ਜਾ ਵੜਿਆ ਦੁਪਹਿਰ ਤੋਂ ਦੁਪਹਿਰ ਤੀਕ ਵਿਚ ਕੋਈ ਸ਼ਾਮ ਨਹੀਂ ਰਾਤ ਨਹੀਂ ਕਿ ਬਾਹਰ ਆਵਾਂ ਅਸ਼ਟਭੁਜੀ ਮਾਂ ਮੀਟ ਲੈ ਆਪਣੀਆਂ ਅਠ ਮੁਠੀਆਂ ਜਿਨ੍ਹਾਂ ਦੀਆਂ ਤਲੀਆਂ ਚੋਂ ਬਲਦੀ ਅੱਗ ਸਿੰਮਦੀ ਏ ਸ਼ੇਰ ਤੋਂ ਉਤਰ ਆ ਮਾਂ ਸ਼ੇਰ ਦੇ ਢਿੱਡ ਵਿਚ ਮੈਂ ਹਾਂ
ਸ਼ਹੀਦ
ਪਿੰਜਰੇ 'ਚ ਪਿਆ ਬੰਦਾ ਬਰਛੇ ਤੇ ਟੰਗਿਆ ਨੀ ਮਾਂ ਪਿੰਜਰੇ ਵਾਲੀਏ ਨੀ ਮਾਂ ਬਰਛੇ ਵਾਲੀਏ ਬਰਛੇ ਦੀ ਨੋਕ ਤੋਂ ਏਸ ਨੂੰ ਉਤਾਰ ਲੈ ਬਰਛੇ ਤੇ ਟੰਗਿਆ ਇਹ ਸ਼ਹੀਦ ਬਣ ਜਾਵੇਗਾ ਤੇ, ਫੇਰ, ਇਸ ਦੀ ਪੂਜਾ ਲਈ ਸਾਨੂੰ ਸਾਜਣਾ ਪਵੇਗਾ ਇਕ ਮੰਦਿਰ ਹੋਰ
ਜਿੰਦ ਅਵਾਰਾ
ਨਿਰਮਲ ਨਿਰਮਲ ਤੇਰੀ ਝੀਲ ਵਿਚ ਝਿਲਮਿਲ ਮਿਲਮਿਲ ਤਾਰਾ ਨਾ ਇਹ ਤਾਰਾ ਘੁਲਿਆ ਮਿਲਿਆ ਨਾ ਇਹ ਨਿਆਰਾ ਨਿਆਰਾ ਨਿਰੀ ਪੌਣ ਹਾਂ ਅੰਗ ਚਿਰਵਾ ਕੇ ਕੰਡਿਆਂ 'ਚੋਂ ਲੰਘ ਜਾਵਾਂ ਅਪਣੇ ਪਿੱਛੇ ਛੱਡ ਨਾ ਸੱਕਾਂ ਅਪਣਾ ਲੀਰ-ਲੰਗਾਰਾ ਉਮਰ ਦੁਪਹਿਰਾ ਸੜਦਾ ਸੂਰਜ ਪਾਣੀ ਪਾਣੀ ਖੁਰਿਆ ਆਖ ਨ ਸਕਿਆ ਬਕਲੇ ਪਾਣੀ ਪੀ ਲੈ ਪੀ ਲੈ ਯਾਰਾ ਦਰਿਆਵਾਂ ਤਾਂ ਕਿਹਾ ਬਥੇਰਾ ਨੰਗ-ਮੁਨੰਗਾ ਨ੍ਹਾ ਲੈ ਦਰਿਆਵਾਂ ਤੋਂ ਕੰਡਿਆਂ ਤੀਕਰ ਪਰ ਰਸਤਾ ਸੀ ਭਾਰਾ ਪਹਿਲੀ ਨਜ਼ਰੇ ਕੋਰੇ ਬਦਨ ਤਕ ਸਭ ਤੈਨੂੰ ਦੇ ਦਿੱਤਾ ਭਾਵੇਂ ਪਤਾ ਸੀ ਇਹਨਾਂ ਰਾਹੀਂ ਲੰਘਣਾ ਨਹੀਂ ਦੁਬਾਰਾ ਪਹਿਲੀ ਥਰਹਰ ਬਣ ਕੇ ਤੇਰੇ ਪਿੰਡੇ ਤੇ ਜੀ ਲੀਤਾ ਦੂਜੀ ਥਰਹਰ ਤੀਕ ਉਡੀਕੇ ਉਹ ਨਹੀਂ ਜਿੰਦ ਅਵਾਰਾ ਸ਼ਾਮ ਪਈ ਹੁਣ ਨ੍ਹੇਰਾ ਬਣ ਕੇ ਥਾਂ ਪਰ ਥਾਂ ਡੁਲ੍ਹ ਜਾਵਾਂ ਕੱਲ੍ਹ ਨੂੰ ਸੂਰਜ ਹੂੰਝ ਲਵੇਗਾ ਮੇਰਾ ਖੇਲ-ਖਿਲਾਰਾ
ਅੱਗ ਚਾਰ ਚੁਫੇਰੇ
ਮੈਂ ਤੁਰਿਆ ਮੇਰੇ ਨਾਲ ਤੁਰੀ ਅੱਗ ਚਾਰ ਚੁਫੇਰੇ ਆਸੇ ਪਾਸੇ ਅੱਗ ਦੀਆਂ ਲੀਕਾਂ ਅੱਗ ਦੇ ਘੇਰੇ ਇਕ ਬੈਸੰਤਰ ਅਜ਼ਲਾਂ ਨੇ ਮੇਰੇ ਮੱਥੇ ਬਾਲੀ ਦੂਜੀ ਆਣ ਸ਼ਰੀਕਾਂ ਬਾਲੀ ਮੇਰੇ ਵਿਹੜੇ ਇਕ ਮੇਰੀ ਹਾਣੋ ਸਾਰਾ ਬੇਲਾ ਰੋਸ਼ਨ ਕਰ ਗਈ ਡਾਲ ਡਾਲ ਤੇ ਅੱਗ ਦਾ ਪੰਛੀ ਸਰਗਮ ਛੇੜੇ ਜਿੱਦਣ ਦੀ ਮੇਰੇ ਸਿਰ ਤੇ ਅੱਗ ਦੀ ਕਲਗੀ ਬੱਝੀ ਓਸੇ ਦਿਨ ਤੋਂ ਸੜਦੀ ਤੁਹਮਤ ਖੜੀ ਬਨੇਰੇ ਸੜਦੇ ਬਲਦੇ ਜਿਹੜੇ ਚੋ ਮੇਰੇ ਮੱਥੇ ਵੱਜੇ ਉਹੀਓ ਕਹਿੰਦੇ : ਅਸੀਂ ਤਾਂ ਜੁਗ ਜੁਗ ਸਾਥੀ ਤੇਰੇ ਜਿੱਥੇ ਸੂਹੇ ਚਾਨਣ ਓਥੇ ਕੌੜੇ ਧੂੰਏਂ ਅੰਗੀ ਸੰਗੀ ਇਹਨਾਂ ਤਾਈਂ ਕੌਣ ਨਿਖੇੜੇ ਮੈਂ ਤੁਰਿਆ ਮੇਰੇ ਨਾਲ ਤੁਰੀ ਅੱਗ ਚਾਰ ਚੁਫੇਰੇ ਆਸੇ ਪਾਸੇ ਅੱਗ ਦੀਆਂ ਲੀਕਾਂ ਅੱਗ ਦੇ ਘੇਰੇ
ਉਨ੍ਹਾਂ ਦਾ ਕੀ ਬਣੇਗਾ ?
ਉਹ ਕਿਸੇ ਭੂਤ-ਕਹਾਣੀ ਦਾ ਪਾਤਰ ਨਹੀਂ ਨਾ ਹੀ ਪਿੰਡ ਦੇ ਇੱਕਲਵਾਂਝੇ ਉਹ ਥਾਂ ਕੋਈ ਭੂਤਵਾੜਾ ਏ ਸੱਚੀਮੁੱਚੀ ਦੇ ਮੋਏ ਅਣਮੋਏ ਬੰਦਿਆਂ ਦਾ ਕਬਰਿਸਤਾਨ ਏ ਜਦੋਂ ਕਾਲੀ ਰਾਤ ਆਮ ਤੋਂ ਕੁਝ ਵਧੇਰੇ ਗੂੜ੍ਹੀ ਹੋ ਜਾਂਦੀ ਏ ਤਾਂ ਉਹ ਨੀਂਦਰੋਂ ਟੁੱਟੇ ਅੰਗਿਆਰ ਵਾਂਗ ਅੱਭੜਵਾਹੇ ਜਾਗਦਾ ਏ ਤੇ ਪਿੰਡ ਦੀ ਕੰਗਰੋੜ 'ਚੋਂ ਇਕ ਸ਼ੂਕਦਾ ਤਾਰਾ ਲੰਘ ਜਾਂਦਾ ਹੈ : ‘ਏਸ ਕਬਰਿਸਤਾਨ ਵਿਚ ਸਾਰੇ ਹੀ ਜਣੇ ਮੁਰਦਾ ਨਹੀਂ ਕੁਝ ਅਣਮਰੇ ਵੀ ਨੇ ਏਥੇ ਮਰਨ ਦਾ ਹੱਕ ਮਿਲਣ ਤੋਂ ਪਹਿਲਾਂ ਹੀ ਜੋ ਦਫ਼ਨਾਏ ਗਏ ਹਸ਼ਰ ਦੇ ਦਿਨ ਮੁਰਦੇ ਜਾਗਣਗੇ ਤੇ ਪੇਸ਼ ਕਰਨਗੇ ਅਪਣਾ ਹਿਸਾਬ ਪਰ ਉਹ ਕਿ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ ਉਨ੍ਹਾਂ ਦਾ ਕੀ ਬਣੇਗਾ ਮੇਰੇ ਵਰਗੇ ਹੋਰ ਵੀ ਨੇ ਕਈ ਏਥੇ ਜੋ ਇਸੇ ਫ਼ਿਕਰ ਵਿਚ ਗ਼ਲਤਾਨ ਨੇ......' ‘ਮੈਂ ਤਾਂ ਖ਼ੁਦਕਸ਼ੀ ਵੀ ਨਹੀਂ ਕੀਤੀ ਨਾ ਕੋਈ ਗੁਨਾਹ ਨਾ ਸੁਆਬ ਨਾ ਮਰਿਆ ਨਾ ਮਾਰਿਆ ਗਿਆ ਬਸ ਦਫ਼ਨਾ ਦਿੱਤਾ ਗਿਆ ਮੈਂ ਭਲਾ ਕੀਤਾ ਵੀ ਕੀ ਸੀ ਕਦੀ ਕਦਾਈਂ ਕਿਸੇ ਖੜੀ ਝੀਲ ਵਿਚ ਇੱਟ ਸੁੱਟੀ ਸੀ ਕਿਸੇ ਬੱਝੇ ਦਰਿਆ ਨੂੰ ਹੂਕਰ ਮਾਰੀ ਸੀ ਕਿ ਅਪਣੇ ਗਲੋਂ ਪਟਾ ਲਾਹ ਦੇ ਕਿਸੇ ਬੇਮੌਸਮ ਬਾਂਝ ਬੇਰੀ ਨੂੰ ਝੂਣਿਆ ਸੀ; ' “ਅਪਣੇ ਮੌਸਮ ਵਿਚ ਅਪਣੇ ਫਲ ਪੱਤੇ ਉਜਾਗਰ ਕਰਨ ਵਿਚ ਕਾਹਦੀ ਨਮੋਸ਼ੀ" ਇਕ ਅਧ ਵਾਰ ਖ਼ਾਮੋਸ਼ ਜੰਗਲ ਵਿੱਚੋ ਤੇਜ਼ ਝੱਖੜ ਬਣ ਕੇ ਲੰਘਣਾ ਚਾਹਿਆ ਸੀ ਬਸ, ਚਾਹਿਆ ਸੀ ਤੇ ਫੇਰ ਦਫ਼ਨਾ ਦਿੱਤਾ ਗਿਆ ਉਹ ਵੀ ਅੱਧਾ-ਪਚੱਧਾ ਤਾਹੀਓਂ ਤਾਂ ਕਾਲੀ ਰਾਤ ਜਦੋਂ ਆਮ ਤੋਂ ਕੁਝ ਵਧੇਰੇ ਗੂੜ੍ਹੀ ਹੋ ਜਾਂਦੀ ਏ ਤਾਂ ਹੋਰਨਾਂ ਵੱਲੋਂ ਮੈਨੂੰ ਹੀ ਜਾਗ ਕੇ ਪੁਛਣਾ ਪੈਂਦਾ ਹੈ : “ਕਿਆਮਤ ਦੇ ਦਿਨ ਜਦੋਂ ਕਬਰਾਂ ਖੁਲ੍ਹਣਗੀਆਂ ਮੁਰਦੇ ਜਾਗਣਗੇ ਤਾਂ ਉਨ੍ਹਾਂ ਦਾ ਕੀ ਬਣੇਗਾ ਜੋ ਬਿਨ ਮਰੇ ਦਫ਼ਨਾਏ ਗਏ ਸੁਣਿਆ ਏ ਕਿਆਮਤ ਦੇ ਦਿਨ ਸਿਰਫ਼ ਮੁਰਦੇ ਹੀ ਜਾਗਦੇ ਨੇ" ਉਹ ਕਿਸੇ ਭੂਤ-ਕਹਾਣੀ ਦਾ ਪਾਤਰ ਨਹੀਂ ਨਾ ਹੀ ਪਿੰਡ ਦੇ ਇੱਕਲਵਾਂਝੇ ਉਹ ਥਾਂ ਕੋਈ ਭੂਤਵਾੜਾ ਏ
ਅੱਗਾਂ
ਅੱਗਾਂ ਅੱਗਾਂ ਅੱਗਾਂ ਆਸੇ ਅੱਗਾਂ ਪਾਸੇ ਅੱਗਾਂ ਅੱਗੇ ਪਿੱਛੇ ਅੱਗਾਂ ਤੇਰੀ ਲਾਟ ਵਿਚ ਬਲਣ ਜੁ ਨਿਕਲੇ ਰਾਹ ਵਿਚ ਬਹੁਤ ਮੁਆਤੇ ਉਹੀਓ ਸੜਦਾ ਬਲਦਾ ਜਾਪੇ ਮੈਂ ਜਿਹਦੇ ਗਲ ਲੱਗਾਂ ਜਿਹੜੇ ਬਿਰਛ ਦੀ ਛਾਵੇਂ ਬੈਠਾਂ ਓਸੇ 'ਚੋਂ ਅੱਗ ਸਿੰਮੇ ਜਿਹੜੇ ਵੀ ਦਰਿਆ 'ਚੋਂ ਲੰਘਾਂ ਬਲ ਬਲ ਉੱਠਣ ਝੱਗਾਂ ਕਿਹੜਾ ਸਗਨ ਏ ਲੋਕ ਚੰਗੇਰਾਂ ਭਰ ਵੰਡਣ ਚੰਗਿਆੜੇ ਕਿਹੜੇ ਜਨਮ ਦੀ ਭਾਜੀ ਮੋੜਾਂ ਕੀਕਣ ਪੂਰਾ ਤੱਗਾਂ ਮੈਂ ਆਪਣੇ ਘਰ ਗੌਣ ਧਰਾਇਆ ਲਾਟਾਂ ਗਾਵਣ ਆਈਆਂ ਆਪਣਿਆਂ ਦੇ ਸੁਖਨ-ਸਿਆਪੇ ਸੇਕ ਸੇਕ ਕੇ ਮੱਘਾਂ ਜਿੱਧਰ ਜਾਵਾਂ ਜੋੜ ਜੋੜ ਮੂੰਹ ਸਿਵੇ ਕਰੇਂਦੇ ਗੱਲਾਂ ਕਿਸ ਮਹਿਰਮ ਦੀ ਗੋਦੀ ਬੈਠਾਂ ਕਿੱਧਰ ਕਿੱਧਰ ਭੱਜਾਂ ਜੀ ਚਾਹੁੰਦੈ ਹਰਿਆ ਘਾਹ ਬਣ ਕੇ ਮਿੱਟੀ ਵਿਚ ਸੌਂ ਜਾਵਾਂ ਮੈਨੂੰ ਵਾਜਾਂ ਮਾਰ ਨ ਅੱਗੇ ਮੈਂ ਤੇਰਾ ਕੀ ਲੱਗਾਂ
ਬੰਦੇ ਸੌੜੇ ਸੌੜੇ
ਇੱਕਲਵਾਂਝੇ ਸੋਈ ਮਾਂ ਦੀਆਂ ਦੁਧੀਆਂ ਚੁੰਘਣ ਜੌੜੇ ਪਤਾ ਨ ਲਗਦਾ ਖ਼ਾਲਮ ਖ਼ਾਲੀ ਘੁਟ ਮਿੱਠੇ ਜਾਂ ਕੌੜੇ ਕਿੰਨਾ ਕੁ ਮਾਰੂਥਲ ਵੱਸਦਾ ਏ ਦੋ ਦੁਧੀਆਂ ਵਿਚਕਾਰੇ ਨਾ ਕੋਈ ਸੁਖ ਸੁਨੇਹਾ ਪਹੁੰਚੇ ਨਾ ਕੋਈ ਕਾਸਦ ਬਹੁੜੇ ਇਕ ਚਾਂਗਰ ਇਕ ਚੁਪ ਦੇ ਬਾਝੋਂ ਬੋਲ ਨਾ ਬੋਲਣ ਦੂਜਾ ਪਤਾ ਨਹੀਂ ਇਹ ਕਰਨ ਮੁਹੱਬਤਾਂ ਜਾਂ ਸੁੱਟਣ ਤਰਫੌੜੇ ਲੰਮਿਆਂ ਲੰਮਿਆਂ ਦਰਦਾਂ ਵਾਲੇ ਦਰਿਆ ਕਿਧਰ ਗਏ ਨੇ ਚੌੜੀਆਂ ਚੌੜੀਆਂ ਸੜਕਾਂ ਉਤੇ ਬੰਦੇ ਸੌੜੇ ਸੌੜੇ
ਅਪਣਾ ਦੀਵਾ
ਕਬਰਾਂ ਵਿਚ ਦਫ਼ਨਾ ਆਇਆ ਹਾਂ ਅਪਣਾ ਦੀਵਾ ਆਖ਼ਰ-ਨੀਂਦ ਸੁਆ ਆਇਆ ਹਾਂ ਅਪਣਾ ਦੀਵਾ ਮਿੱਟੀ ਪਾਈ ਤਾਂ ਚਿਚਲਾਈ ਲਾਟ ਵਿਚਾਰੀ ਜਗਦੀ ਜੋਤ ਬੁਝਾ ਆਇਆ ਹਾਂ ਅਪਣਾ ਦੀਵਾ ਜਿਹੜਾ ਚਾਨਣ ਮੱਥੇ ਵਿਚ ਬਿਠਾ ਨਾ ਸੱਕਾਂ ਸ਼ਹਿਰੋਂ ਬਾਹਰ ਬਿਠਾ ਆਇਆ ਹਾਂ ਅਪਣਾ ਦੀਵਾ ਸਦੀਆਂ ਪਿੱਛੋਂ ਚਿੱਟੇ ਚਾਨਣ ਰਾਤ ਪਈ ਏ ਤਾਹੀਓਂ ਛੱਡ ਛੁਡਾ ਆਇਆ ਹਾਂ ਅਪਣਾ ਦੀਵਾ ਉਹੀਓ ਚਾਨਣ ਮੁੜ ਮੁੜ ਮੈਨੂੰ ਵਾਜਾਂ ਮਾਰੇ ਜਿਸਨੂੰ ਚੁੱਪ ਕਰਾ ਆਇਆ ਹਾਂ ਅਪਣਾ ਦੀਵਾ ਚਾਨਣ ਦਾ ਜੀਣਾ ਮਰਨਾ ਸਭ ਆਪਣੇ ਸਿਰ ਤੇ ਉਸ ਤਾਈਂ ਸਮਝਾ ਆਇਆ ਹਾਂ ਅਪਣਾ ਦੀਵਾ ਕਬਰ ਜਹੀ ਕਾਇਆ ਚੋਂ ਹਾਲੇ ਵੀ ਅੱਗ ਸਿੰਮੇ ਕੇਹਾ ਕਰਮ ਕਮਾ ਆਇਆ ਹਾਂ ਅਪਣਾ ਦੀਵਾ
ਜਿਪਸੀ
ਤੇਰੀ ਗਲੀ ਵਣਜਾਰੇ ਆਏ ਅਪਣਾ ਚਾਨਣ ਟੋਲਦੇ ਸਾਨੂੰ ਤਾਂ ਸਭ ਦੇਸ ਬਿਗਾਨੇ ਕੋਈ ਨ ਆਪਣੇ ਕੋਲ ਦੇ ਕਾਲੀ ਰਾਤ ਵਿਚ ਰਸਤੇ ਸੁੱਤੇ ਮੂੰਹੋਂ ਕੁਝ ਨਹੀਂ ਬੋਲਦੇ ਅੰਬਰ ਠੰਡੇ ਧਰਤੀ ਤੱਤੀ ਮੌਸਮ ਰੋਲ ਘਚੋਲ ਦੇ ਏਸ ਸੁਆਹ ਵਿਚ ਇਹ ਵਣਜਾਰੇ ਚਿਣਗਾਂ ਪਏ ਫਰੋਲਦੇ ਹੈ ਕੋਈ ਐਸੀ ਚਾਨਣ ਵਾਲੀ ਜੋ ਆਪਣੇ ਬੂਹੇ ਖੋਲ੍ਹ ਦੇ ਜਿਸ ਚਾਨਣ ਨੂੰ ਜੰਦਰੇ ਲੱਗੇ ਉਸ ਨੂੰ ਅਸੀਂ ਨਾ ਗੌਲਦੇ ਜੋ ਚਾਨਣ ਮਿੱਟੀ ਨੂੰ ਚੁੰਮੇ ਉਸ ਤੇ ਜਿੰਦੜੇ ਘੋਲਦੇ
ਪੰਚਬਟੀ
(ਡਾ: ਬਲਬੀਰ ਸਿੰਘ ਦੀ ਯਾਦ ਨੂੰ ਸਮਰਪਿਤ) ਆ ਯਾਰਾ ਰਲ ਪੰਚਬਟੀ ਨੂੰ ਚਲੀਏ ਓਥੇ ਬੀਰੀ ਲਛਮਣ ਭਾਈ ਚਲ ਸੋਨ-ਮਿਰਗ ਦੀ ਅੱਖ ਵਿਚ ਬਹਿ ਕੇ ਸੋਹਣੀ ਸੀਤਾ ਤਕੀਏ ਓਥੇ ਕੋਈ ਨ ਹਟਕੇ ਹੋੜੇ ਓਥੇ ਸੱਭੇ ਦੂਰ ਬਲਾਈਂ ਓਥੇ ਬੀਰੀ ਲਛਮਣ ਭਾਈ ਚਲ ਪੰਚਬਟੀ ਦੀ ਘਾਹ ਤੇ ਗੋਰੀ ਧੁੱਪ ਬਣ ਕੇ ਵਿਛ ਜਾਈਏ ਓਥੇ ਧੁੱਪ ਬਿਨ ਹੋਰ ਨ ਦੂਜਾ ਓਥੇ ਕੋਈ ਨਹੀਂ ਪਰਛਾਈਂ ਓਥੇ ਬੀਰੀ ਲਛਮਣ ਭਾਈ ਇਕ ਪੰਚਬਟੀ ਵਿਚ ਉੱਚਾ-ਸੁੱਚਾ ਮੁਸ਼ਕਪੂਰ ਦਾ ਬੂਟਾ ਉਹਦੀ ਖ਼ੁਸ਼ਬੋ ਵਾਜਾਂ ਮਾਰੇ ਰੱਖ ਸਾਡੇ ਵਲ ਨਿਗਾਹੀਂ ਓਥੇ ਬੀਰੀ ਲਛਮਣ ਭਾਈ
ਮੁਸ਼ਕਪੂਰ
(ਡਾ: ਬਲਬੀਰ ਸਿੰਘ ਦੀ ਯਾਦ ਨੂੰ ਸਮਰਪਿਤ) ਬਿਰਛ ਤੇਰੇ ਦੀ ਮਹਿਕ ਵਾਂਗ ਅਸਾਂ ਦੂਰ ਦਰਾਜ਼ੇ ਜਾਣਾ ਪੌਣਾਂ ਦੇ ਮੋਢੇ ਚੜ੍ਹ ਉਡਣਾ ਕਿਤੇ ਨ ਕੋਈ ਟਿਕਾਣਾ ਕੰਡਿਆਰੀ 'ਚੋਂ ਲੰਘਦੇ ਲੰਘਦੇ ਹੋਣਾ ਲੀਰਾਂ ਲੀਰਾਂ ਜਾਂ ਡੂੰਘੇ ਦਰਿਆ ਵਿਚ ਡੁੱਬਣਾ ਆਪਾ ਖੋਰ ਮੁਕਾਣਾ ਤੇਰੇ ਬਿਰਛ ਨੂੰ ਨਿਤ ਨਿਤ ਮਹਿਕਾਂ ਨਿਤ ਟਾਹਣਾਂ ਤੇ ਪੰਛੀ ਇਕ ਅਧ ਪਲ ਛਿਨ ਮਹਿਕ ਅਸਾਡੀ ਫੇਰ ਅਸਾਂ ਬੁਝ ਜਾਣਾ
ਬਾਦਸ਼ਾਹ ਨੇ ਕਿਹਾ
ਬਾਦਸ਼ਾਹ ਨੇ ਕਿਹਾ ਅਜ ਅਸੀਂ ਸਿਰ ਵੇਖਾਂਗੇ ਉਸਦਾ ਜੋ ਚਲਾ ਆਇਆ ਸੀ ਮੁਗ਼ਲਾਂ ਦੀ ਦਿੱਲੀ ਵਿਚ ਸਿਰ ਤੇ ਕਲਗੀ ਸਜਾ ਕੇ ਸਾਡੇ ਦਰਬਾਰ ਵਿਚ ਸਾਡੇ ਹੀ ਸਾਹਮਣੇ ਅਰਜ਼ੀਗੁਜ਼ਾਰ ਤੇ ਸਿਰ ਤੇ ਕਲਗੀ ! ਗੁਸਤਾਖ਼ੀ ਦੀ ਵੀ ਕੋਈ ਹਦ ਹੁੰਦੀ ਏ ਅਸਾਂ ਹੁਕਮ ਦਿੱਤਾ ਕਿ ਉਹ ਕਲਗੀਦਾਰ ਸਿਰ ਕਲਗ਼ੀ ਸਮੇਤ ਕਲਮ ਕੀਤਾ ਜਾਏ ਅਜ ਅਸੀਂ ਵੇਖਾਂਗੇ ਕਿ ਸ਼ਹਿਰ-ਦੀਵਾਰ ਤੇ ਟੰਗਿਆ ਉਹ ਕਲਗੀਦਾਰ ਸਿਰ ਕਿਸ ਤਰ੍ਹਾਂ ਦਾ ਲਗਦਾ ਹੈ ਬਾਦਸ਼ਾਹ ਨੇ ਕਿਹਾ ਅਜ ਅਸੀਂ ਸਿਰ ਵੇਖਾਂਗੇ ਉਸਦਾ ਜਿਸਨੇ ਸਾਡੇ ਦਰਬਾਰ ਵਿਚ ਸਾਡੇ ਹੀ ਸਾਹਮਣੇ ਅਰਜ਼ੀ ਦੀ ਥਾਂ ਆਇਤ ਪੇਸ਼ ਕੀਤੀ ਸੀ ਅਖੇ : ਇਹ ਧੁਰ ਕੀ ਬਾਣੀ ਏ ਕਹਿੰਦਾ ਸੀ : ਮਾਨ ਛਡ ਕਿਉਂਕਿ ਇਹ ਅਪਮਾਨ ਦਾ ਹੀ ਦੂਸਰਾ ਨਾਂ ਏ ਉਸਤਤਿ ਨਾ ਸੁਣ ਇਹ ਤੇਰੀ ਨਿੰਦਿਆ ਏ ਸਾਡੇ ਦਰਬਾਰ ਵਿਚ ਸਾਨੂੰ ਹੀ ਨਸੀਹਤਾਂ ਤੇ ਦਾਵਾ ਰਸਾਲਤ ਦਾ ਕੁਫ਼ਰ ਦੀ ਵੀ ਕੋਈ ਹਦ ਹੁੰਦੀ ਏ ਅਜ ਅਸੀਂ ਵੇਖਾਂਗੇ ਸ਼ਹਿਰ ਦੇ ਚੁਰਾਹੇ ਵਿਚ ਰੁਲਦਾ ਉਹ ਆਇਤਗੁਜ਼ਾਰ ਸਿਰ ਕਿਸ ਤਰ੍ਹਾਂ ਦਾ ਲਗਦਾ ਹੈ ਅਸਾਂ ਕਿਹਾ : ਕਲਗੀ ਉਤਾਰ ਦੇ ਤਾਂ ਕੋਲ ਹੀ ਖੜਾ ਉਸਦਾ ਮੁਰੀਦ ਬੋਲਿਆ : ‘ਹਜ਼ੂਰ ਇਹ ਸਿਰਫ਼ ਕਲਗੀ ਨਹੀਂ ਕਿ ਬਾਦਸ਼ਾਹ ਦਾ ਪੁੱਤਰ ਆਪਣੇ ਪਿਉ ਦੇ ਸਿਰ ਤੋਂ ਲਾਹ ਕੇ ਆਪਣੇ ਸਿਰ ਟੁੰਗ ਲਵੇ ਇਹ ਤਾਂ ਮੱਥੇ ਨੂੰ ਚੀਰ ਕੇ ਆਪਮੁਹਾਰ ਜਾਗਿਆ ਅੱਲਾਹ ਦਾ ਨੂਰ ਏ ਇਸ ਨੂੰ ਪਹਿਨਣ ਲਈ ਤਾਜ ਨਹੀਂ ਸਿਰ ਚਾਹੀਦਾ ਹੈ ਸਿਰ ਵਿਚ ਸੁਲਗਦੀ ਬੇਖ਼ੌਫ਼ ਬੇਵੈਰ ਰੱਬ ਦੀ ਲਾਟ ਇਹ ਕਿਵੇਂ ਉਤਰੇਗੀ ਇਸਨੂੰ ਕੌਣ ਲਾਹੇਗਾ ਮੱਥੇ ਵਿਚ ਜਾਗਿਆ ਰੱਬ ਕਦੋਂ ਸੌਂਦਾ ਹੈ ਤੇ ਜੇ ਰੱਬ ਹੀ ਸੌਂ ਗਿਆ ਤਾਂ ਅਸਾਂ ਜਾਗ ਕੇ ਕੀ ਲੈਣਾ ਹੈ' ਏਨਾ ਕਹਿ ਕੇ ਮੁਰੀਦ ਚੁਪ ਹੋ ਗਿਆ ਸਿਰ ਤੋਂ ਪੈਰ ਤਕ ਅੱਗ ਦਾ ਪਹਾੜ ਦਰਬਾਰ ਵਿਚ ਛਾ ਗਈ ਖ਼ੌਫ਼ਨਾਕ ਖ਼ਾਮੋਸ਼ੀ ਹਰ ਕੋਈ ਸੀ ਬੇਜੁੱਰਅਤ ਬੇਜੀਭਾ ਹਰ ਕਿਸੇ ਨੂੰ ਖ਼ਤਰਾ ਸੀ ਹੁਣੇ ਜ਼ਲਜ਼ਲੇ ਦੀ ਆਮਦ ਹੈ ਆਖ਼ਰਕਾਰ ਅਸਾਂ ਹੁਕਮ ਸੁਣਾ ਹੀ ਦਿੱਤਾ ਕਿ ਕਲਗ਼ੀ ਵਾਲੇ ਤੋਂ ਪਹਿਲਾਂ ਇਸ ਚਰਬ-ਜ਼ੁਬਾਨ ਦੇ ਮੱਥੇ ਤੇ ਆਰਾ ਰਖ ਦੇਵੋ ਚੀਰ ਦੇਵੋ ਇਸ ਨੂੰ ਤੇ ਫਿਰ ਵੇਖੋ ਅੱਲਾਹ ਦਾ ਨੂਰ ਕਿਵੇਂ ਫੁਟ ਨਿਕਲਦਾ ਹੈ ਸੁਣਿਐ ਉਹ ਦੁਫਾੜ ਚੀਰਿਆ ਵੀ ਅੱਗ ਵਾਂਗ ਲਗਦਾ ਸੀ ਇਹ ਕਾਫ਼ਰ ਬਹੁਤ ਸ਼ੋਬਦੇਬਾਜ਼ ਨੇ ਤੇ ਉਹ ਕਲਗੀਬਾਜ਼ ਜਿਸ ਦੇ ਮੱਥੇ 'ਚੋਂ ਫੁਟ ਨਿਕਲੀ ਸੀ ਅੱਗ ਦੀ ਲਾਟ ਸਾਡੇ ਜੱਲਾਦ ਨੇ ਘੂਕ ਸੁਆ ਦਿੱਤਾ ਹੈ ਅਜ ਅਸੀਂ ਵੇਖਾਂਗੇ ਕਿ ਮਿੱਟੀ ਵਿਚ ਬੁਝਿਆ ਉਹ ਮੱਥੇ ਦਾ ਚਿਰਾਗ ਕਿਸ ਤਰ੍ਹਾਂ ਦਾ ਲਗਦਾ ਹੈ ਬਾਦਸ਼ਾਹ ਦਾ ਫ਼ਰਮਾਨ ਤੇ ਸ਼ਹਿਰ ਦੇ ਆਰ ਪਾਰ ਧਰਤੀ ਦੀ ਕੰਗਰੋੜ 'ਚੋਂ ਕੰਬਣੀ ਲਹਿਰ ਗਈ ਹਵਾ ਸੀ ਯਖ ਮੁਰਦੇਹਾਣ ਦਿੱਲੀ ਦਾ ਦਿਲ ਡਿਗੂੰ ਡਿਗੂੰ ਕਰਦਾ ਸੀ ਰੂਹਬੰਦ ਬੰਦੇ ਬੈਠ ਗਏ ਘਰਾਂ ਵਿਚ ਅੰਦਰੋਂ ਤਾਲੇ ਪੱਕੀ ਤਰ੍ਹਾਂ ਜੜ ਕੇ ਨ੍ਹੇਰੇ ਵਿਚ ਬੁਝੇ ਲੋਕ ਰੱਬ ਨੂੰ ਸੋਚਦੇ ਵੀ ਡਰਦੇ ਸਨ ਅਤੇ ਰੱਬ ਮੱਥੇ ਨੂੰ ਚੀਰ ਕੇ ਕਲਗੀਦਾਰ ਹੋ ਜਾਏ ਹਰ ਕੋਈ ਸੀ ਸੋਚਦਾ ਹੁਣ ਭਲਾ ਕਿਸ ਦਾ ਸਿਰ ਕੱਟ ਕੇ ਕਲਗੀਦਾਰ ਕੀਤਾ ਜਾਏਗਾ ਕੌਣ ਅੱਜ ਬੇਦੋਸ਼ਾ ਲਟਕੇਗਾ ਸ਼ਹਿਰ-ਦਰਵਾਜ਼ੇ ਤੇ ?
ਅਗਨੀਧਰ
ਅਗਨੀਧਰ ਅਗਨੀਕਰ ਅਗਨੀਸ਼ਰ ਅਗਨ ਅਗਨ ਤਨ ਮਨ ਦ੍ਰਿਸ਼ ਦ੍ਰਿਸ਼ਟੀ ਵਿਚ ਰਚ ਦੇਵੋਂ ਹਵਨ ਹਵਨ ਜਲ ਥਲ ਤਲ ਗਗਨ ਗਗਨ ਉਲਟੋ ਕੁਲ ਅੰਧ-ਕੂਪ ਡੋਲਂੋ ਕੁਲ ਜਲ ਕਾਲੇ ਕਾਲਖ ਵਿਚ ਖੋਰ ਦਿਓ ਸੂਰਜ-ਮਨ ਮਗਨ ਮਗਨ ਸੂਰਜ ਪਰਚੰਡ ਪ੍ਰਬਲ ਸੁਲਗਣ ਦੋ ਖੰਡ ਦੁਖਿਤ ਕੁੱਟੇ ਹੋਏ ਟੁੱਟੇ ਹੋਏ ਜੇਲ੍ਹਾਂ ਵਿਚ ਜਲਣ ਜਗਣ ਚੁੱਲ੍ਹੇ ਵਿਚ ਦੀਵੇ ਵਿਚ ਜੀਵੇ ਅਣਜੀਵੇ ਵਿਚ ਠੰਡੀ ਅਗ ਭ੍ਰਿਸ਼ਟੀ ਹੈ ਹੋਵੇ ਮੁੜ ਮਘਣ ਦਘਣ ਬਚਿਆ ਜੋ ਚਿੰਗਿਆੜਾ ਬਿਨ ਮੰਗੇ ਦਾਨ ਕਰੋ ਚੌਰਾਹੇ ਬਾਲ ਧਰੋ ਆਪਣੀ ਹਰ ਲਾਲ ਲਗਨ ਅੱਖੀਆਂ ਵਿਚ ਕਹਿਰ ਜ਼ਹਿਰ ਮਚ ਉੱਠੇ ਬਣ ਸ਼ੁਅਲੇ ਜੀਭਾ ਬਮ ਬਮ ਬੋਲੇ ਅਪਣਾ ਸਚ ਨਗਨ ਨਗਨ
ਅਗਨ-ਕੇਸ
ਮੇਰੇ ਸਿਰ ਉਗ ਆਏ ਲਟ ਲਟ ਲਟ ਅਗਨ-ਕੇਸ ਮੇਰੇ ਮਨ ਅਗਨ-ਸੋਚ ਮੇਰੇ ਤਨ ਅਗਨ-ਵੇਸ ਧਰਤੀ ਹੈ ਦਿਵਸ-ਰੰਗ ਹਰ ਪਲ ਛਿਨ ਉਦੈ-ਡੰਗ ਹੁੰਦਾਂ ਮੈਂ ਅਗਨ-ਕਾਲ ਵੱਸਾਂ ਮੈਂ ਅਗਨ-ਦੇਸ ਜਗ ਮਗ ਜਗ ਹਸਦਾ ਏ ਅੱਖੀਆਂ ਵਿਚ ਚਿੰਗਿਆੜਾ ਜੀਭਾਂ 'ਚੋਂ ਅਗਨ-ਬੋਲ ਦੁਨੀਆਂ ਨੂੰ ਕਰਾਂ ਪੇਸ਼ ਕੰਡਿਆਂ ਸਰਕੰਡਿਆਂ ' ਚੋਂ ਚਾਨਣ ਹੋ ਤੁਰਨਾ ਹੈ ਜਿਸ ਥਾਂ ਵੀ ਰੁਕਣਾ ਏ ਕੱਟਣਾ ਕਾਲਾ ਕਲੇਸ
ਤੰਤਰ
ਅਗਨ ਅਗੰਤਰ ਅਗਨ ਅਗੰਤਰ ਅਗਨੰਤਰ ਅਗਨੰਤਰ ਨਮੇਂ ਬਸੰਤਰ ਨਮੋਂ ਬਸੰਤਰ ਅਗਨੀ-ਨਿਰਤ ਨਿਰੰਤਰ ਮਿੱਟੀ ਵਿਚ ਚੰਡੀ ਪਰਚੰਡੀ ਸੁੱਤੀ ਜੁਗਾਂ-ਜੁਗੰਤਰ ਇਕ ਦਿਨ ਜਾਗੀ ਨਾਲ ਹੀ ਜਾਗੇ ਕੋਟ ਜਨਮ-ਜਨਮੰਤਰ ਗੁੱਥਮ-ਗੁੱਥਾ ਕਲਾ-ਕਲੰਤਰ ਲਖ ਬਣਤਰ ਲਖ ਭਣਤਰ ਬਲਦੀ ਮਿੱਟੀ ਦੇ ਵਿਚ ਬਲਦੇ ਮਸਤਕ ਵਿਚ ਖੜਿਅੰਤਰ ਨਮੇਂ ਬਸੰਤਰ ਨਮੇਂ ਬਸੰਤਰ ਖੜਿਅੰਤਰ ਨੂੰ ਖੰਡਣਹਾਰੇ ਜਾਗੋ ਜੈ ਬੈਸੰਤਰ ਜਗਮਗ ਮੱਥੇ ਵਿਚ ਬਿਰਾਜੋ ਖਲ-ਦਲ-ਨਾਸ਼ਕ ਤੰਤਰ ਅੰਧਕਾਰ ਦਾ ਪਾਰ ਨਹੀਂ ਹੋ ਚਿਣਗ-ਰੂਪ-ਰੂਪੰਤਰ ਮਹਾ ਅੰਧ ਵਿਚ ਖੁੱਲ੍ਹੋ ਡੁਲ੍ਹੋ ਅਤੀ, ਅਤੀ, ਅਤਿਅੰਤਰ
ਅੰਗਿਆਰੀ
ਮਚ ਅੰਗ ਅਗਨ ਅੰਗਿਆਰੀ ਨਚ ਚਿੱਤ ਚਿਣਗ ਚਿੰਗਿਆਰੀ ਦਾਨੋ-ਦਲ-ਭਸਮਣਹਾਰੀ ਜੈ ਅੰਗਿਆਰੀ ਅੰਗਿਆਰੀ ਹੈ ਮਹਾ ਅੰਧ ਹਰ ਪਾਸੇ ਵਿਚ ਮੇਰੇ ਬੋਲ ਗੁਆਚੇ ਕਾਲਖ ਵਿਚ ਵੇਦਨ ਕਾਲੀ ਬੇਗੌਲੀ ਬਿਨਾ ਉਚਾਰੀ ਜੈ ਅੰਗਿਆਰੀ ਅੰਗਿਆਰੀ ਹਰ ਥਾਂ ਕਾਲੀ ਖ਼ਾਮੋਸ਼ੀ ਇਕ ਬਿਨ ਅਪਰਾਧ ਨਮੋਸ਼ੀ ਮੈਂ ਧੂੰਆਂ ਧੂੰਆਂ ਜੀਵਾਂ ਦੇ ਲਾਲ ਸ਼ਰਮ ਇਕ ਵਾਰੀ ਜੈ ਅੰਗਿਆਰੀ ਅੰਗਿਆਰੀ ਮਾਂ ਮੰਤਰ ਜਦੋਂ ਚਲਾਵੇ ਬਲਦਾ ਬੰਦਾ ਬੁਝ ਜਾਵੇ ਭਸਮੀ 'ਚੋਂ ਲਭ ਕੇ ਦੇ ਦੇ ਚਿਣਗੀ ਚਿਣਗੀ ਚਿੰਗਿਆਰੀ ਜੈ ਅੰਗਿਆਰੀ ਅੰਗਿਆਰੀ
ਛਾਵਾਂ
ਮਰੀਆਂ ਮਰੀਆਂ ਛਾਵਾਂ ਕਿਸ ਸ਼ੋਹਦੀ ਨੂੰ ਵਾਜਾਂ ਮਾਰਾਂ ਕਿਸ ਨੂੰ ਝੂਣ ਜਗਾਵਾਂ ਗੋਸ਼ੇ ਬਹਿ ਕੇ ਕਰਨ ਸਲਾਹਾਂ ਛਾਵਾਂ ਤੇ ਪਰਛਾਵਾਂ ਸਾਨੂੰ ਛਡ ਕੇ ਕਿੱਧਰ ਗਈਆਂ ਸਾਡੀਆਂ ਔਂਤਰ ਮਾਵਾਂ ਬਿਨ ਜੰਮਿਆਂ ਅਸੀਂ ਮੋਏ ਸਾਡਾ ਕੋਈ ਨ ਨਾਂ ਸਿਰਨਾਵਾਂ ਸੋਹਣੀ ਸੂਹੀ ਜਿੰਦ ਮਰੇ ਤਾਂ ਵੈਣ ਸੁਲਗਦਾ ਪਾਵਾਂ ਮਰਦ ਮਰੇ ਤਾਂ ਸੋਹਣੀ ਸੁੱਚੀ ਉਸਦੀ ਵਾਰ ਸੁਣਾਵਾਂ ਖੁਸਰੇ ਤੋਂ ਵਧ ਜੂਣ ਨਿਗੂਣੀ ਭੋਗੇ ਇਹ ਪਰਛਾਵਾਂ ਛਾਵਾਂ ਰਚ ਕੇ ਕਿੱਥੇ ਬੈਠੇ ਆਪਣੀਆਂ ਛਾਵਾਂ ਵਾਲੇ ਬਿਨ ਕਲਬੂਤੋਂ ਰੂਹਾਂ ਮਿੱਟੀ ਵਿਚੋਂ ਕੌਣ ਉਠਾਲੇ ਬਿਨ ਕੰਗਰੋੜੋਂ ਕਾਇਆ ਦਾ ਦੁਖ ਕੀਕਣ ਆਖ ਸੁਣਾਵਾਂ ਫਣੀਅਰ 'ਚੋਂ ਫਣ ਬੰਦੇ 'ਚੋਂ ਕਣ ਜੇ ਕਿਧਰੇ ਉਡ ਜਾਵੇ ਐਸੀ ਰਾਤ ਪਵੇ ਕਿ ਸੂਰਜ ਫੇਰ ਨ ਫੇਰਾ ਪਾਵੇ ਏਸ ਬਿਸੂਰਜ ਅੰਬਰ ਹੇਠਾਂ ਕੀ ਰੋਵਾਂ ਕੀ ਗਾਵਾਂ ? ਮਰੀਆਂ ਮਰੀਆਂ ਛਾਵਾਂ ਕਿਸ ਸ਼ੋਹਦੀ ਨੂੰ ਵਾਜਾਂ ਮਾਰਾਂ ਕਿਸ ਨੂੰ ਝੂਣ ਜਗਾਵਾਂ
ਅੱਖ ਵਿਚ ਪਾਣੀ
ਅੱਖ ਵਿਚ ਪਾਣੀ ਪਾਣੀ ਵਿਚ ਮਛਲੀ ਹੁੰਦੀ ਹੈ ਨਹੀਂ ਵੀ ਹੁੰਦੀ ਜਿਸ ਦਰਿਆ ਵਿਚ ਮੈਂ ਛਾਲ ਮਾਰੀ ਸੀ ਉਸ ਵਿਚ ਮਛਲੀ ਕੋਈ ਨਹੀਂ ਪਾਣੀ ਵਿਚ ਦੂਰ ਤਕ ਵਿਛਿਆ ਰੇਗਿਸਤਾਨ ਛਾਲ ਤੋਂ ਪਹਿਲਾਂ ਲਗਦਾ ਸੀ ਮੈਂ ਏਥੋਂ ਦੀ ਹਰ ਮਛਲੀ ਦਾ ਨਾਮ ਜਾਣਦਾ ਹਾਂ ਤੇ ਹਰ ਮਛਲੀ ਮੇਰੀ ਆਵਾਜ਼ ਪਹਿਚਾਨਦੀ ਹੈ ਮੈਂ ਆਵਾਜ਼ ਦਿਆਂਗਾ ਜਿਸ ਨੂੰ ਵੀ ਉਹ ਚਲੀ ਆਵੇਗੀ ਹੁੰਗਾਰਾ ਬਣ ਕੇ ਪਰ ਏਥੇ ਸਿਰਫ਼ ਖ਼ਾਮੋਸ਼ੀ ਹੈ ਉਸ ਧਰਤੀ ਦੀ ਜਿਸ ਵਿਚੋਂ ਪਹਿਲੀ ਕਰੂਮਲ ਅਜੇ ਫੁਟਣੀ ਹੈ ਤੇ ਹੁਣ ਮੈਂ ਆਪਣੀ ਹੀ ਅੱਖ ਵਿਚ ਛਾਲ ਮਾਰਨਾ ਚਾਹੁੰਦਾ ਹਾਂ ਵੇਖਣ ਲਈ ਕਿ ਇਸ ਵਿਚ ਪਾਣੀ ਹੈ ਕਿ ਨਹੀਂ ਪਾਣੀ ਵਿਚ ਮਛਲੀ ਅੱਖ ਵਿਚ ਪਾਣੀ ਹੁੰਦਾ ਹੈ ਨਹੀਂ ਵੀ ਹੁੰਦਾ
ਨੀਂਦਰ
ਸਿਖਰ ਦੁਪਹਿਰੇ ਤੱਤੀ ਧੁੱਪੇ ਇਸ ਦਰਿਆ ਨੂੰ ਨੀਂਦ ਆ ਗਈ ‘ਮਾਰੂਥਲ ਖਾਰੇ ਸਾਗਰ ਤਕ ਜੋ ਤੁਰਨਾ ਹਾਲੇ ਬਾਕੀ ਹੈ ਕੱਲ੍ਹ ਤੁਰ ਲਾਂਗਾਂ ਮਾਰੂ ਨਾਲ ਬੜਾ ਮੋਹ ਕੀਤਾ ਪਰ ਕੀ ਬਣਿਆ ? ਖਾਰਾ ਤਾਂ ਆਖਰ ਹੋਣਾ ਹੈ ਦੋ ਦਿਨ ਪਛੜ ਗਏ ਤਾਂ ਕੀ ਹੈ ? ਮਨ ਹੀ ਮਨ ਵਿਚ ਕਹਿੰਦੇ ਕਹਿੰਦੇ ਇਸ ਦਰਿਆ ਨੂੰ ਝੋਕ ਆ ਗਈ ਤੱਤੀ ਧੁੱਪੇ ਸਿਖਰ ਦੁਪਹਿਰੇ
ਅਸਪੰਜਲ
ਦਗੜ ਦਗੜ ਦੌੜਦਾ ਸਰਪਟ ਸੁਰਖ ਘੋੜਾ 'ਚਾਨਕ ਸਫੇਦ ਯਖ ਬਰਫ਼ ਬਣ ਖਲੋ ਗਿਆ ਝੂਲਦਾ ਹੀ ਰਹਿ ਗਿਆ ਹਵਾ ਵਿਚ ਇਕ ਪੌੜ ਉਪਰ ਸਵਾਰ, ਹਥ ਖਿੱਚੀ ਲਗਾਮ ਸੂਤੀ ਹੋਈ ਚਾਬਕ ਤੇ ਕੱਸੀ ਹੋਈ ਦੇਹ ਜੋ ਕੋਈ ਜਿੱਥੇ ਓਥੇ ਬਰਫ਼ਮਾਨ ਹੋ ਗਿਆ ਆਬਸ਼ਾਰ ਉੱਲਰੀ ਦੀ ਉੱਲਰੀ ਹੀ ਰਹਿ ਗਈ ਆਸੇ ਪਾਸੇ ਦਿਉਦਾਰ ਭੋਇੰ ਵਿਚ ਗੱਡੀ ਸੂਰਬੀਰਾਂ ਦੀ ਕਤਾਰ ਹਵਾ ਨੇ ਤੋੜੇ ਸੀ ਜਿਹੜੇ ਪੀਲੇ ਪੱਤੇ ਉਂਗਲਾਂ ਦੇ ਵਿਰਲ ਵਿਚ ਓਵੇਂ ਹੀ ਟਿਕੇ ਨੇ ਨੰਗੇ ਨਿਪੱਤੇ ਟਾਹਣਾਂ ਦੇ ਜੰਗਲ ਵਿਚ ਨਿੱਕੀ ਜੇਹੀ ਚਿੜੀ ਲੁਕੀ ਚੁਹਰ ਚੁਹਰ ਕਰਦੀ ਹੈ “ਤਿਆਰ ਬਰ ਤਿਆਰ ਹੋਸ਼ਿਆਰ, ਬਰਫ਼ ਦਾ ਜੂੜ ਸਦਾ ਸਦਾ ਨਹੀਂ ਰਹਿਣਾ ਘੋੜਾ ਅਸਪੰਜਲ ਦਗੜ ਦਗੜ ਫੇਰ ਦੌੜੇਗਾ ਅੱਧਵਿਚਕਾਰ ਆਬਸ਼ਾਰ ਕਦੋਂ ਰੁਕਦੀ ਹੈ"
ਕਦੀ ਕਦੀ ਲਗਦਾ ਏ
ਕਦੀ ਕਦੀ ਲਗਦਾ ਸੀ ਮੈਂ ਇਕ ਮਕਾਨ ਹਾਂ ਬਾਹਰ ਦਰਵਾਜ਼ਾ ਹੈ ਖੁਲ੍ਹਾ ਚੁਫਾਲ ਜਿਸ ਦਾ ਜੀ ਚਾਹੁੰਦਾ ਹੈ ਬਿਨਾ ਦਸਤਕ ਅੰਦਰ ਚਲਾ ਆਉਂਦਾ ਹੈ ਆਪਣਾ ਹੀ ਜਾਣ ਕੇ ਆਪਣੀ ਮਰਜ਼ੀ ਦੀ ਕੋਈ ਖਿੜਕੀ ਖੋਲ੍ਹ ਲੈਂਦਾ ਹੈ ਦੀਵਟ ਤੇ, ਜੀ ਚਾਹੇ ਤਾਂ, ਦੀਵਾ ਜਗਾ ਲੈਂਦਾ ਹੈ ਦੀਵਾ ਬੁਝਾ ਦੇਂਦਾ ਹੈ ਮੇਜ਼ ਤੇ ਪਿਆ ਕੋਈ ਖ਼ਤ ਪੜ੍ਹ ਲੈਂਦਾ ਹੈ ਜਾਂ ਮੇਰੀ ਡਾਇਰੀ ਤੇ ਅਜ ਦਾ ਸਫ਼ਾ ਲਿਖ ਦੇਂਦਾ ਹੈ ਤਿੱਖੀ ਤੱਤੀ ਰੋਸ਼ਨੀ, ਗੂੜ੍ਹਾ ਹਨੇਰਾ ਜਾਂ ਮੱਧਮ ਜੇਹੀ ਲੋਅ ਇਹ ਸਭ ਸ਼ੇਡ ਨੇ ਉਹਦੀ ਗਲਬਾਤ ਦੇ ਤੇ ਸਮਾਂ ਪਲ ਛਿਣ ਨਿੱਕੇ ਵੱਡੇ ਜਾਮ ਨੇ ਨਿੱਕੀ ਨਿੱਕੀ ਚੁਸਕੀ ਜਾਂ ਵੱਡੇ ਵੱਡੇ ਘੁਟ ਜਿਵੇਂ ਚਾਹੁੰਦੇ ਹਾਂ ਪੀਂਦੇ ਹਾਂ ਇਕ ਦੂਜੇ ਦੇ ਪਿੰਡੇ ਚੋਂ ਜਿਵੇਂ ਜੀ ਚਾਹੇ ਲੰਘਦੇ ਹਾਂ ਝਿਲਮਿਲੀ ਰਾਤ ਵਿਚ ਠੰਡੀ ਪਈ ਝੀਲ ਦੂਰ ਹੋਰ ਦੂਰ ਅਸੀਂ ਤੁਰਦੇ ਤੁਰੇ ਜਾਂਦੇ ਹਾਂ ਛਪ ! ਛਪ ! ਛਪ ! ਛਪ ! ਹੁਣ ਕਦੀ ਲਗਦਾ ਹੈ ਬਾਹਰੋਂ ਕਿਸੇ ਬੂਹਾ ਬੰਦ ਕਰ ਦਿੱਤਾ ਹੈ ਜਾਂ ਸ਼ਾਇਦ ਬਾਹਰ ਸੜਕਾਂ ਹੀ ਸੁੰਨੀਆਂ ਨੇ ਆਵਾਜਾਈ ਦਾ ਰਿਵਾਜ਼ ਖ਼ਤਮ ਹੈ ਕਾਨੂੰਨਨ ਹੁਣ ਮੈਂ ਸਿਰਫ਼ ਖੂਹੀ ਹਾਂ ਹੇਠਾਂ ਪਾਣੀ ਬਹੁਤ ਦੂਰ ਉਪਰ ਅੰਬਰ ਦਾ ਨਿੱਕਾ ਜਿਹਾ ਟੋਟਾ ਸੂਰਜ ਚੰਦਰਮਾ ਸੱਜੇ ਜਾਂ ਖੱਬੇ ਆ ਕੇ ਲੰਘ ਜਾਂਦੇ ਨੇ ਉਨ੍ਹਾਂ ਦੀ ਸਿਰਫ਼ ਇਤਲਾਅ ਹੀ ਦਿਸਦੀ ਹੈ ਆਪ ਉਹ ਨਜ਼ਰ ਨਹੀਂ ਆਉਂਦੇ ਕੋਈ ਨਹੀਂ ਆਇਆ-ਗਿਆ ਬੋਲਦਾ-ਚਾਲਦਾ ਖੂਹੀ 'ਚੋਂ ਖੁਲ੍ਹਣਜੋਗ ਖਿੜਕੀ ਨਹੀਂ ਕੋਈ ਜਗਣਜੋਗ ਬੁਝਣਜੋਗ ਦੀਵਾ ਵੀ ਕੋਈ ਨਹੀਂ ਅਪਣੇ 'ਚ ਗ਼ਰਕ ਮੈਂ ਕੱਲਾ ਹੋਰ ਕੋਈ ਨਹੀਂ ਕਦੀ ਕਦੀ ਲਗਦਾ ਸੀ ਹੁਣ ਕਦੀ ਲਗਦਾ ਹੈ
ਨਿੰਮ੍ਹਾ
ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ ਨਿੰਮ੍ਹਾ ਜੋ ਜਗੇ ਸੋ ਜੀਵੇ ਤਿੱਖੇ ਤੱਤੇ ਚਾਨਣ ਦੀ ਸਾਨੂੰ ਕੀ ਲੋੜ ਏ ਤੂੰ ਜਾਣੇਂ ਜਣੇ ਖਣੇ ਪਿੰਡੇ ਤੇ ਕੋੜ੍ਹ ਏ ਅੱਖੀਂ ਜਦ ਵੇਖ ਲਿਆ ਜ਼ਹਿਰ ਕੌਣ ਪੀਵੇ ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ ਮਮਟੀ ਪੜਮਮਟੀ ਤੋਂ ਹੇਠ ਉਤਰ ਲਾਟੇ ਤੈਨੂੰ ਲੁਕਾ ਲਵਾਂ ਮੈਂ ਝੁੰਗਲਮਾਟੇ ਮੇਰੇ ਸਭ ਸੰਗ-ਸੈਣ ਨਿੰਮ੍ਹੇ ਤੇ ਨੀਵੇ ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ ਧੁਰ ਅੰਦਰ ਬੈਠਾ ਤੂੰ ਉੱਚੇ ਸੁਰ ਬੋਲੇਂ ਮੈਂ ਨਿਰਾ ਕੱਖ-ਕਾਣ ਚਿਣਗਾਂ ਤੂੰ ਡੋਲ੍ਹੇਂ ਧੁਖ ਧੁਖ ਕੇ ਜੀਣਾ ਇਹ ਜੀਣਾ ਵੀ ਕੀ ਵੇ ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ
ਹੰਗਾਮੀਸਾ
ਦਿਨ ਹੰਗਾਮੀਸਾ ਦੇ ਪਤਾ ਨਹੀਂ ਕਿਵੇਂ ਪਰ ਹੋਇਆ ਜ਼ਰੂਰ ਸੀ ਮੇਰੇ ਦਰਵਾਜ਼ੇ ਤੇ ਤਖ਼ਤੀ ਮੇਰੇ ਨਾਂ ਦੀ ਉਤਰ ਗਈ ਚਲੀ ਗਈ ਪਿੱਛੇ ਇਕ ਪੂੰਝਾ ਜੇਹਾ ਛੱਡ ਕੇ ਬਲਬ ਮੇਰੇ ਘਰ ਦੇ ਸਾਰੇ ਦੇ ਸਾਰੇ ਨਿੰਮ੍ਹਾ ਨਿੰਮ੍ਹਾ ਜਗੇ ਸਨ ਅਸਾਂ ਨਹੀਂ ਬਦਲੇ ਉਹ ਆਪੇ ਨਿੰਮਿਆ ਗਏ ਪਹਿਲਾਂ ਮੈਂ ਵਲਦਾ ਸਾਂ ਪਗੜੀ ਦੇ ਪੰਜ ਪੇਚ ਪੂਰੇ ਪਤਾ ਨਹੀਂ ਕਿਵੇਂ ਸਾਢੇ ਚਾਰ ਪੇਚ ਹੋ ਗਏ ਕੱਸੀ ਜਾਂ ਢਿੱਲੀ ਪਗ ਸਿਰ ਤੇ ਨਹੀਂ ਬੱਝਦੀ ਦਿਨ ਹੰਗਾਮੀਸਾ ਦੇ ਪਤਾ ਨਹੀਂ ਕਿਵੇਂ ਪਰ ਹੋਇਆ ਜ਼ਰੂਰ ਸੀ
ਕੰਧਾਂ ਦੀ ਛਾਵੇਂ
ਕੰਧਾਂ ਦੀ ਛਾਵੇਂ ਜੰਮੇਂ ਜਾਂ ਜੀਉਂਦੇ ਦੀ ਕਿੰਨੀ ਕੁ ਛਾਇਆ ਜਿੰਨੀ ਕੁ ਕੰਧ ਦੀ ਛਾਇਆ ਪਰਛਾਇਆ ਦੂਰ ਕਿਤੇ ਜਦ ਬਿਜਲੀ ਡਿਗਦੀ ਏ ਸਾਡੇ ਤਕ ਉਸ ਦੀ ਖ਼ਬਰ ਈ ਪੁਜਦੀ ਏ ਸੁਣਦੇ ਆਂ ਗਰਜ ਦੌੜ ਕੇ ਕੰਧ ਦੇ ਗਲ ਲਗ ਜਾਂਦੇ ਆਂ ਸਮਝਦੇ ਆਂ ਕਿਸੇ ਮਾਂ ਸਾਨੂੰ ਗਲ ਲਾਇਆ ਕੰਧ ਨਾਲ ਲੱਗਾ ਵੇਖ ਕੰਧ ਵਾਲਾ ਘੂਰਦਾ ਸਮਝਦਾ ਏ ਭੁੱਖਾ-ਨੰਗਾ ਸਾਨੂੰ ਸਾਕ ਦੂਰ ਦਾ ਕੰਧ-ਪਾੜ ਸੰਨ੍ਹ-ਮਾਰ ਓਸ ਦੀ ਕੰਧ ਨੂੰ ਬੁਰਕ ਮਾਰ ਜਾਵਾਂਗੇ ਕਰਦਾ ਏ ਦੁਰੇ ਦੁਰੇ ਹੁੰਦੇ ਆਂ ਉਰੇ ਪਰੇ ਦੂਰ ਧੁੱਪੇ ਕੰਧ ਦੀ ਛਾਂ ਹਾਂ ਉਡੀਕਦੇ ਕਿਸੇ ਦਾ ਡੁਬਣਾ ਸਾਡੇ ਲਈ ਠੀਕ ਏ ਡੁੱਬਣ ਦੇ ਨੇੜੇ-ਤੇੜੇ ਛਾਂ ਵਧ ਜਾਂਦੀ ਏ ਸਾਡੇ ਤੀਕ ਆਂਦੀ ਏ ਜਦੋਂ ਕਦੀ ਰਾਤ ਸੰਘਣੀ ਫੈਲ ਜਾਂਦੀ ਏ ਦੂਰ ਨੇੜੇ ਕੋਈ ਕੰਧ ਨਜ਼ਰ ਨਾ ਆਂਦੀ ਏ ਸਭ ਕੁਝ ਬੁਝ ਜਾਂਦਾ ਏ ਚੁਪ ਤੋਂ ਬਗ਼ੈਰ ਓਦੋਂ ਜੀ ਚਾਹੁੰਦਾ ਏ ਇਕ ਚੀਕ ਮਾਰੀਏ ਕੰਧ ਨੂੰ ਪੁਕਾਰੀਏ ਜਿਸ ਦੀ ਛਾਂ ਅਸੀਂ ਜੰਮੇਂ ਤੇ ਜੀਵੇ ਕੰਧਾਂ ਦੀ ਛਾਵੇਂ ਜੰਮੇ ਤੇ ਜੀਵੇ ਦੀ ਭਲਾ ਜੀਭ ਕਿਹੜੀ ਕੰਧ ਬੇਜੀਭੀ ਛਾਂ ਬੇਜੀਭੀ ਕੁਝ ਵੀ ਨਾ ਬੋਲੇ ਉਹ ਕੀ ਬੋਲੇ ਜੋ ਜੰਮਿਆ ਤੇ ਜੀਵਿਆ ਕੰਧਾਂ ਤੋਂ ਬਾਹਰ ਕੰਧਾਂ ਦੇ ਉਹਲੇ ਕੰਧਾਂ ਦੀ ਛਾਵੇਂ ਜੰਮੇਂ ਤੇ ਜੀਉਂਦੇ ਦੀ ਕਿੰਨੀ ਕੁ ਛਾਇਆ ਜਿੰਨੀ ਕੁ ਕੰਧ ਦੀ ਛਾਇਆ ਪਰਛਾਇਆ
ਦੋਪਹਿਰ ਵੇਲੇ ਦੀਵਾ
ਵੇਲਾ ਦੋਪਹਿਰ ਦਾ ਆਪਣੇ ਹੀ ਸ਼ਹਿਰ ਦਾ ਆਪਣੇ ਚੌਰਾਹੇ ਵਿਚ ਇਕ ਦੀਵਾ ਬਾਲ ਦੇ ਆਪੇ ਕੋਈ ਸਮਝੇਗਾ ਇਸ ਦੀ ਕੀ ਲੋੜ ਹੈ ਵੇਖ ਵੇਖ ਅਣਹੋਈ ਜਿਹੜੀ ਅੱਖ ਨਾ ਰੋਈ ਆਪਣੀ ਹੀ ਅੱਖ ਭਾਵੇਂ ਓਸ ਨੂੰ ਚੁਭਾਲ ਦੇ ਜਾਣੇਗੀ ਪੀੜ ਬਿਨਾ ਕਿਤੇ ਕੋਈ ਥੋੜ੍ਹ ਹੈ ਇਹ ਜੋ ਖ਼ਾਮੋਸ਼ੀ ਹੈ ਦੋਸ਼ੀ ਹੈ ਦੋਸ਼ੀ ਹੈ ਇਸ ਛਾਵੇਂ ਬੈਠੀ ਨੂੰ ਏਥੋਂ ਉਠਾਲ ਦੇ ਇਹਦੇ ਲਈ ਥੋੜ੍ਹਾ ਜੇਹਾ ਚੰਗਾ ਝੰਝੋੜ ਹੈ
ਬੇਬੋਲ
ਜਦੋਂ ਜੀਭ ਸਾਲਮ ਸੀ ਓਦੋਂ ਮੇਰੇ ਪਾਸ ਬਾਤ ਨਹੀਂ ਕੋਈ ਸੀ ਜੀਭ ਮੇਰੀ ਟੁੱਕ ਕੇ ਤੁਸਾਂ ਮੈਨੂੰ ਬੋਲਣਜੋਗ ਬਾਤ ਦੇ ਦਿੱਤੀ ਏ ਬਹੁਤ ਚਿਰ ਜੀਵੇ ਅਸੀਂ ਬੇਬਾਤ ਬੋਲ ਕੁਝ ਚਿਰ ਹੁਣ ਜੀਵਾਂਗੇ ਬੇਬੋਲ ਬਾਤ
ਯਾਤਰਾ
ਉਹ ਸਿਰ ਜੋ ਤੁਸੀਂ ਵੱਢਣ ਆਏ ਹੋ ਅਜੇ ਨਹੀਂ ਬਣਿਆ ਅੱਗ ਮੱਠੀ ਹੈ ਬਹੁਤ ਪੱਕਣ ਨੂੰ ਵਕਤ ਲੱਗੇਗਾ ਤੁਸੀਂ ਬੇਸ਼ਕ ਜਾਓ ਆਪਣੇ ਹਥਿਆਰ ਰਤਾ ਹੋਰ ਤਿੱਖੇ ਕਰ ਆਓ ਵਰਤਣ ਵਿਚ ਰਤਾ ਕੁ ਦੇਰ ਹੋ ਜਾਏ ਤਾਂ ਵਿਚਾਰੇ ਖੁੰਢੇ ਹੋ ਜਾਂਦੇ ਨੇ ਨਾਲੇ ਤੁਹਾਡੇ ਹਿੱਸੇ ਦਾ ਦਾਰੂ ਵੀ ਤਾਂ ਅਜੇ ਬਹੁਤ ਬਚਿਆ ਹੈ ਜਾਓ ਕੁਝ ਹੋਰ ਪੀ ਆਓ ਦਾਰੂ ਲਥ ਜਾਏ ਤਾਂ ਤੁਸੀਂ ਕਾਸੇ ਜੋਗੇ ਨਹੀਂ ਰਹਿੰਦੇ ਔਹ ਜੋ ਸੜਕ ਤੋਂ ਰਤਾ ਕੁ ਪਰਾਂ ਬੈਠ ਗਏ ਨੇ ਅੱਗ ਜੇਹੀ ਬਾਲ ਕੇ ਇਹ ਤਾਂ ਇਕ ਉਮਰ ਉਡੀਕ ਸਕਦੇ ਨੇ ਆਪਣੇ ਨਾਂ ਦੀ ਆਵਾਜ਼ ਨੂੰ ਇਹ ਕੋਈ ਸਾਜ਼ਸ਼ੀ ਨਹੀਂ ਇਹਨਾਂ ਤੋਂ ਤੁਹਾਡੀ ਸਲਤਨਤ ਨੂੰ ਕੋਈ ਖ਼ਤਰਾ ਨਹੀਂ ਜੇ ਇਹਨਾਂ ਤੁਹਾਨੂੰ ਗੌਲਿਆ ਨਹੀਂ ਤਾਂ ਛਿੱਥੇ ਨਾ ਪਵੋ ਇਨ੍ਹਾਂ ਪਾਸ ਅੱਖਾਂ ਨਹੀਂ ਸਿਰਫ਼ ਕੰਨ ਨੇ ਜੋ ਰਾਖਵੇਂ ਨੇ ਆਪਣੇ ਨਾਂ ਦੀ ਆਵਾਜ਼ ਸੁਣਨ ਲਈ ਜਦੋਂ ਜਿਨ੍ਹਾਂ ਨੂੰ ਚੁਬਾਰੇ ਤੋਂ ਆਵਾਜ਼ ਆਏਗੀ ਤੁਰ ਜਾਣਗੇ ਕਿਰਨਮਕਿਰਨੀ ਪਰ ਤੁਸੀਂ ਆਵਾਜ਼ ਵਿਚ ਹੱਕਦਾਰ ਤਾਂ ਨਹੀਂ ਬਨਣਾ ਚਾਹੁੰਦੇ ਉਮੀਦਵਾਰ ਬਹੁਤ ਨੇ ਤੇ ਆਵਾਜ਼ ਕਦੇ ਕੋਈ ਵਿਰਲੀ ਉਹ ਸਿਰ ਜੋ ਤੁਸੀਂ ਵੱਢਣ ਆਏ ਹੋ ਅਜੇ ਨਹੀਂ ਬਣਿਆ ਅੱਗ ਬਹੁਤ ਮੱਠੀ ਹੈ ਪੱਕਣ ਨੂੰ ਵਕਤ ਲੱਗੇਗਾ