Uchhalada Samunder : Tara Singh Aalam

ਉੱਛਲਦਾ ਸਮੁੰਦਰ (ਕਾਵਿ ਸੰਗ੍ਰਹਿ) : ਤਾਰਾ ਸਿੰਘ ਆਲਮ

ਮੇਰੇ ਪ੍ਰਭੂ ਜੀ
ਸਾਹਿਲ ਵੀ ਤੂੰ ਹੈ ਮੰਝਧਾਰ ਵੀ ਤੂੰ ਹੈ, ਤੇਰੇ ਪਿਆਰ ਨਾਲ ਤੇਰੇ
ਦੀਦਾਰ ਦਾ ਸਮੁੰਦਰ ’ਚ ਉਛਾਲ ਆਇਆ, ਜਜ਼ਬਾਤ ਦੇ ਉਛਾਲ ਨਾਲ
ਅਹਿਸਾਸ ਦੀਆਂ ਸਿਪੀਆਂ ਚੋਂ ਨਿਕਲ ਕੇ ਲਫ਼ਜਾਂ ਦੇ ਮੋਤੀਆਂ ਨੇ, ਹੀਰਿਆਂ ਨੇ,
ਕਦੇ ਪਤਾਲ ਵਲ ਝੁੱਕ ਕੇ, ਕਦੇ ਅਸਮਾਨ ’ਚ ਉੱਡ ਕੇ, ਹਵਾਵਾਂ ’ਚ ਤੈਰ ਕੇ
ਤੈਨੂੰ ਪੁਕਾਰਿਆ ਹੈ ਤੇਰੇ ਗੀਤ ਗਾਏ ਹਨ ਤੇਰੇ ਸਭ ਗੀਤ ਤੇਰੇ ਨਾਮ ਅਤੇ
ਤੇਰੇ ਸਭ ਪਿਆਰਿਆਂ ਦੇ ਨਾਮ ਕਰਦਾ ਹਾਂ।

‘ਆਲਮ’ ਦਾ ਆਲਮ ਤੇ ਆਤਮ

ਤਾਰਾ ਸਿੰਘ ਇਕ ਮਨੁੱਖ ਵਾਂਗ ਇਕ ਸੰਸਾਰ ਵਿਚ ਰਹਿੰਦਾ ਹੈ ਜਿਸਨੂੰ ਅਸੀਂ ਉਸਦਾ ਆਲਮ ਕਹਿ ਸਕਦੇ ਹਾਂ। ਹੋਰ ਰੀਝ ਨਾਲ ਵੇਖੀਏ ਇਕ ਸੰਸਾਰ ਤਾਰਾ ਸਿੰਘ ਦੇ ਅੰਦਰਲੇ ਦੀ ਹੋਂਦ ਵਿਚ ਵੀ ਵਿਆਪਕ ਹੈ। ਇਹ ਉਸਦਾ ਅੰਦਰਲਾ ਆਲਮ ਹੈ, ਅੰਤ੍ਰੀਵ ਸੰਸਾਰ।

ਤਾਰਾ ਸਿੰਘ ਆਮ ਤੌਰ ‘ਤੇ ਇਕ ਆਮ ਮਨੁੱਖ ਵਾਂਗ ਵਿਚਰਦਾ ਵਿਚਰਦਾ ਆਪਣੇ ਵਿਸ਼ੇਸ਼ ਤੇ ਵਿਲੱਖਣ ਅੰਤ੍ਰੀਵ ਦੀ ਤਲਾਸ਼ ਵਿਚ ਨਿਕਲਦਾ ਹੈ। ਉਸਦੇ ਸੁਰ ਦੀ ਦਿਸ਼ਾ ਬਾਹਰ ਵੱਲ ਖੁਲ੍ਹਦੀ ਹੈ। ਇਹ ਕੁਦਰਤੀ ਅਮਲ ਹੈ। ਇਹ ਤਲਾਸ਼ ਭਟਕਣ ਜਾਪਦੀ ਹੈ, ਵਾਸਤਵ ਵਿਚ ਇਹ ਬੇਚੈਨੀ ਹੈ। ਬੇਚੈਨੀ ਸੁਹਿਰਦਤਾ ਦਾ ਸੂਚਕ ਹੁੰਦੀ ਹੈ, ਬੇਚੈਨੀ ਵਿਚ ਗਤੀਸ਼ੀਲਤਾ ਵਾਲੀ ਲਗਨ ਤੇ ਲਗਨਸ਼ੀਲਤਾ ਵਾਲੀ ਗਤੀ ਵੀ ਹੁੰਦੀ ਹੈ। ਆਮ ਆਦਮੀ ਇਸਨੂੰ ਉਲਝਣ ਕਹਿੰਦਾ ਹੈ। ਮਨੋਵਿਗਿਆਨ ਇਸਨੂੰ ਚੇਤਨ ਤੇ ਅਵਚੇਤਨ ਦੀ ਟੱਕਰ ਤੋਂ ਜਨਮੀ ਮਾਨਸਿਕ ਸਥਿਤੀ ਦਾ ਬਦਲ ਰਿਹਾ ਰਣ ਖੇਤਰ ਕਹਿੰਦਾ ਹੈ ਜਿਹੜਾ ਹੌਲੀ-ਹੌਲੀ ਤਣਾਓ ਤੋਂ ਟਿਕਾਉ ਵੱਲ ਪਰਤ ਸਕਦਾ ਹੈ। ਕਲਾ-ਸਿਰਜਣਾ ਦੀ ਪ੍ਰਕ੍ਰਿਆ ਦੇ ਵਿਦਿਆਰਥੀ ਇਸਨੂੰ ਆਤਮ-ਪ੍ਰਕਾਸ਼ ਦੇ ਮਾਧਿਅਮ ਦੀ ਪ੍ਰਕਿਆ ਆਖਦੇ ਹਨ।

‘ਆਲਮ’ ਬਾਹਰਲੇ ਆਲਮ ਵਿਚਰ ਰਿਹਾ ਹੈ, ਵਿਚ-ਵਿਚ ਜੂਝ ਵੀ ਰਿਹਾ ਹੈ। ‘ਆਲਮ’ ਅੰਦਰਲੇ ਆਲਮ ਦੀ ਤਲਾਸ਼ ਵਿਚ ਉੱਤਰ ਰਿਹਾ ਹੈ, ਕਦੇ ਕਦੇ ਅਵਚੇਤਨ ਦੇ ਕੜ ਕਾਲ ਟਕਰਾਉਣਾ ਵੀ ਹੈ। ਇਹ ਅੰਤ੍ਰੀਵ ਦੀ ਭਾਲ ਹੈ।

‘ਆਲਮ’ ਦਾ ਸੰਸਾਰ ਸਾਗਰ ਵਾਂਗ ਹੈ- ਇਹ ਉੱਛਲਦਾ ਹੈ, ਸ਼ੂਕਦਾ ਹੈ ਕਦੇ ਨਿੱਕਾ ਤੇ ਕਦੇ ਵੱਡਾ ਉਛਾਲਾ ਆਉਂਦਾ ਹੈ, ਇਹਨਾਂ ਉਛਾਲਾਂ ਵਿੱਚ ਰਸ ਤੋਂ ਉਪਰੰਤ ਰਹੱਸ ਵੀ ਹੈ। ਉਹ ਆਪਣੇ ਕਾਲ ਪ੍ਰਤੀ ਸੁਹਿਰਦ ਹੈ, ਕਿਸੇ ਮਾਸੂਮ ਬਾਲਕ ਵਾਂਗ। ਇਸੇ ਗੁਣ ਨੂੰ ਹਡਸਨ ਸੁਹਿਰਦਤਾ ਕਹਿੰਦਾ ਹੈ। ਉਹ ਆਤਮ-ਪਛਾਣ ਵਿਚ ਲੀਨ ਹੈ। ਉਹ ਆਤਮ-ਪ੍ਰਕਾਸ਼ ਵਿਚ ਯਤਨਸ਼ੀਲ ਹੈ। ਉਸ ਕੋਲ ਅਨੁਭਵ ਹੈ, ਬਹੁਤ ਅਮੀਰ। ਉਸ ਕੋਲ ਤਜ਼ਰਬਾ ਹੈ, ਸ਼ਾਇਦ ਕਾਫ਼ੀ ਵਿਆਪਕ।

‘ਆਲਮ’ ਦੀ ਹਸਤੀ ਦਾ ਸੂਚਕ ਸਾਗਰ ਹੈ। ਸਾਗਰ ਬੇਕਿਨਾਰ ਹੈ, ਅਥਾਹ ਤੇ ਅਪਾਰ। ਇਹ ਪ੍ਰਤੀਮ ਜਹੀ ਹੋਣੀ ਹੈ। ਛੱਲਾਂ ਉਸਦੀ ਤੜਪ ਦਾ ਲਿਖਾਇਕ ਹਨ, ਇਹ ਕੇਵਲ ਬਿੰਬ ਹੀ ਨਹੀਂ ਹਨ।

‘ਆਲਮ’ ਕਦੇ ਕਦੇ ਉਸ ਕੈਦੀ ਚਿੱਤਰਕਾਰ ਵਾਂਗ ਹੈ ਜੋ ਆਤਮ-ਪ੍ਰਕਾਸ਼ ਹਿਤ ਜੇਲ੍ਹ ਦੀਆਂ ਦੀਵਾਰਾਂ ਉਤੇ ਕੋਇਲਿਆਂ ਨਾਲ ਚਿੱਤਰ ਬਣਾਉਂਦਾ ਹੈ। ਉਹ ਉਸ ਜਵਾਨ ਆਜੜੀ ਵਾਂਗ ਉਦਮਸ਼ੀਲ ਹੈ ਜਿਹੜਾ ਭੇਡਾਂ-ਬਕਰੀਆਂ ਦੇ ਮਿਆਂਕਣ ਤੋਂ ਭਾਂਜ ਖਾ ਕੇ ਬੰਸਰੀ ਦੀ ਸਿਰਜਣਾ ਕਰਦਾ ਹੈ ਤਾਂ ਜੁ ਸ਼ੋਰ ਵਿਚ ਵੀ ਸੰਗੀਤ ਦੀ ਸਿਰਜਣਾ ਹੋ ਸਕੇ।

‘ਆਲਮ’ ਦੇ ਪੈਰਾਂ ਵਿਚ ਚੱਕਰ ਹੈ, ਪਰ ਉਸਦੀ ਚੇਤਨਾ ਵਿਚ ਕਲਾਦਾ, ਸਾਹਿਤ ਦਾ, ਕਵਿਤਾ ਦਾ ਮਾਰਗ ਲੱਭਣ ਦੀ ਪ੍ਰਬਲ ਅਕਾਂਖਿਆ ਹੈ। ਬਿਨਾ ਪਿੰਗਲ ਦੇ, ਬਿਨਾਂ ਕਿਸੇ ਆਦਰਸ਼ ਕਵੀ ਦੇ, ਬਿਨਾਂ ਕਿਸੇ ਦੇ ਪਾਏ ਪੂਰਨਿਆਂ ਦੇ ਉਹ ਤੁਰਦਾ, ਭਜਦਾ ਜਾ ਰਿਹਾ ਹੈ।

‘ਆਲਮ’ ਦੀ ਬਿੰਬਾਵਲੀ ਅਲਾਮ ਇਕਬਾਲ ਦੀ ਰੁਬਾਈ ਦਾ ਚੇਤਾ ਕਰਾਉਂਦੀ

ਜ਼ੁਲਮ-ਏ-ਬਹਿਰ ਮੇਂ ਖੋਕਰ ਸੰਭਲ ਜਾ,
ਤੜਪ ਜਾ ਪੇਚ ਖਾ ਖਾ ਕਰ ਬਦਲ ਜਾ
ਨਹੀਂ ਸਾਹਿਲ ਤੇਰੀ ਕਿਸਮਤ ਮੇ ਐ ਮੌਜ,
ਉਭਰ ਕਰ ਜਿਸ ਤਰਫ ਚਾਹੇ ਨਿਕਲ ਜਾ।

ਤਾਰਾ ਸਿੰਘ ਕਈ ਧਰਾਤਲਾਂ ’ਤੇ ਜੀ ਰਿਹਾ ਹੈ। ਉਸਦੀ ਦ੍ਰਿਸ਼ਟੀ ਵਿਚ ਕਈ ਦ੍ਰਿਸ਼ ਹਨ। ਉਹ ਤਲਾਸ਼ ਦਾ ਚਿੱਤਰਕਾਰ ਹੈ। ਅੰਦਰਲੇ ਆਲਮ ਦੀ ਭਾਲ ਵਿਚ ਉਹ ਬਾਹਰਲੇ ਆਲਮ ਨੂੰ ‘ਆਲਮ’ ਬਣਾਉਂਦਾ ਹੈ। ਇਹ ਸਫ਼ਰ ਹੈ ਆਲਮ ਤੋਂ ਬਰਾਸਤਾ ‘ਆਲਮ’ ਉਹਦੇ ਆਤਮ ਵੱਲ ਦਾ।

ਪ੍ਰੋ: ਮਹਿੰਦਰ ਸਿੰਘ ਚੀਮਾ
ਅਦੀਬ ਇੰਟਰਨੈਸ਼ਨਲ
ਮੀਤ ਪ੍ਰਧਾਨ: ਸਾਹਿਰ ਕਲਚਰਲ ਅਕੈਡਮੀ
ਸਾਬਕਾ ਜਨਰਲ ਸਕੱਤਰ : ਪੰਜਾਬੀ ਸਾਹਿਤ ਅਕੈਡਮੀ

ਕਵਿਤਾ ਦੀ ਜ਼ੁਬਾਨ

ਕਵਿਤਾ ਜਜ਼ਬਿਆਂ ਦੀ ਜ਼ੁਬਾਨ ਹੁੰਦੀ ਹੈ। ਜਿੱਥੇ ਮਨੁੱਖ ਖੁਦ ਨਹੀਂ ਪਹੁੰਚ ਸਕਦਾ, ਉਥੇ ਉਹਦੇ ਖਿਆਲ ਪਹੁੰਚ ਜਾਂਦੇ ਹਨ। ਉਛੱਲਦਾ ਸਮੁੰਦਰ ਕਾਵਿ-ਸੰਗ੍ਰਹਿ ਦਾ ਨਾਮ ਜੇ ਤੜਫਦਾ ਸਮੁੰਦਰ ਹੁੰਦਾ ਤਾਂ ਜ਼ਿਆਦਾ ਸਹੀ ਸੀ। ਸਮੁੰਦਰ ਦੇ ਬਦਲਦੇ ਰੰਗਾਂ ਵਾਂਗ ਇਨਸਾਨੀ ਤਨ ਮਨ ’ਚ ਉੱਠ ਰਹੀਆਂ ਤਬਦੀਲੀਆਂ ਨੂੰ ਜਿਸ ਖੂਬਸੂਰਤੀ ਨਾਲ ਕਵੀ ਨੇ ਪੇਸ਼ ਕੀਤਾ ਹੈ, ਉਹਦੇ ’ਚ ਉਸਦੀ ਤੜਫ ਛੁਪੀ ਨਹੀਂ ਰਹਿੰਦੀ। ਜਵਾਰਭਾਟੇ ਵਾਂਗ ਜੇ ਉਹਦੇ ਜਜ਼ਬਿਆਂ ਦੀ ਛੱਲ ਕਦੇ ਸਰਫਰੋਸ਼ਾਂ ਦੇ ਕਾਫਲੇ ਤੱਕ ਉੱਚੀ ਉੱਛਲਦੀ ਹੈ ਤਾਂ ਕਿਤੇ ਪੂਰਾ ਮਰ ਜਾਵਾਂ ਵਰਗੀ ਡੂੰਘਾਈ ’ਚ ਵੀ ਡੁੱਬਦੀ ਹੈ। ਜਿੱਥੇ ਉਹ ਸੂਫੀਆਂ ਵਾਂਗ ਮਨ ਨੂੰ ਮੁਸਾਫਿਰ ਮੰਨ ਕੇ ਸ਼ਾਂਤ ਲਹਿਰਾਂ ’ਤੇ ਵਹਿੰਦਾ ਹੈ, ਉਥੇ ਕਿਸੇ ਦੀ ਬੁੱਕਲ ’ਚ ਸਮਾਉਣ ਦੀ ਮਾਸੂਮ ਹਸਰਤ ਵੀ ਕਰਦਾ ਹੈ। ਲਫæਜ਼ਾਂ ਦੇ ਜਾਦੂ ਰਾਹੀਂ ਉਹ ਤਨ ਮਨ ’ਚ ਉੱਠ ਰਹੀ ਹਰ ਲਹਿਰ ਨੂੰ ਭਾਵਨਾਵਾਂ ਦਾ ਜਾਮਾ ਪਹਿਨਾਉਂਦਾ ਹੈ। ਆਲਮ ਦੀ ਕਵਿਤਾ ਆਮ ਬੁੱਧੀਜੀਵੀਆਂ ਦੀ ਕਵਿਤਾ ਵਾਂਗ ਪਾਠਕ ਦੇ ਸਿਰ ਉੱਤੋਂ ਨਹੀਂ ਲੰਘਦੀ ਸਗੋਂ ਉਹਦੇ ਧੁਰ ਅੰਦਰ ਪ੍ਰਵੇਸ਼ ਕਰਦੀ ਹੈ। ਸਾਦੀ ਬੋਲੀ ’ਚ ਸਰਲ ਢੰਗ ਨਾਲ ਕਹੀ ਗਈ ਗੱਲ ਡੂੰਘਾ ਅਰਥ ਰੱਖਦੀ ਹੈ। ਉਹਦੀ ਰਚਨਾ, ਸਮਾਜਿਕ ਚੇਤਨਾ, ਅਧਿਆਤਮ ਚਿੰਤਨ ਅਤੇ ਜੀਵਨ ਦੇ ਅਨੇਕ ਫਲਸਫਿਆਂ ਮਸਲਿਆਂ ਨਾਲ ਭਰਪੂਰ ਹੈ। ਉਸਦੀ ਕਲਮ ਵਿਚ ਵਿਦਰੋਹ ਹੈ, ਪਰ ਸਹਿਜ ਕਿਸਮ ਦਾ। ਉਹ ਸਵੈਵਿਰੋਧੀ ਗੱਲ ਵੀ ਕਰਦਾ ਹੈ, ਪਰ ਪ੍ਰਮਾਣ ਦੇ ਕੇ। ਪਦਾਰਥਵਾਦ ਤੋਂ ਅੱਕਿਆ ਕਵੀ ਅਧਿਆਤਮਵਾਦ ਦਾ ਆਸਰਾ ਲੈਂਦਾ ਹੈ, ਪਰ ਉਹਦੇ ਅੰਦਰ ਮੌਜੂਦ ਇਨਸਾਨੀ ਜਜ਼ਬੇ ਉਹਨੂੰ ‘ਦਾਜ’ ਵਰਗੀਆਂ ਲਾਹਨਤਾਂ ਜਿਹੀ ਗੰਭੀਰ ਅਤੇ ਰੱਬ ਦੀਆਂ ਸਾਲੀਆਂ ਵਰਗੀ ਅੰਤਰ-ਸਭਿਆਚਾਰਕ ਕਵਿਤਾ ਲਿਖਣ ਲਈ ਵੀ ਸਰਬ ਪੱਖੀ ਬੋਧ ਹੈ। ਆਲਮ ਦੀ ਕਲਮ ਵਿਚ ਪੰਜਾਬੀਆਂ ਵਾਲੀ ਸੁਭਾਵਿਕ ਅਣਖ ਹੈ ਤੇ ਉਹ ਅੰਬਰਾਂ ਨੂੰ ਛੋਹ ਰਹੇ ਸਾਡੇ ਵਿਚਾਰ ਨੇ, ਮਿੱਟੀ ’ਚ ਰੁਲ ਰਹੇ ਸਾਡੇ ਕਿਰਦਾਰ ਨੇ ਵਰਗੀ ਵਿਅੰਗਾਤਮਕ ਚੋਭ ਵੀ ਕਰਦਾ ਦੁਨੀਆ ਦੇ ਸਭ ਬੱਚਿਆਂ ਦੇ ਨਾਮ ਕੋਮਲ ਕਵਿਤਾ ਲਿਖਣ ਵਾਲਾ ਆਲਮ ਸੀਤਾ ਤੇ ਲਵ ਕੁਸ਼ ਲਈ ਬੇਕਾਰ ਦੀਵਾਲੀ ਹੈ ਜਿਹੇ ਉਦਾਸ ਸ਼ੇਅਰ ਵੀ ਸਿਰਜਦਾ ਹੈ। ਹਨੇਰੇ ਦੇ ਸੱਚ ਬਾਰੇ ਲਿਖੀ ਕਵਿਤਾ ਉਹਦੀ ਅੰਤਰਮੁਖੀ ਅਵਸਥਾ ਨੂੰ ਨੰਗਿਆ ਕਰਦੀ ਹੈ, ਭਾਵੇਂ ਕਿ ਉਹਨੇ ਤੇਰੇ ਮੇਰੇ ਪਿਆਰ ਦੀ ਕਹਾਣੀ ‘ਸਾਗਰ ਨਾ ਕਹਿ ਸਕੇਗਾ ਲਿਖ ਕੇ ਆਪਣੇ ਜਜ਼ਬਾਤ ’ਤੇ ਅੱਖਰਾਂ ਨਾਲ ਉਹਲਾ ਕੀਤਾ ਹੈ। ਕਾਵਿ-ਸੰਗ੍ਰਹਿ ਪੜ੍ਹਦਿਆਂ ਸਮੁੰਦਰ ’ਚ ਸਫ਼ਰ ਕਰਨ ਦਾ ਅਹਿਸਾਸ ਹੁੰਦਾ ਹੈ। ਪਾਠਕ ਆਲਮ ਦੀਆਂ ਕਵਿਤਾਵਾਂ ’ਤੇ ਲਹਿਰਾਂ ਵਾਂਗ ਵਹਿੰਦਾ ਚਲਾ ਜਾਂਦਾ ਹੈ। ਇਹੀ ਉਸਦੀ ਕਵਿਤਾ ਦੀ ਖ਼ੂਬਸੂਰਤੀ ਹੈ। ਆਲਮ ਨੇ ਕੁੱਜੇ ’ਚ ਸਮੁੰਦਰ ਬੰਦ ਕੀਤਾ ਹੈ।

ਵੀਨਾ ਵਰਮਾ ‘ਲੰਡਨ’

ਦੋ ਸ਼ਬਦ

ਕੁਦਰਤ ਦੀ ਬਖਸ਼ੀ ਦਾਤ ਵਿਚੋਂ ‘ਤਿਹਾਇਆ ਸਮੁੰਦਰ’ ਪਹਿਲੀ ਵਾਰ 1990 ਵਿਚੋਂ, ਦੂਜੀ ਵਾਰ 2000 ਵਿਚੋਂ ਪਾਠਕਾਂ ਦੇ ਸਨਮੁਖ ਕਵਿਤਾ ਦੀ ਏਹ ਕਿਤਾਬ ਦੋ ਹੋਰ ਕਿਤਾਬਾਂ ਨਾਲ ਲੈ ਕੇ ਆਈ ਹੈ।

ਦੂਜੀ ਕਿਤਾਬ ‘ਉਛਲਦਾ ਸਮੁੰਦਰ’ 2000 ਵਿੱਚ ਪਹਿਲੀ ਵਾਰ ਇਸ ਵਿਚ ਜੀਵਨ ਦੇ ਤਿੰਨ ਪਖਾਂ ਤੇ ਜ਼ਿਆਦਾ ਕਵਿ ਰੂਪ ਵਿੱਚ ਕੁਝ ਕਹਿਣ ਦੀ ਕੋਸiæਸ਼ ਕੀਤੀ ਹੈ।

ਕੁਝ ਰਚਨਾਵਾਂ ਪਿਆਰ ਦੀਆਂ, ਸਮਾਜਕ ਅਤੇ ਕੁਝ ਕੁ ਸਿਆਸੀ ਇਸ਼ਾਰਿਆਂ ਵਾਲੀਆਂ ਵੀ ਹਨ।

‘ਉਛਲਦੇ ਸਮੁੰਦਰ’ ਦਾ ਮੁੱਖਬੰਦ ਪ੍ਰੋ. ਮਹਿੰਦਰ ਸਿੰਘ ਚੀਮਾ ਮੀਤ ਪ੍ਰਧਾਨ (ਸਾਹਿਰ ਕਲਚਰ ਅਕਾਡਮੀ) ਲੁਧਿਆਣਾ ਨੇ ਲਿਖਿਆ ਹੈ ਅਤੇ ਲੰਡਨ ਦੀ ਮਸ਼ਹੂਰ ਸ਼ਾਇਰਾ ਅਤੇ ਕਹਾਣੀਕਾਰ ਵੀਨਾ ਵਰਮਾ ਨੇ ਕੁਝ ਸਫੇ ਆਪਣੇ ਅਨੁਭਵ ਚੋਂ ਲਿਖੇ ਹਨ। ਦੋਵਾਂ ਅਦੀਬਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਕਲਾਤਮਕ ਸੋਚ ਨੂੰ ਹੌਸਲਾ ਵੀ ਦਿੱਤਾ ਹੈ, ਕੁਝ ਸਲ੍ਹਾਵਾਂ ਵੀ ਦਿਤੀਆਂ ਹਨ। ਰੱਬ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਰੂਹਾਨੀ ਰਚਨਾਵਾਂ ਮਾਲਕ ਦੀ ਮਿਹਰ ਸਦਕਾ ਅਤੇ ਪਾਠਕਾਂ ਦੇ ਹੁੰਗਾਰਿਆਂ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗਾ।

ਉਨ੍ਹਾਂ ਹੁਸੀਨ ਪਲਾਂ ਦਾ ਅਤੇ ਉਨ੍ਹਾਂ ਸ਼ਖਸੀਅਤਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਰਚਨਾਵਾਂ ਰਚੀਆਂ ਗਈਆਂ ਅਤੇ ਸਮੇਂ ਦਾ, ਉਨ੍ਹਾਂ ਪਲਾਂ ਦਾ ਜਿਨ੍ਹਾਂ ਦੀ ਆਗੋਸ਼ ਵਿਚ ਮੇਰੇ ਰਾਹੀਂ ਕੁਦਰਤ ਨੇ ਸਭ ਕੁਝ ਕਰਵਾਇਆ। ਮੈਂ ਰੱਬੀ ਰਹਿਮਤ ਉਸਦੀ ਬਖਸ਼ਸ਼ ਨੂੰ ਸਿਰ ਝੁਕਾਂਦਾ ਹੋਇਆ ਅਰਦਾਸ ਕਰਦਾ ਹਾਂ ਕਿ ਉਹ ਪਿਆਰ ਵਿੱਚ ਰੰਗੇ ਸਦਾ ਸਦਾ ਲਈ ਹਰ ਯੁਗ ਹਰ ਪਲ ਸਵਾਸ ਸਵਾਸ ਰੋਮ ਰੋਮ ਉਸਦੇ ਗੀਤ ਗਾਵਾਂ।

ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਇਸ ਕਿਤਾਬ ਨੂੰ ਨੇਪਰੇ ਚਾੜ੍ਹਨ ਵਿੱਚ ਇਸ ਦੇ ਕਈ ਪੱਖਾਂ ਤੇ ਕੰਮ ਕੀਤਾ, ਅਵਤਾਰ ਸਿੰਘ ਸੋਂਦ, ਅਵਤਾਰ ਸਿੰਘ ਚੰਡੀ ਜਿਲ੍ਹਾ ਅੰਮ੍ਰਿਤਾ ਪ੍ਰੀਤਮ ਜੀ ਨਾਲ ਮੁਲਾਕਾਤਾਂ ਦਾ ਪ੍ਰਬੰਧ, ਫੋਟੋਗ੍ਰਾਫੀ, ਆਉਣਾ-ਜਾਣਾ, ਸਾਰੇ ਪ੍ਰਬੰਧ ਕੀਤੇ। ਜਿਨ੍ਹਾਂ ਦੋਸਤਾ ਨੇ ਇੰਗਲੈਂਡ ਵਿਚ ਵੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ, ਭਾਈ ਹਰਬੰਸ ਸਿੰਘ ਘੜਿਆਲ, ਡਾ. ਹਰਜੀਤ ਸਿੰਘ ਸਿੱਧੂ ਅਤੇ ਡਾ. ਹਰਸ਼ਰਨ ਕੌਰ ਸਿੱਧੂ, ਮੋਹਨ ਸਿੰਘ ਜੁਟਲੋ, ਰਾਜ ਮਾਤਾ ਕ੍ਰਿਸ਼ਨ ਕੌਰ ਜੀ ਇਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ (ਬੌਬੀ), ਮਸ਼ਹੂਰ ਤਬਲਾਵਾਦਨ ਜਿਨ੍ਹਾਂ ਨੇ ਕੀਰਤਨ ਦਰਬਾਰਾਂ ਵਿਚ ਵੀ ਬਹੁਤ ਰੰਗ ਬੰਨਿ੍ਹਆ, ਭੈਣਜੀ ਸ਼ਿੰਦਰਪਾਲ ਲੋਟੇ ਪਰਿਵਾਰ, ਭੁਪਿੰਦਰ ਸਿੰਘ ‘ਭਿੰਦੀ’ ਮਸ਼ਹੂਰ ਗੀਤਕਾਰ, ਬਲਕਾਰ ਸਿੰਘ ਯੋਗੀ, ਬੜੇ ਪਿਆਰੇ ਨਿੱਘੇ ਸੁਖਵਿੰਦਰ ਸਿੰਘ ਭੰਵਰਾ ਹਰ ਵਕਤ ਸੇਵਾ ਲਈ ਤਤਪਰ ਰਹਿੰਦੇ ਹਨ। ਗੁਰਦੇਵ ਸਿੰਘ ਕਲਸੀ, ਨਰਿੰਦਰ ਸਿੰਘ ਭੱਚੂ, ਸੰਗੀਤ ਦੇ ਅਚਾਰੀਆ ਸੁਰਿੰਦਰ ਸਿੰਘ ਮਠਾੜੂ, ਸ਼ਾਇਰ ਅਤੇ ਕਥਾਕਾਰ ਰਣਜੀਤ ਸਿੰਘ ਰਾਣਾ, ਬਰਮਿੰਗਮ ਤੋਂ ਉਂਕਾਰ ਸਿੰਘ ਸੀਹਰਾ।

ਮੇਰੀ ਪਿਆਰੀ ਸਾਥਣ ਅਮਰਜੀਤ ਕੌਰ ਆਲਮ ਜਿਸਨੇ ਵਿਸ਼ਾਲ ਦਿਲੀ ਨਾਲ ਹਰ ਹਾਲਤ ਵਿੱਚ ਮੇਰਾ ਸਾਥ ਨਿਭਾਇਆ ਅਤੇ ਹਰ ਤਰ੍ਹਾਂ ਨਾਲ ਆਪਣੇ ਵਿੱਤ ਅਨੁਸਾਰ ਯੋਗਦਾਨ ਅਤੇ ਸੰਘਰਸ਼ ਕੀਤਾ ਰੱਬ ਉਸਨੂੰ ਵਿਸ਼ਾਲ ਦਿਲੀ ਅਤੇ ਪੂਰਨ ਭਰੋਸਾ-ਪਿਆਰ ਦਾ ਸਾਗਰ ਦੇਵੇ, ਈਰਖਾ ਦਵੈਤ ਅਤੇ ਹਰ ਕਿਸਮ ਦੇ ਲੋਭ ਤੋਂ ਲਾਂਭੇ ਰੱਬ ਬਚਾਈ ਰੱਖੇ ਸਦਾ ਮੇਹਰ ਕਰੇ।

ਭਾਰਤ ਵਿੱਚ ਮਹਿੰਦਰਦੀਪ ਸਿੰਘ ਗਰੇਵਾਲ, ਜਿਨ੍ਹਾਂ ਨੇ ਤ੍ਰਿਹਾਇਆ ਸਮੁੰਦਰ ਤੇ ਪਰਚਾ ਲਿਖਿਆ ਸੀ, ਸਾਹਿਤਕ ਤੌਰ ਤੇ ਅਤੇ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ। ਹਰਜੀਤ ਸਿੰਘ ਅਸਿਸਟੈਂਟ ਡਾਇਰੈਕਟਰ ਦੂਰਦਰਸ਼ਨ, ਜਲੰਧਰ ਨੇ ਤਿਹਾਇਆ ਸਮੁੰਦਰ ਵਿਚ ਗਜਲ ‘ਕੌਣ ਚੁਰਾ ਕੇ ਲੈ ਗਿਆ, ਈਮਾਨ ਮੇਰੇ ਸ਼ਹਿਰ ਦਾ’ ਨੂੰ ‘ਦੂਰ ਕਿਨਾਰਾ’ ਫਿਲਮ ਦਾ ਟਾਇਟਲ ਸੋਂਗ ਬਣਾ ਕੇ ਲੋਕਾਂ ਤੱਕ ਪਹੁੰਚਾਇਆ। ਗੁਰਦੀਪ ਸਿੰਘ ਸਾਹਿਲ, ਡਾ. ਰਾਜਿੰਦਰ ਕੌਰ, ਅਮਨਦੀਪ ਸਿੰਘ ਸੰਧੂ, ਡਾ: ਇਕਬਾਲ ਸਿੰਘ ਸੀਹਰਾ, ਮਨਵੀਤ ਕੌਰ ਜਿੰਨੀ ਸਿੰਪੀ ਤੇ ਮਿੰਨੀ ਰੋਮੀ ਨੇ (ਗੁਨੂੰ) ਸ਼ਾਇਰੀ ਦੇ ਚਿਰਾਗ ਵਿੱਚ ਉਤਸ਼ਾਹ ਦਾ ਤੇਲ ਪਾਇਆ। ਉਪਰੋਕਤ ਸਭ ਵਿਅਕਤੀਆਂ ਨੇ ਉਛਲਦਾ ਸਮੁੰਦਰ ਅਤੇ ਇੱਕ ਮੁੱਠੀ ਅਸਮਾਨ ਨੂੰ ਸਪੌਂਸਰ ਕੀਤਾ ਹੈ। ਸਾਰਿਆਂ ਦਾ ਅਤਿ ਧੰਨਵਾਦੀ ਹਾਂ, ਵਾਹਿਗੁਰੂ ਸਾਡੇ ਸਾਰਿਆ ਵਿਚ ਏਵੇਂ ਹੀ ਪਿਆਰ ਭਰਪੂਰ ਬਖ਼ਸ਼ਿਸ਼ ਕਰਦਾ ਰਹੇ।

ਡਾ: ਤਾਰਾ ਸਿੰਘ ਆਲਮ


ਪੂਰਨਮਾਸ਼ੀ

ਜ਼ਿੰਦਗੀ ਬਣੇ ਇਸ ਤਰ੍ਹਾਂ ਕਿ ਰੋਜ਼ ਪੂਰਨਮਾਸ਼ੀ ਹੋਵੇ। ਰੋਜ਼ ਉਛਲੇ ਸਾਗਰ ਦੀ ਤਰ੍ਹਾਂ ਨਾ ਕਦੇ ਨਿਰਾਸੀ ਹੋਵੇ। ਦੁਨੀਆਂ ਦੀ ਭੀੜ ਅੰਦਰ ਰੋਜ਼ ਨੱਚੇ ਤੇ ਗਾਵੇ ਵੀ ਪਰ ਮਨ ਅੰਦਰ ਸ਼ਮਸ਼ਾਨ ਜਿਹੀ ਉਦਾਸੀ ਹੋਵੇ। ਆਪਣੇ ਅਚੇਤ ਪਿੰਡੇ ਤੇ ਧਿਆਨ-ਭਿਪੂਤ ਚੜ੍ਹਾ ਕੇ ਪ੍ਰਾਣਾਂ ਨੂੰ ਪਾਕੇ ਸੰਗਲੀ ਮਨ ਸੰਨਿਆਸੀ ਹੋਵੇ। ਮੱਛੀ ਦਾ ਪ੍ਰੇਮ ਤੇ ਮਾਰੂਥਲ ਦੀ ਪਿਆਸ ਜਿਵੇਂ ਜ਼ਿੰਦਗੀ ਤੇਰੇ ਦੀਦ ਲਈ ਇਸ ਤਰ੍ਹਾਂ ਪਿਆਸੀ ਹੋਵੇ। ਮੋਤੀ, ਮਾਣਕ, ਗ੍ਰਹਿ, ਮੰਡਲ, ਜੰਤਰ, ਮੰਤਰ ਅਤੇ ਰੇਖਾਵਾਂ ਤੇਰਾ ਪਿਆਰ ਤੇਰੀ ਪੂਜਾ ਮੇਰੇ ਲਈ ਮੇਰੀ ਰਾਸ਼ੀ ਹੋਵੇ। ਆਲਮ ਦੇ ਹਰ ਬੰਧਨ ਤੋਂ ਦੂਰ ਪਰੇ ਕਦੇ ਨਾ ਡਰੇ ਦੇਹ ਅਤੇ ਜਾਨ ਤੇਰੇ ਚਰਨਾਂ ਦੀ ਦਾਸੀ ਹੋਵੇ।

ਤੇਰਾ ਪਿਆਰ

ਤੇਰਾ ਪਿਆਰ ਹੈ, ਤੇਰਾ ਪਿਆਰ ਹੋ, ਤੇਰਾ ਪਿਆਰ ਹੋ। ਮਸਿਆ ਦੀ ਰਾਤ ਜਿਵੇਂ ਤਾਰਿਆਂ ਦੀ ਲੋ। ਈਦ ਵਾਲਾ ਚੰਦ ਜਿਵੇਂ ਵੇਖਦਾ ਜਹਾਨ। ਅੱਧੀ ਰਾਤੀਂ ਜਿਵੇਂ ਕਿਸੇ ਮੁੱਲਾਂ ਦੀ ਆਜਾਨ। ਅੱਲਾ ਹੂ ਅੱਲਾ ਹੂ ਅੱਲਾ ਹੂ। ਤੇਰਾ ਪਿਆਰ ਹੋ……….. ਕਿਸੇ ਗੁਰਦੁਆਰੇ ਨਦੀ ਦੇ ਕਿਨਾਰੇ। ਅੰਮ੍ਰਿਤ ਵੇਲੇ ਜਿਵੇਂ ਬਾਣੀ ਕੋਈ ਉਚਾਰੇ। ਉਚੇ ਸੁੱਚੇ ਰਾਗ ਜਾਣ ਮੈਲੇ ਮਨ ਧੋ। ਤੇਰਾ ਪਿਆਰ ਹੋ………….. ਕ੍ਰਿਸ਼ਨਾ ਨੂੰ ਜਿਵੇ ਰਾਧਾ ਯਾਦ ਆਏ। ਜਿਵੇਂ ਚਰਚ ਵਿੱਚ ਕੋਈ ਧੀਮਾ ਧੀਮਾ ਗਾਏ। ਕਿਸੇ ਪੀਰ ਦੀ ਸਮਾਧੇ, ਜਿਵੇਂ ਦੀਵਾ ਕਰੇ ਲੋ। ਤੇਰਾ ਪਿਆਰ ਹੈ…………… ਮਿਨੀ ਮਿਨੀ ਕਣੀ ਕੱਚੇ ਕੋਠਿਆਂ ’ਚ ਰਚੇ। ਜਿਵੇਂ ਮੀਂਹ ਵਿੱਚ ਖੇਡਣ ਨਨ੍ਹੇ ਮੁੰਨੇ ਬੱਚੇ। ਸਿਲ੍ਹੀ ਸਿਲ੍ਹੀ ਪੌਣ, ਜਾਵੇ ਪ੍ਰੇਮ ਤਾਂਈ ਛੇੋਹ ਤੇਰਾ ਪਿਆਰ ਹੋ………… ਖੰਡ ਖੀਰ ਰਲੇ, ਧਰਤੀ ਅੰਬਰ ਜਿਉਂ ਮਿਲੇ। ਕੋਈ ਪਿੰਡੇ ਵਿੱਚ ਢੱਲੇ ਜਿਓਂ ਬੱਚਾ ਪੇਟ ਪਲੇ। ਜਦ ਧਿਆਨ ਧੁਨ ਹੋਵੇ, ਜਾਵੇ ਸਮਾਂ ਵੀ ਖਲੋ। ਤੇਰਾ ਪਿਆਰ ਹੋ…………. ਜਿਵੇਂ ਸਾਹ ਚਲੇ ਪਿੰਡੇ, ਜਿਵੇਂ ਫੁੱਲ ਮਹਿਕ ਹੋਵੇ। ਚਿੱਤ ਇਕ ਮਿਕ ਹੋਵੇ ਸਦਾ ਤੇਰੇ ਵਿਚ ਖੋਵੇ। ਮਹਾਂ ਕਾਮ, ਮਹਾਂ ਮਾਇਆ, ਮਹਾਂ ਸੁੱਚਾ ਮੋਹ। ਤੇਰਾ ਪਿਆਰ ਹੋ………………. ਸਰਘੀ ਦੇ ਵੇਲੇ ਗਾਉਣ ਪੰਛੀ ਵਿਚਾਰੇ। ਜਿਵੇਂ ਆਲਮ ਕੋਈ ਸਾਰਾ ਇਸ਼ਕ ’ਚ ਹਾਰੇ। ਲੈਣ ਬੁੱਕਲ ਵਿੱਚ ਰਾਤਾਂ ਜਿਵੇਂ ਸੂਰਜ ਲਕੋ। ਤੇਰਾ ਪਿਆਰ ਹੋ…………….

ਖ਼ਾਕ ਹੋਵਾ

ਤੇਰੇ ਦਿਲ ਦੀ ਹੂਕ ਹੋਵਾਂ ਤੇਰੇ ਪੈਰਾਂ ਦੀ ਖ਼ਾਕ ਹੋਵਾਂ। ਮਿਟ ਮਿਟ ਕੇ ਤੇਰੇ ਰਾਹੀਂ ਬੇਪਾਕ ਮੈਂ ਪਾਕ ਹੋਵਾਂ। ਦਿਲ ਚੋਂ ਦਿਲ ਦੇ ਰਾਹੀਂ ਤੈਨੂੰ ਆਵਣਗੇ ਸੁਨੇਹੇ। ਤੈਨੂੰ ਆਵਾਜ਼ ਸੁਣੇਗੀ ਮੇਰੀ, ਕਿੰਨੇ ਵੀ ਹੋਣ ਰੁਝੇਵੇਂ। ਜਦ ਦਰਦ ਹੋਵੇ ਤੈਨੂੰ ਮੈਂ ਵੀ ਓਦੋਂ ਹਲਾਕ ਹੋਵਾਂ। ਤੇਰੇ ਦਿਲ ਦੀ ਹੂਕ………………… ਵਗਦਾ ਉਹੀ ਝਨਾਂ ਹੋਵੇ, ਕੋਈ ਨਾ ਤੇਰੇ ਬਿਨਾਂ ਹੋਵੇ। ਤੇਰੀ ਜ਼ੁਲਫ ਦੀ ਸੰਘਣੀ ਛਾ ਹੋਵੇ, ਸਾਹਾਂ ’ਚ ਤੇਰਾ ਨਾਂ ਹੋਵੇ। ਤੇਰੇ ਨੈਣਾਂ ’ਚੋਂ ਜਾਮ ਛਲਕੇ, ਮੈਂ ਤੇਰਾ ਹੀ ਪਿਆਕ ਹੋਵਾਂ। ਤੇਰੇ ਦਿਲ ਦੀ ਹੂਕ…………… ਬਾਦਲ ਏਹ ਪਿਆਰ ਵਾਲੇ, ਰਹਿਣ ਏਵੇਂ ਛਾਏ। ਰੋਮ ਰੋਮ ਸਵਾਸ ਸਵਾਸ ਤੇਰੀ ਹੀ ਯਾਦ ਆਏ। ਛੱਡ ਕੇ ਮੈਂ ਆਲਮ ਸਾਰਾ ਤੇਰਾ ਹੀ ਚਾਕ ਹੋਵਾਂ। ਤੇਰੇ ਦਿਲ ਦੀ ਹੂਕ………..

ਤੇਰੇ ਸੁਪਨੇ

ਸੌਵਾਂ ਤਾਂ ਸੁਪਨੇ ਤੇਰੇ, ਜਾਗਾਂ ਤਾਂ iਖ਼ਆਲ ਤੇਰਾ। ਮੇਰੇ ਲਹੂ ’ਚ ਰਚ ਗਿਆ ਏ, ਨੂਰੀ ਜਲਾਲ ਤੇਰਾ। ਰੋਮ ਰੋਮ ਬਲ ਰਹੀ ਏ ਇਕ ਆਸ ਤੇਰੇ ਵਸਲ ਦੀ, ਮੇਰੇ ਨੈਣਾਂ ’ਚ ਵੇਖ ਆਕੇ ਏਹੋ ਹੈ ਹਾਲ ਤੇਰਾ। ਮੈਂ ਨੂਰ ਦਾ ਸੀ ਪਿਆਸਾ ਸਿਹਾਈ ਸੀ ਲੋੜ ਤੇਰੀ ਸ਼ਾਇਦ ਮੈਂ ਸਮਝ ਨਾ ਸਕਿਆ ਏਹੋ ਸਵਾਲ ਤੇਰਾ। ਬੇਰੁਖੀ ਨਾ ਢਾਈ ਸਹਿ ਨਹੀਂ ਹੋਣੀ ਮੈਥੋਂ, ਮੈਂ ਹਰ ਇਕ ਕਹਿਰ ਸਜਣਾ ਕੀਤਾ ਇਕਬਾਲ ਤੇਰਾ। ਆਲਮ ਹੋਇਆ ਤੇਰਾ, ਕੀ ਆਖਾਂ ਕੀ ਹੈ ਮੇਰਾ, ਤਨ ਮਨ ਜਾਨ ਤੇਰੀ, ਸਭ ਧਨ ਮਾਲ ਤੇਰਾ।

ਪਾਗ਼ਲ

ਤੈਨੂੰ ਜ਼ਾਲਿਮ ਮੈਨੂੰ ਪਾਗ਼ਲ, ਕਹੇਗਾ ਏਹ ਜ਼ਮਾਨਾ। ਰਾਹਾਂ ’ਚ ਰੋ ਰੋ ਕੇ ਮਰ ਗਿਆ, ਜੇ ਤੇਰਾ ਦੀਵਾਨਾ। ਪਿਲਾ ਪਿਲਾ ਕੇ ਮੈਨੂੰ ਪਾਗਲ ਪੁਣੇ ਦੀ ਹਦੇ ਟਪਾ ਦੇ ਡੋਬ ਦੇਹ ਸਾਗਰ ’ਚ ਮੈਨੂੰ ਰਹਿਣ ਦੇ ਪੈਮਾਨਾ। ਇਸ਼ਕ ਮੇਰਾ ਬਲ ਰਿਹਾ ਹੈ ਹੁਸਨ ਤੇਰਾ ਪਿਘਲਦਾ ਹੈ, ਕਹਿਣਾ ਮੁਸ਼ਕਲ ਹੋ ਰਿਹਾ, ਕੌਣ ਸ਼ਮ੍ਹਾ ਕੌਣ ਪਰਵਾਨਾ। ਸੁਪਨਿਆਂ ਦੇ ਬਾਗ਼ ਅੰਦਰ ਫੁੱਲ ਜਦੋਂ ਕੋਈ ਮਹਿਕ ਪਏ, ਕੁਦਰਤੀ ਹੈ ਮਹਿਕ ਦਾ ਫਿਰ ਲਹੂ ’ਚ ਉਤਰ ਜਾਣ।

ਹੋਣਾ ਤਾਂ ਫਕੀਰ ਹੈ

ਦੁਨੀਆਂ ਏ ਕਸ਼ਮਕਸ਼ ਹੈ ਸ਼ੋਰੋ-ਗੁਲ ਅਖ਼ੀਰ ਹੈ। ਤੈਨੂੰ ਦੇਖਦੀ ਗਾ ਰਹੀ, ਫੇਰ ਵੀ ਮੇਰੀ ਜ਼ਮੀਰ ਹੈ। ਗਲੇ ’ਚ ਸੁਰ ਹੈ ਤੇਰੀ ਪਿੰਡੇ ’ਚ ਮਹਿਕ ਤੇਰੀ, ਏਹ ਨਜ਼ਰ ਹੁਣ ਮੇਰੀ ਨਹੀਂ, ਬਸ ਤੇਰੀ ਤਸਵੀਰ ਹੈ। ਕੋਈ ਬਣੇ ਮਜਨੂੰ, ਕੋਈ ਬਣੇ ਰਾਂਝਾ, ਕੋਈ ਹੋਰ ਬਣੇ, ਤੇਰੇ ਕੋਲ ਆਕੇ ਸਭ ਨੇ, ਹੋਣਾ ਤਾਂ ਫਕੀਰ ਹੈ। ਜਿਸਨੇ ਵਾਅਦੇ ਨਿਭਾਏ, ਯਾਦਾਂ ਸਾਂਭ ਰਖੀਆਂ, ਉਹੀ ਆਲਮ ਹੈ ਮੇਰੇ ਸਜਣਾ, ਉਹੀ ਅਮੀਰ ਹੈ।

ਮਹਿਕ ਤੇਰਾ ਨਾਮ

(ਕੁਦਰਤੀ ਨੂਰ ਦੇ ਨਾਮ) ਮਹਿਕ ਤੇਰਾ ਨਾਮ, ਨੂਰ ਤੇਰਾ ਰੂਪ, ਸ਼ੀਰੀਂ ਤੇਰੇ ਬੋਲ। ਤਨ ਮਨ ਵਜਦੇ, ਖੁਸ਼ੀ ਦੇ ਢੋਲ, ਜੋ ਵੀ ਆਵੇ ਤੇਰੇ ਕੋਲ। ਸੁਬ੍ਹਾ ਤੇਰਾ ਰੰਗ, ਤਿੱਖੇ ਨੈਣ ਨਕਸ਼, ਕਿਸੇ ਸ਼ਾਇਰ ਦਾ iਖ਼ਆਲ। ਪੁੰਨਿਆਂ ਦਾ ਚੰਨ, ਦੇਖਣ ਨੂੰ ਤਰਸੇ, ਤੇਰੇ ਮੁਖ ਦਾ ਜਲਾਲ। ਪੁੰਨਿਆਂ ਦੀ ਰਾਤ, ਸਮੁੰਦਰ ਵਾਰ ਵਾਰ, ਕਰੇ ਸ਼ੋਰ ਖੋਲ ਖੋਲ। ਮਹਿਕ ਤੇਰਾ ਨਾਮ……….. ਕਦੇ ਵੇਖਾਂ, ਕਦੇ ਚੁੰਮਾਂ ਕਦੇ ਲਾਵਾਂ ਸੀਨੇ ਨਾਲ। ਚੰਦ ਵਾਂਗ ਜਗਦੇ, ਸੂਰਜ ਵਾਂਗ ਦਗਦੇ ਸੱਚੇ ਸੁੱਚੇ iਖ਼ਆਲ। ਕੋਈ ਤਕੜੀ ਨਾ ਕੰਡਾ, ਜਿਹਦੇ ਨਾਲ ਸਕਾਂ, ਤੇਰਾ ਪਿਆਰ ਸੱਚਾ ਤੋਲ। ਮਹਿਕ ਤੇਰਾ ਨਾਮ…… ਪਿਆਰ ਦਾ ਏਹ ਝੱਲ, ਚੰਗਾ ਲਗਦਾ ਇਕੱਲ, ਉਠੇ ਮਨ ’ਚੋਂ ਵੈਰਾਗ। ਚੁੱਪ ਚੁੱਪ ਸੁੰਨ ਸੁੰਨ ਇਕੋ ਵਲ ਦੇਖੀ ਜਾਵੇ, ਬੈਠਾ ਆਲਮ ਤਿਆਗ। ਜ਼ਿੰਦਗੀ ਹੈ ਘੋਲ, ਐਵੇਂ ਨਾ ਤੂੰ ਡੋਲ੍ਹ ਦੁਨੀਆਂ ਦੇ ਕੋਲ, ਦਿਲ ਨਾ ਤੂੰ ਫੋਲ। ਮਹਿਕ ਤੇਰਾ ਨਾਮ ............

ਸੰਸਾਰ ਦੇ ਸਭ ਬੱਚਿਆਂ ਦੇ ਨਾਮ

ਜੱਗ ਤੇ ਤੇਰਾ ਨਾਂ ਰਹੇ। ਤੇਰੀ ਮਹਿਕ ਹਰ ਥਾਂ ਰਹੇ। ਤੂੰ ਜਿਗਰ ਦਾ ਫੁੱਲ ਹੈ। ਸੂਰਜਾਂ ਦੇ ਤੁੱਲ ਹੈਂ। ਹੀਰਾ ਤੂੰ ਅਮੁੱਲ ਹੈਂ। ਤੂੰ ਹੀ ਸਾਡੀ ਕੁੱਲ ਹੈ। ਤਿਰੀ ਲੋ ਹਰ ਥਾਂ ਰਹੇ ਜੱਗ ਤੇ ਤੇਰਾ ਨਾਂ ਰਹੇ। ਮਾਰੇਂ ਤੂੰ ਕਿਲਕਾਰੀਆਂ। ਸੋਚੇਂ ਤੂੰ ਫੁਲਕਾਰੀਆਂ ਖੁਸ਼ੀਆਂ ਤੈਥੋਂ ਵਾਰੀਆਂ। ਲਾਵੇਂ ਸਾਗਰ ਤਾਰੀਆਂ। ਪੈਰਾਂ ’ਚ ਤਿਰੇ ਆਸਮਾਂ ਰਹੇ। ਜੱਗ ’ਤੇ ਤੇਰਾ ਨਾ ਰਹੇ। ਤੇਰੀ ਮਹਿਕ ਹਰ ਥਾਂ ਰਹੇ। ਤੂੰ ਖਾਬਾਂ ਦੀ ਤਾਬੀਰ ਹੈ। ਭਵਿੱਖ ਦੀ ਤਕਦੀਰ ਹੈ। ਰਿਸ਼ਤਾ-ਏ ਜ਼ੰਜੀਰ ਹੈਂ। ਖਾਹਸ਼ਾਂ ਦੀ ਜਾਗੀਰ ਹੈਂ। ਸੁੱਖ ਦੀ ਤੈਨੂੰ ਛਾਂ ਰਹੇ। ਜਗ ਤੇ ਤੇਰਾ ਨਾਂ ਰਹੇ। ਤੇਰੀ ਮਹਿਕ ਹਰ ਥਾਂ ਰਹੇ। ਲਾਵਾਂ ਹਿੱਕ ਦੇ ਨਾਲ ਮੈਂ ਰੱਖਾਂ ਦਿਲ ’ਚ ਸੰਭਾਲ ਮੈਂ। ਤੂੰ ਫੁੱਲ ਹੈਂ ਤੇ ਡਾਲ ਮੈਂ। ਹਾਂ ਤੇਰਾ ਹੀ ਖਿਆਲ ਮੈਂ। ਮੁੱਠੀ ’ਚ ਤੇਰੇ ਸਮਾਂ ਰਹੇ ਜੱਗ ਤੇ ਤੇਰਾ ਨਾਂ ਰਹੇ। ਤੇਰੀ ਮਹਿਕ ਹਰ ਥਾਂ ਰਹੇ। ਸੁਣ ਲੈ ਗੱਲ ਗਿਆਨ ਦੀ ਨਾਨਕ ਗੁਰੂ ਮਹਾਨ ਦੀ। ਗੀਤਾ ਅਤੇ ਕੁਰਾਨ ਦੀ ਅਸੀਸ ਤੈਨੂੰ ਭਗਵਾਨ ਦੀ। ਤੈਨੂੰ ਯਾਦ ਬਾਪੂ ਮਾਂ ਰਹੇ। ਜੱਗ ’ਤੇ ਤੇਰਾ ਨਾਂ ਰਹੇ। ਤੇਰੀ ਮਹਿਕ ਹਰ ਥਾਂ ਰਹੇ।

ਪੰਜਾਬੀਆ

ਵਾਹ ਓਏ ਪੰਜਾਬੀਆ, ਵਾਹ ਓਏ ਪੰਜਾਬੀਆ, ਤੇਰੀ ਸ਼ਾਨ ਨਿਆਰੀ ਐ। ਤੇਰੀ ਅਣਖ ਤੇ ਪਿਆਰ ਦਾ ਸਿੱਕਾ ਮੰਨਦੀ ਦੁਨੀਆ ਸਾਰੀ ਐ। ਸੋਚ ਸੋਚ ਕੇ ਪੈਰ ਟਿਕਾਵੀਂ ਸਿਰ ’ਤੇ ਔਕੜ ਭਾਰੀ ਐ। ਤੇਰੇ ਹੱਥ ਨੇ ਖਾਲੀ ਖਾਲੀ ਦੁਸ਼ਮਣ ਦੇ ਹੱਥ ਆਰੀ ਐ। ਖੰਭ ਆਪਣੇ ਸਾਂਭ ਕੇ ਰੱਖੀਂ ਲਾਉਣੀ ਤੂੰ ਉਡਾਰੀ ਐ। ਵਾਹ ਓਏ ਪੰਜਾਬੀਆ………. ਮਿਣ ਨਹੀਂ ਸਕਦਾ ਜੇਕਰ ਕੋਈ ਧਰਤੀ ਵਿਚਲੇ ਪਾਣੀ ਨੂੰ। ਕਿਵੇਂ ਸੁਣਾਵਾਂ ਮੈਂ ਓ ਯਾਰਾ ਤੇਰੀ ਅਜਬ ਕਹਾਣੀ ਨੂੰ। ਸੇਵਾ ਸਿਮਰਨ ਭਗਤੀ ਸ਼ਕਤੀ, ਰੱਬ ਨੇ ਤੈਥੋਂ ਵਾਰੀ ਐ। ਵਾਹ ਓਏ ਪੰਜਾਬੀਆ……… ਮਾਂ ਬੋਲੀ ਦੀ ਸੇਵਾ ਕਰਕੇ ਇਸਦਾ ਨਾਂ ਰੁਸ਼ਨਾਈ ਜਾਹ। ਥਾਂ ਥਾਂ ਸਗਲੀ ਧਰਤੀ ਉੱਤੇ ਆਪਣੀ ਯਾਦ ਬਣਾਈ ਜਾਹ। ਕਿੰਨਾ ਚੰਗਾ ਮਾਂ ਬੋਲੀ ਲਈ ਤੂੰ ਏ ਗੱਲ ਵਿਚਾਰੀ ਐ। ਵਾਹ ਓਏ ਪੰਜਾਬੀਆ…… ਜ਼ਾਤ-ਪਾਤ ਤੇ ਧਰਮ ਤੋਂ ਉੱਚਾ ਅੰਬਰ ਉਡਦਾ ਜਾਈਂ ਤੂੰ। ਤੇਰੇ ਕੋਲੇ ਜੋ ਵੀ ਆਵੇ ਉਸਨੂੰ ਗਲ ਨਾਲ ਲਾਈ ਤੂੰ। ਤੇਰੇ ਲਈ ਸਭ ਨੇ ਇਕੋ, ਨਰ ਹੈ ਜਾਂ ਕੋਈ ਨਾਰੀ ਐ। ਵਾਹ ਓਏ ਪੰਜਾਬੀਆ…….. ਹਰ ਇਕ ਬੋਲੀ ਹਰ ਇਕ ਬੰਦਾ ਤੈਨੂੰ ਜਾਨ ਤੋਂ ਪਿਆਰਾ ਹੈ। ਸਭ ਹੈ ਤੇਰੀ ਅੰਬਰ ਧਰਤੀ ਤੇਰਾ ਆਲਮ ਤਾਰਾ ਹੈ। ਹਰ ਸ਼ੈ ਉਤੇ ਹਰ ਦਿਲ ਉਤੇ ਕਰਨੀ ਤੂੰ ਸਰਦਾਰੀ ਐ। ਵਾਹ ਓਏ ਪੰਜਾਬੀਆ……………

ਪੰਜਾਬੀ

ਪਿਆਰ ਵੰਡਦੀ ਪਿਆਰੀ ਵੰਡਦੀ। ਆਰ ਵੰਡਦੀ ਪਾਰ ਵੰਡਦੀ ਏਹ ਪੰਜਾਬੀ ਏਹ ਪੰਜਾਬੀ। ਸੂਲਾਂ ਉੱਤੇ ਫੁੱਲਾਂ ਵਾਂਗੂੰ ਰਹੇ ਹਸਦੀ। ਦੁਨੀਆਂ ਦੇ ਕੋਣੇ ਕੋਣੇ ਏਹ ਵਸਦੀ। ਬੁਰੇ ਬੁਰੇ ਕੰਮਾਂ ਕੋਲੋਂ ਦੂਰ ਨੱਸਦੀ। ਕੰਮ ਕਰ ਖਾਣ ਦੀ ਏ ਜਾਚ ਦਸਦੀ। ਟੁੱਟੇ ਹੋਏ ਦਿਲਾਂ ਦੇ ਏਹ ਤਾਰ ਗੰਢਦੀ। ਪਿਆਰ ਵੰਡਦੀ………. ਥਲਾਂ ਵਿੱਚ ਕਦੇ ਹੈ ਇਹ ਸੜ ਜਾਂਵਦੀ। ਕੱਚੇ ਉੱਤੇ ਕਦੇ ਹੈ ਇਹ ਤਰ ਜਾਂਵਦੀ। ਸੂਲੀ ਉੱਤੇ ਹੱਸ ਹੱਸ ਚੜ੍ਹ ਜਾਂਵਦੀ। ਹੱਸ ਹੱਸ ਯਾਰ ਲਈ ਮਰ ਜਾਂਵਦੀ। ਤੱਤਿਆਂ ਦਿਲਾਂ ਨੂੰ ਏ ਠਾਰ ਵੰਡਦੀ। ਪਿਆਰ ਵੰਡਦੀ……. ਜਿੱਥੇ ਕਿਤੇ ਜਾਵਾਂ ਏਹ ਨਾਲ ਜਾਂਵਦੀ। ਹੱਸ ਹੱਸ ਸਭ ਨਾਲ ਪਿਆਰ ਪਾਂਵਦੀ। ਏਕਤਾ ਤੇ ਅਮਨਾ ਦੇ ਗੀਤ ਗਾਂਵਦੀ। ਜੋ ਕੋਈ ਆਵੇ ਉਹਨੂੰ ਗਲ ਲਾਂਵਦੀ। ਹਰ ਵੇਲੇ ਰਹਿੰਦੀ ਏ ਕਰਾਰ ਵੰਡਦੀ। ਪਿਆਰ ਵੰਡਦੀ………। ਗੋਦੀ ’ਚ ਬਿਠਾਵੇ ਓਦੋਂ ਮਾਂ ਲਗਦੀ। ਦੁੱਖਾਂ ਤੋਂ ਬਚਾਵੇ ਓਦੋਂ ਛਾਂ ਲਗਦੀ। ਜੀਣਾ ਏਹ ਸਿਖਾਵੇ ਓਦੋਂ ਰੱਬ ਲਗਦੀ। ਬੁੱਲਾਂ ਉਤੇ ਆਵੇ ਤਾਂ ਸਬੱਬ ਲਗਦੀ। ਆਲਮਾਂ ਦੇ ਤਾਰਿਆਂ ਦਾ ਭਾਰ ਵੰਡਦੀ। ਪਿਆਰ ਵੰਡਦੀ…………

ਗੀਤ

ਹਸਦੀ ਫਿਰਦੀ ਗਾਉਂਦੀ ਫਿਰਦੀ ਦਿਲ ਦੇ ਜ਼ਖਮੀ ਰੱਖ ਰਹੇ। ਆਪਣੇ ਆਪ ਨੂੰ ਪੱਥਰ ਆਖੇ ਹਰ ਕੋਈ ਉਸਨੂੰ ਫੁੱਲ ਕਹੇ। ਜ਼ਿੰਦਗੀ ਕੋਲੋਂ ਥੱਕੀ ਹਾਰੀ, ਭੁੱਲੀ ਫਿਰੇ ਪ੍ਰੇਮ ਉਡਾਰੀ। ਸੁਰਤੀ ਮੱਥੇ ਕਿੱਲਾਂ ਲਾਕੇ, ਤਨਹਾਈ ਨੂੰ ਝੋਲੀ ਪਾ ਕੇ। ਮਹਿਕਾਂ ਦੇ ਉਸ ਬਸਤਰ ਪਹਿਨੇ ਸੂਲਾਂ ਦੀ ਉਹ ਪੀੜ ਸਹੇ। ਹਸਦੀ ਫਿਰਦੀ ਗਾਉਂਦੀ ਫਿਰਦੀ………. ਦੁਨੀਆਂ ਦੀ ਪਰਵਾਹ ਨਾ ਕਰਦੀ, ਠੰਢੇ ਹੋਕੇ ਆਹ ਨਾ ਭਰਦੀ। ਸੀਨਾ ਚੀਰ ਵਿਖਾਲੇ ਸਭ ਨੂੰ ਦਿਲ ਦੇ ਤਖਤ ਬਿਠਾਲੇ ਸਭ ਨੂੰ। ਅੰਮ੍ਰਿਤ ਵਰਗੇ ਬੋਲ ਓਸਦੇ ਦਿਲ ਦੇ ਅੰਦਰ ਜਾਣ ਲਹੇ। ਹਸਦੀ ਫਿਰਦੀ ਗਾਉਂਦੀ ਫਿਰਦੀ……….. ਦੁਖ ਵਿਛੋੜਾ ਪੀਂਦੀ ਖਾਂਦੀ, ਫਿਰ ਵੀ ਵੇਖੋ ਹੈ ਮੁਸਕਾਂਦੀ। ਹੌਲੀ ਹੌਲੀ ਤੁਰਦੀ ਜਾਂਦੀ, ਸੋਚ ਸੋਚ ਕੇ ਪੈਰ ਟਿਕਾਂਦੀ। ਫਿਰ ਵੀ ਉਸ ਤੋਂ ਨਦੀਆਂ ਪੁੱਛਣ ਕਿੰਜ ਜਾਂਦੇ ਨੇ ਵਹਿਣ ਵਹੋ। ਹਸਦੀ ਫਿਰਦੀ ਗਾਉਂਦੀ ਫਿਰਦੀ…… ਤੱਤੀ ਉਸਨੂੰ ਵਾ ਨਾ ਲੱਗੇ ਕੋਈ ਵੀ ਉਸਨੂੰ ਢਾ ਨਾ ਲੱਗੇ। ਬਤੱਖ ਵਾਗੂੰ ਤਾਰੀ ਲਾਵੇ ਕੂੰਜਾਂ ਵਾਂਗ ਉਡਾਰੀ ਲਾਵੇ। ਧਰਤੀ ਅੰਬਰ ਦੋਵਾਂ ਉੱਤੇ ਉਸਦਾ ਪਿਆਰਾ ਨਾਂ ਰਹੇ। ਹਸਦੀ ਫਿਰਦੀ ਗਾਉਂਦੀ ਫਿਰਦੀ……….. ਮੈਂ ਹਾਂ ਉਸਦਾ ਰਾਂਝਾ ਜੋਗੀ ਮੈਂ ਹਾਂ ਉਸਦੇ ਪਿਆਰ ਦਾ ਰੋਗੀ। ਗੋਰਖ ਟਿੱਲੇ ਕੰਨ ਪੜਵਾਕੇ, ਯਾਦ ਦੀ ਧੂੜੀ ਪਿੰਡੇ ਲਾਕੇ। ਮਨ ਦੇ ਟਿੱਬੇ ਆਲਮ ਬੈਠਾ, ਹੀਰ ਨੂੰ ਜਾਕੇ ਕੌਣ ਕਹੇ। ਹਸਦੀ ਫਿਰਦੀ ਗਾਉਂਦੀ ਫਿਰਦੀ………….

ਗੀਤ

ਇਸ ਤੋਂ ਸੋਹਣੀ ਹੋਰ ਕੀ ਰਾਤ ਹੋਵੇਗੀ। ਹੌਲੀ ਹੌਲੀ ਤਾਰਿਆਂ ਦੀ ਬਰਸਾਤ ਹੋਵੇਗੀ। ਨ ਰੂਪ, ਨਾ ਜਾਨ ਨਾ ਅਕਸ ਨਾ ਰੂਹ ਹੋਵੇਗੀ। ਦੇਖ ਲਈਂ ਤੇਰੀ ਮੇਰੀ ਫਿਰ ਭੀ ਬਾਤ ਹੋਵੇਗੀ। ਇਸ਼ਕ ਦਾ ਸੂਰਜ ਜਦੋਂ ਸਾਹਾਂ ’ਚ ਢਲ ਜਾਏਗਾ। ਰੌਸ਼ਨ ਓਦੋਂ ਹੀ ਏਹ ਕਾਇਨਾਤ ਹੋਵੇਗੀ। ਨੈਣ ਪਿਆਸੇ ਜਦੋਂ ਨੈਣਾਂ ’ਚ ਖੋ ਜਾਣਗੇ, ਜਾਮ ਸੁਰਾਹੀ ਤੋਂ ਫਿਰ ਨਜਾਤ ਹੋਵੇਗੀ। ਤੇਰੀ ਬੁੱਕਲ ’ਚ ਜਦੋਂ ਮਰ ਜਾਵਾਂਗਾ ਮੈਂ ਰੋਮ ਰੋਮ ਮੇਰੇ ਆਬੇ ਹਯਾਤ ਹੋਵੇਗੀ।

ਉਮਰ ਦਾ ਸਾਜ਼

ਸਾਜ਼ ਮੇਰੀ ਉਮਰ ਦਾ, ਹਵਾ ਬਣ ਗਈ। ਮੇਰਾ ਪਤਾ ਤੇ ਆਲ੍ਹਣਾ, ਘਟਾ ਬਣ ਗਈ। ਆਇਤ ਵਰਗੀ ਪਾਕ ਹੈ, ਹਰ ਸਤਰ ਓਸਦੀ ਉਹ ਗ਼ਜ਼ਲ ਮੇਰੇ ਵਾਸਤੇ ਖੁਦਾ ਬਣ ਗਈ।

ਨਜ਼ਰ ਦੇ ਪੰਛੀ

ਜਜ਼ਬਾਤ ਮੇਰੇ ਇਸ ਤਰ੍ਹਾਂ ਬੇਬਾਕ ਹੋ ਗਏ। ਸਭ ਬੋਲ ਤੇਰੇ ਸਾਹਮਣੇ ਹਲਾਕ ਹੋ ਰਾਏ। ਅੰਬਰ ਤੇ ਸੂਰਜ ਚੰਦ ਮੋਹਰੇ ਨੇ ਹਉਂਮੈ ਦੇ ਬਾਹਾਂ ’ਚ ਤੇਰੇ ਆ ਗਏ ਤੇ ਚਾਕ ਹੋ ਗਏ। ਹੋਠਾਂ ’ਚ ਅੰਮ੍ਰਿਤ ਸੀ ਤੇਰੇ ਜਾਂ ਰਬ ਦਾ ਨਾਮ ਸੀ ਯੁਗਾਂ ਦੇ ਮੈਲੇ ਖਾਬ ਵੀ ਸਭ ਪਾਕ ਹੋ ਗਏ। ਕਲੀਆ ਦਾ ਪੀ ਕੇ ਰਸ ਕਿਵੇਂ ਉਹ ਲੜਖੜਾ ਰਹੇ ਚਰਚਾ ਹੈ ਸਾਰੇ ਬਾਗ ਵਿਚ ਉਹ ਪਿਆਕ ਹੋ ਗਏ। ਸਾਖਾਂ ਸਿਆਹੀ ਬਣ ਗਈਆ ਤੇ ਕਲਮ ਡਾਲੀਆਂ ਸਭ ਪੱਤੇ ਹਵਾਵਾਂ ’ਤੇ ਚੜ੍ਹ ਡਾਕ ਹੋ ਗਏ। ਨੈਣਾਂ ਦੇ ਸਾਗਰਾਂ ਵਿਚ ਲਹਿਰਾਂ ਨਾਲ ਖੇਡਦੇ ਮੇਰੀ ਨਜ਼ਰ ਦੇ ਪੰਛੀ ਡੂੰਘੇ ਤੇਰਾਕ ਹੋ ਗਏ। ਧੁਰ ਤੋਂ ਲਿਖੇ ਨੇ ਪੰਨੇ ਜੋ ਅਪਣੀ ਤਾਰੀਖ ਦੇ। ਮਿਠੜੇ ਬੋਲਾਂ ’ਚ ਢਲ ਗਏ ਤੇ ਵਾਕ ਹੋ ਗਏ।

ਚਾਨਣ ਦੇ ਆਸ਼ਕੋ

ਆਉਂਦਾ ਨਹੀਂ ਹਰੇਕ ਨੂੰ ਏਹ ਮਾਨਣਾ। ਹਨੇਰ ਓਡਾ ਸੱਚ ਹੈ ਜੇਡਾ ਹੈ ਚਾਨਣਾ। ਖੁਦ ਤੁਸੀਂ ਹਨੇਰ ਹੋ ਚਾਨਣੇ ਤੋਂ ਦੂਰ ਆਪਣੇ ਤੇ ਆਪ ਲਾਓ ਇਕ ਛਾਨਣਾ। ਜਿਤੋਗੇ ਤੁਸੀਂ ਜ਼ਰੂਰ ਚਾਨਣ ਦੇ ਆਸ਼ਕੋ ਹਰਿਕ ਪਰਤ ਨੇਰ ਦੀ ਜੇ ਚਾਹੋਗੇ ਜਾਨਣਾ। ਹਉਮੈ ਲਾਲਚ ਸ਼ੋਹਰਤ ਦੀ ਭੁੱਖ ਘੱਟ ਕਰੋ ਫਿਰ ਆਲਮ ਨੇ ਥੋਨੂੰ ਦੂਰ ਤੋਂ ਪਛਾਨਣਾ।

ਦਿਸ਼ਾ ਦਾ ਸੂਚਕ

ਤਾਰਿਆ ਵੇ ਤਾਰਿਆ ਧਰੂੰ ਤਾਰਿਆ ਗਿਆ ਹਨੇਰਾ ਛਾ। ਚੰਦ ਸੂਰਜ ਵੀ ਦੋਵੇਂ ਹੋ ਗਏ ਅੱਜ ਸਾਡੇ ਨਾਲ ਖਫ਼ਾ। ਟੁੱਟੀਆਂ ਤੰਦਾਂ ਤਰਸਣ ਗੰਢਾਂ ਗੰਢ ਲਈਏ ਕੋਈ ਪਾ। ਹੋਰ ਨਾ ਟੁੱਟੇ ਹੋਰ ਉਲਝੇ, ਕਰੀਏ ਰਲ ਦੁਆ। ਐਸੀ ਤਾਣੀ ਪਿਆਰ ਦੀ ਤਣੀ ਏ, ਨਾ ਸਕੇ ਕੋਈ ਉਲਝਾ। ਤਾਰਿਆ ਵੇ ਤਾਰਿਆ……… ਵਣਜ ਮੁਨਾਫਾ ਜੀਉਣ ਦੀ ਮਮਤਾ ਤੋਂ ਗਏ ਸਭ ਹਵਾ। ਗਲੀਆਂ ਦੇ ਵਿੱਚ ਰੁਲਦੇ ਫਿਰਦੇ ਅੱਜ ਸ਼ਾਹਾਂ ਦੇ ਸ਼ਾਹ। ਜੇ ਕੋਈ ਖ਼ਬਰ ਲਿਆਵੇ ਸੁੱਖ ਦੀ ਦੇਵਾਂ ਸਿਰ ਦੀ ਭੇਟ ਚੜ੍ਹਾ, ਤਾਰਿਆ ਵੇ ਤਾਰਿਆ……. ਕੋਈ ਭੈੜਾ ਏਸ ਧਰਤ ਨੂੰ ਨਜ਼ਰ ਗਿਆ ਹੈ ਲਾ। ਦਿਲ ਦਿਮਾਗ ਤੇ ਰੂਹ ਚੋਂ ਮੇਰੇ ਆਵੇ ਇਕ ਸਦਾ। ਬੇਕਸੂਰੇ ਰੋਜ਼ ਜੇ ਮਰਦੇ ਏਹਨੂੰ ਲੱਗੀ ਉਨ੍ਹਾਂ ਦੀ ਹਾਅ। ਤਾਰਿਆ ਵੇ ਤਾਰਿਆ………… ਚਾਵਾਂ ਰੀਝਾਂ ਸੁਧਰ ਦਾ ਏਥੇ ਪਲ ਪਲ ਬਲੇ ਸਿਵਾ। ਲੋਭੀ ਨੇਤਾ ਦਰ ਦਰ ਫਿਰਦੇ ਲੈ ਵੋਟਾਂ ਦੇ ਚਾ। ਨਾਲ ਲਹੂ ਦੇ ਲੱਥ ਪੱਥ ਹੋ ਗਏ ਬਚੇ ਖੁਚੇ ਦਰਿਆ। ਤਾਰਿਆ ਵੇ ਤਾਰਿਆ………. ਕਾਲੀਆਂ ਰਾਤਾਂ ਦਿਨ ਵੀ ਕਾਲੇ ਦਿਲ ਵੀ ਕਾਲੇ ਸਿਆਹ। ਚਾਰੇ ਪਾਸੇ ਆਪੋ ਧਾਪੀ ਕੋਈ ਨਾ ਦਿਸਦਾ ਰਾਹ। ਆ ਜਾ ਹੁਣ ਤੂੰ ਛੇਤੀ ਆਕੇ ਆਪਣੀ ਲੋ ਖਿੰਡਾ। ਤਾਰਿਆ ਵੇ ਤਾਰਿਆ…………… ਪੂਜਾ ਖਾਨੇ ਥਾਂ ਥਾਂ ਬਣ ਗਏ ਦਿਲ ਦੀ ਦਰਗਾਹ ਢਾਹ। ਜੱਗ ਦਾ ਸਾਂਝਾ ਗ੍ਰੰਥ ਸੀ ਇਕੋ, ਅਸੀਂ ਉਹ ਵੀ ਵੰਡ ਲਿਆ। ਫੁੱਲਾਂ ਦਾ ਨਾਂ ਮੱਥੇ ਲਿਖ ਕੇ, ਅਸੀਂ ਪੱਥਰ ਲਏ ਉਠਾ। ਤਾਰਿਆ ਵੇ ਤਾਰਿਆ…… ਵਿੱਚ ਭੰਵਰ ਦੇ ਬੇੜੀ ਡੋਲੇ ਬੈਠੇ ਹਾਂ ਤੋਲ ਗਵਾ। ਪੂਜਾ ਪਾਠ ਤੇ ਆਲਮ ਤਾਰੇ ਦੇ ਗਏ ਸਭ ਦਗਾ। ਦਿਸ਼ਾ ਦਾ ਸੂਚਕ ਤੈਨੂੰ ਕਹਿੰਦੇ ਦੱਸ ਜਾਹ ਕੋਈ ਦਿਸ਼ਾ।

ਯਾਦ ਪੰਜਾਬ ਦੀ

ਯਾਦ ਬੜੀ ਹੀ ਆਉਂਦੀ ਹੈ, ਆਪਣੇ ਦੇਸ਼ ਪੰਜਾਬ ਦੀ। ਪੱਤੀ ਪੱਤੀ ਲਹੂ ਹੈ ਰੱਦੀ ਸੂਹੇ ਫੁੱਲ ਗੁਲਾਬ ਦੀ। ਰੋ ਰੋ ਵੈਣ ਤਾਂ ਪਾਏ ਹੋਣੇ ਕੋਇਲਾਂ ਅਤੇ ਘੁੱਗੀਆਂ ਨੇ। ਜਿੱਥੇ ਪਿਆਰ ਦੇ ਫੁੱਲ ਸੀ ਖਿੜਦੇ ਅੱਜ ਸੰਗੀਨਾਂ ਉਗੀਆਂ ਨੇਂ। ਨਾ ਸੋਹਣੀ ਦਾ ਗੀਤ ਕੋਈ ਗਾਵੇਂ, ਨਾ ਕੋਈ ਗਲ ਚਨਾਬ ਦੀ। ਯਾਦ ਬੜੀ ਹੀ………… ਸਾਂਝ ਦੀ ਪੱਗੜੀ ਖਿੱਚ ਕੇ ਪਾੜੀ ਸਕੇ ਭੈਣਾਂ ਵੀਰਾਂ ਨੇ। ਪਗੜੀ ਹੋਈ ਕਾਤਰ ਕਾਤਰ ਕਿੰਨੀਆਂ ਹੋਣੀਆਂ ਲੀਰਾਂ ਨੇ। ਅਜੇ ਵੀ ਵੇਲਾ ਇਕ ਹੋ ਜਾਓ ਕਰ ਲਓ ਗੱਲ ਹਿਸਾਬ ਦੀ। ਯਾਦ ਬੜੀ ਹੀ……… ਉਸ ਮਿੱਟੀ ਵਿੱਚ ਜੋਸ਼ ਬੜਾ ਹੈ ਝੱਲ ਹੈ ਅਜੇ ਜਵਾਨੀ ਦਾ। ਆਖਿਰ ਸੌਦਾ ਮਹਿੰਗਾ ਪੈਣਾ ਬੇਲੋੜੀ ਕੁਰਬਾਨੀ ਦਾ। ਫਸਲ ਏਹ ਮੁੜ ਕੇ ਫੇਰ ਨਹੀਂ ਮਿਲਣੀ ਅਣਮੁੱਲੇ ਸਬਾਬ ਦੀ। ਯਾਦ ਬੜੀ ਹੀ………… ਜੋਸ਼ ਵੀ ਰਖੋ ਹੋਸ਼ ਵੀ ਰਖੋ, ਗੱਲ ਡੂੰਘੀ ਕਰੋ ਵਿਚਾਰ ਦੀ। ਪਿਆਰ ਏਕਤਾ ਅਕਲ ਹੈ ਜਿਥੇ, ਲੋੜ ਨਹੀ ਹਥਿਆਰ ਦੀ। ਆਲਮ ਸਾਰਾ ਭੁੱਲ ਚੁੱਕਾ ਹੈ, ਸੁਰ ਨਾਨਕ ਦੇ ਰਬਾਬ ਦੀ। ਯਾਦ ਬੜੀ ਹੀ ਆਉਂਦੀ ਹੈ, ਆਪਣੇ ਦੇਸ਼ ਪੰਜਾਬ ਦੀ

ਪੰਜਾਬ ਦੀ ਖ਼ੈਰ

ਮੈਂ ਹੱਸਦਾ ਪੰਜਾਬ ਸੀ ਮੈਨੂੰ ਲਗ ਗਿਆ ਕੋਈ ਸਰਾਪ ਵੇ। ਮੇਰੇ ਘਰ ਘਰ ਸਿਵੇ ਬਲ ਰਹੇ ਕੋਈ ਹੋਇਆ ਵੱਡਾ ਪਾਪ । ਚੈੱਕ ਚੁਰਾਹੇ ਗਲੀਆਂ ਅੱਜ ਬਣ ਗਏ ਸਰਹੱਦ ਵੇ। ਮਾਪ ਨਾ ਕੋਈ ਸਕਦਾ ਜ਼ੁਲਮ ਦੀ ਕੀ ਹੱਦ ਵੇ। ਅੱਜ ਸੰਗੀਨਾਂ ਸਾਹਮਣੇ ਮੇਰੀ ਇੱਜ਼ਤ ਦਾ ਕੀ ਕੱਦ ਵੇ। ਪੀਰ ਗੁਰੂ ਕੋਈ ਔਲੀਆ ਲਿਆਓ ਛੇਤੀ ਸੱਦ ਵੇ। ਮੇਰੀ ਰੂਹ ਤੇ ਆਕੇ ਕਰ ਦਏ ਅਮਲਾਂ ਦਾ ਕੋਈ ਜਾਪ ਵੇ। ਮੈਂ ਹੱਸਦਾ ਪੰਜਾਬ ਸੀ। ਇਕ ਗੋਲੀ ਹੈ ਸਰਕਾਰ ਦੀ ਇਕ ਰੁੱਸੇ ਨੌਜਵਾਨ ਦੀ। ਹੈ ਦੁਸ਼ਮਣ ਏਹ ਵੀ ਜਾਨ ਦੀ, ਦੁਸ਼ਮਣ ਉਹ ਵੀ ਜਾਨ ਦੀ। ਸੱਚ ਨਾ ਕੋਈ ਆਖਦਾ ਹੈ ਸਭ ਨੂੰ ਆਪਣੀ ਜਾਨ ਦੀ। ਸਭ ਗੁੱਸੇ ਗਿਲੇ ਭੁੱਲ ਕੇ ਗੱਲ ਸੁਣ ਲਓ ਨੌਜਵਾਨ ਦੀ। ਆਓ ਰਲ ਕੇ ਮੋੜੀਏ ਏਨਾ, ਮੁੜਨਾ ਨਹੀਂ ਹੁਣ ਆਪ ਵੇ।

ਏਹੋ ਤੇਰਾ ਦਾਜ ਨੀ ਧੀਏ

(ਸਭ ਧੀਆਂ ਦੇ ਨਾਮ) ਲੈ ਜਾਹ ਧੀਏ ਅਸੀਸ ਨੂੰ ਤੂੰ ਸਾਡੀ, ਜਾਹ ਸੁਖੀ ਤੇਰਾ ਸੰਸਾਰ ਬਣੇ। ਸਾਡੀ ਤੈਨੂੰ ਯਾਦ ਨਾ ਆਵੇ ਸਹੁਰੇ ਘਰ ਵਿੱਚ ਪਿਆਰ ਬਣੇ। ਦਿਲ ਵਿੱਚ ਧੀਏ ਯਾਦ ਨਾ ਰੱਖੀਂ, ਲਾਡਾਂ ਅਤੇ ਚਾਵਾਂ ਨੂੰ। ਆਪਣੇ ਬਾਗ਼ ਦੇ ਫੁੱਲ ਤੂੰ ਪਾਲੀ, ਭੁੱਲ ਕੇ ਭੈਣ ਭਰਾਵਾਂ ਨੂੰ। ਰਾਹ ਵਿੱਚ ਤੇਰੇ ਰਹਿਣ ਬਹਾਰਾਂ ਕੋਈ ਪਲ ਨਾ ਖਾਰ ਬਣੇ। ਲੈ ਜਾਹ ਧੀਏ ਅਸੀਸ……….. ਹਰ ਪਲ ਮੰਨੀ ਹੁਕਮ ਪਤੀ ਦਾ ਉਹੋ ਤੇਰਾ ਤਾਜ ਨੀ ਧੀਏ। ਨਾਮ ਦਾਨ ਤੇ ਮਿੱਠਾ ਬੋਲਣ ਏਹੋ ਤੇਰਾ ਦਾਜ ਨੀ ਧੀਏ। ਤੂੰ ਬਣ ਜਾਵੇਂ ਸਦਾ ਉਸਦੀ ਉਹ ਤੇਰਾ ਦਿਲਦਾਰ ਬਣੇ। ਲੈ ਜਾਹ ਧੀਏ ਅਸੀਸ………. ਲੈ ਜਾਹ ਧੀਏ ਮਮਤਾ ਮਿੱਠੀ ਆਪਣੀ ਪਿਆਰੀ ਮਾਂ ਦੇ ਕੋਲੋਂ। ਸੋਚਾਂ ਅਤੇ ਵਿਚਾਰਾਂ ਲੈ ਜਾਹ, ਬਾਪ ਦੀ ਠੰਡੀ ਛਾਂ ਦੇ ਕੋਲੋਂ। ਸਬਰ ਸ਼ੁਕਰ ਦੀ ਦੌਲਤ ਲੈ ਜਾਹ, ਏਹੋ ਤੇਰਾ ਸ਼ਿੰਗਾਰ ਬਣੇ। ਲੈ ਜਾਹ ਧੀਏ ਅਸੀਸ………… ਕੂੰਜਾਂ ਨਾਲੋਂ ਵਿਛੜ ਚੱਲੀ ਤੂੰ ਚੱਲੀ ਆਪਣੇ ਦੇਸ਼ ਕੁੜੇ। ਜਿਨ੍ਹਾਂ ਜੰਮੀ ਜਿਨ੍ਹਾਂ ਪਾਲੀ, ਉਹ ਰੱਖ ਨਾ ਸਕੇ ਹਮੇਸ਼ ਕੂੜੇ। ਜਿਥੇ ਜਾਵੇਂ ਆਲਮ ਦੇ ਵਿੱਚ ਉਥੇ ਤੇਰਾ ਸਤਿਕਾਰ ਬਣੋ।

ਨਾ ਮੈਂ ਜਾਣਾ ਅੰਬਰ ਆਪਣਾ

(ਸਭ ਧੀਆਂ ਦੇ ਨਾਮ) ਨਾ ਮੈਂ ਕੋਈ ਕੂੰਜ ਨੀ ਮਾਏ ਨਾ ਮੈਂ ਫੁੱਲ ਕਲੀ। ਤੇਰੇ ਦਿਲ ਦੀ ਸਾਂਝ ਨੀ ਮਾਏ ਕਿਉਂ ਪਰਦੇਸ ਚਲੀ। ਦਿੱਤਾ ਮੈਨੂੰ ਪਿਆਰ ਅਨੂਠਾ ਭੈਣਾਂ ਅਤੇ ਭਰਾਵਾਂ। ਸਦਾ ਹੀ ਮੇਰੇ ਨਾਲ ਰਹੂਗਾ ਬਾਬਲ ਦਾ ਪਰਛਾਂਵਾਂ। ਮੈਂ ਤੇ ਮਾਹੀ ਇਕ ਹੋ ਜਾਈਏ ਦਿਉ ਮੈਨੂੰ ਦੁਆਵਾਂ। ਮਾਹੀ ਦੀ ਅਮਾਨਤ ਮਾਏ ਤੇਰੀ ਗੋਦ ਪਲੀ। ਮਾਹੀ ਦੇ ਕੋਲ ਦੇਸ ਹੈ ਮੇਰਾ ਉਸਦੇ ਕੋਲ ਹੀ ਜਾਣਾ। ਸੰਜੋਗਾਂ ਦੇ ਵੱਸ ਨੀ ਮਾਏ ਜੱਗ ਦਾ ਤਾਣਾ ਬਾਣਾ। ਤੇਰੀ ਧੀ ਅੱਜ ਤੁਰ ਚੱਲੀ ਮੰਨ ਕੇ ਰੱਬ ਦਾ ਭਾਣਾ। ਨਾ ਮੈਂ ਜਾਣਾ ਅੰਬਰ ਆਪਣਾ ਐਸੀ ਮੈਂ ਬਦਲੀ। ਮਾਹੀ ਦੇ ਦਿਲ ਜੇ ਮੈਂ ਭਾ ਜਾਂ, ਛੱਡ ਕੇ ਹਉ ਨਿਮਾਣੀ। ਵਗਦੀ ਰੂਹ ਉਮਰ ਗੰਗਾ ਭਰ ਸੁਖਾਂ ਦਾ ਪਾਣੀ। ਆਲਮ ਦੇ ਵਿੱਚ ਹੋਣਗੇ ਤਾਰੇ, ਧੀਆਂ ਪੁੱਤ ਨਿਸ਼ਾਨੀ। ਜੇ ਮਾਹੀ ਮੇਰੇ ਦਿਲ ਵਿਚ ਵਸੇ, ਤਾਹੀਉਂ ਮੈਂ ਭਲੀ।

ਤੇਰਾ ਪਿਆਰ ਦੋਸਤਾ

ਕਿੱਦਾਂ ਦਿਖਾਵਾਂ ਤੈਨੂੰ ਤੇਰਾ ਪਿਆਰ ਦੋਸਤਾ। ਤੇਰੇ ਤੋਂ ਨਿੱਕਾ ਜਾਪਦਾ ਸੰਸਾਰ ਦੋਸਤਾ। ਹੱਸਦਾ ਜਦੋਂ ਵੀ ਤੂੰ ਮੇਰੇ ਜ਼ਜਬਾਤ ਮਹਿਕਦੇ, ਮੁਸਕਾਨ ਤੇਰੀ ਜਾਵੇ ਸੀਨਾ ਠਾਰ ਦੋਸਤਾ। ਇਹ ਰੰਜੋ ਗ਼ਮ ਸ਼ਿਕਵੇ, ਸ਼ਿਕਾਇਤ ਨੇ ਜੋ ਮਿਲੇ, ਇਹ ਵੀ ਮੇਰੇ ਵਾਸਤੇ ਉਪਹਾਰ ਦੋਸਤਾ। ਹੱਸਦੇ ਹਸਾਉਂਦੇ ਖੇਡਦੇ ਬੀਜੇ ਸੀ ਫੁੱਲ ਜੋ, ਕੀਕਣ ਬਦਲ ਕੇ ਹੋ ਗਏ ਨੇ ਖਾਰ ਦੋਸਤਾ। ਗ਼ਮ ਤੇਰੇ ਹਿਜਰ ਦਾ ਤੇ ਪੀੜ ਤੇਰੇ ਮੇਲ ਦੀ ਕੀਤੀ ਦੋਹਾਂ ਨੇ ਜ਼ਿੰਦਗੀ ਦੁਸ਼ਵਾਰ ਦੋਸਤਾ। ਕਿੰਨੇ ਅਜੀਬ ਲੋਕ ਨੇ ਸਿੱਕੇ ਖਰੀਦਦੇ, ਤੇਰੇ ਗੁਰਾਂ ’ਚ ਵੇਚ ਕੇ ਇਤਬਾਰ ਦੋਸਤਾ ਆਲਮ ਦਾ ਤਾਰਾ ਤੂੰ ਹੈ ਤੇਰੀ ਲੋ ਹੈ ਹੋਰ ਹੀ ਤਾਰੇ ਤਾਂ ਭਾਵੇਂ ਗਗਨ ਤੇ ਬੇਸ਼ੁਮਾਰ ਦੋਸਤਾ।

ਕੰਡਿਆਲੇ ਪੱਥ

ਦਿਲ ਦੇ ਦੁਖੜੇ ਲੁਕਾਏ ਮੈਂ ਤਾਂ ਆਪਣੇ ਹੀ ਸਾਹਵਾਂ ਤੋਂ। ਦਿਲ ਹੈਰਾਨ ਹੈ ਬੜਾ ਤੇਰਾ ਨਾਮ ਸੁਣਕੇ ਹਵਾਵਾਂ ਤੋਂ। ਫੁੱਲ ਮਿਲਣਗੇ ਤੇ ਕਲੀਆਂ ਵੀ ਦਸਿਆ ਉਨ੍ਹਾਂ ਨੇ, ਖ਼ੂਨੀਖਾਰ ਮਿਲੇ ਕਲ੍ਹ ਜੋ ਉਦਾਸ ਰਾਹਵਾਂ ਤੋਂ। ਕੀ ਆਸ ਕਰਾਂ ਕੀ ਮੈਂ ਸੋਚਾਂ ਉਨ੍ਹਾਂ ਦੇ ਲਈ ਅੱਗ ਹੀ ਅੱਗ ਮਿਲੀ ਮੈਨੂੰ ਜਿਨ੍ਹਾਂ ਛਾਵਾਂ ਤੋਂ। ਡਰ ਆਉਂਦਾ ਹੈ ਹੁਣ ਤਾਂ ਆਪਣੇ ਹੀ ਭਰਾਵਾਂ ਤੋਂ। ਹੁਣ ਡਰ ਨਹੀਂ ਆਇਆ ਕਦੇ ਮੈਨੂੰ ਬਲਾਵਾਂ ਤੋਂ। ਕਿੰਨਾ ਪਿਆਰ ਕਰਦੈਂ ਕਿੰਨਾ ਮਰਦੈਂ ਉਹਦੇ ਲਈ, ਕੋਈ ਆਕੇ ਪੁੱਛੇ ਮੇਰੇ ਦਿਲ ਦੇ ਭਾਵਾਂ ਤੋਂ। ਜ਼ੱਰਾ ਗੌਰ ਨਾਲ ਸੋਚਾਂ, ਤਾਂ ਦੁਨੀਆਂ ਕੁਝ ਨਹੀਂ, ਜੀ ਰਿਹਾ ਹੈ ਡਰ ਡਰ ਕੇ ਬੰਦਾ ਇਛਾਵਾਂ ਤੋਂ। ਜੱਰਾ ਜ਼ੱਰਾ ਚੁੰਮ ਲਵਾਂ ਕਰਾਂ ਲੱਖ ਵਾਰ ਸਜਦੇ, ਲੰਘ ਗਿਆ ਇਕ ਵਾਰ ਉਹ ਜਿਨ੍ਹਾਂ ਥਾਵਾਂ ਤੋਂ। ਜਿਥੇ ਅਹਿਸਾਸ ਦੀ ਅੱਖ ਨਿਰਲੇਪ ਤਕਦੀ ਹੈ ਬਾਹਰੋਂ ਕੁਝ ਨਹੀਂ ਦਿਸਦਾ ਨਿਗਾਹਵਾਂ ਤੋਂ। ਆਪਣੇ ਆਪਨੂੰ ਜਾਣ ਕੇ ਵੱਡਾ ਭੁੱਲ ਜਾਂਦੇ ਨੇ ਲੈ ਕੇ ਮੁਫ਼ਤ ਜ਼ੰਨਤ ਅਸੀਮ ਪਾਕ ਮਾਵਾਂ ਤੋਂ। ਸੁਣੋ ਲੋਕੋ ਦੁਸ਼ਮਣ ਇੰਜ ਕਦੇ ਵਾਰ ਨਹੀਂ ਕਰਦੇ, ਬੱਚ ਕੇ ਰਹਿਣਾ ਆਪਣੇ ਹੀ ਯਾਰਾਂ ਦੇ ਦਾਵਾਂ ਤੋਂ ਜਿਨ੍ਹਾਂ ਹਵਾ ’ਚ ਤੋਰਨਾ ਘੁੰਮਣਾ ਤਾਰਿਆਂ ਦੇ ਨਾਲ ਉਨ੍ਹਾਂ ਨੇ ਕੀ ਸਿੱਖਣਾ ਕੀ ਲੈਣਾ ਦਰਿਆਵਾਂ ਤੋਂ।

ਸਾਉਣ ਮਹੀਨਾ

ਦਿਲ ਦੀ ਧਰਤੀ ਔੜਾਂ ਮਾਰੀ, ਸਾਵਾ ਸਾਉਣ ਮਹੀਨਾ ਹੈ। ਯਾਦ ਮੇਰੀ ਦੇ ਪਿੰਡੇ ਉੱਤੇ ਤਾਂਘਾ ਦਾ ਪ੍ਰਸੀਨਾ ਹੈ। ਦਿਲ ਨੂੰ ਕੁਝ ਕੁਝ ਹੁੰਦਾ ਜਾਵੇ, ਭੂਰ ਜਹੀ ਜਦ ਪੈਂਦੀ ਹੈ ਦਿਲ ਦੇ ਅੰਦਰ ਸਿਖਰ ਦੁਪਹਿਰੇ, ਸ਼ਾਮ ਜਿਹੀ ਇਕ ਰਹਿੰਦੀ ਹੈ। ਤੜਪ ਤੜਪ ਕੇ ਮਾਹੀ ਬਾਝੋਂ ਕਾਹਦਾ ਦੱਸੋ ਜੀਣਾ ਹੈ। ਦਿਲ ਦੀ ਧਰਤੀ ਔੜਾਂ ਮਾਰੀ......... ਮੁੱਖੜਾ ਉਹਦਾ ਚਾਨਣ ਚਾਨਣ ਅੱਗ ਦੀ ਉਹ ਬੇਟੀ ਹੈ। ਬੱਦਲ ਬਣਕੇ ਚੁੰਮ ਲਾਂ ਉਹਨੂੰ ਮੇਰੀ ਹੀਰ ਸਲੇਟੀ ਹੈ। ਬਿਜਲੀ ਬਿਜਲੀ ਕਹਿੰਦੇ ਉਹਨੂੰ, ਮੇਰੀ ਉਹੋ ਹੁਸੀਨਾ ਹੈ। ਦਿਲ ਦੀ ਧਰਤੀ ਔੜਾਂ ਮਾਰੀ…………….. ਬੱਦਲ ਗਰਜੇ ਬਿਜਲੀ ਲਿਸ਼ਕੇ ਪੈਂਦਾ ਮੀਂਹ ਛੜਾਕੇ ਦਾ। ਧੁੱਪ ਦਾ ਇਕ ਟੁੱਕੜਾ ਮਗਰੋਂ ਪਾਵੇ ਵੱਟ ਕੜਾਕੇ ਦਾ। ਰੋਮ ਰੋਮ ’ਚੋਂ ਪਾਣੀ ਆਖੇ ਮੈਂ ਤਾਂ ਪਾਣੀ ਪੀਣਾ ਹੈ। ਦਿਲ ਦੀ ਧਰਤੀ ਔੜਾਂ ਮਾਰੀ…………… ਕੋਇਲ ਗਾਵੇ ਮੋਰਨੀ ਨੱਚੇ, ਮੋਰ ਵੀ ਪੈਲਾਂ ਪਾਉਂਦਾ ਹੈ ਲੈ ਉਬਾਸੀ ਭੰਨ ਅੰਗੜਾਈ, ਆਨੰਦ ਜਿਹਾ ਇਕ ਆਉਂਦਾ ਹੈ। ਮੌਸਮ ਦੇ ਏਹ ਸਾਗਰ ਅੰਦਰ ਨੀਂਦ ਦਾ ਇਕ ਸਫ਼ੀਨਾ ਹੈ। ਦਿਲ ਦੀ ਧਰਤੀ ਔੜਾਂ ਮਾਰੀ.......... ਤੀਆਂ ਭਰੀਆ ਪੀਘਾਂ ਚੜ੍ਹੀਆਂ ਮਨ ਗਿੱਧੇ ਵਿੱਚ ਨੱਚ ਪਿਆ। ਬੋਲੀ ਪਾ ਪਾ ਨਿਕਲੇ ਅੰਦਰੋਂ ਦੱਬਿਆ ਪੁੱਟਿਆ ਸੱਚ ਪਿਆ। ਮੌਸਮ ਝੂਮੇ ਮਸਤੀ ਅੰਦਰ ਪੈਣ ਵਜਾਉਂਦੀ ਵੀਣਾ ਹੈ। ਦਿਲ ਦੀ ਧਰਤੀ ਔੜਾਂ ਮਾਰੀ………….. ਧੋਤਾ ਧੋਤਾ ਅੰਬਰ ਜਾਪੇ ਲਿਸ਼ਕ ਰਹੀ ਹਰਿਆਲੀ ਹੈ। ਸਾਉਣ ਮਹੀਨਾ ਰੰਗ ਰੰਗੀਲਾ ਇਸ ਦੀ ਰੀਤ ਨਿਰਾਲੀ ਹੈ। ਅੰਬਰੋਂ ਬਰਸੀ ਬੂੰਦ ਬੂੰਦ ਜੋ ਮੋਤੀ ਅਤੇ ਨਗੀਨਾ ਹੈ। ਦਿਲ ਦੀ ਧਰਤੀ ਔੜਾ ਮਾਰੀ……………. ਸਿਲ੍ਹੀਆਂ ਸਿਲ੍ਹੀਆਂ ਪੌਣਾਂ ਵਿਚੋਂ ਪਿਆਰ ਕੁਆਰਾ ਬੋਲ ਰਿਹਾ। ਹਰਿਆ ਭਰਿਆ ਆਲਮ ਸਾਰਾ ਮਹਿਕਾਂ ਰੂਹ ਵਿੱਚ ਘੋਲ ਰਿਹਾ। ਸੁੱਚੇ ਪਾਣੀ ਪੀਤਮ ਬਾਝੋਂ ਤੜਪ ਰਹੀ ਇਕ ਮੀਨਾ ਹੈ ਦਿਲ ਦੀ ਧਰਤੀ ਔੜਾਂ ਮਾਰੀ.........

ਸਰਫ਼ਰੋਸ਼ਾਂ ਦੇ ਕਾਫ਼ਲੇ

ਨਾ ਇਹ ਲਾਬੂੰ ਹੀ ਬਣੇ ਨਾ ਅੱਗ ਭੜਕੇ ਕਦੇ ਇਸਦੇ ਅੰਦਰ ਪਾਣੀ ਦਾ ਛਿੱਟਾ ਦੇ ਦਿਉ। ਚਲਾਕ ਨੇ ਕਿਹਾ ਆਪੇ ਲੜਦੇ ਰਹਿਣਗੇ ਦਿਮਾਗ ਨੂੰ ਗੁੜ੍ਹਤੀ ’ਚ ਨੇਤਾ ਦੇ ਦਿਉ। ………………………… ਤੁਰਦੇ ਨੇ ਜਦੋਂ ਵੀ ਸਰਫ਼ਰੋਸ਼ਾਂ ਦੇ ਕਾਫ਼ਲੇ ਸਰਕਾਰਾਂ ਤਾਂ ਕੀ, ਉਹ ਜ਼ਮਾਨੇ ਬਦਲ ਦੇਂਦੇ ਨੇ। ………………………………….. ਮੈਂ ਗੁਆਚ ਗਿਆ ਹਾਂ ਲੱਭ ਰਿਹਾ ਹਾਂ ਆਪਣਾ ਆਪ ਮੇਰੇ ਦੋਸਤੋ ਮੇਰੇ ਰਹਿਬਰੋ ਮੈਂ ਤੇ ਭਟਕਣ ਦਾ ਲੈ ਲਿਆ ਸਰਾਪ …………………………….. ਖ਼ੂਨ ਸੇ ਲਿਖੇਂਗੇ ਤੇਰੀ ਕਹਾਨੀ ਅਪਨੀ ਦਾਸਤਾਂ ਰਹੇ ਨਾ ਰਹੇ। ਚਲੇਂਗੇ ਕਾਫ਼ਲੇ ਤਾ ਹਸ਼ਰ ਕੋਈ ਕਾਰਵਾਂ ਰਹੇ ਨਾ ਰਹੇ। ………………………………. ਹਰ ਵੇਲੇ ਢੂੰਡਦਾ ਰਹਿਨਾ ਖਬਰੇ ਮੇਰਾ ਕੀ ਖੋ ਗਿਆ। ਕੁਝ ਪਤਾ ਨਹੀਂ ਚਲਦਾ ਏਹ ਕੀ ਮੈਨੂੰ ਹੋ ਗਿਆ। ਮੈਂ ਵੀ ਵਿਕ ਜਾਵਾਂ ਤੇ ਆਲਮ ਸਾਰਾ ਵੇਚ ਕੇ ਕਰਜ਼ਾ ਉਹਦਾ ਦੇ ਦਿਆਂ ਇਕ ਜਾਮ ਦੇ ਕੇ ਜੋ ਗਿਆ।

ਤੇਰਾ ਹੀ ਸਿਰਨਾਵਾਂ

ਵੇਖਣ ਨੂੰ ਤਾਂ, ਜਾਪਦਾ ਰੁੱਖ ਹਾਂ ਭਾਵਾਂ ਤਪਦੇ ਥਲਾਂ, ਸੂਰਜਾਂ ਨੂੰ ਵੰਡਦਾਂ ਛਾਵਾਂ ਏਨ੍ਹਾਂ ਟੁੱਟ ਕੇ ਜਾਣਾ ਹੈ ਤੇਰੇ ਵਲ ਨੂੰ ਸਾਰੇ ਪੱਤਿਆਂ ’ਤੇ ਤੇਰਾ ਹੀ ਸਿਰਨਾਵਾਂ। ਮੇਰਾ ਕੱਦ ਨਾ ਵੇਖੋ ਮੇਰੀ ਸੋਚ ਦਾ ਵੇਖੋ ਤਾਰਿਆਂ ਤੇ ਜਾ ਰਿਹਾ ਪਰਛਾਵਾਂ। ਲੋਭ ਦਾ ਸ਼ੱਕ ਦਾ ਤੇ ਹਉਮੈ ਦਾ ਨ੍ਹੇਰਾ ਜੁਗਨੂੰ ਸੋਚਦਾ ਹੈ ਕਿੰਜ ਟਿਮਟਿਮਾਵਾਂ। ਕਿੰਨੇ ਹੀ ਗੀਤ ਖਾ ਗਿਆ ਏਹ ਨ੍ਹੇਰਾ ਸੋਚਦਾ ਹਾਂ ਗੀਤ ਕਿਸ ਤਰ੍ਹਾਂ ਗਾਵਾਂ। ਆਲਮ ’ਚ ਪੈ ਗਿਆ ਨ੍ਹੇਰਾ ਕੁਝ ਨਾ ਦਿਸੇ ਚੰਗਾ ਹੈ ਆਪਣਾ ਆਪ ਹੀ ਬਾਲ ਜਾਵਾਂ।

ਪਰਦੇਸੀ ਪਰੀਆਂ

ਗੋਰੀਆਂ ਗੋਰੀਆਂ ਚਿੱਟੀਆਂ ਚਿੱਟੀਆਂ ਸੋਨੇ ਜਿਹੇ ਵਾਲਾਂ ਵਾਲੀਆਂ। ਹੂਰਾਂ ਪਰੀਆਂ ਮੈਨੂੰ ਲਗਣ ਰੱਥ ਦੀਆਂ ਸਕੀਆਂ ਸਾਲੀਆਂ। ਕੁਝ ਨੇ ਗੋਰੀਆਂ ਧੁੱਪ ਵਰਗੀਆਂ ਕੁਝ ਨੇ ਚਿੱਟੀਆਂ ਦੁੱਧ ਜਿਹੀਆਂ। ਕੁਝ ਨੇ ਚਿੱਟੀਆਂ ਚਾਨਣੀਆਂ ਟਿਊਬਾਂ ਵਾਂਗੂੰ ਜਗ ਰਹੀਆਂ। ਨੀਲੀਆਂ ਨੀਲੀਆਂ ਅੱਖਾਂ ਵਾਲੀਆਂ ਖੁਲ੍ਹ ਦਿਲੀਆਂ ਮਤਵਾਲੀਆਂ। ਗੋਰੀਆਂ ਗੋਰੀਆਂ ਚਿੱਟੀਆਂ ਚਿੱਟੀਆ……………….. ਚਿੱਟੀਆਂ ਨੇ ਕਈ ਮਿਸ਼ਰੀ ਵਾਂਗੂੰ ਕੂੰਜਾਂ ਮਿਸ਼ਰੀ ਭੁਰ ਭੁਰੀਆਂ ਖੋਪੇ ਅਤੇ ਬਦਾਮ ਦੀਆਂ ਹਰੀਆਂ ਗਿਰੀਆਂ ਰਸ ਭਰੀਆਂ। ਚੁੱਪ ਵੀ ਏਹ ਬਹਾਰਾਂ ਲਗਣ ਜਿਉਂ ਫੁੱਲਾਂ ਦੀਆਂ ਡਾਲੀਆਂ। ਗੋਰੀਆਂ ਗੋਰੀਆਂ ਚਿੱਟੀਆਂ ਚਿੱਟੀਆਂ…………………. ਕਈ ਨੇ ਚਿੱਟੀਆਂ ਮੋਮ ਵਰਗੀਆਂ ਸ਼ਮ੍ਹਾਂ ਵਾਂਗੂੰ ਜਗਦੀਆਂ। ਕੋਈ ਨੇ ਚਿੱਟੀਆਂ ਚਾਂਦੀ ਵਾਂਗੂੰ ਸੋਨੇ ਵਾਂਗੂੰ ਦਗਦੀਆਂ। ਨਾ ਏਹ ਪਹਿਨਣ ਕਾਂਟੇ, ਕੋਕਾ, ਘੱਟ ਹੀ ਪਾਵਣ ਵਾਲੀਆਂ। ਗੋਰੀਆਂ ਗੋਰੀਆਂ ਚਿੱਟੀਆਂ ਚਿੱਟੀਆਂ……………….. ਤੁਰੀਆਂ ਤੁਰੀਆਂ ਜਾਂਦੀਆਂ ਏਹ ਤਾਂ ਹਾਸੇ ਜਾਵਣ ਡ੍ਹੋਲਦੀਆਂ। ਅਰਧ ਨੰਗੀਆਂ ਖੁਲ੍ਹੇ ਮਨ ਨਾਲ ਸਭ ਨਾਲ ਹੱਸ ਕੇ ਬੋਲਦੀਆਂ। ਚੰਨ ਚੌਦਮੀ ਮੂੰਹ ਦੇ ਉਤੇ ਦਿਨ ਚੜ੍ਹਦੇ ਦੀਆਂ ਲਾਲੀਆਂ। ਗੋਰੀਆਂ ਗਰੀਆਂ ਚਿੱਟੀਆਂ ਚਿੱਟੀਆਂ………………. ਪੱਥਰਾਂ ਦੇ ਵਿੱਚ ਸਾਬਤ ਦੇਖੋ ਬੋਤਲਾਂ ਕੱਚੇ ਕੱਚ ਦੀਆਂ। ਦਾਰੂ ਭਰੀਆਂ ਆਲਮ ਦੇ ਵਿੱਚ ਦੇਖੋ ਫਿਰਦੀਆਂ ਨੱਚਦੀਆਂ। ਵਿਸਕੀ ਬੀਅਰ ਮਾਸ ਤੇ ਵਾਈਨ, ਚਾਕਲੇਟਾਂ ਨਾਲ ਪਾਲੀਆਂ। ਪਰਦੇਸਾਂ ਵਿਚ ਵੇਖਾਂ ਪਰੀਆਂ……………………

ਤਾਰਿਆਂ ਦੀ ਜੰਝ

ਉਹਦੇ ਮੁਖੜੇ ’ਤੇ ਸਿਹਰਾ ਦੇਖੋ ਇੰਜ ਸਜਦਾ। ਤਾਰਿਆਂ ’ਚ ਪੁੰਨਿਆਂ ਦਾ ਚੰਦ ਲਗਦਾ। ਤਾਰਿਆਂ ਦੀ ਜੰਝ ਲੈ ਕੇ ਚੰਦ ਆ ਗਿਆ। ਚਕਵੀ ਦਾ ਪਿਆਰ ਦੇਖੋ ਰੰਗ ਲਾ ਗਿਆ। ਖੁਸ਼ੀਆਂ ਚ ਗੁੱਟ ਹੋਇਆ ਮੇਘ ਗਜਦਾ। ਤਾਰਿਆਂ ’ਚ ਪੁੰਨਿਆਂ ਦਾ ਚੰਦ ਲਗਦਾ। ਗੁਰੂ ਦੀ ਹਜੂਰੀ ਵਿੱਚ ਆਨੰਦ ਹੋ ਗਏ। ਦਿਲਾਂ ਵਿੱਚ ਦਿਲ ਦੇਖੋ ਬੰਦ ਹੋ ਗਏ। ਸਗਨਾਂ ਨਾ ਮੇਲ ਹੋਇਆ ਘਿਉ ਅੱਗ ਦਾ। ਤਾਰਿਆਂ ’ਚ ਪੁੰਨਿਆਂ ਦਾ ਚੰਦ ਲਗਦਾ। ਮਾਂ ਦੀਆਂ ਖੁਸ਼ੀਆਂ ਦੀ ਹੱਦ ਹੋ ਗਈ। ਬਾਪੂ ਦੀ ਵੀ ਦੇਖੋ ਸੁਧ ਬੁਧ ਖੋ ਗਈ। ਭਾਬੀ ਨਚਦੀ ਏ ਨਾਲੇ ਵੀਰਾ ਨੱਚਦਾ। ਤਾਰਿਆਂ ’ਚ ਪੁੰਨਿਆਂ ਦਾ ਚੰਦ ਲਗਦਾ। ਸਿਹਰਾ ਤੇ ਕਲਗੀ ਨੇ ਭੈਣਾਂ ਲਾਂਦੀਆਂ। ਭਾਬੀਆਂ ਨੇ ਸੂਰਮੇ ਦੀ ਧਾਰੀ ਪਾਂਦੀਆਂ। ਸੂਟ ਪਾਇਆ ਸਭਨਾਂ ਨੇ ਰੰਗ ਰੰਗ ਦਾ। ਤਾਰਿਆ ’ਚ ਪੁੰਨਿਆਂ ਦਾ ਚੰਦ ਲਗਦਾ। ਲੱਡੂਆਂ ’ਚ ਗੁੰਮ ਗਈਆਂ ਭੂਆ ਫੁੱਫੀਆਂ। ਤਾਇਆ ਚਾਚਾ ਬਾਪੂ ਅੱਜ ਪਾਉਣ ਜੱਫ਼ੀਆਂ। ਮਾਮਾ ਮਾਸੜ ਫੁੱਫਾ ਫਿਰੇ ਵਿੱਚ ਵਜਦਾ। ਤਾਰਿਆਂ ’ਚ ਪੁੰਨਿਆਂ ਦਾ ਚੰਦ ਲਗਦਾ। ਗਿੱਧੇ ਵਿੱਚ ਕੁੜੀਆਂ ਨੇ ਖੂਬ ਨੱਚਣਾ। ਭੰਗੜੇ ’ਚ ਮੁੰਡਿਆਂ ਨੇ ਖੌਰੂ ਪੱਟਣਾ। ਹਰ ਦਿਲ ਨੱਚੇ ਜਦੋਂ ਢੋਲ ਵਜਦਾ। ਤਾਰਿਆਂ ’ਚ ਪੁੰਨਿਆਂ ਦਾ ਚੰਦ ਲਗਦਾ। ਕਾਰਾਂ ਲੈ ਕੇ ਵੇਖੋ ਅੱਜ ਯਾਰ ਆ ਗਏ। ਜੰਝ ਦਾ ਉਹ ਬਣਕੇ ਸ਼ਿੰਗਾਰ ਆ ਗਏ। ਖੁਸ਼ੀਆਂ ’ਚ ਭੁੱਲ ਗਏ ਨੇ ਰਾਹ ਪੱਬ ਦਾ। ਗੁਰੂ ਅੱਗੇ ਝੁਕਿਆ ਹੈ ਮੱਥਾ ਸਭਦਾ। ਤਾਰਿਆਂ ’ਚ ਪੁੰਨਿਆਂ ਦਾ ਚੰਦ ਲਗਦਾ। ਦੋ ਦਿਲਾਂ ਨੇ ਹੈ ਅੱਜ ਇਕ ਹੋਵਣਾ। ਆਲਮ ਦੇ ਤਾਰਿਆਂ ਨੇ ਗੀਤ ਗਾਵਣਾ। ਜੁੱਗ ਜੁੱਗ ਜੀਵੇ ਜੋੜਾ ਰਹੇ ਹੱਸਦਾ। ਤਾਰਿਆਂ ’ਚ ਪੁੰਨਿਆ ਦਾ ਚੰਦ ਲਗਦਾ।

ਅੰਬਰ ਨਾ ਕਹਿ ਸਕੇਗਾ (ਗ਼ਜ਼ਲ)

ਤੇਰੇ ਪਿਆਰ ਦੀ ਕਹਾਣੀ ਸਾਗਰ ਨਾ ਕਹਿ ਸਕੇਗਾ। ਤਾਰੇ ਨਾ ਕਹਿ ਸਕਣਗੇ ਅੰਬਰ ਨਾ ਕਹਿ ਸਕੇਗਾ। ਗੀਤ ਨਾ ਕਹਿ ਸਕਣਗੇ ਗ਼ਜ਼ਲ ਨਾ ਕਹਿ ਸਕੇਗੀ। ਕਿਸੇ ਭਾਸ਼ਾ ਦਾ ਕੋਈ, ਅੱਖਰ ਨਾ ਕਹਿ ਸਕੇਗਾ। ਧਰਤੀ ਅੰਬਰ ’ਤੇ, ਸਭ ਚੀਜ਼ਾਂ ਤੇ ਲਿਖ ਲਿਖ ਕੇ ਕੋਈ ਲਿਖਾਰੀ ਕੋਈ ਸ਼ਾਇਰ ਨਾ ਕਹਿ ਸਕੇਗਾ। ਆਦਿ ਤੋਂ ਚਲ ਰਿਹਾ ਜੋ, ਚੰਦ ਸੂਰਜ ਦਾ ਬੇਅਥਾਹ ਨਿਤ ਦਾ, ਸਫ਼ਰ ਨਾ ਕਹਿ ਸਕੇਗਾ। ਜੀਵ ਜੰਤੂ ਹਰਿਆਲੀ, ਨਾ ਹਵਾ ਕਹਿ ਸਕੇਗੀ ਨਾ ਹੀ ਮਿੱਟੀ ਨਾ ਪਾਣੀ, ਪੱਥਰ ਨਾ ਕਹਿ ਸਕੇਗਾ। ਆਲਮ ਦੀ ਕੀ ਹੈ ਹਸਤੀ, ਕੁਝ ਵੀ ਕਹਿ ਸਕੇ ਨਾ, ਬੰਦਸ਼ ਨਾ ਕਹਿ ਸਕੇਗੀ, ਬਹਿਰ ਨਾ ਕਹਿ ਸਕੇਗਾ।

ਦਿਲ ਵਿਚ ਤਾਂ ਹਨੇਰਾ

ਦਿਲ ਵਿੱਚ ਤਾਂ ਹਨੇਰਾ ਹੈ ਬਾਹਰ ਦੀਵਾਲੀ ਹੈ। ਦੁੱਖਾਂ ਵਿੱਚ ਬਲਦਾ ਏਹ ਸੰਸਾਰ ਦੀਵਾਲੀ ਹੈ। ਹੁਣ ਨਾ ਕਿਸੇ ਰਾਜੇ ਰਾਮ ਨੇ ਆਉਣਾ ਹੈ। ਜਿੱਤਾਂ ਦਾ ਕਿਸ ਲਈ ਜਸ਼ਨ ਮਨਾਉਣਾ ਹੈ। ਜੰਗ ਦੀਆਂ ਯਾਦਾਂ ਦਾ ਰੰਗਦਾਰ ਵਿਛਾਉਣਾ ਹੈ। ਜੰਗ ਜਨਣੀ ਲਹੂ ਰੰਗੀ ਖੂੰਖਾਰ ਦੀਵਾਲੀ ਹੈ। ਦਿਲ ਵਿੱਚ ਤਾਂ ਹਨ੍ਹੇਰਾ……………. ਏਹ ਦੀਵਾਲੀ ਰਾਵਣ ਦੇ ਅਪਮਾਨ ਦੀ ਹੈ। ਏਹ ਦੀਵਾਲੀ ਰਾਮ ਦੇ ਸਨਮਾਨ ਦੀ ਹੈ। ਗੱਲ ਗਿਆਨ ਦੀ ਹੈ ਜਾਂ ਅਗਿਆਨ ਦੀ ਹੈ। ਸੀਤਾ ਤੇ ਲਵਕੁਸ਼ ਲਈ ਬੇਕਾਰ ਦੀਵਾਲੀ ਹੈ। ਦਿਲ ਵਿੱਚ ਤਾਂ ਹਨ੍ਹੇਰਾ………….. ਇਸਨੇ ਲਹੂ ਪੀਣਾ ਹੈ ਮਾਸ ਵੀ ਖਾਣਾ ਹੈ। ਸਦੀਆਂ ਤੋਂ ਇਸਦਾ ਸ਼ਮਸ਼ਾਨ ਟਿਕਾਣਾ ਹੈ। ਹਰ ਸਾਲ ਹੀ ਏਨ੍ਹੇ ਪਾਪ ਕਮਾਣਾ ਹੈ। ਰਾਜੇ ਤੇ ਸ਼ਾਹਾਂ ਦਾ ਹੰਕਾਰ ਦੀਵਾਲੀ ਹੈ। ਦਿਲ ਵਿਚ ਤਾਂ ਹਨ੍ਹੇਰਾ……………. ਦੇਖਣ ਵਿੱਚ ਨਾ ਆਵੇ, ਮਾਇਆ ਦਾ ਘੇਰਾ ਹੈ। ਮੇਰਾ ਆਲਮ, ਜਿਸਨੂੰ ਆਖੇਂ ਉਹ ਨਾ ਤੇਰਾ ਹੈ। ਲੱਖਾਂ ਦੀਵੇ ਜਗਦੇ ਨੇ ਦਿਲ ਵਿਚ ਤਾਂ ਹਨੇਰਾ ਹੈ। ਦਿਲ ਤੇ ਫੈਲਿਆ ਗੂੜਾ ਅੰਧਕਾਰ ਦੀਵਾਲੀ ਹੈ।

ਪਿਆਰ ਦਿਵਾਲੀ

ਏਹ ਰਾਤ ਵੀ ਉਸਦੀ ਹੈ, ਉਹਦਾ ਪਿਆਰ ਦੀਵਾਲੀ ਹੈ। ਤੇਰੀ ਯਾਦ ’ਚ ਲੂੰ ਲੂੰ ਬਲਦੀ ਆਰਪਾਰ ਦੀਵਾਲੀ ਹੈ। ਏਹ ਬਲਦੇ ਬ੍ਰਿਹਾ ਦੀਵੇ, ਨੈਣ ਵੀ ਮੇਰੇ ਖੀਵੇ ਨਾ। ਇਕ ਪਲ ਵੀ ਤੇਰੇ ਬਾਝੋਂ ਮੇਰੀ ਧੜਕਣ ਕੋਈ ਜੀਵੇ ਨਾ। ਰੀਝਾਂ ਨੇ ਫੁੱਲ ਝੜੀਆਂ ਰੰਗੀਲੇ ਆਨਾਰ ਦੀਵਾਲੀ ਹੈ। ਏਹ ਰਾਤ ਵੀ ਉਸਦੀ ਹੈ……………. ਦਿਨੇ ਸੁਫਨੇ ਆਉਂਦੇ ਨੇ ਮੈਨੂੰ ਵਸਲ ਦੇ ਬੰਬਾ ਦੇ। ਮੇਰਾ ਹਿਜਰ ਵੀ ਉੱਡ ਉੱਡ ਜਾਵੇ ਯਾਦ ਦੇ ਖੰਭਾਂ ਤੇ। ਦਿਲ ਸ਼ੁਰਲੀ ਬਣ ਕੇ ਉਡੇ ਕੈਹੀ ਰੰਗਦਾਰ ਦੀਵਾਲੀ ਹੈ। ਏਹ ਰਾਤ ਵੀ ਉਸਦੀ ਹੈ............... ਆਸਾਂ ਦੀ ਹਟੜੀ ਰੱਖ ਕੇ ਸ਼ਰਧਾ ਦੀ ਸਮ੍ਹਾਂ ਬਾਲੀ ਏ ਦੀਦ ਤੇਰੇ ਲਈ ਆਲਮ, ਤੇਰੇ ਦਰ ’ਤੇ ਸਵਾਲੀ ਏ। ਤੇਰੇ ਨਾਲ ਜੋ ਜਨਮਾਂ ਦਾ ਇਕਰਾਰ ਦੀਵਾਲੀ ਹੈ। ਇਕ ਯਾਦ ਤੇਰੀ ਨਾਨਕ ਜੀ, ਤੇਰਾ ਦੀਦਾਰ ਦੀਵਾਲੀ ਹੈ।

ਸੱਚਾ ਹੱਸੀਏ ਸੱਚਾ ਰੋਈਏ

ਆਉ ਵਿਦਿਆ ਦੇ ਫੁੱਲ ਬੋਈਏ। ਮਹਿਕਾਂ ਸਾਹਾਂ ਵਿੱਚ ਪਰੋਈਏ। ਇਸਦੇ ਖਾਰਾਂ ਤੋਂ ਕੁਝ ਸਿੱਖੀਏ। ਇਸਦੇ ਪੱਤਿਆਂ ’ਤੇ ਕੁਝ ਲਿਖੀਏ। ਅਕਲਾਂ ਬੋਲਾਂ ਨੂੰ ਖੁਸ਼ ਬੋਈਏ। ਆਉ ਵਿਦਿਆ ਦੇ………….. ਸਭ ਫੁੱਲਾਂ ਦੇ ਰੰਗ ਖਿੰਡਾਈਏ। ਰੰਗਾਂ ਦੇ ਵਿੱਚ ਰੰਗ ਮਿਲਾਈਏ। ਇਕ ਦੂਜੇ ਲਈ ਗੁਣ ਹੋਈਏ। ਆਉ ਵਿਦਿਆ ਦੇ……………. ਰਲ ਫੁੱਲਾਂ ਨੂੰ ਪਾਣੀ ਪਾਈਏ। ਰੰਗ ਮਹਿਕ ਨਾ ਐਵੇਂ ਗਵਾਈਏ। ਤਨ ਮਨ ਰੰਗ ਮਹਿਕ ਵਿੱਚ ਧੋਈਏ। ਆਉ ਵਿਦਿਆ ਦੇ…………… ਆਉ ਮਹਿਕਾਂ ਦੀ ਰਾਖੀ ਕਰੀਏ। ਸੱਚ ਕਹਿਣ ਤੋਂ ਕਦੇ ਨਾ ਡਰੀਏ। ਸੱਚਾ ਹੱਸੀਏ ਸੱਚਾ ਰੋਈਏ। ਆਉ ਵਿਦਿਆ ਦੇ... ਰੰਗ ਜਾਤਾਂ ਦੇ ਭੇਦ ਮਿਟਾਈਏ। ਆਲਮ ਗੀਤ ਪ੍ਰੇਮ ਦੇ ਗਾਈਏ। ਸੁਣ ਸੁਣ ਪੜ੍ਹ ਪੜ੍ਹ ਉਚੇ ਹੋਈਏ। ਆਉ ਵਿਦਿਆ ਦੇ..........

ਲਹੂ ਨਾਲ ਰੰਗਿਆਂ

(1993 ਨੂੰ) ਸਾਲ ਮੁਬਾਰਕ ਕਿਸ ਨੂੰ ਆਖਾਂ, ਏਹ ਸਾਲ ਲਹੂ ਨਾਲ ਰੰਗਿਆ ਏ। ਪਲ ਪਲ ਜਿਸਦਾ ਜ਼ਾਲਮ ਲੋਕਾਂ, ਸੂਲੀ ਉਤੇ ਟੰਗਿਆ ਏ। ਰੋਮ ਰੋਮ ਅੱਜ ਮਹਿਕਾਂ ਦਾ, ਸੂਲਾਂ ਨਾਲ ਪਰੋਇਆ ਏ। ਸਿਵਿਆਂ ਤੋਂ ਵੀ ਸੁੰਨੀ ਜ਼ਿੰਦਗੀ ਕੇਹਾ ਮਾਤਮ ਹੋਇਆ ਏ। ਮਾਨਵਤਾ ਨੂੰ ਧਰਮਾਂ ਕਰਮਾਂ ਰੰਗਾਂ ਨਸਲਾਂ ਡੰਗਿਆ ਏ। ਸਾਲ ਮੁਬਾਰਕ ਕਿਸ ਨੂੰ……………. ਆਜ਼ਾਦੀ ਮੰਗਦੇ ਲੋਕ ਜੋ ਮਰਦੇ, ਭਿੰਨ ਭਿੰਨ ਦੇਸ਼ਾਂ ਥਾਵਾਂ ਤੇ। ਕਿਉਂ ਨਾ ਆਪਣੇ ਨੈਣ ਵਿਛਾਵਾਂ, ਉਹਨਾਂ ਦੇ ਸੁੰਨੇ ਰਾਹਵਾਂ ’ਤੇ। ਜਿਨ੍ਹਾਂ ਆਪਾ ਸੂਲੀ ਟੰਗ ਕੇ, ਹੱਕ ਲੋਕਾਂ ਲਈ ਮੰਗਿਆ ਏ। ਸਾਲ ਮੁਬਾਰਕ ਕਿਸ ਨੂੰ…………….. ਇਸ ਧਰਤੀ ਦੇ ਮੱਥੇ ਵਿੱਚ, ਇਕ ਦਰਦ ਅਵਲਾ ਛਿੜਿਆ ਏ। ਹਉਮੈ ਜਲਨ ’ਤੇ ਲਾਲਚ ਦਾ, ਨਾਗ ਏਸ ਨੂੰ ਲੜਿਆ ਏ। ਆਲਮ ਹੁਣ ਅਖਲਾਕ ਨਾ ਕੋਈ, ਕੰਮ ਗਹਾਂ ਦੀ ਲੰਘਿਆ ਏ। ਸਾਲ ਮੁਬਾਰਕ ਕਿਸ ਨੂੰ……………

ਰੱਖੜੀ

ਰਾਖੀ ਕਰੂ ਏਹ ਰੱਖੜੀ ਜਿੱਥੇ ਵੀ ਵੀਰਾ ਜਾਵੇ। ਭੈਣਾਂ ਦਾ ਪਿਆਰ ਭਾਈ ਇਕ ਪਲ ਨਾ ਭੁਲਾਵੇ। ਗੁੱਟ ’ਤੇ ਬੰਨ੍ਹਾ ਰੱਖੜੀ, ਦੁਆਵਾਂ ਨੇ ਪਿਆਰ ਮੇਰਾ। ਭਾਈ ਦੂਜ ਦੀ ਪੁੰਨਿਆ ਇਕ ਤਿਉਹਾਰ ਮੇਰਾ। ਸੁੱਖਾਂ ਸੁੱਖਦੇ ਦਿਨ ਮਸਾਂ ਏਹ ਆਵੇ। ਚਿੱਠੀ ’ਚ ਪਾਕੇ ਭੇਜਾ ਹੋਵਾਂ ਜੇ ਪਰਦੇਸੀਂ। ਵੀਰਾਂ ਤੋਂ ਦੂਰ ਰਹਿਣਾਂ ਲਿਖਿਆ ਮੇਰੇ ਲੇਖੀਂ। ਤੈਨੂੰ ਰੱਬ ਦੀਆਂ ਰੱਖਾਂ ਤੈਨੂੰ ਰੱਬ ਯਾਦ ਆਵੇ। ਮਾਮਾ ਮਾਮਾ ਕਰਦੇ ਬੱਚੇ, ਮੇਰੇ ਕਦੇ ਨਾ ਥਕਦੇ। ਦੀਦੇ ਮੇਰੇ ਰਾਹ ਤੇਰਾ ਹਰ ਘੜੀ ਨੇ ਤਕਦੇ। ਜਦ ਵੀ ਕੁੰਡਾ ਖੜਕੇ, ਤੇਰਾ ਹੀ ਭੁਲੇਖਾ ਪਾਵੇ। ਭੈਣਾਂ ਦਾ ਪਿਆਰ ਸੱਚਾ ਜੱਗ ਤੋਂ ਹੈ ਨਿਆਰਾ। ਭੈਣਾਂ ਦੇ ਪਿਆਰ ਬਾਝੋਂ ਏਹ ਆਲਮ ਹੈ ਨਿਕਾਰਾ। ਜਿਸਦੀ ਭੈਣ ਨਾ ਹੋਵੇ, ਉਹਨੂੰ ਵੀਰਾ ਕੌਣ ਬੁਲਾਵੇ।

ਭੈਣ ਵੱਲੋਂ ਚਿੱਠੀ

ਹੰਝੂ ਦਿਲ ਦੇ ਮੈਂ ਕੀਹਨੂੰ ਜਾਂ ਦਿਖਾਵਾਂ। ਪਰਦੇਸਾਂ ’ਚ ਬੈਠੀ ਔਸੀਆਂ ਮੈਂ ਪਾਵਾਂ। ਮਾਂ ਪਿਉ ਤੋਂ ਦੂਰ ਬੈਠੀ, ਮਾਹੀ ਹੈ ਸ਼ਰਾਬੀ। ਵੀਰਾਂ ਨੂੰ ਹਾਲ ਦੱਸਾਂ ਤਾਂ ਹੁੰਦੀ ਹੈ ਖਰਾਬੀ। ਏਥੇ ਰਾਖਸ਼ਾਂ ਦੇ ਟੋਲੇ ਆਦਮੀ ਹੈ ਟਾਵਾਂ। ਬੱਚਿਆਂ ਦਾ ਅੰਬਰ ਏਦਾਂ ਖਾਵੇ ਡਿਕ ਡੋਲੇ। ਉਹਨਾਂ ਦੇ ਕਲ੍ਹ ਦਾ ਸੂਰਜ ਫਿਕਰਾਂ ਦੇ ਓਹਲੇ। ਉਹਨਾਂ ਦੇ ਕਲ੍ਹ ਦਾ, ਕੀ ਦੱਸਾਂ ਮੈਂ ਸਿਰਨਾਵਾਂ। ਰੋਵਾਂ ਚੁੱਪ ਚੁੱਪ ਪਾਕੇ ਗਹਿਣੇ ਭਾਰੇ ਭਾਰੇ। ਵਲਾਇਤ ਤੇ ਕਨੇਡਾ ਕਿੰਨੇ ਸੁਹਣੇ ਕਿੰਨੇ ਪਿਆਰੇ। ਹੂਰਾਂ ਪਰੀਆਂ ਦੇ ਕਿੱਸੇ ਤੈਨੂੰ ਕਿੰਜ ਮੈਂ ਸੁਣਾਵਾਂ। ਕਹਿੰਦੇ ਆਏ ਪਰਦੇਸੀ, ਮੁੜਨਾ ਧਨ ਕਮਾਕੇ। ਰੋਂਦੇ ਮਾਰ ਮਾਰ ਧਾਹਾਂ ਦੋਨੋਂ ਆਲਮ ਗਵਾਕੇ। ਰੱਬਾ ਚਰਨਾਂ ’ਚ ਰੱਖੀਂ ਕਦੇ ਤੈਨੂੰ ਨਾ ਭੁਲਾਵਾਂ।

ਲੋਰੀ

ਪੌਣ ਦਾ ਝੂਲਾ ਬਣਾਕੇ ਇਤਰਾਂ ਨੂੰ ਛਿੜਕਾ ਕੇ। ਚੰਦ ਦੀ ਢੋਹ ਲਗਾਕੇ ਚਾਨਣ ਹੇਠ ਵਿਛਾਕੇ। ਇਕ ਝੂਟਾ ਦੇ ਦੇ ਮਾਏ। ਤਾਰਿਆਂ ਦੀ ਚਾਦਰ ਓੜ ਦੇ ਮਾਏ ਕਰ ਬੱਦਲਾਂ ਦੇ ਸਾਏ। ਗੋਦ ਆਪਣੀ ਦਾ ਨਿੱਘ ਪਿਲਾ ਦੇ ਸਦੀਆਂ ਤੋਂ ਤ੍ਰਿਹਾਏ। ਵਾਲਾਂ ਦੇ ਵਿੱਚ ਉਂਗਲਾਂ ਪਾ ਕੇ ਮੇਰੇ ਹੋਸ਼ ਨੂੰ ਥਪਥਪਾ ਕੇ। ਇਕ ਝੂਟਾ ਦੇ ਦੇ ਮਾਏ। ਸਦੀਆਂ ਤੋਂ ਧਰਤੀ ਉੱਘੇ ਨੀਂਦੇ ਨਾ ਇਸਨੂੰ ਆਏ। ਤਾਰੇ ਊਂਘਣ ਅੰਬਰ ਊਂਘੇ ਸੂਰਜ ਵੀ ਊਂਘਾਂ ਲਾਏ। ਬੇਚੈਨ ਹੈ ਸਾਰਾ ਆਲਮ, ਰੱਖ ਲੈ ਗੱਲ ਨਾਲ ਲਾਕੇ। ਇਕ ਝੂਟਾ ਦੇ ਦੇ ਮਾਏ। ਦੇਹ ਮਾਏ ਮੈਨੂੰ ਲੋਰੀ ਚੰਦ ਦੇ ਝੂਲੇ ਪਾ ਕੇ। ਤਾਰਿਆਂ ਦੀ ਲੱਜ ਬਣਾਕੇ ਅੰਬਰ ਵਿਚ ਲਟਕਾ ਕੇ। ਦੇਹ ਮਾਏ ਮੈਨੂੰ ਲੋਰੀ ਅਨਹਦ ਸਾਜ਼ ਬਜਾ ਕੇ। ਦੇਹ ਮਾਏ ਮੈਨੂੰ ਲੋਰੀ ਪੌਣ ਦਾ ਝੂਲਾ ਬਣਾ ਕੇ। ਦੇਹ ਮਾਏ ਮੈਨੂੰ ਬੂਟਾ ਤੋੜਦੇ ਹੱਦਾਂ ਬੰਨੇ। ਮਾਂ ਦਾ ਪਿਆਰ, ਮਾਂ ਦੀ ਮਮਤਾ ਸਾਰਾ ਆਲਮ ਮੰਨੇ।

ਰਾਤ ਹੋ ਗਈ

ਜੋ ਕਰਨਾ ਸੀ, ਨਾ ਕਰ ਸਕੇ ਰਾਤ ਹੋ ਗਈ। ਨਾ ਜੀ ਸਕੇ ਨਾ ਮਰ ਸਕੇ ਰਾਤ ਹੋ ਗਈ। ਡੁੱਬ ਨਾ ਜਾਈਏ ਕਿਨਾਰੇ ’ਤੇ ਸੋਚਦੇ ਰਹੇ, ਡੁੱਬ ਸਕੇ ਨਾ ਤੁਰ ਸਕੇ ਰਾਤ ਹੋ ਗਈ। ਸੁਭਾ ਸਵੇਰੇ ਖੇਡਾਂ ’ਚ ਹੀ ਉਲਝੇ ਰਹੇ, ਖੇਡਾਂ ਪਰ੍ਹੇ ਨਾ ਕਰ ਸਕੇ ਰਾਤ ਹੋ ਗਈ। ਸਿਖਰ ਦੁਪਹਿਰੇ ਪੀਂਦੇ ਰਹੇ ਜਾਮ ਭਰ ਭਰਕੇ, ਕਾਸਾ ਏ ਜ਼ਿੰਦਗੀ ਨ ਭਰ ਸਕੇ ਰਾਤ ਹੋ ਗਈ। ਪੂੰਜੀ ਸਾਰੇ ਆਲਮ ਦੀ ਲੋਕੇ ਵੀ ਤੜਪਦੇ ਰਹੇ, ਨਾ ਮੈਂ ਮਿੱਟੀ ਨਾ ਸਿਮਰ ਸਕੇ ਰਾਤ ਹੋ ਗਈ।

ਦਿੱਲੀਏ ਨੀ ਹੰਕਾਰੀਏ

ਦਿੱਲੀਏ ਨੀ ਹੰਕਾਰੀਏ ਤੇਰੀ ਕਦ ਕੁ ਬੁਝੂਗੀ ਪਿਆਸ ਨੀ। ਤੂੰ ਕਿੰਨਾ ਕੁ ਲਹੂ ਪੀਵਣਾ, ਕਿੰਨਾ ਕੁ ਖਾਣਾ ਮਾਸ ਨੀ। ਚਰਖੜੀਆਂ ’ਤੇ ਚਾੜ੍ਹੇ ਲੋਕੀਂ, ਅੰਗਾਂ ਦੇ ਵਿੱਚ ਸਾਡੇ ਲੋਕੀਂ। ਆਪੋ ਵਿਚ ਹੀ ਪਾੜੇ ਲੋਕੀਂ, ਬੇਸ਼ੁਮਾਰ ਉਜਾੜੇ ਲੋਕੀਂ। ਧਰਮ ਦੇ ਨਾਂ ’ਤੇ ਛੇੜ ਲੜਾਈ, ਧਰਮ ਦਾ ਕੀਤਾ ਨਾਸ ਨੀ। ਦਿੱਲੀਏ ਨੀ ਹੰਕਾਰੀਏ…………… ਸ਼ਰੇਆਮ ਤੂੰ ਵਿਚ ਚੌਰਾਹੇ, ਕਈਆਂ ਦੇ ਤੂੰ ਸਿਰ ਨੇ ਲਾਹੇ। ਕਈਆਂ ਨੂੰ ਤੂੰ ਦਿੱਤੇ ਫਾਹੇ, ਰੱਬ ਦੇ ਘਰ ਤੂੰ ਕਈ ਨੇ ਢਾਹੇ। ਜੋ ਕੁਝ ਵੀ ਤੂੰ ਅੱਜ ਤਕ ਕੀਤਾ, ਨਾ ਆਇਆ ਕਿਸੇ ਨੂੰ ਰਾਸ ਨੀ। ਦਿੱਲੀਏ ਨੀ ਹੰਕਾਰੀਏ…………. ਲੋਭੀ ਲੂੰਬੜ ਪਾਲੇ ਤੇਰੇ, ਕਾਮੀ ਭੁੱਖੇ ਸੀਹ ਬਥੇਰੇ। ਭੇਖੀ ਸਾਧੂ ਚੋਰ ਲੁਟੇਰੇ, ਦੇਸ਼ ਪਾਇਆ ਵਿੱਚ ਘੁੰਮਣ ਘੇਰੇ। ਦੀਨ ਈਮਾਨ ਨਾ ਕੋਈ ਤੇਰਾ, ਕੀ ਰੱਖੀਏ ਤੈਥੋਂ ਆਸ ਨੀ। ਦਿੱਲੀਏ ਨੀ ਹੰਕਾਰੀਏ………………….. ਸਿਆਸੀ ਰਾਖਸ਼ ਗਿਣਤੀ ਭਾਰੀ, ਇਕੋ ਕੁਰਸੀ ਹੈ ਵੀਚਾਰੀ। ਇਕ ਦੂਜੇ ਤੋਂ ਖੋਂਹਦੇ ਵਾਰੀ, ਦੇਸ਼ ਰਾਖੇ ਹੋਏ ਵਿਭਚਾਰੀ। ਜੇਕਰ ਹੋਜੇ ਰੱਬ ਦੀ ਕਿਰਪਾ, ਤੇਰੀ ਮਤ ਹੋਵੇ ਪ੍ਰਕਾਸ਼ ਨੀ। ਦਿੱਲੀਏ ਨੀ ਹੰਕਾਰੀਏ…………….. ਆਲਮ ਇਕੋ ਅਰਜ਼ ਗੁਜ਼ਾਰੇ ਸਭ ਜਾਤਾਂ ਦੇ ਭਾਈ ਪਿਆਰੇ। ਰਲ ਕੇ ਚਲੋ ਧਰਮ ਵੀ ਸਾਰੇ, ਰਿਸ਼ੀਆਂ ਦਾ ਏਹ ਦੇਸ਼ ਪੁਕਾਰੇ। ਆਲਮ ਸਾਰਾ ਨੱਚੇ ਗਾਵੇ, ਨਾ ਰਹੇ ਕੋਈ ਉਦਾਸ ਨੀ। ਦਿੱਲੀਏ ਨੀ ਹੰਕਾਰੀਏ.....................

ਹਿਜਰ

ਲੇਖਾਂ ’ਚ ਮੇਰੇ ਬੀਜ ਕੇ ਕੋਈ ਹਿਜਰ ਗਿਆ। ਕਈ ਜ਼ਮਾਨੇ ਲੰਘ ਗਏ ਨਹੀਓ ਅਸਰ ਗਿਆ। ਜਾਦੂ ਤੇਰੀ ਆਵਾਜ਼ ਦਾ ਖ਼ਬਰੇ ਕੀ ਕਰ ਗਿਆ। ਇਕ ਅਕਸ ਤੇਰੀ ਰੂਹ ਦਾ ਦਿਲ ਵਿਚ ਉਤਰ ਗਿਆ। ਅੰਬਰ, ਹਵਾ, ਧਰਤ ਵਿਚ ਹੋ ਇਤਰ ਇਤਰ ਗਿਆ। ਮੇਰੇ ਰੋਮ ਰੋਮ ਜਿਉਂ ਤੇਰਾ ਨਾਂ ਬਿਖਰ ਗਿਆ। ਇਕ ਚੁੰਮਣ ਮੇਰੇ ਹਾਣ ਦਾ ਬੁਲ੍ਹਾਂ ’ਤੇ ਠਰ ਗਿਆ। ਸਾਗਰ ਤੜਪ ਤੜਪ ਕੇ ਪਿਆਸਾ ਹੀ ਮਰ ਗਿਆ। ਉਜੜੇ ਹੋਏ ਰੇਗਸਤਾਨ ਵਿੱਚ ਹੈ ਕੌਣ ਵਰ੍ਹ ਗਿਆ। ਏਹ ਕੌਣ ਹੈ ਫ਼ਕੀਰ ਜੋ ਮੈਨੂੰ ਸਿਮਰ ਗਿਆ। ਉਹ ਹੋਕੇ ਬੂੰਦ ਬੂੰਦ ਮਿਰੀ, ਮਿੱਟੀ ’ਚ ਕਿਰ ਗਿਆ। ਪਾਗਲ ਘਟਾ ਦੇ ਵਾਂਗਰਾਂ ਮੈਂ ਮੈਂ ਨੂੰ ਵਿਸਰ ਗਿਆ। ਕਿਲਾ ਇਕ ਮਹਿਕ ਦਾ ਆਰ ਪਾਰ ਉਮਰ ਗਿਆ। ਤੇਰੀ ਯਾਦ ਮੈਨੂੰ ਪੁੱਛਦੀ ਤੂੰ ਹੈਂ ਕਿਧਰ ਗਿਆ। ਜਦ ਉਹ ਮੈਨੂੰ ਸਿਖਰ ਤੋਂ ਕਰਕੇ ਸਿਫ਼ਰ ਗਿਆ। ਜਨਮਾਂ ਜਨਮਾਂ ਦਾ ਮਿਰਾ ਚਿੰਤਾ ਫ਼ਿਕਰ ਗਿਆ। ਹਰ ਵਾਰ ਹੀ ਉਹ ਦਿੰਦਾ ਜ਼ਹਿਰ ਗਿਆ। ਹਰ ਵਾਰ ਮੈਂ ਵੀ ਇਸ ਤਰ੍ਹਾਂ ਹੁੰਦਾ ਅਮਰ ਗਿਆ। ਬਿਜਲੀਆਂ ਜਦ ਲਿਸ਼ਕੀਆਂ ਚਾਨਣ ਪਸਰ ਗਿਆ। ਬਾਹਾਂ ’ਚ ਮੈਂ ਤਾਂ ਨੂਰ ਦੇ, ਹੋ ਹੀ ਕਬਰ ਗਿਆ।

ਢੇਰੀ ਰਾਖ ਦੀ

ਆਕੇ ਤੇਰੇ ਕੋਲ ਮੈਂ ਕਿੰਜ ਜਾਇਆ ਕਰਾਂਗਾ। ਲਾਸ਼ ਆਪਣੀ ਰੋਜ਼ ਮੈਂ ਕਿੱਦਾ ਉਠਾਇਆ ਕਰਾਂਗਾ। ਤੂੰ ਪੁਕਾਰੋਂ ਰੋਜ਼ ਹੀ ਮੈਂ ਰੋਜ਼ ਆਇਆ ਕਰਾਂਗਾ। ਰੋਜ਼ ਹੀ ਮੈਂ ਇਸ ਤਰ੍ਹਾਂ ਮਿਟ ਜਾਇਆ ਕਰਾਂਗਾ। ਪਾਕੇ ਕਫ਼ਨ ਸਬਰ ਦਾ, ਮੈਂ ਆਪ ਆਪਣੀ ਲਾਸ਼ ’ਤੇ, ਗਮ ਦੀ ਤੇ ਤੜਪ ਦੀ ਚਿਖਾ ਬਣਾਇਆ ਕਰਾਂਗਾ। ਤੇਲ ਪਾਕੇ ਹੰਝੂਆਂ ਦਾ, ਮੁਰਦਾ ਜਿਸਮੋ ਜਾਨ ’ਤੇ, ਨਾਲ ਸਜਰੀ ਪੀੜ ਦੇ ਮੈਂ ਅੱਗ ਲਾਇਆ ਕਰਾਂਗਾ। ਬਲ ਬਲਕੇ ਹਿਜਰ ਦੇ ਵਿਚ ਰਾਤ ਸਾਰੀ ਦੋਸਤਾ, ਮੈਂ ਇਕ ਢੇਰੀ ਰਾਖ ਦੀ ਹੋ ਜਾਇਆ ਕਰਾਂਗਾ। ਦਿਨ ਚੜ੍ਹੇ ਆਵਾਜ਼ ਤੇਰੀ ਸੁਣੇਗੀ ਜਾਂ ਰੂਹ ਮੇਰੀ ਫਿਰ ਮੈਂ ਉਸੇ ਰਾਖ ਵਿੱਚੋਂ ਉੱਠ ਆਇਆ ਕਰਾਂਗਾ। ਫੁੱਲ ਬਣਕੇ ਜਾਂ ਤਾਰਾ ਬਣਕੇ ਹਰ ਸਮੇਂ ਹੀ ਆਲਮਾ ਮਰਨ ਪਿਛੋਂ ਵੀ ਤੇਰੇ ਮੈਂ ਗੀਤ ਗਾਇਆ ਕਰਾਂਗਾ।

ਅਕਲ ਤੇ ਸ਼ੈਤਾਨ ਨੇ

ਸੋਚ ਕੇ ਨਾ ਸਮਝ ਕੇ ਜਦ ਪੀਤੀ ਗਈ ਸ਼ਰਾਬ। ਆਖਿਰ ਇਹ ਇਕ ਦਿਨ ਆਦਮੀ ਨੂੰ ਪੀ ਗਈ ਸ਼ਰਾਬ। ਹਰ ਰੋਜ਼ ਹੀ ਜੇ ਹਰ ਘੜੀ, ਚਲਦੀ ਰਹੀ ਸ਼ਰਾਬ। ਰੋੜ੍ਹੇਗੀ ਇਹ ਜ਼ਿੰਦਗੀ ਪਾਣੀ ਬਣੀ ਸ਼ਰਾਬ। ਐਵੇਂ ਤੂੰ ਕਾਹਨੂੰ ਪੀ ਰਿਹੈ, ਹਰ ਇੱਕ ਘੜੀ ਸ਼ਰਾਬ। ਪੀ ਲੈ ਤੂੰ ਬੰਦੇ ਇਸ਼ਕ ਦੀ ਇਕੋ ਬੜੀ ਸ਼ਰਾਬ ਪਲ ਦੋ ਪਲ ਲੈ ਜਾਂਵਦੀ ਫਿਕਰਾਂ ਤੋਂ ਦੂਰ ਏਹ, ਦਾਰੂ ਕਿਸੇ ਵੀ ਰੋਗ ਦਾ, ਨਹੀਓਂ ਬਣੀ ਸ਼ਰਾਬ। ਸੱਚ ਸਾਰਾ ਉਗਲਦੀ ਤੇ ਨਿਗਲਦੀ ਹੈ ਸੋਚ, ਹੁੰਦੀ ਹੈ ਯਾਰੋ ਗਜਬ ਦੀ ਸਿਰ ਨੂੰ ਚੜ੍ਹੀ ਸ਼ਰਾਬ। ਰਾਤਾਂ ਨੂੰ ਜਿਹੜਾ ਨਸ਼ੇ ਵਿਚ ਪੀਂਦਾ ਹੈ ਬੇਹਿਸਾਬ, ਕਹਿੰਦਾ ਹੈ ਉਹ ਦਿਨ ਚੜੇ ਮਹਿੰਗੀ ਪਈ ਸ਼ਰਾਬ। ਕਿੰਨਾ ਖੁਮਾਰ ਸੱਚ ਦਾ ਨਾ ਜਾਣੇ ਕੋਈ ਆਦਮੀ, ਕਿ ਅਕਲ ਤੇ ਸ਼ੈਤਾਨ ਨੇ ਰਲ ਕੇ ਜਣੀ ਸ਼ਰਾਬ। ਸੂਫ਼ੀ ਨਾ ਕੋਈ ਦੇਖਿਆ ਮੈਂ ਆਲਮ ਸਾਰਾ ਟੋਲਿਆ, ਇਹ ਜ਼ੱਰਾ ਜ਼ੱਰਾ ਜੰਗ ਦਾ ਆਸ਼ਾ ਘਣੀ ਸ਼ਰਾਬ।

ਚਾਨਣੀ ਤਰ੍ਹਾਂ

ਛੇਤੀ ਛੇਤੀ ਖ਼ਤ ਛੇਤੀ ਪਾਇਆ ਕਰੋ। ਦੇਰੀ ਦੇਰੀ ਨਾ ਦੇਰੀ ਲਾਇਆ ਕਰੋ। ਖੁਲ੍ਹਾ ਖੁਲ੍ਹਾ ਲਿਖਕੇ ਜੱਕ ਜੱਕ ਕੇ ਝੂਠਾ ਝੂਠਾ ਵਾਅਦਾ ਨਾ ਪੁਗਾਇਆ ਕਰੋ। ਮਿੱਠੇ ਮਿੱਠੇ ਨਿੱਘੇ ਨਿੱਘੇ ਬੋਲ ਬੋਲ ਕੇ ਗਲੀਂ ਗਲੀਂ ਗੱਲ ਛੋਹ ਜਾਇਆ ਕਰੋ। ਦੱਸੋ ਮੈਨੂੰ ਕੱਲੇ ਕੱਲੇ ਕਿਵੇਂ ਲੰਘਦੀ ਏ ਦਿਲ ਨੂੰ ਕੀ ਹੁੰਦਾ ਲਿਖ ਪਾਇਆ ਕਰੋ। ਖ਼ਾਬਾਂ ਵਿੱਚ ਮੇਰੇ ਆਵੇਂ ਜਦ ਸਜਣਾ ਬਹਿਕੇ ਕੋਲ ਮੁਸਕਾਇਆ ਕਰੋ। ਹੌਲੀ ਹੌਲੀ ਚੁੱਪ ਚੁੱਪ ਚਾਨਣੀ ਤਰ੍ਹਾਂ ਰਾਤਾਂ ਮੇਰੀਆਂ ’ਚ ਫੈਲ ਜਾਇਆ ਕਰੋ। ਆਪਣੇ ਹੱਥਾਂ ਨਾਲ ਭਰ ਭਰ ਕੇ ਜਾਮ ਮੇਰੇ ਹੋਠਾਂ ਨਾਲ ਲਾਇਆ ਕਰੋ। ਗ਼ੈਰਾਂ ਨਾਲ ਹੱਸ ਹੱਸ ਕੇ ਬੋਲ ਬੋਲ ਕੇ ਇੰਜ ਸਾਨੂੰ ਰੋਜ਼ ਨਾ ਸਤਾਇਆ ਕਰੋ।

ਪੈਮਾਨੇ ਤੋੜ ਦੇ

ਮੈਂ ਹਾਂ ਸ਼ਰਾਬੀ ਮੈਨੂੰ ਤੂੰ ਸ਼ਰਾਬ ਦੇ ਦੇ ਲਾਰੇ ਤੋਂ ਚੰਗਾ ਹੈ ਮੈਨੂੰ ਜਵਾਬ ਦੇ ਦੇ। ਤੂੰ ਜਾਮ ਸਾਰੇ ਤੋੜਦੇ, ਸਾਰੇ ਪੈਮਾਨੇ ਤੋੜ ਦੇ ਪਾ ਕੇ ਤੂੰ ਰੂਪ ਸਾਗਰੋਂ ਬੇਹਿਸਾਬ ਦੇ ਦੇ। ਨੈਣਾਂ ’ਚੋਂ ਅਪਣੇ ਖੁਲ੍ਹ ਕੇ ਮੈਨੂੰ ਪਿਲਾਂਦਾ ਜਾਹ ਮੂੰਹ ’ਤੇ ਜ਼ਮਾਨੇ ਦੇ ਹਯਾ ਦੀ ਨਿਕਾਬ ਦੇ ਦੇ। ਮੈਂ ਹੁਸਨ ਦੇ ਇਕ ਗੀਤ ਨੂੰ ਦੱਸੋ ਕਰਾਂਗਾ ਕੀ ਮੈਨੂੰ ਤੂੰ ਹੁਸਨ ਦੀ ਸਾਰੀ ਕਿਤਾਬ ਦੇ ਦੇ।

ਉਹ ਆਏ ਹੋਣਗੇ

ਲਾਸ਼ ਮੇਰੀ ’ਤੇ ਉਹ ਵੀ ਆਏ ਹੋਣਗੇ। ਪਿਟ ਪਿਟ ਕੇ ਰੋਏ ਕੁਰਲਾਏ ਹੋਣਗੇ। ਵਾਰਸਾਂ ਜਦ ਮੂੰਹ ਦਿਖਾਇਆ ਹੋਵੇਗਾ, ਮੂੰਹ ਦੇਖਣ ਤੋਂ ਘਬਰਾਏ ਹੋਣਗੇ। ਲੋਕਾਂ ਜਦ ਮੇਰੀ ਚਿਖਾ ਬਣਾਈ ਹੋਵੇਗੀ। ਚਿਖਾ ਦੇ ਵਿੱਚ ਪੈਣ ਲਈ ਆਏ ਹੋਣਗੇ। ਚਿਖਾ ਨੂੰ ਜਦ ਅੱਗ ਲਾਈ ਹੋਵੇਗੀ, ਫੜ ਫੜ ਕੇ ਸੜ੍ਹਨ ਤੋਂ ਬਚਾਏ ਹੋਣਗੇ। ਰੋਂਦੇ ਤੜਪਦੇ ਉਹ ਘਰ ਨੂੰ ਆਏ ਹੋਣਗੇ। ਵਾਰ ਵਾਰ ਕੰਧਾਂ ਨਾਲ ਟਕਰਾਏ ਹੋਣਗੇ। ਸੁਪਨੇ ਸਾਰੇ ਜਦ ਜਲਾਏ ਹੋਣਗੇ। ਲਾਸ਼ ਬਣਕੇ ਦਿਨ ਬਿਤਾਏ ਹੋਣਗੇ। ਆਲਮ ਦੇ ਨਾਲ ਹੀ ਰੰਗ ਮਹਿਕ ਸੀ, ਫੁੱਲ ਸਾਰੇ ਟੁੱਟ ਕੇ ਮੁਰਝਾਏ ਹੋਣਗੇ।

ਬਿਰਹਾ ਜੂਨੀ

ਹਰ ਵਾਰੀ ਹਰ ਜਨਮ ਅਸੀਂ ਏਵੇਂ ਪਿਆਰ ਨਿਭਾਉਂਦੇ ਰਹੇ। ਆਸਾਂ ਲੈ ਕੇ ਵਸਲ ਦੀਆਂ ਅਸੀਂ ਬਿਰਹਾ ਜੂਨੀ ਆਉਂਦੇ ਰਹੇ। ਉਸਨੂੰ ਵੀ ਇਹ ਖਬਰ ਨਹੀਂ ਅਸੀਂ ਧੂੜ ਹਾਂ ਉਸਦੇ ਰਾਹਾਂ ਦੀ ਸਾਡੇ ਚੁੰਮਣ ਉਹਦੇ ਪੈਰਾਂ ਦੀ ਲੰਮੀ ਵਾਟ ਮੁਕਾਉਂਦੇ ਰਹੇ। ਹਵਾਵਾਂ ਵਿੱਚ ਘਟਾਵਾਂ ਵਿੱਚ ਇਉਂ ਲਗਦਾ ਉਹੀਓ ਫਿਰਦੇ ਨੇ ਹਵਾਵਾਂ ਨੂੰ ਘਟਾਵਾਂ ਨੂੰ ਅਸੀਂ ਦਿਲ ਦਾ ਦਰਦ ਸੁਣਾਉਂਦੇ ਰਹੇ। ਲਗਾ ਪਤਾ ਉਦੋਂ ਸਾਨੂੰ, ਮਰ ਗਏ ਹਾਂ ਅਸੀਂ ਮੁੱਕ ਗਏ ਹਾਂ। ਜਦੋਂ ਲੋਕੀਂ ਸਾਨੂੰ ਕਬਰ ਵਿਚੋਂ ਗਾ ਗਾ ਗੀਤ ਬੁਲਾਉਂਦੇ ਰਹੇ।

ਉਡੀਕ (ਗ਼ਜ਼ਲ)

ਤੇਰੀ ਯਾਦ ਵਿੱਚ ਚੁਪ ਚਾਪ ਮੈਂ ਬਲਦਾ ਰਹਾਂਗਾ। ਉਡੀਕ ਤੇਰੀ ਹੀ ਹਸ਼ਰ ਤੀਕ ਕਰਦਾ ਰਹਾਂਗਾ। ਦੀਵੇ ਅੱਖਾਂ ਦੇ ਬਣਾਕੇ ਵਿੱਚ ਖੂਨ ਜਿਗਰ ਦਾ ਪਾਕੇ ਰਾਹਾਂ ’ਚ ਤੇਰੇ ਸ਼ਾਮ ਸਵੇਰੇ ਮੈਂ ਧਰਦਾ ਰਹਾਂਗਾ। ਤੇਰੇ ਰੂਪ ਦੇ ਡੂੰਘੇ ਪਾਣੀ ਯਾਦਾਂ ਦਾ ਬਣਕੇ ਕਿਨਾਰਾ, ਤੇਰੇ ਤੋਂ ਚੋਰੀ ਚੋਰੀ ਹੌਲੀ ਹੌਲੀ ਖਰਦਾ ਰਹਾਂਗਾ। *** ਗਿੱਧਾ ਪਾਵੇ ਚੰਨ ਚਾਨਣੀ, ਭੰਗੜਾ ਪਾਉਂਦੇ ਤਾਰੇ। ਨੱਚ ਲੈ ਜਿੰਦੜੀਏ, ਨਹੀਂ ਆਉਣੀ ਰਾਤ ਦੁਬਾਰੇ।

ਕੋਈ ਇਨਸਾਨ ਮਿਲੇ

ਹਿੰਦੂ ਮਿਲੇ, ਸਿੱਖ ਮਿਲੇ, ਮੁਸਲਮਾਨ ਮਿਲੇ। ਮੈਂ ਤਾਂ ਲਭਦਾ ਹੀ ਰਿਹਾ ਕੋਈ ਇਨਸਾਨ ਮਿਲੇ। ਮੈਂ ਤਾਂ ਗਿਆ ਸਾਂ ਯਾਰ ਦੇ ਕੋਲੋਂ ਲੈਣ ਖੁਸ਼ੀਆਂ, ਟੁੱਟੇ ਦਿਲ ਤੇ ਜ਼ਖਮੀ ਅਰਮਾਨ ਮਿਲੇ। *** ਤੇਰਾ ਹਰਇਕ ਜ਼ੁਲਮ ਤਾਂ ਦੇਸ਼ ਦਾ ਕਾਨੂੰਨ ਹੈ। ਮੇਰੀ ਹਰਇਕ ਗਲ ਕਿਉਂ ਬਗਾਵਤ ਜਨੂੰਨ ਹੈ?

ਮੁਹੱਬਤ ਹੈ- ਜਾਂ ਅਸੂਲ

ਅਸੂਲ ਜਨਮੇ ਹਨ, ਸ਼ਕ ਦੀ ਕੁੱਖ ’ਚੋਂ, ਸ਼ਕ ਜੰਮੀ ਹੈ, ਬਦਨੀਤੀਆਂ ਦੀ ਦੋਗਲੀ ਮਤਲਬੀ ਚਾਲ ਚੋਂ, ਬਦਨੀਤੀਆਂ ਉਗਲੀਆਂ ਨੇ, ਐ ਮੇਰੇ ਮਨ ਜਦ ਵੀ ਕਦੇ ਅਸੂਲ ਘੜੇ ਜਾਂਦੇ ਨੇ ਦਿਲ ਦੇ ਮਕਬਰੇ ਤੇ ਬੈਠ ਕੇ, ਭਾਵਨਾਵਾਂ ਦੇ ਕਤਲ ਕਰਕੇ, ਪਿਆਰ ਦੇ ਮੱਥੇ ’ਚ ਠੋਕ ਠੋਕ ਕੇ ਆਪੇ ਘੜੀ ਮਰਿਯਾਦਾ ਦੇ ਕਿੱਲ, ਪਿਆਰਾਂ ਦੇ ਨਾਮ ਹੇਠਾਂ, ਅਰਥੀ ਵਿਸ਼ਵਾਸ਼ ਦੀ ਚੁਕਦੇ ਨੇ ਚਲਾਕੀਆਂ ਭਰੇ ਹੱਥ, ਜਦੋਂ ਵੀ ਜਿਥੇ ਕਿਤੇ ਅਸੂਲ ਆਉਂਦੇ ਨੇ, ਉਥੋਂ ਪਿਆਰਾਂ ਦੇ ਗੀਤ ਡਰ ਨਿਕਲਦੇ ਨੇ। ਜਦੋਂ ਵਾਅਦੇ ਵਸਤੂਆਂ ਹੱਥ ਵਿਕਦੇ ਨੇ, ਫਿਰ ਦਿਲ ਤੇ ਲਗ ਜਾਂਦਾ ਹੈ, ਕੱਚੀਆਂ ਪ੍ਰੀਤਾਂ ਦੇ ਮਲਬੇ ਦਾ ਢੇਰ, ਫਿਰ ਸਦੀਆਂ ਤੀਕਰ, ਦਿਲ ਚੋਂ ਭਾਵਨਾਵਾਂ ਨਹੀਂ ਸਗੋਂ ਅਕਲ ਜੰਮਦੀ ਹੈ, ’ਤੇ ਅਕਲ ਜਦ ਵੀ ਜੰਮਦੀ ਹੈ ਸ਼ੈਤਾਨ ਜਾਂ ਹੈਵਾਨ। ਫਿਰ ਦਿਲ ਦਿਮਾਗਾਂ ਦੀ ਜੂਨ ’ਚ ਭਟਕਦਾ ਹੈ, ਅਕਲ ਨੇ ਭਾਵੇਂ ਦਿਲ ਲਈ ਬੜਾ ਕੁਝ ਕੀਤਾ ਹੈ, ਪਰ ਦਿਲ ਦੇ ਬਲਦੇ ਜ਼ਜ਼ਬਿਆਂ ਤੋਂ ਉਧਾਰਾ ਲੈ ਕੇ ਕਲਪਣਾ, ਭਾਵਨਾਵਾਂ ਦੀ ਸ਼ਕਤੀ ਸੋਮਾ, ਅਕਲ ਬਣਾ ਸਕਦੀ ਹੈ ਵਧੀਆ ਮਸ਼ੀਨਾਂ ਖੂਬਸੂਰਤ ਕਾਰਾਂ ਅਕਲ ਮਾਣ ਨਹੀਂ ਸਕਦੀ ਮਾਨਣਾ ਤਾਂ ਦਿਲ ਹਿੱਸੇ ਆਇਆ ਹੈ, ਅਕਲ ਵਿੱਚ ਦਿਲ ਨਹੀਂ ਸਮਾਉਂਦਾ ਪਰ ਦਿਲ ਅਕਲ ਨੂੰ ਆਪਣੇ ਵਿੱਚ ਸਮਾ ਸਕਦਾ ਹੈ। ਐ ਮੇਰੇ ਮਨਾ, ਦਿਮਾਗੀ ਰਿਸ਼ਤੇ ਤਾਂ ਅਸੂਲਾਂ ਦੀ ਪੈਦਾਇਸ਼ ਹਨ, ਪਰ ਦਿਲ ਦੇ ਰਿਸ਼ਤਿਆਂ ਵਿਚਕਾਰ ਮੁਹੱਬਤ ਦੇ ਰਾਹਾਂ ਵਿਚਕਾਰ ਅਸੂਲਾਂ ਦੀ ਕੋਈ ਥਾਂ ਨਹੀ,ਂ ਕੋਈ ਥਾਂ ਨਹੀਂ, ਕਿਉਂਕੇ ਮੁਹੱਬਤ ਨਹੀਂ ਜਨਮੀ ਕਿਸੇ ਅਸੂਲ ਚੋਂ, ਮੁਹਬੱਤ ਤਾਂ ਹੈ ਕੁਦਰਤੀ ਝਰਨਾ, ਮੁਹੱਬਤ ਤਾਂ ਹੋ ਕਦੇ ਵੀ ਹੋ ਜਾਣ ਵਾਲੀ ਬਰਸਾਤ ਆ ਮੇਰੇ ਮਨਾਂ, ਇਸ ਬਰਸਾਤ ਵਿੱਚ ਨਹਾਈਏ। ਆਪਣਾ ਆਪਾ ਧੋਈਏ ਸਭ ਭੁੱਲ ਜਾਈਏ।

ਲੱਭ ਰਿਹਾ ਹਾਂ ਆਪਣਾ ਆਪ

ਮੈਂ ਗੁਆਚ ਗਿਆ ਹਾਂ, ਲੱਭ ਰਿਹਾਂ ਹਾਂ ਆਪਣਾ ਆਪ। ਮੇਰੇ ਦੋਸਤੋ, ਮੈਂ ਤਾਂ ਭਟਕਣ ਦਾ ਲੈ ਲਿਆ ਸਰਾਪ। ਮਨ ਮਕੜੀ ਮੇਰਾ ਇਛਾਵਾਂ ਦੇ ਜਾਲ ਬੁਣਦਾ ਰਿਹਾ। ਤੇਰੇ ਬੋਲਾਂ ਨੂੰ ਖਲਾ ਚੋਂ ਕੰਨ ਲਾ ਲਾ ਸੁਣਦਾ ਰਿਹਾ। ਬ੍ਰਿਹਾ ’ਚ ਭੋਗ ਰਿਹਾਂ ਮੈਂ ਵਸਲਾਂ ’ਚ ਕੀਤੇ ਜੋ ਪਾਪ। ਮੈਂ ਗੁਆਚ ਗਿਆ ਹਾਂ…………… ਰਾਖ ਜ਼ਜ਼ਬੇ ਹੋ ਗਏ, ਹਵਾਵਾਂ ’ਚ ਪਿਆਰ ਹੈ ਨਹੀਂ। ਸ਼ਬਦਾਂ ’ਚ ਸੋਜ ਹੈ ਨਹੀਂ ਗੀਤਾਂ ’ਚ ਖੁਮਾਰ ਹੈ ਨਹੀਂ। ਹਾਸੇ ਵੀ ਕਰ ਰਹੇ ਨੇ ਮਾਰੂ ਰਾਗਾਂ ਦਾ ਅਲਾਪ। ਮੈਂ ਗੁਆਚ ਗਿਆ ਹਾਂ………………. ਮੈਨੂੰ ਮੈਂ ਦਾ ਜ਼ਹਿਰ ਨਾ ਚੜ੍ਹੇ, ਮੰਤਰ ਸੁਣਾਵੋ ਕੋਈ। ਮਨ ਦੀ ਨਬਜ਼ ਨੂੰ ਜਾਣੇ ਜੋ ਐਸਾ ਵੈਦ ਬੁਲਾਵੋ ਕੋਈ। ਉਤਾਰ ਦੇਵੇ ਜੋ ਹਉਮੈਂ ਦਾ, ਆਲਮ ਦੇ ਸਿਰ ਤੋਂ ਤਾਪ। ਮੈਂ ਗੁਆਚ ਗਿਆ ਹਾਂ…………

ਸਾਗਰ ਦੀ ਗਹਿਰਾਈ ਦੇ ਨਾਮ

ਦਿਲ ਦੀ ਗਹਿਰਾਈ ‘ਚੋਂ ਉਠੀਆਂ ਛੱਲਾਂ, ਅੰਬਰਾਂ ਨੂੰ ਪਾਰ ਕਰ ਗਈਆਂ। ਨਾ ਧਰਤੀ ਨਾ ਅੰਬਰ ਨਾ ਦੁਨੀਆਂ ਰਹੀ, ਹੱਦਾਂ ਬੰਨੇ ਇਕ ਸਾਰ ਕਰ ਗਈਆਂ। ਇਕ ਪਲ ਦੀ ਮਿਲਣੀ ਯੁਗਾਂ ਵਰਗੀ। ਅੰਦਰੋਂ ਬਾਹਰੋਂ ਮੈਨੂੰ ਸੁੰਨ ਕਰਗੀ। ਸੁੰਨ ਮਨ ਸੋਚਾਂ, ਸਾਹਾਂ ਨੂੰ ਨਸ਼ਾ, ਰੋਮ ਰੋਮ ਮੇਰੇ ਖੁਮਾਰ ਕਰ ਗਈਆ। ਦਿਲ ਦੀ ਗਹਿਰਾਈ ‘ਚੋਂ ਉਠੀਆਂ ਛੱਲਾਂ........ ਕੈਸਾ ਤੇਰਾ ਮੇਲ, ਕੈਸੀ ਹੈ ਜੁਦਾਈ, ਲਗੇ ਦੁਨੀਆਂ ਪਰਾਈ ਹੋਇਆ ਦਿਲ ਏ ਸ਼ੈਦਾਈ ਨਜ਼ਰਾਂ ਚੋ ਜੋ ਤੂੰ ਬਿਜਲੀਆਂ ਗਿਰਾਈਆਂ, ਧੜਕਨਾਂ ਨੂੰ ਤਾਰ ਤਾਰ ਕਰ ਗਈਆਂ। ਦਿਲ ਦੀ ਗਹਿਰਾਈ ‘ਚੋਂ ਉਠੀਆਂ ਛੱਲਾਂ…………… ਕਿਤਾਬ ਮੇਰੇ ਦਿਲ ਦੀ ਆਪ ਕੋਈ ਖੋਲ੍ਹੇ। ਸਤਰ ਸਤਰ ਇਹਦੀ ਜ਼ੁਬਾਨ ਉਹਦੀ ਬੋਲੇ। ਕਿਤਾਬ ਉਸਨੇ ਖੋਲ੍ਹੀ ਸਤਰ ਸਤਰ ਬੋਲੀ, ਸਤਰਾਂ ਜੋ ਉਸਨੇ ਗਾਈਆਂ ਬੇਕਰਾਰ ਕਰ ਗਈਆਂ। ਦਿਲ ਦੀ ਗਹਿਰਾਈ ‘ਚੋਂ ਉਠੀਆਂ ਛੱਲਾਂ......... ਯੁਗਾਂ ਦੀ ਰੂਹ ਮੋਈ, ਪਲਾਂ ’ਚ ਉੱਠ ਖਲੋਈ। ਰਹੀ ਆਲਮ ਦੀ ਹੱਦ ਨਾ ਕੋਈ, ਹੱਦ ਨਾ ਕੋਈ। ਦੇ ਕੇ ਪਿਆਰ ਦੀ ਖੁਮਾਰੀ, ਕਰਕੇ ਦੀਵਾਨਾ, ਆਲਮ ਦੇ ਦਿਲ ਨੂੰ ਬਹਾਰ ਕਰ ਗਈਆਂ।

ਸੌ ਜਨਮਾਂ ਵਰਗੀ ਰਾਤ

ਮੈਂ ਜਨਮਾਂ ਵਰਗੀ ਇਕ ਰਾਤ ਫੇਰ ਕਦੋਂ ਆਏਗੀ। ਪਾਕੇ ਤਾਰਿਆਂ ਦੀ ਝਾਂਜਰ ਮੇਰੇ ਨਾਲ ਗਾਏਗੀ। ਪਿਆਰ ਦਾ ਸਾਵਣ ਜਦੋਂ ਚਾਨਣ ਵਰਸਾਏਗਾ। ਰੌਸ਼ਨ ਦਿਲ ਫੇਰ ਦਿਲ ’ਚ ਉਤਰ ਜਾਏਗਾ। ਯੁਗਾਂ ਦੀ ਪਿਆਸੀ ਰੂਹ ਫੇਰ ਚਾਨਣ ’ਚ ਨਹਾਏਗੀ। ਸੋ ਜਨਮਾਂ ਵਰਗੀ ਇਕ………. ਤੇਰੀ ਜੁਲਫæ ਦਾ ਪਲੂ ਕਾਲੀ ਘਟਾ ਬਣਾਏਗਾ। ਇਕ ਰੂਹਾਨੀ ਖੁਮਾਰ ਨਸ ਨਸ ’ਚ ਛਾਏਗਾ। ਮਨ ਦੀ ਹਰ ਇਕ ਲਹਿਰ, ਇਕ ਧੁਨੀ ’ਚ ਸਮਾਏਗੀ। ਸੌ ਜਨਮਾ ਵਰਗੀ ਇਕ……… ਅਕਾਸ਼ ਦਾ ਪੰਛੀ ਜਦੋਂ ਧਰਤੀ ਤੇ ਆਏਗਾ। ਅਹਿਸਾਸ ਦਾ ਕਣ ਕਣ ਚੇਤੇ ’ਚ ਉਤਰ ਜਾਏਗਾ। ਫਿਰ ਉਹੀ ਆਵਾਜ਼ ਆਪਣਾ ਕਹਿ ਬੁਲਾਏਗੀ। ਸੋ ਜਨਮਾਂ ਵਰਗੀ ਇਕ……….. ਮਸਤੀ ’ਚ ਸਾਰਾ ਆਲਮ ਨਚੇਗਾ ਤੇ ਗਾਏਗਾ। ਮਹਿਕਾਂ ਦੇ ਮੀਂਹ ਵਿਚ ਧਰਤ ਅੰਬਰ ਜਦ ਨਹਾਏਗਾ। ਪਿਆਰ ਦੀ ਚਾਂਦਨੀ ਮਨ ਨੂੰ ਲਿਪਟ ਜਾਏਗੀ। ਸੌ ਜਨਮਾਂ ਵਰਗੀ ਇਕ………

ਤੇਰੇ ਦੋ ਕਿਨਾਰੇ

ਤੂੰ ਵਗਦਾ ਦਰਿਆ ਵੇ ਸੱਜਣਾ, ਮੈਂ ਤੇਰੇ ਦੋ ਕਿਨਾਰੇ। ਖੁਰ ਖੁਰ ਕੇ, ਭੋਰਾ ਭੋਰਾ, ਮੈਂ ਲੱਖਾਂ ਜਨਮ ਗੁਜ਼ਾਰੇ। ਵਹਿੰਦਾ ਜਾਹ ਤੂੰ ਵਹਿਦਾ ਜਾਹ, ਖੋਰ ਖੋਰ ਕੇ ਲੈਂਦਾ ਜਾਹ। ਪੀਂਦਾ ਜਾਹ ਮੈਨੂੰ ਪੀਂਦਾ ਜਾਹ, ਘੋਲ ਘੋਲ ਕੇ ਪੀਂਦਾ ਜਾਹ। ਤੇਰਾ ਵਹਿਣਾ ਤੇਰਾ ਚਲਣਾ, ਕਿੰਨਾ ਕੁਝ ਉਸਾਰੇ। ਤੂੰ ਵਗਦਾ ਦਰਿਆ…………. ਜਦ ਕਦੇ ਤੂੰ ਰੁੱਸ ਕੇ ਮੈਥੋਂ, ਦੂਰ ਦੂਰ ਹੋ ਰਹਿੰਦਾ। ਤਨ ਮਨ ਮੇਰਾ ਤਪ ਤਪ ਜਾਵੇ, ਸੁੱਕ ਸੁੱਕ ਡਿਗਦਾ ਢਹਿੰਦਾ। ਮਨ ਦੀ ਮਿੱਟੀ ਵਿੱਚ ਵਿਛੋੜੇ ਉੱਡ ਉੱਡ ਤੈਨੂੰ ਪੁਕਾਰੇ। ਤੂੰ ਵਗਦਾ ਦਰਿਆ…….. ਤੇਰੀ ਛੋਹ ਨੂੰ ਤਰਸਾਂ ਸਜਣਾਂ ਵਿਲਕ ਵਿਲਕ ਮੈਂ ਜਾਵਾਂ। ਸੀਨੇ ਲਾਕੇ, ਰਹਿਮ ਏਹ ਕਰਜਾ, ਏਹੋ ਤਰਲਾ ਪਾਵਾਂ। ਤੈਨੂੰ ਉਡੀਕੇ ਤੇਰਾ ਆਲਮ, ਝੁਕਿਆ ਤੇਰੇ ਦੁਆਰੇ। ਤੂੰ ਵਗਦਾ ਦਰਿਆ…………

ਤੇਰੇ ਦੀਵਾਨੇ ਨੂੰ

ਤੇਰੇ ਦੀਵਾਨੇ ਨੂੰ ਤੇਰੀ ਯਾਦ ਸਤਾਏ। ਜਿਉਂ ਪਾਣੀ ਤੋਂ ਬਿਨਾਂ ਮੱਛੀ ਤੜਫੜਾਏ। ਚੀਸ ਵਿਛੋੜੇ ਦੀ ਏਦਾਂ ਹੁੰਦੀ ਏਂ, ਜਿਵੇਂ ਜ਼ਖ਼ਮਾਂ ਤੇ ਕੋਈ ਤੇਜ਼ਾਬ ਪਾਏ। ਦੁੱਖ ਵਿਛੋੜੇ ਦਾ ਟੁੱਟੇ ਤਾਰੇ ਦੇ ਵਾਂਗੂੰ, ਟੁੱਟੇ ਤਾਰੇ ਨੂੰ ਕੌਣ ਅਪਣਾਏ। ਵਿਛੋੜੇ ’ਚ ਰਹਿਣਾ ਕਬਰਾਂ ’ਚ ਰਹਿਣਾ, ਕੋਈ ਨਾ ਡਰਦਾ ਕਬਰੀ ਆਏ। ਸਿਕਲੀਗਰਾਂ ਦਾ ਕੀ ਸਿਰਨਾਵਾਂ, ਯਾਦ ਦੇ ਸਾਗਰ ਜੋ ਵਹਿ ਜਾਏ। ਕਈ ਜਨਮਾਂ ਦੇ ਵਿਛੜੇ ਪਲ ਜੋ, ਰੱਬ ਨੇ ਕਿਥੋਂ ਆਣ ਮਿਲਾਏ। ਸਾਰੇ ਆਲਮ ਤੋਂ ਪਾਸੇ ਤੇਰਾ ਦੀਵਾਨਾ, ਤੇਰੀ ਯਾਦ ’ਚ ਸਾਰੀ ਉਮਰ ਬਿਤਾਏ।

ਯਾਦ ਤੇਰੀ ਰਾਤ ਦਿਨ

ਯਾਦ ਤੇਰੀ ਰਾਤ ਦਿਨ ਇਸ ਤਰ੍ਹਾਂ ਤੜਪਾਏ। ਹਨੇਰੇ ਜੰਗਲ ’ਚ ਜਿਵੇਂ ਜੁਗਨੂੰ ਜਗਮਗਾਏ। ਪਾਣੀ ਪਾਣੀ ਹੋ ਜਾਵਣ ਉਦੋਂ ਸਾਰੇ ਸੁਪਨੇ, ਤੇਰੀ ਬੇਰੁਖੀ ਜਦ ਬਰਫ ਨੂੰ ਅੱਗ ਲਾਏ। ਸੁਣਿਆ ਜਦੋਂ ਤੇਰੇ ਕੋਲੋਂ ਤੂੰ ਨਹੀਂ ਮਿਲਣਾ, ਦਿਲ ਕਹੇ ਹੁਣ ਕੀ ਜੀਣਾ, ਕਿਆਮਤ ਆਏ। ਜੀ ਸਕਾਂ ਨਾ ਮਰ ਸਕਾਂ ਮੱਛੀ ਤੋਂ ਵੀ ਔਖਾ, ਪਾਣੀ ਤੋਂ ਵਿਛੜੇ ਮੱਛੀ ਤੜਪਕੇ ਮਰ ਜਾਏ, ਆਲਮ ਨ ਜਾਣੇ ਤੂੰ ਵੀ ਨਾ ਸੁਣੇ, ਦਰਦ-ਏ ਦਿਲ ਕੀਹਨੂੰ ਜਾ ਸੁਣਾਏ।

ਰਾਤ

ਦਿਨ ਦਿਹਾੜੇ ਇਕ ਸੁਪਨਾ ਆਇਆ। ਕਈ ਸੁਹਾਨੇ ਗੀਤ ਲਿਆਇਆ। ਸੁਪਨਾ ਸੀ ਉਹ ਸੱਚਾ ਸੁੱਚਾ। ਉਹ ਸੁਪਨੇ ਤੋਂ ਕੋਈ ਨਾ ਉੱਚਾ। ਜੀਵਨ ਦੇ ਹਰ ਰੰਗ ਨਾਲ ਭਰਿਆ। ਇਕ ਪਿਆਲਾ, ਮੇਰੇ ਹੋਠੀਂ ਧਰਿਆ। ਜੀ ਉਠਿਆ ਮੈਂ ਮਰਿਆ ਮਰਿਆ। ਸੱਚਾ ਉਸਨੇ ਵਾਅਦਾ ਕਰਿਆ। ਸਦੀਆਂ ਤੋਂ ਮੈਂ ਤੇਰਾ ਸੱਜਣਾ। ਹੁਣ ਤੇ ਕੁਝ ਨਹੀਂ ਮੇਰਾ ਸੱਜਣਾ। ਤੈਨੂੰ ਹੀ ਮੈ ਟੋਲ ਰਿਹਾ ਸੀ। ਤੇਰੇ ਬਿਨਾ ਮੈਂ ਡੋਲ ਰਿਹਾ ਸੀ। ਤਨ ਮਨ ਉਸਦਾ ਏਨਾ ਝੁਕਿਆ। ਅੰਬਰ ਜਾਪੇ ਧਰਤੀ ਢੁੱਕਿਆ। ਰਾਜੇ ਇੰਦਰ ਦੇ ਰੂਪ ਤੋਂ ਸੁਹਣਾ। ਕਦੇ ਨਾ ਤਕਿਆ ਏਨਾ ਮੋਹਣਾ। ਅੱਖਾਂ ਵਿੱਚ ਖੁਮਾਰ ਸੀ ਉਹਦੇ। ਬੋਲਾਂ ਵਿਚ ਪਿਆਰ ਸੀ ਉਹਦੇ। ਮੋਹਣੀ ਦਾ ਅਵਤਾਰ ਸੀ ਉਹ। ਸੱਚਾ ਕੋਈ ਦਿਲਦਾਰ ਸੀ ਉਹ। ਕੀ ਦੱਸਾਂ ਅਹਿਸਾਸ ਤੋਂ ਬਾਹਰ। ਖੁਲ੍ਹਾ ਸੀ ਅਕਾਸ਼ ਤੋਂ ਬਾਹਰ। ਪਰੀਆਂ ਜਿਹੇ ਲਿਬਾਸ ਸੀ ਉਹਦੇ। ਅੰਦਾਜ਼ ਬੜੇ ਹੀ ਖਾਸ ਸੀ ਉਹਦੇ। ਕਲ੍ਹ ਉਹ ਆਇਆ ਅੱਜ ਉਸ ਜਾਣਾ। ਪਤਾ ਨਹੀਂ ਕੀ ਵਰਤੂ ਭਾਣਾ।

ਇਕ ਕਬਰ

ਮੈਂ ਇਕ ਕਬਰ ਸਾਂ, ਉਜੜੇ ਕਬਰਸਤਾਨ ਦੀ। ਮੈਨੂੰ ਕੋਈ ਖਬਰ ਨਹੀਂ ਸੀ ਜਹਾਨ ਦੀ। ਅਚਾਨਕ ਇਕ ਪਰੀ ਆਈ ਅਸਮਾਨ ਦੀ ਉਹ ਪੂਰੀ ਸੀ ਰੂਹ ਮੇਰੀ ਦੇ ਹਾਣ ਦੀ। ਬਦਨ ਸੀ ਉਸਦਾ ਜਿਵੇਂ ਠੰਡੀ ਚਾਨਣੀ। ਉਸਦੇ ਲੂੰ ਲੂੰ ਚੋਂ ਟਿਮਟਿਮਾਉਂਦੀ ਸੀ ਰੌਸ਼ਨੀ। ਜਦ ਉਹ ਬੋਲੀ ਤਾਂ ਮੈਂ ਜਿੰਦਾ ਹੋ ਗਿਆ। ਕਬਰ ਖੁੱਲ੍ਹ ਗਈ ਮੈਂ ਉਠਕੇ ਖਲੋ ਗਿਆ। ਉਹ ਜੰਗਲ ਜੰਗਲ ਦੁਨੀਆਂ ਸਾਰੀ ਫੋਲਦੀ। ਉਹ ਦੀਵਾਨੀ ਫਿਰਦੀ ਸੀ ਮੈਨੂੰ ਟੋਲਦੀ। ਜਨਮਾਂ ਜਨਮਾਂ ਦੀ ਉਸਦੀ ਪਿਆਸ ਸੀ। ਪਤਾ ਨਹੀ ਕਿੰਨੀ ਕੁ ਉਹ ਉਦਾਸ ਸੀ। ਉਸਨੇ ਮੈਨੂੰ ਛੋਹਿਆ ਮੈਂ ਪਾਣੀ ਹੋ ਗਿਆ। ਆਪਣਾ ਆਪਾ ਪਾਣੀ ’ਚ ਡੁਬੋ ਲਿਆ। ਇਹ ਲੱਖਾਂ ਤੀਰਥਾਂ ਦਾ ਇਕ ਇਸ਼ਨਾਨ ਸੀ। ਸਭ ਦਾਨਾ ਤੋਂ ਉਪਰ ਏਹ ਦਾਨ ਸੀ। ਉਥੇ ਕੋਈ ਦੀਨ ਸੀ, ਨਾ ਹੀ ਈਮਾਨ ਸੀ। ਸੁੰਨ ਮਸੁੰਨ ਸੀ ਨਾ ਕੋਈ ਭਗਵਾਨ ਸੀ। ਏਹ ਰੱਬ ਦਾ ਹੀ ਕੋਈ ਵਰਦਾਨ ਸੀ। ਉਸ ਰੂਹ ਦਾ ਇਕ ਅਹਿਸਾਨ ਸੀ। ਵਰਨਾ ਮੇਰੀ ਕੀ ਪਹਿਚਾਣ ਸੀ। ਮੇਰਾ ਆਲਮ ਤਾਂ ਬੀਆਬਾਨ ਸੀ। ਉਹਦਾ ਲੱਖ ਵਾਰ ਕਰਾਂ ਧੰਨਵਾਦ ਮੈਂ ਅੱਜ ਹੋ ਗਇਆ ਆਬਾਦ ਮੈਂ।

ਯਾਰ ਤੋਂ ਆਪਣੇ ਪਾਸਾ ਨਾ ਕਰ

ਏਹ ਇਸ਼ਕ ਹੈ ਸੰਸਾਰ ਨਹੀਂ, ਆਸ਼ਕ ਨਾਲ ਤਮਾਸ਼ਾ ਨਾ ਕਰ। ਜੇ ਪਿਆਰ ’ਚ ਜੀਣਾ ਮਰ ਜਾ ਤੂੰ ਇਸ਼ਕ ’ਚ ਐਵੇਂ ਹਾਸਾ ਨਾ ਕਰ। ਏਹ ਦੁਨੀਆਂ ਕੱਚੇ ਰੰਗਾਂ ਦੀ ਪਲ ਪਿਛੋਂ ਬਦਲਦੀ ਏ। ਦੁਨੀਆਂ ਅਤੇ ਫਕੀਰਾਂ ਦੀ ਦਾਲ ਕਦੇ ਨਾ ਗਲਦੀ ਏ। ਜੇ ਕਰਨਾ ਪਿਆਰ ਤਾਂ ਡਰਨਾ ਕੀ, ਐਵੇਂ ਦਿਲ ਨੂੰ ਤੋਲਾ ਮਾਸਾ ਨਾ ਕਰ। ਏਹ ਇਸ਼ਕ ਹੈ………………………… ਸੂਲਾਂ ਤੇ ਤੁਰਨਾ ਪੈਂਦਾ ਏ, ਏਥੇ ਅੱਗ ਵਿੱਚ ਸੜਨਾ ਪੈਂਦਾ ਏ। ਹੋਰ ਅਖਰ ਕੋਈ ਕਬੂਲ ਨਹੀਂ, ਕਲਮਾ ਯਾਰ ਦਾ ਪੜ੍ਹਨਾ ਪੈਂਦਾ ਏ। ਯਾਰ ਹੀ ਮੱਕਾ ਯਾਰ ਹੀ ਕਾਬਾ ਦਰ ਦਰ ਦਿਲ ਨੂੰ ਕਾਸਾ ਨਾ ਕਰ। ਏਹ ਇਸ਼ਕ ਹੈ……………….. ਹੈ ਦੁਨੀਆਂ ਸਾਰੀ ਇਕ ਪਾਸੇ, ਤੂੰ ਆਸ਼ਕ ਕਲਾ ਇਕ ਪਾਸੇ। ਤੂੰ ਇਕੋ ਨੂੰ ਧਿਆਈ ਜਾਹ ਜੀਊਂਦਾ ਰਹਿ ਤੂੰ ਇਕ ਆਸੇ। ਭਾਵੇਂ ਛੱਡ ਦੇਹ ਆਲਮ ਸਾਰਾ, ਤੂੰ ਯਾਰ ਤੋਂ ਆਪਣੇ ਪਾਸਾ ਨਾ ਕਰ।

ਬਿਰਹਾ

ਕਈ ਜਨਮਾਂ ਦੀ ਬਿਰਹਾ ਲੈ ਕੇ ਮਾਰੂਥਲ ਦੀ ਜੂਨ ਮੈ ਆਇਆ। ਲੱਖਾਂ ਸਾਗਰ ਪੀ ਕੇ ਵੀ ਮੈਂ ਤਪਦਾ ਤੇ ਤ੍ਰਿਹਾਇਆ। ਰੋਮ ਰੋਮ ਮੇਰੇ ਬਿਰਹਾ ਬਲਦਾ ਮੈਂ ਬਿਰਹਾ ਦਾ ਜਾਇਆ। ਮੈਂ ਰੋਹੀ ਦਾ ਕੱਲਰ ਸੁਪਨਾ ਨਾ ਕੋਈ ਮੇਰਾ ਸਾਇਆ। ਇਹ ਰੱਬ ਜਾਣੇ ਇਹ ਕਿੰਜ ਹੋਇਆ, ਉਹ ਰੱਬ ਨੇ ਸੀ ਭਿਜਵਾਇਆ। ਇਕ ਸਿਖਰ ਦੁਪਹਿਰਾ ਸ਼ਾਮਾ ਵੇਲੇ ਕਬਰ ਮੇਰੀ ਤੇ ਆਇਆ। ਉਸਨੇ ਮੇਰਾ ਬਲਦਾ ਬ੍ਰਿਹਾਂ ਘੁੱਟ ਕੇ ਸੀਨੇ ਲਾਇਆ। ਮੈਂ ਤਾਂ ਤਪਦਾ ਮਾਰੂਥਲ ਸੀ, ਉਹ ਸਾਗਰ ਸੀ ਤਿਹਾਇਆ। ਚੜ੍ਹਦਾ ਸੂਰਜ ਰੂਪ ਉਸਦਾ ਕਬਰਾਂ ਵਿੱਚ ਰੁਸ਼ਨਾਇਆ। ਮੁਰਦਾ ਰੂਹਾਂ ਉਠ ਖਲੋਈਆਂ ਅੱਜ ਕਿਆਮਤ ਦਾ ਦਿਨ ਆਇਆ। ਜਨਮਾਂ ਦਾ ਇਕ ਗੀਤ ਉਸਨੇ, ਮੇਰੇ ਹੇਠਾਂ ਨਾਲ ਛੁਹਾਇਆ। ਆਲਮ ਨੂਰੋ ਨੂਰ ਹੋ ਗਇਆ, ਜਦ ਅੰਬਰ ਧਰਤੀ ਆਇਆ।

ਸੁੰਨ ਸਮਾਧ

ਯੁਗਾਂ ਦੀ ਸੁੰਨ ਸਮਾਧੀ ਦਾ ਅਹਿਸਾਸ, ਮਾਰੂਥਲ ਦੀ ਉਛਲਦੇ ਸਾਗਰ ਵਰਗੀ ਪਿਆਸ। ਅਖਰਾਂ ਸ਼ਬਦਾਂ ਅਰਥਾਂ ਗਿਆਨ ਧਿਆਨ, ਕਰਮ-ਧਰਮ ਕੀਰਤ ਅਪਕੀਰਤ ਤੋਂ ਦੂਰ ਪਰੇ, ਅਸਮਾਨਾਂ ਤੋਂ ਪਰੇਹ ਪਤਾਲਾਂ ਤੋਂ ਹੇਠਾਂ ਰੋਮ ਰੋਮ ਵਿੱਚ ਕਰੰਟ ਵਰਗੀ ਹੂਕ ਡੂੰਘੇ ਖੁਮਾਰ ਵਿੱਚ ਮਦਹੋਸ਼ੀ ਦੀ ਸੁਗੰਧ ਤੂੰ ਰੂਹ ਹੈ, ਜਾਨ ਹੈ ਸ਼ਬਦ ਜਾਂ ਅਸ਼ਬਦ ਸਭ ਅੱਖਰ ਸਭ ਸ਼ਬਦ ਸਭ ਭਾਸ਼ਾਵਾਂ ਸਿਮਟ ਕੇ ਤੇਰੇ ਸਾਹਮਣੇ ਬਿੰਦੂ ਹੋ ਗਏ। ਗੰਗਾ ਜਮਨਾ ਸਰਸਵਤੀ ਸਮੁੰਦਰ ਅਮ੍ਰਿਤ ਮੁਦਰਾ ਵਿਸ਼ ਤੇ ਸ਼ਹਿਦ ਗ਼ਮ ਖੁਸ਼ੀ ਪਰਾ ਅਪਰਾ ਦੀ ਮਹਿਕ ਤੇ ਮਹਿਕ ਵਿਚ ਖੁਮਾਰ ਬੇ ਸ਼ੁਮਾਰ ਖੁਮਾਰ ਦੀ ਆਖੰਡ ਧਾਰਾ ਵਹੇ ਰੋਮ ਰੋਮ ਸਵਾਸ ਸਵਾਸ ਵਿੱਚ ਲਹੇ ਕਿਤੇ ਵੀ ਤੂੰ ਮੇਚ ਨਾ ਆਵੇ ਕਿਸ ਤਰ੍ਹਾਂ ਦਿਲ ਕਹੇ ਬੀਆਬਾਨਾਂ ’ਚ ਮੁਦਤ ਬਾਦ ਹੋਈ ਬਰਸਾਤ ਏਹ ਵਸਲ ਜੁਦਾਈ ਵੀ ਲਗੇ ਤੇ ਜੁਦਾਈ ਵਸਲ ਵੀ ਲਗੇ ਕੁਝ ਵੀ ਹੈ - ਲਗੇ ਜਨਮਾਂ ਪੁਰਾਣਾ ਕੋਈ ਨਾ ਨਾਮ ਏਸਦਾ ਕੋਈ ਨਾ ਦੇਸ ਏਸ ਦਾ ਲਗਦਾ ਜਿਵੇਂ ਨਿਰੰਤਰ ਰਹਿਣਾ ਕਿਸ ਤਰ੍ਹਾਂ ਤੇਰੀ ਤਾਰੀਫ ਕਰਾਂ ਜ਼ੁਲਫ ਜਾਮ ਸੁਰਾਹੀ ਮੈਖਾਨੇ ਪੈਮਾਨੇ ਨਸ਼ਾ ਖੁਮਾਰੀ ਸਭ ਛਿੱਕੇ ਪੈ ਗਏ ਤੇਰੇ ਸਾਹਵੇਂ ਕਿਸੇ ਅਨਹਦ ਨਾਦ ਦੀ ਧੁਨ ਦਾ ਅਹਿਸਾਸ ਚਾਂਦਨੀ ਦਾ ਨਿੱਘ ਤਾਰਿਆਂ ਦੀ ਲੋ ਦਾ ਲਿਬਾਸ ਧੜਕਨਾ ਦਾ ਨਾਜ਼ੁਕ ਸੰਗੀਤ ਸਾਹਾਂ ’ਚ ਚਲਦੀ ਜੀਵਨ ਦੀ ਆਸ ਉਛਲਦਾ ਸਮੁੰਦਰ ਵੀ ਲਗੇ ਇਕ ਲਾਸ਼ ਵਰਗੀ ਚੁੱਪ ਵੀ, ਆਲਮ ਦੀ ਤੜਪਦੀ ਭੀੜ ਵੀ ਮਾਰੂਥਲ ’ਚ ਮਸਿਆ ਦੀ ਰਾਤ ਵਾਂਗ ਉਦਾਸ ਵੀ ਈਦ ਦੇ ਚੰਦ ਦਾ ਹੁਸਨ ਭਰੀਆਂ ਘਟਾਵਾਂ ਦੀ ਮਿੰਠੀ ਮਿੱਠੀ ਠੰਡ ਸਿਲੀ ਮਿੱਟੀ ਦੀ ਮਹਿਕ ਸਮੁੰਦਰ ਦੇ ਰੇਤ ਨੂੰ ਜਿਵੇਂ ਢਲਦੀ ਸ਼ਾਮ ਦੀ ਤਨਹਾਈ ਪਹੁ ਫੁਟਾਲੇ ਦਾ ਵਸਲ ਵਸਲ ਦਾ ਅਨੰਦ ਅਨੰਦ ਵਿੱਚ ਮੈਂ ਦੀ ਮੌਤ ਫੇਰ ਪਰਮ ਨੰਦ ਹਸ਼ਰ ਤੀਕ ਨਾਭੀ ਤੋਂ ਦਸਮ ਦੁਆਰ ਤੀਕ ਧਰਤੀ ਤੋਂ ਧੁਰ ਗਗਨ ਤੀਕ ਧੁਨ ਦੀ ਅਪਾਰ ਲਹਿਰ ਆਪਣੇ ਆਪ ਵਿਚ ਜਗਦੀ ਲੋ ਹਨੇਰੇ ਜੰਗਲ ਵਿਚ ਜੁਗਨੂੰਆਂ ਦੀ ਟਿਮਟਿਮਾਹਟ ਦੁੱਖਾਂ ਕਲੇਸ਼ਾਂ ਦੇ ਸਨਾਟੇ ਵਿੱਚ ਵੀ ਇਕ ਨਿਰੰਤਰ ਅਡੋਲ ਧੀਮੀ ਧੀਮੀ ਧੁਨ ਤੇਰੀ ਇਕ ਛੋਹ ਸਭ ਸੋਚਾਂ ਨੂੰ ਮੁਰਦਾ ਕਰ ਗਈ ਮੁਰਦਾ ਅਹਿਸਾਸ ਵਿੱਚ ਅਸੰਖ ਸਾਜ਼ ਛਿੜ ਪਏ। ਖੁਮਾਰ ਦਾ ਇਕ ਅਥਾਹ ਦਰਿਆ ਵਹੇ ਵਹਿੰਦਾ ਰਹੇ ਹਸਰ ਤੀਕ ਵਹਿੰਦਾ ਰਹੇ ਹਸਰ ਤੀਕ

ਮੋਤੀ ਤੂੰ ਵਰਸਾਇਆ ਕਰ

ਏਹ ਤਾਂ ਦਿਲ ਹੀ ਤੇਰਾ ਹੈ, ਇਸਨੂੰ ਨਾ ਸਤਾਇਆ ਕਰ। ਸਦੀਆਂ ਦਾ ਪਿਆਸਾ ਏਹ ਐਵੇਂ ਨਾ ਤੜਪਾਇਆ ਕਰ। ਭੀੜ ਦੇ ਸਿਰ ਤੇ ਤੁਰਿਆ ਕਰ, ਲੈ ਕੇ ਸਿਦਕ ਇਰਾਦੇ ਨੂੰ, ਇਸ਼ਕ ਨੂੰ ਗਲ ਨਾਲ ਲਾਇਆ ਕਰ, ਜਮਾਨੇ ਨੂੰ ਠੁਕਰਾਇਆ ਕਰ। ਇਸ਼ਕ ਦੇ ਮਾਨ ਸਰੋਵਰ ਤੇ ਸੋਕਾ ਹੈ, ਪੈਂਦੀ ਧੁੱਪ ਬੜੀ, ਹੰਸਾਂ ਵਰਗੇ ਬੱਦਲਾਂ ’ਚੋਂ ਮੋਤੀ ਤੂੰ ਵਰਸਾਇਆ ਕਰ। ਬ੍ਰਿਹਾ ਵਿਚ ਤਰਸੀ ਮਿੱਟੀ ਤੇ, ਫੇਰ ਤੋਂ ਵਰਖਾ ਕਰ ਦੇ ਤੂੰ, ਅਸੀਂ ਉਹੀ ਹਾਂ ਅਸੀਂ ਤੇਰੇ ਹਾਂ ਥੋੜਾ ਤਰਸ ਤਾਂ ਖਾਇਆ ਕਰ।

ਕਾਲੀ ਘਟਾ

ਠੰਡੀ ਹਵਾ ਚਲ ਰਹੀ ਹੈ, ਕਾਲੀ ਘਟਾ ਛਾ ਰਹੀ ਹੈ। ਮੇਰੇ ਪ੍ਰਭੁ ਜੀ ਕੋਇਲ ਦੀ ਕੂ ਕੂ ਤੈਨੂੰ ਬੁਲਾ ਰਹੀ ਹੈ। ਆਪਣੇ ਪੀਆ ਦੀ ਏਹ ਵਿਯੋਗਣ ਕੂ ਕੂ ਗਾਂਵਦੀ ਹੈ। ਬ੍ਰਿਹਾ ਵਿਚ ਮਾਰਿਆਂ ਦੇ, ਬੇਚੈਨ ਦਿਲ ਨੂੰ ਭਾਂਵਦੀ ਹੈ। ਛੱਡ ਕੇ ਆਪਣੀ ਆਂਦਰ ਦੇ ਟੋਟੇ ਮਾਹੀ ਕੋਲ ਜਾ ਰਹੀ ਹੈ। ਮੇਰੇ ਪ੍ਰਭੂ ਜੀ…………….. ਜੋ ਨੇ ਰਹਿੰਦੇ ਪ੍ਰਭੂ ਕੋਲ ਉਹ ਤਾਂ ਸੁਹਾਣਾ ਗਾਂਵਦੇ ਨੇ। ਵਿਛੜੇ ਜੋ ਪ੍ਰਭੂ ਕੋਲੋਂ ਮੇਲ ਉਹਦਾ ਚਾਹਵੰਦੇ ਨੇ। ਮਿਲਾਪ ਦੀ ਚਾਹ ਮੇਰੇ ਦਿਲ ਨੂੰ ਦਿਨ ਰਾਤ ਤੜਪਾ ਰਹੀ ਹੈ। ਮੇਰੇ ਪ੍ਰਭੁ ਜੀ………………… ਉੱਚੀ ਉੱਚੀ ਸੁਰ ’ਚ ਜਦੋਂ, ਬਹੁਤ ਉੱਚੀ ਬੋਲਦੀ ਹੈ। ਸਾਰੇ ਆਲਮ ’ਚ ਸਰਗਮਾਂ ਦਾ ਮਿੱਠਾ ਰਸ ਘੋਲਦੀ ਹੈ। ਕਿਵੇਂ ਮਨਾਉਣਾ ਗਾ ਗਾ ਕੇ ਮਾਹੀ, ਸਭ ਨੂੰ ਸਿਖਾ ਰਹੀ ਹੈ। ਮੇਰੇ ਪ੍ਰਭੂ ਜੀ…………………..

ਮੇਰੇ ਦਾਦਾ ਜੀ

ਨਿੱਜ ਥਾਉਂ ਮੇਰੇ ਦਾਦਾ ਚੇਲਾ ਰਾਮ ਜੀ, ਮੇਰੇ ਦਾਦਾ ਚੇਲਾ ਰਾਮ ਜੀ, ਆਪ ਜਪ ਕੇ, ਹਿੰਮਤ ਕਰਕੇ ਸਭ ਨੂੰ ਜਪਾਵੇ ਨਾਮ ਜੀ। ਧਰਮ ਕਰਮ ਤੋਂ ਉੱਚੇ ਉਠਣਾ ਸਭ ਨੂੰ ਤੂੰ ਸਿਖਾਇਆ ਏ, ਥਾਂ ਥਾਂ ਸੱਚੇ ਨਾਮ ਵਾਲਾ, ਤੂੰ ਸਾਂਝਾ ਹੱਟ ਬਣਾਇਆ ਏ। ਕੀਰਤਨ ਅਤੇ ਵਿਚਾਰਾਂ ਹੋਵਣ, ਏਥੇ ਸੁਬਹ ਸ਼ਾਮ ਜੀ। ਮੇਰੇ ਦਾਦਾ ਚੇਲਾ ਰਾਮ ਜੀ..................... ਗੁਰੂ ਗ੍ਰੰਥ ਜੋ ਸਭ ਦਾ ਸਾਂਝਾ, ਉਸਦਾ ਏਹ ਦਰਬਾਰ ਹੈ। ਜੋ ਵੀ ਇਸਦੇ ਸ਼ਬਦ ਨੂੰ ਖੋਜੋ ਉਸ ਨੂੰ ਦਿੰਦਾ ਪਿਆਰ ਹੈ। ਤੂੰ ਖੋਜ ਕੇ ਤੱਤ ਹੈ ਪਾਇਆ, ਤੇਰਾ ਉੱਚਾ ਧਾਮ ਜੀ। ਮੇਰੇ ਦਾਦਾ ਚੇਲਾ ਰਾਮ ਜੀ……………………… ਤੇਰੀ ਇਕ ਛੋਹ ਦੇ ਕਾਰਨ ਲੱਖਾਂ ਲੋਕੀ ਤਰ ਗਏ। ਲਖਾਂ ਤਰਦੇ ਰਹਿਣਗੇ ਜੋ ਆਕੇ ਤੇਰੇ ਦਰ ਰਹੇ। ਸੱਚੇ ਦਿਲ ਨਾਲ ਜਿਸਨੇ ਸੁਣਿਆ, ਤੇਰਾ ਸੱਚਾ ਪੈਗਾਮ ਜੀ। ਮੇਰੇ ਦਾਦਾ ਚੇਲਾ ਰਾਮ ਜੀ…………………. ਤੇਰੇ ਸਿਦਕ ਇਰਾਦਿਆਂ ਨੂੰ, ਸਿਰ ਝੁਕਾਵੇ ਹਿਮਾਲਿਆ ਤੂੰ ਗੁਰੂ ਦਾ ਹੁਕਮ ਪਛਾਤਾ, ਹੁਕਮ ਨੂੰ ਫਿਰ ਪਾਲਿਆ। ਤੂੰ ਇਕੋ ਰੱਬ ਦੇ ਭਗਤ ਦਸਦਾ, ਅੱਲਾ ਈਸਾ ਸ਼ਾਮ ਜੀ। ਮੇਰੇ ਦਾਦਾ ਚੇਲਾ ਰਾਮ ਜੀ…………….. ਤੂੰ ਹੈ ਸਾਗਰ ਤੇਰੇ ਵਿਚੋਂ, ਕਈ ਦਰਿਆ ਵਹਿਣਗੇ। ਚੰਦ ਸਿਤਾਰੇ, ਗ੍ਰਹਿ ਸਾਰੇ, ਤੇਰੇ ਹੀ ਗੀਤ ਗਾਉਣਗੇ। ਸਾਰਾ ਆਲਮ ਪੀਏਗਾ, ਸੱਚੇ ਰੂਹਾਨੀ ਜਾਮ ਜੀ। ਮੇਰੇ ਦਾਦਾ ਚੇਲਾ ਰਾਮ ਜੀ…………….

ਸਾਗਰ ਦੇ ਅਹਿਸਾਸ ਦੇ ਨਾਮ

ਤੈਨੂੰ ਪਿਆਰ ਦਾ ਸਾਗਰ ਕਹਾਂ। ਜਾਂ ਇਸ਼ਕ ਦਾ ਅੰਬਰ ਕਹਾਂ। ਮੌਕਾ ਕਹਾਂ ਜਾਂ ਆਬੇ ਹਯਾਤ, ਜਾਂ ਅੰਮ੍ਰਿਤ ਦਾ ਸਰਵਰ ਕਹਾਂ। ਰੱਬ ਤੋਂ ਵੀ ਤੂੰ ਸੁਹਣਾ ਲਗਦਾ ਏਂ, ਤੈਨੂੰ ਰੂਹਾਨੀ ਕੋਈ ਮੰਦਰ ਕਹਾਂ। ਪੂਜਾ ਕਹਾਂ, ਜਾਂ ਅੰਮ੍ਰਿਤ ਵੇਲਾ, ਜਾਂ ਧੁਨ ਦੀ ਕੋਈ ਸਿਖਰ ਕਹਾਂ। ਗੁਰੂ ਕਹਾਂ ਜਾਂ ਗੁਰੂਦੇਵ ਜੀ, ਜਾਂ ਰੱਬ ਦਾ ਕੋਈ ਪੈਗੰਬਰ ਕਹਾਂ। ਜਿਸਨੂੰ ਪੀ ਕੇ ਹੁੰਦਾ ਰਿਹਾ ਅਮਰ, ਤੇਰੇ ਨੈਣਾਂ ’ਚੋਂ ਪੀਤਾ ਜ਼ਹਿਰ ਕਹਾਂ। ਜੋ ਨਸ਼ਾ ਸਚਖੰਡ ਲਿਜਾਂਦਾ ਰਿਹਾ, ਉਸਨੂੰ ਤੇਰੀ ਨਜ਼ਰ ਦਾ ਕਹਿਰ ਕਹਾਂ। ਕੋਈ ਲਫæਜ਼ ਨਹੀਂ ਹੈ ਆਲਮ ਦੇ ਕੋਲ, ਆਪਣੇ ਆਪ ਨੂੰ ਤੇਰੀ ਲਹਰ ਕਹਾਂ।

ਰਿਸ਼ਤਿਆਂ ਦਾ ਜੰਗਲ

ਕੰਡਿਆਂ ਦੇ ਨਾਲ ਸੀ ਜੀ, ਅਸੀਂ ਕੰਡਿਆਂ ’ਚ ਰੁਲ ਗਏ। ਜਨਮ ਤੋਂ ਸੀ ਫੁੱਲ ਅਸੀਂ, ਮੂਲ ਆਪਣਾ ਭੁਲ ਗਏ। ਮਹਿਕ ਸਾਡੀ ਲੈ, ਇਤਰ ਦੇ ਵਪਾਰੀਆਂ। ਰੰਗ ਸਾਡੇ ਲੈ ਲਏ ਲਾਲ ਦੀ ਲਲਾਰੀਆ। ਰੰਗ ਮਹਿਕੋਂ ਸਖਣੇ, ਦਰ ਦਰ ਅਸੀਂ ਰੁਲ ਗਏ। ਕੰਡਿਆਂ ਦੇ ਨਾਲ ਜੀ ..................... ਪੈਰ ਸਾਡੇ ਹੋਏ ਜ਼ਖਮੀਂ ਰੁਲ ਗਏ ਜਦ ਰਾਹਾਂ ਤੇ। ਸ਼ਾਨ ਸੀ ਦਰਬਾਰਾਂ ਦੀ, ਚੜ੍ਹਦੇ ਸੀ ਦਰਗਾਹਾਂ ਤੇ। ਕੰਡਿਆਂ ਦਾ ਸੰਗ ਕਰਕੇ ਗੁਣ ਸਾਡੇ ਡੁਲ੍ਹ ਗਏ। ਕੰਡਿਆਂ ਦੇ ਨਾਲ ਜੀ ਜੀ……………. ਰਿਸ਼ਤਿਆ ਦਾ ਜੰਗਲ ਏਹ, ਸੂਲਾਂ ਦਾ ਸੰਸਾਰ ਹੈ। ਇਛਾਵਾਂ ਦੀ ਭੀੜ ਵਿਚ, ਹਰ ਕੋਈ ਬੀਮਾਰ ਹੈ। ਗੁਰੂ ਜਿਸਤੇ ਕਰੇ ਕਿਰਪਾ, ਉਸਦੇ ਝੰਡੇ ਝੁੱਲ ਗਏ। ਕੰਡਿਆਂ ਦੇ ਨਾਲ ਜੀ ਜੀ................... ਲੋਕਾਂ ਦੀ ਵਿਚਾਰ ਕਰਕੇ ਗੁਣ ਨੇ ਗਵਾ ਲਏ। ਸਾਹਾਂ ਦੇ ਅਮੋਲ ਮੋਤੀ ਮਿੱਟੀ ਦੇ ਨੇ ਭਾ ਗਏ। ਉਹੀ ਆਲਮ ਉਹੀ ਸੂਰੇ ਜੋ ਗੁਰੂ ਬਚਨੀ ਤੁਲ ਗਏ। ਕੰਡਿਆਂ ਦੇ ਨਾਲ ਜੀ ਜੀ…………….

ਗਾਤੀ ਰਹੀ ਖ਼ਾਮੋਸ਼ੀਆਂ (ਗ਼ਜ਼ਲ)

(ਉਰਦੂ) ਸ਼ੋਰ ਇਤਨਾ ਹੈ ਪਰ ਗਾਤੀ ਰਹੀ ਖਾਮੋਸ਼ੀਆਂ। ਰਾਤ ਕੇ ਸਨਾਟੇ ਕੋ ਜਗਾਤੀ ਰਹੀ ਖਾਮੋਸ਼ੀਆਂ। ਵੋਹ ਇਤਨੇ ਕਰੀਬ ਥੇ ਇਕ ਪਰਦੇ ਕਾ ਥਾ ਫਾਸਲਾ ਦੋਨੋਂ ਤਰਫ ਆਂਸੂੰ ਬਹਾਤੀ ਰਹੀ ਖ਼ਾਮੋਸ਼ੀਆਂ। ਮੁਸਲ ਸਲ ਚਲਤੀ ਰਹੀ ਰਾਤ ਭਰ ਬਾਤ ਭੀ, ਲਫਜ਼ੋਂ ਕੋ ਬੇਸ਼ਕ ਮਿਟਾਤੀ ਰਹੀ ਖਾਮੋਸ਼ੀਆਂ। ਉਮਰ ਭਰ ਹੁਸੀਨ ਮੁਹੱਬਤ ਕੀ ਬਾਹੋਂ ਮੇਂ, ਗੀਤ ਮੁਹੱਬਤ ਕੇ ਗਾਤੀ ਰਹੀ ਖਾਮੋਸ਼ੀਆਂ। ਸਦੀਓਂ ਸੇ ਆਪਨੇ ਹੀ ਦਿਲ ਕੇ ਖ਼ੂਨ ਸੇ, ਦੀਪ ਮੁਹੱਬਤ ਕੇ ਜਲਾਤੀ ਰਹੀ ਖਾਮੋਸ਼ੀਆਂ।

ਸ਼ਬਨਮ

(ਉਰਦੂ) ਬਰਸਾਤ ਨਹੀਂ ਮਗਰ ਸ਼ਬਨਮ ਤੋ ਹੈ। ਪਿਆਰ ਨਹੀਂ ਮਗਰ ਗ਼ਮ ਤੋ ਹੈ। ਰੋਤੇ ਹੋ ਆਹੇਂ ਭਰਤੇ ਹੋ ਤੇ ਕਿਆ ਮਗਰ ਦਮ ਮੇਂ ਦਮ ਤੋ ਹੈ। ਉਨਕੋ ਖਿਆਲ ਮੇਰਾ ਮੇਰੇ ਬਰਾਬਰ ਨਹੀਂ ਚਲੋ ਜ਼ਿਆਦਾ ਨਹੀਂ ਕਮ ਤੋ ਹੈ। ਗਰ ਉਨਕੇ ਪਾਸ ਮੁਹੱਬਤ ਨਹੀਂ ਮੇਰੇ ਲੀਏ ਉਨਕੇ ਦਿਲ ਮੇਂ ਮੇਰਾ ਭਰਮ ਤੋ ਹੈ। ਲਿਖੇ ਜਾਹ ਤੂੰ ਆਪਨੇ ਆਸੂਓਂ ਕੇ ਸਾਥ ਤੇਰੇ ਪਾਸ ਤੇਰੀ ਕਲਮ ਤੋ ਹੈ।

ਆਸਮਾਨੋ ਕੋ ਕਹੋ

(ਉਰਦੂ) ਆਸਮਾਨ ਕੋ ਕਹੋ, ਧਰਤੀ ਪੇ ਉਤਰ ਆਏਂ। ਸਿਤਾਰੋਂ ਸੇ, ਮੇਰੀ ਸੇਜ ਕੋ, ਜਗਮਗਾਏਂ। ਮਾਹਤਾਬ ਕੋ ਕਹੋ, ਕਿ ਜੀਵਨ ਕੇ ਹਰ ਪਲ ਕੋ, ਸਿਤਾਰੋਂ ਕੀ ਧੀਮੀ ਲੋਅ ਸੇ, ਨਹਲਾਏਂ। ਆਫਤਾਬ ਕੀ ਤਰਹ ਹੈ, ਤਬੋ ਤਾਬ ਉਨਕੀ ਚਾਂਦਨੀ ਕੇ ਲਿਬਾਸ ਮੇਂ, ਉਨਕੋ ਸਜਾਏਂ। ਓੜਤੇ ਹੈਂ ਵੋਹ, ਮਰ-ਮਰੀ ਬਦਨ ਘਟਾਉਂ ਸੇ, ਹਵਾ ਸੇ ਕਹੋ, ਘਟਾਉਂ ਕੋ ਉੜਾ ਲੇ ਜਾਏਂ। ਜਲਤਾ ਰਹੇ ਤਾਂ ਹਸ਼ਰ, ਆਲਮ ਕਾ ਚਿਰਾਗ਼, ਆਸਮਾਨੋਂ ਕੋ ਕਹੋ ਕਿ ਬਿਜਲੀਆਂ ਗਿਰਾਏਂ।

ਆਪਨੇ ਨਿਸ਼ਾਂ ਰਹੇ ਨਾ ਰਹੇ

(ਉਰਦੂ) ਖ਼ੂਨ ਸੇ ਲਿਖੇਂਗੇ ਤੇਰੀ ਕਹਾਨੀ ਅਪਨੀ ਦਾਸਤਾਂ ਰਹੇ ਨਾ ਰਹੇ। ਚਲੇਂਗੇ ਕਾਫ਼ਲੇ ਤਾਂ-ਹਸ਼ਰ ਕੋਈ ਕਾਰਵਾਂ ਰਹੇ ਨਾ ਰਹੇ। ਤੇਰੀ ਰਾਹ ਮੇਂ ਸਭ ਕੁਛ ਲੁਟਾਏਂਗੇ ਹਮ। ਭੂਖ ਔਰ ਪਿਆਸ ਕੋ ਪੀ ਜਾਏਂਗੇ ਹਮ। ਮੌਤ ਸੇ ਹੀ ਜੀਵਨ ਕੋ ਪਾਏਂਗੇ ਹਮ। ਬਾਂਟੇਂਗੇ ਸਭ ਕੋ ਜੀਵਨ ਕਿਰਨ, ਕਿ ਇਸ ਤਨ ਮੇਂ ਜਾਂ ਰਹੇ ਨਾ ਰਹੇ। ਖ਼ੂਨ ਸੇ ਲਿਖੇ...... ਕਾਂਟੇ ਪੇ ਭੀ ਅਬ ਮੁਸਕਰਾਏਂਗੇ ਹਮ। ਆਜ ਪੱਥਰ ਕੋ ਭੀ ਉਲਫਤ ਸਿਖਾਏਂਗੇ ਹਮ। ਆਜ ਉਜੜੇ ਹੂਓਂ ਕੋ ਬਸਾਏਂਗੇ ਹਮ। ਆਪਨੇ ਘਰ ਕੀ ਹਮੇ ਪਰਵਾਹ ਨਹੀਂ, ਆਪਨਾ ਆਸ਼ੀਆ ਰਹੇ ਨਾ ਰਹੇ। ਖੂਨ ਸੇ ਲਿਖੇਗੇ……………. ਆਜ ਮੰਜ਼ਿਲ ਕੋ ਹਮ ਦੀਵਾਨੇਂ ਚਲੇ। ਵਤਨ ਕੇ ਸ਼ੈਦਾਈ ਪਰਵਾਨੇ ਚਲੇ। ਇਨਸਾਫ ਕੀ ਸ਼ਮ੍ਹਾ ਜਲਾਨੇ ਚਲੇ। ਕਰ ਚਲੇ ਹੈਂ ਊਚਾ ਤੇਰਾ ਨਿਸਾਂ, ਆਪਨਾ ਨਿਸ਼ਾਂ ਰਹੇ ਨਾ ਰਹੇ। ਖੂਨ ਸੇ ਲਿਖੇਗੇ…………..

ਖ਼ੁਦਾ ਦੇਖਾ

(ਉਰਦੂ) ਗਇਆ ਮੈਂ ਬਹਸ਼ਤ ਮੇਂ, ਬਹੁਤ ਹੁਸਨ ਵਹਾਂ ਦੇਖਾ। ਤੇਰੇ ਜੈਸਾ ਨਾ ਕੋਈ ਖੁਲ੍ਹਾ ਆਸਮਾਂ ਦੇਖਾ। ਤੇਰੀ ਆਖੋਂ ਮੇਂ ਪਰਾਗ ਹੈ, ਆਬੇ ਹਯਾਤ ਭੀ ਮੈਨੇ ਐਸਾ ਨਾ ਕੋਈ ਪਾਕ ਨਸ਼ਾ ਦੇਖਾ। ਤੇਰੇ ਮੈਖਾਨੇ ਸੇ ਪੀ ਕਰ ਲੜਖੜਾਤਾ ਹੂਆ ਹਾਥੋਂ ਮੇਂ ਲੀਏ ਜਾਮ ਕਲ ਰਾਤ ਮੈਂ ਖੁਦਾ ਦੇਖਾ। ਜੋ ਵਾਅਦੇ ਤੂੰ ਨਿਭਾਏ ਮੁਝੇ ਵਹੀ ਯਾਦ ਆਏਂ ਫਿਰ ਲੌਟ ਕੇ ਆਏ, ਤੁਸੀਂ ਜੋ ਸਮਾਂ ਦੇਖਾ। ਬਾਦਲ ਵਰਸਾ ਤੇ ਪਿਆਰ ਕਾ ਆਲਮ, ਆਪਨੇ ਯਾਰ ਕੇ ਕਦਮੋਂ ਮੈਂ ਝੁਕਾ ਦੇਖਾ।

ਪਿਆਰ ਹੀ ਭਗਵਾਨ ਹੈ

ਉਰਦੂ) ਜੰਗਲ ਕੀ ਉਦਾਸ ਵਾਦੀ ਮੇਂ, ਇਕ ਫਕੀਰ ਥਾਂ ਸਮਾਧੀ ਮੇਂ, ਅਚਾਨਕ ਏਕ ਚਾਂਦਨੀ ਆਈ, ਨਜ਼ਰ ਅਪਨੀ ਫ਼ਕੀਰ ਪੇ ਟਿਕਾਈ। ਵੋਹ ਨਾਚਨੇ ਔਰ ਗਾਨੇ ਲਗੀ, ਫ਼ਕੀਰ ਕੋ ਜਗਾਨੇ ਲਗੀ। ਸਾਧੂ ਜਾਗਾ ਆਂਖੇ ਖੋਲੀ, ਨੂਰ ਕੀ ਬੇਟੀ ਯੂੰ ਬੋਲੀ। ਕਿਆ ਖੂਬ ਹੈ ਆਂਖੇਂ ਤੇਰੀ, ਪਹਿਲੇ ਮੈਂ ਕਭੀ ਨਾ ਦੇਖੀ। ਸ਼ੋਖ ਹੈ ਮਰਹਮ ਜੈਸੀ, ਕਿਤਨੀ ਨਸ਼ੀਲੀ ਕਿਤਨੀ ਗਹਿਰੀ। ਇਕ ਦਮ ਵੋਹ ਆਖੋਂ ਮੇਂ ਡੂਬੀ, ਸਾਲੋਂ ਕੇ ਬਾਦ ਜਬ ਨਿਕਲੀ। ਯੇਹ ਆਂਖੇ ਪਹਿਲੇ ਕਹਾਂ ਥੀ, ਅਬ ਯੇਹ ਆਂਖੇ ਹੈ ਮੇਰੀ ਸਾਧੂ ਨੇ ਦੋਨੋ ਆਂਖੇ ਨਿਕਾਲੀ, ਉਸਕੀ ਹਥੇਲੀ ਪੇ ਡਾਲੀ। ਚਾਂਦਨੀ ਨੇ ਆਖੇ ਮਸਤਕ ਪੇ ਲਗਾ ਲੀ, ਆਂਖੇ ਦਿਲ ਮੇਂ ਉਤਰ ਗਈ। ਵੋਹ ਜਿਸਮ ਸੇ ਨੂਰ ਹੋ ਗਈ, ਦੁਨੀਆਂ ਸੇ ਦੂਰ ਹੋ ਗਈ। ਸਾਧੂ ਕੋ ਪਿਆਰ ਸੇ ਬੋਲੀ, ਅਬ ਮੈਂ ਤੇਰੀ ਹੋਲੀ। ਮਗਰ ਆਪ ਕੈਸੇ ਜੀਓਗੇ, ਆਂਖ ਕੇ ਬਿਗਰ ਸੇ ਦੇਖੋਗੇ। ਸਾਧੂ ਨੇ ਯੂੰ ਫੁਰਮਾਇਆ, ਤੂੰ ਹੀ ਮੇਰਾ ਜਿਸਮ, ਤੂੰ ਹੀ ਸਾਇਆ। ਤੂੰ ਹੀ ਰੱਬ, ਤੂੰ ਹੀ ਈਮਾਨ, ਤੂੰ ਹੀ ਸ਼ਾਨ, ਤੂੰ ਹੀ ਪਹਿਚਾਨ। ਅਬ ਮੈਂ ਦੇਖੂੰਗਾ ਤੇਰੀ ਆਂਖ ਸੇ, ਅਬ ਮੈਂ ਜੀਓਂਗਾ ਤੇਰੀ ਸਾਂਸ ਸੇ। ਸੁਨ ਕਰ ਸਾਧੂ ਕੀ ਬਾਨੀ, ਨੂਰੀ ਉੜੀ ਅਸਮਾਨੀ। ਨੂਰ ਸੇ ਫਿਰ ਵੋਹ ਬਿਜਲੀ ਬਨੀ, ਸਾਧੂ ਕੇ ਊਪਰ ਯੂੰ ਗਿਰੀ। ਦੋਨੋਂ ਪਿਆਰ ਕੇ ਸਾਗਰ ਮੇ ਬਹਿਨੇ ਲਗੇ, ਸਾਰੇ ਆਲਮ ਕੋ ਯੇਹੀ ਕਹਿਨੇ ਲਗੇ, ਪਿਆਰ ਹੀ ਭਗਵਾਨ ਹੈ, ਪਿਆਰ ਹੀ ਈਮਾਨ ਹੈ।

ਏਕਸ ਕੇ ਹਮ ਬਾਰਿਕ

(ਉਰਦੂ) ਏਕਸ ਕੇ ਹਮ ਬਾਰਿਕ ਦਾ ਟਾਈਟਲ ਗੀਤ ਜਿਸਦਾ ਕੇਵਲ ਮੁਖੜਾ ਹੀ ਐਚ. ਐਮ. ਸਿੰਘ ਕੁੱਕੀ ਭਾਜੀ ਨੇ ਸਿੰਗਾਰਿਆ। ਆਓ ਕਰੇਂ ਸਜਦਾ ਨਾਨਕ ਆਲਮ ਪੀਰ ਕੋ। ਕਾਮਲ ਗੁਰੂ ਰਹਿਬਰ, ਫਕੀਰੋਂ ਕੇ ਸ਼ਾਹ ਫਕੀਰ ਕੋ। ਬੇਆਸਰੋਂ ਕਾ ਸਹਾਰਾ ਦੁਖੀਓਂ ਕਾ ਜ਼ਿਗਰ ਹੈ। ਭਗਤੀ ਕਾ ਗਹਿਰਾ ਸਾਗਰ ਤਿਆਗ ਕੀ ਸਿਖ਼ਰ ਹੈ। ਗਰੀਬੋਂ ਕਾ ਮਸੀਹਾ, ਸਰਾਹਤਾ ਨਹੀਂ ਅਮੀਰ ਕੋ। ਆਓ ਕਰੇਂ ਸਜਦਾ…………… ਏਕ ਹੋ ਸਾਰੇ ਮਾਨਵ ਏਕ ਹੀ ਭਗਵਾਨ ਹੈ। ਕਰਮ ਹਮਾਰਾ ਧਰਮ ਹੈ ਪ੍ਰੇਮ ਹੀ ਈਮਾਨ ਹੈ। ਗਿਆਨ ਸੇ ਜਿਸਨੇ ਉਠਾਇਆ ਉੱਚਾ ਹੈ ਜ਼ਮੀਰ ਕੋ। ਆਓ ਕਰੇਂ ਸਜਦਾ............... ਪਾਖੰਡ ਔਰ ਨਸਲ ਕਾ ਭੇਦ ਜ਼ਾਤ ਪਾਤ ਕਾ ਢੰਗ ਬਦਲ ਰਖ ਦੀਆਂ ਸਾਰੀ ਕਾਇਨਾਤ ਕਾ। ਸਦਾ ਯਾਦ ਕਰੇਗਾ ਆਲਮ ਐਸੇ ਆਲਮਗੀਰ ਕੋ। ਇਸ ਗੀਤ ਨੂੰ ਹਿੰਦੀ ਵਿੱਚ ਅਨੁਵਾਦ ਕਰਨ ਦਾ ਕਠਨ ਕੰਮ ਕ੍ਰਿਸ਼ਨ ਕੈਸ ਨੇ ਕੀਤਾ ਇਹ ਸਾਰੀ ਘਾਲਦਾ ਸਤਿਕਾਰ ਯੋਗ ਡਾ. ਹਰਚਰਨ ਸਿੰਘ ਨਾਟਕਾਰ ਡਾਇਰੈਕਟਰ ਹੋਰਾਂ ਦੀ ਫਿਰਾਖ਼ ਦਿਲੀ ਅਤੇ ਉਤਸ਼ਾਹ ਨਾਲ ਹੋਇਆ ਉਹਨਾਂ ਦੇ ਸਪੁੱਤਰ ਹਰਬਖਸ਼ ਸਿੰਘ ਲਾਟਾ ਐਚ. ਐਮ. ਸਿੰਘ ਸੰਗੀਤਕਾਰ ਸਭ ਸੱਜਣਾਂ ਦਾ ਦਾਸ ਧੰਨਵਾਦੀ ਹੈ।

ਉਦਾਸ ਹੋਵਾਂਗਾ

ਤੇਰੇ ਤੋਂ ਦੂਰ ਜਾਕੇ, ਮੈਂ ਕਿੰਨਾ ਉਦਾਸ ਹੋਵਾਂਗਾ। ਜਿਥੇ ਵੀ ਤੁਸੀਂ ਹੋਵੋਗੇ, ਮੈਂ ਆਸ ਪਾਸ ਹੋਵਾਂਗਾ। ਰਾਤਾਂ ਨੂੰ ਸੂਰਜ ਚੜ੍ਹੇਗਾ ਦਿਨ ਨੂੰ ਕਾਲੀ ਰਾਤ ਹੋਏਗੀ। ਜ਼ਮਾਨਾ ਉਜਾੜ ਲਗੇਗਾ, ਉਲਟੀ ਕਾਇਨਾਤ ਹੋਏਗੀ। ਜੀਵਾਂਗਾ ਜ਼ਰੂਰ ਤੇਰੇ ਬਿਨਾ, ਪਰ ਇਕ ਲਾਸ਼ ਹੋਵਾਂਗਾ। ਤੇਰੇ ਤੋਂ ਦੂਰ ਜਾਕੇ…………. ਤੇਰਾ ਹਸਣਾ ਤੇਰਾ ਮੁਸਕਾਣਾ, ਬਹੁਤ ਯਾਦ ਆਏਗਾ। ਤੇਰਾ ਚੁੰਮਣਾ ਤੇਰਾ ਕਸਣਾ, ਤਨ ਮਨ ਤੇ ਛਾਏਗਾ। ਤੁਸੀਂ ਮੇਰੇ ਹੀ ਪਾਸ ਹੋਵੋਗੇ, ਮੈਂ ਕਿੰਨਾ ਨਿਰਾਸ਼ ਹੋਵਾਂਗਾ। ਤੇਰੇ ਤੋਂ ਦੂਰ ਜਾਕੇ…………….. ਜਦ ਵੀ ਕਾਲੀ ਘਟਾ ਅੰਬਰ ਤੇ ਛਾਏਗੀ। ਤੇਰੀ ਜ਼ੁਲਫ ਮੇਰੇ ਚੇਹਰੇ ਤੇ ਬਿਖਰ ਜਾਏਗੀ। ਤੁਸੀਂ ਹੋਰ ਕਿਤੇ ਵਰਸੋਗੇ ਮੈਂ ਪਿਆਸ ਹੋਵਾਂਗਾ। ਤੇਰੇ ਤੋਂ ਦੂਰ ਜਾਕੇ……………… ਬ੍ਰਿਹਾ ਦੇ ਆਲਮ ’ਚ ਤੈਨੂੰ ਗਾ ਗਾ ਕੇ ਰੀਝਾਵਾਂਗਾ। ਤੈਨੂੰ ਦੇਖਾਂਗਾ, ਤੈਨੂੰ ਪੂਜਾਂਗਾ, ਤੈਨੂੰ ਹੀ ਚਾਹਵਾਂਗਾ। ਮੈਂ ਹੀ ਕ੍ਰਿਸ਼ਨ ਮੈਂ ਹੀ ਰਾਧਾ, ਮੈਂ ਹੀ ਰਾਸ ਹੋਵਾਂਗਾ। ਤੇਰੇ ਤੋਂ ਦੂਰ ਜਾਕੇ……………

Little Star

ਟਿਮ ਟਿਮ ਕਰਦੇ ਨਿੱਕੇ ਤਾਰੇ। ਭਿੰਨੇ ਭਿੰਨੇ ਕਿੰਨੇ ਪਿਆਰੇ। ਉੱਚੇ ਉੱਚੇ ਅੰਬਰ ਵਸਦੇ। ਝਿਮ ਝਿਮ ਕਰਦੇ ਹੀਰੇ ਲਗਦੇ। ਟਿਮ ਟਿਮ ਕਰਦੇ…….. ਸ਼ਾਮੀ ਜਦੋਂ ਸੂਰਜ ਖੋਵੇ। ਰਾਤ ਪਵੇ ਹਨੇਰਾ ਹੋਵੇ। ਨਿੱਕੀ ਆਪਣੀ ਲੋ ਖਿਡਾਵੇਂ। ਸਾਰੀ ਰਾਤੀ ਟਿਮ ਟਿਮਾਵੇਂ। ਟਿਮ ਟਿਮ ਕਰਦੇ…………… ਰਾਹੀ ਜੋ ਹਨੇਰੇ ਤੁਰਦੇ। ਤੇਰੀ ਲੈ ਦੀ ਧੰਨ ਧੰਨ ਕਰਦੇ। ਜੇਕਰ ਤੇਰੀ ਲੋ ਨਾ ਹੁੰਦੀ। ਰਾਹਾਂ ਦੀ ਕੋਈ ਸੋ ਨਾ ਹੁੰਦੀ। ਟਿਮ ਟਿਮ ਕਰਦੇ……. ਗੂੜੇ ਅੰਬਰ ਵਸਦੇ ਤਾਰੇ। ਝੀਥਾਂ ਵਿਚੋਂ ਝਾਤੀ ਮਾਰੇ। ਜਦੋਂ ਤੱਕ ਨਾ ਸੂਰਜ ਆਵੇ। ਸਾਰੀ ਰਾਤੀ ਲੈ ਖਿੰਡਾਵੇ। ਟਿਮ ਟਿਮ ਕਰਦੇ………

ਪਿਆਰੇ ਬੱਚੇ

ਨਿੱਕੇ ਨਿੱਕੇ ਪਿਆਰੇ ਬੱਚੇ। ਨਾ ਏਹ ਝੂਠੇ ਨਾ ਏਹ ਸੱਚੇ। ਜੋ ਜੋ ਏਹਨਾਂ ਸਾਥੋਂ ਸਿਖਣਾ। ਉਹੀ ਏਨ੍ਹਾਂ ਕਰ ਕਰ ਦਸਣਾ। ਭੋਲੇ ਤੇ ਕੁਆਰੇ ਕੱਚੇ। ਨਿੱਕੇ ਨਿੱਕੇ ਪਿਆਰੇ ਬੱਚੇ। ਨਾ ਏਹ ਝੂਠੇ ਨਾ ਏਹ ਸੱਚੇ।

ਮੈਂ ਕਿਉਂ ਹਾਂ ਹਿੰਦੁਸਤਾਨੀ? (ਟੀ.ਵੀ. ਸੀਰੀਅਲ)

ਏਹ ਧਰਤੀ ਮੈਨੂੰ ਆਪਣੀ ਜਾਪੇ, ਆਪਣੀ ਲਗੇ ਬੇਗਾਨੀ। ਨਾਲ ਸ਼ਰਮ ਦੇ ਮਰਦਾ ਜਾਵਾਂ, ਮੈਂ ਕਿਉਂ ਹਾਂ ਹਿੰਦੁਸਤਾਨੀ ਹਰ ਮੈਂ ਆਜ਼ਾਦ ਹੈ ਏਥੇ, ਏਹ ਧਰਤੀ ਬਣੀ ਸੁਹਾਣੀ ਏਂ। ਨਿੱਘਾ ਨਿੱਘਾ ਮਿਲਦੇ ਲੋਕੀ, ਠੰਡਾ ਮੌਸਮ ਪਾਣੀ ਏ। ਬੰਦੇ ਦੀ ਤਾਂ ਹੈ ਈ ਇਥੇ, ਪੰਛੀਆਂ ਦੀ ਨਿਗਰਾਨੀ ਏ। ਹਰ ਇਕ ਪਿਆਰ ਆਜ਼ਾਦੀ ਮਾਣੇ, ਕੋਈ ਇਸਦਾ ਸਾਨੀ। ਨਾਲ ਸ਼ਰਮ ਦੇ ਮਰਦਾ ਜਾਵਾਂ…………….। ਉਸ ਦੇਸ਼ ਦੇ ਜ਼ਾਲਮ ਲੋਕਾਂ ਮੇਰੇ ਸਿਰ ਤੋਂ ਪੱਗ ਉਤਾਰੀ। ਹਰਮੰਦਰ ਢਾਹਿਆ ਨਾਲ ਫੌਜ ਦੇ, ਕਰਕੇ ਹਮਲਾ ਭਾਰੀ। ਹਰ ਇਕ ਦੋਸ਼ ਪੱਗਾਂ ਤੇ ਲਾਇਆ, ਖਾਕੇ ਉਨ੍ਹਾਂ ਖਾਰੀ। ਵਾਅਦੇ ਸਾਰੇ ਭੁੱਲ ਭੁਲਾ ਕੇ, ਹਰ ਵਾਰ ਕਰੀ ਬੇਈਮਾਨੀ। ਏਹ ਧਰਤੀ ਮੈਨੂੰ ਆਪਣੀ ਜਾਪੇ……………..। ਭੁੱਲੜ ਤੇ ਜਨੂੰਨੀ ਲੋਕਾਂ ਉਥੇ ਐਸੀ ਅੱਗ ਮਚਾਈ। ਪਾਕ ਬਾਬਰੀ ਮਸਜਦ ਉਹਨਾ ਧੱਕੋ ਧੱਕੀ ਢਾਈ। ਕੁਝ ਨਾ ਕੀਤਾ ਸਮੇਂ ਦੇ ਹਾਕਮ, ਤਕਦੀ ਰਹੀ ਲੁਕਾਈ। ਫਿਰਕੂ ਕਹਿੰਦੇ ਰਹਿਣ ਨਹੀਂ ਦੇਣੀ, ਨਾ ਸਿੱਖੀ ਨਾ ਮੁਸਲਮਾਨੀ। ਏਹ ਧਰਤੀ ਮੈਨੂੰ ਆਪਣੀ ਜਾਪੇ……………। ਸਾਰੇ ਸੂਬੇ ਹੱਕ ਮੰਗਦੇ, ਨੇਤਾ ਫਿਰਨ ਘਬਰਾਏ। ਸਿਖਾਂ ਨੇ ਆਵਾਜ਼ ਉਠਾ ਕੇ, ਸੂਬੇ ਸਭ ਜਗਾਏ। ਕਲ੍ਹ ਜਿਨ੍ਹਾਂ ਦੀ ਪਗੜੀ ਖਾਤਰ, ਸਿੰਘਾਂ ਸੀਸ ਕਟਾਏ। ਹਰਿਕ ਪਗੜੀ ਦਾਹੜੀ ਦਿਸਦੀ, ਉਹਨਾਂ ਨੂੰ ਖਾਲਸਤਾਨੀ। ਨਾਲ ਸ਼ਰਮ ਦੇ ਮਰਦਾ ਜਾਵਾਂ………………. ਨਾ ਕੋਈ ਮੇਰੀ ਧਰਤੀ ਏਥੇ, ਨਾ ਕੋਈ ਦੇਸ਼ ਠਿਕਾਣਾ। ਖਾਸ ਨਾ ਕੋਈ ਪਹਿਨਣ ਮੇਰਾ, ਖਾਸ ਨਾ ਪੀਣਾ ਖਾਣਾ। ਮੈਂ ਨਹੀਂ ਚਾਹੁੰਦਾ ਮਾਰਾ ਮਾਰੀ, ਅੰਤ ਕਾਲ ਮਰ ਜਾਣਾ। ਧਰਮ ਕਰਮ ਦੇ ਝਗੜੇ ਆਲਮ, ਸਾਰੇ ਨੇ ਬੇਮਾਨ੍ਹੀ। ਏਹ ਧਰਤੀ ਮੈਨੂੰ ਆਪਣੀ ਜਾਪੇ……………..।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਤਾਰਾ ਸਿੰਘ ਆਲਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ