Umar Bakhsh Darvesh
ਉਮਰ ਬਖ਼ਸ਼ ਦਰਵੇਸ਼

ਉਮਰ ਬਖ਼ਸ਼ ਦਰਵੇਸ਼ ਦੀਆਂ ਰਚਨਾਵਾਂ ਵਿਚੋਂ ਦੋ ਸੀਹਰਫ਼ੀਆਂ ਛਪੀਆਂ ਮਿਲਦੀਆਂ ਹਨ ।

ਪੰਜਾਬੀ ਕਲਾਮ/ਕਵਿਤਾ ਉਮਰ ਬਖ਼ਸ਼ ਦਰਵੇਸ਼

ਸੀ ਹਰਫ਼ੀ: ਪੰਜ-ਬੈਂਤੇ

ਅਲਫ਼ ਅੱਵਲ ਅਪਣਾ ਆਪ ਪਛਾਣੇਂ
ਤਾਂ ਤੂੰ ਭੇਦ ਅਲਾ ਦਾ ਜਾਣੇਂ
ਆਲਮ ਫ਼ਾਜ਼ਲ ਕਹਿਣ ਸਿਆਣੇਂ
ਪੜ੍ਹ "ਨਹਨੁ ਅਕਰਬ" ਆਇਤ ਰਬਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਬੇ ਬਹਿਰ ਅਮੀਕ ਵਜੂਦ ਬਣਾਵੇਂ
ਹੋ ਮਰ ਜੀਵੜਾ ਟੁਬਕੀ ਲਾਵੇਂ
ਮਨ ਮੋਤੀ ਕਢ ਬਾਹਰ ਲਿਆਵੇਂ
ਵਾਂਗ ਜਵਾਹਰੀ ਦਮਕ ਪਛਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਤੇ ਤਲਵਾਰ ਇਸ਼ਕ ਦੀ ਫੜ ਕੇ
ਸਿਰ ਕਟ ਪ੍ਰੇਮ-ਨਗਰ ਵਿਚ ਵੜ ਕੇ
ਸਰਮਦ ਵਾਲਾ ਕਲਮਾ ਪੜ੍ਹ ਕੇ
ਵਹਦਤ ਅੰਦਰ ਜਾਇ ਸਮਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਸੇ ਸਾਬਤ ਹਰਫ਼ ਤਹਕੀਕ ਸੁਖਾਲਾ
ਬਾਝ ਜ਼ਬਾਨੋਂ ਪੜ੍ਹਨੇ ਵਾਲਾ
ਹਰ ਹਰ ਅੰਦਰ ਅਲਾ ਤਾਲਾ
ਸੁਣੀਂ ਅਵਾਜ਼ਾ ਲੂੰ ਲੂੰ ਥਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਜੀਮ ਜਮਾਲ ਪੀਆ ਤਦ ਕਰੀਏ
ਮਰਨੇ ਥੀਂ ਜਦ ਪਹਿਲਾਂ ਮਰੀਏ
ਮਾਹੀ ਵਾਂਗ ਉਲਟ ਘੁਟ ਭਰੀਏ
ਬਹਿਰ ਹਕੀਕੀ ਦਾ ਇਹ ਪਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਹੇ ਹਰਫ਼ ਹਕੀਕੀ ਤਰਫ਼ ਨ ਆਵੇਂ
ਭਜ ਕੱਲਰ ਪਿਆਸ ਮਿਟਾਵਣ ਜਾਵੇਂ
ਮਨ ਮਿਰਗ ਨੂੰ ਨਾ ਸਮਝਾਵੇਂ
ਗ਼ਫ਼ਲਤ ਅੰਦਰ ਉਮਰ ਵਿਹਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਖ਼ੇ ਖ਼ਾਸ ਵਜੂਦ ਸ਼ੀਰ ਹੈ ਤੇਰਾ
ਮੱਖਣ ਵਿਚ ਅਸਰਾਰ ਬਸੇਰਾ
ਪਾ ਜਾਗ ਮੁਹੱਬਤ ਦਹੀ ਬਥੇਰਾ
ਦਮ ਰੱਸੀ ਕਰ ਜ਼ਿਕਰ ਮਧਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਦਾਲ ਦੂਰ ਦਿਲਬਰ ਨਹੀਂ ਵਸਦਾ
ਜੇ ਤੂੰ ਤਾਲਬ ਸ਼ੌਕ ਦਰਸ ਦਾ
ਮਿਲ ਮੁਰਸ਼ਦ ਨੂੰ ਨੇੜੇ ਦਸਦਾ
ਦਿਲ ਵਿੱਚ ਸ਼ੱਕ ਮੂਲ ਨਾ ਆਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਜ਼ਾਲ ਜ਼ਿਕਰ ਰਲ ਆਸ਼ਕ ਕਰਦੇ
ਵਾਂਗ ਪਤੰਗ ਸ਼ਮਾ ਪਰ ਮਰਦੇ
ਤੜਪਣ ਘਾਇਲ ਮਹਬੂਬ ਨਜ਼ਰ ਦੇ
ਮਰਹਮ ਵਸਲ ਦਿਲਾਂ ਨੂੰ ਲਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਰੇ ਰਾਤੀਂ ਸੁਤਿਆਂ ਸੁਫ਼ਨਾ ਆਵੇ
ਰੂਹ ਸੈਲਾਨੀ ਜੰਗਲ ਜਾਵੇ
ਆਪਣਾ ਜਿਸਮ ਸ਼ੇਰ ਬਣ ਖਾਵੇ
ਖੁੱਲ੍ਹੀ ਅੱਖ ਖ਼ਿਆਲ ਪਛਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਜ਼ੇ ਜ਼ਬਾਨ ਥੀਂ ਭੇਦ ਨ ਕਹੀਏ
ਮਤ ਜ਼ਾਲਮ ਦੁਸ਼ਮਨ ਵਸ ਪਈਏ
ਸੁੱਮੁਨ ਬੁਕਮੁਨ ਹੋ ਕੇ ਰਹੀਏ
ਨਾ ਕੋਈ ਦੁਨੀਆ ਵਿੱਚ ਪਛਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਸੀਨ ਸਿਰ ਅਖੀਂ ਭੇਦ ਰਬਾਣਾ
ਹਰ ਇਕ ਜਿਸਮੇਂ ਜਾਇ ਸਮਾਣਾ
ਵਿਰਲਾ ਵੇਖੈ ਫ਼ਰਕ ਸਿਆਣਾ
ਨੈਣੀਂ ਨੂਰੀ ਸ਼ੋਹਲੇ ਥਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਸ਼ੀਨ ਸ਼ੌਹ ਵਿਚ ਮਾਹੀ ਵੱਸੇ
ਫਿਰ ਕਿਉਂ ਪਾਣੀ ਬਾਝ ਤਰੱਸੇ
ਜੇ ਕੋਈ ਉਸ ਨੂੰ ਉਲਟਣ ਦੱਸੇ
ਤਾਂ ਪਾਣੀ ਨੂੰ ਜਾਣੇ ਪਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਜ਼੍ਵਾਦ ਜ਼ਰਬ ਜਦ ਇਸ਼ਕ ਲਗਾਈ
ਅਕਲ ਫ਼ਿਕਰ ਦੀ ਜਾਹਗ ਨ ਕਾਈ
ਵਹਿਮੀ ਖ਼ਿਆਲ ਹੋਏ ਸੌਦਾਈ
ਖ਼ੁਸ਼ੀ ਗ਼ਮੀ ਘਤ ਨਦੀ ਰੁੜਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਤੋਇ ਤਾਲਬ ਹੋ ਕੇ ਤਲਬ ਨ ਕਰਦੇ
ਬੇੜੀ ਹੋਂਦਿਆਂ ਡੁਬ ਡੁਬ ਮਰਦੇ
ਨਹੀਂ ਘਾਟ ਹਕੀਕੀ ਹਾਸਬ ਭਰਦੇ
ਫਿਰ ਕਿਸ ਕੰਧੀਂ ਪਾਰ ਵਿਖਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਐਨ ਆਸ਼ਕ ਸੋ ਜੋ ਇਸ਼ਕ ਕਮਾਵੇ
ਹੋ ਮਨਸੂਰ ਸੂਲੀ ਵਲ ਆਵੇ
ਬਕਰਾ ਬਨ ਕੇ ਜਾਨ ਕੁਹਾਵੇ
ਵਾਂਗ ਸ਼ਮਸ ਖਲ ਭੋਹ ਭਰਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਕਾਫ਼ ਕੁਦਰਤ ਕਤਰੇ ਲੋਹ ਕਲਮ ਥੀਂ
ਕਰਨ ਫ਼ਵਾਰ ਜਿਵੇਂ ਸ਼ਬਨਮ ਥੀਂ
ਫ਼ੁਰਸਤ ਪਾ ਕੇ ਹਰ ਇਕ ਕੰਮ ਥੀਂ
ਕੁਦਰਤ ਖੇਡ ਅਚਰਜ ਪਛਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਲਾਮ ਲਾਲ ਉਸ ਅਸਲੀ ਜਾਤਾ
ਜਿਸ ਨੇ ਅਪਣਾ ਆਪ ਪਛਾਤਾ
ਹੋ ਮਸਤਾਨਾ ਰਹੇ ਚੁਪਾਤਾ
ਗੁਫ਼ਤ ਕਲਾਮ ਕਰੇ ਨ ਜ਼ਬਾਨੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਵਾਓ ਵਸਲ ਪੀਆ ਦਾ ਪਾਵਣ ਕਾਰਨ
ਆਸ਼ਕ ਨਫ਼ਸ ਕੁੱਤੇ ਨੂੰ ਮਾਰਨ
ਫ਼ਾਕੇ ਅੰਦਰ ਚਿਲੇ ਗੁਜ਼ਾਰਨ
ਅੱਖੀਂ ਵਿਚ ਦਿਨ ਰਾਤ ਲੰਘਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਅਲਫ਼ ਅੱਲਾ ਹੈ ਸਭਨੀਂ ਜਾਈਂ
ਕੌਣ ਮਕਾਨ ਜਿਥੇ ਓਹ ਨਾਹੀਂ
ਆਸ਼ਕ ਸਾਦਕ ਕਰਨ ਨਿਗਾਹੀਂ
ਏਸ ਸ਼ੁਗ਼ਲ ਵਿਚ ਉਮਰ ਵਿਹਾਣੀ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ

ਯੇ ਯਾਰ ਕਦੀਮੀ ਘਰ ਵਿਚ ਪਾਵੇਂ
ਜਦ ਨਫ਼ਸੋਂ ਚਰਬੀ ਗ਼ੈਰ ਹਟਾਵੇਂ
ਉਮਰ ਬਖ਼ਸ਼ ਤੂੰ ਮਿਲਣਾ ਚਾਹਵੇਂ
ਹਰ ਰੰਗ ਵਿਚ ਮਾਮੂਰ ਪਛਾਣੀਂ
ਸ਼ਾਹ ਰਗ ਥੀਂ ਰਬ ਨੇੜੇ ਜਾਣੀਂ