Viang Tarang : Suba Singh

ਵਿਅੰਗ ਤਰੰਗ : ਸੂਬਾ ਸਿੰਘ

ਦੋ ਸ਼ਬਦ

ਸੂਬਾ ਸਿੰਘ “ਸਾਹਿਬ” ਨੇ ਸੂਖਮ, ਕਟਾਕਸ਼, ਨਰੋਲ ਸਾਹਿਤਕ ਮਹਾਕਾਵਿ, ਜੀਵਨੀਆਂ, ਤਰਜ਼ਮੇ, ਕਾਵਿ, ਹਾਸ ਵਿਅੰਗ, ਇਤਿਹਾਸ, ਪੱਤਰਕਾਰੀ ਵਿਚ ਸਫਲਤਾ ਹਾਸਲ ਕੀਤੀ । ਹੀਰ ਸੂਬਾ ਸਿੰਘ, ਅਲੋਪ ਹੋ ਰਹੇ ਚੇਟਕ, ਅੱਗ ਤੇ ਪਾਣੀ, ਗਲਤੀਆਂ, ਵਿਅੰਗ ਤਰੰਗ, ਪੱਤਰਕਾਰੀ ਦਾ ਇਤਿਹਾਸ, ਭਾਰਤ ਦਰਸ਼ਨ, ਫੁੱਲਾਂ ਰਾਣੀ, ਹਾਸੇ ਤੇ ਹਾਦਸੇ, ਜੈ ਤੇਗਮ, ਤੋਪਾਂ ਦੇ ਪ੍ਰਛਾਵਿਆਂ ਥੱਲਿਉਂ ਅਤੇ ਹੋਰ ਕਈ ਕਿਤਾਬਾਂ ਦਾ ਸੰਪਾਦਨ ਕੀਤਾ ।

ਇਹ ਕਿਤਾਬਾਂ ਲੇਖਕ ਦੀ ਸੰਦੂਖੜੀ ਜਾ ਅਲਮਾਰੀ ਦਾ ਸ਼ਿੰਗਾਰ ਨਹੀਂ ਬਲਕਿ ਪਾਠਕਾਂ ਕੋਲ ਵਿਅੰਗ ਨੂੰ ਮਾਨਣ ਤੱਕ ਅੱਪੜੀਆਂ। ਅੱਜ ਬਜ਼ਾਰ ਵਿਚ ਵਿਕੱਰੀ ਵਾਸਤੇ ਉਪਲੱਭਦ ਨਹੀਂ।

ਹਾਸ ਵਿਅੰਗ ਵਿਚ ਵੀ ਅਤੇ ਉਸ ਦੀ ਲਿੱਖਣ ਦੀ ਸ਼ੈਲੀ ਵਿਚ ਪੇਂਡੂ ਬੋਲੀ, ਟਿੱਚਰਾਂ, ਮਹਾਵਰੇ, ਮਖੌਲ, ਤਾਹਨੇ ਮੇਹਣੇ, ਸ਼ੰਦ ਸਿਆਸੀ ਟਕੋਰਾਂ ਤੇ ਵਿਅੰਗ ਦੀ ਪੁੱਠ ਦੀ ਚੱੜ੍ਹਤ ਹਮੇਸ਼ਾਂ ਮਹਿਸੂਸ ਹੁੰਦੀ ਹੈ । ਸੂਬਾ ਸਿੰਘ ਨੇ ਪੇਂਡੂ ਅਲੋਪ ਹੋ ਰਹੀਆਂ ਖੇਡਾਂ ਤੇ ਵੀ ਲਿਖਿਆ ਪਰ ਆਪਣੀ ਵਿਅੰਗਮਈ ਪਾਣ ਚਾੜ੍ਹਨ ਤੋਂ ਨਹੀਂ ਟੱਲਿਆ । ਹਿਸਾਬ ਦੀ ਐਮ.ਏ. ਕਰਕੇ ਅਜਾਦੀ ਦੇ ਘਾਤ ਵਿੱਚ ਆਪਣੀ ਭਰਪੂਰ ਚੜ੍ਹਦੀ ਜਵਾਨੀ ਨੂੰ ਵੀ ਦਾਅ ਤੇ ਲਾਉਣੋਂ ਪਛਾਹ ਨਹੀਂ ਹਟਿਆ ।

ਜਿੰਦਗੀ ਭਾਵੇਂ ਉਸਦੀ ਘੋਲ ਮਈ ਰਹੀ ਪਰ ਉਸਨੇ ਕਦੀ ਇਸ ਦਾ ਇਜ਼ਹਾਰ ਨਹੀਂ ਕੀਤਾ । ਇੱਕ ਵਾਰ ਉਸ ਨੇ ਟੁੱਟਵੀਂ ਤਨਖਾਹ ਤੇ ਰੋਜ਼ਾਨਾ ਅਖਬਾਰ ਦੀ ਅਡੀਟਰੀ ਵੀ ਕੀਤੀ ।

ਸੂਬਾ ਸਿੰਘ ਆਪਣੇ ਆਪ ਵਿਚ ਇੱਕ ਸੰਸਥਾ ਸੀ। ਪੰਜਾਬ ਸਰਕਾਰ ਵਿਚ ਉੱਚ ਅਹੁਦਿਆਂ ਤੇ ਰਹਿਣ ਦੇ ਬਾਵਜੂਦ, ਨਿੱਘੇ ਤੇ ਸਾਦੇ ਸੁਭਾਅ ਦਾ ਮਾਲਕ ਹੋ ਵਿਚੱਰਦਾ ਸੀ। ਵਿਅੰਗ ਨਾਲ ਮਹੌਲ ਨੂੰ ਖੁਸ਼ਗਵਾਰ ਕਰਨ ਵਿਚ ਉਸਨੂੰ ਬਹੁਤ ਮੁਹਾਰਤ ਹਾਸਲ ਸੀ। ਜੇ ਕੋਈ ਸਿਫ਼ਤ ਕਰਦਾ ਤਾਂ ਉਹ ਆਪ ਮੁਹਾਰੇ ਕਹਿ ਛੱਡਦਾ ''ਸਾਹਿਬ ਹੱਥ ਵੱਡਿਆਈਆਂ ਜਿਸ ਭਾਵੇ ਤਿਸ ਦੇਹ"। ਉਹ ਅਜੀਤ ਅਤੇ ਦੇਸ ਪਰਦੇਸ (ਵਲੈਤ) ਵਿਚ ਬਿੱਨਾ ਨਾਅਗਾ ਆਖਰੀ ਸਾਹਾਂ ਤੱਕ ਲਿਖਦਾ ਰਿਹਾ ।

੬ ਦਸਬੰਰ ੧੯੮੧ ਨੂੰ ਆਪਣੀ ਜਨਮ ਭੂਮੀ ਦੀ ਪਵਿੱਤਰ ਅਤੇ ਆਦਰ ਮਈ ਮਿੱਟੀ ਵਿਚ "ਸਾਹਿਬ ਵੇਖਦੇ ਮੌਜ ਬਹਾਰ ਸੌਂ ਗਏ" ਅੱਜ ਵੀ ਉਨ੍ਹਾਂ ਦਾ ਨਾਂ ਜਿਸ ਦਾਇਰੇ ਵਿਚ ਵੀ ਰਹੇ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ । ਏਸ ਤੇ ਸਾਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਨ ਰਹੇਗਾ ।

ਇਸ ਕਿਤਾਬ ਦੀ ਛਪਾਈ ਸੁਰਿੰਦਰ ਛਿੰਦਾ ਲੋਕ ਗਾਇਕ ਅਤੇ ਪੰਜਾਬੀ ਸਭਿਆਚਾਰ ਦੇ ਭੀਸਮ ਪਤਾਮਾ ਸ: ਜਗਦੇਵ ਸਿੰਘ ਜੱਸੋਵਾਲ ਅਤੇ ਪੰਜਾਬੀ ਸਾਹਿਤ ਦੀ ਦੁੱਖਦੀ ਰਅਗ ਅਤੇ ਸਾਹਿਤਭਾਗ ਕਲਾਕਾਰਾਂ ਅਤੇ ਸਿਆਸੀ ਆਦਮੀਆਂ ਦੀਆਂ ਫੋਟੋ ਚਿੱਤਰਾਂ ਦਾ ਮਹਾਨ ਕੋਸ਼ ਹਰਭਜਨ ਬਾਜਵਾ ਦੇ ਸੁਝਾਅ ਸੱਦਕਾ ਨੇਪਰੇ ਚੱੜ੍ਹਿਆ।

ਇਹ ਕਾਵਿ ਪੁੱਸਤਕ ਸੂਬਾ ਸਿੰਘ ਦੀਆਂ ਸਟੇਜ਼ਾਂ ਤੇ ਬੋਲੀਆਂ ਅਤੇ ਮੱਜ਼ਮਾ ਲੁੱਟੂ ਚੁਬਰਗਿਆਂ ਦਾ ਇੱਕਠ ਹੈ । ਇਸ ਨੂੰ ਪਹਿਲੀ ਵਾਰ ਪੰਜਾਬੀ ਕਾਵਿ ਦੇ ਟੈਗੋਰ ਭੂਸ਼ਨ ਧਿਆਨ ਪੁਰੀ ਦੀ ਮੇਹਨਤ ਸਦਕਾ ਨੇਪਰੇ ਚਾੜ੍ਹਿਆ ਸੀ । ਇਸ ਕਿਤਾਬ ਦੇ ਛੱਪਣ ਮੱਗਰੋਂ ਕਈ ਸੱਜਣ ਮਿੱਤਰਾਂ ਦੀ ਨਰਾਜ਼ਗੀ ਦਾ ਬੋਝ ਵੀ ਚੁੱਕਣਾ ਪਿਆ ਸੀ। ਹੁਣ ਇਸ ਦੀ ਤੀਸਰੀ ਅਡੀਸ਼ਨ ਤੁਹਾਡੇ ਹੱਥਾਂ ਦਾ ਸ਼ਿੰਗਾਰ ਬਣੇਗੀ। ਇਸ ਬਾਰੇ ਤੁਸੀਂ ਹੀ ਜਾਣੋ ।

ਯੋਗੀ ਰਾਜ ਸਿੰਘ
ਚੌਂਕ ਮਹਿਤਾ, ਅੰਮ੍ਰਿਤਸਰ ।

ਧੰਨਵਾਦ

ਵਿਅੰਗ ਤਰੰਗ ਦੀ ਭੂਮਿਕਾ ਵਿਚ ਮੇਰੇ ਕੁਝ ਮਿੱਤਰਾਂ ਅਤੇ ਅਜ਼ੀਜ਼ਾਂ ਨੇ ਬੜਾ ਮੁੱਲਵਾਨ ਹਿੱਸਾ ਪਾਇਆ ਹੈ, ਜਿਨ੍ਹਾਂ ਦੀ ਮਦਦ ਤੋਂ ਬਿਨਾਂ ਇਹ ਪੁਸਤਕ ਹੋਂਦ ਵਿਚ ਨਹੀਂ ਸੀ ਆ ਸਕਦੀ । ਇਸ ਮੌਕੇ ਤੇ ਮੈਂ ਉਨ੍ਹਾਂ ਦਾ ਦਿਲੀ ਧੰਨਵਾਦ ਕਰਨਾ ਆਪਣਾ ਫਰਜ਼ ਸਮਝਦਾ ਹਾਂ ।

ਸਭ ਤੋਂ ਪਹਿਲਾਂ ਤਾਂ ਮੈਂ ਅਜ਼ੀਜ਼ ਅਜੀਤ ਕੁਮਾਰ ਅਤੇ ਕੁਲਵੰਤ ਸਿੰਘ ਦਾ ਰਿਣੀ ਹਾਂ ਜਿਨ੍ਹਾਂ ਨੇ ਬਿਨਾਂ ਮੈਨੂੰ ਦੱਸਿਆਂ ਇਹ ਟੁਕੜੀਆਂ ਸੰਭਾਲੀਆਂ ਅਤੇ ਐਨ ਮੌਕੇ ਤੇ ਅਮਾਨਤ ਵਾਂਗ ਮੋੜ ਦਿੱਤੀਆਂ ।

ਸ੍ਰ: ਭਾਗ ਸਿੰਘ ਨੇ ਚੀਨ ਤੇ ਪਾਕਿਸਤਾਨ ਦੀਆਂ ਜੰਗਾਂ ਸਮੇਂ ਇਨ੍ਹਾਂ ਟੁਕੜੀਆਂ ਨੂੰ ਫੌਜੀ ਮੋਰਚਿਆਂ ਤੱਕ ਪੁਚਾਇਆ ਅਤੇ ਸਰਹੱਦਾਂ ਤੇ ਜੂਝਦੇ ਜਵਾਨਾਂ ਨੂੰ ਹਸਾਇਆ ਖਿਡਾਇਆ।

ਪ੍ਰਕਾਸ਼, ਅਜੀਤ, ਅਤੇ ਰੂਪ ਰੰਗ ਦੇ ਸੰਪਾਦਕਾਂ ਨੇ ਇਨ੍ਹਾਂ ਤਰੰਗਾਂ ਨੂੰ ਵਧ ਤੋਂ ਵਧ ਪਾਠਕਾਂ ਤੱਕ ਅੱਪੜਦਾ ਕੀਤਾ। ਇਸਦੇ ਨਾਲ ਹੀ ਪੰਜਾਬੀ ਦੀ ਪੱਤਰਕਾਰੀ ਦੇ ਅਨਮੋਲ ਹੀਰੇ ਸਾਧੂ ਸਿੰਘ ਹਮਦਰਦ ਅਤੇ ਉਰਦੂ ਦੇ ਵਿਦਵਾਨ ਅਦੀਬ ਸੂਰਜ ਤਨਵੀਰ ਦਾ ਸ਼ੁਕਰੀਆ ਕੀਤੇ ਬਿਨਾਂ ਵੀ ਗੱਲ ਨਹੀਂ ਬਣਦੀ ।

ਰੇਡੀਓ ਅਤੇ ਟੈਲੀਵਿਯਨ ਦੇ ਪ੍ਰਬੰਧਕਾਂ ਨੇ ਵਿਅੰਗ ਦੀਆਂ ਇਹ ਤਰੰਗਾਂ ਹੋਰ ਵੀ ਲੋਕਪ੍ਰਿਯ ਬਣਾਈਆਂ। ਕਵੀ ਦਰਬਾਰਾਂ ਤੇ ਬੁਲਾਉਣ ਵਾਲੇ ਸੱਜਣਾਂ ਨੇ ਵੀ ਇਨ੍ਹਾਂ ਕਰਕੇ ਹੀ ਮੈਨੂੰ ਨਿਵਾਜਿਆ ।

ਸਭ ਤੋਂ ਵੱਧ ਧੰਨਵਾਦੀ ਮੈਂ ਰੰਗਸਾਲਾ ਪ੍ਰਿੰਟਰਜ਼ ਵਾਲੇ ਸੁਹਰਿਦ ਮਿੱਤਰ ਤ੍ਰਿਲੋਚਨ ਗਰੇਵਾਲ ਦਾ ਹਾਂ, ਜਿਸਨੇ ਕਾਗ਼ਜ ਦੇ ਇਸ ਮਹਿੰਗਾਈ ਦੇ ਯੁਗ ਵਿਚ ਇਹ ਕਿਤਾਬ ਛਾਪਣ ਦਾ ਹੀਆ ਕੀਤਾ ਅਤੇ ਬੜੀ ਸੁੰਦਰ ਪ੍ਰਿੰਟਿੰਗ ਤੇ ਰੇਖਾ ਚਿੱਤਰਾਂ ਨਾਲ ਇਨ੍ਹਾਂ ਸ਼ਬਦਾਂ ਨੂੰ ਸ਼ਿੰਗਾਰਿਆ। ਪਹਿਲੀ ਅਡੀਸ਼ਨ ਛਾਪਣ ਦਾ ਉਪਰਾਲਾ ਕੀਤਾ।

ਅੰਤ ਵਿਚ ਆਪਣੇ ਪੁੱਤਾਂ ਵਰਗੇ ਅਜ਼ੀਜ਼ ਭੂਸ਼ਨ ਧਿਆਨਪੁਰੀ ਲਈ ਵੀ ਧੰਨਵਾਦ ਤਾਂ ਰਾਖਵਾਂ ਨਹੀਂ ਰੱਖਦਾ, ਪਰ ਪਾਠਕਾਂ ਸਾਹਮਣੇ ਇਕਬਾਲ ਜ਼ਰੂਰ ਕਰਦਾ ਹਾਂ ਕਿ ਇਸ ਨੌਜਵਾਨ ਤੀਖਣ ਬੁੱਧੀ ਵਾਲੇ ਲਿਖਾਰੀ ਨੇ ਵਿਅੰਗ ਤਰੰਗ ਦੀ ਪ੍ਰੈੱਸ ਕਾਪੀ ਤਿਆਰ ਕਰਨ ਤੋਂ ਲੈ ਕੇ ਪਰੂਫ ਰੀਡਿੰਗ ਅਤੇ ਜਿਲਦਬੰਦੀ ਤੱਕ ਮੇਰੀ ਸਿਰਦਰਦੀ ਆਪਣੇ ਸਿਰ ਲਈ ਰੱਖੀ।

ਇਸ ਵੇਲੇ ਆਪਣੇ ਬੇਸ਼ੁਮਾਰ ਪਾਠਕਾਂ ਅਤੇ ਸ਼ਰੋਤਿਆਂ ਲਈ ਵੀ ਮੇਰੇ ਦਿਲ ਵਿਚ ਅਥਾਹ ਸਤਿਕਾਰ ਕਰਵਟਾਂ ਲੈ ਰਿਹਾ ਹੈ, ਜਿਨ੍ਹਾਂ ਨੇ ਹੁਣ ਤੱਕ ਮੇਰਾ ਕਵਿਤਾ ਵਿਚ ਭਰੋਸਾ ਬਣਾਈ ਰੱਖਿਆ ਹੈ ।

- ਸੂਬਾ ਸਿੰਘ


ਮੋਰਚਾ

ਲਿਆ ਸਾਕੀਆ ਜਾਮ ਥਮ੍ਹਾ ਛੇਤੀ, ਆਈਆਂ ਝੂਮਕੇ ਬਦਲੀਆਂ ਕਾਲੀਆਂ ਨੇ। ਕਿਸੇ ਗੋਰੀ ਨੂੰ ਛੇੜ ਕੇ 'ਮਾਲ' ਉਤੇ, ਲੈਂਦੇ ਛੋਕਰੇ ਰੱਜਕੇ ਗਾਲ੍ਹੀਆਂ ਨੇ। ਜੇਕਰ ਮੰਗਤਿਆਂ ਕਿਤੇ ਸਵਾਲ ਪਾਇਆ, ਜੇਬਾਂ ਉਲਟ ਕੇ ਝੱਟ ਵਿਖਾਲੀਆਂ ਨੇ। ਬਹਿ ਗਏ ਦਰੀਂ ਮਸ਼ੂਕਾਂ ਦੇ ਇਉਂ ਆਸ਼ਕ, ਜਿਵੇਂ ਮੋਰਚੇ ਲਾਏ ਅਕਾਲੀਆਂ ਨੇ ।

ਦੇਸੀ

ਸਾਡਾ ਨਾਲ ਸੁਦੇਸ਼ੀ ਦੇ ਪਿਆਰ ਗੂੜ੍ਹਾ, ਲਾਈਏ ਕਦੇ ਤਾਂ ਲਾਈਏ ਖ਼ਿਜ਼ਾਬ ਦੇਸੀ । ਚੜ੍ਹੀਏ ਭਾਵੇਂ ਬਦੇਸ਼ਾਂ ਦੀ ਕਾਰ ਉਤੇ, ਪਾਈਏ ਪੈਰਾਂ ਦੇ ਵਿਚ ਜੁਰਾਬ ਦੇਸੀ। ਦਿਲ ਲੈ ਕੇ ਤੇ ਸੁਹਣੇ ਜਾਣ ਮੁੱਕਰ, ਚਾਲੂ ਰੱਖਦੇ ਨਿੱਤ ਹਿਸਾਬ ਦੇਸੀ। ਘਰੋ ਘਰੀ ਨੇ ਭੱਠੀਆਂ ਬੀੜ ਲਈਆਂ, ਲੋਕੀਂ ਕੱਢ ਕੇ ਪੀਣ ਸ਼ਰਾਬ ਦੇਸੀ ।

ਡਿਨਰ

ਆਂਹਦੇ ਤਖ਼ਤ ਹਜ਼ਾਰਿਉਂ ਖਾ ਧੱਕੇ, ਜਾਣਾ ਰਾਂਝੇ ਸੀ ਆਪਣੇ ਪੀਰ ਦੇ ਘਰ। ਰਾਤ ਪਈ ਤਾਂ ਮੱਝ ਦੀ ਪੂਛ ਫੜ ਕੇ, ਪਹੁੰਚ ਗਿਆ ਅੰਧਰਾਤੇ ਵਿਚ ਹੀਰ ਦੇ ਘਰ। ਸੁਹਣੀ ‘ਹੀਰ’ ਦੀ ਕੋਈ ਨਾ ਵਾਤ ਪੁਛੇ, ਓਧਰ ਭੀੜ ਰਹਿੰਦੀ ਸੁਣਿਆ 'ਤੀਰ' ਦੇ ਘਰ । ਗੱਲ ਕਰਨ ਉਹ ਕਿਸੇ ਦੇ ਨਾਲ ਕਾਹਨੂੰ, ਕੀਤਾ ਜਿਨ੍ਹਾਂ ਨੇ ਡਿਨਰ ਵਜ਼ੀਰ ਦੇ ਘਰ।

ਗ਼ਮੇ-ਇਸ਼ਕ

ਖਾਣ ਵਾਲੀਆਂ ਚੀਜ਼ਾਂ ਦੀ ਥੋੜ ਕੋਈ ਨਾ, ਖਾਓ ਸੋਚ ਕੇ ਤੇ ਬਹੁਤ ਕਮ ਖਾਓ। ਬਿਸਕੁਟ ਕਚਰਿਆਂ ਦੇ, ਦਾਲ ਕੰਕਰਾਂ ਦੀ, ਜਾਨ ਰਖਿਆ ਲਈ ਕਰਕੇ ਦਮ ਖਾਓ। ਕਸਮਾਂ ਖਾਣ ਨੂੰ ਢੇਰਾਂ ਦੇ ਢੇਰ ਪਈਆਂ, ਖਾਓ ਸੁੱਕੀਆਂ ਤੇ ਭਾਵੇਂ ਨਮ ਖਾਓ। ਜੇਕਰ ਮਾਲ ਹਰਾਮ ਦਾ ਨਹੀਂ ਮਿਲਦਾ, ਲਾਓ ਇਸ਼ਕ ਤੇ ਓਸ ਦਾ ਗ਼ਮ ਖਾਓ।

ਸਰਕਾਰ

ਬਾਗ਼ ਮਹਿਕਦੇ ਏਸ ਜਹਾਨ ਅੰਦਰ, ਕੋਈ ਲਾ ਜਾਵੇ ਕਈ ਪੁੱਟ ਜਾਵੇ। ਘਾਟਾ ਨਹੀਂ ਏ ਗੰਜ ਖ਼ਜ਼ਾਨਿਆਂ ਦਾ, ਕੋਈ ਜੋੜ ਜਾਵੇ ਕੋਈ ਲੁੱਟ ਜਾਵੇ । ਚਲੋ-ਚਲੀ ਦਾ ਇਹ ਸੰਸਾਰ ਕਹਿੰਦੇ, ਜਾਏ ਜਿਦ੍ਹੀ ਵੀ ਚੋਗ ਨਖੁੱਟ ਜਾਵੇ । ਬੜੀ ਨਾਜ਼ੁਕ ਮਿਜ਼ਾਜ ਸਰਕਾਰ “ਸਾਹਿਬ”, ਸੁਬ੍ਹਾ ਬਣੇ ਦੁਪਹਿਰ ਨੂੰ ਟੁੱਟ ਜਾਵੇ ।

ਵਜ਼ੀਰ

ਦੁੱਧ ਪੀ ਕੇ ਕਰਨ ਅਲਾਟ ਹੀਰਾਂ, ਉਹ ਕੋਈ ਰਾਂਝੇ ਦੇ ਕਾਲ ਦੇ ਪੀਰ ਤਾਂ ਨਹੀਂ। ਪੇਸ਼ਾ ਆਸ਼ਕੀ ਦਾ ਸੱਤਾਂ ਪੀੜ੍ਹੀਆਂ ਤੋਂ, ਸਾਡੀ ਮਜਨੂੰ ਤੋਂ ਸ਼ਾਨ ਹਕੀਰ ਤਾਂ ਨਹੀਂ। ਸੱਚੇ ਪਿਆਰ ਦਾ ਮੈਂ ਇਜ਼ਹਾਰ ਕੀਤਾ, ਕੀਤੀ ਚੋਣ ਦੇ ਵਿਚ ਤਕਰੀਰ ਤਾਂ ਨਹੀਂ । ਕਾਹਨੂੰ ਮਹਿਫਲ 'ਚ ਸੱਦਕੇ ਘੂਰਦੇ ਹੋ, ਮੈਂ ਕੋਈ ਗੱਦੀਓਂ ਲੱਥਾ ਵਜ਼ੀਰ ਤਾਂ ਨਹੀਂ।

ਬਿਜਲੀ

ਗੁੱਸਾ ਓਸ ਗੁਆਂਢਣ ਦਾ ਕੀ ਕਰਨਾ, ਬਿਨਾਂ ਬਾਲਣੋਂ ਜੋ ਸੜੀ ਬਲੀ ਜਾਵੇ। ਰੋਣਾ ਇਕ ਨੂੰ ਕੀ ਆਵਾ ਊਤਿਆ ਏ, ਸਾਰਾ ਸ਼ਹਿਰ ਬਲੈਕ 'ਤੇ ਪਲੀ ਜਾਵੇ । ਹਰ ਬੂਹੇ 'ਚੋਂ ਭੌਂਕਦੇ ਪੈਣ ਕੁੱਤੇ, ਕਿਹੜਾ ਆਸ਼ਕ ਫਿਰ ਯਾਰ ਦੀ ਗਲੀ ਜਾਵੇ । ਤੇਰੀ ਯਾਦ ਸਜਣੀ ਬਿਜਲੀ ਵਾਂਗ ਹੋਈ, ਇਕ ਦਿਨ ਆ ਜਾਂਦੀ ਦਸ ਦਿਨ ਚਲੀ ਜਾਵੇ ।

ਮਜਨੂੰ

ਦਸਵੀਂ ਵਾਰ ਜਾਂ ਦਸਵੀਂ 'ਚੋਂ ਫੇਲ੍ਹ ਹੋਇਆ, ਕਰ ਲਈ ਨੌਕਰੀ ਮਜਨੂੰ ਛਬੀਲ ਉਤੇ । ਕੋਲੇ ਹੋ ਗਿਆ ਹਿਜਰ ਦੀ ਅੱਗ ਅੰਦਰ, ਪੋਚਾ ਫਿਰ ਗਿਆ ਅਕਲ ਦਲੀਲ ਉਤੇ। ਲੈਲਾ ਭਾਲਦੇ ਕਾਲੀਆਂ ਐਨਕਾਂ ਲਾ, ਟੋਡੀ ਛੋਕਰੇ ਜਿਸ ਤਰ੍ਹਾਂ ਝੀਲ ਉਤੇ। ਹਾਥੀ ਗਜ਼ਾਂ ਤੋਂ ਜਿਨ੍ਹਾਂ ਨੂੰ ਲੱਭਦਾ ਨਹੀਂ, ਲੜਕੀ ਵੇਖ ਲੈਂਦੇ ਬਾਰਾਂ ਮੀਲ ਉਤੇ।

ਸੁਹਣੀ

ਰੱਕੜ ਬੇਲੇ ਟਰੈਕਟਰਾਂ ਵਾਹ ਦਿੱਤੇ, ਵੱਗ ਰਾਂਝੇ ਦਾ ਚਰੇ ਤੇ ਚਰੇ ਕਿੱਥੇ ? ਗਿਆ ਹੁਸਨ ਦਾ ਉਹ ਇਤਵਾਰ ਮੁੱਢੋਂ, ਇਸ਼ਕ ਚਾਕਰੀ ਕਰੇ ਤੇ ਕਰੇ ਕਿੱਥੇ ? ਬੱਝੇ ਪੁਲ ਤੇ ਬੇੜੀਆਂ ਪੈਂਦੀਆਂ ਨੇ, ਲੋਕਾਂ ਅੱਜ ਝਨਾਵਾਂ ਦੇ ਵੱਧਣ ਮੋੜੇ - ਕੱਚੇ ਘੜੇ ਨੂੰ ਹਿੱਕ ਦੇ ਨਾਲ ਲਾਕੇ, ਸੁਹਣੀ ਡੁੱਬ ਕੇ ਮਰੇ ਤੇ ਮਰੇ ਕਿੱਥੇ ?

ਹਾਕਮ

ਮਜਨੂੰ ਥਲਾਂ 'ਚੋਂ ਲੈਲਾ ਨੂੰ ਵਾਜ ਮਾਰੀ, ਆਜਾ ਸੁਹਣੀਏ ਕੱਲੇ ਨੂੰ ਡਰ ਲਗਦਾ। ਮਤਾਂ ਡੁਬ ਨਾ ਜਾਏ ਨੀਂ ਦਿਲ ਮੇਰਾ, ਨੈਣ ਤੈਂਡੜੇ ਲਹਿਰ ਦਾ ਸਰ ਲਗਦਾ। ਸਜਦੇ ਸਣੇ ਖ਼ੁਸ਼ਾਮਦਾ ਕਰੀ ਜਾਈਏ, ਦਫ਼ਤਰ ਹਾਕਮ ਦਾ ਯਾਰ ਦਾ ਦਰ ਲਗਦਾ। ਭਾਵੇਂ ਸ਼ਕਲ ਰਕੀਬ ਦੀ ਬੜੀ ਸੁਹਣੀ, ਪਰ ਉਹ ਅਕਲ ਦੇ ਪੱਖੋਂ ਤਾਂ ਖਰ ਲਗਦਾ ।

ਵੋਟ

ਗਰਮੀ ਇਸ਼ਕ ਦੀ ਸਰਦੀਆਂ ਵਿਚ ਚੰਗੀ, ਕਿਉਂਕਿ ਆਸ਼ਕਾਂ ਨੂੰ ਜੁੜਦਾ ਕੋਟ ਕੋਈ ਨਾ । ਸਾਗਰ ਲਹਿਰ ਦੇ ਨੈਣਾਂ ਦਾ ਕਿਵੇਂ ਤਰੀਏ, ਏਥੇ ਕੋਈ ਮਲਾਹ ਤੇ 'ਬੋਟ’ ਕੋਈ ਨਾ । ਚੂਚਕ ਸੱਦ ਕੇ ਆਖਿਆ ਰਾਂਝਣੇ ਨੂੰ, ਤੇਰੇ ਰੂਪ ਵਿਚ ਬੱਲਿਆ ਖੋਟ ਕੋਈ ਨਾ। ਤੇਰੇ ਨਾਲ ਪਰ ਵਿਆਹ ਦਿਆਂ ਹੀਰ ਕਿੱਦਾਂ, ਤੇਰੀ ਝੰਗ ਸਿਆਲਾਂ ਵਿਚ ਵੋਟ ਕੋਈ ਨਾ ।

ਭਰੋਸਾ

ਗਲਮੇ-ਪਾੜਨੇ ਤਾਂ ਮਜਨੂੰ ਬਹੁਤ ਫਿਰਦੇ, ਵਿਰਲੇ ਹੋਣਗੇ ਪਾੜ ਕੇ ਸੀਣ ਵਾਲੇ । ਵਾਜਾਂ ਮਾਰਦੇ ਸ਼ਹਿਰ 'ਚ ਰਿੰਦ ਫਿਰਦੇ, ਕਿੱਧਰ ਮਰੇ ਨੇ ਜਾਮ ਭਰੀਣ ਵਾਲੇ । ਕੁੜਤੇ ਸਣੇ ਭਾਵੇਂ ਜਿਗਰ ਸੜ ਜਾਏ, ਪੀਂਦੇ ਰਹਿਣਗੇ ਸਿਗਰਟਾਂ ਪੀਣ ਵਾਲੇ । ਕਵਿਤਾ ਭਾਵੇਂ "ਭਗਵੰਤ" ਸੁਣਾਏ ਕਿੰਨੀ, ਜੀਂਦੇ ਰਹਿਣਗੇ, ਫੇਰ ਵੀ ਜੀਣ ਵਾਲੇ ।

ਨੀਲਾਮੀ

ਜਾਮ ਨਾਲ ਟਕਰਾ ਕੇ ਜਾਮ ਪੀਤੇ, ਪਹੀਏ ਰੇਲਾਂ ਦੇ ਕਿਸੇ ਨੇ ਜਾਮ ਕੀਤੇ। ਦੇਸ਼ ਭਗਤੀ ਦੇ ਜੋਸ਼ ਵਿਚ ਕਾਮਰੇਡਾਂ, ਨਾਅਰੇ ਬੰਧ-ਹੜਤਾਲਾਂ ਦੇ ਆਮ ਕੀਤੇ । ਹੋਰ ਲਾਅਨਤਾਂ ਜੱਗ ਵਿਚ ਥੋੜ੍ਹੀਆਂ ਨਹੀਂ, ਐਵੇਂ ਇਸ਼ਕ ਨੇ ਲੋਕ ਬਦਨਾਮ ਕੀਤੇ। ਜਦੋਂ ਹੋਰ ਕੁਛ ਮਾਲ ਨਾ ਹੱਥ ਆਇਆ, ਸਾਡੇ ਸ਼ੇਅਰ ਹੀ ਸ਼ਾਹਾਂ ਨੀਲਾਮ ਕੀਤੇ।

ਰਾਂਝਾ

ਗੜੇ ਇਸ਼ਕ ਨੇ ਮਾਰਿਆ ਮੀਆਂ ਰਾਂਝਾ, ਨਹੀਂ ਤਾਂ ਅੱਜ ਕਿਧਰੇ 'ਰਾਜਯਪਾਲ' ਹੁੰਦਾ । ਲਿਆ ਦਿਲ ਤੇ ਲੈ ਹੋ ਗਿਆ ਤਿੱਤਰ, ਜਿਵੇਂ ਓਸਦੇ ਪਿਓ ਦਾ ਮਾਲ ਹੁੰਦਾ । ਰਾਂਝੇ ਨਾਥ ਨੂੰ ਆਖਿਆ ਬਖ਼ਸ਼ ਤੂੰਹੀਓਂ, ਮੈਥੋਂ ਹੀਰ ਨੂੰ ਨਹੀਂ ਉਧਾਲ ਹੁੰਦਾ । ਪੰਛੀ ਦਿਲ ਨਹੀਂ ਸਮਝਿਆ ਅਜੇ ਤੀਕਰ, ਰੂਪ ਚੋਗਾ ਤੇ ਜ਼ੁਲਫ਼ਾਂ ਦਾ ਜਾਲ ਹੁੰਦਾ।

ਮੁੱਲ

ਤਿਰਛੀ ਨਜ਼ਰ ਪਿਆਰ ਸੰਗ ਵੇਖ ਬੈਠੇ, ਹੋਈ ਹੋਰ ਤਾਂ ਅਸਾਂ ਤੋਂ ਭੁੱਲ ਕੋਈ ਨਾ । ਦਰਦ ਹਿਜਰ ਵਿਚ ਖੁਲ੍ਹਕੇ ਰੋਣ ਬਾਝੋਂ, ਮਿਲਦੀ ਇਸ਼ਕ ਵਿਚ ਹੋਰ ਤਾਂ ਖੁਲ੍ਹ ਕੋਈ ਨਾ । ਸਦਾ ਖੁਸ਼ੀ ਵਿਚ ਲਿਪਟਿਆ ਗ਼ਮ ਹੁੰਦਾ, ਬਿਨਾਂ ਕੰਡਿਆਂ ਦੇ ਹੁੰਦਾ ਫੁੱਲ ਕੋਈ ਨਾ । ਸਭਨਾਂ ਸ਼ੈਆਂ ਦੇ ਭਾਅ ਅਸਮਾਨ ਚੜ੍ਹ ਗਏ, ਸਾਡੇ ਹਉਕਿਆਂ ਦਾ ਵਧਿਆ ਮੁੱਲ ਕੋਈ ਨਾ ।

ਕਸਮਾਂ

ਲੋਕੀਂ ਵੇਖ ਘਟਾਵਾਂ ਨੂੰ ਜਾਮ ਪੀਂਦੇ, ਪੀਏ ਅਸੀਂ ਤਾਂ ਬਦਲੀਆਂ ਘਿਰਦੀਆਂ ਨੇ । ਬਿਨਾਂ ਸੋਚਿਆਂ ਸਮਝਿਆਂ ਮਰੀ ਜਾਣਾ, ਇਹ ਤਾਂ ਵਾਦੀਆਂ ਇਸ਼ਕ ਨੂੰ ਚਿਰਦੀਆਂ ਨੇ । ਏਧਰ ਸਾਹ ਵੀ ਲੈਣਾ ਦੁਸ਼ਵਾਰ ਹੋਇਆ, ਓਧਰ ਪੌਣਾਂ ਗਵਾਂਢ ਵਿਚ ਫਿਰਦੀਆਂ ਨੇ । ਜਦੋਂ ਖਾਣ ਲਈ ਹੋਰ ਨਾ ਕੱਖ ਜੁੜਿਆ, ਕਸਮਾਂ ਖਾਧੀਆਂ ਮੈਂਡੜੇ ਸਿਰ ਦੀਆਂ ਨੇ ।

ਆਟਾ

ਇਸ਼ਕ, ਹੁਸਨ, ਸੰਗੀਤ ਤੇ ਕਲਾ ਨਾਲੋਂ, ਬਾਜ਼ੀ ਲੈ ਗਿਆ ਸਰੇ ਬਾਜ਼ਾਰ ਆਟਾ । ਆਸ਼ਕ ਝਲਕ ਉਡੀਕਦੇ ਡੀਪੂਆਂ ਤੇ, ਦਿੰਦਾ ਨਹੀਂ ਦੀਦਾਰ ਦਿਲਦਾਰ ਆਟਾ । ਸੁੱਟ ਮੋਟਰਾਂ ਵਿਚ ਉਧਾਲ ਲੈ ਗਏ, ਪਹੁੰਚ ਗਿਆ ਸਰਹੱਦਾਂ ਤੋਂ ਪਾਰ ਆਟਾ । ਹਰ ਇਕ ਮੋੜ ਤੇ ਪੁਛਦੇ ਲੋਕ ਫਿਰਦੇ, ਕਿੱਧਰ ਗਿਆ ਹੈ, ਮੇਰੀ ਸਰਕਾਰ ਆਟਾ ।

ਚੁਗਲੀ

ਜੇਕਰ ਬੋਲ ਜ਼ਬਾਨ ਚੋਂ ਨਾ ਨਿਕਲੇ, ਨਜ਼ਰ ਦਿਲਾਂ ਦੀ ਬਾਤ ਨੂੰ ਬੁੱਝ ਜਾਏ। ਫੇਰ ਆਸ਼ਕੀ ਲਈ ਨਾ ਵਿਹਲ ਮਿਲਦਾ, ਬੰਦਾ ਕੰਮ ਵਿਚ ਜੇਕਰਾਂ ਰੁੱਝ ਜਾਏ। ਪਤਾ ਨਹੀਂ ਕਿਉਂ, ਹੱਸਦਾ ਮੂੰਹ ਉਹਦਾ, ਮੈਨੂੰ ਵੇਂਹਦਿਆਂ ਸਾਰ ਹੀ ਸੁੱਜ ਜਾਏ। ਮਨੀਆਰਡਰ ਤਾਂ ਔਝੜੇ ਪੈ ਸਕਦਾ, ਚੁਗਲੀ ਠਾਹ ਟਿਕਾਣੇ ਤੇ ਪੁੱਜ ਜਾਏ।

ਝਿੜਕ

ਮੱਤ ਮਾਰੀ ਗਈ ਅਮਲੀਆਂ ਆਸ਼ਕਾਂ ਦੀ, ਘੇਰੀ ਕਿਸੇ ਦੀ ਬੱਕਰੀ ਚੋਣ ਬਹਿ ਗਏ । ਝਗੜਾ ਪੈ ਗਿਆ ਨਾਲ ਗਵਾਂਢੀਆਂ ਦੇ, ਚੱਕੀ ਗਾਲ੍ਹੀਆਂ ਦੀ ਸਾਰੇ ਝੋਣ ਬਹਿ ਗਏ । ਪਈਆਂ ਜੁੱਤੀਆਂ ਮਜਨੂੰਆਂ ਸਾਦਕਾਂ ਨੂੰ, ਅਸ਼ਕਾਂ ਨਾਲ ਨਮੋਸ਼ੀਆਂ ਧੋਣ ਬਹਿ ਗਏ । “ਸਾਹਿਬ” ਆਸ਼ਕ ਗਰੀਬ ਦਾ ਕੀ ਹੁੰਦਾ, ਮਿਲੀ ਝਿੜਕ ਤਾਂ ਉਠਕੇ ਰੋਣ ਬਹਿ ਗਏ ।

ਸਾਜ਼ਿਸ਼

ਮਹਿਫ਼ਲ ਵਿਚ ਰਕੀਬ ਦੇ ਖਿੱਚ ਕੇ ਤੇ, ‘ਕਾੜ੍ਹ' ਸਾਕੀ ਨੇ ਇਕ ਚਪੇੜ ਮਾਰੀ। ਅੱਖ ਭੁੱਲ ਕੇ ਛੜੇ ਨੂੰ ਮਾਰ ਬੈਠੇ, ਸਰਦਲ ਫੇਰਿਆਂ ਨਾਲ ਉਖੇੜ ਮਾਰੀ। ਨਵੀਂ ਕਲਾ ਦਾ ਬਣ ਗਿਆ ਰੂਪ ਚਿਹਰਾ, ਥਾਲੀ ਦਾਲ ਦੇ ਨਾਲ ਲਬੇੜ ਮਾਰੀ । “ਸਾਹਿਬ” ਨਾਲ ਮਾਸ਼ੂਕ ਨੇ ਗੱਲ ਕਰਕੇ, ਸਾਰੀ ਗ਼ੈਰ ਦੀ ਸਾਜ਼ਿਸ਼ ਉਧੇੜ ਮਾਰੀ।

ਦੋਸਤੀ

ਰੇਲਾਂ ਵਾਲਿਆਂ ਨੇ ਪਹੀਏ ਜਾਮ ਕੀਤੇ, ਨਾਲ ਲੋਕਾਂ ਦੇ ਬੜੀ ਖਰਖੱਸ ਹੋਈ । ਦਾਬੇ ਮਾਰ ਸਰਕਾਰ ਨੂੰ ਘੂਰਦੇ ਰਹੇ, ਪਰ ਉਹ ਜ਼ਰਾ ਨਾ ਟੱਸ ਤੋਂ ਮੱਸ ਹੋਈ। ਸਾਹ ਮੁਕਿਆ ਉਤਰੇ ਤਰਲਿਆਂ ਤੇ, ਜਦੋਂ ਵੱਸ ਤੋਂ ਗਲ ਬੇ-ਵੱਸ ਹੋਈ । ਜੀਉਂਦੇ ਰਹੇ ਤਾਂ ਫ਼ੇਰ ਮਜ਼ਦੂਰ ਮਿਲਸਨ, ਚਾਰ ਸਾਲ ਤਾਂ ਦੋਸਤੀ ਬੱਸ ਹੋਈ ।

ਤਸਵੀਰ

ਆਸ਼ਕ ਸੋ ਜੋ ਵਾਟ ਨਾ ਕਰੇ ਖੋਟੀ, ਪਰਬਤ ਟੱਪ ਨਿਕਲੇ, ਸਾਗਰ ਚੀਰ ਨਿਕਲੇ । ਇਕ ਘੜੀ ਵਿਛੋੜਾ ਨਾ ਝੱਲ ਸਕੇ, ਨਿਕਲੇ ਆਤਮਾ ਮਗਰ ਸਰੀਰ ਨਿਕਲੇ । ਜੀਉਂਦੇ ਰਹਿਣ ਦਾ ਨਾਂ ਨਹੀਂ ਮਰਦ ਹੁੰਦਾ, ਮਰਦ ਸੋ ਜੋ ਮਰਦ ਅਖੀਰ ਨਿਕਲੇ । ਦਮ ਨਿਕਲ ਵਜੀਰ ਦਾ ਜਾਏ “ਸਾਹਿਬ”, ਜੇ ਨਾ ਵਿਚ ਅਖਬਾਰ ਤਸਵੀਰ ਨਿਕਲੇ ।

ਦਲੀਲ

ਨਹੀਂ ਨਸਲ ਸ਼ੈਤਾਨ ਦੀ ਭੁੱਲ ਕੇ ਵੀ, ਸੋਹਣੀ, ਸਾਊ, ਸੁਲੱਗ, ਅਸੀਲ ਹੁੰਦੀ। ਵਿਚ ਹੌਕਿਆਂ ਜਿਗਰ ਦਾ ਖ਼ੂਨ ਪਾਈਏ, ਕਿਧਰੇ ਸ਼ੇਅਰ ਦੀ ਫੇਰ ਤਸ਼ਕੀਲ ਹੁੰਦੀ । ਲੋਕੀਂ ਪੂਜਦੇ ਅਗਰ ਨਾ ਵਿਹਲੜਾਂ ਨੂੰ, ਸੁੱਚੀ ਕਿਰਤ ਨਾ ਕਦੇ ਜ਼ਲੀਲ ਹੁੰਦੀ। ਮਰੀ ਜਾਂਦੇ ਨੇ ਇਸ਼ਕ ਵਿਚ ਮਰਨ ਖ਼ਾਤਰ, ਨਹੀਂ ਆਸ਼ਕਾਂ ਕੋਲ ਦਲੀਲ ਹੁੰਦੀ।

ਬੇਈਮਾਨੀ

ਵੱਢੀ ਖੋਰ ਇਕ ਦੂਜੇ ਨੂੰ ਕਹਿਣ ਲਗਾ, ਮੇਰੇ ਹੀਰਿਆ, ਮਹਿਰਮਾ, ਦਿਲ ਜਾਨੀ । ਗੱਫੇ ਰੱਜਕੇ ਲੋਕਾਂ ਤੋਂ ਮੁੱਛਦੇ ਹਾਂ, ਕਰਮਾਂ ਵਾਲੀ ਹੈ, ਅਸਾਂ ਦੇ ਹੱਥ ਕਾਨੀ। ਕਰਦੇ ਵੱਢੀ ਦੀ ਰਕਮ ਦੀ ਵੰਡ ਕਾਣੀ, ਰੱਬਾ ਦਾਤਿਆ ਕਰੀਂ ਤੂੰ ਮਿਹਰਬਾਨੀ । ਇਉਂ ਉੱਡ ਗਈ ਜਦੋਂ ਈਮਾਨਦਾਰੀ, ਗਰਕ ਦੁਨੀਆ ਨੂੰ ਕਰੇਗੀ ਬੇਈਮਾਨੀ ।

ਉੱਲੂ

ਫਿਰਕੂ ਪਾੜਦੇ ਨੇ ਰਿਸ਼ਤੇ ਪਿਆਰ ਵਾਲੇ, ਬਾਂਦਰ ਲੀਰਾਂ ਨੂੰ ਜਿਸ ਤਰ੍ਹਾਂ ਪਾੜਦੇ ਨੇ। ਕਲਮਾਂ ਜ਼ਹਿਰ ਵਿਚ ਡੋਬ ਕੇ ਲਿਖੀ ਜਾਂਦੇ, ਫੁੱਲ ਈਰਖਾ-ਅੱਗ ਵਿਚ ਸਾੜਦੇ ਨੇ। ਗੱਲ ਕਿਸੇ ਦੇ ਭਲੇ ਦੀ ਨਹੀਂ ਕਰਦੇ, ਇਹ ਤਾਂ ਸੋਚ ਕੇ ਕਾਜ ਵਿਗਾੜਦੇ ਨੇ। ਮਾਂ-ਬੋਲੀ ਦਾ ਜਿਹੜੇ ਵਿਰੋਧ ਕਰਦੇ, ਆਸ਼ਕ ਉੱਲੂਆਂ ਹਾਰ ਉਜਾੜਦੇ ਨੇ।

ਕਵੀ

ਦੁਖ ਜੌਹਰ ਉਘਾੜਦਾ ਆਦਮੀ ਦੇ, ਸੁਖ ਐਸ਼ ਵਿਚ ਡੋਬ ਕੇ ਮਾਰਦਾ ਏ। ਕੋਈ ਹਾਰਦਾ ਨਹੀਂ ਮੈਦਾਨ ਅੰਦਰ, ਓਹੀਉ ਹਾਰਦਾ ਦਿਲੋਂ ਜੋ ਹਾਰਦਾ ਏ। ਰਾਂਝਾ ਇਸ਼ਕ ਵਿਚ ਮਝੀਆਂ ਚਾਰਦਾ ਸੀ, ‘ਆਸ਼ਕ' ਅੱਜ ਦਾ, ਆਦਮੀ ਚਾਰਦਾ ਏ। ਕਿਉਂਕਿ ਕਵੀ ਨੂੰ ਹੋਰ ਨਹੀਂ ਕੰਮ ਕੋਈ, ਬੈਠਾ ਧਰਤ ਦੀ ਜ਼ੁਲਫ ਸਵਾਰਦਾ ਏ।

ਨਾਵਾਂ

ਚੰਗੇ ਆਦਮੀ ਜੋ ਵਕਤ ਜਾਣ ਕੱਟੀ, ਕਿਉਂਕਿ ਜੇਬ ਤਾਂ ਕਿਸੇ ਦੀ ਕੱਟਦੇ ਨਹੀਂ। ਕਦੇ ਉੱਦਮੀ ਵਾਂਗ ਅਫ਼ੀਮੀਆਂ ਦੇ, ਰਸੇ ਰੇਤ ਦੇ ਬੈਠਕੇ ਵੱਟਦੇ ਨਹੀਂ। ਜਿਨ੍ਹਾਂ ਅਣਖ ਦਾ ਜੀਣ ਮਨਜ਼ੂਰ ਕੀਤਾ, ਉਹ ਤੇ ਜੁੱਤੀਆਂ ਕਦੇ ਵੀ ਚੱਟਦੇ ਨਹੀਂ। ਗੁੱਸੇ “ਸਾਹਿਬ” ਦੇ ਨਾਲ ਨੇ ਯਾਰ ਲੋਕੀਂ, ਪਏ ਆਖਦੇ ਨੇ "ਨਾਵਾਂ" ਖੱਟਦੇ ਨਹੀਂ।

ਜੋਕਾਂ

ਬਰਕਤ ਸਭ ਰਕੀਬਾਂ ਦੇ ਹੱਥ ਆਈ, ਸਾਡੇ ਜੀਣ ਦਾ ਰਹਿ ਗਿਆ ਹੱਜ ਕੋਈ ਨਾ । ਲੋਕ ਮਿਹਨਤਾਂ ਸੇਠਾਂ ਨੇ ਖਾ ਲਈਆਂ, ਆਉਂਦਾ ਫੇਰ ਵੀ ਉਨ੍ਹਾਂ ਨੂੰ ਰੱਜ ਕੋਈ ਨਾ। ਰਾਂਝਾ ਧਾ ਦੁਹੱਥੜਾਂ ਮਾਰ ਰੋਇਆ, ਮਿਲਿਆ ਹੀਰ ਨੂੰ ਮਿਲਣ ਦਾ ਪੱਜ ਕੋਈ ਨਾ, ‘ਸਾਹਿਬ’ ਆਸ਼ਕਾਂ ਵਾਂਗ ਉਦਾਸ ਫਿਰਦਾ, ਚੌਧਰ-ਪੁਣੇ ਦਾ ਲੱਭਿਆ ਛੱਜ ਕੋਈ ਨਾ।

ਉਬਾਸੀ

ਰਗੜ ਰਗੜ ਕੇ ਯਾਰ ਦੇ ਦਰਾਂ ਉਤੇ, ਉਪਰ ਮੱਥਿਆਂ ਦੇ ਪਈਆਂ ਘਾਸੀਆਂ ਨੇ । ਸਰੇ ਗੱਲ ਨਾ ਕਦੇ ਨਿਗੱਲਿਆਂ ਤੋਂ, ਲੜੇ ਕਦੇ ਨਾ ਜੰਗ ਮਿਰਾਸੀਆਂ ਨੇ । ਦਿਲਾਂ ਵਿੱਚ ਕਦੂਰਤਾਂ ਵੱਸ ਰਹੀਆਂ, ਉੱਪਰ ਬੁੱਲ੍ਹਾਂ ਦੇ ਝੂਠੀਆਂ ਹਾਸੀਆਂ ਨੇ । ਜਾਮ ਮਹਿਫ਼ਲ ਵਿੱਚ ਵਰਤ ਗਏ ਹੋਰਨਾਂ ਨੂੰ, “ਸਾਹਿਬ” ਗੋਸ਼ੇ ਵਿੱਚ ਲੈਣ ਉਬਾਸੀਆਂ ਨੇ।

ਭੇਤ

ਰਹਿੰਦਾ ਆਖਰੀ ਦਮਾਂ ਤਕ ਵਾਰ ਕਰਦਾ, ਕਦੇ ਮਰਦ ਮੈਦਾਨ 'ਚੋਂ ਨੱਸਦਾ ਨਹੀਂ । ਚੜ੍ਹਿਆ ਫਿਰੇ ਜੋ ਹਵਾ ਦੇ ਮੋਢਿਆਂ ਤੇ, ਬੱਦਲ ਕਦੇ ਉਹ ਨਿੱਠ ਕੇ ਵੱਸਦਾ ਨਹੀਂ । ਉਹ ਆਦਮੀ ਆਦਮੀ ਨਹੀਂ ਹੁੰਦਾ, ਜਿਹੜਾ ਆਪਣੇ ਆਪ ਤੇ ਹੱਸਦਾ ਨਹੀਂ । ਗੱਲਾਂ ਉਂਝ ਤਾਂ ਥੋੜ੍ਹੀਆਂ ਨਹੀਂ ਕਰਦਾ, “ਸਾਹਿਬ” ਦਿਲੇ ਦਾ ਭੇਤ ਪਰ ਦੱਸਦਾ ਨਹੀਂ ।

ਮਾਂਜਾ

ਅਜੇ ਸੋਚ ਮਨੁੱਖ ਦੀ ਧੁੰਦਲੀ ਹੈ, ਸਮਾਂ ਅਜੇ ਪੈਗੰਬਰਾਂ ਹਾਦੀਆਂ ਦਾ । ਪੁਛ ਕੁੱਤੇ ਦੀ ਸਿੱਧੀ ਤਾਂ ਹੋ ਸਕਦੀ, ਔਖਾ ਛੱਡਣਾ ਭੈੜੀਆਂ ਵਾਦੀਆਂ ਦਾ । ਨਫਰਤ-ਬਾਜ਼ਾਂ ਵਟਾਂਦਰਾ ਕਰ ਲਿਆ ਹੈ, ਪਹਿਲੇ ਹੱਥ ਸੀ ਮੁਲਕ-ਅਬਾਦੀਆਂ ਦਾ। ਪਾਕਿਸਤਾਨ ਦੇ ਹਾਕਮਾਂ ਹੱਦ ਕੀਤੀ, ਮਾਂਜਾ ਲਾਹਕੇ ਛੱਡਿਆ ਕਾਦੀਆਂ ਦਾ ।

ਹੱਕ

ਕੱਲ ਬਾਬੂ ਇਕ ਬਸ ਵਿਚ ਕਹਿ ਹਿਰਾ ਸੀ, ਜਿਸਦਾ ਦਾਅ ਲਗਦਾ ਉਹੀ ਲਾਈ ਜਾਵੇ। ਕੌਣ ਪੁਛਦਾ ਖੋਟਿਆਂ ਸਿੱਕਿਆਂ ਨੂੰ, ਹਰ ਕੋਈ ਸ਼ਹਿਰ ਦੇ ਵਿਚ ਚਲਾਈ ਜਾਵੇ। 'ਇਕੋ ਜਹੇ ਵਿਧਾਨ ਨੇ ਹੱਕ ਦਿਤੇ', ਰੌਲਾ ਹਰ ਵਜ਼ੀਰ ਹੀ ਪਾਈ ਜਾਵੇ । ਫੇਰ ਸਾਡੇ 'ਚੋਂ ਕਿਸੇ ਦਾ ਦੋਸ਼ ਕੀ ਏ ? ਵਾਂਗਰ ਹੋਰਨਾਂ ਜੇ ਵੱਢੀ ਖਾਈ ਜਾਵੇ ।

ਅਫ਼ਵਾਹ

ਬੇੜੀ ਬਿਨਾਂ ਤੂਫ਼ਾਨ ਹੀ ਡੋਲਦੀ ਏ, ਕਿਧਰੇ ਵੇਖਣਾ ਵਿੱਚ ਮਲਾਹ ਤਾਂ ਨਹੀਂ ? ਇਸ਼ਕ ਆਪਣੇ ਆਪ ਹੀ ਲੱਗ ਜਾਏ, ਕਰਦਾ ਕਿਸੇ ਦੇ ਨਾਲ ਸਲਾਹ ਤਾਂ ਨਹੀਂ । ਪੀਓ, ਵੇਖ ਕੇ ਸਾਕੀ ਦੀ “ਕਾਰਸਾਜ਼ੀ", ਘੋਲੀ ਵਿੱਚ ਸ਼ਰਾਬ ਸੁਆਹ ਤਾਂ ਨਹੀਂ ? ਮੰਨ ਲਈ ਰਕੀਬਾਂ ਨੇ ਹਾਰ ਆਖ਼ਰ, ਸੱਚੀ ਖ਼ਬਰ ਹੈ, ਨਿਰੀ ਅਫ਼ਵਾਹ ਤਾਂ ਨਹੀਂ ?

ਮਕਾਨ

ਲੈਲਾ ਖੂਨ ਅੱਜ ਕੀਹਦੇ ਤੋਂ ਮੰਗਦੀ ਏ, ਸ਼ੋਹਦੇ ਮਜਨੂੰ 'ਚ ਤਾਂ ਜ਼ਰਾ ਜਾਨ ਹੈ ਨਾ। ਲੀਡਰ ਸੁਣਦਿਆਂ ਸਾਰ ਬੇਹੋਸ਼ ਹੋਇਆ, “ਥੋਡਾ, ਵਿੱਚ ਅਖ਼ਬਾਰ ਬਿਆਨ ਹੈ ਨਾ ।” ਕਿਹੜੀ ਥਾਂ ਭਗਵਾਨ ਦੇ ਹੋਣ ਦਰਸ਼ਨ ? ਕਿਹੜੀ ਮਹਿਫ਼ਲ ਦੇ ਵਿੱਚ ਸ਼ੈਤਾਨ ਹੈ ਨਾ । ਦਿਲ ਮੇਰੇ ਵਿਚ ਸੱਜਣੀ ਲਾਈਂ ਡੇਰੇ, ਮਿਲਦਾ ਸ਼ਹਿਰ ਦੇ ਵਿੱਚ ਮਕਾਨ ਹੈ ਨਾ।

ਬਲੈਕ

ਡੀਜ਼ਲ ਇੰਜਣਾਂ ਵਾਸਤੇ ਨਹੀਂ ਮਿਲਦਾ, ਔੜ ਸਾੜਦੀ ਪਈ ਹੈ ਖੇਤੀਆਂ ਨੂੰ, ਕੋਈ ਆਸ ਨਾ ਰਹੀ ਪਛੇਤੀਆਂ ਦੀ, ਕੋਰਾ ਮਾਰ ਹੈ ਗਿਆ ਅਗੇਤੀਆਂ ਨੂੰ । ਜਦੋਂ ਮੱਝੀਆਂ ਹਿੱਕ ਲੈ ਗਏ ਖੇੜੇ, ਰਾਂਝਾ ਮੱਲ ਕੇ ਬਹੇ ਬਰੇਤੀਆਂ ਨੂੰ । ਹਰ ਇੱਕ ਜਿਨਸ ਬਲੈਕ ਵਿੱਚ ਮਿਲ ਜਾਏ, ਮਿਲਦੀ ਹੈ ਪਰ ਸੇਠਾਂ ਦੇ ਭੇਤੀਆਂ ਨੂੰ।

ਘਿਰਾਉ

ਥੁੜ੍ਹਾਂ ਤੰਗੀਆਂ ਦੇਸ਼ ਨਪੀੜ ਧਰਿਆ, ਜਮ੍ਹਾਂ-ਖੋਰੀਆਂ ਹਰ ਥਾਂ ਲਾਏ ਡੇਰੇ । ਬੈਠੇ ਡਿਪੋਆਂ ਤੇ ਲੋਕੀਂ ਹਾਰ ਹੋਏ, ਮਾਰ ਮਾਰ, ਬਾਜ਼ਾਰਾਂ ਦੇ ਵਿਚ ਫੇਰੇ । ਨਜ਼ਰ ਹੋਰ ਨ ਆਉਂਦੀ ਜਦੋਂ ਸੂਰਤ, ਪਾਉਣ ਜਾ ਵਜ਼ੀਰਾਂ ਨੂੰ ਉਹ ਘੇਰੇ । ਹੁਣ ਤਾਂ ਜਾਪਦਾ ਦੇਸ਼ ਦਾ ਰੱਬ ਰਾਖਾ, ਨ ਕੁਛ ਵੱਸ ਤੇਰੇ, ਨਾ ਹੁਣ ਵੱਸ ਮੇਰੇ ।

ਕਵਿਤਾ

ਵੱਟੇ ਆਪਣੀ ਬੇੜੀ ਵਿਚ ਆਪ ਪਾਏ, ਦੇਣਾ ਦੋਸ਼ ਕੀ ਅਸੀਂ ਬਗਾਨਿਆਂ ਨੂੰ। ਮੇਰੀ ਕਬਰ ਤੇ ਕੋਈ ਜਗਾਏ ਦੀਵਾ, ਪੱਜ ਸੜਨ ਦਾ ਮਿਲੇ ਪਰਵਾਨਿਆਂ ਨੂੰ। ਕਵਿਤਾ ਅਜ ਬੁਝਾਰਤਾਂ ਵਾਂਙ ਹੋਈ, ਛੇੜੇ ਕੌਣ ਹੁਣ ਦਰਦ ਤਰਾਨਿਆਂ ਨੂੰ। ਢਹਿ ਜਾਣਗੇ ਸਾਰੇ ਦੀਵਾਨ ਖਾਨੇ, ਆਈ ਹੋਸ਼ ਜਦ ਤੇਰੇ ਦੀਵਾਨਿਆਂ ਨੂੰ ।

ਭਾਨ

ਜਾਮ ਨਾਲ ਟਕਰਾਕੇ ਜਾਮ ਪੀਓ, ਸਾਰੀ ਮਹਿਫ਼ਲ ਦੀ ਮਹਿਫ਼ਲ ਮਖ਼ਦੂਰ ਕਰ ਲਉ। ਆਈ ਫੇਰ ਇਲੈਕਸ਼ਨ ਬਹਾਰ ਆਈ, ਦਾਮਨ ਲਾਰਿਆਂ ਨਾਲ ਭਰਪੂਰ ਕਰ ਲਉ। ਸਾਕੀ ਮਹਿਫ਼ਲ ਦਾ ਹੋਇਆ ਸਮਾਜਵਾਦੀ, ਆਖੇ ਮੈਂ ਗਰੀਬੀ ਨੂੰ ਦੂਰ ਕਰਲੋ, ਰਿੰਦਾਂ ਆਖਿਆ ਜ਼ਰਾ ਕੁ ਠਹਿਰ ਤੇ ਸਹੀ, ਪਹਿਲਾਂ ਭਾਨ ਦੀ ਥੁੜ ਤਾਂ ਦੂਰ ਕਰ ਲਉ।

ਭੱਤਾ

ਜੇਕਰ ਮਜਨੂੰ ਦੀ ਧੁਰਾਂ ਤੋਂ ਜੇਬ ਖਾਲੀ, ਲੈਲਾ ਨਿਰੀ ਵਫਾ ਨੂੰ ਕੀ ਕਰਨਾ । ਦਿਲ ਕਿਸੇ ਦਾ ਜੋ ਨਾ ਠਾਰ ਸਕੇ। ਉਸ ਠੰਢੀ ਹਵਾ ਨੂੰ ਕੀ ਕਰਨਾ ? ਹਰ ਮਹਿਫ਼ਲ ਦਾ ਜਿਹੜਾ ਸ਼ਿੰਗਾਰ ਹੋਵੇ, ਐਸੇ ਦਿਲਰੁਬਾਅ ਨੂੰ ਕੀ ਕਰਨਾ । ਦੇ ਦੇਵੇ ਸਰਕਾਰ ਮਹਿੰਗਾਈ ਭੱਤਾ, ਫੇਰ ਅਸੀਂ ਖ਼ੁਦਾ ਨੂੰ ਕੀ ਕਰਨਾ ?

ਦੂਰੀ

ਥੋੜ੍ਹੀ ਦੁਨੀਆ ਦੀ ਬੰਦ ਖਲਾਸ ਹੋਈ, ਬਾਕੀ ਦੁਨੀਆ ਹੈ ਬੜੀ ਮਜਬੂਰ ਹਾਲੇ। ਅੱਧੀ ਸਦੀ ਜੋ ਰਾਜ ਦਾ ਨਸ਼ਾ ਪੀਤਾ, ਉਹਦਾ ਲਥਿਆ ਨਹੀਂ ਸਰੂਰ ਹਾਲੇ। ਲਿਆ ਸਾਕੀ ਪਿਲਾ ਕੁਝ ਅੱਖੀਆਂ ਚੋਂ, ਬਾਕੀ ਹੋਸ਼ ਹੈ ਨਹੀਂ ਮਖ਼ਸੂਰ ਹਾਲੇ। ਗੈਰ ਚੰਦ ਦੀ ਹਿੱਕ ਤੇ ਜਾ ਬੈਠੇ, ਸਾਥੋਂ ਯਾਰ ਦੀ ਗੱਲ੍ਹ ਵੀ ਦੂਰ ਹਾਲੇ ।

ਪੁਲਾੜ

ਆਏ ਭੂਤਨੇ ਸਦਾ ਪਸੰਦ ਕਰਦੇ, ਮੜ੍ਹੀਆਂ, ਸੁੰਞ, ਮਸਾਣ, ਉਜਾੜ ਦੀ ਗੱਲ। ਲੈਲੀ ! ਲੈਲੀ ! ਪੁਕਾਰਿਆ ਮੀਆਂ ਮਜਨੂੰ, ਲੈਲੀ ਆਖਿਆ ਨਿਰੀ ਰਿਹਾੜ ਦੀ ਗੱਲ । ਬੰਨੇ ਪੈਲੀਆਂ ਦੇ ਚਲਦੀ ਜਟ ਦੀ ਏ, ਵਿਚ ਹੱਟੀਆਂ ਤੁਰੀ ਕਰਾੜ ਦੀ ਗੱਲ। ਜਿਸ ਲਈ ਧਰਤ ਤੇ ਥਾਂ ਨਾ ਤੁਰਨ ਜੋਗੀ, ਕਰਨੀ ਉਹਨੇ ਕੀ ਭਲਾ ਪੁਲਾੜ ਦੀ ਗੱਲ।

ਸ਼ਾਇਰੀ

ਪੱਜ ਨਬਜ਼ ਦੇ ਲੈਲਾ ਦੀ ਬਾਂਹ ਫੜਦੇ, ਮਜਨੂੰ ਮੀਆਂ ਜੇ ਕਿਤੇ ਹਕੀਮ ਹੁੰਦੇ । ਹਾਹਾਕਾਰ ਨ ਕਰਦੀਆਂ ਕਦੇ ਵਾਰਾਂ, ਜੇਕਰ ਸਭ ਹੁਸੀਨ ਰਹੀਮ ਹੁੰਦੇ। ਜੇਕਰ ਪਾਣੀ ਝਨਾਂ ਦੇ ਸੁਕਦੇ ਨਾ, ਕਦੇ ਪਿਆਰ ਨਾ ਫੇਰ ਤਕਸੀਮ ਹੁੰਦੇ। ਕੀਤਾ “ਸਾਹਿਬ” ਦਾ ਸ਼ਾਇਰੀ ਗਰਕ ਬੇੜਾ, ਚੰਗੇ ਰਹਿੰਦੇ ਜੇ ਵੇਚਦੇ 'ਫੀਮ ਹੁੰਦੇ ।

ਸੱਜੇ ਖੱਬੇ

ਕਿਹਾ ਸਾਥੀਆਂ ਸੱਜਿਆਂ ਖੱਬਿਆਂ ਨੂੰ, ਇਹ ਤਾਂ ਆਪਣੀ ਨਹੀਂ ਸਰਕਾਰ ਰਹਿ ਗਈ । ਰਹਿੰਦੀ ਇਹ ਹੜਤਾਲਾਂ ਨੂੰ ਫੇਲ੍ਹ ਕਰਦੀ, ਹੁਣ ਤਾਂ ਨਿਰੀ ਸਰਮਾਏ ਦੀ ਯਾਰ ਰਹਿ ਗਈ । ਆਪ ਗੱਦੀਆਂ ਸਾਂਭੀਏ ਮਾਰ ਇਹਨੂੰ, ਸਹੀ ਗੱਲ ਪੱਲੇ ਆਖ਼ਰਕਾਰ ਰਹਿ ਗਈ । ਰੱਸੇ ਰੇਤ ਦੇ ਇਸ ਤਰ੍ਹਾਂ ਜਾਣ ਵੱਟੀ, ਵਿਹਲੜ ਲੀਡਰਾਂ ਨੂੰ ਇਹੋ ਕਾਰ ਰਹਿ ਗਈ ।

ਬਾਜ਼ਾਰ

ਹੱਥਾਂ ਬਾਝ ਕਰਾਰਿਆਂ ਕਦੇ ਵੀ ਨਾ, ਕਿਸੇ ਦੇਸ਼ ਦੀ ਕੋਈ ਸਰਕਾਰ ਚੱਲੇ । ਵੱਜੇ ਜੰਦਰੇ ਹੋਰਨਾਂ ਸਾਰਿਆਂ ਨੂੰ, ਚੱਲੇ ਇਕ ਤਾਂ ਸੱਟਾ ਬਾਜ਼ਾਰ ਚੱਲੇ । ਉਹੀ ਦੋਹਾਂ ਜਹਾਨਾਂ ਵਿਚ ਸੁਰਖਰੂ ਹੈ, ਕੀਨਾ ਕਿਬਰ ਹੰਕਾਰ ਜੋ ਮਾਰ ਚੱਲੇ। ਗੱਲ ਨਿਬੜੀ ਨਿਕਸਨ ਦੇ ਨਾਲ ਏਦਾਂ, ਖਾ ਕੇ ਜੁੱਤੀਆਂ ਗਲੀ 'ਚੋਂ ਯਾਰ ਚੱਲੇ।

ਇਸਰਾਰ

ਕੋਈ ਐਨੀ ਮਹਿੰਗਾਈ 'ਚ ਕਿਵੇਂ ਛੇੜੇ, ਪਰੀ ਚਿਹਰਾ ਮਹਿਬੂਬ ਦਿਲਦਾਰ ਦੀ ਗੱਲ । ਜਦੋਂ ਸਾਕੀ ਤੋਂ ਜਾਮ ਦੀ ਤਲਬ ਕੀਤੀ, ਛੇੜ ਬੈਠਾ ਉਹ ਪਿਛਲੇ ਉਧਾਰ ਦੀ ਗੱਲ । ਸਾਰਾ ਸ਼ਹਿਰ ਦਾ ਸ਼ਹਿਰ ਜੁਆਰੀਆਂ ਦਾ, ਰਹੀ ਇਹ ਨਾ ਦੋ ਜਾਂ ਚਾਰ ਦੀ ਗੱਲ । ਕਿਵੇਂ “ਸਾਹਿਬ” ਨੂੰ ਗ਼ਜ਼ਲ ਪਸੰਦ ਆਵੇ, ਉਹ ਕੀ ਜਾਣਦਾ ਕਸਫ ਇਸਰਾਰ ਦੀ ਗੱਲ ।

ਨਵਾਂ ਸਾਲ

ਇਹ ਮੂੰਹ ਲਪੇਟ ਕੇ ਸਾਲ ਤੁਰਿਆ, ਨਵੇਂ ਸਾਲ ਨੇ ਸਰਦਲਾਂ ਮੱਲੀਆਂ ਨੇ। ਸਾਥੋਂ ਮੂਰਖਾਂ ਨਾਲ ਨ ਬੈਠ ਹੋਇਆ, ਹੋਰ ਲੱਖ ਮੁਸੀਬਤਾਂ ਝੱਲੀਆਂ ਨੇ । ਚੜ੍ਹਦੇ ਸਾਲ ਸੀ ਅਕਲ ਦੀ ਗੱਲ ਕਰਨੀ, ਅਸੀਂ ਕੀਤੀਆਂ ਝੱਲ ਵਲੱਲੀਆਂ ਨੇ । ਜਿਨ੍ਹਾਂ ਨਾਲ ਬਲੈਕ ਦੇ ਗੰਜ ਜੋੜੇ, ਉਨ੍ਹਾਂ ਤਾਈਂ ਮੁਬਾਰਕਾਂ ਘੱਲੀਆਂ ਨੇ ।

ਵਾਗਾਂ

ਇਉਂ ਜਾਪਿਆ ਲੋਕਾਂ ਦੀ ਗੱਲ ਸੁਣਕੇ, ਅਕਲਾਂ ਹਿੱਲ ਟਿਕਾਣਿਉਂ ਚੱਲੀਆਂ ਨੇ। ਇੱਕ ਸਾਲ ਜਦ ਉਮਰ 'ਚੋਂ ਹੋਰ ਘਟਿਆ, ਪਾਉਂਦੇ ਕਿਸ ਤਰ੍ਹਾਂ ਬਾਘੀਆਂ ਜੱਲੀਆਂ ਨੇ। ਵੱਢੀਖੋਰ ਜਦ ਵੇਖ ਲਏ ਨਾਲ ਬੈਠੇ, ਵਾਗਾਂ “ਜੈ ਪ੍ਰਕਾਸ਼” ਨੇ ਠੱਲੀਆਂ ਨੇ। ਕਿਉਂ ਨਾ ਰੱਬ ਦਾ ਸ਼ੁਕਰਗੁਜ਼ਾਰ ਹੋਵੇ, ਨਜ਼ਰਾਂ “ਸਾਹਿਬ” ਤੇ ਬਹੁਤ ਸਵੱਲੀਆਂ ਨੇ।

ਬੇੜਾ

ਜਨਤਾ ਭਾਰਤੀ ਇਸ ਤਰ੍ਹਾਂ ਫਲੀ ਫੁੱਲੀ, ਰਿਹਾ ਥਾਂ ਨਾ ਪੈਰ ਵੀ ਧਰਨ ਜੋਗਾ। ਆਮ ਆਦਮੀ ਏਨੀ ਮਹਿੰਗਾਈ ਅੰਦਰ, ਰਿਹਾ ਜੀਣ ਜੋਗਾ, ਨਾ ਹੀ ਮਰਨ ਜੋਗਾ। ਸਦਕੇ ਬੰਧਾਂ, ਹੜਤਾਲਾਂ ਤੇ ਧਰਨਿਆਂ ਦੇ, ਦੇਸ਼ ਰਹਿ ਗਿਆ ਗੱਲ ਨਾ ਕਰਨ ਜੋਗਾ। ਬੇੜੇ ਵਿੱਚ ਮਲਾਹਾਂ ਦੀ ਧਾੜ ਏਨੀ, ਨਾ ਇਹ ਡੁੱਬਦਾ ਏ, ਨਾ ਹੀ ਤਰਨ ਜੋਗਾ ।

ਭਜਨ

ਰਿਸ਼ਵਤਖੋਰੀ, ਬਲੈਕ ਦਾ ਭਜਨ ਕਰਦੇ, ਹੱਥਾਂ ਵਿੱਚ ਖੜਤਾਲਾਂ ਵੀ ਹੁੰਦੀਆਂ ਨੇ । ਪਹਿਲਾਂ ਮੱਚਦਾ ਸ਼ੋਰ ਸਕੈਂਡਲਾਂ ਦਾ, ਫੇਰ ਝੱਟ ਪੜਤਾਲਾਂ ਵੀ ਹੁੰਦੀਆਂ ਨੇ। ਕਾਮੇ ਕਰਨ ਅੱਜ ਕੰਮ ਮੁਜ਼ਾਹਰਿਆਂ ਦਾ, ਹੱਥਾਂ ਵਿੱਚ ਮਿਸਾਲਾਂ ਵੀ ਹੁੰਦੀਆਂ ਨੇ। ਅਮਨ ਸ਼ਾਂਤੀ ਤੇ ਲੋਕਰਾਜ ਕਹਿੰਦੇ, ਤੋੜ ਫੋੜ ਹੜਤਾਲਾਂ ਵੀ ਹੁੰਦੀਆਂ ਨੇ।

ਜੋਸ਼

ਜੋਸ਼ ਨੌਜਵਾਨਾਂ ਵਿੱਚ ਉਹ ਵਧਿਆ, ਬੱਸਾਂ ਖੜੀਆਂ ਖੜੋਤੀਆਂ ਸਾੜ ਦਿੰਦੇ। ਕੋਈ ਟੀਚਰ ਜੇ ਅਕਲ ਦੀ ਗੱਲ ਦੱਸੇ, ਉਹਨੂੰ ਖੇਸ ਦੇ ਵਾਂਗਰਾਂ ਝਾੜ ਦਿੰਦੇ। ਪਰਚੇ ਵਿੱਚ ਜੇ ਔਖਾ ਸੁਆਲ ਆਵੇ, ਨਾਲ ਪਰਚਿਆਂ ਦੇ ਸਿਰ ਵੀ ਪਾੜ ਦਿੰਦੇ। ਗਾਇਆ ਜਾਏ ਜੇ ਫੋਹਸ਼ ਨਾ ਗੀਤ ਕੋਈ, ਮਹਫ਼ਿਲ ਬਾਗ ਦੀ ਝੱਟ ਉਜਾੜ ਦਿੰਦੇ।

ਖ਼ਸਲਤ

ਨੇਰ੍ਹ ਸਾਂਈਂ ਦਾ ਪੁਲਿਸ ਵੀ ਪੁੱਛਦੀ ਨਾ, ਹੁਸਨ ਵਾਲੇ ਜੇ ਅਤਿਆਚਾਰ ਕਰਦੇ । ਗੱਲਾਂ ਗੱਲਾਂ 'ਚ ਹੱਸਦਿਆਂ ਹੱਸਦਿਆਂ ਉਹ, ਤੀਰ ਨੈਣਾਂ ਦੇ ਜਿਗਰ ਦੇ ਪਾਰ ਕਰਦੇ। ਹੋਏ ਵਾਂਗ ਵਜ਼ੀਰਾਂ ਮਾਸ਼ੂਕ ਅੱਜ ਕੱਲ, ਨਾ ਇਨਕਾਰ ਕਰਦੇ ਨਾ ਇਕਰਾਰ ਕਰਦੇ। ਯਾਰੋ ! ਬੇਵਿਸਾਹੀ ਦੀ ਹੱਦ ਹੋ ਗਈ, ਮਜਨੂੰ ਲੈਲਾ ਤੇ ਨਹੀਂ ਇਤਬਾਰ ਕਰਦੇ ।

ਕਾਰ

ਕਿੱਥੇ ਜਾਨ ਲੁਕੋਣਗੇ ਇਸ਼ਕ ਵਾਲੇ, ਗੋਲੇ ਦੂਰ ਤਕ ਹੁਸਨ ਦੇ ਮਾਰ ਕਰਦੇ। ਪੀਤੀ ਸ਼ੇਖ ਜੀ ਅਸੀਂ ਤਾਂ ਕੀ ਹੋਇਆ, ਗੱਲਾਂ ਭੈੜੀਆਂ ਲੋਕ ਹਜ਼ਾਰ ਕਰਦੇ। ਕਿੱਥੇ, ਕਦੋਂ ਤੇ ਰੰਡੀਆਂ ਕੌਣ ਹੋਈਆਂ, ਛੜੇ ਇਸ ਤਰ੍ਹਾਂ ਰਹਿਣ ਵਿਚਾਰ ਕਰਦੇ। ਜ਼ਿਮੀਂ ਖੋਹੀ ਜਦ ਭਾਈਆਂ ਨੇ, ਮੀਆਂ ਰਾਂਝਣ, ਬਿਨਾਂ ਇਸ਼ਕ ਦੇ ਹੋਰ ਕੀ ਕਾਰ ਕਰਦੇ ?

ਪਾਲਾ

ਕੰਕਰ, ਕਚਰਿਆ ਗੇਰੀਆਂ, ਸਿੱਕੜਾਂ ਦੇ, ਭੋਜਨ ਬੜੇ ਸੁਆਦਾਂ ਨਾਲ ਚਰੀ ਜਾਈਏ। ਜੀਉਂਦੇ ਰਹਿਣ ਮਿਲਾਵਟਾਂ ਕਰਨ ਵਾਲੇ, ਨਾਲ ਨਾਲ ਅਰਦਾਸਾਂ ਵੀ ਕਰੀ ਜਾਈਏ । ਮਰਨਾ ਦੇਸ਼ ਲਈ ਕੰਮ ਹੈ ਹੋਰਨਾਂ ਦਾ, ਅਸੀਂ ਦਰਦ ਫ਼ਿਰਾਕ ਵਿਚ ਮਰੀ ਜਾਈਏ । ਸਰਦ-ਮੇਹਰੀ ਹੁਸੀਨਾਂ ਦੀ ਹਾਏ ਤੋਬਾ। ਬੈਠੇ ਸਿਖਰ ਦੁਪਹਿਰ ਵਿਚ ਠਰੀ ਜਾਈਏ।

ਪਰਦਾ

ਪਾਕਿਸਤਾਨੀਆਂ ਫ਼ੌਜੀਆਂ ਤਾਣ ਲਿਆ, ਇੱਛੋ-ਗਿੱਲ ਦੀ ਨਹਿਰ ਦੇ ਪਾਰ ਪਰਦਾ । ਜਿਵੇਂ ਪਾਕ-ਦਾਮਨ ਜਾਂਦੀ ਸ਼ਹਿਰ ਅੰਦਰ, ਮੂੰਹ ਤੇ ਸੁੱਟ ਲੈਂਦੀ ਜਾਲੀਦਾਰ ਪਰਦਾ। ਮੇਜਰ ਸਿੰਘ ਨੇ ਪੁੱਛਿਆ, ਕਿਉਂ ਪਰਦਾ ? ਇਲਮੂ ਆਖਿਆ ਭਾਵੇਂ ਬੇਕਾਰ ਪਰਦਾ। ਹਿੰਦੀ ਜੇਠ ਬਰੂਹਾਂ 'ਤੇ ਆਣ ਬੈਠੇ, ਕਰੀਏ ਕਿਵੇਂ ਨਾ ਸਾਡੀ ਸਰਕਾਰ ਪਰਦਾ ।

ਮਿਹਰਬਾਨੀ

ਐਸਾ ਕਾਰ ਵਿਹਾਰ ਨ ਕਦੇ ਕਰੀਏ, ਸਹਿਣੀ ਪਏ ਜਿਸ ਤੋਂ ਮਗਰੋਂ ਪਰੇਸ਼ਾਨੀ । ਕਦਰ ਹੰਸਾਂ ਨੂੰ ਹੁੰਦੀ ਏ ਮੋਤੀਆਂ ਦੀ, ਦਿਲਾਂ ਵਾਲਿਆਂ ਨੂੰ ਦਿਲ ਦੀ ਕਦਰਦਾਨੀ। ਕੱਲ ਸੋਹਣੀ ਨੇ ਆਖਿਆ ਆਸ਼ਕਾਂ ਨੂੰ, ਮੈਂ ਨਾ ਕਰਾਂ ਇਨਕਾਰ ਤੇ ਨਜ਼ਰਸਾਨੀ । ਡਰਦੇ “ਸਾਹਿਬ” ਨੇ ਓਸਦੀਆਂ ਘੂਰੀਆਂ ਤੋਂ, ਬੋਲੇ ਹੱਸਕੇ ਤਾਂ ਓਸਦੀ ਮਿਹਰਬਾਨੀ ।

ਪੈਟਨ ਟੈਂਕ

ਭੁੱਟੋ ਯਾਹੀਏ ਨੂੰ ਕਿਹਾ ਸੀ ਦਿਲ ਰੱਖੋ, ਮਦਦ ਚੋਰ ਦੀ ਨੂੰ ਕੋਈ ਚੋਰ ਆ ਜਾਊ। ਸੱਤਵਾਂ ਬੇੜਾ ਅਮਰੀਕਾ ਨੇ ਠੇਲਿਆ ਏ, ਓਧਰ ਮਾਓ ਵੀ ਸੱਪ ਦੀ ਤੋਰ ਆ ਜਾਊ । ਯਾਹੀ ਬੋਲਿਆ ਨਾਲ ਹਟਕੋਰਿਆਂ ਦੇ, ਕਿਥੋਂ ਮੁਰਦਾ ਨਖੀਣੇ ਵਿੱਚ ਜ਼ੋਰ ਆ ਜਾਊ। ਦਿਲ ਦਿਲ ਹੀ ਏ, ਪੈਟਨ ਟੈਂਕ ਤਾਂ ਨਹੀਂ, ਬਹੁੜੀ ਪਾਇਆਂ ਅਮਰੀਕਾ ਤੋਂ ਹੋਰ ਆ ਜਾਉ ।

ਰਮਜ਼

ਛੜੇ ਬੰਦੇ ਦੀ ਨਿੱਜੀ ਜਗੀਰ ਦੁਨੀਆ, ਧੀਆਂ ਸਭੇ ਬੇਗਾਨੀਆਂ ਹੁੰਦੀਆਂ ਨੇ । ਹੱਥ ਆਪਣਾ ਤੇ ਜੇਬ ਦੂਸਰੇ ਦੀ, ਲੀਡਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ । ਬਾਗ ਹਰੇ ਹੋਵਣ, ਕੋਠੇ ਭਰੇ ਹੋਵਣ, ਸ਼ਾਮਾਂ ਕੁੱਲ ਸੁਹਾਣੀਆਂ ਹੁੰਦੀਆਂ ਨੇ। “ਸਾਹਿਬ” ਕਦੇ ਨਾ ਢਿੱਡ ਦੀ ਗੱਲ ਕਰਦਾ, ਸੱਭੇ ਕਿੱਸੇ ਕਹਾਣੀਆਂ ਕਹਾਣੀਆਂ ਹੁੰਦੀਆਂ ਨੇ।

ਉਪਾਅ

ਨਵੇਂ ਕਵੀ ਨੂੰ ਘੇਰਕੇ ਲੋਕ ਖੜਗੇ, ਚੋਂਦਾ ਚੋਂਦਾ ਕਬਿੱਤ ਸੁਣਾ ਕੋਈ । ਫਸਿਆ ਜਿਵੇਂ ਤੰਦੂਰ ਦੇ ਵਿਚ ਕੁੱਤਾ, ਨਿਕਲਣ ਵਾਸਤੇ ਲੱਭੇ ਨਾ ਰਾਹ ਕੋਈ । ਲੋਕ ਰਾਇ ਵੀ ਬਹੁਤ ਮਜ਼ਬੂਤ ਹੁੰਦੀ, ਚੱਲਣ ਦਏ ਨਾ ਉਸ ਦੀ ਵਾਹ ਕੋਈ। ਵਾਜ ਮਾਰਕੇ “ਸਾਹਿਬ” ਨੂੰ ਕਹਿਣ ਲੱਗਾ, ਇਹਨਾਂ ਲੋਕਾਂ ਦਾ ਕਰੋ ਉਪਾਅ ਕੋਈ।

ਚੱਪਣੀ

ਭੁਟੋ ਯਾਹੀਏ ਨੂੰ ਸੱਦ ਕੇ ਕਹਿਣ ਲੱਗਾ, ਗੱਲ ਆਪਣੀ ਨਹੀਂ ਗੱਲ, ਦੀਨ ਦੀ ਏ । ਅਸੀਂ ਦੀਨ ਦੇ ਨਾਮ ਤੇ ਰਾਜ ਕਰਦੇ, ਸਾਡੀ ਸਾਂਝ ਤਾਂ ਸੱਪ ਤੇ ਬੀਨ ਦੀ ਏ। ਬੁਧੂ ਲੋਕਾਂ ਦੇ ਸਿਰਾਂ ਵਿਚ ਪਾਈ ਜਾਈਏ, ਭਾਰਤ ਨਾਲ ਲੜਾਈ ਜ਼ਮੀਨ ਦੀ ਏ । ਮਰਨ ਲਈ ਸੁਨਹਰੀ ਹੈ ਹੁਣ ਮੌਕਾ, ਨੱਕ ਆਪਣਾ, ਚੱਪਣੀ ਚੀਨ ਦੀ ਏ।

ਪੀਰੀਆਂ

ਉਤੋਂ ਹੱਸਦੇ ਬੜੇ ਹੁਸੀਨ ਚਿਹਰੇ, ਦਿਲਾਂ ਵਿੱਚ ਦਿਲਗੀਰੀਆਂ ਹੁੰਦੀਆਂ ਨੇ। ਫਿਕਰ ਲਹਿਣ ਦਾ ਲਹੂ ਸੁਕਾਈ ਰੱਖੇ, ਬੜਾ ਵਖਤ ਵਜ਼ੀਰੀਆਂ ਹੁੰਦੀਆਂ ਨੇ । ਬਸਤਰ ਰੇਸ਼ਮੀ ਹੱਥਾਂ ਵਿੱਚ ਵੀਹ ਛਾਪਾਂ, ਚੜ੍ਹ ਕੇ ਕਾਰ ਫ਼ਕੀਰੀਆਂ ਹੁੰਦੀਆਂ ਨੇ, ਵਾਰਿਸ ਆਣ ਕੇ ਵੇਖ ਲੈ ਆਪ ਅੱਖੀਂ । ਅੱਜ ਗਧੇ ਤੋਂ ਪੀਰੀਆਂ ਹੁੰਦੀਆਂ ਨੇ।

ਯੂਨੀਅਨ

ਜੇਕਰ ਆਪਣਾ ਟੋਟਰੂ ਗੰਜ ਹੋਵੇ, ਕੌਣ ਪਾਲਦਾ ਪਟੇ ਬੇਗਾਨਿਆਂ ਨੂੰ । ਬੂਝੜ ਤਾਅ ਹੈ ਮੁੱਛਾਂ ਨੂੰ ਦੇਈ ਫਿਰਦਾ, ਕੌਣ ਪੁੱਛਦਾ ਬੰਦਿਆਂ ਦਾਨਿਆਂ ਨੂੰ। ਉਸ ਘੜੀ ਜੁਗਾੜ ਹੈ ਫਿੱਟ ਹੁੰਦਾ, ਵੱਜੇ ਸੱਟ ਜਾਂ ਸਿਰਾਂ 'ਤੇ ਫਾਨਿਆਂ ਨੂੰ। ਰਿੰਦਾਂ ਯੂਨੀਅਨ ਨਵੀਂ ਬਣਾ ਲੀਤੀ, ਕਰਦੇ ਫ਼ਿਰਨ ਘਿਰਾਓ ਮੈਖ਼ਾਨਿਆਂ ਨੂੰ।

ਖਾਤਾ

ਨਬਜ਼ ਹੀਰ ਦੀ ਪਕੜਕੇ ਕਹੇ ਰਾਂਝਾ, ਆਪੇ ਦੱਸ ਦੇ ਸੋਹਣੀਏਂ ਮਰਜ਼ ਕੀ ਏ। ਸਿੱਧਾ ਆਸ਼ਕੀ ਵਿਚ ਹਿਸਾਬ ਹੁੰਦਾ, ਖਾਤਾ ਪਾੜਨਾ ਕੀ, ਕਰਨਾ ਦਰਜ਼ ਕੀ ਏ । ਸਿਰਾਂ ਸਾਡਿਆਂ ਤੇ ਸ਼ਾਮ ਢਲੀ ਆਉਂਦੀ, ਏਸ ਚੰਦਰੀ ਨੂੰ ਸਾਥੋਂ ਗਰਜ਼ ਕੀ ਏ । ਬਿਨਾਂ ਗੂੰਦ ਤੋਂ ਜੁੜੇ ਨੇ ਹੱਥ ਸਾਡੇ, ਪੱਲੇ ਪਿਆ ਨਾ ਇਸ਼ਕ ਅਚੱਰਜ ਕੀ ਏ ।

ਧਨੁਸ਼

ਨੇਤਾ ਵਿਚ ਨਾ ਰਿਹਾ ਵਿਸ਼ਵਾਸ ਜਿਸ ਦਮ, ਤਾਰ ਮਾਰ ਕੇ ਡੰਕੇ ਦੀ ਚੋਟ ਟੁੱਟੇ । ਮਿਹਰਬਾਨੀਆਂ ਡਾਲਡੇ ਕੀਤੀਆਂ ਨੇ, ਗਭਰੂ ਕੋਲੋਂ ਨਾ ਅੱਜ ਅਖਰੋਟ ਟੁੱਟੇ । ਦਿਲ ਟੁੱਟਦਾ, ਜਿਗਰ ਹੈ ਪਾਟ ਜਾਂਦਾ, ਕੈਂਡੀਡੇਟ ਦੀ ਇਕ ਜੇ ਵੋਟ ਟੁੱਟੇ । ਸੰਕਟ ਭਾਨ ਦਾ “ਸਾਹਿਬ” ਹੈ ਇੰਜ ਵਧਿਆ, ਧਨੁਸ਼ ਟੁੱਟ ਜਾਂਦਾ ਪਰ ਨਾ ਨੋਟ ਟੁੱਟੇ।

ਰਕੀਬ

ਨਜ਼ਮ ਸਫ਼ੇ ਤੋਂ ਜਦੋਂ ਹੋ ਗਈ ਲੰਮੀ, ਦੋ ਚਾਰ ਐਡੀਟਰ ਨੇ ਬੰਦ ਕੱਢੇ । ਅੰਬਰ ਵਾਲਿਆਂ ਦੀ ਮੰਡੀ ਹੋਈ ਮੰਦੀ, ਧਰਤੀ ਵਾਲਿਆਂ ਨੇ ਨਕਲੀ ਚੰਦ ਕੱਢੇ । ਗਲੀਆਂ ਵਿਚੋਂ ਸਰਕਾਰ ਹੁੰਝਵਾਂ ਦੇਂਦੀ, ਦਿਲਾਂ ਵਿਚੋਂ ਕੋਈ ਕੀਕਣਾ ਗੰਦ ਕੱਢੇ। ਜਦੋਂ ਆਸ਼ਕ ਨੂੰ ਕੱਢਿਆ ਨੌਕਰੀ ਤੋਂ, ਸਭ ਤੋਂ ਵੱਧ ਰਕੀਬਾਂ ਨੇ ਦੰਦ ਕੱਢੇ।

ਧਾਵਾ

ਮਥਰਾ ਵਿਚ ਹੈ ਕਾਹਨ ਵਜ਼ੀਰ ਬਣਿਆਂ, ਪਤਾ ਕਿਤੋਂ ਸੁਦਾਮਾ ਜੀ ਟੋਲ ਆ ਗਏ। ਤੋਹਫ਼ਾ ਸੱਤੂਆਂ ਦਾ ਖੜਿਆ ਨਾਲ ਜਿਹੜਾ, ਝੋਲੀ ਵਿਚ ਦਰਬਾਨ ਦੀ ਡੋਲ੍ਹ ਆ ਗਏ। ਰਾਤੋ ਰਾਤ ਮਹੱਲ ਤਿਆਰ ਹੋ ਗਏ, ਪੈਸੇ ਚਾਰ ਸੁਦਾਮੇ ਦੇ ਕੋਲ ਆ ਗਏ । ਇਕ ਸਾਹ ਨਾ ਸੁੱਖ ਦਾ ਲਿਆ “ਸਾਹਿਬ”, ਇਨਕਮ ਟੈਕਸ ਵਾਲੇ ਧਾਵਾ ਬੋਲ ਆ ਗਏ ।

ਪੁਰਾ

ਕਰੀਏ ਸ਼ੋਖ ਹੁਸੀਨ ਦੀ ਗੱਲ ਕਿਹੜੀ, ਉਹਦੇ ਹਰ ਇਕਰਾਰ ਚੋਂ ਗੱਪ ਨਿਕਲੇ। ਬੜਾ ਪਾਰਸਾ ਅਸੀਂ ਤਾਂ ਸਮਝਿਆ ਸੀ, ਪਰ ਓਹ ਸ਼ੇਖ ਜੀ ਤਾਂ ਘਾਂਊ-ਘੱਪ ਨਿਕਲੇ । ਜਦੋਂ ਸਾਕੀ ਨੇ ਕੀਤੀਆਂ ਲਾਲ ਅੱਖਾਂ, ਗ਼ੈਰ ਮਹਿਫ਼ਲ ਦੇ ਵਿਚੋਂ ਛੜੱਪ ਨਿਕਲੇ । ਐਵੇਂ ਕਰਦੇ ਸੀ ਸਿਫਤ ਸਨਾ ਲੋਕੀਂ, ਵਗੀ ਪੁਰੇ ਦੀ ਵਾ ਤਾਂ ਸੱਪ ਨਿਕਲੇ।

ਫਰਿਹਾਦ

ਅੱਠ ਪਹਿਰ ਹੁਸੀਨਾ ਨੂੰ ਫਿਕਰ ਖਾਵੇ, ਦਿਲ ਲੁੱਟ ਖੜੀਏ ਕਿਹੜੇ ਢੰਗ ਦੇ ਨਾਲ। ਕੱਚੇ ਘੜੇ ਨੂੰ ਪਾਣੀ ਨੇ ਖੋਰ ਖੜਿਆ, ਸੋਹਣੀ ਤੁਰੀ ਸੀ ਘਰੋਂ ਉਮੰਗ ਦੇ ਨਾਲ। ਤੇਸਾ ਪਕੜ ਪਹਾੜਾਂ ਨੂੰ ਕੱਟ ਮਰਦੇ, ਨੂੰ ਮਰਦੇ ਆਸ਼ਕ ਨਾ ਕਦੇ ਅਧਰੰਗ ਦੇ ਨਾਲ। ਸਾਨੂੰ ਜਕੜਿਆ ਉਹਦਿਆਂ ਨਖਰਿਆਂ ਨੇ, ਬੱਧਾ ਰੌਣ ਜਿਉਂ ਕਾਲ ਪਲੰਘ ਦੇ ਨਾਲ।

ਯਾਰ

ਗ਼ੈਰਾਂ ਅਰਸ਼ ਦੇ ਕਿੰਗਰੇ ਜਾ ਢਾਏ, ਕਰਦੇ ਅਸੀਂ ਕਰਤਾਰ, ਕਰਤਾਰ, ਰਹਿ ਗਏ। ਦਿਨੇ ਮੰਡੀਆਂ ਵਿੱਚ ਉਜਾੜ ਪੈ ਗਈ, ਰੌਣਕ ਵਾਲੇ ਤਾਂ ਕਾਲੇ ਬਾਜ਼ਾਰ ਰਹਿ ਗਏ। ਹੋਣ ਨਿੱਤ ਗਦਾਰਾਂ 'ਤੇ ਬਖਸ਼ਿਸ਼ਾਂ ਜੀ, ਫਾਡੀ, ਸੱਖਣੇ ਤਾਬਿਆਦਾਰ ਰਹਿ ਗਏ। ਮਿਰਜ਼ੇ, ਰਾਂਝਣੇ ਯਾਰਾਂ ਦੀ ਗੱਲ ਮੁੱਕੀ, ਨਿਰੇ ਝੰਗ ਵਿੱਚ ਜੁੱਤੀ ਦੇ ਯਾਰ ਰਹਿ ਗਏ।

ਨੌਕਰ

ਵੱਢੀ ਖੋਰੀ ਸਮਾਜ ਦਾ ਅੰਗ ਹੋਈ, ਵੱਢੀ ਖਾਂਦਿਆਂ ਕੋਈ ਨਾ ਸੰਗਦਾ ਏ । ਹੋਈ ਜ਼ਿੰਦਗੀ ਤਾਸ਼ ਦੀ ਖੇਡ ਵਾਂਙੂ, ਪੱਤਾ ਕੋਲ ਸਰਮਾਏ ਦੇ ਰੰਗ ਦਾ ਏ । ਇਕ ਸੇਠ ਜੀ ਸੜੇ ਹੋਏ ਕਹਿਣ ਲੱਗੇ, ਸਮਾਂ ਆ ਗਿਆ ਉਲਟੇ ਹੀ ਢੰਗ ਦਾ ਏ । ਨੌਕਰ ਨਹੀਂ ਹਜ਼ੂਰ, ਹਜ਼ੂਰ ਕਰਦਾ, ਨਾਲੇ ਪੂਰੀ ਤਨਖਾਹ ਵੀ ਮੰਗਦਾ ਏ।

ਅਸੀਂ

ਆਉਂਦੀ ਜਦੋਂ ਸ਼ਹੀਦਾਂ ਦੀ ਯਾਦ ਸਾਨੂੰ, ਅਸੀਂ ਆਪਣਾ ਆਪ ਲਕੋਈ ਜਾਈਏ। ਕਰੇ ਉਹ ਨਾ ਦਿਲ ਨੂੰ ਫੇਲ੍ਹ ਕਿਧਰੇ, ਗ਼ਮ ਨੂੰ ਬੋਤਲਾਂ ਵਿੱਚ ਡਬੋਈ ਜਾਈਏ। ਤਕੜੇ ਵੇਖ ਜਨਾਬ ਜਨਾਬ ਕਰੀਏ, ਵੇਖ ਮਾੜਿਆਂ ਨੂੰ ਗੁੱਸੇ ਹੋਈ ਜਾਈਏ। ਉਹ ਤਾਂ ਚਰਖੜੀ ਚੜ੍ਹੇ ਵੀ ਹੱਸਦੇ ਰਹੇ, ਅਸੀਂ ਕਾਰਾਂ ਤੇ ਚੜ੍ਹੇ ਵੀ ਰੋਈ ਜਾਈਏ।

ਅਦੀਬ

ਪੋਟੇ ਪਕੜ ਮਹਿਬੂਬ ਦੇ ਗੱਲ ਕਰਨੀ, ਚੰਗਾ ਆਸ਼ਕ ਦੇ ਲਈ ਤਬੀਬ ਹੋਣਾ । ਕੱਲ ਸ਼ਹਿਰ ਵਿੱਚ ਸਿਰ ਪੜਵਾਏ ਜੀਹਨੇ, ਅੱਗ ਭੱਖਣਾ ਕੋਈ ਖਤੀਬ ਹੋਣਾ । ਅੱਖਾਂ ਡੂੰਘੀਆਂ ਪਿੰਜਰ ਸਰੀਰ ਜੀਹਦਾ, ਉਹ ਆਸ਼ਕ ਨਹੀਂ ਕੋਈ ਅਦੀਬ ਹੋਣਾ । ਕੱਲ ਜੋ ਡਿੱਗਿਆ ਚਿੱਕੜ ਵਿੱਚ ਧੌਣ ਪਰਨੇ, ਗਲੀ ਯਾਰ ਦੀ ਮੇਰਾ ਰਕੀਬ ਹੋਣਾ ।

ਚੋਟ

ਲਾਈਏ ਬੋਹਲ ਫਿਰ ਝੂਠ ਤੇ ਚੁਗਲੀਆਂ ਦੇ, ਮਹਿਫ਼ਲ ਵਿੱਚ ਜੇ ਕਦੇ ਵੀ ਖੁਲ੍ਹ ਜਾਈਏ। ਸਾਡਾ ਇਸ਼ਕ ਮਸ਼ਹੂਰ ਹੈ ਖਾਨਦਾਨੀ, ਅਸੀਂ ਹਰ ਹੁਸੀਨ ਤੇ ਡੁੱਲ੍ਹ ਜਾਈਏ। ਖ਼ਤਰਾ ਵੇਖੀਏ ਜ਼ਰਾ ਵੀ ਕੁਰਸੀਆਂ ਨੂੰ, ਝੱਟ ਵਾਂਗ ਹਨੇਰੀਆਂ ਝੁਲ ਜਾਈਏ। ਚੋਟ ਦੁਸ਼ਮਣ ਦੀ ਭੁੱਲਣੀ ਗੱਲ ਕਿਹੜੀ, ਇਨਕਮ ਟੈਕਸ ਵੀ ਤਾਰਨੇ ਭੁਲ ਜਾਈਏ।

ਇਕਰਾਰ

ਮੌਤੇ ਕਾਹਲੀਏ ਜ਼ਰਾ ਕੁ ਠਹਿਰ ਅੜੀਏ, ਅਜੇ ਜ਼ਿੰਦਗੀ ਵਿੱਚ ਬਹਾਰ ਬਾਕੀ । ਸਾਕੀ ਜਾਮ ਵਰਤਾ ਕੇ ਲਾਂਭ ਹੋਇਆ, ਬਹੁੜੀ ਪਾਉਂਦੇ ਰਹੇ ਮੈਖ਼ਾਰ ਬਾਕੀ । ਉਹ ਵੀ ਰੋਂਦਿਆਂ ਧੋਂਦਿਆਂ ਗੁਜ਼ਰ ਜਾਣੇ, ਦਿਨ ਰਹਿੰਦੇ ਜੋ ਹਿਜਰ ਦੇ ਚਾਰ ਬਾਕੀ । ਬੜੀਆਂ ਰਹਿਮਤਾਂ ਗ਼ੈਰਾਂ ਤੇ ਵੱਸੀਆਂ ਨੇ, ਪੱਲੇ ਅਸਾਂ ਦੇ ਸਿਰਫ਼ ਇਕਰਾਰ ਬਾਕੀ ।

ਅਸਤੀਫ਼ਾ

ਖਾਧਾ ਰੱਜ ਕੇ "ਲੋਕਾਂ" ਨੇ ਲੀਡਰਾਂ ਨੂੰ, ਸਾਰੀ ਉਮਰ ਅਮਰੀਕੀ ਵਜੀਫਿਆਂ ਨੂੰ। ਉਹ ਮਹਿਫਲਾਂ ਵਿੱਚ ਸੁਣਾਉਂਦੇ ਰਹੇ, ਗੱਲ ਚੱਜ ਦੀ ਥਾਂ ਲਤੀਫਿਆਂ ਨੂੰ। ਬੁਧੂ ਕੌਮ ਨੂੰ ਕਿਵੇਂ ਬਣਾਈ ਦਾ ਏ, ਆਉਂਦਾ ਵੱਲ ਹੈ ਇਹਨਾਂ ਖਲੀਫਿਆਂ ਨੂੰ। ਪੀਹੜੀ ਆਪਣੀ ਹੇਠ ਨਾ ਫਿਰੇ ਸੋਟਾ, ਮੰਗਣ ਹੋਰਨਾਂ ਕੋਲੋਂ ਅਸਤੀਫ਼ਿਆਂ ਨੂੰ।

ਅਰਜੋਈ

ਸਾਡੇ ਨੈਣ ਤਰਸਦੇ ਦਰਸ਼ਨਾਂ ਨੂੰ, ਭਗਤ ਵੱਛਲ ਹੈਂ ਤੂੰ ਕਾਹਨਾ ਆਏਂਗਾ ਕੀ ? ਸਾਨੂੰ ਪੂਰਾ ਵਿਸ਼ਵਾਸ ਹੈ ਸ਼ਿਆਮ ਸੁੰਦਰ, ਤਾਨ ਮੁਰਲੀ ਦੀ ਮਿੱਠੀ ਸੁਣਾਏਂਗਾ ਕੀ ? ਫਿਰ ਮੈਂ ਸੋਚਨਾ ਹਾਂ ਪਿਆਰੇ ਗੋਵਰਧਨ, ਜੇ ਤੂੰ ਆ ਵੀ ਜਾਏਂ ਤਾਂ ਆਏਂਗਾ ਕੀ ? ਏਥੇ ਮੱਖਣ ਦੇ ਵਿੱਚ ਗਰੀਸ ਪਾਉਂਦੇ, ਆਪਣੇ ਭਗਤਾਂ ਦੇ ਘਰਾਂ ਤੋਂ ਖਾਏਂਗਾ ਕੀ ?

ਸ਼ਕਤੀਵਾਦ

ਵਧੇ ਡਾਕਟਰ ਜਦੋਂ ਤੋਂ ਮੁਲਕ ਅੰਦਰ, ਹੋ ਗਏ ਸਗੋਂ ਜ਼ਿਆਦਾ ਬੀਮਾਰ ਲੋਕੀਂ । ਦੁੱਧ ਪੁੱਤ ਦਾ ਝੂਠ ਮੁਹਾਵਰਾ ਹੈ, ਸਿਰਫ਼ ਪੈਸੇ ਨੂੰ ਕਰਨ ਪਿਆਰ ਲੋਕੀਂ। ਜਿਸਦੇ ਵਿਚ ਸ਼ਕਤੀਵਾਦੀ ਛਪੇ ਕਵਿਤਾ, ਚੁੱਕਣ ਚਿਮਟਿਆਂ ਨਾਲ ਅਖਬਾਰ ਲੋਕੀਂ। ਪਤਾ ਨਹੀਂ ਕਿਸ ਯੁੱਗ ਦਾ ਲੈਣ ਬਦਲਾ, ਕਰਨ “ਸਾਹਿਬ” ਨੂੰ ਭੇਟ ਤਲਵਾਰ ਲੋਕੀਂ ।

ਪ੍ਰਧਾਨਗੀ

ਛਾਈ ਉਮਰ ਦੇ ਉੱਤੇ ਹੈ ਰੁੱਤ ਕੇਹੀ, ਨਾ ਹਾਂ ਜੀਣ ਜੋਗੇ ਤੇ ਨਾ ਮਰਨ ਜੋਗੇ । ਹੋਰ ਜ਼ਖ਼ਮ ਨਾ ਕਰੋ ਹੁਣ ਜਿਗਰ ਅੰਦਰ, ਬਾਕੀ ਸਾਹ ਨਾ ਇਹਨਾਂ ਨੂੰ ਭਰਨ ਜੋਗੇ। ਚਾਰ ‘ਚੀਨੀ’ ਤੋਂ ਲਈਆਂ ਚੁਰਾ ਗਜ਼ਲਾਂ, ਹੋ ਗਏ ਪੈਰ ਮੁਸ਼ਾਇਰੇ ਵਿਚ ਧਰਨ ਜੋਗੇ । ਸ਼ੇਅਰ ਫੁਰੇ ਨਾ ਕਲਪਨਾ ਕੰਮ ਕਰਦੀ, ਰਹਿ ਗਏ ਸਿਰਫ਼ ਪ੍ਰਧਾਨਗੀ ਕਰਨ ਜੋਗੇ।

ਕੁਰਸੀ

ਸਾਰੀ ਉਮਰ ਘਸੀਟਿਆ ਬੁਰਸ਼ ਭਾਵੇਂ, ਬਣੀ ਅੰਤ ਦੇ ਵਿਚ ਤਸਵੀਰ ਕੁਰਸੀ। ਤੀਰ ਸਿਰਫ਼ ਸਰੀਰ ਨੂੰ ਵਿੰਨ੍ਹਦਾ ਏ, ਯਾਰੋ ! ਜਾਏ ਇਖ਼ਲਾਕ ਨੂੰ ਚੀਰ ਕੁਰਸੀ। ਰਾਂਝਾ ਫਿਰੇ ਬਾਜ਼ਾਰਾਂ ਵਿਚ ਭਾਅ ਪੁੱਛਦਾ, ਥਾਂ ਇਸ਼ਕ ਦੇ ਮੰਗਦੀ ਹੀਰ ਕੁਰਸੀ । ਮਿਹਰ ਸ਼ੇਖ ਫ਼ਰੀਦ ਦੀ ਹੋਈ “ਸਾਹਿਬ”, ਵੈਦਰਾਜ ਨੂੰ ਮਿਲੀ ਅਖ਼ੀਰ ਕੁਰਸੀ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸੂਬਾ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ