ਲਾਹੌਰ (ਪਾਕਿਸਤਾਨ) ਦੀ ਵਿਸ਼ਵ ਪੰਜਾਬੀ ਕਾਨਫਰੰਸ 2024 ਦੀ ਆਖਰੀ ਰਾਤ ਸੀ ਸਾਡੀ ਡੇਵਿਸ ਰੋਡ ਵਾਲੇ ਪਾਕ ਹੈਰੀਟੇਜ ਹੋਟਲ ਵਿੱਚ।
ਸਿਰਕੱਢ ਪੰਜਾਬੀ ਕਵੀ ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਰਾਤ ਨੂੰ ਹੀ ਅਲਵਿਦਾ ਕਹਿਣ ਆ ਗਏ। ਕਹਿਣ ਲੱਗੇ, ਸਵੇਰੇ ਉੱਠਿਆਂ ਨਹੀਂ ਜਾਣਾ। ਨਾਲੇ ਵਿੱਛੜਦੇ ਯਾਰਾਂ ਦੀ ਪਿੱਠ ਨਹੀਂ ਵੇਖੀ ਨਹੀਂ ਜਾਂਦੀ, ਭਾਵੇਂ ਸਵੇਰ ਹੀ ਕਿਉਂ ਨਾ ਹੋਵੇ।
ਅੱਧੀ ਰਾਤ ਤੀਕ ਸਾਡੇ ਕਮਰੇ ਵਿੱਚ ਮੇਲਾ ਲੱਗਾ ਰਿਹਾ। ਦੋ ਆਈ ਜਾਣ ਦੋ ਜਾਈ ਜਾਣ, ਕਿੰਨੂ ਤੇ ਅਮਰੂਦਾਂ ਦਾ ਸਦਾਵਰਤ ਲੱਗਿਆ ਰਿਹਾ। ਸਰਗੋਧੇ ਤੌਂ ਆਏ ਫ਼ਲਾਂ ਦੇ ਟੋਕਰੇ ਜ਼ਿੰਦਾਬਾਦ।
ਸਹਿਜਪ੍ਰੀਤ ਮੁੱਖ ਪ੍ਰਬੰਧਕ ਹੋਣ ਕਾਰਨ ਮੇਰੇ ਨਾਲ ਲਿਹਾਜ਼ ਪੂਰ ਗਿਆ। ਮੇਰਾ ਕਮਰਾ ਦੋਹਰਾ ਸੀ ਅੱਗੇ ਬੈਠਕ ਸੋਫਿਆਂ ਵਾਲੀ ਤੇ ਪਿੱਛੇ ਸੌਣ ਕਮਰਾ।
ਆਖਰੀ ਦਿਨ ਹੀ ਕੋਰੀਅਰ ਰਾਹੀਂ ਖੱਡੀ ਤੇ ਬੁਣੀ ਕਾਲੀ ਲੋਈ ਪਹੁੰਚੀ ਸੀ ਹੋਟਲ ਦੇ ਪਤੇ ਤੇ ਕੋਰੀਅਰ ਰਾਹੀਂ। ਪੂਰੇ ਅਮਰੀਕਨ ਸੌ ਡਾਲਰ ਦੀ। ਬੇਅੰਤ ਨਿੱਘੀ। ਮੇਰੀ ਇਸ ਲੋਈ ਦੀ ਬੁੱਕਲ ਵਿੱਚ ਹਮੇਸ਼ ਵਾਂਗ ਪਹਿਲਾਂ ਬਾਬਾ ਨਜਮੀ ਵੜਿਆ, ਫਿਰ ਅਫਜ਼ਲ ਸਾਹਿਰ। ਤ੍ਰੈਲੋਚਨ ਲੋਚੀ ਬੋਲਿਆ, ਲੋਈ ਦੀ ਇੱਕ ਕੰਨੀ ਮੈਨੂੰ ਵੀ ਫੜਾ ਦਿਉ, ਮੈਂ ਵੀ ਤਾਂ ਮੁਕਤਸਰੋਂ ਆਇਆਂ। ਉਹ ਵੀ ਵਿੱਚੇ ਆ ਗਿਆ। ਚਹੁੰ ਜਣਿਆਂ ਤੇ ਲਈ ਲੋਈ ਦਾ ਦ੍ਰਿਸ਼ ਅਸਾਂ ਕਿਸੇ ਨੂੰ ਬੇਨਤੀ ਕਰਕੇ ਸੰਭਾਲ ਲਿਆ। ਇਸ ਬੁੱਕਲ ਵਿੱਚ ਵੜਨੋਂ ਪਹਿਲਾਂ ਬਾਬਾ ਨਜਮੀ ਨੇ ਆਪਣੀ ਇਹ ਗ਼ਜ਼ਲ ਸਾਨੂੰ ਸੁਣਾਈ।
ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ ।
ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ ।
ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,
ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ ।
ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,
ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ ।
ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,
ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ ।
ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,
ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ ।
ਖ਼ਵਾਜਾ 'ਫ਼ਰੀਦ', ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ ।
ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,
'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।
ਅਫ਼ਜ਼ਲ ਸਾਹਿਰ ਨੇ ਵੀ ਵਕਤ ਸੰਭਾਲਿਆ। ਕਹਿਣ ਲੱਗਾ, ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲ੍ਹੀ। ਬਹੁਤ ਗਹਿਰ ਗੰਭੀਰਾ ਸ਼ਾਇਰ ਹੈ ਲਿਖਤੋਂ , ਪਰ ਮਨ ਮੌਜੀ ਚੁਲਬਲਾ। ਅੱਖਾਂ ਨੂਟ ਬੋਲਿਆ -
ਸੁਫ਼ਨੇ ਰਹਿ ਗਏ ਕੋਰੇ
ਸੱਜਣ!
ਸਾਡੇ ਸੁਫ਼ਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ,
ਜਿਉਂ ਕੰਧਾਂ ਵਿੱਚ ਮਘੋਰੇ
ਜੱਗ ਕੂੜ ਪਸਾਰਾ ਕਹਿਰ ਦਾ
ਸਾਨੂੰ ਚਸਕਾ ਲੱਗਾ ਜ਼ਹਿਰ ਦਾ
ਦਿਲ ਪਾਰਾ ਕਿਤੇ ਨਾ ਠਹਿਰਦਾ
ਸਾਨੂੰ ਧੁੜਕੂ ਅੱਠੇ ਪਹਿਰ ਦਾ
ਇੱਕ ਪਾਸਾ ਮਰਿਆ ਸ਼ਹਿਰ ਦਾ
ਵਿਚ ਭੁੱਖਾ ਫਨੀਅਰ ਲਹਿਰਦਾ
ਮਾਵਾਂ ਨੇ ਖੀਸੇ ਫੋਲ ਕੇ
ਪੁੱਤ ਸਫ਼ਰਾਂ 'ਤੇ ਟੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ
ਅਸੀਂ ਸਈਆਂ ਨੈਣਾਂ ਵਾਲੀਆਂ
ਸਾਨੂੰ ਜੋਇਆ ਅੰਨ੍ਹੇ ਹਾਲੀਆਂ
ਮਨ ਖੋਭੇ ਸੱਧਰਾਂ ਗਾਲੀਆਂ
ਸਾਡਾ ਜੀਵਨ ਵਿੱਚ ਕੁਠਾਲੀਆਂ
ਖਸਮਾਂ ਦੀਆਂ ਅੱਗਾਂ ਬਾਲੀਆਂ
ਦਿਲ ਗੁੰਨ੍ਹੇ ਵਿਚ ਕੁਨਾਲੀਆਂ
ਇਸ ਔਤਰ ਜਾਣੇ ਸਮੇਂ ਨੇ
ਸਾਹ ਬਰਫ਼ਾਂ ਵਾਂਗੂੰ ਖੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ!
ਹੁਣ ਵਾਰੀ ਸੀ ਸੁਰਵੰਨੇ ਸ਼ਾਇਰ ਲੋਚੀ ਦੀ। ਅਫ਼ਜ਼ਰ ਸਾਹਿਰ ਨੇ ਤਰੰਨਮ ਵਿੱਚ ਸੁਣਾਉਣ ਦੀ ਤਾਕੀਦ ਕੀਤੀ। ਲੋਚੀ ਨੇ ਪਹਿਲੇ ਬੋਲ ਹੀ ਮਹਿਕ ਬਖੇਰੀ। ਬੋਲਿਆ, ਅੱਜ ਮੈਂ ਪਹਿਲਾਂ ਨਜ਼ਮ “ਸਤਿਲੁਜ ਅਤੇ ਬਿਆਸ” ਸੁਣਾਵਾਂਗਾ। ਤਰੰਨਮ ਵਿੱਚ ਗ਼ਜ਼ਲ ਬਾਅਦ ਵਿੱਚ
ਸਤਲੁਜ ਅਤੇ ਬਿਆਸ ਮਿਲੇ ਸੀ
ਦੋਵੇਂ ਬਹੁਤ ਉਦਾਸ ਮਿਲੇ ਸੀ
ਮੇਰੇ ਵੰਨੀਂ ਝਾਕ ਰਹੇ ਸੀ
ਜਿੱਦਾਂ ਮੈਨੂੰ ਆਖ ਰਹੇ ਸੀ
ਕਿੱਥੇ ਸਾਡੇ ਸੁੱਚੇ ਪਾਣੀ
ਕਿਉਂ ਕਰਦੈਂ ਤੂੰ ਖਤਮ ਕਹਾਣੀ
ਸੁਣ ਉਏ ਬੰਦਿਆ
ਬੋਲ ਓ ਬੰਦਿਆ
ਕਿਉਂ ਤੂੰ ਸਾਨੂੰ
ਸੂਲੀ ਟੰਗਿਆ
ਸੁਣਕੇ ਸੱਚੇ ਬੋਲ ਉਨ੍ਹਾਂ ਦੇ
ਸਾਹ ਸੀ ਸੁੱਕੇ
ਦਿਲ ਸੀ ਕੰਬਿਆ
ਦਰਿਆਵਾਂ ਦਾ ਸੁਣਕੇ ਮਿਹਣਾ
ਸਿੱਧੇ ਤੀਰ ਕਲੇਜੇ ਵੱਜੇ
ਭੱਜਣ ਨੂੰ ਨਾ ਥਾਂ ਸੀ ਕਿਧਰੇ
ਨਾ ਖੱਬੇ ਤੇ ਨਾ ਹੀ ਸੱਜੇ
ਸੁਣਕੇ ਉਹਨਾਂ ਦੀ ਇਹ ਬੋਲੀ
ਮੈਂ ਤਾਂ ਪਾਣੀਓਂ ਪਾਣੀ ਹੋਇਆ
ਧਰਤੀ ਦਿੰਦੀ ਵੇਹਲ ਨਹੀਂ ਸੀ
ਉਹਨਾਂ ਐਸਾ ਕਿੱਸਾ ਛੋਹਿਆ
ਦਿਲ ਚਾਹੁੰਦਾ ਸੀ
ਧਰਤੀ ਪਾਟੇ
ਛੇਤੀ ਧਰਤੀ ਵਿੱਚ ਸਮਾਵਾਂ
ਪਾਣੀਓਂ ਪਾਣੀ ਹੋਇਆ ਮੈਂ ਵੀ
ਜਾਕੇ ਪਾਣੀ ਵਿੱਚ ਰਲ ਜਾਵਾਂ
ਜਾਕੇ ਪਾਣੀ ਵਿੱਚ ਰਲ ਜਾਵਾਂ।
ਮਾਹੌਲ ਬਹੁਤ ਹੀ ਸ਼ਾਇਰਾਨਾ ਹੋ ਗਿਆ। ਇੰਡੋ ਪਾਕਿ ਮੁਸ਼ਾਇਰੇ ਵਰਗਾ। ਪਰ ਲੋਈ ਇੱਕੋ। ਕਮਰੇ ਵਿੱਚ ਸਰੋਤਾ ਵੀ ਇੱਕੋ, ਮੇਰੀ ਸਰਦਾਰਨੀ ਜਸਵਿੰਦਰ ਕੌਰ ਭਾਣਾ ਮੰਨ ਰਹੀ ਸੀ। ਮੇਰੇ ਨਾਲ ਲਈਆਂ ਲਾਵਾਂ ਦੀ ਕੀਮਤ ਕੁਝ ਤਾਂ ਤਾਰਨੀ ਪੈਣੀ ਸੀ। ਚੰਗੀ ਗੱਲ ਇਹ ਸੀ ਕਿ ਬਾਬਾ ਤੇ ਅਫ਼ਜ਼ਲ ਕਈ ਵਾਰ ਮਿਲੇ ਹੋਣ ਕਰਕੇ ਓਪਰੇ ਨਹੀਂ ਸਨ ਤੇ ਲੋਚੀ ਤਾਂ ਹੈ ਹੀ ਘਰ ਦੇ ਬੱਚਿਆਂ ਜਿਹਾ। ਲੋਚੀ ਨੇ ਤਰੰਨਮ ਵਿੱਚ ਗ਼ਜ਼ਲ ਸੁਣਾਈ ਤਾਂ ਕਮਰਾ ਮਹਿਕ ਗਿਆ। ਘੱਟ ਸੁਣੀ ਗ਼ਜ਼ਲ ਸੀ।
ਕਿੰਨੀ ਹਨੇਰਗਰਦੀ, ਏਨੀ ਹਨੇਰਗਰਦੀ ?
ਅੰਬਰ 'ਚ ਉੱਡਣੇ ਤੋਂ, ਚਿੜੀਆਂ ਦੀ ਡਾਰ ਡਰਦੀ !
ਧਰਤੀ ਵੀ ਓਦੋਂ ਕੰਬੇ, ਅੰਬਰ ਵੀ ਡੋਲਦਾ ਹੈ,
ਜਦ ਕੋਈ ਧੀ ਧਿਆਣੀ, ਅੱਖੀਆਂ 'ਚ ਨੀਰ ਭਰਦੀ !
ਵਰ੍ਹਦੀ ਸਮੁੰਦਰਾਂ 'ਤੇ ਜਾਂ ਸੰਗ ਮਰਮਰਾਂ 'ਤੇ,
ਜਿੱਥੇ ਉਡੀਕ ਇਸਦੀ, ਬੱਦਲੀ ਨਾ ਉਥੇ ਵਰ੍ਹਦੀ!
ਵਿਹੜੇ 'ਚ ਜਦ ਵੀ ਦੇਖੇ, ਦੀਵਾਰ ਬਣ ਰਹੀ ਹੈ,
ਤਦ ਰੋਣ -ਹਾਕੀ ਹੋਵੇ, ਸੂਰਤ ਕਿਸੇ ਵੀ ਘਰ ਦੀ !
ਕਿੰਨੇ ਨੇ ਲੋਕ ਏਥੇ, ਜਿੰਨ੍ਹਾਂ ਦੀ ਇਹ ਕਥਾ ਹੈ,
ਨਿੱਤ ਰੀਝ ਕੋਈ ਜਿਓਂਦੀ, ਨਿੱਤ ਰੀਝ ਕੋਈ ਮਰਦੀ !
ਤੇਰੀ ਗ਼ਜ਼ਲ ਦਾ ਤਾਂਹੀਓਂ, ਰੰਗ ਵੱਖਰਾ ਹੈ ਲੋਚੀ,
ਵੱਖਰੀ ਹੀ ਤੋਰ ਇਸਦੀ, ਪੱਬ ਬੋਚ ਬੋਚ ਧਰਦੀ।
ਅਖੀਰ ਚ ਬਾਬਾ ਨਜਮੀ ਦੇ ਕਹਿਣ ਤੇ ਮੈਂ ਆਪਣੀ ਇੱਕ ਗ਼ਜ਼ਲ ਦੇ ਕੁਝ ਸ਼ਿਅਰ ਸਾਂਝੇ ਕੀਤੇ।
ਹਮੇਸ਼ਾਂ ਢਾਲ ਹੀ ਬਣਨਾ, ਕਦੇ ਹਥਿਆਰ ਨਹੀਂ ਬਣਨਾ ।
ਤੁਸੀਂ ਰਾਹਾਂ 'ਚ ਛਾਂ ਬਣਨਾ, ਕਦੇ ਦੀਵਾਰ ਨਹੀਂ ਬਣਨਾ ।
ਤੁਸੀਂ ਖ਼ੁਸ਼ਬੂ ਦੇ ਵਾਂਗਰ ਰੁਮਕਣਾ ਪੌਣਾਂ 'ਚ ਘੁਲ਼ ਮਿਲ਼ ਕੇ,
ਕਦੇ ਬਾਗਾਂ ਦੀ ਰੂਹ ਤੇ ਬੇ ਵਜ੍ਹਾ ਹੀ ਭਾਰ ਨਹੀਂ ਬਣਨਾ ।
ਇਹ ਕਾਲਖ਼ ਆਦਮੀ ਨੂੰ ਰੋਲ਼ਦੀ ਬਰਬਾਦ ਕਰਦੀ ਹੈ,
ਹਨ੍ਹੇਰੀ ਰਾਤ ਦਾ ਭੁੱਲ ਕੇ ਕਦੇ ਪਰਿਵਾਰ ਨਹੀਂ ਬਣਨਾ ।
ਤੁਸੀਂ ਧੁੱਪਾਂ ਤੇ ਛਾਵਾਂ ਨੂੰ, ਸਦਾ ਹੀ ਮਾਨਣਾ ਖੁੱਲ੍ਹ ਕੇ,
ਕਦੇ ਵੀ ਕਮਰਿਆਂ ਦੀ ਜੇਲ੍ਹ ਦਾ ਸ਼ਿੰਗਾਰ ਨਹੀਂ ਬਣਨਾ ।
ਤੁਸੀਂ ਜਲ ਦਾ ਤਰੌਂਕਾ ਦੇਣ ਖ਼ਾਤਰ ਮਸ਼ਕ ਬਣ ਜਾਣਾ,
ਘਰਾਂ ਨੂੰ ਰਾਖ਼ ਜੋ ਕਰਦੈ ਕਦੇ ਅੰਗਿਆਰ ਨਹੀਂ ਬਣਨਾ ।
ਤੁਸੀਂ ਹਰ ਵਕਤ ਹੀ ਤੁਰਨੈਂ ਮਸ਼ਾਲਾਂ ਬਾਲ ਕੇ ਸ਼ਬਦੋ,
ਕਦੇ ਲਾਲਚ ਦੀ ਝਾਂਜਰ ਪਹਿਨਦੀ ਅਖ਼ਬਾਰ ਨਹੀਂ ਬਣਨਾ ।
ਤੁਸੀਂ ਸੰਗਲ ਸਹੀ, ਪਰ ਪਿਘਲ ਕੇ ਵੀ ਯਾਦ ਇਹ ਰੱਖਣਾ,
ਤੁਸੀਂ ਕਿਰਪਾਨ ਬਣ ਜਾਇਓ, ਕਦੇ ਤਲਵਾਰ ਨਹੀਂ ਬਣਨਾ ।
ਨਾਲ ਦੇ ਕਮਰੇ ਵਿੱਚੋਂ ਆਵਾਜ਼ ਆਈ, ਸੌਂ ਜਾਉ ਹੁਣ, ਸਵੇਰੇ ਜਾਣਾ ਵੀ ਹੈ। ਅਸੀਂ ਘੁਰਕੀ ਤੋਂ ਡਰਦੇ ਸੁੱਤੇ ਨਾ ਨਹੀਂ ਪਰ ਹੌਲੀ ਹੌਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ।
ਤਰੀਕ ਬਦਲ ਚੁੱਕੀ ਸੀ। ਇਹ ਰਾਤ ਤਾਰੀਖ਼ੀ ਬਣ ਗਈ ਸਾਡੇ ਲਈ। ਉਸ ਰਾਤ ਦੇ ਵਿੱਛੜੇ ਕਦੋਂ ਮਿਲਾਂਗੇ, ਪਤਾ ਨਹੀਂ।