Wadda Vela : Professor Mohan Singh

ਵੱਡਾ ਵੇਲਾ : ਪ੍ਰੋਫੈਸਰ ਮੋਹਨ ਸਿੰਘ

1. ਵੱਡੇ ਵੇਲੇ ਦਿਆ ਤਾਰਿਆ

ਵੱਡੇ ਵੇਲੇ ਦਿਆ ਤਾਰਿਆ
ਜਿੰਦ ਤੇਰੀ ਕਿਉਂ ਕੰਬੇ ?
ਗ਼ਮ ਅਸਾਡੇ ਘਣੇ ਬੇਲੀਆ
ਪੰਧ ਤੇਰੇ ਜੇ ਲੰਬੇ ।

ਵੱਡੇ ਵੇਲੇ ਦਿਆ ਤਾਰਿਆ
ਜਿੰਦ ਤੇਰੀ ਕਿਉਂ ਡੋਲੇ ?
ਝੋਲ ਤੇਰੀ ਵਿਚ ਪਿਆ ਚਾਨਣਾ
ਚਿਣਗ ਪਈ ਸਾਡੇ ਚੋਲੇ ।

ਵੱਡੇ ਵੇਲੇ ਦਿਆ ਤਾਰਿਆ
ਖੁੱਲ੍ਹੀ ਤੇਰੀ ਉਡਾਰ,
ਜਿੰਦ ਸਾਡੀ ਨੂੰ ਪਵੇ ਲੰਘੀਣਾ
ਸੂਈ ਦੇ ਨਕਿਉਂ ਪਾਰ ।

ਵੱਡੇ ਵੇਲੇ ਦਿਆ ਤਾਰਿਆ
ਗਲ ਸੁਣੀਂ ਕੰਨ ਲਾ,
ਗੁੜ ਹੋਵੇ ਤਾਂ ਵੰਡੀਏ ਬੇਲੀਆ
ਦਰਦ ਨਾ ਵੰਡਿਆ ਜਾ ।

ਵੱਡੇ ਵੇਲੇ ਦਿਆ ਤਾਰਿਆ
ਜਿੰਦ ਲੱਗੀ ਬੇਦਰਦੀ ਲੇਖੇ,
ਪੀੜ ਤੇਰੀ ਕੁਲ ਦੁਨੀਆਂ ਤਕਦੀ,
ਪੀੜ ਸਾਡੀ ਕੌਣ ਦੇਖੇ ।

2. ਅਮਲ

ਉਠੋ ਕਿ ਉਠਣ ਹੀ ਹੈ ਜ਼ਿੰਦਗੀ ਦਾ ਪਹਿਲਾ ਕਦਮ,
ਤੁਰੋ ਕਿ ਤੁਰਨਾ ਹੀ ਹੈ ਜ਼ਿੰਦਗੀ ਦਾ ਪਹਿਲਾ ਪੜਾ ।
ਕਰੋ ਜੇ ਹੋਸ਼ ਤਾਂ ਪੱਥਰ ਤੋਂ ਲਾਲ ਬਣ ਜਾਵੇ,
ਰਹੇ ਬੇਹੋਸ਼ ਤਾਂ ਰਹਿ ਜਾਏ ਵੱਟੇ ਦਾ ਵੱਟਾ ।

ਚਲੋ ਕਿ ਚਲਣਾ ਹੀ ਹੈ ਜ਼ਿੰਦਗੀ ਦਾ ਦੂਜਾ ਨਾਂ,
ਖਲੋਣਾ ਮੌਤ ਹੈ, ਚਲਣਾ ਹੈ ਜ਼ਿੰਦਗੀ ਅਸਗਾਹ ।
ਖਲੋਤੀ ਬੂੰਦ ਬਣੇ ਵਿਸ ਯਾ ਵਧ ਤੋਂ ਵਧ ਮੋਤੀ,
ਤੁਰਨ ਜੇ ਕਣੀਆਂ ਤਾਂ ਬਣ ਜਾਏ ਸ਼ੂਕਦਾ ਦਰਿਆ ।

ਹਿਲੋ ਕਿ ਹਿਲਿਆਂ ਹੀ ਆਲਸ ਦਾ ਮਾਰੂ ਥੱਲ ਕੱਟੇ,
ਵਧੋ ਕਿ ਵਧਿਆਂ ਹੀ ਮੰਜ਼ਿਲ ਤੇ ਕਾਫਿਲਾ ਪੁੱਜੇ ।
ਅਮਲ ਦੇ ਗੁਰਜ ਬਿਨਾ ਨ੍ਹੇਰੇ ਦਾ ਨਾ ਬੁਰਜ ਡਿਗੇ,
ਅਮਲ ਦੇ ਡੱਗੇ ਬਿਨਾ ਫਜਰ ਦੀ ਨਾ ਭੇਹਰ ਵਜੇ ।

ਅਮਲ ਹੈ ਦਗਦੀ ਤੇ ਮਘਦੀ ਸ਼ਰਾਬ ਦੇ ਵਾਂਗੂੰ,
ਅਮਲ ਨਹੀਂ ਹੈ ਸੁਰਾਹੀ ਅਤੇ ਸਬੂ ਬਣਨਾ ।
ਅਮਲ ਸਿਖਾਵੇ ਨਾ ਧਰਤੀ ਦੇ ਵਾਂਗ ਪੈ ਰਹਿਣਾ,
ਅਮਲ ਹੈ ਉਗਣਾ, ਨਿਸਰਨਾ, ਵਿਗਸਣਾ, ਬੂ ਬਣਨਾ ।

ਅਮਲ ਹੈ ਚਿਣਗ ਦਾ ਸ਼ੁਅਲੇ ਦੇ ਵਿਚ ਬਦਲ ਜਾਣਾ,
ਅਮਲ ਹੈ ਆਹ ਦਾ ਵਧ ਕੇ ਤੂਫ਼ਾਨ ਬਣ ਜਾਣਾ ।
ਅਮਲ ਹੈ ਕਤਰੇ ਦਾ ਵਧ ਕੇ ਸਮੁੰਦ ਹੋ ਜਾਣਾ,
ਅਮਲ ਹੈ ਜ਼ੱਰੇ ਦਾ ਵਧ ਕੇ ਜਹਾਨ ਬਣ ਜਾਣਾ ।

ਕਰੋੜਾਂ ਉਂਗਲੀਆਂ ਨੇ ਰਾਤ ਦਿਹੁੰ ਯਤਨ ਕੀਤਾ,
ਟਿਕੀ ਹਨੇਰੇ ਦੇ ਸਿਰ ਤੇ ਸਵੇਰ ਦੀ ਸੱਗੀ ।
ਹਜ਼ਾਰਾਂ ਤੇਸਿਆਂ ਦੇ ਕੋਹ-ਕਨੀ ਨੇ ਘੁੰਡ ਮੋੜੇ,
ਤਾਂ 'ਜੂਏ ਸ਼ੀਰ' ਪਹਾੜਾਂ ਦੀ ਕੁੱਖ 'ਚੋਂ ਵੱਗੀ ।

ਅਮਲ ਦੇ ਨਾਲ ਸਮਿਆਂ ਦੀ ਲਿਟ ਸੰਵਰਦੀ ਹੈ,
ਅਮਲ ਦੇ ਨਾਲ ਹੀ ਧਰਤੀ ਤੇ ਰੂਪ ਚੜ੍ਹਦਾ ਹੈ ।
ਅਮਲ ਦੇ ਨਾਲ ਹੀ ਤਾਜਾਂ ਤੋਂ ਤੁੰਡ ਕੇ ਹੀਰੇ,
ਕਿਸਾਨ ਅਪਣੀ ਪੰਜਾਲੀ ਦੇ ਉਤੇ ਜੜਦਾ ਹੈ ।

3. ਉਡੀਕ

ਹੋਇਆ ਆਥਣਾਂ ਦਾ ਰੰਗ
ਮੰਗੂ ਜਾਣ ਲੰਘ ਲੰਘ
ਵੱਜਣ ਟੱਲੀਆਂ ਤੇ ਜੰਗ
ਐਪਰ ਮਾਹੀ ਦੀ ਨਾ ਸੋ
ਜਿੰਦ ਨੂੰ ਹੋ ਗਿਆ ਕੀ ਹੋ !

ਔਹ ਸਮੇਂ ਦੇ ਲਲਾਰੀ
ਵਿਚ ਲਹਿੰਦੇ ਖਿਲਾਰੀ
ਸੂਹੀ ਸੋਸਨੀ ਸਲਾਰੀ
ਵਿਚ ਨੀਲ ਦੇ ਡਬੋ
ਜਿੰਦ ਨੂੰ ਹੋ ਗਿਆ ਕੀ ਹੋ !

ਪਛਮੀ ਪੱਤਣਾਂ ਤੇ ਜੁੜੀਆਂ
ਭੀੜਾਂ ਰੰਗਾਂ ਦੀਆਂ ਬੜੀਆਂ
ਕਹੀਆਂ ਪਿਆਰੀਆਂ ਘੜੀਆਂ
ਲੱਗਾ ਰੰਗਾਂ ਦਾ ਜਲੌ
ਜਿੰਦ ਨੂੰ ਹੋ ਗਿਆ ਕੀ ਹੋ !

ਫੈਲੇ ਰਾਤ ਦੇ ਹਨੇਰੇ
ਕੀਤੇ ਪੰਛੀਆਂ ਬਸੇਰੇ
ਲਾਏ ਫੱਕਰਾਂ ਵੀ ਡੇਰੇ
ਦਿਲ ਪਰ ਕਿਵੇਂ ਨਾ ਖਲੋ
ਜਿੰਦ ਨੂੰ ਹੋ ਗਿਆ ਕੀ ਹੋ !

ਉੱਚੀ ਗਗਨ ਦੀ ਅਟਾਰੀ
ਰਤਨਾਂ ਮੋਤੀਆਂ ਸ਼ਿੰਗਾਰੀ
ਕਿਹੜੇ ਚਤਰ ਨੇ ਉਸਾਰੀ
ਸਮਝ ਸਕਿਆ ਨਾ ਕੋ
ਦਿਲ ਨੂੰ ਹੋ ਗਿਆ ਕੀ ਹੋ ?

ਤੁਰਦਾ ਗਗਨਾਂ ਤੇ ਚੰਦ
ਕੱਟੀ ਜਾਂਵਦਾ ਏ ਪੰਧ
ਜਿੰਦ ਬੂਹੇ ਵਾਂਗ ਬੰਦ
ਕੌਣ ਗਿਆ ਇਹਨੂੰ ਢੋ
ਜਿੰਦ ਨੂੰ ਹੋ ਗਿਆ ਕੀ ਹੋ !

ਤਾਰਾ ਗਗਨਾਂ ਤੇ ਡਲ੍ਹਕੇ
ਦਿਲ ਕੋਠੀ ਵਾਂਗ ਧੜਕੇ
ਕਦੋਂ ਹੋਵਣੇ ਨੇ ਤੜਕੇ
ਕਦੋਂ ਕਟਣੇ ਨੇ ਕੋਹ
ਜਿੰਦ ਨੂੰ ਹੋ ਗਿਆ ਕੀ ਹੋ !

ਕੁੰਜੀ ਰਾਤ ਨੇ ਜਾਂ ਲਹਿੰਗੀ
ਆਈ ਸਿਰਾ ਦੀ ਇਹ ਵਹਿੰਗੀ
ਘੜੀ ਹੁਣ ਉਤੇ ਮਹਿੰਗੀ ਮੁਲ ਏਸਦਾ ਨਾ ਕੋ
ਜਿੰਦ ਨੂੰ ਹੋ ਗਿਆ ਕੀ ਹੋ !

ਵਾਹੀ ਚਾਨਣੇ ਜਾਂ ਲੀਕ
ਪਹਿਲੀ, ਫਿੱਕੀ ਤੇ ਬਰੀਕ
ਬਿਹਬਲ ਹੋ ਗਈ ਉਡੀਕ
ਚੜ੍ਹਿਆ ਜਜ਼ਬਿਆਂ ਦਾ ਸ਼ੌਹ
ਜਿੰਦ ਨੂੰ ਹੋ ਗਿਆ ਕੀ ਹੋ !

ਚੜ੍ਹ ਪਏ ਸੋਨ ਸਵੇਰੇ
ਮੁੱਕੇ ਰਾਤ ਦੇ ਹਨੇਰੇ
ਘਰ ਬਾਰ ਤੇ ਬਨੇਰੇ
ਲਏ ਕਿਰਨਾਂ ਨੇ ਛੋਹ
ਜਿੰਦ ਨੂੰ ਹੋ ਗਿਆ ਕੀ ਹੋ !

4. ਲੀਲ੍ਹਾ

ਯਾਦ ਤੇਰੀ ਰੰਗੀਨੀਆਂ ਵੰਡਦੀ
ਕਦੀ ਤਾਂ ਵਾਂਗ ਬਹਾਰ ਆਏ ।

ਗ਼ਮੀਆਂ ਅਤੇ ਉਦਾਸੀਆਂ ਦੇਂਦੀ
ਕਦੀ ਵਾਂਗ ਪਤਝਾੜ ਆਏ ।

ਕਦੀ ਸਾਵਣ ਦੇ ਬਦਲਾਂ ਵਾਂਗੂੰ
ਦਲ ਉਤੇ ਦਲ ਚਾੜ੍ਹ ਆਏ ।

ਕਦੀ ਬਿਜਲੀਆਂ ਵਾਂਗ ਮੇਘਲੇ
ਕਰਦੀ ਤਾਰੋ ਤਾਰ ਆਏ ।

ਕਦੀ ਚਾਨਣ ਦੇ ਰੱਥ ਤੇ ਬੈਠੀ
ਧੰਮਦੀ ਧੰਮੀ ਹਾਰ ਆਏ ।

ਕਦੀ ਚਿਲਕਣੀ ਧੁਪ ਦੀ ਸੱਗੀ
ਸੀਸ ਉਤੇ ਲਿਸ਼ਕਾਰ ਆਏ ।

ਕਦੀ ਆਥਣਾਂ ਵਾਂਗ ਮਾਂਗ ਵਿਚ
ਭਰ ਕੇ ਰੰਗ ਹਜ਼ਾਰ ਆਏ ।

ਚੁਪ-ਦਾਤੀ ਗ਼ਮ-ਦਾਤੀ ਬਣ ਕੇ
ਕਦੀ ਵਾਂਗ ਅੰਧਕਾਰ ਆਏ ।

ਕਦੀ ਪਕੜ ਰਿਸ਼ਮਾਂ ਦੀਆਂ ਲਾਸਾਂ
ਉਤਰ ਚਾਂਦਨੀ ਹਾਰ ਆਏ ।

ਕਦੀ ਲਜਾਂਦੀ ਵਾਂਗ ਬਹੂ ਦੇ
ਨਿਕਲ ਡੋਲਿਉਂ ਬਾਹਰ ਆਏ ।

ਕਦੀ ਨਚਾਂਦੀ ਚੀਚੀ ਉਤੇ
ਚੰਚਲ ਨਾਰ ਛੰਨਾਰ ਆਏ ।

ਕਦੀ ਛਣਕਦੀ ਅਤੇ ਮਣਕਦੀ
ਨਚਦੀ ਵਾਂਗ ਨਚਾਰ ਆਏ ।

ਕਦੀ ਪਿਛੋਂ ਦੀ ਅੱਖਾਂ ਮੀਚਣ
ਪੋਲੇ ਪੱਬਾਂ ਭਾਰ ਆਏ ।

ਸਦਕੇ ਇਸਦੀ ਲੀਲ੍ਹਾ ਉਤੋਂ
ਆਏ ਸੌ ਸੌ ਵਾਰ ਆਏ ।

ਯਾਦਾਂ ਤੇ ਕੋਈ ਕਿਚਰਕ ਜੀਵੇ
ਜੇ ਨਾ ਆਪ ਪਿਆਰ ਆਏ ।

5. ਆਥਣ

ਪੁੱਜਦਾ ਸੂਰਜ ਦਾ ਘੋੜਾ ਘਰਕਦਾ
ਪੱਛਮੀ ਪੱਤਣਾਂ ਤੇ ਜਿਸ ਦਮ ਆਣ ਕੇ,
ਪੌਖੜਾਂ ਦੇ ਨਾਲ ਉਡਾਂਦਾ ਲਾਲ ਧੂੜ,
ਨਾਲ ਮੁੜ੍ਹਕੇ ਭਿੱਜੀ ਸ਼ਿਗਰਫੀ ਅਯਾਲ,
ਮੂੰਹ 'ਚੋਂ ਸਿਟਦਾ ਤੂੰਬੇ ਸੂਹੀ ਝੱਗ ਦੇ-

ਧੀਮੇ ਰੰਗਾਂ ਵਾਲੀ ਆਥਣ ਆਣ ਕੇ,
ਧਰਦੀ ਉਸ ਦੇ ਕੰਨਾਂ ਦੇ ਵਿਚਕਾਰ ਹੱਥ,
ਫੇਰ ਹੌਲੀ ਹੌਲੀ ਲੰਬੀਆਂ ਉਂਗਲੀਆਂ
ਨਾਲ ਛੂਹ ਕੇ ਤਤੀਆਂ ਨਾਸਾਂ ਉਸ ਦੀਆਂ,
ਕੱਢਦੀ ਕੰਡਿਆਲਾ ਉਸ ਦੇ ਮੂੰਹ 'ਚੋਂ-

ਆ ਕੇ ਸ਼ਾਂਤੀ ਵਿਚ ਉਹ ਅਥਰਾ ਜਨੌਰ
ਹੌਲੀ ਹੌਲੀ ਤੁਰਦਾ ਆਥਣ ਦੇ ਮਗਰ
ਵਿਚ ਨ੍ਹੇਰੇ ਦੀ ਗੁਫ਼ਾ ਲਹਿ ਜਾਂਵਦਾ ।੧।

ਪਰ ਕਿਉਂ ਬੇਚੈਨ ਮੇਰੀਆਂ ਆਥਣਾਂ ?
ਪਰ ਕਿਉਂ ਮੂੰਹ-ਜ਼ੋਰ ਮੇਰੀਆਂ ਧੜਕਣਾਂ ?
ਰੰਗਾਂ ਦੇ ਵਿਚ ਵੀ ਸਦਾ ਬੇਰੰਗੀਆਂ,
ਕੀ ਕਰਨਗੀਆਂ ਯਾਦ ਦੀਆਂ ਉਂਗਲੀਆਂ !
ਇਤਨੀ ਨਿੱਕੀ ਜਿੰਦ ਤੇ ਏਡਾ ਤੁਫ਼ਾਨ !
ਜਿੰਦ ਦੀ ਇਕ ਬਿੰਦ ਵਿਚ ਇਤਨੇ ਜਹਾਨ !
ਇਕ ਅਣੂ ਵਿਚ ਤੜਪ ਦੇ ਇਤਨੇ ਸਮਾਨ !
ਇਕ ਮਕਾਨੀ ਕਿਸ ਕਦਰ ਹੈ ਲਾ ਮਕਾਨ !
ਧਰਤ ਤੜਪੀ, ਸ਼ਾਂਤ ਹੋਇਆ ਆਸਮਾਨ ।੨।

6. ਤ੍ਰਿਸ਼ੂਲ

ਵਸਲ ਦੀਆਂ ਬੇਚੈਨੀਆਂ ਤੱਕੀਆਂ,
ਹਿਜਰ ਦੀ ਖਾਧੀ ਫੰਡ ਓ ਯਾਰ ।

ਨੈਣਾਂ ਨੂੰ ਅਸਾਂ ਕਿਹਾ ਮਸ਼ਾਲਾਂ,
ਹੋਠਾਂ ਨੂੰ ਸ਼ੱਕਰ ਖੰਡ ਓ ਯਾਰ ।

ਜ਼ੁਲਫ਼ਾਂ ਨੂੰ ਅਸਾਂ ਬੱਦਲ ਬੰਨ੍ਹਿਆਂ,
ਮੂੰਹ ਨੂੰ ਬੰਨ੍ਹਿਆਂ ਚੰਦ ਓ ਯਾਰ ।

ਗਾ ਗਾ ਇਸ਼ਕ ਹੁਸਨ ਦੇ ਸੋਹਿਲੇ,
ਗਈ ਜੁਆਨੀ ਹੰਢ ਓ ਯਾਰ ।

ਏਸ ਵਿਸ਼ੈਲੇ ਚੌਗਿਰਦੇ ਵਿਚ,
ਪਿਆਰ ਨਾ ਪਾਂਦਾ ਠੰਢ ਓ ਯਾਰ ।

ਕਰ ਕਿਰਸਾਣੀ ਹਾਲੀ ਮਰ ਗਏ,
ਢਿਡ ਵੜਿਆ ਵਿਚ ਕੰਡ ਓ ਯਾਰ ।

ਕੁਟ ਕੁਟ ਚਉ ਲੋਹਾਰ ਮਰ ਗਏ,
ਮੋਚੀ ਛਿੱਤਰ ਗੰਢ ਓ ਯਾਰ ।

ਕਰ ਕਰ ਸੇਪੀਆਂ ਸੇਪੀ ਮਰ ਗਏ,
ਹਿੱਸੇ ਵਿਚ ਇਕ ਪੰਡ ਓ ਯਾਰ ।

ਚੁਣ ਚੁਣ ਅੰਨ ਜਟੇਟੀਆਂ ਮੋਈਆਂ,
ਮੁਕਣ ਨਾ ਤੋਹ ਤੇ ਵੰਡ ਓ ਯਾਰ ।

ਹਥ ਤਰਖਾਣਾਂ ਰੱਟਣ ਪੈ ਗਏ,
ਮੁਕੇ ਨਾ ਕਾਣੀ ਵੰਡ ਓ ਯਾਰ ।

ਚੰਗੀ ਭਲੀ ਉਪਜਾਊ ਧਰਤੀ,
ਸੰਢਿਆਂ ਕੀਤੀ ਸੰਢ ਓ ਯਾਰ ।

ਅਤ ਭੂਏ ਸਾਮੰਤੀ ਫਿਰਦੇ,
ਖ਼ਲਕਤ ਦਿੱਤੀ ਤ੍ਰੰਡ ਓ ਯਾਰ ।

ਨਿੱਤ ਡਰਾਵੇ ਜੰਗ ਦੇ ਦੇਵਣ,
ਸਾਮਰਾਜੀਏ ਘੰਡ ਓ ਯਾਰ ।

ਜ਼ੁਲਮ ਜਬਰ ਦੇ ਸ਼ੁਅਲੇ ਭੜਕੇ,
ਅੱਗ ਹੋਈ ਪਰਚੰਡ ਓ ਯਾਰ ।

ਲੂਸਿਆ ਗਿਆ ਹੁਸਨ ਦਾ ਮਥਾ,
ਸੜੀ ਇਸ਼ਕ ਦੀ ਝੰਡ ਓ ਯਾਰ ।

ਜਗ ਵਿਚ ਹਾਹਾਕਾਰ ਮਚ ਗਈ,
ਝੁਲਸ ਗਏ ਬ੍ਰਹਿਮੰਡ ਓ ਯਾਰ ।

ਜਾਗ ਕਿਰਤੀਆ, ਜਾਗ ਕਿਸਾਨਾ,
ਸਿਰ ਤੋਂ ਆਲਸ ਛੰਡ ਓ ਯਾਰ ।

ਉਠ ਲੋਹਾਰਾ ਤਾ ਦੇ ਭੱਠੀ,
ਤੇਜ਼ ਧੌਕਣੀ ਮੰਡ ਓ ਯਾਰ ।

ਦਮ ਭਰ ਕੇ ਇਕ ਮਾਰ ਹਥੌੜਾ,
ਦਾਤੀਆਂ ਦੇ ਮੂੰਹ ਚੰਡ ਓ ਯਾਰ ।

ਮੂੰਹ ਸੋਨੇ ਦਾ ਮੋੜ ਕਿਰਤੀਆ,
ਮਾਰ ਲੋਹੇ ਦੀ ਚੰਡ ਓ ਯਾਰ ।

ਦੇਹ ਇਕ ਚਿਣਗ ਹਥੌੜਿਓਂ ਸਾਨੂੰ,
ਜਗ ਵਿਚ ਦਈਏ ਵੰਡ ਓ ਯਾਰ ।

ਲਖ ਗੱਲਾਂ ਦੀ ਗੱਲ ਇਕ ਆਖਾਂ,
ਬੰਨ੍ਹ ਲੈ ਘੁਟ ਕੇ ਗੰਢ ਓ ਯਾਰ ।

ਪਾਟੀ ਕਿਰਤ ਗ਼ੁਲਾਮੀ ਕਟਦੀ,
ਜੁੜੀ ਜਿਤੇ ਬ੍ਰਹਿਮੰਡ ਓ ਯਾਰ ।

ਦਾਤੀਆਂ ਕਲਮਾਂ ਅਤੇ ਹਥੌੜੇ,
ਕਠੇ ਕਰ ਲਓ ਸੰਦ ਓ ਯਾਰ ।

ਤਗੜੀ ਇਕ ਤ੍ਰੈਸ਼ੂਲ ਬਣਾਉ,
ਯੁੱਧ ਕਰੋ ਪਰਚੰਡ ਓ ਯਾਰ ।

ਜੈ ਜੈ ਕਾਰ ਕਿਰਤ ਦੀ ਹੋਵੇ,
ਲਗੇ ਜ਼ੁਲਮ ਦੀ ਕੰਡ ਓ ਯਾਰ ।

7. ਯਾਦ

ਅਜ ਤੇਰੀ ਯਾਦ ਇੰਜ ਆਈ
ਜਾਣੋ ਠੱਕੇ ਦੇ ਮਾਰੇ ਹੋਏ ਰੁੱਖ-
ਜਿਸਦਾ ਸੁੱਕਾ ਤੇ ਰੁੰਡ ਮੁੰਡ ਅਕਾਰ
ਭੁਲ ਚੁੱਕਾ ਹੋਵੇ ਪੰਛੀਆਂ ਦਾ ਪਿਆਰ
ਹਰੇ ਪਤਰਾਂ ਦੀ ਲਹਿਲਹਾਉਂਦੀ ਬਹਾਰ,
ਅਤੇ ਪੈਰਾਂ ਦੇ ਵਿਚ ਡਿਗੇ ਹੋਏ
ਪੀਲੇ, ਸੁੱਕੇ ਤੇ ਛਿੱਜੇ ਪਤਰਾਂ ਨੂੰ
ਜਾਣ ਕੇ ਸੋਨੇ ਦੇ ਅਮੁਲ ਪਤਰੇ
ਫਰਜ਼ੀ ਦੌਲਤ ਤੇ ਜੀ ਰਿਹਾ ਹੋਵੇ,
ਪਰ ਜਿਨ੍ਹਾਂ ਤਾਈਂ ਵੀ ਗ਼ਨੀਮਤ ਜਾਣ
ਝਿੱਰੀ ਤੇ ਭੁੱਖੀ ਪੌਣ ਅੱਸੂ ਦੀ
ਝੋਲੀਆਂ ਭਰ ਕੇ ਦੂਰ ਲੈ ਜਾਵੇ,
ਅਤੇ ਜੋ ਸੁੱਕੇ ਰੇਸ਼ਿਆਂ ਦੇ ਵਿਚ
ਸੁੱਤੀ ਜੀਵਨ-ਅਗਨ ਦੇ ਬਲ ਉਤੇ
ਕਟ ਰਿਹਾ ਹੋਵੇ ਜ਼ਿੰਦਗੀ ਦੇ ਦਿਨ-
ਐਸੇ ਸੁੱਕੇ ਤੇ ਬਾਝ ਰੁੱਖ ਵਿਚੋਂ

ਜਿੱਦਾਂ ਕੋਂਪਲ ਕੋਈ ਨਿਕਲ ਆਵੇ
ਅਜ ਤੇਰੀ ਯਾਦ ਇੰਜ ਆਈ ।

ਅਜ ਤੇਰੀ ਯਾਦ ਇੰਜ ਆਈ
ਮਧੂ-ਮਖੀਆਂ ਦਾ ਕਾਫ਼ਲਾ ਜਿੱਦਾਂ
ਨੀਲੇ ਚਮਕੀਲੇ ਪੀਲੇ ਰੂਪਹਿਲੀ
ਤੇ ਸੁਨਹਿਰੀ ਰੰਗਾਂ ਦੀ ਮਿੱਸ ਵਾਲੇ
ਸੈਂਕੜੇ ਖੰਭ ਖਿਲਾਰ ਕੇ ਆਵੇ,
ਵਿਚ ਫਿਜ਼ਾ ਦੇ ਸੁਗੰਧੀਆਂ ਵੰਡਦਾ
ਕੰਬਦੇ ਖੰਭਾਂ ਦੀ ਧੁਣਖਣੀ ਉੱਤੇ
ਸੂਖਸ਼ਮ ਵਾਸ਼ਨਾ ਦੀ ਰੂੰ ਨੂੰ ਧੁਣਦਾ,
ਨਾਲੇ ਨੀਂਦ ਲਿਆਉਣੀ ਗੂੰਜਰ
ਨਾਲ ਟੂਣੇ ਦੇ ਜਾਲ ਜਿਹੇ ਉਣਦਾ,
ਪਰ ਇਨ੍ਹਾਂ ਰੰਗਾਂ ਤੇ ਸੁਗੰਧਾਂ ਦੇ
ਉਹਲੇ ਵਿਚ ਵਿਹੁ-ਭਿੱਜੇ ਡੰਗ ਵੀ ਨੇ,
ਏਦਾਂ ਹੀ ਤੇਰੀ ਯਾਦ ਰੰਗ ਭਰੀ ਵਾਸ਼ਨਾਂ ਦੇ ਸੁਗੰਧ ਭਰੀ

ਨਾਲ ਟੀਸਾਂ ਦੇ ਡੰਗ ਵੀ ਲਿਆਈ
ਅਜ ਤੇਰੀ ਯਾਦ ਇੰਜ ਆਈ ।

8. ਗਾਂਧੀ

ਢਾਈ ਹਜ਼ਾਰ ਵਰ੍ਹੇ ਦੀਆਂ ਗੱਲਾਂ ਭਾਰਤੀਆਂ ਅਜ ਭੁਲੀਆਂ,
ਜ਼ੋਰ ਜਬਰ ਦੀਆਂ ਜਦੋਂ ਹਨੇਰੀਆਂ ਭਰਾਤ ਤੇ ਸਨ ਝੁਲੀਆਂ ।

ਨੀਵਿਆਂ ਉਤੇ ਉਚਿਆਂ ਲੋਕਾਂ ਪਾਈ ਹੋਈ ਸੀ ਕਾਠੀ,
ਉਹੀਉ ਸੀ ਵੱਗਾਂ ਦਾ ਮਾਲਕ ਹੱਥ ਜਿਦੇ ਸੀ ਲਾਠੀ ।

ਕੁਝ ਸਾਮੰਤ ਸ਼ਾਹਾਂ ਦੀ ਲੁਟ ਨੇ ਲੋਕ ਕੀਤੇ ਸਨ ਬੁੱਚੇ,
ਰਹਿੰਦਾ ਲਹੂ ਨਚੋੜ ਰਹੇ ਸਨ ਦੋਜਨਮੇ ਤੇ ਉੱਚੇ ।

ਭਰ ਕੇ ਜਦੋਂ ਜ਼ੁਲਮ ਦਾ ਬੇੜਾ ਡੁੱਬਣ ਉਤੇ ਆਇਆ,
ਸ਼ਾਂਤੀ ਅਤੇ ਨਿਆਂ ਦਾ ਨਾਹਰਾ ਗੌਤਮ ਬੁਧ ਸੀ ਲਾਇਆ ।

ਸਾਰੇ ਜਗ ਨੂੰ ਰਾਣ ਲਿਆ ਉਸ ਬਿਨਾਂ ਯੁਧ, ਹਥਿਆਰਾਂ,
ਪੈਰਾਂ ਵਿਚ ਸਮਰਾਠ ਡਿਗ ਪਏ, ਝੁਕ ਗਈਆਂ ਤਲਵਾਰਾਂ ।

ਭਾਰਤ ਦੇ ਵਿਚ ਸ਼ਾਂਤੀ ਵਰਤੀ, ਸੋਤ ਪਿਆਰ ਦੇ ਵੱਗੇ,
ਉੱਚੇ ਨੀਵੇਂ ਰਲ ਕੇ ਬੈਠੇ, ਵੀਰ ਵੀਰਾਂ ਗਲ ਲੱਗੇ ।

ਭਾਰਤ ਵਿਚੋਂ ਸ਼ਾਂਤ-ਸੁਨੇਹਾ ਪੁੱਜਾ ਚਾਰ ਚੁਫੇਰੇ,
ਬਰਮਾ, ਚੀਨ ਤੇ ਯੋਰਪ ਤੀਕਰ ਹੋਏ ਦੂਰ ਹਨੇਰੇ ।

ਐਪਰ ਕੁਝ ਸਦੀਆਂ ਮਗਰੋਂ ਹੀ ਭਾਗ ਭਾਰਤ ਦੇ ਸੁਤੇ,
ਗੌਤਮ ਬੁਧ ਦਾ ਭੁਲ ਸੁਨੇਹੜਾ ਮੁੜ ਕੇ ਨੀਂਦ ਵਿਗੁੱਤੇ ।

ਫਿਰ ਉਚਿਆਂ ਦਾ ਜ਼ੋਰ ਵਧ ਗਿਆ ਨੀਂਵੇ ਗਏ ਲਿਤਾੜੇ
ਮਹਿਲਾਂ ਉਤੇ ਉਚੇ ਚੜ ਗਏ, ਨੁਕਰੇ ਲਗ ਗਏ ਮਾੜੇ ।

"ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉਡਰਿਆ,
ਕੂੜ ਅਮਾਵਸ ਸਚੁ ਚੰਦਰਮਾ ਦੀਸੈ ਨਾਹੀ ਕਹ ਚੜ੍ਹਿਆ ।"

ਏਦਾਂ ਬੀਤ ਗਈਆਂ ਕੁਝ ਸਦੀਆਂ ਛਾਏ ਰਹੇ ਹਨੇਰੇ,
ਨਨਕਾਣੇ ਦੇ ਸੂਰਜ ਨੇ ਮੁੜ ਰੰਗੇ ਆਣ ਬਨੇਰੇ ।

ਮਿਟੀ ਧੁੰਧ ਜਗ ਚਾਨਣ ਹੋਇਆ ਸਚ ਚੰਦਰਮਾ ਚੜ੍ਹਿਆ,
ਕੂੜ ਅਮਾਵਸ ਦਾ ਲੜ ਛਿਜਿਆ ਮੀਂਹ ਚਾਨਣ ਦਾ ਵਰ੍ਹਿਆ ।

ਊਚ ਨੀਚ ਦੇ ਮਿਟੇ ਵਿਤਕਰੇ, ਵੀਰ ਵੀਰਾਂ ਗਲ ਲੱਗੇ,
ਮਿੱਠਤ ਅਤੇ ਪਿਆਰ ਦੇ ਸੋਮੇ ਵਿਚ ਭਾਰਤ ਦੇ ਵੱਗੇ ।

ਐਪਰ ਭਾਗ ਅਸਾਡੇ ਖੋਟੇ ਸੁਤਿਆਂ ਲਾਲ ਵੰਞਾਇਆ,
ਬੁਧ ਨਾਨਕ ਦਾ ਪ੍ਰੇਮ-ਸੰਦੇਸਾ ਅਸਾਂ ਮਨਾਂ ਤੋਂ ਲਾਹਿਆ ।

ਹਿੰਦੂਆਂ, ਸਿਖਾਂ, ਮੁਸਲਮਾਨਾਂ ਨੇ ਰਾਹ ਸ਼ਾਂਤੀ ਦਾ ਛਡਿਆ,
ਗਿਆ ਇਨ੍ਹਾਂ ਦੇ ਵਿਹੜੇ ਮੁੜ ਸੇਹ ਦਾ ਤਕਲਾ ਗਡਿਆ ।

ਲੋਪ ਹੋਇਆ ਏਕੇ ਦਾ ਚਾਨਣ, ਛਾਈ ਸਿਰਾਂ ਤੇ ਮਸਿਆ,
ਇਕ ਅਨੋਖੇ ਸਾਮਰਾਜ ਨੇ ਸਾਨੂੰ ਆਣ ਗ੍ਰਸਿਆ ।

ਇਕ ਸੌ ਸਾਲ ਨਿਵਾਈ ਰਖਿਆ ਸਿਰ ਸਾਡਾ ਉਸ ਉੱਚਾ,
ਖੰਭ ਖੋਹ ਕੇ ਸੋਨ ਚਿੜੀ ਨੂੰ ਕੀਤਾ ਅਸਲੋਂ ਬੁੱਚਾ ।

ਦਿਸਦੀਆਂ ਤੇ ਅਣਦਿਸਦੀਆਂ ਲੱਖਾਂ ਪਾ ਕੇ ਓਸ ਜ਼ੰਜੀਰਾਂ,
ਭਾਰਤੀਆਂ ਨੂੰ ਦਾਸ ਬਣਾਇਆ ਦਿਤੀਆਂ ਕੁਚਲ ਜ਼ਮੀਰਾਂ ।

ਪੇਟਾਂ ਭਾਰ ਤੁਰਾ ਕੇ ਸਾਨੂੰ ਕੀਤੇ ਓਸ ਧਿਙਾਣੇ,
ਗੋਲੀਆਂ ਨਾਲ ਉਸ ਪੇਟ ਭਰੇ ਜਦ ਲੋਕਾਂ ਮੰਗੇ ਦਾਣੇ ।

ਰੁੰਨੀ ਧਰਤ ਖ਼ੂਨ ਦੇ ਅਥਰੂ ਨਿਆਂ ਗਿਆ ਜਦ ਕੁਠਿਆ,
ਕਾਠਿਆਵਾੜ ਦੀ ਧਰਤੀ ਚੋਂ ਮੁੜ ਮਰਦ ਨਵਾਂ ਇਕ ਉਠਿਆ ।

ਬੁਧ ਨਾਨਕ ਦਾ ਸ਼ਾਂਤੀ ਵਾਲਾ ਸ਼ਸਤਰ ਉਸ ਅਪਣਾਇਆ,
ਜਾਣ ਨਿਕੰਮਾ ਖੁੰਢਾ ਜਿਸ ਨੂੰ ਲੋਕਾਂ ਸੀ ਸੁਟ ਪਾਇਆ ।

ਤਕ ਇਸ ਖੁੰਢੇ ਸ਼ਸਤਰ ਤਾਈਂ ਹੱਸੇ ਕੁਝ ਸਮਰੱਠੇ,
ਸਾਮਰਾਜ ਦੇ ਕੋਟ ਫੌਲਾਦੀ ਨਾਲ ਇਹਦੇ ਕਦ ਢੱਠੇ ।

ਵੀਹ ਸਾਲ ਤਕ ਘੋਰ ਤਪਸਿਆ ਗਾਂਧੀ ਜੀ ਨੇ ਸਾਧੀ,
ਨਾਲ ਆਪਣੇ ਪਾਪਾਂ ਕੰਬਿਆ ਜ਼ਾਲਿਮ ਤੇ ਅਪਰਾਧੀ ।

ਸਨਦ ਬਧ ਸਮਰਾਜ ਹਾਰਿਆ ਜੈ ਸ਼ਾਂਤੀ ਦੀ ਹੋਈ,
ਧੁਰ ਪੂਰਬ ਤੋਂ ਧੁਰ ਪੱਛਮ ਤਕ ਜਾਣੇ ਸਭ ਲਕੋਈ ।

ਭਾਵੇਂ ਅਜ ਨਾ ਦਿੱਸੇ ਸਾਨੂੰ ਸ਼ਾਂਤੀ ਦਾ ਵਣਜਾਰਾ,
ਚੌ ਕੂੰਟਾਂ ਵਿਚ ਗੂੰਜ ਰਿਹਾ ਪਰ ਅਜ ਅਮਨ ਦਾ ਨਾਹਰਾ ।

ਵੱਡੇ ਵੱਡੇ ਐਟਮ ਧਾਰੀ ਮੂੰਹ ਵਿਚ ਉਂਗਲਾਂ ਟੁੱਕਣ,
ਮਾਣ ਭਰੇ ਸਿਰ ਸਭ ਰਾਠਾਂ ਦੇ ਰਾਜ-ਘਾਟ ਤੇ ਝੁੱਕਣ ।

9. ਕਾਲੀਦਾਸ ਨੂੰ

ਕਿਉਂ ਕਰੇ ਪਰਨਾਮ ਨਾ ਸੰਸਾਰ ਕਾਲੀਦਾਸ ਨੂੰ
ਜੱਗ ਵਿਚ ਜਿਸ ਨੇ ਖਿੰਡਾਇਆ ਜਜ਼ਬਿਆਂ ਦੀ ਬਾਸ ਨੂੰ
ਕਲਾ ਵਿਚ ਜਿਸ ਪਿਉਂਦਿਆ ਹੈ ਧਰਤ ਤੇ ਆਕਾਸ ਨੂੰ
ਬਾਣ ਭੱਟ ਨੇ ਕਿਹਾ ਜਿਸ ਨੂੰ-"ਸ਼ਹਿਦ-ਭਿੱਜਾ ਫੁੱਲ" ਹੈ ।
ਆਖਿਆ ਜੈਦੇਵ ਨੇ-"ਕੋਈ ਨਾ ਤੇਰੇ ਤੁੱਲ" ਹੈ ।

ਪੱਛਮੀ ਦੇਸਾਂ ਨੇ ਵੀ ਹੈ ਸੁਣ ਲਈ ਤੇਰੀ ਅਵਾਜ਼
ਕੌਣ ਸਕਿਆ ਉਰਵਸ਼ੀ ਤੇ ਮਾਲਵੀਕਾ ਮੁੜ ਕੇ ਸਾਜ
ਤਾਹੀਉਂ ਗੋਇਟੇ ਵਰਗਿਆਂ ਵੀ ਤਾਰਿਆ ਤੈਨੂੰ ਖ਼ਰਾਜ
ਤਾਹੀਉਂ ਲੈਂਸਨ ਵਰਗਿਆਂ ਭੀ ਵਿਚ ਅਪਣੀ ਭਾਖਿਆ,
ਤੈਨੂੰ "ਭਾਰਤ-ਕਾਵ ਦਾ ਰੌਸ਼ਨ ਸਿਤਾਰਾ" ਆਖਿਆ ।

ਰਾਤ ਦੇਹੁੰ ਨੇ ਗੇੜ ਭਾਵੇਂ ਖਾਧੇ ਨੇ ਲੱਖਾਂ ਹਜ਼ਾਰ
ਸਾਗਰਾਂ ਦੀ ਕੁੱਖ ਨੇ ਕਈ ਦੀਪ ਛੱਡੇ ਨੇ ਨਘਾਰ
ਕਈ ਸਿਤਾਰੇ ਟੁਟ ਗਗਨੋਂ ਹੋ ਗਏ ਨੇ ਛਾਰ ਛਾਰ
ਪਰ ਧਰੂ ਵਾਂਗਰ ਤੇਰਾ ਅਜ ਤਕ ਸਿਤਾਰਾ ਚਮਕਦਾ,
ਜਿਉਂ ਜਿਉਂ ਘਸਦਾ ਇਹ ਨਗੀਨਾ ਹੋਰ ਦੂਣਾ ਦਮਕਦਾ ।

ਇਸਤਰੀ ਦਾ ਦਿਲ ਸਮੁੰਦਰ ਕੋਈ ਪਾ ਸਕਿਆ ਨਾ ਥਾਹ
ਇਕ ਰਹੱਸ ਡੂੰਘਾ ਨਾ ਸਕਿਆ ਕੋਈ ਜਿਸ ਤੋਂ ਘੁੰਡ ਲਾਹ
ਕੋਈ ਭਰ ਕੇ ਰਹਿ ਗਿਆ ਆਹ, ਕੋਈ ਬਸ ਕਹਿ ਸਕਿਆ ਵਾਹ
ਸਾਰੇ ਪਰਦੇ ਚੀਰ ਕੇ ਪਰ ਲੰਘ ਗਈ ਤੇਰੀ ਨਜ਼ਰ,
ਪੁਜ ਗਈ ਮੰਜ਼ਿਲ ਦੇ ਉਤੇ ਝਾਗ ਕੇ ਲੰਬਾ ਸਫ਼ਰ ।

ਜਜ਼ਬਿਆਂ ਦੀ ਵਾਗ ਕਦ ਛਡਣੀ ਤੇ ਕਦ ਹੈ ਕੱਸਣੀ
ਕਿਉਂ ਕਦੀ ਬਿਜਲੀ ਕਦੀ ਬਰਖਾ ਬਣੇ ਇਕ ਮੁਸਕਣੀ
ਕਿਉਂ ਕਦੀ ਤਾਰੇ ਕਦੀ ਡੋਬੇ ਇਕ ਹੰਝ ਦੀ ਕਣੀ
ਅਤ ਸਿਆਣਪ ਨਾਲ ਤੂੰ ਹਰ ਭੇਦ ਨੂੰ ਹੈ ਲੇਖਿਆ,
ਅਣੂ ਤੋਂ ਬ੍ਰਹਿਮੰਡ ਤਕ ਤੂੰ ਸਾਰਾ ਜੀਵਨ ਦੇਖਿਆ ।

ਰੂਪ ਉਤੇ ਰੰਗ ਦਾ ਸ਼ਿੰਗਾਰ ਕਿਤਨਾ ਚਾਹੀਦਾ
ਇਸ਼ਕ ਉਤੇ ਹੁਸਨ ਵਲੋਂ ਵਾਰ ਕਿਤਨਾ ਚਾਹੀਦਾ
ਫ਼ਰਜ਼ ਕਿਤਨਾ ਚਾਹੀਦਾ ਤੇ ਪਿਆਰ ਕਿਤਨਾ ਚਾਹੀਦਾ
ਕਿਥੋਂ ਤਕ ਚਾਹੀਦਾ ਕਸਣਾ ਜ਼ਿੰਦਗੀ ਦੇ ਸਾਜ਼ ਨੂੰ,
ਖੋਲ੍ਹਦੇ ਨਾਟਕ ਤੇਰੇ ਨੇ ਇਸ ਅਗੰਮੀ ਰਾਜ਼ ਨੂੰ ।

ਕਿੰਜ ਮਹਾਂਬਲੀਆਂ ਨੂੰ ਕੱਚੀ ਤੰਦ ਬੰਨ੍ਹੇ ਪ੍ਰੀਤ ਦੀ
ਕਿੰਜ ਵਿਛੋੜੇ ਵਿਚ ਹੈ ਪ੍ਰੇਮੀ ਦੇ ਉਤੇ ਬੀਤਦੀ
ਕਿੰਜ ਹੋਵੇ ਪ੍ਰੀਤ ਦੀ ਜੈ ਤੇ ਪ੍ਰਾਜੈ ਰੀਤ ਦੀ
ਤੇਰੀਆਂ ਲਿਖਤਾਂ ਦੇ ਵਿਚ ਆਏ ਇਹ ਸੱਭੇ ਰੰਗ ਨੇ,
ਇਸ ਨਿਪੁੰਨਤਾ ਨਾਲ ਕਿ ਅਜ ਤੀਕ ਸਾਰੇ ਦੰਗ ਨੇ ।

ਕਿਸ ਤਰ੍ਹਾਂ ਮਾਨੁਖ ਤੇ ਪਰਕਿਰਤੀ ਲਵਣ ਸਾਂਝੇ ਸਵਾਸ
ਕਿਤਨਾ ਸੂਖ਼ਮ ਹੈ ਫੁਲਾਂ, ਵੇਲਾਂ ਤੇ ਨਦੀਆਂ ਦਾ ਇਹਸਾਸ
ਕਿਸ ਤਰ੍ਹਾਂ ਰੁੱਤਾਂ ਉਦਾਸਣ ਤਕ ਮਨੁਖਾਂ ਨੂੰ ਉਦਾਸ
"ਜੀਵਨ ਇੱਕੋ ਸੱਚ ਹੈ" ਤੇਰੀ ਕਲਾ ਦਾ ਤੱਤ ਹੈ,
ਬਿਰਛਾਂ, ਮਾਨੁਖਾਂ, ਜਨੌਰਾਂ ਵਿਚ ਇੱਕੋ ਰੱਤ ਹੈ ।

10. ਉਹ ਵੀ ਦਿਨ ਸਨ

ਉਹ ਵੀ ਦਿਨ ਸਨ ਜਦ ਮੁਹੱਬਤ ਸੀ ਜਵਾਨ
ਵੇਗ ਸਨ ਮੂੰਹ-ਜ਼ੋਰ ਜਜ਼ਬੇ ਬੇਲਗਾਮ,
ਜਾਪਦੇ ਸਨ ਤੰਗ ਜ਼ਿਮੀਂ ਤੇ ਆਸਮਾਨ ।

ਉਹ ਵੀ ਦਿਨ ਸਨ ਜਦ ਮੁਹੱਬਤ ਦਾ ਜਨੂੰ,
ਹੱਦ ਸੀ...ਤੇ ਦਿਲ ਦਾ ਘੋੜਾ ਅੱਥਰਾ
ਚੀਰ ਲੰਘ ਜਾਂਦਾ ਉਫ਼ਕ ਦੀ ਵੰਗ ਨੂੰ ।

ਉਹ ਵੀ ਦਿਨ ਸਨ ਬੁਲ੍ਹੀਆਂ ਹਿਲਣ ਦੀ ਦੇਰ,
ਸੱਤਾਂ ਅਸਮਾਨਾਂ ਤੋਂ ਤਾਰੇ ਤ੍ਰੁੰਡ ਕੇ
ਤੇਰੇ ਪੈਰਾਂ ਵਿਚ ਦੇਂਦੇ ਸਾਂ ਖਲੇਰ ।

ਉਹ ਵੀ ਦਿਨ ਸਨ ਸੁਣਕੇ ਇਕੋ ਹੀ ਬਚਨ,
ਸਾਗਰਾਂ ਸੱਤਾਂ ਦਾ ਪਾਣੀ ਰਿੜਕ ਕੇ
ਕਢ ਲਿਆਂਦੇ ਸਾਂ ਤੁਰਤ ਚੌਦਾਂ ਰਤਨ ।

ਉਹ ਵੀ ਦਿਨ ਸਨ ਇਕੋ ਹੀ ਤਕਣੀ ਦੇ ਨਾਲ
ਜਾਂਦੇ ਸਨ ਮੁਕ ਸਭ ਗਿਲੇ ਤੇ ਵਿਸਵਿਸੇ,
ਤੇ ਜਵਾਬੇ ਜਾਵੰਦੇ ਸਨ ਸਭ ਸਵਾਲ ।

ਵਾਰੀਏ ਹੋਸ਼ਾਂ ਨੂੰ ਉਸ ਇਕ ਪੱਲ ਤੋਂ
ਮਰ ਕੇ ਲਖ ਵਾਰ ਮੁੜ ਮੁੜ ਜਨਮਦੇ
ਹੋਣ ਲਈ ਸਦਕੇ ਤੇਰੀ ਇਕ ਗਲ ਤੋਂ ।

ਘੋਲੀਏ ਅਕਲਾਂ ਨੂੰ ਉਸ ਇਕ ਰਾਜ਼ ਤੋਂ
ਇੱਕੋ ਛੋਹ ਦੇ ਨਾਲ ਸਨ ਜਦ ਜਾਗਦੇ
ਲੱਖਾਂ ਨਗਮੇ ਜ਼ਿੰਦਗੀ ਦੇ ਸਾਜ਼ ਚੋਂ ।

ਪਿਆਰੀ ਕਿੱਥੇ ਉਡ ਗਏ ਉਹ ਦਿਨ ਮਹਾਨ
ਦੇਸ ਕਾਲੋਂ ਉੱਚੀ ਸੀ ਜਦ ਸਾਡੀ ਪ੍ਰੀਤ
ਇਕੋ ਸਨ ਜਦ ਭੂਤ, ਭਵਿਸ਼ ਤੇ ਵਰਤਮਾਨ ।

ਪਿਆਰੀ ਕਿੱਥੇ ਇਸ਼ਕ ਉਹ ਪਹਿਲਾ ਨਦਾਨ,
ਮੋਢਿਆਂ ਤੇ ਖੰਭ, ਪੱਟੀ ਅੱਖਾਂ ਤੇ,
ਪੋਟਿਆਂ ਵਿਚ ਤੀਰ, ਚਿੱਲੇ ਤੇ ਕਮਾਨ ?

11. ਕਿਹਰੇ ਦੀ ਵਾਰ

ਹਰੀ ਭਰੀ ਬਿਆਸਾ ਦੀ ਬੇਟ,
ਮੱਝਾਂ ਤੁਰਤ ਭਰੇਂਦੀਆਂ ਪੇਟ,
ਜਟ ਚਾੜ੍ਹਨ ਮੁੱਛਾਂ ਨੂੰ ਵੇਟ,
ਰਜ ਖਾਵਣ ਦੀਆਂ ਹੋਵਣ
ਸੱਭੋ ਮਸਤੀਆਂ ।੧।

ਇਸ ਬੇਟੋਂ ਲੰਘੇ ਇਕ ਨਈਂ,
ਆਖਣ ਜਿਸ ਨੂੰ ਕਾਲੀ ਬਈਂ,
ਕਿਧਰੇ ਦਿਸਦੀ ਕਿਧਰੇ ਨਹੀਂ,
ਜੁੜੀਆਂ ਇਸ ਦੇ ਨਾਲ
ਕਥਾਵਾਂ ਬੀਤੀਆਂ ।੨।

ਕੰਢਿਆਂ ਤੇ ਪਿੰਡ ਨਿੱਕੇ ਨਿੱਕੇ,
ਬਾਂਕੇ ਗਭਰੂ, ਬਾਲ ਲਡਿੱਕੇ,
ਰੰਨਾਂ ਪਹਿਨਣ ਘਗਰੇ ਝਿੱਕੇ,
ਲੌਣਾਂ ਉੱਤੇ ਕੱਢੀਆਂ,
ਸੁੰਦਰ ਬੂਟੀਆਂ ।੩।

ਇਸ ਬੇਈਂ ਦੇ ਅਸਲੋਂ ਨਾਲ,
ਧੰਨੇ ਜਟ ਦਾ ਖੂਹ ਵਿਸ਼ਾਲ,
ਚੀਕਣ ਢੋਲ, ਝਵਕਲੀ, ਮਾਹਲ,
ਬਲਦਾਂ ਦੇ ਗਲ ਖੜਕਣ,
ਜੰਗ ਤੇ ਟੱਲੀਆਂ ।੪।

ਏਥੇ ਈ ਢਾਰੇ ਵਿਚਕਾਰ,
ਧੰਨਾ ਰਹੇ ਸਣੇ ਪਰਵਾਰ,
ਹੋਇਆ ਚਿਰ ਵਿਛੜ ਗਈ ਨਾਰ,
ਛਡ ਪਿੱਛੇ ਤਿੰਨ ਬੱਚੇ,
ਉਮਰਾਂ ਬਾਲੀਆਂ ।੫।

ਪਚਵੰਜਾ ਦਾ ਅੱਸੂ ਚੜ੍ਹਿਆ,
ਅਤ ਤੂਫ਼ਾਨੀ ਬੱਦਲ ਵਰ੍ਹਿਆ,
ਤਿੰਨ ਦਿਨ ਤਿੰਨ ਰਾਤਾਂ ਨਹੀਂ ਖਰਿਆ,
ਕੜ ਪਾਟਾ ਅਸਮਾਨੀ,
ਝੜੀਆਂ ਲੱਗੀਆਂ ।੬।

ਰੱਜ ਗਏ ਟੋਭੇ, ਕਸੀਆਂ, ਖਾਲ
ਭਰ ਗਏ ਖੂਹ ਹੜ੍ਹਾਂ ਦੇ ਨਾਲ,
ਨੱਚਣ ਲੱਗਾ ਕਾਲ ਵਿਕਰਾਲ,
ਵਿਕਣ ਲੱਗੀਆਂ ਜਾਨਾਂ,
ਬਹੁਤ ਸਵੱਲੀਆਂ ।੭।

ਵਧਿਆ ਜਦ ਪਾਣੀ ਦਾ ਜ਼ੋਰ,
ਲੈ ਗਿਆ ਤਕੜੇ ਬਿਰਛ ਮਰੋੜ,
ਢੱਠੇ ਕੋਠੇ, ਰੁੜ੍ਹੇ ਜਨੌਰ,
ਦੈਂਤ ਪਾਣੀ ਦਾ ਪਾਵਣ,
ਲੱਗਾ ਜੁਲੀਆਂ ।੮।

ਧੰਨੇ ਚੇਤਿਆ ਗੁਰੂ ਅਕਾਲ,
ਕਾਠ ਦੀ ਖੁਰਲੀ ਵਿਚ ਬਹਾਲ,
ਅਠ, ਦਸ, ਬਾਰਾਂ ਦੇ ਤਰੈ ਬਾਲ,
ਦੌੜਿਆ ਪਿੰਡ ਦੇ ਵਲ
ਬਚਾਵਣ ਜਿੰਦੜੀਆਂ ।੯।

ਇਕ ਪਾਸਿਓਂ ਸੀ ਪਿੰਡ ਉਚੇਰਾ
ਲੋਕਾਂ ਲਾਇਆ ਉਥੇ ਡੇਰਾ,
ਪੁਜਿਆ ਧੰਨਾ ਕਰਕੇ ਜੇਰਾ,
ਬੇਟ ਉਤੇ ਤਰਕਾਲਾਂ,
ਉਤਰਨ ਲੱਗੀਆਂ ।੧੦।

ਧੰਨੇ ਕਰ ਖਲੀਆਂ ਬਾਹੀਂ,
ਪਿੰਡ ਦੇ ਅੱਗੇ ਪਾਈ ਦੁਹਾਈ,
"ਜਿੰਦਾਂ ਤਿੰਨ ਬਚਾ ਲਓ ਭਾਈ,
ਔਹ ਵੇਖੋ ਖੂਹ ਉਤੇ,
ਪਾਣੀ ਘੇਰੀਆਂ" ।੧੧।

ਪਿੰਡ ਦੇ ਸਾਰੇ ਸੁਘੜ ਸਿਆਣੇ,
ਦੇਖਣ ਲਗ ਪਏ ਰੱਬ ਦੇ ਭਾਣੇ,
ਹੜ੍ਹ ਨੇ ਕੀਤੇ ਹੋਰ ਧਿਙਾਣੇ,
ਕਢ ਖੁਰਲੀ ਨੂੰ ਪੈਰੋਂ
ਲਹਿਰਾਂ ਲੈ ਗਈਆਂ ।੧੨।

ਖੁਰਲੀ ਨੂੰ ਪਏ ਲਗਣ ਛਲੱਕੇ,
ਬਿਟ ਬਿਟ ਸਾਰਾ ਪਿੰਡ ਪਿਆ ਤਕੇ,
ਜੁਆਨ ਕਰੇਂਦੇ ਜੱਕੋ ਤੱਕੇ,
ਕਿਹੜਾ ਜਿੰਦ ਨੂੰ ਹੂਲ,
ਬਚਾਵੇ ਜਿੰਦੜੀਆਂ ।੧੩।

ਕਿਹਰਾ ਕਿਹਰਾ ਇਕ ਜੁਆਨ,
ਡਾਢਾ ਛਟਿਆ ਤੇ ਸ਼ੈਤਾਨ,
ਦਾਰੂ ਛਵ੍ਹੀਆਂ ਦੀ ਪਹਿਚਾਨ,
ਬਾਝੋਂ ਜਿਸ ਨੂੰ ਸੁਰਤਾਂ,
ਰੱਬ ਨਾ ਦਿੱਤੀਆਂ ।੧੪।

ਬੋਲਿਆ ਆਕੇ ਵਿਚ ਵਰਾਗ,
ਜਿਵੇਂ ਪਵੇ ਕੋਈ ਇਕ ਦਮ ਜਾਗ,
"ਧੰਨ ਸਮਝਾਂ ਮੈਂ ਅਪਣੇ ਭਾਗ,
ਜੇ ਮੈਂ ਅਜ ਬਚਾਲਾਂ,
ਜਿੰਦਾਂ ਰੁੜ੍ਹਦੀਆਂ ।੧੫।

"ਕਈ ਪਾਪਾਂ ਤੇ ਕਈ ਖੂਨਾਂ ਦੇ,
ਦਾਗ਼ ਨੇ ਮੇਰੇ ਹੱਥਾਂ ਉਤੇ,
ਖਵਰੇ ਅਜ ਜਾਵਣ ਇਹ ਧੋਤੇ,
ਸਤਿਗੁਰ ਪੂਰੇ ਦਿਤੀਆਂ,
ਜੇ ਕਰ ਹਿੰਮਤਾਂ" ।੧੬।

ਫਿਰ ਬੋਲਿਆ ਉਹ ਵਿਚ ਜਲਾਲ,
"ਉਠੋ ਜੁਆਨੋ ਲਿਆਵੋ ਭਾਲ,
ਲਾਲਟੈਣ, ਕੁਝ ਲੱਜਾਂ ਨਾਲ,
ਰੱਖਣੀਆਂ ਜੇ ਚਾਹੋ,
ਲੱਜਾਂ ਪਿੰਡ ਦੀਆਂ" ।੧੭।

ਲਾਲਟੈਣ ਖੂੰਡੇ ਤੇ ਟੰਗ,
ਪਾਣੀ ਵਿਚ ਵੜ ਗਿਆ ਨਿਸੰਗ,
ਨਾਲ ਲਹਿਰਾਂ ਦੇ ਕਰਦਾ ਜੰਗ,
ਖੁਰਲੀ ਉਤੇ ਨਜ਼ਰਾਂ,
ਸਭ ਦੀਆਂ ਗੱਡੀਆਂ ।੧੮।

ਰੁੜ੍ਹਦੀ ਖੁਰਲੀ ਅਤੇ ਅੰਜਾਣ,
ਨ੍ਹੇਰੇ ਦੇ ਵਿਚ ਗੁੰਮਦੇ ਜਾਣ,
ਲਾਲਟੈਨ ਦਾ ਦੇਖ ਨਿਸ਼ਾਨ,
ਪਰ ਖੁਰਲੀ ਵਲ ਵਧਦਾ,
ਆਸਾਂ ਬਝਦੀਆਂ ।੧੯।

ਆਖ਼ਰ ਕਰਕੇ ਲੰਮਾ ਘੋਲ,
ਕਿਹਰਾ ਪੁਜਿਆ ਖੁਰਲੀ ਕੋਲ,
ਲੱਕ ਦੇ ਨਾਲੋਂ ਲੱਜ ਨੂੰ ਖੋਹਲ,
ਖੁਰਲੀ ਦੇ ਕੁੰਡੇ ਨੂੰ,
ਗੰਢਾਂ ਮਾਰੀਆਂ ।੨੦।

ਕਿੰਜ ਅਠ, ਦਸ, ਬਾਰਾਂ ਦੇ ਬਾਲ,
ਝਲਦੇ ਰਹੇ ਮੀਂਹ ਦੀ ਝਾਲ,
ਨਿੱਕਿਆਂ ਨਿੱਕਿਆਂ ਬੁਕਾਂ ਨਾਲ,
ਰਹੇ ਝੱਟਦੇ ਪਾਣੀ,
ਅਕਲਾਂ ਹਾਰੀਆਂ ।੨੧।

ਕਿਹਰੇ ਲਾ ਕੇ ਸਾਰਾ ਜ਼ੋਰ,
ਧੂਹ ਖੁਰਲੀ ਨੂੰ ਲਿਆਂਦਾ ਮੋੜ,
ਇਕ ਉਚੇ ਕਿੱਕਰ ਦੇ ਕੋਲ,
ਵਲ ਤਣੇ ਦੇ ਨਾਲ,
ਬਚਾਈਆਂ ਜਿੰਦੜੀਆਂ ।੨੨।

ਪਹਿਰ ਇਕ ਜਦ ਗੁਜ਼ਰਿਆ ਆਣ,
ਧੰਨਾ ਤੇ ਕੁਝ ਹੋਰ ਜੁਆਨ,
ਲਾਲਟੈਨ ਨੂੰ ਰਖ ਨਿਸ਼ਾਨ,
ਪੁਜ ਗਏ ਕਿੱਕਰ ਲਾਗੇ,
ਕਰਕੇ ਹਿੰਮਤਾਂ ।੨੩।

ਇਉਂ ਕਿਹਰੇ ਦੀ ਹਿੰਮਤ ਨਾਲ,
ਬਚ ਗਏ ਤਿੰਨ ਨਿਆਣੇ ਬਾਲ,
ਸਫ਼ਲੀ ਹੋਈ ਪਿੰਡ ਦੀ ਘਾਲ,
ਸ਼ੇਰ ਕਿਹਰੇ ਦਾ ਮੱਥਾ,
ਬੁਢੀਆਂ ਚੁੰਮਦੀਆਂ ।੨੪।

ਹੁਣ ਵੀ ਵਗਦੀ ਕਾਲੀ ਬਈਂ,
ਕੰਢਿਆਂ ਉਤੇ ਚਰਦੀਆਂ ਮਹੀਂ,
ਕਿਧਰੇ ਦਿਸਦੀ ਕਿਧਰੇ ਨਹੀਂ,
ਘਰ ਘਰ ਚਲਦੀਆਂ ਵਾਰਾਂ,
ਕਿਹਰੇ ਜਟ ਦੀਆਂ ।੨੫।

12. ਝੀਲ ਦੇ ਕੰਢੇ

ਝੀਲ ਦੇ ਕੰਢੇ ਉਤੇ ਚੰਨ ਦੀ ਚਾਣਨੀ,
ਦਿਲਾਂ ਦੀ ਗਲ ਜੀਵੇਂ ਔਖੀ ਏ ਜਾਣਨੀ ।

ਝੀਲ ਦਿਆਂ ਪਾਣੀਆਂ ਨੂੰ ਕੰਢੇ ਦੀ ਚੁਗਾਠ ਵੇ,
ਦਿਲ ਦਿਆਂ ਪਾਣੀਆਂ ਦੀ ਲਵੇ ਕੌਣ ਹਾਥ ਵੇ ।

ਝੀਲ ਦੇ ਪਾਣੀ ਲਗਣ ਕੰਢਿਆਂ ਦੇ ਗਲ ਵੇ,
ਦਿਲੋਂ ਉਠੇ ਛਲ ਬਣ ਸਕਦੀ ਨਾ ਗਲ ਵੇ ।

ਝੀਲ ਦਿਆਂ ਪਾਣੀਆਂ ਤੇ ਕਮੀਆਂ ਦਾ ਜੋੜਾ ਵੇ,
ਮੇਲ ਤੇ ਵਿਛੋੜੇ ਵਿਚ ਭੇਦ ਬਹੁਤ ਥੋੜ੍ਹਾ ਵੇ ।

ਝੀਲ ਦਿਆਂ ਪਾਣੀਆਂ ਤੇ ਤਾਰਿਆਂ ਦੀ ਛਾਂ ਵੇ,
ਅਜ ਦੀ ਅਵੱਸਥਾ ਅਰੂਪ ਤੇ ਅਨਾਂ ਵੇ ।

ਚੰਡੀ ਦੇ ਮੰਦਰ ਵਿਚ ਜੋਤ ਪਈ ਜਗਦੀ,
ਪਿਆਰ ਦੀ ਚਿਣਗ ਭੈੜੀ ਬੁਝਦੀ ਨਾ ਮਘਦੀ ।

ਝੀਲ ਦੀ ਪਛਾੜੀ ਕਲ-ਭਰਮੇ ਪਹਾੜ ਵੇ,
ਉੱਚੇ ਕਿਤੇ ਝਿੱਕੇ ਜਿਵੇਂ ਦਿਲ ਦੇ ਉਭਾਰ ਵੇ ।

ਹੁਸਨ ਦੇ ਮੱਥੇ ਉੱਤੇ ਓੜਕਾਂ ਦੀ ਛਬੀ ਵੇ,
ਇਸ਼ਕ ਦਿਆਂ ਹੋਠਾਂ ਉਤੇ ਮੋਹਰ ਕਿਉਂ ਲਗੀ ਵੇ ।

ਜਿੰਦ ਖੜੀ ਕੋਲ ਕਿਉਂ ਬੁੱਤ ਸੁਨਸਾਨ ਅਜ ?
ਆਖਿਆ ਪਰਾਣਾਂ ਨੂੰ ਕਿਉਂ ਜਾਏ ਨਾ ਪਰਾਣ ਅਜ ?

ਪੁਜੀ ਅਸਮਾਨਾਂ ਤੀਕ ਦਿਲ ਦੀ ਅਵਾਜ਼ ਨਾ,
ਬੁਢਿਆਂ ਪਹਾੜਾਂ ਨੇ ਵੀ ਦਸਿਆ ਇਹ ਰਾਜ਼ ਨਾ ।

ਝੀਲ ਦਿਆਂ ਕੰਢਿਆਂ ਤੇ ਸਮਿਆਂ ਨੇ ਜੋੜਿਆ,
ਸੱਧਰਾਂ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ ।

13. ਯਾਦ

ਨੀਲਮ ਦੇ ਖਰਲ ਅੰਦਰ
ਰਤਨਾਂ ਦੀ ਮਹਿੰਦੀ ਪੀਹ ਕੇ
ਪੱਛਮ ਦੇ ਤਲਵਿਆਂ ਨੂੰ
ਸੂਰਜ ਨੇ ਹੈ ਲਗਾਈ-
ਸੋਨੇ ਦੀਆਂ ਖੜਾਵਾਂ
ਪੈਰਾਂ ਦੇ ਵਿਚ ਪਾ ਕੇ
ਹੈ ਯਾਦ ਤੇਰੀ ਆਈ ।

ਗਗਨਾਂ ਦੇ ਪੀਹੜੇ ਉੱਤੇ
ਬਹਿ ਰਾਤ ਦੀ ਬਹੂ ਨੇ
ਜੜ ਤਾਰਿਆਂ ਦਾ ਚੰਬਾ
ਲਿਟ ਆਪਣੀ ਗੁੰਦਾਈ-
ਚਾਂਦੀ ਦੀਆਂ ਖੜਾਵਾਂ
ਪੈਰਾਂ ਦੇ ਵਿਚ ਪਾ ਕੇ
ਹੈ ਯਾਦ ਤੇਰੀ ਆਈ ।

ਪੂਰਬ ਦੀ ਖੋਹਲ ਬਾਰੀ
ਗੰਢੇ ਦੀ ਛਿੱਲ ਨਾਲੋਂ
ਪਤਲੇਰੇ ਘੁੰਡ ਵਿਚੋਂ
ਪਰਭਾਤ ਮੁਸਕਰਾਈ-
ਚਾਨਣ ਦੀਆਂ ਖੜਾਵਾਂ
ਪੈਰਾਂ ਦੇ ਵਿਚ ਪਾ ਕੇ
ਹੈ ਯਾਦ ਤੇਰੀ ਆਈ ।

14. ਕ੍ਰਾਂਤੀ

ਆਖਿਆ ਸਾਨੂੰ ਰੂਮ ਦੇ ਵੱਡੇ ਮੌਲਾਣੇ,
"ਅਸਲੋਂ ਗੁੰਗੇ, ਅੰਨ੍ਹੇ ਤੇ ਬੋਲੇ ਹੋ ਜਾਉ ।"
"ਏਥੇ ਦੋਜ਼ਖ ਕਟ ਲਉ" ਬੁਲ੍ਹੇ ਫਰਮਾਇਆ,
"ਅੱਗੇ ਮੌਜ ਬਹਾਰ ਲਖ ਝੋਲੀ ਵਿਚ ਪਾਉ ।"

"ਮਰਨੋਂ ਅਗੇ ਮਰ ਰਹੋ" ਕਹਿ ਗਏ ਸਧੂਤੇ,
"ਮਸ਼ਟ ਮਾਰ ਦਿਨ ਕਟ ਲਵੋ" ਪਏ ਕਹਿਣ ਦੀਵਾਨੇ ।
"ਰੋਗ, ਗ਼ਰੀਬੀ ਭੁਖ ਦੀ ਨਾ ਕਰੋ ਸ਼ਿਕਾਇਤ,
ਚਾਰ ਦਿਹਾੜਾਂ ਕੱਟ ਲਉ ਰਹਿ ਅੰਦਰ ਭਾਣੇ ।"

ਜਦ ਵੀ ਛੱਤ ਯਕੀਨ ਦੀ ਡਿੱਗਣ ਤੇ ਆਈ,
ਦਿੱਤਾ ਕਰਮ-ਸਿਧਾਂਤੀਆਂ ਕਰਮਾਂ ਦਾ ਠੁਮ੍ਹਣਾ ।
ਸਪ ਮਾਰਨ ਦਾ ਵਲ ਨਾ ਧਰਮਾਂ ਨੇ ਦਸਿਆ,
ਸਗੋਂ ਸਿਖਾਇਆ ਮੂੰਹ ਸਦਾ ਸੱਪਾਂ ਦਾ ਚੁੰਮਣਾ ।

ਬੀਤਿਆ ਸਾਨੂੰ ਚਮੜਿਆ ਹੈ ਭਖੜੇ ਵਾਂਗੂੰ,
ਗ਼ਲਤ ਕੀਮਤਾਂ ਹੇਠ ਹੈ ਸਾਹ ਘੁਟਦਾ ਜਾਂਦਾ ।
ਧਕ ਕੇ ਇਸ ਨੂੰ ਕੱਢ ਦਿਉ ਜੇ ਬੂਹੇ ਵਿੱਚੋਂ,
ਬਾਰੀ 'ਚੋਂ ਫਿਰ ਕੁੱਦ ਕੇ ਇਹ ਅੰਦਰ ਆਂਦਾ ।

ਮੂੰਹ ਭਰ ਕੇ ਮੈਂ ਬੇਲੀਉ ਇਹ ਮੂਲ ਨਾ ਆਖਾਂ-
ਕੁਖ ਬੀਤੇ ਦੀ ਬਾਂਝ ਤੇ ਬੰਜਰ ਹੈ ਸਾਰੀ ।
ਪਰ ਭਰਮਾਂ ਤੇ ਸੰਸਿਆਂ ਦੇ ਮਲਬੇ ਥੱਲੋਂ,
ਕਢਣੀ ਪੈਣੀ ਸਾਥੀਉ ਸਾਨੂੰ ਚੰਗਿਆੜੀ ।

ਵਰਤਮਾਨ ਗਲ ਪਾਉ ਨਾ ਬੀਤੇ ਦੇ ਲੀੜੇ,
ਅੱਜ ਲਈ ਇਹ ਸਾਥੀਉ ਸੌੜੇ ਤੇ ਥੋਹੜੇ ।
ਬਾਲਪਨ 'ਚੋਂ ਨਿਕਲ ਕੇ ਜਦ ਚੜ੍ਹੇ ਜਵਾਨੀ,
ਸੁਟਣੇ ਪੈਂਦੇ ਨੁੱਕਰੇ ਬਚਗਾਨੇ ਜੋੜੇ ।

ਕਲਿਆਂ ਕਲਿਆਂ ਸਾਥੀਉ ਇਹ ਹਟੇ ਨਾ ਮਲਬਾ,
ਕਲਿਆਂ ਲੇਖੇ ਮੁਕਣ ਨਾ ਤੇ ਫਟਣ ਨਾ ਵਹੀਆਂ ।
ਕੱਲੇ ਤੋਂ ਨਾ ਢਠਣ ਇਹ ਬੁਢੀਆਂ ਸੰਸਥਾਵਾਂ,
ਧੂੜ ਇਨ੍ਹਾਂ ਦੀ ਪੁਟਣੀ ਕ੍ਰਾਂਤੀ ਦੀਆਂ ਕਹੀਆਂ ।

ਘੋਲ ਬਿਨਾਂ ਨਾ ਸਾਥੀਉ ਜੀਵਨ ਰੌ ਵੱਧੇ,
ਮੈਲ ਨਾ ਬਾਹਰ ਸੁਟਦੇ ਨੇ ਪਾਣੀ ਸੁੱਤੇ ।
ਪਰ ਜਦ ਆਵਣ ਜੋਸ਼ ਵਿਚ ਸਾਗਰ ਦੀਆਂ ਛੱਲਾਂ,
ਸੁੱਟਣ ਘੋਗੇ ਫ਼ਾਲਤੂ ਕੰਢਿਆਂ ਦੇ ਉੱਤੇ ।

ਲੋਹਾ ਕਦੀ ਮਨੂਰ ਤੋਂ ਨਾ ਵੱਖਰਾ ਹੋਵੇ,
ਜਦ ਤਕ ਸ਼ੁਹਲੇ ਰੱਤਿਉਂ ਨਾ ਹੋਵਣ ਬੱਗੇ ।
ਹੋਂਦੀ ਨਹੀਂ ਸਮਾਜ ਦੀ ਦੇਹ ਕਦੀ ਨਰੋਈ,
ਜਦੋਂ ਤੀਕ ਨਾ ਜੁੱਸਿਉਂ ਰਤ ਗੰਦੀ ਵੱਗੇ ।

ਬਾਝ ਸੁਹਾਗੇ ਭੋਂ ਕਦੀ ਨਾ ਪਧਰੀ ਹੋਵੇ,
ਬਾਝ ਕਰਾਹਾਂ ਟਿਬਿਆਂ ਦੀ ਢਹੇ ਨਾ ਢੇਰੀ ।
ਆਖਿਆ ਸਚ ਸਿਆਣਿਆਂ ਭੌਂ ਹੋਏ ਨਾ ਗੱਭਣ,
"ਜਦ ਤਕ ਝੁਲੇ ਨਾ ਜਗ ਤੇ ਬੀ-ਭਰੀ ਹਨੇਰੀ ।"

ਲਖ ਬਾਹਾਂ ਵਿਚ ਆਉਂਦਾ ਜਦ ਇਕ ਹੁਲਾਰਾ,
ਲਖ ਬੁੱਲ੍ਹਾਂ ਤੇ ਬੋਲਦਾ ਜਦ ਇੱਕੋ ਸੁਨੇਹੜਾ ।
ਲਖ ਨੈਨਾਂ ਵਿਚ ਲਟਕਦਾ ਜਦ ਇੱਕੋ ਸੁਫਨਾ,
ਭਰਦਾ ਨਾਲ ਸੁਗੰਧ ਦੇ ਜੀਵਨ ਦਾ ਵਿਹੜਾ ।

16. ਚੀਰ ਪੜ

(ਚੀਰ ਪੜ ਇਕ ਬੜੀ ਉੱਚੀ ਸੁੱਖੜ ਚਟਾਨ ਹੈ ਜੋ
ਰਾਵਲਪਿੰਡੀ ਸ਼ਹਿਰ ਤੋਂ ੧੦ ਮੀਲਾਂ ਦੀ ਵਿਥ ਤੇ
ਵਾਕਿਆ ਹੈ । ਇਸ ਚਟਾਨ ਦੇ ਐਨ ਵਿਚਕਾਰ
ਇਕ ਸਿੱਧਾ ਚੀਰ ਹੈ । ਨਾਲੇ ਚਾਰ ਵੱਡੇ ਵੱਡੇ ਟੋਏ
ਹਨ । ਕਹਿੰਦੇ ਹਨ ਜਦ ਰਾਜੇ ਰਸਾਲੂ ਨੇ ਰਾਕਸ਼
ਉਤੇ ਵਾਰ ਕੀਤਾ ਤਾਂ ਉਸਦੀ ਤੇਜ਼ ਤਲਵਾਰ ਰਾਕਸ਼
ਨੂੰ ਕਟਦੀ ਹੋਈ ਚਟਾਨ ਨੂੰ ਵੀ ਨਾਲ ਹੀ ਕਟ ਗਈ
ਅਤੇ ਇਹ ਚਾਰ ਟੋਏ ਉਸ ਦੇ ਘੋੜੇ ਦੇ ਸੁਮਾਂ ਦੇ
ਨਿਸ਼ਾਨ ਹਨ ।
ਇਸ ਚਟਾਨ ਦੇ ਪੈਰਾਂ ਵਿਚ ਘਨੀਰੀ ਕੱਸੀ ਵਗਦੀ ਹੈ,
ਜਿਸ ਦੇ ਕੰਢਿਆਂ ਉਤੇ ਵਡੇ ਵਡੇ ਪੱਥਰ, ਕੋਈ ਸੁਖੜ
ਤੇ ਕੋਈ ਟੇਢੇ, ਪਏ ਹਨ । ਏਥੇ ਕਈ ਕਤਲ ਹੋ ਚੁਕੇ
ਹਨ । ਜਦ ਵੀ ਕੋਈ ਕਤਲ ਹੁੰਦਾ ਹੈ, ਲੋਕੀਂ ਉਸ ਥਾਂ
ਉੱਤੇ ਪੱਥਰਾਂ ਦਾ ਇਕ ਵੱਡਾ ਸਾਰਾ ਢੇਰ ਖੜਾ ਕਰ ਦੇਂਦੇ
ਹਨ, ਜਿਸ ਨੂੰ 'ਚੂਰਾ' ਕਹਿੰਦੇ ਹਨ ।
ਇਹ ਥਾਂ ਮੈਨੂੰ ਸਦਾ ਹੀ ਵਾਜਾਂ ਮਾਰਦੀ ਰਹੀ ਹੈ ਅਤੇ ਅੱਗੇ
ਦਿੱਤੀ ਬੈਲੇਡ ਵਿਚ ਮੈਂ ਚੀਰ ਪੜਾਂ ਦੀ ਇਕ ਸਥਾਨਕ
ਲੋਕ-ਕਥਾ ਦਾ ਬਿਆਨ ਕੀਤਾ ਹੈ ।)

ਚੀਰ ਪੜਾਂ ਦੀ ਉੱਚੀ ਕਲਗੀ,
ਦਿੱਸੇ ਨਾਲ 'ਸਮਾਨਾਂ ਖਹਿੰਦੀ,
ਪੈਰਾਂ ਵਿਚ ਘਨੀਰੀ ਵਗਦੀ,
ਢਹੇ ਪੜਾਂ ਦੇ ਪਾਣੀ
ਛਿੱਟਾਂ ਪੈਂਦੀਆਂ ।੧।

ਦੈਂਤਾਂ ਵਰਗੇ ਵੱਡੇ ਪੱਥਰ,
ਕੁਝ ਰੇਤਲੇ ਤੇ ਕੁਝ ਖੱਖਰ,
ਕੁਝ ਕਣਿਅਟ ਤੱਖਰ ਦੇ ਤੱਖਰ,
ਪਏ ਜੁਗਾਂ ਤੋਂ ਉੱਥੇ
ਮੁਦਤਾਂ ਬੀਤੀਆਂ ।੨।

ਕਲ-ਭਰਮੇ ਜਿਹੇ ਪੱਥਰੀ ਰੰਗ ਦੇ,
ਇਹਨਾਂ ਵਿਚੋਂ ਪਾਣੀ ਲੰਘਦੇ,
ਠੰਢੇ ਪੈਰ ਪਾਇਆਂ ਹੀ ਡੰਗਦੇ,
ਏਦਾਂ ਜਾਪੇ ਉਂਗਲਾਂ
ਗਈਆਂ ਸੀਤੀਆਂ ।੩।

ਚੋਟੀ ਤੇ ਇਕ ਢੋਕ ਰੰਗੀਲੀ,
ਫੁਲ ਫਲਾਹੀਆਂ ਕੀਤੀ ਪੀਲੀ,
ਪਤ-ਲਪੇਟੀ ਕੋਈ ਨਵੀਲੀ,
ਸਾਦ ਮੁਰਾਦੀਆਂ ਕੁਲੀਆਂ
ਲਿੰਬੀਆਂ ਪੋਚੀਆਂ ।੪।

ਘਰ ਸਾਰੇ ਗਿਆਰਾਂ ਜਾਂ ਬਾਰਾਂ,
ਬਾਂਕੇ ਮਰਦ ਛਬੀਲੀਆਂ ਨਾਰਾਂ,
ਪਰ ਹਸਨੋ ਦੀਆਂ ਹੋਰ ਬਹਾਰਾਂ,
ਹੁਸਨ ਓਸਦਾ ਖਿੜਿਆ
ਗੰਧਾਂ ਮਹਿਕੀਆਂ ।੫।

ਸਿਰ ਹਸਨੋ ਦੇ ਸੇਤ ਦੁਪੱਟਾ,
ਰੰਗ ਚੋਲੀ ਦਾ ਮਿੱਠਾ ਖੱਟਾ,
ਘੁਮਰੀ ਸੁੱਥਣ ਝੱਮ ਝਮੱਟਾ,
ਲੱਖ ਕਰੋੜਾਂ ਸੱਲ੍ਹਾਂ
ਜਿਸ ਵਿਚ ਪੈਂਦੀਆਂ ।੬।

ਰੰਗ ਸਲੂਣਾ ਗਹਿਣੇ ਬੱਗੇ,
ਸ਼ਾਮੀਂ ਫੁਲ ਚੰਬੇ ਨੂੰ ਲੱਗੇ,
ਜ਼ਾਲਮ ਹੁਸਨ ਮਰੇਂਦਾ ਡੱਗੇ,
ਸਾਰੇ ਤ੍ਰੇਗੜ ਵਿਚ
ਗੁੰਜਾਰਾਂ ਪੁਜੀਆਂ ।੭।

ਢੋਕੋਂ ਲੈ ਘਨੀਰੀ ਤਾਣੀ,
ਜੰਗਲੀ ਬਿਰਛਾਂ ਛਤਰੀ ਤਾਣੀ,
ਲੰਘ ਨਾ ਸਕੇ ਕਲੀ ਸਵਾਣੀ,
ਉਗੀਆਂ ਸਿਰੀਆਂ ਜੋੜ
ਫੁਲਾਹੀਆਂ ਸੰਘਣੀਆਂ ।੮।

ਸਿਰ ਦੇ ਉੱਤੇ ਦੋਘੜ ਚਾਈ,
ਹਸਨੋ ਲਗੀ ਲਹਿਣ ਲਹਾਈ,
ਪੁੱਜੀ ਜਦ ਉਹ ਮੁੰਡੀ ਫਲਾਹੀ,
ਨਾਲ ਸੈਦੇ ਦੇ ਨਜ਼ਰਾਂ
ਉਹਦੀਆਂ ਭਿੜ ਗਈਆਂ ।੯।

ਸੈਦੇ ਘੋੜੀ ਮੁਢ ਨਾਲ ਬੱਧੀ,
ਹਸਨੋ ਗਈ ਨਾਲ ਹੀ ਬੱਧੀ,
ਹੋਸ਼ ਗਵਾਚੀ ਅੱਧ ਪਚੱਧੀ,
ਨਾਜ਼ਕ ਕੋਠੀ ਉਹਦੀ
ਧਮਕਾਂ ਪੈਂਦੀਆਂ ।੧੦।

ਕੰਡ ਸੈਦੇ ਦੀ ਗੁੰਦਵੀਂ ਚੌੜੀ,
ਉਤੇ ਪਠਿਆਂ ਪਾਈ ਦੁਖੋੜੀ,
ਤਕ ਦੇ ਹਸਨੋ ਗਈ ਮਰੋੜੀ,
ਹਿੱਕ ਉਹਦੀ ਵਿਚ ਛੱਲਾਂ
ਉਠਦੀਆਂ ਲਹਿੰਦੀਆਂ ।੧੧।

ਸੈਦੇ ਜਿਸ ਦਮ ਧੌਣ ਭੰਵਾਈ,
ਹਸਨੋ ਤ੍ਰੈਹਠੀ ਤੇ ਸ਼ਰਮਾਈ,
ਵੀਟੀ ਉਛਲ ਸ਼ਰਾਬ ਸੁਰਾਹੀ,
ਸੈਦੇ ਰਜ ਕੇ ਪੀਤੀ
ਝੂਮਾਂ ਆਈਆਂ ।੧੨।

ਹਸਨੋ ਘੜੇ ਮੂਧੇ ਚਾ ਮਾਰੇ,
ਉਤੇ ਬਹਿ ਗਏ ਦੋਏ ਪਿਆਰੇ,
ਨਿਕੀਆਂ ਗਲਾਂ ਵਕਤ ਗੁਜ਼ਾਰੇ,
ਪੱਛਮ ਦੇ ਵਲ ਸੂਰਜ
ਕਾਹਲਾਂ ਕੀਤੀਆਂ ।੧੩।

ਸੈਦਾ ਬੋਲਿਆ ਵਿਚ ਹਨੇਰੇ,
"ਅਸਾਂ ਦੋਹਾਂ ਦੇ ਵਡੇ ਵਡੇਰੇ,
ਲੜਦੇ ਭਿੜਦੇ ਰਹੇ ਬਥੇਰੇ,
ਕਈ ਵਾਰ ਕੱਸੀ ਵਿਚ
ਰੱਤਾਂ ਵੀਟੀਆਂ" ।੧੪।

ਹਸਨੋ ਦੇ ਹਉਂ ਪਈ ਕਰਕੁੱਟੀ,
ਝਿਜਕੀ, ਸਹਿਮੀ, ਤ੍ਰੈਹਠੀ, ਤਰੁੱਟੀ,
ਫਿਰ ਸੈਦੇ ਦੇ ਨਾਲ ਚਮੁੱਟੀ,
"ਸਿਰ ਦੇ ਨਾਲ ਨਿਭਾਸਾਂ
ਪ੍ਰੀਤਾਂ ਸੁੱਚੀਆਂ" ।੧੫।

ਘੋੜੀ ਦੋਵੇਂ ਕੰਨ ਖਲ੍ਹਿਆਰੇ,
ਉੱਡੀ ਸੈਦਾ ਚਾਹੜ ਕੰਧਾੜੇ,
ਛਡਦੇ ਜਾਵਣ ਸੁੰਮ ਚੰਗਿਆੜੇ,
ਵਲ ਢੋਕ ਦੇ ਹਸਨੋ
ਖੁਰੀਆਂ ਕੀਤੀਆਂ ।੧੬।

ਡਉਂ ਡਉਂ ਇਸ਼ਕ ਨਗਾਰੇ ਵੱਜੇ,
ਜਾਣ ਨਾ ਕੱਖੀਂ ਭਾਂਬੜ ਕੱਜੇ,
ਲੀਰਾਂ ਵਿਚ ਖੁਸ਼ਬੂ ਨਾ ਬੱਝੇ,
ਤ੍ਰੇਗੜ ਦੇ ਵਿਚ ਸਾਰੇ
ਲਪਟਾਂ ਖਿੰਡੀਆਂ ।੧੭।

ਤ੍ਰੇਗੜ ਵਿਚ ਖਿੰਡ ਗਏ ਹਵਾੜੇ,
ਹਸਨੋ ਦੇ ਤ੍ਰੈ ਵੀਰ ਪਿਆਰੇ,
ਅੱਖਾਂ ਦੇ ਵਿਚ ਖ਼ੂਨ ਉਤਾਰੇ,
"ਵੈਰੀ ਨਾਲ ਪਰੀਤਾਂ
ਪੌਸਣ ਮਹਿੰਗੀਆਂ' ।੧੮।

ਮਦ ਇਸ਼ਕ ਦੀ ਹਸਨੋ ਮੱਤੀ,
ਰੰਗ ਸੈਦੇ ਦੇ ਲੂੰ ਲੂੰ ਰੱਤੀ,
ਕੌਣ ਸੁਣੇਂ ਵੀਰਾਂ ਦੀਆਂ ਮੱਤੀਂ,
ਪੱਥਰ ਨੂੰ ਕੀ ਆਖਣ
ਛਿੱਟਾਂ ਮੀਂਹ ਦੀਆਂ ।੧੯।

ਪਾਣ ਜਦੋਂ ਤਰਕਾਲਾਂ ਘੇਰੇ,
ਚਾਨਣ ਦੇ ਵਿਚ ਘੁਲਣ ਹਨੇਰੇ,
ਰੰਗੇ ਅੰਤਲੀ ਕਿਰਨ ਬਨੇਰੇ,
ਲਾਏ ਪੱਛਮ ਦੀ ਵਹੁਟੀ
ਪੈਰੀਂ ਮਹਿੰਦੀਆਂ ।੨੦।

ਰਾਤ ਜਦੋਂ ਲੰਘ ਜਾਏ ਚੁਖੇਰੀ,
ਚੁਪ ਡੂੰਘੀ ਛਾ ਜਾਏ ਚੁਫੇਰੀ,
ਖੱਟ ਤਾਰਿਆਂ ਦੀ ਹੋਏ ਉਚੇਰੀ,
ਸਿਰ ਦੇ ਉਤੇ ਪੁੱਜਣ
ਜਿਸ ਦਮ ਵਹਿੰਗੀਆਂ ।੨੧।

ਹਸਨੋ ਖ਼ੈਰ ਸੈਦੇ ਦੀ ਮੰਗਦੀ,
ਖੋਹਲ ਝਾਂਜਰਾਂ ਕਿੱਲੀ ਟੰਗਦੀ,
ਵੀਰਾਂ ਦੀ ਖਟ ਕੋਲੋਂ ਲੰਘਦੀ,
ਦਿਲ ਵਿਚ ਕਈ ਦਲੀਲਾਂ
ਚੜ੍ਹਦੀਆਂ ਲਹਿੰਦੀਆਂ ।੨੨।

ਪਾਲਣ ਸੈਦੇ ਦੀ ਅਸ਼ਨਾਈ,
ਦਿਲ ਦੀ ਕੋਠੀ ਹੱਥ ਟਿਕਾਈ,
ਹਸਨੋ ਲਹਿੰਦੀ ਤੁਰਤ ਲਿਹਾਈ,
ਨੇਹੀ ਦੀਆਂ ਅੱਖਾਂ
ਮੂਲ ਨਾ ਸੈਂਦੀਆਂ ।੨੩।

ਕਲ-ਭਰਮੇ ਜਿਹੇ ਪੱਥਰੀ ਰੰਗ ਦੇ,
ਜਿੱਥੇ ਕਸੀਉਂ ਪਾਣੀ ਲੰਘਦੇ,
ਉਥੇ ਦੋ ਪਰਛਾਵੇਂ ਕੰਬਦੇ,
ਮੇਲ ਦੀਆਂ ਦੋ ਪਲਾਂ
ਜੁਗਾਂ ਤੋਂ ਮਹਿੰਗੀਆਂ ।੨੪।

ਰਾਤ ਜਦੋਂ ਮੁੱਕਣ ਤੇ ਆਂਦੀ,
ਲੀਕ ਚਾਨਣੇ ਦੀ ਦਰਮਾਂਦੀ,
ਪੂਰਬ ਦੇ ਪੱਟ ਤੇ ਵਹਿ ਜਾਂਦੀ,
ਇਕ ਦੂਜੇ ਤੋਂ ਨਿਖੜ
ਪਰੀਤਾਂ ਜਾਂਦੀਆਂ ।੨੫।

ਹੁਸਨ ਇਸ਼ਕ ਏਦਾਂ ਕੁਝ ਰਾਤਾਂ,
ਦੇਂਦੇ ਲੈਂਦੇ ਰਹੇ ਸੁਗਾਤਾਂ,
ਪਰ ਨਾ ਗੁਝੀਆਂ ਰਹੀਆਂ ਬਾਤਾਂ,
ਹਸਨੋਂ ਦਿਆਂ ਭਰਾਵਾਂ
ਗੱਲਾਂ ਪੀਤੀਆਂ ।੨੬।

ਕਲ-ਭਰਮੇ ਜਿਹੇ ਪੱਥਰੀ ਰੰਗ ਦੇ,
ਜਿੱਥੇ ਕਸੀਉਂ ਪਾਣੀ ਲੰਘਦੇ,
ਉਥੇ ਪੰਜ ਪਰਛਾਵੇਂ ਕੰਬਦੇ,
ਹੁਸਨ ਇਸ਼ਕ ਦੀਆਂ ਰੱਤਾਂ
ਪਥਰੀਂ ਵੀਟੀਆਂ ।੨੭।

ਹੋਈ ਫਜਰ ਚੁਹਕੀਆਂ ਚਿੜੀਆਂ,
ਢੋਕ ਦੀਆਂ ਮੁਟਿਆਰਾਂ ਕੁੜੀਆਂ,
ਪਾਣੀ ਭਰਨ ਕਸੀ ਤੇ ਜੁੜੀਆਂ,
ਕਈਆਂ ਡੋਲ੍ਹੀਆਂ ਅਥਰਾਂ,
ਕਈਆਂ ਪੀਤੀਆਂ ।੨੮।

ਤ੍ਰੇਗੜ ਵਿਚ ਮਚ ਗਈ ਦੁਹਾਈ,
ਕੱਸੀ ਉਤੇ ਜੁੜੀ ਲੁਕਾਈ,
ਪ੍ਰੀਤਾਂ ਦੀ ਇਕ ਕਬਰ ਬਣਾਈ,
"ਚੂਰਾ" ਜਿਸ ਨੂੰ ਕਹਿੰਦੇ
ਮੁਦਤਾਂ ਬੀਤੀਆਂ ।੨੯।

ਹੁਣ ਵੀ ਚੀਰ ਪੜਾਂ ਵਿਚਕਾਰ,
ਆਖੇ ਪੌਣਾਂ ਦੀ ਗੁੰਜਾਰ,
ਇਸ ਚੂਰੇ ਵਿਚ ਸੁੱਤਾ ਪਿਆਰ,
ਸੁਟ ਜਾ ਇਸ ਤੇ ਰਾਹੀਆ
ਇਕ ਦੋ ਗੀਟੀਆਂ ।੩੦।

ਗ਼ਜ਼ਲਾਂ

1.

ਮਿਟਿਆ ਧੂੰ ਦੇ ਬੱਦਲ ਵਾਂਗੂੰ
ਦੁਨੀਆਂ ਤੋਂ ਅਮਲ ਹਨੇਰੇ ਦਾ,
ਔਹ ਧੂੜ ਧੁਮਾਂਦਾ ਪਹੁੰਚ ਗਿਆ
ਗਗਨਾਂ ਤੇ ਰੱਥ ਸਵੇਰੇ ਦਾ ।

ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ
ਜਦ ਧਰਤੀ ਉਤੇ ਪੈਰ ਧਰੇ,
ਮਮਟੀ ਦਾ ਦੀਵਾ ਬੁੱਝ ਗਿਆ
ਤੇ ਚਮਕਿਆ ਕੱਖ ਬਨੇਰੇ ਦਾ ।

ਜਦ ਤੋਂ ਲੁਟਿਆਂ ਪੁਟਿਆਂ ਜਾਤਾ
ਫ਼ਰਿਆਦ ਤੋਂ ਹਿੰਮਤ ਉੱਚੀ ਹੈ,
ਹੱਥਾਂ 'ਚੋਂ ਖ਼ੰਜਰ ਛੁਟਕ ਗਿਆ
ਤੇ ਕੰਬਿਆ ਹੱਥ ਲੁਟੇਰੇ ਦਾ ।

ਜਨਤਾ ਦੇ ਬਾਸ਼ਕ ਨਾਗ ਉੱਤੇ
ਹੁਣ ਬੀਨ ਦਾ ਜਾਦੂ ਚਲਦਾ ਨਾ,
ਤਕ ਉਠਦੀ ਲਾਟ ਦੁਜੀਭੀ 'ਚੋਂ
ਰੰਗ ਹੋਇਆ ਫ਼ੱਕ ਸਪੇਰੇ ਦਾ ।

ਚੰਨ, ਮੰਗਲ, ਬੁੱਧ, ਬ੍ਰਿਹਸਪਤ ਤੋਂ
ਵੀ ਅੱਗੇ ਜਾਣਾ ਹਿੰਮਤ ਨੇ,
ਧਰਤੀ ਤਾਂ ਇਕ ਪੜਾ ਹੀ ਹੈ,
ਰਖ ਦਾਈਆ ਪੰਧ ਲਮੇਰੇ ਦਾ ।

ਹੈ ਗਤ ਮਿਤ ਕਿਹੜਾ ਪਾ ਸਕਿਆ
ਸਾਡੇ ਦਾਈਏ ਦੇ ਖੰਭਾਂ ਦੀ ?
ਜੇ ਅਗਮ, ਅਛੋਰ, ਅਮਿੱਤ ਕੰਢਾ
ਹੈ ਸਰਬ-ਸ੍ਰਿਸ਼ਟ ਦੇ ਘੇਰੇ ਦਾ ।

2.

ਪਹਿਲਾ ਪੜਾ ਹੈ ਇਸ਼ਕ ਵਿਚ ਹੰਝੂ ਵਹਾਣ ਦਾ,
ਦੂਜਾ ਪੜਾ ਹੈ ਇਸ਼ਕ ਵਿਚ ਹੰਝੂ ਲੁਕਾਣ ਦਾ ।

ਪਹਿਲਾ ਪੜਾ ਹੈ ਇਸ਼ਕ ਦਾ ਨੁਕਤੇ ਤੇ ਸਿਮਟਣਾ,
ਦੂਜਾ ਪੜਾ ਹੈ ਧਰਤੀਆਂ ਅੰਬਰ ਤੇ ਛਾਣ ਦਾ ।

ਪਹਿਲਾ ਪੜਾ ਹੈ ਇਸ਼ਕ ਵਿਚ ਮਹੁਰੇ ਨੂੰ ਚੱਟਣਾ,
ਅਗਲਾ ਪੜਾ ਹੈ ਇਸ਼ਕ ਵਿਚ ਜੀਵਨ ਜਿਵਾਣ ਦਾ ।

ਪਹਿਲਾ ਪੜਾ ਹੈ ਇਸ਼ਕ ਦਾ ਜ਼ੁਲਫ਼ਾਂ ਦੀ ਦਾਸਤਾ,
ਅਗਲਾ ਪੜਾ ਹੈ ਦਾਸਾਂ ਦੇ ਬੰਧਨ ਛੁਡਾਣ ਦਾ ।

ਪਹਿਲਾ ਪੜਾ ਹੈ ਯਾਰ ਦੀ ਯਾਰੀ ਨੂੰ ਪਾਲਣਾ,
ਅਗਲਾ ਪੜਾ ਹੈ ਸ਼ਤਰੂ ਨੂੰ ਮਿੱਤਰ ਬਣਾਨ ਦਾ ।

ਪਹਿਲਾ ਪੜਾ ਹੈ ਝਾਗਣਾ ਬਿਰਹੋਂ ਦੇ ਸੂਲ ਨੂੰ,
ਅਗਲਾ ਪੜਾ ਹੈ ਸੂਲੀਆਂ ਤੇ ਮੁਸਕਰਾਣ ਦਾ ।

3.

ਆਖੇ ਅਕਲ ਨਾ ਹੋਰ ਹੁਣ
ਮਾਰੂਥਲਾਂ 'ਚ ਨੱਸ
ਪਰ ਦਿਲ ਨਿਖੱਤਾ ਭਟਕਣੋਂ
ਕਰਦਾ ਅਜੇ ਨਾ ਬੱਸ ।

ਔਖਾ ਸਮਝ ਕੇ ਨੱਸੇ ਸਾਂ
ਕਾਅਬੇ ਦੇ ਰਾਜ਼ ਨੂੰ,
ਉਸ ਤੋਂ ਵੀ ਡੂੰਘਾ ਨਿਕਲਿਆ
ਬੁਤ ਖ਼ਾਨੇ ਦਾ ਰਹੱਸ ।

ਖ਼ਬਰੇ ਨਿਕਲ ਹੀ ਆਵੇ ਕੋਈ
ਜੀਉਣ-ਜੋਗਾ ਗੀਤ,
ਓ ਜ਼ਾਲਿਮਾ ਨਾ ਦਿਲ ਦੀਆਂ
ਤਾਰਾਂ ਨੂੰ ਹੋਰ ਕੱਸ ।

ਯਾ ਆਪ ਰਖ ਯਾ ਚਖਣ ਦੇ
ਸਾਰੇ ਜਹਾਨ ਨੂੰ,
ਵਿਹੁ ਵਿਚ ਬਦਲ ਨਾ ਜਾਏ ਮੇਰੀ
ਜ਼ਿੰਦਗੀ ਦਾ ਰੱਸ ।

ਕਾਹਨੂੰ ਸੀ ਪ੍ਰੀਤ ਪਾਉਣੀ
ਮਟ-ਪੀਣਿਆਂ ਦੇ ਨਾਲ,
ਜੇ ਇੱਕੋ ਘੁੱਟ ਪਿਆਲ ਕੇ
ਤੂੰ ਆਖਣਾ ਸੀ ਬੱਸ ।

ਹੋਇਆ ਜਦੋਂ ਵੀ ਕੱਠਾ ਕੁਝ
ਖਲਵਾੜਾ ਅਕਲ ਦਾ,
ਦਿੱਤਾ ਹੁਸਨ ਨੇ ਸਾੜ ਝਟ
ਬੁੱਲ੍ਹਾਂ ਦੇ ਵਿੱਚ ਹੱਸ ।

4.

ਪਤਝੜ ਦੇ ਪੀਲੇ ਪਤਰਾਂ ਤੇ
ਮੁਸਕਾਨ ਨਵੀਂ ਮੈਂ ਤਕਦਾ ਹਾਂ,
ਮਜ਼ਦੂਰ ਦੇ ਰੌਸ਼ਨ ਮੱਥੇ ਤੇ
ਇਕ ਸ਼ਾਨ ਨਵੀਂ ਮੈਂ ਤਕਦਾ ਹਾਂ ।

ਮਜ਼ਦੂਰ ਜੋ ਨਕ ਦੀ ਘੋੜੀ ਤੋਂ
ਅੱਗੇਰੇ ਨਹੀਂ ਸੀ ਤਕ ਸਕਦਾ,
ਅਜ ਉਸਦੀ ਭਵਿਸ਼-ਦਰਸ਼ੀ ਅੱਖ ਵਿਚ
ਡੂੰਘਾਣ ਨਵੀਂ ਮੈਂ ਤਕਦਾ ਹਾਂ ।

ਜਨਤਾ ਦੇ ਮਹਾ ਸਾਗਰ ਅੰਦਰ
ਲਹਿਰਾਂ ਤਾਂ ਕਈ ਚੜ੍ਹੀਆਂ ਲੱਥੀਆਂ,
ਪਰ ਇਸ ਤੂਫ਼ਾਨ ਦੀ ਚੜ੍ਹਤਲ ਵਿਚ,
ਜਿੰਦ ਜਾਨ ਨਵੀਂ ਮੈਂ ਤਕਦਾ ਹਾਂ ।

ਧਰਤੀ ਨੇ ਪਾਸਾ ਪਰਤ ਲਿਆ
ਤੇ ਕਿਰਤ ਜੜ੍ਹੋਂ ਚੇਤਨ ਹੋਈ,
ਹਥਿਆਰ ਤਾਂ ਉਹੀ ਪੁਰਾਣੇ ਨੇ
ਪਰ ਪਾਣ ਨਵੀਂ ਮੈਂ ਤਕਦਾ ਹਾਂ ।

ਅਪਮਾਨ ਹੋਇਆ ਅਫ਼ਰੀਕਾ ਦਾ
ਤੇ ਏਸ਼ੀਆ ਦੀ ਰੂਹ ਤੜਪ ਉਠੀ,
ਅਜ ਗੰਗਾ, ਨੀਲ ਤੇ ਯੰਗਸੀ ਵਿਚ
ਪਹਿਚਾਣ ਨਵੀਂ ਮੈਂ ਤਕਦਾ ਹਾਂ ।

5.

ਮੁੱਕਣ ਤੇ ਆਇਆ ਸਾਥੀਉ
ਅਜ ਪਹਿਰਾ ਰਾਤ ਦਾ ।
ਕਿਰਨਾਂ ਨੇ ਮੱਥਾ ਰੰਗਿਆ
ਹੈ ਕਾਇਨਾਤ ਦਾ ।

ਧਰਤੀ ਤੇ ਪੈਣ ਸਾਰ ਹੀ
ਕਿਰਨਾਂ ਨੇ ਖਾਧੀ ਸੌਂਹ,
ਜਗ ਤੋਂ ਹੈ ਬੀ ਮਿਟਾਉਣਾ
ਨ੍ਹੇਰੇ ਦੀ ਜ਼ਾਤ ਦਾ ।

'ਬਾਲੂ ਦੀ ਭੀਤ' ਵਾਂਗਰਾਂ
ਢਹਿ ਢੇਰੀ ਹੋ ਗਿਆ,
ਰਾਕਸ਼ ਨੇ ਜੋ ਬਣਾਇਆ ਸੀ
ਗੜ ਈਸਪਾਤ ਦਾ ।

ਚਿੜੀਆਂ ਨੇ ਕੀਤਾ ਬਾਜ਼ ਨੂੰ
ਬੇਬਸ ਅਤੇ ਲਚਾਰ,
ਨਕਸ਼ਾ ਬਣਾਇਆ ਪੈਦਲਾਂ
ਅਜ ਸ਼ਾਹ ਮਾਤ ਦਾ ।

ਅਸਮਾਨਾਂ ਤੇ ਨਾ ਹੋਏਗੀ
ਅੱਗੋਂ ਰਿਜ਼ਕ ਦੀ ਵੰਡ,
ਮਜ਼ਦੂਰਾਂ ਹੱਥੀਂ ਲੈ ਲਿਆ
ਕਿੱਤਾ ਬਿਰਾਤ ਦਾ ।

ਦਾਰੂ ਦੇ ਵਾਂਗ ਜਗ ਪਈ
ਮੁੜ ਕਿਰਤੀਆਂ ਦੀ ਅੱਖ,
ਸ਼ੁਅਲੇ ਦੇ ਵਾਂਗ ਮੱਘ ਪਿਆ
ਫਿਰ ਮੂੰਹ ਹਯਾਤ ਦਾ ।

ਨਿਰਵਾਨ ਅਤੇ ਮੋਖ ਦੇ
ਰਾਹਾਂ ਤੇ ਹੋ ਖ਼ਵਾਰ,
ਕਿਰਤੀ ਨੇ ਅੰਤ ਲਭ ਲਿਆ
ਰਸਤਾ ਨਜਾਤ ਦਾ ।

6.

ਚਿੱਟੇ ਚਾਨਣ ਦਾ ਦੁੱਧ ਡੁੱਲ੍ਹਿਆ
ਤੇ ਮਟਕੀ ਭਜੀ ਹਨੇਰੇ ਦੀ,
ਛੱਡ ਰਾਤਾਂ ਦੀਆਂ ਹਕਾਇਤਾਂ ਨੂੰ
ਕੋਈ ਗੱਲ ਕਰ ਨਵੇਂ ਸਵੇਰੇ ਦੀ ।

ਮੰਨ ਲਿਆ ਖਿਜ਼ਾਂ ਦੇ ਠੱਕੇ ਨੇ
ਕੁਝ ਟਾਹਣ ਤੇ ਪੱਤਰ ਝਾੜ ਦਿੱਤੇ
ਗਮ ਛਡ ਦੇ ਗਿਆਂ ਗਵਾਤਿਆਂ ਦਾ
ਭਰ ਝੋਲੀ ਸੱਜਰੇ ਖੇੜੇ ਦੀ ।

ਗਗਨਾਂ ਦੀ ਬੁੱਢੀ ਛੱਤ ਉਤੇ
ਕਦ ਤਕ ਚਿਤਰ ਤੂੰ ਵਾਹੇਂਗਾ ?
ਆ ਜ਼ੁਲਫ ਸੰਵਾਰੀਏ ਧਰਤੀ ਦੀ,
ਆ ਗੱਲ ਕਰੀਏ ਕੋਈ ਨੇੜੇ ਦੀ ।

ਛੱਡ ਰਾਹ ਅਕਲ ਚਤਰਾਈਆਂ ਦਾ
ਤੇ ਖਹਿੜਾ ਪੰਡਤਾਂ ਭਾਈਆਂ ਦਾ,
ਪੁੱਛ ਰਾਹ ਇਸ਼ਕ ਦੇ ਠੇਕੇ ਦਾ
ਜੇ ਚਾਹੇਂ ਗੱਲ ਨਬੇੜੇ ਦੀ ।

ਜੇ ਰਾਂਝਾ ਏਂ ਤਾਂ ਝੰਗ ਧਿਆ,
ਜੇ ਹੀਰ ਏਂ ਤਖਤ ਹਜ਼ਾਰਾ ਗਾ,
ਏਥੇ ਨਾਂ ਨਾ ਸੋਭੇ ਕੈਦੋਆਂ ਦਾ,
ਏਥੇ ਥਾਂ ਨਾ ਰੰਗ ਪੁਰ ਖੇੜੇ ਦੀ ।

ਵਾਹ ਰਲ ਵਸਣਾ ਪੰਜਾਬੀਆਂ ਦਾ,
ਵਾਹ ਝਗੜਾ ਦਿਉਰਾਂ ਭਾਬੀਆਂ ਦਾ,
ਜਦ ਚੁੱਲ੍ਹੇ ਵਖਰੇ ਹੋ ਜਾਵਣ
ਉਹ ਬਾਤ ਨਾ ਰਹਿੰਦੀ ਵੇਹੜੇ ਦੀ ।

ਇੱਕੇ ਬੇੜੇ ਦੇ ਪੂਰ ਅੰਦਰ
ਵੱਖਰੇ ਪੱਤਣਾਂ ਦਾ ਜ਼ਿਕਰ ਕਿਹਾ ?
ਰੱਬ ਜਿਊਂਦਾ ਰੱਖੇ ਮਲਾਹ ਸਾਡਾ,
ਰੱਬ ਖੈਰ ਕਰੇ ਇਸ ਬੇੜੇ ਦੀ ।

7.

ਆਉਂਦਾ ਹੈ ਆਸਮਾਨ ਨਜ਼ਰ
ਮਿਹਰਬਾਨ ਅੱਜ,
ਹੁੰਦਾ ਅਬਾਦ ਜਾ ਰਿਹਾ
ਦਿਲ ਦਾ ਜਹਾਨ ਅੱਜ ।

ਹੰਝੂ ਕਿਹਦੀ ਉਡੀਕ ਵਿਚ
ਦੀਪਕ ਜਗਾ ਰਹੇ,
ਕਿਹੜੀ ਖੁਸ਼ੀ 'ਚ ਨੈਨ ਬਣੇ
ਸ਼ਬਸਤਾਨ ਅੱਜ ।

ਜੀਵਨ ਦੇ ਕੱਲਰਾਂ ਵਿਚ
ਇਹ ਕੰਵਲ ਫੁਲ ਕਿਹਾ,
ਸੀਨੇ ਦੇ ਬੀਆਬਾਨ ਬਣੇ
ਗੁਲਸਤਾਨ ਅੱਜ ।

ਨਾ ਟੱਲੀਆਂ ਦੀ ਵਾਜ ਤੇ
ਨਾ ਡਾਚੀਆਂ ਦੀ ਪੈੜ,
ਯਾਦਾਂ ਦੇ ਆਣ ਲੱਥੇ ਕਿਥੋਂ
ਕਾਰਵਾਨ ਅੱਜ ?

ਚੰਨ ਵਰਗੇ ਮੂੰਹ ਨੂੰ ਦੇਖਿਆਂ
ਮੁਦਤਾਂ ਗੁਜ਼ਰ ਗਈਆਂ,
ਦਿਲ ਦੇ ਸਮੁੰਦਰਾਂ ਦੇ ਵਿਚ
ਕਿੱਥੋਂ ਤੂਫ਼ਾਨ ਅੱਜ ?

ਆਖਣ ਸਿਆਣੇ ਯਾਦ
ਅੱਧਾ ਮੇਲ ਹੋਂਵਦੀ,
ਮਾਰੇ ਕਸਕ ਸਵਾਈ ਕਿਉਂ
ਬਿਰਹੋਂ ਦਾ ਬਾਣ ਅੱਜ ?

ਛਡੋ ਅਕਾਸ਼ ਬਾਣੀ
ਸੁਣੋ ਧਰਤ ਦੀ ਅਵਾਜ਼,
ਧਰਤੀ ਦੇ ਪੈਰੀਂ ਡਿਗ ਰਹੇ
ਨੇ ਆਸਮਾਨ ਅੱਜ ।

8.

ਅੱਧੇ ਤੋਂ ਬਹੁਤੇ ਬਾਗ਼ ਵਿਚ ਪਤਝੜ,
ਕਰੀਏ ਕਿੰਜ ਸਾਥੀਓ ਬਹਾਰ ਦੀ ਗਲ ।

ਅਸੀਂ ਨੀਰੋ ਨਹੀਂ ਕਿ ਜਗ ਸੜਦਾ,
ਦੇਖ ਕੇ ਛੇੜੀਏ ਸਿਤਾਰ ਦੀ ਗਲ ।

ਧਰਤ ਵਾਂਗੂੰ ਬਹੁਤ ਰਹੇ ਲਿਤਾੜੇ,
ਕਿੰਜ ਨਾ ਕਰੀਏ ਅਸੀਂ ਅੰਗਾਰ ਦੀ ਗਲ ।

ਧਰਤ ਦੀ ਗੇਂਦ ਸਾਹਮਣੇ ਹੈ ਪਈ,
ਸਿਰਫ਼ ਮੁਸ਼ਕਲ ਹੈ ਸ਼ਾਹ ਸਵਾਰ ਦੀ ਗਲ ।

'ਜਬਰ' ਤੇ 'ਭਾਣੇ' ਦੇ ਜ਼ਮਾਨੇ ਗਏ,
ਤਾਹੀਓਂ ਕਰਦੇ ਹਾਂ 'ਇਖਤਿਆਰ' ਦੀ ਗਲ ।

ਨਾਂ ਤਬਾਹੀ ਦਾ ਇਨਕਲਾਬ ਨਹੀਂ,
ਨਾਲ ਕਰੀਏ ਅਸੀਂ ਮੇਮਾਰ ਦੀ ਗਲ ।

ਖਾਰਾਂ ਤੋਂ ਭੋਂ ਤਾਂ ਸਾਫ਼ ਕਰ ਲਈਏ,
ਵਿਹਲੇ ਹੋ ਕੇ ਕਰਾਂਗੇ ਪਿਆਰ ਦੀ ਗਲ ।

9.

ਕਿਰਨਾਂ ਦੇ ਨਾਲ ਤੁੰਬਦਾ
ਪੱਲੂ ਹਨੇਰ ਦਾ,
ਗਗਨਾਂ ਦੇ ਉੱਤੇ ਆ ਗਿਆ
ਔਹ ਰੱਥ ਸਵੇਰ ਦਾ ।

ਸਦੀਆਂ ਦੇ ਫ਼ਾਕਾ ਮਸਤ ਉਠੇ,
ਉਠ ਕੇ ਬਹਿ ਗਏ,
ਪਹਿਲਾ ਹੀ ਡੱਗਾ ਸੁਣਿਆ ਜਦ
ਫਜਰੀ ਦੀ ਭੇਹਰ ਦਾ ।

ਰਜ ਰਜ ਕੇ ਰੋਜ਼ਾ ਖੋਲ੍ਹਿਆ
ਭੁੱਖਿਆਂ ਤੇ ਦੁੱਖਿਆਂ,
ਤੇ ਰੋਜ਼ਾ ਦਾਰ ਹੋ ਗਿਆ
ਮਾਲਕ ਚੰਗੇਰ ਦਾ ।

ਆ ਤੁਹਾਨੂੰ ਗਲ ਦੱਸਾਂ
ਪਿਛਲੇ ਪਹਿਰ ਦੀ,
ਲੋਕਾਂ ਨੇ ਰਲ ਕੇ ਲੁਟ ਲਿਆ
ਹੈ ਗੜ ਕੁਬੇਰ ਦਾ ।

ਮਣਿਆਦ ਇਹੀ ਬੋਦੀ ਸੀ
ਤੇ ਜਰਜਰੀ ਸੀ ਛੱਤ,
ਸੀ ਡਿਗੂੰ ਡਿਗੂੰ ਕਰ ਰਿਹਾ
ਧੌਲਰ ਇਹ ਦੇਰ ਦਾ ।

ਧੂਹ ਲਈਆਂ ਹੂਰਾਂ ਜੱਨਤੋਂ
ਗ਼ਿਲਮਾਨ ਗ਼ੁਰਫਿਉਂ,
ਮੁਲ ਤਾਰ ਦਿੱਤਾ ਰਿੰਦਾਂ ਨੇ
ਹਾਫ਼ਜ਼ ਦੇ ਸ਼ਿਅਰ ਦਾ ।

ਕੱਢ ਲੈਣੇ ਚੌਦਾਂ ਰਤਨ ਵੀ
ਮਜ਼ਦੂਰਾਂ ਸਾਗਰੋਂ,
ਬਾਸ਼ਕ ਦਾ ਘਤ ਕੇ ਨੇਤਰਾ,
ਮਥਣਾ ਸੁਮੇਰ ਦਾ ।

10.

ਛੱਡ ਦਿੱਤਾ ਹੈ ਅਸਾਂ ਹੁਣ
ਕਹਿਕਸ਼ਾਂ ਨੂੰ ਰੰਗਣਾ,
ਚੰਨ ਦੀ ਪਿਆਲੀ ਦੇ ਵਿਚ
ਮੋਤੀ ਦਾ ਪਾਣੀ ਮੰਗਣਾ ।

ਮੰਨਿਆਂ ਮਾਸ਼ੂਕ ਦੇ
ਕੂਚੇ ਦੇ ਵਿਚੋਂ ਲੰਘਣਾ
ਗਲ ਵੱਡੀ, ਪਰ ਵਡੇਰੀ
ਹੈ ਸਿਰਾਂ ਤੋਂ ਲੰਘਣਾ ।

ਬਣ ਕੇ ਮਜਨੂੰ ਵਣ ਦੇ ਕੰਡੇ
ਮੋੜਨਾ ਹੈ ਹੋਰ ਸ਼ੈ,
ਹੋਰ ਸ਼ੈ ਹੈ ਜਿੰਦੜੀ ਨੂੰ
ਸੂਲੀਆਂ ਤੇ ਟੰਗਣਾ ।

ਵੰਗ ਦੀ ਜਿੰਦਰੀ 'ਚੋਂ ਜਿੰਦ ਨੂੰ
ਕਢਣਾ ਹੈ ਹੋਰ ਗੱਲ,
ਗਲ ਵਖਰੀ ਵਿਚ ਕਲਾਵੇ
ਧਰਤ ਅੰਬਰ ਨੂੰ ਵੰਗਣਾ ।

ਕੰਢੇ ਉਤੇ ਬੈਠ ਕੇ
ਲਹਿਰਾਂ ਦੀ ਲੀਲ੍ਹਾ ਤਕ ਲਈ,
ਹੁਣ ਤਾਂ ਕੁਦੀਏ ਉੱਥੇ ਜਿੱਥੇ
ਰਣ ਘਣਾ ਤੇ ਸੰਘਣਾ ।

ਬਣ ਕੇ ਸ਼ਸਤਰ ਚਮਕਣੇ
ਤੇ ਲਿਸ਼ਕਣੇ ਦਾ ਸਾਨੂੰ ਚਾ,
ਛੱਡ ਦਿਤਾ ਹੈ ਅਸਾਂ ਹੁਣ
ਵਿਚ ਮਿਆਨਾਂ ਜੰਗਣਾ ।

11.

ਇਕ ਹੋਰ ਕਦਮ ਵਕਤ ਦੇ
ਰਾਹੀ ਨੇ ਪੁਟਿਆ,
ਇਕ ਹੋਰ ਸਾਲ ਬਿਰਹੋਂ ਦਾ
ਸਾਡਾ ਨਿਖੁੱਟਿਆ ।

ਇਕ ਹੋਰ ਤਾਰ ਚਾਂਦੀ ਦਾ
ਲੋਹੇ ਨੂੰ ਕਟ ਗਿਆ,
ਇਕ ਹੋਰ ਪੱਤਾ ਉਮਰ ਦੀ
ਟਹਿਣੀ ਤੋਂ ਟੁੱਟਿਆ ।

ਇਕ ਹੋਰ ਮੂਧਾ ਜਾ ਪਿਆ ਏ
ਤਾਰਿਆਂ ਦਾ ਛੱਜ,
ਇਕ ਹੋਰ ਕਾਫ਼ਲਾ ਗਿਆ
ਸਧਰਾਂ ਦਾ ਲੁੱਟਿਆ ।

ਇਕ ਹੋਰ ਲੰਬੀ ਰਾਤ ਚੜ੍ਹੀ
ਭੇਟ ਯਾਦ ਦੀ,
ਇਕ ਹੋਰ ਦਿਲ ਦੇ ਅਰਸ਼ ਦਾ
ਕਿੰਗਰਾ ਹੈ ਟੁੱਟਿਆ ।

ਇਕੋ ਹੀ ਹੰਝੂ ਉਗਣ ਦਿਤਾ
ਸਾਡੇ ਜ਼ਬਤ ਨੇ,
ਪਲਕਾਂ ਦੀ ਨੋਕ ਉਤੇ ਹੀ
ਉਹ ਵੀ ਹੈ ਸੁਕਿਆ ।

ਡਿਗ ਰਹੀਆਂ ਪੈਰੀਂ ਇਸ਼ਕ ਦੇ
ਅਜ ਬਾਦਸ਼ਾਹਤਾਂ,
ਮਗ਼ਰੂਰ ਸਿਰ ਹੁਸਨ ਦਾ ਪਰ
ਹਾਲੀ ਨਾ ਝੁੱਕਿਆ ।

12.

ਖੇਡਣ ਨੂੰ ਪੈਂਦਾ ਨਾਲ ਹਜ਼ਾਰਾਂ ਦੇ ਖੇਡਣਾ,
ਚੰਗਾ ਨਹੀਂ ਹੈ ਨਾਲ ਪਿਆਰਾਂ ਦੇ ਖੇਡਣਾ ।

ਜੇ ਵਿਚ ਖਿਜ਼ਾਂ ਦੇ ਡੋਲਣਾ ਸੀ ਢੋਲਣੇ ਦੇ ਵਾਂਗ,
ਕਾਹਨੂੰ ਸੀ ਫੇਰ ਨਾਲ ਬਹਾਰਾਂ ਦੇ ਖੇਡਣਾ ।

ਦੇਣਾ ਨਹੀਂ ਸੀ ਦਾਰੂ ਦਾ ਕੌੜਾ ਤੇ ਤੇਜ਼ ਘੁੱਟ,
ਜੇ ਕਰ ਸੀ ਪਿਛੋਂ ਨਾਲ ਖ਼ੁਮਾਰਾਂ ਦੇ ਖੇਡਣਾ ।

ਰਖਣਾ ਨਹੀਂ ਸੀ ਜਿੰਦੜੀ ਦੇ ਸਾਜ਼ ਉਤੇ ਹੱਥ,
ਜੇ ਇੰਜ ਸੀ ਨਾਲ ਦਿਲ ਦੀਆਂ ਤਾਰਾਂ ਦੇ ਖੇਡਣਾ ।

ਜਿਸ ਜਿੰਦੜੀ ਦੀ ਲਗਰ ਤੇ ਲੱਗਾ ਨਾ ਕੋਈ ਫੁੱਲ,
ਪੈਂਦਾ ਹੈ ਉਸਨੂੰ ਨਾਲ ਅੰਗਾਰਾਂ ਦੇ ਖੇਡਣਾ ।

ਰੰਗਾਂ, ਸੁਗੰਧਾਂ ਤੋਂ ਵੀ ਅਗੇ ਇਸ਼ਕ ਦੇ ਪੜਾ,
ਹੁਣ ਯਾਰਾਂ ਨਾਲ ਸੂਲੀਆਂ ਦਾਰਾਂ ਦੇ ਖੇਡਣਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ