Waqt Gawahi (New Poems) : Gurbhajan Gill
ਵਕਤ ਗਵਾਹੀ (ਕਾਵਿ ਸੰਗ੍ਰਹਿ) : ਗੁਰਭਜਨ ਗਿੱਲ
(ਮਈ 2021 ਤੋਂ ਬਾਅਦ ਦੀਆਂ ਰਚਨਾਵਾਂ)
ਦੋ ਹਰਫ਼ੀ ਗੱਲ
ਸਾਨੂੰ ਹੁਕਮ ਨਾ ਕਰੋ ਸਾਡੇ ਨਾਲ ਗੱਲ ਕਰੋ। ਹੁਕਮ ਹਾਕਮ ਕਰਦਾ ਹੈ। ਅਸੀਂ ਤੁਹਾਨੂੰ ਹਾਕਮ ਨਹੀਂ ਚੁਣਿਆ ਆਪਣੇ ਪ੍ਰਤੀਨਿਧ ਚੁਣਿਆ ਹੈ। ਤੁਸੀਂ ਸਾਡੇ ਨਾਲ ਸਾਡਿਆਂ ਵਾਂਗ ਗੱਲ ਕਰੋ। ਜੋ ਸੁਣਾਉਗੇ, ਸੁਣ ਲਵਾਂਗੇ। ਤੁਸੀਂ ਸਾਡੇ ਹਾਕਮ ਨਾ ਬਣੋ। ਸਾਡੀਆਂ ਰਗਾਂ ‘ ਚ ਹੁਕਮ ਲਈ ਨਾਬਰੀ ਹੈ। ਪਿਆਰ ਲਈ ਬਰਾਬਰੀ ਹੈ। ਇੱਕ ਹੱਥ ਲਉ ਦੂਜੇ ਹੱਥ ਦਿਉ। ਸੌਦਾ ਇੱਕੋ ਜਿਹਾ। ਹੁਕਮ ਬੇਗਾਨੇ ਕਰਦੇ ਨੇ। ਜੇ ਆਪਣੇ ਹੋ, ਇਹ ਬਣ ਕੇ ਵਿਖਾਉ। ਵੋਟਾਂ ਵੇਲੇ ਹੀ ਨਾ ਕਹੋ, ਭੈਣੋ ਤੇ ਭਰਾਉ ਆਪਣੇ ਉਮੀਦਵਾਰ ਜਿਤਾਉ। ਸਾਡੇ ਕੋਲ ਲਾਮ ਲਸ਼ਕਰ ਸਮੇਤ ਨਹੀਂ, ਆਪਣਿਆਂ ਵਾਂਗ ਆਉ। ਕੋਸ਼ਿਸ਼ ਕਰਨਾ, ਉਡੀਕ ਬਣੀ ਰਹੇ।
ਤੁਸੀਂ ਵੀ ਅੰਨ੍ਹੇ ਹੋ
ਉੜੀਸਾ ਤੋਂ ਪੰਜਾਬ ਕਮਾਈ ਕਰਨ ਆਏ ਪਰਵਾਸੀ ਅਨਪੜ੍ਹ ਮਜ਼ਦੂਰ ਨੇ ਚੀਖ਼ਦਿਆਂ ਵੰਗਾਰਦਿਆਂ ਕਿਹਾ, ਬਾਕੀ ਮੁਲਕ ਵਾਂਗ ਤੁਸੀਂ ਵੀ ਅੰਨ੍ਹੇ ਹੋ ਭਾਈ ਸਾਹਿਬ! ਵੇਖਦੇ ਹੀ ਨਹੀਂ ਹਕੀਕਤ! ਮੇਰੇ ਮੋਢੇ ਤੇ ਮੇਰੀ ਬੱਚੀ ਦੀ ਲਾਸ਼ ਨਹੀਂ ਸੀ ਉਹ ਤਾਂ ਵਿਕਾਊ ਲੋਕ ਤੰਤਰ ਸੀ ਜੋ ਕੂੜ ਮੰਡੀ ਚ ਨੀਲਾਮ ਹੁੰਦਾ ਹੈ ਹਰ ਪੰਜ ਸਾਲ ਬਾਦ ਅਸੀਂ ਤੁਸੀਂ ਸਭ ਵਿਕਦੇ ਹਾਂ ਫ਼ਰਜ਼ ਵਿਸਾਰ ਨਿੱਕੀਆਂ ਨਿੱਕੀਆਂ ਗ਼ਰਜ਼ਾਂ ਬਦਲੇ ਖ਼ਰੀਦਣ ਵਾਲੇ ਬੋਲੀ ਲਾਉਂਦੇ ਵੱਧ ਬੋਲੀ ਦੇ ਕੇ ਲੈ ਜਾਂਦੇ ਨੇ ਕਸਾਈ ਖ਼ਾਨੇ ਦੇ ਦੁਆਰ। ਭੁੱਲ ਭੁਲਾ ਜਾਂਦੇ ਹਾਂ ਪਹਿਲੇ ਸਾਈਂ ਨਵਿਆਂ ਨੂੰ ਫਿਰ ਬੁਲਾਉਂਦੇ ਹਾਂ। ਲੁੱਟੋ ਤੇ ਕੁੱਟੋ, ਅਸੀਂ ਫਿਰ ਤਿਆਰ ਹਾਂ। ਮੇਰੇ ਮੋਢਿਆਂ ਤੇ ਹਰ ਵਾਰ ਕੋਈ ਨਾ ਕੋਈ ਲਾਸ਼ ਹੀ ਕਿਉਂ ਹੁੰਦੀ ਹੈ ਤੁਸੀਂ ਕਦੇ ਨਹੀਂ ਪੁੱਛਦੇ? ਕਿੱਧਰ ਚੱਲਿਆ ਸਾਂ ਇਹ ਵੀ ਨਾ ਤੁਸੀਂ ਜਾਣੀ ਜਾਣ ਹੋ। ਸਭ ਸਮਝਦੇ ਹੋ ਕਿ ਲਾਸ਼ ਸਿਰਫ਼ ਸਿਵਿਆਂ ਨੂੰ ਜਾਂਦੀ ਹੈ। ਪਰ ਆਉਂਦੀ ਕਿੱਥੋਂ ਹੈ? ਕਦੇ ਨਹੀਂ ਜਾਣਦੇ? ਮੈਂ ਦੱਸਦਾਂ ਕਿ ਸੱਖਣੀ ਜੇਬ ਵਾਲੇ ਬੇਇਲਾਜੇ ਘਰੋਂ ਆਉਂਦੀ ਹੈ। ਜਿੱਥੇ ਮੈਂ ਬਹੁਤ ਇਕੱਲਾ ਹਾਂ। ਧੀ ਦੀ ਲਾਸ਼ ਮੋਢੇ ਚੁੱਕ ਸਿਵਿਆਂ ਨੂੰ ਜਾ ਰਿਹਾਂ ਆਪਣੇ ,ਤੁਹਾਡੇ ਸਭ ਦੇ ਪਿਆਰੇ ਵਤਨ ਵਾਂਗ ਚੁੱਪ ਚਾਪ। ਚਾਬਕ ਵੱਜ ਰਹੇ ਨੇ। ਅਸੀਂ ਬੇ ਰੋਕ ਟੋਕ ਤੁਰ ਰਹੇ ਹਾਂ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ਉਸ ਦੇ ਪੈਰਾਂ ਹੇਠ ਧਰਤ ਹੁੰਦੀ ਹੈ ਕਦੇ ਨਾ ਡੋਲਣ ਵਾਲੀ ਸਿਰ ਤੇ ਅੰਬਰ ਦਾ ਚੰਦੋਆ ਹੁੰਦਾ ਚੰਨ ਤਾਰਿਆਂ ਜੜਤ ਸੂਰਜ ਮੰਡਲ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਉਸ ਨਾਲ ਤੁਰਦਾ ਇਤਿਹਾਸ। ਤਪੱਸਿਆ ਦੀ ਕੁਠਾਲੀ ‘ਚ ਇਹੀ ਬਣਦਾ ਆਤਮ ਵਿਸ਼ਵਾਸ। ਸੂਰਮਾ ਕਦੇ ਇਕੱਲਾ ਨਹੀਂ ਹੁੰਦਾ। ਇਕੱਲਾ ਤਾਂ ਉਦੋਂ ਹੁੰਦਾ ਹੈ ਜਦ ਅੰਦਰੋਂ ਡਰ ਜਾਂਦਾ ਹੈ ਜਿਸਮ ਤੁਰਦਾ ਹੈ ਪਰ ਅੰਦਰੋਂ ਮਰ ਜਾਂਦਾ ਹੈ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਇਕੱਲ੍ਹੇ ਜਣੇ ਦਾ ਸੀਸ ਤਲੀ ਤੇ ਕਦੇ ਨਹੀਂ ਟਿਕਦਾ। ਇਕੱਲ੍ਹਾ ਬੰਦਾ ਤਾਂ ਨਿੱਕੀਆਂ ਲੋੜਾਂ ਲਈ ਵਿਕਦਾ। ਵਿਕਾਊ ਮਾਲ ਯੁੱਧ ਵਿੱਚ ਨਹੀਂ ਮੰਡੀ ਵਿੱਚ ਜਾਂਦੇ, ਵਿਕਦੇ ਤੁਲਦੇ। ਫ਼ਰਜ਼ ਵਿਸਾਰ ਕੌਡੀਆਂ ਤੇ ਡੁੱਲ੍ਹਦੇ। ਸੱਚ ਦਾ ਮਾਰਗ ਜਿਹੜੇ ਭੁੱਲਦੇ। ਆਪਣੀ ਨਜ਼ਰ ‘ਚ ਆਪੇ ਰੁਲ਼ਦੇ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਸੂਰਮਾ ਹਮੇਸ਼ ਹਿੱਕ ਤਾਣ ਖੜ੍ਹਦਾ। ਸਦਾ ਵਿਸ਼ਵਾਸ ਦੇ ਲਈ ਹਰ ਜਗ੍ਹਾ ਅੜਦਾ। ਪੈਂਤੜੇ ਬਗੈਰ ਐਵੇਂ ਅੰਨ੍ਹਾ ਹੋ ਨਹੀਂ ਲੜਦਾ। ਓਸ ਨਾਲ ਗੁਰੂ, ਅੱਗੇ ਜੋ ਵੀ ਆਵੇ ਝੜਦਾ। ਸਿਮਰੇ ਭਗੌਤੀ ਉਹ ਮੁਹਿੰਮੀਂ ਜਦੋਂ ਚੜ੍ਹਦਾ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਸੂਰਮੇ ਦਾ ਨਿਸ਼ਚਾ ਜਿੱਤ ਵੱਲ ਕਦਮ ਪੁੱਟਦਾ। ਹਾਰਦਾ ਨਾ ਹੁੱਟਦਾ, ਕਰੜਾ ਯਕੀਨ ਉਹਦਾ ਕਦੇ ਵੀ ਨਾ ਟੁੱਟਦਾ। ਕੌਣ ਕਹਿੰਦਾ ਹੈ? ਸੂਰਮਾ ਕਦੇ ਵੀ ਕਿਤੇ ਵੀ ਇਕੱਲਾ। ਸੂਰਮੇ ਦੀ ਤੇਗ ਦੀ ਧਾਰ ਜਦ ਕਦੇ ਰਣ ‘ਚ ਲਿਸ਼ਕਦੀ ਹੈ ਬਿਜਲੀ ਤ੍ਰਭਕਦੀ ਹੈ ਸੂਰਜ ਦੇਵੇ ਥਾਪੜਾ ਤੇ ਇੰਜ ਕਹੇ! ਤੇਰੇ ਅੰਗ ਸੰਗ ਹਾਂ ਯੋਧਿਆ ਹਨ੍ਹੇਰ ਨੂੰ ਟੱਕਰ, ਮੈਂ ਹੁਣੇ ਆਇਆ। ਸਰਹੰਦ ਤੇ ਚਮਕੌਰ ਜਗਾ ਦੇ ਕਰ ਕੇ ਹੱਲਾ ਭਾਰਾ ਓ ਸਿਰਦਾਰਾ। ਹੱਕ ਸੱਚ ਤੇ ਇਨਸਾਫ਼ ਲਈ ਤੂੰ ਬਣ ਦਸਮੇਸ਼ ਦੁਲਾਰਾ। ਕੌਣ ਕਹਿੰਦਾ? ਸੂਰਮਾ ਇਕੱਲ੍ਹਾ ਰਹਿ ਜਾਂਦਾ ਹੈ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਅਣਖ਼ ਦੀ ਰੋਟੀ ਕਣਕ ਤੋਂ ਕਿਤੇ ਸਵਾਦਲੀ ਪਰ ਵਿਰਲਿਆਂ ਨੂੰ ਇਸ ਦੀ ਸ਼ਨਾਸ ਹੁੰਦੀ ਹੈ। ਇਕੱਲ੍ਹੀ ਸਿਰਫ਼ ਲਾਸ਼ ਹੁੰਦੀ ਹੈ।
ਤੁੰ ਪੁੱਛਿਆ ਹੈ ਤਾਂ ਸੁਣ
ਦੂਰ ਵੱਸਦਿਆ ਮਹਿੰਗਿਆ ਯਾਰਾ! ਤੂੰ ਪੁੱਛਿਆ ਹੈ ਤੈਨੂੰ ਚੋਣਾਂ ਨੇੜੇ ਧਿਰਾਂ ਬਦਲਦੇ ਸਿਆਸਤਦਾਨ ਕਿਹੋ ਜਹੇ ਲੱਗਦੇ? ਤੂੰ ਪੁੱਛਿਆ ਹੈ ਤਾਂ ਸੁਣ ਬਿਲਕੁਲ ਉਹੋ ਜਹੇ ਜਿਵੇਂ ਪਿੰਡ ਰਹਿੰਦਿਆਂ ਕੱਚੇ ਘਰੀਂ ਰਾਤ ਪੈਂਦਿਆਂ ਮੰਜਿਆਂ ਥੱਲੇ ਚੂਹੇ ਭੱਜੇ ਫਿਰਦੇ ਸਨ ਵਾਹੋਦਾਹੀ ਇੱਕ ਦੂਸਰੇ ਤੋਂ ਕਾਹਲੇ ਅੱਗੇ ਪਿੱਛੇ ਰੋਟੀਆਂ ਦਾ ਭੋਰ ਚੋਰ ਭੜੋਲੀਉਂ ਕਿਰਿਆ ਦਾਣਾ ਜਾਂ ਖਾਣ ਪੀਣ ਲਈ ਕੁਝ ਲੱਭਦੇ ਵਿੱਚੇ ਚਕੂੰਦਰਾਂ ਤੁਰੀਆਂ ਫਿਰਦੀਆਂ ਜਿਥੋਂ ਲੰਘਦੀਆਂ ਬਦਬੂ ਦੀ ਲਕੀਰ ਛੱਡ ਜਾਂਦੀਆਂ। ਕਦੇ ਕੁੜਿੱਕੀ ‘ਚ ਨਾ ਆਉਂਦੀਆਂ। ਚਕੂੰਦਰਾਂ ਚੂਹੇ ਬਾਹਰ ਨਿਕਲਦੇ ਤਾਂ ਇਨ੍ਹਾਂ ਨੂੰ ਬਿੱਲੀਆਂ ਮੁਕਾਉਂਦੀਆਂ ਪਰ ਹੁਣ ਤਾਂ ਬਿੱਲੀਆਂ ਵੀ ਕੁਰਸੀਆਂ ਦੇ ਲੋਭ ਵਿੱਚ ਵੇਖ ਕੇ ਅਣਡਿੱਠ ਕਰਦੀਆਂ। ਕੁੜਿੱਕੀਆਂ ਵੀ ਰੰਗ ਨਸਲ ਜ਼ਾਤ ਮੁਤਾਬਕ ਸ਼ਿਕਾਰ ਕਰਦੀਆਂ ਨੇ ਬੇਸ਼ਰਮ! ਸਕੱਤਰੇਤ ਦੀਆਂ ਘੁੰਮਣਹਾਰ ਕੁਰਸੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਪੁਰਾਣੇ ਬੂਟ ਤੇ ਨੈਕਟਾਈਆਂ ਘੁਮਾਰ ਮੰਡੀ ਵਿੱਚ ਆ ਬੈਠੀਆਂ। ਤੈਨੂੰ ਯਾਦ ਹੈ ਨਾ! ਜਦ ਆਪਾਂ ਪੜ੍ਹਦੇ ਹੁੰਦੇ ਸੀ ਮਜ਼ਦੂਰ ਆਉਂਦੇ ਸਨ ਸਵੇਰ ਸਾਰ ਦਿਹਾੜੀ ਲੱਭਣ ਲੁਧਿਆਣੇ। ਉਹ ਤਾਂ ਮਜਬੂਰ ਸਨ ਟੱਬਰ ਪਾਲਦੇ ਪਰ ਇਹ ਤਾਂ ਭੁੱਖੜ ਆਫਰੀਆਂ ਉਹ ਬੋਰੀਆਂ ਜਿੰਨ੍ਹਾਂ ਦਾ ਥੱਲਾ ਵੱਢਿਆ ਹੋਇਆ ਕਦੇ ਨਾ ਭਰਦੀਆਂ। ਕਾਹਲੀਆਂ ਹਨ ਪਿਛਲੀ ਉਮਰੇ ਲੋਕ ਸੇਵਾ ਦੇ ਬੁਖ਼ਾਰ ਨਾਲ। ਕੋਈ ਨਾ ਪੁੱਛਦਾ ਹੁਣ ਤੀਕ ਕਿੱਥੇ ਸੀ ਜਨਾਬ! ਕੀ ਦੱਸਾਂ ਭਰਾਵਾ! ਹੁਣ ਤਾਂ ਕੋਈ ਸ਼ਨਾਸ ਹੀ ਨਹੀਂ ਰਹੀ ਕਦੇ ਲਵੇਰਾ ਖ਼ਰੀਦਣ ਲੱਗਿਆਂ ਵੀ ਬਾਪੂ ਜੀ ਪੁੱਛ ਲੈਂਦੇ ਸਨ ਇਸ ਥੱਲੇ ਪਿਛਲੇ ਸੂਏ ਕਿੰਨੀਆਂ ਗੜਵੀਆਂ ਦੁੱਧ ਸੀ। ਹੁਣ ਤਾਂ ਚੋਪੜੇ ਸਿੰਗਾਂ, ਗਲ਼ ਪਏ ਮਣਕਿਆਂ ਤੇ ਤੇਲ ਨਾਲ ਲਿਸ਼ਕੰਦੜੇ ਚੰਮ ਸਣੇ ਧਲਿਆਰਿਆਂ ਦਾ ਮੁੱਲ ਪੈਂਦਾ ਹੈ। ਕੰਮ ਨੂੰ ਕੌਣ ਪੁੱਛਦਾ ਹੈ। ਇਹ ਲੋਕ ਸਮਝ ਗਏ ਨੇ ਕਿ ਕੁਰਸੀ ਕਿਵੇਂ ਕੀਲਣੀ ਹੈ। ਕਿਸ ਵਕਤ ਕਿਹੜੀ ਝਾਂਜਰ ਕਿੱਥੇ ਛਣਕਾਉਣੀ ਹੈ। ਭੋਲ਼ੀ ਜਨਤਾ ਕਿਵੇਂ ਭਰਮਾਉਣੀ ਹੈ। ਸਕੱਤਰੇਤ ਨੂੰ ਪੌੜੀ ਕਿਵੇਂ ਕਦੋਂ ਕਿੱਥੇ ਲਾਉਣੀ ਹੈ? ਦਸਤਾਰ ਇਨ੍ਹਾਂ ਲਈ ਨਾਟਕੀ ਕਿਰਦਾਰ ਨਿਭਾਉਣ ਲਈ ਵੇਸ ਭੂਸ਼ਾ ਜਿਹਾ ਸਮਾਨ ਹੈ। ਅਜਬ ਮੌਸਮ ਹੈ ਪਤਾ ਹੀ ਨਹੀਂ ਲੱਗਦਾ ਬਈ ਅਸੀਂ ਹੀ ਬਹੁਤੇ ਕਮਲ਼ੇ ਹਾਂ ਜਾਂ ਇਹੀ ਬਹੁਤ ਸਿਆਣੇ ਨੇ ਜੋ ਚੋਣਾਂ ਵਾਲੇ ਸਾਲ ਚ ਕਦੇ ਅਯੁੱਧਿਆ ਮੰਦਰ, ਕਦੇ ਦਿੱਲੀ ਦੰਗੇ, ਹਰਿਮੰਦਰ ਸਾਹਿਬ ਹਮਲਾ ਇਸ਼ਟ ਦੇ ਖਿੱਲਰੇ ਪਵਿੱਤਰ ਅੰਗਾਂ ਦਾ ਦਰਦ ਪਿੰਡੋ ਪਿੰਡ ਲਈ ਫਿਰਦੇ ਨੇ। ਵੇਚ ਵੱਟ ਕੇ ਫਿਰ ਸੌਂ ਜਾਂਦੇ ਨੇ। ਤੂੰ ਪੁੱਛਿਆ ਹੈ ਤਾਂ ਸੁਣ ਹੁਣ ਤੂੰ ਤਾਂ ਸੌਂ ਜਾਵੇਂਗਾ ਖ਼ੁਮਾਰ ਪਿਆਲਾ ਪੀਣ ਸਾਰ। ਤੇਰੇ ਵਤਨ ਤਾਂ ਰਾਤ ਹੈ, ਪਰ ਸਾਡੇ ਪਿੰਡ ਦਿਨ ਰਾਤ ਇੱਕੋ ਜਿਹਾ ਘਸਮੈਲਾ।
ਇੰਟਰਨੈੱਟ ’ਚੋਂ ਰੱਦੀ ਚੁਗਦਿਆਂ
ਰੱਦੀ ਸਿਰਫ਼ ਅਖ਼ਬਾਰਾਂ, ਕਾਪੀਆਂ, ਕਿਤਾਬਾਂ ਜਾਂ ਕਾਗ਼ਜ਼ ਹੀ ਨਹੀਂ ਹੁੰਦੇ ਬਹੁਤ ਵਾਰ ਬੇਕਦਰਿਆਂ ਦੀ ਨਾ -ਸ਼ਨਾਸੀ ਵੀ ਮਹਿੰਗਾ ਮਾਲ ਸਵੱਲੇ ਭਾਅ ਵੇਚ ਦਿੰਦੀ ਹੈ। ਮੈਂ ਉਸ ਤੇਜ਼ ਤਰਾਰ ਪੱਤਰਕਾਰ ਨੂੰ ਏਨੇ ਸਾਲ ਬਾਦ ਵੀ ਮੁਆਫ਼ ਨਹੀਂ ਕਰ ਸਕਿਆ ਜਿਸ ਮੇਰੀ ਪਿਆਰ-ਭੇਂਟ ਕੀਤੀ ਕਿਤਾਬ ਨੂੰ ਚੌਦਾਂ ਸੈਕਟਰ ਦੇ ਕਬਾੜੀਆਂ ਕੋਲ ਰੱਦੀ ਵੇਚਿਆ ਸੀ ਕੌਡੀਆਂ ਬਦਲੇ। ਤੇ ਮੇਰੇ ਹੀ ਯੂਨੀਵਰਸਿਟੀ ਪੜ੍ਹਦੇ ਮੁਹੱਬਤੀ ਮਿਹਰਬਾਨ ਨੇ ਇੱਕ ਰੁਪਈਏ ਚ ਖ਼ਰੀਦ ਮੈਨੂੰ ਮੁੜ ਮਿਲਾਇਆ ਸੀ ਵਿੱਛੜੀ ਪਹਿਲੀ ਕਿਤਾਬ ਨਾਲ। ਕਬਾੜੀਏ ਕਿਤਾਬਾਂ ਨਹੀਂ ਪੜ੍ਹਦੇ ਸਿਰਫ਼ ਖ਼ਰੀਦਦੇ ਤੇ ਵੇਚਦੇ। ਬੇਕਦਰੇ ਨਹੀਂ, ਮਜਬੂਰ ਹੁੰਦੇ। ਰੱਜੇ ਮੁਲਕਾਂ ਦੇ ਰੱਦ ਕੀਤੇ ਪੁਰਾਣੇ ਵਲੈਤੀ ਵਸਤਰ ਵੀ ਮੈਂ ਲਿੱਸੇ ਮੁਲਕਾਂ ਦੇ ਨੰਗ ਕੱਜਦੇ ਵੀ ਵੇਖੇ ਨੇ। ਲੁਧਿਆਣਾ ਦੇ ਚੌੜਾ ਬਾਜ਼ਾਰ ‘ਚੋਂ ਖ਼ਰੀਦੇ ਰੈਗਜ਼ ਦੇ ਓਵਰ ਕੋਟ ਪਾ ਤੇ ਘੰਟਾ ਘਰ ਚੌਂਕ ਦੀ ਫੜ੍ਹੀ ਤੋਂ ਵਿਕਦੀਆਂ ਰੱਦੀ ‘ਚੋਂ ਖ਼ਰੀਦੀਆਂ ਕਿਤਾਬਾਂ ਪੜ੍ਹ ਯੂਨੀਵਰਸਿਟੀਆਂ ਕਾਲਜਾਂ ਵਿੱਚ ਵਿਦਵਾਨ ਚਿਹਰੇ ਵਿਕਦੇ ਵੇਖੇ ਨੇ। ਰੱਦੀ ਵਿੱਚ ਸਿਰਫ਼ ਪੁਰਾਣੇ ਵਸਤਰ ਹੀ ਨਹੀਂ ਵਿਕਦੇ। ਪਰ ਗਿਆਨ ਤਾਂ ਕਿਤਿਉਂ ਵੀ ਮਿਲੇ ਰੱਦੀ ਨਹੀਂ ਹੁੰਦਾ ਜਨਾਬ ਮੈਨੂੰ ਵਕਤ ਨੇ ਇਹੀ ਸਬਕ ਪੜ੍ਹਾਇਆ ਸਾਹਿਬ! ਸੁਨਿਆਰਿਆਂ ਦੀ ਭੱਠੀ ਦੁਆਲ਼ੇ ਉੱਡ ਕੇ ਕਿਰੇ ਚੰਗਿਆੜਿਆਂ ਦੀ ਸੁਆਹ ਵਿੱਚ ਵੀ ਖਿੱਲਰੀਆਂ ਸੋਨ ਕਣੀਆਂ ਸਾਂਭਦੇ ਮੈਂ ਨਿਆਰੀਏ ਵੀ ਵੇਖੇ ਨੇ। ਤੁਸੀਂ ਪੁੱਛੋਗੇ ? ਨਿਆਰੀਏ ਕੌਣ ਹੁੰਦੇ ਨੇ ਓਹੀ ਜੋ ਸਵਾਹ ਚੋਂ ਸੋਨਾ ਲੱਭਦੇ। ਕੁਠਾਲੀ ‘ਚ ਮੁੜ ਢਾਲ਼ਦੇ ਤੇ ਸੁਨਿਆਰਿਆਂ ਨੂੰ ਸਸਤੇ ਭਾਅ ਵੇਚਦੇ। ਤੁਸੀਂ ਤਾਂ ਸ਼ਹਿਰੀਏ ਹੋ! ਮੈਂ ਤਾਂ ਪਿੰਡਾਂ ਦੀਆਂ ਰੂੜੀਆਂ ਤੇ ਅਮੀਰਾਂ ਦੀਆਂ ਚੂਪ ਕੇ ਸੁੱਟੀਆਂ ਗੁਠਲੀਆਂ ਤੇ ਗਿਟਕਾਂ ਤੋਂ ਉੱਗੇ ਅੰਬ ਤੇ ਜਾਮਨੂੰ ਦੇ ਬੂਟੇ ਵੀ ਵੇਖੇ ਨੇ। ਖ਼ੁਦ ਪੁੱਟ ਪੁੱਟ ਕੇ ਜ਼ਮੀਨ ‘ਚ ਵੀ ਲਾਏ ਨੇ। ਪਾਣੀ ਵੀ ਪਾਇਆ ਹੈ ਲਗਾਤਾਰ ਇਨ੍ਹਾਂ ਨੂੰ ਫ਼ਲ ਪੈਂਦਾ ਵੀ ਵੇਖਿਆ ਹੈ ਬਹੁਤ ਵਾਰ। ਏਸੇ ਹੀ ਪਹਿਲਾ ਪਾਠ ਪੜ੍ਹਾਇਆ ਹਰ ਗਿਟਕ ਵਿੱਚ ਉੱਗਣ ਸ਼ਕਤੀ ਬੇਕਦਰੇ ਕਿਤੇ ਵੀ ਸੁੱਟ ਦੇਣ ਤਾਂ ਧਰਤ ਛੋਹ ਮਿਲਦਿਆਂ ਬੀਜ ਤੁਰੰਤ ਜੜ੍ਹ ਫੜ ਲੈਂਦਾ ਹੈ। ਗਰੀਬ ਘਰਾਂ ‘ਚ ਬਰੂਹਾਂ ਤੇ ਵਿਛੇ ਲੀਰਾਂ ਦੇ ਪਾਏਦਾਨ ਕਾਰਖ਼ਾਨਿਆਂ ‘ਚ ਨਹੀਂ ਬਣਦੇ ਦਰਜ਼ੀ ਦੀਆਂ ਲੀਰਾਂ ਦਾ ਹੀ ਬੁਣਤੀ-ਫ਼ਲ ਹੁੰਦਾ ਹੈ ਜਨਾਬ! ਕਰੀਨੇ ਨਾਲ ਵੱਟੀਆਂ ਨਗੰਦੀਆਂ ਲੀਰਾਂ ਵਿੱਚੋਂ ਵੀ ਸੁਹਜ ਬੋਲ ਸਕਦਾ ਹੈ ਇਹ ਇੱਕ ਹੋਰ ਵਰਕਾ ਮੈਂ ਰੱਦੀ ‘ਚੋਂ ਪੜ੍ਹਿਆ। ਵਾਢੀਆਂ ਵੇਲੇ ਸਿੱਟੇ ਚੁਗਦੀਆਂ ਗਰੀਬਣੀਆ ਦੇ ਕਿਤੇ ਹਲ਼ ਨਹੀਂ ਸਨ ਵਗਦੇ। ਉਹ ਤਾਂ ਪੈਲ਼ੀਆਂ ‘ਚੋਂ ਪਿੱਛੇ ਰਹੀ ਰਹਿੰਦ ਖੂੰਹਦ ਸਮੇਟੀਆਂ ਟਿੱਚਰਾਂ ਤੇ ਨੰਗੇ ਮਜ਼ਾਕ ਸਹਿੰਦੀਆਂ ਪੇਟ ਬਹੁਤ ਕੁਝ ਕਰਵਾਉਂਦਾ ਹੈ। ਸਿੱਟਿਆਂ ਨੂੰ ਕੁੱਟਦੀਆਂ ਛੱਟਦੀਆਂ ਗੋਲ ਮੋਲ ਰੋਟੀ ਲਈ ਦਾਣਿਆਂ ਦੀ ਮੁੱਠ ਲਈ ਪੂਰਾ ਟਿੱਲ ਲਾਉਂਦੀਆਂ। ਏਸੇ ਕਰਕੇ ਮੈਂ ਤਾਂ ਹੁਣ ਇੰਟਰਨੈੱਟ ‘ਚੋਂ ਵੀ ਰੱਦੀ ਚੁਗ ਲੈਦਾ ਹਾਂ। ਇੱਕੀਵੀਂ ਸਦੀ ਦਾ ਕਬਾੜੀਆ ਬਣ ਕੇ ਬਹੁਤ ਕੁਝ ਲੱਭਦਾ ਰਹਿੰਦਾਂ ਕੁਝ ਨਹੀਂ ਵਿੱਚੋਂ ਵੀ ਬਹੁਤ ਕੁਝ। ਅੱਜ ਦੀ ਸੁਣੋ! ਅਜੇ ਦਿਨ ਵੀ ਨਹੀਂ ਸੀ ਚੜ੍ਹਿਆ ਕਿ ਸੋਨ ਕਣੀਆਂ ਬਰੂਹੀਂ ਆ ਪਈਆਂ ਅਚਨਚੇਤ। ਸੱਚ ਮੰਨਿਉਂ! ਇਹ ਮੈਂ ਆਪ ਨਹੀਂ ਲਿਖੀਆਂ ਨਿਊਟਨ ਦੇ ਸੇਬ ਵਾਂਗ ਮੇਰੀ ਝੋਲ਼ੀ ‘ਚ ਆਣ ਡਿੱਗੀਆਂ। ਲਿਖੀਆਂ ਲਿਖਾਈਆਂ। ਮੈਂ ਤਾਂ ਉਸ ਸੇਬ ਦੀਆਂ ਤੁਹਾਡੇ ਲਈ ਫਾੜੀਆਂ ਚੀਰੀਆਂ ਨੇ ਲਿਖਣ ਵਾਲੇ ਲਿਖ ਘੱਲਿਆ ਹੈ ਕੀ ਤੁਸੀਂ ਜਾਣਦੇ ਹੋ? ਗਲਤੀਆਂ ਤੇ ਪਾਉਣ ਵਾਲਾ ਪਰਦਾ ਕਿੱਥੋਂ ਮਿਲਦਾ ਹੈ? ਦੱਸਣਾ! ਕਿੰਨਾ ਕੱਪੜਾ ਲੱਗੇਗਾ? ਉਸ ਹੋਰ ਪੁੱਛਿਐ ਇੱਕ ਗੱਲ ਦੱਸਣਾ ਧੋਖਾ ਖਾਣ ਤੋਂ ਮਗਰੋਂ ਪਾਣੀ ਪੀ ਸਕਦੇ ਹਾਂ ਭਲਾ? ਜੇ ਕਿਸੇ ਨੇ ਚਿਕਨੀਆਂ ਚੋਪੜੀਆਂ ਗੱਲਾਂ ਕਰਨੀਆਂ ਹੋਣ ਤਾਂ ਕਿਹੜਾ ਘਿਉ ਸਹੀ ਰਹੇਗਾ? ਪਤਾ ਹੋਵੇ ਤਾਂ ਦੱਸਿਉ। ਪਾਪ ਦਾ ਘੜਾ ਹੀ ਕਿਉਂ ਭਰਦੈ ਠੰਢਾ ਰਹਿੰਦਾ ਹੈ ਭਲਾ? ਇਹ ਦਿਲ ਤੇ ਰੱਖਣ ਵਾਲਾ ਪੱਥਰ ਕਿੱਥੋਂ ਮਿਲਦਾ ਹੈ? ਇਹ ਵੀ ਦੱਸਿਓ ਕਿ ਇਹ ਕਿੰਨੇ ਕਿੱਲੋ ਦਾ ਹੁੰਦਾ ਹੈ? ਕਿਸੇ ਦੇ ਜ਼ਖ਼ਮਾਂ ਤੇ ਲੂਣ ਛਿੜਕਣਾ ਹੋਵੇ ਤਾਂ ਕਿਹੜਾ ਸਹੀ ਰਹੇਗਾ? ਟਾਟਾ ਜਾਂ ਪਾਤੰਜਲੀ! ਕੋਈ ਇਹ ਵੀ ਜ਼ਰੂਰ ਦੱਸੇ? ਜੋ ਲੋਕੀਂ ਕਿਸੇ ਥਾਂ ਜੋਗੇ ਨਹੀਂ ਰਹਿੰਦੇ ਆਖ਼ਰ ਉਹ ਕਿੱਥੇ ਵੱਸਦੇ ਨੇ? ਸਭ ਲੋਕ ਇੱਜ਼ਤ ਦੀ ਰੋਟੀ ਕਮਾਉਣਾ ਲੋਚਦੇ ਇੱਜ਼ਤ ਦੀ ਸਬਜ਼ੀ ਕਿਉਂ ਨਾ? ਨਰਕ ਵਿੱਚ ਜਾਣ ਲਈ ਆਟੋ ਠੀਕ ਰਹੇਗਾ ਜਾਂ ਟੈਕਸੀ? ਇੱਕ ਗੱਲ ਪੁੱਛਣੀ ਸੀ? ਇਹ ਜੋ ਇੱਜ਼ਤ ਦਾ ਸਵਾਲ ਹੁੰਦੈ ਇਹ ਕਿੰਨੇ ਨੰਬਰ ਦਾ ਹੁੰਦਾ ਹੈ? ਇਹ ਵੀ ਦੱਸਣਾ! ਇਹ ਜੋ ਡਿਨਰ ਸੈੱਟ ਹੁੰਦਾ ਹੈ ਇਸ ਵਿੱਚ ਭਲਾ ਦੁਪਹਿਰ ਦੀ ਰੋਟੀ ਖਾ ਸਕਦੇ ਹਾਂ? ਇਹ ਗੱਲਾਂ ਸੱਚ ਮੁੱਚ ਮੈਂ ਨਹੀਂ ਸਨ ਸੋਚੀਆਂ ਲਿਖਣਾ ਤਾਂ ਦੂਰ ਦੀ ਗੱਲ ਹੈ। ਹੁਣ ਤੁਸੀਂ ਆਪ ਦੱਸਿਉ? ਇੰਟਰਨੈੱਟ ਦੀ ਰੱਦੀ ਵਿੱਚੋਂ ਵੀ ਗਿਆਨ ਕਣੀਆਂ ਤੇ ਸੋਨ ਡਲ਼ੀਆਂ ਲੱਭ ਜਾਂਦੀਆਂ ਨੇ ਬਹੁਤ ਵਾਰ ਤੀਸਰਾ ਨੇਤਰ ਖ਼ੋਲ੍ਹਿਆਂ।
ਦੋਹੜੇ ਵਕਤ ਦੇ
ਛਾਵਾਂ ਫਿਰਨ ਗੁਆਚੀਆਂ ਧੁੱਪਾਂ ਲਹੂ ਲੁਹਾਣ। ਪਹਿਰੇਦਾਰਾ ਜਾਗ ਪਉ, ਸੌਂ ਨਾ ਲੰਮੀਆਂ ਤਾਣ। ਜਿਉਂ ਸਤਰੰਗੀ ਪੀਂਘ ਹੈ ਮੋਰ ਪੰਖ ਵਿੱਚ ਰੰਗ। ਵਾਹ ਉਇ ਸਿਰਜਣਹਾਰਿਆ, ਵੇਖ ਕੇ ਹੋਵਾਂ ਦੰਗ। ਫ਼ਲੀਆਂ ਜਿਵੇਂ ਸ਼ਰੀਂਹ ਦੀਆਂ ਪੱਤਝੜ ਦੀ ਛਣਕਾਰ। ਪੌਣ ਕਰੇ ਅਠਖੇਲੀਆਂ, ਹੋ ਕੇ ਪੱਬਾਂ ਭਾਰ। ਸਾਉਣ ਮਹੀਨਾ ਚੜ੍ਹ ਪਿਆ, ਗੋਡੇ ਗੋਡੇ ਘਾਹ। ਹੁੰਮਸ ਵੀ ਮੂੰਹ ਜ਼ੋਰ ਹੈ, ਔਖੇ ਲੈਣੇ ਸਾਹ। ਬਾਸਮਤੀ ਦੀਆਂ ਮੁੰਜਰਾਂ ਦਾਣੇ ਬਣਿਆ ਬੂਰ। ਧਰਤੀ ਮਹਿਕਾਂ ਵੰਡਦੀ, ਝੂਮੇ ਹੋ ਮਖ਼ਮੂਰ। ਧਰਤੀਏ ਨੀ ਸਤਵੰਤੀਏ, ਦੇਹ ਪੁੱਤਰਾਂ ਨੂੰ ‘ਵਾਜ। ਪੱਗ ਸੰਭਾਲਣ ਬਾਪ ਦੀ, ਲਾਉਣ ਨਾ ਦੁੱਧ ਨੂੰ ਲਾਜ। ਅੱਜ ਨੇ ਅੱਜ ਹੀ ਠਹਿਰਨਾ, ਕੱਲ ਦਾ ਨਾਮ ਹੈ ਕਾਲ। ਚਰਖ਼ ਸਮੇਂ ਦਾ ਕੱਤਦਾ,ਹਰ ਦਿਨ ਨਵੇਂ ਸੁਆਲ। ਸੁਣ ਉਇ ਸੂਰਜ ਰਾਣਿਆਂ, ਕਿਰਨਾਂ ਨੂੰ ਇਹ ਆਖ। ਵਿੱਚ ਹਨ੍ਹੇਰੇ ਧੁਖ਼ਦਿਆਂ, ਹੋ ਨਾ ਜਾਈਏ ਰਾਖ਼। ਕੱਕਰੀ ਰੁੱਤ ਸਿਆਲ ਦੀ,ਜੰਮ ਗਏ ਜਲਕਣ ਵੇਖ। ਰੂਪ ਸ਼ਿੰਗਾਰਨ ਬਿਰਖ਼ ਦਾ, ਧਾਰਨ ਮੋਤੀ ਭੇਖ। ਦਰਿਆਵਾਂ ਦੀ ਦੋਸਤੀ ਸਦਾ ਸਮੁੰਦਰ ਨਾਲ। ਲੰਘਦੇ ਸਿੰਜਣ ਧਰਤ ਨੂੰ ਫ਼ਸਲਾਂ ਕਰਨ ਨਿਹਾਲ। ਅੰਬਰ ਤਾਰੇ ਟਿਮਕਦੇ, ਕਰਦੇ ਵੇਖ ਕਮਾਲ। ਕਿਰਨਾਂ ਗਿੱਧਾ ਪਾਉਂਦੀਆਂ, ਪਰੀਆਂ ਦੇਵਣ ਤਾਲ। ਜੀਅ ਉਇ ਸ਼ੇਰ ਪੰਜਾਬੀਆ ਧਰ ਅੱਗੇ ਨੂੰ ਪੈਰ। ਮੰਗੇ ਧਰਤ ਪੰਜਾਬ ਦੀ,ਦਰਿਆਵਾਂ ਦੀ ਖ਼ੈਰ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ਉਸ ਦੇ ਪੈਰਾਂ ਹੇਠ ਧਰਤ ਹੁੰਦੀ ਹੈ ਤੇ ਸਿਰ ਉੱਪਰ ਤਾਰਿਆਂ ਜੜਿਆ ਅੰਬਰ ਦਾ ਅਬਰਕੀ ਚੰਦੋਆ। ਅੰਗ ਸੰਗ ਹੁੰਦਾ ਹੈ ਚੰਨ ਤਾਰਿਆਂ ਜੜਤ ਸੂਰਜ ਮੰਡਲ। ਉਲ ਨਾਲ ਖੜ੍ਹਾ ਹੁੰਦਾ ਹੈ ਇਤਿਹਾਸ ਤਪੱਸਿਆ ਦੀ ਕੁਠਾਲ਼ੀ ‘ਚ ਢਲਿਆ ਆਤਮ ਵਿਸ਼ਵਾਸ ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਇਕੱਲ੍ਹਾ ਤਾਂ ਉਦੋਂ ਹੁੰਦਾ ਹੈ ਜਦ ਅੰਦਰੋਂ ਡਰ ਜਾਂਦਾ ਹੈ। ਜਿਸਮ ਤਾਂ ਤੁਰਦਾ ਹੈ ਪਰ ਅੰਦਰੋਂ ਮਰ ਜਾਂਦਾ ਹੈ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ਇਕੱਲ੍ਹੇ ਜਣੇ ਦਾ ਸੀਸ ਕਦੇ ਧੌਣ ਤੋਂ ਤੁਰ ਤਲ਼ੀ ਤੇ ਨਹੀਂ ਟਿਕਦਾ। ਇਕੱਲ੍ਹਾ ਬੰਦਾ ਤਾਂ ਨਿੱਕੀਆਂ ਲੋੜਾਂ ਲਈ ਵਿਕਦਾ। ਵਿਕਾਊ ਮਾਲ ਯੁੱਧ ਵਿੱਚ ਨਹੀਂ ਮੰਡੀ ਵਿੱਚ ਜਾਂਦੇ ਨੇ। ਢੇਰੀਆਂ ਵਾਂਗ ਤੁਲਦੇ ,ਵਿਕਦੇ ਫ਼ਰਜ਼ ਵਿਸਾਰ ਕੌਡੀਆਂ ਦੀ ਛਣਕਾਰ ਪਿੱਛੇ ਡੁੱਲ੍ਹਦੇ ਸੱਚ ਦਾ ਮਾਰਗ ਭੁੱਲਦੇ ਆਪਣੀ ਨਜ਼ਰ ‘ਚ ਆਪੇ ਰੁਲ਼ਦੇ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਸੂਰਮਾ ਹਮੇਸ਼ ਹਿੱਕ ਤਾਣ ਖੜ੍ਹਦਾ। ਲੋਕ ਵਿਸ਼ਵਾਸ ਦੇ ਲਈ ਹਰ ਜਗ੍ਹਾ ਅੜਦਾ। ਪੈਂਤੜੇ ਬਗੈਰ ਐਵੇਂ ਅੰਨ੍ਹਾ ਹੋ ਨਹੀਂ ਲੜਦਾ। ਓਸ ਨਾਲ ਗੁਰੂ ਅੱਗੇ ਜੋ ਵੀ ਆਵੇ ਝੜਦਾ। ਸਿਮਰੇ ਭਗੌਤੀ ਉਹ ਮੁਹਿੰਮੀਂ ਜਦੋਂ ਚੜ੍ਹਦਾ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ਸੂਰਮੇ ਦਾ ਨਿਸ਼ਚਾ ਜਿੱਤ ਵੱਲ ਪਕੇਰੇ ਕਦਮ ਪੁੱਟਦਾ। ਹਾਰਦਾ ਨਾ ਹੁੱਟਦਾ। ਕਰੜਾ ਯਕੀਨ ਉਹਦਾ ਕਦੇ ਵੀ ਨਾ ਟੁੱਟਦਾ। ਕੌਣ ਕਹਿੰਦਾ ਹੈ ਸੂਰਮਾ ਕਦੇ ਵੀ ਕਿਤੇ ਵੀ ਇਕੱਲ੍ਹਾ। ਸੂਰਮੇ ਦੀ ਤੇਗ -ਧਾਰ ਜਦ ਕਦੇ ਰਣ ਵਿੱਚ ਲਿਸ਼ਕਦੀ ਬਿਜਲੀ ਕੰਬਦੀ, ਤ੍ਰਭਕਦੀ। ਸੂਰਜ ਦੇਵੇ ਥਾਪੜਾ ਤੇ ਕਹੇ ਤੇਰੇ ਅੰਗ ਸੰਗ ਹਾਂ ਯੋਧਿਆ। ਤੂੰ ਹਨ੍ਹੇਰੇ ਨੂੰ ਸਿੱਧਾ ਟੱਕਰ ਮੈਂ ਹੁਣੇ ਆਇਆ। ਸਰਹੰਦ ਤੇ ਚਮਕੌਰ ਨੂੰ ਜਗਾ ਦੇ ਕਰਕੇ ਹੱਲਾ ਭਾਰਾ ਓ ਸਿਰਦਾਰਾ। ਹੱਕ ਸੱਚ ਤੇ ਇਨਸਾਫ਼ ਲਈ ਤੂੰ ਬਣ ਦਸਮੇਸ਼ ਦੁਲਾਰਾ। ਕੌਣ ਕਹਿੰਦਾ ਹੈ ਸੂਰਮਾ ਇਕੱਲ੍ਹਾ ਰਹਿ ਜਾਂਦਾ ਹੈ। ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ। ਅਣਖ਼ ਦੀ ਰੋਟੀ ਕਣਕ ਤੋਂ ਕਿਤੇ ਸਵਾਦਲੀ ਪਰ ਵਿਰਲਿਆਂ ਨੂੰ ਇਸ ਦੀ ਸ਼ਨਾਸ ਹੁੰਦੀ ਹੈ। ਪਰ ਇਹ ਗੱਲ ਕਦੇ ਨਾ ਵਿਸਾਰਿਉ ਇਕੱਲ੍ਹੀ ਸਿਰਫ਼ ਲਾਸ਼ ਹੁੰਦੀ ਹੈ।
ਗੁਰੂ ਗਾਥਾ
ਇੱਕ ਓਂਕਾਰ ਤੋਂ ਤੁਰਿਆ ਕਾਫ਼ਲਾ ਪੈਂਤੀ ਅੱਖਰਾਂ ਵਿੱਚ ਦੀ ਹੋ ਕੇ ਸੰਗਤ ਦੇ ਵਿੱਚ ਪੰਗਤ ਲਾ ਕੇ ਜਦ ਬਹਿੰਦਾ ਸੀ। ਮੇਰਾ ਗੁਰ ਉਪਦੇਸ਼ ਦੇਂਦਿਆਂ ਕੋਠੇ ਚੜ੍ਹ ਕੇ ਇਹ ਕਹਿੰਦਾ ਸੀ। ਸ਼ਬਦ ਨਿਰੰਤਰ ਜਗਦੇ ਰੱਖਣਾ। ਸੋਚ ਅੰਗੀਠੀ ਮਘਦੇ ਰੱਖਣਾ। ਅੰਗਦ ਗੁਰੂ ਪਰੋਈ ਮਾਲਾ ਪੈਂਤੀ ਅੱਖਰ ਕਰਨ ਉਜਾਲਾ ਅਮਰ ਦਾਸ ਗੁਰ ਸੇਵ ਕਮਾਈ। ਲੰਗਰ ਪੰਗਤ ਦੀ ਕੀ ਐਸੀ ਰੀਤ ਚਲਾਈ। ਊਚ ਨੀਚ ਦੀ ਲੀਕ ਮਿਟਾਈ। ਰਾਮ ਦਾਸ ਗੁਰ ਚੌਥੀ ਪੀੜ੍ਹੀ। ਸ਼ਬਦ ਗੁਰੂ ਲਈ ਥਾਨ ਸੁਹਾਵਾ। ਪੰਜਵੇਂ ਗੁਰ ਪਰਮੇਸ਼ਰ ਪੋਥੀ ਏਸ ਬਿਨਾ ਹਰ ਗੱਲ ਹੈ ਥੋਥੀ। ਧਰਮ ਸਥਾਨ ਚ ਦੀਪ ਬਾਲਿਆ। ਹਨ੍ਹੇਰ ਦੀ ਚਾਦਰ ਲੀਰਾਂ ਲੀਰਾਂ। ਸੰਗਤ ਆਈ ਘੱਤ ਵਹੀਰਾਂ। ਸ਼ਬਦ ਗੁਰੂ ਪ੍ਰਕਾਸ਼ ਜਵਾਲਾ। ਤਵੀਆਂ ਤੇ ਧਰ ਦਿੱਤੀ ਮਾਲਾ। ਕੁਫ਼ਰ ਕਹਿਰ ਜਰਵਾਣੇ ਤੜਫ਼ੇ। ਸ਼ਬਦ ਗੁਰੂ ਸਿਰ ਤਪਦੀ ਰੇਤਾ। ਰਾਵੀ ਤਾਂ ਖ਼ੁਦ ਆਪ ਗਵਾਹ ਹੈ। ਸ਼ਬਦ ਵਿਧਾਨ ਤੇ ਧਰਮ ਸਥਾਨ। ਤੀਜਾ ਰਲਿਆ ਨਾਲ ਨਿਸ਼ਾਨ। ਤਿੰਨੇ ਰਲ ਕੇ ਤਖ਼ਤ ਹਿਲਾਉਂਦੇ। ਹਾਕਮ ਨੂੰ ਤਿੰਨੇ ਨਾ ਭਾਉਂਦੇ। ਸ਼ਬਦ ਜਦੋਂ ਸੀ ਗਰੰਥ ਬਣ ਗਿਆ। ਇਹ ਹੀ ਗੁਰ ਦਾ ਪੰਥ ਬਣ ਗਿਆ। ਪੰਜਵੇਂ ਗੁਰ ਦਾ ਪਰਉਪਕਾਰ। ਚੇਤੇ ਕਰਦਾ ਕੁੱਲ ਸੰਸਾਰ। ਸ਼ੱਕਰਗੰਜ ਫ਼ਰੀਦ ਕਬੀਰਾ। ਕਹੁ ਰਵੀਦਾਸ ਇਹ ਖ਼ਾਕ ਸਰੀਰਾ। ਭੱਟ ਭਗਤ ਗੁਰੂਦੇਵ ਸਮਾਏ। ਇੱਕੋ ਮਾਲਾ ਵਿੱਚ ਹਮਸਾਏ। ਛੇਵੇਂ ਗੁਰ ਨੇ ਮੀਰੀ ਪੀਰੀ। ਕਹਿ ਦਿੱਤੀ ਇਹ ਬਾਤ ਅਖ਼ੀਰੀ। ਪੀਰੀ ਦੀ ਰਖਵਾਲੀ ਮੀਰੀ। ਕੋਮਲ ਪੱਤੀਆਂ ਜੀਵਨ ਧਾਰਾ। ਹਰਿ ਰਾਏ ਜੀ ਬਚਨ ਉਚਾਰਾ। ਗਿਆਨ ਦਾ ਸੋਮਾ ਹਰ ਥਾਂ ਹਾਜ਼ਰ। ਅਠਵੇਂ ਗੁਰ ਨੇ ਕੀਤਾ ਨਾਜ਼ਰ। ਨੌਵੇਂ ਗੁਰ ਦੀ ਬਾਤ ਨਿਆਰੀ। ਸਤਿਗੁਰ ਜਿਸ ਦੀ ਪੈਜ ਸੰਵਾਰੀ। ਨਾ ਭੈ ਦੇਣਾ ਨਾ ਭੈ ਮੰਨਣਾ। ਇਸ ਆਖੇ ਨੂੰ ਸਭ ਨੇ ਮੰਨਣਾ। ਦੀਨ ਦੁਖੀ ਦੀ ਰਾਖੀ ਖ਼ਾਤਰ। ਲੋੜ ਪਵੇ ਤਾਂ ਸਿਰ ਦਾ ਠੀਕਰ, ਦਿੱਲੀ ਤਖ਼ਤ ਦੇ ਸਾਹਵੇਂ ਭੰਨਣਾ। ਤੇਗ ਬਹਾਦਰ ਹਿੰਦ ਦੀ ਚਾਦਰ। ਸਰਬ ਧਰਮ ਦਾ ਕਰਦੇ ਆਦਰ। ਇਹ ਲਿਖ ਕੇ ਉਪਦੇਸ ਪੜ੍ਹਾਇਆ। ਧਰਤੀ ਅੰਬਰ ਦੋਵੇਂ ਕੰਬ ਗਏ। ਜਦ ਮੇਰੇ ਗੁਰ ਸੀਸ ਕਟਾਇਆ। ਫੁੱਲ ਡੋਡੀ ਦੀ ਉਮਰੇ ਵੇਖੋ, ਮੇਰੇ ਗੁਰ ਦਸਮੇਸ਼ ਪਿਤਾ ਨੇ, ਧਰਮ ਕਰਮ ਦੀ ਰਾਖੀ ਖਾਤਰ ਸੰਤ ਸਿਪਾਹੀ ਬਾਤ ਇਲਾਹੀ ਸ਼ਬਦ ਕਹੇ ਤੇ ਕਲਮਾਂ ਉੱਗੀਆਂ। ਜੋ ਜੋ ਮੂੰਹੋਂ ਆਖ ਸੁਣਾਇਆ। ਓਹੀ ਰਣ ਵਿੱਚ ਕਰਤ ਵਿਖਾਇਆ। ਆਨੰਦਪੁਰ ਤੋਂ ਤੁਰਿਆ ਸੂਰਜ ਜਿੱਥੇ ਜਿੱਥੇ ਤੁਰਿਆ ਪੁੱਜਾ। ਸਭ ਕੁਝ ਪਰਗਟ ਕੁਝ ਨਹੀਂ ਗੁੱਝਾ। ਕੱਚੀ ਗੜ੍ਹੀ ਧਰਤ ਚਮਕੌਰ। ਵਾਰੇ ਵੱਡੇ ਪੁੱਤਰ ਭੌਰ। ਅਜੀਤ ਜੁਝਾਰ ਤੇ ਮਗਰੇ ਨਿੱਕੇ। ਜ਼ੋਰਾਵਰ ਫ਼ਤਹਿ ਸਿੰਘ ਬਣ ਗਏ ਸ਼ਬਦ ਗੁਰੂ ਟਕਸਾਲ ਦੇ ਸਿੱਕੇ। ਸਰਹੰਦ ਵਿੱਚ ਵਿਸ਼ਵਾਸ ਦੇ ਰਾਖੇ ਮੰਨਿਆ ਨਾ ਜੋ ਸੂਬਾ ਆਖੇ ਗੁਰ ਮੇਰੇ ਨੇ ਪੰਧ ਮੁਕਾਇਆ। ਸ਼ਬਦ ਗੁਰੂ ਸਾਨੂੰ ਲੜ ਲਾਇਆ ਕੁੱਲ ਦੁਨੀਆਂ ਤੋਂ ਵੱਖਰਾ ਸਾਨੂੰ ਸਬਕ ਪੜਾਇਆ । ਜਿਸ ਨੇ ਸਾਡਾ ਰਾਹ ਰੁਸ਼ਨਾਇਆ । ਜੇਕਰ ਅੱਜ ਹਨ੍ਹੇਰਾ ਗੂੜ੍ਹਾ । ਹੱਲੇ ਕਰ ਕਰ ਆਵੇ ਕੂੜਾ । ਇਸ ਵਿੱਚ ਸਾਡਾ ਏਹੀ ਬਣਦਾ ਬਾਣੀ ਦੇ ਚਾਨਣ ਵਿੱਚ ਤੁਰਨਾ। ਅੱਗੇ ਵਧਣਾ ਕਦੇ ਨਾ ਝੁਰਨਾ ਇਹ ਹੀ ਦੱਸਿਆ ਗਾਡੀਰਾਹ। ਦੀਨ ਦੁਖੀ ਦੇ ਬੇਪਰਵਾਹ।
ਪੂਰੀ ਫ਼ਿਲਮ ਕਦੇ ਫਿਰ ਸਹੀ
ਫਿਰ ਤੁਰ ਕੇ ਮੇਲਾ ਵੇਖਦਿਆਂ ਅਜਬ ਦ੍ਰਿਸ਼ ਹੈ ਜਨਾਬ। ਕੁਰਬਲ ਕੁਰਬਲ ਹੋ ਰਹੀ ਹੈ। ਬੁਰਕੀਆਂ ਚੁਗਣ ਵਾਲੇ ਧੜਾਧੜ ਪਾਰਟੀਆਂ ਤੇ ਧਿਰਾਂ ਬਦਲ ਰਹੇ ਨੇ। ਨਾਅਰੇ ਤੇ ਲਾਰੇ ਸਿਖ਼ਰ ਤੇ ਨੇ। ਗਾਉਣ ਵਜਾਉਣ ਵਾਲੇ ਨਵੀਆਂ ਪਾਰਟੀਆਂ ਦੇ ਸੁਪਨੇ ਵੇਚ ਵੱਟ ਰਹੇ ਨੇ। ਧਰਮ ਸਥਾਨਾਂ ਨੂੰ ਸਿਆਸਤੀ ਵਰਤਣ ਦੇ ਰੌਂ ‘ਚ ਨੇ। ਮਿੱਟੀ ਪੱਥਰ ਰੇਤਾ ਦੀ ਕਮਾਈ ਸ਼ਰਾਬ ਦੀਆਂ ਪੇਟੀਆਂ ਵਿੱਚ ਤਬਦੀਲ ਹੋ ਰਹੀ ਹੈ। ਕਰਮਚਾਰੀ ਸੜਕਾਂ ਤੇ ਨੇ ਹਸਪਤਾਲ ਆਕਸੀਜਨ ਤੇ ਨੇ ਨਿੱਜੀ ਹਸਪਤਾਲ ਜੇਬਾਂ ਕੱਟ ਰਹੇ ਨੇ। ਸਕੂਲ ਠਰ ਰਹੇ ਨੇ ਕੰਬ ਰਹੇ ਨੇ ਪੋਹ ਮਹੀਨੇ ਚਮਕੌਰ ਸਰਹੰਦ ਮਾਛੀਵਾੜਾ ਖਿਦਰਾਣਾ ਐਤਕੀਂ ਚੇਤੇ ਨਹੀਂ ਆਉਣਾ। ਰਾਗੀਆਂ ਰਬਾਬੀਆਂ ਕਥਾਵਾਚਕਾਂ ਤੋਂ ਬਗੈਰ ਕਿਸੇ ਨੂੰ। ਕਿਸਾਨ ਮੋਰਚੇ ਦੀ ਜਿੱਤ ਦੇ ਜਸ਼ਨ ਸਿਰੋਪਿਆਂ ਦੀ ਬਖ਼ਸ਼ਿਸ਼ ਤੋਂ ਬਾਦ। ਥੋੜੇ ਰਹਿ ਜਾਣਗੇ ਪਿੱਪਲੀਂ ਪਈਆਂ ਫਾਹੀਆਂ ਦੇ ਰੱਸੇ ਵੱਢਣ ਵਾਲੇ। ਬਹੁਤੇ ਸੱਤਾ ਦੀ ਵਾਢੀ ਵੱਲ ਤੁਰ ਪੈਣਗੇ। ਸੇਵਾ ਚੋਂ ਮੇਵਾ ਢੂੰਡਣ ਵਾਲੇ ਵੈਦ ਹਕੀਮ ਟਿਕਟਾਂ ਦੀ ਜੂਨੇ ਪੈ ਜਾਣਗੇ। ਸੁਰਖ਼ ਲਹੂ ਸਫ਼ੈਦ ਹੋ ਜਾਵੇਗਾ ਚਿੱਟਾ ਚਿੱਟਾ ਚਿੱਟਾ ਖੋਤੀ ਫੇਰ ਬੋਹੜ ਥੱਲੇ ਆਣ ਖਲੋਵੇਗੀ। ਉਵੇਂ ਚੱਲਣਗੀਆਂ ਬੇਨਾਮੀਆਂ ਮੋਟਰਾਂ ਜੇ ਸੀ ਬੀ ਮਸ਼ੀਨਾਂ ਸਾਡੀ ਮਿੱਟੀ ਪੁੱਟਦੀਆਂ। ਕੁਰਬਲ ਕੁਰਬਲ ਹੋਵੇਗੀ ਸਕੱਤਰੇਤ ਦੀਆਂ ਪੌੜੀਆਂ ਵਿੱਚ। ਹੂਟਰ ਗੂੰਜਣਗੇ ਜਿਪਸੀ ਸਵਾਰ ਬਦਲ ਕੇ। ਅਖ਼ਬਾਰਾਂ ਟੀ ਵੀ ਰੇਡੀਉ ਰੁੱਝ ਜਾਣਗੇ ਕੁਰਸੀ ਧਾਰਕਾਂ ਦੇ ਨਾਨਕੇ ਦਾਦਕੇ ਦੱਸਣ ਵਿੱਚ। ਸਾਡੇ ਗੱਡੇ ਦੇ ਪਹੀਏ ਨੂੰ ਲੱਗੀ ਚੀਕਨੀ ਮਿੱਟੀ ਅਗਲੇ ਫੇਰ ਹੋਰ ਵਧ ਜਾਵੇਗੀ ਪੰਜਾਬ ਸਿਰ ਚੜ੍ਹੇ ਕਰਜ਼ੇ ਵਾਂਗ। ਪੂੰਗ ਖਾਣੀਆਂ ਮੱਛੀਆਂ ਫਿਰ ਤਰਨਗੀਆਂ ਸੱਤਾ ਦੇ ਛੱਪੜ ਵਿੱਚ ਬੇਖ਼ੌਫ਼ ਸੁਰੱਖਿਆ ਕਵਚ ਪਹਿਨ ਕੇ। ਹਿੱਲਦੇ ਸਿਰ ਦੁਖ਼ਦੇ ਗੋਡੇ ਮੱਲ ਬਹਿਣਗੇ ਜਾਂਚ ਕਮਿਸ਼ਨ ਦੀਆਂ ਕੁਰਸੀਆਂ। ਫੰਡਰ ਅਹਿਲਕਾਰੀਆਂ ਨਾ ਸੂਣਾ ਨਾ ਤੂਣਾ ਨਾ ਕੂਣਾ ਭੁੱਖਾ ਭਾਂਡਾ ਊਣੇ ਦਾ ਊਣਾ। ਇਹ ਤਾਂ ਸਿਰਫ਼ ਟਰੇਲਰ ਹੈ ਪੂਰੀ ਫ਼ਿਲਮ ਕਦੇ ਫਿਰ ਸਹੀ।
ਦੁੱਲਾ ਨਹੀਂ ਆਇਆ
ਅਜੇ ਵੀ ਦੁੱਲਾ ਵੀਰ ਉਡੀਕਦੀ ਹੈ ਲਿੱਸੇ ਘਰ ਦੀ ਧੀ ਸੁੰਦਰੀ। ਸੋਚਦੀ ਹੈ ਦੁੱਲਾ ਵੀਰ ਆਏਗਾ ਮੁਗਲਾਂ ਤੋਂ ਛੁਡਾਏਗਾ। ਤੰਦਾਤੀਰੀ ਝੋਲੀ ਵਿੱਚ ਸੇਰ ਸ਼ੱਕਰ ਪਾਵੇਗਾ। ਪਾਟਿਆ ਹੋਇਆ ਸੂਹਾ ਸਾਲੂ ਸਿਰ ਤੇ ਟਿਕਾਏਗਾ। ਡੋਲੀ ਚ ਬਿਠਾਏਗਾ। ਪਰ ਹੁਣ ਘਰੋਂ ਬਾਹਰ ਘੋੜਿਆਂ ਦੇ ਸੁੰਮਾਂ ਦੀਆਂ ਟਾਪਾਂ ਦੀ ਆਵਾਜ਼ ਨਹੀਂ। ਨਵੇਂ ਚੱਲੇ ਹੂਟਰ ਵੱਜਦੇ ਨੇ ਦੁੱਲਾ ਨਹੀਂ, ਵੋਟਾਂ ਮੰਗਣ ਵਾਲੇ ਆਏ ਨੇ। ਆਪਣੇ ਨਹੀਂ ਜਾਪਦੇ ਤੁਰਕਾਂ ਮੰਗੋਲਾਂ ਅਬਦਾਲੀਆਂ ਦੇ ਵਾਂਗ ਹੀ ਲੱਗਦਾ ਏ ਸਾਰੇ ਕਿਸੇ ਹੋਰ ਦੇਸੋਂ ਆਏ ਨੇ। ਪਰ ਫ਼ਰੀਦ ਸ਼ਹੀਦ ਦਾ ਪੁੱਤਰ ਦਾਦੇ ਸਾਂਦਲ ਬਾਰ ਦਾ ਜਾਇਆ ਜਿਸ ਤਖ਼ਤ ਲਾਹੌਰ ਨਿਵਾਇਆ। ਅਕਬਰ ਨੂੰ ਨਾ ਸੀਸ ਝੁਕਾਇਆ। ਅੱਗੋਂ ਸ਼ੀਸ਼ਾ ਕੱਢ ਵਿਖਾਇਆ। ਜਿੰਨ੍ਹੇ ਧਰਤੀ ਦਾ ਧਰਮ ਨਿਭਾਇਆ ਦੁੱਲਾ ਵੀਰਾ ਨਹੀਂ ਆਇਆ।
ਅਣਕਿਹਾ ਕਵਿਤਾ ਜਿਹਾ
ਤੂੰ ਮੇਰੀਆਂ ਅੱਖਾਂ ‘ਚ ਵੇਖ ਤੇ ਪੜ੍ਹ ਤੂੰ ਕੀ ਲਿਖਿਆ ਹੈ? ਮੇਰੀਆਂ ਅੱਖਾਂ ‘ਚੋਂ ਕੀ ਪੜ੍ਹਿਆ ਹੈ? ਬੋਲ ਤੇ ਮੈਨੂੰ ਸੁਣਾ ਕੀ ਕਿਹਾ ਹੈ? ਮੈਂ ਇਸ ਮਾਮਲੇ ‘ ਚ ਜਨਮ ਜ਼ਾਤ ਕੋਰਾ ਅਨਪੜ੍ਹ ਹਾਂ। ਬੋਲ ਕੇ ਦੱਸ ਅੱਖਰ ਅੱਖਰ। ਸ਼ਬਦ ਸ਼ਬਦ ਵਾਕ ਵਾਕ।
ਕਰਜ਼ਿਆਂ ਦੀ ਪੰਡ ਭਾਰੀ ਧੌਣ ਤੇ
ਕਰਜ਼ਿਆਂ ਦੀ ਪੰਡ ਭਾਰੀ ਧੌਣ ਤੇ, ਕੋਈ ਨਾ ਅੰਤ ਹਿਸਾਬ। ਪਤਾ ਨਹੀਂ ਕਿਉਂ ਆਖੀ ਜਾਈਏ, ਰੰਗਲਾ ਦੇਸ਼ ਪੰਜਾਬ। ਕੁੱਲ ਦੁਨੀਆਂ ਦਾ ਰਾਜਕ ਦਾਤਾ , ਪਾਂਡੀ ਬਣਿਆ ਵੇਖੋ, ਮਿੱਧ ਸੁੱਟਿਆ ਜਰਵਾਣਿਆਂ, ਖਿੜਿਆ ਸਾਡਾ ਸੁਰਖ਼ ਗੁਲਾਬ।
ਜੇ ਜੀਣੈਂ ਤੂੰ ਸੱਜਰੇ ਸਾਹੀਂ
ਜੇ ਜੀਣੈਂ ਤੂੰ ਸੱਜਰੇ ਸਾਹੀਂ, ਖੁੱਲ੍ਹੇ ਰੱਖ ਲੈ ਦਿਲ ਦਰਵਾਜ਼ੇ। ਪੌਣ-ਪਰਿੰਦੇ ਆ ਜਾ ਸਕਦੇ ਇਸ ਰਾਹ ਥਾਣੀਂ ਬੇਆਵਾਜ਼ੇ। ਬੂਹੇ ਬੰਦ ਖਿੜਕੀਆਂ ਪਰਦੇ ,ਮਰਨ ਤਿਆਰੀ ਲੱਗਦੀ ਤੇਰੀ, ਕੰਧਾਂ ਵਿੱਚ ਤਰੇੜਾਂ ਪਾਟਣ ਜਿਸ ਘਰ ਸੁਪਨੇ ਆਉਣ ਨਾ ਤਾਜ਼ੇ।
ਚੌਮੁਖੀਆ ਚਿਰਾਗ
(ਭਾਈ ਘਨੱਈਆ ਜੀ ਨੂੰ ਚਿਤਵਦਿਆਂ) ਚੇਤੇ ਆਉਂਦਾ ਹੈ ਹਨ੍ਹੇਰੀ ਰਾਤ ਵਿੱਚ ਜਗਦਾ, ਮਘਦਾ ਸੁਰਖ ਸੂਰਜ ਅੰਬਰ ਚ ਦਗਦਾ ਸਮੂਲਚਾ ਵਜੂਦ ਬਾਬੇ ਨਾਨਕ ਦਾ ਵਾਰਿਸ ਲੱਗਦਾ। ਝਨਾਂ ਕੰਢੇ ਸੋਹਦਰੇ ਪਿੰਡ ਚ ਮਾਂ ਸੁੰਦਰੀ ਦਾ ਜਾਇਆ ਬਾਬਲ ਨੱਥੂ ਰਾਮ ਦੇ ਬਿਰਖ ਦੀ ਸਦੀਵਕਾਲੀ ਛਾਇਆ। ਦਸ ਪਾਤਿਸਾਹੀਆਂ ਦੀ ਛਾਵੇਂ ਤੁਰਦਾ ਤੁਰਦਾ ਆਨੰਦਪੁਰ ਸਾਹਿਬ ਆਇਆ। ਯੁੱਧ ਵਿੱਚ ਨਾ ਕੋਈ ਵੈਰੀ ਨਾ ਬੇਗਾਨਾ ਗੁਰੂ ਦਾ ਸੰਦੇਸ ਜਿਸ ਸੱਚ ਕਰ ਮਾਨਾ। ਮੁਗਲ ਜਾਂ ਪਹਾੜੀਆ ਤੇਰਾ ਹੀ ਬੰਦਾ ਦਿਸੇ ਬਲਿਹਾਰੀਆ। ਨਿਰਛਲ ਨਿਰਭਉ ਤੇ ਨਿਰਵੈਰ। ਸਰਬੱਤ ਦਾ ਭਲਾ ਲੋੜਦੇ ਕਰ ਪੈਰ ਪਿਆਸਿਆਂ ਲਈ ਨਿਰਮਲ ਜਲਧਾਰਾ ਦਸਮੇਸ ਗੁਰੂ ਨੂੰ ਜਾਨੋਂ ਪਿਆਰਾ। ਦੂਤੀਆਂ ਕਿਹਾ ਇਹ ਮੁਗਲ ਬਚਾਵੇ। ਮਰਦਿਆਂ ਦੇ ਮੂੰਹ ਪਾਣੀ ਪਾਵੇ। ਇਸਨੂੰ ਕਹੋ ਇਹ ਇੰਜ ਕਰੇ ਨਾ, ਸਾਨੂੰ ਇਹ ਕੰਮ ਮੂਲ ਨਾ ਭਾਵੇ। ਦਸਮ ਪਿਤਾ ਹੱਸੇ ਮੁਸਕਰਾਏ। ਬੋਲੇ ਮੇਰਿਓ ਭੋਲਿਓ ਪੁੱਤਰੋ, ਇਹ ਤਾਂ ਆਪਣਾ ਧਰਮ ਨਿਭਾਏ। ਤੁਹਾਨੂੰ ਕਿਉਂ ਇਹ ਸਮਝ ਨਾ ਆਏ। ਹਿੱਕ ਨਾਲ ਲਾ ਕੇ ਇਹ ਫੁਰਮਾਇਆ। ਤੂੰ ਮੇਰੇ ਸਬਦਾਂ ਦੀ ਲੋਏ ਤੁਰਦਾ ਤੁਰਦਾ ਉਸ ਥਾਂ ਆਇਆ ਜਿੱਥੇ ਪੁੱਜ ਕੇ ਨਾ ਕੋਈ ਵੈਰੀ ਨਾ ਹੀ ਰਹੇ ਕੋਈ ਬੇਗਾਨਾ। ਇਹ ਹੀ ਧਰਮ ਦਾ ਅਸਲ ਨਿਸਾਨਾ। ਆਹ ਫੜ ਪੱਟੀਆਂ ਮੱਲਮ ਦੀ ਡੱਬੀ। ਤੂੰ ਸੇਵਾ ਚੋਂ ਮਾਣਕ ਮੋਤੀ ਉੱਚੀ ਸੁੱਚੀ ਹਸਤੀ ਲੱਭੀ। ਹਰ ਜਖਮੀ ਨੂੰ ਸਮ ਕਰ ਜਾਣੀਂ। ਮੂੰਹ ਵਿੱਚ ਪਾਵੇਂਗਾ ਜਦ ਪਾਣੀ। ਚੁੱਪ ਕਰਕੇ ਤੂੰ ਉਸ ਪਲ ਸੁਣ ਲਈਂ ਅਰਥ ਸਣੇ ਗੁਰੂਆਂ ਦੀ ਬਾਣੀ। ਸਰਬ ਕਾਲ ਦਾ ਬਣ ਕੇ ਹਾਣੀ।
ਅੰਬਾਂ ਨੂੰ ਪੈ ਗਿਆ ਬੂਰ
ਅੰਬਾਂ ਨੂੰ ਪੈ ਗਿਆ ਬੂਰ ਨੀ ਜਿੰਦ ਠੇਡੇ ਖਾਂਦੀ, ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ। ਸ਼ਯਾਮ ਘਟਾਂ ਚੜ੍ਹ ਆਈਆਂ ਅੰਬਰੀਂ ਦਿਲ ਪਿਆ ਡੋਬੇ ਖਾਵੇ। ਸਿਰ ਤੋਂ ਪੈਰਾਂ ਤੀਕ ਨੇ ਅੱਥਰੂ ਜਿਸਮ ਪਿਘਲਦਾ ਜਾਵੇ। ਤਨ ਦਾ ਭਖ਼ੇ ਤੰਦੂਰ ਨੀ ਜਿੰਦ ਠੇਡੇ ਖਾਂਦੀ। ਨਾ ਮੈਂ ਵਰੀ ਵਿਆਹੀ ਨਾ ਮੈਂ ਮਹਿੰਦੀ ਤਲੀਏ ਲਾਈ। ਇਹ ਬਦਲੋਟੀ ਯਾਦਾਂ ਬਣ ਕੇ ਕਿੱਦਾਂ ਮਨ ਮੰਦਰ ਵਿੱਚ ਆਈ। ਕੋਈ ਤਾਂ ਕਸਰ ਜ਼ਰੂਰ ਨੀ ਜਿੰਦ ਠੇਡੇ ਖਾਂਦੀ। ਕੱਚੇ ਘਰ ਦੇ ਵਿਹੜੇ ਸੀ ਮੈਂ ਅੰਬ ਦਾ ਬੂਟਾ ਲਾਇਆ। ਇਸ ਨੂੰ ਲੋਕੀਂ ਕਹਿਣ ਮੁਹੱਬਤ ਜਿਸ ਨੂੰ ਪਾਣੀ ਪਾਇਆ। ਅੰਬੀਆਂ ਨੇ ਭਰਪੂਰ ਨੀ ਜਿੰਦ ਠੇਡੇ ਖਾਂਦੀ। ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ। ਪੰਛੀ ਤੇ ਪਰਦੇਸੀ ਕਹਿੰਦੇ ਇੱਕ ਟਾਹਣੀ ਨਹੀਂ ਬਹਿੰਦੇ। ਜਿੱਧਰ ਚੋਗ ਮਿਲੇ ਤੁਰ ਜਾਂਦੇ ਇੱਕ ਥਾਂ ਤੇ ਨਾ ਰਹਿੰਦੇ। ਭੁੱਲ ਗਈ ਮੈਂ ਦਸਤੂਰ ਨੀ ਜਿੰਦ ਠੇਡੇ ਖਾਂਦੀ। ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
ਸਾਡਿਆ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ
ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ। ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਮਹਿਲ ਤੂੰ ਸੰਭਾਲ ਸਾਨੂੰ ਢਾਰਿਆਂ ‘ਚ ਰਹਿਣ ਦੇ। ਦਿਲ ਵਾਲੀ ਵਾਰਤਾ ਜ਼ਬਾਨ ਨੂੰ ਤੂੰ ਕਹਿਣ ਦੇ। ਪਿਆਰ ਦੇ ਭੁਲੇਖੇ ਦਾ ਬੁਖ਼ਾਰ ਹੁਣ ਲਹਿਣ ਦੇ। ਛੱਡ ਬੇਈਮਾਨਾ! ਬਦਨੀਤੀਆਂ ਤੂੰ ਛੋੜ ਦੇ। ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਸਾਡੇ ਦਰਿਆਵਾਂ ਨੂੰ ਤੂੰ ਪੁੱਠੇ ਰਾਹੇ ਤੋਰ ਨਾ। ਡੋਡੀਆਂ ਗੁਲਾਬ ਦੀਆਂ ਡਾਢਿਆ ਤੂੰ ਭੋਰ ਨਾ। ਹੋ ਗਿਆ ਯਕੀਨ, ਵੈਰੀ ਤੇਰੇ ਬਿਨਾ ਹੋਰ ਨਾ। ਘੱਟਿਆਂ’ ਚ ਰੋਲ ਨਾ ਤੂੰ ਸੁਪਨੇ ਕਰੋੜ ਦੇ। ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਮਾਲਕੀ ਤਿਆਗ, ਅਜ ਠੰਢੇ ਹਾਉਕੇ ਭਰਦੇ। ਮਰ ਗਏ ਆਂ ਅਸੀਂ ਤੇਰਾ ਚੌਂਕੀਦਾਰਾ ਕਰਦੇ। ਪਾਟੇ ਪਰਨੋਟ ਸਾਥੋਂ ਆਪਣੇ ਹੀ ਘਰ ਦੇ। ਜਿੱਥੇ ਕਿਤੇ ਲਿਖੇ ਸੀ ਕਿਤਾਬ ਸਾਨੂੰ ਮੋੜ ਦੇ। ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਸੱਤਾਂ ਦਰਿਆਵਾਂ ਤੋਂ ਸੀ ਪੰਜਾਂ ਉੱਤੇ ਆ ਗਏ। ਚੀਰਿਆ ਤੂੰ ਲੱਕੋਂ , ਅਸੀਂ ਢਾਈਆਂ ਉੱਤੇ ਆ ਗਏ। ਸਾਡੇ ਹੀ ਨਾਲਾਇਕ ਪੁੱਤ, ਸਾਨੂੰ ਵੇਚ ਖਾ ਗਏ। ਤਿੜਕੇ ਯਕੀਨ ਤੂੰ ਪਿਆਰ ਨਾਲ ਜੋੜ ਦੇ। ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਬਣ ਜਾਣ ਵੇਖੀਂ ਕਿਤੇ ਹੱਥ ਹਥਿਆਰ ਨਾ। ਡਿੱਗਿਆਂ ਨੂੰ ਹੋਰ ਤੂੰ ਕਸੂਤੀ ਮਾਰ ਮਾਰ ਨਾ। ਤੰਦ ਟੁੱਟ ਜਾਵੇ, ਕਾਇਮ ਰਹਿੰਦਾ ਰਾਣੀਹਾਰ ਨਾ। ਸਦਾ ਹੀ ਸਿਆਣੇ, ਮਨ ਬਦੀ ਵੱਲੋਂ ਹੋੜਦੇ। ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਸਾਡੀਆਂ ਜ਼ਮੀਨਾਂ ਤੇ ਬਾਜ਼ਾਰ ਸਾਥੋਂ ਖੋਹ ਨਾ। ਏਸ ਨਾਲੋਂ ਵੱਡਾ ਹੋਰ ਕੋਈ ਵੀ ਧਰੋਹ ਨਾ। ਤੇਰੇ ਨਾਲੋਂ ਘੱਟ ਸਾਨੂੰ, ਦੇਸ਼ ਨਾਲ ਮੋਹ ਨਾ। ਬਾਜ਼ਾਂ ਦੇ ਹਾਂ ਪੁੱਤ, ਭਾਵੇਂ ਜੰਮੇ ਵਿੱਚ ਖੋੜ ਦੇ। ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਕਿੰਨੀਆਂ ਸਤਾਈਆਂ, ਆਈਆਂ ਰਣ ਵਿੱਚ ਚੁੰਨੀਆਂ। ਜਿੰਨ੍ਹਾਂ ਦੀਆਂ ਰੀਝਾਂ ਨੇ ਤੂੰ ਸੂਲਾਂ ਚ ਪਰੁੰਨੀਆਂ। ਆਸਾਂ ਦੇ ਚਿਰਾਗਾਂ ਬਿਨਾ ਅੱਖੀਆਂ ਨੇ ਸੁੰਨੀਆਂ। ਜਿੰਨ੍ਹਾਂ ਦੇ ਨੇ ਹੱਥ ਭਲਾ ਸਭਨਾਂ ਦਾ ਲੋੜਦੇ। ਜ਼ਾਲਮਾ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਕਿਸਾਨ ਬੋਲੀਆਂ
ਉਹਨੂੰ ਲੱਗਦੇ ਅਮੀਰ ਪਿਆਰੇ ਸੁਣੇ ਨਾ ਕਿਸਾਨ ਦੁੱਖੜੇ। ਸਾਡੀ ਹੋਰ ਨਾ ਤ੍ਰਿ਼ਸ਼ਨਾ ਕੋਈ, ਇੱਕੋ ਤੇਰੀ ਅੜੀ ਭੰਨਣੀ। ਕਈ ਤੁਰ ਗਏ ਕਈਆਂ ਨੇ ਤੁਰ ਜਾਣਾ ਦਿੱਲੀਏ ਤੂੰ ਮਾਣ ਨਾ ਕਰੀਂ। ਸਾਨੂੰ ਮਾਰ ਕੇ ਮਿਲੂ ਕੀ ਤੈਨੂੰ, ਪੈਸੇ ਨਾਲ ਢਿੱਡ ਭਰ ਲਈਂ। ਤੇਰੀ ਵੱਡਿਆਂ ਘਰਾਂ ਦੇ ਨਾਲ ਯਾਰੀ, ਅੰਨ੍ਹਿਆਂ ਜਹਾਨ ਦਿਆ। ਅਸੀਂ ਆ ਗਏ ਆਂ ਧਰਤੀਆਂ ਵਾਲੇ, ਕਾਗਤਾਂ ਦਾ ਕਿਲ਼੍ਹਾ ਢਾਹੁਣ ਨੂੰ। ਜਿਹੜੇ ਹੁੰਦੇ ਨੇ ਮਸ਼ੀਨੀ ਚੂਚੇ, ਬੰਦੇ ਦੀ ਨਾ ਪੀੜ ਜਾਣਦੇ। ਤੂੰ ਤੇ ਹੱਸਦਾ ਰਾਵਣੀ ਹਾਸਾ, ਹੋਕਾ ਦੇਵੇਂ ਰਾਮ ਰਾਜ ਦਾ। ਸਾਨੂੰ ਏਕਤਾ ਦਾ ਸਬਕ ਪੜ੍ਹਾਇਆ, ਕਾਲ਼ਿਆਂ ਕਾਨੂੰਨਾਂ ਨੇ। ਤੈਨੂੰ ਲੱਗਦੇ ਨੇ ਯਾਰ ਪਿਆਰੇ, ਸਾਨੂੰ ਤੂੰ ਉਜਾੜ ਧਰਿਆ। ਸਾਡੀ ਮੰਗ ਨਾ ਹੋਰ ਵੀ ਕੋਈ, ਸਾਨੂੰ ਸਾਡਾ ਹੱਕ ਮੋੜ ਦੇ। ਤੇਰੇ ਦਾਨ ਦੀ ਲੋੜ ਨਾ ਕੋਈ, ਮਿਹਨਤਾਂ ਦਾ ਮੁੱਲ ਮੋੜ ਦੇ। ਤੇਰੇ ਵੈਲੀਆਂ ਦੇ ਨਾਲ ਮੁਲਾਹਜ਼ੇ, ਵੇਖੀਂ ਕਿਤੇ ਸਜ਼ਾ ਬੋਲ ਜੇ। ਸਾਡਾ ਸਬਰ ਪਰਖਣਾ ਛੱਡ ਦੇ, ਸਿੱਧੇ ਮੱਥੇ ਮਿਲ ਯਾਰ ਨੂੰ। ਅਸੀਂ ਸੱਤ ਪੱਤਣਾਂ ਦੇ ਤਾਰੂ, ਬੈਠੇ ਭਾਵੇਂ ਕੰਢਿਆਂ ਤੇ। ਸੀਸ ਤਲੀ ਤੇ ਟਿਕਾਉਣਾ ਸਿਖਿਆ, ਨੱਚ ਨੱਚ ਖੰਡਿਆਂ ਤੇ। ਸੂਹੇ ਰੰਗ ਦਾ ਸੂਰਜਾ ਚੜ੍ਹਿਆ, ਅੰਨ੍ਹਿਆ ਤੂੰ ਵੇਖਦਾ ਨਹੀਂ। ਕਿੰਨੂ ਨਾਲ ਨਾ ਬਰਾਬਰ ਖੜ੍ਹਦਾ, ਤੂੰ ਨਾਗਪੁਰੀ ਸੰਗਤਰਿਆ। ਬਹੁਤਾ ਤੋਲਦੇ, ਮੰਡੀ ਵਿੱਚ ਰੋਲਦੇ, ਛਾਬੇ ਤੇਰੀ ਤੱਕੜੀ ਦੇ। ਜ਼ਹਿਰ ਚੜ੍ਹਿਆ, ਜਾਨ ਤੇ ਬਣੀਆਂ, ਸੁੰਘਿਆ ਸੀ ਫੁੱਲ ਜਾਣ ਕੇ।
ਕਿਸਾਨ ਦੀ ਸੰਘਰਸ਼ ਕਲੀ
ਅੰਦਰੀਂ ਲੋਕ ਤਾੜ 'ਤੇ, ਹਾਕਮ ਬੇਈਮਾਨ ਨੇ, ਪੱਜ ਸ਼ੈਤਾਨ ਨੇ ਕਰੋਨਾ ਦਾ ਬਣਾ ਕੇ। ਗੋੱਲੇ ਧਨਵਾਨਾਂ ਦੇ , ਗਲ਼ ਘੁੱਟ ਗਏ ਕਿਰਸਾਨਾਂ ਦੇ, ਦਿੱਲੀ ਵਾਲ਼ੇ ਚੋਰੀ ਕਾਲ਼ੇ ਕਾਨੂੰਨ ਲਿਆ ਕੇ। ਗੂੰਜੀ 'ਵਾਜ ਸੱਚ ਦੀ, ਨਿਰਭਉ ਹੋ ਪੰਜਾਬ 'ਚੋਂ, ਦਿੱਤਾ ਰੱਖ ਭਰਾਉ ਭਾਰਤ ਦੇਸ਼ ਹਿਲਾ ਕੇ। ਮਾਰਿਆ ਤੀਰ ਧੁੰਨੀ ਵਿੱਚ ਖਿੱਚ ਕੇ ਕਾਰਪੋਰੇਟ ਦੇ, ਮੋਟੇ ਢਿੱਡਾਂ ਵਾਲੇ ਡਿੱਗ ਪਏ ਗੇੜਾ ਖਾ ਕੇ। ਇਹ ਹਨ ਵਾਰਿਸ ਭਗਤ ਸਿਹੁੰ ਤੇ ਗਦਰੀ ਬਾਬਿਆਂ ਦੇ, ਜਿੰਨ੍ਹਾਂ ਵਾੜੇ ਸ਼ਹਿਰੀਂ ਬਿਸਵੇਦਾਰ ਭਜਾ ਕੇ। ਵੱਡ ਵਡੇਰੇ ਜਿੰਨ੍ਹਾਂ ਦੇ ਸੀ ਪਰਜਾ ਮੰਡਲੀਏ,ਲੜੇ ਸੁਤੰਤਰ ਤੇਜਾ ਸਿੰਘ ਹੋਰੀਂ ਹਿੱਕ ਡਾਹ ਕੇ। ਹਰਸਾ ਛੀਨਾ,ਕਿਸ਼ਨਗੜ੍ਹ ਖੜ੍ਹਾ ਜਿੰਨ੍ਹਾਂ ਦੀ ਪਿੱਠ ਪਿੱਛੇ, ਬਹਿ ਗਏ ਮੱਲ ਮੋਰਚੇ ਯੁੱਧ ਮੈਦਾਨ ਬਣਾ ਕੇ। ਅੱਜ ਲੈ ਨਵੀਆਂ ਕਿਰਨਾਂ, ਵੱਖਰਾ ਸੂਰਜ ਚੜ੍ਹਿਆ ਹੈ, ਪੂਰੇ ਵਤਨ ਦੇ ਕਿਰਸਾਨ ਵੀ ਨਾਲ ਰਲ਼ਾ ਕੇ। ਜਿਹੜੇ ਰਹੇ ਫੂਕਦੇ ਅੱਜ ਤੱਕ ਪੁਤਲੇ ਰਾਵਣ ਦੇ, ਉਨ੍ਹਾਂ ਪੁਤਲੇ ਸਾੜੇ ਹਾਕਮ ਦੇ ਬਣਾ ਕੇ। ਰਾਜ- ਕੁਰਸੀ ਚੱਲਦੀ ਚਾਲਾਂ ਇਨ੍ਹਾਂ ਦੇ ਪਾੜਨ ਨੂੰ, ਧੰਨ ਇਹ ਬੰਦੇ ਨੇ ਜੋ ਬੈਠੇ ਜ਼ਬਤ ਬਣਾ ਕੇ। ਜੁੜ ਗਈ ਇਨ੍ਹਾਂ ਸੰਗ ਹਮਦਰਦੀ ਦੁਨੀਆ ਭਰ ਦੀ ਐ, ਗੂੰਜੀ ਯੂ ਐੱਨ ਓ ਵਿੱਚ'ਵਾਜ਼ ਇਨ੍ਹਾਂ ਦੀ ਜਾ ਕੇ। ਗਿੱਲ ਗੁਰਭਜਨ ਸਿੰਹਾਂ ਇਹ ਅਜੇ ਤੀਕ ਤਾਂ ਸ਼ਾਂਤ ਨੇ, ਹੇਠਲੀ ਉੱਤੇ ਆ ਜੂ, ਤੁਰੇ ਜੇ ਤੇਗ ਉਠਾ ਕੇ।
ਸੰਘਰਸ਼ ਨਾਮਾ
ਪਹਿਲਾਂ ਸੁਣਦੇ ਸਾਂ, ਅੱਜ ਅੱਖੀਂ ਵੇਖਿਆ, ਕੀੜੀਆਂ ਪਹਾੜ ਢਾਹ ਲਿਆ। ਬੀਜੇ ਕਿੱਕਰਾਂ ਭਾਲਦਾ ਦਾਖਾਂ ਕੰਡਿਆਂ ਨੂੰ ਚੁਗਦਾ ਫਿਰੇ। ਤੇਰੇ ਵੈਲੀਆਂ ਦੇ ਨਾਲ ਸੀ ਮੁਲਾਹਜੇ, ਹੁਣ ਤੈਨੂੰ ਕੱਲ੍ਹਾ ਛੱਡ ਗਏ। ਅਸੀਂ ਤੱਤੀਆਂ ਲੋਹਾਂ ਦੇ ਜਾਏ, ਹੁਣ ਤੇ ਤੂੰ ਪਰਖ਼ ਲਿਆ। ਕੱਖ ਟਿਕਦੇ ਕਦੇ ਨਾ ਵੇਖੇ, ਅੱਗੇ ਦਰਿਆਵਾਂ ਦੇ। ਖੋਟੀ ਨੀਤ ਸੀ ਕਾਨੂੰਨ ਕਾਲ਼ੇ ਘੜ ਕੇ, ਮੂਧੇ ਮੂੰਹ ਗੁਮਾਨ ਡਿੱਗਿਆ। ਬੰਨ੍ਹ ਬੱਕਰਾ ਬੋਹਲ ਦੀ ਰਾਖੀ, ਕਿਸੇ ਵੀ ਨਾ ਸੁਖ ਮਾਣਿਆ। ਸੀਸ ਤਲੀ ‘ਤੇ ਟਿਕਾਇਆ ਸੀਸਗੰਜ ਨੇ, ਕਿਲ੍ਹੇ ਨੂੰ ਤਰੇਲ਼ੀ ਆ ਗਈ। ਤੇਰਾ ਜਬਰ ਕੁਹਾੜਾ ਲੱਕੋਂ ਟੁੱਟਿਆ, ਸਾਬਰਾਂ ਨੇ ਕੰਡ ਨਾ ਕਰੀਂ। ਸਾਨੂੰ ਤੈਥੋਂ ਵੱਧ ਵਤਨ ਪਿਆਰਾ, ਦੱਸ ਕੀ ਸਬੂਤ ਚਾਹੀਦਾ? ਬਾਬੇ ਬੋਹੜ ਤੇ ਬਿਰਧ ਸੀ ਮਾਵਾਂ, ਤਣੀਆਂ ਫ਼ਸੀਲ ਬਣ ਕੇ। ਬੱਤੀ ਦੰਦਾਂ ਨੇ ਵੇਖ ਲਉ ਚਿੱਥਿਆ, ਨਾਗ ਸੀ ਫੱਰਾਟੇ ਮਾਰਦਾ।
ਅੰਬਾਂ ਨੂੰ ਪੈ ਗਿਆ ਬੂਰ
ਅੰਬਾਂ ਨੂੰ ਪੈ ਗਿਆ ਬੂਰ ਨੀ ਜਿੰਦ ਠੇਡੇ ਖਾਂਦੀ, ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ। ਸ਼ਯਾਮ ਘਟਾਂ ਚੜ੍ਹ ਆਈਆਂ ਅੰਬਰੀਂ ਦਿਲ ਪਿਆ ਡੋਬੇ ਖਾਵੇ। ਸਿਰ ਤੋਂ ਪੈਰਾਂ ਤੀਕ ਨੇ ਅੱਥਰੂ ਜਿਸਮ ਪਿਘਲਦਾ ਜਾਵੇ। ਤਨ ਦਾ ਭਖ਼ੇ ਤੰਦੂਰ ਨੀ ਜਿੰਦ ਠੇਡੇ ਖਾਂਦੀ। ਨਾ ਮੈਂ ਵਰੀ ਵਿਆਹੀ ਨਾ ਮੈਂ ਮਹਿੰਦੀ ਤਲੀਏ ਲਾਈ। ਇਹ ਬਦਲੋਟੀ ਯਾਦਾਂ ਬਣ ਕੇ ਕਿੱਦਾਂ ਮਨ ਮੰਦਰ ਵਿੱਚ ਆਈ। ਕੋਈ ਤਾਂ ਕਸਰ ਜ਼ਰੂਰ ਨੀ ਜਿੰਦ ਠੇਡੇ ਖਾਂਦੀ। ਕੱਚੇ ਘਰ ਦੇ ਵਿਹੜੇ ਸੀ ਮੈਂ ਅੰਬ ਦਾ ਬੂਟਾ ਲਾਇਆ। ਇਸ ਨੂੰ ਲੋਕੀਂ ਕਹਿਣ ਮੁਹੱਬਤ ਜਿਸ ਨੂੰ ਪਾਣੀ ਪਾਇਆ। ਅੰਬੀਆਂ ਨੇ ਭਰਪੂਰ ਨੀ ਜਿੰਦ ਠੇਡੇ ਖਾਂਦੀ। ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ। ਪੰਛੀ ਤੇ ਪਰਦੇਸੀ ਕਹਿੰਦੇ ਇੱਕ ਟਾਹਣੀ ਨਹੀਂ ਬਹਿੰਦੇ। ਜਿੱਧਰ ਚੋਗ ਮਿਲੇ ਤੁਰ ਜਾਂਦੇ ਇੱਕ ਥਾਂ ਤੇ ਨਾ ਰਹਿੰਦੇ। ਭੁੱਲ ਗਈ ਮੈਂ ਦਸਤੂਰ ਨੀ ਜਿੰਦ ਠੇਡੇ ਖਾਂਦੀ। ਮਾਨਣ ਵਾਲਾ ਦੂਰ ਨੀ ਜਿੰਦ ਠੇਡੇ ਖਾਂਦੀ।
ਲੰਮੀ ਰਾਤ ਹਨ੍ਹੇਰੀ ਭਾਵੇਂ
ਲੰਮੀ ਰਾਤ ਹਨ੍ਹੇਰੀ ਭਾਵੇਂ, ਮੈਨੂੰ ਡਰ ਨਹੀਂ ਖਾਂਦਾ। ਚਾਨਣ ਦਾ ਵਣਜਾਰਾ ਸੂਰਜ,ਕੌਣ ਕਹੇ ਮਰ ਜਾਂਦਾ। ਫ਼ਰਜ਼ ਨਿਭਾਉਂਦਾ ਫਿਰਦਾ ਹੈ ਇਹ ਹਰ ਧਰਤੀ ਹਰ ਵਿਹੜੇ, ਸਾਡੀ ਖ਼ਾਤਰ ਜਗਦਾ ਮਘਦਾ, ਆਪਣੇ ਘਰ ਨਹੀਂ ਜਾਂਦਾ।
ਖੇਡ ਰਹੀ ਫੁੱਲਾਂ ਤੇ ਕਾਟੋ
ਖੇਡ ਰਹੀ ਫੁੱਲਾਂ ਤੇ ਕਾਟੋ, ਪਤਾ ਨਹੀਂ ਕੀ ਖਾਵੇ। ਸਮਝ ਨਾ ਆਵੇ, ਤੁਕ ਤੁਕ ਤੁਕ ਕਿਹੜਾ ਗੀਤ ਸੁਣਾਵੇ। ਹਰੇ ਕਚੂਰ ਮਖ਼ਮਲੀ ਘਾਹ ਤੇ ਵਿਛੀ ਵੇਖ ਫੁਲਕਾਰੀ, ਇੰਜ ਲੱਗਦੈ, ਬਲਿਹਾਰੀ ਦੇ ਹੀ ਬੈਠੀ ਸੋਹਿਲੇ ਗਾਵੇ।
ਰੁੱਤ ਬਸੰਤੀ, ਸੂਰਜ ਦਾ ਰੱਥ
ਰੁੱਤ ਬਸੰਤੀ, ਸੂਰਜ ਦਾ ਰੱਥ, ਪਹੁੰਚਾ ਦਿਲ ਦੀ ਜੂਹੇ। ਫੁੱਲ ਪੱਤੀਆਂ ਤੇ ਮਹਿਕ ਲਿਆਇਆ, ਖੋਲ੍ਹ ਸੱਜਣ ਤੂੰ ਬੂਹੇ। ਜੰਤ ਪਰਿੰਦੇ ਟਾਹਣੀ-ਟਾਹਣੀ ਦਸਤਕ ਦੇਵਣ ਆਏ, ਕਰਨ ਸੁਆਗਤ ਕਿਰਨਾਂ ਤਾਹੀਂਓਂ, ਵੇਖ ਖਿੜੇ ਫੁੱਲ ਸੂਹੇ।
ਡੋਡੀ ਦੇ ਧੁਰ ਅੰਦਰ ਕੀ ਹੈ
ਡੋਡੀ ਦੇ ਧੁਰ ਅੰਦਰ ਕੀ ਹੈ, ਨਜ਼ਰਾਂ ਗੱਡੀਆਂ ਜਾਨਣ ਖ਼ਾਤਰ। ਪੁੱਠੀ ਲਮਕੀ ਚਿੜੀ ਵੇਖ ਲਉ ਫੁੱਲਾਂ ਦਾ ਰਸ ਮਾਨਣ ਖ਼ਾਤਰ। ਤਲਬ, ਤ੍ਰਿਸ਼ਨਾ ਕਿੱਥੇ, ਕਿੱਦਾਂ, ਸਾਨੂੰ ਹੈ ਸਿਰ ਪਰਨੇ ਕਰਦੀ, ਭਟਕਣ ਛੱਡੀਏ, ਲਟਕ ਲਗਾਈਏ, ਰੂਹ ਦੇ ਸੁੱਚੇ ਚਾਨਣ ਖ਼ਾਤਰ।
ਟਾਹਣੀ ਬੈਠੀ ਬੁਲਬੁਲ ਬੋਲੇ
ਟਾਹਣੀ ਬੈਠੀ ਬੁਲਬੁਲ ਬੋਲੇ, ਅੰਬਰ ਧਰਤੀ ਦੋਵੇਂ ਮੇਰੇ। ਬੰਦਿਆ ਤੂੰ ਹੰਕਾਰ ਪੁਲੰਦਾ, ਦੱਸ ਤੂੰ ਪੱਲੇ ਕੀ ਹੈ ਤੇਰੇ ? ਵਿੱਚ ਖ਼ਵਾਬਾਂ ਉੱਡਦਾ ਰਹਿੰਦੈਂ, ਨਕਲੀ ਪੰਖ ਉਧਾਰੇ ਲੈ ਕੇ, ਸੂਰਜ ਸ਼ੀਸ਼ਾ ਵੇਖ ਲਿਆ ਕਰ, ਸੁੱਚੇ ਮੂੰਹ ਤੂੰ ਰੋਜ਼ ਸਵੇਰੇ।
ਬਿਰਖ਼ ਨਿਪੱਤਰੇ ਦੀ ਟਾਹਣੀ ਤੇ
ਬਿਰਖ਼ ਨਿਪੱਤਰੇ ਦੀ ਟਾਹਣੀ ਤੇ ਬੈਠੀ ਚਿੜੀਆ ਸੋਚੇ। ਇਸ ਧਰਤੀ ਤੇ ਕੌਣ ਨਾ ਸ਼ੁਕਰਾ, ਜੋ ਇਸ ਦੇ ਪੱਤ ਨੋਚੇ। ਜ਼ਿੰਦਗੀ ਤਾਂ ਹਰਿਆਵਲ ਦਾ ਨਾਂ, ਪੌਣ ਪਰਾਗੇ ਵੰਡੇ, ਆਵੇ ਰੁੱਤ ਬਸੰਤੀ, ਫੁੱਟਣ ਲਗਰਾਂ, ਦਮ ਦਮ ਲੋਚੇ।
ਆਸ ਉਮੀਦ ਪਰਿੰਦਾ ਬਣ ਕੇ
ਆਸ ਉਮੀਦ ਪਰਿੰਦਾ ਬਣ ਕੇ ਬਹਿ ਗਈ ਤਾਰ ਦੇ ਉੱਤੇ। ਕੰਧ ਉਹਲੇ ਪਰਦੇਸ ਨਾ ਰਹਿਣਾ, ਭਾਗ ਜਾਗਣੇ ਸੁੱਤੇ। ਸ਼ਗਨਾਂ ਮੱਤੀ ਮਧੁਰ ਮਾਧੁਰੀ ਦੇਵੇ ਅਮਨ ਸੁਨੇਹਾ, ਨਾਨਕ ਮਾਰਗ ਸਬਕ ਸੁਣਾਇਆ ਸੁਣੋ ਬਾਰੂਦੀ ਰੁੱਤੇ।
ਘੁੱਗੂ ਘੂੰ ਕਰੇ ਦਿਨ ਚੜ੍ਹਿਆਂ
ਘੁੱਗੂ ਘੂੰ ਕਰੇ ਦਿਨ ਚੜ੍ਹਿਆਂ, ਘੁੱਗੀ ਰੋਜ਼ ਸਵੇਰੇ। ਇਹਦੀ ਰੀਸ ਕਰਦਿਆਂ ਸੁਪਨੇ, ਮੱਲਦੇ, ਆਣ ਬਨੇਰੇ। ਅਮਨ ਸੁਨੇਹਾ ਦੇਵੇ ਇਹ ਤਾਂ, ਸੁਣ ਲਉ ਜੀ ਕੰਨ ਲਾ ਕੇ, ਸਾਡੀ ਪੈਲੀ ਚਰ ਨਾ ਜਾਵਣ, ਫ਼ਸਲੀ ਆਣ ਬਟੇਰੇ।
ਤਾਰ ਤੇ ਬੈਠਾ ਪੰਛੀ ਸੋਚੇ
ਤਾਰ ਤੇ ਬੈਠਾ ਪੰਛੀ ਸੋਚੇ, ਬੈਠ ਰਹਾਂ ਜਾਂ ਭਰਾਂ ਉਡਾਰੀ। ਉੱਚੀ ਥਾਂ ਨੇ ਕੁਝ ਨਹੀਂ ਦਿੱਤਾ, ਧਰਤੀ ਸਭ ਲਈ ਚੋਗ ਖਿਲਾਰੀ। ਪਰ ਮੇਰਾ ਮਨ ਕੈਸਾ ਪੰਛੀ, ਧਰਤੀ ਨੂੰ ਛੱਡ ਅੰਬਰੀਂ ਉੱਡਦਾ, ਸਮਝ ਨਾ ਲੱਗੇ, ਗ਼ਰਜ਼ਾਂ ਮੇਰੀ,ਏਨੀ ਵੀ ਕਿਉਂ ਮੱਤ ਹੈ ਮਾਰੀ।
ਫੁੱਲ ਕਿਰਦੇ ਜਦ ਬਿਰਖ਼ਾਂ ਮੂੰਹੋਂ
ਫੁੱਲ ਕਿਰਦੇ ਜਦ ਬਿਰਖ਼ਾਂ ਮੂੰਹੋਂ ਧਰਤ ਬਣੇ ਫੁਲਕਾਰੀ ਵਰਗੀ। ਦਾਣਾ ਦੁਣਕਾ ਚੁਗਦੀ ਚਿੜੀਆ ਲੱਗਦੀ ਰਾਜ ਦੁਲਾਰੀ ਵਰਗੀ। ਗੂੜੀ ਨੀਂਦਰ ਸੁੱਤਿਆ ਬੰਦਿਆ, ਅੱਖਾਂ ਖੋਲ੍ਹ ਨਿਹਾਰ ਬਰਕਤਾਂ, ਹਰ ਕਿਣਕੇ ਦੀ ਹਸਤੀ ਤੈਨੂੰ, ਦਿਸ ਪਊ ਪਰਉਪਕਾਰੀ ਵਰਗੀ।
ਚੋਗ ਚੁਗਣ ਮਹਿਮਾਨ ਪਰਿੰਦੇ
ਚੋਗ ਚੁਗਣ ਮਹਿਮਾਨ ਪਰਿੰਦੇ ਕਿਹੜੇ ਦੇਸੋਂ ਆਏ। ਅਤਾ ਪਤਾ ਬਿਨ ਪੁੱਛਿਆਂ, ਸਾਡੇ ਵਿਹੜੇ ਆ ਮਹਿਕਾਏ। ਸਗਲ ਸ੍ਰਿਸ਼ਟੀ ਦਰਵੇਸ਼ਾਂ ਦੀ ਬੁੱਕਲ ਵਰਗੀ ਜਾਣੋ, ਮਿਲਿਆਂ ਗਿਲਿਆਂ ਮਿਟਣ ਫ਼ਾਸਲੇ, ਹੇ! ਧਰਤੀ ਦੇ ਜਾਏ।
ਹਰੇ ਕਚੂਰ ਮਖ਼ਮਲੀ ਘਾਹ ਤੇ
ਹਰੇ ਕਚੂਰ ਮਖ਼ਮਲੀ ਘਾਹ ਤੇ ਪੰਛੀ ਤੋਰ ਮਟਕਣੀ ਚੱਲਦਾ। ਪਰ ਪਰਛਾਵਾਂ ਕਿੱਥੇ ਲੁਕਿਆ ਭੇਤ ਪਵੇ ਨਾ ਏਸੇ ਗੱਲ ਦਾ। ਬਹੁਤੇ ਲੋਕੀਂ ਏਸ ਤਰ੍ਹਾਂ ਹੀ, ਆਪਣਾ ਚਿਹਰਾ ਫਿਰਨ ਲੁਕਾਉਂਦੇ, ਮੀਸਣੀਆਂ ਮੁਸਕਾਨਾਂ ਕਾਰਨ, ਅਸਲ ਨਕਲ ਦਾ ਭੇਤ ਨਾ ਚੱਲਦਾ।
ਲੁਕਦੇ ਫਿਰੀਏ ਧੁੱਪ ਤੋਂ ਡਰਦੇ
ਲੁਕਦੇ ਫਿਰੀਏ ਧੁੱਪ ਤੋਂ ਡਰਦੇ ਸੜਦੀ ਤਪਦੀ ਗਰਮੀ ਰੁੱਤੇ । ਸਾਡੇ ਵਿਹੜੇ ਪੰਛੀ ਬੈਠਾ ਫੁੱਲਾਂ ਲੱਦੀਆਂ ਟਾਹਣੀਆਂ ਉੱਤੇ। ਸ਼ਾਮ ਸਵੇਰੇ ਜਪੀਏ ਸਾਰੇ ਮਿਲਣਾ ਨਹੀਂ ਇਹ ਜਨਮ ਦੁਬਾਰਾ, ਅੱਧੀਉਂ ਬਹੁਤੀ ਉਮਰ ਗਵਾਈ, ਫਿਰ ਵੀ ਸਭ ਨੇ ਨੀਂਦ ਵਿਗੁੱਤੇ।
ਚਿਤਰੇ ਵਸਤਰ ਪਹਿਨ ਬਿਰਖ਼ ਤੇ
ਚਿਤਰੇ ਵਸਤਰ ਪਹਿਨ ਬਿਰਖ਼ ਤੇ ਪੰਛੀ ਲੱਗਦੈ ਬੜਾ ਸੁਰੀਲਾ। ਪਰ ਜੇ ਸੁਰਤ ਟਿਕਾ ਕੇ ਸੁਣੀਏ, ਰੂਹ ਦਾ ਰਾਗ ਬੜਾ ਦਰਦੀਲਾ। ਵਤਨ ਪਰਾਇਆ ਜਾਪੇ ਇਸਦਾ, ਲੱਗਦਾ ਏ ਵਿੱਛੜਿਆ ਡਾਰੋਂ, ਚੋਗ ਚੁਗਣ ਲਈ ਕਿੱਥੋਂ ਕਿੱਥੇ, ਲੈ ਆਈ ਕੁਦਰਤ ਦੀ ਲੀਲ੍ਹਾ।
ਟਾਹਣੀ ਬੈਠੀ ਕੋਇਲ ਗਾਵੇ
ਟਾਹਣੀ ਬੈਠੀ ਕੋਇਲ ਗਾਵੇ ਰੂਹ ਦੇ ਰਾਗ ਅਲਾਪੇ। ਕੱਲ ਮੁ-ਕੱਲ੍ਹਿਆ ਬਹਿ ਕੇ ਕੱਟਣੇ ਸੌਖੇ ਨਹੀਂ ਇਕਲਾਪੇ। ਬਿਰਹੋਂ ਕੀਤਾ ਕਾਲਾ ਚੋਲ਼ਾ ਜਿਵੇਂ ਫ਼ਰੀਦ ਸੁਣਾਇਆ, ਸੱਜਣਾਂ ਬਾਝ ਬਹਾਰਾਂ ਰੁੱਸਣ, ਸਭ ਜੱਗ ਕਬਰਾਂ ਜਾਪੇ।
ਪੋਹ ਦੇ ਸਰਦ ਮਹੀਨੇ ਪੱਲ੍ਹਰਨ
ਪੋਹ ਦੇ ਸਰਦ ਮਹੀਨੇ ਪੱਲ੍ਹਰਨ ਪੈਲੀਆਂ ਦੇ ਵਿੱਚ ਕਣਕਾਂ ਉੱਗੀਆਂ। ਦੂਜੇ ਪਾਸੇ ਮਹਿਲਾਂ ਨੇੜੇ, ਕੰਬਦੀਆਂ ਪਾਲ਼ੇ ਵਿੱਚ ਝੁੱਗੀਆਂ। ਆਲ੍ਹਣਿਆਂ ਬਿਨ ਟਾਹਣੀ ਉੱਤੇ ਕੱਕਰੀ ਰਾਤੇ ਹਰੀਅਲ ਏਦਾਂ, ਖੰਭਾਂ ਦੀ ਬੁੱਕਲ ਵਿੱਚ ਅਗਨੀ ਸਾਂਭਦੀਆਂ ਨੇ ਜੀਕੂੰ ਘੁੱਗੀਆਂ।
ਸੋਚ ਸਮੁੰਦਰ ਦੇ ਵਿੱਚ ਡੁੱਬੀ
ਸੋਚ ਸਮੁੰਦਰ ਦੇ ਵਿੱਚ ਡੁੱਬੀ, ਚਿੜੀ ਵਿਚਾਰੀ ਸੋਚੇ। ਧਰਤੀ ਦਾ ਹਰ ਬੰਦਾ ਸ਼ਿਕਰਾ, ਕਿਉਂ ਮੇਰੇ ਪਰ ਨੋਚੇ। ਧਰਤ, ਅਕਾਸ਼,ਬਗੀਚੇ, ਫ਼ਲ,ਫੁੱਲ,ਸਭ ਰੰਗ ਬੜੇ ਜ਼ਰੂਰੀ, ਇਹ ਸਾਰਾ ਕੁਝ ਜਾਣਾਂ ਮਾਣਾਂ, ਮੇਰਾ ਦਿਲ ਵੀ ਲੋਚੇ।
ਬੈਠ ਕਬੂਤਰ ਕਰੇ ਗੁਟਰਗੂੰ
ਬੈਠ ਕਬੂਤਰ ਕਰੇ ਗੁਟਰਗੂੰ ਗਲ਼ ਵਿੱਚ ਕਾਲੀ ਗਾਨੀ। ਘੁੱਗੀਆਂ ਨਾਲ ਤੁਰਦਿਆਂ ਵੇਖੋ, ਤੋਰ ਤੁਰੇ ਮਸਤਾਨੀ। ਇਹ ਵੀ ਉਸ ਕਰਤਾਰ ਸਿਰਜਿਆ ਜਿਸ ਨੂੰ ਤੂੰ ਮੈਂ ਸਾਰੇ, ਪਰ ਇਹ ਭੋਲ਼ਾ ਫਸ ਜਾਂਦਾ ਹੈ, ਵੇਖ ਜਾਲ ਸੁਲਤਾਨੀ।
ਮਨ ਮੌਸਮ ਕਿੰਨਾ ਬਦਲ ਗਿਆ
ਮਨ ਮੌਸਮ ਕਿੰਨਾ ਬਦਲ ਗਿਆ, ਪੱਤੇ ਵੀ ਪਰਿੰਦੇ ਲੱਗਦੇ ਨੇ। ਸੂਰਜ ਦਾ ਚਾਨਣ ਅੰਗ ਸੰਗ ਹੈ ਪੱਤਰ ਵੀ ਸੂਹੇ ਦਗਦੇ ਨੇ। ਧੁੱਪ ਛਾਂ ਤਾਂ ਖੇਡ ਖਿਡਾਵੀਆਂ ਨੇ, ਹਰ ਪੱਤੇ, ਬੂਟੇ, ਟਾਹਣ ਲਈ, ਜੇ ਤਾਰ ਜੁੜੇ ਬਲਿਹਾਰ ਨਾਲ ਤਾਂ ਮਨ ਵਿੱਚ ਦੀਵੇ ਜਗਦੇ ਨੇ।
ਸੁਣੋ ਸੁਣੋ ਕੀ ਕਹਿੰਦੀ ਤਿੱਤਲੀ, ਫੁੱਲ ਦੇ ਕੰਨਾਂ ਅੰਦਰ। ਤੂੰ ਹੀ ਮੇਰਾ ਇਸ਼ਟ ਪੁਰਾਣਾ, ਤੂੰ ਹੀ ਮਸਜਿਦ ਮੰਦਰ। ਖਿੜਨਾ ਖਿੜ ਕੇ ਖੇੜਾ ਵੰਡਣਾ, ਭਰਨੇ ਰੰਗ ਚੁਫ਼ੇਰੇ, ਤੇਰੀ ਮੇਰੀ ਪ੍ਰੀਤ ਪਕੇਰੀ ਕਿਹੜਾ ਲਾਵੇ ਜੰਦਰ।
ਕੁਦਰਤ ਦੀ ਹੈ ਵੱਖ ਹਕੂਮਤ
ਕੁਦਰਤ ਦੀ ਹੈ ਵੱਖ ਹਕੂਮਤ, ਮੰਨਦੇ ਕੀਟ ਪਤੰਗੇ। ਬੰਦਿਆਂ ਦੀ ਅਣਗਹਿਲੀ ਤਾਹੀਂਉਂ, ਫ਼ਿਕਰਾਂ ਸੂਲੀ ਟੰਗੇ। ਸੱਜਾ ਹੱਥ ਅੱਜ ਖੱਬਿਉਂ ਡਰਦਾ, ਮਿਲਣੋਂ ਹੈ ਇਨਕਾਰੀ, ਜੋ ਪਹਿਲਾਂ ਹੀ ਸੰਭਲ਼ ਤੁਰਦੇ, ਉਹ ਹੀ ਰਹਿੰਦੇ ਚੰਗੇ।
ਪੱਤੇ ਨਾ ਇਹ ਲੱਗਦੈ ਮੈਨੂੰ
ਪੱਤੇ ਨਾ ਇਹ ਲੱਗਦੈ ਮੈਨੂੰ ਕੂੰਜੜੀਆਂ ਤਿਰਹਾਈਆਂ। ਸਫ਼ਰ ਹਜ਼ਾਰਾਂ ਮੀਲਾਂ ਕਰਕੇ ਦੂਰ ਦੇਸ ਤੋਂ ਆਈਆਂ। ਸਾਕ ਤਾਂ ਨਿਭਦੇ ਮਿਲਿਆਂ ਗਿਲਿਆਂ, ਇਹ ਚੇਤੇ ਕਰਵਾਵਣ, ਬਹਿ ਜਾ, ਸੁਣ ਤੇ ਦਿਲ ਦੀ ਕਹਿ ਜਾ ਖ਼ੁਸ਼ੀਆਂ ਹੋਣ ਸਵਾਈਆਂ।
ਆ ਨੀ ਤਿਤਲੀਏ ਰਸ ਰੰਗ ਲੈ ਜਾ
ਆ ਨੀ ਤਿਤਲੀਏ ਰਸ ਰੰਗ ਲੈ ਜਾ, ਬਹੁਤ ਉਡੀਕ ਕਰਾਈ। ਰੁੱਤ ਬਸੰਤ ਮਿਲਾਪਾਂ ਵਾਲੀ, ਸਾਡੇ ਖ਼ਾਤਰ ਆਈ। ਦੇ ਜਾ ਕੁਝ, ਮੈਥੋਂ ਕੁਝ ਲੈ ਜਾ ਦੂਰ ਬੈਠਿਆਂ ਵੰਡ ਦੇ, ਦਿਲ ਮਿਲਿਆਂ ਦੇ ਮੇਲੇ ਹੋਵਣ, ਰੌਣਕ ਬਣੇ ਸਵਾਈ।
ਟੁੱਟਿਆ ਖੰਭ ਗੁਆ ਕੇ ਪੰਛੀ
ਟੁੱਟਿਆ ਖੰਭ ਗੁਆ ਕੇ ਪੰਛੀ ਛੱਡਦਾ ਨਹੀਂ ਉਡਾਰੀ। ਭਾਰ ਨ ਚੁੱਕੇ ਪਛਤਾਵੇ ਦਾ, ਜਿਸ ਪਰਵਾਜ਼ ਪਿਆਰੀ। ਧਰਮ ਆਕਾਸ਼ ਬਰਾਬਰ ਦੋਵੇਂ ਜਿਹੜੇ ਦਾਈਏ ਬੰਨ੍ਹਣ, ਉੱਡਦਾ ਹੈ ਵਿਸ਼ਵਾਸ ਹਮੇਸ਼ਾਂ ਕਰਕੇ ਪੈਣ ਸਵਾਰੀ।
ਖੇਡ ਰਹੀ ਫੁੱਲਾਂ ਤੇ ਕਾਟੋ
ਖੇਡ ਰਹੀ ਫੁੱਲਾਂ ਤੇ ਕਾਟੋ, ਪਤਾ ਨਹੀਂ ਕੀ ਖਾਵੇ। ਸਮਝ ਨਾ ਆਵੇ, ਤੁਕ ਤੁਕ ਤੁਕ ਕਿਹੜਾ ਗੀਤ ਸੁਣਾਵੇ । ਰਹੇ ਕਚੂਰ ਮਖ਼ਮਲੀ ਘਾਹ ਤੇ ਵਿਛੀ ਵੇਖ ਫੁਲਕਾਰੀ, ਇੰਜ ਲੱਗਦੈ, ਬਲਿਹਾਰੀ ਦੇ ਹੀ ਬੈਠੀ ਸੋਹਿਲੇ ਗਾਵੇ।
ਅੱਗ ਨਾਲ ਖੇਡੀਏ
ਅੱਗ ਨਾਲ ਖੇਡੀਏ ਅੰਗਾਰਾਂ ਨਾਲ ਖੇਡੀਏ । ਆ ਜਾ ਕਦੇ ਸੋਹਣਿਆ, ਵਿਚਾਰਾਂ ਨਾਲ ਖੇਡੀਏ । ਤੈਨੂੰ ਮੈਨੂੰ ਰੋਕਦੀਆਂ, ਨਜ਼ਰਾਂ ਮਿਲਾਉਣ ਤੋਂ, ਕਾਹਨੂੰ ਸੜ ਜਾਣੀਆਂ ਦੀਵਾਰਾਂ ਨਾਲ ਖੇਡੀਏ |
ਜ਼ਿੰਦਗੀ ਭਾਵੇਂ ਨਾਟਕ ਵਰਗੀ
ਜ਼ਿੰਦਗੀ ਭਾਵੇਂ ਨਾਟਕ ਵਰਗੀ, ਪਰ ਨਾਟਕ ਜੀਵਨ ਨਹੀਂ ਬਣਦਾ। ਬੰਦਾ ਭਾਵੇਂ ਦਿੱਲੀ ਦੱਖਣ, ਤੁਰਿਆ ਫਿਰਦਾ ਤਾਣੇ ਤਣਦਾ। ਦਰਿਆ ਤੋਂ ਜੇ ਸਿੱਖ ਲਏ ਤੁਰਨਾ, ਤੋਰ ਮਟਕਣੀ ਸਹਿਜ ਸੁਭਾਈ, ਮਾਣ ਲਵੇ ਵਿਸਮਾਦ ਅਮੁੱਲਾ, ਸਗਲ ਸ੍ਰਿਸ਼ਟੀ ਦੇ ਕਣ ਕਣ ਦਾ।
ਪੌਣਾਂ ਵਿੱਚ ਖ਼ੁਸ਼ਬੋ ਬਣਿਆ ਹੈ
ਪੌਣਾਂ ਵਿੱਚ ਖ਼ੁਸ਼ਬੋ ਬਣਿਆ ਹੈ, ਤਨ ਤੇ ਮਨ ਦਾ ਇੱਕ ਸਿਰਨਾਵਾਂ। ਸਦੀਆ ਤੀਕ ਮਿਸਾਲ ਬਣੇ ਇਹ ਮੇਰੀ ਰੂਹ ਅੱਜ ਕਰੇ ਦੁਆਵਾਂ। ਧਰਤੀ ਅੰਬਰ ਵਜਦ- ਗੜੁੱਚਾ, ਬਿਰਖ਼ ਬਰੂਟੇ ਦੇਣ ਗਵਾਹੀ, ਬਣ ਕਸਤੂਰੀ ਮਹਿਕੇ ਉਮਰਾਂ, ਗੁਰ ਘਰ ਲਈਆਂ ਚਾਰੇ ਲਾਵਾਂ।
ਪੁੱਤਰ ਸ਼ਕਤੀ ਘਰ ਦੀ ਹੁੰਦੇ
ਪੁੱਤਰ ਸ਼ਕਤੀ ਘਰ ਦੀ ਹੁੰਦੇ, ਧੀਆਂ ਤਾਂ ਸੱਚਮੁੱਚ ਨੇ ਗਹਿਣਾ। ਧਰਤੀ ਜੇਡਾ ਜਿਗਰਾ ਰੱਖਣ, ਸਬਰ ਸਿਦਕ ਵਿੱਚ ਹਰ ਪਲ ਰਹਿਣਾ। ਨਿੱਕੀ ਜਹੀ ਅਸੀਸ ਨੀ ਧੀਏ, ਤੈਨੂੰ ਸੋਹਣੇ ਰੱਬ ਦੀਆਂ ਰੱਖਾਂ, ਰਹਿਮਤਾਂ ਨਾਲ ਭਰੇਂ ਤੂੰ ਝੋਲੀ, ਦਾਦਾ ਦਾਦੀ ਸਭ ਦਾ ਕਹਿਣਾ।
ਕਦੇ ਅਜਾਈਂ ਜਾਂਦੀ ਨਹੀਉਂ
ਕਦੇ ਅਜਾਈਂ ਜਾਂਦੀ ਨਹੀਉਂ, ਮੋਹਵੰਤੀ ਅਰਦਾਸ ਕਦੇ ਵੀ। ਬੰਦੇ ਵਿੱਚ ਬੰਦੇ ਦਾ ਏਦਾਂ , ਟੁੱਟੇ ਨਾ ਵਿਸ਼ਵਾਸ ਕਦੇ ਵੀ। ਨਫ਼ਰਤ ਦੀ ਧੂਣੀ ਦਾ ਧੁਖਣਾ, ਤਨ ਮਨ ਦੋਵੇਂ ਰਾਖ਼ ਬਣਾਵੇ, ਕੋਸ਼ਿਸ਼ ਕਰਿਉ, ਬੋਲ ਤੁਹਾਡੇ, ਬਣਨ ਨਾ ਰੂਹ ਤੇ ਲਾਸ ਕਦੇ ਵੀ।
ਜੇ ਚਾਹੇਂ ਕਿ ਨੀਂਦ ਨਾ ਆਵੇ
ਜੇ ਚਾਹੇਂ ਕਿ ਨੀਂਦ ਨਾ ਆਵੇ, ਰਸਤੇ ਬਦਲ ਬਦਲ ਕੇ ਤੁਰਨਾ। ਪੈਰੀਂ ਪੈਂਡਾ ਜੇ ਚੜ੍ਹ ਜਾਵੇ, ਮਨ ਤੋਂ ਦੂਰ ਖਲੋਵੇ ਫੁਰਨਾ। ਬ੍ਰਹਿਮੰਡ ਸਗਲਾ, ਧਰਤੀ ਅੰਬਰ, ਵਣ ਤ੍ਰਿਣ ਸਿੰਜਦੇ ਨਦੀਆਂ ਨਾਲ਼ੇ, ਤੇਰੀ ਬੁੱਕਲ ਕਿੰਨੀ ਵੱਡੀ, ਬੈਠਾ ਐਵੇਂ ਬੰਦਿਆ ਝੁਰ ਨਾ।
ਸਬਰ ਸਿਦਕ ਸੰਤੋਖ ਸਮਰਪਣ
ਸਬਰ ਸਿਦਕ ਸੰਤੋਖ ਸਮਰਪਣ, ਸੁਹਜ ਸਲੀਕਾ ਸ਼ਾਮਿਲ ਕਰ ਦੇ । ਮਹਿੰਗੇ ਮੁੱਲ ਦੇ ਮਾਣਕ-ਮੋਤੀ, ਭਰ ਭਰ ਮੁੱਠੀਆਂ ਝੋਲੀ ਭਰ ਦੇ । ਬਹੁਤ ਦਿਨਾਂ ਤੋਂ ਗੱਲ ਨਹੀਂ ਹੋਈ, ਨਬਜ਼ ਖਲੋਤੀ ਹੋਵੇ ਜੀਕਣ, ਮਿੱਟੀ ਦਾ ਬੁੱਤ ਬੋਲਣ ਲਾ ਦੇ, ਮਾਰ ਆਵਾਜ਼ ਜਿਉਂਦਾ ਕਰ ਦੇ।
ਬਿਨ ਮਿਲਿਆਂ ਤੂੰ ਮੇਰੇ ਦਿਲ ਦੀ
ਬਿਨ ਮਿਲਿਆਂ ਤੂੰ ਮੇਰੇ ਦਿਲ ਦੀ, ਬਾਤ ਕਿਸ ਤਰ੍ਹਾਂ ਕਹਿ ਜਾਂਦਾ ਏਂ? ਰੂਹ ਦੇ ਧੁਰ ਅੰਦਰ ਬਿਨ ਪੌੜੀ, ਦੱਸੀਂ ਕਿੱਸਰਾਂ ਲਹਿ ਜਾਂਦਾ ਏਂ? ਸੁਪਨੇ ਅੰਦਰ ਦਸਤਕ ਦੇ ਕੇ, ਉਹਨੀਂ ਪੈਰੀਂ ਮੁੜ ਹੈਂ ਜਾਂਦਾ, ਓਸੇ ਨਾਲ ਗੁਫ਼ਤਗੂ ਮੇਰੀ, ਜਿੰਨਾ ਪਿੱਛੇ ਰਹਿ ਜਾਂਦਾ ਏਂ।
ਵਗਦੇ ਦਰਿਆ ਦੇ ਵਿੱਚ ਸੂਰਜ
ਵਗਦੇ ਦਰਿਆ ਦੇ ਵਿੱਚ ਸੂਰਜ, ਸਣ ਕੇਸੀਂ ਇਸ਼ਨਾਨ ਕਰੇਗਾ। ਮਗਰੋਂ ਸਾਰਾ ਦਿਨ ਇਹ ਸਾਨੂੰ ਸੁੱਚੀਆਂ ਕਿਰਨਾਂ ਦਾਨ ਕਰੇਗਾ। ਮਾਂਗ ਸੰਧੂਰੀ ਕਰਕੇ ਝੋਲ਼ੀ, ਫ਼ਲ , ਫੁੱਲ, ਦਾਣਿਆਂ ਨਾਲ ਭਰੇਗੀ, ਧਰਤਿ ਸੁਹਾਗਣ ਵਾਂਗ ਸਜੇਗੀ ਜਦ ਵੀ ਏਧਰ ਧਿਆਨ ਕਰੇਗਾ।
ਸ਼ਹਿਰਾਂ ਦੀ ਕਰਤੂਤ ਵੇਖ ਲਉ
ਸ਼ਹਿਰਾਂ ਦੀ ਕਰਤੂਤ ਵੇਖ ਲਉ। ਧੂੰਆਂ ਧਾਰ ਸਬੂਤ ਵੇਖ ਲਉ। ਘਰ ਨਹੀਂ, ਸਿਰਫ਼ ਮਕਾਨ ਖੜ੍ਹੇ ਨੇ, ਬੰਦਿਆਂ ਜਹੇ ਕਲਬੂਤ ਵੇਖ ਲਉ।
ਲਾਰੇ ਤੇ ਗੁਬਾਰੇ
ਲਾਰਿਆਂ ਤੇ ਗੁਬਾਰਿਆਂ ਵਿੱਚ ਬਹੁਤਾ ਲੰਮਾ ਚੌੜਾ ਫ਼ਰਕ ਨਹੀਂ ਹੁੰਦਾ। ਦੋਹਾਂ ਨੂੰ ਵਣਜਾਰਾ ਵੇਚਦੈ। ਸਿਆਸਤਦਾਨ ਵੋਟਾਂ ਦੇ ਵਣਜ ਲਈ ਲਾਰੇ ਵੇਚਦਾ ਹੈ ਨਾਅਰਿਆਂ ਦੀ ਸ਼ਕਲ ਵਿੱਚ ਤੇਜ਼ ਤਰਾਰ ਸ਼ਾਤਰ ਸਿਆਸਤਦਾਨ ਲਾਰੇ ਵੇਚ ਕੇ ਰਾਹ ਪੈਂਦਾ ਹੈ। ਪੰਜ ਸਾਲ ਮਗਰੋਂ ਨਵੀਂ ਧਰਤੀ ਲੱਭ ਲੈਂਦਾ ਨਵੇਂ ਸ਼ਿਕਾਰ ਲਈ। ਪਰ ਵਣਜਾਰਾ ਗੁਬਾਰੇ ਵੇਚਦਾ ਹੈ ਸਿਰਫ਼ ਆਪਣੇ ਸੱਖਣੇ ਪੇਟ ਲਈ। ਉਸ ਦੇ ਗੁਬਾਰਿਆਂ ਤੋਂ ਆਟਾ ਦਾਲ ਬਣਦਾ ਤੇਲ ਦੀ ਕੁੱਪੀ ਭਰਦੀ ਠੰਢਾ ਚੁੱਲ੍ਹਾ ਤਪਦਾ ਦੋ ਡੰਗ। ਬਾਲ ਵਰਚਦੇ ਰੰਗਲੇ ਸੁਪਨਿਆਂ ਨਾਲ। ਲਾਰਿਆਂ ਵਾਂਗ ਗੁਬਾਰਿਆਂ ਦੀ ਉਮਰ ਬਹੁਤ ਨਿੱਕੀ। ਕੁਝ ਦਿਨ ਹੀ ਕੱਢਦੇ। ਉੱਚੀ ਹਵਾ ਵਿੱਚ ਉੱਡਦੇ ਉਡਾਉਂਦੇ ਰੰਗੀਲ ਸੁਪਨ ਵਿਖਾਉਂਦੇ। ਫਟ ਜਾਂਦੇ ਤਾਂ ਧਰਤੀ ਤੇ ਆਣ ਡਿੱਗਦੇ। ਰੰਗਲੇ ਗੁਬਾਰਿਆਂ ਦੇ ਟੁਕੜੇ ਚਿੜੀਆਂ ਜਨੌਰ ਚੋਗਾ ਸਮਝ ਚੁਗਦੇ। ਸੰਘ ਵਿੱਚ ਫਸ ਜਾਂਦੀਆਂ ਗੁਬਾਰੇ ਦੀਆਂ ਲੀਰਾਂ। ਮਰ ਮੁੱਕ ਜਾਂਦੇ ਉੱਡਣਹਾਰ ਪਰਿੰਦੇ। ਲਾਰੇ ਚੁਗਦੇ ਗਰੀਬ ਗੁਰਬੇ ਜਾਲ ਵਿੱਚ ਖਿੱਲਰੀ ਚੋਗ ਚੁਗਦੇ ਨਾ ਜਿਉਂਦੇ ਨਾ ਮਰਦੇ ਸਿਰਫ਼ ਸਹਿਕਦੇ ਸਾਹ ਵਰੋਲਦੇ। ਲਾਰਿਆਂ ਤੇ ਗੁਬਾਰਿਆਂ ਦੀ ਉਮਰ ਇੱਕੋ ਜਹੀ ਕੁਝ ਕੁ ਦਿਨ। ਪਰ ਫਿਰ ਵੀ ਵੇਖ ਲਵੋ ਅਣਭੋਲ ਬੱਚੇ ਸਾਦ ਮੁਰਾਦੇ ਲੋਕ ਤੇ ਭੋਲ਼ੇ ਪੰਛੀ ਲਗਾਤਾਰ ਖ਼ਰੀਦੀ ਜਾਂਦੇ ਹਨ ਲਾਰੇ ਤੇ ਗੁਬਾਰੇ।
ਨੇਤਰਹੀਣਾਂ ਦੀ ਬਸਤੀ ਵਿੱਚ
ਨੇਤਰਹੀਣਾਂ ਦੀ ਬਸਤੀ ਵਿੱਚ ਅੰਨ੍ਹਿਆਂ ਵਾਂਗ ਪਵੇਗਾ ਰਹਿਣਾ। ਆਪਣੀ ਜਗਦੀ ਜੋਤ ਕਦੇ ਵੀ ਇਸ ਨਗਰੀ ਵਿੱਚ ਦੱਸ ਨਾ ਬਹਿਣਾ। ਦੋਵੇਂ ਅੱਖਾਂ ਨੋਚ ਲੈਣਗੇ, ‘ਨੇਰ੍ਹ ਨਗਰ ਦੇ ਚੌਪਟ ਰਾਜੇ, ਸਾਵਧਾਨ ਜੀ! ਅੱਖੀਆਂ ਵਾਲਿਉ, ਮੈਨੂੰ ਫਿਰ ਮਗਰੋਂ ਨਾ ਕਹਿਣਾ।
ਰਾਹ ਕੰਡਿਆਲੇ ਮੱਲਣ ਦਾ ਫ਼ਲ
ਰਾਹ ਕੰਡਿਆਲੇ ਮੱਲਣ ਦਾ ਫ਼ਲ, ਦਰਦ ਪਿਆਲੇ ਭਰ ਜਾਂਦੇ ਨੇ। ਦਰਦ ਪਿਆਲੇ ਮੱਥਿਆਂ ਅੰਦਰ ਸਬਕ ਸਦੀਵੀ ਧਰ ਜਾਂਦੇ ਨੇ। ਸਬਕ-ਸਦੀਵੀ ਕਦਮ ਕਦਮ ਤੇ ਹਿੰਮਤ ਬਣ ਅਗਵਾਈ ਕਰਦੇ, ਹਿੰਮਤੀ ਬੰਦੇ ਕਿਸ ਤੋਂ ਰੁਕਦੇ,ਹਰ ਮੰਜ਼ਿਲ ਨੂੰ ਵਰ ਜਾਂਦੇ ਨੇ।
ਆ ਜਾ ਮਿਲੀਏ ਇੱਕ ਦੂਜੇ ਨੂੰ
ਆ ਜਾ ਮਿਲੀਏ ਇੱਕ ਦੂਜੇ ਨੂੰ, ਵਿੱਛੜਿਆਂ ਨੂੰ ਜੁੱਗੜੇ ਬੀਤੇ। ਵਕਤ ਬੜੀ ਬੇਰਹਿਮੀ ਵਰਤੀ, ਸਾਡੇ ਦੋਹਾਂ ਦੇ ਬੁੱਲ੍ਹ ਸੀਤੇ। ਧਰਤੀ ਤੌਰ ਤਰੀਕਾ ਦੱਸਿਆ, ਚੁੱਪ ਨਾ ਬੈਠੋ, ਫੁੱਲ ਬਣ ਜਾਉ, ਸਾਰੇ ਕੌਲ ਨਿਭਾਈਏ ਆਪਾਂ, ਪਿਲਕਣ ਛਾਵੇਂ ਜੋ ਸੀ ਕੀਤੇ।
ਤੁਰ ਪਉ ਮਿੱਤਰਾ, ਹਿੰਮਤ ਕਰਕੇ
ਤੁਰ ਪਉ ਮਿੱਤਰਾ, ਹਿੰਮਤ ਕਰਕੇ, ਤੈਨੂੰ ਸਫ਼ਰ ਉਡੀਕ ਰਿਹਾ ਹੈ। ਢੇਰੀ ਢਾਹੁਣਾ ਮੌਤ ਬਰਾਬਰ, ਵਕਤ ਚਿਰੋਕਣਾ ਚੀਕ ਰਿਹਾ ਹੈ। ਰਾਹ ਵਿੱਚ ਬਿਰਖ਼ ਇਕੱਲਾ ਤਣਿਆ, ਝੱਖੜ ਤੋਂ ਇਹ ਨਾ ਘਬਰਾਵੇ , ਵਕਤ ਦੇ ਕੋਰੇ ਸਫ਼ਿਆਂ ਉੱਤੇ, ਕਿੰਨੇ ਸਬਕ ਉਲੀਕ ਰਿਹਾ ਹੈ।
ਕਿੱਧਰ ਚੱਲੇ ਬਿਨ ਅਸਵਾਰੋਂ
ਕਿੱਧਰ ਚੱਲੇ ਬਿਨ ਅਸਵਾਰੋਂ, ਘੋੜੇ ਸਰਪਟ ਭੱਜ ਰਹੇ ਨੇ। ਹਿਣਕ ਰਹੇ ਨੇ, ਬੇ ਮਤਲਬ ਹੀ, ਸੁੱਕੇ ਬੱਦਲ ਗੱਜ ਰਹੇ ਨੇ। ਨਿਸ਼ਚੇ ਬਾਝੋਂ, ਕੀ ਲੱਭਣਾ ਹੈ, ਜੇ ਮੰਜ਼ਿਲ ਦਾ ਪਤਾ ਨਾ ਪੱਲੇ, ਵੇਖ ਰਿਹਾਂ ਹਾਂ ਦੌੜਾਕ ਦੌੜਦੇ, ਆਪਸ ਦੇ ਵਿੱਚ ਵੱਜ ਰਹੇ ਨੇ।
ਮਨ ਵਿੱਚ ਲਗਨ ਸਲਾਮਤ ਰੱਖ ਤੂੰ
ਮਨ ਵਿੱਚ ਲਗਨ ਸਲਾਮਤ ਰੱਖ ਤੂੰ, ਅੱਜ ਵੀ ਤੇਰਾ ਕੱਲ੍ਹ ਵੀ ਤੇਰਾ। ਏਸ ਅਗਨਿ ਹੀ ਸਦਾ ਚੀਰਿਆ, ਕਾਲਖ਼ ਵਾਲਾ ਸੰਘਣਾ ਘੇਰਾ। ਜੇਕਰ ਢੇਰੀ ਢਾਹ ਕੇ ਬਹਿ ਗਿਆ,ਦਮ ਉੱਖੜੇਗਾ, ਫਿਰ ਨਾ ਝੂਰੀ, ਖਾਂਦਾ ਖਾਂਦਾ ਖਾ ਜਾਵੇਗਾ ,ਤੈਨੂੰ ਏਦਾਂ ਗੂੜ੍ਹ ਹਨ੍ਹੇਰਾ।
ਪਾਰ ਲੰਘਾਵੇਗਾ ਹੁਣ ਕਿਹੜਾ
ਪਾਰ ਲੰਘਾਵੇਗਾ ਹੁਣ ਕਿਹੜਾ, ਬੇੜੀ ਵਿੱਚ ਮਲਾਹ ਨਹੀਂ ਦਿਸਦਾ। ਤਰ ਕੇ ਪਾਰ ਕਰਾਂ ਮੈਂ ਆਪੇ, ਏਨਾ ਪੱਕਾ ਸਾਹ ਨਹੀਂ ਦਿਸਦਾ। ਕੰਢੇ ਬਹਿ ਕੇ ਸੋਚ ਰਿਹਾਂ ਮੈਂ,ਪਰਤਾਂ ਜਾਂ ਫਿਰ ਹੋਰ ਉਡੀਕਾਂ, ਦੂਰ ਦੂਰ ਤੱਕ ਨਜ਼ਰ ਘੁੰਮਾਵਾਂ, ਆਉਂਦਾ ਬੇ ਪ੍ਰਵਾਹ ਨਹੀਂ ਦਿਸਦਾ।
ਨਜ਼ਰ ਟਿਕਾ ਜੇ ਵੇਖ ਲਵੇਂ ਤੂੰ
ਨਜ਼ਰ ਟਿਕਾ ਜੇ ਵੇਖ ਲਵੇਂ ਤੂੰ, ਕਤਰੇ ਵਿੱਚ ਦਰਿਆ ਦਾ ਵਾਸਾ। ਏਸ ਤਰ੍ਹਾਂ ਹੀ ਭਰ ਜਾਵੇਗਾ ਤੇਰੇ ਮਨ ਦਾ ਖ਼ਾਲੀ ਕਾਸਾ। ਵਗਦੇ ਪਾਣੀ ਕੰਢੇ ਬਰਿ ਕੇ,ਵੇਖ ਕਿਵੇਂ ਜਲ-ਕਲਵਲ ਖੇਡੇ, ਬਿੰਦੂ ਵਿੱਚ ਬ੍ਰਹਿਮੰਡ ਸਮਾਇਆ, ਵੇਖ ਕਦੇ ਤੂੰ ਇਹ ਵੀ ਪਾਸਾ।
ਸੂਰਜ ਦੀ ਸੁਣੋ
ਸਾਗਰ ਨੂੰ ਇਹ ਵਹਿਮ ਬੜਾ ਹੈ, ਨਦੀਆਂ ਨੂੰ ਮੈਂ ਪੀ ਜਾਵਾਂਗਾ, ਦਰਿਆਵਾਂ ਨੂੰ ਖਾ ਜਾਵਾਂਗਾ। ਪਰ ਨਾ ਭੁੱਲੇ ਤਲਖ਼ ਸਮੁੰਦਰ, ਸਿਰ ਤੇ ਸੂਰਜ ਅੱਗ ਦਾ ਗੋਲ਼ਾ, ਤੇਰੇ ਵਿੱਚੋਂ ਕੱਢ ਕੇ ਸਾਨੂੰ, ਭਾਫ਼ ਬਣਾ ਕੇ ਲੈ ਜਾਵੇਗਾ। ਮਗਰੋਂ ਦੱਸ ਫਿਰ ਤੇਰੇ ਪੱਲੇ, ਬਿਨ ਹੰਕਾਰ ਕੀ ਰਹਿ ਜਾਵੇਗਾ? ਸਾਨੂੰ ਪੀਣ ਦੇ ਭਰਮ ‘ਚ ਭੁੱਲਿਆ, ਤੇਰੀ ਤਹਿ ਵਿੱਚ ਕਿੰਨਾ ਕੁਝ ਹੈ, ਮਾਣਕ ਮੋਤੀ, ਰਤਨ ਜਵਾਹਰ ਤੇ ਮਹਿੰਗੇ ਬਹੁਤ ਅਨੰਤ ਪਦਾਰਥ, ਤੂੰ ਉਨ੍ਹਾਂ ਤੇ ਕਾਬਜ਼ ਹੋਇਆ। ਏਨੇ ਵੱਡੇ ਮਾਲ ਖ਼ਜ਼ਾਨੇ ਹੁੰਦਿਆਂ ਸੁੰਦਿਆ, ਤੂੰ ਹਾਲੇ ਭੁੱਖੇ ਦਾ ਭੁੱਖਾ, ਰੂਹ ਵੱਲੋਂ ਰੁੱਖੇ ਦਾ ਰੁੱਖਾ। ਏਸੇ ਕਰਕੇ ਤੇਰਾ ਪਾਣੀ ਤੁਪਕਾ ਵੀ ਨਾ ਪਿਆਸ ਦਾ ਹਾਣੀ। ਵੇਖਣ ਨੂੰ ਤੂੰ ਏਨਾ ਪਾਣੀ। ਬਣਿਆ ਫਿਰਦੈਂ ਵੱਡਾ ਸਾਰਾ। ਸਾਰਾ ਹੀ ਖ਼ਾਰੇ ਦਾ ਖ਼ਾਰਾ। ਧਰਤੀ ਬੋਲੀ, ਵੱਡਾ ਹੈਂ ਤੂੰ, ਪਰ ਆਪਣੀ ਔਕਾਤ ਚ ਰਹਿ ਤੂੰ, ਦੂਸਰਿਆਂ ਦੀ ਹਸਤੀ ਸਹਿ ਤੂੰ। ਮੈਂ ਖਾ ਜਾਊਂ, ਮੈਂ ਪੀ ਜਾਊਂ, ਇਹ ਬੋਲੀ ਹੰਕਾਰ ਦੀ ਬੋਲੀ। ਜਿਸ ਦੀ ਵੀ ਇਹ ਜੀਭ ਤੇ ਆਈ, ਉਸਦੀ ਇਹਨੇ ਹਸਤਿ ਮਿਟਾਈ। ਸਾਵਧਾਨ ! ਜਲਜੀਵ ਭੰਡਾਰੀ। ਸਾਗਰ ਬਣ ਕੇ , ਦਿਲ ਨੂੰ ਵੱਡਾ ਕਰਨਾ ਬਣਦਾ। ਰਲ਼ ਮਿਲ਼ ਜੀਣਾ, ‘ਕੱਠਿਆਂ ਮਰਨਾ। ਤਾਂ ਹੀ ਤੇਰਾ ਸਾਡਾ ਸਰਨਾ। ਸਭ ਦਾ ਆਪੋ ਆਪਣਾ ਘੇਰਾ। ਏਥੇ ਕੀਹ ਮੇਰਾ ਕੀਹ ਤੇਰਾ। ਵੱਡਾ ਹੈਂ ਤੂੰ, ਆਪਣੀ ਬੁੱਕਲ ਵੱਡੀ ਕਰ ਲੈ। ਰੂਹ ਵਾਲੀ ਸਰਦਾਰੀ ਦੇ ਸਿਰ ਆਪਣੇ ਸੰਗਲ ਖ਼ਜ਼ਾਨੇ ਭਰ ਲੈ। ਪਹਿਲਾਂ ਸੂਰਜ ਮੁਸਕਾਇਆ, ਫਿਰ ਖਿੜ ਖਿੜ ਹੱਸਿਆ, ਉਸ ਨੇ ਵਿਚਲਾ ਭੇਤ ਨਾ ਦੱਸਿਆ। ਜਾਪੇ ਏਦਾਂ ਆਖ ਰਿਹਾ ਸੀ। ਭਰਿਆ ਭਾਂਡਾ ਕਦੇ ਨਾ ਛਲਕੇ। ਸਦੀਆਂ ਤੋਂ ਵਰਤਾਰਾ ਏਹੀ, ਕਦੇ ਨਾ ਬਦਲੇ ਅੱਜ ਵੇਖੋ ਜਾਂ ਵੇਖੋ ਭਲ਼ਕੇ। ਮੇਰੇ ਪੱਲੇ ਕੁੱਲ ਵਕਤਾਂ ਦੀ ਸਭਨਾਂ ਨਾਲੋਂ ਬਹੁਤੀ ਅੱਗ ਹੈ। ਪਰ ਆਪੇ ਹੀ ਮੈਨੂੰ ਦੱਸੋ? ਕਿਸ ਵੇਖੀ ਮੇਰੇ ਮੂੰਹ ਦੇ ਅੰਦਰ ਕਹਿਰ ਘੁਮੰਡ ਦੀ ਜ਼ਹਿਰੀ ਝੱਗ ਹੈ। ਮੈਂ ਤਾਂ ਫਿਰ ਵੀ ਚੌਵੀ ਘੰਟੇ ਜਗਦਾ ਬੁਝਦਾ ਜਗਦਾ ਰਹਿੰਦਾਂ। ਬਣ ਕੇ ਨੂਰ ਸਗਲ ਬ੍ਰਹਿਮੰਡ ਤੇ, ਕਿਹਨਾਂ ਬਣ ਕੇ ਵਗਦਾ ਰਹਿੰਦਾਂ। ਮੈਂ ਤਾਂ ਭਾਈ ਏਦਾਂ ਕਰਦਾਂ। ਫੁੱਲਾਂ ਵਿੱਚ ਰੰਗ, ਮਹਿਕਾਂ ਭਰਦਾਂ। ਫ਼ਲਾਂ ਦੇ ਅੰਦਰ ਰੰਗ ਬਰੰਗੇ, ਵੰਨ ਸੁਵੰਨੇ ਰਸ ਰੰਗ ਭਰਦਾਂ। ਫ਼ਸਲਾਂ ਅੰਦਰ ਦੋਧੇ ਦਾਣੇ। ਪੱਕਣ ਤੇ ਕੁੱਲ ਆਲਮ ਖਾਣੇ। ਕੌੜੇ ਤੁੰਮੇ, ਜ਼ਹਿਰ ਬੂਟੀਆਂ ਵੀ ਮੈਂ ਪਾਲਾਂ। ਬਿਰਖ਼ ਬਰੂਟੇ ਨਿੱਕਿਉਂ ਵੱਡੇ ਮੈਂ ਹੀ ਕਰਦਾਂ। ਪੱਤਿਆਂ ਵਿੱਚ ਮੈਂ ਹੀ ਰੰਗ ਭਰਦਾਂ। ਧਰਤੀ- ਮਾਤ ਤੁਹਾਡੀ, ਮੇਰੀ ਪੱਕੀ ਸਾਥਣ। ਸ਼ਾਮ ਸਵੇਰੇ, ਸਿਖਰ ਦੁਪਹਿਰੇ, ਉੱਗਣ ਆਥਣ। ਸਰਦ ਸਿਆਲੇ ਨਿੱਘ ਬਣ ਜਾਨਾਂ। ਜੇਠ ਹਾੜ ਵਿੱਚ ਫ਼ਸਲ ਪਕਾਉਨਾਂ ਅੰਬੀਂ ਕੋਇਲ ਜਦੋਂ ਵੀ ਗਾਵੇ। ਮੈਂ ਅੰਬਾਂ ਵਿੱਚ ਰਸ ਬਣ ਜਾਨਾਂ। ਪੁੱਤਰ ਧੀਆਂ, ਸਭ ਜੀਆਂ ਨੂੰ, ਜੇਕਰ ਧਰਤੀ ਸਾਥ ਨਾ ਦੇਵੇ ਨਾ ਹਿੱਕੜੀ ਵਿੱਚ ਸਾਂਭੇ ਦਾਣੇ। ਬੀਜੋਂ ਕਿਵੇਂ ਬਣਨਗੇ ਦਾਣੇ। ਅਸੀਂ ਤੁਸੀਂ ਸਭ ਰਲ਼ ਮਿਲ਼ ਰਹੀਏ। ਸਭ ਦੀ ਸੁਣੀਏ ਸਭ ਨੂੰ ਕਹੀਏ। ਧਰਤੀ ਉੱਪਰ ਮਾਰ ਲਕੀਰਾਂ, ਵਤਨ ਬਣਾ ਕੇ , ਜਿੱਥੇ ਚਾਹੇ ਮਰਜ਼ੀ ਰਹੀਏ। ਖੁਰਲੀ ਬੱਧੇ ਡੰਗਰਾਂ ਵਾਂਗੂੰ, ਆਪਸ ਦੇ ਵਿੱਚ ਸਿੰਗ ਫਸਾ ਕੇ, ਆਪਣੀ ਹਉਮੈ, ਬਾਹੂ ਬਲ ਨੂੰ ਪਰਖਣ ਖਾਤਰ ਨਿਰਬਲ ਨਾਲ ਕਦੇ ਨਾ ਖਹੀਏ। ਹਲ਼ ਮਿਲ਼ ਤੁਰੀਏ, ਰਲ਼ ਮਿਲ਼ ਬਹੀਏ।
ਨਵਾਂ ਸਾਲ ੨੦੨੫ ਮੁਬਾਰਕ
ਨਵੇਂ ਸਾਲ ਦਿਆ ਸੂਰਜਾ ਤੂੰ ਚੱਜ ਦਾ ਚੜ੍ਹੀਂ। ਸਾਡੇ ਤਿੜਕੇ ਨਸੀਬਾਂ ਨੂੰ ਤੂੰ ਫਿਰ ਤੋਂ ਘੜੀਂ। ਫੁੱਲਾਂ ਕਲੀਆਂ 'ਚ ਰੰਗ ਨੌਜਵਾਨਾਂ 'ਚ ਉਮੰਗ। ਭਾਈਚਾਰੇ ਵਿਚ ਬਹਿਣ ਤੇ ਖਲੋਣ ਵਾਲਾ ਢੰਗ। ਸਾਡੇ ਨੇਤਰਾਂ 'ਚ ਏਹੋ ਜਿਹਾ ਚਾਨਣਾ ਭਰੀਂ। ਜਿਹੜੇ ਘਰਾਂ ਵਿਚ ਹਾਲੇ ਤੱਕ ਨ੍ਹੇਰ ਦਾ ਪਸਾਰ। ਉਨ੍ਹਾਂ ਵਿਹੜਿਆਂ 'ਚ ਆਪਣੀਆਂ ਕਿਰਨਾਂ ਖਿਲਾਰ। ਸਾਡੀ ਜ਼ਿੰਦਗੀ 'ਚ ਧੁੱਪ ਵਾਲਾ ਰੰਗ ਤੂੰ ਭਰੀਂ। ਸਾਡੇ ਪੈਰਾਂ 'ਚ ਬਿਆਈਆਂ ਸਾਡੇ ਹੱਥਾਂ ਉੱਤੇ ਛਾਲੇ। ਤੈਨੂੰ ਲੱਭਦੇ ਲਭਾਉਂਦਿਆਂ ਮੁਕਾਏ ਪੰਧ ਕਾਲੇ। ਸਾਡੇ ਖੰਭਾਂ ਵਿਚ ਉੱਚੀਆਂ ਉਡਾਰੀਆਂ ਭਰੀਂ। ਪਾਣੀ ਮੰਗਦੀ ਜ਼ਮੀਨ ਸਾਡੇ ਖੇਤ ਨੇ ਪਿਆਸੇ। ਸੁੱਕੇ ਬੁੱਲ੍ਹਾਂ ਉਤੇ ਮੋੜ ਦੇਵੀਂ ਖੁਸ਼ੀਆਂ ਤੇ ਹਾਸੇ। ਬਣ ਰਹਿਮਤਾਂ ਦਾ ਮੇਘਲਾ ਤੂੰ ਸਿਰ ਤੇ ਵਰ੍ਹੀਂ। ਐਵੇਂ ਲਾਲ ਪੀਲਾ ਹੋ ਕੇ ਤੂੰ ਵੀ ਲਾਈ ਜਾਵੇਂ ਤਾਣ। ਕਦੇ ਟੁੱਟਣਾ ਨਹੀਂ ਧਰਤੀ ਦੇ ਪੁੱਤਰਾਂ ਦਾ ਮਾਣ। ਰਹਿਣ ਹੱਸਦੇ ਤੇ ਵੱਸਦੇ ਇਹ ਆਪਣੇ ਘਰੀਂ। ਨਵੇਂ ਸਾਲ ਦਿਆ ਸੂਰਜਾ ਤੂੰ ਚੱਜ ਦਾ ਚੜ੍ਹੀਂ।
ਪੂਰੀ ਅਉਧ ਹੰਢਾਉਣ ਤੋਂ ਮਗਰੋਂ
ਪੂਰੀ ਅਉਧ ਹੰਢਾਉਣ ਤੋਂ ਮਗਰੋਂ, ਰੁੱਖ ਦੀ ਕੁੱਖ ਵਿੱਚ ਸੁਪਨਾ ਉੁੱਗਿਆ। ਵੇਖ ਲਵੋ ਹੁਣ ਕਿੱਡਾ ਵੱਡਾ, ਬੀਜ ਬਿਰਖ ਬਣ ਪੂਰਾ ਪੁੱਗਿਆ। ਕਿਉਂ ਬੰਦਿਆਂ ਨੂੰ ਮਾਰ ਵਗੀ ਹੈ, ਆਰੀਆਂ ਲੈ ਕੇ ਸੁਪਨੇ ਚੀਰਨ, ਬੋਹੜ, ਪਿਲਖਣਾਂ, ਪਿੱਪਲਾਂ ਤੀਕਰ , ਲਾਲਚੀਆਂ ਨੇ ਕੀ ਨਹੀਂ ਖੁੱਗਿਆ।
ਵਕਤ ਕਦੇ ਇੱਕਸਾਰ ਨਾ ਰਹਿੰਦਾ
ਵਕਤ ਕਦੇ ਇੱਕਸਾਰ ਨਾ ਰਹਿੰਦਾ, ਇਸ ਨੂੰ ਪੜ੍ਹਨਾ ਸਿੱਖੀਏ। ਸੂਰਜ ਕਿੰਜ ਸਿਖਰੋਂ ਹੈ ਲਹਿੰਦਾ, ਇਸ ਤੋਂ ਚੜ੍ਹਨਾ ਸਿੱਖੀਏ। ਕਦੇ ਕਿਸੇ ਨੂੰ ਤੁੱਛ ਨਾ ਸਮਝੋ, ਹਰ ਕਿਣਕੇ ਵਿੱਚ ਅਗਨੀ, ਦਿਲ -ਮੁੰਦਰੀ ਇਹ ਮਾਣਕ-ਮੋਤੀ, ਕਿੱਸਰਾਂ ਮੜ੍ਹਨਾ ਸਿੱਖੀਏ।
ਕੁਝ ਪਲ ਮਿਲਣਾ ਏਸ ਤਰ੍ਹਾਂ ਸੀ
ਕੁਝ ਪਲ ਮਿਲਣਾ ਏਸ ਤਰ੍ਹਾਂ ਸੀ, ਜਿਉਂ ਵੇਲਾਂ ਨੂੰ ਪਾਣੀ। ਰੂਹ ਦਾ ਬਾਗ ਬਗੀਚਾ ਖਿੜਿਆ, ਫੁੱਲ ਟਹਿਕੇ ਹਰ ਟਾਹਣੀ। ਏਸ ਤਰ੍ਹਾਂ ਦੀ ਮੁਲਾਕਾਤ ਵਿੱਚ ਜਿਸਮ ਕਦੇ ਨਹੀਂ ਆਉਂਦੇ, ਰੂਹ ਸੰਗ ਰੂਹ ਹੀ ਕਰੇ ਗੁਫ਼ਤਗੂ, ਮੈਂ ਇਹ ਸੰਗਤ ਮਾਣੀ।