Wasta e Mera : Shiv Kumar Batalvi

ਵਾਸਤਾ ਈ ਮੇਰਾ : ਸ਼ਿਵ ਕੁਮਾਰ ਬਟਾਲਵੀ

ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

ਕਾਲੇ ਕਾਲੇ ਬਾਗ਼ਾਂ ਵਿਚੋਂ
ਚੰਨਣ ਮੰਗਾਨੀ ਆਂ ਵੇ
ਦੇਨੀ ਆਂ ਮੈਂ ਚੌਕੀਆਂ ਘੜਾ
ਸੋਨੇ ਦਾ ਮੈਂ ਗੜਵਾ
ਤੇ ਗੰਗਾ ਜਲ ਦੇਨੀ ਆਂ ਵੇ
ਮਲ ਮਲ ਵਟਣਾ ਨਹਾ ।

ਸੂਹਾ ਰੰਗ ਆਥਣਾ
ਲਲਾਰਨਾਂ ਤੋਂ ਮੰਗ ਕੇ ਵੇ
ਦੇਨੀ ਆਂ ਮੈਂ ਚੀਰਾ ਵੀ ਰੰਗਾ
ਸ਼ੀਸ਼ਾ ਬਣ ਬਹਿਨੀ ਆਂ
ਮੈਂ ਤੇਰੇ ਸਾਹਵੇਂ ਢੋਲਣਾ ਵੇ
ਇਕ ਤੰਦ ਸੁਰਮੇ ਦੀ ਪਾ ।

ਨਿੱਤ ਤੇਰੇ ਬਿਰਹੇ ਨੂੰ
ਛਿਛੜੇ ਵੇ ਆਦਰਾਂ ਦੇ
ਹੁੰਦੇ ਨਹੀਓਂ ਸਾਡੇ ਤੋਂ ਖੁਆ
ਟੁੱਕ ਚੱਲੇ ਬੇਰੀਆਂ ਵੇ
ਰਾ-ਤੋਤੇ ਰੂਪ ਦੀਆਂ
ਮਾਲੀਆ ਵੇ ਆਣ ਕੇ ਉਡਾ ।

ਰੁੱਖਾਂ ਸੰਗ ਰੁੱਸ ਕੇ
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ
ਰੁੱਤਾਂ ਦਾ ਸਪੇਰਾ ਅੱਜ
ਭੌਰਿਆ ਦੀ ਜੀਭ ਉੱਤੇ
ਗਿਆ ਈ ਸਪੋਲੀਆ ਲੜਾ ।

ਥੱਕੀ ਥੱਕੀ ਯਾਦ ਤੇਰੀ
ਆਈ ਸਾਡੇ ਵਿਹੜੇ ਵੇ
ਦਿੱਤੇ ਅਸਾਂ ਪਲੰਘ ਵਿਛਾ
ਮਿੱਠੀ ਮਿੱਠੀ ਮਹਿਕ
ਚੰਬੇਲੀਆਂ ਦੀ ਪਹਿਰਾ ਦੇਂਦੀ
ਅੱਧੀ ਰਾਤੀਂ ਗਈ ਊ ਜਗਾ ।

ਮਾੜੀ ਮਾੜੀ ਹੋਵੇ ਵੇ
ਕਲੇਜੜੇ 'ਚ ਪੀੜ ਜੇਹੀ
ਠੰਡੀ ਠੰਡੀ ਵਗਦੀ ਊ ਵਾ
ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ
ਨ੍ਹਾਉਂਦੀ ਕੋਈ ਵੇਖ ਕੇ ਸ਼ੁਆ ।

ਪਿੰਡ ਦੀਆਂ ਢੱਕੀਆਂ 'ਤੇ
ਲੱਕ ਲੱਕ ਉੱਗਿਆ ਵੇ
ਪੀਲਾ ਪੀਲਾ ਕਿਰਨਾਂ ਦਾ ਘਾਹ
ਰੁਕ ਰੁਕ ਹੋਈਆਂ
ਤਰਕਾਲਾਂ ਸਾਨੂੰ ਚੰਨਣਾ ਵੇ
ਹੋਰ ਸਾਥੋਂ ਰੁਕਿਆ ਨਾ ਜਾ ।

ਖੇਡੇ ਤੇਰਾ ਦੁਖੜਾ
ਅੰਞਾਣਾ ਸਾਡੇ ਆਂਙਣੇ ਜੇ
ਦੇਨੀ ਆਂ ਤੜਾਗੀਆਂ ਬਣਾ
ਮਾਰ-ਮਾਰ ਅੱਡੀਆਂ
ਜੇ ਨੱਚੇ ਤੇਰੀ ਵੇਦਨਾ ਵੇ
ਦੇਨੀ ਆਂ ਮੈਂ ਝਾਂਜਰਾਂ ਘੜਾ ।

ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ
ਦਿਲ ਦਾ ਗਈ ਬੂਟੜਾ ਹਿਲਾ
ਥੱਕ ਗਈ ਚੁਬਾਰਿਆਂ 'ਤੇ
ਕੰਙਣੀ ਖਿਲਾਰਦੀ ਮੈਂ
ਬੈਠ ਗਈ ਊ ਝੰਗੀਆਂ 'ਚ ਜਾ ।

ਸੋਹਣਿਆਂ ਦੁਮੇਲਾਂ ਦੀ
ਬਲੌਰੀ ਜਿਹੀ ਅੱਖ ਉੱਤੇ
ਬੱਦਲਾਂ ਦਾ ਮਹਿਲ ਪੁਆ
ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ
ਤਾਰਿਆਂ ਦਾ ਮੋਤੀਆ ਲੁਆ ।

ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਆਪਣੇ ਮਨ ਨਾਲ ਗੱਲਾਂ.ਕਾਮ ਵੈਬਸਾਈਟ