Wazir Agha
ਵਜ਼ੀਰ ਆਗ਼ਾ

ਨਾਂ-ਵਜ਼ੀਰ ਆਗ਼ਾ, ਕਲਮੀ ਨਾਂ-ਵਜ਼ੀਰ ਆਗ਼ਾ,
ਜਨਮ ਸਥਾਨ-ਸਰਗੋਧਾ,
ਵਿਦਿਆ-ਬੀ. ਏ., ਕਿੱਤਾ-ਜ਼ਿਮੀਦਾਰਾ,
ਪਤਾ-57, ਸਿਵਲ ਲਾਇਨ, ਸਰਗੋਧਾ ।
ਛਪੀਆਂ ਕਿਤਾਬਾਂ-ਛੱਜ ਤਾਰਿਆਂ ਦਾ (ਪੰਜਾਬੀ ਸ਼ਾਇਰੀ), ਉਰਦੂ ਅਦਬ ਮੇਂ ਤਨਜ਼ੋ ਮਜ਼ਾਹ, ਨਜ਼ਮ ਜਦੀਦ ਕੀ ਕਰਵਟੇਂ, ਉਰਦੂ ਸ਼ਾਇਰੀ ਕਾ ਮਿਜ਼ਾਜ, ਤਨਕੀਦੋ ਅਹਿਤਸਾਬ, ਤਸੱਵਰਾਤੇ ਇਸ਼ਕ, ਨਵੇਂ ਤਨਾਜ਼ਰ ।

ਪੰਜਾਬੀ ਗ਼ਜ਼ਲਾਂ (ਛੱਜ ਤਾਰਿਆਂ ਦਾ 2000 ਵਿੱਚੋਂ) : ਵਜ਼ੀਰ ਆਗ਼ਾ

Punjabi Ghazlan (Chhajj Tarian Da 2000) : Wazir Agha



ਚੰਨ ਚੜ੍ਹਿਆਂ ਤੇ ਲੋਕ ਦੇ ਵਾਸੀ

ਚੰਨ ਚੜ੍ਹਿਆਂ ਤੇ ਲੋਕ ਦੇ ਵਾਸੀ ਵਲ-ਵਲ ਪੜ੍ਹਨ ਦੁਆਵਾਂ । ਸ਼ਾਲਾ! ਲੇਖ ਅਸਾਡੇ ਜਾਗਣ ਹੋਵਨ ਰੱਦ ਵਲਾਵਾਂ । ਬੱਦਲ ਆਵਣ, ਝੜੀਆਂ ਲੱਗਣ, ਹਰੀਆਂ ਹੋਵਣ ਬਾਰਾਂ, ਆਪਣੀ ਰੱਤ ਨਾਲ ਇਸ ਧਰਤੀ 'ਤੇ ਲਿੱਖਾਂ ਤੇਰਾ ਨਾਵਾਂ । ਸਭ ਮੈਨੂੰ 'ਰੁੱਖ' ਆਹੰਦੇ ਸਨ ਪਰ ਜੀਵੇਂ ਵੇਲਾ ਆਇਆ, ਲੋਕੀ ਸ਼ਾਲਾਂ ਕਹਿ ਕੇ ਲੈ ਗਏ ਮੇਰੀਆਂ ਠੰਢੀਆਂ ਛਾਵਾਂ । ਤੇਰੇ ਨਾਲ ਮਸਾਲਾਂ ਵਾਲੇ ਤੇਰੀਆਂ ਰਾਹਵਾਂ ਚਾਨਣ, ਰਾਤ ਹਨੇਰੀ ਕੱਖ ਨਾ ਦਿੱਸੇ ਮੈਂ ਕਿਸ ਪਾਸੇ ਜਾਵਾਂ । ਭਾਵੇਂ ਕਿੰਨਾਂ ਨੱਸੀਂ ਦੌੜੀਂ ਮੈਥੋਂ ਤੂੰ ਮੁੱਖ ਮੋੜੀਂ, ਪਿੱਛੇ-ਪਿੱਛੇ ਟੁਰਿਆ ਆਵਾਂ ਦਿੱਤਾ ਸਾਥ ਜੇ ਸਾਹਵਾਂ । ਆਪਣੇ ਕੋਲ ਮੈਂ ਕੁੱਝ ਨਾ ਰੱਖਾਂ ਮੇਰਾ ਸਭ ਕੁੱਝ ਤੇਰਾ, ਬੁੱਕਾਂ ਨਾਲ ਤਬੱਰੁਕ ਵੰਡਾਂ ਤੈਨੂੰ ਰੋਗ ਬੁਲਾਵਾਂ ।

ਅੱਧੀ ਰਾਤੀ ਖਿੜ-ਖਿੜ ਹੱਸੇ

ਅੱਧੀ ਰਾਤੀ ਖਿੜ-ਖਿੜ ਹੱਸੇ ਠੰਢੀ-ਠਾਰ ਹਵਾ । ਫ਼ਜਰੀਂ ਬੁੱਕਲ ਮਾਰ ਕੇ ਰੋਵੇ ਜ਼ਾਰੋ-ਜ਼ਾਰ ਹਵਾ । ਕੁੰਡੀ ਖੁੱਲੇ੍ਹ ਬੂਹੇ ਦੀ ਤੇ ਬੁੱਲ੍ਹਾਂ ਜਿੰਦਰੇ ਪੈਣ, ਜਿੱਤੀ ਹੋਈ ਬਾਜ਼ੀ ਆਪਣੀ ਜਾਵੇ ਹਾਰ ਹਵਾ । ਫੁੱਲ ਆਪਣੇ ਫਨ ਖੋਲ਼੍ਹ ਕੇ ਆਖਣ ਆਜਾ ਸਾਡੇ ਕੋਲ, ਡੰਗਾਂ ਖਾਧੀ ਉਡਦੀ ਜਾਵੇ ਮਾਰੋ-ਮਾਰ ਹਵਾ । ਗੋਰੀਆਂ ਬਾਹਵਾਂ ਤੈਰ ਨਾ ਸੱਕਣ ਛੱਲਾਂ ਮਾਰੇ ਕਾਂਗ, ਕੱਚੇ ਘੜੇ ਦੇ ਵਾਂਗੂੰ ਡੁੱਲੇ੍ਹ ਬੇਪਤਵਾਰ ਹਵਾ । ਚੇਤਰ ਫੱਗਨ ਯਾਰੀਆਂ ਗੰਢਣ ਆ ਗਏ ਸਾਡੇ ਯਾਰ, ਜੇਠੀਂ ਪੱਖ ਜਦ ਸੌਣ ਦਾ ਲੱਗਾ ਹੋ ਗਏ ਯਾਰ ਹਵਾ ।

ਅਸਮਾਨਾਂ ਵਿੱਚ ਬੱਦਲ ਚੜ੍ਹਿਆ

ਅਸਮਾਨਾਂ ਵਿੱਚ ਬੱਦਲ ਚੜ੍ਹਿਆ ਲਗੀਆਂ ਪੈਣ ਬੁਸ਼ਾਰਾਂ । ਸ਼ੁਕਰ ਓ ਰੱਬਾ ਸ਼ੁਕਰ ਕਰਾਂ ਮੈਂ ਤੇਰਾ ਸੌ-ਸੌ ਵਾਰਾਂ । ਜਿੰਦਰੇ ਟੁੱਟੇ, ਬੂਹੇ ਖੁੱਲ੍ਹੇ ਥਾਂ ਥਾਂ ਹੋਏ ਵਸੇਬੇ, ਵਿਹੜਿਆਂ ਅੰਦਰ ਹਾਸੇ ਜਾਗੇ ਖੁੱਲ ਗਈਆਂ ਬਜ਼ਾਰਾਂ । ਰਸ ਲਗਰਾਂ ਵਿਚ ਰੱਤ ਬਾਹਵਾਂ ਵਿਚ ਡਾਢੇ ਭੰਗੜੇ ਪਾਏ, ਰੱਤ ਝੱਲੀ ਨੇ ਵਗਦੀਆਂ ਵਾਰਾਂ ਖਿੱਚ ਲਈਆਂ ਤਲਵਾਰਾਂ । ਪੱਤੇ ਹੂੰਝ ਹਵਾਵਾਂ ਲੀਤੇ ਧਰਤੀ ਮਾਰੇ ਤੜਕਾਂ, ਸੱਤੇ ਖ਼ੈਰਾਂ ਸੱਤੇ ਖ਼ੈਰਾਂ ਸ਼ੋਰ ਪਿਆ ਅਖ਼ਬਾਰਾਂ । ਤੂੰ ਵੀ ਮੂਰਖ ਖਿੱਚ ਪਿੰਡੇ ਤੋਂ ਕੰਜ ਵਕਤਾਂ ਦੀ ਲਾਹ, ਮੈਂ ਵੀ ਜੁੱਸਾ ਲਾਹ ਕੇ ਦੇਖਾਂ ਸੋਨੇ ਵਰਗੀਆਂ ਨਾਰਾਂ ।

ਭਰੀਆਂ ਵੱਢਾਂ ਸਾਂਗਣ ਵੇਲੇ

ਭਰੀਆਂ ਵੱਢਾਂ ਸਾਂਗਣ ਵੇਲੇ ਨਾ ਦੇਖਾਂ ਨਾ ਭਾਲਾਂ । ਸਿਰ ਸਰਵਟ ਦੇ ਦੱਬ ਦੇ ਅੰਦਰ ਆਪਣਾ ਆਪ ਵੰਜਾਲਾਂ । ਮੈਂ ਭਾਂਬੜ ਵਿਚ ਬਲਦਾ ਜਾਵਾਂ ਲੋਕੀ ਆਖਣ ਬੱਲੇ, ਫੁੱਲਾਂ ਵਰਗਾ ਹਾਸਾ ਛਿੜਕਣ ਮੈਂ ਕੀ ਜਾਣਾ ਚਾਲਾਂ । ਪਲ-ਪਲ ਉਤਰਨ ਖੂਹ ਦੇ ਅੰਦਰ ਪਲ-ਪਲ ਉੱਤੇ ਆਵਣ, ਅੱਖ ਨਿਮਾਣੀ ਕੀਵੇਂ ਝੱਲੇ ਹੰਝੂਆਂ ਵਾਲੀਆਂ ਮਾਹਲਾਂ । ਤੂੰ ਪੁਰਵਾ ਦੇ ਬੁੱਲੇ ਵਾਂਗੂੰ ਹਰ ਪਾਸੇ ਉੱਡ ਜਾਵੀਂ, ਮੇਰੀਆਂ ਮੁਸ਼ਕਾਂ ਕਸ ਛੱਡੀਆਂ ਨੇ ਤੇਰੇ ਦੁੱਖ ਦੇ ਜਾਲਾਂ । ਮੈਨੂੰ ਖਾਵਣ ਦੌੜੇ ਆਵਣ, ਕੀੜੇ ਕਾਂ 'ਤੇ ਮੱਛੀਆਂ, ਆਪਣਾ ਮਾਸ ਮੈਂ ਕੀਹਨੂੰ ਪਾਵਾਂ ਕੀਹਨੂੰ ਕੀਹਨੂੰ ਟਾਲਾਂ ।

ਰਾਤੀਂ ਅੱਖੀਂ ਦੀਵੇ ਬਲਣ

ਰਾਤੀਂ ਅੱਖੀਂ ਦੀਵੇ ਬਲਣ 'ਤੇ ਫ਼ਜਰੀਂ ਬੁਝਦੇ ਜਾਵਣ । ਜੀਵੇਂ ਸਾਵਣ ਬੱਦਲ ਚਮਕਣ ਵਸ-ਵਸ ਮੁਕਦੇ ਜਾਵਣ । ਜੀਵਨ ਡੋਰ ਮਸ਼ਾਲਾਂ ਵਾਲੀ ਬੁਝਦੀ ਬਲਦੀ ਜਾਵੇ, ਅਗਲੇ ਨੱਸਣ ਹਰਨਾਂ ਵਾਂਗੂੰ ਪਿਛਲੇ ਹਰਦੇ ਜਾਵਣ । ਹਾਕਾਂ ਮਾਰ ਉਡਾਵਣ ਚਿੜੀਆਂ ਪੇਂਡੂ ਬੁੱਢੀਆਂ ਮਾਈਆਂ, ਕੁੜੀਆਂ ਮੁੰਡੇ ਹਾਕਾਂ ਸੁਣ ਕੇ ਹਸ-ਹਸ ਮਰਦੇ ਜਾਵਣ । ਮੇਰੀਆਂ ਨਿੱਕੀਆਂ ਨਿੱਕੀਆਂ ਅਰਜ਼ਾਂ ਘੁੰਮਣ ਘੇਰ ਬਨਾਵਣ, ਤੇਰੇ ਡਾਢੇ ਔਖੇ ਕੰਮ ਵੀ ਆਪੇ ਸਰਦੇ ਜਾਵਣ । ਮੈਂ ਬੋਲਾਂ ਤੇ ਪੈਣ ਪੁਆੜੇ, ਬੂਹੇ ਜਿੰਦਰੇ ਮੰਗਣ, ਤੂੰ ਬੋਲੇਂ ਤੇ ਰੋਸੇ ਮੁੱਕਣ, ਵਿਹੜੇ ਵਸਦੇ ਜਾਵਣ ।