Yaar Di Marhi Te : Shiv Kumar Batalvi

ਯਾਰ ਦੀ ਮੜ੍ਹੀ 'ਤੇ : ਸ਼ਿਵ ਕੁਮਾਰ ਬਟਾਲਵੀ

ਰੋਜ਼ ਪਲਕਾਂ ਮੁੰਦ ਕੇ ਮੇਰੇ ਹਾਣੀਆਂ,
ਝੱਲੀਆਂ ਤੇਰੀ ਯਾਦ ਨੂੰ ਮੈਂ ਚੌਰੀਆਂ ।

ਪੈ ਗਈਆਂ ਮੇਰੀ ਨੀਝ ਦੇ ਹੱਥ ਚੰਡੀਆਂ,
ਬਣ ਗਈਆਂ ਹੰਝੂਆਂ ਦੇ ਪੈਰੀਂ ਭੌਰੀਆਂ ।

ਰੋਜ਼ ਦਿਲ ਦੀਆਂ ਧੜਕਣਾਂ ਮੈਂ ਪੀਠੀਆਂ,
ਲੈ ਗ਼ਮਾਂ ਦੀਆਂ ਸ਼ਿੰਗਰਫ਼ੀ ਲੱਖ ਦੌਰੀਆਂ ।

ਕੂਚਦੀ ਮਰ ਗਈ ਹਿਜਰ ਦੀਆਂ ਅੱਡੀਆਂ,
ਪਰ ਨਾ ਗਈਆਂ ਇਹ ਬਿਆਈਆਂ ਖ਼ੌਹਰੀਆਂ ।

ਨਾਂ ਲਿਆਂ ਤੇਰਾ ਵੇ ਮੋਏ ਮਿੱਤਰਾ,
ਦਿਲ ਮੇਰਾ ਕੁਝ ਇਸ ਤਰ੍ਹਾਂ ਅੱਜ ਮੌਲਦੈ ।

ਜਿਸ ਤਰ੍ਹਾਂ ਪਰਭਾਤ ਵੇਲੇ ਚਾਨਣੀ,
ਵੇਖ ਕੇ ਗੁੱਲ੍ਹਰ ਦਾ ਫੁੱਲ ਅੱਖ ਖੋਲ੍ਹਦੈ ।

ਜਿਸ ਤਰ੍ਹਾਂ ਖੰਡਰਾਂ 'ਚੋਂ ਲੰਘਦੀ ਹੈ ਹਵਾ,
ਜਿਸ ਤਰ੍ਹਾਂ ਗੁੰਬਦ 'ਚ ਕੋਈ ਬੋਲਦੈ ।

ਜਿਸ ਤਰ੍ਹਾਂ ਕਿ ਸਾਉਣ ਦੀ ਪਹਿਲੀ ਘਟਾ,
ਵੇਖ ਕੇ ਬਗਲਾ ਪਰਾਂ ਨੂੰ ਤੋਲਦੈ ।

ਇਸ ਕਦਰ ਹੈ ਖ਼ੂਬਸੂਰਤ ਗ਼ਮ ਤੇਰਾ,
ਜਿਸ ਤਰ੍ਹਾਂ ਕਿ ਕੰਵਲ-ਪੱਤਿਆਂ 'ਤੇ ਤ੍ਰੇਲ ।

ਨ੍ਹਾਉਣ ਜਿਉਂ ਵਗਦੀ ਨਦੀ ਵਿਚ ਗੋਰੀਆਂ,
ਮਰਮਰ ਦੇਹੀਆਂ ਨੂੰ ਮਲ ਸੰਦਲ ਦਾ ਤੇਲ ।

ਪੂਰੇ ਚੰਨ ਦੀ ਚਾਨਣੀ ਥਲ ਦਾ ਸਫ਼ਰ,
ਡਾਚੀਆਂ ਦੇ ਗਲ ਜਿਵੇਂ ਛਣਕੇ ਹਮੇਲ ।

ਬਦਲੀਆਂ ਨੂੰ ਅੱਗ ਲੱਗ ਜਾਏ ਜਿਵੇਂ,
ਹੋ ਜਾਏ ਪੀਲਾ ਜਿਹਾ ਸਾਰਾ ਦੁਮੇਲ ।

ਅੱਜ ਮੈਂ ਤੇਰੀ ਮੜ੍ਹੀ 'ਤੇ ਹਾਣੀਆਂ,
ਪੂਰਾ ਕੋਤਰ-ਸੌ ਸੀ ਦੀਵਾ ਬਾਲਿਆ ।

ਪਰ ਵੇਖ ਲੈ ਹੁਣ ਤੀਕ ਬਸ ਇਕੋ ਬਲੇ,
ਬਾਕੀਆਂ ਨੂੰ ਹੈ ਹਵਾਵਾਂ ਖਾ ਲਿਆ ।

ਓਸ ਦੀ ਵੀ ਲਾਟ ਕੰਬਦੀ ਹੈ ਪਈ,
ਡਰਦਿਆਂ ਮੈਂ ਹੈ ਮੜ੍ਹੀ ਤੋਂ ਚਾ ਲਿਆ ।

ਵੇਲ਼ ਲੈ ਇਹ ਵੀ ਵਿਚਾਰਾ ਬੁਝ ਗਿਆ,
ਦੋਸ਼ ਕੀਹ ਕਿਸਮਤ ਦਾ ਕਰਮਾਂ ਵਾਲਿਆ ।

ਉਮਰ ਦੀ ਗੋਜੀ ਨੂੰ ਖਪਰਾ ਸਮੇਂ ਦਾ,
ਗ਼ਮ ਨਹੀਂ ਜੇ ਖਾ ਰਿਹੈ ਮੇਰੇ ਹਾਣੀਆ ।

ਗ਼ਮ ਨਹੀਂ ਸਣੇ ਬਾਦਬਾਂ ਤੇ ਬੇੜੀਆਂ,
ਰੁੜ੍ਹਦਾ ਪੱਤਣ ਜਾ ਰਿਹੈ ਮੇਰੇ ਹਾਣੀਆ ।

ਗ਼ਮ ਨਹੀਂ ਜੇਕਰ ਉਮੀਦਾਂ ਦਾ ਮਖੀਰ,
ਬਣਦਾ ਤੁੱਮਾ ਜਾ ਰਿਹੈ ਮੇਰੇ ਹਾਣੀਆ ।

ਠੀਕ ਹੈ ਕੱਲਰ ਹੈ ਤੇਰੇ ਬਾਝ ਦਿਲ,
ਪਰ ਮੈਂ ਪੀੜਾਂ ਦੇ ਕਿਉਂ ਪਾਲਾਂ ਸ਼ੇਸ਼ ਨਾਗ ।

ਕਿਸ ਲਈ ਫ਼ਿਕਰਾਂ ਦਾ ਫੱਕਾਂ ਸੰਖੀਆ,
ਕਿਸ ਲਈ ਨੈਣਾਂ ਨੂੰ ਲਾਂ ਹੰਝੂਆਂ ਦੀ ਜਾਗ ।

ਕਿਸ ਲਈ ਮੈਂ ਕੇਸ ਕਾਲੇ ਪੰਡ ਕੁ,
ਖੋਹਲ ਕੇ ਦੱਸਦੀ ਫਿਰਾਂ ਰੁਲਿਆ ਸੁਹਾਗ ।

ਸੁਹਣਿਆ ! ਮੈਨੂੰ ਸੱਲ ਹੈ ਤੇਰੇ ਮੇਲ ਦਾ,
ਪਰ ਨਹੀਂ ਤੇਰੀ ਮੌਤ ਦਾ ਸੀਨੇ 'ਚ ਦਾਗ਼ ।

ਹੈ ਗਿਲਾ ਮੈਨੂੰ ਤਾਂ ਬਸ ਇਹੋ ਹੀ ਹੈ,
ਮਰ ਗਿਆਂ ਦੀ ਯਾਦ ਕਿਉਂ ਮਰਦੀ ਨਹੀਂ ।

ਆਸ ਪੰਜ-ਫੂਲੀ ਦਾ ਜ਼ਹਿਰੀ ਬੂਟੜਾ,
ਸੋਚ ਦੀ ਹਿਰਨੀ ਕੋਈ ਚਰਦੀ ਨਹੀਂ ।

ਕਿਉਂ ਕੋਈ ਤਿਤਲੀ ਲੈ ਫੁੱਲਾਂ ਦੀ ਕਟਾਰ,
ਮਾਲੀਆਂ ਦੇ ਦਿਲ ਜ਼ਬ੍ਹਾ ਕਰਦੀ ਨਹੀਂ ।

ਕਿਉਂ ਹਿਜਰ ਦੇ ਆਜੜੀ ਦੀ ਬੰਸਰੀ,
ਗੀਤ ਖ਼ੁਸ਼ੀਆਂ ਦਾ ਕੋਈ ਝਰਦੀ ਨਹੀਂ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ