Yadan De Akhar : Noor Muhammad Noor
ਯਾਦਾਂ ਦੇ ਅੱਖਰ : ਨੂਰ ਮੁਹੰਮਦ ਨੂਰ
1. ਹਮਦੀਆ ਗ਼ਜ਼ਲਸੁਸਤੀ 'ਚ ਜ਼ਿੰਦਗੀ ਦਾ ਵਰਕਾ ਨਾ ਪਾੜ ਬੈਠਾਂ
ਸੁਸਤੀ 'ਚ ਜ਼ਿੰਦਗੀ ਦਾ ਵਰਕਾ ਨਾ ਪਾੜ ਬੈਠਾਂ। ਤੇਰੀ ਰਜ਼ਾ ਮੁਤਾਬਕ ਕਰ ਕੇ ਜੁਗਾੜ ਬੈਠਾਂ। ਮੇਰੇ ਇਰਾਦਿਆਂ ਨੂੰ ਐਨੀ ਤਮੀਜ਼ ਦੇ ਦੇ, ਲਾਲਚ ਦੇ ਵਿਚ ਕਿਸੇ ਦਾ ਹੱਕ ਨਾ ਲਿਤਾੜ ਬੈਠਾਂ। ਤੇਰੇ ਨਬੀ ਦੇ ਦੱਸੇ ਰਾਹਾਂ 'ਤੇ ਕਦਮ ਪੁੱਟਾਂ, ਤੇਰੇ ਨਬੀ ਦੇ ਪਾਏ ਰਾਹਾਂ ਨੂੰ ਤਾੜ ਬੈਠਾਂ। ਤੇਰੀ ਜੇ ਮਿਹਰ ਹੋਵੇ, ਸਭ ਨੂੰ ਨਿਹਾਲ ਕਰ ਕੇ, ਸੂਰਜ ਮੁਹੱਬਤਾਂ ਦਾ ਧਰਤੀ 'ਤੇ ਚਾੜ੍ਹ ਬੈਠਾਂ। ਹਿੰਮਤ ਦਵੇਂ ਚਲਾ ਕੇ ਨ੍ਹੇਰੀ ਤੌਹੀਦ ਵਾਲੀ, ਕੁਫ਼ਰਾਂ ਦੇ ਬੂਟਿਆਂ ਨੂੰ ਜੜ੍ਹ ਤੋਂ ਉਖਾੜ ਬੈਠਾਂ। ਰੋਕਾਂ ਕੁਰੀਤੀਆਂ ਨੂੰ ਹੋਣੋਂ ਜਹਾਨ ਉੱਤੇ, ਸ਼ੈਤਾਨ ਦੇ ਠਿਕਾਣੇ ਸਾਰੇ ਉਜਾੜ ਬੈਠਾਂ। ਮੰਨਣ ਨਾ ਹੋਂਦ ਤੇਰੀ ਜਿਹੜੇ 'ਸ਼ੱਦਾਦ' ਜੱਗ ਦੇ, ਸਭਨਾਂ ਨੂੰ ਕਰ ਇਕੱਠਾ ਧੁੱਪਾਂ 'ਚ ਰਾੜ੍ਹ ਬੈਠਾਂ।
2. ਤੇਰੇ ਨੈਣਾਂ ਵਿੱਚ ਅਦਾਵਾਂ ਹੋਣਗੀਆਂ
ਤੇਰੇ ਨੈਣਾਂ ਵਿੱਚ ਅਦਾਵਾਂ ਹੋਣਗੀਆਂ। ਮੇਰੇ ਖ਼ਾਬਾਂ ਵਿੱਚ ਇਛਾਵਾਂ ਹੋਣਗੀਆਂ। ਨਾ ਤੂੰ, ਨਾ ਮੈਂ, ਹੋਵਾਂਗੇ ਧਰਤੀ ਉੱਤੇ, ਸਾਡੇ ਸਾਹਾਂ ਦੀਆਂ ਹਵਾਵਾਂ ਹੋਣਗੀਆਂ। ਗੇੜੇਂਗਾ ਤੂੰ ਜਦ ਵੀ ਹਲਟ ਸਰਾਪਾਂ ਦਾ, ਭਰੀਆਂ ਟਿੰਡਾਂ ਵਿੱਚ ਦੁਆਵਾਂ ਹੋਣਗੀਆਂ। ਜਦ ਉਹ ਮਰੀਆਂ, ਵੈਣ ਗੁਆਂਢਾਂ ਤੱਕ ਪਹੁੰਚੇ, 'ਰੀਝਾਂ' ਦੇ ਘਰ ਰੋਈਆਂ ਮਾਵਾਂ ਹੋਣਗੀਆਂ। ਨਾਲ ਮਿਰੇ ਤੁਰ, ਦੇਖੀਂ ਲੋਕ-ਨਿਗਾਹਾਂ ਵੱਲ, ਘੂਰਦੀਆਂ ਸਭ ਚਾਰ-ਦਿਸ਼ਾਵਾਂ ਹੋਣਗੀਆਂ। ਟੁੱਟੇਂਗਾ, ਸੁੱਕ ਜਾਵੇਂਗਾ ਪੱਤਿਆਂ ਵਾਂਗੂੰ, ਨਾਲ ਰਹੇਂਗਾ, ਛੱਤਰੀਂ ਛਾਵਾਂ ਹੋਣਗੀਆਂ। ਸਮਝ ਲਿਆ ਤੂੰ ਜਿਸ ਨੂੰ ਝੱਖੜ ਰੋਹੀਆਂ ਦਾ, ਬਿਰਹਾ ਮਾਰੇ ਦਿਲ ਦੀਆਂ ਆਹਾਂ ਹੋਣਗੀਆਂ। 'ਯਾਦਾਂ ਦੇ ਅੱਖਰ' ਦਿਲ ਉੱਤੇ ਲਿਖ ਕੇ ਦੇਖ, ਪੰਗਤੀਆਂ ਮੇਰਾ ਸਿਰਨਾਵਾਂ ਹੋਣਗੀਆਂ। ਦਿਲ ਵਿਚ 'ਆਸ' ਦਾ ਬੂਟਾ ਲਾ ਕੇ ਬਹਿਜਾ 'ਨੂਰ' ਆਪੇ ਸਿਰ ਤੋਂ ਦੂਰ ਖ਼ਿਜ਼ਾਵਾਂ ਹੋਣਗੀਆਂ।
3. ਲੋਕ ਨਿਗਾਹਾਂ ਹਰ ਥਾਂ ਝਾਤੀ ਮਾਰਦੀਆਂ
ਲੋਕ ਨਿਗਾਹਾਂ ਹਰ ਥਾਂ ਝਾਤੀ ਮਾਰਦੀਆਂ। ਕਿਸ ਹੁਜਰੇ ਵਿਚ ਸਾਂਭਾਂ ਯਾਦਾਂ ਯਾਰ ਦੀਆਂ। 'ਹੀਰ' ਦੀਆਂ ਕੂਕਾਂ ਸੰਗ ਰਲ ਕੇ ਤੁਰ ਗਈਆਂ, ਗੂੰਜਦੀਆਂ ਸਭ ਹੂਕਾਂ ਖੁੰਢ-ਸੰਸਾਰ ਦੀਆਂ। ਸੁਣ ਗਈਆਂ ਮਹਿਰਮ ਦੇ ਸੀਤ ਵਿਚਾਰਾਂ ਨੂੰ, ਹੁਣ ਨਾ ਲੂਹਾਂ ਨਿੱਘੇ ਮਹਿਲ ਉਸਾਰਦੀਆਂ। ਰੁਮਕਦੀਆਂ ਪੌਣਾਂ ਸ਼ੁਧਰੀ ਤਹਿਜ਼ੀਬ ਦੀਆਂ, ਬੁੱਢੀਆਂ ਰਸਮਾਂ ਹੁਣ ਨਾ ਹਿੱਕ ਉਭਾਰਦੀਆਂ। ਰੋਲੋ ਨਾ ਪੱਤ ਪੈਰਾਂ ਵਿਚ ਮੁਸਕਾਨਾਂ ਦੀ, ਕੁੱਝ ਹੱਦਾਂ ਹੁੰਦੀਆਂ ਨੇ ਹਰ ਅਧਿਕਾਰ ਦੀਆਂ। ਸਬਰ-ਸ਼ੁਕਰ ਦੇ ਨਾਲ ਗੁਜ਼ਾਰਾ ਕਰਦੇ ਹਾਂ, ਧੱਜੀਆਂ ਉੱਡੀਆਂ ਨੇ ਜਦ ਤੋਂ ਇਕਰਾਰ ਦੀਆਂ। ਸੱਤ ਵਧਾਕੇ, ਡੇਢ ਘਟਾਵੇ, ਕੀਮਤ 'ਚੋਂ, ਕੇਹੀਆਂ ਚਾਲਾਂ ਨੇ ਸਾਡੀ ਸਰਕਾਰ ਦੀਆਂ। ਪਾਵਾਂਗੇ ਆਵੀ ਵਿਚ ਭਾਂਡੇ ਯਾਦਾਂ ਦੇ, ਕੁਝ ਸੂਹਾਂ ਮਿਲ ਜਾਣ ਝਨਾਂ ਤੋਂ ਪਾਰ ਦੀਆਂ। ਦਿਲ ਦੀ ਧੜਕਣ ਸਮਝਣ ਵਾਲੇ ਕਰਦੇ 'ਨੂਰ', ਧੜਕਣ ਤੇ ਹੱਥ ਧਰ ਕੇ ਗੱਲਾਂ ਖ਼ਾਰ ਦੀਆਂ।
4. ਬਹਾਰਾਂ ਦਾ ਸੁਹੱਪਣ ਹੈ, ਉਹ ਪਤਝੜ ਦੀ ਜ਼ਰੂਰਤ ਹੈ
ਬਹਾਰਾਂ ਦਾ ਸੁਹੱਪਣ ਹੈ, ਉਹ ਪਤਝੜ ਦੀ ਜ਼ਰੂਰਤ ਹੈ। ਮੇਰੇ ਮਹਿਬੂਬ ਦਾ ਮੁੱਖੜਾ, ਬੜਾ ਹੀ ਖ਼ੂਬਸੂਰਤ ਹੈ। ਉਹਦੇ ਨੈਣਾਂ ਦੀ ਚਲਦੀ ਹੈ, ਹਕੂਮਤ ਇਸ ਜ਼ਮਾਨੇ 'ਤੇ, ਕਿਸੇ ਮਸਜਿਦ ਦਾ ਗੁੰਬਦ ਹੈ, ਕਿਸੇ ਮੰਦਰ ਦੀ ਮੂਰਤ ਹੈ। ਮੈਂ ਤਿਲਭਰ ਦੋਸ਼ ਨਫ਼ਰਤ ਦਾ, ਉਨ੍ਹਾਂ ਨੂੰ ਕਿਸ ਤਰ੍ਹਾਂ ਦੇਵਾਂ, ਜਿਨ੍ਹਾਂ ਦੇ ਨਾਲ ਇਸ ਦਿਲ ਨੂੰ, ਮੁਹੱਬਤ ਹੀ ਮੁਹੱਬਤ ਹੈ। ਉਨ੍ਹਾਂ ਦੇ ਸ਼ਹਿਰ ਚੱਲੇ ਹਾਂ, ਹਨੇਰੀ ਰਾਤ ਨੂੰ ਲੈ ਕੇ, ਜਿਨ੍ਹਾਂ ਦਾ ਰੂਪ ਚਾਨਣ ਹੈ, ਜਿਨ੍ਹਾਂ ਦੀ ਚਮਕ ਸੂਰਤ ਹੈ। ਕਦੇ ਨਾ ਰਸਤਿਆਂ 'ਤੇ ਆਉਣ ਦੀ ਸੋਚਣ ਕੁਰਾਹੇ ਤੋਂ, ਜਿਨ੍ਹਾਂ ਨੇ ਮਨ 'ਚ ਭਰ ਰੱਖੀ, ਕਾਨੂੰਨਾਂ ਤੋਂ ਬਗ਼ਾਵਤ ਹੈ। ਜਗਤ ਦੇ ਕਿਸ ਕਿਨਾਰੇ 'ਤੇ ਅਮਨ ਦੀ ਬਾਤ ਹੁੰਦੀ ਹੈ? ਕਿਤੇ ਦੇਖੋ, ਕਿਤੇ ਜਾਵੋ, ਸ਼ਰਾਰਤ ਹੀ ਸ਼ਰਾਰਤ ਹੈ। ਵਫ਼ਾ ਦਾ ਹੌਸਲਾ ਦੇ ਕੇ, ਨਿਗਾਹ ਤੋਂ ਦੂਰ ਨਾ ਹੋਵੋ, ਜਲਾ ਕੇ ਦੀਪ ਆਸਾਂ ਦਾ, ਅਸੀਂ ਕੀਤੀ ਇਬਾਦਤ ਹੈ।
5. ਖ਼ੁਸ਼ੀਆਂ ਵਲ ਫ਼ੈਲਾਇਆ ਘੇਰਾ ਬਾਹਾਂ ਦਾ
ਖ਼ੁਸ਼ੀਆਂ ਵਲ ਫ਼ੈਲਾਇਆ ਘੇਰਾ ਬਾਹਾਂ ਦਾ। ਪਰ ਸੀਨੇ ਵਿਚ ਲੱਗਿਆ ਥੱਬਾ ਆਹਾਂ ਦਾ। ਵੇਲਾ ਸੀ ਜਦ ਨੈਂਣ ਮਿਲਾ ਕੇ ਤੁਰਦੇ ਸਾਂ, ਹੁਣ ਤਾਂ ਹੁੰਦਾ ਵੀ ਨਹੀਂ ਮੇਲ ਨਿਗਾਹਾਂ ਦਾ। 'ਸੋਚ' ਜਿਹੀ ਸ਼ੈ ਉਡਦੀ ਵਿੱਚ ਖ਼ਲਾਵਾਂ ਦੇ, ਟੁੱਟ ਗਿਆ ਹੈ ਰਿਸ਼ਤਾ ਜਦ ਤੋਂ ਸਾਹਾਂ ਦਾ। ਤੱਕ ਲੈਂਦਾ ਹਾਂ ਰੋਸੇ-ਭਰਿਆ ਉਸ ਦਾ ਮੁੱਖ, ਰੰਗ ਜਦੋਂ ਫਿੱਕਾ ਪੈਂਦਾ ਹੈ ਆਹਾਂ ਦਾ। ਰੋਕ ਨਾ ਸਕਿਆ ਤੁਰਨੋਂ ਸਿਦਕ ਅਸਾਡੇ ਨੂੰ, ਭੁੱਬਲ ਵਾਂਗੂੰ ਤਪਦਾ ਰੇਤਾ ਰਾਹਾਂ ਦਾ। ਦੂਜੇ ਦਾ ਦਿਲ ਤੋੜਣ ਵਾਲੀ ਬਾਤ ਕਰੇ ਚੁੱਕ ਨਹੀਂ ਜੋ ਸਕਦਾ ਬੋਝ ਗੁਨਾਹਾਂ ਦਾ। ਸਾਫ਼ ਕਰਨ ਨੂੰ ਉਸ ਦਾ ਖੱਬੜ-ਖੋੜਾ ਦਿਲ, ਸਿੱਖ ਗਿਆ ਦਿਲ ਸਾਡਾ ਹੁਨਰ ਕਰਾਹਾਂ ਦਾ। ਫ਼ਿਤਨੇ ਵਰਗੇ ਝੱਲੇ ਮਨ ਦੀ ਆਦਤ ਨੂੰ, ਕਦ ਆਉਂਦਾ ਹੈ ਧੰਦਾ ਰਾਸ ਸਲਾਹਾਂ ਦਾ। ਬੇੜੀ ਜਦ ਡੁੱਬਣ ਤੇ ਆਈ ਤੱਕਿਆ 'ਨੂਰ', ਰੱਬ ਵੀ ਰਾਖਾ ਬਣਿਆ ਨਾ ਮੱਲਾਹਾਂ ਦਾ।
6. ਦਿਲ ਕਰਦਾ ਹੈ ਨਾਲ ਤਿਰੇ ਮੈਂ, ਬਹਿ ਕੇ ਕੋਈ ਬਾਤ ਕਰਾਂ
ਦਿਲ ਕਰਦਾ ਹੈ ਨਾਲ ਤਿਰੇ ਮੈਂ, ਬਹਿ ਕੇ ਕੋਈ ਬਾਤ ਕਰਾਂ। ਬੈਠੇ ਬੈਠੇ ਸ਼ਾਮਾਂ ਹੋਵਣ, ਰਾਤ ਪਵੇ, ਪ੍ਰਭਾਤ ਕਰਾਂ। ਜਦ ਬਿਰਹਾ ਦਾ ਸੂਰਜ ਚੜ੍ਹ ਕੇ, ਸਾੜੇ ਦਿਲ ਦੀ ਧਰਤੀ ਨੂੰ, ਤੇਰੇ ਵਾਲਾਂ ਉਹਲੇ ਹੋ ਕੇ, ਮੈਂ ਸੂਰਜ ਨੂੰ ਝਾਤ ਕਰਾਂ। ਆ ਕੇ ਪੁੱਛੇਂ, ਤਾਂ ਮੈਂ ਦੱਸਾਂ, ਤੈਨੂੰ ਦੁੱਖ ਜੁਦਾਈ ਦਾ, ਤੇਰੇ ਬਾਝੋਂ ਨਾਲ ਕਿਨ੍ਹਾਂ ਦੇ, ਦਿਲ ਦੀ ਗੁੱਝੀ ਬਾਤ ਕਰਾਂ। ਬੁੱਲ੍ਹਾਂ ਤੋਂ ਦੱਸੀ ਨਾ ਜਾਵੇ, ਜੇਕਰ ਪੀੜ ਜੁਦਾਈ ਦੀ, ਕੋਸੇ ਹੰਝੂਆਂ ਦਾ ਬੁੱਕ ਭਰ ਕੇ, ਤੈਨੂੰ ਪੇਸ਼ ਸੁਗ਼ਾਤ ਕਰਾਂ। ਬਣ ਕੇ 'ਹੀਰ-ਸਲੇਟੀ' ਜੇ ਤੂੰ, ਸਾਥ ਦਵੇਂ ਮੁਸਕਾਨਾਂ ਦਾ, ਸੱਸੀ, ਸੋਹਣੀ, ਸ਼ੀਰੀਂ ਦੇ ਪਰਚੱਲਤ ਕਿੱਸੇ ਮਾਤ ਕਰਾਂ। ਉਹ ਰਾਹ ਚੱਲਾਂ ਜੋ ਰਾਹ ਦੱਸੇ, ਮੈਨੂੰ ਦੂਰ-ਅੰਦੇਸ਼ਾਂ ਨੇ, ਤੱਥਾਂ ਦੀ ਸੱਚਾਈ ਖ਼ਾਤਰ, ਪੇਸ਼ ਕਿਵੇਂ 'ਸੁਕਰਾਤ' ਕਰਾਂ? ਦਿਲ ਦਾ ਸੌਦਾ ਕਰਨ ਸਮੇਂ ਨਾ, ਪਰਖਾਂ ਊਚਾਂ-ਨੀਚਾਂ ਨੂੰ, ਦਿਲਬਰ ਭਾਵੇਂ ਕੁੱਝ ਵੀ ਹੋਵੇ, ਮੈਂ ਨਾ ਜ਼ਾਤ-ਕੁਜ਼ਾਤ ਕਰਾਂ। ਨਾ ਮੇਰੇ ਪੁਰਖਾਂ ਨੇ ਦੱਸਿਆ, ਨਾ ਸਾਡੀ ਤਹਿਜ਼ੀਬ ਕਹੇ, ਅਪਣੇ ਯਾਰਾਂ-ਮਿਤਰਾਂ ਦੇ ਸੰਗ, ਵਾਅਦਾ ਕਰ ਕੇ ਘਾਤ ਕਰਾਂ। ਯਾਰ ਕਦੇ ਮਹਿਫ਼ਲ ਵਿਚ ਆਵੇ, ਪੁੰਗਰਨ ਯਾਦਾਂ 'ਨੂਰ' ਦੀਆਂ, ਪਿਆਰ-ਭਰੇ ਮੌਸਮ ਦਾ ਕਿੱਸਾ, ਲਿਖਦਾ-ਲਿਖਦਾ ਰਾਤ ਕਰਾਂ।
7. ਚਿਹਰੇ ਤੇ ਮੁਸਕਾਨ ਜਿਨ੍ਹਾਂ ਦੇ ਜਾਅਲੀ ਹੈ
ਚਿਹਰੇ ਤੇ ਮੁਸਕਾਨ ਜਿਨ੍ਹਾਂ ਦੇ ਜਾਅਲੀ ਹੈ। ਨਾਲ ਉਨ੍ਹਾਂ ਦੇ ਦਿਲ ਦੀ ਭਾਈ-ਵਾਲੀ ਹੈ। ਹੁਣ ਤੱਕ ਨਾਵਾਂ ਖੱਟ ਰਹੀ ਹੈ ਉਹ, ਭਾਵੇਂ- 'ਮੋਨਾਲੀਜ਼ਾ' ਦੀ ਤਸਵੀਰ ਖ਼ਿਆਲੀ ਹੈ। ਕੌਣ ਸ਼ਿੰਗਾਰ ਬਣਾਵੇ ਉਸ ਨੂੰ ਗੀਤਾਂ ਦਾ, ਜਿਸ ਮੁੱਖੜੇ ਦੀ ਮੱਧਮ ਹੋਈ ਲਾਲੀ ਹੈ। ਭਾਵੇਂ ਗੱਲ ਨਹੀਂ ਕਰਦਾ ਪਰ ਮਿਲਦਾ ਹੈ, ਇਹ ਵੀ ਸਮਝੋ ਉਸ ਦੀ ਨਰਮ-ਖ਼ਿਆਲੀ ਹੈ। ਵਾੜ ਕਿਵੇਂ ਹੁਣ ਰਾਖੀ ਰੱਖੇ ਫੁੱਲਾਂ ਦੀ, ਅੰਦਰ ਬੂਟੇ ਪੁੱਟਦਾ ਫਿਰਦਾ ਮਾਲੀ ਹੈ। ਨਾਲ ਕਿਨ੍ਹਾਂ ਦੇ ਵੰਡੇ ਖ਼ੁਸ਼ੀਆਂ ਮੇਲ ਦੀਆਂ, ਕੱਲਿਆਂ ਜਿਸ ਦੀ ਸੋਗੀ ਈਦ-ਦੀਵਾਲੀ ਹੈ। ਕੌਣ ਚੜ੍ਹਾਵੇ ਹੁਸਨ ਦਿਆਂ ਅਸਮਾਨਾਂ 'ਤੇ, ਜਿਸ ਤਾਰੇ ਦੀ ਟਿਮਕੀ ਤੋਰ ਨਿਰਾਲੀ ਹੈ। ਕੀ ਦੇਵਣ ਸੁਗ਼ਾਤ ਬੁਲਾ ਕੇ ਮਿਤਰਾਂ ਨੂੰ, ਪੇਟ ਜਿਨ੍ਹਾਂ ਦਾ ਭੁੱਖਾ, ਬੋਝਾ ਖ਼ਾਲੀ ਹੈ। ਗੁਲਸ਼ਨ ਮਹਿਕੇ ਯਾਰ ਦੀਆਂ ਮੁਸਕਾਨਾਂ ਦਾ, 'ਨੂਰ' ਦੀਆਂ ਖ਼ੁਸ਼ੀਆਂ ਦਾ ਅੱਲ੍ਹਾ ਵਾਲੀ ਹੈ।
8. ਅੱਥਰੂ-ਭਿੱਜੀ ਜਦ ਮੇਰੀ ਤਹਿਰੀਰ ਛਪੀ
ਅੱਥਰੂ-ਭਿੱਜੀ ਜਦ ਮੇਰੀ ਤਹਿਰੀਰ ਛਪੀ। ਇੱਕ ਹੁਸੀਨਾ ਦੀ ਉੱਪਰ ਤਸਵੀਰ ਛਪੀ। ਤਾਂਡਵ-ਨਾਚ ਨਚਾਉਂਦੀ ਫਿਰਦੀ ਬੰਦੇ ਨੂੰ, ਹੱਥਾਂ 'ਤੇ ਕਿਸਮਤ ਦੀ ਇੱਕ ਲਕੀਰ ਛਪੀ। ਭਾਵੇਂ ਸਦੀਆਂ ਪਹਿਲਾਂ ਉਸ ਦੀ ਹੀਰ ਛਪੀ, ਹੁਣ ਤੱਕ ਦੇ ਸਾਹਿਤ ਦਾ ਬਣ ਕੇ ਪੀਰ ਛਪੀ। ਜਦ ਵੀ ਸੱਚੇ ਹਾਲ ਉਲੀਕੇ ਜੀਵਨ ਦੇ, ਮੇਰੀ ਇੱਜ਼ਤ ਹੋ ਕੇ ਲੀਰੋ-ਲੀਰ ਛਪੀ। ਲਿਖ ਦਿੱਤਾ ਜੋ ਤੱਕਿਆ ਹਾਲ ਗ਼ਰੀਬਾਂ ਦਾ, ਧਨਵਾਨਾਂ ਨੂੰ ਰਚਨਾ ਬਣ ਕੇ ਤੀਰ ਛਪੀ। ਸਮਝਣਗੇ ਸਭ ਸ਼ੇਅਰਾਂ ਦੀ ਡੂੰਘਾਈ ਨੂੰ, ਤੇਰੀ ਰਾਮ-ਕਹਾਣੀ ਜਿਸ ਦਿਨ 'ਮੀਰ' ਛਪੀ। ਦੁੱਖਾਂ, ਸੁੱਖਾਂ, ਹਿਜਰ-ਮਿਲਾਪਾਂ ਸਭ ਦੀ 'ਨੂਰ', 'ਯਾਦਾਂ ਦੇ ਅੱਖਰ' ਬਣ ਕੇ ਤਸਵੀਰ ਛਪੀ।
9. ਵਰ੍ਹਿਆਂ ਪਿੱਛੋਂ ਜਿਸ ਦਿਨ ਹੋਏ, ਦਰਸ਼ਨ ਵਿਛੜੇ ਯਾਰਾਂ ਦੇ
ਵਰ੍ਹਿਆਂ ਪਿੱਛੋਂ ਜਿਸ ਦਿਨ ਹੋਏ, ਦਰਸ਼ਨ ਵਿਛੜੇ ਯਾਰਾਂ ਦੇ। ਪਹਿਲਾਂ ਨਾਲੋਂ ਫਿੱਕੇ ਲੱਗੇ, ਰੰਗ ਉਹਦੇ ਰੁਖ਼ਸਾਰਾਂ ਦੇ। ਖ਼ਬਰੈ ਕਾਹਤੋਂ ਸੱਦਾ ਦੇ ਕੇ, ਆਏ ਨੇ ਇਹ ਪਤਝੜ ਨੂੰ, ਹੌਲੀ ਹੌਲੀ ਬਦਲਣ ਵਾਲੇ, ਮੌਸਮ ਸੋਹਲ ਬਹਾਰਾਂ ਦੇ। ਇਹਨਾਂ ਦੀ ਕਿਸਮਤ ਹੀ ਜਾਣੇ, ਕੰਸ ਸਜੇ ਜਾਂ ਅੱਗ ਬਲੇ, ਟੁੱਟ ਗਏ ਨੇ ਉੱਡਣ ਵੇਲੇ, ਜਿਹੜੇ ਖੰਭ ਉਡਾਰਾਂ ਦੇ। ਸਭਨਾਂ ਦੇ ਰੁਖ਼ਸਾਰਾਂ ਉੱਤੇ, ਪਾਣ ਚੜ੍ਹੀ ਹੈ ਪੱਛਮ ਦੀ, ਪਹਿਲਾਂ ਵਰਗੇ ਦੇਸੀ ਮੁੱਖੜੇ, ਹੁਣ ਕਿੱਥੇ ਮੁਟਿਆਰਾਂ ਦੇ। ਯਾਦਾਂ ਦੇ ਆਕਾਸ਼ੀਂ ਗੂੰਜੇ, ਅੱਲੜ੍ਹ ਸਾਜ਼ ਮੁਹੱਬਤ ਦਾ, ਯਾਦ ਨਹੀਂ ਕਦ ਟੁੱਟ ਗਏ ਸਭ, ਨਾਜ਼ੁਕ ਤਾਰ ਸਿਤਾਰਾਂ ਦੇ। ਸਾਰੀ ਬਸਤੀ ਦੇ ਵਿਚ ਕਿਧਰੇ, ਕਤਲ ਕਿਸੇ ਦਾ ਹੋਇਆ ਨਾ, ਬੇਸ਼ੱਕ ਉਸ ਨੇ ਤਿੱਖੇ ਕੀਤੇ, ਕੰਢੇ ਨੈਣ-ਕਟਾਰਾਂ ਦੇ। ਅੱਜ ਦੇ ਸੋਹਣੇ, ਨਾ ਤਾਂ ਜਾਨ, ਤਲੀ 'ਤੇ ਧਰ ਕੇ ਤਿਰਦੇ ਨੇ, ਨਾ ਹੀ ਠਿੱਲਣ ਖ਼ਾਤਰ ਕੱਚੇ, ਮਿਲਣ ਘੜੇ ਘੁਮਿਆਰਾਂ ਦੇ। ਪਹੁੰਚ ਗਏ ਘਰ ਕੱਠੇ ਹੋ ਕੇ, ਪੈਸਾ-ਪੈਸਾ ਲੈਣ ਲਈ, ਕਿੰਨਾਂ ਚਿਰ ਤੱਕ ਦੱਬੀਂ ਰੱਖਦੇ, ਹੱਕ ਅਸੀਂ ਹੱਕਦਾਰਾਂ ਦੇ। ਗ਼ਜ਼ਲਾਂ ਲਿਖ ਕੇ ਪਰਚਾਉਂਦੇ ਉਹ, 'ਨੂਰ' ਜੁਦਾਈ ਸ਼ਾਮਾਂ ਦੀ, ਸੱਜਨਾਂ ਵਾਂਗੂੰ ਸ਼ੌਕ ਜਿਨ੍ਹਾਂ ਦੇ ਲੱਗਣ ਵਾਂਗ ਬੀਮਾਰਾਂ ਦੇ।
10. ਮੇਰੇ ਪਿੰਡ ਵਿਚ ਆ ਕੇ ਕਿਉਂ ਨਹੀਂ ਠਹਿਰਦੀਆਂ
ਮੇਰੇ ਪਿੰਡ ਵਿਚ ਆ ਕੇ ਕਿਉਂ ਨਹੀਂ ਠਹਿਰਦੀਆਂ? ਸੁੰਦਰ ਸੁੰਦਰ ਸ਼ਾਮਾਂ ਤੇਰੇ ਸ਼ਹਿਰ ਦੀਆਂ। ਟੁੱਟ ਗਈ, ਜਦ ਤੋਂ ਉਨ੍ਹਾਂ ਨੇ ਭਰੀਆਂ ਨੇ, ਮਿੱਠੇ ਬੋਲਾਂ ਦੇ ਵਿਚ ਪੁੜੀਆਂ ਜ਼ਹਿਰ ਦੀਆਂ। ਪਹੁ-ਫਟਦੇ ਹੀ ਸੁਲਘੀ ਧੂਣੀ ਯਾਦਾਂ ਦੀ, ਕੱਟਣੀਆਂ ਨੇ ਧੁੱਪਾਂ ਅਜੇ ਦੁਪਹਿਰ ਦੀਆਂ। ਤੈਰ ਰਹੇ ਹਾਂ ਨਫ਼ਰਤ ਦੇ ਉਸ ਸਾਗਰ ਨੂੰ, ਉੱਠਦੀਆਂ ਨੇ ਜਿੱਥੇ ਕਾਂਗਾਂ ਕਹਿਰ ਦੀਆਂ। ਮੇਲ ਦਿਆਂ ਰਾਹਾਂ ਵਿਚ ਰੋੜਾ ਬਣ ਗਈਆਂ, ਯਾਰ ਵੱਲੋਂ ਲਗਵਾਈਆਂ ਸ਼ਰਤਾਂ ਮਹਿਰ ਦੀਆਂ। ਸਾਰੇ ਅੰਨ੍ਹੇ ਮੰਜ਼ਿਲ ਉੱਤੇ ਪੁੱਜ ਗਏ, ਕਰਨ ਸੁਜਾਖੇ ਬੈਠੇ ਗੱਲਾਂ ਗਹਿਰ ਦੀਆਂ। ਰੇਤ ਪਿਆਸੇ ਨੇ ਸਭ ਕਾਬੂ ਕਰ ਲਈਆਂ, ਬੂੰਦਾਂ ਕੰਢਿਉਂ ਬਾਹਰ ਸੁੱਟੀਆਂ ਲਹਿਰ ਦੀਆਂ। ਨਾ ਉਹ ਭੁੱਲਣ, ਨਾ ਹੀ ਭੁੱਲੇ 'ਨੂਰ' ਕਦੇ, ਸਾਥੀ ਨੇ ਜੋ ਯਾਦਾਂ ਬੀਤੇ ਪਹਿਰ ਦੀਆਂ।
11. ਯਾਰ ਨਹੀਂ ਜੇ ਆ ਕੇ ਰਾਜ਼ੀ, ਸਾਡੇ ਸੁੰਨੇ ਦੁਆਰਾਂ ਵਿਚ
ਯਾਰ ਨਹੀਂ ਜੇ ਆ ਕੇ ਰਾਜ਼ੀ, ਸਾਡੇ ਸੁੰਨੇ ਦੁਆਰਾਂ ਵਿਚ। ਇੱਕ ਅਧੂਰਾ ਸੁਫ਼ਨਾ ਲੈ ਕੇ, ਘੁੰਮਾਂਗੇ ਬਾਜ਼ਾਰਾਂ ਵਿਚ। ਪੱਛਮ ਦੇ ਪਹਿਰਾਵੇ ਨੇ ਇੰਜ, ਡੰਗਿਐ ਸਾਡੇ ਵਿਰਸੇ ਨੂੰ, ਦੇਸੀ-ਪਣ ਦਾ ਝੌਲਾ ਕਿਧਰੇ, ਪੈਂਦਾ ਨਾ ਮੁਟਿਆਰਾਂ ਵਿਚ। ਜਿਸ ਦੀ ਇੱਜ਼ਤ ਦੇ ਪਰ ਨੋਚੇ, ਰਲ ਕੇ ਇੱਜ਼ਤਦਾਰਾਂ ਨੇ, ਕੂੰਜ ਕਿਵੇਂ ਉਹ ਜਾ ਕੇ ਬੈਠੇ, ਪਾਕ ਸੁਹਾਗਣ 'ਡਾਰਾਂ ਵਿਚ। ਉਸ ਨੂੰ ਕੀ ਚੇਤਾ ਆਉਣੈ, ਬਾਹਣਾ ਵਿਚ ਰੁਲਦੇ ਲੋਕਾਂ ਦਾ, ਜਿਸ ਦੀ ਖ਼ਾਤਰ ਲਾਠੀ ਚੱਲਦੀ, ਸ਼ਹਿਰ ਦਿਆਂ ਮੁਖ਼ਤਾਰਾਂ ਵਿਚ। ਯਾਰ ਮਿਰੇ ਦੀ ਬਦਨਾਮੀ ਦਾ, ਚਰਚਾ ਨਾ ਇੰਜ ਆਮ ਕਰੋ, ਭਾਵੇਂ ਮੇਰੇ ਸਾਰੇ ਸੁਫ਼ਨੇ, ਚਿਣ ਦੇਵੋ ਦੀਵਾਰਾਂ ਵਿਚ। ਕਿੰਜ ਉਤਾਰਾਂ ਭਾਰ ਸਿਰੋਂ, ਉਸ ਦੇ ਅਹਿਸਾਨਾਂ ਦਾ ਜੋ- ਮੇਰੇ ਹੱਕ ਵਿਚ ਬੋਲ ਗਿਆ ਖੜ੍ਹ ਕੇ ਨੰਗੀਆਂ ਤਲਵਾਰਾਂ ਵਿਚ। ਸੂਲਾਂ ਦੀ ਮਹਿਫ਼ਲ ਵਿਚ ਬਹਿ ਕੇ, ਤਿੱਖੀਆਂ ਚੁੰਝਾਂ ਭੋਰਣ ਦੀ, 'ਨੂਰ ਮੁਹੰਮਦ' ਕਹਿ ਜਾਂਦਾ ਹੈ, ਹਸ ਕੇ ਗੱਲ ਹਜ਼ਾਰਾਂ ਵਿਚ।
12. ਸੋਚ-ਸਮਝ ਹੁਣ ਕਰਨੀ ਐਨੀ ਗਹਿਰੀ ਹੈ
ਸੋਚ-ਸਮਝ ਹੁਣ ਕਰਨੀ ਐਨੀ ਗਹਿਰੀ ਹੈ। ਪਰਖ ਸਕੇ ਜੋ ਕਿਹੜਾ ਚੰਗਾ ਸ਼ਹਿਰੀ ਹੈ? ਜਿਸ ਮੌਸਮ ਦੀ ਸੀਤ-ਹਵਾ ਵਿਚ ਬੈਠੇ ਹੋ, ਝੱਖੜ ਬਣ ਕੇ ਦੱਸੂ ਕਿੰਨੀ ਜ਼ਹਿਰੀ ਹੈ। ਕਿੰਜ ਹਟਾਵਾਂ ਰੀਝਾਂ ਦਾ ਫਲ ਟੁੱਕਣ ਤੋਂ, ਦਿਲ ਦੇ ਬੂਟੇ ਬੈਠੀ ਪੀੜ-ਗੁਲਹਿਰੀ ਹੈ। ਭਿਣਕ ਸੁਣੀ ਹੋਵੇਗੀ ਜ਼ੁਲਫ਼-ਘਟਾਵਾਂ ਦੀ, ਪੈਲਾਂ ਪਾਉਂਦਾ ਦਿਲ ਦਾ ਮੋਰ-ਕੁਲਹਿਰੀ ਹੈ। ਸਮਝ ਲਿਆ ਤੂੰ ਜਿਸ ਨੂੰ ਹੱਲ ਉਦਾਸੀ ਦਾ, ਚੁੰਨੀ ਉਸ ਦੀ ਨਾਲ ਹਵਾ ਦੇ ਲਹਿਰੀ ਹੈ। ਨਾ ਤੁਰਦੀ ਨਾ ਮੁੜਦੀ ਆਸਾਂ ਨੂੰ ਲੈ ਕੇ, ਨਜ਼ਰ ਕਿਸੇ ਦੇ ਮੁਖ ਤੇ ਐਸੀ ਠਹਿਰੀ ਹੈ। ਦੁਨੀਆਂ ਦੀ ਹਰ ਸ਼ੈ ਨੂੰ ਪੀਲੀ ਤੱਕਦਾ ਹਾਂ, ਕੈਸੇ ਸੁਫ਼ਨੇ ਲੈਂਦੀ ਸੋਚ ਸੁਨਹਿਰੀ ਹੈ। ਦੁੱਖ ਫਰੋਲਣ ਬੈਠਾ ਏਂ ਕਿਸ ਅੱਗੇ 'ਨੂਰ', ਇਹ ਦੁਨੀਆਂ ਤਾਂ ਚਿਰ ਤੋਂ ਗੁੰਗੀ-ਬਹਿਰੀ ਹੈ।
13. ਐਨਾ ਛੋਟਾ ਘੇਰਾ ਨਾ ਕਰ ਬਾਹਾਂ ਦਾ
ਐਨਾ ਛੋਟਾ ਘੇਰਾ ਨਾ ਕਰ ਬਾਹਾਂ ਦਾ। ਰੌਕਟ ਦਾਗ਼ ਦਵਾਂਗਾ ਭਖੀਆਂ ਆਹਾਂ ਦਾ। ਨਜ਼ਰਾਂ ਦੀ 'ਏ. ਕੇ. ਸੰਤਾਲੀ' ਚੱਲਣੀ ਨਹੀਂ, ਦਿਲ ਹੈ ਖੋਜੀ-ਕੁੱਤਾ ਭੇਤੀ ਰਾਹਾਂ ਦਾ। ਮਨ ਦੀ 'ਸੈਟੀ-ਲਾਇਟ' ਟਿਕਾ ਕੇ ਪਰਖਾਂਗੇ, ਕਿਸ ਤੇ ਸੁੱਟਦਾ ਏਂ ਤੂੰ ਬੰਬ ਨਿਗਾਹਾਂ ਦਾ? ਜੰਗ ਛਿੜੀ ਹੈ ਜਦ ਤੋਂ ਨੈਣਾਂ-ਨੈਣਾਂ ਦੀ, ਅਸਲਾ-ਖ਼ਾਨਾ ਗਰਮ ਦਿਸੇ ਅਫ਼ਵਾਹਾਂ ਦਾ। 'ਲੰਕਾ' ਵਾਂਗੂੰ ਸਾੜੇ ਦਿਲ ਦੀ ਧਰਤੀ ਨੂੰ, ਘੱਲੇ ਜਦ ਉਹ ਬੁੱਲ੍ਹਾ ਤੱਤੇ ਸਾਹਾਂ ਦਾ। ਰੂਪ ਦੀਆਂ ਤਪੀਆਂ ਬਾਰੂਦੀ ਸੁਰੰਗਾਂ ਨੂੰ, ਲੰਘੇ ਕਿੱਦਾਂ 'ਬਕਤਰ-ਬੰਦ' ਨਿਗਾਹਾਂ ਦਾ? 'ਐਟਮ-ਬੰਬ' ਬਣਾਉ ਇੱਕ ਗ਼ਜ਼ਲਾਂ ਦਾ 'ਨੂਰ', ਫਟ ਕੇ ਪਾਜ ਉਧੇੜੇ ਜਿਹੜਾ ਸ਼ਾਹਾਂ ਦਾ।
14. ਕਿੰਨਾ ਚਿਰ ਹੁਣ ਵਗਦੇ ਰਹਿਣੈ ਸਾਹਾਂ ਨੇ
ਕਿੰਨਾ ਚਿਰ ਹੁਣ ਵਗਦੇ ਰਹਿਣੈ ਸਾਹਾਂ ਨੇ? ਬੇੜੀ ਪੁੱਠੀ ਤੋਰ ਲਈ ਮੱਲਾਹਾਂ ਨੇ। ਯਾਦ ਉਨ੍ਹਾਂ ਦੀ ਜੱਫ਼ੀ ਪਾ ਕੇ ਘੁੱਟ ਲਈ, ਹਿੰਮਤ ਕੀਤੀ ਜਦ ਚੇਤੇ ਦੀਆਂ ਬਾਹਾਂ ਨੇ। ਕੌਤਕ ਹੈ, ਜਾਂ ਮੇਲ ਤਿਰੇ ਦਾ ਇਹ ਜਾਦੂ, ਹਾਸੇ ਦੇ ਘਰ ਕੁੱਲੀ ਪਾਈ ਆਹਾਂ ਨੇ। ਤੇਰੇ ਵਸਲਾਂ ਦੀ ਹਾਂਡੀ ਵਿਚ ਰਿੱਝਣ ਨੂੰ, ਕੀ ਨਹੀਂ ਕੀਤਾ ਆਸ ਮਿਰੀ ਦੇ ਮਾਹਾਂ ਨੇ। ਫੁੱਲਾਂ ਦੇ ਹਾਸੇ ਨੂੰ ਠੱਲਾਂ ਪਾਈਆਂ ਨੇ, ਤਿਤਲੀ ਕਾਬੂ ਕਰ ਕੇ ਪਿੰਡ ਦੇ ਸਾਹਾਂ ਨੇ। ਕੀਹਦੇ ਮੁੱਖੜੇ ਨਾਲ ਮਿਲਾਵਾਂ ਨਜ਼ਰਾਂ ਨੂੰ, ਸਭ ਸੱਜਨਾਂ ਦੇ ਚਿਹਰੇ ਹੇਠ-ਉਤਾਹਾਂ ਨੇ। ਰੀਝੋ! ਕੁੱਝ ਦਿਨ ਠਹਿਰੋ, ਬੂਹਾ ਮੱਲਾਂਗੇ, ਅੱਜ-ਕੱਲ੍ਹ ਸੋਚਾਂ ਯਾਰ ਦੀਆਂ ਕੁਝ 'ਤਾਹਾਂ ਨੇ। ਯਾਰ ਦੀਆਂ ਗਲੀਆਂ ਵਿਚ ਲੈ ਕੇ ਘੁੰਮਣਗੇ, ਹੋਰ ਕਿੱਥੇ ਲੈ ਜਾਣੈ ਸੁੰਨਿਆਂ ਰਾਹਾਂ ਨੇ? ਵੱਖ–ਵੱਖ ਸਮਤਾਂ ਦਰਸਾਉਂਦੇ ਨੇ ਚਾਲੇ 'ਨੂਰ', ਐਵੇਂ ਰਲ ਕੇ ਤੁਰਨ ਦੀਆਂ ਅਫ਼ਵਾਹਾਂ ਨੇ।
15. ਕੀ ਅੰਦਾਜ਼ਾ ਲਾਵਾਂ ਤੋਰ ਨਿਰਾਲੀ ਤੋਂ
ਕੀ ਅੰਦਾਜ਼ਾ ਲਾਵਾਂ ਤੋਰ ਨਿਰਾਲੀ ਤੋਂ? ਤੇਰੇ ਮੁੱਖ ਦੀ ਮੱਧਮ ਪੈਂਦੀ ਲਾਲੀ ਤੋਂ। ਕਿੰਜ ਬਚਾਵਾਂ ਪਤਝੜ ਤੋਂ ਰੁੱਖ ਰੀਝਾਂ ਦਾ, ਪੀਲੇ ਹੋ ਕੇ ਪੱਤਰ ਟੁੱਟਣ ਡਾਲੀ ਤੋਂ। 'ਖ਼ੁਸ਼ੀਆਂ ਦੀ ਸੌਗ਼ਾਤ ਨਹੀਂ 'ਗ਼ਮ' ਦੇ ਜਾਉ, ਕੁੱਝ ਤਾਂ ਚੰਗਾ ਹੈ, ਦਿਲ ਖ਼ਾਲੀ-ਖ਼ਾਲੀ ਤੋਂ। ਮਾਸ ਜਿਗਰ ਦਾ 'ਗ਼ਮ' ਨੂੰ ਭੁੰਨ ਖਵਾਉਣ ਲਈ, ਡੱਕੇ ਤੋੜ ਲਏ 'ਬਿਰਹਾ' ਦੀ ਟਾਹਲੀ ਤੋਂ। ਸ਼ੋਖ਼ ਅਦਾਵਾਂ ਲੈ ਕੇ ਏਥੋਂ ਤੁਰ ਜਾਵੋ, ਦਿਲ ਨੂੰ ਘਿਣ ਆਉਂਦੀ ਹੈ ਹਾਸੇ ਜਾਅਲੀ ਤੋਂ। ਕਿਉਂ ਦੱਸਦੇ ਹੋ ਮੈਨੂੰ ਰਸਤਾ ਖ਼ੁਆਰੀ ਦਾ, ਬਚਣਾ ਚਾਹੁੰਦਾ ਹਾਂ ਮੈਂ ਇਸ਼ਕ-ਪਿਆਲੀ ਤੋਂ। ਖੇਤਾਂ ਦਾ ਕਿਉਂ ਸੀਨਾ ਸਾੜੀ ਜਾਂਦੇ ਹੋ, 'ਗੱਤਾ' ਬਣਦੈ 'ਤੂੜੀ' ਅਤੇ 'ਪਰਾਲੀ' ਤੋਂ। ਜਿਸ ਨੂੰ ਦਿੱਤਾ ਮੰਗਾਂ, ਦੁਸ਼ਮਣ ਬਣ ਜਾਵੇ, ਤਾਹੀਉਂ ਬਚਦਾ ਹਾਂ ਹਰ ਇੱਕ ਸਵਾਲੀ ਤੋਂ। ਮਿੱਠਾ ਬੋਲ ਬੁਲਾਵੇ ਜੇ ਕਰ ਉਸ ਨੂੰ 'ਨੂਰ', ਅਰਥ ਨਵੇਂ ਉਹ ਕੱਢੇ ਨਰਮ-ਖ਼ਿਆਲੀ ਤੋਂ।
16. ਇੰਜ ਸੱਧਰਾਂ ਦੇ ਵਾਲੀ ਵੀ ਕਰ ਲੈਂਦੇ ਨੇ
ਇੰਜ ਸੱਧਰਾਂ ਦੇ ਵਾਲੀ ਵੀ ਕਰ ਲੈਂਦੇ ਨੇ। ਸਾਂਝੀ ਈਦ-ਦੀਵਾਲੀ ਵੀ ਕਰ ਲੈਂਦੇ ਨੇ। ਮਾਲਾ ਫੜਕੇ ਉਮਰ ਗਵਾਈ, ਕੀ ਮਿਲਿਆ? ਯਾਦ ਖ਼ੁਦਾ ਨੂੰ, ਪਾਲੀ ਵੀ ਕਰ ਲੈਂਦੇ ਨੇ। ਮੇਰੇ ਤੱਕਣ 'ਤੇ ਕਿਉਂ ਚਿਹਰਾ ਉਤਰ ਗਿਆ, ਛੇੜ ਫੁੱਲਾਂ ਨੂੰ ਮਾਲੀ ਵੀ ਕਰ ਲੈਂਦੇ ਨੇ। ਚੁੰਝਾਂ ਨੇੜੇ ਚੁੰਝਾਂ ਕਰ ਕੇ ਲੋੜ ਸਮੇਂ, ਪੰਛੀ, ਨੇਕ-ਖ਼ਿਆਲੀ ਵੀ ਕਰ ਲੈਂਦੇ ਨੇ। ਕਦਮ ਮਿਲਾ ਕੇ ਤੁਰਦੇ ਨੇ ਜੋ, ਪੁੱਛਣ 'ਤੇ- ਅਪਣੀ ਤੋਰ, ਨਿਰਾਲੀ ਵੀ ਕਰ ਲੈਂਦੇ ਨੇ। ਅਸਰ ਨਹੀਂ ਇਹ ਉਸ 'ਤੇ ਮੇਰੇ ਤੱਕਣ ਦਾ, ਮੁੱਖ 'ਤੇ ਯਾਰ, ਗੁਲਾਲੀ ਵੀ ਕਰ ਲੈਂਦੇ ਨੇ। ਨਾਲ ਖੜ੍ਹੇ ਜੋ ਹਸਦੇ ਨੇ, ਤੁਰ ਜਾਵਣ 'ਤੇ- ਅੱਖ ਨੂੰ ਅੱਥਰੂ-ਵਾਲੀ ਵੀ ਕਰ ਲੈਂਦੇ ਨੇ। ਦਿਲ ਦਾ ਸੌਦਾ ਕਰਨੋਂ ਪਹਿਲਾਂ ਪਰਖ ਲਵੀਂ, ਲੋਕ ਮੁਹੱਬਤ ਜਾਅਲੀ ਵੀ ਕਰ ਲੈਂਦੇ ਨੇ। 'ਗ਼ਜ਼ਲ' ਕਹਿਣ ਨੂੰ 'ਪਿੰਗਲ' ਸਿੱਖਣਾ ਪੈਂਦੈ 'ਨੂਰ' ਤੁਕਬੰਦੀ ਤਾਂ ਹਾਲੀ ਵੀ ਕਰ ਲੈਂਦੇ ਨੇ।
17. ਵਰਖਾ ਬਣਕੇ ਅੱਥਰੂ ਆਏ ਨੈਣਾਂ ਵਿਚ
ਵਰਖਾ ਬਣਕੇ ਅੱਥਰੂ ਆਏ ਨੈਣਾਂ ਵਿਚ। ਬਾਤ ਕਿਸੇ ਦੀ ਜਦ ਚੱਲੀ ਦੋ ਭੈਣਾਂ ਵਿਚ। ਦੱਸ ਕਰਾਂ ਕੀ, ਉਸ ਕਜਲੇ ਦੀ ਧਾਰੀ ਦਾ, ਜਿਹੜੀ ਪਾਈ ਤੂੰ ਆਸਾਂ ਦੇ ਨੈਣਾਂ ਵਿਚ। ਮੈਂ ਕਹਿ ਕੇ ਪੁੱਜ ਜਾਵਾਂ, ਪਰ ਉਹ ਝੈਂ ਜਾਵੇ, ਫ਼ਰਕ ਇਹੋ ਹੈ ਦੋ-ਮੁੱਖਾਂ ਦੇ ਕਹਿਣਾਂ ਵਿਚ। ਘਰ ਵਿਚ ਘੱਲੂ-ਘਾਰਾ ਪਾ ਕੇ ਨਿਕਲ ਗਈ, ਗ਼ਲਤ-ਬਿਆਨੀ ਦੋ ਬੇਅਕਲ ਸ਼ੁਦੈਣਾਂ ਵਿਚ। ਯਾਦ ਤਿਰੀ ਵਿਚ ਨਿਖਰੇ, ਸੋਚ ਉਡਾਰੀ ਦੇ, ਅੰਗ ਛੁਪੇ ਨਾ 'ਦਿਲ' ਦੇ, ਤੰਗ-ਬੁਨੈਣਾਂ ਵਿਚ। ਭਾਵੇਂ ਸਮਝ ਸਕੇ ਨਾ ਮਾਪੇ, ਰਮਜ਼ਾਂ ਨੂੰ- ਮਿੱਤਰਾਂ ਦਾ ਕਿੱਸਾ, ਸੀ ਧੀ ਦੇ ਵੈਣਾਂ ਵਿਚ। ਉਸ ਦੀ ਹੋਣੀ, ਹੋਣੀ ਉੱਤੇ ਛੱਡ ਦਿਓ, ਫਸ ਜਾਵੇ ਜਦ ਅੱਲੜ੍ਹ ਮਰਦ, ਕਸੈਣਾਂ ਵਿਚ। ਜਿਸ ਦਿਨ ਚੱਲੀ ਬਾਤ ਵਿਰਾਸਤ ਵੰਡਣ ਦੀ, ਮੈਂ-ਮੈਂ, ਤੂੰ-ਤੂੰ ਹੋਵਣ ਲੱਗੀ ਡੈਣਾਂ ਵਿਚ। ਰਾਤ ਜੁਦਾਈ ਦੀ ਆਈ ਤਾਂ ਲਿੱਖੀਂ 'ਨੂਰ', ਕੀ ਹੁੰਦਾ ਹੈ ਬਿਰਹਾ-ਰੰਗੀਆਂ ਰੈਣਾਂ ਵਿਚ।
18. ਧੁੱਪ ਦੀਆਂ ਤੈਹਾਂ ਸਿਰ 'ਤੇ ਧਰ ਜਾਵੇਗਾ
ਧੁੱਪ ਦੀਆਂ ਤੈਹਾਂ ਸਿਰ 'ਤੇ ਧਰ ਜਾਵੇਗਾ। ਫੁੱਲਾਂ ਦਾ ਮੁੱਖ ਬੇਰੰਗਾ ਕਰ ਜਾਵੇਗਾ। ਪਲਕਾਂ ਚੁੱਕ ਕੇ ਦੇਖ ਲਿਆ ਕਰ ਮੇਲ ਸਮੇਂ, ਤੇਰੇ ਦੇਖਣ ਨਾਲ ਮੇਰਾ ਸਰ ਜਾਵੇਗਾ। ਮਾਰ ਲਿਆ ਕਰ ਗਿਲਤੀ ਕੁੱਝ ਮੁਸਕਾਨਾਂ ਦੀ, ਆਹਾਂ ਦੀ ਬੁੱਕਲ ਵਿਚ ਦਿਲ ਠਰ ਜਾਵੇਗਾ। ਕਿੰਨਾ ਚਿਰ ਝੱਖੜ ਨੇ ਝੁਲਦੇ ਰਹਿਣਾ ਹੈ, ਘਿਰਿਆ ਪੰਛੀ, ਆਖ਼ਰ ਨੂੰ ਘਰ ਆਵੇਗਾ। ਜੀਵਨ ਦੇ ਉਸ ਪੰਛੀ ਦੀ ਨਾ ਮੰਜ਼ਿਲ ਮਿੱਥ, ਉਡਣੋਂ ਪਹਿਲਾਂ ਕਟ ਜਿਸ ਦਾ ਪਰ ਜਾਵੇਗਾ। ਤੋਰ ਮਿਰੀ ਦੇ ਨਾਲ ਰਲਾ ਕੇ ਡਿੰਘਾਂ ਭਰ, 'ਲੱਕੜ' ਦੇ ਸੰਗ ਲੋਹਾ ਵੀ ਤਰ ਜਾਵੇਗਾ। ਬੇਸਮਝਾ! ਤੂੰ ਬਾਤ ਨਾ ਉਸ ਦੀ ਦਿਲ ਨੂੰ ਲਾ, ਭੂਤ ਨਸ਼ੇ ਦਾ ਰਾਤੀਂ ਉੱਤਰ ਜਾਵੇਗਾ। ਸ਼ਰਤ ਕਦੇ ਨਾ ਲਾਵੀਂ ਇਸ਼ਕ-ਮੁਹੱਬਤ ਵਿਚ, ਹਰ ਇਕ ਸੱਚਾ, ਆਖ਼ਰ ਨੂੰ ਹਰ ਜਾਵੇਗਾ। 'ਨੂਰ' ਕਦੋਂ ਤੱਕ ਸਾਂਭੂ ਜਿੰਦ ਮਜਾਜਣ ਨੂੰ, ਇਕ ਦਿਨ ਅਜਲਾਂ ਦਾ ਲਾੜ੍ਹਾ ਵਰ ਜਾਵੇਗਾ।
19. ਲੰਘ ਗਏ ਮੌਸਮ ਦੀ ਚਰਚਾ ਛੇੜੋ ਨਾ
ਲੰਘ ਗਏ ਮੌਸਮ ਦੀ ਚਰਚਾ ਛੇੜੋ ਨਾ। ਜ਼ਖ਼ਮ ਅਜੇ ਅੱਲੇ ਨੇ, ਇੰਜ ਉਚੇੜੋ ਨਾ। ਹੌਲੀ-ਹੌਲੀ ਬੋਲੋ, ਦੋ-ਪਲ ਦੇਖ ਲਵਾਂ, ਇੱਕੋ ਸਾਹ ਵਿਚ ਸਾਰੀ ਬਾਤ ਨਬੇੜੋ ਨਾ। ਹੋਰ ਕਿਤੇ ਜਾ ਜੋੜੋ ਹਲ੍ਹਟ ਮਲ੍ਹਾਰਾਂ ਦਾ, ਦਿਲ ਦੇ ਸੁੱਕੇ ਖੂਹ ਵਿਚ ਟਿੰਡਾਂ ਗੇੜੋ ਨਾ। ਸੁਫ਼ਨੇ ਦੇਖੇ, ਰੀਝਾਂ ਗੁੰਦੀਆਂ, ਪਾਉਣ ਲਈ, ਕਲਬੂਤਾਂ ਤੋਂ ਰੂਹਾਂ ਦੂਰ ਨਖੇੜੋ ਨਾ। ਰੱਖੀਆਂ ਨੇ ਕੁਝ ਆਸਾਂ ਵਿਗੜੀ ਕਿਸਮਤ ਨੇ, ਹਸ ਕੇ ਤੱਕੋ, ਦਿਲ ਦਾ ਬੂਹਾ ਭੇੜੋ ਨਾ। ਚਾਟ ਕਿਸੇ ਨੂੰ ਲਾ ਕੇ ਠੰਢਾਂ ਝੱਲਣ ਦੀ, ਬਿਸਤਰ ਦੇ ਵਿਚ ਅਪਣੇ ਪੈਰ ਘੁਸੇੜੋ ਨਾ। ਉੱਗੀਆਂ ਨੇ ਕੁੱਝ ਆਸਾਂ ਦਿਲ ਦੀ ਧਰਤੀ 'ਤੇ, ਦੀਮਕ ਗ਼ਮ ਦੀ ਲਾ ਕੇ 'ਨੂਰ' ਉਖੇੜੋ ਨਾ।
20. ਦੋ ਪਲ ਸਾਂਝਾ ਹਾਸਾ ਕਰਕੇ ਦੇਖਾਂਗੇ
ਦੋ ਪਲ ਸਾਂਝਾ ਹਾਸਾ ਕਰਕੇ ਦੇਖਾਂਗੇ। ਮੁੜ ਇਕ ਵਾਰ ਤਮਾਸ਼ਾ ਕਰਕੇ ਦੇਖਾਂਗੇ। ਬੰਜਰ ਰੀਝਾਂ ਦੇ ਬੁੱਲ੍ਹਾਂ 'ਤੇ ਦੋ ਘੜੀਆਂ, ਚਾਹਤ ਦਾ ਦੰਦਾਸਾ ਕਰਕੇ ਦੇਖਾਂਗੇ। ਹਸ ਕੇ ਤੇਰੇ ਸਾਰੇ ਹੰਝੂ ਪੀ ਜਾਵੇ, ਦਿਲ ਨੂੰ ਐਨਾਂ ਪਿਆਸਾ ਕਰਕੇ ਦੇਖਾਂਗੇ। ਜਾਣਦਿਆਂ ਵੀ, ਵਾਅਦੇ ਤੇਰੇ ਝੂਠੇ ਨੇ, ਵਾਅਦੇ ਦਾ ਭਰਵਾਸਾ ਕਰਕੇ ਦੇਖਾਂਗੇ। ਸ਼ਾਇਦ ਭਿਖਿਆ ਪਾ ਦੇਵੇ ਉਹ ਪਿਆਰਾਂ ਦੀ, ਅੱਗੇ ਦਿਲ ਦਾ ਕਾਸਾ ਕਰਕੇ ਦੇਖਾਂਗੇ। ਯਾਦਾਂ ਨੇ ਕਿਸ ਤਹਿ ਵਿਚ ਡੇਰੇ ਲਾਏ ਨੇ, ਦਿਲ ਦਾ ਮਾਸਾ-ਮਾਸਾ ਕਰਕੇ ਦੇਖਾਂਗੇ। ਫੁੱਲਾਂ ਲੱਦੀਆਂ ਸੇਜਾਂ ਸੌਂ ਕੇ ਅੱਕੇ ਹਾਂ, ਔੜ ਭਰੇ ਦਿਲ ਵਾਸਾ ਕਰਕੇ ਦੇਖਾਂਗੇ। ਹੰਭ ਗਏ ਹਾਂ ਕਰਦੇ ਗੱਲ ਨਰਮਾਈ ਦੀ, ਇਸ ਵਾਰੀ ਇਕ ਪਾਸਾ ਕਰਕੇ ਦੇਖਾਂਗੇ। ਸੁਣਦੇ ਹਾਂ ਯਾਰਾਂ ਨੇ ਫੇਰੀ ਪਾਉਣੀ 'ਨੂਰ', ਜੇਰਾ ਵੱਡਾ ਖਾਸਾ ਕਰਕੇ ਦੇਖਾਂਗੇ।
21. ਸ਼ਾਹਾਂ ਦੇ ਘਰ ਜਨਮੀ ਸੋਨ-ਸੁਨੱਖੀ ਨੂੰ
ਸ਼ਾਹਾਂ ਦੇ ਘਰ ਜਨਮੀ ਸੋਨ-ਸੁਨੱਖੀ ਨੂੰ। ਹੰਭ ਗਏ ਲੱਭਦੇ 'ਨਫ਼ਰਤ' ਦੀ ਮੱਖੀ ਨੂੰ। ਕੰਡਿਆਂ ਲੱਦੇ, ਰੱਤ ਨਹਾਏ ਰਸਤੇ 'ਚੋਂ, ਟੇਢੀ ਕਰਕੇ ਲੰਘੀਂ 'ਵਾਏ, ਵੱਖੀ ਨੂੰ। ਆਸਾਂ ਦੇ ਬਾਜ਼ਾਰ ਵੜਨ ਤੋਂ ਕਿੰਜ ਰੋਕਾਂ, ਮੈਂ ਔਕਾਤ ਨਿਮਾਣੀ ਅੱਲ੍ਹਾ-ਰੱਖੀ ਨੂੰ। ਪਰਖ ਕਰਨ ਦੀ ਜਾਂਚ ਸਿਖਾਵਣ ਚੱਲੇ ਹਾਂ, ਰੀਝਾਂ ਦੀ ਵਣਜਾਰਨ ਅਕਲ-ਚਮੱਖੀ ਨੂੰ। ਕਿੰਜ ਬਹਿਲਾਵਾਂ ਉਸ ਦਿਲ ਨੂੰ ਜੋ ਪਰਖ ਗਿਆ, ਤੇਰੇ ਨੈਣਾਂ ਦੀ ਖ਼ਸਲਤ ਬਹੁ-ਪੱਖੀ ਨੂੰ। ਰੋਲ ਗਈ ਬਦਨਾਮੀ ਕੁੱਝ ਮੁਸਕਾਨਾਂ ਦੀ, ਪੁੱਤਰਾਂ ਵਾਂਗ ਬਣਾ ਕੇ ਇੱਜ਼ਤ ਰੱਖੀ ਨੂੰ। ਨਾਲ ਉਨ੍ਹਾਂ ਦੇ ਖਹਿਕੇ ਇਕ ਦਿਨ ਬੈਠੋ 'ਨੂਰ', ਮੁੱਦਤ ਹੋਈ ਇਹ ਵੀ ਲੱਜ਼ਤ ਚੱਖੀ ਨੂੰ।
22. ਯਾਰ ਦੀਆਂ ਤਦਬੀਰਾਂ, ਬੱਲੇ-ਬੱਲੇ ਨੇ
ਯਾਰ ਦੀਆਂ ਤਦਬੀਰਾਂ, ਬੱਲੇ-ਬੱਲੇ ਨੇ। ਕਿਰਨਾਂ ਫੜ ਕੇ ਦੀਵਾ ਬਾਲਣ ਚੱਲੇ ਨੇ। ਪਿਆਰ ਕਰਨ ਦੀ ਕੀਮਤ ਮੰਗਣ ਆਏ ਨੇ, ਕੁੱਝ ਯਾਦਾਂ, ਕੁੱਝ ਹੌਕੇ ਮੇਰੇ ਪੱਲੇ ਨੇ। ਬਦਲੇ ਬਦਲੇ ਨੇ ਦਿਲ ਕੁੱਝ ਕੁੱਝ ਲੋਕਾਂ ਦੇ, ਲੱਗਦੇ ਪਹਿਲਾਂ ਵਰਗੇ ਸ਼ਹਿਰ-ਮੁਹੱਲੇ ਨੇ। ਲੰਘ ਗਏ ਉਹ ਉਹਲਾ ਕਰਕੇ ਵਾਲਾਂ ਦਾ, ਵਗਦੇ-ਰਸਤੇ ਦਰਸ਼ਨ ਨੂੰ ਜਦ ਮੱਲੇ ਨੇ। ਕਿੰਜ ਸਮਝਾਵਾਂ ਗੱਲਾਂ ਉਸ ਨੂੰ ਭੇਤ ਦੀਆਂ, ਉਹ ਜੋ ਸੁਫ਼ਨੇ ਲੈਂਦੇ ਫਿਰਦੇ ਝੱਲੇ ਨੇ। ਅਰਥ ਨਵੇਂ ਨਾ ਕੱਢੋ ਨਰਮ-ਖ਼ਿਆਲੀ ਤੋਂ, ਨਫ਼ਰਤ ਦੇ ਚੰਗਿਆੜੇ ਭਖਣੋਂ ਠੱਲ੍ਹੇ ਨੇ। ਭੌਰੇ ਦੀ ਹਰਕਤ ਤੋਂ ਖਿੱਝ ਕੇ ਕਲੀਆਂ ਨੇ, ਨਾਜ਼ੁਕ ਹੱਥਾਂ ਦੇ ਵਿਚ ਚੁੱਕੇ ਭੱਲੇ ਨੇ। 'ਸ਼ੌਕ' ਮਿਰੇ ਨੇ ਆਖੇ ਲੱਗ ਕੇ 'ਆਸਾਂ' ਦੇ, ਮਾਯੂਸੀ ਦੇ ਹੱਥੋਂ ਖਾਧੇ ਖੱਲੇ ਨੇ। ਸਾਰੀ ਉਮਰ ਗੁਜ਼ਾਰੀ ਜਿਸ ਨੇ ਕੱਲਿਆਂ 'ਨੂਰ', ਕੀ ਗ਼ਮ ਹੈ ਜੇ ਜਾਂਦੀ ਵਾਰ ਇਕੱਲੇ ਨੇ।
23. ਕਿਸ ਹੁਜਰੇ ਦੇ ਅੰਦਰ ਡੱਕਾਂ, ਅੱਥਰੇ ਦਿਲ ਦੀਵਾਨੇ ਨੂੰ
ਕਿਸ ਹੁਜਰੇ ਦੇ ਅੰਦਰ ਡੱਕਾਂ, ਅੱਥਰੇ ਦਿਲ ਦੀਵਾਨੇ ਨੂੰ? ਮਿਲਣ ਤਿਰੇ ਨੇ ਜੀਵਨ ਦਿੱਤਾ, ਦਰਦ ਭਰੇ ਅਫ਼ਸਾਨੇ ਨੂੰ। ਖ਼ਾਲੀ-ਬੋਤਲ ਵਰਗਾ ਜਲਵਾ, ਝਾਕੇ ਉਸ ਦੇ ਮੁੱਖੜੇ ਤੋਂ, ਕੀ ਆਖਾਂ ਕਿਸ ਥਾਂ ਲੁਟਵਾਇਆ, ਸਾਕੀ ਨੇ ਮੈਖ਼ਾਨੇ ਨੂੰ। ਸੂਰਜ ਦੇ ਸੰਗ ਤੁਰ ਜਾਂਦੇ ਹਾਂ, ਰੋਜ਼ ਅਸੀਂ ਤਾਂ ਸ਼ਾਮਾਂ ਨੂੰ, ਯਾਦ ਕਿਸੇ ਦੀ ਦਿਲ ਵਿਚ ਲੈ ਕੇ, ਹਸਰਤ ਦੇ ਤਹਿਖ਼ਾਨੇ ਨੂੰ। ਨਾ ਜਾਣੇ ਕੀ, ਜੋੜਣ ਵੇਲੇ, ਅਰਥ ਨਵੇਂ ਇਹ ਦੇ ਜਾਵੇ, ਦਿਲ ਦੇ ਅੱਖਰ ਨਾਲ ਮਿਲਾਵਾਂ, ਅੱਖਰ ਜਿਸ ਬੇਗਾਨੇ ਨੂੰ। ਸ਼ਾਮ-ਢਲੇ ਬਾਹਾਂ ਫ਼ੈਲਾ ਕੇ, ਆਉਣਾ ਯਾਦ ਮਜਾਜਣ ਦਾ, ਮੈਖ਼ਾਨੇ ਵਲ ਲੈ ਤੁਰਦਾ ਹੈ, ਰਾਂਝੇ-ਦਿਲ ਮਸਤਾਨੇ ਨੂੰ। ਇਸ਼ਕ ਤਿਰੇ ਦਾ ਡੰਗਿਆ ਵਸ ਚੋਂ, ਨਿੱਕਲ-ਨਿੱਕਲ ਜਾਂਦਾ ਹੈ, ਕਿੱਥੇ ਠੀਕ ਕਰਾਵਣ ਜਾਵਾਂ, ਜ਼ਖ਼ਮੀ ਦਿਲ ਨੁਕਸਾਨੇ ਨੂੰ। ਕੌਣ ਸੁਣੇਗਾ ਘੁੱਗੀ-ਰੰਗੇ, ਅਮਨਾਂ ਦੇ ਲਲਕਾਰੇ 'ਨੂਰ', ਬੈਠ ਗਿਆ ਏਂ 'ਝੁੱਗੀ' ਉੱਤੇ, ਵਾਹਕੇ ਅਮਨ-ਨਿਸ਼ਾਨੇ ਨੂੰ।
24. ਰੀਝ ਤਿਰੀ ਦੇ ਖੂਹ ਵਿਚ ਦਿਸਦਾ ਪਾਣੀ ਨਹੀਂ
ਰੀਝ ਤਿਰੀ ਦੇ ਖੂਹ ਵਿਚ ਦਿਸਦਾ ਪਾਣੀ ਨਹੀਂ। ਦਿਲ ਦੀ ਬੰਜਰ ਭੂਮੀ ਸਿੰਜੀ ਜਾਣੀ ਨਹੀਂ। ਆਸ ਮਿਰੀ ਦੀ ਚਾਟੀ ਨੂੰ ਤੇਰੇ ਬਾਝੋਂ, ਹੋਰ ਕਿਸੇ ਦੀ ਆਉਣੀ ਮੇਚ ਮਧਾਣੀ ਨਹੀਂ। ਮੈਂ ਤਾਂ ਪਹਿਲਾਂ ਤੋਂ ਵੀ ਵੱਧ ਸ਼ੈਦਾਈ ਹਾਂ, ਤੇਰੇ ਨੈਣਾਂ ਦੀ ਸੂਰਤ ਮੁਸਕਾਣੀ ਨਹੀਂ। ਯਾਦ-ਪਟਾਰੀ ਦੇ ਵਿਚ ਜਿੰਨੀਆਂ ਯਾਦਾਂ ਨੇ, ਰਾਂਝੇ ਦੀ ਵੀ ਐਡੀ ਇਸ਼ਕ-ਕਹਾਣੀ ਨਹੀਂ। ਆਸ ਮਿਰੀ ਦੇ ਲਾਂਗੇ ਨੂੰ ਤੂੰ ਗਾਹ ਲੈ, ਪਰ- ਲੋਕਾਂ ਨੂੰ ਇਹ ਲੱਗਣੀ ਗੱਲ ਸਿਆਣੀ ਨਹੀਂ। ਮੰਨਿਆ ਇਸ ਦਾ ਮੈਂ ਖ਼ਾਲਿਕ ਨਹੀਂ ਪਰ,ਓ ਗ਼ਮ, ਕਿਸਮਤ ਤੇਰੀ ਗੋਦੀ ਵਿਚ ਸੁਲਾਣੀ ਨਹੀਂ। ਪਾਲ ਰਿਹਾ ਹਾਂ ਆਸਾਂ ਦੀ ਉਸ ਗੁੱਡੀ ਨੂੰ, ਹੱਕ ਮਿਰੇ ਵਿਚ ਜਿਸ ਨੇ ਅੱਖ ਹਿਲਾਣੀ ਨਹੀਂ। ਕਾਹਤੋਂ ਚੁੱਪ ਫੜੀ ਹੈ ਕੁੱਝ ਹੁੰਘਾਰਾ ਭਰ- ਸਿਖਰਾਂ ਉੱਤੇ ਪਹੁੰਚੀ ਇਸ਼ਕ-ਕਹਾਣੀ ਨਹੀਂ। ਤੇਲ ਮਿਲਣ ਦੀ ਆਸ ਉਸੇ ਤੋਂ ਰੱਖੇ 'ਨੂਰ', ਜਿਹੜੇ ਤਿਲ ਵਿਚ ਚੁੱਲੀ ਭਰ ਵੀ ਪਾਣੀ ਨਹੀਂ।
25. ਬੁੱਤ ਸਜਾ ਕੇ ਪੂਜੇ ਉਸ ਨੇ ਮੰਦਰ ਦੇ
ਬੁੱਤ ਸਜਾ ਕੇ ਪੂਜੇ ਉਸ ਨੇ ਮੰਦਰ ਦੇ। ਸੁਫ਼ਨੇ ਕਿਉਂ ਨਾ ਪਰਖੇ ਮੇਰੇ ਅੰਦਰ ਦੇ। ਨਾਲ ਮਿਰੇ ਉਹ ਬਹਿ ਕੇ ਹਸਦੇ ਕੰਢੇ 'ਤੇ, ਮੈਂ ਵੀ ਛੇੜਾਂ ਕਰਦਾ ਨਾਲ ਸਮੁੰਦਰ ਦੇ। ਸਿੱਖ ਗਿਆ ਉਹ ਜਿਉਣਾ ਤੇਰੇ ਨੈਣਾਂ ਤੋਂ, ਪਹਿਲਾਂ ਤਾਂ ਖੁੰਢੇ ਸਨ ਫਲਟੇ ਖ਼ੰਜਰ ਦੇ। ਉੱਠ ਤੁਰੇ ਉਹ ਤੋਹਫ਼ਾ ਦੇ ਕੇ ਔੜਾਂ ਦਾ, ਜਿਸ-ਦਿਨ ਸੁਫ਼ਨੇ ਪੁੰਘਰੇ ਧਰਤੀ ਬੰਜਰ ਦੇ। ਰੂਪ ਨਿਛਾਵਰ ਕਰਕੇ ਗ਼ਮ ਦੀ ਦੀਮਕ 'ਤੇ, ਬੈਠਾ ਸੁਫ਼ਨੇ ਦੇਖਾਂ ਦੁਨੀਆਂ ਸੁੰਦਰ ਦੇ। ਪੈਂਦੀ ਲੋੜ ਅੜਿੱਕੇ ਦੀ ਕਿਉਂ 'ਪੋਰਸ' ਨੂੰ? ਨੇਕ ਇਰਾਦੇ ਦਿਸਦੇ ਦੁਸਟ-'ਸਿਕੰਦਰ' ਦੇ। ਇੱਜ਼ਤ, ਦੌਲਤ, ਸ਼ੋਹਰਤ ਸਭ ਤੋਂ ਖ਼ਾਲੀ ਸਾਂ, ਸਮਝ ਪਏ ਜਦ ਕਾਰੇ ਇਸ਼ਕ-ਪਤੰਦਰ ਦੇ। ਸੋਚ-ਉਡਾਰੀ ਲਹਿਰਾਂ ਵਿਚ ਦਬ ਜਾਊ 'ਨੂਰ', ਕੰਢੇ ਬੈਠਾ ਘੋਖੇਂ ਪਾਜ ਸਮੁੰਦਰ ਦੇ।
26. 'ਲੂਏ' ਨੀ! ਜੇ ਮੇਰੇ ਨੇੜੇ ਬਹਿਣਾ ਸੀ
'ਲੂਏ' ਨੀ! ਜੇ ਮੇਰੇ ਨੇੜੇ ਬਹਿਣਾ ਸੀ। ਬਿਰਹਾ ਦੇ 'ਪੋਹ' ਤੀਕਰ ਬੈਠੇ ਰਹਿਣਾ ਸੀ। ਉਸ ਦੀ ਹਾਸ-ਚਿੰਗਾੜੀ ਮਘਦੀ ਰੱਖਣ ਨੂੰ, ਆਸ ਮਿਰੀ ਦਾ ਬੂਟਾ ਹੀ ਕਿਉਂ ਡਹਿਣਾ ਸੀ? ਤੋਰ ਮਿਲਾ ਕੇ ਨਾਲ ਤੁਰੀ ਬਦਨਾਮੀ ਦੇ, ਜਿਹੜੀ ਇੱਜ਼ਤ ਅਣਖ ਮਿਰੀ ਦਾ ਗਹਿਣਾ ਸੀ। ਝੁਲਸਾ ਦਿੰਦੇ ਨਾ ਉਹ ਆਸ-ਚਿੰਗਾੜੀ ਦਾ, 'ਪੋਹ' ਤੱਕ ਧੁਖਦਾ ਦਿਲ ਨੂੰ ਮੈਂ ਰੱਖ ਲੈਣਾ ਸੀ। ਜ਼ੁਲਫ਼ ਤਿਰੀ ਦੇ ਵਿੰਗ-ਵਲੇਵੇਂ ਵਿਚ ਖੋ ਕੇ, ਸੋਚ ਰਿਹਾ ਹਾਂ ਇਸ ਰਸਤੇ ਕਿਉਂ ਪੈਣਾ ਸੀ? ਫੁੱਲਾਂ ਦੇ ਨੈਣਾਂ ਵਿਚ ਚੋਭਾਂ ਮਾਰਨ ਦਾ, ਕੁੱਝ ਦੁੱਖ ਅੱਲੜ੍ਹ-ਕੰਡਿਆਂ ਨੇ ਵੀ ਸਹਿਣਾ ਸੀ। ਤਾਹੀਉਂ ਸਾਡਾ ਹੱਕ ਅਸਾਨੂੰ ਦਿੰਦੇ ਉਹ, ਤਕੜੇ ਹੋ ਕੇ ਨਾਲ ਉਨ੍ਹਾਂ ਦੇ ਖਹਿਣਾ ਸੀ। ਅੰਦਰੋਂ ਹਰ ਬੰਦੇ ਤੋਂ ਚੰਗਾ ਬੰਦਾ ਸੀ, ਜਿਸ ਦਾ ਦੂਰੋਂ ਲਗਦਾ ਰੂਪ ਕਲਹਿਣਾ ਸੀ। ਚੰਗਾ ਹੋਇਆ, ਪਿੰਡ ਮਿਰੇ ਬਾਜ਼ਾਰ ਨਹੀਂ, 'ਹੁਸਨ' ਤਿਰੇ ਦਾ ਇਕ ਅੱਟੀ ਮੁੱਲ ਪੈਣਾ ਸੀ।
27. ਸੋਹਣੇ ਅੱਖਰਾਂ ਵਾਲੇ ਇਕ ਅਫ਼ਸਾਨੇ ਦੇ
ਸੋਹਣੇ ਅੱਖਰਾਂ ਵਾਲੇ ਇਕ ਅਫ਼ਸਾਨੇ ਦੇ। ਪਾਤਰ ਰਹਿੰਦੇ ਦੇਖੇ ਵਾਂਗ ਬਿਗਾਨੇ ਦੇ। ਕੋਲ ਉਨ੍ਹਾਂ ਦੇ ਪਹੁੰਚੀ ਪਹਿਲੇ-ਤੋੜਾਂ ਦੀ, ਨਾਲ ਜਿਨ੍ਹਾਂ ਦੇ ਬੈਰ੍ਹੇ ਸਨ ਮੈਖ਼ਾਨੇ ਦੇ। ਮੈਂ ਰਸੀਆ ਉਲਫ਼ਤ ਦਾ ਪਰ ਉਹ ਦੌਲਤ ਦਾ, 'ਇਸ਼ਕ-ਭਿਖਾਰੀ' ਪੱਟੇ ਹਾਂ ਨਜ਼ਰਾਨੇ ਦੇ। ਕਿਰਚਾਂ ਹੋਏ ਦਿਲ ਦੇ ਟੁਕੜੇ ਚੁਗਦੇ ਹਾਂ, ਤੋੜ ਗਏ ਨੇ ਜਦ ਤੋਂ ਚਲਣ ਜ਼ਮਾਨੇ ਦੇ। ਬੁੱਕਲ ਦੇ ਵਿਚ ਲੈ ਕੇ ਨਾ ਮੁਸਕਾਨਾਂ ਤੁਰ, ਪਹਿਲਾਂ ਹੀ ਕਰਜ਼ਾਈ ਹਾਂ ਵੀਰਾਨੇ ਦੇ। ਭੌਰੇ ਦੇ ਚੁੰਮਣ ਨੇ ਹਾਸੇ ਕਲੀਆਂ ਦੇ, ਕੱਖੋਂ ਹੌਲੇ ਕਰ ਦਿੱਤੇ ਹਨ, ਆਨੇ ਦੇ। ਉਸ ਦਿਨ ਨੂੰ ਕੀ ਕਹੀਏ ਜਿਸ ਦਿਨ ਮੰਜ਼ਿਲ ਵਲ, ਉਸ ਦੇ ਨਾਲ ਤੁਰੇ ਸਾਂ ਵਾਂਗ ਬਿਗਾਨੇ ਦੇ। ਉਸ ਦਿਨ ਦੁਨੀਆ ਵਿੱਚੋਂ ਮਹਿਰਮ ਭਾਲੀਂ 'ਨੂਰ', ਸਮਝ ਲਵੇਂ ਤੂੰ ਜਿਸ ਦਿਨ ਮਕਰ ਜ਼ਮਾਨੇ ਦੇ।
28. ਫ਼ਾਸਲੇ ਦਿਲ ਦੇ ਲਮੇਰੇ, ਕੀ ਕਰਾਂ
ਫ਼ਾਸਲੇ ਦਿਲ ਦੇ ਲਮੇਰੇ, ਕੀ ਕਰਾਂ? ਬੈਠ ਕੇ ਮੈਂ ਨਾਲ ਤੇਰੇ, ਕੀ ਕਰਾਂ? ਸੋਚਦਾ ਹਾਂ ਰਾਤ ਨੂੰ ਰੁਸ਼ਨਾ ਲਵਾਂ, ਖ਼ਾਰ ਖਾਂਦੇ ਨੇ ਹਨੇਰੇ, ਕੀ ਕਰਾਂ? ਜਦ ਕਦੇ ਪੈਰਾਂ ਨੇ ਠਾਣੀ ਤੁਰਣ ਦੀ, ਮਘਦਿਆਂ ਨੈਣਾਂ ਨੇ ਘੇਰੇ, ਕੀ ਕਰਾਂ? ਕਰਨ ਨਾ ਰੋਸ਼ਨ ਜੋ ਨ੍ਹੇਰੀ ਰਾਤ ਨੂੰ, ਮੈਂ ਤੇਰੇ ਸੁੰਦਰ-ਸਵੇਰੇ, ਕੀ ਕਰਾਂ? ਘੂਰਦੀ ਹਰ ਰਾਤ ਜ਼ੁਲਫ਼ਾਂ ਖੋਲ੍ਹ ਕੇ, ਦੇਖ ਕੇ ਸੁਫ਼ਨੇ ਵਧੇਰੇ, ਕੀ ਕਰਾਂ? ਸੁੰਨੀਆਂ ਪਈਆਂ ਨੇ ਗਲੀਆਂ ਦਿਲ ਦੀਆਂ, ਸੱਖਣੇ ਝਾਕਣ ਬਨੇਰੇ, ਕੀ ਕਰਾਂ? ਦੇਣ ਨਾ ਤਪਦੇ ਦਿਲਾਂ ਨੂੰ ਜੋ ਹਵਾ, ਝੁੰਡ ਜ਼ੁਲਫ਼ਾਂ ਦੇ ਘਨੇਰੇ, ਕੀ ਕਰਾਂ? ਦੇਰ ਪਿੱਛੋਂ ਮਿਲਣ ਦਾ ਸ਼ਿਕਵਾ ਨਾ ਕਰ, ਹਾਲ ਹੀ ਐਸੇ ਨੇ ਮੇਰੇ ਕੀ ਕਰਾਂ? ਜਿਸ ਨੂੰ ਅੱਖਾਂ ਤੇ ਬਿਠਾਇਆ 'ਨੂਰ' ਨੇ, ਤੁਰ ਗਿਆ ਨਜ਼ਰੋਂ ਪਰੇਰੇ, ਕੀ ਕਰਾਂ?
29. ਖ਼ੁਸ਼ੀਆਂ ਕੋਲੋਂ ਪਾਸਾ ਕਰ ਲੈ
ਖ਼ੁਸ਼ੀਆਂ ਕੋਲੋਂ ਪਾਸਾ ਕਰ ਲੈ। ਬੰਦ ਬੁੱਲ੍ਹਾਂ ਵਿਚ ਹਾਸਾ ਕਰ ਲੈ। ਜੱਗ ਦੇ ਮਿਹਣੇ ਝੱਲਣ ਜੋਗਾ, ਜੇਰਾ ਵੱਡਾ ਖਾਸਾ ਕਰ ਲੈ। ਜੱਗ ਦੇ ਸਾਰੇ ਦੁੱਖ ਪੀ ਜਾਵੇ, ਦਿਲ ਨੂੰ ਐਨਾ ਪਿਆਸਾ ਕਰ ਲੈ। ਸੋਹਣਾ ਮੌਸਮ ਬਣਦਾ ਜਾਂਦੈ, ਦਿਲ ਦਾ ਸਾਫ਼ ਖ਼ਲਾਸਾ ਕਰ ਲੈ। ਨਾਲ ਜਿਵੇਂ ਤੁਰਦਾ ਏਂ ਰਲ ਕੇ, ਇੰਜ ਹੀ ਦਿਲ ਵਿਚ ਵਾਸਾ ਕਰ ਲੈ। ਇੱਕ ਚਲਿੱਤਰ ਹੋਰ ਦਿਖਾ ਦੇ, ਮੁੱਖ ਨੂੰ ਫੇਰ ਉਦਾਸਾ ਕਰ ਲੈ। ਲੋੜ ਮੰਦਾਂ ਨੂੰ ਦੇਹ ਮੁਸਕਾਨਾਂ, ਅਪਣੇ ਕੋਲ ਨਿਰਾਸ਼ਾ ਕਰ ਲੈ। ਓਸ ਸਖੀ ਦੇ ਅੱਗੇ ਤੂੰ ਵੀ, ਦਿਲ ਦਾ ਖ਼ਾਲੀ ਕਾਸਾ ਕਰ ਲੈ। 'ਨੂਰ' ਅਸੀਂ ਵਿਛੜਣ ਵਾਲੇ ਹਾਂ, ਦੋ ਪਲ ਖੇਡ-ਤਮਾਸ਼ਾ ਕਰ ਲੈ।
30. ਜਿਸ ਨੂੰ ਦਿਲ ਦੇ ਮੰਦਰ ਵਿਚ ਬਿਠਾਇਆ ਮੈਂ
ਜਿਸ ਨੂੰ ਦਿਲ ਦੇ ਮੰਦਰ ਵਿਚ ਬਿਠਾਇਆ ਮੈਂ। ਐਸੀ ਹੀ ਮੂਰਤ ਦਾ ਹਾਂ ਠੁਕਰਾਇਆ ਮੈਂ। ਜੱਗ ਦੇ ਵਗਦੇ ਹੰਝੂ ਉਸ ਦਿਨ ਸੁੱਕ ਗਏ, ਆਪੇ ਨੂੰ ਜਿਸ ਦਿਨ ਕੀਤਾ ਤਿਰਹਾਇਆ ਮੈਂ। ਉਸ ਦੀ ਲਿਟ ਦਾ ਪੰਧ-ਲੰਮੇਰਾ ਲੈ ਬੈਠਾ, ਭਵਸਾਗਰ ਦੁਨੀਆ ਦਾ ਜਦ ਤਰ ਆਇਆ ਮੈਂ। ਅਸਰ ਪਿਆ ਨਾ ਉਸ 'ਤੇ ਪੀਡੇ ਮੁੱਖੜੇ ਦਾ, ਜਿਸ ਦੇ ਗ਼ਮ ਨੇ ਰਾਤ-ਦਿਨੇ ਤੜਫ਼ਾਇਆ ਮੈਂ। ਮਿਲਿਆ ਨਾ ਤਿਲ-ਭਰ ਹੁੰਘਾਰਾ ਆਸਾਂ ਨੂੰ, ਯਾਰ ਦੀਆਂ ਸਭ ਗੱਲਾਂ ਛਾਣ ਲਿਆਇਆ ਮੈਂ। ਜਿਸਮ ਕਿਤੋਂ ਨੰਗਾ ਨਾ ਝਾਕੇ ਸੁਫ਼ਨੇ ਦਾ, ਆਹਾਂ ਦੀ ਚਾਦਰ ਦਾ ਸੂਟ ਸਵਾਇਆ ਮੈਂ। ਬਹੁਤ ਕਿਹਾ ਲੋਕਾਂ ਨੇ ਰਸਤਾ ਬਦਲੋ 'ਨੂਰ' ਅਪਣਾ ਜੀਵਨ ਅਪਣੀ ਤੋਰ ਹੰਢਾਇਆ ਮੈਂ।
31. ਲੈ ਕੇ ਉਹ ਆਹਾਂ ਦੀ ਢਾਣੀ ਪਹੁੰਚ ਗਿਆ
ਲੈ ਕੇ ਉਹ ਆਹਾਂ ਦੀ ਢਾਣੀ ਪਹੁੰਚ ਗਿਆ। ਬਿਰਹਾ-ਪਾਣੀ ਲੱਕ ਲੱਕ ਤਾਣੀ ਪਹੁੰਚ ਗਿਆ। ਗੇੜ ਰਹੇ ਸਾਂ ਹਲਟ ਅਸੀਂ ਤਾਂ ਯਾਦਾਂ ਦਾ, ਗਿੱਟਿਆਂ ਤੱਕ ਹੰਝੂਆਂ ਦਾ ਪਾਣੀ ਪਹੁੰਚ ਗਿਆ। ਮਹਿਲਾਂ 'ਤੇ ਖੜ੍ਹਕੇ ਝੁੱਗੀ ਵਲ ਤੱਕੇ ਨਾ, ਚੜ੍ਹਦਾ ਚੜ੍ਹਦਾ ਕਿੱਥੇ ਹਾਣੀ ਪਹੁੰਚ ਗਿਆ। ਘੋਖ ਰਹੇ ਸਾਂ ਸੁੱਤੇ ਬਿਰਹਾ-ਦੋਜ਼ਖ਼ ਨੂੰ, ਸੁਫ਼ਨਾ ਲੈ ਕੇ ਯਾਦ-ਸੁਹਾਣੀ ਪਹੁੰਚ ਗਿਆ। ਯਾਰ ਬੁਲਾਏ ਦਰਦ ਕਹਾਣੀ ਦੱਸਣ ਨੂੰ, ਹਰ ਇਕ ਲੈ ਕੇ ਇੱਕ ਕਹਾਣੀ ਪਹੁੰਚ ਗਿਆ। ਸਾਰ ਲਈ ਨਾ ਹਸਦੇ-ਵਸਦੇ ਪਿੰਡਾਂ ਦੀ, ਉਜੜ-ਗਿਆਂ ਨੂੰ ਰਾਸ਼ਨ-ਪਾਣੀ ਪਹੁੰਚ ਗਿਆ। ਜਦ ਵੀ ਨਬਜ਼ਾਂ ਫੜੀਆਂ 'ਨੂਰ' ਅਤੀਤ ਦੀਆਂ, ਵੇਲਾ ਲੈ ਕੇ ਯਾਦ ਪੁਰਾਣੀ ਪਹੁੰਚ ਗਿਆ।
32. ਭਾਵੇਂ ਨਜ਼ਰਾਂ ਤੋਂ ਕਿੰਨਾ ਵੀ ਦੂਰ ਰਹੋ
ਭਾਵੇਂ ਨਜ਼ਰਾਂ ਤੋਂ ਕਿੰਨਾ ਵੀ ਦੂਰ ਰਹੋ। ਪਰ ਯਾਦਾਂ ਦੇ ਵਿਚ ਬਣਕੇ ਨਾਸੂਰ ਰਹੋ। ਫਲ ਲੱਗੇ ਨਾ ਲੱਗੇ ਰੀਝ ਨਿਮਾਣੀ ਨੂੰ, ਆਸਾਂ ਦੀ ਟਾਹਣੀ 'ਤੇ ਬਣਕੇ ਬੂਰ ਰਹੋ। ਨਾ ਜਾਣੇ ਜਾਂਦੀ ਜਾਂਦੀ ਕੀ ਕਹਿ ਜਾਵੇ, ਚੁੱਪ ਬੜੀ ਜ਼ਾਲਿਮ ਹੈ, ਇਸ ਤੋਂ ਦੂਰ ਰਹੋ। ਛਿਟ-ਭਰ ਚਾਨਣ ਦਿੰਦੇ ਜਾਉ ਸੋਚਾਂ ਨੂੰ, ਖ਼ਾਬਾਂ ਵਿੱਚ ਵਸੋ ਜਾਂ ਕੋਹੇਤੂਰ ਰਹੋ। ਐਨੇ ਰੌਸ਼ਨ ਵੀ ਨਾ ਹੋਵੋ, ਝੈਂ ਜਾਵਾਂ, ਨਿੰਮੇਂ-ਨਿੰਮੇਂ ਚਾਨਣ ਵਿੱਚ ਹਜ਼ੂਰ ਰਹੋ। ਤਿਲਭਰ ਢਾਰਸ ਦੇ ਜਾਉ ਮੁਸਕਾਨਾਂ ਨੂੰ, ਬੇਦਸਤੂਰ ਰਹੋ ਜਾਂ ਬਾ-ਦਸਤੂਰ ਰਹੋ। ਚਲਦਾ ਰਹਿਣੈ ਆਪੇ ਕੰਮ ਜ਼ਮਾਨੇ ਦਾ, ਚਿੰਤਾ ਛੱਡੋ, ਥਲ ਵਿਚ ਵਾਂਗ 'ਖਜੂਰ' ਰਹੋ। ਕਾਲੀ ਰਾਤ ਸਵੇਰੇ ਮੁੱਕ ਹੀ ਜਾਣੀ ਹੈ, ਦਿਲ ਨਾ ਛੱਡੋ ਕਿੰਨੇ ਵੀ ਮਜਬੂਰ ਰਹੋ। ਝਾਕ ਪਵੇਗੀ ਆਪੇ ਹੋਂਦ ਸਵੇਰੇ ਦੀ, ਨ੍ਹੇਰੇ ਦੀ ਬੁੱਕਲ ਵਿਚ ਬਣਕੇ 'ਨੂਰ' ਰਹੋ।
33. ਯਾਦਾਂ ਦੇ ਝੱਖੜ ਨੇ ਕੀਤੇ ਝੱਲੇ ਹਾਂ
ਯਾਦਾਂ ਦੇ ਝੱਖੜ ਨੇ ਕੀਤੇ ਝੱਲੇ ਹਾਂ। ਬਿਰਹਾ ਦੇ ਬੂਹੇ 'ਤੇ ਬੈਠੇ, ਕੱਲੇ ਹਾਂ। ਪਿਆਰ ਤਿਰੇ ਨੂੰ, ਕਸਵੱਟੀ 'ਤੇ ਪਰਖਾਂਗੇ, ਇਸ਼ਕ-ਝਨਾਂ 'ਚੋਂ 'ਸੋਹਣੀ' ਲੱਭਣ ਚੱਲੇ ਹਾਂ। ਜ਼ਖ਼ਮੀ ਸੁਫ਼ਨੇ ਬੂਹਕਣ ਯਾਦ-ਪਟਾਰੀ ਵਿਚ, ਦੇਖਣ ਵਾਲੇ ਸਮਝਣ, ਬੱਲੇ-ਬੱਲੇ ਹਾਂ। ਆਉਂਦੀ ਵਾਂਗ ਹਵਾਵਾਂ, ਛੂੰਹਦੀ ਲੰਘ ਜਾਂਦੀ, ਯਾਦ ਤਿਰੀ ਦੇ ਸਹਿੰਦਾ ਵਾਰ ਅਵੱਲੇ ਹਾਂ। ਉਹ ਉੱਥੇ, ਮੈਂ ਇੱਥੇ ਭਟਕਾਂ ਨ੍ਹੇਰੇ ਵਿਚ, ਦੋਵੇਂ ਰਹਿੰਦੇ ਇੱਕੋ ਸੂਰਜ ਥੱਲੇ ਹਾਂ। ਰਹਿਣ ਨਹੀਂ ਜੇ ਦੇਣਾ ਨਾਲ ਮੁਹੱਬਤ ਦੇ, ਸਾਂਭੋ ਲੋਕੋ ਦੁਨੀਆਂ! ਆਪਾਂ ਚੱਲੇ ਹਾਂ। ਕੌਣ ਖ਼ਰੀਦੇ ਵਿੱਤੋਂ ਬਾਹਰੀ ਕੀਮਤ 'ਤੇ, ਸ਼ਾਇਰ ਹਾਂ ਸ਼ੇਅਰਾਂ ਤੋਂ ਵੱਧ ਸਵੱਲੇ ਹਾਂ। ਵਿਹਲੇ ਕਰਕੇ ਦਫ਼ਤਰ ਨੇ ਘਰ ਘੱਲ ਦਿੱਤੇ, ਖਾਂਦੇ-ਫਿਰਦੇ ਐਧਰ-ਉੱਧਰ ਟੱਲੇ ਹਾਂ। ਸ਼ਿਕਵਾ ਕਰਨਾ ਹੈ ਤਾਂ ਕਰ ਉਸ ਅੱਗੇ 'ਨੂਰ', ਜਿਸ ਨੇ ਹੌਕੇ ਦੇ ਕੇ ਜੱਗ 'ਤੇ ਘੱਲੇ ਹਾਂ।
34. ਉਜੜੇ ਘਰ ਨੇ ਕਿੰਨੇ ਰੰਗ ਵਟਾਏ ਨੇ
ਉਜੜੇ ਘਰ ਨੇ ਕਿੰਨੇ ਰੰਗ ਵਟਾਏ ਨੇ। ਪਤਝੜ ਦੇ ਮੌਸਮ ਵਿਚ ਫੁੱਲ ਖਿੜਾਏ ਨੇ। ਤੇਰੇ ਬਾਝੋਂ ਯਾਦ ਤਿਰੀ ਦੀ ਗਰਮੀ ਨੇ, ਸੁੰਨੇ ਘਰ ਦੇ ਸਭ ਕਮਰੇ ਗਰਮਾਏ ਨੇ। ਹੁਸਨ ਦੀਆਂ ਧੁੱਪਾਂ ਛਾਵੇਂ ਸੁਸਤਾਉਣਗੀਆਂ, ਇਸ਼ਕ ਮੇਰੇ ਨੇ ਐਸੇ ਰੁੱਖ ਉਗਾਏ ਨੇ। ਕਦ ਤੱਕ ਬੈਠੋਗੇ ਛਾਵਾਂ ਦੀ ਬੁੱਕਲ ਵਿਚ, ਤੁਰ ਜਾਣੇ ਧੁੱਪਾਂ ਦੇ ਪਿੱਛੇ, ਸਾਏ ਨੇ। ਤਪਦੇ ਮਾਰੂਥਲ ਨੂੰ ਪੀ ਕੇ ਛੱਡਣਗੇ, ਜੀਵਨ ਦੇ ਸਾਹ ਹੋਏ ਜੋ ਤਰਿਹਾਏ ਨੇ। ਪੱਤ ਝੜੇ ਨਹੀਂ ਕੱਲੇ ਤੇਰੀਆਂ ਰੀਝਾਂ ਦੇ, ਫੁੱਲ ਮੇਰੇ ਸੁਫ਼ਨੇ ਦੇ ਵੀ ਕੁਮਲਾਏ ਨੇ। ਲੋਕਾਂ 'ਤੇ ਪੈਸੇ ਦੀ ਧੌਂਸ ਜਮਾਉਣ ਲਈ, ਫੋਟੋ ਲੈਣ ਗ਼ਰੀਬਾਂ ਵਿਚ ਉਹ ਆਏ ਨੇ। ਸੜਦਾ ਤੱਕੀਏ ਰੋਜ਼ ਅਨਾਜ ਗੁਦਾਮਾਂ ਵਿਚ, ਭੁੱਖਿਆਂ ਨੇ ਐਵੇਂ ਹੀ ਭੜਥੂ ਪਾਏ ਨੇ। ਵਗਦੇ ਸਾਹਾਂ ਤੱਕ ਬਾਕੀ ਨੇ ਆਸਾਂ 'ਨੂਰ' ਮੁਰਦੇ ਨੇ ਕਦ ਅਪਣੇ ਬੁੱਲ੍ਹ ਹਿਲਾਏ ਨੇ।
35. ਮੇਰੇ ਅੱਲੜ੍ਹ-ਸੁਫ਼ਨੇ ਕਿੰਨੇ ਭੋਲੇ ਨੇ
ਮੇਰੇ ਅੱਲੜ੍ਹ-ਸੁਫ਼ਨੇ ਕਿੰਨੇ ਭੋਲੇ ਨੇ। ਬੈਠੇ ਹਸਦੇ ਆਸਾਂ ਦੀ ਛਾਂ ਉਹਲੇ ਨੇ। ਸ਼ੋਖ਼-ਅਦਾਵਾਂ ਨੇ ਹੁੰਘਾਰਾ ਭਰਿਆ ਨਾ, ਬੁੱਲ੍ਹ ਜਦੋਂ ਰੀਝਾਂ ਨੇ ਅਪਣੇ ਖੋਲ੍ਹੇ ਨੇ। ਪਰਖ ਰਹੇ ਹਾਂ ਫ਼ਿਤਰਤ ਸੀਤ ਹਵਾਵਾਂ ਦੀ, ਝੱਖੜ ਨੇ ਕੁੱਝ ਭੇਦ ਜਦੋਂ ਦੇ ਖੋਲ੍ਹੇ ਨੇ। ਗੱਲ ਕਰਨ ਦੀ ਹਿੰਮਤ ਦਿਲ ਵਿਚ ਛੱਡੀ ਨਾ, ਸ਼ਹਿਰ ਤਿਰੇ ਵਿਚ ਪੈਂਦੇ ਰੌਲੇ-ਗੌਲੇ ਨੇ। ਝੱਲੇ ਸੁਫ਼ਨੇ ਅੱਲ੍ਹੜ-ਰੀਝ ਕੁਆਰੀ ਦੇ, ਯਾਰ ਦੀਆਂ ਗਲੀਆਂ ਵਿਚ ਫਿਰਦੇ ਟੋਲ੍ਹੇ ਨੇ। ਸਬਰ ਕਰਨ ਦੀ ਕੀਮਤ ਲੈ ਕੇ ਛੱਡਣਗੇ, ਫਟਕਣ ਲੱਗੇ ਆਹਾਂ ਦੇ ਜੋ ਡੌਲੇ ਨੇ। ਹਸਦੇ ਮੁੱਖੜੇ ਤੁਰ ਗਏ ਸੰਗ ਮੁਸਕਾਨਾਂ ਦੇ, ਮੇਰੇ ਹਿੱਸੇ ਆਏ ਬੁੱਢੇ-ਖੋਲੇ ਨੇ। ਹਾਲ-ਦੁਹਾਈ ਸੁਨਣ ਨਾ ਡੁੱਬਦੇ ਬੰਦੇ ਦੀ, ਕੰਢੇ ਬੈਠੇ ਲੋਕੀ ਅੰਨ੍ਹੇ-ਬੋਲੇ ਨੇ। ਉਮਰ ਪਰਾਈਆਂ ਫ਼ਿਕਰਾਂ ਦੇ ਵਿਚ ਪਾ ਕੇ 'ਨੂਰ' ਕਿਉਂ ਰੀਝਾਂ ਦੇ ਧੌਲੇ, ਘੱਟੇ ਰੋਲੇ ਨੇ।
36. ਸਮਾਂ ਹੈ ਰਾਤ ਦਾ ਪਿਛਲਾ, ਹਨੇਰਾ ਹੈ, ਸਿਤਾਰੇ ਨੇ
ਸਮਾਂ ਹੈ ਰਾਤ ਦਾ ਪਿਛਲਾ, ਹਨੇਰਾ ਹੈ, ਸਿਤਾਰੇ ਨੇ। ਉਣੀਂਦਾ ਮੈਂ, ਉਣੀਂਦਾ ਦਿਲ, ਉਣੀਂਦੇ ਸਭ ਨਜ਼ਾਰੇ ਨੇ। ਉਹ ਜਨਮਾਂ ਦੀ ਮੁਹੱਬਤ ਦਾ, ਸਿਲਾ ਜੋ ਦੇਣ ਆਏ ਸਨ, ਤੁਰੇ ਪਾ ਕੇ ਮੇਰੇ ਪੱਲੇ, 'ਚ ਬਿਰਹਾ ਦੇ ਅੰਗਾਰੇ ਨੇ। ਕਰੁੰਬਲ ਸਾੜ ਜਾਂਦੇ ਨੇ, ਵਧੀ ਆਸਾਂ ਦੇ ਬੂਟੇ ਦੀ, ਤੇਰੇ ਬੁੱਲ੍ਹਾਂ ਚੋਂ ਨਫ਼ਰਤ ਦੇ, ਜਦੋਂ ਝੜਦੇ ਚਿੰਗਾਰੇ ਨੇ। ਤੇਰੇ ਦਿਲ ਦੇ ਬਗ਼ੀਚੇ 'ਚੋਂ ਮਹਿਕ ਭਰੀਆਂ ਹਵਾਵਾਂ ਦੀ- ਘੜੀ ਨਾ ਆਉਣ ਨੇ ਰੱਖੇ, ਮੇਰੇ ਸੁਫ਼ਨੇ ਕੁਆਰੇ ਨੇ। ਇਨ੍ਹਾਂ ਚੋਂ ਨਜ਼ਰ ਆਉਂਦਾ ਹੈ, ਮੇਰੇ ਮਹਿਬੂਬ ਦਾ ਮੁੱਖੜਾ, ਇਹ ਜਿਹੜੇ ਨਕਸ਼, 'ਅਕਸਾ' ਦੇ, ਮੁਸੱਵਰ ਨੇ ਉਤਾਰੇ ਨੇ। ਕਿਵੇਂ ਹਿੰਮਤ ਕਰਾਂ ਨਾ ਮੈਂ ਭੰਵਰ ਤੋਂ ਪਾਰ ਜਾਵਣ ਦੀ, ਸੱਜਣ ਬੇ-ਵਸ ਅਤੇ ਬੇ-ਦਮ, ਖੜ੍ਹੇ ਪਰਲੇ ਕਿਨਾਰੇ ਨੇ। ਕਦੇ ਸੁੱਕੇ, ਕਦੇ ਵਿਫਰੇ, ਕਦੇ ਮਿੱਧੇ, ਕਦੇ ਉਜੜੇ, ਜੋ ਰੱਬ ਨੇ ਭਾਗ ਨੇ ਦਿੱਤੇ, ਉਹ ਕੰਨੀ ਦੇ ਕਿਆਰੇ ਨੇ। ਕਿਤੇ ਹੌਕੇ, ਕਿਤੇ ਹਾਸੇ, ਕਿਤੇ ਗ਼ਮੀਆਂ ਬਖੇਰਨਗੇ, ਚੜ੍ਹੇ ਜੋ ਸਾਉਣ ਦੇ ਬੱਦਲ, ਉਠਾ ਕੇ ਬੋਝ ਭਾਰੇ ਨੇ।
37. ਭੇਤ ਮਹਿਰਮ ਦਾ ਉਹ ਜਾਣਦਾ ਤਾਂ ਨਹੀਂ
ਭੇਤ ਮਹਿਰਮ ਦਾ ਉਹ ਜਾਣਦਾ ਤਾਂ ਨਹੀਂ। ਦੇਖਦਾ ਉਹਲਿਆਂ ਤੋਂ ਖ਼ੁਦਾ ਤਾਂ ਨਹੀਂ? ਰੋਕ ਪਾਉਂਦੀ ਹੈ ਰਾਹਾਂ 'ਚ ਜੋ ਚਾਂਦਨੀ, ਤਰ ਕੇ ਦੇਖੋ, ਇਹ ਵਗਦਾ 'ਝਨਾ' ਤਾਂ ਨਹੀਂ? ਅਜਨਬੀ ਬਣਕੇ ਤੁਰਦੇ ਹਾਂ ਲੋਕਾਂ ਲਈ, ਤੈਥੋਂ ਮੰਜ਼ਿਲ ਅਸਾਡੀ ਜੁਦਾ ਤਾਂ ਨਹੀਂ। ਵੈਰੀਆਂ ਵਾਂਗ ਕਰਦੇ ਨੇ ਝੇੜੇ ਖੜ੍ਹੇ, ਦੋਸਤਾਂ ਦੀ ਕਿਤੇ ਇਹ ਅਦਾ ਤਾਂ ਨਹੀਂ? ਵਿੜਕ ਹੁੰਦੀ ਸੀ ਇੰਜ ਯਾਰ ਦੇ ਪੈਰ ਦੀ, ਸ਼ੂਕਦੀ ਹੈ ਜੋ ਬਾਹਰ ਹਵਾ ਤਾਂ ਨਹੀਂ? ਯਾਰ ਦੇ ਆਉਣ ਦਾ ਹੋ ਗਿਆ ਹੈ ਸਮਾਂ, ਤੁਰਣ ਦਾ ਰਾਹ ਕਿਤੋਂ ਤਿਲਕਣਾ ਤਾਂ ਨਹੀਂ? ਕਰਕੇ ਵਾਅਦਾ ਜੋ ਲਾਰੇ 'ਤੇ ਲਾਰਾ ਦਵੇ, ਪਰਖ ਲਉ ਇਹ ਸੱਜਣ ਬੇ-ਵਫ਼ਾ ਤਾਂ ਨਹੀਂ। 'ਨੂਰ' ਤੱਕਦੈਂ ਵਫ਼ਾ ਦੇ ਸਮੁੰਦਰ ਨੂੰ ਕੀ? ਲਹਿਰ ਦੇ ਸੰਗ ਤੁਰਣ ਦੀ ਸਲਾਹ ਤਾਂ ਨਹੀਂ?
38. ਉਹ ਪਿਲਾਉਂਦੇ ਰਹੇ, 'ਤੇ ਮੈਂ ਪੀਂਦਾ ਰਿਹਾ
ਉਹ ਪਿਲਾਉਂਦੇ ਰਹੇ, 'ਤੇ ਮੈਂ ਪੀਂਦਾ ਰਿਹਾ। ਜ਼ਿੰਦਗੀ ਦਾ ਸਫ਼ਰ ਇਉਂ ਕਟੀਂਦਾ ਰਿਹਾ। ਰਾਤ ਮੁਕਦੀ ਗਈ, ਨੀਂਦ ਟੁੱਟਦੀ ਗਈ, ਯਾਦ ਆਉਂਦੀ ਰਹੀ, ਮੈਂ ਉਨੀਂਦਾ ਰਿਹਾ। ਮਹਿਰਮਾਂ ਦੇ ਇਰਾਦੇ ਬਦਲਦੇ ਰਹੇ, ਜ਼ਖ਼ਮ ਰਿਸਦੇ ਰਹੇ, ਬੈਠਾ ਧੋਂਦਾ ਰਿਹਾ। ਉਠਕੇ ਬੈਠਣ ਨਜ਼ਾਰਾ ਕਰਾਂ ਹੁਸਨ ਦਾ, ਬੈਠਾ ਤਕਦਾ ਰਿਹਾ, ਯਾਰ ਸੌਂਦਾ ਰਿਹਾ। ਦਿਲ ਪਰੇਸ਼ਾਨ ਨੂੰ, ਉਸ ਦੀ ਮੁਸਕਾਨ ਦੀ, ਲੋੜ ਵਧਦੀ ਗਈ, ਯਾਰ ਰੁਸਦਾ ਰਿਹਾ। ਉਸ ਦੇ ਗ਼ਮ ਦੀ ਕੀ ਕੋਈ ਕਰੂਗਾ ਦਵਾ, ਪੀਣ ਖ਼ਾਤਰ ਜੋ ਦੁਨੀਆਂ 'ਤੇ ਜੀਂਦਾ ਰਿਹਾ। ਪੀਂਦਿਆਂ ਹੀ ਗ਼ਮਾਂ ਦਾ ਸਿਵਾ ਜਲ ਗਿਆ, ਉਤਰਿਆ ਜਦ ਨਸ਼ਾ ਗ਼ਮ ਸਤਾਉਂਦਾ ਰਿਹਾ। ਜ਼ਿੰਦਗੀ ਦਾ ਇਹੋ ਬਸ ਸੁਗ਼ਲ ਬਣ ਗਿਆ, ਦੁੱਖ ਜ਼ਮਾਨੇ ਦੇ ਹਿੱਕ ਨਾਲ ਲਾਉਂਦਾ ਰਿਹਾ। ਯਾਦ ਆਈ ਉਨ੍ਹਾਂ ਦੀ ਜਦੋਂ ਸ਼ਾਮ ਨੂੰ, ਹੌਕੇ ਭਰਕੇ ਸਦਾ, 'ਨੂਰ' ਰੋਂਦਾ ਰਿਹਾ।
39. ਤੁਰ ਪਏ ਹਾਂ ਜਿਸ ਦਿਸ਼ਾ ਵਲ ਹੁਣ ਸਫ਼ਰ ਲੈ ਜਾਏਗਾ
ਤੁਰ ਪਏ ਹਾਂ ਜਿਸ ਦਿਸ਼ਾ ਵਲ ਹੁਣ ਸਫ਼ਰ ਲੈ ਜਾਏਗਾ। ਸ਼ੌਕ ਮੇਰਾ ਅੰਤ ਨੂੰ ਉਸ ਦੇ ਨਗਰ ਲੈ ਜਾਏਗਾ। ਤੋਰਿਆ ਨਾ ਕਰ ਸਜਾ ਕੇ, ਮੂਰਤਾਂ ਬਾਜ਼ਾਰ ਨੂੰ, ਸੋਹਣਿਆ ਮੁੱਖਾਂ ਦੇ ਕੋਈ ਰੂਪ ਹਰ ਲੈ ਜਾਏਗਾ। ਬੀਜ ਤੇਰੇ ਮਿਲਣ ਦਾ, ਪਾਣੀ ਅਸਾਡੀ ਆਸ ਦਾ, ਵਾੜ ਕੰਡਿਆਲੀ 'ਤੇ ਫੁੱਲਾਂ ਤੱਕ ਲਗਰ ਲੈ ਜਾਏਗਾ। ਝੱਖੜਾਂ ਦੇ ਨਾਲ ਖਹਿ ਕੇ, ਕਰ ਉਜਾਗਰ ਹੋਂਦ ਨੂੰ, ਸੀਤਲੇਪਣ ਦਾ ਤੇਰੇ ਉਹ, ਕੁਝ ਅਸਰ ਲੈ ਜਾਏਗਾ। ਦਿਲ ਤੇਰੇ ਦੇ ਸੁਫ਼ਨਿਆਂ ਦਾ, ਘੋਖਦੈ ਦਿਲ ਬਾਂਕਪਨ, ਆਉਣ ਦੇ ਮੌਸਮ ਨਵਾਂ, ਰੀਝਾਂ ਕੁਤਰ ਲੈ ਜਾਏਗਾ। ਹੋਰ ਪਿੱਛਾ ਕਰ ਸਕੇਂ ਤਾਂ, ਕਰ ਤੂਫ਼ਾਨੀ ਰਾਤ ਦਾ, ਭਟਕਣਾ ਗਲੀਆਂ 'ਚ ਤੇਰਾ, ਤੈਨੂੰ ਘਰ ਲੈ ਜਾਏਗਾ। 'ਨੂਰ' ਨੇ ਮੰਜ਼ਿਲ ਕਦੇ ਮਿੱਥੀ ਨਹੀਂ ਪਰ ਰੱਬ 'ਤੇ, ਕਰ ਭਰੋਸਾ ਠਿੱਲ ਪਿਆ, ਕਿੱਥੇ ਭੰਵਰ ਲੈ ਜਾਏਗਾ?
40. ਬਾਲ ਬਿਖੇਰੋ! ਘਟ ਛਾ ਜਾਵੇ
ਬਾਲ ਬਿਖੇਰੋ! ਘਟ ਛਾ ਜਾਵੇ। ਹਸ ਕੇ ਤੱਕੋ! ਮੀਂਹ ਵਰ ਆਵੇ। ਕਲੀਆਂ ਨੂੰ ਆਖੋ-'ਖਿੜ ਜਾਵਣ', ਫੁੱਲ ਨੂੰ ਆਖ ਦਿਉ ਮੁਸਕਾਵੇ। ਉਸ ਨੂੰ ਆਖੋ, ਭੁੱਲ ਨਾ ਜਾਵੇ, ਸੱਧਰਾਂ ਉੱਤੇ ਫੁੱਲ ਝੜ੍ਹਾਵੇ। ਮਹਿਰਮ ਦਾ ਦਰ ਭੁੱਲ ਗਏ ਹਾਂ- ਭਟਕਣ ਕਿਹੜੀ ਮੰਜ਼ਿਲ ਪਾਵੇ? ਖ਼ੁਸ਼ੀਆਂ ਦੇ ਕੀ ਗੀਤ ਸੁਣਾਵੇ? ਦਿਲ ਵਿਚ ਜਿਸ ਦੇ 'ਬਿਰਹਾ' ਗਾਵੇ। ਪੰਧ ਦਿਲਾਂ ਦੇ ਤਾਹੀਉਂ ਮੁੱਕਣ, ਜੇ ਇਕ ਜਾਵੇ, ਦੂਜਾ ਆਵੇ। ਤਾਰੇ ਹੱਸਣ, ਰੋਸੇ ਨੱਸਣ, ਘਰ ਵਿਚ ਪੈਰ ਪਰਾਹੁਣਾ ਪਾਵੇ। ਮੱਠੀ-ਮੱਠੀ ਪੀੜ ਹਿਜਰ ਦੀ, ਦਿਲ ਦਾ ਚੈਨ ਚੁਰਾਉਂਦੀ ਜਾਵੇ। 'ਨੂਰ' ਜਦੋਂ ਮਹਿਫ਼ਲ ਵਿਚ ਆ ਕੇ, ਬੋਲ ਪਵੋ, ਜੇ ਯਾਰ ਬੁਲਾਵੇ।
41. ਰੁਕ ਗਏ ਸਾਂ ਉਹਦਾ ਰਾਸਤਾ ਦੇਖ ਕੇ
ਰੁਕ ਗਏ ਸਾਂ ਉਹਦਾ ਰਾਸਤਾ ਦੇਖ ਕੇ। ਲੰਘੇ ਵੇਲੇ ਦਾ ਕੁਝ ਵਾਸਤਾ ਦੇਖ ਕੇ। "ਕਟ ਰਹੀ ਹੈ ਕਿਵੇਂ, ਆਸ਼ਕੋ ਜ਼ਿੰਦਗੀ", ਯਾਰ ਪੁਛਦੇ ਨੇ ਤੈਥੋਂ ਜੁਦਾ ਦੇਖ ਕੇ। ਆਦਮੀਆਂ ਦੇ ਹੱਥੋਂ ਮਰਨ ਆਦਮੀ, ਚੁੱਪ ਬੈਠਾ ਹੈ ਤਾਂ ਵੀ ਖ਼ੁਦਾ, ਦੇਖ ਕੇ। ਹੋ ਗਏ ਹਾਂ ਸ਼ਰਾਬੀ ਬਿਨਾਂ ਪੀਤਿਆਂ, ਮਸਤ-ਨੈਣਾਂ 'ਚੋਂ ਡੁੱਲ੍ਹਦਾ ਨਸ਼ਾ ਦੇਖ ਕੇ। ਮੌਤ ਉਸ ਨੂੰ ਡਰਾ ਕੇ ਭਲਾਂ ਕੀ ਕਰੂ, ਆ ਰਿਹਾ ਹੈ ਜਿਹੜਾ ਕਰਬਲਾ ਦੇਖ ਕੇ। ਯਾਦ ਆਉਂਦੇ ਨੇ ਬਚਪਨ ਦੇ ਉਹ ਦਿਨ ਵੀ ਹੁਣ, ਇਕ ਪਰਿੰਦਾ ਜਿਹਾ ਫੁਦਕਦਾ ਦੇਖ ਕੇ। ਯਾਰ ਦੇ ਆਉਣ ਦੀ ਸੁਣਕੇ ਕਿਉਂ ਨਾ ਹਸਾਂ, ਮੋਰ ਨੱਚਦੇ ਨੇ ਕਾਲੀ ਘਟਾ ਦੇਖ ਕੇ। ਇਸ ਤੋਂ ਵੱਧ ਕੀ ਜੁਦਾਈ ਦਾ ਦੁਖੜਾ ਕਰੂ, ਅੱਜ ਹੀ ਆਇਆਂ ਢਿਹਾ ਮਕਬਰਾ ਦੇਖ ਕੇ। 'ਨੂਰ' ਰਲਕੇ ਉਨ੍ਹਾਂ ਨਾਲ ਤੁਰਦਾ ਕਿਵੇਂ, ਪੈਰ ਜਾਣੇ ਥਿੜਕ ਸਨ ਅਦਾ ਦੇਖ ਕੇ।
42. ਤੇਰੇ ਵਾਂਗੂੰ ਉਹ ਵੀ ਡੈਣ ਕਹਾਵੇਗੀ
ਤੇਰੇ ਵਾਂਗੂੰ ਉਹ ਵੀ ਡੈਣ ਕਹਾਵੇਗੀ। ਵਾੜ ਜਦੋਂ ਲਗ਼ਰਾਂ ਦੇ ਟੂਸੇ ਖਾਵੇਗੀ। ਧੁਖਦੇ ਦਿਲ ਦਾ ਧੂੰਆਂ ਜੇਕਰ ਲੱਗ ਗਿਆ, ਚਮਕ ਤੇਰੇ ਮੁਖੜੇ ਦੀ ਵੀ ਧੁਖ ਜਾਵੇਗੀ। ਹੋ ਜਾਵਣ ਜੇ ਮਹਿਕੇ ਫੁੱਲ ਨਸੀਬਾਂ ਵਿਚ, ਉਹ ਮੌਸਮ 'ਪਤਝੜ' ਨਾ ਫੇਰ ਕਹਾਵੇਗੀ। ਹੋਂਦ ਮੇਰੀ ਦਾ ਸ਼ੰਕਾ ਉਸ ਨੂੰ ਹੋਵੇਗਾ, ਦਿਲ ਅੰਦਰ ਜਦ ਯਾਦਾਂ ਨੂੰ ਠਣਕਾਵੇਗੀ। ਇਕ ਦਿਨ ਮੰਨ ਲਵੇਗੀ ਮੇਰੇ ਕਥਨਾਂ ਨੂੰ, ਦੁਨੀਆਂ ਕਦ ਤੱਕ ਸੱਚਾਈ ਝੁਠਲਾਵੇਗੀ। ਇਸ਼ਕ ਤੇਰੇ ਦੀ ਦਾਰੂ ਕਿੰਨੀ ਮਿੱਠੀ ਹੈ, ਪੀਵਾਂਗੇ ਤਾਂ ਅਪਣਾ ਰੰਗ ਦਿਖਾਵੇਗੀ। ਮੇਰੇ ਵਰਗਾ ਮੁੱਖੜਾ ਕਰਕੇ ਰੋਵਣਗੇ, ਚੂਸ ਜਦੋਂ ਫੁੱਲਾਂ ਨੂੰ ਤਿਤਲੀ ਜਾਵੇਗੀ। ਫਬਦੀ ਹੈ ਜੋ ਟਿੱਡ ਚੜ੍ਹੀ ਮੁਸਕਾਨਾਂ ਦੀ, ਦਿਲ ਦੀ ਖੇਤੀ ਦੇ ਪੱਤੇ ਚਰ ਜਾਵੇਗੀ। ਜਿਉਂਦੇ ਨੂੰ ਜਿਹੜੀ ਦੁਨੀਆਂ ਠੁਕਰਾਉਂਦੀ ਹੈ, ਇਕ ਦਿਨ ਤੇਰੀ ਅਰਥੀ 'ਨੂਰ' ਉਠਾਵੇਗੀ।
43. ਯਾਦ ਤੁਹਾਡੀ ਦਿਲ ਨੂੰ ਲਾਈ ਬੈਠਾ ਹਾਂ
ਯਾਦ ਤੁਹਾਡੀ ਦਿਲ ਨੂੰ ਲਾਈ ਬੈਠਾ ਹਾਂ। ਮਨ-ਮੰਦਰ ਵਿਚ ਬੁੱਤ ਛੁਪਾਈ ਬੈਠਾ ਹਾਂ। ਨਿੱਘ ਉਧਾਰਾ ਲੈ ਕੇ ਤੇਰੀਆਂ ਯਾਦਾਂ ਤੋਂ, ਠਰੀਆਂ ਰੀਝਾਂ ਨੂੰ ਗਰਮਾਈ ਬੈਠਾ ਹਾਂ। ਤੇਰੇ ਨੈਣਾਂ ਵਰਗੇ ਨੈਣਾਂ ਵਾਲੀ ਇੱਕ, ਰੀਝਾਂ ਉੱਤੇ ਗਿਰਝ ਬਿਠਾਈ ਬੈਠਾ ਹਾਂ। ਯਾਦ ਤਿਰੀ ਦੀ ਦਾਰੂ ਦਿਲ ਦੇ ਬੁੱਲ੍ਹਾਂ ਨੂੰ, ਧੁੱਪ ਢਲਣ ਤੋਂ ਪਹਿਲਾਂ ਲਾਈ ਬੈਠਾ ਹਾਂ। ਕਿਹੜੀ ਰੁੱਤ ਦੇ ਪੱਜ ਬਹਿਲਾਵਾਂ ਰੀਝਾਂ ਨੂੰ, ਹਰ ਇਕ ਮੌਸਮ ਨੂੰ ਅਜ਼ਮਾਈ ਬੈਠਾ ਹਾਂ। ਪੁਨਰ-ਜਨਮ ਤੋਂ ਦੁਨੀਆ ਦੇ ਸਭ ਦੁੱਖਾਂ ਦੀ, ਕੱਲਾ ਜੀਵਨ-ਪੀੜ ਹੰਢਾਈ ਬੈਠਾ ਹਾਂ। ਤੇਰੇ ਮੰਨਣ 'ਤੇ ਰੁੱਸਣ ਦੇ ਉਹਲੇ ਵਿਚ, ਸਵਰਗ-ਨਰਕ ਦੀ ਹੋਂਦ ਬਣਾਈ ਬੈਠਾ ਹਾਂ। ਤੇਰੇ ਸਸਕੇਰਨ 'ਤੇ ਇਹ ਕੀ ਜਾਗੇਗੀ। ਜਿਸ ਕਿਸਮਤ ਨੂੰ ਗੋਦ ਸੁਲਾਈ ਬੈਠਾ ਹਾਂ। ਬੰਦ ਕਰੀਂ ਨਾ ਦਿਲ ਦੀ ਖੁੱਲ੍ਹੀ ਖਿੜਕੀ 'ਨੂਰ' ਯਾਦਾਂ ਦੇ ਨਾਲ ਅੱਖ ਲੜਾਈ ਬੈਠਾ ਹਾਂ।
44. ਸੁੰਗੜੇ-ਚਾਨਣ, ਪਸਰੇ-ਨ੍ਹੇਰੇ ਸਾਥੀ ਨੇ
ਸੁੰਗੜੇ-ਚਾਨਣ, ਪਸਰੇ-ਨ੍ਹੇਰੇ ਸਾਥੀ ਨੇ। ਉਜੜੇ ਘਰ ਦੇ ਸੁੰਨ-ਸਵੇਰੇ ਸਾਥੀ ਨੇ। ਦਿਲ ਦੀ ਵੀਰਾਨੀ ਦਾ ਸਾਥ ਨਿਭਾਉਣ ਲਈ, ਉਜੜੇ, ਉਖੜੇ, ਢੱਠੇ, ਡੇਰੇ ਸਾਥੀ ਨੇ। ਮਹਿਫ਼ਲ ਹੈ, ਮੈਖ਼ਾਨਾ ਹੈ, ਪਰ ਯਾਰ ਨਹੀਂ, ਕਸਮਾਂ ਲੱਦੇ ਯਾਦ-ਬਨੇਰੇ ਸਾਥੀ ਨੇ। ਬੂਟੇ ਨੇ, ਪੱਤੀਆਂ ਨੇ, ਐੇਪਰ ਫੁੱਲ ਨਹੀਂ, ਪਤਝੜ ਵਰਗੇ ਮੌਸਮ ਮੇਰੇ ਸਾਥੀ ਨੇ। ਸਜੀਆਂ ਫਬੀਆਂ ਰੁੱਤਾਂ ਦੇ ਸੰਗ ਜੀਣ ਲਈ, ਪੀੜਾਂ-ਪੀੜਾਂ ਹੋਏ ਜੇਰੇ ਸਾਥੀ ਨੇ। ਢੋਂਗ ਰਚਾਵਾਂ ਉਸ ਦਾ ਹਾਣੀ ਦਿਸਣ ਲਈ, ਪਰ ਉਹ ਸਮਝਣ ਬਾਲ ਘਨੇਰੇ ਸਾਥੀ ਨੇ। ਚੜ੍ਹਦੀ ਉਮਰੇ ਦੁੱਖ ਵੰਡਣ ਨੂੰ ਆਖੇ ਕੁੱਝ, ਬੋਲ ਉਨ੍ਹਾਂ ਦੇ ਬੁੱਢੇ-ਠੇਰੇ ਸਾਥੀ ਨੇ। ਦੁਖੜੇ, ਪੀੜਾਂ ਹੀ ਨਹੀਂ ਦੁਸ਼ਮਣ ਜੀਵਨ ਦੇ, ਲੋੜਾਂ, ਤੋੜਾਂ ਹੋਰ ਵਥੇਰੇ ਸਾਥੀ ਨੇ। ਮਹਿਰਮ ਮੁੜ ਕੇ ਆਵਣਗੇ ਫਿਰ ਇਕ ਦਿਨ 'ਨੂਰ' ਆਸਾਂ ਰੰਗੇ ਸ਼ੁੱਭ ਸਵੇਰੇ ਸਾਥੀ ਨੇ।
45. ਪੀ-ਪੀ ਜ਼ਹਿਰ ਖ਼ਮੋਸ਼ੀ ਵਾਲਾ ਅੱਕੇ ਹਾਂ
ਪੀ-ਪੀ ਜ਼ਹਿਰ ਖ਼ਮੋਸ਼ੀ ਵਾਲਾ ਅੱਕੇ ਹਾਂ। ਨਾਲ ਤੇਰੇ ਹੁਣ ਤੁਰਦੇ ਤੁਰਦੇ ਥੱਕੇ ਹਾਂ। ਦੇਖਣ ਨੂੰ ਸਭ ਤੇ ਸਾਡੀ ਸਰਦਾਰੀ ਹੈ, ਪਿਆਰ ਖਿਡਾਰਾਂ ਦੇ ਵਿਚ ਹਾਰੇ ਯੱਕੇ ਹਾਂ। ਇਸ਼ਕ ਤੇਰੇ ਨੇ ਸੋਚਾਂ ਪਾਗਲ ਕਰੀਆਂ ਨੇ, ਦੇਖਣ ਵਾਲੇ ਸਮਝਣ ਬੈਠੇ 'ਮੱਕੇ' ਹਾਂ। ਪੱਥਰ ਖਾਈਏ ਬੇਰੀ ਵਾਂਗੂੰ ਰੀਝਾਂ 'ਤੇ, ਬੇਰ ਕਿਸੇ ਟਾਹਣੀ ਦੇ ਜਿਉਂਕਰ ਪੱਕੇ ਹਾਂ। ਤੱਕਦੇ ਹਾਂ, ਮੁਸਕਾਉਂਦੇ ਹਾਂ, ਤੁਰ ਜਾਂਦੇ ਹਾਂ, ਅਪਣੀ ਅਪਣੀ ਧੁਨ ਦੇ ਦੋਵੇਂ ਪੱਕੇ ਹਾਂ। ਦੀਦ ਨਹੀਂ ਕਿਸਮਤ ਵਿਚ ਜਿਸ ਦੇ ਯਾਰਾਂ ਦਾ, ਸੇਜਲ ਨੈਣਾਂ ਦੇ ਉਹ ਅੱਖ-ਮਟੱਕੇ ਹਾਂ। ਪਾਣੀ ਸਾੜੇ ਜਿਸ ਧਰਤੀ ਨੂੰ ਆਹਾਂ ਦਾ, ਬਿਰਹਣ ਧੁੱਪਾਂ ਮਾਰੇ ਰੇਤੇ ਕੱਕੇ ਹਾਂ। ਲਾਭ ਉਠਾਕੇ ਸਾਡੇ ਸਾਊ ਜੀਵਨ ਦਾ, ਮਾੜੇ ਢੱਗਿਆਂ ਵਾਂਗ ਚਲਾਕਾਂ ਹੱਕੇ ਹਾਂ। ਮੁੜਕੇ ਵੇਲਾ ਮਿਲਿਆ ਨਾ ਬੈਠਣ ਦਾ 'ਨੂਰ' ਨਜ਼ਰ ਬੁਰੀ ਨੇ ਐਸੇ ਬੈਠੇ ਤੱਕੇ ਹਾਂ।
46. ਜਾਣ ਗਏ ਅਹਿਸਾਸ ਮੇਰੇ ਸਭ ਭਾਣੇ ਨੇ
ਜਾਣ ਗਏ ਅਹਿਸਾਸ ਮੇਰੇ ਸਭ ਭਾਣੇ ਨੇ। ਕੁਝ ਦਿਨ ਹਸਕੇ, ਬੁੱਲ੍ਹ ਤੇਰੇ ਸਿਲ ਜਾਣੇ ਨੇ। ਚੱਲੀ ਹੈ ਤਾਂ ਰੂਪ ਪੁਰੇ ਦਾ ਧਾਰੇਗੀ, ਇਸ਼ਕ-ਹਵਾ ਨੇ ਅਪਣੇ ਰੰਗ ਦਿਖਾਣੇ ਨੇ। ਹੋਰ ਕਿਸੇ ਦੇ ਦਿਲ ਨੂੰ ਵੀ ਉਲਝਾਵੇਗੀ, ਜ਼ੁਲਫ਼ ਤੇਰੀ ਦੇ ਸਾਰੇ ਵਿੰਗ ਹਟਾਣੇ ਨੇ। ਸ਼ਾਮਾਂ ਨੇ, ਕਿਣਮਿਣ ਹੈ, ਬੈਠਾ ਕੱਲਾ ਹਾਂ, ਲੱਗਦਾ ਹੈ ਸੱਜਨਾਂ ਦੇ ਸੁਫ਼ਨੇ ਆਣੇ ਨੇ। ਜਾਗਣ ਵਾਲੇ ਮਾਨਣਗੇ ਨਿੱਘ ਵਸਲਾਂ ਦਾ, ਸੁੱਤਿਆਂ ਨੇ ਕੀ ਚੰਗੇ ਚੰਦ ਚੜ੍ਹਾਣੇ ਨੇ। ਗੱਲ ਕਰਨ ਗਾਰੇ ਵਿਚ ਚੁੰਝਾਂ ਮਾਰਣ ਦੀ, ਇਹ ਕਿਹੜੀ ਮੌਸਮ ਦੇ 'ਚੱਕੀ-ਰਾਹਣੇ' ਨੇ? ਉਜੜ ਗਿਆ ਜੋ ਬਾਗ਼ ਬਹਾਰਾਂ ਤੋਂ ਪਹਿਲਾਂ, ਕਿਸ ਪੰਛੀ ਨੇ ਉੱਥੇ ਆਲ੍ਹਣੇ ਪਾਣੇ ਨੇ। ਆਏ ਹਾਂ, ਮੁੜ ਜਾਵਾਂਗੇ ਦਰਸ਼ਨ ਕਰਕੇ, ਨਾਲ ਤੁਹਾਡੇ ਕੀਤੇ ਬਚਨ ਨਿਭਾਣੇ ਨੇ। ਫੇਰ ਗਏ ਉਹ ਅੱਖਾਂ, ਛੱਡ ਗਏ ਨਗਰੀ, 'ਨੂਰ' ਦੇ ਹੁਣ ਵੀ ਡੇਰੇ ਲੁੱਧਿਆਣੇ ਨੇ।
47. ਯਾਰਾ ਇਹ ਪਤਝੜ ਦਾ ਵਾਅਦਾ, ਰੁੱਤੋ-ਰੁੱਤ ਨਿਭਾਣਾ ਹੈ
ਯਾਰਾ ਇਹ ਪਤਝੜ ਦਾ ਵਾਅਦਾ, ਰੁੱਤੋ-ਰੁੱਤ ਨਿਭਾਣਾ ਹੈ, ਤੇਰੇ ਪਿੰਡ ਜਦ ਆਣ ਬਹਾਰਾਂ, ਮੈਨੂੰ ਸੱਦ ਦਿਖਾਣਾ ਹੈ। ਹੁਸਨ-ਪਰਸਤੀ ਦੇ ਧੰਦੇ 'ਚੋਂ, ਤੈਨੂੰ ਕੱਢਣਾ ਵੀ ਹੈ, ਪਰ- ਤੇਰੇ ਵਾਲਾਂ ਵਿਚ ਉਲਝਣ ਤੋਂ, ਅਪਣਾ-ਆਪ ਬਚਾਣਾ ਹੈ। ਤੇਰੇ ਦਿਲ ਨੂੰ ਖਿੱਚ ਲਵਾਂਗਾ, ਇਕ ਦਿਨ ਦਿਲ ਦੇ ਬੂਹੇ ਤੱਕ, ਹੋਰ ਸਿਆਣਾ ਹੋ ਜਾਵੇ ਕੁਝ, ਸੁਫ਼ਨਾ ਬਹੁਤ ਨਿਆਣਾ ਹੈ। ਛੱਡ ਗਿਆ ਸੈਂ ਮੁੱਖ ਮੋੜਨ ਤੋਂ, ਪਹਿਲਾਂ ਜਿੱਥੇ ਬੈਠੇ ਨੂੰ, ਮੁੜ ਆਵੀਂ ਜਦ ਵੀ ਦਿਲ ਚਾਹਵੇ, ਮੇਰਾ ਉਹੀ ਟਿਕਾਣਾ ਹੈ। ਚੱਲੇ ਨੇ ਉਹ ਵਾਰ ਕਰਨ ਨੂੰ, ਜਾਲ ਵਿਛਾ ਕੇ ਜ਼ੁਲਫ਼ਾਂ ਦਾ, ਉਹ ਵੀ ਤਾਂ ਵਿਚ ਫਸ ਸਕਦਾ ਹੈ, ਜਿਸ ਨੇ ਜਾਲ ਵਿਛਾਣਾ ਹੈ। ਮੈਨੂੰ ਘਰ ਚੋਂ ਕੱਢਣ ਵਾਲੇ, ਮੇਰਾ ਪਰਛਾਵਾਂ ਵੀ ਦੇਖ, ਤੇਰੇ ਘਰ ਤੋਂ ਅਸਰ ਜ਼ੁਲਮ ਦਾ, ਪੁਸਤਾਂ ਤੱਕ ਨਾ ਜਾਣਾ ਹੈ। ਛੱਡ ਦੇ ਓਸ ਗਲੀ ਵਿਚ ਜਾਣਾ, ਜਿੱਥੇ ਵਸਣ ਪਰਾਏ 'ਨੂਰ', ਨਿੱਕੀ ਜਿੰਨੀ ਗੱਲ੍ਹ ਤੇਰੀ ਨੇ, ਵੱਡਾ ਚੰਦ ਚੜ੍ਹਾਣਾ ਹੈ।
48. ਦਿਲ ਦੀ ਚਾਟੀ ਯਾਦਾਂ ਪਾ ਕੇ ਰਿੜਕੇਂਗਾ
ਦਿਲ ਦੀ ਚਾਟੀ ਯਾਦਾਂ ਪਾ ਕੇ ਰਿੜਕੇਂਗਾ। ਮੇਰੇ ਪੈਰਾਂ ਦੀ ਆਹਟ ਨੂੰ ਵਿੜਕੇਂਗਾ। ਆਸ-ਕਲੇਜੇ ਲੱਗੂ ਸੱਲ ਜੁਦਾਈ ਦਾ, ਭੁੱਬਲ-ਦੱਬੇ ਦਾਣੇ ਵਾਂਗੂੰ ਤਿੜਕੇਂਗਾ। 'ਆਦਿ' ਕਰਨ ਦਾ ਦੁਖੜਾ ਤਾਂ ਮੈਂ ਸਹਿੰਦਾ ਹਾਂ, ਅੰਤ ਕਰੂੰਗਾ, ਦੇਖੀਂ ਤੂੰ ਵੀ ਥਿੜਕੇਂਗਾ। ਹਰ ਬੰਦੇ ਦਾ ਹਿਰਦਾ ਨੀਂਦ-ਭਰਿਆ ਹੈ, ਕਿੰਜ ਕਿਸੇ ਨੂੰ ਸੁਫ਼ਨੇ ਲੈਣੋਂ ਝਿੜਕੇਂਗਾ। ਬੰਜਰ ਦਿਲ ਨੂੰ ਸਿੰਜਣ ਦਾ ਕਰ ਹੀਲਾ 'ਨੂਰ' ਹੋਰ ਕਿਤੇ ਵੀ ਜਾ ਕੇ ਅੱਥਰੂ ਛਿੜਕੇਂਗਾ।
49. ਕੰਮ ਉਮਰ ਭਰ ਕੀਤਾ ਬੂਟੇ ਪਾਲਣ ਦਾ
ਕੰਮ ਉਮਰ ਭਰ ਕੀਤਾ ਬੂਟੇ ਪਾਲਣ ਦਾ। ਮੇਰੇ ਸਿਰ ਬੱਝਾ ਨਾ ਸਿਹਰਾ ਮਾਲਣ ਦਾ। ਪਿਆਰ-ਕੁਠਾਲੀ ਤਾਅ ਕੇ ਨੁਸਖਾ ਲੱਭਾਂਗੇ, ਸ਼ੌਕ ਬਿਗਾਨੇ ਨੂੰ ਅਪਣੇ ਵਲ ਢਾਲਣ ਦਾ। ਤੇਰੀਆਂ ਯਾਦਾਂ ਦੀ ਧੂਣੀ ਵਿਚ ਧੁਖਣ ਲਈ, ਕੰਮ ਕਰਨ ਲੱਗਿਆ ਹੈ ਹੁਣ ਦਿਲ ਬਾਲਣ ਦਾ। ਦੁੱਖ ਫਰੋਲਣ ਚੱਲੇ ਸਾਂ ਸੰਗ ਯਾਰਾਂ ਦੇ, ਲੋਕ ਅਲਾਪਣ ਲੱਗੇ ਰਾਗ ਉਧਾਲਣ ਦਾ। ਤੂੰ ਹੀ ਨਹੀਂ, ਸਭ ਏਦਾਂ ਦੇ ਗ਼ਮਖ਼ਾਰ ਮਿਲੇ, ਕੰੰਮ ਜਿਨ੍ਹਾਂ ਨੇ ਕੀਤਾ ਅੱਗਾਂ ਬਾਲਣ ਦਾ। ਸਾਬਤ ਰਹਿ ਗਈ ਸਮਝੋ ਸਿੱਟਾ ਠੀਕ ਰਿਹਾ, ਹੋਰਾਂ ਦੇ ਘਰ ਜਾ ਕੇ ਲੱਤ ਨਿਸਾਲਣ ਦਾ। ਕਿੰਨੇ ਸੁਫ਼ਨੇ ਮੋਏ ਗਿਣ ਕੇ ਦੱਸਾਂਗੇ, ਕੰਮ ਅਜੇ ਜਾਰੀ ਹੈ ਲੋਥਾਂ ਭਾਲਣ ਦਾ। ਇਸ਼ਕ-ਚਿੰਗਾੜੀ ਠੰਢੀ ਕਰਨੀ ਸਿੱਖੀ ਨਾ, ਸਿਖ ਲਿਆ ਧੁਖਦੀ ਤੋਂ ਭਾਂਬੜ ਬਾਲਣ ਦਾ। ਜੀਵਨ-ਬੇੜੀ ਨੂੰ ਆਸਾਂ ਵਿਚ ਪਾ ਦੇ 'ਨੂਰ' ਆਪ ਕਰੂਗਾ ਹੀਲਾ ਰੱਬ ਸੰਭਾਲਣ ਦਾ।
50. ਕਿੰਨਾ ਸੱਚਾ? ਕਿੰਨਾ ਝੂਠਾ? ਤੋਲ ਲਿਆ
ਕਿੰਨਾ ਸੱਚਾ? ਕਿੰਨਾ ਝੂਠਾ? ਤੋਲ ਲਿਆ। ਜੀਵਨ ਦਾ ਹਰ ਦੁੱਖ-ਸੁੱਖ ਮੈਂ ਪੜਚੋਲ ਲਿਆ। 'ਰੇੜਾਂ' ਵਰਗੇ ਹੌਕੇ ਸਾਂਭੀ ਬੈਠਾ ਹਾਂ, ਖਿੱਲਾਂ ਵਰਗਾ 'ਹਾਸਾ' ਉਸ ਨੇ ਰੋਲ ਲਿਆ। ਜੀਵਨ ਦੇ ਖੂਹ ਵਿੱਚੋਂ ਸੁੰਦਰ ਯਾਦਾਂ ਦਾ- ਕੁੰਡੀ ਪਾ ਕੇ ਕੱਢ ਉਨ੍ਹਾਂ ਨੇ ਡੋਲ ਲਿਆ। ਚੜ੍ਹਦੇ–ਜੋਬਨ ਜਿਸ ਨੇ ਗਾਉਂਦਾ ਸੁਣਿਆ ਸਾਂ, ਹੁਣ ਉਹ ਆਖਣ "ਪਹਿਲਾਂ ਵਰਗਾ ਬੋਲ ਲਿਆ"। ਪਰਖ ਰਹੇ ਨੇ ਲੋਕੀ ਕੀਤਾ ਪੁੱਛਣਗੇ, ਜਿੰਨਾਂ ਤੇਰਾ ਵੇਲਾ ਸੀ ਤੂੰ ਬੋਲ ਲਿਆ। ਬੰਨ੍ਹ ਸਕੇ ਨਾ ਮੇਰੀ ਖ਼ਾਬ-ਉਡਾਰੀ ਨੂੰ, ਸਭ ਨੇ ਚੰਗਾ-ਮੰਦਾ ਮੈਨੂੰ ਬੋਲ ਲਿਆ। ਰੁੱਸਿਆ ਸੁਫ਼ਨਾ ਜਿਹੜਾ ਰਾਤੀਂ ਖੋਇਆ ਸੀ, ਨੀਂਦਰ ਦੀ ਨਗਰੀ ਵਿਚ ਫਿਰਦਾ ਟੋਲ੍ਹ ਲਿਆ। ਫੇਰ ਉਡਾਈਂ ਖਿੱਲੀ 'ਰੂਪ' ਬਿਗਾਨੇ ਦੀ- ਪਹਿਲਾਂ ਵਰਗੀ ਸੂਰਤ ਤੂੰ ਅਨਭੋਲ ਲਿਆ। ਅੰਤਾਂ ਦਾ ਪਛਤਾਏਂਗਾ ਵੇਲੇ ਨੂੰ 'ਨੂਰ'- ਪਿਆਰਾਂ ਦਾ ਖ਼ਾਤਾ ਜੇ ਦਿਲ ਵਿਚ ਖੋਲ੍ਹ ਲਿਆ।
51. ਛਾਵਾਂ ਪਾ ਕੇ ਯਾਦ ਕਰਾਇਆ ਬੋਹੜਾਂ ਨੇ
ਛਾਵਾਂ ਪਾ ਕੇ ਯਾਦ ਕਰਾਇਆ ਬੋਹੜਾਂ ਨੇ। ਸੂਰਜ ਕੋਲੇ ਧੁੱਪ ਦੀਆਂ ਹੁਣ ਥੋੜਾਂ ਨੇ। ਰੇਸ਼ਮ ਵਾਂਗੂੰ ਉਲਝਾ ਦਿੱਤੇ ਜੱਗ ਦੇ ਦਿਲ, ਇਸ਼ਕ-ਗਲੀ ਦੇ ਅੱਘੜ-ਦੁੱਘੜ ਮੋੜਾਂ ਨੇ। ਦਾਅਵਾ ਸੀ ਜਿੱਤਾਂਗੇ ਉਸ ਦੇ ਸੁਫ਼ਨੇ, ਪਰ- ਮਾਰ ਲਏ ਵੇਲੇ ਦੇ ਜੋੜਾਂ-ਤੋੜਾਂ ਨੇ। ਦਿਲ ਦੀ ਨਗਰੀ ਸੁੰਨਮ-ਸੁੰਨੀ ਲਗਦੀ ਹੈ, ਭਾਵੇਂ ਜਗ ਵਿਚ ਵਸਦੇ ਲੋਕ ਕਰੋੜਾਂ ਨੇ। ਹੁਸਨ-ਪਰਸਤੀ ਦੇ ਚਾਵਾਂ ਨੇ ਨਜ਼ਰ ਦੀਆਂ, ਸ਼ਹਿਰ ਦਿਆਂ ਚੌਕਾਂ ਵਲ ਕਰੀਆਂ ਰੋੜ੍ਹਾਂ ਨੇ। ਪਿਆਰਾਂ ਤੋਂ ਨਫ਼ਰਤ ਤੱਕ ਪਾੜੇ ਪਾ ਦਿੱਤੇ, ਕੁੱਝ ਅੱਖਰਾਂ ਦੇ ਉਲਟੇ-ਪੁਲਟੇ ਜੋੜਾਂ ਨੇ। ਦੁਨੀਆ ਦੇ ਸੁੰਦਰ ਸੁਫ਼ਨੇ ਝੁਠਲਾ ਦਿੱਤੇ, ਜ਼ਹਿਰ ਭਰੇ ਜੀਵਨ ਦੇ ਤਲਖ਼ ਨਚੋੜਾਂ ਨੇ। ਪਿੰਡ ਦੀਆਂ ਗਲੀਆਂ ਦੀ ਧੂੜ ਚਟਾ ਦਿੱਤੀ, ਸ਼ਹਿਰ ਦੀਆਂ ਸੜਕਾਂ ਦੇ ਉਖੜੇ ਰੋੜਾਂ ਨੇ। ਉਸ ਦੇ ਦਰ ਤੋਂ ਹੁਣ ਵੀ ਹੋ ਕੇ ਲੰਘੇ 'ਨੂਰ', 'ਲੋੜਾਂ' ਤਾਂ ਆਖ਼ਰ ਨੂੰ ਯਾਰੋ, ਲੋੜਾਂ ਨੇ।
52. ਕਿਵੇਂ ਇਹ ਲੋਕ ਵਸਦੇ ਨੇ, ਝਲਕ ਸਭ ਨੂੰ ਦਿਖਾਉਣੀ ਹੈ
ਕਿਵੇਂ ਇਹ ਲੋਕ ਵਸਦੇ ਨੇ, ਝਲਕ ਸਭ ਨੂੰ ਦਿਖਾਉਣੀ ਹੈ। ਮੇਰੀ ਵੀਰਾਨਗੀ ਸਮਝੋ, ਜ਼ਮਾਨੇ ਦੀ ਕਹਾਣੀ ਹੈ। ਪਤਾ ਹੁੰਦੇ ਵੀ ਪਾਲੇ ਨੇ, ਘਰੇ ਕੁਝ ਨਾਗ ਦੇ ਬੱਚੇ, ਇਹ ਦੁਖਦੀ-ਰਗ, ਬੜੇ ਹੋਕੇ, ਜਿਨ੍ਹਾਂ ਨੇ ਮੁੜ ਦੁਖਾਉਣੀ ਹੈ। ਕਿਵੇਂ ਬੁੱਝੇਂਗਾ ਦਿਲ ਦੇ ਭੇਤ, ਪੜ੍ਹਕੇ ਚਿਹਰਿਆਂ ਨੂੰ ਤੂੰ, ਮੇਰਾ ਦਿਲ ਦਰਦ ਦਾ ਦਰਿਆ, ਸ਼ਕਲ ਮੇਰੀ ਹਸਾਉਣੀ ਹੈ। ਨਾ ਜਾਣੇ ਕਿੱਥੇ ਲੈ ਜਾਵੇ, ਸਮਂੇ ਦੀ ਧੁੱਪ ਤੁਪਕੇ ਨੂੰ, ਤਰੇਲਾਂ ਦੀ ਜਵਾਨੀ ਤਾਂ, ਘੜੀ-ਭਰ ਦੀ ਪਰਾਹੁਣੀ ਹੈ। ਦਵੇ ਠੰਢੀ ਹਵਾ ਸਾਰੇ ਜ਼ਮਾਨੇ ਦੀ ਥਕਾਵਟ ਨੂੰ, ਕਸਮ ਤੇਰੀ ਮੁਹੱਬਤ ਦੀ, ਉਹ ਮੌਸਮ ਮੁੜ ਬੁਲਾਉਣੀ ਹੈ। ਜਿਨ੍ਹਾਂ ਨੂੰ ਲਤੜ ਪਾਈ ਹੈ, ਜ਼ੁਲਮ ਦੀ ਇਸ ਹਨੇਰੀ ਨੇ, ਉਨ੍ਹਾਂ ਕਲੀਆਂ ਨੂੰ ਜੀਵਨ ਦੀ ਪਰਖ ਕਰਨੀ ਸਿਖਾਉਣੀ ਹੈ। ਤੁਰੇ ਜਾਂ ਨਾ ਤੁਰੇ ਕੋਈ, ਇਬਾਦਤ ਕਰਨ ਦੀ ਖ਼ਾਤਰ, ਅਸੀਂ ਹਰ ਹਾਲ ਇਹ ਮਸਜਿਦ, ਇਸੇ ਥਾਂ 'ਤੇ ਬਣਾਉਣੀ ਹੈ।
53. ਕਰਕੇ ਲਾਂਭੇ ਅੱਜ ਸਰੀਰਕ ਭੁੱਖਾਂ ਨੂੰ
ਕਰਕੇ ਲਾਂਭੇ ਅੱਜ ਸਰੀਰਕ ਭੁੱਖਾਂ ਨੂੰ। ਲੋਕ ਮਖੋਟਾ ਲਾ ਕੇ ਹਸਦੇ ਮੁੱਖਾਂ ਨੂੰ। ਮੇਰੀ ਝੁੱਗੀ ਤੋਂ ਮਹਿਲਾਂ ਤੱਕ ਮਿਹਨਤਕਸ਼, ਢਿੱਡ ਵਿਚ ਮੁੱਕੀਆਂ ਦੇ ਕੇ ਰੋਵੇ ਭੁੱਖਾਂ ਨੂੰ। ਤੇਰੇ ਚਾਵਾਂ ਦਾ ਬੂਟਾ ਕੀ ਛੱਡਣਗੇ, ਛਾਵੇਂ ਖੜ੍ਹਕੇ ਵੱਢਦੇ ਨੇ ਜੋ ਰੁੱਖਾਂ ਨੂੰ। ਖੋਲ੍ਹ ਰਤਾ ਮੁਸਕਾ ਕੇ ਘੁੰਡੀ ਦੁੱਖਾਂ ਦੀ, ਸੌਂਪ ਦਵਾਂਗਾ ਸੁਫ਼ਨੇ ਤੇਰੇ ਸੁੱਖਾਂ ਨੂੰ। ਭੱਜ-ਨੱਠ ਦੇ ਵਿਚ ਹੋਸ਼ ਮਸੀਹਾ ਖੋ ਬੈਠਾ, ਕੌਣ ਸੁਣੇ ਹੁਣ ਏਥੇ ਤੇਰੇ ਦੁੱਖਾਂ ਨੂੰ। ਹੱਕ ਦਵਾਂਗੇ ਹੱਕਦਾਰਾਂ ਨੂੰ ਬੋਲਣ ਦਾ, ਕੁੱਝ ਦਿਨ ਚੇਪੀ ਲਾ ਕੇ ਬੈਠੋ ਮੁੱਖਾਂ ਨੂੰ। ਕੱਲ੍ਹ ਤੱਕ ਇਹ ਆਕਾਸ਼ੀਂ ਸੈਰਾਂ ਕਰਦੇ ਸਨ, ਕਿਹੜੀ ਸ਼ੈ ਨੇ ਸੁੱਟਿਆ ਹੇਠ ਮਨੁੱਖਾਂ ਨੂੰ। ਪੀਰ, ਪੈਗ਼ੰਬਰ, ਜੋਧੇ ਜਿਨ੍ਹਾਂ ਜੰਮੇ 'ਨੂਰ', ਕਿਉਂ ਕਹਿੰਦੇ ਹੋ ਭੈੜਾ ਉਨ੍ਹਾਂ ਕੁੱਖਾਂ ਨੂੰ।
54. ਚੈਨ ਦਿਲ ਦਾ ਗਿਆ, ਨੀਂਦ ਨੈਣੋਂ ਗਈ
ਚੈਨ ਦਿਲ ਦਾ ਗਿਆ, ਨੀਂਦ ਨੈਣੋਂ ਗਈ। ਬਹੁਤ ਮਹਿੰਗੀ ਇਸ਼ਕ ਦੀ ਬਗ਼ਾਵਤ ਪਈ। ਜੋੜ ਕੇ ਸੁਫ਼ਨਿਆਂ ਨੂੰ ਜੋ ਕੀਤੀ ਖੜ੍ਹੀ, ਨੀਂਦ ਟੁੱਟਦੇ ਹੀ ਉਹ ਕੰਧ ਸਾਰੀ ਢਈ। aੁੱਡ ਰਹੇ ਹਾਂ ਆਜ਼ਾਦੀ ਦੇ ਆਕਾਸ਼ 'ਤੇ, ਆਦਤਾਂ 'ਚੋਂ ਗ਼ੁਲਾਮੀ ਜਦੋਂ ਦੀ ਗਈ। ਕੀ ਕਰਾਂ ਔਕੜਾਂ ਦਾ ਗਿਲਾ ਓਸ 'ਤੇ, ਮੈਂ ਕਿਸੇ ਦੀ ਵੀ ਪਹਿਲਾਂ ਸਲਾਹ ਨਾ ਲਈ। ਨੈਣ ਝੱਲੇ ਰਹੇ ਨਾ ਮੇਰੇ ਨਾਲ ਦੇ, ਮਥਕੇ ਕਰਦੇ ਰਹੇ ਦੁਸ਼ਮਣਾਂ ਦੀ ਰਈ। ਔੜ ਲੱਗੀ ਹੈ ਉੱਥੇ ਵੀ ਮੁਸਕਾਉਣ ਦੀ, ਜਿਸ ਥਾਂ ਹੱਸਣ ਦੇ ਵੇਲੇ ਵੀ ਦੇਖੇ ਕਈ। 'ਨੂਰ' ਜੋ ਵੀ ਮਿਲੇ ਏਥੋਂ ਲੈ ਕੇ ਤੁਰੋ, ਯਾਰ ਵੰਡਦੇ ਨੇ ਦੁੱਖੜੇ, ਤਾਂ ਦੁਖੜੇ ਸਈ।
55. ਨਫ਼ਰਤ ਭਰੀਆਂ ਰੁੱਤਾਂ ਦੇ ਵਿਚ, ਜਗ ਦੇ ਦਰਦ ਸੰਭਾਲਣ ਦਾ
ਨਫ਼ਰਤ ਭਰੀਆਂ ਰੁੱਤਾਂ ਦੇ ਵਿਚ, ਜਗ ਦੇ ਦਰਦ ਸੰਭਾਲਣ ਦਾ। ਸੋਚ ਰਿਹਾ ਹਾਂ ਬੈਠ ਮੁਹੱਬਤ, ਦਾ ਇਕ ਦੀਵਾ ਬਾਲਣ ਦਾ। ਪਰਤ ਖ਼ਿਜ਼ਾਵਾਂ ਦੀ ਰੁੱਤ ਆਈ, ਪਹਿਲੇ-ਪਹਿਰ ਬਹਾਰਾਂ ਦੇ, ਕਿਸ ਨੇ ਮੌਕਾ ਦੇਣਾ ਹੈ ਹੁਣ, ਦੋ ਪਲ ਰੀਝਾਂ ਪਾਲਣ ਦਾ। ਫਿਰ ਤਾਂ ਮੈਂ ਵੀ ਸੁਫ਼ਨੇ ਦੇਖਾਂ, ਬਣ ਕੇ ਰੂਪ 'ਮੁਰਾਰੀ' ਦਾ, ਜੇ ਆਸਾਂ ਨੂੰ ਚਾਰਾ ਪਾਵੇਂ, ਕਰਕੇ ਸਾਂਗ ਗਵਾਲਣ ਦਾ। ਪੁੱਟ ਕੇ ਜੰਡ-ਕਰੀਰ ਕਪਟ ਦੇ, ਤੇਰੇ ਦਿਲ ਦੀ ਧਰਤੀ ਤੋਂ, ਮੈਂ ਪਿਆਰਾਂ ਦਾ ਬੂਟਾ ਲਾਵਾਂ, ਤੂੰ ਕੰਮ ਸਾਂਭੇਂ ਮਾਲਣ ਦਾ। ਬਦਨਾਮੀ ਦੇ ਜੰਗਲ ਅੰਦਰ, ਆਪਾ ਖੋ ਕੇ ਬੈਠ ਗਿਆ, ਹੋਰ ਸਿਲਾ ਕੀ ਮਿਲਦਾ ਉਸ ਨੂੰ, ਚੰਗੀਆਂ ਘਾਲਾਂ-ਘਾਲਣ ਦਾ। ਉਹ ਵੀ ਕਦ ਤੱਕ ਮੱਲ੍ਹਮ-ਪੱਟੀ, ਕਰਦਾ ਮੇਰੇ ਜ਼ਖ਼ਮਾਂ 'ਤੇ, ਆਖ਼ਰ ਲੋਕਾਂ ਨੇ ਦੱਸ ਦਿੱਤਾ, ਉਸ ਨੂੰ ਨੁਸਖਾ ਟਾਲਣ ਦਾ। ਮੁੱਦਤ ਤੋਂ ਬਾਜ਼ਾਰਾਂ ਅੰਦਰ, ਚੱਕਰ ਕੱਟਦਾ ਫਿਰਦਾ ਹਾਂ, ਕੰਮ ਅਜੇ ਪੂਰਾ ਨਹੀਂ ਹੋਇਆ, ਖੋਏ ਹਾਸੇ ਭਾਲਣ ਦਾ। ਇਸ਼ਕ ਸਤਾਇਆ ਭਟਕ ਰਿਹਾ ਹੈ, 'ਨੂਰ' ਉਨ੍ਹਾਂ ਬਾਜ਼ਾਰਾਂ ਵਿਚ, ਜਿੱਥੇ ਖੜ੍ਹ ਕੇ ਕਰਿਆ ਕਰਦਾ ਸੀ ਕੰਮ ਰਾਹ ਦਿਖਾਲਣ ਦਾ।
56. ਹਿਜਰ ਤੇਰੇ ਵਿਚ ਹਾਉਕੇ ਭਰੀਏ
ਹਿਜਰ ਤੇਰੇ ਵਿਚ ਹਾਉਕੇ ਭਰੀਏ। ਕੀ ਰਾਹਾਂ ਦੇ ਸਾਥ ਨੂੰ ਕਰੀਏ। ਹਰ ਮਹਿਫ਼ਲ ਵਿਚ ਚਰਚਾ ਤੇਰੀ, ਕਿਸ-ਕਿਸ ਦੇ ਮੂੰਹ 'ਤੇ ਹੱਥ ਧਰੀਏ। ਕੰਧਾਂ ਦੇ ਵੀ ਕੰਨ ਖੜ੍ਹੇ ਨੇ, ਕਿੱਥੇ ਬਹਿ ਕੇ ਗੱਲਾਂ ਕਰੀਏ? ਇਸ਼ਕ ਮਿਰੇ ਦਾ ਝੱਲਾ ਸਾਗਰ, ਤੂੰ ਮਿਲ ਜਾਵੇਂ, ਰਲ ਕੇ ਤਰੀਏ। ਸ਼ਹਿਰ ਤੇਰੇ ਦੇ ਮੱਚਦੇ ਰਸਤੇ, ਆਉਣ ਲਈ ਕਿੱਥੇ ਪੱਬ ਧਰੀਏ। ਜੇ ਸੁਫ਼ਨੇ ਹੋ ਜਾਣ ਸਿਆਣੇ, ਰੀਝਾਂ ਦੀ ਲੈ ਜੰਝ ਉਤਰੀਏ। ਸ਼ਰਮ-ਹਿਆ ਦੀ ਲੋਈ ਲਾਹ ਕੇ, ਕਦ ਤੱਕ ਉਸ ਦੇ ਪਿੱਛੇ ਤੁਰੀਏ। ਦਿਲ ਵਿਚ ਲੈ ਕੇ ਨਿੱਘੀਆਂ ਯਾਦਾਂ, ਝੁੱਗੀ ਦੇ ਵਿਚ ਕੱਲੇ ਠਰੀਏ। ਦਿਲ ਵਿਚ ਹੋਵੇ ਤਾਂਘ ਮਿਲਣ ਦੀ, ਫਿਰ ਦੁਨੀਆ ਤੋਂ 'ਨੂਰ' ਨਾ ਡਰੀਏ।
57. ਕਿਸ ਝੱਲੇ ਦੇ ਸਿਰ ਤੇ ਥੱਪਾਂ, ਸਾਕਾ ਅੱਤਿਆਚਾਰਾਂ ਦਾ
ਕਿਸ ਝੱਲੇ ਦੇ ਸਿਰ ਤੇ ਥੱਪਾਂ, ਸਾਕਾ ਅੱਤਿਆਚਾਰਾਂ ਦਾ। ਰੋਜ਼ ਸਵੇਰੇ ਸੂਹਾ ਦਿਸਦਾ, ਹਰ ਵਰਕਾ ਅਖ਼ਬਾਰਾਂ ਦਾ। ਸੱਥ ਦੀ ਬੋਹੜ ਥੱਲੇ ਰੁਲਦੇ ਹੌਕੇ-ਹਾਵੇ ਵੱਡਿਆਂ ਦੇ, ਜਿੱਥੇ ਬਹਿਕੇ ਦਰਸਾਉਂਦੇ ਸਨ, ਕੱਲ੍ਹ ਉਹ ਰਸਤਾ ਪਿਆਰਾਂ ਦਾ। ਜਿਸ ਪਾਸੇ ਤੋਂ ਫੜ ਕੇ ਟੋਹੰਦਾ, ਹਾਂ ਰੱਤੀ ਫੁਲਕਾਰੀ ਨੂੰ, ਉਸ ਪਾਸੇ ਹੀ ਪੈ ਜਾਂਦਾ ਹੈ, ਝਗੜਾ ਸੱਭਿਆਚਾਰਾਂ ਦਾ। ਸਾਲ-ਛਿਮਾਹੀ, ਕਦੇ-ਕਦਾਈ, ਬੁੱਢੇ ਬਾਬੇ ਲੜਦੇ ਸਨ, ਨਿੱਤ-ਦਿਹਾੜੇ ਝਗੜਾ ਸੁਣੀਏ, ਲੋਕਾਂ ਦਾ ਸਰਕਾਰਾਂ ਦਾ। ਜਿਸ ਮੌਸਮ ਨੇ ਆ ਕੇ ਘਰ ਦੇ, ਸਾਰੇ ਬੂਟੇ ਡੁੰਡ ਕਰੇ, ਉਸ ਪਤਝੜ ਨੂੰ ਪਾ ਕੇ ਤੋਰੋ, ਹਾਰ ਗਲੇ ਫਿਟਕਾਰਾਂ ਦਾ। ਭਾਵੇਂ ਦਿਲ ਮੰਨੇ ਨਾ ਮੰਨੇ, ਆਪਸ-ਦਾਰੀ ਰੱਖਣ ਨੂੰ, ਸਾਥ ਅਜੇ ਵੀ ਦੇਣਾ ਪੈਂਦੈ ਦੁਨੀਆ ਦੇ ਗ਼ੱਦਾਰਾਂ ਦਾ। ਘੁੱਗੀ ਰੰਗੇ ਸੁਫ਼ਨੇ ਲੈ ਕੇ, ਕਿਸ ਨੂੰ ਸਮਝਾਉਂਦਾ ਏਂ 'ਨੂਰ', ਇੱਕ ਭੜਾਕਾ ਮਿਲਣੈ ਤੋਹਫ਼ਾ, ਤੈਨੂੰ ਅਮਨ ਵਿਚਾਰਾਂ ਦਾ।
58. ਹਸਦੇ ਨੂੰ ਸਭ ਆਖ ਰਹੇ ਸਨ-"ਫੁੱਲ ਖ਼ੁਸ਼ੀ ਦੇ ਕਿਰਦੇ ਨੇ
ਹਸਦੇ ਨੂੰ ਸਭ ਆਖ ਰਹੇ ਸਨ-"ਫੁੱਲ ਖ਼ੁਸ਼ੀ ਦੇ ਕਿਰਦੇ ਨੇ"। ਪਰ ਹੁਣ ਕੁੱਝ ਨਾ ਪੁੱਛੇ ਕੋਈ, ਛਮ-ਛਮ ਅੱਥਰੂ ਗਿਰਦੇ ਨੇ। ਜਦ ਮਿਲਦੇ ਨੇ, ਦੇ ਜਾਂਦੇ ਨੇ, ਦਿਲ ਨੂੰ ਢਾਰਸ ਆਵਣ ਦਾ, ਏਸ ਤਰ੍ਹਾਂ ਤਾਂ, ਲਾਰੇ ਸੁਣ ਕੇ, ਬੱਚੇ ਵੀ ਨਾ ਵਿਰਦੇ ਨੇ। ਜਾਕੇ ਪੁੱਛ ਥਲਾਂ ਦੇ ਕੋਲੋਂ, ਕਿੱਦਾਂ ਪਿਆਰ ਪੁਗਾਈ ਦਾ, ਜਿੱਥੇ ਪੈਰ ਸੱਸੀ ਦੇ ਹੁਣ ਤੱਕ, ਰੇਤੇ ਉੱਤੇ ਫਿਰਦੇ ਨੇ। ਮੰਨਿਆ ਰਸਤਾ ਸਾਫ਼ ਨਹੀਂ, ਹੈ ਪਾਣੀ ਭਰਿਆ ਮੀਹਾਂ ਦਾ, ਸਿਦਕ ਨਿਭਾਵਣ ਵਾਲੇ ਤਾਂ, ਕੱਚਿਆਂ ਦੇ ਉੱਤੇ ਤਿਰਦੇ ਨੇ। ਨਾਮ ਉਨ੍ਹਾਂ ਦਾ ਲੈ ਕੇ ਖਿੱਲੀ, ਬਹੁਤ ਉਡਾਈ ਲੋਕਾਂ ਨੇ- ਝੱਲ ਲਈ ਪਰ ਪੀੜ ਅਨੋਖੀ, ਜੇਰਾ ਕਰਕੇ ਹਿਰਦੇ ਨੇ। ਐਧਰ-ਉਧਰ ਤੁਰ ਜਾਂਦੇ ਨੇ, ਪੱਜ ਬਣਾ ਕੇ ਖਿਸਕਣ ਦਾ, ਅੱਜ ਦੇ ਨੇਤਾ ਕਦ ਲੋਕਾਂ ਦੇ, ਚੁੰਗਲ ਦੇ ਵਿਚ ਘਿਰਦੇ ਨੇ। ਅਪਣੀ ਹੋਂਦ ਸਥਿੱਤੀ ਬਾਰੇ, ਉੱਥੋਂ ਜਾਣਨ ਚੱਲੇ ਹਾਂ, ਆਥਣ-ਤੜਕੇ ਨਾਲ ਅਸਾਡੇ, ਜਿਹੜੇ ਲੋਕ ਵਿਚਰਦੇ ਨੇ। 'ਨੂਰ' ਕਿਨ੍ਹਾਂ ਨੂੰ ਜ਼ਖ਼ਮ ਦਿਖਾਲਣ, ਆਇਆ ਏਂ ਵਿਚ ਨਗਰੀ ਦੇ, ਤੇਰਾ ਦਰਦ ਪਛਾਣਨ ਵਾਲੇ, ਤੁਰ ਗਏ ਏਥੋਂ ਚਿਰ ਦੇ ਨੇ।
59. ਕਿੰਜ ਖ਼ਿਜ਼ਾਵਾਂ ਵਿਚ ਪਲਦਾ ਹਾਂ, ਜਾਣੇ ਕਿਹੜਾ ਭੇਤਾਂ ਨੂੰ
ਕਿੰਜ ਖ਼ਿਜ਼ਾਵਾਂ ਵਿਚ ਪਲਦਾ ਹਾਂ, ਜਾਣੇ ਕਿਹੜਾ ਭੇਤਾਂ ਨੂੰ। ਸਾੜਦੀਆਂ ਨੇ ਬਿਰਹਣ-ਲੂਹਾਂ, ਦਿਲ ਦੇ ਮਹਿਕੇ ਖੇਤਾਂ ਨੂੰ। ਪਿਆਰ ਤੇਰੇ ਦੇ ਟਿੱਬੇ ਚੜ੍ਹਕੇ, ਝੁੱਗੀ ਪਾਉਂਦਿਆਂ ਤੱਕਿਆ ਨਾ, ਇਕ ਦਿਨ ਜਗ ਦੀ ਨਜ਼ਰ-ਹਨੇਰੀ, ਜਾਊ ਉਡਾ ਲੈ ਰੇਤਾਂ ਨੂੰ। ਰੋਜ਼ ਸਵੇਰੇ ਯਾਦ ਉਨ੍ਹਾਂ ਦੀ, ਧੁੱਪਾਂ ਵਾਂਗੂੰ ਚੜ੍ਹਦੀ ਏ, ਉਹ ਕੀ ਜਾਣੇ ਪਰਚਾਉਂਦਾ ਹਾਂ, ਕਿੱਦਾਂ ਯਾਦ-ਪਰੇਤਾਂ ਨੂੰ। ਬੀਜਦਿਆਂ ਹੀ ਮੌਸਮ ਲੰਘੀ, ਪਿਆਰ ਮੇਰੇ ਦੇ ਵੱਤਾਂ ਦੀ, ਦਿਲ ਦੀ ਧਰਤੀ ਬੰਜਰ ਰਹਿ ਕੇ, ਰੋਈ ਅਗੇਤ-ਪਛੇਤਾਂ ਨੂੰ। ਉਂਗਲਾਂ 'ਤੇ ਉਹ ਗਿਣੇ ਮਹੀਨੇ, ਜਿਸ ਨੂੰ ਆਸ ਬਹਾਰਾਂ ਦੀ, ਮੇਰੇ ਘਰ ਤਾਂ ਪਤਝੜ ਵਸਦੀ, ਹਾੜਾਂ, ਜੇਠਾਂ, ਚੇਤਾਂ ਨੂੰ। ਪੀਲੀ-ਫਟਕ ਕਰੁੰਭਲ ਵਰਗੇ, ਮੁੱਖੜੇ ਝਾਕਣ ਲੋਕਾਂ ਦੇ, ਲੱਗ ਗਏ ਨੇ ਦੇਣ ਲਲਾਰੀ, ਰੰਗ ਨਵੇਲੇ ਸਿਹਤਾਂ ਨੂੰ। ਬਹਿ ਨਾ ਜਾਵੀਂ, ਕੱਚੀ ਉਮਰੇ, ਦਿਲ ਦੀ ਫ਼ਸਲ ਉਗਾ ਕੇ 'ਨੂਰ', ਘਾਟੇ ਵਿਚ ਰਹਿੰਦੇ ਨੇ ਜਿਹੜੇ, ਦੇਵਣ ਪਹਿਲ ਅਗੇਤਾਂ ਨੂੰ।
60. ਲੀਰ-ਕਚੀਰਾਂ ਕਰਕੇ ਦਿਲ ਨੂੰ, 'ਬਿਰਹਾ' ਸੂਲੀ ਟੰਗ ਗਿਆ
ਲੀਰ-ਕਚੀਰਾਂ ਕਰਕੇ ਦਿਲ ਨੂੰ, 'ਬਿਰਹਾ' ਸੂਲੀ ਟੰਗ ਗਿਆ। ਇਸ਼ਕ ਹਵਾ ਦਾ ਵਾਅ-ਵਰੋਲਾ, ਸਿਰ ਤੋਂ ਕਾਹਦਾ ਲੰਘ ਗਿਆ। ਵਗਦੀ ਓਸ ਹਵਾ ਨੂੰ ਕੋਸਾਂ, ਜਿਸ ਦੀ ਕਹਿਰ-ਹਨੇਰੀ ਵਿਚ, ਡੋਰ ਦਿਲਾਂ ਦੀ ਟੁੱਟਣ ਪਿੱਛੋਂ, ਕਿਧਰੇ ਯਾਰ-ਪਤੰਗ ਗਿਆ। ਸਭ ਦੇ ਰਸਤੇ ਰੁਸ਼ਨਾਵਣ ਨੂੰ, ਸੂਰਜ ਵਾਂਗੂੰ ਬਲਦਾ ਹਾਂ, ਪਰ ਜੋ ਆਇਆ ਏਸ ਟਟਹਿਣੇ, ਦਿਲ ਨੂੰ ਕਰਕੇ ਤੰਗ ਗਿਆ। ਬੋਲ-ਕੁਬੋਲਾਂ ਦੀ ਸਹਿ ਲੈ ਕੇ, ਇੱਕ ਲਲਾਰੀ ਨਫ਼ਰਤ ਦਾ ਬਿਰਹਾ–ਰੰਗੇ ਰੰਗ ਵਿਚ ਮੇਰੇ, ਦਿਲ ਦੇ ਸੁਫ਼ਨੇ ਰੰਗ ਗਿਆ। ਬੇਲੇ ਦੇ ਵਿਚ ਸਾਂਭੀ ਬੈਠਾ, ਰਾਂਝਾ ਪ੍ਰੀਤ ਪਰਾਈ ਨੂੰ, ਖ਼ਬਰੈ ਕਾਹਤੋਂ ਝੱਲਾ ਸੈਦਾ, ਸਾਕ ਅਸਾਡਾ ਮੰਗ ਗਿਆ। ਤੁਰਦੀ-ਫਿਰਦੀ 'ਹੀਰ' ਕਹਾਣੀ, ਮੇਰੇ ਬੂਹੇ ਪਹੁੰਚ ਗਈ, ਮੈਂ ਲੋਕਾਂ ਤੋਂ ਪੁੱਛ-ਪਛੀਕੇ, ਖ਼ਾਤਰ ਕਦ ਹਾਂ ਝੰਗ ਗਿਆ? ਭਾਵੇਂ ਗਰਮੀ 'ਤੇ ਸਰਦੀ ਵਿਚ, ਲੀਰ ਜੁੜੀ ਨਾ ਪਹਿਨਣ ਨੂੰ, ਪਰ ਦੁਨੀਆਂ ਤੋਂ ਜਾਵਣ ਵੇਲੇ, ਇਕ ਨਾ ਨੰਗ-ਧੜੰਗ ਗਿਆ। ਬਿਰਹਾ ਦੇ ਮੌਸਮ ਤੋਂ ਪਹਿਲਾਂ, ਪਿਆਰ-ਨਦੀ ਜਦ ਪੁੱਟੀ ਸੀ, ਉਸ ਵੇਲੇ ਵਿਚ ਗੋਤੇ ਖਾਣੋਂ, 'ਨੂਰ' ਤੂੰ ਕਾਹਤੋਂ ਸੰਗ ਗਿਆ?
61. ਬਾਕੀ ਰਹੇ ਅਧੂਰੇ ਸੁਫ਼ਨੇ, 'ਤੇ ਕੁਝ ਯਾਦਾਂ ਯਾਰ ਦੀਆਂ
ਬਾਕੀ ਰਹੇ ਅਧੂਰੇ ਸੁਫ਼ਨੇ, 'ਤੇ ਕੁਝ ਯਾਦਾਂ ਯਾਰ ਦੀਆਂ। ਮੌਸਮ ਵਾਂਗੂੰ ਆਕੇ ਲੰਘੀਆਂ, ਸਿਰ ਤੋਂ ਰੁੱਤਾਂ ਪਿਆਰ ਦੀਆਂ। ਕਦ ਤੱਕ ਤੇਰੇ ਕੀਤੇ ਵਾਅਦੇ, ਲਾਰੇ ਬਣਦੇ ਜਾਵਣਗੇ, ਜਿਸ ਦਿਨ ਪੁੱਛਾਂ, ਗੱਲਾਂ ਹੋਵਣ, ਸਾਡੇ ਵਿਚ ਤਕਰਾਰ ਦੀਆਂ। ਉਮਰ-ਵੀਰਾਨੀ ਦੀ ਮਾਲਾ ਵਿਚ, ਯਾਦ ਨਗੀਨਾ ਬਾਕੀ ਏ, ਕੁਝ ਦਿਨ ਸੱਜਣਾਂ ਨਾਲ ਬਿਤਾਈਆਂ, ਸ਼ਾਮਾਂ ਜੋ ਸਤਿਕਾਰ ਦੀਆਂ। ਹੋਰ ਕਿਤੇ ਦਿਲ ਲਾਕੇ ਬਹਿ ਗਏ, ਮੇਰੇ ਸੁਫ਼ਨੇ ਲੈਂਦੇ-ਲੈਂਦੇ, ਕੱਲ੍ਹ ਤੱਕ ਜਿਹੜੇ ਬਹਿ ਕੇ ਗੱਲਾਂ, ਕਰਦੇ ਸਨ ਇਕਰਾਰ ਦੀਆਂ। ਆਕੇ ਪੁੱਛੇਂ, ਤਾਂ ਮੈਂ ਦੱਸਾਂ, ਕੋਝਾ ਦੁੱਖ ਜੁਦਾਈ ਦਾ, ਉਸ ਦਿਨ ਤਾਂ ਬਹਿ ਕੇ ਕਰੀਆਂ ਸਨ, ਗੱਲਾਂ ਕਾਰੋਬਾਰ ਦੀਆਂ। ਯਾਰ ਦਿਖਾਇਆ ਮੈਖ਼ਾਨੇ ਦਾ, ਬੂਹਾ ਸਿਖ਼ਰ-ਦੁਪਹਿਰਾਂ ਨੂੰ, ਹੁਜਰੇ ਬਹਿ ਪੜ੍ਹਿਆ ਕਰਦਾ ਸਾਂ, ਸਤਰਾਂ ਅਸਤਗ਼ਫ਼ਾਰ ਦੀਆਂ। ਉਜੜ ਗਿਆ ਦਿਲ ਪਤਝੜ ਵਾਂਗੂੰ, ਵਸਦੇ ਜੱਗ ਵਿਚ ਯਾਰ ਬਿਨਾ, ਬਾਕੀ ਤਾਂ ਹਰ ਪਾਸੇ ਮਿਹਰਾਂ, ਨੇ ਪਰਵਰਦੀਗਾਰ ਦੀਆਂ। ਸਾਫ਼ ਕਹੋ ਹੁਣ 'ਨੂਰ' ਦੀ ਖ਼ਾਤਰ, ਤੇਰੇ ਦਿਲ ਵਿਚ ਪਿਆਰ ਨਹੀਂ, ਜਗ ਦੇ ਡਰ ਦੀਆਂ, ਗੱਲਾਂ ਤਾਂ ਸਭ, ਚਾਲਾਂ ਨੇ ਇਨਕਾਰ ਦੀਆਂ।
62. ਦੁਆ ਤੈਨੂੰ ਬੁਰੀ ਦੇਵਾਂ, ਕਦੇ ਇਹ ਕਰ ਨਹੀਂ ਸਕਦਾ
ਦੁਆ ਤੈਨੂੰ ਬੁਰੀ ਦੇਵਾਂ, ਕਦੇ ਇਹ ਕਰ ਨਹੀਂ ਸਕਦਾ। ਮੈਂ ਹਸ ਕੇ ਜੀ ਨਹੀਂ ਸਕਦਾ, ਮੈਂ ਰੋ ਕੇ ਮਰ ਨਹੀਂ ਸਕਦਾ। ਜਿਨ੍ਹਾਂ ਵੀਰਾਨ ਰਾਹਾਂ 'ਤੇ ਤੂੰ ਮੈਨੂੰ ਤੁਰਨਾ ਦੱਸਿਆ ਹੈ, ਤੇਰਾ ਸਾਇਆ ਵੀ ਸੁਫ਼ਨੇ ਵਿਚ, ਮੇਰੇ ਸੰਗ ਤੁਰ ਨਹੀਂ ਸਕਦਾ। ਇਹ ਪੁਤਲਾ ਮੋਮ ਦਾ ਲੈ ਕੇ, ਕਿਵੇਂ ਜਾਵਾਂ ਅਗਨ ਅੱਗੇ, ਤੇਰਾ 'ਮੁੱਖੜਾ' ਦੁਪਹਿਰਾਂ ਨੇ, ਮੈਂ ਧੁੱਪਾਂ ਵਰ ਨਹੀਂ ਸਕਦਾ। ਜਲਾ ਕੇ ਯਾਦ ਦੀ ਭੱਠੀ, ਗ਼ਮਾਂ ਨੂੰ ਫੂਕ ਤਾਂ ਦੇਵਾਂ, ਇਹ ਦੋ-ਪਲ ਦੀ ਕਹਾਣੀ ਹੈ, ਮੈਂ ਐਪਰ ਕਰ ਨਹੀਂ ਸਕਦਾ। ਮੇਰੇ ਜੀਵਨ ਦੇ ਸ਼ੀਸ਼ੇ ਚੋਂ, ਅਕਸ ਕਿਧਰੇ ਨਾ ਲੈ ਜਾਵੀਂ, ਸਮੇਂ ਦੇ ਸਾਗਰਾਂ ਨੂੰ ਮੈਂ, ਇਕੱਲਾ ਤਰ ਨਹੀਂ ਸਕਦਾ। ਖਿਲਾਰੋ ਰੋਸ਼ਨੀ ਅੰਧਕਾਰ ਦੀ ਦਹਿਲੀਜ਼ 'ਤੇ ਬਹਿ ਕੇ, ਕਰੇ ਇਤਬਾਰ ਜੀਵਨ 'ਤੇ, ਤਾਂ ਬੰਦਾ ਮਰ ਨਹੀਂ ਸਕਦਾ। ਕਦੇ ਤਾਂ ਚੱਲ ਕੇ ਦੇਖੋ, ਮੇਰੇ ਸੰਗ ਰਾਤ ਸਰਦੀ ਦੀ, ਮਿਲੇ ਜੇ ਸਾਥ ਲੂਆਂ ਦਾ, ਤਾਂ ਸਾਥੀ ਠਰ ਨਹੀਂ ਸਕਦਾ। ਸਮਾਂ ਕੱਢ ਆਉਣ ਦਾ ਕੋਈ, ਬਹਾਰਾਂ ਦਾ ਜ਼ਮਾਨਾ ਹੈ, ਤੁਸਾਂ ਨੂੰ ਸਰ ਨਹੀਂ ਸਕਦਾ, ਅਸਾਂ ਨੂੰ ਸਰ ਨਹੀਂ ਸਕਦਾ।
63. ਜਦੋਂ ਸ਼ੇਅਰ ਆਖਾਂ ਕਲਮ ਫਟਕਦੀ ਹੈ
ਜਦੋਂ ਸ਼ੇਅਰ ਆਖਾਂ ਕਲਮ ਫਟਕਦੀ ਹੈ। ਤੇ ਅੱਖਰਾਂ 'ਚ ਇਕ ਆਤਮਾ ਭਟਕਦੀ ਹੈ। ਲਿਤਾੜੀ ਹੈ ਫਿਕਰਾਂ ਨੇ ਇਉਂ ਦਿਲ ਦੀ ਧਰਤੀ, ਕਿ ਤਸਵੀਰ ਲਗਦੀ ਕਿਸੇ ਸੜਕ ਦੀ ਹੈ। ਪਿਆ ਨਾ ਅਸਰ ਮੇਰੇ ਝਾਕਣ ਦਾ ਉਸ 'ਤੇ, ਉਹ ਨੈਣਾਂ ਨੂੰ ਹੁਣ ਵੀ ਉਵੇਂ ਮਟਕਦੀ ਹੈ। ਮੁਹੱਬਤ ਕਹਾਂ ਜਾਂ ਕਹਾਂ ਇਸ ਨੂੰ ਭਟਕਣ, ਕੁਈ ਚੀਜ਼ ਦਿਲ ਵਿਚ ਇਹ ਜੋ ਧੜਕਦੀ ਹੈ। ਸਵਰਗਾਂ ਚੋਂ ਨਿਕਲਣ ਦਾ ਚੇਤਾ ਆ ਜਾਵੇ, ਉਹ ਵਾਲਾਂ ਚੋਂ ਪਾਣੀ ਜਦੋਂ ਝਟਕਦੀ ਹੈ। ਕਿਵੇਂ ਚਾਹਤਾਂ ਦੀ ਕਹਾਣੀ ਸੁਣਾਵਾਂ, ਕਿ ਤਲਵਾਰ ਸਿਰ ਤੇ ਮੇਰੇ ਲਟਕਦੀ ਹੈ। ਮੁਹੱਬਤ ਹੈ ਇਹ ਘਰ ਦਾ ਚੁੱਲ੍ਹਾ ਨਹੀਂ ਹੈ, ਇਦ੍ਹੀ ਅੱਗ ਤਾਂ ਪਾਣੀ ਪਏ ਭੜਕਦੀ ਹੈ। ਭਲਾਂ 'ਨੂਰ' ਤੇਰਾ ਕੀ ਬਾਕੀ ਹੈ ਏਥੇ, ਇਹ ਹੱਡਾਂ ਦੇ ਪਿੰਜਰ 'ਚ ਰੂਹ ਖਟਕਦੀ ਹੈ।
64. ਪਿਆਰ ਤਿਰੇ ਦੇ ਟਿੱਲੇ ਚੜ੍ਹਕੇ ਦੇਖਾਂਗੇ
ਪਿਆਰ ਤਿਰੇ ਦੇ ਟਿੱਲੇ ਚੜ੍ਹਕੇ ਦੇਖਾਂਗੇ ਮਾਯੂਸੀ ਤੇ ਆਸਾਂ ਮੜ੍ਹਕੇ ਦੇਖਾਂਗੇ। ਸੁਫ਼ਨੇ ਦੇ ਵਿਚ ਡਿੱਠੇ ਨੈਣਾਂ ਵਾਲੀ ਜੇ- ਹੂਰ ਕਿਤੇ ਮਿਲ ਜਾਵੇ ਖੜ੍ਹਕੇ ਦੇਖਾਂਗੇ। ਬੁਝੀਆਂ ਆਸਾਂ ਦੇ ਨੈਣਾਂ ਵਿਚ ਚਾਹਤ ਦਾ, ਫਬਦਾ ਇੱਕ ਨਗੀਨਾ ਜੜ੍ਹ ਕੇ ਦੇਖਾਂਗੇ। ਕੀ ਮੈਂ ਉਸ ਦੀ ਕਿਸਮਤ ਦੇ ਵਿਚ ਵਸਦਾ ਹਾਂ, ਉਸ ਦੇ ਹੱਥ-ਲਕੀਰਾਂ ਪੜ੍ਹਕੇ ਦੇਖਾਂਗੇ। ਕਿੰਨੀ ਚੀਸ ਸਹੀ ਸੱਸੀ ਦੇ ਪੈਰਾਂ ਨੇ, ਤਪਦੇ ਮਾਰੂ-ਥਲ ਵਿਚ ਰੜ੍ਹਕੇ ਦੇਖਾਂਗੇ। ਪਿਆਰ ਤੇਰੇ ਦੇ ਸਾਗਰ ਦੀ ਗਹਿਰਾਈ ਵਿਚ, ਜੱਗ ਨੇ ਮੌਕਾ ਦਿੱਤਾ ਵੜਕੇ, ਦੇਖਾਂਗੇ। ਪੰਛੀ ਦੱਸਣ ਹੋ ਗਈਆਂ ਤਰਕਾਲਾਂ ਨੇ, ਕਦ ਤਕ ਤੇਰਾ ਰਸਤਾ ਖੜ੍ਹਕੇ ਦੇਖਾਂਗੇ। ਸਭ ਨੂੰ ਵਿਛੜੇ ਚਿਹਰੇ ਚੇਤੇ ਆਵਣਗੇ, 'ਨੂਰ' ਦੀਆਂ ਜਦ ਗ਼ਜ਼ਲ਼ਾਂ ਪੜ੍ਹਕੇ ਦੇਖਾਂਗੇ।
65. ਖ਼ੁਸ਼ਬੂ ਆਉਣੀ ਫੁੱਲਾਂ 'ਚੋ ਹਟ ਜਾਵੇਗੀ
ਖ਼ੁਸ਼ਬੂ ਆਉਣੀ ਫੁੱਲਾਂ 'ਚੋ ਹਟ ਜਾਵੇਗੀ। ਜਿਸ ਦਿਨ ਟਾਹਣੀ ਬੂਟੇ ਤੋਂ ਕਟ ਜਾਵੇਗੀ। ਛੱਡ ਦੇ ਚਾਹਤ ਗ਼ੈਰਾਂ ਦੇ ਸੰਗ ਬੈਠਣ ਦੀ, ਦਿਲ ਨੂੰ ਕੋਈ ਬਾਤ ਬੁਰੀ ਰਟ ਜਾਵੇਗੀ। ਫੁੱਲਾਂ ਦੀ ਥਾਂ ਪੱਲਿਆਂ 'ਤੇ ਕੁਝ ਮਾਟੋ ਲਿਖ, ਉਂਜ ਵੀ ਚੁੰਨੀ ਗਲ ਪਾਈ ਫਟ ਜਾਵੇਗੀ। ਬਹੁਤ ਅਵੱਲੇ ਕਾਰੇ ਨੇ ਇਸ ਦੁਨੀਆ ਦੇ, ਹੱਕ ਤੁਹਾਡਾ ਦੱਬਣ 'ਤੇ ਡਟ ਜਾਵੇਗੀ। ਉਸ ਦਿਨ ਕਿਸਮਤ 'ਤੇ ਨਾ ਤੂੰ ਹੰਕਾਰ ਕਰੀਂ, ਵਿੱਚ ਅਮੀਰੀ ਜਿਸ ਦਿਨ ਇਹ ਵਟ ਜਾਵੇਗੀ। ਪਿਆਰ ਮਿਰੇ ਦੇ ਅੱਲੜ੍ਹ ਸੁਫ਼ਨੇ ਡੋਬੇਗੀ, ਹੋਰ ਕਿਨ੍ਹਾਂ ਦੇ ਘਰ ਕਾਲੀ-ਘਟ ਜਾਵੇਗੀ। ਇਕ ਦਿਨ ਮੁੜ ਯਾਰਾਂ ਦੇ ਬੂਹੇ ਚੱਲੋ 'ਨੂਰ', ਕੀ ਗ਼ਮ ਜੇ ਥੋੜੀ ਇੱਜ਼ਤ ਘਟ ਜਾਵੇਗੀ?
66. ਯਾਰ ਮੇਰਾ ਇਹ ਕਹਿ ਕੇ ਜੁਦਾ ਹੋ ਗਿਆ
ਯਾਰ ਮੇਰਾ ਇਹ ਕਹਿ ਕੇ ਜੁਦਾ ਹੋ ਗਿਆ। "ਘਾਲਣਾ ਦਾ ਤੇਰਾ ਹੱਕ ਅਦਾ ਹੋ ਗਿਆ"। ਦਿਲ ਦੇ ਮੰਦਰ 'ਚ ਪੱਥਰ ਨੂੰ ਥਾਂ ਕੀ ਮਿਲੀ, ਪੂਜਦੇ ਪੂਜਦੇ ਦੇਵਤਾ ਹੋ ਗਿਆ। ਤਾਰੇ ਗਿਣਦਾ ਰਿਹਾ ਰਾਤ ਕਟਦੀ ਗਈ, ਆਸ ਬਾਕੀ ਰਹੀ ਪਹੁ-ਫਟਾ ਹੋ ਗਿਆ। ਜ਼ਿੰਦਗੀ ਨੂੰ ਸਦਾ ਜ਼ਖ਼ਮ ਮਿਲਦੇ ਰਹੇ, ਹੋਰ ਲੱਗਿਆ ਜਦੋਂ ਇਕ ਸਫ਼ਾ ਹੋ ਗਿਆ। ਕੋਲ ਬਹਿੰਦੇ ਨਹੀਂ ਦੂਰ ਜਾਂਦੇ ਨਹੀਂ, ਜ਼ਿੰਦਗੀ ਦਾ ਸਫ਼ਰ ਬੇ-ਮਜ਼ਾ ਹੋ ਗਿਆ। ਉਸ ਦੇ ਨੈਣਾਂ ਚੋਂ ਭੋਰਾ ਨਾ ਪੀਤੀ ਅਜੇ, ਬਿਨ ਹੀ ਪੀਤੇ ਨਸ਼ੇ 'ਤੇ ਨਸ਼ਾ ਹੋ ਗਿਆ। ਅਜਨਬੀ ਰਸਤਿਆਂ 'ਤੇ ਮਿਲੇ ਸਾਂ ਕਦੇ, ਦੋਸਤੀ ਦਾ ਸ਼ੁਰੂ ਸਿਲਸਲਾ ਹੋ ਗਿਆ। 'ਨੂਰ' ਕਾਹਦੀ ਲੜਾਈ ਪਿਆਰਾਂ ਦੇ ਵਿਚ, ਕਲ੍ਹ ਲੜੇ ਸਾਂ 'ਤੇ ਅੱਜ ਮਿਟਮਿਟਾ ਹੋ ਗਿਆ।
67. ਦੁਨੀਆ ਵਾਲੇ ਉਨੂੰ ਮੇਰਾ ਕਹਿੰਦੇ ਰਹੇ
ਦੁਨੀਆ ਵਾਲੇ ਉਨੂੰ ਮੇਰਾ ਕਹਿੰਦੇ ਰਹੇ। ਨਾਲ ਤੁਰ ਕੇ ਵੀ ਜੋ ਦੂਰ ਰਹਿੰਦੇ ਰਹੇ। ਵਾਲ ਰੀਝਾਂ ਦੇ ਖ਼ਾਬਾਂ 'ਚ ਵਾਹੁੰਦੇ ਰਹੇ, ਸੁਫ਼ਨਿਆਂ ਦੇ ਕਿਲੇ ਬਣ ਕੇ ਢਹਿੰਦੇ ਰਹੇ। ਲੈ ਕੇ ਸੂਹਾਂ ਉਹ ਕਰਦੇ ਰਹੇ ਮੁਖ਼ਬਰੀ, ਸੁਫ਼ਨੇ ਰਾਤਾਂ ਦੇ ਜਿਨ੍ਹਾਂ ਨੂੰ ਕਹਿੰਦੇ ਰਹੇ। ਬਾਲ ਕੇ ਤੁਰ ਗਏ ਹਿਜਰ ਦਾ ਉਹ ਸਿਵਾ, ਵਾਂਗ ਬਾਲਣ ਅਸੀਂ ਵਿੱਚ ਡਹਿੰਦੇ ਰਹੇ। ਨ੍ਹੇਰਿਆਂ ਨਾਲ ਜਾ ਕੇ ਉਹ ਚਾਨਣ ਰਲੇ, ਜਿਹੜਿਆਂ ਨੂੰ ਅਸੀਂ ਅਪਣਾ ਕਹਿੰਦੇ ਰਹੇ। ਵਕਤ ਆਵਣ 'ਤੇ ਉਹ ਤੀਸਰੇ ਦੇ ਬਣੇ, ਜਿਸ ਦੀ ਖ਼ਾਤਰ ਦੋ ਦਿਲ ਰੋਜ਼ ਖਹਿੰਦੇ ਰਹੇ। ਆਸ ਪੂਰੀ ਨਾ ਹੋਈ ਉਦ੍ਹੇ ਆਉਣ ਦੀ, ਕਾਂ ਵੀ ਆ ਕੇ ਬਨੇਰੇ 'ਤੇ ਬਹਿੰਦੇ ਰਹੇ। ਚੋਟ ਝੱਲੀ ਜੁਦਾਈ ਦੀ ਹਿੱਕ ਤਾਣ ਕੇ, ਜ਼ਖ਼ਮ ਰਿਸਦੇ ਰਹੇ ਪੀੜ ਸਹਿੰਦੇ ਰਹੇ।
68. ਝੱਲੇ ਗ਼ਮ ਰੂਹ ਦੀ ਖ਼ੁਸ਼ਹਾਲੀ ਖਾਂਦੇ ਨੇ
ਝੱਲੇ ਗ਼ਮ ਰੂਹ ਦੀ ਖ਼ੁਸ਼ਹਾਲੀ ਖਾਂਦੇ ਨੇ। ਤੇਰੇ ਮੇਰੇ ਮੁੱਖ ਦੀ ਲਾਲੀ ਖਾਂਦੇ ਨੇ। ਅੱਜ-ਕਲ ਜੰਗਲ ਦੇ ਦਸਤੂਰ ਨਿਰਾਲੇ ਨੇ, ਸ਼ੇਰ-ਬਘੇਰੇ ਰਲ ਕੰਡਿਆਲੀ ਖਾਂਦੇ ਨੇ। ਚਿੜਦੇ ਦੇਖੇ ਉਹ 'ਕੋਠੇ' ਦੇ ਧੰਦੇ ਤੋਂ, ਜਿਹੜੇ ਕੌਮਾਂ ਵੇਚ, 'ਦਲਾਲੀ' ਖਾਂਦੇ ਨੇ। ਕਿਉਂ ਨਾ ਕਰਨ ਵਕਾਲਤ ਸੁੱਕੇ ਖੇਤਾਂ ਦੀ, 'ਮੁਆਵਜਿਉਂ' ਜੋ ਭਾਈ-ਵਾਲੀ ਖਾਂਦੇ ਨੇ। ਚੁੱਲ੍ਹੇ ਦੇ ਵਿਚ ਫੂਕਾਂ ਲਾ ਕੇ ਦੇਖ ਜ਼ਰਾ, ਰੋਟੀ ਕਿੰਨੀ ਲੋਕ ਸੁਖਾਲੀ ਖਾਂਦੇ ਨੇ। ਨਿਰਧਨ ਦੇ ਕੁੱਤੇ ਹੋਣੇ ਨੇ ਇਹ ਸਾਰੇ, ਗਲੀਆਂ ਵਿਚ ਤਕੜੇ ਤੋਂ ਗਾਲੀ ਖਾਂਦੇ ਨੇ। ਇਸ਼ਕ-ਪਲੀਤੇ ਦਾਗ਼ੇ ਤੇਰੇ ਨੈਣਾਂ ਦੇ, ਘੁਣ ਦੇ ਵਾਂਗੂੰ ਦਿਲ ਦੀ ਟਾਹਲੀ ਖਾਂਦੇ ਨੇ। ਥੋੜਾਂ ਨੇ ਖੋਹ ਲਈਆਂ ਡਲੀਆਂ ਲੂਣ ਦੀਆਂ, ਢਿੱਡ ਭਰਨ ਨੂੰ ਰੋਟੀ ਖ਼ਾਲੀ ਖਾਂਦੇ ਨੇ। ਆਈਆਂ ਜਦੋਂ ਬਹਾਰਾਂ ਹੁਣ, ਦੇਖਾਂਗੇ 'ਨੂਰ', ਮਹਿਕਾਂ ਵੇਚਕੇ ਕਿੱਦਾਂ ਮਾਲੀ ਖਾਂਦੇ ਨੇ।
69. ਉਤਰੇ ਚਿਹਰੇ ਝੂਠਾ ਹਾਸਾ ਦੇਖ ਲਿਆ
ਉਤਰੇ ਚਿਹਰੇ ਝੂਠਾ ਹਾਸਾ ਦੇਖ ਲਿਆ। ਮਹਿਫ਼ਲ ਦਾ ਸਭ ਰੰਗ-ਤਮਾਸ਼ਾ ਦੇਖ ਲਿਆ। ਧਰਤੀ ਦੀ ਜ਼ਖ਼ਮਾਂ-ਪੱਛੀ ਫ਼ੁਲਕਾਰੀ ਦਾ, ਖ਼ੂਨ ਵਹਾਉਂਦਾ ਹਰ ਇਕ ਪਾਸਾ ਦੇਖ ਲਿਆ। ਨਾ ਅਪਣੇ, ਨਾ ਦੂਜੇ, ਦੁਖ ਵੰਡਾਉਣ ਤੁਰੇ, ਸਭਨਾਂ 'ਤੇ ਕਰ ਕੇ ਭਰਵਾਸਾ ਦੇਖ ਲਿਆ। ਲੱਭੀ ਨਾ ਤਰਕੀਬ ਕਿਤੋਂ ਮੁਸਕਾਵਣ ਦੀ, ਪੜ੍ਹ ਕੇ ਸਾਰਾ ਪੀੜ-ਖ਼ਲਾਸਾ ਦੇਖ ਲਿਆ। ਲਹਿਰਾਂ-ਲਾਉਂਦੇ ਖੇਤਾਂ ਦੀ ਖ਼ੁਸ਼ਹਾਲੀ ਦਾ, ਸੋਕੇ ਨੇ ਪੜ੍ਹਿਆ ਅਰਦਾਸਾ, ਦੇਖ ਲਿਆ। ਬੂੰਦ ਮਿਲੀ ਨਾ ਸੱਜਣਾਂ ਦੀ ਮੁਖ਼ਤਾਰੀ ਵਿਚ, ਆਪਾ ਕਰ ਕੇ ਬਹੁਤ ਪਿਆਸਾ, ਦੇਖ ਲਿਆ। ਦੋ-ਕੌਡੀ ਦੀ ਚਾਹਤ ਪਿੱਛੇ ਰੀਝਾਂ ਦਾ, ਹੱਥੀਂ ਕਰ ਕੇ ਮਾਸਾ-ਮਾਸਾ ਦੇਖ ਲਿਆ। ਬਹਿਲਾਇਆ ਨਹੀਂ ਪੱਜ ਬਣਾ ਕੇ ਰੀਝਾਂ ਨੂੰ, ਦੇ ਕੇ ਗ਼ਮ ਦਾ ਨਕਦ-ਦਿਲਾਸਾ ਦੇਖ ਲਿਆ। ਪਿਆਰ ਨਗਰ ਦੇ ਲੋਕਾਂ ਤੋਂ ਕੀ ਮੰਗੇ 'ਨੂਰ', ਖ਼ਾਲੀ ਮੁੜਦਾ ਦਿਲ ਦਾ ਕਾਸਾ ਦੇਖ ਲਿਆ।
70. ਤੇਰਾ ਜੂੜਾ ਫੁੱਲਾਂ ਨਾਲ ਸਜਾਵਾਂਗਾ
ਤੇਰਾ ਜੂੜਾ ਫੁੱਲਾਂ ਨਾਲ ਸਜਾਵਾਂਗਾ। ਸਾਲ-ਨਵੇਂ ਦੇ ਸੰਝ-ਸਵੇਰੇ ਆਵਾਂਗਾ। ਮੰਜ਼ਿਲ ਤਾਈਂ ਨਾਲ ਤੁਰਨ ਦਾ ਜੇਰਾ ਕਰ, ਜੁਗਨੂੰ ਬਣਕੇ ਰਸਤਾ ਮੈਂ ਰੁਸ਼ਨਾਵਾਂਗਾ। ਭੇਤ ਨਿਰਾਲੇ, ਦੌਰ ਦੀਆਂ ਮੁਸਕਾਨਾਂ ਦੇ, ਸਮਝ ਸਕੇਂ ਤਾਂ ਤੈਨੂੰ ਵੀ ਸਮਝਾਵਾਂਗਾ। ਦਿਲ ਅੰਦਰ ਤੇਰੀ ਤਸਵੀਰ ਬਣਾਉਣ ਲਈ, ਰੰਗ ਤੇਰੇ ਮੁਖੜੇ ਤੋਂ ਮੰਗ ਲਿਆਵਾਂਗਾ। ਤਿਲ ਭਰ ਕਾਲਖ਼ ਲੈ ਕੇ, ਧੁਖੀਆਂ ਸੱਧਰਾਂ ਦੀ, ਨਜ਼ਰ-ਬੁਰੀ ਤੋਂ ਮੁਖ ਤੇਰੇ 'ਤੇ ਲਾਵਾਂਗਾ। ਦੇਖਣ ਨੂੰ ਝੱਖੜ ਹਾਂ, ਐਪਰ ਨਾਜ਼ੁਕ ਹਾਂ, ਸੀਤ-ਹਵਾਵਾਂ ਵਾਂਗੂੰ ਲਿਟ ਸਹਿਲਾਵਾਂਗਾ। ਹੁਸਨ ਤੇਰੇ 'ਤੇ ਇੱਕ ਸਰਾਪਾ ਲਿੱਖਾਂਗਾ, ਹੁਸਨ ਅਪਣੇ 'ਤੇ ਇਕ ਕਸੀਦਾ ਗਾਵਾਂਗਾ। ਸੁਫ਼ਨੇ ਦੇ ਘਰ ਹੋ ਕੇ ਆਈਆਂ ਰੀਝਾਂ ਨੂੰ, ਯਾਦ ਤਿਰੀ ਦੇ ਪਾਣੀ ਨਾਲ ਨਲ੍ਹਾਵਾਂਗਾ। ਕੁੰਦਨ ਵਰਗੇ ਸ਼ੇਅਰ ਬਣਨਗੇ ਤਪ ਕੇ 'ਨੂਰ', ਯਾਦਾਂ ਦੀ ਭੱਠੀ ਨੂੰ ਜਦ ਮੈਂ ਤਾਅਵਾਂਗਾ।
71. ਤਸਵੀਰਾਂ ਵਿਚ ਐਸਾ ਚਿਹਰਾ ਡਿੱਠਾ ਹੈ
ਤਸਵੀਰਾਂ ਵਿਚ ਐਸਾ ਚਿਹਰਾ ਡਿੱਠਾ ਹੈ। ਲਗਦੈ ਕੋਲੋਂ ਮੁੱਖੜਾ ਤੇਰਾ ਡਿੱਠਾ ਹੈ। ਤਾਰਿਆਂ ਤੋਂ ਵੱਧ ਮਹਿਕੇ ਇਸ਼ਕ ਕਲੱਬਾਂ ਵਿਚ, ਸੂਰਜ ਚੜ੍ਹਦੇ ਸਾਰ ਹਨੇਰਾ ਡਿੱਠਾ ਹੈ। ਸ਼ਾਮ ਢਲੇ ਪੰਛੀ ਘਰ ਨੂੰ ਮੁੜ ਆਉਂਦੇ ਨੇ, ਪੈਂਦਾ ਨਾ ਸੱਜਣਾਂ ਦਾ ਫੇਰਾ ਡਿੱਠਾ ਹੈ। ਵੇਲੇ ਦੀ ਰਫ਼ਤਾਰ ਇਕੱਲਾ ਛੱਡ ਗਈ, ਨਾਜ਼ੁਕ ਬਾਹਵਾਂ ਦਾ ਵੀ ਘੇਰਾ ਡਿੱਠਾ ਹੈ। ਤੇਰੇ ਦਰ ਤੱਕ ਆਉਣ ਦੀਆਂ ਤਰਕੀਬਾਂ ਦਾ, ਸਭ ਨੇ ਕੀਤਾ ਸਾਹਸ ਮੇਰਾ ਡਿੱਠਾ ਹੈ। ਆਸੇ-ਪਾਸੇ ਲਾ ਕੇ ਰੁੱਖ ਇਛਾਵਾਂ ਦੇ, ਧੁੱਪੇ ਦਿਲ ਦਾ ਆਸ-ਬਨੇਰਾ ਡਿੱਠਾ ਹੈ। ਪਾਪ, ਜ਼ੁਲਮ 'ਤੇ ਨਫ਼ਰਤ ਦਾ ਦੁਨੀਆ ਵਿਚ 'ਨੂਰ', ਅਕਲ ਦਾ ਸੂਰਜ ਹੁੰਦੇ ਨੇਰ੍ਹਾ ਡਿੱਠਾ ਹੈ।
72. ਜ਼ਹਿਰ ਘੁਲੀ ਜੇ ਲੋਕਾਂ ਦੇ ਦਿਲ ਅੰਦਰ ਹੈ
ਜ਼ਹਿਰ ਘੁਲੀ ਜੇ ਲੋਕਾਂ ਦੇ ਦਿਲ ਅੰਦਰ ਹੈ, ਥਾਂ-ਥਾਂ ਵਗਦਾ ਤਾਹੀਉਂ ਲਾਲ ਸਮੁੰਦਰ ਹੈ। ਨਾ ਜਾਣੇ ਕਿਉਂ ਮਾਲੀ ਬੁੱਚੜ ਬਣਿਆ ਹੈ, ਫੁੱਲਾਂ 'ਤੇ ਲਹਿਰਾਉਂਦਾ ਫਿਰਦਾ ਖੰਜਰ ਹੈ। ਬੰਦਾ ਕਾਹਤੋਂ ਮੀਂਹ ਵਰਸਾ ਕੇ ਬੰਬਾਂ ਦਾ, ਧਰਤੀ ਮਾਂ ਨੂੰ ਹੱਥੀਂ ਕਰਦਾ ਬੰਜਰ ਹੈ। ਖ਼ੂਨ-ਖ਼ਰਾਬਾ ਪੜ੍ਹ ਕੇ ਨਿੱਤ ਅਖ਼ਬਾਰਾਂ ਵਿਚ, ਮਨ ਵਿਚ ਘੁੰਮਦਾ ਸਨਤਾਲੀ ਦਾ ਮੰਜ਼ਰ ਹੈ। ਚਲਦੀ ਹੈ ਕਿਉਂ ਨ੍ਹੇਰੀ ਅੰਧ-ਵਿਸ਼ਵਾਸਾਂ ਦੀ, ਡੋਲ ਰਿਹਾ ਕਿਉਂ ਲੋਕਾਂ ਦਾ ਮਨ-ਮੰਦਰ ਹੈ। ਆਜ਼ਾਦੀ ਦਾ ਢੌਂਗ ਰਚਾ ਕੇ ਹਰ ਬੰਦਾ, ਬਣਿਆ ਫਿਰਦਾ ਇਕ ਦਾ ਇਕ ਪਤੰਦਰ ਹੈ। ਨਾ ਪੁੱਟੀ ਤਾਂ, ਕਣਕਾਂ ਨੂੰ ਲੈ ਬੈਠੇਗੀ। ਖੁੱਡਾਂ ਦੇ ਵਿਚ ਉੱਗ ਰਹੀ ਜੋ ਜੌਂਧਰ ਹੈ। ਲੱਭੋ ਕੋਈ ਹੱਲ ਅਦੀਬੋ, ਨਫ਼ਰਤ ਦਾ, ਕਿਹੜੀ ਗੱਲ ਤੁਹਾਡੀ ਕਲਮੋਂ ਬਾਹਰ ਹੈ।
73. ਪਾਣੀ ਖਾਰੇ ਲੱਗਣ ਮਿੱਠੇ ਖੂਹਾਂ ਦੇ
ਪਾਣੀ ਖਾਰੇ ਲੱਗਣ ਮਿੱਠੇ ਖੂਹਾਂ ਦੇ। ਜਦ ਮੈਂ ਦੇਖਾਂ ਦੁੱਖ ਪਰਾਈਆਂ ਜੂਹਾਂ ਦੇ। ਕੁੱਝ ਰੋਵਾਂ, ਕੁੱਝ ਹੱਸਾਂ ਭੁੱਲ ਕੇ ਬਿਰਹਾ ਨੂੰ, ਹੋ ਜਾਵਣ ਜੇ ਦੋ ਪਲ ਮੇਲੇ ਰੂਹਾਂ ਦੇ। ਅਪਣੇ ਦਿਲ ਦੀ ਸੋਚ-ਪਟਾਰੀ ਸਾਂਭ ਜ਼ਰਾ, ਕੰਮ ਕਰਨ ਦੁਨੀਆ ਦੇ ਸੁਫ਼ਨੇ ਸੂਹਾਂ ਦੇ। ਸਾੜ ਗਏ ਵਸਲਾਂ ਦੇ ਹਸਦੇ ਬਾਗ਼ਾਂ ਨੂੰ, ਐਸੇ ਬੁੱਲੇ ਚੱਲੇ ਬਿਰਹਣ-ਲੂਹਾਂ ਦੇ। ਕੱਲੇ ਜੀਵਨ-ਪੰਧ ਸਵਾਰਨ ਚੱਲੇ ਹਾਂ, ਜਿਸ ਨੂੰ ਸਮਝੇ ਦੁਨੀਆ ਕੰਮ ਸਮੂਹਾਂ ਦੇ। ਦੂਰ ਬੜੇ ਲਗਦੇ ਨੇ ਸੱਜਣ ਬੈਠੇ 'ਨੂਰ' ਫ਼ਰਕ ਜਦੋਂ ਪੈ ਜਾਵਣ ਮੂੰਹ ਤੋਂ ਮੂੰਹਾਂ ਦੇ।
74. ਨਾਲ ਹੁਸਨ ਦੇ ਹੁਣ ਜਿਸ ਦਿਨ ਵਾਹ ਪੈਣਾ ਹੈ
ਨਾਲ ਹੁਸਨ ਦੇ ਹੁਣ ਜਿਸ ਦਿਨ ਵਾਹ ਪੈਣਾ ਹੈ। ਸੁੰਦਰਤਾ ਨੂੰ ਬੁੱਕਾਂ ਵਿਚ ਭਰ ਲੈਣਾ ਹੈ। ਜੀਅ ਕਰਦਾ ਹੈ ਰਸਤਾ ਮੱਲ ਲਵਾਂ, ਐਪਰ, ਉਸ ਨੇ ਵਾਲ ਗਿਰਾ ਮੁਖੜਾ ਕੱਜ ਲੈਣਾ ਹੈ। ਆਪੇ ਸਮਝ ਲਵੇਗੀ ਤੌਰ-ਤਰੀਕੇ ਤੋਂ, ਜੋ ਕੁਝ ਦੁਨੀਆ ਨੂੰ ਤੂੰ ਚੁੱਪ-ਚੁੱਪ ਕਹਿਣਾ ਹੈ। ਵਕਤ ਕਟਣ ਨੂੰ ਪਾਇਆ ਹੈ ਘਰ ਕਿਰਨਾ ਦਾ, ਸੂਰਜ ਢਲਦੇ ਸਾਰ ਹੀ ਜਿਸ ਨੇ ਢਹਿਣਾ ਹੈ। ਜ਼ਿੱਦੋ-ਜ਼ਿੱਦੀ ਵੱਖਰੇ ਰਾਹ ਅਪਣਾਏ ਨੇ। ਸੇਕ ਹਿਜਰ ਦਾ ਦੋਵੇਂ ਪਾਸੇ ਪੈਣਾ ਹੈ। ਕਿਸ ਦਿਨ 'ਨੂਰ' ਦੇ ਵਿਹੜੇ ਪੈਰ ਪਸਾਰੇਂਗੀ, ਉਠਦੇ-ਬਹਿੰਦੇ 'ਆਸ' ਨੂੰ ਪੁੱਛਦੇ ਰਹਿਣਾ ਹੈ।
75. ਕਰਕੇ ਕੱਠੀ ਉਸ ਦੇ ਬੂਹੇ ਸਿੱਟੀ ਨੂੰ
ਕਰਕੇ ਕੱਠੀ ਉਸ ਦੇ ਬੂਹੇ ਸਿੱਟੀ ਨੂੰ। ਧੂੜ ਲਿਆ ਮੈਂ ਬੂਟਾਂ ਉੱਤੇ ਮਿੱਟੀ ਨੂੰ। ਅੱਥਰੇ-ਪੋਤੇ, ਅੱਲੜ੍ਹ-ਦੋਹਤੇ ਦੇ ਕਾਰੇ, ਦੁੱਖ ਬੜਾ ਦਿੰਦੇ ਨੇ ਦਾੜ੍ਹੀ ਚਿੱਟੀ ਨੂੰ। ਹੋਰ ਕਿਤੇ ਕਿਉਂ ਬਿਰਹਾ ਡੇਰਾ ਲਾਇਆ ਨਾ, ਮੇਰਾ ਹੀ ਘਰ ਮਿਲਿਆ ਭਾਈਆਂ-ਪਿੱਟੀ ਨੂੰ। ਕੌਣ ਲਲਾਰੀ ਰੰਗੇ ਕਰਮਾਂ ਦੀ ਮਿੱਥੀ, ਇਸ ਜੋਬਨ ਫ਼ੁਲਕਾਰੀ, ਰੰਗੋਂ-ਫਿੱਟੀ ਨੂੰ। "ਬੱਚੇ ਸਾਂਭੀਂ", ਹੁਕਮ ਚਲਾ ਕੇ 'ਆਇਆ' 'ਤੇ, ਨੱਠ੍ਹ ਤੁਰੇ ਉਹ ਫ਼ੈਸ਼ਨ ਕਰਕੇ 'ਕਿੱਟੀ' ਨੂੰ। ਪਹਿਲਾਂ ਵਰਗੀ ਹੁਣ ਉਹ ਨਜ਼ਰ ਨਹੀਂ ਆਉਂਦੀ, ਸੱਭਿਅਤ ਗੀਤਾਂ ਵਿਚ ਸੁਣਦੇ ਸਾਂ 'ਬਿੱਟੀ' ਨੂੰ। ਇਕ ਦਿਨ ਬਹਿ ਕੇ ਗ਼ਜ਼ਲ਼ਾਂ ਵਿਚ ਉਕਰੇਂਗਾ 'ਨੂਰ' ਬਿਰਹਾ-ਕੁੱਠੀ ਆਥਣ ਕਰਮਾਂ-ਭਿੱਟੀ ਨੂੰ।
76. ਛਣਕ ਜਦੋਂ ਬੋਲਾਂ ਦੀ ਬੁੱਲ੍ਹੋਂ ਫੁੱਟਦੀ ਏ
ਛਣਕ ਜਦੋਂ ਬੋਲਾਂ ਦੀ ਬੁੱਲ੍ਹੋਂ ਫੁੱਟਦੀ ਏ। ਨੇੜੇ ਬੈਠੀ ਦੁਨੀਆ ਮੌਜਾਂ ਲੁੱਟਦੀ ਏ। ਏਅਰ-ਕੰਡੀਸ਼ੰਡ ਦਫ਼ਤਰ ਦੇ ਵਿਚ, ਬੈਠੇ ਦਾ, ਤੇਰੀਆਂ ਯਾਦਾਂ ਦੀ ਗਰਮੀ ਸਾਹ ਘੁੱਟਦੀ ਏ। ਰੁਸਦਾ ਏਂ, ਸੁਫ਼ਨੇ ਦੇ ਬੂਟੇ ਦੀ ਟਾਹਣੀ, ਨੀਂਦਰ ਦੇ ਰੁੱਖ ਉਤੋਂ ਲਗਦੀ ਟੁੱਟਦੀ ਏ। ਸਾੜ ਰਹੀ ਹੈ ਧੁੱਪ ਮਨੁੱਖੀ ਕਹਿਰਾਂ ਦੀ, ਜਦ ਸੱਧਰਾਂ ਦੀ ਆਸ-ਕਰੂੰਬਲ ਫੁੱਟਦੀ ਏ। ਆਸ ਕਿਵੇਂ ਰੱਖਾਂ ਉਸ ਰੁੱਖ ਤੋਂ ਛਾਵਾਂ ਦੀ, ਜਿਸ ਨੂੰ ਦੁਨੀਆਂ ਉੱਗਦਿਆਂ ਹੀ ਪੁੱਟਦੀ ਏ। ਅਪਣੀ ਡੱਫ਼ਲੀ ਅਪਣਾ ਸਾਜ਼ ਵਜਾਵਣ ਦੀ, ਪੱਕੀ ਆਦਤ ਓਸ ਵਿਰੋਧੀ ਗੁੱਟ ਦੀ ਏ। ਪਾਸੇ ਬਹਿ ਕੇ ਰੋ ਲੈਵਣ ਤਦ ਸੱਧਰਾਂ 'ਨੂਰ', ਜਦ ਫ਼ਿਕਰਾਂ ਦੀ ਸੋਟੀ ਆ ਕੇ ਕੁੱਟਦੀ ਏ।
77. ਪਿਆਰ-ਹਵੇਲੀ ਭਾਵੇਂ ਸੱਖਣੀ ਠੀਕ ਨਹੀਂ
ਪਿਆਰ-ਹਵੇਲੀ ਭਾਵੇਂ ਸੱਖਣੀ ਠੀਕ ਨਹੀਂ, 'ਯਾਦ' ਕਿਸੇ ਦੀ ਦਿਲ ਵਿਚ ਰੱਖਣੀ ਠੀਕ ਨਹੀਂ। ਮੇਰੀਆਂ ਆਸਾਂ ਦੀ ਚਾਟੀ ਵਿਚ ਹੋਰ ਲਈ, ਰਿੜਕੇਂ ਲੱਸੀ, ਕੱਢੇਂ ਮਖਣੀ, ਠੀਕ ਨਹੀਂ। ਦਿਲ ਜਲਿਆ ਤਾਂ ਚਿਹਰਾ ਵੀ ਧੁਖ ਜਾਵੇਗਾ, ਅੱਗ ਇਸ਼ਕ ਦੀ ਬਹੁਤੀ ਭਖਣੀ ਠੀਕ ਨਹੀਂ। ਥਲ ਵਿਚ ਧਸਿਆਂ ਪੈਰਾਂ ਦੀ ਟੋਹ ਲੈ ਕੇ ਦੇਖ, ਰੋਜ਼ ਮਿਲਣ ਦੀ ਲੱਜ਼ਤ ਚੱਖਣੀ ਠੀਕ ਨਹੀਂ। ਅਪਣੇ ਦਿਲ ਦੀ ਨਗਰੀ ਵਸਦੀ ਰੱਖਣ ਨੂੰ, ਹੋਰਾਂ ਦੇ ਹਾਸੇ ਦੀ ਅਖਣੀ ਠੀਕ ਨਹੀਂ। ਧਸ ਜਾਵੇਗੀ ਜੰਝ ਤੇਰੇ ਅਰਮਾਨਾਂ ਦੀ, ਯਾਦਾਂ ਦੀ ਦਲ-ਦਲ ਚੋਂ ਲਖਣੀ ਠੀਕ ਨਹੀਂ। ਰੋਜ਼ ਨਵਾਂ ਗ਼ਮ ਦੇਵੇ ਸੋਚ ਉਡਾਰੀ ਨੂੰ, ਕਿੰਜ ਕਹਾਂ ਮੈਂ ਰੁੱਤ ਇਹ ਸੱਖਣੀ ਠੀਕ ਨਹੀਂ।
78. ਫੇਰ ਮਿਲਣ ਦੇ ਲਾਰੇ ਦੇ ਦੇ
ਫੇਰ ਮਿਲਣ ਦੇ ਲਾਰੇ ਦੇ ਦੇ। ਦੋ-ਪਲ ਹੋਰ ਉਧਾਰੇ ਦੇ ਦੇ। ਬੁੱਲ੍ਹਾਂ ਉੱਤੇ ਰੱਖ ਮੁਸਕਾਨਾਂ, ਦੁਖੜੇ ਮੈਨੂੰ ਸਾਰੇ ਦੇ ਦੇ। ਆਸਾਂ ਦੇ ਅਸਮਾਨਾਂ ਉੱਤੋਂ, ਵਾਪਸ ਟੁੱਟੇ ਤਾਰੇ ਦੇ ਦੇ। ਚੁੱਪ ਫੜੀਂ ਬੈਠੇ ਬੁੱਲ੍ਹਾਂ ਨੂੰ, ਪਿਆਰ ਭਰੇ ਹੁੰਘਾਰੇ ਦੇ ਦੇ। ਢਾਹ ਕੇ ਮਹਿਲ ਬਿਗਾਨੇ-ਪਣ ਦੇ, ਅਪਣੇ-ਪਣ ਦੇ ਢਾਰੇ ਦੇ ਦੇ। ਚੋਹਲਾਂ ਹਾਸ-ਕਲੋਲਾਂ ਕਰਦੇ, ਨੈਣਾਂ ਦੇ ਟੁਣਕਾਰੇ ਦੇ ਦੇ। ਸੋਗ ਭਰੇ ਬੇਲੇ ਦੇ ਨਾਲੋਂ, ਹਸਦੇ 'ਤਖ਼ਤ-ਹਜ਼ਾਰੇ' ਦੇ ਦੇ। ਲੈ ਜਾ ਨੀਂਦਰ 'ਚੋਂ ਮੁਸਕਾਨਾਂ, ਸੁਫ਼ਨੇ ਐਨ ਕੁਆਰੇ ਦੇ ਦੇ। ਭਾਵੇਂ 'ਨੂਰ' ਨਹੀਂ ਕੁਝ ਮੰਗਦਾ, ਕੁੱਝ ਨਾ ਕੁੱਝ ਤਾਂ ਪਿਆਰੇ ਦੇ ਦੇ।
79. ਨੈਣ ਜਦੋਂ ਹੋ ਜਾਣ ਅਵਾਰਾ, ਕੀ ਕਰੀਏ
ਨੈਣ ਜਦੋਂ ਹੋ ਜਾਣ ਅਵਾਰਾ, ਕੀ ਕਰੀਏ? ਚੜ੍ਹ ਜਾਵੇ ਇਸ਼ਕੇ ਦਾ ਪਾਰਾ, ਕੀ ਕਰੀਏ? ਯਾਦ ਪਟਾਰੀ ਦੀ ਭੂਮੀ ਵਿਚ ਯਾਦਾਂ ਦਾ, ਭਰ ਜਾਵੇ ਨੱਕੋ-ਨੱਕ ਕਿਆਰਾ, ਕੀ ਕਰੀਏ? ਜੀਵਨ ਦੀ ਮਾਯੂਸੀ-ਕੁੱਠੀ ਆਥਣ 'ਚੋਂ, ਭੁੱਲੇ ਨਾ ਮਾਹੀ ਦਾ ਦੁਆਰਾ, ਕੀ ਕਰੀਏ? ਨੇਤਾਵਾਂ ਦੇ ਭਾਸ਼ਨ ਵਰਗੇ ਬੋਲ ਉਦ੍ਹੇ, ਰੋਜ਼ ਨਵਾਂ ਦੇ ਜਾਂਦੇ ਲਾਰਾ, ਕੀ ਕਰੀਏ? ਨਾਲ ਕਦੇ ਉਹ ਸਾਡੇ ਭਾਵੇਂ ਹਸਦਾ ਨਹੀਂ, ਤਾਂ ਵੀ ਸਾਨੂੰ ਲੱਗੇ ਪਿਆਰਾ, ਕੀ ਕਰੀਏ? ਜੀਵਨ ਦੀ ਮੁਸਕਾਨ ਸੁਹਾਗਣ ਕਰਨ ਲਈ, ਦੇਵਣ ਨਾ ਉਹ ਰੰਗ ਉਧਾਰਾ, ਕੀ ਕਰੀਏ? ਉਸ ਦੇ ਵੱਲ ਤੱਕਣ 'ਤੇ ਲੋਕ-ਨਿਗਾਹਾਂ ਦੀ, ਨਜ਼ਰਾਂ 'ਤੇ ਲੱਗੀ ਹੈ ਧਾਰਾ, ਕੀ ਕਰੀਏ? ਚੰਨ ਚੜ੍ਹਦੇ ਦੀ ਲਾਲੀ ਵਾਂਗੂੰ ਰੂਪ ਤਪੇ, ਨੇੜੇ ਅੱਗ ਦੇ ਪਾ ਕੇ ਢਾਰਾ, ਕੀ ਕਰੀਏ? ਹਿਜਰ ਦੀਆਂ ਧੁੱਪਾਂ ਵਿਚ ਉਸ ਨੂੰ ਤੱਕਦੇ 'ਨੂਰ', ਫਿਟਦਾ ਜਾਵੇ ਰੂਪ ਕੁਆਰਾ, ਕੀ ਕਰੀਏ?
80. ਸੂਰਜ ਕਹਾਂ ਮੈਂ ਜੇ ਕਰ, ਤਾਂ ਰਾਤ ਤੂੰ ਲਿਖੀਂ
ਸੂਰਜ ਕਹਾਂ ਮੈਂ ਜੇ ਕਰ, ਤਾਂ ਰਾਤ ਤੂੰ ਲਿਖੀਂ। ਜਿਹੜੀ ਵੀ ਦਿਲ ਨੂੰ ਭਾਵੇ, ਉਹ ਬਾਤ ਤੂੰ ਲਿਖੀਂ। ਅੱਜ-ਕੱਲ੍ਹ ਕੀ ਕਰ ਰਹੀ ਹੈ ਤਾਕਤ ਹਜ਼ੂਰ ਦੀ, ਕੈਸੇ ਨੇ ਸ਼ਹਿਰ ਦੇ ਹੁਣ, ਹਾਲਾਤ ਤੂੰ ਲਿਖੀਂ। ਕਰਦਾ ਹਾਂ ਮੁੱਦਤਾਂ ਤੋਂ ਤੇਰੀ ਉਡੀਕ ਮੈਂ, ਕਰਨੀ ਹੈ ਕਦ, 'ਤੇ ਕਿੱਥੇ, ਮੁਲਾਕਾਤ ਤੂੰ ਲਿਖੀਂ। ਮੈਂ ਤਾਂ ਨਿਭਾ ਰਿਹਾ, ਹਾਂ ਉਹ ਬੋਲ, ਜੋ ਕਹੇ, ਕੀਤੀ ਹੈ ਪਰ ਕਹਾਣੀ, ਕਿਉਂ ਮਾਤ ਤੂੰ ਲਿਖੀਂ। ਕਟਦੀ ਹੈ ਰਾਤ ਮੇਰੀ ਕੰਡਿਆਂ ਦੀ ਸੇਜ 'ਤੇ, ਕਟਦੀ ਹੈ ਕਿੰਜ ਤੁਸਾਂ ਦੀ, ਹਾਲਾਤ ਤੂੰ ਲਿਖੀਂ। ਔੜਾਂ ਦੀ ਮਾਰ ਝੱਲਦੇ ਬੰਜਰ ਨਸੀਬ 'ਤੇ, ਕਰਮਾਂ ਦੀ ਕਦ ਕਰੇਂਗਾ, ਬਰਸਾਤ ਤੂੰ ਲਿਖੀਂ। ਮੇਰੀ ਤਾਂ ਸਮਝੋਂ ਬਾਹਰ ਹੈ ਉਸ ਦਾ ਫ਼ਲਸਫ਼ਾ, ਕੀ ਕਹਿ ਗਿਆ ਹੈ ਜੱਗ ਨੂੰ, ਸੁਕਰਾਤ ਤੂੰ ਲਿਖੀਂ। ਪੀੜਾਂ ਹੰਢਾ ਰਹੇ ਇਸ ਪੰਜਾਬ ਵਾਸਤੇ, ਕੀ ਆਖਦੇ ਨੇ ਤੇਰੇ ਜਜ਼ਬਾਤ ਤੂੰ ਲਿਖੀਂ।
81. ਕਦੋਂ ਤੱਕ ਇਹ ਜ਼ੁਲਫ਼ਾਂ ਦੇ ਰਹਿਣੇ ਖਲੇਰੇ
ਕਦੋਂ ਤੱਕ ਇਹ ਜ਼ੁਲਫ਼ਾਂ ਦੇ ਰਹਿਣੇ ਖਲੇਰੇ? ਜਵਾਨੀ ਕਦੋਂ ਤੱਕ ਰਹੂ ਨਾਲ ਤੇਰੇ? ਕਿਵੇਂ ਨਾਲ ਚੱਲਾਂ ਉਨ੍ਹਾਂ ਹਾਸਿਆਂ ਦੇ, ਮੈਂ ਫੱਟ ਖਾ ਚੁੱਕਾ ਹਾਂ ਜਿਨ੍ਹਾਂ ਤੋਂ ਡੂੰਘੇਰੇ। ਉਹਦੀ ਬੇਰੁਖੀ ਦਾ ਹੈ ਉੱਧਰ ਕਿਨਾਰਾ, ਖੜ੍ਹੇ ਜਾਲ ਪਾਈਂ ਇਧਰ ਗ਼ਮ-ਮਛੇਰੇ। ਜ਼ਰਾ ਹੋਰ ਠਹਿਰੋ, ਤੁਰਾਂਗੇ ਇਕੱਠੇ, ਅਜੇ ਰਸਤਿਆਂ ਵਿਚ ਨਾ ਪਸਰੇ ਹਨੇਰੇ। 'ਫ਼ਲੈਟਾਂ' 'ਚ ਵੀ ਯਾਦ ਆਉਣੋਂ ਨੀਂ ਹਟਦੀ, ਨਾ ਕਾਂ ਬੋਲਦੇ ਨੇ ਨਾ ਦਿਸਦੇ ਬਨੇਰੇ। ਉਹ ਦਿੰਦਾ ਨਾ ਮੈਨੂੰ ਜੁਦਾਈ ਦੀ ਭੂਮੀ, ਕੀਹਨੂੰ ਸਿੰਜਦੇ ਰਾਤ ਭਰ ਨੈਂਣ ਮੇਰੇ? ਕਿਵੇਂ ਆਸ ਛੱਡਾਂ ਜੁਦਾਈ 'ਚ ਉਸ ਦੀ, ਹਨੇਰੇ ਦੇ ਪਿੱਛੋਂ ਨੇ ਚੜ੍ਹਦੇ ਸਵੇਰੇ।
82. ਚਾਨਣੀਆਂ ਰਾਤਾਂ ਦੇ ਚੱਕਰ ਲਾਵਾਂ ਵੀ
ਚਾਨਣੀਆਂ ਰਾਤਾਂ ਦੇ ਚੱਕਰ ਲਾਵਾਂ ਵੀ। ਘਰ ਦਾ ਨੰਬਰ ਦੱਸੇਂ ਤਾਂ ਮੈਂ ਆਵਾਂ ਵੀ। ਸੱਦਣ ਵਾਲੇ ਕਰਦੇ ਨਹੀਂ ਆਨਾ-ਕਾਨੀ। ਹਸ-ਹਸ ਕੇ ਉਹ ਦਿੰਦੇ ਨੇ ਸਿਰਨਾਵਾਂ ਵੀ। ਬੈਠ ਮੇਰੇ ਸੰਗ, ਤੱਕਦਾ ਤੇਰੇ ਰਾਹਾਂ ਨੂੰ, ਆਥਣ ਦੇ ਸੰਗ, ਢਲ ਚੱਲਿਆ ਪਰਛਾਵਾਂ ਵੀ। ਵਧਣ ਦਵੇਂ ਆਸਾਂ ਵਲ ਲਗ਼ਰਾਂ ਸੋਚ ਦੀਆਂ, ਸ਼ੌਕ ਦਿਆਂ ਖੇਤਾਂ ਨੂੰ ਪਾਣੀ ਲਾਵਾਂ ਵੀ। ਝੱਲੀਏ ਵਾਏ, ਛੇੜ ਨਾ ਮੇਰੇ ਵਾਲਾਂ ਨੂੰ, ਚੰਗੀਆਂ ਲੱਗਣ ਉਮਰਾਂ ਨਾਲ ਅਦਾਵਾਂ ਵੀ। ਕੀਹਦੀ ਖ਼ਾਤਰ ਸੁਰਮਾ ਪਾਵਾਂ ਅੱਖਾਂ ਵਿਚ, ਨਜ਼ਰ ਮਿਲਾਵੇਂ ਤਾਂ ਇਹ ਕਹਿਰ ਕਮਾਵਾਂ ਵੀ। ਰੌਕਿਟ ਲੈ ਕੇ ਘੁੰਮਦੇ ਲੋਕ ਪੁਲਾੜਾਂ ਵਿਚ, ਮਿਲੀਏ ਕਿੱਥੇ, ਖ਼ਾਲੀ ਨਹੀਂ ਖ਼ਲਾਵਾਂ ਵੀ। ਅੱਧ-ਵਿਚਾਲੇ ਉਡਦੀ ਗੁੱਡੀ ਵਸਲਾਂ ਦੀ, ਡੋਰ ਵਫ਼ਾ ਦੀ ਦੇਵੇਂ ਹੋਰ ਉਡਾਵਾਂ ਵੀ। 'ਨੂਰ' ਉਨ੍ਹਾਂ ਨੂੰ ਲੈ ਕੇ ਜਾਵੀਂ ਠੇਕੇ ਵੱਲ, ਜਿਹੜੇ ਤੈਨੂੰ ਪੀ ਕੇ ਦੇਣ ਦੁਆਵਾਂ ਵੀ।
83. ਭਟਕਣ ਭਟਕਣ ਵਿਚ ਜੀਵਨ ਦੀ ਰਾਤ ਕਰੀ ਹੈ
ਭਟਕਣ ਭਟਕਣ ਵਿਚ ਜੀਵਨ ਦੀ ਰਾਤ ਕਰੀ ਹੈ। ਮੇਰੇ ਅੱਲੜ੍ਹ-ਪਣ ਨੇ ਕੈਸੀ ਬਾਤ ਕਰੀ ਹੈ। ਉਸ ਦਿਨ ਤੋਂ ਹੀ ਜੀਣ ਲਈ ਕਾਹਲਾ ਹੈ ਇਹ ਦਿਲ, ਜਿਸ ਦਿਨ ਤੋਂ ਉਸ ਨੇ ਮੁਸਕਾ ਕੇ ਝਾਤ ਕਰੀ ਹੈ। ਇੱਕੋ ਜਨਮ-ਕੁਠਾਲੀ ਵਿਚ ਦਾਤਾ ਨੇ ਕਾਹਤੋਂ, ਚੰਗੀ ਉਸ ਦੀ ਮੰਦੀ ਮੇਰੀ ਜ਼ਾਤ ਕਰੀ ਹੈ? ਉਹ ਵੀ ਹਰਿਆਲੀ ਦਾ ਵੈਰੀ ਲੱਗੇ ਮੈਨੂੰ, ਜਿਸ ਨੇ ਬੂਟੇ ਸੁੱਕਣ 'ਤੇ ਬਰਸਾਤ ਕਰੀ ਹੈ। ਧੱਕੇ-ਸ਼ਾਹੀ ਦੇ ਅੱਗੇ ਆਵਾਜ਼ ਉਠਾਉਂਦਾ, ਅਪਣੀ ਹੱਤਿਆ ਆਪੇ ਕਿਉਂ 'ਸੁਕਰਾਤ' ਕਰੀ ਹੈ। ਝੱਲਾ ਸਮਝ ਰਹੀ ਦੁਨੀਆ ਨੂੰ ਉਹ ਕੀ ਆਖੇ, ਅਪਣੇ ਵਿਸ਼ਵਾਸ਼ਾਂ ਦੀ ਜਿਸ ਨੇ ਘਾਤ ਕਰੀ ਹੈ। ਮੇਰੇ ਘਰ ਵਿਚ ਕਰ ਕੇ ਉਸ ਨੇ ਘੁੱਪ ਹਨੇਰਾ, ਹੋਰ ਕਿਸੇ ਦੇ ਘਰ ਜਾ ਕੇ ਪ੍ਰਭਾਤ ਕਰੀ ਹੈ। ਗ਼ਜ਼ਲ਼ ਕਹਿਣ ਦੀ ਚਾਲ ਨਿਰਾਲੀ ਸਭਨਾਂ ਦੀ ਹੈ, 'ਨੂਰ ਮੁਹੰਮਦ' ਨੇ ਪਰ ਬਾਜ਼ੀ ਮਾਤ ਕਰੀ ਹੈ।
84. ਜਿਹੜੀ ਮਰਜ਼ੀ ਬਸਤੀ ਵਿਚ ਘਰ-ਬਾਰ ਬਣਾ
ਜਿਹੜੀ ਮਰਜ਼ੀ ਬਸਤੀ ਵਿਚ ਘਰ-ਬਾਰ ਬਣਾ। ਜੀਵਨ-ਪੱਧਰ ਦਾ ਊਚਾ ਮੱਯਾਰ ਬਣਾ। ਤਿਗੜਮ-ਬਾਜ਼ੀ ਲਾਉਣ ਨਾ ਜਿਹੜੇ ਵੇਲੇ 'ਤੇ, ਦਫ਼ਨ-ਕਫ਼ਨ ਦੀ ਖ਼ਾਤਰ ਐਸੇ ਯਾਰ ਬਣਾ। ਘੇਰਾ ਪਾ ਨਾ ਲੈਣ ਸ਼ਿਕਾਰੀ ਦੁੱਖਾਂ ਦੇ, ਸੁੱਖਾਂ ਦੇ ਇਸ ਸਾਹੇ ਨੂੰ ਹੁਸ਼ਿਆਰ ਬਣਾ। ਨੀਅਤ ਬਦਲੀ ਲੱਗੇ ਫੇਰ ਪੜੋਸੀ ਦੀ, ਪੀੜਾਂ ਦੇ ਘਰ ਦੀ ਊਚੀ ਦੀਵਾਰ ਬਣਾ। ਭੁੱਖੇ ਭਗਤੀ ਕਰਨੀ ਛੱਡ ਨਾ ਦੇਣ ਕਿਤੇ, ਰੱਬਾ! ਲੋਕਾਂ ਨੂੰ ਨਾ ਬੇਰੁਜ਼ਗਾਰ ਬਣਾ। ਜਿਹੜੀ ਕੁੱਲੀ, ਗੁੱਲੀ ਦਾ ਪਰਬੰਧ ਕਰੇ, ਠੋਕ-ਵਜਾ ਕੇ ਹੁਣ ਐਸੀ ਸਰਕਾਰ ਬਣਾ। ਨਿੱਬੜ ਜਾਵੇ ਕੰਮ ਹਨੇਰੇ ਤੋਂ ਪਹਿਲਾਂ, ਸੂਰਜ ਤੋਂ ਵੀ ਵੱਧ ਅਪਣੀ ਰਫ਼ਤਾਰ ਬਣਾ। ਇਸ ਨੂੰ ਲਾਉਣੀ ਅਤੇ ਬੁਝਾਉਣੀ ਆਉਂਦੀ ਹੈ। ਰੱਬਾ! ਇਸ ਨੂੰ ਨਰਕਾਂ ਦਾ ਸਰਦਾਰ ਬਣਾ। ਡੋਬ ਲਵੇਂਗਾ ਬੇੜੀ ਤੂੰ ਜੀਵਨ ਦੀ 'ਨੂਰ', ਮੁੜ-ਮੁੜ ਨਾ ਫ਼ਿਰਓਨਾਂ ਨੂੰ ਸਰਦਾਰ ਬਣਾ।
85. ਵਾਹਣ ਅੱਗੇ-ਪਿੱਛੇ ਵੱਜਣ ਲੱਗੇ ਨੇ
ਵਾਹਣ ਅੱਗੇ-ਪਿੱਛੇ ਵੱਜਣ ਲੱਗੇ ਨੇ। ਅੱਜ ਅੜਿੱਕੇ ਕਾਹਤੋਂ ਲੱਗਣ ਲੱਗੇ ਨੇ। ਸੜਕਾਂ ਉੱਤੇ ਘੁੰਮਦਾ ਤੱਕ ਕੇ ਝੂਠੇ ਨੂੰ, ਸੱਚੇ ਐਧਰ-ਉੱਧਰ ਨੱਸਣ ਲੱਗੇ ਨੇ। ਕਾਂਬਾ ਲੱਗੂ, ਮਾੜੇ ਦਿਲ ਦੀ ਕੰਧ ਢਹੂ, ਸੁੰਦਰਤਾ ਦੇ ਬੱਦਲ ਗੱਜਣ ਲੱਗੇ ਨੇ। ਆ ਜਾਵੇ ਠਹਿਰਾਉ ਸ਼ਾਇਦ ਕੀਮਤ 'ਤੇ, ਕੁੱਝ ਦੌਲਤ ਦੇ ਭੁੱਖੇ ਰੱਜਣ ਲੱਗੇ ਨੇ। ਫ਼ੇਰ ਤਿਆਰੀ ਲਗਦੀ ਹੈ ਮੁੜ ਲੁੱਟਣ ਦੀ, ਉਹ ਮੇਰੇ ਐਬਾਂ ਨੂੰ ਕੱਜਣ ਲੱਗੇ ਨੇ। ਹੜ੍ਹ ਆਊ ਜਾਂ ਤੇਜ਼ ਹਵਾਵਾਂ ਤੁਰਣਗੀਆਂ, ਉਹ ਵਾਲਾਂ ਨੂੰ ਧੋ ਕੇ ਝਟਕਣ ਲੱਗੇ ਨੇ। ਚਿਣਗ਼ ਕਿਨ੍ਹਾਂ ਲਾ ਦਿੱਤੀ ਬ੍ਰਿਹਣ ਹਿੱਕੜੀ ਨੂੰ, ਫੇਰ ਦੁਖਾਂ ਦੇ ਹਾਰੇ ਸੁਲਘਣ ਲੱਗੇ ਨੇ। ਹੋਰ ਕਿਤੇ ਦਿਲ ਅਜ਼ਮਾਉਂਦੇ ਨੇ, ਸ਼ਾਇਦ ਉਹ, 'ਨੂਰ ਮੁਹੰਮਦ' ਨੂੰ ਜੋ ਸੱਜਣ ਲੱਗੇ ਨੇ।
86. ਦਿਲ ਦਾ ਬੂਟਾ ਜੜੋਂ ਹਿਲਾਉਣਾ, ਠੀਕ ਨਹੀਂ
ਦਿਲ ਦਾ ਬੂਟਾ ਜੜੋਂ ਹਿਲਾਉਣਾ, ਠੀਕ ਨਹੀਂ। ਏਥੋਂ ਪੁੱਟਕੇ ਉੱਥੇ ਲਾਉਣਾ, ਠੀਕ ਨਹੀਂ। ਮੇਰੀ ਗ਼ੈਰਤ ਗਲੀਆਂ ਦੇ ਵਿਚ ਰੋਲਣ ਨੂੰ, ਬੁਣਦਾ ਏਂ ਨਿੱਤ ਤਾਣਾ-ਬਾਣਾ, ਠੀਕ ਨਹੀਂ। ਭੜਕ ਪਈ ਤਾਂ ਫੂਕ ਦਵੇਗੀ ਹੱਥਾਂ ਨੂੰ, ਧੂਣੀ ਉੱਤੇ ਤੇਲ ਚੁਹਾਉਣਾ, ਠੀਕ ਨਹੀਂ। ਕਿਉਂ ਆਪੇ ਨੂੰ ਝੰਜਟ ਦੇ ਵਿਚ ਪਾਉਂਦਾ ਏਂ। ਗ਼ਮ ਦਾ ਸੁੱਤਾ ਸ਼ੇਰ ਜਗਾਉਣਾ, ਠੀਕ ਨਹੀਂ। ਭੁੱਬਲ ਠੰਢੀ ਕਰਨ ਦੀਆਂ ਤਰਕੀਬਾਂ ਸੋਚ, ਬੁਝਦੀ ਅੱਗ ਨੂੰ ਫੇਰ ਮਘਾਉਣਾ, ਠੀਕ ਨਹੀਂ। ਜ਼ਾਹਰ ਨਾ ਕਰ ਪਰਦਾ-ਦਾਰੀ ਹੋਰਾਂ ਦੀ, ਇੰਜ ਝੂਠੇ ਦੇ ਘਰ ਤਕ ਜਾਣਾ, ਠੀਕ ਨਹੀਂ। ਕੋਹਾਂ ਅੱਗੇ ਨਿਕਲ ਜਾਈਏ ਮੰਜ਼ਿਲ ਤੋਂ, ਐਨੀ ਵੀ ਰਫ਼ਤਾਰ ਬਣਾਉਣਾ, ਠੀਕ ਨਹੀਂ। ਡਿਗ ਨਾ ਜਾਵੀਂ ਚੜ੍ਹ ਖ਼ਾਹਿਸ ਦੀ ਟੀਸੀ 'ਤੇ, ਬਹੁਤਾ ਵੀ ਲਾਲਚ ਵਿਚ ਆਉਣਾ, ਠੀਕ ਨਹੀਂ। 'ਨੂਰ' ਗਲੀ ਦੇ ਲੋਕੀ ਝੱਲਾ ਆਖਣਗੇ, ਮਕਸਦ ਬਾਝੋਂ ਫੇਰੇ ਪਾਉਣਾ, ਠੀਕ ਨਹੀਂ।
87. ਕਰਨੀ 'ਤੇ ਕਥਨੀ ਵਿਚ ਕਿੰਨੇ ਪਰਦੇ ਦੇਖੇ
ਕਰਨੀ 'ਤੇ ਕਥਨੀ ਵਿਚ ਕਿੰਨੇ ਪਰਦੇ ਦੇਖੇ। ਪਿੰਡ ਵਿਚ ਜਾ ਕੇ ਸ਼ਹਿਰੀ ਸੇਵਾ ਕਰਦੇ ਦੇਖੇ। ਨੱਕ ਚੜ੍ਹਾਕੇ ਲੰਘਦੇ ਜੋ ਤੰਬਾਕੂ ਕੋਲੋਂ, ਫੱਕਦੇ ਬੁੱਕਾਂ ਭਰ-ਭਰ ਕੇ ਉਹ ਜ਼ਰਦੇ ਦੇਖੇ। ਪੜ੍ਹ-ਲਿਖ ਕੇ ਜਦ ਪੇਂਡੂ ਸ਼ਹਿਰ ਵਸਣ ਨੂੰ ਤੁਰਿਆ, ਚੀਖੇ ਪਿੰਡ ਦੇ ਭਾਗ 'ਤੇ ਰੋਂਦੇ ਘਰ ਦੇ ਦੇਖੇ। ਲੋੜ ਚੁਭੇ ਅੱਜ ਫੇਰ ਉਸੇ ਦੀ ਸੂਲਾਂ ਵਾਂਗੂੰ, ਜਿਸ ਦੇ ਬਾਝੋਂ ਜਗ ਦੇ ਸਭ ਕੰਮ ਸਰਦੇ ਦੇਖੇ। ਚੰਗੇ ਖ਼ਾਤਰ ਵੀ ਵਰਤੇ, ਮਾੜੇ ਖ਼ਾਤਰ ਵੀ, ਵੱਖਰੇ-ਵੱਖਰੇ ਅਰਥ, ਇੱਕੋ ਅੱਖਰ ਦੇ ਦੇਖੇ। ਸੈਨੀ ਨੂੰ ਹਥਿਆਰ ਬਣਾ ਕੇ ਬੁੱਤ ਘਾੜੇ ਨੇ, ਕਿੰਨੇ ਰੂਪ ਬਣਾਏ ਇਕ ਪੱਥਰ ਦੇ ਦੇਖੇ। ਕੁੱਝ ਰੱਬ ਬਣ ਕੇ ਬੈਠ ਗਏ ਮੰਦਰ ਦੇ ਅੰਦਰ, ਮਸਜਿਦ ਵਿਚ ਕੁਝ ਪੱਥਰ 'ਰੱਬ-ਰੱਬ' ਕਰਦੇ ਦੇਖੇ। ਹੱਦੋਂ ਪਾਰ ਗਿਆ ਸਾਂ ਮੇਲ-ਮਿਲਾਪਾਂ ਖ਼ਾਤਰ, ਐਧਰ ਤੋਂ ਵੱਧ ਭੈੜੇ ਹਾਲ ਉਧਰ ਦੇ ਦੇਖੇ। ਆਪੋ-ਧਾਪੀ ਦੇ ਵਿਚ 'ਨੂਰ' ਜ਼ਮਾਨੇ ਅੰਦਰ, ਕੁੱਝ ਘਰ ਹੱਕ ਬਿਗਾਨਾ ਖਾਣੋਂ ਡਰਦੇ ਦੇਖੇ।
88. ਨਿਰਣਾ ਹੋਇਆ ਛੱਡ ਦਿਓ, ਕਰਨੀ ਝਾਤ-ਕੁਝਾਤ
ਨਿਰਣਾ ਹੋਇਆ ਛੱਡ ਦਿਓ, ਕਰਨੀ ਝਾਤ-ਕੁਝਾਤ। ਵਕਤ ਮਿਲੇ 'ਤੇ ਕਰਾਂਗੇ, ਬਹਿ ਕੇ ਦਿਲ ਦੀ ਬਾਤ। ਨਾੜਾਂ ਦੇ ਵਿਚ ਹੋ ਗਿਆ, ਗਡ-ਮਡ ਸਭ ਦਾ ਖ਼ੂਨ, ਜਦ ਤੋਂ ਲੋਕਾਂ ਪਰਖਣੀ, ਛੱਡੀ ਜ਼ਾਤ-ਕੁਜ਼ਾਤ। ਚੁੱਕ ਪਿਆਲਾ ਜ਼ਹਿਰ ਦਾ, ਪੀ ਜਾਂਦਾ ਗੱਟ-ਗੱਟ, ਜੇ ਜੱਗ ਮੈਨੂੰ ਮੰਨਦਾ, ਵੇਲੇ ਦਾ 'ਸੁਕਰਾਤ'। ਹਰ ਵਾਰੀ ਹਾਂ ਜੂਝਦਾ, ਜਿੱਤ ਦੀ ਕਰਕੇ ਆਸ, ਨਵੀਆਂ ਚਾਲਾਂ ਚੱਲ ਕੇ, ਦੇ ਜਾਂਦੈ ਉਹ ਮਾਤ। ਆਏ ਨੇ ਮੁੜ ਜਾਣਗੇ, ਦੁੱਖਾਂ ਤੋਂ ਨਾ ਡਰ, ਰਾਤਾਂ ਪਿੱਛੋਂ ਹੀ ਸਦਾ, ਹੁੰਦੀ ਹੈ ਪਰਭਾਤ। ਰੋਟੀ ਥੱਪਣ ਵਾਸਤੇ, ਆ ਗਈ ਨਵੀਂ ਮਸ਼ੀਨ, ਕੀ ਕਰਨੈ ਹੁਣ ਰੱਖ ਕੇ, ਘਰ ਵਿਚ ਤਵਾ-ਪਰਾਤ। ਬਾਕੀ ਬਚਦੀ ਨਾਲ ਵੀ, ਤਕੜਾ ਹੋ ਕੇ ਸਿੰਝ, ਬਹੁਤੀ ਲੰਬੀ ਨਹੀਂ ਹੈ, ਇਹ ਬਿਰਹਾ ਦੀ ਰਾਤ। ਸੱਚ ਦੀ ਨਗਰੀ ਵਸਣ ਤੋਂ, ਕਾਹਨੂੰ ਭੱਜਦੈਂ ਦੂਰ, ਕਬਰਾਂ ਲਾਈ ਬੈਠੀਆਂ, ਤੇਰੇ ਉੱਤੇ ਝਾਤ। ਰੌਜ਼ਾ ਸੱਚੇ ਨਬੀ ਦਾ, ਤੱਕ ਲੈਂਦਾ ਇਕ ਵਾਰ, ਲਿਖਿਆ ਕਰਦਾ 'ਨੂਰ' ਵੀ, ਪੰਜਾਬੀ ਵਿਚ ਨਾਅਤ।
89. ਮੂੰਹ ਤੋਂ, ਅੱਖਾਂ ਨੂੰ ਪਾਸੇ ਕਰਾਂ ਕਿਸ ਤਰ੍ਹਾਂ?
ਮੂੰਹ ਤੋਂ, ਅੱਖਾਂ ਨੂੰ ਪਾਸੇ ਕਰਾਂ ਕਿਸ ਤਰ੍ਹਾਂ? ਤੇਰੇ ਰਾਹਾਂ ਤੋ ਹੋਵਾਂ ਪਰ੍ਹਾਂ ਕਿਸ ਤਰ੍ਹਾਂ? ਹੁਸਨ ਨੂੰ 'ਝਾਤ' ਕਰਕੇ ਨਹੀਂ ਦੁਖਦੀਆਂ, ਐਵੇਂ ਅੱਖਾਂ 'ਤੇ ਫੇਹੇ ਧਰਾਂ ਕਿਸ ਤਰ੍ਹਾਂ? ਕਰਕੇ ਯਾਰਾਂ ਨੂੰ ਤੋਰਾਂ ਖ਼ਫ਼ਾ ਕਿਸ ਲਈ, ਦੂਰ ਜਾਵਣ ਦਾ ਦੁਖੜਾ ਜ਼ਰਾਂ ਕਿਸ ਤਰ੍ਹਾਂ? ਹੰਝੂ ਬਹਿ-ਬਹਿ ਕੇ ਪੱਥਰ ਹੈ ਦਿਲ ਹੋ ਗਿਆ, ਖ਼ੁਸ਼ਕ ਬੱਦਲ ਹਾਂ, ਥਲ 'ਤੇ ਵਰਾਂ ਕਿਸ ਤਰ੍ਹਾਂ? ਮਰਨ ਵਰਗਾ ਹਾਂ ਫਿਟਕਾਰਿਆ, ਪਰ ਮੀਆਂ, ਮੌਤ ਆਉਂਦੀ ਨਹੀਂ, ਮੈਂ ਮਰਾਂ ਕਿਸ ਤਰ੍ਹਾਂ? ਬੇ-ਵਸੀ ਲੈ ਗਈ ਮਘਦੇ-ਚਿਹਰੇ ਦੀ ਲੋਅ, ਰੋਸ਼ਨੀ ਰਸਤਿਆਂ ਵਿਚ ਕਰਾਂ ਕਿਸ ਤਰ੍ਹਾਂ? ਮਘਦੇ ਨੈਣਾਂ ਦਾ ਮੇਲਾ ਸ਼ਹਿਰ ਬਣ ਗਿਆ, ਗਰਮ ਲੱਗਦੀ ਹਵਾ, ਵਿਚ ਠਰਾਂ ਕਿਸ ਤਰ੍ਹਾਂ? ਜਾਣ ਦੇਵਾਂ ਕਿਵੇਂ ਉਸ ਨੂੰ ਨਜ਼ਰੋਂ ਪਰੇ, ਜਿੱਤ ਕੇ ਜ਼ਿੰਦਗੀ ਨੂੰ ਹਰਾਂ ਕਿਸ ਤਰ੍ਹਾਂ? ਜ਼ਿੰਦਗੀ ਦਾ ਸਫ਼ਰ 'ਨੂਰ' ਔਖਾ ਹੈ, ਪਰ- ਹਾਰਦਾਂ ਹੌਸਲਾ ਇਸ ਤਰ੍ਹਾਂ, ਕਿਸ ਤਰ੍ਹਾਂ।
90. ਬਹੁਤ ਤਲਾਸ਼ ਕਰੀ ਠਾਹਰ ਦੀ ਸੁੱਖਾਂ ਨੇ
ਬਹੁਤ ਤਲਾਸ਼ ਕਰੀ ਠਾਹਰ ਦੀ ਸੁੱਖਾਂ ਨੇ। ਚੈਨ ਕਿਤੇ ਵੀ ਲੈਣ ਨਾ ਦਿੱਤਾ ਦੁੱਖਾਂ ਨੇ। ਪਹਿਲੀ ਉਮਰ ਤਲਾਸ਼ ਕਰੀ ਇਕ-ਦੂਜੇ ਦੀ, ਪਿਛਲੀ ਕੱਟੀ ਬਿਰਹਾ ਵਿੱਚ ਮਨੁੱਖਾਂ ਨੇ। ਮਿਲਣ ਸਮੇਂ ਵੀ ਦੋਵੇਂ ਵਿੱਚ ਘੁਮੰਢ ਰਹੇ, ਆਕੜ ਦੇ ਵਿਚ ਬਾਤ ਕਰੀ ਨਾ ਮੁੱਖਾਂ ਨੇ। ਜਿਹੜੇ ਬੀਜੇ, ਸਿੰਜੇ, ਸਾਂਭੇ ਪਸ਼ੂਆਂ ਤੋਂ, ਮੈਨੂੰ ਛਾਂ ਨਾ ਦਿੱਤੀ ਉਨ੍ਹਾਂ ਰੁੱਖਾਂ ਨੇ। ਭਾਵੇਂ ਸੜੇ ਅਨਾਜ ਗੁਦਾਮਾਂ ਵਿੱਚ ਪਿਆ, ਬਸਤੀ ਦੇ ਢਿੱਡਾਂ ਵਿਚ ਹਾਲੇ ਭੁੱਖਾਂ ਨੇ। ਉਨ੍ਹਾਂ ਨੂੰ ਕਿਉਂ ਪੈਦਾ ਹੋਣੋਂ ਰੋਕਣ ਲੋਕ, ਅੱਗੋਂ ਪੁੱਤ ਨੇ ਜੰਮਨੇ ਜੀਹਨਾਂ ਕੁੱਖਾਂ ਨੇ। ਜਦ ਟੂਸੇ ਤੱਕ ਅੰਬਰ ਵੇਲਾਂ ਚੜ੍ਹ ਗਈਆਂ, ਪੀਲਾ ਹੀ ਦਿਸਣਾ ਸੀ ਹਰਿਆਂ ਰੁੱਖਾਂ ਨੇ। ਏਹੋ ਹਾਲ ਰਿਹਾ ਤਾਂ ਲੋਕੀ ਪੁੱਛਣਗੇ, 'ਨੂਰ ਮੁਹੰਮਦਾ' ਕਿੱਧਰ ਚੱਲਿਐਂ, ਸੁੱਖਾਂ ਨੇ?
91. ਉੱਥੇ ਰਹੀਏ ਜਿੱਥੇ ਰੂਪ ਨਸ਼ੀਲਾ ਹੋਵੇ
ਉੱਥੇ ਰਹੀਏ ਜਿੱਥੇ ਰੂਪ ਨਸ਼ੀਲਾ ਹੋਵੇ। ਪਿਆਰ ਕਰਨ ਦਾ ਜਿੱਥੇ ਕੋਈ ਹੀਲਾ ਹੋਵੇ। ਕੀ ਹੋਵੇ ਉਹ ਹੱਸੇ ਮੇਰੇ ਕੋਲ ਖਲੋ ਕੇ, ਮੌਸਮ ਉਸ ਦੇ ਨਾਲੋਂ ਵੀ ਸ਼ਰਮੀਲਾ ਹੋਵੇ। ਤਾਂ ਵੀ ਠਾਰ ਨਹੀਂ ਉਹ ਸਕਦਾ ਖ਼ਾਬ-ਉਡਾਰੀ, ਪਰਬਤ ਭਾਵੇਂ ਸੌ-ਦਰਜੇ ਬਰਫ਼ੀਲਾ ਹੋਵੇ। ਇਸ਼ਕ ਮਿਰੇ ਦਾ ਦੁਨੀਆ ਦੇ ਭਵ-ਸਾਗਰ ਦੇ ਵਿਚ, ਤੇਰੀ ਯਾਦ ਸਹਾਰੇ ਤਿਰਦਾ ਤੀਲਾ ਹੋਵੇ। ਕਿੰਜ ਕਰੂੰਬਲ ਫੈਲੇ ਆਸਾਂ ਦੀ ਜਿਸ ਥਾਂ 'ਤੇ, ਸੱਧਰਾਂ ਦੇ ਖੇਤਾਂ ਵਿਚ ਗ਼ਮ ਦਾ ਡੀਲਾ ਹੋਵੇ। ਕਿੰਜ ਲੱਗੇ ਇਹ ਦੁਨੀਆ ਹਸਦੀ-ਵਸਦੀ ਚੰਗੀ, ਮੈਂ ਏਥੇ ਹੋਵਾਂ 'ਤੇ ਯਾਰ 'ਮਨੀਲਾ' ਹੋਵੇ। ਜਿੰਦ-ਨਿਮਾਣੀ ਦਾ ਫਿਰ ਸਾਥ ਦਵੇਗਾ ਕਿਹੜਾ, ਧਰਤੀ ਦਾ ਨਕਸ਼ਾ ਹੀ ਜੇ ਪਥਰੀਲਾ ਹੋਵੇ। ਕਿਹੜੀ ਟਾਹਣੀ 'ਤੇ ਲੱਭਾਂਗੇ ਹਰਿਆਲੀ ਨੂੰ, ਸਾਰੇ ਦਾ ਸਾਰਾ ਪੌਦਾ ਜੇ ਪੀਲਾ ਹੋਵੇ। ਉਹਲੇ-ਚੋਰੀ ਮਿਲਣ ਦੀਆਂ ਤਦਬੀਰਾਂ ਸੋਚੇ, 'ਨੂਰ ਮੁਹੰਮਦ' ਦਾ ਜੇ ਯਾਰ 'ਕਫ਼ੀਲਾ' ਹੋਵੇ।