Younus Ahker
ਯੂਨੁਸ ਅਹਿਕਰ

ਨਾਂ-ਮੁਹੰਮਦ ਯੂਨਸ, ਕਲਮੀ ਨਾਂ-ਯੂਨਸ ਅਹਿਕਰ,
ਜਨਮ ਤਾਰੀਖ਼-3 ਜਨਵਰੀ 1943,
ਜਨਮ ਸਥਾਨ-ਦਹਿਰਗ, ਤਹਿਸੀਲ ਨਾਰੋਵਾਲ,
ਪਿਤਾ ਦਾ ਨਾਂ-ਨੂਰ ਅਹਿਮਦ,
ਵਿਦਿਆ-ਐਮ. ਏ. ਪੰਜਾਬੀ, ਐਮ. ਐਡ, ਕਿੱਤਾ-ਅਧਿਆਪਨ,
ਪਤਾ-5/28 ਸੁਲਤਾਨਪੁਰਾ ਲਾਹੌਰ,
ਛਪੀਆਂ ਕਿਤਾਬਾਂ-ਸੋਚ ਦਾ ਸਫ਼ਰ (ਪੰਜਾਬੀ ਸ਼ਾਇਰੀ), ਰੋਂਦੀਆਂ ਅੱਖਾਂ ਹਸਦੇ ਅੱਥਰੂ (ਪੰਜਾਬੀ ਸ਼ਾਇਰੀ), ਵੱਖ ਉਡਾਰੀ ਲੱਗੇ (ਪੰਜਾਬੀ ਸ਼ਾਇਰੀ) ।

ਪੰਜਾਬੀ ਗ਼ਜ਼ਲਾਂ (ਸੋਚ ਦਾ ਸਫ਼ਰ 1979 ਵਿੱਚੋਂ) : ਯੂਨੁਸ ਅਹਿਕਰ

Punjabi Ghazlan (Soch Da Safar 1979) : Younus Ahkerਸਾਂਝਾਂ ਦੀ ਇਹ ਸ਼ਕਲ ਵੀ ਸਾਰੀ

ਸਾਂਝਾਂ ਦੀ ਇਹ ਸ਼ਕਲ ਵੀ ਸਾਰੀ ਦੁਨੀਆ-ਚਾਰੀ ਲੱਗੇ, 'ਡਾਰਾਂ ਨਾਲ ਰਿਹਾਂ ਵੀ ਸਭ ਦੀ ਵੱਖ ਉਡਾਰੀ ਲੱਗੇ । ਮੁਖ਼ਤਾਰੀ ਦੇ ਸਦੀਆ ਲੰਮੇ ਪੈਂਡੇ ਤੋਂ ਪਿੱਛੋਂ ਅੱਜ ਵੀ, ਧਰਤੀ, ਜੰਗਲ, ਫ਼ਰਦ, ਪੰਖੇਰੂ ਵਕਤ ਸ਼ਿਕਾਰੀ ਲੱਗੇ । ਮਨ ਦੀ ਹਾਰ ਲੁਕਾਣ ਦਾ ਚਾਰਾ ਹੋਰ ਭਲਾ ਕੀ ਕਰੀਏ, ਅਜ਼ਮਾਂ ਸੰਗ ਵੀ ਜੇ ਕਰ ਇੱਜ਼ਤ ਹਾਰੀ ਹਾਰੀ ਲੱਗੇ । ਲਹੂ ਸੁਕਾਵਣ ਵਾਲੀਆਂ ਸੋਚਾਂ ਦੇ ਦਰ ਖੁੱਲ੍ਹਦੇ ਜਾਵਣ, ਪਰ ਚਾਵਾਂ ਦੀਆਂ ਰਾਹਵਾਂ ਦੇ ਵਿਚ ਕੰਧ ਉਸਾਰੀ ਲੱਗੇ । ਵੇਲੇ ਦੇ ਬਦਲਣ ਨਾਲ ਜ਼ਿਹਨ ਕਬੀਲੇ ਬਦਲ ਰਹੇ ਨੇ, ਨਾ ਹੁਬ ਰਹੀ ਸਿਆਲਾਂ ਨਾਲ ਨਾ ਹੀਰ ਪਿਆਰੀ ਲੱਗੇ । ਕਾਹਦੇ ਸ਼ਿਕਵੇ ਗਿਲੇ ਕੀ ਦੂਜਿਆਂ ਦੇ ਵਰਤਾਰਿਆਂ ਬਾਰੇ, ਆਪਣੇ ਨਾਲ ਰਵਈਆ ਆਪਣਾ ਜਦ ਗ਼ੱਦਾਰੀ ਲੱਗੇ । ਧਰਤੀ ਦੇ ਨੱਕਾਦ ਦੀ ਨਜ਼ਰੇ ਉਹਦਾ ਮੁੱਲ ਨਹੀਂ ਪੈਦਾ, ਅੰਬਰਾਂ ਉੱਤੋਂ 'ਅਹਿਕਰ' ਜਿਹੜੀ ਸੋਚ ਉਤਾਰੀ ਲੱਗੇ ।

ਕਿਸੇ ਘੜੀ ਵੀ ਲੁੱਟਿਆ ਜਾਂਦੈ

ਕਿਸੇ ਘੜੀ ਵੀ ਲੁੱਟਿਆ ਜਾਂਦੈ ਉਹ ਓਸੇ ਦੀ ਲੋਏ । ਆਪਣੇ ਜਿਹੜੇ ਗੁਣ ਤੇ ਬਹੁਤਾ ਮਾਣ ਕਿਸੇ ਨੂੰ ਹੋਏ । ਚੜ੍ਹਦੇ ਵਾਲਿਆਂ ਨੂੰ ਕੀ ਉੱਥੋਂ ਲੱਭਣੀਆਂ ਨੇ ਲੋਆਂ, ਸੂਰਜ ਜਿਸ ਲਹਿੰਦੇ ਵਲ ਜਾ ਕੇ ਆਪਣਾ ਮੂੰਹ ਲਕੋਏ । ਉਨ੍ਹਾਂ ਪੰਛੀਆਂ ਕੀ ਚੁਗਣੇ ਨੇ ਆਲ੍ਹਣਿਆਂ ਲਈ ਤੀਲੇ, ਜਿਨ੍ਹਾਂ ਨੂੰ ਪਲ-ਪਲ ਪਿਆ ਲੱਗੇ ਹੁਣ ਮੋਏ ਕਿ ਮੋਏ । ਜੋਂਦਾ ਸੀ ਕੱਲ੍ਹ ਜਿਹੜਾ ਪਿੰਡਾਂ ਵਿਚ ਬਲਦਾਂ ਦੀਆਂ ਜੋਗਾਂ, ਅੱਜ ਉਹ ਸ਼ਹਿਰ 'ਚ ਦਰ ਦਰ ਫਿਰਦਾ ਸਿਰ ਤੇ ਮਿੱਟੀ ਢੋਏ । ਹੁਣ ਉਹ ਗੂਹੜ ਹਨੇਰਿਆਂ ਦੇ ਵਿਚ ਫੇਰ ਗਵਾਚੀ ਲੱਗੇ, ਅੱਪੜ ਗਏ ਸਾਂ ਜਿਹੜੀ ਮੰਜ਼ਿਲ ਉੱਤੇ ਲੋਏ-ਲੋਏ । ਜਾਵਣ ਵਾਲੇ ਜਾ ਕੇ ਰਹੇ ਨੇ ਆਵਣ ਵਾਲੇ ਆ ਕੇ, ਸਾਡੇ ਕਿਸੇ ਵੀ ਕੰਮ ਨਹੀਂ ਆਏ ਘਟ ਘਟ ਬੂਹੇ ਢੋਏ । ਧਰਤੀ ਰਚੀਆਂ ਜ਼ਹਿਰਾਂ ਪਾਰੋਂ ਇਨ੍ਹਾਂ ਫਲ ਨਹੀਂ ਸਕਣਾ, ਲੱਖ ਤਰੇਲ ਪਈ ਰੁੱਖਾਂ ਦਿਆਂ ਮੂੰਹਾਂ ਨੂੰ ਹੁਣ ਧੋਏ । 'ਅਹਿਕਰ' ਉੱਥੇ ਰਹਿ ਨਹੀਂ ਸਕਦੀ ਕੋਈ ਸਾਂਝ ਸਲਾਮਤ, ਮਰਹਮ ਦੀ ਥਾਂ ਜਿੱਥੇ ਹਰ ਕੋਈ ਜ਼ਖ਼ਮਾਂ 'ਤੇ ਅੱਕ ਚੋਏ ।

ਪਿੰਡਾਂ ਦੇ ਵਸ ਵਿਚ ਨਹੀਂ ਹੁੰਦਾ

ਪਿੰਡਾਂ ਦੇ ਵਸ ਵਿਚ ਨਹੀਂ ਹੁੰਦਾ ਰੱਖਣਾ ਇਹਨਾਂ ਜ਼ਹਿਰਾਂ ਨੂੰ । ਚੰਗਾ ਏ ਪੜ੍ਹ-ਲਿਖ ਕੇ ਮੁੰਡੇ ਤੁਰ ਜਾਂਦੇ ਨੇ ਸ਼ਹਿਰਾਂ ਨੂੰ । ਇਹ ਤਾਂ ਉਹਦਾ ਕਰਮ ਏ ਸਾਡੀਆਂ ਸੱਧਰਾਂ ਪੂਰੀਆਂ ਕਰਦਾ ਏ, ਨਹੀਂ ਤੇ 'ਵਾਜ਼ਾਂ ਮਾਰ ਰਹੇ ਹਾਂ ਅਸੀਂ ਤੇ ਉਹਦਿਆਂ ਕਹਿਰਾਂ ਨੂੰ । ਸਿੱਪਾਂ ਦੇ ਨਾਲ ਝੋਲੀਆਂ ਭਰੀਆਂ ਖਲੇ-ਖਲੋਤੇ ਕੰਢਿਆਂ ਨੇ, ਟੱਕਰਾਂ ਬਾਝੋਂ ਕੁੱਝ ਨਹੀਂ ਮਿਲਿਆ ਉੱਠ ਕੇ ਭੱਜਦੀਆਂ ਲਹਿਰਾਂ ਨੂੰ । ਹਿੰਮਤਾਂ ਵਾਲੇ ਹੋਰਾਂ ਲਈ ਇੰਜ ਆਪਣਾ ਲਹੂ ਵਰਤਾਂਦੇ ਨੇ, ਦਰਿਆ ਜਿਸਰਾਂ ਵੰਡ ਦਿੰਦੇ ਨੇ ਆਪਣਾ ਪਾਣੀ ਨਹਿਰਾਂ ਨੂੰ । ਸਦੀਆਂ ਸਾਲ ਮਹੀਨੇ ਹੁਣ ਤੇ ਪਲ-ਪਲ ਉਡਦੇ ਜਾਂਦੇ ਨੇ, ਘੜੀਆਂ ਘੋੜੇ ਚੜ੍ਹੀਆਂ ਜਾਪਣ ਪਰ ਲੱਗੇ ਨੇ ਪਹਿਰਾਂ ਨੂੰ । ਆਪਣਾ ਅਜ਼ਮ ਸਲਾਮਤ ਰਹੇ ਜੇ ਚਮਕਣ ਵਾਲੇ ਸੂਰਜ ਦਾ, ਕੋਮਲ ਕਿਰਨਾ ਚੀਰ ਵਿਖਾਵਣ ਅੰਤ ਫ਼ਿਜ਼ਾ ਦੀਆਂ ਗਹਿਰਾਂ ਨੂੰ । ਘੁੰਮਣ ਘੇਰਾਂ ਦੇ ਨਾਲ ਲੜਿਆਂ ਜੌਹਰ ਖੁੱਲਣ ਜਿਸਮਾਂ ਦੇ, ਰੋਗ ਨਿਰਾ ਏ ਕੰਢੇ ਬਹਿਕੇ ਗਿਣਦੇ ਰਹਿਣਾਂ ਲਹਿਰਾਂ ਨੂੰ ।

ਖ਼ਵਰੇ ਕਿਹੜੇ ਸ਼ੀਸ਼ੇ ਦੇ ਨਾਲ

ਖ਼ਵਰੇ ਕਿਹੜੇ ਸ਼ੀਸ਼ੇ ਦੇ ਨਾਲ ਨਜ਼ਰਾਂ ਮੁੜ ਟਕਰਾਈਆਂ ਨੇ । ਜਾਗ ਪਏ ਨੇ ਜ਼ਖ਼ਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ । ਘੁੱਪ ਹਨੇਰ ਮਕਾਨ ਲਈ ਜਿਹੜੇ ਵਖ਼ਤਾਂ ਦੇ ਨਾਲ ਬਾਲੇ ਸਨ, ਉਹਨਾਂ ਦੀਵਿਆਂ ਭੜਕ ਕੇ ਸਾਡੇ ਘਰ ਵਿਚ ਅੱਗਾਂ ਲਾਈਆਂ ਨੇ । ਸੀਨੇ ਰੱਖੇ ਪੱਥਰਾਂ ਵਾਂਗੂੰ ਉਹ ਵੀ ਭਾਰੀਆਂ ਲੱਗੀਆਂ ਨੇ, ਪਲ ਦੋ ਪਲ ਲਈ ਜੇਕਰ ਕਿਧਰੋਂ ਖ਼ੁਸ਼ੀਆਂ ਅਸੀਂ ਚੁਰਾਈਆਂ ਨੇ । ਸਭਨਾਂ ਦੀ ਬੁੱਕਲ ਵਿਚ ਛੁਰੀਆਂ, ਸਭਨਾਂ ਦੇ ਹੱਥ ਰੰਗੇ ਨੇ, ਵੇਖਣ ਨੂੰ ਪਰ ਸਾਰੇ ਲੋਕਾਂ ਮੂੰਹ ਵਿਚ ਉਂਗਲਾਂ ਪਾਈਆਂ ਨੇ । ਖ਼ੁਸ਼ੀਆਂ ਢੂੰਡਣ ਵਾਲੇ ਐਵੇਂ ਚਿਹਰੇ ਪੜ੍ਹਦੇ ਫਿਰਦੇ ਨੇ, ਪੀੜਾਂ ਨੇ ਉਹ ਇਕ ਦੂਜੇ ਤੋਂ ਜਿਹੜੀਆਂ ਅਸਾਂ ਲੁਕਾਈਆਂ ਨੇ । ਦਿਲ ਨੇ ਜਿਹੜੀ ਥਾਂ ਮੱਲੀ ਏ ਉੱਥੋਂ ਪੈਰ ਹਿਲਾਇਆ ਨਹੀਂ, ਜ਼ਿਹਨ ਮੇਰੇ ਨੇ 'ਅਹਿਕਰ' ਨਵੀਆਂ ਰਾਹਵਾਂ ਨਿੱਤ ਸੁਝਾਈਆਂ ਨੇ ।

ਅੰਦਰ ਦੀ ਕੋਈ ਸੂਹ ਨਹੀਂ ਦਿੰਦੇ

ਅੰਦਰ ਦੀ ਕੋਈ ਸੂਹ ਨਹੀਂ ਦਿੰਦੇ ਹੰਝੂ ਹੋਣ ਕਿ ਹਾਸੇ । ਵੇਲਾ ਖ਼ਵਰੇ ਲੈ ਆਇਆ ਹੈ ਜੀਵਨ ਨੂੰ ਕਿਸ ਪਾਸੇ । ਕੰਢਿਆਂ ਵੱਲੋਂ ਹਮਦਰਦੀ ਦੀ ਵਾਜ਼ ਕੋਈ ਨਹੀਂ ਆਉਂਦੀ, ਡੁੱਬਣ ਵਾਲੇ ਇਕ ਦੂਜੇ ਨੂੰ ਆਪੇ ਦੇਣ ਦਿਲਾਸੇ । ਉਹਨਾਂ ਨੂੰ ਵੀ ਦੋ ਵੇਲੇ ਦਾ ਟੁੱਕੜ ਮਿਲਦਾ ਨਾਹੀਂ, ਜਿਹੜੇ ਏਥੇ ਦਿਨ ਤੇ ਰਾਤੀਂ ਜੁੱਤੇ ਰਹਿਣ ਖ਼ਰਾਸੇ । ਖ਼ਵਰੇ ਕਿਸ ਮਜਬੂਰੀ ਖੋਹ ਲਈ ਅਜਲੀ ਖਿੱਚ ਘਰਾਂ ਦੀ, ਆਲ੍ਹਣਿਆਂ ਤੋਂ ਦੂਰ ਪੰਖੇਰੂ ਕਰਦੇ ਜਾਵਣ ਵਾਸੇ । ਚਾਵਾਂ ਦੇ ਨਾਲ ਦਿਲ ਦੇ ਤਖ਼ਤ ਬਿਠਾ ਲਿਆ ਜਾਵੇ ਜੀਹਨੂੰ, ਉਹ ਲੈਲਾ ਵੀ ਖ਼ੈਰ ਨਹੀਂ ਪਾਉਂਦੀ ਕੈਸ਼ ਹੋਰਾਂ ਦੇ ਕਾਸੇ । ਅੰਬਰੀਂ ਰਹਿੰਦੇ ਵੀ ਡਰਦੇ ਨੇ ਖ਼ਵਰੇ ਕੇਸ ਸਬੱਬੋਂ, ਲੁਕਦੇ ਫਿਰਦੇ ਨੇ ਚੰਨ ਸੂਰਜ ਤਾਰੇ ਰਹਿਣ ਹਰਾਸੇ । ਏਹੋ ਜੇਹੇ ਵੀ ਹੜ੍ਹ ਗ਼ੁਜ਼ਰੇ ਨੇ ਸਾਡੇ ਸਿਰਾਂ ਦੇ ਉੱਤੋਂ, ਅੱਖੀਆਂ ਡੁੱਬੀਆਂ ਰਹੀਆਂ 'ਅਹਿਕਰ' ਰਹਿ ਗਏ ਹੋਂਠ ਪਿਆਸੇ ।

ਨਾ ਦੁੱਖ ਮੁੱਕੇ ਦੁਨੀਆਂ ਦੇ ਨਾ ਚਾਨਣ

ਨਾ ਦੁੱਖ ਮੁੱਕੇ ਦੁਨੀਆਂ ਦੇ ਨਾ ਚਾਨਣ ਮਿਲੇ ਜ਼ਮੀਰਾਂ ਨੂੰ । ਹਾਰ ਗਏ ਨੇ ਫੜ-ਫੜ ਲੋਕੀ ਨਵਿਆਂ-ਨਵਿਆਂ ਪੀਰਾਂ ਨੂੰ । ਸੱਜਰੇ ਸੂਰਜ ਵੀ ਕੁੱਝ ਏਸਰਾਂ ਸੁੱਖ ਸੁਨੇਹੜੇ ਵੰਡੇ ਨੇ, ਫ਼ਿਕਰਾਂ ਪਾਰੋਂ ਵਿਰਦ ਵਜ਼ੀਫ਼ੇ ਭੁੱਲਦੇ ਜਾਣ ਫ਼ਕੀਰਾਂ ਨੂੰ । ਮਜ਼ਦੂਰੀ ਲਈ ਬਾਲਾਂ ਨੂੰ ਇੰਜ ਲੋੜਾਂ ਧੱਕ-ਧੱਕ ਖੜ੍ਹਦੀਆਂ ਨੇ, ਵੇਲੇ ਦੇ ਮੁਖ਼ਤਾਰ ਜਿਉਂ ਹੱਕੀ ਜਾਂਦੇ ਹੋਣ ਅਸੀਰਾਂ ਨੂੰ । ਰਾਤਾਂ ਦੇ ਨ੍ਹੇਰੇ ਵਿਚ ਜਿਹੜਾ ਰੋਸ਼ਨ ਸੁਫ਼ਨਾ ਤੱਕਿਆ ਸੀ, ਦਿਨ ਦੀ ਲੋਏ ਤਰਸ਼ ਰਹੇ ਆਂ ਓਸ ਦੀਆਂ ਤਾਬੀਰਾਂ ਨੂੰ । ਅੱਜ ਤੱਕ ਉਹੋ ਜੱਗ 'ਤੇ ਆਪਣੇ ਲੇਖ ਬਦਲਦੇ ਆਏ ਨੇ, ਸਾਕੀ ਹੁੰਦਿਆਂ ਹੋਇਆਂ ਵੀ ਜੋ ਮੰਨਦੇ ਨੇ ਤਕਦੀਰਾਂ ਨੂੰ । ਔਖਾ ਹੋ ਜਾਂਦਾ ਏ ਚੱਲਣਾ ਗ਼ੈਰਾਂ ਦੇ ਵੱਲ ਜੀਹਨਾਂ ਦਾ, ਆਪਣੇ ਵੱਲ ਚਲਾ ਲੈਂਦਾ ਹਾਂ ਓੜਕ ਉਹਨਾਂ ਤੀਰਾਂ ਨੂੰ । ਕਿਸਰਾਂ ਵਾਰ ਸਹਵਾਂਗੇ 'ਅਹਿਕਰ' ਆਵਣ ਵਾਲੇ ਵੇਲੇ ਦੇ, ਏਹੋ ਸੋਚਾਂ ਅੰਦਰੋ-ਅੰਦਰ ਚੂੰਡੀ ਜਾਣ ਸਰੀਰਾਂ ਨੂੰ ।

ਸੱਜਣ ਨੇ ਉਹ ਕੱਲਿਆਂ ਸਦਮੇ

ਸੱਜਣ ਨੇ ਉਹ ਕੱਲਿਆਂ ਸਦਮੇ ਜਰਨ ਨਹੀਂ ਦਿੰਦੇ ਜਿਹੜੇ ਲੋਕ । ਦੁਸ਼ਮਣ ਨੇ ਉਹ ਪਿਆਰ 'ਚ ਬਾਜ਼ੀ ਹਰਨ ਨਹੀਂ ਦਿੰਦੇ ਜਿਹੜੇ ਲੋਕ । ਦੂਜਿਆਂ ਦਾ ਲਹੂ ਸ਼ਰਬਤ ਸਮਝ ਕੇ ਡੀਕਾਂ ਲਾ-ਲਾ ਪੀਂਦੇ ਨੇ, ਆਪਣੇ ਘੜੇ 'ਚੋਂ ਪਾਣੀ ਦਾ ਘੁੱਟ ਭਰਨ ਨਹੀਂ ਦਿੰਦੇ ਜਿਹੜੇ ਲੋਕ । ਗ਼ਰਜ਼ ਤੋਂ ਖ਼ਾਲੀ ਹੋ ਨਹੀਂ ਸਕਦੀ ਉਹਨਾਂ ਦੀ ਹਮਦਰਦੀ ਵੀ, ਕੰਢੇ ਛੱਡ ਕੇ ਛੱਲਾਂ ਦੇ ਸੰਗ ਤਰਨ ਨਹੀਂ ਦਿੰਦੇ ਜਿਹੜੇ ਲੋਕ । ਆਗੂ ਹੁੰਦਿਆਂ ਹੋਇਆਂ ਵੀ ਉਹ ਅਕਲੋਂ ਆਰੀ ਹੁੰਦੇ ਨੇ, ਆਪਣੇ ਬਾਰੇ ਸੱਚੀਆਂ ਗੱਲਾਂ ਕਰਨ ਨਹੀਂ ਦਿੰਦੇ ਜਿਹੜੇ ਲੋਕ । ਉਹਨਾਂ ਦੇ ਜਜ਼ਬੇ ਦੁਨੀਆਂ 'ਤੇ ਨਿੱਤ ਨਰੋਏ ਰਹਿੰਦੇ ਨੇ, ਸੀਤਾਂ ਵਿਚ ਵੀ ਆਪਣੇ ਆਪ ਨੂੰ ਠਰਣ ਨਹੀਂ ਦਿੰਦੇ ਜਿਹੜੇ ਲੋਕ । ਆਪਣੇ ਮਰਨ ਤੋਂ ਮਗਰੋਂ 'ਅਹਿਕਰ' ਉਹੋ ਜ਼ਿੰਦਾ ਰਹਿੰਦੇ ਨੇ, ਮੋਇਆਂ ਹੋਇਆਂ ਨੂੰ ਜੱਗ ਉੱਤੇ ਮਰਨ ਨਹੀਂ ਦਿੰਦੇ ਜਿਹੜੇ ਲੋਕ ।

ਸ਼ੁਰੂ ਸ਼ੁਰੂ ਵਿਚ ਜਿਹੜੀ ਸੂਰਤ

ਸ਼ੁਰੂ ਸ਼ੁਰੂ ਵਿਚ ਜਿਹੜੀ ਸੂਰਤ ਮੇਰੀ ਸੋਚ ਨਿਖਾਰ ਗਈ । ਵੇਲਾ ਪਾ ਕੇ ਉਹੋ ਮੇਰੇ ਰਾਹ ਵਿਚ ਬਣ ਦੀਵਾਰ ਗਈ । ਜੱਗ ਦੇ ਏਸ ਸਮੁੰਦਰ ਅੰਦਰ ਉੱਠਣ ਵਾਲੀਆਂ ਛੱਲਾਂ ਚੋਂ, ਜੀਹਨੇ ਸਿਰ ਨੂੰ ਉੱਚਾ ਕਰ ਲਿਆ ਉਹੋ ਬਣ ਸਰਦਾਰ ਗਈ । ਓਸੇ ਪਾਰੋਂ ਮੈਨੂੰ ਆਪਣੇ ਦੁੱਖ ਵੀ ਦੁਸ਼ਮਣ ਜਾਪੇ ਨੇ, ਜਦ ਵੀ ਮੈਨੂੰ ਠੇਡਾ ਲੱਗਾ ਮੇਰੀ ਵਧ ਰਫ਼ਤਾਰ ਗਈ । ਖ਼ਵਰੇ ਇਹਨੇ ਫੇਰ ਕਦੋਂ ਤੱਕ ਸੂਰਜ ਹੱਥੋਂ ਸੜਨਾ ਏ, ਕੀ ਹੋਇਆ ਜੇ ਬਾਰਿਸ਼ ਦੋ ਪਲ ਧਰਤੀ ਦੀ ਹਿੱਕ ਠਾਰ ਗਈ । ਸੋਚ ਰਿਹਾ ਵਾਂ ਓਸ ਵਿਚਾਰੇ ਰੁੱਖ ਨੇ ਫਲ ਕੀ ਦੇਣਾ ਏ, ਜਿਸ ਦੇ ਬੂਰ ਨੂੰ ਚੂੰਡਣ ਦੇ ਲਈ ਇਕ ਆਈ, ਇਕ ਡਾਰ ਗਈ । ਕੋਈ ਵੀ ਮੌਸਮ ਹੋਵੇ ਭਾਵੇਂ ਰੁੱਖ ਉਦਾਸੇ ਰਹਿੰਦੇ ਨੇ, ਇੰਜ ਲਗਦੈ ਜਿਉਂ ਦੁਨੀਆਂ ਦੇ ਨਾਲ 'ਅਹਿਕਰ' ਰੁੱਸ ਬਹਾਰ ਗਈ ।

ਦੁੱਖਾਂ ਨੂੰ ਨਹੀਂ ਗਿਣੀ-ਮਿਣੀ ਦਾ

ਦੁੱਖਾਂ ਨੂੰ ਨਹੀਂ ਗਿਣੀ-ਮਿਣੀ ਦਾ ਗ਼ਮ ਨੂੰ ਕੁੱਝ ਨਹੀਂ ਜਾਣੀ ਦਾ । ਮੰਜ਼ਿਲ ਖ਼ਾਤਰ ਤੂਫ਼ਾਨਾ ਦੇ ਅੱਗੇ ਸੀਨਾ ਤਾਣੀ ਦਾ । ਮਕਸਦ ਪਾਰੋਂ ਡੁੱਬਣ ਵਾਲਾ ਮੋਤੀ ਕੱਢਦਾ ਰਹਿੰਦਾ ਏ, ਆਪਣੇ ਪੈਰ ਹਿਲਾ ਨਹੀਂ ਸਕਦਾ ਖੁੱਭਿਆ ਲੋਭ ਦੀ ਘਾਣੀ ਦਾ । ਆਪਣੇ ਸੰਗ ਤੁਰੀ ਹਰ ਸ਼ੈ ਨੂੰ ਨੀਵੇਂ ਪਾਸੇ ਖੜਦਾ ਏ, ਮੈਨੂੰ ਕਦੀ ਨਹੀਂ ਚੰਗਾ ਲੱਗਾ ਇਹ ਵਰਤਾਰਾ ਪਾਣੀ ਦਾ । ਸੌ ਸਾਮਾਨ ਨੇ ਆਲ-ਦੁਆਲੇ ਭਾਵੇਂ ਠੰਡੀਆਂ ਛਾਵਾਂ ਦੇ, ਫੇਰ ਵੀ ਰਹਿ-ਰਹਿ ਚੇਤੇ ਆਉਂਦੈ ਸਾਇਆ ਕੰਧ ਪੁਰਾਣੀ ਦਾ । ਮੱਖਣ ਦੀ ਇਕ ਬੂੰਦ ਕੱਢਣ ਲਈ ਸ਼ਹਿਰ ਵਿਕੇਂਦਿਆਂ ਦੁੱਧਾਂ ਚੋਂ, ਚੱਕਰ ਖਾ-ਖਾ ਥੱਕ ਜਾਂਦਾ ਏ ਝੱਲਾ ਫੁੱਲ ਮਧਾਣੀ ਦਾ । ਮਨ ਰੋਗੀ ਦੀਆਂ ਲੋੜਾਂ ਪਾਰੋਂ, ਸੱਧਰਾਂ ਭਰੀਆਂ ਅੱਖੀਆਂ ਨੂੰ, ਰੀਤਾਂ ਦੇ ਵਸ ਪਾਉਂਦਾ ਆਇਐ, ਸਦਾ ਭੁਲੇਵਾ ਪਾਣੀ ਦਾ । ਜ਼ਿਹਨ ਬੰਦੇ ਦਾ 'ਅਹਿਕਰ' ਗੁੰਝਲੀ ਅੱਟੀ ਬਣਿਆ ਹੋਇਆ ਏ, ਐਵੇਂ ਨਹੀਂ ਇਹ ਖ਼ਾਲਿਕ ਬਣਿਆ ਗੁੰਝਲਦਾਰ ਕਹਾਣੀ ਦਾ ।

ਕੁਝ ਹੋਰ ਰਚਨਾਵਾਂ : ਯੂਨੁਸ ਅਹਿਕਰ

ਫੁੱਲਾਂ ਕੋਲੋਂ ਧੋਖੇ ਖਾ ਖਾ, ਜ਼ਖ਼ਮੀ ਹੋ ਕੇ ਖ਼ਾਰਾਂ ਤੋਂ

ਫੁੱਲਾਂ ਕੋਲੋਂ ਧੋਖੇ ਖਾ ਖਾ, ਜ਼ਖ਼ਮੀ ਹੋ ਕੇ ਖ਼ਾਰਾਂ ਤੋਂ।
ਹੌਲੀ ਹੌਲੀ ਉਠਦੇ ਜਾਂਦੇ ਨੇ, ਇਤਬਾਰ ਬਹਾਰਾਂ ਤੋਂ।

ਅਜ਼ਮਾਂ ਵਾਲੇ ਰੁੱਝੇ ਰਹੇ ਨਿੱਤ, ਫ਼ਨ ਦਾ ਰੂਪ ਸੰਵਾਰਣ ਲਈ,
ਗ਼ਰਜ਼ਾਂ ਵਾਲੇ ਲੜਦੇ ਰਹੇ ਨਿੱਤ, ਆਪਸ ਵਿਚ ਦਸਤਾਰਾਂ ਤੋਂ।

ਅਕਲਾਂ ਦੀ ਰੁਸ਼ਨਾਈ ਦੇ ਵਿੱਚ, ਚਿਹਰਾ ਪੜ੍ਹਕੇ ਵੇਲੇ ਦਾ,
ਪੁਸ਼ਤਾਂ ਦੇ ਬੈਠੇ ਹੋਏ ਲੋਕੀਂ, ਉਠਦੇ ਜਾਣ ਮਜ਼ਾਰਾਂ ਤੋਂ।

ਪੋਚ ਲਵਾਂਗੇ ਆਪੇ ਕੋਠੇ-ਕੁੱਲੇ, ਆਲ ਦਵਾਲਾਂ ਤੋਂ,
ਵਿਹਲ ਮਿਲੇਗੀ ਜਦ ਵੀ ਸਾਨੂੰ, ਅਪਣੇ ਹਾਰ ਸ਼ਿੰਗਾਰਾਂ ਤੋਂ।

ਜਿਉਂ ਜਿਉਂ ਗੁੱਡੀ ਚੜ੍ਹਦੀ ਜਾਵੇ, ਬੰਦਿਆਂ ਦੇ ਸ਼ਾਹਕਾਰਾਂ ਦੀ,
ਤਿਉਂ ਤਿਉਂ ਹਾਸੇ ਖੁੱਸਦੇ ਜਾਵਣ, ਕੁਦਰਤ ਦੇ ਸ਼ਾਹਕਾਰਾਂ ਤੋਂ।

ਜ਼ਾਤਾਂ ਦੇ ਖੋਲਾਂ ਵਿੱਚ ਲੁਕ ਕੇ, ਰਹਿਣ ਦੀ ਆਦਤ ਦੱਸਦੀ ਏ,
ਬੰਦਿਆਂ ਦੀ ਤਹਿਜ਼ੀਬ ਦਾ ਰਸਤਾ, ਫੁੱਟਿਆ ਲਗਦੈ ਗਾਰਾਂ ਤੋਂ।

ਆਦੀ ਹੋ ਜਾਣ ਜਦੋਂ ਪਖੇਰੂ, ਬੇ-ਮਕਸਦ ਪ੍ਰਵਾਜ਼ਾਂ ਦੇ,
'ਅਹਿਕਰ' ਉਦੋਂ ਉਡਣਾ ਪੈਂਦਾ ਏ, ਵੱਖਰੇ ਹੋ ਕੇ ਡਾਰਾਂ ਤੋਂ।