ਜ਼ਿੰਦਗੀ ਦੀ ਅੱਖ ਵਿੱਚ ਅੱਖ ਹੈ
ਹਰਭਜਨ ਸਿੰਘ ਬੈਂਸ ਦੀ ਕਾਵਿ ਪੁਸਤਕ
ਮਹਿਕ ਜਿਹੀ ਮੁਸਕਾਨ : ਗੁਰਭਜਨ ਗਿੱਲ
ਪੰਜਾਬੀ ਜ਼ਬਾਨ ਵਿੱਚ ਲਿਖੀ ਜਾ ਰਹੀ ਬਹੁਤੀ ਕਵਿਤਾ ਇਸ ਵੇਲੇ ਪਾਠਕਾਂ/ਸਰੋਤਿਆਂ ਅਤੇ ਕਦਰਦਾਨਾਂ ਨਾਲ ਲੁਕਣਮੀਚੀ ਖੇਡ ਰਹੀ ਹੈ। ਕਦੇ ਕਦਾਈਂ ਕੋਈ ਕਾਵਿ ਸੰਗ੍ਰਹਿ ਅਜਿਹਾ ਪੜ੍ਹਨ ਨੂੰ ਮਿਲਦਾ ਹੈ ਜਿਸ ਵਿਚ ਕਵਿਤਾ ਵੀ ਹੋਵੇ ਅਤੇ ਜ਼ਿੰਦਗੀ ਦੀ ਅੱਖ ਵਿੱਚ ਅੱਖ ਪਾਉਣ ਦੀ ਸ਼ਕਤੀ ਤੇ ਸੰਵੇਦਨਾ ਵੀ।
ਕਵਿਤਾ, ਗੀਤ ਅਤੇ ਗ਼ਜ਼ਲ ਦੀ ਧੜਾਧੜ ਹੋ ਰਹੀ ਪੁਸਤਕ ਪੇਸ਼ਕਾਰੀ ਵਿਚੋਂ ਸਿਰਜਣਾ ਦੇ ਕਰਤਾਰੀ ਪਲਾਂ ਵਾਲੀ ਰਚਨਾ ਲੱਭਣੀ ਮੁਹਾਲ ਕਾਰਜ ਹੋ ਗਿਆ ਹੈ।
ਇਹ ਗੱਲ ਕਹਿਣ ਲੱਗਿਆ ਮੈਨੂੰ ਇਹ ਵੀ ਚਿੰਤਾ ਹੈ ਕਿ ਮੈਂ ਖ਼ੁਦ ਕਵੀ ਹਾਂ ਅਤੇ ਇਸ ਟਿੱਪਣੀ ਤੇ ਪ੍ਰਤੀਕਰਮ ਦਾ ਉੱਤਰ ਵੀ ਮੈਨੂੰ ਹੀ ਦੇਣਾ ਪੈਣਾ ਹੈ। ਪਰ ਜੇ "ਸੱਚ ਕੀ ਬੇਲਾ" ਵੇਲੇ ਹੀ ਜੇ ਸੱਚ ਨਾ ਸੁਣਾਇਆ ,ਹਕੀਕਤ ਤੋਂ ਪਾਸਾ ਵੱਟਿਆ ਤਾਂ ਵਕਤ ਮੈਨੂੰ ਕੀ ਕਹੇਗਾ।
ਸ਼ਬਦ ਸੰਵੇਦਨਾ ਅਤੇ ਸਿਰਜਣਾ ਦੇ ਕਰਤਾਰੀ ਪਲਾਂ ਨੂੰ ਇੱਕ ਲੜੀ ਵਿੱਚ ਪਰੋਣ ਵਾਲੇ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਰਹਿੰਦੇ ਰਹੇ ਸੁਰਗਵਾਸੀ ਸ਼ਾਇਰ ਸਃ ਹਰਭਜਨ ਸਿੰਘ ਬੈਂਸ ਦੀ ਅੰਤਲੀ ਕਿਤਾਬ "ਮਹਿਕ ਜਿਹੀ ਮੁਸਕਾਨ" ਮੇਰੇ ਸਾਹਮਣੇ ਇਕ ਆਸ ਉਮੀਦ ਤੇ ਇਕਰਾਰ ਦੀ ਤੰਦ ਵਾਂਗ ਹਾਜ਼ਰ ਹੈ। ਇਸ ਰਚਨਾ ਦਾ ਪਾਠ ਕਰਨ ਉਪਰੰਤ ਮੈਂ ਆਖ ਸਕਦਾ ਹਾਂ ਕਿ ਸਿਰਜਣਾ ਦੇ ਸਰੋਵਰ ਹਾਲੀ ਖੁਸ਼ਕ ਨਹੀਂ ਹੋਏ। ਇਸ ਗ਼ਜ਼ਲ ਸੰਗ੍ਰਹਿ ਦੀ ਖ਼ੂਬਸੂਰਤੀ ਹੀ ਇਹੀ ਹੈ ਕਿ ਇਸ ਦੇ ਬਹੁਤੇ ਸ਼ਿਅਰ ਜ਼ਿੰਦਗੀ ਦੇ ਆਦਰਸ਼ ਹਨ। ਦੁੱਖ ਸੁਖ ਅਤੇ ਘਟਨਾਵੀ ਚੱਕਰ ਤੋਂ ਅੱਗੇ ਦੀ ਲੰਘ ਕੇ ਸਰਬਕਾਲੀ ਸੁਨੇਹੇ ਦੇ ਵਾਹਕ ਬਣਦੇ ਹਨ।
ਮੈਂ ਸ. ਹਰਭਜਨ ਸਿੰਘ ਬੈਂਸ ਦੇ ਸਮੁੱਚੀ ਕਲਾਮ ਨੂੰ ਪਡ਼੍ਹਨ ਦਾ ਦਾਅਵੇਦਾਰ ਤਾਂ ਨਹੀਂ ਪਰ ਪਿਛਲੇ ਕੁਝ ਸੰਗ੍ਰਹਿ "ਜ਼ਿੰਦਗੀ ਬਿਲਪ ਕਰੇ", "ਮਿੱਟੀ ਦੀ ਡਲੀ" ਅਤੇ "ਅੰਤਰ ਨਾਦ" ਇਸ ਤੋਂ ਬਾਅਦ ਇਸ ਸੰਗ੍ਰਹਿ ਨੂੰ ਪੜ੍ਹਨ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਵਰਤਮਾਨ ਗ਼ਜ਼ਲ ਸਾਹਿਤ ਵਿਚੋਂ ਸ਼ਬਦ ਸਹਿਜ ਅਤੇ ਸੁਹਜ ਦਾ ਸੁਮੇਲ ਕਰਵਾਉਣ ਵਿਚ ਸ. ਹਰਭਜਨ ਸਿੰਘ ਬੈੰਸ ਦਾ ਕੋਈ ਮੁਕਾਬਲਾ ਨਹੀਂ ਸੀ। ਆਪਣੇ ਕਰਤਾਰੀ ਆਪੇ ਦਾ ਪ੍ਰਕਾਸ਼ ਕਰਨ ਲੱਗਿਆਂ ਉਹ ਆਪਣੇ ਸ਼ਿਅਰਾਂ ਵਿਚ ਪੂਰੇ ਨੁੱਚੜ ਜਾਂਦੇ ਸਨ।
ਉਨ੍ਹਾਂ ਲਈ ਜ਼ਿੰਦਗੀ ਅਰਥਵਾਨ ਵਿਸ਼ਾ ਸੀ ਜਿਸ ਅੰਦਰ ਮਾਨਵੀ ਕਦਰਾਂ -ਕੀਮਤਾਂ ਦਾ ਪ੍ਰਕਾਸ਼ ਅਤੇ ਪ੍ਰਵਾਹ ਨਿਰੰਤਰ ਵਹਾਉਣ ਲਈ ਉਹ ਸ਼ਬਦਾਂ ਨੂੰ ਜ਼ਿੰਮੇਵਾਰੀ ਸੌਂਪਦੇ ਸਨ। ਆਪਣੇ ਸਮਕਾਲੀ ਕਲਮਕਾਰਾਂ ਨੂੰ ਵੀ ਉਹ ਇਸੇ ਕਰਮ ਦੀ ਆਸ ਅਤੇ ਉਮੀਦ ਰੱਖਦੇ ਸਨ। ਹੁਣ ਤੀਕ ਛਪੀਆਂ ਸੱਤ ਕਿਤਾਬਾਂ ਵਿਚ ਸ਼ਾਮਿਲ ਗ਼ਜ਼ਲਾਂ ਬਾਰੇ ਉਨ੍ਹਾਂ ਦੇ ਵੱਖ ਵੱਖ ਸਮਕਾਲੀ ਟਿੱਪਣੀਕਾਰਾਂ ਨੇ ਲਗਪਗ ਅਜਿਹੀ ਭਾਵਨਾ ਹੀ ਪ੍ਰਗਟਾਈ ਹੈ।
ਗ਼ਜ਼ਲ ਵਿਧਾਨ ਤੇ ਪੂਰੀ ਤਰ੍ਹਾਂ ਧੁਰ ਅੰਦਰੋਂ ਵਾਕਿਫ਼ਕਾਰ ਸ. ਹਰਭਜਨ ਸਿੰਘ ਬੈਂਸ ਕੋਲ ਸੰਗੀਤ ਦੀ ਸੂਝ ਦਾ ਅਮੁੱਕ ਖ਼ਜ਼ਾਨਾ ਸੀ ਜੋ ਉਨ੍ਹਾਂ ਦੇ ਸ਼ਬਦ ਸਲੀਕੇ ਨੂੰ ਹੋਰ ਮਾਣਨ ਅਤੇ ਜਾਣਨ ਯੋਗ ਬਣਾਉਂਦਾ ਹੈ।
ਆਪਣੀਆਂ ਗ਼ਜ਼ਲਾਂ ਦੀ ਰਚਨਾ ਕਰਨ ਲੱਗਿਆਂ ਉਨ੍ਹਾਂ ਦਾ ਨਿਰੰਤਰ ਵੇਗਮੱਤਾ ਆਪਾ ਖ਼ੁਰ ਖ਼ੁਰ ਕੇ ਸ਼ਬਦਾਂ ਵਿੱਚ ਢਲ਼ ਜਾਂਦਾ ਹੈ।
ਇਹੀ ਕਾਰਨ ਹੈ ਕਿ ਇਹ ਗ਼ਜ਼ਲਾਂ ਪੜ੍ਹਨ ਲੱਗਿਆਂ ਮੈਨੂੰ ਕਿਤੇ ਵੀ ਰੁਕਣਾ ਨਹੀਂ ਪਿਆ ਸਗੋਂ ਰੇਸ਼ਮੀ ਥਾਨ ਵਾਂਗ ਉਨ੍ਹਾਂ ਦੀਆਂ ਗ਼ਜ਼ਲਾਂ ਆਪਣੇ ਆਪ ਹੀ ਅਰਥਾਂ ਨੂੰ ਕੋਮਲ ਅੰਦਾਜ਼ ਵਿੱਚ ਮੇਰੇ ਸਾਹਮਣੇ ਖੋਲ੍ਹਦੀਆਂ ਰਹੀਆਂ ਹਨ। ਵਿਸ਼ਿਆਂ ਦੀ ਬਹੁਲਤਾ ਨਹੀਂ, ਸਗੋਂ ਵੰਨ ਸੁਵੰਨਤਾ ਉਸਦੀ ਕਾਵਿ ਅਮੀਰੀ ਦਾ ਪ੍ਰਮੁੱਖ ਪਛਾਣ ਚਿੰਨ੍ਹ ਹੈ। ਕੁਝ ਗ਼ਜ਼ਲਾਂ ਤਾਂ ਇੰਜ ਹਨ ਜਿਵੇਂ ਕਿਸੇ ਮੁਟਿਆਰ ਨੇ ਆਪਣੀਆਂ ਸੁੱਚੀਆਂ ਰੀਝਾਂ ਨਾਲ ਕੱਢੀ ਫੁਲਕਾਰੀ ਵਿੱਚ ਸਭਨਾਂ ਰੰਗਾਂ ਦਾ ਧਾਗਾ ਹੀ ਪਰੋ ਦਿੱਤਾ ਹੋਵੇ। ਹਰ ਰੰਗ ਦਾ ਨਿਵੇਕਲਾ ਤੇ ਮਹਿਕਦਾ ਅੰਦਾਜ਼। ਇਹ ਕਰਤਾਰੀ ਪ੍ਰਤਿਭਾ ਬਿਨ ਕਦੇ ਵੀ ਸੰਭਵ ਨਹੀਂ ਹੁੰਦਾ।
ਪਿਆਰ ਮੁਹੱਬਤ, ਸਮਾਜ ਦਾ ਬਰਾਬਰੀ, ਧਰਮ ਤੇ ਸਦਾਚਾਰ, ਲਗਾਤਾਰ ਹੋ ਰਿਹਾ ਇਖ਼ਲਾਕੀ ਪਤਨ ਅਤੇ ਪ੍ਰਕ੍ਰਿਤੀ ਵਿੱਚ ਹੋ ਰਹੀਆਂ ਵਿਸ਼ਵ-ਪੱਧਰੀ ਮੌਸਮੀ ਤਬਦੀਲੀਆਂ ਵਰਗੇ ਵਿਸ਼ੇ ਸ. ਹਰਭਜਨ ਸਿੰਘ ਬੈਂਸ ਦੀ ਕਵਿਤਾ ਵਿਚ ਬਾਰ ਬਾਰ ਪ੍ਰਕਾਸ਼ਮਾਨ ਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਗ਼ਜ਼ਲ ਪੜ੍ਹਦਿਆਂ ਕਿਤੇ ਵੀ ਅਕੇਵਾਂ ਨਹੀਂ ਹੁੰਦਾ ਸਗੋਂ ਹਰ ਸ਼ਿਅਰ ਤੋਂ ਅੱਗੇ ਨਵੇਂ ਅੰਬਰ ਵੇਖਣ ਨੂੰ ਮਿਲਦੇ ਹਨ। ਨਵੇਂ ਆਕਾਸ਼ ਹੀ ਸਾਨੂੰ ਨਵੇਂ ਸੁਪਨਿਆਂ ਦੇ ਰੂਬਰੂ ਕਰਵਾਉਂਦੇ ਹਨ।
ਨਵੀਆਂ ਧਰਤੀਆਂ ਦੀ ਖਬਰਸਾਰ ਵੀ ਸਾਨੂੰ ਅੰਬਰ ਦੀ ਥਾਹ ਪਾ ਕੇ ਮਿਲਦੀ ਹੈ। ਇਹ ਸ਼ਿਅਰ ਦੀ ਕਰਾਮਾਤ ਹੀ ਕਹੀ ਜਾ ਸਕਦੀ ਹੈ ਕਿ ਨਵੀਆਂ ਧਰਤੀਆਂ ਅਤੇ ਨਵੇਂ ਅੰਬਰਾਂ ਨਾਲ ਮਨੁੱਖ ਦੀ ਸਦੀਵੀ ਸਾਂਝ ਪਵੇ। ਸ਼ਬਦ ਦਾ ਇਹ ਪ੍ਰਥਮ ਧਰਮ ਹੈ, ਜੋ ਸਃ ਹਰਭਜਨ ਸਿੰਘ ਬੈਂਸ ਨੇ ਬਾਖ਼ੂਬੀ ਨਿਭਾਇਆ ਹੈ।
ਉਹ ਕੱਚ ਦੇ ਸੁਪਨਿਆਂ ਚੋਂ ਸੱਚ ਨਹੀਂ ਲੱਭਦਾ ਸਗੋਂ ਪਾਠਕਾਂ ਨੂੰ ਹੀ ਕੱਚ ਤੇ ਸੱਚ ਵਿਚਕਾਰ ਫ਼ਰਕ ਪਛਾਨਣ ਦੀ ਲਿਆਕਤ ਦਿੰਦਾ ਹੈ। ਇਹੀ ਲਿਆਕਤ ਸਾਨੂੰ ਭਲੀ ਅਤੇ ਬੁਰੇ ਵਿਚਕਾਰ ਫ਼ਰਕ ਦੀ ਸੋਝੀ ਦਿੰਦੀ ਹੈ। ਸ. ਬੈਂਸ ਦੀ ਗ਼ਜ਼ਲ ਦਾ ਸਮੁੱਚਾ ਵਾਤਾਵਰਨ ਦੀ ਵਿਸਮਾਦੀ ਹੈ, ਇਹ ਵਿਸਮਾਦ ਕਰੜੀ ਤਪੱਸਿਆ ਅਤੇ ਨਿਰੰਤਰ ਸ਼ਬਦ ਸਾਧਨਾ ਬਗੈਰ ਨਸੀਬ ਨਹੀਂ ਹੁੰਦਾ। ਇਹ ਸ਼ਬਦ - ਸਾਧਨਾ ਹੀ ਉਨ੍ਹਾਂ ਨੂੰ ਨਵੇਂ ਸ਼ਬਦ ਸਿਰਜਕ ਅਤੇ ਪੁਰਾਣਿਆਂ ਨੂੰ ਨਵੇਂ ਪ੍ਰਸੰਗ ਵਿੱਚ ਪੇਸ਼ ਕਰਨ ਅਤੇ ਸਾਡੇ ਮਨਾਂ ਵਿੱਚ ਬੀਜਣ ਦੀ ਜੁਗਤ ਸਿਖਾਉਂਦੀ ਹੈ। ਇਸ ਦਾ ਦਰਸ਼ਨ ਕਰਨ ਲਈ ਕੁਝ ਸ਼ਿਅਰਾਂ ਨਾਲ ਸਾਂਝ ਪਾਓ।
ਪ੍ਰਭ ਜੀ ਮੋੜ ਬਹਾਰਾਂ ਟਹਿਕਣ ਫੁੱਲ ਕਲੀਆਂ।
ਰੁਮਕਣ ਸੰਦਲੀ ਸੁਬਕ ਅਦਾਵਾਂ ਰਾਂਗਲੀਆਂ।
ਆਪਣੇ ਆਪਣੇ ਅਨੁਭਵ ਮੂਜਬ ਦੁਨੀਆਂ ਜੱਗ ਦੇ ਅਰਥ ਉਸਾਰੇ,
ਇਕ ਨੂੰ ਜੱਗ ਭਖੜਾਲੀ ਚਾਦਰ, ਇੱਕ ਨੂੰ ਇਹ ਫੁਲਕਾਰੀ ਜਾਪੇ।
ਸਾਜ਼ਾਂ ਵਿੱਚ ਸੁਰ ਸਾਂਝ ਏ ਤੇਰੀ, ਰਾਗ, ਅਨੁਰਾਗ, ਵੈਰਾਗ ਵੀ ਤੂੰ ਏਂ,
ਦਹਿ ਦਿਸ ਕੁੱਲ ਸੁਰ -ਮੰਗਲ ਤੇਰਾ! ਜੀਅ ਇਕ ਦਮ ਦਾ,ਜੀਅ ਦਾ ਕੀ ਏ ?
ਅਰਥੀ ਪਿੱਛੇ ਆਇਆਂ ਨੂੰ,
ਮੈਂ ਆਪਣੀ ਬਰਾਤ ਕਹਾਂ।
ਜੀਵਨ ਦੀ ਪਰਿਭਾਸ਼ਾ ਦੇਖੋ ਕੈਸੇ ਕੈਸੇ ਰੰਗ 'ਚ ਮਿਲਦੀ,
ਇਕ ਲਈ ਜੀਵਨ ਰੰਗ -ਤਮਾਸ਼ਾ, ਇਕ ਨੂੰ ਨਾਮ ਖ਼ੁਮਾਰੀ ਜਾਪੇ।
ਐਵੇਂ ਨਬਜ਼ ਟਟੋਲਣ ਵਾਲੇ ਮਿਲਦੇ ਰਹੇ ਤਬੀਬ ਬੜੇ,
ਰੂਹ ਦਾ ਰੋਗ ਪਛਾਣੇ ਜਿਹੜਾ, ਐਸਾ ਨਾ ਲੁਕਮਾਨ ਮਿਲੇ।
ਹਰਭਜਨ ਸਿੰਘ ਬੈਂਸ ਦੀਆਂ ਗ਼ਜ਼ਲਾਂ ਕੋਈ ਬੁਝਾਰਤਾਂ ਨਹੀਂ, ਜ਼ਿੰਦਗੀ ਨੂੰ ਦਰਪੇਸ਼ ਸਵਾਲਾਂ ਦਾ ਪ੍ਰੀਖਿਆ ਪੱਤਰ ਹੈ। ਇਸ ਪ੍ਰੀਖਿਆ ਵਿੱਚ ਸਵਾਲ ਪਾਉਣ ਵਾਲਾ ਵੀ ਉਹ ਖ਼ੁਦ ਹੈ ਤੇ ਉੱਤਰ ਲਿਖਣ ਵਾਲਾ ਵੀ।
ਅੱਜ ਦੀ ਆਜ਼ਾਦੀ ਦਾ ਮਾਹੌਲ ਜੋ ਤਿਰੰਗਿਆ।
ਇਹੋ ਜਿਹਾ ਦੌਰ ਤੈਥੋਂ ਕਦੋਂ ਸੀ ਉਮੰਗਿਆ।
ਡਾਲਰ ਪੌਂਡ ਦੀ ਨਾਰੀ ਦੌਰ 'ਚ ਅਫ਼ਰਾ ਤਫ਼ਰੀ ਮੱਚੀ ਦਿਸੇ,
ਸ਼ਿਫਟੀੰ ਉਲਝੇ ਵਕਤ ਮੁਤਾਬਕ ਲੋਕੀਂ ਜਾਗਣ ਸੌਣ ਕਦੋਂ ?
ਮੱਖਣ ਦੁੱਧ ਮਲਾਈਆਂ ਗਿਰੀਆਂ ਗੱਭਰੂ ਖਾਣੋਂ ਸਹਿਕ ਰਹੇ।
ਆ ਗਏ ਟਾਕੋ, ਪੀਜ਼ੇ, ਬਰਗਰ, ਗੁੱਝਦੀ ਪੱਕਦੀ ਤੌਣ ਕਦੋਂ ?
ਪ੍ਰਦੇਸ ਵਾਸ ਦੇ ਜੀਵਨ ਵਿਹਾਰ ਦੇ ਦਰਸ਼ਨ ਕਰਨ ਲਈ ਇਹ ਦੋ ਸ਼ਿਅਰ ਸਾਡੇ ਸਾਹਮਣੇ ਖਿੜਕੀ ਖੋਲ੍ਹ ਕੇ ਅੰਤਰ ਦਰਸ਼ਨ ਕਰਵਾਉਂਦੇ ਹਨ।
ਹਰਭਜਨ ਸਿੰਘ ਬੈਂਸ ਸਾਨੂੰ ਸਿਰਫ਼ ਵਰਤਮਾਨ ਦੇ ਰੂਬਰੂ ਹੀ ਖੜ੍ਹਾ ਨਹੀਂ ਕਰਦੇ ਸਗੋਂ ਇਤਿਹਾਸ ਦੀਆਂ ਗਲੀਆਂ ਵਿੱਚੋਂ ਵੀ ਲੰਘਾਉਂਦੇ ਹਨ। ਇਹ ਇਤਿਹਾਸ ਦੀਆਂ ਗਲੀਆਂ ਵੇਖਣ ਲਈ ਸਿਰਫ ਇਸੇ ਸ਼ਿਅਰ ਦੇ ਰੂਬਰੂ ਖਲੋਵੋ।
ਦਾਨਿਆਂ ਨੇ ਪਾਰਦਰਸ਼ੀ ਪਹੁੰਚ ਤਾਂ ਕੀਤੀ ਬੜੀ,
ਗਜ਼ਬ ਹੈ ਮਿਥਿਹਾਸ ਫਿਰ ਵਿਸਵਾਸ਼ ਬਣਨ ਜਾ ਰਿਹੈ।
ਇਤਿਹਾਸ ਦੀ ਥਾਂ ਮਿਥਿਹਾਸ ਦਾ ਵਿਸਵਾਸ਼ ਬਣਨਾ ਫ਼ਿਕਰਮੰਦੀ ਵਾਲਾ ਸਵਾਲ ਹੈ। ਇਸ ਸਵਾਲ ਨੂੰ ਖੜ੍ਹਾ ਕਰਨਾ ਸ਼ਾਇਰ ਦੀ ਜ਼ਿੰਮੇਵਾਰੀ ਹੈ।
ਸ. ਹਰਭਜਨ ਸਿੰਘ ਬੈਂਸ ਨੇ ਇਹ ਸੁਆਲ ਖੜ੍ਹਾ ਕਰਕੇ ਸਰਬਕਾਲੀ ਧਰਮ ਪਾਲਿਆ ਹੈ। ਇਕ ਨੁਕਤੇ ਨਾਲ ਮਹਿਰਮ ਤੋਂ ਮੁਜਰਮ ਬਣਨ ਵਾਲੀ ਗੱਲ ਪਛਾਣਨ ਦੀ ਤਮੀਜ਼ ਸਿਖਾਉਣ ਵਿੱਚ ਸਃ ਬੈਂਸ ਦੀਆਂ ਗ਼ਜ਼ਲਾਂ ਸਾਡੇ ਅੰਗ ਸੰਗ ਰਹਿੰਦੀਆਂ ਹਨ। ਆਮ ਤੌਰ ਤੇ ਇਹ ਭਰਮ ਹੈ ਕਿ ਪੰਜਾਬੀ ਕਾਵਿ ਰੂਪ ਬੈੰਤ ਗ਼ਜ਼ਲ ਲਈ ਮੁਫ਼ੀਦ ਨਹੀਂ ਪਰ ਮਿਰਜ਼ਾ ਗ਼ਾਲਿਬ ਦੀ ਇਸ ਗ਼ਜ਼ਲ ਨੂੰ ਅਨੁਵਾਦ ਕਰਕੇ ਸੂਫ਼ੀ ਤਬੱਸੁਮ ਜੀ ਨੇ ਇਹ ਗੱਲ ਰੱਦ ਕਰ ਦਿੱਤੀ।
"ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ
ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ।
ਵਾਲੀ ਗ਼ਜ਼ਲ ਇਸੇ ਗੱਲ ਦੀ ਗਵਾਹੀ ਹੈ। ਸ. ਹਰਭਜਨ ਸਿੰਘ ਬੈਂਸ ਇਸ ਤੋਂ ਵੀ ਇਕ ਕਦਮ ਅੱਗੇ ਗਏ ਹਨ। ਧਰਮ ਤੇ ਇਤਿਹਾਸ ਨੂੰ ਗ਼ਜ਼ਲ 'ਚ ਵਰਜਿਤ ਵਿਸ਼ੇ ਵਾਂਗ ਹੀ ਵੇਖਿਆ ਜਾਂਦਾ ਰਿਹਾ ਹੈ ਪਰ ਸਃ ਬੈਂਸ ਨੇ ਆਪਣੀ ਇਸ ਗ਼ਜ਼ਲ ਸੰਗ੍ਰਹਿ ਵਿੱਚ ਆਖ਼ਰੀ ਗ਼ਜ਼ਲ ਨਿਰੋਲ ਧਾਰਮਿਕ ਸਦਾਚਾਰਕ ਅਤੇ ਇਤਿਹਾਸ ਨੂੰ ਸਮਰਪਤ ਕੀਤੀ ਹੈ। ਉਹ ਸ਼ਬਦ ਨੂੰ ਧਰਮ, ਵਿਸ਼ਵਾਸ, ਇਤਿਹਾਸ ਅਤੇ ਵਿਰਸੇ ਦੇ ਸਾਂਝੇ ਮਿੱਸੇ ਆਟੇ ਵਾਂਗ ਜਿਵੇਂ ਇਕੱਠਿਆਂ ਗੁੰਨ੍ਹਦਾ ਹੈ, ਉਹ ਯਕੀਨਨ ਸਾਡੇ ਸਾਹਮਣੇ ਭਵਿੱਖਮੁਖੀ ਨਕਸ਼ ਸੰਵਾਰਨ ਦਾ ਵਸੀਲਾ ਬਣਦਾ ਹੈ।
ਵੰਨਗੀ ਪੜ੍ਹੇ ਬਗ਼ੈਰ ਮੈਂ ਤੁਹਾਨੂੰ ਆਪਣੀ ਭਾਵਨਾ ਦੇ ਨੇੜੇ ਨਹੀਂ ਲਿਜਾ ਸਕਦਾ ਤੁਸੀਂ ਵੀ ਸ਼ਬਦ ਸਾਂਝ ਪਾਓ !
ਅਸੀਂ ਪੜ੍ਹੇ ਹਾਂ ਸਿਦਕੀ ਸਕੂਲ ਅੰਦਰ ਸਮਝ ਲਵੇ ਇਹ ਸਾਨੂੰ ਸਮਝਾਉਣ ਵਾਲਾ।
ਨਜ਼ਰ ਆਵਾਂਗੇ ਖਿੜੀ ਗੁਲਜ਼ਾਰ ਵਾਂਗੂੰ, ਨਜ਼ਰ ਔਣਾ ਨਹੀਂ ਸਾਨੂੰ ਕਟਵਾਉਣ ਵਾਲਾ।
ਸਃ ਹਰਭਜਨ ਸਿੰਘ ਬੈਂਸ ਜੀ ਨੇ ਇਸ ਗ਼ਜ਼ਲ ਵਿਚ ਕੁਝ ਖੁੱਲ੍ਹਾਂ ਵੀ ਲਈਆਂ ਹਨ ,ਪਰ ਇਹ ਖੁੱਲ੍ਹਾਂ ਕਰਤਾਰੀ ਪਲਾਂ ਨੂੰ ਇਤਿਹਾਸ ਦੇ ਨਾਲ ਨਾਲ ਤੁਰਦਿਆਂ ਵੀ ਸਾਨੂੰ ਸਹਿਜ ਦੇ ਅੰਗ ਸੰਗ ਰੱਖਦੀਆਂ ਹਨ।
ਇਹ ਰਚਨਾ ਸਾਨੂੰ ਵਿਰਸੇ ਤੇ ਵਿਸਵਾਸ਼ ਵੱਲ ਇੱਕੋ ਵੇਲੇ ਤੋਰਦੀ ਹੈ।ਮਹਿਕ ਜਿਹੀ ਮੁਸਕਾਨ" ਦੀਆਂ ਬਹੁਤੀਆਂ ਗਜ਼ਲਾਂ ਉਨ੍ਹਾਂ ਦੇ ਦੋ ਸ਼ਿਅਰਾਂ ਦਾ ਹੀ ਵਿਸਥਾਰ ਹਨ।
ਦੁਨੀਆ ਭਰ ਦੇ ਮਾਲ ਖ਼ਜ਼ਾਨੇ ਹੁੰਦਿਆਂ ਵੀ,
ਬੰਦਾ ਕੱਖੋਂ ਹੌਲਾ ਤੇ ਇਤਬਾਰ ਬਿਨਾ।
ਫੁੱਲ ਪੱਤਾ ਜੇ ਮਾਲੀ ਦੇ ਹੀ ਰਹਿਮ 'ਤੇ ਹੈ,
ਮਾਲੀ ਦਾ ਵੀ ਕੀ ਹੈ ਮੁੱਲ ਗੁਲਜ਼ਾਰ ਬਿਨਾ।
ਵਿਰਸੇ ਦੇ 'ਮਾਲ ਖਜ਼ਾਨੇ' ਜ਼ਿੰਦਗੀ ਵਿੱਚ 'ਵਿਸ਼ਵਾਸ' ਤੇ 'ਇਤਬਾਰ' ਹੀ ਫੁੱਲ-ਪੱਤੀਆਂ ਨੂੰ 'ਮਾਲੀ' ਦੇ ਰਹਿਮੋ-ਕਰਮ ਤੋਂ ਮੁਕਤ ਰੱਖ ਸਕਦਾ ਹੈ। ਸਃ ਹਰਭਜਨ ਸਿੰਘ ਬੈਂਸ ਦੀਆਂ ਇਹ ਗ਼ਜ਼ਲਾਂ ਮਾਲੀ ਦੀ ਨਿਰੰਤਰ ਕਿਰਪਾ ਦ੍ਰਿਸ਼ਟੀ ਤੋਂ ਮੁਕਤ ਰੱਖ ਕੇ ਖ਼ੁਦ ਵਿਗਸਣ ਤੇ ਮੌਲਣ ਦਾ ਮਾਹੌਲ ਦੇਂਦੀਆਂ ਹਨ। ਜ਼ਿੰਦਗੀ ਦੀ ਅੱਖ ਨਾਲ ਅੱਖ ਮਿਲਾਉਣ ਵਾਲੇ ਇਸ ਗ਼ਜ਼ਲ ਸੰਗ੍ਰਹਿ ਨੂੰ ਮੈਂ ਜੀ ਆਇਆਂ ਨੂੰ ਆਖਦਾ ਹਾਂ।