ਗ਼ਜ਼ਲ - ਗੁਰਭਜਨ ਗਿੱਲ
ਰੰਗ ਬਰੰਗੇ ਵਸਤਰ ਨੇ ਪਰ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ ।
ਚਾਵਾਂ ਨੂੰ ਦੱਸ ਕੌਣ ਮਸਲਦਾ, ਕਰਦਾ ਖੱਜਲ ਤੰਗ ਵੇ ਲੋਕਾ ।
ਹਰ ਸੱਸੀ ਦੇ ਪੈਰਾਂ ਥੱਲੇ ਅੱਜ ਵੀ ਤਪਦੀ ਰੇਤ ਥਲਾਂ ਦੀ,
ਰਾਂਝੇ ਦੀ ਥਾਂ ਹੀਰ ਦੇ ਲੇਖੀਂ, ਹਰ ਥਾਂ ਖੇੜੇ ਝੰਗ ਵੇ ਲੋਕਾ ।
ਸਾਡੇ ਕੋਲੋਂ ਸੱਤਿਆ ਲੈ ਕੇ ਸਾਨੂੰ ਆਣ ਸਤਾਉਂਦੇ ਕਿਉਂ ਨੇ,
ਕੌਣ ਕਹੇਗਾ ਤਾਜ - ਤਖ਼ਤ ਨੂੰ ਇਹ ਕਿੱਧਰਲਾ ਢੰਗ ਵੇ ਲੋਕਾ ।
ਸੱਪ ਦੀ ਜੂਨ ਪਏ ਨੇ ਬੰਦੇ ਰੀਂਘ ਰਹੇ ਵੀ ਜ਼ਹਿਰਾਂ ਸੁੱਟਣ,
ਨਾਗ ਪਟਾਰੀ ਵਿੱਚੋਂ ਨਿਕਲੇ ਮਾਰਨ ਸਾਨੂੰ ਡੰਗ ਵੇ ਲੋਕਾ ।
ਜਿੰਨੀ ਪੂੰਜੀ ਜਿਸਮ ਦੇ ਅੰਦਰ ਤੁਪਕਾ ਤੁਪਕਾ ਅਰਪਨ ਕੀਤੀ,
ਰੱਤੀ ਰੱਤ ਬਚੀ ਨਾ ਪਿੱਛੇ ਹੋਰ ਨਾ ਸਾਥੋਂ ਮੰਗ ਵੇ ਲੋਕਾ ।
ਮੇਰੇ ਮਨ ਦੇ ਅੰਦਰ ਜਿਹੜੇ ਵੈਰੀ ਭੇਸ ਬਦਲ ਕੇ ਫਿਰਦੇ,
ਸਭ ਤੋਂ ਪਹਿਲਾਂ ਭੇਖਧਾਰੀਆਂ ਨਾਲ ਕਰਾਂਗੇ ਜੰਗ ਵੇ ਲੋਕਾ ।
ਸੁਰਖ਼ ਬੂਟੀਆਂ ਵਾਹੀ ਜਾਂਦੇ, ਜ਼ਿੰਦਗੀ ਪੈਰੀਂ ਕੱਚ ਦੇ ਟੋਟੇ,
ਟੁਕੜੇ ਚੁਗਣ ਆਸਾਨ ਨਹੀਂ ਜਦ, ਤਿੜਕੇ ਵੀਣੀਉਂ ਵੰਗ ਵੇ ਲੋਕਾ ।
*****
ਗੁਰਭਜਨ ਗਿੱਲ ਆਧੁਨਿਕ ਪੰਜਾਬੀ ਕਵਿਤਾ ਵਿੱਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਪੰਜਾਬੀ ਸਾਹਿਤਕਾਰੀ ਵਿੱਚ ਉਸ ਨੇ ਕੌਮੀ- ਕੌਮਾਂਤਰੀ ਪੱਧਰ 'ਤੇ ਵਿਸ਼ੇਸ਼ ਮਾਣ- ਸਨਮਾਨ ਹਾਸਲ ਕੀਤੇ ਹਨ ਅਤੇ ਸ਼ਬਦ - ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਵੀ ਉਹ ਬੜੀਆਂ ਨਾਮਵਰ ਸੰਸਥਾਵਾਂ/ ਅਦਾਰਿਆਂ ਵਿੱਚ ਬੜੇ ਮਾਣਮੱਤੇ ਅਹੁਦਿਆਂ 'ਤੇ ਕਾਰਜਸ਼ੀਲ ਰਹੇ ਹਨ/ ਹੁਣ ਵੀ ਤਨੋਂ ਮਨੋਂ ਸਰਗਰਮ ਹਨ। ਪੰਜਾਬੀਅਤ ਪ੍ਰਤਿ ਸਮਰਪਣ ਭਾਵਨਾ ਅਤੇ ਪੰਜਾਬੀ ਇਤਿਹਾਸਕਾਰੀ ਦੀ ਪ੍ਰਮਾਣਿਕਤਾ ਉਸ ਦੇ ਰੋਮ - ਰੋਮ ਵਿੱਚ ਵੱਸੀ ਹੋਈ ਹੈ,ਵਰਤਮਾਨ ਹੈ। ਹੁਣ ਤੱਕ ਉਸ ਨੇ ਇੱਕ ਦਰਜਨ ਤੋਂ ਵੱਧ ਕਾਵਿ - ਸੰਗ੍ਰਹਿ ਪੰਜਾਬੀ ਪਾਠਕਾਂ ਦੀ ਝੋਲੀ ਪਾਏ ਹਨ। ਪਿਛਲੇ ਦਿਨੀਂ ਹਥਲੀ ਗ਼ਜ਼ਲ ਉਸ ਨੇ ਸੋਸ਼ਲ ਮੀਡੀਆ/ ਵਟਸਐੱਪ 'ਤੇ ਸਾਂਝੀ ਕੀਤੀ ਤਾਂ ਉਸ ਦਾ ਅਧਿਐਨ ਕਰਨ ਉਪਰੰਤ ਇਹ ਕੁਝ ਸ਼ਬਦ ਪਾਠਕਾਂ ਦੇ ਸਨਮੁੱਖ ਕਰਨ ਦਾ ਸਬੱਬ ਬਣਿਆ।
ਲੋਕਾਂ ਨੂੰ ਮੁਖ਼ਾਤਿਬ ਹੁੰਦੀ ਗੁਰਭਜਨ ਗਿੱਲ ਦੀ ਇਹ ਗ਼ਜ਼ਲ ਮਨੁੱਖੀ ਵੇਦਨਾਵਾਂ/ ਸੰਵੇਦਨਾਵਾਂ ਦੇ ਅੰਤਰਗਤ ਦੋ - ਧਿਰੀ ਟਕਰਾਅ ਦੀ ਨਿਸ਼ਾਨਦੇਹੀ ਕਰਦੀ ਹੈ। ਉਸ ਦੀ ਕਾਵਿਕ ਕਿਰਿਆਸ਼ੀਲਤਾ ਜਾਂ ਉਸ ਦੀ ਕਾਵਿ - ਮੈਂ ਦੀ ਮੂਲ ਖ਼ਾਸੀਅਤ ਇਹ ਹੈ ਕਿ ਉਹ ਸਮਕਾਲੀ ਸੱਤਾ ਜਾਂ ਪ੍ਰਬੰਧਕੀ ਢਾਂਚੇ ਦੀਆਂ ਮਾਨਵ ਵਿਰੋਧੀ ਚਾਲਾਂ ਤੋਂ ਭੈਅਭੀਤ ਨਹੀਂ ਹੁੰਦੀ ਸਗੋਂ ਆਪਣੀ ਹੋਂਦ ਨੂੰ ਸਥਾਪਿਤ ਕਰਨ ਲਈ ਜਾਂ ਇਉਂ ਕਹਿ ਲਵੋ ਕਿ ਇੱਕ ਨਿਰੰਤਰਤਾ ਵਜੋਂ ਆਪਣੇ ਜੀਵਨ - ਮਿਸ਼ਨ ਦੀ ਪ੍ਰਾਪਤੀ ਵੱਲ ਅਗਰਸਰ ਹੋਣਾ ਹੀ ਉਸ ਦੀ ਮੁੱਖ ਲੋਚਾ ਹੈ। ਸ਼ਬਦ - ਸੱਭਿਆਚਾਰ ਦੀ ਇਹੋ ਸਾਹਿਤਕ ਵਡਿਆਈ ਹੁੰਦੀ ਹੈ ਜੋ ਆਪਣੇ ਸੁਪਨਸਾਜ਼ੀ ਮਿਆਰਾਂ / ਮਾਪਦੰਡਾਂ ਅਤੇ ਦੁਨਿਆਵੀ ਯਥਾਰਥ ਦੇ ਰੂਬਰੂ ਹੋ ਕੇ ਮਨੁੱਖੀ ਬਿਬੇਕ ਨੂੰ ਪ੍ਰਚੰਡ ਕਰਨ ਦਾ ਵਿਸ਼ੇਸ਼ ਮਾਧਿਅਮ ਬਣਦੀ ਹੈ। ਬ੍ਰਹਿਮੰਡੀ ਪਾਸਾਰੇ ਦੇ ਸੰਦਰਭ ਵਿੱਚ ਵੀ ਬਿਬੇਕ- ਬੁੱਧ ਦੇ ਇਸੇ ਕ੍ਰਿਸ਼ਮੇ ਦਾ ਹੀ ਨਤੀਜਾ ਹੈ ਕਿ ਚਵਰਾਸੀਹ ਲੱਖ ਜੂਨਾਂ ਦੀ ਸਰਦਾਰੀ ਵੀ ਮਨੁੱਖੀ ਜੀਵ ਦੇ ਹਿੱਸੇ ਆਈ ਹੈ।
ਇਉਂ ਮੱਧਕਾਲੀ ਚਿੰਤਨ ਦੀ ਦ੍ਰਿਸ਼ਟੀ ਤੋਂ ਵੀ ਦੇਖਿਆ ਜਾਵੇ ਤਾਂ ਮਨੁੱਖੀ ਜੀਵਨ ਦੀ ਕਰਮਸ਼ੀਲਤਾ ਦਾ ਵੀ ਇਹੋ ਬੁਨਿਆਦੀ ਸਿਧਾਂਤ ਹੈ ਜੋ ਮਨੁੱਖੀ ਪਰਿਭਾਸ਼ਾ ਨੂੰ ਨਿਸ਼ਚਿਤ ਕਰਦਾ ਹੈ ; ਇੱਕ ਅਜਿਹੀ ਸਰਬਪ੍ਰਵਾਨਿਤ ਪਰਿਭਾਸ਼ਾ ਜੋ ਆਪਣੇ ਅਮਲ ਵਜੋਂ ਨਿੱਜ - ਕੇਂਦ੍ਰਿਤ ਨਹੀਂ ਸਗੋਂ ਗੁਰਮਤਿ ਫ਼ਲਸਫ਼ੇ ਵਾਂਗ ਸਰਬੱਤ ਦੇ ਭਲੇ ਨੂੰ ਪ੍ਰਧਾਨ ਮੰਨਦੀ ਹੈ ; ਜਿਸ ਨੂੰ ਕਿਸੇ ਵਕਤ ਪੰਜਾਬੀ ਦੇ ਮਾਣਮੱਤੇ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਬੜੇ ਮਾਣ ਅਤੇ ਦਾਅਵੇ ਨਾਲ ਕਿਹਾ ਸੀ," ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜੀਂਦਾ ਗੁਰਾਂ ਦੇ ਨਾਂ 'ਤੇ " , ਕੋਈ ਸ਼ੱਕ ਨਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਉਸ ਦਾ ( ਪ੍ਰੋ.ਪੂਰਨ ਸਿੰਘ ) ਸੰਕਲਪ - ਸਿਧਾਂਤ ਆਪਣੀਆਂ ਵਿਸ਼ੇਸ਼ ਧਾਰਨਾਵਾਂ/ ਸਥਾਪਨਾਵਾਂ ਵਜੋਂ ਆਧੁਨਿਕਤਾ ਦੇ ਸੁਹਜ - ਸਰੂਪ ਵਾਲੇ ਰੋਲ ਮਾਡਲ ਦਾ ਪ੍ਰਤੀਕ ਹੈ। ਦੁਖਾਂਤ ਤਾਂ ਇਹ ਹੈ ਕਿ ਸਾਡੇ ਐਨੇ ਗੌਰਵਸ਼ਾਲੀ ਵਿਰਸੇ ਦੀ ਅਜੋਕੀ ਦਸ਼ਾ ਤੇ ਦਿਸ਼ਾ ਕੀ ਹੈ? ਵਿਦਵਾਨਾਂ / ਬੁੱਧੀਜੀਵੀਆਂ/ ਸਾਹਿਤਕਾਰੀ ਦੇ ਤਥਾ ਕਥਿਤ ਅਲੰਬਰਦਾਰਾਂ ਨੇ ਪੰਜਾਬੀਅਤ ਦੇ ਭਵਿੱਖ ਪ੍ਰਤਿ ਕਿੰਨੀ ਕੁ ਸੁਹਿਰਦਤਾ ਅਤੇ ਸੰਜੀਦਗੀ ਦਾ ਅਹਿਸਾਸ ਕੀਤਾ ਹੈ? ਇਹ ਸਮਝਣਯੋਗ ਮਸਲਾ ਹੈ। ਇਤਿਹਾਸਕ ਪਰਿਪੇਖ ਵਿੱਚ ਦੇਖਿਆ ਜਾਵੇ ਤਾਂ ਮਨੁੱਖਤਾ ਪ੍ਰਤਿ ਅੰਦਰੋਂ ਦਰਦ ਵਾਲੇ ਪੰਜਾਬੀ ਸਾਹਿਤ ਦੇ ਕੁੱਝ ਵਿਦਵਾਨਾਂ/ ਚਿੰਤਕਾਂ /ਸ਼ਾਇਰਾਂ ਵਲੋਂ ਸਮੇਂ- ਸਮੇਂ ਅਨੁਸਾਰ ਉਦਮ ਕੀਤਾ ਵੀ ਗਿਆ,ਸਾਡਾ ਵਿਚਾਰਾਧੀਨ ਸ਼ਾਇਰ ਗੁਰਭਜਨ ਗਿੱਲ ਵੀ ਉਹਨਾਂ ਵਿੱਚੋਂ ਇੱਕ ਹੈ।
ਉਪਰੋਕਤ ਸਿਰਲੇਖ ਨਾਲ ਸੰਬੰਧਿਤ ਗ਼ਜ਼ਲ ਦੀਆਂ ਸੂਖਮ ਤੰਦਾਂ ਦੀ ਵਿਚਾਰ ਕਰੀਏ ਤਾਂ ਪੰਜਾਬੀ ਪਾਠਕਾਂ ਲਈ ਫ਼ਖ਼ਰ ਵਾਲੀ ਗੱਲ ਹੈ ਕਿ ਮਨੁੱਖਤਾ ਨੂੰ ਪਿਆਰਨ, ਸਤਿਕਾਰਨ ਅਤੇ ਤਪਦੇ/ ਵਲੂੰਧਰੇ ਹਿਰਦਿਆਂ ਨੂੰ ਠਾਰਨ ਵਾਲੇ ਕੁਝ ਵਿਸ਼ੇਸ਼ ਪਹਿਲੂਆਂ ਦੀ ਅਰੰਭਤਾ ਗ਼ਜ਼ਲ ( --- ਵੇ ਲੋਕਾ ) ਦੇ ਪਹਿਲੇ ਸ਼ੇਅਰ ਭਾਵ 'ਮਤਲੇ' ਤੋਂ ਹੀ ਹੋ ਜਾਂਦੀ ਹੈ, ਇਉਂ ਸਮਝੋ ਕਿ ਅੱਗੋਂ ਦਰਪੇਸ਼ ਸਾਰੀ ਗ਼ਜ਼ਲ ਤਾਂ ਉਨ੍ਹਾਂ ਨੁਕਤਿਆਂ ਦੀ ਵਿਸਤ੍ਰਿਤ ਵਿਆਖਿਆ ਹੀ ਹੈ। ਇਸ ਲਈ ਕਾਵਿ - ਪ੍ਰੇਮੀਆਂ/ ਪਾਠਕਾਂ/ ਆਲੋਚਕਾਂ ਦੀ ਵਿਸ਼ੇਸ਼ ਜਾਣਕਾਰੀ ਲਈ, ਗ਼ਜ਼ਲ ਦੇ ਮੂਲ ਸ਼ੇਅਰ ਨੂੰ ਇਥੇ ਅੰਕਿਤ ਕਰਨਾ ਜ਼ਰੂਰੀ ਹੀ ਨਹੀਂ ਸਗੋਂ ਲਾਜ਼ਮੀ ਪ੍ਰਤੀਤ ਹੁੰਦਾ ਹੈ ਤਾਂ ਕਿ ਸੰਬੰਧਿਤ ਗ਼ਜ਼ਲ ਦੇ ਥੀਮਿਕ ਪਾਸਾਰਾਂ ਨੂੰ ਸੁਖੈਨਤਾ ਨਾਲ ਸਮਝਿਆ ਹੀ ਨਾ ਜਾਵੇ, ਸਮਗ੍ਰ ਰੂਪ ਵਿੱਚ ਉਨ੍ਹਾਂ ਦਾ ਸਹੀ ਮੁਲਾਂਕਣ / ਵਿਸ਼ਲੇਸ਼ਣ ਵੀ ਹੋ ਸਕੇ। ਗ਼ਜ਼ਲ ਦੇ ਸਮੁੱਚੇ ਪਿੰਡੇ /ਸੁਭਾਅ ਅਤੇ ਕੇਂਦਰਬਿੰਦੂ ਵਜੋਂ ਇਹ ਬੜੇ ਬੇਸ਼ਕੀਮਤੀ ਬੋਲ ਹਨ ਜੋ ਮਨੁੱਖੀ ਸੰਕਟਾਂ/ ਸਮੱਸਿਆਵਾਂ/ ਵਿਸੰਗਤੀਆਂ ਦੀਆਂ ਜੜ੍ਹਾਂ ਲੱਭਣ ਦੀ ਤਲਾਸ਼ ਵਿੱਚ ਹਨ। ਜੀਵਨ- ਸੁਹਜ ਦਾ ਇਹੋ ਵਡਮੁੱਲਾ ਨੁਸਖ਼ਾ ਹੈ ਜੋ ਬਿਨਾਂ ਕਿਸੇ ਮਾਨਵੀ ਭੇਦ- ਭਾਵ ਤੋਂ ਜ਼ਿੰਦਗੀ ਦੇ ਸਫ਼ਰ ਨੂੰ ਨਿਖਾਰਦਾ, ਸੰਵਾਰਦਾ ਅਤੇ ਉਸ ਨੂੰ ਸਰਬਪੱਖੀ ਰੂਪ ਵਿੱਚ ਸ਼ਿੰਗਾਰਨ ਲਈ ਵੀ ਮਦਦਗਾਰ ਸਿੱਧ ਹੁੰਦਾ ਹੈ। ਮਿਸਾਲ ਵਜੋਂ ਇਥੇ ਸ਼ਾਇਰ ਦੀ ਮੌਲਿਕਤਾ ਅਤੇ ਸੂਖਮਭਾਵੀ ਦ੍ਰਿਸ਼ਟੀ/ ਪ੍ਰਕਿਰਤੀ ਬਾਕਮਾਲ ਹੈ ਜੋ ਵਿਡੰਬਨਾ ਦੇ ਪਲਾਂ ਨੂੰ ਹੰਢਾਉਂਦੀ ਹੋਈ, ਪਾਠਕਾਂ ਨੂੰ ਆਪਮੁਹਾਰੇ ਸੋਚਣ ਲਈ ਮਜ਼ਬੂਰ ਕਰਦੀ ਹੈ ; ਸ਼ੇਅਰ ਵਿੱਚ ਅੰਕਿਤ ਕਿਉਂ ਬਦਰੰਗ, ਕੌਣ ਮਸਲਦਾ, ਕਰਦਾ ਖੱਜਲ ਤੰਗ ਆਦਿ ਲਫ਼ਜ਼ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ:
ਰੰਗ ਬਰੰਗੇ ਵਸਤਰ ਨੇ ਪਰ ਜ਼ਿੰਦਗੀ ਕਿਉਂ ਬਦਰੰਗ ਵੇ ਲੋਕਾ।
ਚਾਵਾਂ ਨੂੰ ਦੱਸ ਕੌਣ ਮਸਲਦਾ, ਕਰਦਾ ਖੱਜਲ ਤੰਗ ਵੇ ਲੋਕਾ।
ਇਉਂ ਆਪਣੇ ਕਾਵਿ - ਸਿਧਾਂਤ/ ਵਿਸ਼ੇ ਦੀ ਕ੍ਰਮਵਾਰਤਾ ਮੁਤਾਬਿਕ ਜਾਂ ਮੁਸੱਲਸਲ ਰੂਪਾਕਾਰ ਪੱਖੋਂ ,ਸ਼ਾਇਰ ਗੁਰਭਜਨ ਗਿੱਲ ਦੀ ਇਹ ਵਿਚਾਰਾਧੀਨ ਗ਼ਜ਼ਲ, ਆਪਣੇ ਕਾਵਿ - ਆਵੇਸ਼ ਵਜੋਂ ਮਨੁੱਖੀ ਤ੍ਰਾਸਦੀ ਦੇ ਅਜਿਹੇ ਮਾਰਮਿਕ ਅਤੇ ਗੌਲਣਯੋਗ ਪਹਿਲੂਆਂ 'ਤੇ ਕੇਂਦ੍ਰਿਤ ਹੁੰਦੀ ਹੈ ਜੋ ਆਪਣੇ ਸਮਾਜਿਕ, ਆਰਥਿਕ, ਇਤਿਹਾਸਕ ਅਤੇ ਰਾਜਨੀਤਕ ਪਰਿਪੇਖ ਵਜੋਂ ਸੰਵੇਦਨਸ਼ੀਲਤਾ ਦੀ ਬਜਾਏ ਸੰਵੇਦਨਹੀਣਤਾ ਦਾ ਅਹਿਸਾਸ ਕਰਵਾਉਂਦੇ ਹਨ; ਇਹੋ ਕਾਰਨ ਹੈ ਕਿ ਸ਼ਾਇਰ ਦੀ ਮਾਨਸਿਕਤਾ ਅਜਿਹੇ ਮਾਨਵ ਵਿਰੋਧੀ ਵਰਤਾਰੇ ਨੂੰ ਕਤੱਈ ਪ੍ਰਵਾਨਗੀ ਨਹੀਂ ਦਿੰਦੀ। ਸ਼ਾਇਰ ਆਪਣੇ ਦਿਲ ਦੀ ਵੇਦਨਾ ਦਾ ਪ੍ਰਗਟਾਅ ਕਰਦਿਆਂ,ਥਾਂ - ਪੁਰ- ਥਾਂ ਮੌਕੇ ਦੇ ਪ੍ਰਬੰਧਕੀ ਢਾਂਚੇ 'ਤੇ ਪਰਤ- ਦਰ- ਪਰਤ ਸਵਾਲਾਂ ਦੀ ਝੜੀ ਲਾ ਦਿੰਦਾ ਹੈ। ਸਵਾਲਾਂ ਦੇ ਸੁਭਾਅ- ਸਰੂਪ ਵਜੋਂ ਭਾਵੇਂ ਉਹ ਸਿੱਧੇ - ਅਸਿੱਧੇ ਤੌਰ 'ਤੇ ਸਮਕਾਲੀ ਪ੍ਰਸਥਿਤੀਆਂ ਨੂੰ ਆਪਣਾ ਕੇਂਦਰਬਿੰਦੂ ਮਿਥਦਾ ਹੈ ਪਰੰਤੂ ਉਸ ਦੀ ਖ਼ੂਬਸੂਰਤੀ ਇਹ ਹੈ ਕਿ ਉਨ੍ਹਾਂ ਦਾ ਸਮਾਧਾਨ ਕਰਨ ਲਈ, ਉਹ ਬੀਤੇ ਦੀ ਇਤਿਹਾਸਕ ਚੇਤਨਾ ਦੀ ਵੀ ਓਟ ਤੱਕਦਾ ਹੈ। ਇਥੋਂ ਤੱਕ ਕਿ ਉਹ ਲੋਕ ਸੱਭਿਆਚਾਰ ਦੀ ਜਿੰਦਜਾਨ ਇਸ਼ਕ ਮਿਜਾਜ਼ੀ ਦੀਆਂ ਮਕਬੂਲ ਗਾਥਾ - ਨਾਇਕਾਵਾਂ ਸੱਸੀ ਅਤੇ ਹੀਰ ਨੂੰ ਡੀਕੋਡ ਕਰਕੇ, ਮਨੁੱਖੀ ਭਾਵਨਾਵਾਂ ਦੀ ਤਰਜ਼ਮਾਨੀ ਐਨੇ ਸੁਹਜਮਈ ਢੰਗ ਨਾਲ ਕਰਦਾ ਹੈ ਕਿ ਸੱਸੀ ਤੇ ਹੀਰ ਦੋਨੋਂ ਵਿਅਕਤੀਗਤ ਜਾਂ ਨਿੱਜ - ਕੇਂਦ੍ਰਿਤ ਨਾ ਹੋ ਕੇ, ਅਜੋਕੇ ਦੌਰ ਦੀ ਸਿਧਾਂਤਕ ਪ੍ਰਬਲਤਾ ਵਜੋਂ ਸਮੂਹ ਦਾ ਅੰਗ ਬਣੀਆਂ ਪ੍ਰਤੀਤ ਹੁੰਦੀਆਂ ਹਨ। ਡੂੰਘੀ ਨੀਝ ਨਾਲ ਦੇਖਿਆ ਜਾਵੇ ਤਾਂ ਪੰਜਾਬੀ ਕਿੱਸਾਕਾਰੀ ਦੀ ਰੌਸ਼ਨੀ ਵਿੱਚ ਸੱਸੀ ਤੇ ਹੀਰ ਦੀ ਮਕਬੂਲੀਅਤ ਉਨ੍ਹਾਂ ਦੇ ਜੀਵਨ - ਮਿਸ਼ਨ ਪ੍ਰਤਿ ਤਿਆਗੀ ਭਾਵਨਾ 'ਤੇ ਕੇਂਦ੍ਰਿਤ ਹੋਈ ਹੈ ਜਦੋਂ ਕਿ ਦੂਜੇ ਪਾਸੇ ਵਿਰੋਧੀ ਧਿਰ ਵਜੋਂ ਮੌਕੇ ਦੀਆਂ ਸਮਾਜਿਕ ਪ੍ਰਕਿਰਿਆਵਾਂ/ ਸੰਰਚਨਾਵਾਂ ਉਨ੍ਹਾਂ ਦੀ ਮਾਨਸਿਕ ਸੁਤੰਤਰਤਾ ਲਈ ਬੰਧਨ ਬਣਦੀਆਂ ਹਨ। ਸ਼ਾਇਦ ਇਹੋ ਕਾਰਨ ਹੈ ਕਿ ਆਪਸੀ ਸੰਬੰਧਾਂ ਦੀ ਉਸ ਦੁਵੱਲੀ ਪ੍ਰਕਿਰਿਆ ਨੂੰ, ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਸਿੱਖ ਸਿਧਾਂਤਾਂ ਵਾਲੀ ਦ੍ਰਿੜਤਾ ਦੇ ਆਧਾਰ 'ਤੇ,ਗੁਰੂ ਅਤੇ ਸਿੱਖ ਦੀ ਵਿਆਖਿਆ ਦਾ ਅੰਗ ਹੀ ਨਹੀਂ ਬਣਾਇਆ ਸਗੋਂ ਆਧੁਨਿਕ ਪੰਜਾਬੀ ਕਵਿਤਾ ਦੇ ਮਕਬੂਲ ਸ਼ਾਇਰ ਪ੍ਰੋ. ਪੂਰਨ ਸਿੰਘ ਵੱਲੋਂ ਵੀ ਉਨ੍ਹਾਂ ਨੂੰ " ਆ ਵੀਰ ਰਾਂਝਿਆ, ਆ ਭੈਣ ਹੀਰੇ" ਕਹਿ ਕੇ ਉਨ੍ਹਾਂ ਪਾਤਰਾਂ ਨੂੰ ਵਿਸ਼ੇਸ਼ ਸਮਾਜਿਕ ਰੁਤਬਾ ਪ੍ਰਦਾਨ ਕੀਤਾ ਗਿਆ ਹੈ। ਪੰਜਾਬੀ ਸੱਭਿਆਚਾਰ ਦੀ ਇਹੋ ਨਿਰੰਤਰਤਾ ਹੈ ਜੋ ਸਿਧਾਂਤਕ ਤੌਰ 'ਤੇ ਹੀ ਨਹੀਂ,ਭਾਸ਼ਾਈ ਪਰਿਪੇਖ ਵਜੋਂ ਇੱਕ ਗੌਰਵਸ਼ਾਲੀ ਇਤਿਹਾਸ ਦੀ ਸਿਰਜਕ ਵੀ ਹੈ। ਇਉਂ ਸੱਚ/ ਝੂਠ, ਨੇਕੀ/ ਬਦੀ, ਚੰਗਿਆਈ/ ਬੁਰਿਆਈ ਦੇ ਦੋ- ਧਿਰੀ ਟਕਰਾਅ ਵਿੱਚੋਂ ਮਨੁੱਖੀ ਅਧਿਕਾਰਾਂ/ ਹੱਕਾਂ- ਹਕੂਕਾਂ ਨੂੰ ਸਹੀ ਪ੍ਰਸੰਗ ਵਿੱਚ ਸਮਝਣ ਲਈ ਇਥੇ ਸ਼ਾਇਰ ਦਾ ਇਹੋ ਕਾਵਿ- ਉਦੇਸ਼ ਪ੍ਰਤੀਤ ਹੁੰਦਾ ਹੈ, ਜਿਸ ਦੀ ਪਰਿਪੱਕਤਾ ਤੇ ਆਧਾਰਸ਼ਿਲਾ ਕਿਤੇ ਬਾਹਰੋਂ ਨਹੀਂ ਸਗੋਂ ਪੰਜਾਬੀ ਕਿੱਸਾਕਾਰੀ ਵਿੱਚ ਵਰਤਮਾਨ ਹੈ ; ਸ਼ਾਇਰ ਗੁਰਭਜਨ ਗਿੱਲ ਦੀ ਕਾਵਿ - ਅਨੁਭਵ ਦੀ ਪੈਰਵਾਈ ਕਰਦੇ ਇਹ ਕਾਵਿ- ਬੋਲ ਵੀ ਇਸੇ ਸੱਚ ਦਾ ਪ੍ਰਤੀਕ ਹਨ :
ਹਰ ਸੱਸੀ ਦੇ ਪੈਰਾਂ ਥੱਲੇ ਅੱਜ ਵੀ ਤਪਦੀ ਰੇਤ ਥਲਾਂ ਦੀ,
ਰਾਂਝੇ ਦੀ ਥਾਂ ਹੀਰ ਦੇ ਲੇਖੀਂ,ਹਰ ਥਾਂ ਖੇੜੇ ਝੰਗ ਦੇ ਲੋਕਾ।
ਉਪਰੋਕਤ ਲਿਖਤ - ਪਾਠ/ ਟੈਕਸਟ ਤੋਂ ਇਹ ਵੀ ਸੱਚ ਹੈ ਕਿ ਸ਼ਾਇਰ ਦੀ ਕਾਵਿ -ਦ੍ਰਿਸ਼ਟੀ ਦਾ ਮੁਲਾਂਕਣ ਆਪਣੇ ਆਲੇ ਦੁਆਲੇ ਤੋਂ ਅਭਿੱਜ ਨਹੀਂ।ਉਹ ਕੇਵਲ ਮਾਨਵੀ ਵਿਰੋਧੀ ਪ੍ਰਬੰਧਕੀ ਢਾਂਚੇ ਨੂੰ ਮੁਖ਼ਾਤਿਬ ਹੀ ਨਹੀਂ ਹੁੰਦਾ ਸਗੋਂ ਪ੍ਰਬੰਧਕੀ ਢਾਂਚੇ ਜਾਂ ਲੋਕਤੰਤਰੀ ਪ੍ਰਣਾਲੀ ਦੇ ਸਿਰਜਕਾਂ ਭਾਵ ਨਾਗਿਰਕਾਂ ਨੂੰ ਵੀ ਬੜਾ ਸੁਚੇਤ ਕਰਦਾ ਹੈ ਭਾਵੇਂ ਅਸਿੱਧੇ ਰੂਪ ਵਿੱਚ ਹੀ ਸਹੀ , ਕਿਉਂਕਿ ਸਵਾਲ ਉਤਪੰਨ ਹੋਣਾ ਜਾਂ ਕਰਨਾ ਆਪਣੇ ਆਪ ਵਿੱਚ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ,ਉਨ੍ਹਾਂ ਨੂੰ ਸੰਵਾਦ / ਸੰਵਿਧਾਨਕ ਹਵਾਲਿਆਂ ਦੇ ਅੰਤਰਗਤ ਵਿਵਹਾਰਿਕ ਤੌਰ 'ਤੇ ਕਿਵੇਂ ਨਜਿੱਠਣਾ ਹੈ ? ਇਹ ਉਸ ਤੋਂ ਵੀ ਮਹੱਤਵਪੂਰਨ ਹੈ। ਸ਼ਾਇਰ ਨਹੀਂ ਚਾਹੁੰਦਾ ਕਿ ਲੋਕਾਂ ਦੀ ਵੱਡੀ ਤਾਕਤ ਨਿੱਜੀ ਤੌਰ 'ਤੇ ਰਾਜਨੀਤਕ ਪਾਰਟੀਆਂ/ ਸੱਤਾ ਦੇ ਅਲੰਬਰਦਾਰਾਂ ਦੀ ਹੱਥਠੋਕੀ ਬਣ ਕੇ, ਤਾਕਤ ਦੇ ਉਨ੍ਹਾਂ ਮੂਲ ਸ੍ਰੋਤਾਂ ਵਾਲੇ ਲੋਕ- ਵਿਰੋਧੀ ਮੰਜ਼ਰਾਂ ਦੀ ਪੈਦਾਇਸ਼ ਬਣ ਜਾਵੇ। ਗੁਰਭਜਨ ਗਿੱਲ ਵਲੋਂ ਉਠਾਇਆ ਇਹ ਸਵਾਲ ਜਾਂ ਮੌਕੇ ਦੀ ਹਕੂਮਤ / ਤਾਜ- ਤਖ਼ਤ 'ਤੇ ਕੀਤਾ ਇਹ ਭਾਵਪੂਰਤ ਵਿਅੰਗ ਜਮਹੂਰੀਅਤ ਪ੍ਰਤਿ ਜਾਗਰੂਕ ਕਰਨ ਦੀ ਆਪਣੀ ਮਿਸਾਲ ਆਪ ਹੈ:
ਸਾਡੇ ਕੋਲੋਂ ਸੱਤਿਆ ਲੈ ਕੇ ਸਾਨੂੰ ਆਣ ਸਤਾਉਂਦੇ ਕਿਉਂ ਨੇ,
ਕੌਣ ਕਹੇਗਾ ਤਾਜ- ਤਖ਼ਤ ਨੂੰ ਇਹ ਕਿੱਧਰਲਾ ਢੰਗ ਵੇ ਲੋਕਾ।
ਮਨੁੱਖ ਦੀ ਬੇਬਸੀ ਤੇ ਲਾਚਾਰਗੀ ਦੇ ਆਲਮ ਨੂੰ ਰੂਪਾਂਤਰਿਤ ਕਰਦਾ ਉਸ ਦਾ ਅਗਲੇਰਾ ਨਿਮਨਲਿਖਤ ਸ਼ੇਅਰ ਵੀ ਉਪਰੋਕਤ ਸੱਚ ਦੀ ਤਸਵੀਰਕਸ਼ੀ ਕਰਦਾ ਹੈ, ਉਹ ਵੀ ਉਸ ਵਕਤ ਜਦੋਂ ਕਿਸੇ ਵੀ ਹੋਣਹਾਰ ਵਿਅਕਤੀ ਵਲੋਂ ਪੂਰਨ ਤੌਰ 'ਤੇ ਸਮਰਪਿਤ ਹੋਣ ਤੋਂ ਬਾਅਦ ਵੀ ਜੀਵਨ - ਪ੍ਰਯੋਜਨ ਦੀ ਪੂਰਤੀ/ ਪ੍ਰਾਪਤੀ ਨਹੀਂ ਹੁੰਦੀ। ਤਦ ਤਾਂ ਸਮਝੋ ਮਨੁੱਖ ਦੀ ਮਾਨਸਿਕਤਾ " ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ " ਵਾਲੀ ਬਣ ਜਾਂਦੀ ਹੈ, ਉਸ ਨੂੰ ਕਿਸੇ ਪਾਸਿਓਂ ਵੀ ਕੋਈ ਢਾਰਸ ਨਹੀਂ ਮਿਲਦਾ। ਉਸ ਦੀ ਅੰਦਰੂਨੀ ਪੀੜਾ/ ਦਰਦ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸ਼ਾਇਰ ਦੀ ਅਜਿਹੀ ਅੰਤਰਮੁਖੀ - ਵੇਦਨਾ ਤੋਂ ਸੰਵੇਦਨਾ ਤੱਕ ਦਾ ਇਹ ਕਾਵਿ - ਸਫ਼ਰ ਕਿਵੇਂ ਤੈਅ ਹੁੰਦਾ ਹੈ? ਉਨ੍ਹਾਂ ਤ੍ਰਾਸਦਿਕ ਪ੍ਰਸਥਿਤੀਆਂ ਨੂੰ ਤਾਂ ਸਮਝੋ ਸ਼ਾਇਰ ਹੀ ਜਾਣੇ। ਗੁਰਭਜਨ ਗਿੱਲ ਦੇ ਇਸ ਸ਼ੇਅਰ ਨੇ ਉਨ੍ਹਾਂ ਨਾਜ਼ੁਕ ਪ੍ਰਸਥਿਤੀਆਂ ਨੂੰ ਕਿਵੇਂ ਆਪਣੇ ਕਲਾਵੇ ਵਿੱਚ ਲਿਆ ਹੋਵੇਗਾ, ਸੰਵੇਦਨਸ਼ੀਲਤਾ ਵਜੋਂ ਇਸ ਨੂੰ ਧੁਰ ਅੰਦਰੋਂ ਸਮਝਣ ਦੀ ਲੋੜ ਹੈ :
ਜਿੰਨੀ ਪੂੰਜੀ ਜਿਸਮ ਦੇ ਅੰਦਰ ਤੁਪਕਾ ਤੁਪਕਾ ਅਰਪਨ ਕੀਤੀ,
ਰੱਤੀ ਰੱਤ ਬਚੀ ਨਾ ਪਿਛੇ ,ਹੋਰ ਨਾ ਸਾਥੋਂ ਮੰਗ ਵੇ ਲੋਕਾ।
ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਮਨੁੱਖ ਦਾ ਜੀਵਨ - ਸਫ਼ਰ ਐਨਾ ਮੁਹਾਲ ਹੋ ਗਿਆ ਹੈ,ਹਰ ਪਾਸੇ ਪਦਾਰਥਵਾਦੀ ਸੋਚ ਹੋਣ ਕਰਕੇ,ਸਵਾਰਥੀ ਹਿੱਤਾਂ ਦਾ ਹੀ ਬੋਲਬਾਲਾ ਹੈ। ਪੂੰਜੀਵਾਦੀ ਕਦਰਾਂ ਕੀਮਤਾਂ ਨੇ ਮਨੁੱਖ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਬਹੁ- ਕੌਮੀ ਕੰਪਨੀਆਂ ਨੇ ਮੌਕੇ ਦੀਆਂ ਸਰਕਾਰਾਂ 'ਤੇ ਆਪਣਾ ਕੰਟਰੋਲ ਕਰਕੇ, ਇਜ਼ਾਰੇਦਾਰੀ ਤਹਿਤ ਪੱਕੇ ਅੱਡੇ ਜਮਾ ਲਏ ਹਨ । ਬੇਰੁਜ਼ਗਾਰੀ ਕਾਰਨ ਨੌਜਵਾਨ ਕੁੜੀਆਂ/ਮੁੰਡਿਆਂ ਵਲੋਂ ਵਿਦੇਸ਼ਾਂ ਨੂੰ ਜਾਣ ਦੀ ਹੋੜ੍ਹ ਲੱਗੀ ਹੋਈ ਹੈ।ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਨਾਤੇ ਦਿਨੋਂ- ਦਿਨ ਖੰਡਿਤ ਹੋ ਰਹੇ ਹਨ। ਮਨੁੱਖੀ ਜੀਵਨ ਦੀਆਂ ਇਨ੍ਹਾਂ ਬੇਲੋੜੀਆਂ ਦੁਸ਼ਵਾਰੀਆਂ/ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਕੀ ਕੀਤਾ ਜਾਵੇ ਤਾਂ ਕਿ ਮਨੁੱਖ ਸਹੀ ਰਸਤਾ ਅਖ਼ਤਿਆਰ ਕਰ ਸਕੇ ? ਗੁਰਭਜਨ ਗਿੱਲ ਵਲੋਂ ਬਤੌਰ ਸ਼ਾਇਰ , ਅਜਿਹੀ ਮਨੁੱਖੀ ਪੀੜਾ ਉਸ ਦੇ ਕਾਵਿ - ਅਨੁਭਵ ਦਾ ਹਿੱਸਾ ਬਣਨੀ ਕੋਈ ਸੌਖੀ ਖੇਡ ਨਹੀਂ, ਉਸ ਦਾ ਇਹੋ ਕਾਵਿ - ਕ੍ਰਿਸ਼ਮਾ ਹੈ ਜੋ ਉਸ ਨੂੰ ਸਹੀ ਮਾਅਨਿਆਂ ਵਿੱਚ ਸ਼ਾਇਰ ਹੋਣ ਦਾ ਰੁਤਬਾ ਪ੍ਰਦਾਨ ਕਰਦਾ ਹੈ। ਸਵਾਲ ਤਾਂ ਇਹ ਹੈ ਕਿ ਇਹ ਵਰਤਾਰਾ ਕਦੋਂ ਤੱਕ ਚੱਲਦਾ ਰਹੇਗਾ ? ਵਿਚਾਰਾਧੀਨ ਸ਼ਾਇਰ ਦੀ ਇਹੋ ਕਾਵਿ - ਚੇਤਨਾ ਹੈ ਜੋ ਸ਼ਬਦ ਸੱਭਿਆਚਾਰ ਦੇ ਮਾਧਿਅਮ ਰਾਹੀਂ ਪਾਠਕਾਂ ਦੇ ਸਨਮੁੱਖ ਹੋ ਕੇ ਨਵੀਆਂ ਪੈੜਾਂ ਪਾਉਂਦੀ ਹੈ। ਕੁਲ ਮਿਲਾ ਕੇ ਕਾਵਿ ਦੇ ਕਲਾਤਮਿਕ ਸੁਹਜ ਨਾਲ ਸਮੱਸਿਆਵਾਂ ਦੀ ਅਜਿਹੀ ਨਿਸ਼ਾਨਦੇਹੀ ਹੋਣੀ ਅਤੇ ਅੱਗੋਂ ਪਾਠਕਾਂ ਦੀਆਂ ਕੀ - ਕੀ ਜ਼ਿੰਮੇਵਾਰੀਆਂ ਹਨ? ਇਨ੍ਹਾਂ ਦੋਹਾਂ ਦਾ ਸੁਤੇ ਸਿੱਧ ਸਿਰਜਿਆ ਸਮਾਨਾਂਤਰ ਪਰਿਪੇਖ ਬੜੇ ਮਾਅਰਕੇ ਵਾਲਾ ਹੈ :
ਸੁਰਖ਼ ਬੂਟੀਆਂ ਵਾਹੀ ਜਾਂਦੇ ਜ਼ਿੰਦਗੀ ਪੈਰੀਂ ਕੱਚ ਦੇ ਟੋਟੇ,
ਟੁਕੜੇ ਚੁਗਣ ਆਸਾਨ ਨਹੀਂ ਜਦ, ਤਿੜਕੇ ਵੀਣੀਓਂ ਵੰਗ ਵੇ ਲੋਕਾ।
ਸਮੇਂ ਦੀ ਚਾਲ ਅਨੁਸਾਰ ਬੰਦੇ ਵਿੱਚੋਂ ਬੰਦਾ ਗੁੰਮ ਹੋਇਆ ਮਹਿਸੂਸ ਹੁੰਦਾ ਹੈ, ਬੇਵਿਸ਼ਵਾਸੀ ਦੀ ਅਜਿਹੀ ਭਾਵਨਾ ਹਮੇਸ਼ਾਂ ਮਾਰੂ ਸਿੱਧ ਹੁੰਦੀ ਹੈ। ਇਸੇ ਲਈ ਸ਼ਾਇਰ ਗੁਰਭਜਨ ਗਿੱਲ ਨੂੰ ਇਉਂ ਵੀ ਕਹਿਣਾ ਪੈ ਰਿਹਾ ਹੈ:
ਸੱਪ ਦੀ ਜੂਨ ਨੇ ਬੰਦੇ ਰੀਂਘ ਰਹੇ ਵੀ ਜ਼ਹਿਰਾਂ ਸੁੱਟਣ,
ਨਾਗ ਪਟਾਰੀ ਵਿੱਚੋਂ ਨਿਕਲੇ ਮਾਰਨ ਸਾਨੂੰ ਡੰਗ ਵੇ ਲੋਕਾ।
ਉਪਰੋਕਤ ਹਵਾਲਿਆਂ ਦੇ ਮਦਹਨਜ਼ਰ ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਸ਼ਾਇਰ ਦੀ ਸਹਿਜ ਪ੍ਰਵਿਰਤੀ ਦਾ ਮਾਨਵੀ ਧਰਾਤਲ, ਦੁਬਿਧਾਵਾਂ / ਸ਼ੰਕਾਵਾਂ ਤੋਂ ਪੂਰਨ ਤੌਰ 'ਤੇ ਮੁਕਤ ਹੈ, ਉਸ ਦੀ ਨਿਵੇਕਲੀ / ਵਿਲੱਖਣ ਸੋਚ ਕਿਸੇ ਬਣੇ ਬਣਾਏ ਫ਼ਾਰਮੂਲੇ ਦੀ ਜਕੜਬੰਦੀ ਵਿੱਚ ਨਹੀਂ, ਆਪਣੀ ਖ਼ੁਦ ਦੀ ਮਾਨਸਿਕ ਸੁਤੰਤਰਤਾ/ ਖੁੱਲ੍ਹ ਆਧਾਰਿਤ ਹੀ ਨਿਰਣਾਕੁਨ ਫ਼ੈਸਲੇ ਲੈਣ ਦੀ ਇੱਛਾਵਾਨ ਹੈ। ਇਹ ਅਕਾਰਣ ਨਹੀਂ,ਉਸ ਦੀ ਕਾਵਿ- ਸ਼ਖ਼ਸੀਅਤ ਅੰਦਰੂਨੀ ਅਤੇ ਬਾਹਰੀ ਸੱਚ ਦੇ ਸੁਮੇਲ ਦੀ ਸਮਰਥਕ ਹੈ,ਭੇਖਧਾਰੀਆਂ ਪ੍ਰਤਿ ਉਸ ਦੀ ਸੋਚ ਮੂਲੋਂ ਹੀ ਸਾਰਥਿਕ ਨਹੀਂ ਸਗੋਂ ਆਪਣੇ ਅਕੀਦੇ ਵਜੋਂ ਵਿਦਰੋਹੀ ਸੁਰ ਵਾਲੀ ਵੀ ਹੈ। ਭਵਿੱਖ ਦੀਆਂ ਸੰਭਾਵਨਾਵਾਂ ਦਾ ਇਜ਼ਹਾਰ ਕਰਦੀ ਉਸ ਦੀ ਇਹ ਕ੍ਰਾਂਤੀਕਾਰੀ ਸੋਚ/ ਸਮਝ, ਚੰਗੇਰੇ ਮਨੁੱਖੀ ਚੱਜ- ਆਚਾਰ/ ਵਿਵਹਾਰ ਵਾਲੀ ਹੈ, ਆਸਵੰਦ ਹੋਣਾ ਚਾਹੀਦਾ ਇਹ ਆਪਣੇ ਅਭਿਆਸੀ ਰੂਪ ਵਜੋਂ ਇਨਸਾਨੀਅਤ ਨੂੰ ਉਭਾਰਨ ਲਈ ਬੜੀ ਕਾਰਗਰ ਸਿੱਧ ਹੋਵੇਗੀ।" ਦਿਲਹੁ ਮੁਹਬਤ ਜਿਨ੍ ਸੇਈ ਸਚਿਆ" ਵਾਲੇ ਪਦਚਿੰਨ੍ਹਾਂ ਨੂੰ ਅਖ਼ਤਿਆਰ ਕਰਦਾ ਇਹ ਸਿਧਾਂਤ ਅਗਰ ਭੇਖ- ਮੁਕਤ ਹੋ ਕੇ ਮਨੁੱਖੀ ਇਤਿਹਾਸ ਦਾ ਅਟੁੱਟ ਅੰਗ ਬਣ ਜਾਵੇ ਤਾਂ ਕੋਈ ਸ਼ੱਕ ਨਹੀਂ ਕਿ ਇਹ ਦੁਰਲੱਭ ਮਨੁੱਖੀ ਦੇਹੀ ਸਵੈ ਰੂਪ ਵਿੱਚ ਹੀ ਆਨੰਦ ਦਾ ਮੂਲ ਸ੍ਰੋਤ ਬਣ ਜਾਵੇਗੀ। ਸ਼ਾਇਰ ਇਸੇ ਕਾਰਨ ਬੜੇ ਦਾਅਵੇ ਨਾਲ ਕਹਿਣ ਲਈ ਮਜ਼ਬੂਰ ਹੋ ਜਾਂਦਾ ਹੈ :
ਮੇਰੇ ਮਨ ਦੇ ਅੰਦਰ ਜਿਹੜੇ ਵੈਰੀ ਭੇਸ ਬਦਲ ਕੇ ਫਿਰਦੇ,
ਸਭ ਤੋਂ ਪਹਿਲਾਂ ਭੇਖਧਾਰੀਆਂ ਨਾਲ ਕਰਾਂਗੇ ਜੰਗ ਵੇ ਲੋਕਾ।
ਪ੍ਰਤੱਖ ਹੈ ,'--- ਵੇ ਲੋਕਾ ' ਭਾਵ ਸਵੈਸੰਬੋਧਨੀ ਸ਼ੈਲੀ ਵਿੱਚ ਲੋਕਾਂ ਨੂੰ ਸੰਬੋਧਿਤ ਉਸ ਦਾ ਵਿਸ਼ੇਸ਼ ਕਾਵਿਕ - ਅੰਦਾਜ਼, ਲੱਗ ਭੱਗ ਹਰ ਕਾਵਿ- ਸਤਰ ਵਿੱਚ ਮਨੁੱਖੀ ਜੀਵਨ ਦੇ ਵਿਭਿੰਨ ਪੱਖਾਂ / ਪਾਸਾਰਾਂ ਦੀ ਸਹੀ ਪ੍ਰਸੰਗਿਕ ਵਿਆਖਿਆ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਲੋਕਾਂ ਦੀ ਤਣਾਅਗ੍ਰਸਤ ਭਟਕਣਾ/ ਬੇਚੈਨਗੀ / ਲਾਚਾਰਗੀ ਨੂੰ ਵੀ ਚਿੱਟੇ ਦਿਨ ਵਾਂਗ ਪ੍ਰਤੱਖ ਕਰਦਾ ਹੈ। ਸ਼ਾਇਰ ਵਲੋਂ ਉਭਰਦਾ ਮੂਲ ਸਵਾਲ ਤਾਂ ਇਹ ਹੈ ਕਿ ਇਹ ਭਟਕਣਾ ਕਿਉਂ ਪਸਰ ਰਹੀ ਹੈ, ਇਸ ਦੇ ਕੀ ਕਾਰਨ ਹਨ ? ਸਭ ਕੁੱਝ ਹੁੰਦਿਆਂ - ਸੁੰਦਿਆਂ ਵੀ ਮਨੁੱਖ ਦੀ ਸਹਿਜਭਾਵੀ ਬਿਰਤੀ ਦਿਨੋਂ - ਦਿਨ ਕਿਉਂ ਗੁੰਮ - ਗੁਆਚ ਰਹੀ ਹੈ? ਅੱਜ ਮਨੁੱਖ ਦੀ ਕਰਤਾਰੀ/ ਕਿਰਦਾਰੀ - ਪ੍ਰਤਿਭਾ ਦਾ ਸਹੀ ਮੁੱਲ ਕਿਉਂ ਨਹੀਂ ਪੈ ਰਿਹਾ? ਹਥਲੀ ਗ਼ਜ਼ਲ ਵਿੱਚੋਂ ਉਭਰਦੇ ਇਹ ਸਵਾਲ ਕੇਵਲ ਆਪੂੰ ਸਿਰਜੇ ਜਾਂ ਪੂਰਵ ਨਿਰਧਾਰਿਤ ਮਨੋਵਿਗਿਆਨਕ ਸਵਾਲ ਨਹੀਂ ਸਗੋਂ ਇਨ੍ਹਾਂ ਸਵਾਲਾਂ ਨੂੰ ਸਾਡੇ ਵਿਦਵਾਨਾਂ/ ਚਿੰਤਕਾਂ/ ਸਮਾਜ- ਸ਼ਾਸਤਰੀਆਂ ਵਲੋਂ ਪੰਜਾਬੀ ਸੱਭਿਆਚਾਰ ਦੇ ਸੰਦਰਭ ਵਿੱਚ ਬਹੁ- ਪਰਤੀ ਅਤੇ ਬਹੁ - ਦਿਸ਼ਾਵੀ ਰੂਪ ਵਿੱਚ ਲਾਜ਼ਮੀ ਤੌਰ 'ਤੇ ਪਰਖ਼ਣਾ / ਸਮਝਣਾ ਪਵੇਗਾ। ਇਸ ਵੀ ਸਪੱਸ਼ਟ ਹੈ ' --- ਵੇ ਲੋਕਾ ' ਗ਼ਜ਼ਲ ਦਾ ਹਰ ਸ਼ੇਅਰ ਚੇਤਨਾ ਤੇ ਚਿੰਤਨ ਵਜੋਂ ਬੜੀ ਸਹਿਜਭਾਵੀ ਤੇ ਸਕਾਰਾਤਮਿਕ ਭੂਮਿਕਾ ਨਿਭਾਉਣ ਦਾ ਸਮਰੱਥਾਵਾਨ ਹੈ; ਸਾਹਿਤਕ ਸੰਦਰਭ ਵਿੱਚ ਵਾਚਿਆਂ ਇਹ ਕੋਈ ਅਤਿਕਥਨੀ ਵਾਲੀ ਗੱਲ ਨਹੀਂ, ਗੁਰਭਜਨ ਗਿੱਲ ਹੁਰਾਂ ਦੀ ਆਧੁਨਿਕ ਪੰਜਾਬੀ ਕਵਿਤਾ ਦੀ ਇਹ ਮਾਣਯੋਗ ਪ੍ਰਾਪਤੀ ਹੈ। ਕਿਉਂਕਿ ਮੂਲ਼ ਰੂਪ ਵਿੱਚ ਇਹ ' --- ਵੇ ਲੋਕਾ ' ਲਫ਼ਜ਼ ਆਮ ਵਰਤੀਂਦਾ ਸ਼ਬਦ ਨਹੀਂ,ਆਪਣੇ ਧੁਨੀਗਤ ਪ੍ਰਯੋਗ ਵਜੋਂ ਸ਼ਾਇਰ ਦੇ ਧੁਰ ਅੰਦਰੋਂ ਨਿਕਲੀ ਹੂਕ ਵੀ ਹੈ ਕੂਕ ਵੀ ਹੈ, ਤਿਆਗ ਵੀ ਹੈ ਵੈਰਾਗ ਵੀ ਹੈ,ਅਰਜ਼ੋਈ ਵੀ ਹੈ ਵਡਿਆਈ ਵੀ ਹੈ ਅਤੇ ਮੂਲ ਵਜੋਂ ਗੁਰੂ ਅਮਰਦਾਸ ਜੀ ਦੇ ਬੋਲਾਂ "ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।" ਦੀ ਸਚਾਈ ਵੀ ਹੈ। ਕਿੰਨਾ ਚੰਗਾ ਹੋਵੇ! ਗੁਰਭਜਨ ਗਿੱਲ ਦੀ ਤਰ੍ਹਾਂ ਸ਼ਾਇਰੀ ਦਾ ਇਹ ਗੁਣ, ਸ਼ਬਦ - ਸੱਭਿਆਚਾਰ ਦੀ ਅੰਤਰੀਵੀ / ਅੰਤਰਮੁਖੀ ਆਵਾਜ਼ ਬਣ ਕੇ, ਮਨੁੱਖਤਾ ਪ੍ਰਤਿ ਹਮੇਸ਼ਾਂ ਆਪਣੀ ਸਮਰਪਣ ਭਾਵਨਾ ਵਾਲਾ ਇਜ਼ਹਾਰ ਕਰੇ। ਇਉਂ ਲਫ਼ਜ਼ਾਂ ਦੀ ਇਹ ਖੇਡ ਜਦੋਂ ਲੋਕਾਈ ਦੀ ਆਵਾਜ਼ ਬਣੇਗੀ ਤਾਂ ਮਾਨਵ ਵਿਰੋਧੀ ਤਾਕਤਾਂ ਖ਼ੁਦ- ਬ- ਖ਼ੁਦ ਗੋਡੇ ਟੇਕ ਦੇਣਗੀਆਂ, ਇਸ ਲਈ ਵਿਚਾਰ ਤਾਂ ਸਿਰਜਣਸ਼ੀਲਤਾ ਵਾਲੇ ਕਾਵਿਕ ਮਾਹੌਲ ਨੂੰ ਉਤਪੰਨ ਕਰਨ ਦੀ ਹੈ। ਉਪਰੋਕਤ ਅਨੁਸਾਰ ਗੁਰਭਜਨ ਗਿੱਲ ਵਧਾਈ ਦਾ ਪਾਤਰ ਹੈ ਜੋ ਆਪਣੀ ਕਾਵਿ - ਚੇਤਨਾ ਦੀ ਹੈਸੀਅਤ ਮੁਤਾਬਿਕ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।
ਕ੍ਰਿਸ਼ਨ ਸਿੰਘ ( ਪ੍ਰਿੰਸੀਪਲ)
ਮੋਬਾਈਲ ਫ਼ੋਨ: 9463989639
264 ਸੀ ਰਾਜ ਗੁਰੂ ਨਗਰ ਲੁਧਿਆਣਾ -141012