Panahian Di Patti (Poems collection)
ਪਨਾਹੀਆਂ ਦੀ ਪੱਤੀ (ਕਾਵਿ ਸੰਗ੍ਰਹਿ) : ਸੰਪਾਦਕ ਗੁਰਭਜਨ ਗਿੱਲ
ਜੀਵੇ ਧਰਤੀ ਪੰਜ ਦਰਿਆਵਾਂ ਦੀ - ਗੁਰਭਜਨ ਗਿੱਲ
ਜੀਵੇ ਧਰਤੀ ਪੰਜ ਦਰਿਆਵਾਂ ਦੀ, ਸੀਨੇ ਵਿਚ ਬੀਜੇ ਚਾਵਾਂ ਦੀ । ਅੱਜ ਟੁੱਟ ਕੇ ਤੰਦੋ ਤੰਦ ਹੋਈ, ਇਹਦੇ ਤੇਜ਼ ਧੜਕਦੇ ਸਾਹਵਾਂ ਦੀ । ਓਧਰ ਵੀ ਪੀੜਾਂ, ਘੱਟ ਨਹੀਂ, ਏਧਰ ਵੀ ਸੁਪਨ ਕਰੰਡੇ ਗਏ । ਸੂਰਜ ਦੇ ਹੁੰਦਿਆਂ ਸੁੰਦਿਆਂ ਹੀ, ਅਸੀਂ ਸਿਖ਼ਰ ਦੁਪਹਿਰੇ ਵੰਡੇ ਗਏ । ਉਹ ਹੋਰ ਕਿਤਾਬਾਂ ਲੱਭਦੇ ਰਹੇ, ਅਸੀਂ ਹੋਰ ਕਿਤਾਬਾਂ ਪੜ੍ਹਦੇ ਰਹੇ । ਸੋਚਾਂ ਨੂੰ ਨਾਗਾਂ ਵੱਸ ਪਾ ਕੇ, ਅਸੀਂ ਦੋਸ਼ ਹਵਾ ਸਿਰ ਮੜ੍ਹਦੇ ਰਹੇ । ਤੀਜੇ ਦੀ ਚੁੱਕਣਾ ਵਿਚ ਆ ਕੇ, ਅਸੀਂ ਭੁੱਲ ਬੈਠੇ ਸਾਂ ਲੋੜਾਂ ਨੂੰ । ਨੇਰ੍ਹੇ ਵਿਚ ਗਲੀਆਂ ਛਾਣਦਿਆਂ, ਭੁੱਲੇ ਜਾਂ ਘਰ ਦੀਆਂ ਥੋੜਾਂ ਨੂੰ । ਅਸੀਂ ਸਿਰਫ਼ ਕਚੀਚੀਆਂ ਵੱਟਦੇ ਰਹੇ, ਸਾਨੂੰ ਪਿਆਰ ਭਰੱਪਣ ਭੁੱਲ ਗਿਆ । ਤੇ ਸਵਾਹ ਦੀਆਂ ਪੁੜੀਆਂ ਸਾਂਭਦਿਆਂ, ਸਾਡਾ ਘਿਉ ਦਾ ਪੀਪਾ ਡੁੱਲ੍ਹ ਗਿਆ । ਮਹੁਰੇ ਦਾ ਵਣਜ ਵਿਹਾਜਦਿਆਂ, ਰੇਤੇ ਵਿਚ ਖੰਡ ਦੀ ਬੋਰੀ ਗਈ । ਅਸੀਂ ਪਿੱਛੇ ਪਿੱਛੇ ਤੁਰਦੇ ਗਏ, ਇਹ ਨਾਗਣ ਜਿੱਧਰ ਤੋਰੀ ਗਈ । ਵੰਝਲੀ ਦੀ ਥਾਂ ਤੇ ਤੋਪਾਂ ਨੇ, ਜੋ ਬੋਲ ਉਚਾਰੇ, ਸੁਣਦੇ ਰਹੇ । ਇਕ ਦੂਜੇ ਦੇ ਖਣਵਾਦੇ ਨੂੰ, ਅਸੀਂ ਬਿਨਾਂ ਪੋਣੀਓਂ ਪੁਣਦੇ ਰਹੇ । ਮਿਹਣੇ ਦਰ ਮਿਹਣੇ ਦੇਂਦੇ ਰਹੇ, ਅਸੀਂ ਆਹ ਕੀਤਾ, ਤੁਸੀਂ ਆਹ ਕੀਤਾ । ਅੱਗਾਂ ਦੀਆਂ ਖੇਡਾਂ ਖੇਡਦਿਆਂ, ਅਸੀਂ ਆਪਣਾ ਵਕਤ ਤਬਾਹ ਕੀਤਾ । ਫੁੱਲਾਂ ਦੀਆਂ ਖਿੜੀਆਂ ਲੜੀਆਂ ਨੂੰ, ਨਫ਼ਰਤ ਦੇ ਨਾਲ ਸਵਾਹ ਕੀਤਾ । ਰਲ ਜੀਣ ਮਰਨ ਦੀ ਰਹਿਤਲ ਨੂੰ, ਅਸੀਂ ਹੱਥੀਂ ਆਪ ਜ਼ਿਬਾਹ ਕੀਤਾ । ਅਸੀਂ ਸਾਂਝੇ ਚੰਨ ਦੇ ਟੋਟੇ ਕਰ, ਬੱਸ ਤਾਰਿਆਂ ਨਾਲ ਹੀ ਪਰਚ ਗਏ । ਸਦੀਆਂ ਦੀ ਸਾਂਝੀ ਪੂੰਜੀ ਨੂੰ, ਐਟਮ ਦੀ ਖ਼ਾਤਰ ਖ਼ਰਚ ਗਏ । ਅਸੀਂ ਭਰ ਵਗਦੇ ਦਰਿਆਵਾਂ ਦੇ, ਪਾਣੀ ਵਿਚ ਲੀਕਾਂ ਵਾਹ ਲਈਆਂ । ਧੁੱਪਾਂ ਤੇ ਛਾਵਾਂ ਵੰਡ ਲਈਆਂ, ਤੇ ਵੱਖ-ਵੱਖ ਮੰਜੀਆਂ ਡਾਹ ਲਈਆਂ । ਅਸੀਂ ਵੰਡਦੇ ਵੰਡਦੇ ਭੁੱਲ ਗਏ ਸਾਂ, ਮਾਂ ਬੋਲੀ ਤਾਂ ਹੀ ਸਾਂਝੀ ਰਹੀ । ਪਰ ਵਰ੍ਹਿਆਂ ਤੀਕਰ ਪੁੱਤਰਾਂ ਦੇ, ਇਹ ਮੇਲ-ਮਿਲਾਪੋਂ ਵਾਂਝੀ ਰਹੀ । ਸਾਨੂੰ ਛਲਦੀ, ਦਲ਼ਦੀ, ਮਲ਼ਦੀ ਰਹੀ, ਚੱਕੀ ਸਮਿਆਂ ਦੀ ਬੇਕਿਰਕ ਜਹੀ । ਸਾਹਾਂ ਦੇ ਆਟੇ ਵਿਚ ਰਲ ਗਈ, ਇਸ ਕਰਕੇ ਹੀ ਕੁਝ ਕਿਰਕ ਜਹੀ । ਚਾਵਾਂ, ਦਰਿਆਵਾਂ, ਸਾਹਵਾਂ ਵਿਚ, ਗਲਘੋਟੂ ਧੂੰਆਂ ਆ ਵੜਿਆ । ਸਾਡੇ ਨੀਲ-ਬਲੌਰੀ ਅੰਬਰਾਂ ਤੇ, ਦਿਨ ਦੀਵੀਂ ਕਾਲਾ ਚੰਨ ਚੜ੍ਹਿਆ । ਰਾਤਾਂ ਦੀ ਨੀਂਦਰ ਸਹਿਮ ਗਈ, ਸੁਪਨੇ ਵੀ ਥਰ ਥਰ ਕੰਬਦੇ ਰਹੇ । ਅਸੀਂ ਰੱਸੀਆਂ ਦੇ ਸੱਪ ਮਾਰਨ ਲਈ, ਇੱਕ ਦੂਜੇ ਤਾਈਂ ਡੰਗਦੇ ਰਹੇ । ਅਕਲਾਂ ਨੂੰ ਜੰਦਰੇ ਮਾਰ ਲਏ, ਤੇ ਪਸ਼ੂਆਂ ਵਾਂਗੂੰ ਖਹਿੰਦੇ ਰਹੇ । ਨੇਰ੍ਹੇ ਵਿਚ ਝੱਗੋ ਝੱਗ ਹੋ ਕੇ, ਦੂਜੇ ਨੂੰ ਮੰਦੜਾ ਕਹਿੰਦੇ ਰਹੇ । ਸਰਹੱਦਾਂ, ਹੱਦਾਂ ਬਾਲ ਬਾਲ, ਅਸੀਂ ਲੜ ਲੜ ਮਰ ਮਰ ਵੇਖ ਲਿਆ । ਇਕ ਦੂਜੇ ਦੇ ਘਰ ਸਾੜ ਸਾੜ, ਅਸੀਂ ਕੋਲੇ ਕਰ ਕਰ ਵੇਖ ਲਿਆ । ਇਸ ਅਗਨ ਖੇਡ ਵਿਚ ਹਰ ਵਾਰੀ, ਪੰਜਾਬੀ ਹੀ ਸੀ ਜੀਅ ਮਰਦਾ । ਜੇ ਪੁੱਤਰਾਂ ਨੂੰ ਹੀ ਸ਼ਰਮ ਨਹੀਂ, ਰਾਵੀ ਦਾ ਪਾਣੀ ਕੀਹ ਕਰਦਾ? ਸਤਿਲੁਜ ਤੇ ਬਿਆਸ ਉਦਾਸ ਜਹੇ, ਜੇਹਲਮ ਨੂੰ ਮਿਲਣੋਂ ਡਰਦੇ ਰਹੇ । ਸੋਹਣੀ ਦੇ ਝਨਾਂ ਨੂੰ ਤਰਨ ਲਈ, ਮਹੀਂਵਾਲ ਤਰਸ ਕੇ ਮਰਦੇ ਰਹੇ । ਦੋ ਚੁੱਲ੍ਹਿਆਂ ਤੇ ਇੱਕ ਟੱਬਰ ਦੀ, 'ਕੱਠੀ ਬਣ ਸਕਦੀ ਰੋਟੀ ਸੀ । ਵਿਚਕਾਹੇ ਬਲਦੀ ਲੀਕ ਜੇਹੀ, ਗੋਰੇ ਦੀ ਨੀਅਤ ਖੋਟੀ ਸੀ । ਅਸੀਂ ਨਫ਼ਰਤ ਨਫ਼ਰਤ ਖੇਡਦਿਆਂ, ਪਿਆਰਾਂ ਦੀ ਬਾਜ਼ੀ ਹਾਰ ਗਏ । ਅਸੀਂ ਕਣਕ ਕਪਾਹਾਂ ਵੇਚ ਵੇਚ, ਤੀਜੇ ਹੱਥ ਬਣ ਹਥਿਆਰ ਗਏ । ਹਥਿਆਰਾਂ ਤੋਂ, ਸਰਕਾਰਾਂ ਤੋਂ, ਧਰਤੀ ਦੇ ਖੇਖਣਹਾਰਾਂ ਤੋਂ । ਇਹ ਪਾਣੀ ਸੁੱਚੇ ਰੱਖਣੇ ਨੇ, ਹੁਣ ਰੱਤ ਦੇ ਵਣਜ ਵਪਾਰਾਂ ਤੋਂ । ਅਸੀਂ ਭਗਤ ਸਿੰਘ ਸਰਦਾਰ ਵਾਂਗ, ਲੈਣੀ ਏ ਗੁੜ੍ਹਤੀ ਦੁੱਲੇ ਤੋਂ । ਤੇ ਸਾਂਝੀ ਲੋਕ ਵਿਰਾਸਤ ਲਈ, ਖਾਣੀ ਏ ਬੁਰਕੀ ਬੁੱਲ੍ਹੇ ਤੋਂ । ਅਸੀਂ ਵਾਰਿਸ ਸ਼ਾਹ ਦੇ ਵਾਰਿਸ ਹਾਂ, ਤੇ ਨਾਨਕ ਦੀ ਸੰਤਾਨ ਵੀ ਹਾਂ । ਅੱਜ ਕਿੱਦਾਂ ਇਹ ਗੱਲ ਭੁੱਲ ਜਾਈਏ, ਕਲਬੂਤ ਅਲੱਗ, ਇੱਕ ਜਾਨ ਵੀ ਹਾਂ । ਵਰ੍ਹਿਆਂ ਦੀ ਕੁੜੱਤਣ ਪੀ ਪੀ ਕੇ, ਹੁਣ ਜਾਨ ਨੂੰ ਸੂਲੀ ਟੰਗਣਾ ਨਹੀਂ । ਇਕ ਦੂਜੇ ਦੀ ਸ਼ੁਭ ਖ਼ੈਰ ਬਿਨਾਂ, ਹੁਣ ਜੀਭੋਂ ਕੁਝ ਵੀ ਮੰਗਣਾ ਨਹੀਂ । ਇਨ੍ਹਾਂ ਪੰਜ ਦਰਿਆਈ ਪੁੱਤਰਾਂ ਨੂੰ, ਹੁਣ ਸਾਂਝੀ ਧੜਕਣ ਬਰ ਆਵੇ । ਤੇ ਰਿਸ਼ਮ ਰੁਪਹਿਲੀ ਦਿਨ ਚੜ੍ਹਦੇ, ਇਨ੍ਹਾਂ ਦੋਂਹ ਵੀਰਾਂ ਦੇ ਘਰ ਆਵੇ।
ਅਜ਼ਾਦੀ ਕਿ ਸ਼ੰਖਨਾਦ? - ਬਲਦੇਵ ਕ੍ਰਿਸ਼ਨ ਸ਼ਰਮਾ
(15 ਅਗਸਤ,1947) ਇਹ ਅਜ਼ਾਦੀ ਨਹੀਂ ਸੀ, ਸਿਰਫ ਸ਼ੰਖਨਾਦ ਸੀ; 'ਅਖੰਡ' ਨਾਲ਼ੋਂ ; 'ਅ' ਦੀਆਂ ਲੱਤਾਂ ਖਿੱਚ, ਇਸਦੇ ਵਿਰੋਧੀ ਸ਼ਬਦ ਦਾ, ਬਹੁ ਵਚਨ ਬਣਾਉਣ ਦੀ, ਰੀਤ 'ਤੇ ਠੋਕ ਕੇ ਪਹਿਰਾ, ਦੇਣ ਦਾ। ਇਹ ਸ਼ੰਖਨਾਦ ਸੀ; ਝੋਲ਼ੀ ਚੁੱਕ ਮੋਢੀਆਂ ਦੀ, ਅੜੀ 'ਚੋਂ ਨਿਕਲ਼ੇ, ਪੀੜ੍ਹੀਆਂ ਦੇ, ਸਦੀਵੀ ਸੰਤਾਪ ਦਾ। ਇਹ ਸ਼ੰਖਨਾਦ ਸੀ; 1947 ਦੀ ਲੂੰ ਕੰਢੇ, ਖੜ੍ਹੀ ਕਰਦੀ, ਵਲੂੰਦਰੀ ਤਵਾਰੀਖ, ਲਿਖਣ ਦਾ। ਇਹ ਸ਼ੰਖਨਾਦ ਸੀ; ਆਪਣਿਆਂ ਹੱਥੋਂ, ਆਪਣਿਆਂ ਦੇ, ਪਰਖਚੇ ਉਡਾਉਂਦੇ , ਵਾ-ਵਰੋਲ਼ੇ ਦਾ। ਇਹ ਸ਼ੰਖਨਾਦ ਸੀ; 'ਰੈੱਡ ਕਲਿਫ' ਨਾਂ ਦੀ , ਮਨਹੂਸ ਝਰੀਟ ਨੂੰ, ਬੇਦੋਸ਼ਿਆਂ ਦੇ ਗਾੜ੍ਹੇ ਰੱਤ ਨਾਲ਼, ਸਦੀਵੀ ਕਰਨ ਦਾ, ਅਮਿੱਟ ਕਰਨ ਦਾ। ਇਹ ਸ਼ੰਖਨਾਦ ਸੀ; ਚੀਰ ਹਰਣਾਂ ਦੇ ਖੌਫਨਾਕ, ਦੁਵੱਲੇ ਮੰਜ਼ਰਾਂ 'ਤੇ, ਹੋਣ ਵਾਲ਼ੇ ਵਹਿਸ਼ੀ, ਤਾਂਡਵ ਨਾਚ ਦਾ। ਇਹ ਸ਼ੰਖਨਾਦ ਸੀ; ਫੁੱਟ ਪਾਓ ਦੀ; ਗੁੜ੍ਹਤੀ ਦੀ, ਰਾਜ ਕਰੋ ਤੱਕ, ਲਾਜ ਰੱਖਣ ਦਾ। ਇਹ ਸ਼ੰਖਨਾਦ ਸੀ; ਲਾਲ ਫੀਤਾ ਕੁੰਞਾਂ ਦਾ, ਸਫੈਦ ਕੁੰਞਾਂ 'ਚ, ਤਬਦੀਲ ਹੋ ਜਾਣ ਦਾ। ਇਹ ਸ਼ੰਖਨਾਦ ਸੀ; ਸੂਰਿਆਂ ਦੀ ਘਾਲਣਾ ਨੂੰ, ਅਕ੍ਰਿਤਘਣਤਾ ਦੀ, ਚਾਦਰ ਨਾਲ਼, ਕੱਜਣ ਦਾ। ਇਹ ਸ਼ੰਖਨਾਦ ਸੀ; ਸਵਦੇਸ਼ੀ ਕੱਚੇਮਾਲ ਨਾਲ਼, ਗਰਭਵਤੀ ਹੋ ਉੱਧਲ਼ੀ ਹੋਈ, ਬਦਕਾਰ ਵਿਦੇਸ਼ਣ ਦੀ ਕੁੱਖੋਂ, ਜਨਮੇ 'ਬ੍ਰਾਂਡਡ' ਨਾਂ ਦੇ ਬੱਚਿਆਂ' ਦੀ, ਆਰਤੀ ਉਤਾਰਨ ਦਾ। ਇਹ ਸ਼ੰਖਨਾਦ ਸੀ; ਇੱਕ ਮੱਕਾਰਨ ਦੀ ਲੁੱਟ ਨੂੰ, ਬਹੁਰਾਸ਼ਟਰਤਾ ਦੇ ਬੈਨਰ ਹੇਠ, ਢੱਕ ਕੇ ਸੰਸਾਰਕ ਲੋਟੂਆਂ ਨੂੰ , ਖੁੱਲ੍ਹਾ ਸੱਦਾ ਦੇਣ ਦਾ। ਇਹ ਸ਼ੰਖਨਾਦ ਸੀ; ਰੰਗ,ਧਰਮ,ਜਾਤ-ਪਾਤ ਤੇ, ਫਿਰਕਾਪ੍ਰਸਤੀ ਜਿਹੀਆਂ , ਜ਼ਹਿਰੀਲੀਆਂ ਗੈਸਾਂ ਦੇ, ਹਾਈਟੈੱਕ ਛਿੜਕਾਓ ਦਾ। ਇਹ ਸ਼ੰਖਨਾਦ ਸੀ; ਕਿਸੇ ਬੂਟ ਚੱਟ ਵੱਲੋਂ , ਕਿਸੇ ਗੋਰੇ ਲਈ ਗਏ , ਉਸਤਤੀ ਗਾਣ 'ਤੇ, ਰਾਸ਼ਟਰੀਗਾਣ ਦਾ ਚਮਕੀਲਾ, ਸਟਿੱਕਰ ਲਾਉਣ ਦਾ। ਇਹ ਸ਼ੰਖਨਾਦ ਸੀ, ਸਬਸਿਡੀਆਂ ਦਾ ਚੋਗਾ ਖਿਲਾਰ , ਉਪਜੀਵਕਾ ਦੇ ਮਸਲਿਆਂ ਨੂੰ, ਪਿੰਜਰੇ 'ਚ ਪਾ ਉੱਚੀ ਕਿੱਲੀ 'ਤੇ, ਟੰਗਣ ਦਾ। ਇਹ ਸ਼ੰਖਨਾਦ ਸੀ; ਗੋਰੀ ਚਮੜੀ ਤੋਂ, ਕਣਕ ਵੰਨ੍ਹੀ ਚਮੜੀ ਤਾਈਂ, ਦਮਨਕਾਰੀ ਨੀਤੀਆਂ ਦੇ , ਹਸਤਾਂਤਰਣ ਦਾ। ਹਾਂ; ਇਹ ਅਜ਼ਾਦੀ ਨਹੀਂ ਸੀ, ਮਹਿਜ਼ ਸ਼ੰਖਨਾਦ ਸੀ, ਸ਼ੰਖਨਾਦ।
ਆਵੇ ਵਤਨ ਪਿਆਰਾ ਚੇਤੇ - ਬਾਬੂ ਰਜਬ ਅਲੀ
ਮੰਨ ਲਈ ਜੋ ਕਰਦਾ ਰੱਬ ਪਾਕਿ ਐ । ਆਉਂਦੀ ਯਾਦ ਵਤਨ ਦੀ ਖ਼ਾਕ ਐ । ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ । ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ । ਭੜਥਾ ਬਣ ਗਈ ਦੇਹੀ ਐ । ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ? ਜਾਂਦੇ ਲੋਕ ਨਗਰ ਦੇ ਰਸ ਬੂ । ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ । ਹੋ ਗਿਆ ਜਿਗਰ ਫਾੜੀਉਂ-ਫਾੜੀ । ਵੱਢਦੀ ਚੱਕ ਚਿੰਤਾ ਬਘਿਆੜੀ, ਹੱਡੀਆਂ ਸਿੱਟੀਆਂ ਚੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਸੋਹਣੀਏ 'ਸਾਹੋ' ਪਿੰਡ ਦੀਏ ਵੀਹੇ । ਬਚਪਨ ਦੇ ਵਿਚ ਪੜ੍ਹੇ 'ਬੰਬੀਹੇ' । ਚੂਰੀ ਖੁਆ ਮਾਂ ਪਾਤੇ ਰਸਤੇ । ਚੱਕ ਲਏ ਕਲਮ ਦਵਾਤਾਂ ਬਸਤੇ । ਸ਼ੇਰ, ਨਿਰੰਜਣ, ਮਹਿੰਗੇ ਨੇ । ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ । ਪੰਜ ਪਾਸ ਕਰਕੇ ਤੁਰ ਗਏ ਮੋਗੇ । ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ । ਪੈਸੇ ਖਾ ਮਠਿਆਈਆਂ ਬਚਦੇ । ਵੇਂਹਦੇ ਸ਼ਹਿਰ ਸੜਕ ਪਰ ਨਚਦੇ, ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਕਰ ਐਂਟਰੈਂਸ ਪਾਸ ਸਕੂਲੋਂ । ਓਵਰਸੀਅਰ ਬਣੇਂ ਰਸੂਲੋਂ । ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ । ਦੌਲਤ ਪਾਣੀ ਵਾਂਗੂੰ ਵਰਤੀ । ਬਹੁਤ ਬਹਾਰਾਂ ਮਾਣੀਆਂ । ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ । ਬਦਲੇ ਜਗਰਾਵਾਂ ਕੋਲੇ 'ਖਾੜੇ' । ਵਰ੍ਹਦੀਆਂ ਕਣੀਆਂ ਰੂਪ ਦੀਆਂ 'ਤਿਹਾੜੇ' । ਅਫ਼ਲਾਤੂਨ ਵਰਗੀਆਂ ਅਕਲਾਂ । ਗੱਭਰੂ ਮੁਟਿਆਰਾਂ ਪਰ ਸ਼ਕਲਾਂ, ਸੋਹਣੀ ਬਣ ਗਈ ਛੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਜਬ ਜੰਗ ਕਰਦੇ ਬਿਰਟਸ਼-ਜਰਮਣ । 'ਬਸਰੇ' ਵਗ ਗਿਆ ਮਾਂ ਦਾ ਸਰਬਣ । ਮੁਲਕ ਉਹ ਕੋਹਾਂ ਕਾਫ਼ਾਂ ਤੋਂ ਨੇੜੇ । ਮਾਰੇ ਸਬਜ਼ ਸ਼ਹਿਰ ਵੱਲ ਗੇੜੇ, ਵਹਾਂ ਟਿਕਾਣੇ ਪਰੀਆਂ ਦੇ । ਅਜਬ ਨਜਾਰੇ ਦੇਖੇ, ਰੱਬ ਦੀਆਂ ਕਾਰਾਗਰੀਆਂ ਦੇ । ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ । ਪਿੰਡ ਦੀਆਂ ਮਿੱਟੀਆਂ, ਖੰਡ ਦੀਆਂ ਡਲੀਆਂ । ਬਾਂਕੇ ਗੱਭਰੂ ਦਿਲ ਨੂੰ ਮੋਹਣੇ । ਬਿਲਡਿੰਗ ਨਿਊਯਾਰਕ ਤੋਂ ਸੋਹਣੇ, ਰਹੇ ਚੁਬਾਰੇ ਫੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਮੁਕਤਸਰ, ਢਿੱਪਾਂ ਵਾਲੀ, ਮਹਾਂ ਵੱਧਰ । ਨੀਤਾਂ ਸਾਫ਼, ਦਿਲਾਂ ਦੇ ਪੱਧਰ । ਲੋਗ ਐ ਇਨ ਨਗਰਾਂ ਦੇ ਦਾਤੇ । ਮਾਘੀ ਨ੍ਹਾਉਣ 'ਤੇ ਬੋਹਲ ਲੁਟਾ ਤੇ । ਦਾਣੇ ਪੀਹਣ ਮਸ਼ੀਨਾਂ ਤੇ । ਬਚੜੇ ਜਿਉਣ ਸਦਾ ਸੁਖ ਮਾਣਨ, ਬਣ ਗਿਆ ਸੁਰਗ ਜ਼ਮੀਨਾਂ ਤੇ । ਖ਼ੁਸ਼ੀਆਂ ਕਰਨ ਦੀਵਾਨ ਲਗਾਉਂਦੇ । ਸੈਣੇ ਵਜਦੇ ਸ਼ਬਦ ਸੁਣਾਉਂਦੇ । ਆਉਂਦੇ ਪਰਚਾਰਕ ਤੇ ਢਾਡੀ, ਤੜਕੇ ਉੱਠ ਕੇ ਧੋਂਦੇ ਬਾਡੀ, ਸ਼ਾਇਰ ਸੁਣਾਉਂਦੇ ਕਬਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਆ ਗਏ ਬਦਲ ਮੁਕਤਸਰੋਂ 'ਢਹਿਪਈ' । ਬਾਗ਼ੀਂ ਬੁਲਬੁਲ ਕਰੇ ਚਹਿਚਹਿ ਪਈ । ਵੇਖੇ ਕੋਟ ਫ਼ਰੀਦ ਦੁਸਹਿਰੇ । ਹੋਵਣ ਲਗਦੇ ਫ਼ੈਰ ਦੁਪਹਿਰੇ, ਤੋਪਚੀ ਤੋਪ ਚਲਾਵਣ ਜੀ । ਪਾਪ ਕਰਿਉ ਨਾ, ਪਾਪੀ, ਹਰ ਸਾਲ ਸੜਦਾ ਰਾਵਣ ਜੀ । ਆ ਗਏ 'ਕੈਰੇ' ਬੜੀ ਆਬਾਦੀ, ਚਾਹਾਂ ਪੀ ਕੇ ਗੁੱਡਣ ਕਮਾਦੀ । ਲਾ ਲਏ ਖੇਤ-ਖੇਤ ਵਿੱਚ ਕੂੰਏਂ, ਖੰਡ ਦੀਆਂ ਡਲੀਆਂ ਨਿਕਲਣ ਧੂੰਏਂ, ਖਾਂਡ ਬਣਾਉਂਦੇ ਸਭ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਫੇਰ ਮੈਨੂੰ 'ਚੱਕ' ਦਾ ਸੈਕਸ਼ਨ ਦੇ ਗੇ । ਜੱਗੂ ਰਾਮਣ ਜਾਂਦੇ ਬੇਗੇ । ਸੋਹਣੇ ਮਿਰਜ਼ੇ ਵਰਗੇ ਲਾੜੇ, ਬੱਬਰ ਮਾਰ ਸੰਗੀਨਾਂ ਪਾੜੇ, ਚੜ੍ਹ ਕੇ 'ਚੱਕ' ਨੂੰ ਜਾਣਾ ਸੀ । ਪੁਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ । ਜਾਂ ਮੈਂ ਆਉਂਦੇ ਵੇਖੇ ਜਮ 'ਜਹੇ । ਮੇਰੇ ਉਖੜੇ ਫਿਰਦੇ ਦਮ ਜਹੇ । ਦੂਰੋਂ ਵੇਖ ਮੈਂ ਦੇ ਗਿਆ ਤੀੜਾਂ । ਮੇਰੀਆਂ ਪੈਂਦੀਆਂ ਜਾਣ ਪਦੀੜਾਂ, ਉਡਦੀ ਜਾਂਦੀ ਗੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । 'ਸੀਤੋ', 'ਬਿਸ਼ਨਪੁਰੇ', 'ਸੁਖਚੈਨ' ਐ । ਏਧਰ ਮਿਰਗ ਜ਼ਿਆਦਾ ਰਹਿਣ ਐ । ਮੁਛਦੇ ਫਿਰਦੇ ਹਾੜੀ ਸਾਉਣੀ । ਹੀਰਿਆਂ ਹਰਨਾਂ ਜਿਹਾਂ ਦੀ ਛਾਉਣੀ । ਹੈ ਵਿੱਚ ਖੁਲ੍ਹੀਆਂ ਰੋਹੀਆਂ ਦੇ । ਵੜਨ ਨਾ ਦੇਣ ਸ਼ਿਕਾਰੀ, ਬਾਰਾਂ ਪਿੰਡ ਬਿਸ਼ਨੋਈਆਂ ਦੇ । 'ਤਿਹੁਣੇ', 'ਰਾਇਕੇ', 'ਮਾਹੂਆਣੇ' । 'ਬਾਦਲ', 'ਖੁੱਡੀਆਂ', 'ਅਬੁਲ-ਖੁਰਾਣੇ', ਕੁੱਲ ਸਰਦਾਰ ਨਵਾਬਾਂ ਵਰਗੇ, ਕੋਠੇ ਨਰਮਿਆਂ ਦੇ ਨਾਲ ਭਰ ਗੇ, ਇਨ ਪਰ ਰਾਜ਼ੀ ਰੱਬ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ । ਬੈਠਾ 'ਬਾਜਕ', 'ਲੰਬੀ', 'ਸਹੁਜਾਂ' । 'ਜੰਘੀਰਾਣੇ' ਲੈ ਲੀਆਂ ਮੌਜਾਂ । 'ਝੁੰਬਾ', 'ਗਿਦੜਵਾਹਾ' ਤੇ 'ਚੁੱਘੇ' । 'ਬਾਬੂ ਰਜਬ ਅਲੀ' ਹੋਸ ਗਏ ਉੱਘੇ । ਮੇਲੇ ਵੇਖ ਬਠਿੰਡੇ ਜੀ । ਖਾੜੇ ਫ਼ਤਹਿ, ਅਜ਼ੀਜ਼ ਲਗਾਉਂਦੇ, ਜੈਸੇ ਟੀਕਣ ਬਿੰਡੇ ਜੀ । ਸੁਣ ਜਗਮੇਲ, ਬਸੰਤ ਪਿਆਰਿਉ । ਪਰ ਜਿੰਦ ਰੱਬ ਦੇ ਨਾਂ ਤੇ ਵਾਰਿਉ । ਪੈਂਦਾ ਸੁੱਤਾ ਜਾਗ ਨਸੀਬਾ । ਜਾਂਦਾ ਕਿਸਮਤ ਦੇ ਨਾਲ ਬੀਬਾ, ਜਨਮ ਅਮੋਲਕ ਲੱਭ ਤਾਂ ਜੀ । ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ।
ਟੁੱਟੀ ਸਿਤਾਰ - ਫੀਰੋਜ਼ਦੀਨ ਸ਼ਰਫ਼
ਬਸ ਬਸ ਰਾਗੀਆ ਵੇ, ਮੈਨੂੰ ਹੱਥ ਲਾਈਂ ਨਾ। ਫੱਟ ਮੇਰੇ ਅੱਲੜੇ ਨੇ, ਛੇੜ ਕੇ ਦੁਖਾਈਂ ਨਾ । ਮੇਰੇ ਰੰਗ ਰੂਪ ਉੱਤੇ ਕਾਹਨੂੰ ਏਂ ਤੂੰ ਡੋਲਿਆ ? ਉੱਜੜੀ ਦੁਕਾਨ ਵਿੱਚੋਂ ਲੈਨਾ ਏ ਕੀ ਭੋਲਿਆ ! ਫੁੱਲ ਮੇਰੇ ਦੇਖ ਨਾ ਤੂੰ ਚਿੱਤਰੇ ਤੇ ਉੱਕਰੇ । ਘੁਣ ਖਾਧੀ ਲੱਕੜੀ ਮੈਂ ਖੜੀ ਹੋਈਆਂ ਨੁੱਕਰੇ । ਮੇਰੇ ਤੇ ਵੀ ਇਕ ਰੋਜ਼ ਹੁਸਨ ਦੀ ਬਹਾਰ ਸੀ । ਮੈਨੂੰ ਚੁੱਕੀ ਫਿਰਦਾ ਇਹ ਕਿਸੇ ਦਾ ਪਿਆਰ ਸੀ । ਬੁਲ੍ਹੀਆਂ ਤੇ ਗੀਤ ਸਨ ਮਿੱਠੇ ਮਿੱਠੇ ਸੱਚ ਦੇ । ਸੀਨੇ ਉੱਤੇ ਹੱਥ ਹੈਸਨ ਸੱਜਣਾਂ ਦੇ ਨੱਚਦੇ। ਪਿਆਰਾਂ ਵਾਲੇ ਗੀਤ ਸੁਣ ਝੂਮਦਾ ਜ਼ਮਾਨਾ ਸੀ! ਮੇਰੇ ਰਾਗ ਰੂਪ ਉੱਤੇ ਮਾਹੀ ਵੀ ਦੀਵਾਨਾ ਸੀ। ਅਰਸ਼ਾਂ ਦੀਆਂ ਟੀਸੀਆਂ ਨੂੰ ਬੋਲ ਹੈਸਨ ਛੋਂਹਵਦੇ । ਪੱਥਰਾਂ ਦੇ ਦਿਲ ਬੀ ਸਨ ਪਾਣੀ ਪਾਣੀ ਹੋਂਵਦੇ । ਮੇਰੀ, ਮੇਰੇ ਮਾਹੀ ਦੀ ਵੀ ਇੱਕੋ ਸੁਰ ਤਾਲ ਸੀ। ਮਾਹੀ ਦੇ ਮੈਂ ਨਾਲ ਹੈ ਸਾਂ, ਮਾਹੀ ਮੇਰੇ ਨਾਲ ਸੀ। ਖ਼ੁਸ਼ੀ ਵਾਲੀ ਨੈਂ ਹੈਸੀ ਚੜ੍ਹ ਚੜ੍ਹ ਵਗਦੀ । ਗੋਦੀ ਵਿਚ ਬੈਠਦੀ ਸਾਂ, ਗਲੇ ਨਾਲ ਲਗਦੀ । ਹੱਥ ਐਸਾ ਵੱਜਾ ਕੋਈ ਤਾਰ ਮੇਰੇ ਟੁੱਟ ਗਏ । ਗਲੇ ਤੋਂ ਵਿਛੋੜ ਕੇ ਤੇ ਮਾਹੀ ਮੈਨੂੰ ਸੁੱਟ ਗਏ । ਵਿਗੜੀ ਹੋਈ ਸੱਜਣਾਂ ਨੇ ਮੁੜ ਨਾ ਬਣਾਈ ਏ । ਗਲੇ ਨਾਲ ਸੋਹਣੀ ਮੈਥੋਂ ਹੋਰ ਕੋਈ ਲਾਈ ਏ । ‘ਸ਼ਰਫ਼’ ਮੈਨੂੰ ਛੇੜ ਨਾ, ਮੈਂ ਬੋਲਣੋਂ ਲਾਚਾਰ ਹਾਂ। ਰਾਗੀਆ ! ਸਿਤਾਰ ਨਹੀਂ ਵੇ, ਵਿੱਛੜੀ ਮੈਂ ਨਾਰ ਹਾਂ ।
ਵੇ ਭੈਣਾਂ ਦਿਓ ਵੀਰੋ - ਅਹਿਮਦ ਰਾਹੀ
ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ ! ਵੇ ਮੇਰੀ ਚੁੰਨੀ ਲੀਰਾਂ ਕਤੀਰਾਂ ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ ਰਾਤ ਹਨੇਰੀ ਖਿੱਲੀਆਂ ਮਾਰੇ ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ ! ਵੇ ਮੇਰੀ ਚੁੰਨੀ ਲੀਰਾਂ ਕਤੀਰਾਂ ਟੁੱਟੀਆਂ ਸਾਰੀਆਂ ਹੱਦਾਂ ਬੰਨੇ ਇਥੇ ਸਾਰੇ ਹੋ ਗਏ ਅੰਨ੍ਹੇ ਭੈਣਾਂ ਲੁੱਟੀਆਂ ਵੀਰਾਂ, ਭੈਣਾਂ ਦਿਓ ਵੀਰੋ ! ਵੇ ਮੇਰੀ ਚੁੰਨੀ ਲੀਰਾਂ ਕਤੀਰਾਂ ਲੇਖਾਂ ਉਤੇ ਸ਼ਾਹੀਆਂ ਡੁਲ੍ਹੀਆਂ ਸੇਜੋਂ ਡਿੱਗ ਕੇ ਪੈਰੀਂ ਰੁਲੀਆਂ ਸੱਸੀਆਂ, ਸੋਹਣੀਆਂ, ਹੀਰਾਂ, ਭੈਣਾਂ ਦਿਓ ਵੀਰੋ ! ਵੇ ਮੇਰੀ ਚੁੰਨੀ ਲੀਰਾਂ ਕਤੀਰਾਂ ਭੈਣ ਕਿਸੇ ਦੀ ਪਈ ਕੁਰਲਾਵੇ ਖੁੰਝਿਆ ਵੇਲਾ ਹੱਥ ਨਾ ਆਵੇ ਕਰ ਲਉ ਕੁਝ ਤਦਬੀਰਾਂ, ਭੈਣਾਂ ਦਿਓ ਵੀਰੋ ! ਵੇ ਮੇਰੀ ਚੁੰਨੀ ਲੀਰਾਂ ਕਤੀਰਾਂ ਬਾਬਲ ਦੀਆਂ ਅੱਖੀਆਂ ਦੇ ਚਾਨਣ, ਅੰਮੀਂ ਦੇ ਅਰਮਾਨ ਮੌਤ ਦੀ ਘੋੜ੍ਹੀ ਚੜ੍ਹੇ ਅੱਜ ਵੀਰਾਂ ਦੀ ਭੈਣ ਨਿਮਾਣੀ, ਕਿਸਦੀ ਵਾਗ ਫੜੇ ਭੈਣਾਂ ਦਿਉ ਵੀਰੋ। ਵੇ ਮੇਰੀ ਚੁੰਨੀ ਲੀਰਾਂ ਕਤੀਰਾਂ।
ਗੁਰੂ ਨਾਨਕ ਨੂੰ - ਪ੍ਰੋਫੈਸਰ ਮੋਹਨ ਸਿੰਘ
ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ । 'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ, ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ । ਜੋ ਖ਼ਾਬ ਸੀ ਤੂੰ ਦੇਖਿਆ, ਵਣ ਥੱਲੇ ਸੁੱਤਿਆਂ, ਸੋਹਣਾ ਉਹ ਤੇਰਾ ਖ਼ਾਬ ਪਰੇਸ਼ਾਨ ਹੋ ਗਿਆ । ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਭੜੇ, ਪੰਜ-ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ । ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ, ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ । ਜੁੱਗਾਂ ਦੀ ਸਾਂਝੀ ਸੱਭਿਤਾ ਪੈਰੀਂ ਲਿਤੜ ਗਈ, ਸਦੀਆਂ ਦੇ ਸਾਂਝੇ ਖੂਨ ਦਾ ਵੀ ਨਹਾਣ ਹੋ ਗਿਆ । ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ, ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ । ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ, ਏਧਰ ਮਸੀਤੋਂ ਬਾਹਰ ਹੈ ਕੁਰਆਨ ਹੋ ਗਿਆ । ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪਤ ਗਈ ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ । ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ, ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ । ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ, ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ । ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ, ਕਿ ਕੁਫ਼ਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ । ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ, ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ । ਮੁੜ ਭਾਗੋਆਂ ਦੇ ਚਾਦਰੀਂ ਛਿੱਟੇ ਨੇ ਖ਼ੂਨ ਦੇ, ਮੁੜ ਲਾਲੋਆਂ ਦੇ ਖ਼ੂਨ ਦਾ ਨੁਚੜਾਨ ਹੋ ਗਿਆ । ਫਿਰ ਉਚਿਆਂ ਦੇ ਮਹਿਲਾਂ ਤੇ ਸੋਨਾ ਮੜ੍ਹੀ ਰਿਹਾ, ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਣ ਹੋ ਗਿਆ । 'ਉਸ ਸੂਰ ਉਸ ਗਾਉਂ' ਦਾ ਹੱਕ ਨਾਹਰਾ ਲਾਇਆ ਤੂੰ ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ । ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖ਼ੂਨ ਦੇ, ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ । ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ: "ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ ।"
ਅੱਜ ਆਖਾਂ ਵਾਰਸ ਸ਼ਾਹ ਨੂੰ ! - ਅੰਮ੍ਰਿਤਾ ਪ੍ਰੀਤਮ
ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ ! ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ! ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ: ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਲਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ ਅੱਜ ਸੱਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ ! ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ - ਡਾ. ਹਰਿਭਜਨ ਸਿੰਘ
ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ, ਵੇ ਕਾਲਖਾਂ 'ਚ ਤਾਰਿਆਂ ਦੀ ਡੁਬ ਗਈ ਸਵੇਰ ; ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ੍ਹ, ਵੇ ਖਿੰਡ ਗਈਆਂ ਮਹਿਫ਼ਲਾਂ ਤੇ ਛਾ ਗਈ ਉਜਾੜ ; ਵੇ ਜ਼ਿੰਦਗੀ ਖ਼ਮੋਸ਼, ਬੇਹੋਸ਼ ਕਾਇਨਾਤ । ਹੈ ਖੂਹਾਂ ਵਿਚ ਆਦਮੀ ਦੀ ਜਾਗਦੀ ਸੜ੍ਹਾਂਦ, ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ ; ਵੇ ਸੀਤ ਨੇ ਮੁਆਤੇ ਤੇ ਗ਼ਸ਼ ਹੈ ਜ਼ਮੀਨ, ਵੇ ਸੀਨਿਆਂ 'ਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ ; ਵਿਹਲਾ ਹੋ ਕੇ ਸੌਂ ਗਿਆ ਏ ਲੋਹਾ ਅਸਪਾਤ । ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨ ਕੇਰ, ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ ; ਹਮੇਸ਼ ਨਹੀਂ ਕੁੱਦਣਾ ਮਨੁੱਖ ਨੂੰ ਜਨੂੰਨ, ਹਮੇਸ਼ ਨਹੀਂ ਡੁੱਲ੍ਹਣਾ ਜ਼ਮੀਨ ਉੱਤੇ ਖ਼ੂਨ ; ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਙ ਰਾਤ । ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ।
ਆਜ਼ਾਦੀ - ਗੁਰਦਾਸ ਰਾਮ ਆਲਮ
ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ, ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ। ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ, ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ। ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ, ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ। ਦਿੱਲੀ ’ਚ ਆਉਂਦੀ ਹੈ ਸਰਦੀ ਦੀ ਰੁੱਤੇ, ਤੇ ਹਾੜਾਂ ’ਚ ਰਹਿੰਦੀ ਪਹਾੜਾਂ ਦੇ ਉੱਤੇ। ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ, ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ। ਅਖ਼ਬਾਰਾਂ ’ਚ ਪੜ੍ਹਿਆ ਜਰਵਾਣੀ ਜਿਹੀ ਏ, ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ। ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ, ਛੰਨਾਂ ਤੇ ਢਾਰਿਆਂ ’ਚ ਭੁੰਜੇ ਸਵਾਈਏ। ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ, ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ। ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ, ਬਈ ਸਾਡੀ ਤਾਂ ਖੁਰਲੀ ’ਚ ਟਾਂਡੇ ਹੁੰਦੇ ਨੇ।
ਸੰਨ-ਸੰਤਾਲੀ
ਲਾਲ-ਲਕੀਰ ਦੇ ਆਰ-ਪਾਰ - ਹਰਭਜਨ ਸਿੰਘ ਹੁੰਦਲ1. ਕਾਲੀ-ਬੋਲੀ ਹਨ੍ਹੇਰੀ ਵਾਂਗ ਆ ਰਿਹਾ ਸੀ ਨੇੜੇ ਨੇੜੇ ਪੰਦਰਾਂ-ਅਗਸਤ ਤੇ ਪਤਾ ਨਹੀਂ ਸੀ ਕਿ ਕਿਹੜਾ ਚੰਦ ਚੜ੍ਹਨਾ ਸੀ ਉਸ ਦਿਹਾੜੇ । ਸਕੂਲ ਬੰਦ ਸਨ ਤੇ ਅਸੀਂ ਵਿਹਲੇ ਮਾਸਟਰਾਂ ਦੀ ਡੰਡਾ-ਪ੍ਰੇਡ ਤੋਂ ਮੁਕਤ । ਪਤਾ ਉਦੋਂ ਲੱਗਾ, ਜਦੋਂ ਪਿੰਡੋਂ ਇੱਕ ਜਣਾ ਘੋੜੀ ਭਜਾਉਂਦਾ ਆਇਆ ਤੇ ਆਖਣ ਲੱਗਾ, ''ਖੋਲ੍ਹ ਦਿਓ ਰੱਸੇ ਸੰਗਲ ਸਭ ਡੰਗਰਾਂ ਦੇ ਤੇ ਭੱਜ ਆਓ ਪਿੰਡ ਨੂੰ ਪਿੰਡ ਉੱਠ ਚੱਲਿਆ ਜੇ!'' ਬੰਬ ਵਾਂਗ ਫਟੀ ਇਹ ਖ਼ਬਰ ਸਾਡੇ ਲਈ ਸੁਣ ਕੇ ਹੈਰਾਨ, ਪ੍ਰੇਸ਼ਾਨ ਹੋਏ ਬੌਾਦਲੇ, ਹੌਾਕਦੇ, ਹਫ਼ਦੇ ਅਸੀਂ ਮਰ ਕੇ ਪਿੰਡ ਪਹੁੰਚੇ ਸਾਹ ਵਿਚ ਸਾਹ ਨਹੀਂ ਸੀ ਰਲਦਾ ਪਿਆ ਸਾਡਾ ਸਭਨਾਂ ਦਾ । 2. ਬੂਹੇ ਅੱਗੇ ਗੱਡਾ ਖਲੋਤਾ ਸੀ ਤੇ ਲੱਦੀ ਜਾ ਰਹੇ ਸਨ ਸਾਰੇ ਬੰਨ੍ਹ ਬੰਨ੍ਹ ਪੰਡਾਂ ਚੀਜ਼ਾਂ ਵਸਤਾਂ ਦੀਆਂ ਹਫਲ਼ੇ ਹੋਏ ਨੇ ਮਾਂ ਨੂੰ ਪੁੱਛਿਆ ''ਮਾਂ, ਗੱਲ ਕੀ ਹੋਈ?'' ਆਖਣ ਲੱਗੀ, ''ਪੁੱਤਰ, ਆਹ ਲੀੜਿਆਂ ਦੀ ਪੰਡ ਸੁੱਟ ਕੇ ਆ, ਗੱਡੇ ਤੇ ਪਹਿਲਾਂ ਫਿਰ ਦੱਸਦੀ ਹਾਂ ਸਾਰੀ ਗੱਲ ।'' ਪ੍ਰਸ਼ਨਾਂ ਦਾ ਝੁਰਮਟ ਸੀ ਤੇ ਉੱਤਰ? ਉੱਤਰ ਕਿਸੇ ਕੋਲ ਵੀ ਨਹੀਂ ਸੀ ਵਿਹੜਾ ਇੰਝ ਸੀ ਜਿਵੇਂ ਹਨ੍ਹੇਰੀ ਵਗ ਕੇ ਹਟੀ ਹੋਵੇ ਹੁਣੇ ਹੁਣੇ । ਮਾਂ ਕਾਹਲੀ ਕਾਹਲੀ ਖੁਰਪਾ ਮਾਰਦੀ ਪਈ ਸੀ, ਕੜਾਹੀ ਵਿਚ ''ਇਹ ਕੀ ਕਰਦੀ ਪਈ ਏ ਅੰਮਾ? ਕਹਿਣ ਲੱਗੀ, ''ਰਾਹ ਵਿਚ ਖਾਵਾਂਗੇ ਕੀ? ਮੈਂ ਸੋਚਿਆ ਸਭ ਕੁਝ ਇਥੇ ਹੀ ਰਹਿ ਜਾਣਾ ਹੈ ਕਿਉਂ ਨਾ ਘਰ ਦੇ ਘਿਉ ਦੀ ਪੰਜੀਰੀ ਹੀ ਬਣਾ ਲਵਾਂ ।'' ''ਮਾਂ, ਪਿੰਡ ਤੇ ਸਾਰਾ ਨਿਕਲ ਤੁਰਿਆ ਹੈ, ਘਰਾਂ ਵਿਚੋਂ ਤੇ ਤੂੰ ਪੰਜੀਰੀ ਬਣਾ ਰਹੀ ਹੈਂ?'' ਆਖਣ ਲੱਗੀ, ਪੁੱਤਰ, ਕਹੋ ਆਪਣੇ ਪਿਉ ਨੂੰ ਗੱਡਾ ਤੋਰੇ ਪੰਜੀਰੀ ਦੀ ਕੋਈ ਦੇਰੀ ਨਹੀਂ ਹੈ । 3. ਰਾਹ ਵਿਚ ਪਹਿਲਾਂ ਪਿੰਡ ਆਦਿ-ਵਾਸੀ ਜਾਂਗਲ਼ੀਆਂ ਦਾ ਸੀ ਸਿੱਧੇ-ਸਾਦੇ, ਨਿਰਛਲ ਲੋਕ ਵੇਖ ਕੇ ਆਖਣ ਲੱਗੇ, ''ਹੇ, ਸਰਦਾਰੋ! ਕਿਦ੍ਹੇ ਚੱਲੇ ਜੇ?'' ਜੇ ਕਿਤੇ ਲੀਗੀਆਂ ਦੇ ਭੜਕਾਏ ਹੁੰਦੇ ਤਾਂ ਭਾਵੇਂ ਸਾਨੂੰ ਏਥੇ ਹੀ ਵੱਢ-ਟੁੱਕ ਸੁੱਟਦੇ । ਆਖਣ ਲੱਗੇ, ''ਸਾਡੇ ਲਾਇਕ ਕੋਈ ਸੇਵਾ?'' ਸੋਚਿਆ ਇਹ ਸੇਵਾ ਕੋਈ ਛੋਟੀ ਨਹੀਂ ਸੀ ਕਿ ਉਹਨਾਂ ਸਾਡਾ ਰਾਹ ਨਹੀਂ ਸੀ ਰੋਕਿਆ । 4. ਗੱਡਿਆਂ ਦੀ ਇਹ ਲਾਮ-ਡੋਰੀ ਚਾਰ ਕੋਹ ਉੱਤੇ ਸ਼ੁਭਚਿੰਤਕਾਂ ਦੇ ਪਿੰਡ ਜਾ ਕੇ ਰੁਕੀ ਗੱਡੇ ਅਟਕੇ, ਤੇ ਲੋਕਾਂ ਸੁੱਖ ਦਾ ਸਾਹ ਲਿਆ । ਪਰ ਨਾ ਹੁਣ ਸਿਰ ਤੇ ਛੱਤ ਸੀ ਆਪਣੀ ਤੇ ਨਾ ਪੈਰਾਂ ਹੇਠਾਂ ਆਪਣੀ ਮਿੱਟੀ ਸੰਧਿਆ ਦਾ ਵੇਲਾ ਸੀ ਰੱਬ ਦਾ ਨਾਂ ਲੈਣ ਦੀ ਘੜੀ ਪਰ ਸਭ ਨੂੰ ਕੀਰਤਨ ਸੋਹਲਾ ਭੁੱਲ-ਭੁਲਾ ਗਿਆ ਸੀ ਅੱਜ । ਲੱਖ ਸ਼ੁਕਰ ਕਿ ਰਾਹ ਵਿਚ ਕਿਸੇ ਭੜਕੀ ਭੀੜ ਨੇ ਸਾਡਾ ਕੀਰਤਨ ਸੋਹਲਾ ਨਹੀਂ ਸੀ ਪੜ੍ਹਿਆ । ਚਾਰ-ਚੁਫੇਰਾ ਵੇਖ ਲੋਕਾਂ ਨੇ ਗਲ੍ਹੀਆਂ ਵਿਚ ਹੀ ਚੁੱਲ੍ਹੇ ਪੁੱਟੇ, ਅੱਗ ਧੁਖ਼ਾਈ ਦਾਲ਼ਾਂ ਰਿੱਝਣ ਲੱਗੀਆਂ ਮੱਠੀ ਮੱਠੀ ਅੱਗ ਉੱਤੇ ਤੇ ਆਟੇ ਦੀ ਸੁਗੰਧ ਘੁਲਣ ਲੱਗੀ ਵਾਤਾਵਰਣ ਵਿਚ ਅੱਜ ਸਾਡੇ ਉਜਾੜੇ ਦਾ ਪਹਿਲਾ ਦਿਨ ਸੀ ਦਰਦ-ਭਰੀ ਲੰਮੀ ਕਥਾ ਦਾ ਪਹਿਲਾ ਪੰਨਾ । 5. ਕਈ ਪਿੰਡਾਂ ਦੇ ਉਜੜੇ ਲੋਕ ਇਕੱਠੇ ਹੁੰਦੇ ਗਏ ਹੌਲੀ ਹੌਲੀ ਸਾਰਾ ਦਿਨ ਗੱਲਾਂ ਖਹਿਬੜਦੀਆਂ ਆਪੋ ਵਿਚ ਪਰ ਕਿਸੇ ਤਣ-ਪੱਤਣ ਨਾ ਲੱਗਦੀਆਂ । ਹਰ ਕਿਸੇ ਦੇ ਪੱਲੇ ਆਪਣਾ ਆਪਣਾ ਤਰਕਸ਼ ਆਪਣੀਆਂ ਆਪਣੀਆਂ ਅਫ਼ਵਾਹਾਂ ਤੇ ਕਿਆਸ-ਆਰਾਈਆਂ । ਕੋਈ ਕਹਿੰਦਾ, ''ਹੱਲਾ ਹੋਇਆ ਭੁਲੇਰ ਪਿੰਡ ਉੱਤੇ ਮਸ਼ੀਨ-ਗੰਨਾਂ ਨਾਲ ਤੇ ਸਭ ਕੁਝ ਖ਼ਤਮ ਕੋਈ ਰਾਤ-ਬਰਾਤੇ ਭੱਜ ਕੇ ਹੀ ਬਚਿਆ ਹੋਊ ।'' ਕੋਈ ਹੋਰ ਛੁਰਲੀ ਛੱਡਦਾ, ''ਮੁੜ ਚੱਲਾਂਗੇ ਘਰਾਂ ਨੂੰ ਠੰਡ-ਠੰਡੌਰਾ ਹੋਣ ਉੱਤੇ ।'' ਉਸਦੇ ਮੂੰਹ ਵੱਲ ਵੇਖਦੇ ''ਪਿੱਛੇ ਦੀ ਨਹੀਂ ਅੱਗੇ ਦੀ ਸੋਚੋ ਹੁਣ ।'' ਕਿਸੇ ਦੀ ਟਿੱਪਣੀ ਹੁੰਦੀ । ਜਿੰਨੇ ਮੂੰਹ ਓਨੀਆਂ ਗੱਲਾਂ ਸਨ ਤੇ ਗੱਲਾਂ ਰੋਜ਼ ਭਿੜਦੀਆਂ ਟਕਰਾਉਂਦੀਆਂ ਸਨ ਆਪੋ ਵਿਚ ਤੇ ਸਿਰਾ ਕੋਈ ਨਹੀਂ ਸੀ ਲੱਭਦਾ । 6. ਅੱਖਾਂ ਪੱਕ ਗਈਆਂ ਸਨ ਉਡੀਕ ਕਰਦਿਆਂ ਤੇ ਸਿਰ ਤੇ ਸਿਆਲ ਖਲੋਤਾ ਸੀ ਮੂੰਹ ਅੱਡੀ ਸਰਾਲ਼ੇ ਵਾਂਗ ਕਦੋਂ ਲੱਗੇਗੀ ਗੱਲ ਕਿਸੇ ਤਣ-ਪੱਤਣ । ਅੱਕਿਆ ਪਿਆ ਸੀ ਹਰ ਕੋਈ ਸੋਚਦੇ, ਸੋਚਦੇ ਉਡੀਕਦੇ, ਉਡੀਕਦੇ । ਅਖ਼ੀਰ ਇੱਕ ਦਿਨ ਚੁੱਪ ਟੁੱਟੀ ਫੌਜ ਦੀ ਆਈ ਟੁਕੜੀ ਨੇ ਆਖਿਆ ''ਕੱਲ੍ਹ ਨੂੰ ਤੁਰੇਗਾ ਕਾਫ਼ਲਾ ਦੱਸ ਦਿਓ ਸਾਰਿਆਂ ਨੂੰ ।'' ਖ਼ਬਰ ਇੰਝ ਫੈਲੀ ਜਿਵੇਂ ਕਮਾਦ ਦੀ ਲੱਗੀ ਅੱਗ ਫੈਲਦੀ ਹੈ । ਸਭ ਨੇ ਸੁੱਖ ਦਾ ਸਾਹ ਲਿਆ ਤੇ ਲੱਗੀ ਹੋਣ ਤੁਰਨ ਦੀ ਤਿਆਰੀ । ਦਿਨ ਚੜ੍ਹਦੇ ਤੁਰੀ ਗੱਡਿਆਂ ਦੀ ਲਾਮ ਡੋਰੀ ਤੇ ਨਾਲ ਨਾਲ ਗੰਢੜੀਆਂ ਚੁੱਕੀ ਕੁਝ ਪ੍ਰਛਾਵੇਂ, ਕੁਝ ਪੀੜਾਂ ਤੇ ਹਿਰਦਿਆਂ ਵਿਚ ਘਰਾਂ ਤੋਂ ਉੱਜੜ ਜਾਣ ਦਾ ਸਲ੍ਹ ਕਿਹੜਾ ਵਤਨ ਸੀ ਤੇ ਕਿਸ ਦੀ ਮਿੱਟੀ? ਕਿੱਥੇ ਕੁ ਸੀ ਸਾਡੀ ਮੰਜ਼ਿਲ ਤੇ ਕਿੱਥੇ ਕੁ ਸੁਪਨਿਆਂ ਦੀ ਸੀਮਾ? 7. ਕਦੇ ਅੱਗੇ ਹੁੰਦੀਆਂ ਫੌਜੀ ਜੀਪਾਂ ਤੇ ਕਦੇ ਪਿੱਛੇ ਕਿਸੇ ਦਾ ਗੱਡਾ ਟੁੱਟਦਾ ਤੇ ਕਿਸੇ ਦਾ ਬੈਲ ਅੜ ਖਲੋਂਦਾ ਪਰ ਗੱਡਿਆਂ ਦੀ ਹੌਲੀ ਹੌਲੀ ਰੀਂਗਦੀ ਲੰਮੀ ਕਤਾਰ ਜੂੰ ਤੋਰੇ ਤੁਰਦੀ ਅੱਗੇ ਨੂੰ ਸਰਕਦੀ ਜਾਂਦੀ ਹਰ ਕਦਮ ਤੇ ਇੰਝ ਪ੍ਰਤੀਤ ਹੁੰਦਾ ਜਿਵੇਂ ਆਪਣੇ ਹਿੱਸੇ ਦੀ ਧਰਤੀ ਵਲ ਦਾ ਫ਼ਾਸਲਾ ਪਲ ਪਲ ਘੱਟਦਾ ਜਾ ਰਿਹਾ ਹੋਵੇ । ਪਿੱਛਲ-ਝਾਕ ਘੱਟਦੀ ਜਾਂਦੀ ਤੇ ਅੱਗੇ ਦੇ ਸੰਸੇ ਵਧਦੇ ਜਾਂਦੇ । ਅਖ਼ੀਰ ਇਕ ਦਿਨ ਰਾਵੀ ਦੇ ਕਿਨਾਰੇ ਬੱਲੋ-ਕੀ-ਹੈੱਡ ਉੱਤੇ ਰੇੜਕਾ ਪਿਆ ਕਾਫ਼ਲਾ ਰੁਕਿਆ ਸਭ ਨੂੰ ਚਿੰਤਾ ਹੋਈ ਪੁਲ ਦੇ ਪਹਿਰੇਦਾਰ ਕਹਿਣ ਲੱਗੇ, ''ਤਲਾਸ਼ੀ ਲੈ ਕੇ ਲੰਘਣ ਦੇਵਾਂਗੇ ਅਸੀਂ ਪੁਲ ਤੋਂ ਪਾਰ । ਰੱਖੀ ਜਾਓ ਐਥੇ ਜੋ ਕੁਝ ਹੈ ਅੰਦਰ-ਬਾਹਰ ।'' ਕਿਸ ਦਾ ਹੁਕਮ ਸੀ ਤੇ ਕਿਸਦੀ ਸਰਕਾਰ? ਆਰ ਪਾਰ । ਪਰ ਛੇਤੀ ਹੀ ਪਰਤ ਆਈ ਹੋਸ਼ ਤੇ ਖੁੱਲ੍ਹ ਗਏ ਪੁਲ ਦੇ ਦਵਾਰ ਬੰਦ ਹੋ ਗਈ ਨਾਦਰ-ਸ਼ਾਹ ਦੀ ਲੁੱਟ ਸਰੇ-ਬਜ਼ਾਰ ਮੁੜ ਤੋਂ ਸਰਕਣ ਲੱਗੀ ਖਲੋਤੀ ਜ਼ਿੰਦਗੀ ਰਾਵੀ ਦੇ ਆਰ-ਪਾਰ 8. ਕਦੇ ਤੁਰਦੇ, ਕਦੇ ਅਟਕਦੇ ਰਾਤ-ਭਰ ਲਈ ਸਸਤਾਉਂਦੇ ਤੁਰੀ ਗਈ ਗੱਡੇ ਤੇ ਮਨੁੱਖ ਢੀਚਕ ਢੀਚਕ ਕਰਦੇ ਹਫ਼ਤਾ-ਭਰ । ਸਦ ਸ਼ੁਕਰ ਕੋਈ ਹਾਦਸਾ ਨਹੀਂ ਹੋਇਆ ਰਾਹ ਵਿਚ, ਵੱਢਣ ਟੁੱਕਣ ਵਾਲ਼ਾ ਸ਼ੱਕ ਨਹੀਂ ਕਿ ਮੁੱਠ ਵਿਚ ਆਈ ਰਹਿੰਦੀ ਸੀ ਜਾਨ ਤੇ ਸਾਹ ਹਰ ਪਲ ਸੁੱਕਦੇ ਰਹਿੰਦੇ ਸੀ ਗੱਡਿਆਂ ਦੇ ਨਾਲ-ਨਾਲ ਪ੍ਰਛਾਵੇਂ ਦੇ ਵਾਂਗ ਤੁਰਦਾ ਜਾਂਦਾ ਸੀ ਇਕ ਧਰਵਾਸ ਤੇ ਹਰ ਪਲ ਵੱਧਦੀ ਜਾਂਦੀ ਸੀ ਆਸ । ਇੰਝ ਲੱਗਦਾ ਹਰ ਛਿਣ, ਹਰ ਪਲ ਸਰਹੱਦ ਸਰਕਦੀ ਆਉਂਦੀ ਸੀ ਕੋਲ ਕੋਲ । ਸਿਆਣੇ ਹੌਾਸਲਾ ਦਿੰਦੇ ਆਖਦੇ 'ਬੱਸ ਹੁਣ, ਦਿਹਾੜੀ ਡੰਗ ਦੀ ਗੱਲ ਹੈ ਸਾਰੀ । ਟੱਪ ਜਾਣੀ ਹੈ ਆਪਾਂ ਲਾਲ-ਲਕੀਰ ਤੇ ਲਹੂ ਦੀ ਨਦੀ । ਪਤਾ ਨਹੀਂ ਇਹ ਲਾਲ-ਲਕੀਰ ਕਿਹੜੀ ਐਵਰਿਸਟ ਦੀ ਚੋਟੀ ਸੀ ਜਿਹੜੀ ਅਸਾਂ ਟੱਪਣੀ ਸੀ । 9. ਥੱਕਿਆਂ ਟੁੱਟਿਆਂ ਨੂੰ ਬਾਲਾਂ ਵਾਂਗ ਵਰਚਾਉਂਦੇ ਦਾਨਸ਼-ਮੰਦ ਆਖਦੇ । 'ਗੱਲ ਤਾਂ ਹੁਣ ਕੰਢੇ ਉੱਤੇ ਆਈ ਪਈ ਹੈ ।'' ਸ਼ਾਇਦ ਇਕ ਆਸ ਉੱਤੇ ਹੀ ਤੁਰੀ ਜਾ ਰਹੇ ਸਨ ਥੱਕੇ ਟੁੱਟੇ, ਹਾਰੇ ਹੰਭੇ ਕਦਮ । 'ਕਦੋਂ ਆਏਗੀ ਲਾਲ ਲਕੀਰ?'' ਲੋਕ ਪੁੱਛਦੇ ''ਬੱਸ ਹੁਣ ਦੂਰ ਨਹੀਂ ਹੈ ਸੁਧਰਨ ਵਾਲੀ ਹੈ ਸਭ ਦੀ ਤਕਦੀਰ ।'' 10. ਇੱਕ ਦਿਨ ਇੱਕ ਕਸਬੇ ਕੋਲ ਦੀ ਲੰਘਦਿਆਂ ਇੱਕ ਬਜ਼ੁਰਗ ਆਖਣ ਲੱਗਾ 'ਪਤਾ ਜੇ ਇਹ ਕਿਸ ਦਾ ਸ਼ਹਿਰ ਹੈ? ਇਹ ਬੁੱਲ੍ਹੇ-ਸ਼ਾਹ ਦਾ ਵਤਨ ਕਸੂਰ ਹੈ ਔਹ ਵੇਖੋ, ਖਜੂਰਾਂ ਦੇ ਉੱਚੇ-ਉੱਚੇ ਬਿਰਖ'' ਕਾਸ਼! ਜੇ ਅੱਜ ਬੁੱਲ੍ਹਾ ਜਿਊਾਦਾ ਹੁੰਦਾ ਤਾਂ ਅਸੀਂ ਵੀ ਉਸਦੀ ਖੂਹੀ ਦਾ ਠੰਢਾ ਪਾਣੀ ਪੀਂਦੇ ਤੇ ਖਜੂਰਾਂ ਖਾਂਦੇ । ਸ਼ਹਿਰੋਂ ਬਾਹਰ ਨਿਕਲੇ ਤਾਂ ਉਹੀ ਸੱਜਣ ਆਖਣ ਲੱਗਾ ''ਬੱਸ, ਅੱਜ ਸ਼ਾਮ ਤੀਕਰ ਆਪਾਂ ਖੇਮਕਰਨ ਪਹੁੰਚ ਜਾਣਾ ਲਾਲ-ਲਕੀਰ ਤੋਂ ਪਾਰ ।'' ਸੁਣਕੇ ਚਾਅ ਜਿਹਾ ਚੜ੍ਹ ਗਿਆ ਤੇ ਅਸੀਂ ਬਾਲ ਅੱਡੀਆਂ ਚੁੱਕ ਚੁੱਕ ਉੱਚੇ ਬਿਰਖਾਂ ਦੀਆਂ ਟੀਸੀਆਂ ਨੂੰ ਵੇਖਣ ਲੱਗੇ । ਸਰਹੱਦ ਦਾ ਨਾਂ ਸੁਣਕੇ ਇੱਕ ਝਰਨਾਹਟ ਜਿਹੀ ਉੱਠਦੀ ਸੀ ਸਾਰੇ ਜਿਸਮ ਵਿਚ ਦੂਰ ਦੁਮੇਲਾਂ ਤੀਕ ਧੁੱਪ ਨਾਲ ਰੰਗੀਆਂ ਬਿਰਖਾਂ ਦੀਆਂ ਪਰੂੰਬਲਾਂ ਦਿਸਦੀਆਂ ਅਖ਼ੀਰ ਸੰਧਿਆ ਉਤਰ ਆਈ ਸੀ ਚਾਰੇ ਪਾਸੇ ਤੇ ਕਿਸੇ ਦੀ ਮਿੱਠੀ ਸੁਰੀਲੀ ਆਵਾਜ਼ ਹਵਾ ਵਿਚ ਲਰਜ਼ੀ । ''ਆਹ ਹੈ, ਉਹ ਲਾਲ-ਲਕੀਰ ਸਾਡੀ ਮਾੜੀ-ਚੰਗੀ ਤਕਦੀਰ ।'' ਜੀ ਕੀਤਾ, ਮਿੱਟੀ ਨੂੰ ਚੁੱਕ ਕੇ ਮਸਤਕ ਤੇ ਲਾਈਏ । ਪਰ ਉੱਜੜੇ ਘਰਾਂ ਦੀ ਪੀੜ ਨੇ ਸਾਨੂੰ ਇਹ ਕੁਝ ਵੀ ਨਾ ਕਰਨ ਦਿੱਤਾ । ਫਿਰ ਵੀ ਸ਼ੁਕਰ ਕਰਦੇ ਸੀ, ਕਿ ਘੱਲੂਘਾਰੇ ਵਿਚੋਂ ਸਾਬਤ-ਸਬੂਤੇ ਨਿਕਲ ਆਏ ਸੀ ਬਚਾ ਬਚਾ ਕੇ । 11. ਜੀਵਨ ਦਾ ਇੱਕ ਕਾਂਡ ਖ਼ਤਮ ਹੋ ਗਿਆ ਸੀ ਤੇ ਅੱਗੇ? ਅੱਗੇ ਪਤਾ ਨਹੀਂ ਸੀ ਕਿ ਕਿੰਨੇ ਟੋਏ ਤੇ ਖੱਡਾਂ ਸਨ ਵੱਢ ਖਾਣੇ ਹਾਦਸੇ ਤੇ ਲਹੂ-ਚੂਸਣੇ ਇਮਤਿਹਾਨ ਪਰ ਕੁਝ ਸੁਪਨੇ ਵੀ ਸਨ ਤੇ ਸੱਧਰਾਂ ਵੀ ਪਿਤਾ ਜੀ ਨੇ ਠੰਡ-ਠੰਢੋਰਾ ਹੁੰਦੇ ਹੀ ਸਾਨੂੰ ਸਕੂਲੇ ਦਾਖਲ ਕਰਵਾ ਦਿੱਤਾ ਅਸਾਂ ਸੋਚਿਆ, ਮਸਾਂ ਮਸਾਂ ਜਾਨ ਛੁੱਟੀ ਸੀ ਇਹਨਾਂ ਪੋਥੀਆਂ ਤੋਂ ਮਾਸਟਰਾਂ ਦੇ ਡੰਡਿਆਂ ਤੋਂ ਤੇ ਰੱਤ-ਪੀਣੇ ਇਮਤਿਹਾਨਾਂ ਤੋਂ ਪਰ ਪਿਤਾ ਜੀ ਨੇ ਫਿਰ ਉਹੀ ਗਲ ਫਾਹਾ ਪਾ ਦਿੱਤਾ ਸੀ । ਹਰ ਮਹੀਨੇ ਜਦੋਂ ਫੀਸ ਵਾਲੀ ਦਸ ਤਾਰੀਖ ਆਉਂਦੀ ਤਾਂ ਪਿਤਾ ਜੀ ਆਖਦੇ, ''ਬੇਟਾ, ਦਿਹਾੜੀ ਪਹਿਲਾਂ ਦੱਸਿਆ ਕਰੋ ਕਿਤਿਉਂ ਚਾਰ ਛਿੱਲੜ ਹੱਥ-ਹੁਧਾਰ ਹੀ ਲਿਆਉਣੇ ਹੁੰਦੇ ਹਨ । ਫੜ-ਫੜਾ ਕੇ ਕਿਸੇ ਕੋਲੋਂ । 12. ਕੇਹਾ ਬਿਖੜਾ ਸਫ਼ਰ ਸੀ ਇਹ ਅੱਖਰਾਂ ਦੀ ਪਛਾਣ ਦਾ ਅਰਥਾਂ ਦੀ ਤਲਾਸ਼ ਦਾ ਕਿ ਜਿਸ ਦਾ ਆਖ਼ਰੀ ਸਿਰਾ ਨਹੀਂ ਸੀ ਲੱਭਦਾ ਕੋਈ । ਅੱਖਰਾਂ ਤੋਂ ਮਨੋ-ਭਾਵਾਂ ਤੀਕ ਦਾ ਪੰਧ ਇਸ ਤੋਂ ਵੀ ਔਖੇਰਾ ਸੀ । ਸ਼ਾਇਦ ਇਸ ਮੋੜ ਤੇ ਪਹੁੰਚ ਕੇ ਹੀ ਸ਼ਬਦਾਂ ਦੇ ਅਰਥ ਤੇ ਰੰਗ ਸਮਝ ਆਉਣ ਲੱਗਦੇ ਨੇ । ਖ਼ਬਰੇ ਏਥੇ ਅੱਪੜ ਕੇ ਹੀ ਪਤਾ ਲੱਗਦਾ ਹੈ ਕਿ ਜ਼ਿੰਦਗੀ ਕਿਸ ਭਾਅ ਵਿਕਦੀ ਹੈ? ਤੇ ਘਰੋਂ ਪੁੱਟੇ ਜਾਣ ਤੋਂ ਬਾਅਦ ਦੁਬਾਰਾ ਪੈਰ ਕਿਵੇਂ ਲਾਉਣੇ ਹੁੰਦੇ ਹਨ । ਲਾਲ-ਲਕੀਰ ਦੇ ਆਰ-ਪਾਰ ਖਲੋ ਕੇ ਹੀ ਪਤਾ ਲੱਗਦਾ ਹੈ ਕਿ ਜੰਮਣ-ਭੋਂ ਤੋਂ ਵਿਛੁੰਨੇ ਜਾਣ ਦਾ ਕੀ ਹੁੰਦਾ ਹੈ ਸੰਤਾਪ? ਤੇ ਸਾਵੇਂ ਖਲੋਤੇ ਧੁਆਂਖੇ ਭਵਿੱਖ ਦਾ ਤੌਖਲਾ ਕੀ ਹੁੰਦਾ ਹੈ । ਸ਼ਾਇਦ ਏਥੇ ਪਹੁੰਚ ਕੇ ਹੀ ਬੰਦੇ ਦਾ ਤੀਜਾ ਨੇਤਰ ਖੁੱਲ੍ਹਦਾ
ਪੰਜਾਬ ਦੀ ਵਾਰ - ਗੁਰਦਿੱਤ ਸਿੰਘ ਕੁੰਦਨ
(ਇਹ ਵਾਰ ਪੰਜਾਬ ਦੀ ਵੰਡ ਵੇਲੇ (੧੯੪੭) ਦੀ ਤ੍ਰਾਸਦੀ ਦਾ ਬਿਆਨ ਹੈ) 1 ਵਾਹ ਦੇਸ ਪੰਜਾਬ ਪਿਆਰਿਆ, ਤੇਰੀ ਅਜਬ ਕਹਾਣੀ ਤੇਰੀ ਪਰਬਤ ਵਰਗੀ ਹਿੱਕ ਵੀ, ਅਜ ਤੀਰਾਂ ਛਾਣੀ ਹਰ ਟੁੱਟੀ ਤੰਦ ਸਲੂਕ ਦੀ, ਸਭ ਪਿਲਚੀ ਤਾਣੀ ਪਈ ਰੋਂਦੀ ਵਿਚ ਤ੍ਰਿੰਜਣਾਂ, ਤੇਰੀ ਰੀਤਿ ਪੁਰਾਣੀ ਨਹੀਂ ਦੁਧ ਭਰੇ ਦਰਿਆ ਵਿਚ, ਇਕ ਬੂੰਦ ਨਿਮਾਣੀ ਸ਼ਿੰਗਾਰ ਤੇਰੀ ਪ੍ਰਭਾਤ ਦਾ, ਟੁੱਟ ਗਈ ਮਧਾਣੀ ਤੇਰਾ ਸਤਲੁਜ ਕਮਲਾ ਹੋ ਗਿਆ, ਸਣੇ ਰਾਵੀ ਰਾਣੀ ਉਹ ਪਿਆਰਾਂ ਭਰੀ ਝਨਾਂ ਦਾ, ਅੱਗ ਹੋ ਗਿਆ ਪਾਣੀ ਤੇਰਾ ਸੋਚੀਂ ਪਿਆ ਹਿਮਾਲੀਆ, ਸਦੀਆਂ ਦਾ ਹਾਣੀ ਜਿਹਨੂੰ ਕਈਆਂ ਦੁਸ਼ਮਣ ਦਲਾਂ ਦੀ, ਪਈ ਕਬਰ ਬਨਾਣੀ ਨ ਸਮੇਂ ਦੇ ਭੋਲੇ ਪਾਤਸ਼ਾਹ, ਤੂੰ ਕਬਰ ਪਛਾਣੀ ਤੈਨੂੰ ਓਨ੍ਹਾਂ ਵੱਢਿਆ ਛਾਂਗਿਆ, ਛਾਂ ਜਿਨ੍ਹਾਂ ਮਾਣੀ ਜਿਹੜੀ ਜੱਲ੍ਹਿਆਂ ਵਾਲੇ ਬਾਗ਼ ਸੀ, ਪਈ ਰੱਤ ਵਹਾਣੀ ਇਕ ਵਾਰੀ ਜ਼ਾਲਮ ਸਮੇਂ ਨੇ, ਕਰ ਦਿੱਤੀ ਪਾਣੀ ਤੈਨੂੰ ਸ਼ੇਰਾ ! ਜ਼ਖਮੀ ਕਰ ਗਈ, ਗਿੱਦੜਾਂ ਦੀ ਢਾਣੀ ਨਹੀਂ ਭਰਨੇ ਜ਼ਖਮ ਸਰੀਰ ਦੇ, ਤੇਰੇ ਸਦੀਆਂ ਤਾਣੀ ।1। 2 ਸਾਮਰਾਜੀਆਂ ਡਾਕੂਆਂ, ਬੇਦਰਦ ਕਸਾਈਆਂ ਤੇਰੇ ਗੋਡੇ ਗਿੱਟੇ ਵੱਢ ਕੇ, ਜੰਜ਼ੀਰਾਂ ਲਾਹੀਆਂ ਤੇਰੀ ਪਾਗਲ ਹੋ ਗਈ ਬੀਰਤਾ, ਧੀਰਜ ਦਿਆ ਸਾਂਈਆਂ ਤੇਰੇ ਸਾਗਰ ਜਿਹੇ ਸੁਭਾ ਵਿਚ, ਚੜ੍ਹਿ ਕਾਂਗਾਂ ਆਈਆਂ ਤੂੰ ਚੁਕੇ ਸ਼ੁਰੇ ਫੌਲਾਦ ਦੇ, ਤੇਗ਼ਾਂ ਲਿਸ਼ਕਾਈਆਂ ਤੇਰੇ ਆਪਣੇ ਲਹੂ ਵਿਚ ਡੁੱਬੀਆਂ, ਤੇਰੀਆਂ ਚਤੁਰਾਈਆਂ ਤੇਰੀ ਅੰਨ੍ਹੀ ਹੋਈ ਅਣਖ ਨੇ, ਲਈਆਂ ਅੰਗੜਾਈਆਂ ਤੈਨੂੰ ਆਪਣੀਆਂ ਧੀਆਂ ਜਾਪੀਆਂ, ਇਕ ਵਾਰ ਪਰਾਈਆਂ ਤੇਰੇ ਸਾਧੂ ਰਾਕਸ਼ ਬਣ ਗਏ, ਨਜ਼ਰਾਂ ਹਲਕਾਈਆਂ ਤੇਰੀ ਸ਼ਾਹ ਰਗ ਉਤੇ ਹਾਣੀਆਂ, ਛੁਰੀਆਂ ਚਲਵਾਈਆਂ ਤੇਰੀ ਖਾਕ ਵਰੋਲੇ ਬਣ ਗਈ, ਹੋਈ ਵਾਂਗੁ ਸ਼ੁਦਾਈਆਂ ਬਣ ਫ਼ਨੀਅਰ ਉਡੇ ਕੱਖ ਵੀ, ਜਿਉਂ ਉਡਣ ਹਵਾਈਆਂ ਜਿਨ੍ਹਾਂ ਸਿਰ ਤੇ ਲੱਖ ਹਨੇਰੀਆਂ, ਬੇਖੌਫ਼ ਲੰਘਾਈਆਂ ਉਨ੍ਹਾਂ ਬਾਜ਼ਾਂ ਹਾਰੇ ਹੌਂਸਲੇ, ਕੂੰਜਾਂ ਕੁਰਲਾਈਆਂ ਉਹ ਤੁਰ ਗਏ ਪਾਰ ਸਮੁੰਦਰੋਂ, ਜਿਨ੍ਹਾਂ ਅੱਗਾਂ ਲਾਈਆਂ ਉਹ ਘਰ ਘਰ ਪਾ ਗਏ ਪਿੱਟਣੇ, ਥਾਂ ਥਾਂ ਦੁਹਾਈਆਂ ।2। 3 ਤੇਰੇ ਸੂਰਜ ਵਰਗੇ ਤੇਜ ਤੇ, ਪੈ ਸ਼ਾਮਾਂ ਗਈਆਂ ਤੇਰੇ ਧੰਨੀ ਪੋਠੋਹਾਰ ਤੇ, ਟੁੱਟ ਬਿਜਲੀਆਂ ਪਈਆਂ ਅਜ ਸਾਂਦਲ ਬਾਰ ਦੀ ਹਿਕ ਤੇ, ਰੁਲ ਹੱਡੀਆਂ ਰਹੀਆਂ ਉਹ ਆਪ ਉਜਾੜਿਆ ਮਾਲਵਾ, ਹੱਥੀਂ ਮਲਵਈਆਂ ਤੇਰੇ ਦਿਲ ਮਾਝੇ ਨੂੰ ਵਿੰਨ੍ਹਿਆ, ਫੜ ਨੇਜ਼ੇ ਕਹੀਆਂ ਕਰ ਟੁਕੜੇ ਤੇਰੀ ਲਾਸ਼ ਦੇ, ਪਾ ਵੰਡੀਆਂ ਲਈਆਂ ਸਭ ਰਾਸ ਲੁਟਾਈ ਬਾਣੀਆਂ, ਤੇ ਮੂਲ ਮੁੱਦਈਆਂ ਛਡ ਦਿਤੇ ਕਾਅਬੇ ਆਪਣੇ, ਸਿਖਾਂ ਮਿਰਜ਼ਈਆਂ ਦਿਲ ਕੋਲੇ ਹੋਇਆ ਇਨਸਾਨ ਦਾ, ਤੇ ਆਸਾਂ ਢਹੀਆਂ ਵਿਚ ਗਿੱਧੇ ਰੋਂਦੀਆਂ ਝਾਜਰਾਂ, ਕਰ ਚੇਤੇ ਸਈਆਂ ਮੈਖ਼ਾਨੇ ਫੂਕੇ ਸਾਕੀਆਂ ਤੇ ਸਾਜ਼ ਗਵਈਆਂ ।3। 4 ਤੇਰੀ ਮੜ੍ਹੀ ਤੇ ਮਹਲ ਉਸਾਰਿਆ, ਬੇਤਰਸ ਜ਼ਮਾਨੇ ਰਹਿਆ ਮੌਤ ਤੇਰੀ ਨੂੰ ਪਾਲਦਾ, ਉਹ ਅੰਦਰ ਖਾਨੇ ਤੈਨੂੰ ਦਿਤਾ ਨਰਕ ਫ਼ਰਿਸ਼ਤਿਆਂ, ਸੁਰਗਾਂ ਦੇ ਬਹਾਨੇ ਤੇਰੇ ਬਾਗ਼ ਬਹਾਰਾਂ ਆਉਂਦੀਆਂ, ਬਣ ਗਏ ਵੀਰਾਨੇ ਸੀ ਇਸ਼ਕ ਜਿਨ੍ਹਾਂ ਦਾ ਉਡਦਾ, ਹੁੰਦਾ ਅਸਮਾਨੇ ਪਰ ਸੜਗੇ ਉਡਿਆ ਜਾਏ ਨਾ ਤੜਫਣ ਪਰਵਾਨੇ ਸੁਣ ਸੁਣ ਕੇ ਤੇਰੀ ਰੂਹ ਦੇ, ਦਿਲ-ਜਲੇ ਤਰਾਨੇ ਕਈ ਕੋਇਲੇ ਹੁੰਦੇ ਜਾ ਰਹੇ, ਅਣਮੁੱਲ ਖਜ਼ਾਨੇ ਗਈਆਂ ਵੰਡੀਆਂ 'ਸ਼ਰਫ਼ ਨਿਸ਼ਾਨੀਆਂ' ਤੇ 'ਨਵੇਂ ਨਿਸ਼ਾਨੇ' ਹੋਇ ਵਾਘਿਓਂ ਪਾਰ ਉਰਾਰ ਦੇ, ਸਭ ਗੀਤ ਬੇਗਾਨੇ ਰੱਬ ਪਾਸਾ ਐਸਾ ਪਰਤਿਆ, ਹੋ ਕੇ ਦੀਵਾਨੇ ਬੁਤਖਾਨੇ ਕਾਅਬੇ ਬਣ ਬਏ, ਕਾਅਬੇ ਬੁਤਖਾਨੇ ਪੀ ਨਾਨਕ ਦੇ ਮੈਖਾਨਿਓਂ, ਹੋ ਕੇ ਮਸਤਾਨੇ ਜਿਹੜੀ ਸਾਂਝ ਵਿਖਾਈ ਜਗ ਨੂੰ, ਬਾਲੇ ਮਰਦਾਨੇ ਗੁਰੂ ਅਰਜਨ ਮੀਆਂ ਮੀਰ ਦੇ, ਟੁਟ ਗਏ ਯਰਾਨੇ ਉਹ ਸੂਰਜ ਜਿਹੀਆਂ, ਹਕੀਕਤਾਂ, ਬਣੀਆਂ ਅਫ਼ਸਾਨੇ ।4। 5 ਉਹ ਲੰਮੀਆਂ ਦਰਦ ਕਹਾਣੀਆਂ, ਤੇ ਪੰਧ ਲਮੇਰੇ ਤੇਰੇ ਰਾਹ ਵਿਚ ਕੰਡੇ ਦੁਸ਼ਮਣਾਂ, ਬੇਅੰਤ ਖਲੇਰੇ ਪਰ ਰਾਹੀਆ ਤੁਰਿਆ ਚਲ ਤੂੰ, ਕਰ ਲੰਮੇ ਜੇਰੇ ਬੰਗਾਲ ਜਿਹੇ ਹੋਰ ਵੀ ਮਿਲਣਗੇ, ਤੈਨੂੰ ਸਾਥ ਬਥੇਰੇ ਅਜ ਜਾਗ ਰਹੀ ਏ ਜ਼ਿੰਦਗੀ, ਤੇਰੇ ਚਾਰ ਚੁਫੇਰੇ ਬਣ ਚਾਨਣ ਰਹੇ ਜਹਾਨ ਦਾ, ਕਬਰਾਂ ਦੇ ਨ੍ਹੇਰੇ ਕਈ ਨਵੇਂ ਭੁੰਚਾਲ ਲਿਆਉਣਗੇ, ਇਹ ਹੋਕੇ ਤੇਰੇ ਬਣ ਜਾਣੇ ਇਕ ਦਿਨ ਬਿਜਲੀਆਂ, ਤੇਰੇ ਅੱਥਰੂ ਕੇਰੇ ਮਿਟ ਜਾਣੇ ਨਵੀਂ ਤਾਰੀਖ਼ ਤੋਂ, ਸਭ ਖ਼ੂਨੀ ਡੇਰੇ ਅਜ ਸੂਰਜ ਵਾਂਙ ਅਟੱਲ ਨੇ, ਇਹ ਦਾਅਵੇ ਮੇਰੇ ਪਲ ਰਹੇ ਰਾਤਾਂ ਕਾਲੀਆਂ ਚਿ ਕਈ ਨਵੇਂ ਸਵੇਰੇ ।5।
ਅਗਸਤ 1947 ਦੀ ਵਾਰ - ਤੇਰਾ ਸਿੰਘ ਚੰਨ
ਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ । ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ। ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ ਵਿਚ ਬਾਲੀ। ਕਿ ਹੋ ਗਈ ਗੋਰੇ ਜੁਲਮ ਦੀ, ਦੇਹ ਸੜ ਕੇ ਕਾਲੀ । ਚਿਰ-ਸੁੱਤੀਆਂ ਅਣਖਾਂ ਜਾਗ ਕੇ ਆ ਵਾਗ ਸੰਭਾਲੀ। ਪਈਆਂ ਖੇਤੀਂ ਉਗ ਦਲੇਰੀਆਂ, ਸਿੱਟਿਆਂ ਤੇ ਲਾਲੀ। ਪਏ ਪਕੜਨ ਉਠ ਸੱਯਾਦ ਨੂੰ ਬਾਗਾਂ ਦੇ ਮਾਲੀ। ਸਨ ਕਲਮਾਂ ਚੁੰਜਾਂ ਚੁਕੀਆਂ, ਲਜ ਆਪਣੀ ਪਾਲੀ। ਓਦੋਂ ਸਾਗਰ ਆਪਣੀ ਤਹਿ 'ਚੋਂ ਸੀ ਅੱਗ ਉਛਾਲੀ। ਪਏ ਲੰਬੂ ਭੜਕ ਚੁਫੇਰਿਓ, ਕੀ ਕਰੂ ਪਰਾਲੀ। ਜਦ ਦਿੱਤੀ ਗੋਰੇ ਹਾਕਮਾਂ ਨੂੰ ਮੌਤ ਵਿਖਾਲੀ। ਉਹਨਾਂ ਆਪਣੀ ਜਿੰਦ ਬਚਾਣ ਲਈ ਇਹ ਵਿਉਂਤ ਬਣਾ ਲੀ । ਉਹਨਾਂ ਚੋਣਵੇਂ ਲੀਡਰ ਦੇਸ਼ ਦੇ, ਦਿੱਲੀ ਬੁਲਵਾਏ । ਉਹਨਾਂ ਕਿਹਾ: ਤੁਹਾਨੂੰ ਲੀਡਰੋ ਕੋਈ ਕੀ ਸਮਝਾਵੇ? ਜਿਹੜੇ ਲੋਕੀਂ ਸਾਡੇ ਲਹੂ ਦੇ ਫਿਰਦੇ ਤਰਹਿਆਏ । ਨਹੀ ਹੁੰਦੇ ਮਿੱਤਰ ਕਿਸੇ ਦੇ ਸੱਪਾਂ ਦੇ ਜਾਏ । ਜੋ ਦਿਨ ਦਿਨ ਕਾਂਗ, ਬਗਾਵਤਾਂ ਦੀ ਚੜ੍ਹਦੀ ਜਾਏ । ਇਹ ਤੁਹਾਨੂੰ ਸਾਡੇ ਨਾਲ ਹੀ ਨਾ ਡੋਬ ਮੁਕਾਏ । ਆਉ ਬਹਿ ਤਦਬੀਰਾਂ ਸੋਚੀਏ, ਕੋਈ ਕਰੋ ਉਪਾਏ । ਭੜ ਭੜ ਮਚਦੀ ਅੱਗ ਤੇ ਘੁੱਟ ਪਾਣੀ ਪਾਏ । ਬੰਦ ਕਰਕੇ ਬੂਹੇ-ਬਾਰੀਆਂ ਉਹਨਾਂ ਮਜਲਿਸ ਜੋੜੀ। ਉਹਨਾਂ ਅੰਦਰੋਂ ਅੰਦਰ ਭੰਨ ਲਈ, ਬੁੱਕਲ ਵਿੱਚ ਰੋੜੀ। ਉਹਨਾਂ ਲੱਜਾਂ ਸਭੇ ਰੋਲੀਆਂ, ਲੱਜ ਕੰਢੇ ਤੋੜੀ। ਉਹਨਾਂ ਆਈ ਆਜ਼ਾਦੀ ਆਪਣੇ ਬੂਹੇ ਤੋਂ ਮੋੜੀ। ਉਹਨਾਂ ਕੰਢੇ ਉੱਤੇ ਆਣ ਕੇ ਸੀ ਬੇੜੀ ਬੋੜੀ। ਉਹਨਾਂ ਵੇਚੀਆਂ ਕੁੱਲ ਕੁਰਬਾਨੀਆਂ ਤੇ ਰੱਤ ਨਚੋੜੀ। ਜੱਦ ਸਹੀਆਂ ਖ਼ਾਤਰ ਲੀਡਰਾਂ, ਹੱਥ ਆਪਣੇ ਚੁਕੇ । ਤਾਂ ਕੁਲ ਸ਼ਹੀਦਾਂ ਜਾਗ ਕੇ ਵੱਟ ਲੀਤੇ ਮੁੱਕੇ। ਉਹ ਸ਼ੇਰਾਂ ਵਾਂਗਰ ਉਹਨਾਂ ਦੇ ਮੂਹਰੇ ਬੁੱਕੇ: ਹੈ ਕਿਹੜਾ ਸਾਡੀਆਂ ਦਾਹੜੀਆਂ ਵਿਚ ਜਿਹੜਾ ਥੁੱਕੇ? ਤਾਂ ਬੋਲਿਆ ਸੂਰਾ ਭਗਤ ਸਿੰਘ, ਹਥ ਰੱਸਾ ਫੜਿਆ ਕੀ ਏਸ ਆਜ਼ਾਦੀ ਲਈ ਸਾਂ ਮੈਂ ਫਾਂਸੀ ਚੜ੍ਹਿਆ? ਕੀ ਸਤਲੁਜ ਕੰਢੇ ਇਸੇ ਲਈ, ਮੈਂ ਜਾ ਕੇ ਸੜਿਆ? ਕੀ ਇਸ ਲਈ ਵੈਰੀ ਨਾਲ ਮੈਂ ਹਿੱਕ ਡਾਹਕੇ ਲੜਿਆ? ਤੁਸਾਂ ਅੱਗੇ ਅੱਗੇ ਕਰ ਲਏ, ਕੁਲ ਮੋਟੇ ਮੋਟੇ। ਤੇ ਪੈਰਾਂ ਮੂਹਰੇ ਸੁਟ ਲਏ, ਕੁਲ ਛੋਟੇ ਛੋਟੇ । ਹੈ ਵੱਸੀ ਪ੍ਰੀਤ ਪੰਜਾਬ ਦੀ, ਮੇਰੇ ਪੋਟੇ ਪੋਟੇ । ਨਾ ਕਰਨਾ ਇਸ ਦੇ ਪਾਪੀਉ ਅੱਜ ਟੋਟੇ ਟੋਟੇ । ਫਿਰ ਜੱਲ੍ਹਿਆਂ ਵਾਲਾ ਬੋਲਿਆ, ਗੁੱਸੇ ਵਿੱਚ ਬਲਿਆ: ਸੀ ਮੇਰੇ ਇਕ ਇਕ ਲੂੰ ਨੂੰ ਜਿਸ ਗੋਰੇ ਸੱਲਿਆ। ਜਿਸ ਮੇਰੀ ਪੱਤ ਨੂੰ ਰੋਲਿਆ, ਪੈਰਾਂ ਵਿੱਚ ਦਲਿਆ । ਅਜੇ ਓਹਦੇ ਨਾਲ ਬਿਹਾਲੀਆਂ, ਦਿਲ ਰਤਾ ਨਾ ਹੱਲਿਆ? ਉਸ ਸਾਂਝੇ ਵੀਟੇ ਲਹੂ ਦੀ, ਲਜ ਪਾਲ ਵਿਖਾਲੋ । ਨਾ ਦਸਖ਼ਤ ਕਰ ਕੇ ਮੌਤ ਤੇ, ਮੇਰੀ ਗਿਲ ਗਾਲੋ। ਰੱਤ ਦੇ ਕੇ ਮੇਰੀ, ਕੁਰਸੀਆਂ, ਨਾ ਆਪ ਸੰਭਾਲੋ। ਨਾ ਮੇਰੇ ਦੇਸ਼ ਪੰਜਾਬ ਦੀ ਇੰਜ ਮਿੱਟੀ ਬਾਲੋ। ਫਿਰ ਬੋਲੇ ਬਜ ਬਜ ਘਾਟੀਏ ਤੇ ਗਦਰੀ ਸੂਰੇ । ਜਿਨ੍ਹਾਂ ਸਹਿ ਸਹਿ ਗੋਰੇ ਜ਼ੁਲਮ ਨੂੰ ਲੱਕ ਕਰ ਲਏ ਦੂਹਰੇ । ਲਹੂ ਅੰਦਰ ਭਿਜੀਆਂ ਦਾਹੜੀਆਂ, ਸਿਰ ਚਿੱਟੇ ਭੂਰੇ: ਤੁਸਾਂ ਲਿਆ ਲੁਕੋ ਅੰਗ੍ਰੇਜ਼ ਨੂੰ ਖ਼ੁਦ ਹੋ ਕੇ ਮੂਹਰੇ। ਸਾਡੇ ਜੁਸੇ ਤੇ ਹਰ ਡਾਂਗ ਪਈ, ਅਜ ਜਿਸ ਨੂੰ ਘੂਰੇ । ਨਾ ਮਾਰੋ ਸਾਡੇ ਮੂੰਹ ਤੇ ਹੁਣ ਏਦਾਂ ਹੂਰੇ । ਮੁੜ ਅਗੇ ਹੋ ਜਹਾਜ਼ੀਆਂ, ਇਉਂ ਬੋਲੀ ਬਾਣੀ: ਅਸਾਂ ਰੰਗਿਆ ਆਪਣੇ ਲਹੂ ਨਾਲ ਸਾਗਰ ਦਾ ਪਾਣੀ । ਪਰ ਸਾਡੀ ਵੀਟੀ ਰੱਤ ਨਾ ਅੱਜ ਵੇਚ ਕੇ ਖਾਣੀ । ਸਾਡੇ ਸੁਲਗੇ ਹੋਏ ਬਾਰੂਦ ਤੇ ਨਾ ਮਿਟੀ ਪਾਣੀ। ਜਦ ਲੰਘ ਗਏ ਕੁਲ ਸ਼ਹੀਦ ਉਹਨਾਂ ਦੇ ਮੂਹਰਿਓ ਆ ਕੇ । ਉਹਨਾਂ ਦੂਜੇ ਕੰਨ 'ਚੋਂ ਕੱਢਿਆ, ਇਕ ਕੰਨ 'ਚੋਂ ਪਾ ਕੇ । ਉਹਨਾਂ ਗੋਰੇ ਦੇ ਵਲ ਵੇਖਿਆ ਰਤਾ ਬੁਲ੍ਹ਼ ਮੁਸਕਾ ਕੇ । ਮੁੜ ਝੁਕੇ ਦਸਖ਼ਤਾਂ ਕਰਨ ਲਈ , ਕਲਮਾਂ ਨੂੰ ਚਾ ਕੇ । ਇਉਂ ਕਾਗਜ਼ ਉੱਤੇ ਦਸਖ਼ਤਾਂ ਲਈ ਕਲਮਾਂ ਟੁਰੀਆਂ। ਜਿਉਂ ਫਿਰੀਆਂ ਮੇਰੇ ਦੇਸ਼ ਦੇ, ਸੀਨੇ ਵਿਚ ਛੁਰੀਆਂ । ਤਾਂ ਢਹਿ ਗਈ ਛਤ ਇਨਸਾਫ਼ ਦੀ, ਤੇ ਨੀਹਾਂ ਖੁਰੀਆਂ। ਪੈ ਗਈਆਂ ਆ ਤਹਿਜ਼ੀਬ ਦੇ ਚਿਹਰੇ ਤੇ ਝੁਰੀਆਂ। ਜਦ ਲਿਖੀਆਂ ਸਾਡੇ ਲੀਡਰਾਂ, ‘ਖ਼ੂਨੀਂ’ ਤਹਿਰੀਰਾਂ। ਤਾਂ ਟੋਟੇ ਕੀਤੇ ਧਰਮ ਦੇ, ਫ਼ਿਰਕੂ ਸ਼ਮਸ਼ੀਰਾਂ। ਸਾਡੀ ਕੁਲ ਪੁਰਾਣੀ ਸਭਯਤਾ ਹੋਈ ਲੀਰਾਂ ਲੀਰਾਂ। ਇਉਂ ਵੰਡੀਆਂ ਗਈਆਂ ਸਾਡੀਆਂ ਥਾਂ ਥਾਂ ਤਕਦੀਰਾਂ। ਇਕ ਪਾਸੇ ਰਾਂਝੇ ਡੁਸਕਦੇ, ਇੱਕ ਪਾਸੇ ਹੀਰਾਂ। ਜਦ ਵੰਡੀਆਂ ਗੋਰੇ ਗੋਲੀਆਂ ਦੇ ਨਾਲ ਬੰਦੂਕਾਂ । ਤਾਂ ਉੱਠੀਆਂ ਮੇਰੇ ਦੇਸ਼ ਦੇ ਸੀਨੇ 'ਚੋਂ ਹੂਕਾਂ। ਉਸ ਲਾ ਕੇ ਆਪੇ ਮਾਰੀਆਂ, ਬਲਦੀ ਨੂੰ ਫੂਕਾਂ। ਆ ਸਧਰਾਂ ਦੇ ਸਾਹ ਘੁਟ ਲਏ, ਵੈਣਾਂ ਤੇ ਕੂਕਾਂ । ਇਉਂ ਰੋ ਰੋ ਭੁੱਬਾਂ ਮਾਰੀਆਂ, ਰਲ ਪੰਜ ਦਰਿਆਵਾਂ । ਹਾਏ ਕਿਸ ਚੰਦਰੇ ਨੇ ਤੋੜੀਆਂ, ਅਜ ਸਾਡੀਆਂ ਬਾਹਵਾਂ। ਕਿਨ ਸੇਹ ਦਾ ਤਕਲਾ ਗੱਡਿਆ, ਅਜ ਵਿਚ ਭਰਾਵਾਂ। ਕਿਸ ਵੈਰੀ ਕੋਲੇ ਵੇਚੀਆਂ, ਅਜ ਸਾਡੀਆਂ ਛਾਵਾਂ। ਸਾਡੇ ਅੰਦਰੋਂ ਬਲ ਬਲ ਉੱਠੀਆਂ, ਅੱਜ ਠੰਡੀਆਂ ਆਹਵਾਂ। ਛੱਡ ਆਏ ਫ਼ਸਲਾਂ ਪੱਕੀਆਂ ਧਰਤੀ ਦੇ ਜਾਏ। ਰਹੇ ਸਿੱਟੇ ਪੱਲੇ ਪਕੜਦੇ, ਪਰ ਕੌਣ ਮਨਾਏ । ਪਰ ਦਾਣਿਆਂ ਜੇਡੇ ਅੱਥਰੂ, ਨੈਣਾਂ ਵਿਚ ਆਏ । ਲੈ ਟੁਰ ਪਏ ਖ਼ਾਲੀ ਕੰਨੀਆਂ, ਇਉਂ ਭਰੇ ਭਰਾਏ । ਪਰ ਅੱਜ ਉਸ ਵਗੀ ਰੱਤ 'ਚੋਂ ਕਈ ਲਾਟਾਂ ਬਲੀਆਂ । ਅੰਗ ਟੁਟੇ ਮੌਲਣ ਲਗ ਪਏ, ਮੁੜ ਬਾਹਵਾਂ ਹਲੀਆਂ। ਸਿਰ ਉੱਤੇ ਕੁਲ ਮੁਸੀਬਤਾਂ, ਲੋਕਾਂ ਨੇ ਝੱਲੀਆਂ । ਹੁਣ ਧੋਖੇ ਭਰੀ ਆਜ਼ਾਦੀਓਂ, ਲੀਰਾਂ ਲਹਿ ਚਲੀਆਂ। ਲਗ ਗਈਆਂ ਅੱਜ ਕਿਸਾਨ ਦੀ ਦਾਤੀ ਨੂੰ ਬਲੀਆਂ। ਅਜ ਉੱਠੇ ਪੈਰ ਮਾਨੁਖ ਦੇ, ਨਾ ਲਗਣ ਤਲੀਆਂ। ਮੁੜ ਜਾਗ ਕੇ ਨੀਂਦੇ ਸੁਪਨਿਆਂ ਨੇ ਅੱਖਾਂ ਮਲੀਆਂ। ਅੱਜ ਲੋਕਾਂ ਦੇ ਹੱਥ ਹੋਣੀਆਂ, ਜੋ ਕਦੇ ਨਾ ਟਲੀਆਂ ।
ਉਸਤਾਦ ਦਾਮਨ ਦੀਆਂ ਕਵਿਤਾਵਾਂ
1. ਇਸ ਮੁਲਕ ਦੀ ਵੰਡ ਕੋਲੋਂ ਯਾਰੋ ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ, ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ। ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ। ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ, ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ। ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ। ਲਾਲੀ ਅੱਖੀਆਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ। 2. ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ, ਇੰਝ ਨੇ ਵਿਚ ਜਹਾਨ ਹੋ ਗਏ । ਤੋਪਾਂ ਉੱਤੇ ਢੰਡੋਰਚੀ ਸਾਂਤੀ ਦੇ, ਕਦੇ ਮੰਤਰੀ ਕਦੇ ਪਰਧਾਨ ਹੋ ਗਏ । ਖੋਹ ਖਿੰਜ ਕੇ ਮੁਲਕੀ ਰਿਆਸਤਾਂ ਨੂੰ, ਆਪੇ ਏਸ਼ੀਆ ਦੇ ਨਿਗਹਬਾਨ ਹੋ ਗਏ । ਐਸੇ ਜ਼ੁਅਮ ਅੰਦਰ ਮੇਰੇ ਦੇਸ ਆਏ, ਏਥੇ ਆਉਂਦਿਆਂ ਈ ਪਰੇਸ਼ਾਨ ਹੋ ਗਏ । ਆ ਗਈ ਜਾਗ ਏਧਰ ਸੁੱਤਿਆਂ ਨੂੰ, ਉੱਠੇ, ਉੱਠ ਕੇ ਤੇ ਸਾਵਧਾਨ ਹੋ ਗਏ । ਬੁੱਢੇ ਬੁੱਢੇ ਨੂੰ ਨਸ਼ੇ ਜਵਾਨੀਆਂ ਦੇ, ਅਤੇ ਬੱਚੇ ਵੀ ਸ਼ੇਰ ਜਵਾਨ ਹੋ ਗਏ । ਬਣ ਗਏ ਮੁਜਾਹਦ ਤੇ ਕੁਝ ਗ਼ਾਜ਼ੀ, ਆਈਆਂ ਹਿੰਮਤਾਂ ਮਾੜੇ ਭਲਵਾਨ ਹੋ ਗਏ । ਵੈਰੀ ਵਿਚ ਮੈਦਾਨ ਦੇ ਠਹਿਰਿਆ ਨਾ, ਲਲਕਾਰ ਮਾਰ ਕੇ ਰੁਸਤਮ ਜ਼ਮਾਨ ਹੋ ਗਏ । ਸਿੰਧੀ ਨਾਲ ਪੰਜਾਬੀ ਬਲੋਚ ਸਾਰੇ, ਤੇ ਬੰਗਾਲੀਆਂ ਨਾਲ ਪਠਾਨ ਹੋ ਗਏ । ਪੰਜੇ ਰਲੇ ਤੇ ਇਕ ਘਸੁੰਨ ਬਣਿਆ, ਤੇ ਘਸੁੰਨ ਤੋਂ ਫੇਰ ਘਮਸਾਨ ਹੋ ਗਏ । ਮੇਰੇ ਦੇਸ ਦੀ ਪਾਕ ਸਰਹੱਦ ਉੱਤੇ, ਵੇਖੋ ਵੈਰੀਆਂ ਦੇ ਕਬਰਸਤਾਨ ਹੋ ਗਏ । ਕਬਰਸਤਾਨ ਤਾਂ ਹੁੰਦੇ ਨੇ ਮੋਮਿਨਾਂ ਦੇ, ਬੋਲੋ ਰਾਮ ਦੇ ਏਥੇ ਸ਼ਮਸ਼ਾਨ ਹੋ ਗਏ । ਏਦੂੰ ਵੱਧ ਕੀ ਮੋਅਜ਼ਜ਼ਾ ਹੋਰ ਹੋਣਾ, 'ਦਾਮਨ' ਜਹੇ ਦਿਲੋਂ ਮੁਸਲਮਾਨ ਹੋ ਗਏ । 3. ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ, ਕਿਵੇਂ ਛੱਡ ਕੇ ਦੇਸ ਨੂੰ ਸੂਰ ਗਏ ਨੇ । ਟੋਟੇ ਕਰ ਗਏ ਜਾਂਦਿਆਂ ਬੰਦਿਆਂ ਦੇ, ਫ਼ਿਰਕਾਬੰਦੀ ਦੇ ਛੱਡ ਨਸੂਰ ਗਏ ਨੇ । ਛੱਡ ਗਏ ਨੇ ਟੋਲੀ ਇਕ ਟੋਡੀਆਂ ਦੀ, ਭਾਵੇਂ ਸੈਂਕੜੇ ਕੋਹ ਉਹ ਦੂਰ ਗਏ ਨੇ । ਤੰਗ ਖ਼ਲਕਤ ਨੂੰ ਕਰਨ, ਫਤੂਰ ਪਾਵਣ, ਦੇ ਇਹਨਾਂ ਨੂੰ ਇਹ ਮਨਸ਼ੂਰ ਗਏ ਨੇ । 4. ਚੱਲਣ ਲੱਗੇ ਨੇ ਵਹਿਣ ਆਜ਼ਾਦੀਆਂ ਦੇ ਚੱਲਣ ਲੱਗੇ ਨੇ ਵਹਿਣ ਆਜ਼ਾਦੀਆਂ ਦੇ, ਹਿੰਦੋਸਤਾਨੀਆਂ ਜ਼ਰਾ ਹੁਸ਼ਿਆਰ ਰਹਿਣਾ । ਗੰਦਾ ਹੋਏ ਨਾ ਪਾਣੀ ਧਿਆਨ ਰੱਖਣਾ, ਭਾਵੇਂ ਆਰ ਰਹਿਣਾ ਭਾਵੇਂ ਪਾਰ ਰਹਿਣਾ
ਅਜੇ ਤਾਂ ਸਾਡੀਆਂ ਰਗਾਂ 'ਚ ਕਲਗੀਧਰ ਦਾ ਖ਼ੂਨ ਹੈ - ਪ੍ਰੀਤਮ ਸਿੰਘ ਕਾਸਦ
(1947 ਦੇ ਘਲੂਘਾਰੇ ਵਿਚ ਧੰਨ-ਪੋਠੋਹਾਰ ਤੇ ਬਾਕੀ ਪੰਜਾਬ ਵਿਚ ਵਹਿਸ਼ੀ ਦਰਿੰਦਿਆਂ ਵਲੋਂ ਇਸਤਰੀਆਂ ਉਤੇ ਜੋ ਜੋ ਜ਼ੁਲਮ ਢਾਹੇ ਗਏ ਹਨ, ਉਂਨ੍ਹਾਂ ਨੇ ਮਰਦ-ਜ਼ਾਤ ਨੂੰ ਸਦਾ ਲਈ ਕਲੰਕਤ ਕਰ ਦਿੱਤਾ ਹੈ । ਇਨ੍ਹਾਂ ਦਰਿੰਦਿਆਂ ਦੇ ਚੁੰਗਲ ਵਿਚ ਫਸੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਦੀਆਂ ਹਜ਼ਾਰਾਂ ਸਪੁੱਤਰੀਆਂ ਨੇ ਆਪਣੀ ਜਾਨ ਤੋਂ ਵੀ ਪਿਆਰੇ ਸਿਖ-ਧਰਮ, ਅਤੇ ਆਪਣੀ ਪੱਤ ਨੂੰ ਕਿਵੇਂ ਬਚਾਇਆ, ਉਸ ਦਾ ਵਰਨਣ ਮੈਂ ਇਸ ਕਵਿਤਾ ਵਿਚ ਇਤਿਹਾਸਕ ਉਦਾਹਰਣਾਂ ਰਾਹੀਂ ਕੀਤਾ ਹੈ । ਪਹਿਲੇ ਬੰਦ ਵਿਚ ਉਹ ਖ਼ੂਨੀ ਦਰਿੰਦਾ ਆਪਣੇ ਸ਼ਕੰਜੇ ਵਿਚ ਕੱਸੀ ਹੋਈ ਸਿੰਘਣੀ ਨੂੰ ਮੌਤ ਦਾ ਡਰਾਵਾ ਦੇਂਦਾ ਹੈ, ਅਤੇ ਬਾਕੀ ਦੀ ਸਾਰੀ ਕਵਿਤਾ ਸਿੰਘਣੀ ਦਾ ਅਣਖ਼ੀਲਾ ਉੱਤਰ ਹੈ ।-ਕਾਸਦ) ਕਾਫ਼ਰ ਦੀ ਬੱਚੀ ਹੋਸ਼ ਕਰ? ਕੁਝ ਸੋਚ ਕਰ, ਕੁਝ ਸੋਚ ਕਰ। ਕਰ ਦੇ ਜਿਸਮ ਮੇਰੀ ਨੱਜ਼ਰ, ਕੱਜਲਈ ਅੱਖ, ਪਤਲੀ ਕੱਮਰ। ਇਸਲਾਮ ਧਾਰਨ ਕਰਸੇਂ ਗਰ, ਜੱਨਤ ਦਾ ਪਾਵੇਂਗੀ ਸਮਰ। ਜੇ ਕਰ ਕਰੇਂ ਤੂੰ ਗਰ ਮਗਰ, ਔਹ ਵੇਖ ਖੰਜਰ ਤੇਜ਼ ਤਰ, ਤੇਰਾ ਕਲੇਜਾ ਚੀਰ ਕੇ ਕੁੱਤਿਆਂ ਦੇ ਅਗੇ ਦੇਸਾਂ ਧਰ। ਕਾਫ਼ਰ ਦੀ ਬੱਚੀ ਹੋਸ਼ ਕਰ, ਕੁਝ ਸੋਚ ਕਰ, ਕੁਝ ਸੋਚ ਕਰ। ਉਏ ਜ਼ਾਲਮਾ ਕਰ ਜ਼ੁਲਮ ਕਰ, ਬੇਸ਼ਕ ਅੰਜਾਮੋਂ ਬੇ-ਖ਼ਬਰ। ਓ ਬੇ-ਖ਼ਬਰ, ਕਰ ਲੈ ਜਬੱਰ ਚੰਗੇਜ਼ ਵਾਂਗੂੰ ਬੇ-ਫ਼ਿਕਰ ਦੁੱਰਾਨੀ ਵਾਂਗੂੰ ਕਸ ਕਮੱਰ ਤਹਿ ਤੇਗ਼ ਕਰ, ਤਹਿ ਤੇਗ਼ ਕਰ ਔਰੰਗੇ ਵਾਂਗੂੰ ਸਰ ਬਸਰ, ਲੈ ਪਕੜ ਖੰਜਰ ਤੇਜ਼ ਤਰ ਸੀਨੇ ਦੀ ਧੜਕਨ ਉਤੇ ਧਰ ਤੇ ਚੀਰ ਦੇ ਮੇਰਾ ਜਿੱਗਰ ਮੈਂ ਹਾਂ ਖੜੀ ਸੀਨਾ-ਸੱਪਰ। ਸੀ ਵੀ ਜ਼ਬਾਨੋਂ ਨਿਕਲੇ ਗੱਰ, ਨੀਂਵੀਂ ਜੇ ਹੋ ਜਾਵੇ ਨੱਜ਼ਰ, ਟੇੜ੍ਹੀ ਜੇ ਹੋ ਜਾਵੇ ਕੱਮਰ, ਇਕ ਰਤੀ ਭਰ ਝੁੱਕੇ ਜੇ ਸੱਰ ਸਮਝੀਂ ਤੂੰ ਸਿੱਖੀ ਬੇ-ਅੱਸਰ। ਤੇਰਾ ਜ਼ੁਲਮ, ਜ਼ਾਲਮ ਬਸ਼ੱਰ, ਸਾਡੇ ਲਈ ਏ ਬੇ-ਅੱਸਰ, ਸਿੱਖੀ ਦੀ ਮੰਨਜ਼ਲ ਪੁਰਖ਼ਤਰ। ਤੂੰ ਆਜ਼ਮਾ ਸਾਡਾ ਸੱਬਰ, ਲੁਟੇ ਤਾਂ ਲੁਟੇ ਮਾਲੋ ਜ਼ਰ, ਛੁੱਟੇ ਤਾਂ ਛੁੱਟੇ ਅਪਨਾ ਘਰ, ਸਰ ਨੂੰ ਹਥੇਲੀ ਉਤੇ ਧਰ ਸਤਿਗੁਰ ਦੀ ਕਰਦੇ ਜੋ ਨੱਜ਼ਰ ਦੋਹੀਂ ਜਹਾਨੀਂ ਨੇ ਅੱਮਰ। ਇਹ ਹੈ ਸ਼ਹੀਦਾਂ ਦੀ ਕੱਦਰ। ਇਹ ਹੈ ਸ਼ਹੀਦੀ ਦਾ ਸੱਮਰ । ਉਠ ਜ਼ਾਲਮਾਂ, ਸ਼ਹੀਦ ਕਰ, ਸ਼ਹੀਦ ਕਰ, ਸ਼ਹੀਦ ਕਰ, ਖੰਜਰ ਉਠਾ, ਖੰਜਰ ਉਠਾ, ਭਈ ਤੇਜ਼ ਕਰ, ਭਈ ਤੇਜ਼ ਕਰ, ਬੇਸ਼ਕ ਨਾ ਡਰ. ਬੇਸ਼ਕ ਨਾ ਡਰ, ਕਿਉਂਕਿ ਸ਼ਹੀਦੀ ਸਿੱਖ ਦੀ ਸਿੱਖੀ ਦੇ ਉੱਚੇ ਮਹਿਲ ਲਈ ਫ਼ੌਲਾਦ ਦਾ ਸਤੂਨ ਹੈ। ਕੋਈ ਜ਼ੁਲਮ, ਕੋਈ ਸਿੱਤਮ ਸਾਨੂੰ ਝੁੱਕਾ ਸਕਦਾ ਨਹੀਂ, ਅਜੇ ਤਾਂ ਸਾਡੀਆਂ ਰਗਾਂ 'ਚ ਕਲਗੀਧਰ ਦਾ ਖ਼ੂਨ ਹੈ। ਭਈ ਕਲਗੀਧਰ ਦਾ ਖ਼ੂਨ ਹੈ। ਉਂਠ ਤੇਜ਼ ਕਰ ਕੁਹਾੜੀਆਂ, ਉਏ ਬਰਛੀਆਂ ਤੇ ਆਰੀਆਂ, ਕਰ ਜਿਸਮ ਦੀਆਂ ਫਾੜੀਆਂ, ਆਪਣੇ ਮਿੱਲਾਂ ਮੈਂ ਆਹੜੀਆਂ, ਜਿਨ੍ਹਾਂ ਨੇ ਜਿੰਦਾਂ ਪਿਆਰੀਆਂ ਭਈ ਸੂਲੀ ਉੁੱਤੇ ਚਾਹੜੀਆਂ, ਭਈ ਭੱਠੀਆਂ 'ਚ ਕਾਹੜੀਆਂ, ਭਈ ਅੱਗਾਂ ਵਿਚ ਸਾੜੀਆਂ, ਭਈ ਲਾੜਿਆਂ ਤੇ ਲਾੜੀਆਂ ਏਦਾਂ ਨਿਭਾਈਆਂ ਯਾਰੀਆਂ ਉਏ ਜਿਨ੍ਹਾਂ ਭੈਣਾਂ ਪਿਆਰੀਆਂ ਖੂਹਾਂ 'ਚ ਛਾਲਾਂ ਮਾਰੀਆਂ ਭਈ ਧੀਆਂ ਦੀਆਂ ਫਾੜੀਆਂ ਕਰ ਗਰਦਨਾਂ ਸ਼ਿੰਗਾਰੀਆਂ। ਰੋਈਆਂ ਨੇ ਖੱਡਾਂ ਖਾੜੀਆਂ, ਰੋਈਆਂ ਨੇ ਮਹਿਲ ਮਾੜੀਆਂ, ਰੋਈਆਂ ਨੇ ਬੂਟੇ ਝਾੜੀਆਂ, ਰੋਈਆਂ ਨੇ ਪੰਛੀ ਡਾਰੀਆਂ, ਉਏ ਖੇਤੀਆਂ ਤੇ ਬਾੜੀਆਂ, ਉਏ ਸਾਉਣੀਆਂ ਤੇ ਹਾੜ੍ਹੀਆਂ, ਉਏ ਸੁਕੀਆਂ ਪਹਾੜੀਆਂ. ਰੋ ਰੋ ਕੇ ਹੰਝੂ ਹਾਰੀਆਂ । ਪਰ ! ਸਿੰਘਾਂ ਦੀਆਂ ਨਾੜੀਆਂ. ਗ਼ੈਰਤ ਦੇ ਨਾਲ ਭਾਰੀਆਂ, ਗ਼ੈਰਤ ਦੀਆਂ ਚਿੰਗਾਰੀਆਂ, ਭਈ ਖ਼ੂਨੀ ਪਿਚਕਾਰੀਆਂ, ਭਈ ਸਿੰਜੀਆਂ ਸੰਵਾਰੀਆਂ ਨੇ ਸਿੱਖੀ ਦੀਆਂ ਕਿਆਰੀਆਂ, ਪੁੱਤ ਚੀਰੇ ਆਰੀਆਂ ਤੇ ਮਾਵਾਂ ਲਾਈਆਂ ਤਾੜੀਆਂ, ਦਸਮੇਸ਼ ਦੀ ਦੁਲਾਰੀਆਂ, ਵਿਆਹੀਆਂ ਤੇ ਕੰਵਾਰੀਆਂ, ਹੱਸ ਹੱਸ ਕੇ ਜਿੰਦਾਂ ਵਾਰੀਆਂ, ਪਰ ਹਿੰਮਤਾਂ ਨਾ ਹਾਰੀਆਂ । ਉਠ ! ਨੇਜ਼ਿਆਂ ਤੇ ਟੰਗ ਦੇ, ਭਈ ਕਟ ਬੰਦ ਬੰਦ ਦੇ ਭਈ ਭੱਠੀਆਂ 'ਚ ਝੌਂਕ ਦੇ, ਭਈ ਆਰਿਆਂ ਨੂੰ ਸੌਂਪ ਦੇ, ਮੇਰੀ ਜਵਾਨੀ ਸੜ ਕੇ ਵੀ ਮੇਰੀ ਜਵਾਨੀ ਕੜ੍ਹ ਕੇ ਵੀ ਗਾਵੇਗੀ ਇਕੋ ਰਾਗਨੀ ਕਿ ਧਰਮ ਪਿਛੇ ਮਰਨ ਵਿਚ ਦਸਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ। ਕੋਈ ਜ਼ੁਲਮ, ਕੋਈ ਸਿੱਤਮ ਸਾਨੂੰ ਝੁੱਕਾ ਸਕਦਾ ਨਹੀਂ, ਅਜੇ ਤਾਂ ਸਾਡੀਆਂ ਰੱਗਾਂ 'ਚ ਕਲਗੀਧਰ ਦਾ ਖ਼ੂਨ ਹੈ। ਭਈ ਕਲਗੀਧਰ ਦਾ ਖ਼ੂਨ ਹੈ। ਮੇਰੇ ਤੇ ਇਤਬਾਰ ਨਹੀਂ ? ਤਾਂ ਔਰੰਗੇ ਦੀ ਰੂਹ ਤੋਂ ਪੁੱਛ, ਸ਼ਹੀਦ ਗੰਜ ਦੇ ਖੂਹ ਤੋਂ ਪੁੱਛ, ਤਲਵੰਡੀ ਵਾਲੀ ਜੂਹ ਤੋਂ ਪੁੱਛ। ਭੱਠੀਆਂ ਤੋਂ ਪੁੱਛ, ਜੰਡਾਂ ਤੋਂ ਪੁੱਛ, ਆਰੇ ਦਿਆਂ ਦੰਦਾਂ ਤੋਂ ਪੁੱਛ, ਤਪੀਆਂ ਨੇ ਜੋ, ਤਵੀਆਂ ਤੋਂ ਪੁੱਛ, ਗੰਡਾਸਿਆਂ, ਛਵੀਆਂ ਤੋਂ ਪੁੱਛ, ਚਮਕੌਰ ਦੀਆਂ. ਗੜ੍ਹੀਆਂ ਤੋਂ ਪੁੱਛ, ਬੀਰਾਂ ਦੀਆਂ ਮੜ੍ਹੀਆਂ ਤੋਂ ਪੁੱਛ, ਸਰਹਿੰਦ ਦੀਆਂ ਕੰਧਾਂ ਤੋਂ ਪੁੱਛ, ਫਾਂਸੀ ਦੀਆਂ ਤੰਦਾਂ ਤੋਂ ਪੁੱਛ, ਦੇਗਾਂ ਤੋਂ ਪੁੱਛ, ਆਰੇ ਤੋਂ ਪੁੱਛ, ਦਿੱਲੀ ਦੇ ਫ਼ੁਹਾਰੇ ਤੋਂ ਪੁੱਛ । ਬੋਹੜਾਂ ਦਿਆਂ ਪੱਤਿਆਂ ਤੋਂ ਪੁੱਛ, ਚੱਕੀਆਂ ਦਿਆਂ ਚੱਕਿਆਂ ਤੋਂ ਪੁੱਛ, ਰੰਬੀ ਦੀਆਂ ਧਾਰਾਂ ਤੋਂ ਪੁੱਛ । 'ਮਨੂੰ' ਦੀਆਂ ਤਲਵਾਰਾਂ ਤੋਂ ਪੁੱਛ। ਅਟੱਕ ਜਿਹੇ ਵਹਿਣਾਂ ਤੋਂ ਪੁੱਛ, 'ਭਾਗੋ' ਜਿਹੀਆਂ ਭੈਣਾਂ ਤੋਂ ਪੁੱਛ। ਖ਼ੈਬਰ ਜਿਹੇ ਦਰਿਆਂ ਤੋਂ ਪੁੱਛ, ਖੱਡਾਂ ਤੋਂ ਪੁੱਛ, ਰੜਿਆਂ ਤੋਂ ਪੁੱਛ। 'ਜਮਰੌਦ' ਜਿਹੇ ਕਿਲ੍ਹਿਆਂ ਤੋਂ ਪੁੱਛ, ਫ਼ਰੰਗੀਆਂ ਬਿੱਲਿਆਂ ਤੋਂ ਪੁੱਛ। ਇੰਜਣ ਦਿਆਂ ਪਹੀਆਂ ਤੋਂ ਪੁੱਛ। ਪਿੰਡੀ ਦੀਆਂ 'ਲਈਆਂ' ਤੋਂ ਪੁੱਛ। ਸਤਲੁੱਜ ਦਿਆਂ ਕੰਢਿਆਂ ਤੋਂ ਪੁੱਛ, ਬੀ.ਟੀ. ਦਿਆਂ ਡੰਡਿਆਂ ਤੋਂ ਪੁੱਛ, 'ਬੱਜ-ਬੱਜ' ਦੇ ਘਾਟਾਂ ਤੋਂ ਪੁੱਛ, 'ਡਾਇਰ' ਜਿਹੇ ਲਾਟਾਂ ਤੋਂ ਪੁੱਛ। ਅੰਗਰੇਜ਼ ਦੀਆਂ ਤੋਪਾਂ ਤੋਂ ਪੁੱਛ, 'ਜੈਤੋ' ਦੀਆਂ ਢੋਕਾਂ ਤੋਂ ਪੁੱਛ। ਪੁੱਛ ਆਪਣੇ ਛੁਰਿਆਂ ਤੋਂ ਪੁੱਛ, ਰੱਖਾਂ ਤੋਂ ਪੁੱਛ, ਭੁਰਿਆਂ ਤੋਂ ਪੁੱਛ । ਪੁੱਛ ਆਪਣੀ ਬਲੱਮ ਤੋਂ ਪੁੱਛ, 'ਕਾਸਦ' ਦੀ ਇਸ ਕਲਮ ਤੋਂ ਪੁੱਛ। ਪੁੱਛ ਪੁੱਛ ਉ ਜ਼ਾਲਮ ਖ਼ੂਬ ਪੁੱਛ, ਇਸਲਾਮ ਦੇ ਮਹਿਬੂਬ ਪੁੱਛ। ਇਕੋ ਗਵਾਹੀ ਮਿਲੇਗੀ, ਸਿੰਘਾਂ ਕਦੇ ਝੁੱਕਣਾ ਨਹੀਂ, ਸਿੰਘਾਂ ਕਦੀ ਮੁੱਕਣਾ ਨਹੀਂ। ਸਿੰਘ ਨੂੰ ਝੁਕਾਉਣ ਵਾਲੜਾ, ਸਿੰਘ ਨੂੰ ਮੁਕਾਵਣ ਵਾਲੜਾ, ਖ਼ਿਆਲ ਇਕ ਜਨੂੰਨ ਹੈ, ਕੋਈ ਜ਼ੁਲਮ ਕੋਈ ਸਿੱਤਮ, 'ਕਾਸਦ' ਝੁਕਾ ਸਕਦਾ ਨਹੀਂ, ਅਜੇ ਤਾਂ ਸਾਡੀਆਂ ਰੱਗਾਂ 'ਚ ਕਲਗੀਧਰ ਦਾ ਖ਼ੂਨ ਹੈ ਭਈ ਕਲਗੀਧਰ ਦਾ ਖ਼ੂਨ ਹੈ । (ਸਮਰ=ਫਲ, ਸੱਪਰ,ਸਿੱਪਰ=ਢਾਲ)
ਦੇਸ਼-ਛੱਡ ਕੇ ਜਾਣ ਵਾਲਿਆਂ ਲਈ - ਫ਼ੈਜ਼ ਅਹਿਮਦ ਫ਼ੈਜ਼
"ਵਤਨੇ ਦੀਆਂ ਠੰਡੀਆਂ ਛਾਈਂ ਓ ਯਾਰ ਟਿਕ ਰਹੁ ਥਾਈਂ ਓ ਯਾਰ" ਰੋਜ਼ੀ ਦੇਵੇਗਾ ਸਾਂਈਂ ਓ ਯਾਰ ਟਿਕ ਰਹੁ ਥਾਈਂ ਓ ਯਾਰ ਹੀਰ ਨੂੰ ਛੱਡ ਟੁਰ ਗਿਉਂ ਰੰਝੇਟੇ ਖੇੜਿਆਂ ਦੇ ਘਰ ਪੈ ਗਏ ਹਾਸੇ ਪਿੰਡ ਵਿਚ ਕੱਢੀ ਟੌਹਰ ਸ਼ਰੀਕਾਂ ਯਾਰਾਂ ਦੇ ਢੈ ਪਏ ਮੁੰਡਾਸੇ ਵੀਰਾਂ ਦੀਆਂ ਟੁੱਟ ਗਈਆਂ ਬਾਹੀਂ, ਓ ਯਾਰ ਟਿਕ ਰਹੁ ਥਾਈਂ ਓ ਯਾਰ ਰੋਜ਼ੀ ਦੇਵੇਗਾ ਸਾਂਈਂ ਕਾਗ ਉਡਾਵਨ ਮਾਵਾਂ ਭੈਣਾਂ ਤਰਲੇ ਪਾਵਨ ਲੱਖ ਹਜ਼ਾਰਾਂ ਖ਼ੈਰ ਮਨਾਵਨ ਸੰਗੀ ਸਾਥੀ ਚਰਖ਼ੇ ਓਹਲੇ ਰੋਵਨ ਮੁਟਿਆਰਾਂ ਹਾੜਾਂ ਕਰਦੀਆਂ ਸੁੰਜੀਆਂ ਰਾਹੀਂ ਓ ਯਾਰ ਟਿਕ ਰਹੁ ਥਾਈਂ ਓ ਯਾਰ ਵਤਨੇ ਦੀਆਂ ਠੰਡੀਆਂ ਛਾਈਂ ਛੱਡ ਗ਼ੈਰਾਂ ਦੇ ਮਹਿਲ-ਚੋਮਹਿਲੇ ਅਪਨੇ ਵਿਹੜੇ ਦੀ ਰੀਸ ਨਾ ਕਾਈ ਅਪਨੀ ਝੋਕ ਦੀਆਂ ਸੱਤੇ ਖ਼ੈਰਾਂ ਬੀਬਾ ਤੁਸਾਂ ਨੇ ਕਦਰ ਨਾ ਪਾਈ ਮੋੜ ਮੁਹਾਰਾਂ ਤੇ ਆ ਘਰ-ਬਾਰਾਂ ਮੁੜ ਆ ਕੇ ਭੁੱਲ ਨਾ ਜਾਈਂ, ਓ ਯਾਰ ਟਿਕ ਰਹੁ ਥਾਈਂ ਓ ਯਾਰ