ਸੁਖਬੀਰ ਸਿੰਘ ਸੰਧੂ, ਕਲਸੀਆਂ ਖ਼ੁਰਦ, ਤਰਨਤਾਰਨ ਵਿਖੇ 12 ਅਗਸਤ 1932 ਨੂੰ ਗਿਆਨੀ ਸਰਦਾਰਾ ਸਿੰਘ ਦੇ ਘਰ ਜਨਮਿਆ। ਐੱਮ.ਏ. ਤੱਕ ਵਿਦਿਆ ਪ੍ਰਾਪਤੀ, ਕਲਰਕ, ਅਧਿਆਪਕ, ਲੋਕ ਸੰਪਰਕ ਵਿਭਾਗ ਵਿੱਚ ਡਰਾਮਾ ਇੰਸਪੈਕਟਰ, ਇੰਗਲੈਂਡ ਵਿੱਚ ਸਪਰੇਅ ਪੇਂਟਰ, ਭਾਰਤ ਵਿੱਚ ਹੋਟਲ ਮਾਲਕੀ, ਗ਼ਜ਼ਲ ਲਿਖਣ ਦਾ ਸ਼ੌਕ ਜਨੂੰਨ ਦੀ ਹੱਦ ਤੱਕ, ਲੰਡਨ ਦੀ ਪਹਿਲੀ ਪੰਜਾਬੀ ਸਾਹਿਤ ਸਭਾ ਦਾ ਜਨਰਲ ਸਕੱਤਰ।
ਸਾਊਥਹਾਲ, ਇੰਗਲੈਂਡ ਦਾ ਵਸਨੀਕ ਇੱਕ ਖੂਬਸੂਰਤ ਸ਼ਖ਼ਸੀਅਤ ,,
*****
ਸੁਖਬੀਰ ਸਿੰਘ ਸੰਧੂ ਪੰਜਾਬੀ ਗ਼ਜ਼ਲ ਦੇ ਉਨ੍ਹਾਂ ਗਿਣੇ-ਚੁਣੇ ਸ਼ਾਇਰਾਂ ਵਿੱਚੋਂ ਹੈ ਜਿਸ ਦੀ ਕਲਮ ਦੀ ਆਪਣੀ ਵੱਖਰੀ ਨੁਹਾਰ ਹੈ। ਉਸ ਦੀ ਸ਼ਾਇਰੀ ਦੀ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਉਹ ਇਸ਼ਕ ਦੇ ਦਰਦ ਨੂੰ ਸਿਰਫ਼ ਇੱਕ ਮਹਿਬੂਬ ਦੀ ਬੇਵਫ਼ਾਈ ਤੱਕ ਸੀਮਤ ਨਹੀਂ ਰੱਖਦਾ। ਉਹ ਉਸ ਦਰਦ ਨੂੰ ਇੱਕ ਫ਼ਲਸਫ਼ਾ ਬਣਾ ਦਿੰਦਾ ਹੈ, ਇੱਕ ਸਵਾਲ ਬਣਾ ਦਿੰਦਾ ਹੈ ਜੋ ਹਰ ਪੜ੍ਹਨ ਵਾਲੇ ਦੇ ਅੰਦਰ ਗੂੰਜਦਾ ਹੈ।
ਸੁਖਬੀਰ ਸਿੰਘ ਸੰਧੂ ਦੀ ਇਸ ਗ਼ਜ਼ਲ-ਪੁਸਤਕ 'ਪਾਇਲ' ਦੀਆਂ ਗ਼ਜ਼ਲਾਂ ਇਸ ਦੀ ਸਭ ਤੋਂ ਵਧੀਆ ਮਿਸਾਲ ਹੈ।
'ਪਾਇਲ' ਪੁਸਤਕ ਦਾ ਹਰ ਸ਼ੇਅਰ "ਕਰਾਂ ਕਿ ਨਾ" ਦੇ ਦੁਚਿੱਤੀ ਭਰੇ ਸਵਾਲ 'ਤੇ ਮੁੱਕਦਾ ਹੈ।
ਇਹ "ਕਰਾਂ ਕਿ ਨਾ" ਕੋਈ ਰਦੀਫ਼ ਨਹੀਂ, ਇਹ ਤਾਂ ਅਜੋਕੇ ਮਨੁੱਖ ਦੇ ਮਨ ਦੀ ਹਾਲਤ ਹੈ।
ਅਸੀਂ ਹਰ ਪਲ ਕਿਸੇ ਨਾ ਕਿਸੇ ਦੁਚਿੱਤੀ ਵਿੱਚ ਖੜ੍ਹੇ ਹਾਂ। ਰੋਈਏ ਕਿ ਨਾ ਰੋਈਏ? ਬੀਤੇ ਨੂੰ ਯਾਦ ਕਰੀਏ ਕਿ ਭੁੱਲ ਜਾਈਏ? ਸ਼ਿਕਵਾ ਕਰੀਏ ਕਿ ਸਬਰ ਕਰੀਏ? ਜੀਵਨ ਦੀ ਆਸ ਰੱਖੀਏ ਕਿ ਮੌਤ ਨੂੰ ਗਲੇ ਲਾ ਲਈਏ?
ਸੰਧੂਰੀ ਮਹਿਕ ਦਾ ਸੰਧੂ ਆਸ਼ਿਕ ਇਸੇ ਦੁਚਿੱਤੀ ਦਾ ਸ਼ਿਕਾਰ ਹੈ। ਉਹ ਬੇਵਫ਼ਾ ਯਾਰ ਦੀ ਯਾਦ ਵਿੱਚ ਰੋਣਾ ਵੀ ਚਾਹੁੰਦਾ ਹੈ ਤੇ ਨਾਲ ਹੀ ਸੋਚਦਾ ਹੈ ਕਿ ਰੋਣ ਦਾ ਕੀ ਫਾਇਦਾ।
ਉਸ ਨੂੰ ਖ਼ਬਰ ਮਿਲਦੀ ਹੈ ਕਿ ਉਸ ਦਾ ਮਹਿਬੂਬ ਕਿਸੇ ਗ਼ੈਰ ਦੇ ਸੁਪਨੇ ਵਿੱਚ ਆਇਆ ਹੈ, ਤਾਂ ਉਹ ਸ਼ਿਕਾਇਤ ਕਰਨ ਲਈ ਵੀ ਤਿਆਰ ਹੈ, ਪਰ ਫਿਰ ਸੋਚਦਾ ਹੈ ਕਿ ਸ਼ਿਕਾਇਤ ਕਿਸ ਨੂੰ ਕਰੇ ਤੇ ਕਿਉਂ ਕਰੇ।
ਸੁਖਬੀਰ ਸਿੰਘ ਸੰਧੂ ਦੀ ਕਲਮ ਦਾ ਅਸਲ ਕਮਾਲ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਆਉਂਦਾ ਹੈ
ਖ਼ਤ ਦੇ ਕੇ ਰਕੀਬ ਦੇ ਕਾਸਿਦ ਕਿਉਂ ਰੋ ਪਿਆ,
ਸ਼ਾਇਦ ਉਹ ਵੀ ਉਦਾਸ ਹੈ ,ਸਾਡੀ ਤੌਹੀਨ 'ਤੇ।
ਰਾਤ ਨੇ ਪ੍ਰਭਾਤ ਦਾ ਸੰਧੂਰ ਸਿਰ ਵਿੱਚ ਧੂੜ ਕੇ
ਇੱਕ ਨਵਾਂ ਦਿਨ ਹੋਰ ਦਿੱਤਾ ਹੈ ਸਜਾਅ ਮੇਰੇ ਲਈ।
ਛਣ-ਛਣ ਚੂੜੀਆਂ ਦੀ ‘ਤੇ ਭਰੋਸਾ ਕੀ ਕਰੇ ਕੋਈ,
ਜਿਨ੍ਹਾਂ ਦੀ ਟੁੱਟ ਕੇ ਬਣ ਜਾਂਵਦੀ ਨਸ਼ਤਰ ਕਦੀ-ਕਦੀ।
ਪੂਰਬ ਨੂੰ ਸੌਂਪ ਕੇ ਦਿਲ ਪੱਛਮ ਨੂੰ ਆ ਗਿਆ ਹਾਂ,
ਬਣਦੀ ਹੈ ਕਿਸ ਜਗ੍ਹਾ 'ਤੇ ਸਾਡੀ ਕਬਰ ਵੀ ਦੇਖੋ।
ਲੁਕ-ਲੁਕ ਕੇ ਕਰਨ ਵਾਲੀ ਚੀਜ਼ ਨਹੀਂ ਇਹ ਮੁਹੱਬਤ,
ਉਹ ਅੱਗ ਹੈ ਬੁੱਝ ਹੀ ਜਾਂਦੀ ਖੁੱਲ੍ਹ ਕੇ ਨਾ ਜੋ ਬਲੀ ਏ।
ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ
ਕਹਿ ਦੇ ਜ਼ਰਾ ਕਿ ਜਾਣ ਦਾ ਵਾਅਦਾ ਕਰਾਂ ਕਿ ਨਾ।
ਇੱਥੇ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਦਾ ਸਫ਼ਰ ਸ਼ੁਰੂ ਹੁੰਦਾ ਹੈ। ਸ਼ਾਇਰ ਆਖਦਾ ਹੈ ਕਿ ਉਹ ਕਾਅਬੇ ਵੱਲ ਨੂੰ ਤੁਰਿਆ ਸੀ, ਪਰ ਰਸਤੇ ਵਿੱਚ ਹੀ ਸੋਚਾਂ ਵਿੱਚ ਪੈ ਕੇ ਮੁੜ ਆਇਆ। ਕਿਉਂ? ਕਿਉਂਕਿ ਉਸ ਨੂੰ ਲੱਗਿਆ ਕਿ ਜੇ ਮਹਿਬੂਬ ਦੀ ਦਲੀਜ਼ ਹੀ ਨਸੀਬ ਨਹੀਂ, ਤਾਂ ਕਾਅਬੇ ਵਿੱਚ ਸਜਦਾ ਕਰਨ ਦਾ ਕੀ ਲਾਭ। ਇੱਥੇ ਸ਼ਾਇਰ ਮਹਿਬੂਬ ਨੂੰ ਰੱਬ ਦਾ ਦਰਜਾ ਦੇ ਰਿਹਾ ਹੈ। ਇਹ ਕੁਫ਼ਰ ਨਹੀਂ ਹੈ, ਇਹ ਉਹ ਇਸ਼ਕ ਹੈ ਜਿੱਥੇ ਆਸ਼ਿਕ ਲਈ ਮਾਸ਼ੂਕ ਹੀ ਸਭ ਕੁਝ ਬਣ ਜਾਂਦਾ ਹੈ। ਬੁੱਲ੍ਹੇ ਸ਼ਾਹ ਨੇ ਵੀ ਇਹੀ ਕਿਹਾ ਸੀ ਕਿ ਮੱਕਾ ਤਾਂ ਪਰਾਈ ਥਾਂ ਹੈ, ਸੱਜਣਾ ਦੇਸ਼ ਹੀ ਸਾਡਾ ਮੱਕਾ ਹੈ।
ਸੁਖਬੀਰ ਸੰਧੂ ਦੀ ਗ਼ਜ਼ਲ ਨੂੰ ਜਦ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਨੇ ਆਪਣੀ ਆਵਾਜ਼ ਦਿੱਤੀ, ਤਾਂ ਇਹ ਸ਼ਬਦਾਂ ਤੋਂ ਵਧ ਕੇ ਜਜ਼ਬਾ ਬਣ ਗਈ। ਨੁਸਰਤ ਸਾਹਿਬ ਨੇ ਇਸ ਨੂੰ ਕੱਵਾਲੀ ਵਾਂਗ ਰੌਲੇ ਨਾਲ ਨਹੀਂ ਗਾਇਆ, ਸਗੋਂ ਇੱਕ ਟੁੱਟੇ ਹੋਏ ਦਿਲ ਦੀ ਪੁਕਾਰ ਵਾਂਗ ਗਾਇਆ। ਜਦ ਉਹ "ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ" ਵਾਲੀ ਸਤਰ ਗਾਉਂਦੇ ਹਨ, ਤਾਂ "ਮੌਤ" ਲਫ਼ਜ਼ 'ਤੇ ਉਨ੍ਹਾਂ ਦੀ ਆਵਾਜ਼ ਵਿੱਚ ਜੋ ਲਰਜ਼ਿਸ਼ ਆਉਂਦੀ ਹੈ, ਉਹ ਸੁਣਨ ਵਾਲੇ ਦੇ ਵੀ ਰੋਂਗਟੇ ਖੜ੍ਹੇ ਕਰ ਦਿੰਦੀ ਹੈ। ਲੱਗਦਾ ਹੈ ਕਿ ਮੌਤ ਸੱਚਮੁੱਚ ਹੀ ਦਰਵਾਜ਼ੇ 'ਤੇ ਖੜ੍ਹੀ ਉਡੀਕ ਕਰ ਰਹੀ ਹੈ।
ਖ਼ਾਸ ਕਰਕੇ "ਕਾਅਬੇ ਤੋਂ ਮੁੜ ਪਿਆ" ਵਾਲੇ ਮਿਸਰੇ ਨੂੰ ਨੁਸਰਤ ਨੇ ਜਿਸ ਤੜਪ ਨਾਲ ਗਾਇਆ ਹੈ, ਉਹ ਸੁਣਨ ਵਾਲੇ ਨੂੰ ਉਸੇ ਦੁਚਿੱਤੀ ਵਿੱਚ ਲੈ ਜਾਂਦਾ ਹੈ ਜਿੱਥੇ ਸ਼ਾਇਰ ਖੜ੍ਹਾ ਸੀ। ਉਨ੍ਹਾਂ ਦਾ ਆਲਾਪ "ਕਰਾਂ ਕਿ ਨਾ" ਦੇ ਸਵਾਲ ਨੂੰ ਹਵਾ ਵਿੱਚ ਹੀ ਲਟਕਾ ਦਿੰਦਾ ਹੈ, ਤੇ ਉਸ ਦਾ ਜਵਾਬ ਸੁਣਨ ਵਾਲੇ ਦੀਆਂ ਅੱਖਾਂ ਵਿੱਚੋਂ ਹੰਝੂ ਬਣ ਕੇ ਨਿਕਲਦਾ ਹੈ।
ਸੁਖਬੀਰ ਸਿੰਘ ਸੰਧੂ ਦਾ ਕਮਾਲ ਇਹ ਸੀ ਕਿ ਉਸ ਨੇ ਦਰਦ ਨੂੰ ਸਵਾਲ ਬਣਾ ਦਿੱਤਾ। ਤੇ ਨੁਸਰਤ ਫ਼ਤਹਿ ਅਲੀ ਖ਼ਾਨ ਦਾ ਕਮਾਲ ਇਹ ਸੀ ਕਿ ਉਸ ਨੇ ਉਸ ਸਵਾਲ ਨੂੰ ਆਪਣੀ ਆਵਾਜ਼ ਨਾਲ ਸਰੋਤੇ ਦੇ ਦਿਲ ਵਿੱਚ ਉਤਾਰ ਦਿੱਤਾ। ਸ਼ਾਇਰ ਨੇ ਲਿਖਿਆ, ਗਾਇਕ ਨੇ ਰੁਲਾਇਆ।
ਸੁਖਬੀਰ ਸਿੰਘ ਸੰਧੂ ਗ਼ਜ਼ਲ ਦੀ ਅਮਰਤਾ ਦਾ ਰਾਜ਼ ਹੈ। ਇਹ ਪੰਜਾਬੀ ਤੇ ਉਰਦੂ ਦੀ ਹੱਦ ਭੁਲਾ ਕੇ ਸਿੱਧੀ ਮਨੁੱਖੀ ਦਰਦ ਦੀ ਗੱਲ ਕਰਦੀ ਹੈ। ਸ਼ਾਇਰ ਪੁੱਛਦਾ ਹੈ, ਗਾਇਕ ਉਸ ਪੁੱਛ ਨੂੰ ਹੂਕ ਬਣਾ ਦਿੰਦਾ ਹੈ, ਤੇ ਸੁਣਨ ਵਾਲਾ ਉਸ ਹੂਕ ਨੂੰ ਆਪਣਾ ਦਰਦ ਸਮਝ ਲੈਂਦਾ ਹੈ।
ਅੱਜ ਵੀ ਜਦ ਇਹ ਗ਼ਜ਼ਲ ਸੁਣਦੇ ਹਾਂ ਤਾਂ ਲੱਗਦਾ ਹੈ ਕਿ ਸੁਖਬੀਰ ਸਿੰਘ ਸੰਧੂ ਦੀ ਕਲਮ ਤੇ ਨੁਸਰਤ ਫਤਹਿ ਅਲੀ ਖਾਂ ਸਾਹਿਬ ਦੀ ਆਵਾਜ਼ ਮਿਲ ਕੇ ਹਰ ਉਸ ਇਨਸਾਨ ਦੀ ਗੱਲ ਕਰ ਰਹੀਆਂ ਹਨ ਜਿਸ ਨੇ ਕਦੇ ਇਸ਼ਕ ਕੀਤਾ ਹੈ, ਜਿਸ ਨੇ ਕਦੇ ਦੁਚਿੱਤੀ ਹੰਢਾਈ ਹੈ, ਤੇ ਜਿਸ ਨੇ ਕਦੇ ਮਹਿਬੂਬ ਨੂੰ ਹੀ ਆਪਣਾ ਰੱਬ ਮੰਨ ਲਿਆ ਹੈ। ਇਹੀ ਸੁਖਬੀਰ ਸਿੰਘ ਸੰਧੂ ਦੀ ਵਿਲੱਖਣ ਪਛਾਣ ਹੈ, ਤੇ ਇਹੀ ਨੁਸਰਤ ਸਾਹਿਬ ਦੀ ਕਲਾਤਮਕ ਪੁਖਤਗੀ ਹੈ।
ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਜੋ ਮੇਰੇ ਵੱਡੇ ਵੀਰ ਹਨ,ਉਨ੍ਹਾਂ ਦੇ ਨਿਰੰਤਰ ਯਤਨਾਂ ਸਦਕਾ 'ਪਾਇਲ' ਫਿਰ ਪੰਜਾਬੀ ਸਾਹਿਤ ਦੇ ਵਿਹੜੇ ਸ਼ਗਨਾਂ ਦੇ ਗੀਤ ਆਪਣੀ ਛਣਕਾਰ ਨਾਲ ਗਾਉਣ ਤੇ ਰੁਸ਼ਨਾਉਣ ਆ ਰਹੀ ਹੈ।
ਸੁਖਬੀਰ ਸਿੰਘ ਸੰਧੂ ਨੇ ਜਦੋਂ ਲਿਖਣ ਦਾ ਕਾਰਜ ਅਰੰਭਿਆ ਸੀ ਉਦੋਂ ਮੈਂ ਜਨਮਿਆ ਵੀ ਨਹੀਂ ਸੀ।
ਇਹ ਪੁਸਤਕ ਜਿਵੇਂ ਕਰਨਲ ਜਸਬੀਰ ਭੁੱਲਰ ਜੀ ਨੇ ਸੰਭਾਲੀ ਰੱਖੀ, ਵੱਡੀ ਵਧਾਈ ਦੇ ਹੱਕਦਾਰ ਹਨ।
ਇਸ ਪੁਸਤਕ ਦਾ ਦੁਬਾਰਾ ਪ੍ਰਕਾਸ਼ਿਤ ਹੋਣਾ ਸ਼ੁਭ ਸ਼ਗਨ ਹੈ।
ਸਦਾ ਸਤਿਕਾਰ।
ਸਦਾ ਸ਼ੁਕਰਾਨੇ ਜੀਓ।
ਖੁਸ਼ੀ, ਖੁਸ਼ਬੂ, ਖੁਮਾਰੀ ਸੰਗ ਸੰਵਾਦ ਰਚਾਉਣ ਤੁਹਾਡੇ ਵਿਹੜੇ ਆਣ ਖਲੋਤੀ ਹੈ,
ਸੰਧੂਰੀ ਮਹਿਕ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਸੁਖਬੀਰ ਸਿੰਘ ਸੰਧੂ ਦੀ ਸ਼ਾਇਰੀ ਦਾ ਜਲੌਅ...
ਪਾਇਲ... ਪਾਇਲ...