Amitoj ਅਮਿਤੋਜ

ਪੰਜਾਬੀ ਕਵੀ ਅਮਿਤੋਜ ਦੀ ਤਸਵੀਰ

ਪੰਜਾਬੀ ਕਵਿਤਾ ਦੀ ਬਹੁਤ ਵੱਡੀ ਸਮਰੱਥਾ ਦਾ ਨਾਮ ਸੀ ਅਮਿਤੋਜ। ਉਸ ਨੂੰ ਨਿੱਕੀ ਉਮਰੇ ਮਿਲੀ ਸ਼ੋਹਰਤ ਨੇ ਓਨਾ ਨਾ ਪੱਲ੍ਹਰਨ ਦਿੱਤਾ, ਜਿੰਨੀ ਉਸ ਦੇ ਬੀਜ ਦੀ ਸ਼ਕਤੀ ਸੀ।
ਅਮਿਤੋਜ ਦਾ ਮਾਪਿਆਂ ਵੱਲੋਂ ਦਿੱਤਾ ਨਾਮ ਕ੍ਰਿਸ਼ਨ ਕੁਮਾਰ ਸੀ। ਫਿਰ ਉਹ ਕਵਿਤਾ ਲਿਖਣ ਲੱਗ ਪਿਆ ਤੇ ਕੰਵਲ ਸ਼ਮੀਮ ਬਣ ਗਿਆ।
ਕੁਝ ਸਮਾਂ ਕ੍ਰਿਸ਼ਨ ਕੰਵਲ ਸਰੀਨ ਵੀ ਰਿਹਾ ਪਰ ਪਰਪੱਕ ਹੋ ਕੇ ਅਮਿਤੋਜ ਬਣ ਗਿਆ। ਉਸ ਦਾ ਸ਼ਬਦੀ ਅਰਥ ਅਣਮਿਣਵਾਂ ਚਾਨਣ ਜਾਂ ਨੂਰ ਹੈ।

ਅਮਿਤੋਜ 3 ਜੂਨ 1947 ਨੂੰ ਪਿਤਾ ਚਰਨ ਦਾਸ ਤੇ ਮਾਤਾ ਜਾਨਕੀ ਦੇਵੀ ਦੇ ਘਰ ਆਪਣੇ ਜੱਦੀ ਪਿੰਡ ਮੁਰੀਦ ਕੇ (ਨੇੜੇ ਕਾਲਾ ਅਫਗਾਨਾ) ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਦਾ ਹੋਇਆ ਤੇ 28 ਅਗਸਤ 2005 ਨੂੰ ਸਾਨੂੰ ਸਦੀਵੀ ਵਿਗੋਚਾ ਦੇ ਗਿਆ। ਉਹ ਪੰਜਾਬੀ ਜ਼ਬਾਨ ਦਾ ਬਹੁਤ ਪ੍ਰਤਿਭਾਸ਼ੀਲ ਕਵੀ ਸੀ। ਅਮਿਤੋਜ ਦੇ ਨਾਨਕੇ ਭੁਲੱਥ ਦੇ ਨੇੜੇ ਪਿੰਡ ਅਖਾੜਾ ਵਿੱਚ ਸਨ। ਸੁਰਗਵਾਸ ਹੋਣ ਵੇਲੇ ਉਹ ਜਲੰਧਰ ਦੇ ਦੂਰਦਰਸ਼ਨ ਐਨਕਲੇਵ ਵਿੱਚ ਰਹਿ ਰਿਹਾ ਸੀ।
ਆਪਣੇ ਪਿੱਛੇ ਉਹ ਪਤਨੀ ਅੰਮ੍ਰਿਤਪਾਲ ਕੌਰ, ਬੇਟੀ ਲੋਰੀ ਅਤੇ ਬੇਟਾ ਆਗੋਸ਼ ਨੂੰ ਛੱਡ ਗਿਆ।
ਮੁੱਢਲੀ ਵਿੱਦਿਆ ਪ੍ਰਾਪਤ ਕਰਕੇ ਅਮਿਤੋਜ ਕਪੂਰਥਲੇ ਸਰਕਾਰੀ ਰਣਧੀਰ ਕਾਲਜ ਵਿੱਚ ਪੜ੍ਹਨ ਆ ਗਿਆ ਸੀ। ਏਥੇ ਪੜ੍ਹਦਿਆਂ 1962 ਵਿੱਚ ਉਸ ਦਾ ਆਪਣੇ ਸਹਿਪਾਠੀ ਕਵੀ ਸੁਰਜੀਤ ਪਾਤਰ ਨਾਲ਼ ਮੇਲ਼ ਮਿਲਾਪ ਹੋਇਆ ਪਰ ਜਲਦੀ ਪੜ੍ਹਾਈ ਛੱਡ ਗਿਆ। ਤੇ ਜੀਵਨ ਬੀਮੇ ਦੀ ਨੌਕਰੀ ਕਰਨ ਲੱਗ ਪਿਆ। ਨੌਕਰੀ ਕਰਦਿਆਂ ਉਸ ਜਲੰਧਰ ਦੇ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਵਿੱਚ ਪੜ੍ਹਾਈ ਕੀਤੀ। ਉਸ ਰੋਜ਼ਾਨਾ ਅਖ਼ਬਾਰ ਨਵਾਂ ਜ਼ਮਾਨਾ ਵਿੱਚ ਵੀ ਲਗਪਗ ਡੇਢ ਸਾਲ ਪੱਤਰਕਾਰੀ ਕੀਤੀ। ਇੱਥੇ ਉਸਦੀ ਦੋਸਤੀ ਪੱਤਰਕਾਰ ਸ਼ੌਕੀਨ ਸਿੰਘ ਨਾਲ ਪਈ। ਇੱਥੋਂ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਨ ਆ ਗਿਆ। ਜਿੱਥੇ ਉਸ ਨੇ ਐੱਮ ਏ ਮੁਕੰਮਲ ਕੀਤੀ।

1980ਵਿਆਂ ਵਿੱਚ ਉਸਨੇ ਹਰਜੀਤ ਸਿੰਘ ਦੀ ਪ੍ਰੇਰਨਾ ਨਾਲ ਜਲੰਧਰ ਦੂਰਦਰਸ਼ਨ ਵਿੱਚ “ਕੱਚ ਦੀਆਂ ਮੁੰਦਰਾਂ“ ਪ੍ਰੋਗ਼੍ਰਾਮ ਸ਼ੁਰੂ ਕੀਤਾ ਜੋ ਆਪਣੀ ਸਾਹਿਤਕ ਸ਼ੈਲੀ ਕਰ ਕੇ ਬਹੁਤ ਹਰਮਨ ਪਿਆਰਾ ਹੋਇਆ।
ਉਸ ਦੀਆਂ ਕਵਿਤਾਵਾਂ ਦੀ ਇੱਕੋ-ਇਕ ਕਿਤਾਬ ਖ਼ਾਲੀ ਤਰਕਸ਼ (ਓਪੀਨੀਅਨ ਮੇਕਰਜ਼, ਲੁਧਿਆਣਾ ਵੱਲੋਂ ਡਾ. ਸੁਰਜੀਤ ਪਾਤਰ ਦੀ ਪਹਿਲਕਦਮੀ ਤੇ ਛਪੀ ਸੀ ਪਰ ਅਜੇ ਬਹੁਤ ਸਾਰੀਆਂ ਰਚਨਾਵਾਂ ਪ੍ਰਕਾਸ਼ਿਤ ਨਹੀਂ ਹੋਈਆਂ।
ਜਵਾਨੀ ਵੇਲੇ ਉਸ ਦਾ ਨਾਮ ਅਮਿਤੋਜ ਵੀ ਉਸ ਦੇ ਮਿੱਤਰ ਡਾ. ਸੁਰਜੀਤ ਪਾਤਰ ਨੇ ਹੀ ਰੱਖਿਆ ਦੱਸਿਆ ਜਾਂਦਾ ਹੈ।
1971 ਵਿੱਚ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਦੇ ਦੌਰਾਨ ਅਮਿਤੋਜ ਨੇ ਢਾਕਾ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਲਈ ਇੱਕ ਸ਼ਰਧਾਂਜਲੀ ਵਜੋਂ
'ਰੋਸ਼ਨਆਰਾ ਮੈਂ ਭਲਾ ਕਿਵੇਂ ਸੋਚ ਸਕਦਾ ਹਾਂ'
ਨਾਮਕ ਇੱਕ ਕਵਿਤਾ ਲਿਖੀ ਸੀ, ਜੋ ਇੱਕ ਪਾਕਿਸਤਾਨੀ ਟੈਂਕ ਵਲੋਂ ਕੁਚਲ ਦਿੱਤੀ ਗਈ ਸੀ।
ਇਸ ਕਵਿਤਾ ਨੂੰ ਖ਼ਬਰ ਏਜੰਸੀ ਯੂਐਨਆਈ ਨੇ ਦੇਸ਼ ਭਰ ਵਿੱਚ ਜਾਰੀ ਕਰ ਦਿੱਤਾ ਸੀ ਅਤੇ ਇਹ ਵਿਆਪਕ ਤੌਰ 'ਤੇ ਸਲਾਹੀ ਗਈ ਗਈ ਸੀ।
ਯੂਨੀਵਰਸਿਟੀ ਬੰਦ ਹੈ, ਬੋਲ ਕੁਬੋਲ, ਲਾਹੌਰ ਦੇ ਨਾਂ ਖਤ, ਬੁੱਢਾ ਬੌਲਦ, ਖ਼ਾਲੀ ਤਰਕਸ਼ ਅਤੇ ਗਰੀਟਿੰਗ ਕਾਰਡ ਵਰਗੀਆਂ ਅਨੇਕਾਂ ਖ਼ੂਬਸੂਰਤ ਕਵਿਤਾਵਾਂ ਉਸ ਨੇ ਲਿਖੀਆਂ। ਬ੍ਰਤੋਲਤ ਬ੍ਰੈਖ਼ਤ ਦੇ ਨਾਟਕ “ਕਾਕੇਸ਼ੀਅਨ ਚਾਕ ਸਰਕਲ” ਦਾ ਪੰਜਾਬੀ ਰੂਪ “ਪਰਾਈ ਕੁੱਖ “ ਅਮਿਤੋਜ ਦੇ ਗੀਤਾਂ ਸਦਕਾ ਬੜਾ ਮਸ਼ਹੂਰ ਹੋਇਆ। ਇਸ ਨਾਟਕ ਨੂੰ ਉਸ ਨੇ ਬਾਦ ਵਿੱਚ “ਮਿੱਟੀ ਨਾ ਹੋਵੇ ਮਤਰੇਈ” ਨਾਮ ਹੇਠ ਵੀ ਅਨੁਵਾਦ ਕੀਤਾ।
ਅਮਿਤੋਜ ਕੁਝ ਸਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਡਾ. ਵਿਸ਼ਵ ਨਾਥ ਤਿਵਾੜੀ ਨਾਲ ਰਿਸਰਚ ਫੈਲੋ ਵੀ ਰਿਹਾ।
ਅਮਿਤੋਜ ਦੀ ਇਕਲੌਤੀ ਪੁਸਤਕ “ਖਾਲੀ ਤਰਕਸ਼” ਹੁਣ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਅਮਿਤੋਜ ਦੇ ਮਿੱਤਰ ਪਿਆਰਿਆਂ ਦੀਆਂ ਯਾਦਾਂ ਤੇ ਉਸ ਦੀ ਰਚਨਾ ਬਾਰੇ ਕੰਵਲਜੀਤ ਨੇ “ ਅਮਿਤੋਜ ਹਾਜ਼ਰ ਹੈ” ਪ੍ਰਕਾਸ਼ਿਤ ਕੀਤੀ ਗਈ ਹੈ।
ਅਮਿਤੋਜ ਨੂੰ ਪੜ੍ਹਦਿਆਂ ਪੰਜਾਬੀ ਦੀ ਕਵਿਤਾ ਵਿਚਲੇ ਨਾਟਕੀ ਅੰਸ਼ ਦੇ ਦਰਸ਼ਨ ਹੁੰਦੇ ਹਨ। - ਗੁਰਭਜਨ ਗਿੱਲ

ਅਮਿਤੋਜ ਦੀਆਂ ਪੰਜਾਬੀ ਕਵਿਤਾਵਾਂ