Chhoti Jihi Kippi (Punjabi Story) : S. Saki

ਛੋਟੀ ਜਿਹੀ ਕਿੱਪੀ (ਕਹਾਣੀ) : ਐਸ ਸਾਕੀ

ਘਰ ਵਿਚ ਕਿਸੇ ਨੂੰ ਵੀ ਚੰਗਾ ਨਹੀਂ ਲੱਗਾ। ਨਾ ਉਸ ਨੂੰ ਆਪ, ਨਾ ਹੀ ਮਾਂ ਨੂੰ ਅਤੇ ਨਾ ਹੀ ਉਸ ਦੇ ਪਤੀ ਨੂੰ। ਅਸਲ ਵਿਚ ਗੱਲ ਹੀ ਅਜਿਹੀ ਹੋ ਗਈ ਸੀ। ਫੇਰ ਉਹ ਚੰਗੀ ਲੱਗਦੀ ਵੀ ਕਿਵੇਂ। ਕਈ ਵਾਰੀ ਕਿਸੇ ਗੱਲ ’ਤੇ ਅਸੀਂ ਕਿੰਨੇ ਦ੍ਰਿੜ੍ਹ ਹੁੰਦੇ ਹਾਂ, ਇਕੋ ਵਾਰੀ ਅਚੁੱਕ- ਉਸ ਮੁੰਡੇ ਵਾਂਗ ਜਿਹੜਾ ਹਿਸਾਬ ਦਾ ਪਰਚਾ ਦੇਣ ਜਾਣ ਤੋਂ ਪਹਿਲਾਂ ਸੌ ਵਿਚੋਂ ਸੌ ਨੰਬਰ ਲੈਣ ਦਾ ਨਿਸ਼ਚਾ ਕਰਕੇ ਜਾਂਦਾ ਹੈ।
ਘਰ ਵਿਚ ਰਾਜੇਸ਼ ਹੈ, ਉਸ ਦੀ ਪਤਨੀ ਵਿੱਦਿਆ ਹੈ ਅਤੇ ਮਾਂ ਹੈ। ਰਾਜੇਸ਼ ਆਪਣਾ ਕੋਈ ਕੰਮ ਕਰਦਾ ਹੈ। ਹਾਂ, ਉਸ ਦੀ ਮੋਟਰ ਪਾਰਟਸ ਦੀ ਦੁਕਾਨ ਹੈ। ਉਸ ਦਾ ਪਿਤਾ ਵੀ ਇਹੋ ਕੰਮ ਕਰਦਾ ਸੀ। ਪਿਤਾ ਦੀ ਮੌਤ ਤੋਂ ਬਾਅਦ ਦੁਕਾਨ ਰਾਜੇਸ਼ ਨੇ ਸਾਂਭ ਲਈ।
ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਮਾਂ ਨੇ ਕੁੜੀ ਪਸੰਦ ਕੀਤੀ ਸੀ। ਉਸ ਦੀ ਪਤਨੀ ਵਿੱਦਿਆ ਨੇਕ ਔਰਤ ਹੈ, ਬਹੁਤ ਮਿੱਠੇ ਸੁਭਾਅ ਦੀ। ਸੱਸ ਨਾਲ ਉਸ ਦੀ ਬਹੁਤ ਬਣਦੀ ਹੈ।
ਜਦੋਂ ਰਾਜੇਸ਼ ਅਤੇ ਉਸ ਦੀ ਮਾਂ ਨੂੰ ਵਿੱਦਿਆ ਦੇ ਬੱਚੇ ਦੀ ਆਸ ਨਾਲ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਜਿਵੇਂ ਚਾਅ ਹੀ ਚੜ੍ਹ ਗਿਆ ਸੀ। ਮਾਂ ਤਦੇ ਵਿੱਦਿਆ ਨੂੰ ਘਰ ਵਿਚ ਬਣੇ ਮੰਦਰ ਅੰਦਰ ਲੈ ਗਈ। ਮੂਰਤੀ ਮੂਹਰੇ ਜੋਤ ਜਗਾਈ, ਨੂੰਹ ਦੇ ਮੱਥੇ ਟਿੱਕਾ ਲਾਇਆ ਅਤੇ ਦੋਵੇਂ ਹੱਥ ਜੋੜ ਅੱਖਾਂ ਬੰਦ ਕਰ ਇੰਨਾ ਹੀ ਕਿਹਾ, ‘‘ਦੁੱਧੀਂ ਨਹਾਵੇਂ ਪੁੱਤੀਂ ਫਲੇਂ।’’

ਰਾਤੀਂ ਆਪਣੇ ਬੈੱਡਰੂਮ ’ਚ ਪਹੁੰਚ ਰਾਜੇਸ਼ ਅਤੇ ਵਿੱਦਿਆ ਕਿੰਨਾ ਚਿਰ ਗੱਲਾਂ ਕਰਦੇ ਰਹੇ। ਆਉਣ ਵਾਲੇ ਬੱਚੇ ਦੀਆਂ ਗੱਲਾਂ।
ਉਨ੍ਹਾਂ ਗੱਲਾਂ ਗੱਲਾਂ ਵਿਚ ਹੀ ਪੱਕਾ ਕਰ ਲਿਆ ਕਿ ਉਨ੍ਹਾਂ ਘਰ ਪੁੱਤ ਹੀ ਆਵੇਗਾ।
ਬੱਸ ਫੇਰ ਕੀ ਉਹ ਆਉਣ ਵਾਲੇ ਪੁੱਤ ਦੇ ਸਵਾਗਤ ਦੀ ਤਿਆਰੀ ਕਰਨ ਲੱਗੇ। ਰਾਜੇਸ਼ ਨੇ ਬੈੱਡਰੂਮ ਦੀਆਂ ਸਾਰੀਆਂ ਕੰਧਾਂ ’ਤੇ ਬਾਜ਼ਾਰੋਂ ਹੱਸਦੇ ਹੋਏ ਖ਼ੂਬਸੂਰਤ ਮੁੰਡਿਆਂ ਦੇ ਕੈਲੰਡਰ ਲਿਆ ਚਿਪਕਾ ਦਿੱਤੇ। ਅਜਿਹਾ ਹੋਣਾ ਰਾਜੇਸ਼ ਨੇ ਕਿਤੇ ਪੜ੍ਹਿਆ ਸੀ ਜਾਂ ਕਿਸੇ ਪਾਸੋਂ ਸੁਣਿਆ ਸੀ ਕਿ ਆਉਣ ਵਾਲਾ ਬੱਚਾ ਇਨ੍ਹਾਂ ਕੈਲੰਡਰਾਂ ਵਿਚੋਂ ਦਿਸਦੇ ਕਿਸੇ ਮੁੰਡੇ ਜਿਹਾ ਹੀ ਖ਼ੂਬਸੂਰਤ ਹੋਵੇਗਾ।
ਉਹ ਤਾਂ ਬਾਜ਼ਾਰੋਂ ਪੁੱਤ ਲਈ ਰਿਕਾਰਡ ਬੁੱਕ ਵੀ ਖ਼ਰੀਦ ਲੈ ਆਇਆ ਜਿਸ ਵਿਚ ਜਨਮ ਤੋਂ ਲੈ ਕੇ ਵੱਡੇ ਹੋਣ ਤਕ ਦੀਆਂ ਸਾਰੀਆਂ ਗੱਲਾਂ ਨੋਟ ਕੀਤੀਆਂ ਜਾਣਗੀਆਂ। ਉਨ੍ਹਾਂ ਆਉਣ ਵਾਲੇ ਪੁੱਤ ਦਾ ਨਾਂ ਸੂਰਜ ਰੱਖ ਰਿਕਾਰਡ ਵਾਲੀ ਕਾਪੀ ਦੇ ਪਹਿਲੇ ਪੰਨੇ ’ਤੇ ਲਿਖ ਵੀ ਦਿੱਤਾ ਸੀ। ਰਾਜੇਸ਼ ਪਹਿਲਾਂ ਹੀ ਪੁੱਤ ਲਈ ਚਿੱਟੇ ਤੌਲੀਏ ਖ਼ਰੀਦ ਲਿਆਇਆ। ਨਹਾਉਣ ਵਾਲੇ ਬਾਹਰ ਦੇ ਮੁਲਕਾਂ ਦੇ ਸਾਬਣ। ਕਈ ਤਰ੍ਹਾਂ ਦੇ ਪਾਊਡਰ। ਪੁੱਤ ਲਈ ਉਹ ਕੋਈ ਕਸਰ ਨਹੀਂ ਸੀ ਛੱਡਣਾ ਚਾਹੁੰਦਾ।
ਵਿੱਦਿਆ ਦਾ ਨਾਂ ਇਕ ਮਹਿੰਗੇ ਨਰਸਿੰਗ ਹੋਮ ਵਿਚ ਰਜਿਸਟਰਡ ਕਰਵਾ ਦਿੱਤਾ। ਉਹ ਹਰ ਮਹੀਨੇ ਲੇਡੀ ਡਾਕਟਰ ਕੋਲ ਚੈਕਅੱਪ ਕਰਵਾਉਣ ਲਈ ਜਾਣ ਲੱਗੇ। ਸਭ ਕੁਝ ਸਹਿਜ ਚੱਲ ਰਿਹਾ ਸੀ।
ਹੌਲੀ ਹੌਲੀ ਦਿਨ ਲੰਘਦੇ ਗਏ ਅਤੇ ਉਹ ਆਉਣ ਵਾਲੇ ਬੱਚੇ ਦਾ ਇੰਤਜ਼ਾਰ ਕਰਨ ਲੱਗੇ। ਅਖ਼ੀਰ ਜਦੋਂ ਬੱਚੇ ਦੇ ਜਨਮ ਵਿਚ ਥੋੜ੍ਹੇ ਦਿਨ ਰਹਿ ਗਏ ਤਾਂ ਵਿੱਦਿਆ ਦੀ ਮਦਦ ਲਈ ਰਾਜੇਸ਼ ਨੇ ਆਪਣੇ ਸਹੁਰੇ ਘਰੋਂ ਛੋਟੀ ਸਾਲੀ ਨੂੰ ਸੱਦ ਲਿਆ। ਉਸ ਨੂੰ ਪਤਾ ਸੀ ਕਿ ਮਾਂ ਵੱਡੀ ਉਮਰ ਹੋਣ ਕਰਕੇ ਸ਼ਾਇਦ ਇਹ ਸਾਰਾ ਕੁਝ ਨਹੀਂ ਸਾਂਭ ਸਕੇਗੀ।
ਇਕ ਦਿਨ ਪਹਿਲਾਂ ਵਿੱਦਿਆ ਨੂੰ ਨਰਸਿੰਗ ਹੋਮ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਰਾਤੀਂ ਬਾਰਾਂ ਵਜੇ ਅਨੁਭਵੀ ਲੇਡੀ ਡਾਕਟਰ ਨੂੰ ਡਲਿਵਰੀ ਕਰਵਾਉਣ ਲਈ ਸੱਦਿਆ ਗਿਆ। ਵਿੱਦਿਆ ਨੂੰ ਲੇਬਰ ਰੂਮ ਵਿਚ ਲੈ ਗਏ। ਰਾਜੇਸ਼ ਅਤੇ ਉਸ ਦੀ ਸਾਲੀ ਕਮਰੇ ਦੇ ਬਾਹਰ ਖੜੋਤੇ ਅੱਛੀ ਖ਼ਬਰ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹੇ।
ਵਕਤ ਲੰਘਦਾ ਜਾ ਰਿਹਾ ਸੀ। ਭਾਵੇਂ ਇਕ ਵਾਰੀ ਤਾਂ ਲੇਬਰ ਰੂਮ ਅੰਦਰੋਂ ਕਿਸੇ ਬੱਚੇ ਦੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਵੀ, ਪਰ ਖ਼ਬਰ ਦੇਣ ਲਈ ਕੋਈ ਵੀ ਬਾਹਰ ਨਹੀਂ ਆਇਆ। ਰਾਜੇਸ਼ ਦਾ ਦਿਲ ਅੱਛੀ ਖ਼ਬਰ ਸੁਣਨ ਲਈ ਤੇਜ਼ ਧੜਕ ਰਿਹਾ ਸੀ।

…ਪਰ ਜਿਵੇਂ ਸੌ ਵਿਚੋਂ ਸੌ ਨੰਬਰ ਦਾ ਨਿਸ਼ਚਾ ਕਰਕੇ ਪੇਪਰ ਦੇਣ ਵਾਲੇ ਬੱਚੇ ਦਾ ਤਾਂ ਇਮਤਿਹਾਨ ਵਿਚ ਇਕ ਵੀ ਸਵਾਲ ਠੀਕ ਨਹੀਂ ਹੋਇਆ। ਨਰਸ ਨੇ ਲੇਬਰ ਰੂਮ ਤੋਂ ਬਾਹਰ ਆ ਕੇ ਕੁੜੀ ਹੋਣ ਦੀ ਖ਼ਬਰ ਦਿੱਤੀ। ਰਾਜੇਸ਼ ਨੂੰ ਇਉਂ ਲੱਗਾ ਜਿਵੇਂ ਉਹ ਝੂਠ ਬੋਲ ਗਈ ਸੀ। ਉਹ ਦੋਵੇਂ ਪਤੀ-ਪਤਨੀ ਤਾਂ ਸੈਂਟ-ਪਰਸੈਂਟ ਨੰਬਰਾਂ ਦੀ ਤਿਆਰੀ ਕਰਕੇ ਨਰਸਿੰਗ ਹੋਮ ਗਏ ਸਨ। ਉਨ੍ਹਾਂ ਤਾਂ ਸਾਰੇ ਸਵਾਲ ਕਈ ਵਾਰ ਹੱਲ ਕਰਕੇ ਵੀ ਵੇਖੇ ਸਨ, ਫੇਰ ਇਹ ਕਿਵੇਂ ਹੋਇਆ?
ਤਿੰਨ ਦਿਨਾਂ ਬਾਅਦ ਰਾਜੇਸ਼ ਧੀ ਅਤੇ ਵਿੱਦਿਆ ਨੂੰ ਨਾਲ ਲੈ ਕੇ ਘਰ ਆ ਗਿਆ। ਕੋਈ ਵੀ ਬਾਤ ਸਿਰੇ ਨਾ ਚੜ੍ਹੀ। ਮਾਂ ਦੀ ਦੇਵੀ ਸਾਹਮਣੇ ਸੁੱਖੀ ਸੁੱਖਣਾ ‘ਦੁੱਧੀਂ ਨਾਹਵੇਂ ਪੁੱਤੀਂ ਫਲੇਂ’ ਵੀ ਝੂਠੀ ਪੈ ਗਈ। ਰਾਜੇਸ਼ ਨੇ ਕੰਧਾਂ ’ਤੇ ਚਿਪਕਾਏ ਹੱਸਦੇ ਹੋਏ ਖ਼ੂਬਸੂਰਤ ਮੁੰਡਿਆਂ ਦੇ ਸਾਰੇ ਕੈਲੰਡਰ ਲਾਹ ਕੇ ਅਲਮਾਰੀ ਵਿਚ ਰੱਖ ਦਿੱਤੇ। ਜਨਮ ਦੇ ਰਿਕਾਰਡ ਵਾਲੀ ਕਿਤਾਬ ’ਤੇ ਪੁੱਤ ਦਾ ਸੋਚਿਆ ਨਾਂ ਸੂਰਜ ਕੱਟ ਕੇ ਧੀ ਦਾ ਨਾਂ ਕਿੱਪੀ ਲਿਖ ਦਿੱਤਾ।
ਇਕ ਵਾਰੀ ਤਾਂ ਘਰ ਦਾ ਮਾਹੌਲ ਬੁਝਿਆ ਬੁਝਿਆ ਜਿਹਾ ਹੋ ਗਿਆ, ਪਰ ਫੇਰ ਸਾਰਿਆਂ ਨੇ ਵਕਤ ਨਾਲ ਸਮਝੌਤਾ ਕਰ ਲਿਆ। ਉਹ ਕੁੜੀ ਜਿਸ ਦੀ ਸ਼ੁਰੂ ਵਿਚ ਕਿਸੇ ਨੂੰ ਵੀ ਲੋੜ ਨਹੀਂ ਸੀ। ਜਿਹੜੀ ਜਿਵੇਂ ਨਾ ਮੰਗੀ ਜ਼ਬਰਦਸਤੀ ਉਨ੍ਹਾਂ ਘਰ ਆ ਗਈ ਸੀ। ਜਿਹੜੀ ਉਨ੍ਹਾਂ ਲਈ ਬੋਝ ਸੀ, ਫਾਲਤੂ ਸੀ, ਹੌਲੀ ਹੌਲੀ ਚੰਗੀ-ਚੰਗੀ ਲੱਗਣ ਲੱਗੀ। ਉਸ ਨਾਲ ਸਭ ਦਾ ਮੋਹ ਦਾ ਰਿਸ਼ਤਾ ਬਣ ਗਿਆ। ਕੀ ਰਾਜੇਸ਼, ਕੀ ਵਿੱਦਿਆ ਤੇ ਕੀ ਮਾਂ।
ਫੇਰ ਇਕ ਅਜਿਹਾ ਵਕਤ ਵੀ ਆਇਆ ਕਿ ਤਿੰਨੋਂ ਮੁੰਡੇ ਦੀ ਚਾਹ ਵੀ ਭੁੱਲ ਗਏ। ਉਨ੍ਹਾਂ ਨੂੰ ਹੁਣ ਸੌ ਵਿਚੋਂ ਜ਼ੀਰੋ ਨੰਬਰ ਆਉਣ ਦਾ ਕੋਈ ਅਫ਼ਸੋਸ ਨਹੀਂ ਸੀ।

ਫੇਰ ਛੋਟੀ ਜਿਹੀ ਕਿੱਪੀ ਨੂੰ ਸਾਰੇ ਲਾਡ ਲੜਾਏ ਜਾਣ ਲੱਗੇ। ਜਿਹੜੇ ਚਾਅ ਉਨ੍ਹਾਂ ਦੇ ਮਨ ਵਿਚ ਆਉਣ ਵਾਲੇ ਪੁੱਤ ਲਈ ਸਨ, ਹੁਣ ਉਹ ਕਿੱਪੀ ਨੂੰ ਲੈ ਕੇ ਪੂਰੇ ਕੀਤੇ ਜਾਣ ਲੱਗੇ। ਉਸ ਨੂੰ ਬਿਲਕੁਲ ਪੁੱਤਾਂ ਵਾਂਗ ਪਾਲਿਆ ਜਾਣ ਲੱਗਾ।
ਵਿੱਦਿਆ ਦੇ ਮੂੰਹੋਂ ਧੀ ਲਈ ਜੋ ਵੀ ਨਿਕਲਦਾ ਉਹ ਤੁਰੰਤ ਪੂਰਾ ਕਰ ਦਿੱਤਾ ਜਾਂਦਾ। ਉਸ ਲਈ ਫਰਾਕਾਂ ਦੇ ਢੇਰ ਲੱਗ ਗਏ। ਨਵੇਂ ਤੋਂ ਨਵੇਂ ਖੁਸ਼ਬੂ ਵਾਲੇ ਸਾਬਣ, ਪਾਊਡਰਾਂ ਦੇ ਡੱਬੇ ਰਾਜੇਸ਼ ਧੀ ਲਈ ਲਿਆਉਂਦਾ ਰਿਹਾ। ਉਸ ਲਈ ਖਿਡੌਣਿਆਂ ਦੀਆਂ ਅਲਮਾਰੀਆਂ ਭਰ ਗਈਆਂ। ਉਸ ਦੇ ਵੱਡੇ ਹੋਣ ਦੀਆਂ, ਉਸ ਦੀ ਪੜ੍ਹਾਈ ਦੀਆਂ, ਉਸ ਦੇ ਭਵਿੱਖ ਦੀਆਂ ਸਾਰੀਆਂ ਵਿਉਂਤਾਂ ਤਿਆਰ ਕਰ ਲਈਆਂ ਗਈਆਂ।
ਇਸ ਵਿਚ ਕਿੱਪੀ ਦੇ ਮਾਂ-ਪਿਉ ਤੇ ਦਾਦੀ ਬਰਾਬਰ ਦਾ ਹਿੱਸਾ ਪਾਉਂਦੇ ਰਹੇ। ਜਦੋਂ ਕਿੱਪੀ ਤਿੰਨ ਸਾਲਾਂ ਦੀ ਹੋਈ ਤਾਂ ਉਸ ਨੂੰ ਪਲੇਅ-ਵੇਅ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਫੇਰ ਪਾਣੀ ਦੀਆਂ ਬੋਤਲਾਂ, ਸਕੂਲ ਰੋਟੀ ਲਿਜਾਣ ਲਈ ਲੰਚ ਬਾਕਸ ਅਤੇ ਕਿਤਾਬਾਂ ਲਈ ਬਸਤਿਆਂ ਦਾ ਢੇਰ ਲੱਗ ਗਿਆ। ਦਾਦੀ ਜਦੋਂ ਵੀ ਬਾਜ਼ਾਰ ਜਾਂਦੀ ਉਸ ਲਈ ਕੁਝ ਨਾ ਕੁਝ ਖ਼ਰੀਦ ਲਿਆਉਂਦੀ। ਸਕੂਲ ਡਰੈੱਸਿਜ਼ ਦੀ ਤਾਂ ਕੋਈ ਘਾਟ ਹੀ ਨਾ ਰਹੀ। ਰਾਜੇਸ਼ ਉਸ ਲਈ ਪਲਾਸਟਿਕ ਦੀਆਂ ਰੰਗ-ਬਰੰਗੀਆਂ ਗੇਂਦਾਂ ਖ਼ਰੀਦ ਲਿਆਇਆ। ਛੁੱਟੀ ਵਾਲੇ ਦਿਨ ਉਹ ਕੋਈ ਗੇਂਦ ਲੈ ਕੇ ਕਿੱਪੀ ਨੂੰ ਪਾਰਕ ਵਿਚ ਲੈ ਜਾਂਦਾ। ਕਿੰਨਾ-ਕਿੰਨਾ ਚਿਰ ਗੇਂਦ ਦੂਰ ਸੁੱਟ ਉਸ ਨਾਲ ਖੇਡਦਾ ਰਹਿੰਦਾ।

ਜਦੋਂ ਉਹ ਥੋੜ੍ਹੀ ਵੱਡੀ ਹੋ ਗਈ, ਗੁੱਡੀਆਂ-ਪਟੋਲਿਆਂ ਨਾਲ ਖੇਡਣ ਲੱਗੀ ਤਾਂ ਰਾਜੇਸ਼ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਦੀਆਂ ਕਿੰਨੀਆਂ ਹੀ ਗੁੱਡੀਆਂ ਖ਼ਰੀਦ ਲਿਆਇਆ। ਅਜੇ ਕਿੱਪੀ ਪੰਜ ਸਾਲਾਂ ਦੀ ਹੋਈ ਸੀ ਕਿ ਵਿੱਦਿਆ ਨੂੰ ਫੇਰ ਬੱਚੇ ਦੀ ਆਸ ਹੋ ਗਈ।
ਇਸ ਵਾਰ ਰਾਜੇਸ਼ ਨੇ ਬੈੱਡਰੂਮ ਦੀ ਕਿਸੇ ਵੀ ਕੰਧ ’ਤੇ ਕਿਸੇ ਸੋਹਣੇ ਮੁੰਡੇ ਦੀ ਕੈਲੰਡਰ ਵਾਲੀ ਫੋਟੋ ਨਹੀਂ ਚਿਪਕਾਈ। ਇਸ ਵਾਰੀ ਉਨ੍ਹਾਂ ਆਪਣੇ ਕਮਰੇ ’ਚ ਬੈਠ ਮੁੰਡੇ ਦਾ ਕੋਈ ਨਾਂ ਵੀ ਨਹੀਂ ਰੱਖਿਆ। ਉਸ ਲਈ ਚਿੱਟੇ ਤੌਲੀਏ ਵੀ ਨਹੀਂ ਖ਼ਰੀਦੇ। ਸੱਸ ਨੇ ਬਹੂ ਨੂੰ ਮੰਦਰ ਲਿਜਾ ਕੇ ਇਸ ਵਾਰੀ ‘ਦੁੱਧੀਂ ਨਹਾਵੇਂ ਪੁੱਤੀਂ ਫਲੇਂ’ ਵੀ ਨਹੀਂ ਕਿਹਾ। ਛੋਟੀ ਜਿਹੀ ਕਿੱਪੀ ਨੂੰ ਪਹਿਲਾਂ ਤੋਂ ਹੀ ਕਿਸੇ ਨਵੇਂ ਬੱਚੇ ਦੇ ਘਰ ਵਿਚ ਆਉਣ ਦੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਇਸ ਵਾਰੀ ਉਸ ਦੀ ਮਾਂ ਹਸਪਤਾਲ ਤੋਂ ਉਸ ਨਾਲ ਖੇਡਣ ਲਈ ਇਕ ਛੋਟਾ ਜਿਹਾ ਖਿਡੌਣਾ ਲੈ ਕੇ ਆਵੇਗੀ। ਡਲਿਵਰੀ ਤੋਂ ਪਹਿਲਾਂ ਰਾਜੇਸ਼ ਪਤਨੀ ਨੂੰ ਫੇਰ ਉਸੇ ਨਰਸਿੰਗ ਹੋਮ ਵਿਚ ਲੈ ਗਿਆ। ਇਸ ਵਾਰੀ ਵੀ ਉਸ ਨੇ ਮਦਦ ਲਈ ਛੋਟੀ ਸਾਲੀ ਨੂੰ ਸੱਦ ਲਿਆ ਸੀ।
ਵਿੱਦਿਆ ਲੇਬਰ ਰੂਮ ਵਿਚ ਚਲੀ ਗਈ। ਰਾਜੇਸ਼ ਅਤੇ ਉਸ ਦੀ ਸਾਲੀ ਫੇਰ ਪਹਿਲਾਂ ਵਾਂਗ ਬਾਹਰ ਖੜ੍ਹ ਆਉਣ ਵਾਲੇ ਬੱਚੇ ਦੀ ਉਡੀਕ ਕਰਨ ਲੱਗੇ, ਪਰ ਇਸ ਵਾਰੀ ਉਨ੍ਹਾਂ ਦੇ ਮਨ ਅੰਦਰ ਸੌ ਵਿਚੋਂ ਸੌ ਨੰਬਰ ਲੈਣ ਵਾਲੀ ਕੋਈ ਗੱਲ ਨਹੀਂ ਸੀ।
ਫੇਰ ਅੰਦਰੋਂ ਨਵੇਂ ਜਨਮੇ ਬੱਚੇ ਦੇ ਰੋਣ ਦੀ ਆਵਾਜ਼ ਆਈ, ਪਰ ਨਰਸ ਨੇ ਬਾਹਰ ਆਉਣ ਲਈ ਇਸ ਵਾਰੀ ਬਹੁਤਾ ਚਿਰ ਨਹੀਂ ਲਾਇਆ। ਉਹ ਤਾਂ ਪਲਾਂ ਵਿਚ ਹੀ ਰਾਜੇਸ਼ ਨੂੰ ਪੁੱਤ ਦਾ ਪਿਤਾ ਬਣਨ ਦੀਆਂ ਵਧਾਈਆਂ ਦੇ ਅੰਦਰ ਚਲੀ ਗਈ। ਸਾਰਿਆਂ ਦੇ ਮਨਾਂ ਵਿਚ ਖ਼ੁਸ਼ੀ ਦੌੜ ਗਈ।
ਰਾਜੇਸ਼ ਨੇ ਇਸ ਵਾਰੀ ਨਰਸਿੰਗ ਹੋਮ ਦੇ ਸਟਾਫ਼ ਨੂੰ ਮਿਠਾਈ ਖੁਆਈ ਤੇ ਨਾਲ ਇਨਾਮ ਵੀ ਦਿੱਤਾ। ਵਿੱਦਿਆ ਨਵੇਂ ਜੰਮੇ ਪੁੱਤ ਨੂੰ ਨਾਲ ਲੈ ਕੇ ਘਰ ਆ ਗਈ। ਸੱਸ ਨੇ ਇਸ ਵਾਰੀ ਵਿੱਦਿਆ ਅਤੇ ਪੋਤਰੇ ਨੂੰ ਘਰ ਦੇ ਮੰਦਰ ’ਚ ਲਿਜਾ ਕੇ ਮੱਥਾ ਟਿਕਵਾਇਆ। ਇਸ ਵਾਰੀ ਉਸ ਦੇ ਮੂੰਹੋਂ ਉਹੀ ਸ਼ਬਦ ‘ਦੁੱਧੀਂ ਨਹਾਵੇਂ ਪੁੱਤੀਂ ਫਲੇਂ’ ਨਿਕਲੇ ਜਿਹੜੇ ਪਿਛਲੀ ਵਾਰੀ ਧੀ ਜੰਮੇ ਤੋਂ ਉਹ ਉਸ ਨੂੰ ਕਹਿ ਨਹੀਂ ਸਕੀ ਸੀ। ਬੱਚੇ ਦਾ ਨਾਂ ਸੂਰਜ ਰੱਖਿਆ ਗਿਆ।
ਘਰ ਵਿਚ ਨਵੇਂ ਬੱਚੇ ਦੇ ਆਉਣ ਕਾਰਨ ਜੇ ਸਾਰਿਆਂ ਲਈ ਖ਼ੁਸ਼ੀ ਦੀ ਗੱਲ ਸੀ ਤਾਂ ਉਹ ਕਿੱਪੀ ਲਈ ਹੈਰਾਨੀ ਦੀ ਗੱਲ ਸੀ। ਉਹ ਛੋਟੇ ਭਰਾ ਦੀਆਂ ਕੂਲੀਆਂ-ਕੂਲੀਆਂ ਗੱਲ੍ਹਾਂ ਨੂੰ ਮੁੜ-ਮੁੜ ਹੱਥ ਲਾ ਕੇ ਵੇਖਦੀ। ਵਿੱਦਿਆ ਦੱਸਦੀ ਕਿ ਇਹ ਖਿਡੌਣਾ ਤਾਂ ਉਹ ਖ਼ਾਸ ਤੌਰ ’ਤੇ ਉਸ ਲਈ ਹੀ ਲੈ ਕੇ ਆਈ ਹੈ। ਵਿੱਦਿਆ ਸਾਰਾ ਦਿਨ ਛੋਟੇ ਬੱਚੇ ਨਾਲ ਲੱਗੀ ਰਹਿੰਦੀ। ਉਹ ਉਸ ਨੂੰ ਦਿਨ ਵਿਚ ਕਈ ਵਾਰੀ ਦੁੱਧ ਪਿਲਾਉਂਦੀ। ਉਸ ਦੇ ਪੋਤੜੇ ਬਦਲਦੀ। ਉਸ ਨੂੰ ਗੋਦ ’ਚ ਲੈ ਕੇ ਪਿਆਰ ਕਰਦੀ। ਉਸ ਨੂੰ ਸੁਲਾਉਂਦੀ।

ਪਰ ਕਿੱਪੀ…? ਮਾਂ ਉਸ ਵੱਲ ਇੰਨਾ ਧਿਆਨ ਨਾ ਦੇ ਪਾਉਂਦੀ, ਜਿੰਨਾ ਪੁੱਤ ਹੋਣ ਤੋਂ ਪਹਿਲਾਂ ਦਿੰਦੀ ਸੀ। ਕਿੱਪੀ ਦੇ ਕਈ ਕੰਮ ਹੁਣ ਦਾਦੀ ਨੂੰ ਕਰਨੇ ਪੈਂਦੇ ਸਨ। ਉਸ ਨੂੰ ਨਹਾਉਣਾ, ਉਸ ਦੇ ਕੱਪੜੇ ਬਦਲਣਾ। ਉਸ ਦਾ ਲੰਚ ਬਾਕਸ ਬੰਦ ਕਰਨਾ, ਉਸ ਦੀ ਪਾਣੀ ਦੀ ਬੋਤਲ, ਉਸ ਦਾ ਬੈਗ ਚੁੱਕ ਕੇ ਸਕੂਲ ਦੀ ਵੈਨ ਤੀਕ ਛੱਡਣਾ।
ਕਿੱਪੀ ਸੋਚਦੀ, ਇਹ ਸਾਰੇ ਕੰਮ ਹੁਣ ਮਾਂ ਕਿਉਂ ਨਹੀਂ ਕਰਦੀ? ਕਿਉਂ ਉਸ ਦੀ ਪਾਣੀ ਵਾਲੀ ਬੋਤਲ, ਉਸ ਦਾ ਲੰਚ ਬਾਕਸ, ਉਸ ਦਾ ਸਕੂਲ ਬੈਗ ਦਾਦੀ ਹੀ ਤਿਆਰ ਕਰਦੀ ਹੈ, ਮਾਂ ਉਸ ਨੂੰ ਆਪ ਕਿਉਂ ਸਕੂਲ ਵੈਨ ਤੱਕ ਛੱਡ ਕੇ ਨਹੀਂ ਆਉਂਦੀ? ਉਹ ਕਿਉਂ ਸਾਰਾ ਦਿਨ ਘਰ ਆਏ ਨਵੇਂ ਬੱਚੇ ਨਾਲ ਲੱਗੀ ਰਹਿੰਦੀ ਹੈ? ਕਿੱਪੀ ਨੂੰ ਕਈ ਵਾਰੀ ਇਉਂ ਲੱਗਦਾ ਜਿਵੇਂ ਸੂਰਜ ਤਾਂ ਉਸ ਕੋਲੋਂ ਉਸ ਦਾ ਤਖ਼ਤ ਖੋਹ ਉਸ ’ਤੇ ਕਬਜ਼ਾ ਕਰਨਾ ਚਾਹੁੰਦਾ ਹੋਵੇ।
ਜੇ ਕਿੱਪੀ ਨੇ ਮਾਂ ਨੂੰ ਕਦੇ ਇਹ ਸਭ ਕਰਨ ਲਈ ਕਿਹਾ ਵੀ ਤਾਂ ਉਸ ਨੂੰ ਸੂਰਜ ਕੋਲੋਂ ਹੀ ਵਿਹਲ ਨਹੀਂ ਮਿਲੀ। ਜਦੋਂ ਸੂਰਜ ਨਵਾਂ-ਨਵਾਂ ਘਰ ਆਇਆ ਸੀ ਤਾਂ ਉਹ ਕਿੱਪੀ ਨੂੰ ਬਿਲਕੁਲ ਆਪਣੀ ਇਕ ਗੁੱਡੀ ਜਿਹਾ ਹੀ ਲੱਗਿਆ ਸੀ ਤਾਂ ਹੀ ਉਹ ਉਸ ਦੀਆਂ ਕੂਲੀਆਂ-ਕੂਲੀਆਂ ਗੱਲਾਂ ਨੂੰ ਛੂੰਹਦੀ ਰਹਿੰਦੀ ਸੀ, ਪਰ ਹੁਣ ਉਹ ਉਸ ਨੂੰ ਇੰਨਾ ਚੰਗਾ ਨਾ ਲੱਗਦਾ।
ਫੇਰ ਇਕ ਦਿਨ ਰਾਜੇਸ਼ ਸੂਰਜ ਲਈ ਪਲਾਸਟਿਕ ਦੇ ਖਿਡੌਣੇ ਲੈ ਕੇ ਆਇਆ। ਉਸ ਨੇ ਚਾਅ ਨਾਲ ਉਹ ਸੂਰਜ ਨੂੰ ਦੇ ਦਿੱਤੇ। ਕਿੱਪੀ ਇਹ ਸਭ ਹੁੰਦਾ ਵੇਖ ਰਹੀ ਸੀ।

‘‘ਪਾਪਾ ਮੇਰੇ ਲਈ ਖਿਡੌਣੇ ਲੈ ਕੇ ਕਿਉਂ ਨਹੀਂ ਆਏ…?’’
ਪਹਿਲੀ ਵਾਰੀ ਇਹ ਸਵਾਲ ਜਿਵੇਂ ਛੋਟੀ ਜਿਹੀ ਕਿੱਪੀ ਦੇ ਮਨ ਵਿਚ ਆਇਆ। ਭਾਵੇਂ ਉਸ ਨੇ ਇਸ ਨੂੰ ਬਹੁਤਾ ਨਹੀਂ ਗੌਲਿਆ, ਪਰ ਤਾਂ ਵੀ ਇਹ ਗੱਲ ਜਿਵੇਂ ਉਹਦੇ ਅਵਚੇਤਨ ਮਨ ਵਿਚ ਕਿਤੇ ਬੈਠ ਗਈ ਸੀ।
ਕਿੱਪੀ ਰੋਜ਼ ਵੇਖਦੀ, ਮਾਂ ਸੂਰਜ ਨੂੰ ਕਿਵੇਂ ਤਿਆਰ ਕਰਦੀ ਸੀ। ਉਸ ਦੇ ਜੀਅ ਵਿਚ ਆਉਂਦਾ ਮਾਂ ਉਸ ਲਈ ਵੀ ਉਹ ਸਾਰਾ ਕੁਝ ਕਰੇ।
ਵਿੱਦਿਆ ਬਹੁਤੀ ਵਾਰੀ ਸੂਰਜ ਨੂੰ ਗੋਦ ਵਿਚ ਲੈ ਕੇ ਦੁੱਧ ਪਿਆਉਂਦੀ। ਕਿੱਪੀ ਦਾ ਮਨ ਕਰਦਾ ਕਿ ਉਹ ਵੀ ਮਾਂ ਦੀ ਗੋਦ ਵਿਚ ਬੈਠੇ। ਫੇਰ ਜੇ ਉਸ ਨੇ ਇਕ ਦਿਨ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿੱਦਿਆ ਨੇ ਇਹ ਆਖ ਉਸ ਨੂੰ ਝਿੜਕ ਦਿੱਤਾ, ‘‘ਕੀ ਤੂੰ ਬੱਚੀ ਹੈਂ…?’’
ਕਿੱਪੀ ਮਾਂ ਕੋਲੋਂ ਦੂਰ ਚਲੀ ਗਈ। ਕਿੱਪੀ ਨੂੰ ਅਜਿਹਾ ਹੋਣਾ ਬਿਲਕੁਲ ਵੀ ਚੰਗਾ ਨਹੀਂ ਲੱਗਾ। ਸਗੋਂ ਪਹਿਲੀ ਵਾਰੀ ਮਾਂ ਦੇ ਝਿੜਕਿਆਂ ਉਸ ਦੀਆਂ ਅੱਖਾਂ ਭਰ ਆਈਆਂ, ਪਰ ਵਿੱਦਿਆ ਨੇ ਤਾਂ ਉਸ ਵੱਲ ਵੇਖਿਆ ਤਕ ਨਹੀਂ, ਗੌਲਿਆ ਤਕ ਨਹੀਂ।
ਛੇ ਮਹੀਨੇ ਇਸੇ ਤਰ੍ਹਾਂ ਲੰਘ ਗਏ। ਹੌਲੀ ਹੌਲੀ ਕਿੱਪੀ ਆਪਣੀ ਮਾਂ ਕੋਲੋਂ ਆਪੇ ਜਿਵੇਂ ਅਲੱਗ ਹੁੰਦੀ ਗਈ। ਹੁਣ ਵਿੱਦਿਆ ਨੇ ਸੂਰਜ ਨੂੰ ਮਾਂ ਦੇ ਦੁੱਧ ਤੋਂ ਹਟਾ ਬੋਤਲ ਵਾਲੇ ਦੁੱਧ ’ਤੇ ਲਾਉਣਾ ਸੀ। ਵਿੱਦਿਆ ਦੇ ਆਖਿਆਂ ਰਾਜੇਸ਼ ਸ਼ਾਮੀਂ ਦੁਕਾਨ ਤੋਂ ਆਉਂਦਾ ਹੋਇਆ ਪੁੱਤ ਲਈ ਬਾਹਰ ਦੇ ਮੁਲਕ ਦੀ ਇਕ ਵਧੀਆ ਦੁੱਧ ਵਾਲੀ ਬੋਤਲ ਖ਼ਰੀਦ ਲਿਆਇਆ। ਰਾਜੇਸ਼ ਨੇ ਬੋਤਲ ਇਹ ਆਖ ਕਿ ਸੂਰਜ ਲਈ ਹੈ, ਜਦੋਂ ਵਿੱਦਿਆ ਨੂੰ ਫੜਾਈ ਤਾਂ ਕਿੱਪੀ ਵੀ ਉਸੇ ਕਮਰੇ ਵਿਚ ਖੜ੍ਹੀ ਸੀ।
‘‘ਪਾਪਾ, ਤੁਸੀਂ ਮੇਰੇ ਲਈ ਅਜਿਹੀ ਬੋਤਲ ਨਹੀਂ ਲਿਆਏ?’’
ਕਿੱਪੀ ਦੇ ਇਸ ਤਰ੍ਹਾਂ ਕਹਿਣ ’ਤੇ ਉਸ ਨੂੰ ਇਹ ਸਮਝਾਉਣ ਦੀ ਥਾਂ ਕਿ ਬੋਤਲ ’ਚ ਤਾਂ ਛੋਟੇ ਬੱਚੇ ਦੁੱਧ ਪੀਂਦੇ ਨੇ, ਰਾਜੇਸ਼ ਅਤੇ ਵਿੱਦਿਆ ਠਹਾਕਾ ਮਾਰ ਕੇ ਹੱਸ ਪਏ।
ਕਿੱਪੀ ਨੂੰ ਕੁਝ ਸਮਝ ਨਹੀਂ ਆਈ ਕਿ ਉਸ ਨੇ ਅਜਿਹਾ ਕੀ ਕਿਹਾ ਜਿਸ ਕਰਕੇ ਉਸ ਦੀ ਮੰਮੀ ਅਤੇ ਪਾਪਾ ਨੂੰ ਇਸ ਤਰ੍ਹਾਂ ਜ਼ੋਰ ਨਾਲ ਹੱਸਣਾ ਪਿਆ। ਉਹ ਤਾਂ ਚੁੱਪਚਾਪ ਗੁੱਸੇ ’ਚ ਭਰੀ ਦੂਜੇ ਕਮਰੇ ਵਿਚ ਚਲੀ ਗਈ। ਪਰ ਉਹ ਬੋਤਲ ਵਾਲੀ ਗੱਲ ਉਸ ਅੰਦਰੋਂ ਬਾਹਰ ਨਹੀਂ ਨਿਕਲੀ। ਉਹ ਰੋਜ਼ ਸੂਰਜ ਨੂੰ ਉਸ ਬੋਤਲ ਵਿਚ ਦੁੱਧ ਪੀਂਦਿਆਂ ਵੇਖਦੀ। ਉਸ ਦੇ ਮਨ ’ਚ ਆਉਂਦਾ, ਪਾਪਾ ਮੇਰੇ ਲਈ ਅਜਿਹੀ ਬੋਤਲ ਕਿਉਂ ਨਹੀਂ ਲੈ ਕੇ ਆਉਂਦੇ?

ਫੇਰ ਇਕ ਦਿਨ ਵਿੱਦਿਆ ਨੇ ਉਹ ਬੋਤਲ ਗਰਮ ਪਾਣੀ ਨਾਲ ਸਾਫ਼ ਕਰਕੇ ਰਸੋਈ ਵਿਚ ਰੱਖੀ ਹੋਈ ਸੀ। ਕਿੱਪੀ ਮਲਕੜੇ ਦੇ ਕੇ ਰਸੋਈ ’ਚ ਗਈ ਅਤੇ ਉਸ ਨੇ ਬੋਤਲ ਹੌਲੀ ਦੇ ਕੇ ਵਾਸ਼ਬੇਸਨ ਵਿਚ ਸੁੱਟ ਕੇ ਤੋੜ ਦਿੱਤੀ। ਇਸ ਤੋਂ ਬਾਅਦ ਰਾਜੇਸ਼ ਭਾਵੇਂ ਸੂਰਜ ਲਈ ਨਵੀਂ ਬੋਤਲ ਲੈ ਆਇਆ ਸੀ, ਪਰ ਕਿੱਪੀ ਆਪਣੀ ਜਿੱਤ ’ਤੇ ਬਹੁਤ ਖ਼ੁਸ਼ ਸੀ।
ਕਿੱਪੀ ਨੂੰ ਆਪਣੇ ਮਾਪਿਆਂ ਰਾਹੀਂ ਆਪਣੇ ਭਰਾ ਸੂਰਜ ਦਾ ਕੀਤਾ ਕੋਈ ਵੀ ਕੰਮ ਚੰਗਾ ਨਹੀਂ ਸੀ ਲੱਗਦਾ। ਉਸ ਤੋਂ ਇਹ ਸਹਿਣ ਨਾ ਹੁੰਦਾ ਕਿ ਉਹ ਅਣਗੌਲੀ ਰਹੇ। ਅੰਦਰੋ-ਅੰਦਰ ਉਹ ਸਾਰੇ ਹੱਕ ਮੰਗਦੀ, ਸਾਰੇ ਅਧਿਕਾਰ ਚਾਹੁੰਦੀ ਜਿਹੜੇ ਮਾਪੇ ਸੂਰਜ ਨੂੰ ਦਿੰਦੇ ਸਨ। ਇਸ ਕਾਰਨ ਉਸ ਦਾ ਵਰਤਾਉ ਹੁਣ ਆਪਣੇ ਭਰਾ ਸੂਰਜ ਲਈ ਚੰਗਾ ਨਹੀਂ ਸੀ ਰਿਹਾ। ਰਾਜੇਸ਼ ਅਤੇ ਵਿੱਦਿਆ ਵੀ ਇਹ ਮਹਿਸੂਸ ਕਰਨ ਲੱਗੇ ਸਨ ਕਿ ਕਿੱਪੀ ਨੂੰ ਸੂਰਜ ਜਿਵੇਂ ਚੰਗਾ ਨਹੀਂ ਸੀ ਲੱਗਦਾ, ਇਸ ਲਈ ਕਿੱਪੀ ਦੀ ਕੋਈ ਛੋਟੀ ਤੋਂ ਛੋਟੀ ਗੱਲ ਲੈ ਕੇ ਉਹ ਉਸ ਨੂੰ ਅਕਸਰ ਝਿੜਕ ਦਿੰਦੇ ਸਨ।
ਫੇਰ ਇਕ ਦਿਨ ਰਾਜੇਸ਼ ਸੂਰਜ ਲਈ ਕੱਪੜੇ ਦੇ ਬਹੁਤ ਖ਼ੂਬਸੂਰਤ ਨਵੇਂ ਬੂਟ ਲੈ ਕੇ ਆਇਆ, ਕਿਉਂਕਿ ਹੁਣ ਉਹ ਇਕ ਸਾਲ ਦਾ ਹੋ ਕੇ ਥੋੜ੍ਹਾ-ਥੋੜ੍ਹਾ ਟੁਰਨ ਵੀ ਲੱਗਾ ਸੀ। ਪਰ ਰਾਜੇਸ਼ ਇਸ ਵਾਰੀ ਫੇਰ ਜਿਵੇਂ ਕਿੱਪੀ ਨੂੰ ਭੁੱਲ ਹੀ ਗਿਆ ਸੀ। ਸੂਰਜ ਦੇ ਨਵੇਂ ਬੂਟ ਵੇਖ ਕਿੱਪੀ ਨੇ ਕਿਹਾ, ‘‘ਪਾਪਾ, ਮੇਰੇ ਲਈ…?’’
ਕਿੱਪੀ ਦੀ ਗੱਲ ਅਧੂਰੀ ਰਹਿ ਗਈ, ਪੁੱਛਿਆ ਗਿਆ ਸਵਾਲ ਪਤਾ ਨਹੀਂ ਉਹ ਕਿਸ ਡਰੋਂ ਪੂਰਾ ਨਹੀਂ ਕਰ ਸਕੀ।
‘‘ਤੇਰੇ ਕੋਲ ਤਾਂ ਪਹਿਲਾਂ ਹੀ ਦਸ ਜੋੜੇ ਬੂਟਾਂ ਦੇ ਨੇ… ਤੂੰ ਹੋਰ ਕੀ ਕਰਨੇ ਨੇ…?’’ ਰਾਜੇਸ਼ ਉਸ ਨੂੰ ਖਿੱਝ ਕੇ ਪਿਆ। ਇਸ ਵਾਰੀ ਉਹ ਫੇਰ ਉਸ ਦੀਆਂ ਭਰੀਆਂ ਅੱਖਾਂ ਨਹੀਂ ਵੇਖ ਸਕਿਆ।
ਰਾਜੇਸ਼ ਅਤੇ ਵਿੱਦਿਆ ਸੂਰਜ ਨੂੰ ਨਵੇਂ ਬੂਟ ਪਹਿਨਾ ਅਜੇ ਟੁਰਦਾ ਵੇਖ ਹੀ ਰਹੇ ਸਨ ਕਿ ਕਿੱਪੀ ਤੋਂ ਇਹ ਸਹਿਣ ਨਹੀਂ ਹੋਇਆ। ਉਸ ਨੇ ਸੂਰਜ ਨੂੰ ਧੱਕਾ ਦੇ ਕੇ ਫਰਸ਼ ’ਤੇ ਡੇਗ ਦਿੱਤਾ। ਉਹ ਉੱਚੀ-ਉੱਚੀ ਰੋਣ ਲੱਗਾ। ਰਾਜੇਸ਼ ਇਹ ਸਭ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਪਹਿਲੀ ਵਾਰੀ ਕਿੱਪੀ ਦੇ ਮੂੰਹ ’ਤੇ ਚਪੇੜ ਕੱਢ ਮਾਰੀ।
ਚਪੇੜ ਖਾ ਕੇ ਕਿੱਪੀ ਕੁਝ ਨਹੀਂ ਬੋਲੀ। ਉਸ ਦੀਆਂ ਅੱਖਾਂ ’ਚ ਪਹਿਲਾਂ ਤੋਂ ਭਰਿਆ ਪਾਣੀ ਛਲਕ ਉਸ ਦੀਆਂ ਗੱਲ੍ਹਾਂ ’ਤੇ ਵਗ ਟੁਰਿਆ। ਉਹ ਨੱਸ ਕੇ ਦਾਦੀ ਵਾਲੇ ਕਮਰੇ ਵਿਚ ਆ ਗਈ ਅਤੇ ਉਸ ਦੀ ਗੋਦ ਵਿਚ ਸਿਰ ਰੱਖ ਕੇ ਰੋਣ ਲੱਗੀ। ਦਾਦੀ ਕੁਝ ਨਹੀਂ ਬੋਲੀ, ਬੱਸ ਉਸ ਦੀ ਪਿੱਠ ’ਤੇ ਪਿਆਰ ਨਾਲ ਹੱਥ ਫੇਰਨ ਲੱਗੀ। ਸਾਰੀ ਗੱਲ ਆਈ ਗਈ ਹੋ ਗਈ, ਨਾ ਰਾਜੇਸ਼ ਨੂੰ ਯਾਦ ਰਿਹਾ ਅਤੇ ਨਾ ਹੀ ਵਿੱਦਿਆ ਨੂੰ ਯਾਦ ਰਿਹਾ ਕਿ ਉਨ੍ਹਾਂ ਸਾਹਮਣੇ ਕਿੱਪੀ ਦੀਆਂ ਅੱਖਾਂ ਵਿਚ ਪਾਣੀ ਛਲਕਿਆ ਸੀ।

ਐਤਵਾਰ ਦਾ ਦਿਨ ਸੀ। ਰਾਜੇਸ਼ ਦੀ ਉਸ ਦਿਨ ਛੁੱਟੀ ਸੀ। ਘਰ ਵਿਚ ਸਭ ਕੁਝ ਸੁਭਾਵਿਕ ਚੱਲ ਰਿਹਾ ਸੀ। ਪਰ ਜਦੋਂ ਅਚਾਨਕ ਵਿੱਦਿਆ ਨੇ ਸੂਰਜ ਦੇ ਮੱਥੇ ’ਤੇ ਹੱਥ ਧਰਿਆ ਤਾਂ ਉਹ ਗਰਮ ਭੱਠੀ ਵਾਂਗ ਤਪ ਰਿਹਾ ਸੀ। ਉਸ ਨੇ ਪਤੀ ਨੂੰ ਆਵਾਜ਼ ਮਾਰੀ। ਥਰਮਾਮੀਟਰ ਲਾਇਆ। ਬੁਖ਼ਾਰ ਇਕ ਸੌ ਤਿੰਨ ਡਿਗਰੀ ਸੀ। ਐਤਵਾਰ ਹੋਣ ਕਰਕੇ ਕਿਸੇ ਵੀ ਡਾਕਟਰ ਦਾ ਮਿਲਣਾ ਔਖਾ ਸੀ। ਰਾਜੇਸ਼ ਨੇ ਆਪਣੇ ਨਿੱਜੀ ਡਾਕਟਰ ਨੂੰ ਫੋਨ ’ਤੇ ਪੁੱਤ ਦੀ ਸਾਰੀ ਜਾਣਕਾਰੀ ਦਿੱਤੀ। ਉਸ ਨੇ ਇਕ ਦਵਾਈ ਦਾ ਨਾਂ ਦੱਸ ਸੂਰਜ ਦੇ ਮੱਥੇ ’ਤੇ ਪਾਣੀ ਦੀ ਗਿੱਲੀ ਪੱਟੀ ਰੱਖਣ ਲਈ ਆਖਿਆ। ਕਟੋਰੇ ਵਿਚ ਠੰਢਾ ਪਾਣੀ ਅਤੇ ਦੋ ਰੁਮਾਲ ਭਿਉਂ ਸੂਰਜ ਦੇ ਮੱਥੇ ’ਤੇ ਪੱਟੀ ਰੱਖੀ ਜਾਣ ਲੱਗੀ। ਕਮਰੇ ਵਿਚ ਸਾਰੇ ਹੀ ਇਕੱਠੇ ਹੋ ਗਏ ਸਨ। ਰਾਜੇਸ਼, ਵਿੱਦਿਆ, ਮਾਂ ਤੇ ਕਿੱਪੀ। ਇਕ ਪਾਸੇ ਬੈਠੀ ਕਿੱਪੀ ਇਹ ਸਭ ਹੁੰਦਾ ਵੇਖੀ ਜਾ ਰਹੀ ਸੀ। ਉਹ ਚੁੱਪ ਸੀ। ਪਿਤਾ ਅਤੇ ਮਾਂ ਕੋਲੋਂ ਡਰਦੀ ਇਹ ਵੀ ਨਹੀਂ ਪੁੱਛ ਸਕੀ ਕਿ ਸੂਰਜ ਨੂੰ ਕੀ ਹੋਇਆ? ਮਾਂ ਅਤੇ ਪਿਤਾ ਦੇ ਚਿਹਰੇ ਉਸ ਨੂੰ ਫ਼ਿਕਰਾਂ ਨਾਲ ਭਰੇ ਦਿਸੇ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਇਹ ਸਭ ਕੁਝ ਉਸ ਦੇ ਕਰਕੇ ਹੋਇਆ। ਉਸ ਨੇ ਹੀ ਸੂਰਜ ਨੂੰ ਧੱਕਾ ਦੇ ਕੇ ਫਰਸ਼ ’ਤੇ ਸੁੱਟਿਆ ਸੀ, ਤਾਹੀਉਂ ਉਸ ਨੂੰ ਇੰਨਾ ਤੇਜ਼ ਬੁਖ਼ਾਰ ਚੜ੍ਹਿਆ ਸੀ।
ਅਚਾਨਕ ਉਸ ਨੂੰ ਬੈਠੀ ਹੋਈ ਨੂੰ ਪਤਾ ਨਹੀਂ ਕੀ ਹੋਇਆ। ਉਹ ਰਾਜੇਸ਼ ਕੋਲ ਆ ਉਸ ਦੀ ਗੋਦ ਵਿਚ ਸਿਰ ਰੱਖ ਜ਼ੋਰ-ਜ਼ੋਰ ਦੀ ਰੋਣ ਲੱਗੀ।
‘‘ਪਾਪਾ… ਤੁਸੀਂ ਸੂਰਜ ਨੂੰ ਠੀਕ ਕਰ ਦੇਵੋ… ਪਲੀਜ਼ ਠੀਕ ਕਰ ਦੇਵੋ… ਉਸ ਨੂੰ। ਹੁਣ ਮੈਂ ਉਸ ਨੂੰ ਕੁਝ ਨਹੀਂ ਕਹਾਂਗੀ। ਪਰੋਮਿਸ ਪਾਪਾ ਉਸ ਨਾਲ ਲੜਾਂਗੀ ਵੀ ਨਹੀਂ। ਉਸ ਨੂੰ ਫਰਸ਼ ’ਤੇ ਵੀ ਨਹੀਂ ਸੁੱਟਾਂਗੀ।’’
ਕਿੱਪੀ ਇਕੋ ਸਾਹ ਰੋਂਦੀ ਹੋਈ ਬੋਲੀ ਜਾ ਰਹੀ ਸੀ।
‘‘ਮੈਨੂੰ ਹੁਣ ਦੁੱਧ ਦੀ ਨਵੀਂ ਬੋਤਲ ਵੀ ਨਹੀਂ ਚਾਹੀਦੀ… ਮੈਂ ਉਸ ਦੀ ਬੋਤਲ ਤੋੜਾਂਗੀ ਵੀ ਨਹੀਂ। ਮੈਨੂੰ ਹੁਣ ਖਿਡੌਣੇ ਵੀ ਨਹੀਂ ਚਾਹੀਦੇ… ਸਗੋਂ ਮੈਂ ਤਾਂ ਆਪਣੇ ਸਾਰੇ ਖਿਡੌਣੇ ਸੂਰਜ ਨੂੰ ਦੇ ਦੇਵਾਂਗੀ। ਮੈਂ ਪੁਰਾਣੇ ਜੁੱਤੇ ਹੀ ਪਹਿਨੀ ਰੱਖਾਂਗੀ, ਮੈਨੂੰ ਨਵੇਂ ਜੁੱਤਿਆਂ ਦੀ ਵੀ ਲੋੜ ਨਹੀਂ… ਪਰ ਤੁਸੀਂ ਸੂਰਜ ਨੂੰ ਠੀਕ ਕਰ ਦੇਵੋ… ਠੀਕ ਕਰ ਦੇਵੋ ਪਾਪਾ…।’’
ਉਸ ਦੇ ਰੋਣ ਦੀ ਆਵਾਜ਼ ਨਾਲ ਕਮਰੇ ਦਾ ਮਾਹੌਲ ਹੋਰ ਗ਼ਮਗੀਨ ਹੋ ਗਿਆ ਸੀ, ਹੋਰ ਚੁੱਪ-ਚੁੱਪ ਹੋ ਗਿਆ ਸੀ। ਰਾਜੇਸ਼ ਅਤੇ ਵਿੱਦਿਆ ਨੇ ਤਾਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਕਿੱਪੀ ਸੂਰਜ ਨੂੰ ਅੰਦਰੋ-ਅੰਦਰ ਇੰਨਾ ਪਿਆਰ ਕਰਦੀ ਸੀ। ਉਸ ਦੀ ਜ਼ਿੱਦ ਤਾਂ ਕੇਵਲ ਆਪਣੇ ਹੱਕ ਲਈ ਸੀ। ਉਹ ਤਾਂ ਕੇਵਲ ਆਪਣਾ ਅਧਿਕਾਰ ਮੰਗਦੀ ਸੀ।
ਫੇਰ ਰਾਜੇਸ਼ ਦਾ ਇਕ ਹੱਥ ਹੌਲੀ ਹੌਲੀ ਪਿਆਰ ਨਾਲ ਕਿੱਪੀ ਦੀ ਪਿੱਠ ’ਤੇ ਫਿਰਨ ਲੱਗਾ। ਕਿੱਪੀ ਦੀ ਤਾਂ ਹੁਣ ਹਿਚਕੀ ਬੱਝ ਗਈ ਸੀ। ਨੇੜੇ ਬੈਠੀ ਰਾਜੇਸ਼ ਦੀ ਮਾਂ ਅਤੇ ਪਤਨੀ ਦੀਆਂ ਅੱਖਾਂ ਵਿਚ ਵੀ ਪਾਣੀ ਭਰ ਆਇਆ ਸੀ।
ਸੰਝ ਹੁੰਦਿਆਂ ਤੱਕ ਸੂਰਜ ਦਾ ਬੁਖ਼ਾਰ ਉਤਰ ਗਿਆ ਸੀ। ਉਹ ਫੇਰ ਪਹਿਲਾਂ ਵਾਂਗ ਮੰਜੇ ’ਤੇ ਬੈਠਾ ਆਪਣੇ ਖਿਡੌਣਿਆਂ ਨਾਲ ਖੇਡ ਰਿਹਾ ਸੀ।
ਅਜੇ ਹਨੇਰਾ ਨਹੀਂ ਸੀ ਹੋਇਆ। ਰਾਜੇਸ਼ ਨੇ ਪਲਾਸਟਿਕ ਦੀ ਵੱਡੀ ਗੇਂਦ ਲਈ ਅਤੇ ਉਹ ਕਿੱਪੀ ਨੂੰ ਸਕੂਟਰ ’ਤੇ ਬਿਠਾ ਕੇ ਪਾਰਕ ਵੱਲ ਟੁਰ ਪਿਆ ਤਾਂ ਕਿ ਉਸੇ ਥਾਂ ਜਾ ਉਹ ਅਤੇ ਕਿੱਪੀ ਪਹਿਲਾਂ ਵਾਂਗ ਨੱਸ-ਭੱਜ ਕਰਕੇ ਗੇਂਦ ਨਾਲ ਖੇਡ ਸਕਣ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ