Chona Samein Ekta Ate Sianap Naal Sochan Di Lor (Punjabi Article): Amrit Kaur

ਚੋਣਾਂ ਸਮੇਂ ਏਕਤਾ ਅਤੇ ਸਿਆਣਪ ਨਾਲ ਸੋਚਣ ਦੀ ਲੋੜ (ਲੇਖ) : ਅੰਮ੍ਰਿਤ ਕੌਰ

ਚੋਣਾਂ ਨੇੜੇ ਹੋਣ ਤਾਂ ਬਹੁਤ ਕੁਝ ਅਜਿਹਾ ਹੋਣ ਲਗਦਾ ਹੈ ਜੋ ਆਮ ਬੰਦੇ ਨੂੰ ਹਜ਼ਮ ਨਹੀਂ ਹੁੰਦਾ। ਨੇਤਾ ਲੋਕ ਆਪਣੀ ਪਹੁੰਚ ਤੋਂ ਪਰੇ ਦੇ ਵਾਅਦੇ ਕਰ ਲੈਂਦੇ ਹਨ। ਮੁਫ਼ਤੋ ਮੁਫ਼ਤੀ ਅੰਨ ਪਾਣੀ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ। ਭਾਵੇਂ ਜਨਤਾ ਕੂਕ ਕੂਕ ਕੇ ਆਖੇ ਕਿ ਰੋਟੀ ਤਾਂ ਅਸੀਂ ਕਮਾ ਕੇ ਖਾ ਲਵਾਂਗੇ, ਕੰਮ ਦਿਉ ਅਤੇ ਉਸਦਾ ਮੁੱਲ ਪਾਉ। ਜਨਤਾ ਹੁਣ ਬਹੁਤ ਕੁਝ ਜਾਣਦੀ ਹੈ, ਇਹ ਕਹਿੰਦੇ ਕਹਾਉਂਦੇ ਨੇਤਾਵਾਂ ਦੀਆਂ ਗੋਡਣੀਆਂ ਲਵਾ ਸਕਦੀ ਹੈ, ਅਰਸ਼ੋਂ ਫ਼ਰਸ਼ ’ਤੇ ਅਤੇ ਫ਼ਰਸ਼ੋਂ ਅਰਸ਼ ’ਤੇ ਪਹੁੰਚਾ ਸਕਦੀ ਹੈ। ਫਿਰ ਵੀ ਨੇਤਾ ਲੋਕ ਜਨਤਾ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲੈਂਦੇ ਹਨ। ਕਹਿੰਦੇ ਬਹੁਤ ਕੁਝ ਨੇ ਪਰ ਕਰਦੇ ਉਸ ਦੇ ਉਲਟ ਨੇ। ਬਹੁਤੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆ ਹੀ ਜਾਂਦੇ ਹਨ। ਕਈ ਵਾਰ ਜਾਪਦਾ ਹੈ ਕਿ ਜਦੋਂ ਨੇਤਾ ਜਿੱਤ ਕੇ ਵੱਡੀਆਂ ਕੁਰਸੀਆਂ ’ਤੇ ਬੈਠ ਜਾਂਦੇ ਨੇ ਤਾਂ ਇਹਨਾਂ ਵਿੱਚ ਕੋਈ ਹੋਰ ਆਤਮਾ ਪ੍ਰਵੇਸ਼ ਕਰ ਜਾਂਦੀ ਹੈ। ਇਹ ਆਪਣੇ ਕੀਤੇ ਵਾਅਦਿਆਂ ਦੇ ਉਲਟ ਕੰਮ ਕਰਨ ਲੱਗ ਪੈਂਦੇ ਨੇ।

ਚੋਣਾਂ ਸਮੇਂ ਰੁੱਸਿਆਂ ਨੂੰ ਮਨਾਉਣ ਦਾ ਕੰਮ ਵੀ ਜ਼ੋਰਾਂ ’ਤੇ ਹੁੰਦਾ ਹੈ। ਕੁਝ ਮੰਨ ਜਾਂਦੇ ਨੇ ਅਤੇ ਕੁਝ ਕੁ ਦੂਜੀਆਂ ਪਾਰਟੀਆਂ ਵੱਲ ਰਿੜ੍ਹ ਜਾਂਦੇ ਨੇ। ਰਿੜ੍ਹਦੇ ਇਸ ਲਈ ਨੇ ਕਿ ਉਹ ਅਸਥਿਰ ਹੁੰਦੇ ਹਨ, ਥਾਲ਼ੀ ਦੇ ਬੈਂਗਣ ਵਾਂਗ ਜਾਂ ਫਿਰ ਕਿਸੇ ਵੀ ਗੋਲ਼ ਚੀਜ਼ ਵਾਂਗ, ਜਿਸਦਾ ਕੋਈ ਅਧਾਰ ਨਹੀਂ ਹੁੰਦਾ। ਸ਼ਾਇਦ ਉਹਨਾਂ ਦੀਆਂ ਲੱਤਾਂ ਅਤੇ ਇਰਾਦਿਆਂ ਵਿੱਚ ਦਮ ਨਹੀਂ ਹੁੰਦਾ। ਜੇ ਹੋਵੇ ਤਾਂ ਹੋ ਸਕਦਾ ਹੈ ਕਿ ਦੂਜਿਆਂ ਦਾ ਆਸਰਾ ਘੱਟ ਤੱਕਣ। ਜੇ ਉਹ ਆਪਣੇ ਆਪ ਨੂੰ ਮਜ਼ਬੂਤ ਸੋਚ ਵਾਲੇ ਸਮਝਦੇ ਹਨ ਤਾਂ ਜਿੰਨੀਆਂ ਮਰਜ਼ੀ ਝੱਖੜ ਹਨੇਰੀਆਂ ਆਉਣ, ਇਹ ਇਕੱਲੇ ਵੀ ਖੜ੍ਹੇ ਰਹਿ ਸਕਦੇ ਹਨ। ਝੱਖੜ ਨੇ ਤਾਂ ਥੋੜ੍ਹੇ ਸਮੇਂ ਬਾਅਦ ਸ਼ਾਂਤ ਹੋ ਜਾਣਾ ਹੁੰਦਾ ਹੈ, ਉਸ ਤੋਂ ਬਾਅਦ ਤਾਂ ਉਸ ਇਕੱਲੇ ਦੀ ਦ੍ਰਿੜ੍ਹਤਾ ਦੇਖ ਜਨਤਾ ਵਿੱਚੋਂ ਉਸ ਵਰਗੇ ਲੋਕਾਂ ਨੇ ਨਵੀਆਂ ਉਮੀਦਾਂ ਲੈ ਕੇ ਉਸ ਨਾਲ ਜੁੜਨਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਕਾਫ਼ਲੇ ਬਣ ਜਾਂਦੇ ਹਨ। ਪਰ ਝੱਖੜਾਂ ਦੀ ਮਾਰ ਸਹਿਣ ਦਾ ਰਾਜਨੇਤਾਵਾਂ ਕੋਲ਼ ਸਮਾਂ ਨਹੀਂ ਹੁੰਦਾ। ਅਗਲਿਆਂ ਨੂੰ ਜ਼ਰੂਰਤ ਵੀ ਕੀ ਹੈ ਐਵੇਂ ਮੁਸੀਬਤਾਂ ਝੱਲਣ ਦੀ, ਇਸ ਲਈ ਇਹ ਦੂਜੇ ਪਾਸੇ ਰਿੜ੍ਹ ਜਾਂਦੇ ਹਨ। ਆਪਣੀ ਪੁਰਾਣੀ ਪਾਰਟੀ ਦੀ ਨਿੰਦਿਆ ਕਰ ਕੇ ਦੁੱਧ ਧੋਤੇ ਬਣ ਜਾਂਦੇ ਹਨ। ਜਿਹੜੇ ਕਸੀਦੇ ਕਿਸੇ ਸਮੇਂ ਪੁਰਾਣੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੜ੍ਹੇ ਹੁੰਦੇ ਹਨ, ਉਹੀ ਹੁਣ ਵਾਲੀ ਪਾਰਟੀ ਲਈ ਪੜ੍ਹਨ ਲੱਗ ਪੈਂਦੇ ਹਨ। ਸ਼ਬਦ, ਸ਼ੇਅਰ ਉਹੀ ਨੇ ਪਰ ਸਾਬਕਾ ਪਾਰਟੀ ਦਾ ਨਾਂ ਮੇਟ ਕੇ ਮੌਜੂਦਾ ਪਾਰਟੀ ਦਾ ਨਾਂ ਲਿਖ ਦਿੱਤਾ।

ਸਕੂਲ ਪੜ੍ਹਦਿਆਂ ਅਧਿਆਪਕ ਕਈ ਵਾਰ ਆਪਣੇ ਵਿਦਿਆਰਥੀਆਂ ਦੀ ਸੌਖ ਲਈ ਕੋਈ ਇੱਕ ਲੇਖ ਯਾਦ ਕਰਵਾ ਕੇ ਆਖ ਦਿੰਦੇ ਕਿ ਜੇ ਇਮਤਿਹਾਨ ਵਿੱਚ ਇਸਦੇ ਨਾਲ ਮਿਲਦਾ ਜੁਲਦਾ ਲੇਖ ਆ ਗਿਆ ਤਾਂ ਅਡਜਸਟ ਕਰ ਲੈਣਾ। ਜਿਵੇਂ, ਗਾਂ ਦਾ ਲੇਖ ਯਾਦ ਕਰਵਾ ਕੇ ਬੱਕਰੀ, ਕੁੱਤਾ, ਮੱਝ ਆਦਿ ਚਾਰ ਲੱਤਾਂ, ਦੋ ਕੰਨ, ਦੋ ਅੱਖਾਂ ਆਦਿ ਕਈ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ। ਇਸ ਤਰ੍ਹਾਂ ਵਿਦਿਆਰਥੀ ਅੱਧ-ਪਚੱਧ ਨੰਬਰ ਲੈ ਲੈਂਦਾ ਅਤੇ ਪਾਸ ਹੋ ਜਾਂਦਾ। ਕਈ ਨੇਤਾ ਆਪਣੇ ਅਧਿਆਪਕਾਂ ਦੀਆਂ ਗੱਲਾਂ ਨੂੰ ਹੋਰ ਹਿਸਾਬ ਨਾਲ ਫਿੱਟ ਕਰ ਲੈਂਦੇ ਹਨ ਉਹ ਵਾਰ ਵਾਰ ਪਾਰਟੀ ਬਦਲਦੇ ਹਨ। ਯਾਦ ਕੀਤੇ ਦੋ ਚਾਰ ਸ਼ੇਅਰ ਹਰ ਪਾਰਟੀ ਲਈ ਹਿੱਕ ਠੋਕ ਕੇ ਵਰਤਦੇ ਹਨ। ਇਹਨਾਂ ਨੇਤਾਵਾਂ ਨੂੰ ਸੁਣਦਿਆਂ ਸਿਰ ਘੁੰਮਣ ਲੱਗ ਪੈਂਦਾ ਹੈ, ਅੰਦਰੋਂ ਵਿਚਾਰਾਂ ਦੀਆਂ ਡਾਰਾਂ ਉੱਡ ਪੈਂਦੀਆਂ ਨੇ ਜਿਹੜੀਆਂ ਕਦੇ ਮਹਿਸੂਸ ਕਰਾਉਂਦੀਆਂ ਨੇ ਕਿ ਨੇਤਾਵਾਂ ਦਾ ਦਿਮਾਗ਼ ਹਿੱਲ ਗਿਆ, ਕਦੇ ਆਖਦੀਆਂ ਨੇ ਕਿ ਇਹ ਤਾਂ ਚੰਗੇ ਭਲੇ ਨੇ ਆਪਾਂ ਹੀ ਕਮਲ਼ੇ ਹਾਂ।

ਰਾਜਨੀਤੀ ਵਿੱਚ ਰੁੱਸਿਆਂ ਨੂੰ ਮਨਾਉਣ ਦਾ ਸਿਲਸਿਲਾ ਅਜੇ ਜਾਰੀ ਹੈ। ਪਰ ਬਦਲਦੇ ਹਾਲਾਤ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਨਤਾ ਨੂੰ ਬੇਵਕੂਫ਼ ਬਣਾ ਕੇ ਬਣੇ ਸ਼ਕਤੀਮਾਨਾਂ ਨੂੰ ਇਸ ਤਰ੍ਹਾਂ ਦੀਆਂ ਤਿਕੜਮਬਾਜ਼ੀਆਂ ਆ ਗਈਆਂ ਹਨ ਕਿ ਸਿੱਧੀ ਉੱਪਰਲੇ ਨਾਲ ਗੰਢਤੁੱਪ ਕਰੋ ਕਿ ਵਿਰੋਧੀਆਂ ਦੀਆਂ ਵੋਟਾਂ ਰੱਦ ਹੋ ਜਾਣ ਅਤੇ ਉੱਪਰਲੇ ਨੇ ‘ਤਥਾਅਸਤੂ’ ਆਖ ਕੇ ਕੰਮ ਕਰ ਦੇਣਾ। ਮਾੜਾ ਜਿਹਾ ਕਿਤੇ ਸਿਆਹੀ ਦੇ ਰੰਗ-ਵੰਨ ਦੇ ਫ਼ਰਕ ਨਾਲ ਇੱਕ ਅਨਮੋਲ ਬੰਦਾ ‘ਨੋ-ਮੈਨ’ ਬਣ ਜਾਂਦਾ ਹੈ, ਯਾਨੀ ਕਿ ਕੀਮਤੀ ਵੋਟ ਦੀ ਸ਼ਕਤੀ ਜ਼ੀਰੋ ਹੋ ਜਾਂਦੀ ਹੈ। ਜਾਂ ਫਿਰ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਉੱਚੇ ਅਹੁਦਿਆਂ ਦੇ ਸਬਜ਼ਬਾਗ ਦਿਖਾ ਕੇ ਆਪਣੇ ਵੱਲ ਖਿੱਚ ਲਵੋ, ਕਿਸੇ ਸਮੇਂ ਉਹਨਾਂ ਦੇ ਜਾਣੇ ਅਨਜਾਣੇ ਕੀਤੇ ਗੁਨਾਹਾਂ ਨੂੰ ਨੰਗਿਆਂ ਕਰਕੇ ਡਰਾ ਲਵੋ, ਮਸ਼ੀਨਾਂ ਬਣਾਉਣ ਵਾਲੇ ਰੱਬ ਨੂੰ ਆਖੋ, ‘ਭਗਵਾਨ ਜੀ! ਐਨੀ ਕੁ ਕਰਾਮਾਤ ਕਰ ਦੇਣਾ ਕਿ ਬਟਨ ਕੋਈ ਜਿਹੜਾ ਮਰਜ਼ੀ ਨੱਪੇ, ਵੋਟਾਂ ਸਾਡੀ ਪਾਰਟੀ ਵਾਲੇ ਬੰਦੇ ਨੂੰ ਪਈ ਜਾਣ।’ ਕਿੰਨੀ ਸੌਖੀ ਜਿਹੀ ਗੱਲ ਹੈ, ਘਰ ਘਰ ਜਾ ਕੇ ਮਿੰਨਤਾਂ ਕਰਨ ਨਾਲੋਂ ਤਾਂ ਚੰਗਾ ਹੀ ਹੈ। ਭਗਵਾਨ ਵੀ ਵਿਚਾਰਾ ਕੰਮ ਕਰੀ ਜਾਂਦਾ ਹੈ, ਉਹਨੂੰ ਵੀ ਡਰ ਹੈ ਕਿ ਜੇ ਭਗਤਾਂ ਦੇ ਕੰਮ ਨਾ ਕੀਤੇ ਕਿਤੇ ਮੈਨੂੰ ਭਗਵਾਨ ਮੰਨਣ ਤੋਂ ਇਨਕਾਰ ਹੀ ਨਾ ਕਰ ਦੇਣ। ਖ਼ੈਰ ਹੋਵੇ ਸਾਡੇ ਸਭ ਦੇ ਸਾਂਝੇ ਭਗਵਾਨ ਦੀ। ਹੁਣ ਤਾਂ ਭਗਵਾਨ ਦੇ ਨਾਂ ’ਤੇ ਬਣੇ ਧਰਤੀ ਦੇ ਭਗਵਾਨਾਂ ਨੇ ਭਗਵਾਨ ਦੀਆਂ ਮੰਨਣ ਦੀ ਥਾਂ ਭਗਵਾਨ ਨੂੰ ਉਂਗਲੀ ਲਾ ਕੇ ਤੋਰਨ ਦਾ ਇਸ਼ਾਰਾ ਵੀ ਦੇ ਦਿੱਤਾ ਹੈ। ਚਲੋ … … ਇਹ ਤਾਂ ਭਗਵਾਨ ਅਤੇ ਭਗਤ ਦੀ ਆਪਸੀ ਸਹਿਮਤੀ ਹੈ। ਜੇ ਉਸ ਨੂੰ ਆਪਣਾ ਸਿੰਘਾਸਨ ਅਸੁਰੱਖਿਅਤ ਲੱਗਿਆ ਉਹਨੇ ਲੋਕਾਂ ਦੀ ਅਕਲ ਨੂੰ ਝੰਜੋੜ ਉਨ੍ਹਾਂ ਅੰਦਰ ਸੁੱਤੀ ਪਈ ਜ਼ਮੀਰ ਨੂੰ ਜਗਾ ਕੇ ਜਨਤਾ ਤੋਂ ਕਰਾਮਾਤ ਕਰਵਾ ਦੇਣੀ ਹੈ।

ਇੱਕ ਵਾਰ ਨਾਰਦ ਮੁਨੀ ਅਤੇ ਭਗਵਾਨ ਜੀ ਧਰਤੀ ਦੀ ਖ਼ਬਰਸਾਰ ਲੈਣ ਵਾਸਤੇ ਧਰਤ ਯਾਤਰਾ ਲਈ ਆਏ। ਇੱਕ ਥਾਂ ’ਤੇ ਬਹੁਤ ਸਾਰੀ ਭੀੜ ਦੇਖ ਕੇ ਰੁਕ ਗਏ। ਭਗਵਾਨ ਨੇ ਨਾਰਦ ਨੂੰ ਪੁੱਛਿਆ, “ਐਨੇ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਕੀ ਕਰ ਰਹੇ ਨੇ ਅਤੇ ਇੱਕ ਪਾਰਟੀ ਵੱਲ ਨੂੰ ਕਿਉਂ ਭੱਜ ਰਹੇ ਹਨ।”

ਨਾਰਦ ਨੇ ਭਗਵਾਨ ਜੀ ਨੂੰ ਦੱਸਿਆ ਕਿ ਧਰਤੀ ਉੱਤੇ ਇਸ ਦੇਸ਼ ਵਿੱਚ ਚੋਣਾਂ ਹੋਣ ਵਾਲੀਆਂ ਨੇ। ਇੱਕ ਪਾਸੇ ਨੂੰ ਇਸ ਲਈ ਭੱਜ ਰਹੇ ਹਨ ਕਿ ਇੱਥੇ ਕਾਵਾਂ ਤੋਂ ਹੰਸ ਹੋਣ ਦਾ ਭਰਮ ਪਾ ਦਿੱਤਾ ਹੈ। ਜਿਹੜੇ ਵੀ ਪਾਪੀ, ਅਪਰਾਧੀ, ਬੇਈਮਾਨ, ਬਲਾਤਕਾਰੀ, ਘਪਲੇਬਾਜ਼ ਆਦਿ ਹੁੰਦੇ ਹਨ, ਜਿਹਨਾਂ ਤੋਂ ਪੀੜਤ ਲੋਕ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੁੰਦੇ ਹਨ, ਇੱਥੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ। ਵਿਚਾਰੇ ਪੀੜਤ ਪਰਿਵਾਰ ਧਰਨੇ ਲਾਉਣ ਜੋਗੇ ਰਹਿ ਜਾਂਦੇ ਨੇ। ਇਹਨਾਂ ਕੋਲ ਤਾਕਤ ਦੀ ਐਸੀ ਗਿੱਦੜ ਸਿੰਙੀ ਹੈ, ਜਿਹੜੀ ਉਹਨਾਂ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਜਿਹਨਾਂ ਦੇ ਮਗਰ ਜ਼ਿਆਦਾ ਲੋਕ ਹੁੰਦੇ ਹਨ।”

ਨਾਰਦ ਮੁਨੀ ਦੀਆਂ ਗੱਲਾਂ ਸੁਣ ਕੇ ਭਗਵਾਨ ਸੋਚ ਰਿਹਾ ਸੀ … … ਗੁਨਾਹ ਮੁਆਫ਼ ਕਰਨ ਦਾ ਕੰਮ ਤਾਂ ਮੇਰਾ ਹੈ। ਫਿਰ ਇਹ ਲੋਕ? ਐਨੇ ਨੂੰ ਨਾਰਦ ਮੁਨੀ ਫਿਰ ਬੋਲੇ, “ਭਗਵਾਨ ਜੀ! ਇਹਨਾਂ ਦਾ ਕੁਛ ਕਰੋ। ਇਹ ਤੁਹਾਡੇ ਸ਼ਰੀਕ ਬਣ ਕੇ ਧਰਤੀ ਦੇ ਭਗਵਾਨ ਬਣੇ ਬੈਠੇ ਨੇ।”

ਇੱਕ ਵਾਰ ਤਾਂ ਭਗਵਾਨ ਜੀ ਦੀਆਂ ਅੱਖਾਂ ਮੂਹਰੇ ਭੰਬੂਤਾਰੇ ਨੱਚਣ ਲੱਗ ਪਏ।

“ਮਨੁੱਖ ਨੂੰ ਦਿਮਾਗ਼ ਇਸੇ ਲਈ ਦਿੱਤਾ ਹੈ ਕਿ ਉਹ ਚੰਗੇ ਮਾੜੇ ਦੀ ਪਰਖ਼ ਆਪ ਕਰੇ … … ਨਹੀਂ ਤਾਂ ਇਹਨਾਂ ਦੀ ਥਾਂ ਭੇਡਾਂ ਨਾ ਹੋਰ ਬਣਾ ਦਿੰਦਾ?” ਭਗਵਾਨ ਜੀ ਇਹ ਕਹਿ ਕੇ ਆਪਣਾ ਪੱਲਾ ਛੁਡਾ ਕੇ ਅਲੋਪ ਹੋ ਗਏ।

ਭਾਵੇਂ ਭਗਵਾਨ ਜੀ ਨੂੰ ਕਿਸੇ ਧਰਤੀ ਦੇ ਬਾਸ਼ਿੰਦੇ ਦੀਆਂ ਗਾਈਆਂ ਤੁਕਾਂ ਖਿੱਚ ਪਾ ਰਹੀਆਂ ਸਨ … … ‘ਸਾਈਂ! ਵੇ ‘ਨ੍ਹੇਰਿਆਂ ਵਿੱਚ ਪੱਲੇ ਨਾ ਛੁਡਾਈਂ’ ਪਰ ਫਿਰ ਵੀ ਭਗਵਾਨ ਜੀ ਕਰੜਾ ਜਿਹਾ ਜੇਰਾ ਕਰ ਕੇ ਇਹ ਸੋਚਦਿਆਂ ਚਲੇ ਗਏ ਕਿ ਜੇ ਮੈਂ ਇਹਨਾਂ ਦੀ ਹਰ ਮੰਗ ਪੂਰੀ ਕਰਨ ਲੱਗ ਗਿਆ ਤਾਂ ਇਹਨਾਂ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕਰਨਾ। ਇਹ ਵਿਹਲੇ ਹੋ ਜਾਣਗੇ ਅਤੇ ਵਿਹਲੇ ਮਨਾਂ ਅੰਦਰ ਸ਼ੈਤਾਨੀ ਸੋਚ ਉਪਜ ਪੈਂਦੀ ਹੈ। ਕਾਸ਼! ਲੋਕਾਂ ਨੂੰ ਮੁਫ਼ਤਖ਼ੋਰੇ ਬਣਾਉਣ ਵਾਲੇ ਸਾਡੇ ਨੇਤਾਵਾਂ ਨੂੰ ਵੀ ਇਹ ਗੱਲ ਸਮਝ ਆ ਜਾਏ ਕਿ ਐਨੀ ਵਿਹਲੀ ਸ਼ੈਤਾਨੀ ਤਾਕਤ ਕਿਵੇਂ ਸੰਭਾਲੀ ਜਾਊ। ਖ਼ੈਰ ਨਾਰਦ ਜੀ ਨੇ ਦਿੱਬ ਦ੍ਰਿਸ਼ਟੀ ਨਾਲ ਦੇਖਿਆ, ਅੱਧੇ ਤੋਂ ਵੱਧ ਲੋਕ ਅੰਨ੍ਹੇ ਹੋ ਕੇ ਝੂਠ-ਮੂਠ ਉੱਤੇ ਯਕੀਨ ਕਰਨ ਵਾਲੇ ਭੇਡਾਂ ਜਿੰਨਾ ਹੀ ਦਿਮਾਗ਼ ਵਰਤ ਰਹੇ ਸਨ। ਐਨੇ ਨੂੰ ਉਹਨੂੰ ਹੋਰ ਰੌਲਾ ਸੁਣਾਈ ਦੇਣ ਲੱਗਿਆ। ਇਹਨਾਂ ਲੋਕਾਂ ਦੀਆਂ ਧੌਣਾਂ ਉੱਚੀਆਂ ਸਨ ਅਤੇ ਸਰਕਾਰ ਦੇ ਜ਼ੁਲਮ ਨੂੰ ਸਹਿਣ ਲਈ ਇਹ ਜੋਸ਼ੀਲੇ ਜੈਕਾਰੇ ਲਾ ਰਹੇ ਸਨ। ਭਗਵਾਨ ਨੇ ਪਰਤ ਕੇ ਨਾਰਦ ਮੁਨੀ ਦੀ ਬਾਂਹ ਫੜੀ, ਸਿੱਧਾ ਬੈਕੁੰਠ ਜਾ ਕੇ ਸਾਹ ਲਿਆ।

ਨਾਰਦ ਸਵਾਲੀਆ ਨਜ਼ਰਾਂ ਨਾਲ ਭਗਵਾਨ ਵੱਲ ਵੇਖ ਰਿਹਾ ਸੀ।

“ਤੂੰ ਭੁੱਲ ਗਿਆ ਨਾਰਦ? ਇਹਨਾਂ ਦੇ ਵੱਡੇ ਵਡੇਰੇ ਕਿਰਤੀ ਕਿਸਾਨ ‘ਧੰਨੇ’ ਨੇ ਮੈਥੋਂ ਕਿੰਨਾ ਕੰਮ ਕਰਾਇਆ ਸੀ?”

ਨਾਰਦ ਬੋਲਿਆ, “ਭਗਵਾਨ ਜੀ! ਜੇ ਇਹ ਤੁਹਾਨੂੰ ਬੰਨ੍ਹ ਸਕਦੇ ਨੇ, ਫਿਰ ਇਹ ਧਰਤੀ ’ਤੇ ਸ਼ੈਤਾਨੀ ਤਾਕਤਾਂ ਹੱਥੋਂ ਕਿਉਂ ਦਬ ਜਾਂਦੇ ਨੇ?”

ਭਗਵਾਨ ਜੀ ਹਉਕਾ ਜਿਹਾ ਲੈ ਕੇ ਬੋਲੇ, “ਇਹਨਾਂ ਵਿੱਚ ਏਕਤਾ ਦੀ ਘਾਟ ਰਹਿ ਜਾਂਦੀ ਹੈ। ਜਦੋਂ ਇਹਨਾਂ ਵਿੱਚ ਏਕਤਾ ਹੁੰਦੀ ਹੈ ਤਾਂ ਸਾਰੀ ਦੁਨੀਆਂ ਨੂੰ ਝੁਕਾ ਸਕਦੇ ਨੇ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹਨ।”

ਨਾਰਦ ਦਾ ਜੀਅ ਕੀਤਾ ਕਿ ਭਗਵਾਨ ਦਾ ਸੁਨੇਹਾ ਸਭ ਤਕ ਪਹੁੰਚਾ ਦੇਵੇ।

ਮੁੱਖ ਕਾਰਨ ਤਾਂ ਇਹੀ ਹੈ ਜਨਤਾ ਵਿੱਚ ਚੰਗੇ ਇਨਸਾਨਾਂ ਦੀ ਕਮੀ ਨਹੀਂ, ਕਮੀ ਹੈ ਤਾਂ ਏਕਤਾ ਦੀ। ਸਿਆਸਤਦਾਨਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡ ਵੰਡ ਕੇ ਦਿਮਾਗ਼ ਦਾ ਰਿਮੋਟ ਆਪਣੇ ਕਾਬੂ ਵਿੱਚ ਕਰਨਾ ਆਉਂਦਾ ਹੈ। ਜਦੋਂ ਮੁਫ਼ਤਖ਼ੋਰੀ ਦਿਸਦੀ ਹੈ ਤਾਂ ਫਿਰ ਆਪਣਾ ਦਿਮਾਗ਼ ਵਰਤਣਾ ਤਾਂ ਬੇਵਕੂਫ਼ੀ ਹੀ ਸਮਝੀ ਜਾਂਦੀ ਹੈ। ਕਈ ਵਿਹਲੀ ਬਿਰਤੀ ਵਾਲੇ ਇਹੀ ਸੋਚਦੇ ਹੋਣਗੇ ਕਿ ਜਦੋਂ ਉੱਪਰ ਵਾਲੇ ਕੋਲ ਵਾਪਸ ਜਾਣਾ ਹੋਇਆ ਤਾਂ ਫਿਰ ਉਹਨੇ ਵੀ ਖੁਸ਼ ਹੋ ਜਾਣਾ ਹੈ ਕਿ ਬਹੁਤ ਸਾਰੇ ਧਰਤੀ ’ਤੇ ਭੇਜੇ ਮਨੁੱਖ ਵਸਤਾਂ ਨੂੰ ਕਿੰਨੇ ਸੁਹਣੇ ਤਰੀਕੇ ਨਾਲ ਸੰਭਾਲ ਕੇ ਰੱਖਦੇ ਹਨ। ਉਸ ਦੀ ਬਖ਼ਸ਼ੀ ਦਿਮਾਗ਼ ਰੂਪੀ ਵਸਤੂ ਵੀ ਬਿਨਾਂ ਵਰਤਿਆਂ ਉਸੇ ਤਰ੍ਹਾਂ ਵਾਪਸ ਲੈ ਆਉਂਦੇ ਨੇ।

ਚਲੋ … … ਇਸ ਗੱਲ ਦਾ ਤਾਂ ਆਪਾਂ ਨੂੰ ਕੋਈ ਇਲਮ ਨਹੀਂ ਕਿ ਉੱਪਰ ਜਾ ਕੇ ਕੀ ਹੋਵੇਗਾ ਪਰ ਜੇ ਅੱਖਾਂ ਬੰਦ ਕਰਕੇ, ਬਿਨਾਂ ਛਾਣਬੀਣ, ਖੋਜ ਪੜਤਾਲ ਕੀਤਿਆਂ, ਦੂਜਿਆਂ ਦੀਆਂ ਕਹੀਆਂ ਗੱਲਾਂ ’ਤੇ ਭਰੋਸਾ ਕਰਦੇ ਰਹੇ ਤਾਂ ਸੱਚਮੁੱਚ ਹੀ ਧਰਤੀ ’ਤੇ ਰਹਿੰਦੇ ਹੋਏ ਵੀ ਨਰਕੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਵਾਂਗੇ।

ਨੇਤਾਵਾਂ ਦੇ ਭਾਸ਼ਣਾਂ ਅਤੇ ਗੱਲਾਂਬਾਤਾਂ ਤੋਂ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਉਹ ਆਪਣੀਆਂ ਪਾਰਟੀਆਂ ਨੂੰ ਮਜ਼ਬੂਤ ਬਣਾਉਣ ਲਈ ਵੱਧ ਜ਼ੋਰ ਦੇ ਰਹੇ ਨੇ। ਪੂਰੀ ਯੋਜਨਾ ਨਾਲ ਪਾਰਟੀਆਂ ਨੂੰ ਮਜ਼ਬੂਤ ਕਰਨ ਲਈ ਗਲੀਆਂ-ਮੁਹੱਲਿਆਂ ਤਕ ਪਹੁੰਚ ਬਣਾਈ ਜਾ ਰਹੀ ਹੈ। ਇੱਕ ਸਿੱਧੀ ਜਿਹੀ ਗੱਲ ਹੈ, ਪਾਰਟੀਆਂ ਮਜ਼ਬੂਤ ਕਿਵੇਂ ਬਣਨਗੀਆਂ, ਜਵਾਨੀ ਤਾਂ ਨਸ਼ਿਆਂ ਨੇ ਖਾ ਲਈ ਹੈ, ਘਰਾਂ ਦੇ ਘਰ ਸੁੰਨੇ ਹੋਏ ਪਏ ਨੇ। ਕੌੜੀ ਸਚਾਈ ਇਹ ਹੈ ਕਿ ਜਵਾਨੀ ਤਾਂ ਇੱਥੇ ਰਹੀ ਹੀ ਨਹੀਂ। ਕੁਝ ਨਸ਼ਿਆਂ ਨੇ ਮੌਤ ਦੀ ਨੀਂਦ ਸੁਲਾ ਦਿੱਤੇ। ਕੁਝ ਵਿਦੇਸ਼ਾਂ ਵਿੱਚ ਰੁਲਦੇ ਫਿਰਦੇ ਨੇ। ਪਾਰਟੀਆਂ ਵੀ ਤਾਂ ਜਵਾਨਾਂ ਦੇ ਸਿਰ ’ਤੇ ਹੀ ਮਜ਼ਬੂਤ ਹੋਣਗੀਆਂ। ਪਹਿਲਾਂ ਜਵਾਨਾਂ ਨੂੰ ਤਾਂ ਬਚਾ ਲਵੋ, ਆਪੇ ਪਾਰਟੀਆਂ ਮਜ਼ਬੂਤ ਹੁੰਦੀਆਂ ਰਹਿਣਗੀਆਂ। ਜਿੰਨੀ ਸ਼ਿੱਦਤ ਨਾਲ ਪਾਰਟੀਆਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਓਨੀ ਹੀ ਸ਼ਿੱਦਤ ਨਾਲ ਜਵਾਨੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਲਵੋ। ਮੇਰੇ ਪਿਆਰੇ ਦੇਸ਼ ਵਾਸੀਆਂ ਨੂੰ ਖ਼ੁਦ ਸੋਚਣਾ ਹੋਵੇਗਾ। ਕੀ ਗਲਤ ਹੈ, ਕੀ ਠੀਕ ਹੈ? ਪਰ ਯਾਦ ਰੱਖਣਾ-

ਬਰਕਤਾਂ ਏਕੇ ਦੀਆਂ ਜਦੋਂ ਝੂਮਰ ਪਾਵਣ
ਹਿੰਮਤਾਂ ਦਾ ਤਾਣ ਖਿੱਚ ਅੰਬਰੋਂ ਲਿਆਵਣ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ