Do Mulk Ikko Kahani (Story In Punjabi) : Abdul Ghani Sheikh

ਦੋ ਮੁਲਕ, ਇੱਕੋ ਕਹਾਣੀ (ਕਹਾਣੀ) : ਅਬਦੁਲ ਗ਼ਨੀ ਸ਼ੇਖ

(ਦੇਸ਼ ਵੰਡ ਸਿਰਫ਼ ਪੰਜਾਬ ਵਾਸੀਆਂ ਲਈ ਦੁੱਖ ਨਹੀਂ ਲਿਆਈ, ਲੱਦਾਖ ਦੇ ਪਹਾੜਾਂ ਵਰਗੇ ਸਾਦਾ ਲੋਕਾਂ ਦਾ ਦੁੱਖ ਵੀ ਅਕਹਿ ਹੈ।)

ਹਿੰਦੋਸਤਾਨ ਦੀ ਵੰਡ ਨੇ ਸਿਰਫ਼ ਇੱਕ ਮੁਲਕ ਦੀ ਹੋਣੀ ਉਤੇ ਹੀ ਅਸਰ ਨਹੀਂ ਪਾਇਆ। ਇਸ ਨੇ ਪਾੜ ਛੱਡੇ ਹਨ ਕਸਬੇ, ਪਿੰਡ ਅਤੇ ਘਰ ਜੋ ਕਦੇ ਇੱਕ ਸਨ। ਲਾਈਨ ਆਫ਼ ਕੰਟ੍ਰੋਲ ‘ਤੇ ਹੈਨ, ਕਹਿੰਦੇ ਹਨ, ਇਹੋ ਜਿਹੇ ਪਿੰਡ ਜਿੱਥੇ ਭਰਾ ਆਪਣੇ ਭਰਾ ਨੂੰ ਵੇਖ ਸਕਦਾ ਹੈ ਦੂਜੇ ਬੰਨੇ- ਹਲ ਵਾਹੁੰਦੇ ਨੂੰ ਖੇਤਾਂ ਵਿਚ, ਪਾਣੀ ਲਾਉਂਦੇ ਨੂੰ, ਵਾਢੀ ਕਰਦੇ ਨੂੰ ਫ਼ਸਲਾਂ ਦੀ ਅਤੇ ਥ੍ਰੈਸ਼ਿੰਗ। ਪਰ ਜੇ ਉਹ ਮਿਲਣਾ ਚਾਹੇ ਆਪਣੇ ਭਰਾ ਨੂੰ ਓਸ ਦੂਜੇ ਪਾਸੇ, ਉਸ ਨੂੰ ਆਪਣੇ ਪਿੰਡੋਂ ਕਈ ਕਿਲੋਮੀਟਰ ਤੁਰ ਕੇ ਜਾਣਾ ਪਏਗਾ ਅਤੇ ਡਾਢੇ ਖੜਦੌਂਗ ਪਾਸ ਨੂੰ ਲੰਘਣਾ, ਅਠਾਰਾਂ ਹਜ਼ਾਰ ਫੂੱਟ ਉੱਚਾ, ਲੇਹ ਪੁੱਜਣ ਲਈ। ਓਥੋਂ, ਉਹ ਨਵੀਂ ਦਿੱਲੀ ਲਈ ਉਡਾਨ ਫੜ ਸਕਦਾ ਹੈ। ਰਾਜਧਾਨੀ ਵਿਚ ਕਈ ਮਹੀਨਿਆਂ ਦੇ ਸੰਘਰਸ਼ ਅਤੇ ਉਡੀਕ ਤੋਂ ਬਾਅਦ, ਜੇ ਉਸ ਨੂੰ ਵੀਜ਼ਾ ਮਿਲ ਜਾਏ, ਉਹ ਆਪਣੇ ਭਰਾ ਨੂੰ ਮਿਲਣ ਜਾਣ ਲਈ ਪੁੱਜ ਸਕਦਾ ਹੈ ਇਸਲਾਮਾਬਾਦ ਜਾਂ ਲਹੌਰ, ਪਰ ਹਿਮਾਲਿਆਈ ਖਿੱਤੇ ਵਾਲੇ ਆਪਣੇ ਭਰਾ ਦੇ ਆਪਣੇ ਪਿੰਡ ਨਹੀਂ। ਆਪਣੇ ਭਰਾ ਦੇ ਘਰ ਦੇ ਏਨੀ ਨੇੜੇ ਹੋਣ ਦੇ ਬਾਵਜੂਦ, ਉਹ ਕਿੰਨੀ ਦੂਰ ਹੁੰਦਾ ਹੈ। ਜਿਵੇਂ ਅਸਮਾਨ ਵਿਚ ਤਾਰਾ ਜਿਸ ਨੂੰ ਉਹ ਦੇਖ ਸਕਦਾ ਹੈ ਪਰ ਛੋਹ ਨਹੀਂ ਸਕਦਾ।

ਮੇਰਾ ਭਰਾ ਸਕਾਰਦੋ ਰਹਿੰਦਾ ਹੈ, ਬਾਲਟਿਸਤਾਨ ਦਾ ਸਭ ਤੋਂ ਵੱਡਾ ਕਸਬਾ। ਬਟਵਾਰੇ ਤੋਂ ਪਹਿਲਾਂ, ਬਾਲਟਿਸਤਾਨ ਜੰਮੂ ਅਤੇ ਕਸ਼ਮੀਰ ਦਾ ਇੱਕ ਸੂਬਾ ਹੁੰਦਾ ਸੀ। ਡੋਗਰਾ ਪ੍ਰਸ਼ਾਸਨ ਦਾ ਪ੍ਰਮੁੱਖ ਪ੍ਰਸ਼ਾਸਕ, ਵਜ਼ੀਰ, ਗਰਮੀਆਂ ਗਰਮੀਆਂ ਲੇਹ ਵਿਚ ਹੁੰਦਾ ਅਤੇ ਸਰਦੀਆਂ ਦੇ ਛੇ ਮਹੀਨੇ ਸਕਾਰਦੋ ਵਿਚ। ਉਸਦਾ ਸਾਰਾ ਅਮਲਾ ਫੈਲਾ ਉਸਦੇ ਨਾਲ ਹੀ ਲੇਹ ਤੋਂ ਸਕਾਰਦੋ ਚਲੇ ਜਾਂਦਾ। ਕਾਗਾ ਦੀਨ ਮੁਹੰਮਦ, ਮੇਰਾ ਵੱਡਾ ਭਰਾ, ਵਜ਼ੀਰ ਦਾ ਕਲਰਕ ਸੀ।

1947 ਵਾਲੇ ਸਾਲ ਹੁਨਾਲੇ ਨੇ ਲੇਹ ਉੱਤੇ ਇੱਕ ਲੰਮਾ ਪਰਛਾਵਾਂ ਪਾ ਦਿੱਤਾ। ਹਿੰਦੋਸਤਾਨ ਵੰਡਿਆ ਗਿਆ ਅਤੇ ਪਾਕਿਸਤਾਨ ਨਾਂ ਦਾ ਨਵਾਂ ਮੁਲਕ ਦੁਨੀਆ ਦੇ ਨਕਸ਼ੇ ‘ਤੇ ਉੱਭਰ ਆਇਆ। ਸਾਡੇ ਆਲ ਦੁਆਲੇ ਸਭ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਹਮੇਸ਼ਾ ਵਾਂਗ, ਕਾਗਾ ਅਖੀਰੀ ਵਜ਼ੀਰ, ਲਾਲਾ ਅਮਰਨਾਥ, ਦੇ ਨਾਲ ਸਕਾਰਦੋ ਗਿਆ। ਮੈਂ ਓਦੋਂ ਛੋਟਾ ਸੀ। ਕਾਗਾ ਦੇ ਚਿਹਰੇ ਦੀ ਧੁੰਦਲੀ ਜਿਹੀ ਤਸਵੀਰ ਅਜੇ ਵੀ ਮੇਰੀਆਂ ਅੱਖਾਂ ਅੱਗੇ ਤੈਰ ਜਾਂਦੀ ਹੈ। ਜਾਣ ਤੋਂ ਪਹਿਲਾਂ, ਉਸ ਮੈਨੂੰ ਇੱਕ ਆਨਾ ਤੋਹਫ਼ੇ ਵਿਚ ਦਿੱਤਾ ਸੀ।

ਇਕ ਸਾਲ ਮਗਰੋਂ, ਸਕਾਰਦੋ ਉੱਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਅਤੇ ਕਾਗਾ ਹਮੇਸ਼ਾ ਦੇ ਲਈ ਓਸ ਥਾਂ ਦਾ ਬਸ਼ਿੰਦਾ ਹੋ ਗਿਆ। ਉਹ ਇਕੱਲਾ ਨਹੀਂ ਸੀ। ਹੋਰ ਵੀ ਲੱਦਾਖੀ ਸਰਕਾਰ ਦੇ ਮੁਲਾਜ਼ਮ ਓਥੇ ਫਸੇ ਸਨ। ਅੱਜ ਵੀ ਉਨ੍ਹਾਂ ਵਿਚੋਂ ਕੁਝ ਨਾਂ ਮੈਨੂੰ ਚੇਤੇ ਹਨ- ਮੁਨਸ਼ੀ ਗੁLਲਾਮ ਮੋਹੰਮਦ ਟਕ, ਖੋਜਾ ਮੋਹੰਮਦ ਇਕਬਾਲ, ਮੁਨਸ਼ੀ ਅਬਦੁਲ ਹਮੀਦ, ਸੋਨਮ ਤਸੇLਰਿੰਗ, ਸੋਨਮ ਤਾਸ਼ੀ, ਮੁਨਸ਼ੀ ਅਬਦੁਲ ਸਲਾਮ। ਸ਼ੁਰੂ ਸ਼ੁਰੂ ਵਿਚ, ਉਹ ਇਸ ਆਸ ਨਾਲ ਜਿਊਂਦੇ ਸਨ ਕਿ ਛੇਤੀ ਹੀ ਰਿਹਾ ਕਰ ਕੇ ਉਨ੍ਹਾਂ ਦਾ ਆਪਣਿਆਂ ਅਜ਼ੀਜ਼ਾਂ ਨਾਲ ਮੇਲ ਕਰਾਅ ਦਿੱਤਾ ਜਾਏਗਾ। ਏਧਰਲੇ ਪਾਸੇ ਵੀ, ਸਾਡੀ ਆਸ ਸੀ ਕਿ ਉਨ੍ਹਾਂ ਦੀ ਵਾਪਸੀ ਦਾ ਕੋਈ ਰਾਹ ਖੁੱਲ੍ਹ ਜਾਏਗਾ। ਅਸੀਂ ਅਮਾ ਨੂੰ ਅਤੇ ਆਪਣੀ ਭਾਬੀ, ਅਚੇ ਸਫ਼ੀਆ, ਨੂੰ ਹੌਸਲਾ ਦਿੰਦੇ, ਕਿ ਕਾਗਾ ਛੇਤੀ ਪਰਤ ਆਏਗਾ। ਇਸੇ ਤਰ੍ਹਾਂ ਕਰਦਿਆਂ ਕਰਦਿਆਂ, ਦੋ ਸਾਲ ਲੰਘ ਗਏ।

ਪਹਿਲਾਂ ਪਹਿਲਾਂ ਤਾਂ, ਚਿੱਠੀ ਪੱਤਰ ਭੇਜਣ ਦਾ ਕੋਈ ਰਾਹ ਨਹੀਂ ਸੀ ਹੁੰਦਾ। ਕਦੇ ਕਦਾਈਂ ਖ਼ਬਰ ਮਿਲ ਮੁਲ ਜਾਣੀ ਕਿ ਕਾਗਾ ਠੀਕ ਠਾਕ ਹੈ। ਫੇਰ, ਹੌਲੀ ਹੌਲੀ, ਦੋਹਾਂ ਮੁਲਕਾਂ ਦਰਮਿਆਨ ਚਿੱਠੀ ਪੱਤਰੀ ਚੱਲ ਹੀ ਪਈ। ਚੰਗੀਆਂ ਅਤੇ ਮਾੜੀਆਂ ਖ਼ਬਰਾਂ ਦਿੱਤੀਆਂ ਲਈਆਂ ਜਾਂਦੀਆਂ। ਸਭ ਤੋਂ ਪਹਿਲਾਂ ਜਿਸਨੂੰ ਦੁੱਖ ਭਰੀ ਖ਼ਬਰ ਮਿਲੀ ਉਹ ਸੀ ਮੁਨਸ਼ੀ ਗ਼ੁਲਾਮ ਮੋਹੰਮਦ ਜਿਸਦੀ ਘਰਵਾਲੀ ਲੇਹ ਵਿਚ ਗੁਜ਼ਰ ਗਈ ਸੀ। ਜਦੋਂ ਉਹ ਚਿੱਠੀ ਪੁੱਜੀ ਸੀ ਤਾਂ ਮੁਨਸ਼ੀ ਓਦੋਂ ਇਕੱਲਾ ਹੀ ਸੀ। ਉਸ ਨੂੰ ਹੌਸਲਾ ਜਾਂ ਹਮਦਰਦੀ ਦੇਣ ਵਾਲਾ ਕੋਈ ਹਾਜ਼ਿਰ ਨਹੀਂ ਸੀ। ਰੋਂਦੇ ਰੋਂਦੇ ਨੇ, ਉਸ ਆਪਣੇ ਮਿੱਤਰਾਂ ਦੀ ਭਾਲ ਕੀਤੀ ਤਾਂ ਜੋ ਦੱਸ ਸਕੇ ਕਿ ਕੀ ਵਾਪਰ ਗਿਆ ਸੀ। ਇਸ ਤ੍ਰਾਸਦੀ ਤੋਂ ਬਾਅਦ, ਉਨ੍ਹਾਂ ਆਪਸ ਵਿਚ ਇਹੋ ਤੈਅ ਕੀਤਾ ਕਿ ਨਿਜੀ ਚਿੱਠੀਆਂ ਸਿੱਧੀਆਂ ਨਹੀਂ ਲੈਣੀਆਂ। ਡਾਕੀਏ ਖਾਤਰ, ਮੁਨਸ਼ੀ ਗ਼ੁਲਾਮ ਮੋਹੰਮਦ ਟਕ ਫੇਰ ਬਣ ਗਿਆ ਮੁਨਸ਼ੀ ਅਬਦੁਲ ਹਮੀਦ, ਦੀਨ ਮੋਹੰਮਦ ਬਣ ਗਿਆ ਖੋਜਾ ਮੋਹੰਮਦ ਇਕਬਾਲ, ਖੋਜਾ ਮੋਹੰਮਦ ਇਕਬਾਲ ਬਣ ਗਿਆ ਸੋਨਮ ਤਸ਼ੇਰਿੰਗ। ਸਾਡੇ ਸੁਨੇਹੇ ਉਨ੍ਹਾਂ ਲਈ ਉਨ੍ਹਾਂ ਦੁੱਖਾਂ ਦਾ ਚਿੰਨ੍ਹ ਬਣ ਗਏ ਜਿਹੜੇ ਸਕਾਰਦੋ ਵਿਚ ਉਨ੍ਹਾਂ ਜਲਾਵਤਨਾਂ ਨੂੰ ਜਾਪਦਾ ਸੀ ਕਿ ਅਖੀਰ ਤਾਂ ਝੱਲਣੇ ਹੀ ਝੱਲਣੇ ਪੈਣੇ ਸਨ। ਤਾਂ ਉਹ ਚਿੱਠੀਆਂ ਦੇ ਆਉਣ ‘ਤੇ ਠਠੰਬਰ ਜਾਂਦੇ, ਡਰਦੇ ਕਿ ਪਰਿਵਾਰ ਦੇ ਜੀਆਂ ਦੀ ਕੋਈ ਮਾੜੀ ਖ਼ਬਰ ਨਾ ਮਿਲ ਜਾਏ।

ਵਿਚ ਵਿਚ, ਚਿੱਠੀਆਂ ਵਿਚ ਖੁਸ਼ੀਆਂ ਦਾ ਵੀ ਪਤਾ ਲੱਗਦਾ ਰਹਿੰਦਾ। ਫ਼ਲਾਣੇ ਫ਼ਲਾਣੇ ਦੇ ਘਰ ਬਾਲ ਹੋਇਆ ਹੈ, ਅਜ਼ਗਰ ਨੂੰ ਮੈਡੀਕਲ ਵਿਚ ਸੀਟ ਮਿਲ ਗਈ ਹੈ, ਅਨੀਸ ਨੇ ਇੰਜਨੀਅਰਿੰਗ ਕਾਲਜ ਵਿਚ ਦਾਖ਼ਲਾ ਲੈ ਹੀ ਲਿਆ ਹੈ, ਜਮੀਲਾ ਦੇ ਮੁੰਡੇ ਦੀ ਨੌਕਰੀ ਲੱਗ ਗਈ ਹੈ, ਤੁਫ਼ੇਲ ਨੇ ਨਵਾਂ ਘਰ ਪਾ ਲਿਆ ਹੈ, ਵਗੈਰਾ ਵਗੈਰਾ। ਕਾਗਾ ਦੀਆਂ ਚਿੱਠੀਆਂ ਸਾਡੀਆਂ ਤਕਲੀਫ਼ ਮਾਰੀਆਂ ਰੂਹਾਂ ਨੂੰ ਠੰਡ ਪਾਉਂਦੀਆਂ ਕਿ ਉਹ ਜਿਊਂਦਾ ਹੈ ਅਤੇ ਠੀਕ ਠਾਕ। ਇੱਕ ਦਿਨ, ਕਾਗਾ ਨੇ ਆਪਣੀ ਘਰਵਾਲੀ, ਸਫ਼ੀਆ, ਲਈ ਤਲਾਕ ਦੇ ਕਾਗ਼ਜ਼ ਭੇਜੇ, ਇੱਕ ਲੰਮੀ ਸਾਰੀ ਚਿੱਠੀ ਨਾਲ। ਉਸ ਲਿਖਿਆ ਸੀ, “ਸਫ਼ੀਆ, ਰੱਬ ਜਾਣੇ ਅਸੀਂ ਕਦੇ ਫੇਰ ਮਿਲਣਾ ਵੀ ਹੈ ਕਿ ਨਹੀਂ ਪਰ ਇਹ ਦੂਰ ਦੂਰ ਤੱਕ ਮੁਮਕਿਨ ਨਹੀਂ ਜਾਪਦਾ। ਮੈਂ ਪਿਛਲੇ ਛੇ ਸਾਲ ਤੇਰੀਆਂ ਯਾਦਾਂ ਸੰਗ ਜਿਊਂਦਾ ਰਿਹਾ ਹਾਂ, ਹਰ ਪਲ ਇਹੋ ਸੁਫ਼ਨਾ ਲੈਂਦਾ ਕਿ ਕਿ ਤੈਨੂੰ ਮਿਲਣਾ ਹੈ। ਪਰ ਤੂੰ ਕਿੰਨਾ ਚਿਰ ਮੇਰਾ ਇੰਤਜ਼ਾਰ ਕਰੇਂਗੀ? ਮੈਂ ਭਾਰੇ ਦਿਲ ਨਾਲ ਇਹ ਤਲਾਕ ਦੇ ਕਾਗ਼ਜ਼ ਤੈਨੂੰ ਭੇਜ ਰਿਹਾ ਹਾਂ। ਤੂੰ ਅਜੇ ਵੀ ਜਵਾਨ ਅਤੇ ਖ਼ੂਬਸੂਰਤ ਹੈਂ। ਤੈਨੂੰ ਕੋਈ ਚੰਗਾ ਆਦਮੀ ਮਿਲ ਜਾਏਗਾ ਜੋ ਤੈਨੂੰ ਆਪਣੀ ਜੀਵਨ ਸਾਥਣ ਬਣਾਅ ਲਏਗਾ।”

ਇਸ ਤੋਂ ਕੋਈ ਇੱਕ ਸਾਲ ਬਾਅਦ, ਕਾਗਾ ਨੇ ਆਪਣੇ ਨਿਕਾਹ ਦਾ ਐਲਾਨ ਕਰਦੀ ਇੱਕ ਹੋਰ ਚਿੱਠੀ ਭੇਜੀ। ਉਦਾਸੀ ਵਾਲੀ ਗੱਲ ਇਹ, ਕਿ ਜਿਸ ਦਿਨ ਇਹ ਚਿੱਠੀ ਸਾਨੂੰ ਮਿਲੀ, ਓਸੇ ਦਿਨ ਸਾਡੇ ਪਿਤਾ ਚੱਲ ਵਸੇ ਸਨ।

ਕਾਗਾ ਨੂੰ ਭੇਜੀ ਇਸ ਉਦਾਸ ਖ਼ਬਰ ਵਾਲੀ ਚਿੱਠੀ ਖੋਜਾ ਮੋਹੰਮਦ ਇਕਬਾਲ ਨੇ ਲਈ। ਇੱਕ ਦਿਨ, ਕਾਗਾ ਨੇ ਆਪਣੀ ਖਿੜਕੀ ਵਿਚੋਂ ਕੀ ਵੇਖਿਆ, ਕਿ ਉਸਦੇ ਕੁਝ ਮਿੱਤਰ ਹੌਲੀ ਹੌਲੀ ਉਸ ਦੇ ਘਰ ਵੱਲ ਤੁਰੀ ਆ ਰਹੇ ਸੀ। ਇਹ ਅੱਜ ਕਿਓਂ ਆ ਰਹੇ ਹਨ, ਉਹ ਕੁਝ ਹੈਰਾਨ ਸੀ। ਆਮ ਤੌਰ ‘ਤੇ ਇਕੱਠੇ ਤਾਂ ਇਹ ਈਦ ਮਿਲਣ ਹੀ ਆਉਂਦੇ ਹਨ ਪਰ ਅੱਜ ਤਾਂ ਈਦ ਨਹੀਂ। ਜ਼ਰੂਰ ਇਹ ਕੋਈ ਅਣਸੁਖਾਵੀਂ ਖ਼ਬਰ ਲਿਆ ਰਹੇ ਹਨ।

ਉਸਦਾ ਦਿਲ ਉਸਦੀ ਛਾਤੀ ਵਿਚ ਜ਼ੋਰ ਜ਼ੋਰ ਦੀ ਵੱਜਣ ਲੱਗਾ। ਰੱਬ ਮਿਹਰ ਕਰੇ, ਮੇਰੇ ਮਾਪੇ ਠੀਕ ਠਾਕ ਹੋਣ, ਉਸ ਨੇ ਮਨ ਹੀ ਮਨ ਦੁਆ ਕੀਤੀ। ਉਸਦੇ ਮਿੱਤਰ ਘਰ ਵਿਚ ਵੜੇ, ਅੱਗੇ ਅੱਗੇ ਮੁਨਸ਼ੀ ਮੋਹੰਮਦ ਗ਼ੁਲਾਮ ਸੀ। ਕਾਗਾ ਨੇ ਖ਼ਬਰ ਸੁਣੀ। ਜਿਸ ਦਾ ਉਸ ਨੂੰ ਸਭ ਤੋਂ ਵੱਧ ਡਰ ਸੀ ਓਹੋ ਹੋ ਗਿਆ ਸੀ।

ਇਸ ਤੋਂ ਡੇਢ ਮਹੀਨੇ ਬਾਅਦ, ਸਾਨੂੰ ਅਫ਼ਸੋਸ ਦੀ ਚਿੱਠੀ ਮਿਲੀ। “ਕਾਸ਼ ਕਿ ਮੈਂ ਆਪ ਲੇਹ ਆ ਸਕਦਾ ਇਹ ਦੁੱਖ ਵੰਡਾਉਣ ਲਈ,” ਉਸ ਲਿਖਿਆ ਸੀ। ਪਰ ਕਾਗਾ ਇੱਕ ਸਰਕਾਰੀ ਮੁਲਾਜ਼ਮ ਸੀ। ਜੰਮੂ ਅਤੇ ਕਸ਼ਮੀਰ ਦਾ ਸੂਬਾ ਇੱਕ ਨਾਜ਼ੁਕ ਸਰਹੱਦੀ ਖੇਤਰ ਸੀ। ਲੇਹ ਆਉਣ ਲਈ ਮਨਜ਼ੂਰੀ ਮਿਲਣੀ ਔਖੀ ਸੀ। ਮੈਂ ਆਪ ਵੀ ਸਰਕਾਰੀ ਮੀਡੀਏ ਨਾਲ ਜੁੜਿਆ ਹੋਇਆ ਸੀ। ਮੇਰੇ ਅੱਗੇ ਵੀ ਓਹੋ ਮੁਸ਼ਕਿਲਾਂ ਸਕਾਰਦੋ ਜਾਣ ਲਈ ਅੜਿੱਕੇ ਪਾਉਂਦੀਆਂ ਸਨ।

ਪੰਜਾਂ ਸਾਲਾਂ ਬਾਅਦ, ਮਾਂ ਚੱਲ ਵਸੀ ਅਤੇ ਫੇਰ ਇੱਕ ਤੋਂ ਬਾਅਦ ਇੱਕ ਕਰ ਕੇ ਚਾਚੀਆਂ ਤਾਈਆਂ, ਗੱਲ ਕੀ ਸਾਰੇ ਬਜ਼ੁਰਗ, ਅਤੇ ਮਿੱਤਰ।

ਫੇਰ, ਇਕ ਬਹਾਰ ਦੀ ਰੁੱਤੇ, ਜਦੋਂ ਲੇਹ ਦੇ ਖੇਤਾਂ ਵਿਚ ਆਇਰਿਸ ਅਤੇ ਹੌਲੀਹਾੱਕ ਖਿੜੇ ਹੋਏ ਸਨ, ਸਾਨੂੰ ਇੱਕ ਖਤ ਮਿਲਿਆ ਕਾਗਾ ਦਾ, ਖੁਸ਼ੀ ਖੁਸ਼ੀ ਇਹ ਐਲਾਨ ਕਰਦਾ ਕਿ ਉਸ ਦੇ ਘਰ ਇੱਕ ਨਵਾਂ ਜੀਅ ਆ ਗਿਆ ਹੈ। ਕੁੜੀ ਦਾ ਨਾਂ ਜ਼ਕੀਆ ਹੈ। ਅਚੇ ਜ਼ੋਹਰਾ ਨੇ ਸਾਨੂੰ ਸਾਰਿਆਂ ਨੂੰ ਆਪਣੀ ਸਲਾਮ ਭੇਜੀ। ਜਦੋਂ ਇੱਕ ਸਾਲ ਪੂਰਾ ਹੋਇਆ, ਕਾਗਾ ਨੇ ਇੱਕ ਹੋਰ ਬੱਚੀ ਦੀ ਖ਼ਬਰ ਭੇਜੀ। ਉਸਦਾ ਨਾਂ ਜ਼ਕੀਆ ਸੀ।

1965 ਵਿਚ ਅਚਾਨਕ ਚਿੱਠੀ ਪੱਤਰੀ ਬੰਦ ਕਰ ਦਿੱਤੀ ਗਈ, ਜਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਪਈ। 1971 ਦੀ ਜੰਗ ਤੋਂ ਬਾਅਦ ਵੀ ਇਹੀ ਹਲਾਤ ਬਣੇ। ਜਦੋਂ ਅਖੀਰ ਜਾ ਕੇ ਚਿੱਠੀ ਪੱਤਰੀ ਬਹਾਲ ਹੋਈ, ਸਾਨੂੰ ਪਤਾ ਲੱਗਾ ਕਿ ਜ਼ਕੀਆ ਦਸਵੀਂ ਜਮਾਤ ਵਿਚ ਪੜ੍ਹਦੀ ਹੈ, ਕਿ ਜ਼ਰੀਨਾ ਨੇ ਅੱਠਵੀਂ ਦਾ ਇਮਤਿਹਾਨ ਪਾਸ ਕਰ ਲਿਆ ਹੈ, ਅਤੇ ਪਰਿਵਾਰ ਵਿਚ ਦੋ ਹੋਰ ਜੀਅ ਆ ਗਏ ਹਨ- ਫ਼ਖ਼ਰ-ਉਦ- ਦੀਨ ਅਤੇ ਮੋਹੰਮਦ ਨਈਮ। ਹੁਣ, ਚਿੱਠੀਆਂ ਵਿਚ, ਕਾਗਾ, ਉਸਦੀ ਘਰਵਾਲੀ ਅਤੇ ਚਾਰ ਬੱਚਿਆਂ ਦੇ ਸਲਾਮ ਅਤੇ ਖੈਰੀਂ ਵਸਣ ਦੇ ਪੈਗ਼ਾਮ ਆਉਂਦੇ।

ਜਦੋਂ ਤੋਂ ਸਮਾਂ ਸ਼ੁਰੂ ਹੋਇਆ ਹੈ ਓਥੋਂ ਲੈ ਕੇ ਸਮੇਂ ਦੇ ਅਖੀਰ ਤੱਕ, ਜੰਮਣਿਆਂ, ਵਿਆਹਾਂ ਅਤੇ ਮੌਤਾਂ ਦਾ ਸਿਲਸਿਲਾ ਬਣਿਆ ਹੀ ਰਹਿਣਾ ਹੈ, ਇਨਸਾਨ ਦੀ ਨਸਲ ਦੇ ਚੱਲਦੇ ਰਹਿਣ ਦਾ। ਸਾਡੀ ਮਾਂ ਕਿਹਾ ਕਰਦੀ ਸੀ, “ਕੁੜੀਆਂ ਹੋਰਾਂ ਦੀ ਮਲਕੀਅਤ ਹੁੰਦੀਆਂ ਹਨ”, ਸੋ ਅਸੀਂ ਬੜੇ ਖੁਸ਼ ਹੋਏ ਜਦੋਂ ਇੱਕ ਦਿਨ ਸਾਡੇ ਭਰਾ ਦੀ ਚਿੱਠੀ ਮਿਲੀ ਕਿ ਜ਼ਕੀਆ ਦਾ ਵਿਆਹ ਧਰਿਆ ਹੈ। ਜਿਵੇਂ ਰਿਵਾਜ ਸੀ, ਇਸ ਦੇ ਨਾਲ ਇੱਕ ਸੱਦਾ ਪੱਤਰ ਵੀ ਸੀ। ਇਸ ਦੇ ਛੇਤੀ ਹੀ ਮਗਰੋਂ, ਜ਼ਰੀਨਾ ਦਾ ਵੀ ਕਾਰਜ ਹੋ ਗਿਆ।

ਸਮੇਂ ਦੀਆਂ ਸੂਈਆਂ ਚੱਲਦੀਆਂ ਰਹੀਆਂ। ਸਮਾਂ ਪੈਂਦਾ ਗਿਆ। ਦਿਨ ਹਫ਼ਤਿਆਂ ਵਿਚ ਬਦਲਦੇ ਗਏ, ਹਫ਼ਤੇ ਮਹੀਨਿਆਂ ਵਿਚ , ਅਤੇ ਮਹੀਨੇ ਸਾਲਾਂ ਵਿਚ। ਫੇਰ, ਇੱਥੋਂ ਚਲੇ ਜਾਣ ਦੇ ਅਠੱਤੀ ਸਾਲਾਂ ਬਾਅਦ, ਕਾਗਾ ਨੇ ਇੱਕ ਦਿਨ ਲਿਖ ਭੇਜਿਆ ਕਿ ਕਿ ਉਹ ਲੇਹ ਆ ਰਿਹਾ ਹੈ। ਜਦੋਂ ਅਸੀਂ ਸੁਣਿਆ ਕਿ ਉਹ ਇਸਲਾਮਾਬਾਦੋਂ ਦਿੱਲੀ ਆ ਪੁੱਜਾ ਹੈ, ਅਸੀਂ ਮਨੋ ਮਨ ਦੁਆ ਕੀਤੀ ਕਿ ਅਗਲੇ ਦਿਨ ਮੌਸਮ ਸਾਫ਼ ਰਹੇ ਤਾਂ ਜੋ ਰਾਜਧਾਨੀ ਤੋਂ ਲੇਹ ਦੀ ਉਡਾਨ ਰੱਦ ਨਾ ਹੋ ਜਾਏ।

ਤਿੰਨ ਟੈਕਸੀਆਂ ਰਿਸ਼ਤੇਦਾਰਾਂ ਅਤੇ ਕਾਗਾ ਦੇ ਮਿੱਤਰਾਂ ਦੀਆਂ ਭਰ ਕੇ ਅਸੀਂ ਹਵਾਈ ਅੱਡੇ ਪੁੱਜੇ। ਚਾਈਂ ਚਾਈਂ, ਅਸੀਂ ਦੇਖਿਆ ਕਿ ਦਿਸਹੱਦੇ ‘ਤੇ ਬੋਇੰਗ ਪਰਗਟ ਹੋ ਕੇ ਹਵਾਈ ਜਹਾਜ਼ਾਂ ਦੇ ਉਤਰਨ ਵਾਲੀ ਸੜਕ ‘ਤੇ ਉਤਰ ਗਿਆ ਹੈ। ਕਾਗਾ ਨੇ ਸੁਆਗਤੀ ਹਾਲ ਵਿਚ ਕਦਮ ਰੱਖਿਆ। ਜੇ ਅਸੀਂ ਅਜੇ ਹੁਣੇ ਜਿਹੇ ਦੀ ਉਸਦੀ ਫ਼ੋਟੋ ਨਾ ਵੇਖੀ ਹੁੰਦੀ ਜੋ ਉਸ ਸਾਨੂੰ ਪਹਿਲਾਂ ਹੀ ਭੇਜ ਦਿੱਤੀ ਸੀ, ਸਾਨੂੰ ਉਸ ਨੂੰ ਪਛਾਨਣ ਵਿਚ ਮੁਸ਼ਕਿਲ ਆਉਣੀ ਸੀ। ਕਿੰਨੇ ਹੀ ਸਾਲ ਬੀਤ ਗਏ ਸਨ। ਜਦੋਂ ਗਿਆ ਸੀ ਤਾਂ ਉਹ ਇੱਕ ਲਾੜਾ ਸੀ ਅਤੇ ਪਰਤਿਆ ਸੀ ਨਾਨਾ ਬਣ ਕੇ।

ਸਭ ਦੀ ਉਸ ਨਾਲ ਵਾਕਫ਼ੀ ਕਰਾਈ ਗਈ। ਅਸੀਂ ਸਾਰੇ ਹੀ ਬਹੁਤ ਭਾਵੁਕ ਹੋ ਗਏ। ਸਾਡੀਆਂ ਅੱਖਾਂ ਹੰਝੂਆਂ ਨਾਲ ਤਰ ਸਨ। ਕਿੰਨੇ ਅਜੀਬ ਜੀਵ ਹੁੰਦੇ ਹਨ ਇਨਸਾਨ ਵੀ! ਅਸੀਂ ਤਕਲੀਫ਼ ਵਿਚ ਵੀ ਅਤੇ ਹੱਦੋਂ ਵੱਧ ਖੁਸ਼ੀ ਵਿਚ ਵੀ ਅੱਥਰੂ ਕੇਰਦੇ ਹਾਂ।

ਟੈਕਸੀ ਲੇਹ ਵੱਲ ਨੂੰ ਜਾ ਰਹੀ ਸੀ। “ਬੜਾ ਬਦਲ ਗਿਆ ਹੈ ਲੇਹ,” ਕਾਗਾ ਨੇ ਆਖਿਆ, ਹਵਾਈ ਅੱਡੇ ਤੋਂ ਅੱਗੇ ਆ ਕੇ ਸੜਕ ਦੇ ਦੋਏ ਪਾਸੇ ਬਣੇ ਘਰਾਂ ਨੂੰ ਦੇਖਦਿਆਂ । “ਇਹ ਥਾਂ ਤਾਂ ਪੂਰੀ ਉਜਾੜ ਹੁੰਦੀ ਸੀ। ਲੋਕਾਂ ਕਹਿਣਾ ਇੱਥੇ ਭੂਤਾਂ ਦਾ ਵਾਸਾ ਹੈ। ਹਨੇਰਾ ਪੈਣ ਤੋਂ ਬਾਅਦ ਇੱਥੇ ਤੁਰਨ ਤੋਂ ਡਰਦੇ ਹੁੰਦੇ ਸਨ।“

“ਸਾਡੇ ਵਿਚੋਂ ਕੋਈ ਵੀ ਨਹੀਂ ਸੀ ਸੋਚ ਸਕਦਾ, ਸੁਫ਼ਨੇ ਵਿਚ ਵੀ ਨਹੀਂ, ਕਿ ਕਦੇ ਇੱਥੇ ਰਿਹਾਇਸ਼ੀ ਮੁਹੱਲੇ ਹੋਣਗੇ,” ਕਾਗਾ ਦਾ ਮਿੱਤਰ ਕਹਿ ਰਿਹਾ ਸੀ। ਕਾਗਾ ਬੜੇ ਚਿਰ ਤੋਂ ਸੁਣਦਾ ਆ ਰਿਹਾ ਸੀ ਕਿ ਲੇਹ ਬਦਲਦਾ ਜਾ ਰਿਹਾ ਹੈ। ਹੁਣ ਉਹ ਆਪਣੀਆਂ ਅੱਖਾਂ ਨਾਲ ਆਈਆਂ ਹੋਈਆਂ ਤਬਦੀਲੀਆਂ ਨੂੰ ਦੇਖ ਸਕਦਾ ਸੀ। ਬਦਲ ਤਾਂ ਸਕਾਰਦੋ ਵੀ ਗਿਆ ਸੀ। ਪਿਛਲੇ ਕੁਝ ਦਹਾਕਿਆਂ ਤੋਂ, ਬਿਜਲੀ, ਟੂਟੀਆਂ ਵਿਚ ਪਾਣੀ, ਅਤੇ ਫ਼ਿਲਮਾਂ ਦੋਹਾਂ ਖਿੱਤਿਆਂ ਵਿਚ ਆ ਗਈਆਂ ਸਨ। ਦੋਹਾਂ ਵਿਚ ਰੇਡੀਓ ਸਟੇਸ਼ਨ ਅਤੇ ਕਾਲਜ ਬਣ ਗਏ ਸਨ।

ਸਾਡੇ ਘਰ ਪੁੱਜਣ ਸਾਰ ਹੀ ਬੜੇ ਲੋਕ ਕਾਗਾ ਨੂੰ ਮਿਲਣ ਆਏ।

“ਦੀਨ ਮੋਹੰਮਦਾ, ਮੈਨੂੰ ਪਛਾਣਿਆ?” ਇੱਕ ਆਉਣ ਵਾਲੇ ਨੇ ਪੁੱਛਿਆ। ਕਾਗਾ ਨੇ ਉਸ ਨੂੰ ਨੀਝ ਨਾਲ ਦੇਖਿਆ।

“ਨਹੀਂ ਪਛਾਣਿਆ? ਮੈਂ ਅਹਿਮਦ ਦੀਨ ਹਾਂ।”

ਨਿਹਾਲ ਹੋ ਕੇ ਉੱਚੀਆਂ ਚਹਿਕਦੀਆਂ ਆਵਾਜ਼ਾਂ ਕੱਢਦਿਆਂ ਦੋਏ ਮਿੱਤਰਾਂ ਜੱਫੀ ਪਾ ਲਈ।

“ਤੇਰੇ ਭਰਾ, ਅਮੀਰ ਦੀਨ, ਦਾ ਕੀ ਹਾਲ ਚਾਲ ਹੈ?” ਕਾਗਾ ਨੇ ਪੁੱਛਿਆ, ਜਦੋਂ ਉਹ ਕੁਝ ਸੰਭਲੇ।

“ਉਹ ਤਾਂ ਛੇ ਮਹੀਨੇ ਹੋਏ ਹਨ ਗੁਜ਼ਰ ਗਿਆ ਹੈ,” ਅਹਿਮਦ ਦੀਨ ਦੇ ਚਿਹਰੇ ‘ਤੇ ਡੂੰਘੀ ਉਦਾਸੀ ਛਾ ਗਈ ਸੀ। “ਦੀਨ ਮੋਹੰਮਦਾ, ਸਾਡੇ ਬਹੁਤੇ ਮਿੱਤਰ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਸਿਰਫ਼ ਗ਼ੁਲਾਮ ਸੁਲਤਾਨ, ਮੁਨਸ਼ੀ ਨਬੀ, ਸਤੋਬਦਨ ਅਤੇ ਨੂਰ ਦੀਨ ਜਿਊਂਦੇ ਹਨ।”

“ਮੌਤਾਂ ਦੀਆਂ ਖ਼ਬਰਾਂ ਮਿਲਦੀਆਂ ਸਨ ਤਾਂ ਮੈਂ ਅਫ਼ਸੋਸਿਆ ਜਾਂਦਾ ਸੀ।” ਕਾਗਾ ਨੇ ਆਪਣੇ ਦੋਏ ਹੱਥ ਡੂੰਘੀ ਤਕਲੀਫ਼ ਵਿਚ ਮਲੇ। “ਮੈਂ ਸੋਚਣਾ ਮੇਰੇ ਖੰਭ ਹੁੰਦੇ ਤਾਂ ਚੰਗਾ ਹੁੰਦਾ। ਉੱਡ ਕੇ ਆ ਜਾਂਦਾ ਮੈਂ।”

“ਅੱਲ੍ਹਾ ਦਾ ਸ਼ੁਕਰ ਹੈ ਕਿ ਅਸੀਂ ਆਪਣੀ ਮੌਤ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲ ਲਿਆ ਹੈ,” ਅਹਿਮਦ ਦੀਨ ਨੇ ਕਿਹਾ।

“ਕਈ ਵਾਰ ਮੈਂ ਡਰ ਜਾਣਾ, ਅਹਿਮਦ, ਕਿ ਮੈਂ ਏਸ ਜ਼ਿੰਦਗੀ ਵਿਚ ਮੁੜ ਲੱਦਾਖ ਨਹੀਂ ਦੇਖਣਾ,” ਕਾਗਾ ਨੇ ਕਿਹਾ।

“ਇਹ ਪਰਵੇਜ਼ ਅਹਿਮਦ ਹੈ। ਇਹ ਇੰਜੀਨੀਅਰ ਹੈ।” ਕਿਸੇ ਨੇ ਇੱਕ ਨੌਜਵਾਨ ਦੀ ਵਾਕਫ਼ੀ ਕਰਾਈ।

ਕਾਗਾ ਉਸ ਨੌਜਵਾਨ ਵੱਲ ਖਾਲੀ ਜਿਹਾ ਤੱਕਣ ਲੱਗਾ, ਜਿਵੇਂ ਕੁਝ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਏ।

“ਇਹ ਮਰਹੂਮ ਅਕਬਰ ਸ਼ਾਹ ਦਾ ਮੁੰਡਾ ਹੈ।”

“ਅੱਛਾ ਅੱਛਾ! ਇਹ ਤਾਂ ਮੇਰੇ ਸਕਾਰਦੋ ਜਾਣ ਦੇ ਕਈ ਸਾਲ ਬਾਅਦ ਜੰਮਿਆ ਸੀ,” ਕਾਗਾ ਨੇ ਚਾਅ ਵਿਚ ਆ ਕੇ ਕਿਹਾ।

ਉਸ ਨੇ ਨੌਜਵਾਨ ਨੂੰ ਮੁਖਾਤਬ ਹੁੰਦਿਆਂ ਕਿਹਾ, “ਤੇਰੇ ਮਰਹੂਮ ਅੱਬਾ ਨਾਲ ਮੇਰਾ ਨਿੱਘਾ ਰਿਸ਼ਤਾ ਸੀ। ਉਸਦੇ ਫ਼ੌਤ ਹੋਣ ਦੀ ਖ਼ਬਰ ਮਿਲ ਗਈ ਸੀ ਮੈਨੂੰ ਸਕਾਰਦੋ ਵਿਚ।”

ਹੁਣੇ ਹੁਣੇ ਆਏ ਇੱਕ ਜਣੇ ਨੇ ਕਾਗਾ ਨੂੰ ਜੱਫੀ ਪਾ ਲਈ। “ਗ਼ੁਲਾਮ ਰਸੂਲ ਹੈਂ, ਹੈ ਨਾ?” ਕਾਗਾ ਨੇ ਪੁੱਛਿਆ।

“ਆਹੋ, ਓਹੀ ਹਾਂ। ਤੂੰ ਮੈਨੂੰ ਸਹੀ ਪਛਾਣਿਐਂ, ਦੀਨ ਮੋਹੰਮਦ।”

“ਤੇਰੇ ਦੋ ਨਿੱਕੇ ਨਿੱਕੇ ਬਾਲ ਸਨ। ਹੁਣ ਕਿੱਥੇ ਹਨ?”

“ਤੇਰੀਆਂ ਅਸੀਸਾਂ ਨਾਲ, ਦੋਏ ਮੇਰੇ ਨਾਲ ਹੀ ਹਨ। ਕਾਦਰ ਦੇ ਚਾਰ ਮੁੰਡੇ ਹਨ। ਉਹ ਆਪਣਾ ਹੋਟਲ ਚਲਾਉਂਦਾ ਹੈ। ਅਖ਼ਤਰ ਕੰਟ੍ਰੈਕਟਰ ਹੈ। ਉਸ ਦੇ ਦੋ ਮੁੰਡੇ ਹਨ।”

“ਵਧਾਈਆਂ!”

“ਹੁਣ ਦੱਸ, ਤੂੰ ਸਾਡੇ ਘਰ ਕਦੋਂ ਆਏਂਗਾ?”

“ਇਨਸ਼ਾਅੱਲ੍ਹਾ, ਜ਼ਰੂਰ ਛੇਤੀ ਹੀ ਆਵਾਂਗਾ।”

ਗ਼ੁਲਾਮ ਰਸੂਲ ਓਥੋਂ ਜਾ ਚੁੱਕਾ ਸੀ, ਤਾਂ ਕਾਗਾ ਨੇ ਕਿਹਾ, “ਇਸ ਦਾ ਪਰਿਵਾਰ ਬੜਾ ਗਰੀਬ ਹੁੰਦਾ ਸੀ, ਤਕਰੀਬਨ ਭੁੱਖਮਰੀ ਦਾ ਹਾਲ ਸੀ। ਹੁਣ ਤਾਂ ਇਹ ਬੜਾ ਸਰਦਾ ਪੁੱਜਦਾ ਲੱਗਦਾ ਹੈ।”

“ਇਹ ਤਾਂ ਸੱਚੀਂ ਵਾਹਵਾ ਅਮੀਰ ਹੈ ਹੁਣ,” ਅਹਿਮਦ ਦੀਨ ਸਹਿਮਤ ਸੀ। ਇਨ੍ਹਾਂ ਦੇ ਦੋ ਟ੍ਰੱਕ ਅਤੇ ਟੈਕਸੀਆਂ ਵੀ ਹਨ।”

“ਪਿਛਲੇ ਅਠੱਤੀ ਸਾਲਾਂ ਵਿਚ ਬਹੁਤ ਕੁਝ ਬਦਲ ਗਿਆ ਹੈ, ਅਝ੍ਹਾਂਗ ਗ਼ੁਲਾਮ ਸੁਲਤਾਨ ਨੇ ਵੀ ਆਖਿਆ।

ਕਾਗਾ ਨੇ ਹਾਂ ਵਿਚ ਸਿਰ ਹਿਲਾਇਆ, “ਸਕਾਰਦੋ ਵਿਚ ਵੀ, ਇਸੇ ਤਰ੍ਹਾਂ ਹੈ।”

ਸਕਾਰਦੋ ਵਿਚ ਰਹਿ ਰਹੇ ਆਪਣੇ ਪਿਆਰਿਆਂ ਬਾਰੇ ਜਾਣਕਾਰੀ ਲੱਭਦੇ ਲੋਕ ਵੀ ਕਾਗਾ ਨੂੰ ਮਿਲਣ ਆਉਂਦੇ ਰਹੇ।

ਮੁਨਸ਼ੀ, ਗ਼ੁਲਾਮ ਮੋਹੰਮਦ ਦਾ ਨਿੱਕਾ ਭਰਾ, ਮਿਲਣ ਆਇਆ ਅਤੇ ਉਸ ਆਪਣੇ ਭਰਾ ਦਾ ਹਾਲ ਚਾਲ ਪੁੱਛਿਆ।

“ਉਹ ਠੀਕ ਠਾਕ ਹੈ ਅਤੇ ਉਸ ਤੁਹਾਡੇ ਸਾਰਿਆਂ ਲਈ ਕੁਝ ਚਿੱਠੀਆਂ ਅਤੇ ਤੋਹਫ਼ੇ ਘਲਾਏ ਹਨ।”

ਇੱਕ ਬਜ਼ੁਰਗ ਨੇ ਕਿਸੇ ਅਬਦੁਲ ਖ਼ਾਲਿਦ ਬਾਰੇ ਜਾਨਣਾ ਚਾਹਿਆ।

“ਮੈਂ ਸੁਣਿਆ ਤਾਂ ਹੈ ਕਿ ਉਹ ਕਰਾਚੀ ਹੁੰਦਾ ਹੈ,” ਕਾਗਾ ਨੇ ਦੱਸਿਆ। “ਅਸੀਂ ਪੰਦਰਾਂ, ਵੀਹ ਸਾਲਾਂ ਤੋਂ ਮਿਲੇ ਨਹੀਂ ਹਾਂ।”

ਸੋਨਮ ਤਸ਼ੇਰਿੰਗ ਦੇ ਅੱਬੇ ਆ ਕੇ ਆਪਣੇ ਪੁੱਤਰ ਬਾਰੇ ਪੁੱਛਿਆ।

“ਉਹ ਚੰਗੇ ਹਾਲੀਂ ਹੈ,” ਕਾਗਾ ਨੇ ਹੌਸਲਾ ਦਿੱਤਾ। “ਬਾਲਟਿਸਤਾਨ ਵਿਚ ਗਨੋਕ ਨਾਂ ਦਾ ਪਿੰਡ ਹੈ। ਉਹ ਆਪਣੀ ਬੀਵੀ ਬੱਚਿਆਂ ਨਾਲ ਓਥੇ ਰਹਿੰਦਾ ਹੈ। ਕਦੇ ਕਦੇ ਸਕਾਰਦੋ ਆਉਂਦਾ ਹੁੰਦਾ ਹੈ ਕੁਝ ਨਾ ਕੁਝ ਖਰੀਦਣ, ਪਰ ਪਿਛਲੇ ਤਿੰਨ ਚਾਰ ਮਹੀਨੇ ਨਹੀਂ ਮੈਂ ਦੇਖਿਆ।”

“ਉਹਨੂੰ ਤੇਰੀ ਲੱਦਾਖ ਫੇਰੀ ਦਾ ਪਤਾ ਨਹੀਂ ਲੱਗਾ ਹੋਣਾ?” ਬਜ਼ੁਰਗ ਨੇ ਕੁਝ ਆਸ ਨਾਲ ਪੁੱਛਿਆ।

“ਨਹੀਂ,” ਕਾਗਾ ਨੇ ਕਿਹਾ। “ਉਸ ਨੂੰ ਨਹੀਂ ਪਤਾ ਲੱਗਾ।”

“ਤੇਰੀ ਵਾਪਸੀ ਕਦੋਂ ਤੱਕ ਹੈ?”

“ਅਜੇ ਇੱਥੇ ਹੀ ਹਾਂ।”

“ਮੇਰੀ ਇੱਕ ਚਿੱਠੀ ਲੈ ਜਾਈਂ, ਮਿਹਰਬਾਨੀ ਨਾਲ, ਅਤੇ ਇੱਕ ਤੋਹਫ਼ਾ।”

“ਕਿਉਂ ਨਹੀਂ। ਕਿਸੇ ਦਿਨ ਲੈ ਆਉਣਾ।”

ਅਗਲੇ ਦਿਨ, ਕਾਗਾ ਮੈਨੂੰ ਕਹਿੰਦਾ, “ਗ਼ਨੀ, ਮੈਨੂੰ ਕਬਰਾਂ ਤੱਕ ਲੈ ਚੱਲ। ਮੈਨੂੰ ਵਿਖਾਅ ਕਿ ਅਮਾ ਅਤੇ ਅਬੂ ਕਿੱਥੇ ਆਰਾਮ ਕਰ ਰਹੇ ਹਨ।”

ਅਸੀਂ ਕਬਰਿਸਤਾਨ ਗਏ ਅਤੇ ਉਸ ਸਾਡੇ ਮਾਪਿਆਂ ਦੀਆਂ ਕਬਰਾਂ ਅੱਗੇ ਗੋਡੇ ਟੇਕੇ। ਕੁਝ ਪਲਾਂ ਲਈ, ਉਸਦੇ ਚਿਹਰੇ ‘ਤੇ ਸਾਰੀ ਕਾਇਨਾਤ ਦਾ ਦੁੱਖ ਘਿਰ ਆਇਆ।

ਅਠੱਤੀ ਸਾਲਾਂ ਬਾਅਦ, ਉਹ ਆਪਣੇ ਪਿਤਰਾਂ ਦੀ ਥਾਂ ਪਰਤਿਆ ਸੀ ਅਤੇ ਅੱਗੇ ਮਿਲੀ ਸੀ ਇੱਕ ਓਪਰੀ ਓਪਰੀ ਲੱਗਦੀ, ਬਦਲੀ ਹੋਈ ਥਾਂ। ਉਸ ਦੀ ਲੰਮੀ ਗ਼ੈਰ-ਹਾਜ਼ਰੀ ਵਿਚ, ਅਬਾ ਅਤੇ ਅਮੀ ਦੁਨੀਆ ਛੱਡ ਗਏ ਸਨ। ਕਿੰਨੀਆਂ ਹੀ ਯਾਦਾਂ ਜੁੜੀਆਂ ਹੋਈਆਂ ਸਨ ਇਸ ਥਾਂ ਨਾਲ। ਹੰਝੂ ਉਸਦੀਆਂ ਅੱਖਾਂ ਵਿਚ ਤੈਰ ਰਹੇ ਸਨ ਅਤੇ ਉਸਦੇ ਬੁੱਲ੍ਹ ਕੰਬ ਰਹੇ ਸਨ। ਮੈਨੂੰ ਉਸਦੇ ਦਿਲ ਵਿਚ ਚੱਲ ਰਹੀ ਬਹੁਤ ਹੀ ਵੱਡੀ ਕਸ਼ਮਕਸ਼ ਮਹਿਸੂਸ ਹੋ ਰਹੀ ਸੀ। ਸ਼ਾਇਦ ਉਹ ਅਬੂ ਅਤੇ ਅਮੀ ਨੂੰ ਕਹਿ ਰਿਹਾ ਹੋਏ, ਮੈਂ ਤੁਹਾਨੂੰ ਮਿਲ ਨਾ ਸਕਿਆ ਇਸ ਜ਼ਿੰਦਗੀ ਵਿਚ। ਮੈਂ ਤੁਹਾਡੀ ਸੇਵਾ ਨਾ ਕਰ ਸਕਿਆ ਤੁਹਾਡੀ ਬਿਮਾਰੀ ਠਮਾਰੀ ਵਿਚ। ਤੁਸਾਂ ਦੋਹਾਂ ਮੈਨੂੰ ਪਿਆਰ ਨਾਲ ਪਾਲਿਆ ਪੋਸਿਆ ਪਰ ਮੈਂ ਆਪਣਾ ਫ਼ਰਜ਼ ਨਾ ਨਿਭਾਅ ਸਕਿਆ। ਤੁਹਾਡੇ ਲਾਡਾਂ ਦਾ ਮੈਂ ਕਿਵੇਂ ਕਰਜ਼ ਚੁਕਾਵਾਂ? ਮੈਂ ਲਾਚਾਰ ਸੀ। ਨਹੀਂ ਤਾਂ, ਮੈਂ ਏਸ ਤਰ੍ਹਾਂ ਪਰੇ ਨਾ ਰਹਿੰਦਾ।”

ਮਹੀਨਾ ਲੰਘਦੇ ਦਾ ਕਿਹੜਾ ਪਤਾ ਲੱਗਦਾ ਹੈ। ਕਾਗਾ ਦਾ ਵੀਜ਼ਾ ਮੁੱਕਣ ਵਾਲਾ ਸੀ ਅਤੇ ਉਹ ਸਕਾਰਦੋ ਵਾਪਿਸ ਜਾਣ ਲਈ ਕਾਹਲਾ ਸੀ। ਉਸਨੂੰ ਆਪਣਾ ਨਵਾਂ ਮੁਲਕ ਪਿਆਰਾ ਸੀ ਜਿੱਥੇ ਉਸਦੇ ਬੱਚੇ ਸਨ ਅਤੇ ਜਿੱਥੇ ਰਹਿੰਦੇ ਸਨ ਉਸ ਦੇ ਨਵੇਂ ਰਿਸ਼ਤੇਦਾਰ ਅਤੇ ਮਿੱਤਰ ਬੇਲੀ।

ਅਸੀਂ ਉਸ ਨੂੰ ਛੱਡਣ ਹਵਾਈ ਅੱਡੇ ਗਏ। ਉਹ ਆਪਣੇ ਨਾਲ ਫ਼ੋਟੋਆਂ ਲੈ ਗਿਆ ਆਪਣਿਆਂ ਪਿਆਰਿਆਂ ਦੀਆਂ।

“ਹੁਣ ਤੈਨੂੰ ਵੀਜ਼ਾ ਮਿਲਣ ਵਿਚ ਮੁਸ਼ਕਿਲ ਨਹੀਂ ਆਉਣ ਲੱਗੀ। ਛੇਤੀ ਆਵੀਂ ਅਚੇ ਜ਼ੋਹਰਾ ਨੂੰ ਨਾਲ ਲੈ ਕੇ,” ਮੈਂ ਕਿਹਾ।

“ਪਹਿਲਾਂ ਤੈਨੂੰ ਆਉਣਾ ਚਾਹੀਦਾ ਹੈ ਪਾਕਿਸਤਾਨ ਅਮੀਨਾ ਦੇ ਨਾਲ।”

ਦੁਖਦੇ ਦਿਲਾਂ ਨਾਲ, ਅਸੀਂ ਸਾਰਿਆਂ ਉਸ ਨੂੰ ਵਿਦਾ ਕੀਤਾ।

1995 ਵਿਚ, ਕਾਗਾ ਅਤੇ ਉਸਦੀ ਬੀਵੀ ਲੇਹ ਆਉਣ ਦੀਆਂ ਤਿਆਰੀਆਂ ਹੀ ਕਰ ਰਹੇ ਸਨ, ਮੇਰੇ ਪੁੱਤਰ ਦੇ ਵਿਆਹ ‘ਤੇ ਆਉਣ ਦੀਆਂ, ਕਿ ਅਚੇ ਜ਼ੋਹਰਾ ਚੱਲ ਵਸੀ। ਫੇਰ ਕਸ਼ਮੀਰ ਵਿਚ ਬਣ ਗਏ ਔਖੇ ਹਲਾਤ ਕਰਕੇ, ਸਾਡੇ ਦਰਮਿਆਨ ਚਿੱਠੀ ਪੱਤਰੀ ਕੁਝ ਕੁਝ ਬੇ-ਕਾਇਦਾ ਹੋ ਗਈ। ਸਾਨੂੰ ਇੱਕ ਦੂਜੇ ਦੀਆਂ ਚਿੱਠੀਆਂ ਬੜੀ ਬੜੀ ਦੇਰ ਬਾਅਦ ਜਾ ਕੇ ਕਿਤੇ ਮਿਲਦੀਆਂ। ਸਾਨੂੰ ਪਤਾ ਲੱਗਦਾ ਕਿ ਕਈ ਸਾਡੀਆਂ ਭੇਜੀਆਂ ਹੋਈਆਂ ਚਿੱਠੀਆਂ ਮਿਲੀਆਂ ਹੀ ਨਹੀਂ ਸਨ। ਸ਼ੁਰੂ ਸ਼ੁਰੂ ਵਿਚ, ਅਸੀਂ ਸ਼ਿਕਾਇਤ ਕਰਨੀ ਕਿ ਜੁਆਬ ਕਿਉਂ ਨਹੀਂ ਦਿੱਤਾ ਜਾ ਰਿਹਾ, ਪਰ ਹੌਲੀ ਹੌਲੀ ਅਸ਼ੀਂ ਹਲਾਤ ਤੋਂ ਵਾਕਫ਼ ਹੁੰਦੇ ਗਏ ਅਤੇ ਹੈਰਾਨ ਹੋ ਕੇ ਸੋਚਦੇ ਰਹਿਣਾ ਕਿ ਸਾਡੀਆਂ ਸਾਫ਼ ਗੋ ਅਤੇ ਸਿੱਧ ਪੱਧਰੀਆਂ ਚਿੱਠੀਆਂ ਗ਼ਾਇਬ ਕਿੱਥੇ ਹੋ ਜਾਂਦੀਆਂ ਹਨ।

ਸਕਾਰਦੋ ਨੂੰ ਸਿੱਧੀ ਡਾਕ ਭੇਜਣ ਦੀ ਥਾਂ, ਮੈਂ ਆਪਣੇ ਲਿਫ਼ਾਫ਼ੇ ਕੁਝ ਯੂਰਪੀ ਟੂਰਿਸਟਾਂ ਨੂੰ ਫੜਾਉਣੇ ਸ਼ੁਰੂ ਕਰ ਦਿੱਤੇ, ਉਨ੍ਹਾਂ ਨੂੰ ਇਹ ਬੇਨਤੀ ਕਰ ਕੇ ਕਿ ਆਪਣੇ ਮੁਲਕ ਵਿਚ ਡਾਕ ਟਿਕਟਾਂ ਲਾ ਕੇ ਇਨ੍ਹਾਂ ਨੂੰ ਪਾਕਿਸਤਾਨ ਭੇਜ ਦੇਣ। ਵੇਖੋ ਕੀ ਹਾਲ ਹੈ, ਕਿ ਇਹ ਚਿੱਠੀਆਂ ਠੀਕ ਠਾਕ ਪੁੱਜ ਜਾਂਦੀਆਂ ਰਹੀਆਂ, ਲੰਡਨ ਜਾਂ ਬਰਮਿੰਘਮ ਜਾਂ ਕੋਪਨਹੇਗਨ ਜਾਂ ਕਿਸੇ ਹੋਰ ਯੂਰਪੀ ਸ਼ਹਿਰ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਕਰ ਕੇ ਵੀ। ਅਤੇ ਸਕਾਰਦੋ ਤੋਂ ਭੇਜੀਆਂ ਚਿੱਠੀਆਂ, ਲੇਹ ਤੋਂ ਸਿਰਫ਼ ਦੋ ਸੌ ਤਿੰਨ ਮੀਲ ਦੂਰ, ਭੇਤ ਭਰੇ ਢੰਗੀਂ ਗ਼ਾਇਬ ਹੋ ਜਾਂਦੀਆਂ ਰਹੀਆਂ।

ਸਕਾਰਦੋ ਵੇਖਣ ਦੀ ਮੇਰੀ ਹਮੇਸ਼ਾ ਇੱਛਾ ਰਹੀ ਹੈ। ਸਿਰਫ਼ ਇਸ ਲਈ ਨਹੀਂ ਕਿ ਮੇਰਾ ਭਰਾ ਓਥੇ ਰਹਿੰਦਾ ਹੈ ਸਗੋਂ ਇਸ ਲਈ ਵੀ ਕਿਓਂਕਿ ਸਕਾਰਦੋ ਸਾਡੇ ਵਿਰਸੇ ਦਾ ਇੱਕ ਬੜਾ ਹੀ ਅਹਿਮ ਹਿੱਸਾ ਰਿਹਾ ਹੈ। ਜਿਨ੍ਹਾਂ ਲੱਦਾਖੀਆਂ ਦੇ ਦੋਏ ਪਾਸੇ ਵੇਖੇ ਹੋਏ ਹਨ, ਜਾਂ ਜਿਨ੍ਹਾਂ ਜਿਨ੍ਹਾਂ ਨੂੰ ਦੋਏ ਖਿੱਤਿਆਂ ਦੇ ਰਿਸ਼ਤੇ ਦਾ ਪਤਾ ਹੈ, ਉਨ੍ਹਾਂ ਨੂੰ ਸਕਾਰਦੋ ਵੇਖਣ ਦੀ ਬੜੀ ਇੱਛਾ ਹੁੰਦੀ ਹੈ।

ਨਸਲੀ, ਸਭਿਆਚਾਰਕ, ਅਤੇ ਭਾਸ਼ਾਈ ਤੌਰ ‘ਤੇ, ਬਾਲਟਿਸਤਾਨ ਅਤੇ ਲੱਦਾਖ ਦੇ ਲੋਕ ਇੱਕੋ ਹਨ। ਇਨ੍ਹਾਂ ਦੇ ਬਸ਼ਿੰਦਿਆਂ ਦੀ ਫ਼ਿਤਰਤ ਵੀ ਇੱਕੋ ਜਿਹੀ ਹੈ। ਸਕਾਰਦੋ ਅਤੇ ਲੇਹ ਦਾ ਇਤਿਹਾਸ ਅਤੇ ਭੂਗੋਲ ਵਿਚ ਏਨੀਆਂ ਚੀਜ਼ਾਂ ਇੱਕੋ ਜਿਹੀਆਂ ਹਨ ਕਿ ਹੈਰਾਨ ਹੋਈਦਾ ਹੈ। ਘੇਰੇ ਘੇਰੇ ਖਲੋਤੇ ਪਹਾੜ, ਪੁਰਾਣੇ ਮਹੱਲ ਅਤੇ ਕਿਲ਼ੇ ਇੱਕ ਲੰਮੇ ਇਤਿਹਾਸ ਦੇ ਟੁਕੜਿਆਂ ਅਤੇ ਨਿਸ਼ਾਨੀਆਂ ਸੰਗ ਅਜੇ ਵੀ ਇੱਕੋ ਸੂਤਰ ਵਿਚ ਬੱਝੇ ਹੋਏ ਹਨ, ਕਦੇ ਬਰਾਬਰ ਚੱਲਦੇ, ਕਦੇ ਆਪੋ ਵਿਚ ਬੁਣੇ-ਗੁੰਨ੍ਹੇ, ਪੂਰੇ ਭੁਲਾਏ ਕਦੇ ਵੀ ਨਾ ਗਏ ਹੋਏ।

ਅੱਧ-ਉਨੀਵੀ ਸਦੀ ਤੱਕ ਬਾਲਟਿਸਤਾਨ ਅਤੇ ਲੱਦਾਖ ਦੋਵ੍ਹੇਂ ਅਜ਼ਾਦ ਮੁਲਕ ਹੁੰਦੇ ਸਨ, ਜਦੋਂ ਫੇਰ ਜੰਮੂ ਦੇ ਡੋਗਰਿਆਂ ਇਨ੍ਹਾਂ ਉੱਤੇ ਕਬਜ਼ਾ ਜਮਾਅ ਲਿਆ। ਡੋਗਰਾ ਪ੍ਰਸ਼ਾਸਨ ਨੇ ਦੋਏ ਥਾਵੀਂ ਇੱਕੋ ਵੇਲੇ ਡਾਕ ਘਰ ਬਣਾਏ 1875 ਵਿਚ। 1892 ਵਿਚ, ਦੋਹਾਂ ਕਸਬਿਆਂ ਵਿਚ ਪ੍ਰਾਇਮਰੀ ਸਕੂਲ ਖੋਲ੍ਹੇ ਗਏ। ਬਾਰਾਂ ਸਾਲਾਂ ਬਾਅਦ, ਇਹ ਪ੍ਰਾਇਮਰੀ ਸਕੂਲ ਵਧਾਅ ਕੇ ਮਿਡਲ ਕਰ ਦਿੱਤੇ ਗਏ। 1947 ਤੋਂ ਪਹਿਲਾਂ ਦੋਹਾਂ ਸੂਬਿਆਂ ਦੀ ਅਬਾਦੀ ਕੋਈ ਚਾਰ ਹਜ਼ਾਰ ਸੀ। ਹੁਣ ਦੋਹਾਂ ਦੀ ਇਕੱਲੀ ਇਕੱਲੀ ਵੀਹ ਹਜ਼ਾਰ ਤੋਂ ਵੱਧ ਹੈ। ਬਾਲਟਿਸਤਾਨ ਲੱਦਾਖ ਨੂੰ ਦੇਂਦਾ ਸੀ ਮੱਖਣ, ਸੁਕਾਈਆਂ ਖੁਰਮਾਣੀਆਂ, ਖੁਰਮਾਣੀ ਦੇ ਬੀਅ, ਅਤੇ ਮਿੱਟੀ ਦੇ ਭਾਂਡੇ ਅਤੇ ਅਸੀਂ ਦਿੰਦੇ ਸੀ ਬਾਲਟਿਸਤਾਨ ਨੂੰ ਪਸ਼ਮੀਨਾ, ਉੱਨ, ਅਤੇ ਲੂਣ। ਬਾਲਟਿਸਤਾਨ ਨੇ ਲੱਦਾਖ ਨੂੰ ਦਿੱਤਾ ਪੋਲੋ, ਸੰਗੀਤ ਦੇ ਸਾਜ਼, ਅਤੇ ਗ਼ਜ਼ਲਾਂ। ਲੱਦਾਖ ਨੇ ਬਾਲਟਿਸਤਾਨ ਨੂੰ ਦਿੱਤੇ ਗੀਤ ਅਤੇ ਮਹਾਂਕਾਵਿ।

ਜਿੱਥੇ ਚਾਹ ਓਥੇ ਰਾਹ। 1995 ਦੇ ਅਗਸਤ ਮਹੀਨੇ ਹਿੰਦੂਕੁਸ਼, ਕਰਾਕੋਰਮ ਅਤੇ ਹਿਮਾਲਿਆਈ ਖਿੱਤਿਆਂ ਵਿਚਾਲੇ ਸਭਿਆਚਾਰਕ ਅਤੇ ਭੁਗੋਲਕ ਨਾਤਿਆਂ ਬਾਰੇ ਇੱਕ ਸੈਮੀਨਾਰ ਹੋਣਾ ਸੀ ਇਸਲਾਮਾਬਾਦ ਵਿਚ, ਪਾਕਿ-ਜਰਮਨ ਰਿਸਰਚ ਪ੍ਰਾਜੈਕਟ ਅਤੇ ਲੋਕ-ਵਿਰਸਾ ਇਨਸਟਿਚਿਊਟ ਦੀ ਸਰਪ੍ਰਸਤੀ ਹੇਠ। ਮੈਨੂੰ ਹਿੱਸਾ ਲੈਣ ਦਾ ਸੱਦਾ ਮਿਲਿਆ, ਪਾਕਿ-ਜਰਮਨ ਰਿਸਰਚ ਪ੍ਰਾਜੈਕਟ ਤਰਫ਼ੋਂ। ਸਭ ਤੋਂ ਚੰਗੀ ਗੱਲ ਇਹ ਸੀ ਕਿ ਪ੍ਰੋਗ੍ਰਾਮ ਵਿਚ, ਉੱਤਰੀ ਪਾਸਿਆਂ ਦਾ ਇੱਕ ਟੂਅਰ ਵੀ ਸ਼ਾਮਿਲ ਸੀ, ਸਕਾਰਦੋ ਅਤੇ ਗਿਲਗਿਟ ਦੀਆਂ ਫੇਰੀਆਂ ਸਮੇਤ। ਇਹ ਸੁਨਹਿਰੀ ਮੌਕਾ ਮੈਂ ਅਣਡਿੱਠ ਨਹੀਂ ਸੀ ਕਰ ਸਕਦਾ।

ਮੈਂ ਜਾਣ ਬੁੱਝ ਕੇ ਆਪਣੇ ਭਰਾ ਨੂੰ ਖ਼ਬਰ ਨਾ ਕੀਤੀ। ਮੈਂ ਉਸ ਨੂੰ ਪੁੱਜ ਕੇ ਸੁਆਦ ਸੁਆਦ ਕਰ ਦੇਣਾ ਚਾਹੁੰਦਾ ਸੀ। ਇੱਕ ਦਿਨ, ਮੈਂ ਖ਼ਿਆਲੀ ਉਡਾਰੀ ਮਾਰਦਾ, ਮੈਂ ਅਚਾਨਕ ਸਕਾਰਦੋ ਪੁੱਜਿਆ ਹੋਵਾਂਗਾ, ਉਸ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਅਤੇ ਕਹਿੰਦਾ, “ਵੇਖੋ ਕੌਣ ਆਇਆ ਹੈ।” ਉਹ ਹੱਕਾ ਬੱਕਾ ਰਹਿ ਜਾਏਗਾ ਮੈਨੂੰ ਆਪਣੇ ਸਾਹਮਣੇ ਖਲੋਤਾ ਵੇਖ।

ਲੇਹ ਵਿਚ ਜੰਮੂ ਅਤੇ ਕਸ਼ਮੀਰ ਸਭਿਆਚਾਰਕ ਅਕਾਦਮੀ ਦੇ ਨਿਰਦੇਸ਼ਕ, ਨਵਾਂਗ ਤਸ਼ੇਰਿੰਗ, ਨੂੰ ਵੀ ਮੇਰੇ ਨਾਲ ਹੀ ਇਹ ਸੱਦਾ ਮਿਲਿਆ ਸੀ। ਸਾਨੂੰ ਦੋਹਾਂ ਨੂੰ ਦਿੱਲੀ ਵਿਚ ਪਾਕਿਸਤਾਨੀ ਹਾਇ ਕਮਿਸ਼ਨ ਦੇ ਸਾਹਮਣੇ ਲੰਮੀ ਅਤੇ ਬਹੁਤ ਹੀ ਅਕਾਊ ਉਡੀਕ ਨਾ ਝੱਲਣੀ ਪਈ। ਸਾਨੂੰ ਸੈਮੀਨਾਰ ਵਿਚ ਹਿੱਸਾ ਲੈਣ ਦਾ ਵੀਜ਼ਾ ਸੌਖਾ ਹੀ ਮਿਲ ਗਿਆ ਅਤੇ ਹਿੰਦੋਸਤਾਨ ਤੋਂ ਅਸੀਂ ਛੇ ਜਣੇ ਇਸਲਾਮਾਬਾਦ ਪੁੱਜ ਗਏ। ਪਰ ਪਾਕਿਸਤਾਨ ਦੀ ਹੋਮ ਮਨਿਸਟ੍ਰੀ ਨੇ ਸਾਨੂੰ ਬਾਲਟਿਸਤਾਨ ਜਾਣ ਦੀ ਇਜਾਜ਼ਤ ਨਹੀ ਦਿੱਤੀ। ਲੋਕ-ਵਿਰਸਾ ਇਨਸਟਿਚਿਊਟ ਦੇ ਇੱਕ ਉੱਘੇ ਪਰੋਫ਼ੈੱਸਰ ਅਤੇ ਇਤਿਹਾਸਕਾਰ ਨੇ ਅਤੇ ਪਾਕਿ-ਜਰਮਨ ਰਿਸਰਚ ਪ੍ਰਾਜੈਕਟ ਦੇ ਮੁਖੀ ਨੇ ਸਾਡੇ ਵੱਲੋਂ ਕਿੰਨੀਆਂ ਹੀ ਅਪੀਲਾਂ ਕੀਤੀਆਂ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਫਲ ਨਾ ਲੱਗਾ।

“ਮੇਰਾ ਵੱਡਾ ਭਰਾ ਹੈ ਸਕਾਰਦੋ ਵਿਚ,” ਮੈਂ ਪ੍ਰੋਫ਼ੈੱਸਰ ਸਾਹਿਬ ਨੂੰ ਕਿਹਾ। “ਪਿਛਲੇ ਚਾਲੀ ਸਾਲਾਂ ਵਿਚ, ਅਸੀਂ ਸਿਰਫ਼ ਇੱਕ ਵਾਰ ਮਿਲੇ ਹਾਂ।”

“ਤੁਹਾਨੂੰ ਵੀਜ਼ਾ ਮਿਲ ਜਾਏਗਾ। ਤੁਸੀਂ ਇੱਕ ਵੱਖਰੀ ਅਰਜ਼ੀ ਦੇ ਦਿਓ। ਇਹ ਤਾਂ ਇਨਸਾਨਪ੍ਰਸਤੀ ਦਾ ਮਾਮਲਾ ਹੈ, ਆਖਿਰਕਾਰ।”

ਮੁਖੀ ਨੇ ਕਿਹਾ, “ਇਹ ਦੋ ਭਰਾਵਾਂ ਦੇ ਕਿੰਨੇ ਹੀ ਸਾਲਾਂ ਬਾਅਦ ਮਿਲਣ ਦਾ ਮਾਮਲਾ ਹੈ। ਤੁਹਾਨੂੰ ਵੀਜ਼ਾ ਜ਼ਰੂਰ ਮਿਲ ਜਾਏਗਾ।”

ਪਰ ਮੈਨੂੰ ਸਕਾਰਦੋ ਜਾਣ ਦਾ ਵੀਜ਼ਾ ਨਾ ਮਿਲਿਆ। ਇਸਲਾਮਾਬਾਦ ਵਿਚ ਲੋਕ-ਵਿਰਸਾ ਇਨਸਟਿਚਿਊਟ ਦੇ ਡਾਇਰੈਕਟਰ-ਜਨਰਲ ਨੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ।

“ਮੇਰੇ ਨਾਲ ਵੀ ਇਹੀ ਮੁਸ਼ਕਿਲ ਬਣੀ ਸੀ ਜਦੋਂ ਮੈਂ ਹਿੰਦੋਸਤਾਨ ਗਿਆ ਸੀ। ਮੇਰੀ ਇੱਛਾ ਸੀ ਤਾਜ ਮਹੱਲ ਦੇਖਣ ਦੀ ਪਰ ਮੈਨੂੰ ਦਿੱਲੀਓਂ ਆਗਰੇ ਦਾ ਵੀਜ਼ਾ ਨਾ ਮਿਲਿਆ।”

ਇਨ੍ਹਾਂ ਹਾਲਤਾਂ ਵਿਚ, ਹੁਣ ਸੁਆਦਲੀ ਹੈਰਾਨੀ ਦੇਣ ਦਾ ਇੱਕੋ ਸੰਦ ਮੇਰੇ ਕੋਲ ਟੈਲੀਫ਼ੋਨ ਸੀ। ਮੈਂ ਆਪਣੇ ਭਰਾ ਨੂੰ ਫ਼ੋਨ ਕੀਤਾ ਉਸ ਨੂੰ ਇਹ ਇਤਲਾਹ ਦੇਣ ਲਈ ਕਿ ਮੈਂ ਇਸਲਾਮਾਬਾਦ ਸੀ ਅਤੇ ਉਹ ਮੈਨੂੰ ਮਿਲਣ ਇਸਲਾਮਾਬਾਦ ਆ ਗਿਆ। ਅਸੀਂ ਸੱਤ ਸਾਲਾਂ ਬਾਅਦ ਮੁੜ ਮਿਲ ਰਹੇ ਸੀ। ਪਿਛਲੀਆਂ ਯਾਦਾਂ ਭੱਜ ਭੱਜ ਆਈਆਂ। ਵਿਆਹ ਤੋਂ ਬਾਅਦ ਜ਼ਕੀਆ ਇਸਲਾਮਾਬਾਦ ਹੀ ਰਹਿੰਦੀ ਸੀ। ਅਸੀਂ ਜਾ ਕੇ ਉਸ ਨੂੰ ਅਤੇ ਉਸਦੇ ਘਰਵਾਲੇ ਅਤੇ ਛੇ ਬੱਚਿਆਂ ਨੂੰ ਮਿਲੇ।

ਹਿੰਦੋਸਤਾਨੋਂ ਆਏ ਵਿਦਵਾਨਾਂ ਨੂੰ ਇਸਲਾਮਾਬਾਦ ਵਿਚ ਭਾਰਤੀ ਹਾਇ ਕਮਿਸ਼ਨ ਨੇ ਖਾਣੇ ‘ਤੇ ਸੱਦਿਆ। ਗੱਲਾਂ ਬਾਤਾਂ ਦੌਰਾਨ, ਜਦੋਂ ਮੈਂ ਆਪਣੇ ਭਰਾ ਨੂੰ ਮਿਲਣ ਜਾਣ ਦੀ ਇਜਾਜ਼ਤ ਬਾਰੇ ਜ਼ਿਕਰ ਕੀਤਾ ਤਾਂ ਹਾਇ ਕਮਿਸ਼ਨ ਦੇ ਫ਼ੱਸਟ ਸੇਕ੍ਰੇਟਰੀ ਕਹਿੰਦੇ, “ਪਾਕਿਸਤਾਨੀ ਸਰਕਾਰ ਤੁਹਾਨੂੰ ਵੀਜ਼ਾ ਦੇਵੇ ਜਾਂ ਨਾਂ, ਅਸੀਂ ਜ਼ਰੂਰ ਤੁਹਾਡੇ ਭਰਾ ਨੂੰ ਲੇਹ ਦਾ ਵੀਜ਼ਾ ਦੇ ਦਿਆਂਗੇ ਤਾਂ ਕਿ ਤੁਸੀਂ ਉਸ ਨੂੰ ਮਿਲ ਸਕੋ।”

ਬਾਲਟਿਸਤਾਨ ਤੋਂ ਕਈ ਲੇਖਕ, ਇਤਿਹਾਸਕਾਰ ਅਤੇ ਬੁੱਧੀਜੀਵੀ ਸੈਮੀਨਾਰ ਵਿਚ ਹਿੱਸਾ ਲੈਣ ਆਏ ਹੋਏ ਸਨ। ਉਨ੍ਹਾਂ ਵਿਚੋਂ ਦੋ ਲੇਖਕ, ਸੱਯਦ ਮੋਹੰਮਦ ਕਾਜ਼ਮੀ ਅਤੇ ਮੋਹੰਮਦ ਹੁਸੈਨ ਅਬਦੀ, ਨਾਲ ਮੈਂ ਪਹਿਲਾਂ ਹੀ ਵਾਕਫ਼ ਸੀ ਪਰ ਅਸੀਂ ਕਦੇ ਮਿਲੇ ਨਹੀਂ ਸੀ। ਕਾਜ਼ਮੀ ਨਾਲ ਮੈਂ ਹੁਣ ਕਾਫ਼ੀ ਚਿਰ ਤੋਂ ਚਿੱਠੀ ਪੱਤਰੀ ਕਰ ਰਿਹਾ ਸੀ। ਉਨ੍ਹਾਂ ਨੇ ਲੱਦਾਖੀ ਗੀਤ ਇਕੱਤਰ ਕਰ ਕੇ ਉਰਦੂ ਵਿਚ ਤਰਜਮਾਏ ਸਨ, ਨਾਲ ਇਤਿਹਾਸਕ ਪਿੱਠਭੂਮੀ ਦੇ ਨੋਟ ਵੀ ਦਿੱਤੀ ਸੀ। ਮੋਹੰਮਦ ਯੂਸਫ਼ ਨੇ ਅਜੋਕੇ ਬਾਲਟਿਸਤਾਨ ਦਾ ਇਤਿਹਾਸ ਲਿਖਿਆ ਸੀ।

ਸੈਮੀਨਾਰ ਦੇ ਲਈ, ਮੇਰੇ ਲੱਦਾਖੀ ਹਮਵਤਨੀ, ਨਵਾਂਗ ਸ਼ਾਕਸਪੋ, ਅਤੇ ਮੈਂ ਪੇਪਰ ਪੇਸ਼ ਕੀਤੇ ਜਿਨ੍ਹਾਂ ਵਿਚ ਬਾਲਟਿਸਤਾਨ ਅਤੇ ਲੱਦਾਖ ਦਿਆਂ ਸਭਿਆਚਾਰਾਂ ਨੂੰ ਮੇਲ ਕੇ ਵੇਖਿਆ ਗਿਆ ਸੀ। ਅਸੀਂ ਸਾਰਿਆਂ ਇੱਕ ਦੂਜੇ ਲਈ ਆਪਣੇ ਅਹਿਸਾਸ ਟੇਪ ਕੀਤੇ, ਇਸ ਆਸ ਨਾਲ ਕਿ ਇਹ ਹਮੇਸ਼ਾ ਹਮੇਸ਼ਾ ਲਈ ਸਾਂਭ ਹੋ ਜਾਣਗੇ। ਅਸੀਂ ਆਪੋ ਆਪਣੀਆਂ ਕਿਤਾਬਾਂ ਵੀ ਵਟਾਈਆਂ।

ਓਸ ਸ਼ਾਮ, ਇਸਲਾਮਾਬਾਦ ਦੇ ਪ੍ਰੈਜ਼ੀਡੈਂਟ ਹੋਟਲ ਵਿਚ, ਮੈਂ ਕਾਗਾ ਨੂੰ ਇੱਕ ਚਿੱਠੀ ਦਿੱਤੀ, ਭਾਰਤੀ ਹਾਇ ਕਮਿਸ਼ਨ ਦੇ ਫ਼ੱਸਟ ਸੇਕ੍ਰੇਟਰੀ ਦੇ ਨਾਂ। ਮੈਂ ਚਾਹੁੰਦਾ ਸੀ ਕਿ ਉਹ ਹਿੰਦੋਸਤਾਨ ਲਈ ਵੀਜ਼ੇ ਖ਼ਾਤਿਰ ਰਾਬਤਾ ਬਣਾਅ ਲਏ।

ਅਗਲੀ ਸਵੇਰ, ਕਾਗਾ ਮੈਨੂੰ ਅਲਵਿਦਾ ਆਖਣ ਲਈ ਇਸਲਾਮਾਬਾਦ ਦੇ ਹਵਾਈ ਅੱਡੇ ਆਇਆ। “ਮਰਨ ਤੋਂ ਪਹਿਲਾਂ, ਮੈਂ ਇੱਕ ਵਾਰ ਫੇਰ ਆਉਣਾ ਚਾਹੁੰਦਾ ਹਾਂ ਲੱਦਾਖ,” ਉਸ ਕਿਹਾ।

“ਤੈਨੂੰ ਆਪਣੇ ਬੱਚਿਆਂ ਦੇ ਵੀ ਪਾਸਪੋਰਟ ਬਣਵਾਅ ਲੈਣੇ ਚਾਹੀਦੇ ਹਨ,” ਮੈਂ ਉਸ ਨੂੰ ਜ਼ੋਰ ਦੇ ਕੇ ਕਿਹਾ।

ਓਸ ਰੀਝ ਨਾਲ, ਮੈਂ ਲੱਦਾਖ ਲਈ ਨਿਕਲ ਪਿਆ।

ਪਿਛਲੇ ਪੰਜਾਹ ਸਾਲਾਂ ਵਿਚ ਸਾਡੇ ਮੁਲਕਾਂ, ਹਿੰਦੋਸਤਾਨ ਅਤੇ ਪਾਕਿਸਤਾਨ, ਦੀ ਲਿਖੀ ਗਈ ਸਰਕਾਰੀ ਕਹਾਣੀ, ਤਣਾਅ, ਨਫ਼ਰਤ, ਬਦਇੱਛਾ, ਅਤੇ ਗ਼ਲਤਫ਼ਹਿਮੀਆਂ ਨਾਲ ਭਰੀ ਪਈ ਹੈ। ਮੇਰਾ ਮੰਨਣਾ ਹੈ ਕਿ ਇੱਕ ਦਿਨ ਇਹ ਕਹਾਣੀ ਵੀ ਸੁਣਾਈ ਜਾਏਗੀ ਕਿ ਕਿਵੇਂ ਵਿਛੋੜੇ ਮਾਰੇ ਦਿਲ ਮੁੜ ਤੋਂ ਇੱਕ ਹੋ ਗਏ ਹਨ।

(ਅਨੁਵਾਦ: ਪੂਨਮ ਸਿੰਘ)
'ਪ੍ਰੀਤ ਲੜੀ' ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਅਬਦੁਲ ਗ਼ਨੀ ਸ਼ੇਖ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ