Dr. Ganda Singh
ਡਾ. ਗੰਡਾ ਸਿੰਘ

ਡਾ. ਗੰਡਾ ਸਿੰਘ (15 ਨਵੰਬਰ, 1900-27 ਦਸੰਬਰ, 1987) ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਹਰਿਆਣਾ ਵਿੱਚ ਪਿਤਾ ਸ. ਜਵਾਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਹੁਕਮ ਦੇਈ ਦੀ ਕੁੱਖ ਤੋਂ ਹੋਇਆ। ਉਹ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿੱਚ ਨੌਕਰੀ ਕਰਦੇ ਸਨ। ਇਨ੍ਹਾਂ ਆਪਣੀ ਮੁੱਢਲੀ ਸਿੱਖਿਆ ਇਸ ਕਸਬੇ ਦੀ ਮਸੀਤ ਅਤੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਮਿਡਲ ਦੀ ਪ੍ਰੀਖਿਆ ਡੀ. ਏ. ਵੀ. ਸਕੂਲ ਹੁਸ਼ਿਆਰਪੁਰ ਤੋਂ ਪਾਸ ਕੀਤੀ। ਅਤੇ ਮੈਟ੍ਰਿਕ ਤਕ ਦੀ ਵਿੱਦਿਆ ਸਰਕਾਰੀ ਸਕੂਲ ਹੁਸ਼ਿਆਰਪੁਰ ਤੋਂ ਹੀ ਪ੍ਰਾਪਤ ਕੀਤੀ ਤੇ ਇਸ ਉੱਪਰੰਤ ਆਪ ਭਾਰਤੀ ਸੈਨਾ ਵਿੱਚ ਭਰਤੀ ਹੋ ਗਏ। ਸੰਨ 1921 ਵਿੱਚ ਉਹਨਾਂ ਭਾਰਤੀ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਈਰਾਨ ਵਿੱਚ ਐਂਗਲੋ-ਪਰਸ਼ੀਅਨ ਆਇਲ ਕੰਪਨੀ ਵਿਖੇ ਅਕਾਊਂਟਸ ਅਫ਼ਸਰ ਦਾ ਅਹੁਦਾ ਸੰਭਾਲਿਆ। ਆਪ ਨੇ 9 ਸਾਲ ਇਸ ਕੰਪਨੀ ਦੀ ਸੇਵਾ ਕੀਤੀ ਤੇ ਉੱਪਰੰਤ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਬੀ.ਏ. ਅਤੇ 1944 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀਤੋਂ ਐੱਮ.ਏ. ਕਰਨ ਤੋਂ ਬਾਅਦ 1954 ਵਿੱਚ ਅਹਿਮਦ ਸ਼ਾਹ ਦੁਰਾਨੀ ਵਿਸ਼ੇ ’ਤੇ ਪੰਜਾਬ ਯੂਨੀਵਰਸਿਟੀ ਤੋਂ ਪੀ.ਐੱਚਡੀ. ਦੀ ਡਿਗਰੀ ਹਾਸਲ ਕੀਤੀ। ਸੰਨ 1964 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਉਹਨਾਂ ਨੂੰ ਡੀ.ਲਿੱਟ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ। ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਫ਼ਾਰਸੀ ਅਤੇ ਉਰਦੂ ਭਾਸ਼ਾਵਾਂ ਦਾ ਭਰਪੂਰ ਗਿਆਨ ਹਾਸਲ ਸੀ।
ਸਨਮਾਨ : ਭਾਰਤ ਸਰਕਾਰ ਨੇ ਸੰਨ 1983 ਵਿੱਚ ਪਦਮ ਭੂਸ਼ਨ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਜੋ ਆਪ ਨੇ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ। ਗੋਆ ਯੂਨੀਵਰਸਿਟੀ ਵਿੱਚ ਇੰਡੀਅਨ ਹਿਸਟਰੀ ਕਾਂਗਰਸ ਦੇ 1987 ਦੇ ਗੋਲਡਨ ਜੁਬਲੀ ਸੈਸ਼ਨ ਵਿੱਚ ਉਹਨਾਂ ਨੂੰ ਭਾਰਤ ਦੇ ਪੰਜ ਵਿਲੱਖਣ ਇਤਿਹਾਸਕਾਰਾਂ ’ਚੋਂ ਇੱਕ ਹੋਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਸੀ।
ਖੋਜ ਅਤੇ ਪੁਸਤਕਾਂ : ਇਨ੍ਹਾਂ ਵੱਖ-ਵੱਖ ਭਾਸ਼ਾਵਾਂ ਵਿੱਚ ਕਰੀਬਨ 6 ਦਰਜਨ ਪੁਸਤਕਾਂ ਅਤੇ ਲਗਪਗ 350 ਖੋਜ ਪੱਤਰ ਲਿਖੇ। ਇਨ੍ਹਾਂ ਦੀਆਂ ਪੁਸਤਕਾਂ ਅਤੇ ਖੋਜ ਪੱਤਰ ਪੰਜਾਬ ਨਾਲ ਸਬੰਧਤ ਕਿਸੇ ਵੀ ਇਤਿਹਾਸਕ ਸੂਚਨਾ ਲਈ ਸ੍ਰੋਤ ਪੁਸਤਕਾਂ ਵਜੋਂ ਸਰਵ-ਪ੍ਰਵਾਨਿਤ ਹਨ। ਪੰਜਾਬੀ ਵਿੱਚ ਮਹਾਰਾਜਾ ਕੌੜਾ ਮੱਲ ਬਹਾਦਰ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਕੂਕਿਆਂ ਦੀ ਵਿਥਿਆ, ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਬਾਬਾ ਬੰਦਾ ਸਿੰਘ ਬਹਾਦਰ, ਸ੍ਰੀ ਗੁਰ ਸੋਭਾ, ਹੁਕਮਨਾਮੇ, ਜੱਸਾ ਸਿੰਘ ਆਹਲੂਵਾਲੀਆ ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ।