Kisan Jaia Ivan Te Tinn Chudo-Yudo : Russian Fairy Tale

ਕਿਸਾਨ-ਜਾਇਆ ਈਵਾਨ ਤੇ ਤਿੰਨ ਚੁਦੋ-ਯੁਦੋ : ਰੂਸੀ ਪਰੀ-ਕਹਾਣੀ

ਬੜੇ ਚਿਰਾਂ ਦੀ ਗਲ ਏ, ਕਿਸੇ ਜ਼ਾਰਸ਼ਾਹੀ ਵਿਚ ਜਾਂ ਕਿਸੇ ਬਾਦਸ਼ਾਹੀ ਵਿਚ, ਇਕ ਬੁੱਢਾ ਬੁੱਢੀਰਿਹਾ ਕਰਦੇ ਸਨ। ਉਹਨਾਂ ਦੇ ਤਿੰਨ ਪੁੱਤਰ ਸਨ, ਜਿਨ੍ਹਾਂ ਵਿਚੋਂ ਸਭ ਤੋਂ ਛੋਟੇ ਦਾ ਨਾਂ ਈਵਾਨ ਹੁੰਦਾ ਸੀ। ਉਹ ਵਿਹਲੇ ਨਾ ਬਹਿੰਦੇ ਕਿਰਤ ਕਰਦੇ ਰਹਿੰਦੇ, ਸਵੇਰ ਤੋਂ ਸ਼ਾਮ ਤਕ ਵਾਹੀ ਕਰਦੇ, ਅਨਾਜ ਨਾਲ ਘਰ ਭਰਦੇ।
ਇਕ ਦਿਨ ਜ਼ਾਰਸ਼ਾਹੀ-ਬਾਦਸ਼ਾਹੀ ਵਿਚ ਇਹ ਚੰਦਰੀ ਖ਼ਬਰ ਧੁੰਮ ਗਈ ਕਿ ਦੈਂਤਾਂ ਦਾ ਦੈਂਤ, ਚੁਦੋ-ਯੂਦੋ,ਦੇਸ ਉਤੇ ਨਾਜ਼ਲ ਹੋਣ, ਸਭਨਾਂ ਲੋਕਾਂ ਨੂੰ ਮਾਰ ਮੁਕਾਣ ਤੇ ਸਭੋ ਸ਼ਹਿਰਾਂ ਤੇ ਪਿੰਡਾਂ ਨੂੰ ਫੂਕ ਛੱਡਣ ਦੀਆਂ ਗੋਂਦਾਂ ਗੁੰਦ ਰਿਹਾ ਸੀ। ਬੁੱਢੇ-ਬੁੱਢੀ ਨੂੰ ਇਹਦਾ ਝੋਰਾ ਲਗ ਗਿਆ, ਤੇ ਉਹਨਾਂ ਨੂੰ ਧਰਵਾਸ ਦੇਣ ਦਾ ਜਤਨ ਕਰਦਿਆਂ, ਉਹਨਾਂ ਦੇ ਦੋ ਵਡੇ ਪੁੱਤਰ ਉਹਨਾਂ ਨੂੰ ਕਹਿਣ ਲਗੇ:
"ਬੇਬੇ, ਐਵੇਂ ਨਾ ਪਈ ਝੁਰ, ਬਾਪੂ, ਐਵੇਂ ਨਾ ਪਿਆ ਝੁਰ! ਅਸੀਂ ਦੈਤਾਂ ਦੇ ਦੈਂਂਤ, ਚੁਦੋ-ਯੁਦੋ, ਦਾ ਟਾਕਰਾ ਕਰਨ ਜਾਵਾਂਗੇ, ਤੇ ਲੜਾਈ 'ਚ ਉਹਨੂੰ ਪਾਰ ਬੁਲਾਵਾਂਗੇ! ਤੇ ਏਸ ਲਈ ਕਿ ਤੁਸੀਂ ਇਕਲਾਪੇ ਨਾ ਮਹਿਸੂਸ ਕਰੋ, ਈਵਾਨ ਤੁਹਾਡੇ ਕੋਲ ਰਹੇਗਾ। ਉਹ ਅਜੇ ਏਨਾ ਛੋਟਾ ਏ ਕਿ ਲੜਾਈ 'ਚ ਸਾਡੇ ਨਾਲ ਨਹੀਂ ਜਾ ਸਕਦਾ।"
"ਨਹੀਂ," ਈਵਾਨ ਨੇ ਆਖਿਆ। "ਮੈਂ ਨਹੀਂ ਚਾਹੁੰਦਾ, ਘਰ ਬੈਠਾ ਰਿਹਾਂ ਤੇ ਤੁਹਾਨੂੰ ਉਡੀਕਦਾ ਰਿਹਾਂ। ਮੈਂ ਵੀ ਚੁਦੋ-ਯੁਦੋ ਨਾਲ ਲੜਨ ਜਾਵਾਂਗਾ!" ਤੇ ਬੁੱਢੇ ਬੁੱਢੀ ਨੇ ਉਹਨੂੰ ਜਾਣ ਤੋਂ ਹੋੜਨ ਦਾ ਜਤਨ ਨਾ ਕੀਤਾ, ਤੇ ਨਾ ਹੀ ਉਹਨਾਂ ਉਹਦੀ ਸਲਾਹ ਦੇ ਵਿਰੋਧ ਵਿਚ ਕੁਝ ਕਿਹਾ। ਉਹਨਾਂ ਆਪਣੇ ਤਿੰਨਾਂ ਪੁੱਤਰਾਂ ਨੂੰ ਸਫ਼ਰ ਲਈ ਤਿਆਰ ਕੀਤਾ, ਤੇ ਭਰਾਵਾਂ ਨੇ ਆਪਣੇ ਭਾਰੇ ਲਠ ਚੁਕ ਲਏ ਤੇ ਆਪਣੀਆਂ ਗੁੱਥੀਆਂ ਰੋਟੀ ਤੇ ਲੂਣ-ਸ਼ੂਣ ਨਾਲ ਭਰ ਲਈਆਂ, ਤੇ ਆਪਣੇ ਸੁਹਣੇ ਘੋੜਿਆਂ ਉਤੇ ਪਲਾਕੀ ਮਾਰ, ਚਲ ਪਏ।
ਉਹਨਾਂ ਨੂੰ ਰਾਹ ਵਿਚ ਬਹੁਤਾ ਚਿਰ ਲਗਾ ਜਾਂ ਥੋੜਾ, ਇਹਦੀ ਕਿਸੇ ਨੂੰ ਖਬਰ ਨਹੀਂ, ਪਰ ਅਗੇ ਜਾਂਦਿਆਂ-ਜਾਂਦਿਆਂ ਉਹਨਾਂ ਦਾ ਮੇਲ ਇਕ ਬੁੱਢੇ ਨਾਲ ਹੋਇਆ।
"ਸਾਹਬ ਸਲਾਮਤ, ਭਲੇ ਨੌਜਵਾਨੋ!" ਬੁੱਢੇ ਨੇ ਆਖਿਆ।
"ਸਾਹਬ ਸਲਾਮਤ, ਬਾਬਾ ਜੀ!"
"ਕਿੱਧਰ ਨੂੰ ਚੜ੍ਹਾਈਆਂ ਨੇ?"
"ਅਸੀਂ ਦੈਂਤਾਂ ਦੇ ਦੈਤ, ਚੁਦੋ-ਯੁਦੋ, ਨਾਲ ਲੜਨ, ਤੇ ਆਪਣੇ ਵਤਨ ਦੀ ਰਾਖੀ ਕਰਨ ਦੀ ਰਹੇ ਹਾਂ।"
"ਬੜੇ ਚੰਗੇ ਕੰਮ ਜਾ ਰਹੋ ਤੁਸੀਂ! ਗਲ ਸਿਰਫ਼ ਇਹ ਏ ਕਿ ਚੁਦੋ-ਯੁਦੋ ਨਾਲ ਲੜਾਈ 'ਚ ਲਠ ਨਹੀਂ ਕੰਮ ਆਉਣ ਲਗੇ, ਦਮਸ਼ਕ ਦੇ ਫ਼ੌਲਾਦ ਦੀਆਂ ਬਣੀਆਂ ਤੇਗ਼ਾਂ ਕੰਮ ਆਉਣਗੀਆਂ।"
"ਇਹ ਲਈਏ ਕਿਥੋਂ, ਬਾਬਾ ਜੀ?"
"ਇਹ ਤੁਹਾਨੂੰ ਮੈਂ ਦਸਨਾਂ। ਭਲੇ ਨੌਜਵਾਨੋ, ਘੋੜੇ ਸਿੱਧੇ ਲਈ ਜਾਓ, ਜਦੋਂ ਤਕ ਇਕ ਉਚੇ ਪਹਾੜ ਤਕ ਨਹੀਂ ਪਹੁੰਚ ਜਾਂਦੇ। ਤੇ ਓਸ ਪਹਾੜ 'ਚ ਇਕ ਬੜੀ ਡੂੰਘੀ ਗੁਫ਼ਾ ਏ, ਜਿਹਦੇ ਅੰਦਰ ਜਾਣ ਦਾ ਰਾਹ ਇਕ ਵਡੀ ਸਾਰੀ ਚਟਾਨ ਨੇ ਬੰਦ ਕੀਤਾ ਹੋਇਆ ਏ। ਚਟਾਨ ਨੂੰ ਇਕ ਪਾਸੇ ਸਿਰਕਾ ਦਿਓ, ਗੁਫ਼ਾ ਅੰਦਰ ਚਲੇ ਜਾਓ ਤੇ ਓਥੋਂ ਤੁਹਾਨੂੰ ਤੇਗ਼ਾਂ ਲਭ ਪੈਣਗੀਆਂ।
ਭਰਾਵਾਂ ਨੇ ਬੁੱਢੇ ਦਾ ਸ਼ੁਕਰੀਆ ਅਦਾ ਕੀਤਾ, ਤੇ ਜਿਵੇਂ ਉਹਨਾਂ ਨੂੰ ਦਸਿਆ ਗਿਆ ਸੀ, ਆਪਣੇ ਘੋੜੇ ਉਹ ਸਿੱਧੇ ਲੈ ਗਏ। ਉਹਨਾਂ ਵੇਖਿਆ, ਤੇ ਉਹਨਾਂ ਨੂੰ ਇਕ ਉਚਾ ਸਾਰਾ ਪਹਾੜ ਦਿਸਿਆ, ਜਿਹਦੇ ਇਕ ਪਾਸੇ ਨਾਲ ਇਕ ਵਡੀ ਸਾਰੀ ਸਲੇਟੀ ਚਟਾਨ ਲਗੀ ਹੋਈ ਸੀ। ਭਰਾਵਾਂ ਨੇ ਚਟਾਨ ਨੂੰ ਪਰ੍ਹਾਂ ਧਕ ਦਿਤਾ। ਤੇ ਉਹਨਾਂ ਵੇਖਿਆ ਕਿ ਅੰਦਰ ਤਰ੍ਹਾਂ-ਤਰ੍ਹਾਂ ਦੇ ਏਨੇ ਹਥਿਆਰ ਪਏ ਸਨ ਕਿ ਉਹਨਾਂ ਦਾ ਕੋਈ ਅੰਤ-ਸ਼ੁਮਾਰ ਹੀ ਨਹੀਂ ਸੀ। ਉਹਨਾਂ ਨੇ ਇਕ-ਇਕ ਤਲਵਾਰ ਫੜ ਲਈ ਤੇ ਫੇਰ ਅਗੇ ਨੂੰ ਹੋ ਪਏ।
"ਬੁੱਢੇ ਬਾਬੇ ਨੇ ਸਾਡੇ ਤੇ ਬੜੀ ਮਿਹਰ ਕੀਤੀ ਏ, ਉਹਦਾ ਲਖ-ਲਖ ਸ਼ੁਕਰੀਆ," ਉਹਨਾਂ ਆਖਿਆ। "ਇਹਨਾਂ ਤੇਗ਼ਾਂ ਦਾ ਸਦਕਾ ਲੜਨਾ ਸਾਡੇ ਲਈ ਕਿਤੇ ਸੌਖਾ ਹੋ ਜਾਵੇਗਾ!"
ਉਹ ਆਪਣੇ ਘੋੜੇ ਅਗੇ ਲਈ ਗਏ ਤੇ ਅਖ਼ੀਰ ਇਕ ਪਿੰਡ ਵਿਚ ਅਪੜੇ। ਉਹਨਾਂ ਕਿਆ, ਉਥੇ ਨੇ, ਬੰਦਾ ਸੀ ਨਾ ਬੰਦੇ ਦੀ ਜ਼ਾਤ। ਇਕ ਛੋਟੀ ਜਿਹੀ ਝੁੱਗੀ ਤੋਂ ਛੁਟ ਸਾਰਾ ਕੁਝ ਸਵਾਹ ਤੇ ਥੇਹ ਹੋਇਆ ਪਿਆ ਸੀ। ਭਰਾ ਝੁੱਗੀ ਵਿਚ ਵੜ ਗਏ ਤੇ ਉਹਨਾਂ ਵੇਖਿਆ, ਇਕ ਬੁਢੜੀ ਚੁਲ੍ਹੇ ਦੇ ਉਤੇ ਲੇਟੀ ਹੋਈ ਸੀ ਤੇ ਕੱਰਾਹ ਰਹੀ ਸੀ।
"ਬੰਦਗੀ ਕਰਨੇ ਆਂ, ਬੇਬੇ।"
"ਆਓ, ਭਲੇ ਨੌਜਵਾਨੋ! ਕਿੱਧਰ ਨੂੰ ਚੜ੍ਹਾਈਆਂ ਜੇ?"
"ਅਸੀਂ ਬੇਰੀਆਂ ਵਾਲੇ ਪੁਲ ਨੂੰ ਜਾ ਰਹੇ ਹਾਂ, ਉਹ ਜਿਹੜਾ ਪੀਲੂਆਂ ਵਾਲੇ ਦਰਿਆ 'ਤੇ ਏ। ਅਸੀਂ ਦੈਂਤ ਦੇ ਦੈਂਤ, ਚੁਦੋ-ਯੁਦੋ, ਨਾਲ ਲੜਾਈ ਲੜਨ ਆਏ ਹਾਂ, ਏਸ ਲਈ ਕਿ ਉਹ ਸਾਡੇ ਦੇਸ਼ 'ਤੇ ਹੱਲਾ ਨਾ ਬੋਲ ਸਕੇ।"
"ਵਾਹ-ਵਾਹ, ਮੇਰੇ ਭਲੇ ਨੌਜਵਾਨੋ, ਚੰਗਾ ਕੰਮ ਕਰਨ ਚੱਲੇ ਹੋ! ਉਹ ਕਾਲੇ ਦਿਲ ਵਾਲਾ ਦੈਂਂਤ, ਜਿਥੇ ਕਿਤੇ ਵੀ ਨਾਜ਼ਲ ਹੁੰਦਾ ਏ, ਲੁਟਦਾ ਤੇ ਮਾਰਦਾ ਏ ਤੇ ਉਜਾੜ ਕੇ ਰਖ ਜਾਂਦਾ ਏ। ਤੇ ਇਹੋ ਕੁਝ ਉਹਨੇ ਸਾਡੇ ਪਾਸੇ ਵੀ ਕੀਤਾ ਏ। ਮੈਂ 'ਕੱਲੀ ਜਿਉਂਦੀ ਰਹਿ ਗਈ ਹਾਂ..."
ਭਰਾਵਾਂ ਨੇ ਰਾਤ ਬੁੱਢੀ ਦੇ ਘਰ ਬਿਤਾਈ, ਤੇ ਸਵੇਰ-ਸਾਰ ਹੀ ਉਠ ਖਲੋਤੇ ਤੇ ਫੇਰ ਆਪਣੇ ਸਫ਼ਰ 'ਤੇ ਚਲ ਪਏ।

ਉਹ ਪੀਲੂਆਂ ਵਾਲੇ ਦਰਿਆ ਤੇ ਬੇਰੀਆਂ ਵਾਲੇ ਪੁਲ ਤਕ ਆਏ, ਤੇ ਉਹਨਾਂ ਵੇਖਿਆ ਕਿ ਦਰਿਆ ਦਾ ਕੰਢਾ ਟੁੱਟੀਆਂ ਤਲਵਾਰਾਂ, ਟੁੱਟੇ ਕਮਾਣਾਂ ਤੇ ਆਦਮੀ ਦੀਆਂ ਹੱਡੀਆਂ ਨਾਲ ਪਰੁਚਿਆ ਪਿਆ ਸੀ। ਨੇੜੇ ਹੀ ਇਕ ਸਖਣੀ ਝੁੱਗੀ ਸੀ ਤੇ ਉਹਨਾਂ ਓਥੇ ਹੀ ਅਟਕਣ ਦਾ ਮਤਾ ਪਕਾਇਆ।
"ਮੇਰਿਓ ਭਰਾਵੋ, ਮੇਰੀ ਗਲ ਸੁਣੋ," ਈਵਾਨ ਨੇ ਆਖਿਆ। "ਅਸੀਂ ਦੁਰਾਡੇ ਤੇ ਓਪਰੇ ਇਲਾਕੇ 'ਚ ਆਏ ਹੋਏ ਹਾਂ, ਤੇ ਸਾਨੂੰ ਹੁਸ਼ਿਆਰ ਰਹਿਣਾ ਚਾਹੀਦੈ ਤੇ ਹਰ ਆਵਾਜ਼ ’ਤੇ ਕੰਨ ਧਰਨਾ ਚਾਹੀਦੈ। ਆਓ ਵਾਰੀ-ਵਾਰੀ ਪਹਿਰਾ ਦਈਏ, ਤਾਂ ਜੁ ਦੈਂਂਤਾਂ ਦਾ ਦੈਂਂਤ, ਚੁਦੋ-ਯੁਦੋ ਬੇਰੀਆਂ ਵਾਲਾ ਪੁਲ ਪਾਰ ਨਾ ਕਰ ਸਕੇ।"
ਪਹਿਲੀ ਰਾਤ ਸਭ ਤੋਂ ਵਡਾ ਭਰਾ ਪਹਿਰਾ ਦੇਣ ਗਿਆ। ਉਹ ਕੰਢੇ ਦੇ ਨਾਲ-ਨਾਲ ਟੁਰਦਾ ਤੇ ਦਾਖਾਂ ਵਾਲੇ ਦਰਿਆ ਦੇ ਪਾਰ ਤਕਦਾ ਰਿਹਾ। ਹਰ ਪਾਸੇ ਚੁਪ-ਚਾਂ ਸੀ, ਕੋਈ ਦਿਸ ਨਹੀਂ ਸੀ ਰਿਹਾ, ਕੁਝ ਸੁਣੀ ਨਹੀਂ ਸੀ ਰਿਹਾ। ਇਸ ਲਈ, ਉਹ ਇਕ ਝਾੜੀ ਹੇਠ ਲੰਮਾ ਪੈ ਗਿਆ ਤੇ ਇਕਦਮ ਸੌਂ ਗਿਆ ਤੇ ਉਚੀ-ਉਚੀ ਘੁਰਾੜੇ ਮਾਰਨ ਲਗ ਪਿਆ।
ਤੇ ਏਧਰ ਈਵਾਨ ਝੁੱਗੀ ਵਿਚ ਲੇਟਿਆ ਹੋਇਆ ਸੀ ਤੇ ਉਹਨੂੰ ਨੀਂਦਰ ਨਹੀਂ ਸੀ ਪੈ ਰਹੀ, ਊਂਘ ਤਕ ਵੀ ਨਹੀਂ ਸੀ ਆ ਰਹੀ। ਤੇ ਜਦੋਂ ਅੱਧੀ ਰਾਤ ਲੰਘ ਗਈ, ਉਹਨੇ ਦਮਸ਼ਕ ਦੇ ਫ਼ੌਲਾਦ ਦੀ ਬਣੀ ਆਪਣੀ ਤੇਗ ਚੁਕੀ ਤੇ ਦਾਖਾਂ ਵਾਲੇ ਦਰਿਆ ਵਲ ਹੋ ਪਿਆ। ਉਹਨੇ ਵੇਖਿਆ, ਤੇ ਓਥੇ ਝਾੜੀ ਹੇਠ ਉਹਦਾ ਵਡਾ ਭਰਾ ਗੂਹੜੀ ਨੀਂਦਰੇ ਸੁੱਤਾ ਪਿਆ ਸੀ ਤੇ ਜ਼ੋਰ-ਜ਼ੋਰ ਦੀ ਘੁਰਾੜੇ ਮਾਰ ਰਿਹਾ ਸੀ। ਪਰ ਈਵਾਨ ਨੇ ਉਹਨੂੰ ਨਾ ਜਗਾਇਆ। ਸਗੋਂ ਉਹ ਬੇਰੀਆਂ ਵਾਲੇ ਪੁਲ ਹੇਠਾਂ ਲੁਕ ਗਿਆ ਤੇ ਓਥੇ ਖੜਾ ਲਾਂਘੇ ਉਤੇ ਪਹਿਰਾ ਦੇਣ ਲਗ ਪਿਆ।
ਚਾਣਚਕ ਹੀ ਦਰਿਆ ਦਾ ਪਾਣੀ ਖੌਲਣ ਤੇ ਉਬਾਲੇ ਖਾਣ ਲਗ ਪਿਆ ਤੇ ਸ਼ਾਹ ਬਲੂਤ ਦੇ ਦਰਖ਼ਤਾਂ ਵਿਚੋਂ ਉਕਾਬ ਚੀਕਣ ਲਗ ਪਏ, ਤੇ ਦੈਂਂਤਾਂ ਦਾ ਦੈਂਂਤ, ਚੁਦੋ-ਯੁਦੋ, ਉਹ ਜਿਹਦੇ ਛੇ ਸਿਰ ਸਨ, ਘੋੜੇ ਉਤੇ ਅਸਵਾਰ ਆ ਪਹੁੰਚਿਆ। ਉਹ ਬੇਰੀਆਂ ਵਾਲੇ ਪੁਲ ਦੇ ਅਧ ਤਕ ਆਇਆ ਤੇ ਉਹਦੇ ਹੇਠਲਾ ਘੋੜਾ ਥਿੜਕ ਪਿਆ, ਉਹਦੇ ਮੋਢੇ ਉਤੇ ਬੈਠੇ ਕਾਲੇ ਕੋਗੜ-ਕਾਂ ਨੇ ਖੰਭ ਫੜਕਾਏ ਤੇ ਉਹਦੇ ਪਿਛੇ ਟੁਰੇ ਆਂਦੇ ਕਾਲੇ ਕੁੱਤੇ ਨੇ ਕੰਨ ਖੜੇ ਕਰ ਲਏ।
ਚੁਦੋ-ਯੁਦੋ ਨੇ, ਉਹ ਜਿਹਦੇ ਛੇ ਸਿਰ ਸਨ ਕਿਹਾ:
"ਮੇਰੇ ਘੋੜਿਆ, ਥਿੜਕ ਕਿਉਂ ਰਿਹੈਂ? ਕਾਲੇ ਕੋਗੜ-ਕਾਵਾਂ, ਖੰਭ ਕਿਉਂ ਫੜਕਾ ਰਿਹੈਂ? ਕਾਲੇ ਕੁਤਿਆ, ਕੰਨ ਕਿਉਂ ਖੜੇ ਕਰ ਲਏ ਨੀ? ਕਿਸਾਨਾਂ ਦੇ ਮੁੰਡੇ ਈਵਾਨ ਦੀ ਬੋ ਆਈ ਜੇ? ਪਰ ਉਹ ਤੇ ਅਜੇ ਜੰਮਿਆ ਈ ਨਹੀਂ, ਤੇ ਜੇ ਉਹ ਜੰਮਿਆ ਵੀ ਹੋਇਐ, ਤਾਂ ਮੇਰੇ ਸਾਹਮਣੇ ਉਹ ਕੀ ਚੀਜ਼ ਏ। ਮੈਂ ਉਹਨੂੰ ਇਕ ਹਥ ਨਾਲ ਫੜ ਲਵਾਂਗਾ ਤੇ ਦੂਜੇ ਨਾਲ ਫੇਹ ਦਿਆਂਗਾ।" ਇਹ ਸੁਣ ਕਿਸਾਨ-ਜਾਇਆ ਈਵਾਨ ਪੁਲ ਹੇਠੋਂ ਬਾਹਰ ਨਿਕਲ ਆਇਆ।
"ਚੁਦੋ-ਯੁਦੋ, ਕਾਲੇ ਦਿਲ ਵਾਲੇ ਦੈਂਤਾ, ਐਵੇਂ ਫੜਾਂ ਨਾ ਮਾਰਦਾ ਜਾ!" ਉਹਨੇ ਲਲਕਾਰਾ ਮਾਰਿਆ। "ਅਜੇ ਬਾਜ਼ ਤੇਥੋਂ ਫੁੰਡਿਆ ਨਹੀਂ ਗਿਆ, ਪਹਿਲੋਂ ਹੀ ਓਹਦੇ ਖੰਭ ਨਾ ਖੋਹਣ ਲਗ ਪਓ! ਤੈਨੂੰ ਖਬਰ ਨਹੀਂ ਅਜੇ, ਕਿੱਡਾ ਬਾਂਕਾ ਜਵਾਨ ਹਾਂ ਮੈਂ, ਏਸ ਲਈ ਟਿਚਰਾਂ ਨਾ ਕਰ ਪਿਆ! ਸਗੋਂ ਆ, ਮੇਰੇ ਨਾਲ ਜ਼ੋਰ ਅਜ਼ਮਾ, ਤੇ ਜਿਹੜਾ ਦੂਜੇ ਨੂੰ ਢਾਹ ਲਏ, ਪਿਆ ਮਾਰੇ ਜੀ ਭਰ ਕੇ ਫੜਾਂ।"
ਉਹ ਇਕ ਦੂਜੇ ਦੇ ਨੇੜੇ ਹੋ ਗਏ, ਉਹਨਾਂ ਦੀਆਂ ਤਲਵਾਰਾਂ ਟਕਰਾਈਆਂ, ਏਸ ਤਰ੍ਹਾਂ ਕਿ ਦੁਆਲੇ ਦੀ ਜ਼ਮੀਨ ਕੰਬ ਉਠੀ ਤੇ ਸਾਂ-ਸਾਂ ਕਰਨ ਲਗ ਪਈ, ਪਰ ਹਾਲ ਮੰਦਾ ਚੁਦੋ-ਯੁਦੋ ਦਾ ਹੋਇਆ, ਕਿਉਂ ਜੁ ਕਿਸਾਨਾਂ ਦੇ ਮੁੰਡੇ ਈਵਾਨ ਨੇ ਇਕ ਵਾਰ ਨਾਲ ਉਹਦੇ ਤਿੰਨ ਸਿਰ ਕਟ ਦਿਤੇ।
"ਈਵਾਨ, ਕਿਸਾਨ ਦਿਆ ਪੁਤਰਾ, ਠਹਿਰ ਜਾ!" ਚੁਦੋ-ਯੁਦੋ ਕੂਕਿਆ। "ਮੈਨੂੰ ਸਾਹ ਲੈ ਲੈਣ ਦੇ!"
"ਨਹੀਂ, ਹੁਣ ਸਾਹ ਲੈਣ ਦੀ ਕੋਈ ਗੱਲ ਨਹੀਂ ਹੋ ਸਕਦੀ। ਤੇਰੇ, ਚੁਦੋ-ਯੁਦੋ ਦੇ, ਤਿੰਨ ਸਿਰ ਨੇ ਤੇ ਮੇਰਾ ਇਕੋ ਏ। ਜਦੋਂ ਤੇਰਾ ਇਕੋ ਸਿਰ ਰਹਿ ਗਿਆ, ਫੇਰ ਅਸੀਂ ਸਾਹ ਲਵਾਂਗੇ।"
ਤੇ ਫੇਰ ਉਹ ਇਕ ਦੂਜੇ ਦੇ ਨੇੜੇ ਆਏ ਤੇ ਉਹਨਾਂ ਤਲਵਾਰਾਂ ਟਕਰਾਈਆਂ, ਤੇ ਕਿਸਾਨ-ਜਾਏ ਈਵਾਨ ਨੇ ਚੁਦੋ-ਯੁਦੋ ਦੇ ਬਾਕੀ ਦੇ ਤਿੰਨੇ ਸਿਰ ਵੱਢ ਕੇ ਰਖ ਦਿਤੇ। ਫੇਰ ਉਹਨੇ ਉਹਦੀ ਲੋਥ ਦੇ ਛੋਟੇ-ਛੋਟੇ ਡਕਰੇ ਕਰ ਦਿਤੇ, ਉਹਨਾਂ ਨੂੰ ਦਾਖਾਂ ਵਾਲੇ ਦਰਿਆ ਵਿਚ ਸੁਟ ਦਿਤਾ, ਛੇ ਸਿਰਾਂ ਨੂੰ ਬੇਰੀਆਂ ਵਾਲੇ ਪੁਲ ਹੇਠਾਂ ਰਖ ਦਿਤਾ ਤੇ ਆਪ ਝੁੱਗੀ ਨੂੰ ਪਰਤ ਆਇਆ ਤੇ ਸੌਂ ਗਿਆ।

ਸਵੇਰੇ, ਉਹਦਾ ਸਭ ਤੋਂ ਵਡਾ ਭਰਾ ਆਇਆ, ਤੇ ਈਵਾਨ ਨੇ ਉਹਨੂੰ ਵੇਖਿਆ ਤੇ ਉਸ ਤੋਂ ਪੁਛਿਆ:
"ਕਿਉਂ, ਕੁਝ ਦਿਸਿਆ ਸਾਈ?"
"ਨਹੀਂ," ਦੂਜੇ ਨੇ ਜਵਾਬ ਦਿਤਾ, "ਮੇਰੇ ਕੋਲੋਂ ਮੱਖੀ ਵੀ ਨਹੀਂ ਲੰਘੀ।"
ਤੇ ਇਹ ਸੁਣ ਈਵਾਨ ਨੇ ਅਗੋਂ ਕੁਝ ਨਾ ਆਖਿਆ।
ਦੂਜੀ ਰਾਤ ਨੂੰ ਵਿਚਲਾ ਭਰਾ ਪਹਿਰਾ ਦੇਣ ਗਿਆ। ਉਹ ਏਧਰ ਘੁੰਮਦਾ ਰਿਹਾ ਤੇ ਓਧਰ ਘੁੰਮਦਾ ਰਿਹਾ, ਉਹਨੇ ਆਪਣੇ ਚੌਹਾਂ ਪਾਸੇ ਵੇਖਿਆ ਤੇ ਨਤੀਜਾ ਕਢਿਆ ਕਿ ਹਰ ਪਾਸੇ ਚੁਪ-ਚਾਂ ਸੀ। ਏਸ ਲਈ ਉਹ ਰਿੜਕੇ ਝਾੜੀਆਂ ਦੀ ਇਕ ਝੁੰਗੀ ਵਿਚ ਜਾ ਵੜਿਆ, ਤੇ ਸੌਂ ਗਿਆ।
ਪਰ ਈਵਾਨ ਨੇ ਉਹਦਾ ਵੀ ਓਨਾ ਹੀ ਵਸਾਹ ਕੀਤਾ, ਜਿੰਨਾ ਸਭ ਤੋਂ ਵੱਡੇ ਭਰਾ ਦਾ ਕੀਤਾ ਸੀ। ਜਦੋਂ ਅੱਧੀ ਰਾਤ ਲੰਘ ਗਈ, ਉਹ ਇਕਦਮ ਤਿਆਰ ਹੋ ਗਿਆ, ਤੇ ਤੇਜ਼ ਤਲਵਾਰ ਚੁਕ ਦਾਖਾਂ ਵਾਲੇ ਦਰਿਆਂ ਵਲ ਹੋ ਪਿਆ। ਉਹ ਬੇਰੀਆਂ ਵਾਲੇ ਪੁਲ ਹੇਠਾਂ ਲੁਕ ਗਿਆ ਤੇ ਉਡੀਕਣ ਲਗਾ।
ਚਾਣਚਕ ਹੀ ਦਰਿਆ ਦਾ ਪਾਣੀ ਖੌਲਣ ਤੇ ਉਬਾਲੇ ਖਾਣ ਲਗ ਪਿਆ, ਤੇ ਸ਼ਾਹ ਬਲੂਤ ਦੇ ਦਰਖ਼ਤ ਵਿਚ ਉਕਾਬ ਚੀਕਣ ਲਗ ਪਏ, ਤੇ ਦੈਂਤਾਂ ਦਾ ਦੈਂਤ, ਚੁਦੋ-ਯੁਦੋ, ਉਹ ਜਿਹਦੇ ਨੌਂ ਸਿਰ ਸਨ, ਘੋੜੇ ਉੱਤੇ ਅਸਵਾਰ ਆ ਪਹੁੰਚਿਆ। ਉਹ ਬੇਰੀਆਂ ਵਾਲੇ ਪੁਲ ਤਕ ਅਗੇ ਵਧਿਆ, ਤੇ ਉਹਦੇ ਹੇਠਲਾ ਘੋੜਾ ਥਿੜਕ ਪਿਆ, ਉਹਦੇ ਮੋਢੇ ਉਤੇ ਬੈਠੇ ਕਾਲੇ ਕੋਗੜ-ਕਾਂ ਨੇ ਖੰਭ ਫੜਕਾਏ ਤੇ ਉਹਦੇ ਪਿਛੇ ਟੁਰੇ ਆਂਦੇ ਕਾਲੇ ਕੁੱਤੇ ਨੇ ਕੰਨ ਖੜੇ ਕਰ ਲਏ। ਚੁਦੋ-ਯੁਦੋ ਨੇ ਛਾਂਟਾ ਉਗਰਿਆ ਤੇ ਘੋੜੇ ਦੇ ਪਾਸਿਆਂ, ਕੌਗੜ-ਕਾਂ ਦੇ ਖੰਭਾਂ ਤੇ ਕੁੱਤੇ ਦੇ ਕੰਨਾਂ ਉਤੇ ਦੇ ਮਾਰਿਆ। "ਥਿੜਕ ਕਿਉਂ ਰਿਹੈਂ, ਮੇਰੇ ਘੋੜਿਆ?" ਉਹ ਚਿਲਕਿਆ। "ਖੰਭ ਕਿਉਂ ਫੜਕਾ ਰਿਹੈਂ, ਕਾਲੇ ਕੋਗੜਕਾਂਵਾ? ਕੰਨ ਕਿਉਂ ਖੜੇ ਕਰ ਲਏ ਨੀ, ਕਾਲੇ ਕੁਤਿਆ? ਕਿਸਾਨਾਂ ਦੇ ਮੁੰਡੇ ਈਵਾਨ ਦੀ ਬੋ ਆਈ ਜੇ? ਪਰ ਉਹ ਤਾਂ ਅਜੇ ਜੰਮਿਆ ਈ ਨਹੀਂ, ਪਰ ਜੇ ਜੰਮਿਆ ਵੀ ਹੋਇਐ, ਤਾਂ ਮੇਰੇ ਨਾਲ ਉਹ ਟੱਕਰ ਨਹੀਂ ਲੈ ਸਕਦਾ, ਏਸ ਲਈ ਕਿ ਮੈਂ ਉਹਨੂੰ ਚੀਚੀ ਨਾਲ ਫੇਹ ਕੇ ਰਖ ਦਿਆਂਗਾ।"
ਇਹ ਸੁਣ ਕਿਸਾਨ-ਜਾਇਆ ਈਵਾਨ ਛਾਲ ਮਾਰ ਪੁਲ ਹੇਠੋਂ ਨਿਕਲ ਆਇਆ।
"ਠਹਿਰ ਜਾ," ਚੁਦੋ-ਯੁਦੋ!" ਉਹਨੇ ਲਲਕਾਰਾ ਮਾਰਿਆ। "ਪਹਿਲੋਂ ਆ ਤਲਵਾਰ ਟਕਰਾ, ਫੇਰ ਫੜਾਂ ਮਾਰਦਾ ਜਾ। ਵੇਖਣੇ ਹਾਂ, ਕੌਣ ਕਿਹਨੂੰ, ਮਿਟਾਂਦੈ!"
ਤੇ ਈਵਾਨ ਚੁਦੋ-ਯੁਦੋ ਉਤੇ ਟੁੱਟ ਪਿਆ, ਤੇ ਉਹਨੇ ਆਪਣੀ ਦਮਸ਼ਕ ਦੇ ਫ਼ੌਲਾਦ ਦੀ ਬਣੀ ਹੋਈ ਤਲਵਾਰ ਨਾਲ, ਇਕ ਤੇ ਫੇਰ ਇਕ ਹੋਰ, ਵਾਰ ਕੀਤਾ, ਤੇ ਦੈਂਤ ਦੇ ਛੇ ਸਿਰ ਵਢ ਦਿਤੇ। ਫੇਰ ਚੁਦੋ-ਯੁਦੋ ਨੇ ਈਵਾਨ ਉਤੇ ਵਾਰ ਕੀਤਾ ਤੇ ਉਹਨੂੰ ਗਿੱਲੀ ਮਿੱਟੀ ਵਿਚ ਗੋਡਿਆਂ ਤਕ ਧਕ ਦਿਤਾ। ਪਰ ਕਿਸਾਨ-ਜਾਏ ਈਵਾਨ ਨੇ ਮੁਠ ਮਿੱਟੀ ਦੇ ਭਰੀ ਤੇ ਵੈਰੀ ਦੀਆਂ ਲਾਲ-ਅੰਗਿਆਰ ਅੱਖਾਂ ਵਿਚ ਦੇ ਮਾਰੀ, ਤੇ ਜਦੋਂ ਅੰਨਾ ਹੋਇਆ ਦੈਂਤ ਅੱਖਾਂ ਮਲ ਮਿੱਟੀ ਕੱਢ ਰਿਹਾ ਸੀ, ਈਵਾਨ ਨੇ ਉਹਦੇ ਬਾਕੀ ਦੇ ਤਿੰਨ ਸਿਰ ਵੀ ਵਢ ਦਿਤੇ। ਫੇਰ ਉਹਨੇ ਉਹਦੀ ਲੋਥ ਦੇ ਛੋਟੇ-ਛੋਟੇ ਡਕਰੇ ਕਰ ਲਏ, ਉਹਨਾਂ ਨੂੰ ਦਾਖਾਂ ਵਾਲੇ ਦਰਿਆ ਵਿਚ ਸੁਟ ਦਿਤਾ, ਤੇ ਬੈਂਤ ਦੇ ਨੌਂ ਸਿਰਾਂ ਨੂੰ ਬੇਰੀਆਂ ਵਾਲੇ ਪੁਲ ਹੇਠ ਰਖ, ਝੁੱਗੀ ਨੂੰ ਪਰਤ ਆਇਆ, ਲੰਮਾ ਪੈ ਗਿਆ ਤੇ ਇੰਜ ਸੌਂਂ ਗਿਆ, ਜਿਵੇਂ ਹੋਇਆ ਹੀ ਕੁਝ ਨਾ ਹੋਵੇ।
ਸਵੇਰੇ ਉਹਦਾ ਵਿਚਲਾ ਭਰਾ ਵਾਪਸ ਆਇਆ।
"ਕਿਉਂ, ਰਾਤੀਂ ਕੁਝ ਦਿਸਿਆ ਸਾਈ?" ਈਵਾਨ ਨੇ ਉਸ ਤੋਂ ਪੁਛਿਆ।
"ਨਹੀਂ," ਉਹਨੇ ਜਵਾਬ ਦਿਤਾ। "ਮੇਰੇ ਕੋਲੋਂ ਨਾ ਕੋਈ ਮੱਖੀ ਲੰਘੀ ਏ, ਨਾ ਕੋਈ ਮੱਛਰ।"
"ਹੱਛਾ, ਜੇ ਇਹ ਗਲ ਏ, ਤਾਂ, ਮੇਰੇ ਪਿਆਰੇ ਭਰਾਵੋ, ਮੇਰੇ ਨਾਲ ਆਵੋ," ਈਵਾਨ ਨੇ ਕਿਹਾ, "ਤੇ ਮੈਂ ਤੁਹਾਨੂੰ ਮੱਛਰ ਵੀ ਵਿਖਾਨਾਂ ਤੇ ਮੱਖੀ ਵੀ।"
ਤੇ ਈਵਾਨ ਆਪਣੇ ਭਰਾਵਾਂ ਨੂੰ ਬੇਰੀਆਂ ਵਾਲੇ ਪੁਲ ਹੇਠਾਂ ਲੈ ਗਿਆ ਤੇ ਉਹਨਾਂ ਨੂੰ ਉਹਨੇ ਦੋਵਾਂ ਦੈਤਾਂ ਦੇ ਸਿਰ ਵਿਖਾਏ।
'ਇਹ ਜੇ," ਉਹਨੇ ਆਖਿਆ, "ਮੱਖੀਆਂ ਤੇ ਮੱਛਰ ਜਿਹੜੇ ਏਥੇ ਰਾਤੀਂ ਉਡਦੇ ਫਿਰਦੇ ਨੇ। ਤੇ ਤੁਸੀਂ, ਭਰਾਵੋ, ਲੜਾਈਆਂ ਲੜਨ ਲਈ ਨਹੀਂ, ਚੁਲ੍ਹੇ ਦੇ ਉਤੇ ਹੱਡ ਨਿਘਿਆਂ ਕਰਨ ਲਈ ਬਣੇ ਹੋ।"
ਦੋਵਾਂ ਭਰਾਵਾਂ ਨੇ ਸ਼ਰਮ ਨਾਲ ਸਿਰ ਨੀਵੇਂ ਪਾ ਲਏ।
"ਸਾਨੂੰ ਨੀਂਦਰ ਨੇ ਵਸ ਕਰ ਲਿਆ," ਉਹਨਾਂ ਆਖਿਆ।
ਤੀਜੀ ਰਾਤੀਂ ਈਵਾਨ ਆਪ ਪਹਿਰੇ 'ਤੇ ਜਾਣ ਲਈ ਤਿਆਰ ਹੋਇਆ।
"ਅਜ ਬੜੀ ਡਰਾਉਣੀ ਲੜਾਈ ਲੜਨੀ ਪੈਣੀ ਏ ਮੈਨੂੰ," ਉਹਨੇ ਆਖਿਆ। ਤੁਸੀਂ, ਮੇਰੇ ਭਰਾਵੋ, ਉਕਾ ਨਹੀਂ ਸੌਣਾ, ਸਗੋਂ ਮੇਰੀ ਸੀਟੀ ਦੀ ਆਵਾਜ਼ ਸੁਣਨਾ। ਜਦੋਂ ਈ ਤੁਹਾਨੂੰ ਸੁਣੀਵੇ, ਮੇਰੇ ਘੋੜਾ ਮੇਰੇ ਵਲ ਘਲ ਦੇਣਾ ਤੇ ਛੇਤੀ ਨਾਲ ਮੇਰੀ ਮਦਦ 'ਤੇ ਪਹੁੰਚਣਾ।"
ਇਹ ਕਹਿ, ਕਿਸਾਨ-ਜਾਇਆ ਈਵਾਨ ਦਾਖਾਂ ਵਾਲੇ ਦਰਿਆ ਨੂੰ ਹੋ ਪਿਆ, ਬੇਰੀਆਂ ਵਾਲੇ ਪੁਲ ਹੇਠ ਖਲੋ ਗਿਆ ਤੇ ਉਡੀਕਣ ਲਗਾ। ਅਜੇ ਅੱਧੀ ਰਾਤ ਹੋਈ ਹੀ ਸੀ ਕਿ ਜ਼ਮੀਨ ਕੰਬਣ ਤੇ ਹਿੱਲਣ ਲਗ ਪਈ, ਦਰਿਆ ਦਾ ਪਾਣੀ ਖੋਲਣ ਤੇ ਉਬਾਲੇ ਖਾਣ ਲਗ ਪਿਆ, ਜੰਗਲੀ ਹਵਾਵਾਂ ਚਾਂਗਰਨ ਲਗ ਪਈਆਂ ਤੇ ਸ਼ਾਹ ਬਲੂਤ ਵਿਚੋਂ ਉਕਾਬ ਚੀਕਣ ਲਗ ਪਏ। ਦੈਂਤਾਂ ਦਾ ਦੈਂਤ, ਚੁਦੋ-ਯੁਦੋ, ਉਹ ਜਿਹਦੇ ਬਾਰ੍ਹਾਂ ਸਿਰ ਸਨ, ਘੋੜੇ ਉਤੇ ਅਸਵਾਰ ਦਾਖ਼ਾਂ ਵਾਲੇ ਦਰਿਆ ਵਲ ਆਇਆ। ਚੁਦੋ-ਯੁਦੋ ਦੇ ਬਾਰ੍ਹਾਂ ਦੇ ਬਾਰ੍ਹਾਂ ਸਿਰ ਸ਼ੂਕਰਾਂ ਛਡ ਰਹੇ ਸਨ ਤੇ ਬਾਰ੍ਹਾਂ ਦੇ ਬਾਰ੍ਹਾਂ ਵਿਚੋਂ ਹੀ ਅਗ ਤੇ ਲਾਟਾਂ ਨਿਕਲ ਰਹੀਆਂ ਸਨ। ਚੁਦੋ-ਯੁਦੋ ਦੇ ਘੋੜੇ ਦੇ ਬਾਰ੍ਹਾਂ ਖੰਭ ਸਨ ਤੇ ਉਹਦੇ ਵਾਲ ਤਾਂਬੇ ਦੇ ਸਨ ਤੇ ਉਹਦੀ ਅੱਯਾਲ ਤੇ ਪੁਛਲ ਲੋਹੇ ਦੀ। ਚੁਦੋ-ਯੁਦੋ ਬੇਰੀਆਂ ਵਲ ਪੁਲ ਉਤੇ ਵਧ ਆਇਆ ਤੇ ਇਕਦਮ ਹੀ ਉਹਦੇ ਹੇਠਾਂ ਘੋੜਾ ਥਿੜਕ ਪਿਆ, ਤੇ ਉਹਦੇ ਮੋਢੇ ਉਤੇ ਬੈਠੇ ਕਾਲੇ ਕੋਗੜ-ਕਾਂ ਨੇ ਖੰਭ ਫੜਕਾਏ ਤੇ ਉਹਦੇ ਪਿਛੇ ਆ ਰਹੇ ਕਾਲੇ ਕੁੱਤੇ ਨੇ ਕੰਨ ਖੜੇ ਕਰ ਲਏ। ਤੇ ਚੁਦੋ-ਯੁਦੋ ਨੇ ਛਾਂਟਾ ਘੋੜਿਆਂ ਦੇ ਪਾਸਿਆਂ, ਕੋਗੜ-ਕਾਂ ਦੇ ਖੰਭਾਂ ਤੇ ਕੁੱਤੇ ਦੇ ਕੰਨਾਂ ਉਤੇ ਦੇ ਮਾਰਿਆ।
"ਥਿੜਕ ਕਿਉਂ ਰਿਹੈਂ, ਮੇਰੇ ਘੋੜਿਆ?" ਉਹ ਚਿਲਕਿਆ। ਖੰਭ ਕਿਉਂ ਫੜਕਾ ਰਿਹੈਂ, ਕਾਲੇ ਕਗੜ-ਕਾਂਵਾ? ਕੰਨ ਕਿਉਂ ਖੜੇ ਕਰ ਲਏ ਨੀ, ਕਾਲੇ ਕੁਤਿਆ? ਕਿਸਾਨਾਂ ਦੇ ਮੁੰਡੇ ਈਵਾਨ ਦੀ ਬੋ ਆਈ ਜੇ? ਪਰ ਉਹ ਤਾਂ ਅਜੇ ਜੰਮਿਆ ਵੀ ਨਹੀਂ, ਤੇ ਜੇ ਜੰਮਿਆ ਵੀ ਹੋਇਐ, ਤਾਂ ਵੀ ਮੇਰੇ ਨਾਲ ਟੱਕਰ ਨਹੀਂ ਲੈ ਸਕਦਾ। ਮੈਂ ਬਸ ਇਕ ਫੂਕ ਈ ਮਾਰਨੀ ਏਂ, ਤੇ ਉਹ ਮਿੱਟੀ ਦੀ ਮੁਠ ਵੀ ਨਹੀਂ ਰਹਿਣ ਲਗਾ।"
ਇਹ ਸੁਣ ਕਿਸਾਨ-ਜਾਇਆ ਈਵਾਨ ਬੇਰੀਆਂ ਵਾਲੇ ਪੁਲ ਹੇਠਾਂ ਨਿਕਲ ਆਇਆ।
"ਠਹਿਰ, ਐਵੇਂ ਫੜਾਂ ਨਾ ਮਾਰੀ ਜਾ, ਚੁਦੋ-ਯੁਦੋ," ਉਹਨੇ ਲਲਕਾਰਾ ਮਾਰਿਆ, "ਨਹੀਂ ਤਾਂ ਸ਼ਰਮ ਨਾਲ ਬੁਰਾ ਹਾਲ ਹੋ ਜਾਏਗਾ ਈ।"
"ਹੱਛਾ, ਤੂੰ ਏਂ, ਕਿਸਾਨਾਂ ਦਾ ਮੁੰਡਾ ਈਵਾਨ! ਕੀ ਕਰਨ ਆਇਐ ਏਥੇ?"
ਮੈਂ, ਬਦਮਾਸ਼ ਦੈਂਤਾ, ਤੈਨੂੰ ਜੀ ਭਰ ਕੇ ਵੇਖਣ ਤੇ ਤੇਰੀ ਹਿੰਮਤ ਦੀ ਅਜ਼ਮਾਇਸ਼ ਕਰਨ ਆਇਆ !"
"ਮੇਰੀ ਹਿੰਮਤ ਦੀ ਅਜ਼ਮਾਇਸ਼ ਜ਼ਰੂਰ ਕਰ! ਮੱਖੀ ਬਰਾਬਰ ਏਂ ਤੂੰ ਮੇਰੇ ਸਾਹਮਣੇ!"
ਕਿਸਾਨ-ਜਾਏ ਈਵਾਨ ਨੇ ਆਖਿਆ:
"ਮੈਂ ਤੈਨੂੰ ਏਥੇ ਕਹਾਣੀਆਂ ਪਾ ਭਰਮਾਣ ਨਹੀਂ ਆਇਆਂ, ਤੇ ਨਾ ਤੇਰੀਆਂ ਕਹਾਣੀਆਂ ਸੁਣਨ ਵੀ ਆਇਆਂ। ਮੈਂ ਕੁਲਹਿਣੇ ਦੈਂਤਾਂ, ਤੈਨੂੰ ਲੜ ਕੇ ਮਾਰਨ ਤੇ ਭਲੇ ਲੋਕਾਂ ਦੀ ਤੇਰੀ ਹਸਤੀ ਤੋਂ ਖਲਾਸੀ ਕਰਾਣ ਆਇਆਂ!"
ਤੇ ਕਿਸਾਨ-ਜਾਏ ਈਵਾਨ ਨੇ ਆਪਣੀ ਤੇਜ਼ ਤਲਵਾਰ ਉਗਰੀ ਤੇ ਚੁਦੋ-ਯੁਦੋ ਦੇ ਤਿੰਨ ਸਿਰ ਵਢ ਦਿਤੇ। ਪਰ ਚੁਦੋ-ਯੁਦੋ ਨੇ ਉਹਨਾਂ ਨੂੰ ਚੁੱਕ ਲਿਆ ਤੇ ਉਹਨਾਂ ਉਤੇ ਆਪਣੀ ਲਾਟੋ-ਲਾਟ ਉਂਗਲੀ ਫੇਰ ਉਹਨਾਂ ਨੂੰ ਫੇਰ ਉਹਨਾਂ ਵਾਲੀਆਂ ਧੌਣਾਂ ਉਤੇ ਜੜ ਲਿਆ, ਤੇ ਉਹ ਇਕਦਮ ਹੀ ਉਹਨਾਂ ਨਾਲ ਜੁੜ ਗਏ, ਇੰਜ ਜਿਵੇਂ ਉਹ ਕਦੀ ਕੱਟੇ ਹੀ ਨਾ ਗਏ ਹੋਣ।
ਓਦੋਂ ਤਕ ਈਵਾਨ ਦੀ ਹਾਲਤ ਮੰਦੀ ਹੋ ਚੁਕੀ ਸੀ, ਕਿਉਂਕਿ ਚੁਦੋ-ਯੁਦੋ ਸ਼ੂਕਰਾਂ ਨਾਲ ਉਹਦੇ ਕੰਨ ਬੋਲੇ ਕਰ ਰਿਹਾ ਸੀ, ਆਪਣੀਆਂ ਲਾਟੋ-ਲਾਟ ਜੀਭਾਂ ਨਾਲ ਉਹਨੂੰ ਲਾਸ਼ਾਂ ਪਾ ਰਿਹਾ ਸੀ, ਉਹਦੇ ਉਤੇ ਚੰਗਿਆੜੇ ਵਰ੍ਹਾ ਰਿਹਾ ਸੀ ਤੇ ਉਹਨੂੰ ਉਹਨੇ ਗਿੱਲੀ ਮਿੱਟੀ ਵਿਚ ਗੋਡਿਆਂ ਤਕ ਧਕ ਦਿਤਾ ਸੀ।
"ਕਿਉਂ, ਕਿਸਾਨਾਂ ਦੇ ਮੁੰਡਿਆ, ਈਵਾਨ, ਰਤਾ ਸਾਹ ਲੈਣਾ ਈ?" ਚੁਦੋ-ਯੁਦੋ ਨੇ ਟਿਚਕਰ ਕੀਤੀ।
"ਸਾਹ ਲੈਣ ਦੀ ਗੱਲ ਨਾ ਕਰ," ਈਵਾਨ ਨੇ ਜਵਾਬ ਦਿਤਾ। "ਮਾਰੋ, ਵੱਢੋ, ਸਭ ਕੁਝ ਛੱਡੋ, ਮੈਂ ਤਾਂ ਇੰਜ ਕਰਨਾ!"

ਫੇਰ ਉਹਨੇ ਉਚੀ ਸਾਰੀ ਸੀਟੀ ਮਾਰੀ ਤੇ ਆਪਣਾ ਸੱਜਾ ਦਸਤਾਨਾ ਝੁੱਗੀ ਨੂੰ ਮਾਰਿਆ,-ਜਿਥੇ ਉਹਦੇ ਭਰਾ ਸਨ । ਤੇ ਦਸਤਾਨੇ ਨੇ ਸਾਰੀਆਂ ਬਾਰੀਆਂ ਤੋੜ ਦਿਤੀਆਂ, ਪਰ ਭਰਾ ਸੁੱਤੇ ਰਹੇ ਤੇ ਉਹਨਾਂ ਕੁਝ ਨਾ ਸੁਣਿਆ ।
ਫੇਰ, ਕਿਸਾਨ-ਜਾਏ ਈਵਾਨ ਨੇ ਆਪਣਾ ਪੂਰਾ ਜ਼ੋਰ ਲਾਇਆ, ਏਨੀ ਤੁੰਦੀ ਨਾਲ ਤਲਵਾਰ ਚਲਾਈ, ਜਿੰਨੀ ਤੁੰਦੀ ਨਾਲ ਉਹਨੇ ਕਦੀ ਨਹੀਂ ਸੀ ਚਲਾਈ ਤੇ ਉਹਨੇ ਚੁਦੋ-ਯੁਦੋ ਦੇ ਛੇ ਸਿਰ ਵਢ ਕੇ ਰਖ ਦਿਤੇ । ਪਰ ਚੁਦੋ-ਯੁਦੋ ਨੇ ਉਹਨਾਂ ਨੂੰ ਚੁਕ ਲਿਆ ਤੇ ਉਹਨਾਂ ਉੱਤੇ ਆਪਣੀ ਲਾਟੋ-ਲਾਟ ਉੱਗਲੀ ਫੇਰ ਉਹਨਾਂ ਨੂੰ ਉਹਨਾਂ ਵਾਲੀਆਂ ਧੋਣਾਂ ਉਤੇ ਜੜ ਲਿਆ ਤੇ ਉਹ ਇਕਦਮ ਹੀ ਉਹਨਾਂ ਨਾਲ ਇੰਜ ਜੁੜ ਗਏ, ਜਿਵੇਂ ਉਹ ਹਮੇਸ਼ਾ ਓਥੇ ਹੀ ਰਹੇ ਹੋਣ । ਫੇਰ ਉਹ ਕਿਸਾਨ-ਜਾਏ ਈਵਾਨ ਉਤੇ ਟੁਟ ਪਿਆ ਤੇ ਉਹਨੂੰ ਗਿੱਲੀ ਮਿੱਟੀ ਵਿਚ ਲਕ ਤਕ ਧਕ ਦਿਤਾ।
ਈਵਾਨ ਨੂੰ ਸੁਝ ਪਿਆ ਕਿ ਹਾਲਤ ਡਾਢੀ ਮੰਦੀ ਸੀ। ਉਹਨੇ ਆਪਣਾ ਖੱਬਾ ਦਸਤਾਨਾ ਲਾਹਿਆ ਤੇ ਝੁੱਗੀ ਉਤੇ ਦੇ ਮਾਰਿਆ, ਤੇ ਦਸਤਾਨੇ ਛਤ ਵਿਚ ਮਘੋਰਾ ਕਰ ਦਿਤਾ, ਪਰ ਦੋਵੇਂ ਭਰਾਂ ਸੁੱਤੇ ਰਹੇ ਤੇ ਉਹਨਾਂ ਕੁਝ ਨਾ ਸੁਣਿਆ।
ਫੇਰ ਕਿਸਾਨ-ਜਾਏ ਈਵਾਨ ਨੇ ਆਪਣੀ ਤਲਵਾਰ ਨਾਲ ਤੀਜੀ ਵਾਰੀ ਵਾਰ ਕੀਤਾ ਤੇ ਚੁਦੋ-ਯੁਦੋ ਦੇ ਨੌਂ ਸਿਰ ਵਢ ਕੇ ਰਖ ਦਿਤੇ। ਪਰ ਚੁਦੋ-ਯੁਦੋ ਨੇ ਉਹਨਾਂ ਨੂੰ ਚੁਕ ਲਿਆ ਤੇ ਉਹਨਾਂ ਉਤੇ ਆਪਣੀ ਲਾਟੋ= ਲਾਟ ਉਂਗਲੀ ਫੇਰ ਉਹਨਾਂ ਨੂੰ ਉਹਨਾਂ ਵਾਲੀਆਂ ਧੌਣਾਂ ਉਤੇ ਫੇਰ ਜੜ ਲਿਆ ਤੇ ਉਹ ਇਕਦਮ ਹੀ ਉਹਨਾਂ ਨਾਲ ਜੁੜ ਗਏ । ਫੇਰ ਉਹ ਕਿਸਾਨ-ਜਾਏ ਈਵਾਨ ਉਤੇ ਟੁਟ ਪਿਆ ਤੇ ਉਹਨੂੰ ਗਿੱਲੀ ਮਿੱਟੀ ਵਿਚ ਮੋਢਿਆਂ ਤਕ ਧਕ ਦਿਤਾ ।
ਪਰ ਈਵਾਨ ਨੇ ਆਪਣਾ ਟੋਪ ਲਾਹ ਲਿਆ ਤੇ ਝੁੱਗੀ ਨੂੰ ਦੇ ਮਾਰਿਆ ਤੇ ਝੁੱਗੀ ਸਟ ਖਾ ਹਿਲ ਪਈ ਤੇ ਝੂਲਣ ਲਗੀ ਤੇ ਢਹਿੰਦੀ-ਢਹਿੰਦੀ ਬਚੀ। ਸਿਰਫ਼ ਤਾਂ ਹੀ ਭਰਾਵਾਂ ਦੀ ਜਾਗ ਖੁਲ੍ਹੀ ਤੇ ਉਹਨਾਂ ਸੁਣਿਆ, ਈਵਾਨ ਦਾ ਘੋੜਾ ਉਚੀ-ਉਚੀ ਹਿਣਹਿਣਾ ਰਿਹਾ ਸੀ ਤੇ ਉਹ ਸੰਗਲੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਨਾਲ ਉਹ ਬੱਝਾ ਪਿਆ ਸੀ।
ਉਹ ਤਬੇਲੇ ਵਲ ਭੱਜੇ ਤੇ ਉਹਨਾਂ ਘੋੜੇ ਨੂੰ ਖੋਲ੍ਹ ਦਿਤਾ ਤੇ ਆਪ ਉਹਦੇ ਮਗਰ ਨਠ ਪਏ ।

ਈਵਾਨ ਦਾ ਘੋੜਾ ਸਿਰਪਟ ਦੌੜਦਾ ਆਪਣੇ ਮਾਲਕ ਕੋਲ ਪਹੁੰਚ ਗਿਆ ਤੇ ਚੁਦੋ-ਯੁਦੋ ਨੂੰ ਦੁਲੱਤੀਆਂ ਮਾਰਨ ਲਗ ਪਿਆ। ਤੇ ਚੁਦੋ-ਯੁਦੋ ਨੇ ਸ਼ੂਕਰ ਛੱਡੀ ਤੇ ਘੋੜੇ ਉਤੇ ਚੰਗਿਆੜਿਆਂ ਦੀ ਵਾਛੜ ਕਰ ਦਿਤੀ । ਤੇ ਕਿਸਾਨ-ਜਾਏ ਈਵਾਨ ਨੇ ਆਪਣੇ ਆਪ ਨੂੰ ਮਿੱਟੀ ਵਿਚੋਂ ਕਢਿਆ ਤੇ ਛੇਤੀ ਨਾਲ ਚੁਦੋ-ਯੁਦੋ ਦੀ ਲਾਟੋ-ਲਾਟ ਉਂਗਲੀ ਵਢ ਦਿਤੀ ਤੇ ਫੇਰ ਉਹ, ਉਹਦੇ ਸਿਰ ਲਾਹੁਣ ਲਗ ਪਿਆ ਤੇ ਲਾਹੁੰਦਾ ਗਿਆ, ਜਦੋਂ ਤਕ ਕੋਈ ਵੀ ਬਾਕੀ ਨਾ ਰਹਿ ਗਿਆ ! ਇਸ ਪਿਛੋਂ ਉਹਨੇ ਉਹਦੀ ਲੋਥ ਦੇ ਛੋਟੇ-ਛੋਟੇ ਡਕਰੇ ਕਰ ਦਿਤੇ ਤੇ ਉਹਨਾਂ ਨੂੰ ਦਾਖਾਂ ਵਾਲੇ ਦਰਿਆ ਵਿਚ ਸੁਟ ਦਿਤਾ।
ਐਨ ਓਸੇ ਵੇਲੇ ਦੋਵੇਂ ਵਡੇ ਭਰਾ ਨੱਠੇ-ਨੱਠੇ ਪੁੱਜੇ ।
"ਤੁਹਾਡਾ ਜੋੜਾ ਵੀ ਕਮਾਲ ਦਾ ਏ!'' ਈਵਾਨ ਨੇ ਕਿਹਾ। "ਤੁਹਾਡੇ ਨੀਂਦਰ ਨਾਲ ਏਡੇ ਪਿਆਰ ਕਰਕੇ ਮੈਨੂੰ ਜਾਨ ਦੇਣੀ ਪੈ ਚੱਲੀ ਸੀ।"
ਤੇ ਦੋਵੇਂ ਭਰਾ ਉਹਨੂੰ ਝੁੱਗੀ ਨੂੰ ਲੈ ਗਏ, ਤੇ ਉਹਨੂੰ ਨੁਹਾਇਆ, ਖੁਆਇਆ-ਪਿਆਇਆ ਤੇ ਸੁਆ ਦਿਤਾ।
ਸਵੇਰੇ ਈਵਾਨ ਸਵੱਖਤੇ ਹੀ ਉਠ ਖਲੋਤਾ ਤੇ ਕਪੜੇ ਪਾਣ ਲਗ ਪਿਆ।
"ਏਨੀ ਛੇਤੀ ਕਿਉਂ ਉਠ ਪਿਐਂ ?'' ਉਹਦੇ ਭਰਾਵਾਂ ਨੇ ਪੁਛਿਆ । "ਏਡੀ ਸਖ਼ਤ ਲੜਾਈ ਪਿਛੋਂ ਆਰਾਮ ਦੀ ਲੋੜ ਏ ਤੈਨੂੰ।"
"ਨਾ, ਮੈਂ ਆਰਾਮ ਨਹੀਂ ਕਰ ਸਕਦਾ," ਈਵਾਨ ਨੇ ਆਖਿਆ। "ਦਾਖ਼ਾਂ ਵਾਲੇ ਦਰਿਆ ਕੋਲ ਮੇਰੀ ਪੇਟੀ ਗੁਆਚ ਗਈ ਏ, ਤੇ ਮੈ ਲੱਭਣ ਜਾਣੈ ਉਹਨੂੰ।"
"ਲੋੜ ਕੀ ਏ!" ਭਰਾਵਾਂ ਨੇ ਜਵਾਬ ਦਿਤਾ । "ਸ਼ਹਿਰ ਨੂੰ ਜਾਵਾਂਗੇ ਤੇ ਓਥੋਂ ਨਵੀਂ ਪੇਟੀ ਖਰੀਦ ਲਵੀਂ ।"
"ਨਹੀਂ, ਸੋਨੂੰ ਆਪਣੀ ਪੁਰਾਣੀ ਪੈਟੀ ਈ ਚਾਹੀਦੀ ਏ !'
ਤੇ ਈਵਾਨ ਇਕੱਲਾ ਹੀ ਦਾਖ਼ਾਂ ਵਾਲੇ ਵਰਿਆ ਵਲ ਹੋ ਪਿਆ। ਪਰ ਉਹ ਆਪਣੀ ਪੇਠੀ ਲੱਭਣ ਲਈ ਨਾ ਅਟਕਿਆ। ਉਹ ਬੇਰੀਆਂ ਵਾਲੇ ਪੁਲ ਤੋਂ ਹੁੰਦਾ ਹੋਇਆ ਦਰਿਆ ਦੇ ਪਾਰਲੇ ਕੰਢੇ ਚਲਾ ਗਿਆ ਤੇ ਇੰਜ ਅਛੋਪਲੇ ਹੀ ਕਿ ਉਹ ਕਿਸੇ ਦੀ ਨਜ਼ਰੀਂ ਨਾ ਪਿਆ, ਚੁਦੋ-ਯੁਦੋਆਂ ਦੇ ਪੱਥਰ ਵਾਲੇ ਮਹਿਲ ਕੋਲ ਜਾ ਪਹੁੰਚਿਆ। ਉਹ ਰੀਂਗਦਾ-ਰੀਂਗਦਾ ਇਕ ਖੁਲ੍ਹੀ ਬਾਰੀ ਕੋਲ ਜਾ ਅਪੜਿਆ ਤੇ ਉਥੇ, ਕੰਨ ਲਾ, ਸੁੰਗੜ ਕੇ ਬਹਿ ਗਿਆ, ਏਸ ਲਈ ਕਿ ਉਹ ਸੁਣਨਾ ਚਾਹੁੰਦਾ ਜੀ, ਓਥੇ ਕੋਈ ਗੋਂਦ ਤਾਂ ਨਹੀਂ ਜੀ ਗੁੰਦੀ ਜਾ ਰਹੀ ।

ਉਹਨੇ ਵੇਖਿਆ, ਤੇ ਉਹਨੂੰ ਦਿਸਿਆ, ਅੰਦਰ ਚੁਦੋ-ਯੁਦੋਆਂ ਦੀਆਂ ਤਿੰਨ ਵਹੁਟੀਆਂ ਤੇ ਉਹਨਾਂ ਦੀ ਮਾਂ, ਬੁੱਢੀ ਅਜਗਰਨੀ, ਬੈਠੀ ਸੀ। ਉਹ ਉਥੇ ਬੈਠੀਆਂ ਸਨ ਤੇ ਆਪੋ ਵਿਚ ਗੱਲਾਂ ਕਰ ਰਹੀਆਂ ਸਨ। ਪਹਿਲੀ ਵਹੁਟੀ ਨੇ ਆਖਿਆ :
"ਕਿਸਾਨ ਦੇ ਮੁੰਡੇ ਈਵਾਨ ਤੋਂ ਆਪਣੇ ਘਰ ਵਾਲੇ ਦਾ ਬਦਲਾ ਲਵਾਂਗੀ। ਜਦੋਂ ਉਹ ਤੇ ਉਹਦੇ ਭਰਾ ਘਰ ਪਰਤ ਰਹੇ ਹੋਣਗੇ, ਮੈ ਉਹਨਾਂ ਦੇ ਅਗੇ ਭੱਜਾਂਗੀ, ਦਿਨ ਦੀ ਗਰਮੀ ਅਸਹਿ ਬਣਾ ਦਿਆਂਗੀ ਤੇ ਆਪ ਖੂਹ ਬਣ ਜਾਵਾਂਗੀ। ਉਹ ਪਾਣੀ ਪੀਣ ਲਈ ਤਰਸਣਗੇ ਤੇ ਪਹਿਲਾ ਘੁਟ ਭਰਦਿਆਂ ਈ ਡਿਗ ਮਰਨਗੇ।"
"ਠੀਕ ਆਖਿਆ ਈ,'' ਬੁੱਢੀ ਅਜਗਰਨੀ ਬੋਲੀ।
ਦੂਜੀ ਵਹੁਟੀ ਨੇ ਆਖਿਆ :
"ਮੈਂ ਉਹਨਾਂ ਦੇ ਅਗੇ ਭੱਜਾਂਗੀ ਤੇ ਸੇਆਂ ਦਾ ਦਰਖ਼ਤ ਬਣ ਜਾਵਾਂਗੀ। ਉਹ ਤਿੰਨੇ ਜਿਵੇਂ ਈ ਉਹਨਾਂ ਕਿਸੇ ਵੀ ਸੇਅ ਨੂੰ ਮੂੰਹ ਲਾਇਆ, ਇਕਦਮ ਈ ਤੁੰਬੇ ਜਾਣਗੇ।"
"ਠੀਕ ਆਖਿਐ ਤੂੰ ਵੀ," ਬੁੱਢੀ ਅਜਗਰਨੀ ਫੇਰ ਬੋਲੀ।
ਤੀਜੀ ਵਹੁਟੀ ਨੇ ਆਖਿਆ :
"ਤੇ ਮੈਂ, ਉਹਨਾਂ 'ਤੇ ਨੀਂਦਰ ਦਾ ਟੂਣਾ ਕਰਾਂਗੀ ; ਮੈਂ ਉਹਨਾਂ ਦੇ ਅਗੇ ਭੱਜਾਂਗੀ ਤੇ ਰੇਸ਼ਮੀ ਗੱਦੀਆਂ ਵਾਲਾਂ ਨਰਮ ਗ਼ਲੀਚਾ ਬਣ ਜਾਵਾਂਗੀ । ਭਰਾ ਲੇਟਣਾ ਤੇ ਆਰਾਮ ਕਰਨਾ ਚਾਹੁਣਗੇ, ਪਰ ਸੜ ਕੇ ਕੋਲੇ ਹੋ ਜਾਣਗੇ!" ''ਤੇ ਤੂੰ ਵੀ ਕੋਈ ਘਟ ਠੀਕ ਨਹੀਂ ਆਖਿਆ," ਬੁੱਢੀ ਅਜਗਰਨੀ ਬੋਲੀ । "ਪਰ ਜੇ ਤੁਸੀਂ ਤਿੰਨੋ ਉਹਨਾਂ ਨੂੰ ਨਾ ਮਾਰ ਸਕੀਆਂ, ਤਾਂ ਮੈ ਬਹੁਤ ਵਡੀ ਸੂਰਨੀ ਬਣ ਜਾਵਾਂਗੀ, ਤੇ ਪਿਛੋਂ ਜਾ ਮਿਲ, ਤਿੰਨਾਂ ਦੇ ਤਿੰਨਾਂ ਨੂੰ ਨਿਘਾਰ ਜਾਵਾਂਗੀ।"
ਕਿਸਾਨ-ਜਾਏ ਈਵਨ ਨੇ ਉਹਨਾ ਦੀਆਂ ਗੱਲਾਂ ਸੁਣੀਆਂ ਤੇ ਛੇਤੀ-ਹੀ ਆਪਣੇ ਭਰਾਵਾਂ ਕੋਲ ਪਰਤ ਆਇਆ।
"ਕਿਉਂ, ਲਭ ਪਈ ਆ ਪੇਟੀ ?" ਉਹਨਾਂ ਉਹਨੂੰ ਪੁਛਿਆ।
"ਲਭ ਪਈ ਏ।"
"ਤੇ ਏਨਾ ਵਕਤ ਗੁਆਣ ਜੋਗੀ ਹੈ ਸੀ।"
"ਹੈ ਸੀ, ਭਰਾਵੋ, ਹੈ ਸੀ।"
ਤੇ ਫੇਰ ਤਿਨ ਭਰਾ ਤਿਆਰ ਹੋਏ ਤੇ ਘਰ ਵਲ ਨੂੰ ਚਲ ਪਏ। ਉਹ ਮੈਦਾਨਾਂ ਵਿਚੋਂ ਲੰਘੇ ਤੇ ਚਰਾਂਦਾਂ ਵਿਚੋਂ, ਤੇ ਦਿਨ ਇੰਜ ਤਪ ਰਿਹਾ ਸੀ ਕਿ ਉਹਨਾਂ ਨੂੰ ਲਗਿਆ ਕਿ ਜੇ ਉਹਨਾਂ ਪਾਣੀ ਨਾ ਪੀਤਾ ਤੇ ਉਹ ਮਰ ਜਾਣਗੇ । ਉਹਨਾਂ ਆਪਣੇਂ ਚੁਗਿਰਦੇ ਨਜ਼ਰ ਮਾਰੀ ਤੇ ਨੇੜੇ ਹੀ ਇਕ ਖੂਹ ਦਿਸਿਆ, ਜਿਹਦੇ ਉਪਰ ਚਾਂਦੀ ਦੀ ਇਕ ਡੋਈ ਤਰ ਰਹੀ ਸੀ। ਦੋਵਾਂ ਵਡੇ ਭਰਾਵਾਂ ਨੇ ਈਵਾਨ ਨੂੰ ਕਿਹਾ :
"ਈਵਾਨ, ਠਹਿਰ ਜਾਈਏ, ਤੇ ਕੁਝ ਠੰਡਾ ਪਾਣੀ ਪੀ ਲਈਏ ਤੇ ਆਪਣੇ ਘੋੜਿਆਂ ਨੂੰ ਵੀ ਪਿਆ ਲਈਏ ।'
"ਕੀ ਪਤੈ, ਏਸ ਖੂਹ ਦਾ ਪਾਣੀ ਗੰਦਾ ਹੋਵੇ," ਈਵਾਨ ਨੇ ਜਵਾਬ ਦਿਤਾ ।
ਤੇ ਘੋੜੇ ਤੋਂ ਪਲਾਕੀ ਮਾਰ, ਉਹ ਤਲਵਾਰ ਫੜ ਖੂਹ ਨੂੰ ਵੱਢਣ ਲਗ ਪਿਆ। ਉਹਦੇ ਇੰਜ ਕਰਦਿਆਂ ਹੀ ਖੂਹ ਵਿਚੋਂ ਕਹਿਰਾਂ ਦੀਆਂ ਚੀਕਾਂ ਤੇ ਚਾਂਗਰਾਂ ਸੁਣੀਣ ਲਗ ਪਈਆਂ, ਚਾਣਚਕ ਹੀ ਧੁੰਦ ਛਾ ਗਈ, ਤਪ ਘਟ ਗਈ ਤੇ ਉਹਨਾਂ ਨੂੰ ਤਿਹ ਲਗਣੀ ਹਟ ਗਈ।
"ਵੇਖ ਲਿਆ ਜੇ ਨਾ, ਭਰਾਵੋ, ਖੂਹ 'ਚ ਕਿਹੋ ਜਿਹਾ ਪਾਣੀ ਸੀ," ਈਵਾਨ ਨੇ ਕਿਹਾ।

ਉਹ ਅਗੇ ਚਲਦੇ ਗਏ, ਬਹੁਤ ਵਕਤ ਲੰਘ ਗਿਆ ਕਿ ਥੋੜਾ, ਇਹਦਾ ਕਿਸੇ ਨੂੰ ਪਤਾ ਨਹੀਂ, ਪਰ ਜਾਂਦਿਆਂ - ਜਾਂਦਿਆਂ ਉਹਨਾਂ ਨੂੰ ਸੇਆਂ ਦਾ ਇਕ ਦਰਖ਼ਤ ਦਿਸਿਆ, ਜਿਹੜਾ ਵਡੇ-ਵਡੇ, ਗੁਲਾਬੀ ਸੇਆਂ ਨਾਲ ਲੱਦਿਆ ਹੋਇਆ ਸੀ। ਦੋਵੇਂ ਵਡੇ ਭਰਾ ਘੋੜਿਆਂ ਤੋਂ ਕੁਦ ਖਲੋਤੇ ਤੇ ਸੇਆਂ ਨੂੰ ਹਥ ਪਾਣ ਲਗੇ। ਪਰ ਈਵਾਨ ਉਹਨਾਂ ਨਾਲੋਂ ਸ਼ੁਹਲਾ ਸੀ ਤੇ ਉਹਨੇ ਤਲਵਾਰ ਫੜ ਲਈ ਤੇ ਸੇਆਂ ਦੇ ਦਰਖ਼ਤ ਦੀਆਂ ਜੜ੍ਹਾਂ ਵੱਢਣ ਲਗ ਪਿਆ ; ਤੇ ਸੇਆਂ ਦਾ ਦਰਖ਼ਤ ਚੀਕਣ ਤੇ ਚਾਂਗਰਨ ਲਗ ਪਿਆ ।
"ਵੇਖ ਲਿਆ ਜੇ ਨਾ, ਭਰਾਵੋ, ਕਿਸ ਤਰ੍ਹਾਂ ਦਾ ਸੇਆਂ ਦਾ ਦਰਖ਼ਤ ਜੇ ? ਇਹਦੇ 'ਤੇ ਲਗੇ ਸੇਅ ਸੁਆਦਲੇ ਨਹੀਂ।" ਈਵਾਨ ਨੇ ਕਿਹਾ।
ਤੇ ਤਿੰਨੇ ਦੇ ਤਿੰਨੇ ਫੇਰ ਆਪਣੇ ਘੋੜਿਆਂ ਉਤੇ ਚੜ੍ਹ ਬੈਠੇ ਤੇ ਅਗੇ ਚਲ ਪਏ।
ਉਹ ਕਿੰਨਾ ਹੀ ਚਿਰ ਚਲਦੇ ਗਏ, ਤੇ ਉਹਨਾਂ ਨੂੰ ਬਹੁਤ ਥਕੇਵਾਂ ਮਹਿਸੂਸ ਹੋਣ ਲਗ ਪਿਆ । ਉਹਨਾਂ ਚੌਗਿਰਦੇ ਨਜ਼ਰ ਮਾਰੀ, ਤੇ ਉਥੇ ਪੈਲੀ ਵਿਚ ਇਕ ਨਰਮ, ਡਲਕਦਾ ਗ਼ਲੀਚਾ ਵਿਛਿਆ ਹੋਇਆ ਸੀ ਤੇ ਉਹਦੇ ਉਤੇ ਰੇਸ਼ਮੀ ਗੱਦੀਆਂ ਪਈਆਂ ਸਨ ।
"ਚਲੋ, ਗ਼ਲੀਚੇ 'ਤੇ ਲੋਟ ਲਈਏ ਤੇ ਆਪਣੇ ਥੱਕੇ ਹੱਡਾਂ ਨੂੰ ਆਰਾਮ ਕਰ ਲੈਣ ਦਈਏ, ਘੰਟਾ ਕੁ ਠੌਂਕਾ ਲਾ ਲਈਏ," ਦੋਵਾਂ ਵਡੇ ਭਰਾਵਾਂ ਨੇ ਆਖਿਆ।
"ਨਹੀਂ, ਭਰਾਵੋ, ਗ਼ਲੀਚਾ ਨਰਮ ਨਹੀਂ ਜੇ ਲੱਗਣ ਲਗਾ," ਈਵਾਨ ਨੂੰ ਉਹਨਾਂ ਨੂੰ ਆਖਿਆ।
ਇਹ ਗਲ ਸੁਣ ਦੋਵੇਂ ਵਡੇ ਭਰਾ ਗੁੱਸੇ ਹੋ ਗਏ।
"ਸਾਨੂੰ ਮੱਤਾਂ ਕਿਉਂ ਦੇਂਦਾ ਰਹਿਣੈ ?' ਉਹ ਪੁੱਛਣ ਲਗੇ । ਅਸੀਂ ਇਹ ਨਾ ਕਰੀਏ ਤੇ ਉਹ ਨਾ ਕਰੀਏ ।"
ਉਪਰ, ਈਵਾਨ ਨੇ ਜਵਾਬ ਵਿਚ ਇਕ ਲਫ਼ਜ਼ ਵੀ ਨਾ ਕਿਹਾ। ਉਹਨੇ ਆਪਣੀ ਪੇਟੀ ਲਾਈ ਤੇ ਗ਼ਲੀਚੇ ਉੱਤੇ ਸੁਟ ਦਿਤੀ। ਤੇ ਪੇਟੀ ਬਲ ਉਠੀ ਤੇ ਸੜ ਕੇ ਕੋਲਾ ਹੋ ਗਈ ।
"ਤੁਹਾਡੇ ਨਾਲ ਵੀ ਇਹੋ ਕੁਝ ਈ ਹੋਣਾ ਸੀ," ਈਵਾਨ ਨੇ ਆਪਣੇ ਭਰਾਵਾਂ ਨੰ ਕਿਹਾ। ਉਹ ਨੇੜੇ ਗਿਆ ਤੇ ਆਪਣੀ ਤਲਵਾਰ ਨਾਲ ਗ਼ਲੀਚੇ ਤੇ ਗੱਦੀਆਂ ਦੇ ਟੋਟੇ ਕਰਨ ਲੱਗਾ ।ਉਹਨੇ ਉਹਨਾਂ ਦੀਆਂ ਫੀਤੀਆਂ ਕਰ ਦਿਤੀਆਂ ਤੇ ਪਰ੍ਹਾਂ ਸੁਟ ਵਗਾਈਆਂ ਤੇ ਆਖਿਆ :
"ਭਰਾਵੋ, ਤੁਹਾਨੂੰ ਮੇਰੇ 'ਤੇ ਗਿਲਾ ਨਹੀਂ ਕਰਨਾ ਚਾਹੀਦਾ । ਏਸ ਲਈ ਕਿ ਖੂਹੀ, ਸੇਆਂ ਦਾ ਦਰਖ਼ਤ ਤੇ ਗ਼ਲੀਚਾ ਉਹ ਨਹੀਂ ਸਨ, ਜੁ ਉਹ ਲਗਦੇ ਸਨ, ਸਗੋਂ ਤਿੰਨੋਂ ਚੁਦੋ-ਯੁਦੋਆਂ ਦੀਆਂ ਵਹੁਟੀਆਂ ਸਨ । ਉਹ ਸਾਨੂੰ ਮਾਰਨਾ ਚਾਹੁੰਦੀਆਂ ਸਨ, ਪਰ ਮਾਰ ਨਹੀਂ ਸਕੀਆਂ, ਸਗੋਂ ਆਪ ਮਰ-ਮੁਕ ਗਈਆਂ ਨੇ ।"

ਭਰਾ ਅਗੇ ਚਲਦੇ ਗਏ ਤੇ ਉਹ ਬਹੁਤ ਅਗੇ ਨਿਕਲ ਗਏ ਜਾਂ ਘਟ ਅਗੇ ਨਿਕਲ ਗਏ, ਇਹਦੀ ਕਿਸੇ ਨੂੰ ਖ਼ਬਰ ਨਹੀਂ, ਪਰ ਚਾਣਚਕ ਹੀ ਅਸਮਾਨ ਕਾਲਾ ਸ਼ਾਹ ਹੋ ਗਿਆ, ਹਵਾ ਚਾਂਗਰਨ ਲਗ ਪਈ, ਤੇ ਜ਼ਮੀਨ ਕੰਬਣ ਤੇ ਸਾਂ-ਸਾਂ ਕਰਨ ਲਗ ਪਈ, ਤੇ ਉਹਨਾਂ ਵੇਖਿਆ, ਇਕ ਬਹੁਤ ਵਡੀ ਸੂਰਨੀ ਉਹਨਾਂ ਦੇ ਪਿਛੋਂ ਭੱਜੀ ਆ ਰਹੀ ਸੀ । ਉਹਨੇ ਆਪਣੇ ਜਬਾੜੇ ਚੁਪਾਟ ਖੋਲ੍ਹ ਲਏ ਤੇ ਈਵਾਨ ਤੇ ਉਹਦੇ ਭਰਾਵਾਂ ਨੂੰ ਨਿਘਾਰ ਹੀ ਚੱਲੀ ਸੀ। ਪਰ ਉਹ ਤਿੰਨੇ ਏਨੇ ਸਿਧੇ-ਸਾਦੇ ਨਹੀਂ ਸਨ। ਉਹਨਾਂ ਆਪਣੀਆਂ ਗੁੱਥੀਆਂ ਵਿਚੋਂ ਇਕ-ਇਕ ਪੂਡ ਲੂਣ ਧਰੂਹ ਕਢਿਆ ਤੇ ਸੂਰਨੀ ਦੀ ਖੁਲ੍ਹੀ ਥੂਥਨੀ ਵਿਚ ਦੇ ਮਾਰਿਆ।
ਸੂਰਨੀ ਦੀ ਖੁਸ਼ੀ ਦੀ ਹਦ ਨਾ ਰਹੀ। ਉਹਨੇ ਇਹ ਸੋਚ ਲਿਆ ਕਿ ਕਿਸਾਨਾਂ ਦੇ ਮੁੰਡੇ ਈਵਾਨ ਤੇ ਉਹਦੇ ਦੋਵਾਂ ਭਰਾਵਾਂ ਨੂੰ ਉਹਨੇ ਫੜ ਲਿਆ ਸੀ, ਤੇ ਉਹ ਖਲੋ ਗਈ ਤੇ ਲੂਣ ਨੂੰ ਚਿੱਬਣ ਲਗ ਪਈ। ਪਰ ਸੁਆਦ ਤੋਂ ਇਹ ਮਹਿਸੂਸ ਕਰਦੀ ਕਿ ਇਹ ਲੂਣ ਸੀ, ਉਹ ਫੇਰ ਉਹਨਾਂ ਦੇ ਪਿਛੇ ਭਜ ਪਈ ।
ਉਹ ਭਜਦੀ ਗਈ, ਉਹਦੇ ਲੂੰ ਕੰਡੇ ਖੜੇ ਸਨ, ਉਹ ਦੰਦ ਕਰੀਚ ਰਹੀ ਸੀ, ਤੇ ਉਹ ਛੇਤੀ ਹੀ ਉਹਨਾਂ ਨੂੰ ਆ ਰਲੀ ਤੇ ਉਹਨਾਂ ਦੇ ਕੋਲ ਪਹੁੰਚਣ ਵਾਲੀ ਹੋ ਗਈ ।
ਉਹਨੂੰ ਵੇਖ, ਈਵਾਨ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਉਹ ਵਾਗਾਂ ਵਖ-ਵਖ ਪਾਸਿਆਂ ਨੂੰ ਮੋੜ ਲੈਣ, ਤੇ ਉਹਨਾਂ ਵਿਚੋਂ ਇਕ ਸੱਜੇ ਹਥ ਨਿਕਲ ਗਿਆ ਤੇ ਦੂਜਾ ਖੱਥੇ ਹਥ ਤੇ ਈਵਾਨ ਆਪ-ਸਿੱਧਾ ਅਗੇ ਵਲ।
ਸੂਰਨੀ ਭੱਜੀ ਆਈ ਤੇ ਫੇਰ ਅਟਕ ਗਈ, ਏਸ ਲਈ ਕਿ ਉਹਨੂੰ ਸੁਝ ਨਹੀਂ ਸੀ ਰਿਹਾ ਕਿ ਪਹਿਲ ਕਿਹਦੇ ਪਿਛੇ ਜਾਏ ।
ਜਦੋਂ ਉਹ ਜਕੋ-ਤਕੇ ਵਿਚ ਪਈ ਖੜੀ ਸੀ ਤੇ ਆਪਣੀ ਥੂਥਨੀ ਏਧਰ-ਓਧਰ ਮਾਰ ਰਹੀ ਸੀ, ਈਵਾਨ ਉਹਦੇ ਉਤੇ ਟੁਟ ਪਿਆ, ਉਹਨੇ ਉਹਨੂੰ ਚੁਕ ਲਿਆ ਤੇ ਆਪਣੇ ਪੂਰੇ ਜ਼ੋਰ ਨਾਲ ਜ਼ਮੀਨ ਉਤੇ ਦੇ ਮਾਰਿਆ। ਸੂਰਨੀ ਚੂਰਾ-ਚੂਰਾ ਹੋ ਮਿਟੀ ਹੋ ਗਈ, ਤੇ ਮਿੱਟੀ ਹਵਾ ਨੇ ਖਿੰਡਾ ਦਿਤੀ।
ਉਸ ਵੇਲੇ ਤੋਂ ਪਿਛੋ ਉਹਨਾਂ ਇਲਾਕਿਆਂ ਵਿਚ ਕਦੀ ਕੋਈ ਦੈਂਤ, ਅਜਗਰ ਜਾਂ ਸਪ ਨਹੀਂ ਨਿਕਲਿਆ, ਤੇ ਲੋਕਾਂ ਨੂੰ ਕਿਸੇ ਗਲ ਦਾ ਡਰ-ਭਓ ਨਹੀਂ ।
ਜਿਥੋਂ ਤਕ ਕਿਸਾਨ-ਜਾਏ ਈਵਾਨ ਤੇ ਊਹਦੇ ਦੋ ਭਰਾਵਾਂ ਦਾ ਸਵਾਲ ਏ, ਉਹ ਵਾਪਸ ਆਪਣੇ ਮਾਪਿਆਂ ਕੋਲ ਪਹੁੰਚ ਗਏ, ਤੇ ਫੇਰ ਉਹ ਸਾਰੇ ਖੁਸ਼ੀ-ਖੁਸ਼ਾਈਂ ਰਹਿੰਦੇ ਰਹੇ, ਆਪਣੀਆਂ ਪੈਲੀਆਂ ਵਾਂਹਦੇ, ਆਪਣੀ ਕਣਕ ਬੀਜਦੇ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ