Mantar (Story in Punjabi) : Saadat Hasan Manto

ਮੰਤਰ (ਕਹਾਣੀ) : ਸਆਦਤ ਹਸਨ ਮੰਟੋ

ਨੰਨ੍ਹਾ ਰਾਮ ਨੰਨ੍ਹਾ ਤਾਂ ਸੀ ਪਰ ਸ਼ਰਾਰਤਾਂ ਦੇ ਲਿਹਾਜ਼ ਨਾਲ ਬਹੁਤ ਵੱਡਾ ਸੀ। ਚਿਹਰੇ ਤੋਂ ਬੇਹੱਦ ਭੋਲਾ ਭਾਲਾ ਜਾਪਦਾ। ਕੋਈ ਨਕਸ਼ ਅਜਿਹਾ ਨਹੀਂ ਸੀ ਜਿਸ ਤੋਂ ਸ਼ੋਖੀ ਦਾ ਪਤਾ ਲਗਦਾ ਹੋਵੇ। ਉਸ ਦੇ ਸਰੀਰ ਦਾ ਹਰ ਅੰਗ ਭੱਦੇਪਣ ਦੀ ਹਾਲਤ ਤਕ ਮੋਟਾ ਸੀ। ਜਦੋਂ ਤੁਰਦਾ ਤਾਂ ਇਉਂ ਲਗਦਾ ਜਿਵੇਂ ਫੁੱਟਬਾਲ ਲੁੜ੍ਹਕ ਰਿਹਾ ਹੈ। ਉਮਰ ਮੁਸ਼ਕਿਲ ਨਾਲ ਅੱਠ ਵਰ੍ਹਿਆਂ ਦੀ ਹੋਵੇਗੀ, ਮਗਰ ਅੰਤਾਂ ਦਾ ਜ਼ਹੀਨ ਤੇ ਚਲਾਕ ਸੀ। ਐਪਰ ਉਸ ਦੀ ਜ਼ਹਾਨਤ ਤੇ ਚਲਾਕੀ ਦਾ ਪਤਾ ਉਸ ਦੇ ਸ਼ਕਲ-ਸੂਰਤ ਤੋਂ ਲਾਉੇਣਾ ਬਹੁਤ ਮੁਸ਼ਕਿਲ ਸੀ। ਰਾਮ ਦੇ ਪਿਤਾ ਮਿਸਟਰ ਰਾਮਾ ਸ਼ੰਕਰ ਅਚਾਰੀਆ ਐਮ[ਏ[ ਐਲ਼ਐਲ਼ਬੀ[ ਕਿਹਾ ਕਰਦੇ ਸਨ, "ਮੂੰਹ ਵਿਚ ਰਾਮ ਰਾਮ ਅਤੇ ਬਗ਼ਲ ਵਿਚ ਛੁਰੀ" ਵਾਲੀ ਮਿਸਾਲ ਇਸ ਰਾਮ ਲਈ ਹੀ ਬਣਾਈ ਗਈ ਹੈ।
ਰਾਮ ਦੇ ਮੂੰਹ ਤੋਂ ਰਾਮ ਰਾਮ ਤਾਂ ਕਿਸੇ ਨੇ ਸੁਣਿਆ ਨਹੀਂ ਸੀ। ਹਾਂ, ਉਸ ਦੀ ਬਗ਼ਲ ਵਿਚ ਛੁਰੀ ਦੀ ਥਾਂ ਇਕ ਛੋਟੀ ਜਿਹੀ ਛੜੀ ਜ਼ਰੂਰ ਹੁੰਦੀ ਸੀ ਜਿਸ ਨਾਲ ਉਹ ਕਦੇ ਕਦੇ ਡਗਲਸ ਫੇਅਰਬੈਂਕਸ ਯਾਨਿ ਬਗ਼ਦਾਦੀ ਚੋਰ ਦੀ ਤਲਵਾਰਬਾਜ਼ੀ ਦੀ ਨਕਲ ਕਰਿਆ ਕਰਦਾ ਸੀ।
ਜਦੋਂ ਰਾਮ ਦੀ ਮਾਂ ਮਿਸਿਜ਼ ਰਾਮਾ ਸ਼ੰਕਰ ਅਚਾਰੀਆ ਉਸ ਨੂੰ ਕੰਨਾਂ ਤੋਂ ਫੜ ਕੇ ਉਸ ਦੇ ਬਾਪ ਦੇ ਸਾਹਮਣੇ ਲਿਆਈ ਤਾਂ ਉਹ ਬਿਲਕੁਲ ਖਾਮੋਸ਼ ਸੀ। ਅੱਖਾਂ ਖੁਸ਼ਕ ਸਨ। ਉਸ ਦਾ ਇਕ ਕੰਨ ਜੋ ਮਾਂ ਦੇ ਹੱਥ ਵਿਚ ਸੀ, ਦੂਜੇ ਕੰਨ ਨਾਲੋਂ ਵੱਡਾ ਜਾਪਦਾ ਸੀ। ਉਹ ਮੁਸਕਰਾ ਰਿਹਾ ਸੀ ਪਰ ਉਸ ਦੀ ਮੁਸਕਰਾਹਟ ਵਿਚ ਅੰਤਾਂ ਦਾ ਭੋਲਾਪਣ ਸੀ। ਮਾਂ ਦਾ ਚਿਹਰਾ ਗੁੱਸੇ ਨਾਲ ਲਾਲ ਪੀਲ਼ਾ ਹੋਇਆ ਪਿਆ ਸੀ। ਜਦਕਿ ਉਸ ਦੇ ਚਿਹਰੇ ਤੋਂ ਲਗਦਾ ਸੀ ਕਿ ਉਹ ਆਪਣੀ ਮਾਂ ਨਾਲ ਖੇਡ ਰਿਹਾ ਹੈ ਅਤੇ ਆਪਣੇ ਕੰਨ ਨੂੰ ਮਾਂ ਦੇ ਹੱਥ ਵਿਚ ਦੇ ਕੇ ਇਕ ਖਾਸ ਕਿਸਮ ਦਾ ਸੁਆਦ ਲੈ ਰਿਹਾ ਹੈ ਜਿਸ ਨੂੰ ਉਹ ਦੂਜਿਆਂ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੁੰਦਾ।
ਜਦ ਰਾਮ ਮਿਸਟਰ ਸ਼ੰਕਰ ਆਚਾਰੀਆ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਹ ਆਰਾਮ ਕੁਰਸੀ ਉਤੇ ਜਚ ਕੇ ਬੈਠ ਗਏ ਕਿ ਇਸ ਨਾਲਾਇਕ ਦੇ ਕੰਨ ਖਿੱਚਣ। ਹਾਲਾਂਕਿ ਉਹ ਉਸ ਦੇ ਕੰਨ ਖਿੱਚ ਖਿੱਚ ਕੇ ਕਾਫੀ ਜ਼ਿਆਦਾ ਲੰਮੇ ਕਰ ਚੁੱਕੇ ਸਨ ਤੇ ਉਸ ਦੀਆਂ ਸ਼ਰਾਰਤਾਂ ਵਿਚ ਕੋਈ ਫਰਕ ਨਹੀਂ ਆਇਆ ਸੀ। ਉਹ ਅਦਾਲਤ ਵਿਚ ਕਾਨੂੰਨ ਦੇ ਜ਼ੋਰ ਨਾਲ ਬਹੁਤ ਕੁਝ ਕਰ ਲੈਂਦੇ ਸਨ ਪਰ ਇਥੇ ਛੋਟੇ ਜਿਹੇ ਬੱਚੇ ਦੇ ਸਾਹਮਣੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਸੀ ਚਲਦੀ।
ਇਕ ਵਾਰ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਿਸੇ ਸ਼ਰਾਰਤ ਉਤੇ ਉਸ ਨੂੰ ਪਰਮੇਸ਼ਰ ਦੇ ਨਾਂ 'ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, "ਦੇਖ ਰਾਮ, ਤੂੰ ਚੰਗਾ ਮੁੰਡਾ ਬਣ ਜਾਹ, ਨਹੀਂ ਤਾਂ ਮੈਨੂੰ ਡਰ ਹੈ ਪਰਮੇਸ਼ਰ ਤੇਰੇ ਨਾਲ ਖਫਾ ਹੋ ਜਾਣਗੇ।"
ਰਾਮ ਨੇ ਜਵਾਬ ਦਿੱਤਾ ਸੀ, "ਤੁਸੀਂ ਵੀ ਤਾਂ ਖਫਾ ਹੁੰਦੇ ਹੀ ਹੋ ਤੇ ਮੈਂ ਤੁਹਾਨੂੰ ਮਨਾ ਲੈਂਦਾ ਹਾਂ।" ਅਤੇ ਫਿਰ ਥੋੜ੍ਹੀ ਦੇਰ ਸੋਚਣ ਬਾਅਦ ਉਸ ਨੇ ਪੁੱਛਿਆ ਸੀ, "ਬਾਪੂ ਜੀ, ਇਹ ਪਰਮੇਸ਼ਰ ਕੌਣ ਹਨ?"
ਮਿਸਟਰ ਸ਼ੰਕਰ ਅਚਾਰੀਆ ਨੇ ਉਸ ਨੂੰ ਸਮਝਾਉਣ ਲਈ ਜਵਾਬ ਦਿੱਤਾ ਸੀ, "ਭਗਵਾਨ, ਹੋਰ ਕੌਣ। ਸਾਡੇ ਸਭ ਤੋਂ ਵੱਡੇ।"
"ਇਸ ਮਕਾਨ ਜਿੱਡੇ।"
"ਇਸ ਤੋਂ ਵੀ ਵੱਡੇ। ਦੇਖ ਹੁਣ ਤੂੰ ਕੋਈ ਸ਼ਰਾਰਤ ਨਾ ਕਰੀਂ, ਨਹੀਂ ਤਾਂ ਉਹ ਤੈਨੂੰ ਮਾਰ ਸੁੱਟਣਗੇ।" ਮਿਸਟਰ ਸ਼ੰਕਰ ਅਚਾਰੀਆ ਨੇ ਆਪਣੇ ਬੇਟੇ ਨੂੰ ਭੈਅ ਭੀਤ ਕਰਨ ਲਈ ਪਰਮੇਸ਼ਰ ਨੂੰ ਕੁਝ ਜ਼ਿਆਦਾ ਹੀ ਡਰਾਉਣੀ ਸ਼ਕਲ ਵਿਚ ਪੇਸ਼ ਕਰਨ ਪਿੱਛੋਂ ਇਹ ਖਿਆਲ ਕਰ ਲਿਆ ਸੀ ਕਿ ਹੁਣ ਰਾਮ ਸੁਧਰ ਜਾਵੇਗਾ, ਕੋਈ ਸ਼ਰਾਰਤ ਨਹੀਂ ਕਰੇਗਾ। ਐਪਰ ਰਾਮ ਨੇ ਜੋ ਇਸ ਵਕਤ ਖਾਮੋਸ਼ ਬੈਠਾ ਸੀ ਤੇ ਆਪਣੇ ਜ਼ਿਹਨ ਦੀ ਤੱਕੜੀ ਵਿਚ ਪਰਮੇਸ਼ਰ ਨੂੰ ਤੋਲ ਰਿਹਾ ਸੀ, ਕੁਝ ਦੇਰ ਵਿਚਾਰ ਕਰਨ ਪਿੱਛੋਂ ਜਦ ਬੜੇ ਭੋਲ਼ੇਪਣ ਨਾਲ ਕਿਹਾ ਸੀ, "ਬਾਪੂ ਜੀ, ਤੁਸੀਂ ਮੈਨੂੰ ਪਰਮੇਸ਼ਰ ਦਿਖਾ ਦਿਉ", ਤਾਂ ਮਿਸਟਰ ਸ਼ੰਕਰ ਅਚਾਰੀਆ ਦੀ ਸਾਰੀ ਕਾਨੂੰਨਦਾਨੀ ਤੇ ਵਕਾਲਤ ਧਰੀ ਦੀ ਧਰੀ ਰਹਿ ਗਈ ਸੀ।
ਕਿਸੇ ਮੁਕੱਦਮੇ ਦਾ ਹਵਾਲਾ ਦੇਣਾ ਹੁੰਦਾ ਤਾਂ ਉਹ ਉਸ ਨੂੰ ਫਾਈਲ ਕੱਢ ਕੇ ਦਿਖਾ ਦਿੰਦੇ ਜਾਂ ਜੇ ਕੋਈ ਭਾਰਤੀ ਦੰਡਾਵਲੀ ਦੀ ਕਿਸੇ ਧਾਰਾ ਸੰਬੰਧੀ ਸਵਾਲ ਕਰਦਾ ਤਾਂ ਉਹ ਆਪਣੀ ਮੇਜ਼ ਤੋਂ ਉਹ ਮੋਟੀ ਕਿਤਾਬ ਚੁੱਕ ਕੇ ਖੋਲ੍ਹਣਾ ਸ਼ੁਰੂ ਕਰ ਦਿੰਦੇ ਜਿਸ ਦੀ ਜਿਲਦ 'ਤੇ ਉਨ੍ਹਾਂ ਦੇ ਇਸ ਮੁੰਡੇ ਨੇ ਚਾਕੂ ਨਾਲ ਬੇਲ ਬੂਟੇ ਬਣਾ ਰੱਖੇ ਸਨ। ਐਪਰ ਉਹ ਪਰਮੇਸ਼ਰ ਨੂੰ ਫੜ ਕੇ ਕਿੱਥੋਂ ਲਿਆਉਂਦੇ ਜਿਸ ਬਾਰੇ ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਸੀ ਕਿ ਉਹ ਕੀ ਹੈ, ਕਿੱਥੇ ਰਹਿੰਦਾ ਹੈ ਤੇ ਕੀ ਕਰਦਾ ਹੈ!
ਜਿਸ ਤਰ੍ਹਾਂ ਉਨ੍ਹਾਂ ਨੂੰ ਪਤਾ ਸੀ ਕਿ ਧਾਰਾ ੩੨੯ ਚੋਰੀ ਦੇ ਮਾਮਲੇ ਵਿਚ ਲਾਗੂ ਹੁੰਦੀ ਹੈ, ਇਸੇ ਤਰ੍ਹਾਂ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਮਾਰਨ ਤੇ ਪੈਦਾ ਕਰਨ ਵਾਲੇ ਨੂੰ ਪਰਮੇਸ਼ਰ ਕਹਿੰਦੇ ਹਨ। ਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਜਿਸ ਦੇ ਕਾਨੂੰਨ ਬਣੇ ਹੋਏ ਹਨ, ਦੀ ਅਸਲੀਅਤ ਕੀ ਹੈ, ਠੀਕ ਇਸੇ ਤਰ੍ਹਾਂ ਉਨ੍ਹਾਂ ਨੂੰ ਪਰਮੇਸ਼ਰ ਦੀ ਅਸਲੀਅਤ ਦਾ ਪਤਾ ਨਹੀਂ ਸੀ। ਉਹ ਐਮ[ਏ[ ਐਲਐਲਬੀ[ ਤਾਂ ਸਨ ਪਰ ਇਹ ਡਿਗਰੀ ਉਨ੍ਹਾਂ ਨੇ ਅਜਿਹੀਆਂ ਉਲਝਣਾਂ ਵਿਚ ਫਸਣ ਲਈ ਨਹੀਂ ਸਗੋਂ ਦੌਲਤ ਕਮਾਉਣ ਲਈ ਹਾਸਲ ਕੀਤੀ ਸੀ। ਉਹ ਰਾਮ ਨੂੰ ਪਰਮੇਸ਼ਰ ਨਾ ਦਿਖਾ ਸਕੇ ਅਤੇ ਨਾ ਉਸ ਨੂੰ ਕੋਈ ਢੁਕਵਾਂ ਜਵਾਬ ਹੀ ਦੇ ਸਕੇ। ਇਸ ਲਈ ਕਿ ਇਹ ਸਵਾਲ ਹੀ ਕੁਝ ਇਸ ਤਰ੍ਹਾਂ ਅਚਾਨਕ ਤੌਰ 'ਤੇ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਦਿਮਾਗ਼ ਬਿਲਕੁਲ ਖਾਲੀ ਹੋ ਗਿਆ ਸੀ। ਉਹ ਸਿਰਫ ਇਹੀ ਕਹਿ ਸਕੇ ਸਨ, "ਜਾਹ ਰਾਮ, ਮੇਰਾ ਦਿਮਾਗ਼ ਨਾ ਚੱਟ, ਮੈਂ ਬਹੁਤ ਕੰਮ ਕਰਨਾ ਹੈ।"
ਇਸ ਸਮੇਂ ਉਨ੍ਹਾਂ ਨੇ ਕੰਮ ਸੱਚਮੁੱਚ ਬਹੁਤ ਕਰਨਾ ਸੀ ਪਰ ਉਹ ਆਪਣੀਆਂ ਪੁਰਾਣੀਆਂ ਹਾਰਾਂ ਭੁੱਲ ਕੇ ਝੱਟ ਹੀ ਇਸ ਮੁਕੱਦਮੇ ਦਾ ਫੈਸਲਾ ਕਰ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਰਾਮ ਵੱਲ ਕੈਰੀਆਂ ਨਿਗਾਹਾਂ ਨਾਲ ਦੇਖ ਕੇ ਆਪਣੀ ਧਰਮ ਪਤਨੀ ਨੂੰ ਕਿਹਾ, "ਅੱਜ ਇਸ ਨੇ ਕਿਹੜੀ ਨਵੀਂ ਸ਼ਰਾਰਤ ਕੀਤੀ ਹੈ, ਮੈਨੂੰ ਛੇਤੀ ਦੱਸ, ਮੈਂ ਅੱਜ ਇਹਨੂੰ ਡਬਲ ਸਜ਼ਾ ਦੇਵਾਂਗਾ।"
ਮਿਸਿਜ਼ ਅਚਾਰੀਆ ਨੇ ਰਾਮ ਦਾ ਕੰਨ ਛੱਡ ਦਿੱਤਾ ਤੇ ਕਿਹਾ, "ਇਸ ਮੋਟੇ ਨੇ ਤਾਂ ਜੀਣਾ ਦੁੱਭਰ ਕਰ ਰੱਖਿਆ ਹੈ, ਜਦੋਂ ਦੇਖੋ ਨੱਚਣਾ, ਟੱਪਣਾ। ਨਾ ਆਏ ਦੀ ਸ਼ਰਮ, ਨਾ ਗਏ ਦਾ ਲਿਹਾਜ਼। ਸਵੇਰ ਤੋਂ ਮੈਨੂੰ ਸਤਾ ਰਿਹਾ ਹੈ। ਕਈ ਵਾਰ ਕੁਟਾਪਾ ਚਾੜ੍ਹ ਚੁੱਕੀ ਹਾਂ, ਪਰ ਇਹ ਆਪਣੀਆਂ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦਾ। ਰਸੋਈ ਵਿਚੋਂ ਦੋ ਕੱਚੇ ਟਮਾਟਰ ਚੁੱਕ ਕੇ ਖਾ ਗਿਆ ਹੈ, ਹੁਣ ਮੈਂ ਸਲਾਦ ਵਿਚ ਇਹਦਾ ਸਿਰ ਪਾਵਾਂ।"
ਇਹ ਸੁਣ ਕੇ ਮਿਸਟਰ ਰਾਮਾ ਸ਼ੰਕਰ ਨੂੰ ਧੱਕਾ ਜਿਹਾ ਲੱਗਿਆ। ਉਹ ਖਿਆਲ ਕਰ ਰਹੇ ਸਨ ਕਿ ਰਾਮ ਖਿਲਾਫ ਕੋਈ ਸੰਗੀਨ ਇਲਜ਼ਾਮ ਹੋਵੇਗਾ ਪਰ ਇਹ ਸੁਣ ਕੇ ਕਿ ਉਸ ਨੇ ਰਸੋਈ ਵਿਚੋਂ ਸਿਰਫ ਦੋ ਕੱਚੇ ਟਮਾਟਰ ਚੁੱਕ ਕੇ ਖਾਧੇ ਹਨ, ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ। ਰਾਮ ਨੂੰ ਝਿੜਕਣ-ਝਾੜਨ ਦੀ ਉਨ੍ਹਾਂ ਦੀ ਸਾਰੀ ਤਿਆਰੀ ਇਕਦਮ ਠੰਢੀ ਪੈ ਗਈ। ਉਨ੍ਹਾਂ ਨੂੰ ਇਉਂ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਸੀਨਾ ਇਕਦਮ ਖਾਲੀ ਹੋ ਗਿਆ ਹੈ ਜਿਵੇਂ ਇਕ ਵਾਰ ਉਨ੍ਹਾਂ ਦੀ ਮੋਟਰ ਦੇ ਪਹੀਏ ਦੀ ਸਾਰੀ ਹਵਾ ਨਿਕਲ ਗਈ ਸੀ।
ਟਮਾਟਰ ਖਾਣਾ ਕੋਈ ਜੁਰਮ ਨਹੀਂ। ਇਸ ਤੋਂ ਬਿਨਾਂ ਮਿਸਟਰ ਸ਼ੰਕਰ ਅਚਾਰੀਆ ਦੇ ਇਕ ਮਿੱਤਰ, ਜੋ ਜਰਮਨੀ ਤੋਂ ਡਾਕਟਰੀ ਦੀ ਉਚੀ ਸਨਦ ਲੈ ਕੇ ਆਇਆ ਸੀ, ਨੇ ਉਨ੍ਹਾਂ ਨੂੰ ਕਿਹਾ ਸੀ ਕਿ ਆਪਣੇ ਬੱਚਿਆਂ ਨੂੰ ਖਾਣੇ ਵਿਚ ਕੱਚੇ ਟਮਾਟਰ ਜ਼ਰੂਰ ਦਿਆ ਕਰੋ, ਕਿਉਂਕਿ ਉਨ੍ਹਾਂ ਵਿਚ ਵਿਟਾਮਿਨ ਬਹੁਤ ਹੁੰਦੇ ਹਨ ਪਰ ਹੁਣ ਕਿਉਂ ਜੁ ਉਹ ਰਾਮ ਦੀ ਝਾੜ-ਝੰਬ ਲਈ ਤਿਆਰ ਹੋ ਚੁੱਕੇ ਸਨ ਅਤੇ ਉਨ੍ਹਾਂ ਦੀ ਬੀਵੀ ਦੀ ਵੀ ਇਹੀ ਖਾਹਿਸ਼ ਸੀ, ਇਸ ਲਈ ਉਨ੍ਹਾਂ ਨੇ ਥੋੜ੍ਹੀ ਦੇਰ ਵਿਚਾਰ ਕੇ ਇਕ ਕਾਨੂੰਨੀ ਨੁਕਤਾ ਲੱਭਿਆ ਅਤੇ ਇਸ ਲੱਭਤ ਉਤੇ ਦਿਲ ਹੀ ਦਿਲ ਵਿਚ ਖੁਸ਼ ਹੋ ਕੇ ਆਪਣੇ ਬੇਟੇ ਨੂੰ ਕਿਹਾ, "ਮੇਰੇ ਨੇੜੇ ਆ, ਅਤੇ ਜੋ ਕੁਝ ਮੈਂ ਤੈਥੋਂ ਪੁੱਛਾਂ, ਸੱਚ ਸੱਚ ਦੱਸ।"
ਮਿਸਿਜ਼ ਰਾਮਾ ਸ਼ੰਕਰ ਅਚਾਰੀਆ ਚਲੀ ਗਈ ਅਤੇ ਰਾਮ ਚੁੱਪਚਾਪ ਆਪਣੇ ਬਾਪ ਦੇ ਸਾਹਮਣੇ ਖੜ੍ਹਾ ਹੋ ਗਿਆ। ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਪੁੱਛਿਆ, "ਤੂੰ ਰਸੋਈ ਵਿਚੋਂ ਦੋ ਕੱਚੇ ਟਮਾਟਰ ਕੱਢ ਕੇ ਕਿਉਂ ਖਾਧੇ?"
ਰਾਮ ਨੇ ਜਵਾਬ ਦਿੱਤਾ, "ਦੋ ਕਿੱਥੇ ਸੀ, ਮਾਂ ਝੂਠ ਬੋਲਦੀ ਹੈ।"
"ਤੂੰ ਹੀ ਦੱਸ ਕਿੰਨੇ ਸੀ।"
"ਡੇਢ। ਇਕ ਅਤੇ ਅੱਧਾ", ਰਾਮ ਨੇ ਇਹ ਲਫਜ਼ ਉਂਗਲ਼ੀਆਂ ਨਾਲ ਅੱਧੇ ਦਾ ਨਿਸ਼ਾਨ ਬਣਾ ਕੇ ਬੋਲੇ, "ਦੂਜੇ ਅੱਧੇ ਨਾਲ ਮਾਤਾ ਜੀ ਨੇ ਦੁਪਹਿਰ ਨੂੰ ਚਟਣੀ ਬਣਾਈ ਸੀ।"
"ਚਲੋ ਡੇਢ ਹੀ ਸਹੀ, ਪਰ ਤੂੰ ਇਹ ਉਥੋਂ ਚੁੱਕੇ ਕਿਉਂ?"
ਰਾਮ ਨੇ ਜਵਾਬ ਦਿੱਤਾ, "ਖਾਣ ਲਈ।"
"ਠੀਕ ਹੈ, ਪਰ ਤੂੰ ਚੋਰੀ ਕੀਤੀ", ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਾਨੂੰਨੀ ਨੁਕਤਾ ਪੇਸ਼ ਕੀਤਾ।
"ਚੋਰੀ! ਬਾਪੂ ਜੀ ਮੈਂ ਚੋਰੀ ਨਹੀਂ ਕੀਤੀ, ਟਮਾਟਰ ਖਾਧੇ ਹਨ, ਇਹ ਚੋਰੀ ਕਿਵੇਂ ਹੋਈ?" ਇਹ ਕਹਿੰਦਾ ਉਹ ਫਰਸ਼ 'ਤੇ ਬੈਠ ਗਿਆ ਅਤੇ ਗਹੁ ਨਾਲ ਆਪਣੇ ਪਿਉ ਵੱਲ ਦੇਖਣ ਲੱਗਿਆ।
"ਇਹ ਚੋਰੀ ਸੀ। ਦੂਜੇ ਦੀ ਚੀਜ਼ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਚੁੱਕ ਲੈਣਾ ਚੋਰੀ ਹੁੰਦੀ ਹੈ।" ਮਿਸਟਰ ਸ਼ੰਕਰ ਅਚਾਰੀਆ ਨੇ ਇਉਂ ਆਪਣੇ ਬੱਚੇ ਨੂੰ ਸਮਝਾਇਆ ਅਤੇ ਖਿਆਲ ਕੀਤਾ ਕਿ ਉਹ ਉਨ੍ਹਾਂ ਦਾ ਸਾਰ-ਤੱਤ ਚੰਗੀ ਤਰ੍ਹਾਂ ਸਮਝ ਗਿਆ ਹੈ। ਰਾਮ ਨੇ ਤੁਰੰਤ ਕਿਹਾ, "ਪਰ ਟਮਾਟਰ ਤਾਂ ਸਾਡੇ ਆਪਣੇ ਸਨ, ਮੇਰੀ ਮਾਤਾ ਜੀ ਦੇ।"
ਸ਼੍ਰੀਮਾਨ ਸ਼ੰਕਰ ਅਚਾਰੀਆ ਝੁੰਜਲਾ ਗਏ। ਫਿਰ ਵੀ ਉਨ੍ਹਾਂ ਝੱਟ ਆਪਣਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ, "ਤੇਰੀ ਮਾਤਾ ਜੀ ਦੇ ਸਨ, ਠੀਕ ਹੈ, ਪਰ ਉਹ ਤੇਰੇ ਤਾਂ ਨਹੀਂ ਨਾ ਹੋਏ। ਜੋ ਚੀਜ਼ ਉਨ੍ਹਾਂ ਦੀ ਹੈ, ਉਹ ਤੇਰੀ ਕਿਵੇਂ ਹੋ ਸਕਦੀ ਹੈ? ਦੇਖ ਸਾਹਮਣੇ ਮੇਜ਼ 'ਤੇ ਤੇਰਾ ਖਿਡੌਣਾ ਪਿਆ ਹੈ, ਚੁੱਕ ਲਿਆ, ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਉਂਦਾ ਹਾਂ।"
ਰਾਮ ਉਠਿਆ ਅਤੇ ਭੱਜ ਕੇ ਲੱਕੜੀ ਦਾ ਘੋੜਾ ਚੁੱਕ ਲਿਆਇਆ ਅਤੇ ਆਪਣੇ ਪਿਉ ਦੇ ਹੱਥ ਵਿਚ ਫੜਾ ਦਿੱਤਾ, "ਇਹ ਲਉ।"
ਮਿਸਟਰ ਰਾਮਾ ਸ਼ੰਕਰ ਅਚਾਰੀਆ ਬੋਲੇ, "ਹਾਂ! ਤਾਂ ਦੇਖ, ਇਹ ਘੋੜਾ ਤੇਰਾ ਹੈ ਨਾ?"
"ਜੀ ਹਾਂ।"
"ਜੇ ਮੈਂ ਇਹਨੂੰ ਤੇਰੀ ਇਜਾਜ਼ਤ ਤੋਂ ਬਗ਼ੈਰ ਚੁੱਕ ਕੇ ਆਪਣੇ ਕੋਲ਼ ਰੱਖ ਲਵਾਂ ਤਾਂ ਇਹ ਚੋਰੀ ਹੋਵੇਗੀ।" ਮਿਸਟਰ ਰਾਮਾ ਸ਼ੰਕਰ ਨੇ ਹੋਰ ਵਿਆਖਿਆ ਕਰਦਿਆਂ ਕਿਹਾ, "ਅਤੇ ਮੈਂ ਚੋਰ।"
"ਨਹੀਂ ਪਿਤਾ ਜੀ, ਤੁਸੀਂ ਇਸ ਨੂੰ ਆਪਣੇ ਕੋਲ਼ ਰੱਖ ਸਕਦੇ ਹੋ। ਮੈਂ ਤੁਹਾਨੂੰ ਚੋਰ ਨਹੀਂ ਕਹਾਂਗਾ। ਮੇਰੇ ਕੋਲ਼ ਖੇਡਣ ਲਈ ਹਾਥੀ ਜੁ ਹੈ। ਤੁਸੀਂ ਹੁਣ ਤਕ ਦੇਖਿਆ ਨਹੀਂ? ਕਲ੍ਹ ਹੀ ਮੁਣਸ਼ੀ ਦਾਦਾ ਨੇ ਲੈ ਕੇ ਦਿੱਤਾ ਹੈ। ਰੁਕੋ, ਮੈਂ ਹੁਣੇ ਤੁਹਾਨੂੰ ਦਿਖਾਉਂਦਾ ਹਾਂ।" ਇਹ ਕਹਿ ਕੇ ਤਾੜੀਆਂ ਵਜਾਉਂਦਾ ਹੋਇਆ ਉਹ ਦੂਜੇ ਕਮਰੇ ਵਿਚ ਚਲਿਆ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਅੱਖਾਂ ਝਪਕਦੇ ਰਹਿ ਗਏ।
ਦੂਜੇ ਦਿਨ ਮਿਸਟਰ ਰਾਮਾ ਸ਼ੰਕਰ ਨੂੰ ਇਕ ਖਾਸ ਕੰਮ ਲਈ ਪੂਨੇ ਜਾਣਾ ਪਿਆ। ਉਨ੍ਹਾਂ ਦੀ ਵੱਡੀ ਭੈਣ ਉਥੇ ਰਹਿੰਦੀ ਸੀ। ਕਾਫੀ ਚਿਰ ਤੋਂ ਉਹ ਛੋਟੇ ਰਾਮ ਨੂੰ ਦੇਖਣ ਲਈ ਬੇਕਰਾਰ ਸੀ। ਇੰਜ ਇਕ ਪੰਥ ਦੋ ਕਾਜ ਦੇ ਸਨਮੁਖ ਰਾਮਾ ਸ਼ੰਕਰ ਅਚਾਰੀਆ ਆਪਣੇ ਬੇਟੇ ਨੂੰ ਵੀ ਨਾਲ ਲੈ ਗਏ ਪਰ ਇਸ ਸ਼ਰਤ 'ਤੇ ਕਿ ਉਹ ਰਸਤੇ ਵਿਚ ਕੋਈ ਇੱਲਤ ਨਹੀਂ ਕਰੇਗਾ। ਨੰਨ੍ਹਾ ਰਾਮ ਇਸ ਸ਼ਰਤ ਉਤੇ ਪੋਰੀਬੰਦਰ ਦੇ ਸਟੇਸ਼ਨ ਤਕ ਹੀ ਕਾਇਮ ਰਹਿ ਸਕਿਆ। ਉਧਰ ਦੱਕਨ ਕੁਈਨ ਚੱਲੀ ਤੇ ਇਧਰ ਰਾਮ ਦੇ ਛੋਟੇ ਜਿਹੇ ਸੀਨੇ ਵਿਚ ਸ਼ਰਾਰਤਾਂ ਨੇ ਮਚਲਣਾ ਸ਼ੁਰੂ ਕਰ ਦਿੱਤਾ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਸੈਕੰਡ ਕਲਾਸ ਕੰਪਾਰਟਮੈਂਟ ਦੀ ਚੌੜੀ ਸੀਟ ਉਤੇ ਬੈਠੇ ਆਪਣੇ ਨਾਲ ਵਾਲ਼ੇ ਮੁਸਾਫਿਰ ਦਾ ਅਖਬਾਰ ਪੜ੍ਹ ਰਹੇ ਸਨ। ਤੇ ਸੀਟ ਦੇ ਆਖਰੀ ਹਿੱਸੇ ਉਤੇ ਰਾਮ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ ਤੇ ਹਵਾ ਦਾ ਦਬਾਅ ਦੇਖ ਕੇ ਇਹ ਸੋਚ ਰਿਹਾ ਸੀ ਕਿ ਜੇ ਉਹ ਉਸ ਨੂੰ ਲੈ ਉਡੇ ਤਾਂ ਕਿੰਨਾ ਮਜ਼ਾ ਆਵੇ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੀ ਐਨਕ ਦੇ ਕੋਣਿਆਂ ਵਿਚੀਂ ਰਾਮ ਵੱਲ ਦੇਖਿਆ ਤੇ ਉਸ ਨੂੰ ਬਾਹੋਂ ਫੜ ਕੇ ਹੇਠਾਂ ਬਿਠਾ ਦਿੱਤਾ। "ਤੂੰ ਚੈਨ ਵੀ ਲੈਣ ਦੇਵੇਂਗਾ ਜਾਂ ਨਹੀਂ, ਆਰਾਮ ਨਾਲ ਬਹਿ ਜਾ।" ਇਹ ਕਹਿੰਦਿਆਂ ਉਨ੍ਹਾਂ ਦੀ ਨਜ਼ਰ ਰਾਮ ਦੀ ਟੋਪੀ 'ਤੇ ਪਈ ਜੋ ਉਸ ਦੇ ਸਿਰ ਉਤੇ ਚਮਕ ਰਹੀ ਸੀ, "ਇਹਨੂੰ ਲਾਹ ਕੇ ਰੱਖ ਨਾਲਾਇਕ, ਹਵਾ ਇਹਨੂੰ ਉਡਾ ਕੇ ਲੈ ਜਾਵੇਗੀ।"
ਉਨ੍ਹਾਂ ਨੇ ਰਾਮ ਦੇ ਸਿਰ ਤੋਂ ਟੋਪੀ ਲਾਹ ਕੇ ਉਸ ਦੀ ਗੋਦ ਵਿਚ ਰੱਖ ਦਿੱਤੀ। ਪਰ ਥੋੜ੍ਹੀ ਦੇਰ ਬਾਅਦ ਟੋਪੀ ਫੇਰ ਰਾਮ ਦੇ ਸਿਰ ਉਤੇ ਸੀ ਅਤੇ ਉਹ ਖਿੜਕੀ ਤੋਂ ਬਾਹਰ ਸਿਰ ਕੱਢੀ ਦੌੜਦੇ ਹੋਏ ਦਰਖਤਾਂ ਨੂੰ ਗਹੁ ਨਾਲ ਦੇਖ ਰਿਹਾ ਸੀ। ਦਰਖਤਾਂ ਦੀ ਭੱਜ ਦੌੜ ਰਾਮ ਦੇ ਜ਼ਿਹਨ ਵਿਚ ਲੁਕਣਮੀਚੀ ਦੀ ਦਿਲਚਸਪ ਖੇਡ ਦਾ ਨਕਸ਼ਾ ਖਿੱਚ ਰਹੀ ਸੀ।
ਹਵਾ ਦੇ ਬੁੱਲੇ ਨਾਲ ਅਖਬਾਰ ਦੂਹਰਾ ਹੋ ਗਿਆ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਆਪਣੇ ਬੇਟੇ ਦੇ ਸਿਰ ਨੂੰ ਫੇਰ ਖਿੜਕੀ ਤੋਂ ਬਾਹਰ ਦੇਖਿਆ। ਗ਼ੁੱਸੇ ਵਿਚ ਉਨ੍ਹਾਂ ਨੇ ਉਸ ਦੀ ਬਾਂਹ ਖਿੱਚ ਕੇ ਆਪਣੇ ਕੋਲ਼ ਬਿਠਾਇਆ ਅਤੇ ਕਿਹਾ, "ਜੇ ਤੂੰ ਇਥੋਂ ਇਕ ਇੰਚ ਵੀ ਹਿੱਲਿਆ ਤਾਂ ਤੇਰੀ ਖੈਰ ਨਹੀਂ।" ਇਹ ਕਹਿ ਕੇ ਉਨ੍ਹਾਂ ਨੇ ਟੋਪੀ ਚੁੱਕ ਕੇ ਉਸ ਦੀਆਂ ਲੱਤਾਂ ਉਤੇ ਰੱਖ ਦਿੱਤੀ।
ਇਸ ਕੰਮ ਤੋਂ ਵਿਹਲੇ ਹੋ ਕੇ ਉਨ੍ਹਾਂ ਨੇ ਅਖਬਾਰ ਚੁੱਕਿਆ ਅਤੇ ਉਹ ਅਜੇ ਇਸ ਵਿਚੋਂ ਉਹ ਸਤਰਾਂ ਹੀ ਲੱਭ ਰਹੇ ਸਨ ਜਿੱਥੋਂ ਉਨ੍ਹਾਂ ਨੇ ਪੜ੍ਹਨਾ ਛੱਡਿਆ ਸੀ ਕਿ ਰਾਮ ਨੇ ਖਿੜਕੀ ਵੱਲ ਸਰਕ ਕੇ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ। ਟੋਪੀ ਉਹਦੇ ਸਿਰ ਉਤੇ ਸੀ। ਇਹ ਦੇਖ ਕੇ ਮਿਸਟਰ ਸ਼ੰਕਰ ਅਚਾਰੀਆ ਨੂੰ ਸਖਤ ਗ਼ੁੱਸਾ ਆਇਆ। ਉਨ੍ਹਾਂ ਦਾ ਹੱਥ ਭੁੱਖੀ ਇੱਲ੍ਹ ਵਾਂਗੂੰ ਟੋਪੀ ਵੱਲ ਵਧਿਆ ਤੇ ਪਲਕ ਝਲਕ ਵਿਚ ਉਹ ਉਨ੍ਹਾਂ ਦੀ ਸੀਟ ਦੇ ਹੇਠਾਂ ਸੀ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਰਾਮ ਨੂੰ ਸਮਝਣ ਦਾ ਮੌਕਾ ਹੀ ਨਾ ਮਿਲਿਆ। ਮੁੜ ਕੇ ਉਸ ਨੇ ਆਪਣੇ ਬਾਪ ਵੱਲ ਦੇਖਿਆ। ਐਪਰ ਉਨ੍ਹਾਂ ਦੇ ਹੱਥ ਖਾਲੀ ਨਜ਼ਰ ਆਏ। ਇਸੇ ਪ੍ਰੇਸ਼ਾਨੀ ਵਿਚ ਉਸ ਨੇ ਖਿੜਕੀ ਤੋਂ ਬਾਹਰ ਝਾਕ ਕੇ ਦੇਖਿਆ ਤਾਂ ਉਸ ਨੂੰ ਰੇਲ ਦੀ ਪਟੜੀ 'ਤੇ ਬਹੁਤ ਪਿਛਾਂਹ ਖਾਕੀ ਕਾਗ਼ਜ਼ ਦਾ ਟੁਕੜਾ ਉਡਦਾ ਨਜ਼ਰ ਆਇਆ। ਉਸ ਨੇ ਸਮਝਿਆ ਕਿ ਇਹ ਮੇਰੀ ਟੋਪੀ ਹੈ।
ਇਹ ਖਿਆਲ ਆਉਂਦਿਆਂ ਹੀ ਉਸ ਦੇ ਦਿਲ ਨੂੰ ਧੱਕਾ ਜਿਹਾ ਲੱਗਿਆ। ਪਿਉ ਵੱਲ ਭੈੜੀਆਂ ਜਿਹੀਆਂ ਨਿਗਾਹਾਂ ਨਾਲ ਦੇਖਦਿਆਂ ਉਸ ਨੇ ਕਿਹਾ, "ਬਾਪੂ ਮੇਰੀ ਟੋਪੀ।" ਮਿਸਟਰ ਸ਼ੰਕਰ ਅਚਾਰੀਆ ਖਾਮੋਸ਼ ਰਹੇ।
"ਹਾਇ ਮੇਰੀ ਟੋਪੀ", ਰਾਮ ਦੀ ਆਵਾਜ਼ ਉਚੀ ਹੋਈ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਕੁਝ ਨਾ ਬੋਲੇ।
ਰਾਮ ਨੇ ਰੋਂਦੀ ਆਵਾਜ਼ ਵਿਚ ਕਿਹਾ, "ਮੇਰੀ ਟੋਪੀ" ਅਤੇ ਆਪਣੇ ਪਿਉ ਦਾ ਹੱਥ ਫੜ ਲਿਆ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਉਸ ਦਾ ਹੱਥ ਝਟਕ ਕੇ ਕਿਹਾ, "ਡੇਗ ਦਿੱਤੀ ਹੋਵੇਗੀ ਤੈਂ, ਹੁਣ ਰੋਂਦਾ ਕਿਉਂ ਹੈਂ?" ਇਸ 'ਤੇ ਰਾਮ ਦੀਆਂ ਅੱਖਾਂ ਵਿਚ ਦੋ ਮੋਟੇ ਮੋਟੇ ਹੰਝੂ ਤੈਰਨ ਲੱਗੇ।
"ਪਰ ਧੱਕਾ ਤਾਂ ਤੁਸੀਂ ਹੀ ਦਿੱਤਾ ਸੀ", ਉਸ ਨੇ ਇੰਨਾ ਕਿਹਾ ਤੇ ਰੋਣ ਲੱਗਿਆ।
ਮਿਸਟਰ ਰਾਮਾ ਸ਼ੰਕਰ ਨੇ ਰਤਾ ਝਾੜਿਆ ਤਾਂ ਰਾਮ ਨੇ ਹੋਰ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ। ਰਾਮ ਦਾ ਰੋਣਾ ਸਿਰਫ ਟੋਪੀ ਬੰਦ ਕਰਾ ਸਕਦੀ ਸੀ। ਇਸ ਲਈ ਰਾਮਾ ਸ਼ੰਕਰ ਅਚਾਰੀਆ ਨੇ ਥੱਕ ਹਾਰ ਕੇ ਉਸ ਨੂੰ ਕਿਹਾ, "ਟੋਪੀ ਵਾਪਸ ਆ ਜਾਵੇਗੀ ਪਰ ਸ਼ਰਤ ਇਹ ਹੈ ਕਿ ਤੂੰ ਉਸ ਨੂੰ ਪਹਿਨੇਂਗਾ ਨਹੀਂ!"
ਰਾਮ ਦੀਆਂ ਅੱਖਾਂ ਵਿਚੋਂ ਹੰਝੂ ਝੱਟਪੱਟ ਖੁਸ਼ਕ ਹੋ ਗਏ ਜਿਵੇਂ ਤਪੀ ਹੋਈ ਰੇਤ ਵਿਚ ਬਾਰਸ਼ ਦੇ ਕਤਰੇ ਜਜ਼ਬ ਹੋ ਜਾਣ। ਉਹ ਸਰਕ ਕੇ ਅੱਗੇ ਵਧ ਆਇਆ ਤੇ ਬੋਲਿਆ, "ਉਹ ਵਾਪਸ ਲੈ ਆਓ।"
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਕਿਹਾ, "ਇਉਂ ਥੋੜ੍ਹੀ ਵਾਪਸ ਆ ਜਾਵੇਗੀ, ਮੰਤਰ ਪੜ੍ਹਨਾ ਪਏਗਾ।"
ਕੰਪਾਰਟਮੈਂਟ ਵਿਚ ਸਭ ਮੁਸਾਫਿਰ ਬਾਪ ਬੇਟੇ ਦੀ ਗੱਲਬਾਤ ਸੁਣ ਰਹੇ ਸਨ।
"ਮੰਤਰ", ਇਹ ਕਹਿੰਦਿਆਂ ਰਾਮ ਨੂੰ ਤੁਰੰਤ ਉਹ ਕਿੱਸਾ ਯਾਦ ਆ ਗਿਆ ਜਿਸ ਵਿਚ ਇਕ ਮੁੰਡੇ ਨੇ ਮੰਤਰ ਰਾਹੀਂ ਦੂਜਿਆਂ ਦੀਆਂ ਚੀਜ਼ਾਂ ਗੁੰਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
"ਪੜ੍ਹੋ ਪਿਤਾ ਜੀ", ਇਹ ਕਹਿ ਕੇ ਉਹ ਗਹੁ ਨਾਲ ਆਪਣੇ ਬਾਪ ਵੱਲ ਦੇਖਣ ਲੱਗਿਆ ਜਿਵੇਂ ਮੰਤਰ ਪੜ੍ਹਦੇ ਸਮੇਂ ਮਿਸਟਰ ਸ਼ੰਕਰ ਆਚਾਰੀਆ ਦੇ ਗੰਜੇ ਸਿਰ 'ਤੇ ਸਿੰਗ ਉਗ ਆਉਣਗੇ।
ਮਿਸਟਰ ਰਾਮਾ ਸ਼ੰਕਰ ਆਚਾਰੀਆ ਨੇ ਉਸ ਮੰਤਰ ਦੇ ਬੋਲ ਯਾਦ ਕਰਦਿਆਂ ਕਿਹਾ ਜੋ ਉਨ੍ਹਾਂ ਨੇ ਬਚਪਨ ਵਿਚ 'ਇੰਦਰ ਜਾਲ ਮੁਕੰਮਲ' ਤੋਂ ਜ਼ੁਬਾਨੀ ਯਾਦ ਕੀਤਾ ਸੀ, "ਤੂੰ ਫੇਰ ਸ਼ਰਾਰਤ ਤਾਂ ਨਹੀਂ ਕਰੇਂਗਾ?"
"ਨਹੀਂ ਬਾਪੂ ਜੀ", ਰਾਮ ਜੋ ਮੰਤਰ ਦੀਆਂ ਗਹਿਰਾਈਆਂ ਵਿਚ ਡੁੱਬ ਰਿਹਾ ਸੀ, ਨੇ ਆਪਣੇ ਪਿਉੁ ਨਾਲ ਸ਼ਰਾਰਤ ਨਾ ਕਰਨ ਦਾ ਵਾਅਦਾ ਕਰ ਲਿਆ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਮੰਤਰ ਦੇ ਬੋਲ ਯਾਦ ਆ ਗਏ ਅਤੇ ਉਨ੍ਹਾਂ ਨੇ ਦਿਲ ਹੀ ਦਿਲ ਵਿਚ ਆਪਣੇ ਚੇਤੇ ਦੀ ਦਾਦ ਦੇ ਕੇ ਆਪਣੇ ਮੁੰਡੇ ਨੂੰ ਕਿਹਾ, "ਲੈ ਹੁਣ ਤੂੰ ਅੱਖਾਂ ਬੰਦ ਕਰ ਲੈ।"
ਰਾਮ ਨੇ ਅੱਖਾਂ ਬੰਦ ਕਰ ਲਈਆਂ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਮੰਤਰ ਪੜ੍ਹਨਾ ਸ਼ੁਰੂ ਕੀਤਾ।
"ਓਮ ਨਮਾ ਕਾਮੇਸ਼ਵਰੀ ਮਦ ਮਦੀਸ਼ ਓਤਮਾ ਦੇ ਭਰੀਂਗ ਪਰਾ ਸਵਾਹ", ਮਿਸਟਰ ਰਾਮਾ ਸ਼ੰਕਰ ਅਚਾਰੀਆ ਦਾ ਇਕ ਹੱਥ ਸੀਟ ਦੇ ਹੇਠਾਂ ਗਿਆ ਅਤੇ 'ਸਵਾਹ' ਦੇ ਨਾਲ ਹੀ ਰਾਮ ਦੀ ਟੋਪੀ ਉਸ ਦੇ ਗੁਦਗੁਦੇ ਪੱਟਾਂ 'ਤੇ ਆ ਡਿੱਗੀ।
ਰਾਮ ਨੇ ਅੱਖਾਂ ਖੋਲ੍ਹ ਦਿੱਤੀਆਂ। ਟੋਪੀ ਉਸ ਦੀ ਚਪਟੀ ਨੱਕ ਦੇ ਸਾਹਮਣੇ ਪਈ ਸੀ ਅਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੀ ਤਿੱਖੀ ਨੱਕ ਐਨਕ ਦੀ ਸੁਨਹਿਰੀ ਪਕੜ ਹੇਠਾਂ ਥਰਥਰਾ ਰਹੀ ਸੀ। ਅਦਾਲਤ ਵਿਚ ਮੁਕੱਦਮਾ ਜਿੱਤਣ ਪਿੱਛੋਂ ਉਨ੍ਹਾਂ ਦੀ ਇਹੋ ਜਿਹੀ ਹਾਲਤ ਹੋਇਆ ਕਰਦੀ ਸੀ।
"ਟੋਪੀ ਆ ਗਈ", ਰਾਮ ਨੇ ਸਿਰਫ ਇੰਨਾ ਕਿਹਾ ਤੇ ਚੁੱਪ ਕਰ ਗਿਆ। ਮਿਸਟਰ ਸ਼ੰਕਰ ਅਚਾਰੀਆ ਰਾਮ ਨੂੰ ਖਾਮੋਸ਼ ਬੈਠਣ ਦਾ ਹੁਕਮ ਦੇ ਕੇ ਅਖਬਾਰ ਪੜ੍ਹਨ ਵਿਚ ਰੁੱਝ ਗਏ। ਇਕ ਖਬਰ ਚੋਖੀ ਦਿਲਚਸਪ ਅਤੇ ਅਖਬਾਰੀ ਜ਼ੁਬਾਨ ਵਿਚ ਬੇਹੱਦ ਸਨਸਨੀਖੇਜ਼ ਸੀ। ਇਸ ਲਈ ਉਹ ਮੰਤਰ ਵਗੈਰਾ ਸਭ ਕੁਝ ਭੁੱਲ ਕੇ ਉਸ ਵਿਚ ਗੁਆਚ ਗਏ। ਦੱਕਣ ਕੁਈਨ ਬਿਜਲੀ ਦੇ ਪਰਾਂ 'ਤੇ ਪੂਰੀ ਤੇਜ਼ੀ ਨਾਲ ਉਡ ਰਹੀ ਸੀ। ਉਸ ਦੇ ਫੌਲਾਦੀ ਪਹੀਆਂ ਦੀ ਇਕਸਾਰ ਗੜਗੜਾਹਟ ਅਖਬਾਰ ਦੀ ਸਨਸਨੀ ਪੈਦਾ ਕਰਨ ਵਾਲੀ ਖਬਰ ਦੀ ਹਰ ਸਤਰ ਨੂੰ ਗੂੜ੍ਹੀ ਕਰ ਰਹੀ ਸੀ। ਮਿਸਟਰ ਸ਼ੰਕਰ ਅਚਾਰੀਆ ਇਹ ਸਤਰ ਪੜ੍ਹ ਰਹੇ ਸਨ,
"ਅਦਾਲਤ ਵਿਚ ਸੰਨਾਟਾ ਪਸਰਿਆ ਹੋਇਆ ਸੀ। ਸਿਰਫ ਟਾਈਪਰਾਈਟਰ ਦੀ ਟਿਕ ਟਿਕ ਸੁਣਾਈ ਦਿੰਦੀ ਸੀ। ਮੁਲਜ਼ਮ ਇਕਦਮ ਚੀਕਿਆ-ਬਾਪੂ ਜੀ!"
ਐਨ ਉਸ ਵਕਤ ਰਾਮ ਨੇ ਆਪਣੇ ਬਾਪ ਨੂੰ ਜ਼ੋਰ ਦੀ ਆਵਾਜ਼ ਮਾਰੀ, "ਬਾਪੂ ਜੀ।" ਤੇ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਇਉਂ ਜਾਪਿਆ ਜਿਵੇਂ ਨਿਗਾਹ ਹੇਠਲੀ ਸਤਰ ਦੇ ਆਖਰੀ ਲਫਜ਼ ਕਾਗ਼ਜ਼ 'ਚੋਂ ਉਛਲ਼ ਪਏ ਹਨ।
ਰਾਮ ਦੇ ਥਰਥਰਾਉਂਦੇ ਬੁਲ੍ਹ ਦੱਸ ਰਹੇ ਸਨ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ।
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਜ਼ਰਾ ਤੇਜ਼ੀ ਨਾਲ ਕਿਹਾ, "ਕੀ ਹੈ?" ਅਤੇ ਐਨਕ ਦੇ ਇਕ ਕੋਨਿਉੁਂ ਟੋਪੀ ਨੂੰ ਸੀਟ ਉਤੇ ਪਿਆ ਦੇਖ ਕੇ ਆਪਣੀ ਤਸੱਲੀ ਕਰ ਲਈ।
ਰਾਮ ਅੱਗੇ ਸਰਕ ਆਇਆ ਅਤੇ ਕਹਿਣ ਲੱਗਾ, "ਬਾਪੂ ਜੀ ਉਹੀ ਮੰਤਰ ਪੜ੍ਹੋ!"
"ਕਿਉਂ?" ਇਹ ਕਹਿੰਦਿਆਂ ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਰਾਮ ਦੀ ਟੋਪੀ ਵੱਲ ਗਹੁ ਨਾਲ ਦੇਖਿਆ ਜੋ ਸੀਟ ਦੇ ਖੂੰਜੇ ਵਿਚ ਪਈ ਸੀ।
"ਤੁਹਾਡੇ ਕਾਗ਼ਜ਼ ਜੋ ਇਥੇ ਪਏ ਸੀ, ਮੈਂ ਬਾਹਰ ਸੁੱਟ ਦਿੱਤੇ ਹਨ।"
ਰਾਮ ਨੇ ਇਸ ਤੋਂ ਅੱਗੇ ਕੁਝ ਹੋਰ ਵੀ ਕਿਹਾ ਪਰ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਪਸਰ ਗਿਆ। ਬਿਜਲੀ ਵਰਗੀ ਤੇਜ਼ੀ ਨਾਲ ਉਠ ਕੇ ਉਨ੍ਹਾਂ ਨੇ ਖਿੜਕੀ ਤੋਂ ਬਾਹਰ ਝਾਕ ਕੇ ਦੇਖਿਆ। ਐਪਰ ਰੇਲ ਦੀ ਪਟੜੀ ਦੇ ਨਾਲ ਤਿਤਲੀਆਂ ਵਾਂਗ ਫੜਫੜਾਉਂਦੇ ਕਾਗ਼ਜ਼ ਦੇ ਪੁਰਜ਼ਿਆਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਾ ਆਇਆ।
"ਤੈਂ ਉਹ ਕਾਗ਼ਜ਼ ਸੁੱਟ ਦਿੱਤੇ ਜੋ ਇਥੇ ਪਏ ਸੀ?" ਉਨ੍ਹਾਂ ਨੇ ਆਪਣੇ ਸੱਜੇ ਹੱਥ ਨਾਲ ਸੀਟ ਵੱਲ ਇਸ਼ਾਰਾ ਕਰਦਿਆਂ ਕਿਹਾ।
ਰਾਮ ਨੇ ਪੁਸ਼ਟੀ ਵਿਚ ਸਿਰ ਹਿਲਾ ਦਿੱਤਾ, "ਤੁਸੀਂ ਉਹੀ ਮੰਤਰ ਪੜ੍ਹੋ ਨਾ!"
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੂੰ ਅਜਿਹਾ ਕੋਈ ਮੰਤਰ ਯਾਦ ਨਹੀਂ ਸੀ ਜੋ ਸੱਚਮੁੱਚ ਗੁਆਚੀਆਂ ਚੀਜ਼ਾਂ ਵਾਪਸ ਲਿਆ ਸਕੇ। ਉਹ ਸਖਤ ਪਰੇਸ਼ਾਨ ਸਨ। ਉਹ ਕਾਗ਼ਜ਼ ਜੋ ਉਨ੍ਹਾਂ ਦੇ ਬੇਟੇ ਨੇ ਸੁੱਟ ਦਿੱਤੇ ਸਨ, ਇਕ ਨਵੇਂ ਮੁਕੱਦਮੇ ਦੀ ਮਿਸਲ ਸੀ ਜਿਸ ਵਿਚ ਚਾਲ਼ੀ ਹਜ਼ਾਰ ਮੁੱਲ ਦੇ ਕਾਨੂੰਨੀ ਕਾਗ਼ਜ਼ ਪਏ ਸਨ। ਮਿਸਟਰ ਰਾਮਾ ਸ਼ੰਕਰ ਐਮ.ਏ. ਐਲਐਲਬੀ. ਦੀ ਬਾਜ਼ੀ ਉਨ੍ਹਾਂ ਦੀ ਆਪਣੀ ਚਾਲ ਨਾਲ ਹੀ ਮਾਤ ਹੋ ਗਈ ਸੀ। ਇਕ ਪਲ ਲਈ ਅੰਦਰੇ ਅੰਦਰ ਉਨ੍ਹਾਂ ਦੇ ਕਾਨੂੰਨੀ ਦਿਮਾਗ਼ ਵਿਚ ਕਾਗ਼ਜ਼ਾਂ ਬਾਰੇ ਸੈਂਕੜੇ ਵਿਚਾਰ ਆਏ। ਸਪਸ਼ਟ ਹੈ, ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਮੁਅਕਿਲ ਦਾ ਨੁਕਸਾਨ ਉਨ੍ਹਾਂ ਦਾ ਆਪਣਾ ਨੁਕਸਾਨ ਸੀ, ਮਗਰ ਹੁਣ ਉਹ ਕਰ ਕੀ ਸਕਦੇ ਸਨ? ਸਿਰਫ ਇਹ ਕਿ ਅਗਲੇ ਸਟੇਸ਼ਨ 'ਤੇ ਉਤਰ ਕੇ ਰੇਲ ਦੀ ਪਟੜੀ ਦੇ ਨਾਲ ਨਾਲ ਚੱਲਣਾ ਸ਼ੁਰੂ ਕਰ ਦੇਣ ਅਤੇ ਦਸ ਪੰਦਰਾਂ ਮੀਲ ਤਕ ਇਨ੍ਹਾਂ ਕਾਗ਼ਜ਼ਾਂ ਦੀ ਭਾਲ਼ ਵਿਚ ਮਾਰੇ ਮਾਰੇ ਫਿਰਦੇ ਰਹਿਣ। ਮਿਲਣ ਨਾ ਮਿਲਣ, ਉਨ੍ਹਾਂ ਦੀ ਕਿਸਮਤ।
ਇਕ ਪਲ ਵਿਚ ਸੈਂਕੜੇ ਗੱਲਾਂ ਸੋਚਣ ਮਗਰੋਂ ਆਖਰ ਉਨ੍ਹਾਂ ਨੇ ਆਪਣੇ ਦਿਲ ਨਾਲ ਫੈਸਲਾ ਕਰ ਲਿਆ ਕਿ ਜੇ ਭਾਲਣ 'ਤੇ ਕਾਗ਼ਜ਼ ਨਾ ਮਿਲ਼ੇ ਤਾਂ ਮੁਅਕਿਲ ਦੇ ਸਾਹਮਣੇ ਇਕ ਵਾਢਿਉਂ ਇਨਕਾਰ ਕਰ ਦੇਣਗੇ ਕਿ ਉਸ ਨੇ ਉਨ੍ਹਾਂ ਨੂੰ ਕਾਗ਼ਜ਼ ਦਿੱਤੇ ਸਨ। ਇਖਲਾਕੀ ਤੇ ਕਾਨੂੰਨੀ ਤੌਰ 'ਤੇ ਇਹ ਸਰਾਸਰ ਨਾਜਾਇਜ਼ ਸੀ ਪਰ ਇਸ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਸੀ!
ਇਸ ਤਸੱਲੀਬਖਸ਼ ਖਿਆਲ ਦੇ ਬਾਵਜੂਦ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਹਲ਼ਕ ਵਿਚ ਤਲਖੀ ਜਿਹੀ ਪੈਦਾ ਹੋ ਰਹੀ ਸੀ। ਇਕਦਮ ਉੁਨ੍ਹਾਂ ਦੇ ਦਿਲ ਵਿਚ ਆਇਆ ਕਿ ਕਾਗ਼ਜ਼ਾਂ ਵਾਂਗ ਉਹ ਰਾਮ ਨੂੰ ਵੀ ਚੁੱਕ ਕੇ ਗੱਡੀ ਤੋਂ ਬਾਹਰ ਸੁੱਟ ਦੇਣ ਪਰ ਇਸ ਖਾਹਿਸ਼ ਨੂੰ ਸੀਨੇ ਵਿਚ ਦਬਾ ਕੇ ਉਨ੍ਹਾਂ ਨੇ ਉਸ ਵੱਲ ਦੇਖਿਆ।
ਰਾਮ ਦੇ ਬੁਲ੍ਹਾਂ ਉਤੇ ਅਜੀਬ ਕਿਸਮ ਦਾ ਖੇੜਾ ਪਸਰ ਰਿਹਾ ਸੀ।
ਉਸ ਨੇ ਹੌਲ਼ੀ ਜਿਹੀ ਕਿਹਾ, "ਬਾਪੂ ਜੀ ਮੰਤਰ ਪੜ੍ਹੋ।"
"ਆਰਾਮ ਨਾਲ ਬਹਿ ਜਾ, ਨਹੀਂ ਤਾਂ ਯਾਦ ਰੱਖ ਸੰਘੀ ਨੱਪ ਦੇਵਾਂਗਾ", ਮਿਸਟਰ ਰਾਮਾ ਸ਼ੰਕਰ ਅਚਾਰੀਆ ਝੁੰਜਲਾ ਗਏ। ਉਸ ਮੁਸਾਫਰ ਜੋ ਬਾਪ ਬੇਟੇ ਦੀ ਗੱਲਬਾਤ ਸੁਣ ਰਿਹਾ ਸੀ, ਦੇ ਲਬਾਂ ਉਤੇ ਇਕ ਅਰਥ ਭਰਪੂਰ ਮੁਸਕਰਾਹਟ ਨੱਚ ਰਹੀ ਸੀ।
ਰਾਮ ਅਗਾਂਹ ਸਰਕ ਆਇਆ, "ਬਾਪੂ ਜੀ ਤੁਸੀਂ ਅੱਖਾਂ ਬੰਦ ਕਰ ਲਉ, ਮੈਂ ਮੰਤਰ ਪੜ੍ਹਦਾ ਹਾਂ।"
ਮਿਸਟਰ ਰਾਮਾ ਸ਼ੰਕਰ ਅਚਾਰੀਆ ਨੇ ਅੱਖਾਂ ਬੰਦ ਨਾ ਕੀਤੀਆਂ ਪਰ ਰਾਮ ਨੇ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। "ਊਂਗ ਮਿਆਂਗ ਸ਼ਿਆਂਗ, ਲਦਮਗਾਫਰੋਦਮਾਸਵਾਹਾ" ਅਤੇ 'ਸਵਾਹਾ' ਦੇ ਨਾਲ ਹੀ ਮਿਸਟਰ ਰਾਮਾ ਸ਼ੰਕਰ ਅਚਾਰੀਆ ਦੇ ਮਾਸਲ ਪੱਟਾਂ 'ਤੇ ਕਾਗ਼ਜ਼ਾਂ ਦਾ ਪੁਲੰਦਾ ਆ ਡਿੱਗਿਆ।
ਉਨ੍ਹਾਂ ਦੀ ਨੱਕ ਐਨਕ ਦੀ ਸੁਨਹਿਰੀ ਗ੍ਰਿਫਤ ਹੇਠਾਂ ਜ਼ੋਰ ਨਾਲ ਥਰਥਰਾਈ।
ਰਾਮ ਦੇ ਚਪਟੇ ਨੱਕ ਦੀਆਂ ਗੋਲ਼ ਤੇ ਲਾਲ ਲਾਲ ਨਾਸਾਂ ਵੀ ਥਰਥਰਾ ਰਹੀਆਂ ਸਨ।

(ਅਨੁਵਾਦ: ਡਾ. ਰਘਬੀਰ ਸਿੰਘ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ