Sadhar (Punjabi Story) : Maqsood Saqib

ਸੱਧਰ (ਕਹਾਣੀ) : ਮਕ਼ਸੂਦ ਸਾਕ਼ਿਬ

ਮਹੀਨੇ ਦੇ ਅਖੀਰ 'ਤੇ ਜਦੋਂ ਮਹੁਰਾ ਖਾਣ ਨੂੰ ਵੀ ਕੁਝ ਨਾ ਬਚਦਾ ਤਾਂ ਬਸ਼ੀਰ ਨੂੰ ਹੀਰਾ ਮੰਡੀ ਦੇ ਖਰੌੜੇ ਚੇਤੇ ਆਉਣ ਲੱਗ ਪੈਂਦੇ। ਇਹ ਖਰੌੜੇ ਉਹਨੇ ਆਪਣੀ ਹਯਾਤੀ ਵਿਚ ਪਹਿਲੀ ਤੇ ਆਖਰੀ ਵਾਰੀ ਕੋਈ ਛੇ ਕੁ ਵਰ੍ਹੇ ਪਹਿਲਾਂ ਖਾਧੇ ਸਨ ਪਰ ਉਨ੍ਹਾਂ ਦਾ ਸਵਾਦ ਜਿਵੇਂ ਉਹਦੇ ਤਾਲੂ ਨਾਲ ਈ ਚੰਬੜ ਗਿਆ ਸੀ। ਚੇਤੇ ਆਉਂਦਿਆਂ ਉਹਦੀ ਜੀਭ ਤਾਲੂ ਨਾਲ ਲੱਗਣ ਲੱਗ ਪੈਂਦੀ। ਉਹਦੇ ਤੋਂ ਧਨੀਏ ਗੰਢੇ ਨਾਲ ਰੋਟੀ ਲੰਘਾਣੀ ਔਖੀ ਹੋ ਜਾਂਦੀ ਤੇ ਰਾਤ ਨੂੰ ਮੰਜੀ ਉਤੇ ਪਿਆ ਉਹ ਕਿੰਨੀ ਵਾਰੀ ਹੀਰਾ ਮੰਡੀ ਅੱਪੜ ਕੇ ਖਰੌੜੇ ਖਾਣ ਲੱਗ ਪੈਂਦਾ। ਸਵੇਰੇ ਉਠ ਕੇ ਉਹ ਹਰ ਵਾਰੀ ਆਪਣੇ ਆਪ ਨੂੰ ਪੱਕੀ ਕਰਦਾ, 'ਲੈ ਬਸ਼ੀਰ ਮੁਹੰਮਦਾ, ਹੁਣ ਪਹਿਲੀ 'ਤੇ ਤਨਖਾਹ ਮਿਲੀ ਤਾਂ ਪਹਿਲਾ ਕੰਮ ਇਹ ਖਰੌੜੇ ਖਾਣ ਵਾਲਾ ਈ ਕਰਨਾ ਏ। ਘਰਦਿਆਂ ਨੂੰ ਸ਼ਕਲ ਮੁੜ ਈ ਵਖਾਣੀ ਏ।'
ਹਰ ਮਹੀਨੇ ਦੀ ਪਹਿਲੀ ਆਉਂਦੀ ਤਾਂ ਤਨਖਾਹ ਬੋਝੇ ਵਿਚ ਪਾਉਂਦਿਆਂ ਸਾਰ ਖਰੌੜੇ ਖਾਣ ਦਾ ਖਿਆਲ ਉਹਦੇ ਦਿਲ ਵਿਚੋਂ ਇੰਜ ਉਡ ਜਾਂਦਾ ਜਿਵੇਂ ਕਪੜੇ ਦਾ ਕੱਚਾ ਰੰਗ ਪਹਿਲੇ ਧੋ ਈ।
ਉਹਦੇ ਆਲੇ-ਦਵਾਲਿਓਂ ਕਿੰਨੇ ਸੱਪ ਜੀਭਾਂ ਕੱਢਦੇ ਸ਼ੂਕਾਂ ਮਾਰਦੇ ਨਿਕਲ ਆਉਂਦੇ। ਉਹ ਇਨ੍ਹਾਂ ਤੋਂ ਬਚਣ ਲਈ ਝੱਟ ਆਪਣਾ ਆਪ ਬੁਰਕੀਆਂ ਕਰਕੇ ਵੰਡਣ ਲੱਗ ਪੈਂਦਾ ਤੇ ਓੜਕ ਉਹ ਫੇਰ ਅਖੀਰਲੀਆਂ ਤਰੀਕਾਂ ਵਰਗਾ ਈ ਹੋ ਜਾਂਦਾ। ਵਿਹਲੇ ਦਾ ਵਿਹਲਾ। ਸੱਖਣੇ ਦਾ ਸੱਖਣਾ। ਉਹਦੀ ਜੀਭ ਉਂਜ ਈ ਪਹਿਲਾਂ ਵਾਂਙੂੰ ਉਹਦੇ ਤਾਲੂ ਨਾਲ ਲੱਗੀ ਰਹਿ ਜਾਂਦੀ।
ਪਕਾਣ ਨੂੰ ਤਾਂ ਬਸ਼ੀਰ ਦੀ ਘਰ ਵਾਲੀ ਸ਼ਾਦੋ ਵੀ ਖਰੌੜੇ ਵਧੀਆ ਪਕਾ ਲੈਂਦੀ ਸੀ ਪਰ ਹੀਰਾ ਮੰਡੀ ਵਾਲਿਆਂ ਕੋਲ ਤਾਂ ਪਤਾ ਨਹੀਂ ਕਿਹੜੀਆਂ ਲੱਜ਼ਤਾਂ ਸਨ, ਕਿਹੜੇ ਸਵਾਦ ਸਨ ਜਿਹੜੇ ਉਹ ਖਰੌੜਿਆਂ ਉਤੇ ਧੂੜ ਦੇਂਦੇ ਸਨ। ਉਹਨੂੰ ਕੁਝ ਸਮਝ ਨਾ ਆਉਂਦੀ।
ਇਕ ਵਾਰੀ ਬਸ਼ੀਰ ਦਾ ਟਾਂਕਾ ਲੱਗਾ ਤੇ ਉਸ ਨੇ ਸ਼ਾਦੋ ਨੂੰ ਖਰੌੜੇ ਘਰ ਲਿਆ ਦਿੱਤੇ। ਉਸ ਵਿਚਾਰੀ ਨੇ ਤਿੰਨਾਂ ਦਿਨਾਂ ਦਾ ਬਾਲਣ ਇਕੋ ਡੰਗ ਫੂਕ ਕੇ ਖਰੌੜੇ ਪਕਾਏ ਤੇ ਫੇਰ ਬੜੇ ਚਾਅ ਨਾਲ ਬਸ਼ੀਰ ਅੱਗੇ ਧਰ ਕੇ ਉਹਦਾ ਮੂੰਹ ਵਾਚਣ ਲੱਗੀ ਜਿਵੇਂ ਪੁੱਛ ਰਹੀ ਹੋਵੇ, 'ਦੱਸ ਭਲਾ, ਕਿਹੜੀ ਲੱਜ਼ਤ, ਕਿਹੜਾ ਸਵਾਦ ਨਹੀਂ ਇਨ੍ਹਾਂ ਵਿਚ?'
ਪਰ ਉਹ ਖਾਂਦਾ ਹੋਇਆ ਚੁੱਪ ਈ ਕਰ ਰਿਹਾ, ਵਿਚ ਵਿਚ ਕਿਤੇ ਕਿਤੇ ਉਸ ਚੋਰ ਅੱਖੀਂ ਸ਼ਾਦੋ ਵਲ ਵੇਖਿਆ ਵੀ। ਸ਼ਾਦੋ ਨੂੰ ਇਹੋ ਈ ਲੱਗਾ, ਜਿਵੇਂ ਬਸ਼ੀਰ ਉਹਦੀ ਸ਼ੋਭਾ ਮੂੰਹੋਂ ਕਰਨ ਤੋਂ ਝਕਦਾ ਹੋਵੇ।
ਅਸਲ ਵਿਚ ਉਹ ਵੀ ਸ਼ਾਦੋ ਦਾ ਦਿਲ ਤੋੜਨਾ ਨਹੀਂ ਸੀ ਚਾਹੁੰਦਾ। ਹਾਲਾਂ ਉਹਦੇ ਦਿਲ ਵਿਚ ਕਈ ਵਾਰ ਆਇਆ ਵੀ ਕਿ ਉਹਨੂੰ ਆਖ ਦੇਵੇ, 'ਨਹੀਂ ਸ਼ਾਦੋ, ਤੂੰ ਭਾਵੇਂ ਜੋ ਕੁਝ ਮਰਜ਼ੀ ਕਰ ਲੈ, ਤੇਰੇ ਤੋਂ ਉਹ ਗੱਲ ਕਦੀ ਨਹੀਂ ਬਣਨੀ। ਉਹ ਲੱਜ਼ਤਾਂ ਤੇਰੇ ਹੱਥਾਂ ਵਿਚ ਕਦੀ ਨਹੀਂ ਆ ਸਕਣੀਆਂ।' ਪਰ ਉਹਨੇ ਰੋਟੀ ਦੀ ਬੁਰਕੀ ਨਾਲ ਹਰ ਵਾਰੀ ਏਸ ਗੱਲ ਨੂੰ ਮੁੜ ਕੇ ਜੀਭ ਤੋਂ ਢਿੱਡ ਵਲ ਤਿਲਕਾ ਛੱਡਿਆ।
ਅਸਲ ਵਿਚ ਉਹਨੂੰ ਆਪਣੀ ਘਰ ਵਾਲੀ ਦੇ ਦਿਲ ਦਾ ਖਿਆਲ ਵੀ ਬੜਾ ਰਹਿੰਦਾ ਸੀ। ਉਹ ਬਸ਼ੀਰ ਦੇ ਸਕੇ ਮਾਮੇ ਦੀ ਧੀ ਸੀ। ਉਸ ਮਾਮੇ ਦੀ ਜਿਹੜਾ ਉਹਨੂੰ ਮਾਂ ਮਹਿਟਰ ਨੂੰ ਪਿੰਡੋਂ ਸ਼ਹਿਰ ਲੈ ਆਇਆ ਸੀ ਤੇ ਜਿਹਨੇ ਮਾਂ ਬਣ ਕੇ ਉਹਨੂੰ ਪਾਲਿਆ ਸੀ ਤੇ ਪਿਉ ਬਣ ਕੇ ਦਸ ਜਮਾਤਾਂ ਪੜ੍ਹਾਇਆ ਵੀ ਸੀ। ਆਪੋਂ ਕੋਈ ਸੌਖਾ ਬੰਦਾ ਨਹੀਂ ਸੀ। ਦਫਤਰ ਵਿਚ ਮਾੜਾ ਜਿਹਾ ਚਪੜਾਸੀ ਸੀ ਤੇ ਢੇਰ ਸਾਰੀ ਕਬੀਲਦਾਰੀ। ਧੀਆਂ ਤਾਂ ਰੱਬ ਨੇ ਉਹਦੇ 'ਤੇ ਅਸਮਾਨ ਪਾੜ ਕੇ, ਪਰਾਗੇ ਦਾ ਪਰਾਗਾ ਸੁੱਟ ਦਿੱਤੀਆਂ ਸਨ ਇੱਕੋ ਵਾਰੀ। ਪੁੱਤਰ ਹੈ ਨਹੀਂ ਸੀ। ਏਸ ਕਰਕੇ ਉਹਨੇ ਭਣੇਵੇਂ ਨੂੰ ਪੁੱਤਰਾਂ ਵਾਂਗ ਚੋਚਲੇ ਕਰਕੇ ਈ ਪਾਲਿਆ-ਪੜ੍ਹਾਇਆ ਸੀ। ਨੌਕਰੀਓਂ ਰਿਟਾਇਰ ਹੋਇਆ ਤੇ ਬਸ਼ੀਰ ਨੂੰ ਆਪਣੀ ਥਾਵੇਂ ਨੌਕਰ ਕਰਾ ਦਿੱਤਾ, ਨਾਲੇ ਸਭ ਤੋਂ ਨਿੱਕੀ ਕੁੜੀ ਦਾ ਸਾਕ ਵੀ ਦੇ ਦਿੱਤਾ। ਇਹ ਸਭ ਤੋਂ ਨਿੱਕੀ ਕੁੜੀ ਈ ਤੇ ਸ਼ਾਦੋ ਸੀ। ਮੋਏ ਮਾਮੇ ਦੀ ਸਭ ਤੋਂ ਵਧ ਲਾਡਲੀ ਧੀ। ਉਹਦੀ ਘਰ ਵਾਲੀ, ਉਹਦੇ ਨਿੱਕੇ ਨਿੱਕੇ ਦੋ ਬਾਲਾਂ ਦੀ ਮਾਂ। ਫੇਰ ਉਹਨੂੰ ਉਹ ਚੰਗੀ ਵੀ ਤਾਂ ਬੜੀ ਲਗਦੀ ਸੀ। ਕਿੰਨਾ ਚਿਰ ਉਹ ਸੁਫਨਿਆਂ ਵਿਚ ਉਹਨੂੰ ਸਜਾਂਦਾ ਤੇ ਰੀਝਾਂਦਾ ਰਿਹਾ ਸੀ। ਪਰ ਕਦੀ ਉਹਨੇ ਉਹਨੂੰ ਇਹ ਨਹੀਂ ਸੀ ਆਖਿਆ ਕਿ 'ਉਹ ਉਹਦੇ ਬਾਝੋਂ ਨਹੀਂ ਰਹਿ ਸਕਦਾ।' ਪਰ ਤੱਕਦਾ ਹਮੇਸ਼ਾ ਇੰਜ ਈ ਹੁੰਦਾ ਸੀ ਜਿਵੇਂ ਇਹੋ ਕੁਝ ਉਹਨੂੰ ਆਖ ਰਿਹਾ ਹੋਵੇ। ਸ਼ਾਦੋ ਵੀ ਅੱਗੋਂ ਉਹਨੂੰ ਇਹੋ ਪੱਕ ਕਰਾਂਦੀ ਵਿਖਾਈ ਦੇਂਦੀ। ਉਹ ਗੱਲਾਂ ਕਰਦਿਆਂ ਕਦੀ ਕਦੀ ਉਹਨੂੰ ਐਡੀ ਭਰਵੀਂ ਨਿਗਾਹ ਨਾਲ ਤੱਕ ਛੱਡਦੀ ਜਿਵੇਂ ਉਹਨੂੰ ਸਾਰੇ ਦੇ ਸਾਰੇ ਨੂੰ ਪੁਤਲੀਆਂ ਵਿਚ ਛਿਕ ਕੇ ਸਾਂਭ ਰਹੀ ਹੋਵੇ। ਬਸ਼ੀਰ ਦੇ ਮਾਮੇ ਨੂੰ ਵੀ ਜਿਵੇਂ ਅੰਦਰੇ ਅੰਦਰ ਏਸ ਗੁੱਝੀ ਕਾਰ ਦੀ ਡੂੰਘੀ ਸਾਰ ਸੀ। ਏਸ ਕਰਕੇ ਵੀ ਉਹਨੇ ਬਸ਼ੀਰ ਦੇ ਨੌਕਰ ਹੁੰਦਿਆਂ ਸਾਰ ਸ਼ਾਦੋ ਦਾ ਹੱਥ ਉਹਦੇ ਹੱਥ ਵਿਚ ਦੇ ਦਿੱਤਾ ਸੀ। ਉਦੋਂ ਸ਼ਾਦੋ ਦੀ ਮਾਂ ਨੂੰ ਮੋਇਆਂ ਦੂਜਾ ਵਰ੍ਹਾ ਪਿਆ ਹੁੰਦਾ ਸੀ।
ਕਿਸੇ ਕਿਸੇ ਵੇਲੇ ਬਸ਼ੀਰ ਨੂੰ ਆਪਣੇ ਤੇ ਸ਼ਾਦੋ ਵਿਚਕਾਰ ਇਕ ਅਜੀਬ ਜਿਹੀ ਸਾਂਝ ਵੀ ਜਾਪਦੀ। ਉਹ ਸਾਰਾ ਦਿਨ ਦਫਤਰ ਵਿਚ ਨਿੱਕੇ ਨਿੱਕੇ ਕੰਮ ਕਰਦਾ ਰਹਿੰਦਾ ਸੀ। ਕਦੀ ਅੰਦਰ, ਕਦੀ ਬਾਹਰ ਤੇ ਸ਼ਾਦੋ ਸਾਰਾ ਦਿਨ ਘਰ ਵਿਚ ਉਂਜੇ ਈ ਰੁੱਝੀ ਰਹਿੰਦੀ। ਬਸ਼ੀਰ ਨੂੰ ਜਾਪਦਾ ਜਿਵੇਂ ਉਹ ਦੋਵੇਂ ਜੀਅ ਨੌਕਰ ਸਨ-ਨੌਕਰ ਤੇ ਨੌਕਰਾਣੀ। ਫੇਰ ਇਹ ਸਾਂਝ ਏਸ ਖਿਆਲ ਨਾਲ ਅਸਾਂਝ ਵਿਚ ਵਟ ਜਾਂਦੀ। ਉਹ ਦਫਤਰ ਵਿਚ ਬਾਬੂਆਂ ਤੇ ਅਫਸਰਾਂ ਦੇ ਕੰਮ ਕਰਦਾ ਤੇ ਸ਼ਾਦੋ ਘਰ ਵਿਚ ਉਹਦਾ ਤੇ ਉਹਦੇ ਬਾਲਾਂ ਦਾ। ਉਹਨੂੰ ਆਪਣਾ ਆਪ ਸ਼ਾਦੋ ਤੋਂ ਭਾਰਾ ਜਾਪਣ ਲੱਗ ਪੈਂਦਾ ਤੇ ਇਨ੍ਹਾਂ ਘੜੀਆਂ ਵਿਚ ਈ ਕਿਸੇ ਨਾ ਕਿਸੇ ਗੱਲ ਤੋਂ ਉਨ੍ਹਾਂ ਦੋਹਾਂ ਦਾ ਆਪੋ ਵਿਚ ਇੱਟ-ਖੜੱਕਾ ਹੋਵਣ ਲੱਗ ਪੈਂਦਾ। ਬਸ਼ੀਰ ਉਹਨੂੰ ਬਾਬੂਆਂ ਤੇ ਅਫਸਰਾਂ ਵਾਂਗ ਈ ਹੁਕਮ ਚਾੜ੍ਹਨ ਤੇ ਝਾੜਾਂ ਪਾਵਣ ਲਗਦਾ। ਇਹਦੇ 'ਤੇ ਸ਼ਾਦੋ ਦਾ ਪਾਰਾ ਵੀ ਚੜ੍ਹ ਜਾਂਦਾ। ਉਹ ਖਸਮ ਨੂੰ ਤਾਂ ਕੁਝ ਨਾ ਆਖਦੀ ਪਰ ਕਿਸੇ ਨਾ ਕਿਸੇ ਪੱਜ ਬਾਲਾਂ ਨੂੰ ਚੰਗਾ ਬਣਾ ਕੇ ਧੱਸਦੀ। ਚੰਗੀ ਰੱਜ ਕੇ ਧੌੜੀ ਲਾਹੁੰਦੀ ਤੇ ਪੂਰੇ ਘਰ ਵਿਚ ਰੌਲਾ-ਗੌਲਾ ਪੈ ਜਾਂਦਾ। ਉਸ ਵੇਲੇ ਬਸ਼ੀਰ ਨੂੰ ਆਪਣੀ ਭੁੱਲ ਖੜਕਦੀ ਤੇ ਉਹ ਮੁਆਫੀਆਂ ਮੰਗ ਕੇ ਸ਼ਾਦੋ ਨੂੰ ਰਾਜੀ ਕਰਦਾ। ਸ਼ਾਦੋ ਵੀ ਕੁਝ ਚਿਰ ਮਗਰੋਂ ਵਰੀਚ ਜਾਂਦੀ।
ਹੀਰਾ ਮੰਡੀਓਂ ਖਰੌੜੇ ਖਾਣ ਦੀ ਸੱਧਰ ਨਾਲ ਭਿੜਦਿਆਂ ਬਸ਼ੀਰ ਦੇ ਦਿਹਾੜੇ ਲੰਘ ਰਹੇ ਸਨ। ਏਸ ਵਾਰ ਸਿਆਲਾਂ ਵਿਚ ਤਾਂ ਖਰੌੜਿਆਂ ਦੀ ਸਿੱਕ ਨੇ ਉਹਨੂੰ ਅਸਲੋਂ ਈ ਨਪੀੜ ਕੇ ਧਰ ਛੱਡਿਆ। ਖ਼ਬਰੇ ਐਤਕੀਂ ਪਾਲਾ ਚੋਖਾ ਪੈ ਰਿਹਾ ਸੀ ਤਾਂ ਕਰਕੇ। ਉਹ ਦਫਤਰ ਵਿਚ ਪਲ ਦੋ ਪਲ ਲਈ ਸਟੂਲ 'ਤੇ ਸਾਹ ਲੈਣ ਲਈ ਬੈਠਦਾ ਤਾਂ ਹੀਰਾ ਮੰਡੀ ਦੀਆਂ ਰੌਣਕਾਂ ਵਿਚ ਅੱਪੜ ਜਾਂਦਾ। ਮਾਝੇ ਖਰੌੜਿਆਂ ਵਾਲਿਆਂ ਦੀ ਹੱਟੀ ਵਿਚ ਜਾ ਵੜਦਾ। ਉਹਨੂੰ ਆਪਣੇ ਦਵਾਲੇ ਮੇਜ਼ਾਂ ਕੁਰਸੀਆਂ 'ਤੇ ਬੈਠੇ ਖਰੌੜੇ ਖਾਂਦੇ ਬੰਦਿਆਂ ਦਾ ਨਿੱਘ ਪਿੰਡੇ ਵਿਚ ਰਚਦਾ ਮਹਿਸੂਸ ਹੁੰਦਾ। ਉਹ ਹੱਥ ਵਿਚ ਤਿਲਾਂ ਵਾਲਾ ਪੱਟ ਦੇ ਰੇਸ਼ਮ ਵਾਂਗ ਕੂਲਾ ਕੁਲਚਾ ਫੜ ਕੇ ਆਪਣੇ ਸਾਹਮਣੇ ਪਏ ਖਰੌੜਿਆਂ ਦੇ ਭਰੇ ਪਿਆਲੇ ਵਿਚੋਂ ਕੁੰਡਲ ਬਣ ਬਣ ਉਤਾਂਹ ਨੂੰ ਉਠਦੀ ਭਾਫ ਨੂੰ ਤੱਕਦਾ। ਪਰ ਜਿਹੜੇ ਵੇਲੇ ਕੁਲਚਾ ਤਰੋੜ ਕੇ ਬੁਰਕੀ ਲਾਉਣ ਲਈ ਹੱਥ ਪਿਆਲੇ ਵਲ ਵਧਾਂਦਾ, ਉਹਨੂੰ ਕਿਸੇ ਨਾ ਕਿਸੇ ਬਾਬੂ ਦੀ 'ਵਾਜ ਹਥੌੜੇ ਵਾਂਗ ਆਪਣੇ ਤਾਲੂ ਉਤੇ ਵੱਜਦੀ ਜਾਪਦੀ ਤੇ ਉਹ ਆਪਣੀ ਥਾਓਂ ਹੜਬੜਾ ਕੇ ਇੰਜ ਉਠਦਾ ਕਿ ਡਿੱਗਦਾਡਿੱਗਦਾ ਮਸਾਂ ਬਚਦਾ। ਕਾਗਜ਼ਾਂ ਤੇ ਫਾਈਲਾਂ ਦੇ ਹੜ੍ਹ ਵਿਚ ਡੁੱਬਦੇ-ਤਰਦੇ ਬਾਬੂ ਉਹਦੀ ਏਸ ਹਾਲਤ ਨੂੰ ਵੇਖ ਕੇ ਵਰਾਛਾਂ ਟੱਡ ਕੇ ਹੱਸਣ ਲੱਗ ਪੈਂਦੇ।
ਫੇਰ ਇਕ ਦਿਨ ਘਰ ਵਿਚ ਸੁੱਤਿਆਂ ਬਸ਼ੀਰ ਨੇ ਫੈਸਲਾ ਕਰ ਲਿਆ, 'ਬਈ ਏਸ ਪਹਿਲੀ 'ਤੇ ਭਾਵੇਂ ਸੂਰਜ ਲਹਿੰਦਿਓਂ ਕਿਉਂ ਨਾ ਚੜ੍ਹ ਪਵੇ, ਉਸ ਤਨਖਾਹ ਲੈ ਕੇ ਸਿੱਧਾ ਘਰ ਨਹੀਂ ਪਰਤਣਾ ਸਗੋਂ ਪਹਿਲਾਂ ਹੀਰਾ ਮੰਡੀ ਜਾਣਾ ਏ। ਆਪ ਰੱਜ ਕੇ ਖਰੌੜੇ ਖਾਣੇ ਨੇ ਤੇ ਫੇਰ ਸ਼ਾਦੋ ਤੇ ਦੋਵਾਂ ਕੁੜੀ, ਮੁੰਡੇ ਲਈ ਲੈ ਕੇ ਆਉਣੇ ਨੇ। ਦੇਣਾ ਲੈਣਾ ਤੇ ਹਰ ਮਹੀਨੇ ਹੁੰਦਾ ਏ। ਐਤਕੀਂ ਨਾ ਹੋਇਆ ਤਾਂ ਅਗਲੇ ਮਹੀਨੇ ਅੱਧਾ ਤੇ ਨਿਬੜ ਈ ਜਾਏਗਾ। ਏਸ ਜਗ 'ਤੇ ਵੀ ਕਿਹੜਾ ਰੋਜ਼ ਦਿਹਾੜੀ ਟੁਰਿਆ ਰਹਿਣਾ ਏ।' ਉਹ ਹੁਣ ਬੜਾ ਉਤਾਵਲਾ ਹੋ ਕੇ ਪਹਿਲੀ ਦੇ ਆਉਣ ਦੀ ਉਡੀਕ ਕਰਨ ਲੱਗ ਪਿਆ। ਰੋਜ਼ ਦਿਨ ਗਿਣਦਾ। ਅੱਜ ਪੰਜ ਦਿਨ ਰਹਿ ਗਏ ਨੇ, ਅੱਜ ਚਾਰ, ਅੱਜ ਤਿੰਨ। ਏਦੋਂ ਪਹਿਲਾਂ ਉਸ ਕਦੀ ਵੀ ਤੇ ਇੰਜ ਨਹੀਂ ਸੀ ਕੀਤਾ। ਸਗੋਂ ਦਿਲ ਦੀ ਦਿਲ ਵਿਚ ਉਹ ਬਾਅਜ਼ੇ ਵੇਲੇ ਇਹ ਵੀ ਆਖ ਦੇਂਦਾ, ਇਹ ਹਿਸਾਬ ਦਿਹਾੜਾ ਹੋਰ ਅੱਗੇ ਈ ਟੁਰ ਜਾਵੇ ਤਾਂ ਚੰਗਾ ਹੋਵੇ। ਫੇਰ ਪਹਿਲੀ ਦੇ ਆਉਣ ਵਿਚ ਬਸ ਰਾਤ ਦੀ ਰਾਤ ਈ ਰਹਿ ਗਈ। ਉਹ ਰਾਤ ਉਹਦੇ ਤੋਂ ਲੰਘਾਇਆਂ ਨਹੀਂ ਸੀ ਲੰਘਦੀ। ਉਹ ਕਦੀ ਖਰੌੜੇ ਖਾਣ ਜਾ ਰਿਹਾ ਏ, ਕਦੀ ਖਰੌੜੇ ਲੈ ਕੇ ਘਰ ਨੂੰ ਪਰਤ ਰਿਹਾ ਏ, ਕਦੀ ਬਾਲਾਂ ਨੂੰ ਤੇ ਕਦੀ ਸ਼ਾਦੋ ਨੂੰ ਖਰੌੜੇ ਖਾਂਦਿਆਂ ਵੇਖ ਰਿਹਾ ਏ। ਫੇਰ ਉਹਦਾ ਧਿਆਨ ਸ਼ੂਕਦੇ ਸੱਪਾਂ ਵਲ ਚਲਾ ਗਿਆ। ਉਜਾੜਾਂ ਵਿਚ ਸੁੱਕੇ ਰੁੱਖਾਂ ਉਤੇ ਬੈਠੀਆਂ ਗਿਰਝਾਂ ਵਿਖਾਈ ਦੇਣ ਲੱਗੀਆਂ। ਉਹਨੂੰ ਆਪਣਾ ਆਪ ਰੇਤੇ ਉਤੇ ਢੱਠਾ ਦਿਸਿਆ। ਫੇਰ ਉਹਨੂੰ ਆਪਣੇ ਪਿੰਡੇ ਉਤੇ ਤ੍ਰਿਖੀਆਂ ਚੁੰਝਾਂ ਦੇ ਠੰਗੂਰ ਮਹਿਸੂਸ ਹੋਵਣ ਲੱਗ ਪਏ।
ਦਿਨ ਚੜ੍ਹਨ ਵੇਲੇ ਕਿਤੇ ਉਹਦੀ ਮਸਾਂ ਅੱਖ ਲੱਗੀ ਤੇ ਉਹਨੂੰ ਸ਼ਾਦੋ ਨੇ ਉਠਾ ਦਿੱਤਾ, 'ਮੈਂ ਆਖਿਆ, ਅੱਜ ਦਫਤਰੋਂ ਖੈਰ ਏ?'
'ਨਹੀਂ, ਨਹੀਂ।' ਉਸ ਹੌਲੀ ਜਿਹੀ ਆਖਿਆ ਤੇ ਛੇਤੀ ਨਾਲ ਦਫਤਰ ਜਾਣ ਦੀ ਤਿਆਰੀ ਕਰਨ ਲੱਗ ਪਿਆ।
ਦਫਤਰ ਅੱਪੜਿਆ ਤੇ ਉਸ ਘੜੀ ਦੀ ਉਡੀਕ ਕਰਨ ਲੱਗ ਪਿਆ ਜਿਸ ਘੜੀ ਤਨਖਾਹ ਵੰਡੀ ਜਾਣੀ ਸੀ। ਸਾਰੇ ਬਾਬੂਆਂ ਦੇ ਭੁਗਤ ਜਾਣ ਪਿੱਛੋਂ ਓੜਕ ਉਹਦੀ ਵਾਰੀ ਆ ਗਈ। ਉਸ ਕੰਬਦੇ ਹੱਥਾਂ ਨਾਲ ਮੁਹੰਮਦ ਬਸ਼ੀਰ ਲਿਖਿਆ ਤੇ ਪੈਸੇ ਲੈ ਕੇ ਗਿਣੇ ਬਿਨਾਂ ਬੋਝੇ ਵਿਚ ਪਾ ਲਏ। ਪਿਛਲੇ ਪਹਿਰ ਜਦੋਂ ਬਸ਼ੀਰ ਦਫਤਰ ਵਿਚ ਹਰ ਸ਼ੈ ਕੁੰਜ ਸਾਂਭ ਕੇ ਬਾਹਰ ਨਿਕਲਿਆ ਤਾਂ ਉਸ ਨੇ ਇਕ ਵਾਰੀ ਬੋਝੇ ਵਿਚ ਪਏ ਪੈਸਿਆਂ ਦੀ ਤਸੱਲੀ ਕੀਤੀ ਤੇ ਫੇਰ ਘਰ ਨੂੰ ਜਾਣ ਦੀ ਥਾਂ ਸ਼ਹਿਰ ਵਾਲੇ ਪਾਸੇ ਟੁਰ ਗਿਆ।
ਉਹ ਫੁੱਟਪਾਥ 'ਤੇ ਟੁਰਿਆ ਜਾ ਰਿਹਾ ਸੀ। ਉਹਦੇ ਸੱਜਿਓਂ-ਖੱਬਿਓਂ ਹੋਰ ਲੋਕੀਂ ਵੀ ਫੁੱਟਪਾਥ ਉਤੇ ਆ ਜਾ ਰਹੇ ਸਨ। ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਸਭ ਉਹਨੂੰ ਈ ਤੱਕਦੇ ਹੋਏ ਲੰਘ ਰਹੇ ਸਨ, ਉਹਦੀਆਂ ਈ ਗੱਲਾਂ ਕਰ ਰਹੇ ਸਨ। ਉਹਦੇ ਵਿਚ ਅੱਜ ਖਬਰੇ ਕੋਈ ਅਚਰਜ ਤਬਦੀਲੀ ਆ ਗਈ ਸੀ। ਤਬਦੀਲੀ ਤਾਂ ਬਸ ਐਨੀ ਈ ਸੀ ਬਈ ਉਹਦੀ ਜੇਬ ਵਿਚ ਅੱਜ ਹਰੇ ਰੰਗ ਦੇ ਕੁਝ ਨੋਟ ਸਨ। ਖੜ ਖੜ ਕਰਦੇ ਨੋਟ। 'ਪੂਰਾ ਮਹੀਨਾ ਵਿਹਲੀ ਰਹਿਣ ਵਾਲੀ ਜੇਬ ਵਿਚੋਂ ਨੋਟ ਹੋ ਸਕਦਾ ਏ ਹਰ ਕਿਸੇ ਨੂੰ ਵਿਖਾਈ ਦੇ ਰਹੇ ਹੋਣ।' ਉਸ ਮਨ ਈ ਮਨ ਵਿਚ ਸੋਚਿਆ, 'ਪਰ ਕੀ ਸਾਡੇ ਕੋਲ ਪੈਸੇ ਨਹੀਂ ਹੋ ਸਕਦੇ? ਪੂਰਾ ਮਹੀਨਾ ਗੋਲਪੁਣਾ ਕਰੀਦਾ ਏ। ਕੋਈ ਹੱਕ ਤੇ ਨਹੀਂ ਮਾਰਦੇ ਕਿਸੇ ਦਾ? ਚੋਰੀ ਤੇ ਨਹੀਂ ਕਰਦੇ ਕਿਸੇ ਮਾਂ ਦੇ...ਦੀ?' ਬਸ਼ੀਰ ਉਚੀ ਉਚੀ ਬੁੜਬੁੜ ਕਰਨ ਲੱਗ ਪਿਆ। ਕੋਲੋਂ ਲੰਘਦੀਆਂ ਕਈ ਜ਼ਨਾਨੀਆਂ-ਬੰਦਿਆਂ ਉਹਨੂੰ ਇੰਜ ਬੋਲਦਿਆਂ ਵੇਖ ਕੇ ਤੱਕਿਆ ਤੇ ਪਾਗਲ ਸਮਝ ਕੇ ਅਗਾਂਹ ਲੰਘ ਗਏ। ਸੂਰਜ ਡੁੱਬਣ ਵਾਲਾ ਸੀ ਤੇ ਸੜਕ ਦੇ ਆਸੇ-ਪਾਸੇ ਖਲੋਤੀਆਂ ਬਿਲਡਿੰਗਾਂ ਦੀਆਂ ਹਿੱਕਾਂ ਤੇ ਮੱਥਿਆਂ ਉਤੇ ਵੱਡੇਵੱਡੇ ਸਾਈਨ ਬੋਰਡ ਜਗਣ ਲੱਗ ਪਏ ਸਨ। ਮਹਿੰਗੀਆਂਮਹਿੰਗੀਆਂ ਸ਼ੈਵਾਂ ਦੇ ਇਸ਼ਤਿਹਾਰ। ਸਾਬਣਾਂ, ਪਾਊਡਰਾਂ, ਕੱਪੜਿਆਂ ਦੇ ਇਸ਼ਤਿਹਾਰ, ਬੈਂਕਾਂ ਵਲੋਂ ਲਿਖੇ ਬੱਚਤ ਦੇ ਇਸ਼ਤਿਹਾਰ। ਬਚਤ ਦੀਆਂ ਫਜ਼ੀਲਤਾਂ ਦੀ ਚਰਚਾ ਹੋ ਰਹੀ ਸੀ। ਹੁਣ ਉਹ ਹੀਰਾ ਮੰਡੀ ਦਾ ਮੋੜ ਮੁੜ ਚੁੱਕਿਆ ਸੀ।
ਉਹਨੂੰ ਜਾਪਿਆ ਕਿ ਉਹ ਮੇਲੇ ਵਿਚ ਆ ਵੜਿਆ ਏ। ਪਾਨ/ ਸਿਗਰਟ ਦੀਆਂ ਦੁਕਾਨਾਂ, ਚਾਹ ਘਰ, ਹੋਟਲ, ਸੜਕ, ਹਰ ਥਾਂ ਜਗਮਗ ਕਰ ਰਹੀ ਸੀ। ਹਰ ਥਾਵੇਂ ਬੰਦੇ ਈ ਬੰਦੇ ਸਨ। ਫਿਲਮੀ ਰਿਕਾਰਡਾਂ ਦੀ 'ਵਾਜ ਨੇ ਹਰ ਸ਼ੈ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਸੀ। ਹਰ ਕੋਈ ਪਕੜ ਵਿਚ ਸੀ। ਟੁਰਨਾ, ਫਿਰਨਾ, ਹੱਸਣਾ, ਬੋਲਣਾ, 'ਵਾਜਾਂ, ਰੌਲਾ, ਬੰਦਿਆਂ ਦਾ ਈ ਸਭ ਕੁਝ, ਪਰ ਬੰਦਿਆਂ ਵਾਲਾ ਨਹੀਂ ਸੀ। ਬਸ਼ੀਰ ਸੌੜਾ ਜਿਹਾ ਪੈਣ ਲੱਗ ਪਿਆ। ਉਹਨੂੰ ਆਪਣਾ ਆਪ ਉਸ ਪੱਤਰ ਵਾਂਗ ਲੱਗ ਰਿਹਾ ਸੀ ਜਿਹਨੂੰ ਹਵਾ ਨੇ ਉਡਾ ਕੇ ਪਾਣੀ ਵਿਚ ਲਿਆ ਸੁੱਟਿਆ ਹੋਵੇ ਤੇ ਹੁਣ ਉਹ ਬੇਵਸ ਹੋ ਕੇ ਓਧਰ ਈ ਵਗਦਾ ਜਾ ਰਿਹਾ ਸੀ, ਜਿਧਰ ਉਹਨੂੰ ਪਾਣੀ ਵਗਾ ਰਿਹਾ ਸੀ। ਉਹ ਭੀੜ ਵਿਚ ਰੁੜ੍ਹਦਾ ਜਾਂਦਾ ਕਿਸੇ ਬੰਦੇ ਨਾਲ ਜਾ ਵੱਜਿਆ। ਇਹ ਕੋਈ ਅਚਕਨ ਟੋਪੀ ਵਾਲਾ ਬੰਦਾ ਸੀ। ਗੋਸ਼ਤ ਦਾ ਪਹਾੜ। ਬਸ਼ੀਰ ਝੱਟ ਉਹਦੇ ਤਰਲੇ ਲੈਣ ਲੱਗ ਪਿਆ।
'ਮੈਨੂੰ ਮੁਆਫ ਕਰ ਦਿਓ ਸਰ। ਹਜ਼ੂਰ ਮਾਈ ਬਾਪ।'
'ਓ ਜਾਹ ਹੁਣ ਮਗਰੋਂ ਵੀ ਲੱਥ। ਕੀ ਦੰਦੀਆਂ ਈ ਕੱਢੀ ਜਾਨਾ ਏਂ। ਉਂਜ ਈ ਸ਼ਰੀਫ ਲੋਕਾਂ ਦੀ ਹੁਣ ਕੋਈ ਥਾਂ ਨਹੀਂ ਰਹੀ ਇੱਥੇ। ਜਿਹਨੂੰ ਵੇਖੋ ਮੂੰਹ ਚੁੱਕ ਕੇ ਆਣ ਵੜਦਾ ਏ।' ਅਚਕਨ ਟੋਪੀ ਵਾਲਾ ਉਹਨੂੰ ਝਾੜ ਪਾ ਕੇ ਹੁਣ ਆਪਣੇ ਆਪ ਨਾਲ ਬੋਲ ਰਿਹਾ ਸੀ।
ਬਸ਼ੀਰ ਭਿੱਜੇ ਚੂਹੇ ਵਾਂਗ ਬਚਦਾ ਬਚਦਾ ਟੁਰਨ ਲੱਗ ਪਿਆ। ਉਹ ਚਿੰਤਾਵਾਨ ਸੀ ਜੋ ਉਹਦਾ ਕਪੜਾ ਵੀ ਏਥੇ ਕਿਸੇ ਦੇ ਕਪੜਿਆਂ ਨਾਲ ਲੱਗ ਗਿਆ ਤੇ ਉਹਦੀ ਉਹ ਕੁਤਿਆ ਕੁਤਿਆ ਹੋਵੇਗੀ ਜੋ ਰਹੇ ਰੱਬ ਦਾ ਨਾਂ।
ਤੇ ਫੇਰ ਉਹਨੂੰ ਪਤਾ ਈ ਨਾ ਲੱਗਾ ਜੋ ਉਹ ਕਿਹੜੇ ਵੇਲੇ ਮਾਝੇ ਦੀ ਦੁਕਾਨ 'ਤੇ ਅੱਪੜ ਗਿਆ ਸੀ ਤੇ ਕਿਹੜੇ ਵੇਲੇ ਮੇਜ਼ 'ਤੇ ਜਾ ਬੈਠਾ ਸੀ। ਉਹ ਤਾਂ ਜਿਹੜੇ ਵੇਲੇ ਟੇਬਲ ਮੈਨ ਨੇ ਉਹਦੇ ਸਾਹਮਣੇ ਪਾਣੀ ਦਾ ਜੱਗ ਧਰ ਕੇ ਜ਼ੋਰ ਦੀ ਗਲਾਸ ਮਾਰਿਆ ਤਾਂ ਉਹਨੂੰ ਜਾਗ ਆਈ। ਵੱਡੇ-ਵੱਡੇ ਪਤੀਲਿਆਂ ਵਿਚੋਂ ਭਾਫ ਦੇ ਕੁੰਡਲ ਉਠ ਰਹੇ ਸਨ ਤੇ ਮਾਝਾ ਆਪ ਉਨ੍ਹਾਂ ਦੇ ਕੰਢੇ ਖੜਕਾ-ਖੜਕਾ ਕੇ ਗਾਹਕਾਂ ਨੂੰ ਭੁਗਤਾ ਰਿਹਾ ਸੀ। ਟੇਬਲ ਮੈਨ ਬਸ਼ੀਰ ਨੂੰ ਹਲੂਣ ਕੇ ਆਪ ਕਿਸੇ ਹੋਰ ਦਾ ਆਰਡਰ ਲੈਣ ਟੁਰ ਗਿਆ ਸੀ।
ਬਸ਼ੀਰ ਨੇ ਹੋਠਾਂ ਉਤੇ ਮੁਸਕਰੇਵਾਂ ਲਿਆਉਂਦਿਆਂ ਆਪਣੇ ਬੋਝੇ ਨੂੰ ਹੱਥ ਮਾਰਿਆ ਤੇ ਉਹ ਤ੍ਰਭਕ ਜਿਹਾ ਗਿਆ। ਅੱਜ ਤੇ ਪਹਿਲੀ ਤਰੀਕ ਏ, ਪੈਸੇ ਕਿਧਰ ਗਏ। ਬੋਝਾ ਵਿਹਲਾ ਸੀ। ਉਹ ਆਪਣੀ ਥਾਉਂ ਉਠ ਖਲੋਤਾ। ਉਹਨੂੰ ਆਪਣੇ ਆਲੇਦੁਆਲੇ ਦੀ ਹਰ ਸ਼ੈ ਘੁੰਮਦੀ ਹੋਈ ਜਾਪੀ। ਉਹਨੂੰ ਲੱਗਾ, ਉਹ ਫਰਸ਼ ਉਤੇ ਡਿੱਗ ਪਵੇਗਾ। ਉਹ ਦੋਹਾਂ ਹੱਥਾਂ ਨਾਲ ਸਿਰ ਫੜ ਕੇ ਕੁਰਸੀ ਉਤੇ ਬਹਿ ਗਿਆ। ਪਤੀਲੇ ਵਿਚੋਂ ਭਾਫ ਦੇ ਕੁੰਡਲ ਭੂਤਨੇ ਬਣ ਬਣ ਉਹਨੂੰ ਤੱਕਦੇ ਪਏ ਸਨ।
ਬਸ਼ੀਰ ਕੁਝ ਚਿਰ ਇੰਜੇ ਬੈਠਾ ਰਹਿਣ ਪਿੱਛੋਂ ਹੰਭਲਾ ਮਾਰ ਕੇ ਆਪਣੀ ਥਾਓਂ ਉਠਿਆ। ਜਿਵੇਂ ਉਹਨੂੰ ਆਪਣਾ ਚੋਰ ਚੇਤੇ ਆ ਗਿਆ ਸੀ ਤੇ ਫੇਰ ਉਹ ਵਰ੍ਹਿਆਂ ਬੱਧੀ ਹੀਰਾ ਮੰਡੀ ਦੀਆਂ ਚਾਨਣੀਆਂ ਤੇ ਹਨ੍ਹੇਰੀਆਂ ਗਲੀਆਂ ਵਿਚ ਆਪਣੇ ਚੋਰ ਨੂੰ ਭਾਲਦਾ ਰਹਿ ਗਿਆ।

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ