Sundar Mundarie Ho (Punjabi Essay) : Harpreet Singh Kahlon

ਸੁੰਦਰ ਮੁੰਦਰੀਏ ਹੋ ! (ਲੇਖ) : ਹਰਪ੍ਰੀਤ ਸਿੰਘ ਕਾਹਲੋਂ

ਚਨਾਬ-ਰਾਵੀ ਦੇ ਪਾਣੀਆਂ ਦੀ ਧਰਤੀ ਨੇ ਜਿਸ ਨਾਇਕ ਨੂੰ ਸਾਡੇ ਇਤਿਹਾਸ 'ਚ ਜ਼ਿਕਰ ਦਿੱਤਾ ਹੈ ਉਹ ਬੰਦਾ ਬੰਦਾ ਨਾ ਹੋਕੇ ਪੰਜਾਬੀਅਤ ਅੰਦਰ ਵਹਿੰਦੀ ਇੱਕ ਸੋਚ ਹੈ।ਲੋਹੜੀ ਦਾ ਤਿਉਹਾਰ ਉਸੇ ਜਸ਼ਨ ਦਾ ਪ੍ਰਤੀਕ ਹੈ ਜਿਸ ਮਾਰਫਤ ਸਾਡੀ ਵਿਰਾਸਤ 'ਚ ਸੂਫੀਆਂ ਦਾ ਅਤੇ ਇਨਕਲਾਬ ਦਾ ਰੰਗ ਚੜ੍ਹਿਆ ਹੈ।

ਮੌਲਵੀ ਨੂਰ ਅਹਿਮਦ ਚਿਸ਼ਤੀ ਆਪਣੀ ਰਚਨਾ 'ਤਹਿਕੀਕਾਤ-ਏ-ਚਿਸ਼ਤੀਆ' 'ਚ ਜ਼ਿਕਰ ਕਰਦੇ ਹਨ ਕਿ ਅਕਬਰ ਨੇ ਲਾਹੌਰ ਦੇ ਲੰਡਾ ਬਾਜ਼ਾਰ ਦੇ ਨੇੜੇ ਨੀਲੇ ਗੁਬੰਦ ਕੋਲ ਜਨਤਕ ਤੌਰ 'ਤੇ ਦੁੱਲੇ ਭੱਟੀ ਨੂੰ ਫਾਂਸੀ ਦਿੱਤੀ ਸੀ।ਇਹ ਲੋਕਾਂ ਨੂੰ ਸਬਕ ਸੀ ਤਾਂ ਕਿ ਫਿਰ ਤੋਂ ਕੋਈ ਬਗਾਵਤ ਕਰਨ ਲਈ ਆਵਾਜ਼ ਨਾ ਚੁੱਕੇ।ਇਸ ਦੌਰਾਨ ਭੀੜ 'ਚ ਕਾਫੀ ਗੁੱਸੇ ਦੀ ਲਹਿਰ ਸੀ ਅਤੇ ਅਜਿਹੇ ਹਲਾਤ ਨੂੰ ਲਾਹੌਰ ਦਾ ਕੋਤਵਾਲ ਅਲੀ ਮਲਿਕ ਕਾਬੂ ਕਰ ਰਿਹਾ ਸੀ।ਇਸ ਮਾਹੌਲ 'ਚ ਇੱਕ ਆਵਾਜ਼ ਸੀ ਜੋ ਬੇਧੜਕ,ਬੇਖੌਫ ਮੁਖਾਲਫਤ ਕਰਨ ਲਈ ਉੱਤਰੀ।ਇਹ ਪੰਜਾਬ ਦੇ ਸੂਫ਼ੀ ਸੰਤ ਸ਼ਾਹ ਹੁਸੈਨ ਸਨ।ਸ਼ਾਹ ਹੁਸੈਨ ਲਿਖਦੇ ਹਨ-
ਕਹੇ ਹੁਸੈਨ ਫ਼ਕੀਰ ਨਿਮਾਣਾ ਤਖ਼ਤ ਨਾ ਮਿਲਦੇ ਮੰਗੇ…

ਸੂਫ਼ੀ ਵੀ ਤਾਂ ਇਨਕਲਾਬੀ ਹੀ ਹੁੰਦੇ ਹਨ।ਉਹਨਾਂ ਗਾਇਆ।ਨਾ ਲਿਖਣ ਦੀ ਤਾਂਘ ਸੀ,ਨਾ ਨਿਯਮਬੱਧ ਕਰਨ ਦੀ ਲਾਲਸਾ।ਜੇ ਲਾਲਸਾ ਹੁੰਦੀ ਤਾਂ ਘੁੰਗਟ ਚੱਕ ਹੁਣ ਸੱਜਣਾਂ ਦਾ ਗਾਣ ਕਿਉਂ ਗਾਉਂਦੇ ? ਸੂਫ਼ੀ ਨੇ ਸ਼ੱਰੀਅਤ ਖਿਲਾਫ ਆਜ਼ਾਦ ਮਨ ਦੀ ਆਵਾਜ਼ ਨੂੰ ਉਡਾਨ ਦਿੱਤੀ।
ਸੂਫ਼ੀਆਂ ਦਾ ਇੱਕ ਕਥਨ ਹੈ-ਕੁਨ ਫਾਹੇ ਕੁਨ।
ਇਹਦਾ ਅਰਥ ਹੈ ਕਿ ਜੋ ਦਿਲ 'ਚ ਹੈ ਉਹ ਜ਼ੁਬਾਨ 'ਤੇ ਹੈ।ਕਿਸੇ ਤਰ੍ਹਾਂ ਦਾ ਕੋਈ ਓਹਲਾ ਨਹੀਂ।ਸੋਚਣ ਅਤੇ ਕਰ ਗੁਜ਼ਰਨ ਦਰਮਿਆਨ ਛਿਣ ਭੰਗਰੀ ਜਹੀ ਦੇਰੀ ਨਹੀਂ,ਬੱਸ ਸੋਚਿਆ ਤਾਂ ਕਰ ਦਿੱਤਾ।

ਨਜਮ ਹੁਸੈਨ ਸੱਈਅਦ ਆਪਣੇ ਨਾਟਕ 'ਤਖ਼ਤ ਲਾਹੌਰ' ਅੰਦਰ ਬੜੇ ਕਮਾਲ ਦੇ ਇਸ਼ਾਰੇ ਕਰਦੇ ਹਨ।ਇਹ ਨਾਟਕ ਦੁੱਲੇ ਭੱਟੀ ਨਾਲ ਸਬੰਧ ਰੱਖਕੇ ਵੀ ਦੁੱਲੇ ਦੇ ਬੰਦੇ ਦੇ ਤੌਰ 'ਤੇ ਹਾਜ਼ਰ ਹੋਣ ਦਾ ਨਹੀਂ ਹੈ।ਆਮ ਬੰਦੇ ਅਤੇ ਲੋਕ ਨਾਇਕ 'ਚ ਇਹੋ ਫਰਕ ਹੁੰਦਾ ਹੈ।ਦੁੱਲਾ ਹੁਣ ਇੱਕ ਸੋਚ ਹੈ।ਨਜਮ ਹੁਸੈਨ ਆਪਣੇ ਨਾਟਕ 'ਚ ਇਸੇ ਸੋਚ ਨੂੰ ਮਹਿਸੂਸ ਕਰ ਰਹੇ ਹਨ।ਨਜਮ ਹੁਸੈਨ ਦੇ ਨਾਟਕ 'ਚ ਸ਼ਾਹ ਹੁਸੈਨ ਅਤੇ ਦੁੱਲੇ ਭੱਟੀ ਦੇ ਇੱਕੋ ਮਦਰਸੇ 'ਚ ਪੜ੍ਹਣ ਦਾ ਜ਼ਿਕਰ ਹੈ।ਕਿੰਨਾ ਕਮਾਲ ਸੰਜੋਗ ਹੈ ਕਿ ਇੱਕੋ ਮਦਰਸੇ ਤੋਂ ਇਨਕਲਾਬ ਖੜ੍ਹਾ ਹੋਇਆ।ਇੱਕ ਕਲਮ ਨਾਲ ਅਤੇ ਦੂਜਾ ਤਲਵਾਰ ਨਾਲ ਜ਼ੁਰਮ-ਜ਼ਬਰ ਦੇ ਖਿਲਾਫ ਆਪਣੀ ਇਬਾਰਤ ਲਿਖ ਰਿਹਾ ਹੈ।ਲੋਹੜੀ ਦੇ ਤਿਉਹਾਰ ਵੇਲੇ ਖੁਸ਼ੀ ਮਨਾਉਣ ਲੱਗਿਆ ਉਸ ਸੋਚ ਨੂੰ,ਪੰਜਾਬ ਦੀ ਸੂਫ਼ੀਅਤ ਨੂੰ ਧੁਰ ਅੰਦਰ ਤੋਂ ਮਹਿਸੂਸ ਕਰਨ ਦੀ ਲੋੜ ਹੈ।ਇਸ ਤੋਂ ਬਿਨਾਂ ਸਭ ਮਿੱਟੀ ਹੈ।ਅਸੀਂ ਮੁੰਡਿਆਂ ਦੀ ਲੋਹੜੀ ਮਨਾਉਂਦੇ ਹੋਏ ਇਹ ਉਮੀਦ ਕਰੀਏ ਕਿ ਸਾਡਾ ਫਰਜ਼ੰਦ ਦੁੱਲੇ ਵਾਂਗੂ ਖਰਾ ਹੋਵੇ।ਇਸ ਧਰਤੀ ਨੂੰ ਦੋਗਲਾਪਣ ਨਹੀਂ ਚਾਹੀਦਾ।ਕੁੜੀਆਂ ਦੀ ਲੋਹੜੀ ਮਨਾਉਂਦੇ ਹੋਏ ਸਾਡੀ ਦੁਆ ਹੋਵੇ ਕਿ ਜ਼ਿੰਦਗੀ ਦਾ ਅਹਿਮ ਅਧਾਰ ਇਹ ਕੁੜੀਆਂ ਆਪਣੀ ਕਹਾਣੀ ਨੂੰ ਹੌਂਸਲੇ ਨਾਲ,ਵਿਸ਼ਵਾਸ਼ ਨਾਲ ਤਰਾਸ਼ਨ ਅਤੇ ਇਸ ਲਈ ਸਮਾਜ 'ਚ ਇਹਨਾਂ ਕੁੜੀਆਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ।ਸਾਡਾ ਹੰਭਲਾ ਇਸੇ ਰੌਸ਼ਨ ਸਮਾਜ ਦੀ ਬੁਨਿਆਦ ਲਈ ਹੋਵੇ।

ਇਹ ਵੀ ਇਤਫਾਕ ਹੈ ਕਿ ਲਾਹੌਰ ਦੇ ਮੈਨੀ ਸਾਹਿਬ ਵਾਲੇ ਕਬਿਰਸਤਾਨ 'ਚ ਜਿੱਥੇ ਦੁੱਲਾ ਭੱਟੀ ਹੈ।ਉਸੇ ਥਾਂ 'ਤੇ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦੀ ਵੀ ਸਮਾਧ ਹੈ।ਲਹਿੰਦੇ ਪੰਜਾਬ ਦੇ ਸਾਹਿਤ ਨੂੰ ਬੇਹੱਦ ਇਸ਼ਕ ਨਾਲ ਸਮਝਣ ਵਾਲੇ ਡਾ.ਪਰਮਜੀਤ ਸਿੰਘ ਮੀਸ਼ਾ ਕਹਿੰਦੇ ਹਨ ਕਿ ਬਾਗੀਆਂ ਦਾ ਅਤੇ ਸੂਫ਼ੀਆਂ ਦੇ ਰਿਸ਼ਤੇ ਵਿਚਲੀ ਤੰਦ ਬਾਕਮਾਲ ਹੈ।ਸ਼ਾਹ ਹੁਸੈਨ ਅਤੇ ਦੁੱਲੇ ਭੱਟੀ ਦੇ ਸਬੰਧਾਂ ਬਾਰੇ ਹੋਰ ਵਿਸਥਾਰ ਨਾਲ ਗੱਲ ਹੋਵੇ।ਸ਼ਾਹ ਹੁਸੈਨ ਪੰਜਾਬ ਅੰਦਰ ਸੂਫ਼ੀਅਤ ਦਾ ਜੋ ਰੰਗ ਹੈ,ਬਾਬਾ ਬੁੱਲ੍ਹੇ ਸ਼ਾਹ ਉਸੇ ਸੂਫੀਅਤ ਦਾ ਸਿਖਰ ਹਨ।

ਦੁੱਲ੍ਹਾ ਭੱਟੀ ਪੰਜਾਬ ਦੀ ਉਹ ਸੋਚ ਹੈ ਜੋ ਜਾਣਦਾ ਸੀ ਕਿ ਮੇਰੀ ਹੁਣ ਦੀ ਕੁਰਬਾਨੀ ਅੰਤ ਨਹੀਂ।ਇਹ ਲੜਾਈ ਅੱਜ ਦੀ ਨਹੀਂ।ਇਹ ਬਹੁਤ ਬਾਅਦ ਦੀਆਂ ਗਾਥਾਵਾਂ ਹੋ ਜਾਣੀਆਂ ਹਨ ਜੋ ਲੋਕਾਂ ਨੂੰ ਸਹੀ ਕਰਨ ਲਈ ਪ੍ਰੇਰਣਗੀਆਂ।ਸੂਫ਼ੀ ਵੀ ਤਾਂ ਅਜਿਹੇ ਹੀ ਹਨ।ਉਹਨਾਂ ਆਪਣੇ ਸਮਿਆਂ 'ਚ ਜੋ ਗਾਇਆ ਉਸ ਨੂੰ ਬਾਅਦ ਵਾਲੀਆਂ ਕਈ ਸਦੀਆਂ ਨੇ ਸੁਣਿਆ ਹੈ।ਦੁਲ੍ਹੇ ਭੱਟੀ ਅਤੇ ਮਾਧੋ ਲਾਲ ਹੁਸੈਨ ਉਰਫ ਸ਼ਾਹ ਹੁਸੈਨ ਦੇ ਰਿਸ਼ਤੇ ਤੋਂ ਪੰਜਾਬ ਦੀ ਅਜੋਕੀ ਗਾਇਕੀ ਵੀ ਆਪਣੇ ਅੰਦਰ ਵੇਖ ਸਕਦੀ ਹੈ।ਕੀ ਇਹ ਗੀਤ ਅੱਜ ਤੋਂ ਸਦੀਆਂ ਬਾਅਦ ਗਾਏ ਜਾਣਗੇ ? ਜੋ ਗਾਏ ਜਾਣਗੇ ਉਹ ਲੋਕ ਗੀਤ ਬਣਨਗੇ।ਪੰਜਾਬ 'ਸੁੰਦਰ ਮੁੰਦਰੀਏ' ਤਾਂ ਅੱਜ ਵੀ ਗਾਉਂਦਾ ਹੈ।ਬਾਰਡਰ ਨੀ ਟੱਪਦਾ ਚਿੱਟਾ ਕੀ ਕੱਲ੍ਹ ਨੂੰ ਗਾਇਆ ਜਾਵੇਗਾ ?

ਅਜਿਹਾ ਹਵਾਲਾ ਵੀ ਹੈ ਕਿ ਦੁੱਲ੍ਹਾ ਭੱਟੀ ਦੀ ਸ਼ਹੀਦੀ ਤੋਂ ਬਾਅਦ ਸ਼ਾਹ ਹੁਸੈਨ ਨੇ ਬਹੁਤ ਡੱਟਕੇ ਇਸ ਬਾਰੇ ਮੁਖਾਲਫਤ ਕੀਤੀ ਸੀ।ਕਹਿੰਦੇ ਹਨ ਕਿ ਇਹ ਸ਼ਾਹੀ ਫੁਰਮਾਣ ਸੀ ਕਿ ਦੁੱਲ੍ਹੇ ਨੂੰ ਸੂਲੀ ਤੋਂ ਉਤਾਰਕੇ ਉਹਦੀਆਂ ਮੌਤ ਦੀਆਂ ਰਸਮਾਂ ਕੋਈ ਨਹੀਂ ਕਰੇਗਾ।ਸ਼ਾਹ ਹੁਸੈਨ ਨੇ ਇਸ ਦੀ ਪਰਵਾਹ ਵੀ ਨਹੀਂ ਕੀਤੀ।ਇਤਿਹਾਸ ਅਤੇ ਲੋਕ ਕਥਾਵਾਂ 'ਚ ਇਹੋ ਫਰਕ ਹੈ।ਤੱਥਾਂ ਦੀ ਕਸਵੱਟੀ 'ਤੇ ਭਾਂਵੇਂ ਇਸ ਗੱਲ ਦਾ ਕੋਈ ਅਧਾਰ ਨਾ ਹੋਵੇ ਪਰ ਦਿਲਾਂ ਦੀ ਅਵਾਜ਼ ਅਜਿਹਾ ਮੰਨਣ ਨੂੰ ਕਹਿੰਦੀ ਹੈ।ਸ਼ਾਹ ਹੁਸੈਨ ਲਿਖਦੇ ਹਨ-
ਸ਼ਾਹ ਹੁਸੈਨ ਸ਼ਹਾਦਤ ਪਾਇਨ, ਮਰਨ ਜੋ ਮਿੱਤਰਾਂ ਅੱਗੇ

ਪੰਜਾਬ ਦੀ ਲੋਕ ਧਾਰਾ ਦੇ ਅਜਿਹੇ ਨਾਇਕ, ਅਜਿਹੇ ਸੂਫ਼ੀ ਸੰਤਾਂ ਬਾਰੇ ਜਾਣਦੇ ਹੋਏ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਸਦਾ ਮਹਿਸੂਸ ਕਰਦੇ ਰਹੋ।ਦੁੱਲ੍ਹਾ ਆਪਣੇ ਆਪ 'ਚ ਸਾਂਝੀਵਾਲਤਾ ਹੈ।ਲੋਹੜੀ ਦੇ ਤਿਉਹਾਰ ਨੂੰ ਇਸ ਬਹਾਨੇ ਵੀ ਮਨਾਇਓ ਅਤੇ ਧਰਮਾਂ,ਵਿਤਕਰਿਆਂ ਤੋਂ ਉੱਪਰ ਉੱਠ ਪੰਜਾਬੀਅਤ ਨੂੰ ਮਹਿਸੂਸ ਕਰੋ।

ਦੁੱਲ੍ਹੇ ਦੇ ਪੁਰਖੇ ਰਾਜਪੂਤ ਹਿੰਦੂ ਸਨ।ਜਾਤ ਤੋਂ ਬਾਹਰੀ ਵਿਆਹ ਕਰਨ ਕਰਕੇ ਉਹਨਾਂ ਨੂੰ ਕੁਨਬੇ 'ਚੋਂ ਛੇਕ ਦਿੱਤਾ।ਰਾਜਸਥਾਨ ਤੋਂ ਤੁਰਦੇ ਤਰਾਉਂਦੇ ਉਹਨਾਂ ਆਪਣਾ ਡੇਰਾ ਬਠਿੰਡਾ ਦੇ ਨੇੜੇ ਲਾਇਆ।ਕਹਿੰਦੇ ਨੇ ਕਿ ਦੁੱਲ੍ਹੇ ਦੀ ਗੋਤ ਭੱਟੀ ਤੋਂ ਹੀ ਸ਼ਾਬਦਿਕ ਸਫਰ ਹੁੰਦਾ ਹੁੰਦਾ ਬਠਿੰਡਾ ਬਣਿਆ ਹੈ।ਪਰ ਇੱਥੋਂ ਵੀ ਉਹਨਾਂ ਦਾ ਠਿਕਾਣਾ ਵਕਤੀ ਸੀ।ਅਖੀਰ ਉਹਨਾਂ ਚਨਾਬ-ਰਾਵੀ ਦੇ ਇਲਾਕੇ 'ਚ ਬਾਰ ਦੇ ਇਲਾਕੇ ਨੂੰ ਆਬਾਦ ਕੀਤਾ।ਇਹ ਇਲਾਕਾ ਦੁੱਲ੍ਹੇ ਦੇ ਦਾਦਾ ਸਾਂਦਲ ਭੱਟੀ ਦੇ ਨਾਂ ਨਾਲ ਮਸ਼ਹੂਰ ਹੈ।ਦੁਲ੍ਹੇ ਦੇ ਪੁਰਖਿਆਂ ਦੀ ਬਾਰ ਇਲਾਕੇ ਦੀ ਮੁਗਲੀਆ ਹਕੂਮਤ ਖਿਲਾਫ ਬਗਾਵਤ ਦਾ ਜ਼ਿਕਰ ਬਾਬਰ ਵੱਲੋਂ ਲਿਖੇ ਬਾਬਰਨਾਮਾ 'ਚ ਵੀ ਮਿਲਦਾ ਹੈ।ਦਰਅਸਲ ਬਾਰ ਦਾ ਇਲਾਕੇ ਦਾ ਇਤਿਹਾਸ ਹੀ ਅਜਿਹਾ ਹੈ ਕਿ ਇਹ ਬਾਗੀ ਅਤੇ ਲੜਾਕੂ ਕੌਮਾਂ ਦਾ ਵਸੇਬਾ ਹੀ ਬਣਿਆ ਹੈ।ਰਾਅ ਸਿੱਖ ਜਾਂ ਰਾਏ ਸਿੱਖਾਂ ਬਾਰੇ ਜਿਵੇਂ ਕਿ ਜ਼ਿਕਰ ਇਹ ਵੀ ਹੈ ਕਿ ਬਾਰ 'ਚ ਵੱਸਿਆ ਅਜਿਹਾ ਕਬੀਲਾ ਸੀ ਜੋ ਮੂਲੋਂ ਬਾਗੀ ਸੁਭਾਅ ਦੇ ਸਨ।ਮੁਗਲੀਆ ਸਲਤਨਤ ਨਾਲ ਇਹਨਾਂ ਦੇ ਵਿਰੋਧ ਸਨ ਜਿਸ ਕਾਰਨ ਇਹ ਗੁਰੀਲਾ ਢੰਗ ਨਾਲ ਉਹਨਾਂ ਨਾਲ ਆਢਾ ਲੈਂਦੇ ਰਹਿੰਦੇ ਸਨ।ਇਹ ਵੀ ਦਿਲਚਸਪ ਹੈ ਕਿ ਕੁਝ ਕੌਮਾਂ ਦੇ ਖੁਨ 'ਚ ਹੀ ਵੰਗਾਰ ਲਿਖੀ ਹੁੰਦੀ ਹੈ।ਇੱਕ ਪਾਸੇ ਇਹ ਰਾਅ ਸਿੱਖਾਂ ਦੀ ਜੜ੍ਹ ਰਾਜਪੂਤਾਂ ਨਾਲ ਜਾ ਜੁੜਦੀ ਹੈ।ਠੀਕ ਉਂਵੇ ਜਿਵੇਂ ਦੁੱਲਾ ਭੱਟੀ ਹੁਣਾਂ ਦੀ ਤੰਦ ਵੀ ਰਾਜਪੂਤਾਣਾ ਹੈ।ਰਾਅ ਸਿੱਖਾਂ ਦਾ ਸਬੰਧ ਚਿਤੌੜਗੜ੍ਹ ਦੀ ਰਾਣੀ ਪਦਮਾਵਤੀ ਦੇ ਭਰਾਵਾਂ ਨਾਲ ਹੈ।ਸਾਡੇ ਲੋਕ ਗੀਤਾਂ 'ਚ ਇਹਨਾਂ ਭਰਾਵਾਂ ਦਾ ਜ਼ਿਕਰ ਆਮ ਹੈ।ਇਹਨਾਂ ਭਰਾਵਾਂ ਦਾ ਨਾਮ ਜੈਮਲ ਤੇ ਫੱਤਾ ਸੀ।ਰਾਅਵਾਂ ਦੇ ਬੁਜ਼ਰਗ ਕਹਿੰਦੇ ਹਨ ਕਿ ਅਸੀ ਜੈਮਲ ਫੱਤੇ ਦੀਆਂ ਔਲਾਦਾਂ ਰਾਜਪੂਤ ਸਾਂ ਅਤੇ ਫਿਰ ਸਿੱਖ ਧਰਮ ਦੇ ਪਸਾਰੇ 'ਚ ਸਾਡੇ ਪੁਰਖੇ ਗੁਰੁ ਸਾਹਬ ਹੁਣਾਂ ਦੇ ਪ੍ਰਭਾਵ 'ਚ ਆਏ।ਇਹ ਕਿਹੜੇ ਗੁਰੁ ਸਾਹਬ ਦੀ ਸੰਗਤ 'ਚ ਆਏ ਹਨ ਇਹਦਾ ਕੋਈ ਸੱਪਸ਼ਟ ਪ੍ਰਮਾਣ ਨਹੀਂ ਹੈ।ਪਰ ਇਹ ਕਹਾਣੀ ਲੋਕ ਧਾਰਾਈ ਪ੍ਰਵਾਹ 'ਚ ਹੈ ਕਿ ਪੁੱਛਿਆ ਕਿ ਰਾਜਪੂਤ ਕੀ ਹੋਇਆ ? ਰਾਜਿਆਂ ਦੇ ਪੁੱਤ ! ਤੁਸੀ ਤਾਂ ਰਾਜ ਕਰਨ ਵਾਲੇ ਸਿੱਖ ਹੋ।ਸੋ ਇੰਝ ਰਾਜ+ਪੂਤ ਤੋਂ ਰਾਜ + ਸਿੱਖ ਹੋ ਗਏ ਅਤੇ ਰਾਜ ਸਿੱਖ ਤੋਂ ਸ਼ਾਬਦਿਕ ਸਫਰ ਰਾਏ ਸਿੱਖ ਜਾ ਰਾਅ ਸਿੱਖਾਂ ਤੱਕ ਹੋ ਗਿਆ।

ਦੁੱਲ੍ਹੇ ਭੱਟੀ ਦੀ ਮਾਂ ਅਤੇ ਅਕਬਰ ਦੇ ਮੁੰਡੇ ਨੂੰ ਲੈਕੇ ਵੀ ਇੱਕ ਕਹਾਣੀ ਹੈ।ਕਹਿੰਦੇ ਹਨ ਕਿ ਦੁੱਲ੍ਹਾ ਅਤੇ ਸਲੀਮ ਹਾਣੋ ਹਾਣੀ ਸਨ।ਸਲੀਮ ਦੀ ਬਾਲ ਅਵਸਥਾ 'ਚ ਵੈਦ ਦੀ ਸਲਾਹ ਨਾਲ ਉਹਨੂੰ ਕਿਸੇ ਹੋਰ ਔਰਤ ਦਾ ਦੁੱਧ ਪਿਆਇਆ ਗਿਆ।ਉਹ ਔਰਤ ਦੁੱਲ੍ਹੇ ਦੀ ਮਾਂ ਲੱਧੀ ਸੀ।ਜਿੰਨ੍ਹੇ ਇੱਕੋ ਸਮੇਂ ਦੁੱਲ੍ਹੇ ਨੂੰ ਅਤੇ ਸਲੀਮ ਨੂੰ ਦੁੱਧ ਪਿਆਇਆ।ਪਰ ਆਪਣੇ ਲੰਮੇ ਸਾਲਾਂ ਦੀ ਇਤਿਹਾਸਕ ਖ਼ੋਜ ਤੋਂ ਬਾਅਦ ਸਾਜ਼ੀ ਜ਼ਮਾਂ ਨੇ ਨਾਵਲ 'ਅਕਬਰ' ਜੋ ਲਿਖਿਆ ਹੈ ਉਸ 'ਚ ਇਸਦਾ ਹਵਾਲਾ ਨਹੀਂ ਹੈ।ਸਾਜ਼ੀ ਜ਼ਮਾਂ ਦੇ ਨਾਵਲ ਨੂੰ ਪੜ੍ਹਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਜ਼ੀ ਜ਼ਮਾਂ ਦਾ ਅਕਬਰ ਗੰਗਾ ਜਮੁਨਾ ਤਹਿਜ਼ੀਬ ਦਾ ਨਾਇਕ ਹੈ।ਅਕਬਰ ਨੂੰ ਸਭ ਮਹਾਨ ਬਾਦਸ਼ਾਹ ਕਹਿੰਦੇ ਹਨ।ਯਕੀਨਨ ਉਹ ਹੈ ਵੀ ਸੀ।ਪਰ ਜਦੋਂ ਪੰਜਾਬੀਆਂ ਲਈ ਦੁੱਲ੍ਹੇ ਦੀ ਗੱਲ ਤੁਰਦੀ ਹੈ ਤਾਂ ਪੰਜ ਦਰਿਆਵਾਂ ਦੀ ਧਰਤੀ ਦਾ ਨਾਇਕ ਅਬਦੁੱਲਾ ਭੱਟੀ ਉਰਫ ਦੁੱਲ੍ਹਾ ਭੱਟੀ ਹੈ ਅਤੇ ਅਕਬਰ ਇੱਕ ਤਾਨਾਸ਼ਾਹ ਬਾਦਸ਼ਾਹ ਹੈ ਜਿੰਨ੍ਹੇ ਦੁੱਲ੍ਹੇ ਨੂੰ ਸ਼ਹੀਦ ਕੀਤਾ।

ਲੋਹੜੀ ਦੇ ਮੌਕੇ ਦੁੱਲ੍ਹੇ ਨੂੰ ਲੈਕੇ ਇਹਨਾਂ ਸਾਰੇ ਨਜ਼ਰੀਏ ਦਾ ਵਿਸਥਾਰ ਅਤੇ ਖ਼ੋਜ ਵੀ ਹੋਣੀ ਚਾਹੀਦੀ ਹੈ।ਇਹ ਕੋਈ ਆਖਰੀ ਗੱਲ ਨਹੀਂ ਹੈ।ਬੱਸ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਜੇ ਸੂਫੀਆਂ ਦਾ ਅਤੇ ਬਾਗੀਆਂ ਦਾ,ਸਾਡੇ ਲੋਕ ਨਾਇਕਾਂ ਦਾ ਰਿਸ਼ਤਾ ਅਜਿਹਾ ਹੈ ਤਾਂ ਇਸ ਰਿਸ਼ਤੇ ਦੇ ਤਿਉਹਾਰ ਲੋਹੜੀ ਨੂੰ ਕੋਟਿਨ ਕੋਟਿ ਸਿਜਦਾ ਕਰਨ ਨੂੰ ਮੰਨ ਕਹਿੰਦਾ ਹੈ।ਫਿਰ ਸੁੰਦਰ ਮੁੰਦਰੀਏ ਸਿਰਫ ਗੀਤ ਨਹੀਂ ਰਹਿ ਜਾਂਦਾ।ਇਹ ਪੰਜਾਬ ਦਾ ਮਹਾਨ ਸੂਫੀ ਕਲਾਮ ਹੋ ਜਾਂਦਾ ਹੈ।ਇਸ ਗੀਤ ਦੇ ਬਹੁਤ ਭੇਦ ਹਨ।ਇਸ ਗੀਤ ਨੂੰ ਗਾਉਂਦੇ ਹੋਏ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਤਹਿਜ਼ੀਬ ਨੂੰ ਮਹਿਸੂਸ ਕਰਨ ਦੀ ਵੀ ਲੋੜ ਹੈ ਅਤੇ ਦੁੱਲ੍ਹੇ ਦੇ ਮਾਰਫਤ ਸਾਂਝੀਵਾਲਤਾ ਅਤੇ ਦੂਜਿਆਂ ਲਈ ਜਿਊਣ ਦਾ ਜਜ਼ਬਾ ਮਹਿਸੂਸ ਕਰਨ ਦਾ ਅਹਿਦ ਵੀ ਹੈ।ਰਾਬਿਨ ਹੁੱਡ ਆਫ ਪੰਜਾਬ ਦੁੱਲ੍ਹੇ ਨੂੰ ਵੇਖਦਿਆਂ ਉਹ ਰਾਜਪੂਤ ਹਿੰਦੂ ਵੀ ਹੈ,ਉਸ 'ਚ ਇਸਲਾਮ ਵੀ ਹੈ ਅਤੇ ਪੰਜਾਬ ਦਾ ਪੁੱਤ ਪੰਜਾਬੀਅਤ ਨਾਲ ਤਾਂ ਸਰਸ਼ਾਰ ਹੈ ਹੀ-ਇਸ ਉਮੀਦ ਨਾਲ ਤੁਹਾਡੇ ਵਿਹੜੇ 'ਚ ਇਹ ਗੀਤ ਸਦਾ ਸਦਾ ਸਲਾਮਤ ਰਹੇ।

ਸੁੰਦਰ ਮੁੰਦਰੀਏ ਹੋ !
ਤੇਰਾ ਕੌਣ ਵਿਚਾਰਾ ਹੋ !
ਦੁੱਲ੍ਹਾ ਭੱਟੀ ਵਾਲਾ ਹੋ !
ਦੁੱਲ੍ਹੇ ਧੀ ਵਿਆਹੀ ਹੋ !

  • ਮੁੱਖ ਪੰਨਾ : ਹਰਪ੍ਰੀਤ ਸਿੰਘ ਕਾਹਲੋਂ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ