ਸਮਾਜਿਕ ਯਥਾਰਥ ਦੀਆਂ ਤੰਦਾਂ ਦੀ ਲੋਕਧਾਰਾਈ ਲਹਿਜੇ ਵਿੱਚ ਉਧੇੜ-ਬੁਣ ਕਰਦੀ ਗੁਰਭਜਨ ਗਿੱਲ ਦੀ ਕਾਵਿ-ਪੁਸਤਕ ਚਰਖੜੀ : ਡਾ. ਸਰਦੂਲ ਸਿੰਘ ਔਜਲਾ

ਜਦੋਂ ਅਸੀਂ ਚਰਖੜੀ ਸ਼ਬਦ ਦੇ ਅਰਥਾਂ ਨੂੰ ਇਤਿਹਾਸਿਕ ਤੌਰ ਤੇ ਵਾਚਦੇ ਹਾਂ ਤਾਂ ਇਸ ਦੇ ਅਰਥ ਹੋਰ ਹਨ ਪਰ ਚਰਖੜੀ ਪਤੰਗ ਚੜਾਉਣ ਵਾਲੇ ਪਿੰਨੇ ,ਨੂੰ ਜਿਸ ਨਾਲ ਡੋਰ ਲਪੇਟੀ ਜਾਂਦੀ ਹੈ ਉਸਨੂੰ ਵੀ ਕਿਹਾ ਜਾਂਦਾ ਹੈ। ਜਿਵੇਂ ਜਿਵੇਂ ਡੋਰ ਉਧੜਦੀ ਹੈ ਪਤੰਗ ਅਸਮਾਨ ਵਿੱਚ ਉੱਚਾ ਉੱਡਦਾ ਜਾਂਦਾ ਹੈ ਗੁਰਭਜਨ ਗਿੱਲ ਦੀ ਕਾਵਿ-ਪੁਸਤਕ ਚਰਖੜੀ ਵੀ ਕੁਝ ਅਜਿਹੇ ਅਰਥਾਂ ਦੀ ਹੀ ਲਿਖਾਇਕ ਹੈ ।ਉਹ ਸਾਡੇ ਸਮਾਜ ਰੂਪੀ ਪਿੰਨੇ ਦੀ ਡੋਰ ਨੂੰ ਉਧੇੜਦਾ ਹੈ ਜਿਸ ਦੀਆਂ ਤੰਦਾਂ ਸਿੱਧੀਆਂ ਨਹੀਂ ਸਗੋਂ ਬਹੁਤ ਜਿਆਦਾ ਉਲਝੀਆਂ ਹੋਈਆਂ ਹਨ। ਉਹ ਪਰਤ ਦਰ ਪਰਤ ਉਹਨਾਂ ਵਿਸੰਗਤੀਆਂ ਤੇ ਦੁਸ਼ਵਾਰੀਆਂ ਨੂੰ ਆਪਣੇ ਕਾਵਿ ਅਨੁਭਵ ਦੁਆਰਾ ਪਾਠਕਾਂ ਦੇ ਰੂਬਰੂ ਕਰਦਾ ਜਾਂਦਾ ਹੈ ਜਿਨਾਂ ਸੰਗ ਸਾਡਾ ਸਮਾਜ ਅੱਜ ਜੂਝ ਰਿਹਾ ਹੈ ।ਉਹ ਸਮਾਜਿਕ ਤਰੱਕੀ ਥੱਲੇ ਲੁਕੇ ਕੁਹਜ ਅਤੇ ਕਾਣ ਨੂੰ ਬੜੇ ਸੁਹਜਮਈ ਅਤੇ ਸਹਿਜਮਈ ਕਾਵਿਕ ਢੰਗ ਨਾਲ ਬਿਆਨਦਾ ਹੈ ਕਿ ਪਾਠਕ ਉਸ ਦੀ ਕਵਿਤਾ ਦੇ ਆਨੰਦ ਨੂੰ ਮਾਣਦਾ ਉਨਾਂ ਬਹੁਤ ਸਾਰੇ ਪ੍ਰਸ਼ਨਾਂ ਦੇ ਰੂ-ਬਰੂ ਵੀ ਹੁੰਦਾ ਹੈ ਜਿਨਾਂ ਨਾਲ ਸਾਡਾ ਸਮਾਜ ਅੱਜ ਜੂਝ ਰਿਹਾ ਹੈ ਇੱਥੇ ਗੈਲਣ ਯੋਗ ਹੈ ਕਿ ਉਹ ਜਿੱਥੇ ਉਹ ਸਮਾਜ ਦੇ ਕੁਹਜ ਤੇ ਸੱਚ ਨੂੰ ਪੇਸ਼ ਕਰਦਾ ਹੈ ਉੱਥੇ ਉਹਨਾਂ ਜਿੰਦਾਦਿਲ ਪਾਤਰਾਂ ਦੀ ਕਾਵਿਕ- ਬਾਤ ਵੀ ਪਾਉਂਦਾ ਹੈ ਜੋ ਜੂਝਣ ਦਾ ਜੇਰਾ ਵੀ ਰੱਖਦੇ ਹਨ ਅਤੇ ਆਪਣੀ ਜਿੰਦਾ ਦਿਲੀ ਨਾਲ ਸਿਰ ਉੱਚਾ ਕਰਕੇ ਜਿਉਂਦੇ ਵੀ ਹਨ, ਨੰਦੋ ਬਾਜ਼ੀਗਰਨੀ ,ਮੇਰੀ ਮਾਂ, ਮਾਵਾਂ ਨਹੀਂ ਥੱਕਦੀਆਂ, ਜਾਗਦੀ ਹੈ ਮਾਂ ਅਜੇ ,ਆਦਿ ਕਵਿਤਾਵਾਂ ਦਾ ਜ਼ਿਕਰ ਇਸੇ ਪ੍ਰਸੰਗ ਵਿੱਚ ਕੀਤਾ ਜਾ ਸਕਦਾ ਹੈ। ਜਿੱਥੇ ਸਾਡਾ ਸਮਾਜ ਰਿਸ਼ਤਿਆਂ ਦੀ ਅਹਿਮੀਅਤ ਤੋਂ ਵਿਹੂਣਾ ਹੋ ਰਿਹਾ ਹੈ ਉੱਥੇ ਭਾਈਚਾਰਕ ਅਤੇ ਪਰਿਵਾਰਿਕ ਸਾਂਝਾ ਨੂੰ ਜੋੜ ਕੇ ਰੱਖਣ ਵਾਲੀਆਂ ਮਾਵਾਂ ਲਈ ਗਿੱਲ ਦੀ ਕਵਿਤਾ ਕਾਵਿਕ ਸਤਿਕਾਰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਹੈ:

ਮੇਰੀ ਮਾਂ ਨੂੰ
ਸਵੈਟਰ ਬੁਣਨਾ ਨਹੀਂ ਸੀ ਆਉਂਦਾ
ਪਰ ਉਹ ਰਿਸ਼ਤੇ ਬਣਨਾ ਜਾਣਦੀ ਸੀ
ਮੇਰੀ ਮਾਂ ਨੂੰ ਤਰਨਾ ਨਹੀਂ ਸੀ ਆਉਂਦਾ
ਪਰ ਉਹ ਤਾਰਨਾ ਜਾਣਦੀ ਸੀ । 1

ਗੁਰਭਜਨ ਗਿੱਲ ਦੀ ਕਵਿਤਾ ਉਹਨਾਂ ਮਖੌਟਾ ਧਾਰੀ ਅਤੇ ਦੋਗਲੇ ਕਿਰਦਾਰਾਂ ਦੀ ਵੀ ਨਿਸ਼ਾਨਦਹੀ ਕਰਦੀ ਹੈ ਜਿਹੜੇ ਆਪਣੇ ਸਵਾਰਥ ਲਈ ਨੀਵੇਂਪਣ ਦੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਸਲ ਵਿੱਚ ਸਾਹਮਣੇ ਵਾਲੇ ਦੁਸ਼ਮਣ ਦੀ ਪਹਿਚਾਣ ਤਾਂ ਹੋ ਸਕਦੀ ਹੈ ਪਰ ਅਜਿਹੇ ਬੁੱਕਲ ਦੇ ਸੱਪਾਂ ਦੀ ਪਹਿਚਾਣ ਗਿੱਲ ਦੀ ਬਾਰੀਕ ਬੀਨੀ ਨਜ਼ਰ ਹੀ ਕਰ ਸਕਦੀ ਹੈ:

ਤਰੱਕੀ ਰਾਮ ਸਰਬ ਧਰਮ ਵਿਸ਼ਵਾਸੀ
ਮੰਦਰ ਮਸੀਤ ਗੁਰਦੁਆਰੇ ਦੇ ਨਾਲ
ਗਿਰਜਾ ਘਰ ਵੀ ਜਾ ਆਉਂਦਾ ਹੈ
ਗੁਜ਼ਾਰੇ ਜੋਗੀ ਗਿਆਨ ਪੂੰਜੀ ਸਹਾਰੇ
ਮੌਜ ਕਰਦਾ ਹੈ
ਚੰਗਾ ਖਾਂਦਾ ਹੈ ਮੰਦਾ ਬੋਲਦਾ ਹੈ।2

ਕਵੀ ਕਵਿਤਾ ਕਿਸੇ ਮਨੋਰੰਜਨ ਲਈ ਨਹੀਂ ਲਿਖਦਾ ਸਗੋਂ ਉਹ ਤਾਂ ਆਪਣੇ ਵਿਰਸੇ ਵਿਰਾਸਤ ਅਤੇ ਇਤਿਹਾਸ ਨੂੰ ਬਚਾਉਣ ਲਈ ਯਤਨਸ਼ੀਲ ਹੈ। ਉਸਦਾ ਕਾਵਿ ਸਿਧਾਂਤ ਹੈ ਕਿ ਜੇਕਰ ਕਵਿਤਾ ਵਿੱਚ ਜਾਨ ਹੋਵੇ ਉਹ ਆਪਣੇ ਆਪ ਹੀ ਪਾਠਕ ਪੈਦਾ ਕਰ ਲੈਂਦੀ ਹੈ ।ਕਿਉਂਕਿ ਕਵਿਤਾ ਸਿਰਫ ਅੱਖਰ ਜਾਂ ਸ਼ਬਦਾਂ ਦਾ ਜੋੜ ਤੋੜ ਨਹੀਂ ਕਵਿਤਾ ਤਾਂ ਉਹ ਰੌਸ਼ਨੀ ਹੈ ਜੋ ਜ਼ਿੰਦਗੀ ਦੇ ਚਾਰੇ ਕੋਨੇ ਰੋਸ਼ਨ ਕਰ ਸਕਦੀ ਹੈ ।ਬਸ਼ਰਤੇ ਇਹ ਕਵਿਤਾ ਮਹਿਜ ਸ਼ਬਦਾਂ ਦੀ ਖੇਡ ਨਾ ਹੋਵੇ ਸਗੋਂ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਕਾਵਿਕ -ਪੇਸ਼ਕਾਰੀ ਹੋਵੇ :

ਕੰਧ ਤੇ ਬੈਠੀ ਕਵਿਤਾ ਨੂੰ ਸੁਣੋ
ਘਰਾਂ ਦਰਾਂ ਨੂੰ ਕਵਿਤਾ ਚਾਹੀਦੀ ਹੈ
ਮਹਿਕਦੇ ਸਵਾਸ ਲਈ
ਸੁਰੱਖਿਅਤ ਵਿਸ਼ਵਾਸ ਲਈ
ਅੱਜ ਦੀ ਸਲਾਮਤੀ ਲਈ
ਕੱਲ ਦੇ ਇਤਿਹਾਸ ਲਈ।3

ਕਵੀ ਆਪਣੀਆਂ ਇਤਿਹਾਸਿਕ ਥਾਵਾਂ ਅਤੇ ਉਹਨਾਂ ਦੇ ਰਹਿਬਰਾਂ ਨੂੰ ਇਸੇ ਲਈ ਸਿਜਦਾ ਕਰਦਾ ਹੈ ਕਿਉਂਕਿ ਉਹਨਾਂ ਨੇ ਦੁਨੀਆਂ ਨੂੰ ਆਪਣੀਆਂ ਜੜਾਂ ਨਾਲ ਜੋੜਿਆ ਤਾਂ ਕਿ ਇਨਸਾਨੀਅਤ ਜਿਉਂਦੀ ਰਹੇ ਸਰਹਿੰਦ ਦਾ ਸੁਨੇਹਾ ,ਭੈਣ ਨਾਨਕੀ ਵੀਰ ਨੂੰ ਲੱਭਦਿਆਂ, ਕੂਕੇ ਸ਼ਹੀਦਾਂ ਨੂੰ ਚਿਤਵਦਿਆਂ, ਆਦਿ ਕਵਿਤਾਵਾਂ ਦਾ ਜ਼ਿਕਰ ਇੱਥੇ ਇਸੇ ਪ੍ਰਸੰਗ ਵਿੱਚ ਹੀ ਕੀਤਾ ਜਾ ਸਕਦਾ ਹੈ ।ਜਿੱਥੇ ਕਵੀ ਹਲੂਣਾ ਦੇ ਕੇ ਮਰੀਆਂ ਜਮੀਰਾਂ ਵਿੱਚ ਝਰਨਾਹਟ ਛੇੜਨੀ ਚਾਹੁੰਦਾ ਹੈ । ਕਵੀ ਦੀ ਇਹ ਸ਼ੁਭ ਇੱਛਾ ਹੈ ਕਿ ਸਮਾਜ ਇਸ ਤਰ੍ਹਾਂ ਵਿਚਰਿਆ ਜਾਵੇ ਜਿੱਥੇ ਸ਼ਖਸ਼ੀਅਤ ਵਿੱਚ ਕਾਣ ਨਾ ਹੋਵੇ ਸਗੋਂ ਪੂਰੇ ਸੂਰੇ ਮਨੁੱਖ ਦੀ ਕਾਮਨਾ ਕਵੀ ਦੀ ਕਾਵਿਕ ਅਰਦਾਸ ਹੈ:

ਮਿਲੋ ਤਾ ਇਜ ਮਿਲੋ
ਕਿ ਸਦੀਆਂ ਤੋਂ ਇਕੱਠੇ ਹਾਂ
ਨਾਲ ਨਾਲ ਤੁਰਦੇ
ਹਮ ਕਦਮ ਹਮਰਾਜ
ਇੱਕ ਸੁਰ ਇਕ ਆਵਾਜ਼।4

ਕਵੀ ਇਸ ਗੱਲੋਂ ਸੁਚੇਤ ਹੈ ਕਿ ਜੇਕਰ ਮਨੁੱਖ ਦੂਜਿਆਂ ਪ੍ਰਤੀ ਸਵਾਰਥੀ ਬਿਰਥੀ ਛੱਡ ਕੇ ਸਰਬੱਤ ਦੇ ਭਲੇ ਵਾਲੀ ਸੋਚ ਅਪਣਾਉਂਦਾ ਹੈ ਤਾਂ ਉਹਦੀ ਝੋਲੀ ਆਪਣੇ ਆਪ ਹੀ ਭਰ ਜਾਂਦੀ ਹੈ ਇਹ ਝੋਲੀ ਕੋਈ ਦੁਨਿਆਵੀ ਪਦਾਰਥਾਂ ਨਾਲ ਨਹੀਂ ਭਰਦੀ ਸਗੋਂ ਇੱਕ ਅਗੰਮੀ ਅਨੁਭਵ ਅਤੇ ਕੁਦਰਤੀ ਅਸੀਸ ਦੀ ਪ੍ਰਾਪਤੀ ਹੁੰਦੀ ਹੈ, ਜਿਸ ਵਿੱਚ ਮਨੁੱਖ ਦੀ ਸਮਾਜਿਕ ਅਤੇ ਅਧਿਆਤਮਿਕ ਤਰੱਕੀ ਦਾ ਰਾਜ ਛੁਪਿਆ ਹੁੰਦਾ ਹੈ। ਮਨੁੱਖੀ ਮਾਨਸਿਕਤਾ ਨਿਰਬਲਤਾ ਤੌ ਬਲਵਾਨਤਾ ਦਾ ਸਫਰ ਤੈਅ ਕਰਨ ਲਈ ਉਭਾਸਰਦੀ ਹੈ ਜਿਵੇਂ ਗੁਰਭਜਨ ਗਿੱਲ ਲਿਖਦਾ ਹੈ :

ਕਿੰਨਾ ਕੁਝ
ਬਦਲ ਦਿੰਦੀ ਹੈ ਅਸੀਸ

ਸਰਬੱਤ ਦਾ ਭਲਾ ਮੰਗਦੀ ਹੈ ਜੁਬਾਨ
ਕਣ ਕਣ ਸ਼ੁਕਰਾਨਾ ਕਰਦੀ
ਇੱਕ ਅਸੀਸ ਕੀਹ ਦਾ ਕੀਹ ਕਰ ਦਿੰਦੀ ਹੈ ।5

ਕਵੀ ਨੂੰ ਇਸ ਗੱਲ ਦਾ ਅਨੁਭਵ ਹੈ ਕਿ ਜਦੋਂ ਇਨਸਾਨੀ ਕਦਰਾਂ ਕੀਮਤਾਂ ਮਨੁੱਖੀ ਮਨ ਵਿੱਚ ਜਾਗਦੀਆਂ ਹਨ ਸ਼ੁਭ -ਇੱਛਾ ਦੀਆਂ ਅਸੀਸਾਂ ਝੋਲੀਆਂ ਭਰਦੀਆਂ ਹਨ ਤਾਂ ਫਿਰ ਮਨੁੱਖ ਕਿਸੇ ਵੀ ਵੱਡੀ ਤੋਂ ਵੱਡੀ ਤਾਕਤ ਨਾਲ ਟਕਰਾਉਣ ਦੀ ਜ਼ੁਰਅਤ ਤੇ ਹਿੰਮਤ ਰੱਖਦਾ ਹੈ। ਉਸ ਲਈ ਆਪਣੇ ਲਈ ਜੀਣਾ ਕੋਈ ਅਰਥ ਨਹੀਂ ਰੱਖਦਾ ਸਗੋਂ ਦੂਜਿਆਂ ਲਈ ਆਪਾਂ ਸਮਰਪਣ ਕਰਕੇ ਉਹ ਖੁਦ ਵੀ ਉਦੈ ਹੋਣ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ।ਜਿਵੇਂ ਸੂਰਜ ਨਾਲ ਖੇਡਦਿਆਂ ਕਵਿਤਾ ਵਿੱਚ ਉਹ ਲਿਖਦਾ ਹੈ :

ਖੁਦ ਨੂੰ ਖੁਦੀ ਦੇ ਪੁੜਾਂ ਹੇਠੋਂ ਕੱਢਣਾ
ਤੇ ਕੁੱਲ ਪਾਲ ਨੀ ਲੋਕਪਾਲ ਬਣਨਾ
ਆਪਣੀ ਮਿੱਟੀ ਆਪ ਪੁੱਟਣ, ਕੁੱਟਣ, ਗੁੰਨਣ ਤੇ
ਮੁੜ ਉਸਰਨ ਦੇ ਬਰਾਬਰ ਹੁੰਦਾ ਹੈ ਨਿਤਨੇਮ
ਸੂਰਜ ਨਾਲ ਖੇਡਣ ਲਈ
ਉਸ ਦਾ ਹਾਣੀ ਬਣਨਾ ਪੈਂਦਾ
ਜੋਟੀਦਾਰ ,ਬਾਲ ਸਖਾ ਯਾਰ
ਐਵੇਂ ਨਹੀਂ ਪੈਂਦੀ ਅੱਖ ਵਿੱਚ ਅੱਖ।6

ਅਜੋਕਾ ਮਨੁੱਖ ਦੇ ਤੇ ਸਾਧਨਾ ਦੀ ਬਹੁਤਾਤ ਹੋਣ ਦੇ ਬਾਵਜੂਦ ਵੀ ਦੁਖੀ ਜੀਵਨ ਬਤੀਤ ਕਰ ਰਿਹਾ ਹੈ ਗੁਰਭਜਨ ਗਿੱਲ ਦੀ ਕਵਿਤਾ ਇਹਨਾਂ ਕਾਰਨਾਂ ਦੀ ਵੀ ਤਲਾਸ਼ ਕਰਦੀ ਹੈ। ਗੁਜ਼ਾਰਾ ਤਾਂ ਥੋੜੇ ਵਿੱਚ ਵੀ ਹੋ ਸਕਦਾ ਹੈ ਪਰ ਬੜਾ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਅਸੰਤੁਸ਼ਟੀ ਅਤੇ ਮਾਨਸਿਕ ਉਥਲ -ਪੁਥਲ ਵਾਲਾ ਜੀਵਨ ਬਤੀਤ ਕਰ ਰਿਹਾ ਹੈ ।ਪਰ ਕਵੀ ਮੁਤਾਬਕ ਇੱਛਾਵਾਂ ਦੀਆਂ ਗਿਣਤੀਆਂ ਮਿਣਤੀਆਂ ਮਨੁੱਖ ਨੂੰ ਮਨੁੱਖਤਾ ਦੇ ਮਿਆਰਾਂ ਤੋਂ ਹੇਠਾਂ ਲੈ ਕੇ ਜਾਂਦੀਆਂ ਹਨ ਉਹ ਲਿਖਦਾ ਹੈ :

ਥੋੜੇ ਜਿਹੇ ਪੈਸਿਆਂ ਵਿੱਚ ਬਹੁਤ ਕੁਝ ਮਿਲਦਾ ਹੈ
ਆਵਾਜ਼ ਪਰਵਾਜ਼ ਤੇ ਅੰਦਾਜ਼
ਪੈਰਾਂ ਤੇ ਮਿੱਟੀ ਥੱਪ ਕੇ ਕੱਚਾ ਘਰ ਬਣਾ ਸਕਦੇ ਹੋ
ਨਿੱਕੀ ਜਿਹੀ ਸ਼ਹਿਨਸ਼ਾਹੀ ਲਈ
ਕਾਨਿਆਂ ਦਾ ਦਰਬਾਨ ਖੜਾ ਕਰ ਸਕਦੇ ਹੋ
ਘਾਹ ਦੀਆਂ ਤਿੜਾਂ ਦੇ ਕੋਕਲੇ
ਛੱਲੇ ਮੁੰਦੀਆਂ ਤੇ ਹੋਰ ਗਹਿਣਾ ਗੱਟਾ।7

ਮਨੁੱਖ ਦੇ ਟੁੱਟਣ ਦਾ ਇਹ ਵੀ ਕਾਰਨ ਹੈ ਕਿ ਉਹ ਇਕੱਲਤਾਂ ਤੇ ਬੇਗਾਨਗੀ ਭਰਿਆ ਜੀਵਨ ਬਤੀਤ ਕਰਦਾ ਹੈ ।ਆਪਣੇ ਹੀ ਘਰ ਵਿੱਚ ਇਕੱਲ ਤਾਂ ਭੋਗਦਾ ਮਨੁੱਖ ਕਿਸੇ ਵੀ ਪ੍ਰਕਾਰ ਦੇ ਸੰਵਾਦ ਤੋਂ ਵਿਹੂਣਾ ਹੋ ਰਿਹਾ ਹੈ। ਸੰਵਾਦ ਰਹਿਤ ਮਨੁੱਖ ਮਾਨਸਿਕ ਰੋਗੀ ਤਾਂ ਹੋਵੇਗਾ ਹੀ ਹੋਵੇਗਾ। ਕਵੀ ਚਾਹੁੰਦਾ ਹੈ ਕਿ ਜੇਕਰ ਸੰਵਾਦ ਤੁਰੇਗਾ ਤਾਂ ਜ਼ਿੰਦਗੀ ਸਵਸਥ ਹੋਵੇਗੀ ਉਹ ਆਪਣੀ ਕਵਿਤਾ ਮਿਲ ਜਾਇਆ ਕਰ ਵਿੱਚ ਇਹੋ ਜਿਹਾ ਹੀ ਜ਼ਿਕਰ ਕਰਦਾ ਹੈ :

ਇਸੇ ਤਰ੍ਹਾਂ ਹੀ ਮਿਲ ਜਾਇਆ ਕਰ
ਜਿਉਂਦੇ ਹੋਣ ਦਾ ਭਰਮ ਬਣਿਆ ਰਹਿੰਦਾ ਹੈ
ਫਿਕਰਾਂ ਦਾ ਚੱਕਰਵਿਊ ਟੁੱਟ ਜਾਂਦਾ ਹੈ
ਕੁਝ ਦਿਨ ਚੰਗੇ ਲੰਘ ਜਾਂਦੇ ਨੇ
ਰਾਤਾਂ ਨੂੰ ਨੀਂਦ ਨਹੀਂ ਉੱਟਕਦੀ
ਮਿਲ ਜਾਇਆ ਕਰ।8

ਜਿੱਥੇ ਕਵੀ ਸੰਵਾਦੀ ਬਿਰਤੀ ਵਿਸ਼ੇਸ਼ ਕਰਕੇ ਉਸਾਰੂ ਸੰਵਾਦੀ ਬਿਰਤੀ ਦਾ ਮੁਦਈ ਹੈ ਉੱਥੇ ਇਸ ਗੱਲ ਦੀ ਵੀ ਤਾਗੀਦ ਕਰਦਾ ਹੈ ਕਿ ਸੰਸਾਰ ਵਿੱਚ ਫੈਲੀ ਅਸ਼ਾਂਤੀ ਅਤੇ ਅਤੰਕ ਮਨੁੱਖ ਦੀ ਹੈਂਕੜੀ ਬਿਰਤੀ ਦੀ ਹੀ ਲਿਖਾਇਕ ਹੈ । ਆਪਣੇ ਹੰਕਾਰ ਅਤੇ ਦੂਜੇ ਤੋਂ ਵੱਡਾ ਦਿਸਣ ਦੀ ਲਾਲਸਾ ਨੇ ਮਨੁੱਖ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਵਿਹੂਣਾ ਕਰ ਦਿੱਤਾ ਹੈ। ਹਥਿਆਰਾਂ ਦੀ ਦੌੜ ਵਿੱਚ ਲੱਗਾ ਮਨੁੱਖ ਆਪਣੀ ਤਬਾਹੀ ਦਾ ਆਪ ਕਾਰਨ ਬਣ ਰਿਹਾ ਹੈ।

ਹਥਿਆਰਾਂ ਵਾਲਿਆਂ ਕੋਲ
ਪੰਡਾਂ ਦੀਆਂ ਪੰਡਾਂ ਹੈਕੜ ਹੈ
ਹੰਕਾਰ ਹੈ ਬੇਮੁਹਾਰ
ਜਾਂਗਲੀ ਵਿਹਾਰ ਹੈ
ਜਾਨ ਲੈਣਾ ਕਿਰਦਾਰ ਹੈ
ਰਹਿਮ ਤੋ ਸਿਵਾ ।9

ਇਸ ਤਰ੍ਹਾਂ ਦੁਸਹਿਰਾ ਯੁੱਧ ਦਾ ਆਖਰੀ ਦਿਨ ਨਹੀਂ ਹੁੰਦਾ ਕਵਿਤਾ ਵੀ ਉਹਨਾਂ ਨਾਂਹ- ਵਾਚੀ ਤਾਕਤਾਂ ਦੀ ਪਹਿਚਾਣ ਕਰਵਾਉਂਦੀ ਹੈ ਜਿਹੜੀਆਂ ਹੰਕਾਰੀ ਬਿਰਤੀ ਸਦਕਾ ਸਮਾਜ ਲਈ ਘਾਤਕ ਸਿੱਧ ਹੋ ਰਹੀਆਂ ਹਨ ਪਰ ਗੁਰਭਜਨ ਗਿੱਲ ਦੀ ਕਵਿਤਾ ਦੀ ਖਾਸੀਅਤ ਹੈ ਕਿ ਉਹ ਨਿੱਕੇ -ਨਿੱਕੇ ਬੱਚਿਆਂ ਦੀਆਂ ਖੇਡਾਂ ਵਿੱਚੋਂ ਅਤੇ ਮਾਸੂਮੀਅਤ ਵਿੱਚੋਂ ਸਕੂਨ ਭਾਲਦੀ ਹੈ। ਉਹ ਸ਼ਬਦ ਸੱਭਿਆਚਾਰ ਨੂੰ ਪ੍ਰਚਾਰਦੀ ਹੈ ਤਾਂ ਕਿ ਮਨੁੱਖ ਉਸਾਰੂ ਕਦਰਾਂ ਕੀਮਤਾਂ ਦਾ ਧਾਰਨੀ ਬਣ ਸਕੇ ਉਸਦੀਆਂ ਬਹੁਤ ਸਾਰੀਆਂ ਕਵਿਤਾਵਾਂ ਇਸੇ ਹੀ ਪ੍ਰਸੰਗ ਵਿੱਚ ਦੇਖੀਆਂ ਜਾ ਸਕਦੀਆਂ ਹਨ ਜਿੱਥੇ ਸ਼ਬਦ ਦੀ ਅਗੰਮੀ ਲੋਅ ਦਾ ਕਾਵਿਕ- ਸੰਸਾਰ ਉਸਰਦਾ ਦਿਖਾਈ ਦਿੰਦਾ ਹੈ।

---- ਸ਼ਬਦਾਂ ਦੀਆਂ ਘੁੱਗੀਆਂ ਬਗੈਰ
ਮਰ ਜਾਂਦੀ ਹੈ ਮਾਸੂਮੀਅਤ।10

----- ਜਿਸ ਸ਼ਬਦ ਨੂੰ
ਮੈਂ ਤਤੀ ਤਵੀ ਤੇ ਬਿਠਾਇਆ
ਹਰ ਜ਼ੁਲਮ ਕਮਾਇਆ
ਉਹ ਅੱਜ ਵੀ ਸਹਿਜ ਤੇ ਠੰਡ ਵਰਤਾਵੇ
ਦੁਹਾਈ ਓ ਮੇਰੇ ਅੱਲਾ ਦੀ ਦੁਹਾਈ
ਮੈਨੂੰ ਇਹ ਗੱਲ ਸਮਝ ਨਾ ਆਵੇ।11

ਪਰ ਕਵੀ ਨੂੰ ਇਸ ਗੱਲ ਦਾ ਗਿਲਾ ਹੈ ਕਿ ਅੱਖਰ ਸ਼ਬਦ ਅਤੇ ਪੁਸਤਕ ਸੱਭਿਆਚਾਰਾ ਅਲੋਪ ਹੋ ਰਿਹਾ ਹੈ ,ਸਿਰਜਨਾਤਮਕਤਾ ਸਾਹ ਵਰੋਲਦੀ ਫਿਰਦੀ ਹੈ ਉਹ ਲਿਖਦਾ ਹੈ:

ਅੱਜ ਕਿਤਾਬਾਂ ਉਦਾਸ ਨੇ ਅੱਖਰ ਡੁਸਕਦੇ
ਜਖਮੀ ਮੱਥਿਆਂ ਦੇ ਪੱਟੀਆਂ ਹਨ
ਤੇ ਇਸ ਮਾਹੌਲ ਵਿੱਚ ਲੁਕਦੀ ਫਿਰਦੀ ਹੈ
ਮੇਰੀ ਕਵਿਤਾ ਸ਼ਬਦਾਂ ਓਹਲੇ
ਬੇਵਸ ਪਰਿੰਦੇ ਵਾਂਗ ਫੜਫੜਾਉਂਦੀ
ਲੱਭਦੀ ਫਿਰੇ ਹਮਨਸਲ ਉਡਾਰ ।12

ਗੁਰਭਜਨ ਗਿੱਲ ਦੀ ਇਸ ਕਾਵਿ-ਪੁਸਤਕ ਚਰਖੜੀ ਵਿੱਚ ਪੁਸਤਕ ਦੇ ਅਖੀਰ ਤੇ ਕੁਝ ਕਾਵਿਕ ਵਿਅਕਤੀ ਚਿੱਤਰ ਵੀ ਪੇਸ਼ ਹੋਏ ਹਨ ਪਰ ਹੁਣ ਆਵੇਗਾ ਪੌੜੀਆਂ ਚੜਦਾ ਵਰਗੀ ਕਵਿਤਾ ਪਾਠਕ ਨੂੰ ਭਾਵਕ ਵੀ ਕਰਦੀ ਹੈ। ਜਦੋਂ ਇਸ ਪੁਸਤਕ ਬਾਰੇ ਲਿਖਿਆ ਜਾ ਰਿਹਾ ਹੈ ਤਾਂ ਉਸ ਵੇਲੇ ਕੁਝ ਲੋਕ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹੋਣਗੇ ਜਿਨਾਂ ਬਾਰੇ ਗੁਰਭਜਨ ਗਿੱਲ ਨੇ ਫਿਕਰਮੰਦੀ ਦਾ ਇਜਹਾਰ ਕੀਤਾ ਹੈ।ਜਿਵੇ:

ਕਾਮਰੇਡ ਜਗਜੀਤ ਸਿੰਘ ਆਨੰਦ ਵੀ ਢਿੱਲਾ ਹੈ
ਬਾਬੇ ਬਕਾਲੇ ਜੋਗਾ ਸਿੰਘ ਜੋਗੀ ਉਡੀਕਦੇ
ਬਰਕਤ ਸਿੱਧੂ ਵੀ ਬਿਮਾਰ ਹੈ ਮੋਗੇ
ਚਲੋ ।ਚਲੋ ।ਚਲੋ ਭਾਈ
ਪਰ ਹੁਣ ਕੋਈ ਪੌੜੀਆਂ ਨਹੀਂ ਚੜਦਾ
ਮੇਰੇ ਘਰ ਦੀਆਂ।13

ਗੁਰਭਜਨ ਗਿੱਲ ਦੀ ਚਰਖੜੀ ਸਾਡੀ ਲੋਕ ਧਾਰਾਈ ਵਿਰਾਸਤ ਦੀ ਚਰਖੜੀ ਹੈ ਜਿਸ ਉੱਤੇ ਲਪੇਟੀ ਡੋਰ ਸਾਡੀ ਵਿਰਾਸਤੀ ਪਤੰਗ ਨੂੰ ਅੰਬਰਾਂ ਤੋਂ ਉਚੇਰਾ ਲਿਜਾ ਸਕਦੀ ਹੈ ਪਰ ਅਜੋਕੇ ਦੌਰ ਵਿੱਚ ਇਸ ਚਰਖੜੀ ਦੀ ਉਧੜਦੀ ਡੋਰ ਨਾਲ ਸਮਾਜ ਵਿਚ ਫੈਲੇ ਕੁਹਜ ਦੀਆਂ ਤੰਦਾਂ ਨੂੰ ਫੋਲ ਕੇ ਉਹ ਸਮਾਜ ਨੂੰ ਸੁਹਜਮਈ ਬਣਾਉਣ ਲਈ ਯਤਨਸ਼ੀਲ ਹੈ। ਗੁਰਭਜਨ ਗਿੱਲ ਦੀ ਕਵਿਤਾ ਵਿੱਚਲੀ ਲੈਅ, ਸੁਰ ਤੇ ਮੌਲਿਕਤਾ ਪਾਠਕ ਦੀ ਮਾਨਸਿਕਤਾ ਵਿੱਚ ਆਪਣਾ ਗੂੜਾ ਪ੍ਰਭਾਵ ਛੱਡਦੀ ਹੈ।

ਹਵਾਲੇ :

1 ਗੁਰਭਜਨ ਗਿੱਲ, ਚਰਖੜੀ ,ਸਿੰਘ ਬਰਦਰਜ ਅੰਮ੍ਰਿਤਸਰ, 2023 ,ਪੰਨਾ 51
2 ਉਹੀ ਪੰਨਾ, 161
3 ਉਹੀ ਪੰਨਾ, 117
4 ਉਹੀ ਪੰਨਾ, 171
5 ਉਹੀ ,ਪੰਨਾ 126
6 ਉਹੀ ਪੰਨਾ, 120
7 ਉਹੀ, ਪੰਨਾ 111
8 ਉਹੀ ,ਪੰਨਾ 99
9 ਉਹੀ , ਪੰਨਾ 77
10 ਉਹੀ ,ਪੰਨਾ 116
11 ਉਹੀ, ਪੰਨਾ 90
12 ਉਹੀ ,ਪੰਨਾ 110
13 ਉਹੀ, ਪੰਨਾ 219

ਡਾ ਸਰਦੂਲ ਸਿੰਘ ਔਜਲਾ
ਪਿੰਡ ਦੇ ਡਾਕਖਾਨਾ ਸੰਗੋਜਲਾ
ਜਿਲਾ ਕਪੂਰਥਲਾ 144804
9814168611

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ