ਸਹਿਜਭਾਵੀ ਬੋਲਾਂ ਦਾ ਮੁਹੱਬਤੀ ਸ਼ਾਇਰ : ਸੁਖਬੀਰ ਸਿੰਘ ਸੰਧੂ - ਕ੍ਰਿਸ਼ਨ ਸਿੰਘ ( ਪ੍ਰਿੰਸੀਪਲ)

ਇਤਿਹਾਸਕ ਤੌਰ 'ਤੇ ਦੇਖਿਆ ਜਾਵੇ ਤਾਂ ਸਮੁੱਚੇ ਸਾਹਿਤ - ਜਗਤ ਦੀ ਇਹ ਖ਼ੁਸ਼ਨਸੀਬੀ ਹੈ ਕਿ ਸਾਡੇ ਪ੍ਰਾਚੀਨ ਸਾਹਿਤ ਅਚਾਰੀਆਂ ਨੇ ਸਾਹਿਤ ਨੂੰ ਪਰਿਭਾਸ਼ਤ ਕਰਦਿਆਂ ਮਨੁੱਖੀ ਪਰਿਭਾਸ਼ਾ ਨੂੰ ਵੀ ਓਸੇ ਹੀ ਅਨੁਪਾਤ ਵਿੱਚ ਪ੍ਰਧਾਨਤਾ ਦਿੱਤੀ। ਭਾਰਤੀ ਕਾਵਿ- ਸ਼ਾਸਤਰ ਸੱਤਿਅਮ - ਸ਼ਿਵਮ - ਸੁੰਦਰਮ ਦੀ ਤ੍ਰਿਵੈਣੀ ਆਪਣੀ ਵਿਸ਼ਵਵਿਆਪੀ ਚੇਤਨਾ ਦੇ ਜ਼ਰੀਏ,ਇੱਕ ਸਾਹਿਤਕ ਮਾਪਦੰਡ/ ਪ੍ਰਤਿਮਾਨ ਵਜੋਂ ਪੂਰਬੀ ਅਤੇ ਪੱਛਮੀ ਵਿਦਵਾਨਾਂ/ ਚਿੰਤਕਾਂ ਵੱਲੋਂ ਸਰਬਪ੍ਰਵਾਨਿਤ ਸਾਹਿਤ - ਵਿਧਾਨ ਬਣ ਗਈ। ਇਉਂ ਇਸ ਦੇ ਮੂਲ ਸਿਧਾਂਤਾਂ ਦੀ ਕ੍ਰਾਂਤੀਕਾਰੀ ਪ੍ਰਕਿਰਿਆ ਵਜੋਂ,ਸਿੱਧੇ - ਅਸਿੱਧੇ ਤੌਰ 'ਤੇ ਨਸਲ, ਜਾਤ, ਧਰਮ, ਕੌਮ, ਦੇਸ਼/ ਵਿਦੇਸ਼ ਦੀਆਂ ਹੱਦਬੰਦੀਆਂ ਦੇ ਮਨੁੱਖੀ ਭੇਦ- ਭਾਵ ਵੀ ਇਸ ਵਿਚੋਂ ਮਨਫ਼ੀ ਹੋ ਗਏ, ਕੁਲ ਮਿਲਾ ਕੇ ਆਪਣੇ ਅਮਲ ਵਜੋਂ ਮਨੁੱਖਤਾ ਦਾ ਇਹ ਸਰਬਸਾਂਝਾ ਧਰਾਤਲ ਹੀ, ਉਨ੍ਹਾਂ ਸ਼ਬਦਾਂ ਦੇ ਵਣਜਾਰਿਆਂ ਦਾ ਕੇਂਦਰਬਿੰਦੂ ਬਣ ਗਿਆ। ਇਹ ਤਦ ਹੀ ਸੰਭਵ ਹੋ ਸਕਿਆ ਜਦੋਂ ਸਾਹਿਤ ਸਿਧਾਂਤਾਂ ਦੀ ਵਿਆਖਿਆ ਰਾਜਨੀਤਕ /ਸਮਾਜਿਕ / ਆਰਥਿਕ ਪਰਿਪੇਖ ਜਾਂ ਵਿਗਿਆਨਕ ਪਹੁੰਚ ਵਿਧੀ ਜਾਂ ਵਿਸ਼ੇਸ਼ ਸੱਭਿਆਚਾਰਕ ਰਹੁ ਰੀਤਾਂ ਦੀ ਓਟ ਲੈ ਕੇ ਹੀ ਨਹੀਂ ਸਗੋਂ ਭਾਵਨਾਤਮਿਕ ਅਤੇ ਮਾਨਸਿਕ ਵਰਤਾਰੇ ਦੇ ਪੱਧਰ 'ਤੇ ਵੀ ਹੋਈ ; ਇੱਕ ਤਰ੍ਹਾਂ ਨਾਲ " ਕਿਛੁ ਸੁਣੀਐ ਕਿਛੁ ਕਹੀਐ" ਦੇ ਗੁਰਬਾਣੀ ਸਿਧਾਂਤ ਅਨੁਸਾਰ ਉਨ੍ਹਾਂ ਵਿਚਾਰਾਂ ਦਾ ਵਿਸ਼ਵਵਿਆਪੀ ਪੱਧਰ 'ਤੇ ਆਦਾਨ - ਪ੍ਰਦਾਨ ਜਾਂ ਸੰਵਾਦ ਹੋਣਾ ਅਰੰਭ ਹੋਇਆ। ਭੂਮਿਕਾ ਵਜੋਂ,ਇਨ੍ਹਾਂ ਸਤਰਾਂ ਨੂੰ ਲਿਖਣ ਦਾ ਮੇਰਾ ਮਕਸਦ ਇਹੋ ਸੀ ਕਿ ਸਾਡਾ ਵਿਚਾਰਾਧੀਨ ਸ਼ਾਇਰ ਸੁਖਬੀਰ ਸਿੰਘ ਸੰਧੂ ਆਪਣੇ ਇਸ ਹਥਲੇ ਗ਼ਜ਼ਲ ਸੰਗ੍ਰਹਿ " ਪਾਇਲ" ਵਿੱਚ ਜ਼ਿੰਦਗੀ ਦੀ ਇਸੇ ਸਾਹਿਤਕ ਹਕੀਕਤ ਦਾ ਮੁੱਦਈ / ਮੁਜੱਸਮਾ ਹੈ, ਅਜਿਹੇ ਸਾਹਿਤਕ/ ਮਨੁੱਖੀ ਗੁਣਾਂ ਦੀ ਵਕਾਲਤ ਕਰਨਾ ਹੀ ਉਸ ਦਾ ਮੂਲ ਕਾਵਿ - ਪ੍ਰਯੋਜਨ ਹੈ। ਉਸ ਦੀ ਸਿਰਜਣਸ਼ੀਲਤਾ ਦੀ ਖ਼ਾਸੀਅਤ ਇਹ ਹੈ ਕਿ ਉਹ ਸਮੇਂ - ਸਥਾਨ ਦੀਆਂ ਸੀਮਾਵਾਂ/ ਹੱਦਬੰਦੀਆਂ ਦੀ ਵਲਗਣ ਤੋਂ ਬਾਹਰ ਹੈ, ਉਸ ਦੀ ਮਨਸ਼ਾ ਕੇਵਲ ਤੇ ਕੇਵਲ ਮਨੁੱਖਤਾ ਦੇ ਸਹੀ ਪਛਾਣ- ਚਿੰਨ੍ਹਾਂ ਭਾਵ ਜ਼ਿੰਦਗੀ ਦੇ ਸੁਹਜ ਨੂੰ ਪਛਾਣਨ/ਸਮਝਣ,ਮਾਨਣ ਦੀ ਹੈ। ਇਨ੍ਹਾਂ ਕੁੱਝ ਵਿਸ਼ੇਸ਼ ਪਹਿਲੂਆਂ ਬਾਰੇ ਸੰਖੇਪ ਵਿਚਾਰ ਕਰਨਾ ਹੀ ਇਥੇ ਸਾਡਾ ਮਨੋਰਥ ਹੈ ਤਾਂ ਕਿ ਸਾਡੇ ਅਜੋਕੇ ਪਾਠਕਾਂ ਦੀ ਦ੍ਰਿਸ਼ਟੀ ਮੁਤਾਬਿਕ ਸੰਧੂ -ਕਾਵਿ ਦੀ ਸਹੀ ਪ੍ਰਾਸੰਗਿਕ ਵਿਆਖਿਆ ਹੋ ਸਕੇ; ਉਹਨਾਂ ਦੀ ਕਾਵਿ ਸਿਰਜਣ - ਪ੍ਰਕਿਰਿਆ ਦੇ ਅਜੋਕੇ ਸੰਦਰਭ ਨੂੰ ਵੀ ਸਮਝਿਆ ਜਾ ਸਕੇ। ਮੇਰੀ ਜਾਚੇ,ਕਿਸੇ ਵੀ ਰਚਨਾ ਨਾਲ ਅਜਿਹਾ ਸਾਹਿਤਕ ਨਿਆਂ ਹੋਣਾ ਜ਼ਰੂਰੀ ਨਹੀਂ ਸਗੋਂ ਲਾਜ਼ਮੀ ਹੈ।

ਸੁਖਬੀਰ ਸਿੰਘ ਸੰਧੂ ਦੇ ਇਸ " ਪਾਇਲ " ਗ਼ਜ਼ਲ ਸੰਗ੍ਰਹਿ ਦੀ ਮਕਬੂਲੀਅਤ ਇਸ ਪੱਖੋਂ ਨਿਹਿਤ ਹੈ ਕਿ ਇਹ ਆਪਣੇ ਵਿਸ਼ਾਗਤ ਪਰਿਪੇਖ ਵਜੋਂ ਰਚਨਾ - ਕਾਲ ਦਾ ਮੁਥਾਜ ਨਹੀਂ ਸਗੋਂ ਆਪਣੀਆਂ ਭਵਿੱਖਮੁਖੀ ਸੰਭਾਵਨਾਵਾਂ ਨਾਲ ਅੱਜ ਵੀ ਧੁਰ ਅੰਦਰੋਂ ਓਤ ਪੋਤ ਹੈ; ਕੋਈ ਸ਼ੱਕ ਨਹੀਂ, ਇਹ ਸਾਹਿਤ ਦੀ ਇਤਿਹਾਸਕਾਰੀ ਦੇ ਆਧਾਰ 'ਤੇ ਵੀ ਆਪਣੇ ਸਾਹਿਤਕ ਗੁਣਾਂ/ ਲੱਛਣਾਂ ਨਾਲ ਪੂਰੀ ਤਰ੍ਹਾਂ ਮਾਲਾਮਾਲ ਹੈ। ਅੱਜ ਤੋਂ ਲੱਗ ਭੱਗ ਕੋਈ ਅੱਧੀ ਸਦੀ ਪਹਿਲਾਂ ਅਕਤੂਬਰ - 1973 ਵਿੱਚ ਲਿਖੇ ਬਿਸ਼ੰਭਰ ਸਿੰਘ ਸਾਕੀ ਵਲੋਂ ਅੰਤਿਕਾ ਦੇ ਸ਼ਬਦ, ਇਸ ਦੀ ਗਵਾਹੀ ਭਰਦੇ ਹਨ , ਉਸ ਨੇ ਆਪਣੇ ਲੇਖ ਦਾ ਸਿਰਲੇਖ ਵੀ ਇਹੋ ਬਣਾਇਆ ਸੀ ,"ਸੁਖਬੀਰ ਸਿੰਘ ਸੰਧੂ ਗ਼ਜ਼ਲ ਲਿਖਦਾ ਨਹੀਂ, ਜਿਉਂਦਾ ਹੈ " ; ਖ਼ੈਰ, ਅਸੀਂ ਐਨੇ ਸਾਲ ਬੀਤਣ ਤੋਂ ਬਾਅਦ ਵੀ,ਦਾਅਵੇ ਨਾਲ ਕਹਿ ਸਕਦੇ ਹਾਂ ਕਿ ਆਪਣੀ ਹਿਯਾਤੀ ਦੇ ਸਾਲਾਂ ਵਿੱਚ ਹੀ ਨਹੀਂ , ਇਹ ਅੱਜ ਵੀ ਆਪਣੇ ਪਾਠਕਾਂ ਦੇ ਦਿਲਾਂ ਦੀ ਧੜਕਣ ਹੈ। ਸ਼ਾਇਦ ਇਹੋ ਕਾਰਨ ਬਣਿਆ ਕਿ ਬਾਹਰਮੁੱਖੀ ਅੱਖਰੀ ਵਿਰਾਸਤ ਵਜੋਂ ਹੀ ਨਹੀਂ ਸਗੋਂ ਅੰਦਰੂਨੀ ਤੌਰ 'ਤੇ ਅਮੀਰ ਵਿਰਸੇ/ਵਿਰਾਸਤ ਵਾਲੀ ਇਸ ਹਥਲੀ ਟੈਕਸਟ ਦੀ ਇਤਿਹਾਸਕਾਰੀ ਦੀ ਪ੍ਰਮਾਣਿਕਤਾ ਅਤੇ ਸਾਂਭ - ਸੰਭਾਲ ਬਾਰੇ, ਪ੍ਰੋ. ਗੁਰਭਜਨ ਗਿੱਲ ਹੁਰਾਂ ਨੇ ਤੱਥਾਂ ਆਧਾਰਿਤ ਇੱਕ ਵੱਡਾ ਦਸਤਾਵੇਜ਼ ਰੂਬਰੂ ਕਰਕੇ ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਇਹ ਜ਼ਰੂਰੀ ਵੀ ਸੀ ਕਿਉਂਕਿ ਜਦੋਂ ਵੀ ਅਸੀਂ ਆਪਣੇ ਮੱਧਕਾਲੀ ਸਾਹਿਤ 'ਤੇ ਝਾਤੀ ਮਾਰਦੇ ਹਾਂ ਤਾਂ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਤੋਂ ਪਤਾ ਚੱਲਦਾ ਹੈ ਕਿ ਸਾਡਾ ਬਹੁਤ ਸਾਰਾ ਵਡਮੁੱਲਾ ਸਾਹਿਤਕ ਸਰਮਾਇਆ ਸਾਡੇ ਹੱਥੋਂ ਖੁਸ ਚੁੱਕਿਆ ਹੈ, ਅੱਜ ਦੀ ਘੜੀ ਪਛਤਾਵੇ ਤੋਂ ਬਗ਼ੈਰ ਸਾਡੇ ਕੋਲ ਹੋਰ ਕੁੱਝ ਨਹੀਂ। ਹੁਣ ਪੂਰੀ ਉਮੀਦ ਹੈ ਕਿ ਇਹ ਬੇਸ਼ਕੀਮਤੀ ਹਥਲਾ ਸ਼ਬਦ - ਭੰਡਾਰ ਕਿਤਾਬੀ ਰੂਪ ਵਿੱਚ ਭਲੀਭਾਂਤ ਸਾਂਭਿਆ ਰਹੇਗਾ, ਭਵਿੱਖ ਵਿੱਚ ਕਿਸੇ ਵੀ ਗ਼ਜ਼ਲ ਦੀ ਗ਼ਜ਼ਲਗੋ - ਪ੍ਰਮਾਣਿਕਤਾ / ਮੌਲਿਕਤਾ ਬਾਰੇ ਸ਼ੰਕਾ ਨਹੀਂ ਉਤਪੰਨ ਹੋਵੇਗੀ। ਜਿਵੇਂ ਕਿ ਗੁਰਭਜਨ ਗਿੱਲ ਹੁਰਾਂ ਕੁਝ ਸੰਕੇਤ ਕੀਤੇ ਹਨ ; ਇਨ੍ਹਾਂ ਗ਼ਜ਼ਲਾਂ ਨੂੰ ਗਾਉਣ, ਅਧਿਐਨ ਕਰਨ ਅਤੇ ਖੋਜ ਕਾਰਜ ਲਈ ਹੁਣ ਕੋਈ ਸੰਦੇਹ ਦੀ ਗੁੰਜਾਇਸ਼ ਨਹੀਂ ਰਹੇਗੀ।

ਸੁਖਬੀਰ ਸਿੰਘ ਸੰਧੂ ਵਲੋਂ ਰਚਿਤ ਇਸ ਸਮੁੱਚੇ ਗ਼ਜ਼ਲ ਸੰਗ੍ਰਹਿ ਦਾ ਅਧਿਐਨ ਕਰਨ ਤੋਂ ਬਾਅਦ ਪ੍ਰਤੀਤ ਹੁੰਦਾ ਹੈ ਕਿ ਸ਼ਾਇਰ ਕਾਵਿ - ਆਵੇਸ਼ ਦਾ ਆਪਮੁਹਾਰੇ ਫੁੱਟਿਆ ਚਸ਼ਮਾ ਹੀ ਨਹੀਂ, ਬਜ਼ਾਤੇ ਖ਼ੁਦ ਉਹ ਇਨਸਾਨੀ - ਮੁਹੱਬਤ ਦਾ ਨਿਰੰਤਰ ਵਗਦਾ ਦਰਿਆ ਵੀ ਹੈ। ਇਹੋ ਕਾਰਨ ਹੈ ਕਿ ਉਹ ਸਹਿਜਭਾਵੀ ਬਿਰਤੀ ਦਾ ਮਾਲਕ ਹੈ, ਜਿਸ ਦੇ ਪ੍ਰਤਿਕਰਮ ਵਜੋਂ ਬਿਬੇਕੀ ਚੇਤਨਾ ਆਧਾਰਿਤ ਉਸ ਦੇ ਕਾਵਿ- ਨਿਰਣੇ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਦਾ ਸ਼ਿਕਾਰ ਨਹੀਂ। ਪੰਜਾਬੀ ਗ਼ਜ਼ਲ ਪ੍ਰੰਪਰਾ ਦੇ ਮੁੱਢਲੇ ਦੌਰ ਦਾ ਗ਼ਜ਼ਲਗੋ ਹੋਣ ਦੇ ਬਾਵਜ਼ੂਦ ਵੀ ਉਸ ਦੀ ਗ਼ਜ਼ਲ ਰੂਪਾਕਾਰ ਦੀ ਪਰਿਪੱਕਤਾ/ ਪੁਖ਼ਤਗੀ ਦੀ ਲਗਾਤਾਰਤਾ ਜਿਉਂ ਦੀ ਤਿਉਂ ਕਾਇਮ ਹੈ। ਇਉਂ ਇਨ੍ਹਾਂ ਕਾਵਿਕ ਗੁਣਾਂ ਕਰਕੇ,ਕਿਸੇ ਵੀ ਥਾਂ 'ਤੇ ਉਸਦੇ ਕਾਵਿ - ਅਨੁਭਵ ਦਾ ਪੇਤਲਾਪਨ ਪ੍ਰਤੀਤ ਨਹੀਂ ਹੁੰਦਾ। ਇਨ੍ਹਾਂ ਗ਼ਜ਼ਲਾਂ ਦੀ ਖ਼ੂਬਸੂਰਤੀ ਤਾਂ ਇਹ ਹੈ ਕਿ ਇਨ੍ਹਾਂ ਵਿੱਚੋਂ ਆਪਣੇ ਰਚਨਾ - ਕਾਲ ਦੀ ਸਾਹਿਤਕ ਸ਼ਬਦਾਵਲੀ ਦੀ ਆਭਾ ਵੀ ਚਿੱਟੇ ਦਿਨ ਵਾਂਗ ਝਲਕਦੀ ਹੈ,ਜਿਵੇਂ ;ਸਾਕੀ, ਸੁਰਾਹੀ, ਮੈਖ਼ਾਨਾ, ਸ਼ਰਾਬ, ਜ਼ੁਲਫ਼ਾਂ ਆਦਿ ਲਫ਼ਜ਼ਾਂ ਦਾ ਪ੍ਰਯੋਗ ਬੜੇ ਢੁਕਵੇਂ ਰੂਪ ਵਿੱਚ ਪਾਠਕਾਂ ਦੀ ਰੂਹ ਦੀ ਖ਼ੁਰਾਕ ਬਣਦਾ ਹੈ। ਇਉਂ ਸ਼ਾਇਰ ਵਲੋਂ ਇਸ਼ਕ ਮਿਜਾਜ਼ੀ ਅਤੇ ਰੋਮਾਂਸਵਾਦ ਦੇ ਹੰਢਾਏ ਜਾਂ ਅਨੁਭਵ ਕੀਤੇ ਪਲਾਂ ਦੀ ਤਸਵੀਰਕਸ਼ੀ ਬੜੀ ਹੀ ਮਾਰਮਿਕ ਸ਼ੈਲੀ ਵਿੱਚ ਹੋਈ ਹੈ। ਇਸ ਤਰ੍ਹਾਂ ਗ਼ਜ਼ਲਗੋ ਸੰਧੂ ਨੇ ਪ੍ਰੰਪਰਾਗਤ ਗ਼ਜ਼ਲ ਵਿਧਾ ਦੀ ਅਮੀਰੀ ਨੂੰ ਬੜੇ ਹੀ ਸਾਰਥਿਕ ਰੂਪ ਵਿੱਚ ਜਿਉਂਦੇ ਰੱਖਣ ਦਾ ਉਪਰਾਲਾ ਕੀਤਾ ਹੈ ਅਤੇ ਸਾਡੇ ਅਜੋਕੇ ਮਨੁੱਖੀ ਵਰਤਾਰੇ ਪ੍ਰਤਿ ਵੀ ਬੜੀ ਗੰਭੀਰਤਾ/ ਸੰਜੀਦਗੀ ਨਾਲ ਕਲਮ ਅਜ਼ਮਾਈ ਕੀਤੀ ਹੈ। ਦੁਵੱਲੇ ਰੂਪ ਵਿੱਚ ਇਨ੍ਹਾਂ ਦੋਹਾਂ ਗੁਣਾਂ/ ਵਰਤਾਰਿਆਂ ਦਾ ਸੁਮੇਲ ਬੜੇ ਕਾਰਗਰ ਰੂਪ ਵਿੱਚ ਹੋਣਾ,ਇਹ ਸ਼ਾਇਰ ਦੀ ਮਾਣਮੱਤੀ ਪ੍ਰਾਪਤੀ ਹੈ ਕਿਉਂਕਿ ਉਸ ਨੇ ਗ਼ਜ਼ਲ ਦੇ ਪ੍ਰਚਲਿਤ ਮੁਹੱਬਤੀ ਵਿਸ਼ਵਾਸ ਨੂੰ ਸੀਮਿਤ ਨਹੀਂ ਹੋਣ ਦਿੱਤਾ ਸਗੋਂ ਉਸ ਦੇ ਵਿਭਿੰਨ ਥੀਮਿਕ ਪਾਸਾਰਾਂ ਨੂੰ ਮਨੁੱਖੀ ਸਰੋਕਾਰਾਂ ਸੰਗ ਵੀ ਲਬਰੇਜ਼ ਕੀਤਾ ਹੈ। ਉਸ ਦੀ ਅਜਿਹੀ ਕਾਵਿ - ਸਿਰਜਣਾ/ ਸੰਵੇਦਨਸ਼ੀਲਤਾ ਵਿਸ਼ਾਗਤ ਪਰਿਪੇਖ ਵਜੋਂ ਬੜੀ ਮਾਅਰਕੇ ਵਾਲੀ ਹੈ। ਸੂਝਵਾਨ ਪਾਠਕਾਂ ਲਈ ਉਨ੍ਹਾਂ ਦੋਹਾਂ ਤਰ੍ਹਾਂ ਦੀਆਂ ਕਾਵਿਕ ਰੰਗੀਨੀਆਂ / ਮਾਹੌਲ ਨੂੰ ਮਾਣਨ ਦਾ ਇਹ ਜ਼ਰੀਆ ਬੜਾ ਗੌਲਣਯੋਗ ਹੈ ਜੋ ਮਨੁੱਖੀ ਚੇਤਨਾ ਦੇ ਨਾਲ - ਨਾਲ ਸਾਹਿਤਕ - ਸੁਹਜ ਦਾ ਵੀ ਪੱਲਾ ਨਹੀਂ ਛੱਡਦਾ। ਮਿਸਾਲ ਵਜੋਂ ਪ੍ਰੰਪਰਾਗਤ ਸ਼ਬਦਾਵਲੀ ਦਾ ਇਹ ਨਮੂਨਾ ਸਾਨੂੰ ਗ਼ਜ਼ਲ ਵਿਧਾ ਦੇ ਮੁੱਢਲੇ ਇਤਿਹਾਸਕ ਪੜਾਅ/ ਪਿਛੋਕੜ ਦਾ ਅਹਿਸਾਸ ਕਰਵਾ ਦਿੰਦਾ ਹੈ :

ਸਾਕੀਆ! ਬੇ-ਸ਼ੱਕ ਪਿਲਾ ਨਾ ਪੀਣ ਦੀ ਤ੍ਰਿਸ਼ਨਾ ਨਹੀਂ,
ਬਹੁਤ ਹੈ ' ਪੀਓਗੇ?' ਪੁੱਛਣ ਦਾ ਨਸ਼ਾ ਮੇਰੇ ਲਈ। ( 24)

ਚਮਨ ਹੈ, ਜਾਂ ਕੋਈ ਵੀਰਾਨਾ ਹੈ।
ਸਾਰੀ ਦੁਨੀਆਂ ਸ਼ਰਾਬ - ਖ਼ਾਨਾ ਹੈ। ( 25)

ਸੁਰਾਹੀ ਧੌਣ, ਮੈਅ ਜੋਬਨ ਤੇ ਇੱਕ ਇੱਕ ਨੈਣ ਪੈਮਾਨਾ।
ਉਹ ਪੀਣੋ ਵਰਜਦੇ ਨੇ ਕਿਉਂ, ਬਣਾ ਕੇ ਆਪ ਮੈਖ਼ਾਨਾ।(39)

ਉਸ ਦੀਆਂ ਜ਼ੁਲਫ਼ਾਂ ਦੇ ਕਿਹੜੇ ਨਾਗ ਨੂੰ,
ਦੂਰ ਤੋਂ ਡਸ ਜਾਣ ਦੀ ਆਦਤ ਨਹੀਂ। (53)

ਪ੍ਰਤੱਖ ਹੈ,ਉਪਰੋਕਤ ਨਿਵੇਕਲੀ ਸ਼ਬਦਾਵਲੀ ਮਹਿਜ਼ ਸ਼ਬਦਾਂ ਦਾ ਸਾਧਾਰਨ ਜਾਂ ਗਿਣਿਆ - ਮਿਥਿਆ ਜਾਂ ਬਾਹਰਮੁਖੀ ਪ੍ਰਗਟਾਵਾ ਨਹੀਂ, ਸ਼ਾਇਰ ਵਲੋਂ ਜ਼ਿੰਦਗੀ ਦੀ ਹੱਡੀਂ ਹੰਢਾਈ ਹਕੀਕਤ ਵੀ ਹੈ। ਇਹੋ ਕਾਰਨ ਹੈ ਕਿ ਉਹ ਆਵੇਸ਼ ਦੇ ਪਲਾਂ ਨੂੰ ਸਥਿਰਤਾ ਵਜੋਂ ਜਾਂ ਦੁਹਰਾਓ ਕੇਂਦ੍ਰਿਤ ਨਹੀਂ ਕਰਦਾ ਪਿਆਰ/ਮੁਹੱਬਤ ਦੀਆਂ ਉਨ੍ਹਾਂ ਤੰਦਾਂ ਦੀ ਪੁਨਰਸੁਰਜੀਤੀ ਆਪਣੇ ਨਿਵੇਕਲੇ ਕਾਵਿਕ - ਅੰਦਾਜ਼ ਵਿੱਚ ਕਰਦਾ ਹੈ ; ਨਤੀਜੇ ਵਜੋਂ ਇਨ੍ਹਾਂ ਦਾ ਗੂੜ੍ਹ ਅਧਿਐਨ ਕਰਨ ਸਮੇਂ,ਪਾਠਕ ਉਕਤਾਉਂਦਾ ਨਹੀਂ ਸਗੋਂ ਉਸ ਮੁਹੱਬਤੀ ਸਾਂਝ ਨੂੰ ਮਾਨਣ ਲਈ ਖ਼ੁਦ ਵੀ ਹਿੱਸੇਦਾਰ ਬਣਨ ਦਾ ਮੌਕਾ ਲੋਚਦਾ ਹੈ। ਸਾਹਿਤਕਾਰੀ ਦਾ ਇਹ ਪਾਠਕਮੁੱਖੀ - ਗੁਣ ਸਾਹਿਤ ਦੀ ਸਦੀਵੀ ਚੇਤਨਾ ਦਾ ਪ੍ਰਤੀਕ ਹੁੰਦਾ ਹੈ ; ਇਉਂ ਕੋਈ ਅਤਿਕਥਨੀ ਵਾਲੀ ਗੱਲ ਵੀ ਨਹੀਂ,ਸੰਧੂ - ਕਾਵਿ ਇਸ ਪੱਖੋਂ ਨਵੀਆਂ ਪੈੜਾਂ ਪਾਉਂਦਾ ਹੈ।ਉਸ ਦੇ ਇਹ ਨਿਮਨਲਿਖਤ ਸ਼ੇਅਰ ਭਾਈ ਵੀਰ ਸਿੰਘ ਦੇ ਨਵ- ਰਹੱਸਵਾਦੀ ਪ੍ਰਭਾਵ ਭਾਵ " ਹੋਸ਼ਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ " ਦਾ ਪ੍ਰਤਿ ਰੂਪ ਪ੍ਰਤੀਤ ਹੁੰਦੇ ਹਨ, ਵਿਸ਼ੇਸ਼ ਕਰਕੇ ਉਨ੍ਹਾਂ ਮੁਹਬੱਤੀ ਪਲਾਂ ਵਿੱਚ ਜਦੋਂ ਤਰਕ/ ਦਲੀਲ ਦੀ ਕੋਈ ਥਾਂ ਨਹੀਂ ਰਹਿ ਜਾਂਦੀ, ਅਜਿਹੇ ਵਿਚਾਰਾਂ ਨੂੰ ਡੀਕੋਡ ਕਰਨ ਦੀ ਉਸ ਦੀ ਕਾਵਿ - ਜੁਗਤਿ ਵੀ ਬਾਕਮਾਲ ਹੈ:

ਉਨ੍ਹਾਂ ਰਸਤਿਆਂ ਤੋਂ ਹੀ ਮੰਜ਼ਿਲ ਹੈ ਸਾਡੀ,
ਜਿਨ੍ਹਾਂ ਤੇ ਕਦੇ ਹੋਸ਼ ਵਾਲੇ ਨਾ ਜਾਂਦੇ। (52)

ਸੋਚਾਂ ਤਿਆਗ ਸੋਹਣੀ,ਜੇ ਨਾ ਝਨਾਂ 'ਚ ਠਿੱਲ੍ਹਦੀ,
ਹੁਣ ਤੀਕ ਯਾਦ ਕਰਦਾ ਕਿੰਜ ਫਿਰ ਜਹਾਨ ਸਾਰਾ। (50)

ਸਵਰਗਾਂ 'ਚੋਂ ਨਿਕਲ ਆਵਣ ਦੇਵਤੇ,
ਕੋਈ ਐਸੀ ਮਹਿਫ਼ਿਲ ਜਮਾ ਸਾਕੀਆ। ( 68)

ਜੰਨਤ 'ਚ ਖੜ੍ਹਣ ਦੇ ਲਈ ਨਾ ਫ਼ਰਿਸ਼ਤਿਓ ਸਤਾਓ,
ਓਥੇ ਮੈਂ ਤਦ ਹੀ ਜਾਣਾ ਜੇ ਉਹ ਯਾਰ ਦੀ ਗਲੀ ਏ। ( 70)

ਬਤੌਰ ਗ਼ਜ਼ਲਗੋ ਸੁਖਬੀਰ ਸਿੰਘ ਸੰਧੂ ਦੇ ਕਾਵਿ - ਦਿਸਹੱਦਿਆਂ ਦੀ ਪਹੁੰਚ ਦਿਸਦੇ ਜਗਤ ਤੱਕ ਜਾਂ ਆਪਣੇ ਵਜ਼ੂਦ ਵਜੋਂ ਕੇਵਲ ਇਤਿਹਾਸਮੁਖੀ ਨਹੀਂ ਉਸ ਦਾ ਅੰਤਰਮੁਖੀ ਕਾਵਿ - ਪ੍ਰਗਟਾਵਾ ਜਾਂ ਕਾਵਿ - ਅਨੁਭੂਤੀ ਅਣਦਿਸਦੇ ਜਗਤ ਦੇ ਵੀ ਦਰਸ਼ਨ ਦੀਦਾਰੇ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਕੁਝ ਥਾਵਾਂ 'ਤੇ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦਾ ਇਹ ਨਿਆਰਾਪਣ ਜਾਂ ਕਾਵਿ - ਸਫ਼ਰ ਪਾਠਕਾਂ ਨੂੰ ਨਵੀਂ ਦੁਨੀਆਂ ਵਿੱਚ ਪ੍ਰਵੇਸ਼ ਕਰਵਾ ਦਿੰਦਾ ਹੈ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ - ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜੋ ਮੌਕੇ ਦੀ ਮੁਗ਼ਲ ਹਕੂਮਤ ਵਲੋਂ ਆਪਣੀ ਕੱਟੜਵਾਦੀ ਭਾਵਨਾ ਦੇ ਨਤੀਜੇ ਵਜੋਂ,ਇਸਲਾਮਿਕ ਸੱਭਿਆਚਾਰ ਦੇ ਤਥਾ ਕਥਿਤ' ਯਾਸਾ 'ਕਾਨੂੰਨ ਤਹਿਤ ਹੋਈ ,ਜੋ ਸਿੱਖੀ ਇਤਿਹਾਸ ਵਿੱਚ ਇੱਕ ਨਵਾਂ ਇਤਿਹਾਸਕ ਮੋੜ ਸੀ; ਸ਼ਹੀਦੀ ਦੀ ਉਹ ਪੁਨਰ ਵਿਆਖਿਆ, ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿਵੇਂ ਕਿ ਸੁਖਬੀਰ ਸਿੰਘ ਸੰਧੂ ਨੇ ਕੀਤੀ ਹੈ, ਆਧੁਨਿਕ ਪੰਜਾਬੀ ਕਾਵਿ ਦੇ ਇਤਿਹਾਸ ਵਿੱਚ,ਉਹ ਆਪਣੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਹੈ। ਕਹਿਣਾ ਬਣਦਾ ਹੈ ਕਿ ਉਸ ਸ਼ਹੀਦੀ ਦਾ ਅੰਤਰਮੁੱਖੀ ਅਤੇ ਬਾਹਰਮੁੱਖੀ ਸਮਨਵੈ , ਆਪਣੀ ਸਵੈ- ਪ੍ਰਕਿਰਿਆ ਵਜੋਂ ਕਿਸੇ ਵੀ ਤਰ੍ਹਾਂ ਵਕਤ ਦੇ ਇਤਿਹਾਸਕ ਤੱਥਾਂ/ ਪ੍ਰਮਾਣਾਂ ਦਾ ਮੁਥਾਜ ਨਹੀਂ, ਸਿੱਖ ਸਿਧਾਂਤਾਂ ਦੀ ਨੇੜਿਓਂ ਸਮਝ ਰੱਖਣ ਵਾਲੇ ਸੰਵੇਦਨਸ਼ੀਲ ਸਾਧਕ/ ਸ਼ਾਇਰ ਹੀ ਪੰਜਵੇਂ ਗੁਰੂ ਜੀ ਦੇ ਭਾਣੇ ਦੇ ਸੰਕਲਪ - ਸਿਧਾਂਤ ਨੂੰ ਅਨੁਭਵ ਕਰ ਸਕਦੇ ਹਨ। ਉਪਰੋਕਤ ਬ੍ਰਿਤਾਂਤ ਦੀ ਮੂੰਹ ਬੋਲਦੀ ਤਸਵੀਰ,ਸੁਖਬੀਰ ਸਿੰਘ ਸੰਧੂ ਦੇ ਇਹ ਮੌਲਿਕ ਸ਼ਬਦ ਵਿਸ਼ੇਸ਼ ਤੌਰ 'ਤੇ ਵਿਚਾਰਨਯੋਗ ਹਨ ਜੋ ਤਰਕ - ਦਲੀਲ ਦੀਆਂ ਹੱਦਬੰਦੀਆਂ ਤੋਂ ਸੌ ਕੋਹਾਂ ਦੂਰ ਹਨ ਪਰੰਤੂ ਨਵੀਂ ਪ੍ਰੰਪਰਾ ਦਾ ਮੁੱਢ ਜ਼ਰੂਰ ਬੰਨ੍ਹਦੇ ਹਨ:

ਕੋਈ ਇਹ ਕਰਾਮਾਤ ਕਰਕੇ ਵਿਖਾਲੇ।
ਕਿ ਦਿਲ ਹੈ ਸਲਾਮਤ,ਬਦਨ ਛਾਲੇ ਛਾਲੇ। ---

ਜ਼ੁਲਮ ਥੱਕ ਗਿਆ ਹੈ,ਕਹਿਰ ਹੁੱਸ ਗਿਆ ਹੈ,
ਸਿਦਕ ਨੇ ਨਾ ਮੂੰਹੋਂ 'ਸੀ'ਆਖੀ ਹੈ ਹਾਲੇ।

ਭਾਵੇਂ ਉਨ੍ਹਾਂ ਨੂੰ ਕੋਈ ਦੇਗੀਂ ਉਬਾਲੇ,
ਨਾ ਡੋਲਣ ਕਦੇ ਸੁਖਮਨੀ ਸਾਰ ਵਾਲੇ।

ਉਹ ਜ਼ੁਲਮ ਕੀ ਜਾਣਨ ਨਸ਼ੇ ਭਗਤੀਆਂ ਦੇ,
ਜਿਨ੍ਹਾਂ ਨੇ ਇਹ ਜਲਵੇ ਨਾ ਵੇਖੇ,ਨਾ ਭਾਲੇ।

ਸ਼ਹੀਦਾਂ ਦੀ ਜਦ ਵੀ ਕਿਸੇ ਗੱਲ ਛੇੜੀ,
ਨਾ ਰੁਕ ਸਕੇ ਹੰਝੂ,ਨਾ ਦਿਲ ਗਏ ਸੰਭਾਲੇ। ( 61)

ਇਨ੍ਹਾਂ ਹਥਲੀਆਂ ਗ਼ਜ਼ਲਾਂ ਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ - ਪ੍ਰਵਾਸੀਕਰਨ ਦੇ ਦਰਪੇਸ਼ ਵਿਭਿੰਨ ਵੇਰਵੇ : ਜੋ ਕੇਵਲ ਭੂਹੇਰਵੇ ਦੀਆਂ ਵੇਦਨਾਵਾਂ / ਸੰਵੇਦਨਾਵਾਂ ਜਾਂ ਧਾਰਨਾਵਾਂ/ ਸਥਾਪਨਾਵਾਂ ਦੀ ਨਿਸ਼ਾਨਦੇਹੀ ਹੀ ਨਹੀਂ ਕਰਦੇ ਸਗੋਂ ਮਨੁੱਖੀ ਜੀਵਨ ਦੀਆਂ ਸੂਖਮ ਭਾਵਨਾਵਾਂ ਅਤੇ ਤਤਕਾਲੀਨ ਸਮੱਸਿਆਵਾਂ 'ਤੇ ਵੀ ਕੇਂਦ੍ਰਿਤ ਹੁੰਦੇ ਹਨ। ਉਨ੍ਹਾਂ ਦੇ ਕਾਰਨ ਕੋਈ ਵੀ ਬਣੇ, ਸ਼ਾਇਰ ਦੇ ਆਪਣੇ ਖ਼ੁਦ ਹੰਢਾਏ ਅਨੁਭਵਾਂ ਤੋਂ ਇਲਾਵਾ,ਅੱਜ ਵੀ ਸੱਚ ਹੈ ਕਿ ਸਾਡੇ ਨੌਜਵਾਨ ਮੁੰਡੇ/ਕੁੜੀਆਂ ਵਲੋਂ ਵਿਦੇਸ਼ ਜਾਣ ਦੀ ਹੋੜ੍ਹ ਖ਼ਤਰੇ ਤੋਂ ਖਾਲੀ ਨਹੀਂ। ਕੁਝ ਵੀ ਹੋਵੇ,ਮੂਲ ਰੂਪ ਵਿੱਚ ਇਹ ਮੌਕੇ ਦੀਆਂ ਸਰਕਾਰਾਂ ਦੇ ਪ੍ਰਬੰਧਕੀ ਢਾਂਚੇ 'ਤੇ ਸਵਾਲੀਆ ਚਿੰਨ੍ਹ ਲੱਗਦਾ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਿਉਂ ਨਹੀਂ ਸੰਭਾਲ ਸਕੇ।ਖ਼ੈਰ, ਸ਼ਾਇਰ ਸੁਖਬੀਰ ਸਿੰਘ ਸੰਧੂ ਹੁਰਾਂ ਦੇ ਉਭਰਦੇ ਅੰਦਰੂਨੀ ਅਤੇ ਬਾਹਰੀ ਕੁੱਝ ਨਿੱਜੀ ਸਵਾਲ ਵੀ ਹਨ ਜੋ ਉਹਨਾਂ ਦੀ ਮਾਨਸਿਕ ਸੁਤੰਤਰਤਾ ਨੂੰ ਕਿਸੇ ਵੀ ਤਰ੍ਹਾਂ ਰਾਸ ਨਹੀਂ ਆਉਂਦੇ। ਤ੍ਰਾਸਦੀ ਤਾਂ ਇਹ ਹੈ ਕਿ ਅੱਧੀ ਸਦੀ ਪਹਿਲਾਂ ਉੱਠੇ ਉਹਨਾਂ ਦੇ ਉਹ ਸਵਾਲ ਅੱਜ ਵੀ ਘਟਾਓ ਦੇ ਖ਼ੇਤਰ ਨਾਲ ਸੰਬੰਧਿਤ ਨਹੀਂ ਹੋਏ ਆਪਣੀ ਹੋਂਦ/ ਹਸਤੀ ਵਜੋਂ ਜਾਂ ਰਾਜਨੀਤਕ ਵਰਤਾਰੇ ਵਜੋਂ ਓਡ - ਕੇਡੇ ਹੀ ਹਨ। ਹੇਠਲੀਆਂ ਸਤਰਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਰ ਨੇ ਆਪਣੇ ਜਨਮ - ਭੋਇਂ ਦੇ ਖ਼ੁਦ ਹੰਢਾਏ ਸੱਚ ਜਾਂ ਵਿਦੇਸ਼ੀ ਫ਼ਿਜ਼ਾ ਦੇ ਜੀਵਨ ਤਜ਼ਰਬਿਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ। ਉਦਾਹਰਣ ਦੇ ਤੌਰ 'ਤੇ ਉਸ ਦੇ ਇਹ ਲਫ਼ਜ਼ ਬੜੇ ਬੇਸ਼ਕੀਮਤੀ ਹਨ :

ਪੱਛਮ ਦੀਆਂ ਹਵਾਵਾਂ ਸਾਨੂੰ ਰਾਸ ਨਾ ਆਈਆਂ।
ਆਪਣਾ ਬਣਾ ਕੇ ਵੀ ਜੋਂ ਖ਼ੁਦ ਰਹਿੰਦੀਆਂ ਪਰਾਈਆਂ।

ਇਨ੍ਹਾਂ 'ਚ ਸਾਹ ਲੈ ਕੇ, ਇਹਨਾਂ ਨੂੰ ਗਲ ਲਗਾ ਕੇ,
ਤਨ 'ਚੋਂ ਨਾ ਮਹਿਕ ਆਈ , ਰੂਹਾਂ ਨਾ ਲਹਿਲਹਾਈਆਂ।

ਹੱਕ ਵਿੱਚ ਕਦੇ ਜੇ ਸਾਡੇ,ਆਖੀ ਹੈ ਗੱਲ ਕਿਸੇ ਨੇ,
ਗੱਲ ਗੱਲ 'ਤੇ ਬਹਿਸ ਛੇੜੀ,ਸੌ ਉਂਗਲੀਆਂ ਉਠਾਈਆਂ।

ਇਸ ਚਮਨ ਨੂੰ ਸਿੰਜਦੇ ਹਾਂ ਅਸੀਂ ਵੀ ਖ਼ੂਨ ਪਾ ਕੇ,
ਸਾਡੇ ਲਹੂ ਦੀਆਂ ਪਰ ਇਸ ਕੀਮਤਾਂ ਨਾ ਪਾਈਆਂ।

ਰੰਗ ਨਸਲ ਦੀ ਬਿਨਾ 'ਤੇ ਰੱਖੀ ਹੈ ਨੀਂਹ ਜਿਨ੍ਹਾਂ ਦੀ,
ਈਸਾ ਵੀ ਆਖਦਾ ਹੈ ਫੂਕੋ ਉਹ ਪਾਰਸਾਈਆਂ।

ਆਪਣੇ ਬੁਲਾਵਿਆਂ 'ਤੇ ਵਤਨੋਂ ਬੇ- ਵਤਨ ਕਰਕੇ,
ਮੁੜ ਵਾਪਸੀ ਦੀਆਂ ਨੇ ਹੁਣ ਦੇਂਦੀਆਂ ਦੁਹਾਈਆਂ। ---

ਉਨ੍ਹਾਂ ਦੀ ਕਦਰ ਕੀਮਤ ਪਾ ਸਕਦੀਆਂ ਨੇ ਕੀ ਇਹ,
ਸੱਜਣਾਂ ਤੋਂ ਦੂਰ ਆ ਕੇ ਸਹਿੰਦੇ ਹਾਂ ਜੋਂ ਜੁਦਾਈਆਂ।( 76)

ਪੂਰਬ ਨੂੰ ਸੌਂਪ ਕੇ ਦਿਲ, ਪੱਛਮ ਨੂੰ ਆ ਗਿਆ ਹਾਂ,
ਬਣਦੀ ਹੈ ਕਿਸ ਜਗ੍ਹਾ 'ਤੇ ਸਾਡੀ ਕਬਰ ਵੀ ਦੇਖੋ?(32)

ਜਿਹੜੀ ਪੀੜ ਨਾਲ ਲੈ ਕੇ ਪੂਰਬ 'ਚੋਂ ਆ ਗਿਆ ਹਾਂ,
ਕਿਤੇ ਖੋਹ ਨ ਲੈਣ ਮੈਥੋਂ, ਪੱਛਮ ਦੀਆਂ ਹਵਾਵਾਂ। ( 74)

ਪਰਦੇਸਾਂ ਦੀ ਤਨਹਾਈ ਵਿੱਚ , ‌
ਮੈਂ ਯਾਰ ਬਣਾਈਆਂ ਦੋ ਜਣੀਆ।

ਕੋਈ ਰਾਤ ਵੀ ਐਸੀ ਰਾਤ ਨਹੀਂ,
ਜਿਸ ਰਾਤ ਨਾ ਆਈਆਂ ਦੋ ਜਣੀਆਂ। ---

ਇਹ ਦੋ ਜਣੀਆਂ ਦੋ ਯਾਦਾਂ ਨੇ,
ਇੱਕ ਵਤਨਾਂ ਦੀ ਇੱਕ ਸੱਜਣਾ ਦੀ
ਏਸੇ ਲਈ ਰਾਤ ਨੂੰ ਆਉਣੋਂ ਵੀ,
ਨਹੀਂ ਜੇ ਸ਼ਰਮਾਈਆਂ ਦੋ ਜਣੀਆਂ।( 79)

ਸੁਖਬੀਰ ਸਿੰਘ ਸੰਧੂ ਬਾਰੇ ਇਹ ਕਹਿਣਾ ਅਨਉਚਿੱਤ ਜਾਂ ਅਯੋਗ ਨਹੀਂ ਹੋਵੇਗਾ ਕਿ ਉਸ ਦੀ ਸ਼ਾਇਰੀ ਅਤੇ ਇਨਸਾਨੀਅਤ ਇਹ ਦੋਨੋਂ ਸਾਮਾਂਨਾਤ੍ਰ ਰੂਪ ਵਿੱਚ ਆਪਣੀਆਂ ਪੁਲਾਂਘਾਂ ਪੁੱਟਦੀਆਂ ਹਨ। ਆਧੁਨਿਕ ਪੰਜਾਬੀ ਕਵਿਤਾ ਦੀਆਂ ਮੂਲ ਕਾਵਿ -ਪ੍ਰਵਿਰਤੀਆਂ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਵਰਤਮਾਨ/ ਸਮਕਾਲ ਦੀ ਪੰਜਾਬੀ ਕਵਿਤਾ ਤੱਕ, ਇਸ ਨੇ ਵੱਖ - ਵੱਖ ਪੜਾਵਾਂ/ ਪ੍ਰਸਥਿਤੀਆਂ ਦਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਵਿੱਚੋਂ ਪ੍ਰਗਤੀਵਾਦੀ ਵਿਚਾਰਧਾਰਾ ਅਤੇ ਜੁਝਾਰਵਾਦੀ ਕਾਵਿਧਾਰਾ ਦਾ ਕੇਂਦਰੀ ਧੁਰਾ ਮਨੁੱਖੀ ਅਧਿਕਾਰਾਂ/ ਹੱਕਾਂ - ਹਕੂਕਾਂ ਦੀ ਬਰਾਬਰੀ ਨੂੰ ਸਮਰਪਿਤ ਹੈ, ਸੰਬੋਧਿਤ ਹੈ। ਇਸ ਇਤਿਹਾਸਕ ਪ੍ਰਕਰਣ ਵਿੱਚ ਸੰਧੂ - ਕਾਵਿ ਦਾ ਯੋਗਦਾਨ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਸ ਦੀ ਕਾਵਿ - ਦ੍ਰਿਸ਼ਟੀ ਆਪਣੇ ਆਲੇ ਦੁਆਲੇ ਤੋਂ ਅਭਿੱਜ ਨਹੀਂ, ਜ਼ਿੰਦਗੀ ਦੇ ਵਿਸ਼ਾਲ ਕੈਨਵਸ ਦੇ ਆਧਾਰ 'ਤੇ ਉਹ ਕੇਵਲ ਮਾਨਸਿਕ ਅਹਿਸਾਸਾਂ ਦਾ ਹੀ ਚਿਤ੍ਰਣ ਨਹੀਂ ਕਰਦਾ ਸਗੋਂ ਸਮੁੱਚ ਵਜੋਂ ਉਨ੍ਹਾਂ ਦੇ ਭਵਿੱਖਮੁਖੀ ਨਤੀਜਿਆਂ ਨੂੰ ਵੀ ਅਹਿਮੀਅਤ ਦਿੰਦਾ ਹੈ। ਉਸ ਦਾ ਇਹੋ ਕਾਵਿ - ਸੁਹਜ ਹੈ ਜੋ ਕਿਸੇ ਪ੍ਰਾਪੇਗੰਡੇ ਦੇ ਪੈਮਾਨੇ ਜਾਂ ਪ੍ਰਚਿਲਤ ਲਹਿਰ/ ਧਾਰਾ/ ਵਾਦ ਦਾ ਹਿੱਸਾ ਨਹੀਂ ਬਣਦਾ, ਕੇਵਲ ਤੇ ਕੇਵਲ ਜ਼ਿੰਦਗੀ ਦੇ ਮੂਲ ਯਥਾਰਥ ਨੂੰ ਸਮਝਣ ਪ੍ਰਤਿ ਯਤਨਸ਼ੀਲ ਹੁੰਦਾ ਹੈ। ਇਸ ਪੱਖੋਂ ਉਸ ਦੀ ਇਹ ' ਗ਼ਰੀਬੀ- ਕੇਂਦ੍ਰਿਤ ' ਮੁਸੱਲਸਲ ਗ਼ਜ਼ਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ :

ਜਦੋਂ ਘਰ ਕਿਸੇ ਦੇ ਸਮਾਏ ਗ਼ਰੀਬੀ।
ਤਾਂ ਕੀ ਕੀ ਸੁਣੋ ਕਰ ਵਿਖਾਏ ਗ਼ਰੀਬੀ।

ਇਹ ਆਪਸ 'ਚ ਗੱਲ ਗੱਲ ਤੇ ਝਗੜੇ ਕਰਾਏ,
ਤੇ ਪਲ ਪਲ ਪਿਆਰਾਂ ਨੂੰ ਖਾਏ ਗ਼ਰੀਬੀ।

ਨਾ ਦਿਨ ਵਾਰ ਵੇਖੇ ਨਾ ਵੇਲਾ ਕੁਵੇਲਾ,
ਤੇ ਬਦਸ਼ਗਨੀਆਂ ਪਈ ਕਰਾਏ ਗ਼ਰੀਬੀ।

ਇਹ ਲੱਖਾਂ ਦੀ ਇਜ਼ਤ ਨੂੰ ਕੱਖਾਂ ' ਚ ਰੋਲੇ,
ਹਯਾ ਅੱਖੀਆਂ ' ਚੋਂ ਉਡਾਏ ਗ਼ਰੀਬੀ।

ਜਿਨ੍ਹਾਂ ਕਰਕੇ ਇਨਸਾਨ ਇਨਸਾਨ ਹੁੰਦੈ,
ਉਹ ਫ਼ਰਜ਼ ਦਿਲ 'ਚੋਂ ਭੁਲਾਏ ਗ਼ਰੀਬੀ।

ਵਗਦੇ ਨੇ ਜਿਉਂ ਜਿਉਂ ਗ਼ਰੀਬਾਂ ਦੇ ਹੰਝੂ,
ਸਗੋਂ ਹੋਰ ਵੱਧ ਮੁਸਕਰਾਏ ਗ਼ਰੀਬੀ।

ਹੈ ਇਸ ਨੂੰ ਮਿਟਾਉਣਾ ਤਾਂ ਕੰਮ ਹੌਂਸਲੇ ਦਾ,
ਤੇ ਹਿੰਮਤੋਂ ਸਦਾ ਹਾਰ ਜਾਏ ਗ਼ਰੀਬੀ। ( 34)

ਮਨੁੱਖੀ ਵਰਤਾਰੇ ਦੀ ਅਜਿਹੀ ਗ਼ਰੀਬੀ/ ਮੰਦਹਾਲੀ ਦੇ ਕੀ ਕਾਰਨ ਹਨ? ਸਮਾਜਿਕ ਤੌਰ 'ਤੇ ਇਹ ਆਰਥਿਕ ਕਾਣੀ ਵੰਡ ਕਿਉਂ ਪਸਰੀ ਹੋਈ ਹੈ? ਇਹ ਵੀ ਉਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹ ਧੁਰ ਅੰਦਰੋਂ ਬੋਲ ਉੱਠਦਾ ਹੈ :

ਅੱਜ ਕੋਈ ਕਿਸੇ ਦੇਸ਼ ਅੰਦਰ ਭੁੱਖ ਨਾਲ ਹੈ ਕਿਉਂ ਮੋਇਆ?
ਅਤੇ ਕਿਸ ਨੇ ਮੁਨਾਫ਼ੇ ਲਈ ਅਜੇ ਅੰਨ ਲੁਕਾਇਆ ਏ। ---

ਕਾਹਦੀ ਹੈ ਉਹ ਫੁਲਵਾੜੀ ਕਿ ਜਿਸ ਦੇ ਖ਼ੇਤਰ ਵਿੱਚ,
ਇੱਕ ਫੁੱਲ ਪਿਆ ਹੱਸਦਾ ਏ, ਇੱਕ ਫੁੱਲ ਕੁਮਲਾਇਆ ਏ। (55)

ਸ਼ਾਇਰ ਦੀ ਖ਼ੂਬਸੂਰਤੀ ਇਹ ਵੀ ਹੈ ਕਿ ਉਹ ਜ਼ਿੰਦਗੀ ਦੀਆਂ ਇਨ੍ਹਾਂ ਦੁਸ਼ਵਾਰੀਆਂ/ ਸਮੱਸਿਆਵਾਂ ਦੀ ਤਰਜ਼ਮਾਨੀ ਹੀ ਨਹੀਂ ਕਰਦਾ ਉਨ੍ਹਾਂ ਤੋਂ ਨਿਜ਼ਾਤ ਦਿਵਾਉਣ ਸੰਬੰਧੀ ਵੀ ਆਪਣੀ ਰਾਇ ਦਿੰਦਾ ਹੈ। ਇਸੇ ਕਾਰਨ ਮਨੁੱਖੀ ਜ਼ਿੰਦਗੀ ਨੂੰ ਪਰਿਭਾਸ਼ਤ ਕਰਦਿਆਂ ਉਹ ਕਰਮਸ਼ੀਲਤਾ ਅਤੇ ਸੰਘਰਸ਼ ਨੂੰ ਪਹਿਲ ਦਿੰਦਾ ਹੈ ਤਾਂ ਕਿ ਮਨੁੱਖ ਆਪਣੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਦਿਆਂ,ਆਪਣੀ ਹੋਂਦ ਅਤੇ ਅਸਤਿੱਤਵ ਦੀ ਨਿਰੰਤਰਤਾ ਦਾ ਹਾਮੀ ਬਣ ਸਕੇ :

ਜਾਗੋ ! ਕਿ ਸਮਾਂ ਉੱਜਲੇ ਸੰਗਰਾਮ ਦਾ ਆਇਆ ਏ,
ਰਾਹਾਂ ਨੂੰ ਲਤਾੜੋ ਕਿ ਮੰਜ਼ਿਲ ਨੇ ਬੁਲਾਇਆ ਏ। (55)

ਦੱਸਦਾ ਹੈ ਹਰ ਨਜ਼ਾਰਾ ਕਰਵਟ ਬਦਲ ਬਦਲ ਕੇ।
ਕੋਈ ਇਨਕਲਾਬ ਆਉਣਾ ਹੈ ਅੱਜ ਨਹੀਂ ਤਾਂ ਭਲਕੇ। ---

ਹਰਦਾ ਹੀ ਜਾ ਰਿਹਾ ਏ ਹਰ ਕਦਮ ਤੇ ਹਨ੍ਹੇਰਾ ,
ਕਰਦਾ ਏ ਵਾਰ ਚਾਨਣ ਐਸੇ ਸੰਭਲ ਸੰਭਲ ਕੇ। ( 28)

ਜੰਨਤ ਵੀ ਹੋ ਗਈ ਏ ਹੁਣ ਜੁਗਾਂ ਪੁਰਾਣੀ ਚੀਜ਼,
ਜਾਣੈਂ ਅਸਾਂ ਫ਼ਰਿਸ਼ਤਿਓਂ ਕਿਸੇ ਥਾਂ ਨਵੀਨ 'ਤੇ। ( 21)

ਸ਼ਾਇਰ ਮਾਨਵ ਵਿਰੋਧੀ ਕਦਰਾਂ ਕੀਮਤਾਂ ਤੋਂ ਪਾਸੇ ਹਟ ਕੇ ਜਾਂ ਬੇਦਾਗ਼/ ਬੇਲਾਗ ਹੋ ਕੇ ਜ਼ਿੰਦਗੀ ਦਾ ਸਹੀ ਮੁੱਲ ਪਵਾਉਣ ਦਾ ਅਭਿਲਾਖੀ ਹੈ :

ਦੁਖ ਸੁਖ, ਖ਼ੁਸ਼ੀ ਗ਼ਮੀ ਦੀ ਹੈ ਧੁੱਪ ਛਾਂ ਜਿਹੀ ਖੇਡ ਇਹ,
ਹੰਝੂ ਕਦੀ ਤੇ ਹੈ,ਕਦੀ ਮੁਸਕਾਨ ਜ਼ਿੰਦਗੀ। ---

ਕਿਉਂ ਇਸ ਨੂੰ ਆਪਣੇ ਆਪ ਤੋਂ ਵਿਸ਼ਵਾਸ ਉੱਠ ਰਿਹੈ,
ਪੈਦਾ ਕਰੇ ਪਈ ਮੌਤ ਦੇ ਸਾਮਾਨ ਜ਼ਿੰਦਗੀ।

ਸਾਡੀ ਅਕਲ ਦੇ ਕੁਹਜ ਨੇ ਇਸ ਨੂੰ ਸਰਾਪਿਆ,
ਕੁਦਰਤ ਦਾ ਸੀ ਮਹਾਨ ਇਹ ਵਰਦਾਨ ਜ਼ਿੰਦਗੀ।( 44)

ਹੁਣ ਦਬ ਕੇ ਨਹੀਂ ਰਹਿਣੇ ਬੋਲ ਜ਼ਮੀਰਾਂ ਦੇ।
ਲਾਹ ਸੁੱਟੇ ਕੋਈ ਭਾਵੇਂ ਪੋਸ਼ ਸਰੀਰਾਂ ਦੇ। ---

ਇੱਕ ਦਿਨ ਘਰ ਦੇ ਖੋ਼ਲੇ ਬਣ ਕੇ ਰਹਿ ਜਾਵਣ,
ਜੋ ਕੰਧਾਂ ਨਾ ਝੱਲਣ ਬੋਝ ਸ਼ਤੀਰਾਂ ਦੇ।

ਮਿਹਨਤ ਦੀ ਇੱਕ ਰੇਖ ਤਲੀ ਤੇ ਕਾਫ਼ੀ ਹੀ,
ਕੀ ਕਰਨੇ ਨੇ ਬਹੁਤੇ ਜਾਲ਼ ਲਕੀਰਾਂ ਦੇ। ( 65)

ਸੁਖਬੀਰ ਸਿੰਘ ਸੰਧੂ - ਕਾਵਿ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਆਤਮਵਿਸ਼ਵਾਸ ਦੇ ਆਧਾਰ 'ਤੇ ਜੀਵਨ - ਸੁਹਜ ਨੂੰ ਐਨਾ ਮਹੱਤਵ ਦਿੰਦਾ ਹੈ, ਮਨੁੱਖ ਦੀਆਂ ਕਰਤਾਰੀ/ ਕਿਰਦਾਰੀ ਸ਼ਕਤੀਆਂ ਅੱਗੇ ਮੌਤ ਵੀ ਖ਼ੂਬਸੂਰਤ ਦਿਸਣ ਲੱਗ ਪੈਂਦੀ ਹੈ :

ਨੱਚ ਉੱਠਦਾ ਹੈ ਮੇਰਾ ਦਿਲ ਹਰ ਕਿਸੇ ਨੂੰ ਵੇਖ ਕੇ,
ਇੱਕ ਨੇ ਮੰਦਰ, ਮਸੀਤਾਂ,ਮੈ- ਅਕਦਾ ਮੇਰੇ ਲਈ। ---

ਮੌਤ ਮੇਰੀ ਕਿਸ ਤਰ੍ਹਾਂ, ਨਾ ਖ਼ੂਬਸੂਰਤ ਹੋਏਗੀ,
ਹੈ ਜੇ ਸੋਹਣਾ ਜ਼ਿੰਦਗੀ ਦਾ ਹਰ ਪੜਾਅ ਮੇਰੇ ਲਈ।(24)

ਨੀਵਾਂ ਸਮਝ ਕੇ ਪਿਆਰ ਨੂੰ ਠੁਕਰਾਉਣ ਵਾਲੀਓ,
ਇਸ ਪਿਆਰ ਦਾ ਹੀ ਨਾਮ ਹੈ ' ਜੁਗਾਂ ਦੀ ਘਾਲਣਾ '। ---

ਦਿਲ ਵਿੱਚ ਮਿਲਣ ਦੀ ਆਸ ਲੈ ਅੱਜ ਤੁਰ ਪਿਆ ਹਾਂ ਮੈਂ,
ਹੇ ਵਕਤ ਆਪਣੀ ਕੈਦ ਵਿੱਚ ਮੈਨੂੰ ਨਾ ਭਾਲਣਾ। (43)

ਰੱਖੇ ਆਦਰਸ਼ ਨੇ ਜਿਨ੍ਹਾਂ ਉੱਚੇ ਆਕਾਸ਼ ਤੋਂ,
ਉਨ੍ਹਾਂ ਦੇ ਰਾਹ ਤੇ ਹੀ ਸਦਾ ਤਾਰੇ ਝੁਕੇ ਰਹੇ।

ਜੀਵਨ ਹੈ ਨਾਮ ਜ਼ਿੰਦਗੀ ਜੀਅ ਭਰ ਕੇ ਜੀਣ ਦਾ,
ਮੋਇਆਂ 'ਚ ਸ਼ੁਮਾਰ ਨੇ ਜੋ ਸਹਿਕਦੇ ਰਹੇ।( 47)

ਇਸ਼ਕ ਵਿੱਚ ਸ਼ਰਮਾਣ ਦੀ ਆਦਤ ਨਹੀਂ।
ਦਿਲ ਤੇ ਪਹਿਰੇ ਲਾਣ ਦੀ ਦਾਤ ਨਹੀਂ। ( 53)

ਇਹ ਵੀ ਮੰਨਣਾ ਪਵੇਗਾ ਕਿ ਉਪਰੋਕਤ ਵਿਚਾਰਾਂ ਦੀ ਸਾਰਥਿਕਤਾ, ਮੂਲ ਕਾਵਿ - ਪਹਿਲੂਆਂ ਆਧਾਰਿਤ ਕ੍ਰਮਵਾਰਤਾ ਜਾਂ ਸ਼ਾਇਰੀ ਦੇ ਕਾਵਿ - ਸਿਧਾਂਤਾਂ ਦੀ ਕ੍ਰਾਂਤੀਕਾਰੀ ਸੁਰ ਦਾ ਅਮਲ ਜਾਂ ਇਨ੍ਹਾਂ ਦਾ ਵਿਧੀਵੱਤ ਅਭਿਆਸੀ ਰੂਪ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਬੋਲਬਾਲਾ ਹੋਵੇਗਾ : ਆਪਣੇ ਅਕੀਦੇ ਵਜੋਂ ਉਹ ਮਨੁੱਖਤਾ ਨੂੰ ਪ੍ਰਣਾਇਆ ਸ਼ਾਇਰ ਹੈ। ਪ੍ਰਮਾਣ ਵਜੋਂ ਜੰਗ ਵਿਰੋਧੀ ਉਸ ਦੇ ਇਹ ਕਾਵਿ- ਬੋਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ :

ਮਾਂ ਧਰਤੀ ਦੀ ਹਿੱਕ ਤੇ ਕਿਧਰੇ ਬੰਬਾਂ ਦੀ ਬਰਸਾਤ ਹੈ ਹੋਈ।
ਖ਼ੂਨ ਮਨੁੱਖਤਾ ਦਾ ਕਿਤੇ ਹੋਇਆ,ਰੱਤ ਕਿਤੇ ਇਨਸਾਨ ਦੀ ਚੋਈ।

ਲੋਕ ਹਿਤਾਂ ਦੇ ਰਾਖੇ ਹੀ ਨੇ,ਲੋਕ ਹਿਤਾਂ ਦੇ ਬਣੇ ਲੁਟੇਰੇ,
'ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ।

ਖ਼ਵਰੇ ਕਿਸ ਜਾਦੂਗਰ ਚੰਦਰੇ ਇਹ ਫੁਲਵਾੜੀ ਕੀਲ ਸੁੱਟੀ ਏ,
ਜਿਸ ਫੁੱਲ ਮਹਿਕ ਰਤਾ ਵੀ ਵੰਡੀ, ਟਾਹਣੀ ਨਾਲੋਂ ਝੜਿਆ ਸੋਈ'।

ਨਫ਼ਰਤ ਦੀ ਦੁਰਗੰਧ ਹਰ ਕਿਤੇ ਮਾਨਸ ਦਾ ਸਾਹ ਘੁੱਟੀ ਜਾਵੇ,
ਮੁੱਕੀ ਅੱਜ ਮੁੱਕੀ ਦੇ ਲੋਕੋ,ਏਸ ਬਗੀਚੇ 'ਚੋਂ ਖ਼ੁਸ਼ਬੋਈ।

ਕੌਣ ਸੁਣੇ ਹੀਰਾਂ ਦੀਆਂ ਚੀਕਾਂ,ਕੌਣ ਸੁਣੇ ਸੋਹਣੀ ਦੀਆਂ ਕੂਕਾਂ ?
ਕੌਣ ਸੁਣੇ ਸੱਸੀ ਦੇ ਹਾੜ੍ਹੇ ਕਿਸਦੀ ਕੌਣ ਸੁਣੇ ਅਰਜ਼ੋਈ। (72)

ਦੱਸਦੇ ਨੇ ਹੱਦ ਬੰਨੇ,ਦੇਸ ਤੇ ਪਰਦੇਸ ਇਹ,
ਧਰਤ ਦੇ ਵਿਹੜੇ 'ਚ ਵੀ ਦੀਵਾਰ ਕਰ ਜਾਂਦੇ ਨੇ ਲੋਕ।

ਬੀਤਿਆ ਹੈ ਉਹ ਸਮਾਂ ਜਦ ਜੰਗ ਕੇਵਲ ਜੰਗ ਸੀ,
ਅਮਨ ਦੇ ਨਾਂ ਤੇ ਵੀ ਹੁਣ ਤਾਂ ਵਾਰ ਕਰ ਜਾਂਦੇ ਨੇ ਲੋਕ।---

ਜਿਨਸ ਨਾਲੋਂ ਮੰਗ ਬਹੁਤੀ ਹੋ ਗਈ ਬਾਰੂਦ ਦੀ,
ਵੇਖੀਏ ਕਿੰਨਾ ਕੁ ਚਿਰ ਵਿਉਪਾਰ ਕਰ ਜਾਂਦੇ ਨੇ ਲੋਕ।( 42)

ਉਸ ਦਿਲ ਨੂੰ ਨਾ ਦਿਲ ਆਖੋ,ਕੋਈ ਪੱਥਰ ਗੀਟਾ ਹੈ,
ਜਿਸ ਦਿਲ 'ਚ ਮਨੁੱਖਤਾ ਲਈ ਨਾ ਦਰਦ ਸਮਾਇਆ ਏ। ( 55)

ਸੁਖਬੀਰ ਸਿੰਘ ਸੰਧੂ ਦੇ ਹਥਲੇ ਗ਼ਜ਼ਲ ਸੰਗ੍ਰਹਿ " ਪਾਇਲ " ਸੰਬੰਧੀ ਉਪਰੋਕਤ ਵਿਚਾਰ ਕਰਨ ਤੋਂ ਬਾਅਦ ਇਹ ਕਹਿਣਾ ਵਾਜ਼ਿਬ ਹੈ ਕਿ ਉਹ ਬਤੌਰ ਸ਼ਾਇਰ ਕੇਵਲ ਮੁਹਬੱਤ ਦੀਆਂ ਬਾਤਾਂ ਨਹੀਂ ਪਾਉਂਦਾ, ਮਨੁੱਖੀ ਜ਼ਿੰਦਗ਼ੀ ਦੇ ਅੰਤਰੀਵੀ / ਅੰਤਰਮੁਖੀ ਸੁਭਾਅ ਸਰੂਪ ਦੀ ਵੀ ਧੁਰ ਅੰਦਰੋਂ ਵਿਆਖਿਆ ਕਰਦਾ ਹੈ। ਪੁਸਤਕ ਦੇ ਸਿਰਲੇਖ " ਪਾਇਲ" ਅਨੁਸਾਰ ਉਹ ਪਾਇਲ ਅਥਵਾ ਝਾਂਜਰ ਦੀ ਤਰ੍ਹਾਂ ਆਪਣੇ ਕਾਵਿ - ਛਣਕਾਟੇ ਦੀ ਝਨਕਾਰ ਅਤੇ ਟੁਨਕਾਰ ਨੂੰ ਵੀ ਹਮੇਸ਼ਾਂ ਕਾਇਮ ਰੱਖਦਾ ਹੈ, ਉਸ ਦੀ ਬੇਰੋਕ ਸਹਿਜ ਸੁਭਾਵਿਕਤਾ ਭਾਵ ਕਾਵਿਕ - ਸੰਤੁਲਨ ਹੋਰ ਵੀ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕਰਦਾ ਹੈ। ਜ਼ਿਕਰਯੋਗ ਹੈ ਕਿ ਸੁਖਬੀਰ ਸੰਧੂ ਨੇ ਆਪਣੇ ਜੀਵਨ - ਪ੍ਰੋਫੈਸ਼ਨ ਵਜੋਂ ਜਾਂ ਜੀਵਨ- ਬਿਹਤਰੀ ਲਈ ਬਾਕੀ ਸੇਵਾਵਾਂ ਦੀ ਤਰ੍ਹਾਂ ਨਿੱਜੀ ਕਾਰਜ ਸ਼ੁਰੂ ਕੀਤਾ ਸੀ ਤਾਂ ਉਸ ਨੇ ਦਾ ਨਾਂ ਵੀ ' ਪਾਇਲ ਹੋਟਲ ਐਂਡ ਰੋਸਟੋਰੈਂਟ ' ਰੱਖਿਆ ਸੀ ਜੋ ਤਰਨਤਾਰਨ ਅੰਮ੍ਰਿਤਸਰ ਰੋਡ 'ਤੇ ਸਥਿਤ ਸੀ ,ਹੋ ਸਕਦਾ ਹੈ ਉਸ ਦੀ ਚੜ੍ਹਤ ਦੇ ਆਧਾਰ 'ਤੇ ਹੀ ਆਪਣੇ ਇਸ ਗ਼ਜ਼ਲ ਸੰਗ੍ਰਹਿ ਦਾ ਨਾਮਕਰਨ ਕੀਤਾ ਹੋਵੇ। ਆਪਣੀ ਜੀਵਨ - ਸ਼ੈਲੀ ਵਜੋਂ ਉਹ ਕੋਈ ਆਮ ਵਿਅਕਤੀ ਪ੍ਰਤੀਤ ਨਹੀਂ ਹੁੰਦਾ ਸਗੋਂ ਕਲਾਕਾਰ ਦੇ ਉੱਚੇ ਰੁਤਬੇ ਵਾਲਾ ਵਿਅਕਤੀ - ਵਿਸ਼ੇਸ਼ ਨਜ਼ਰੀਂ ਪੈਂਦਾ ਹੈ। ਵਿਚਾਰਾਂ ਦੇ ਪ੍ਰਗਟਾਵੇ ਲਈ ਪ੍ਰਭੂ - ਸਾਜ਼ੀ ਕਾਇਨਾਤ ਭਾਵ ਪ੍ਰਕਿਰਤੀ ਦਾ ਮਾਨਵੀਕਰਨ ਕਰਕੇ ਉਸ ਨੇ ਕਾਵਿ - ਖ਼ੇਤਰ ਵਿੱਚ ਨਵੀਆਂ ਪੈੜਾਂ ਪਾਈਆਂ ਹਨ।( ਇਹ ਕੋਈ ਅਤਿਕਥਨੀ ਨਹੀਂ ਕਿ ਉਸ ਵਲੋਂ ਛੇੜੀਆਂ ਮੁਹਬੱਤ ਦੀਆਂ ਤਰੰਗਾਂ ਜੋ ਪੂਰੇ ਦੇ ਪੂਰੇ ਗ਼ਜ਼ਲ ਸੰਗ੍ਰਹਿ ਦੇ ਆਰ ਪਾਰ ਫ਼ੈਲੀਆਂ ਹੋਈਆਂ ਹਨ, ਆਪਣੇ ਖੋਜ ਕਾਰਜ ਵਜੋਂ ਇੱਕ ਵਿਸ਼ੇਸ਼/ ਵਿਸਤ੍ਰਿਤ ਵਿਸ਼ੇ ਦੀ ਮੰਗ ਕਰਦੀਆਂ ਹਨ।) ਉਸ ਦਾ ਕਲਾਤਮਿਕ ਸੁਹਜ - ਸੰਚਾਰ ਤਕਨੀਕੀ ਤੌਰ 'ਤੇ ਬੜਾ ਮਹੱਤਵ ਰੱਖਦਾ ਹੈ ਜੋ ਗ਼ਜ਼ਲ ਰੂਪਾਕਾਰ ਵਜੋਂ ਤੋਲ - ਤੁਕਾਂਤ, ਕਾਫ਼ੀਆ - ਰਦੀਫ਼ ਅਤੇ ਬਹਿਰਾਂ ਆਦਿਕ ਦੀਆਂ ਬੰਦਿਸ਼ਾਂ ਦੇ ਆਧਾਰ 'ਤੇ ਵੀ ਸਮਝਣ ਅਤੇ ਮਾਨਣਯੋਗ ਹੈ। ਮੈਨੂੰ ਇਹ ਕਹਿਣ ਵਿੱਚ ਵੀ ਝਿਜਕ ਨਹੀਂ ਕਿ ਉਸ ਦੀ ਉੱਚਪਾਏ ਦੀ ਇਹ ਪਲੇਠੀ ਰਚਨਾ ਪਾਠਕਾਂ 'ਤੇ ਆਪਣਾ ਅਜਿਹਾ ਪਰਿਪੱਕ ਪ੍ਰਭਾਵ ਛੱਡਦੀ ਹੈ - ਨਤੀਜੇ ਵਜੋਂ ਪ੍ਰਤੀਤ ਹੁੰਦਾ ਹੈ,ਉਸ ਦੀ ਕਾਵਿ- ਸ਼ਖ਼ਸੀਅਤ ਦੀ ਘਾੜਤ ਬਤੌਰ ਸ਼ਗਿਰਦ ਤਾਂ ਦ੍ਰਿਸ਼ਟੀਗੋਚਰ ਹੋ ਹੀ ਰਹੀ ਹੈ , ਆਪਣੀ ਕਾਵਿ - ਆਵੇਸੀ਼ ਪ੍ਰਕਿਰਿਆ ਦੇ ਨਾਲ - ਨਾਲ ਇਸ ਦੀ ਪਿਛੋਕੜ ਵਿੱਚ ਕਿਸੇ ਚੰਗੇ ਉਸਤਾਦ ਦਾ ਕ੍ਰਿਸ਼ਮਾ ਵੀ ਆਪਣਾ ਰੋਲ ਅਦਾ ਕਰ ਰਿਹਾ ਹੈ।ਇਹ ਤਾਂ ਹੁਣ ਸ਼ਾਇਰ ਦੇ ਪਾਠਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਅਧਿਐਨ ਅਤੇ ਵਿਸ਼ਲੇਸ਼ਣ ਵਜੋਂ ਸੰਧੂ - ਕਾਵਿ ਦੇ ਇਨ੍ਹਾਂ ਕੀਰਤੀਮਾਨਾਂ ਦਾ ਕਿਸ ਤਰ੍ਹਾਂ ਦਾ ਭਵਿੱਖ ਤੈਅ ਕਰਦੇ ਹਨ। ਬਜ਼ਾਤੇ ਖ਼ੁਦ ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੀਆਂ ਗੌਲਣਯੋਗ/ ਪੜ੍ਹਨਯੋਗ ਪ੍ਰੋੜ੍ਹ ਰਚਨਾਵਾਂ ਨੂੰ ਪੰਜਾਬੀ ਸਾਹਿਤਕਾਰੀ ਵਿੱਚ ਵਿਸ਼ੇਸ਼ ਥਾਂ ਮਿਲਣੀ ਚਾਹੀਦੀ ਹੈ।

ਕ੍ਰਿਸ਼ਨ ਸਿੰਘ ( ਪ੍ਰਿੰਸੀਪਲ)