Baal Tiranga (Baal Kaav Sangrah) : Balwinder Singh Jammu
ਬਾਲ ਤਰੰਗਾ (ਬਾਲ ਕਾਵਿ ਸੰਗ੍ਰਹਿ) : ਬਲਵਿੰਦਰ ਸਿੰਘ ਜੰਮੂ
ਮਾਸੀ ਦੇ ਘਰ ਜਾਣਾ
ਮੰਮੀ ਮਾਸੀ ਦੇ ਘਰ ਜਾਣਾ। ਮੰਮੀ ਮਾਸੀ ਦੇ ਘਰ ਜਾਣਾ। ਮਾਸੀ ਰਹਿੰਦੀ ਜਿੱਥੇ ਉੱਚੇ ਪਹਾੜ। ਮਾਸੀ ਰਹਿੰਦੀ ਜਿੱਥੇ ਰੁੱਖ ਦਿਆਰ। ਮਿੱਠੇ ਮਿੱਠੇ ਫਲਾਂ ਦਾ ਓਥੇ ਖਜ਼ਾਨਾ। ਮੰਮੀ ਮਾਸੀ ਦੇ----------। ਓਥੇ ਚਸ਼ਮਿਆਂ ਦਾ ਪਾਣੀ ਠੰਢਾ ਠਾਰ। ਬੜਾ ਹੀ ਸਵਾਦਲਾ ਤੇ ਹਾਜ਼ਮੇਦਾਰ। ਜੋ ਵੀ ਖਾਓ ਪਚ ਜਾਂਦਾ ਖਾਣਾ। ਮੰਮੀ ਮਾਸੀ ਦੇ--------। ਹਾੜੀਆਂ,ਖ਼ੁਰਮਾਨੀਆਂ ਖਾਵਾਂਗੇ। ਉੱਚੇ ਉੱਚੇ ਪਹਾੜਾਂ ਤੇ ਜਾਵਾਂਗੇ। ਆਵੇਗਾ ਮਜ਼ਾ ਮੌਸਮ ਹੈ ਸੁਹਾਣਾ। ਮੰਮੀ ਮਾਸੀ ਦੇ--------। ਮੰਮੀ ਕਰੋ ਤਿਆਰੀ ਕੱਲ੍ਹ ਜਾਵਾਂਗੇ। ਸ਼ਮੀ, ਛਿੱਕੀ ਨੂੰ ਗਲ ਲਾਵਾਂਗੇ। ਗੱਲ ਮੰਨ ਲੋ ਨਾ ਕਰਿਓ ਬਹਾਨਾ। ਮੰਮੀ ਮਾਸੀ ਦੇ ਘਰ ਜਾਣਾ।
ਚੌਕੀਦਾਰ
ਸਾਡੇ ਪਿੰਡ ਦਾ ਚੌਕੀਦਾਰ। ਬੜਾ ਸਾਊ ਤੇ ਹੁਸ਼ਿਆਰ। ਸਾਰੀ ਰਾਤ ਚੱਕਰ ਲਾਉਂਦਾ। ਜ਼ੋਰ ਜ਼ੋਰ ਦੀ ਡਾਂਗ ਖੜਕਾਉਂਦਾ। ਜਾਗੋ ਜਾਗੋ ਕਰੇ ਖਬਰਦਾਰ। ਸਾਡੇ ਪਿੰਡ ਦਾ---------। ਦਾਣਾ -ਫੱਕਾ ਸਭ ਹਾਂ ਦੇਂਦੇ। ਖਰਚੇ ਵੀ ਉਹਦੇ ਹਾਂ ਸਹਿੰਦੇ। ਉਹ ਹੈ ਸੱਚਾ ਸੁੱਚਾ ਬੇਦਾਰ। ਸਾਡੇ ਪਿੰਡ ਦਾ-------। ਹਰਦਮ ਉਹ ਹੱਸਦਾ ਰਹਿੰਦਾ। ਕੱਲ੍ਹ ਕੀ ਹੋਇਆ ਦਸਦਾ ਰਹਿੰਦਾ। ਬੱਚੇ ਬੁਲਾਉਂਦੇ ਚਾਚਾ ਬਲਕਾਰ। ਸਾਡੇ ਪਿੰਡ ਦਾ------। ਉਮਰ ਉਹਦੀ ਹੈ ਸੱਤਰ ਸਾਲ। ਕਰਦਾ ਹੈ ਨਿੱਤ ਨਵੇਂ ਕਮਾਲ। ਵੇਖੇ ਸ਼ੱਕੀ ਬਣ ਜਾਂਦਾ ਦੀਵਾਰ। ਸਾਡੇ ਪਿੰਡ ਦਾ ਚੌਕੀਦਾਰ।
ਬਸੰਤ ਬਹਾਰ
ਮੰਮੀ ਜਿੱਧਰ ਵੀ ਹਾਂ ਵੇਖਦਾ, ਹਰਿਆਲੀ ਹੀ ਹਰਿਆਲੀ। ਲਾਲ ਪੀਲੇ ਫੁੱਲ ਖਿੜੇ ਨੇ, ਖਿੜ ਪਈ ਡਾਲੀ ਡਾਲੀ। ਕੱਲ੍ਹ ਤਕ ਸੀ ਰੁੱਖਾਂ ਤੇ ਉਦਾਸੀ। ਅੱਜ ਪੱਤੀਆਂ ਨਿਕਲ ਆਈਆਂ। ਇਹ ਕਿਵੇਂ ਬਦਲਾਵ ਆਇਆ, ਕਿਨ੍ਹੇ ਸਾਰੀ ਧਰਤ ਮਹਿਕਾਈ। ਆ ਪੁੱਤ ਤੈਨੂੰ ਮੈਂ ਸੁਣਾਵਾਂ , ਕਿਵੇਂ ਖਿੜੇ ਫੁੱਲ ਬੇਸ਼ੁਮਾਰ। ਚਾਰ ਰੁੱਤਾਂ'ਚ ਵੰਡਿਆ ਮੌਸਮ, ਗਰਮੀ ,ਸਰਦੀ, ਪੱਤਝੜ ਬਹਾਰ। ਪੱਤਝੜ ਵਿੱਚ ਪੱਤੇ ਡਿਗ ਪੈਂਦੇ। ਰੁੰਡ ਮੁੰਡ ਹੋ ਜਾਂਦੇ ਰੁੱਖ ਬੂਟੇ। ਪੰਛੀ ਵੀ ਉਦਾਸ ਹੋ ਜਾਂਦੇ। ਨਾ ਕਿਤੇ ਪੈਂਦੇ ਪੀਂਘਾਂ ਦੇ ਝੂਟੇ। ਫ਼ੇਰ ਰੁੱਤ ਬਹਾਰ ਆਉਂਦੀ। ਪੱਤੇ ਪੱਤੇ ਤੇ ਨਿਖਾਰ ਆਉਂਦੀ। ਧਰਤੀ ਦਾ ਵਿਹੜਾ ਮਹਿਕ ਉਠਦਾ। ਕੋਇਲ ਗੀਤ ਮਿੱਠੇ ਗਾਉਂਦੀ। ਬਾਗਾਂ ਚ ਭੰਵਰੇ ਗੁਣਗੁਣਾਂਦੇ। ਮਸਤੀ ਵਿੱਚ ਝੂਮਦੇ ਜਾਂਦੇ। ਤਿਤਲੀਆਂ ਵੀ ਮੰਡਰਾਉਂਦੀਆਂ, ਓਦੋਂ ਬਸੰਤ ਬਹਾਰਾਂ ਆਉਂਦੀਆਂ।
ਬੱਚਿਓ ਰੱਖੋ ਸਾਫ਼-ਸਫ਼ਾਈ
ਬੱਚਿਓ ਰੱਖੋ ਸਾਫ਼ -ਸਫ਼ਾਈ। ਬੱਚਿਓ ਰੱਖੋ ਸਾਫ਼ -ਸਫ਼ਾਈ। ਬੀਬੇ ਬੱਚੇ ਅਖਵਾਓਗੇ। ਸਭ ਦੇ ਦਿਲਾਂ ਨੂੰ ਭਾਓਗੇ ਇਸੇ ਵਿੱਚ ਹੈ ਸਭਦੀ ਭਲਾਈ। ਬੱਚਿਓ-------। ਰੁੱਖ ਬੂਟਿਆਂ ਦੀ ਕਰੋ ਸੰਭਾਲ। ਇਹ ਵੀ ਨੇ ਕੁਦਰਤ ਦੇ ਬਾਲ। ਥਾਂ ਥਾਂ ਇਨ੍ਹਾਂ ਮਹਿਕ ਫੈਲਾਈ। ਬੱਚਿਓ------। ਕੂੜਾ ,ਕੂੜੇਦਾਨ'ਚ ਪਾਓ। ਘਰਾਂ ਨੂੰ ਸਾਫ਼ ਸੁਥਰਾ ਬਣਾਓ। ਹੋਕਾ ਦੇਂਦਾ ਜਾਂਦਾ ਰਾਹੀ। ਬੱਚਿਓ------। ਰੋਜ਼ ਸਕੂਲੇ ਨਾਹਕੇ ਜਾਓ। ਸਾਫ਼ ਸੁਥਰੇ ਕਪੜੇ ਪਾਓ। ਮੁਖ ਤੋਂ ਝਲਕੇਗਾ ਨੂਰ ਇਲਾਹੀ। ਬੱਚਿਓ ਰੱਖੋ ਸਾਫ਼ ਸਫ਼ਾਈ।
ਆਓ ਬੱਚਿਓ ਮੈਂ ਸੁਣਾਵਾਂ
ਆਓ ਬੱਚਿਓ ਮੈਂ ਸੁਣਾਵਾਂ। ਰੁੱਖਾਂ ਦੀਆਂ ਬਾਤਾਂ। ਜਿੱਥੇ ਹੋਵਣ ਘਣੇ ਰੁੱਖ। ਓਥੇ ਵਰਸਦੀਆਂ ਬਰਸਾਤਾਂ। ਪ੍ਰਦੂਸ਼ਣ ਦਾ ਅੰਤ ਹੁੰਦਾ। ਸੁਹਾਣੀਆਂ ਹੋਣ ਪ੍ਰਭਾਤਾਂ। ਠੰਢੀਆਂ ਠਾਰ ਹਵਾਵਾਂ ਝੁਲਨ। ਮਹਿਕਦੀਆਂ ਚਾਨਣੀ ਰਾਤਾਂ। ਜੰਗਲ ਬੇਲੇ ਹਰੇ ਭਰੇ। ਵੰਡਦੇ ਇਲਾਹੀ ਸੁਗਾਤਾਂ। ਫੁੱਲ ਬੂਟੇ ਖਿੜ ਪੈਂਦੇ। ਭੰਵਰੇ ਮਾਰਦੇ ਝਾਤਾਂ। ਪੰਛੀ ਡਾਰਾਂ ਅੰਬਰੀਂ ਉਡਣ। ਮੰਗਦੇ ਨਿੱਤ ਖੈਰਾਤਾਂ। ਅੰਬਰ ਨੀਲਾ ਨੀਲਾ ਦਿੱਸੇ। ਬਿਨ ਮੰਗਿਆ ਵੰਡਦਾ ਦਾਤਾਂ। ਚੁਪਾਸਾ ਖਿੜਿਆ ਖਿੜਿਆ ਵੇਖ ਕੇ। ਜਗ ਪੈਣ ਰੂਹ ਦੀਆਂ ਲਾਟਾਂ। ਮਨ ਦੇ ਮਾਨਸਰੋਵਰ ਅੰਦਰ। ਸਜਦੀਆਂ ਸੰਵਰਦੀਆ ਚਾਹਤਾਂ।
ਮੰਮੀ ਚਲ ਚਲੀਏ ਬਜ਼ਾਰ
ਮੰਮੀ ਚਲ ਚਲੀਏ ਬਜ਼ਾਰ। ਲਵਾਂਗਾ ਚੀਜ਼ਾਂ ਦੋ ਚਾਰ। ਇਕ ਲਵਾਂਗਾ ਮੈਂ ਦਸਤਾਰ। ਇਕ ਲਵਾਂਗਾ ਜੁੱਤੀ ਤਿਲੇਦਾਰ। ਛੇਤੀ ਕਰ ਹੋ ਜਾ ਤਿਆਰ। ਮੰਮੀ ਚਲ--------। ਗੋਲ ਮਾਰਕਿਟ ਵੀ ਜਾਵਾਂਗੇ। ਪਹਿਲਵਾਨ ਦੀ ਹੱਟੀ ਕੁੱਝ ਖਾਵਾਂਗੇ ਮੌਸਮ ਵੀ ਹੋਇਆ ਸ਼ਾਨਦਾਰ। ਮੰਮੀ ਚਲ----------। ਮੰਮੀ ਅੱਜ ਤੋਂ ਬਾਅਦ ਨਹੀਂ ਆਉਣਾ। ਮੈਂ ਪੇਪਰਾਂ ਦੀ ਤਿਆਰੀ'ਚ ਜੁਟ ਜਾਣਾ। ਡੇਟਸ਼ੀਟ ਆ ਗਈ ਕਹਿੰਦਾ ਕੁਲਤਾਰ। ਮੰਮੀ ਚਲ ਚਲੀਏ ਬਜ਼ਾਰ। ਮੈਨੂੰ ਹਿਸਾਬ ਰੋਜ਼ ਸਮਝਾਇਆ ਕਰੋ। ਪ੍ਰਸ਼ਨ ਹੱਲ ਕਰਨੇ ਪੜ੍ਹਾਇਆ ਕਰੋ। ਮਾਸਟਰ ਜੀ ਵੀ ਕਹਿੰਦੇ ਵਾਰ ਵਾਰ। ਮੰਮੀ ਚਲ ਚਲੀਏ ਬਜ਼ਾਰ। ਲਵਾਂਗਾ ਚੀਜ਼ਾਂ ਦੋ ਚਾਰ।
ਮੇਰਾ ਦੇਸ਼ ਹੈ ਸਭ ਤੋਂ ਪਿਆਰਾ
ਮੇਰਾ ਦੇਸ਼ ਹੈ ਸਭ ਤੋਂ ਪਿਆਰਾ। ਜੱਗ'ਚ ਇਹਦਾ ਰੂਪ ਨਿਆਰਾ। ਮਹਿਕ ਇਹਦੀ ਵਿੱਚ ਜਹਾਨ। ਇਹ ਹੈ ਸਾਡੀ ਜਿੰਦ ਜਾਨ। ਇਹਦੇ ਰੂਪ ਦਾ ਪਵੇ ਲਿਸ਼ਕਾਰਾ। ਮੇਰਾ ਦੇਸ਼--------। ਇੱਥੇ ਸਭ ਧਰਮਾਂ ਦੇ ਲੋਕੀ ਵੱਸਦੇ। ਰਹਿੰਦੇ ਹਰਦਮ ਹੱਸਦੇ ਹੱਸਦੇ। ਕਰਦਾ ਗੁਣਗਾਨ ਜੱਗ ਸਾਰਾ। ਮੇਰਾ ਦੇਸ਼----------। ਹਿੰਦੂ, ਮੁਸਲਿਮ,ਸਿੱਖ ਈਸਾਈ। ਮਿਲਕੇ ਰਹਿੰਦੇ ਭਾਈ ਭਾਈ। ਨਾ ਕੋਈ ਝਗੜਾ ਨਾ ਪੁਆੜਾ। ਮੇਰਾ ਦੇਸ਼----------। ਸਾਡੇ ਵਿਗਿਆਨੀ ਬੜੇ ਸਿਆਣੇ। ਚੰਦਾ ਮਾਮਾ ਦੂਰ ਉਹ ਗਏ ਜ਼ਮਾਨੇ। ਹੁਣ ਗੂੰਜਦਾ ਚੰਦ ਤੇ ਸਾਡਾ ਨਾਅਰਾ। ਮੇਰਾ ਦੇਸ਼---------। ਆਓ ਮਿਲਕੇ ਇਕ ਹੋ ਜਾਈਏ। ਭਾਰਤ ਨੂੰ ਮਹਾਨ ਬਣਾਈਏ। ਏਕੇ ਦਾ ਮਿਲ ਲਾਈਏ ਨਾਅਰਾ। ਮੇਰਾ ਦੇਸ਼ ਹੈ ਸਭ ਤੋਂ ਪਿਆਰਾ। ਵੱਡਾ ਹੋਕੇ ਬਣਾਗਾ ਸਿਪਾਹੀ। ਧਰਤੀ ਮਾਂ ਦੀ ਸਹੁੰ ਹੈ ਖਾਈ। ਵਤਨ ਮੇਰਾ ਚੰਦ, ਮੇਰਾ ਤਾਰਾ। ਮੇਰਾ ਦੇਸ਼ ਹੈ ਸਭ ਤੋਂ ਪਿਆਰਾ।
ਮਾਨਸਰ ਝੀਲ
ਕੱਲ੍ਹ ਜਾਵਾਂਗੇ ਵੇਖਣ ਮਾਨਸਰ ਝੀਲ। ਰਾਜੂ, ਦੀਪੂ, ਸੁੱਖੀ, ਬੀਨੂ ਤੇ ਸ਼ਮੀਲ। ਸਾਡੇ ਘਰ ਤੋਂ ਚਾਲੀ ਮੀਲ ਹੈ ਦੂਰ। ਇਹ ਥਾਂ ਸਭ ਤੋਂ ਸੋਹਣੀ ਤੇ ਮਸ਼ਹੂਰ। ਇਹਦੇ ਮੁਖੜੇ ਦੀ ਨੁਹਾਰ ਦੇਂਦੀ ਕੀਲ। ਕੱਲ੍ਹ ਜਾਵਾਂਗੇ--------। ਰਾਹ ਵਿਚ ਰੁਕਦੇ ਰੁਕਦੇ ਜਾਵਾਂਗੇ। ਸਰੂਈਂਸਰ ਜਾਕੇ ਨਾਸ਼ਤਾ ਬਣਾਵਾਂਗੇ। ਓਥੋਂ ਝੀਲ ਦਾ ਪੈਂਡਾ ਹੈ ਸੱਤ ਮੀਲ। ਕੱਲ੍ਹ ਜਾਵਾਂਗੇ----------। ਸਾਰੇ ਟੈਕਸੀ ਤੇ ਬਹਿਕੇ ਜਾਵਾਂਗੇ। ਦੁਪਹਿਰ ਦੀ ਰੋਟੀ ਓਥੇ ਖਾਵਾਂਗੇ। ਸਾਡੇ ਨਾਲ ਜਾਵੇਗੀ ਮੈਡਮ ਨੀਲ। ਕੱਲ੍ਹ ਜਾਵਾਂਗੇ--------। ਟੈਕਸੀ ਵਾਲਾ ਛੇ ਵੱਜੇ ਮੁੜ ਆਵੇਗਾ। ਸਾਨੂੰ ਸਭ ਨੂੰ ਘਰੇ ਪਹੁੰਚਾਵੇਗਾ। ਟੈਕਸੀ ਵਾਲਾ ਬੜਾ ਸੁਸ਼ੀਲ। ਕੱਲ੍ਹ ਜਾਵਾਂਗੇ ਵੇਖਣ ਮਾਨਸਰ ਝੀਲ।
ਹਰਿਆਵਲ
ਮੈਨੂੰ ਹਰਿਆਵਲ ਨਾਲ ਪਿਆਰ ਹੈ। ਮੇਰੀ ਜਿੰਦ ਦਾ ਹਾਰ ਸ਼ਿੰਗਾਰ ਹੈ। ਫੁੱਲ ਬੂਟੇ ਮੇਰੇ ਮਨ ਨੂੰ ਭਾਉਂਦੇ। ਮੇਰੀਆਂ ਸੱਧਰਾਂ ਨੂੰ ਮਹਿਕਾਉਂਦੇ। ਮੇਰੇ ਦਿਲ'ਚ ਵੱਸਦਾ ਸੰਸਾਰ ਹੈ। ਮੈਨੂੰ ਹਰਿਆਵਲ-------। ਉੱਚਿਆਂ ਪਹਾੜਾਂ ਤੇ ਚੜ੍ਹਦਾ ਹਾਂ। ਰੁੱਖਾਂ ਨਾਲ ਗੱਲਾਂ ਕਰਦਾ ਹਾਂ। ਮੇਰਾ ਮਨ ਭਾਉਂਦਾ ਰੁੱਖ ਚਿਨਾਰ ਹੈ। ਮੈਨੂੰ ਹਰਿਆਵਲ--------। ਰੁੱਖ ਪ੍ਰਦੂਸ਼ਣ ਨੂੰ ਘਟਾਉਂਦੇ ਨੇ। ਇਹ ਬੱਦਲ ਨਿੱਤ ਵਰ੍ਹਾਉਂਦੇ ਨੇ। ਰੁੱਖਾਂ'ਚ ਆਕਸੀਜਨ ਬੇਸ਼ੁਮਾਰ ਹੈ। ਮੈਨੂੰ ਹਰਿਆਵਲ-------। ਮੰਮੀ ਥਾਂ ਥਾਂ ਰੁੱਖ ਲਵਾਈਏ। ਜੱਗ'ਚ ਮਹਿਕਾਂ ਨੂੰ ਖਿੰਡਾਈਏ। ਰੁਖਾਂ ਬਾਜੋਂ ਖਾਲੀ ਖਾਲੀ ਸੰਸਾਰ ਹੈ। ਮੈਨੂੰ ਹਰਿਆਵਲ ਨਾਲ ਪਿਆਰ ਹੈ।
ਖੂਬ ਕਰੋ ਪੜ੍ਹਾਈ
ਸਭ ਨੂੰ ਇਕੋ ਗੱਲ ਸਮਝਾਈ। ਬੱਚਿਓ ਖੂਬ ਕਰੋ ਪੜ੍ਹਾਈ। ਜੇ ਪੜ੍ਹੋ ਗੇ ਬਣੋ ਗੇ ਅਫ਼ਸਰ। ਬੈਠੋ ਗੇ ਜਾਕੇ ਵਡੇ ਦਫ਼ਤਰ। ਦਾਦੀ ਜੀ ਨੇ ਗੱਲ ਸਮਝਾਈ। ਬੱਚਿਓ ਖੂਬ--------। ਪੜ੍ਹਾਈ ਨਾਲ ਹੀ ਗੱਲ ਬਣਨੀ ਪੈਣੀ ਸਭ ਨੂੰ ਮੇਰੀ ਮੰਨਣੀ। ਲੰਘ ਜਾਓਗੇ ਪਾਰ ਡੂੰਘੀ ਖਾਹੀ। ਬੱਚਿਓ ਖੂਬ----------। ਬਾਹਰ ਜਾਣ ਦੀ ਛਡੋ ਰਟ । ਮੈਂ ਜੋੜਾਂ ਸਭ ਅਗੇ ਹੱਥ। ਆਪਣੇ ਦੇਸ਼ ਦੇ ਬਣੋ ਸਿਪਾਹੀ। ਬੱਚਿਓ ਖੂਬ----------। ਖੇਡਾਂ ਵੀ ਕਦੀ ਖੇਡਿਆ ਕਰੋ। ਨਾਲੋ ਨਾਲ ਪੜ੍ਹਿਆ ਕਰੋ। ਮੈਂ ਵੀ ਐਸੀ ਵਿਓਂਤ ਸੀ ਬਣਾਈ। ਬੱਚਿਓ ਖੂਬ ਕਰੋ ਪੜ੍ਹਾਈ।
ਬੱਚਿਓ ਰੋਜ਼ ਪੀਓ ਦੁੱਧ
ਬੱਚਿਓ ਰੋਜ਼ ਪੀਓ ਦੁੱਧ। ਜਿਹੜਾ ਹੋਵੇ ਸਾਫ ਸ਼ੁੱਧ। ਦੁੱਧ ਹੈ ਸਭ ਲਈ ਜ਼ਰੂਰੀ। ਕੈਲਸ਼ੀਅਮ ਵੀ ਕਰਦਾ ਪੂਰੀ। ਇਹ ਰੱਖਦਾ ਠੀਕ ਸੁੱਧ ਬੁੱਧ। ਬੱਚਿਓ-----------। ਦੁੱਧ ਦਾ ਖੋਆ ਬਣਾਓ। ਦੁੱਧ ਦੀ ਮਲਾਈ ਵੀ ਖਾਓ ਜਿੱਤੋ ਗੇ ਤੁਸੀਂ ਹਰ ਯੁੱਧ। ਬੱਚਿਓ---------। ਚਾਹ ਦੀ ਆਦਤ ਨਾ ਪਾਇਓ। ਨਾ ਗੈਸ ਐਸੀਡਿਟੀ ਵਧਾਇਓ। ਆਪੇ ਕਰੋਗੇ ਮਹਿਸੂਸ ਖੁਦ। ਬੱਚਿਓ ਰੋਜ਼ ਪੀਓ ਦੁੱਧ। ਮੈਂ ਵੀ ਰੋਜ਼ ਦੁੱਧ ਪੀਂਦਾ ਸੀ। ਸੋਹਣੀ ਜ਼ਿੰਦਗੀ ਜੀਂਦਾ ਸੀ। ਜਦੋਂ ਕਰਦਾ ਸੀ ਦੌੜ ਕੁਦ। ਬੱਚਿਓ ਰੋਜ਼ ਪੀਓ ਦੁੱਧ।
ਮੈਂ ਵੀ ਬਣਾਂਗੀ ਪਰਸਨਜੀਤ
ਮੇਰੇ ਦਿਲ ਦੀ ਇਹੋ ਹੀ ਰੀਝ। ਮੈਂ ਵੀ ਬਣਾਂਗੀ ਪਰਸਨਜੀਤ। ਨੇਮ ਨਾਲ ਕਰਾਂ ਗੀ ਮਿਹਨਤ। ਹੋਵੇ ਗੀ ਰੱਬ ਦੀ ਰਹਿਮਤ। ਕਿਤਾਬਾਂ ਨਾਲ ਪਾਵਾਂ ਗੀ ਪ੍ਰੀਤ। ਮੈਂ ਵੀ ਬਣਾਂ ਗੀ ਪਰਸਨਜੀਤ। ਜੀਵਨ ਦਾ ਇਕੋ ਇਕ ਨਿਸ਼ਾਨਾ। ਮੰਜ਼ਿਲ ਵਲ ਹੈ ਵੱਧਦੇ ਜਾਣਾ। ਕਰਾਂਗੀ ਚਾਹਤਾਂ ਨੂੰ ਸੁਰਜੀਤ। ਮੈਂ ਵੀ ਬਣਾਂ ਗੀ ਪਰਸਨਜੀਤ। ਲਗਨ ਦੀ ਜੋਤ ਜਗਾਵਾਂ ਗੀ। ਹਨਿਰਿਆਂ ਨੂੰ ਰੁਸ਼ਨਾਵਾਂ ਗੀ। ਮਨ ਜਿੱਤਿਆਂ ਹੀ ਜੱਗ ਜੀਤ। ਮੈਂ ਵੀ ਬਣਾਂ ਗੀ ਪਰਸਨਜੀਤ। ਮੰਮੀ ਕਰਾਂਗੀ ਮੈਂ ਸੁਪਨਾ ਪੂਰਾ। ਮਿਹਨਤ ਦਾ ਰੰਗ ਚੜ੍ਹਦਾ ਗੂੜ੍ਹਾ। ਗਾਵੇਗਾ ਜੱਗ ਮੇਰੇ ਵੀ ਗੀਤ। ਮੈਂ ਵੀ ਬਣਾਂ ਗੀ ਪਰਸਨਜੀਤ। (ਜ਼ਿਲ੍ਹਾ ਪੁਨਛ (ਜੰਮੂ) ਦੀ ਰਹਿਣ ਵਾਲੀ ਪਰਸਨਜੀਤ ਕੌਰ ਜਿਸ ਨੇ ਸਾਲ 2023 ਯੁ. ਪੀ. ਐਸ. ਸੀ ਦੇ ਸਿਵਲ ਸਰਵਿਸ ਐਗਜ਼ਾਮ ਵਿਚ ਆਲ ਇੰਡੀਆ ਗਿਆਰਵਾਂ ਰੈਂਕ ਹਾਸਿਲ ਕੀਤਾ ਸੀ।)
ਮੇਰਾ ਸਕੂਲ
ਮੇਰਾ ਸਕੂਲ ਸਭ ਤੋਂ ਸੋਹਣਾ। ਮੇਰਾ ਸਕੂਲ ਹੈ ਮਨਮੋਹਣਾ। ਵਿੱਚ ਵਿਚਾਲੇ ਖੁਲ੍ਹਾ ਮੈਦਾਨ। ਹਵਾਦਾਰ ਕਮਰੇ ਦਿਲ ਲੁਭਾਉਣ। ਖੱਬੇ ਸੱਜੇ ਫੁੱਲਾਂ ਦਾ ਵਿਛੌਣਾ। ਮੇਰਾ ਸਕੂਲ---------। ਸਾਰੇ ਅਧਿਆਪਕ ਸਮੇਂ ਤੇ ਆਉਂਦੇ। ਸਾਨੂੰ ਲਗਨ ਨਾਲ ਪੜ੍ਹਾਉਂਦੇ। ਪੀਟੀ ਮਾਸਟਰ ਨੇ ਨਿੱਤ ਹਸਾਉਣਾ। ਮੇਰਾ ਸਕੂਲ------------। ਅਨੁਸ਼ਾਸਨ ਵਿੱਚ ਹਾਂ ਰਹਿੰਦੇ। ਹੋਈਏ ਲੇਟ ਖਿਮਾਂ ਮੰਗ ਲੈਂਦੇ। ਫੇਰ ਨਾ ਪੈਂਦਾ ਪਛਤਾਉਣਾ। ਮੇਰਾ ਸਕੂਲ----------। ਖੇਡਾਂ ਦੇ ਵਿੱਚ ਸਭ ਤੋਂ ਮੂਹਰੇ। ਮਿਲਦੇ ਅੰਕ ਪੂਰੇ ਦੇ ਪੂਰੇ। ਕਰੀਏ ਅਭਿਆਸ ਨਿੱਤ ਘੰਟਾ ਪੌਣਾ। ਮੇਰਾ ਸਕੂਲ ਸਭ ਤੋਂ ਸੋਹਣਾ।
ਵੀਰ ਦਾ ਵਿਆਹ
ਮੇਰੇ ਵੀਰ ਦਾ ਵਿਆਹ। ਮੈਨੂੰ ਚੜ੍ਹਿਆ ਹੈ ਚਾਅ। ਮੇਰੇ ਮਿੱਤਰ ਵੀ ਆਉਣੇ। ਉਨ੍ਹਾਂ ਭੰਗੜੇ ਨੇ ਪਾਉਣੇ। ਸਾਨੂੰ ਆਵੇ ਗਾ ਮਜ਼ਾ। ਮੇਰੇ ਵੀਰ-------। ਮੰਮੀ ਪਾਪਾ ਖੁਸ਼ ਲਗਦੇ। ਦੀਪ ਖੁਸ਼ੀਆਂ ਦੇ ਜਗਦੇ। ਮੰਗਦੇ ਸਭ ਦਾ ਭਲਾ। ਮੇਰੇ ਵੀਰ-----------। ਪ੍ਰਾਹੁਣੇ ਨਿੱਤ ਆਈ ਜਾਂਦੇ। ਗੀਤ ਖੁਸ਼ੀਆਂ ਦੇ ਗਾਂਦੇ। ਪੁਛਦੇ ਘਰ ਦਾ ਰਾਹ। ਮੇਰੇ ਵੀਰ--------। ਨਾਨੀ ਨਾਨਾ ਵੀ ਆਏ। ਸੂਟ ਲਾਲ ਸੂਹੇ ਪਾਏ। ਦਿਲ ਵਿਚ ਲੈਕੇ ਉਮਾਹ। ਮੇਰੇ ਵੀਰ---------। ਮਾਸਟਰ ਜੀ ਵੀ ਆਏ। ਵਿੱਕੀ,ਬੰਟੀ ਛੋਟੂ ਲਿਆਏ। ਖੁਸ਼ੀ'ਚ ਫੁੱਲੇ ਮੇਰੇ ਸਾਹ। ਮੇਰੇ ਵੀਰ ਦਾ ਵਿਆਹ। ਮੈਨੂੰ ਚੜ੍ਹਿਆ ਹੈ ਚਾਅ।
ਆਈ ਠੰਢ ਮਾਰੋ ਮਾਰ
ਆਈ ਠੰਢ ਮਾਰੋ ਮਾਰ। ਹੋ ਜਾਓ ਬੱਚਿਓ ਹੁਸ਼ਿਆਰ। ਰੋਜ਼ ਗਰਮ ਕਪੜੇ ਪਾਇਓ। ਮਿੱਤਰਾਂ ਨੂੰ ਵੀ ਸਮਝਾਇਓ। ਕੀਤੀ ਲਾਪਰਵਾਹੀ ਚੜੂ ਬੁਖਾਰ। ਆਈ ਠੰਢ----------। ਬੂਟ,ਜੁਰਾਬਾਂ,ਦਸਤਾਨੇ ਪਾਇਓ। ਸਿਰ ਤੇ ਦਸਤਾਰਾਂ ਸਜਾਇਓ। ਕਰਦਾ ਹਾਂ ਸਭ ਨੂੰ ਖਬਰਦਾਰ। ਆਈ ਠੰਢ---------। ਗਰਮੋ ਗਰਮ ਖਾਣਾ ਖਾਇਓ। ਕੋਸਾ ਪਾਣੀ ਨਾਲ ਲੈ ਜਾਇਓ। ਮੰਨੋ ਕਹਿਣਾ ਨਹੀਂ ਹੋਣੇ ਬਿਮਾਰ। ਆਈ ਠੰਢ----------। ਦਿਸੰਬਰ, ਜਨਵਰੀ ਅਤੇ ਫ਼ਰਵਰੀ। ਤਿੰਨ ਮਹੀਨੇ ਰਹਿਣੀ ਠੰਢ ਬੜੀ। ਫ਼ੇਰ ਆਉਣਾ ਮੌਸਮ ਬਸੰਤ ਬਹਾਰ। ਘਟੇਗੀ ਠੰਢ ਖਿੜੇ ਗੀ ਗੁਲਜ਼ਾਰ।
ਨਵਾਂ ਸੂਟ ਹੈ ਲੈਣਾਂ
ਮੰਮੀ ਮੈਂ ਨਵਾਂ ਸੂਟ ਹੈ ਲੈਣਾਂ। ਕਾਲੇ ਰੰਗ ਦਾ ਬੂਟ ਵੀ ਲੈਣਾਂ। ਰੰਗ ਫਿਕਾ ਪੈ ਗਿਆ ਸੂਟਾਂ ਦਾ। ਤਲਾ ਲਹਿ ਗਿਆ ਬੂਟਾਂ ਦਾ। ਮਿੱਤਰ ਮਾਰਦੇ ਨਿੱਤ ਮਿਹਣਾ। ਮੰਮੀ ਮੈਂ--------। ਕਲਾਸ 'ਚ ਅੱਵਲ ਆਇਆ ਸੀ। ਕੀਤਾ ਵਾਅਦਾ ਨਿਭਾਇਆ ਸੀ। ਹੁਣ ਮੇਰਾ ਕਹਿਣਾ ਮੰਨਣਾ ਪੈਣਾ। ਮੰਮੀ ਮੈਂ-------। ਬਾਬੇ ਨਾਨਕ ਦਾ ਪੁਰਬ ਆਇਆ। ਸਭ ਮਿੱਤਰਾਂ ਨਵਾਂ ਸੂਟ ਸਵਾਇਆ। ਹੁਣ ਮੇਰਾ ਮੰਨ ਲੈ ਕਹਿਣਾ। ਮੰਮੀ ਮੈਂ ਨਵਾਂ ਸੂਟ ਹੈ ਲੈਣਾਂ। ਕੱਲ੍ਹ ਸ਼ਹਿਰੋਂ ਜ਼ਰੂਰ ਲੈ ਆਵੀਂ। ਮੇਰੇ ਆਉਣ ਤੋਂ ਪਹਿਲਾਂ ਆ ਜਾਵੀਂ। ਨਹੀਂ ਤੇ ਮੈਂ ਰੁਸ ਜਾਣਾ। ਮੰਮੀ ਮੈਂ ਨਵਾਂ ਸੂਟ ਹੈ ਲੈਣਾਂ।
ਪਾਪਾ ਨਸ਼ਾ ਨਾ ਕਰੋ
ਪਾਪਾ ਨਸ਼ਾ ਨਾ ਕਰੋ। ਮੰਮੀ ਨਾਲ ਨਾ ਲੜੋ। ਨਸ਼ਾ ਹੈ ਬੁਰੀ ਬਲਾ। ਕੱਢਦਾ ਬੰਦੇ ਦਾ ਸਾਹ। ਹਰਦਮ ਇਹਦੇ ਤੋਂ ਡਰੋ। ਪਾਪਾ ਨਸ਼ਾ ਨਾ ਕਰੋ। ਪੈਸੇ ਦੀ ਬਰਬਾਦੀ ਕਰਦਾ। ਸਤਿਆਨਾਸ ਕਰਦਾ ਘਰਦਾ । ਅਖਬਾਰਾਂ 'ਚ ਖਬਰਾਂ ਪੜ੍ਹੋ। ਪਾਪਾ -------। ਨਸ਼ਾ ਕਰੋਗੇ ਕਿਥੋਂ ਖਾਵਾਂਗੇ। ਕਿਵੇਂ ਪੜ੍ਹਾਈ ਕਰ ਪਾਵਾਂਗੇ। ਸਾਡੇ ਤੇ ਤਰਸ ਕਰੋ। ਪਾਪਾ---------। ਕੱਚੇ ਘਰ'ਚ ਸਾਡਾ ਵਾਸਾ। ਮੀਂਹ ਵਰੇ ਚੋਂਦਾ ਚੁਪਾਸਾ। ਔਖੇ ਵੇਲੇ ਨਾਲ ਖੜ੍ਹੋ। ਪਾਪਾ--------। ਔਖਿਆਂ ਦਿਨ ਹਾਂ ਲੰਘਾਉਂਦੇ। ਤੁਸੀਂ ਨਿੱਤ ਬੋਤਲਾਂ ਪੀ ਜਾਂਦੇ ਤਨਖਾਹ ਮੰਮੀ ਦੇ ਹੱਥ ਧਰੋ। ਪਾਪਾ ਨਸ਼ਾ ਨਾ ਕਰੋ।
ਮੈਂ ਚਲਿਆ ਦਾਣੇ ਭੁਨਾਉਣ
ਮੰਮੀ ਮੈਂ ਚੱਲਿਆਂ ਦਾਣੇ ਭੁਨਾਉਣ। ਮੰਮੀ ਮੈਂ ਚੱਲਿਆਂ ਦਾਣੇ ਭੁਨਾਉਣ। ਲੋਚੀ ਚੱਲਿਆ,ਗਾਮਾ ਚੱਲਿਆ। ਬਿੱਟਾ ਚੱਲਿਆ, ਸ਼ਾਮਾਂ ਚੱਲਿਆ। ਗੀਤ ਗਾਉਂਦੇ ਖੁਸ਼ੀ'ਚ ਮੁਸਕਾਉਣ। ਮੰਮੀ ਮੈਂ-----------। ਪੰਜ ਵਜੇ ਭੱਠੀ ਵਾਲੀ ਨੇ ਆਉਣਾ। ਆਕੇ ਉਹਨੇ ਕੜਾਹੀ ਨੂੰ ਤਪਾਉਣਾ। ਉਹਦੇ ਪਿੰਡ ਦੇ ਮੈਨੂੰ ਸੁਣਾਉਣ। ਮੰਮੀ ਮੈਂ----------। ਆਖਾਂ ਗਾ ਮੈਨੂੰ ਪਹਿਲਾਂ ਤੋਰ। ਮੈਂ ਜਾਣਾਂ ਦੂਰ ਮੇਰਾ ਪਿੰਡ ਸਰੋਰ। ਜੇ ਪਿਆ ਹਨੇਰਾ ਪਾਪਾ ਲੈਣ ਆਉਣ। ਮੰਮੀ ਮੈਂ ਚੱਲਿਆ ਦਾਣੇ ਭੁਨਾਉਣ।
ਪਾਪਾ ਨਵਾਂ ਘਰ ਬਣਾਓ
ਪਾਪਾ ਨਵਾਂ ਘਰ ਬਣਾਓ। ਪਾਪਾ ਨਵਾਂ ਘਰ ਬਣਾਓ। ਮੀਂਹ ਪਵੇ ਟਿਪ ਟਿਪ ਚੋਂਦਾ। ਛੱਤ ਤੇ ਬੰਦਾ ਔਖਾ ਖੜੋਂਦਾ। ਕੁੱਝ ਕਰੋ ਛੇਤੀ ਜਾਓ। ਪਾਪਾ ਨਵਾਂ---------। ਕੱਚੀਆਂ ਕੰਧਾਂ ਖੁਰਦੀਆਂ ਜਾਣ। ਬਲੀਆਂ ਵੀ ਭੁਰਦੀਆਂ ਜਾਣ। ਇੱਟਾਂ ਲਿਆਓ,ਕੰਮ ਕਰਾਓ। ਪਾਪਾ ਨਵਾਂ---------। ਕਰ ਕਰ ਲਿਪਾਈ ਮੰਮੀ ਹਾਰੀ। ਵਰੇ ਬੱਦਲ ਧੋਤੀ ਜਾਂਦੀ ਸਾਰੀ। ਗੱਲ ਮਨ ਲੋ ਵਿਉਂਤ ਬਣਾਓ । ਪਾਪਾ ਨਵਾਂ--------।
ਮੇਰੀ ਮੰਮੀ
ਮੇਰੀ ਮੰਮੀ ਬੜੀ ਪਿਆਰੀ। ਫੁੱਲਾਂ ਦੀ ਜਿਵੇਂ ਖਿੜੀ ਕਿਆਰੀ। ਹਰਦਮ ਮੇਰੇ ਨਾਲ ਰਹਿੰਦੀ। ਹਰ ਗੱਲ ਹੱਸ ਕੇ ਸਹਿੰਦੀ। ਖੇਡ ਖਿਡਾਵੇ ਨਵੀਂ ਨਿਆਰੀ। ਮੇਰੀ ਮੰਮੀ--------। ਸੁਬ੍ਹਾ ਸਵੇਰੇ ਰੋਜ਼ ਉਠਾਉਂਦੀ। ਗੁਰੂ ਦੇ ਦਵਾਰ ਲੈਕੇ ਜਾਂਦੀ। ਮਹਿਕਾਂ ਦੀ ਭਰੀ ਪਿਟਾਰੀ। ਮੇਰੀ ਮੰਮੀ---------। ਨੇਮ ਨਾਲ ਹੈ ਮੈਨੂੰ ਪੜ੍ਹਾਂਦੀ। ਸੱਚ ਬੋਲੋ,ਨਿੱਤ ਸਮਝਾਂਦੀ। ਕਰਦੀ ਨਹੀਂ ਕਿਸੇ ਨਾਲ ਮਾੜੀ। ਮੇਰੀ ਮੰਮੀ----------। ਘਰ ਸਾਡੇ ਪ੍ਰਾਹੁਣਾ ਆਵੇ। ਹੱਸ ਕੇ ਗਲ ਨਾਲ ਲਾਵੇ। ਖੂਬ ਵੇਖੀ ਉਹਦੀ ਦਿਲਦਾਰੀ ਮੇਰੀ ਮੰਮੀ ਬੜੀ ਪਿਆਰੀ। ਚੰਗਿਆਂ ਨਾਲ ਮਿਲਨ ਦੇਂਦੀ। ਬੁਰਿਆਂ ਤੋਂ ਬਚੋ ਇਹੋ ਕਹਿੰਦੀ। ਕੋਈ ਗੱਲ ਕਰੇ ਨਾ ਮਾੜੀ। ਮੇਰੀ ਮੰਮੀ ਬੜੀ ਪਿਆਰੀ।
ਬੱਦਲਾ ਬੱਦਲਾ ਹੋਰ ਨਾ ਵਰ੍ਹ
ਬੱਦਲਾ ਬੱਦਲਾ ਹੋਰ ਨਾ ਵਰ। ਢਹਿ ਗਿਆ ਮੇਰਾ ਕੱਚਾ ਘਰ। ਬਸਤਾ ਵੀ ਭਿੱਜ ਗਿਆ ਸਾਰਾ। ਕਿਤਾਬਾਂ ਦਾ ਹਾਲ ਹੋਇਆ ਮਾੜਾ। ਚੁਪਾਸੇ ਘਰ ਦੇ ਚੜ੍ਹਿਆ ਹੜ੍ਹ। ਬੱਦਲਾ ਬੱਦਲਾ---------। ਹੁਣ ਕਿਵੇਂ ਸਕੂਲੇ ਜਾਵਾਂਗਾ। ਕਿਵੇਂ ਮੈਂ ਪੜ੍ਹ ਪਾਵਾਂਗਾ। ਰਾਹਾਂ ਤੇ ਪਾਣੀ ਆਇਆ ਚੜ੍ਹ। ਬੱਦਲਾ ਬੱਦਲਾ------------। ਮੰਮੀ ਪਾਪਾ ਹੋਏ ਪ੍ਰੇਸ਼ਾਨ। ਹੋਇਆ ਸਾਡਾ ਬਾਹਲਾ ਨੁਕਸਾਨ। ਲਾਇਆ ਸੀ ਝੋਨਾ ਗਿਆ ਸੜ। ਬੱਦਲਾ ਬੱਦਲਾ-------। ਕਰੀਏ ਅਰਦਾਸ ਹੜ੍ਹ ਨਾ ਆਵੇ। ਸਾਡੇ ਘਰਾਂ ਨੂੰ ਨਾ ਢਾਹਵੇ। ਆਏ ਹਾਂ ਰੱਬ ਜੀ ਤੇਰੇ ਦਰ। ਬੱਦਲਾ ਬੱਦਲਾ ਹੋਰ ਨਾ ਵਰ।
ਇਕ ਤੋਤਾ ਆਇਆ
ਸਾਡੇ ਵਿਹੜੇ ਤੋਤਾ ਆਉਂਦਾ। ਰੋਜ਼ ਆਕੇ ਮੈਨੂੰ ਬੁਲਾਉਂਦਾ। ਕੁੱਟ ਕੁੱਟ ਚੂਰੀ ਮੈਂ ਖਵਾਵਾਂ। ਗੰਗਾ ਰਾਮ ਕਹਿ ਕੇ ਬੁਲਾਵਾਂ। ਮਿੱਠੇ ਮਿੱਠੇ ਗੀਤ ਗਾਉਂਦਾ। ਸਾਡੇ ਵਿਹੜੇ-------। ਕਦੀ ਮੋਢੇ ਤੇ ਆਕੇ ਬਹਿੰਦਾ। ਗੱਲਾਂ ਕਰਕੇ ਹਸਦਾ ਰਹਿੰਦਾ। ਕਦੀ ਮਾਰ ਉਡਾਰੀ ਉਡ ਜਾਂਦਾ। ਸਾਡੇ ਵਿਹੜੇ---------। ਚਿਰਾਂ ਤੋਂ ਮੁੜ ਨਾ ਆਇਆ। ਖਬਰੇ ਉਹਨੇ ਮੈਨੂੰ ਭੁਲਾਇਆ। ਸੁੱਬ੍ਹਾ ਆਕੇ ਰੁੱਖ ਤੇ ਸੀ ਬਹਿੰਦਾ। ਸਾਡੇ ਵਿਹੜੇ ਤੋਤਾ ਸੀ ਆਉਂਦਾ। ਰੱਬਾ ਉਹ ਤੋਤਾ ਮੁੜ ਆਵੇ। ਆਕੇ ਮੇਰੇ ਗਲ ਲਗ ਜਾਵੇ ਉਹਦਾ ਵਿਛੋੜਾ ਵੱਢ ਵੱਢ ਖਾਂਦਾ। ਸਾਡੇ ਵਿਹੜੇ ਤੋਤਾ ਸੀ ਆਉਂਦਾ।
ਮੰਮੀ ਮੱਕੀ ਦੀ ਰੋਟੀ ਬਣਾਓ
ਮੰਮੀ ਮੱਕੀ ਦੀ ਰੋਟੀ ਬਣਾਓ। ਮੰਮੀ ਮੱਕੀ ਦੀ ਰੋਟੀ ਬਣਾਓ। ਚਾਵਲ ਫੁਲਕਾ ਮੈਂ ਨਹੀਂ ਖਾਂਦਾ। ਇਹ ਨਹੀਂ ਮੇਰੇ ਮਨ ਨੂੰ ਭਾਉਂਦਾ। ਛੇਤੀ ਛੇਤੀ ਚੁੱਲ੍ਹਾ ਜਲਾਓ। ਮੰਮੀ ---------। ਰੋਜ਼ ਰੋਜ਼ ਮੈਂ ਅੱਕ ਗਿਆ ਹਾਂ। ਖਾ ਖਾ ਫੁਲਕਾ ਥੱਕ ਗਿਆ ਹਾਂ। ਮੇਰਾ ਕਹਿਣਾ ਮੰਨ ਜਾਓ। ਮੰਮੀ-----------। ਚਟਨੀ ਵੀ ਕਰਾਰੀ ਬਣਾਇਓ। ਆਨਾਰਦਾਨਾ ਵਿੱਚ ਮਿਲਾਇਓ। ਜੀਤਾ ਆਇਆ ਉਹਨੂੰ ਵੀ ਖਵਾਓ। ਮੰਮੀ------------। ਚਲ ਪੁੱਤ ਪੀੜ੍ਹੀ ਤੇ ਬਹਿ ਜਾ। ਮੈਂ ਪਕਾਉਂਣੀਆਂ ਤੂੰ ਖਾਈ ਜਾ। ਜੀਤੇ ਨੂੰ ਵੀ ਨਾਲ ਬਿਠਾਓ। ਤਾਜ਼ੀਆਂ ਰੋਟੀਆਂ ਤੁਸੀਂ ਖਾਓ।
ਸਾਡਾ ਹਿੰਦੁਸਤਾਨ
ਸਾਡਾ ਹਿੰਦੁਸਤਾਨ, ਸਭ ਤੋਂ ਮਹਾਨ। ਇਹਦੀ ਉੱਚੀ ਰਵੇ, ਜੱਗ ਵਿੱਚ ਸ਼ਾਨ। ਆਓ ਪਿਆਰ ਦੀ , ਜੋਤ ਜਗਾਈਏ। ਇਹਦੀਆਂ ਲਾਟਾਂ ਨੂੰ, ਖ਼ੂਬ ਮਘਾਈਏ। ਆਓ ਖੁਸ਼ੀਆਂ ਦੀ, ਹਵਾ ਝੁਲਾਈਏ। ਇੱਕ ਦੂਜੇ ਨੂੰ, ਗਲ ਨਾਲ ਲਾਈਏ। ਸੱਚ ਦੀਆਂ ਰਾਹਾਂ ਤੇ, ਸਦਾ ਹੀ ਤੁਰੀਏ। ਨੇਕੀਆਂ ਕਰੀਏ, ਬਦੀਆਂ ਤੋਂ ਡਰੀਏ। ਜੈ ਜਵਾਨ ਜੈ ਕਿਸਾਨ ਦਾ, ਮਿਲ ਕੇ ਲਾਈਏ ਨਾਅਰਾ। ਇੱਕ ਅੰਨ ਦਾਤਾ ਦੇਸ਼ ਦਾ, ਦੂਜਾ ਸਰਹੱਦਾਂ ਤੇ ਕਰੇ ਪਹਿਰਾ। ਸਾਡਾ ਹਿੰਦੁਸਤਾਨ---------।