Chandi Range Phull : Devinder Josh

ਚਾਂਦੀ ਰੰਗੇ ਫੁੱਲ : ਦੇਵਿੰਦਰ ਜੋਸ਼




ਛਡ ਜੰਗਲਾਂ ਦਾ ਡੇਰਾ ਬਾਬਾ

ਛਡ ਜੰਗਲਾਂ ਦਾ ਡੇਰਾ ਬਾਬਾ, ਪਾ ਬਸਤੀ ਵਲ ਫੇਰਾ ਬਾਬਾ ਜੰਗਲ ਜੰਗਲ ਕੀ ਘੁੰਮਦਾ ਏਂ, ਬਸਤੀ ਵਿਚ ਘਰ ਤੇਰਾ ਬਾਬਾ ਮੈਂ ਵੀ ਜੋਗੀ, ਤੂੰ ਵੀ ਜੋਗੀ, ਦੋਵਾਂ ਵਿਚ ਅੰਤਰ ਹੈ ਏਨਾ ਤੂੰ ਜੰਗਲਾਂ ਵਿਚ ਭਟਕ ਰਿਹਾ ਏਂ, ਮੇਰਾ ਘਰ ਵਿਚ ਡੇਰਾ ਬਾਬਾ ਜਦ ਅੰਬਾਂ ਤੇ ਕੋਇਲ ਬੋਲੇ, ਜਦ ਬਾਗਾਂ ਵਿਚ ਫੁਲ ਖਿੜਦੇ ਨੇ ਸਚੋ ਸੱਚੀਂ ਦੱਸੀਂ ਮੈਨੂੰ, ਕਿੰਜ ਕਰਦਾ ਏਂ ਜੇਰਾ ਬਾਬਾ ਰਾਹਾਂ ਦੇ ਵਿਚ ਭਟਕ ਗਿਆ ਜੋ ਕੀ ਪਹੁੰਚੇਗਾ ਮੰਜ਼ਿਲ ਉਤੇ ਮਨ ਵਿਚ ਘੁਪ ਹਨੇਰਾ ਲੈ ਕੇ, ਲਭਦਾ ਫਿਰੇ ਸਵੇਰਾ ਬਾਬਾ ਗੋਰੀ ਨੂੰ ਛਡ ਆਵਣ ਵੇਲੇ, ਉਸ ਤੋਂ ਬਾਂਹ ਛੁਡਾਵਣ ਵੇਲੇ ਜਿਸ ਵੇਲੇ ਵੰਗ ਟੁਟੀ ਉਸਦੀ, ਦਿਲ ਨਾ ਟੁਟਿਆ ਤੇਰਾ ਬਾਬਾ ।

ਜਲਦਾ ਸ਼ਹਿਰ, ਸੁਲਘਦਾ ਸਿਗਰਟ

ਜਲਦਾ ਸ਼ਹਿਰ, ਸੁਲਘਦਾ ਸਿਗਰਟ ਯਾ ਮੇਰਾ ਪਰਛਾਵਾਂ ਸੋਚ ਰਿਹਾ ਹਾਂ, ਕੈਨਵਸ ਉਤੇ ਕਿਸ ਦਾ ਚਿਤ੍ਰ ਬਣਾਵਾਂ ਜਿਸਨੇ ਠੰਡ ਦਾ ਮੌਸਮ ਕਟਿਆ ਗਰਮ ਕੋਟ ਦੇ ਬਾਝੋਂ ਉਸ ਦੇ ਕੋਲੋਂ ਪੁਛ ਕੇ ਵੇਖੋ ਕੀ ਹਨ ਸਰਦ ਹਵਾਵਾਂ ਸ਼ਹਿਰ ਤੇਰੇ ’ਚੋਂ ਜਦ ਵੀ ਗੁਜ਼ਰੇ, ਗੁਜ਼ਰੇ ਅੱਖ ਬਚਾ ਕੇ ਡਰ ਲਗਦਾ ਸੀ ਛਡ ਨਾ ਜਾਵੇ ਆਪਣਾ ਹੀ ਪਰਛਾਵਾਂ ਰਾਹਾਂ ਅੰਦਰ ਭਟਕ ਗਿਆ ਜੋ ਮੰਜ਼ਿਲ ਤੇ ਨਾ ਪੁਜਿਆ ਮੈਂ ਉਹ ਖੱਤ ਹਾਂ ਜਿਸਦੇ ਉਤੇ ਕੋਈ ਨਹੀਂ ਸਰਨਾਵਾਂ ਗਰਮੀ ਦੀ ਰੁਤ ਮਾਰੂਥਲ ਵਿਚ ਸੜਕੇ ਅਸੀਂ ਗੁਜ਼ਾਰੀ ਸਰਦੀ ਰੁੱਤੇ ਸਾਡੇ ਘਰ ਵਿਚ ਆਈਆਂ ਸਰਦ ਹਵਾਵਾਂ ‘ਜੋਸ਼’ ਕਲੱਬ ਯਾ ਡਾਂਸ ਰੂਮ 'ਚੋਂ ਮੈਨੂੰ ਨਾ ਪਹਿਚਾਣੋ ਜੇਕਰ ਮੇਰੇ ਘਰ ਵਿਚ ਆਵੋ ਆਪਣਾ ਆਪ ਦਿਖਾਵਾਂ ।

ਕਿਸੇ ਵਾਸਤੇ ਨਹੀਂ ਮੇਰੇ ਦਿਲ 'ਚ ਕੀਨਾ

ਕਿਸੇ ਵਾਸਤੇ ਨਹੀਂ ਮੇਰੇ ਦਿਲ 'ਚ ਕੀਨਾ ਮੇਰਾ ਦਿਲ ਕਲੀਸਾ ਮੇਰਾ ਦਿਲ ਮਦੀਨਾ ਉਨ੍ਹਾਂ ਨੂੰ ਖਜ਼ਾਵਾਂ ਦਾ ਕੀ ਦੁਖ ਹੋਣੈ ਜਿਨ੍ਹਾਂ ਨੂੰ ਬਹਾਰਾਂ ਦੀ ਹੁੰਦੀ ਖੁਸ਼ੀ ਨਾ ਤੇਰੀ ਯਾਦ ਦਿਲ ਚੋਂ ਕਿਵੇਂ ਕਢ ਦਿਆਂ ਮੈਂ ਮੇਰੇ ਦਿਲ ਦੀ ਮੁੰਦਰੀ ਦਾ ਇਹ ਹੈ ਨਗੀਨਾ ਇਹ ਅਫਸੋਸ ਹੈ ਕਿ ਮੇਰੇ ਦਿਲ 'ਚ ਰਹਿਕੇ ਮੇਰੇ ਦਿਲ ਦੀ ਇਕ ਵੀ ਉਨ੍ਹਾਂ ਨੇ ਸੁਣੀ ਨਾ ਮੈਂ ਤਾਂ ਹੀ ਕਿਨਾਰੇ ਤੇ ਪੁੱਜਣਾਂ ਨਾ ਚਾਹਵਾਂ ਕਿਨਾਰੇ ਥੀਂ ਟਕਰਾ ਨਾ ਜਾਵੇ ਸਫ਼ੀਨਾ ਉਦੋਂ ਮੇਰੇ ਜੀਵਨ 'ਚ ਆਈਆਂ ਬਹਾਰਾਂ ਬਹਾਰਾਂ ਦੀ ਜਦ ਮੈਨੂੰ ਹਸਰਤ ਰਹੀ ਨਾ ।

ਤੇਰੇ ਘਰ ਚੋਂ ਮਹਿਕ ਦਾ ਬੁਲਾ ਆਇਆ ਹੈ

ਤੇਰੇ ਘਰ ਚੋਂ ਮਹਿਕ ਦਾ ਬੁਲਾ ਆਇਆ ਹੈ ਜਿਸਨੇ ਮੇਰਾ ਅੰਗ ਅੰਗ ਨਸ਼ਿਆਇਆ ਹੈ ਜਦ ਵੀ ਕਿਧਰੇ ਫੁੱਲ ਕੋਈ ਕੁਮਲਾਇਆ ਹੈ ਮੈਨੂੰ ਆਪਣਾ ਜੀਵਨ ਚੇਤੇ ਆਇਆ ਹੈ ਵਿਸਕੀ, ਸਿਗਰਟ, ਔਰਤ, ਕੌਫੀ, ਬੰਦ ਕਮਰਾ ਕੁਛ ਕਵੀਆਂ ਦਾ ਬਸ ਇਹੋ ਸਰਮਾਇਆ ਹੈ ਰੁੱਖਾਂ ਉਤੇ ਕਿਧਰੇ ਵੀ ਕੋਈ ਪੱਤ ਨਹੀਂ ਮੇਰੇ ਜੀਵਨ ਵਰਗਾ ਮੌਸਮ ਆਇਆ ਹੈ ਜੰਗਲ ਦੀ ਅੱਗ ਵਾਂਗੋਂ ਖ਼ੁਸ਼ਬੂ ਫੈਲ ਗਈ ਕਿਹੜਾ ਮੇਰੇ ਘਰ ਦੇ ਅੰਦਰ ਆਇਆ ਹੈ ਪੈਰਾਂ ਤੋਂ ਸਿਰ ਤੀਕਣ ਜਿਸਨੂੰ ਚੁੰਮਿਆ ਸੀ ਪਤਾ ਨਹੀਂ ਉਸ ਮੈਨੂੰ ਕਿਵੇਂ ਭੁਲਾਇਆ ਹੈ ਸ਼ਹਿਰ ਤੇਰੇ ਦੀ ਹਰ ਇਕ ਇਟ ਤੋਂ ਵਾਕਫ਼ ਹਾਂ ਫਿਰ ਵੀ ਲਗਦਾ ਸਾਰਾ ਸ਼ਹਿਰ ਪਰਾਇਆ ਹੈ ।

ਆਪਣੇ ਆਪਣੇ ਮੇਲੀ ਦੇ ਸੰਗ

ਆਪਣੇ ਆਪਣੇ ਮੇਲੀ ਦੇ ਸੰਗ ਲੋਕੀ ਆਏ ਮੇਲੇ ਵਿਚ ਹਾਸੇ ਮਹਿਕਾਂ ਤੇ ਖੁਸ਼ੀਆਂ ਦਾ ਪਿੜ ਬੜਾ ਏ ਮੇਲੇ ਵਿਚ ਮੇਲੇ ਦੇ ਵਿਚ ਕਲ੍ਹ ਇਕ ਗੁਜਰੀ ਝੂਠੇ ਸੁਪਨੇ ਵੇਚ ਗਈ ਦਿਲ ਦੀ ਕੀਮਤ ਤਾਰ ਕੇ ਆਪਾਂ ਦਰਦ ਲਿਆ ਏ ਮੇਲੇ ਵਿਚ ਗਜਰੇ, ਵੰਗਾਂ, ਫੁੱਲ, ਪਰਾਂਦੇ, ਹਰ ਇਕ ਵਸਤੂ ਸੁੰਦਰ ਹੈ ਐਪਰ ਦਿਲ ਦੇ ਹਾਣੀ ਬਾਝੋਂ ਕੀ ਲੈਣਾ ਏ ਮੇਲੇ ਵਿਚ ਕਲ੍ਹ ਮੇਲੇ ਦੀ ਭੀੜ ਦੇ ਅੰਦਰ ਜਿਸਦਾ ਹਾਣ ਗਵਾਚ ਗਿਆ ਉਹ ਦੁਨੀਆਂ ਨੂੰ ਕਹਿੰਦਾ ਫਿਰਦੈ, ਕੋਈ ਨਾ ਜਾਏ ਮੇਲੇ ਵਿਚ ਗਲੀਆਂ ਅੰਦਰ, ਸੜਕਾਂ ਉਤੇ, ਅਜੇ ਤਾਂ ਰਾਜ ਹੈ ਰਾਵਣ ਦਾ ਉਹ ਕਾਗ਼ਜ਼ ਦਾ ਰਾਵਣ ਸੀ ਜੋ ਕਲ੍ਹ ਸੜਿਆ ਏ ਮੇਲੇ ਵਿਚ ਨਟਖਟ ਕੁੜੀਆਂ, ਬਾਂਕੇ ਗਭਰੂ ਮੇਲੇ ਦੇ ਵਿਚ ਫਬਦੇ ਨੇ ਜੰਗਲ ਜਿਹੀ ਉਦਾਸੀ ਲੈ ਕੇ ਕੀ ਜਾਣਾ ਏ ਮੇਲੇ ਵਿਚ ਪਿਛਲੇ ਸਾਲ ਤਾਂ ਮੇਲੇ ਅੰਦਰ ਹਰ ਸ਼ੈ ਸੁੰਦਰ ਲਗਦੀ ਸੀ ਏਸ ਸਾਲ ਪਰ ਤੇਰੇ ਬਾਝੋ ਦਿਲ ਦੁਖਿਆ ਏ ਮੇਲੇ ਵਿਚ ।

ਮਾਰੂ ਥਲ ਵਿਚ ਰੁੱਖ ਇਕੱਲਾ

ਮਾਰੂ ਥਲ ਵਿਚ ਰੁੱਖ ਇਕੱਲਾ ਤਕਿਆ ਹੈ ਮੈਨੂੰ ਲਗਿਆ ਇਹ ਵੀ ਮੇਰੇ ਵਰਗਾ ਹੈ ਉਸ ਜੰਗਲ ਚੋਂ ਕਿਸ ਨੇ ਰਸਤਾ ਲੱਭਣਾ ਹੈ ਜਿਸ ਜੰਗਲ ਵਿਚ ਜੁਗਨੂੰ ਰਸਤਾ ਭੁਲਿਆ ਹੈ ਨਵੇਂ ਸਾਲ ਦਾ ਨਵਾਂ ਕੈਲੰਡਰ ਆਖ ਰਿਹਾ ਬੀਤ ਚੁਕੇ ਦਾ ਕਿਸ ਲਈ ਚਰਚਾ ਕਰਨਾ ਹੈ ਵਿਸਕੀ ਸਿਗਰਟ ਤੇ ਕੌਫ਼ੀ ਦੀ ਸੰਗਤ ਵਿੱਚ ਆਪਣਾ ਆਪ ਭੁਲਾਇਆ ਪਰ ਨਾ ਭੁਲਿਆ ਹੈ ਤੂੰ ਤਾਂ ਐਂਵੇਂ ਪਰੀਆਂ ਦੀ ਗਲ ਛੇੜੀ ਏ ਤੇਰੇ ਬਾਝੋ ਕਿਹੜਾ ਪਰੀਆਂ ਵਰਗਾ ਹੈ ਕਮਰੇ ਵਿਚ ਤਸਵੀਰ ਪਈ ਇਕ ਮੁੱਨੇ ਦੀ ਭਰਿਆ ਭਰਿਆ ਲਗਦਾ ਸਾਰਾ ਕਮਰਾ ਹੈ ਜਿਸਮਾਂ ਦੀ ਗਲ ਬੜੀ ਪਿਆਰੀ ਹੁੰਦੀ ਏ ਰੂਹਾਂ ਦੀ ਗਲ ਐਵੇਂ ਫਿਕੀ ਚਰਚਾ ਹੈ ਰਾਤੀਂ ਮੇਰਾ ਚਿਹਰਾ ਮੈਨੂੰ ਕਹਿੰਦਾ ਸੀ ਦੁਨੀਆਂ ਅੰਦਰ ਕਿਹੜਾ ਤੇਰੇ ਵਰਗਾ ਹੈ ।

ਅਹਿਸਾਸ ਦੇ ਜ਼ਖਮਾਂ ਤੇ ਉਸ

ਅਹਿਸਾਸ ਦੇ ਜ਼ਖਮਾਂ ਤੇ ਉਸ ਨਮਕ ਬਹੁਤ ਪਾਇਆ ਉਸ ਪੀੜ ਬਹੁਤ ਬਖਸ਼ੀ ਉਹ ਯਾਦ ਬਹੁਤ ਆਇਆ ਜੰਗਲ ਚੋਂ ਜਦੋਂ ਗੁਜ਼ਰੇ ਹਰ ਰੁੱਖ ਤੋਂ ਡਰ ਲਗਿਆ ਬਸਤੀ 'ਚ ਜਦੋਂ ਆਏ ਲਭਿਆ ਨਾ ਕਿਤੇ ਸਾਇਆ ਕੰਬ ਰਹੀਆਂ ਨੇ ਦੀਵਾਰਾਂ ਡਿਗ ਪੈਣਾ ਹੈ ਮਕਤਲ ਨੇ ਸਿਰ ਧਰ ਕੇ ਤਲੀ ਉਤੇ ਇਹ ਕੌਣ ਚਲਾ ਆਇਆ ਅਹਿਸਾਸ ਤੇਰੇ ਗ਼ਮ ਦਾ ਹਰ ਵਕਤ ਰਿਹਾ ਹਾਵੀ ਮੈਂ ਖੁਸ਼ੀਆਂ ਦੀ ਨਗਰੀ ਵਿਚ ਘਰ ਲੈ ਕੇ ਹਾਂ ਪਛਤਾਇਆ ਮੈਂ ਵਸਲ ਦੇ ਕਿੱਸੇ ਨੂੰ ਸੰਖੇਪ 'ਚ ਜੇ ਆਖਾਂ ਇਕ ਸ਼ੀਸ਼ੇ ਨੇ ਪੱਥਰ ਨੂੰ ਘੁਟ ਘੁਟ ਕੇ ਗਲੇ ਲਾਇਆ ਮੈਂ ਫਟੀਆਂ ਕਮੀਜ਼ਾਂ ਦੇ ਸਭ ਭੇਤ ਛੁਪਾ ਲੀਤੇ ਕਲ੍ਹ ਸ਼ਾਮ ਕਬਾੜੀ ਤੋਂ ਇਕ ਕੋਟ ਮੈਂ ਲੈ ਆਇਆ ਇਕ ਤੇਰੇ ਜਿਹੀ ਸੂਰਤ ਬਾਜ਼ਾਰ 'ਚ ਜਦ ਵੇਖੀ ਮੈਂ ਸਮਝ ਨਹੀਂ ਸਕਿਆ ਕਿਉਂ ਰੋਣ ਨਿਕਲ ਆਇਆ ਜਦ ਜੋੜਾ ਘੁੱਗੀਆਂ ਦਾ ਮੈਂ ਤਕਿਆ ਆਹਲਣੇ ਵਿਚ ਮੈਂ ਘਰ ਦੀ ਉਦਾਸੀ ਨੂੰ ਘੁਟ ਘੁਟ ਕੇ ਗਲੇ ਲਾਇਆ ।

ਉਮਰਾਂ ਦੇ ਤ੍ਰਿਹਾਏ ਜੋਗੀ

ਉਮਰਾਂ ਦੇ ਤ੍ਰਿਹਾਏ ਜੋਗੀ ਤੇਰੇ ਦਰ ਤੇ ਆਏ ਜੋਗੀ ਸਿਗਰਟ ਵਾਂਗੂੰ ਧੁਖਦੇ ਧੁਖਦੇ ਗੀਤ ਗ਼ਮਾਂ ਦਾ ਗਾਏ ਜੋਗੀ ਜਿਸਦੀ ਖਾਤਰ ਭਗਵੇ ਪਹਿਨੇ ਉਸ ਨੂੰ ਕਿਵੇਂ ਭੁਲਾਏ ਜੋਗੀ ਆਖ ਰਹੀ ਸੀ ਕਲ੍ਹ ਇਕ ਸੁੰਦਰਾਂ ਛਡ ਜਾਂਦੇ ਨੇ ਹਾਏ ! ਜੋਗੀ ਹਰ ਇਕ ਦਰ ਤੇ ਮਾਯੂਸੀ ਹੈ ਕਿਸ ਦਰ ਅਲਖ ਜਗਾਏ ਜੋਗੀ ਜੰਗਲ ਜੰਗਲ ਭਟਕਣ ਪਿਛੋਂ ਬਸਤੀ ਦੇ ਵਿਚ ਆਏ ਜੋਗੀ ਮੇਰੇ ਵਰਗਾ ਰੂਪ ਸੀ ਉਸਦਾ ਰਾਤੀਂ ਜੋ ਮਰਿਆ ਏ ਜੋਗੀ ।

ਮਹਿਕ ਜਦੋਂ ਵੀ ਆਏ

ਮਹਿਕ ਜਦੋਂ ਵੀ ਆਏ ਮੇਰੇ ਕਮਰੇ ਵਿਚ ਸਿਮਟੇ ਤੇ ਸ਼ਰਮਾਏ ਮੇਰੇ ਕਮਰੇ ਵਿਚ ਗਾਂਧੀ ਦੇ ਫੋਟੋ ਤੇ ਜਿਹੜਾ ਜਾਲਾ ਹੈ ਸਚ ਦਾ ਹਾਲ ਸੁਣਾਏ ਮੇਰੇ ਕਮਰੇ ਵਿਚ ਟੇਬਲ ਤੇ ਤਸਵੀਰਾਂ ਵਖ ਵਖ ਪੋਜ਼ ਦੀਆਂ ਜਾਪਣ ਸੁੰਦਰ ਸਾਏ ਮੇਰੇ ਕਮਰੇ ਵਿਚ ਰੰਗ ਬਰੰਗੇ ਫੁੱਲ ਨੇ ਹਰ ਇਕ ਪਰਦੇ ਤੇ ਫੁਲਾਂ ਦੀ ਰੁਤ ਗਾਏ ਮੇਰੇ ਕਮਰੇ ਵਿਚ ਸੁੰਦਰਤਾ ਦੀ ਮਹਿਕ ਇਸ਼ਕ ਦੇ ਜਜਬੇ ਨੇ ਗੀਤ ਮਿਲਣ ਦੇ ਗਾਏ ਮੇਰੇ ਕਮਰੇ ਵਿਚ ਸੁੰਦਰਤਾ ਦੀ ਮਹਿਕ ਹੈ ਆਉਂਦੀ ਕਮਰੇ ਚੋਂ ਕੌਣ ਭਲਾ ਸੀ ਆਏ ਮੇਰੇ ਕਮਰੇ ਵਿਚ ਐਸ਼-ਟਰੇ ਵਿਚ ਧੁਖਦਾ ਟੋਟਾ ਸਿਗਰਟ ਦਾ ਮੇਰਾ ਹਾਲ ਸੁਣਾਏ ਮੇਰੇ ਕਮਰੇ ਵਿਚ ।

ਦਿਲ ਦਾ ਭੇਤ ਛੁਪਾ ਲੈਂਦੇ ਨੇ

ਦਿਲ ਦਾ ਭੇਤ ਛੁਪਾ ਲੈਂਦੇ ਨੇ, ਦਿਲ ਦੀਆਂ ਗੱਲਾਂ ਦਸਦੇ ਚਿਹਰੇ ਕੰਡਿਆਂ ਵਾਂਗੋਂ ਚੁਭ ਜਾਂਦੇ ਨੇ, ਫਲਾਂ ਵਾਂਗੋਂ ਹਸਦੇ ਚਿਹਰੇ ਕੀ ਸਮਝੋਗੇ ਦਿਲ ਦੀਆਂ ਗੱਲਾਂ, ਕੀ ਜਾਣੋਗੇ ਦਿਲ ਦੀਆਂ ਪੀੜਾਂ ਅਕਸਰ ਇੰਜ ਵੀ ਹੋ ਜਾਂਦਾ ਏ, ਦਿਲ ਰੋਂਦਾ ਤੇ ਹਸਦੇ ਚਿਹਰੇ ਏਸ ਨਗਰ ਵਿਚ ਪਿਆਰ-ਕਹਾਣੀ ਦਾ ਬਸ ਇਕੋ ਅੰਤ ਹੈ ਯਾਰੋ ਹੰਝੂਆਂ ਦੇ ਵਿਚ ਡੁੱਬ ਜਾਂਦੇ ਨੇ ਖੁਸ਼ੀਆਂ ਦੇ ਵਿਚ ਹਸਦੇ ਚਿਹਰੇ ਸਪ ਡਸਿਆਂ ਦਾ ਕੁਝ ਨਾ ਕੁਝ ਤੇ ਹੋ ਜਾਂਦਾ ਏ ਦਾਰੂ ਦਰਮਲ ਦਸੋ ! ਉਹ ਕਿਧਰ ਨੂੰ ਜਾਵਣ ਜੇਹਨਾਂ ਨੂੰ ਹਨ ਡਸਦੇ ਚਿਹਰੇ ਰੋਸ਼ਨੀਆਂ ਦੀ ਭਾਲ 'ਚ ਜਿਹੜੇ ਉਲਝ ਗਏ ਹਨ ਜੰਗਲਾਂ ਅੰਦਰ ਇਕ ਦਿਨ ਥੱਕੇ ਟੁਟੇ ਹਾਰੇ ਬਸਤੀ ਦੇ ਵਲ ਨਸਦੇ ਚਿਹਰੇ ।

ਰੇਸ਼ਮ-ਬਦਨ ਤੇ ਪਹਿਨਿਆ ਉਸ

ਰੇਸ਼ਮ-ਬਦਨ ਤੇ ਪਹਿਨਿਆ ਉਸ ਖੁਰਦਰਾ ਲਿਬਾਸ ਇੰਦਰ ਧਨੁਸ਼ ਹੈ ਜਾਪਦਾ ਸਾਦਾ ਜਿਹਾ ਲਿਬਾਸ ਮੇਰੀ ਜਵਾਨੀ ਖਾ ਲਈ ਰੰਗਾਂ ਦੀ ਕੈਦ ਨੇ ਮੇਰਾ ਬੁਢਾਪਾ ਖਾ ਰਿਹਾ ਹੈ ਜੋਗੀਆ ਲਿਬਾਸ ਰਾਤੀਂ ਉਹ ਸ਼ੋਖ ਚਾਨਣੀ ਵਿਚ ਇੰਜ ਜਾਪਦੀ ਅਗਨੀ ਨੇ ਜੇਵੇਂ ਪਹਿਨਿਆ ਹੋਏ ਦੂਧੀਆ ਲਿਬਾਸ ਅਜ ਹਰ ਜਵਾਨੀ ਜਾਪਦੀ ਤਿਤਲੀ ਦੇ ਹਾਣ ਦੀ ਵੀਹਵੀਂ ਸਦੀ ਨੇ ਕਿਸ ਤਰ੍ਹਾਂ ਏ ਬਦਲਿਆ ਲਿਬਾਸ ਉਸਦੇ ਬਦਨ ਦੀ ਮਹਿਕ ਤੋਂ ਏਦਾਂ ਹੈ ਜਾਪਦਾ ਰੇਸ਼ਮ ਨੇ ਜੀਕਣ ਪਹਿਨਿਆ ਹੈ ਮਹਿਕ ਦਾ ਲਿਬਾਸ ॥

ਸ਼ਾਮ ਢਲੇ ਉਹ ਜਾਮ ਉਠਾਏ

ਸ਼ਾਮ ਢਲੇ ਉਹ ਜਾਮ ਉਠਾਏ ਪੀੜਾ ਤੋਂ ਮੂੰਹ ਫੇਰ ਲਏ ਦਿਨ ਚੜ੍ਹਦੇ ਹੀ ਪੀੜਾ ਉਸਨੂੰ ਬਿਸਤਰ 'ਚ ਫਿਰ ਘੇਰ ਲਏ ਰੋਜ਼ਗਾਰ ਦੇ ਚੱਕਰ ਅੰਦਰ ਤੇਰੀ ਯਾਦ ਭੁਲਾਈ ਸੀ ਘੁੱਗੀਆਂ ਦਾ ਇਕ ਜੋੜਾ ਤਕਿਆ ਫਿਰ ਕੁਝ ਹੰਝੂ ਕੇਰ ਲਏ ਆਪਣੇ ਹਿੱਸੇ ਇੱਟਾਂ ਪੱਥਰ ਯਾ ਕੁਝ ਕੰਡੇ ਆਏ ਹਨ ਉਹਨਾਂ ਨੂੰ ਵੀ ਪਕੜੋ ਯਾਰੋ ਜਿਹਨਾਂ ਨੇ ਚੁਗ ਬੇਰ ਲਏ ਦੀਵਾਰਾਂ ਤੋਂ ਬੱਚ ਕੇ ਲੰਘਣਾ ਕਾਹਦੀ ਸੂਰਮਤਾਈ ਹੈ ਮੰਜ਼ਿਲ ਉਤੇ ਪੁਜਣੇ ਵਾਲਾ ਸਭ ਦੀਵਾਰਾਂ ਗੇਰ ਲਏ ਲੋਕਾਂ ਦਾ ਵਿਸ਼ਵਾਸ਼ ਜਿਤੇ ਬਿਨ ਕਿੰਜ ਪੁਜਣਾ ਸੀ ਮੰਜ਼ਿਲ ਤੇ ਹਰ ਇਕ ਵਾਰੀ ਝੂਠੇ ਨਿਕਲੇ ਸੁਪਨੇ ਜਿੰਨੀ ਵੇਰ ਲਏ ।

ਹਾਦਸਿਆਂ ਦੀ ਦੁਨੀਆਂ ਅੰਦਰ

ਹਾਦਸਿਆਂ ਦੀ ਦੁਨੀਆਂ ਅੰਦਰ ਅਜਬ ਹਾਦਸਾ ਵਾਪਰਿਆ ਤੋੜਕੇ ਹਰ ਦੀਵਾਰ ਪੁਰਾਣੀ ਮੇਰੇ ਘਰ ਕੋਈ ਪਹੁੰਚ ਪਿਆ ਜਿਸਨੂੰ ਲਭਦੇ ਲਭਦੇ ਆਪਾਂ ਮਾਰੂਥਲ ਵਿਚ ਜਾ ਪਹੁੰਚੇ ਮਾਰੂਥਲ ਵਿਚ ਪੁਜ ਕੇ ਤਕਿਆ ਉਹ ਸੀ ਆਪਣਾ ਹੀ ਸਾਇਆ ਦੀਵਾਰਾਂ ਤੋਂ ਬਚ ਕੇ ਜਿਸ ਨੇ ਸਾਰੀ ਉਮਰ ਗੁਜ਼ਾਰੀ ਸੀ ਰਾਤੀਂ ਉਸਦਾ ਇਕ ਖੰਡਰ ਨੂੰ ਘਰ ਕਹਿਣੇ ਤੇ ਜੀ ਆਇਆ ਰਾਤ ਜਦੋਂ ਮਾਯੂਸੀ ਮੈਨੂੰ ਮੇਰੇ ਘਰ ਚੋਂ ਲਭਦੀ ਸੀ ਮੈਂ ਉਸ ਕੋਲੋਂ ਅੱਖ ਬਚਾ ਕੇ ਤੇਰੇ ਘਰ ਦਾ ਰਾਹ ਫੜਿਆ ਰਾਤੀਂ ਮੇਰੇ ਬਿਸਤਰ ਉਤੇ ਯਾਰੋ ਕੰਡੇ ਉਗ ਆਏ ਜਦ ਬਿਸਤਰ ਦੀ ਚਾਦਰ ਉਤੇ ਉਸ ਦਾ ਕਢਿਆ ਫੁੱਲ ਤਕਿਆ ।

ਤੁਸਾਂ ਦੇ ਸੁਆਲ ਦਾ ਜੁਆਬ ਹੋ ਕੇ ਵੇਖ ਲਾਂ

ਤੁਸਾਂ ਦੇ ਸੁਆਲ ਦਾ ਜੁਆਬ ਹੋ ਕੇ ਵੇਖ ਲਾਂ ਤੁਸਾਂ ਜਿਹਾ ਮੈਂ ਵੀ ਤੇ ਜਨਾਬ ਹੋ ਕੇ ਵੇਖ ਲਾਂ ਨਜ਼ਰਾਂ ਮਿਲਾਵੇਂ ਮੈਂ ਸ਼ਰਾਬ ਹੋ ਕੇ ਵੇਖ ਲਾਂ ਵੇਖ ਲਾਂ ਜਨਾਬ ਲਾ-ਜੁਆਬ ਹੋ ਕੇ ਵੇਖ ਲਾਂ ਦਿਲ ਚਾਹੇ ਤੁਸਾਂ ਦੀ ਨਕਾਬ ਹੋ ਕੇ ਵੇਖ ਲਾਂ ਨੇੜੇ ਜਿਹੇ ਤੁਸਾਂ ਦੇ ਜਨਾਬ ਹੋ ਕੇ ਵੇਖ ਲਾਂ ਥੋੜਾ ਜਿਹਾ ਮੈਨੂੰ ਵੀ ਪਿਆਰ ਨਾਲ ਵੇਖ ਲਉ ਜ਼ਿੰਦਗੀ 'ਚ ਮੈਂ ਵੀ ਕਾਮਯਾਬ ਹੋ ਕੇ ਵੇਖ ਲਾਂ ਫੁੱਲਾਂ ਸਾਹਵੇਂ ਉਨ੍ਹਾਂ ਬੇ-ਨਕਾਬ ਹੋ ਕੇ ਆਖਿਆ ਤੁਸਾਂ ਦੇ ਗ਼ਰੂਰ ਦਾ ਜੁਆਬ ਹੋ ਕੇ ਵੇਖ ਲਾਂ ਸੂਲ ਉਤੇ ਚੜ੍ਹਕੇ ਪਿਆਰ ਮੇਰਾ ਬੋਲਿਆ ਜ਼ਿੰਦਗੀ 'ਚ ਮੈਂ ਵੀ ਕਾਮਯਾਬ ਹੋ ਕੇ ਵੇਖ ਲਾਂ ।

ਗ਼ਮ ਨੇ ਆਪਣਾ ਬਣਾ ਲਿਆ ਮੈਨੂੰ

ਗ਼ਮ ਨੇ ਆਪਣਾ ਬਣਾ ਲਿਆ ਮੈਨੂੰ ਘੁਟ ਕੇ ਸੀਨੇ ਥੀਂ ਲਾ ਲਿਆ ਮੈਨੂੰ ਮੈਂ ਤਾਂ ਗ਼ਮ ਨੂੰ ਵਸਾ ਲਿਆ ਦਿਲ 'ਚ ਗ਼ਮ ਨੇ ਦਿਲ 'ਚ ਵਸਾ ਲਿਆ ਮੈਨੂੰ ਮੌਤ ਬੂਹੇ ਤੋਂ ਮੁੜ ਗਈ ਖਾਲੀ ਕਿਸ ਨੇ ਹਸ ਕੇ ਬੁਲਾ ਲਿਆ ਮੈਨੂੰ ਜਿਸ ਨੂੰ ਭੁੱਲ ਕੇ ਵੀ ਮੈਂ ਨਹੀਂ ਭੁਲਿਆ ਉਸ ਨੇ ਕਿਦਾਂ ਭੁਲਾ ਲਿਆ ਮੈਨੂੰ ਭਾਰ ਦਿਲ ਦਾ ਹੈ ਹੋ ਗਿਆ ਹੌਲਾ ਹਾਲ ਦਿਲ ਨੇ ਸੁਣਾ ਲਿਆ ਮੈਨੂੰ ਮੈਨੂੰ ਭਟਕਣ 'ਚ ਵੇਖ ਕੇ ਰੁਲਦਾ ਮੇਰੀ ਮੰਜ਼ਿਲ ਨੇ ਪਾ ਲਿਆ ਮੈਨੂੰ ।

ਮੈਂ ਜਦ ਬਸਤੀ ਛਡ ਕੇ ਆਇਆ

ਮੈਂ ਜਦ ਬਸਤੀ ਛਡ ਕੇ ਆਇਆ ਜੰਗਲ ਵਿਚ ਰੁਖਾਂ ਸੌ ਸੌ ਸ਼ਗਨ ਮਨਾਇਆ ਜੰਗਲ ਵਿਚ ਇਕ ਟਹਿਣੀ ਨੂੰ ਸੀਨੇ ਨਾਲ ਲਗਾ ਕੇ ਮੈਂ ਆਪਣੇ ਦਿਲ ਦਾ ਹਾਲ ਸੁਣਾਇਆ ਜੰਗਲ ਵਿਚ ਜਦ ਧੁਪਾਂ ਦਾ ਮੌਸਮ ਹੁੰਦੈ ਜੋਬਨ ਤੇ ਰੁਖ ਮੇਰੇ ਤੇ ਕਰਦੇ ਸਾਇਆ ਜੰਗਲ ਵਿਚ ਮੇਰੇ ਲੂੰ ਲੂੰ ਅੰਦਰ ਪੀੜਾ ਜਾਗ ਪਈ ਜਦ ਬਸਤੀ ਦਾ ਚੇਤਾ ਆਇਆ ਜੰਗਲ ਵਿਚ ਏਸੇ ਲਈ ਉਹ ਮੈਨੂੰ ਦੇ ਕੇ ਜ਼ਹਿਰ ਗਏ ਮਰ ਨਾ ਜਾਵਾਂ ਮੈਂ ਤ੍ਰਿਹਾਇਆ ਜੰਗਲ ਵਿਚ ।

ਜਦ ਵੀ ਆਪਾਂ ਲੁਟਣੀ ਚਾਹੀ

ਜਦ ਵੀ ਆਪਾਂ ਲੁਟਣੀ ਚਾਹੀ ਸੰਦਲ-ਬਨ ਦੀ ਨਗਰੀ ਸੁਪਨੇ ਵਾਂਗੋਂ ਹਥ ਨਾ ਆਈ ਸ਼ੋਖ ਬਦਨ ਦੀ ਨਗਰੀ ਜਿਸ ਦੇ ਉੱਚੇ ਮਹਿਲ ਮੁਨਾਰੇ ਹਾਣੀ ਨੇ ਸਰੂਆਂ ਦੇ ਰੁਤ ਬਦਲਨ ਤੇ ਰਹਿ ਨਹੀਂ ਸਕਣੀ ਕਾਲੇ ਧਨ ਦੀ ਨਗਰੀ ਜੰਗਲ ਦੇ ਵਿਚ ਕਲ੍ਹ ਇਕ ਜੋਗਨ ਮਿਠੜੇ ਗੀਤ ਸੁਣਾ ਕੇ ਪਲ ਦੋ ਪਲ ਵਿਚ ਲੁਟ ਕੇ ਲੈ ਗਈ ਮੇਰੇ ਮਨ ਦੀ ਨਗਰੀ ਦਰਿਆਵਾਂ ਚੋਂ ਡੁੱਬਦੇ ਤਰਦੇ ਮਾਰੂਥਲ ਵਿਚ ਪਹੁੰਚੇ ਘਰ ਚੋਂ ਜਿਹੜੇ ਢੂੰਡਣ ਨਿਕਲੇ ਸੁਹਣੇ ਚੰਨ ਦੀ ਨਗਰੀ ਭੀੜਾਂ ਦਾ ਅੰਗ ਬਣ ਕੇ ਆਪਾਂ ਇਹ ਅਨਭਵ ਹੈ ਕੀਤਾ ਆਪਣਾ ਤਾਂ ਹਿੱਸਾ ਹੈ ਕੇਵਲ ਸੁਨੇਪਨ ਦੀ ਨਗਰੀ ।

ਮੇਰੇ ਜ਼ਿਹਨ ਤੇ ਇਸ ਕਦਰ ਛਾਇਆ ਰਿਹਾ ਖਿਲਾ

ਮੇਰੇ ਜ਼ਿਹਨ ਤੇ ਇਸ ਕਦਰ ਛਾਇਆ ਰਿਹਾ ਖਿਲਾ ਮੈਂ ਜ਼ਿੰਦਗੀ ਤੇ ਮੌਤ ਦੇ ਵਿਚ ਲਟਕਦਾ ਰਿਹਾ ਨਾਵਲ ਉਹ ਨਾਨਕ ਸਿੰਘ ਦੇ ਪੜ੍ਹਦੀ ਰਹੀ ਸਦਾ ਉਸ ਬੇਵਫਾ ਨੂੰ ਫੇਰ ਵੀ ਆਈ ਨਹੀਂ ਵਫ਼ਾ ਉਸ ਤੋਂ ਭਲਾ ਸੰਘਰਸ਼ ਦੀ ਹੋਵੇਗੀ ਆਸ ਕੀ ਔਰਤ ਦਾ ਨੰਗਾ ਬਦਨ ਹੈ ਜਿਸ ਦੇ ਲਈ ਖ਼਼ੁਦਾ ਕਿਤਨੇ ਭਿਆਨਕ ਨਕਸ਼ ਨੇ ਜੰਗ ਨਾਮੁਰਾਦ ਦੇ ਇਕ ਰਾਤ ਦੇ ਵਿਚ ਸ਼ਹਿਰ ਦਾ ਖੰਡਰ ਹੈ ਬਣ ਗਿਆ ਕਲ੍ਹ ਰਾਤ ਤੇਰੇ ਸ਼ਹਿਰ ਦੇ ਵਿਚ ਇਸ ਤਰ੍ਹਾਂ ਸਾਂ ਮੈਂ ਮੇਲੇ ਦੀ ਭੀੜ ਵਿਚ ਜਿਵੇਂ ਬੱਚਾ ਗਵਾਚਿਆ ।

ਮੈਂ ਜਦ ਗਲੇ ਲਗਾਏ ਪੱਥਰ

ਮੈਂ ਜਦ ਗਲੇ ਲਗਾਏ ਪੱਥਰ ਬਣ ਗਏ ਮਹਿਕ ਦੇ ਸਾਏ ਪੱਥਰ ਜਦ ਵੀ ਗੀਤ ਸੁਣਾਏ ਪੱਥਰ ਸਭ ਨੂੰ ਮੋਮ ਬਣਾਏ ਪੱਥਰ ਕੁਰਖੇਤਰ ਦਾ ਮੇਲਾ ਵੇਖਣ ਦੂਰੋਂ ਦੂਰੋਂ ਆਏ ਪੱਥਰ ਜਿਹਨਾਂ ਨੂੰ ਸਮਝੇ ਸਾਂ ਮੋਤੀ ਉਹ ਵੀ ਨਿਕਲੇ ਹਾਏ ! ਪੱਥਰ ਮੇਰੀ ਹੋਂਦ ਸੀ ਸ਼ੀਸ਼ੇ ਵਰਗੀ ਉਸਨੇ ਜਦੋਂ ਵਰ੍ਹਾਏ ਪੱਥਰ ।

ਖਾਹਿਸ਼ਾਂ ਦੀ ਅੱਗ ਦੇ ਵਿਚ

ਖਾਹਿਸ਼ਾਂ ਦੀ ਅੱਗ ਦੇ ਵਿਚ ਜਲ ਰਹੇ ਸ਼ੀਸ਼ੇ ਬਦਨ ਹੌਲੀ ਹੌਲੀ ਅੱਗ ਦੇ ਵਿਚ ਢਲ ਰਹੇ ਸ਼ੀਸ਼ੇ ਬਦਨ ਖੂਬਸੂਰਤ ਜਿਸਮ ਛਡਕੇ ਦਿਲ ਵੀ ਤਾਂ ਵੇਖੋ ਜ਼ਰਾ ਪੱਥਰਾਂ ਦੀ ਮਾਰ ਕੀਕਣ ਝਲ ਰਹੇ ਸ਼ੀਸ਼ੇ ਬਦਨ ਵੇਖ ! ਸ਼ੋ ਕੇਸਾਂ ਦੇ ਅੰਦਰ ਸ਼ੀਸ਼ਿਆਂ ਦੀ ਕੈਦ ਵਿਚ ਕਿਸ ਤਰ੍ਹਾਂ ਨੇ ਮੁਸਕਰਾਉਂਦੇ ਜਲ ਰਹੇ ਸ਼ੀਸ਼ੇ ਬਦਨ ਹੋਂਦ ਆਪਣੀ ਨੂੰ ਕਿਵੇਂ ਰਖਣਗੇ ਸਾਬਤ ਦੋਸਤੋ ਪੱਥਰਾਂ ਦੀ ਭੀੜ ਅੰਦਰ ਚਲ ਰਹੇ ਸ਼ੀਸ਼ੇ ਬਦਨ ‘ਜੋਸ਼’ ਦੀਵਾਰਾਂ ਦੀਆਂ ਵਿਰਲਾਂ ਚੋਂ ਵੇਖੋ ਝਾਕ ਕੇ ਇਕ ਦੂਜੇ ਨੂੰ ਕਿਵੇਂ ਨੇ ਛਲ ਰਹੇ ਸ਼ੀਸ਼ੇ ਬਦਨ

ਉਲੂ ਵੀ ਜਿਸ ਉਤੇ ਬਹਿਣੋ ਡਰਦਾ ਹੈ

ਉਲੂ ਵੀ ਜਿਸ ਉਤੇ ਬਹਿਣੋ ਡਰਦਾ ਹੈ ਯਾਰੋ ਕੈਸਾ ਨਕਸ਼ਾ ਮੇਰੇ ਘਰ ਦਾ ਹੈ ਵੇਖਣ ਨੂੰ ਉਹ ਬੜੀ ਪਿਆਰੀ ਲਗਦੀ ਏ ਭੋਲੀ ਭਾਲੀ ਸੂਰਤ ਵੀ ਇਕ ਪਰਦਾ ਹੈ ਬੰਦ ਕਮਰੇ ਵਿਚ ਤੇਰੇ ਖਤ ਜਦ ਪੜ੍ਹਦਾ ਹਾਂ ਹਰ ਇਕ ਅੱਖਰ ਖੁਲ੍ਹ ਕੇ ਗੱਲਾਂ ਕਰਦਾ ਹੈ ਔੜਾਂ ਮਾਰੀ ਧਰਤੀ ਹਸਦੀ ਰਹਿੰਦੀ ਏ ਰਾਤੀਂ ਇਸ ਤੇ ਕੋਈ ਬੱਦਲ ਵਰ੍ਹਦਾ ਹੈ ਠੰਡ ਲਗਣ ਦੇ ਕਾਰਨ ਛਿੱਕਾਂ ਆਈਆਂ ਹਨ ਫਿਰ ਵੀ ਸੋਚਾਂ ਸਜਣ ਚੇਤੇ ਕਰਦਾ ਹੈ ।

ਜਦੋਂ ਸਵੇਰੇ ਚੜ੍ਹਿਆ ਸੂਰਜ

ਜਦੋਂ ਸਵੇਰੇ ਚੜ੍ਹਿਆ ਸੂਰਜ ਤੇਰੇ ਵਰਗਾ ਲਗਿਆ ਸੂਰਜ ਖੂਹ ਦੇ ਵਿਚ ਉਹ ਡੁੱਬ ਕੇ ਮੋਈ ਮੇਰੇ ਭਾ ਦਾ ਡੁਬਿਆ ਸੂਰਜ ਮੇਰੇ ਘਰ ਨਾ ਚਾਨਣ ਪੁਜਿਆ ਰੋਜ਼ ਸਵੇਰੇ ਚੜ੍ਹਿਆ ਸੂਰਜ ਮੇਰੇ ਘਰ ਦੇ ਬੂਹੇ ਕੋਲੋਂ ਨੀਵੀਂ ਪਾ ਕੇ ਲੰਘਿਆ ਸੂਰਜ ਲੂੰ ਲੂੰ ਅੰਦਰ ਅਗਨੀ ਜਾਗੀ ਜਦ ਮੇਰੇ ਗਲ ਲਗਿਆ ਸੂਰਜ ਸੁੰਦਰਤਾ ਦਾ ਮਾਨ ਨਾ ਕਰੀਏ ਡੁੱਬ ਜਾਂਦਾ ਹੈ ਚੜ੍ਹਿਆ ਸੂਰਜ ਰਾਤੀਂ ਘੁਪ ਹਨੇਰੇ ਅੰਦਰ ਉਸ ਮੇਰਾ ਨਾਂ ਰਖਿਆ ਸੂਰਜ ਠੰਡ ਵਿਚ ਠਰਦਾ ਛਡ ਗਏ ਮੈਨੂੰ ਜਦ ਉਹਨਾਂ ਨੂੰ ਸਦਿਆ ਸੂਰਜ ।

ਜਿਸ ਨੇ ਚੁਕਿਆ ਜ਼ਿੰਦਗਾਨੀ ਦਾ ਪਰਚਮ ਹੈ

ਜਿਸ ਨੇ ਚੁਕਿਆ ਜ਼ਿੰਦਗਾਨੀ ਦਾ ਪਰਚਮ ਹੈ ਮਰਨੇ ਦਾ ਫਿਰ ਉਸਨੂੰ ਯਾਰੋ ਕੀ ਗ਼ਮ ਹੈ ਰੋਸ਼ਨੀਆਂ ਦੇ ਸ਼ਹਿਰ 'ਚ ਆ ਕੇ ਉਲਝ ਗਏ ਕਿਸ ਦਾ ਦਰ ਖੜਕਾਈਏ ਕਿਹੜਾ ਹਮਦਮ ਹੈ ਪਿਪਲ ਦੇ ਰੁਖ ਕੋਲੋਂ ਲੰਘਿਆਂ ਸੋਚ ਫੁਰੀ ਇਸ ਦੁਨੀਆ ਦਾ ਹਰ ਇਕ ਬੰਦਾ ਗੌਤਮ ਹੈ ਫੁੱਲਾਂ ਦੇ ਸੰਗ ਰਹਿ ਕੇ ਰਾਤ ਹੰਢਾਂਦੀ ਏ ਫੇਰ ਪਤਾ ਨਹੀਂ ਕਿਸ ਲਈ ਰੋਂਦੀ ਸ਼ਬਨਮ ਹੈ ਮੈਨੂੰ ਵੀ ਇਕ ਫੁੱਲ ਸਮਝਕੇ ਮਸਲ ਗਈ ਰੁਤ ਸਮੇਂ ਦੀ ਯਾਰੋ ਕਿੰਨੀ ਜ਼ਾਲਿਮ ਹੈ ਜੰਗਲ ਚੋਂ ਆਵਾਜ਼ ਰੋਣ ਦੀ ਆਉਂਦੀ ਏ ਪਤਾ ਨਹੀਂ ਕਿਸ ਰੁੱਖ ਦੇ ਘਰ ਵਿਚ ਮਾਤਮ ਹੈ। ਜੰਗਲ ਦੇ ਵਿਚ ਜਦੋਂ ਕਬੂਤਰ ਤਕਿਆ ਮੈਂ ਮੈਨੂੰ ਲਗਿਆ ਜੀਕਣ ਮੇਰਾ ਹਮਦਮ ਹੈ ਤੇਰੇ ਵਾਂਗੋਂ ਮੈਨੂੰ ਭਾਵੇਂ ਮਾਨ ਨਹੀਂ ਮੇਰੀ ਕਵਿਤਾ ਰੂਪ ਤੇਰੇ ਤੋਂ ਉਤਮ ਹੈ।

ਜਦ ਮੈਂ ਕੌੜੀ ਕੌਫ਼ੀ ਦਾ ਘੁੱਟ

ਜਦ ਮੈਂ ਕੌੜੀ ਕੌਫ਼ੀ ਦਾ ਘੁੱਟ ਭਰਦਾ ਹਾਂ ਬੀਤ ਗਏ ਦੀ ਤਲਖ਼ੀ ਅਨੁਭਵ ਕਰਦਾ ਹਾਂ ਆਪਣਾ ਬਣ ਕੇ ਹਰ ਕੋਈ ਧੋਖਾ ਦਿੰਦਾ ਹੈ ਮੈਂ ਆਪਣੇ ਪਰਛਾਵੇਂ ਤੋਂ ਵੀ ਡਰਦਾ ਹਾਂ ਹਰ ਇਕ ਸੁਹਣੀ ਸੂਰਤ ਤੇਰੇ ਵਰਗੀ ਹੈ ਹਰ ਇਕ ਸੁਹਣੀ ਸੂਰਤ ਉਤੇ ਮਰਦਾ ਹਾਂ ਉਹ ਜਦ ਬਿਜਲੀ ਵਾਂਗੋਂ ਕੜਕ ਕੇ ਡਿਗਦੀ ਏ ਮੈਂ ਫਿਰ ਬੱਦਲ ਬਣਕੇ ਉਸ ਤੇ ਵਰ੍ਹਦਾ ਹਾਂ ਧੁਪ ਸੜਕ ਤੇ ਨਿੱਘ ਵਰਤਾਉਂਦੀ ਫਿਰਦੀ ਏ ਮੈਂ ਕੰਬਲ ਦੀ ਬੁੱਕਲ ਵਿਚ ਵੀ ਠਰਦਾ ਹਾਂ ਮੇਰੇ ਉੱਤੇ ਵਿਸ਼-ਕੰਨਿਆ ਦਾ ਜਾਦੂ ਹੈ ਪਤਾ ਨਹੀਂ ਹੁਣ ਬਚਦਾ ਹਾਂ ਕਿ ਮਰਦਾਂ ਹਾਂ ਮੈਂ ਗ਼ਜ਼ਲਾਂ ਨੂੰ ਕਪੜੇ ਨਵੇਂ ਪਵਾਏ ਹਨ ਫਿਰ ਵੀ ਆਪਣੀ ਉਸਤਤ ਕਰਨੋਂ ਡਰਦਾ ਹਾਂ ।

ਸ਼ਹਿਰ ਤੇਰੇ ਵਿਚ ਗੋਰੀ ਸਾਡਾ

ਸ਼ਹਿਰ ਤੇਰੇ ਵਿਚ ਗੋਰੀ ਸਾਡਾ ਜੋਗੀ ਵਾਲਾ ਫੇਰਾ ਹੈ ਅਲਖ ਜਗਾ ਕੇ ਤੁਰ ਜਾਣਾ ਹੈ, ਜੋ ਕੁਝ ਹੈ ਸੋ ਤੇਰਾ ਹੈ ਤੇਰਾ ਸ਼ਹਿਰ ਮੁਬਾਰਕ ਤੈਨੂੰ, ਰੌਣਕ ਤੇਰਾ ਹਿੱਸਾ ਹੈ ਜੰਗਲਾਂ ਵਰਗਾ ਜੀਵਨ ਸਾਡਾ, ਜੰਗਲਾਂ ਦੇ ਵਿਚ ਡੇਰਾ ਹੈ ਬੇਸ਼ਕ ਮੂੰਹੋਂ ਬੋਲ ਨਾ ਜੋਗੀ, ਬੇਸ਼ਕ ਦਿਲ ਦੀ ਬਾਤ ਨਾ ਕਹਿ ਫਿਰ ਵੀ ਲਗਦੈ ਇਸ ਬਸਤੀ ਵਿਚ ਗੁੰਮ ਗਿਆ ਕੁਝ ਤੇਰਾ ਹੈ ਸ਼ਹਿਰ-ਬਹਾਰਾਂ ਤੋਂ ਚੱਲੇ ਸਾਂ, ਸ਼ਹਿਰ-ਸਲੀਬਾਂ ਆ ਪਹੁੰਚ ਹਾਲੇ ਤਕ ਰਾਹਬਰ ਹੈ ਕਹਿੰਦਾ, ਬਾਕੀ ਸਫਰ ਬਥੇਰਾ ਹੈ ਇਨਕਲਾਬ ਦੇ ਰਾਹੀਓ ਦਸੋ ਕਿਤਨਾ ਪੈਂਡਾ ਬਾਕੀ ਹੈ ਕਿਤਨੀ ਦੂਰ ਅਜੇ ਹੈ ਮੰਜ਼ਿਲ ਕਿਤਨੀ ਦੂਰ ਸਵੇਰਾ ਹੈ ਪਤਨੀ ਕੋਲੋਂ ਬਾਂਹ ਛੁਡਾ ਕੇ ਮਕਤਲ ਦੇ ਵਿਚ ਆਏ ਹਾਂ ਬੱਚੇ ਸਾਹਵੇਂ ਫਾਹੇ ਲਗਣਾ ਇਹ ਸਾਡਾ ਹੀ ਜੇਰਾ ਹੈ ਕੜੀਆਂ ਦੀ ਛਣਕਾਰ ਹੀ ਸਾਨੂੰ ਮੰਜ਼ਿਲ ਤੀਕਣ ਲੈ ਪਹੁੰਚੀ ਘੁਪ ਹਨੇਰੀ ਜੇਲ 'ਚ ਹੋਇਆ ਮੰਨ ਦਾ ਦੂਰ ਹਨੇਰਾ ਹੈ।

ਜ਼ਮਾਨਾ ਉਨ੍ਹਾਂ ਦੇ ਇਸ਼ਾਰੇ ਨੂੰ ਤਰਸੇ

ਜ਼ਮਾਨਾ ਉਨ੍ਹਾਂ ਦੇ ਇਸ਼ਾਰੇ ਨੂੰ ਤਰਸੇ ਕਿ ਹਰ ਬੇ-ਸਹਾਰਾ ਸਹਾਰੇ ਨੂੰ ਤਰਸੇ ਜਫ਼ਾ ਤੋਂ ਵੀ ਉਹਨਾਂ ਨੇ ਮੂੰਹ ਮੋੜ ਲੀਤਾ ਜੇ ਤਰਸੇ ਤੇ ਦਿਲ ਕਿਸੇ ਸਹਾਰੇ ਨੂੰ ਤਰਸੇ ਨਜ਼ਾਰੇ ਵੀ ਤਰਸਨ ਕਿਸੇ ਦੀ ਨਜ਼ਰ ਨੂੰ ਕਿਸੇ ਦੀ ਨਜ਼ਰ ਵੀ ਨਜ਼ਾਰੇ ਨੂੰ ਤਰਸੇ ਜੋ ਜੀਵਨ 'ਚ ਤੇਰੇ ਇਸ਼ਾਰੇ ਤੇ ਜੀਂਦਾ ਉਹ ਜੀਵਨ 'ਚ ਤੇਰੇ ਇਸ਼ਾਰੇ ਨੂੰ ਤਰਸੇ ਕਈ ਵਾਰ ਕਸ਼ਤੀ ਨੂੰ ਤਰਸਨ ਕਿਨਾਰੇ ਕਈ ਵਾਰ ਕਸ਼ਤੀ ਕਿਨਾਰੇ ਨੂੰ ਤਰਸੇ ।

ਗ਼ਮ ਨਾਲ ਮਰਦਾ ਰਾਤ ਜਦ

ਗ਼ਮ ਨਾਲ ਮਰਦਾ ਰਾਤ ਜਦ ਇਕ ਸ਼ਖਸ ਵੇਖਿਆ ਮੇਰੇ ਜ਼ਿਹਨ ਵਿਚ ਆਪਣਾ ਹੀ ਅਕਸ ਉਭਰਿਆ ਆਪਣੇ ਸਮੇਂ ਦਾ ਮੈਂ ਵੀ ਹਾਂ ਸੁਕਰਾਤ ਦੋਸਤ ਮੈਂ ਵੀ ਮਨੁੱਖਤਾ ਵਾਸਤੇ ਹੈ ਜ਼ਹਿਰ ਪੀ ਲਿਆ ਆਪਣੇ ਉਦੇਸ਼ ਵਾਸਤੇ ਮਰਨਾ ਹੈ ਜ਼ਿੰਦਗੀ ਚੁੰਮ ਕੇ ਸਲੀਬ ਗਲ ਕੋਈ ਸਚੀ ਹੈ ਕਹਿ ਗਿਆ ਇਕ ਕਿਰਨ ਵੀ ਨਾ ਮਿਲ ਸਕੀ ਉਸ ਨੂੰ ਉਮੀਦ ਦੀ ਛਡ ਕੇ ਅਮਲ ਜੋ ਸੋਚ ਦੇ ਜੰਗਲ 'ਚ ਭਟਕਿਆ ਛਾਵਾਂ ਤਾਂ ਮੈਨੂੰ ਰਾਹ ਵਿਚ ਮਿਲੀਆਂ ਬਥੇਰੀਆਂ ਧੁੱਪਾਂ ਤੋਂ ਵਧ ਕੇ ਚੁਭੀਆਂ ਮੈਂ ਜਦ ਵੀ ਠਹਿਰਿਆ ।

ਬੁੱਢੇ ਰੁਖ ਨੇ ਯਾਰੀ ਲਾਈ

ਬੁੱਢੇ ਰੁਖ ਨੇ ਯਾਰੀ ਲਾਈ ਤੇਜ਼ ਤਰਾਰ ਹਵਾਵਾਂ ਨਾਲ ਵੇਖੋ ਕਿਤਨਾ ਕਹਿਰ ਕਮਾਇਆ ਆਪਣਿਆਂ ਹੀ ਚਾਵਾਂ ਨਾਲ ਮੰਨਦੇ ਹਾਂ ਕਿ ਪਿਆਰੇ ਪਿਆਰੇ ਬੱਚੇ ਘਰ ਦੀ ਰੌਣਕ ਨੇ ਪਰ ਇਹਨਾਂ ਦੀ ਕਦਰੋ-ਕੀਮਤ ਸੁਘੜ ਸਿਆਣੀਆਂ ਮਾਵਾਂ ਨਾਲ ਹੁਣ ਤੇ ਆਪਣੇ ਸਿਰ ਦੇ ਉਤੇ ਚਾਂਦੀ ਰੰਗੇ ਫੁੱਲ ਖਿੜਦੇ ਹੁਣ ਤੇ ਯਾਰੀ ਨਿਭ ਨਹੀਂ ਸਕਦੀ ਸ਼ੂਕਦਿਆਂ ਦਰਿਆਵਾਂ ਨਾਲ ਨੇਤਾਵਾਂ ਦੇ ਭਾਸ਼ਨ ਸੁਣ ਸੁਣ ਆਪਾਂ ਨਿਰਨਾ ਕੀਤਾ ਹੈ ਨੇਤਾਵਾਂ ਦੀ ਤੁਲਨਾ ਕਰੀਏ ਕਾਂ ਕਾਂ ਕਰਦਿਆਂ ਕਾਵਾਂ ਨਾਲ ਐਹ ਆਜ਼ਾਦ ਵਤਨ ਦੇ ਲੋਕੋ ਉਹਨਾਂ ਦੀ ਵੀ ਬਾਤ ਕਰੋ ਆਜ਼ਾਦੀ ਦੀ ਖਾਤਰ ਜਿਹੜੇ ਸੂਲੀ ਚੜ੍ਹ ਗਏ ਚਾਵਾਂ ਨਾਲ ।

ਮੇਰੇ ਜ਼ਿਹਨ ਤੇ ਛਾ ਰਹੇ ਨੇ

ਮੇਰੇ ਜ਼ਿਹਨ ਤੇ ਛਾ ਰਹੇ ਨੇ ਅੱਗ ਦੇ ਸ਼ਬਦ ਅਹਿਸਾਸ ਬਣਦੇ ਜਾ ਰਹੇ ਨੇ ਅੱਗ ਦੇ ਸ਼ਬਦ ਆਪਣੇ ਨਗਰ ਦੇ ਮੋੜ ਤੋਂ ਕਾਤਿਲ ਦੇ ਸ਼ਹਿਰ ਤਕ ਸਾਰੇ ਹੀ ਲੋਕ ਗਾ ਰਹੇ ਨੇ ਅੱਗ ਦੇ ਸ਼ਬਦ ਹੁਣ ਬੇੜੀਆਂ ਦੀ ਛਣਕ ਤੇ ਕੜੀਆਂ ਦੇ ਸਾਜ਼ ਤੇ ਕੁਛ ਲੋਕ ਗੁਣ ਗੁਣਾ ਰਹੇ ਨੇ ਅੱਗ ਦੇ ਸ਼ਬਦ ਆਵਾਜ਼ ਬਣਦੀ ਜਾ ਰਹੀ ਤਲਵਾਰ ਵਾਂਗਰਾਂ ਲਲਕਾਰ ਬਣਦੇ ਜਾ ਰਹੇ ਨੇ ਅੱਗ ਦੇ ਸ਼ਬਦ ਇਤਿਹਾਸ ਦੇ ਪ੍ਰਸੰਗ ਚੋਂ ਕੱਢੇ ਨਾ ਜਾਣਗੇ ਜੋ ਲੋਕ ਲਿਖਦੇ ਜਾ ਰਹੇ ਨੇ ਅੱਗ ਦੇ ਸ਼ਬਦ ।

ਦਿਨ ਦਾ ਸਫ਼ਰ ਮੁਕਾ ਕੇ ਸ਼ਾਮੀਂ

ਦਿਨ ਦਾ ਸਫ਼ਰ ਮੁਕਾ ਕੇ ਸ਼ਾਮੀਂ ਜਦ ਮੁੜ ਆਣ ਕਬੂਤਰ ਆਹਲਣਿਆਂ ਦੇ ਨਿਘ ਵਿਚ ਬਹਿਕੇ ਬਾਤਾਂ ਪਾਣ ਕਬੂਤਰ ਅਕਲਾਂ ਵਾਲੇ ਇਸ ਦੁਨੀਆ ਵਿਚ ਰਹਿਣ ਹਮੇਸ਼ਾਂ ਮਿਲ ਕੇ ਜਾਲ ਉਠਾ ਕੇ ਉਡਦੇ ਜਾਂਦੇ ਇਹ ਸਮਝਾਣ ਕਬੂਤਰ ਰਾਤਾਂ ਨੂੰ ਸੁੰਨਸਾਨ ਸੜਕ ਤੇ ਇਕ ਬਾਜ਼ਾਰ ਹੈ ਖੁਲ੍ਹਦਾ ਸੁਹਣੇ ਚਿੱਟੇ, ਕਾਲੇ, ਪੀਲੇ ਵਿਕਦੇ ਆਣ ਕਬੂਤਰ ਜਦ ਬਸਤੀ ਦੀ ਭੀੜ ਤੋਂ ਬਚ ਕੇ ਮੈਂ ਖੰਡਰ ਵਿਚ ਆਵਾਂ ਗੁਟਕੂੰ ਗੁਟਕੂੰ ਕਰ ਕੇ ਮੇਰਾ ਦਿਲ ਪਰਚਾਣ ਕਬੂਤਰ ਕਦਮ ਕਦਮ ਤੇ ਕਈ ਸ਼ਿਕਾਰੀ ਬੈਠੇ ਜਾਲ ਵਿਛਾ ਕੇ ਇਸ ਬਸਤੀ ਚੋਂ ਯਾਰੋ ਕੀਕਣ ਬਚ ਕੇ ਜਾਣ ਕਬੂਤਰ ਖੰਡਰ ਦੇ ਵਿਚ ਸੁੰਦਰਤਾ ਦੀ ਰੋਜ਼ ਨੁਮਾਇਸ਼ ਲੱਗੇ ਚਿਟੇ ਕਾਲੇ, ਚਿਤਰੇ ਬਿਤਰੇ, ਜਦ ਘਰ ਆਣ ਕਬੂਤਰ ।

ਫਸਲਾਂ ਥੀਂ ਲਹਿਰਾਂਦੇ ਖੇਤ

ਫਸਲਾਂ ਥੀਂ ਲਹਿਰਾਂਦੇ ਖੇਤ ਕਿੰਨੀ ਆਸ ਬਨ੍ਹਾਂਦੇ ਖੇਤ ਦਿਲ ਦੁਖਦੈ ਜਦ ਲਹਿਣੇਦਾਰ ਲੁਟ ਕੇ ਨੇ ਲੈ ਜਾਂਦੇ ਖੇਤ ਕ੍ਰਿਤ-ਕਹਾਣੀ ਕਾਮੇ ਦੀ ਮੁੜ ਮੁੜ ਕੇ ਦੁਹਰਾਂਦੇ ਖੇਤ ਇਕ ਦਿਨ ਆਪਣੇ ਹੋਵਣਗੇ ਸੋਨਾ ਉਗਲੀ ਜਾਂਦੇ ਖੇਤ ਕਣਕਾਂ ਮਕੀਆਂ ਝੋਨੇ ਥੀਂ ਸੋਨਾ ਉਗਲੀ ਜਾਂਦੇ ਖੇਤ ਕਾਮੇ ਦੀ ਹਿੰਮਤ ਦੇ 'ਜੋਸ਼' ਵੇਖੋ ਕਿੱਸੇ ਗਾਂਦੇ ਖੇਤ ।

ਤੋੜ ਕੇ ਪਿੰਜਰਾ ਅੰਬਰ ਦੇ ਵਲ

ਤੋੜ ਕੇ ਪਿੰਜਰਾ ਅੰਬਰ ਦੇ ਵਲ ਉਡਦੇ ਜਾਂਦੇ ਤੋਤੇ ਆਜ਼ਾਦੀ ਦੀ ਕੀਮਤ ਪਾਵੋ, ਇਹ ਸਮਝਾਂਦੇ ਤੋਤੇ ਸੀਸ ਤਲੀ ਤੇ ਧਰ ਕੇ ਯੋਧੇ ਜਦ ਮਕਤਲ ਵਿਚ ਆਵਣ ਓਸੇ ਪਲ ਉਡ ਜਾਵਣ ਕਾਤਿਲ ਦੇ ਹੱਥਾਂ ਦੇ ਤੋਤੇ ਦੇਸ਼ ਮੇਰੇ ਦੇ ਭੋਲੇ ਲੋਕੀਂ ਕਰ ਉਠਦੇ ਨੇ ਵਾਹ ਵਾਹ ਜਦੋਂ ਅਸੰਬਲੀ ਘਰ ਦੇ ਅੰਦਰ ਲਾਰੇ ਲਾਂਦੇ ਤੋਤੇ ਦਿਨ ਚੜ੍ਹਦੇ ਹੀ ਮੂਡ ਆਪਣਾ ਰੋਜ਼ ਆਫ਼ ਹੋ ਜਾਂਦਾ ਰਾਮ ਨਾਮ ਦੀ ਧੁਨੀ ਸੁਣਾ ਕੇ ਜਦੋਂ ਜਗਾਂਦੇ ਤੋਤੇ ਬਚਿਆਂ ਵਿਚੋਂ ਤਕੀਏ ਤਾਂ ਇਹ ਬੜੇ ਪਿਆਰੇ ਲਗਣ ਜੇ ਤਕੀਏ ਨੇਤਾਵਾਂ ਵਿਚੋਂ ਫੇਰ ਨਾ ਭਾਂਦੇ ਤੋਤੇ ਉਹ ਕੀ ਜਾਨਣ ਭੇਦ ਖੁਸ਼ੀ ਦਾ, ਉਹ ਕੀ ਮਾਨਣ ਖੁਲ੍ਹਾਂ ਪਿੰਜਰੇ ਵਿਚ ਜੋ ਚਾਈਂ ਚਾਈਂ ਚੂਰੀ ਖਾਂਦੇ ਤੋਤੇ ਵੋਟਾਂ ਦਾ ਯੁਗ ਵੇਖਕੇ ਆਪਾਂ ਇਹ ਨਿਰਨਾ ਹੈ ਕੀਤਾ ਬਾਗਾਂ ਦੀ ਰਖਵਾਲੀ ਲੋਕੀਂ ਆਪ ਬਿਠਾਂਦੇ ਤੋਤੇ ।

ਵਿਦਿਆਲੇ ਚੋਂ ਥੱਕੇ ਟੁਟੇ

ਵਿਦਿਆਲੇ ਚੋਂ ਥੱਕੇ ਟੁਟੇ ਸ਼ਾਮ ਢਲੇ ਘਰ ਆਈਏ ਰਾਤੀਂ ਘਰ ਦੀ ਘੋਰ ਉਦਾਸੀ ਆਪਣੇ ਗਲੇ ਲਗਾਈਏ ਦਫਤਰ ਦੇ ਵਿਚ ਅਸੀਂ ਬੌਸ ਦੀ ਕਰੀਏ ਰੋਜ਼ ਖੁਸ਼ਾਮਦ ਕਵੀਆਂ ਦੀ ਮਹਿਫ਼ਲ ਵਿਚ ਵੀ ਵਿਦਰੋਹੀ ਕਵੀ ਕਹਾਈਏ ਹਰ ਇਕ ਫੁੱਲ ਨੇ ਵਕਤ ਆਉਣ ਤੇ ਬਣ ਜਾਣਾ ਹੈ ਕੰਡਾ ਦਸੋ ਦਿਲਾਂ ਦੇ ਗੁਲਦਸਤੇ ਵਿਚ ਕਿਹੜਾ ਫੁੱਲ ਸਜਾਈਏ ਸੜਕਾਂ ਉਤੇ ਸੁੰਦਰਤਾ ਦੀ ਲੱਗੇ ਜਦੋਂ ਨੁਮਾਇਸ਼ ਘਰ ਦੀ ਘੋਰ ਉਦਾਸੀ ਛਡ ਕੇ ਸੜਕਾਂ ਉਤੇ ਆਈਏ ਹਰ ਇਕ ਚਮਕਣ ਵਾਲੀ ਵਸਤੂ ਸੋਨਾ ਤਾਂ ਨਹੀਂ ਹੁੰਦੀ ਭੋਲੀ ਭਾਲੀ ਸੂਰਤ ਉਤੇ ਐਵੇਂ ਨਾ ਵਿਕ ਜਾਈਏ ਮਹਿਲਾਂ ਦੇ ਵਿਚ ਵਸਦੇ ਲੋਕੋ ਸਾਨੂੰ ਵੀ ਕੁਛ ਦਸੋ ਠੰਡ ਦੀ ਰੁਤੇ ਫੁਟ-ਪਾਥਾਂ ਤੇ ਕੀਕਣ ਰਾਤ ਬਿਤਾਈਏ ਹੱਕਾਂ ਦੀ ਖਾਤਰ ਜੇ ਬਾਹਾਂ ਕਠੀਆਂ ਹੋਕੇ ਉਠਣ ਚਾਰ ਦਿਨਾਂ ਦੇ ਅੰਦਰ ਸੁਪਨੇ ਸੱਚੇ ਕਰ ਦਿਖਲਾਈਏ ।

ਸੀਸ ਤਲੀ ਤੇ ਧਰ ਕੇ ਯੋਧੇ

ਸੀਸ ਤਲੀ ਤੇ ਧਰ ਕੇ ਯੋਧੇ ਜਦ ਵੀ ਆਏ ਮਕਤਲ ਵਿਚ ਇਕ ਵਾਰੀ ਤਾਂ ਕਾਤਿਲ ਵੀ ਕਹਿ ਉਠਿਆਂ ਹਾਇ ! ਮਕਤਲ ਵਿਚ ਮਕਤਲ ਦੇ ਵਿਚ ਕਲ੍ਹ ਇਕ ਯੋਧਾ ਸਚੀਆਂ ਗਲਾਂ ਆਖ ਗਿਆ ਮਹਿਕਾਂ ਦੀ ਰੁੱਤ ਵੰਡਣ ਖਾਤਰ ਅਸੀਂ ਹਾਂ ਆਏ ਮਕਤਲ ਵਿਚ ਸੜਕਾਂ ਉਤੇ ਗਲੀਆਂ ਅੰਦਰ ਹਾਲੇ ਤੀਕਣ ਗੂੰਜ ਰਹੇ ਭਗਤ ਸਿੰਘ ਸਰਦਾਰ ਨੇ ਜਿਹੜੇ ਬੋਲ ਸੁਣਾਏ ਮਕਤਲ ਵਿਚ ਲਾੜੀ ਮੌਤ ਵਿਆਹਵਣ ਵਾਲੇ ਮਕਤਲ ਦੇ ਵਿਚ ਫਬਦੇ ਨੇ ਮਰਨੇ ਤੋਂ ਡਰ ਲਗਦੈ ਜਿਸਨੂੰ ਉਹ ਨਾ ਜਾਏ ਮਕਤਲ ਵਿਚ ਮੈਂ ਉਹ ਸ਼ਖਸ ਕਿ ਜਿਸਦੇ ਕੋਲੋਂ ਕਾਤਿਲ ਵੀ ਕੰਬ ਉਠਦਾ ਏ ਕੌਣ ਭਲਾ ਫਿਰ ਮੇਰੇ ਸਾਹਵੇਂ ਖੜ ਸਕਦਾ ਏ ਮਕਤਲ ਵਿਚ ।

ਕਦਮ ਕਦਮ ਤੇ ਇਸ ਬਸਤੀ ਵਿਚ

ਕਦਮ ਕਦਮ ਤੇ ਇਸ ਬਸਤੀ ਵਿਚ ਨਾਗਣ ਦੇਂਦੀ ਪਹਿਰਾ ਹੈ ਇੰਜ ਲਗਦਾ ਹੈ ਇਸ ਬਸਤੀ ਦਾ ਕੋਈ ਸਪੇਰਾ ਰਾਜਾ ਹੈ ਰੋਂਦੀ ਪਤਨੀ, ਹਸਦਾ ਬੱਚਾ ਘਰ ਵਿਚ ਛਡ ਕੇ ਆਇਆ ਹਾਂ ਹੁਣ ਦਸੋ ਖਾਂ, ਕਿਸਦੇ ਮੋਹ ਨੇ ਮੇਰਾ ਪੱਲਾ ਫੜਨਾ ਹੈ ਮੇਰੀ ਸੋਚ ਵੀ ਖਾਸ ਕਿਸਮ ਦੇ ਰਸਤੇ ਉਤੇ ਚਲਦੀ ਹੈ ਇੰਜ ਲਗਦਾ ਹੈ ਈਸਾ ਵਾਂਗੋਂ ਮੈਂ ਵੀ ਸੂਲੀ ਚੜ੍ਹਨਾ ਹੈ ਇਹ ਜ਼ੰਜੀਰਾਂ ਅਤੇ ਸਲੀਬਾਂ ਕੀ ਰੋਕਣਗੀਆਂ ਉਹਨਾਂ ਨੂੰ ਜੇਹਨਾਂ ਨੇ ਹਰ ਹਾਲਤ ਦੇ ਵਿਚ ਮੰਜ਼ਿਲ ਉਤੇ ਪੁਜਣਾ ਹੈ ਜਿਸ ਬੂਟੀ ਲਈ ਸਾਰੀ ਆਯੂ ਜੰਗਲਾਂ ਦੇ ਵਿਚ ਭਟਕੇ ਸਾਂ ਪਤਾ ਨਹੀਂ ਸੀ ਉਸ ਬੂਟੀ ਨੇ ਵਿਸ਼ ਦੇ ਵਾਂਗੋਂ ਲਗਣਾ ਹੈ ।

ਕਿਹੜਾ ਚਿੰਤਕ ਸਮਝ ਲਵੇਗਾ

ਕਿਹੜਾ ਚਿੰਤਕ ਸਮਝ ਲਵੇਗਾ ਮੇਰੀ ਪਿਆਰੀ ਕਵਿਤਾ ਮੈਂ ਜੀਵਨ ਦੇ ਅਨੁਭਵ ਵਿਚੋਂ ਰਚੀ ਹੈ ਸਾਰੀ ਕਵਿਤਾ ਮਰਨੋਂ ਬਾਦ ਤਾਂ ਲਗ ਸਕਦੀ ਹੈ ਐਮ. ਏ. ਦੇ ਵਿਚ ਯਾਰੋ ਜੀਵਨ ਵਿਚ ਛਪਵਾ ਨਹੀਂ ਸਕਦੇ ਲੋਕ-ਲਿਖਾਰੀ ਕਵਿਤਾ ਇਸਦਾ ਅੱਖਰ ਅੱਖਰ ਯਾਰੋ ਲੋਕਾਂ ਦਾ ਹੈ ਦਰਦੀ ਐਵੇਂ ਤਾਂ ਨਹੀਂ ਮੇਰੀ ਲੋਕਾਂ ਨੇ ਸਤਿਕਾਰੀ ਕਵਿਤਾ ਇਕ ਦਿਨ ਉਸਨੇ ਅੱਗ ਪਾਉਣੀ ਏਂ ਸ਼ੀਸ਼ ਮਹੱਲਾਂ ਅੰਦਰ ਝੁੱਗੀਆਂ ਬਾਰੇ ਜਿਹੜਾ ਲਿਖਦਾ ਲੋਕ-ਲਿਖਾਰੀ ਕਵਿਤਾ ਦੁਨੀਆ ਭਰ ਦੇ ਮਜ਼ਦੂਰਾਂ ਦੀ ਜਦ ਮੈਂ ਪੀੜਾ ਸਮਝੀ ਮੈਂ ਵਿਦਰੋਹੀ ਨਾਇਕ ਬਾਰੇ ਲਿਖੀ ਹੈ ਸਾਰੀ ਕਵਿਤਾ ਸੰਗਰਾਮਾਂ ਦੇ ਅਨੁਭਵ ਵਿਚੋਂ ਜਿਹੜੀ ਜਨਮ ਲਵੇਗੀ ਹਰ ਇਕ ਯੁਗ ਦੇ ਵਿਚ ਜੀਵੇਗੀ ਐਸੀ ਪਿਆਰੀ ਕਵਿਤਾ ।

ਨੰਗੇ ਪੈਰੀਂ ਮਾਰੂ ਥਲ ਦਾ

ਨੰਗੇ ਪੈਰੀਂ ਮਾਰੂ ਥਲ ਦਾ ਹਸ ਕੇ ਸਫਰ ਮੁਕਾਇਆ ਹੈ ਜਿਥੋਂ ਤੀਕਣ ਪੁਗ ਸਕਦਾ ਸੀ ਆਪਾਂ ਪਿਆਰ ਪੁਗਾਇਆ ਹੈ ਸੋਚ ਰਿਹਾ ਹਾਂ, ਬਿਨਾਂ ਕਿਰਾਏ ਕੀਕਣ ਦਿੱਲੀ ਜਾਣਾ ਏਂ ਮੰਨਦਾ ਹਾਂ ਕਿ ਉਸਨੇ ਮੈਨੂੰ ਰੀਝਾਂ ਨਾਲ ਬੁਲਾਇਆ ਹੈ ਰਾਤੀਂ ਮੇਰੇ ਗੀਤਾਂ ਵਰਗੇ ਗੀਤ ਪਿਆ ਕੋਈ ਗਾਂਦਾ ਸੀ ਜਿਸਦੇ ਗ਼ਮ ਨੂੰ ਸੁਣਕੇ ਆਪਾਂ ਆਪਣਾ ਆਪ ਭੁਲਾਇਆ ਹੈ ਜਦ ਵੀ ਘਰ ਮਹਿਮਾਨ ਨੇ ਆਉਂਦੇ ਘੋਰ ਉਦਾਸੀ ਛਾ ਜਾਂਦੀ ਉਂਜ ਮੈਂ ਬੂਹੇ ਉਤੇ ਫੱਟਾ 'ਜੀ ਆਇਆਂ' ਦਾ ਲਾਇਆ ਹੈ ਬੁਲ੍ਹਾਂ ਉਤੇ ਹਾਸੇ ਦੀ ਗੱਲ ਐਵੇਂ ਇਕ ਮੁਲੰਮਾ ਏਂ ਹਰ ਬੰਦੇ ਨੇ ਚਿਹਰੇ ਉਤੇ ਚਿਹਰਾ ਹੋਰ ਚੜ੍ਹਾਇਆ ਹੈ ਨਦੀ ਕਿਨਾਰੇ ਰਹਿਕੇ ਜਿਹੜਾ ਸ਼ਖਸ ਪਿਆਸਾ ਰਹਿੰਦਾ ਏ ਮੇਰੇ ਵਰਗੀ ਕਿਸਮਤ ਉਸਦੀ ਉਹ ਮੇਰਾ ਹਮਸਾਇਆ ਹੈ ।

ਹਰ ਪਾਸੇ ਗੁਲਸ਼ਨ ਵਿਚ ਪਤਝੜ

ਹਰ ਪਾਸੇ ਗੁਲਸ਼ਨ ਵਿਚ ਪਤਝੜ ਦੇ ਸਾਏ ਨੇ ਕੁਛ ਪੱਤੇ ਪੀਲੇ ਨੇ, ਕੁਛ ਫੁੱਲ ਕੁਮਲਾਏ ਨੇ ਮੈਂ ਦੱਸਾਂ ਸ਼ਹਿਰ ਦੀਆਂ ਗਲੀਆਂ ਨੇ ਕਿਉਂ ਰੋਈਆਂ ਕੁਛ ਲੋਕਾਂ ਫੁੱਲਾਂ ਦੇ ਸਿਰ ਕਲਮ ਕਰਾਏ ਨੇ ਹਰ ਮੋੜ ਤੋਂ ਮੰਜ਼ਿਲ ਤਕ ਇਕ ਜਿਹਾ ਪੈਂਡਾ ਹੈ ਕੁਛ ਮਾਰੂ ਧੁੱਪਾਂ ਨੇ ਕੁਛ ਸੜਦੇ ਸਾਏ ਨੇ ਦਸੋ ਖਾਂ ਉਹਨਾਂ ਨੂੰ ਮਾਰੋਗੇ ਭਲਾ ਕਿਦਾਂ ਜੋ ਲੋਕੀਂ ਅੱਗ ਬਣ ਕੇ ਰਣ ਅੰਦਰ ਆਏ ਨੇ ਅਜ ਕਲ੍ਹ ਤਾਂ ਆਪਣਾ ਵੀ ਉਹਨਾਂ ਵਿਚ ਚਰਚਾ ਹੈ ਗ਼ਮ ਸਾਰੀ ਦੁਨੀਆ ਦੇ ਜਿਹਨਾਂ ਅਪਣਾਏ ਨੇ ।

ਆਜ਼ਾਦੀ ਨੇ ਸੋਚਾਂ ਉਤੇ

ਆਜ਼ਾਦੀ ਨੇ ਸੋਚਾਂ ਉਤੇ ਲਾਏ ਕਰੜੇ ਪਹਿਰੇ ਗੋਲੀ, ਫ਼ਾਂਸੀ ਦੇ ਯੁਗ ਅੰਦਰ ਕੌਣ ਭਲਾ ਸੱਚ ਬੋਲੇ ਕੁਛ ਲੋਕੀ ਤਾਂ ਟਾਈਟਲ ਪੜ੍ਹ ਕੇ ਪੜ੍ਹ ਲੈਂਦੇ ਨੇ ਪੁਸਤਕ ਤੇ ਕੁਛ ਲੋਕੀ ਪੁਸਤਕ ਪੜ੍ਹ ਕੇ ਟਾਈਟਲ ਵੀ ਭੁੱਲ ਜਾਂਦੇ ਆਜ਼ਾਦੀ ਦੇ ਵਰ੍ਹਿਆਂ ਅੰਦਰ ਖੂਬ ਤਰੱਕੀ ਹੋਈ ਪੀਲਾ ਰੰਗ ਉਦਾਸੀਆਂ ਅੱਖਾਂ ਉਤਰੇ ਉਤਰੇ ਚਿਹਰੇ ਰੰਗ ਬਰੰਗੇ ਫੁੱਲਾਂ ਉਤੇ ਐਵੇਂ ਨਾ ਵਿਕ ਜਾਓ ਗੁਲਦਾਨਾਂ ਵਿਚ ਲੋਕ ਨੇ ਅਕਸਰ ਕਾਗਜ਼ ਦੇ ਫੁੱਲ ਰਖਦੇ ਬੰਦ ਕਮਰੇ ਵਿਚ ਕਲਾ ਬਹਿਕੇ ਜਦ ਮੈਂ ਜ਼ਿਹਨ ਫਰੋਲਾਂ ਪਤਨੀ ਤੇ ਮਹਿਬੂਬ ਦੇ ਚਿਹਰੇ ਆਪਸ ਵਿਚ ਮਿਲ ਜਾਂਦੇ ਮਨ-ਮੰਦਰ ਵਿਚ ਮੂਰਤ ਬਣਕੇ ਸ਼ਖਸ ਕੋਈ ਨਾ ਵਸਿਆ ਕਦਮ ਕਦਮ ਤੇ ਪਿਆਰੇ ਪਿਆਰੇ ਲੋਕ ਰਹੇ ਨੇ ਮਿਲਦੇ।

ਸੜਕਾਂ ਉਤੇ ਭੀਖ ਮੰਗਦੇ ਨੇ

ਸੜਕਾਂ ਉਤੇ ਭੀਖ ਮੰਗਦੇ ਨੇ ਇਹ ਜੋ ਭੁਖਾਂ ਮਾਰੇ ਬੱਚੇ ਇਹਨਾਂ ਦੀ ਆਵਾਜ਼ ਪਛਾਣੋ, ਇਹ ਵੀ ਤਾਂ ਹਨ ਪਿਆਰੇ ਬੱਚੇ ਵਿਦਿਆਲੇ ਨੂੰ ਜਾਣ ਵੇਲੇ ਕਲ੍ਹ ਪੁਛਦਾ ਸੀ ਮੇਰਾ ਮੁੱਨਾ ਡੈਡੀ ਮੈਨੂੰ ਇਹ ਤਾਂ ਦਸੋ ਕਿਉਂ ਨਹੀਂ ਪੜ੍ਹਦੇ ਸਾਰੇ ਬੱਚੇ ਢਿਡੋਂ ਭੁਖੇ, ਪਿੰਡਿਓਂ ਨੰਗੇ ਫੁਟ ਪਾਥਾਂ ਤੇ ਸੌਂ ਜਾਵਣ ਜੋ ਦੇਸ਼ ਦਿਓ ਗ਼ਮਖਾਰੋ ਦਸੋ ਕੀ ਬਣਸਨ ਇਹ ਸਾਰੇ ਬਚੇ ਹਰ ਕੋਈ ਏਥੇ ਜਿਸਮ ਹੈ ਮੰਗਦਾ ਆਖ ਰਹੀ ਸੀ ਕਲ੍ਹ ਇਕ ਵਿਧਵਾ ਜੇਕਰ ਆਪਣਾ ਜਿਸਮ ਬਚਾਵਾਂ ਪਲ ਨਹੀਂ ਸਕਦੇ ਪਿਆਰੇ ਬੱਚੇ ਜੰਗ ਬਾਜ਼ੋ ਕੁਝ ਹੋਸ਼ ਕਰੋ ਹੁਣ ਕਾਫ਼ੀ ਦੁਨੀਆ ਉਜੜ ਗਈ ਏ ਹਿੰਦ, ਚੀਨ ਯਾ ਪਾਕ ਦੇ ਹੋਵਣ ਇਕੋ ਜਹੇ ਨੇ ਸਾਰੇ ਬੱਚੇ ਕਿੰਨਾ ਸੀ ਉਹ ਜਿਗਰੇ ਵਾਲਾ ਵਾਰ ਗਿਆ ਜੋ ਚਾਰੇ ਬੱਚੇ ਬਚਿਆਂ ਵਾਲਿਓ ਸੋਚ ਕੇ ਦਸੋ ਹੋਰ ਭਲਾ ਕਿਸ ਵਾਰੇ ਬੱਚੇ

ਭਗਤ ਸਿੰਘ ਤਾਂ ਸੂਲੀਆਂ ਉਤੇ

ਭਗਤ ਸਿੰਘ ਤਾਂ ਸੂਲੀਆਂ ਉਤੇ ਚੜ੍ਹਦੇ ਨੇ ਬੁਜ਼ਦਿਲ ਲੋਕੀ ਪਤ੍ਰਿਕਾ ਹੀ ਪੜ੍ਹਦੇ ਨੇ ਸੜਕਾਂ ਤੇ ਵਿਗਿਆਪਨ ਬਣ ਕੇ ਨਿਕਲੋ ਨਾ ਲੋਕੀਂ ਉਡਦੀ ਤਿਤਲੀ ਦੇ ਰੰਗ ਫੜਦੇ ਨੇ ਚਿੱਟਾ ਖਦਰ ਪਾ ਕੇ ਅਨੁਭਵ ਕੀਤਾ ਹੈ ਲੋਕੀ ਐਵੇ ਭੁਖ ਦੀ ਅੱਗ ਵਿਚ ਸੜਦੇ ਨੇ ਉਹਨਾਂ ਚਾਰ ਚੁਫੇਰਾ ਰੋਸ਼ਨ ਕਰਨਾ ਹੈ ਝੁੱਗੀਆਂ ਵਿਚੋਂ ਜਿਹੜੇ ਸੂਰਜ ਚੜ੍ਹਦੇ ਨੇ ਕਿਸਦੇ ਹਾਸੇ ਵਿਚੋਂ ਮਹਿਕਾਂ ਲਭਦੇ ਓ ਅਜ ਕਲ ਹਸਿਆਂ ਕਾਗਜ਼ ਦੇ ਫੁੱਲ ਝੜਦੇ ਨੇ ਬੜਾ ਪਿਆਰਾ ਰੂਪ ਤੇ ਚੋਗਾ ਗੱਲਾਂ ਦਾ ਅਜ ਕਲ ਲੋਕੀਂ ਇਵੇਂ ਕਬੂਤਰ ਫੜਦੇ ਨੇ ।

ਕੁਝ ਸ਼ੇਅਰ

ਰੋਜ਼ ਬਨੇਰੇ ਤੇ ਆ ਬੈਠਣ, ਚਿੜੀਆਂ ਕਾਂ ਕਬੂਤਰ ਤੋਤੇ ਮੈਨੂੰ ਮੇਰੇ ਸਾਥੀ ਜਾਪਣ, ਚਿੜੀਆਂ ਕਾਂ ਕਬੂਤਰ ਤੋਤੇ ਦੋ ਘੜੀ ਲਈ ਠਹਿਰਿਆਂ ਹਾਂ ਦਰ ਤੇਰੇ ਤੇ ਆਣ ਕੇ ਸਮਝ ਨਾ ਬੈਠੀਂ ਕਿਤੇ ਮੇਰਾ ਟਿਕਾਣਾ ਆ ਗਿਆ ਜਿਸਦੇ ਕਫ਼ਨ ਤੇ ਲਕੜੀਆਂ ਲਈ ਪੈਸੇ ਮੰਗਦੇ ਫਿਰਦੇ ਨੇ ਸ਼ਾਇਦ ਮਰਿਆ ਹੈ ਕੋਈ ਸ਼ਾਇਰ ਜਾਂ ਅਧਿਆਪਕ ਮਰਿਆ ਹੈ ਕੀ ਕੁਛ ਹੈ ਤੇਰੇ ਕੋਲ ਕੀ ਰਖੇਂਗਾ ਸਾਂਭ ਕੇ ਆਪਣੇ ਮਕਾਨ 'ਚ ਬਹੁਤ ਅਲਮਾਰੀਆਂ ਨਾ ਰੱਖ ਸਾਰਾ ਘਰ ਮਹਿਕਾ ਦੇਂਦੀ ਹੈ ਅਸਲ 'ਚ ਹੁੰਦੀ ਨਾਰੀ ਖ਼ੁਸ਼ਬੂ ਮੇਰੇ ਮਰਨੇ ਤੇ ਲੋਕ ਆਖਣਗ ਪਿਆਰ ਕਰਕੇ ਨਿਭਾ ਗਿਆ ਕੋਈ ਚੰਨ ਵੀ ਇਸ ਧਰਤ ਵਰਗੀ ਧਰਤ ਹੈ ਰੂਪ ਤੇਰੇ ਨੂੰ ਮੈਂ ਕੀ ਉਪਮਾ ਦਿਆਂ ਵਿਛੜ ਗਏ ਹਾਂ ਮਿਲਦੇ ਮਿਲਦੇ ਫੁਲ ਕੁਮਲਾ ਗਏ ਖਿਲਦੇ ਖਿਲਦੇ ਮੇਰੇ ਦਰਵਾਜ਼ੇ ਤੇ ਆਕੇ ਖੁਦ ਬਹਾਰਾਂ ਨੇ ਕਿਹਾ ਖੋਲ੍ਹ ਦਰਵਾਜ਼ਾ ਕਿ ਸਾਨੂੰ ਆਉਣ ਦੀ ਜਲਦੀ ਪਈ ਰਾਤਾਂ ਨਾਲ ਹੈ ਟਕਰ ਜਿਸਦੀ ਉਸਦੇ ਪੈਰਾਂ ਹੇਠ ਸਵੇਰੇ ਪਿਆਰ ਤੇਰਾ ਪਾ ਲਵਾਂ ਮੁਸ਼ਕਿਲ ਨਹੀਂ ਪਿਆਰ ਤੇਰਾ ਪਰ ਮੇਰੀ ਮੰਜ਼ਿਲ ਨਹੀਂ ਜ਼ਮਾਨੇ ਦੀ ਹਵਾ ਮੇਰਾ ਇਰਾਦਾ ਬਦਲ ਨਹੀਂ ਸਕਦੀ ਮੈਂ ਚਾਵ੍ਹਾਂ ਤਾਂ ਬਦਲ ਸਕਦਾਂ ਹਵਾ ਸਾਰੇ ਜ਼ਮਾਨੇ ਦੀ ਸ਼ੁਹਰਤ ਦੀ ਸੁੰਦਰ ਸਿਖਰ ਤੇ ਪਹੁੰਚਾਂਗਾ ਮੈਂ ਕਿਵੇਂ ਪਿਤਲ ਨੂੰ ਸੋਨਾ ਕਹਿਣ ਦਾ ਆਇਆ ਨਹੀਂ ਹੈ ਵੱਲ ਹਰ ਤਰਫ ਉਦਾਸੀ ਹੈ ਸੁੰਨਸਾਨ ਸੜਕ ਉਤੇ ਮੈਂ ਫਿਰ ਵੀ ਤੁਰੀ ਜਾਣਾ ਵੀਰਾਨ ਸੜਕ ਉਤੇ ਸੜਕਾਂ ਉਤੇ ਤੁਰਦੇ ਫਿਰਦੇ ਲੋਕ ਨੇ ਚਲਦੇ ਪਰਛਾਵੇਂ ਰੋਜ਼ਗਾਰ ਦੇ ਦਫ਼ਤਰ ਅਗੇ ਲੋਕ ਨੇ ਢਲਦੇ ਪਰਛਾਵੇਂ ਜਦ ਬਸਤੀ ਵਿਚ ਗਜਰੇ ਵੰਗਾਂ ਵੇਚਣ ਆਂਦੇ ਵਣਜਾਰੇ ਮੈਂ ਵੇਖੇ ਨੇ ਬਸਤੀ ਅੰਦਰ ਖੁਦ ਵਿਕ ਜਾਂਦੇ ਵਣਜਾਰੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੇਵਿੰਦਰ ਜੋਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ