Deeva Mur Ke Koi Jagave : Hazara Singh Gurdaspuri
ਦੀਵਾ ਮੁੜ ਕੇ ਕੋਈ ਜਗਾਵੇ : ਹਜ਼ਾਰਾ ਸਿੰਘ ਗੁਰਦਾਸਪੁਰੀ
ਰਾਜ ਕਰੇਗਾ ਖ਼ਾਲਸਾ
ਉਹ ਮੇਰੇ ਦਸ਼ਮੇਸ਼ ਦਿਆ, ਚੜ੍ਹਦੀਆਂ ਕਲਾਂ 'ਚ ਹੋ। ਮੁੜ ਕੇ ਉਹ ਦਿਨ ਆਉਣਗੇ, ਗੁਜ਼ਰ ਗਏ ਨੇ ਜੋ। ਵਾਰਸ ਆਪਣੇ ਦੇਸ਼ ਦਾ, ਆਖ਼ਰ ਹੋਣਾ ਤੂੰ। ਏਸ ਹਨੇਰੀ ਰਾਤ ਤੋਂ, ਫਿਰ ਲਗੇ ਗੀ ਲੋ। ਉਹ ਰਾਜ ਕਰੇਗਾ ਖਾਲਸਾ, ਆਕੀ ਰਹੇ, ਨਾ ਕੋ। ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋ। ਮੁੜ ਮਾਵਾਂ ਦੀ ਗੋਦ ਵਿਚ, ਖੇਡਣਗੇ ਰਣਜੀਤ। ਮੁੜ ਉੱਠਣਗੇ ਸੂਰਮੇ, ਨਲੂਏ ਜਹੇ ਅਜੀਤ। ਮਾਝਾ ਅਤੇ ਰਿਆੜਕੀ, ਫਿਰ ਪੁੱਟੇਗਾ ਅੱਖ। ਹੀਰਿਆਂ ਕਿਉਂ ਦਿਲਗੀਰੀਆਂ, ਬਣਦੇ ਪਏ ਨੇ ਢੋ। ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋ । ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋ। ਮੁੜ ਕੇ ਛਾਲਾਂ ਮਾਰਦੇ, ਨਿਕਲਣਗੇ ਵਰਿਆਮ । ਮੁੜ ਉੱਠਣਗੇ ਸੂਰਮੇ, ਪੀਣ ਮੌਤ ਦੇ ਜਾਮ। ਸੜਕੇ ਤੇਰੇ ਲਹੂ ਚੋਂ, ਭੜਕੂ ਐਸੀ ਅੱਗ, ਸਾੜ ਦਏਗੀ ਪਿੰਜਰੇ, ਦੁਨੀਆ ਦੇ ਤਮਾਮ। ਫੇਰ ਆਜ਼ਾਦੀ ਕਿਸੇ ਦੀ, ਕੋਈ ਨਾ ਸਕੂ ਖੋ। ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋ। ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋ। ਮੁੜ ਤੇਰੀ ਕ੍ਰਿਪਾਨ ਨੇ, ਵੇਖ ਲਈਂ ਇਕ ਵੇਰ। ਲਿਖਣੇ ਲੇਖ ਜਹਾਨ ਦੇ, ਮੁੱਢੋਂ ਸੁੱਢੋਂ ਫੇਰ। ਸਤਜੁਗ ਏਸ ਲਿਆਵਣਾ, ਪੱਲੇ ਬੰਨ੍ਹ ਲੈ ਗੱਲ, ਬਹੁਤਾ ਹੁਣ ਕੋਈਂ ਚਿਰ ਨਹੀਂ, ਲੰਮੀ ਨਹੀਂ ਕੋਈ ਦੇਰ। ਭੱਜਾ ਆਉਂਦਾ ਦੌਰ ਹੈ, ਰਤਾ ਕੁ ਚੰਨ ਖੜੋ । ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋ। ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋ। ਮੁੜ ਖੰਡੇ ਦੀ ਧਾਰ ਚੋਂ, ਨਿਕਲੂ ਐਸੀ ਧਾਰ। ਉਡ ਜਾਣਗੇ ਵਿਤਕਰੇ, ਵਿਸਰ ਜਾਊਗੀ ਖਾਰ। ਤੇਰੀ ਇਸ ਤਲਵਾਰ ਦੀ, ਛਾਵੇਂ ਬੈਠ ਜਹਾਨ। ਲੱਭ ਲਵੇਗਾ ਚਿਰਾਂ ਦਾ, ਗੁਆਚਾ ਹੋਇਆ ਪਿਆਰ। ਮੁੱਲਾਂ ਨੂੰ ਜੇ ਸੱਟ ਲੱਗੂ, ਬਾਹਮਣ ਪਏਗਾ ਰੋ। (ਜਦੋਂ) ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋ। ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋ। ਮੁੜ ਨਾ ਓਹਲੇ ਧਰਮ ਦੇ, ਉੱਠਣਗੇ ਫਸਾਦ। ਦਿਲ ਨਾ ਕੋਈ ਕਿਸੇ ਦਾ, ਕਰ ਸਕੂ ਬਰਬਾਦ। ਭੈ ਕਾਹੂੰ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਏਸ ਪਵਿੱਤ੍ਰ ਸ਼ਬਦ ਤੇ, ਦੁਨੀਆ ਹੋਊ ਆਬਾਦ। ਫੇਰ ਬੰਦੇ ਨੂੰ ਬੰਦਾ ਫੜ ਕੇ, ਸਕੂਗਾ ਨਾ ਜੋ। (ਜਦੋਂ) ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋ । ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋ। ਕੁੜ ਨਖੁਟੂ ਛੇਕੜੇ, ਓੜਕ ਰਹਿ ਜਾਉ ਸੱਚ। ਦੀਵਾ ਮੁੜ ਕੇ ਧਰਮ ਦਾ, ਲਟ ਲਟ ਪਏਗਾ ਮਚ। ਹਾਕਮ ਅਤੇ ਮਹਿਕੂਮ ਦਾ, ਉੱਡ ਜਾਏਗਾ ਭੇਦ। ਵੀਰ ਵੀਰਾਂ ਨੂੰ ਮਿਲਣਗੇ, ਨਾਲ ਖੁਸ਼ੀ ਦੇ ਨੱਚ । ਆਪੋ ਵਿਚਦੀਆਂ ਗ਼ਲਤੀਆਂ, ਰੋ ਰੋ ਲੈਣਗੇ ਧੋ। ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋ । ਖਵਾਰ ਹੋਇ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋ।
ਅੱਜ ਨਾ ਸੁੱਤੀ ਕੰਤ ਸਿਓਂ !
ਦੇਸ਼ ਦੇਸ਼ ਵਿਚ ਫਿਰਦੀਏ, ਕੋਈ ਗਲ ਕਹੁ ਨੀ ਵਾਏ। ਦਿਨ ਬੀਤੇ ਰੁੱਤਾਂ ਗਈਆਂ, ਅਜੇ ਨਹੀਂ ਸਾਜਣ ਆਏ। ਸਾਥੋਂ ਹੋ ਗਈਆਂ ਕੀ ਖਨਾਮੀਆਂ ਅਸੀਂ ਮਨੋਂ ਕਿਉਂ ਗਏ ਭੁਲਾਏ। ਸਾਡਾ ਦੋਸ਼ ਤਾਂ ਕੋਈ ਨਤਾਰੀਏ, ਕਿਉਂ ਸੁਕਣੇ ਗਏ ਹਾਂ ਪਾਏ। ਨੀ ਮੈਂ ਜੋਬਣ ਜਾਂਦੇ ਨਾ ਡਰਾਂ, ਜੇ ਸ਼ੌਹ ਪ੍ਰੀਤ ਨਾ ਜਾਏ 'ਫਰੀਦਾ ਕੇਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ' ਨੀ ਉਹ ਪ੍ਰੀਤਾਂ ਦਾ ਵਣਜਾਰਾ, ਕਿਤੇ ਸੁਪਨੇ ਵਿਚ ਮਿਲ ਜਾਏ। ਨੀ ਮੈਂ ਜੀਵਨ ਨੀਂਦ ਬਣਾ ਲਵਾਂ, ਦੇਵਾਂ ਹੋਕਾ ਜਗਤ ਫਰਾਏ। ਲੋਕੋ ਸੁਰਤ ਲੱਭੀ ਮੈਨੂੰ ਨੀਂਦ ਚੋਂ, ਮੈਨੂੰ ਸੁੱਤੀ ਨੂੰ ਕੋਈ ਨਾ ਜਗਾਏ। ਉਹ ਆਪਣੇ ਕਹੇ ਸ਼ਲੋਕ ਤੇ, ਕਿਤੇ ਹਾਲਤ ਸਾਡੀ ਲਾਏ। 'ਅੱਜ ਨਾ ਸੁੱਤੀ ਕੰਤ ਸਿਓਂ, ਅੰਗ ਮੁੜੇ ਮੁੜ ਜਾਏ। ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰੈਣ ਵਿਹਾਏ'। ਇਕ ਹਾਜ਼ਰ ਬੜੇ ਹਕੀਮ ਕਿਉਂ, ਤੁਸੀਂ ਕਾਹਦੇ ਲਈ ਬੁਲਾਏ। ਇਹ ਘੋਟ ਪਿਲਾਵਣ ਬੂਟੀਆਂ, ਮੇਰੀ ਵੇਦਨ ਵਧਦੀ ਜਾਏ। ਤੁਸੀਂ ਸੁੱਟ ਦਿਓ ਕੁਲ ਦਵਾਈਆਂ, ਮੇਰੀ ਕੋਈ ਨਹੀਂ ਦਵਾਏ। ਮੈਨੂੰ ਲਗ ਗਿਆ ਜੋਗ ਪਿਆਰ ਦਾ, ਜਿਨੂੰ ਵਿਰਲਾ ਕੋਈ ਪਾਏ। 'ਵੇਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹਿ। ਭੋਲਾ ਵੇਦ ਨਾ ਜਾਣਈ, ਕਰਕ ਕਲੇਜੇ ਮਾਹਿ' ਮੇਰੀ ਜ਼ਿੰਦਗੀ ਹੁਸਦੀ ਜਾਂਵਦੀ, ਮੇਰੇ ਜੀ ਨੂੰ ਕੁਝ ਨਾ ਭਾਏ। ਮੈਨੂੰ ਚਰਖਾ ਪਿਆ ਡਰੌਂਦਾ ਤੰਦ ਚੰਦਰੀ ਟੁੱਟ ਟੁੱਟ ਜਾਏ। ਮੇਰੀ ਹਿੱਕ ਤੇ ਪਾਈ ਹਮੇਲ ਇਹ ਮੈਨੂੰ ਵਢ ਵਢ ਤਤੜੀ ਖਾਏ। ਮੇਰੇ ਬਾਹੀਂ ਛਣਕਣ ਚੂੜੀਆਂ, ਮੇਰੀ ਵੀਣੀ ਜਲ ਜਲ ਜਾਏ। ਜੋ ਸਹਿ ਕੰਠ ਨਾ ਲਗੀਆਂ, ਜਲਣ ਸੇ ਬਾਹੜੀਆਂ, ਮਾਏ। ਚੂੜਾ ਭੰਨ ਪਲੰਗ ਸਿਓ ਮੁੰਧੇ, ਸਣ ਬਾਹੀ ਸਣ ਬਾਹਿ। ਏਤੇ ਵੇਸ ਕਰੇਂਦੀਏ ਮੁੰਧੇ, ਜੋ ਸ਼ਹੁ ਰਾਤੋ ਅਵਰਾਹੇ। ਮੈਂ ਬਣ ਗਈ ਰੁੱਖ ਉਡੀਕ ਵਿਚ, ਜਿਨੂੰ ਪਲ ਪਲ ਬਿਰਹੋਂ ਸੁਕਾਏ। ਮੈਨੂੰ ਵਾਢੇ ਵੱਢ ਲੈ ਜਾਣ ਹੁਣ, ਮੇਰੇ ਡਕਰੇ ਕੋਈ ਬਣਾਏ। ਮੁੜ ਮੁੜ ਖੜਾਵਾਂ ਮੇਰੀਆਂ, ਜਾ ਚਰਨੀਂ ਉਹਦੀ ਪਾਏ। ਨੀ ਮੈਨੂੰ ਜ਼ਿੰਦਗੀ ਲਭ ਜਾਏ ਮੌਤ ਚੋਂ, ਮੇਰਾ ਤਨ ਮਨ ਹਰਾ ਹੋ ਜਾਏ।
ਹੰਝੂ ਨੂੰ
(ਉਹ ਤੂੰ) ਨਾ ਡਿਗ ਹੰਝੂਆ ਮੇਰਿਆ, ਨਾ ਡਿਗ ਕੇ ਪੱਤ ਗਵਾ। ਏਥੇ ਲੱਖਾਂ ਰੁਲ ਗਏ ਤੁਧ ਜਹੇ, ਇਹ ਦੁਨੀਆ ਬੇਪਰਵਾਹ। ਇਹ ਲੋਕੀ ਭੁੱਖੇ ਰੂਪ ਦੇ, ਏਥੇ ਦਿਲ ਦੀ ਕਦਰ ਨਾ ਕਾ। ਏਥੇ ਇਸ਼ਕ ਮੁਹੱਬਤ ਪਿਆਰ ਨੂੰ, ਲੋਕੀ ਦਿੰਦੇ ਵੱਟੇ ਲਾ। ਏਥੇ ਹੱਸਣਾ ਸੂਲੀ ਚਾੜ੍ਹ ਦੇ, ਏਥੇ ਰੋਣੇ ਤਾਈਂ ਸਜ਼ਾ। ਏਥੇ ਮਨ ਦੀਆਂ ਪੀੜਾਂ ਕਹਿਣੀਆਂ, ਹਾਈ ਵਡਾ ਪਾਪ ਗੁਨਾਹ। ਏਥੇ ਧੋਖਾ ਰੱਬ ਦਾ ਨਾਮ ਹੈ, ਏਥੇ ਕਿਸਮਤ ਲੱਗਾ ਦਾਅ । ਏਥੇ ਭੋਲੀਆਂ ਭਾਲੀਆਂ ਸੂਰਤਾਂ, ਬੜੀ ਲੰਮੀ ਜ਼ੁਲਫ਼ ਵਧਾ। ਰਾਹ ਜਾਂਦੇ ਰਾਹੀ ਮੁਸਾਫ਼ਰਾਂ, ਹੱਥਕੜੀਆਂ ਲੈਂਦੀਆਂ ਲਾ। ਏਥੇ ਖੁੱਲ੍ਹਾ ਫਿਰਨਾ ਜੁਰਮ ਹੈ, ਏਥੇ ਰੱਖਣ ਪਿੰਜਰੇ ਪਾ। ਏਥੇ ਆਪਣੀ ਹੱਥੀਂ ਪਾਲ ਕੇ, ਪਿਓ ਦੇਂਦੇ ਜ਼ਹਿਰ ਪਿਲਾ। ਏਥੇ ਹੀਰਾਂ ਤੁਰ ਗਈਆਂ ਰੋਂਦੀਆਂ, ਏਥੋਂ ਰਾਂਝੇ ਹੋਏ ਵਿਦਾ। ਤੂੰ ਨਾ ਡਿਗ ਮੋਤੀਆ ਮੇਰਿਆ, ਨਾ ਡਿਗ ਕੇ ਆਬ ਗਵਾ। ਏਥੇ ਲੱਖਾਂ ਰੁਲ ਗਏ ਤੁਧ ਜਹੇ, ਇਹ ਦੁਨੀਆ ਬੇਪਰਵਾਹ।
ਮੈਨੂੰ ਲੈ ਚਲੋ ਓਥੇ ਕੋਈ
ਜਿਥੇ ਨੇ ਕੱਚੇ ਕੋਠੇ, ਖੁੱਲ੍ਹੇ ਵੇਹੜੇ, ਛਾਂ ਧ੍ਰੇਕਾਂ ਦੀ, ਠੰਡੀ ਠੰਡੀ ਹੋਈ। ਮੈਨੂੰ ਲੈ ਚਲੋ ਓਥੇ ਕੋਈ। ਜਿਥੇ ਪੀੜ ਮਨਾਂ ਦੀ ਗੁੱਝੀ, ਪੀੜਾਂ ਭਰਿਆ ਗੀਤਾਂ ਰਾਹੀਂ, ਗੌ, ਗੌ, ਆਖਣ ਸਈਆਂ, ਹਾਏ ਮੈਂ ਮਰ ਗਈ ਮੈਂ ਮੋਈ। ਮੈਨੂੰ ਲੈ ਚਲੋ ਓਥੇ ਕੋਈ। ਜਿਥੇ ਨਾਲ ਮਖੌਲਾਂ ਰਲ ਕੇ, ਢੁਕ ਢੁਕ ਪੁੱਛਣ, ਸੱਟ ਛਾਤੀ ਦੀ, ਕਿਹੜੇ ਯਾਰ ਦੀ ਲਵੇਰੀ ਚੋਈ। ਮੈਨੂੰ ਲੈ ਚਲੋ ਓਥੇ ਕੋਈ। ਜਿਥੇ ਹੁਸਨ ਇਸ਼ਕ ਤੇ ਮਰਦਾ, ਸੰਝ ਸਵੇਰੇ ਵਿਚ ਉਡੀਕਾਂ, ਲਾਹ ਸ਼ਰਮ ਦੀ ਲੋਈ। ਮੈਨੂੰ ਲੈ ਚਲੋ ਓਥੇ ਕੋਈ।