Dharam Kammeyana ਧਰਮ ਕੰਮੇਆਣਾ

ਧਰਮ ਕੰਮੇਆਣਾ ਦਾ ਜਨਮ 13 ਅਪਰੈਲ 1959 ਨੂੰ ਫਰੀਦਕੋਟ ਨੇੜੇ ਪਿੰਡ ਕੰਮੇਆਣਾ ਵਿੱਚ ਹੋਇਆ। ਉਸ ਨੇ ਮੁੱਢਲੀ ਵਿੱਦਿਆ ਪਿੰਡੋਂ ਪ੍ਰਾਪਤ ਕਰਕੇ ਬਰਜਿੰਦਰਾ ਕਾਲਿਜ ਫਰੀਦਕੋਟ ਤੋਂ ਉਚੇਰੀ ਪੜ੍ਹਾਈ ਕੀਤੀ।
ਪਿਤਾ ਸ. ਬਚਿੱਤਰ ਸਿੰਘ ਰੋਮਾਣਾ ਤੇ ਮਾਤਾ ਸ਼੍ਰੀਮਤੀ ਬਸੰਤ ਕੌਰ ਦੇ ਨਿੱਕੇ ਪੁੱਤਰ ਧਰਮ ਕੰਮੇਆਣਾ ਨੇ ਵੱਡੇ ਵੀਰ ਤੇ ਸਿਰਕੱਢ ਵਿਦਿਆਰਥੀ ਆਗੂ ਬਿੱਕਰ ਸਿੰਘ ਕੰਮੇਆਣਾ (ਐਸ਼ੀ) ਤੋਂ ਪ੍ਰੇਰਨਾ ਲੈ ਕੇ ਸਾਹਿੱਤ ਸਿਰਜਣਾ ਵੱਲ ਪੱਕੇ ਪਕੇਰੇ ਕਦਮ ਪੁੱਟੇ ।
ਬਰਜਿੰਦਰਾ ਕਾਲਿਜ ਦੇ ਮਾਹੌਲ ਨੇ ਉਸ ਨੂੰ ਸਾਹਿੱਤ ਸਿਰਜਣਾ ਵਿੱਚ ਗਹਿਰ ਗੰਭੀਰਤਾ ਪ੍ਰਦਾਨ ਕੀਤੀ। ਉਨ੍ਹਾਂ ਸਾਲਾਂ ਵਿੱਚ ਹੀ ਉੱਥੇ ਨਾਟਕਕਾਰ ਡਾ. ਪਾਲੀ ਭੁਪਿੰਦਰ ਸਿੰਘ, ਡਾ. ਨਿਰਮਲ ਜੌੜਾ, ਗੀਤਕਾਰ ਗੁਰਚਰਨ ਵਿਰਕ ਵਰਗੇ ਲੇਖਕ ਦਿਲਸ਼ਾਦ ਅਖ਼ਤਰ ਤੇ ਰਾਜ ਤਿਵਾੜੀ ਵਰਗੇ ਸੁਰਵੰਤੇ ਗਾਇਕ ਅੱਗੜ ਪਿੱਛੜ ਪੜ੍ਹਦੇ ਸਨ।
ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਹੈੱਡ ਕੁਆਟਰ ਵਿੱਚ ਉੱਚ ਅਧਿਕਾਰੀ ਰਿਹਾ ਧਰਮ ਕਾਲਿਜ ਪੜ੍ਹਦਿਆਂ ਹੀ ਨਾਮਵਰ ਗੀਤਕਾਰ ਬਣ ਗਿਆ ਸੀ। ਉਸ ਦੇ ਲਿਖੇ ਗੀਤਾਂ ਨੂੰ ਸਭ ਤੋਂ ਪਹਿਲਾਂ ਉਸ ਦੇ ਮਿੱਤਰ ਦਿਲਸ਼ਾਦ ਅਖ਼ਤਰ ਨੇ “ਮਿਸ਼ਰੀ ਨਾਲੋਂ ਮਿੱਠੀ” ਕੈਸਿਟ ਵਿੱਚ ਰੀਕਾਰਡ ਕੀਤਾ। ਉਸ ਦਾ ਨਾਮਵਰ ਗੀਤ -
“ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀਂ” ਗਾਇਕ ਮੁਹੰਮਦ ਸਦੀਕ ਸਾਹਿਬ ਨੇ ਗਾਇਆ।
“ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ” ਨੂੰ ਦਿਲਸ਼ਾਦ ਅਖ਼ਤਰ ਤੇ ਮਗਰੋਂ ਸਰਦੂਲ ਸਿਕੰਦਰ ਨੇ ਵੀ ਗਾਇਆ।
ਧਰਮ ਕੰਮੇਆਣਾ ਦਾ ਪਲੇਠਾ ਕਾਵਿ-ਸੰਗ੍ਰਹਿ ਸੂਲਾਂ ਵਿੰਨ੍ਹੇ ਫੁੱਲ 1978 ਤੇ ਪੂਜਾ 1978 ਵਿੱਚ ਛਪੇ। ਸਾਹਿਬਾਂ (ਕਾਵਿ ਨਾਟ) 1982, ਦੁੱਲਾ ਪਿੰਡੀਉਂ ਤੁਰ ਪਿਆ 1991, ਸਮਕਾਲ 1992, ਅੱਗ ਦੇ ਫੁੱਲ 1996, ਨਵੀਆਂ ਪੈੜਾਂ 1997, ਮੈਨੂੰ ਹੱਸਣਾ ਭੁੱਲ ਗਿਆ ਮਾਂ 1982, ਸਮਕਾਲ 1991, ਅੱਗ ਦੇ ਫੁੱਲ 1996, ਨਵੀਆਂ ਪੈੜਾਂ 1997,ਉਮਰਾਂ ਦੀ ਫੁਲਕਾਰੀ 2008 ਤੇ ਉਪਰਾਮ ਮੌਸਮ 2011, ਉਮੀਦ 2014, ਦੁਮੇਲ 2015, ਓਰੇ 2021, ਗੀਤ ਸੰਗ੍ਰਹਿ ਜਾਗ ਕਿਸਾਨਾ ਜਾਗ 1992, ਕੋਈ ਕੋਈ ਦੀਵਾ ਬਲ਼ੇ 2014, ਮਿੱਟੀ ਦਾ ਮੋਰ 2024, ਪੋਹਲੀ ਦੇ ਫੁੱਲ 2025, ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀਂ 2025, ਕੋਸਾ ਪਾਣੀ 2025 ਛਪ ਚੁੱਕੇ ਹਨ।
ਧਰਮ ਕੰਮੇਆਣਾ ਦੇ ਦੋ ਨਾਵਲਾਂ ਆਪਣੇ ਬਿਗਾਨੇ, ਉਖੜੇ ਸੁਰ ਤੋਂ ਇਲਾਵਾ ਸਵੈਜੀਵਨੀ “ਮੇਰੀ ਗੀਤਕਾਰੀ ਦਾ ਸਫ਼ਰ” (2008) ਤੇ ਟੁੱਟੇ ਹੋਏ ਪੁਲ਼ ਵੀ ਛਪ ਚੁੱਕੇ ਹਨ। ਇੱਕ ਵਾਰਤਕ ਪੁਸਤਕ ਮੇਰਾ ਜਨਮ ਸਥਾਨ ਵੀ 2021 ਵਿੱਚ ਛਪੀ। ਸਫ਼ਰਨਾਮਾ ਦੂਨ ਵੈਲੀ 'ਚ ਵਿਚਰਦਿਆਂ 2018 ਵੀ ਮਹੱਤਵਪੂਰਨ ਕਿਰਤ ਹੈ।
ਬਾਲ ਸਾਹਿੱਤ ਵਿੱਚ ਵੀ ਉਸ ਦੀਆਂ ਅੱਠ ਕਿਤਾਬਾਂ ਛਪ ਚੁੱਕੀਆਂ ਹਨ। ਤਿੰਨ ਸਹੇਲੀਆਂ (ਬਾਲ ਕਹਾਣੀ) ਵੀ ਜ਼ਿਕਰਯੋਗ ਹਨ।
ਧਰਮ ਕੰਮੇਆਣਾ ਭਾਸ਼ਾ ਵਿਭਾਗ ਪੰਜਾਬ ਤੋਂ ਸੇਵਾ ਮੁਕਤ ਹੋਣ ਉਪਰੰਤ ਪੱਕੇ ਤੌਰ ਤੇ ਹੁਣ ਪਟਿਆਲਾ ਵਿੱਚ ਨਿਵਾਸ ਕਰਦੇ ਹਨ। - ਗੁਰਭਜਨ ਗਿੱਲ