ਗ਼ਜ਼ਲ-ਕਾਵਿ ਰੂਪਾਕਾਰ: ਸੰਕਲਪ, ਪਰਿਭਾਸ਼ਾ, ਸਰੂਪ ਅਤੇ ਸੰਰਚਨਾ
ਗ਼ਜ਼ਲ-ਕਾਵਿ ਭਾਵੇਂ ਪੰਜਾਬੀ ਕਾਵਿ ਦਾ ਪ੍ਰਮੁੱਖ ਅੰਗ ਬਣ ਚੁੱਕਾ ਹੈ, ਪਰ ਇਹ ਇਕ
ਅਰਬੀ ਮੂਲ ਦਾ ਸ਼ਬਦ ਹੈ। ਜਿਸਦਾ ਅਰਥ ਔਰਤ ਨਾਲ ਗੱਲਾਂ ਕਰਨਾ ਜਾਂ ਔਰਤ ਦੀ
ਜਵਾਨੀ, ਸੁੰਦਰਤਾ ਬਾਰੇ ਵਿਚਾਰ ਕਰਨਾ ਆਦਿ ਤੋਂ ਲਿਆ ਗਿਆ। ਇਸ ਬਾਰੇ ਡਾ. ਨਰੇਸ਼
ਦਾ ਮਤ ਹੈ:
ਭਾਵੇਂ ਪੰਜਾਬੀ ਸਾਹਿਤ ਵਿਚ ਗ਼ਜ਼ਲ ਦੀ ਉਮਰ ਬਹੁਤ ਛੋਟੀ ਹੈ ਪਰ ਤਾਂ ਵੀ ਪੰਜਾਬੀ
ਗ਼ਜ਼ਲ ਨੇ ਆਪਣੇ ਆਪ ਨੂੰ ਸਾਹਿਤ ਦੀ ਇਕ ਮਹੱਤਵਪੂਰਨ ਵੰਨਗੀ ਦੇ ਰੂਪ ਸਥਾਪਿਤ ਕਰ
ਲਿਆ ਹੈ। 'ਗ਼ਜ਼ਲ' ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਔਰਤ ਨਾਲ ਗੱਲਾਂ ਕਰਨਾ,
ਉਸ ਦੇ ਰੂਪ, ਹੁਸਨ, ਜੋਬਨ ਦੀ ਚਰਚਾ ਕਰਨੀ, ਉਹਨਾਂ ਸੰਬੰਧੀ ਆਪਣੇ ਦੁੱਖਾਂ ਦਾ ਬਿਆਨ
ਆਦਿ ਹੈ।1
ਪੰਜਾਬੀ ਸਾਹਿਤ ਵਿਚ ਗ਼ਜ਼ਲ ਦਾ ਪ੍ਰਵੇਸ਼ ਈਰਾਨੀ ਉਰਦੂ ਤੋਂ ਹੋਇਆ। ਇਸ ਤਰ੍ਹਾਂ
ਮੁਢਲੇ ਰੂਪ ਵਿਚ ਗ਼ਜ਼ਲ ਇਕ ਸਿਨਫ਼ ਵਜੋਂ ਅਰਬ ਈਰਾਨ ਅਤੇ ਉਰਦੂ ਦੇ ਪੜ੍ਹਾਅ
ਹੰਢਾਉਂਦੀ ਹੋਈ ਪੰਜਾਬੀ ਵਿਚ ਪੁੱਜੀ। ਗ਼ਜ਼ਲ ਦੀ ਉਤਪਤੀ ਮੂਲ ਰੂਪ ਵਿਚ ਇਕ ਅਰਬੀ
ਕਾਵਿ-ਰੂਪ 'ਕਸੀਦਾ' ਜੋ ਕਿ ਈਰਾਨ ਦੀ ਮਹਿਬੂਬ ਸਿਨਫ਼ ਬਣ ਗਈ, ਵਿਚੋਂ ਵੀ ਹੋਈ ਮੰਨੀ
ਜਾਂਦੀ ਹੈ। ਇਸ ਕਾਵਿ ਰੂਪ ਵਿਚ ਕਵੀ ਮੌਕੇ ਦੇ ਹਾਕਮਾਂ ਦੀ ਉਸਤਤੀ ਕਰਕੇ, ਉਹਨਾਂ ਤੋਂ
ਇਵਜ਼ ਵਿਚ ਇਨਾਮ ਪ੍ਰਾਪਤ ਕਰਦੇ ਸਨ। ਇਸ ਵਿਚ ਹਾਕਮ ਦੇ ਗੁਣਾਂ ਦਾ ਵਿਖਿਆਨ
ਕੀਤਾ ਜਾਂਦਾ ਸੀ। ਉਸਦੇ ਦੇਹੀ-ਸੁਹੱਪਣ ਤੋਂ ਲੈ ਕੇ ਵਿਭਿੰਨ ਨਿਪੁੰਨਤਾਵਾਂ ਦਾ ਗੁਣਗਾਨ
ਕੀਤਾ ਜਾਂਦਾ ਸੀ। ਡਾ. ਐਸ. ਤਰਸੇਮ ਦੇ ਸ਼ਬਦਾਂ ਵਿਚ:
ਸ਼ਾਇਰ ਆਪਣੇ ਹਾਕਮ/ਆਸਰਾਦਾਤੇ ਤੋਂ ਇਨਾਮ ਜਾਂ ਧੰਨ-ਦੌਲਤ ਪ੍ਰਾਪਤ
ਕਰਨ ਦੇ ਇਰਾਦੇ ਨਾਲ ਕਸੀਦੇ ਦੀ ਰਚਨਾ ਕਰਦੇ ਸਨ। ਇਸ ਕਾਵਿਰੂਪਾਕਾਰ ਰਾਹੀਂ ਕਵੀ ਆਪਣੇ ਹਾਕਮ ਦੀ ਵਡਿਆਈ ਕਰਿਆ ਕਰਦੇ ਸਨ।
ਕਵੀ ਅਕਸਰ ਹਾਕਮ ਜਾਂ ਸਰਦਾਰ ਦੀ ਜਿੱਤ ਉੱਤੇ ਜਾਂ ਖੁਸ਼ੀ ਦੇ ਹੋਰ
ਮੌਕਿਆ ਉਤੇ ਕਸੀਦੇ ਦੀ ਰਚਨਾ ਕਰਦੇ ਸਨ। ਇਸ ਤਰਾਂ ਦੀ ਰਚਨਾ ਵਿਚ
ਕਿਸੇ ਪਿਆਰੇ ਦੀ ਸੁੰਦਰਤਾ ਅਤੇ ਉਸ ਅਨੁਕੂਲ ਸੁਹਾਣੇ ਮੌਸਮ ਦਾ ਗੁਣਗਾਇਨ ਕੀਤਾ ਜਾਂਦਾ ਸੀ। ਪਹਿਲੇ ਕੁਝ ਸ਼ਿਅਰਾਂ ਵਿਚ ਹਾਕਮ ਦੀ ਪ੍ਰਸ਼ੰਸਾ
ਦਾ ਮਾਹੌਲ ਬੰਨ੍ਹਿਆ ਜਾਂਦਾ ਸੀ। ਉਸਤੋਂ ਅਗਲੇ ਸ਼ਿਅਰਾਂ ਵਿਚ ਹਾਕਮ ਦੀ
ਵਡਿਆਈ ਹੁੰਦੀ ਸੀ, ਜਿਸ ਵਿਚ ਉਸ ਦੀ ਸਰੀਰਕ ਸੁੰਦਰਤਾ ਤੋਂ ਲੈ ਕੇ
ਬਹਾਦਰੀ ਦੇ ਹੋਰ ਗੁਣਾਂ ਦਾ ਜਿਕਰ ਹੁੰਦਾ ਸੀ। ਜਿੱਤ ਦੀ ਖੁਸ਼ੀ ਵਿਚ ਲਿਖੇ
ਕਸੀਦੇ ਵਿਚ ਹਾਕਮ ਦੀ ਬਹਾਦਰੀ ਅਤੇ ਉਸ ਦੁਆਰਾ ਵਰਤੇ ਗਏ
ਹਥਿਆਰਾਂ ਨੂੰ ਬੜੇ ਜੋਸ਼ੀਲੇ ਤੇ ਸੁਆਦਲੇ ਢੰਗ ਨਾਲ ਬਿਆਨ ਕੀਤਾ ਜਾਂਦਾ
ਸੀ। ਤਾਜ-ਪੋਸ਼ੀ, ਵਿਆਹ-ਸ਼ਾਦੀ ਜਾਂ ਕਿਸੇ ਹੋਰ ਸ਼ੁਭ ਮੌਕੇ ਤੇ ਹਾਕਮ ਤੇ
ਉਸਦੇ ਪਰਿਵਾਰ ਦੀ ਇਸ ਤਰ੍ਹਾਂ ਪ੍ਰਸ਼ੰਸਾ ਕੀਤੀ ਜਾਂਦੀ ਸੀ ਕਿ
ਹਾਕਮ/ਸਰਦਾਰ ਸ਼ਾਇਰ ਨੂੰ ਇਨਾਮ ਦੇਣ ਲਈ ਮਾਨਸਿਕ ਤੌਰ ਤੇ ਪੂਰੀ
ਤਰ੍ਹਾਂ ਤਿਆਰ ਹੋ ਜਾਂਦਾ ਸੀ। ਇਨਾਮ ਦੀ ਮੰਗ ਅਤੇ ਦੁਆ ਨਾਲ ਕਸੀਦੇ ਦਾ
ਅੰਤ ਹੁੰਦਾ ਸੀ।2
ਕਸੀਦੇ ਦੇ ਚਾਰ ਭਾਗ ਹੁੰਦੇ ਸਨ। ਪਹਿਲਾ 'ਤਸ਼ਬੀਬ' ਸੀ ਜਿਸਦੇ ਅੱਖਰੀ ਅਰਥ
'ਅੱਗ ਸੁਲਗਾਣਾ' ਹੈ। ਪਰ ਇਸਦੇ ਵਿਭਿੰਨ ਅਰਥ ਕੀਤੇ ਜਾਂਦੇ ਹਨ ਜਿਵੇਂ ਸ਼ਬਾਬ ਦੀਆਂ
ਗੱਲਾਂ ਕਰਨਾ, ਮਾਸ਼ੂਕ ਦੀ ਤਾਰੀਫ਼ ਕਰਨਾ, ਜਵਾਨੀ ਦੇ ਦਿਨਾਂ ਦਾ ਜ਼ਿਕਰ ਕਰਨਾ। ਡਾ.
ਐਸ ਤਰਸੇਮ ਇਸਦਾ ਅਰਥ ਸ਼ਬਾਬ ਦੀ ਗੱਲਾਂ ਕਰਨ ਵਿਚ ਕੱਢਦਾ ਹੈ। ਪਰ ਇੱਥੇ ਇਕ
ਗੱਲ ਜਿਕਰਯੋਗ ਹੈ ਕਿ ਤਸ਼ਬੀਬ ਵਿਚ ਜਿਹੜੀ ਮਾਸ਼ੂਕ, ਸ਼ਬਾਬ, ਜਵਾਨੀ ਦੀਆਂ ਗੱਲਾਂ
ਹੁੰਦੀਆਂ ਸਨ, ਉਹਨਾਂ ਦਾ ਸਿੱਧਾ ਸੰਬੰਧ ਨਾਇਕ ਨਾਲ ਹੁੰਦਾ ਸੀ। ਦੂਜਾ ਭਾਗ: 'ਗੁਰੇਜ਼' ਹੈ।
ਜਿਸਦਾ ਅਰਥ 'ਮੋੜ ਕੱਟਣਾ' ਹੈ ਭਾਵ ਇਕ ਵਿਚਾਰ ਤੋਂ ਦੂਜੇ ਵੱਲ ਯਾਤਰਾ ਕਰਨਾ ਹੈ। ਇਸ
ਵਿਚ ਕਵੀ ਨਾਇਕ ਦੀ ਵਡਿਆਈ/ਪ੍ਰਸ਼ੰਸਾ ਦੀ ਇਕ ਪਿੱਠ ਭੂਮੀ ਉਸਾਰਨ ਦਾ ਜਤਨ
ਆਰੰਭਦਾ ਹੈ ਤਾਂ ਕਿ ਵਡਿਆਈ ਇਕ ਸਹਿਜ ਪ੍ਰਕਾਰਜ ਹੋ ਨਿੱਬੜੇ। ਡਾ. ਤਰਸੇਮ ਅਨੁਸਾਰ:
ਆਪਣੇ ਅਸਲ ਮਕਸਦ ਲਈ ਮੋੜਾ ਕੱਟਣਾਂ ਅਰਥਾਤ ਹਾਕਮ ਦੀ
ਵਡਿਆਈ ਕਰਨ ਲਈ ਆਧਾਰ ਤਿਆਰ ਕਰਨਾ।3
ਕਸੀਦੇ ਦਾ ਤੀਜਾ ਭਾਗ ਮਦਹ ਹੈ। ਇਸ ਵਿਚ ਨਾਇਕ ਦੀ ਤਾਰੀਫ਼ ਦੇ ਪੁਲ ਬੰਨ੍ਹੇ
ਜਾਂਦੇ ਹਨ। ਕਾਵਿ ਕਲਾ ਦੇ ਜਿਹੜੇ ਸਿੱਧਾਂਤ ਗੁਰੇਜ ਵਿਚ ਉਸਾਰੇ ਜਾਂਦੇ ਹਨ। ਉਹਨਾਂ ਬਾਰੇ
ਮਤਿਆ ਨੂੰ ਨਾਇਕ ਉੱਪਰ ਢੁਕਾਉਣ ਦਾ ਕਾਰਜ ਕੀਤਾ ਜਾਂਦਾ ਹੈ। ਉਸਦੀ ਪ੍ਰਤੀ ਛਾਇਆ
ਨੂੰ ਲੋਕ ਨਾਇਕ ਦਾ ਦਰਜਾ ਦੇਣ ਦੀ ਹੱਦ ਤਕ ਯਤਨ ਕੀਤਾ ਜਾਂਦਾ ਹੈ ਤਾਂ ਕਿ ਇਕ
ਸਮਾਜਕ-ਆਦਰਸ਼ ਉਸਾਰਿਆ ਜਾ ਸਕੇ।
ਇਸ ਵਿਚ ਕਵੀ ਉਹ ਸਾਰੀਆਂ ਸਿਫ਼ਤਾਂ ਜੋ ਤਸ਼ਬੀਬ ਭਾਗ ਵਿਚ ਕੀਤੀਆਂ
ਜਾਂਦੀਆਂ ਸਨ, ਆਪਣੇ ਮਮਦੂਹ ਤੇ ਢੁਕਾਉਂਦਾ ਸੀ।4
ਚੌਥਾ ਭਾਗ ਦੁਆ ਹੁੰਦਾ ਸੀ। ਜਿਸ ਨੂੰ ਐਸ. ਤਰਸੇਮ 'ਹੁਸਨੇ-ਤਲਬ' ਦਾ ਨਾਮ ਦਿੰਦਾ
ਹੈ। ਇਸ ਭਾਗ ਵਿਚ ਕਵੀ ਰੱਬ/ਨਾਇਕ ਕੋਲ ਕਸੀਦੇ ਦੇ ਨਿਭਾਉ ਦੇ ਇਵਜ਼ ਵਿਚ
ਬਖਸ਼ੀਸ਼/ਇਨਾਮ/ਧੰਨ-ਦੌਲਤ ਦੀ ਮੰਗ ਕਰਦਾ ਸੀ। ਇਸ ਤਰ੍ਹਾ 'ਕਸੀਦੇ' ਕਾਵਿ-ਰੂਪ ਦੀ
ਸਿਰਜਣਾ ਦੀ ਮੂਲ-ਪ੍ਰੇਰਕ ਦੌਲਤ ਦੀ ਪ੍ਰਾਪਤੀ ਰਹੀ ਹੈ।
'ਗ਼ਜ਼ਲ' ਦੀ ਉਤਪਤੀ ਈਰਾਨੀ ਕਸੀਦੇ ਦੇ ਪਹਿਲੇ ਭਾਗ 'ਤਸ਼ਬੀਬ' ਵਿਚੋਂ ਹੋਈ
ਮੰਨੀ ਜਾਂਦੀ ਹੈ। ਇਸ ਭਾਗ ਨੂੰ ਕਸੀਦੇ ਤੋਂ ਵੱਖ ਕਰਕੇ ਹੀ ਗ਼ਜ਼ਲ ਦਾ ਰੂਪ ਪ੍ਰਦਾਨ ਕੀਤਾ
ਗਿਆ। ਡਾ. ਪਿਆਰ ਸਿੰਘ ਇਸ ਮਤ ਨਾਲ ਸਹਿਮਤ ਹਨ:
ਫ਼ਾਰਸੀ ਕਵੀਆਂ ਨੇ ਇਸ ਤਸ਼ਬੀਬ ਵਾਲੇ ਹਿੱਸੇ ਨੂੰ ਅੱਡਰਾ ਕਰ ਲਿਆ ਤੇ
ਇਕ ਨਵੀਂ ਕਾਵਿ-ਵੰਨਗੀ ਘੜ ਲਈ ਜਿਸਦਾ ਨਾਂ ਗ਼ਜ਼ਲ ਪੈ ਗਿਆ।5
ਡਾ. ਐਸ. ਤਰਸੇਮ ਇਸ ਸੰਬੰਧੀ ਲਿਖਦੇ ਹਨ:
ਕਸੀਦੇ ਦਾ ਆਰੰਭਲਾ ਭਾਗ ਅਵੱਸ਼ ਹੀ ਰੋਮਾਂਟਿਕ ਹੁੰਦਾ ਸੀ। ਇਸ ਨੂੰ
ਤਸ਼ਬੀਬ ਕਹਿੰਦੇ ਹਨ। ਇਹੀ ਤਸ਼ਬੀਬ ਦਾ ਭਾਗ ਬਾਅਦ ਵਿਚ ਜਦ ਇਕ
ਵੱਖ ਕਵਿਤਾ ਦੀ ਸੂਰਤ ਵਿਚ ਪੇਸ਼ ਕੀਤਾ ਗਿਆ ਤਾਂ ਗ਼ਜ਼ਲ
ਕਹਿਲਾਇਆ।6
ਇਕ ਹੋਰ ਕਿਤਾਬ ਵਿਚ ਪੇਸ਼ਗਤ ਉਸਦਾ ਮਤ ਦੇਖੋ:
ਤਸ਼ਬੀਬ ਮਾਅਸ਼ੂਕ ਦੀ ਹਾਲਤ ਦਾ ਬਿਆਨ ਅਤੇ ਉਸਦੇ ਇਸ਼ਕ ਵਿਚ
ਆਪਣੀ ਵਾਰਤਾਦ ਦਾ ਨਾਂ ਹੈ ਅਤੇ ਇਸਨੂੰ 'ਨਸੀਬ' ਜਾਂ 'ਗ਼ਜ਼ਲ' ਵੀ
ਕਹਿੰਦੇ ਹਨ।7
ਗ਼ਜ਼ਲ ਦੀ ਵਿਉਂਤਪਤੀ ਅਤੇ ਗ਼ਜ਼ਲ ਦੀ ਪਰਿਭਾਸ਼ਾ
ਗ਼ਜ਼ਲ ਸ਼ਬਦਾਂ ਦੀ ਵਿਉਂਤਪਤੀ ਤੇ ਪਰਿਭਾਸ਼ਿਤ ਕਰਨ ਬਾਰੇ ਵਿਭਿੰਨ ਵਿਦਵਾਨਾਂ
ਦੀਆਂ ਵਿਭਿੰਨ ਰਾਵਾਂ ਦਾ ਅਧਿਐਨ ਜ਼ਰੂਰੀ ਹੈ। ਗ਼ਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਬਦ
ਕੋਸ਼ਾਂ ਅਨੁਸਾਰ ' ਗ਼ਜ਼ਲ' ਸ਼ਬਦ ਉਚਾਰਨ ਪੱਖੋਂ ਦੋ ਕਿਸਮਾਂ : 'ਗ਼+ ਜ਼ਲ', ' ਗ਼ਜ਼+ਲ' ਦਾ ਹੈ।
'ਗ਼+ਜ਼ਲ' ਸ਼ਬਦ ਦੇ ਅਰਥ ਹਨ-ਔਰਤਾਂ ਨਾਲ ਗੱਲਾਂ ਕਰਨੀਆਂ, ਔਰਤਾ ਦੀ ਸੁੰਦਰਤਾ ਦੀ
ਤਾਰੀਫ਼ ਕਰਨੀ। 'ਗ਼ਜ਼+ਲ' ਸ਼ਬਦ ਦਾ ਅਰਥ-ਸੂਤ ਕੱਤਣਾ ਜਾਂ ਵੱਟਣਾ ਆਦਿ ਹਨ। ਡਾ.
ਐਸ. ਤਰਸੇਮ ਨੇ 'ਗ਼+ਜ਼ਲ' ਦੇ ਅਰਥ ਡੋਰਾ, ਸੂਤ, ਰੱਸੀ ਆਦਿ ਕੀਤੇ ਹਨ। ਜੇਕਰ ' ਗ਼ਜ਼ਲ'
ਦੇ ਢੁੱਕਵੇਂ ਅਰਥ ਕੱਢਣੇ ਹੋਣ ਤਾਂ 'ਗ਼+ਜ਼ਲ' (ਲਘੂ+ਗੁਰੂ) ਦਾ ਵਜ਼ਨ ਠੀਕ ਹੈ ਅਤੇ ਇਸਦੇ
ਕੋਸ਼ਗਤ ਅਰਥ ਵੀ ਢੁਕਵੇਂ ਹਨ। ਇਸ ਸੰਦਰਭ ਵਿਚ ਇਕ ਤੱਥ ਹੋਰ ਰੂ-ਬਰੂ ਹੁੰਦਾ ਹੈ ਕਿ
ਜਦੋਂ ਮੁਢਲੇ ਦੌਰ ਵਿਚ ' ਗ਼ਜ਼ਲ' ਦਾ ਪ੍ਰਮੁੱਖ ਵਿਸ਼ਾ ਔਰਤ ਦੀ ਸੁੰਦਰਤਾ, ਇਸ਼ਕ, ਬੇਵਫਾਈ
ਹੀ ਰਿਹਾ ਹੈ। ਇਸ ਲਈ ਇਸ਼ਕ ਜਾਂ ਇਸ਼ਕ ਨਾਲ ਸੰਬੰਧਿਤ ਸੰਕਲਪ ਹੀ ਗ਼ਜ਼ਲ ਦਾ ਧੁਰਾ
ਰਹੇ ਹਨ।
ਉਰਦੂ-ਹਿੰਦੀ ਸ਼ਬਦ ਕੋਸ਼ ਵਿਚ ਗ਼ਜ਼ਲ ਦਾ ਸੰਕਲਪ ਇਉਂ ਪੇਸ਼ ਹੈ:
ਪ੍ਰੇਮਿਕਾ ਨਾਲ ਵਾਰਤਾਲਾਪ, ਉਰਦੂ ਫ਼ਾਰਸੀ ਕਵਿਤਾ ਦੀ ਇਕ ਵਿਸ਼ੇਸ਼
ਪ੍ਰਕਾਰ ਹੈ। ਜਿਸ ਵਿਚ ਪੰਜ ਤੋਂ ਗਿਆਰਾਂ ਸ਼ਿਅਰ ਹੁੰਦੇ ਹਨ। ਸਾਰੇ ਸ਼ਿਅਰ
ਇਕ ਹੀ ਰਦੀਫ਼ ਅਤੇ ਕਾਫ਼ੀਏ ਵਿਚ ਹੁੰਦੇ ਹਨ ਅਤੇ ਹਰ ਸ਼ਿਅਰ ਦਾ ਮਜਮੂਨ
ਵੱਖਰਾ ਹੁੰਦਾ ਹੈ, ਪਹਿਲਾਂ ਸ਼ਿਅਰ ਦਾ ਮਜਮੂਨ ਵੱਖਰਾ ਹੁੰਦਾ ਹੈ, ਪਹਿਲਾਂ
ਸ਼ਿਅਰ 'ਮਤਲਾ' ਕਹਾਉਂਦਾ ਹੈ, ਜਿਸਦੇ ਦੋਨੋਂ ਮਿਸਰਿਆਂ ਦਾ ਤੁਕਾਂਤ
ਮਿਲਦਾ ਹੈ ਅਤੇ ਅੰਤਿਮ ਸ਼ਿਅਰ 'ਮਕਤਾ' ਹੁੰਦਾ ਹੈ, ਜਿਸ ਵਿਚ ਸ਼ਾਇਰ
ਆਪਣਾ ਉਪਨਾਮ ਵਰਤਦਾ ਹੈ।8
ਇਕ ਹੋਰ ਸ਼ਬਦ ਕੋਸ਼ਗਤ ਅਰਥ ਗ਼ਜ਼ਲ ਨੂੰ ਕਿਸੇ ਪ੍ਰੇਮ-ਗੀਤ ਦੇ ਰੂਪਾਂ ਵਿਚ ਤਸੁੱਵਰ ਕਰਦੇ
ਹਨ:
ਗ਼ਜ਼ਲ ਪਿਆਰ ਕਰਨ ਲਈ ਇਕ ਅਰਬੀ ਸ਼ਬਦ ਹੈ ਜੋ ਕਿਸੇ ਪ੍ਰੇਮ-ਗੀਤ ਜਾਂ
ਪਿਆਰ-ਕਵਿਤਾ ਵੱਲ ਇਸ਼ਾਰਾ ਕਰਦਾ ਹੈ।9
ਕੁਝ ਵਿਦਵਾਨ ਗ਼ਜ਼ਲ ਦੀ ਉਤਪਤੀ, ਬਾਰੇ ਭਿੰਨ ਮੱਤ ਰੱਖਦੇ ਹਨ। ਉਹਨਾਂ
ਅਨੁਸਾਰ ਸ਼ਿਕਾਰੀ ਕੁੱਤੇ ਹਰਨੋਟੇ ਦਾ ਸ਼ਿਕਾਰ ਹਿਤ ਜਦੋਂ ਉਸਦਾ ਪਿੱਛਾ ਕਰਦੇ ਹਨ ਤਾਂ ਅੱਖ
ਸਾਹਮਣੇ ਮੌਤ ਕਲਪਿਤ ਕਰਕੇ ਜਿਹੜੀ ਦਰਦ ਵਿੰਨ੍ਹੀ ਚੀਕ ਹਰਨੋਟੇ ਦੇ ਅੰਦਰੋਂ ਨਿਕਲਦੀ
ਹੈ, ਉਹ ਗ਼ਜ਼ਲ ਹੈ:
ਕੁਝ ਲੋਕਾਂ ਨੇ ਸ਼ਬਦ 'ਗ਼ਜ਼ਲ' ਨੂੰ 'ਗ਼ਜ਼ਾਲ' (ਹਰਨੋਟਾ) ਨਾਲ ਜੋੜ ਕੇ ਕਿਹਾ
ਹੈ ਕਿ ਗ਼ਜ਼ਲ ਦੇ ਸ਼ੇਰ੍ਹਾਂ (ਸ਼ਿਅਰਾਂ) ਵਿਚ ਹਰਨੋਟੇ ਦੀ ਅੱਖ ਵਰਗੀ ਸੁੰਦਰਤਾ
ਹੁੰਦੀ ਹੈ ਜਾਂ ਜਦੋਂ ਸ਼ਿਕਾਰੀ ਕੁੱਤੇ ਹਿਰਨ ਪਿੱਛੇ ਭੱਜ ਕੇ ਉਸਨੂੰ ਮਾਰਨ
ਲੱਗਦੇ ਹਨ ਤਾਂ ਹਿਰਨ ਦੇ ਮੂੰਹ ਵਿਚੋ. ਇਕ ਬੜੀ ਦਰਦਨਾਕ ਹੂਕ
ਨਿਕਲਦੀ ਹੈ ਅਤੇ ਗ਼ਜ਼ਲ ਦੇ ਸ਼ੇਰ੍ਹਾਂ ਵਿਚ ਵੀ ਉਹੋ ਜਿਹੇ ਦਰਦ ਦਾ
ਪ੍ਰਗਟਾਵਾ ਹੁੰਦਾ ਹੈ।10
ਸਾਹਿਤ-ਕੋਸ਼ ਅਨੁਸਾਰ ਗ਼ਜ਼ਲ ਬਾਰੇ ਸੱਯਦਾ ਆਬਿਦ ਅਲੀ ਦਾ ਮਤ ਹੈ:
ਸ਼ਿਕਾਰੀ ਕੁੱਤੇ ਜਦ ਹਿਰਨ ਦਾ ਪਿੱਛਾ ਕਰਦੇ ਹਨ ਅਤੇ ਹਿਰਨ ਜੀਵਨ ਤੋਂ
ਨਿਰਾਸ਼ ਹੋ ਜਾਂਦਾ ਹੈ, ਤਾਂ ਉਹ ਅਤਿ ਦਰਦਨਾਕ ਆਵਾਜ਼ ਪੈਦਾ ਕਰਦਾ ਹੈ।
ਇਸ ਆਵਾਜ਼ ਨੂੰ ਗ਼ਜ਼ਲ ਕਹਿੰਦੇ ਹਨ।11
ਡਾ. ਐਸ. ਤਰਸੇਮ ਗ਼ਜ਼ਾਲ ਅਤੇ ਗ਼ਜ਼ਲ ਦਾ ਸੰਬੰਧ ਸਥਾਪਿਤ ਕਰਦੇ ਹੋਏ ਗ਼ਜ਼ਲ ਦੇ
ਸ਼ਿਅਰਾਂ ਦੀ ਸੰਰਚਨਾ ਦੀ ਤੁਲਨਾ ਹਿਰਨ (ਗ਼ਜ਼ਾਲ) ਦੀਆਂ ਲੰਮੀਆਂ ਛਲਾਂਗਾਂ ਨਾਲ ਕਰਦੇ
ਹਨ:
ਅਰਬੀ ਵਿਚ ਹਿਰਨ ਨੂੰ 'ਗ਼ਜ਼ਾਲੇ' ਕਹਿੰਦੇ ਹਨ ਜਦੋਂ ਉਹ ਚੌਂਕੜੀਆਂ ਭਰਦਾ
ਹੈ ਤਾਂ ਇਕ ਤੋਂ ਦੂਜੇ ਛੜੱਪੇ ਤਕ ਦੀ ਵਿੱਥ ਅਕਸਰ ਬਰਾਬਰ ਹੁੰਦੀ ਹੈ। ਇਹ
ਗੱਲ ਗ਼ਜ਼ਲ ਦੀ ਬਣਤਰ ਵੱਲ ਇਸ਼ਾਰਾ ਕਰਦੀ ਹੈ। ਗ਼ਜ਼ਲ ਦੇ ਸਾਰੇ ਸ਼ਿਅਰ
ਹਮ-ਵਜ਼ਨ ਹੁੰਦੇ ਹਨ ਅਤੇ ਹਿਰਨ ਦਾ ਹਰ ਛੜੱਪਾ ਜਾਂ ਕਦਮ ਵੀ ਅਕਸਰ
ਬਰਾਬਰ ਹੁੰਦਾ ਹੈ।12
ਡਾ. ਸਾਧੂ ਸਿੰਘ ਹਮਦਰਦ ਵੀ ਅਜਿਹੇ ਮਤ ਦੇ ਧਾਰਨੀ ਹਨ:
ਗ਼ਜ਼ਲ ਦੇ ਸਾਰੇ ਸ਼ਿਅਰ ਆਮ ਤੌਰ ਤੇ ਸੁਤੰਤਰ ਹੁੰਦੇ ਹਨ ਤੇ ਉਹਨਾਂ ਦਾ
ਇਕ-ਦੂਜੇ ਨਾਲ ਕੋਈ ਸੰਬੰਧ ਦੇਖਣ ਵਿਚ ਨਹੀਂ ਆਉਂਦਾ। ਉੱਧਰ ਗ਼ਜ਼ਾਲ
ਜਾਂ ਹਿਰਨ ਵੀ ਜਦੋਂ ਉਸਦੀ ਜਾਨ ਤੇ ਬਣੀ ਹੋਵੇ, ਚੌਕੜੀ ਪੈ ਜਾਂਦਾ ਹੈ। ਇਸ
ਹਾਲਤ ਵਿਚ ਉਸਦੇ ਇਕ ਕਦਮ ਦਾ ਦੂਜੇ ਨਾਲੋਂ ਫ਼ਾਸਲਾ ਹੁੰਦਾ ਹੈ। ਗ਼ਜ਼ਲ
ਅਤੇ ਗ਼ਜ਼ਾਲ ਦੀ ਇਸ ਚਾਲ-ਸਮਾਨਤਾ ਕਾਰਨ ਕਈ ਲੋਕਾਂ ਦਾ ਖਿਆਲ ਹੈ
ਕਿ ਇਸ ਤੋਂ ਇਸ ਕਾਵਿ-ਰੂਪ ਦਾ ਨਾਂ 'ਗ਼ਜ਼ਲ' ਪੈ ਗਿਆ।13
ਅੱਗੇ ਡਾ. ਹਮਦਰਦ ਗ਼ਜ਼ਲ ਦੀ ਸ਼ਿਆਰਾਂ ਦੀ ਚੁਸਤੀ ਦੀ ਤੁਲਨਾ ਹਿਰਨ ਦੀ
ਚੁਸਤ-ਛਲਾਂਗ ਨਾਲ ਕਰਦੇ ਹਨ। ਦੀਪਕ ਜੈਤੋਈ ਗ਼ਜ਼ਲ ਦੀ ਪਰਿਭਾਸ਼ਾ ਕਰਦਿਆਂ ਇਸਦੇ
ਸ਼ਿਅਰਾਂ ਦੇ ਥੀਮਿਕ ਪਾਸਾਰ, ਮਹਿਬੂਬ ਨਾਲ ਪਿਆਰ ਭਰੇ ਸੰਵਾਦਾਂ ਅਤੇ ਕਰੁਣਾਮਈ
ਮਨੋਭਾਵਾਂ ਚੋਂ ਉਪਜੇ ਦਰਸਾਉਂਦਾ ਹੈ।
ਇਕ ਹੋਰ ਮਤ ਹੈ ਕਿ 'ਗ਼ਜ਼ਲ' ਸ਼ਬਦ ਕਾਵਿ ਰੂਪ ਦੀ ਵਿਉਂਤਪਤੀ 'ਗ਼ਜ਼ਾਲ' ਨਾਂ ਦੇ
ਅਰਬੀ ਵਿਅਕਤੀ ਦੇ ਨਾਂ ਤੇ ਹੋਈ ਹੈ। ਇਹ ਵਿਅਕਤੀ ਸਾਰੀ ਉਮਰ ਸ਼ਰਾਬ ਦਾ ਸੇਵਨ
ਕਰਦਾ ਅਤੇ ਪਿਆਰ ਵਿਚਲੀ ਨਿਰਾਸ਼ਾ ਦਾ ਇਜਹਾਰ ਕਰਦਾ ਰਹਿੰਦਾ ਸੀ। ਇਸੇ ਨਿਰਾਸ਼ਾ ਦੇ
ਮਨੋਵੇਗ ਵਿਚ ਹੀ ਉਸਨੇ ਆਪਣੇ ਨਾਂ ਤੇ ਇਸ ਕਾਵਿ ਦਾ ਨਾਮ 'ਗ਼ਜ਼ਲ' ਐਲਾਨਿਆ ਡਾ.
ਖੁਮਾਰ ਦਾ ਮਤ ਪ੍ਰਸਤੁਤ ਹੈ:
ਗ਼ਜ਼ਲ ਦਾ ਨਾਂ ਗ਼ਜ਼ਲ ਪੈਣ ਦੀ ਵਜ੍ਹਾ ਇਸਦਾ ਇਕ ਗ਼ਜ਼ਾਲ ਨਾਂ ਦੇ ਅਰਬੀ
ਵਿਅਕਤੀ ਹੱਥੋਂ ਵਿਕਸਤ ਹੋਣਾ ਹੈ। ਉਸਦੀ ਸਾਰੀ ਉਮਰ ਮਦ੍ਰਾ-ਪਾਨ ਅਤੇ
ਇਸ਼ਕ ਖੇਡਣਾ ਵਿਚ ਲੰਘ ਗਈ। ਸ਼ਰਾਬ ਦੀ ਮਸਤੀ ਅਤੇ ਪਿਆਰ ਦੀ
ਨਿਰਾਸ਼ਾ ਵਿਚ ਉਸਨੇ ਇਹ ਕਾਵਿ-ਰੂਪਾਕਾਰ ਵਿਕਸਤ ਕੀਤਾ ਅਤੇ ਆਪਣੇ
ਨਾਂ ਉਤੇ ਹੀ ਇਸਦਾ ਨਾਂ ਗ਼ਜ਼ਲ ਰੱਖਿਆ।14
ਇਕ ਹੋਰ ਮਤ ਅਨੁਸਾਰ ਗ਼ਜ਼ਲ ਅਜਿਹਾ ਕਾਵਿ-ਰੂਪ ਹੈ ਜੋ ਇਸ਼ਕ-ਲਬਰੇਜ਼ ਜਜ਼ਬੇ
ਦੀ ਅਭਿਵਿਅਕਤੀ ਰੁਮਾਂਟਿਕ ਪਰਿਪੇਖ ਵਿਚ ਕਰਦਾ ਹੈ :
ਗ਼ਜ਼ਲ ਦਾ ਅਸਲੀ ਭਾਵ ਇਸ਼ਕ ਦੇ ਜਜ਼ਬੇ ਦਾ ਖੁੱਲ੍ਹਾ ਤੇ ਰੌਚਕ ਬਿਆਨ
ਗਿਣਿਆ ਜਾਂਦਾ ਹੈ। ਇਸੇ ਲਈ ਗ਼ਜ਼ਲ ਦਾ ਨਾਂ ਸਾਹਮਣੇ ਆਉਂਦਿਆਂ
ਸੁਭਾਵਿਕ ਹੀ ਰੁਮਾਂਟਿਕਤਾ ਦਾ ਇਕ ਤੀਬਰ ਅਹਿਸਾਸ ਪਾਠਕ-ਮਨ ਵਿਚ
ਆ ਜਾਂਦਾ ਹੈ।15
ਡਾ. ਨਰੇਸ਼ ਗ਼ਜ਼ਲ ਨੂੰ ਭਾਵ-ਉਤਪਾਦਨ ਦੀ ਕਸਵੱਟੀ ਪ੍ਰਦਾਨ ਕਰਦਿਆਂ ਹੋਇਆ
'ਦਿਲ ਦੀਆਂ ਡੂੰਘਾਣਾਂ 'ਚੋਂ ਨਿਕਲੀ ਆਵਾਜ਼ ਕਹਿੰਦਾ ਹੈ।
ਰੂਪ-ਵਿਧਾ ਦੇ ਪੱਖ ਤੋਂ ਗ਼ਜ਼ਲ ਨੂੰ ਬਹਿਰ, ਵਜ਼ਨ ਕਾਫ਼ੀਆਂ ਅਤੇ ਰਦੀਫ਼ ਵਿਚ ਬੱਝੇ
ਹੋਇਆ ਵੀ ਹਰ ਸ਼ਿਅਰ ਦੀ ਸੁਤੰਤਰਤਾ ਦੀ ਧਾਰਨਾ ਪ੍ਰਸਤੁਤ ਕੀਤੀ ਜਾਂਦੀ ਹੈ। ਇਸ ਸੰਦਰਭ
ਵਿਚ ਮਹਿੰਦਰ ਮਾਨਵ ਦੇ ਵਿਚਾਰ ਪ੍ਰਸਤੁਤ ਹਨ:
ਗ਼ਜ਼ਲ ਬਹਿਰ ਅਤੇ ਵਜ਼ਨ ਵਿਚ ਬੱਝੇ, ਕਾਫ਼ੀਏ ਰਦੀਫ਼ ਦੀ ਬੰਦਿਸ਼
ਨਿਭਾਉਂਦੇ ਹੋਏ ਕੁਝ ਅਜਿਹੇ ਸ਼ਿਅਰਾਂ ਦਾ ਸਮੂਹ ਹੈ ਜੋ ਇਕ ਵਿਸ਼ੇਸ਼ ਸ਼ੈਲੀ
ਅਤੇ ਸ਼ਬਦਾਵਲੀ ਰਾਹੀਂ ਬਿਆਨ ਕੀਤੇ ਗਏ ਹੋਣ। ਜਿਸ ਦਾ ਹਰ ਸ਼ਿਅਰ
ਵਿਚਾਰ ਪੱਖੋਂ ਸੁਤੰਤਰ ਅਤੇ ਮੁਕੰਮਲ ਹੋਏ।16
ਇਸ ਮਤ ਤੋਂ ਇਕ ਵਿਚਾਰ ਤਾਂ ਸਪਸ਼ਟ ਹੁੰਦਾ ਹੈ ਕਿ ਗ਼ਜ਼ਲ ਦੇ ਸ਼ਿਅਰ ਭਾਵੇਂ ਇਕ
ਸੂਤਰ-ਲੜੀ ਵਿਚ ਪਰੁੰਨੇ ਹੁੰਦੇ ਹਨ, ਪਰ ਵਿਚਾਰਕ ਵਿਭਿੰਨਤਾ ਅਤੇ ਇਕ ਸੰਪੂਰਨ ਖ਼ਿਆਲ
ਦੀ ਇਕ ਸ਼ਿਅਰ ਵਿਚ ਉਸਾਰੀ, ਗ਼ਜ਼ਲ ਦੀ ਸੰਰਚਨਾਤਮਕ ਲਾਜਮੀ ਲੋੜਾਂ ਹਨ।
ਅਜੋਕੀ ਪੰਜਾਬੀ ਗ਼ਜ਼ਲ ਦੇ ਸੰਦਰਭ ਵਿਚ, ਥੀਮਿਕ ਉਸਾਰੀ ਰੁਮਾਂਟਿਕ ਵਲਗਣਾਂ
ਵਿਚੋਂ ਨਿਕਲ ਕੇ ਆਪਣੇ ਘੇਰੇ ਨੂੰ ਹੋਰ ਵਿਸ਼ਾਲਤਾ ਵੱਲ ਲਿਜਾ ਚੁੱਕੀ ਹੈ। ਉਸਦੇ ਸ਼ਿਅਰ
ਸਮਾਜਕ, ਮਨੋਵਿਗਿਆਨਕ, ਇਤਿਹਾਸਕ ਵੱਖ ਨੂੰ ਅਜੋਕੇ ਮਨੁੱਖ ਦੀ ਯਥਾਰਥਕ
ਸਥਿਤੀ/ਚੇਤਨਾ ਦੇ ਮਾਧਿਅਮ ਰਾਹੀਂ ਵਿਅਕਤ ਹੁੰਦੇ ਹਨ। ਅਜੋਕੀ ਗ਼ਜ਼ਲ ਵਿਸ਼ਵੀਕਰਨ
ਦਾ ਦ੍ਰਿਸ਼ਟੀਮੂਲਕ ਅਧਿਐਨ ਪ੍ਰਸਤੁਤ ਕਰਦੀ ਹੈ। ਮਨੁੱਖ ਦੀ ਤਿੜਕੀ ਹੋਂਦ ਮੂਲਕ ਸੰਵੇਦਨਾ
ਦਾ ਸੰਦ੍ਰਿਸ਼ ਉਸਰਿਆ ਪ੍ਰਾਪਤ ਹੁੰਦਾ ਹੈ। ਮਾਧਵ ਕੋਸ਼ਿਕ ਦਾ ਵਿਚਾਰ ਗੌਲਣਯੋਗ ਹੈ:
ਗ਼ਜ਼ਲ ਉਹ ਸ਼ਕਤੀਸ਼ਾਲੀ ਵਿਧਾ ਹੈ, ਜਿਸ ਰਾਹੀਂ ਅਸੀਂ ਜੀਵਨ ਅਤੇ ਜਗਤ
ਦੀਆਂ ਸਾਰੀਆਂ ਵਿਸੰਗਤੀਆਂ, ਬਿਪਤਾਵਾਂ ਸਮਾਜਕ ਪੀੜਾ, ਸ਼ੋਸ਼ਣ ਅਤੇ
ਸੰਘਰਸ਼ ਦੀਆਂ ਸਭ ਜਟਿਲ ਸਥਿਤੀਆਂ ਦੇ ਅੰਕਣ ਦੇ ਨਾਲ ਨਾਲ ਮਨੁੱਖੀ
ਮਨ ਦੇ ਕਲੇਸ਼, ਵੈਰਾਗ, ਦੁੱਖ ਦੇ ਸਾਰੇ ਸੂਖਮ ਅਨੁਭਵਾਂ ਨੂੰ ਪ੍ਰਗਟ ਕਰ
ਸਕਦੇ ਹਾਂ।17
ਗ਼ਜ਼ਲ ਵਿਚ ਥੀਮਿਕ ਪਹਿਲੂ ਦੀ ਪ੍ਰਸਤੁਤੀ ਸਮੁੱਚੇ ਮਾਨਵੀ ਸੰਸਾਰ, ਪੇਂਡੂ ਤੋਂ ਸ਼ਹਿਰੀ
ਪਰਿਵੇਸ਼ ਤੱਕ, ਪਦਾਰਥਕ ਤੋਂ ਮਨੋਵਿਗਿਆਨਕ ਵਰਤਾਰੇ ਤਕ ਦੇ ਮਨੁੱਖੀ ਦੇਹੀ ਤੋਂ
ਮਾਨਸਿਕ ਸਥਿਤੀਕ-ਹੋਂਦ ਮੂਲਕ ਸਿਸਟਮ ਤੱਕ ਪੱਸਰੀ ਹੋਈ ਹੈ।
ਗ਼ਜ਼ਲ ਦੀ ਰੂਪ-ਸੰਰਚਨਾ
ਗ਼ਜ਼ਲ ਦੀ ਰੂਪਕ-ਸੰਰਚਨਾ ਦੀ ਨਿਸ਼ਾਨਦੇਹੀ ਦੋ ਪਹਿਲੂਆਂ ਤੋਂ ਸਪਸ਼ਟ ਹੋ ਸਕਦੀ
ਹੈ। ਇਕ: ਤਕਨੀਕੀ ਸੰਕਲਪ, ਦੋ: ਪਿੰਗਲ-ਸ਼ਾਸਤਰ। ਹੁਣ ਅਸੀਂ ਇਸ ਪ੍ਰਸੰਗ ਵਿਚ ਗ਼ਜ਼ਲ
ਦੀ ਵਿਧਾ-ਪਛਾਣ ਨਿਸ਼ਚਤ ਕਰਨ ਦਾ ਯਤਨ ਕਰਾਂਗੇ:
1. ਤਕਨੀਕੀ ਸੰਕਲਪ/ਸ਼ਬਦਾਵਲੀ
(੧). ਮਤਲਾ
ਗ਼ਜ਼ਲ ਦਾ ਨਜ਼ਮ ਵਿਚ ਦੋ ਅੱਗੇ ਪਿੱਛੇ ਆਉਣ ਵਾਲੀਆਂ ਅੰਤਰ-ਸੰਬੰਧਿਤ ਤੁਕਾਂ
(ਮਿਸਰੇ), ਜਿਹਨਾਂ ਦਾ ਆਪਸ ਵਿਚ ਤੁਕਾਂਤ ਮਿਲਦਾ ਹੁੰਦਾ ਹੈ, ਨੂੰ ਮਤਲਾ ਕਿਹਾ ਜਾਂਦਾ ਹੈ।
ਇਸ ਦਾ ਸਥਾਨ ਗ਼ਜ਼ਲ ਦੇ ਆਰੰਭ ਵਿਚ ਹੁੰਦਾ ਹੈ। ਮਤਲਾ ਵਾਸਤਵ ਵਿਚ ਅਰਬੀ ਭਾਸ਼ਾ
ਦਾ ਸ਼ਬਦ ਹੈ ਜਿਸਦਾ ਕੋਸ਼ਗਤ ਅਰਥ ਹੈ- ਸੂਰਜ ਦਾ ਉਦੈ ਹੋਣਾ। ਡਾ. ਐਸ. ਤਰਸੇਮ ਮਤਲੇ
ਬਾਰੇ ਦੱਸਦੇ ਹਨ:
ਮਤਲਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਉਦੈ ਹੋਣਾ ਜਾਂ ਸੂਰਜ
ਦਾ ਚੜ੍ਹਨਾ। ਸੂਰਜ ਦੇ ਚੜ੍ਹਨ ਨਾਲ ਦਿਨ ਸ਼ੁਰੂ ਹੁੰਦਾ ਹੈ, ਉਸੇ ਤਰ੍ਹਾਂ ਗ਼ਜ਼ਲ
ਦੀ ਸ਼ੁਰੂਆਤ ਮਤਲੇ ਨਾਲ ਹੁੰਦੀ ਹੈ। ਮਤਲੇ ਨੂੰ ਪੰਜਾਬੀ ਦੇ ਕੁਝ ਸ਼ਾਇਰ
ਮੁਖੜਾ ਵੀ ਕਹਿੰਦੇ ਹਨ। ਪੰਜਾਬੀ ਭਾਸ਼ਾ ਅਨੁਸਾਰ ਮਤਲੇ ਲਈ ਮੁਖੜਾ
ਸ਼ਬਦ ਵੀ ਢੁਕਵਾਂ ਹੈ।18
ਪੰਜਾਬ ਕੋਸ਼ ਵਿਚ ਵੀ ਮਤਲੇ ਦੇ ਅਰਥ ਸੂਰਜ ਦਾ ਉਦੈ ਹੋਣਾ ਅਤੇ ਇਸਨੂੰ ਮੁਖੜੇ
ਨਾਲ ਨਾਮਕਰਨ ਕੀਤਾ ਗਿਆ ਹੈ।
ਇਕ ਗ਼ਜ਼ਲ ਵਿਚ ਇਕ ਤੋਂ ਵਧੀਕ ਮਤਲੇ ਵੀ ਸੰਭਵ ਹਨ। ਪਹਿਲੇ ਮਤਲੇ ਨੂੰ
ਮਤਲਾ-ਏ-ਅੱਵਲ ਅਤੇ ਬਾਦ ਵਿਚ ਆਉਣ ਵਾਲੇ ਨੂੰ ਮਤਲਾ-ਸਾਕੀ ਜਾਂ ਹੁਸਨ-ਏ-
ਮਤਲਾ ਕਹਿੰਦੇ ਹਨ। ਮਤਲੇ ਵਿਚ ਦੋ ਤੁਕਾਂ ਹੁੰਦੀਆ ਹਨ। ਦੋਹਾਂ ਤੁਕਾਂ ਦਾ ਬਹਿਰ/ਵਜ਼ਨ
ਸਮਾਨ ਹੁੰਦਾ ਹੈ। ਮਤਲੇ ਦੀ ਹਰ ਤੁਕ ਮਿਸਰਾ ਕਹਾਉਂਦੀ ਹੈ। ਪੰਜਾਬ ਕੋਸ਼ ਵਿਚ ਮਤਲੇ ਬਾਰੇ
ਵਿਚਾਰ ਇੰਦਰਾਜ ਹਨ:
ਮਤਲੇ ਵਿਚ ਦੋ ਤੁਕਾਂ/ਦੋ ਮਿਸਰੇ ਹੁੰਦੇ ਹਨ। ਇਹ ਦੋਵੇਂ ਤੁਕਾਂ ਹਮ-ਵਜ਼ਨ,
ਹਮ-ਕਾਫ਼ੀਆ, ਹਮ-ਰਦੀਫ਼ ਹੁੰਦੀਆਂ ਹਨ।19
(੨). ਮਿਸਰਾ
ਮਿਸਰਾ ਸ਼ਿਅਰ ਦੀ ਇਕ ਤੁਕ ਨੂੰ ਕਿਹਾ ਜਾਂਦਾ ਹੈ। ਇਸ ਤੁਕ ਦੀ ਹੋਂਦ ਮਤਲੇ,
ਸ਼ਿਅਰ ਅਤੇ ਮਤਲੇ ਵਿਚ ਲਾਜ਼ਮੀ ਹੈ। ਜਿਵੇਂ ਸ਼ਿਅਰ, ਮਤਲੇ, ਮੁਕਤੇ ਵਿਚ ਦੋ-ਦੋ ਤੁਕਾਂ
ਹੁੰਦੀਆਂ ਹਨ। ਤਿੰਨ ਸ਼ਿਅਰਾਂ ਵਾਲੀ ਗ਼ਜ਼ਲ ਵਿਚ ਮਿਸਰਿਆਂ ਦੀ ਗਿਣਤੀ ਵੱਧ ਹੁੰਦੀ ਹੈ।
ਮਿਸਰਾ ਗ਼ਜ਼ਲ ਦੀ ਕਾਵਿਕ-ਇਕਾਈ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਗ਼ਜ਼ਲ
ਦੇ ਸਾਰੇ ਮਿਸਰੇ ਇਕ ਸੰਪੂਰਨ ਬਿੰਬ ਦੀ ਸੰਰਚਨਾ ਵਿਚ ਯੋਗਦਾਨ ਪਾਉਂਦੇ ਹਨ।
(੩). ਸ਼ਿਅਰ : ਸਿਅਰ ਦੇ ਸ਼ਾਬਦਿਕ ਅਰਥ
'ਸਿਰ ਦੇ ਵਾਲ' ਜਾਂ ਜਾਨਣਾ ਹੈ। ਜਿਵੇਂ ਅਨੁਸਾਰਤਾ ਵਿਚ ਵਾਹੇ-ਗੁੰਦੇ ਵਾਲ
ਵਿਅਕਤੀ ਦੀ ਸ਼ਖ਼ਸੀਅਤ ਵਿਚ ਵਾਧਾ ਕਰਦੇ ਹਨ। ਉਸੇ ਤਰ੍ਹਾਂ ਸ਼ਿਅਰ ਵਿਚਲੇ ਸ਼ਬਦਾਂ ਦੀ
ਢੁਕਵੀਂ ਜੜ੍ਹਤ ਗ਼ਜ਼ਲ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀ ਹੈ:
ਜਿਸ ਤਰ੍ਹਾਂ ਵਾਲ ਵਾਹੁਣ, ਸੰਵਾਰਨ ਅਤੇ ਗੁੰਦਣ ਨਾਲ ਸਿਰ ਤੇ ਚਿਹਰੇ ਦੀ
ਸੁੰਦਰਤਾ ਵਿਚ ਵਾਧਾ ਹੁੰਦਾ ਹੈ, ਉਸੇ ਤਰ੍ਹਾਂ ਸ਼ਬਦ ਰੂਪੀ ਵਾਲਾਂ ਨੂੰ ਕਿਸੇ ਖ਼ਾਸ
ਤਰਤੀਬ, ਤੋਲ ਤੇ ਬਹਿਰ/ਵਜ਼ਨ ਵਿਚ ਰੱਖਣ ਨਾਲ ਸ਼ਬਦਾਂ ਦੀ ਸੁੰਦਰਤਾ
ਵਿਚ ਵਾਧਾ ਹੁੰਦਾ ਹੈ, ਜੋ ਸ਼ਿਅਰ ਦੇ ਰੂਪ ਵਿਚ ਉਜਾਗਰ ਹੁੰਦਾ ਹੈ।20
ਗ਼ਜ਼ਲ ਜਾਂ ਨਜ਼ਮ ਵਿਚ ਦੋ ਅੰਤਰ-ਸੰਬੰਧਿਤ ਮਿਸਰਿਆਂ ਨੂੰ, ਜੋ ਇਕੋ ਹੀ ਬਹਿਰ
ਵਿਚ ਹੋਣ, ਨੂੰ ਸ਼ਿਅਰ ਕਿਹਾ ਜਾਂਦਾ ਹੈ। ਸ਼ਿਅਰ ਦੀ ਦੂਜੀ ਤੁਕ ਵੀ ਤੁਕਾਂਤ-ਯੁਕਤ ਹੋਣੀ
ਚਾਹੀਦੀ ਹੈ। ਗ਼ਜ਼ਲ ਦੇ ਸ਼ਿਅਰ ਅਸਲ ਵਿਚ ਇਕ ਕਾਵਿਕ-ਇਕਾਈ ਹੁੰਦੇ ਹਨ ਜਾਂ ਇਹ
ਕਹਿ ਲਈਏ ਕਿ ਇਕ ਸੰਪੂਰਨ ਅਰਥਪੂਰਨ ਇਕਾਈ ਹੁੰਦੇ ਹਨ। ਥੀਮਿਕ ਪੱਖੋਂ ਇਕ ਸ਼ਿਅਰ
ਦੂਜੇ ਸ਼ਿਅਰ ਨਾਲੋਂ ਭਿੰਨਤਾ ਦਾ ਧਾਰਨੀ ਹੋ ਸਕਦਾ ਹੈ ਕਿਉਂਕਿ ਗ਼ਜ਼ਲ ਦਾ ਸ਼ਿਅਰ ਇਕ
ਦੂਜੇ ਤੋਂ ਪੂਰਨ ਸੁਤੰਤਰ ਹੁੰਦਾ ਹੈ।
(੪). ਮਕਤਾ
ਅਰਬੀ ਭਾਸ਼ਕ ਸ਼ਬਦ ਹੈ ਜਿਸਦਾ ਅਰਥ ਹੈ:- 'ਕੱਟਿਆ ਹੋਇਆ'। ਜੋ ਗ਼ਜ਼ਲ ਦੇ
ਅੰਤ ਵਿਚ ਉਚਾਰਿਆ ਜਾਂ ਲਿਖਿਆ ਜਾਂਦਾ ਹੈ, ਉਸਨੂੰ ਮਕਤਾ ਕਿਹਾ ਜਾਂਦਾ ਹੈ। ਵਾਸਤਵ
ਵਿਚ ਇਕ ਗ਼ਜ਼ਲ ਵਿਚ ਜੋ ਭਾਵ-ਪ੍ਰਬੰਧ ਉਸਾਰਿਆ ਜਾਂਦਾ ਹੈ, ਜਿਹੜਾ ਵਿਚਾਰ-ਤੰਤਰ
ਸਿਰਜਿਆ ਜਾ ਰਿਹਾ ਹੁੰਦਾ ਹੈ, ਉਸ ਤੇ ਰੋਕ ਮਕਤਾ ਹੀ ਲਾਉਂਦਾ ਹੈ।
ਮਕਤੇ ਵਿਚ ਅਕਸਰ ਸ਼ਾਇਰ ਦਾ ਤਖ਼ੱਲਸ/ਉਪਨਾਮ/ਨਾਮ/ ਗੋਤ ਆਦਿ ਦਾ
ਜ਼ਿਕਰ ਹੁੰਦਾ ਹੈ। ਇਸ ਦਾ ਮਕਸਦ ਸਿਰਫ਼ ਗ਼ਜ਼ਲ ਨੂੰ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ
ਕਰਨ ਹਿਤ ਲਿਖਿਆ ਜਾਂਦਾ ਹੈ। ਪਰ ਆਧੁਨਿਕ ਗ਼ਜ਼ਲ ਵਿਚ ਤਖ਼ੱਲਸ ਆਦਿ ਰਹਿਤ
ਮਕਤੇ ਦੀ ਰਚਨਾ ਵੀ ਹੋਈ ਹੈ। ਇਕ ਤਰ੍ਹਾਂ ਨਾਲ ਮਕਤਾ ਗ਼ਜ਼ਲ ਦਾ ਆਖਰੀ ਸ਼ਿਅਰ ਹੀ
ਹੁੰਦਾ ਹੈ:
ਗ਼ਜ਼ਲ ਦੇ ਮਕਤੇ ਤੋਂ ਭਾਵ ਉਹ ਸ਼ਿਅਰ ਹੈ ਜੋ ਗ਼ਜ਼ਲ ਦੀ ਸਮਾਪਤੀ ਵਜੋਂ
ਰਚਿਆ ਜਾਂਦਾ ਹੈ ਤੇ ਜਿਸ ਵਿਚ ਸ਼ਾਇਰ ਦਾ ਤਖ਼ੱਲਸ ਜਾਂ ਉਪਨਾਮ ਵੀ
ਆ ਜਾਂਦਾ ਹੈ। ਇਹ ਸ਼ਾਇਰ ਦੀ ਆਪਣੀ ਰਚਨਾ ਤੇ ਲਾਈ ਇਕ ਮੋਹਰ ਹੈ,
ਕੀਤੇ ਦਸਤਖ਼ਤ ਹਨ।21
ਅਜੋਕੀ ਗ਼ਜ਼ਲ ਵਿਚ ਮਕਤਾ ਉਪਨਾਮ/ਤਖ਼ੱਲਸ ਵਿਹੂਣਾ ਵੀ ਹੈ। ਕਿਉਂਕਿ ਇਹਨਾਂ
ਦੀ ਵਰਤੋਂ ਉਸ ਸਮੇਂ ਇਕ ਲੋੜ ਸੀ, ਜਦੋਂ ਛਾਪੇਖਾਨੇ ਦੀ ਅਣਹੋਂਦ ਸੀ। ਪਰ ਅੱਜ ਇਹ
ਸਮੱਸਿਆਕਾਰ ਨਹੀਂ ਹੈ। ਅਜੋਕੀ ਗ਼ਜ਼ਲ ਵਿਚ ਤਖ਼ੱਲਸ ਮਕਤੇ ਵਿਚ ਇਕ ਅਰਥਪੂਰਨ
ਇਕਾਈ ਵਜੋਂ ਪ੍ਰਯੋਗ ਕੀਤੇ ਜਾਂਦੇ ਹਨ:
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦਾ ਪਾਤਰ,
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ।22
(੫)ਬਹਿਰ
ਹਰ ਸ਼ਿਅਰ ਇਕ ਵਿਸ਼ੇਸ਼ ਧੁਨੀਆਤਮਕ ਲੈਅ/ਚਾਲ ਦਾ ਧਾਰਨੀ ਹੁੰਦਾ ਹੈ। ਇਹੀ
ਬਹਿਰ ਹੁੰਦਾ ਹੈ। ਰੁਕਨ ਬਹਿਰਾਂ ਦੀ ਰਚਨਾ ਕਰਦੇ ਹਨ। ਪ੍ਰੋ. ਗੁਰਦਿਆਲ ਆਰਿਫ਼ ਦਾ ਮਤ
ਹੈ:
ਵੱਖ ਵੱਖ ਧੁਨੀ ਖੰਡਾਂ ਦੇ ਨਿਸ਼ਚਿਤ ਗਿਣਤੀ ਵਿਚ ਲੈਅ ਮਈ ਪ੍ਰਬੰਧ ਨੂੰ
ਬਹਿਰ ਕਹਿੰਦੇ ਹਨ।23
ਵੱਖ-ਵੱਖ ਵਿਦਵਾਨਾਂ ਨੇ ਛੰਦ-ਸ਼ਾਸਤਰ ਵਿਚ 19 ਬਹਿਰਾਂ ਦੀ
ਨਿਸ਼ਾਨਦੇਹੀ ਕੀਤੀ ਹੈ। ਡਾ. ਐਸ. ਤਰਸੇਮ ਨੇ ਇਹਨਾਂ 19 ਬਹਿਰਾਂ ਨੂੰ
ਸਾਬਤ ਬਹਿਰਾ ਦਾ ਨਾਮ ਦਿੱਤਾ ਹੈ। ਪਰ ਰੁਕਨਾ ਵਿਚ ਜਿਹਾਫ/ਕਾਂਟ-ਛਾਂਟ
ਕਰਕੇ ਇਸ ਤੋਂ ਅੱਗੇ 100 ਬਹਿਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
ਅਰੂਜ਼ੀ ਬਹਿਰਾਂ ਤੋਂ ਇਲਾਵਾ ਪੰਜਾਬੀ ਪਿੰਗਲ ਵੀ ਛੰਦਾਂ ਦੀ ਗਿਣਤੀ
ਨਿਸ਼ਚਿਤ ਕਰਦਾ ਹੈ।24
ਡਾ. ਨਰੇਸ਼ ਅਰੂਜ਼ੀ ਦਾ ਬਹਿਰ ਬਾਰੇ ਮੱਤ ਹੈ :
ਉਰਦੂ ਵਿਚ ਕਿਉਂਕਿ 'ਬਹਿਰ' ਦਾ ਅਰਥ ਇਕ ਨਿਸ਼ਚਿਤ ਵਜ਼ਨ ਹੈ ਇਸ
ਲਈ ਉਰਦੂ ਛੰਦ-ਸ਼ਾਸਤਰ ਵਿਚ ਲੈਅ ਦੀ ਪ੍ਰਧਾਨਤਾ ਨੂੰ ਹੀ ਪ੍ਰਮੁੱਖ
ਮੰਨਿਆ ਜਾਂਦਾ ਹੈ।25
(੬). ਵਜ਼ਨ
ਕਿਸੇ ਵੀ ਬਹਿਰ ਵਿਚ ਪ੍ਰਯੋਗਤ ਸ਼ਾਬਦਿਕ ਉਚਾਰਣ ਵਿਚ ਖਰਚ ਸਮੇਂ ਨੂੰ ਵਜ਼ਨ
ਤੋਲ ਕਿਹਾ ਜਾਂਦਾ ਹੈ। ਵਜ਼ਨ ਨੂੰ ਮਾਪਣ ਦੇ ਭਾਰਤੀ/ਪੰਜਾਬੀ ਪਿੰਗਲ ਅਤੇ ਅਰੂਜ਼ ਦਾ
ਆਪਣਾ ਆਪਣਾ ਨੇਮ ਪ੍ਰਬੰਧ ਹੈ। ਭਾਰਤੀ ਪਿੰਗਲ ਦੇ ਵਜ਼ਨ ਨੂੰ ਮਾਪਣ ਦੇ ਯੰਤਰਾਂ ਵਿਚ
ਵਰਣਾਂ ਅਤੇ ਮਾਤਰਾਵਾਂ ਦੀ ਗਿਣਤੀ ਕਰਨਾ ਜ਼ਿਕਰਯੋਗ ਹੈ। ਅਰੂਜ਼ ਵਿਚ ਇਹ ਕੰਮ
ਅੱਖਰਾਂ ਦੀ ਹਰਕਤ ਪਛਾਣ ਕੇ ਕੀਤਾ ਜਾਂਦਾ ਹੈ। ਅਰਬੀ/ਫ਼ਾਰਸੀ/ਉਰਦੂ ਜ਼ੁਬਾਨਾਂ ਵਿਚ
ਲਗਾਂ-ਮਾਤਰਾਂ ਦੀ ਲਗਭਗ ਅਣਹੋਂਦ ਹੀ ਹੈ:
ਪਿੰਗਲ ਅਨੁਸਾਰ ਕਿਸੇ ਕਵਿਤਾ ਦਾ ਤੋਲ/ਵਜ਼ਨ ਮਿੱਥਣ ਦੇ ਦੋ ਢੰਗ ਹਨ।
ਇਕ ਢੰਗ ਅਨੁਸਾਰ ਤੁਕਦੇ ਕੇਵਲ ਵਰਣ ਗਿਣੇ ਜਾਂਦੇ ਹਨ। ਦੂਜੇ ਢੰਗ
ਅਨੁਸਾਰ ਤੁਕ ਦੀਆ ਮਾਤਰਾਵਾਂ ਗਿਣੀਆਂ ਜਾਂਦੀਆਂ ਹਨ। ਅਰਬੀ ਫ਼ਾਰਸੀ
ਅਤੇ ਉਰਦੂ ਵਿਚ ਅਰਬੀ ਛੰਦ-ਪ੍ਰਬੰਧ ਅਰੂਜ ਨੂੰ ਮਾਨਤਾ ਪ੍ਰਾਪਤ ਹੈ। ਇਸ
ਲਈ ਅਰਬੀ, ਫਾਰਸੀ ਤੇ ਉਰਦੂ ਦੇ ਸ਼ਾਇਰ ਅੱਖਰਾਂ ਦੀਆਂ ਹਰਕਤਾਂ ਵੇਖਦੇ
ਹਨ। ਕਾਰਨ ਇਹ ਹੈ ਕਿ ਇਹਨਾਂ ਭਾਸ਼ਾਵਾਂ ਵਿਚ ਅੱਖਰਾਂ ਦੇ ਨਾਲ ਲਗਾਂਮਾਤਰਾ ਦਾ ਉਹ ਪੂਰਾ ਵਿਧਾਨ ਨਹੀਂ ਹੈ ਜੋ ਸੰਸਕ੍ਰਿਤੀ ਹਿੰਦੀ, ਪੰਜਾਬੀ ਅਤੇ
ਉੱਤਰੀ ਭਾਰਤੀ ਭਾਸ਼ਾਵਾਂ ਵਿਚ ਹੈ।26
(੭). ਰੁਕਨ (ਗਣ)
ਬਹਿਰ ਦੀ ਰਚਨਾ ਰੁਕਨ/ਗਣ ਦੀ ਭੂਮਿਕਾ ਪ੍ਰਮੁੱਖ ਹੈ। ਅਰੂਜ਼ੀ ਛੰਦ-ਪ੍ਰਬੰਧ ਵਿਚ
ਕੁਝ ਰੁਕਨਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਹ ਰੁਕਨ ਇਕ ਵਜ਼ਨ/ਤੋਲ ਅਨੁਸਾਰੀ ਹੁੰਦੇ
ਹਨ। ਡਾ. ਤਰਸੇਮ ਦਾ ਮਤ ਹੈ :
ਭਾਰਤੀ ਛੰਦ-ਸ਼ਾਸਤਰ ਵਿਚ ਲਘੂ ਅਤੇ ਗੁਰੂ ਵਰਣਾਂ ਦੇ ਮੇਲ ਤੋਂ ਭਿੰਨਭਿੰਨ ਰੂਪ ਮਿਲਦੇ ਹਨ। ਤੋਲ ਦੇ ਇਹਨਾਂ ਰੂਪਾਂ ਨੂੰ ਗਣ ਕਹਿੰਦੇ ਹਨ। ਅਰਬੀ
ਵਿਚ ਇਹਨਾਂ ਨੂੰ 'ਰੁਕਨ' ਕਹਿੰਦੇ ਹਨ।27
ਰੁਕਨ ਬਾਰੇ ਇਕ ਹੋਰ ਵਿਦਵਾਨ ਆਪਣੀ ਰਾਏ ਪ੍ਰਸਤੁਤ ਕਰਦਾ ਹੈ:
ਬਹਿਰ ਤੱਕੜੀ ਦੇ ਸ਼ਿਅਰ ਤੋਲਣ ਲਈ ਅਰਜ਼ੀ ਵਿਦਵਾਨਾਂ ਨੇ ਕੁਝ ਸ਼ਬਦਟੁਕੜੀਆਂ(ਤੋਲ) ਬਣਾਈਆਂ ਹਨ ਜਿਨ੍ਹਾਂ ਨੂੰ 'ਰੁਕਨ' ਕਹਿੰਦੇ ਹਨ। ਜਿਵੇਂਫ਼ਾਇਲਾਤੁਨ, ਮੁਫ਼ਾਈਲੁਨ, ਫ਼ਊਲੁਨ ਆਦਿ।
(੮). ਕਾਫ਼ੀਆ
'ਕਾਫ਼ੀਆ' ਅਰਬੀ ਮੂਲ ਦਾ ਸ਼ਬਦ ਹੈ ਜਿਸਦਾ ਕੋਸ਼ਗਤ ਅਰਥ ਵਾਰ-ਵਾਰ ਪਿਛੇ
ਆਉਣਾ ਹੈ। ਕਵਿਤਾ/ਗ਼ਜ਼ਲ ਵਿਚ ਕਾਫ਼ੀਆ ਉਹ ਸ਼ਬਦ ਹੈ, ਜੋ ਸ਼ਿਅਰ ਦੇ ਅੰਤ ਤੇ ਅਤੇ
ਰਦੀਫ਼ ਤੋਂ ਪਹਿਲਾਂ ਆਉਂਦਾ ਹੈ। ਇਹ ਹਮੇਸ਼ਾ ਤੁਕਾਂਤ ਯੁਕਤ ਹੁੰਦਾ ਹੈ। ਦੀਪਕ ਜੈਤੋਈ ਦੇ
ਸ਼ਬਦਾਂ ਵਿਚ:
ਕਵਿਤਾ ਵਿਚ ਉਹਨਾਂ ਅੱਖਰਾਂ ਨੂੰ ਜਿਹੜੇ ਰਦੀਫ਼ ਤੋਂ ਪਹਿਲਾਂ ਆਉਂਦੇ ਹਨ
ਤੇ ਉਹਨਾਂ ਵਿਚ ਇਕ ਜਾਂ ਇਕ ਤੋਂ ਵੱਧ ਅੱਖਰਾਂ ਦੀ ਸਾਂਝ ਹੁੰਦੀ ਹੈ, ਨੂੰ
ਕਾਫ਼ੀਆ ਆਖਦੇ ਹਨ।28
ਭਾਰਤੀ ਛੰਦ-ਵਿਧਾਨ ਵਿਚ ਕਾਫ਼ੀਏ ਨੂੰ 'ਅੰਤਯ ਅਨੁਪ੍ਰਾਸ' ਦਾ ਨਾਮ ਦਿੱਤਾ ਗਿਆ
ਹੈ। ਪ੍ਰੋ. ਗੁਰਦਿਆਲ ਸਿੰਘ ਆਰਿਫ਼ ਇਸ ਬਾਰੇ ਲਿਖਦੇ ਹਨ:
ਕਵਿਤਾ ਵਿਚ ਆਮ ਤੌਰ ਤੇ ਪੰਕਤੀਆ ਦੇ ਅੰਤ ਤੇ ਅਜਿਹੇ ਸ਼ਬਦ ਵਰਤੇ
ਜਾਂਦੇ ਹਨ, ਜਿਨ੍ਹਾਂ ਦੀ ਇਕੋ ਜਿਹੀ ਆਵਾਜ਼ ਹੁੰਦੀ ਹੈ। ਸ਼ਬਦਾਂ ਦੀ ਪ੍ਰਸਪਰ
ਇਕਸੁਰਤਾ ਨੂੰ ਕਾਫ਼ੀਆ ਜਾਂ ਤੁਕਾਂਤ ਜਾਂ ਅੰਤ ਅਨੁਪ੍ਰਾਸ ਕਹਿੰਦੇ ਹਨ।29
ਉਦਾਹਰਣ ਪੇਸ਼ ਹੈ:
ਇਹ ਕੀ ਹਵਾ ਫਿਰ ਗਈ ਹੈ ਦੁਨੀਆ ਬਦਲ ਕਿਉਂ ਗਈ ਹੈ।
ਹਰ ਦਿਲ ਦੇ ਵਿਚੋਂ ਮੁਹੱਬਤ ਯਾਰੋ ਨਿਕਲ ਕਿਉਂ ਗਈ ਹੈ।
ਕਾਫ਼ੀਆ ਤਿੰਨ ਕਿਸਮਾਂ ਦਾ ਹੁੰਦਾ ਹੈ-
ੳ. ਸਹੀ ਕਾਫ਼ੀਏ
ਇਹਨਾਂ ਕਾਫ਼ੀਆਂ ਦੇ ਅੱਖਰਾਂ/ਮਾਤਰਾ ਦੀ ਸਾਂਝ ਬਿਲਕੁਲ ਇਕ ਸੁਰਤਾ ਵਿਚ ਪਰੋਈ
ਗਈ ਹੁੰਦੀ ਹੈ। ਜਿਵੇਂ ਕੁਹਰਾਮ-ਕਤਲਾਮ, ਸਹਾਰਾ-ਕਿਨਾਰਾ ਆਦਿ।
ਅ. ਸੁਸਤ ਕਾਫ਼ੀਏ
ਇਹਨਾਂ ਵਿਚ ਅੱਖਰਾਂ/ਮਾਤਰਾਂ ਬੇਮੇਲ ਹੁੰਦੇ ਹਨ ਪਰ ਮੂਲ ਅੱਖਰ/ਮਾਤਰਾ ਸਾਂਝੇ ਹੁੰਦੇ
ਹਨ। ਜਿਵੇਂ ਰਸਤਾ, ਫਿੱਕਾ, ਜ਼ਿੰਦਗੀ-ਆਸ਼ਕੀ ਆਦਿ।
(ੲ) ਵਿਕਟ ਕਾਫ਼ੀਏ-
ਇਹਨਾਂ ਵਿਚ ਅੱਖਰਾਂ/ਮਾਤਰਾਂ ਨਾਲੋਂ ਧੁਨੀਆਤਮਕ ਸਾਂਝ ਹੁੰਦੀ ਹੈ।
ਜਿਵੇਂ ਪੈਣਾ-ਗਹਿਣਾ, ਵੈਰ-ਜ਼ਹਿਰ ਆਦਿ।
ਕਾਫ਼ੀਏ ਦਾ ਮੁਖ ਕਾਰਜ ਗ਼ਜ਼ਲ ਨੂੰ ਲੈਅਬੱਧ ਅਤੇ ਸੰਗੀਤ ਬੱਧ ਕਰਨ ਵਿਚ ਹੈ।
(੯). ਰਦੀਫ਼
ਗ਼ਜ਼ਲ ਦੇ ਮਤਲੇ, ਸ਼ਿਅਰ ਅਤੇ ਮਕਤੇ ਦੀ ਅੰਤਲੀ ਤੁਕ ਦੇ ਅੰਤ ਵਿਚ ਕਾਫ਼ੀਏ ਤੋਂ
ਬਾਦ ਵਰਤੇ ਜਾਣ ਵਾਲੇ ਸ਼ਬਦ ਨੂੰ ਰਦੀਫ਼ ਕਿਹਾ ਗਿਆ ਹੈ। ਡਾ. ਐਸ ਤਰਸੇਮ ਅਨੁਸਾਰ:
ਰਦੀਫ਼ ਗ਼ਜ਼ਲ ਜਾਂ ਕਿਸੇ ਵੀ ਹੋਰ ਸਿਨਫ਼-ਏ-ਸੁਖ਼ਨ ਵਿਚ ਮਤਲਾ ਜਾਂ
ਪਿਆਰ ਦੇ ਦੂਜੇ ਮਿਸਰੇ ਵਿਚ ਆਉਣ ਵਾਲਾ ਉਹ ਸ਼ਬਦ ਜਾਂ ਵਾਕੰਸ਼ ਹੈ ਜੋ
ਕਾਫ਼ੀਏ ਤੋਂ ਪਿਛੋਂ ਆਉਂਦਾ ਹੈ।30
ਆਧੁਨਿਕ ਪੰਜਾਬੀ ਗ਼ਜ਼ਲ ਵਿਚ ਰਦੀਫ਼-ਵਿਹੁਣੇ ਸ਼ਿਅਰਾਂ ਦਾ ਰਿਵਾਜ ਵੀ ਪੈ ਚੁੱਕਾ
ਹੈ। ਡਾ. ਜਗਤਾਰ ਦਾ ਇਕ ਮਤਲਾ ਪੇਸ਼ ਹੈ:
ਘਰ ਦੇ ਦਰਵਾਜ਼ੇ ਤੋਂ ਆਪਣੇ ਨਾਮ ਦੀ ਤਖ਼ਤੀ ਉਤਾਰ
ਏਸ ਵਿਚ ਖਤਰੇ ਛੁਪੇ ਹੋਏ ਨੇ ਅੱਜ ਕੱਲ੍ਹ ਬੇਸ਼ੁਮਾਰ।
ਰਦੀਫ਼ ਗ਼ਜ਼ਲ ਦੇ ਮਿਸਰਿਆਂ ਵਿਚ ਉਹੀ ਵਰਤੋਂ ਵਿਚ ਆਉਂਦਾ ਹੈ ਪਰ ਕਾਫ਼ੀਆ
ਲਗਾਤਾਰ ਬਦਲਦਾ ਰਹਿੰਦਾ ਹੈ। ਸੁਲੱਖਣ ਸਰਹੱਦੀ ਦੇ ਰਦੀਫ਼ ਬਾਰੇ ਵਿਚਾਰ ਇਸ ਤਰ੍ਹਾ
ਹਨ:
ਰਦੀਫ਼ ਦਾ ਅੱਖਰੀ ਅਰਥ ਘੋੜੇ ਦਾ ਪਿਛਲਾ ਸਵਾਰ ਹੁੰਦਾ ਹੈ। ਘੋੜੇ ਦੀ
ਲਗਾਮ ਅਗਲੇ ਸਵਾਰ ਕੋਲ ਹੁੰਦੀ ਹੈ। ਇਸ ਤਰ੍ਹਾਂ ਕਾਫ਼ੀਏ ਦੇ ਹੱਥ ਵਿਚ
ਜੁੰਬਸ਼ ਅਤੇ ਹਰਕਤ ਹੁੰਦੀ ਹੈ। ਉਹ ਸ਼ਬਦਾਂ ਦੇ ਘੋੜੇ ਨੂੰ ਡਾਂਸ ਵੀ ਕਰਵਾ
ਸਕਦਾ ਹੈ ਅਤੇ ਦੌੜਾ ਵੀ ਸਕਦਾ ਹੈ। ਅਰੂਜ਼ੀ ਭਾਸ਼ਾ ਵਿਚ ਸ਼ਿਅਰ ਵਿਚ
ਉਹ ਸ਼ਬਦ ਜਾਂ ਸ਼ਬਦਾਂ ਦਾ ਸਮੂਹ ਹੁੰਦਾ ਹੈ ਜੋ ਕਾਫ਼ੀਏ ਦੇ ਪਿਛੇ ਇਕਹਿਰੇ
ਰੂਪ ਵਿਚ ਬਾਰ ਬਾਰ ਆਉਂਦਾ ਹੈ।31
ਰਦੀਫ਼ ਇਕ-ਸ਼ਬਦੀ, ਦੋ-ਸ਼ਬਦੀ, ਤਿੰਨ-ਸ਼ਬਦੀ ਵੀ ਪ੍ਰਯੋਗ ਵਿਚ ਆਏ ਹਨ।
ਇਹਨਾਂ ਸ਼ਿਅਰਾਂ ਦੀਆ ਉਦਾਹਰਣਾਂ ਪੇਸ਼ ਹਨ:
ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ-ਹੌਲੀ।
ਚੰਦ ਮੁਖ ਰੇਤ 'ਚ ਰਲ ਜਾਂਦਾ ਏ ਹੌਲੀ-ਹੌਲੀ। (ਸੁਰਜੀਤ ਪਾਤਰ)
ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ-ਨਾਲ।
ਹਾਵਾਂ ਭਾਵਾਂ ਤੇ ਨਜਰ ਰੱਖ, ਚਿਹਰਿਆਂ ਦੇ ਨਾਲ-ਨਾਲ। (ਡਾ. ਜਗਤਾਰ)
ਪਿਆਰ ਵਿਚ ਮਿਲਿਆ ਜਦੋਂ ਇਨਕਾਰ ਤੇਰੇ ਸ਼ਹਿਰ ਦਾ ।
ਬਣ ਗਿਆ ਮੁਸ਼ਤਾਕ ਫਿਰ ਫਨਕਾਰ ਤੇਰੇ ਸ਼ਹਿਰ ਦਾ। (ਮੁਸ਼ਤਾਕ ਵਾਰਸੀ)
ਜਦ ਜਦ ਵੀ ਇਹ ਜ਼ਿੰਦਗੀ ਦਾ ਹੈ ਗੰਧਲਿਆ ਪਾਣੀ।
ਮੈਂ ਫਿਰ ਵੀ ਹੈ ਭਾਲਿਆ ਕਿਧਰੋਂ ਨਿਤਰਿਆ ਪਾਣੀ। (ਡਾ. ਐਸ. ਤਰਸੇਮ )
ਰਦੀਫ਼ ਦੋ ਕਿਸਮਾਂ ਦੇ ਹਨ
ੳ. ਸੁਤੰਤਰ ਰਦੀਫ਼
ਇਹ ਰਦੀਫ਼ ਪੂਰਨ ਅਜਾਦ ਹੁੰਦੇ ਹਨ ਜਿਵੇ:
ਕਿੰਨਾ ਫਿਕਰ ਗ਼ਜ਼ਲਗੋ ਕਰਦੇ ਨਿੱਕੀ ਇਕ ਸਿਹਾਰੀ ਦਾ।
ਐਪਰ ਚੇਤਾ ਭੁੱਲ ਜਾਂਦੇ ਨੇ ਦਿਲ ਤੇ ਚਲਦੀ ਆਰੀ ਦਾ।
ਅ. ਮਿਸ਼ਰਤ ਰਦੀਫ਼
ਇਸ ਕਿਸਮ ਦੇ ਰਦੀਫ਼ ਕਾਫ਼ੀਏ ਨਾਲ ਸੰਮਿਲਤ ਰੂਪ ਵਿਚ ਦ੍ਰਿਸ਼ਮਾਨ ਹੁੰਦੇ ਹਨ।
ਜਿਵੇ:
ਹਮਦਰਦ ਅਲਗ ਰੋਂਦੇ, ਬੇਗਾਨੇ ਵੱਖ ਹੱਸਦੇ।
ਜੋ ਬੀਤੀ ਸਾਡੇ ਤੇ, ਲੋਕਾਂ ਨੂੰ ਕੀ ਦੱਸਦੇ?
ਬਚ ਰਹਿੰਦਾ ਬਾਗ ਕਿਵੇਂ, ਵਰਦੀ ਸੀ ਅੱਗ ਧੁੱਪ ਦੀ,
ਫੁੱਲ ਕਿੱਥੇ ਜਾ ਲੁਕਦੇ, ਕਿਧਰ ਨੂੰ ਰੁੱਖ ਨੱਸਦੇ?
ਉਪਰੋਕਤ ਗ਼ਜ਼ਲ ਵਿਚ 'ਹੱਸ', 'ਦਸ', 'ਨੱਸ' ਕਾਫ਼ੀਏ ਹਨ ਅਤੇ 'ਦੋ' ਰਦੀਫ਼ ਹੈ ਜੋ
ਕਾਫ਼ੀਏ ਨਾਲ ਸੰਮਿਲਤ ਰੂਪ ਦਰਸਾਉਂਦਾ ਹੈ।
ਗ਼ਜ਼ਲ ਦੀਆਂ ਕਿਸਮਾਂ
ਗ਼ਜ਼ਲ ਅਜਿਹੀ ਵਿਧਾ ਹੈ ਜਿਸ ਵਿਚ ਵਿਭਿੰਨ ਵੰਨਗੀਆਂ ਦੀ ਨਿਸ਼ਾਨਦੇਹੀ ਹੋਈ
ਹੈ। ਜੇਕਰ ਵਿਚਾਰ ਪੱਖੋਂ ਪਰਖੀਏ ਤਾਂ ਇਹ ਦੋ ਕਿਸਮਾਂ ਦੀ ਹੀ ਉਜਾਗਰ ਹੁੰਦੀਆਂ ਹਨ।
(੧). ਮੁਸੱਲਸਲ ਗ਼ਜ਼ਲ
ਗ਼ਜ਼ਲ ਦੀ ਇਸ ਵੰਨਗੀ ਵਿਚ ਵੱਥ ਦੀ ਏਕਤਾ ਹੁੰਦੀ ਹੈ। ਇੱਕੋ ਵੱਥ ਗ਼ਜ਼ਲ ਦੇ
ਮਤਲੇ ਤੋਂ ਲੈ ਕੇ ਮਕਤੇ ਤੱਕ ਕਾਰਜਸ਼ੀਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ
ਇਕ ਵਿਸ਼ਾ-ਏਕਤਾ ਕਾਇਮ ਰਹਿਣੀ ਇਸ ਗ਼ਜ਼ਲ ਦੀ ਸੰਰਚਨਾ ਦਾ ਮੋਢੀ ਲੱਛਣ ਹੈ।
ਉਦਾਹਰਣ ਲਈ ਅਸੀਂ ਡਾ. ਜਗਤਾਰ ਦੀ ਲਾਹੌਰ ਸ਼ਹਿਰ ਦੀ ਯਾਦ ਵਿਚ ਲਿਖੀ ਗ਼ਜ਼ਲ ਪੇਸ਼
ਕਰਦੇ ਹਾਂ:
ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਾਹੌਰ।
ਹੁਣ ਤਰਸਦੇ ਹਾਂ ਜਾਣ ਨੂੰ ਉਸ ਰਾਂਗਲੇ ਲਾਹੌਰ।
ਕੈਸੀ ਦੋਸਤੀ ਤੇ ਇਹ ਕੈਸੀ ਹੈ ਦੁਸ਼ਮਣੀ,
ਧੂੰਆਂ ਛਕੋ ਤਾਂ ਰੋ ਪਵੇ ਲਗ ਕੇ ਗਲੇ ਲਾਹੌਰ।
ਮਾਧੋ ਦੇ ਵਾਂਗ ਹੋਏਗੀ ਹਾਲਤ ਹੁਸੈਨ ਦੀ,
ਏਧਰ ਹਨੇਰ ਦਰਦ ਦਾ ਪਰ ਦਿਲ ਜਲੇ ਲਾਹੌਰ।
ਪਾਰ ਦੇ ਵਾਂਗ ਥਰਕਦੇ ਲਾਟਾਂ ਜਹੇ ਬਦਨ,
ਕੀ ਦੋਸਤੋ ਨਿਕਲਦੇ ਨੇ ਹੁਣ ਦਿਨ ਢਲੇ ਲਾਹੌਰ।
ਟੁੱਟਣੀ ਕਦੇ ਵੀ ਸਾਂਝ ਨਾ ਲੋਕਾਂ ਦੇ ਦਰਦ ਦੀ,
ਦਿੱਲੀ ਵਲੇ, ਵਲੇ ਪਿਆ ਲੱਖ ਵਾਗਲੇ ਲਾਹੌਰ।
ਮਿਰਾ ਸਲਾਮ ਹੈ ਮਿਰਾ ਸਜਦਾ ਹੈ ਬਾਰ ਬਾਰ,
ਕਬਰਾਂ 'ਚ ਯਾਰ ਸੌ ਰਹੇ ਜੋ ਰਾਂਗਲੇ ਲਾਹੌਰ।
ਦਿਲ ਤੋਂ ਕਰੀਬ ਜਾਨ ਤੋਂ ਪਿਆਰਾ ਹੈ ਜੋ ਅਜੇ,
ਉਹ ਦੂਰ ਹੋ ਗਿਆ ਹੈ ਜਾ ਕੇ ਲਾਗਲੇ ਲਾਹੌਰ।
'ਜਗਤਾਰ' ਦੀ ਦੁਆ ਹੈ ਤੂੰ ਯਾ ਰੱਬ! ਕਬੂਲ ਕਰ,
ਦਿੱਲੀ 'ਚ ਹੋਵੇ ਚਾਨਣਾ ਦੀਵਾ ਬਲੇ ਲਾਹੌਰ।32
(੨)ਗ਼ੈਰ-ਮੁਸੱਲਸਲ
ਗ਼ਜ਼ਲ ਦੀ ਪਹਿਲੀ ਵੰਨਗੀ ਤੋਂ ਉਲਟ ਇਸ ਵਿਚ ਵਿਚਾਰਕ-ਏਕਤਾ ਦੀ ਥਾਂ,
ਵਿਚਾਰਕ ਵਿਭਿੰਨਤਾ ਅੰਤਰ ਨਿਹਿਤ ਜੱਜ ਵਜੋਂ ਕਾਰਜਸ਼ੀਲ ਹੁੰਦੀ ਹੈ। ਗ਼ਜ਼ਲ, ਮਤਲੇ ਤੋਂ
ਸ਼ਿਅਰਾਂ ਫਿਰ ਮਕਤੇ ਤੱਕ ਵੱਖ ਵੱਖ ਵਿਚਾਰਾਂ/ਵੱਥਾਂ ਨੂੰ ਪ੍ਰਗਟ ਕਰਦੀ ਹੈ। ਹਰੇਕ ਸ਼ਿਅਰ
ਵੱਖਰੇ ਸੰਕਲਪ, ਮੂਡ, ਭਾਵ, ਪ੍ਰਸੰਗ ਦਾ ਧਾਰਨੀ ਹੁੰਦਾ ਹੈ। ਇਸ ਵੰਨਗੀ ਦੀ ਇਕ ਗ਼ਜ਼ਲ
ਪੇਸ਼ ਕਰਦੇ ਹਾਂ:
ਤੇਰੇ ਪਿਛੋਂ ਕਿਉਂ ਕਰ ਰਹੇ ਇਹ ਮੇਰੇ ਨਾਲ।
ਹਿਜਰ ਵੀ ਹਿਜਰਤ ਕਰੇ ਜਾਂ ਤੇਰੇ ਨਾਲ।
ਕਾਗਜ਼ੀ ਛਤਰੀ ਤੇ ਮਿੱਟੀ ਦੇ ਨੇ ਪੈਰ,
ਕੌਣ ਬਾਰਸ਼ ਵਿਚ ਨਿਭੇਗਾ ਤੇਰੇ ਨਾਲ।
ਵੇਖ ਖੰਡਰ ਘਰ ਵੀ ਲਗਦੇ ਘਰ ਦੇ ਵਾਂਗ,
ਸਿਰਫ ਤੇਰੇ ਸਿਰਫ ਇਕ ਹੀ ਫੇਰੇ ਨਾਲ।
ਅੱਜ ਤਾਈਂ ਕਰ ਰਿਹੈ ਪਿੱਛਾ ਹਨੇਰ,
ਚਾਨਣੀ ਇਕ ਪਲ ਤੁਰੀਂ ਸੀ ਮੇਰੇ ਨਾਲ।
ਖੁਭ ਗਿਆ ਮੇਖਾਂ ਤਰ੍ਹਾਂ ਅੱਖਾਂ 'ਚ ਖਾਬ,
ਵੇਖਿਆ ਇਕ ਅਜਨਬੀ ਜਾਂ ਤੇਰੇ ਨਾਲ।
ਫੇਰ ਵੀ ਰੁੱਸੇ ਰਹੇ ਨੇ ਕੁਝ 'ਚਰਾਗ'
ਉਮਰ ਭਰ ਭਾਵੇਂ ਲੜੇ ਹਾਂ 'ਨ੍ਹੇਰੇ ਨਾਲ।33
ਹਵਾਲੇ ਤੇ ਟਿੱਪਣੀਆਂ
1. ਡਾ. ਨਰੇਸ਼, ਗ਼ਜ਼ਲ ਦੀ ਪਰਖ, ਪੰਨਾ 1.
2. ਡਾ. ਐਸ. ਤਰਸੇਮ, ਗ਼ਜ਼ਲ: ਅਰੂਜ਼ ਤੇ ਪਿੰਗਲ, ਪੰਨਾ 9.
3. ਉਹੀ, ਪੰਨਾ 18.
4. ਡਾ. ਸ਼ਮਸ਼ੇਰ ਮੋਹੀ, ਪੰਜਾਬੀ ਗ਼ਜ਼ਲ ਚਿੰਤਨ, ਪੰਨਾ 118.
5. ਪਿਆਰ ਸਿੰਘ, ਫਾਰਸੀ-ਪੰਜਾਬੀ ਬੋਧ, ਪੰਨਾ 14.
6. ਪੰਜਾਬੀ ਸਾਹਿਤ ਕੋਸ਼, ਪੰਨਾ 208.
7. ਡਾ. ਐਸ. ਤਰਸੇਮ, ਗ਼ਜ਼ਲ: ਅਰੂਜ ਤੇ ਪਿੰਗਲ, ਪੰਨਾ 19.
8. ਉਰਦੂ-ਹਿੰਦੀ ਸ਼ਬਦ ਕੋਸ਼, ਪੰਨਾ 177.
9. The Penguin Dictionary of Literary Terms and Literary Theory, p.343
10. ਗੁਰਦਿਆਲ ਸਿੰਘ ਆਰਿਫ਼, ਪੰਜਾਬੀ ਕਵਿਤਾ ਵਿਚ ਲੈਅ ਪ੍ਰਬੰਧ, ਪੰਨਾ 154.
11. ਸਾਹਿਤ ਕੋਸ਼, ਪੰਨਾ 247.
12. ਡਾ. ਐਸ ਤਰਸੇਮ, ਪੰਜਾਬੀ ਗ਼ਜ਼ਲ ਸ਼ਾਸਤਰ, ਪੰਨਾ 44.
13. ਡਾ. ਸਾਧੂ ਸਿੰਘ ਹਮਦਰਦ, ਗ਼ਜ਼ਲ : ਜਨਮ ਤੇ ਵਿਕਾਸ, ਪੰਨਾ 21.
14. ਡਾ. ਜਸਵੰਤ ਸਿੰਘ ਖ਼ੁਮਾਰ, ਪੰਜਾਬੀ ਗ਼ਜ਼ਲ ਦਾ ਆਲੋਚਨਾਤਮਕ ਅਧਿਐਨ, ਪੰਨੇ 9-10.
15. ਦੀਪਕ ਜੈਤੋਈ, ਗ਼ਜ਼ਲ ਕੀ ਹੈ, ਪੰਨਾ 3.
16. ਮਹਿੰਦਰ ਮਾਨਵ, ਗ਼ਜ਼ਲ ਸ਼ਾਸਤਰ ਦੇ ਦਿਗ, ਦਰਸ਼ਨ, ਪੰਨਾ 17.
17. ਮਾਧਵ ਕੌਸ਼ਿਕ: ਸੁਪਨੇ ਖੁਲੀ ਨਿਗਾਹੋਂ ਕੇ, ਪੰਨਾ 8.
18. ਡਾ. ਐਸ ਤਰਸੇਮ, ਗ਼ਜ਼ਲ : ਅਰੂਜ਼ ਤੇ ਪਿੰਗਲ, ਪੰਨਾ 21
19. ਪੰਜਾਬ ਕੋਸ਼ (ਜਿਲਦ ਪਹਿਲੀ), ਪੰਨਾ 679.
20. ਉਹੀ, ਪੰਨਾ 679.
21. ਡਾ. ਐਸ ਤਰਸੇਮ, ਗ਼ਜ਼ਲ : ਅਰੂਜ਼ ਤੇ ਪਿੰਗਲ, ਪੰਨੇ 24-25.
22. ਉਹੀ, ਪੰਨਾ 26.
23. ਸੁਰਜੀਤ ਪਾਤਰ, ਸੁਰਜਮੀਨ, ਪੰਨਾ 26.
24. ਪ੍ਰੋ. ਗੁਰਦਿਆਲ ਸਿੰਘ ਆਰਿਫ਼, ਪੰਜਾਬੀ ਕਵਿਤਾ ਵਿਚ ਲੈਅ ਪ੍ਰਬੰਧ, ਪੰਨਾ 144.
25. ਡਾ. ਨਰੇਸ਼, ਗ਼ਜ਼ਲ ਦੀ ਪਰਖ, ਪੰਨਾ 4.
26. ਡਾ. ਐਸ. ਤਰਸੇਮ, ਗ਼ਜ਼ਲ : ਅਰੂਜ਼ ਤੇ ਪਿੰਗਲ, ਪੰਨਾ 108.
27. ਉਹੀ, ਪੰਨਾ 111.
28. ਦੀਪਕ ਜੈਤੋਈ, ਗ਼ਜ਼ਲ ਕੀ ਹੈ, ਪੰਨਾ 37.
29. ਪ੍ਰੋ. ਗੁਰਦਿਆਲ ਸਿੰਘ ਆਰਿਫ਼, ਪੰਜਾਬੀ ਕਵਿਤਾ ਵਿਚ ਲੈਅ-ਪ੍ਰਬੰਧ, ਪੰਨਾ 144.
30. ਡਾ. ਐਸ. ਤਰਸੇਮ, ਪੰਜਾਬੀ ਗ਼ਜ਼ਲ ਸ਼ਾਸਤਰ, ਪੰਨਾ 450.
31. ਸੁਲੱਖਣ ਸਰਹੱਦੀ, ਸੰਪੂਰਨ ਪਿੰਗਲ ਤੇ ਅਰੂਜ਼, ਪੰਨਾ 104.
32. ਹਰ ਮੋੜ 'ਤੇ ਸਲੀਬਾਂ, ਪੰਨਾ 75
33. ਮੋਮ ਦੇ ਲੋਕ, ਪੰਨਾ 34
('ਸ਼ੋਧਗੰਗਾ' ਤੋਂ ਧੰਨਵਾਦ ਸਹਿਤ)