Guru Hargobind Sahib Ji
ਗੁਰੂ ਹਰਿਗੋਬਿੰਦ ਸਾਹਿਬ ਜੀ

ਗੁਰੂ ਹਰਿਗੋਬਿੰਦ ਸਾਹਿਬ ਜੀ (੧੯ ਜੂਨ ੧੫੯੫-੩ ਮਾਰਚ ੧੬੪੪), ਦਾ ਜਨਮ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਗੁਰੂ ਕੀ ਵਡਾਲੀ ਵਿੱਚ ਹੋਇਆ । ਉਹ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੀ ਇਕਲੌਤੀ ਸੰਤਾਨ ਸਨ । ਗੁਰੂ ਅਰਜਨ ਦੇਵ ਜੀ ਦੀ ਦੀ ਲਾਸਾਨੀ ਸ਼ਹੀਦੀ ਪਿੱਛੋਂ ਉਹ ੧੧ ਜੂਨ ੧੬੦੬ ਈ. ਨੂੰ ਸਿੱਖਾਂ ਦੇ ਛੇਵੇਂ ਗੁਰੂ ਬਣੇ । ਉਨ੍ਹਾਂ ਨੂੰ ਜਹਾਂਗੀਰ ਦੇ ਹੁਕਮਾਂ ਨਾਲ ਇਕ ਸਾਲ ਤੋਂ ਵੱਧ ਗਵਾਲੀਅਰ ਦੇ ਕਿਲੇ ਵਿੱਚ ਕੈਦ ਰੱਖਿਆ ਗਿਆ । ਆਪਣੇ ਨਾਲ ਉਨ੍ਹਾਂ ਨੇ ੫੨ ਪਹਾੜੀ ਰਾਜਿਆਂ ਦੀ ਰਿਹਾਈ ਵੀ ਕਰਵਾਈ । ਉਨ੍ਹਾਂ ਨੇ ਸਿੱਖਾਂ ਨੂੰ ਸ਼ਾਂਤ ਰਸ ਦੇ ਨਾਲ ਨਾਲ ਬੀਰ ਰਸ ਦੀ ਪਾਣ ਵੀ ਚਾੜ੍ਹੀ । ਉਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਸਜਾਈਆਂ । ਉਨ੍ਹਾਂ ਨੇ ਰਾਮਦਾਸ ਪੁਰ ਦੀ ਰੱਖਿਆ ਲਈ ਕਿਲਾ ਬਣਵਾਇਆ ਅਤੇ ਅਕਾਲ ਤਖਤ ਦੀ ਸਥਾਪਨਾ ਵੀ ਕੀਤੀ । ਉਨ੍ਹਾਂ ਨੂੰ ਮੁਗਲਾਂ ਨਾਲ ਕਈ ਲੜਾਈਆਂ ਵੀ ਲੜਨੀਆਂ ਪਈਆਂ । ਆਪਣੇ ਅਖੀਰਲੇ ਦਸ ਸਾਲ ਉਨ੍ਹਾਂ ਕੀਰਤਪੁਰ ਵਿਖੇ ਲੰਘਾਏ ।