Haashie Ton Bina : Devinder Josh

ਹਾਸ਼ੀਏ ਤੋਂ ਬਿਨਾਂ : ਦੇਵਿੰਦਰ ਜੋਸ਼



ਬੁੱਢੇ ਰੁੱਖ ਦੇ ਹੇਠਾਂ ਬੈਠੇ

ਬੁੱਢੇ ਰੁੱਖ ਦੇ ਹੇਠਾਂ ਬੈਠੇ ਕਾਹਨੂੰ ਆਹਾਂ ਭਰਦੇ ਜੇ ਨਾ ਸ਼ੋਖ ਪਰਿੰਦੇ ਸਾਡੀ ਨੀਂਦਰ ਚੋਰੀ ਕਰਦੇ ਉਹ ਵੀ ਇਕ ਦਿਨ ਬਣ ਜਾਂਦੇ ਹਨ ਹਾਦਸਿਆਂ ਦੀ ਹੋਣੀ ਘਰ ਵਿਚ ਜਿਹੜੇ ਬਹਿ ਜਾਂਦੇ ਹਨ ਹਾਦਸਿਆਂ ਤੋਂ ਡਰਦੇ ਲੋਕਾਂ ਦਾ ਵਿਸ਼ਵਾਸ ਨ ਜੇਕਰ ਰਸਤੇ ਦੇ ਵਿਚ ਮਿਲਦਾ ਅੱਗ ਦੀ ਰੁੱਤੇ ਮਰ ਜਾਣਾ ਸੀ ਆਪਾਂ ਗ਼ਮ ਵਿਚ ਠਰਦੇ ਮਕਤਲ ਦੇ ਦਰਵਾਜ਼ੇ ਤੀਕਣ ਹਸਦੇ ਸਨ ਸਭ ਲੋਕੀਂ ਜਦ ਫਾਂਸੀ ਦਾ ਰੱਸਾ ਤਕਿਆ ਘਰ ਨੂੰ ਦੌੜੇ ਡਰਦੇ ਬਿਸਤਰ ਦੀ ਚਾਦਰ ਦੇ ਵਾਂਗੂ ਯਾਰ ਬਦਲਦੇ ਲੋਕੀਂ ਪਰ ਯਾਰਾਂ ਵਿਚ ਗ਼ਮ ਦੀ ਚਰਚਾ ਫੈਸ਼ਨ ਵਾਂਗੂ ਕਰਦੇ ਦਫ਼ਤਰ ਦੇ ਵਿਚ ਅਫ਼ਸਰ ਸ੍ਹਾਵੇਂ ਕਰਦੇ 'ਹਾਂ ਜੀ' 'ਹਾਂ ਜੀ' ਬੱਚਿਆਂ ਸ੍ਹਾਵੇਂ ਬੀਰ ਬਣੋ ਦਾ ਰੋਜ਼ ਨੇ ਭਾਸ਼ਨ ਕਰਦੇ ।

ਪੈਰਾਂ ਹੇਠਾਂ ਤਪਦਾ ਰੇਤਾ

ਪੈਰਾਂ ਹੇਠਾਂ ਤਪਦਾ ਰੇਤਾ ਸਿਰ ਧੁੱਪਾਂ ਦਾ ਕਹਿਰ ਆਪਣੇ ਹੀ ਪਰਛਾਵੇਂ ਹੇਠਾਂ ਕਟੀਏ ਸਿਖਰ ਦੁਪਹਿਰ ਹੱਥਾਂ ਦੇ ਵਿਚ ਸੂਰਜ ਫੜ ਕੇ ਜੁਗਨੂੰ ਲਭਣ ਲੋਕ ਕਿਉਂ ਨਾ ਹੋਵੇ ਘੁੱਪ ਹਨੇਰਾ ਰੌਸ਼ਨੀਆਂ ਦੇ ਸ਼ਹਿਰ ਕਿਸ ਦੀ ਕਿਸ਼ਤੀ, ਕਿੱਥੇ ਡੁੱਬੀ, ਕਿਸ ਨੂੰ ਏਨਾ ਯਾਦ ਬਸ ਏਨਾ ਹੈ ਯਾਦ ਕਿ ਮੈਂ ਆ ਪੁਜਿਆਂ ਤੇਰੇ ਸ਼ਹਿਰ ਹਰ ਇਕ ਬੰਦਾ ਈਸਾ ਏਥੇ ਹਰ ਇਕ ਹੈ ਸੁਕਰਾਤ ਹਰ ਇਕ ਏਥੇ ਸੂਲੀ ਚੜ੍ਹਦਾ ਹਰ ਇਕ ਪੀਂਦਾ ਜ਼ਹਿਰ ਸ਼ਬਦਾਂ ਉਹਲੇ ਭਾਵ ਹੈ ਜਿਹੜਾ ਉਸਦਾ ਕਰ ਕੇ ਰੇਪ, ਪਿੰਗਲ ਦੇ ਉਸਤਾਦ ਮਿਲਾਂਦੇ ਵਜ਼ਨ ਕਾਫ਼ੀਆ ਬਹਿਰ ।

ਗੋਰੇ ਤਨ ਦੀ ਚਾਨਣੀ

ਗੋਰੇ ਤਨ ਦੀ ਚਾਨਣੀ ਜਾਂ ਜ਼ੁਲਫਾਂ ਦੀ ਛਾਂ ਚਾਰ ਦਿਨਾਂ ਦੀ ਖੇਡ ਹੈ ਐਵੇਂ ਉਲਝ ਗਿਆਂ ਬਿੱਲੀ, ਇੱਲ, ਬਘਿਆੜਨੀ; ਉਸਦੇ ਕਿੰਨੇ ਰੂਪ ਫਿਰ ਵੀ ਆਪਾਂ ਰਖਿਐ ਘੁੱਗੀ ਉਸਦਾ ਨਾਂ ਘਰ ਘਰ ਅੰਦਰ ਝੂਮਦੇ ਅੱਜ ਕਾਗਜ਼ ਦੇ ਫੁੱਲ ਐਵੇਂ ਉਮਰ ਗਵਾ ਲਈ ਮਹਿਕਾਂ ਢੂੰਡਦਿਆਂ ਉਂਜ ਤਾਂ ਸਭ ਕੁਝ ਠੀਕ ਹੈ ‘ਰਾਣੀ' ਤੇਰੇ ਬਾਦ ਫਿਰ ਵੀ ਮੈਨੂੰ ਜਾਪਦੈ ਮੈਂ ਕੁਝ ਟੁੱਟ ਗਿਆਂ ਕੁਰਸੀ ਉਤੇ ਬੈਠ ਕੇ ਆਖ ਰਿਹਾ ਸੀ ਊਠ ਦੁਨੀਆਂ ਦੇ ਵਿਚ ਹੋਏਗਾ ਇਕ ਦਿਨ ਆਪਣਾ ਨਾਂ ਮਾਰੂਥਲ ਵਿਚ ਘਿਰ ਗਏ ਜਦੋਂ 'ਦਵਿੰਦਰ ਜੋਸ਼' ਉਸ ਦਿਨ ਚੇਤੇ ਆਏਗੀ ਬੁੱਢੇ ਰੁੱਖ ਦੀ ਛਾਂ।

ਅੱਖਾਂ ਵਿਚ ਉਦਾਸੀ ਮਨ ਵਿਚ

ਅੱਖਾਂ ਵਿਚ ਉਦਾਸੀ ਮਨ ਵਿਚ ਤੜਪਨ ਹੈ ਬਾਝ ਨੌਕਰੀ ਜੀਨਾ ਵੀ ਇਕ ਉਲਝਨ ਹੈ ਆਪਣੇ ਮਨ ਦਾ ਦਰਯੋਧਨ ਜਿਸ ਮਾਰ ਲਿਆ ਉਸਦੇ ਨਾਲੋਂ ਵੱਡਾ ਕਿਹੜਾ ਅਰਜਨ ਹੈ ਹੁਣ ਰਾਵਣ ਤੋਂ ਸੀਤਾ ਕਿੰਜ ਬਚਾਵੋਗੇ ਹਰ ਇਕ ਬੰਦੇ ਅੰਦਰ ਛੁਪਿਆ ਰਾਵਣ ਹੈ ਬੱਚਿਆਂ ਵਰਗੀ ਹਾਸੀ ਹੱਸ ਕੇ ਦਸਦੇ ਨੇ ਹਾਲੇ ਤੀਕਣ ਸਾਡੇ ਉਤੇ ਬਚਪਨ ਹੈ। ਚੰਡੀਗੜ੍ਹ ਵਿਚ ਆ ਕੇ ਅਨੁਭਵ ਕੀਤਾ ਏ ਚੰਡੀਗੜ੍ਹ ਦਾ ਜੀਵਨ ਇਕ , ਵਿਗਿਆਪਨ ਹੈ ਤਾਜ ਮਹੱਲ ਵਿਚ ਘੁੰਮਣਾ ਸਾਨੂੰ ਫਬਦਾ ਨਾ ਸਾਡਾ ਕਾਅਬਾ ਤਾਂ ਸਤਲੁਜ ਦਾ ਪੱਤਣ ਹੈ। ਦਸਵੇਂ ਗੁਰੂ ਦਾ ਸਾਡੇ ਸਿਰ ਤੇ ਸਾਇਆ ਏ ਮੰਜ਼ਿਲ ਉਤੇ ਪੁਜਣਾ 'ਜੋਸ਼' ਯਕੀਨਨ ਹੈ ।

ਮੋਹ ਮਾਇਆ ਨੂੰ ਤਿਆਗ ਕੇ

ਮੋਹ ਮਾਇਆ ਨੂੰ ਤਿਆਗ ਕੇ ਪਹੁੰਚੇ ਹਰਕੇ ਦੁਆਰ ਮਨ 'ਚੋਂ ਐਪਰ ਨਾ ਗਿਆ ਮੋਹ ਮਾਇਆ ਦਾ ਪਿਆਰ ਮਹਿੰਦੀ ਰੰਗੇ ਸੂਟ ਤੇ ਟਹਿਕਣ ਪੀਲੇ ਫੁੱਲ ਇਕ ਦਿਨ ਘੁੰਮਦੀ ਪਈ ਸੀ ਮੇਲੇ ਵਿਚ ਬਹਾਰ ਜੰਗਲ ਵਿਚ ਸ਼ਿਕਾਰ ਦਾ ਵਕਤ ਗਿਆ ਹੈ ਬੀਤ ਸੜਕਾਂ ਉਤੇ ਖੇਡਦੇ ਅੱਜ ਕਲ ਲੋਕ ਸ਼ਿਕਾਰ ਹੱਕਾਂ ਖਾਤਰ , ਜੂਝਦੇ ਸ਼ੇਰਾਂ , ਵਰਗੇ ਲੋਕ ਬੁਜ਼ਦਿਲ ਅੰਦਰ ਬੈਠ ਕੇ ਪੜ੍ਹ ਲੈਂਦੇ ਅਖ਼ਬਾਰ ਜੰਗਲ ਦੇ ਵਿਚ ਪਹੁੰਚ ਕੇ ਕੀਤਾ ਹੈ ਮਹਿਸੂਸ ਬਸਤੀ ਵਿਚ ਛੱਡ ਆਏ ਹਾਂ ਦਿਲ ਦਾ ਚੈਨ ਕਰਾਰ ਮਹਿਲਾਂ ਅੰਦਰ ਬੈਠ ਕੇ ਸੋਚਣ ਕੁਛ ਅਦੀਬ ਯੁਗ ਬਦਲਨ ਤੇ ਲਿਖਾਂਗੇ ਮਜ਼ਦੂਰਾਂ ਦੀ ਵਾਰ ਉਦਘਾਟਨ ਦੇ ਵਾਸਤੇ ਰਿਹੈ ਮਨਿਸਟਰ ਪਹੁੰਚ ਮੰਦਰ ਲਾਗੇ ਖੁਲ੍ਹੇਗੀ ਹੋਰ ਨਵੀਂ ਇਕ 'ਬਾਰ' ਪਰਬਤ ਸੰਗ ਟਕਰਾਉਣ ਦੀ ਭੜਕ ਰਹੀ ਏ ਅੱਗ ਪਲ ਦੋ ਪਲ ਲਈ ਦੋਸਤੋ ਹੋ ਗਈ ਭਾਵੇਂ ਹਾਰ !

ਜਦੋਂ ਇਸ ਸ਼ਹਿਰ ਵਿਚ ਰਹਿੰਦੀ ਵਫ਼ਾ ਸੀ

ਜਦੋਂ ਇਸ ਸ਼ਹਿਰ ਵਿਚ ਰਹਿੰਦੀ ਵਫ਼ਾ ਸੀ ਉਦੋਂ ਇਹ ਸ਼ਹਿਰ ਮੇਰਾ ਆਸ਼ਨਾ ਸੀ ਜਦੋਂ ਤੂਫ਼ਾਨ ਪੂਰਾ ਸ਼ੂਕਦਾ ਸੀ ਉਦੋਂ ਮੈਂ ਜੀਣ ਦਾ ਸੁਪਨਾ ਲਿਆ ਸੀ। ਤਿਕਾਲੀਂ ਖ਼ਤ ਪੁਰਾਣੇ ਮਿਲ ਪਏ ਸਨ ਇਵੇਂ ਲੱਗਾ ਬਹੁਤ ਕੁਛ ਗੁੰਮ ਗਿਆ ਸੀ ਚਲੋ ਗਮਲੇ 'ਚ ਹਾਸੇ ਬੀਜ ਲਈਏ ਮੇਰੇ ਬੱਚੇ ਨੇ ਮੈਨੂੰ ਆਖਿਆ ਸੀ ਉਹ ਆਖ਼ਰ ਸਜ ਗਈ ਗੁਲਦਾਨ ਦੇ ਵਿਚ ਜੋ ਕਲ ਤਕ ਸ਼ੋਖ ਤੇ ਨਟ-ਖਟ ਹਵਾ ਸੀ ਉਹ ਨਿਕਲੇ ਬੇ-ਵਫਾ ਮਹਿਬੂਬ ਵਾਂਗੂੰ ਜਿਨ੍ਹਾਂ ਤੇ ਰੱਬ ਜਿੱਡਾ, ਆਸਰਾ ਸੀ ਜਦੋਂ ਰੰਗਾਂ ਦੀ ਜੂਹ ਵਿਚ ਗੁੰਮ ਗਿਆ ਮੈਂ ਉਦੋਂ ਕਦ ਮਹਿਕ ਦਾ ਚੇਤਾ ਰਿਹਾ ਸੀ ਮਿਰੇ ਕਮਰੇ ਦੇ ਪਰਦੇ ਆਖਦੇ ਨੇ , ਕਦੇ ਤੇਰਾ ਤੇ ਮੇਰਾ ਰਾਬਤਾ ਸੀ ।

ਬੁੱਢੇ ਰੁੱਖ ਨੇ ਸਾਨੂੰ ਇਹ ਸਮਝਾਇਆ ਹੈ

ਬੁੱਢੇ ਰੁੱਖ ਨੇ ਸਾਨੂੰ ਇਹ ਸਮਝਾਇਆ ਹੈ ਧੁੱਪੇ ਸੜ ਕੇ ਸਭ ਨੂੰ ਕਰਨਾ ਸਾਇਆ ਹੈ ਫਿਰ ਵੀ ਦਿਲ ਦੀ ਹਾਲਤ ਲੋਕਾਂ ਜਾਣ ਲਈ ਮੈਂ ਬੁੱਲ੍ਹਾਂ ਤੇ ਹਾਸਾ ਵੀ ਚਿਪਕਾਇਆ ਹੈ ਰੁੱਖਾਂ ਵਰਗਾ ਜੇਰਾ ਹੈ ਜਿਸ ਬੰਦੇ ਦਾ ਉਹ ਬੰਦਾ ਕਦ ਪੱਥਰਾਂ ਤੋਂ ਘਬਰਾਇਆ ਹੈ ਇਸ ਦੁਨੀਆਂ ਨੂੰ ਰੱਬ ਦੀ ਮਾਇਆ ਨਾ ਸਮਝੋ ਇਹ ਦੁਨੀਆਂ ਤਾਂ ਬੰਦੇ ਦੀ ਹੀ ਮਾਇਆ ਹੈ। ਸ਼ੀਸ਼ੇ ਵਰਗੀ ਹੋਂਦ ਨੂੰ ਲੈ ਕੇ ਇਕ ਬੰਦਾ ਪੱਥਰਾਂ ਦੀ ਬਾਰਸ਼ 'ਚੋਂ ਲੰਘ ਕੇ ਆਇਆ ਹੈ । ਸੂਹੇ ਰੰਗਾ ਰਿਬਨ ਕੁੜੀ ਨੂੰ ਬੰਨ੍ਹਿਆਂ ਕਰ ਸੂਹੇ ਰੰਗ ਦਾ ਚਿੰਨ੍ਹ ਅਸੀਂ ਅਪਣਾਇਆ ਹੈ ।

ਭਾਵੇਂ ਉਸਨੂੰ ਰਾਸ ਨਾ ਆਈਆਂ

ਭਾਵੇਂ ਉਸਨੂੰ ਰਾਸ ਨਾ ਆਈਆਂ, ਧੁੱਪਾਂ ਮੇਰੇ ਸ਼ਹਿਰ ਦੀਆਂ ਪਰ ਤਿਰਕਾਲਾਂ ਵੇਲੇ ਪਾਉਂਦੈ, ਬਾਤਾਂ ਸਿਖਰ ਦੁਪਿਹਰ ਦੀਆਂ ਵਿਹੜੇ ਦੇ ਵਿਚ ਧੁੱਪ ਖੜੀ ਸੀ, ਸਿਰ ਕਰਜ਼ੇ ਦੀ ਕਾਂਗ ਚੜ੍ਹੀ ਸੀ ਬੀਵੀ ਖਾਵੰਦ ਖਾ ਕੇ ਸੁੱਤੇ, ਬਸ ਦੋ ਪੁੜੀਆਂ ਜ਼ਹਿਰ ਦੀਆਂ ਮੌਸਮ ਭੀ ਹੈ ਭਾਵੁਕ ਏਥੇ, ਚੰਚਲ ਮਨ ਵੀ ਜਜ਼ਬਾਤੀ ਹੈ ਦਿਨ ਚੜ੍ਹਦੇ ਤਕ ਕਿਉਂ ਨਾ ਕਰੀਏ, ਗੱਲਾਂ ਗੋਰੀ ਨਹਿਰ ਦੀਆਂ ਜਿਸਮਾਂ ਦੀ ਧੁੱਪ ਢਲ ਜਾਵੇਗੀ, ਜ਼ੁਲਫ਼ਾਂ ਦੀ ਛਾਂ ਛਲ ਜਾਵੇਗੀ ਇਹ ਤਾਂ ਹਨ ਪ੍ਰਵਾਸੀ ਮਹਿਕਾਂ, ਇਹ ਨਾ ਕਿਧਰੇ ਠਹਿਰ ਦੀਆਂ ਗ਼ਮ ਦੇ ਬੱਦਲ ਛਟ ਜਾਵਣਗੇ, ਦਰਦ ਅਸਾਡੇ ਹਟ ਜਾਵਣਗੇ ਕੀ ਹੋਇਆ ਜੇ ਸਿਰ ਤੇ ਖੜੀਆਂ, ਅਜ ਨੇ ਰਾਤਾਂ ਕਹਿਰ ਦੀਆਂ ।

ਉਦਾਸੀ ਭਟਕਣਾਂ ਹੈ ਤੇ ਖਿਲਾ ਹੈ

ਉਦਾਸੀ ਭਟਕਣਾਂ ਹੈ ਤੇ ਖਿਲਾ ਹੈ, ਮੈਂ ਆਪਣੇ ਆਪ ਅੰਦਰ ਝਾਕਿਆ ਹੈ ਕਿਸੇ ਬਿੰਦੂ 'ਚ ਜਦ ਵੀ ਸਿਮਟਿਆ ਹੈ ਮੇਰਾ ਦਿਲ ਹੋਰ ਵੱਡਾ ਹੋ ਗਿਆ ਹੈ ਮੈਂ ਜਿਸ ਨੂੰ ਘਰ ਦੀ ਮੱਛਲੀ ਸਮਝਦਾ ਸੀ ਕਬੂਤਰ ਵਾਂਗ ਹੱਥੋਂ ਉਡ ਗਿਆ ਹੈ ਮੈਂ ਜਦ ਵੀ ਰੇਤ ਵਾਂਗੂ ਕਿਰ ਰਿਹਾ ਸੀ ਤੂੰ ਮੈਨੂੰ ਜਿਸਮ ਵਿਚ ਕਦ ਸਾਂਭਿਆ ਹੈ ਚਲੋ ਗੁਜ਼ਰੇ ਪਲਾਂ ਨੂੰ ਭੁਲ ਜਾਈਏ ਕਿਸੇ ਬੇਰੀ 'ਤੇ ਤੋਤਾ ਬੋਲਿਆ ਹੈ। ਸਮੁੰਦਰ ਵਾਂਗ ਹਰ ਥਾਂ ਦਿਲਕਸ਼ੀ ਏ ਮਗਰ ਮੇਰੇ ਬਦਨ ਅੰਦਰ ਖਿਲਾ ਹੈ ਕਿਸੇ ਪਤਝੜ ਕੁੜੀ ਦੀ ਯਾਦ ਅੰਦਰ ਕੋਈ ਦੋ ਦਿਨ 'ਚ ਬੁੱਢਾ ਹੋ ਗਿਆ ਹੈ ਹਕੀਕਤ ਜਾਣਦੇ ਨੇ ਲੋਕ ਸਾਰੇ ਦਵਿੰਦਰ 'ਜੋਸ਼’ ਵੀ ਸਾਧੂ ਸੁਭਾ ਹੈ ।

ਜਾਮ ਉਠਾ ਕੇ ਰਾਤ ਮੈਂ

ਜਾਮ ਉਠਾ ਕੇ ਰਾਤ ਮੈਂ ਜਦ ਲਾਇਆ ਲਾਹੌਰ ਸੁਰ ਸੀ ਮਹਿੰਦੀ ਹਸਨ ਦਾ ਦਰਦ ਵਧਾਂਦਾ ਹੋਰ ਮਿਠੇ ਸੁਰ ਵਿਚ ਗਾਏ ਜਦ ਗੀਤ ਸੁਰਿੰਦਰ ਕੌਰ ਪਾਣੀ ਪੰਜ ਦਰਿਆ ਦੇ ਮਿਠੇ ਲਗਦੇ ਹੋਰ ਇਕ ਬੱਚਾ ਸੀ ਗਾਂਵਦਾ ਚੋਰ ਮਚਾਏ ਸ਼ੋਰ ਛਿਣ ਭਰ ਮਾਣੀ ਅਸਾਂ ਵੀ ਬਚਪਨ ਸੰਦੀ ਲੋਰ ਵਾਰਸ ਸ਼ਾਹ ਦੀ ਹੀਰ ਨੂੰ ਵੰਡ ਸਕਦਾ ਹੈ ਕੌਣ ਸੁਹਣੀ ਧਰਤ ਪੰਜਾਬ ਦੀ ਭਾਵੇਂ ਵੰਡੋ ਹੋਰ ਗੀਤਾਂ ਵਿਚੋਂ ਗੁੰਮ ਹੈ ਗੀਤਾਂ ਵਾਲੀ ਬਾਤ ਕੌਣ ਲਿਆਵੇ ਲਭ ਕੇ ਨੂਰਪੁਰੀ ਇਕ ਹੋਰ ਅਪਣੇ ਨਾਲ ਤਾਂ ਦੋਸਤੋ ਅਕਸਰ ਹੋਇਆ ਇੰਜ ਗੁੱਡੀ ਚੜ੍ਹੀ ਆਕਾਸ਼ ਵਿਚ ਹੱਥੋਂ ਟੁੱਟੀ ਡੋਰ ਦਿਲ ਦੀਆਂ ਤਰਬਾਂ ਛੇੜਦੀ ਓਧਰ ਨੂਰ ਜਹਾਨ ਐਧਰ ਪੈਲਾਂ ਪਾਂਵਦਾ ਅਪਣੇ ਮਨ ਦਾ ਮੋਰ ਅਣਖਾਂ ਉਤੇ ਸੂਰਮੇ ਪੁਤਰ ਦੇਵਣ ਵਾਰ ਕਹਿੰਦੀ ਹੈ ਸਰਹੰਦ ਵੀ, ਦਸਦੀ ਹੈ ਚਮਕੌਰ ਸ਼ੁਹਰਤ ਵਾਲੀ ਸਿਖਰ ਤੇ ਕਿੰਜ ਪੁਜਦਾ ਮੈਂ 'ਜੋਸ਼' ਨਾ ਹੀ ਲਾਈਆਂ ਮਜਲਸਾਂ ਨਾ ਹੀ ਪਾਇਆ ਸ਼ੋਰ ।

ਅੱਧੀ ਰਾਤ ਉਡੀਕਾਂ ਪਿੱਛੋਂ

ਅੱਧੀ ਰਾਤ ਉਡੀਕਾਂ ਪਿੱਛੋਂ, ਜਦ ਮੈਂ ਘਰ ਦੇ ਬੂਹੇ ਢੋਏ ਮੈਂ ਤੇ ਮੇਰਾ ਕਮਰਾ ਦੋਵੇਂ, ਦਿਨ ਚੜ੍ਹਦੇ ਤਕ ਰਜ ਕੇ ਰੋਏ ਸਾਰੀ ਰਾਤ ਜਿਨ੍ਹਾਂ ਦੀ ਖ਼ਾਤਰ, ਦੀਵੇ ਵਾਂਗ ਜਗੇ ਹਾਂ ਆਪਾਂ ਦਿਨ ਚੜ੍ਹਿਆ ਤਾਂ ਉਹੀਓ ਸੱਜਣ, ਵੇਖੇ ਅਸੀਂ ਬਿਗਾਨੇ ਹੋਏ ਰੁੱਤ ਨੇ ਜਦ ਫੁੱਲਕਾਰੀ ਲੈ ਕੇ, ਸਾਡੇ ਘਰ ਆਉਣ ਦੀ ਸੋਚੀ ਕੰਧਾਂ ਨੇ ਵੀ ਬਿੜਕਾਂ ਲਈਆਂ, ਪੌਣਾਂ ਨੇ ਵੀ ਪੁੱਟੇ ਟੋਏ ਚਿਹਰੇ ਉਤੋਂ ਫੁੱਲ ਨਾ ਵੇਖੋ, ਦਿਲ ਦੇ ਵਿਚਲੀ ਪੀੜ ਪਛਾਣੋ ਹਸਦੇ ਨੈਣਾਂ ਉਹਲੇ ਉਸ ਨੇ, ਉਮਰਾਂ ਜੇਡੇ ਦਰਦ ਲਕੋਏ ਆਪਾਂ ਨੇ ਤਾਂ ਸਾਰੀ ਆਯੂ, ਪਲਕਾਂ ਨਾਲ ਚੁਣੇ ਹਨ ਕੰਡੇ ਇਹ ਗੱਲ ਵੱਖਰੀ ਹਰ ਮੌਸਮ ਵਿਚ, ਆਪਾਂ ਨੇ ਵੀ ਫੁੱਲ ਹਨ ਬੋਏ ਧੁੱਪ ਨੇ ਪਹਿਨ ਸੁਨਹਿਰੀ ਸਾੜ੍ਹੀ, ਜਦ ਬੂਹੇ ਤੇ ਦਸਤਕ ਦਿਤੀ ਅਪਣੇ ਤਨ 'ਚੋਂ ਮਹਿਕਾਂ ਫੁਟੀਆਂ, ਅੱਖਾਂ ਵਿਚੋਂ ਹੰਝੂ ਚੋਏ ਜਦ ਵੀ ਰਾਤੀਂ ਆਹਟ ਹੋਵੇ, ਜਾਂ ਫਿਰ ਪੀੜ ਸਤਾਵੇ ਮਨ ਦੀ ਉਸਦਾ ਗੀਤਾਂ ਵਰਗਾ ਚਿਹਰਾ, ਮੇਰੇ ਸ੍ਹਾਵੇਂ ਆਣ ਖਲੋਏ ਸੜਕਾਂ ਕੋਲੋਂ ਕੀ ਲੈਣਾ ਹੈ, ਮੋੜਾਂ ਉਤੇ ਕੀ ਲਭਦਾ ਹੈਂ ਸਿਰ ਤੇ ਡੂੰਘੀ ਸ਼ਾਮ ਖੜੀ ਏ, ਚਲ ਘਰ ਚਲੀਏ ਲੋਏ ਲੋਏ ।

ਅਪਣੇ ਨਾਲੋਂ ਟੁੱਟ ਕੇ ਏਦਾਂ ਜਾਪ ਰਿਹਾ

ਅਪਣੇ ਨਾਲੋਂ ਟੁੱਟ ਕੇ ਏਦਾਂ ਜਾਪ ਰਿਹਾ ਮੈਂ ਵੀ ਹਾਂ ਇਕ ਹਿੱਸਾ ਬਿਖਰੇ ਪੈਂਡੇ ਦਾ ਉਸ ਦੇ ਉਤੇ ਸਾਰੇ ਲੋਕੀਂ ਮਰਦੇ ਹਨ ਮੈਂ ਵੀ ਉਸ ਨੂੰ ਆਪਣਾ ਕਹਿਕੇ ਬਿਖਰ ਗਿਆ ਮੇਰੇ ਦਿਲ ਦੀ ਹੂਕ ਨਾ ਜਾਣੀ ਸੂਰਜ ਨੇ ਟੁਣੀਆਂ ਤੋਤਾ ਟੁਕ ਟੁਕ ਸੁਟਦਾ ਬੇਰ ਗਿਆ ਕਿਸ ਨੂੰ ਝੀਲ ਮਿਲੀ ਹੈ ਕਿਸ ਦੀਆਂ ਅੱਖਾਂ 'ਚੋਂ ਹਰ ਇਕ ਅੱਖ ਵਿਚ ਚਿਹਰਾ ਖਰ੍ਹਵੇ ਪੱਥਰ ਦਾ ਅਪਣੀ ਉਹ ਮਹਿਬੂਬ ਸਮੁੰਦਰ ਵਾਂਗ ਵਿਸ਼ਾਲ ਉਹ ਵੀ ਰਖਦੀ ਦਿਲ ਵਿਚ ਦਰਦ ਜ਼ਮਾਨੇ ਦਾ ਬਸ ਇਕ ਰੰਗ ਦੀ ਦੁੱਕੀ ਸਾਨੂੰ ਮਾਰ ਗਈ ਭਾਵੇਂ ਅਪਣੇ ਕੋਲ ਸੀ ਯੱਕਾ ਚਿੜੀਏ ਦਾ ਜੱਗੇ ਡਾਕੂ ਵਰਗੀ ਉਸ ਦੀ ਸੂਰਤ ਹੈ ਲੇਕਿਨ ਉਸ ਦੇ ਅੰਦਰ ਦਰਦ ਜ਼ਮਾਨੇ ਦਾ ।

ਅਪਣੀ ਹੋਂਦ ਗਵਾ ਕੇ ਸ਼ਾਮੀਂ

ਅਪਣੀ ਹੋਂਦ ਗਵਾ ਕੇ ਸ਼ਾਮੀਂ ਜਦ ਘਰ ਵਾਪਸ ਆਂਦੇ ਹਾਂ ਮਾਯੂਸੀ ਦੀ ਗਠੜੀ ਚਾਈ ਅਪਣਾ ਦਰ ਖੜਕਾਂਦੇ ਹਾਂ ਉਂਜ ਤਾਂ ਆਪਾਂ ਲੇਖਕ ਠਹਿਰੇ ਸ਼ਾਇਰ ਵੀ ਕਹਿਲਾਂਦੇ ਹਾਂ ਲੇਕਿਨ ਅਪਣੇ ਸਨਮੁਖ ਹੋਵਣ ਤੋਂ ਕੰਨੀ ਕਤਰਾਂਦੇ ਹਾਂ ਤਨ ਦੀ ਪੀੜ ਦੀ ਗੱਲ ਛਡੋ ਇਹ ਬੀਤੇ ਵਿਚ ਜੀਣਾ ਹੈ ਅੱਜ ਕਲ ਆਪਾਂ ਮਨ ਦੀ ਪੀੜਾ ਦਾ ਅਹਿਸਾਸ ਹੰਡਾਂਦੇ ਹਾਂ ਉਸ ਵੇਲੇ ਵੀ ਅਪਣੇ ਅੰਦਰ ਕੋਈ ਬੈਠਾ ਹੁੰਦਾ ਹੈ ਜਿਸ ਵੇਲੇ ਵੀ ਤਨਹਾਈ ਦਾ 'ਕਲਿਆਂ ਦਰਦ ਹੰਡਾਂਦੇ ਹਾਂ ਇਕ ਦਿਨ ਸਾਨੂੰ ਮਾਰੂਥਲ ਵਿਚ ਛਿਣ ਭਰ ਸਾਇਆ ਮਿਲਿਆ ਸੀ ਸੁਪਨੇ ਵਿਚ ਵੀ ਉਸ ਦੀਆਂ ਗੱਲਾਂ ਅਪਣੇ ਤਾਂਈਂ ਸੁਣਾਂਦੇ ਹਾਂ ਜਦ ਵੀ ਆਪਾਂ ਕਦੀ ਕਦਾਈਂ ਅਪਣੇ ਸਨਮੁਖ ਆਂਦੇ ਹਾਂ ਅਪਣੀ ਬਿਖਰੀ ਹੋਂਦ ਵੇਖ ਕੇ ਹੋਰ ਵੀ ਬਿਖਰੀ ਜਾਂਦੇ ਹਾਂ ।

ਸੁਪਨੇ 'ਚ ਉਸਦੇ ਮਿਲਣ ਤੇ

ਸੁਪਨੇ 'ਚ ਉਸਦੇ ਮਿਲਣ ਤੇ ਖਿੜਦੇ ਰਹੇ ਕੰਵਲ ਦਿਨ ਚੜ੍ਹਦਿਆਂ ਨੂੰ ਅਪਣਾ ਸਭ ਕੁਝ ਗਿਆ ਬਦਲ ਫਾਂਸੀ ਲਗਾ ਦਿਓ ਇਹਨੂੰ ਜ਼ਿੰਦਾ ਜਲਾ ਦਿਓ ਮੇਰੇ ਵਤਨ 'ਚ ਮਿਲ ਰਿਹੈ ਕੁਰਬਾਨੀਆਂ ਦਾ ਫਲ ਚੁੰਮਣੀ ਪਵੇ ਸਲੀਬ ਜਾਂ ਕਟਣਾ ਪਵੇ ਪਹਾੜ ਮੰਜ਼ਿਲ ਦੇ ਆਸ਼ਕਾਂ ਲਈ ਕੁਝ ਵੀ ਨਹੀਂ ਹੈ ਗੱਲ ਮੈਂ ਸ਼ੁਹਰਤਾਂ ਦੀ ਸਿਖਰ ਤੇ ਪਹੁੰਚਾਂਗਾ ਕਿਸ ਤਰ੍ਹਾਂ ਪਿੱਤਲ ਨੂੰ ਸੋਨਾ ਕਹਿਣ ਦਾ ਆਇਆ ਨਹੀਂ ਹੈ ਵਲ ਤੇਰੇ ਬਦਨ ਦੀ ਮਹਿਕ ਤੇ ਚਾਨਣ ਨੂੰ ਵੇਖ ਕੇ ਅੱਖਾਂ ਦੇ ਸ੍ਹਾਵੇਂ ਆ ਗਿਆ ਵਿਸ਼-ਕੰਨਿਆਂ ਦਾ ਛਲ ।

ਮੈਂ ਜਿਸ ਨੂੰ ਪਿਆਰ ਕਰ ਲਿਆ

ਮੈਂ ਜਿਸ ਨੂੰ ਪਿਆਰ ਕਰ ਲਿਆ ਦਿਲ ਦੇ 'ਕਰਾਰ ਵਾਂਗ ਜੋਬਨ 'ਚ ਮੈਨੂੰ ਛੱਡ ਗਿਆ ਬਚਪਨ ਦੇ ਯਾਰ ਵਾਂਗ ਗੁਜ਼ਰੇ ਸਮੇਂ ਦੇ ਵਾਂਗ ਉਹ ਮੁੜ ਕੇ ਨਾ ਮਿਲ ਸਕੇ ਜੀਵਨ 'ਚ ਜੋ ਮਿਲੇ ਸੀ ਬਸ ਦੋ ਦਿਨ ਬਹਾਰ ਵਾਂਗ ਦਿੱਲੀ, ਲਾਹੌਰ, ਜੋਧਪੁਰ ਹਰ ਥਾਂ ਤੇ ਮੈਂ ਗਿਆ ਤੇਰੇ ਬਗੈਰ ਜਾਪਦੇ ਉਜੜੇ ਦਯਾਰ ਵਾਂਗ ਤੇਰੇ ਜਿਹੀ ਕੁੜੀ ਤੇ ਮੈਂ ਲਿਖਣੀ ਹੈ ਇਕ ਗ਼ਜ਼ਲ ਜਿਸਦੇ ਸਮੁੰਦ ਨੈਣ ਨੇ ਮੇਰੇ ਵਿਚਾਰ ਵਾਂਗ ਸੁਣਿਐ ਕਿ ਉਹ ਕੁੜੀ ਹੈ ਹੁਣ ਤਾਂ ਦਿਓ ਦੀ ਕੈਦ ਵਿਚ ਪਤਝੜ 'ਚ ਜੋ ਸੀ ਜਾਪਦੀ ਮੌਸਮ ਬਹਾਰ ਵਾਂਗ। ਬਾਰਸ਼ ਦੀ ਰੁੱਤ ਆਈ ਤੇ ਆ ਕੇ ਚਲੀ ਗਈ ਮੈਂ ਵੇਖਦਾ ਚਲਾ ਗਿਆ ਗਰਦੋ-ਗੁਬਾਰ ਵਾਂਗ ਮੁਸ਼ਕਿਲ ਬਣੀ ਤਾਂ ਕੋਈ ਨਾ ਨਿਭਿਆ ਹਜੂਮ 'ਚੋਂ ਭਾਵੇਂ ਤੁਰੇ ਸੀ ਯਾਰ ਸਭ ਕੂੰਜਾਂ ਦੀ ਡਾਰ ਵਾਂਗ ਉਸ ਬੇ-ਵਫ਼ਾ ਦੀ ਯਾਦ ਵਿਚ ਮੌਸਮ ਉਦਾਸ ਹੈ ਕੋਈ ਤਾਂ ਗੀਤ ਛੇੜ ਹੁਣ 'ਆਲਮ ਲੁਹਾਰ' ਵਾਂਗ ।

ਜਦ ਵੀ ਚੇਤਾ ਆਵੇ

ਜਦ ਵੀ ਚੇਤਾ ਆਵੇ ਟੁਟੀ ਵੰਗ ਦਾ ਅਪਣਾ ਹੀ ਪਰਛਾਵਾਂ ਸਾਨੂੰ ਡੰਗਦਾ ਉਸ ਤੋਂ ਵਧ ਕੀ ਹੋਰ ਕਿਸੇ ਨੂੰ ਫਬਣੇ ਪੀਲੀ ਸਾੜ੍ਹੀ, ਕੋਟ ਉਨਾਭੀ ਰੰਗ ਦਾ ਬੁੱਢੇ ਦੇ ਨੈਣਾਂ ਵਿਚ ਹੰਝੂ ਤੈਰਦੇ ਜਦ ਵੀ ਚੇਤਾ ਆਵੇ ਵੱਡੀ ਜੰਗ ਦਾ ਜਦ ਕੋਲੋਂ ਦੀ ਗੋਰੀ ਬਦਲੀ ਲੰਘਦੀ ਸਭ ਤੋਂ ਅੱਖ ਬਚਾ ਕੇ ਬੁੱਢਾ ਖੰਗਦਾ ਜਿਹੜੇ ਰੰਗ ਦਾ ਸੂਟ ਸੀ ਪਾਇਆ ਓਸ ਨੇ ਆ ਕੋਟ ਸਿਲਾਇਆ ਓਸੇ ਰੰਗ ਦਾ ਮੈਨੂੰ ਲਗਦੈ ਪਿਆਰ 'ਚ ਉਹ ਡੁਬ ਜਾਏਗੀ ਉਸ ਨੇ ਵੀ ਪੀਤਾ ਹੈ ਪਾਣੀ ਝੰਗ ਦਾ ਫ਼ਿਰ ਵੀ ਚਿਹਰੇ ਉਤੋਂ ਪਤਝੜ ਝਾਕਦੀ ਭਾਵੇਂ ਉਸ ਦਾ ਸੂਟ ਹੈ, ਸੂਹੇ ਰੰਗ ਦਾ ਅੱਜ ਭਾਵੇਂ ਨੁਕਰਾ ਦੇ ਸਾਨੂੰ ਗੋਰੀਏ ਇਕ ਦਿਨ ਚੇਤਾ ਆਸੀ 'ਜੋਸ਼' ਮਲੰਗ ਦਾ

ਜਦੋਂ ਮੈਂ ਗ਼ਮ ਦੀ ਅੱਗ ਵਿਚ ਸੜ ਰਿਹਾ ਸੀ

ਜਦੋਂ ਮੈਂ ਗ਼ਮ ਦੀ ਅੱਗ ਵਿਚ ਸੜ ਰਿਹਾ ਸੀ ਕੋਈ ਕਮਰੇ 'ਚ ਨਾਵਲ ਪੜ੍ਹ ਰਿਹਾ ਸੀ ਸਮੁੰਦਰ , ਜਾਪਦਾ ਸੀ ਉਸ ਨੂੰ ਦਿਲਕਸ਼ ਕਿਨਾਰੇ ਤੇ ਜੋ ਲਹਿਰਾਂ ਫੜ ਰਿਹਾ ਸੀ ਉਹ ਸੁੰਦਰ ਰਾਤ ਸੀ ਪੁਸਤਕ ਦੇ ਵਾਂਗੂੰ ਕੋਈ ਚਿਹਰੇ 'ਤੋਂ ਕਵਿਤਾ ਪੜ੍ਹ ਰਿਹਾ ਸੀ ਕਦੇ ਉਸ ਵੀ ਬਹਾਰਾਂ ਮਾਣੀਆਂ ਸਨ ਜੋ ਪੱਤਾ ਜ਼ਰਦ ਹੋ ਕੇ ਝੜ ਰਿਹਾ ਸੀ। ਜੋ ਬੰਦਾ ਬਚ ਗਿਆ ਮਾਰੂ ਥਲਾਂ 'ਚੋਂ ਉਹ ਬੰਦਾ ਅਪਣੀ ਛਾਂ ਵਿਚ ਸੜ ਰਿਹਾ ਸੀ ਉਹ ਪੁਸਤਕ ਸਜ ਰਹੀ ਸੀ ਸ਼ੀਸ਼ਿਆਂ ਵਿਚ ਜਿਦ੍ਹੇ ਲਈ ਤੂੰ ਕਿਤਾਬਾਂ ਪੜ੍ਹ ਰਿਹਾ ਸੀ ਤਿਰੀ ਤਕਦੀਰ ਬਣਦੀ ਜਾ ਰਹੀ ਸੀ ਕੋਈ ਤਕਦੀਰ ਅਪਣੀ ਘੜ ਰਿਹਾ ਸੀ ।

ਦਿਲ-ਪੁਸਤਕ ਦਾ ਹਰ ਇਕ ਪੰਨਾ

ਦਿਲ-ਪੁਸਤਕ ਦਾ ਹਰ ਇਕ ਪੰਨਾ ਕਰ ਕੇ ਤੇਰੇ ਨਾਂ ਮੈਂ ਜੀਵਨ ਦੀ ਹਰ ਇਕ ਬਾਜ਼ੀ ਜਿਤ ਕੇ ਹਾਰ ਗਿਆਂ ਫੁੱਲਾਂ ਦੀ ਰੁੱਤ ਗੁਜ਼ਰਨ ਤੇ ਜੋ ਭੁਲਿਆ ਕੌਲ ਕਰਾਰ ਪਾਗਲ ਮਨੂਆ ਹਾਲੇ ਤੀਕਣ ਜਪਦੈ ਉਸ ਦਾ ਨਾਂ ਕਿਹੜੇ ਮੌਸਮ ਘਰ 'ਚੋਂ ਨਿਕਲੇ ਚਾਨਣ ਲੱਭਣ ਲੋਕ ਨਾ ਤਾਂ ਕਿਧਰੇ ਧੁੱਪਾਂ ਲਭੀਆਂ ਨਾ ਹੀ ਲੱਭੀ ਛਾਂ ਵਸਦੇ ਰਸਦੇ ਘਰ ਦਾ ਮੈਨੂੰ ਫਿਰ ਹੋਇਆ ਅਹਿਸਾਸ ਫੇਰ ਬਨੇਰੇ ਤੇ ਆ ਬੈਠੇ ਚਿੜੀਆਂ ਤੋਤੇ ਕਾਂ ਤਿੰਨ ਸ਼ਬਦਾਂ 'ਚੋਂ ਲਭ ਸਕਦੇ ਓ ਜੀਵਨ ਦਾ ਇਤਿਹਾਸ ਤਿੰਨੇ ਸ਼ਬਦ ਪਿਆਰੇ ਲਗਦੇ ਪਤਨੀ, ਬੱਚਾ, ਮਾਂ ਜਦ ਕਿਧਰੇ ਕੋਈ ਪਿੰਡ ਦੀ ਕੋਇਲ ਟਪਦੀ ਹੈ ਦਹਿਲੀਜ਼ ਸਥ ਵਿਚ ਬਹਿ ਕੇ ਚਰਚਾ ਕਰਦੇ ਬੁੱਢੇ ਠੇਰੇ ਕਾਂ ।

ਇਕ ਸ਼ਾਇਰ ਇਸ ਬਸਤੀ ਦੇ ਵਿਚ

ਇਕ ਸ਼ਾਇਰ ਇਸ ਬਸਤੀ ਦੇ ਵਿਚ ਰਹਿੰਦਾ ਹੈ ਕਮਲਾ ਸਭ ਨੂੰ ਅਪਣਾ ਅਪਣਾ ਕਹਿੰਦਾ ਹੈ ਇਸ ਪਾਸੇ ਨਾ ਮੰਦਰ ਹੈ ਨਾ ਮਸਜਦ ਏ ਇਸ ਪਾਸੇ ਕਿਉਂ ਸ਼ੋਰ ਸ਼ਰਾਬਾ ਰਹਿੰਦਾ ਹੈ ਉਸ ਦਾ ਚਿਹਰਾ ਖਰਵੇ ਪੱਥਰ ਵਰਗਾ ਏ ਲੇਕਿਨ ਉਸ ਦੇ ਅੰਦਰ ਦਰਿਆ ਵਹਿੰਦਾ ਹੈ ਸਭ ਤੋਂ ਅੱਖ ਬਚਾ ਕੇ ਮੈਨੂੰ ਮਿਲਿਆ ਕਰ ਅਪਣੇ ਨਾਲ ਤਾਂ ਹਰ ਇਕ ਬੰਦਾ ਖਹਿੰਦਾ ਹੈ ਬਚਪਨ ਵਿਚ ਮੈਂ ਅਪਣਾ ਆਪਾ ਤਕਿਆ ਸੀ ਹਾਲੇ ਤੀਕਣ ਉਸ ਦਾ ਚੇਤਾ ਰਹਿੰਦਾ ਹੈ ਉਸ ਨੂੰ ਭੈੜੀ ਪਿਆਰ ਕਰਨ ਦੀ ਵਾਦੀ ਹੈ ਏਸੇ ਕਰ ਕੇ 'ਜੋਸ਼' ਤਸੀਹੇ ਸਹਿੰਦਾ ਹੈ ।

ਸਾਗਰ ਅੰਦਰ ਡੁਬ ਕੇ ਵੀ ਤ੍ਰਿਹਾਏ ਹਾਂ

ਸਾਗਰ ਅੰਦਰ ਡੁਬ ਕੇ ਵੀ ਤ੍ਰਿਹਾਏ ਹਾਂ ਮਾਰੂ ਥਲ ਦੇ ਲੇਖ ਲਿਖਾ ਕੇ ਆਏ ਹਾਂ ਜਿਸ ਦੀ ਛੁਹ ਨੂੰ ਤਰਸੇ ਸਾਂ ਸਾਰੀ ਆਯੂ ਉਸ ਦੀ ਇਕੋ ਛੁਹ ਪਾ ਕੇ ਕੁਮਲਾਏ ਹਾਂ ਮਾਰੂ ਥਲ ਵਿਚ ਰੁੱਖਾਂ ਦੇ ਘਰ ਲਭਦੇ ਸੀ ਜੰਗਲ ਦੇ ਵਿਚ ਰੁੱਖਾਂ ਤੋਂ ਘਬਰਾਏ ਹਾਂ ਚਾਂਦੀ ਦਾ ਇਕ ਸੂਰਜ ਲੈ ਕੇ ਬੁੱਕਲ ਵਿਚ ਆਪਾਂ ਅਪਣੇ ਆਪੇ ਤੋਂ ਸ਼ਰਮਾਏ ਹਾਂ ਰਾਤੀਂ ਸਾਡੇ ਘਰ ਵਿਚ ਵਰਖਾ ਹੋਈ ਸੀ ਦਿਨ ਚੜ੍ਹਿਆ ਤਾਂ ਫੇਰ ਅਸੀਂ ਕੁਮਲਾਏ ਹਾਂ ਜਿਹੜੇ ਰੁੱਖ ਤੇ ਰੋਜ਼ ਕਬੂਤਰ ਗੁਟਕੇ ਸਨ ਆਪਾਂ ਵੀ ਇਕ ਐਸੇ ਰੁੱਖ ਦੇ ਸਾਏ ਹਾਂ ਅਪਣੇ ਆਪ ਨੂੰ ਮਿਲਿਆਂ ਮੁਦਤ ਹੋਈ ਹੈ ਏਸੇ ਗੱਲ ਦੇ ਆਪਾਂ ‘ਜੋਸ਼' ਸਤਾਏ ਹਾਂ ।

ਉਸ ਨੂੰ ਮਿਲ ਕੇ ਵਾਪਰੇ ਅਕਸਰ ਸਾਡੇ ਨਾਲ

ਉਸ ਨੂੰ ਮਿਲ ਕੇ ਵਾਪਰੇ ਅਕਸਰ ਸਾਡੇ ਨਾਲ ਬੁਲ੍ਹਾਂ ਉਤੇ ਆਣ ਕੇ ਅਟਕੇ ਰਹਿਣ ਸਵਾਲ ਮੇਲੇ ਅੰਦਰ ਘੁੰਮਦਿਆਂ ਕੀਤਾ ਹੈ ਮਹਿਸੂਸ ਅਪਣੇ ਹਿੱਸੇ ਆਈ ਹੈ ਇਕਲਾਪੇ ਦੀ ਭਾਲ ਜੀਵਨ ਅੰਦਰ ਆ ਗਈ ਸੂਰਤ ਕੋਈ ਹੁਸੀਨ ਬੁੱਢੇ ਜੋਗੀ ਜੋਗ ਦਾ ਲਾਹ ਸੁਟਿਆ ਜੰਜਾਲ ਚੰਦਰਮਾ ਤੇ ਪਹੁੰਚ ਕੇ ਕੀ ਖੱਟਣਗੇ ਲੋਕ ਧਰਤੀ ਤੇ ਜਦ ਰੁਲ ਰਹੇ ਚੰਨਾਂ ਵਰਗੇ ਬਾਲ ਅੱਜ ਉਹਨਾਂ ਨੂੰ ਮਿਲਣ ਦੀ ਦਿਲ ਵਿਚ ਜਾਗੀ ਸਿੱਕ ਕਲ੍ਹ ਉਹਨਾਂ ਨੇ ਕਿਹਾ ਸੀ ਵਚਨ ਦਿਆਂਗੇ ਪਾਲ ਨਾ ਪਹਿਨਣ ਨੂੰ ਕੋਟ ਹੈ ਨਾ ਹੀ ਗਰਮ ਕਮੀਜ਼ ਮਨ ਇਹ ਸੋਚਾਂ ਸੋਚਦੈ ਬੀਤੂ ਕਿੰਜ ਸਿਆਲ ਭੋਲੀ ਭਾਲੀ ਚਾਨਣੀ ਆਈ ਨਾ ਅਪਣੇ ਹੱਥ ਪਿਆਰ, ਖੁਸ਼ਾਮਦ, ਇਸ਼ਕ, ਦੇ ਬੜੇ ਵਿਛਾਏ ਜਾਲ ਇਕ ਦੂਜੇ ਦੇ ਵਾਸਤੇ 'ਜੋਸ਼' ਨਹੀਂ ਏ ਸਿੱਕ ਫਿਰ ਵੀ ਤੁਰਦੇ ਪਏ ਹਾਂ ਇਕ ਦੂਜੇ ਦੇ ਨਾਲ ।

ਅਪਣੇ ਘਰ ਵੀ ਇਕ ਫੁੱਲਾਂ ਦਾ ਬੂਟਾ ਹੈ

ਅਪਣੇ ਘਰ ਵੀ ਇਕ ਫੁੱਲਾਂ ਦਾ ਬੂਟਾ ਹੈ ਜਿਸ ਦੇ ਹਰ ਇਕ ਫੁੱਲ ਤੇ ਸੱਸਾ ਲਿਖਿਆ ਹੈ ਪਤਨੀ, ਬੱਚਾ, ਮਾਂ, ਲੜਕੀ, ਮਹਿਬੂਬ ਕੁੜੀ ਮੇਰੀ ਕਵਿਤਾ ਦੇ ਵਿਚ ਸਭ ਦਾ ਚਿਹਰਾ ਹੈ । ਸ਼ਾਮੀਂ ਘਰ ਜਾਣ ਦੀ ਕਾਹਲੀ ਰਹਿੰਦੀ ਏ ਬੂਹੇ ਤੇ ਕੋਈ ਰਸਤਾ ਤਕਦਾ ਰਹਿੰਦਾ ਹੈ। ਸਤਵੀਂ ਵਿਚ ਇਕ ਲੜਕੀ ਮੈਥੋਂ ਪੜ੍ਹਦੀ ਏ ਮੈਨੂੰ ਲਗਦਾ ਮੇਰਾ ‘ਬੰਟੀ’ ਪੜ੍ਹਦਾ ਹੈ ਪੀਲੇ ਰੰਗ ਦਾ ਪੁਲ ਓਵਰ ਉਹ ਪਾਉਂਦੀ ਏ ਪੀਲਾ ਰੰਗ ਹੀ ਸਾਨੂੰ ਚੰਗਾ ਲਗਦਾ ਹੈ। ਕਿਕਰਾਂ ਕੋਲੋਂ ਅੱਖ ਬਚਾ ਕੇ ਲੰਘਦਾ ਹਾਂ ਅਪਣੇ ਘਰ ਇਕ ਮੌਲ-ਸਰੀ ਦਾ ਬੂਟਾ ਹੈ। ਨਾ ਭੂਸ਼ਨ ਨਾ ਵਲ ਛਲ ਨਾ ਉਸਤਾਦੀ ਏ ਬਿਲਕੁਲ ਮੇਰੇ ਵਰਗੀ ਮੇਰੀ ਕਵਿਤਾ ਹੈ ।

ਕੌਣ ਤੇਰੇ ਲਈ ਹੰਝੂ ਕੇਰੇ

ਕੌਣ ਤੇਰੇ ਲਈ ਹੰਝੂ ਕੇਰੇ ਰੋਣੇ ਨੂੰ ਗ਼ਮ ਹੋਰ ਬਥੇਰੇ ਰਾਤਾਂ ਨਾਲ ਹੈ ਟੱਕਰ ਜਿਸ ਦੀ ਉਸ ਦੇ ਪੈਰਾਂ ਹੇਠ ਸਵੇਰੇ ਮੇਰਾ ਰਸਤਾ ਰੋਕ ਨਾ ਸੱਕਣ ਜ਼ੁਲਫ਼ਾਂ ਦੇ ਘਨਘੋਰ ਹਨੇਰੇ ਪਿਆਰ ਦੀ ਮੰਜ਼ਿਲ ਪਾ ਕੇ ਤੱਕਿਆ ਮੇਰੀ ਮੰਜ਼ਿਲ ਹੋਰ ਪਰੇਰੇ ਮੈਥੋਂ ਵਧ ਧਨਵਾਨ ਹੈ, ਕਿਹੜਾ ਕੁਲ ਦੁਨੀਆਂ ਦੇ ਗ਼ਮ ਨੇ ਮੇਰੇ ਰਾਤ ਦੀ ਬੁਕਲ ਵਿਚੋਂ ਨਿਕਲਣ ਚਾਨਣ ਵੰਡਦੇ ਸੋਨ ਸਵੇਰੇ ਹਾਰਾਂ 'ਚੋਂ ਹੀ ਜਿੱਤ ਨਿਕਲਦੀ ਜਿੱਤ ਨਾ ਭਾਲੋ ਪਹਿਲੀ ਵੇਰੇ ਜਾਗ ਰਹੀ ਏ ਵਿਸ਼ਵ ਚੇਤਨਾ ਮਹਿਕ ਰਹੇ ਨੇ ਚਾਰ ਚੁਫੇਰੇ ਡੁਲ ਡੁਲ ਪੈਦੇ 'ਜੋਸ਼' ਗ਼ਜ਼ਲ 'ਚੋਂ ਪਾਕ-ਪਵਿਤਰ ਜਜ਼ਬੇ ਮੇਰੇ

ਜਦ ਮੈਂ ਕੋਰੇ ਕਾਗ਼ਜ਼ ਉਤੇ ਕੋਈ ਅੱਖਰ ਲਿਖਿਆ

ਜਦ ਮੈਂ ਕੋਰੇ ਕਾਗ਼ਜ਼ ਉਤੇ ਕੋਈ ਅੱਖਰ ਲਿਖਿਆ ਉਸ ਦੀ ਸੁੰਦਰ ਬਣਤਰ ਵਿਚੋਂ ਤੇਰਾ ਚਿਹਰਾ ਦਿਸਿਆ ਰਾਤੀਂ ਜਦ ਮੈਂ ਉਸ ਦੇ ਪਿਛੋਂ, ਅਪਣਾ ਕਮਰਾ ਤਕਿਆ ਉਸ ਦੇ ਗ਼ਮ ਵਿਚ ਅਪਣਾ ਕਮਰਾ ਸੁੰਨਾ ਸੁੰਨਾ ਲਗਿਆ ਸੜਕਾਂ ਉਤੇ ਸੁੰਦਰਤਾ ਦੀ ਅਜਬ ਨੁਮਾਇਸ਼ ਵੇਖੀ ਨਦੀ ਕਿਨਾਰੇ ਘੁੰਮਣਾ ਛਡ ਕੇ ਮੈਂ ਸੜਕਾਂ ਤੇ ਘੁੰਮਿਆ ਸ਼ਹਿਰ ਤਿਰੇ ਵਿਚ ਲਾਸ਼ਾਂ ਦੀ ਰਖਵਾਲੀ ਤਕੀਆਂ ਗਿਰਜਾਂ ਸ਼ਹਿਰ ਤਿਰੇ ਵਿਚ ਜੀਨੇ ਨਾਲੋਂ ਮਰਨਾ ਮੁਸ਼ਕਿਲ ਬਣਿਆ ਸੋਚ ਰਿਹਾ ਹਾਂ ਕਲ੍ਹ ਰਸਤੇ ਵਿਚ ਕੀ ਸਾਡੇ ਤੇ ਬੀਤੀ ਅਪਣੇ ਘਰ ਦਾ ਰਸਤਾ ਵੀ ਮੈਂ ਲੋਕਾਂ ਕੋਲੋਂ ਪੁੱਛਿਆ ਦਿਨ ਢਲਦੇ ਇਕ ਸੂਰਜ ਪਿਆਰਾ ਆਇਆ ਕਮਰੇ ਅੰਦਰ ਇਕ ਪੁਰਾਣੇ ਸੱਜਣ ਵਾਂਗੂੰ ਸਾਨੂੰ ਕਮਰਾ ਲਗਿਆ ।

ਚੰਚਲ ਚੰਚਲ ਨਿਆਰੀ ਖੁਸ਼ਬੂ

ਚੰਚਲ ਚੰਚਲ ਨਿਆਰੀ ਖੁਸ਼ਬੂ ਉਸ ਦਾ ਜਿਸਮ ਹੈ ਪਿਆਰੀ ਖੁਸ਼ਬੂ ਜੋਬਨ ਦੀ ਰੁੱਤ ਗੁਜ਼ਰਨ ਪਿਛੋਂ ਉਡ ਜਾਂਦੀ ਹੈ ਸਾਰੀ ਖੁਸ਼ਬੂ ਉਸ ਦੇ ਜਿਸਮ ਚੋਂ ਆਈ ਮੈਨੂੰ ਰਾਤ ਬੜੀ ਹੀ ਪਿਆਰੀ ਖੁਸ਼ਬੂ ਸਾਰਾ ਘਰ ਮਹਿਕਾ ਦੇਂਦੀ ਏ ਬਣ ਜਾਏ ਜੇ ਨਾਰੀ ਖੁਸ਼ਬੂ ਰਾਹੀਆਂ ਨੂੰ ਭਟਕਾ ਦੇਂਦੀ ਏ ਨਟ-ਖਟ ਖੇਖਨ-ਹਾਰੀ ਖੁਸ਼ਬੂ ਉਸ ਨੂੰ ਮਿਲ ਕੇ ਦਿਲ ਚਾਹੁੰਦਾ ਹੈ ਪੀ ਜਾਵਾਂ ਮੈਂ ਸਾਰੀ ਖੁਸ਼ਬੂ ।

ਅੱਖਾਂ 'ਚ ਉਸ ਦੇ ਪਿਆਰ ਦੇ

ਅੱਖਾਂ 'ਚ ਉਸ ਦੇ ਪਿਆਰ ਦੇ ਸੁਪਨੇ ਸਜਾ ਰਿਹਾਂ ਰਾਹਾਂ ਦੇ ਘੁੱਪ ਨ੍ਹੇਰ ਨੂੰ ਚਾਨਣ ਬਣਾ ਰਿਹਾਂ ਅਪਣੇ ਹੀ ਘਰ ਦੇ ਮੋੜ ਤੋਂ, ਅਪਣੇ ਹੀ ਸ਼ਹਿਰ 'ਚੋਂ, ਇਕ ਅਜਨਬੀ ਦੇ ਵਾਂਗ ਮੈਂ ਚੁੱਪ ਚਾਪ ਜਾ ਰਿਹਾਂ ਜਦ ਵੀ ਮਿਲੇ ਹਾਂ ਉਸ ਨੂੰ, ਲੱਗਾ ਹੈ ਇਸ ਤਰ੍ਹਾਂ ਕੀਕਣ ਮੈਂ ਅਪਣੇ ਆਪ ਤੋਂ ਹੁਣ ਤਕ ਜੁਦਾ ਰਿਹਾਂ ਮੰਨਿਆਂ ਕਿ ਤੇਰੇ ਰਾਹ ਵਿਚ ਸੰਘਣਾ ਹਨੇਰ ਹੈ ਲੇਕਿਨ ਮੈਂ ਤੇਰੇ ਰਾਹ ਵਿਚ ਅੱਖਾਂ ਵਿਛਾ ਰਿਹਾਂ ਤੂੰ ਤੇ ਕਿਸੇ ਦੇ ਕੋਟ ਦੇ ਕਾਲਰ 'ਚ ਗੁੰਮ ਗਈ ਲੇਕਨ ਮੈਂ ਪਹਿਲੇ ਪਿਆਰ ਵਾਂਗ ਢੂੰਡਦਾ ਰਿਹਾਂ ਮੇਰੇ ਤੋਂ ਵੱਧ ਕੌਣ ਹੈ ਜੰਗਲ ਦੇ ਹਾਣ ਦਾ ਰੁੱਖਾਂ ਨੂੰ ਆਪਣੀ ਚੁੱਪ ਦੇ ਨਗਮੇ ਸੁਣਾ ਰਿਹਾਂ ਭਾਵੇਂ ਸਮੁੰਦ ਪੀ ਲਿਐ ਫਿਰ ਵੀ ਪਿਆਸ ਹੈ ਜੀਵਨ ਦੇ ਤੀਹ ਸਾਲ ਤਕ ਮੈਂ ਸੁਲਘਦਾ ਰਿਹਾਂ ਵੇਖੋ ਨਾ ਵਰਤਮਾਨ 'ਤੋਂ ਮੇਰੇ ਅਤੀਤ ਨੂੰ ਅਪਣੇ ਸਮੇਂ 'ਚ 'ਜੋਸ਼' ਜੀ ਮੈਂ ਵੀ ਖੁਦਾ ਰਿਹਾਂ ।

ਬਸਤੀ ਦੇ ਦਰਵਾਜ਼ੇ ਤੇ ਜੋ ਮਰਿਆ ਸੀ

ਬਸਤੀ ਦੇ ਦਰਵਾਜ਼ੇ ਤੇ ਜੋ ਮਰਿਆ ਸੀ ਉਸ ਜੋਗੀ ਦਾ ਮੇਰੇ ਵਰਗਾ ਚਿਹਰਾ ਸੀ ਵਿਛੜਣ ਮਗਰੋਂ ਮੇਲ ਨਾ ਮੁੜ ਕੇ ਹੋ ਸਕਿਆ ਵੈਸੇ ਅਪਣਾ ਇਸ਼ਕ ਵੀ ਰਾਂਝੇ ਵਰਗਾ ਸੀ ਪੱਤਝੜ ਕੋਲੋਂ ਕੀਕਣ ਬਚ ਕੇ ਲੰਘਦਾ ਮੈਂ ਇਕ ਮਿਤ੍ਰ ਦਾ ਪੱਤਝੜ ਵਰਗਾ ਚਿਹਰਾ ਸੀ ਸਰ ਵਿਚ ਤਰਦੀ ਜਦ ਮੁਰਗਾਬੀ ਵੇਖੀ ਮੈਂ ਮੈਨੂੰ ਤੇਰੀ ਤੋਰ ਦਾ ਚੇਤਾ ਆਇਆ ਸੀ। ਟਪਕੇ ਅੰਬ ਦੀ ਮਹਿਕ ਬਦਨ 'ਚੋਂ ਆਉਂਦੀ ਏ ਅੱਜ ਕਲ ਮੇਰੇ ਸ਼ਹਿਰ 'ਚ ਉਸ ਦਾ ਡੇਰਾ ਸੀ ਇਹ ਗੱਲ ਵੱਖਰੀ ਤੇਰੇ ਤੋਂ ਨਾ ਆ ਹੋਇਆ ਮੈਂ ਤਾਂ ਹਰ ਇਕ ਮੋੜ ਤੇ ਆ ਕੇ ਰੁਕਿਆ ਸੀ ਜੰਗਲ ਦੇ ਵਿਚ ਰੁੱਖ ਇਕੱਲਾ ਹੋ ਸਕਦੈ ਭੀੜਾਂ ਦੇ ਵਿਚ ਆ ਕੇ ਅਨੁਭਵ ਕੀਤਾ ਸੀ ।

ਬਦਲਾਂ ਦੇ ਪਰਛਾਵੇਂ ਫੜਦੇ ਹਾਰ ਗਏ

ਬਦਲਾਂ ਦੇ ਪਰਛਾਵੇਂ ਫੜਦੇ ਹਾਰ ਗਏ ਸਾਡੇ ਸ਼ੌਕ ਅਵੱਲੇ ਸਾਨੂੰ ਮਾਰ ਗਏ ਰੁੱਤਾਂ ਨਾਲ ਮੁਹੱਬਤ ਕਰ ਕੇ ਕੀ ਖੱਟਿਆ ਮੌਸਮ ਬਦਲੇ ਕੌਲ ਗਏ, ਇਕਰਾਰ ਗਏ ਅਛਾ ਜੀ ਦਾ ਗੁਰ ਨਾ ਸਾਨੂੰ ਆ ਸਕਿਆ ਏਸੇ ਕਰ ਕੇ ਆਪਾਂ ਬਾਜ਼ੀ ਹਾਰ ਗਏ ਹਾਲੇ ਤਾਂ ਤੂਫਾਨ ਕਿਤੇ ਵੀ ਦਿੱਸਦਾ ਨਾ ਫਿਰ ਕਿਉਂ ਮੈਨੂੰ ਛੱਡ ਕੇ ਮੇਰੇ ਯਾਰ ਗਏ ਅਪਣੀ ਖਾਲੀ ਜੇਬ 'ਤੇ ਰੋਣਾ ਆਇਆ ਸੀ ਕਲ ਸ਼ਾਮੀਂ ਜਦ ਯਾਰਾਂ ਨਾਲ ਬਜ਼ਾਰ ਗਏ ਬਚਪਨ ਵਿਚ ਇਕ ਅਪਣਾ ਸੁਪਨਾ ਗੁੰਮਿਆਂ ਸੀ ਜਿਸ ਨੂੰ ਲਭਦੇ ਸਾਰੇ ਸੁਪਨੇ ਹਾਰ ਗਏ ਖੁਸ਼ੀਆਂ ਦਾ ਪਰਛਾਵਾਂ ਤਕ ਵੀ ਲੱਭਾ ਨਾ ਫਿਰ ਵੀ ਆਪਾਂ ਹੱਸ ਕੇ ਉਮਰ ਗੁਜ਼ਾਰ ਗਏ ।

ਭਾਵੇਂ ਰਿਸ਼ਤੇ ਟੁੱਟ ਜਾਂਦੇ ਹਨ ਕੱਚੇ ਧਾਗੇ ਵਾਂਗੂੰ

ਭਾਵੇਂ ਰਿਸ਼ਤੇ ਟੁੱਟ ਜਾਂਦੇ ਹਨ ਕੱਚੇ ਧਾਗੇ ਵਾਂਗੂੰ ਫਿਰ ਵੀ ਚਿਹਰੇ ਚੇਤੇ ਆਵਣ ਪਹਿਲੇ ਸੁਪਨੇ ਵਾਂਗੂੰ ਸੀਸ ਤਲੀ ਤੇ ਧਰ ਕੇ ਨਿਕਲੋ ਜੇਕਰ ਯੋਧੇ ਵਾਂਗੂੰ ਮੰਜ਼ਿਲ ਉਤੇ ਪੁਜ ਜਾਵੋਗੇ ਇਕ ਦਿਨ ਰਸਤੇ ਵਾਂਗੂੰ ਜਿਸ ਦੇ ਨਾਲ ਮੁਹੱਬਤ ਕੀਤੀ ਆਪਾਂ ਅਪਣੇ ਵਾਂਗੂੰ ਉਸੇ ਰਸਤੇ ਵਿਚ ਸੁਟਿਆ ਸਾਨੂੰ ਪਾਟੇ ਬਟੂਏ ਵਾਂਗੂੰ ਜਿਸ ਦੀ ਖਾਤਰ ਰਾਹਾਂ ਅੰਦਰ ਦੀਵੇ ਵਾਂਗ ਜਗੇ ਹਾਂ ਉਹ ਸਾਡੇ ਕੋਲੋਂ ਦੀ ਲੰਘਿਆ ਉਡਣ ਖਟੋਲੇ ਵਾਂਗੂੰ ਅਪਣੇ ਗ਼ਮ ਨੂੰ ਦੁਨੀਆਂ ਦੇ ਗ਼ਮ ਅੰਦਰ ਸ਼ਾਮਲ ਕਰ ਲੈ ਅਪਣਾ ਗ਼ਮ ਤਾਂ ਸਾਗਰ ਸਾਂਹਵੇ ਲਗਦੈ ਕਤਰੇ ਵਾਂਗੂੰ ਦਿਨ ਚੜ੍ਹਦੇ ਜਦ ਮੈਂ ਓਹਨਾਂ ਸੰਗ ਗੁਲਸ਼ਨ ਵਿਚੋਂ ਲੰਘਿਆ ਹਰ ਇਕ ਫੁੱਲ ਦਾ ਚਿਹਰਾ ਲਗਿਆ ਹਸਦੇ ਬੱਚੇ ਵਾਂਗੂੰ ਪਿਆਰ, ਮੁਹੱਬਤ, ਵਾਅਦੇ, ਰੋਸੇ, ਕੁਝ ਵੀ ਰਾਸ ਨਾ ਆਇਆ ਫ਼ਿਰ ਵੀ ਜੀਵਨ ਜੀ ਜਾਣਾ ਹੈ ਆਪਾਂ ਨਗ਼ਮੇ ਵਾਂਗੂੰ ਉਸ ਪਲ ਉਸ ਦੇ ਨੈਣਾਂ ਅੰਦਰ ਭਰ ਆਂਦੇ ਨੇ ਹੰਝੂ ਜਿਸ ਪਲ ਕੋਈ ਕੱਚੇ ਫਲ ਨੂੰ ਟੁਕਦੈ ਤੋਤੇ ਵਾਂਗੂੰ ।

ਤਨ ਦੇ ਵਸਤਰ ਵਾਂਗੂੰ ਦਰਦ ਹੰਡਾਂਦੇ ਹਾਂ

ਤਨ ਦੇ ਵਸਤਰ ਵਾਂਗੂੰ ਦਰਦ ਹੰਡਾਂਦੇ ਹਾਂ ਯਾਰਾਂ ਕੋਲੋਂ ਦਰਦ ਛੁਪਾਂਦੇ ਹਾਂ ਦਾਰੂ ਦੀ ਛਿਟ ਜਦ ਵੀ ਸ਼ਾਮੀਂ ਲਾਂਦੇ ਹਾਂ ਸੜਕਾਂ ਉਤੇ ਸ਼ਾਹਾਂ ਵਾਂਗੂ ਆਂਦੇ ਹਾਂ ਹਾਦਸਿਆਂ ਦੀ ਹੋਣੀ ਅਪਣੀ ਹੋਣੀ ਹੈ ਹਾਦਸਿਆਂ ਨੂੰ ਅਪਣੇ ਨਾਲ ਖਿਡਾਂਦੇ ਹਾਂ ਤੂਫ਼ਾਨਾਂ ਥੀ ਖੇਡਣ ਵਾਲੇ ਨੂੰ ਅਕਸਰ ਸਾਹਿਲ ਉਤੋਂ ਲੋਕੀਂ ਕਹਿੰਦੇ 'ਆਂਦੇ ਹਾਂ' ਏਸ ਮਹੀਨੇ ਤੇਰੀ ਵਰਦੀ ਲੈਣੀ ਹੈ ਗੱਲੀਂ ਬਾਤੀਂ ਬੱਚੇ ਨੂੰ ਪਰਚਾਂਦੇ ਹਾਂ ਵਿਦਿਆਲੇ ਵਿਚ ਜਿਹੜੇ ਸੁਪਨੇ ਜੋੜੇ ਸਨ ਦਫ਼ਤਰ ਦੇ ਵਿਚ ਸਾਰੇ ਹਾਰੀ ਜਾਂਦੇ ਹਾਂ ਜਦ ਵੀ ਕੋਈ ਚੰਗਾ ਸੁਪਨਾ ਆਉਂਦਾ ਹੈ ਉਸ ਦੀ ਕਿਸਮਤ ਤੇਰੇ ਨਾਂ ਲਿਖਵਾਂਦੇ ਹਾਂ ਜਦ ਵੀ ਕੋਈ ਤੇਰੇ ਵਰਗਾ ਦਿਸਦਾ ਹੈ ਆਪਾਂ ਅਪਣੇ ਬਚਪਨ ਵਿਚ ਗੁੰਮ ਜਾਂਦੇ ਹਾਂ ।

ਜਿਸ ਦੇ ਸ਼ਬਦਾਂ ਝੂਠ ਬੋਲਣਾ

ਜਿਸ ਦੇ ਸ਼ਬਦਾਂ ਝੂਠ ਬੋਲਣਾ ਅਰਥਾਂ ਅਰਥ ਛੁਪਾਣਾ ਉਸ ਦੇ ਜੀਂਦੇ ਜੀ ਹੀ ਉਸ ਦੇ ਸ਼ਾਇਰ ਨੇ ਮਰ ਜਾਣਾ ਮਹਿਕ ਵਿਹੂਣ ਫੁੱਲਾਂ ਵਿਚੋਂ ਲਭਦੇ ਫਿਰੀਏ ਮਹਿਕਾਂ ਆਖਰ ਪਿਆਰ ਤੇਰੇ ਨੇ ਸਾਨੂੰ ਏਥੇ ਸੀ ਅਪੜਾਣਾ ਦਿਸ ਹੱਦੇ ਤਕ ਇਕ ਕਾਲਾ ਬੱਦਲ ਨਜ਼ਰੀਂ ਆਵੇ ਕਿਹੜੀ ਮੰਜ਼ਿਲ ਕਿਹੜਾ ਰਸਤਾ ਕਿੱਥੇ ਆਪਾਂ ਜਾਣਾ ਅਪਣੇ ਨਾਲ ਤਾਂ ਜੀਵਨ ਦੇ ਵਿਚ ਏਦਾਂ ਹੀ ਸੀ ਹੋਣੀ ਰਾਹਾਂ ਨਾਲ ਮੁਹੱਬਤ ਕਰਨੀ ਮੰਜ਼ਿਲ ਨੂੰ ਭੁਲ ਜਾਣਾ ਤਨ ਦਾ ਦਰਦ ਛੁਪਾਵਣ ਖਾਤਰ ਮਨ ਦੀ ਚਰਚਾ ਕਰਨੀ ਜ਼ਖਮਾਂ ਉਤੇ ਲੂਣ ਛਿੜਕਣਾ ਬੁਲ੍ਹਾਂ ਤੋਂ ਮੁਸਕਾਣਾ ਆਪਣੇ ਕੋਲੋਂ ਛਡ ਨਾ ਹੋਈ ਬਚਪਨ ਦੀ ਇਹ ਆਦਤ ਫੁੱਲਾਂ ਵਾਂਗੂ ਹਸਦੇ ਹਸਦੇ ਮਹਿਕਾਂ ਵੰਡਦੇ ਜਾਣਾ ।

ਪੌਣਾਂ ਵਾਂਗੂੰ ਬਿਖਰੀ ਜਾਣਾ

ਪੌਣਾਂ ਵਾਂਗੂੰ ਬਿਖਰੀ ਜਾਣਾ ਸਾਡੇ ਹਿੱਸੇ ਆਇਆ ਉਮਰਾਂ ਜੇਡੇ ਦਰਦ ਹੰਡਾਣਾ ਸਾਡੇ ਹਿੱਸੇ ਆਇਆ ਸਾਡੀ ਹਿੰਮਤ, ਸਾਡਾ ਜੇਰਾ, ਕੀ ਪਰਖਣਗੇ ਲੋਕੀਂ ਰਸਤੇ ਬਾਝੋ ਮੰਜ਼ਿਲ ਪਾਣਾ ਸਾਡੇ ਹਿੱਸੇ ਆਇਆ ਦੀਵਾਰਾਂ ਤੋਂ ਬਚ ਕੇ ਲੰਘਣਾ ਤੇਰੀ ਆਦਤ ਹੋਈ ਦੀਵਾਰਾਂ ਨੂੰ ਡੇਗੀ ਜਾਣਾ ਸਾਡੇ ਹਿਸੇ ਆਇਆ ਰੌਸ਼ਨੀਆਂ ਦੀ ਝਿਲਮਿਲ ਝਿਲਮਿਲ ਤੇਰੇ ਦਰ ਦੀ ਰੌਣਕ ਜੋਬਨ ਰੁੱਤੇ ਜੋਗ ਕਮਾਣਾ ਸਾਡੇ ਹਿਸੇ ਆਇਆ ਗੁਲਸ਼ਨ ਗੁਲਸ਼ਨ ਘੁੰਮਦੇ ਘੁੰਮਦੇ ਮਹਿਕ ਨਾ ਲਭੀ ਕਿਧਰੇ ਪਰ ਫੁੱਲਾਂ ਵਾਂਗੂ ਕੁਮਲਾਣਾ ਸਾਡੇ ਹਿੱਸੇ ਆਇਆ ਤੇਰੇ ਵਾਂਗੂ ਅਪਣੇ ਗ਼ਮ ਦੀ ਕੀਤੀ ਨਹੀਂ ਨੁਮਾਇਸ਼ ਅਪਣੇ ਕੋਲੋਂ ਦਰਦ ਛੁਪਾਣਾ ਅਪਣੇ ਹਿੱਸੇ ਆਇਆ ।

ਦਿਲ ਨੇ ਕਿਤਨੇ ਦਰਦ ਸਹੇ ਹਨ

ਦਿਲ ਨੇ ਕਿਤਨੇ ਦਰਦ ਸਹੇ ਹਨ ਵੇਖੋਗੇ ਤਾਂ ਜਾਣੋਗੇ ਅਪਣਾ ਕਹਿ ਕਹਿ ਥਕ ਜਾਵੋਗੇ ਜਦ ਮੈਨੂੰ ਪਹਿਚਾਣੋਗੇ ਅਜ ਤਾਂ ਮੈਂ ਹਾਂ ਕੋਲ ਤੁਹਾਡੇ ਕਲ੍ਹ ਨੂੰ ਜਦ ਤੁਰ ਜਾਵਾਂਗਾ ਜੰਗਲ ਬੇਲੇ ਘੁੰਮਦੇ ਘੁੰਮਦੇ ਮਾਰੂ ਥਲ ਵੀ ਛਾਣੋਗੇ ਮੰਨਦਾ ਹਾਂ ਕਿ ਠੰਡ ਦੇ ਮੌਸਮ, ਧੁਰ ਤਕ ਘਰ ਉਦਾਸੀ ਹੈ ਜਦ ਧੁੱਪਾਂ ਦਾ ਮੌਸਮ ਆਉਣੈ, ਉਸ ਦਾ ਵੀ ਨਿਘ ਮਾਣੋਗੇ ਜੇ ਕਰ ਮੇਰੇ ਪਿਆਰ ਦਾ ਸਾਇਆ ਛਡ ਜਾਵੋਗੇ ਰਸਤੇ ਵਿਚ ਜੀਵਨ ਦੀ ਸੁੰਨਸਾਨ ਡਗਰ ਤੇ ਕਿਸ ਨੂੰ ਅਪਣਾ ਜਾਣੋਗੇ ਉਡਦੇ ਪੰਛੀ, ਵਗਦੇ ਪਾਣੀ, ਮੁੜ ਕੇ ਫੇਰ ਨਹੀਂ ਆਉਣੇ ਮੇਰੇ ਬਾਦੋਂ ਮੇਰੇ ਯਾਰੋ ਮੇਰੀ ਕੀਮਤ ਜਾਣੋਗੇ ।

ਧੁੱਪ ਜਦੋਂ ਵੀ ਐਨਕ ਲਾ ਕੇ

ਧੁੱਪ ਜਦੋਂ ਵੀ ਐਨਕ ਲਾ ਕੇ ਸੈਰ ਸਪਾਟੇ ਜਾਏਗੀ ਬੰਦਿਆਂ ਦਾ ਤਾਂ ਕਹਿਣਾ ਕੀ ਹੈ ਫੁੱਲਾਂ ਨੂੰ ਤੜਪਾਏਗੀ ਕਾਲਰ ਤੇ ਫੁੱਲ ਲਾ ਕੇ ਪੀਲਾ ਉਹ ਜਦ ਕਾਲਜ ਆਏਗੀ ਹਰ ਇਕ ਪੀਰਡ ਦੇ ਵਿਚ ਮੈਨੂੰ ਉਸ ਦੀ ਯਾਦ ਸਤਾਏਗੀ ਮੰਨਦਾ ਹਾਂ ਕਿ ਧੁੰਧ ਗਹਿਰੀ ਹੈ ਪਰ ਇਕ ਦਿਨ ਛਟ ਜਾਏਗੀ ਲਿਸ਼ ਲਿਸ਼ ਕਰਦੀ ਧੁੱਪ ਵੀ ਆਖਰ ਸਾਡੇ ਵਿਹੜੇ ਆਏਗੀ ਉਸ 'ਤੇ ਐਵੇਂ ਮਾਨ ਨਾ ਕਰ ਤੂੰ ਉਹ ਵੀ ਤਾਂ ਇਕ ਲੜਕੀ ਹੈ ਜਦ ਕਿਧਰੇ ਅੰਗਿਆਰ ਵਰਨਗੇ ਉਹ ਤੈਨੂੰ ਛਡ ਜਾਏਗੀ ਜਿਸ ਦਿਨ ਤੇਰਾ ਰੂਪ ਛਲਾਵਾ ਤੈਨੂੰ ਵੀ ਛਲ ਜਾਏਗਾ ਉਸ ਦਿਨ ਤੈਨੂੰ ਇਕ ਸ਼ਾਇਰ ਦੀ ਯਾਦ ਮੁਹੱਬਤ ਆਏਗੀ ਭੂਰੇ ਭੂਰੇ ਫੁੱਲ ਵੀ ਇਕ ਦਿਨ ਪਿੱਪਲ ਹੇਠਾਂ ਖੇਡਣਗੇ ਵਿਹੜੇ ਦੇ ਵਿਚ ਧੁੱਪੇ ਬੈਠੀ ਦਾਦੀ ਮਾਂ ਵੀ ਗਾਏਗੀ ।

ਚੰਨ ਤੋਂ ਵੀ ਸੋਹਣੇ ਮੁਖ ਤੇ

ਚੰਨ ਤੋਂ ਵੀ ਸੋਹਣੇ ਮੁਖ ਤੇ ਕਾਲਖ ਲਗਾ ਲਵੀਂ ਮੇਰੀ ਨਜ਼ਰ ਤੋਂ ਆਪਣੀ ਸੂਰਤ ਬਚਾ ਲਵੀਂ ਮੰਨਿਆਂ ਕਿ ਪੀਲਾ ਫੁੱਲ ਹੈ ਤੈਨੂੰ ਨਹੀਂ ਪਸੰਦ ਲੇਕਿਨ ਕਿਸੇ ਦਾ ਪਿਆਰ ਹੈ ਜੂੜੇ 'ਚ ਲਾ ਲਵੀਂ ਜੀਵਨ 'ਚ ਕੋਈ ਸਾਥ ਜੇ ਚੰਗਾ ਨਾ ਲਭਿਆ ਮੈਨੂੰ ਆਵਾਜ਼ ਦੇ ਲਵੀਂ ਮੈਨੂੰ ਬੁਲਾ ਲਵੀਂ ਪੀਲੀ ਕਮੀਜ਼ ਪਹਿਨ ਕੇ ਜਾਵੀਂ ਨਾ ਬਾਗ ਵਿਚ ਐਵੇਂ ਨਾਂ ਕੋਈ ਬਾਗ਼ ਵਿਚ ਫਿਤਨਾ ਉਠਾ ਲਵੀਂ ਮੇਰੇ ਜਿਹਾ ਫਕੀਰ ਦੇ ਜੀਵਨ 'ਚ ਮਿਲ ਪਵੇ ਉਜਲੇ ਭਵਿਖ ਦੀ ਸੋਹਣਿਆਂ ਉਸ ਤੋਂ ਦੁਆ ਲਵੀਂ ਮੰਨਿਆਂ ਕਿ ਪਹਿਲੇ ਪਿਆਰ ਨੂੰ ਭੁਲਣਾ ਮੁਹਾਲ ਹੈ ਫਿਰ ਵੀ ਤੂੰ ਏਨਾ ਕਰ ਲਵੀਂ ਇਕ ਘਰ ਵਸਾ ਲਵੀਂ ਜੀਵਨ ’ਚ ਮੇਰੇ ਪਿਆਰ ਦੀ ਚਾਦਰ ਨੂੰ ਓੜ ਕੇ ਸਮਿਆਂ ਦੀ ਤਿੱਖੀ ਧੁੱਪ ਤੋਂ ਜੋਬਨ ਬਚਾ ਲਵੀਂ।

ਤੇਰੇ ਤੇ ਮੇਰੇ ਵਿਚਕਾਰ

ਤੇਰੇ ਤੇ ਮੇਰੇ ਵਿਚਕਾਰ ਫਰਜ਼ਾਂ ਦੀ ਹੈ ਇਕ ਦੀਵਾਰ ਬੱਚਿਆਂ ਵਰਗੇ ਤੇਰੇ ਬੋਲ ਮੇਰੇ ਦਿਲ ਦਾ ਚੈਨ ਕਰਾਰ ਮਾਵਾਂ ਕੋਲੋਂ ਪੁਛ ਕੇ ਵੇਖ ਜੰਗ ਵਿਚ ਹੋਵੇ ਕਿਸ ਦੀ ਹਾਰ ਪਾਇਆ ਨਾ ਕਰ ਚਿੱਟਾ ਸੂਟ ਕਲੀਆਂ ਦੀ ਹੁੰਦੀ ਹੈ ਹਾਰ ਸਾਵੇ ਰੰਗ ਦੀ ਐਨਕ 'ਚੋਂ ਹਰ ਇਕ ਥਾਂ ਤੇ ਵੇਖ ਬਹਾਰ ਕਿਕਰਾਂ ਤੋਂ ਲੈਣਾ ਹੈ ਕੀ ਮੌਲਸਰੀ ਨੂੰ ਕਰੀਏ ਪਿਆਰ ਬੁੱਢੇ ਘਰ ਨੇ ਦਸੀ ਗੱਲ ਹਰ ਇਕ ਘਰ ਹੈ ਇਕ ਸੰਸਾਰ ।

ਇਕ ਤੇਰੇ ਜਿਹੀ ਸੂਰਤ

ਇਕ ਤੇਰੇ ਜਿਹੀ ਸੂਰਤ ਅਨੁਭਵ 'ਚ ਜਦੋਂ ਆਈ ਇਕ ਮਹਿਕ ਜਿਹੀ ਮੇਰੇ ਅਹਿਸਾਸ ਤੇ ਹੈ ਛਾਈ ਇਹ ਕੌਣ ਮੇਰੇ ਕੋਲੋਂ ਮੁਖ ਫੇਰ ਕੇ ਲੰਘਿਆ ਹੈ ਇਕ ਪੀੜ ਜਿਹੀ ਜਾਗੀ, ਇਕ ਚੋਟ ਉਭਰ ਆਈ ਇਕ ਤਰਫ਼ ਰਹੀ ਵਜਦੀ ਧੁਨ ਸਾਜ਼ ਤੇ ਮਾਤਮ ਦੀ ਇਕ ਤਰਫ਼ ਰਹੀ ਵਜਦੀ ਖੁਸ਼ੀਆਂ ਭਰੀ ਸ਼ਹਿਨਾਈ ਆਵਾਜ਼ ਦੇ ਜੰਗਲ 'ਚੋਂ ਲੰਘਿਆਂ ਤਾਂ ਇਵੇਂ ਲਗਾ ਇਕ ਪਾਸੇ ਹੈ ਸੱਨਾਟਾ, ਇਕ ਪਾਸੇ ਹੈ ਤਨਹਾਈ ਤਕਦੀਰ ਅਸਾਡੀ ਹੈ, ਪਤਝੜ ਹੈ, ਉਦਾਸੀ ਹੈ ਜਿਸ ਸ਼ਾਖ ਨੂੰ ਛੁਹ ਬੈਠੇ ਉਹ ਸ਼ਾਖ ਹੈ ਕੁਮਲਾਈ ਮੈਂ ਆਪੇ ਤੋਂ ਘਬਰਾ ਕੇ ਯਾਰਾਂ 'ਚ ਜਦੋਂ ਆਇਆ ਮਨ ਹੋਰ ਦੁਖੀ ਹੋਇਆ ਜਿੰਦ ਹੋਰ ਵੀ ਘਬਰਾਈ ਰੰਗਾਂ ਤੋਂ ਰਹੇ ਖਾਲੀ, ਮਹਿਕਾਂ ਤੋਂ ਰਹੇ ਵਿਰਵੇ ਰੁੱਤ ‘ਜੋਸ਼' ਪਿਆਰੀ ਹੈ ਪਰ ਰਾਸ ਨਹੀਂ ਆਈ ।

ਮੰਨਿਆਂ ਕਿ ਮੇਰੇ ਪਿੰਡ ਦੇ

ਮੰਨਿਆਂ ਕਿ ਮੇਰੇ ਪਿੰਡ ਦੇ ਕੱਚੇ ਮਕਾਨ ਹਨ ਲੇਕਿਨ ਇਨ੍ਹਾਂ 'ਚ ਰਹਿ ਰਹੇ ਲੋਕੀ ਮਹਾਨ ਹਨ ਰੁਕਦਾ ਨਹੀਂ ਹੈ ਰੋਕਿਆਂ ਚਾਨਣ ਦਾ ਕਾਫ਼ਲਾ ਰਸਤੇ 'ਚ ਭਾਵੇਂ ਸੈਂਕੜੇ ਸੁੰਦਰ 'ਸਥਾਨ ਹਨ ਹਾਕਮ ਸਮੇਂ ਦੇ ਦੇਸ਼ ਨੂੰ ਏਦਾਂ ਨੇ ਲੁਟ ਰਹੇ ਡਾਕੂ ਜਿਵੇਂ ਕਿ ਸੇਠ ਦੀ ਲੁਟਦੇ ਦੁਕਾਨ ਹਨ ਕਰਮੂ ਦੀ ਨਿਕੀ ਛੋਰ ਨੇ ਲੰਬੜ ਨੂੰ ਢਾਹ ਲਿਐ ਉੱਚੇ ਮੁਨਾਰੇ ਢਹਿਣਗੇ ਦਸਦੇ ਨਿਸ਼ਾਨ ਹਨ ਗੱਲਾਂ ਦੇ ਚੋਗੇ ਨਾਲ ਨੇ ਲੋਕਾਂ ਨੂੰ ਠਗ ਰਹੇ ਨੇਤਾ ਵੀ ਮੇਰੇ ਦੇਸ਼ ਦੇ ਕਿੱਡੇ ਮਹਾਨ ਹਨ ।

ਨਾ ਕੋਈ ਉਸ ਦਾ ਸ਼ਹਿਰ ਹੈ

ਨਾ ਕੋਈ ਉਸ ਦਾ ਸ਼ਹਿਰ ਹੈ ਨਾ ਕੋਈ ਪਿੰਡ ਗਰਾਂ ਏਨੀ ਦੇ ਕੇ ਸੂਚਨਾ, ਲੈਣਾ ਮੇਰਾ ਨਾਂ ਉਂਜ ਤਾਂ ਸਾਨੂੰ ਆਖਦੇ ਸਭ ਲੋਕੀਂ ਦਰਵੇਸ਼ ਹਰ ਘਟਨਾ ਸੰਗ ਜੋੜਦੇ ਲੇਕਿਨ ਸਾਡਾ ਨਾਂ ਜੂੜੇ ਦੇ ਵਿਚ ਟੁੰਗਕੇ ਗੁਲ-ਮੋਹਰ ਦਾ ਫੁੱਲ ਮੈਂ ਸੂਰਜ ਦੇ ਹਾਣ ਦੀ ਆਖੇ ਬੁੱਢੀ ਛਾਂ ਭੋਲੇ ਭਾਲੇ ਲੋਕ ਨੇ ਸੱਚੀ ਸੁੱਚੀ ਬਾਤ ਰਖਿਆ ਕਿਸੇ ਹੁਸ਼ਿਆਰਪੁਰ ਇਸ ਨਗਰੀ ਦਾ ਨਾਂ ਧੁੱਪ ਤੇ ਰੁੱਖ ਦੀ ਦੋਸਤੀ ਨਿਭਦੀ ਕੀਕਣ ‘ਜ਼ੋਸ਼' ਇਕ ਨੇ ਤਨ ਮਨ ਸਾੜਨਾ, ਇਕ ਨੇ ਦੇਣੀ ਛਾਂ ।

ਭਟਕਣ ਦਾ ਲੰਬਾ ਸਫ਼ਰ ਹੈ

ਭਟਕਣ ਦਾ ਲੰਬਾ ਸਫ਼ਰ ਹੈ ਰਸਤੇ ਜਗਾ ਲਵੋ ਅਪਣੇ ਪਿਆਰੇ 'ਜੋਸ਼' ਨੂੰ ਸਾਥੀ ਬਣਾ ਲਵੋ ਮੰਜ਼ਿਲ ਤੇ ਜੇ ਕਰ ਪਹੁੰਚਣੈ ਏਨਾ ਕਰੋ ਜ਼ਰੂਰ ਫੁੱਲਾਂ ਦੇ ਕੋਲੋਂ ਅਪਣਾ ਦਾਮਨ ਬਚਾ ਲਵੋ ਸਿਰ ਤੇ ਹੈ ਰਾਤ ਸ਼ੂਕਦੀ ਅਜਗਰ ਦੇ ਵਾਂਗਰਾਂ ਜੇ ਹੋ ਸਕੇ ਤਾਂ ਹੋਰ ਵੀ ਦਾਰੂ ਮੰਗਾ ਲਵੋ ਰਾਹਾਂ 'ਚ ਹਾਸੇ ਮਿਲਣਗੇ, ਮੰਜ਼ਿਲ ਤੇ ਦਿਲਕਸ਼ੀ ਜੇ ਕਰ ਕਿਸੇ ਦੀ ਯਾਦ ਨੂੰ ਦਿਲ ਵਿਚ ਵਸਾ ਲਵੋ ਜ਼ੁਲਫ਼ਾਂ ਦੀ ਛਾਵੇਂ ਬੈਠ ਕੇ ਪਿਆਰਾਂ ਦੀ ਪਾ ਕੇ ਬਾਤ ਐਵੇਂ ਨਾ ਮਿਰਜ਼ੇ ਵਾਂਗਰਾਂ ਜੀਵਨ ਗਵਾ ਲਵੋ ।

ਜਿੰਨੇ ਸ਼ਬਦ ਕਹੇ ਹਨ ਆਪਾਂ

ਜਿੰਨੇ ਸ਼ਬਦ ਕਹੇ ਹਨ ਆਪਾਂ ਉਨੇ ਦਰਦ ਹੰਡਾਏ ਹਨ ਅਪਣੇ ਹਿੱਸੇ ਬਿਖਰੇ ਪੈਂਡੇ ਜਲਦੇ ਜੰਗਲ ਆਏ ਹਨ। ਮੰਨਦਾ ਹਾਂ ਕਿ ਤੇਰਾ ਚਿਹਰਾ ਮੇਰੇ ਗੀਤਾਂ ਵਰਗਾ ਹੈ ਏਨੀ ਸਾਰੀ ਗੱਲ ਦੇ ਲੋਕਾਂ ਕਿੱਡੇ ਅਰਥ ਲਗਾਏ ਹਨ ਤੂੰ ਸੁਪਨੇ ਦੀ ਜੂਨ ਹੰਡਾਵੇਂ ਇਹ ਵਰ ਤੈਨੂੰ ਦੇਂਦੇ ਹਾਂ ਆਪਾਂ ਤਾਂ ਖੁਦ ਅਪਣੇ ਸੁਪਨੇ ਸੂਲੀ ਤੇ ਲਟਕਾਏ ਹਨ ਉਤਸਵ ਦੇ ਵਿਚ ਹਰ ਚਿਹਰੇ ਤੇ ਰੌਣਕ ਦੇ ਫੁੱਲ ਵੇਖੇ ਮੈਂ ਘਰ ਪਹੁੰਚਣ ਤੇ ਪਲ ਭਰ ਅੰਦਰ ਸਾਰੇ ਫੁੱਲ ਕੁਮਲਾਏ ਹਨ ਕਿਹੜਾ ਆਪਣੇ ਨਾਲ ਤੁਰੇਗਾ ਦਿਸ-ਹੱਦੇ ਤਕ ਨ੍ਹੇਰਾ ਹੈ ਦਰਵਾਜ਼ੇ ਤਕ ਛਡਣ ਉਂਜ ਤਾਂ ਕਿੰਨੇ ਲੋਕੀਂ ਆਏ ਹਨ ਅਪਣੇ ਅੰਦਰ ਝਾਤੀ ਪਾ ਕੇ ਮੈਨੂੰ ਏਦਾਂ ਲਗਿਆ ਹੈ ਨਾਇਕ ਤੋਂ ਖਲਨਾਇਕ ਤੀਕਣ ਸਾਰੇ ਰੋਲ ਨਿਭਾਏ ਹਨ ਤੇਰਾ ਮੇਰਾ ਰਿਸ਼ਤਾ ਗੋਰੀ, ਨਾ ਤਨ ਦਾ ਹੈ, ਨਾ ਮਨ ਦਾ ਹੈ ਇਕ ਅਹਿਸਾਸ ਦੇ ਸਿਰ ਤੇ ਲੋਕਾਂ ਸੌ ਇਲਜ਼ਾਮ ਲਗਾਏ ਹਨ ਹੁੰਦਲ, ਮੀਸ਼ਾ, ਪਾਤਰ,ਨਿਰਧਨ, ਦੀਵਾਨਾ, ਜਗਤਾਰ, ਕੰਵਰ 'ਜੋਸ਼' ਗਜ਼ਲ ਨੂੰ ਸਭ ਲੋਕਾਂ ਨੇ ਕਪੜੇ ਨਵੇਂ ਪੁਵਾਏ ਹਨ ।

ਅੱਖਾਂ ਦੇ ਵਿਚ ਡੁਬਦਾ ਸੂਰਜ

ਅੱਖਾਂ ਦੇ ਵਿਚ ਡੁਬਦਾ ਸੂਰਜ ਹੱਥ ਵਿਚ ਥਿੜਕੇ ਜਾਮ ਇਹ ਕੈਸਾ ਹੈ ਮੌਸਮ ਯਾਰੋ, ਇਹ ਕੈਸੀ ਹੈ ਸ਼ਾਮ ਮੇਰੇ ਮਰਨੇ ਬਾਦੋਂ ਅਕਸਰ ਆਖਣਗੇ ਇੰਜ ਲੋਕ ਦਿਲ ਦਾ ਚੰਗਾ ਸ਼ਾਇਰ ਹੈਸੀ ਭਾਵੇਂ ਸੀ ਬਦਨਾਮ ਇਸ ਨਗਰੀ ਦੇ ਕੀ ਕਹਿਣੇ ਨੇ ਕਿਸ ਕਰਨੀ ਏਂ ਰੀਸ ਰਾਵਣ ਨਾਲ ਵੀ ਕਰ ਲੈਂਦੇ ਸਮਝੌਤਾ ਏਥੇ ਰਾਮ ਕਿਹੜੀ ਧੁੱਪ ਤੇ ਸ਼ਿਕਵਾ ਕਰੀਏ ਕਿਸ ਤੇ ਲਾਈਏ ਦੋਸ਼ ਇਸ ਉਮਰੇ ਤਾਂ ਆਖਰ ਆਪਾਂ ਹੋਣਾ ਸੀ ਬਦਨਾਮ ਕੱਚੀ ਉਮਰੇ ਰੋਗ ਅਵੱਲੇ ਲਾ ਬੈਠਾ ਸਾਂ ਯਾਰ ਸਾਰੀ ਆਯੂ ਜੀਵਨ ਅੰਦਰ ਨਾ ਮਿਲਿਆ ਆਰਾਮ ਬੀਤ ਚੁਕੇ ਦੀਆਂ ਯਾਦਾਂ ਅੰਦਰ ਖੋ ਜਾਂਦਾ ਹਾਂ 'ਜੋਸ਼' ਜਦ ਮੇਰੇ ਕੋਲੋਂ ਦੀ ਗੁਜ਼ਰੇ ਕੋਈ ਸੁਨਹਿਰੀ ਸ਼ਾਮ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੇਵਿੰਦਰ ਜੋਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ