ਇਕ ਰੋਜ਼ ਇਕ ਬੁਢੜੀ ਮਾਈ, ਫ਼ਰਖ਼ਸੀਅਰ ਅਗੇ ਕੁਰਲਾਈ। ਦੇਵੇ ਰਬ ਤੈਨੂੰ ਇਕ ਬਾਲ, ਨਿਆਉਂ ਕਰੀਂ ਮੈਂ ਰੰਡੀ ਨਾਲ। ਫੌਜ ਤੇਰੀ ਜੋ ਕੈਦੀ ਪਕੜੇ, ਵਿਚ ਬੇੜੀਆਂ ਕੜੀਆਂ ਜਕੜੇ। ਵਿਚ ਉਹਨਾਂ ਪੁਤ ਮੇਰਾ ਆਇਆ, ਨਵਾਂ ਵਿਆਹ ਹੈ ਉਸ ਕਰਾਇਆ। ਨਾ ਉਹ ਸਿਖ ਨਾਂ ਸਿਖ ਦਾ ਭਾਈ, ਫੌਜ ਭੁਲੇਖੇ ਵਿਚ ਲੈ ਆਈ। ਛਡ ਉਸਨੂੰ ਨਾ ਜਾਨੋਂ ਮਾਰੀਂ, ਮੇਰੇ ਤੇ ਨਾਂ ਕਹਿਰ ਗੁਜ਼ਾਰੀ। ਉਹੋ ਸਬਰ ਆਸ ਏ ਮੇਰੀ, ਝੁਲੀ ਮੇਰੇ ਸੀਸ ਹਨੇਰੀ। ਮੇਰੀ ਦੁਨੀਆਂ ਹੋਈ ਹਨੇਰੀ, ਬਖਸ਼ ਕਰਾਂ ਮੈਂ ਮਿੰਨਤ ਤੇਰੀ। ਰਹਿਮ ਫ਼ਰਖ਼ਸੀਅਰ ਨੂੰ ਆਇਆ, ਲੜਕਾ ਆਪਣੇ ਕੋਲ ਮੰਗਾਇਆ। ਜਾ ਕਾਕਾ ਮੈਂ ਛਡਾਂ ਤੈਨੂੰ, ਤੂੰ ਨਹੀਂ ਸਿਖ ਮਾਂ ਕਹੇ ਤੇਰੀ ਮੈਨੂੰ। ਇਉਂ ਗਭਰੂ ਨੇ ਦਿਤਾ ਉਤਰ, ਮੈਂ ਹਾਂ ਸਿਖ, ਸਿਖ ਦਾ ਪੁਤਰ। ਵੇਖ ਕੜਾ ਐਹ ਸਿਰ ਤੇ ਕੇਸ, ਗੁਰੂ ਮੇਰਾ ਹੈ ਸ੍ਰੀ ਦਸਮੇਸ। ਮਾਈ ਬੋਲੇ ਝੂਠ ਜ਼ਬਾਨੋਂ, ਹੋ ਬੇਮੁਖ ਕਿਉਂ ਮਰਾਂ ਜਹਾਨੋਂ। ਖੰਡੇ ਦੀ ਮੈਂ ਪੌਹਲ ਏ ਪੀਤੀ, ਪੰਜ ਕਕਾਰ ਦੀ ਧਾਰਨ ਕੀਤੀ। ਭੁਲੀਂ ਵੇਖ ਨਾ ਮੈਨੂੰ ਬਚਾ, ਮੈਂ ਹਾਂ ਸਿਖ ਗੁਰੂ ਦਾ ਬਚਾ। ਮੈਂ ਨਹੀਂ ਕਰਨੀ ਜਾਨ ਪਿਆਰੀ, ਕਰਾਂ ਫਰੇਬ ਨਾਂ ਵਾਂਗ ਮਦਾਰੀ। ਛੇਤੀ ਕਰੋ ਨਾਂ ਲਾਵੋ ਦੇਰ, ਸਾਥੀਆਂ ਨਾਲ ਰਲਾਵੋ ਫੇਰ। ਖੁੰਝ ਨਾ ਜਾਵਾਂ ਕਿਧਰੇ ਕੱਲਾ, ਕਰੋ ਕੀਮੀਆਂ ਨਾਲ ਤਸੱਲਾ। ਡੈਣ ਹੈ ਏਹ, ਨਹੀਂ ਮੇਰੀ ਮਾਈ, ਮੇਰਾ ਧਰਮ ਜੋ ਖਾਵਣ ਆਈ। ਛੇਤੀ ਮੇਰਾ ਸੀਸ ਉਡਾਉ, ਕਲਗੀਧਰ ਦੇ ਪਾਸ ਪੁਚਾਉ।
ਕਤਲ ਕਰ ਦੇਣਾ
ਸੁਣਕੇ ਗਲ ਬਚੇ ਦੀ ਸਾਰੀ, ਭਖ ਗਿਆ ਸ਼ਾਹ ਵਾਂਗ ਅੰਗਾਰੀ। ਕੰਨਾਂ ਉਤੇ ਹਥ ਲਗਾਵੇ, ਮੌਤ ਵੇਖ, ਸਿਖ ਖੁਸ਼ੀ ਮਨਾਵੇ। ਹੇ ਅਲਾ! ਮੈਨੂੰ ਸਮਝ ਨਾ ਆਈ, ਸਿਖ ਨੂੰ ਕੇਹੜੀ ਮਿਟੀ ਲਾਈ। ਪੀਰ ਪੈਗ਼ੰਬਰ ਬਲੀ ਹਜ਼ਾਰਾਂ, ਮੌਤ ਅਗੇ ਸੁਟਣ ਤਲਵਾਰਾਂ। ਪਰ ਸਿਖ ਵੇਖ ਕੇ ਭੁੰਬਰ ਪਾਵੇ, ਚੜ੍ਹ ਸੂਲੀ ਤੇ ਢੋਲੇ ਗਾਵੇ। ਸਦ ਜਲਾਦਾਂ ਤਾਈਂ ਕਹਿੰਦਾ, ਸਿਖ ਅਨਮੋੜ ਨ ਮੋੜਿਆਂ ਰਹਿੰਦਾ। ਹੁਣੇ ਕਤਲਗਾਹ ਵਿਚ ਲਿਜਾਉ, ਇਸ ਦਾ ਧੜ ਤੋਂ ਸੀਸ ਉਡਾਉ। ਉਸੇ ਘੜੀ ਜਲਾਦਾਂ ਫੜਿਆ, ਵਿਚ ਕਤਲਗਾਹ ਸਿਖ ਨੂੰ ਖੜਿਆ। ਤੇਗ਼ ਦਾ ਇਕੋ ਵਾਰ ਚਲਾਕੇ, ਧਰਤੀ ਤੇ ਸੁਟਿਆ ਝਟਕਾਕੇ। ਗਿਆ ਸਚਖੰਡ ਨੂੰ ਸਿਖ ਪਰਵਾਨਾ, ਖਿੜੇ ਮਥੇ ਮੰਨ ਰਬ ਦਾ ਭਾਣਾ। 'ਅਨੰਦ' ਜੋੜ ਹਥ ਜਾਂਦੀ ਵਾਰੀ, 'ਵਾਹਿਗੁਰੂ ਦੀ ਫਤਹਿ' ਉਚਾਰੀ। ('ਸ਼ਹੀਦੀ ਜੋਤਾਂ' ਵਿੱਚੋਂ)