Ikalla Nahin Haan Main : Hazara Singh Gurdaspuri
ਇਕੱਲਾ ਨਹੀਂ ਹਾਂ ਮੈਂ : ਹਜ਼ਾਰਾ ਸਿੰਘ ਗੁਰਦਾਸਪੁਰੀ
ਦੋ ਸ਼ੇਅਰ
ਬਣ ਕੇ ਬਹਾਰ ਜਿਹੜਿਆਂ ਫੁੱਲਾਂ ਦੇ ਨਾਲ ਆਈ। ਉਨ੍ਹਾਂ 'ਚ ਫੁਲ ਬਹੁਤੇ ਮੇਰੇ ਮਿਜ਼ਾਰ ਦੇ ਨੇ। ਮੈਂ ਬਹੁਤ ਅੱਗੇ ਜਾ ਕੇ ਪਿਛੇ ਪਰਤ ਆਉਂਦਾ ਹਾਂ। ਕੁਝ ਹੋਰ ਮੇਰਾ ਸਫ਼ਰ ਤੇਰੇ ਨਾਲ ਲੰਘ ਜਾਵੇ।
ਇੱਕੋ ਹੀ ਵਾਸ਼ਨਾ ਹੈ
ਇਕ ਘੁਲ਼ ਗਿਆ ਹੈ ਸੂਰਜ, ਮੇਰੇ ਗਿਲਾਸ ਅੰਦਰ, ਇਕ ਤੁਹਮਤਾਂ ਦੀ ਤੇਹ ਹੈ, ਮੇਰੀ ਪਿਆਸ ਅੰਦਰ। ਤੇਰੇ ਬਦਨ ਵਿਚ ਵੀ ਤਾਂ ਘੁਲਿਆ ਹੋਇਆ ਹੈ ਸੂਰਜ, ਕਦੀ ਕਦੀ ਆਉਂਦਾ ਹੈ ਮੇਰੇ ਕਿਆਸ ਅੰਦਰ। ਧਰਤੀ ਦੀ ਕੁੱਲ ਸੁਗੰਧੀ ਫੁੱਲਾਂ ਨੇ ਕੱਢ ਲਈ ਹੈ, ਤਾਹੀਓਂ ਤਾਂ ਮਹਿਕ ਖਿਲਰੀ, ਤੇਰੇ ਸੁਆਸ ਅੰਦਰ। ਕਮਰੇ ਦੇ ਵਿਚ ਚੀਜ਼ਾਂ ਤਾਂ ਲੁਕ ਸਕਦੀਆਂ ਨੇ, ਨਹੀਂ ਜਿਸਮ ਲੁਕ ਸਕਦੇ ਕਿਸੇ ਲਿਬਾਸ ਅੰਦਰ। ਫੁੱਲਾਂ ਦੀ ਕੁਲ ਸੁਗੰਧੀ ਤਾਂ ਬਾਜ਼ਾਰ ਵਿਕ ਗਈ ਏ, ਫੁੱਲਾਂ ਦੀ ਲਾਸ਼ ਤਕਨੈ ਤੂੰ ਕਿਹੜੀ ਆਸ ਅੰਦਰ। ਧਰਤੀ ਵੀ ਇਕ ਹੈ ਜਨਣੀ, ਔਰਤ ਵੀ ਇਕ ਹੈ ਜਨਣੀ, ਇਕੋ ਹੀ ਵਾਸ਼ਨਾ ਹੈ, ਮਿੱਟੀ ਤੇ ਮਾਸ ਅੰਦਰ। ਸੂਰਜ ਡੁੱਬਣ ਤੋਂ ਪਹਿਲਾਂ ਇਹ ਕੌਣ ਆ ਗਿਆ ਹੈ, ਵੀਰਾਨ ਹੋਏ ਹੋਏ ਮੇਰੇ ਦਿਲ ਉਦਾਸ ਅੰਦਰ। ਇਕੋ ਹੀ ਫੁੱਲ ਅੰਦਰ ਸਾਰੀ ਬਹਾਰ ਹੁੰਦੀ, ਪਰ ਨਿਗਾਹ ਜਿਹੜੀ ਵੇਖੇ, ਹੁੰਦੀ ਹੈ ਖ਼ਾਸ ਅੰਦਰ।
ਇਕੱਲਾ ਨਹੀਂ ਹਾਂ ਮੈਂ
ਸ਼ਾਮਲ ਤੇਰੀ ਵਹੀਰ ਵਿਚ ਇਕੱਲਾ ਨਹੀਂ ਹਾਂ ਮੈਂ। ਲੱਖਾਂ ਨੇ ਇਸ ਜ਼ੰਜੀਰ ਵਿੱਚ ਇਕੱਲਾ ਨਹੀਂ ਹਾਂ ਮੈਂ। ਮੇਰੀ ਬੇਈਮਾਨੀ ਦਾ ਗਿਲਾ ਨਾ ਕਰਿਆ ਕਰ, ਬੰਦੇ ਨੇ ਕਈ ਸ਼ਰੀਰ ਵਿਚ ਇਕੱਲਾ ਨਹੀਂ ਹਾਂ ਮੈਂ। ਲੱਖਾਂ ਹੀ ਜੀਅ ਰਹੇ ਨੇ ਕਿਸਮਤ ਦੇ ਆਸਰੇ, ਬੱਝਾ ਹੋਇਆ ਤਕਦੀਰ ਵਿੱਚ ਇਕੱਲਾ ਨਹੀਂ ਹਾਂ ਮੈਂ। ਮੇਰੇ ਨਾਲ ਆਏ ਸੀ ਲੱਖਾਂ ਹੀ ਡੁੱਬ ਗਏ, ਡੁੱਬਾ ਨਦੀ ਦੇ ਨੀਰ ਵਿੱਚ ਇਕੱਲਾ ਨਹੀਂ ਹਾਂ ਮੈਂ। ਮੇਰੀ ਹੀ ਤਸਵੀਰ ਕਿਉਂ ਵਿਖਾਉਂਦਾ ਫਿਰਦਾ ਏਂ, ਹਨ ਹੋਰ ਵੀ ਤਸਵੀਰ ਵਿਚ ਇਕੱਲਾ ਨਹੀਂ ਹਾਂ ਮੈਂ। ਰੌਣਕ ਵਧੇਗੀ ਹੋਰ ਹੁਣ ਤੇਰੀ ਕਚਹਿਰੀ ਦੀ, ਆਇਆ ਹਾਂ ਜੇ ਅਖੀਰ ਵਿਚ ਇਕੱਲਾ ਨਹੀਂ ਹਾਂ ਮੈਂ।
ਉੱਗੇ ਪੱਥਰ ਦੋ
ਫੁੱਲ ਖਿੜੇ ਕਚਨਾਰ ਦੇ ਪੱਲੇ ਨਾ ਖ਼ੁਸ਼ਬੋ। ਸੱਤਰ ਹੋਵੇ ਚਾਨਣੀ, ਜੇ ਨਾ ਅੰਦਰ ਲੋ। ਦਰਦਾਂ ਬਾਂਝੋਂ ਅੱਖੀਆਂ, ਮੁਸ਼ਕ ਵਿਹੂਣੇ ਫੁੱਲ, ਇਸ ਧਰਤੀ ਦੀ ਹਿੱਕ ਤੇ ਉੱਗੇ ਪੱਥਰ ਦੋ। ਜੋਗੀ ਆਏ ਦਵਾਰ ਤੇ, ਛਲ ਗਏ ਸੁੰਦਰਾਂ ਨਾਰ, ਮਹਿਲੀਂ ਚੜ੍ਹ ਚੜ੍ਹ ਦੇਖਦੀ, ਪੱਬਾਂ ਭਾਰ ਖਲੋ। ਵੱਢਣ ਪੈਂਦੀਆਂ ਮੱਮਟੀਆਂ, ਡੰਗਣ ਮੋਤੀ-ਮਹਿਲ, ਪੂਰਨ ਜੋਗੀ ਲੈ ਗਿਆ, ਜਿੰਦ ਨਿਮਾਣੀ ਖੋਹ। ਨਾ ਰੋ ਜਿੰਦੇ ਮੇਰੀਏ, ਸੁੰਞੀ ਡਾਲੀ ਤਕ, ਬਹਿ ਬਹਿ ਪੰਛੀ ਉਡ ਗਏ; ਕਿਸ ਨੂੰ ਲੱਭੇਂ ਰੋ। ਚੋਗ ਖਿਲਾਰੀ ਮੋਤੀਆਂ ਹੰਸ ਨਾ ਆਏ ਪਰਤ, ਹੰਸਾਂ ਨਦੀਆਂ ਪੰਛੀਆਂ ਮੁੜ ਨਾ ਲਿਆਇਆ ਕੋ।
ਦੁੱਖ ਵੇ ਲੋਕਾ
ਦੁੱਖ ਵੇ ਲੋਕਾ ਦੁੱਖ ਦੁੱਖ ਬੂਹੇ ਸਾਡੇ ਆਏ ਕੱਢ ਨੀ ਮਾਏ ਸਾਡਾ ਰੱਤਾ ਸਾਲੂ ਅਸੀਂ ਦੁੱਖਾਂ ਨਾਲ ਵਿਆਹੇ। ਕਲੀਆਂ ਦੇ ਨਾਲ ਬੂਟਾ ਖਿੜਿਆ। ਤਾਰਿਆਂ ਦੇ ਨਾਲ ਅੰਬਰ ਹੰਝੂਆਂ ਨਾਲ ਜੇ ਖਿੜਨ ਨਾ ਚਸ਼ਮਾਂ ਜਿੰਦ ਕਿਵੇਂ ਖਿੜ ਜਾਏ। ਚੰਨ ਦੀ ਟਿੱਕੀ ਮੈਂ ਚਰਖਾ ਡਾਵਾਂ ਨਿੱਕੇ ਨਿੱਕੇ ਦੁਖੜੇ ਕੱਤਾਂ ਇਕ ਦੁੱਖ ਜਿੰਦ ਨੂੰ, ਚਰਖਾ ਪੁਰਾਣਾ ਛੇਤੀ ਛੇਤੀ ਛੱਲੀ ਨਾ ਲ੍ਹਾਏ ਘੜ ਸੁਨਿਆਰਿਆ ਚੂੜਾ ਸਾਡਾ ਘਾੜ ਦੁੱਖਾਂ ਦੀ ਘੜ ਵੇ ਉੱਠਦੇ ਬਹਿੰਦੇ ਛਣ-ਛਣ ਕਰਦਾ ਗੀਤ ਦੁੱਖਾਂ ਦੇ ਗਾਏ। ਦੇਹ ਤਾਂ ਸਾਡੀ ਮਿੱਟੀ ਦਾ ਭਾਂਡਾ ਦੁੱਖੜੇ ਵਸਤ ਅਮੁੱਲੀ ਕਿਹੜੀ ਟੀਂਡੇ ਮੈਂ ਭਾਂਡਾ ਰੱਖਾਂ ਦੁੱਖ ਨਾ ਲੁਕਣ ਲੁਕਾਏ
ਇਸ਼ਕ ਸਾਡੇ ਦਾ ਤਾਰਾ ਚੜ੍ਹਿਆ
ਸਾਡੇ ਤਾਂ ਨਿੰਬੂਏ ਦੀ ਭਿਨੀ ਭਿਨੀ ਵਾਸ਼ਨਾ, ਤਾਰੇ ਤਾਰੇ ਨਿੰਬੂਏ ਦੇ ਫੁੱਲ। ਤਾਰੇ ਤਾਰੇ ਫੁੱਲਾਂ ਵਿਚ ਖਾਬ ਸੱਜਣ ਦੇ, ਭਿਨੇ ਭਿਨੇ ਜਾਂਦੇ ਨੇ ਘੁਲ । ਇਸ਼ਕ ਸਾਡੇ ਦਾ ਤਾਰਾ ਚੜ੍ਹਿਆ, ਅੱਥਰੂ ਸਾਡੇ ਵਿਚ ਧੁਲ । ਸਾਡੀ ਤਾਂ ਢੱਕੀ ਪਾਣੀ ਨਾ ਚੜ੍ਹਦਾ, ਤੇ ਖੱਡਾਂ 'ਚ ਮਾਰਦਾ ਹੜੁੱਲ। ਲੱਕ ਤਾਂ ਸਾਡਾ ਨਿੰਬੂਏ ਦੀ ਛਮਕੜੀ, ਜੋਬਨਾਂ ਪਹਾੜਾਂ ਦੇ ਤੁਲ। ਕੂਲਾਂ ਦਾ ਪਾਣੀ ਸਾਡਾ ਜੋਬਨਾ ਨਿਖਾਰਦਾ, ਨਿੱਕੇ ਨਿੱਕੇ ਗੀਟਿਆਂ 'ਚੋਂ ਡੁੱਲ੍ਹ। ਛੰਨ ਤਾਂ ਸਾਡੀ ਫੁੱਲਾਂ ਦੀ ਚੰਗੇਰੜੀ, ਸੱਜਣਾ ਨੂੰ ਕਿੰਜ ਜਾਂਦੀ ਭੁੱਲ।
ਇਕ ਮਰ ਜਾਣ ਅਧਵਾਟੜੇ
ਨਦੀਆਂ ਪੈਂਡੇ ਲਮੜੇ ਕਿਹੜਾ ਤੋੜ ਤੁਰੇ। ਇਕ ਮਰ ਜਾਣ ਅਧਵਾਟੜੇ ਇਕ ਰਹਿ ਜਾਣ ਉਰੇ। ਨਦੀਆਂ ਵਾਹ ਵਛੁਨੀਆਂ ਸੰਜੋਗੀ ਮੇਲਾ ਰਾਮ, ਮੁੜ ਨਾ ਲਗੇ ਅੰਬਰੀਂ ਤਾਰੇ ਲਖ ਤੁਰੇ। ਪਾਣੀ ਦੇ ਵਿਚ ਜਿਸ ਤਰ੍ਹਾਂ ਖੁਰ ਖੁਰ ਜਾਵੇ ਲੂਣ, ਐਦਾਂ ਨੈਣੀਂ ਸਾਡੜੀ ਰਾਤੀਂ ਹਿਜਰ ਖੁਰੇ। ਪੰਖ ਵੀ ਦਿੱਤੇ ਚਿਤਰੇ ਤਾਰਿਆਂ ਚੰਨਾਂ ਨਾਲ, ਕਿਸਮਤ ਦੇਖੋ ਮੋਰ ਦੀ ਪੈਰਾਂ ਦੇਖ ਝੁਰੇ। ਇਕ ਉਸਤਾਦ ਕਮਾਲ ਦੇ ਲੀਰਾਂ ਲਮਕਣ ਗਲ, ਇਕ ਹੰਢਾਵਣ ਅਤਲਸਾਂ, ਗਾਵਣ ਬੇਸੁਰੇ। ਸੁਪਨਾ ਟੁੱਟਾ ਰਾਤ ਨੂੰ ਟੋਟੇ ਝੋਲੀ ਪਾ, ਮੁੜ ਮੁੜ ਲੱਭਾਂ ਨੀਂਦ ਨੂੰ ਸੁਪਨਾ ਕਿਤੇ ਜੁੜੇ। ਸਭੇ ਨੈਣ ਮੁਹੱਬਤੀ ਸਭੋ ਦਿਲ ਦਰਿਆ, ਸਭਨਾਂ ਦੇ ਦਰ ਖੁਲੜੇ ਜੇ ਨਾ ਆਪ ਬੁਰੇ। ਬਦਲੀ ਤੇਰੇ ਫ਼ਰਾਕ ਦੀ ਵਰ੍ਹੇ ਵਰ੍ਹ ਜਾਵੇ ਨਿਤ, ਭਾਵੇਂ ਪਛੋ ਵਗਦੀਆਂ, ਭਾਵੇਂ ਵਗਣ ਪੁਰੇ।
ਹਾਉਕੇ ਦੀ ਮੌਤ
ਪੌਣ ਦੇ ਮੋਢੇ ਉਦਾਸੀ ਹੈ ਲੱਗੀ, ਕੌਣ ਗਿਣ ਸਕਦਾ ਹੈ ਅੱਥਰੂ ਬਣਾਂ ਦੇ ! ਤਾਰਿਆਂ ਦੇ ਠਠਰੇ ਠਠਰੇ ਨੇ ਚਟਾਖ, ਮੁਰਦਿਆਂ ਦੀ ਕਰ ਰਹੇ ਦੀਵਾ ਵੱਟੀ। ਸਾਹ-ਪੀਣੀ ਚੁੱਪ ਦਾ ਹੈ ਇੱਕ ਪਸਾਰ ਸੀਊਂ ਰਹੀ ਕਫ਼ਨ ਫ਼ਿਜ਼ਾ। ਦੇਖ, ਦੋਸਤਾ, ਚਾਨਣੀ ਬੀਮਾਰ ਹੈ। ਚੰਨ ਖੁਦਕੁਸ਼ੀ ਦਾ ਇਰਾਦਾ ਰੱਖਦਾ। ਕਿਉਂ ? ਹੋ ਗਿਆ ਆਦਮ ਦਾ ਹੋਕਾ ਸੁਰਗਵਾਸ। ਕੌਣ ਅੱਜ ਕਰਦਾ ਕਿਸੇ ਦਾ ਇੰਤਜ਼ਾਰ !!