Jaandi Vaar Da Sach (Akhand-Kaav) : Bhushan Dhianpuri
ਜਾਂਦੀ ਵਾਰ ਦਾ ਸੱਚ (ਅਖੰਡ-ਕਾਵਿ) : ਭੂਸ਼ਨ ਧਿਆਨਪੁਰੀ
ਆਦਿਕਾ
ਪੱਲੇ ਖ਼ਰਚ ਨਾ ਕਦੇ ਵੀ ਬੰਨ੍ਹਦੇ ਨੇ, ਪੰਛੀ ਅਤੇ ਦਰਵੇਸ਼ ਦੀ ਜਾਤ ਇੱਕੋ। ਭਾਵੇਂ ਹੋਣ ਵਿਰੋਧੀ ਦੇ ਤੰਬੂਆਂ ਵਿੱਚ, ਅਕਲਾਂ ਵਾਲਿਆਂ ਦੀ ਹੁੰਦੀ ਬਾਤ ਇੱਕੋ । ਕਿਸੇ ਬੀਜ ਲਈ, ਕਿਸੇ ਨੇ ਪੀਸ੍ਹ ਖਾਧੀ, ਮਿਲੀ ਧੁਰੋਂ ਤਾਂ ਸਭਸ ਨੂੰ ਦਾਤ ਇੱਕੋ । ਜਿਸਨੂੰ ਮਿਲੀ ਉਸਨੇ ਨਵਾਂ ਨਾਮ ਧਰਿਆ, ਕਲਮਾਂ ਵਾਲਿਆਂ ਦਿੱਤੀ ਸੁਗਾਤ ਇੱਕੋ॥ ਸਾਡੀ ਜੀਭ ਲਗਾਮ ਤੋਂ ਹੋਈ ਆਕੀ, ਵਾਗਾਂ ਖੁੱਲ੍ਹੀਆਂ ਹੁਣ ਤਾਹੀਉਂ ਛੱਡੀਆਂ ਨੇ । ਖ਼ੌਰੇ ਕਿਹੜਿਆਂ ਵਖ਼ਤਾਂ ਦੇ ਮੂੰਹ ਆਉਣੈ, ਇਹਨਾਂ ਭੋਲੀਆਂ, ਛਿੰਦੀਆਂ, ਡੱਡੀਆਂ ਨੇ ! ਇਹਨਾਂ ਕਦੇ ਨਾ ਝੋਲੀਆਂ ਚੁੱਕੀਆਂ ਨੇ - ਇਹਨਾਂ ਕਦੇ ਨਾ ਝੋਲੀਆਂ ਅੱਡੀਆਂ ਨੇ । ਸਾਡੇ ਥੋੜੇ ਨੂੰ ਜਾਨਣਾ ਬਹੁਤ ਕਰਕੇ, ਨਿੱਕੇ ਮੂੰਹ ਸਾਡੇ, ਗੱਲਾਂ ਵੱਡੀਆਂ ਨੇ ॥ ਮਰ ਗਏ ਕਈ ਸਾਡੇ ਵਰਗੇ ਜ਼ੋਰ ਲਾਉਂਦੇ, ਕਦੇ ਕੋਈ ਨਾ ਵਕਤ ਨੂੰ ਠੱਲ੍ਹ ਪਾਇਆ। ਕੀਤਾ ਆਪਣਾ ਪਾਉਣਾ ਹੈ ਸਾਰਿਆਂ ਨੇ, ਅੱਜ ਪਾ ਲਿਆ ਕਿਸੇ ਨੇ ਕੱਲ੍ਹ ਪਾਇਆ। ਨਜ਼ਰ ਰਹੀ ਹੈ ਚੁੱਲ੍ਹਿਆਂ ਵੱਲ ਸਭ ਦੀ, ਵੋਟ ਕਿਸੇ ਨਾ ਬੁੱਲ੍ਹਿਆਂ ਵੱਲ ਪਾਇਆ । ਰੌਲਾ ਬਹੁਤ ਪਾਇਆ ਭਾਵੇਂ ਆਲਮਾਂ ਨੇ, ਭਾਵੇਂ ਕਾਗ਼ਜ਼ਾਂ ਨੇ ਕਿੰਨਾਂ ਝੱਲ ਪਾਇਆ ॥ ਸਾਮ ਹੋਣ ਲੱਗੀ, ਕੁਛ ਤਾਂ ਕਰੋ ਯਾਰੋ, ਭਾਵੇਂ ਲੱਸੀ 'ਚ ਲੂਣ ਹੀ ਘੋਲ ਜਾਉ । ਤੁਸੀਂ ਪੱਤਰਾ ਵਾਚਣਾ ਜਾਣਦੇ ਹੋ- ਕਦੇ ਸਾਡੀ ਵੀ ਪੱਤਰੀ ਫੁੱਲ ਜਾਉ। ਤੁਸੀਂ ਦੌਰੇ ਤੋਂ ਪਤਾ ਕੀ, ਮੁੜੋ ਕਿ ਨਾ- ਸਾਡੇ, ਮਾਲਕੋ ! ਪਿੰਜਰੇ ਖੋਲ੍ਹ ਜਾਉ। ਜਾਣ – ਆਇਆਂ ਨੂੰ ਕੌਣ ਹੈ ਰੋਕ ਸਕਿਆ, ਜਾਂਦੀ ਵਾਰ ਦਾ ਸੱਚ ਤਾਂ ਬੋਲ ਜਾਉ ॥
ਭੂਮਿਕਾ ਦੀ ਥਾਂ
ਦੌਰ ਕੋਈ ਵੀ ਏਸ 'ਤੇ ਰਿਹਾ ਭਾਵੇਂ, ਪਿਆਰ ਮੰਗਦਾ ਸਦਾ ਮਨੁੱਖ ਰਿਹਾ ਏਂ। ਫਰਕ ਸਿਰਫ਼ ਹਕੀਕੀ/ਮਿਜਾਜ਼ੀਆਂ ਦਾ, ਕਿੱਸਾ ਇਸ਼ਕ ਦਾ ਸਾਡੇ ਪਰਮੁਖ ਰਿਹਾ ਏ। ਜੀਕਣ ਕਿਸੇ ਨੇ ਮੋਹਲਿਆਂ ਨਾਲ ਛੜਿਆ, ਅੰਗ ਅੰਗ ਈਕਣ ਮੇਰਾ ਦੁਖ ਰਿਹਾ ਏ । ਪਿੰਡ ਧੁਖ ਰਿਹਾ ਏ, ਜੰਗਲ ਧੁਖ ਰਿਹਾ ਏ- ਸ਼ਹਿਰ ਧੁਖ ਰਿਹਾ ਏਂ, ਸਾਹਿੱਤ ਧੁਖ ਰਿਹਾ ਏ ॥ ਧਾਰਾ ਸਾਹਿੱਤ ਦੀ ਪਾਣੀ ਦੇ ਵਾਂਙ ਹੁੰਦੀ, ਸਾਹਿੱਤ ਵਾਂਙ ਦੇਂਦਾ, ਜੀਵਨ-ਦਾਨ ਪਾਣੀ । ਕੱਚੀ ਲੱਸੀ ਦੀ ਲਾਉਣ ਛਬੀਲ ਜਿਹੜੇ, ਸਾਹਿੱਤ ਵਿਚ ਪਾਉਂਦੇ ਕਲਮਵਾਨ ਪਾਣੀ। ਪੀਣ ਵਾਲਿਆਂ ਦੇ ਹੋਸ਼ ਉੱਡ ਜਾਂਦੇ, ਲੈਂਦਾ ਕਈ ਵਾਰੀ ਇਮਤਿਹਾਨ ਪਾਣੀ। ਸਾਡੇ ਲਈ ਤਾਂ ਦੋਵੇਂ ਨੇ ਜ਼ਹਿਰ ਵਰਗੇ, ਆਹ ਹਿੰਦੂ, ਤੇ ਅਹੁ ਮੁਸਲਮਾਨ ਪਾਣੀ ॥ ਮਸਲੇ ਦਿਲਾਂ ਦੇ ਬੜੇ ਅਜੀਬ ਹੁੰਦੇ, ਮੁੱਕਦੇ ਨਹੀਂ ਹਿਸਾਬ-ਕਿਤਾਬ ਉੱਤੇ । ਸ਼ਹਿਰਾਂ ਵੱਲੋਂ ਸੈਲਾਨੀ ਨੇਤੁਰੇ ਆਉਂਦੇ, ਕੰਵਲ ਖਿੜੇ ਨੇ ਪਿੰਡ ਦੀ ਢਾਬ ਉੱਤੇ । ਮਾਲ ਮੁਫ਼ਤ ਦਾ ਨਹੀਂ ਹੈ, ਰਹਿਮ ਰੱਖੋ, ਪੈਸੇ ਖ਼ਰਚ ਨੇ ਅਸਾਂ ਕਿਤਾਬ ਉੱਤੇ । ਖ਼ਬਰੇ ਕਾਗ਼ਜ਼ ਦੇ ਉੱਤੇ ਹੈ ਕਿੰਞ ਆ ਗਈ, ਨਜ਼ਮ ਲਿਖੀ ਸੀ ਅਸਾਂ ਪੰਜਾਬ ਉੱਤੇ ॥ ਭਾਉਂਦੀ ਨਹੀਂ ਉਜਾੜ ਹੈ ਬੁਲਬੁਲਾਂ ਨੂੰ, ਇਹ ਤਾਂ ਹੱਸਦਾ ਹੀ ਚਮਨ ਚਾਹੁੰਦੀਆਂ ਨੇ । ਸੁੱਕੇ ਅੰਬਾਂ ਦੇ ਬਿਰਖਾਂ 'ਤੇ ਬੈਠੀਆਂ ਵੀ, ਕੋਇਲਾਂ ਬੂਰ ਦਾ ਆਗਮਨ ਚਾਹੁੰਦੀਆਂ ਨੇ। ਸੂਲੀ-ਵਿੰਨ੍ਹੀਆਂ ਤਿਤਲੀਆਂ, ਮਾਲੀਆ ਵੇ ! ਪੂਰੇ ਜੋਬਨਾਂ 'ਤੇ ਗੁਲਸ਼ਨ ਚਾਹੁੰਦੀਆਂ ਨੇ । ਤੇਗ਼ਾਂ ਅਤੇ ਤਿਰਸ਼ੂਲਾਂ ਨੂੰ ਪਰੇ ਰੱਖੋ, ਕਲਮਾਂ ਘੁੱਗੀਆਂ, ਨੇ ਅਮਨ ਚਾਹੁੰਦੀਆਂ ਨੇ॥ ਸਾੜ-ਫੂਕ, ਡਕੈਤੀਆਂ, ਕਤਲ ਸੁਣਕੇ, ਦੁਖੀ ਬਹੁਤ ਹੈ ਸ਼ੇਖ਼ ਫਰੀਦ ਹੋਇਆ । ਜੱਲ੍ਹਣ ਅੱਥਰੂ ਲਹੂ ਦੇ ਕੇਰਦਾ ਏ, ਰੋਣ-ਹਾਕਾ ਵਿਚਾਰਾ ਵਜੀਦ ਹੋਇਆ। ਸੁਥਰੇ ਸ਼ਾਹ ਅਖਬਾਰ ਵਿਚ ਡੁੱਬਿਆ ਏ, ਸੋਚੇ : ਆਦਮੀ ਕਿੰਨਾ ਬੇਦੀਦ ਹੋਇਆ । ਪਤਾ ਲੋਥਾਂ ਦੇ ਢੇਰ 'ਚੋਂ ਕੀ ਲੱਗੇ- ਕੌਣ ਮਰਿਆ ਤੇ ਕਿਹੜਾ ਸ਼ਹੀਦ ਹੋਇਆ ?! ਮਿਰਜ਼ਾ ਮਰ ਗਿਆ ਸਾਹਿਬਾਂ ਸ਼ਹੀਦ ਹੋ ਗਈ, ਅਮਰ ‘ਪੀਲੂ' ਨੂੰ ਕਰ ਗਿਆ ‘ਜੰਡ' ਮੀਆਂ । ਰਾਂਝਾ ਝਾਗਦਾ, ਸਰਕੜਾ ਬੇਲਿਆਂ ਦਾ, ਲੜਦੀ ‘ਵਾਰਸ' ਦੇ ਪਿੰਡੇ 'ਤੇ ਕੰਡ ਮੀਆਂ। ਮਹੀਂਵਾਲ ਦੇ ਸਾਹਮਣੇ ਮੋਈ ਸੋਹਣੀ, ਪਿੱਛੋਂ 'ਫਜ਼ਲ' ਨੇ ਚੱਕ 'ਤੀ ਡੰਡ ਮੀਆਂ। ਬਾਕੀ ਕੁੱਲ ਖੇਤਰ, ਮੱਲੇ ਆਸ਼ਕਾਂ ਨੇ, ਸ਼ਾਇਰਾਂ ਲਈ ਬਚਿਆ ਖੇਤਰ 'ਮੰਡ' ਮੀਆਂ॥ ਪਿਘਲ ਜਾਂਦਾ ਹੈ ਮੋਹ ਦੇ ਸੇਕ ਮੂਹਰੇ, ਬੰਦਾ ਕਿੰਨਾ ਹੀ ਭਾਵੇਂ ਬੇਦੀਦ ਹੁੰਦਾ। ਹੀਰਾਂ, ਸੱਸੀਆਂ, ਸੋਹਣੀਆਂ ਗੌਲਦਾ ਨਾ, ਕਿੱਸਾਕਾਰ ਜੇਕਰ ਬੇ-ਉੱਮੀਦ ਹੁੰਦਾ । ਇਹ ਨਾ ਗੱਲ ਹੁੰਦੀ, ਤਾਂ ਫਿਰ ਲਾਟਰੀ ਦੇ- ਟਿਕਟ ਵੇਚਦਾ ਸ਼ੇਖ ਫ਼ਰੀਦ ਹੁੰਦਾ । ਠੀਕ ਆਂਹਦਾ ਸੈਂ ਬਾਬਾ ਵਰਿਆਮਿਆ ਤੂੰ, ਸੁਥਰਾ ਆਦਮੀ ਸਦਾ ਸ਼ਹੀਦ ਹੁੰਦਾ॥ ਸਿੱਖ ਵੀਰ ਸ਼ਿਕਾਇਤ ਇਹ ਕਰਨ ਅਕਸਰ, ਕਰਦੇ ਨਹੀਂ ਪੰਜਾਬੀ ਨੂੰ ਪਿਆਰ ਹਿੰਦੂ। ਹੈਸੀ ਇਕ ਤਿਵਾੜੀ ਉਹ ਮਰ ਗਿਆ ਏ, ਹੋ ਗੁਜ਼ਰਿਆ ਏ ਸ਼ਿਵਕੁਮਾਰ ਹਿੰਦੂ । ਅਸਾਂ ਸੋਚਿਆ, ਸੂਚੀ ਤਿਆਰ ਕਰੀਏ, ਵਰਤਮਾਨ ਜਿਹੜੇ ਸਾਹਿੱਤਕਾਰ ਹਿੰਦੂ। ਰੌਸ਼ਨ, ਬ੍ਰਿਜ, ਬਲਵੰਤ, ਪ੍ਰੇਮ, ਮੋਹਨ- ਝੂੰਗੇ ਵਿੱਚ ਬਚਦੇ ਸਾਢੇ ਚਾਰ ਹਿੰਦੂ ॥ ਡੁੱਬਣ ਤਰਨ ਵਿੱਚ ਬਹੁਤਾ ਨਾ ਫ਼ਰਕ ਹੁੰਦਾ, ਪੱਕਾ ਸੁਹਣੀਆਂ ਨੇ ਕੀਤਾ ਕੱਚਿਆਂ ਨੂੰ । ਕਿੱਥੇ ਮਿਲਦੀਆਂ ਨੇ ਨਾਨਕ-ਸ਼ਾਹੀ ਇੱਟਾਂ, ਭੱਠੇ ਵਾਲਿਆਂ ਬਦਲਿਆ ਸੱਚਿਆਂ ਨੂੰ । ਸਾਡੀ ਖ਼ਾਨਾ-ਬਦੋਸ਼ੀ ਨੂੰ ਨਾ ਤੱਕੋ, ਤੱਕੋ ਲਹੂ ਦੇ ਭਰੇ ਚੁਬੱਚਿਆਂ ਨੂੰ । ਨੀਲ-ਕੰਠ ਜੇ ਬਣਨ ਦੀ ਨਹੀਂ ਪਾਇਆਂ, ਟੀਕੇ ਜ਼ਹਿਰ ਦੇ ਲਾਈਏ ਨਾ ਬੱਚਿਆਂ ਨੂੰ॥ ਲਿਖੀਏ ਉਹ, ਜੋ ਆਤਮਾ ਕਹੇ ਸਾਡੀ, ਐਵੇਂ ਜੋੜਦੇ ਨਹੀਂ ਤੁਕਾਂਤ ਆਪਾਂ । ਉਹਦਾ ਅਸੀਂ ਇਲਾਜ ਵੀ ਆਪ ਕਰਨੈ, ਪੈਦਾ ਕੀਤਾ ਜੋ ਆਪ ਦੁਖਾਂਤ ਆਪਾਂ। ਪੰਜੇ ਬਾਣੀਆਂ ਜਵਾਂ ਨੇ ਕੰਠ ਸਾਡੇ, ਪੜ੍ਹ ਕੇ ਮਾਰਿਆ ਪਰੇ ਵੇਦਾਂਤ ਆਪਾਂ । ਸੁੱਤੇ-ਜਾਗਦੇ ਸ਼ਾਂਤੀ-ਪਾਠ ਕਰੀਏ, ਰਹੀਏ ਫੇਰ ਵੀ ਸਦਾ ਅਸ਼ਾਂਤ ਆਪਾਂ ॥ ਉਮਰ ਨਾਲ ਦਾੜ੍ਹੀ ਸਭ ਨੂੰ ਆ ਜਾਂਦੀ, ਅਕਲ ਆਦਮੀ ਨੂੰ ਬੜੀ ਬਾਅਦ ਆਵੇ। ਆਮ ਲੋਕਾਂ ਨੂੰ ਸ਼ੇਅਰ ਨੇ ਸਮਝ ਆਉਂਦੇ, ਸਮਝ ਸਿਰਫ਼ ਵਿਦਵਾਨਾਂ ਨੂੰ ਵਾਦ ਆਵੇ । ਅੱਗੜ-ਪਿੱਛੜ ਦੁਨਾਲੀ 'ਚੋਂ ਦੋਏਂ ਨਿਕਲਣ, ਪਹਿਲਾਂ ਸ਼ੇਅਰ ਨਿਕਲੇ, ਮਗਰੋਂ ਦਾਦ ਆਵੇ । ਨਿਰਬਲ ਅਤੇ ਮਾਸੂਮਾਂ ਨੂੰ ਮਾਰਨਾ ਕੀ !- ਸਕਤਾ ਸਕਤੇ ਨੂੰ ਮਾਰੇ, ਸਵਾਦ ਆਵੇ ॥ ਨਵੀਂ ਰੁੱਤ ਬਦਲੀ, ਨਵਾਂ ਸਾਲ ਚੜ੍ਹਿਆ, ਕੀਤੀ ਅਸਾਂ ਵੀ ਨਵੀਂ ਤਿਆਰ ਕਵਿਤਾ । ਬਾਕੀ ਸਾਰੀਆਂ ਝੋਲੇ ਦੇ ਵਿੱਚ ਪਈਆਂ, ਲੋਕੀਂ ਸੁਣਨ ਇੱਕੋ, ਵਾਰ ਵਾਰ ਕਵਿਤਾ । ਰਾਜ-ਕਵੀ ਨੇ ਕਵੀ ਨਾ ਕਦੀ ਬਣਨਾ, ਲੈ ਲਏ ਲੱਖ ਭਾਵੇਂ, ਪੁਰਸਕਾਰ ਕਵਿਤਾ। ਬੰਦੇ ਮਾਤਰਮ ਨੂੰ ਸ਼ਾਇਦ ਭੁੱਲ ਗਏ ਨੇ, ਤਾਹੀਉਂ ਲਿਖਣ ਸ਼ਾਇਰ ਬੰਦੇ-ਮਾਰ ਕਵਿਤਾ ।। ਅਸੀਂ ਮਸਤ ਹਾਂ ਆਪਣੇ ਹਾਲ ਅੰਦਰ, ਕਰਦੇ ਕਿਸੇ ਦੇ ਨਾਲ ਚਹੇਡ ਤਾਂ ਨਹੀਂ। ਹਿਰਦਾ ਕੋਈ ਨਾ ਅੰਬਰ ਦੇ ਵਾਂਙ ਖੁੱਲ੍ਹਾ, ਜੇਰਾ ਕਿਸੇ ਦਾ ਧਰਤੀ ਦੇ ਜੇਡ ਤਾਂ ਨਹੀਂ। ਜ਼ਰਾ ਦੇਖਣਾ, ਮੰਦਿਰ ਦੇ ਵਿੱਚ ਆਈ, ਗੁੰਮੀ ਹੋਈ ਕੋਈ ਈਸਾ ਦੀ ਭੇਡ ਤਾਂ ਨਹੀਂ । ਤੁਸੀਂ ਲਾਉ ਤੇ ਅਸੀਂ ਬੁਝਾਉਣ ਆਈਏ, ਅਸੀਂ ਸ਼ਾਇਰ ਹਾਂ ਫ਼ਾਇਰ-ਬਰਗੇਡ ਤਾਂ ਨਹੀਂ ॥ ਕਾਰਾ ਕੀਤਾ ਹੈ ਬਾਜ਼ਾਂ ਅਚਿੰਤਿਆਂ ਨੇ, ਕਿਸੇ ਗਲੀ ਦੇ ਮੋੜ 'ਤੇ ਫ਼ਾਇਰ ਹੋਇਆ। ਤਇਨਾਤ ਹੋਇਆ ਛਾਣਬੀਨ ਖ਼ਾਤਿਰ, ਕਿਸੇ ਕੋਰਟ ਦਾ ਜੱਜ ਰਿਟਾਇਰ ਹੋਇਆ । ਅਕਲਾਂ ਵਾਲਿਆਂ ਨੂੰ ਕੁਝ ਨਾ ਸਮਝ ਪੈਂਦੀ, ਅਜਬ ਕਿਸਮ ਦਾ ਮਾਮਲਾ ਦਾਇਰ ਹੋਇਆ। ਗੋਲੀ ਕਿਸੇ ਨੂੰ ਵੱਜੀ ਤੇ ਕੋਈ ਮਰਿਆ, ਘਾਇਲ ਕਿਸ ਤਰ੍ਹਾਂ ਇਹ ਕਮਲਾ ਸ਼ਾਇਰ ਹੋਇਆ?! ਕਿੱਥੇ ਗਏ ਜਿਹੜੇ ਇਹਨਾਂ ਘਰਾਂ ਅੰਦਰ, ਬੰਦੇ ਰਹਿੰਦੇ ਸੀ ਰੱਬ ਦੇ ਨਾਮ ਵਰਗੇ । ਵਾਰਿਸ ਸ਼ਾਹ ਵਰਗੇ, ਪੂਰਨ ਸਿੰਘ ਵਰਗੇ, ਸ਼ਿਵਕੁਮਾਰ ਵਰਗੇ ਧਨੀ ਰਾਮ ਵਰਗੇ । ਕਿੱਥੇ ਗਏ ਦਰਵੇਸ਼, ਫ਼ਕੀਰ, ਆਸ਼ਕ, ਕਿੱਥੇ ਬੋਲ ਉਹ ਰੱਬੀ-ਕਲਾਮ ਵਰਗੇ । ਛੱਡੋ ਬਾਬਿਉ ! ਹੋਰ ਕੋਈ ਕਥਾ ਛੇੜੋ, ਅੱਜ ਕੱਲ੍ਹ ਏਥੇ ਹਾਲਾਤ ਨੇ ਆਮ ਵਰਗੇ॥ ਐਸੇ ਅਦਬ ਦਾ ਅਸੀਂ ਕੀ ਅਦਬ ਕਰੀਏ, ਜਿਹੜਾ ਫ਼ਿਰਕਿਆਂ ਦੇ ਅੰਦਰ ਵੰਡਦਾ ਏ। ਅੰਦਰ ਵੜੀਏ ਤਾਂ ਸੇਕ ਹੈ ਮਿਹਣਿਆਂ ਦਾ, ਬਾਹਰ ਨਿਕਲੀਏ ਤਾਂ ਜੱਗ ਭੰਡਦਾ ਏ। ਕਿਹੜਾ ਓਸ ਉਸਤਾਦ ਦੇ ਲਵੇ ਲੱਗੇ ?- ਰੰਬੇ ਵਾਂਗ ਜਿਹੜਾ ਮੁੰਡੇ ਚੰਡਦਾ ਏ । ਪਾਲਾ ਪੋਹ ਦਾ ਵੀ ਸਾਨੂੰ ਨਹੀਂ ਪੋਂਹਦਾ- ਫ਼ਿਕਰ ਮਾਰਦਾ ਅੰਦਰਲੀ ਠੰਡ ਦਾ ਏ ॥
ਅਧਿਆਇ : ਇੱਕ - ਲਾਲ
1 ਕਿਹੋ ਜਿਹੀ ਕੁਲੱਛਣੀ ਝੜੀ ਲੱਗੀ, ਕੋਠਾ ਕੋਠਾ ਪੰਜਾਬ ਦਾ ਚੋਣ ਲੱਗਾ। ਭੈਣ ਹੀਰ ਨੂੰ, ਰਾਂਝੇ ਨੂੰ ਵੀਰ ਕਹਿ ਕੇ, ਪੂਰਨ ਸਿੰਘ ਗਲ ਲੱਗ ਕੇ ਰੋਣ ਲੱਗਾ । ਸ਼ਿਵਕੁਮਾਰ ਤੇ ਵਾਰਿਸ ਦੇ ਮੋਤੀਆਂ ਨੂੰ, ਸ਼ੇਅਰਾਂ ਵਿਚ ਹੈ ਪਾਤਰ ਪਰੋਣ ਲੱਗਾ । ਸ਼ਾਹ ਮੁਹੰਮਦਾ ! ਵੇਖ ਲੈ ਫੇਰ ਮੁੜ ਕੇ, ਜੰਗ ਹਿੰਦ - ਪੰਜਾਬ ਦਾ ਹੋਣ ਲੱਗਾ॥ 2 ਕਿਹੜੇ ਮੋੜ 'ਤੇ ਆਣ ਕੇ ਗੇਅਰ ਫਸਿਆ, ਗੱਡੀ ਚੱਲਦੀ ਚੱਲਦੀ ਬੈਕ ਹੋ ਗਈ। ਕਿੰਨੀ ਮੰਗ ਜ਼ਮੀਰ ਦੀ ਵਧੀ ਜਾਂਦੀ, ਮੰਡੀ ਆਉਣ ਤੋਂ ਪਹਿਲਾਂ ਬਲੈਕ ਹੋ ਗਈ । ਚੰਗੀ ਭਲੀ ਸਿਆਣੀ ਸੀ ਮਾਪਿਆਂ ਦੇ, ਸਹੁਰੇ ਆਉਂਦਿਆਂ ਸਾਰ ਨਲੈਕ ਹੋ ਗਈ । ਕਿੱਥੇ ਜਾਇ ਕੇ ਖੜ੍ਹੇਗੀ ਗੁਰੂ ਜਾਣੇ, ਸਾਡੀ ਕੌਮ ਦੀ ਕੌਮ ਹਾਈਜੈਕ ਹੋ ਗਈ ॥ 3 ਭਾਰਤ ਵਰਸ਼ ਅੰਦਰ ਮੇਰਾ ਬੋਲ - ਬਾਲਾ, ਸੁਰਖ਼ੀ ਛਪਦੀ ਏ ਰੋਜ਼ ਅਖ਼ਬਾਰ ਅੰਦਰ । ਬੜੀ ਜ਼ਹਿਰ ਹੈ ਮੇਰੇ ਤਿਰਸ਼ੂਲ ਅੰਦਰ, ਬੜੀ ਅੱਗ ਹੈ ਮੇਰੀ ਤਲਵਾਰ ਅੰਦਰ । ਦਿਨੇ ਰਾਤ ਮੈਂ ਸੱਜਰਾ ਲਹੂ ਲੋੜਾਂ, ਕੋਈ ਨਾ ਫ਼ਰਕ ਰੱਖਾਂ ਦੁਸ਼ਮਣ/ਯਾਰ ਅੰਦਰ। ਗਲੀਆਂ ਸੁੰਞੀਆਂ, ਮੁਲਕ ਉਜਾੜ ਥੀਸੀ, ਮਿਰਜ਼ਾ ਗੱਜਦਾ ਫਿਰ ਢਠਵਾੜ੍ਹ ਅੰਦਰ ॥ 4 ਜਿਹੜੇ ਕਾਰਾਂ ਤੋਂ ਹੇਠਾਂ ਨਾ ਪੈਰ ਧਰਦੇ, ਉਹਨਾਂ ਸਮਝਣੀ ਸਮੇਂ ਦੀ ਤੋਰ ਕੀ ਏ ! ਜਾਨ ਮਾਲ ਦਾ ਭੈਮਸਾ ਪਿਆ ਸਭ ਨੂੰ, ਜੰਗਲ - ਰਾਜ ਇਹ ਨਹੀਂ ਤਾਂ ਹੋਰ ਕੀ ਏ ? ਜਿਹੜੇ ਕੰਨ ਕੁਮੈਂਟਰੀ ਸੁਣਨ ਗਿੱਝੇ, ਉਹਨਾਂ ਲਈ ਕੁਹਰਾਮ ਜਾਂ ਸ਼ੋਰ ਕੀ ਏ ! ਇਕ ਲਾਸ਼ਾਂ ਦੀ ਗਿਣਤੀ ਨੇ ਪਏ ਕਰਦੇ, ਇਕ ਪੁੱਛਦੇ ਫਿਰਨ : ਸਕੋਰ ਕੀ ਏ ?! 5 ਕਦੇ ਪਾਥੀਆਂ ਢਾਹਿਆਂ ਨਾ ਵੈਰ ਮੁੱਕਣ, ਡਾਂਗ ਨਾਲ ਨਾ ਪਾਣੀ ਨੂੰ ਕੱਖ ਹੁੰਦਾ । ਪਹਿਲਾਂ ਅੱਖੀਆਂ ਸਾਡੀਆਂ ਕੱਢ ਦੇਵੋ, ਅੱਖੀਂ ਵੇਖ ਕੇ ਮਹੁਰਾ ਨਾ ਚੱਖ ਹੁੰਦਾ । ਲੋੜ ਝੂਠ ਨੂੰ ਹੁੰਦੀ ਮੁਖੌਟਿਆਂ ਦੀ, ਸੱਚ ਸੂਰਜਾਂ ਵਾਂਙ ਪਰਤੱਖ ਹੁੰਦਾ । ਭਾਵੇਂ ਨਾਲ ਜਮੂਰਾਂ ਦੇ ਖਿੱਚ ਵੇਖੋ, ਮਾਸ ਨਹੁਆਂ ਦੇ ਨਾਲੋਂ ਨਾ ਵੱਖ ਹੁੰਦਾ ॥ 6 ਜਿਸਦਾ ਆਪਣਾ ਖ਼ਾਨਾ ਖ਼ਰਾਬ ਹੋਵੇ ਕੀਕਣ ਖੁਸ਼ੀ ਵੇਖੇ, ਕਿਸੇ ਹੋਰ ਦੇ ਘਰ ! ਪਹਿਲਾਂ ਜੇਠ ਦਾ ਝੁੱਗਾ ਤਬਾਹ ਕੀਤਾ, ਫੇਰ ਅੱਗ ਜਾ ਲਾਈ ਦਿਓਰ ਦੇ ਘਰ। ਤਾਲੇ ਸਿਰਫ਼ ਸ਼ਰੀਫ਼ਾਂ ਦੇ ਟੁੱਟਦੇ ਨੇ, ਚੋਰੀ ਨਹੀਂ ਹੁੰਦੀ ਕਦੇ ਚੋਰ ਦੇ ਘਰ । ਮੁਸ਼ਕਾਂ ਬੰਨ੍ਹ ਕੇ ਸੁੱਟ ਗਏ ਗੁਸਲਖ਼ਾਨੇ, ਡਾਕਾ ਪਿਆ ਸੀ ਰਾਤ ਟੈਗੋਰ ਦੇ ਘਰ ॥ 7 ਚੰਗੀ ਗੱਲ ਸੀ ਢੱਕਿਆ ਢਿੱਡ ਰਹਿੰਦਾ, ਪੈ ਕੇ ਵਾਦ - ਵਿਵਾਦ 'ਚ ਕੀ ਹੋਇਆ ! ਨੀਲੇ ਤਾਰੇ ਤੋਂ ਪਹਿਲਾ ਸੀ ਕੀ ਹੁੰਦਾ, ਨੀਲੇ ਤਾਰੇ ਤੋਂ ਬਾਅਦ 'ਚ ਕੀ ਹੋਇਆ ? ਲਿਖਿਆ ਜਾਊ ਤਾਰੀਖ਼ ਦੇ ਵਰਕਿਆਂ 'ਤੇ, ਮਹਾਰਾਣੀ ਦੀ ਯਾਦ 'ਚ ਕੀ ਹੋਇਆ। ਲੋਕੀਂ ਪੁੱਛਦੇ, ਬਾਪੂ ਦੇ ਬਾਂਦਰਾਂ ਨੂੰ, ਦੱਸ ਅਹਿਮਦਾਬਾਦ 'ਚ ਕੀ ਹੋਇਆ ?! 8 ਰਾਖੇ ਆਪ ਉਜਾੜੇ ‘ਤੇ ਉਤਰ ਆਏ, ਵੱਸੀਆਂ ਦਿਲਾਂ ਦੇ ਵਿੱਚ ਬੇ-ਰਹਿਮੀਆਂ ਨੇ । ਪਾਂਧਾ ਪੁੱਛ ਕੇ ਚੜ੍ਹਨ ਜਹਾਜ਼ ਉੱਤੇ, ਸਾਨੂੰ ਡੋਬ ਦੇਣਾ ਇਹਨਾਂ ਵਹਿਮੀਆਂ ਨੇ । ਇੱਕ ਵਰਗ ਸ਼ਿਕਾਰ ਖ਼ੁਸ਼-ਫ਼ਹਿਮੀਆਂ ਦਾ, ਦੂਜਾ ਘੇਰਿਆ ਹੈ ਗ਼ਲਤ-ਫ਼ਹਿਮੀਆਂ ਨੇ । ਮੋਟਰ-ਸਾਈਕਲਾਂ ‘ਤੇ ਚੜ੍ਹੇ ਫਿਰਨ ਮੁੰਡੇ, ਕੁੜੀਆਂ ਫਿਰਦੀਆਂ ਸਹਿਮੀਆਂ ਸਹਿਮੀਆਂ ਨੇ ।। 9 ਅਸਾਂ ਵੇਚਿਆ ਮਿੱਟੀ ਦੇ ਭਾਅ ਮੁੜ੍ਹਕਾ, ਫਿਰ ਵੀ ਬਾਣੀਏ ਨੂੰ ਬਾਹਲਾ ਨਿਰਖ ਲੱਗਾ । ਬੰਦੇ ਮਰਨ ਤੇ ਆਂਕੜੇ ਹੋਣ ਪੈਦਾ, ਤਾਹੀਉਂ ਸੰਖਿਆ ਤੋਂ ਪਹਿਲਾਂ 'ਸਿਰਫ਼' ਲੱਗਾ । ਹੋਰ ਕਿਸੇ ਨੂੰ ਨਹੀਂ ਤਕਲੀਫ਼ ਕੋਈ, ਏਸੇ ਗੱਲ ਦਾ ਸਿਰਫ਼ ਹੈ ਹਿਰਖ਼ ਲੱਗਾ । ਉੱਚਾ ਸਾਰੀ ਕਾਲੋਨੀ 'ਚੋਂ ਕਿਉਂ ਦਿਸਦੈ, ਵਿਹੜੇ ਸਾਡੇ ਦੇ ਵਿੱਚ ਜੋ ਬਿਰਖ਼ ਲੱਗਾ !! 10 ਜੁੱਸਾ ਸਾਡਾ ਹੈ ਮਿੱਟੀ ਦੀ ਮਹਿਕ ਵਾਲਾ, ਕੁਝ ਨਾ ਆਖਦੀ ਫ਼ਟੀ ਕਮੀਜ਼ ਸਾਨੂੰ। ਜਿਸਦੇ ਲਈ ਆਪਾਂ ਸਭ ਕੁਝ ਵਾਰ ਦਿੱਤਾ, ਵੇਖੋ, ਓਸਨੇ ਦਿੱਤੀ ਕੀ ਚੀਜ਼ ਸਾਨੂੰ। ਏਸ ਘੜੀ ਟਿਕਾਣੇ ਨਾ ਜੀਅ ਸਾਡਾ, ਚੁੱਪ ਰਹਿਣ ਵੀ ਦਿਉ, ਪਲੀਜ਼! ਸਾਨੂੰ । ਇੱਜ਼ਤ ਮੁੜੀ ਤਾਂ ਗੱਲ ਵੀ ਕਰ ਲਵਾਂਗੇ, ਇੱਜ਼ਤ ਸਾਡੀ ਹੈ ਬਹੁਤ ਅਜ਼ੀਜ਼ ਸਾਨੂੰ॥ 11 ਭਾਵੇਂ ਕਿੰਨੀਆਂ - ਮੀਂਗਣਾਂ ਪਾਈ ਜਾਵੋ, ਆਖ਼ਰ ਗੱਲ ਸਾਡੀ ਤੁਸੀਂ ਮੰਨਣੀ ਏਂ। ਮੱਝ - ਸਾਡੀ ਤੇ ਕਿੱਲਾ ਸਰਕਾਰ ਦਾ ਏ, , ਤੁਸੀਂ ਖੋਲ੍ਹਣੀ ਏਂ, ਅਸਾਂ ਬੰਨ੍ਹਣੀ ਏਂ। ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ ਜਾਣੋ, ਅਸਾਂ ਜੀਂਦੇ-ਜੀਅ ਹਾਰ ਨਾ ਮੰਨਣੀ ਏਂ । ਅਸਾਂ ਆਪਣੀ ਅੜੀ 'ਤੇ ਅੜੇ ਰਹਿਣਾ, ਜਿਹੜਾ ਅੜੇ ਉਹਦੀ ਅੜ ਭੰਨਣੀ ਏਂ॥ 12 ਟੈਂ ਮੰਨਣੀ ਨਾ ਟੁੰਡੀਲਾਟ ਦੀ ਵੀ, ਪਿਆਰ ਨਾਲ ਜਾਨਾਂ, ਬੇਲੀ ! ਦੇ ਦਿਆਂਗੇ । ਸਿੱਟਾ ਦੇਈਏ ਨਾ, ਬੋਹਲ ਲੁਟਾ ਦੇਈਏ, ਪੱਕੀ ਦੇ ਦਿਆਂਗੇ, ਵੇਲੀ ਦੇ ਦਿਆਂਗੇ । ਫ਼ਰਕ ਪਤੈ ਸਾਨੂੰ ਕਦਰਾਂ/ਕੀਮਤਾਂ ਦਾ, ਧੇਲਾ ਰੱਖ ਲਾਂਗੇ, ਧੇਲੀ ਦੇ ਦਿਆਂਗੇ । ਜੱਗ ਜਾਣਦਾ ਜੱਟ ਪੰਜਾਬੀਆਂ ਨੂੰ, ਗੰਨਾ ਨਹੀਂ ਦੇਣਾ, ਭੇਲੀ ਦੇ ਦਿਆਂਗੇ ॥ 13 ਮੌਤੇ! ਨੱਚ ਲੈ, ਤੂੰ ਵੀ ਕੀ ਯਾਦ ਕਰਸੇਂ, ਅਸਾਂ ਧਰਤ ਨੂੰ ਕਲੀ ਕਰਾ ਦਿੱਤਾ । ਜੀਂਦੇ ਆਦਮੀ ਲਈ ਬਚਿਆ ਕੰਮ ਐਨਾ, ਮਰਿਆ ਆਦਮੀ, ਪਾਠ ਧਰਾ ਦਿੱਤਾ । ਵੇਖੀ ਜਦੋਂ ਮਨਾਹੀਆਂ ਦੀ ਝੜੀ ਲੱਗੀ, ਜੁਮਲਾ ਕਿਸੇ ਦਰਵੇਸ਼ ਦੁਹਰਾ ਦਿੱਤਾ । 'ਵੇਖੀਂ ਬਾਂਦਰਾ! ਅੱਗ ਨਾ ਲਾਈਂ ਕਿਧਰੇ, '- "ਚੰਗਾ ਹੋਇਆ, ਤੂੰ ਯਾਦ ਕਰਾ ਦਿੱਤਾ ।।" 14 ਭਾਰੂ ਮੌਤ ਵਾਲਾ ਪਾਸਾ ਹੋਈ ਜਾਂਦਾ, ਪਾਸਾ ਹੋਈ ਜਾਂਦਾ ਕਿੱਸਾ ਜ਼ਿੰਦਗੀ ਦਾ। ਦੋ ਦੋ ਵਾਰ ਪਏ ਮੌਤ ਨੂੰ ਆਉਣ ਦਿਨ ਵਿੱਚ, ਖਾ ਕੇ ਅੰਨ ਮਿੱਸਾ-ਤਿੱਸਾ ਜ਼ਿੰਦਗੀ ਦਾ। ਲੋਕੀਂ ਹਾਦਸੇ ਉੱਤੇ ਵੀ ਹੱਸਦੇ ਨੇ, ਬਣਿਆ ਇਸ ਤਰ੍ਹਾਂ ਦਾ ਕਿੱਸਾ ਜ਼ਿੰਦਗੀ ਦਾ। ਆਮ ਗੱਲ ਹੈ ਚੋਰੀਆਂ, ਕਤਲ, ਡਾਕੇ, ਹੁਣ ਤਾਂ ਕਰਫਿਊ ਹਿੱਸਾ ਹੈ ਜ਼ਿੰਦਗੀ ਦਾ ॥ 15 ਕੰਨ ਨਹੀਂ ਧਰਦਾ ਕੋਈ ਵੀ ਵੰਝਲੀ 'ਤੇ, ਰਉਂ ਬਦਲਿਆ ਰਾਂਝੇ ਦੇ ਵੱਗ ਦਾ ਹੈ। ਪਾਲਾ ਆਪਣੀ ਆਪਣੀ ਪੀੜ ਦਾ ਹੈ, ਸੇਕ ਆਪਣੀ ਆਪਣੀ ਅੱਗ ਦਾ ਹੈ। ਅਸਾਂ ਆਪਣੇ ਆਪ 'ਤੇ ਜਬਰ ਕਰਕੇ, ਮਸਾਂ ਲਾਹਿਆ ਉਲਾਂਭੜਾ ਜੱਗ ਦਾ ਹੈ। ਅੱਜ-ਕੱਲ੍ਹ ਬੇਰੀਆਂ ਨੂੰ ਬੇਰ ਨਹੀਂ ਲੱਗਦੇ, ਸਾਡੇ ਸ਼ਹਿਰਾਂ ਨੂੰ ਕਰਫ਼ਿਊ ਲੱਗਦਾ ਹੈ । 16 ਜਦੋਂ ਦਾਅ ਲੱਗੇ ਟਿੱਚ-ਟਿੱਚ ਕਰਦੇ, ਲੋਕਾਂ ਲਈ ਕਾਨੂਨ ਤਾਂ ਟਿੱਚ ਹੈ ਜੀ । ਅੱਠੇ ਪਹਿਰ ਰਹਿੰਦਾ ਪਹਿਰਾ ਦਹਿਸ਼ਤਾਂ ਦਾ, ਬੰਦਾ ਜੀਣ ਤੋਂ ਵੀ ਹੋਇਆ ਜਿੱਚ ਹੈ ਜੀ । ਕਿੰਨੇ ਸਾਲ ਹੋ ਗਏ ਸਦਮੇ ਸਹਿੰਦਿਆਂ ਨੂੰ, ਕਦੋਂ ਮੁੱਕਣੀ ਇਹ ਘਿੱਚ-ਘਿੱਚ ਹੈ ਜੀ ! ਚਾਰ ਮਰੇ, ਚਾਲੀ ਹਸਪਤਾਲ ਦਾਖ਼ਿਲ, ਸਥਿਤੀ ਅਜੇ ਨਿਯੰਤਰਣ ਵਿੱਚ ਹੈ ਜੀ ॥ 17 ਦਫ਼ਾ ਲੱਗੀ ਚੁਤਾਲੀ ਹੈ ਸ਼ਹਿਰ ਅੰਦਰ, 'ਕੱਠੇ ਹੋਣ ਨਾ ਚਹੁੰਆਂ ਤੋਂ ਵੱਧ ਜਾਣੇ । ਹੋਰ ਘੜੀ ਨੂੰ ਕਰਫ਼ਿਊ ਲੱਗ ਜਾਣਾ, ਭੱਠੀ ਵਾਲੀਏ ਨੀ ! ਛੇਤੀ ਭੁੰਨ ਦਾਣੇ। ਨਵਾਂ ਹੁਕਮ ਸਰਕਾਰ ਦਾ ਨਿਕਲਿਆ ਹੈ, ਕਰਦੇ ਫਿਰਨ ਮੁਨਾਦੀਆਂ ਤਿੰਨ ਕਾਣੇ । ਪਿੱਛੋਂ ਪੁੱਛੋ ਪ੍ਰਾਹੁਣੇ ਨੂੰ ਚਾਹ-ਪਾਣੀ, ਪਹਿਲਾਂ ਜਾਇ ਕੇ ਕਰੋ ਇਤਲਾਹ ਠਾਣੇ ॥ 18 ਲੱਗਾ ਕਰਫ਼ਿਊ, ਨਿਕਲਣਾ ਬੰਦ ਹੋਇਆ, ਕਦੋਂ ਹੋਣਗੇ ਫੇਰ ਹਜ਼ੂਰ ! ਦਰਸ਼ਨ । ਅਗਲੇ ਸਾਹ ਦਾ ਨਹੀਂ ਵਿਸਾਹ ਕੋਈ; ਢਿੱਲ ਮਿਲੀ ਤਾਂ ਦਇਉ ਜ਼ਰੂਰ ਦਰਸ਼ਨ । ਏਹੋ ਜਿਹੇ ਵੇਲੇ – ਬੰਦਾ ਕਰੇ ਵੀ ਕੀ, ਜਦੋਂ ਰੱਬ ਨੂੰ ਨਹੀਂ ਮਨਜ਼ੂਰ ਦਰਸ਼ਨ । ਕੋਈ ਕਿਸੇ ਦੇ ਨੇੜੇ ਨਹੀਂ ਫਟਕ ਸਕਦਾ, ਬਹਿ ਕੇ ਵੇਖਦੇ ਨੇ ਸਾਰੇ ਦੂਰ-ਦਰਸ਼ਨ ॥ 19 ਇੱਕ ਜਿਹਾ ਮੁਕਾਬਲਾ ਹੋਏ ਹਰ ਥਾਂ, ਇੱਕੋ ਬਿਆਨ ਹਰ ਥਾਂ ਰੇਡੀਮੇਡ ਮਿਲਿਆ। ਲਾਸ਼ ਲਾਗਿਉਂ ਦੇਸੀ ਪਸਤੌਲ ਲੱਭਾ, ਜੇਬ ਵਿੱਚੋਂ ਹੈ ਹੈਂਡ-ਗਰਨੇਡ ਮਿਲਿਆ। ਵਾਕੀ-ਟਾਕੀਆਂ, ਰਾਈਫ਼ਲਾਂ, ਕਾਰਬਾਈਨਾਂ, ਸ਼ਹਿਰ ਸ਼ਹਿਰ ਨੂੰ ਅਮਨ-ਬਰਗੇਡ ਮਿਲਿਆ । ਨਾਕੇ ਵਾਲਿਆਂ ਨੇ ਪੂਰੀ ਬੱਸ ਫੋਲੀ, ਤਿੰਨ ਮਾਚਸਾਂ, ਇੱਕ ਬਲੇਡ ਮਿਲਿਆ ॥ 20 ਪਿੱਛੇ ਹੀਰ ਬਿਠਾਇ ਕੇ ਰਵਾਂ ਹੋਇਆ, ਮੋਟਰ-ਸਾਈਕਲ ਚਲਾਉਣ 'ਚ ਤਾਕ ਰਾਂਝਾ। ਹੀਰ ਅੱਧੀ ਗਲਵੱਕੜੀ ਪਾਈ ਬੈਠੀ, ਜਾਂਦਾ ਮੌਤ ਨੂੰ ਕਰੀ ਨੂੰ ਮਜ਼ਾਕ ਰਾਂਝਾ। ਪੁਲ 'ਤੇ ਘੇਰਿਆ ਸੀ ਨਾਕੇ ਵਾਲਿਆਂ ਨੇ, ਬਿਟਬਿਟ ਵੇਖਦਾ ਖੜ੍ਹਾ ਅਵਾਕ ਰਾਂਝਾ । ਖ਼ਬਰ ਛਪੀ ਕਿ ਕਥਿਤ ਮੁਕਾਬਲੇ ਵਿੱਚ, ਬੀਤੀ ਰਾਤ ਹੋ ਗਿਆ ਹਲਾਕ ਰਾਂਝਾ॥ 21 ਕਿਸੇ ਘੜੀ ਜੋ ਕਦੇ ਹੈ ਅੱਖ ਲਗਦੀ, ਸ਼ਕਲਾਂ ਦਿਸਦੀਆਂ ਅਜਬ ਡਰਾਉਣੀਆਂ ਨੇ। ਤੀਆਂ ਵਿੱਚ ਕੁੜੀਆਂ ਪੀਂਘਾਂ ਪਾਉਣ ਕਿੱਥੇ, ਪਈਆਂ ਪਿੱਪਲਾਂ ਹੇਠ ਤਾਂ ਛਾਉਣੀਆਂ ਨੇ । ਕੱਛੇ ਵੰਝਲੀ ਮਾਰ ਜੇ ਸੌਣ ਰਾਂਝੇ, ਫਿਰ ਤਾਂ ਕੈਦੋਆਂ ਕੱਛਾਂ ਵਜਾਉਣੀਆਂ ਨੇ । ਪਹਿਰਾ ਦੇਣ ਵਾਲਾ ਕਹਿੰਦਾ : ਜਾਗਦੇ ਰਹੋ, ਬੜੀਆਂ ਲੰਮੀਆਂ ਨੀਂਦਰਾਂ ਆਉਣੀਆਂ ਨੇ॥ 22 ਮਾਰੂਥਲਾਂ ਅੰਦਰ ਕਿਸਨੂੰ ਭਾਲਦੀ ਹੈਂ, ਬੁੱਕਲ ਵਿੱਚ ਹੈ ਖੇਡਦਾ ਚੋਰ ਤੇਰਾ । ਜੁੰਮੇਵਾਰ ਤੂੰ ਆਪਣੇ ਇਸ਼ਕ ਦੀ ਹੈਂ, ਊਠਾਂ ਵਾਲਿਆਂ ਨਾਲ ਕੀ ਜ਼ੋਰ ਤੇਰਾ ॥ ਕਿਉਂ ਨਾ ਚੂਕਦੀ ਕਾਠ ਦੀ ਚਿੜੀ ਤੇਰੀ, ਕਿਉਂ ਨਾ ਕੂਕਦਾ ਮਿੱਟੀ ਦਾ ਮੋਰ ਤੇਰਾ ! ਭਾਵੇਂ ਨਾਲ ਬਲੋਚਾਂ ਦੇ ਲਾਈ ਯਾਰੀ, ਫਿਰ ਵੀ ਸੱਸੀਏ ! ਸ਼ਹਿਰ ਭੰਬੋਰ ਤੇਰਾ ॥ 23 ਸਾਨੂੰ ਵਾਘਿਉਂ – ਪਾਰਲੇ ਯਾਦ ਆਉਂਦੇ, ਸਾਨੂੰ ਯਾਦ ਕਰ ਕਰ ਉਹ ਵੀ ਝੂਰਦੇ ਨੇ । ਨੇੜੇ ਹੋਣ ਤਾਂ ਕੰਨਾਂ ਦਾ ਖਉ ਹੁੰਦੇ, ਹੁੰਦੇ ਢੋਲ ਸੁਹਾਵਣੇ ਦੂਰ ਦੇ ਨੇ । ਜਿਹੜੇ ਓਪਰੀ ਥਾਲੀ ਵਿੱਚ ਨਜ਼ਰ ਆਉਂਦੇ, ਵੱਡੇ ਜਾਪਦੇ ਨੇ, ਪਰ ਉਹ ਬੂਰ ਦੇ ਨੇ । ਵੀਰੋ ਭੋਲਿਉ ! ਆਪਣਾ ਥਾਲ ਤੱਕੋ, ਏਧਰ ਸੁੱਕ ਚੱਲੇ ਮੋਤੀਚੂਰ ਦੇ ਨੇ ॥ 24 ਪੰਛੀ ਜਿਹੜੇ ਠਠਿਆਰਾਂ ਦੇ ਗੁਆਂਢ ਰਹਿੰਦੇ, ਹੁੰਦੀ ਉਨ੍ਹਾਂ ਦੇ ਲਈ ‘ਠਾਹ-ਠਾਹ' ਕੀ ਏ ? ਝੂਠ ਬੋਲਣਾ ਹੱਕ ਹੈ ਸਿਰਫ਼ ਸਾਡਾ, ਸਾਡੇ ਹੁੰਦਿਆਂ ਕਿਸੇ ਦੀ ਜਾਹ ਕੀ ਏ ? ਅਮਰਵੇਲ ਨੂੰ ਜੜ੍ਹਾਂ ਦੀ ਲੋੜ ਕੋਈ ਨਾ, ਸਾਨੂੰ ਕਿਸੇ ਦੀ ਫੇਰ ਪਰਵਾਹ ਕੀ ਏ ! ਰੱਖੋ ਪਰੇ ਅਖ਼ਬਾਰ ਨੂੰ ਤਹਿ ਕਰਕੇ, ਦੱਸੋ ਅੱਜ ਦੀ ਤਾਜ਼ਾ ਅਫ਼ਵਾਹ ਕੀ ਏ ?। 25 ਅੱਗ ਵਾਂਙ ਅਫ਼ਵਾਹ ਸੀ ਇੱਕ ਫ਼ੈਲੀ, ਟੈਂਕੀ ਵਿੱਚ ਹੈ ਕਿਸੇ ਨੇ ਜ਼ਹਿਰ ਪਾਇਆ । ਲੱਤਾਂ ਕੰਬੀਆਂ, ਤੁਰਤ ਬੇਹੋਸ਼ ਹੋਇਆ, ਜਿਨ੍ਹੇ - ਕਿਨ੍ਹੇ ਵੀ ਪਾਣੀ ਨੂੰ ਮੂੰਹ ਲਾਇਆ ! ਫ਼ਿਕਰਮੰਦ ਹੋ ਕੇ ਅਸਾਂ ਫ਼ੋਨ ਕੀਤਾ, ਅੱਗੋਂ ਹੱਸ ਕੇ ਦੇਂਦਾ ਜਵਾਬ ਤਾਇਆ : 'ਕਾਹਦੇ ਵਿੱਚ ਸੀ ਕਿਸੇ ਨੇ ਜ਼ਹਿਰ ਪਾਉਣਾ, ਹਫਤਾ ਹੋ ਗਿਐ ਪਾਣੀ ਹੀ ਨਹੀਂ ਆਇਆ ॥' 26 ਪਤਾ ਨਹੀਂ ਕਿਸਦੀ ਮੌਲਿਕ ਸਿਰਜਣਾ ਸੀ, ਜਿਸਨੇ ਸੁਣੀ ਉਸਦੇ ਮੂੰਹੋਂ 'ਵਾਹ' ਨਿਕਲੀ । ਮਾਰਨ ਵਾਲੇ ਦਾ ਕਾਲਜਾ ਕੰਬਿਆ, ਜਦ— ਮਰਨ ਵਾਲੇ ਦੀ ਆਖ਼ਰੀ ‘ਆਹ' ਨਿਕਲੀ। ਕਿਲਿਆਂ ਵਿੱਚ ਨਾ ਕੈਦ ਸੱਚਾਈ ਰਹਿੰਦੀ, ਨਿਕਲੀ ਜਦੋਂ, ਕੰਧਾਂ ਕੌਲੇ ਢਾਹ ਨਿਕਲੀ । ਖ਼ਬਰ ਗਰਮ ਸੀ ਗ਼ਾਲਿਬ ਦੇ ਪੁਰਜ਼ਿਆਂ ਦੀ, ਵੇਖਣ ਗਏ ਤਾਂ ਨਿਰੀ ਅਫ਼ਵਾਹ ਨਿਕਲੀ ॥ 27 ਕਹਿੰਦੇ ਕਾਲਜੋਂ ਕੱਢ ਕੇ ਮਾਰਿਆ ਸੀ, ਜਿਹੜੇ ਮੁੰਡੇ ਨੇ ਕੀਤੀ ਕਿਤਾਬ ਚੋਰੀ । ਕਿਹੜੀ ਕਿਹੜੀ ਤ੍ਰੀਮਤ ਹੈ ਹੋਈ ਰੰਡੀ, ਛੜੇ ਬੈਠ ਕੇ ਕਰਨ ਹਿਸਾਬ ਚੋਰੀ । ਬੰਦਾ ਖੁੱਲ੍ਹੀ ਕਿਤਾਬ ਦੇ ਵਾਂਙ ਹਾਜ਼ਰ, ਰੱਖੀ ਕਦੇ ਨਾ ਕੋਈ ਜਨਾਬ ! ਚੋਰੀ। ਕਿਸੇ ਠਾਣੇ ਰਪੋਟ ਨਾ ਦਰਜ ਹੋਈ, ਦਿਨ - ਦੀਵੀਂ ਹੋ ਗਿਆ ਪੰਜਾਬ ਚੋਰੀ ॥ 28 ਚੋਣ ਲੜੋ ਜਾਂ ਲੜੋ ਸਰਹੱਦ ਉੱਤੇ, ਔਖੀ ਜਿੱਤ ਤੇ ਹਾਰ ਹੈ ਬੜੀ ਸੌਖੀ । ਏਹੋ ਜਿਹੇ ਮੌਕੇ ਜੰਤਾ ਸੁਖੀ ਰਹਿੰਦੀ, ਨਾਲੇ ਰਹਿੰਦੀ ਸਰਕਾਰ ਹੈ ਬੜੀ ਸੌਖੀ। ਪਹਿਰਾ ਸੱਚ 'ਤੇ ਦੇਣਾ ਹੈ ਖਰਾ ਔਖਾ, ਗੱਪ ਮਾਰਨੀ, ਯਾਰ ! ਹੈ ਬੜੀ ਸੌਖੀ । ਔਖਾ ਬੜਾ ਬਿਠਾਉਣਾ ਹੈ ਉੱਡਦੀ ਨੂੰ, ਬਣਦੀ ਖੰਭਾਂ ਤੋਂ ਡਾਰ ਹੈ ਬੜੀ ਸੌਖੀ॥ 29 ਰੇਗਿਸਤਾਨ ਵਿੱਚ ਗਰਮ ਹਨੇਰੀਆਂ ਨੇ, ਸਾਗਰ ਵਿਚ ਬੂੰਦਾ – ਬਾਂਦੀ ਹੋਈ ਜਾਂਦੀ। ਏਧਰ ਚਿਰਾਂ ਤੋਂ ਮੁਲਕ ਨੂੰ ਅੱਗ ਲੱਗੀ, ਓਧਰ ਸਿਰਫ਼ ਗਾਂਧੀ - ਗਾਂਧੀ ਹੋਈ ਜਾਂਦੀ। ਬਦਲੇ ਬਦਲੇ ਤਬਦੀਲੀ ਦੇ ਤੌਰ ਲੱਗਣ, ਕਦੇ ਕਦੇ, ਆਉਂਦੀ – ਜਾਂਦੀ ਹੋਈ ਜਾਂਦੀ। ਬਦਲਣ ਲੱਗੇ ਨੇ ਅਰਥ ਮੁਹਾਵਰੇ ਵੀ, ਸੋਨੇ ਵਾਲਿਆਂ ਦੀ ਚਾਂਦੀ ਹੋਈ ਜਾਂਦੀ ॥ 30 ਮਾੜੇ - ਚੰਗੇ ਹਰ ਫਿਰਕੇ ਦੇ ਵਿੱਚ ਹੁੰਦੇ, ਤੂੰ ਤਾਂ ਸਾਨੂੰ ਇਕ ਵਾਢਿਉਂ ਭੰਡ ’ਤਾ ਉਏ ! ਸਦਾ ਗ੍ਰਹਿਣ ਦੇ ਹੇਠ ਨਾ ਰਹਿਣ ਲੱਗੀ, ਸੂਰਜ ਵਿੱਚ ਹੈ ਜਿਹੜੀ ਪਰਚੰਡਤਾ ਉਏ ! ਤੇਰੇ ਨਾਲੋਂ ਵੀ ਵੱਧ ਅਜ਼ੀਜ਼ ਸਾਨੂੰ, ਕੌਮੀ ਏਕਤਾ ਅਤੇ ਅਖੰਡਤਾ ਉਏ ! ਦੋਖੀ ਨਹੀਂ ਹਾਂ, ਅਸੀਂ ਜਜਮਾਨ ਤੇਰੇ, ਸਾਨੂੰ ਗ਼ੈਰ ਨਾ ਸਮਝ ਤੂੰ ਪੰਡਤਾ ਉਏ !। 31 ਪੈਰ ਤਿਲਕਿਆ ਭੱਜ ਗਏ ਹੱਡ ਗੋਡੇ, ਸੜਕ ਉਤੇ ਸੀ ਕਿਤੇ ਪਟਰੌਲ ਡਿੱਗਾ । ਫੁੱਟਪਾਥ 'ਤੇ ਪਿਆ 'ਦਰਵੇਸ਼’ ਜ਼ਖਮੀ, ਪਰ ਨਾ ਹੱਥ ਦੇ ਵਿੱਚੋਂ ਕਚਕੌਲ ਡਿੱਗਾ। ਬਗ਼ਲੀ ਉਹਦੀ ਨੂੰ ਜ਼ਰਾ ਨਾ ਜ਼ੋਅਫ਼ ਆਇਆ, ਠੂਠੇ ਵਿੱਚੋਂ ਨਾ ਇੱਕ ਵੀ ਚੌਲ ਡਿੱਗਾ । ਜਦੋਂ ਪਕੜ ਕੇ ਲੋਕਾਂ ਨੇ ਖੜ੍ਹਾ ਕੀਤਾ, ਉਹਦੀ ਨੇਂਘ ਦੇ ਵਿਚੋਂ ਪਸਤੌਲ ਡਿੱਗਾ ॥ 32 ਡਿੱਠਾ ਸਾਹਮਣੇ, ਦਏ ਗਵਾਹੀ ਕੋਈ ਨਾ, ਕਤਲ ਸੜਕ 'ਤੇ, ਸਿਖ਼ਰ ਦੁਪਹਿਰ ਹੋਇਆ । ਮਰਨ ਵੇਲੇ ਨਾ ਇੱਕ ਵੀ ਕੋਲ ਖੜਿਆ, ਮਾਤਮ ਵਾਸਤੇ 'ਕੱਠਾ ਹੈ ਸ਼ਹਿਰ ਹੋਇਆ। ਹਾਕਮ ਸੁਣੇ ਨਾ ਬੁੜ੍ਹੇ ਦੀ ਗੱਲ ਕੋਈ, ਮੁੜ ਮੁੜ ਕਹੀ ਜਾਵੇ : ਬਾਬਾ ! ਕਹਿਰ ਹੋਇਆ । ਰਪਟ ਲਿਖੀ ਕਿ ਕੇਸ ਹੈ ਖ਼ੁਦਕੁਸ਼ੀ ਦਾ, ਜੇਬ ਵਿੱਚੋਂ ਬਰਾਮਦ ਹੈ ਜ਼ਹਿਰ ਹੋਇਆ॥ 33 ਅੱਜਕੱਲ੍ਹ ਸੁਣੇ ਨਾ ਕੋਈ ਅਕਾਸ਼ਵਾਣੀ, ਐਸਾ ਜਾਲ ਵਿਛਾਇਆ ਹੈ ਟੀਵੀਆਂ ਨੇ। ਬੈਨ ਕਰੋ ਮਾਸ਼ੂਕਾਂ ਦੀ ਪਾਰਟੀ ਨੂੰ, ਮਤਾ ਪਾਸ ਕੀਤਾ ਰਲ ਕੇ ਬੀਵੀਆਂ ਨੇ। ਭੈਣਾਂ ਅਤੇ ਭਰਜਾਈਆਂ ਦਾ 'ਕੱਠ ਹੋਇਆ, ਬੁੱਲ੍ਹੇਸ਼ਾਹ ਨੂੰ ਘੇਰਿਆ ਤੀਵੀਆਂ ਨੇਂ । ਆਮ ਆਦਮੀ ਰੌਲੇ ਦੇ ਵਿੱਚ ਰੁਲਿਆ, ਐਸਾ ਗੰਦ ਪਾਇਆ ਬੁੱਧੀਜੀਵੀਆਂ ਨੇ ॥ 34 ਕਵੀ-ਓ-ਵਾਚ ਇਹ ਨਹੀਂ ਅਕਾਸ਼ਵਾਣੀ, ਸੱਚੋ ਸੱਚ ਨਿਕਲੂ, ਨੋਟ ਕਰ ਲਿਆ ਜੇ । ਕਲਮਾਂ ਵਾਲਿਉ ! ਵੇਲਾ ਜੇ ਬੋਲਣੇ ਦਾ, ਚੁੱਪ ਰਹੇ ਤਾਂ ਆਪਣਾ ਸਰ ਲਿਆ ਜੇ ! ਜਿਸਦੀ ਅੱਖ ਦੁਖਿਆਂ ਲਾਲੀ ਰੜਕਦੀ ਸੀ, ਕੀਕਣ ਓਸਦੀ ਮੌਤ ਨੂੰ ਜਰ ਲਿਆ ਜੇ ? ਲਿਖ ਲਿਖ ਮਰਸੀਏ ਹੁਣੇ ਤੋਂ ਧਰੀ ਜਾਵੋ, ਲੋੜ ਸਮੇਂ ਖ਼ਾਲੀ ਥਾਵਾਂ ਭਰ ਲਿਆ ਜੇ ॥ 35 ਸਾਡੇ ਕੰਨਾਂ ਨੂੰ ਅੰਤ ਅਭਿਆਸ ਹੋਇਆ, ਗ਼ਲਤ-ਮਲਤ ਉੱਚਾਰਨ ਹਾਂ ਸੁਣੀ ਜਾਂਦੇ। ਪਤਾ ਲੱਗਦਾ ਨਾ, ਕਿਹੜੇ ਹੱਥ ਹੋਈਏ, ਵੱਜਦੇ ਹਵਾ ਵਿੱਚ ਹਾਰਨ ਹਾਂ ਸੁਣੀ ਜਾਂਦੇ। ਸਭ ਕੁਝ ਅੱਖੀਆਂ ਦੇ ਸਾਹਵੇਂ ਵੇਖਦੇ ਹਾਂ, ਪਿੱਛੇ 'ਹੈਂਡ' ਕੋਈ 'ਫਾਰਨ' ਹਾਂ ਸੁਣੀ ਜਾਂਦੇ। ਅੰਬਰ ਵਿੰਨ੍ਹਿਆਂ ਸਾਡਾ ਐਂਟੀਨਿਆਂ ਨੇ, ਬੈਠੇ ਕੌਮੀ ਪ੍ਰਸਾਰਨ ਹਾਂ ਸੁਣੀ ਜਾਂਦੇ ॥ 36 ਜੋ ਕੁਝ ਉਹਨਾਂ ਕਰਾਇਆ ਹੈ ਕੰਠ ਸਾਨੂੰ, ਅੱਖਾਂ ਮੀਟ ਕੇ ਭਾਖਿਆਕਰੀ ਜਾਈਏ। ਅਸੀਂ ਉਹਨਾਂ ਦੇ ਪੱਕੇ ਹਾਂ ਕਰਮਚਾਰੀ, ਜਿੱਦਾਂ ਉਹਨਾਂ ਨੇ ਆਖਿਆ, ਕਰੀ ਜਾਈਏ । ਸਾਡੇ ਬੱਗੇ ਨੂੰ ਵੀ ਜੇ ਉਹ ਕਹਿਣ ਲਾਖਾ, ਅਸੀਂ ਲਾਖਿਆ ! ਲਾਖਿਆ ! ਕਰੀ ਜਾਈਏ । ਭਾਵੇਂ ਸਾਨੂੰ ਪ੍ਰਸੰਗ ਦਾ ਪਤਾ ਕੋਈ ਨਾ, ਫਿਰ ਵੀ ਅਸੀਂ ਵਿਆਖਿਆ ਕਰੀ ਜਾਈਏ ॥ 37 ਕਿਹੋ ਜਿਹਾ ਮਾਹੌਲ ਹੈ ਅਜਨਬੀ ਇਹ, ਬੰਦਾ ਆਪਣਾ ਨਾਮ ਵੀ ਭੁੱਲ ਗਿਆ ਹੈ। ਭਜਨ ਅਤੇ ਹਰਿਭਜਨ ਦੀ ਸੋਚ ਇੱਕੋ, ਵੱਡੇ-ਵੱਡਿਆਂ ਦਾ ਪਾਜ ਖੁੱਲ੍ਹ ਗਿਆ ਹੈ । ਬੇਰ ਡੁੱਲ੍ਹਣੋਂ ਅਸਾਂ ਬਚਾਈ ਰੱਖੇ, ਭਾਵੇਂ ਘਿਉ ਦਾ ਘੜਾ ਤਾਂ ਡੁੱਲ੍ਹ ਗਿਆ ਹੈ । ਖ਼ਬਰ ਲੱਗੀ ਨਾ ਮੌਸਮ ਦੇ ਮਹਿਕਮੇ ਨੂੰ, ਜਿਹੜਾ ਦਿਲਾਂ ਅੰਦਰ ਝੱਖੜ ਝੁੱਲ ਗਿਆ ਹੈ ॥ 38 ਮਰਦੀ ਸੱਸੀ ਨੂੰ ਪਿਆ ਸਮਝਾਏ ਹਾਸ਼ਮ, ਊਠਾਂ ਵਾਲਿਆਂ ਇਸ਼ਕ ਦੀ ਸਾਰ ਕੀ ਏ ! ਜਿੱਥੇ ਖ਼ਬਰ ਨਾ ਸਨਸਨੀਖੇਜ਼ ਛਪਦੀ, ਕਰਨੀ ਲੋਕਾਂ ਨੇ ਐਸੀ ਅਖ਼ਬਾਰ ਕੀ ਏ ? ਚੁੱਪ-ਚਾਪ ਹੱਕੀ ਮੰਗਾਂ ਮੰਨ ਲਏ ਜੋ, ਦੱਸੋ ਭਲਾ ਉਹ ਫੇਰ ਸਰਕਾਰ ਕੀ ਏ ! ਜਿੱਥੇ ਵੀਰ ਨਾ ਵੀਰਾਂ ਦਾ ਲਹੂ ਡੋਲ੍ਹਣ, ਓਸ ਮਿੱਟੀ ਦਾ ਸੱਭਿਆਚਾਰ ਕੀ ਏ ॥ 39 ਖ਼ੂਨੋ-ਖ਼ੂਨ ਅਖ਼ਬਾਰ ਦੇ ਹੋਏ ਵਰਕੇ, ਹੋਈਆਂ ਪਈਆਂ ਨੇ ਹਾਲੋਂ ਬੇਹਾਲ ਖ਼ਬਰਾਂ । ਬੰਦਾ ਭੱਜ ਕੇ ਜਾਏ ਤਾਂ ਜਾਏ ਕਿੱਥੇ ?- ਚੌਹੀਂ ਕੂਟੀਂ ਵਿਛਾਇਆ ਹੈ ਜਾਲ ਖ਼ਬਰਾਂ । ਪੇਪਰ ਚੁੱਕਦਿਆਂ ਹੀ ਬਾਬਾ ਯਾਦ ਆਉਂਦੈ, ਨਦਰੋ-ਨਦਰ ਹੀ ਕਰਨ ਨਿਹਾਲ ਖ਼ਬਰਾਂ । ਅਸੀਂ ਸੁਰਖ਼ੀਆਂ ਵਾਚ ਕੇ ਧੰਨ ਹੋ ਗਏ, ਕਿਹੜਾ ਪੜ੍ਹੇ, ਤਫ਼ਸੀਲ ਦੇ ਨਾਲ ਖ਼ਬਰਾਂ ॥ 40 ਸਾਡੇ ਪੈਰਾਂ ਨੂੰ ਬਿੱਲੀਆਂ ਬੱਝੀਆਂ ਨੇ, ਚਉ ਨਾਲ ਨਾ ਕਿਤੇ ਵੀ ਖੜ੍ਹਾਂਗੇ ਜੀ । ਕਾਟ ਕਿਸੇ ਦਲੀਲ ਨੇ ਨਹੀਂ ਕਰਨਾ, ਅਸੀਂ ਆਪਣੀ ਗੱਲ 'ਤੇ ਅੜਾਂਗੇ ਜੀ । ਸਾਡੇ ਵਾਸਤੇ ਖੰਭੇ ਹੀ ਗੱਡ ਛੱਡੋ, ਖੁਸ਼ੀ-ਖੁਸ਼ੀ ਆਪਾਂ ਉਤਰਾਂ – ਚੜ੍ਹਾਂਗੇ ਜੀ । ਕਿਸੇ ਬਾਹਰਲੇ ਨਾਲ ਲੜਾਈ ਛੇੜੋ, ਨਹੀਂ ਤਾਂ ਆਪਸ ਦੇ ਵਿੱਚ ਹੀ ਲੜਾਂਗੇ ਜੀ ॥ 41 ਮਸਲਾ ਯੁਵਕਾਂ ਦਾ ਯੁਵਕ ਹੀ ਸਮਝਦੇ ਨੇ, ਆਉਣੀ ਸਮਝ ਕੀ ਬੁੱਢਿਆ ਠੇਰਿਆਂ ਨੂੰ । ਫੜ ਕੇ ਆਪਸ ਦੇ ਵਿੱਚ ਲੜਾਈ ਜਾਂਦੇ, ਐਵੇਂ ਤਿੱਤਰਾਂ ਅਤੇ ਬਟੇਰਿਆਂ ਨੂੰ । ਉਹਨਾਂ ਘਰਾਂ ਵਿੱਚ ਵੀ ਚਾਨਣ ਚਾਹੀਦਾ ਏ, ਦੇਂਦੇ ਰੌਸ਼ਨੀ ਜਿਹੜੇ ਬਨੇਰਿਆਂ ਨੂੰ । ਮੁੰਡੇ ਵੇਖ ਕੇ ਮੌਸਮ ਦੀ ਸਰਦ - ਮਿਹਰੀ, ਭੱਜੇ ਜਾਂਦੇ ਨੇ ਸੰਤਾਂ ਦੇ ਡੇਰਿਆਂ ਨੂੰ ॥ 42 ਚੰਡੀਗੜ੍ਹ ਵਿੱਚ ਰਾਂਝੇ ਨੇ ਕਲਿਨਿਕ ਖੋਲ੍ਹੀ, ਬਿਨਾ ਯੋਗਤਾ ਦੇ ਹੀਰ ਬਣੀ ‘ਸਿਸਟਰ' । ਰਾਂਝਾ ਆਖਦਾ ਹੀਰ ਨੂੰ : ਸੁਣੋ ਮੈਡਮ !- ਹੀਰ ਹੱਸਕੇ ਆਖਦੀ : ਯੈਸ ਮਿਸਟਰ ! ਕਹਿੰਦਾ, ਕਿਸੇ ਨੂੰ ਅੰਦਰ ਨਾ ਆਉਣ ਦੇਣਾ, ਭਾਵੇਂ ਹੋਏ ਮਰੀਜ਼, ਜਾਂ ਕੋਈ ਵਿਜ਼ਟਰ । 'ਕੱਠੇ ਬੈਠ ਕੇ ਆਖ਼ਰੀ ਗੀਤ ਸੁਣੀਏ, ਬੱਸ ਵਿੱਚੋਂ ਹੈ ਲੱਭਾ ਟਰਾਂਜਿਸਟਰ ॥ 43 ਅਸੀਂ ਭੁੱਲ ਬੈਠੇ ਉਹਨਾਂ ਨੱਤੀਆਂ ਨੂੰ, ਬਣੀਆਂ ਹੱਸ ਕੇ ਜੋ ਪਿੱਪਲ – ਪੱਤੀਆਂ ਨੇ। ਕਰਦੀ ਉਮਰ ਹੰਕਾਰ ਸਿਆਣਪਾਂ ਦਾ, ਮਾਣ ਨਾਲ ਜਵਾਨੀਆਂ ਮੱਤੀਆਂ ਨੇ। ਖੂੰਜੇ ਲੱਗ ਕੇ ਝੂਰਦੇ ਰਹਿਣ ਦੀਵੇ, ਕਿੰਨਾ ਵਖ਼ਤ ਪਾਇਆ ਆ ਕੇ ਬੱਤੀਆਂ ਨੇ। ਤੱਤੇ ਪਾਣੀਆਂ ਨਾਲ ਨਾ ਸੜਨ ਕੋਠੇ, ਦਿਲ ਨੇ ਫੂਕ ਸੁੱਟੇ - ਗੱਲਾਂ ਤੱਤੀਆਂ ਨੇ ॥ 44 ਦੁਖੀ ਰਾਂਝੇ ਨੇ ਭਾਈਆਂ ਨੂੰ ਪਾਈ ਚਿੱਠੀ : ਮੈਨੂੰ ਸੱਦ ਲਉ ਵੀਰ ! ਮੁਰੱਬਿਆਂ 'ਤੇ । ਬੈਠੇ ਰਹਿੰਦੇ ਨੇ ਹੱਥ 'ਤੇ ਹੱਥ ਧਰ ਕੇ, ਖੱਬੇ ਸੱਜਿਆਂ 'ਤੇ, ਸੱਜੇ ਖੱਬਿਆਂ 'ਤੇ । ਸਹਿੰਦਾ ਸਹਿੰਦਾ ਦਬਾਉ ਸਹਾਰ ਲਈਦਾ, ਬੰਦਾ ਪਾਟ ਜਾਂਦਾ, ਬਾਹਲਾ ਦੱਬਿਆਂ 'ਤੇ। ਰੋਟੀ ਵਾਸਤੇ ਵਤਨ ਵਿਸਾਰਿਆ ਸੀ, ਬੈਨ ਲੱਗਾ ਹੈ ਰੋਟੀ ਦੇ ਡੱਬਿਆਂ 'ਤੇ ॥ 45 ਹੋ ਗਈ ਹੱਲ ਤਾਂ ਦੋਸਤੋ ! ਗੱਲ ਮੁੱਕੀ, ਨੇਤਾ ਸਦਾ ਸਮੱਸਿਆ ਟਾਲਦਾ ਏ । ਉਹਨੂੰ ਪਤਾ ਹੈ, ਇਹਨਾਂ ਨੇ ਕੀ ਕਰਨੈ, ਫ਼ਿਕਰ ਜਿਹਨਾਂ ਨੂੰ ਰੋਟੀ ਤੇ ਦਾਲ ਦਾ ਏ । ਸਾਡੇ ਨਾਲ ਬਹਿ ਕੇ, ਜੀਹਨੇ ਅੱਗ ਸੇਕੀ, ਮਹਿਰਮ ਸੋਈ ਅਸਾਡੜੇ ਹਾਲ ਦਾ ਏ। ਕੀਕਣ ਨਵੇਂ ਨੂੰ ਆਖੀਏ : ਜੀ ਆਇਆਂ, ਸਾਨੂੰ ਹੈਂਗ - ਓਵਰ ਪਿਛਲੇ ਸਾਲ ਦਾ ਏ ॥ 46 ਉਹ ਫਲ ਕਹਿੰਦੇ ਹੁੰਦਾ ਬਹੁਤਾ ਵਧੀਆ, ਉੱਤੋਂ ਸਖ਼ਤ ਹੋਵੇ, ਵਿੱਚੋਂ ਨਰਮ ਹੋਵੇ। ਬਰਫ਼ ਨਾਲੋਂ ਨਾ ਹੁੰਦੀ ਕੋਈ ਚੀਜ਼ ਠੰਡੀ, ਐਪਰ ਉਹਦੀ ਤਾਸੀਰ ਵੀ ਗਰਮ ਹੋਵੇ । ਬੰਦਾ ਕਦੇ ਨਾ ਬੰਦੇ ਨੂੰ ਮਾਰ ਸਕਦਾ, ਭਾਵੇਂ ਬੰਦੇ ਦਾ ਕੋਈ ਵੀ ਧਰਮ ਹੋਵੇ। ਮਸਲੇ ਅੱਖ ਪਲਕਾਰ ਵਿੱਚ ਹੱਲ ਹੋਵਣ, ਜੇਕਰ ਲੀਡਰਾਂ ਨੂੰ ਥੋੜ੍ਹੀ ਸ਼ਰਮ ਹੋਵੇ॥ 47 ਕਰਨ ਵਾਸਤੇ ਵੱਖਰਾ ਦੁੱਧ - ਪਾਣੀ, ਬਣੀਆਂ ਦੇਸ਼ - ਵਿਦੇਸ਼ ਅਦਾਲਤਾਂ ਨੇ ! ‘ਸੱਤ ਬਚਨ' ਕਹਿ ਮੁਲਜ਼ਮਾਂ ਮੰਨਿਆ ਹੈ, ਜੋ ਵੀ ਦਿੱਤਾ ਆਦੇਸ਼ ਅਦਾਲਤਾਂ ਨੇ। ਨਿਕਲ ਆਏ ‘ਨਿਆਂ' ਤਾਂ ਲਾਟਰੀ ਹੈ, ‘ਨਿਰਣੇ’ ਦਿੱਤੇ ਹਮੇਸ਼ ਅਦਾਲਤਾਂ ਨੇ । ਮੰਗੇ ਅਸੀਂ ਵਿਸ਼ੇਸ਼ ਅਧਿਕਾਰ ਯਾਰੋ !- ਮਿਲੀਆਂ ਸਾਨੂੰ ਵਿਸ਼ੇਸ਼ ਅਦਾਲਤਾਂ ਨੇ॥ 48 ਯਾਰੋ ! ਖੇਡ ਦਾ ਬੜਾ ਸਵਾਦ ਆਉਂਦੈ, ਹੋਈ ਹੋਏ ਜੇਕਰ, ਹਾਣੀ-ਵੰਡ ਚੰਗੀ । ਅਸੀਂ ਤਾਲੇ ਦਰਿਆਵਾਂ ਨੂੰ ਨਹੀਂ ਲਾਉਣੇ, ਅਸੀਂ ਮੰਗਦੇ ਹਾਂ ਪਾਣੀ - ਵੰਡ ਚੰਗੀ । ਤੈਥੋਂ ਮੰਗਦੇ ਨਹੀਂ ਪਟਵਾਰ - ਖ਼ਾਨਾ, ਜੱਟ ਮੰਗਦੇ ਨੇ, ਜਾਣੀ, ਵੰਡ ਚੰਗੀ । ਸਿੱਟਾ ਕੱਢਿਆ ਅੰਤ ਸੁਜਾਖਿਆਂ ਨੇ, ਅੰਨ੍ਹੀ ਲੁੱਟ ਨਾਲੋਂ, ਕਾਣੀ ਵੰਡ ਚੰਗੀ ॥ 49 ਇੱਜ਼ਤ ਥੋਡੀ ਤੇ ਸਾਡੀ ਵੀ ਗੱਲ ਰਹਿਜੇ, ਆਉ, ਕਰੋ ਸੌਦਾ, ਗੱਲ ਲਾਉ ਬੰਨੇ । ਇੱਕ – ਅੱਧੀ ਤਾਂ ਸਾਡੀ ਵੀ ਤੁਸੀਂ ਮੰਨੋ, ਥੋਡੇ ਸਾਰੇ ਮਤਾਲਬੇ ਅਸੀਂ ਮੰਨੇ। ਰਲ ਕੇ ਅਸੀਂ ਰਿਉੜੀਆਂ ਵੰਡ ਲਈਏ, ਜੀਕਣ ਗੁੜ ਕੋਈ ਬੁੱਕਲ ਦੇ ਵਿੱਚ ਭੰਨੇ । ਇਹੋ ਗੱਲ ਹੀ ਅਸੀਂ ਸਾਂ ਕਹਿਣ ਵਾਲੇ, ਪਰ ਪਏ ਸੋਚਦੇ ਸਾਂ, ਘੰਟੀ ਕੌਣ ਬੰਨ੍ਹੇ ?! 50 ਝੂਠੀ ਮੂਠੀ ਦਾ ਪਾ ਲਿਆ ਕੱਖ ਆਪਾਂ, ਜਾਣ - ਬੁੱਝ ਕੇ ਮੀਟੀਆਂ ਅੱਖੀਆਂ ਨੇ । ਪਹਿਲਾਂ ਸਾਡੀਆਂ ਮੰਨੋ ਤਾਂ ਗੱਲ ਕਰੀਏ, ਦੋਹਾਂ ਧਿਰਾਂ ਨੇ ਹੀ ਸ਼ਰਤਾਂ ਰੱਖੀਆਂ ਨੇ । ਭਾਵੇਂ ਕਿਸੇ ਚੁਬਾਰੇ 'ਤੇ ਖਾਉ ਲੱਡੂ, ਪੈੜ ਕੱਢ ਹੀ ਲੈਂਦੀਆਂ ਮੱਖੀਆਂ ਨੇ। ਵਿਚਲੀ ਗੱਲ ਜਦ ਲੋਕਾਂ ਨੂੰ ਸਮਝ ਆਈ, ਹੱਸ ਹੱਸ ਕੇ ਟੁੱਟੀਆਂ ਵੱਖੀਆਂ ਨੇ ॥ 51 ਮਸਤ ਵੇਖ ਸੁੱਤਾ ਬਾਂਕਾ ਸ਼ੈਲ ਨੱਢਾ, ਹੀਰ ਹਉਮੈ ਦੇ ਵਿੱਚ ਗ਼ਲਤਾਨ ਹੋਈ। ਏਹੋ ਜਿਹੇ, ਸਾਡੇ ਮੰਗੂ ਚਾਰਦੇ ਨੇ, ਸਖੀਆਂ ਸਾਹਮਣੇ ਹੀਰ ਸੁਲਤਾਨ ਹੋਈ। ਲਾਸੋ - ਲਾਸ ਪੰਜਾਬ ਦੇ ਵਾਂਙ ਪਿੰਡਾ, ਕਹਿੰਦੀ : ਕੀਮਤੀ ਸੇਜ ਵੀਰਾਨ ਹੋਈ। ਰਾਂਝੇ ਉਠ ਕੇ ਆਖਿਆ : ਵਾਹ ਸੱਜਣ !- ਹੀਰ ਹੱਸ ਕੇ ਤੇ ਮਿਹਰਵਾਨ ਹੋਈ ॥ 52 ਉਂਗਲ ਜਦੋਂ ਪਹੁੰਚੀ ਠੀਕ ਨਬਜ਼ ਉੱਤੇ, ਪਲਕ - ਝਲਕ ਅੰਦਰ ਅਹੁਰ ਵੱਲ ਹੋ ਗਈ। ਸ਼ੁਕਰ ਗੁਰੂ ਦਾ, ਗੁਰੂ ਨੇ ਮਿਹਰ ਕੀਤੀ, ਕਾਇਮ ਫੇਰ ਪੰਜਾਬ ਦੀ ਭੱਲ ਹੋ ਗਈ । ਨੇਤਾ, ਸਾਡੇ ਨੇ ਬੜੇ ਹੀ ਕਰਾਮਾਤੀ, ਚੁਟਕੀ ਮਾਰੀ, ਸਮੱਸਿਆ ਹੱਲ ਹੋ ਗਈ । ਪਾਣੀ ਵਿੱਚੋਂ ਮਧਾਣੀ ਹੁਣ ਕੱਢ ਲਉ ਜੀ, ਮੁੱਕੀ ਗੱਲ, ਜਦ ਮਰਦਾਂ ਦੀ ਗੱਲ ਹੋ ਗਈ॥ 53 ਮਸਲੇ ਜਿਹੜੇ ਨਾ ਤੋਪਾਂ ਤੋਂ ਹੱਲ ਹੁੰਦੇ, ਕਰੀਏ ਹੱਲ ਉਹ, ਕਲਮ ਚਲਾਇਕੇ ਜੀ ! ਪੰਜਾਂ ਪੀਰਾਂ ਨੂੰ ਰਾਂਝੇ ਪ੍ਰਸੰਨ ਕੀਤਾ, ਇੱਕੋ ਪਿਆਰ ਦੀ ਵੰਝਲੀ ਵਾਇ ਕੇ ਜੀ। ਛੱਡੋ ਪਿਛਲੀਆਂ, ਬਾਬਿਉ ! ਹੱਦ ਹੋ ਗਈ, ਯਾਰ ਕਹਿੰਦੇ ਗਲਵੱਕੜੀ ਪਾਇ ਕੇ ਜੀ । ਕਾਦਰਯਾਰ ਲੈ ਚੱਲਿਆ ਸੁੰਦਰਾਂ ਨੂੰ, ਪੂਰਨ ਹੁਸਨ ਦੀ ਉਂਗਲੀ ਲਾਇਕੇ ਜੀ॥ 54 ਅਸੀਂ ਲੱਖ ਲੜੀਏ, ਅਸੀਂ ਲੱਖ ਭਿੜੀਏ, ਵਿੱਚੋਂ ਇੱਕ ਆਪਾਂ, ਸਾਡਾ ਰੱਬ ਜਾਣੇ । ਤਾਹੀਉਂ ਤੁਸੀਂ ਸਾਨੂੰ ਕਮਲੇ ਸਮਝਦੇ ਓ, ਸਾਡੇ ਖੇਤ ਕਣਕਾਂ, ਧੋਡੇ ਘਰੀਂ ਦਾਣੇ । ਸਾਰੇ ਰੋਂਦੇ ਨੇ ਆਪਣੇ ਲਾਲਚਾਂ ਨੂੰ, ਦੁੱਖ ਦਰਦ ਪੰਜਾਬ ਦਾ ਕੌਣ ਜਾਣੇ । ਅਸੀਂ ਕਰਾਂਗੇ ਗੱਲ “ਪੰਜਾਬੀਅਤ” ਦੀ, ਲੰਡਨ ਹੋਈਏ, ਲਾਹੌਰ, ਜਾਂ ਲੁੱਧਿਆਣੇ ॥ 55 ਸਦਾ ਰਹੂ ਪੰਜਾਬ ਪੰਜਾਬੀਆਂ ਦਾ, ਦੂਤੀ ਲਾਉਣ ਲੂਤੀ ਭਾਵੇਂ ਲੱਖ ਵਾਰੀ । ਸ਼ਮ੍ਹਲੇ ਉਨ੍ਹਾਂ ਦੇ ਝੂਲਦੇ ਸਦਾ ਉੱਚੇ, ਕੀਮਤ ਅਣਖ ਦੀ ਜਿਹਨਾਂ ਨੇ ਸਦਾ ਤਾਰੀ । ਬਾਕੀ ਬਹਿਸਾਂ ਤਾਂ ਖ਼ਲਲ ਦਿਮਾਗ਼ ਦਾ ਨੇ, ਨੁਕਤੇ ਇੱਕ 'ਤੇ ਮੁੱਕਦੀ ਬਾਤ ਸਾਰੀ । ਏਥੇ ਵੱਸਦੇ ਗੁਰੂ ਦੇ ਸਿੱਖ ਸਾਰੇ, ਕੋਈ ਕੇਸਧਾਰੀ, ਕੋਈ ਸਹਿਜਧਾਰੀ ॥ 56 ਉਹਨਾਂ ਤਾਈਂ ਮੁਥਾਜੀ ਨਾ ਸੜਕ ਸੰਦੀ, ਜਿਨ੍ਹਾਂ ਖੰਭਾਂ ਦੇ ਵਿੱਚ ਉਡਾਰੀਆ ਦੇ ਨੇ । ਹਿੰਦੂ-ਸਿੱਖ ਨਾ ਹੋਏ ਅਲੱਗ, ਭਾਵੇਂ – ਬੈਨ ਹੋ ਗਈਆਂ ਡਬਲ ਸਵਾਰੀਆਂ ਨੇ । ਕੋਈ ਲਿਖੇ ਇਤਿਹਾਸ ਤਾਂ ਮੁੱਲ ਪਾਵੇ, ਅਸਾਂ ਨਫ਼ਰਤਾਂ ਕਿੰਞ ਦੁਰਕਾਰੀਆਂ ਨੇ । ਸ਼ਾਹ ਮੁਹੰਮਦਾ ! ਵੇਖ ਕਮਾਲ ਹੋ ਗਈ, - ਲੋਕ ਜਿੱਤ ਗਏ ਤੇ ਫ਼ੌਜਾਂ ਹਾਰੀਆਂ ਨੇ ॥
ਅਧਿਆਇ : ਦੋ - ਕਾਲਾ
57 ਮੁਕ੍ਹੇ ਖੁੱਲ੍ਹ ਕੇ ਬਣੇ ਨੇ ਦਸਤਪੰਜੇ, ਸਾਰੇ ਕਹਿੰਦੇ ਨੇ : ਚਾਲ ਹੈ ਲੇਖਕਾਂ ਦੀ। ਜਿਹੜੇ ਲੋਕਾਂ ਨੂੰ ਪੁੱਠੀਆਂ ਦੇਣ ਮੱਤਾਂ, ਗੌਰਮਿੰਟ ਨੂੰ ਭਾਲ ਹੈ ਲੇਖਕਾਂ ਦੀ । ਕਲਮ ਸਦਾ ਹਥਿਆਰ ਹੈ ਲੇਖਕਾਂ ਦਾ, ਕਲਮ ਸਦਾ ਹੀ ਢਾਲ ਹੈ ਲੇਖਕਾਂ ਦੀ। ਸੈਂਸਰ ਨਹੀਂ, ਸਮਝੌਤੇ ਦੀ ਖ਼ੁਸ਼ੀ ਅੰਦਰ, ਕਲਮ - ਛੋੜ - ਹੜਤਾਲ ਹੈ ਲੇਖਕਾਂ ਦੀ ॥ 58 ਸਾਰਾ ਦੇਸ਼ ਹੈ ਸੋਗ ਦੇ ਵਿੱਚ ਡੁੱਬਾ, ਦਿਲਾਂ ਵਿੱਚ ਉਦਾਸੀਆਂ ਛਾਈਆਂ ਨੇ । ਸੂਤੇ ਗਏ ਸਵਾਸ ਨੇ ਡੋਡੀਆਂ ਦੇ, ਕਲੀਆਂ ਖਿੜਨ ਤੋਂ ਪਹਿਲਾਂ ਮੁਰਝਾਈਆਂ ਨੇ । ਕਾਲੇ ਹਾਸ਼ੀਏ ਨੇ ਕਲਮਾਂ ਘੇਰ ਲਈਆਂ, ਇਹ ਕੀ ਸੁੱਤੀਆਂ ਕਲਾ ਜਗਾਈਆਂ ਨੇ । ਮਸਾਂ ਮਸਾਂ ਸਨ ਆਠਰਨ ਘਾਉ ਲੱਗੇ, ਨਵੀਂਆਂ ਨਸ਼ਤਰਾਂ ਆਣ ਚਲਾਈਆਂ ਨੇ ॥ 59 ਸੁਣਿਆ ਜਦੋਂ ਸਮਝੌਤਾ ਹੈ ਹੋਣ ਲੱਗਾ, ਪਾਏ ਭੰਗੜੇ, ਯਾਰਾਂ ਦੀ ਈਦ ਹੋ ਗਈ । ਸ਼ੁਰੂ ਕੀਤੀ ਬੀਮਾਰ ਨੇ ਫੇਰ ਦਾਰੂ, ਜਦੋਂ ਜੀਣ ਦੀ ਰਤਾ ਉਮੀਦ ਹੋ ਗਈ । ਲੋਕੀਂ ਕਾਲਜਾ ਘੁੱਟ ਕੇ ਫੇਰ ਬਹਿ ਗਏ, ਕਹਿੰਦੇ : ਖਬਰਨੀਂ ਯਾਰ ! ਤਰਦੀਦ ਹੋ ਗਈ । ਕਾਲਾ ਹਾਸ਼ੀਆ ਫਿਰ ਗਿਆ ਦਿਲਾਂ ਉੱਤੇ, ਖੁਸ਼ੀ ਜੰਮਣੋਂ ਪਹਿਲਾਂ ਸ਼ਹੀਦ ਹੋ ਗਈ ॥ 60 ਉਹ ਤਾਂ ਮਾਰ ਕੇ ਨ੍ਹੇਰੇ 'ਚ ਲੋਪ ਹੋ ਗਏ, ਰਤਾ ਖ਼ਿਆਲ ਨਾ ਆਇਆ ਹੈ ਜ਼ਿੰਦਗੀ ਦਾ। ਜਿਹੜਾ ਆਦਮੀ ਡਿੱਗਿਐ ਜ਼ਖ਼ਮ ਖਾ ਕੇ, ਕਿਸੇ ਕਿੰਗਰਾ ਢਾਹਿਆ ਹੈ ਜ਼ਿੰਦਗੀ ਦਾ । ਕੌਣ ਸੋਚਦੈ, ਮੌਤਾਂ ਦਾ ਭਾਰ ਪਾ ਪਾ, ਕਿੰਨਾ ਬੋਝ ਵਧਾਇਆ ਹੈ ਜ਼ਿੰਦਗੀ ਦਾ ! ਦੁਸ਼ਮਣ ਮਰੇ ਤਾਂ ਦੋਸਤੋ ! ਖੁਸ਼ੀ ਕਾਹਦੀ, ਕਿਸਨੇ ਪਟਾ ਲਿਖਾਇਆ ਹੈ ਜ਼ਿੰਦਗੀ ਦਾ ?! 61 ਮੌਤ ਨਾਲ ਨਾ ਜੀਵਨ ਦੀ ਰੌਅ ਰੁਕਦੀ, ਜੀਵਨ ਵਿੱਚ ਤਾਂ ਵੇਗ ਅਨੰਤ ਹੁੰਦੈ। ਜੀਣ - ਮਰਨ ਤਾਂ ਓਸਦੇ ਹੱਥ ਹੁੰਦੈ, ਪੌਦਾ ਜਿਨ੍ਹੇ ਕੀਤਾ ਜੀਆ – ਜੰਤ ਹੁੰਦੈ । ਜੀਵਨ – ਦਾਨ ਸੱਚਾਈ ਲਈ ਕਰੇ ਜਿਹੜਾ, ਸੂਰਬੀਰ ਹੁੰਦੈ, ਸੱਚਾ ਸੰਤ ਹੁੰਦੈ । ਗੋਲੀ ਮਾਰਿਆਂ ਆਦਮੀ ਨਹੀਂ ਮਰਦਾ, ਇਹ ਤਾਂ ਸਿਰਫ਼ ਸਰੀਰ ਦਾ ਅੰਤ ਹੁੰਦੈ ॥ 62 ਲਾਇਆ ਜ਼ੋਰ ਚੰਗੇਜ਼ਾਂ - ਹਲਾਕੂਆਂ ਨੇ, ਹੋਈ ਨਹੀਂ ਬਾਜ਼ੀ ਮਾਤ ਜ਼ਿੰਦਗੀ ਦੀ । ਮੂਹਰੇ ਲੋਥਾਂ ਦੇ ਲੱਖਾਂ ਅੰਬਾਰ ਲਾਵੋ, ਮਾਂਦ ਨਹੀਂ ਪੈਣੀ ਝਾਤ ਜ਼ਿੰਦਗੀ ਦੀ । ਮਿਲੇ ਮੌਤ ਨੂੰ ਮਰਨ ਦਾ ਸਮਾਂ ਕਿੱਥੇ ?- ਦਿਨ ਹੈ ਜ਼ਿੰਦਗੀ ਦਾ, ਰਾਤ ਜ਼ਿੰਦਗੀ ਦੀ । ਮਿਲਦਾ ਆਇਆ ਹੁੰਗਾਰਾ ਹੈ ਜ਼ਿੰਦਗੀ ਨੂੰ, ਤਾਹੀਉਂ ਤੁਰੀ ਆਉਂਦੀ ਬਾਤ ਜ਼ਿੰਦਗੀ ਦੀ॥ 63 ਗੋਲੀ ਸਾਹਮਣੇ ਸ਼ੇਰ ਵੀ ਢੇਰ ਹੁੰਦਾ, ਇਸਦਾ ਇਲਮ ਹਰ ਆਮ ਤੇ ਖ਼ਾਸ ਨੂੰ ਹੈ। ਥੋਡੇ ਵਾਸਤੇ ਗੱਲ ਇਹ ਬੜੀ ਛੋਟੀ, ਅਖੇ, ਮਾਰਿਆ ਹੱਡ ਤੇ ਮਾਸ ਨੂੰ ਹੈ। ਸ਼ੰਕਾ ਰਤਾ ਨਾ ਥੋਡੀ ਬਹਾਦਰੀ 'ਤੇ, ਗਿਲਾ ਬਾਬਿਉ ! ਇਕੋ ਹੀ ‘ਦਾਸ’ ਨੂੰ ਹੈ। ਬੰਦਾ ਮਾਰਿਆ ਸੀ, ਬੰਦਾ ਨਹੀਂ ਮਰਿਆ, ਗੋਲੀ ਚੀਰ ਕੇ ਲੰਘੀ ਵਿਸ਼ਵਾਸ ਨੂੰ ਹੈ॥ 64 ਅਜਬ ਰੀਤ ਹੈ ਕਿ ਲੋਕੀ ਆਸ਼ਕਾਂ ਨੂੰ, ਜਾਂ ਤਾਂ ਮਰਨ ਦੇਂਦੇ, ਜਾਂ ਫਿਰ ਮਾਰ ਦੇਂਦੇ। ਬੇੜੀ ਇਸ਼ਕ ਦੀ ਡੋਬ ਕੇ ਆਪ ਹੱਥੀਂ, ਹੱਥੀਂ ਫੁੱਲ ਦਰਿਆ ਵਿੱਚ ਤਾਰ ਦੇਂਦੇ। ਚੈੱਕ ਕੱਟਦੇ ਮੋਇਆਂ ਦਾ ਨਾਮ ਲੈ ਕੇ, ਜੀਂਦੇ ਜੀਅ ਨਾ ਕੌਡੀ ਉਧਾਰ ਦੇਂਦੇ । ਕੁਰਸੀ ਵਾਸਤੇ, ਕੁਰਸੀਆਂ ਕਰਨ ਕਾਇਮ, ਸੰਗ - ਮਰਮਰੀ ਬੁੱਤ ਉਸਾਰ ਦੇਂਦੇ ॥
ਅਧਿਆਇ : ਤਿੰਨ - ਨੀਲਾ
65 ਜੋਗੀ ਖ਼ੈਰ ਪੰਜਾਬ ਦੀ ਮੰਗਦੇ ਨੇ, ਹੋਰ ਝਾਕ ਨਾ ਇਹਨਾਂ ਸਵਾਲੀਆਂ ਨੂੰ॥ ਪੰਜਾਂ ਸਾਲਾਂ 'ਚ ਵੇਖੋ ਕੀ ਫੁੱਲ ਖਿੜਦੇ, ਕਬਜ਼ਾ ਬਾਗ਼ ਦਾ ਮਿਲ ਗਿਆ ਮਾਲੀਆਂ ਨੂੰ । ਕਿਹੜਾ ਜਿੱਤਿਆ ਤੇ ਕਿਹੜਾ ਹਾਰਿਆ ਹੈ, ਦਿਲ 'ਚੋਂ ਕੱਢ ਦਿਉ ਖ਼ਾਮ-ਖ਼ਿਆਲੀਆਂ ਨੂੰ॥ ਮੁਹਰ ਲਾਈ ਪੰਜਾਬ ਦੇ ਚਿੰਨ੍ਹ ਉੱਤੇ, ਦਿੱਤੀ ਵੋਟ ਨਾ ਕਿਸੇ ਅਕਾਲੀਆਂ ਨੂੰ ॥ 66 ਹੱਡਾਂ ਉੱਤੇ ਹੰਢਾਇਆ ਹੈ ਅਸਾਂ ਅਨੁਭਵ, ਗੱਲਾਂ ਨਹੀਂ ਇਹ ਝੱਲ-ਵਲੱਲੀਆਂ ਨੇ। ਦਿਨੇਂ - ਰਾਤ ਏਨੀ ਨੱਠ - ਭੱਜ ਕੀਤੀ, ਸਾਡੇ ਪੱਟਾਂ 'ਤੇ ਪੈ ਗਈਆਂ ਖੱਲੀਆਂ ਨੇ । ਅਸੀਂ ਤੱਪੜਾਂ 'ਤੇ ਬਹਿ ਕੇ ਤਪ ਕੀਤਾ, ਤਾਹੀਉਂ ਉੱਚੀਆਂ ਕੁਰਸੀਆਂ ਮੱਲੀਆਂ ਨੀਂ। ਸੇਵਾ ਦੇਸ਼ ਦੀ ਵੋਟਰੋ ! ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ॥ 67 ਮੁਸ਼ਕਿਲ ਨਾਲ ਇਨਸਾਫ਼ ਹੈ ਹੱਥ ਲੱਗਾ, ਰਲ ਕੇ ਲੋਕਾਂ ਨਿਆਂ ਲਈ ਜੰਗ ਕੀਤਾ । ਕਮਰੇ ਸਾਰੇ ਸਫੇਦੀਆਂ ਨਾਲ ਚਮਕਣ, ਬੂਹੇ ਬਾਰੀਆਂ ਨੂੰ ਤਾਜ਼ਾ ਰੰਗ ਕੀਤਾ। ਕਾਰੇ ਲਾਉ ਕਿਧਰੇ ਸਾਡੇ ਬੰਦਿਆਂ ਨੂੰ, ਸਾਡੇ ਬੰਦਿਆਂ ਨੇ ਸਾਨੂੰ ਤੰਗ ਕੀਤਾ। ਅਸਾਂ ਆਪਣੀ ਚੋਣ ਦੀ ਖੁਸ਼ੀ ਅੰਦਰ, ਚੋਣ-ਬੋਰਡ ਸੇਵਾਵਾਂ ਦਾ ਭੰਗ ਕੀਤਾ ॥ 68 ਸਾਡੀ ਪਿੱਠ 'ਤੇ ਹੱਥ ਹਜ਼ੂਰ ਦਾ ਹੈ, ਮਿਲਿਆ ਥਾਪੜਾ ਅਸੀਂ ਹਾਂ ਧੰਨ ਹੋ ਗਏ । ਕਿਸੇ ਚੀਜ਼ ਦੀ ਹੋਰ ਨਾ ਲੋੜ ਸਾਨੂੰ, ਤਨੋਂ ਮਨੋਂ ਤੇ ਧਨੋਂ ਪ੍ਰਸੰਨ ਹੋ ਗਏ । ਕੰਨਾਂ ਵਿੱਚ ਢਲਿਆ – ਸਿੱਕਾ ਭਾਸ਼ਣਾਂ ਦਾ, ਧੜੀ ਧੜੀ ਦੇ ਲੋਕਾਂ ਦੇ ਕੰਨ ਹੋ ਗਏ । ਨੇੜੇ ਰਹਿੰਦਿਆਂ ਸਨ ਜਿਹੜੇ ਚੌੜ-ਚਾਨਣ, ਕੁਰਸੀ ਮਿਲੀ ਤਾਂ ਈਦ ਦੇ ਚੰਨ ਹੋ ਗਏ॥ 69 ਕੁਝ ਵੀ ਪਤਾ ਦਰਵੇਸ਼ਾਂ ਨੂੰ ਲੱਗਦਾ ਨਾ, ਇਹਨਾਂ ਲੋਕਾਂ ਨੂੰ ਮਾਰਾਂ ਕੀ ਵੱਗੀਆਂ ਨੇ । ਪਹਿਲਾਂ ਜਿਨ੍ਹਾਂ ਦਾ ਜਿੱਤ ਵਿਸ਼ਵਾਸ ਲੈਂਦੇ, ਕਰਦੇ ਉਹਨਾਂ ਦੇ ਨਾਲ ਹੀ ਠੱਗੀਆਂ ਨੇ। ਉੱਪਰ ਵਾਲੇ ਦੀ ਮਿਹਰ ਦੇ ਨਾਲ ਹੇਠਾਂ, ਅੱਠਾਂ ਘੋੜਿਆਂ ਵਾਲੀਆਂ ਬੱਘੀਆਂ ਨੇ। ਚਿੱਟੇ ਚਾਦਰ ਜਿਨ੍ਹਾਂ ਨੇ ਪੁੰਨ ਕੀਤੇ, ਉਹਨਾਂ ਕਾਰਾਂ 'ਤੇ ਝੰਡੀਆਂ ਲੱਗੀਆਂ ਨੇ॥ 70 ਰੱਸੀ ਸਾੜ ਕੇ ਵੀ, ਕਹਿੰਦੇ ਕਹਿਣ ਵਾਲੇ, ਮੁੱਕਾ ਰੇੜਕਾ ਅਜੇ ਨਾ ਵੱਟ ਦਾ ਏ । ਉਮਰ ਭੋਗਦਾ ਹੈ ਪੂਰੀ ਉਮਰ-ਕੈਦੀ, ਯਾਰੋ ! ਜੂਨ ਤਾਂ ਕੁੱਤਾ ਵੀ ਕੱਟਦਾ ਏ। ਜਦੋਂ ਕਿਸੇ ਨੂੰ ਹੈ ਦਿਲ ਤੇ ਚੋਟ ਲੱਗਦੀ, ਚੇਤਾ ਭੁੱਲ ਜਾਂਦਾ ਸਿਰ ਦੀ ਸੱਟ ਦਾ ਏ । ਨੇਤਾ ਰਾਜ ਬਹਾਲੀਏ ਧਿਆਨਪੁਰੀਆ, ਆਦਤ ਨਹੀਂ ਜਾਂਦੀ, ਚਮਚੇ ਚੱਟਦਾ ਏ ॥ 71 ਸੁਣ ਵੇ ਰਾਜਿਆਂ, ਰਾਜ ਕਰੇਂਦਿਆ ਤੂੰ, ਇਹਨਾਂ ਫੱਕਰਾਂ ਨੇ ਤੈਥੋਂ ਕੀ ਲੈਣਾ । ਬਦਲੇ ਰਾਜ, ਦਰਵੇਸ਼ਾਂ ਨੇ ਬਦਲਣਾ ਕੀ, ਪਾਟੀ ਗੋਦੜੀ ਨੂੰ ਮੁੜ ਕੇਸੀ ਲੈਣਾ ॥ ਵੇਖ ਚੋਪੜੀ ਜੀਅ ਤਰਸਾਵਣਾ ਕੀ, ਸੁੱਕੀ ਖਾਇ, ਠੰਡਾ ਪਾਣੀ ਪੀ ਲੈਣਾ। ਤੈਨੂੰ ਕੀਮਤੀ ਵੋਟ ਹੈ ਬਖ਼ਸ਼ ਦਿੱਤੀ, ਆਪੂੰ ਖਿੱਚ-ਧਰੂਹ ਕੇ ਜੀ ਲੈਣਾ॥ 72 ਪੜ੍ਹਦੇ ਆਏ ਨੇ ਲੋਕ ਇਤਿਹਾਸ ਅੰਦਰ, ਬਾਬੇ ਦਿੱਤਾ ਸੀ ਮਾਣ ਫ਼ਕੀਰੀਆਂ ਨੂੰ । ਨਿੱਕੀ ਜਿਹੀ ਸਿਆਸਤੀ ਖੇਡ ਅੰਦਰ, ਕਾਹਨੂੰ ਭੁੱਲ ਗਏ ਮੀਰੀਆਂ-ਪੀਰੀਆਂ ਨੂੰ ! ਰਾਂਝੇ, ਮਾਹੀ, ਤੇ ਪੁਨੂੰ, ਫ਼ਰਿਹਾਦ ਬਖ਼ਸ਼ੋ, ਹੀਰਾਂ, ਸੁਹਣੀਆਂ, ਸੱਸੀਆਂ, ਸ਼ੀਰੀਆਂ ਨੂੰ। ਬਾਬਾ ! ਮਾਫ਼ ਕਰ, ਸਾਡੇ ਨਹੀਂ ਹੱਥ ਵਿਹਲੇ, ਜੱਫੇ ਮਾਰੇ ਨੇ ਅਸਾਂ ਵਜ਼ੀਰੀਆਂ ਨੂੰ ॥ 73 ਹਲਕੇ ਕੁੱਤੇ ਨੇ ਵੱਢਿਆ ਨਹੀਂ ਸਾਨੂੰ, ਕਿਸੇ ਮਾਰ 'ਤੇ ਹੀ ਡੰਗਰ ਚਾਰਦੇ ਹਾਂ । ਭਲੇ ਦਿਨਾਂ ਦੀ ਪੂਰੀ ਉਮੀਦ ਸਾਨੂੰ, ਦੜੇ ਬੈਠੇ ਹਾਂ, ਵਕਤ ਗੁਜ਼ਾਰਦੇ ਹਾਂ। ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡੇ, ਖੇਡ ਰਾਜਸੀ ਕਦੇ ਨਾ ਹਾਰਦੇ ਹਾਂ। ਜੇਕਰ ਤੁੱਠੈਂ ਤਾਂ ਕਾਰ 'ਤੇ ਗੱਡ ਝੰਡੀ, ਚੇਅਰਮੈਨੀ 'ਤੇ ਧਾਰ ਨਾ ਮਾਰਦੇ ਹਾਂ॥ 74 ਲੋਕੀਂ ਸਮਝਦੇ, ਲੀਡਰ ਨੇ ਊਤ ਸਾਰੇ, ਲੀਡਰ ਸਮਝਦੇ ਲੋਕਾਂ ਨੂੰ ਅਕਲ ਹੈਨੀ। ਭਾਂਪ ਲੈਂਦੇ ਨੇ ਨਫ਼ਾ ਨੁਕਸਾਨ ਫ਼ਿਰ ਵੀ, ਅਕਲ ਮੋਟੀ ਪਰ ਨਜ਼ਰ ਹੈ ਬੜੀ ਪੈਨੀ। ਮਸਲਾ ਅਸਾਂ ਵੀ ਬੈਠ ਕੇ ਘੋਖਿਆ ਹੈ, ਸਾਨੂੰ ਸਮਝ ਪੈਂਦੀ ਕੇਵਲ ਗੱਲ ਐਨੀ । ਬੰਦਾ ਬੰਦਿਆਂ ਨੂੰ ਮਿਲਣਾ ਨਹੀਂ ਚਾਹੁੰਦਾ, ਮਿਲਦੀ ਜਦੋਂ ਵਜ਼ੀਰੀ ਜਾਂ ਚੇਅਰਮੈਨੀ ॥ 75 ਅਸਾਂ ਚੁਣੇ ਸੀ, ਮਿਲੂ ਇਨਸਾਫ਼ ਸਾਨੂੰ, ਫਸ ਗਏ ਆਪ, ਨੇਤਾ ਪਾਟੋ - ਧਾੜ ਅੰਦਰ । ਕੋਡਾ ਹੋਇਆ ਕਾਨੂੰਨ, ਜਨੂਨ ਮੂਹਰੇ, ਸੁਣੇ ਕੌਣ ? ਕਿਸਦੀ ?... ਮਾਰ - ਧਾੜ ਅੰਦਰ । ਇੱਕ ਦੂਸਰੇ ਨੂੰ, ਈਕਣ ਝਾਕਦੇ ਨੇ, ਬਿੱਲੇ ਫਸੇ ਹੁੰਦੇ ਜੀਕਣ ਵਾੜ ਅੰਦਰ । ਨ੍ਹੇਰ ਸਾਈਂ ਦਾ ਤੀਵੀਂ ਨਾ ਇੱਕ ਰੱਖੀ, ਏਡੀ ਵੱਡੀ ਵਜ਼ੀਰਾਂ ਦੀ ਧਾੜ ਅੰਦਰ ॥ 76 ਮਦਨ ਮੋਹਨ ਨੇ ਕਿਹਾ ਸੀ ਹਿੰਦੀਆਂ ਨੂੰ, ਇੱਕ ਇੱਕ ਸਿੱਖ ਸਾਜੋ, ਹਰ ਪਰਿਵਾਰ ਅੰਦਰ । ਚੀਜ਼ ਵਿੱਚੋਂ, ਪਰ, ਸਵਾਦ ਨਾ ਕਦੇ ਲੱਭੋ, ਜਿਹੜਾ ਸਵਾਦ ਹੁੰਦਾ, ਇਸ਼ਤਿਹਾਰ ਅੰਦਰ। ਬਾਊ ਜੀ ! ਦਫ਼ਤਰਾਂ ਵਿੱਚ ਗੱਲ ਐ ਹੋਰ ਹੁੰਦੀ, ਬਿਆਨ ਹੁੰਦਾ ਏ ਹੋਰ ਅਖ਼ਬਾਰ ਅੰਦਰ । ਕਿਹੜੇ ਵਰਗ ਦੀ ਕਰੇ ਨੁਮਾਇੰਦਗੀ ਇਹ, ਪੌਣਾ ਮੰਤਰੀ ਪੂਰੀ ਸਰਕਾਰ ਅੰਦਰ ॥ 77 ਕਾਹਨੂੰ ਮੂਤ 'ਚੋਂ ਮੱਛੀਆਂ ਭਾਲਦਾ ਹੈਂ, ਨਹੀਉਂ ਸੱਤਾ ਤੇ ਸਿਆਣਪ ਦਾ ਮੇਲ ਹੁੰਦਾ। ਕਲਮਾਂ ਨਾਲ ਨਾਂ ਸੁਲਝਦੀ ਰਾਜਨੀਤੀ, ਇਹ ਕੋਈ ਬੱਚਿਆਂ ਵਾਲਾ ਨਾ ਖੇਲ ਹੁੰਦਾ । ਧਰਨਾ ਮਾਰ ਕੇ ਬੈਠ ਗਏ, ਗੱਲ ਮੁੱਕੀ- ਕਿਸਦੇ ਕੋਲ ਮੁੜ ਉੱਠਣ ਦਾ ਵੇਲ੍ਹ ਹੁੰਦਾ। ਹੇਠਾਂ ਗੱਦੀਆਂ ਇੰਞ ਧੁਆਖੀਆਂ ਨੇ, ਜੀਕਣ ਲੱਗਾ ਸਿਰ੍ਹਾਣੇ ਨੂੰ ਤੇਲ ਹੁੰਦਾ ॥ 78 ਸਾਡੇ ਸੋਨੇ ਨੂੰ ਵੀ ਲੋਹਾ ਕਹੀ ਜਾਂਦੇ, ਆਉਂਦੇ ਬਾਜ਼ ਨਾ ਲੋਕ ਸ਼ਰਾਰਤੀ ਨੇ। ਡੁੱਬਦੇ ਸੂਰਜ ਨੂੰ ਕਰਨ ਸਲਾਮ ਦੂਰੋਂ, ਚੜ੍ਹਦੇ ਸੂਰਜ ਦੀ ਕਰਦੇ ਇਹ ਆਰਤੀ ਨੇ । ਸਾਈਆਂ ਕਿਤੇ ਵਧਾਈਆਂ ਨੇ ਕਿਤੇ ਦੇਂਦੇ, ਦੋਹਾਂ ਧਿਰਾਂ ਦੇ ਵਾਅਦੇ ਵਜ਼ਾਰਤੀ ਨੇ । ਵੋਟ ਪਾਉਣ ਤੋਂ ਪਹਿਲਾਂ ਵਸੂਲ ਕਰਦੇ, ਮੁੱਲ ਵੋਟ ਦਾ ਜਾਣਦੇ ਭਾਰਤੀ ਨੇ ॥ 79 ਦਾਣੇ ਆਪ ਗੁਦਾਮਾਂ 'ਚ ਸਾਂਭ ਲੈਂਦੇ, ਤੂੜੀ ਨਾਲ ਪਰਚਾਉਂਦੇ ਨੇ ਸੀਰੀਆਂ ਨੂੰ । ਐਰ-ਗ਼ੈਰ ਨੂੰ ਸਦਾ ਹੀ ਟਾਲਦੇ ਨੇ, ਸਦਾ ਪਾਲਦੇ ਸਾਕ-ਸਕੀਰੀਆਂ ਨੂੰ । ਅੱਠੇ ਪਹਿਰ ਦੀਵਾਲੀ ਹੈ ਫੱਕਰਾਂ ਦੀ, ਜਿਨ੍ਹਾਂ ਧਾਰਿਆ ਧਾਰਿਆ ਸਿਰੀਂ ਫ਼ਕੀਰੀਆਂ ਨੂੰ । ਆਮ ਆਦਮੀ ਰੋਟੀ ਲਈ ਫਿਰੇ ਰੋਂਦਾ, ਨੇਤਾ ਰੋਂਦਾ ਹੈ ਸਦਾ ਵਜ਼ੀਰੀਆਂ ਨੂੰ ॥ 80 ਰਾਤੋ ਰਾਤ ਅਚਾਨਕ ਨੇ ਬਦਲ ਗਈਆਂ, ਸੱਭ ਸਾਡੀਆਂ ਰਹਿਣੀਆਂ-ਬਹਿਣੀਆਂ ਜੀ। ਨਵਾਂ ਦੌਰ ਪੰਜਾਬ ਵਿੱਚ ਸ਼ੁਰੂ ਹੋਇਆ, ਨਵੀਆਂ ਕਾਰਾਂ ਹੀ ਅਸਾਂ ਨੇ ਲੈਣੀਆਂ ਜੀ । ਰੰਬੇ ਸਣੇ ਦਿੱਤੀਆਂ ਰੱਬ ਨੇ ਗਾਜਰਾਂ ਜੋ, ਇਹ ਤਾਂ ਸਾਨੂੰ ਹੁਣ ਖਾਣੀਆਂ ਪੈਣੀਆਂ ਜੀ। ਸਦਾ ਨਹੀਂ ਜਵਾਨੀ ਤੇ ਹੁਸਨ, ਮਾਪੇ, - ਸਦਾ ਨਹੀਂ ਵਜ਼ੀਰੀਆਂ ਰਹਿਣੀਆਂ ਜੀ ॥ 81 ਮੁੱਖ ਮੰਤਰੀ ਨੂੰ ਯਾਰ ਮਿਲਣ ਆਇਆ, ਕਹਿੰਦਾ : ਸਾਬ੍ਹ ਜੀ ! ਅੰਦਰ ਹਾਂ ਆ ਸਕਦਾ ? ਕਿਧਰੇ ਰੋਜ਼ੀ ਦਾ ਕਰੋ ਜੁਗਾੜ ਮੇਰਾ, ਥੋਡੇ ਕਾਜੂ ਮੈਂ ਰੋਜ਼ ਨਹੀਂ ਖਾ ਸਕਦਾ। ਹੱਥ ਘੱਟ ਕੇ ਵੱਡਾ ਵਜ਼ੀਰ ਆਂਹਦਾ : ਮੈਂ ਵੀ ਨਿਯਮਾਂ ਤੋਂ ਬਾਹਰ ਨਹੀਂ ਜਾ ਸਕਦਾ । ਭਰਤੀ ਬੰਦ ਹੈ ਯਾਰ ! ਮੁਲਾਜ਼ਮਾਂ ਦੀ, ਜੇ ਤੂੰ ਕਹੇਂ, ਵਜ਼ੀਰ ਹਾਂ ਲਾ ਸਕਦਾ॥ 82 ਇੱਕ ਦਿਨ ਜ਼ਿਲਾ ਅਧਿਕਾਰੀ ਇਹ ਕਹਿ ਰਿਹਾ ਸੀ : ਅਸੀਂ ਕੰਮ ਕਰ ਕਰ ਐਵੇਂ ਮਰੀ ਜਾਂਦੇ। ਹਰ ਕੋਈ ਮੰਤਰੀ ਦੇ ਹੁਕਮ ਫੜੀ ਫਿਰਦਾ, ਫੜ ਫੜ ਅਸੀਂ ਵੀ ਫ਼ਾਈਲਾਂ 'ਚ ਧਰੀ ਜਾਂਦੇ। ਅਕਲ ਆਪਣੀ ਨੂੰ ਤਾਲਾ ਮਾਰ ਦਿੱਤਾ, ਅੰਨ੍ਹੇ - ਵਾਹ ਤਬਾਦਲੇ ਕਰੀ ਜਾਂਦੇ । ਕੀਕਣ ਮੋੜੀਏ ਹੁਕਮ ਸਰਕਾਰ ਦਾ ਜੀ, ਅਸੀਂ ਆਪਣੀ ਬਦਲੀ ਤੋਂ ਡਰੀ ਜਾਂਦੇ ॥ 83 ਏਥੇ ਆਉਣ ਤੀਕਰ ਥੋੜ੍ਹਾ ਕੰਮ ਕੀਤੈ ?- ਹੁਣ ਨਾ ਸਾਡੇ ਸਰੀਰਾਂ ਤੋਂ ਕੰਮ ਹੁੰਦਾ। ਜਦੋਂ ਤੀਕ ਕਮਾਨ ਨਾ ਚੜ੍ਹੇ ਚਿੱਲੇ, ਕੋਈ ਨਾ ਸੱਖਣੇ ਤੀਰਾਂ ਤੋਂ ਕੰਮ ਹੁੰਦਾ । ਗੇੜਾ ਕਦੇ ਮਾਰੋ ਅੱਜ-ਕੱਲ੍ਹ ਦਫ਼ਤਰਾਂ ਵਿੱਚ, ਵੇਖੋ ਬਿਨਾਂ ਜ਼ਮੀਰਾਂ ਤੋਂ ਕੰਮ ਹੁੰਦਾ । ਸਿੱਧੀ ਸੜਕ ਹੈ ਜਾਂਦੀ ਚੁਬਾਰਿਆਂ ਨੂੰ, ਹੁਣ ਨਾ ਥੱਲੇ ਵਜ਼ੀਰਾਂ ਤੋਂ ਕੰਮ ਹੁੰਦਾ॥ 84 ਸਾਡਾ ਹੁਕਮ ਹੀ ਸਮਝ ਇਨਸਾਫ਼ ਬੀਬੀ- ਬਹੁਤਾ ਬੋਲੀ, ਸ਼ਪੈਹਣਾਂ ਨੇ ਕੁੱਟ ਦੇਣਾ । ਬੰਦਾ ਆਪਣਾ ਅਸੀਂ ਐਡਜਸਟ ਕਰਨਾ, ਢੱਠੇ ਖੂਹ ਵਿੱਚ ਤੈਨੂੰ ਹੈ ਸੁੱਟ ਦੇਣਾ । ਜਿੰਨੀ ਦੇਰ ਹੈ ਮਿਹਰ ਪਰਮਾਤਮਾ ਦੀ, ਅਸੀਂ ਆਤਮਾ ਦਾ ਗਲਾ ਘੁੱਟ ਦੇਣਾ । ਹੱਥ ਹਿੱਕ 'ਤੇ ਮਾਰ ਕੇ ਆਖਦੇ ਹਾਂ : ਗੋਭੀ ਲਾਉਣੀ, ਗੁਲਾਬ ਹੈ ਪੁੱਟ ਦੇਣਾ॥ 85 ਲੋਕਾਂ ਤਾਈਂ ਤਾਂ ਗੋਭੀ ਦਾ ਢੇਰ ਸਮਝਣ, ਐਸ਼ ਕਰਨ ਜੋ ਲੋਕਾਂ ਦੇ ਫੰਡ ਉੱਤੇ । ਚੋਣਾਂ ਵਿੱਚ ਨੇ ਚੱਟਦੇ ਚਰਨ ਜਿਹੜੇ, ਮੁੜ ਕੇ ਹੱਥ ਲਵਾਉਂਦੇ ਨਾ ਕੰਡ ਉੱਤੇ । ਗੰਢ ਆਪਣੀ, ਲਾਕਰ ਦੇ ਵਿੱਚ ਰੱਖਣ, ਨਜ਼ਰ ਰੱਖਦੇ ਹੋਰਾਂ ਦੀ ਗੰਢ ਉੱਤੇ । ਸਾਡੇ ਆਸ਼ਕ ਵੀ ਲੀਡਰਾਂ ਵਾਂਙ ਹੋ ਗਏ, ਪਿੰਡ ਨੂੰ ਅੱਗ ਲੱਗੀ, ਮਿਰਜ਼ਾ ਜੰਡ ਉੱਤੇ ॥ 86 ਉੱਨੀ ਇੱਕੀ ਦੇ ਨਾਲ ਕੀ ਫ਼ਰਕ ਪੈਂਦਾ, ਇਕੋ ਜਿਹੀਆਂ ਅਖ਼ਬਾਰਾਂ ਸਭ ਹੁੰਦੀਆਂ ਨੇ । ਹੱਥ ਹੁੰਦੇ ਨੇ ਦੋਸਤਾਂ, ਦੁਸ਼ਮਣਾਂ ਦੇ, ਇੱਕੋ ਜਿਹੀਆਂ ਤਲਵਾਰਾਂ ਸਭ ਹੁੰਦੀਆਂ ਨੇ । ਫਰਕ ਹੁੰਦਾ ਏ ਨੰਬਰਾਂ, ਝੰਡੀਆਂ ਦਾ, ਇੱਕੋ ਜਿਹੀਆਂ ਹੀ ਕਾਰਾਂ ਸਭ ਹੁੰਦੀਆਂ ਨੇ। ਇੱਕੋ ਜਿਹੇ ਵਾਅਦੇ, ਇੱਕੋ ਜਿਹੇ ਦਾਅਵੇ, ਇੱਕੋ ਜਿਹੀਆਂ ਸਰਕਾਰਾਂ ਸਭ ਹੁੰਦੀਆਂ ਨੇ ॥ 87 ਦੇ ਕੇ ਥਾਪੜਾ ਰਾਂਝੇ ਨੂੰ ਨਾਥ ਕਹਿੰਦਾ : ਤੈਨੂੰ ਅੱਜ ਤੋਂ ਸਾਡੀ ਪਰਵਾਨਗੀ ਏ। ਢੀਠ ਸਾਨ੍ਹ ਵਾਕਣ ਗਾਈਆਂ ਵਿੱਚ ਫਿਰਨਾ, ਕਾਇਮ ਰੱਖਣੀ ਇੰਞ ਮਰਦਾਨਗੀ ਏ । ਜੋਗ ਜੋਗੀ ਨੂੰ, ਰਾਂਝੇ ਨੂੰ ਹੀਰ ਮਿਲਣੀ, ਇਹਦੇ ਵਿੱਚ ਕੀ ਭਲਾ ਹੈਰਾਨਗੀ ਏ ? ਤੇਰਾ ਹਾਥੀ ਦੀ ਪੈੜ ਵਿੱਚ ਪੈਰ ਪਾਇਆ, ਬਖ਼ਸ਼ੀ ਗੁਰੂ ਨੇ ਤੈਨੂੰ ਪ੍ਰਧਾਨਗੀ ਏ ॥ 88 ਬਾਕੀ ਬੱਸ ਤੁਹਾਡੇ ਨਾਂ ਬੁੱਕ ਸਾਰੀ, ਪਿਛਲੀ ਸੀਟ ਇਕ ਸਾਡੇ ਲਈ ਰਾਖਵੀਂ ਹੈ। ਸਾਨੂੰ ਦਰੀ ਦੇ ਉੱਤੇ ਤਾਂ ਬਹਿਣ ਦੇਵੋ, ਕੁਰਸੀ, ਪਤੈ, ਤੁਹਾਡੇ ਲਈ ਰਾਖਵੀਂ ਹੈ। ਅਸਾਂ ਸਦਾ ਤੁਹਾਨੂੰ ਨੇ ਹਾਰ ਪਾਉਣੇ, ਹਾਰ ਸਦਾ ਅਸਾਡੇ ਲਈ ਰਾਖਵੀਂ ਹੈ। ਪੰਜ ਵਰ੍ਹੇ ਭਾਵੇਂ ਸਾਨੂੰ ਜੂਤ ਫੇਰੋ, ਸਾਡੀ ਵੋਟ ਤੁਹਾਡੇ ਲਈ ਰਾਖਵੀਂ ਹੈ॥
ਅਧਿਆਇ : ਚਾਰ - ਭੂਰਾ
89 ਨੀਤ ਹੋਏ, ਮੁਰਾਦ ਵੀ ਆਣ ਮਿਲਦੀ, ਬੰਦਾ ਕਰੇ ਕੀ, ਪਰ, ਨੀਤਾਂ ਕਾਣੀਆਂ ਦਾ। ਸੋਚਣ ਵਾਲਿਆਂ ਦੇ ਪੋਟੇ ਥੱਕ ਲੱਥੇ, ਸਿਰਾ ਲੱਭੇ ਨਾ ਉਲਝੀਆਂ ਤਾਣੀਆਂ ਦਾ॥ ਇਹਨਾਂ ਵੱਖਰੀ ਕੋਈ ਨਾ ਗੱਲ ਕੀਤੀ, ਸ਼ੂਗਲ ਰਿਹਾ ਹੈ ਰਾਜਿਆਂ/ਰਾਣੀਆਂ ਦਾ। ਲੋਕੀਂ ਐਵੇਂ ਭੁਲੇਖੇ ਵਿੱਚ ਮਰੀ ਜਾਂਦੇ, ਇਹ ਨਹੀਂ ਮਾਮਲਾ ਸ਼ਹਿਰ ਤੇ ਪਾਣੀਆਂ ਦਾ॥ 90 ਪੁੱਠਾ ਝਾੜੂ ਸ਼ਰੀਕਾਂ ਨੇ ਖੜ੍ਹਾ ਕੀਤਾ, ਅੱਠੇ ਪਹਿਰ ਹੀ ਕਹਿਰ ਪਏ ਮੰਗਦੇ ਨੇ । ਨਾਲੇ ਸਾਡੇ ਦਰਿਆਵਾਂ ਨੂੰ ਅੱਗ ਲਾਉਂਦੇ, ਨਾਲੇ ਸਾਡੇ ਤੋਂ ਨਹਿਰ ਪਏ ਮੰਗਦੇ ਨੇ । ਪਤਾ ਨਹੀਂ, ਕੀ ਹੋਇਆ ਪੰਜਾਬੀਆਂ ਨੂੰ, ਆਪੇ ਆਪਣਾ ਸ਼ਹਿਰ ਪਏ ਮੰਗਦੇ ਨੇ । ਸ਼ਹਿਰ ਸਦਾ ਰਹਿਣਾ ਸ਼ਹਿਰਾਂ ਵਾਲਿਆਂ ਦਾ, ਪੇਂਡੂ ਖੁਸ਼ੀ ਦੀ ਲਹਿਰ ਪਏ ਮੰਗਦੇ ਨੇ ॥ 91 ਪੁੱਜਣ ਵਾਸਤੇ ਮੰਜ਼ਿਲ 'ਤੇ ਅਸੀਂ ਯਾਰੋ !- ਪਾਰ ਕਈ ਉਤਰਾਅ – ਚੜ੍ਹਾਅ ਕੀਤੇ । ਸ਼ੁਕਰ ਸ਼ੁਕਰ ਕਰਕੇ ਏਥੇ ਅੱਪੜੇ ਹਾਂ, ਰਾਹ ਵਿੱਚ, ਪਤਾ ਨਹੀਂ, ਕਿੰਨੇ ਪੜਾਅ ਕੀਤੇ । ਪਹੀਆ ਸਮੇਂ ਦਾ ਪਿੱਛੇ ਨਾ ਫੇਰ ਘੁੰਮੇ, ਸਮੇਂ ਸਮੇਂ ਹਨ ਸਹੀ ਉਪਾਅ ਕੀਤੇ । ਥੋਕ ਵਿੱਚ ਜੋ ਫੜੇ ਸਨ 'ਅੱਤਵਾਦੀ', ਅਸੀਂ ਕਿਸ਼ਤਾਂ ਦੇ ਵਿੱਚ ਰਿਹਾਅ ਕੀਤੇ । 92 ਅਮਨ - ਚੈਨ ਪੰਜਾਬ ਵਿੱਚ ਕਦੋਂ ਹੋਣੈ, ਬੈਠੇ ਅੌਸੀਆਂ ਅਸੀਂ ਉਲੀਕਦੇ ਹਾਂ । ਦੂਰੋਂ ਵੇਖ ਕੇ ਤਾੜੀਆਂ ਮਾਰਦੇ ਹਾਂ, ਜਦੋਂ ਸੋਕ ਲੱਗੇ, ਓਦੋਂ ਚੀਕਦੇ ਹਾਂ। ਆਉਣਾ ਜਾਣਾ ਵੀ ਕਿਤੇ ਹਰਾਮ ਹੋਇਆ, ਕੈਦੀ ਕਿਸੇ ਨਾ ਕਿਸੇ ਤਰੀਕ ਦੇ ਹਾਂ । ਛੱਬੀ ਜਨਵਰੀ ਸਾਡੀ ਸੀ ਮਸਾਂ ਲੰਘੀ, ਸੋਲਾਂ ਫ਼ਰਵਰੀ ਫੇਰ ਉਡੀਕਦੇ ਹਾਂ ॥ 93 ਸ਼ਬਦਾਂ ਜੇਹੀ ਪਵਿੱਤਰ ਨਾ ਚੀਜ਼ ਕੋਈ, ਲੋਕੀਂ ਸ਼ਬਦ ਗਾਲ੍ਹਾਂ ਅੰਦਰ ਰੋਲਦੇ ਨੇ । ਕਿੰਨੀ ਉੱਚੀ ਗੁੰਜਾਰ ਹੈ ਨਾਅਰਿਆਂ ਦੀ, ਰੋਣੇ ਸਾਰੇ ਇਹ ਢੋਲ ਦੇ ਪੋਲ ਦੇ ਨੇ । ਕਿੱਡਾ ਵੱਡਾ ਵਿਸ਼ਵਾਸ ਹੈ ਬਿੱਲੀਆਂ ਦਾ, ਬਾਂਦਰ ਸਦਾ ਬਰਾਬਰ ਹੀ ਤੋਲਦੇ ਨੇ । ਲੱਗਦੇ ਹੱਥ ਸਰਵੇਖਣ ਕਰਵਾਉ ਇਹ ਵੀ, ਲੀਡਰ ਭਲਾ ਕਿਹੜੀ ਬੋਲੀ ਬੋਲਦੇ ਨੇ ?! 94 ਕਿਧਰੇ ਹੀਰ ਨੂੰ ਰਾਂਝਾ ਨਾ ਲੈ ਜਾਵੇ, ਏਹੋ ਫ਼ਿਕਰ ਸੀ ਕੰਦੋਆਂ/ਖੇੜਿਆਂ ਨੂੰ। ਹੁਣ ਪਏ ਸੋਚਦੇ ਨੇ ਕਿੱਦਾਂ ਗਲੋਂ ਲਾਹੀਏ, ਇਹਨਾਂ ਪੰਗਿਆਂ ਆਪ-ਸਹੇੜਿਆਂ ਨੂੰ। ਹੀਰ ਹੱਸ ਕੇ ਆਖਦੀ : ਚੌਧਰੀ ਜੀ !— ਬੰਨ੍ਹ ਮਾਰੋ ਵਜ਼ੀਰਾਂ ਦੇ ਗੇੜਿਆਂ ਨੂੰ। ਜਾਉ ਕਿਤੇ ਲੱਭੋ ਨਵੀਂ ਰਾਜਧਾਨੀ, ਕਾਹਨੂੰ ਤੁਰੇ ਆਉਂਦੇ ਕੰਦੂਖੇੜਿਆਂ ਨੂੰ ॥ 95 ਅਦਲੀ ਰਾਜੇ ਨੇ ਨੇਕ ਫ਼ੁਰਮਾਨ ਕੀਤਾ : ਅਸੀਂ ਸ਼ਰ੍ਹਾ ਤੇ ਗੱਲ ਮੁਕਾ ਦਿਆਂਗੇ । ਜਿਹੋ ਜਿਹਾ ਧੀਦੋ, ਉਹੋ ਜਿਹਾ ਸੈਦਾ, ਪੂਰਾ ਤੋਲ ਕੇ ਤੋਲ ਵਿਖਾ ਦਿਆਂਗੇ । ਜੇਕਰ ਦੋਹਾਂ 'ਚੋਂ ਕਿਸੇ ਨੂੰ ਉਜਰ ਹੋਇਆ, ਉਹਦੇ ਉਜਰ ਨੂੰ ਖ਼ੂਬ ਹਵਾ ਦਿਆਂਗੇ । ਅਸੀਂ ਹੀਰ ਨੂੰ ਰੱਖਾਂਗੇ ਕੋਲ ਅਪਣੇ, ਇੱਕ ਨਵਾਂ ਕਮਿਸ਼ਨ ਬਿਠਾ ਦਿਆਂਗੇ ॥ 96 ਪਿੰਡ, ਨਹੀਂ ਹੁੰਦਾ ਕਾਤਰ ਕੱਪੜੇ ਦੀ, ਐਥੋਂ ਕੱਟਿਆ ਤੇ ਔਥੇ ਜੋੜ ਦਿੱਤਾ। ਜਿਹੋ ਜਿਹਾ ਸਵਾਲ ਸੀ ਤੁਸਾਂ ਪਾਇਆ, ਉਹੋ ਜਿਹਾ ਜਵਾਬ ਹੈ ਮੋੜ ਦਿੱਤਾ । ਅਸਾਂ ਬਾਬਿਉ ! ਸਿਰਫ਼ ਇਕ ਜੇਲ ਤੋੜੀ, ਤੁਸਾਂ ਪੂਰਾ ਸਮਝੌਤਾ ਹੈ ਤੋੜ ਦਿੱਤਾ । ਸ਼ਾਹ ਮੁਹੰਮਦਾ ! ਸਿਆਸਤ ਨੇ ਆਦਮੀ ਦਾ, ਵਾਂਙ ਨਿੰਬੂਆਂ ਲਹੂ ਨਿਚੋੜ ਦਿੱਤਾ॥ 97 ਦੇਸ਼-ਪਿਆਰ ਦੀ ਭਾਵਨਾ ਬੱਚਿਆਂ ਵਿੱਚ ਕੁੱਟ-ਕੁੱਟ ਕੇ ਨਹੀਂ ਹੈ ਭਰੀ ਜਾਂਦੀ । ਸਾਂਭ ਕੁਰਸੀਆਂ ਆਪ ਬਜ਼ੁਰਗ ਪੀੜ੍ਹੀ, ਮਰਨ ਲਈ ਸਾਨੂੰ ਅੱਗੇ ਕਰੀ ਜਾਂਦੀ । ਸੁਣਨ ਵਾਲਿਆਂ ਦੇ ਭਾਵੇਂ ਮੂੰਹ ਸੁੱਜਣ, ਨਿਕਲ ਮੂੰਹ ਵਿੱਚੋਂ ਖਰੀ-ਖਰੀ ਜਾਂਦੀ। ਪੁੱਛੋ ਨਾਨੀ ਨੂੰ ਜੀਹਨੇ ਹੈ ਖ਼ਸਮ ਕੀਤਾ, ਦੋਹਤੇ ਕੋਲੋਂ ਤਾਂ ਚੱਟੀ ਨਾ ਭਰੀ ਜਾਂਦੀ ॥ 98 ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ, ਦੇਈਏ ਛੱਡ ਫਿਰ ਸਵਾਰਥਾਂ ਮੌੜਿਆਂ ਨੂੰ । ਸੱਚੋ-ਸੱਚ, ਸਵੈ-ਜੀਵਨੀ ਵਿਚ ਲਿਖੀਏ, ਸਾਰੇ ਅਨੁਭਵਾਂ ਮਿੱਠਿਆਂ ਕੌੜਿਆਂ ਨੂੰ । ਅਹਿਰਨ ਇਸ਼ਕ ਦੀ ਸਦਾ ਹੀ ਆਈ ਸਹਿੰਦੀ, ਮੰਦਾ ਬੋਲ ਨਾ ਐਵੇਂ ਹਥੌੜਿਆਂ ਨੂੰ । ਨੇਤਾ ਬਾਕੀ ਗੁਨਾਹੀਆਂ ਨੂੰ ਬਖ਼ਸ਼ ਦੇਂਦਾ, ਪਰ ਨਾ ਬਖ਼ਸ਼ਦਾ ਫੌਜੀ ਭਗੌੜਿਆਂ ਨੂੰ ॥ 99 ਸੱਤਰ ਮੀਲਾਂ 'ਚ ਫੈਲਿਆ ਮੰਡ ਖੇਤਰ ਪੱਕਾ ਅੱਡਾ ਸੀ ਕੱਟੜ ਫ਼ਸਾਦੀਆਂ ਦਾ। ਅਸੀਂ ਅਮਨ-ਕਾਨੂੰਨ ਬਹਾਲ ਕਰਨਾ, ਖੁਰਾ-ਖੋਜ ਮਿਟਾਉਣਾ ਮਿਟਾਉਣਾ ਅਪਰਾਧੀਆਂ ਦਾ। ਜਿਹੜੇ ਆਉਂਦੇ ਨੇ ਬਾਹਰੋਂ ਸਿਖਲਾਈ ਲੈ ਕੇ, ਭੁਗਤਣ ਆਪੇ ਨਤੀਜਾ ਉਸਤਾਦੀਆਂ ਦਾ । ਅੰਬ ਚੂਪ ਕੇ ਗਿਟ੍ਹਕਾਂ ਖਿਲਾਰ ਗਏ ਨੇ, ਖ਼ੁਰਾ ਮਿਲ ਗਿਆ ਹੈ ਉੱਗਰਵਾਦੀਆਂ ਦਾ॥ 100 ਖੜ੍ਹੀਆਂ ਮਤੇ ਦੇ ਹੱਕ ਵਿਚ ਕਰਨ ਬਾਹਵਾਂ, ਕੁਝ ਨਾ ਪਤਾ ਮਜ਼ਮੂਨ ਦਾ ਬਹੁਤਿਆਂ ਨੂੰ । ਉਹਨਾਂ ਨਹੀਂ ਇਤਿਹਾਸ ਤੋਂ ਸਬਕ ਲੈਣਾ, ਮੱਥਾ ਟੇਕਣਾ ਸਿਰਫ ਦਿਔਤਿਆਂ ਨੂੰ। ਨੇਤਾ ਸੌਂ ਗਿਆ, ਸੰਤ ਸ਼ਹੀਦ ਹੋਇਆ, ਕੌਣ ਕਰੇ ਹੁਣ ਲਾਗੂ ਸਮਝੌਤਿਆਂ ਨੂੰ। ਮੱਦਾਂ ਪਹਿਲੀਆਂ ਨੂੰ ਖੁੱਡੇ-ਲਾਈਨ ਲਾ ਕੇ, ਭੇਜਣ ਲੱਗੇ ਨੇ ਨਵੇਂ ਨਿਔਤਿਆਂ ਨੂੰ । 101 ਜਦੋਂ ਤੱਕੀ ਸ਼ਮੀਰ ਦੀ ਫ਼ੌਜ ਆਉਂਦੀ, ਮਿਰਜ਼ਾ ਝਾੜੀਆਂ ਦੇ ਅੰਦਰ ਦੜ ਗਿਆ ਸੀ। ਸੁੱਤੀ ਸਾਹਿਬਾਂ ਲਈ ਬਣ ਗਿਆ ਨਾਗ ਤਰਕਸ਼, ਡੰਗ ਮਾਰ ਕੇ ਮੱਥੇ ਵਿੱਚ ਵੜ ਗਿਆ ਸੀ। ਬੱਕੀ ਭੱਜ ਗਈ ਖੁਰਾਂ ਨੂੰ ਥੁੱਕ ਲਾ ਕੇ, ਜੰਡ ਕੋਲ ਆ ਕਾਫ਼ਲਾ ਖੜ੍ਹ ਗਿਆ ਸੀ। ਮੁੜ ਗਏ ਜਦੋਂ ਫ਼ਸਾਦੀ ਤਾਂ ਯਾਰ ਮਿਰਜ਼ਾ, ਛਾਲ ਮਾਰ ਕੇ ਜੰਡ 'ਤੇ ਚੜ੍ਹ ਗਿਆ ਸੀ॥ 102 ਮਿਲਿਆ ਸਮਾਂ ਸੁਭਾਗ ਦੇ ਨਾਲ ਸਾਨੂੰ, ਜੱਸ ਖੱਟ ਲਉ, ਕਹਿੰਦੇ ਨੇ ਲੋਕ ਦਾਨੇ । ਚਿੱਟਾ ਕਰ ਲਈਏ ਕਾਲਾ ਧਨ ਸਾਰਾ, ਥੋੜੀ ਦੇਰ ਲਈ ਖੋਲ੍ਹੀਏ ਤਹਿਖਾਨੇ । ਏਧਰ ਲੱਗੇ ਨੇ ਢੇਰ ਤੜਾਗੀਆਂ ਦੇ, ਓਧਰ ਪਏ ਸੁਹਾਗ ਦੇ ਢੇਰ ਗਾਨੇ। ਅਸਾਂ ਘਰਾਂ ਨੂੰ ਸਾੜ ਕੇ, ਖੋਲ੍ਹ ਦਿੱਤੇ- ਵਿਧਵਾ ਆਸ਼ਰਮ ਅਤੇ ਯਤੀਮਖ਼ਾਨੇ ॥ 103 ਕੌਣ ਆਇਆ ਮੁਆਵਜ਼ਾ ਦੇਣ ਵਾਲਾ, ਕਿਸਨੂੰ ਪਤਾ ਹੈ, ਕਿੰਨਾ ਨੁਕਸਾਨ ਹੋਇਆ । ਸਦੀਆਂ ਸਿੰਜਿਆ ਸੀ ਲਹੂ ਨਾਲ ਜਿਸਨੂੰ, ਘੜੀਆਂ ਪਲਾਂ 'ਚ ਬਾਗ਼ ਵਿਰਾਨ ਹੋਇਆ । ਘਰ ਦੇ ਪੁੱਛਦੇ ਨੇ ਪਰ ਉਹ ਕੀ ਦੱਸੇ, ਬਿਟ - ਬਿਟ ਦੇਖਦਾ ਬਾਲ ਹੈਰਾਨ ਹੋਇਆ : ਹਿੱਕੋ ਟਾਂਡਾ ਸੀ ਸੁੱਟਿਆ ਅੱਗ ਲਾ ਕੇ, ਰਾਖ਼ ਕਿਵੇਂ ਹੈ ਸਾਰਾ ਮਕਾਨ ਹੋਇਆ ॥ 104 ਥੱਕੇ ਮੋਢਿਆਂ ਤੋਂ ਸਰਵਣ ਲਾਹੀ ਵਹਿੰਗੀ, ਅੰਨ੍ਹੇ ਮਾਪਿਆਂ ਨੇ ਪਾਣੀ ਮੰਗਿਆ ਹੈ। ਮੁੱਕੀ ਯਾਤਰਾ ਫ਼ਰਜ਼ਾਂ ਤੋਂ ਮੁਕਤ ਹੋਇਆ, ਤੀਰ ਹਿੱਕ ਨੂੰ ਚੀਰ ਕੇ ਲੰਘਿਆ ਹੈ। ਅੱਤਵਾਦ ਨੂੰ ਦੋਸ਼ੀ ਠਹਿਰਾਏ ਦਸ਼ਰਥ, ਸੁਰਖ਼ੀ ਪੂਰੀ ਅਖ਼ਬਾਰ ਨੂੰ ਰੰਗਿਆ ਹੈ । ਦੰਗਾ - ਪੀੜਤਾਂ ਨੂੰ ਰਾਹਤ ਦੇਣ ਆਇਆ, ਚਿਹਰਾ ਲਾਹ ਕੇ ਹੈਂਗਰ 'ਤੇ ਟੰਗਿਆ ਹੈ॥ 105 ਜੰਮਣ - ਭੋਇੰ ਸਾਡੀ ਪਾਕਿਸਤਾਨ ਰਹਿ ਗਈ, ਹਿੰਦੁਸਤਾਨ ਦੀ ਜਦੋਂ ਤਕਸੀਮ ਹੋਈ। ਉਹਨਾਂ ਰੱਬ ਦੇ ਨਾਉਂ 'ਤੇ ਖੁੱਲ੍ਹ ਖੇਡੀ, ਜਿਨ੍ਹਾਂ ਵਾਸਤੇ ਧਰਮ ਅਫ਼ੀਮ ਹੋਈ। ਬੰਦੇ ਇੱਕ ਨੇ ਬਾਪੂ ਨੂੰ ਮਾਰਿਆ ਸੀ, ਮਰਿਆ ਇੱਕ, ਤੇ ‘ਕੌਮ’ ਯਤੀਮ ਹੋਈ। ਅਸਾਂ ਜਿਹੜੇ ਸੰਵਿਧਾਨ ਦੀ ਕਸਮ ਖਾਧੀ, ਉਸ ਵਿੱਚ ਅੱਧਿਉਂ ਵੱਧ ਤਰਮੀਮ ਹੋਈ ॥ 106 ਬੋਲੀ ਨਾਲ ਸ਼ਰੀਕਾ ਨਾ ਕਦੇ ਪੁੱਗੇ, ਸਾਨੂੰ ਦੱਸਿਆ ਬੰਦਿਆਂ ਚੰਗਿਆਂ ਨੇ। ਜਦੋਂ ਵੀਰ ਨੇ ਵੀਰ ਦਾ ਘਾਣ ਕੀਤਾ, ਹੱਥ ਰੰਗੇ ਨੇ ਬਿੱਲਿਆਂ – ਰੰਗਿਆਂ ਨੇ ! ਘੁੱਗ ਵੱਸਦਾ ਦੇਸ ਪੰਜਾਬ ਮੇਰਾ, ਜ਼ਖ਼ਮੀ ਕੀਤਾ ਸਿਆਸਤ ਦੇ ਪੰਗਿਆਂ ਨੇ । ਭਾਵੇਂ ਪੰਜਾਂ ਦਰਿਆਵਾਂ ਦੇ ਅਸੀਂ ਤਾਰੂ, ਸਾਨੂੰ ਡੋਬਣਾ ਦਿੱਲੀ ਦੇ ਦੰਗਿਆਂ ਨੇ ॥ 107 ਇੰਜਣ ਲੱਖ ਚਾਹੇ, ਨਹੀਉਂ ਖਿੱਚ ਸਕਦਾ, ਜਿਹੜੇ ਵੱਖ ਹੋ ਗਏ ਡੱਬੇ ਰੇਲ ਦੇ ਨੇ । ਕਦਰਾਂ ਡਿੱਗੀਆਂ ਇੰਜ ਬਜ਼ਾਰ ਅੰਦਰ, ਜਗ੍ਹਾ ਜਗ੍ਹਾ ਲੱਗੇ ਫੱਟੇ ‘ਸੇਲ’ ਦੇ ਨੇ । ਭਲਾ ਉਹਨਾਂ ਨੂੰ ਕੌਣ ਸੁਮੱਤ ਬਖ਼ਸ਼ੇ, ਰੋਟੀ ਲਈ ਜਿਹੜੇ ਪਾਪੜ ਵੇਲਦੇ ਨੇ । ਬੰਦ ਪਏ ਸਕੂਲ ਤਾਂ ਕੀ ਹੋਇਆ ?- ਅੱਠੇ ਪਹਿਰ ਖੁੱਲ੍ਹੇ ਬੂਹੇ ਜੇਲ੍ਹ ਦੇ ਨੇ ॥ 108 ਕੱਚੀ ਉਮਰੇ ਹੀ ਪੱਕੇ ਇਕਰਾਰ ਹੋ ਗਏ, ਹਾਣ ਮਾਣਿਆ, ਪੂਰਾ ਆਨੰਦ ਕੀਤਾ । ਖਹਿੜਾ ਛੱਡਿਆ ਪੇਕਿਆਂ/ਸਹੁਰਿਆਂ ਦਾ, ਹੱਥੀਂ ਆਪਣੀ, ਆਪ ਪ੍ਰਬੰਧ ਕੀਤਾ । ਰਿਸ਼ਤਾ ਜੋੜਿਆ, ਜ਼ੁਲਫ਼ਾਂ ਦੇ ਬਣੇ ਰੱਸੇ, ਰਿਸ਼ਤਾ ਤੋੜਿਆ ਤਾਂ ਕੱਚੀ ਤੰਦ ਕੀਤਾ । ਵੇਲਾ ਆਪਣਾ ਭੁੱਲਿਆ ਸਵਾਣੀਆਂ ਨੂੰ, ਧੀਆਂ ਧਿਆਣੀਆਂ ਨੂੰ ਤਾਲੇ-ਬੰਦ ਕੀਤਾ !! 109 ਬਦਲਣ ਲੱਗਿਆ ਹੈ ਢਾਂਚਾ ਸਿੱਖਿਆ ਦਾ, ਹੱਥ ਜੋੜ ਕੇ ਕਹੋ : ਸਤਿ-ਬਚਨ, ਬਦਲੋ। ਪੱਕੇ ਪਏ ਨੇ ਕੰਨ ਸ਼ਰੋਤਿਆਂ ਦੇ, ਕਥਾਵਾਚਕੋ ! ਜ਼ਰਾ ਪ੍ਰਵਚਨ ਬਦਲੋ । ਨਵਾਂ ਫੁੱਲ ਤਾਂ ਰੋਜ਼ ਹੋ ਟੁੰਗ ਲੈਂਦੇ, ਕਦੇ ਆਪਣੀ ਅਚਕਨ ਦੇ ਬਟਨ ਬਦਲੋ। ਵਿਆਕਰਨ ਸਿਆਸਤ ਦੀ ਸਿਰਫ਼ ਏਨੀ, ਰਾਤੀਂ ਲਿੰਗ ਬਦਲੋ, ਦਿਨੇ ਵਚਨ ਬਦਲੋ ॥ 110 ਪਰਬਤ ਨਵਾਂ ਫ਼ਰਿਹਾਦ ਨੇ ਖੋਦਿਆ ਹੈ, ਮਿਲੇ ਨਵੇਂ ਉਸਨੂੰ, ਜੀ ਹਾਂ, ਜੀ ਨੁਕਤੇ । ਸ਼ੀਰੀਂ ਆਖਦੀ : ਦੁੱਧ ਮੈਂ ਮੰਗਿਆ ਸੀ, ਮੇਰੇ ਸੁਹਣਿਆ ! ਕਰਾਂ ਮੈਂ ਕੀ ਨੁਕਤੇ ? ਕਹਿੰਦਾ ਸ਼ੀਰੀਂ ਨੂੰ : ਭੁੱਲ ਜਾ ਦੁੱਧ ਰਾਣੀ, ਮੇਰੀ ਜਾਨ ! ਤੂੰ ਰੱਜ ਕੇ ਪੀ ਨੁਕਤੇ । ਨੁਕਤੇ ਇੱਕ ਲਈ ਭਟਕਦੀ ਫਿਰੇ ਦੁਨੀਆ, ਸਾਡੇ ਕੋਲ ਤਾਂ ਨੇ ਪੂਰੇ ਵੀਹ ਨੁਕਤੇ ॥ 111 ਚੂਲ ਕੋਈ ਨਾ ਕੋਈ ਬੱਸ ਰਹੇ ਢਿਲਕੀ, ਕੁਰਸੀ ਮਿਲੀ ਸਾਨੂੰ ਸੈਕਿੰਡ-ਹੈਂਡ ਸਾਈਆਂ । ਤੂਤੀ ਬੋਲਦੀ ਬੋਲਦੀ ਬੰਦ ਹੋ ਗਈ, ਸ਼ੁਰੂ ਹੋ ਗਏ ਬਗ਼ਾਵਤ ਦੇ ਬੈਂਡ ਸਾਈਆਂ । ਪੀੜ੍ਹੀ ਆਪਣੀ ਸੋਟਾ ਵੀ ਆਪਣਾ ਹੈ, ਫਿਰ ਵੀ ਤੰਗ ਕਰਦਾ ਫਾਰੋਨ - ਹੈਂਡ ਸਾਈਆਂ। ਖ਼ਾਲਿਸਤਾਨ ਦੀ ਗਾਤਰਾ, ਮੰਗ ਕਰਦਾ, ਖੁਖਰੀ ਮੰਗਦੀ ਗੋਰਖਾ - ਲੈਂਡ ਸਾਈਆਂ ॥ 112 ਆਪਸ - ਵਿੱਚਦੀ ਬੰਨ੍ਹ ਕੇ ਦਾੜ੍ਹੀਆਂ ਨੂੰ, ਨਾਸਾਂ ਵਿੱਚ ਕੋਈ ਤੇਜ਼ ਨਸਵਾਰ ਦਾਂਗੇ । ਛਿੱਕਾਂ ਮਾਰਕੇ ਮੱਥੇ ਭੰਨਾਉਣ ਦੋਵੇਂ, ਫੋਟੋ ਖਿੱਚ ਕੇ, ਵਿੱਚ ਅਖ਼ਬਾਰ ਦਾਂਗੇ । ਮੌਕਾ ਦਿਆਂਗੇ ਚੋਣਾਂ ਦਾ ਫੇਰ ਮੁੜ ਕੇ, ਧੋ ਕੇ ਦੁੱਧ ਦੇ ਵਿੱਚ 'ਸਰਕਾਰ' ਦਾਂਗੇ । ਬੈਠਾ ਰਹੇਗਾ ਪਾਲਤੂ ਝੀਲ ਬਣ ਕੇ, ਐਸਾ ਬੰਨ੍ਹ ਪੰਜਾਬ ਨੂੰ ਮਾਰ ਦਾਂਗੇ ॥ 113 ਸੁਣਦੇ ਆਏ ਹਾਂ ਕਿ ਜੀਵਨ ਵਿੱਚ ਬੰਦਾ, ਡਿੱਗ ਡਿੱਗ ਕੇ ਹੀ ਸ਼ਾਹ - ਸਵਾਰ ਬਣਦਾ। ਜਿੰਨੀ ਯੋਗਤਾ ਕਿਸੇ ਦੇ ਵਿੱਚ ਹੁੰਦੀ, ਉਹ ਕੁਝ ਆਦਮੀ ਹੈ ਆਖ਼ਰਕਾਰ ਬਣਦਾ। ਭਉਜਲ ਵਿੱਚ ਸਿਆਸਤ ਹੈ ਪਟਕ ਦੇਂਦੀ, ਭਾਵੇਂ ਕਿੰਨਾ ਵੀ ਕੋਈ ਹੁਸ਼ਿਆਰ ਬਣਦਾ। ਆ ਕੇ ਬਾਰ੍ਹ ਬਰਨਾਲੇ ਨੇ ਖੱਟਿਆ ਕੀ ?- ਨਜ਼ਰਬੰਦ ਰਹਿੰਦਾ, ਚਿੱਤਰਕਾਰ ਬਣਦਾ ॥ 114 ਸਾਨੂੰ ਕਦੇ ਨਾ ਧੁੱਪ ਨਸੀਬ ਹੋਈ, ਜਾਂ ਤਾਂ ਘੁਸਮੁਸਾ ਹੈ, ਜਾਂ ਫਿਰ ਸਾਜ੍ਹਰਾ ਹੈ। ਸਾਡੇ ਨਾਲ ਹੈ ਵਕਤ ਨੇ ਭਲੀ ਕੀਤੀ, ਬੀਜੀ ਕਣਕ ਤੇ ਉੱਗਿਆ ਬਾਜਰਾ ਹੈ । ਕਦੇ ਟੁੱਟਦੀ ਨਾ ਸਾਂਝ ਪਾਗ਼ਲਾਂ ਦੀ, ਅੰਬਰਸਰੋਂ ਭਾਵੇਂ ਕਿੰਨਾ ਆਗਰਾ ਹੈ । ਚੰਦ ਬੰਦਿਆਂ ਨੇ ਏਨਾ ਗੰਦ ਪਾਇਆ, ਤੂੰ ਹੀ ਬੋਲ ਸਾਈਆਂ, ਇਹ ਕੀ ਮਾਜਰਾ ਹੈ !। 115 ਪਿੱਛੋਂ ਅਸਾਂ ਹੈ ਹੋਰ ਕੋਈ ਕੰਮ ਕਰਨਾ, ਲਾਉਣੇ ਕੰਮ 'ਤੇ ਨੇ ਬੇ-ਰੁਜ਼ਗਾਰ ਪਹਿਲਾਂ । ਜੀਹਨਾਂ ਮੋਰਚੇ ਮਾਰੇ ਜਾਂ ਕੈਦ ਕੱਟੀ, ਭਰਤੀ ਕਰੇਗੀ ਸਾਡੀ ਸਰਕਾਰ ਪਹਿਲਾਂ। ਪਿੱਛੋਂ ਗਿਲਾ ਨਾ ਕਿਸੇ ਨੂੰ ਰਹਿ ਜਾਵੇ, ਅਸਾਂ ਕੀਤੀ ਹੈ 'ਨੀਤੀ' ਤਿਆਰ ਪਹਿਲਾਂ । ਪਹਿਲਾਂ ਓਸਨੂੰ ਨੌਕਰੀ ਮਿਲੂ ਪੱਕੀ, ਲੈ ਕੇ ਆਉ ਜੋ ਚਾਲੀ ਹਜ਼ਾਰ ਪਹਿਲਾਂ॥ 116 ਪਾਰਬਤੀ ਨੂੰ ਸ਼ਿਵਾਂ ਨੇ ਆਖਿਆ ਸੀ : ਕਲਜੁਗ ਵਿੱਚ ਉਹ ਵਕਤ ਨੇ ਆਉਣ ਵਾਲੇ ।- ਆਤੁਰ ਹੋਣਗੇ ਸੁੱਕੀਆਂ ਰੋਟੀਆਂ ਤੋਂ, ਪੜ੍ਹ ਪੜ੍ਹ ਪੁਸਤਕਾਂ ਵਕਤ ਵਿਹਾਉਣ ਵਾਲੇ । ਵੱਕਤ ਰਹਿਣੀ ਨਾ ਮੈਡਲਾਂ ਡਿਗਰੀਆਂ ਦੀ, ਰੋਂਦੇ ਫਿਰਨਗੇ ਪੜ੍ਹਨ- ਪੜ੍ਹਾਉਣ ਵਾਲੇ। ਦਾਨਿਸ਼ਵਰਾਂ ਦੇ ਸਿਰਾਂ 'ਤੇ ਰਾਜ ਕਰਸਣ, ਨਾਅਰੇ ਲਾਉਣ ਵਾਲੇ, ਅੱਗਾਂ ਲਾਉਣ ਵਾਲੇ ॥ 117 ਘਰ ਵਿੱਚ ਹੁੰਦਾ ਅਖ਼ਬਾਰਾਂ ਦਾ ਢੇਰ ਲੱਗਾ, ਮਜ਼ਾ ਸਫ਼ਰ ਵਿੱਚ ਆਉਂਦਾ ਅਖ਼ਬਾਰ ਖੋਹ ਕੇ । ਜੇਬਾਂ ਵਿੱਚ ਭਾਵੇਂ ‘ਇੰਡੀਆ ਕਿੰਗ' ਹੋਵੇ, ਲੋਕੀਂ ਪੀਂਦੇ ਨੇ ‘ਚਾਰ ਮੀਨਾਰ' ਖੋਹ ਕੇ। ਸਬਰ ਆਉਂਦਾ ਨਾ ਛੱਤੀ ਪਦਾਰਥਾਂ ਸੰਗ, ਸੈਂਤੀ ਬਣਨ ਜੋ ਖਾਈਏ ਅਚਾਰ ਖੋਹ ਕੇ । ਦਿੱਤਾ ਗੁਰੂ ਦਾ ਹੈ ਸਭ ਕੁਝ ਘਰੇ, ਫਿਰ ਵੀ, ਮੁੰਡੇ ਭੱਜਦੇ ਕਿਉਂ ਵੀ. ਸੀ. ਆਰ. ਖੋਹ ਕੇ ?। 118 ਸਾਡੇ ਕੋਲੋਂ ਅਸਤੀਫ਼ਾ ਕਿਉਂ ਮੰਗਦੇ ਹੋ, ਕਰਨ ਛੋਕਰੇ, ਤੇ ਚੱਟੀ ਅਸੀਂ ਭਰੀਏ ? ਘੜਿਆਂ ਕੱਚਿਆਂ 'ਤੇ ਪੈ ਕੇ ਢਿੱਡ ਪਰਨੇ, ਸ਼ਹੁ - ਸਾਗਰ ਸਿਆਸਤ ਦਾ ਰੋਜ਼ ਤਰੀਏ । ਬਿਆਨਬਾਜ਼ੀਆਂ ਤੇ ਦੂਸ਼ਣਬਾਜ਼ੀਆਂ ਤੋਂ, ਨਾ ਤਾਂ ਬਾਜ਼ ਆਈਏ, ਨਾ ਹੀ ਕਦੇ ਡਰੀਏ । ਅੱਤਵਾਦੀਆਂ ਨਾਲ ਨਜਿੱਠ ਰਹੇ ਹਾਂ, ਆਪਣੇ 'ਕਾਕਿਆ' ਦਾ ਆਪਾਂ ਕੀ ਕਰੀਏ !। 119 ਐਮ.ਐਲਿਆਂ ਵਾਂਗਰਾਂ ਤੁਰੇ ਫਿਰੀਏ, ਹਲਕੇ ਆਪਣੇ ਵਿੱਚ ਗੇੜੇ ਮਾਰਦੇ ਹਾਂ। ਮੱਛਰ ਨਹੀਂ ਜੀ, ਮਾਰੀਏ ਪੰਪ ਆਪਾਂ, ਨੌਕਰ ਮੱਛਰ ਦੇ ਨਹੀਂ ਸਰਕਾਰ ਦੇ ਹਾਂ। ਅਸੀਂ ਤੋੜੇ ਰਿਕਾਰਡ ਨੇ ਟੀਚਿਆਂ ਦੇ, ਬਿਆਨ ਛਾਪਦੇ ਵਿੱਚ ਅਖ਼ਬਾਰ ਦੇ ਹਾਂ। ਮੱਛਰ ਹੈਗਾ, ਮਲੇਰੀਆ ਖ਼ਤਮ ਹੋਇਆ, ਹੁਣ ਤਾਂ ਬੈਠਕੇ ਮੱਖੀਆਂ ਮਾਰਦੇ ਹਾਂ ॥ 120 ਅਕਲਮੰਦ ਹੁੰਦਾ, ਕੈਦ ਕੱਟ ਲੈਂਦਾ, ਭੇਸ ਜੋਗੀਆਂ ਦਾ ਰਾਂਝਾ ਧਾਰਦਾ ਨਾ । ਸੱਤਾ ਵਿੱਚ ਕੁਝ ਉਹਦੀ ਵੀ ਪੁੱਛ ਹੁੰਦੀ, ਜੇਕਰ ਧੜੇ ਨੂੰ ਧਰਮ ਤੋਂ ਵਾਰਦਾ ਨਾ । ਚੰਗਾ ਹੁੰਦਾ ਜੇ ਵੰਝਲੀ ਫੂਕ ਸੁੱਟਦਾ, ਫੂਕਾਂ ਮਾਰ ਕੇ ਝੱਲ ਖਿਲਾਰਦਾ ਨਾ । ਪੜ੍ਹਿਆ ਹੁੰਦਾ, ਮੁਨੀਮ ਹੀ ਲੱਗ ਜਾਂਦਾ, ਡੰਗਰ, ਵਾਂਙ ਯਤੀਮਾਂ ਦੇ, ਚਾਰਦਾ ਨਾ ॥ 121 ਇਹਨਾਂ ਲੋਕਾਂ ਨੂੰ ਕਾਹਦਾ ਹੈ ਫ਼ਿਕਰ ਫਾਕਾ, ਪਹਿਨਣ – ਖਾਣ ਚੰਗਾ, ਮੰਦਾ ਬੋਲਦੇ ਨੇ । ਸਾਬਤ ਕਰਨ ਲਈ ਸਾਂਝ ਪੰਜਾਬੀਆਂ ਦੀ, ਸਾੜਨ ਘਰਾਂ ਨੂੰ ਤੇ ਕਬਰਾਂ ਫੋਲਦੇ ਨੇ। ਲੱਸੀ ਆਪਣੀ ਨੂੰ ਫੂਕਾਂ ਪਏ ਮਾਰਨ, ਸਾਡੇ ਦੁੱਧ ਅੰਦਰ ਕਾਂਜੀ ਘੋਲਦੇ ਨੇ । ਹੱਥਾਂ ਨਾਲ ਜੋ ਦਿੱਤੀਆਂ ਲੀਡਰਾਂ ਨੇ, ਦੰਦਾਂ ਨਾਲ ਲੋਕੀਂ ਗੰਢਾਂ ਖੋਲ੍ਹਦੇ ਨੇ ॥ 122 ਜਦੋਂ ਵੇਖਿਆ ਕੁਰਸੀ ਦਾ ਯੁੱਧ ਹੁੰਦਾ, ਮਰਨ ਵਾਲੇ ਤਾਂ ਸੜ ਕੇ ਨੇ ਖ਼ਾਕ ਹੋ ਗਏ। ਨਜ਼ਰ ਆਏ ਜਾਂ ਪੈਕੇਟ 'ਸਲੇਟੀਆਂ' ਦੇ, ਬੰਦ ਡੱਬਿਆਂ ਦੇ ਅੰਦਰ 'ਚਾਕ' ਹੋ ਗਏ । ਦੋਸ਼ ਦਈਏ ਸ਼ਰੀਕਾਂ ਨੂੰ ਭਲਾ ਕਾਹਦਾ ?— ਅੱਡੋ ਅੱਡ ਨੇ ਅੰਗ ਤੇ ਸਾਕ ਹੋ ਗਏ । ਕਿੱਥੋਂ ਤੁਰੇ ਸਾਂ, ਕਿੱਥੇ ਹਾਂ ਆਣ ਪਹੁੰਚੇ, ਪਰਮਾਨੈਂਟ ਤੋਂ ਅਸੀਂ ਐਡਹਾਕ ਹੋ ਗਏ !। 123 ਇੱਕ ਸੰਤ ਨੇ ਨਬਜ਼ ਟੋਹ ਸੋਚਿਆ ਸੀ : ਮਾਰੂ ਰੋਗ ਦਾ ਸਹੀ ਇਲਾਜ ਕੀਤਾ। ਉਸਤਤ ਸੱਚ ਦੇ ਮਾਰਗੀਂ ਸਦਾ ਹੁੰਦੀ, ਸੱਚ ਪਾਲਿਆ, ਧਰਮ ਦਾ ਕਾਜ ਕੀਤਾ। ਓਸੇ ਅਮਰ ਸ਼ਹੀਦ ਦਾ ਥਾਪੜਾ ਲੈ, ਇੱਕ ਧੜੇ ਨੇ ਸਾਡੇ ਤੇ ਰਾਜ ਕੀਤਾ। ਬੇੜਾ ਗ਼ਰਕ ਹੋਵੇ ਕੁਰਸੀ ਚੰਦਰੀ ਦਾ, ਜਿਸਨੇ ਅੱਧਾ ਪੰਜਾਬ ਨਰਾਜ ਕੀਤਾ ॥ 124 ਘਰੋਂ ਘਰ ਘਰ ਗਵਾਉਂਦੇ ਨੇ ਲੜਨ ਵਾਲੇ, ਨਾਲੇ ਬਾਹਰੋਂ ਵੀ ਭੜੂਏ ਕਹਾਂਵਦੇ ਨੇ । ਪਹਿਲਾਂ ਪਿੱਠ ਪਿੱਛੇ ਲੋਕੀਂ ਕਰਨ ਗੱਲਾਂ, ਪਿੱਛੋਂ ਮੂੰਹਾਂ 'ਤੇ ਆਖ ਸੁਣਾਂਵਦੇ ਨੇ । ਹਾਂਡੀ ਵੇਖ ਕੇ ਬਹੁਤਾ ਜੋ ਮੂੰਹ ਅੱਡਣ ਯਾਰੋ, ਪਹਿਲੇ ਸਵਾਦੋਂ ਵੀ ਜਾਂਵਦੇ ਨੇ। ਇੱਕ ਦਲ ਨੂੰ ਮਾਨਤਾ ਮਿਲੇ ‘ਦਲ' ਦੀ, ਦੋ ਦਲ ਤਾਂ 'ਦਲਦਲ' ਅਖਵਾਂਵਦੇ ਨੇ॥ 125 ਚੌਣਾ ਸਦਾ ਅਨੁਸ਼ਾਸਨ ਦੇ ਵਿੱਚ ਰਹਿੰਦਾ, ਮੂਹਰੇ ਮਾਲ ਹੋਵੇ, ਪਿੱਛੇ ਰਹੇ ਵਾਗੀ । ਜਿੱਚਰ ਝਾਕ ਹੋਵੇ ਕਾਰਾਂ ਝੰਡੀਆਂ ਦੀ, ਮਗਰ ਮਗਰ ਜਜਮਾਨ ਦੇ ਫਿਰਨ ਲਾਗੀ। ਸੁੱਤੀ ਰਹੀ, ਜਿੱਚਰ ਕੁਰਸੀ - ਦੌੜ ਲੱਗੀ, ਨੌਂਗੇ ਮੁੱਕੇ ਤਾਂ ਆਤਮਾ ਤੁਰਤ ਜਾਗੀ । ਇੱਕੋ ਜਿਹੇ ਚਿਹਰੇ, ਇੱਕੋ ਜਿਹੇ ਮੋਹਰੇ, - ਕਿਹੜੇ ਬਾਗ਼ੀ ਤੇ ਕਿਹੜਾ ਹੈ ਸ਼ਖ਼ਸ ਦਾਗ਼ੀ !। 126 ਚਰਚਾ ਏਕਤਾ ਵਾਲੀ ਤਾਂ ਆਮ ਹੋ ਗਈ, ਬੈਠੋ ਸਾਥੀਉ ! ਗੱਲ ਕੋਈ ਖ਼ਾਸ ਕਰੀਏ । ਟੁੱਟੀ ਤੰਦ ਸੰਤਾਲੀ ਸੰਗ ਜੋੜ ਲਈਏ, ਲਾ ਕੇ ਤਾਣ ਸੰਪੂਰਨ ਇਤਿਹਾਸ ਕਰੀਏ। ਜੀਕਣ ਜਿਹਲਮ - ਚਨਾਬ ਨੂੰ ਅਮਰ ਕੀਤਾ, ਓਸੇ ਤਰ੍ਹਾਂ ਹੀ ਸਤਿਲੁਜ - ਬਿਆਸ ਕਰੀਏ । ਅੱਗ ਲੱਗ ਜੇ ਰਾਵੀ ਦੇ ਪਾਣੀਆਂ ਨੂੰ, ਕਰਮ ਕਰੋ ਪੂਰਾ, ਮਤਾ ਪਾਸ ਕਰੀਏ ॥ 127 ਕਿਸੇ ਹੋਰ ਦੀ ਕਿਸੇ ਨੂੰ ਨਹੀਂ ਚਿੰਤਾ, ਹਰ ਕੋਈ ਆਪਣਾ ਕੰਮ ਹੈ ਕਰੀ ਜਾਂਦਾ। ਰੌਲੇ ਗੌਲੇ ਦੇ ਵਿੱਚ ਨਾ ਪਤਾ ਲੱਗੇ, ਕਿਹੜਾ ਬੀਜਦਾ ਤੇ ਕਿਹੜਾ ਚਰੀ ਜਾਂਦਾ। ਏਧਰ ਡੋਬਾ ਤੇ ਓਧਰ ਹੈ ਨਿਰਾ ਸੋਕਾ, ਕੇਂਦਰ ਵਾਲਿਆਂ ਦਾ ਸੋਹਣਾ ਸਰੀ ਜਾਂਦਾ। ਓਧਰ ਬੱਦਲ ਬਠਿੰਡੇ ਤੇ ਗਿਰਦ ਹੋਇਆ, ਏਧਰ ਬਾਦਲ ਬਰਨਾਲੇ ’ਤੇ ਵਰ੍ਹੀ ਜਾਂਦਾ। 128 ਇਹੋ ਸਾਡਾ ਸਮਝੌਤਾ ਸੀ ਨਾਲ ਤੇਰੇ, ਸਿਰੇ ਅਸਾਂ ਸਮਝੌਤਾ ਨਹੀਂ ਚੜ੍ਹਨ ਦੇਣਾ । ਬਿਨਾਂ ਡਿਗਰੀਉਂ ਪਦਵੀਆਂ ਸਾਂਭੀਆਂ ਨੇ, ਪੜ੍ਹੋ ਆਪ ਨਾ ਕਿਸੇ ਨੂੰ ਪੜ੍ਹਨ ਦੇਣਾ। ਜਿੰਨ੍ਹਾਂ ਯੋਧਿਆ ਨੇ ਸਾਡਾ ਸਾਥ ਦਿੱਤਾ, ਸਾਡਾ ਫਰਜ਼ ਹੈ ਉਹਨਾਂ ਨੂੰ ਸ਼ਰਨ ਦੇਣਾ। ਕਸਮ ਕੁਰਸੀ ਦੀ ਰਵ੍ਹਾਂਗੇ ਨਾਲ ਤੇਰੇ, ਐਪਰ ਤੈਨੂੰ ਕੋਈ ਕੰਮ ਨਹੀਂ ਕਰਨ ਦੇਣਾ ॥ 129 ਸੱਜਣ ਸੱਚੀਆਂ ਬੋਲੀਆਂ ਮਾਰਦੇ ਨੇ, ਬੋਲ ਉਨ੍ਹਾਂ ਦੇ ਦਿਲਾਂ ਨੂੰ ਚੀਰਦੇ ਨੇ । ਕਹਿੰਦੇ : ਜਿੰਨ੍ਹਾਂ ਦੇ ਨਾਲ ਹੋ ਰਲੀ ਬੈਠੇ, ਸੱਕੇ ਨਹੀਂ ਸਾਡੇ, ਮਾਮੇ ਹੀਰ ਦੇ ਨੇ । ਸਬਰ ਕਰੋ, ਅਖ਼ੀਰ ਨੂੰ ਘਰੇ ਆਉਣੈ, - ਛਕਣ ਦਿਉ ਇਹ ਘੱਟ ਅਖ਼ੀਰ ਦੇ ਨੇ । ਕਿੱਦਾਂ ਛੱਡ ਕੇ ਭੋਲਿਉ ! ਚਲੇ ਆਈਏ, ਵਿਸਕੀ ਨਾਲ ਪਕੌੜੇ ਪਨੀਰ ਦੇ ਨੇ ।। 130 ਸ਼ਬਦ ਅਹੁੜਦੇ ਨਹੀਂ ਮੈਂ ਕਿਵੇਂ ਦੱਸਾਂ, ਜਿਹੜੀ ਬਾਬ ਮੇਰੀ, ਮੇਰੇ ਖ਼ਸਮ ਕੀਤੀ । ਦਿਲੋਂ ਤੇਰੀ ਸਾਂ; ਤੇਰੀ ਹਾਂ, ਰਹੂੰ ਤੇਰੀ, ਸ਼ਾਦੀ ਵਾਲੀ ਤਾਂ ਐਵੇਂ ਸੀ ਰਸਮ ਕੀਤੀ। ਲੱਤਾਂ ਦੋਵੇਂ ਪਈਆਂ ਦੋਹਾਂ ਚੁੱਲ੍ਹਿਆਂ ਵਿੱਚ, ਚੰਦਨ ਦੇਹੀ ਇਹ ਸਾੜ ਕੇ ਭਸਮ ਕੀਤੀ । ਬੱਚੇ ਤੇਰੇ ਮੈਂ ਕਿਸੇ ਦੇ ਦੇ ਘਰੇ ਜੰਮੇ, ਪਰਦੇ ਵਿੱਚ ਰਹਿ ਕੇ ਪੂਰੀ ਕਸਮ ਕੀਤੀ ॥
ਅਧਿਆਇ : ਪੰਜ - ਕੇਸਰੀ
131 ਨਵਾਂ ਬਾਲ - ਉਪਦੇਸ਼ ਬਣਾਈ ਫਿਰਦੇ, ਬੱਚੇ ਸਾਡੇ ਨੇ ਬੜੇ ਆਤੰਕਵਾਦੀ । ਵਰਣਮਾਲਾ ਨੂੰ ਕਹਿਣ ਹਥਿਆਰ - ਮਾਲਾ, ਅੱਖਰ ਇੱਕ ਨਾ ਰਿਹਾ ਰਹੱਸਵਾਦੀ। ਕਹਿੰਦੇ : ਤੱਤਾ ਤਰਸ਼ੂਲ, ਕਿਰਪਾਨ ਕੱਕਾ, ਦੱਦਾ ਦੇਸ਼ - ਦੁਸ਼ਮਣ, ਵਾਵਾ ਵੱਖਵਾਦੀ । ਊੜਾ ਇਨ੍ਹਾਂ ਦਾ ਬੜਾ ਹੀ ਉਗਰਵਾਦੀ, ਐੜਾ ਇਨ੍ਹਾਂ ਦਾ ਦਾ ਬੜਾ ਹੈ ਅੱਤਵਾਦੀ ॥ 132 ਅਸੀਂ ਗੱਭਰੂ, ਸ਼ੇਰ ਪੰਜਾਬ ਦੇ ਹਾਂ, ਜਦੋਂ ਕਰੇਗਾ ਚਿੱਤ, ਦਹਾੜ ਦਾਂ'ਗੇ । ਭੰਨੀ ਜਾਏ ਮਿਰਗਾਵਲੀ, ਧੀਰ ਨਾਹੀਂ, ਸਭ ਨੂੰ ਘੁਰਨਿਆਂ ਦੇ ਅੰਦਰ ਵਾੜ ਦਾਂ'ਗੇ । ਅੱਗ ਲਾਈਏ ਸੁਦਾਮੇ ਦੇ ਸੱਤੂਆਂ ਨੂੰ, ਨਾਮਦੇਵ ਦੀ ਛੱਪਰੀ ਸਾੜ ਦਾਂ'ਗੇ । ਗੁੱਲ ਕਰਾਂਗੇ ਘਰਾਂ ਦੇ ਕੁੱਲ ਦੀਵੇ, ਐਸਾ ਚੰਨ ਪੰਜਾਬ 'ਤੇ ਚਾੜ੍ਹ ਦਾਂ'ਗੇ । 133 ਘੁੱਗ ਵੱਸਦੀ ਪੁਰੀ ਆਨੰਦ ਵਾਲੀ, ਏਥੇ ਕਲਗੀਆਂ ਵਾਲਾ ਬਿਰਾਜਿਆ ਸੀ । ਗੋਬਿੰਦ ਮਿਹਰ ਕੀਤੀ ਚਿੜੀਆਂ ਬਾਜ ਬਣੀਆਂ, ਵਾਜਾਂ ਮਾਰ ਕੇ ਆਪ ਨਿਵਾਜਿਆ ਸੀ । ਜ਼ੁਲਮ ਨਾਲ ਲੱਗਾ ਲੋਹਾ ਲੈਣ ਬੰਦਾ, ਜਿਹੜਾ ਸਹਿਮਿਆ ਅਤੇ ਮੁਥਾਜਿਆ ਸੀ । ਲਹੂ ਡੋਲ੍ਹੋ ਨਾ, ਗੁਰੂ ਦਾ ਵਾਸਤਾ ਜੇ, ਏਥੇ ਗੁਰੂ ਨੇ ਖ਼ਾਲਸਾ ਸਾਜਿਆ ਸੀ ॥ 134 ਹੱਕ ਸਾਰੇ ਜ਼ਬਾਨੀ ਨੇ ਯਾਦ ਸਾਨੂੰ, ਸਾਨੂੰ ਇਲਮ ਕੋਇ ਨਾ ਸਾਡਾ ਫ਼ਰਜ਼ ਕੀ ਏ । ਸਾਡਾ ਆਪਣਾ ਉੱਲੂ ਬੱਸ ਰਹੇ ਸਿੱਧਾ, ਬਾਕੀ ਪੈਣ ਢੱਠੇ, ਸਾਨੂੰ ਗਰਜ਼ ਕੀ ਏ । ਗੋਲੀ ਇੱਕੋ ਇਲਾਜ ਹਰ ਮਰਜ਼ ਦਾ ਏ, ਕਿਸਨੂੰ ਵਿਹਲ ਵੇਖੇ ਅਸਲੀ ਮਰਜ਼ ਕੀ ਏ । ਅਸਾਂ ਆਪਣੇ ਅੱਕਾਂ ਨੂੰ ਵਾੜ ਕਰਨੀ, ਅੰਬ ਪੁੱਟੇ ਵੀ ਜਾਣ ਤਾਂ ਹਰਜ਼ ਕੀ ਏ ?! 135 ਲਹੂ ਕੌਮ ਦਾ ਲਾਵਾਂਗੇ ਕੌਮ ਲੇਖੇ, ਕੀਤਾ ਫ਼ੈਸਲਾ ਕੌਮ ਦੇ ਦਰਦੀਆਂ ਨੇ । ਅੱਧਾ ਡੁੱਲ੍ਹ ਜਾਂਦਾ, ਅੱਧਾ ਸੁੱਕ ਜਾਂਦਾ, ਛਾਈਆਂ ਚਿਹਰਿਆਂ 'ਤੇ ਤਾਹੀਉਂ ਜ਼ਰਦੀਆਂ ਨੇ । ਉਹੀਉ ਸੂਰਤਾਂ ਕਰਦੀਆਂ ਵਾਰਦਾਤਾਂ, ਉਹੀਉ ਸੂਰਤਾਂ ਫ਼ੈਸਲੇ ਕਰਦੀਆਂ ਨੇ । ਕਿਸਦੇ ਕੋਲ ਜਾ ਕੇ ਕਿਸਦੀ ਰਪਟ ਕਰੀਏ, ਉਹੀਉ ਗੋਲੀਆਂ ਨੇ, ਉਹੀਉ ਵਰਦੀਆਂ ਨੇ ॥ 136 ਅਸਾਂ ਆਪਣੀ ਆਈ ਤੋਂ ਨਹੀਂ ਮੁੜਨਾ, ਮੌਤ ਆਉਂਦੀ ਹੈ, ਉਸਨੂੰ ਆਉਣ ਦੇਵੋ । ਕਦੋਂ ਤੀਕ ਰਿਆਜ਼ ਹੀ ਕਰੀ ਜਾਈਏ ? ਗੁਸਲਖ਼ਾਨੇ ਤੋਂ ਬਾਹਰ ਵੀ ਗਾਉਣ ਦੇਵੋ । ਵੇਖੋ, ਤੁਸਾਂ ਮਨਾਹੀਆਂ ਦੀ ਹੱਦ ਕੀਤੀ, ਸਾਨੂੰ, ਹੱਦ ਨੂੰ ਹੱਥ ਹੀ ਲਾਉਣ ਦੇਵੋ । ਫ਼ਿਕਰ ਕਰੋ ਨਾ, ਮਾਪਿਉ ! ਬੱਚਿਆਂ ਨੂੰ- ਹੱਥ ਛੱਡ ਕੇ ਸਾਈਕਲ ਚਲਾਉਣ ਦੇਵੋ ॥ 137 ਮਿਲਿਆ ਸ਼ੰਮੀ ਦੇ ਭੋਗ 'ਤੇ ਯਾਰ ਸਾਡਾ, ਰੋਵੇ ਮੋਇਆ ਜਿਉਂ ਸਕਾ ਭਰਾ ਹੁੰਦਾ। "ਬੜਾ ਆਖਿਐ : ਵੇਖ ਕੇ ਬਟਨ ਦੱਬੋ, ਪਰ ਕੋਈ ਜਾਪਦਾ ਨਹੀਂ ਬਚਾਅ ਹੁੰਦਾ । ਜੀਭਾਂ ਚੁੱਪ ਦੁਨਾਲੀ ਦੀ ਮਾਰ ਮੂਹਰੇ, ਸਾਥੋਂ ਨਹੀਂ ਹੁਣ ਹੋਰ ਸਮਝਾ ਹੁੰਦਾ । ਮਰਨ ਵਾਲਿਉ ! ਸਾਡੇ 'ਤੇ ਰਹਿਮ ਰੱਖੋ, ਰੋਜ਼ ਰੋਜ਼ ਨਹੀਂ ਭੋਗ 'ਤੇ ਜਾ ਹੁੰਦਾ ॥ 138 ਮਾਹੌਲ ਦਾ ਕਾਫ਼ੀਆ ਤੰਗ ਹੋਵੇ, ਨਜ਼ਮ ਕਹੇ ਸ਼ਾਇਰ, ਕਿਹੜੇ ਸ਼ਹਿਰ ਅੰਦਰ ? ਉਹੀਓ ਜਾਣਦੇ ਨੇ, ਜਿੰਨ੍ਹਾਂ ਵੇਖਿਆ ਹੈ- ਨ੍ਹੇਰ ਮੱਚਦਾ ਸਿਖ਼ਰ - ਦੁਪਹਿਰ ਅੰਦਰ । ਹੁਣ ਤਾਂ ਹੱਥ - ਪਸਾਰਿਆ ਨਹੀਂ ਦਿਸਦਾ, ਰੰਗ ਲਹੂ ਦਾ ਭਰਿਆ ਏ ਗਹਿਰ ਅੰਦਰ । ਅੰਮ੍ਰਿਤ ਵੇਲੇ ਮਾਸੂਮਾਂ ਦਾ ਘਾਣ ਹੋਇਆ, ਗੋਲੀ ਚੱਲ ਗਈ ਪਾਤਰ ਦੇ ਸ਼ਹਿਰ ਅੰਦਰ ॥ 139 ਪੜ੍ਹੇ - ਲਿਖ ਦੀ ਇਹੋ ਪਛਾਣ ਹੁੰਦੀ, ਨੀਵੀਂ ਨਜ਼ਰ ਤੇ ਮਿੱਠੀ ਜ਼ੁਬਾਨ ਹੋਵੇ । ਉਹ ਤਾਂ ਮੋਢਿਆਂ ਤੋਂ ਥੁਕਦਾ ਰਹੇ, ਜਿਸਦੀ- ਗਰਦਨ ਵਿੱਚ ਕਿੱਲਾ, ਮੂੰਹ ਵਿੱਚ ਪਾਨ ਹੋਵੇ । ਕਦੋਂ ਕਦੇ ਸ਼ਹੀਦਾਂ ਨੇ ਸੋਚਿਆ ਸੀ, ਇਹੋ ਜਿਹਾ ਸਾਡਾ ਹਿੰਦੁਸਤਾਨ ਹੋਵੇ। ਅੱਧੇ ਲੋਕਾਂ ਦੀ ਤਲੀ 'ਤੇ ਜਾਨ ਹੋਵੇ, ਅੱਧੇ ਲੋਕਾਂ ਦੀ ਮੁੱਠੀ 'ਚ ਜਾਨ ਹੋਵੇ ॥ 140 ਬੈਠੇ ਰਹੇ ਜੇ ਹੱਥ 'ਤੇ ਹੱਥ ਧਰਕੇ, ਅਸੀਂ ਕਿਸੇ ਦੇ ਹੱਥ 'ਤੇ ਧਰਾਂਗੇ ਕੀ ? ਭਾਣਾ ਵਰਤਿਆ ਤਾਂ, ਸਾਡਾ ਬਣੇਗਾ ਕੀ ?- ਅਸੀਂ ਜੀਆਂਗੇ ਕੀ ? ... ਅਸੀਂ ਮਰਾਂਗੇ ਕੀ ??- ਉੱਡ ਜਾਣੇ ਨੇ ਰੰਗ ਜਦ ਸਾਰਿਆਂ ਦੇ, ਮੂਰਤ ਬਣੀ ਵੀ ਤਾਂ, ਅੰਦਰ ਭਰਾਂਗੇ ਕੀ ? ਉੱਠ ਗਏ ਗਵਾਂਢੋਂ ਜੇ ਯਾਰ ਸਾਰੇ ਰੱਬਾ ਸਾਡਿਆ ! ਅਸੀਂ ਫਿਰ ਕਰਾਂਗੇ ਕੀ?। 141 ਕਰਕੇ ਪੂਣੀ ਦਰਿਆਵਾਂ ਦੀ ਪੱਗ ਵਾਂਗੂੰ, ਅਸੀਂ ਸਿਰਾਂ 'ਤੇ ਬੰਨ੍ਹਣਾ ਲੋਚਦੇ ਹਾਂ। ਦੇ ਕੇ ਬਲੀਆਂ, ਬਜ਼ੁਰਗਾਂ ਜੋ ਬਿਰਖ ਬੀਜੇ, ਟਾਹਣੇ ਛਾਂਗਦੇ, ਜੜ੍ਹਾਂ ਖਰੋਚਦੇ ਹਾਂ । ਜਦੋਂ ਕਦੇ ਵੀ ਰਤਾ ਉਡਾਰ ਹੋਈਏ, ਸੁੱਤੇ ਪੰਛੀਆ ਦੇ ਖੰਭ ਨੋਚਦੇ ਹਾਂ। ਜਿੱਦਾਂ ਸੋਚਦੇ ਸਾਂ, ਓਦਾਂ ਨਹੀਂ ਹੋਇਆ-- ਓਦਾਂ ਨਹੀਂ ਹੋਣਾ, ਜਿੱਦਾਂ ਸੋਚਦੇ ਹਾਂ ॥ 142 ਮਾਣ ਖੰਭਾਂ ਦਾ ਲੈ ਆਪਣੀ ਗਿਆ ਦੂਰ ਏਨਾ, ਪੰਛੀ ਆਪਣੀ ਝਾਤ ਗੁਆ ਬੈਠੇ । ਸੁਣਦੇ ਰਹੇ ਹਾਂ ਸ਼ੋਰ ਗੁਆਂਢੀਆਂ ਦਾ— ਅਸੀਂ ਆਪਣੀ ਬਾਤ ਗੁਆ ਬੈਠੇ । ਹਊਆ ਸਾਹਮਣੇ ਵੇਖ ਬਿਰਾਦਰੀ ਦਾ— ਬੰਦੇ ਆਪਣੀ ਜ਼ਾਤ ਗੁਆ ਬੈਠੇ । ਐਵੇਂ ਚੰਨ ਦੇ ਦਾਗ਼ ਤੇ ਬਹਿਸ ਕਰਦੇ, ਅਸੀਂ ਚਾਨਣੀ ਰਾਤ ਗੁਆ ਬੈਠੇ ॥ 143 ਉਹ ਕੀ ਜਾਣਦੇ ਨੇ ਰਚਨਾ ਕਹਿਣ ਕਿਸਨੂੰ, ਕੀਤੀ ਜੀਹਨਾਂ ਨੇ ਸਿਰਫ਼ ਸਮੀਖਿਆ ਹੈ। ਜਿਹੜੇ ਪੁਸਤਕੋਂ ਡਰਨ ਪਲੇਗ ਵਾਕਣ, ਉਹਨਾਂ ਗੁਰੂਆਂ ਨੇ ਦੇਣੀ ਕੀ ਦੀਖਿਆ ਹੈ । ਸਹਿਮ ਛਾਏ, ਹਮਸਾਏ ਦੇ ਸਾਏ ਤਾਂ ਵੀ, ਕਿਸੇ ਦੋਖੀ, ਮਾਹੌਲ ਨੂੰ ਸੀਖਿਆ ਹੈ । ਪਾਇਆ ਸਮੇਂ, ਕੁਠਾਲੀ ਦੇ ਵਿੱਚ ਸਾਨੂੰ, ਸਾਡੀ ਕੌਮ ਦੀ ਅਗਨ-ਪਰੀਖਿਆ ਹੈ। 144 ਪੂਰੇ ਆਪਣੇ ਹੋਸ਼ -ਓ-ਹਵਾਸ ਅੰਦਰ, ਲਿਖਕੇ ਦੇ ਰਹੇ ਬਿਆਨ ਅਸ਼ਟਾਮ ' ਤੇ ਹਾਂ। ਦਿਨੇ ਰਾਤ ਮੁਹਿੰਮਾ ਤੇ ਚੜ੍ਹੇ ਰਹੀਏ, ਪਹੁੰਚੇ, ਪਤਾ ਨਹੀਂ, ਕਿਹੜੇ ਮੁਕਾਮ ਤੇ ਹਾਂ । ਭਰੇ ਜਾਮ ਨੂੰ ਕਦੇ ਹਾਂ ਡੋਲ੍ਹ ਦੇਂਦੇ, ਕਦੇ ਡੁੱਲ੍ਹ ਜਾਂਦੇ ਖਾਲੀ ਜ਼ਾਮ' ਤੇ ਹਾਂ । ਬੈਠੇ ਹੋਏ ਹਾਂ ਤਲੀ 'ਤੇ ਸੀਸ ਧਰਕੇ, ਜੀਂਦੇ ਪੂਰਨਾ ! ਗੁਰੂ ਦੇ ਨਾਮ 'ਤੇ ਹਾਂ ॥ 145 ਓਸ ਰਾਹ ਦਾ ਕਦੇ ਨਾ ਸਿਰਾ ਮਿਲਦਾ, ਪੈਰਾਂ ਨਾਲ ਜੋ ਛਾਣਿਆ ਨਹੀਂ ਜਾਂਦਾ। ਕਰਮ- ਨਾਮ ਤੋਂ ਜਾਣਿਆ ਜਾਏ ਬੰਦਾ, ਜਨਮ -ਨਾਮ ਤੋਂ ਜਾਣਿਆ ਨਹੀਂ ਜਾਂਦਾ। ਚੜ੍ਹਦੇ ਸੂਰਜ ਨੂੰ ਕੀਤੀ ਸਲਾਮ ਜੇ ਨਾ, ਡੁੱਬਦੇ ਸੂਰਜ ਨੂੰ ਮਾਣਿਆ ਨਹੀਂ ਜਾਂਦਾ। ਜਦੋਂ ਕਦੇ ਅੱਜ - ਕੱਲ੍ਹ ਸ਼ੀਸ਼ਾ ਵੇਖਦੇ ਹਾਂ, ਸਾਥੋਂ ਚਿਹਰਾ ਪਛਾਣਿਆ ਨਹੀਂ ਜਾਂਦਾ ॥ 146 ਉਹਨਾਂ ਲਈ ਪੁਲਾੜ ਤਾਂ ਆਹ, ਜਿਹੜੇ- ਤਾਣ ਪਰ੍ਹਾਂ ਅੰਦਰ ਭਰਕੇ ਉੱਡਦੇ ਨੇ । ਵਖ਼ਤ ਜਦੋਂ ਪੈਂਦਾ ਰੀਂਗਣ ਵਾਲਿਆਂ ਨੂੰ, ਪੈਰ ਸਿਰਾਂ ਉੱਤੇ ਧਰਕੇ ਉੱਡਦੇ ਨੇ । ਖੇਡ ਜ਼ਿੰਦਗੀ - ਮੌਤ ਦੀ ਰਹੇ ਜਾਰੀ, ਇੱਕ ਮਰੇ, ਬਾਕੀ ਡਰਕੇ ਉੱਡਦੇ ਨੇ । ਧੁੱਪੇ ਪਏ ਹਾਂ ਖੁੱਲੀ ਕਿਤਾਬ ਵਾਂਗੂੰ, ਹਵਾ ਚਲਦੀ ਏ, ਵਰਕੇ ਉੱਡਦੇ ਨੇ ॥ 147 ਸਾਹ ਸੂਤ ਕੇ ਬੈਠੇ ਹਾਂ ਘੁਰਨਿਆਂ ਵਿੱਚ, ਹੋ ਗਈ ਜ਼ਿੰਦਗੀ, ਮਰਨ - ਭਰਾਂਦ ਸਾਡੀ। ਫਿਰਦੇ ਭੂਤਰੇ ਸਾਨ੍ਹ ਸਰਕਾਰੀਏ ਨੇ- ਉਜੜ ਚਲੀ ਹੈ ਹਰੀ ਚਰਾਂਦ ਸਾਡੀ। ਸਾਡੀ ਖ਼ਬਰ ਦਾ ਕਿਸੇ ਨੂੰ ਫਿਕਰ ਕੀ ਏ?- ਸਾਰੇ ਜਾਣਦੇ ਨੇ, ਸੁੱਖ - ਸਾਂਦ ਸਾਡੀ। ਕਿਸਦੇ ਮੂੰਹੋਂ ਮਹੀਨੇ ਦਾ ਨਾਂ ਸੁਣੀਏ- ਏਹੋ ਸੋਚਦੇ, ਲੰਘੀ ਸੰਗਰਾਂਦ ਸਾਡੀ ॥ 148 ਵਿਹੜੇ ਵਿੱਚ ਲਵਾਏ, ਨੇ ਦੋ ਨਲਕੇ, ਪਾਣੀ ਭਰਨ, ਪਰ, ਛੜਿਆਂ ਦੇ ਕੌਣ ਆਉਂਦੀ ! ਕੁਝ ਨਾ ਆਪਣੇ ਹੱਥ ਦੇ ਵੱਸ ਰਹਿੰਦਾ, ਜਦੋਂ ਕਦੇ ਹੈ ਕਲਮ ਨੂੰ ਪੌਣ ਆਉਂਦੀ । ਕਦੇ ਚੂਚੇ ਦੀ ਅੱਖ ਵਿੱਚ ਝਾਕਿਆ ਜੇ ? ਜਦੋਂ ਛੁਰੀ ਹੇਠਾਂ ਉਸਦੀ ਧੌਣ ਆਉਂਦੀ । ਕਿਸਮਤ ਜਾਗਦੀ ਹੋਰਨਾਂ ਪੱਤਣਾਂ ‘ਤੇ, ਸਾਡੇ ਕੋਲ ਤਾਂ ਸਿਰਫ਼ ਹੈ ਸੌਣ ਆਉਂਦੀ ॥ 149 ਦੁਨੀਆ ਸਾਜ ਕੇ ਕਾਦਰ ਨੇ ਆਖਿਆ ਸੀ : ਮੈਨੂੰ ਬੜਾ ਹੀ ਨਾਜ਼ ਹੈ ਬੰਦਿਆਂ 'ਤੇ । ਬਾਲ ਨਵਾਂ ਕੋਈ ਜੰਮੇ ਤਾਂ ਜਾਪਦਾ ਹੈ, ਰਾਜ਼ੀ ਬੰਦਾ - ਨਿਵਾਜ਼ ਹੈ ਬੰਦਿਆਂ 'ਤੇ । ਸ਼ਹਿਰ ਜਦੋਂ ਤੋਂ ਪਿੰਡਾਂ ਨੂੰ ਜਾਣ ਲੱਗੇ, ਖੁੱਲ੍ਹਾ ਨਵਾਂ ਇਹ ਰਾਜ਼ ਹੈ ਬੰਦਿਆਂ 'ਤੇ । ਹਾਸੇ ਮੁੱਕਦੇ, ਹਾਦਸੇ ਵਧੀ ਜਾਂਦੇ, ਕੁਦਰਤ ਬਹੁਤ ਨਾਰਾਜ਼ ਹੈ ਬੰਦਿਆਂ 'ਤੇ ॥ 150 ਮਰਜ਼ੀ ਆਪਣੀ ਨਾਲ ਹੈ ਕਰੀ ਜਾਂਦਾ, ਜਿਹੜਾ ਕੰਮ ਵੀ ਜੀਹਨੂੰ ਪਸੰਦ ਹੁੰਦੈ । ਕਹਿਣਾ ਮੋੜਦਾ ਨਾ, ਡੱਕਾ ਤੋੜਦਾ ਨਾ, ਉਹੀਓ ਕਰਮਚਾਰੀ ਅਕਲਮੰਦ ਹੁੰਦੈ । ਚੰਗਾ ਲੱਗਦਾ ਹੈ ਵੇਤਨ - ਦਿਵਸ ਸਾਨੂੰ, ਬਾਕੀ ਸਾਰਾ ਮਹੀਨਾ ਤਾਂ ਗੰਦ ਹੁੰਦੈ । ਸੱਦਾ ਕਾਹਦਾ ਹੈ ਦਿੱਤਾ ਵਿਰੋਧੀਆਂ ਨੇ, ਏਥੇ ਰੋਜ਼ ਹੀ ਤਾਂ ਭਾਰਤ ਬੰਦ ਹੁੰਦੈ ॥ 151 ਮੂੰਹ ਸੰਭਾਲ ਕੇ ਬੋਲਣਾ ਚਾਹੀਦਾ ਹੈ, ਨਿਕਲੇ ਮੂੰਹੋਂ ਤਾਂ ਗੱਲ ਹੋ ਜਾਏ ਵੱਡੀ । ਮੂੰਹ - ਧਿਆਨ ਮੁੰਡੇ ਹੋਰ ਗੱਲ ਕਰਦੇ, ਸਮਝ ਲੈਂਦੀ ਏ ਹੋਰ ਦਾ ਹੋਰ ਨੱਢੀ । ਜਿੱਥੇ ਗਾਲ਼ ਵੀ ਸੀ ਘਿਉ ਦੀ ਨਾਲ੍ਹ ਹੁੰਦੀ, ਬੇਰੀ ਛੱਤੋ ਦੀ ਅਸਾਂ ਹੈ ਪੁੱਟ ਛੱਡੀ । ਕੁੱਟ ਕੁੱਟ ਕੇ ਓਸ ਨੂੰ ਮਾਰ ਦਾਂਗੇ- ਜਿਸਨੇ ਆਪਣੇ ਕੁੱਤੇ ਨੂੰ ਗਾਲ੍ਹ ਕੱਢੀ ॥ 152 ਰੌਲਾ ਗੌਲਾ ਸ਼ਰੀਕ ਨੇ ਪਾਈ ਜਾਂਦੇ, ਸਾਡੀ ਜੀਭ 'ਤੇ ਚੁੱਪ ਦਾ ਜੰਦਰਾ ਹੈ । ਘਰ ਨੂੰ ਅੱਗ ਲੱਗੀ, ਬਾਹਰ ਹੋਈ ਚਰਚਾ, ਸਾਡੇ ਵਾਸਤੇ ਜਗਤ ਜਲੰਦੜਾ ਹੈ । ਡੱਬੂ ਜਿਹੜੇ ਨੇ ਰੂੜੀ 'ਤੇ ਜਾ ਬੈਠੇ, ਹਾਲ ਉਨ੍ਹਾਂ ਦਾ ਓਥੇ ਵੀ ਮੰਦੜਾ ਹੈ॥ ਲਾਈਲੱਗ ਘਰਵਾਲਾ ਤਾਂ ਸ਼ੁਰੂ ਤੋਂ ਸੀ, ਹੁਣ ਤਾਂ ਸਾਡਾ ਗਵਾਂਢ ਵੀ ਚੰਦਰਾ ਹੈ ॥ 153 ਰੂਹਾਂ, ਦਿਲਾਂ ਦੇ ਮਾਮਲੇ ਹੋਏ ਝੂਠੇ, ਹੁਕਮ ਚੱਲਦਾ ਜਿਸਮ ਤੇ ਭੇਸ ਦਾ ਏ । ਅਸਾਂ ਜਾਣਕੇ ਵਿਹੜੇ 'ਚ ਕੰਧ ਮਾਰੀ; ਸਾਡੇ ਲੋਕਾਂ ਨੂੰ ਸ਼ੌਕ ਪਰਦੇਸ ਦਾ ਏ । ਨੌਕਰ ਹਾਂ ਸਰਕਾਰ ਦਾ, ਕਿੰਜ ਦੱਸਾਂ ?- ਭਾਵੇਂ ਪਤਾ ਮੈਨੂੰ ਮੈਨੂੰ ਪੂਰੇ ਕੇਸ ਦਾ ਏ । ਕਾਮਯਾਬ ਤਾਹੀਉਂ ਹੋਇਆ ਫਾਰਮੂਲਾ, ਬਾਂਹ ਦੇਸੀ ਤੇ ਹੱਥ ਬਦੇਸ਼ ਦਾ ਏ । 154 ਬੰਦਾ ਭਾਵੇਂ ਵਲੈਤਾਂ ਵਿੱਚ ਫਿਰੇ ਭਾਉਂਦਾ, ਤਰਸੇ ਆਪਣੇ ਸ਼ਹਿਰ - ਗਿਰਾਉਂ ਦੇ ਲਈ। ਕੌਣ ਕਹਿੰਦੈ ਕਿ ਨਾਉਂ ਵਿੱਚ ਕੀ ਧਰਿਆ ? ਬੰਦਾ ਜਾਨ ਵੀ ਦੇ ਦਵੇ, ਨਾਉਂ ਦੇ ਲਈ । ਕਿਸੇ ਹੋਰ ਨੂੰ ਉਹਨੇ ਕੀ ਮਾਣ ਦੇਣਾ- ਆਦਰ ਨਹੀਂ ਜੇ ਆਪਨੀ ਮਾਉਂ ਦੇ ਲਈ । ਅੰਬ ਖਾਵੇ ਤੇ ਭਾਵੇਂ ਕੋਈ ਕਰੇ ਗਿਣਤੀ, ਬਿਰਖ ਜੀਂਦੇ ਨੇ ਆਪਣੀ ਛਾਉਂ ਦੇ ਲਈ ॥ 155 ਯੂ - ਪੀ, ਅਤੇ ਬਿਹਾਰ ਦੇ ਅਸੀਂ ਭੱਈਏ, ਸਾਨੂੰ ਮੋਇਆਂ ਨੂੰ ਮਾਰ ਮੁਕਾਉ ਨਾ ਜੀ। ਕੀਹਨੇ ਮੰਗਿਆ ਵੋਟ ਦਾ ਹੱਕ ਥੋਤੋਂ, ਵਾਧੂ ਸ਼ਬਦ ਸਾਡੇ ਮੂੰਹੀਂ ਪਾਉ ਨਾ ਜੀ। ਭੁੱਖੇ ਮਰਦੇ ਜੇ ਅਸੀਂ ਹਾਂ ਆਣ ਬੈਠੇ, ਸਾਨੂੰ ਪੰਗਤ ਦੇ ਵਿੱਚੋਂ ਉਠਾਉ ਨਾ ਜੀ। ਲੰਗਰ ਗੁਰੂ ਦਾ ਸਾਰਿਆਂ ਲਈ ਸਾਂਝਾਂ, ਸਾਡੀ ਰੋਟੀ 'ਤੇ ਗੋਲੀ ਚਲਾਉ ਨਾ ਜੀ ॥ 156 ਮੋਹ ਭਾਲੀਏ ਕਿਹੜੇ ਮਾਹੌਲ ਵਿੱਚੋਂ, ਇਹਨਾਂ ਤਿਲਾਂ ਦੇ ਵਿੱਚ ਨਾ ਤੰਤ ਮੀਆਂ। ਕਿਹੜੀ ਜਗ੍ਹਾ ਸੁਰੱਖਿਅਤ ਮੁਲਕ ਅੰਦਰ ?- ਕਿੱਥੇ ਸੁੱਟ ਆਈਏ ਜੀਆ – ਜੰਤ ਮੀਆਂ । ਕਰੀਏ ਨਾਸ਼ਤਾ ਲਾਸ਼ਾਂ ਦੇ ਢੇਰ ਉੱਤੇ, ਸਾਡੀ ਭੁੱਖ ਦਾ ਦਿਸੇ ਨਾ ਅੰਤ ਮੀਆਂ । ਐਸੀ ਹੋਈ ਹਰ ਥਾਂ ਹਾਵੀ ਰਾਜਨੀਤੀ, ਬਚਿਆ ਕੋਈ ਨਾ ਸਾਧ ਤੇ ਸੰਤ ਮੀਆਂ ॥ 157 ਮੈਂ ਕੀ ਕਹਿਨੀ ਆਂ ?...ਸੁਣਦੇ ਓ ?...ਹੀਰ ਬੋਲੀ, ਅਰਸਾ ਹੋ ਗਿਆ ਸਾਡੇ ਨਿਕਾਹ ਨੂੰ ਜੀ ! ਐਵੇਂ ਆਪਣੇ ਸਾਏ ਤੋਂ ਡਰੀ ਜਾਈਏ, ਇਹ ਕੀ ਹੋ ਗਿਆ ਸਾਡੇ ਵਿਸਾਹ ਨੂੰ ਜੀ ! ਕਿਹੜਾ ਬਾਬਲ ਉਹ ਰੁੱਤ ਖ਼ਰੀਦ ਸਕਦਾ, ਜਦੋਂ ਪੈਂਦੇ ਨੇ ਫੁੱਲ ਕਪਾਹ ਨੂੰ ਜੀ ! ਭਾਵੁਕ ਐਵੇਂ ਹੀ ਅੰਮ੍ਰਿਤਾ ਹੋਈ ਫਿਰਦੀ, ਕੌਣ ਪੁੱਛਦਾ ਏ, ਵਾਰਿਸ ਸ਼ਾਹ ਨੂੰ ਜੀ ॥ 158 ਬਚੇ ਰਹਿਣਗੇ ਦੇਸ਼ ਤੇ ਕੌਮ ਦੋਵੇਂ, ਅਮਨ - ਚੈਨ ਜੇਕਰ ਘਰੋ - ਘਰੀ ਹੋਜੇ । ਨਕਲੀ ਚਿਹਰਿਆਂ ਦਾ ਪਾਣੀ ਲਹੇ ਜੇਕਰ, ਚਿਹਰਾ ਆਪਣਾ ਜੁਰਮ ਤੋਂ ਬਰੀ ਹੋਜੇ । ਪਾਣੀ ਦੇਂਦੇ ਹਾਂ ਦਿੱਲੀ ਦੇ ਪਿੱਪਲਾਂ ਨੂੰ, ਸਾਡੇ ਗਮਲੇ ਦੀ ਵੇਲ ਵੀ ਹਰੀ ਹੋਜੇ ! ਲੰਘੀ ਸੁੱਕੀ ਬਸੰਤ, ਬੇਰੰਗ ਹੋਲੀ- ਸ਼ਾਇਦ ਸਾਡੀ ਵਸਾਖੀ ਹੀ ਖਰੀ ਹੋਜੇ ॥ 159 ਗੋਲੀ ਕਿਸੇ ਨੂੰ ਚੀਰ ਕੇ ਪਾਰ ਹੋ ਗਈ, ਕੋਈ ਕਿਸੇ ਦੇ ਪੁੱਤ ਨੂੰ ਮਾਰ ਆਇਆ। ਕੱਚ ਵਾਂਙ ਟੁਕੜੇ ਕਿਸੇ ਜ਼ਿੰਦਗੀ ਦੇ, ਵਿਹੜੇ ਕਿਸੇ ਦੇ ਕੋਈ ਖਿਲਾਰ ਆਇਆ। ਠੰਡਾ ਕੀਤਿਆਂ ਕਾਲਜੇ ਠੰਡ ਪੈਂਦੀ, ਵੇਖੋ ਵੀਰ ਨੂੰ ਵੀਰ ਤੇ ਪਿਆਰ ਆਇਆ। ਫੁੱਲ ਖਿੜੇ ਤੇ ਚਿਹਰੇ ਮੁਰਝਾਏ ਹੋਏ ਨੇ, ਕੀਕਣ ਆਖੀਏ ਮੌਸਮ ਬਹਾਰ ਆਇਆ॥ 160 ਮਾਂ ਦੇ ਦੁੱਧ 'ਤੇ ਵੀ ਕਿੰਤੂ ਸ਼ੁਰੂ ਹੋਇਆ, ਸਾਡੇ ਹੀਜ - ਪਿਆਰ ਤਾਂ ਮੁਲਤਵੀ ਨੇ । ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ, ਸਾਰੇ ਕਾਰ - ਵਿਹਾਰ ਤਾਂ ਮੁਲਤਵੀ ਨੇ। ਅਗਲੀ ਵਾਰ ਦਾ ਹੁਣੇ ਤੋਂ ਫ਼ਿਕਰ ਕਾਹਦਾ, ਇਮਤਿਹਾਨ ਇਸ ਵਾਰ ਤਾਂ ਮੁਲਤਵੀ ਨੇ। ਛੱਡੋ ਪਰ ਕੀ ਵੇਖਣੈ ਜੰਤਰੀ ਨੂੰ, ਯਾਰੋ ! ਤੀਜ - ਤਿਹਾਰ ਤਾਂ ਮੁਲਤਵੀ ਨੇ ॥ 161 ਇਹ ਨਾ ਪੁੱਛ ਕੀ ਹੋਇਆ ਪੰਜਾਬੀਆਂ ਨੂੰ, ਅੱਲੇ ਜ਼ਖ਼ਮ ਨਾ ਐਵੇਂ ਕੁਰੇਦ ਬੀਬਾ। ਘੋੜਾ ਦੱਬਣਾ ਤੇ ਬੰਦਾ ਮਾਰ ਦੇਣਾ, ਇਹਦੇ ਵਿੱਚ ਕੀ ਪੜ੍ਹਨਾ ਹੈ ਵੇਦ ਬੀਬਾ। ਗੋਲੀ ਚੱਲੇ ਕਾਨੂਨ ਦੇ ਵਾਂਙ ਸਿੱਧੀ, ਹਿੰਦੂ ਸਿੱਖ ਵਿੱਚ ਕਰੇ ਨਾ ਭੇਦ ਬੀਬਾ ! ਅੱਡੋ ਅੱਡ ਨੇ ਸਿੰਘ ਤੇ ਭਗਤ ਹੋ ਗਏ, ਤੇਰਾ ਹੋ ਗਿਆ ਹੈ ਸੰਧੀ - ਛੇਦ ਬੀਬਾ !! 162 ਮੱਥਾ ਟੇਕਿਆਂ ਵੀ ਮੱਥਾ ਭੱਜਦਾ ਹੈ, ਖ਼ਵਰੇ ਵਗਣ ਕੀ ਚੰਦਰੀ ਵਾ' ਲੱਗੀ ! ਸਿਹਰੇ ਬੰਨ੍ਹ ਜਿੱਥੇ ‘ਬਾਬਾ' ਢੁੱਕਿਆ ਸੀ, ਮੂਲੇ ਖੱਤਰੀ ਦੇ ਘਰ ਨੂੰ ਢਾਹ ਲੱਗੀ । ਕੀਕਣ ਮਰੀ ਹਕੀਕਤ ਦੀ ਬਾਲ-ਵਿਧਵਾ ?- ਬਾਹਰ ਝਾਕਿਆ ਸੀ, ਗੋਲੀ ਠਾਹ ਲੱਗੀ। ਸੋਚਣ ਬੱਚੇ ਲੈਬਾਟਰੀ ਵਿੱਚ ਬੈਠੇ, ਕੀਕਣ ਲੋਹੇ ਦੇ ਸ਼ਹਿਰ ਨੂੰ ਭਾਹ ਲੱਗੀ ?! 163 ਖੇਡੀ ਅਸਾਂ ਅਜੀਬੋ-ਗ਼ਰੀਬ ਹੋਲੀ, ਵੇਖੇ ਅਜਬ ਹੀ ਰੰਗ ਗੁਲਾਲ ਦੇ ਨੇ । ਸਰੇ-ਆਮ ਪ੍ਰਹਿਲਾਦ ਨੂੰ ਅੱਗ ਲੱਗੀ, ਲੋਕੀਂ ਹੋਲਿਕਾ ਦਾ ਸੜ੍ਹਨਾ ਭਾਲਦੇ ਨੇ । ਸ਼ੌਕ ਪਾਲਣਾ ਕੰਮ ਹੈ ਅਹਿਮਕਾਂ ਦਾ, ਸਮਝਦਾਰ ਬੰਦੇ, ਗੁੰਡੇ ਪਾਲਦੇ ਨੇ । ਜਿਹੜੇ ਅਜੇ ਵੀ ਕਲਮ ਘਸਾਈ ਜਾਂਦੇ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੇ ਨੇ ॥ 164 ਰਿਸ਼ਤੇ ਰੌਲੇ ਦੇ ਵਿੱਚ ਗੁਆਚ ਗਏ ਨੇ, ਹੀਰ ਭੈਣ ਕਿਸਦੀ ? ਕਿਸਦਾ ਵੀਰ ਰਾਂਝਾ ? ਵੱਟ ਕੱਢੇ ਸਿਆਸਤ ਨੇ ਹੀਰ ਵਾਲੇ, ਓਧਰ ਹੋ ਗਿਆ ਹੈ ਸਿੱਧਾ ਤੀਰ ਰਾਂਝਾ । ਕਹਿੰਦੇ : ਪੀਰ ਸਨ ਪੰਜ ਰੰਝੇਟੜੇ ਦੇ, ਸਾਡੇ ਵਾਸਤੇ ਤਾਂ ਛੇਵਾਂ ਪੀਰ ਰਾਂਝਾ। ਅੰਦਰੀਂ ਬੈਠਿਆਂ ਨੂੰ ਏਹੋ ਝਾਕ ਲੱਗੀ, ਰਲਕੇ ਫੇਰ ਕਦ ਪੜ੍ਹਾਂਗੇ ਹੀਰ - ਰਾਂਝਾ ॥ 165 ਸੂਈ ਛੱਡ ਕੇ ਕੈਂਚੀ ਦਾ ਕਸਬ ਫੜਿਆ, ਬਦਲੇ ਅਦਬ ਅਦਾਬ ਨੇ ਦਰਜੀਆਂ ਨੇ। ਕੂੜ ਫਿਰੇ ਪ੍ਰਧਾਨ ਤੇ ਡਰਨ ਸੱਚੇ; ਸੱਚੇ ਪਾਤਸ਼ਾਹ ! ਤੇਰੀਆਂ ਮਰਜ਼ੀਆਂ ਨੇਂ। ਅੱਧੇ ਯਾਰ ਤਾਂ ਮਾਰੇ ਅਲਗ਼ਰਜ਼ੀਆਂ ਨੇ, ਬਾਕੀ ਅੱਧੇ ਨੇ ਮਾਰੇ ਖ਼ੁਦਗ਼ਰਜ਼ੀਆਂ ਨੇ। ਛੁੱਟੀ ਦਿਉ ਜਾਂ ਸਦਾ ਲਈ ਕਰੋ ਛੁੱਟੀ, ਪਈਆਂ ਹਾਕਮਾਂ ਦੇ ਮੂਹਰੇ ਅਰਜ਼ੀਆਂ ਨੇ॥ 166 ਮਾਪੇ, ਮਾਸਟਰ ਦੇ ਘਰ ਜਾ ਕਹਿਣ ਲੱਗੇ : ਥੋਡੀ ਆਏ ਹਾਂ ਹਾਜ਼ਰੀ ਭਰਨ ਦੇ ਲਈ । ਛੁੱਟੀ ਲੈਕੇ ਘਰੇ ਹੋ ਦੜੇ ਬੈਠੇ, ਕਿਹੜਾ ਅੈਡਾ ਜ਼ਰੂਰੀ ਕੰਮ ਕਰਨ ਦੇ ਲਈ ? ਖੱਜਲ ਖੁਆਰ ਹੋਕੇ ਸ਼ਾਮੀ ਪਰਤ ਆਉਂਦੇ, ਬੱਚੇ ਜਾਂਦੇ ਸਕੂਲ ਨੇ ਪੜ੍ਹਨ ਦੇ ਲਈ । ਕਹਿੰਦਾ ਮਾਸਟਰ ਸੱਚੀ ਹੈ ਗੱਲ ਥੋਡੀ, ਕਿਹੜਾ ਜਾਏ ਸਕੂਲ, ਪਰ, ਮਰਨ ਦੇ ਲਈ ?। 168 ਸਾਡੇ ਸਿਰਾਂ ਤੋਂ ਚਾਦਰ ਧਰੂਈ ਜਾਂਦੇ, ਸਾਡਾ ਚੱਲਦਾ ਨਹੀਂ ਕੋਈ ਵੱਸ ਗੁਰੂਆ ! ਰੋਂਦੇ ਪਿੱਟਦੇ ਸਾਂ ਤੇਰੀ ਸ਼ਰਨ ਆਏ, ਤੂੰ ਹੀ ਦੱਸ, ਕਿੱਥੇ ਜਾਈਏ ਨੱਸ ਗੁਰੂਆ ! ਦੱਬੇ ਪਏ ਹਾਂ ਤੇਰੇ ਇਹਸਾਨ ਥੱਲੇ, ਸ਼ਰਮ ਮਾਰਦੀ ਹੈ ਇਹੋ, ਬੱਸ, ਗੁਰੂਆ ! ਚੰਗਾ ਹੁੰਦਾ, ਜੋ ਓਦੋਂ ਹੀ ਮਰਨ ਦੇਂਦਾ, ਸਾਨੂੰ ਕਾਹਨੂੰ ਬਚਾਇਆ ਸੀ, ਦੱਸ ਗੁਰੂਆ ! 169 ਸਾਰੇ ਲਾਰਡਾਂ ਨੇ ਏਥੋਂ ਚਲੇ ਜਾਣਾ, ਏਥੇ ਰਹਿ ਜਾਣੀ, ਸਾਰੀ ਲੈਂਡ ਹੈ ਜੀ! ਪਤਾ ਲੱਗਿਆ ਸੀ ਸਾਨੂੰ ਜੋਤਸ਼ੀ ਤੋਂ, ਕਿਸਮਤ ਵਿੱਚ ਸਾਡੀ, ਫਾਰੇਨ ਹੈਂਡ ਹੈ ਜੀ! ਹੋਰ ਭੱਈਆਂ ਨੇ ਕਿਹੜੇ ਵਲੈਤ ਜਾਣੈ, ਸਾਡੇ ਵਾਸਤੇ ਇਹੋ ਇੰਗਲੈਂਡ ਹੈ ਜੀ! ਜੇਕਰ ਗੁਰੂ ਦੇ ਘਰੋਂ ਵੀ ਪੈਣ ਧੱਕੇ, ਸਾਡਾ ਫੇਰ ਕਿਹੜਾ ਹੋਮਲੈਂਡ ਹੈ ਜੀ! 170 ਸਾਂਭੋ ਕੁੰਜੀਆਂ ਮਾਲਕੋ, ਜਾਨ ਬਖ਼ਸ਼ੋ, ਦੋ ਦਿਨ ਵਾਂਗ ਮੁਸਾਫ਼ਰਾਂ ਰਹਿ ਚੱਲੇ । ਜੁੱਗੋ ਜੁੱਗ ਅਟੱਲ ਮਹਿਲ ਥੋਡੇ, ਅਸੀਂ ਝੁੱਗੀਆਂ ਦੇ ਵਾਕਣ ਢਹਿ ਚੱਲੇ । ਕਾਇਮ ਰਹੋ ਪਹਾੜਾਂ ਦੇ ਵਾਂਗ ਵੀਰੋ!- ਅਸੀਂ ਪਾਣੀਆਂ ਦੇ ਵਾਕਣ ਵਹਿ ਚੱਲੇ । ਸਾਡਾ ਬੋਲਿਆ ਚਾਲਿਆ ਮਾਫ਼ ਕਰਨਾ, ਆਪਾਂ ਆਖ਼ਰੀ ਅਲਵਿਦਾ ਕਹਿ ਚੱਲੇ ॥ 171 ਵਰਤਮਾਨ ਵਿੱਚ ਭਾਵੇਂ ਕੋਈ ਵਿਚਰਦਾ ਏ, ਐਪਰ ਭੁੱਲਿਆ ਨਹੀਂ ਅਤੀਤ ਜਾਂਦਾ। ਵਕਤ ਵਕਤ ਤੇ ਵਕਤ ਦੀ ਯਾਦ ਆਉਂਦੀ, ਭਾਵੇਂ ਵਕਤ ਔਖਾ ਸੌਖਾ ਬੀਤ ਜਾਂਦਾ । ਦੱਸੋ ਭਲਾ ਕੀ ਛੱਡ ਕੇ ਜਾਏ ਬੰਦਾ, ਕਰਕੇ ਅਉਧ ਹੈ, ਜਦੋਂ ਬਤੀਤ ਜਾਂਦਾ। ਸੋਚੋ ਕਿਸੇ 'ਤੇ ਓਦੋਂ ਕੀ ਬੀਤਦੀ ਏ, ਹੋ ਕੇ ਯਾਰ ਹੈ ਜਦੋਂ ਬਦਨੀਤ ਜਾਂਦਾ । 172 ਉੱਠ ਗਏ ਗਵਾਂਢੋਂ ਨੇ ਯਾਰ ਸਾਡੇ, ਵੱਜੇ ਜੰਦਰੇ ਭਿੜੇ ਨੇ ਭਿੱਤ ਮੀਆਂ । ਲੜਨ ਭਿੜਨ ਭਾਵੇਂ ਫਿਰ ਵੀ ਕੋਲ ਵੱਸਣ, ਭਾਈਆਂ ਬਾਝ ਨਾ ਲੱਗਦਾ ਚਿੱਤ ਮੀਆਂ । ਏਸ ਜੰਗ ਦਾ ਲਿਖੇ ਇਤਿਹਾਸ ਕਿਹੜਾ, ਕਿਸ ਦੀ ਹਾਰ ਹੋਈ, ਕਿਸ ਦੀ ਜਿੱਤ ਮੀਆਂ । ਜੰਗਲ ਗਏ ਨਾ ਬਹੁੜਦੇ ਸੁੰਦਰਾਂ ਨੂੰ, ਜੋਗੀ ਹੁੰਦੇ ਨਾ ਕਿਸੇ ਦੇ ਮਿੱਤ ਮੀਆਂ ॥
ਅਧਿਆਇ : ਛੇ - ਪੀਲਾ
173 ਨੰਗੇ ਪੈਰ ਕਿਉਂ ਥਲਾਂ ਨੂੰ ਜਾਏਂ ਨੱਸੀ ?- ਪੱਤਰਕਾਰ ਪੁੱਛਣ : ਹੋਇਆ ਸੱਸੀਏ ਕੀ ?! ਕੀਕਣ ਨਸ਼ਰ ਕਰੀਏ ਜ਼ਖ਼ਮੀ ਹਾਸਿਆਂ ਨੂੰ, ਪੱਲੇ ਰਿਹਾ ਕੁਝ ਨਾ, ਦੱਸੋ ਦੱਸੀਏ ਕੀ ?! ਪੈਰੀਂ ਛਾਲੇ ਤੇ ਜਾਨ ਦੇ ਪਏ ਲਾਲੇ, ਜਿੱਥੇ ਯਾਰ ਨਾਹੀਂ, ਓਥੇ ਵੱਸੀਏ ਕੀ। ਅਰਥੀ ਉੱਠਦੀ ਉਂਗਲ ਨਾ ਉੱਠ ਸਕਦੀ, ਫ਼ਿਕਰ ਜੀਣ ਦਾ ਹੈ, ਫ਼ਿਕਰਾ ਕੱਸੀਏ ਕੀ ?। 174 ਭਾਈ ਲੱਥੇ ਨਮੋਸ਼ੀ ਦੇ ਖੂਹ ਅੰਦਰ, ਸਾਨੂੰ ਛੱਡ ਤੁਰਿਆ, ਸਾਡਾ ਵੀਰ ਰਾਂਝਾ । ਛਪਿਆ ਕਿਤੇ ਬਿਆਨ ਹੈ ਭਾਬੀਆਂ ਦਾ, ਅਸੀਂ ਰੂਹਾਂ ਤੇ ਸਾਡਾ ਸਰੀਰ ਰਾਂਝਾ। ਹੀਰ ਸੋਚਦੀ ਮੇਰੇ ਵਿਯੋਗ ਅੰਦਰ, ਕੰਨ ਪਾੜ ਕੇ ਹੋਇਆ ਫ਼ਕੀਰ ਰਾਂਝਾ । ਸੱਚੀ ਗੱਲ ਹੈ, ਗਰਮੀ ਤੋਂ ਤੰਗ ਆ ਕੇ, ਵਤਨੋਂ ਦੂਰ ਜਾ ਪਹੁੰਚਾ ਕਸ਼ਮੀਰ ਰਾਂਝਾ ॥ 175 ਸਭ ਕੁਝ ਹੋ ਸਕਦੈ ਪਰ ਨਾ ਕਦੇ ਹੋਇਆ, ਅੰਬ ਚੀਰੀਏ ਤੇ ਆਬਨੂਸ ਨਿਕਲੇ। ਅਸੀਂ ਹੋਰ ਸਾਂ ਬਿੰਬ ਬਣਾਈ ਬੈਠੇ, ਬੰਦੇ, ਤੁਸੀਂ ਤਾਂ ਜੀ, ਪੁਰਖ਼ਲੂਸ ਨਿਕਲੇ। ਕੀ ਦੱਸੀਏ ਯਾਰਾਂ ਦੀ, ਯਾਰ ਤਾਂ ਬੱਸ- ਚੱਲੇ ਹੋਏ, ਸਾਰੇ, ਕਾਰਤੂਸ ਨਿਕਲੇ । ਜੰਨਤ ਵਿੱਚੋਂ ਇਹ ਸੋਚ ਕੇ ਨਿਕਲ ਗਏ ਹਾਂ, ਆਦਮ ਵਾਂਙ ਨਾ ਸਾਡਾ ਜਲੂਸ ਨਿਕਲੇ ॥ 176 ਸਾਰੇ ਚਲੇ ਗਏ, ਤੁਸੀਂ ਵੀ ਜਾਉ ਬੇਸ਼ਕ, ਜਰਾ ਜਾਣ ਲੱਗੇ ਬੂਹਾ ਢੋਅ ਜਾਣਾ। ਸੂਈ ਘੜੀ ਦੀ ਚੱਲਦੀ ਰਹੂ ਭਾਵੇਂ, ਸਾਡੇ ਵਾਸਤੇ ਸਮਾਂ ਖਲੋ ਜਾਣਾ । ਸਾਡੇ ਵਿੰਹਦਿਆਂ ਵਿੰਹਦਿਆਂ ਕਈ ਹੋ ਗਏ, ਅਸਾਂ ਕਈਆਂ ਦੇ ਵਿੰਹਦਿਆਂ ਹੋ ਜਾਣਾ। ਕਿਸੇ ਘੜੀ ਸ਼ਿਵਾਲੇ ਦੇ ਘੜੇ ਵਾਂਙੂ, ਬੂੰਦ ਬੂੰਦ ਕਰਕੇ ਅਸਾਂ ਚੋਅ ਜਾਣਾ ॥ 177 ਪਤਾ ਨਹੀਂ ਕੀ ਸਾਜਸ਼ੀ ਵਾਉ ਵੱਗੀ, ਪੰਛੀ ਦੜੇ ਬੈਠੇ, ਉਡਦੇ ਜਾਣ ਪੱਤਰ। ਮਾਰਨ ਵਾਲਿਆਂ ਨੂੰ ਅਸਲੀ ਮਾਣ ਮਿਲਦਾ, ਮਰਨ ਵਾਲਿਆਂ ਨੂੰ ਨਕਲੀ ਮਾਣ – ਪੱਤਰ । ਅਸਾਂ ਕਿਸੇ ਦਾ ਨਹੀਂ ਜਵਾਬ ਦੇਣਾ, ਅੱਗ - ਲੱਗਣੇ ਖ਼ਸਮਾਂ ਨੂੰ ਖਾਣ ਪੱਤਰ। ਜੰਗਲ ਵਿੱਚ ਮਨੁੱਖਾਂ ਨੂੰ ਕੌਣ ਪੁੱਛੇ, ਜਾਰੀ ਰੁੱਖਾਂ ਨੂੰ ਹੋਣ ਪਛਾਣ - ਪੱਤਰ ॥ 178 ਦੇਸਾਂ ਵਾਲਿਉ! ਰਾਹੀਆਂ ਦਾ ਰੱਬ ਰਾਖਾ; ਸਾਨੂੰ ਹੁਕਮ ਹੋਇਆ ਚਾਲੇ ਪਾਵਣੇ ਦਾ । ਕਿਹੜੇ ਨਾਥ ਦੇ ਟਿੱਲੇ ਦਾ ਰਾਹ ਫੜੀਏ, ਦੱਸੇ ਵੱਲ ਜੋ ਯਾਰ ਮਨਾਵਣੇ ਦਾ । ਪਾਣੀ ਫਿਰ ਗਿਆ ਸਾਡੀਆਂ ਔਂਸੀਆਂ ‘ਤੇ, ਮੁੜਿਆ ਮੁੱਲ ਨਾ ਕਾਗ ਉਡਾਵਣੇ ਦਾ । ਵੱਸਦੇ-ਰੱਸਦੇ ਰਹੋ ਧਿਆਨਪੁਰੀਓ ! ਸਾਡਾ ਵਕਤ ਆਇਆ ਉੱਜੜ ਜਾਵਣੇ ਦਾ ॥ 179 ‘ਨਿਆਣੇ ਪੇਮੀ' ਦੇ ਪੱਕੇ ਨੇ ਇੱਟ ਵਰਗੇ, ਸੇਖੋਂ! ਅਸੀਂ ਹੀ ਕੰਨਾਂ ਦੇ ਕੱਚੜੇ ਹਾਂ । ਰਹਿੰਦਾ ਰੂਹਾਂ ਦਾ ਘੱਟ ਖ਼ਿਆਲ ਸਾਨੂੰ, ਢਿੱਡ ਵਾਸਤੇ ਹੀ, ਕਰਦੇ ਪੱਚੜੇ ਹਾਂ। ਡਰਦਾ ‘ਬੀਰੇ' ਨੂੰ ਵੇਖਕੇ ਕਹੇ 'ਬੀਬੀ'- -ਜਾਂਦੀ ਤੇਰੇ ਤੋਂ, ਬੀਰਾ!, ਸਦੱਕੜੇ ਹਾਂ। 'ਰਾਸ਼ਾ' ਖਾਣ ਲੱਗੂ, ਆਪਾਂ ਕਹਿ ਦਿਆਂਗੇ : ਅਸੀਂ ਕਲਗੀਆਂ ਵਾਲੇ ਦੇ ਬੱਚੜੇ ਹਾਂ !" ॥ 180 ਕਿਧਰੇ ਲਹੂ ਨਾ ਸੜਕ 'ਤੇ ਡੁੱਲ੍ਹ ਜਾਵੇ; ਭਰਨੇ ਪੈਂਦੇ ਨੇ ਲਹੂ ਦੇ ਘੁੱਟ ਸਾਨੂੰ । ਅਸਾਂ ਵਕਤ ਪਾ ਕੇ ਆਪੇ ਸੁੱਕ ਜਾਣਾ, ਨਾ ਵੇ ਮਾਲੀਆ ! ਹੁਣੇ ਨਾ ਪੁੱਟ ਸਾਨੂੰ । ਜੱਫੀ ਵਿੱਚ ਹੀ ਜਾਨ ਨਾ ਨਿਕਲ ਜਾਵੇ, ਨਾਵੇਂ ਜ਼ਾਲਮਾ ! ਏਨਾ ਨਾ ਘੁੱਟ ਸਾਨੂੰ । ਵਿਹੜੇ ਵਿੱਚ ਨਾ ਕੰਧ ਉਸਾਰ ਸਾਈਆਂ !- ਭਾਵੇਂ ਮਾਰ ਸਾਨੂੰ, ਭਾਵੇਂ ਕੁੱਟ ਸਾਨੂੰ॥ 181 ਬੁਰਾ ਕਰਨ ਵਾਲੇ ਬੁਰੇ ਲੱਗਦੇ ਨਾ; ਬੁਰੇ ਕੰਮ ਸਾਨੂੰ ਬੁਰੇ ਲੱਗਦੇ ਨੇ । ਕਦੇ, ਚਰਖੜੀ ਹੁੰਦੀ ਹੈ ਸਿਖ਼ਰ ਉੱਤੇ; ਕਦੇ ਕਦੇ ਦੰਦੇ ਭਰੇ ਲੱਗਦੇ ਨੇ । ਕਿਧਰੇ ਖੋਪੜੀ 'ਚੋਂ ਗੋਲੀ ਪਾਰ ਹੁੰਦੀ, ਕਿਧਰੇ ਪੇਟ ਅੰਦਰ ਛੁਰੇ ਲੱਗਦੇ ਨੇ । ਦੋਹਾਂ ਫ਼ਿਰਕਿਆਂ ਕਿਤੇ ਨਾ ਪੁੱਜਣਾ ਏਂ, ਭਾਵੇਂ ਦੋਏਂ ਫ਼ਿਰਕੇ ਤੁਰੇ ਲੱਗਦੇ ਨੇ । 182 ਜੁਰਮ ਕਰਨ ਵਾਲੇ ਬੰਦੇ ਹੋਰ ਹੁੰਦੇ, ਬੰਦੇ ਹੋਰ ਹੁੰਦੇ ਚੱਟੀ ਭਰਨ ਵਾਲੇ । ਪੁੱਛੇ ਕੋਈ, ਕਾਰਾ ਕਰਨ ਵਾਲਿਆਂ ਨੂੰ, ਕਿਹੜੀ ਕੌਮ ਦੇ ਸਨ ਬੰਦੇ ਮਰਨ ਵਾਲੇ । ਮੂਸਾ ਵਾਂਙ ਉਡੀਕਦੀ ਮੌਤ ਅੱਗੇ, ਇਹ ਵੀ ਜਾਣਦੇ ਨੇ ਮੌਤੋਂ ਡਰਨ ਵਾਲੇ । ਮਾਸ ਨਹੁਆਂ ਤੋਂ ਟੁੱਟ ਕੇ ਜਾਊ ਕਿੱਥੇ ?- ਕਿੱਥੇ ਜਾਣਗੇ ਇਹ ਹਿਜਰਤ ਕਰਨ ਵਾਲੇ ?! 183 ਜੋਸ਼ ਵਿੱਚ ਆ ਕੇ ਜਿਨ੍ਹਾਂ ਹੱਦ ਟੱਪੀ, ਜਦੋਂ ਖੁੱਲ੍ਹਿਆ ਰਾਜ਼ ਤੇ ਪਰਤ ਆਏ। ਜਾਣਾ ਘਰਾਂ ਤੋਂ ਰੁੱਸ ਕੇ ਕਿਸੇ ਕਿੱਥੇ, ਮਾਰੀ ਪਹਿਲੀ ਆਵਾਜ਼, ਤੇ ਪਰਤ ਆਏ। ਹੁੰਦੀ ਮੁੱਲਾਂ ਦੀ ਦੌੜ ਮਸੀਤ ਤੀਕਰ, ਅਦਾ ਕੀਤੀ ਨਮਾਜ਼ ਤੇ ਪਰਤ ਆਏ । ਅਗਵਾਸ਼ੁਦਾ ਜ਼ਹਾਜ਼ ਤੋਂ ਵਿਦਾ ਲੈ ਕੇ, ਰਾਹਤਕਾਰੀ ਜਹਾਜ਼ 'ਤੇ ਪਰਤ ਆਏ ॥
ਅਧਿਆਇ : ਸੱਤ - ਹਰਾ
184 ਅੰਨ੍ਹੇ ਅਕਲ ਦੇ ਨੇ, ਜਿਹੜੇ ਸੋਚਦੇ ਨੇ ਇਹ ਨੁਕਸਾਨ ਪੰਜਾਬ ਦਾ ਹੋ ਰਿਹਾ ਏ। ਖ਼ੂਨ - ਬੈਂਕ ਦੇ ਕੇਂਦਰੀ ਪੂਲ ਖ਼ਾਤਿਰ, ਖ਼ੂਨ - ਦਾਨ ਪੰਜਾਬ ਦਾ ਹੋ ਰਿਹਾ ਏ । ਜਨਮ ਫੇਰ ਕੁਕਨੂਸ ਦੀ ਰਾਖ਼ ਵਿੱਚੋਂ, ਮੇਰੀ ਜਾਨ ! ਪੰਜਾਬ ਦਾ ਹੋ ਰਿਹਾ ਏ । ਘਰੋ - ਘਰੀ ਬਣ ਗਏ ਕੇਂਦਰ ਪਰੀਖਿਆ ਦੇ, ਇਮਤਿਹਾਨ ਪੰਜਾਬ ਦਾ ਹੋ ਰਿਹਾ ਏ ॥ 185 ਜਿਹੋ ਜਿਹੀ ਮਲਵੱਈਆਂ ਦੀ ਪ੍ਰਾਹੁਣਚਾਰੀ, ਉਹੀਉ ਰੰਗ ਮਝੈਲਾਂ ਤੇ ਦੁਆਬੀਆਂ ਦਾ । ਸ਼ਾਇਦ ਤੁਸੀਂ ਜਲੂਸ ਹੀ ਵੇਖਿਆ ਹੈ, ਡਿੱਠਾ ਨਹੀਂ ਖ਼ਲੂਸ ਸ਼ਰਾਬੀਆਂ ਦਾ। ਕਾਹਨੂੰ ਬਾਪੂ ਦੇ ਬਾਂਦਰ ਹੋ ਬਣੇ ਬੈਠੇ ਇਹ ਤਾਂ ਸ਼ੁਗਲ ਹੈ ਦਿਉਰਾਂ ਤੇ ਭਾਬੀਆਂ ਦਾ। ਪਿਆਰ ਆਵੇ ਤਾਂ ਕੁੱਟਣ ਜਾਂ ਗਾਲ੍ਹ ਕੱਢਣ, ਖ਼ਾਸਾ ਰਿਹਾ ਹੈ ਸਦਾ ਪੰਜਾਬੀਆਂ ਦਾ ॥ 186 ਸਾਨੂੰ ਪੜ੍ਹਨ ਦੀ ਵਿਹਲ ਹੀ ਨਹੀਂ ਮਿਲਦੀ, ਲਿਖੀਆਂ ਕੰਧਾਂ ਦੇ ਉੱਤੇ ਇਬਾਰਤਾਂ ਨੇ । ਇੱਕ ਛੱਤ ਹੇਠਾਂ ਭਾਵੇਂ ਵੱਸਦੇ ਹਾਂ, ਸਾਡੇ ਦਿਲਾਂ ਉੱਤੇ ਫਿਰ ਵੀ ਭਾਰ ਤਾਂ ਨੇ! ਬੈਠੇ ਰਹਿੰਦੇ ਨੇ ਕੰਧਾਂ ਨੂੰ ਕੰਨ ਲਾ ਕੇ, ਕਰਦੇ ਰਹਿੰਦੇ ਸ਼ਰੀਕ ਸ਼ਰਾਰਤਾਂ ਨੇ। ਫਿਰ ਵੀ ਯਾਰੋ ! ਬਟਾਲੇ ਦੀ ਕੰਧ ਵਾਕਣ, ਕਾਇਮ ਰਹਿਣਾ ਹੈ ਇਹਨਾਂ ਇਮਾਰਤਾਂ ਨੇ॥ 187 ਜਦ ਵੀ ਸੋਚ ਉੱਤੇ ਫ਼ਿਰਕੂ ਚੜ੍ਹੀ ਰੰਗਣ, ਚਾਲਬਾਜ਼ ਸਮਝੋ ਕਾਮਯਾਬ ਹੋਇਆ । ਲੜੀਏ ਅਸੀਂ ਤੇ ਰਾਜ ਪਏ ਕਰਨ ਦੋਖੀ, ਸੋਚੋ ਜ਼ਰਾ, ਇਹ ਕਿਹੜਾ ਹਿਸਾਬ ਹੋਇਆ । ਮਸਾਂ ਮਸਾਂ ਤਾਂ ਲੱਗਣ ਸੀ ਪੈਰ ਲੱਗੇ, ਫੇਰ ਕਿਸੇ ਦਾ ਖ਼ਾਨਾ ਖ਼ਰਾਬ ਹੋਇਆ। ਦੱਸੋ ਹੋਰ ਹੁਣ ਨ੍ਹਾਉਣਾ - ਨਚੋੜਨਾ ਕੀ ?- ਅੱਗੇ, ਅੱਧਿਉਂ – ਅੱਧਾ ਪੰਜਾਬ ਹੋਇਆ ॥ 188 ਚੜ੍ਹਦੀ ਕਲਾ ਦਾ ਸਾਨੂੰ ਵਰਦਾਨ ਮਿਲਿਆ, ਸਾਡੀ, ਕਿਸੇ ਦੇ ਢਾਹਿਆਂ ਨਾ ਢਹੇ ਢੇਰੀ । ਲੰਘਦੇ ਵੜਦਿਆਂ ਪੱਗ ਨੂੰ ਰਹੇ ਖ਼ਤਰਾ, ਵਿਹੜੇ ਵਿੱਚ ਸ਼ਰੀਕਾਂ ਨੇ ਲਾਈ ਬੇਰੀ। ਲੋਕੀ ਕਹਿੰਦੇ ਨੇ : ਫੇਰ ਇਨਸਾਫ ਕਾਹਦਾ, ਜਦੋਂ ਫੈਸਲੇ ਲੈਂਦਿਆ ਹੋਏ ਦੇਰੀ। ਬੀਤੇ ਹੱਸਦਿਆਂ ਜਿਨ੍ਹਾਂ ਦੀ ਸ਼ਾਮ 'ਕੱਠੀ, ਉਹਨਾਂ ਲਈ ਕੀ ਹੁੰਦੀ ਪਰਭਾਤ - ਫ਼ੇਰੀ ॥ 189 ਆਉ ਆਪਣਾ ਮੂਲ ਪਛਾਣੀਏ ਜੀ, ਜੋਤਾਂ ਬਾਲੀਏ ਮਨਾਂ ਨੂੰ ਸ਼ੁੱਧ ਕਰੀਏ। ਆਉ ਵੇਖੀਏ ਘੋਲਦਾ ਕੌਣ ਕਾਂਜੀ, ਪਾਣੀ ਪਾਣੀ ਤੇ ਦੁੱਧ ਦਾ ਦੁੱਧ ਕਰੀਏ। ਮਗਰ ਲੱਗ ਵਕਤੀ ‘ਬੁੱਧੀਜੀਵੀਆਂ’ ਦੇ, ਐਵੇਂ ਭ੍ਰਿਸ਼ਟ ਨਾ ਆਪਣੀ ਬੁੱਧ ਕਰੀਏ । ਆਉ ਲੱਭੀਏ ਸਾਂਝ ਦੇ ਦੁਸ਼ਮਣਾਂ ਨੂੰ, ਕਿੰਨਾ ਮਜ਼ਾ ਆਵੇ, ਰਲਕੇ ਯੁੱਧ ਕਰੀਏ॥ 190 ਸਾਂਝੇ ਜਦੋਂ ਨੇ ਬਾਗ਼ ਪਰਿਵਾਰ ਸਾਡੇ, ਕਾਹਤੋਂ ਜੰਦਰੇ, ਕੀਹਦੇ ਤੋਂ ਵਾੜ ਕਰੀਏ ? ਬੰਦੇ ਬਣੋ, ਕਹਿੰਦੇ ਆਪਾਂ ਬੱਚਿਆਂ ਨੂੰ— ਆਪੂੰ ਬੱਚਿਆਂ ਵਾਂਙ ਰਿਆੜ੍ਹ ਕਰੀਏ । ਜਿਸਦੇ ਨਾਲ ਲੱਗਦਾ, ਸੇਕ ਰਿਸ਼ਤਿਆਂ ਨੂੰ, ਏਹੋ ਜਿਹੀ ਤੇ ਨਾ, ਛੇੜ - ਛਾੜ ਕਰੀਏ । ਪਿੱਛੋਂ ਤੱਤੀਆਂ - ਠੰਡੀਆਂ ਕਰ ਲਵਾਂਗੇ— ਪਹਿਲਾਂ ਬਹਿਣ ਦਾ ਕਿਤੇ ਜੁਗਾੜ ਕਰੀਏ ॥ 191 ਜਦ ਤਕ ਸੁਆਸ ਨੇ, ਆਸ ਤਾਂ ਬਣੀ ਰਹਿਣੀ, ਬੰਦੇ ਜੀਂਦੇ ਨੇ ਮਿਲਣ ਦੀ ਸਿੱਕ ਅੰਦਰ । ਨਫ਼ਰਤ ਦੂਸਰੇ ਦੀ ਆਖ਼ਰ ਪਿਘਲ ਜਾਂਦੀ, ਕਾਇਮ ਰਹੇ ਮੁਹੱਬਤ ਜੇ ਇੱਕ ਅੰਦਰ । ਹਿਚਕੀ ਆਏ ਤਾਂ ਕਹਿੰਦੇ : ਕੋਈ ਯਾਦ ਕਰਦੈ, ਪਲਦਾ ਪਿਆਰ ਅੰਗੜਾਈ ਤੇ ਛਿੱਕ ਅੰਦਰ । ਭਾਵੇਂ ਕਿਸੇ ਵੀ ਨਾਲੀ 'ਚੋਂ ਨਿਕਲਦੀ ਹੈ, ਗੋਲੀ ਵੱਜੇ ਪੰਜਾਬ ਦੀ ਹਿੱਕ ਅੰਦਰ ॥ 192 ਧੱਕਾ ਹੋਇਆ ਤਾਂ ਕਲਮ ਦੀ ਜੀਭ ਪਾਟੀ, ਚੀਕੀ ਸਦਾ ਮਾਸੂਮਾਂ ਦੀ ‘ਵਾਜ ਬਣਕੇ । ਚਿੜੀਆਂ ਮਰਦੀਆਂ ਵੇਖ ਕਈ ਹੱਸਦੇ ਨੇ, ਨਿਤਰਨ ਕਈ ਮੈਦਾਨ ਵਿੱਚ ਬਾਜ ਬਣਕੇ। ਪਾਂਡੋ ਹਾਰੇ, ਕੀ ਦੋਸ਼ ਦਰੋਪਦੀ ਦਾ, ਕਿਹੜਾ ਖੜ੍ਹੇਗਾ ਅਬਲਾ ਦੀ ਲਾਜ ਬਣਕੇ? ਡੁੱਬਣ ਲੱਗਾ ਪੰਜਾਬ ਤਾਂ ਵੇਖ ਲੈਣਾ - ਬਾਣੀ ਬਾਬੇ ਦੀ ਆਊ ਜਹਾਜ਼ ਬਣਕੇ ॥ 193 ਉਹਨਾਂ ਵਾਸਤੇ ਕੌਮ ਤਾਂ ਪਵੇ ਢੱਠੇ, ਜਿਹੜੇ ਆਪਣੀ ਹਉਂ ਨੂੰ ਪਿਆਰਦੇ ਨੇ। ਬੋਝ ਰੂਹਾਂ ਦੇ ਉੱਤੇ ਵਧਾਈ ਜਾਂਦੇ, ਆਖਣ ਧਰਤੀ ਤੋਂ ਭਾਰ ਉਤਾਰਦੇ ਨੇ । ਪਾਰ ਪਹੁੰਚ ਕੇ ਵੀ ਕੰਢੇ ਲੱਗਣੇ ਨਾ, ਬੇੜੇ ਲਹੂ ਦੇ ਵਿੱਚ ਜੋ ਤਾਰਦੇ ਨੇ । ਕਿਸਨੂੰ ਪਤਾ ਪੰਜਾਬ ਦੀ ਅਹੁਰ ਕੀ ਏ ? ਬਾਹਰ ਬੈਠੇ ਮਗਜੌਲੀਆਂ ਮਾਰਦੇ ਨੇ ॥ 194 ਕਥਾ ਸਿਰਫ ਦੋ - ਹਰਫ਼ੀ ਹੈ ਆਮਟੇ ਦੀ, ਬਾਕੀ ਫ਼ੈਸਲਾ ਤੁਸਾਂ 'ਤੇ ਛੋੜਦਾ ਹਾਂ। ਨੇਕੀ ਖ਼ਾਤਿਰ ਦਰਿਆਵਾਂ ਨੂੰ ਪਾਰ ਕਰਦਾਂ, ਕਰਕੇ ਨੇਕੀ ਦਰਿਆਉ ਵਿੱਚ ਰੋੜ੍ਹਦਾ ਹਾਂ। ਉਮਰ ਆਪਣੀ ਤਾਂ ਲੇਖ ੇਲੱਗ ਚੱਲੀ, ਹੁਣ ਤਾਂ ਜ਼ਿੰਦਗੀ ਤੁਸਾਂ ਦੀ ਲੋੜਦਾ ਹਾਂ। ਮਿਲਕੇ ਬੈਠਣਾ ਸਿੱਖ ਲਉ ਵੀਰ ਮੇਰੇ !--- ਥੋਡੇ ਸਾਮ੍ਹਣੇ ਮੈਂ ਭਾਰਤ ਜੋੜਦਾ ਹਾਂ ॥ 195 ਨਫ਼ਰਤ ਨਹੀਂ ਮੁਹੱਬਤਾਂ ਮਾਰ ਸਕਦੀ, ਪਿਆਰ ਕਰਨ ਵਾਲੇ ਜ਼ਿੰਦਾ ਰਹਿਣਗੇ ਵੇ । ਕਿਹੜਾ ਇਹਨਾਂ ਦਰਿਆਵਾਂ ਦੇ ਵਹਿਣ ਰੋਕੇ, ਇਹ ਤਾਂ ਆਏ ਵਹਿੰਦੇ, ਇਹ ਤਾਂ ਵਹਿਣਗੇ ਵੇ। ਸਾਡੀ ਸਾਂਝ ਦੀ ਛਿੜੇਗੀ ਵਾਰ ਸਾਈਆਂ, ਜਿੱਥੇ ਚਾਰ ਬੰਦੇ ਰਲ ਕੇ ਬਹਿਣਗੇ ਵੇ । ਵਕਤ ਆਏਗਾ, ਸ਼ਹਿਰ ਤੇ ਪਿੰਡ ਰਲ ਕੇ, ਰਾਜਧਾਨੀਆਂ ਨੂੰ ਬੁਰਾ ਕਹਿਣਗੇ ਵੇ ॥ 196 ਗੁਰੂ ਉਹਨਾਂ ਨੂੰ ਆਪ ਸੁਮੱਤ ਬਖ਼ਸ਼ੇ, ਲੱਗਾ ਜਿਨ੍ਹਾਂ ਦੀ ਸੋਚ ਨੂੰ ਧੁਰੋਂ ਜਾਲਾ। ਸੱਚ, ਧਰਮ ਨੇ ਅੰਦਰੀਂ ਦੜ ਬੈਠੇ, ਚਾਰੇ ਪਾਸੇ ਹੈ ਕੂੜ ਦਾ ਬੋਲਬਾਲਾ। ਬੁਰੀ ਨਜ਼ਰ ਨਾ ਲੱਗੇ ਪੰਜਾਬ ਤਾਈਂ, ਕਾਮਯਾਬ ਨਾ ਦੂਤੀ ਦਾ ਹੋਏ ਚਾਲਾ। ਤਾਹੀਉਂ ਅਸੀਂ ਲਿਖਾਵਾਇਆ ਟਰਾਲੀਆਂ 'ਤੇ, ਬੁਰੀ ਨਜ਼ਰ ਵਾਲੇ ! ਤੇਰਾ ਮੂੰਹ ਕਾਲਾ ॥ 197 ਕਹੇ ਕਾਵਾਂ ਦੇ ਕਦੇ ਨਾ ਢੋਰ ਮਰਦੇ, ਸਾਨੂੰ ਮੱਤ ਹੈ ਵੱਡੇ - ਵਡੇਰਿਆਂ ਦੀ। ਕਦੇ ਕਦੇ ਹੈ ਦਿਲਾਂ ਵਿੱਚ ਪੈ ਜਾਂਦੀ, ਜਿਹੜੀ ਗੰਢ ਹੁੰਦੀ ਲਾਵਾਂ-ਫੇਰਿਆਂ ਦੀ। ਅਸੀਂ ਮੁੱਢ ਤੋਂ ਹਾਂ ਘਰਾਂ - ਦਰਾਂ ਵਾਲੇ, ਸਾਡੀ ਸਾਂਝ ਨਾ ਰੈਣ - ਬਸੇਰਿਆਂ ਦੀ। ਸ਼ੁਕਰ ਕਰੋ ਕਿ ਕਾਵਾਂ ਨੂੰ ਨਹੀਂ ਲੱਗੇ- ਨਹੀਂ ਤਾਂ, ਨਹੀਂ ਸੀ ਖ਼ੈਰ ਬਨੇਰਿਆਂ ਦੀ॥ 198 ਰਾਤੀਂ, ਕਿਸੇ ਨੇ ਚੌਕੀ 'ਚ ਫੋਨ ਕੀਤਾ, ਛੇਤੀ ਆਇਉ, ਗੁਆਂਢੀ ਦੋ ਲੜੇ ਹੋਏ ਨੇ ।- ਚਵ੍ਹੀ ਘੰਟੇ ਹੀ ਮੋਰਚਾ ਰਹੇ ਲੱਗਾ- ਏਥੇ ਸਾਰੇ ਹੀ ਵਖ਼ਤ ਨੂੰ ਫੜੇ ਹੋਏ ਨੇ। ਘੜੀਆਂ ਪਲਾਂ ਅੰਦਰ ਜੀਪ ਆਣ ਪਹੁੰਚੀ, ਫੌਜੀ ਰਾਈਫ਼ਲਾਂ ਤਾਣ ਕੇ ਖੜ੍ਹੇ ਹੋਏ ਨੇ। ਅਫ਼ਸਰ ਬੌਂਦਲੇ ਨੇ, ਕਿਹੜੀ ਦਫ਼ਾ ਲਾਈਏ ?- ਇਹ ਤਾਂ ਇੱਕੋ ਸਕੂਟਰ 'ਤੇ ਚੜ੍ਹੇ ਹੋਏ ਨੇ !॥ 199 ਹਾਸੇ ਮਗਰ ਗੰਡਾਸੇ ਨੇ ਲਈ ਫਿਰਦੇ, ਬੀਤ ਗਈ ਹੁਣ ਰੁੱਤ ਲਤੀਫ਼ਿਆਂ ਦੀ। ਕਿਦ੍ਹੇ ਕਿਦ੍ਹੇ ਕੋਈ ਪੈਰਾਂ ਨੂੰ ਹੱਥ ਲਾਵੇ, ਤੁਰੀ ਫਿਰਦੀ ਐ ਧਾੜ ਖ਼ਲੀਫ਼ਿਆਂ ਦੀ। ਸ਼ਾਇਰ ਕਿੰਞ ਸਿਆਸਤ ਦਾ ਸੱਚ ਫੋਲਣ, ਜਿਹੜੇ ਰੱਖਦੇ ਝਾਕ ਵਜ਼ੀਫ਼ਿਆ ਦੀ। ਅਮਨ ਚੈਨ ਵੀ ਮੁਲਕ ਵਿੱਚ ਹੋ ਜਾਊ, ਮੁੜਕੇ ਤੁਰੀ ਹੈ ਗੱਲ ਅਸਤੀਫ਼ਿਆ ਦੀ॥ 200 ਪੱਕਾ ਸਗੋਂ ਕਰਦੀ ਖਿੱਚ ਰਿਸ਼ਤਿਆਂ ਨੂੰ, ਜੇਕਰ ਹੋਣ ਨਾ ਸੂਤ ਦੀ ਤੰਦ ਵਰਗੇ । ਬੰਧਨ ਪਿਆਰ ਦੇ ਨਹੀਂ ਹੱਥਕੜੀ ਹੁੰਦੇ, ਇਹ ਤਾਂ ਸਗੋਂ ਹੁੰਦੇ ਬਾਜੂਬੰਦ ਵਰਗੇ । ਹੁੰਦੀ ਕਈਆਂ ਦੀ ਸੋਚ ਗੁਲਾਬ ਵਰਗੀ, ਹੁੰਦੇ ਕਈਆਂ ਦੇ ਜ਼ਹਿਨ ਗੁਲਕੰਦ ਵਰਗੇ । ਟੁੱਟ - ਭੱਜ ਵਿੱਚੋਂ, ਸੁਹਜ ਸਿਰਜ ਲੈਂਦੇ, ਹੱਥ ਹੋਣ ਜੇਕਰ ਨੇਕ ਚੰਦ ਵਰਗੇ ॥
ਅੰਤਿਕਾ :
ਜੇ ਨਾ ਆਪਣਾ ਹਾਜ਼ਮਾ ਠੀਕ ਹੋਵੇ, ਐਵੇਂ ਗੱਲ ਉਛਾਲਦੇ ਨਹੀਂ ਹੁੰਦੇ । ਖ਼ਿਆਲ ਅਤੇ ਪਸੰਦ ਦਾ ਫਰਕ ਹੁੰਦੈ, ਸਾਰੇ ਆਪਣੇ ਨਾਲ ਦੇ ਨਹੀਂ ਹੁੰਦੇ। ਸੱਚੀ ਗੱਲ ਹੈ, ਕਿਸੇ ਵੀ ਨਜ਼ਮ ਅੰਦਰ- ਸਾਰੇ ਸ਼ੇਅਰ ਕਮਾਲ ਦੇ ਨਹੀਂ ਹੁੰਦੇ । ਹੱਥ ਪੂੰਝ ਕੇ . ਕੁੜੇ 'ਤੇ ਸੁੱਟ - ਦੇਂਦੇ, ਲੋਕੀਂ ਲਿਖਤ ਸੰਭਾਲਦੇ ਨਹੀਂ ਹੁੰਦੇ ॥ ਕਿਸਦੇ ਵਾਸਤੇ ਨਵੇਂ ਨੇ ਪ੍ਰੀਤ-ਕਿੱਸੇ, ਜੁੱਗੋ - ਜੁੱਗ ਹੰਢਾਏ ਨੇ ਹਾਣੀਆਂ ਨੇ । ਭਾਵੇਂ ਖ਼ੂਨ ਦੇ ਅੱਥਰੂ ਰਹੇ ਰੋਂਦੇ, ਪਿਆਰ ਸਿੰਜਿਆ ਹੈ ਇਹਨਾਂ ਪਾਣੀਆਂ ਨੇ । ਕਿਸੇ ਵਾਸਤੇ ਅਜਨਬੀ ਨਹੀਂ ਕੁਝ ਵੀ, ਸ਼ਕਲਾਂ ਜਾਣੀਆਂ ਅਤੇ ਪਛਾਣੀਆਂ ਨੇ । ਅਸਾਂ ਸਿਰਫ਼ ਸ਼ਰਾਬ ਹੈ ਨਵੀਂ ਪਾਈ, ਬਾਕੀ, ਬੋਤਲਾਂ ਸਭੇ ਪ੍ਰਾਣੀਆਂ ਨੇ ॥ ਕਰੀਏ ਕਿੰਞ ਇਲਾਜ ਆਲੋਚਕਾਂ ਦਾ, ਕਲਮਾਂ ਵਿੱਚੋਂ ਹੈ ਜਿੰਨ੍ਹਾਂ ਨੂੰ ਬੋਅ ਆਉਂਦੀ । 'ਧੂਆਂ' ਸਦਾ ਦਿਮਾਗ ਨੂੰ ਰਹੇ ਚੜ੍ਹਦਾ, ਲਾਗੇ ਇਹਨਾਂ ਦੇ ਕਦੇ ਨਾ 'ਲੋਅ' ਆਉਂਦੀ। ਚਿੱਚੜ ਸਦਾ ਹਵਾਨੇ 'ਚੋਂ ਲਹੂ ਲੱਭਣ, ਕਦੇ ਦੁੱਧ ਦੀ ਨਹੀਂ ਕਨਸੋਅ ਆਉਂਦੀ । ਬਣਦੀ ਨਹੀਂ ਗੁਲਾਬ ਦੀ, ਕਹਿਣ : ਸਬਜ਼ੀ, ਸਾਨੂੰ ਗੋਭੀ 'ਚੋਂ ਨਹੀਂ ਖੁਸ਼ਬੋ ਆਉਂਦੀ ॥ ਨ੍ਹੇਰੇ ਵਿੱਚ ਹੀ ਦੂਰ ਦੀ ਸੁੱਝਦੀ ਏ, ਇਹਨਾਂ ਅਦਬ ਦੇ ਮੌਸਮੀ ਆਸ਼ਕਾਂ ਨੂੰ। ਪੁਰਸਕਾਰ ਸ਼ਿਰੋਮਣੀ ਰਾਖ਼ਵਾਂ ਹੈ- ਸੁੱਝੀ ਸਮੇਂ 'ਤੇ, ਸਮੇਂ ਦੇ ਸ਼ਾਸਕਾਂ ਨੂੰ । ਪਾਠਕ ਲੱਗਦਾ ਨਾ, ਦੀਮਕ ਲੱਗ ਜਾਂਦੀ- ਭਾਵੇਂ ਲੱਖ ਵਰਤੋ ਕੀਟ - ਨਾਸ਼ਕਾਂ ਨੂੰ । ਕਾਹਨੂੰ ਛਾਪਣੀ ਮੁਫ਼ਤ ਕਿਤਾਬ ਉਹਨਾਂ, ਮਿਲਦੇ ਪੌਂਡ ਨੇ ਜਿਨ੍ਹਾਂ ਪਰਕਾਸ਼ਕਾਂ ਨੂੰ ॥ ****** ਭੂਸ਼ਨ ਦੇ ਨਸ਼ਤਰ ਵਿਚ ਦਰਦ ਹੈ ਤੇ ਦਰਦ ਦਾ ਵਿਸਮਾਦ ਵੀ ! ਉਹ ਪੰਜਾਬੀ ਦਾ ਇੱਕੋ ਇੱਕ ਤੇ ਪਹਿਲਾ ਕਵੀ ਹੈ ਜਿਸਦੀ ਕਿਰਤ ਦਾ ਮੁੱਲ ਉਸਦੀ ਰਚਨਾ ਤੋਂ ਪਹਿਲਾਂ ਹੀ ਪੈ ਚੁੱਕਾ ਹੁੰਦਾ ਹੈ। ਉਹ ਲਿਖਦਾ ਪਿੱਛੋਂ ਹੈ; ਪਾਠਕ ਪਹਿਲਾਂ ਉਡੀਕ ਰਹੇ ਹੁੰਦੇ ਹਨ । ‘ਕਵੀ-ਓ-ਵਾਚ' ਲੰਘਦੇ-ਸਮਿਆਂ ਉਤੇ ਟਿੱਪਣੀ ਲਈ ਪ੍ਰਸਿੱਧ ਹੈ । ਇਹ ਤੇਜ਼ ਹੁੰਦਾ ਹੈ; ਤੁਰਸ਼ ਵੀ ਤੇ ਸ਼ੀਰੀਂ ਵੀ; ਸ਼ਬਦ ਥੋੜੇ ਤੇ ਚੋਭ ਜ਼ਿਆਦਾ ! ਇਸ ਨੂੰ ਪੜ੍ਹਨਾ ਤੇ ਮਾਨਣਾ ਇਤਿਹਾਸ-ਮਿਥਿਹਾਸ ਦੇ ਪੰਨਿਆ 'ਚੋਂ ਲੰਘਣਾ ਹੈ ਬਿਆਨ ਦੀ ਤਾਜ਼ਗੀ, ਸ਼ੇਅਰਾਂ ਦੀ ਰਵਾਨੀ; ਅਤੇ ਵਿਸ਼ੇ ਦੀ ਪ੍ਰਸੰਗਕਤਾ ਕਰਕੇ ‘ਜਾਂਦੀ ਵਾਰ ਦਾ ਸੱਚ' ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਦਰਦੀਆਂ ਲਈ ਸਾਂਭਣ-ਯੋਗ ਪੁਸਤਕ ਹੈ । –ਗੁਲਜ਼ਾਰ ਸਿੰਘ ਸੰਧੂ ਸੰਪਾਦਕ, ਪੰਜਾਬੀ ਟ੍ਰਿਬਿਊਨ